Noori Darshan : Babu Firoz Din Sharaf

ਨੂਰੀ ਦਰਸ਼ਨ : ਬਾਬੂ ਫ਼ੀਰੋਜ਼ਦੀਨ ਸ਼ਰਫ਼

ਪਹਿਲਾ ਦਰਸ਼ਨ

1. ਨਿਰੰਕਾਰੀ ਨੂਰ

ਕਾਲੂ ਚੰਦ ਜੀ ਦੇ ਚੰਦ ਪ੍ਯਾਰੇ ਦਿਲ ਬੰਦ ਵਾਲਾ,
ਜੇੜ੍ਹੇ ਵੇਲੇ ਅਰਸ਼ਾਂ ਉੱਤੇ ਰੱਬ ਨੇ ਰਚਾਯਾ ਨੂਰ ।
ਫੁੱਟ ਪਏ ਫੁਹਾਰੇ ਵੇਖ ਖ਼ੁਸ਼ੀ ਤੇ ਅਨੰਤ ਵਾਲੇ,
ਕੁਦਰਤੀ ਪਵਿੱਤਰਤਾ ਨੇ ਫੜ ਕੇ ਨੁਹਾਯਾ ਨੂਰ ।
ਸ਼ੁੱਧ ਸ਼ੁਭ ਸੁੰਦਰਤਾ ਦੀ ਗੋਦੜੀ ਲਿਆਂਦੀ ਗਈ,
ਅੱਖਾਂ ਦੇ ਪੰਘੂੜੇ 'ਚ ਅਪੱਛਰਾਂ ਨੇ ਪਾਯਾ ਨੂਰ,
ਦਿੱਤੀ ਲੋਰੀ ਗੋਰੀਆਂ ਨੇ ਗਵੇਂ ਮੰਗਲ ਚਾ ਵਾਲੇ,
ਵਾਰੀ ਵਾਰੀ ਸਾਰੀਆਂ ਖਿਡਾਯਾ ਪਰਚਾਯਾ ਨੂਰ ।
ਕਲੀਆਂ ਤੇ ਫੁਲਾਂ ਨੂੰ ਵੀ ਹੱਸਣ ਦੀ ਜਾਚ ਆ ਗਈ,
ਚਾਉ ਤੇ ਮਲਾਰ ਵੇਖ ਜਦੋਂ ਮੁਸਕ੍ਰਾਯਾ ਨੂਰ ।
ਦੇਵੀ ਤੇ ਦਿਓਤਿਆਂ ਨੂੰ ਹੋਈ ਇਹ ਅਕਾਸ਼ ਬਾਣੀ,
'ਆਓ, ਓਦ੍ਹੀ ਦੀਦ ਕਰੋ, ਜੇੜ੍ਹਾ ਮੈਂ ਸਜਾਯਾ ਨੂਰ ।
ਝਿਰਮਲਾਂਦੀ ਚਾਨਣੀ ਚਾ ਸੂਰਜ ਹੋਰਾਂ ਤਾਣ ਦਿੱਤੀ,
ਸੀਨੇ ਵਿੱਚੋਂ ਕੱਢ ਕੱਢ ਚੰਨ ਨੇ ਵਿਛਾਯਾ ਨੂਰ ।
ਹੂਰਾਂ ਦੀ ਮਲੂਕਤਾ ਤੇ ਹੁਸਨ ਦੀ ਨਜ਼ਾਕਤੀ ਨੇ,
ਫੁੱਲਾਂ ਵਾਲੀ ਸੋਹਲਤਾ ਦੇ ਸਿਰ ਤੇ ਬਿਠਾਯਾ ਨੂਰ ।
ਚੁੱਕ ਚੁੱਕ ਮੁਖੜੇ ਤੋਂ ਨੂਰ ਦੇ ਨਕਾਬ ਸਾਰੇ,
ਸੱਚ ਖੰਡ ਵਿੱਚ ਗਿਆ ਸਭ ਨੂੰ ਦਿਖਾਯਾ ਨੂਰ ।
ਉੱਚਾ ਪਰਕਾਸ਼ ਡਿੱਠਾ ਜਦੋਂ ਸੂਰਜ-ਬੰਸੀਏ ਦਾ,
ਦੀਵੇ ਵਾਂਙ ਦਿਓਤਿਆਂ ਦਾ ਵੇਖ ਸ਼ਰਮਾਯਾ ਨਰ ।
ਤਾਰੇ ਬਣ ਉਹ ਚਮਕਾਰੇ ਮਾਰੇ ਅੰਬਰਾਂ ਤੇ,
'ਓਸ-ਨੂਰ' ਉਤੋਂ ਜੇੜ੍ਹਾ ਓਦੋਂ ਸੀ ਲੁਟਾਯਾ ਨੂਰ ।
'ਭਗਤੀ' ਤੇ 'ਤਪ' ਨੇ ਭੀ ਆਦਰ ਨਾਲ ਅਗ੍ਹਾਂ ਹੋਕੇ,
ਅੱਖਾਂ ਉਤੇ ਚੁੱਕ ਚੁੱਕ ਮੁੱਖ ਤੇ ਚੜ੍ਹਾਯਾ ਨੂਰ ।
ਆਦਮੀ ਦੀ ਜੂਨ ਵੀ ਪਈ ਇਕ ਪਾਸੇ ਵੇਖਦੀ ਸੀ,
ਸ਼ਾਨਤੀ ਦਾ ਸੋਮਾ ਉਹ ਏਹਨੂੰ ਡਾਢਾ ਭਾਯਾ ਨੂਰ ।
ਦੁਬਿਧਾ ਦੀ ਮਾਰੀ ਅਤੇ ਭੁੱਲੀ ਤੇ ਹੰਕਾਰੀ ਵੇਖ,
ਬੜੀ ਦੁਖਿਆਰੀ ਦੇਖ ਓਦ੍ਹੇ ਵਲੇ ਧਾਯਾ ਨੂਰ ।
ਦੁੱਖਾਂ ਵਿਚ ਘੁਲਦੀ ਨੂੰ, ਪੈਰਾਂ ਹੇਠ ਰੁਲਦੀ ਨੂੰ,
ਬਾਂਹ ਫੜ, ਉਤ੍ਹਾਂ ਕਰ ਸੀਨੇ ਨਾਲ ਲਾਯਾ ਨੂਰ ।
ਨੀਝ ਨੂੰ ਵਿਖਾ ਦਿੱਤੇ ਭੇਤ ਗੁੱਝੇ ਮੁਕਤੀ ਦੇ,
ਉੱਲੀ ਖਾਧੀ 'ਮੱਤ' ਦਾ ਭੀ ਫੇਰ ਚਮਕਾਯਾ ਨੂਰ ।
'ਪੌਣ' ਸਾਰੀ ਕਢਕੇ ਤਕੱਬਰੀ ਦੀ ਬੁੱਤ ਵਿਚੋਂ,
ਰਿੱਧੀ ਸਿੱਧੀ ਨਾਲ ਫੇਰ 'ਅੱਗ' ਨੂੰ ਬਣਾਯਾ ਨੂਰ ।
'ਪਾਣੀ' ਵਾਲਾ ਤੱਤ ਸਾਰਾ ਪੁਣ ਪੁਣ ਪਾਣੀ ਵਿਚ,
'ਮਿਟੀ' ਸੰਦੇ ਪੁਤਲੇ ਨੂੰ ਚਾੜ੍ਹਿਆ ਸਵਾਯਾ ਨੂਰ ।
'ਨਾਨਕ ਜੀ ਦੀ ਜੈ' ਓਧਰ ਬੋਲ ਦਿਤੀ ਦਿਓਤਿਆਂ ਨੇ,
ਜਦੋਂ ਚਹੁਆਂ ਤੱਤਾਂ ਵਿਚ 'ਪੰਜਵਾਂ' ਰਲਾਯਾ ਨੂਰ ।
ਪਯਾਰੇ ਕਲਬੂਤ ਨੇ ਇਹ ਏਧਰੋਂ ਸਬੂਤ ਦਿੱਤਾ,
'ਇੱਕ ਓਅੰਕਾਰ' ਬੋਲ ਗੱਜ ਕੇ ਖਿੰਡਾਯਾ ਨੂਰ ।
ਉੱਤਮ ਆਤਮਾਵਾਂ ਨੇ ਇਹ ਖੇਡ ਵੇਖ ਜਾਣ ਲੀਤਾ,
ਓਸ ਉਪਕਾਰੀ ਨੇ ਇਹ ਆਪ ਹੈ ਉਪਾਯਾ ਨੂਰ ।
ਅੱਗ ਅਗਯਾਨ ਵਾਲੀ ਜੱਗ ਤੋਂ ਬੁਝੌਣ ਲਈ,
ਸ਼ਾਨਤੀ ਦੇ ਝਰਨਿਆਂ 'ਚੋਂ ਗਿਆ ਹੈ ਵਸਾਯਾ ਨੂਰ ।
ਭਾਗ ਦੀ ਲਕੀਰ ਵਾਂਙੂ ਚੁੱਕ ਕੇ ਹਥੇਲੀਆਂ ਤੇ,
ਓਸੇ ਵੇਲੇ ਜੱਗ ਉੱਤੇ ਦਿਓਤਿਆਂ ਪੁਚਾਯਾ ਨੂਰ ।
ਭੁੱਲੇ ਹੋਏ ਬੰਦਿਆਂ ਨੂੰ 'ਸ਼ਰਫ' ਰਾਹੇ ਪੌਣ ਲਈ,
ਸ੍ਵਰਗਾਂ ਦੀ ਡੰਡੀ 'ਤਲਵੰਡੀ' ਓਹੋ ਆਯਾ ਨੂਰ ।

2. ਇਲਾਹੀ-ਪ੍ਰਕਾਸ਼

ਮੌਸਮ ਖੁਸ਼ੀ ਦਾ ਆ ਗਿਆ ਜੱਗ ਅੰਦਰ,
ਸਣੇ ਪੱਤਰਾਂ ਰੁੱਖ ਨਿਹਾਲ ਹੋ ਗਏ ।
ਜੀਭਾਂ ਕੱਢ ਕੇ ਫੁੱਲ ਪਏ ਸਹਿਕਦੇ ਸਨ,
ਭਰ ਭਰ ਝੋਲੀਆਂ ਨੂੰ ਮਾਲੋ ਮਾਲ ਹੋ ਗਏ ।
ਕੁਤ-ਕੁਤਾਰੀਆਂ ਕੱਢੀਆਂ ਪੌਣ ਜਹੀਆਂ,
ਮੂੰਹ ਕਲੀਆਂ ਦੇ ਹਸ ਹਸ ਲਾਲ ਹੋ ਗਏ ।
ਕੀਤੀ ਸੋਟ ਐਸੀ ਸੁੱਚੇ ਮੋਤੀਆਂ ਦੀ,
ਖਾਲੀ ਅੰਬਰਾਂ ਦੇ ਸੱਤੇ ਥਾਲ ਹੋ ਗਏ ।

ਗਾਵਣ ਗੀਤ ਇਹ ਬਲਬੁਲਾਂ ਮਸਤ ਹੋਈਆਂ,
ਸੁਣ ਕੇ ਫੁੱਲਾਂ ਨੂੰ ਬੜਾ ਅਨੰਦ ਆਯਾ ।
ਇੱਕ ਓਅੰਕਾਰ ਦੀਆਂ ਰਿਸ਼ਮਾਂ ਪੌਣ ਵਾਲਾ,
ਕਾਲੂ ਚੰਦ ਦੇ ਘਰ ਅੱਜ ਚੰਦ ਆਯਾ ।

ਬੁੱਲੇ ਵਹਦਤੀ ਛੱਡ ਕੇ ਹਿੰਦ ਅੰਦਰ,
ਬੱਦਲ ਸ਼ਿਰਕ ਵਾਲੇ ਸਾਰੇ ਦੂਰ ਕੀਤੇ ।
ਜਲਵੇ 'ਇੱਕ ਓਂਕਾਰ' ਦੇ ਦੱਸ ਕੇ ਤੇ,
ਸੀਨੇ ਪੱਥਰਾਂ ਦੇ ਨੂਰੋ ਨੂਰ ਕੀਤੇ ।
ਜੇੜ੍ਹੇ ਨਾਮ ਵੱਲੋਂ ਹਿਰਦੇ ਸੱਖਣੇ ਸਨ,
ਹਰੀ ਨਾਮ ਦੇ ਨਾਲ ਭਰਪੂਰ ਕੀਤੇ ।
ਐਸਾ ਕਰਨੀਆਂ ਦਾ ਚੰਦ ਚਾੜ੍ਹ ਦਿੱਤਾ,
ਕੌਡੇ ਜਿਹਾਂ ਦੇ ਨਾਮ ਮਸ਼ਹੂਰ ਕੀਤੇ ।

ਬਾਲੇ ਪਨ ਅੰਦਰ ਕੀਤੇ ਖਰੇ ਸੌਦੇ,
ਤਾਂਘ ਤੋੜ ਕੇ ਕੂੜੀਆਂ ਖੱਟੀਆਂ ਦੀ ।
ਫੱਟੇ ਹੋਏ ਸਨ ਕਾਲਜੇ ਪੱਥਰਾਂ ਨੇ,
ਪੱਟੀ ਬੰਨ੍ਹ ਦਿੱਤੀ ਥੱਬੇ-ਪੱਤੀਆਂ ਦੀ।

ਤੇਰੀ ਪਰਉਪਕਾਰੀ ਦੀ ਸਿਫ਼ਤ ਕਰਨੀ,
ਹੈ ਏ ਤੋੜਨਾ ਅੰਬਰੋਂ ਤਾਰਿਆਂ ਨੂੰ ।
ਸੱਤਾਂ ਪੀੜ੍ਹੀਆਂ ਦੀ ਸ਼ਾਹੀ ਬਖਸ਼ ਦੇਣੀ,
ਬਬਰ ਜਹੇ ਨਸੀਬਾਂ ਦੇ ਹਾਰਿਆਂ ਨੂੰ ।
ਤੇਰੇ ਮਿੱਠੜੇ ਬੋਲ ਪਰੇਮ ਵਾਲੇ,
ਮਿੱਠਾ ਕਰ ਦੇਵਣ ਖੂਹਾਂ ਖਾਰਿਆਂ ਨੂੰ ।
ਮੋਦੀਖਾਨਿਆਂ ਨੂੰ ਵਾਧੇ ਪਾ ਦੇਣੇ,
ਲੰਗਰ ਵੰਡ ਕੇ ਭੁੱਖਿਆਂ ਸਾਰਿਆਂ ਨੂੰ।

ਮੈਂ ਕੁਰਬਾਨ ਜਾਂ ਨੈਣਾਂ ਰਸੀਲਿਆਂ ਤੋਂ,
ਐਸੀ ਮਦ ਦੇ ਨਾਲ ਸਨ ਭਰੇ ਹੋਏ ।
ਜਿੱਧਰ ਵੱਗ ਗਈ ਸੁੰਦਰ ਨਿਗਾਹ ਤੇਰੀ,
ਲੱਖਾਂ ਉੱਜੜੇ ਖੇਤ ਸਨ, ਹਰੇ ਹੋਏ ।

ਸੂਰਜ-ਬੰਸੀਏ ! ਜੱਗ ਤੇ ਹੋਈ ਜ਼ਾਹਰ,
ਰਿੱਧੀ ਸਿੱਧੀ ਦੀ ਨਵੀਂ ਤਾਸੀਰ ਤੇਰੀ ।
ਕਿੱਸਾ ਵਲੀ ਕੰਧਾਰੀ ਦਾ ਯਾਦ ਆਵੇ,
ਸ਼ਾਨ ਦੱਸਦੇ ਨੇ ਪਰਬਤ-ਨੀਰ ਤੇਰੀ ।
ਹਿੰਦੂ, ਮੁਸਲਿਮ ਦੇ ਸਾਂਝਿਆ ਰਾਂਝਿਆ ਵੇ,
ਸੰਗਤ ਬਾਵਰੀ ਹੋਈ ਏ ਹੀਰ ਤੇਰੀ ।
ਰੱਖੇ ਰੁਤਬਾ 'ਹੁਮਾ' ਦਾ ਛਾਂ ਓਹਦੀ,
ਜੇੜ੍ਹੀ ਕੰਧ ਤੇ ਹੋਵੇ ਤਸਵੀਰ ਤੇਰੀ ।

ਦਰਜੇ 'ਦਾਰ' ਸਿਕੰਦਰ ਦੇ ਪਾ ਲੀਤੇ,
ਤੇਰੇ ਨੌਕਰਾਂ ਦੇ ਅਦਨਾ ਨੌਕਰਾਂ ਨੇ।
ਪਰੀਆਂ ਮੋਰਛਲ ਜਿਨ੍ਹਾਂ ਨੂੰ ਕਰਨ ਆਕੇ,
ਤੇਰੇ ਬੂਹੇ ਤੇ ਫੇਰਦੇ, ਬਹੁਕਰਾਂ ਨੇ।

ਕਰਕੇ ਮਾਨ ਜਮਸ਼ੈਦ ਨੇ 'ਠੀਕਰੀ' ਦਾ,
ਗੱਲਾਂ ਕੀਤੀਆਂ ਬਹੁਤ ਬੇ-ਓਟੀਆਂ ਸਨ ।
ਅੰਤਰਯਾਮੀਆਂ ! ਤੂੰ ਸ਼ੀਸ਼ੇ-ਦਿਲ ਵਿੱਚੋਂ,
ਕਾਰਾਂ ਵੇਖ ਲਈਆਂ ਖਰੀਆਂ ਖੋਟੀਆਂ ਸਨ ।
ਭਰੀ ਹੱਕ ਦੀ ਵੇਖ ਕੇ ਨਿਗ੍ਹਾ ਤੇਰੀ,
ਲਹੂ ਦੁੱਧ ਵਗੌਂਦੀਆਂ ਰੋਟੀਆਂ ਸਨ ।
ਪੰਜੇ ਨਾਲ ਪਹਾੜ ਨੂੰ ਡੱਕ ਲੈਣਾ,
ਇਹ ਗਲਾਂ ਤੇ ਛੋਟੀਆਂ ਛੋਟੀਆਂ ਸਨ ।

ਦੀਨਾਂ ਬੰਧੂ ਜੀ ਖ਼ਿਜਰ ਖ਼੍ਵਾਜ ਬਣ ਕੇ,
ਤੁਸੀਂ ਭੁਲਿਆਂ ਨੂੰ ਰਾਹੇ ਪਾਉਣ ਆਏ ।
ਚੱਪੇ ਮਾਰਕੇ 'ਇੱਕ-ਓਂਕਾਰ' ਵਾਲੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲਾਉਣ ਆਏ ।

ਸਤਿਨਾਮ ਦਾ ਸੂਰਜ ਚੜ੍ਹਾ ਕੇ ਤੂੰ,
ਬਾਂਕੀ ਮਾਲਾ ਦੀਆਂ ਕਿਰਨਾਂ ਪੌਣ ਵਾਲੇ ।
ਦਾਣਾ ਤਿਲ ਦਾ ਸੰਗਤਾਂ ਸਾਰੀਆਂ ਨੂੰ,
ਰਿੱਧੀ ਸਿੱਧੀ ਦੇ ਨਾਲ ਵਰਤੌਣ ਵਾਲੇ ।
ਬਰਛੇ ਮਾਰ ਕੇ ਸ਼ੋਰ-ਜ਼ਮੀਨ ਉੱਤੇ,
ਮਿੱਠੇ ਜਲਾਂ ਦੇ ਸੋਮੇ ਵਗੌਣ ਵਾਲੇ ।
ਸੱਚ ਖੰਡ ਦੇ ਵਾਸੀਆ ! ਸੱਚ ਆਖਾਂ ,
ਤੇਰੇ ਜੱਸ ਨਹੀਂ ਗਿਣਤੀ 'ਚ ਔਣ ਵਾਲੇ ।

ਪੈ ਗਏ ਡੱਬ ਸਿਆਹੀ ਦੇ ਮੁੱਖੜੇ ਤੇ,
ਦਾਗ਼ਦਾਰ ਹੈ ਚੰਨ ਦਾ ਨੂਰ ਹੋਯਾ ।
ਤੇਰੇ ਚਰਨਾਂ ਦੀ ਧੂੜ ਨਾ ਮਿਲੀ ਏਨੂੰ,
ਫੋਲਾ ਅੱਖ ਦਾ ਤਦੇ ਨਾ ਦੂਰ ਹੋਯਾ ।

ਓਹ ਕੀ ਸ੍ਵਰਗਾਂ ਨੂੰ ਜਾਣਦੇ ਭਲਾ ਜਿਨ੍ਹਾਂ,
ਸੱਚ-ਖੰਡ ਦੀਆਂ ਵਾਟਾਂ ਤੱਕੀਆਂ ਸਨ ?
ਕੌੜੇ ਰੀਠਿਆਂ ਨੂੰ ਮਿੱਠਾ ਕਰ ਦੇਣਾ,
ਏਹ ਕਰਾਮਾਤਾਂ ਤੇਰੀਆਂ ਪੱਕੀਆਂ ਸਨ ।
ਪੜਦੇ ਜ਼ੁਲਮ ਦੇ ਪਾ ਕੇ ਮੁੱਖੜੇ ਤੇ,
ਅੱਖਾਂ ਲੋਦੀ ਸਿਕੰਦਰ ਨੇ ਢੱਕੀਆਂ ਸਨ।
ਤੇਰੇ ਸ਼ਬਦ ਅਨੋਖੇ ਤੋਂ ਜਾਂ ਸਦਕੇ,
ਫਿਰ ਫਿਰ ਸਾਹ ਨਾ ਲੈਂਦੀਆਂ ਚੱਕੀਆਂ ਸਨ ।

