Piali Vich Asmaan (Ghazals) : Afzal Ahsan Randhawa

ਪਿਆਲੀ ਵਿਚ ਅਸਮਾਨ (ਗ਼ਜ਼ਲਾਂ) : ਅਫ਼ਜ਼ਲ ਅਹਿਸਨ ਰੰਧਾਵਾ



'ਅਫ਼ਜ਼ਲ ਅਹਿਸਨ'ਸੱਚ ਆਖਣ ਦਾ

'ਅਫ਼ਜ਼ਲ ਅਹਿਸਨ'ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ । ਚੁੱਕਣ ਲਈ 'ਸਲੀਬ' ਤੇ ਪੀਣ ਨੂੰ, ਜ਼ਹਿਰ ਪਿਆਲਾ ਮੰਗ । ਯਾ ਮੈਥੋਂ ਇਹ ਸੁਨਣਾ, ਬੋਲਣਾ, ਦੇਖਣਾ, ਸੋਚਣਾ ਲੈ ਲੈ, ਯਾ ਮੈਨੂੰ ਵੀ ਆਪਣੀ ਡੂੰਘੀ, ਚੁੱਪ ਦੇ ਰੰਗ 'ਚ ਰੰਗ । ਯਾ ਤੇ ਮੈਨੂੰ ਅੱਖੀਆਂ ਦੇਹ, ਮੈਂ ਤੈਨੂੰ ਦੇਖਾਂ-ਚਾਖਾਂ, ਯਾ ਫਿਰ ਮੈਂ ਵੀ ਲੋਕਾਂ ਵਾਂਗੂੰ, ਬਹਿਕੇ ਘੋਟਾਂ ਭੰਗ । ਮੰਗਣ ਉੱਤੇ ਇਕ ਭੋਰਾ ਜਿਹਾ, ਚਾਨਣ ਵੀ ਨਹੀਂ ਦਿੰਦਾ, ਕਹਿੰਦਾ ਹੁੰਦਾ ਸੈਂ ਤੂੰ ਮੰਗਲੈ, ਮੰਗਣ ਤੋਂ ਨਾ ਸੰਗ । ਮੇਰੇ ਸਾਰੇ ਬੇਲੀ ਮੈਨੂੰ, ਪੁੱਛਦੇ ਨੇ ਕੀ ਗੱਲ ਏ, ਅੱਜ ਕੱਲ ਕਿਸੇ ਨਾ ਕਿਸੇ ਬਹਾਨੇ, ਟੁਰਿਆ ਰਹਿਣੈਂ ਝੰਗ । ਇਸ਼ਕ ਤੇ ਵਾਰਾ ਖਾ ਜਾਂਦਾ ਪਰ, ਥਾਂ ਸੀ ਬਹੁਤਾ ਉੱਚਾ, 'ਅਫ਼ਜ਼ਲ ਅਹਿਸਨ' ਮਾਰ ਗਿਆ ਯਾਰਾਂ ਨੂੰ ਤੇੜ ਦਾ ਨੰਗ ।

