Shabad : Bhagat Ravidas Ji

ਸ਼ਬਦ : ਭਗਤ ਰਵਿਦਾਸ ਜੀ

1. ਬੇਗਮ ਪੁਰਾ ਸਹਰ ਕੋ ਨਾਉ

ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥1॥
ਅਬ ਮੋਹਿ ਖੂਬ ਵਤਨ ਗਹ ਪਾਈ ॥
ਊਹਾਂ ਖੈਰਿ ਸਦਾ ਮੇਰੇ ਭਾਈ ॥1॥ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥
ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥
ਊਹਾਂ ਗਨੀ ਬਸਹਿ ਮਾਮੂਰ ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
ਮਹਰਮ ਮਹਲ ਨ ਕੋ ਅਟਕਾਵੈ ॥
ਕਹਿ ਰਵਿਦਾਸ ਖਲਾਸ ਚਮਾਰਾ ॥
ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥345॥

(ਬੇਗਮ=ਦੁਖ ਰਹਿਤ, ਅੰਦੋਹੁ=ਚਿੰਤਾ,
ਤਸਵੀਸੁ=ਸੋਚ, ਖਿਰਾਜੁ=ਕਰ,ਟੈਕਸ,
ਜਵਾਲ=ਘਾਟਾ, ਵਤਨ ਗਹ=ਰਹਿਣ ਦੀ
ਥਾਂ, ਦਾਇਮੁ=ਸਦਾ, ਦੋਮ ਸੇਮ=ਦੂਜਾ ਤੀਜਾ,
ਆਹੀ=ਹਨ, ਆਬਾਦਾਨੁ=ਆਬਾਦ, ਗਨੀ=
ਧਨੀ, ਮਾਮੂਰ=ਰੱਜੇ ਹੋਏ, ਮਹਰਮ=ਜਾਣਕਾਰ,
ਖਲਾਸ=ਸਭ ਸੋਚਾਂ,ਦੁੱਖਾਂ ਤੋਂ ਮੁਕਤ)


2. ਦੂਧੁ ਤ ਬਛਰੈ ਥਨਹੁ ਬਿਟਾਰਿਓ

ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ਰਹਾਉ॥
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥
ਧੂਪ ਦੀਪ ਨਈਬੇਦਹਿ ਬਾਸਾ ॥
ਕੈਸੇ ਪੂਜ ਕਰਹਿ ਤੇਰੀ ਦਾਸਾ ॥3॥
ਤਨੁ ਮਨੁ ਅਰਪਉ ਪੂਜ ਚਰਾਵਉ ॥
ਗੁਰ ਪਰਸਾਦਿ ਨਿਰੰਜਨੁ ਪਾਵਉ ॥4॥
ਪੂਜਾ ਅਰਚਾ ਆਹਿ ਨ ਤੋਰੀ ॥
ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥525॥

(ਥਨਹੁ=ਥਣਾਂ ਤੋਂ ਹੀ, ਬਿਟਾਰਿਓ=
ਜੂਠਾ ਕਰ ਦਿੱਤਾ ਹੈ, ਮੀਨ=ਮੱਛੀ,
ਅਨੂਪੁ=ਸੁੰਦਰ, ਮੈਲਾਗਰ=ਮਲਯ
ਪਹਾੜ ਤੇ ਉੱਗੇ ਚੰਦਨ ਦੇ ਬੂਟੇ,
ਬੇਰ੍ਹੇ=ਲਿਪਟੇ ਹੋਏ, ਭੁਇਅੰਗਾ=ਸੱਪ,
ਨਈਬੇਦਹਿ=ਭੋਜਨ ਦੀ ਭੇਟਾ, ਚਰਾਵਉ=
ਭੇਟਾ, ਅਰਚਾ=ਮੂਰਤੀ ਨੂੰ ਸਿੰਗਾਰਨਾ,
ਗਤਿ=ਹਾਲ,ਤਾਕਤ)


3. ਮਾਟੀ ਕੋ ਪੁਤਰਾ ਕੈਸੇ ਨਚਤੁ ਹੈ

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥1॥ਰਹਾਉ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
ਮਾਇਆ ਗਈ ਤਬ ਰੋਵਨੁ ਲਗਤੁ ਹੈ ॥1॥
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
ਬਿਨਸਿ ਗਇਆ ਜਾਇ ਕਹੂੰ ਸਮਾਨਾ ॥2॥
ਕਹਿ ਰਵਿਦਾਸ ਬਾਜੀ ਜਗੁ ਭਾਈ ॥
ਬਾਜੀਗਰੁ ਸਉ ਮੁਹਿ ਪ੍ਰੀਤਿ ਬਨ ਆਈ ॥3॥6॥487॥

(ਪੁਤਰਾ=ਪੁਤਲਾ, ਗਰਬੁ=ਹੰਕਾਰ, ਬਚ=
ਬਚਨ,ਗੱਲਾਂ, ਰਸ ਕਸਹਿ=ਸੁਆਦਾਂ ਵਿਚ,
ਬਿਨਸਿ ਗਇਆ=ਨਾਸ ਹੋ ਗਇਆ)


4. ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥1॥
ਰਾਮ ਗੁਸਈਆ ਜੀਅ ਕੇ ਜੀਵਨਾ ॥
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥1॥ਰਹਾਉ॥
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
ਚਰਣ ਨ ਛਾਡਉ ਸਰੀਰ ਕਲ ਜਾਈ ॥2॥
ਕਹੁ ਰਵਿਦਾਸ ਪਰਉ ਤੇਰੀ ਸਾਭਾ ॥
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥3॥1॥345॥

(ਪੋਚ=ਨੀਚ,ਮਾੜਾ, ਕੁਟਿਲਤਾ=ਵਿੰਗੀਆਂ
ਚਾਲਾਂ ਚੱਲਣਾ,ਖੋਟ, ਕੁਭਾਂਤੀ=ਭੈੜੀ ਭਾਂਤ ਦਾ,
ਸੁਭਾਈ=ਚੰਗੀ ਭਾਵਨਾ ਵਾਲਾ, ਕਲ=ਸਤਿਆ,
ਚੈਨ,ਤਾਕਤ, ਸਾਭਾ=ਸੰਭਾਲ,ਸਰਨ, ਬੇਗਿ=ਛੇਤੀ,
ਬਿਲਾਂਬਾ=ਦੇਰ)


5. ਨਾਮੁ ਤੇਰੋ ਆਰਤੀ ਮਜਨੁ ਮੁਰਾਰੇ

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ਰਹਾਉ॥
ਨਾਮੁ ਤੇਰੋ ਆਸਨੋ ਨਾਮੁ ਤੇਰਾ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥2॥
ਨਾਮੁ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥3॥
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥4॥3॥694॥