ਸ਼ਿਵ ਜੀ ਆਪ ਲਪੇਟ ਕੇ ਲਿਟਾਂ ਅੰਦਰ,
ਹੱਥੀਂ ਆਪਣੀ ਨਾਗ ਦੀ ਥਾਂ ਕੀਤੀ ।
ਤੈਨੂੰ ਸੁੱਤਿਆਂ ਆਈ ਜੇ ਧੁੱਪ ਕਿਧਰੇ,
ਸਿਰ ਤੇ ਆਣ ਕੇ ਸੱਪਾਂ ਨੇ ਛਾਂ ਕੀਤੀ ।

ਤੇਰੇ ਜਨਮ-ਸੁਭਾਗੇ ਦੀ ਖੁਸ਼ੀ ਅੰਦਰ,
ਚੜ੍ਹੀਆਂ ਕੁਲ ਤ੍ਰੈਲੋਕੀ ਨੂੰ ਲਾਲੀਆਂ ਨੇ ।
ਚਾਈਂ ਚਾਈਂ ਅਪੱਛਰਾਂ ਮੌਜ ਅੰਦਰ,
ਸੂਰਜ ਚੰਦ ਦੀਆ ਪਰਸੀਆਂ ਥਾਲੀਆਂ ਨੇ ।
ਇੰਦ੍ਰ ਪੁਰੀ ਤੇ ਫੁੱਲ ਵਰਸਾ ਦਿੱਤੇ,
ਸੱਚ-ਖੰਡ ਦੇ ਗੰਧ੍ਰਬਾਂ, ਮਾਲੀਆਂ ਨੇ ।
ਏਸ ਜੱਗ ਤੇ ਭੀ ਤਿਰਿਆਂ ਸੇਵਕਾਂ ਨੇ,
ਘਰੋ ਘਰੀ ਦੀਵਾਲੀਆਂ ਬਾਲੀਆਂ ਨੇ ।

"ਸ਼ਰਫ" ਤੋੜ ਕੇ ਫੁੱਲ ਕਵੀਸ਼ਰੀ ਦੇ,
ਸੇਹਰਾ ਮੇਹਨਤਾਂ ਨਾਲ ਬਣਾਯਾ ਮੈਂ ।
ਬਾਬਾ ! ਮੇਰੀ ਭੀ ਨਜ਼ਰ ਮਨਜ਼ੂਰ ਕਰਨੀ,
ਬੜੀ ਸ਼ਰਧਾ ਦੇ ਨਾਲ ਹਾਂ ਆਯਾ ਮੈਂ ।

(ਹੁਮਾ=ਜਿਸ ਦਾ ਪਰਛਾਵਾਂ ਬਾਦਸ਼ਾਹ
ਬਣਾ ਦੇਂਦਾ ਹੈ, ਠੀਕਰੀ=ਜਮਸ਼ੈਦ
ਬਾਦਸ਼ਾਹ ਦਾ ਪਿਆਲਾ)
--੦--

ਮੇਰੇ ਇਕ ਓਂਕਾਰ ਦੇ ਬਾਨੀਆਂ ਵੇ !
ਬਹੁੜੀਂ ਲੱਗੀ ਬੁਝਾ ਇਹ ਤੱਸ ਜਾਵੀਂ ।
ਸੋਮੇ ਨੂਰ ਦੇ ਨੈਨ ਵਿਖਾਲ ਸੁੰਦਰ,
ਪੱਥਰ ਹਿਰਦਿਆਂ ਦੇ ਅੰਦਰ ਧੱਸ ਜਾਵੀਂ ।
ਖੂੰਡੀ ਕੱਛ ਤੇ ਮੱਝੀਆਂ ਹੋਣ ਅੱਗੇ,
ਕੋਲੋਂ ਲੰਘਦਾ ਦਿਲਾਂ ਨੂੰ ਖੱਸ ਜਾਵੀਂ ।
ਖੇਤ ਨੇਕੀ ਦੇ ਔੜ ਉਜਾੜ ਸੁੱਟੇ,
ਬਣ ਕੇ ਮੀਂਹ ਉਪਕਾਰ ਦਾ ਵੱਸ ਜਾਵੀਂ ।
ਪਿਆ ਪਾਸਕੂ ਧਰਮ ਦੀ ਤੱਕੜੀ ਨੂੰ,
ਲਾਵਾਂ ਏਦੀਆਂ ਫੇਰ ਹੁਣ ਕੱਸ ਜਾਵੀਂ ।
ਕੇੜ੍ਹੀ ਹਟੀਓਂ ਮਿਲੇਗਾ ਖਰਾ ਸੌਦਾ ?
ਨਾਲੇ ਓਸ ਦਾ ਪਤਾ ਵੀ ਦੱਸ ਜਾਵੀਂ ।

ਦੱਸਾਂ ਹਾਲ ਕੀ ਤੈਨੂੰ ਮੈਂ ਹਿੰਦੀਆਂ ਦਾ ?
ਏਨ੍ਹਾਂ ਪੁੱਤਰਾਂ ਤੋਂ ਜਾਨ ਸੜੀ ਹੋਈ ਏ ।
ਕਿਸੇ ਜੰਞੂ ਵਿਰੋਧ ਦਾ ਗਲੇ ਪਾਯਾ,
ਕਿਸ ਤਸਬੀ ਤਅੱਸਬ ਦੀ ਫੜੀ ਹੋਈ ਏ ।
ਰਾਮ ਅੱਲਾ ਦੇ ਇੱਕੋ ਹੀ 'ਅਲਫ' ਉਤੋਂ,
ਡਾਂਗਾਂ ਸੋਟਿਆਂ ਦੀ ਲੱਗੀ ਝੜੀ ਹੋਈ ਏ ।
ਹੈਸੀ ਸੁਲ੍ਹਾ ਦਾ ਜਿੱਥੇ ਸੰਧੂਰ ਸੋਂਹਦਾ,
ਹੁਣ ਉਹ ਰੱਤ ਅੰਦਰ ਡੁੱਬੀ ਪੜੀ ਹੋਈ ਏ ।

ਨੂਰੀ-ਮੁੱਖੜੇ ਰੱਬੀ-ਕਿਤਾਬ ਉੱਤੇ,
ਨਿੱਕੀ ਨਿੱਕੀ ਵਿਖਾ ਉਹ ਮੱਸ ਜਾਵੀਂ ।
ਪੰਡਤ ਮੁੱਲਾਂ ਦਾ ਭਰਮ ਮਿਟਾਉਨ ਬਦਲੇ,
ਇਹ 'ਤਫ਼ਸੀਰ' ਗਰੰਥ ਦੀ ਦੱਸ ਜਾਵੀਂ ।

'ਆਦਰ, ਮਾਨ, ਗ੍ਯਾਨ ਪਰੇਮ, ਭਗਤੀ,
ਏਦਾਂ ਰੁਲੇ ਨੇ ਦੁਨੀਆਂ ਦੇ ਮੋਹ ਅੰਦਰ ।
ਜਿਵੇਂ ਚੰਬੇ ਚੰਬੇਲੀ ਦੇ ਫੁੱਲ ਫੜ ਕੇ,
ਰੋਲ ਸੁੱਟੀਏ ਫੱਕ ਤੇ ਤੋਹ ਅੰਦਰ ।
'ਦਇਆ' 'ਦਾਨ' 'ਨਿਆਂ' ਤੇ 'ਲਾਜ' 'ਸੇਵਾ',
ਏਦਾਂ ਡੁੱਬੇ ਹੰਕਾਰ ਤੇ ਰੋਹ ਅੰਦਰ ।
ਡੁੱਬ ਜਾਂਦੇ ਨੇ ਜਿਸ ਤਰਾਂ ਚੰਦ ਤਾਰੇ,
ਚੈਂਚਲਹਾਰੀ ਉਸ਼ੇਰ ਦੀ ਪੋਹ ਅੰਦਰ ।

ਸਤਿਨਾਮ ਕਰਤਾਰ ਦਾ ਜਾਪ ਕਰਦਾ,
ਨੂਰੀ ਮਾਲਾ ਦੀ ਪਾ ਇੱਕ ਲੱਸ ਜਾਵੀਂ ।
ਔਝੜ ਜੂਹ ਵਿੱਚ ਟੱਕਰਾਂ ਮਾਰਦੇ ਨੀ,
ਇਨ੍ਹਾਂ ਭੁੱਲਿਆਂ ਨੂੰ ਰਾਹ ਦੱਸ ਜਾਵੀਂ ।

ਸੁਣਿਆ ਹੋਲਾਂ, ਖਜੂਰਾਂ ਤੋਂ ਰਾਜ-ਗੱਦੀ,
ਬਖ਼ਸ਼ ਦਿੱਤੀ ਸੀ ਤੇ ਪਿਰਤਪਾਲ ਹੋ ਕੇ ।
ਹੈ ਸ਼ਾਹ ਸੱਤ ਪੀੜ੍ਹੀਆਂ ਕਰ ਦਿੱਤਾ,
ਤੂੰਹੇਂ ਭੰਗ ਤੋਂ 'ਬਾਬਰ' ਨਿਹਾਲ ਹੋ ਕੇ ।
ਮੈਂ ਕੀ ਦਿਆਂ ਹੁਣ, ਮੈਨੂੰ ਕੁਝ ਲੱਭਦਾ ਨਹੀਂ,
ਬੈਠੀ ਹੋਈ ਹਾਂ ਡਾਢੀ ਕੰਗਾਲ ਹੋ ਕੇ ।
ਏਹ ਲੈ ਪੈਂਤੀ ਕਰੋੜ ਹੈ 'ਆਹ !' ਮੇਰੀ,
ਕਰ ਲੈ ਅੱਜ ਮਨਜ਼ੂਰ ਦਿਆਲ ਹੋ ਕੇ ।

ਮੇਰੇ ਗੋਦੜੀ ਪੋਸ਼ ਸੁਲਤਾਨ ਸ਼ਾਹਾ,
ਸਿਰੋਂ ਨੰਗੀ ਨੂੰ ਵੇਖ ਨਾ ਹੱਸ ਜਾਵੀਂ ।
ਕਦੋਂ ਮਿਲੇਗਾ ਰਾਜ-ਸੁਹਾਗ ਮੇਰਾ ?
ਇਹ ਅੱਜ ਮੈਨੂੰ ਭੀ ਤੱਤੀ ਨੂੰ ਦੱਸ ਜਾਵੀਂ ।

ਸਣਿਆ, ਜਿਨ੍ਹਾਂ ਨੇ ਅੱਖੀਆਂ ਨਾਲ ਲਾਈ,
ਤੇਰੇ ਪੈਰਾਂ ਦੀ ਧੂੜ ਅਕਸੀਰ ਚੁਮ ਚੁਮ ।
ਜਲਵੇ ਇਕ ਓਂਕਾਰ ਦੇ ਵੇਖਦੇ ਨੇ,
ਲੋਕੀ ਉਨ੍ਹਾਂ ਦੀ ਅੱਜ ਤਸਵੀਰ ਚੁਮ ਚੁਮ ।
ਜਿਨ੍ਹਾਂ ਜਿਨ੍ਹਾਂ ਨੇ ਸੀਨੇ ਦੇ ਨਾਲ ਲਾਈ,
ਤੇਰੀ ਗੋਦੜੀ ਦੀ ਪਾਟੀ ਲੀਰ ਚੁਮ ਚੁਮ ।
ਤਾਜ ਕਲਗੀਆਂ ਸਿਰਾਂ ਤੇ ਰੱਖ ਦਿੱਤੇ,
ਮੱਥੇ ਉਨਾਂ ਦੇ ਸ਼ੁਭ ਤਕਦੀਰ ਚੁਮ ਚੁਮ ।

ਤੇਰੀ ਮਾਤਾ ਪਿਆਰੀ ਦਾ ਵਾਸਤਾ ਪਾ,
ਕਰਾਂ ਬੇਨਤੀ, ਖੱਟ ਇਹ ਜੱਸ ਜਾਵੀਂ।
ਜਿਵੇਂ ਡੁੱਬੀ ਨੂੰ ਅੱਗੇ ਤੋਂ ਤਾਰਿਆ ਸੀ,
ਤਿਵੇਂ ਹੁਣ ਭੀ ਤਾਰ ਕੇ ਦੱਸ ਜਾਵੀਂ ।

ਜਿੱਤੀਂ ਨਾਲ ਗਿਆਨ ਦੇ ਫੇਰ ਬਾਜ਼ੀ,
ਰਾਜੇ ਸ਼ਿਵ ਦੀਆਂ ਨਾਰਾਂ ਹਰਨੀਆਂ ਦੀ ।
ਮੰਤਰ ਇੱਕ ਓਂਕਾਰ ਦਾ ਦੱਸ ਕੇ ਤੇ,
ਮੁਕਤੀ ਕਰੀਂ ਨਾਲੇ ਜਾਦੂਗਰਨੀਆਂ ਦੀ ।
ਵੱਟੀ ਪਾਰਸ ਦੀ ਕੌਡੇ ਨੂੰ ਕਰੀਂ ਨਾਲੇ,
ਨਜ਼ਰ ਕੀਮੀਆ ਸੁੱਟ ਕੇ ਕਰਨੀਆਂ ਦੀ ।
ਵੈਰੀ ਠੱਗ ਦਾ ਬਣੀਂ ਤੂੰ ਆਪ ਸੱਜਣ,
ਗੱਲ ਛੱਡ ਕੇ ਕਰਨੀਆਂ ਭਰਨੀਆਂ ਦੀ ।

ਗੇੜੀ ਚੱਕੀਆਂ, ਰੀਠੇ ਭੀ ਕਰੀਂ ਮਿੱਠੇ,
ਦੁਨੀਆਂ ਦਾਰੀ ਦੇ ਵਿਚ ਵੀ ਫੱਸ ਜਾਵੀਂ,
ਲਹੂ ਦੁੱਧ ਵਗਾ, ਪਰ ਰੋਟੀਆਂ 'ਚੋਂ,
ਖਾਣੀ ਹੱਕ ਹਲਾਲ ਦੀ ਦੱਸ ਜਾਵੀਂ ।

ਤੇਰੇ ਜਿਹਾ ਹੈ ਜਿਨ੍ਹਾਂ ਨੂੰ ਪੁੱਤ ਮਿਲਿਆ,
ਧੰਨ ਧੰਨ ਉਹ ਪਿਤਾ ਤੇ ਮਾਂ ਤੇਰੀ ।
ਸੱਚ ਖੰਡ ਦਾ ਬਣੀ ਉਹ ਜਾ ਅੰਬਰ,
ਜੇੜ੍ਹੀ ਜ਼ਿਮੀਂ ਤੇ ਪੈ ਗਈ ਏ ਛਾਂ ਤੇਰੀ ।
ਅੱਜ ਮੈਂ ਡਿੱਠੇ ਹਵਾਈ ਜਹਾਜ਼ ਉੱਡੇ,
ਯਾਦ ਆਈ ਏ ਗੱਲ ਇਹ ਤਾਂ ਤੇਰੀ ।
ਜੁੱਤੀ ਸਾਇੰਸ ਦੇ ਮੂੰਹ ਤੇ ਮਾਰਨੇ ਨੂੰ,
ਉੱਡੀ 'ਸਿੱਧਾਂ' ਦੇ ਨਾਲ 'ਖੜਾਂ' ਤੇਰੀ ।

ਮੁੜ ਕੇ ਆਤਮਾ ਸ਼ਕਤੀ ਦੀ ਪੱਥਰੀ ਤੇ,
ਵਾਂਙ ਸੋਨੇ ਦੇ ਆਣ ਕੇ ਘੱਸ ਜਾਵੀਂ ।
ਪਾ ਕੇ ਇਕ ਓਂਕਾਰ ਦੀ ਲੀਕ ਸਿੱਧੀ,
ਡੰਡੀ ਸ੍ਵਰਗ ਦੀ ਲੋਕਾਂ ਨੂੰ ਦੱਸ ਜਾਵੀਂ ।

ਕਾਲੂ ਚੰਦ ਦਿਆ ਸੂਰਜ ਬੰਸੀਆ ਵੇ !
ਜੇੜ੍ਹੀ ਸੌਂਪ ਕੇ ਗਿਆ ਸੈਂ ਗੱਠ ਮੈਨੂੰ ।
ਡਿਗ ਪਈ ਛਾਪ ਮਿਲਾਪ ਦੀ ਓਸ ਵਿਚੋਂ,
ਪਿਆ ਝੋਕਨਾ ਗੈਰਾਂ ਦਾ ਭੱਠ ਮੈਨੂੰ ।
ਵੇਖ ਵੇਖ ਜ਼ਮਾਨੇ ਦੇ ਤੌਰ ਭੈੜੇ,
ਸੱਭ ਵਿੱਸਰੇ ਨੇ ਉੱਦਮ-ਹੱਠ ਮੈਨੂੰ ।
ਦੇ ਕੇ ਦੀਦ ਹੁਣ ਤੱਤੀ ਨੂੰ ਤਾਰ ਛੇਤੀ,
ਤੇਰੀ ਡੋਬ ਰਹੀ ਏ ਢਿੱਲ ਮੱਠ ਮੈਨੂੰ ।

ਚਾਦਰ ਹੱਥ ਦੇ ਹਿੰਦੂਆਂ ਮੋਮਨਾਂ ਦੇ,
ਭਾਵੇਂ ਫੇਰ ਤੂੰ ਸ੍ਵਰਗਾਂ ਨੂੰ ਨੱਸ ਜਾਵੀਂ ।
ਐਪਰ ਹੋਰ ਇਕ ਵਾਰ ਪਰੇਮ-ਭਗਤੀ
"ਸ਼ਰਫ਼" ਜਿਹਾਂ ਨੂੰ ਆਣ ਕੇ ਦੱਸ ਜਾਵੀਂ ।

ਤਫ਼ਸੀਰ = ਅਰਥ ।
--੦--

3. ਪੀਰ ਨਾਨਕ

ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ,
ਤੇਰੇ ਬੂਹੇ ਦੇ ਜੇੜ੍ਹੇ ਫ਼ਕੀਰ ਨਾਨਕ ।
ਪੱਕੀ ਸਨਦ ਹੈ ਸਵਰਗ ਦੇ ਵਾਸਤੇ ਇਹ,
ਤੇਰੀ ਗੋਦੜੀ ਦੀ ਪਾਟੀ ਲੀਰ ਨਾਨਕ ।
ਤੇਰੇ ਪੈਰਾਂ ਦੀ ਮਲੀ ਜਿਸ ਖ਼ਾਕ ਪਿੰਡੇ,
ਕੁੰਦਨ ਹੋ ਗਿਆ ਓਦ੍ਹਾ ਸਰੀਰ ਨਾਨਕ ।
ਭਲਾ ਬੰਦੇ ਹਕੀਕਤ ਕੀ ਰੱਖਦੇ ਨੇ,
ਕੱਢੇ ਪੱਥਰਾਂ ਦੇ ਵਿੱਚੋਂ ਨੀਰ ਨਾਨਕ ।
ਹੋਏ ਓਸ ਥਾਂ ਠੀਕਰੇ ਠਾਕਰਾਂ ਦੇ,
ਗਏ ਘੱਤ ਕੇ ਜਿਧਰ ਵਹੀਰ ਨਾਨਕ ।
ਪਾਇਆ ਇੱਕ ਓਂਕਾਰ ਦੇ ਰਾਹ ਸਿੱਧੇ,
ਪਾ ਕੇ 'ਇਕ' ਦੀ ਇੱਕ ਲਕੀਰ ਨਾਨਕ ।
ਜੇੜ੍ਹੇ ਜੇੜ੍ਹੇ ਸਨ ਜ਼ੁਲਮ ਕਮਾਨ ਵਾਲੇ,
ਤੁਸਾਂ ਕਰ ਦਿੱਤੇ ਸਿੱਧੇ ਤੀਰ ਨਾਨਕ ।
ਜਲਵੇ ਨੂਰ ਦੇ ਵੇਖਦਾ ਰਹਾਂ ਹਰਦਮ,
ਵੱਸੇ ਅੱਖੀਆਂ ਵਿੱਚ ਤਸਵੀਰ ਨਾਨਕ ।
ਦੁਨੀਆਂ ਥੱਕ ਗਈ ਏ ਗਿਣ ਗਿਣ ਗੁਣ ਤੇਰੇ,
ਪਾਇਆ ਅੰਤ ਨਾ ਗੁਣੀ ਗਹੀਰ ਨਾਨਕ ।
ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ?
ਗੁਰੂ ਸਿੱਖਾਂ ਦੇ 'ਸ਼ਰਫ਼' ਦੇ ਪੀਰ ਨਾਨਕ ।

4. ਗਿਆਨ

ਛਿੱਤਾ ਹੋ ਮਰਦਾਨਾ ਇਹ ਕਹਿਣ ਲੱਗਾ,
ਨਾਨਕ ਦੇਵ ਜੀ ਨੂੰ ਇਕ ਦਿਨ ਪੰਧ ਅੰਦਰ:-
'ਅਸੀਂ ਗਜ਼ ਜ਼ਮੀਨ ਦੇ ਬਣੇ ਹੋਏ ਹਾਂ,
ਦੁਨੀਆਂ ਵੱਸਦੀ ਪਈ ਅਨੰਦ ਅੰਦਰ ।
ਚੂਰ ਚੂਰ ਕਰ ਦਿੱਤਾ ਏ ਪੈਂਡਿਆਂ ਨੇ,
ਪੀੜਾਂ ਹੁੰਦੀਆਂ ਨੇ ਬੰਦ ਬੰਦ ਅੰਦਰ ।
ਅੱਠੇ ਪਹਿਰ ਪਏ ਮੁਖ਼ਤ ਖ਼੍ਵਾਰ ਹੋਈਏ,
ਫਸੇ ਹੋਏ ਫ਼ਕੀਰੀ ਦੇ ਫੰਧ ਅੰਦਰ ।

ਨਾਲ ਭੁੱਖ ਦੇ ਆਂਦਰਾਂ, ਲੂਸ ਗਈਆਂ,
ਤੇਰੇ ਗੁਰੂ ਜੀ ਬਣੇ ਹਾਂ ਦਾਸ ਚੰਗੇ ।
ਬੈਠੇ ਹੋਏ ਨੇ ਚੈਨ ਦੇ ਨਾਲ ਜੇੜ੍ਹੇ,
ਸਾਡੇ ਕੋਲੋਂ ਓਹ ਟੱਪਰੀ ਵਾਸ ਚੰਗੇ ।

ਭੇਟਾ ਕਰਨ ਦੇ ਵਾਸਤੇ ਕਦੇ ਕੋਈ,
ਜੇਕਰ ਲੈ ਆਵੇ ਦੁਨੀਆਦਾਰ ਪੈਸੇ ।
ਤਸੀ ਠੇਡਿਆਂ ਨਾਲ ਹੋ ਰੇੜ੍ਹ ਦੇਂਦੇ,
ਐਸੇ ਲੱਗਦੇ ਹੈਨ ਬੇ-ਕਾਰ ਪੈਸੇ ।
ਬੁਰਾ ਮੰਗੋ ਕਯੋਂ ਸਾਡੀਆਂ ਝੋਲੀਆਂ ਦਾ ?
ਜੇਕਰ ਆਪ ਨੂੰ ਨਹੀਂ ਦਰਕਾਰ ਪੈਸੇ ?
ਮੀਰਜਾਦੀ ਨੂੰ ਦਿਆਂਗਾ ਕੀ ਜਾ ਕੇ,
ਅੱਜ ਤੀਕ ਭੀ ਜੁੜੇ ਨਹੀਂ ਚਾਰ ਪੈਸੇ ?