ਸੱਤ ਮਹੀਨੇ ਹਿਜਰਾਂ ਵਿੱਚ ਲੰਘਾ ਕੇ ਮਿਲਿਆ

ਸੱਤ ਮਹੀਨੇ ਹਿਜਰਾਂ ਵਿੱਚ ਲੰਘਾ ਕੇ ਮਿਲਿਆ ਰੋਂਦਾ ਹੋਇਆ ਆਇਆ ਜੱਫ਼ੀ ਪਾ ਕੇ ਮਿਲਿਆ ਮਾੜਾ ਸੀ ਉਹ ਦਰਦ ਫ਼ਿਰਾਕ ਦੇ ਸਹਿ ਨਾ ਸਕਿਆ, ਝੂਠਾ ਸੀ ਉਹ ਮੈਨੂੰ ਨੀਵੀਂ ਪਾ ਕੇ ਮਿਲਿਆ । ਕੁਝ ਪਹਿਲਾਂ ਵੀ ਦਰਦਾਂ ਦਾ ਉਹ ਚਿਥਿਆ ਹੈ ਸੀ, ਕੁੱਝ ਵਿਛੜ ਕੇ ਆਪਣਾ ਆਪ ਰਵਾਕੇ ਮਿਲਿਆ । ਮੈਂ ਗੁੱਸੇ ਸਾਂ ਉਹਦੇ ਪਿੱਛੇ ਜਾ ਨਾ ਸਕਿਆ, ਉਹ ਵੀ ਮੈਨੂੰ ਮੇਰੇ ਬੂਹੇ ਆ ਕੇ ਮਿਲਿਆ । ਵਿੱਛੜ ਕੇ ਤੇ ਮੈਂ ਵੀ ਲੁਟਿਆ ਪੁੱਟਿਆ ਹੀ ਸਾਂ, ਉਹ ਵੀ ਮੈਨੂੰ ਆਪਣਾ ਆਪ ਲੁਟਾ ਕੇ ਮਿਲਿਆ । ਮੇਰੇ ਲਹੂ ਵਿਚ ਨਹਾ ਕੇ ਲਾਲੋ ਲਾਲ ਗਿਆ ਉਹ, ਪੀਲੇ ਚਿਹਰੇ ਉੱਤੇ ਦਰਦ ਸਜਾ ਕੇ ਮਿਲਿਆ ।

'ਅਫ਼ਜ਼ਲ ਅਹਿਸਨ' ਭਾਵੇਂ ਚੰਗੇ ਭਾਵੇਂ ਮਾੜੇ

'ਅਫ਼ਜ਼ਲ ਅਹਿਸਨ' ਭਾਵੇਂ ਚੰਗੇ ਭਾਵੇਂ ਮਾੜੇ । ਜ਼ੋਰਾਵਰ ਦੇ ਨਾਲ ਅਸਾਡੇ ਨਿੱਤ ਪੁਆੜੇ । ਇਕ ਦਿਲ ਦੇ ਕੁਮਲਾ ਜਾਵਣ ਤੇ ਮੈਂ ਰੋਂਦਾ ਸਾਂ, ਕਿੰਜ ਦੇਖਾਂ ਹੁਣ ਚਾਰ ਚੁਫ਼ੇਰੇ ਉਜੜੇ ਬਾੜੇ । ਚੁੰਮ ਕੇ ਆਪਣੀਆਂ ਉਗਲਾਂ ਨਾਲ ਤੂੰ ਮੇਲ ਨਾ ਸਕੇਂ, ਇਹ ਫੱਟ ਮੱਲ੍ਹਮਾਂ ਪੱਟੀਆਂ ਤੋਂ ਨਹੀਂ ਜਾਂਦੇ ਹਾੜੇ । ਮੈਂ ਵੀ ਬੰਦਾ ਖਿੜਿਆ ਜਵਾਰ ਦੇ ਫੁੱਲਿਆਂ ਵਾਂਗੂੰ, ਉਸ ਵੀ ਚੰਗੀ ਭੱਠੀ ਤਾਈ ਚਾਰ ਦਿਹਾੜੇ । ਰੱਬਾ! ਹੁਣ ਨਾ ਉਹਨੂੰ ਮੇਰੇ ਮੱਥੇ ਲਾਈਂ, ਮੈਂ 'ਤੇ ਮਰ ਕੇ ਆਪਣੇ ਪਿਛਲੇ ਵਰਕੇ ਫਾੜੇ । ਆਉਂਦੇ ਦਿਨ ਨੂੰ ਪਿਛਲੇ ਦਿਨ ਤੋਂ ਚੰਗਾ ਕਰ ਲੈ । ਧੀਆਂ ਪੁੱਤਰ ਮੇਲਣ ਪਿਉ ਦੇ ਛੱਡੇ ਪਾੜੇ । ਨਾਲੋਂ ਉੱਠ ਕੇ ਜਾਂਦੇ ਨੂੰ ਨਾ ਦੇਖ ਸਕੀ ਉਹ, ਸ਼ੀਸ਼ੇ ਅੱਗੇ ਬੈਠੀ ਗਿਣਦੀ ਰਹੀ ਘਰਾੜੇ । 'ਅਫ਼ਜ਼ਲ ਅਹਿਸਨ' ਸੱਤਿਆ ਨਹੀਂ ਸਰੀਰਾਂ ਅੰਦਰ, ਵੀਰ! ਮਸ਼ੀਨਾਂ ਕੋਲੋਂ ਚਲਦੇ ਨਹੀਂ ਅਖਾੜੇ ।

