Onam : Paramjit Sohal

ਓਨਮ : ਪਰਮਜੀਤ ਸੋਹਲ



ਸ਼ਬਦ - (ਗੁਰੂ ਨਾਨਕ)

ਰਾਮਕਲੀ ਮਹਲਾ ੧, ਦੱਖਣੀ ਓਅੰਕਾਰੁ। ੴ ਸਤਿਗੁਰੁ ਪ੍ਰਸਾਦਿ। ਓਅੰਕਾਰਿ ਬ੍ਰਹਮਾ ਉਤਪਤਿ। ਓਅੰਕਾਰੁ ਕੀਆ ਜਿਨਿ ਚਿਤਿ। ਓਅੰਕਾਰਿ ਸੈਲ ਜੁਗ ਭਏ।। ਓਅੰਕਾਰਿ ਬੇਦ ਨਿਰਮਏ। ਓਅੰਕਾਰਿ ਸਬਦਿ ਉਧਰੇ। ਓਅੰਕਾਰਿ ਗੁਰਮੁਖਿ ਤਰੇ। ਓਨਮ ਅਖਰ ਸੁਣਹੁ ਬੀਚਾਰੁ। ਓਨਮ ਅਖਰ ਤ੍ਰਿਭਵਣ ਸਾਰੁ।੧। (ਗੁਰੂ ਨਾਨਕ)

ਮੰਗਲਾਚਾਰ

ਹੇ ਰਚਨਾਕਾਰ, ਧਰਤੀ, ਅੰਬਰ, ਨਦੀਆਂ, ਸਾਗਰ, ਪਹਾੜ, ਖ਼ਲਾਅ, ਹਵਾ, ਅਗਨੀ, ਬੱਦਲ ਸਭ ਈਸ਼ਵਰੀ ਕਵਿਤਾ ਹੈ ਸੂਰਜ ਦੀਆਂ ਕਿਰਨਾਂ ਤੇ ਚੰਦਰਮਾ ਦੀਆਂ ਰਿਸ਼ਮਾਂ ਸਤਰਾਂ ਨੇ ਜਿਸ ਦੀਆਂ ਸਾਰੀਆਂ ਬਨਸਪਤੀਆਂ ਸ਼ਬਦ ਨੇ ਸਾਰੇ ਜੀਅ-ਜੰਤ ਅਲੰਕਾਰ ਕੁਦਰਤ ਲੈਅ ਹੈ ਸਮਾਂ ਤਾਲ ਹੈ ਦਸੇ ਦਿਸ਼ਾਵਾਂ ਨੇ ਛੰਦ-ਬੰਦੀਆਂ ਅਪਰੰਪਾਰ ਹੈ ਇਸ ਕਵਿਤਾ ਦੀ ਮਹਿਮਾ ਅਨੰਤ ਹੈ ਪ੍ਰਭਾਵ ਗਾ ਰਹੇ ਨੇ ਦੇਵ-ਲੋਕ ਬਾਰੰਮਬਾਰ ਕਰ ਰਹੇ ਹਨ ਈਸ਼ਵਰ ਦੀ ਆਦਿ-ਕਵਿਤਾ ਦਾ ਮੰਗਲਾਚਾਰ

ਦੋਹਾ

ਪੰਚਵਟੀ ਵਿਚ ਸੀਤਾ ਮਾਤਾ ਰਾਧਾ ਵ੍ਰਿੰਦਾਵਣ ਵਿਚ ਹਿਰਦੇ ਅੰਦਰ ਦੁਰਗਾ ਦੇਵੀ ਪਾਰਵਤੀ ਕਣ ਕਣ ਵਿਚ

ਭਾਗ ਪਹਿਲਾ: ਓਮ ਧੁਨੀਕਾਰ

ਮੰਤ੍ਰਾਚਾਰ

ਮੇਰੇ ਅੰਦਰ ਹੋ ਰਿਹਾ ਹੈ ਕਾਲ਼ੀ ਤੇ ਮਹਿਖਾਸੁਰ ਦਾ ਯੁੱਧ ਵਾਰ ਵਾਰ ਜਪਦਾ ਹਾਂ: ''ਓਮ, ਹਰੀਮ, ਸ਼ਰੀਮ, ਕਲੀਮ, ਬਲੂੰਮ, ਸੋਹਮ।''

ਮੇਟ ਸਾਰਾ ਅੰਧਕਾਰ

ਧਰਤੀ, ਸਮੁੰਦਰ, ਵਣ, ਪਰਬਤ ਜਪ ਰਹੇ ਨੇ ਸੋਹਮ-ਮੰਤ੍ਰ ਹੇ ਭਗਵਤੀ ਮੇਟ ਸਾਰਾ ਅੰਧਕਾਰ ਮੁਕਤ ਕਰ ਰਾਕਸ਼ਾਂ ਤੋਂ ਆਤਮ-ਪੁਰੀ ਤੇ ਟਿਕਾ ਪ੍ਰਾਣ ਮੇਰੇ ਨਿਰਵਿਕਲਪ ਸਮਾਧੀ ਅੰਦਰ ਦੇਹੀ ਅੰਦਰ ਜੋਤਿ-ਅੰਮ੍ਰਿਤ ਸ਼ਬਦ-ਨਾਦ ਬਿੰਦੂ-ਕਲਾ ਏਕਾਕਾਰ ਓਮ ਸੋਹਮ ਮਹਾਂ ਸੁੰਨ ਦਾ ਪਾਸਾਰ .... .... .... ਮੇਰੇ ਅੰਦਰੋਂ ਖ਼ਤਮ ਕਰ ਚੰਡ-ਮੁੰਡ, ਸ਼ੁੰਭ-ਨਿਸ਼ੁੰਭ ਮਹਿਖਾਸੁਰ ਜਿਹੇ ਵਿਕਾਰ ਹੇ ਭਗਵਤੀ, ਮੇਟ ਸਾਰਾ ਅੰਧਕਾਰ

ਆਦਿ ਸ਼ਕਤੀ

ਹੇ ਆਦਿ ਸ਼ਕਤੀ ਮੈਨੂੰ ਅੰਧਕਾਰ ਤੋਂ ਚਾਨਣ ਵੱਲ ਲੈ ਚੱਲ ਮੈਨੂੰ ਅਵਿੱਦਿਆ ਤੋਂ ਗਿਆਨ ਵੱਲ ਲੈ ਚੱਲ ਮੈਨੂੰ 'ਮੈਂ' ਤੋਂ 'ਅਮੈਂ' ਵੱਲ ਲੈ ਚੱਲ... ਮੈਂ ਜਾਨਣਾ ਚਾਹੁੰਦਾ ਹਾਂ ਸ਼ਿਵ-ਸ਼ਕਤੀ ਦਾ ਪਰਮ-ਮੇਲ ਨਿਰਵਿਕਲਪ ਸਮਾਧੀ ਦੀ ਸਹਿਜ-ਅਨੁਭੂਤੀ ਸੱਚਦਾਨੰਦ, ਅੰਮ੍ਰਿਤ-ਕਲਸ, ਜੋਤੀ-ਸਤੂਪ ਸ੍ਰੀ ਚੱਕਰ ਭੇਦਨ ਵਿੱਦਿਆ ਮੈਂ ਜਾਨਣਾ ਚਾਹੁੰਦਾ ਹਾਂ ਸ਼ਿਵਤਵ, ਨਿਰਵਾਣ ਮੇਰੀ ਆਤਮਾ ਜਨਮ ਜਨਮਾਂਤਰਾਂ ਤੋਂ ਵਿਆਕੁਲ ਹੈ ਸਦਾਸ਼ਿਵ ਨਾਲ਼ ਏਕੀਕਾਰ ਹੋਣ ਲਈ... ਹੇ ਆਦਿ ਸ਼ਕਤੀ, ਮੈਨੂੰ ਦਿਗੰਬਰ, ਮਿਰਗਧਰ, ਆਦਿ-ਜੋਗੀ, ਸ਼ੰਕਰ ਨੂੰ ਪ੍ਰਾਪਤ ਹੋਣ ਦਾ ਵਰ ਦੇ ਹੇ ਪਰਮ-ਕਿਰਪਾਲੂ, ਦਿਆਲੂ ਮਾਂ, ਮੇਰੀ ਸਹਾਇਤਾ ਕਰ ਕਿ ਮੈਂ ਸਦੀਵੀ ਜੋਤਿ ਦੇ ਅਲੌਕਿਕ ਚਾਨਣ ਨੂੰ ਭਰ ਸਕਾਂ ਆਪਣੇ ਅੰਦਰ ਹੇ ਆਦਿ ਸ਼ਕਤੀ, ਮੈਂ ਪਰਮਾਨੰਦ ਚਾਹੁੰਦਾ ਹਾਂ ਮੈਂ ਈਸ਼ਵਰੀ ਗੁਣਾਂ ਨਾਲ ਸ਼ਰਸ਼ਾਰ ਹੋ ਜਾਣਾ ਚਾਹੁੰਦਾ ਹਾਂ ਤੇ ਸਾਰੇ ਹਨ੍ਹੇਰਿਆਂ ਤੋਂ ਪਾਰ ਹੋ ਜਾਣਾ ਚਾਹੁੰਦਾ ਹਾਂ

ਜੋਤਿ ਪ੍ਰਕਾਸ਼

ਹੇ ਤ੍ਰਿਪੁਰਾ ਸੁੰਦਰੀ, ਇਹ ਦੈਵੀ ਗਿਆਨ ਦੀ ਸਦੀਵੀ ਜੋਤਿ ਬਲਦੀ ਰੱਖ ਮੇਰੇ ਅੰਦਰ ਇਸ ਜੋਤਿ ਦੇ ਚਾਨਣ 'ਚ ਚਾਨਣ ਚਾਨਣ ਹੁੰਦੇ ਤ੍ਰਿਭਵਨ ਚੀਜ਼ਾਂ ਦੀ ਅਸਾਰਤਾ ਆਤਮ-ਤੱਤ ਦੀ ਸੂਝ ਅਤੇ ਪਰਮ-ਪੁਰਸ਼ ਦੇ ਚਰਨ ਕਮਲਾਂ ਦੀ ਪਵਿੱਤਰ ਛੁਹ ਦਾ ਅਹਿਸਾਸ ਜਾਗਦਾ ਤੇ ਬ੍ਰਹਮ ਦੇ ਅਨੰਤ ਪਾਸਾਰ ਨਾਲ਼ ਜੁੜਦੀ ਕਾਇਆ ਹੇ ਮਾਂ, ਇਸ ਅੰਧਕਾਰ ਦੀ ਗਹਿਰੀ ਗੁਫ਼ਾ 'ਚ ਭਟਕੀਆਂ ਇੰਦਰੀਆਂ ਨੂੰ ਦਿਵਯ-ਲੋਕ ਦੀ ਦਿਸ਼ਾ ਦੇ... ਹੇ ਮਾਂ, ਮੈਨੂੰ ਆਪਣਾ ਵਾਤਸਲੀ ਪਿਆਰ ਦੇ ਆਪਣੀ ਕਲਾ ਦੀ ਛੋਹ ਨਾਲ਼ ਮੇਰੇ ਅੰਦਰ ਸਤੋਗੁਣੀ ਪ੍ਰਕਾਸ਼ ਭਰ ਦੇ ਤੇ ਮੇਰੇ ਦਿਲ 'ਚੋਂ ਮਾਇਆਵੀ ਖ਼ਿਆਲਾਂ ਦਾ ਤਿਮਿਰ ਸਦਾ ਲਈ ਦੂਰ ਕਰ ਦੇ...

ਕੌਣ

ਕੌਣ ਚੋ ਰਿਹੈ ਆਕਾਸ਼ ਅੰਦਰ ਕਿਰਨਾਂ ਦੀਆਂ ਗਾਵਾਂ ਨੂੰ ਕੌਣ ਹੱਕ ਰਿਹੈ ਸੂਰਜ ਦਾ ਰਥ ਖਿੱਚਦੇ ਅਸ਼ਵਾਂ ਨੂੰ ਕੌਣ ਸੁੱਤਾ ਪਿਐ ਸ਼ੇਸ਼ ਨਾਗ ਦੀ ਚੱਟਾਈ 'ਤੇ ... ... ... ਮੇਰੇ ਅੰਦਰ ਬੀਜ ਦਿੰਦਾ ਕੌਣ ਚਾਨਣ ਹੇ ਉਸ਼ੇ, ਮੈਂ ਪ੍ਰਸ਼ਨਾਂ ਦੀ ਧੁੰਦ ਤੋਂ ਪਾਰ ਦੇਖਣਾ ਚਾਹੁੰਦਾ ਹਾਂ ਮੈਂ ਸਾਰੀਆਂ ਚੀਜ਼ਾਂ ਦਾ ਸਾਰ ਦੇਖਣਾ ਚਾਹੁੰਦਾ ਹਾਂ

ਆਹੂਤੀ

ਹੇ ਅਗਨ, ਭੇਟ ਕਰਦਾਂ ਤੈਨੂੰ ਇੰਦਰੀਆਂ ਦੀ ਸਾਮੱਗ੍ਰੀ ਇਸ ਲਈ ਕਿ ਤੇਰੇ ਚਾਨਣ 'ਚ ਮੇਰੇ ਅੰਦਰਲਾ ਸੁੰਨ-ਸਥਾਨ ਦਿਸ ਪਵੇ ਮੈਨੂੰ ਦੇ ਰਿਹਾਂ ਦੁਨੀਆਂ ਭਰ ਦੇ ਵਿਚਾਰਾਂ ਦੀ ਆਹੂਤੀ ਕਿ ਅੰਦਰਲੀ ਖ਼ੁਸ਼ੀ ਤਾਂ ਸਿਰਫ਼ ਤੇਰਾ ਤੇਜ ਹੈ ਮੇਰੀ ਜਾਲ ਰਿਹਾਂ ਉਹ ਸਾਰੇ ਆਕਾਰ ਜੋ ਵਸਤਾਂ ਬਣ ਕੇ ਪਏ ਨੇ ਮੇਰੇ ਅੰਦਰ ਅਤੇ ਮੈਂ ਵੇਖਣਾ ਚਾਹੁੰਦਾਂ ਨਿਰਭਾਵ ਜਿਹਾ ਉਹ ਸਥਾਨ ਜਿੱਥੇ ਨਾ ਮੇਰਾ ਵਜੂਦ ਹੈ ਨਾ ਮੇਰੀ ਕਾਇਨਾਤ ਦਾ ਕੋਈ ਵੇਰਵਾ ਹੇ ਅਗਨ, ਤੇਰੇ ਸਪੁਰਦ ਕਰਦਾਂ ਜਿਸਮ ਦੀ ਮਿੱਟੀ ਦਾ ਪਾਸਾਰ ਇਹ ਸਾਰੇ ਵੇਲਾਂ-ਬੂਟੇ, ਤੱਤ ਸਾਰੇ ਲਹੂ ਦੇ ਰਕਤਾਣੂਆਂ ਸਮੇਤ ਕਿ ਇਹ ਸਭ ਕੁਝ ਤਾਂ ਤੇਰਾ ਬਾਲਣ ਹੈ ਮੇਰੀ ਤਾਂ ਸਿਰਫ਼ ਇਕ ਥਾਂ ਹੈ ਸੁੰਨ ਜਿਹੀ ਤੇ ਮੈਂ ਉਹ ਥਾਂ ਪ੍ਰਕਾਸ਼ਮਾਨ ਦੇਖਣੀ ਚਾਹੁੰਦਾ ਹਾਂ...