ਹੁੰਦੀ ਖ਼ਬਰ ਜੇ ਗੁਰੂ ਜੀ ਤੁਸਾਂ ਏਦਾਂ,
ਮੈਨੂੰ ਲੈਣ ਨਾ ਦੇਣੇ ਸਿਰਵਾਰਨੇ ਸਨ ।
ਦੇਂਦਾ ਤੋੜ ਤੰਬੂਰੇ ਨੂੰ ਘਰੇ ਈ ਮੈਂ,
ਕਾਹਨੂੰ ਪੰਧ ਪਰਦੇਸ ਦੇ ਮਾਰਨੇ ਸਨ ?'

ਬਾਬੇ ਆਖਿਆ ਹੱਸ ਕੇ "ਭਲੇ ਲੋਕਾ !
ਪਿੰਡ ਕੱਢ ਲਈਂ ਸਾਰੇ ਅਰਮਾਨ ਚਲ ਕੇ ।
ਭਾਵੇਂ ਕਰੀਂ ਸੁਦਾਗਰੀ ਬੁੱਤੀਆਂ ਦੀ,
ਚਾਹੇ ਪਾ ਬਹੀਂ ਕਿਤੇ ਦੁਕਾਨ ਚਲ ਕੇ ।
ਮਾਇਆ ਸਾਰੇ ਜਹਾਨ ਦੀ ਕਰੀਂ ਕੱਠੀ,
ਇਹੋ ਜਿਹਾ ਕੋਈ ਕਰੀਂ ਸਮਿਆਨ ਚਲ ਕੇ ।
ਪਰ, ਲੈ ਸੂਈ ਅਮਾਨਤ ਇਹ ਰੱਖ ਸਾਡੀ,
ਤੈਥੋਂ ਲਵਾਂਗੇ ਅਗਲੇ ਜਹਾਨ ਚਲ ਕੇ ।"

ਅੱਗੋਂ ਕਿਹਾ ਮਰਦਾਨੇ ਨੇ 'ਵਾਹ ਬਾਬਾ !
ਅੱਜ ਇਹ ਸਿੱਖਿਆ ਨਵਾਂ ਗਯਾਨ ਕਿੱਥੋਂ ?
ਸੂਈ ਏਥੋਂ ਹੀ ਕਿਸੇ ਨਹੀਂ ਜਾਨ ਦੇਣੀ,
ਤੈਨੂੰ ਦਿਆਂਗਾ ਅਗਲੇ ਜਹਾਨ ਕਿੱਥੋਂ ?'

ਬਾਬੇ ਆਖਿਆ 'ਦਸ , ਖਾਂ ਭਲੇ ਲੋਕਾ !
ਜੋ ਤੂੰ ਸੂਈ ਨਹੀਂ ਨਾਲ ਲਿਜਾਣ ਜੋਗਾ ।
ਢੇਰ ਮਾਇਆ ਦਾ ਕਾਸ ਨੂੰ ਕਰੇਂ ਕੱਠਾ,
ਜਾਂਦੀ ਵਾਰ ਨੂੰ ਫੇਰ ਪਛਤਾਣ ਜੋਗਾ ।
ਸਭ ਕੁਝ ਰਹੇਗਾ ਭੋਲਿਆ ! ਪਿਆ ਏਥੇ,
ਤੂੰਹੇਂ ਜਾਇੰਗਾ ਅਗ੍ਹਾਂ ਕਮਾਣ ਜੋਗਾ ।
ਜੇ ਤੂੰ ਜੋੜ ਭੀ ਲਿਆ ਤਾਂ ਹੋ ਗਿਆ ਕੀ,
ਛੱਡ ਜਾਇੰਗਾ ਵੰਡੀਆਂ ਪਾਣ ਜੋਗਾ ।

ਦੌਲਤ ਰੱਬ ਦੇ ਨਾਮ ਦੀ ਕਰੀਂ ਕੱਠੀ,
ਜੇੜ੍ਹੀ ਅਗਾਂ ਤੇਰੇ ਕੰਮ ਆਵਨੀ ਏਂ ।
"ਸ਼ਰਫ਼" ਰਹਿਣਗੇ ਭਰੇ ਭੰਡਾਰ ਏਥੇ,
ਤੇਰੇ ਨਾਲ ਇਕ ਸੂਈ ਨਾ ਜਾਵਨੀ ਏਂ ।

(ਭੁਲੇਖਾ ਨਾ ਲੱਗੇ-ਸੂਈ ਦਾ ਪ੍ਰਸੰਗ ਕਾਰੂੰ
ਬਾਦਸ਼ਾਹ ਨਾਲਹੋਇਆ ਦੱਸਿਆ ਜਾਂਦਾ ਹੈ
ਪ੍ਰੰਤੂ ਕਾਰੂੰ ਦੇ ਜ਼ਮਾਨੇ ਤੇ ਸ੍ਰੀ ਗੁਰੂ ਨਾਨਕ
ਦੇਵ ਜੀ ਦੇ ਜ਼ਮਾਨੇ ਵਿਚ ਸੈਂਕੜੇ ਸਾਲਾਂ
ਦਾ ਫਰਕ ਹੈ, ਏਸ ਲਈ ਸੂਈ ਦਾ ਪ੍ਰਸੰਗ
ਮਰਦਾਨੇ ਨਾਲ ਢੁਕਾਕੇ ਗਯਾਨ ਤੇ ਉਪ੍ਰਾਮਤਾ
ਦਾ ਸਬਕ ਦਰਸਾਯਾ ਗਿਆ ਹੈ)

(ਜ਼ਰੂਰੀ ਨੋਟ-ਪੰਨਾ ੧੫ ਤੋਂ ੧੭ ਤੱਕ 'ਗਿਆਨ'
ਵਾਲੀ ਕਵਿਤਾ ਵਿਚ ਸੂਈ ਦਾ ਪ੍ਰਸੰਗ ਕਾਰੂੰ ਜਾਂ
ਭਾਈ ਮਰਦਾਨੇ ਨਾਲ ਵੀ ਨਹੀਂ, ਸਗੋਂ ਇਕ
ਮਹਾਜਨ ਖੱਤ੍ਰੀ ਨਾਲ ਹੋਯਾ ਜਨਮ ਸਾਖੀ
ਵਿਚ ਲਿਖਿਆ ਹੈ)

5. ਹਾਰੇ

ਮੈਂ ਕੀ ਗੁਣ ਤੇਰੇ ਬਾਬਾ ਲਿਖਣ ਜੋਗਾ ?
ਅੱਗੇ ਕਈ ਲੱਖਾਂ ਲਿਖਣਹਾਰ ਹਾਰੇ ।
ਤੇਰੇ ਨਾਂ ਪਵਿੱਤਰ ਦੇ ਨੁਕਤਿਆਂ 'ਚੋਂ,
ਨੁਕਤੇ ਲੱਭਦੇ ਦੋਵੇਂ ਸੰਸਾਰ ਹਾਰੇ ।
ਤੇਰੇ ਸਿਮਰਨ ਪਿਆਰੇ ਦੇ ਤੇਜ ਅੱਗੇ,
ਚੰਨ ਚੌਦੇਂ ਦਾ ਸਣੇ ਪਰਵਾਰ ਹਾਰੇ ।
ਤੇਰੇ ਰੁੱਖ ਦੀ ਛਾਂ ਨਾ ਰਤੀ ਹਿੱਲੇ,
ਸੂਰਜ ਜਿਹਾਂ ਦੀ ਧੁੱਪ ਬਲਕਾਰ ਹਾਰੇ ।
'ਜਿਹਾ ਸਿੱਟਾ ਗੁਰਿਆਈ ਦਾ ਕੱਢਦੈਂ ਤੂੰ,
ਪੈਲੀ ਪੁੰਗਰੇ ਤੇ ਜ਼ਿਮੀਦਾਰ ਹਾਰੇ ।
ਦੱਸੇਂ ਹਰਫ਼ 'ਜਹੇ ਵੇਦ ਕੁਰਾਨ ਵਿੱਚੋਂ,
ਪੰਡਤ ਮੌਲਵੀ ਛੱਡ ਤਕਰਾਰ ਹਾਰੇ ।
ਤੇਰੇ ਮੋਦੀਖਾਨੇ ਰਹਿਣ ਅੰਤ ਵਾਧੇ,
ਕਰ ਕਰ ਕਈ ਲੇਖੇ ਅਲੋਕਾਰ ਹਾਰੇ ।
ਤੇਰੇ ਇੱਕ ਓਅੰਕਾਰ ਦੇ ਸ਼ਬਦ ਸੁਣ ਕੇ,
ਕੌਡੇ ਜਹੇ ਰਾਖਸ਼ ਕਈ ਹਜ਼ਾਰ ਹਾਰੇ ।
ਤੇਰੇ ਮੱਥੇ ਦੀ ਵੇਖ ਕੇ ਸ਼ੁਭ ਰੇਖਾ,
ਹੋਣੀ ਜਹੀ ਅਟੱਲ ਸਰਕਾਰ ਹਾਰੇ ।
ਤੇਰੀ ਚੱਕੀ ਦਾ ਚੱਲਣਾ ਵੇਖ ਕੇ ਤੇ,
ਬਾਬਰ ਜੇਹੇ ਅਮੋੜ ਕੱਹਾਰ ਹਾਰੇ ।
ਦੌਲਤ ਨਾਮ ਦੀ ਵੇਖ ਕੇ ਕੋਲ ਤੇਰੇ,
ਸੱਜਣ ਠੱਗ ਜਹੇ ਚੋਰ ਚਕਾਰ ਹਾਰੇ ।
ਕਿਤੇ ਵਲੀ ਕੰਧਾਰੀ ਜਹੇ ਸੰਗਦਿਲ ਦਾ,
ਤੇਰੀ ਸ਼ਕਤੀਓਂ ਕਿਬਰ ਹੰਕਾਰ ਹਾਰੇ ।
ਗੱਲਾਂ ਡੂੰਘੀਆਂ ਬਾਲੇ ਤੋਂ ਸੁਣ ਸੁਣ ਕੇ,
ਉੱਚੇ ਉੱਚੇ ਵਿਚਾਰੇ ਵਿਚਾਰ ਹਾਰੇ ।
ਐਸੀ ਤਾਰ ਮਰਦਾਨੇ ਨੂੰ ਬੰਨ੍ਹ ਦਿੱਤਾ,
ਨਾ ਉਹ ਹਾਰੇ ਨ ਓਹਦੀ ਸਤਾਰ ਹਾਰੇ ।
ਤੇਰੀ ਬਾਣੀ ਦਾ ਸਾਗਰ ਏ ਬੜਾ ਡੂੰਘਾ,
ਲਾ ਲਾ ਟੁੱਬੀਆਂ ਕਈ ਇਲਮਦਾਰ ਹਾਰੇ ।
ਮੁੱਕੇ ਤੇਰੇ ਭੰਡਾਰ ਅਗਿਣਤ ਦੇ ਨਾ,
ਪੌਂਦੇ ਲੁੱਟ ਲੱਖਾਂ ਔਗਣਹਾਰ ਹਾਰੇ ।
ਖੇਡੀ ਖੇਡ ਤੂੰ ਬਾਬਾ ਜੋ ਅੰਤ ਵੇਲੇ,
ਓਹਨੂੰ ਵੇਖਕੇ ਰਿਸ਼ੀ ਅਵਤਾਰ ਹਾਰੇ ।
ਹਿੰਦੂ ਕਹਿਣ ਸਾਡਾ ਮੁਸਲਿਮ ਕਹਿਣ ਸਾਡਾ,
ਦੋਹਾਂ ਵਿੱਚੋਂ ਨਾ ਕੋਈ ਪੰਕਾਰ ਹਾਰੇ ।
ਆਪ ਕੰਨੀ ਛੁਡਾਈ ਫੜਾਈ ਚਾਦਰ,
ਏਧਰ ਪੌਂਦੇ ਇਹ ਡੰਡ ਪੁਕਾਰ ਹਾਰੇ ।
'ਸ਼ਰਫ਼' ਆਂਹਦਾ ਏ ਬਾਬਾ ਤੂੰ ਜਿੱਤ ਗਿਓਂ,
ਲੜਦੇ ਹੋਰ ਸਾਰੇ ਆਖ਼ਰਕਾਰ ਹਾਰੇ ।

6. ਢੋਆ

ਵਾਹ ਵਾਹ ਕਰ ਕੇ ਖਿੜੀਆਂ ਕਲੀਆਂ ।
ਵਾਙ ਮਸ਼ਾਲਾਂ ਲਟ ਲਟ ਬਲੀਆਂ ।
ਮਹਿਕ ਉਠੇ ਸਭ ਨੱਗਰ, ਗਲੀਆਂ ।
ਭਰ ਗਏ ਬੂਟੇ, ਟਿੰਗਾਂ, ਫਲੀਆਂ ।

ਪੱਤਰ ਪੱਤਰ ਹੋਇਆ ਹਰਿਆ ।
ਅਜ ਦਿਨ ਚੜ੍ਹਿਆ ਭਾਗੀਂ ਭਰਿਆ ।

ਫੁੱਲ ਰੰਗੀਲੇ ਫੁਲ ਫੁਲ ਬਹਿੰਦੇ !
ਆਪੋ ਅੰਦਰ ਹਿਲ ਹਿਲ ਖਹਿੰਦੇ ।
ਜਾਮੇ ਵਿੱਚ ਨਾ ਮੇਵੇਂ ਰਹਿੰਦੇ ।
ਕਲੀਆਂ ਨੂੰ ਕੁਝ ਨਿਉਂ ਜਿਉਂ ਕਹਿੰਦੇ ।

ਕਲੀਆਂ ਰਲ ਮਿਲ ਮੰਗਲ ਗਾਵਨ ।
ਖੜਕਨ ਪੱਤਰ ਗਿੱਧੇ ਪਾਵਨ ।

ਰੰਗ ਬਰੰਗੀ ਪਾ ਪਾ ਚੋਲੇ ।
ਫੁੱਲਾਂ ਭੇਤ ਅਨੋਖੇ ਖੋਲ੍ਹੇ ।
ਖੀਵੇ ਹੋ ਹੋ ਬੁਲਬੁਲ ਬੋਲੇ।
ਲਾਕੀ ਵਾਙਰ ਤੁਰਦੀ ਡੋਲੇ ।

ਗੀਤ ਨਵਾਂ ਹੁਣ ਗਾਉਂਦੀ ਫਿਰਦੀ ।
ਆਸ ਪੁੰਨੀ ਹੁਣ ਚੋਖੇ ਚਿਰ ਦੀ।

ਗੁਰੂ-ਪਰੀ ਦੀ ਅਰਸ਼ੀ ਡੰਡੀ ।
ਸੱਚੇ-ਸੌਦੇ ਵਾਲੀ ਮੰਡੀ ।
ਸ੍ਵਰਗੀ ਮੂਰਤ ਓਹ ਤਲਵੰਡੀ ।
ਹੂਰਾਂ ਵਾਙੂ ਜੀਦ੍ਹੀ ਜੰਡੀ ।

ਕਾਲੁ ਜੀ ਦਾ ਚਾਨਣ-ਤਾਰਾ ।
ਆਉਣਾ ਓਥੇ ਨਾਨਕ ਪ੍ਯਾਰਾ ।

ਇੱਕ ਓਂਕਾਰ ਪੁਕਾਰਨ ਵਾਲਾ।
ਜੜ੍ਹ ਦੂਈ ਦੀ ਮਾਰਨ ਵਾਲਾ ।
ਢੱਠੇ ਧਰਮ ਉਸਾਰਨ ਵਾਲਾ ।
ਰੁੜ੍ਹਦੇ ਬੇੜੇ ਤਾਰਨ ਵਾਲਾ ।

ਜੱਗ ਦਾ ਜਿਸ ਅੰਧੇਰ ਮਿਟਾਯਾ ।
ਅਰਸ਼ਾਂ ਤੀਕਰ ਨੂਰ ਖਿੰਡਾਯਾ ।

ਜੀਹਦੀ ਨਜ਼ਰ ਪਵਿੱਤਰ ਪ੍ਯਾਰੀ ।
ਸਾਵੀ ਕਰ ਦੇਇ ਪੈਲੀ ਸਾਰੀ ।
ਬੋਲ ਜਿਦ੍ਹੇ ਨੂੰ ਸੁਣ ਇਕ ਵਾਰੀ ।
ਪਾਣੀ ਭਰਦਾ ਵਲੀ-ਕੰਧਾਰੀ ।

ਜੀਹਦੀ ਚਰਨੀਂ ਰੁਲਦੀ ਸ਼ਾਹੀ ।
ਓਹ ਕਮਲੀ ਦਾ ਅਰਸ਼ੀ-ਮਾਹੀ ।

ਨੀ ਓਹ ਜਿੰਨ੍ਹੇ ਨੂਰ ਖਿੰਡਾਯਾ ।
ਜੀਹਦਾ ਅੰਤ-ਹਿਸਾਬ ਨ ਆਯਾ ।
ਨੀ, ਉਹ ਜੀਹਨੇ ਬੋਲ ਸੁਣਾਯਾ।
ਮੋਇਆਂ ਨੂੰ ਜਿਸ ਫੇਰ ਜਿਵਾਯਾ ।

ਨੀ, ਜੀਹਦਾ ਦਰਬਾਰ ਸ਼ਾਹਾਨਾ ।
ਨੀ, ਜੀਹਦਾ ਬਾਲਾ, ਮਰਦਾਨਾ ।

ਨੀ, ਥੁੜੀਆਂ ਦੇ ਭਰੇ ਭੰਡਾਰੇ ।
ਨੀ, ਥਿੜਿਆਂ ਦੇ ਕਾਜ ਸਵਾਰੇ ।
ਨੀ, ਜਿਸ ਸਿਦਕ ਸਿਖਾਏ ਭਾਰੇ ।
ਨੀ, ਜਿਸ ਸੱਜਨ ਵਰਗੇ ਤਾਰੇ ।

ਹਿੰਦੂ ਮੁਸਲਮ ਕੋਲ ਬਹਾਯਾ ।
ਨੀ, ਜਿਸ ਏਕਾ ਕਰਨ ਸਿਖਾਯਾ ।

ਨੀ, ਜਿਸ ਸੁੱਤੇ ਝੂਣ ਜਗਾਏ ।
ਨੀ, ਜਿਸ ਧਰਮ ਈਮਾਨ ਸਿਖਾਏ ।
ਨੀ, ਜਿਸ ਸੱਚੇ ਚੰਨ ਚੜ੍ਹਾਏ ।
ਝੂਠ ਬਖੀਲੀ ਮਾਰ ਮੁਕਾਏ ।