ਸੱਚੀ ਗੱਲ ਏ, ਇਹ ਕੋਈ ਅਫ਼ਵਾਹ ਨਹੀਂ

ਸੱਚੀ ਗੱਲ ਏ, ਇਹ ਕੋਈ ਅਫ਼ਵਾਹ ਨਹੀਂ । ਆਹੋ ਮੈਨੂੰ ਉਹਦੀ ਹੁਣ ਪਰਵਾਹ ਨਹੀਂ । ਹੁਣ ਉਹ ਚਾਰੂ ਹੋ ਗਿਆ ਹਰੀਆਂ ਫਸਲਾਂ ਦਾ, ਮੇਰੇ ਕੋਲ ਤੇ ਇਕ ਦੋ ਰੁੱਗ ਵੀ ਘਾਹ ਨਹੀਂ । ਹੁਣ ਉਹ ਆਪਣੇ ਸਿਰ ਦੇ ਵਿਚ ਕੀ ਪਾਵੇਗਾ, ਸੱਤਾਂ ਚੁਲਿਆਂ ਵਿਚ ਤੇ ਮੁੱਠ ਸੁਆਹ ਨਹੀਂ । ਅੱਗ ਦੇ ਕੋਲ ਘਿਉ ਵੀ ਪੰਘਰ ਜਾਂਦਾ ਏ, ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ । ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ, ਮੌਤ ਦਾ ਮੈਨੂੰ ਰੱਤੀ ਭਰ ਤਰਾਹ ਨਹੀਂ । ਵਿੱਛੜ ਕੇ ਰੋਂਦਾ ਸੀ ਮਿਲ ਕੇ ਆਕੜ ਦਾ, 'ਅਫ਼ਜ਼ਲ ਅਹਿਸਨ' ਉਹਦਾ ਕੁੱਝ ਵਿਸਾਹ ਨਹੀਂ ।

ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ

ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ । ਕੈਦ ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ । ਮੈਂ ਸੋਨੇ ਜੇਹੇ ਅੱਖਰ ਮੁੱਠਾਂ ਭਰ ਭਰ ਵੰਡਾਂ, ਚੰਗੇ ਲੋਕੀ ਹਸ ਹਸ ਝੋਲੀਆਂ ਭਰ ਭਰ ਲੁੱਟਣ । ਮੈਂ ਲਫ਼ਜ਼ਾਂ ਵਿਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ, ਇਕ ਇਕ 'ਬੀ' ਚੋਂ ਸੁੱਖ ਦੇ ਸੌ ਸੌ ਬੂਟੇ ਫੁੱਟਣ । ਬੰਦੇ ਦੀ ਬੰਦਿਆਈ ਲਿੱਖਾਂ ਤਾਂ ਜੋ ਬੰਦੇ, ਇਕ ਦੂਜੇ ਤੇ ਗੁੱਸੇ ਨਾਲ ਨਾ ਫੁੱਲ ਵੀ ਸੁੱਟਣ । ਮੈਂ ਲਿੱਖਾਂ, ਮੈਂ ਲਿੱਖਾਂ ਮੈਂ ਲਿਖਦਾ ਹੀ ਜਾਵਾਂ, ਸ਼ਾਲਾ! ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ । 'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇ ਆਜ਼ਮ ਜਾਗੇ, ਦੁੱਖਾਂ ਦਰਦਾਂ ਵਾਲੇ ਦੁਖ ਦਰਦਾਂ ਤੋਂ ਛੁੱਟਣ ।

