Phat Mall
ਫੱਤ ਮੱਲ
 Punjabi Kavita
Punjabi Kavita
  

ਪੰਜਾਬੀ ਕਵਿਤਾ ਫੱਤ ਮੱਲ

ਫੱਤ ਮੱਲ

ਫੱਤ ਮੱਲ ਲੱਖੀ ਜੰਗਲ ਦਰਬਾਰ ਦੇ ਕਵੀਆਂ ਵਿਚ ਸ਼ਾਮਿਲ ਸੀ।

ਮਾਝਾਂਨਾਮ ਤੁਮ੍ਹਾਰਾ ਜਪਿ ਜਪਿ ਜੀਵਾਂ, ਸੁਰਤਿ ਕਰੀਂ ਜਪਮਾਲੀ
ਨਿਸ ਬਾਸਰ ਹੀਅਰੇ ਮਹਿ ਜਪਦਾ, ਸੂਰਤਿ ਸਤਿਗੁਰ ਵਾਲੀ
ਗੁਰਮੁਖਿ ਅੰਮ੍ਰਿਤ ਪੀਇ ਆਘਾਣੇ, ਨਿੰਦਕ ਦਾ ਘਟ ਖਾਲੀ
ਸਿਰਿ ਫੱਤਾ ਜਿਨ੍ਹਾਂ ਗੁਰੂ ਪਛਾਤਾ, ਤਿਨ੍ਹਾਂ ਹਰਦਮ ਸਦ ਖੁਸ਼ਹਾਲੀ ।੧।ਆਲੇ ਆਲੇ ਆਲੇ, ਮੇਰਾ ਸਤਿਗੁਰ ਨਾਮ ਸਮਾਲੇ
ਜਿਨ੍ਹਾਂ ਨੂੰ ਰਟ ਨ ਕਾਈਆ, ਰੱਬੁ ਤਿਨ੍ਹਾਂ ਨੋ ਪਾਲੇ
ਇਕ ਬੁਰਿਆਈ ਮੇਰਾ ਮਾਇ ਪਿਉ ਵੇਖੇ, ਦੇਂਦਾ ਸਹਸ ਨਿਕਾਲੇ
ਲੱਖ ਬੁਰਿਆਈ ਮੈਂਡਾ ਸਤਿਗੁਰ ਵੇਖੈ, ਅਜੇ ਬਰਾਤ ਨ ਟਾਲੇ ।੨।ਅਸਾਨੂੰ ਇਸ਼ਕ ਤਦੋਕਾ ਆਹਾ, ਜਦ ਆਹੀ ਦੁਧਿ ਨ ਵਾਤੀਂ
ਆਵਨਿ ਸਹੀਆਂ ਘੁਟੀ ਦੇਵਨ, ਬੇਦਨ ਕਿਨੈ ਨ ਜਾਤੀ
ਵਿਚਿ ਪਿੰਘੂੜੇ ਦੇ ਪਈ ਤੜਫਾਂ, ਲਗੀ ਇਸ਼ਕ ਦੀ ਕਾਤੀ
ਸਉ ਵਰ੍ਹਿਆਂ ਦੀ ਰੰਜਸ਼ ਜਾਸੀ, ਮੀਆਂ ਫੱਤਾ, ਇਕਸੁ ਰਾਂਝੇ ਦੀ ਝਾਤੀ ।੩।ਸੀਨੇ ਦੇ ਵਿਚਿ ਸਬਜ਼ ਕਿਆਰੀ, ਜੈਂਦਾ ਇਸ਼ਕ ਅਰਾਈਂ
ਬੀਜਦਿਆਂ ਪਰਦੇਸ ਸਿਧਾਣੇ, ਮੈਂ ਕਿਚਰਕੁ ਪਾਣੀ ਪਾਈਂ
ਤੁਹਿ ਜੇਹਾ ਕਿਰਸਾਣ ਨ ਕੋਈ, ਮੈਂ ਢੂੰਢਿ ਰਹੀ ਸਭ ਜਾਈਂ
ਫੱਤ ਮੱਲ ਹੀਰ ਪਈ ਵਿਚ ਹੁਜਰੇ, ਕੂਕੇ ਮਾਹੀ ਮਾਹੀ ।੪।ਗੋਕੁਲ ਗਲੀਆਂ ਫਿਰਉਂ ਢੁੰਡੇਂਦੀ, ਹਰਿ ਦਰਸ਼ਨ ਦੀ ਪਿਆਸੀ
ਤੂੰ ਜਾ ਰੱਤੋਂ ਕੁਬਜਾ ਸੇਤੀ, ਹੋਇਓਂ ਮਥਰਾ ਵਾਸੀ
ਬੈਠੀ ਨੋ ਮੈਨੂੰ ਬਹਿਨ ਨ ਆਵੇ, ਸਿਕਦੇ ਨੈਣ ਉਦਾਸੀ
ਗਿਰਧਾਰੀ ਦੇ ਕਾਰਣ ਫੱਤ ਮੱਲ, ਲੈਸਾਂ ਕਰਵਤੁ ਕਾਂਸ਼ੀ ।੫।ਅਜਰਾਈਲ ਰੁੱਖਾਂ ਦਾ ਘਾੜੂ, ਹੈ ਪੈਦਾ ਕੀਤਾ ਨਾਲੇ
ਦੇਖਿ ਸਰੀਰ ਤਦੇ ਕੁਰਲਾਂਦਾ, ਜਾਂ ਫਿਰੇ ਕੁਹਾੜਿਆਂ ਵਾਲੇ
ਜਿਹਬਾ ਹੋਇ ਤਾਂ ਕੂਕ ਸੁਣਾਏ, ਨਹੀਂ ਪੀੜ ਹੱਡਾਂ ਵਿਚ ਜਾਲੇ
ਬੱਧੀ ਤੇਰੀ ਜਾਣੇ ਫੱਤ ਮੱਲ, ਜੋ ਕਲਮ ਰੱਬਾਣੀ ਟਾਲੇ ।੬।