ਹਿੰਦੂ ਮੁਸਲਿਮ ਦਾ ਉਹ ਸਾਂਝਾ ।
ਨੀ, ਉਹ ਮੇਰਾ ਨੂਰੀ-ਰਾਂਝਾ ।

ਉਹ ਅਰਸ਼ਾਂ ਦਾ ਪਾਕ-ਨਜ਼ਾਰਾ ।
ਨੂਰੀ-ਪੁਤਲਾ ਨਾਨਕ ਪ੍ਯਾਰਾ ।
ਢੱਠੇ ਦਿਲ ਦੀ ਆਸ, ਸਹਾਰਾ ।
ਹੈ ਉਹ ਬੰਦਾ, ਪਰ ਹੈ ਨਿਆਰਾ।

ਸਬਕ ਦਇਆ ਦੇ ਦਸਣ ਵਾਲਾ ।
ਅੰਮ੍ਰਿਤ ਬਣ ਕੇ ਵੱਸਣ ਵਾਲਾ।

ਨੀ ਮੈਂ ਓਹਦੀ ਗੋੱਲੀ ਬਾਂਦੀ ।
ਰੁੜ੍ਹਦੀ ਜਾਂਦੀ ਗੋਤੇ ਖਾਂਦੀ ।
ਕਰਮਾਂ ਕੋਲੋਂ ਹਾਂ ਸ਼ਰਮਾਂਦੀ ।
ਬੂਹੇ ਓਹਦੇ ਮੁੜ ਮੁੜ ਜਾਂਦੀ ।

ਨੀ, ਕੋਈ ਮੇਰੀ ਪੀੜ ਵੰਡਾਵੋ ।
ਮੇਰਾ ਓਹਦੂੰ ਹਾਲ ਸੁਣਾਵੋ ।

ਤਰਸ ਕਰੇ ਉਹ ਮੇਰੇ ਉੱਤੇ ।
ਭਾਗ ਜਗਾ ਦੇ ਮੇਰੇ ਸੁੱਤੇ ।
ਜੋਗਾ ਬਣਾ ਕੇ, ਚਿਰ ਦੇ ਜੁੱਤੇ,-
ਖੋਲ੍ਹੇ ਮੇਰੇ ਨੈਣ ਵਿਗੁੱਤੇ ।

ਹਰ ਦਮ ਓਹਦੇ ਸਗਨ ਮਨਾਵਾਂ ।
ਚੁਣ ਚੁਣ ਕਲੀਆਂ ਸੇਜ ਵਿਛਾਵਾਂ ।

ਸੁਣਿਆ ਹੈ ਅਜ ਓਹਨੇ ਆਉਣਾ ।
ਸੱਕ ਜਗ ਦਾ ਬਾਘ ਖਿੜਾਉਣਾ।
ਸਖੀਆਂ ਦਾ ਹੈ ਮਾਨ ਵਧਾਉਣਾ ।
ਸੋਹਣੀਆਂ ਨੂੰ ਹੈ ਗਲੇ ਲਗਾਉਣਾ ।

ਦਰ ਓਹਦੇ ਤੇ ਖੜੀਆਂ ਪਰੀਆਂ ।
ਐਪਰ ਮੈਂ ਹਾਂ ਚਿੱਕੜ ਭਰੀਆਂ ।

ਉਸ ਮਾਹੀ ਦੇ ਸ਼ਾਨ ਉਚੇਰੇ ।
ਕੀ ਢੋਵਾਂ ? ਕੁਝ ਕੋਲ ਨ ਮੇਰੇ ।
ਸਈਆਂ ਖੜੀਆਂ ਲੈ ਕੇ ਸੇਰ੍ਹੇ ।
ਮੈਂ ਰੋ ਰੋ ਕੇ ਹੰਝ ਕੇਰੇ ।

ਧੰਨ ਭਾਗ ਉਹ ਨੂਰੀ-ਜੋਤੀ ।
"ਸ਼ਰਫ" ਕਬੂਲੇ ਜੇ ਇਹ ਮੋਤੀ ।

(ਜੱਗ ਦਾ....ਨੂਰ ਖਿੰਡਾਯਾ । ਏਹ
ਸਤਰਾਂ ਅਸਾਂ ਆਪ ਬਦਲੀਆਂ ਹਨ ।
ਸ਼ਰਫ਼ ਜੀ ਦੀਆਂ ਸਤਰਾਂ ਹੋਰ ਹਨ।-ਪ੍ਰਕਾਸ਼ਕ)
--੦--

7. ਬਾਲਾ

ਦਿਲ ਦੀ ਕੁਫ਼ਰ ਸਿਆਹੀ ਮਿਟ ਗਈ,
ਕੀਤਾ ਨੂਰ ਉਜਾਲਾ ।
ਵੇਖ ਗੁਰੂ ਦੇ ਨੈਣ ਨਸ਼ੀਲੇ,
ਹੋ ਗਿਆ ਉਹ ਮਤਵਾਲਾ ।
ਹੇਰੇ ਫੇਰੇ, ਹਰਦਮ ਫੇਰੇ
ਮਨ ਮਣਕੇ ਦੀ ਮਾਲਾ ।
ਧੂੜ ਚਰਨ ਦੀ 'ਸ਼ਰਫ਼' ਹੋਇਆ ਜਦ
ਜਗ ਵਿੱਚ ਬਣਿਆ ਬਾਲਾ ।

(ਬਾਲਾ=ਉੱਚਾ)

8. ਮਰਦਾਨਾ

ਜਗਦੀ ਜੋਤ ਡਿੱਠੀ ਜਦ ਨੂਰੀ
ਉੱਡ ਆਯਾ ਪਰਵਾਨਾ ।
ਨਾਨਕ ਨਾਮ ਪਯਾਰੇ "ਪੀ" ਦੀ,
ਮਦ ਪੀ ਹੋਯਾ ਦਿਵਾਨਾ ।
ਲੋਕੀਂ ਕਹਿਣ 'ਦੀਵਾਨਾ' ਉਸਨੂੰ,
ਉਹ 'ਦੁਰ-ਦਾਨਾ' ਦਾਨਾ,
'ਸ਼ਰਫ਼' ਪਿਆਰੇ ਜ਼ਿੰਦਾ ਹੋਯਾ,
ਮਰ ਮਰ ਕੇ ਮਰਦਾਨਾ ।

(ਦੁਰ-ਦਾਨਾ=ਸੁੱਚਾ ਮੋਤੀ)

ਦੂਜਾ ਦਰਸ਼ਨ

9. ਸਿਫ਼ਤਾਂ

ਸਿਰਮੌਰ ਸਿਰਤਾਜ ਸ਼ਰਧਾਲੂਆਂ ਦੇ,
ਨਾਨਕ ਨਾਨਕ ਦਾ ਨਾਮ ਧਿਆਉਣ ਵਾਲੇ ।
ਪੂਜਾ ਛੱਡ ਕੇ ਦੇਵੀਆਂ ਦਿਓਤਿਆਂ ਦੀ,
ਇੱਕ ਓਅੰਕਾਰ ਦਾ ਜਾਪ ਕਰਾਉਣ ਵਾਲੇ ।
ਕਲਮ ਕਾਦਰੀ ਜਿਨ੍ਹਾਂ ਨੂੰ ਪਈ ਚੁੰਮੇ,
ਐਸੇ ਸੱਚ ਦੇ ਸੁਖ਼ਨ ਫ਼ਰਮਾਉਣ ਵਾਲੇ ।
ਮਾਲੀ ਵਾਲੀ ਗੁਰ-ਟਹਿਲ ਦੇ 'ਜਹੇ ਪੂਰੇ,
ਸੇਵਾ-ਸਿਦਕ ਦਾ ਬੂਟੜਾ ਲਾਉਣ ਵਾਲੇ ।
ਛਾਲ ਮਾਰ ਚੁਬੱਚਿਆਂ ਮੋਰੀਆਂ 'ਚ,
ਹੁਕਮ ਗੁਰੂ ਦਾ ਪਾਲ ਵਿਖਾਉਣ ਵਾਲੇ ।
ਪਾ ਪਾ ਕੁਠਾਲੀ ਤਪੱਸਿਆ ਦੀ,
ਦੇਹੀ ਕੁੰਦਣ ਦੇ ਵਾਂਙ ਬਣਾਉਣ ਵਾਲੇ ।
ਤੋੜ ਮਾਨ-ਗ਼ਰੂਰ ਹੰਕਾਰੀਆਂ ਦਾ,
ਬਰਖਾ ਰਹਿਮਤੀ ਆਪ ਬਰਸਾਉਣ ਵਾਲੇ ।
ਸੁੱਕੀ ਰੋਟੀ ਸਭਰਾਈ ਦੀ ਖਾ ਖਾ ਕੇ,
ਲੰਗਰ ਦੂਜਿਆਂ ਲਈ ਵਰਤਾਉਣ ਵਾਲੇ ।
ਤਾਜ ਤਖ਼ਤ ਦਿਵਾ ਕੇ ਰੱਬ ਕੋਲੋਂ,
ਤੇ ਹਮਾਯੂੰ ਦੀ ਵੇਲ ਵਧਾਉਣ ਵਾਲੇ ।
ਨਾਲ ਬਾਣੀ ਦੇ ਹਿੰਦੂਆਂ ਮੋਮਨਾਂ ਨੂੰ,
ਖੰਡ ਖੀਰ ਦੇ ਵਾਂਙ ਰਲਾਉਣ ਵਾਲੇ ।
ਅਰਥ ਇਕ ਓਂਕਾਰ ਦਾ ਦੱਸ ਕੇ ਤੇ,
ਸਾਰੀ ਦੂਈ ਦਵੈਤ ਮਿਟਾਉਣ ਵਾਲੇ ।
ਵੈਰ ਕੱਢ ਕੇ ਵੱਢ ਕੇ ਈਰਖਾ ਨੂੰ,
ਮੱਥੇ ਹਸਦੇ ਨਾਲ ਬੁਲਾਉਣ ਵਾਲੇ ।
ਬੂਟਾ ਲਗਾ ਸੀ ਜੇੜ੍ਹਾ ਤਅੱਸਬਾਂ ਦਾ,
ਉੱਕਾ ਜੜ੍ਹਾਂ ਤੋਂ ਪੁੱਟ ਗਵਾਉਣ ਵਾਲੇ ।
ਸੁਲ੍ਹਾ ਪਿਆਰ ਪ੍ਰੇਮ ਦਾ ਫੇਰ ਪੱਲੂ,
ਨਾਨਕ ਪੰਥ ਦੀ ਸ਼ਾਨ ਚਮਕਾਉਣ ਵਾਲੇ ।
ਹੁਕਮ ਗੁਰੂ ਦਾ ਮੰਨ ਕੇ ਖਾਣ ਮੁਰਦਾ,
ਜ਼ਿੰਦਾ ਆਪਣਾ ਨਾਮ ਕਰਾਉਣ ਵਾਲੇ ।
ਰਤਾ ਪੈਰ ਨਾ ਥਿੜਕਿਆ ਸਿਦਕ ਵੱਲੋਂ,
ਪਾਗ਼ਲ ਹੋ ਗਏ ਜਦੋਂ ਅਜ਼ਮਾਉਣ ਵਾਲੇ ।
ਦਾਨੀ, ਗਯਾਨੀ, ਉਪਕਾਰੀ, ਭੰਡਾਰੀ ਸੱਚੇ,
ਹਾਤਮ ਜਿਹਾਂ ਨੂੰ ਦਾਨ ਦਿਵਾਉਣ ਵਾਲੇ ।
ਬਰਕਤ ਪਾਇ ਕੇ ਚਰਨ ਪਵਿੱਤਰਾਂ ਦੀ,
ਥੇਹ ਉਜੜੇ ਹੋਏ ਵਸਾਉਣ ਵਾਲੇ ।
ਭਾਸ਼ਾ ਵੇਖ ਪੰਜਾਬੀ ਦੀ ਗਲੋਂ ਨੰਗੀ,
ਜਾਮਾ ਗੁਰਮੁਖੀ ਵਾਲਾ ਪਹਿਨਾਉਣ ਵਾਲੇ ।
ਗੱਲਾਂ ਮਿੱਠੀਆਂ ਮਿੱਠੀਆਂ ਤਬ੍ਹਾ ਨਿੱਘੀ,
ਪੱਥਰ ਦਿਲਾਂ ਨੂੰ ਮੋਮ ਬਣਾਉਣ ਵਾਲੇ ।
ਰਹਿ ਕੇ ਨਿਮ੍ਰਤਾ ਵਿਚ ਕਮਾਨ ਵਾਂਙੂ,
ਰਿਧੀ ਸਿਧੀ ਦੇ ਤੀਰ ਚਲਾਉਣ ਵਾਲੇ ।
ਪਾਟੀ ਹੋਈ ਗੁਰਿਆ ਦੀ ਗੋਦੜੀ 'ਚੋਂ,
ਨਾਨਕ ਗੁਰੂ ਦੇ ਦਰਸ ਕਰਵਾਉਣ ਵਾਲੇ ।
ਪਾ ਕੇ ਕੁੰਡੀਆਂ ਪਰ ਉਪਕਾਰ ਦੀਆਂ,
ਖਿੱਚ ਖਿੱਚ ਕੇ ਜੱਗ ਨੂੰ ਲਿਆਉਣ ਵਾਲੇ ।
ਜਨਮ ਸਾਖੀ ਦੇ ਭੇਤ ਓਹ ਖੋਲ੍ਹ ਗਏ ਨੇ,
ਪਰਲੋ ਤੀਕ ਨਹੀਂ ਜਿਹੜੇ ਭੁਲਾਉਣ ਵਾਲੇ ।
ਗੁਰੂ ਸਾਹਿਬ ਦੇ ਜੋੜਿਆਂ ਘੋੜਿਆਂ ਦੀ,
ਖ਼ਾਕ ਅੱਖੀਆਂ ਨਾਲ ਉਠਾਉਣ ਵਾਲੇ ।
ਰਾਹੋਂ ਭੁੱਲਿਆਂ ਸੁੱਤਿਆਂ ਬੰਦਿਆਂ ਨੂੰ,
ਝੂਣ ਝੂਣ ਕੇ ਸਿਰੋਂ ਜਗਾਉਣ ਵਾਲੇ ।
"ਸ਼ਰਫ਼" ਅੰਗ ਗੁਰਿਆਈ ਸਜੇ ਸੱਜੇ,
"ਅੰਗਦ ਦੇਵ ਜੀ" ਗੁਰੂ ਕਹਾਉਣ ਵਾਲੇ ।

10. ਪ੍ਰੇਮ-ਟੀਸੀ

ਸੱਚੇ ਪਾਕ ਪਵਿੱਤਰ ਅੰਗਦ,
ਜਯੋਂ ਅੰਮ੍ਰਿਤ ਦਾ ਪਾਣੀ ।
ਦੁਨੀਆਂ ਦੇ ਵਿਚ ਦਾਨੇ ਦਾਨੀ,
ਜਯੋਂ ਸਤਿਗੁਰ ਦੀ ਬਾਣੀ ।
ਦੀਵੇ ਵਾਂਙ ਬੁਝਾਈ ਦੇਵੀ,
ਜਗਦੀ ਜੋਤ ਪਛਾਣੀ,-
'ਸ਼ਰਫ਼' ਵਿਖਾਈ ਓਹੋ ਕਰਕੇ,
ਜੋ ਮਾਲਕ ਮਨ-ਭਾਣੀ ।

ਸਤਿਗੁਰ ਜੀ ਦਾ ਨਾਮ ਅਨੌਖਾ,
ਲੂੰ ਲੂੰ ਵਿੱਚ ਰਚਾਇਆ,
ਜਿਸ ਪਾਸੇ ਵੱਲ ਨਿਗ੍ਹਾ ਦੁੜਾਈ,
ਓਹੋ ਨਜ਼ਰੀ ਆਇਆ,
ਐਸੀ ਉੱਚੀ ਟੀਸੀ ਉੱਤੇ,
ਪਕੜ ਪਰੇਮ ਚੜ੍ਹਾਇਆ,-
'ਸ਼ਰਫ਼' ਪਯਾਰੇ ਨਾਨਕ ਜੀ ਦਾ,
ਰੁਤਬਾ ਅੰਗਦ ਪਾਇਆ ।

ਤੀਸਰਾ ਦਰਸ਼ਨ

11. ਨਿਥਾਵਿਆਂ ਦਾ ਥਾਂ

ਆਦਰ ਚਾਦਰ ਸੇਵਾ ਬਾਣਾ,
ਤਾਣ ਜਗਤ ਦਾ ਗੁਰੂ ਨਿਤਾਣਾ ।
ਮਾਨ ਲੁਕਾਈ ਆਪ ਨਿਮਾਣਾ,
ਥਿੜਿਆਂ ਦਾ ਉਹ ਥਹੁ ਟਿਕਾਣਾ ।

ਗਾਗਰ ਮੋਢੇ ਚਾਵਣ ਵਾਲਾ,
ਗੁਰ ਲਈ ਪਾਣੀ ਲਿਆਵਣ ਵਾਲਾ ।
ਠੇਡੇ ਠੋਕਰ ਖਾਵਣ ਵਾਲਾ,
ਸੌ ਸੌ ਸ਼ੁਕਰ ਬਜਾਵਣ ਵਾਲਾ ।

ਦਾਸ ਗੁਰੂ ਦਾ ਅਮਰ ਇਲਾਹੀ,
ਸਿੱਖ ਪੰਥ ਦੀ ਤੀਜੀ ਸ਼ਾਹੀ ।
ਚੰਦ ਜ਼ਿਮੀਂ ਦਾ ਅਰਸ਼ੀ ਮਾਹੀ,
ਧੋਵਣ ਵਾਲਾ ਕੁਫ਼ਰ ਸਿਆਹੀ ।

ਗੁਰ-ਸੇਵਾ ਦਾ ਪੁਤਲਾ ਨਿਆਰਾ,
ਆਦਰ ਦਾ ਓਹ ਪਾਕ ਨਜ਼ਾਰਾ ।
ਬੇ-ਓਟਾਂ ਦੀ ਓਟ ਪਿਆਰਾ,
ਝਿਲਮਿਲ ਕਰਦਾ ਅਰਸ਼ੀ ਤਾਰਾ ।

ਪੱਥਰ ਚਿੱਤ ਪਹਾੜਾਂ ਵਾਲੇ,
ਮੂੰਹ ਦੇ ਗੋਰੇ ਮਨ ਦੇ ਕਾਲੇ ।
ਵਾਂਗ ਮੋਮ ਦੇ ਫੜ ਫੜ ਢਾਲੇ,
ਅਮਰ ਦਾਸ ਜੀ ਗੁਰੁ ਅਣਿਆਲੇ ।

ਸੂਰਜ ਵਾਂਙੂ ਕਿਰਨਾਂ ਪਾਈਆਂ,
ਭਗਤੀ ਦੇ ਮਨ ਮੇਖਾਂ ਲਾਈਆਂ ।
ਸੱਭੇ ਸਖੀਆਂ ਵੇਖਣ ਆਈਆਂ,
ਵੇਖ ਤਪੱਸਿਆ ਦੇਣ ਦੁਹਾਈਆਂ ।

ਹੁਸਨ ਹਕੀਕੀ ਇਸ਼ਕ ਮਜਾਜ਼ੀ,
ਸਿਰ ਧੜ ਵਾਲੀ ਲੱਗੀ ਬਾਜ਼ੀ ।
ਤੋਬਾ ਕੂਕਣ ਪੰਡਤ ਕਾਜ਼ੀ,
ਪਰ ਇਹ ਆਸ਼ਕ ਰਾਜ਼ੀ ਬਾਜ਼ੀ ।

ਭਗਤੀ ਵਾਲਾ ਚੰਦ ਚੜ੍ਹਾ ਕੇ,
ਬੇ ਅਦਬਾਂ ਨੂੰ ਅਦਬ ਸਿਖਾ ਕੇ ।
ਰਾਹ ਸੇਵਾ ਦੇ ਸੱਭ ਦਿਖਾ ਕੇ,
ਡੁੱਬੇ ਬੇੜੇ ਬੰਨੇ ਲਾ ਕੇ ।

ਸਿੱਖੀ ਪੰਥ ਚਲਾਵਣ ਆਇਆ,
ਨੂਰੀ ਬੂਟੇ ਲਾਵਣ ਆਇਆ ।

ਚੌਥਾ ਦਰਸ਼ਨ

12. ਸੋਢੀ ਸੁਲਤਾਨ

ਚੂਨੇ ਮੰਡੀ ਸ਼ਹਿਰ ਲਾਹੌਰੋਂ ਪਰਗਟ ਹੋਯਾ ਤਾਰਾ ।
ਬਾਲੇਪਨ ਵਿਚ ਮਸਤਕ ਅੰਦਰ ਆਣ ਪਿਆ ਚਮਕਾਰਾ ।

ਸ਼ਾਨ ਗ਼ਰੀਬੀ, ਤਬ੍ਹਾ ਅਮੀਰੀ, ਗੱਲ ਫ਼ਕੀਰਾਂ ਵਾਲੀ ।
ਵਲਾਂ ਛਲਾਂ ਦੇ ਵੱਲ ਨਾ ਜਾਨਣ ਦੋ ਜਗ ਸੰਦੇ ਵਾਲੀ ।

