Persian Poetry in Punjabi : Sabir Haka

ਫਾਰਸੀ ਕਵਿਤਾ ਪੰਜਾਬੀ ਵਿੱਚ : ਸਬੀਰ ਹਕਾ

1. ਸ਼ਹਿਤੂਤ

ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ?
ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ
ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ।
ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ,
ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ
ਇਮਾਰਤਾਂ ਤੋਂ ਡਿਗਦੇ ਹੋਏ
ਡਿਗ ਕੇ ਸ਼ਹਿਤੂਤ ਬਣਦੇ ਹੋਏ।

2. ਰੱਬ

ਰੱਬ ਵੀ ਮਜ਼ਦੂਰ ਹੈ
ਉਹ ਵੀ ਜ਼ਰੂਰ
ਵੈਲਡਰਾਂ ਦਾ ਵੀ ਵੈਲਡਰ ਹੋਣਾਂ!
ਆਥਣ ਦੇ ਚਾਨਣ ਵਿਚ
ਉਹਦੀਆਂ ਅੱਖਾਂ
ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ।
ਰਾਤ ਨੂੰ ਉਹਦੇ ਝੱਗੇ ਵਿਚ
ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ ।

3. ਬੰਦੂਕ

ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ
ਤਾਂ ਬਥੇਰੇ ਲੋਕਾਂ ਨੇ
ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ।
ਬਹੁਤ ਕੁਝ ਆਸਾਨ ਹੋ ਜਾਂਦਾ
ਉਨ੍ਹਾਂ ਨੂੰ ਮਜ਼ਦੂਰਾਂ ਦੀ ਤਾਕਤ ਦਾ
ਅਹਿਸਾਸ ਦਿਵਾਉਣਾ ਵੀ
ਕਿਤੇ ਵੱਧ ਸੌਖਾ ਹੁੰਦਾ।

4. ਮੌਤ ਦਾ ਭੈਅ

ਮੈਂ ਸਾਰੀ ਉਮਰ
ਇਸ ਗੱਲ 'ਤੇ ਭਰੋਸਾ ਕੀਤਾ
ਕਿ ਝੂਠ ਬੋਲਣਾ ਗ਼ਲਤ ਹੁੰਦਾ ਏ,
ਗ਼ਲਤ ਹੁੰਦਾ ਏ ਕਿਸੇ ਨੂੰ ਪਰੇਸ਼ਾਨ ਕਰਨਾ।

ਸਾਰੀ ਉਮਰ
ਮੈਂ ਇਸ ਗੱਲ ਨੂੰ ਮੰਨਦਾ ਰਿਹਾ
ਕਿ ਮੌਤ ਵੀ ਜ਼ਿੰਦਗੀ ਦਾ ਹੀ ਹਿੱਸਾ ਹੈ।

ਇਸ ਦੇ ਬਾਵਜੂਦ ਮੈਨੂੰ ਮੌਤ ਤੋਂ ਡਰ ਲੱਗਦੈ,
ਡਰ ਲੱਗਦੈ,
ਦੂਜੀ ਦੁਨੀਆਂ ਵਿਚ ਵੀ
ਮਜ਼ਦੂਰ ਹੀ ਬਣੇ ਰਹਿਣ ਤੋਂ।

5. ਕਰੀਅਰ ਦੀ ਚੋਣ

ਮੈਂ ਕਦੇ
ਕੋਈ ਸਾਧਾਰਨ ਬੈਂਕ ਕਰਮਚਾਰੀ
ਨਹੀਂ ਬਣ ਸਕਦਾ ਸੀ,
ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਾ
ਸੇਲਜ਼ਮੈਨ ਵੀ ਨਹੀਂ,
ਕਿਸੇ ਪਾਰਟੀ ਦਾ ਨੇਤਾ ਵੀ ਨਹੀਂ,
ਤੇ ਨਾ ਹੀ ਟੈਕਸੀ ਡਰਾਇਵਰ।
ਪ੍ਰਚਾਰ ਵਿਚ ਲੱਗਿਆ
ਮਾਰਕਿਟਿੰਗ ਵਾਲਾ ਵੀ ਨਹੀਂ।