ਕਾਫ਼ੀਆਂਸੁੰਦਰ ਸਿਆਮ ਦਾ ਜੋੜਾ । ਮੋਹਨ ਲਾਲ ਦਾ ਜੋੜਾ ।੧।ਰਹਾਉ।

ਧੰਨੇ ਨਰਮਾ ਬੀਜਿਆ, ਜਮਨ ਕਿਨਾਰੇ ਆਇ
ਜਮਨਾ ਜਲ ਸਿਉਂ ਸਿੰਚਿਆ, ਪ੍ਰੀਤਿ ਸੋ ਹਿਤ ਚਿਤ ਲਾਇ ।੧।

ਚੁਣ ਲਿਆਈਆਂ ਸਭ ਗੋਪੀਆਂ, ਉਨ ਵੇਲਿਆ ਸਹਿਜ ਸੁਭਾਇ
ਫਿਰ ਦਾਦੂ ਪੇਂਜਾਰੇ ਨੂੰ ਸਉਂਪਿਆ, ਉਸ ਲੀਤਾ ਧੁਣਖ ਚੜ੍ਹਾਇ ।੨।

ਉਸ ਨਿਕਾ ਕਰਕੈ ਸੋਧਿਆ, ਸਗਲਾ ਤਾਣੁ ਲਗਾਇ
ਗੋੜ੍ਹੇ ਫੁਲ ਗੁਲਾਬ ਦੇ, ਲਿਆਇਆ ਹੱਛੇ ਬਨਾਇ ।੩।

ਰਾਧੇ ਰੁਕਮਣਿ ਆਈਆਂ, ਸਭ ਸਖੀਆਂ ਲਈਆਂ ਬੁਲਾਇ
ਵੰਡਿ ਵੰਡਿ ਲਈਆਂ ਉਨ ਪੂਣੀਆਂ, ਉਨ ਲਇਆ ਪੜੋਟੇ ਪਾਇ ।੪।

ਉਨ ਨਿੱਕਾ ਕਰਿ ਕਰਿ ਕੱਤਿਆ, ਹਸਿ ਹਸਿ ਬਾਂਹ ਲੁਡਾਇ
ਫਿਰ ਦਾਸ ਕੰਬੀਰੇ ਨੂੰ ਸਉਂਪਿਆ, ਸ਼ਿਤਾਬੀ ਨਲੀ ਵਹਾਇ ।੫।