(ਮਜਨੁ=ਇਸ਼ਨਾਨ, ਮੁਰਾਰੇ=ਪਰਮਾਤਮਾ, ਆਸਨੋ=ਉੱਨ ਦਾ ਕੱਪੜਾ
ਬੈਠਣ ਲਈ, ਉਰਸਾ=ਚੰਦਨ ਰਗੜਣ ਵਾਲੀ ਸਿਲ, ਅੰਭੁਲਾ=ਪਾਣੀ,
ਚਾਰੇ=ਚੜ੍ਹਾਈਦਾ ਹੈ, ਪਸਾਰੇ=ਪਾਈਦਾ ਹੈ, ਭਵਨ ਸਗਲਾਰੇ=ਸਾਰੇ
ਮੰਡਲਾਂ ਵਿਚ, ਭਾਰ ਅਠਾਰਹ=ਸਾਰੀ ਬਨਸਪਤੀ, ਦਸ ਅਠਾ=18
ਪੁਰਾਣ, ਅਠਸਠੇ=ਅਠਾਹਠ ਤੀਰਥ, ਚਾਰੇ ਖਾਣੀ=ਜੀਵਾਂ ਦੀਆਂ ਚਾਰ
ਜੂਨਾਂ)


6. ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਿਕ ਜਲ ਤਰੰਗ ਜੈਸਾ ॥1॥
ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥1॥ਰਹਾਉ॥
ਤੁਮ੍ਹ ਜੁ ਨਾਇਕ ਆਛਹੁ ਅੰਤਰਜਾਮੀ ॥
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥2॥
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
ਰਵਿਦਾਸ ਸਮ ਦਲ ਸਮਝਾਵੈ ਕੋਊ ॥3॥93॥

(ਕਨਕ=ਸੋਨਾ, ਕਟਿਕ=ਕੰਗਨਾ, ਕੜੇ,
ਜਉ ਪੈ=ਜੇਕਰ, ਨਾਇਕ=ਆਗੂ,ਤਾਰਨਹਾਰ,
ਆਛਹੁ=ਹੈਂ, ਪ੍ਰਭ=ਮਾਲਕ, ਜਨੁ=ਨੌਕਰ,
ਸਮ ਦਲ=ਸਰਬ ਬਿਆਪਕ)


7. ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ

ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥
ਨੀਚ ਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ ॥1॥
ਮਾਧਉ ਸਤਸੰਗਤਿ ਸਰਨਿ ਤੁਮ੍ਹਾਰੀ ॥
ਹਮ ਅਉਗਨ ਤੁਮ ਉਪਕਾਰੀ ॥1॥ਰਹਾਉ॥
ਤੁਮ ਮਖਤੂਲ ਸਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥
ਸਤਸੰਗਤਿ ਮਿਲ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥2॥
ਜਾਤੀ ਓਛਾ ਪਾਤੀ ਓਛਾ ਓਚਾ ਜਨਮੁ ਹਮਾਰਾ ॥
ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥3॥3॥486॥

(ਬਾਪੁਰੇ=ਨਿਮਾਣੇ, ਮਖਤੂਲ=ਰੇਸ਼ਮ,ਸਪੇਦ=ਚਿੱਟਾ,
ਸਪੀਅਲ=ਪੀਲਾ, ਜਸ=ਜਿਵੇਂ, ਮਧੁਪ=ਸ਼ਹਿਦ ਦੀ ਮੱਖੀ,
ਮਖੀਰਾ=ਸ਼ਹਿਦ ਦਾ ਛੱਤਾ)


8. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ

ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥1॥
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥1॥ਰਹਾਉ॥
ਹਉ ਬਨਜਾਰੋ ਰਾਮ ਕੋ ਸਹਜ ਕਰਉ ਬਯਾਪਾਰੁ ॥
ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥2॥
ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥3॥
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰ ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥4॥1॥345॥

(ਘਟ=ਰਾਹ, ਅਵਘਟ=ਔਖੇ, ਡੂਗਰ=ਪਹਾੜੀ, ਨਿਰਗੁਣੁ=
ਗੁਣਹੀਨ, ਕੋ=ਕੋਈ, ਟਾਂਡਾ=ਗੱਡਿਆਂ,ਰੇੜ੍ਹਿਆਂ ਦਾ ਕਾਫਲਾ,
ਸਹਜ=ਅਡੋਲਤਾ ਸ਼ਾਂਤੀ, ਉਰਵਾਰ ਪਾਰ=ਲੋਕ ਪਰਲੋਕ, ਦਾਨੀਆ=
ਜਾਣਨ ਵਾਲਿਓ)


9. ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥1॥
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥1॥ਰਹਾਉ॥
ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥
ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥2॥
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥3॥1॥346॥

(ਕੂਪੁ=ਖੂਹ, ਦਾਦਿਰਾ=ਡੱਡੂ, ਬਿਖਿਆ=ਮਾਇਆ, ਆਰਾ ਪਾਰੁ=
ਉਰਲਾ ਤੇ ਪਾਰਲਾ ਪਾਸਾ, ਮਲਿਨ=ਮੈਲੀ, ਲਖੀ=ਪਛਾਣੀ)


10. ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥1॥
ਪਾਰੁ ਕੈਸੇ ਪਾਇਬੋ ਰੇ ॥
ਮੋ ਸਉ ਕੋਊ ਨ ਕਹੈ ਸਮਝਾਇ ॥
ਜਾ ਤੇ ਆਵਾ ਗਵਨੁ ਬਿਲਾਇ ॥1॥ਰਹਾਉ॥
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥2॥
ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥3॥
ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥4॥
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥5॥
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥6॥
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥7॥
ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥
ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥8॥1॥346॥

(ਸਤੁ=ਦਾਨ, ਤੇਤਾ ਜਗੀ=ਤ੍ਰੇਤੇ ਵਿਚ ਜੱਗ, ਦਿੜੇ=ਦ੍ਰਿੜ੍ਹ ਕਰਨਾ,
ਪਕਿਆਉਣਾ, ਨਾਮ ਅਧਾਰ=ਅਵਤਾਰ ਭਗਤੀ, ਬਿਲਾਇ=ਦੂਰ ਹੋਵੇ,
ਨਿਰੂਪੀਐ=ਮਿਥੇ ਗਏ ਹਨ, ਅਕਰਮ=ਵਿਵਰਜਿਤ ਕਰਮ, ਸੰਸਾ=ਫ਼ਿਕਰ,
ਹਿਰੈ=ਦੂਰ ਕਰੇ, ਉਦਕਿ=ਪਾਣੀ, ਪਖਾਰੀਐ=ਧੋਈਏ, ਘਟ=ਦਿਲ,
ਬਿਬਿਧਿ=ਤਰ੍ਹਾਂ ਤਰ੍ਹਾਂ ਦੇ, ਸੁਚ ਕੁੰਚਰ=ਹਾਥੀ ਦਾ ਇਸ਼ਨਾਨ, ਰਵਿ=ਸੂਰਜ,
ਰਜਨੀ=ਰਾਤ, ਕਨਕ =ਸੋਨਾ, ਬਾਰ=ਚਿਰ, ਪਰਮ ਪਰਸ=ਸਭ ਤੋਂ ਉਤਮ
ਪਾਰਸ, ਲਿਲਾਟ=ਮੱਥਾ, ਉਨਮਨ=ਤਾਂਘ ਭਰਿਆ, ਬਜਰ ਕਪਾਟ=ਸਖਤ
ਦਰਵਾਜ਼ੇ, ਸਤਿ ਕਰੀ=ਪੱਕੀ ਕਰ ਲਈ, ਨਿਗ੍ਰਹ=ਰੋਕਣਾ, ਫਾਸ=ਫਾਹੀ)


11. ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥1॥
ਮਾਧੋ ਅਬਿਦਿਆ ਹਿਤ ਕੀਨ ॥
ਬਿਬੇਕ ਦੀਪ ਮਲੀਨ ॥1॥ਰਹਾਉ॥
ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥
ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥2॥
ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥
ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥3॥
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥
ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥4॥1॥486॥

(ਮ੍ਰਿਗ=ਹਿਰਨ, ਮੀਨ=ਮੱਛੀ, ਭ੍ਰਿੰਗ=ਭੌਰਾ, ਪਤੰਗ=ਭੰਬਟ,
ਕੁੰਚਰ=ਹਾਥੀ, ਤ੍ਰਿਗਦ ਜੋਨਿ=ਵਿੰਗੇ ਟੇਢੇ ਤੁਰਨ ਵਾਲੇ ਜੀਵ,
ਪੋਚ=ਨੀਚ, ਨਿਦਾਨ=ਇਲਾਜ, ਆਖਰ)


12. ਸੰਤ ਤੁਝੀ ਤਨੁ ਸੰਗਤਿ ਪ੍ਰਾਨ

ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥
ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥1॥
ਸੰਤ ਚੀ ਸੰਗਤਿ ਸੰਤ ਕਥਾ ਰਸੁ ॥
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥1॥ਰਹਾਉ॥
ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥2॥
ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥
ਜਣੀ ਲਖਾਵਹੁ ਅਸੰਤ ਪਾਪੀ ਸਣਿ ॥3॥
ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥
ਸੰਤ ਅਨੰਤਹਿ ਅੰਤਰ ਨਾਹੀ ॥4॥2॥486॥

(ਤੁਝੀ=ਤੇਰਾ ਹੀ, ਚੀ=ਦੀ, ਮਾਝੈ=ਮੈਨੂੰ,
ਚੋ=ਦਾ, ਚ=ਦੇ, ਓਲ੍ਹਗ=ਦਾਸ, ਓਲ੍ਹਗਣੀ=
ਸੇਵਾ, ਜਣੀ ਲਖਾਵਹੁ=ਨਾ ਵਿਖਾਈਂ, ਭਣੈ=
ਆਖਦਾ ਹੈ, ਸੋ ਜਾਣੁ=ਉਹੀ ਸਿਆਣਾ ਹੈ)


13. ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ

ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥
ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥1॥
ਤੁਝਹਿ ਚਰਨ ਅਰਬਿੰਦ ਭਵਨ ਮਨੁ ॥
ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥1॥ਰਹਾਉ॥
ਸੰਪਤਿ ਬਿਪਤਿ ਪਟਲ ਮਾਇਆ ਧਨੁ ॥
ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥2॥
ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥3॥4॥487॥

(ਛਿਨੁ ਛਿਨੁ=ਟੋਟੇ ਟੋਟੇ, ਅਰਬਿੰਦ=ਕੰਵਲ,
ਭਵਨ=ਟਿਕਾਣਾ, ਪਟਲ=ਪਰਦੇ, ਜੇਵਰੀ=ਰੱਸੀ)


14. ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥1॥ਰਹਾਉ॥
ਹਰਿ ਕੇ ਨਾਮ ਕਬੀਰ ਉਜਾਗਰ ॥
ਜਨਮ ਜਨਮ ਕੇ ਕਾਟੇ ਕਾਗਰ ॥1॥
ਨਿਮਤ ਨਾਮਦੇਉ ਦੂਧੁ ਪੀਆਇਆ ॥
ਤਉ ਜਗ ਜਨਮ ਸੰਕਟ ਨਹੀ ਆਇਆ ॥2॥
ਜਨ ਰਵਿਦਾਸ ਰਾਮ ਰੰਗਿ ਰਾਤਾ ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥3॥5॥487॥

(ਜਨ=ਰੱਬ ਦੇ ਦਾਸ, ਨਿਸਤਰਿ=ਚੰਗੀ ਤਰ੍ਹਾਂ
ਤਰ ਗਏ, ਕਾਗਰ=ਕਾਗ਼ਜ਼, ਨਿਮਤ=ਦੇ ਕਾਰਣ,
ਪਰਸਾਦਿ=ਕਿਰਪਾ ਨਾਲ)


15. ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
ਅਨਲ ਅਗਮ ਜੈਸੇ ਲਹਿਰ ਮਇ ਓਦਧਿ ਜਲ ਕੇਵਲ ਜਲ ਮਾਂਹੀ ॥1॥
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥
ਜੈਸਾ ਮਾਨੀਐ ਹੋਇ ਨ ਤੈਸਾ ॥1॥ਰਹਾਉ॥
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥2॥
ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥
ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥3॥
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁਗਵੈ ਸੋਈ ॥
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥4॥1॥658॥

(ਅਨਲ ਅਗਮ=ਭਾਰੀ ਹਨੇਰੀ, ਲਹਿਰ ਮਇ ਓਦਧਿ=
ਲਹਿਰੀਂ ਭਰਿਆ ਸਮੁੰਦਰ, ਨਰਪਤਿ=ਰਾਜਾ, ਅਛਤ=
ਹੁੰਦਿਆਂ ਹੋਇਆਂ, ਰਾਜ=ਰਜੁ,ਰੱਸੀ, ਭੁਇਅੰਗ=ਸੱਪ,
ਮਰਮੁ=ਭੇਤ, ਕਟਕ=ਕੜੇ)

16. ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥1॥
ਮਾਧਵੇ ਜਾਨਤ ਹਹੁ ਜੈਸੀ ਤੈਸੀ ॥
ਅਬ ਕਹਾ ਕਰਹੁਗੇ ਐਸੀ ॥1॥ਰਹਾਉ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥2॥
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥3॥
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥4॥2॥658॥

(ਬਧਨਿ=ਰੱਸੀ, ਮੀਨੁ=ਮੱਛੀ, ਫਾਂਕਿਓ=ਟੁਕੜੇ ਟੁਕੜੇ ਕਰ ਦਿੱਤਾ,
ਰਾਂਧਿ=ਰਿੰਨ੍ਹ ਲਈ, ਬਹੁ ਬਾਨੀ=ਕਈ ਢੰਗਾਂ ਨਾਲ, ਖੰਡ=ਟੁਕੜਾ,
ਭਾਵਨ ਕੋ=ਪ੍ਰੇਮ ਦਾ ਬੰਨ੍ਹਿਆ, ਪਟਲ=ਪਰਦਾ, ਬਾਢੀ=ਵਧਾਈ ਹੈ)


17. ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥1॥
ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥
ਜਿਹ ਰਸ ਅਨ ਰਸ ਬੀਸਰਿ ਜਾਹੀ ॥1॥ਰਹਾਉ॥
ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥
ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥2॥
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥3॥3॥658॥