ਮੈਂ ਬੱਸ ਇੰਨਾ ਚਾਹੁੰਦਾ ਸੀ
ਕਿ ਸ਼ਹਿਰ ਦੀ ਸਭ ਤੋਂ ਉਚੀ ਜਗ੍ਹਾ ਖਲੋ ਕੇ
ਥੱਲੇ ਬਿਲਡਿੰਗਾਂ ਦੇ ਘੜਮੱਸ ਵਿਚੋਂ
ਉਸ ਕੁੜੀ ਦਾ ਘਰ ਵੇਖਾਂ
ਜਿਸ ਨੂੰ ਮੈਂ ਮੁਹੱਬਤ ਕਰਦਾ ਹਾਂ
ਤੇ ਇਸ ਲਈ ਮੈਂ
ਬੰਧੂਆ ਮਜ਼ਦੂਰ ਬਣ ਗਿਆ।

6. ਮੇਰਾ ਪਿਉ

ਜੇ ਮੈਂ ਆਪਣੇ ਪਿਉ ਬਾਰੇ
ਕੁਝ ਕਹਿਣ ਦੀ ਹਿੰਮਤ ਕਰਾਂ
ਤਾਂ ਯਕੀਨ ਮੰਨਿਓ
ਉਸ ਦੀ ਜ਼ਿੰਦਗੀ ਨੇ
ਉਸ ਨੂੰ ਭੋਰਾ ਆਨੰਦ ਨਹੀਂ ਦਿੱਤਾ।

ਉਹ ਬੰਦਾ
ਆਪਣੇ ਪਰਿਵਾਰ 'ਤੇ ਮਰਦਾ ਸੀ,
ਪਰਿਵਾਰ ਦੀਆਂ ਕਮੀਆਂ ਲੁਕਾਉਣ ਲਈ
ਉਹਨੇ ਆਪਣੀ ਜ਼ਿੰਦਗੀ ਨੂੰ
ਸਖਤ ਤੇ ਖੁਰਦਰਾ ਬਣਾ ਲਿਆ।

ਤੇ ਹੁਣ ਮੈਨੂੰ
ਆਪਣੀਆਂ ਕਵਿਤਾਵਾਂ ਛਪਵਾਉਂਦਿਆਂ
ਸਿਰਫ਼ ਇਕ ਗੱਲ ਦੀ ਸੰਗ ਲੱਗਦੀ ਹੈ
ਕਿ ਮੇਰਾ ਪਿਉ ਪੜ੍ਹ ਨਹੀਂ ਸਕਦਾ।

7. ਆਸਥਾ

ਮੇਰਾ ਪਿਉ ਮਜ਼ਦੂਰ ਸੀ
ਵਿਸ਼ਵਾਸ ਨਾਲ
ਨੱਕੋ-ਨੱਕ ਭਰਿਆ ਹੋਇਆ
ਜਦੋਂ ਵੀ ਉਹ ਨਮਾਜ਼ ਪੜ੍ਹਦਾ
(ਰੱਬ) ਉਸ ਦੇ ਹੱਥਾਂ ਨੂੰ ਦੇਖ
ਸ਼ਰਮਿੰਦਾ ਹੁੰਦਾ।

8. ਮੌਤ

ਮੇਰੀ ਮਾਂ ਨੇ ਕਿਹਾ
ਮੈਂ ਮੌਤ ਨੂੰ ਦੇਖਿਆ ਹੋਇਐ
ਉਹਦੀਆਂ ਲੰਮੀਆਂ ਲੰਮੀਆਂ
ਸੰਘਣੀਆਂ ਮੁੱਛਾਂ ਨੇ
ਤੇ ਉਹਦਾ ਚਿਹਰਾ-ਮੋਹਰਾ
ਜਿਵੇਂ ਕੋਈ ਪਾਗਲ ਜਣਾ।

