Bhai Gurdas Ji
ਭਾਈ ਗੁਰਦਾਸ ਜੀ

Punjabi Kavita
  

Pir Muridan Di Vaar Bhai Gurdas Ji

ਪੀਰ ਮੁਰੀਦਾਂ ਦੀ ਵਾਰ ਭਾਈ ਗੁਰਦਾਸ ਜੀ

1

ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ ॥
ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ ॥
ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ ॥
ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ ॥
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ ॥
ਪੀਰ ਮੁਰੀਦਾਂ ਪਿਰਹੜੀ ਗਾਵਨਿ ਪਰਭਾਤੀ ॥1॥

2

ਅਮਲੀ ਅਮਲੁ ਨ ਛਡਨੀ ਹੁਇ ਬਹਨਿ ਇਕਠੇ ॥
ਜਿਉ ਜੂਏ ਜੂਆਰੀਆ ਲਗਿ ਦਾਵ ਉਪਠੇ ॥
ਚੋਰੀ ਚੋਰ ਨ ਪਲਰਹਿਦੁਖ ਸਹਨਿ ਗਰਠੇ ॥
ਰਹਨਿ ਨ ਗਣਿਕਾ ਵਾੜਿਅਹੁ ਵੇਕਰਮੀ ਲਠੇ ॥
ਪਾਪੀ ਪਾਪੁ ਕਮਾਵਦੇ ਹੋਇ ਫਿਰਦੇ ਨਠੇ ॥
ਪੀਰ ਮੁਰੀਦਾਂ ਪਿਰਹੜੀ ਸਭ ਪਾਪ ਪਣਠੇ ॥2॥

3

ਭਵਰੈ ਵਾਸੁ ਵਿਣਾਸੁ ਹੈ ਫਿਰਦਾ ਫੁਲਵਾੜੀ ॥
ਜਲੈ ਪਤੰਗੁ ਨਿਸੰਗੁ ਹੋਇ ਕਰਿ ਅਖਿ ਉਘਾੜੀ ॥
ਮਿਰਗ ਨਾਦਿ ਬਿਸਮਾਦੁ ਹੋਇ ਫਿਰਦਾ ਉਜਾੜੀ ॥
ਕੁੰਡੀ ਫਾਥੇ ਮਛ ਜਿਉ ਰਸਿ ਜੀਭ ਵਿਗਾੜੀ ॥
ਹਾਥਣਿ ਹਾਥੀ ਫਾਹਿਆ ਦੁਖ ਸਹੈ ਦਿਹਾੜੀ ॥
ਪੀਰ ਮੁਰੀਦਾਂ ਪਿਰਹੜੀ ਲਾਇ ਨਿਜ ਘਰਿ ਤਾੜੀ ॥3॥

4

ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ ॥
ਚਕਵੀ ਸੂਰਜ ਹੇਤ ਹੈ ਮਿਲਿ ਹੋਨਿ ਸੁਖਾਲੇ ॥
ਨੇਹੁ ਕਵਲ ਜਲ ਜਾਣੀਐ ਖਿੜਿ ਮੁਹ ਵੇਖਾਲੇ ॥
ਮੋਰ ਬਬੀਹੇ ਬੋਲਦੇ ਪਿਆਰੁ ਵੇਖਿ ਬਦਲ ਕਾਲੇ ॥
ਨਾਰਿ ਭਤਾਰ ਪਿਆਰੁ ਹੈ ਮਾਂ ਪੁਤ ਸਮ੍ਹਾਲੇ ॥
ਪੀਰ ਮੁਰੀਦਾਂ ਪਿਰਹੜੀ ਓਹੁ ਨਿਬਹੈ ਨਾਲੇ ॥4॥