ਇਸ਼ਕ ਦਾ ਦਰਦ ਸਮੁੰਦਰ ਤਰਨਾ

ਇਸ਼ਕ ਦਾ ਦਰਦ ਸਮੁੰਦਰ ਤਰਨਾ ਨਹੀਂ ਆਉਂਦਾ । ਮੈਨੂੰ ਜਿਉਣਾ, ਉਹਨੂੰ ਮਰਨਾ ਨਹੀਂ ਆਉਂਦਾ । ਤੂੰ ਬੈਠਾ ਹਰਫ਼ਾਂ ਨੂੰ ਸੰਗਲ ਮਾਰੀ ਜਾਹ, ਮੈਨੂੰ ਹੱਕ ਲਿਖਣ ਤੋਂ ਡਰਨਾ ਨਹੀਂ ਆਉਂਦਾ । ਉਸ ਬੰਦੇ ਵਿਚ ਕੀ ਬੰਦਿਆਈ ਹੁੰਦੀ ਏ, ਜਿਸ ਬੰਦੇ ਨੂੰ ਹੌਕਾ ਭਰਨਾ ਨਹੀਂ ਆਉਂਦਾ । ਜਾਨ ਬਚਾਵਣ ਨੂੰ ਸਿਰ ਨੀਵਾਂ ਕਰ ਲਈਏ, ਅੰਦਰਲੇ ਨਾਲ ਧੋਖਾ ਕਰਨਾ ਨਹੀਂ ਆਉਂਦਾ । ਜਿੰਨੀ ਵਾਰੀ ਮਾਰੇਂਗਾ ਮੈਂ ਉੱਠਾਂਗਾ, ਮਰ ਜਾਣਾ ਆਉਂਦਾ ਏ ਹਰਨਾਂ ਨਹੀਂ ਆਉਂਦਾ । ਰੱਤ ਸਿਆਹੀ ਵਾਫ਼ਰ ਡੰਝਾਂ ਲਾਹ ਕੇ ਲਿਖ, ਮੇਰੇ ਕਲਮ ਨੂੰ ਪਿਆਸਾ ਮਰਨਾ ਨਹੀਂ ਆਉਂਦਾ । 'ਅਫ਼ਜ਼ਲ ਅਹਿਸਨ' ਉਹਨੂੰ ਯਾਰ ਬਣਾਇਆ ਏ, ਜੀਹਨੂੰ ਸ਼ੀਸ਼ ਤਲੀ ਤੇ ਧਰਨਾ ਨਹੀਂ ਆਉਂਦਾ ।