ਉਸ ਰਾਤ ਪਿੱਛੋਂ
ਮੈਂ ਮਾਂ ਦੀ ਮਸੂਮੀਅਤ ਨੂੰ
ਸ਼ੱਕ ਦੀ ਨਜ਼ਰ ਨਾਲ ਦੇਖਦਾ ਹਾਂ।

9. ਸਿਆਸਤ

ਵੱਡੇ ਵੱਡੇ ਬਦਲਾਉ ਵੀ
ਕਿੰਨੀ ਆਸਾਨੀ ਨਾਲ ਕੀਤੇ ਜਾਂਦੇ ਹਨ,
ਹੱਥੀਂ ਕੰਮ ਕਰਦੇ ਮਜ਼ਦੂਰਾਂ ਨੂੰ
ਸਿਆਸੀ ਪਿਆਦਿਆਂ ਵਿਚ
ਬਦਲ ਦੇਣਾ ਵੀ।
ਕਿੰਨਾ ਸੌਖਾ ਸੀ, ਹੈ ਨਾ?
ਕਰੇਨਾਂ ਚੁੱਕਦੀਆਂ ਨੇ ਇਸ ਬਦਲਾਓ ਨੂੰ
ਤੇ ਸੂਲੀ ਤੱਕ ਪਹੁੰਚਾਉਂਦੀਆਂ ਨੇ।

10. ਦੋਸਤੀ

ਮੈਂ (ਰੱਬ) ਦਾ ਦੋਸਤ ਨਹੀਂ
ਇਸ ਦਾ ਕਾਰਨ ਸਿਰਫ਼ ਇਕੋ ਹੈ,
ਜਿਸ ਦੀਆਂ ਜੜ੍ਹਾਂ
ਬਹੁਤ ਪੁਰਾਣੇ ਅਤੀਤ 'ਚ ਹਨ
ਜਦੋਂ ਛੇ ਜਣਿਆਂ ਦਾ ਸਾਡਾ ਟੱਬਰ
ਗੁਫਾ ਵਰਗੇ ਤੰਗ ਕਮਰੇ ਵਿਚ ਰਹਿੰਦਾ ਸੀ

ਤੇ (ਰੱਬ) ਕੋਲ
ਬਹੁਤ ਖੁੱਲ੍ਹਾ-ਡੁੱਲ੍ਹਾ ਮਕਾਨ ਸੀ
ਜਿਹਦੇ ਵਿਚ 'ਕੱਲਾ ਹੀ ਰਹਿੰਦਾ ਸੀ ਉਹ।

11. ਸਰਹੱਦਾਂ

ਜਿੱਦਾਂ ਕਫ਼ਨ ਢਕ ਲੈਂਦਾ ਲਾਸ਼
ਬਰਫ਼ ਵੀ ਬਹੁਤ ਸਾਰੀਆਂ ਚੀਜ਼ਾਂ
ਢਕ ਲੈਂਦੀ ਹੈ।
ਢਕ ਲੈਂਦੀ ਹੈ ਇਮਾਰਤਾਂ ਦੇ ਖੰਡਰਾਂ ਨੂੰ
ਦਰੱਖਤਾਂ ਨੂੰ, ਕਬਰਾਂ ਨੂੰ
ਸਫ਼ੈਦ ਬਣਾ ਦਿੰਦੀ ਹੈ।

ਤੇ ਸਿਰਫ਼ ਬਰਫ਼ ਹੀ ਤਾਂ ਹੈ ਜੋ
ਸਰਹੱਦਾਂ ਨੂੰ ਵੀ ਸਫ਼ੈਦ ਕਰ ਸਕਦੀ ਹੈ।

12. ਘਰ

ਮੈਂ ਪੂਰੀ ਦੁਨੀਆਂ ਲਈ ਕਹਿ ਸਕਦਾਂ
ਇਹ ਸ਼ਬਦ
ਦੁਨੀਆਂ ਦੇ ਹਰ ਮੁਲਕ ਲਈ ਕਹਿ ਸਕਦਾਂ
ਮੈਂ ਅਸਮਾਨ ਨੂੰ ਵੀ ਕਹਿ ਸਕਦਾਂ ਇਹ
ਤੇ ਇਸ ਬ੍ਰਹਿਮੰਡ ਦੀ ਕਿਸੇ ਵੀ ਚੀਜ਼ ਨੂੰ
ਪਰ ਤਹਿਰਾਨ ਦੇ ਇਸ ਬਿਨਾਂ ਖਿੜਕੀ ਵਾਲੇ
ਕਿਰਾਏ ਦੇ ਇਸ ਕਮਰੇ ਨੂੰ
ਮੈਂ ਹਰਗਿਜ਼ ਘਰ ਨਹੀਂ ਕਹਿ ਸਕਦਾ।