(ਪੁੰਨ=ਭਲੇ ਕੰਮ, ਅਬਿਬੇਕੈ=ਅਨਜਾਣਪੁਣੇ ਵਿਚ, ਸਮਸਰਿ=ਬਰਾਬਰ,
ਅਨ=ਦੂਜੇ, ਬਾਵਰ=ਪਾਗਲ, ਸਬਲ=ਤਾਕਤਵਰ, ਨਿਬਲ=ਕਮਜ਼ੋਰ,
ਅਚਰੀਅਤ=ਕਰਨਾ, ਅਪਰ=ਅਪਾਰ, ਪਰਹਰਿ ਕੋਪੁ=ਗੁੱਸਾ ਛੱਡਕੇ)


18. ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰਤਲ ਤਾ ਕੇ ॥1॥
ਹਰਿ ਹਰਿ ਹਰਿ ਨ ਜਪਹਿ ਰਸਨਾ ॥
ਅਵਰ ਸਭ ਤਿਆਗਿ ਬਚਨ ਰਚਨਾ ॥1॥ਰਹਾਉ॥
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥
ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥2॥
ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥
ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥3॥4॥658॥

(ਸੁਰਤਰ=ਸੁਰਗ ਦੇ ਰੁੱਖ, ਚਿੰਤਾਮਨਿ=ਇੱਛਾ ਪੂਰਕ ਮਣੀ,
ਕਾਮਧੇਨੁ=ਵਾਸ਼ਨਾ ਪੂਰਕ ਗਾਂ, ਅਸਟ ਦਸਾ=ਅਠਾਰਾਂ, ਨਿਧਿ=
ਖਜ਼ਾਨਾ, ਕਰਤਲ=ਹਥੇਲੀ, ਨਾਨਾ=ਤਰ੍ਹਾਂ ਤਰ੍ਹਾਂ ਦੇ, ਖਿਆਨ=ਪ੍ਰਸੰਗ,
ਸਰਿ=ਬਰਾਬਰ, ਫੁਨਿ=ਦੁਬਾਰਾ)


19. ਜਉ ਤੁਮ ਗਿਰਿਵਰ ਤਉ ਹਮ ਮੋਰਾ

ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ਜਉ ਤੁਮ ਚੰਦ ਤਉ ਹਮ ਭਏ ਹੈਂ ਚਕੋਰਾ ॥1॥
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥1॥ਰਹਾਉ॥
ਜਉ ਤੁਮ ਦੀਵਰਾ ਤਉ ਹਮ ਬਾਤੀ ॥
ਜਉ ਤੁਮ ਤੀਰਥ ਤਉ ਹਮ ਜਾਤੀ ॥2॥
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥3॥
ਜਹ ਜਹ ਜਾਉ ਤਹਾ ਤੇਰੀ ਸੇਵਾ ॥
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥4॥
ਤੁਮਰੇ ਭਜਨ ਕਟਹਿ ਜਮ ਫਾਂਸਾ ॥
ਭਗਤਿ ਹੇਤ ਗਾਵੈ ਰਵਿਦਾਸਾ ॥5॥5॥659॥

(ਗਿਰਿਵਰ=ਸੋਹਣਾ ਪਹਾੜ, ਜਾਤੀ=
ਜਾਤ੍ਰੀ,ਮੁਸਾਫਰ)


20. ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥1॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥
ਜੈਸੇ ਤਰਵਰ ਪੰਖਿ ਬਸੇਰਾ ॥1॥ਰਹਾਉ॥
ਰਾਖਹੁ ਕੰਧ ਉਸਾਰਹੁ ਨੀਵਾਂ ॥
ਸਾਢੇ ਤੀਨਿ ਹਾਥ ਤੇਰੀ ਸੀਵਾਂ ॥2॥
ਬੰਕੇ ਬਾਲ ਪਾਗ ਸਿਰਿ ਡੇਰੀ ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥3।
ਊਚੇ ਮੰਦਰ ਸੁੰਦਰ ਨਾਰੀ ॥
ਰਾਮ ਨਾਮ ਬਿਨੁ ਬਾਜੀ ਹਾਰੀ ॥4॥
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥5॥6॥659॥

(ਭੀਤਿ=ਕੰਧ, ਥੰਭਾ=ਥੰਮ੍ਹੀ, ਤਰਵਰ=ਰੁੱਖ, ਬੰਕੇ=ਸੋਹਣੇ,
ਡੇਰੀ=ਟੇਢੀ, ਪਾਂਤਿ=ਕੁਲ,ਗੋਤ)


21. ਚਮਰਟਾ ਗਾਂਠਿ ਨ ਜਨਈ

ਚਮਰਟਾ ਗਾਂਠਿ ਨ ਜਨਈ ॥
ਲੋਗੁ ਗਠਾਵੈ ਪਨਹੀ ॥1॥ਰਹਾਉ॥
ਆਰ ਨਹੀ ਜਿਹ ਤੋਪਉ ॥
ਨਹੀ ਰਾਂਬੀ ਠਾਉ ਰੋਪਉ ॥1॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥
ਹਉ ਬਿਨੁ ਗਾਂਠੇ ਜਾਇ ਪਹੂਚਾ ॥2।
ਰਵਿਦਾਸੁ ਜਪੈ ਰਾਮ ਨਾਮਾ ॥
ਮੋਹਿ ਜਮ ਸਿਉ ਨਾਹੀ ਕਾਮਾ ॥3॥7॥659॥

(ਪਨਹੀ=ਜੁੱਤੀ, ਤੋਪਉ=ਤੋਪਾ ਲਾਵਾਂ,
ਰੋਪਉ=ਟਾਕੀ ਲਾਵਾਂ, ਬਿਗੂਚਾ=ਖ਼ੁਆਰ
ਹੋ ਰਿਹਾ ਹੈ)


22. ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥1॥
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
ਕਾਰਨ ਕਵਨ ਅਬੋਲ ॥1॥ਰਹਾਉ॥
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮ ਤੁਮ੍ਹਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨ ਦੇਖੇ ॥2॥1॥694॥

(ਸਰਿ=ਵਰਗਾ, ਪਤੀਆਰੁ=ਪਰਤਾਵਾ, ਮੋਰ=ਮੇਰਾ, ਕਵਨ=ਕਿਉਂ,
ਅਬੋਲ=ਨਹੀਂ ਬੋਲਦਾ)


23. ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਿਓ

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਿਓ ॥
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥1॥
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥1॥ਰਹਾਉ॥
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥2॥2॥694॥

(ਅਵਿਲੋਕਨੋ=ਵੇਖਾਂ, ਸ੍ਰਵਨ=ਕੰਨ, ਮਧੁਕਰੁ=ਭੌਰਾ, ਰਸਨ=ਜੀਭ, ਭਾਖਉ=
ਉਚਾਰਣ ਕਰਾਂ, ਜਿਨਿ=ਮਤਾਂ, ਜੀਅ ਸਟੈ=ਜਿੰਦ ਦੇ ਵੱਟੇ, ਭਾਉ=ਪ੍ਰੇਮ,
ਪੈਜ=ਇੱਜ਼ਤ)