ਅਗੰਮੀ ਇੱਛਾ

ਹੇ ਆਦਿ ਜੋਗੀ ਨਾਥ, ਕਿਵੇਂ ਜਾਗਦੀ ਹੈ ਸੁੱਤੀ ਹੋਈ ਸੱਪਣੀ ਕਿਵੇਂ ਹੁੰਦਾ ਹੈ ਪ੍ਰਾਕ੍ਰਿਤੀ ਤੇ ਪੁਰਸ਼ ਦਾ ਯੋਗ ਕਿਵੇਂ ਬਿੰਨ੍ਹੀ ਜਾਂਦੀ ਹੈ ਕਾਮ-ਕਲਾ ਸ਼ਕਤੀ ਜਿਸ ਤੋਂ ਮਿਲਦਾ ਹੈ ਅੰਮ੍ਰਿਤ-ਰਸ ਨੂੰ ਪੀਣ ਦਾ ਅਕਹਿ ਅਨੰਦ ਤਿੰਨਾਂ ਗੁਣਾਂ ਤੋਂ ਪਾਰ ਦੀ ਮੁਕਤ-ਅਵਸਥਾ ਕਿਵੇਂ ਮਿਲਦੀ ਹੈ ਹੇ ਜਗਦੰਬਰ, ਮੈਂ ਇਹ ਜਾਨਣਾ ਚਾਹੁੰਦਾ ਹਾਂ...

ਸਦਾ ਸ਼ਿਵ

ਬਰਫ਼ਾਨੀ ਕੈਲਾਸ਼ 'ਤੇ ਸੋਭਾਇਮਾਨ ਹੇ ਮਹਾਂਦੇਵ, ਤੇਰੇ ਚੰਨ, ਸੂਰਜ ਦਿਵਯ-ਚਕਸ਼ੂਆਂ 'ਚੋਂ ਝਰ ਰਿਹਾ ਜੋ ਤੇਜ ਮੇਰੇ ਹਿਰਦੇ ਵਿਚ ਕਰੇ ਪ੍ਰਵੇਸ਼ ਹੇ ਉਮਾਪਤਿ, ਹੇ ਨਟਰਾਜ, ਤੇਰੀ ਲੀਲ੍ਹਾ ਇਹ ਧਰਤੀ ਤੇ ਆਕਾਸ਼ ਸਗਲ ਪ੍ਰਕ੍ਰਿਤੀ ਰੂਪ ਤੇਰਾ ਤੇਰੀ ਤੀਜੀ ਗਿਆਨ ਅੱਖ ਦਾ ਚਮਤਕਾਰ ਹੇ ਸਦਾਸ਼ਿਵ, ਬ੍ਰਹਮ-ਯੋਗੀ, ਹੇ ਆਦਿ-ਦੇਵ, ਹੇ ਨ੍ਰਿਤਕਾਰ, ਨ੍ਰਿਤ ਤੇਰਾ ਆਦਿ ਤੋਂ ਅਨੰਤ ਤੀਕ ਗਤੀਮਾਨ ਗੂੰਜਦੇ ਤ੍ਰੈਲੋਕ ਤੇਰੀ ਤਾਲ 'ਤੇ ਪੁਰਸ਼ ਵੀ ਤੂੰ ਪ੍ਰਾਕ੍ਰਿਤੀ ਵੀ ਤੂੰ ਭਗਤੀ ਵੀ ਤੂੰ ਸ਼ਕਤੀ ਵੀ ਤੂੰ ਮੇਰੇ ਅੰਦਰ ਬਾਹਰ ਸਾਰੇ ਤੂੰ ਹੀ ਤੂੰ ਹਰ ਹਰ ਮਹਾਂਦੇਵ, ਹੇ ਯੋਗੀ-ਰਾਜ, ਤੈਨੂੰ ਮੇਰੀ ਨਮਸਕਾਰ

ਵੈਸ਼ਵਾਨਰ

ਹੇ ਵੈਸ਼ਵਾਨਰ, ਤੇਰੀ ਆਰਾਧਨਾ ਕਰਦਾ ਹਾਂ ਸਾਤਵਿਕ ਭੋਜਨ ਗ੍ਰਹਿਣ ਕਰਕੇ ਨੇਕ, ਸੁੱਚੇ ਵਿਚਾਰਾਂ, ਚੰਗੀਆਂ ਭਾਵਨਾਵਾਂ ਤੇ ਸ਼ੁਭ ਕਰਮਾਂ ਨਾਲ਼... ਤੇਰੀ ਪੂਜਾ ਲਈ ਅੰਨ-ਜਲ ਦੀ ਆਹੂਤੀ ਦੇ ਰਿਹਾਂ ਹਰ ਪਲ ਹੋਮ ਕਰਦਾ ਹਾਂ ਪ੍ਰਾਣਾਂ ਦੀ ਸਾਮੱਗ੍ਰੀ ਕੁਦਰਤ ਰਚਦੀ ਹੈ ਯੱਗ ਮੇਰੇ ਅੰਦਰ ਵੀ ਸਹਿਜ-ਸੁਭਾਅ ਯੱਗਮਈ ਹੈ ਸਭ ਕੁਝ... ਇਸ ਆਕਾਰ-ਕੁੰਡ ਅੰਦਰ ਆਪਣੇ ਆਪ ਹੋ ਰਿਹਾ ਹੈ ਮਹਾਂਯੱਗ ਜਿਸ ਲਈ ਸਮਰਪਣ ਕਰਦਾ ਹਾਂ ਆਪਣਾ ਆਪ

ਗਣਪਤਿ

ਹੇ ਗਣਪਤਿ, ਸਗਲ ਭਵਨ ਤੇਰੇ ਕੋਲੋਂ ਮੰਗਦੇ ਤਿਮਿਰ ਮਿਟਾਵਣ ਲਈ ਪ੍ਰਕਾਸ਼ ਜਲ, ਧਰਤੀ, ਪੌਣ, ਅਗਨ, ਆਕਾਸ਼ 'ਕਲ ਕਲ' ਕਰਦੇ ਵਹਿੰਦੇ ਦਰਿਆ ਅੰਬਰ ਨੂੰ ਜਾ ਮਿਲਦੇ ਪਰਬਤ ਬਿਰਖਾਂ-ਬੂਟੇ, ਜੀਆ-ਜੰਤ ਤੇਰੀ ਮਹਿਮਾ ਕਰਨ ਬੇਅੰਤ... ਹੇ ਧਰਣੀਧਰ, ਹੇ ਗੋਪਾਲਾ, ਭਰ ਦੇ ਮੇਰੇ ਦਿਲ ਦਾ ਪਿਆਲਾ ਪਿਆਰ ਤੇਰੇ ਦਾ ਪੀ ਕੇ ਅੰਮ੍ਰਿਤ ਹੋ ਜਾਵਾਂ ਮੈਂ ਵੀ ਮਤਵਾਲਾ ਹੇ ਕਿਰਪਾਲੂ, ਦੀਨ-ਦਿਆਲੂ, ਈਸ਼ ਵੀ ਤੂੰ, ਜਗਦੀਸ਼ ਵੀ ਤੂੰ ਏਂ ਸ਼ੇਸ਼ ਵੀ ਤੂੰ, ਮਹੇਸ਼ ਵੀ ਤੂੰ ਏਂ ਦਿਲ ਅੰਦਰ ਆਵੇਸ਼ ਵੀ ਤੂੰ ਏਂ ਨਿਹਚਲ ਸਦਾ ਹਮੇਸ਼ ਵੀ ਤੂੰ ਏਂ ਆਦਿ ਗੁਰੂ ਤੂੰ ਏਕੰਕਾਰਾ ਗੂੰਜ ਰਿਹੈ ਤ੍ਰਿਲੋਕੀ ਅੰਦਰ ਤੇਰੀ ਮਹਿਮਾ ਦਾ ਜੈਕਾਰਾ ਤੂੰ ਏਂ ਮੇਰਾ ਪ੍ਰਾਣ-ਆਧਾਰਾ ਦੇਹੀ ਵਿਚ ਕਰਦਾ ਉਜਿਆਰਾ

ਪਰਜਾਪਤਿ

ਹੇ ਪਰਜਾਪਤਿ, ਤੇਰੇ ਨਿਰਗੁਣ ਰੂਪ ਅੰਦਰ ਆਪਣੀ 'ਮੈਂ' ਨੂੰ ਗੰਵਾਉਣਾ ਸੁੰਨ ਅੰਦਰ ਜਾ ਸਮਾਉਣਾ 'ਓਮ' ਅੰਦਰ ਲੀਨ ਹੋਣਾ ਮੈਂ ਤਾਂ ਚਾਹਾਂ... ਦੇਹੀ ਅੰਦਰ ਸ਼ਬਦ-ਸੁਰਤਿ ਦਾ ਮਿਲਨ ਸੱਚਦਾਨੰਦ ਦੈਵੀ ਅੰਮ੍ਰਿਤ-ਰਸ ਦਾ ਪਾਨ ਅਸੀਮ ਰੌਸ਼ਨੀ ਦਾ ਪਾਸਾਰ ਮੈਂ ਤਾਂ ਚਾਹਾਂ... ਸ਼ਿਵ-ਸ਼ਕਤੀ ਦਾ ਯੋਗ ਹੋਵੇ ਵਿਯੋਗ ਨਹੀਂ, ਸੰਜੋਗ ਹੋਵੇ ਮੈਂ ਨਾ ਹੋਵਾਂ, ਤੂੰ ਹੀ ਹੋਵੇ ਤੇਰਾ ਹੀ ਹੋਵੇ ਅਨੁਰਾਗ ਸੁੱਤੀ ਸੱਪਣੀ ਪਵੇ ਜਾਗ ਖੁੱਲ੍ਹ ਪਵੇ ਦਸਮ-ਦੁਆਰ ਪਾ ਸਕਾਂ ਮੈਂ ਤੇਰਾ ਪਿਆਰ

ਵਰੁਣ ਦੇਵ

ਹੇ ਮਹਾਂਬਲੀ ਵਰੁਣ ਦੇਵ, ਹੇ 'ਪਵਨ ਪੁੱਤਰ' ਦੇ ਪਿਤਾ ਮੇਰੇ ਮਨ ਦੇ ਮੇਰੂ ਪਰਬਤ ਨੂੰ ਵੀ ਸਮੁੰਦਰ ਬਣਾ ਬਹੁਤ ਨੇ ਪ੍ਰਬਲ ਇੰਦਰੀਆਂ ਲੈ ਕੇ ਗਦਾ ਯੁੱਧ ਕਰ ਮੇਰੇ ਅੰਦਰ ਸੂਰਜੀ ਸਦ-ਬਿਰਤੀ ਦਾ ਪ੍ਰਕਾਸ਼ ਭਰ ਮਨੋਬਿਰਤੀਆਂ ਦੀ ਲਟਾ ਲਟ ਬਲਦੀ ਹੈ ਜੋ ਦਾਵਾਨਲ ਆਪਣੇ ਬਲ ਨਾਲ ਸ਼ਾਂਤ ਕਰ ਹੇ ਵਰੁਣ ਦੇਵ, ਮੇਰੇ ਅੰਦਰ ਸਤੋਗੁਣ ਬਲਵਾਨ ਕਰ

ਸ਼ਰਣਾਗਤ

ਹੇ ਕ੍ਰਿਸ਼ਨ, ਤੇਰੇ ਚਰਨ-ਕਮਲਾਂ 'ਚ ਝੁਕ ਕੇ ਮੈਂ ਇੰਦਰੀਆਂ ਦੀ ਕੈਦ ਤੋਂ ਮੁਕਤੀ ਲਈ ਬੇਨਤੀ ਕਰਦਾ ਹਾਂ ਸਵੀਕਾਰ ਕਰਨਾ ਇਹ ਮੇਰੇ ਅੱਥਰੂਆਂ ਦੀ ਤਿਪ ਤਿਪ ਇਹ ਮੇਰੇ ਹਿਰਦੇ ਦੀ ਵੇਦਨ ਇਹ ਮੇਰੀ ਆਤਮਾ ਦੀ ਵਿਆਕੁਲਤਾ ਮੇਰੀ ਕਾਇਆ 'ਚ ਜੋ ਅਵਿੱਦਿਆ ਦਾ ਅੰਧਕਾਰ ਹੈ ਦੈਵੀ-ਗਿਆਨ ਦੇ ਚਾਨਣ ਨਾਲ਼ ਦੂਰ ਕਰਨਾ ਹੇ ਦੀਨ-ਬੰਧੂ, ਮੈਨੂੰ ਪਤਿਤ ਤੋਂ ਪਾਵਨ ਕਰਨਾ ਮੇਰੇ 'ਤੇ ਮਿਹਰ ਕਰਨਾ ਹੇ ਨੰਦ ਲਾਲ, ਤੇਰਾ ਇਕ ਨਾਂ 'ਦਮੋਦਰ' ਹੈ ਮੇਰੀਆਂ ਮੋਹ-ਮਾਇਆ ਦੀਆਂ ਬੇੜੀਆਂ ਕੱਟ ਦੇਣਾ ਬਹੁਤ ਚਿਰ ਬਾਦ ਤੇਰੀ ਸ਼ਰਣਾਗਤ ਹੋਇਆ ਹਾਂ

ਰਾਧਿਕਾ ਬੋਲੀ...