ਰੱਤ ਸਿਆਹੀ ਉਬਲੇ ਲਾਏ ਤਾਰੀ ਬੱਚੜਾ

ਰੱਤ ਸਿਆਹੀ ਉਬਲੇ ਲਾਏ ਤਾਰੀ ਬੱਚੜਾ । ਹਸ ਕੇ ਜੇਲ ਹੰਢਾ 'ਅੱਲ੍ਹਾ' ਦੀ ਯਾਰੀ ਬੱਚੜਾ । ਸੂਲਾਂ ਵਿਚ ਅੰਗੂਰ ਪਰੋਤੇ ਡਿੱਠੇ ਮੈਨੇ, ਸਾਊ ਦੀ ਮੌਤ ਏ ਨੀਚਾਂ ਦੀ ਸਰਦਾਰੀ ਬੱਚੜਾ । ਜਿੰਦ ਟੁਰ ਗਈ ਤੇ ਭੋਰਾ ਚਿੰਤਾ ਨਹੀਂ ਕੀਤੀ, ਪਰ ਮੈਦਾਨ 'ਚ ਗੱਲ ਕਦੇ ਨਹੀਂ ਹਾਰੀ ਬੱਚੜਾ । ਸੱਚ ਦੇ ਸਾੜ ਨੂੰ ਜਾਚਣਾ ਹੋਵੇ ਤੇ ਵੇਖ ਲਵੀਂ, ਜੀਭ ਦੇ ਉੱਤੇ ਰੱਖ ਕੇ ਇਕ ਅੰਗਿਆਰੀ ਬੱਚੜਾ । ਦਿਨ ਨੂੰ ਚਿੜੀਆਂ, ਰਾਤ ਨੂੰ 'ਵਾਵਾਂ ਦੇ ਕੁਝ ਬੁੱਲੇ, ਗ਼ਮ ਵਿਚ ਕਰਦੇ ਨੇ ਸਾਡੀ ਗ਼ਮਖ਼ਾਰੀ ਬੱਚੜਾ । ਮਿੱਟੀ ਨਾਲ ਇਕ ਵਾਰੀ ਪੀਤ ਤੇ ਲਾ ਕੇ ਦੇਖੋ, ਭੁੱਲ ਜਾਸੀ ਅਸਮਾਨ ਵੱਲ ਉਡਾਰੀ ਬੱਚੜਾ । ਆ ਤੈਨੂੰ ਵੀ ਦਰਦ ਦਾ ਮਿੱਟੀ ਰੰਗ ਚੜ੍ਹਾਵਾਂ, ਦਰਦ ਤੇ ਭੋਏਂ ਦੇ ਰੰਗ ਦੇ ਅਸੀਂ ਲਲਾਰੀ ਬੱਚੜਾ । ਔਖਾ ਹੋ ਲਈਂ ਸੱਚ ਦਾ ਸਾਥ ਕਦੇ ਨਾ ਛੱਡੀ, ਅਸਾਂ ਤੇ ਆਪਣੀ ਐਸੇ ਤਰ੍ਹਾਂ ਗ਼ੁਜ਼ਾਰੀ ਬੱਚੜਾ । 'ਅਫ਼ਜ਼ਲ ਅਹਿਸਨ'ਉਹਦੀ ਕੀ ਵਡਿਆਈ ਹੋਈ, ਅਸਾਂ ਤੇ ਜਾਣ ਕੇ ਆਪਣੀ ਬਾਜ਼ੀ ਹਾਰੀ ਬੱਚੜਾ

