Alexander Sergeyevich Pushkin's Poetry in Punjabi

ਅਲੈਗਜ਼ੈਂਡਰ ਪੁਸ਼ਕਿਨ ਦੀ ਕਵਿਤਾ ਪੰਜਾਬੀ ਵਿਚ

ਅਲੈਗਜ਼ੈਂਡਰ ਪੁਸ਼ਕਿਨ ਦੀ ਕਵਿਤਾ ਅਨੁਵਾਦਕ ਕਰਨਜੀਤ ਸਿੰਘ

1. ਪੈਗ਼ੰਬਰ

ਰੂਹ ਭੁੱਖੀ ਤ੍ਰਿਹਾਈ ਸੀ ਮੈਂ ਭਟਕ ਰਿਹਾ ਸਾਂ
ਵਿਚ ਹਨੇਰੇ ਜੰਗਲਾਂ ਤੇ ਬੀਆਬਾਨਾਂ
ਛੇਆਂ ਖੰਭਾਂ ਵਾਲੜਾ ਜੋ ਕਹਿਣ ਫ਼ਰਿਸ਼ਤਾ
ਇਕ ਦੁਰਾਹੇ ਦੇ ਵਿਚ ਆ ਕੇ ਮੈਨੂੰ ਮਿਲਿਆ
ਫੁਲਾਂ ਵਾਂਗਰ ਹੌਲੀਆਂ ਆਪਣੀਆਂ ਉਂਗਲਾਂ
ਉਹਨੇ ਅੱਖਾਂ ਮੇਰੀਆਂ ਨੂੰ ਆਣ ਛੁਹਾਈਆਂ
ਅਤੇ ਪੁਤਲੀਆਂ ਮੇਰੀਆਂ ਇੰਜ ਟੱਡੀਆਂ ਗਈਆਂ
ਅੱਖਾਂ ਸਹਿਮੇ ਬਾਜ਼ ਦੀਆਂ ਨੇ ਜਿੱਦਾਂ ਹੁੰਦੀਆਂ
ਫੇਰ ਮਲਕੜੇ ਓਸ ਨੇ ਕੰਨਾਂ ਨੂੰ ਛੋਹਿਆ
ਤੇ ਕੰਨਾਂ ਵਿਚ ਮੱਚਿਆ ਇਕ ਸ਼ੋਰ ਸ਼ਰਾਬਾ
ਫੜ ਫੜ ਕਰਦੇ ਖੰਭਾਂ ਦੀ ਧੀਮੀ ਆਵਾਜ਼
ਜਿਵੇਂ ਫ਼ਰਿਸ਼ਤੇ ਅੰਬਰੀਂ ਕਰਦੇ ਪਰਵਾਜ਼
ਸਾਗਰ ਹੇਠਾਂ ਰੀਂਗਦੇ ਦੈਤਾਂ ਦੀ ਫਰ ਫਰ
ਅਸਮਾਨਾਂ ਨੂੰ ਚੜ੍ਹਦੀਆਂ ਵੇਲਾਂ ਦੀ ਸਰ ਸਰ
ਫਿਰ ਉਸ ਮੇਰੇ ਬੁਲ੍ਹਾਂ ਨੂੰ ਜੋ ਹੱਥ ਛੁਹਾਇਆ
ਖਿਚ ਕੇ ਪਾਪਣ ਜੀਭ ਨੂੰ ਬਾਹਰ ਲੈ ਆਇਆ
ਜਿਹੜੀ ਮੋਮੋਠਗਣੀਆਂ ਕਰਦੀ ਸੀ ਗੱਲਾਂ
ਤੇ ਜੋ ਸਿੱਥਲ ਹੋ ਗਏ ਸਨ, ਮੁਰਦਾ ਬੁਲ੍ਹਾਂ
ਨੂੰ ਖੂਨੀ ਹੱਥ ਆਪਣਾ ਉਸ ਨੇ ਜੋ ਲਾਇਆ
ਉਹਨਾਂ ਉਤੇ ਨਾਗ ਦਾ ਇਕ ਡੰਗ ਬਿਠਾਇਆ ।
ਫਿਰ ਛਾਤੀ ਨੂੰ ਪਾੜਿਆ ਉਸ ਲੈ ਤਲਵਾਰ
ਦਿਲ ਧੜਕਦਾ ਕੰਬਦਾ ਫੜ ਕੀਤਾ ਬਾਹਰ
ਖਾਲੀ ਥਾਂ ਤੇ ਰੱਖਿਆ ਇਕ ਕੋਲਾ ਮਘਦਾ
ਦਗ ਦਗ ਕਰਦਾ ਹਿਕ ਵਿਚ ਚੰਗਿਆੜੇ ਛਡਦਾ
ਲਾਸ਼ ਵਾਂਗਰਾਂ ਪਿਆ ਸਾਂ ਮੈਂ ਬੀਆਬਾਨੀਂ
ਗੂੰਜੀ ਆ ਕੇ ਕੰਨ ਵਿਚ ਆਵਾਜ਼ ਰੱਬਾਨੀ :
"ਉਠ ਪੈਗ਼ੰਬਰ, ਅੱਖੀਆਂ, ਕੰਨਾਂ ਨੂੰ ਖੋਹਲ
ਸੁਣ ਕੇ ਮੇਰੇ ਹੁਕਮ ਦੇ ਪੱਲੇ ਬੰਨ੍ਹ ਬੋਲ
ਕੱਛ ਉਠ ਕੇ ਧਰਤੀਆਂ ਤੇ ਸਾਗਰ ਤਰ ਤੂੰ
ਸੱਚੀ ਬਾਣੀ ਨਾਲ ਦਿਲਾਂ ਵਿਚ ਚਾਨਣ ਕਰ ਤੂੰ ।"