ਹੇ ਨਟਵਰ, ਮਹਾਂ ਰਾਸ ਅੰਦਰ ਤੇਰੇ ਨਾਲ ਮੈਂ ਕਣ ਕਣ ਕਿਣਮਿਣ ਹੁੰਦੀ ਹਾਂ ਮੇਰੇ ਜਿਸਮ ਦਾ ਰੋਮ ਰੋਮ ਬਣ ਜਾਂਦਾ ਵ੍ਰਿੰਦਾਵਣ ਆਤਮਾ ਦਾ ਖਿੜ ਪੈਂਦਾ ਸ਼ਵੇਤ-ਕਮਲ ਤੇਰੇ ਸੌਂਫੀਏ ਸਾਹਾਂ ਦੀ ਛੋਹ ਨਾਲ਼ ਲਰਜ਼ਦੀ, ਮਧੁਰ ਆਵਾਜ਼ ਛਿੜਦੀ ਮੇਰੀ ਕਾਇਆ ਦੀ ਬੰਸਰੀ 'ਚੋਂ ਫਿਰ ਮੈਂ ਤੇਰੀ ਹੁੰਦੀ ਹਾਂ ਮੋਹਨ, ਮੈਂ ਨਹੀਂ ਹੁੰਦੀ ਮੇਰੇ 'ਚ ਭੋਰਾ ਵੀ ਮੇਰੇ ਅੰਦਰ ਸਾਰੇ ਦਾ ਸਾਰਾ ਤੂੰ ਹੁੰਦਾ ਏਂ ਮੋਰਪੰਖੀ

ਗੋਪੀਆਂ

ਤੇਰੇ ਵਿਯੋਗ 'ਚ ਉਦਾਸ ਨੇ ਗੋਪੀਆਂ ਕਾਹਨ, ਲੁੱਛ ਲੁੱਛ ਤੜਪਦੀਆਂ ਜਾਨ ਤੋੜਦੀਆਂ ਪਲ ਪਲ ਸਦੀਆਂ ਵਾਂਗ ਬਿਤਾਉਂਦੀਆਂ ਅੰਦਰ ਡੂੰਘੀਆਂ ਕਸਕਾਂ ਉੱਠਦੀਆਂ ਅੰਗ ਮੁੜ ਮੁੜ ਜਾਂਦੇ ਰੂਹ ਤੀਕ ਬੇਚੈਨ ਹੁੰਦੀਆਂ... ਕਦ ਮੁੜੇਂਗਾ ਰਾਧਾ ਕੋਲੋਂ, ਰੁਕਮਣੀ ਕੋਲੋਂ ਕਦ ਕੱਢ ਸਕੇਂਗਾ ਸਾਡੇ ਲਈ ਵੀ ਕੁਝ ਸਮਾਂ ਹੁਣ ਤਾਂ ਮੁੱਦਤਾਂ ਹੀ ਹੋ ਗਈਆਂ ਨੇ ਤੇਰੀ ਮਧੁਰ ਬੰਸਰੀ ਦੀ ਤਾਨ ਸੁਣਿਆਂ ਤੇਰਾ ਕਾਲਜਿਆਂ ਨੂੰ ਠੰਡ ਪਾਉਂਦਾ ਕੋਈ ਬੋਲ ਸੁਣਿਆਂ ਤੇਰੇ ਕੋਲ ਬੈਠਿਆਂ ਤੇਰੇ ਨਾਲ਼ ਮਿਲ਼ ਕੇ ਰਾਸ ਰਚਾਇਆਂ ਬਹੁਤ ਚਿਰ ਹੋ ਗਿਆ ਹੈ ਗੋਪਾਲਿਆ, ਸਾਡੀ ਸੰਗ, ਸ਼ਰਮ, ਲਾਜ, ਸ਼ੀਲ ਦੇ ਰਖਵਾਲਿਆਂ ਹੇ ਨਟਵਰ, ਹੇ ਮੋਰਪੰਖੀ, ਹੇ ਮੁਰਲੀਧਰ, ਹੇ ਸੋਲਾਂ ਕਲਾ ਸੰਪੂਰਨ ਕ੍ਰਿਸ਼ਨ, ਅਸੀਂ ਤੇਰੇ ਦੀਦਾਰ ਨੂੰ ਤਰਸ ਗਈਆਂ ਹਾਂ ... ... ... ਤੇਰੇ ਪਦਮਾਂ ਨੂੰ ਆਪਣੀਆਂ ਛਾਤੀਆਂ 'ਤੇ ਧਰ ਕੇ ਫਿਰ ਪਲੋਸਣਾ ਚਾਹੁੰਦੀਆਂ ਹਾਂ ਹੇ ਕ੍ਰਿਸ਼ਨ, ਅਸੀਂ ਜੋ ਜਨਮ-ਜਨਮਾਂਤਰਾਂ ਦੀਆਂ ਤੇਰੀਆਂ ਦਾਸੀਆਂ ਹਾਂ ਤੇਰੇ ਬਿਨ ਬਹੁਤ ਉਦਾਸੀਆਂ ਹਾਂ

ਅੰਤਰ ਯਾਤ੍ਰਾ

ਮੈਂ ਤੀਰਥੰਕਰ ਹਾਂ ਜਗਿਆਸੂ ਹਾਂ ਆਸਤਕ ਹਾਂ ਬ੍ਰਹਮ ਦੇ ਨਿਰਾਕਾਰ ਸਰੂਪ ਨੂੰ ਜਾਨਣ ਲਈ ਮੈਂ ਡੰਡਾਉਤ ਬੰਦਨਾ ਕਰਦਾ ਹਾਂ ਮੈਂ ਆਪਣਾ ਆਪ ਲੱਭਦਾ ਫਿਰਦਾ ਹਾਂ ਹੇ ਮੇਰੇ ਜਿਸਮ ਦੇ ਪੰਜ ਭੂਤੋ, ਚਲੋ ਆਤਮਿਕ ਮੰਡਲਾਂ 'ਚ ਭ੍ਰਮਣ ਕਰੋ

ਅਨੁਕੰਪਾ

ਬ੍ਰਹਮ-ਜੋਤਿਕਾਰ ਅੱਗੇ ਸੀਸ ਝੁਕਾਉਂਦਾ ਹਾਂ ਬਾਰੰਮਬਾਰ ਗਿਆਨ ਦੀ ਗੰਗਾ ਅੰਦਰ ਇਸ਼ਨਾਨ ਕਰਦੀ ਆਤਮਾ-ਨਾਰ ਵਿਗਸਦੀ ਲਹਿਰ ਲਹਿਰ ਹੁੰਦੀ... ਜਮਨਾ ਤੱਟ 'ਤੇ ਰਾਧਾ ਚੁੰਮਦੀ ਮੋਹਨ ਦੀ ਬੰਸਰੀ ਧਰਤੀ ਦੇ ਦਿਲ ਜਿੰਨੀ ਸ਼ਾਂਤ ਹਰੀ ਦੇ ਚਰਨ-ਕਮਲਾਂ ਦੀ ਅਗੰਮੀ ਮਹਿਕ 'ਚ ਗੁਆਚ ਜਾਂਦੀ ਮੇਰੇ ਅੰਦਰ ਅਸੀਮ ਦੀ ਪਵਿੱਤਰ ਛੋਹ ਲਈ ਬਿਹਬਲਤਾ ਦੀ ਸਿਖਰ ਹੁੰਦਾ ਹੈ ਪ੍ਰੇਮ ਸ਼ਿਵ-ਸ਼ਕਤੀ ਦੇ ਦੁਮੇਲ 'ਤੇ ਚੜ੍ਹਿਆ ਚੰਨ ਮਲ੍ਹਕੜੇ ਜਿਹੇ ਮੇਰੇ ਪ੍ਰਾਣਾਂ 'ਚ ਉਤਰਦਾ ਹੈ ਤੇ ਭਰ ਲੈਂਦਾ ਹੈ ਮੇਰੀ ਆਤਮਾ ਨੂੰ ਵਿਸ਼ਾਲ ਸੀਤਲਾਈ ਬਾਹਾਂ ਅੰਦਰ ਪਿਆਰ ਨਾਲ਼ ਭਰਪੂਰ ਕਰਦਾ...

ਪ੍ਰੇਰਨਾ

ਅਸੀਮ ਸੀਤਲਤਾ ਭਰੇ ਅਨੰਦ ਦੇ ਅਨੁਭਵ ਲਈ ਜਦ ਵੀ ਉਤਰਦਾ ਹਾਂ ਅਵਚੇਤਨ ਦੇ ਪਾਣੀਆਂ 'ਚ ਪ੍ਰੇਰਿਤ ਹੋ ਉੱਠਦਾ ਹੈ ਕੁਝ ਅੰਦਰੋਂ ਬ੍ਰਹਮ 'ਚ ਅਭੇਦ ਹੋਣ ਲਈ ਤਰੰਗਿਤ ਹੋ ਉੱਠਦੀ ਹੈ ਆਤਮਾ ਧੁੰਨੀ 'ਚੋਂ ਉੱਠਦੀਆਂ ਲਹਿਰਾਂ ਨਾਲ਼ ਮਨ ਸ਼ਬਦਾਂ ਦੇ ਸ਼ੀਸ਼ੇ 'ਚੋਂ ਦਿਖਾਉਣ ਲਗ ਜਾਂਦਾ ਉਸਨੂੰ ਜੋ ਮੇਰੇ ਅੰਦਰ ਜਗਦਾ ਹੈ ਅਨੰਤ ਕਾਲ ਤੋਂ ਨਿਰਵਿਕਾਰ, ਨਿਰਾਲੰਭ...

ਬ੍ਰਹਮ ਰੂਪਣੀ

ਮੇਰੇ ਪ੍ਰਾਣ ਅਕਾਸ਼ 'ਚ ਵਗਦੇ ਧਰਤੀ 'ਚੋਂ ਅੰਕੁਰ ਬਣ ਬਣ ਫੁੱਟਦੇ ਤੇ ਬਣ ਜਾਂਦੇ ਅਸ਼ਵੱਥ-ਰੁੱਖ ਰੁੱਖ ਕਿ ਜਿਸਦੇ ਪੱਤਿਆਂ 'ਤੇ ਨ੍ਰਿਤ ਕਰਦੀ ਰੋਜ਼ ਉਸ਼ਾ ਹਰ ਇਕ ਪੱਤੇ ਨੂੰ ਬਣਾਉਂਦੀ ਅਨਹਤ ਨਾਦ ਮੈਂ ਕੋਈ ਪ੍ਰਣਵ ਅੱਖਰ ਓਮ ਧੁਨੀਕਾਰ ਪਰਮਾਨੰਦ ਯੋਗ-ਨਿਦ੍ਰਾ 'ਚ ਲੀਨ ਬ੍ਰਹਮ-ਕਵਿਤਾ

ਬ੍ਰਹਮ ਜੋਤਿਕਾਰ

ਸੁਰਤਿ-ਸ਼ਬਦ ਧਰਤੀ-ਆਕਾਸ਼ ਪੁਰਸ਼-ਪ੍ਰਾਕ੍ਰਿਤੀ ਲਿੰਗ-ਯੋਨੀ ਸ਼ਿਵ-ਸ਼ਕਤੀ ਮੇਰੇ ਲਈ ਨੇ ਧਿਆਨ-ਬਿੰਦੂ... ਮੈਂ ਓਮ ਦਾ ਆਕਾਰ ਹਾਂ ਬ੍ਰਹਮ-ਜੋਤਿਕਾਰ ਹਾਂ ਉਸ ਮਹਾਂਸਾਗਰ ਦੀ ਇਕ ਲਹਿਰ ਹਾਂ ਆਦਿ ਪੁਰਸ਼ ਨਾਲ਼ ਪੰਜਾਂ ਤੱਤਾਂ ਦੀ ਲੀਨਤਾ ਹਾਂ ਬ੍ਰਹਮ ਤੇ ਮਾਇਆ ਦਾ ਮਿਲਨ-ਬਿੰਦੂ ਸਹੰਸਰਾਰ ਚੱਕਰ, ਮੂਲ ਸਤੰਭ ਬਿੰਦੂ-ਵਿਸਤਾਰ ਮੈਂ ਨਿਰਾਕਾਰ ਮੁਕਤ ਮੈਂ ਸੋਹਮ-ਅਵਸਥਾ ਬ੍ਰਹਮਤਵ

ਬ੍ਰਹਮ ਅਨੁਭੂਤੀ

ਮੈਂ ਸ਼ਾਂਤ ਕਰਦਾ ਹਾਂ ਇੰਦਰੀਆਂ ਦੀ ਦਾਵਾਨਲ ਮੋੜਦਾ ਹਾਂ ਮਨ ਦੇ ਚੰਚਲ ਘੋੜਿਆਂ ਨੂੰ ਸਤੋਗੁਣ ਦੀ ਵਾਦੀ ਵੱਲ ਆਤਮਾ ਨੂੰ ਜਾਣਨ ਲਈ ਕਰਦਾ ਹਾਂ ਸਫ਼ਰ ਪਲ ਪ੍ਰਤੀ ਪਲ ਮੈਨੂੰ ਤਾਂ ਵੇਦਾਂ ਨੇ, ਗ੍ਰੰਥਾਂ ਨੇ ਸਾਧੂਆਂ ਤੇ ਸੰਤਾਂ ਨੇ ਪੀਰਾਂ ਨੇ, ਫ਼ਕੀਰਾਂ ਨੇ ਗੁਰੂਆਂ ਤੇ ਭਗਤਾਂ ਨੇ ਇਹੋ ਸਮਝਾਇਆ ਹੈ ਕਿ ਜਿਸ ਨੇ ਵੀ ਸੱਚ ਨੂੰ ਪਾਇਆ ਹੈ ਆਪਣੇ ਦਿਲ 'ਚੋਂ ਪਾਇਆ ਹੈ ਹਵਾ, ਪਾਣੀ, ਧਰਤੀ, ਅਗਨ, ਆਕਾਸ਼ ਵਾਂਗ ਸਭ ਦੇ ਅੰਦਰ ਹੈ ਬ੍ਰਹਮ ਜ਼ਾਹਰ ਓਹੀ, ਬਾਤਨ ਵੀ ਕਰ ਸਕੇਂ ਤਾਂ ਕਰ ਅਨੁਭੂਤੀ

ਬ੍ਰਹਮ ਲੀਨਤਾ

ਹੇ ਸੂਰਜ, ਮੇਰੇ ਦਿਲ ਅੰਦਰ ਸੱਚ ਨੂੰ ਜਾਨਣ ਦੀ ਚੇਤਨਾ ਦਾ ਪ੍ਰਕਾਸ਼ ਭਰ ਹੇ ਅਗਨੀ, ਮੇਰੀਆਂ ਲਾਲਸਾਵਾਂ ਨੂੰ ਸਾੜ ਕੇ ਪਵਿੱਤਰ ਕਰ ਹੇ ਪਾਣੀ, ਮੇਰੇ ਪਤਿਤ ਵਿਚਾਰਾਂ ਨੂੰ ਰੋੜ੍ਹ ਕੇ ਲੈ ਜਾ ਮੈਥੋਂ ਦੂਰ... ਹੇ ਹਵਾ, ਉਡਾ ਮੇਰੇ ਪ੍ਰਾਣ ਦਿਵਯ-ਲੋਕ ਅੰਦਰ ਹੇ ਆਕਾਸ਼, ਮੈਨੂੰ ਲੈ ਚੱਲ ਸਤੋਗੁਣੀ ਖੰਭਾਂ 'ਤੇ ਬਿਠਾ ਕੇ ਅਨਾਦਿ, ਅਸੀਮ, ਅਨੰਤ ਬ੍ਰਹਮਤਵ ਤੀਕ ਮੈਂ ਬ੍ਰਹਮ 'ਚ ਲੀਨ ਹੋਣਾ ਚਾਹੁੰਦਾ ਹਾਂ ਅੰਮ੍ਰਿਤ ਰਸ- ਜਿਸ ਦਾ ਪਾਨ ਕਰਦੇ ਹਨ ਯੋਗੀਜਨ ਪੀਣਾ ਚਾਹੁੰਦਾ ਹਾਂ ਸੁਰਤ ਨੂੰ ਲਿਵਲੀਨ ਕਰਕੇ ਸ਼ਬਦ ਅੰਦਰ ਸ਼ਿਵ-ਸ਼ਕਤੀ 'ਤੇ ਕੇਂਦਰਿਤ ਹੋਣਾ ਚਾਹੁੰਦਾ ਹਾਂ ਮੈਂ ਅਨੁਭਵ ਕਰਨਾ ਚਾਹੁੰਦਾ ਹਾਂ ਆਪਣੇ ਅੰਦਰ ਤੇ ਬਾਹਰ ਪੱਸਰੀ ਹੋਈ ਰੂਹਾਨੀਅਤ, ਦੈਵੀ-ਪ੍ਰਕਾਸ਼ ਮੈਂ ਪ੍ਰਭੂ-ਪ੍ਰੇਮ ਦੀ ਵਰਖਾ ਅੰਦਰ ਰੂਹ ਤੀਕ ਭਿੱਜਣਾ ਚਾਹੁੰਦਾ ਹਾਂ ਮੈਂ ਸਦੀਵਤਾ ਨੂੰ ਪਾਉਣਾ ਚਾਹੁੰਦਾ ਹਾਂ

ਬ੍ਰਹਮਤਵ

ਮਿੱਟੀ ਅੰਦਰ ਜਿਸ ਤਰ੍ਹਾਂ ਰਚ ਜਾਂਦਾ ਪਾਣੀ ਪਾਣੀ ਅੰਦਰ ਜਿਸ ਤਰ੍ਹਾਂ ਹੁੰਦੀ ਹੈ ਅਗਨੀ ਅਗਨੀ ਅੰਦਰ ਜਿਸ ਤਰ੍ਹਾਂ ਹੈ ਤੇਜ ਰਚਿਆ ਕਾਇਆ ਦੇ ਪ੍ਰਾਣਾਂ 'ਚ ਬ੍ਰਹਮ ਹੈ ਬ੍ਰਹਮ ਸੂਖਮ ਸ੍ਰਿਸ਼ਟੀ ਵੀ, ਵਿਰਾਟ ਵੀ ਬ੍ਰਹਮ ਸਭ ਆਕਾਰ, ਨਿਰਾਕਾਰ ਵੀ ਜੋ ਵੀ ਇਸ ਨੂੰ ਜਾਣਦਾ, ਮਹਿਸੂਸਦਾ ਪਰਿਪੂਰਣ ਬ੍ਰਹਮ ਹੈ...