ਲੱਗੀ ਤਾਂਘ ਨਜ਼ਾਰੇ ਵਾਲੀ ਖਿੱਚ ਗੁਰਾਂ ਨੇ ਪਾਈ ।
ਲੱਭ ਲਿਆ ਜਾ ਨੂਰ ਹਕੀਕੀ ਅੱਖ ਜਿਦ੍ਹੀ ਤਿਰਹਾਈ ।

ਹੋ ਸਵਾਏ ਸੇਵਾ ਕੀਤੀ, ਐਨੀ ਟਹਿਲ ਕਮਾਈ ।
ਗੁਰੂ ਪਯਾਰੇ ਕੰਨਿਆਂ ਪਯਾਰੀ ਏਨ੍ਹਾਂ ਦੇ ਲੜ ਲਾਈ ।

ਹੁਕਮ ਹੋਯਾ ਤੇ ਥੜੇ ਬਣਾਏ ਸਤਿਗੁਰ ਨੇ ਫੜ ਢਾਏ ।
ਜਦ ਤੀਕਰ ਪਰਵਾਨ ਨ ਹੋਏ ਓਦੋਂ ਤੀਕ ਬਣਾਏ ।

ਗੁਰਿਆਈ ਦਾ ਚੋਲਾ ਲੈ ਕੇ ਐਸਾ ਰਾਜ ਕਮਾਯਾ ।
ਮੋਤੀਆਂ ਵਾਲੀ ਮਾਲਾ ਬਖ਼ਸ਼ੀ ਜੋ ਦਰ ਮੰਗਣ ਆਯਾ ।

ਚਹੁੰ ਕੁੰਟਾਂ ਤੋਂ ਹੁਮਹੁਮਾ ਕੇ ਖ਼ਲਕਤ ਚਰਨੀਂ ਢੁੱਕੀ ।
ਜਾਪ ਰਹੇ ਵਿਚ ਜੀਭ ਹਮੇਸ਼ਾਂ, ਆਖੀ ਗੱਲ ਨ ਉੱਕੀ ।

ਹਰ ਹਰ ਹਿਰਦੇ ਡੇਰਾ ਲਾਯਾ, ਹਰ ਦੀ ਆਸ ਪੁਜਾਈ ।
ਪ੍ਰੀਤਮ-ਦਰਸ ਜੋ ਵੇਖਣ ਆਯਾ, ਉਸਦੀ ਤੇਹ ਬੁਝਾਈ ।

ਸਿਦਕਵਾਨਾਂ ਦੇ ਬੇੜੇ ਰੁੜ੍ਹਦੇ ਫੜਕੇ ਬੰਨੇ ਲਾਏ ।
ਦੁਖ-ਭੰਜਨੀ ਦੇ ਸੋਮੇ ਅੰਦਰ ਕੋੜ੍ਹੀ ਤਾਰ ਵਿਖਾਏ ।

ਪਰਉਪਕਾਰੀ ਨਿਗ੍ਹਾ ਪਯਾਰੀ ਜੇਹੜੇ ਪਾਸੇ ਕੀਤੀ ।
ਸ਼ਾਂਤ ਨੂਰਾਨੀ ਰੋਸ਼ਨ ਕੀਤੀ ਕੱਢੀ ਕੁਫ਼ਰ-ਪਲੀਤੀ ।

ਦਾਨ, ਪਰੇਮ, ਤਪੱਸਿਆ ਵਾਲਾ ਐਸਾ ਫੱਟਾ ਲਾਯਾ ।
ਗੁਰੂ ਨਾਨਕ ਦਾ ਬਾਗ਼ ਸਦੀਵੀ ਖਿੜਵਾਯਾ ਮਹਕਾਯਾ ।

ਵੈਰ, ਵਿਰੋਧ ਤੇ ਦੂਈ ਘਿਰਣਾ ਜਿੱਥੇ ਨਜ਼ਰੀ ਆਏ ।
ਗੁਰਬਾਣੀ ਦੇ ਛੱਟੇ ਲਾ ਕੇ ਅਗਨੀ ਵਾਂਗ ਬੁਝਾਏ ।

ਨਜ਼ਰਾਨੇ ਵਿੱਚ ਅਕਬਰ ਵੱਲੋਂ ਮਿਲਖ ਜਗੀਰਾਂ ਆਈਆਂ ।
ਪਰ ਸਾਈਂ ਦੀਆਂ ਬੇਪ੍ਰਵਾਹੀਆਂ ਚਰਨੀਂ ਮੂਲ ਨ ਲਾਈਆਂ ।

ਮੁਖ ਨੂਰਾਨੀ ਦਿਲ ਦੇ ਦਾਨੀ ਪਾਕ ਪਵਿੱਤਰ ਮੋਤੀ ।
ਅਮ੍ਰਿਤ ਜਲ ਵਿਚ ਨੂਰੀ ਪੁਤਲੀ ਜਯੋਂ ਕਰ ਹੋਵੇ ਧੋਤੀ ।

ਮੇਲ-ਮਿਲਾਪੋਂ ਵੇਲ-ਸਿਖੀ ਦੀ ਮਹਿਲ ਚੜ੍ਹਾਵਨ ਵਾਲੇ ।
ਇੱਕ ਓਂਕਾਰੀ ਸੁੰਦਰ ਝੰਡਾ ਜਗਤ ਝੁਲਾਵਨ ਵਾਲੇ ।

ਰਾਮਦਾਸ ਜੀ ਗੁਰੂ ਪਯਾਰੇ ਚਹੁੰ ਕੁੰਟਾਂ ਦੇ ਵਾਲੀ ।
"ਸ਼ਰਫ਼" ਜਿਨ੍ਹਾਂ ਨੇ ਚੌਥੀ ਮੰਜ਼ਲ ਰੱਖੀ ਸਿੱਖੀ ਵਾਲੀ ।

ਪੰਜਵਾਂ ਦਰਸ਼ਨ

13. ਗੁੱਝੀ ਰਮਜ਼

ਇਕ ਦਿਨ ਮੂੰਹ ਹਨੇਰੇ ਸਾਂ ਉੱਠ ਤੁਰਿਆ,
ਘਰੋਂ ਆਸਰਾ ਰੱਖ ਖ਼ੁਦਾ ਤੇ ਮੈਂ ।
ਡੱਕੋ ਡੋਲਿਆਂ ਦੀ ਲਹਿਰ ਬਹਿਰ ਅੰਦਰ,
ਜਾ ਪਹੁੰਚਿਆ ਰਾਵੀ ਦਰਿਆ ਤੇ ਮੈਂ ।
ਕਦੀ ਟੁੱਭੀਆਂ ਮਾਰੀਆਂ ਸੋਚ ਅੰਦਰ,
ਕਦੀ ਉੱਡਦਾ ਰਿਹਾ ਹਵਾ ਤੇ ਮੈਂ ।
ਖਿੰਡੇ ਪੁੰਡੇ ਖ਼ਯਾਲਾਂ ਨੂੰ ਕਰ ਕੱਠਾ,
ਤੁਰ ਫਿਰ ਜਾ ਬੈਠਾ ਇਕ ਜਾ ਤੇ ਮੈਂ ।
ਤਦ ਇਹ ਫੁਰੀ ਵਿਚਾਰ, 'ਉਤਾਰ ਸਾਰੇ,
ਹੁੰਦੇ ਬੜੇ ਮਹਬੂਬ ਕਰਤਾਰ ਦੇ ਨੇ ।
ਸ਼ਕਤੀ ਆਤਮਾ ਦੇਵੇ ਪਰਮਾਤਮਾ ਦੀ,
ਫ਼ਿਰ ਕਯੋਂ ਦੁੱਖ ਤੇ ਜ਼ੁਲਮ ਸਹਾਰਦੇ ਨੇ ?

ਏਨੇ ਵਿਚ ਇੱਕ 'ਰੇਤ' ਦੀ ਉੱਡ ਢੇਰੀ,
ਮੇਰੇ ਕੋਲ ਆ ਕੇ ਡੇਰਾ ਲਾ ਬੈਠੀ ।
ਸੂਰਜ ਨਿਕਲਿਆ ਉੱਤਰੀ 'ਕਿਰਨ' ਪਹਿਲੀ,
ਓਧਰ ਰੇਤ ਦੇ ਜ਼ੱਰੇ ਤੇ ਆ ਬੈਠੀ ।
ਰਿਸ਼ਮ 'ਪਾਣੀ' ਦੀ ਭੁੜਕ ਕੇ ਲਹਿਰ ਵਿੱਚੋਂ,
ਓਧਰ ਕਿਰਨ ਦੇ ਸਾਹਮਣੇ ਜਾ ਬੈਠੀ ।
ਓਧਰ 'ਵਾ' ਰਾਣੀ ਗੱਲਾਂ ਕਰਨ ਬਦਲੇ,
ਬੁਰਕਾ ਬੁਲਬੁਲੇ ਦਾ ਮੂੰਹ ਤੇ ਪਾ ਬੈਠੀ ।
ਵੱਖੋ ਵੱਖਰੇ ਜ਼ੁਲਮ ਦੇ ਸਫ਼ੇ ਉੱਤੇ,
ਸ਼ਾਂਤਮਈ ਤਸਵੀਰ ਵਿਖਾਉਣ ਲੱਗੇ,
ਮੇਰੇ ਸਾਮ੍ਹਣੇ ਆਣ ਕੇ ਤੱਤ ਚਾਰੇ,
ਪੰਜਵੇਂ ਗੁਰੂ ਦਾ ਹਾਲ ਸੁਣਾਉਣ ਲੱਗੇ ।

ਬੋਲੀ 'ਰੇਤ' ਕਿ :-"ਮੈਂ ਹਾਂ ਉਹ ਮਿੱਟੀ,
ਅਰਜਨ ਜੀਉ ਦੀ ਟਹਿਲ ਕਮਾਉਣ ਵਾਲੀ ।
ਦੱਬੇ ਕੱਢ ਕੇ ਤਪੀ ਸੰਤੋਖ ਸਰ 'ਚੋਂ,
ਗੁਰੂ ਸਾਹਿਬ ਤੋਂ ਮੁਕਤੀ ਦਿਵਾਉਣ ਵਾਲੀ ।
ਬਾਬੇ ਬੁਢੇ ਦੀ ਟੋਕਰੀ ਵਿੱਚ ਪੈ ਕੇ,
ਖ਼ਾਨ ਜਿਹਾਂ ਦੀ ਮਰਜ਼ ਗਵਾਉਣ ਵਾਲੀ ।
ਆਖਾਂ ਕਿਸ ਤਰ੍ਹਾਂ ਜੀਭ ਨਾ ਆਖ ਸੱਕੇ,
ਮੈਂ ਉਹ ਦੇਗ਼ ਤੇ ਲੋਹ ਨੂੰ ਚਾਉਣ ਵਾਲੀ ।
ਪਰ ਜੇ ਹੁਕਮ ਦੀ ਬੱਧੀ ਮੈਂ ਨਾ ਹੁੰਦੀ,
ਤਾਂ ਤੇ ਆਪਣੇ ਹੱਥ ਵਿਖਾ ਦਿੰਦੀ ।
ਖੱਡਾਂ ਹੁੰਦੀਆਂ ਰੰਗ ਮਹੱਲ ਉੱਚੇ,
ਸਾਰੇ ਸ਼ਹਿਰ ਦਾ ਥੇਹ ਬਣਾ ਦਿੰਦੀ ।"

ਸੁਣਕੇ 'ਤੁਬਕੇ' ਦੇ ਜਿਗਰ ਵਿੱਚ ਲਹਿਰ ਉੱਠੀ,
ਕੰਬ ਕੰਬ ਕੇ ਹੂੰਝ ਵਗਾ ਦਿੱਤੇ ।
ਕਹਿਣ ਲੱਗਾ, "ਮੈਂ ਅੰਮ੍ਰਿਤ ਦੇ ਜਹੇ ਸੋਮੇ,
ਬਰਕਤ ਗੁਰੂ ਦੀ ਨਾਲ ਚਲਾ ਦਿੱਤੇ ।
ਦੁੱਖ-ਭੰਜਨੀ ਅਜੇ ਗਵਾਹ ਮੇਰੀ,
ਜਿੱਥੇ ਪਿੰਗਲੇ ਸੁਖੀ ਬਣਾ ਦਿੱਤੇ ।
ਕਦੀ ਕੋੜ੍ਹਿਆਂ ਰੁੜ੍ਹਦਿਆਂ ਜਾਂਦਿਆਂ ਨੂੰ,
ਤਰਨ, ਤਾਰਨ ਦੇ ਵੱਲ ਸਿਖਾ ਦਿੱਤੇ ।
ਕਰਦਾ ਕੀ, ਮੈਂ ਕਦੀ ਜੇ ਇਕ ਵਾਰੀ,
ਸ਼ਾਂਤ-ਪੁੰਜ ਦਾ ਮੈਨੂੰ ਫ਼ਰਮਾਨ ਹੁੰਦਾ ।
ਮੇਰੇ ਇਕ ਇਕ ਤੁਬਕਿਓਂ ਤੁਸੀਂ ਵੇਂਹਦੇ,
ਜਾਰੀ ਨੂਹ ਦਾ ਫੇਰ ਤੂਫ਼ਾਨ ਹੁੰਦਾ ।"

ਬੋਲੀ ਵਾ, "ਮੈਂ ਗੁਰਾਂ ਦੀ ਟਹਿਲ ਅੰਦਰ,
ਬੜੇ ਸੁਖਾਂ ਦੇ ਸਾਸ ਲੰਘਾਂਵਦੀ ਸਾਂ ।
ਕਦੀ ਪੱਖਾ ਸਰ੍ਹਾਣੇ ਤੇ ਝੱਲਦੀ ਸਾਂ,
ਪੈਰ ਚੁੰਮ ਕੇ ਕਦੀ ਜਗਾਂਵਦੀ ਸਾਂ ।
ਕਿਸੇ ਗ਼ੈਰ ਦੀ ਹੋਈ ਹੋਈ ਅੱਖ ਕੈਰੀ,
ਸੁਲਹੀ ਖ਼ਾਨ ਵਾਂਗਰ ਜੇਕਰ ਪਾਂਵਦੀ ਸਾਂ ।
ਸਣੇ ਘੋੜਿਆਂ ਓਹੋ ਜਹੇ ਪਾਪੀਆਂ ਨੂੰ,
ਸੁੱਟ ਆਵੇ ਦੇ ਵਿੱਚ ਜਲਾਂਵਦੀ ਸਾਂ ।
ਮਿਲਦੀ ਆਗਯਾ ਕਦੇ ਜੇ ਗੁਰੂ ਜੀ ਦੀ,
ਜ਼ੁਲਮੀ ਮਾਰ ਦੇਂਦੀ ਸਾਹ ਘੁੱਟ ਕੇ ਮੈਂ ।
ਫੜ ਕੇ ਪਾਰ ਸਮੁੰਦਰੋਂ ਸੁੱਟ ਦੇਂਦੀ,
ਰੁੱਖ ਜ਼ੁਲਮ ਦਾ ਜੜ੍ਹਾਂ ਤੋਂ ਪੁੱਟ ਕੇ ਮੈਂ ।

ਬੋਲੀ 'ਕਿਰਨ' ਪੜਗੋਲੜੀ ਗੁਰੂ ਜੀ ਦੀ,-
"ਹਾਂ ਉਹ ਨਾੜ ਜਵਾਲਾ ਪਹਾੜ ਦੀ ਮੈਂ ।
ਹੈ ਸਾਂ ਜਾਲਦੀ ਤਾਲ ਮੈਂ ਈਰਖੀ ਦਾ,
ਆਵੇ ਵਿਚ ਸਾਂ ਵੈਰੀ ਨੂੰ ਸਾੜਦੀ ਮੈਂ ।
ਸ਼ਾਂਤਮਈ 'ਉਤਾਰ ਦੀ ਜ਼ਰਾ ਜੇਕਰ,
ਭਿੱਜੀ ਅੱਖ ਰਜ਼ਾ ਦੀ ਤਾੜਦੀ ਮੈਂ ।
ਓਥੇ ਚਿਖ਼ਾ ਗੁਲਜ਼ਾਰ ਬਣਾਈ ਹੈਸੀ,
ਏਥੇ ਸਵਰਗ ਹਰ ਕੋਲੇ 'ਚ ਵਾੜਦੀ ਮੈਂ ।
ਐਪਰ ਏਸ ਥਾਂ ਰਮਜ਼ ਇਹ ਨਿਆਰੜੀ ਸੀ,
ਜਿਹਨੂੰ ਖੋਲ੍ਹਕੇ ਗੁਰੂ ਨੇ ਦੱਸਣਾ ਸੀ :-
'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ,
ਚੜ੍ਹ ਕੇ ਲੋਹ ਉੱਤੇ ਖਿੜ ਖਿੜ ਹੱਸਣਾ ਸੀ ।"

(ਓਥੇ=ਕਹਿੰਦੇ ਨੇ ਨਮਰੂਦ ਬਾਦਸ਼ਾਹ ਨੇ ਜਦੋਂ
ਇਬਰਾਹੀਮ ਪੈਗ਼ੰਬਰ ਨੂੰ ਚਿਖ਼ਾ ਤੇ ਚੜ੍ਹਾਯਾ,
ਤਾਂ ਉਹ ਚਿਖ਼ਾ ਕੁਦਰਤ ਨਾਲ ਇਕ ਨਿਰਾਲੀ
ਗੁਲਜ਼ਾਰ ਬਣ ਗਈ ਸੀ ।)

14. ਸ਼ਾਂਤਮਈ

ਘੋੜਾ ਅਕਲ ਦਾ ਬੀੜ ਦਿਮਾਗ਼ ਮੇਰਾ,
ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ ।
ਡਿੱਠੇ ਜੇਠ ਮਹੀਨੇ ਭੱਠ ਲੌਂਦੇ,
ਝਾਕੀ ਥਲਾਂ ਦੀ ਫਿਰੀ ਖ਼ਿਆਲ ਅੰਦਰ ।
ਬਾਹਾਂ ਲੰਮੀਆਂ ਕਰ ਕਰ ਵੈਣ ਪੌਂਦੀ,
ਡਿਠੀ ਇੱਕ ਮੁਟਿਆਰ ਇਸ ਹਾਲ ਅੰਦਰ :-
ਮੱਛੀ ਵਾਙ ਬਰੇਤੇ ਤੇ ਪਈ ਤੜਫੇ,
ਫਸੀ ਹੋਈ ਸੀ ਕਿਰਨਾਂ ਦੇ ਜਾਲ ਅੰਦਰ ।
ਹੈ ਇਹ ਸੱਜਰੀ ਸੱਜਰੀ ਕੋਈ ਲਾੜੀ,
ਗਾਨਾ, ਮਹਿੰਦੀ ਪਏ ਸ਼ਗਨਾਂ ਦੇ ਦੱਸਦੇ ਸਨ ।
ਜਯੋਂ ਜਯੋਂ ਹਾੜੇ ਉਹ ਦੁੱਖਾਂ ਦੇ ਘੱਤਦੀ ਸੀ,
ਤਯੋਂ ਤਯੋਂ ਜ਼ੱਰ੍ਰੇ ਪਏ ਰੇਤ ਦੇ ਹੱਸਦੇ ਸਨ ।

ਬੁੱਲਾ ਲੋਅ ਦਾ ਚੱਲਿਆ ਇੱਕ ਐਸਾ,
ਕਿਣਕੇ ਰੇਤ ਦੇ ਉਡ ਉਡ ਔਣ ਲੱਗੇ ।
ਸੁਰਮੇਂ ਵਾਲੀਆਂ ਅੱਖੀਆਂ ਵਿੱਚ ਪੈ ਕੇ,
ਓਹਦੇ ਭਾ ਹਨੇਰ ਕੁਝ ਪੌਣ ਲੱਗੇ ।
ਸੜੀ ਬਾਲੜੀ ਬੋਲੀ ਉਹ ਦਝਨ ਹੋ ਕੇ-
'ਕਾਹਨੂੰ ਤੱਤੀ ਨੂੰ ਤੱਤਿਓ ! ਤੌਣ ਲੱਗੇ ?
ਦੱਸਨ ਜੋਗੇ ਨਹੀਂ ਪੁੰਨੂੰ ਦਾ ਰਾਹ ਜੇਕਰ,
ਮੈਨੂੰ ਅੰਨ੍ਹੀ ਭੀ ਕਿਉਂ ਹੋ ਬਨੌਣ ਲੱਗੇ ?'
ਜ਼ੱਰ੍ਰੇ ਚਮਕ ਕੇ ਰੋਹ ਦੇ ਨਾਲ ਬੋਲੇ :-
"ਵਿਰਲੇ ਲੱਭਦੇ ਪ੍ਰੀਤ ਨਿਭੌਣ ਵਾਲੇ ।
ਆ ਨੀ ਸੱਸੀਏ ! ਤੈਨੂੰ ਵਿਖਾਲ ਦੇਈਏ,
ਅਸੀਂ ਸੱਚ ਦਾ ਇਸ਼ਕ ਕਮੌਣ ਵਾਲੇ ।