2. ਜਲਾਵਤਨ ਦੋਸਤਾਂ ਨੂੰ

ਸਾਇਬੇਰੀਆ ਵਿਚ ਡੂੰਘੀਆਂ ਖਾਣਾਂ ਅੰਦਰ ਇਹ ਨਾ ਹੋਵੇ
ਕੋਈ ਅਣਖ ਨੂੰ ਵੱਟਾ ਲੱਗੇ ਜਾਂ ਇਹ ਦਿਲ ਹੀ ਡੋਲ ਖਲੋਵੇ
ਉਤਮ ਉੱਚੀ ਸੋਚ ਤੁਹਾਡੀ ਅਤੇ ਮੁਸ਼ੱਕਤ ਹੱਡ ਤੋੜਵੀਂ
ਰੰਗ ਲਿਆਵੇਗੀ, ਆਖਰ ਨੂੰ ਚਾਨਣ ਹੀ ਕਾਲਖ ਨੂੰ ਧੋਵੇ ।

ਆਸ਼ਾ, ਜਿਹੜੀ ਬਦਨਸੀਬੀ ਦੀ ਹੈ ਆਗਿਆਕਾਰੀ ਭੈਣ
ਉਸ ਨੇ ਹੀ ਭੋਰੇ 'ਚੋਂ ਭੱਖਣੀ ਆਖਰ ਨੂੰ ਨ੍ਹੇਰੇ ਦੀ ਡੈਣ
ਸਰਘੀ ਵੇਲਾ ਹੋਣਾ ਜਿਸ ਦੀ ਤਾਂਘ ਦਿਲਾਂ ਨੂੰ ਜੁੱਗਾਂ ਤੋਂ
ਸਦਾ ਲਈ ਸੌਂ ਜਾਣੇ ਹੌਕੇ ਗੂੰਜਣਗੇ ਖੁਸ਼ੀਆਂ ਦੇ ਬੈਣ ।

ਤੋੜ ਤਾੜ ਕੇ ਸਭ ਦੀਵਾਰਾਂ ਨ੍ਹੇਰੇ ਨੂੰ ਕਰ ਲੀਰੋ ਲੀਰ
ਪਹੁੰਚ ਜਾਣਗੇ ਤੁਸਾਂ ਤੱਕ ਇਹ ਮਿਤ੍ਰਤਾ ਤੇ ਪ੍ਰੇਮ ਅਖੀਰ
ਹਰ ਹਾਲਤ ਵਿਚ ਘੋਰ ਭਿਆਨਕ ਕਾਲ ਕੋਠੀਆਂ ਵਿਚ ਜਿਵੇਂ
ਪਹੁੰਚ ਰਹੀ ਏ ਸਵਤੰਤਰ ਆਵਾਜ਼ ਮੇਰੀ, ਐ ਮੇਰੇ ਵੀਰ ।

ਟੁਟ ਜਾਣਾ ਭਾਰੀ ਜ਼ੰਜੀਰਾਂ ਹੱਥਕੜੀਆਂ ਨੇ ਲਹਿ ਜਾਣਾ
ਡਿੱਗ ਪੈਣਾਂ ਜੇਲ਼੍ਹਾਂ ਦੀਆਂ ਕੰਧਾਂ ਕਾਲ ਕੋਠੀਆਂ ਢਹਿ ਜਾਣਾ
ਕਰਨੀ ਹੈ ਤਲਵਾਰ ਤੁਹਾਨੂੰ ਭੇਟਾ ਫੇਰ ਭਰਾਵਾਂ ਨੇ
ਅਤੇ ਬਰੂਹਾਂ ਵਿਚ ਤੁਹਾਡਾ ਕਰਨ ਸੁਆਗਤ ਬਹਿ ਜਾਣਾ ।

3. ਆਰੀਓਨ

ਬੇੜੀ ਵਿਚ ਅਸੀਂ ਬੈਠੇ ਸਾਂ ਕਈ ਜਣੇ
ਕੁਝ ਐਸੇ ਸਨ ਬਾਦਬਾਨ ਸਨ ਜਿਨ੍ਹਾਂ ਤਣੇ
ਦੂਜੇ ਰਲ ਕੇ ਭਾਰੇ ਚੱਪੂ ਮਾਰ ਰਹੇ
ਹਿੰਮਤ ਦੇ ਬਲ ਬੂਤੇ ਬੇੜੀ ਤਾਰ ਰਹੇ
ਅਕਲਾਂ ਵਾਲਾ ਖੇਵਟ ਉਸ ਦੀ ਇਕ ਲਗਨ
ਭਾਰੀ ਬੇੜੀ ਠੇਹਲੀ ਜਾਵੇ ਚੁਪ ਮਗਨ
ਮੈਂ ਤਾਂ ਬੇਪਰਵਾਹ, ਕਦੇ ਗ਼ਮ ਖਾਂਦਾ ਸਾਂ
ਮੈਂ ਉਹਨਾਂ ਨੂੰ ਗੀਤ ਸੁਣਾਈ ਜਾਂਦਾ ਸਾਂ
ਤਾਂਹੀਓਂ ਇਕ ਭਿਆਨਕ ਝੱਖੜ ਝੁੱਲ ਪਿਆ
ਰੋਹ ਵਿਚ ਆਇਆ ਸਾਗਰ ਆਪਾ ਭੁੱਲ ਗਿਆ
ਖੇਵਟ ਤੇ ਦੂਜੇ ਤਾਂ ਬਸ ਹੁਣ ਗੱਲਾਂ ਨੇ
ਮੈਨੂੰ ਸੁੱਟਿਆ ਚੁੱਕ ਕੇ ਕੰਢੇ ਛੱਲਾਂ ਨੇ
ਰਮਜ਼ ਭਰੇ ਗੀਤਾਂ ਦਾ ਗਾਇਕ ਦੀਵਾਨਾ
ਉਹੀ ਪੁਰਾਣੇ ਗੀਤ ਤਰਾਨੇ ਮਸਤਾਨਾ
ਪੱਥਰਾਂ ਉੱਤੇ ਬੈਠਾ ਧੁੱਪੇ ਗਾਂਦਾ ਹਾਂ
ਆਪਣੇ ਗਿੱਲੇ ਕਪੜੇ ਪਿਆ ਸੁਕਾਂਦਾ ਹਾਂ ।