ਅਬਚਲ ਜੋਤਿ ਆਕਾਸ਼ ਦੀ...

ਅਬਚਲ ਜੋਤਿ ਆਕਾਸ਼ ਦੀ ਲਟ ਲਟ ਬਲੇ ਸਦਾ ਘ੍ਰਿਤ ਨੀਰ, ਰੂੰ ਮੇਘ ਹੈ, ਅਗਨੀ-ਤੇਜ-ਹਵਾ ਨਦੀਆਂ, ਸੂਏ, ਕੱਸੀਆਂ, ਨਾਲੇ, ਚੋਅ, ਦਰਿਆ ਆਖ਼ਰ ਨੂੰ ਮਿਲ ਜਾਣਗੇ ਸਾਗਰ ਦੇ ਵਿਚ ਜਾ ਬ੍ਰਹਮ ਪਾਸਾਰ ਪਾਸਾਰਿਆ ਸਗਲ ਉਸੇ ਦਾ ਰੂਪ ਨੇੜੇ ਪ੍ਰਾਣ ਆਕਾਸ਼ ਦੇ ਸੂਰਜ, ਚੰਨ ਅਨੂਪ ਹਰ ਸਾਹ ਪਵਨ ਸਰੀਰ ਹੈ, ਜਲ, ਅਗਨੀ, ਆਕਾਸ਼ ਸੁੰਨ-ਸਮਾਧੀ, ਸਹਿਜ-ਮਨ, ਖਿੜੇ ਕਮਲ ਪ੍ਰਕਾਸ਼ ਪਹਿਲੇ ਆਸ਼ਕ ਜਾਗਦੇ, ਦੂਜੇ ਜਾਗਣ ਚੋਰ ਤੀਜੇ ਪਹਿਰੇ ਭਗਤ ਜਨ, ਚੌਥੇ ਲੋਕੀਂ ਹੋਰ ਪਾਪ ਚੁਬਾਰੇ ਪੌੜੀਆਂ, ਪੈਰ ਚੜ੍ਹਨ ਤੋਂ ਰੋਕ ਜੇ ਤੂੰ ਜਾਣਾ ਲੋਚਦਾ, ਚਲ ਰਾਂਝਣ ਦੀ ਝੋਕ ਤੇਰੇ ਪਾਕ ਪਿਆਰ ਦੀ ਖੁੱਲ੍ਹਦੀ ਨਿੱਤ ਕਿਤਾਬ ਸਮਝਣ ਵਾਲੇ ਸਮਝਦੇ ਕੀ ਸ਼ਬਦਾਂ ਦੇ ਭਾਵ ਵਣ ਵਣ ਪੰਛੀ ਬੋਲਦੇ, ਬੋਲੀ ਭਾਂਤ-ਸੁਭਾਂਤ ਜੋ ਹਰਿ ਨਾਮ ਚਿਤਾਰਦੀ ਟਿਕਦੀ ਸੁਰਤ ਇਕਾਂਤ ਪੰਜ ਸੁੱਤੇ ਪੰਜ ਜਾਗਦੇ, ਖੁੱਲ੍ਹੇ ਦਸਮ-ਦਵਾਰ ਜਗਮਗ ਜਗਮਗ ਰੌਸ਼ਨੀ ਕਹਿਣ ਲਿਖਣ ਤੋਂ ਪਾਰ

ਚੰਦਨ ਵਾਸ

ਓਮ ਹਰੀ ਹਰੇ ਹਰਿ ਓਮ ਹਰੀ ਹਰੇ ਹਰਿ ਚੱਲ ਰਿਹੈ ਅਜਪਾ-ਜਾਪ ਅਨੰਤ 'ਚੋਂ ਸੁਣਦੇ ਨੇ ਕਣੀਆਂ ਜਿਹੇ ਨਾਦੀ-ਸ੍ਵਰ ਵੱਜ ਰਹੇ ਅਣਗਿਣਤ ਸਾਜ਼ ਸ੍ਵਾਸ ਟਿਕਦੇ ਸਮਾਧੀ ਅੰਦਰ ਬਿੰਦੂ 'ਤੇ ਕੇਂਦਰਿਤ ਹੋ ਜਾਂਦੇ ਖ਼ਿਆਲ ਚਾਨਣ ਨਾਲ ਭਰ ਜਾਂਦਾ ਪ੍ਰਭਾਮੰਡਲ ਉੱਠਦੀ ਚੰਦਨ ਦੀ ਸੁਗੰਧ ਚੰਦਨ ਦੀ ਸੁਗੰਧ ਜੋ ਮੇਰਾ ਪਿੱਛਾ ਕਰਦੀ ਰਚ ਜਾਂਦੀ ਆਤਮਾ ਅੰਦਰ ਫੈਲ ਜਾਂਦੀ ਬਾਹਰਵਾਰ ਤੇ ਜਾਪਦੀ ਵਿਚਰ ਰਹੀ ਨਾਲ਼ ਨਾਲ਼ ਓਮ ਹਰੀ ਹਰੇ ਹਰਿ ਓਮ ਹਰੀ ਹਰੇ ਹਰਿ ਧੁਨ ਉਪਜਦੀ ਲਗਾਤਾਰ

ਅੰਮ੍ਰਿਤ ਕਲ਼ਸ

ਵਾਰ ਵਾਰ ਯਾਦ ਆਉਂਦੇ ਹਨ ਮੈਨੂੰ ਅਨੰਤ ਸੁੰਨ ਵੱਲ ਉੱਠੇ ਹੋਏ ਅੰਮ੍ਰਿਤ-ਕਲ਼ਸ ਤੇ ਮੈਂ ਰਹੱਸ-ਵਾਦੀਆਂ 'ਚ ਖੋ ਜਾਂਦਾ ਹਾਂ ਮੇਰੇ ਦਿਲ 'ਚ ਹੋ ਰਿਹਾ ਹੈ ਪਾਰਵਤੀ ਦਾ ਨਾਚ ਸੋਭਾਇਮਾਨ ਹੈ ਸ਼ਿਵ ਪਦਮ 'ਤੇ ਕਦੇ ਆਉਂਦਾ ਹੈ ਨਟਵਰ ਹੋਠਾਂ 'ਤੇ ਮੁਰਲੀ ਸਜਾਈ ਅਗੰਮੀ ਧੁਨਾਂ ਦਾ ਜਾਦੂ ਧੂੜਦਾ ਗੋਪੀਆਂ ਸੰਗ ਮਹਾਂ ਰਾਸ ਰਚਾਉਂਦਾ... ਕਦੇ ਗੂੰਜਦਾ ਹੈ ਸ਼ਿਵ ਦਾ ਸ਼ੰਖ-ਨਾਦ ਮਧੁਰ ਮੁਸਕਾਨ ਬਿਖੇਰਦੀ ਨਾਲ਼ ਹੁੰਦੀ ਹੈ ਮਾਇਆ-ਮੋਹਨੀ ਕਦੇ ਸੁਣਦਾ ਹੈ ਸ਼ਿਵ ਦਾ ਡਮਰੂ ਸ੍ਰਿਸ਼ਟੀ ਬਣਦੀ ਨਾਟਸ਼ਾਲਾ ਜੋਗਨੀਆਂ ਤੇ ਗਣ ਨੱਚਦੇ ਨ੍ਰਿਤ ਵੇਖਦੀ ਖੜੀ ਪਾਰਵਤੀ ਨੱਚਦੇ ਹਨ ਗੰਧਰਵ, ਕਿੰਨੁਰ, ਯਕਸ਼, ਯਕਸ਼ਣੀਆਂ ਨੱਚਦੀ ਪ੍ਰਾਕ੍ਰਿਤੀ ਸਾਰੀ ਇਕਸਾਰ ਮੇਰੇ ਅੰਦਰ ਖਿੜਦਾ ਸਹੰਸਰਾਰ ਪੱਤੀਆਂ ਵਾਲੇ ਬ੍ਰਹਮ-ਕਮਲ ਦਾ ਅਦੁੱਤੀ ਚਾਨਣ ਮਹਾਂ ਆਨੰਦ 'ਚ ਭਿੱਜਦੀ ਕਾਇਆ ਰੋਮ ਰੋਮ ਵਿਸਮਾਦ

ਅੰਮ੍ਰਿਤਧਾਰਾ

ਮੈਂ ਆਤਮਾ ਹਾਂ ਆਪਣੇ ਅੰਦਰ ਤੇ ਬਾਹਰ ਨਿਰੰਤਰ ਜਗਦੀ ਦਿਵਯ-ਜੋਤੀ ਮੇਰੇ ਪ੍ਰਾਣਾਂ ਅੰਦਰ ਅਗੰਮੀ ਜੋਤਿ ਬਲ ਰਹੀ ਹੈ ਮੈਂ ਅਸੀਮ ਦਾ ਪ੍ਰਕਾਸ਼ ਹਾਂ ਮੇਰੇ ਅੰਦਰ ਸ਼ਬਦ ਦੀ ਧੁਨਕਾਰ ਹੈ ਇਹੋ ਹੈ: 'ਆਦਿ ਸੱਚ ਜੁਗਾਦਿ ਸੱਚ' ਅਨਾਦਿ, ਅਨੰਦ ਬ੍ਰਹਮ ਦਾ ਸੰਕਲਪ ਨਿਰਵਿਕਲਪ ਸਮਾਧੀ ਮੋਖ-ਦੁਆਰ ਪਰਮਾਨੰਦ ਸਹੰਸਰਾਰ ਪੱਤੀਆਂ ਵਾਲੇ ਬ੍ਰਹਮ-ਕਮਲ ਦਾ ਚਾਨਣ ਬ੍ਰਹਮ-ਕਮਲ ਜਿਸ ਦੀਆਂ ਪੱਤੀਆਂ 'ਚੋਂ ਨਿਰੰਤਰ ਵਰਸਦੀ ਰਿਮਝਿਮ ਅੰਮ੍ਰਿਤ-ਧਾਰ ਮੇਰੀ ਹੋਂਦ ਅੰਮ੍ਰਿਤ 'ਚ ਕਰ ਰਹੀ ਇਸ਼ਨਾਨ...

ਕਾਮਾਖਿਆ

ਇੱਕ ਬਿੰਦੂ ਅੰਦਰ ਸਿਮਟ ਕੇ ਪੀ ਰਹੀ ਹੈ ਪ੍ਰਾਣ ਮੇਰੇ ਪੀ ਰਹੀ ਹੈ ਨੀਰ ਅਗਨੀ ਪੀ ਰਹੀ ਹੈ ਖ਼ੂਨ ਕਾਲਾ ਭਰ ਭਰ ਖੱਪਰ ਪੀ ਰਹੀ ਹੈ ਪਾਪ ਸਾਰੇ ਦੋ ਪੁਟਾਂ 'ਚ ਸਿੰਗੁੜਦੀ ਦੋ ਪੁਟਾਂ 'ਚ ਫੈਲਦੀ ਰਕਤ-ਵਰਣੀ ਲੱਥ ਪੱਥ ਲਹੂ 'ਚ ਹੈ ਤਲਵਾਰ ਜਿਹੀ ਮਾਰਦੀ ਮੇਰੇ ਹਨ੍ਹੇਰੇ ਹੈ ਕੁਆਰੀ ਅਕੁਲ-ਕਲਾ ਕਾਮਾਖਿਆ ਨਾਦ-ਬਿੰਦੂ ਵਰਣਿਨੀ

ਯੱਗ

ਮੇਰੇ ਪ੍ਰਾਣਾਂ 'ਚ ਇਕ ਅੱਗ ਸੁਲਗਦੀ ਹੈ ਅੰਤਹਾਕਰਣ 'ਚੋਂ ਜਗਦੀ-ਬੁਝਦੀ ਰੌਸ਼ਨੀ ਦਿਸਦੀ ਹੈ ਯੱਗ ਹੋ ਰਿਹਾ ਏ ਯੋਗ ਹੋਵੇਗਾ ਇਸ ਤੋਂ ਬਾਅਦ... ਅੱਖਾਂ 'ਚ ਸ੍ਰਿਸ਼ਟੀ ਸਿਰਜੀ ਤੇ ਬਿਨਸੀ ਜਾਂਦੀ ਯੋਗ-ਸਾਧਨਾ 'ਚ ਜਗਦਾ ਕਣ ਕਣ ਕਾਮ-ਕਲਾ 'ਚ ਗੜੁੱਚ ਮਿੱਟੀ ਇਕ ਝਲਕ ਪ੍ਰਾਕ੍ਰਿਤੀ ਦੀ ਜੋੜਦੀ ਆਦਿ-ਪੁਰਖ ਨਾਲ਼ ਸ਼ਕਤੀ ਸਥਿਰ ਜਿਓਤੀ-ਸਤੰਭ ਸ਼ੁੰਨਯ 'ਚੋਂ ਸੁਣ ਰਹੀ ਨਿਰੰਤਰ ਆਵਾਜ਼ ਵਜ ਰਹੀ ਮ੍ਰਿਦੰਗ ਜਿਵੇਂ ਯੱਗ ਹੋ ਰਿਹਾ ਏ ਯੋਗ ਲਈ ਵਿਆਕੁਲ ਨੇ ਮੇਰੇ ਪ੍ਰਾਣ

ਯੋਗ-ਮਾਇਆ ਦਾ ਨ੍ਰਿਤ

ਹੋ ਰਿਹਾ ਹੈ ਰਾਤ ਦਿਨ ਯੋਗ-ਮਾਇਆ ਦਾ ਨ੍ਰਿਤ ਗਾ ਰਹੇ ਨੇ ਗੀਤ ਗੰਧਰਵ, ਦੇਵਤੇ ਛਾ ਰਿਹਾ ਵਿਸਮਾਦ ਹੈ ਇਕ ਅਗੰਮੀ ਧੁਨ ਉਪਜਦੀ ਲਗਾਤਾਰ ਝਰ ਰਿਹਾ ਹੈ ਰਸ-ਅੰਮ੍ਰਿਤ ਝੂੰਮਦੇ ਹਨ ਤ੍ਰੈਲੋਕ ਸਗਲ ਕੁਦਰਤ ਗਾ ਰਹੀ ਹੈ ਤਾਲ਼ ਦੇਂਦੀ ਉਸਦੀ ਹਰ ਇਕ ਤਾਲ 'ਤੇ ਨ੍ਰਿਤ ਹੈ ਹਰ ਜਾਨ ਅੰਦਰ ਧਰਤ ਤੇ ਅਸਮਾਨ ਅੰਦਰ ਨ੍ਰਿਤ ਦਾ ਵਿਸਤਾਰ ਹੈ ਇਹ ਸ੍ਰਿਸ਼ਟੀ ਨ੍ਰਿਤ ਦਾ ਪਾਸਾਰ ਹੈ

ਕਾਲਬੇਲੀਆ

ਮੈਂ ਕਾਲਬੇਲੀਆ ਸੱਪ ਫੂੰਕਾਰਦਾ, ਰੇਤ ਉਡਾਉਂਦਾ, ਮੇਲ੍ਹਦਾ ਤੱਤੀ ਹਵਾ ਦੇ ਨਾਲ਼ ਨਾਲ਼ ਚਲਦਾ ਧੁੰਨੀ 'ਚੋਂ ਉੱਠਦਾ ਅੱਗ ਦਾ ਭਾਂਬੜ ਲਾਟ ਮੱਚਦੀ ਪਹੁੰਚਦੀ ਸਿਰ ਤਕ ਫਿਰ ਸਿਰ ਤੋਂ ਵੀ ਉੱਚੀ ਅਨੰਤ ਤਕ ਫੈਲਦੀ... ਮਾਰੂਥਲ 'ਚ ਰਹਿੰਦਾ ਹਾਂ ਰੇਤ-ਕਣਾਂ 'ਤੇ ਮੇਰੇ ਜਿਸਮ ਦੀ ਲਿਸ਼ਕੋਰ ਪੈਂਦੀ ਪੱਕਦੀ ਮੇਰੇ ਅੰਦਰ ਪਾਣੀ ਦੀ ਹਰ ਬੂੰਦ ਮਣੀ 'ਚ ਮੇਰੀ ਰੌਸ਼ਨੀ ਮੈਂ ਕਾਲਬੇਲੀਆ ਸੱਪ ਥਲਾਂ ਦਾ ਰਾਹੀ ਅੱਗ ਨਾਲ਼ ਭਰਿਆ ਹੋਇਆ ਜ਼ਹਿਰੀ ਨਿਰਾ ਧੁੰਨੀ 'ਚੋਂ ਉੱਠਦੀ ਲਾਟ ਅੱਗ ਦੀ ਸਿਰ ਤਕ ਉੱਚੀ ਫਿਰ ਉਸ ਤੋਂ ਵੀ ਅੱਗੇ ਜਾਂਦੀ ਅਨੰਤ ਤਕ...