5

ਰੂਪੈ ਕਾਮੈ ਦੋਸਤੀ ਜਗ ਅੰਦਰਿ ਜਾਣੀ ॥
ਭੁਖੈ ਸਾਦੈ ਗੰਢੁ ਹੈ ਓਹੁ ਵਿਰਤੀ ਹਾਣੀ ॥
ਘੁਲਿ ਮਿਲਿ ਮਿਚਲਿ ਲਬਿ ਮਾਲਿ ਇਤੁ ਭਰਮ ਭੁਲਾਣੀ ॥
ਊਘੈ ਸਉੜਿ ਪਲੰਘ ਜਿਉ ਸਭਿ ਰੈਣਿ ਵਿਹਾਣੀ ॥
ਸੁਹਣੇ ਸਭ ਰੰਗ ਮਾਣੀਅਣਿ ਕਰਿ ਚੋਜ ਵਿਡਾਣੀ ॥
ਪੀਰ ਮੁਰੀਦਾਂ ਪਿਰਹੜੀ ਓਹੁ ਅਕਥ ਕਹਾਣੀ ॥5॥

6

ਮਾਨ ਸਰੋਵਰ ਹੰਸਲਾ ਖਾਇ ਮਾਣਕ ਮੋਤੀ ॥
ਕੋਇਲ ਅੰਬ ਪਰੀਤਿ ਹੈ ਮਿਲ ਬੋਲ ਸਰੋਤੀ ॥
ਚੰਦਨ ਵਾਸੁ ਵਣਾਸੁਪਤਿ ਹੋਇ ਪਾਸ ਖਲੋਤੀ ॥
ਲੋਹਾ ਪਾਰਸਿ ਭੇਟਿਐ ਹੋਇ ਕੰਚਨ ਜੋਤੀ ॥
ਨਦੀਆ ਨਾਲੇ ਗੰਗ ਮਿਲਿ ਹੋਨਿ ਛੋਤ ਅਛੋਤੀ ॥
ਪੀਰ ਮੁਰੀਦਾਂ ਪਿਰਹੜੀ ਇਹ ਖੇਪ ਸਓਤੀ ॥6॥

7

ਸਾਹੁਰੁ ਪੀਹਰੁ ਪਖ ਤ੍ਰੈ ਘਰ ਨਾਨੇਹਾਲਾ ॥
ਸਹੁਰਾ ਸਸੁ ਵਖਾਣੀਐ ਸਾਲੀ ਤੈ ਸਾਲਾ ॥
ਮਾ ਪਿਉ ਭੈਣਾ ਭਾਇਰਾ ਪਰਵਾਰੁ ਦੁਰਾਲਾ ॥
ਨਾਨਾ ਨਾਨੀ ਮਾਸੀਆ ਮਾਮੇ ਜੰਜਾਲਾ ॥
ਸੁਇਨਾ ਰੁਪਾ ਸੰਜੀਐ ਹੀਰਾ ਪਰਵਾਲਾ ॥
ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਖਾਲਾ ॥7॥

8

ਵਣਜੁ ਕਰੈ ਵਾਪਾਰੀਆਤਿਤੁ ਲਾਹਾ ਤੋਟਾ ॥
ਕਿਰਸਾਣੀ ਕਿਰਸਾਣੁ ਕਰਿਹੋਇ ਦੁਬਲਾ ਮੋਟਾ ॥
ਚਾਕਰੁ ਲਗੈ ਚਾਕਰੀ ਰਣਿ ਖਾਂਦਾ ਚੋਟਾਂ ॥
ਰਾਜੁ ਜੋਗੁ ਸੰਸਾਰੁ ਵਿਚਿ ਵਣ ਖੰਡ ਗੜ ਕੋਟਾ ॥
ਅੰਤਿ ਕਾਲਿ ਜਮ ਜਾਲੁ ਪੈ ਪਾਏ ਫਲ ਫੋਟਾ ॥
ਪੀਰ ਮੁਰੀਦਾਂ ਪਿਰਹੜੀ ਹੁਇ ਕਦੇ ਨ ਤੋਟਾ ॥8॥

9

ਅਖੀ ਵੇਖ ਨ ਰਜੀਆ ਬਹੁ ਰੰਗ ਤਮਾਸੇ ॥
ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ ॥
ਸਾਦੀਂ ਜੀਭ ਨ ਰਜੀਆ ਕਰਿ ਭੋਗ ਬਿਲਾਸੇ ॥
ਨਕ ਨ ਰਜਾ ਵਾਸੁ ਲੈ ਦੁਰਗੰਧ ਸੁਵਾਸੇ ॥
ਰਜਿ ਨ ਕੋਈ ਜੀਵਿਆ ਕੂੜੇ ਭਰਵਾਸੇ ॥
ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ ॥9॥