4. ਸੋਗੀ ਗੀਤ

ਨਾ ਗਾ ਮੇਰੀ ਪਿਆਰੀ ਬਸ ਕਰ ਨਾ ਗਾ ਨੀ
ਮੇਰੇ ਸਾਹਵੇਂ ਜਾਰਜੀਆ ਦੇ ਸੋਗੀ ਗੀਤ
ਦੂਜੇ ਜੀਵਨ ਅਤੇ ਦੁਰਾਡੇ ਕੰਢੇ ਦੀ
ਯਾਦ ਦਿਵਾਉਂਦੇ ਦਿਲ ਮੇਰੇ ਨੂੰ ਮੇਰੇ ਮੀਤ ।

ਹਾਏ ! ਤੇਰੀਆਂ ਇਹਨਾਂ ਜ਼ਾਲਮ ਤਰਜ਼ਾਂ ਤੇ
ਆਉਂਦੀ ਯਾਦ ਚਾਨਣੀ ਰਾਤ, ਮਦਾਨਾਂ ਦੀ
ਦੂਰ ਰਹਿ ਗਈ ਜਿਹੜੀ ਨਜ਼ਰਾਂ ਤੋਂ ਓਹਲੇ
ਮੰਦਭਾਗੀ ਮੁਟਿਆਰ ਦੇ ਨਕਸ਼ਾਂ ਨੈਣਾਂ ਦੀ ।

ਜੇ ਤੂੰ ਹੋਵੇਂ ਸਾਹਵੇਂ ਤਾਂ ਭੁਲ ਜਾਵੇ ਜੋ
ਮੋਹਣਾ ਮਾਰੂ ਪਰਛਾਵਾਂ ਮੰਡਲਾਉਂਦਾ ਹੈ
ਪਰ ਛੋਂਹਦੀ ਹੈਂ ਗੀਤ ਜਦੋਂ ਤਾਂ ਉਹ ਮੁੜਕੇ
ਸਾਹਵੇਂ ਆਣ ਖਲੋਂਦਾ ਅਤੇ ਸਤਾਉਂਦਾ ਹੈ ।

ਨਾ ਗਾ ਮੇਰੀ ਪਿਆਰੀ ਬਸ ਕਰ ਨਾ ਗਾ ਨੀ
ਮੇਰੇ ਸਾਹਵੇਂ ਜਾਰਜੀਆ ਦੇ ਸੋਗੀ ਗੀਤ
ਦੂਜੇ ਜੀਵਨ ਅਤੇ ਦੁਰਾਡੇ ਕੰਢੇ ਦੀ
ਯਾਦ ਦਿਵਾਉਂਦੇ ਦਿਲ ਮੇਰੇ ਨੂੰ ਮੇਰੇ ਮੀਤ ।

5. ਜਾਰਜੀਆ ਦੇ ਟਿੱਲਿਆਂ ਉੱਤੇ

ਜਾਰਜੀਆ ਦੇ ਟਿੱਲਿਆਂ ਉੱਤੇ
ਲੱਥੀ ਰਾਤ ਹਨੇਰਾ ਹੋਇਆ
ਵਗੇ ਅਰਾਗਵਾ ਮੇਰੇ ਸਾਹਵੇਂ
ਉਸ ਦੀ ਕਲ ਕਲ ਸ਼ੋਰ ਮਚਾਇਆ
ਪੀੜਾ ਖੇੜੇ ਪਾਇ ਕੜਿੰਗੜੀ
ਮੇਰੀ ਉਦਾਸੀ ਉਜਲੀ ਉਜਲੀ
ਕੇਵਲ ਤੂੰ, ਬਸ ਤੂੰ ਹੀ ਤੂੰ ਹੈਂ
ਮੇਰੀ ਏਸ ਉਦਾਸੀ ਵਿਚ ਵੀ
ਹੋਰ ਕੋਈ ਵੀ ਆ ਕੇ ਮੇਰੇ
ਦਿਲ ਦੇ ਪਲੰਘੇ ਬਹਿ ਨਹੀਂ ਸਕਦਾ
ਫੇਰ ਪਿਆਰ ਅੰਗੜਾਈਆਂ ਲੈਂਦਾ
ਪਿਆਰ ਬਿਨਾਂ ਇਹ ਰਹਿ ਨਹੀਂ ਸਕਦਾ ।

6. ਅੰਚਾਰ

ਧੁਪ ਵਿਚ ਝੁਲਸੀ ਬੰਜਰ ਧਰਤੀ ਬੀਆਬਾਨਾਂ
ਵਿਚ ਨਜ਼ਰ ਜਿਥੇ ਤੱਕ ਜਾਵੇ ਸੁੰਨ-ਮਸਾਣਾਂ
ਵਾਂਗ ਸੰਤਰੀ ਤਣਿਆ ਰੁਖ ਅੰਚਾਰ ਖੜਾ ਹੈ
ਸਾਰੇ ਬ੍ਰਹਿਮੰਡ ਵਿਚ ਇਕੱਲਾ, ਬੜਾ ਡਰਾਉਣਾ ।

ਜਿਸ ਦਿਨ ਇਸ ਨੂੰ ਜੰਮਿਆਂ ਸੀ ਧਰਤੀ ਤ੍ਰਿਹਾਈ
ਉਸ ਦਿਨ ਸੂਰਜ ਲੋਹੜੇ ਦੀ ਸੀ ਅੱਗ ਵਰ੍ਹਾਈ
ਕੁਦਰਤ ਨੇ ਫਿਰ ਟਹਿਣੀ ਟਹਿਣੀ ਪੱਤੇ ਪੱਤੇ
ਅਤੇ ਜੜ੍ਹਾਂ ਦੇ ਰੇਸ਼ੇ ਰੇਸ਼ੇ ਜ਼ਹਿਰ ਵਸਾਈ ।