ਕੁੰਡਲ਼ਨੀ

ਮੂਲਾਧਾਰ ਤੋਂ ਸਹੰਸਰਾਰ ਤੀਕ ਲੰਮੀ ਦਮੂੰਹੀਂ ਸੱਪਣੀ ਸੌਂ ਰਹੀ ਹੈ ਜਿਸ ਦੇ ਜਾਗਣ 'ਤੇ ਭਰ ਜਾਵਾਂਗਾ ਮੈਂ ਚਾਨਣ ਦੀ ਅਸੀਮ ਅੰਮ੍ਰਿਤ ਨਾਲ਼ ਫ਼ਿਲਹਾਲ, ਇਕ ਖ਼ਾਬ ਦੇਖ ਰਿਹਾਂ ਤ੍ਰਿਪੁਰਾ ਸੁੰਦਰੀ ਦਾ ਬਹੁਤ ਇਕਾਂਤਮਈ ਅੰਦਰ ਗੂੰਜਦਾ ਹੈ ਬ੍ਰਹਮ-ਨਾਦ ਤੇ ਮੈਂ ਸੁਣ ਰਿਹਾਂ ਆਪਣੇ ਅੰਦਰ ਗਾ ਰਹੇ ਬ੍ਰਹਿਮੰਡ ਨੂੰ...

ਸਦੀਵੀ ਸੁੰਨ ਦਾ ਸਾਜ਼

ਮੈਂ ਉਨ੍ਹਾਂ ਆਵਾਜ਼ਾਂ ਨੂੰ ਸੁਨਣ ਲੱਗਾ ਹਾਂ ਜੋ ਅੰਤਹਾਕਰਣ 'ਚੋਂ ਆਉਂਦੀਆਂ ਨੇ ਅੱਧਮੋਈ ਹਉਮੈ ਹੇਠ ਕੁਝ ਲਰਜ਼ਦਾ ਸੁਣਦਾ ਹੈ ਇਕ ਬਹੁਤ ਰਮਣੀਕ ਜਿਹੀ ਜਗ੍ਹਾ ਹੈ ਜਿਥੋਂ ਆਉਂਦੀਆਂ ਨੇ ਇਹ ਆਵਾਜ਼ਾਂ ਇਕੋ ਵੇਲ਼ੇ ਸੁਣਦੇ ਹਨ ਕ੍ਰਿਸ਼ਨ ਦੀ ਬੰਸਰੀ ਸ਼ਿਵ ਦਾ ਡਮਰੂ ਤੇ ਵਿਸ਼ਨੂੰ ਦਾ ਸ਼ੰਖ-ਨਾਦ ਸਦੀਵੀ ਸੁੰਨ ਦੇ ਸਾਜ਼ 'ਚੋਂ ਮਧੁਰ ਧੁਨਾਂ ਉਪਜਦੀਆਂ ਨੇ ਵਿਸਮਾਦ ਅੰਦਰ ਨੱਚਦੀ ਹੈ ਰਾਧਾ... ਇਹ ਦੈਵੀ-ਜੋਤਿ ਦਾ ਪ੍ਰਕਾਸ਼-ਕੁੰਡ ਹੈ ਅਣਗਿਣਤ ਰੰਗਾਂ ਦਾ ਜਲੌਅ ਹੌਲੀ ਹੌਲੀ ਮੇਰੇ ਅੰਦਰ ਪੱਸਰਦਾ ਤੇ ਟਿਕ ਜਾਂਦਾ ਅੰਤਹਾਕਰਣ 'ਚ ਸਰੋਵਰ ਦੇ ਖੜੋਤੇ ਪਾਣੀਆਂ 'ਚ ਦਿਸਦੇ ਪੂਰਨ ਚੰਦ ਵਾਂਗ ਮੇਰੀ ਰੂਹ ਵਿਚੋਂ ਇਕ ਅਗੰਮੀ ਮਹਿਕ ਆਉਂਦੀ ਹੈ ਇਹ ਮਿਹਰ ਦੀ ਘੜੀ ਹੈ ਅਨੁਕੰਪਾ ਦੇ ਛਿਣ ਨੇ ਸਦੀਵੀ ਵਿਗਾਸ ਹੈ ਅਲੌਕਿਕ ਆਨੰਦ ਹੈ ਅਨੁਭੂਤੀ ਦੁਆਰ ਹੈ ਓਮ ਧੁਨੀਕਾਰ ਹੈ... ਇਕ ਬਹੁਤ ਸੁਹਣਾ ਅੰਮ੍ਰਿਤ-ਰਸ ਦਾ ਝਰਨਾ ਵਹਿੰਦਾ ਹੈ ਜਿਸ ਵਿਚ ਇਸ਼ਨਾਨ ਕਰਕੇ ਹੌਲੀ-ਫੁੱਲ ਹੋ ਗਈ ਕਾਇਆ ਅਨਹਤ ਨਾਦ ਗੂੰਜਦਾ ਲਗਾਤਾਰ ਸੁਰਤ ਟਿਕਦੀ ਸ਼ਬਦ ਅੰਦਰ ਇਹ ਆਵਾਜ਼ਾਂ ਅਨੰਤ ਦੀਆਂ ਮੇਰੇ ਅੰਦਰ ਰਚ ਗਈਆਂ ਨੇ...

ਸ਼ੇਸ਼ ਸੁੰਨ

ਕੀ ਬਚੇਗਾ ਸ਼ੇਸ਼ ਫਿਰ ਜਦ ਨਹੀਂ ਹੋਵੇਗਾ ਕੁਝ ਵੀ ਨਾ ਹੀ ਤੂੰ ਤੇ ਨਾ ਹੀ ਮੈਂ ਕੀ ਬਚੇਗਾ ਸ਼ੇਸ਼ ਫਿਰ ਫਿਰ ਬਚੇਗਾ ਪਾਰਬ੍ਰਹਮ ਫਿਰ ਬਚੇਗਾ ਇਕ ਅਕਾਲ ਸ਼ੇਸ਼ ਉਹ ਸ਼ਕਤੀ ਰਹੇਗੀ ਨਾਮ ਜਿਸ ਦਾ ਓਮਕਾਰ ਪਾਣੀ, ਮਿੱਟੀ, ਪਵਨ, ਅਗਨੀ ਮਿਲ ਜਾਣੇ ਅੰਦਰ ਆਕਾਸ਼ ਆਦਿ ਵਿਚ ਕੁਦਰਤ ਦੇ ਸੀ ਜੋ ਅੰਤ ਉਹ ਬਾਕੀ ਰਹੂ ਪਾਰਬ੍ਰਹਮਾ ਦੀ ਆਵਾਜ਼ ਜਿਸ 'ਚੋਂ ਹੋਈ ਉਤਪਤੀ ਹੈ ਜਿਸ ਤੋਂ ਹੀ ਹੋਣਾ ਵਿਨਾਸ਼ ਓਸ ਨੇ ਰਹਿਣਾ ਸਦਾ ਤੂੰ ਤੇ ਮੈਂ ਕੁਝ ਵੀ ਨਹੀਂ ਇਸ ਨਜ਼ਰ ਦੇ ਆਰ ਪਾਰ ਸੁੰਨ ਦਾ ਹੀ ਹੈ ਖ਼ਲਾਅ ਸੁੰਨ ਹੀ ਹੈ ਆਦਿ ਬਿੰਦੂ ਸੁੰਨ ਹੀ ਅੰਤਿਮ ਪੜਾਅ ਐ ਮੇਰੇ ਮਨ, ਤੂੰ ਵੀ ਹੁਣ ਸੁੰਨ ਅੰਦਰ ਜਾ ਸਮਾ

ਬਿੰਦੂ ਵਿਸਤਾਰ

ਸਾਰੀ ਦੀ ਸਾਰੀ ਕਾਇਨਾਤ ਮੇਰੇ ਅੰਦਰ ਵਿਗਸਦੀ ਹੈ, ਮੌਲ਼ਦੀ ਹੈ ਇਕ ਨਿੱਕੇ ਜਿਹੇ ਬੀਜ 'ਚੋਂ ਪੈਦਾ ਹੋ ਜਾਂਦੀ ਬ੍ਰਹਿਮੰਡੀ-ਚੇਤਨਾ ਤੇ ਪੱਸਰ ਜਾਂਦੀ ਚਾਨਣ ਵਾਂਗ ਆਤਮਾ ਅੰਦਰ ਤੇ ਬਾਹਰ ਇਹ ਕੋਈ ਅਥਾਹ ਪ੍ਰੇਮ ਦਾ ਸਾਗਰ ਜੋ ਖੌਲ ਪੈਂਦਾ ਆਪ-ਮੁਹਾਰੇ ਇਹ ਕੋਈ ਅਨੰਤ ਰੰਗਾਂ ਦਾ ਕ੍ਰਿਸ਼ਮਾ ਕਿ ਰੂਹ ਗਾ ਉੱਠਦੀ ਹੈ ਅੰਬਰੀ ਗੀਤ ਇਹ ਮੱਥੇ 'ਚ ਚਾਨਣ ਦੇ ਰੁੱਖ ਦਾ ਉੱਗਣਾ ਹੈ ਜਿਸ ਦੇ ਸੁਕੋਮਲ ਪੱਤਿਆਂ 'ਤੇ ਨ੍ਰਿਤ ਕਰਦੀਆਂ ਕਿਰਨਾਂ-ਅਪਸਰਾਵਾਂ ਜਿਸ 'ਤੇ ਤਿਪ ਤਿਪ ਹੁੰਦੀ ਵਰਖਾ ਅੰਮ੍ਰਿਤ ਦੀ ਇਹ ਧੁੱਪਾਂ-ਛਾਵਾਂ ਦੀ ਰਾਸ-ਲੀਲ੍ਹਾ ਜੋ ਦਿਲ ਦੇ ਵ੍ਰਿੰਦਾਵਣ 'ਚ ਹੁੰਦੀ ਕੁਝ ਪਤਾ ਨਹੀਂ ਲਗਦਾ ਕਿ ਇਸ ਕਾਇਨਾਤ ਅੰਦਰ 'ਮੈਂ' ਜਿਹੀ ਕਿੱਥੇ ਹੈ ਮੈਂ ਇਕ ਮਾਧਿਅਮ ਕੁਦਰਤ ਲਈ ਮੈਂ ਜੋ ਕਿ ਨਿਰਾਕਾਰ ਹੈ

ਸੰਮੋਹਨੀ ਉਪਦੇਸ਼

ਹੇ ਦਾਨਵੀਰ ਕਰਣ, ਕਿੰਨਾ ਕੁ ਚਿਰ ਲੜਦਾ ਰਹੇਂਗਾ ਮਹਾਂਭਾਰਤ ਦਵੰਧ ਦਾ ਛੱਡ ਦੇ ਮਨ ਦੇ ਦੁਰਯੋਧਨ ਦਾ ਸਾਥ ਨਾ ਅਪਸ਼ਬਦ ਕਹਿ ਆਤਮਾ ਦੀ ਦਰੋਪਤੀ ਨੂੰ ਦਾਨ ਕਰ ਦੇ ਸਾਹਾਂ ਦੇ ਕਵਚ-ਕੁੰਡਲ ਨਾ ਚਲਾ ਹੰਕਾਰ ਦਾ ਬ੍ਰਹਮ-ਅਸਤ੍ਰ ਅਰਜੁਨ ਨੂੰ ਮਾਰਨ ਨਾਲੋਂ ਆਪਣੇ ਪ੍ਰਾਣਾਂ ਦੇ ਰਥ ਨੂੰ ਬੁਰਦ ਹੋਣ ਤੋਂ ਬਚਾ ਹੇ ਕਰਣ, ਨਾ ਉਭਰ ਵਾਰ ਵਾਰ ਬਿਲਕੁਲ ਸ਼ਾਂਤ ਹੋ ਜਾ ਤੇ ਮੌਤ ਦੀ ਗੋਦ 'ਚ ਸੌਂ ਜਾ ਮੈਂ ਸੋਲ਼ਾਂ ਕਲਾਂ ਸੰਪੂਰਨ ਕ੍ਰਿਸ਼ਨ ਤੈਨੂੰ ਸੰਮੋਹਨ ਕਰਦਾ ਹਾਂ ਤੇਰੀ ਨੀਂਦ ਵਿਚ ਕੁੰਤੀ ਦੀ ਅਰਜ਼ੋਈ ਧਰਦਾ ਹਾਂ