24. ਨਾਥ ਕਛੂਅ ਨ ਜਾਨਉ

ਨਾਥ ਕਛੂਅ ਨ ਜਾਨਉ ॥
ਮਨੁ ਮਾਇਆ ਕੈ ਹਾਥਿ ਬਿਕਾਨਉ ॥1॥ਰਹਾਉ॥
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
ਹਮ ਕਹੀਅਤ ਕਲਿਜੁਗ ਕੇ ਕਾਮੀ ॥1॥
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥2॥
ਜਤ ਦੇਖਉ ਤਤ ਦੁਖ ਕੀ ਰਾਸੀ ॥
ਅਜੌਂ ਨ ਪਤਆਇ ਨਿਗਮ ਭਏ ਸਾਖੀ ॥3॥
ਗੋਤਮ ਨਾਰਿ ਉਮਾਪਤਿ ਸਵਾਮੀ ॥
ਸੀਸੁ ਧਰਨਿ ਸਹਸ ਭਗ ਗਾਂਮੀ ॥4॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
ਬਡੌ ਨਿਲਾਜੁ ਅਜਹੁ ਨਹੀ ਹਾਰਿਓ ॥5॥
ਕਹਿ ਰਵਿਦਾਸ ਕਹਾ ਕੈਸੇ ਕੀਜੈ ॥
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥6॥1॥710॥

(ਕਾਮੀ=ਵਿਸ਼ਈ, ਪੰਚਨ=ਪੰਜ ਵਿਕਾਰ,
ਰਾਸੀ=ਪੂੰਜੀ,ਸਾਮਾਨ, ਨ ਪਤਆਇ=ਮੰਨਦਾ
ਨਹੀਂ, ਨਿਗਮ=ਵੇਦ ਆਦਿਕ, ਉਮਾਪਤਿ=ਸ਼ਿਵ,
ਸਹਸ=ਹਜ਼ਾਰ, ਖਲੁ=ਮੂਰਖ)


25. ਸਹ ਕੀ ਸਾਰ ਸੁਹਾਗਨਿ ਜਾਨੈ

ਸਹ ਕੀ ਸਾਰ ਸੁਹਾਗਨਿ ਜਾਨੈ ॥
ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ਨ ਅੰਤਰੁ ਰਾਖੈ ॥
ਅਵਰਾ ਦੇਖਿ ਨ ਸੁਨੈ ਅਭਾਖੈ ॥1॥
ਸੋ ਕਤ ਜਾਨੈ ਪੀਰ ਪਰਾਈ ॥
ਜਾ ਕੈ ਅੰਤਰਿ ਦਰਦੁ ਨ ਪਾਈ ॥1॥ਰਹਾਉ॥
ਦੁਖੀ ਦੁਹਾਗਨਿ ਦੁਇ ਪਖ ਹੀਨੀ ॥
ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਪੁਰ ਸਲਾਤ ਕਾ ਪੰਥੁ ਦੁਹੇਲਾ ॥
ਸੰਗਿ ਨ ਸਾਥੀ ਗਵਨੁ ਇਕੇਲਾ ॥2॥
ਦੁਖੀਆ ਦਰਦਵੰਦੁ ਦਰਿ ਆਇਆ ॥
ਬਹੁਤੁ ਪਿਆਸ ਜਬਾਬੁ ਨ ਪਾਇਆ ॥
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥3॥1॥793॥

(ਸਾਰ=ਕਦਰ, ਤਜਿ=ਛੱਡ ਕੇ, ਅਭਾਖੈ=
ਮੰਦੀ ਪ੍ਰੇਰਣਾ, ਦੁਇ ਪਖ=ਲੋਕ ਪਰਲੋਕ,
ਹੀਨੀ=ਵਾਂਝੀ,ਖਾਲੀ, ਪੁਰ ਸਲਾਤ=ਪੁਲਸਿਰਾਤ,
ਦੋਜ਼ਕ ਦੀ ਅੱਗ ਤੇ ਬਣਿਆ ਵਾਲ ਜਿੰਨਾ ਬਰੀਕ
ਪੁਲ, ਪੰਥੁ=ਰਾਹ, ਦੁਹੇਲਾ=ਔਖਾ, ਗਤਿ=ਅਵਸਥਾ)


26. ਜੋ ਦਿਨ ਆਵਹਿ ਸੋ ਦਿਨ ਜਾਹੀ

ਜੋ ਦਿਨ ਆਵਹਿ ਸੋ ਦਿਨ ਜਾਹੀ ॥
ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਸੰਗੁ ਚਲਤ ਹੈ ਹਮ ਭੀ ਚਲਨਾ ॥
ਦੂਰਿ ਗਵਨੁ ਸਿਰ ਊਪਰਿ ਮਰਨਾ ॥1॥
ਕਿਆ ਤੂ ਸੋਇਆ ਜਾਗੁ ਇਆਨਾ ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥1॥ਰਹਾਉ॥
ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
ਸਭ ਘਟ ਭੀਤਰਿ ਹਾਟੁ ਚਲਾਵੈ ॥
ਕਰਿ ਬੰਦਿਗੀ ਛਾਡਿ ਮੈ ਮੇਰਾ ॥
ਹਿਰਦੈ ਨਾਮੁ ਸਮ੍ਹਾਰਿ ਸਵੇਰਾ ॥2॥
ਜਨਮੁ ਸਿਰਾਨੋ ਪੰਥੁ ਨ ਸਵਾਰਾ ॥
ਸਾਂਝ ਪਰੀ ਦਹ ਦਿਸ ਅੰਧਿਆਰਾ ॥
ਕਹਿ ਰਵਿਦਾਸ ਨਿਦਾਨਿ ਦਿਵਾਨੇ ॥
ਚੇਤਸਿ ਨਾਹੀ ਦੁਨੀਆ ਫਨ ਖਾਨੇ ॥3॥2॥794॥

(ਸੰਗੁ=ਸਾਥ, ਗਵਨੁ=ਜਾਣਾ,ਪੈਂਡਾ,
ਅੰਬਰਾਵੈ=ਅਪੜਾਉਂਦਾ ਹੈ, ਸਿਰਾਨੋ=
ਬੀਤ ਰਿਹਾ ਹੈ, ਨਿਦਾਨਿ=ਅੰਤ ਨੂੰ,
ਫਨ ਖਾਨੇ=ਨਾਸ਼ਵੰਤ, ਫਨਾਹ ਹੋਣ ਵਾਲੀ)


27. ਊਚੇ ਮੰਦਰ ਸਾਲ ਰਸੋਈ

ਊਚੇ ਮੰਦਰ ਸਾਲ ਰਸੋਈ ॥
ਏਕ ਘਰੀ ਫੁਨਿ ਰਹਨੁ ਨ ਹੋਈ ॥1॥
ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥1॥ਰਹਾਉ॥
ਭਾਈ ਬੰਧ ਕੁਟੰਬ ਸਹੇਰਾ ॥
ਓਇ ਭੀ ਲਾਗੇ ਕਾਢੁ ਸਵੇਰਾ ॥2॥
ਘਰ ਕੀ ਨਾਰਿ ਉਰਹਿ ਤਨ ਲਾਗੀ ॥
ਉਹ ਤਉ ਭੂਤੁ ਭੂਤੁ ਕਰਿ ਭਾਗੀ ॥3॥
ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ਹਮ ਤਉ ਏਕ ਰਾਮੁ ਕਹਿ ਛੂਟਿਆ ॥4॥3॥794॥