ਜ਼ਹਿਰ ਏਸ ਦੇ ਸੱਕਾਂ ਵਿਚੋਂ ਰਹੇ ਨਿਕਲਦੀ
ਸਿਖਰ ਦੁਪਹਿਰੇ ਵੇਲੇ ਧੁੱਪਾਂ ਵਿਚ ਪਿਘਲਦੀ
ਥਾਂ ਥਾਂ ਜੰਮੀ ਗੂੰਦ ਬਣੀ ਤ੍ਰਿਕਾਲਾਂ ਵੇਲੇ
ਲਿਸ਼ਕੇ ਜਿਵੇਂ ਬਲੌਰੀ ਬੂੰਦਾਂ ਪਾਰ-ਦਰਸ਼ਨੀ ।

ਕਦੇ ਕਿਸੇ ਪੰਖੇਰੂ ਏਧਰ ਮੂੰਹ ਨਾ ਕਰਿਆ
ਦੂਰ ਰਹੇ ਬੱਬਰ ਵੀ ਇਸ ਤੋਂ ਡਰਿਆ ਡਰਿਆ
ਕਾਲਾ ਝੱਖੜ ਵੀ ਆ ਜਾਵੇ ਜੇਕਰ ਏਧਰ
ਮੁੜ ਜਾਵੇ ਉਹ ਪਲ ਵਿਚ ਵਿਹੁ ਦਾ ਲੱਦਿਆ ਭਰਿਆ ।

ਤੇ ਜੇ ਕੋਈ ਭੁਲੀ ਭਟਕੀ ਇਕ ਬਦਲੋਟੀ
ਇਸ ਦੇ ਸਿਰ ਤੇ ਆ ਕੇ ਕਿਧਰੋਂ ਵਰ੍ਹ ਹੀ ਜਾਂਦੀ
ਤਪਦੇ ਰੇਤੇ ਦੀ ਹਿਕ ਉੱਤੇ ਜ਼ਹਿਰੀ ਤਿਪ ਤਿਪ
ਇਸ ਦੇ ਟਹਿਣੀ ਪੱਤਿਆਂ ਉੱਤੋਂ ਡਿਗਦੀ ਰਹਿੰਦੀ ।

ਪਰ ਬੰਦੇ ਨੇ ਬੰਦੇ ਨੂੰ ਇਕ ਹੁਕਮ ਸੁਣਾਇਆ
ਲਭਣ ਲਈ ਅੰਚਾਰ ਓਸ ਨੂੰ ਰਾਹੇ ਪਾਇਆ
ਉਠ ਤੁਰਿਆ ਉਹ ਹੁਕਮ 'ਚ ਬੱਝਾ ਮੰਜ਼ਲ ਵੱਲੇ
ਦਿਨ ਚੜ੍ਹਦੇ ਤੱਕ ਵਿਹੁ ਲੈ ਕੇ ਉਹ ਮੁੜ ਵੀ ਆਇਆ ।

ਮੁਰਝਾਏ ਪੱਤਿਆਂ ਸੰਗ ਟਹਿਣੀ, ਗੂੰਦ ਵਿਹੁਲੀ
ਹਾਜ਼ਰ ਕੀਤੀ ਮਾਲਕ ਦੇ ਉਸ ਛੋਹਲੀ ਛੋਹਲੀ
ਚਿਹਰੇ ਦਾ ਰੰਗ ਉਡਿਆ ਉਡਿਆ, ਮੱਥੇ ਉੱਤੇ
ਮੁੜ੍ਹਕਾ ਚੋਵੇ, ਉਸ ਨੂੰ ਆ ਗਈ ਠੰਡੀ ਤ੍ਰੇਲੀ ।

ਹੁਕਮ ਮੁਤਾਬਿਕ ਲੈ ਤਾਂ ਆਇਆ ਸਭ ਕੁਝ ਭਾਵੇਂ
ਆਉਂਦਾ ਹੀ ਗ਼ਸ਼ ਖਾ ਕੇ ਡਿਗਿਆ ਸਫ਼ ਤੇ ਥਾਵੇਂ
ਡਿਗਦਾ ਹੀ ਦਮ ਤੋੜ ਗਿਆ ਉਹ ਦਾਸ ਨਿਮਾਣਾ
ਅਣਜਿੱਤ ਹਾਕਮ ਦੇ ਕਦਮਾਂ ਵਿਚ ਉਸ ਦੇ ਸਾਹਵੇਂ ।

ਪਰ ਰਾਜੇ ਨੇ ਜ਼ਹਿਰ ਸੇਵਕਾਂ ਹੱਥ ਥਮਾਈ
ਆਗਿਆਕਾਰੀ ਤੀਰਾਂ ਉੱਤੇ ਪੁਠ ਚੜ੍ਹਾਈ
ਤੇ ਉਸ ਆਪਣੇ ਦੂਰ ਨੇੜ ਹਮਸਾਇਆਂ ਉੱਤੇ
ਸੀਮਾ ਪਾਰ ਘਰੀਂ ਉਹਨਾਂ ਦੇ ਮੌਤ ਵਰ੍ਹਾਈ ।

7. ਆਪਣੀ ਯਾਦਗਾਰ

ਯਾਦਗਾਰ ਆਪਣੀ ਦਾ ਜਿਹੜੀ ਮੈਂ ਆਪਣੇ ਆਪ ਬਣਾਈ
ਹੱਥਾਂ ਨਾਲ ਨਾ ਹਰਗਿਜ਼ ਕੀਤੀ ਗਈ ਉਸਾਰੀ ਜਿਸ ਦੀ
ਉਸ ਨੂੰ ਜਾਂਦੀ ਪਗਡੰਡੀ ਤੇ ਘਾਹ ਨਹੀਂ ਉਗਦਾ ਭਾਈ
ਅਲੇਕਸਾਂਦਰ ਦੀ ਲਾਠ ਨਾਲੋਂ ਇਹ ਗਿੱਠ ਭਰ ਉੱਚੀ ਦਿਸਦੀ ।