ਨਿਜ ਘਰ

ਜਿੱਥੇ ਸ਼ਬਦ ਅਰਥਾਂ ਦੇ ਕਪੜੇ ਬਣ ਜਾਂਦੇ ਹਨ ਤੇ ਪਹਿਨਣ ਵਾਲੀਆਂ ਸੁਰਤਾਂ ਹੁੰਦੀਆਂ ਨੇ ਮਨਾਂ ਦੇ ਪਾਣੀਆਂ 'ਚੋਂ ਚੰਨ ਦਿਸਦਾ ਹੈ ਆਤਮਾ ਦੇ ਵਿਹੜੇ ਨੱਚਦੀ ਹੈ ਖ਼ੁਸ਼ੀ ਜਿੱਥੇ- ਦੂਸਰਾ ਕੋਈ ਨਹੀਂ ਹੁੰਦਾ ਮੈਂ ਉਸ ਘਰ ਦੀ ਗੱਲ ਕਰਦਾ ਹਾਂ ਮੇਰੀ 'ਮੈਂ' ਤਾਂ ਮਹਿਜ਼ ਪ੍ਰਛਾਵਾਂ ਹੈ ਕੋਈ ਮੇਰੀ ਮੈਂ ਦੀ ਅੱਡਰੀ ਕੋਈ ਹਸਤੀ ਨਹੀਂ ਹੈ ਦੂਰ ਤੀਕ... ਆਪਣੇ ਅੰਦਰ ਵੱਲ ਤੁਰ ਕੇ ਪਹੁੰਚ ਜਾਈਦਾ ਹੈ ਮੰਜ਼ਿਲੇ-ਮਕਸੂਦ 'ਤੇ ਮਨ ਮਿੱਟੀ ਤਨ ਪਰਾਇਆ ਮਾਨ ਕਿਸੇ ਦੀ ਜੁੱਤੀ ਪੱਗ ਚਰਨਾਂ ਦੀ ਧੂੜ ਝਾੜਨ ਲਈ ਅਕਲ ਨੂੜ ਕੇ ਸੁੱਟੀ ਇਹ ਹਲੀਮੀ, ਇਕ ਉਮਾਹ ਇੱਥੋਂ ਜਾਂਦੈ ਮੇਰੇ ਘਰ ਵੱਲ ਰਾਹ... ਘਰ ਕਿ ਜਿੱਥੇ ਸ਼ਬਦ ਅਰਥਾਂ ਦੇ ਕਪੜੇ ਬਣ ਜਾਂਦੇ ਹਨ ਤੇ ਪਹਿਨਣ ਵਾਲੀਆਂ ਸੁਰਤਾਂ ਹੁੰਦੀਆਂ ਨੇ

ਮੇਰੀ ਜ਼ਿੰਦਗੀ

ਆਦਿ-ਬਿੰਦੂ ਦਾ ਹੈ ਇਕ ਵਿਸਤਾਰ ਮੇਰੀ ਜ਼ਿੰਦਗੀ ਮੇਰਿਆਂ ਸਾਹਾਂ ਤੋਂ ਵੀ ਹੈ ਪਾਰ ਮੇਰੀ ਜ਼ਿੰਦਗੀ ਲਹਿਰ ਇਕ ਸਾਗਰ ਦੀ ਹੈ, ਇਹ ਮੌਜ ਇਕ ਕੁਦਰਤ ਦੀ ਹੈ, ਮਿਹਰ ਹੈ ਤੇਰੀ ਓ ਪਰਵਦਗਾਰ ਮੇਰੀ ਜ਼ਿੰਦਗੀ ਮੇਲ੍ਹਦੀ, ਨੱਚਦੀ ਹੈ ਸੁਣ ਕੇ ਮੋਹਨ ਤੇਰੀ ਬੰਸਰੀ, ਜਮਨਾ ਤੱਟ 'ਤੇ ਤੇਰੀ ਰਾਧਾ ਨਾਰ, ਮੇਰੀ ਜ਼ਿੰਦਗੀ ਕਹਿਣ ਲਿਖਣ ਤੋਂ ਪਰ੍ਹੇ ਜੋ ਧੁਨ ਸਦੀਵੀ ਗੂੰਜਦੀ, ਜੋੜਦੀ ਉਸ ਨਾਲ ਜਾ ਕੇ ਤਾਰ ਮੇਰੀ ਜ਼ਿੰਦਗੀ ਚੀਰ ਕੇ ਸੰਘਣਾ ਹਨ੍ਹੇਰਾ ਮਨ ਦੀਆਂ ਹੱਦਾਂ ਤੋਂ ਪਾਰ, ਪਹੁੰਚਦੀ ਚਾਨਣ ਦੇ ਵਿਚ ਦਰਬਾਰ ਮੇਰੀ ਜ਼ਿੰਦਗੀ ਇਹ ਹੈ ਅਜ਼ਮਾਇਸ਼ ਕਿ ਇਕ ਭਰਿਆ ਕਟੋਰਾ ਨੀਰ ਦਾ, ਨੀਰ 'ਤੇ ਇਕ ਕਮਲ ਫੁਲ ਦਾ ਭਾਰ ਮੇਰੀ ਜ਼ਿੰਦਗੀ

ਭਾਗ ਦੂਜਾ: ਵਣੂ-ਤ੍ਰਿਣ ਸਾਖ਼ਾਂ ਭਿੱਜੀਆਂ

ਜਿੱਥੋਂ- ਪਾਣੀਆਂ ਦੀ ਹਿੱਕ 'ਤੇ ਲਹਿਰਾਂ ਜਗਾ ਕੇ ਪੌਣਾਂ ਪਰਤਦੀਆਂ ਨੇ ਉਥੋਂ ਹੀ- ਮੈਂ ਸ਼ੁਰੂ ਹੁੰਦਾ ਹੈ²...

ਸਦੀਵੀ ਚੁੱਪ

ਸਦੀਵੀ ਚੁੱਪ 'ਚੋਂ ਆਵਾਜ਼ਾਂ ਫੜ ਕੇ ਟਿਕਾ ਦਿੰਦਾ ਹਾਂ ਸਫ਼ਿਆਂ 'ਤੇ ਤੇ ਵਾਰ ਵਾਰ ਗੁਣਗੁਣਾਉਂਦਾ ਹਾਂ ਇਹ ਮੇਰੇ ਅੰਦਰ ਵੱਲ ਦਾ ਬੂਹਾ ਹੈ ਜਿਸ ਤੋਂ ਅੱਗੇ ਸ਼ਬਦਾਂ ਦੀ ਸਮਾਧੀ ਹੈ... ਨੀਲੇ ਆਕਾਸ਼ ਦੇ ਵਿਹੜੇ 'ਚ ਕਾਇਆ ਦਾ ਫੁੱਲ ਬਣ ਕੇ ਮਹਿਕਣਾ ਹੈ... ਮੱਥੇ 'ਚ ਅਸੀਮ ਹੋ ਜਾਣ ਦੀ ਜੋਤਿ ਦਾ ਜਗਣਾ ਹੈ... ਹਿਮਾਲਾ ਤੋਂ ਹਿਮ-ਨਦੀਆਂ ਦਾ ਪਿਘਲ ਪਿਘਲ ਕੇ ਵਗਣਾ ਹੈ... ਤੇ ਬਸੰਤ-ਬਹਾਰੀ ਪੌਣਾਂ ਦਾ ਰੁਮਕਣਾ ਹੈ... ਧੁੱਪ ਦਾ ਬਿਰਖਾਂ ਦੇ ਪੱਤਿਆਂ 'ਤੇ ਵਿਸਮਾਦੀ ਨ੍ਰਿਤ ਕਰਨਾ ਹੈ... ਟਿਕੀ ਹੋਈ ਰਾਤ ਦੇ ਸੁਪਨੇ 'ਚ ਆਨੰਦਿਤ ਹੋਣਾ ਹੈ... ਤੇ ਮੁਹੱਬਤ ਦੇ ਮੀਂਹ 'ਚ ਭਿੱਜੀ ਹੋਈ ਨਜ਼ਮ ਦਾ ਲਿਖੇ ਜਾਣਾ ਹੈ...

ਕਿਵੇਂ

ਕਿਵੇਂ ਫੁੱਟਦੇ ਹਨ ਮੱਥੇ ਦੀਆਂ ਟਹਿਣੀਆਂ ਤੋਂ ਅਹਿਸਾਸ ਦੇ ਕੂਲ਼ੇ ਪੱਤੇ ਕਿਵੇਂ ਰਚ ਜਾਂਦੀ ਮਨ ਅੰਦਰ ਫੁੱਲਾਂ 'ਚੋਂ ਨਿਕਲ ਖ਼ੁਸ਼ਬੋਈ ਕਿਵੇਂ ਯਾਦਾਂ ਦੇ ਪਾਣੀ ਨਾਲ਼ ਭਰੀ ਬੱਦਲੀ ਵਰ੍ਹ ਪੈਂਦੀ ਸ਼ਬਦਾਂ ਦਾ ਰੂਪ ਧਾਰ ਰੂਹ ਦੇ ਕਾਗ਼ਜ਼ ਦੀ ਭੌਂਇ 'ਤੇ... ਬਹਾਰ ਆਉਂਦੀ ਧਰੇਕਾਂ ਨੂੰ ਫੁੱਲ ਪੈਂਦੇ ਜਾਮਨੀ ਅੰਬਾਂ ਤੇ ਟਾਹਲੀਆਂ ਦੇ ਬੂਰ ਮਹਿਕਦੇ ਮੰਦ ਮੰਦ ਪੌਣ ਚੱਲਦੀ ਖਿੱਚਦੀ ਕੁਦਰਤ ਕਿ ਮਨ ਮੁੜਦਾ ਟਿਕਾਅ ਵੱਲ ਨੂੰ... ਤੇਜ਼ ਗਰਮੀ 'ਚ ਵੀ ਆਕਰਸ਼ਿਤ ਕਰਦੇ ਦਿਲ ਨੂੰ ਕਸੁੰਭੀ ਦੇ ਫੁੱਲ ਸਵਖ਼ਤੇ ਬੋਲਦੀਆਂ ਕੋਇਲਾਂ ਦੁਪਹਿਰੇ ਕੁਰਲਾਉਂਦੇ ਕਾਂ ਤੇ ਗੁਟਕਦੀਆਂ ਘੁੱਗੀਆਂ ਸੰਘਣੇ ਬਿਰਛਾਂ 'ਤੇ ਸ਼ਾਮ ਨੂੰ ਗਾਉਂਦੀਆਂ ਬੁਲਬੁਲਾਂ ਚਿਹੁੰਕਦੀਆਂ ਚਿੜੀਆਂ ਇਹ ਸਭ ਕਿਵੇਂ ਹੁੰਦੈ ਤੇ ਕਿਉਂ ਹੁੰਦੈ ਪਤਾ ਨਹੀਂ ਮੈਨੂੰ... ਮੈਂ ਭੁੱਲ ਜਾਂਦਾ ਹਾਂ ਆਪਣੇ ਫ਼ਿਕਰ ਤੇ ਭਰਦਾ ਹਾਂ ਰੂਹ ਅੰਦਰ ਕਾਇਨਾਤ ਨੂੰ

ਕੁਦਰਤੀ ਇਕਾਂਤ

ਹਰੇ ਕਚੂਰ ਰੁੱਖਾਂ ਦੇ ਪੱਤਿਆਂ ਵਿਚੋਂ ਦੀ ਲੰਘ ਕੇ ਸੁਗੰਧਿਤ ਹੋਈਆਂ ਪੌਣਾਂ ਮੇਰੇ ਤੀਕ ਪੁੱਜਦੀਆਂ ਨੇ ਮੈਂ ਉਨ੍ਹਾਂ ਮਹਿਕੀਆਂ ਪੌਣਾਂ ਦੇ ਮਿੱਠੇ ਘੁੱਟ ਭਰਦਾ ਹਾਂ ਹਰ ਸਵੇਰ ਹਰ ਸ਼ਾਮ ਰੁੱਖਾਂ 'ਤੇ ਪੰਛੀਆਂ ਦੇ ਝੁਰਮਟ 'ਚੋਂ ਛਿੜਦੇ ਨਾਦ ਸੁਣਦਾ ਹਾਂ ਸੰਧਿਆ ਨੂੰ ਪੱਛਮੀ ਆਕਾਸ਼ 'ਤੇ ਛਾਏ ਤਿੱਤਰ-ਖੰਭੀ ਬੱਦਲਾਂ ਦੀ ਸਤਰੰਗੀ ਜਿਲ੍ਹਦ ਵਾਲੀ ਪੁਸਤਕ ਪੜ੍ਹਦਾ ਹਾਂ... ਦਰਿਆਵਾਂ ਦੇ ਵਗਦੇ ਪਾਣੀਆਂ ਦੀਆਂ ਲਹਿਰਾਂ 'ਤੇ ਅਪਸਰਾਵਾਂ ਦਾ ਨ੍ਰਿਤ ਮਾਣਦਾ ਹਾਂ ਮਸਾਂ ਮਸਾਂ ਮਿਲਦੇ ਨੇ ਮੈਨੂੰ ਇਹੋ ਜਿਹੇ ਪਲ-ਛਿਣ ਜਦ ਮੈਂ ਧੁੱਪਾਂ-ਛਾਵਾਂ ਦੇ ਜਿਸਮਾਂ ਨੂੰ ਛੁਹ ਕੇ ਵੇਖਦਾ ਹਾਂ ਤੇ ਆਪਣੇ ਆਪ ਨੂੰ ਮਿਲਦਾ ਹਾਂ

ਸੰਧਿਆ

ਸੰਧਿਆ ਜਦ ਰਾਤ ਦੇ ਬੂਹੇ 'ਤੇ ਦਸਤਕ ਦੇਣ ਜਾਂਦੀ ਹੈ ਕੁਝ ਪਰਤ ਆਉਂਦਾ ਹੈ ਮੇਰੇ ਕੋਲ ਸਹਿਜ ਜਿਹੇ ਜਜ਼ਬਿਆਂ 'ਚ ਘੁਲ-ਮਿਲ ਜਾਣ ਲਈ ਸ਼ਬਦਾਂ ਦੇ ਖ਼ਰਗੋਸ਼ ਲੁਕੋ ਲੈਂਦੇ ਕਾਗਜ਼ਾਂ ਦੇ ਖੇਤਾਂ 'ਚ ਆਪਣੇ ਮਾਸੂਮ ਚਿਹਰੇ ਸੂਰਜ ਦੇ ਕਦਮ ਪੱਛਮ ਦੀ ਗੁਫ਼ਾ ਵੱਲ ਵਧ ਜਾਂਦੇ ਬਿਰਖਾਂ 'ਤੇ ਪੰਛੀਆਂ ਦਾ ਸ਼ੋਰਗੁੱਲ ਮੱਧਮ ਪੈ ਜਾਂਦਾ ਅੰਬਰ ਦੇ ਮੋਕਲੇ ਵਿਹੜੇ 'ਚ ਬੱਦਲਾਂ ਨਾਲ਼ ਲੁਕਣਮੀਚੀ ਖੇਲਣ ਲੱਗ ਜਾਂਦੇ ਚੰਨ, ਤਾਰੇ ਮੇਰੇ ਕੋਲ਼ ਰੋਜ਼ ਆਉਂਦੀ ਸੰਧਿਆ ਮੈਨੂੰ ਆਪਣੇ ਆਪ ਨਾਲ਼ ਅਵਗਤ ਕਰਾਉਂਦੀ ਮੇਰੇ ਅੰਦਰ ਆਪਣੇ ਗੋਧੂਲੀ ਰੰਗਾਂ ਦੀਆਂ ਦਰੀਆਂ ਵਿਛਾਉਂਦੀ ਮੈਨੂੰ ਆਪਣੇ ਗਲ਼ ਨਾਲ਼ ਲਾ ਲੈਂਦੀ ਸੰਧਿਆ ਮੈਂ ਉਤਰ ਜਾਂਦਾ ਅਹਿਸਾਸ ਦੇ ਹਨ੍ਹੇਰੇ 'ਚ ਮਲ੍ਹਕ ਦੇਣੀ ਤੇ ਦੇਖਦਾ ਅੱਖਾਂ ਦੀ ਸ਼ਰਮ ਖਾਂਦੇ ਆਪਣੇ ਮਨ ਦੀ ਨਗਨਤਾ