ਨਿੱਕਿਆਂ ਹੁੰਦਿਆਂ ਬੋਲੀਆਂ ਪਾਉਂਦੇ

ਨਿੱਕਿਆਂ ਹੁੰਦਿਆਂ ਬੋਲੀਆਂ ਪਾਉਂਦੇ ਹੁੰਦੇ ਸਾਂ । ਨੰਗੇ ਢਿੱਡ ਦਾ ਢੋਲ ਵਜਾਉਂਦੇ ਹੁੰਦੇ ਸਾਂ । ਨਿੱਕਿਆਂ ਹੁੰਦਿਆਂ ਅਸੀਂ ਵੀ ਬਾਦਸ਼ਾਹ ਹੁੰਦੇ ਸਾਂ, ਜੋ ਚਾਹੁੰਦੇ ਸੋ ਰੂਪ ਵਟਾਉਂਦੇ ਹੁੰਦੇ ਸਾਂ । ਪੈਰਾਂ ਉੱਤੇ ਰੇਤ ਦੇ ਕੋਠੇ ਛੱਤ-ਛੱਤ ਕੇ, ਇਕ ਦਿਨ ਵਿਚ ਕਈ ਘਰ ਬਣਾਉਂਦੇ ਹੁੰਦੇ ਸਾਂ । ਫੜ ਕੇ ਮੱਝ ਦੀ ਪੂੰਛਲ ਡੋਬੂ ਪਾਣੀ ਵਿਚ, ਮੱਛੀਆਂ ਵਾਂਗੂੰ ਤਾਰੀਆਂ ਲਾਉਂਦੇ ਹੁੰਦੇ ਸਾਂ । ਦਿਨ ਨੂੰ ਹੋਲਾਂ ਛੱਲੀਆਂ ਭੁੰਨ ਕੇ ਚੱਬਦੇ ਸਾਂ, ਰਾਤ ਨੂੰ ਰੇਂਡੇ ਤੋੜ ਲਿਆਉਂਦੇ ਹੁੰਦੇ ਸਾਂ । ਸਿਖਰ ਦੁਪਹਿਰੇ ਡਰਦੇ ਭੂਤ-ਚੁੜੇਲਾਂ ਤੋਂ, ਟਾਹਲੀ ਥੱਲੇ ਬਹਿ ਕੇ ਗਾਉਂਦੇ ਹੁੰਦੇ ਸਾਂ । ਸੂਲਾਂ ਵਿਚ ਪਰੋਕੇ ਕਲੀਆਂ ਕਿੱਕਰ ਦੀਆਂ, ਉਹਦੇ ਗਲ ਲਈ ਹਾਰ ਬਣਾਉਂਦੇ ਹੁੰਦੇ ਸਾਂ । ਅੱਕ ਦੀਆਂ ਘੋੜੀਆਂ ਤੋੜ ਕੇ ਜੋਗ ਬਣਾ ਲੈਂਦੇ, ਟਾਹਣੀ ਦੇ ਨਾਲ ਹਲ ਵਹਾਉਂਦੇ ਹੁੰਦੇ ਸਾਂ । ਭੋਏਂ ਮਾਵਾਂ ਵਾਂਗੂੰ ਲੋਰੀਆਂ ਦਿੰਦੀ ਸੀ, ਢੀਮ ਸਰਹਾਣੇ ਰੱਖ ਕੇ ਸੌਂਦੇ ਹੁੰਦੇ ਸਾਂ । ਚਾਚੀ ਦੀ ਬੇਰੀ ਤੇ ਚੜ੍ਹਦੇ, ਉਹ ਲੜਦੀ, ਰਾਤੀਂ ਉਹਦੀਆਂ ਪਾਥੀਆਂ ਢਾਉਂਦੇ ਹੁੰਦੇ ਸਾਂ । ਕਿਸੇ ਦੀ ਬੱਕਰੀ ਫੜ ਕੇ ਚੋਰੀ ਚੁੰਘ ਲੈਂਦੇ, ਕਿਸੇ ਦਾ ਖੋਤਾ ਰੋਜ਼ ਭਜਾਉਂਦੇ ਹੁੰਦੇ ਸਾਂ । ਚਾਨਣੀਆਂ ਰਾਤਾਂ ਨੂੰ ਮੀਟੀ ਦਿੰਦੇ ਸਾਂ, ਸਾਰੇ ਪਿੰਡ ਵਿਚ ਧੂੜ ਧਮਾਉਂਦੇ ਹੁੰਦੇ ਸਾਂ । ਨਾ ਕੋਈ ਡਰ ਨਾ ਖ਼ੌਫ਼ ਨਾ ਕੋਈ ਖ਼ਤਰਾ ਸੀ, ਜਿੱਥੇ ਜੀਅ ਕਰਦਾ ਸੀ ਭੌਂਦੇ ਹੁੰਦੇ ਸਾਂ । ਮੱਖਣ, ਦੁੱਧ, ਘਿਉ ਜਦੋਂ ਨਹੀਂ ਲੰਘਦਾ ਸੀ, ਮਾਵਾਂ ਤੋਂ ਮੰਦਾ ਅਖਵਾਉਂਦੇ ਹੁੰਦੇ ਸਾਂ । ਲੜ ਤਾਂ ਭਾਵੇਂ ਇਕ ਦੂਜੇ ਨਾਲ ਪੈਂਦੇ ਸਾਂ, ਪਰ ਝੱਟ ਵਿਚ ਈ ਜਾ ਮਨਾਉਂਦੇ ਹੁੰਦੇ ਸਾਂ । ਆਪਣੇ ਤੋਂ ਵੱਡੀਆਂ ਕੁੜੀਆਂ ਤੋਂ ਡਰਦੇ ਸਾਂ, ਨਿੱਕੀਆਂ ਨੂੰ ਤੇ ਰੋਜ਼ ਡਰਾਉਂਦੇ ਹੁੰਦੇ ਸਾਂ । ਕਿਰਨਮ ਕਿਰਲੀ, ਚੂਹੀ ਚੜਾਂਗੜ, ਅੱਡਾ ਖੱਡਾ, ਰੁੱਖਾਂ ਹੇਠਾਂ ਸ਼ੋਰ ਮਚਾਉਂਦੇ ਹੁੰਦੇ ਸਾਂ । 'ਅਫ਼ਜ਼ਲ' ਚੰਗੀ ਬਾਤ ਕੋਈ ਨਾ ਮੰਨਦੇ ਸਾਂ, ਇੰਜ ਦੇ ਦਿਨ ਵੀ ਅਸੀਂ ਹੰਢਾਉਂਦੇ ਹੁੰਦੇ ਸਾਂ ।