ਨਹੀਂ, ਮੈਂ ਸਾਰਾ ਨਹੀਂ ਮਰਾਂਗਾ, ਕਵਿਤਾ ਅੰਦਰ ਮੇਰੀ
ਰੂਹ ਮੇਰੀ ਨੇ, ਰਾਖ ਮੇਰੀ ਤੋਂ ਵਧ ਸਮੇਂ ਤੱਕ ਜੀਣਾ
ਓਸ ਘੜੀ ਤੱਕ ਜੱਗ ਤੇ ਮੇਰੀ ਮਹਿਮਾ ਬਣੀ ਰਹੇਗੀ
ਜਦ ਤਕ ਕਾਵਿ-ਜਗਤ ਦੇ ਅੰਦਰ ਕੁਝ ਵੀ ਹੋਣਾ ਥੀਣਾ ।

ਮੇਰੀਆਂ ਧੁੰਮਾਂ ਪੈ ਜਾਣੀਆਂ ਰੂਸ ਦੇਸ ਵਿਚ ਸਾਰੇ
ਹਰ ਇਕ ਜੀਭਾ ਉੱਤੇ ਮੇਰੇ ਨਾਂ ਦੇ ਚਰਚੇ ਹੋਣੇ
ਗੌਰਵਸ਼ੀਲ ਸਲਾਵੀ ਨਸਲਾਂ, ਫਿਨ, ਤੇ ਜੰਗਲੀ ਭਾਰੇ
ਤੁੰਗੁਸ, ਨਾਲੇ ਕਾਲਮੀਕ ਜੋ ਦੋਸਤ ਸਤੇਪੀ ਦੇ ਨੇ ।

ਚਿਰ ਤੱਕ ਲੋਕਾਂ ਰਖਣਾ ਮੈਨੂੰ ਦਿਲ ਦੇ ਤਖ਼ਤ ਬਿਠਾਇਆ
ਕਿ ਮੇਰੀ ਵੀਣਾ ਨੇ ਟੁੰਬ ਕੇ ਭਾਵ ਜਗਾਇਆ ਸੁੱਚਾ
ਕਿ ਮੈਂ ਗੀਤ ਆਜ਼ਾਦੀ ਦਾ ਇਸ ਜ਼ਾਲਮ ਜੁਗ ਵਿਚ ਗਾਇਆ
ਅਤੇ ਡਿਗਿਆਂ ਲਈ ਦਇਆ ਦਾ ਨਾਹਰਾ ਕੀਤਾ ਉੱਚਾ ।

ਨਾ ਤੂੰ ਕਰ ਤਾਜ ਦੀ ਇੱਛਾ ਨਾ ਠੇਸ ਤੋਂ ਡਰ ਤੂੰ
ਹੇ ਕਲਾ ਦੀ ਦੇਵੀ ਆਪਣਾ ਰੱਬੀ ਹੁਕਮ ਪਛਾਣ
ਨਾ ਭੰਡੀ ਦੀ, ਨਾ ਵਡਿਆਈ ਦੀ ਚਿੰਤਾ ਹੀ ਕਰ ਤੂੰ
ਨਾ ਉਹਨਾਂ ਦੇ ਨਾਲ ਉਲਝ ਤੂੰ ਜੋ ਮੂਰਖ ਅਣਜਾਣ ।

8. ਚਾਅਦਾਯੇਵ ਦੇ ਨਾਂ

ਲਡਾਇਆ ਨਾ ਬਹੁਤ ਦੇਰ ਮੁਹੱਬਤ ਨੇ ਅਸਾਨੂੰ
ਸ਼ੁਹਰਤ ਨੇ, ਉਮੀਦਾਂ ਨੇ ਹੈ ਭਰਮਾਇਆ ਕਾਹਨੂੰ
ਖੇਡ ਤਮਾਸ਼ੇ ਜਵਾਨੀ ਦੇ ਹੋਏ ਛਾਈਂ ਮਾਈਂ
ਇਕ ਸੁਪਨਾ ਜਿਵੇਂ, ਤੜਕੇ ਦੀ ਧੁੰਦ ਨਿਆਈਂ
ਹਾਲੇ ਵੀ ਇਕ ਰੀਝ ਹੈ ਪਰ ਦਿਲ ਵਿਚ ਨਚਦੀ
ਇਕ ਅੱਗ ਰਹੇ ਸੀਨੇ ਵਿਚ ਹਰ ਦਮ ਮਚਦੀ
ਇਸ ਜਬਰ ਦੇ ਜੂਲੇ 'ਚ ਭਲਾ ਕਿੱਦਾਂ ਕਰਾਰ ਆਵੇ
ਪੈਂਦੀ ਹੈ ਵਤਨ ਮੇਰੇ ਦੀ ਕੰਨਾਂ 'ਚ ਪੁਕਾਰ ਆ ਕੇ
ਦਿਨ ਰਾਤ ਅਸੀਂ ਕਰਦੇ ਹਾਂ ਬੇਚੈਨ ਉਡੀਕਾਂ
ਕਦ ਆਉਣ ਆਜ਼ਾਦੀ ਦੀਆਂ ਉਹ ਪਾਵਨ ਘੜੀਆਂ
ਆਸ਼ਕ ਹੈ ਜਿਵੇਂ ਕੋਈ ਵਿਆਕੁਲ ਹੋ ਬਹਿੰਦਾ
ਮਿਲਣੀ ਦਾ ਪਲ ਆਉਣ ਤਲਕ ਬਿਹਬਲ ਹੋ ਰਹਿੰਦਾ
ਇੰਜ ਤਾਂਘ ਆਜ਼ਾਦੀ ਦੀ ਇਹ ਮਚਦੀ ਜਦੋਂ ਤੱਕ
ਤੇ ਰੂਹ ਨੂੰ ਹੁੰਗਾਰਾ ਅਣਖ ਭਰਦੀ ਜਦੋਂ ਤੱਕ
ਆ, ਦੋਸਤ, ਅਸੀਂ ਕਰੀਏ ਜਨਮਭੂਮੀ ਤੇ ਅਰਪਨ ਇਹ
ਜਜ਼ਬੇ ਦੀ ਜਵਾਨੀ ਅਤੇ ਰੂਹਾਂ ਦਾ ਸੁਹੱਪਣ ਇਹ
ਵਿਸ਼ਵਾਸ ਕਰੋ, ਸਾਥੀ, ਇਹ ਨ੍ਹੇਰੇ ਦਾ ਪਹਿਰ ਮੁਕਣਾ
ਲੋਅ ਲੱਗਣੀ ਤੇ ਸੂਰਜ ਦੀਆਂ ਕਿਰਨਾਂ ਨੇ ਆ ਬੁਕਣਾ
ਇਹ ਨੀਂਦ ਜੋ ਕੁੰਭਕਰਨੀ ਇਸ ਨੀਂਦ 'ਚੋਂ ਉਠ ਬਹਿਣਾ
ਫਿਰ ਰੂਸ ਦੇ ਹੱਥੋਂ ਇਹ ਧੱਕੇ ਦਾ ਕਿਲਾ ਢਹਿਣਾ
ਖੰਡਰਾਂ ਤੇ ਲਿਖੇ ਜਾਣੇ ਫਿਰ ਨਾਮ ਅਸਾਡੇ ਹੀ ।