(ਸਾਲ=ਸ਼ਾਲਾ,ਘਰ, ਫੁਨਿ=ਮੁੜ, ਟਾਟੀ=
ਛੱਪਰ, ਸਹੇਰਾ=ਸਾਥੀ, ਲਾਗੇ=ਕਹਿਣ ਲੱਗੇ,
ਉਰਹਿ=ਛਾਤੀ)


28. ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ

ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥1॥
ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥
ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥1॥ਰਹਾਉ॥
ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥
ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥2॥
ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥
ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥3॥1॥858॥

(ਦਾਰਿਦ=ਗ਼ਰੀਬੀ, ਅਸਟ ਦਸਾ=ਅਠਾਰਾਂ, ਕਰ=ਹੱਥ,
ਆਲਜੁ=ਘਰ ਦੇ ਜੰਜਾਲ)


29. ਜਿਹੁ ਕੁਲ ਸਾਧੁ ਬੈਸਨੌ ਹੋਇ

ਜਿਹੁ ਕੁਲ ਸਾਧੁ ਬੈਸਨੌ ਹੋਇ ॥
ਬਰਨ ਅਬਰਨ ਰੰਕੁ ਨਹੀ ਈਸਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥1॥ਰਹਾਉ॥
ਬ੍ਰਹਮਨ ਬੈਸ ਸੂਦ ਅਰੁ ਖਅਤਰੀ ਡੋਮ ਚੰਡਾਰ ਮਲੇਛ ਮਨ ਸੋਇ ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥1॥
ਧੰਨਿ ਸੋ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥
ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥2॥
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥3॥2॥858॥

(ਬੈਸਨੌ=ਰੱਬੀ ਭਗਤ, ਬਰਨ ਅਬਰਨ=ਉੱਚੀ ਨੀਵੀਂ ਕੁਲ, ਰੰਕੁ=ਗ਼ਰੀਬ,
ਈਸਰੁ=ਅਮੀਰ, ਬਿਮਲ=ਨਿਰਮਲ, ਬਾਸੁ=ਸੁਗੰਧ, ਗਾਉ=ਪਿੰਡ, ਠਾਉ=ਥਾਂ,
ਪੁਨੀਤ=ਪਵਿੱਤਰ, ਸਾਰ ਰਸੁ=ਉਤਮ ਰਸ, ਆਨ=ਹੋਰ, ਪੁਰੈਨ ਪਾਤ=ਚੁਪੱਤੀ,
ਭਨਿ=ਆਖਦਾ ਹੈ, ਜਨਮੇ ਜਗਿ ਓਇ=ਉਨ੍ਹਾਂ ਦਾ ਹੀ ਜੱਗ ਵਿਚ ਜਨਮ ਸਫਲ ਹੈ)


30. ਮੁਕੰਦ ਮੁਕੰਦ ਜਪਹੁ ਸੰਸਾਰ

ਮੁਕੰਦ ਮੁਕੰਦ ਜਪਹੁ ਸੰਸਾਰ ॥
ਬਿਨੁ ਮੁਕੰਦ ਤਨੁ ਹੋਇ ਅਉਹਾਰ ॥
ਸੋਈ ਮੁਕੰਦੁ ਮੁਕਤਿ ਕਾ ਦਾਤਾ ॥
ਸੋਈ ਮੁਕੰਦੁ ਹਮਰਾ ਪਿਤ ਮਾਤਾ ॥1॥
ਜੀਵਤ ਮੁਕੰਦੇ ਮਰਤ ਮੁਕੰਦੇ ॥
ਤਾ ਕੇ ਸੇਵਕ ਕਉ ਸਦਾ ਅਨੰਦੇ ॥1॥ਰਹਾਉ॥
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥
ਜਪਿ ਮੁਕੰਦ ਮਸਤਕਿ ਨੀਸਾਨੰ ॥
ਸੇਵ ਮੁਕੰਦ ਕਰੈ ਬੈਰਾਗੀ ॥
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥2॥
ਏਕੁ ਮੁਕੰਦੁ ਕਰੈ ਉਪਕਾਰੁ ॥
ਹਮਰਾ ਕਹਾ ਕਰੈ ਸੰਸਾਰੁ ॥
ਮੇਟੀ ਜਾਤਿ ਹੂਏ ਦਰਬਾਰਿ ॥
ਤੁਹੀ ਮੁਕੰਦ ਜੋਗ ਜੁਗ ਤਾਰਿ ॥3॥
ਉਪਜਿਓ ਗਿਆਨੁ ਹੂਆ ਪਰਗਾਸ ॥
ਕਰਿ ਕਿਰਪਾ ਲੀਨੇ ਕੀਟ ਦਾਸ ॥
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
ਜਪਿ ਮੁਕੰਦ ਸੇਵਾ ਤਾਹੂ ਕੀ ॥4॥1॥875॥

(ਮੁਕੰਦ=ਮੁਕਤੀ ਦਾਤਾ, ਅਉਹਾਰ=ਨਾਸ਼,
ਲਾਧੀ=ਲੱਭਾ, ਦਰਬਾਰਿ=ਦਰਬਾਰੀ,ਹਜ਼ੂਰੀ,
ਕੀਟ=ਕੀੜੇ)


31. ਜੇ ਓਹੁ ਅਠਸਠਿ ਤੀਰਥਿ ਨ੍ਹਾਵੈ

ਜੇ ਓਹੁ ਅਠਸਠਿ ਤੀਰਥਿ ਨ੍ਹਾਵੈ ॥
ਜੇ ਓਹੁ ਦੁਆਦਸ ਸਿਲਾ ਪੂਜਾਵੈ ॥
ਜੇ ਓਹੁ ਕੂਪ ਤਟਾ ਦੇਵਾਵੈ ॥
ਕਰੈ ਨਿੰਦ ਸਭ ਬਿਰਥਾ ਜਾਵੈ ॥1॥
ਸਾਧ ਕਾ ਨਿੰਦਕੁ ਕੈਸੇ ਤਰੈ ॥
ਸਰਪਰ ਜਾਨਹੁ ਨਰਕ ਹੀ ਪਰੈ ॥1॥ਰਹਾਉ॥
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
ਅਰਪੈ ਨਾਰਿ ਸੀਗਾਰ ਸਮੇਤਿ ॥
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
ਕਰੈ ਨਿੰਦ ਕਵਨੈ ਨਹੀ ਗੁਨੈ ॥2॥
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
ਭੂਮਿ ਦਾਨ ਸੋਭਾ ਮੰਡਪਿ ਪਾਵੈ ॥
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
ਕਰੈ ਨਿੰਦ ਬਹੁ ਜੋਨੀ ਹਾਂਢੈ ॥3॥
ਨਿੰਦਾ ਕਹਾ ਕਰਹੁ ਸੰਸਾਰਾ ॥
ਨਿੰਦਕ ਕਾ ਪਰਗਟਿ ਪਾਹਾਰਾ ॥
ਨਿੰਦਕੁ ਸੋਧਿ ਸਾਧਿ ਬੀਚਾਰਿਆ ॥
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥4॥2॥875॥