10

ਧ੍ਰਿਗ ਸਿਰੁ ਜੋ ਗੁਰ ਨ ਨਿਵੈ ਗੁਰ ਲਗੈ ਨ ਚਰਨੀ ॥
ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵਾਖੈ ਪਰ ਤਰਣੀ ॥
ਧ੍ਰਿਗ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਨ ਧਰਣੀ ॥
ਧ੍ਰਿਗ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ ॥
ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ ॥
ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ॥10॥

11

ਹੋਰਤੁ ਰੰਗਿ ਨ ਰਚੀਐ ਸਭੁ ਕੂੜੁ ਦਿਸੰਦਾ ॥
ਹੋਰਤੁ ਸਾਦਿ ਨ ਲਗੀਐ ਹੋਇ ਵਿਸੁ ਲਗੰਦਾ ॥
ਹੋਰਤੁ ਰਾਗ ਨ ਰੀਝੀਐਸੁਣਿ ਸੁਖ ਨ ਲਹੰਦਾ ॥
ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ ॥
ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ ॥
ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ॥11॥

12

ਦੂਜੀ ਆਸ ਵਿਣਾਸੁ ਹੈ ਪੂਰੀ ਕਿਉ ਹੋਵੈ ॥
ਦੂਜਾ ਮੋਹ ਸੁ ਧ੍ਰੋਹ ਸਭੁ ਓਹੁ ਅੰਤਿ ਵਿਗੋਵੈ ॥
ਦੂਜਾ ਕਰਮੁ ਸੁਭਰਮ ਹੈ ਕਰਿ ਅਵਗੁਣ ਰੋਵੈ ॥
ਦੂਜਾ ਸੰਗੁ ਕੁਧੰਗੁ ਹੈ ਕਿਉ ਭਰਿਆ ਧੋਵੈ ॥
ਦੂਜਾ ਭਾਉ ਕੁਦਾਉ ਹੈ ਹਾਰ ਜਨਮੁ ਖਲੋਵੈ ॥
ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ ॥12॥

13

ਅਮਿਓ ਦਿਸਟਿ ਕਰਿ ਕਛੁ ਵਾਂਗਿ ਭਵਜਲ ਵਿਚਿ ਰਖੈ ॥
ਗਿਆਨ ਅੰਸ ਦੇ ਹੰਸ ਵਾਂਗਿ ਬੁਝਿ ਭਖ ਅਭਖੈ ॥
ਸਿਮਰਣ ਕਰਦੇ ਕੂੰਜ ਵਾਂਗਿ ਉਡਿ ਲਖੈ ਅਲਖੈ ॥
ਮਾਤਾ ਬਾਲਕ ਹੇਤੁ ਕਰਿ ਓਹੁ ਸਾਉ ਨ ਚਖੈ ॥
ਸਤਿਗੁਰ ਪੁਰਖ ਦਇਆਲੁ ਹੈ ਗੁਰਸਿਖ ਪਰਖੈ ॥
ਪੀਰ ਮੁਰੀਦਾਂ ਪਿਰਹੜੀ ਲਖ ਮੁਲੀਅਨਿ ਕਖੈ ॥13॥

14

ਦਰਸਨੁ ਦੇਖਿ ਪਤੰਗ ਜਿਉ ਜੋਤੀ ਜੋਤਿ ਸਮਾਵੈ ॥
ਸਬਦ ਸੁਰਤਿ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ ॥
ਸਾਧਸੰਗਤਿ ਵਿਚਿ ਮੀਨੁ ਹੋਇ ਗੁਰਮਤਿ ਸੁਖ ਪਾਵੈ ॥
ਚeਣ ਕਵਲ ਵਿਚਿ ਭਵਰੁ ਹੋਇ ਸੁਖ ਰੈਣਿ ਵਿਹਾਵੈ ॥
ਗੁਰ ਉਪਦੇਸ ਨ ਵਿਸਰੈ ਬਾਬੀਹਾ ਧਿਆਵੈ ॥
ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ ॥14॥

15

ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ ॥
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ ॥
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ ॥
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ ॥
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ ॥
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ ॥15॥