13. ਸਰਕਾਰ

ਕੁਝ ਅਰਸੇ ਤੋਂ
ਪੁਲਿਸ ਮੈਨੂੰ ਲੱਭ ਰਹੀ ਹੈ,
ਮੈਂ ਕਿਸੇ ਦਾ ਕਤਲ ਨਹੀਂ ਕੀਤਾ,
ਮੈਂ ਸਰਕਾਰ ਦੇ ਖ਼ਿਲਾਫ਼
ਕੋਈ ਲੇਖ ਵੀ ਨਹੀਂ ਲਿਖਿਆ।

ਸਿਰਫ਼ ਤੈਨੂੰ ਪਤੈ ਮੇਰੀ ਜਾਨ!
ਕਿ ਇਹ ਆਮ ਲੋਕਾਂ ਲਈ
ਕਿੰਨਾ ਦੁਖਦਾਈ ਹੋਊਗਾ
ਜੇ ਸਰਕਾਰ
ਮੈਥੋਂ ਸਿਰਫ਼ ਇਸ ਲਈ ਡਰਨ ਲੱਗ ਜਾਵੇ
ਕਿ ਮੈਂ ਮਜ਼ਦੂਰ ਹਾਂ।
ਜੇ ਮੈਂ ਬਾਗ਼ੀ ਜਾਂ ਕ੍ਰਾਂਤੀਕਾਰੀ ਹੁੰਦਾ
ਫਿਰ ਕੀ ਕਰਦੇ ਉਹ?

ਫਿਰ ਵੀ ਉਸ ਮੁੰਡੇ ਲਈ
ਇਹ ਦੁਨੀਆਂ
ਕੋਈ ਬਹੁਤੀ ਤਾਂ ਨਹੀਂ ਬਦਲੀ
ਜਿਹੜਾ ਸਕੂਲ ਦੀਆਂ
ਸਾਰੀਆਂ ਕਿਤਾਬਾਂ ਦੇ ਪਹਿਲੇ ਪੰਨੇ 'ਤੇ
ਆਪਣੀ ਤਸਵੀਰ
ਛਪੀ ਦੇਖਣਾ ਚਾਹੁੰਦਾ ਸੀ ਬੱਸ।

14. ਇਕਲੌਤਾ ਡਰ

ਜਦ ਮੈਂ ਮਰੂੰਗਾ
ਆਪਣੇ ਨਾਲ ਆਪਣੀਆਂ ਸਾਰੀਆਂ
ਮਨਪਸੰਦ ਕਿਤਾਬਾਂ ਲੈ ਜਾਵਾਂਗਾ
ਆਪਣੀ ਕਬਰ ਭਰ ਲੈਣੀ ਹੈ ਮੈਂ
ਉਨ੍ਹਾਂ ਦੀਆਂ ਫੋਟੋਆਂ ਨਾਲ
ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।
ਮੇਰੇ ਨਵੇਂ ਘਰ ਵਿਚ
ਕੋਈ ਜਗ੍ਹਾ ਨਹੀਂ ਹੋਣੀ,
ਆਉਣ ਵਾਲੇ ਕੱਲ੍ਹ ਦੇ ਡਰਾਂ ਲਈ।

ਮੈਂ ਪਿਆ ਰਹਿਣਾ,
ਮੈਂ ਸਿਗਰਟ ਦੇ ਕਸ਼ ਲੈਂਦਿਆਂ
ਉਨ੍ਹਾਂ ਸਾਰੀਆਂ ਕੁੜੀਆਂ ਨੂੰ
ਯਾਦ ਕਰ ਕੇ ਰੋਣਾ
ਜਿਨ੍ਹਾਂ ਨੂੰ ਮੈਂ
ਗਲ ਨਾਲ ਲਾਉਣਾ ਚਾਹੁੰਦਾ ਸੀ।

ਇਨ੍ਹਾਂ ਸਾਰੀਆਂ ਖੁਸ਼ੀਆਂ ਨੂੰ ਮਾਣਦਿਆਂ ਵੀ
ਡਰ ਫਿਰ ਬਣਿਆ ਰਹਿੰਦੈ,
ਕਿ ਇਕ ਦਿਨ ਸਾਝਰੇ-ਸਾਝਰੇ
ਕਿਸੇ ਨੇ
ਮੇਰਾ ਮੋਢਾ ਹਲੂਣਦਿਆਂ ਕਹਿਣੈਂ-
'ਚਲ ਉਠ ਸਬੀਰ, ਕੰਮ 'ਤੇ ਜਾਣੈਂ'।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