ਕਮਾਲੀ ਨਲੀਆਂ ਵੱਟੀਆਂ, ਪੂਤ ਕਮਾਲ ਪੀਆਇ
ਤਣਿਆ ਲੋਈ ਭਗਤਣੀ, ਵੁਣਿਆ ਕੰਬੀਰੈ ਚਾਇ ।੬।

ਫਿਰ ਨਾਮੇ ਛੀਪੇ ਨੂੰ ਸਉਂਪਿਆ, ਝਬਿ ਝਬਿ ਖੁੰਬ ਚੜ੍ਹਾਇ
ਉਸ ਗੰਗਾ ਜਲ ਸਿਉਂ ਝੋਲਿਆ, ਲੈ ਆਇਆ ਤਾਂਹਿ ਬਣਾਇ ।੭।

ਭਲਾ ਮਹੂਰਤਿ ਦੇਖ ਕੈ, ਜੋੜਾ ਲਇਆ ਵਿਉਂਤਾਇ
ਸੂਈ ਆਂਦੀ ਸਾਰ ਦੀ, ਪਟ ਧਾਗੇ ਰੇਸ਼ਮ ਲਾਇ ।੮।

ਹੱਛਾ ਜੋੜਾ ਬਣਿ ਰਹਿਆ, ਹਰਖ ਜਸੋਧੇ ਮਾਇ
ਪਹਿਰਾਇਆ ਪ੍ਰਭੁ ਪ੍ਰੀਤਿ ਸਿਉ, ਜਨ ਕਹਤੇ 'ਫਤਮੱਲ' ਰਾਇ ।੯।
(ਸਿਰੀ ਰਾਗ)ਹਰਿ ਚੇਤਿਓ ਕਿਉਂ ਨਹੀਂ ਬਉਰੀ
ਮਾਇਆ ਲਗਿ ਤੈਂ ਜਨਮ ਗਵਾਇਆ, ਧਨ ਸ਼ਹਿਜ਼ਾਦੀ ਗੋਰੀ ।੧।ਰਹਾਉ।

ਸੱਠਿ ਪੰਜਾਹ ਤੇਰਾ ਪਸਾਰਾ, ਓੜਕ ਸੱਤਰ ਅੱਸੀ
ਵਾਦ੍ਹਾ ਦੇ ਕਰ ਜਿਬਹੁੰ ਆਈਐ, ਫੇਰ ਉਨਾਹਾ ਖੱਸੀ ।੧।

ਛਤ੍ਰੀ ਭੋਜਨ ਤੇਰੇ ਕਾਰਣ, ਪਹਿਨਣ ਮਲ ਮਲ ਖਾਸਾ
ਨਉਂ ਦਰਵਾਜ਼ੇ ਤੇਰੇ ਮੁੰਦੇ, ਦਸਵੇਂ ਘਰਿ ਵਿਚ ਵਾਸਾ ।੨।

ਬਾਗ ਬਗੀਚੇ ਤੇਰੇ ਕਾਰਣ, ਠੰਢਾ ਅੰਮ੍ਰਿਤ ਪਾਣੀ
ਤਿਸ ਸ਼ਹੁ ਦੀ ਤੈਂ ਸਾਰ ਨ ਲੱਧੀ, ਸੁਤਿਆਂ ਰੈਣਿ ਵਿਹਾਣੀ ।੩।

ਸੇ ਫਲ ਤੈਨੂੰ ਪ੍ਰਾਪਤ ਹੋਸਨ, ਜੋ ਹੈਂ ਕਰਮ ਕਮਾਏ
ਫੱਤਮੱਲ ਦਾਸ ਉਡੀਕ ਜਿਨ੍ਹਾਂ ਦੀ, ਸੇ ਮੁਕਲਾਊ ਆਏ ।੪।
(ਰਾਗ ਮਾਝ)

 

To veiw this site you must have Unicode fonts. Contact Us

punjabi-kavita.com