16

ਮਾਲੁ ਮੁਲਕੁ ਚਤੁਰੰਗ ਦਲਦੁਨੀਆ ਪਤਿਸਾਹੀ ॥
ਰਿਧਿ ਸਿਧਿ ਨਿਧਿ ਬਹੁ ਕਰਾਮਾਤਿ ਸਭ ਖਲਕ ਉਮਾਹੀ ॥
ਚਿਰੁ ਜੀਵਣੁ ਬਹੁ ਹੰਢਣਾ ਗੁਣ ਗਿਆਨ ਉਗਾਹੀ ॥
ਹੋਰਸੁ ਕਿਸੈ ਨ ਜਾਣਈ ਚਿਤਿ ਬੇਪਰਵਾਹੀ ॥
ਦਰਗਹ ਢੋਈ ਨ ਲਹੈ ਦੁਬਿਧਾ ਬਦਰਾਹੀ ॥
ਪੀਰ ਮੁਰੀਦਾਂ ਪਿਰਹੜੀ ਪਰਵਾਣੁ ਸੁ ਘਾਹੀ ॥16॥

17

ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ ॥
ਵਿਣੁ ਗੁਰੁ ਸਬਦ ਗਿਆਨੁ ਹੈ ਫਿਕਾ ਆਲਾਉ ॥
ਵਿਣੁ ਗੁਰੁ ਚਰਣਾਂ ਪੂਜਣਾ ਸਭ ਕੂੜਾ ਸੁਆਉ ॥
ਵਿਣੁ ਗੁਰੁ ਬਚਨੁ ਜੁ ਮੰਨਣਾ ਊਰਾ ਪਰਥਾਉ ॥
ਸਾਧਸੰਗਤਿ ਵਿਣੁ ਸੰਗ ਹੈ ਸਭ ਕਚਾ ਚਾਉ ॥
ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ ਦਾਉ ॥17॥

18

ਲਖ ਸਿਆਣਪ ਸੁਰਤਿ ਲਖ ਲਖ ਗੁਣ ਚਤੁਰਾਈ ॥
ਲਖ ਮਤਿ ਬੁਧਿ ਸੁਧਿ ਗਿਆਨ ਧਿਆਨ ਲਖ ਪਤਿ ਵਡਿਆਈ ॥
ਲਖ ਜਪ ਤਪ ਲਖ ਸੰਜਮਾਂ ਲਖ ਤੀਰਥ ਨ੍ਹਾਈ ॥
ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜ੍ਹਾਈ ॥
ਆਪੁ ਗਣਾਇ ਵਿਗੁਚਣਾ ਓਹੁ ਥਾਇ ਨ ਪਾਈ ॥
ਪੀਰ ਮੁਰੀਦਾਂ ਪਿਰਹੜੀ ਹੋਇ ਆਪੁ ਗਵਾਈ ॥18॥

19

ਪੈਰੀ ਪੈ ਪਾ ਖਾਕ ਹੋਇ ੜਡਿ ਮਣੀ ਮਨੂਰੀ ॥
ਪਾਣੀ ਪਖਾ ਪੀਹਣਾ ਨਿਤ ਕਰੈ ਮਜੂਰੀ ॥
ਤ੍ਰਪੜ ਝਾੜ ਵਿਛਾਇੰਦਾ ਚੁਲਿ ਝੋਕਿ ਨ ਝੂਰੀ ॥
ਮੁਰਦੇ ਵਾਂਗਿ ਮੁਰੀਦੁ ਹੋਇ ਕਰਿ ਸਿਦਕ ਸਬੂਰੀ ॥
ਚੰਦਨੁ ਹੋਵੈ ਸਿੰਮਲਹੁ ਫਲੁ ਵਾਸੁ ਹਜੂਰੀ ॥
ਪੀਰ ਮੁਰੀਦਾਂ ਪਿਰਹੜੀ ਗੁਰਮੁਖਿ ਮਤਿ ਪੂਰੀ ॥19॥