ਰਾਤ

ਜਦ ਰਾਤ ਉਤਰਦੀ ਹੈ ਮੈਂ ਘਰ ਪਰਤ ਆਉਂਦਾ ਹਾਂ ਰਾਤ ਮੁਕਤ ਕਰਦੀ ਹੈ ਮੈਨੂੰ ਭਟਕਣ ਤੋਂ ਰੋਟੀ ਖਾ ਕੇ ਪੈਣ ਸਮੇਂ ਥੱਕੇ ਹੋਏ 'ਤੇ ਨੀਂਦ ਦੀ ਚਾਦਰ ਦੇਂਦੀ ਹੈ... ਫ਼ਿਕਰਾਂ ਨਾਲ਼ ਤਪੇ ਹੋਏ ਦੇ ਮੱਥੇ 'ਤੇ ਮਾਂ ਵਾਂਗ ਸਿਰ੍ਹਾਣੇ ਬੈਠ ਚੰਨ-ਚਾਨਣੀ ਦੀਆਂ ਪੱਟੀਆਂ ਕਰਦੀ ਹੈ ਬਹੁਤ ਖ਼ਿਆਲ ਰੱਖਦੀ ਹੈ ਮੇਰਾ ਰਾਤ ਇਹ ਮੈਨੂੰ ਸੁਪਨਿਆਂ ਦੀਆਂ ਆਕਾਸ਼-ਗੰਗਾਵਾਂ ਦੇ ਰਾਹ ਪਾਉਂਦੀ ਹੈ ਮੇਰੀ ਜ਼ਿੰਦਗੀ 'ਚ ਤਾਰੇ ਬੀਜਦੀ ਹੈ ਤੇ ਮੈਨੂੰ ਜਿਊਣਾ ਦੱਸਦੀ ਹੈ

ਸਵੇਰ

ਸਵੇਰ ਹੁੰਦੀ ਹੈ ਉੱਗਦੀ ਹੈ ਸੁਨਹਿਰੀ ਟਿੱਕੀ ਪੂਰਬ 'ਚੋਂ ਪੰਛੀ ਛੇੜਦੇ ਰੁੱਖਾਂ 'ਤੇ ਨਾਦ ਦਿਲ ਭਰਦਾ ਨੱਕੋ-ਨੱਕ ਤਾਜ਼ਗੀ ਨਾਲ਼ ਤੇ ਕੁਦਰਤ ਪਸਾਰ ਦਿੰਦੀ ਬਾਹਾਂ ਪਿਆਰ ਨਾਲ਼ ਚੁੰਮ ਲੈਣ ਲਈ ਮੈਨੂੰ... ਮੇਰੀ ਇਕ ਤਰਫ਼ ਹੁੰਦਾ ਪ੍ਰੇਸ਼ਾਨੀਆਂ ਦਾ ਸਿਲਸਿਲਾ ਇਕ ਤਰਫ਼ ਹੁੰਦੀ ਸੋਚਾਂ ਦੀ ਭੀੜ ਰਾਤ ਦੀ ਨੀਂਦ ਮਗਰੋਂ ਜਿਸ ਤੋਂ ਖ਼ਾਲੀ ਹੁੰਦਾ ਮੇਰਾ ਮਨ ਮੈਂ ਨਿਕਲ ਤੁਰਦਾ ਘਰੋਂ ਬਾਹਰ ਜਿੱਥੇ ਅਜੇ ਸ਼ੁਰੂ ਨਹੀਂ ਹੋਈ ਹੁੰਦੀ 'ਘੈੜ ਘੈੜ' ਵਾਹਨਾਂ ਦੀ ਜਿੱਥੇ ਅਜੇ ਖਿਲਾਰਨੀ ਹੁੰਦੀ ਹੈ ਸ਼ਹਿਰ ਨੇ ਆਪਣੀ ਗੰਦਗੀ ਜਿੱਥੇ ਅਜੇ ਬਚੀ ਹੁੰਦੀ ਹੈ ਫੁੱਲਾਂ ਦੀ ਮਹਿਕ ਮੇਰੇ ਲਈ ਘਾਹ 'ਤੇ ਪਈ ਹੁੰਦੀ ਹੈ ਮੋਤੀਆਂ ਵਾਂਗ ਚਮਕਦੀ ਤ੍ਰੇਲ ਦਬੀ ਹੁੰਦੀ ਹੈ ਗਰਦ ਸਾਰੀ ਜੋ ਸ਼ਾਮ ਤਕ ਤਹਿ ਬਣ ਕੇ ਜੰਮ ਜਾਂਦੀ ਮੇਰੇ ਮਨ 'ਤੇ ਵੀ... ਸਵੇਰ ਹੁੰਦੀ ਮੈਂ ਫਿਰ ਉੱਠਦਾ ਤੇ ਨਿਕਲ ਤੁਰਦਾ ਕਿਰਨਾਂ ਦੀਆਂ ਡਾਰਾਂ ਮਗਰ ਇਕ ਨਵੇਂ ਉਤਸ਼ਾਹ ਦੇ ਨਾਲ਼

ਬਰਫ਼ਾਨੀ ਅੱਗ ਦੀਆਂ ਨਦੀਆਂ

ਪਰਬਤੀ ਢਲਾਨਾਂ 'ਤੇ ਚੀਲ੍ਹ ਤੇ ਦਿਆਰਾਂ ਦੇ ਰੁੱਖਾਂ ਦੀਆਂ ਨੁਕੀਲੀਆਂ ਪੱਤੀਆਂ ਤੋਂ ਤਿਲ੍ਹਕ ਤਿਲ੍ਹਕ ਹੱਦਾਂ ਟੱਪਦੀਆਂ ਅੱਗ ਨਾਲ਼ ਭਰ ਵਗਦੀਆਂ ਕੁਆਰੀਆਂ ਹਿਮ-ਨਦੀਆਂ ਮੈਦਾਨ ਸਿੰਜਦੀਆਂ ਚਲੇ ਜਾਂਦੀਆਂ ਸਮੁੰਦਰ ਵੱਲ...

ਸਮੁੰਦਰ ਨਹੀਂ ਵੇਖਿਆ

ਮੈਂ ਜਿਸ ਨੇ ਅਜੇ ਤੀਕ ਸਮੁੰਦਰ ਨਹੀਂ ਦੇਖਿਆ ਫ਼ਿਲਮਾਂ 'ਚ ਦੇਖਦਾਂ ਚੜ੍ਹ ਚੜ੍ਹ ਆਉਂਦੀਆਂ ਅਮੋੜ ਲਹਿਰਾਂ ਇਕ, ਦੋ, ਤਿੰਨ, ਚਾਰ ...ਤੇ ਕਈ ਹਜ਼ਾਰ ਨੀਲਾ... ਰੰਗ... ਸਫ਼ਾਫ਼ ਪਾਣੀ ਦਾ... ਬਹੁਤ ਕਰੋਪ ਹੋ ਜਾਂਦਾ ਜਲਦੇਵ ਕਿ ਗੁੰਜਾ ਦਿੰਦਾ ਦਸੇ ਦਿਸ਼ਾਵਾਂ... ਸਮੁੰਦਰ ਮੇਰੀਆਂ ਅੱਖਾਂ ਨੂੰ ਛੋਹ ਕੇ ਪਰਤਦਾ ਖੌਲ਼ਦਾ ਦਿਲ ਅੰਦਰ ਜਿਸਮ 'ਚ ਚੜ੍ਹਦਾ-ਉਤਰਦਾ ਮੈਂ ਭਰ ਲੈਂਦਾ ਆਪਣਾ ਆਪ ਅਸੀਮ ਹੋ ਜਾਂਦੇ ਮੇਰੇ ਕੰਢੇ ਮੈਂ ਮਹਿਸੂਸ ਕਰਦਾ ਪਾਣੀ ਨਾਲ਼ ਪਾਣੀ ਹੋ ਗਿਆ ਮੈਂ ਜਿਸ ਨੇ ਅਜੇ ਤੀਕ ਸਮੁੰਦਰ ਨਹੀਂ ਦੇਖਿਆ...

ਪੰਜ ਤੱਤ

ਇਹ ਖੁੱਲ੍ਹਾ ਆਕਾਸ਼ ਪੇਸ਼ ਕਰਦਾ ਹੈ ਆਪਣੀ ਵਿਸ਼ਾਲ ਚੇਤਨਾ ਜਿਸ ਨੂੰ ਕਰ ਦਿੱਤਾ ਆਦਮੀ ਨੇ ਸੀਲ-ਬੰਦ ਪੇਸ਼ ਕਰ ਰਹੀ ਹੈ ਧਰਤੀ ਆਪਣੀ ਨਿਸ਼ਕਪਟ ਨਗਨਤਾ ਜਿਸ ਉੱਪਰ ਛਿੜਕ ਦਿੱਤਾ ਆਦਮੀ ਨੇ ਤੇਜ਼ਾਬ ਪੇਸ਼ ਕਰ ਰਹੀ ਹੈ ਪਵਨ ਆਪਣਾ ਬੇਰੰਗ ਬਦਨ ਜਿਸ 'ਤੇ ਖੁਰਚ ਦਿੱਤੀਆਂ ਆਦਮੀ ਨੇ ਦੁਰਗੰਧ, ਧੂੰਏਂ ਤੇ ਮੈਲ਼ ਦੀਆਂ ਲਕੀਰਾਂ ਜਲ ਪੇਸ਼ ਕਰ ਰਿਹਾ ਹੈ ਆਪਣੀ ਨਿਰਮਲਤਾ ਆਦਮੀ ਨੇ ਬਣਾ ਦਿੱਤਾ ਜਿਸ ਨੂੰ ਆਪਣੇ ਦਵੰਦਾਤਮਕ ਮਨ ਵਰਗਾ ਕਪਟੀ ਤੇ ਅਸ਼ਲੀਲ ਅਗਨ ਪੇਸ਼ ਕਰ ਰਹੀ ਹੈ ਆਪਣਾ ਤੇਜ ਆਦਮੀ ਵਰਤ ਰਿਹਾ ਹੈ ਜਿਸ ਨੂੰ ਦੂਜਿਆਂ ਨੂੰ ਤਬਾਹ ਕਰਨ ਲਈ ... ... ... ... ... ... ਹੇ ਆਦਮੀ, ਆਖ਼ਰ ਕਿੰਨਾ ਕੁ ਚਿਰ ਪੇਸ਼ ਕਰਦੇ ਰਹਿਣਗੇ ਪੰਜ ਤੱਤ ਤੈਨੂੰ ਆਪਣਾ ਆਪ ਇਹ ਪੰਜ ਤੱਤ ਇਕ ਦਿਨ ਖੋਹ ਲੈਣਗੇ ਤੇਰੇ ਕੋਲੋਂ ਆਪੋ ਆਪਣਾ ਹਿੱਸਾ ਤੇ ਤੈਨੂੰ ਛੱਡ ਜਾਣਗੇ ਇਕ ਦਿਨ ਇਕੱਲਾ ਤੇ ਉਦਾਸ ਹੇ ਆਦਮੀ, ਇਹਨਾਂ ਪੰਜਾਂ ਤੱਤਾਂ ਦੀ ਸਾਰਥਕਤਾ ਨੂੰ ਕਿੰਨਾ ਕੁ ਚਿਰ ਗ਼ਲਤ ਸਾਬਿਤ ਕਰੇਂਗਾ ਤੂੰ ਇਕ ਦਿਨ ਹੋ ਜਾਵੇਂਗਾ ਤੂੰ ਆਪ ਹੀ ਨਿਰਾਰਥਕ ਇਹਨਾਂ ਲਈ ਉਸ ਦਿਨ ਸੱਚਮੁੱਚ ਤੇਰੀ ਮੌਤ ਹੋਵੇਗੀ

ਭਾਗ ਤੀਜਾ: ਸਾਹਾਂ ਦਾ ਸਾਜ਼

ਪੰਜੇ ਮਹਲ ਪੰਜਾਂ ਵਿਚ ਚਾਨਣ ਦੀਵਾ ਕਿਤ ਵਲ ਧਰੀਏ ਹੂ ਪੰਜੇ ਮਹਰ ਪੰਜੇ ਪਟਵਾਰੀ ਹਾਸਿਲ ਕਿਤ ਵਲ ਭਰੀਏ ਹੂ ਪੰਜ ਇਮਾਮ ਤੇ ਪੰਜੇ ਕਿਬਲੇ ਸੱਜਦਾ ਕਿਤ ਵਲ ਕਰੀਏ ਹੂ (ਸੁਲਤਾਨ ਬਾਹੂ)

ਪ੍ਰਗੀਤ

ਕੁਝ ਆਪਾਂ ਮਨ ਦੇ ਕਾਫ਼ਰ ਹਾਂ ਕੁਝ ਉਸ ਦੇ ਦਿਲ ਵਿਚ ਪਿਆਰ ਨਹੀਂ ਹੈ ਅਗਨੀ ਤਪਦੇ ਸਾਹਾਂ ਦੀ ਰਿਮਝਿਮ ਅੰਮ੍ਰਿਤ ਦੀ ਧਾਰ ਨਹੀਂ ਅਜ਼ਲਾਂ ਤੋਂ ਹੋਂਦ ਸਰਾਪੀ ਹੈ ਸਾਏ ਨੇ ਕੁਝ ਬਦਰੂਹਾਂ ਦੇ ਰੱਤ ਭਰ ਕੇ ਆਵੇ ਡੋਲਾਂ ਵਿਚ ਜਦ ਪਾਣੀ ਭਰੀਏ ਖੂਹਾਂ ਦੇ ਬਿਨ ਸੁਖਣਾ ਸੁਖਿਆਂ ਖੁਆਜੇ ਦੀ ਸਾਡਾ ਬੇੜਾ ਹੋਣਾ ਪਾਰ ਨਹੀਂ... ਚੁਕ ਟੁੱਟੇ ਦੀਵੇ ਮੜ੍ਹੀਆਂ ਤੋਂ ਸਨ ਜਿਹੜੇ ਜਲਪ੍ਰਵਾਹ ਕੀਤੇ ਹੁਣ ਪਾਣੀ ਵਿਚੋਂ ਦਿੱਸਦੇ ਨੇ ਉਹਨਾਂ ਦੇ ਰੌਸ਼ਨ ਰਾਹ ਕੀਤੇ ਇਹ ਜੋ ਬਾਹਰ ਦਿਸਦਾ ਸਾਡਾ ਏ ਉਹਨਾਂ ਦਾ ਇਹ ਅੰਧਕਾਰ ਨਹੀਂ... ਇਸ ਮਿੱਟੀ ਦੀ ਤੌਹੀਨ ਨਾ ਕਰ ਇਸ ਪੌਣ ਤਾਈਂ ਬਦਕਾਰ ਨਾ ਕਹਿ ਇਸ ਪਾਣੀ ਨੂੰ ਨਾ ਗਾਲ਼ਾਂ ਦੇ ਇਸ ਅੱਗ ਨੂੰ ਠੰਡੀ-ਠਾਰ ਨਾ ਕਹਿ ਇਹ ਪੰਜਵਾਂ ਤੱਤ ਆਕਾਸ਼ ਦਾ ਜੋ ਇਹ ਵੀ ਤੂੰ ਸਮਝ ਬੇਕਾਰ ਨਹੀਂ... ਇਹ ਚੀਕ ਹੈ ਮੋਏ ਪਿਤਰਾਂ ਦੀ ਜੋ ਅੱਧੀ ਅੱਧੀ ਰਾਤ ਸੁਣੇ ਜੀਂਦਿਆਂ ਨੂੰ ਛੱਡ ਕੇ ਮੋਇਆਂ ਦੀ ਫੁਰਸਤ ਕਿਸਨੂੰ ਕਿ ਬਾਤ ਸੁਣੇ ਸਿਰ 'ਤੇ ਹੈ ਛਿਣ ਜੋ ਪਿਤਰਾਂ ਦਾ ਕਈ ਜਨਮਾਂ ਹੁੰਦਾ ਤਾਰ ਨਹੀਂ... ਇਕ ਚੁੱਪ ਦਾ ਮੁਸ਼ਕਿਲ ਪੈਂਡਾ ਹੈ ਤੇ ਦੂਜਾ ਖ਼ੌਫ਼ ਹਨ੍ਹੇਰੇ ਦਾ ਤੀਜਾ ਦੁੱਖ ਸਾਨੂੰ ਮਾਰ ਰਿਹਾ ਸਾਡੇ ਆਪਣੇ ਚਾਰ ਚੁਫ਼ੇਰੇ ਦਾ ਅਸੀਂ ਦਿਲ ਦੀ ਗੱਲ ਨੂੰ ਕਹਿ ਸਕੀਏ ਕੀ ਏਨਾ ਵੀ ਅਧਿਕਾਰ ਨਹੀਂ... ਲੱਖ ਖ਼ੂਨ ਦੀਆਂ ਦੇਵੋ ਬਲੀਆਂ ਢਹਿਣਾ ਪਊ ਆਖ਼ਰ ਕੰਧਾਂ ਨੂੰ 'ਚੌਥੇ ਪਦ' ਮੁਕਤੀ ਤਾਂ ਮਿਲਣੀ ਮਾਰਾਂਗੇ ਜਦੋਂ ਦਵੰਦਾਂ ਨੂੰ ਹੋਰ ਕੀ ਨੇ ਖੰਡ-ਬ੍ਰਹਿਮੰਡ ਸਾਰੇ ਜੇ ਬਿੰਦੂ ਦਾ ਵਿਸਤਾਰ ਨਹੀਂ...