(ਅਠਸਠਿ=ਅਠਾਹਠ ਤੀਰਥ, ਦੁਆਦਸ ਸਿਲਾ=
ਬਾਰਾਂ ਸ਼ਿਵਲਿੰਗ, ਕੂਪ=ਖੂਹ, ਤਟਾ=ਤਲਾਬ,
ਸਰਪਰ=ਜ਼ਰੂਰ, ਗ੍ਰਹਨ ਕਰੈ ਕੁਲਖੇਤਿ=ਕੁਲਖੇਤ੍ਰ
ਤੀਰਥ ਉਪਰ ਗ੍ਰਹਿਣ ਸਮੇਂ ਇਸ਼ਨਾਨ ਕਰੇ,
ਸ੍ਰਵਨੀ=ਕੰਨੀਂ, ਪ੍ਰਸਾਦ=ਭੋਜਨ,ਭੋਗ, ਮੰਡਪਿ=
ਸੰਸਾਰ ਵਿਚ, ਸਾਂਢੈ=ਸਵਾਰੇ, ਹਾਂਢੈ=ਭਟਕਦਾ
ਹੈ, ਪਾਹਾਰਾ=ਦੁਕਾਨ ਠੱਗੀ ਦੀ)


32. ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ

ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥
ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥1॥
ਦੇਵ ਸੰਸੈ ਗਾਂਠਿ ਨ ਛੁਟੈ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥1॥ਰਹਾਉ॥
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥2॥
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥3॥1॥974॥

(ਅਨਭਉ=ਪ੍ਰਤੱਖ ਦਰਸ਼ਣ, ਕੰਚਨੁ,ਹਿਰਨ=ਸੋਨਾ, ਸੰਸੈ=
ਡਰ ਦੀ, ਮਦ=ਹੰਕਾਰ, ਮਤਸਰ=ਈਰਖਾ, ਕਬਿ=ਕਵੀ,
ਸੂਰ=ਸੂਰਮੇ)


33. ਐਸੀ ਲਾਲ ਤੁਝ ਬਿਨੁ ਕਉਨੁ ਕਰੈ

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰੁ ਧਰੈ ॥1॥ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥1॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥2॥1॥1106॥

(ਲਾਲ=ਸੋਹਣਾ ਪ੍ਰਭੂ, ਨਿਵਾਜੁ=ਮਾਣ ਦੇਣਾ, ਗੁਸਈਆ=
ਮਾਲਕ, ਛੋਤਿ=ਛੂਤ,ਭਿੱਟ, ਢਰੈ=ਤਰਸ ਕਰਦਾ ਹੈਂ)


34. ਸੁਖ ਸਾਗਰੁ ਸੁਰਿਤਰ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ

ਸੁਖ ਸਾਗਰੁ ਸੁਰਿਤਰ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥
ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥1॥
ਹਰਿ ਹਰਿ ਹਰਿ ਨ ਜਪਸਿ ਰਸਨਾ ॥
ਅਵਰ ਸਭ ਛਾਡਿ ਬਚਨ ਰਚਨਾ ॥1॥ਰਹਾਉ॥
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥
ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥2॥
ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥
ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥3॥2॥15॥1106॥

(ਸੁਰਿਤਰ=ਸੁਰਗ ਦੇ ਰੁੱਖ, ਚਿੰਤਾਮਨਿ=ਇੱਛਾ ਪੂਰਕ ਮਣੀ,
ਕਾਮਧੇਨ=ਵਾਸ਼ਨਾ ਪੂਰਕ ਗਾਂ, ਅਸਟ=ਅੱਠ, ਨਿਧਿ=
ਖਜ਼ਾਨਾ, ਕਰ ਤਲ=ਹਥੇਲੀ, ਨਾਨਾ=ਤਰ੍ਹਾਂ ਤਰ੍ਹਾਂ ਦੇ, ਖਿਆਨ=ਪ੍ਰਸੰਗ,
ਸਰਿ=ਬਰਾਬਰ)


35. ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ

ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥1॥
ਰੇ ਚਿਤ ਚੇਤਿ ਚੇਤ ਅਚੇਤ ॥
ਕਾਹੇ ਨ ਬਾਲਮੀਕਹਿ ਦੇਖ ॥
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥1॥ਰਹਾਉ॥
ਸੁਆਨ ਸਤਰੁ ਅਜਾਤੁ ਸਭ ਤੇ ਕ੍ਰਿਸਨ ਲਾਵੈ ਹੇਤੁ ॥
ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥2॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥3॥1॥1124॥

(ਖਟੁ ਕਰਮ=ਛੇ ਕੰਮ ਜੋ ਬ੍ਰਾਹਮਣ ਲਈ ਜ਼ਰੂਰੀ ਹਨ;
ਵਿੱਦਿਆ ਪੜ੍ਹਨੀ ਤੇ ਪੜ੍ਹਾਣੀ,ਜੱਗ ਕਰਨਾ ਤੇ ਕਰਾਨਾ,
ਦਾਨ ਲੈਣਾ ਤੇ ਦੇਣਾ, ਸੁਪਚ=ਕੁੱਤੇ ਮਾਰਨ ਵਾਲਾ ਚੰਡਾਲ,
ਅਮਰਿਓ=ਅਪੜਿਆ, ਸੁਆਨ=ਕੁੱਤਾ, ਲੁਭਤੁ=ਸ਼ਿਕਾਰੀ)


36. ਬਿਨੁ ਦੇਖੇ ਉਪਜੈ ਨਹੀ ਆਸਾ

ਬਿਨੁ ਦੇਖੇ ਉਪਜੈ ਨਹੀ ਆਸਾ ॥
ਜੋ ਦੀਸੈ ਸੋ ਹੋਇ ਬਿਨਾਸਾ ॥
ਬਰਨ ਸਹਿਤ ਜੋ ਜਾਪੈ ਨਾਮੁ ॥
ਸੋ ਜੋਗੀ ਕੇਵਲ ਨਿਹਕਾਮੁ ॥1॥
ਪਰਚੈ ਰਾਮੁ ਰਵੈ ਜਉ ਕੋਈ ॥
ਪਾਰਸੁ ਪਰਸੈ ਦੁਬਿਧਾ ਨ ਹੋਈ ॥1॥ਰਹਾਉ॥
ਸੋ ਮੁਨਿ ਮਨ ਕੀ ਦੁਬਿਧਾ ਖਾਇ ॥
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
ਮਨ ਕਾ ਸੁਭਾਉ ਸਭੁ ਕੋਈ ਕਰੈ ॥
ਕਰਤਾ ਹੋਇ ਸੁ ਅਨਭੈ ਰਹੈ ॥2॥
ਫਲ ਕਾਰਨ ਫੂਲੀ ਬਨਰਾਇ ॥
ਫਲੁ ਲਾਗਾ ਤਬ ਫੂਲੁ ਬਿਲਾਇ ॥
ਗਿਆਨੈ ਕਾਰਨ ਕਰਮ ਅਭਿਆਸੁ ॥
ਗਿਆਨੁ ਭਇਆ ਤਹ ਕਰਮਹ ਨਾਸੁ ॥3॥
ਘ੍ਰਿਤ ਕਾਰਨ ਦਧਿ ਮਥੈ ਸਇਆਨ ॥
ਜੀਵਤ ਮੁਕਤ ਸਦਾ ਨਿਰਬਾਨ ॥
ਕਹਿ ਰਵਿਦਾਸ ਪਰਮ ਬੈਰਾਗ ॥
ਰਿਦੈ ਰਾਮੁ ਕੀ ਨ ਜਪਸਿ ਅਭਾਗ ॥4॥1॥1167॥