ਰਾਤੀਂ ਗ਼ਜ਼ਲਾਂ ਲਿਖ ਕੇ ਦਿਨ ਨੂੰ ਸਾੜੇਗਾ

ਰਾਤੀਂ ਗ਼ਜ਼ਲਾਂ ਲਿਖ ਕੇ ਦਿਨ ਨੂੰ ਸਾੜੇਗਾ ਅੱਜ ਉਹ ਆਪਣੇ ਆਪ ਨੂੰ ਹੋਰ ਉਜਾੜੇਗਾ । ਉਹਦੇ ਕੋਲ ਹਥਿਆਰ ਤੇ ਮੈਂ ਨਿਹੱਥਾ ਵਾਂ, ਦੁਸ਼ਮਣ ਕੁਝ ਏਹੋ ਜਿਹਾ ਵੇਲਾ ਤਾੜੇਗਾ । ਉਤਲੇ ਦਿਲੋਂ ਆਵੇ ਪਰ ਆਵੇਗਾ ਤੇ ਸਹੀ, ਗੋਂਗਲੂਆਂ ਤੋਂ ਇਕ ਦਿਨ ਮਿੱਟੀ ਝਾੜੇਗਾ । ਕੱਚੇ ਘੜੇ ਤੇ ਠਿੱਲ ਕੇ ਰੋਜ਼ ਆ ਜਾਂਦਾ ਏ, ਪਿਆ ਝਨਾਂ ਦੇ ਪਾਣੀ ਨੂੰ ਉਹ ਠਾਰੇਗਾ । 'ਅਫ਼ਜ਼ਲ ਅਹਿਸਨ' ਉਹਨੂੰ ਅੱਲ੍ਹਾ ਯਾਦ ਨਹੀਂ, ਅਜੇ ਤੇ ਮਾੜੇ ਨੂੰ ਉਹ ਹੋਰ ਲਿਤਾੜੇਗਾ ।

ਸਿਰ ਤੇ ਪੱਗ ਸੰਧੂਰੀ ਮੌਢੇ ਲੋਈ ਰੱਖ

ਸਿਰ ਤੇ ਪੱਗ ਸੰਧੂਰੀ ਮੌਢੇ ਲੋਈ ਰੱਖ । ਉਹਨੂੰ ਮਿਲਕੇ ਦਿਲ ਦਾ ਦਰਦ ਲੁਕੋਈ ਰੱਖ । ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ, ਹਾਂਡੀ ਉੱਤੇ ਢੱਕਣ ਤੇ ਵਿਚ ਡੋਈ ਰੱਖ । ਸਿਖ਼ਰ ਦੁਪਹਿਰੇ ਫ਼ਿਰਕੇ ਦੇਖ ਚੁੜੇਲਾਂ ਨੂੰ, ਕੰਨ ਵਿਚ ਰੂੰ ਦਾ ਫੰਬਾ ਭਿਉਂ ਖ਼ੁਸ਼ਬੋਈ ਰੱਖ । ਜਿੰਨੇ ਜੋਗਾ ਏਂ ਉਨਾਂ ਤੇ ਕਰਦਾ ਰਹੁ, ਮੈਲ਼ੀ ਧਰਤੀ ਪਾਣੀ ਪਾ-ਪਾ ਧੋਈ ਰੱਖ । ਇਕ ਵਾਰੀ ਤੇ ਫ਼ਸਲਾਂ ਔੜ ਨੂੰ ਭੁੱਲ ਜਾਵਣ, 'ਅਫ਼ਜ਼ਲ ਅਹਿਸਨ' ਰਾਤ ਦਿਨੇ ਖੂਹ ਜੋਈ ਰੱਖ ।