20

ਗੁਰ ਸੇਵਾ ਦਾ ਫਲੁ ਘਣਾ ਕਿਨਿ ਕੀਮਤਿ ਹੋਈ ॥
ਰੰਗੁ ਸੁਰੰਗੁ ਅਚਰਜੁ ਹੈ ਵੇਖਾਲੇ ਸੋਈ ॥
ਸਾਦੁ ਵਡਾ ਵਿਸਮਾਦੁ ਹੈ ਰਸੁ ਗੁੰਗੇ ਗੋਈ ॥
ਉਤਭੁਜ ਵਾਸੁ ਨਿਵਾਸੁ ਹੈ ਕਰਿ ਚਲਤੁ ਸਮੋਈ ॥
ਤੋਲੁ ਅਤੋਲੁ ਅਮੋਲੁ ਹੈ ਜਰੈ ਅਜਰੁ ਕੋਈ ॥
ਪੀਰ ਮੁਰੀਦਾਂ ਪਿਰਹੜੀ ਜਾਣੈ ਜਾਣੋਈ ॥20॥

21

ਚੰਨਣੁ ਹੋਵੈ ਚੰਨਣਹੁ ਕੋ ਚਲਿਤੁ ਨ ਜਾਣੈ ॥
ਦੀਵਾ ਬਲਦਾ ਦੀਵਿਅਹੁੰ ਸਮਸਰਿ ਪਰਵਾਣੈ ॥
ਪਾਣੀ ਰਲਦਾ ਪਾਣੀਐ ਤਿਸੁ ਕੋ ਨ ਸਿਞਾਣੈ ॥
ਭ੍ਰਿੰਗੀ ਹੋਵੈ ਕੀੜਿਅਹੁ ਕਿਵ ਆਖਿ ਵਖਾਣੈ ॥
ਸਪੁ ਛੁਡੰਦਾ ਕੁੰਜ ਨੋ ਕਰਿ ਚੋਜ ਵਿਡਾਣੈ ॥
ਪੀਰ ਮੁਰੀਦਾਂ ਪਿਰਹੜੀ ਹੈਰਾਣੁ ਹੈਰਾਣ ॥21॥

22

ਫੁਲੀ ਵਾਸੁ ਨਿਵਾਸੁ ਹੈ ਕਿਤੁ ਜੁਗਤਿ ਸਮਾਣੀ ॥
ਫੁਲਾਂ ਅੰਦਰਿ ਜਿਉ ਸਾਦੁ ਬਹੁ ਸਿੰਜੇ ਇਕ ਪਾਣੀ ॥
ਘਿਉ ਦੁਧੁ ਵਿਚਿ ਵਖਾਣੀਐ ਕੋ ਮਰਮੁ ਨ ਜਾਣੀ ॥
ਜਿਉ ਬੈਸੰਤਰੁ ਕਾਠ ਵਿਚਿ ਓਹੁ ਅਲਖ ਵਿਡਾਣੀ ॥
ਗੁਰਮੁਖਿ ਸੰਜਮਿ ਨਿਕਲੈ ਪਰਗਟ ਪਰਵਾਣੀ ॥
ਪੀਰ ਮੁਰੀਦਾਂ ਪਿਰਹੜੀ ਸੰਗਤਿ ਗੁਰਬਾਣੀ ॥22॥

23

ਦੀਪਕ ਜਲੈ ਪਤੰਗ ਵੰਸੁ ਫਿਰਿ ਦੇਖ ਨ ਹਟੈ ॥
ਜਲ ਵਿਚਹੁ ਫੜਿ ਕਢੀਐ ਮਛ ਨੇਹੁ ਨ ਘਟੈ ॥
ਘੰਡਾ ਹੇੜੈ ਮਿਰਗ ਜਿਉ ਸੁਣਿ ਨਾਦ ਪਲਟੈ ॥
ਭਵਰੈ ਵਾਸੁ ਵਿਣਾਸੁ ਹੈ ਫੜਿ ਕਵਲੁ ਸੰਘਟੈ ॥
ਗੁਰਮੁਖਿ ਸੁਖਫਲੁ ਪਿਰਮ ਰਸੁ ਬਹੁ ਬੰਧਨ ਕਟੈ ॥
ਧੰਨੁ ਧੰਨੁ ਗੁਰਸਿੱਖ ਵੰਸੁ ਹੈ ਧੰਨੁ ਗੁਰਮਤਿ ਨਿਧਿ ਖਟੈ ॥23॥27॥

 
 

To veiw this site you must have Unicode fonts. Contact Us

punjabi-kavita.com