9. ਬੁਝ ਗਿਆ ਸੂਰਜ

ਬੁਝਦਾ ਬੁਝਦਾ ਬੁਝ ਗਿਆ ਸੂਰਜ ਚਾਨਣ ਗੰਢ ਵਲ੍ਹੇਟੀ
ਸਾਗਰ 'ਤੇ ਆ ਨਿਸਲ ਹੋਈ ਧੁੰਦਲੀ ਸ਼ਾਮ ਸਲੇਟੀ
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ

ਦੂਰ ਪਰੇ ਪੈਂਦਾ ਹੈ ਉਜਲੀ ਧਰਤੀ ਦਾ ਲਿਸ਼ਕਾਰਾ
ਮੇਰੇ ਦਿਲ ਦੀ ਧੜਕਣ ਬਣਿਆ ਟੂਣੇਹਾਰ ਕਿਨਾਰਾ
ਮੈਂ ਯਾਦਾਂ ਦੇ ਸ਼ਹੁ ਵਿੱਚ ਲੱਥਾ ਲਹਿਰਨ ਤਾਂਘਾਂ ਸਿੱਕਾਂ
ਦਿਲ ਨੂੰ ਤੁਣਕੇ ਵਜ ਵਜ ਜਾਂਦੇ ਰੂਹ ਨੂੰ ਪੈਂਦੀਆਂ ਖਿੱਚਾਂ
ਮੈਂ ਮੁੜ ਭਾਂਬੜ ਬਣ ਕੇ ਮੱਚਿਆ, ਅੱਖੀਓਂ ਨੀਰ ਵਹਾਵਾਂ
ਇਕ ਪਲ ਉੱਡਾਂ ਮਸਤੀ ਅੰਦਰ, ਇਕ ਪਲ ਗੋਤੇ ਖਾਵਾਂ
ਸਿਰ ਉਤੇ ਮੰਡਲਾਉਂਦੇ ਸੁਪਨੇ ਦੇ ਮੈਂ ਨਕਸ਼ ਪਛਾਣਾ
ਯਾਦ ਝਰੋਖੇ ਵਿਚੋਂ ਝਾਕੇ ਅੰਨ੍ਹਾ ਇਸ਼ਕ ਪੁਰਾਣਾ
ਨਾਲ ਜਾਗੀਆਂ ਸਭੇ ਪੀੜਾਂ, ਨਾਲ ਹੀ ਸਭੇ ਖੁਸ਼ੀਆਂ
ਸਿਰ ਚੁੱਕਿਆ ਭਰਮਾਊ ਰੀਝਾਂ, ਆਸਾਂ ਦਰਦਾਂ ਭਰੀਆਂ...
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ

ਠਿਲ੍ਹ ਜਹਾਜ਼ਾ ! ਲੈ ਚਲ ਮੈਨੂੰ ਦੂਰ ਦੁਮੇਲਾਂ ਵੱਲੇ
ਜਿਥੇ ਕਪਟੀ ਸਾਗਰ ਹੋਏ ਫਿਰਦੇ ਪਾਗਲ ਝੱਲੇ
ਪਰ ਉਹਨਾਂ ਦਿਲਗੀਰ ਕੰਢਿਆਂ ਵੱਲੇ ਮੂੰਹ ਨਹੀਂ ਕਰਨਾ
ਧੁੰਦ-ਗਲੇਫੇ ਮੇਰੇ ਵਤਨੋਂ ਦੂਰ ਦੂਰ ਹੀ ਤਰਨਾ
ਓਸ ਦੇਸ ਤੋਂ ਜਿੱਥੇ ਮੇਰੇ ਜਜ਼ਬੇ ਸੁੱਚੇ ਸੱਚੇ
ਪਹਿਲੀ ਵਾਰੀ ਅੱਗ ਵੇਗ ਦੀ ਬਣ ਕੇ ਲਟ ਲਟ ਮੱਚੇ
ਜਿਥੇ ਕੋਮਲ-ਕਲਾ ਦੇਵੀਆਂ ਰਹਿਮਤ ਦੇ ਵਿਚ ਆਈਆਂ
ਲੁਕ ਛਿਪ ਕੇ ਸਨ ਮੇਰੇ ਉੱਤੇ ਉਹ ਹੱਸੀਆਂ ਮੁਸਕਾਈਆਂ
ਜਿੱਥੇ ਝੱਖੜ ਰਹੇ ਝੰਬਦੇ ਰਾਤ ਦਿਨੇ ਜ਼ਿੰਦਗਾਨੀ
ਇੰਜ ਸਮੇਂ ਤੋਂ ਪਹਿਲਾਂ ਮੇਰੀ ਉਜੜੀ ਮਸਤ ਜਵਾਨੀ
ਇਕ ਖੁਸ਼ੀ ਉਡਦੇ ਪੰਛੀ ਦਾ ਸਾਇਆ ਬਣ ਕੇ ਆਈ
ਅਤੇ ਸਦੀਵੀ ਜ਼ਾਲਮ ਪੀੜਾ ਮੇਰੀ ਝੋਲੀ ਪਾਈ
ਨਵ-ਅਨੁਭਵ ਦਾ ਖੋਜੀ ਬਣਿਆਂ, ਹੋ ਕੇ ਮੈਂ ਮਜ਼ਬੂਰ
ਵਤਨ ਮੇਰੇ ਮੈਂ ਛਡਕੇ ਤੈਨੂੰ, ਤੈਥੋਂ ਭੱਜਿਆ ਦੂਰ
ਪਲ-ਛਿਣ-ਉਮਰ ਜਵਾਨੀ ਵੇਲੇ ਪਲ ਦੋ ਪਲ ਦੇ ਯਾਰੋ
ਮੌਜ ਮੇਲਿਆਂ ਦੇ ਚਾਹਵਾਨੋ ਮੇਰੇ ਵਾਕਫ਼ਕਾਰੋ
ਤੁਰ ਚੱਲਿਆ ਹਾਂ ਛੱਡ ਤੁਹਾਨੂੰ ਰਾਜਦਾਨ ਜੋ ਮੇਰੇ
ਜਿਨ੍ਹਾਂ ਨਾਲ ਗੁਨਾਹ ਦੇ ਕੀਤੇ ਸਾਂਝੇ ਭੇਤ ਬਥੇਰੇ
ਜਿਨ੍ਹਾਂ ਪਿਆਰ-ਵਿਹੂਣਾਂ ਉੱਤੇ ਸਦਾ ਵਾਰਦਾ ਆਇਆ
ਸੁਖ, ਆਜ਼ਾਦੀ, ਮਹਿਮਾ ਆਪਣੀ, ਦਿਲ ਦਾ ਚੈਨ ਗੁਆਇਆ
ਮੇਰੇ ਬੇਵਫ਼ਾ ਹਾਣੀਓਂ ਸਭ ਨੂੰ ਭੁਲ ਭੁਲਾ ਕੇ
ਚਲਿਆ ਹਾਂ ਮੈਂ ਮੌਜ ਬਹਾਰਾਂ ਪਿਛੇ ਛਡ ਛੁਡਾ ਕੇ
ਐ ਪਰ ਦਿਲ ਦੀ ਪੀੜ ਪੁਰਾਣੀ ਕਦ ਸੌਂਦੀ ਕਦ ਮਰਦੀ
ਕੋਈ ਵੀ ਤਦਬੀਰ ਨਾ ਡੂੰਘਾ ਫੱਟ ਇਸ਼ਕ ਦਾ ਭਰਦੀ...
ਵਗ ਵਾਏ ! ਓ ਆਗਿਆਕਾਰੀ ਬਾਦਬਾਨ ! ਤਣ ਜਾ ਤੂੰ
ਮੇਰੇ ਹੇਠ ਉਬਲਦੇ ਸਾਗਰ ! ਸ਼ਾਂ ਸ਼ਾਂ ਸ਼ੋਰ ਮਚਾ ਤੂੰ

10. ਪਾਟ ਰਹੇ ਨੇ ਬੱਦਲ

ਪਾਟ ਰਹੇ ਨੇ ਉਡਦੇ ਜਾਂਦੇ ਬੱਦਲ ਭਾਰੇ
ਨਿਰਮਲ ਨਿਰਮਲ ਸੋਗੀ ਤਾਰੇ, ਸੰਝ ਦੇ ਤਾਰੇ !
ਮੁਰਝਾਏ ਮੈਦਾਨਾਂ ਉੱਤੇ
ਅਤੇ ਚਟਾਨੀ ਸਿਖਰਾਂ ਉੱਤੇ
ਚਿੱਟਾ ਚਾਂਦੀ ਰੰਗ ਚਾੜ੍ਹਿਆ ਤੇਰੀਆਂ ਕਿਰਨਾਂ
ਨਿੰਦਰਾਲੀ ਖਾੜੀ ਨੂੰ ਮਿਲੀਆਂ ਤੇਰੀਆਂ ਛੋਹਾਂ
ਉੱਚੇ ਅਰਸ਼ੀਂ ਤੇਰੀ ਲੋਅ ਨਿੰਮ੍ਹੀ ਤੇ ਪਿਆਰੀ
ਟੁੰਬ ਜਗਾਵੇ ਸੁੱਤੀਆਂ ਸੋਚਾਂ ਇਕੋ ਵਾਰੀ
ਓ ਚਾਨਣ ਦੇ ਘੇਰੇ ਮੇਰੇ ਮੀਤ ਪਛਾਤੇ
ਤੇਰਾ ਫੁਟ ਨਿਕਲਣਾ ਮੈਨੂੰ ਚੇਤੇ ਆਵੇ
ਸ਼ਾਂਤ ਧਰਤ 'ਤੇ ਜਿਥੇ ਲਗਦਾ ਸਭ ਕੁਝ ਪਿਆਰਾ
ਜਿਥੇ ਵਾਦੀ ਵਿਚ ਛੀਟਕੇ ਜਹੇ ਚਿਨਾਰਾਂ ਦਾ ਵਰਤਾਰਾ
ਕੋਮਲ ਮਹਿੰਦੀ ਦੇ ਬੂਟੇ ਤੇ ਰੁੱਖ ਸਰੂ ਦੇ ਨੀਂਦ-ਵਿਗੁੱਤੇ
ਜਿਥੇ ਸਾਗਰ ਸਿਖਰ ਦੁਪਹਿਰੇ ਬੇਦਿਲ ਬੇਦਿਲ ਸੁੱਤੇ ਸੱਤੇ
ਸਾਗਰ ਕੋਲੋਂ ਦੂਰ ਉਚੇਰੇ ਜਿਥੇ ਪਰਬਤ ਅੰਬਰ ਚੁੰਮਦਾ
ਸੋਚਾਂ ਅੰਦਰ ਡੁਬ ਗਿਆ ਮੈਂ ਫਿਰਦਾ ਫਿਰਦਾ ਘੁੰਮਦਾ ਘੁੰਮਦਾ
ਜਦੋਂ ਝੁੱਗੀਆਂ ਉੱਤੇ ਆ ਕੇ ਟਿਕ ਬੈਠਾ ਸੀ ਸੰਝ-ਹਨੇਰਾ
ਇਸ ਨ੍ਹੇਰੇ ਵਿਚ ਤੈਨੂੰ ਲਭਦੀ ਇਕ ਮੁਟਿਆਰ ਨੇ ਪਾਇਆ ਫੇਰਾ
ਤੇ ਸਖੀਆਂ ਨੂੰ ਉਸ ਦੱਸਿਆ ਸੀ, ਉਸ ਦਾ ਨਾਂ ਓਹੋ ਜੋ ਤੇਰਾ ।