'ਅਫ਼ਜ਼ਲ ਅਹਿਸਨ' ਮੇਰੇ ਵਿਚ ਕੋਈ

'ਅਫ਼ਜ਼ਲ ਅਹਿਸਨ' ਮੇਰੇ ਵਿਚ ਕੋਈ ਵਾਧਾ ਹੈ ਨਹੀਂ ਹੋਰ । ਬਸ ਐਨਾ ਏ ਆਪਣੇ ਹੱਥ ਵਿਚ ਰੱਖਨਾਂ ਆਪਣੀ ਡੋਰ । ਇਕ ਤੂੰ ਨਹੀਂ ਤੇ ਸਹੁੰ 'ਅੱਲ੍ਹਾ' ਦੀ ਕੌਡੀ ਦਾ ਨਹੀਂ ਲੱਗਦਾ, ਨਹੀਂ ਤੇ ਸਾਰਿਆਂ ਸ਼ਹਿਰਾਂ ਦਾ ਹੈ, ਲ਼ਾੜ੍ਹਾ ਸ਼ਹਿਰ ਲਹੌਰ । ਇਕ ਨਿਖਿੱਧ ਜਿਹਾ ਦਿਲ ਕੱਛੇ ਮਾਰ ਕੇ ਟੁਰਦਾ ਹੋਇਆ, ਅਸਾਂ ਤੇ ਆਪਣਾ ਮਾਲਕ ਜਾਤਾ, ਅਗਲਾ ਨਿਕਲਿਆ ਚੋਰ । ਪੜ੍ਹ ਤਾਰੀਖ਼ ਤੇ ਵੇਖ ਲੈ ਸਾਰੇ ਜ਼ੋਰਾਵਰ ਕਿੱਥੇ ਨੇ, ਹਿੱਕ ਨਾਲ ਕੰਧਾਂ ਢਾਅ ਨਾ ਬੰਦਿਆ, ਤੂੰ ਕੱਖੋਂ ਕਮਜ਼ੋਰ । ਦਿਨ ਨੂੰ ਅੱਖ ਨਹੀਂ ਲੱਗਣ ਦਿੰਦਾ ਸ਼ਹਿਰ ਦਾ ਰੋਲਾ ਰੱਪਾ, ਰਾਤੀਂ ਸੌਣ ਨਾ ਦਿੰਦਾ ਠਾਹ ਠਾਹ ਵਜਦੇ ਦਿਲ ਦਾ ਸ਼ੋਰ । ਮੈਂ ਉਹਨੂੰ ਲਿਖਾਂ ਤੇ ਮੇਰੀ ਨਜ਼ਮ ਨਹੀਂ ਛਪ ਸਕਦੀ, ਉਹ ਮੈਨੂੰ ਲਿਖੇ ਤੇ ਚਿੱਠੀ ਰਾਹ 'ਚ ਦੱਬ ਲੈਣ ਚੋਰ । 'ਅਫ਼ਜ਼ਲ ਅਹਿਸਨ' ਮੇਰੀਆਂ ਜੜ੍ਹਾਂ ਜ਼ਮੀਨ 'ਚ ਚਾਰ ਚੁਫ਼ੇਰੇ, ਮੈਨੂੰ ਡੇਗ ਨਾ ਸਕਦਾ ਐਥੇ ਝੱਖੜ ਵਾਲਾ ਜ਼ੋਰ ।