ਔਹ ਵੇਖ ਨੀ ਜਿਨ੍ਹਾਂ ਦੇ ਘਰਾਂ ਅੰਦਰ,
ਲਛਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ ।
ਏਹ ਤਾਸੀਰ ਸੀ ਜਿਨ੍ਹਾਂ ਦੀ ਨਿਗ੍ਹਾ ਅੰਦਰ,
ਚਿੜ੍ਹਾਂ ਵਾਹਣ ਭੀ ਸੋਨਾ ਹੋ ਜਾਂਦੀਆਂ ਸਨ ।
ਪਾ ਕੇ ਬੇੜੀਆਂ ਪਰ ਉਪਕਾਰ ਦੀਆਂ,
ਜਿਨ੍ਹਾਂ ਖਿੱਚ ਕੇ ਸੰਗਤਾਂ ਆਂਦੀਆਂ ਸਨ ।
ਸਦਾ ਵਰਤ ਸੀ ਜਿਨ੍ਹਾਂ ਦੇ ਸਦਾ ਖੁੱਲ੍ਹੇ,
ਭੁੱਖੇ ਆਪ ਤੇ ਖ਼ਲਕਤਾਂ ਖਾਂਦੀਆਂ ਸਨ ।
ਰਤਾ ਵੇਖ ਖਾਂ ਕਿਸ ਤਰ੍ਹਾਂ ਝੱਲਦੇ ਨੇ,
ਪਏ ਦੁੱਖ ਤੇ ਦੁੱਖ ਸੁਖਮਨੀ ਵਾਲੇ ।
ਵਾਙ ਫੁੱਲਿਆਂ ਦੇ ਖਿੜ ਖਿੜ ਹੱਸਦੇ ਨੇ,
ਤਤੀ ਰੇਤ ਦੇ ਵਿਚ ਭੀ ਕਣੀ ਵਾਲੇ ।

ਰਾਮਦਾਸ ਗੁਰ ਪਯਾਰੇ ਦੇ ਚੰਨ ਉਤੇ,
ਹੁੰਦੇ ਜ਼ੁਲਮ ਪਏ ਕੇਡੇ ਹਨੇਰ ਦੇ ਨੇ ।
ਲੋਹੇ ਲਾਖੜੀ ਤਪੀ ਹੈ ਲੋਹ ਹੇਠਾਂ,
ਉਤੋਂ ਰੇਤ ਤੱਤੀ ਪਾਪੀ ਕੇਰਦੇ ਨੇ ।
ਓਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ,
ਏਧਰ ਸਿਦਕ ਇਹ ਗੁਰੂ ਜੀ ਸ਼ੇਰ ਦੇ ਨੇ ।
ਤੱਤੀ ਲੋਹ ਨੂੰ ਸਮਝਕੇ ਮ੍ਰਿਗਸ਼ਾਲਾ,
ਮਾਲਾ ਪਯਾਰੇ ਦੇ ਨਾਮ ਦੀ ਫੇਰਦੇ ਨੇ ।
ਇਹ ਓਹ ਵਲੀ ਨੇ ਜਿਨ੍ਹਾਂ ਦੀ ਦੀਦ ਕਾਰਨ,
ਮੀਆਂ ਮੀਰ ਜਹੇ ਪੀਰ ਭੀ ਆਂਵਦੇ ਸਨ ।
ਇਹ ਓਹ ਸ਼ਹਿਨਸ਼ਾਹ ਜਿਨ੍ਹਾਂ ਦੇ ਚਰਨ ਅੰਦਰ,
ਅਕਬਰ ਜਹੇ ਆ ਸੀਸ ਨਿਵਾਂਵਦੇ ਸਨ ।

ਜਿਵੇਂ ਜਿਵੇਂ ਨਮਰੂਦ ਦੀ ਚਿਖ਼ਾ ਵਾਙੂੰ,
ਭਾਂਬੜ ਲੋਹ ਹੇਠਾਂ ਬਲਦਾ ਅੱਗ ਦਾ ਏ ।
ਕੜ੍ਹ ਕੇ ਪੱਤ ਵਾਙੂੰ ਤਯੋਂ ਤਯੋਂ ਆਖਦੇ ਨੇ :-
ਮਿੱਠਾ ਭਾਣਾ ਪਯਾਰੇ ਦਾ ਲੱਗਦਾ ਏ ।
ਜਿਉਂ ਜਿਉਂ ਦੇਹ ਪਵਿੱਤਰ ਦਾ ਲਹੂ ਸੜਦਾ,
ਤਿਉਂ ਤਿਉਂ ਆਤਮਾ ਦਾ ਦੀਵਾ ਜੱਗਦਾ ਏ ।
ਲੱਖਾਂ ਜ਼ੁਲਮ ਸਰੀਰ ਤੇ ਪਏ ਹੋਵਨ,
ਹੰਝੂ ਇੱਕ ਨਾ ਅੱਖੀਓਂ ਵੱਗਦਾ ਏ ।
ਪਰਲੋ ਤੀਕ ਹੈ ਪੰਥ ਅਧੀਨ ਸਾਰਾ,
ਪੰਚਮ ਗੁਰੂ ਦੀਆਂ ਮੇਹਰਬਾਨੀਆਂ ਦਾ ।
ਦੁੱਖ ਝੱਲ ਕੇ ਆਪਣੀ ਜਾਨ ਉੱਤੇ,
ਰਾਹ ਦੱਸ ਗਏ ਜੇਹੜੇ ਕੁਰਬਾਨੀਆਂ ਦਾ ।

ਮੀਆਂ ਮੀਰ ਜੀ ਆਖਦੇ ਗੁਰੂ ਸਾਹਿਬ,
ਵੇਖ ਸਕਾਂ ਨਾ ਅੱਤਯਾਚਾਰ ਅੰਦਰ ।
ਹੋਵੇ ਹੁਕਮ ਤਾਂ ਹੋਣ ਬਰਬਾਦ ਜ਼ਾਲਮ,
ਲੱਗੇ ਅੱਗ ਦਰਬਾਰ ਸਰਕਾਰ ਅੰਦਰ ।
ਆਸ਼ਕ ਸਾਦਕ ਇਹ ਆਖਦੇ ਪੀਰ ਪਿਆਰੇ,
ਸਦਾ ਰਹਿਣਾ ਨਹੀਂ ਏਸ ਸੰਸਾਰ ਅੰਦਰ ।
ਲੈਕੇ ਸੀਸ ਭੀ ਹੋਵੇ ਜੇ ਯਾਰ ਰਾਜ਼ੀ,
ਤਾਂ ਭੀ ਖੱਟੀ ਏ ਏਸ ਵਿਹਾਰ ਅੰਦਰ ।
ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾ,
ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ ।
ਮੰਜ਼ਲ ਪ੍ਰੇਮ ਦੀ ਹੁੰਦੀ ਏ ਕਠਨ ਡਾਢੀ,
ਕਰਕੇ "ਸੀ" ਅਧਵਾਟੇ ਨਾ ਰਹਿ ਜਾਵੇ ।

ਸੱਸੀ ਪੁੱਛਿਆ ਰੇਤ ਦੇ ਜ਼ੱਰ੍ਰਿਆਂ ਨੂੰ :-
'ਦੱਸੋ ਫੁੱਲ ਏਹ ਕੇਹੜੇ ਪਰਵਾਰ ਦਾ ਏ ?
ਇਬਰਾਹੀਮ ਵਾਙੂੰ ਚੜ੍ਹ ਕੇ ਚਿਖ਼ਾ ਉੱਤੇ,
ਮਜ਼ਾ ਲੁਟਦਾ ਪਿਆ ਗੁਲਜ਼ਾਰ ਦਾ ਏ ?
ਰਿੱਧੀ ਸਿੱਧੀ ਗੁਰਿਆਈ ਦਾ ਬਲ ਹੁੰਦੇ,
ਪਿਆ ਦੁੱਖ ਤੇ ਦੁੱਖ ਸਹਾਰਦਾ ਏ ?
ਲੱਖਾਂ ਪੁੰਨੂੰ ਜੇ ਏਸ ਤੋਂ ਕਰਾਂ ਸਦਕੇ,
ਤਾਂ ਵੀ ਮੁੱਲ ਨਾ ਏਹਦੇ ਦੀਦਾਰ ਦਾ ਏ ?'
ਜ਼ੱਰੇ ਨਿਕਲਕੇ ਅੱਖੀਓਂ, ਹਾਲ ਸਾਰਾ,
ਸ਼ਾਂਤਮਈ 'ਉਤਾਰ ਦਾ ਕਹਿਣ ਲੱਗੇ ।
ਏਧਰ ਸੱਸੀ ਵਿਚਾਰੀ ਦੇ ਨੇਤਰਾਂ 'ਚੋਂ,
ਵਾਂਗ ਰਾਵੀ ਦੇ ਅੱਥਰੂ ਵਹਿਣ ਲੱਗੇ ।

"ਸੇਵਾਦਾਰ ਭੀ ਜਿਨ੍ਹਾਂ ਦੇ ਜੱਗ ਅੰਦਰ,
ਰੁਤਬੇ ਖ਼ਾਸ ਲੁਕਮਾਨ ਦੇ ਪਾਂਵਦੇ ਨੇ ।
ਮਾਰ ਟੋਕਰੀ ਗਾਰ ਦੀ ਰੋਗੀਆਂ ਤੇ,
ਕੁੰਦਨ ਵਰਗੀਆਂ ਦੇਹੀਆਂ ਬਣਾਂਵਦੇ ਨੇ ।
ਤਰਨ ਤਾਰਨ ਹੈ ਸਾਫ਼ ਗਵਾਹ ਨਾਲੇ,
ਕੋੜ੍ਹੀ ਪਿੰਗਲੇ ਵੀ ਗੀਤ ਗਾਂਵਦੇ ਨੇ ।
ਰੋਂਦੇ ਆਉਂਦੇ ਡੋਲੀਆਂ ਵਿੱਚ ਪੈ ਕੇ,
ਘਰੀਂ ਹੱਸਦੇ ਹੱਸਦੇ ਜਾਂਵਦੇ ਨੇ ।
ਸ਼ਬਦਾਂ ਬਾਣੀਆਂ ਦੀ ਬੱਧੀ ਬੀੜ ਪਯਾਰੀ,
ਇਨ੍ਹਾਂ "ਗੁਰੂ ਗਰੰਥ" ਕਿਤਾਬ ਅੰਦਰ ।
ਪੰਚਮ ਗੁਰੂ ਮਹਾਰਾਜ ਏ "ਸ਼ਰਫ਼" ਜਿਨ੍ਹਾਂ,
ਸੋਮੇ ਅੰਮ੍ਰਿਤ ਵਗਾਏ ਪੰਜਾਬ ਅੰਦਰ ।"

15. ਦਰਗਾਹੀ ਦਾਤ

ਹੁੰਦੇ ਜ਼ੁਲਮ ਗੁਰੂ ਤੇ ਸੁਣਕੇ ਹੱਦੋਂ ਬਾਹਰ ਭਾਰੇ ।
ਵਾਹੋ ਦਾਹੀ ਨੱਸੇ ਆਏ ਮੀਆਂ ਮੀਰ ਪਿਆਰੇ ।
ਲੱਗਾ ਆਸਣ ਤੱਤੀ ਲੋਹ ਤੇ ਵੇਖ ਪਯਾਰੇ ਵਾਲਾ ।
ਹੰਝੂ ਗ਼ਮ ਦੇ ਕੇਰਨ ਲੱਗੇ, ਫੇਰਨ ਲੱਗੇ ਮਾਲਾ ।
ਗੁਰੂ ਜੀ ਅੱਗੇ ਪੀਰ ਪਯਾਰੇ ਮੁੱਖੋਂ ਬੋਲ ਸੁਣਾਇਆ :-
'ਅਰਜਨ ਪਯਾਰੇ! ਅੱਖੀਂ ਤਾਰੇ! ਇਹ ਕੀ ਖੇਲ ਰਚਾਇਆ ?
ਨਾਜ਼ੁਕ ਜੁੱਸੇ ਉੱਤੇ ਏਦਾਂ ਛਾਲੇ ਪੈ ਗਏ ਸਾਰੇ,
ਅੰਬਰ ਉੱਤੇ ਉਘੜ ਔਂਦੇ ਜਯੋਂ ਕਰ ਰਾਤੀਂ ਤਾਰੇ ?
ਗੁਰਿਆਈ ਦੀ ਸ਼ਕਤੀ ਹੁੰਦੇ ਐਡੇ ਦੁੱਖ ਉਠਾਵੋ ?
ਕਰਨੀ ਵਾਲੇ ਸੋਹਣੇ ਸਾਈਆਂ ! ਕਯੋਂ ਨਾ ਤੀਰ ਚਲਾਵੋ ?
ਇੱਕ ਵਾਰੀ ਜੇ ਆਖੋ ਮੈਨੂੰ ਮੈਂ ਇਹ ਕਾਰ ਵਿਖਾਵਾਂ ।
ਵਾਙ ਪਤੰਗਾਂ ਪਕੜ ਜ਼ਿਮੀਂ ਦੀਆਂ ਖਿੱਚਾਂ ਕੁੱਲ ਤਣਾਵਾਂ ।
ਅੱਗ ਸਰਾਪਾਂ ਵਾਲੀ ਐਸੀ ਜਿਗਰੋਂ ਕੱਢ ਵਗਾਵਾਂ ।
ਵਾਙ ਪਰਾਲੀ ਪਾਪੀ ਸਾਰੇ ਪਲ ਵਿਚ ਸਾੜ ਗਵਾਵਾਂ ।
ਸੜ ਬਲ ਕੇ ਜੇ ਰਾਖ ਭੀ ਹੋਵਣ ਤਦ ਭੀ ਚੈਨ ਨਾ ਪਾਵਨ ।
ਆਹ ਮੇਰੀ ਦੇ ਬੁੱਲੇ ਵਗ ਵਗ ਅੰਬਰ ਵਿਚ ਉਡਾਵਨ ।'
ਸੁਣ ਸੁਣ ਗੱਲਾਂ ਗੁਰੂ ਪਯਾਰੇ ਹੱਸਕੇ ਇਹ ਫ਼ਰਮਾਇਆ :-
'ਰੱਬ ਸਵਾਰੇ ! ਪੀਰ ਪਯਾਰੇ ! ਕੁਦਰਤ ਨੂੰ ਇਹ ਭਾਇਆ ।
ਓਸੇ ਭਾ ਹੈ ਸਰ ਦਾ ਸੌਦਾ ਜਯੋਂ ਕਰ ਉਸ ਨੂੰ ਭਾਵੇ ।
ਸਭ ਕੁਝ ਜਰਨੀ 'ਸੀ' ਨਹੀਂ ਕਰਨੀ, ਉਸ ਵੱਲੋਂ ਰਹਿ ਆਵੇ ।
ਲੱਖ ਵਰ੍ਹੇ ਭੀ ਜੀਵੇ ਜੇਕਰ ਏਥੇ ਬੰਦਾ ਭੋਲਾ ।
ਏਸ ਜੂਨੀ ਦਾ ਲਾਹਣਾ ਪਏਗਾ, ਓੜਕ ਇਕ ਦਿਨ ਚੋਲਾ ।
ਏਸ ਗੱਲੇ ਜੇ ਰਾਜ਼ੀ ਹੋਵਨ ਮੇਰੇ ਪ੍ਰੀਤਮ ਪਯਾਰੇ ।
ਲੋਹ ਤੇ ਬੈਠਾ ਪਰਲੋ ਤੀਕਰ ਜਾਵਾਂ ਮੈਂ ਬਲਿਹਾਰੇ ।
ਯਾਦ ਉਦ੍ਹੀ ਵਿਚ ਰੇਤ ਤੱਤੀ ਦੇ ਛੱਟੇ ਵੱਸਨ ਨੂਰੀ ।
ਜਯੋਂ ਜਯੋਂ ਛੱਟੇ ਵੱਸਨ ਮੈਨੂੰ ਜਾਪੇ ਮਿਹਰ ਹਜ਼ੂਰੀ ।
ਜਯੋਂ ਜਯੋਂ ਪਏ ਤਸੀਹੇ ਦੇਂਦੇ ਤਯੋਂ ਤਯੋਂ ਰਾਜ਼ੀ ਥੀਵਾਂ ।
ਭਰ ਭਰ ਪਿਆਲੇ ਪ੍ਰੀਤਮ ਹੱਥੋਂ, ਦਰਸ਼ਨ ਵਾਲੇ ਪੀਵਾਂ ।
ਹਜ਼ਰਤ ਮੂਸਾ ਤੂਰ ਪਹਾੜੋਂ ਜਲਵਾ ਉਸ ਦਾ ਪਾਇਆ ।
ਭਾਂਬੜ ਵਿਚੋਂ ਪ੍ਰੀਤਮ ਪਿਆਰਾ ਸਾਨੂੰ ਨਜ਼ਰੀਂ ਆਇਆ ।
ਜਯੋਂ ਜਯੋਂ ਮਨਸੂਰ ਪਯਾਰੇ ਨੂੰ ਸੀ ਧਾਰ ਤਿੱਖੀ ਦੀ ਸੂਲੀ ।
ਪ੍ਰੇਮ ਉਹਦੇ ਵਿਚ ਫੁੱਲਾਂ ਵਾਙੂੰ ਲੱਗਦੀ ਕੂਲੀ ਕੂਲੀ ।
ਓਹਦੇ ਕੋਲੋਂ ਵਧ ਕੇ ਸਾਨੂੰ ਪ੍ਰੇਮ ਇੱਥੇ ਹੈ ਮਿਲਦਾ ।
ਸੇਕ ਤੱਤੇ ਦੇ ਬੁੱਲੇ ਸਵਰਗੀ ਗ਼ੁੰਚਾ ਖਿੜਦਾ ਦਿਲ ਦਾ ।
ਨੈਂ ਸ਼ਹੀਦੀ ਵਾਲੀ ਵਗਦੀ ਪਾਰ ਪਯਾਰਾ ਟਹਿਕੇ ।
ਸ਼ਾਂਤਮਈ ਦੇ ਬੇੜੇ ਅੰਦਰ ਲੰਘ ਜਾਣਾ ਹੈ ਬਹਿਕੇ ।
ਪੰਥ ਪਯਾਰੇ ਨੂੰ ਹੈ ਨਾਲੇ ਸਿੱਧਾ ਰਾਹ ਵਿਖਾਉਣਾ ।
ਮਰ ਮਰ ਕੇ ਹੈ ਦੁਨੀਆਂ ਅੰਦਰ ਜੀਵਨ ਨਵਾਂ ਸਿਖਾਉਣਾ ।
ਸਭ ਕੁਝ ਸਹਿਣਾ, ਕੁਝ ਨਹੀਂ ਕਹਿਣਾ, ਚਰਨੀਂ ਓਦ੍ਹੀ ਪੈਣਾ ।
ਜੋ ਕੁਝ ਦੇਵੇ ਦਾਨ ਪਿਆਰਾ 'ਸ਼ਰਫ਼' ਅਸਾਂ ਉਹ ਲੈਣਾ ।

16. ਹਜ਼ੂਰੀ

(ਗਾ ਕੇ ਪੜ੍ਹਨ ਵਾਲੀ ਗ਼ਜ਼ਲ)

ਮੇਰੇ ਹਿਰਦੇ ਸਮਾਯਾ ਹੈ ਨਿਰਾਲਾ ਪਯਾਰ ਅਰਜਨ ਦਾ ।
ਮੈਨੂੰ ਹਰ ਜ਼ੱਰੇ ਦੇ ਅੰਦਰ, ਮਿਲੇ ਦੀਦਾਰ ਅਰਜਨ ਦਾ ।

ਓਹਨੂੰ ਕੀ ਲੋੜ ਸਵਰਗਾਂ ਦੀ, ਓਹਦੇ ਭਾਣੇ ਅਪੱਛਰਾਂ ਕੀਹ,
ਜਿਦ੍ਹੇ ਨੈਣਾਂ ਦੇ ਵਿੱਚ ਫਿਰਦਾ ਰਹੇ ਦਰਬਾਰ ਅਰਜਨ ਦਾ ।

ਕਿਰਨ ਜਲਵੇ ਦੀ ਜਰ ਸੱਕੇ, ਜਦੋਂ ਮਨਸੂਰ ਹੋਰੀਂ ਨਾ,
ਓਦੋਂ ਸ਼ਾਂਤੀ ਦੇ ਦੱਸਨ ਲਈ ਹੋਯਾ ਅਵਤਾਰ ਅਰਜਨ ਦਾ ।