ਪ੍ਰਗੀਤ

ਆਪਣੇ ਪਿਤਰਾਂ ਦੀਆਂ ਰੀਝਾਂ ਨੂੰ ਅਸੀਂ ਪੈਰਾਂ ਹੇਠਾਂ ਰੋਲ਼ ਰਹੇ ਜਿੱਥੇ ਕੋਈ ਸਾਡਾ ਸੁਣਦਾ ਨਾ ਉਸ ਥਾਵੇਂ ਦਰਦ ਫਰੋਲ਼ ਰਹੇ ਚਲ ਜਾ ਕੇ ਫੇਰ ਸਮਾਧਾਂ 'ਤੇ ਕੋਈ ਬਲਦਾ ਦੀਵਾ ਧਰ ਆਈਏ ਭੌਣਾਂ 'ਤੇ ਪਾਈਏ ਤਿਰਚੌਲੀ ਪਿੱਪਲ ਦੀ ਪੂਜਾ ਕਰ ਆਈਏ ਪੁੰਨ-ਦਾਨ ਦਾ ਅਰਥ ਕੀ ਜੀਵਨ ਵਿਚ ਹਾਂ, ਇਸ ਪੱਖ ਤੋਂ ਅਨਭੋਲ਼ ਰਹੇ... ਚੇਤੇ ਦੇ ਉੱਜੜੇ ਖੂਹ ਵਿਚੋਂ ਇਕ 'ਵਾਜ਼ ਜਿਹੀ ਮੁੜ ਆਵੇਗੀ ਕਰਮਾਂ ਦਾ ਝੋਨਾ ਬੀਜਣ ਲਈ ਖੇਤਾਂ ਵਿਚ ਥਾਂ ਥੁੜ ਜਾਵੇਗੀ ਉਹਨਾਂ ਨੂੰ ਕੀ ਜੋ ਮੰਡੀਆਂ ਵਿਚ ਅਰਮਾਨ ਅਸਾਡੇ ਤੋਲ ਰਹੇ... ਸੁੰਘ ਕੇ ਨਸਵਾਰ ਸਿੱਧਾਂਤਾਂ ਦੀ ਉਹ ਨਿੱਛਾਂ ਮਾਰਨ ਤਰਕ ਦੀਆਂ ਜੋ ਅੱਟਲ ਸੱਚਾਈਆਂ ਨੇ ਲੇਕਿਨ ਕਦ ਨੀਂਹਾਂ ਕੋਲ਼ੋਂ ਸਰਕਦੀਆਂ ਉਹ ਆਇਤਾਂ ਦੇ ਵਿਚ ਵੰਡਦੇ ਨੇ ਪਰ ਧਰਤੀ ਗੋਲ਼-ਮ-ਗੋਲ਼ ਰਹੇ... ਨੱਪ ਕੇ ਚਾਨਣ ਦੀਆਂ ਪੈੜਾਂ ਨੂੰ ਪਹੁੰਚਾਂਗੇ ਜਦ ਵੀ ਏਕਮ 'ਤੇ ਸਮਝਾਂਗੇ ਬ੍ਰਹਮ ਦੀ ਮਾਇਆ ਹੈ ਫਿਰ ਫੁੱਲਾਂ, ਕਲੀਆਂ, ਸ਼ਬਨਮ 'ਤੇ ਅਜੇ ਅੱਖਰਾਂ ਦੀਆਂ ਵਿਰਲ਼ਾਂ 'ਚੋਂ ਸੂਰਜ ਦੀਆਂ ਕਿਰਨਾਂ ਟ੍ਹੋਲ ਰਹੇ...

ਗੀਤ

ਮਿੱਟੀਏ ਉੱਡ ਜਾ ਨੀ ਉੱਡ ਜਾ ਪੌਣਾਂ ਨਾਲ਼ ਕਿਧਰੇ ਵਿਚ ਆਕਾਸ਼ ਦੇ ਖੋ ਜਾ ਲਹਿ ਜਾ ਆਲ਼-ਪਤਾਲ਼ ਇਹ ਤੂੰ ਸੋਗ ਜਿਹੇ ਦੀਆਂ ਗੱਲਾਂ ਦਿਲ ਦੇ ਰੋਗ ਜਿਹੇ ਦੀਆਂ ਗੱਲਾਂ ਕਿਹੜਾ ਤੇਰਾ ਸੁਣਦਾ ਏਥੇ ਕਰਦੀ ਕਿਸ ਦੇ ਨਾਲ਼... ਸੋਚਾਂ, ਰੀਝਾਂ, ਖ਼ਿਆਲ਼, ਦਲੀਲਾਂ ਸੀਨੇ ਦੇ ਵਿਚ ਕਿੰਨੀਆਂ ਝੀਲਾਂ ਕੁਝ ਤਾਂ ਜੰਮ ਕੇ ਬਰਫ਼ਾਂ ਹੋਈਆਂ ਕੁਝ ਵਿਚ ਉੱਠਣ ਉਬਾਲ਼... ਅਣਆਈ ਜਦ ਮੌਤੇ ਮਰਦੇ ਫਿਰ ਨਦੀਆਂ 'ਤੇ ਫੁਲ ਨਹੀਂ ਤਰਦੇ ਫੇਰ ਨਾ ਕਿਧਰੇ ਹੋਵਣ ਗਤੀਆਂ ਬਣਦੇ ਭੂਤ ਚੰਡਾਲ... ਵਣ-ਤ੍ਰਿਣ ਪੰਖੀ ਸੁਣ ਕੀ ਕਹਿੰਦੇ ਏਦਾਂ ਵਹਿ ਦਰਿਆ ਜਿਉਂ ਵਹਿੰਦੇ ਛੱਡ ਦੇ 'ਮੈਂ-ਮੇਰੀ' ਦੀ ਚਰਚਾ ਕਰ ਕੁਝ ਰੱਬ ਦਾ ਖ਼ਿਆਲ਼... ਬੀਤੇ ਦੇ ਪ੍ਰਛਾਵੇਂ ਫੜਨੇ ਮਨ ਦੇ ਨਾਲ਼ ਮੁਕੱਦਮੇ ਲੜਨੇ ਭੁੱਲ ਜਾਂਦੇ ਦਿਨ, ਵਾਰ, ਤਰੀਕਾਂ ਲੱਗ ਜਾਂਦੇ ਕਈ ਸਾਲ...

ਪੂਰਨ ਜੋਗੀ ਦਾ ਗੀਤ

ਜਨਮ ਜਨਮ ਦਾ ਜੋਗੀ ਪੂਰਨ ਕਿਹੜਾ ਜੋਗ ਕਮਾਵੇ ਤਨ ਦੀ ਛਾਇਆ ਮਨ 'ਤੇ ਪੈਂਦੀ ਮਨ ਤੋਂ ਰੂਹ ਤਕ ਜਾਵੇ ਨਾ ਰੋ ਇੱਛਰਾਂ ਮਾਏ ਮੇਰੀਏ, ਨਾ ਜਲ ਨੈਣੀਂ ਭਰ ਨੀ ਪੂਰਨ ਤਾਂ ਉੱਡਦਾ ਪੰਛੀ ਹੈ, ਕੈਦ ਨਾ ਪਿੰਜਰੇ ਕਰ ਨੀ ਪਿੰਜਰੇ ਅੰਦਰ ਪੰਛੀ ਦੀ ਰੂਹ ਕੀਕਣ ਸੋਹਲੇ ਗਾਵੇ... ਇਕ ਰਾਹ ਇੱਛਰਾਂ, ਇਕ ਰਾਹ ਲੂਣਾ, ਇਕ ਸੁੰਦਰਾਂ ਵੱਲ ਤੋਰੇ ਪੈਰੀਂ ਦੁਬਿਧਾ ਬੇੜੀ ਮੱਥੇ ਧਰਮ ਕਰਮ ਦੇ ਝੋਰੇ ਕਿਸ ਬਿਧ ਪੂਰਨ ਦੀ ਰਮਤੀ ਰੂਹ ਮੁਕਤ-ਦੁਆਰਾ ਪਾਵੇ... ਕੀ ਕਰਨੀ ਅਸੀਂ ਸੁੰਦਰਾਂ ਰਾਣੀਏ, ਖ਼ੈਰ ਮੋਤੀਆਂ ਵਾਲੀ ਇਹ ਰੇਸ਼ਮ ਦੇ ਕੂਲ਼ੇ ਪਟ ਤੇ ਇਹ ਸੋਨੇ ਦੀ ਥਾਲੀ ਜੋਗੀ ਦੀ ਭੁੱਖ ਇਕ ਮੁੱਠ ਭਿੱਸ਼ਿਆ ਜੋ ਉਸਨੂੰ ਤ੍ਰਿਪਤਾਵੇ... ਦੁੱਖ-ਸੁੱਖ ਕਰਮਾਂ ਕਾਰਨ ਹੁੰਦੇ ਆਖ ਗਏ ਨੇ ਸਿਆਣੇ ਹਰ ਇਕ ਦੇ ਨਾ ਭਾਗੀਂ ਹੁੰਦੇ ਬਾਗ਼ ਹਰੇ ਹੋ ਜਾਣੇ ਕਿਸੇ ਕਿਸੇ ਮਿੱਟੀ 'ਚੋਂ ਉੱਗਦੇ ਅਗਨ-ਬਿਰਖ ਦੇ ਲਾਵੇ...

ਗੀਤ

ਜਿੰਦੇ, ਨਾ ਕਰ ਨੀ ਭੌਰਾਂ ਨਾਲ਼ ਪ੍ਰੀਤ ਭੌਰ ਤਾਂ ਮਹਿਕਾਂ ਦੇ ਤ੍ਰਿਹਾਏ ਇਹ ਨਾ ਬਣਦੇ ਮੀਤ ਰੱਬ ਦੇ ਜੀਅ ਨੇ ਚੁੱਗਦੇ ਦਾਣੇ ਤੂੰ ਕੀ ਸਾਰ ਇਨ੍ਹਾਂ ਦੀ ਜਾਣੇ ਨਾ ਕਰ ਬੈਠੀਂ ਸ਼ੋਰ-ਸ਼ਰਾਬਾ ਲੰਘ ਜਾ ਚੁੱਪ-ਚੁਪੀਤ... ਪਿਆਰ ਤੇਰਾ ਘਨਘੋਰ ਘਟਾਵਾਂ ਮੈਂ ਤਪਦੇ ਥਲ ਦਾ ਸਿਰਨਾਵਾਂ ਕਦ ਰਿਮਝਿਮ ਵਰਖਾ ਕਰਨੀ ਤੂੰ ਕਦ ਮੈਂ ਹੋਣਾ ਸੀਤ... ਰੁੱਤਾਂ, ਥਿੱਤਾਂ, ਵਾਰ, ਮਹੀਨੇ ਬਿਨ ਮੁਕਤੀ ਬਿਨ ਆਤਮ ਚੀਨੇ ਐਵੇਂ ਗਈ ਸਾਰੀ ਦੀ ਸਾਰੀ ਅੱਗ ਦੀ ਰੁੱਤੜੀ ਬੀਤ... ਸੋਗ, ਉਦਾਸੀ, ਛੱਡ ਇਕਲਾਪਾ ਸਾਜ਼ ਬਣਾ ਲੈ ਅਪਣਾ ਆਪਾ ਫੇਰ ਖ਼ੁਸ਼ੀ ਦਾ ਗਜ਼ ਸਾਹਾਂ 'ਤੇ ਛੇੜ ਅਗੰਮੀ ਗੀਤ...

ਗੀਤ

ਜਿੰਦੇ ਨੀ, ਚੱਲ ਹੰਸਾਂ ਦੇ ਦੇਸ਼ ਤਨ ਤੋਂ ਮਿਟ ਜੇ ਮੈਲ ਚਿਰਾਂ ਦੀ ਮਨ 'ਚੋਂ ਕਲ੍ਹਾ ਕਲੇਸ਼ ਜੇ ਤੂੰ ਮਾਨ ਸਰੋਵਰ ਜਾਣਾ ਮੱਥੇ ਵਿਚੋਂ ਭਰੀਂ ਉਡਾਣਾਂ ਮਾਨ ਸਰੋਵਰ ਕਮਲ ਖਿੜੇ ਜਿਉਂ ਰੂਹਾਂ ਖਿੜਨ ਹਮੇਸ਼... ਅੰਬਰ ਵੱਲ ਪਰਵਾਜ਼ ਇਨ੍ਹਾਂ ਦੀ ਮਧੁਰ ਮਧੁਰ ਆਵਾਜ਼ ਇਨ੍ਹਾਂ ਦੀ ਗਲੀਏ ਗਲੀਏ ਗਾਉਂਦੇ ਫਿਰਦੇ ਜਿਉਂ ਸਾਧੂ ਦਰਵੇਸ਼... ਸੁਣ ਪੰਖੇਰੂ ਰੋਜ਼ ਕੂਕੇਂਦੇ ਤੈਨੂੰ ਗਏ ਜੋ 'ਵਾਜ਼ਾਂ ਦੇਂਦੇ ਤੇਰੀ ਦੁਬਿਧਾ ਵਿਚ ਘਿਰੀ ਦੀ ਐਵੇਂ ਗਈ ਵਰੇਸ... ਕੀ ਸੋਚੇਂ ਤੂੰ ਜਿੰਦੇ ਭਲੀਏ ਚੱਲ ਹੰਸਾਂ ਦੀ ਡਾਰ 'ਚ ਰਲੀਏ ਪੜ੍ਹ ਲੈ ਜੋ ਸੱਚਖੰਡ 'ਚੋਂ ਆਵੇ ਮੁਕਤੀ ਦਾ ਸੰਦੇਸ਼...

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