(ਬਰਨ=ਵਰਣਨ, ਨਿਹਕਾਮੁ=ਵਾਸ਼ਨਾ-ਰਹਿਤ,
ਪਾਰਸੁ=ਪ੍ਰਭੂ, ਬਨਰਾਇ=ਬਨਸਪਤੀ, ਬਿਲਾਇ=
ਖ਼ਤਮ ਹੋ ਜਾਂਦਾ ਹੈ, ਘ੍ਰਿਤ=ਘਿਉ, ਦਧਿ=ਦਹੀਂ,
ਮਥੈ=ਰਿੜਕਦੀ ਹੈ, ਸਇਆਨ=ਸੁਆਣੀ)


37. ਤੁਝਹਿ ਸੁਝੰਤਾ ਕਛੂ ਨਾਹਿ

ਤੁਝਹਿ ਸੁਝੰਤਾ ਕਛੂ ਨਾਹਿ ॥
ਪਹਿਰਾਵਾ ਦੇਖੇ ਊਭਿ ਜਾਹਿ ॥
ਗਰਬਵਤੀ ਕਾ ਨਾਹੀ ਠਾਉ ॥
ਤੇਰੀ ਗਰਦਨਿ ਊਪਰਿ ਲਵੈ ਕਾਉ ॥1॥
ਤੂ ਕਾਂਇ ਗਰਬਹਿ ਬਾਵਲੀ ॥
ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥1॥ਰਹਾਉ॥
ਜੈਸੇ ਕੁਰੰਕ ਨਹੀ ਪਾਇਓ ਭੇਦੁ ॥
ਤਨਿ ਸੁਗੰਧ ਢੂਢੈ ਪ੍ਰਦੇਸੁ ॥
ਅਪ ਤਨ ਕਾ ਜੋ ਕਰੇ ਬੀਚਾਰੁ ॥
ਤਿਸੁ ਨਹੀ ਜਮਕੰਕਰੁ ਕਰੇ ਖੁਆਰ ॥2॥
ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥
ਠਾਕੁਰੁ ਲੇਖਾ ਮਗਨਹਾਰੁ ॥
ਫੇੜੇ ਕਾ ਦੁਖੁ ਸਹੈ ਜੀਉ ॥
ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥3॥
ਸਾਧੂ ਕੀ ਜਉ ਲੇਹਿ ਓਟ ॥
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥
ਕਹਿ ਰਵਿਦਾਸ ਜੁ ਜਪੈ ਨਾਮੁ ॥
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥4॥1॥1196॥

(ਊਭਿ ਜਾਹਿ=ਆਕੜਦੀ ਹੈਂ, ਗਰਬਵਤੀ=
ਹੰਕਾਰਨ, ਲਵੈ=ਬੋਲਦਾ ਹੈ, ਖੂੰਬਰਾਜੁ=ਵੱਡੀ
ਖੁੰਬ, ਖਰੀ ਉਤਾਵਲੀ=ਵੱਧ ਕਾਹਲੀ, ਕੁਰੰਕ=
ਹਿਰਨ, ਅਪ=ਆਪਣਾ, ਕਲਤ੍ਰ=ਇਸਤ੍ਰੀ,
ਫੇੜੇ=ਮੰਦੇ ਕਰਮ, ਕੋਟਿ=ਕਰੋੜਾਂ, ਜੋਨਿ=
ਜੂਨੀਆਂ)


38. ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਰਾਮ ਗੋਬਿੰਦ ਗੁਨ ਸਾਰੰ ॥1॥ਰਹਾਉ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥1॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥2॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਅਬ ਬਿਪ੍ਰ ਪ੍ਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥3॥1॥1293॥

(ਨਾਗਰ=ਨਗਰ ਦੇ, ਸਾਰੰ=ਚੇਤੇ ਕਰਦਾ ਹਾਂ, ਸੁਰਸਰੀ=ਗੰਗਾ, ਸਲਲ=ਪਾਣੀ,
ਬਾਰੁਨੀ=ਸ਼ਰਾਬ, ਸੁਰਾ=ਸ਼ਰਾਬ, ਨਤ=ਭਾਵੇਂ, ਤਰ ਤਾਰਿ=ਤਾੜ ਦਾ ਰੁੱਖ,
ਕਾਗਰਾ=ਕਾਗ਼ਜ਼, ਕੁਟ ਬਾਂਢਲਾ=ਚੰਮ ਕੱਟਣ ਤੇ ਵੱਢਣ ਵਾਲਾ, ਢੋਰ=ਮਰੇ ਪਸ਼ੂ,
ਬਿਪ੍ਰ=ਬ੍ਰਾਹਮਣ)


39. ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ

ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥
ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥1॥ਰਹਾਉ॥
ਜਾ ਕੈ ਭਾਗਵਤੁ ਲੇਖੀਐ ਅਵਰ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥
ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥1॥
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥
ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥2॥
ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥
ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥3॥2॥1293॥

(ਤੇਊ=ਉਹੀ ਮਨੁੱਖ, ਪਦਮ ਕਵਲਾਸ ਪਤਿ=ਪਦਮਾਪਤੀ,ਪਰਮਾਤਮਾ, ਤਾਸ ਸਮ=
ਉਸ ਵਰਗਾ, ਆਨ ਆਨ=ਘਰ ਘਰ ਵਿਚ, ਪੇਖੀਐ=ਵੇਖਣਾ, ਆਛੋਪ=ਅਛੂਤ,
ਛੀਪਾ=ਛੀਂਬਾ, ਨਾਮਨਾ=ਵਡਿਆਈ, ਤਿਨ ਤਨੈ=ਉਨ੍ਹਾਂ ਦੇ ਪੁੱਤਰ ਨੂੰ)


40. ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥
ਸਾਧਸੰਗਤਿ ਪਾਈ ਪਰਮ ਗਤੇ ॥1॥ਰਹਾਉ॥
ਮੈਲੇ ਕਪਰੇ ਕਹਾ ਲਉ ਧੋਵਉ ॥
ਆਵੈਗੀ ਨੀਦ ਕਹਾ ਲਗੁ ਸੋਵਉ ॥1॥
ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥
ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥2॥
ਕਹੁ ਰਵਿਦਾਸ ਭਇਓ ਜਬ ਲੇਖੋ ॥
ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥3॥1॥3॥1293॥

(ਮੈਲੇ ਕਪਰੇ ਧੋਣਾ=ਦੂਜਿਆਂ ਦੀ ਨਿੰਦਾ ਕਰਨਾ)


  • ਮੁੱਖ ਪੰਨਾ : ਬਾਣੀ, ਭਗਤ ਰਵਿਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