ਕਟਾਈ ਇਕ ਇਕ ਪੋਰੀ ਸ਼ਹੀਦੀ ਪੂਰੀ ਲੈ ਲੀਤੀ,
ਸਮਝ ਲੀਤਾ ਮਨੀ ਸਿੰਘ ਨੇ ਜਦੋਂ ਉਪਕਾਰ ਅਰਜਨ ਦਾ ।

ਦਿੱਸੇ ਚੇਹਰਾ ਨੂਰਾਨੀ ਉਹ, ਪਿਆ ਜ਼ੱਰੇ ਦੇ ਸ਼ੀਸ਼ੇ ਵਿਚ,
ਦਿਖਾਵਨ ਰਾਤ ਨੂੰ ਤਾਰੇ ਮੈਨੂੰ ਚਮਕਾਰ ਅਰਜਨ ਦਾ ।

ਪਵੇ ਚੰਦੂ ਸਵਾਹੀਏ ਦੀ ਉਹ ਓੜਕ ਜੂਨ ਵਿਚ ਮਰ ਕੇ,
'ਸ਼ਰਫ਼' ਕੀਤਾ ਨਹੀਂ ਜਿਸਨੇ ਅਦਬ ਸਤਿਕਾਰ ਅਰਜਨ ਦਾ ।

17. ਪਰੇਰਨਾ

ਆਓ ਸਈਓ ਰਲ ਵੇਖਣ ਚਲੀਏ
ਬੰਨ੍ਹ ਲਈਏ ਨੀ ਡਾਰਾਂ ।
ਗੁਰ ਅਰਜਨ ਦੇ ਚਰਨਾਂ ਅੰਦਰ
ਖਿੜੀਆਂ ਬਾਗ਼ ਬਹਾਰਾਂ ।
ਸ਼ਾਂਤਮਈ ਦੀਆਂ ਅੰਮ੍ਰਿਤ ਭਰੀਆਂ
ਚੱਲਣ ਖ਼ੂਬ ਫੁਹਾਰਾਂ ।
'ਸ਼ਰਫ਼' ਚੱਲੋ ਨੀ ਓਥੇ, ਜਿੱਥੇ
ਤਰੀਆਂ ਲੱਖ ਹਜ਼ਾਰਾਂ ।

18. ਅਰਦਾਸ

ਸ਼ਾਂਤਮਈ ਦੇ ਸੀਤਲ ਸਾਗਰ !
ਲਗੀਆਂ ਤੋੜ ਨਿਭਾਵੋ, ਮੇਹਰ ਕਮਾਵੋ ।
ਜਿੰਦੜੀ ਵਾਰਾਂ, ਘੋਲ ਘੁਮਾਵਾਂ,
ਗੁਰ ਜੀ ! ਦਰਸ ਦਿਖਾਵੋ, ਚਿਰ ਨਾ ਲਾਵੋ ।
ਵਾਙ ਤਰੇਲ ਰਵ੍ਹਾਂ ਨਿੱਤ ਰੋਂਦੀ,
ਫੁਲਾਂ ਵਾਙ ਹਸਾਵੋ, ਇਕ ਦਿਨ ਆਵੋ ।
'ਸ਼ਰਫ਼' ਤੱਤੀ ਦੀ ਕੁੱਲੀ ਅੰਦਰ,
ਚਰਨ ਪਵਿੱਤਰ ਪਾਵੋ, ਚੰਨ ਚੜ੍ਹਾਵੋ ।

19. ਚੰਨ ਦੀ ਮੱਸਿਆ

ਇਕ ਦਿਨ ਸੋਹਣੀ ਰਾਤ ਪਯਾਰੀ
ਅਰਸ਼ੋਂ ਬਣ ਠਣ ਆਈ ।
ਧਰਤੀ ਉੱਤੇ ਆ ਕੇ ਉਹਨੇ
ਲੀਲਾ ਅਜਬ ਰਚਾਈ ।

ਠੁੱਮਕ ਠੁੱਮਕ ਚਾਲਾਂ ਚੱਲੇ
ਖਾਂਦੀ ਮਟਕ ਹੁਲਾਰੇ ।
ਨੂਰੋ ਨੂਰ ਬਨਾਵਣ ਲੱਗੀ
ਕੰਧਾਂ ਕੋਠੇ ਸਾਰੇ ।

ਲੋ ਓਹਦੀ ਨੇ ਰਿਸ਼ਮਾਂ ਵਾਲੇ
ਜਿਸ ਦਮ ਕੇਸ ਖਿਲਾਰੇ ।
ਅੱਖ ਮਟੱਕੇ ਅੰਬਰ ਉੱਤੇ
ਲੱਗੇ ਕਰਨ ਸਤਾਰੇ ।

ਨਜ਼ਰ ਪਿਆ ਜਦ ਏਹੋ ਜੇਹਾ
ਮੈਨੂੰ ਸਮਾਂ ਸੁਹਾਣਾ ।
ਫੱਟੇ ਦਿਲ ਤੇ 'ਲੂਣ ਦਰਦ' ਦਾ
ਮਾਰ ਗਿਆ ਇਕ ਛਾਣਾ ।

ਬੇ-ਵਸ ਹੋ ਕੇ ਤੜਫਨ ਲੱਗਾ ।
ਸੀਨੇ ਸੜਕਨ ਲੱਗੀ ।
ਦੱਬੀ ਹੋਈ ਅੱਗ ਚਰਾਕੀ ।
ਜ਼ੋਰੀਂ ਭੜਕਣ ਲੱਗੀ ।

ਹੌਲੀ ਹੌਲੀ ਘਟ ਅੱਖੀਆਂ ਦੀ
ਬਰਸਣ ਰੁਮਕਣ ਲੱਗੀ,
ਯਾਦ ਕਿਸੇ ਦਾ ਹਾਸਾ ਆਇਆ
ਬਿਜਣੀ ਚਮਕਣ ਲੱਗੀ ।

ਰੋ ਰੋ ਕੇ ਜਾਂ ਸੱਧਰ ਲਾਹੀ
ਹੋਇਆ ਠੰਡਾ-ਕੋਸਾ ।
ਆਣ ਦਿਮਾਗੋਂ ਕਵਿਤਾ ਮੈਨੂੰ
ਦਿੱਤਾ ਡਾਢਾ ਝੋਸਾ ।

ਇੱਕਲਵਾਂਜੇ ਬਹਿਕੇ ਤਾਂ ਮੈਂ
ਸ਼ੇਅਰ ਬਣਾਵਣ ਲੱਗਾ ।
ਧਰਤੀ ਉੱਤੇ ਬੈਠਾ ਹੋਇਆ
ਅਰਸ਼ੀਂ ਜਾਵਣ ਲੱਗਾ ।

ਨਜ਼ਰ ਪਈ ਜਾਂ ਅੰਬਰ ਉੱਤੇ
ਚੰਦ ਪਿਆਰੇ ਵੱਲੇ ।
ਹਸ ਹਸ ਉਹਨੂੰ ਇਹ ਮੈਂ ਕਹਿਆ:
"ਚੰਨਾ ! ਬੱਲੇ ਬੱਲੇ ।

ਅਸ਼ਕੇ ਬੇਲੀ ਅਸ਼ਕੇ ਯਾਰਾ !
ਅਸ਼ਕ ਤੇਰਾ ਹੋਣਾ ।
ਸੁੰਦਰ, ਰੂਪ ਅਨੂਪ ਤੇਰਾ ਇਹ
ਦੁਨੀਆਂ ਦਾ ਦਿਲ ਮੋਹਣਾ ।

ਤੂੰ ਅੰਬਰ ਦੇ ਮੱਥੇ ਉੱਤੇ
ਨੂਰੀ ਤਿਲਕ ਕਹਾਵੇਂ ।
ਫੁੱਲ ਰੰਗੀਲੇ ਫੱਲ ਛਬੀਲੇ,
ਮਿੱਠੇ ਸ਼ਹਿਦ ਬਣਾਵੇਂ ।

ਮੇਰੇ ਸ਼ੇਅਰਾਂ ਅੰਦਰ ਭੀ ਤੂੰ
ਨੂਰੀ ਨੁਕਤੇ ਪਾਵੇਂ ।
ਮੈਨੂੰ ਭੀ ਤੂੰ ਭੇਦ ਹਕੀਕੀ
ਘੁੰਡੀ ਖੋਹਲ ਵਿਖਾਵੇਂ ।

ਐਪਰ ਤੈਥੋਂ ਗੱਲ ਪੁੱਛਾਂ ਇੱਕ
ਸੱਚ ਦੱਸੀਂ ਇਹ ਮੈਨੂੰ ।
ਪ੍ਰੇਮ ਵਿਛੋੜਾ ਲੱਗਾ ਹੋਇਆ
ਕਿਸਦਾ ਹੈ ਇਹ ਤੈਨੂੰ ?

ਤੀਲੇ ਵਾਙੂੰ ਸੁਕ ਸੁਕ ਕੇ ਤੂੰ
ਆਪਣਾ ਆਪ ਮੁਕਾਵੇਂ।
ਏਹੋ ਜੇਹਾ ਦੁੱਖ ਤਸੀਹਾ
ਕਿਸਦੇ ਬਦਲੇ ਪਾਵੇਂ ?

ਗੁੰਮ ਹੋਵੇਂ ਤੂੰ ਇਕ ਦਿਨ ਐਸਾ,
ਨਾਉਂ ਨ ਦਿੱਸੇ ਤੇਰਾ ।
ਪ੍ਰੇਮ ਤੇਰਾ ਇਹ ਦੁਨੀਆਂ ਉੱਤੇ
ਪਾਵੇ ਘੋਰ ਅੰਧੇਰਾ ।"

ਚੰਨ ਪਿਆਰਾ ਆਖਣ ਲੱਗਾ:
"ਸੁਣ ਤੂੰ 'ਸ਼ਰਫ਼' ਪਿਆਰੇ !
ਭੇਤ ਹਕੀਕੀ ਖੋਲ੍ਹਣ ਜੇਹੜੇ ।
ਜਾਣ ਚੜ੍ਹਾਏ ਦਾਰੇ ।

ਐ-ਪਰ ਤੈਨੂੰ ਮਹਿਰਮ ਕਰਕੇ
ਗੁੱਝਾ ਭੇਦ ਸੁਣਾਵਾਂ ।
ਕਿਉਂ ਮੈਂ ਫੁੱਲਾਂ ਕਿਉਂ ਮੈਂ ਸੁੱਕਾਂ
ਕਿਉਂ ਕਿਤੇ ਗੁੰਮ ਜਾਵਾਂ ।

ਮੈਂ ਹਾਂ ਉਸ ਤੇ ਆਸ਼ਕ ਜਿੰਨ੍ਹੇ
ਐਸਾ ਇਸ਼ਕ ਕਮਾਇਆ ।
ਪ੍ਰੇਮ ਚਿਖਾ ਤੇ ਚੜ੍ਹ ਜਿੰਨ੍ਹੇ
ਰਬ ਨੂੰ ਵੀ ਤੜਫਾਇਆ।

ਜਲਵਾ ਤੂਰ ਪਹਾੜੀ ਵਾਲਾ ।
ਜਿੰਨ੍ਹੇ ਲੋਹ ਤੇ ਡਿੱਠਾ।
ਸ਼ਹਿਦ ਸ੍ਵਰਗੀ ਜਾਤਾ ਜਿੰਨ੍ਹੇ
ਭਾਣਾ ਓਹਦਾ ਮਿੱਠਾ।

ਸ਼ਾਂਤਮਈ ਦਾ ਪੁਤਲਾ ਬਣਕੇ
ਜਗ ਉੱਤੇ ਉਹ ਆਇਆ ।
ਲੱਖਾਂ ਦੁੱਖ ਤਸੀਹੇ ਝੱਲੇ
ਮੱਥੇ ਵੱਟ ਨ ਪਾਇਆ।

ਸੱਚ ਸਬਰ ਦਾ ਖੰਡਾ ਲੈ ਕੇ
ਜਿੱਤ ਜ਼ੁਲਮ ਤੇ ਪਾਈ ।
ਕੁਰਬਾਨੀ ਦੀ ਡੰਡੀ ਸਿੱਧੀ
ਸੰਗਤ ਨੂੰ ਦਿਖਲਾਈ ।

ਤਪੀਆਂ ਦਾ ਸਿਰ ਤਾਜ ਪਿਆਰਾ
ਹੈ ਸਿਰਮੌਰ ਹਠੀਲਾ ।
ਸਿੱਖਾਂ ਅੰਦਰ ਮੋਹਰੀ ਲਾੜਾ ।
ਓਹ ਸ਼ਹੀਦ ਰੰਗੀਲਾ ।

ਅੰਮ੍ਰਿਤਸਰ ਦੇ ਹਰਿਮੰਦਰ ਦੀ
ਨੀਂਹ ਰਖਾਉਣ ਵਾਲਾ ।
ਦੁਨੀਆਂ ਅੰਦਰ ਧਰਮੀ ਧੌਲਰ
ਉੱਚ ਬਣਾਉਣ ਵਾਲਾ ।

ਸ਼ਾਂਤ ਪੁੰਜ ਉਹ ਸੰਤੋਖੇ ਦਾ
'ਸਰ' ਬਣਾਉਣ ਵਾਲਾ।
ਪਰਲੋ ਤੀਕਰ ਔਂਤਰਿਆਂ ਦੇ ।
ਨਾਂ ਚਮਕਾਉਣ ਵਾਲਾ ।

ਰਹਿਮਤ ਵਾਲਾ ਬੱਦਲ ਬਣ ਕੇ
ਝੜੀਆਂ ਲਾਉਣ ਵਾਲਾ।
ਬਨਾਂ, ਬਾਰਾਂ, ਥੇਹਾਂ ਦੇ ਉਹ
ਸ਼ਹਿਰ ਵਸਾਉਣ ਵਾਲਾ।

ਇਕ ਥਾਂ ਓਸ ਪਿਆਰੇ ਮੇਰੇ
ਸੁੰਦਰ ਨਗਰ ਵਸਾਇਆ ।
'ਤਰਨ ਤਾਰਨ' ਦਾ ਨਾਮ
ਪਯਾਰਾ ਮੱਥੇ ਉਹਦੇ ਲਾਇਆ ।

ਸ਼ਾਹ ਹਕੀਕੀ ਦੇ ਉਸ ਤਾਰੂ
ਨੁਕਤਾ ਇਹ ਸਮਝਾਇਆ ।
ਜੇਹੜਾ ਬੰਦਾ ਤਰਨ ਨ ਜਾਣੇ
ਤਾਰਨ ਉਹਨੂੰ ਆਇਆ ।

ਵਾਹ ਉਹ ਨੱਗਰ, ਨੱਗਰ ਦੇ ਵਿਚ
ਹਰਿਮੰਦਰ ਇਕ ਉੱਚਾ ।
ਗੁਰ-ਧਾਮਾਂ ਦੀ ਮਾਲਾ ਅੰਦਰ,
ਮੋਤੀ ਚਮਕੇ ਸੁੱਚਾ।

ਜਲਵੇ ਉਹਦੇ ਦੁਨੀਆਂ ਅੰਦਰ,
ਖਿੰਡੇ ਚਾਰ -ਚੁਫ਼ੇਰੇ।
ਸੂਰਜ ਚੰਨ ਜਿਨ੍ਹਾਂ ਨੂੰ ਆਖਣ
ਓਹਦੇ ਦਰ ਦੇ ਚੇਰੇ ।

ਸੂਰਜ ਚੰਵਰ ਝੁਲਾਵੇ ਉਹਨੂੰ
ਕਿਰਨਾਂ ਸੁੱਟ ਸਵੇਰੇ ।
ਸਾਫ਼ ਕਰੇਂਦਾ ਨਾਲ ਜ਼ਰੀ ਦੇ
ਉਹਦੇ ਕੁੱਲ ਬਨੇਰੇ ।

ਚੜ੍ਹਦੇ ਵੱਲੋਂ ਦਰਸ਼ਨ ਕਰ ਕਰ
ਅੱਖ ਸੁਨਹਿਰੀ ਸੇਕੇ ।
ਲਹਿੰਦੇ ਵੱਲੋਂ ਅਸਤਨ ਲੱਗਾ
ਨਿਉਂ ਨਿਉਂ ਮੱਥਾ ਟੇਕੇ ।

ਓਸ ਪਵਿੱਤਰ ਧਰਤੀ ਸੰਦਾ
ਮੈਂ ਵੀ ਹਾਂ ਇਕ ਗੋੱਲਾ ।
'ਗੁਰ ਅਰਜਨ' ਦਾ ਪ੍ਰੇਮ-ਪੁਜਾਰੀ
ਕਮਲਾ ਰਮਲਾ ਭੋਲਾ ।

ਹਰ ਮੱਸਿਆ ਵਿਚ ਅਰਸ਼ੋਂ ਆਕੇ
ਉੱਥੇ ਸਤਿਗੁਰ ਪਿਆਰੇ ।
ਪ੍ਰੇਮ ਝਰੋਕੇ ਅੰਦਰ,
ਬਹਿ ਕੇ ਦੇਂਦੇ ਪਾਕ ਨਜ਼ਾਰੇ ।

ਸਿਦਕੀ ਅਤੇ ਪਰੇਮੀ ਬੰਦੇ
ਦੂਰੋਂ ਦੂਰੋਂ ਆਵਣ ।
ਸਾਬਣ ਲਾ ਲਾ ਸ਼ਰਧਾ ਵਾਲਾ
ਦਿਲ ਦੀ ਮੈਲ ਗਵਾਵਣ ।

ਪਰਕਰਮਾ ਕਰ ਠੰਡੇ ਕਰਦੇ
ਨੈਣ ਵਿਛੁਨੇ ਚਿਰ ਦੇ ।
ਓਸ ਨੂਰਾਨੀ ਦੀਪਕ ਗਿਰਦੇ
ਵਾਂਗ ਪਤੰਗਾਂ ਫਿਰਦੇ ।

ਸੀਤਲ 'ਸਰ' ਵਿਚ ਹੰਸਾਂ ਵਾਂਗੂੰ
ਤਰ ਤਰ ਟੁੱਭੀਆਂ ਲਾਵਣ ।
ਲੱਖਾਂ ਬੰਦੇ ਆਸਾਂ ਵਾਲੇ
ਮੋਤੀ ਸੁੱਚੇ ਪਾਵਣ ।

ਰੋਗ ਗਵਾਵਣ ਰੂਪ ਵਧਾਵਣ
ਸੁੰਦਰ ਦੇਹ ਬਨਾਵਣ ।
ਹਰੀ ਭਰੀ ਕਰ ਵੇਲ ਧਰਮ ਦੀ
ਦਿਲ ਦਾ ਕੰਵਲ ਖਿੜਾਵਣ ।

ਸਤਿਗੁਰ ਜੀ ਭੀ ਖੁੱਲ੍ਹੇ ਡੁੱਲ੍ਹੇ
ਉਸ ਦਿਨ ਦਰਸ਼ਨ ਦੇਂਦੇ ।
ਪਰ ਜੋ ਅੱਖਾ ਬਾਲੇ ਹੋਵਣ
ਓਹੋ ਦਰਸ ਕਰੇਂਦੇ ।

ਓਸ ਦਿਹਾੜੇ ਭਾਗਾਂ ਵਾਲੇ
ਮੈਂ ਭੀ ਓਥੇ ਜਾਵਾਂ
ਚਰਨ ਪਵਿੱਤ੍ਰ ਅੱਖੀਂ ਲਾ ਕੇ
ਨੂਰੀ ਜੋਤ ਵਧਾਵਾਂ ।

ਦਰਸ਼ਨ ਪਾ ਕੇ ਸਤਿਗੁਰ ਜੀ ਦੇ
ਸੌ ਸੌ ਸ਼ਗਨ ਮਨਾਵਾਂ ।
ਨਵਾਂ ਉਮਾਹ ਚੜ੍ਹੇ ਓਹ ਮੈਨੂੰ
ਉਮਰਾ ਸਫਲ ਬਣਾਵਾਂ ।

ਖੁਸ਼ੀਆਂ ਕਰਦਾ ਜਾਮੇਂ ਅੰਦਰ
ਮੈਂ ਨਾ ਮੂਲ ਸਮਾਵਾਂ ।
ਚੋਲਾ ਚੀਰ ਅੰਬਰ ਦਾ ਨੀਲਾ
ਨੂਰੀ ਬਦਨ ਵਿਖਾਵਾਂ ।

ਲੱਖਾਂ ਬੰਦੇ ਅੱਖਾਂ ਚੁਕ ਚੁਕ
ਤਾਂ ਫਿਰ ਮੈਨੂੰ ਵੇਖਣ ।
ਕਰਨ ਸਲਾਮਾ ਹੱਥ ਜੁੜੇਂਦੇ
ਨਿਉਂ ਨਿਉਂ ਮੱਥੇ ਟੇਕਣ ।

ਏਸ ਖੁਸ਼ੀ ਵਿਚ ਫੁਲ ਫੁਲ ਕੇ ਮੈਂ
ਚੌਦੇਂ ਦਾ ਹੋ ਜਾਵਾਂ ।
ਰਿਸ਼ਮਾਂ ਸੁੱਟ ਜਿਮੀਂ ਤੇ ਨੂਰੀ
ਚਿੱਟੀ ਜ਼ਰੀ ਲੁਟਾਵਾਂ।

ਐਪਰ ਦਰਸ਼ਨ ਪਾਇਆਂ ਹੋਇਆਂ
ਜਿਉਂ ਜਿਉਂ ਸਮਾਂ ਵਿਹਾਵੇ ।
ਤਿਉਂ ਤਿਉਂ ਮੈਨੂੰ ਘਾਟੇ ਪੈਂਦੇ
ਚੈਨ ਅਰਾਮ ਨਾ ਆਵੇ ।