11. ਬੰਦੀ

ਮੈਂ ਬੰਦੀ ਹਾਂ
ਕਾਲ ਕੋਠੜੀ ਵਿਚ ਸਿਰਫ ਮੇਰਾ ਹੀ ਡੇਰਾ
ਜਾਂ ਫਿਰ ਮੇਰੇ ਚਾਰ ਚੁਫੇਰੇ ਇਸ ਭੋਰੇ ਦੀ ਚੁਪ ਤੇ ਨ੍ਹੇਰਾ,
ਬਾਹਰ, ਵਿਹੜੇ ਵਿਚ ਇਕ ਬਾਜ਼
ਮੇਰਾ ਸਾਥੀ ਗ਼ਮ ਵਿਚ ਡੁੱਬਾ, ਖੋਇਆ ਖੋਇਆ
ਜਿਸ ਨੇ ਆਪਣੇ ਪੰਜਿਆਂ ਅੰਦਰ
ਮਾਲ ਆਪਣਾ ਫਾਹਿਆ ਹੋਇਆ ।

ਲਹੂ ਲਿਬੜੀ ਲਾਸ਼ ਛੱਡ ਕੇ
ਮੇਰੇ ਉੱਤੇ ਨਜ਼ਰ ਗੱਡ ਕੇ
ਇਕ ਬਿਹਬਲ ਜਿਹੀ ਚੀਕ ਮਾਰਦਾ
ਚੀਕ ਨਹੀਂ ਹੈ, ਇਕ ਤਰਲਾ ਹੈ
ਉਹ ਕਹਿੰਦਾ ਹੈ, ਇਹ ਵੇਲਾ ਹੈ
ਵੇਲਾ ਹੈ ਕਿ ਆਪਾਂ ਏਥੋਂ ਕਰ ਚਲੀਏ ਪਰਵਾਜ਼ ।

ਅਸੀਂ ਆਜ਼ਾਦੀ ਨੂੰ ਪਰਨਾਏ
ਆਪਾਂ ਏਥੋਂ ਉਡ ਚਲੀਏ, ਚੱਲ !
ਬੇਖੌਫ਼ ਅਵਾਰਾ ਫਿਰਦਾ
ਜਿਥੇ ਇਕ ਤੂਫਾਨੀ ਬੱਦਲ
ਜਿਥੇ ਵਿਆਕੁਲ ਸਾਗਰ ਲੋਚੇ ਅੰਬਰ ਵਿਚ ਵਿਲੀਨ ਹੋ ਜਾਣਾ
ਜਿਥੇ ਜਾਣਾ ਮੇਰੇ ਵਸ ਵਿਚ ਜਾਂ ਇਹ ਹਿੰਮਤ ਕਰਨ ਹਵਾਵਾਂ ।

12. ਰਾਤ

ਆਵਾਜ਼ ਮੇਰੀ ਏ ਅਲਸਾਈ ਹੋਈ
ਤੇਰੀ ਤਾਂਘ ਇਸ ਵਿਚ ਸਮਾਈ ਹੋਈ
ਹਨੇਰੀ ਸੁਪਨਮਈ ਚੁਪ ਰਾਤ ਦੀ
ਆਵਾਜ਼ ਮੇਰੀ ਇਹ ਚੁਪ ਤੋੜਦੀ
ਮੇਰੇ ਸਿਰ੍ਹਾਣੇ ਤੇ ਨਿੰਮ੍ਹਾ ਜਿਹਾ
ਇਕ ਦੀਪ ਜਗਦਾ ਬੁਝਦਾ ਪਿਆ
ਗੀਤਾਂ ਦਾ ਦਿਲ ਵਿਚ ਏ ਹੜ੍ਹ ਆ ਗਿਆ
ਇਹਨਾਂ ਪ੍ਰੇਮ ਨਦੀਆਂ ਦਾ ਕੜ ਪਾਟਿਆ
ਕਾੜ ਕਾੜ ਚੱਲਣ ਅਤੇ ਗਾਂਦੀਆਂ
ਇਕ ਦੂਜੀ ਅੰਦਰ ਸਮਾ ਜਾਂਦੀਆਂ
ਡੁਲ੍ਹ ਡੁਲ੍ਹ ਪੈਂਦੇ ਨੇ ਜਜ਼ਬੇ ਅਨੂਪ
ਹਰ ਇਕ ਅੱਖਰ ਹੈ ਤੇਰਾ ਸਰੂਪ
ਮੈਨੂੰ ਤੇਰੇ ਨੈਣਾਂ ਦਾ ਝੌਲਾ ਪਵੇ
ਇਹ ਲਟ ਲਟ ਬਲਦੇ ਅਤੇ ਚਮਕਦੇ
ਅੱਖਾਂ 'ਚ ਅੱਖਾਂ ਮਿਲਣ ਸਾਡੀਆਂ
ਤੇ ਮੁਸਕਾਨਾਂ ਮੈਨੂੰ ਕਰਨ ਲਾਡੀਆਂ
ਤੇਰਾ ਬੋਲ ਕੰਨਾਂ 'ਚ ਪੈਂਦਾ ਹੈ ਆ
ਐ ਦੋਸਤ ਪਿਆਰੇ, ਮੇਰੇ ਬੇਲੀਆ
ਤੇਰੇ ਨਾਲ ਮੈਨੂੰ ਮੁਹੱਬਤ ਬੜੀ
ਮੈਂ ਤੇਰੀ ਹਾਂ...ਤੇਰੀ...ਤੇਰੀ ਆਪਣੀ !...

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