ਖ਼ੂਨ ਸਰੀਰੋਂ ਘਟਦਾ ਜਾਂਦਾ
ਦਿਨ ਦਿਨ ਘਟਦਾ ਜਾਵਾਂ ।
ਮਾਸਾ ਮਾਸ ਨੇ ਰਹਿੰਦਾ ਪਿੰਡੇ
ਬਣ ਜਾਵਾਂ ਪਰਛਾਵਾਂ ।

ਰੱਤੀ ਰਤ ਨ ਰਹਿੰਦੀ ਤਨ ਵਿਚ,
ਮੁਖੜਾ ਹੋਂਦਾ ਪੀਲਾ ।
ਸਤਿਗੁਰ ਜੀ ਦੇ ਬਿਰਹੋਂ ਅੰਦਰ,
ਸੁਕ ਸੁਕ ਹੋਵਾਂ ਤੀਲਾ।

ਏਨੇ ਚਿਰ ਵਿਚ ਭਾਗ ਭਰੀ ਏ
ਫੇਰ ਅਮਾਵਸ ਆਂਦੀ ।
ਸਤਿਗੁਰ ਜੀ ਦਾ ਦਰਸ ਸੁਨੇਹਾ
ਮੈਨੂੰ ਆਣ ਸੁਣਾਂਦੀ ।

ਤਾਂ ਮੈਂ ਉਸ ਦਿਨ ਦਰਸ਼ਨ ਖ਼ਾਤਰ
ਤਰਨ ਤਾਰਨ ਨੂੰ ਜਾਵਾਂ ।
ਤਦੇ ਤੈਨੂੰ ਮੈਂ ਅੰਬਰ ਉੱਤੇ
'ਸ਼ਰਫ' ਨ ਨਜ਼ਰੀਂ ਆਵਾਂ ।"

(ਦਾਰੇ=ਸੂਲੀ)

ਛੇਵਾਂ ਦਰਸ਼ਨ

20. ਮੀਰੀ-ਪੀਰੀ

ਦੁਨੀਆਂ ਅੰਦਰ ਪਾਪਾਂ ਵਾਲੇ ।
ਜਦ ਛਾਏ ਸਨ ਬੱਦਲ ਕਾਲੇ ।
ਵਿੱਚ ਪੰਜਾਬ ਪਿਆ ਚਮਕਾਰਾ ।
ਆਯਾ ਬਾਬਾ ਨਾਨਕ ਪਿਆਰਾ ।
ਡਾਢੀ ਤਿੱਖੀ ਭਗਤੀ ਵਾਲੀ ।
ਤੇਗ਼ ਉਨ੍ਹਾਂ ਨੇ ਹੱਥ ਸੰਭਾਲੀ ।
ਬਦੀਆਂ ਦੂਈਆਂ ਵਾਲੇ ਸਾਰੇ ।
ਫੜ ਫੜ ਓਨ੍ਹਾਂ ਪੂਰ ਨਘਾਰੇ ।
ਸਚ ਖੰਡ ਵਿਚੋਂ ਸੱਦੇ ਆਏ ।
ਜਾਂ ਉਹ ਜੋਤੀ ਜੋਤ ਸਮਾਏ ।

ਭਗਤੀ ਵਾਲੀ ਤੇਗ਼ ਨਿਰਾਲੀ ।
ਗੁਰ ਅੰਗਦ ਨੇ ਆਨ ਸੰਭਾਲੀ ।
ਓਨ੍ਹਾਂ ਨੇ ਵੀ ਫੜ ਚਮਕਾਈ ।
ਗੁਰਿਆਈ ਦੀ ਸਿਲ ਤੇ ਲਾਈ ।
ਨਾਲ ਪਿਆਰੇ ਪ੍ਰੀਤ ਲਗਾਈ ।
ਦੁਨੀਆਂ ਦੀ ਜਹੀ ਸੁੱਧ ਭੁਲਾਈ ।
ਖਾ ਕੇ ਭਾਂਜ ਹਿਮਾਯੂੰ ਆਯਾ ।
ਖ਼ੰਜਰ ਓਹਨੇ ਆਣ ਵਖਾਯਾ ।
ਸੱਚ ਖੰਡੋਂ ਜਾਂ ਸੱਦੇ ਆਏ ।
ਗੁਰ ਅੰਗਦ ਜੀ ਓਥੇ ਧਾਏ ।

ਤਦ ਉਹ ਤੇਗ਼ ਫਕੀਰੀ ਵਾਲੀ ।
ਅਮਰ ਦਾਸ ਜੀ ਆਣ ਸੰਭਾਲੀ ।
ਰਿੱਧ ਸਿੱਧ ਦੀ ਪਾਣ ਚੜ੍ਹਾਕੇ ।
ਰੱਖੀ ਓਨ੍ਹਾਂ ਗਲੇ ਲਗਾ ਕੇ ।
ਗੋਬਿੰਦ ਖਤਰੀ ਦਾ ਇਕ ਜਾਯਾ ।
ਦਿੱਲੀ ਜਿਸ ਨੇ ਸ਼ੋਰ ਮਚਾਯਾ ।
ਗੁਰ ਤੇ ਕੀਤੀ ਓਸ ਚੜ੍ਹਾਈ ।
ਦਾਵੇ ਰੂਪੀ ਤੇਗ ਵਖਾਈ ।

ਚੌਥੀ ਪਾਤਸ਼ਾਹੀ ਜਾਂ ਹੋਈ ।
ਓਨ੍ਹਾਂ ਨੂੰ ਇਹ ਮਿਲੀ ਸਰੋਹੀ ।
ਪ੍ਰਿਥੀ ਚੰਦ ਓਨ੍ਹਾਂ ਦੇ ਭਾਈ ।
ਸੜ ਸੜ ਕੇ ਸੀ ਪਾਣ ਚੜ੍ਹਾਈ ।

ਮਾਲਕ ਇਹਦੇ ਬਣੇ ਨਿਆਰੇ ।
ਸ਼ਾਂਤ ਪੁੰਜ ਫਿਰ ਅਰਜਨ ਪਿਆਰੇ ।
ਚੰਦੂ ਸੁਆਹੀਏ ਜ਼ੁਲਮ ਕਮਾਯਾ ।
ਪਕੜ ਉਨ੍ਹਾਂ ਨੂੰ ਬੜਾ ਸਤਾਯਾ ।
ਏਧਰ ਤੇਗ਼ ਅਮੀਰੀ ਚਮਕੀ ।
ਓਧਰ ਤੇਗ਼ ਫਕੀਰੀ ਚਮਕੀ ।
ਭਗਤੀ ਵਾਲੀ ਤੇਗ਼ ਪਿਆਰੀ ।
ਓਦੋਂ ਵੀ ਨਾ ਹੈਸੀ ਹਾਰੀ ।
ਐਸੇ ਸੁੰਦਰ ਜੌਹਰ ਵਖਾਏ ।
ਕੋਮਲ ਦੇਹ ਤੇ ਛਾਲੇ ਪਾਏ ।
ਤੇਗ਼ ਫਕੀਰੀ ਵਾਲੀ ਭਾਵੇਂ ।
ਹੱਥ ਵਖਾਏ ਡਾਢੇ ਸਾਵੇਂ ।

ਪਰ ਕੁਦਰਤ ਦੇ ਮਨ ਵਿਚ ਆਯਾ ।
ਜ਼ਾਲਮ ਲੋਕਾਂ ਜ਼ੁਲਮ ਕਮਾਯਾ ।
ਘੱਲਾਂ ਉਹ ਅਵਤਾਰ ਪਿਆਰਾ ।
ਦੱਸੇ ਜਿਹੜਾ ਰਾਹ ਨਿਆਰਾ ।
ਹਰ ਨੂੰ ਵੇਖੇ ਇੱਕੋ ਅੱਖੇ ।
ਮੁਕਤੀ ਸ਼ਕਤੀ ਦੋਵੇਂ ਰੱਖੇ ।
ਦੱਸੇ ਜਿਹੜਾ ਜ਼ਿੰਦਾ ਰਹਿਣਾ ।
ਦੁਨੀਆਂ ਦੇ ਵਿਚ ਸਾਵੇਂ ਬਹਿਣਾ ।
ਭਗਤੀ ਦੇ ਵਿਚ ਜਿਊਂਦੇ ਮਰਨਾ ।
ਦਿਲ ਮੋਇਆਂ ਦੇ ਜ਼ਿੰਦਾ ਕਰਨਾ ।
ਗੁਰਿਆਈ ਦੀ ਸ਼ਾਨ ਵਧਾਵੇ ।
ਦੋਵੇਂ ਵਿੱਦਯਾ ਆਣ ਪੜ੍ਹਾਵੇ ।
ਵਿੱਚ ਫਕੀਰਾਂ ਗੁਰੂ ਕਹਾਵੇ ।
ਬਾਦਸ਼ਾਹਾਂ ਦਾ ਤਾਜ ਸੁਹਾਵੇ ।
ਸੋਧੇ ਵਿੰਗੇ ਦੁਨੀਆਂ ਦਾਰਾਂ ।
ਜਿਹੜਾ ਰੱਖੇ ਦੋ ਤਲਵਾਰਾਂ ।
ਭਗਤੀ ਦੀ ਉਹ ਸ਼ਾਨ ਵਖਾਵੇ ।
ਬੰਦੀ ਛੋੜ ਹਮੇਸ਼ ਸਦਾਵੇ ।
ਇਕ ਧਿਰ ਤੇਗ਼ ਅਮੀਰੀ ਰੱਖੇ ।
ਦੂਜੇ ਤੇਗ਼ ਫ਼ਕੀਰੀ ਰੱਖੇ ।
ਇਕ ਧਾਰੋਂ ਤੇ ਅੰਮ੍ਰਤ ਪਿਆਵੇ ।
ਦੂਜੀ ਧਾਰੋਂ ਪਾਰ ਬੁਲਾਵੇ ।
ਰਿਸ਼ੀਆਂ ਮੁਨੀਆਂ ਖ਼ੁਸ਼ੀ ਮਨਾਈ ।
ਰੱਬ ਚਿਰਾਕੀ ਆਸ ਪੁਜਾਈ ।
ਅਰਜਨ ਜੀ ਦੇ ਅੱਖੀ ਤਾਰੇ ।
ਆ ਗਏ ਹਰ ਗੋਬਿੰਦ ਪਿਆਰੇ ।
ਦੋ ਜਗ ਹੱਥਾਂ ਵਿਚ ਲੁਕਾਏ ।
ਦੋਵੇਂ ਵਿੱਦਯਾ ਲੈਕੇ ਆਏ ।
'ਸ਼ਰਫ਼' ਆਏ ਉਹ ਪੰਥ ਸਹਾਈ ।
ਪਹਿਲਾਂ ਜਿਨ੍ਹਾਂ ਤੇਗ਼ ਚਲਾਈ ।

21. ਪ੍ਰੇਮ ਦਾ ਮੁੱਲ

ਏਹਨੂੰ ਐਸੇ ਸ਼ੁਭ ਵੇਲੇ ਰੱਬ ਕਿਤੇ ਸਾਜਿਆ ਸੀ,
ਮਾਨ, ਸ਼ਾਨ ਸਾਰਿਆਂ ਨੇ ਏਸਦਾ ਵਧਾਇਆ ਏ ।
ਕਿਸੇ ਓਸ ਭੀਲਣੀ ਦੇ ਜੂਠੇ ਬੇਰਾਂ ਵਾਲਾ ਕਿੱਸਾ,
ਮਿੱਠੀ ਮਿੱਠੀ ਬੋਲੀ ਵਿਚ ਜੋੜ ਕੇ ਸੁਣਾਇਆ ਏ ।
ਕਿਸੇ ਨੇ ਸ੍ਵਾਦਲੇ ਕਰਾਰੇ ਪਯਾਰੇ ਸ਼ੇਅਰਾਂ ਵਿੱਚ,
ਭੋਜਨ ਧੰਨੇ ਜੱਟ ਵਾਲਾ ਵੱਟੇ ਨੂੰ ਖਵਾਇਆ ਏ ।
ਹਾਲ ਬਾਲ ਧਰੂਅ ਜੀ ਦਾ ਐਸਾ ਕਿਸੇ ਲਿਖ ਦਿੱਤਾ,
ਤਾਰੇ ਵਾਙੂੰ ਕਵਿਤਾ ਦਾ ਰੰਗ ਚਮਕਾਇਆ ਏ ।
ਏਸੇ ਦਾ ਪਰੇਰਿਆ ਸੁਨੌਨ ਮੈਂ ਭੀ ਆ ਗਿਆ ਹਾਂ,
ਨਿੱਕਾ ਜਿਹਾ ਕਿੱਸਾ ਇਹ ਜੋ ਏਸਦਾ ਬਣਾਇਆ ਏ ।

ਹਰੀ ਭਰੀ ਆਗਰੇ ਦੀ ਸਾਂਦਲਬਾਰ ਜੂਹ ਵਿੱਚ,
ਇੱਕ ਪਾਸੇ ਤੰਬੂ ਜਹਾਂਗੀਰ ਨੇ ਲਵਾਇਆ ਏ ।
ਦੂਜੇ ਪਾਸੇ ਵੱਲ ਮੀਰੀ ਪੀਰੀ ਦਿਆਂ ਮਾਲਕਾਂ ਨੇ,
ਸਜ ਧਜ ਨਾਲ ਡੇਰਾ ਆਪਣਾ ਸਜਾਇਆ ਏ ।
ਚੰਦ ਦੇ ਦਵਾਲੇ ਜਿੱਦਾਂ ਹੋਵੇ ਪਰਵਾਰ ਪਿਆ,
ਲਾਂਭੇ ਚਾਂਭੇ ਸੇਵਕਾਂ ਨੇ ਘੇਰਾ ਏਦਾਂ ਪਾਇਆ ਏ ।
ਕਾਂਗਿਆਰੀ ਜਿਹਾ ਸੁੱਕਾ ਲਿੱਸਾ ਮਾੜਾ ਬੰਦਾ ਇੱਕ,
ਪੁੱਛਦਾ ਪੁਛਾਂਦਾ ਪਤਾ ਓਥੇ ਏਦਾਂ ਆਇਆ ਏ:-
'ਛੇਤੀ ਦੱਸੋ ਲੋਕੋ ! ਮੈਨੂੰ ਡੇਰਾ ਪਾਤਸ਼ਾਹ ਵਾਲਾ,
ਓਹਨਾਂ ਦੇ ਵਿਛੋੜੇ ਮੇਰੇ ਦਿਲ ਨੂੰ ਸਤਾਇਆ ਏ ।'
ਜਾਤਾ ਪਹਿਰੇ ਵਾਲਿਆਂ ਨੇ ਦੁਖੀ ਫ਼ਰਿਆਦੀ ਕੋਈ,
ਬਾਦਸ਼ਾਹੀ ਖ਼ੈਮੇ ਅੱਗੇ ਓਸਨੂੰ ਪੁਚਾਇਆ ਏ ।
ਨੇਜੇ ਦੀ ਅੜੇਸ ਨਾਲ ਪਹਿਰੇਦਾਰ ਡੱਕ ਅੱਗੋਂ,
ਸ਼ਾਹੀ ਹੁਕਮ ਔਣ ਤੀਕ ਬਾਹਰ ਹੀ ਠਹਿਰਾਇਆ ਏ ।
ਹੱਕੇ ਬੱਕੇ ਹੋਕੇ ਓਨ੍ਹੇ ਆਜਿਜ਼ੀ ਦੇ ਨਾਲ ਕਿਹਾ:-
'ਕਯੋਂ ਜੀ ਤੁਸਾਂ ਅਗ੍ਹਾਂ ਜਾਣੋ ਮੈਨੂੰ ਕਯੋਂ ਹਟਾਇਆ ਏ ?
ਮੈਂ ਤਾਂ ਏਹ ਸੁਣਯਾ ਸੀ, 'ਏਥੇ ਉਹ ਨਿਵਾਜੀ ਦਾ ਏ,
ਜੇੜ੍ਹਾ ਚਵ੍ਹਾਂ ਪਾਸਿਆਂ ਤੋਂ ਹੁੰਦਾ ਠੁਕਰਾਇਆ ਏ ।
ਸੁਣਯਾ ਸੀ, ਏਥੇ ਆ ਕੇ ਚਿੱਤ ਸ਼ਾਂਤ ਹੋਂਵਦਾ ਏ,
ਤਸਾਂ ਮੇਰੇ ਸੀਨੇ ਸਗੋਂ ਭਾਂਬੜ ਭੜਕਾਇਆ ਏ ।
ਆਖਦੇ ਸੀ, 'ਰੱਬ ਵਾਲੀ ਲੋ ਏਥੇ ਲੱਗ ਜਾਂਦੀ,
ਤੁਸਾਂ ਮੇਰਾ ਮਨ ਦੀਵਾ ਜਗਦਾ ਬੁਝਾਇਆ ਏ ।
ਆਯਾ ਸੀ ਲਹੌਣ ਏਥੇ ਬੇੜੀ ਮੈਂ ਚੁਰਾਸੀਆਂ ਦੀ,
ਤੁਸਾਂ ਸਗੋਂ ਨੇਜ਼ਿਆਂ ਤੇ ਤੇਗਾਂ 'ਚ ਫਸਾਇਆ ਏ !'
ਏਨੇ ਚਿਰ ਵਿੱਚ ਆ ਕੇ ਚੋਬਦਾਰ ਆਖਿਆ ਇਹ:-
'ਚੱਲ ਭਾਈ ਚੱਲ' ਤੈਨੂੰ ਬਾਦਸ਼ਾਹ ਬੁਲਾਇਆ ਏ ।'
ਡੱਕੋ ਡੋਲੇ ਖਾਂਵਦਾ ਉਹ ਬਾਦਸ਼ਾਹ ਦੇ ਕੋਲ ਗਿਆ,
ਸਿਹਾਰੀ ਤੇ ਬਿਹਾਰੀ ਵਾਂਙੂੰ ਸੀਸ ਨੂੰ ਨਿਵਾਇਆ ਏ ।
ਲੱਕ ਦੀ ਲੰਗੋਟੀ ਲੜੋਂ ਪੀਚੀ ਹੋਈ ਗੰਢ ਵਿੱਚੋਂ,
ਟਕਾ ਇੱਕ ਖੋਲ੍ਹ ਕੇ ਤੇ ਅੱਗੇ ਚਾ ਟਿਕਾਇਆ ਏ ।
ਨਾਲੇ ਖੱਭਲ ਘਾਹ ਦੀਆਂ ਤਿੜਾਂ ਵਾਲਾ ਪੂਲਾ ਇੱਕ
ਕੱਢਕੇ ਤਰੰਗੜੀ ਚੋਂ ਘੋੜੇ ਲਈ ਵਿਖਾਇਆ ਏ ?
ਪੈਰਾਂ ੳੁਤੇ ਸੀਸ ਧਰ, ਮੱਥੇ ਨਾਲ ਧੂੜ ਲਾਈ,
ਮੂੰਹੋਂ ਡਾਢੀ ਆਜਜ਼ੀ ਦੇ ਨਾਲ ਇਹ ਸੁਣਾਇਆ ਏ:-
'ਆਵਾ ਗੌਨੀ ਗੇੜ ਵਿਚੋਂ ਕਰੋ ਕਲਿਆਨ ਮੇਰੀ,
ਸੱਚੇ ਪਾਤਸ਼ਾਹ ! ਡਾਢਾ ਪਾਪਾਂ ਨੇ ਸਤਾਇਆ ਏ ।'
ਸੁਣ ੨ ਗੱਲਾਂ ੳੁਸ 'ਘਾਈ' ਵਾਲੇ 'ਘਾਹੀ' ਦੀਆਂ,
ਬੁੱਲ੍ਹੀਆਂ ਦਾ ਫੁੱਲ ਜਹਾਂਗੀਰ ਨੇ ਖਿੜਾਇਆ ਏ ।
ਕਹਿਣ ਲੱਗਾ 'ਸੁਣ ਭਾਈ ! ਮੁਕਤੀ ਦੇ ਚਾਹਵਾਨਾ !
ਪਿੰਡ ਪੀੜ੍ਹ, ਲੈ ਲੈ ਮੈਥੋਂ ਜੇੜ੍ਹਾ ਤੈਨੂੰ ਭਾਇਆ ਏ ।
ਮੁਕਤੀ ਤੇ ਨਜਾਤ ਕਿੱਥੋਂ ਕਿਸੇ ਨੂੰ ਮੈਂ ਦੇਣ ਜੋਗਾ,
ਮੈਨੂੰ ਮੇਰੇ ਆਪਣੇ ਹੀ ਪਾਪਾਂ ਕਲਪਾਇਆ ਏ ।
ਸਿਦਕੀ-ਪਤੰਗਿਆ ਓਏ, ਦੀਵਿਆ-ਪ੍ਰੇਮ ਦਿਆ ।
ਮੇਰਾ ੫ਤਾ ਦੇਕੇ ਤੈਨੂੰ ਕਿਸੇ ਨੇ ਠਗਾਇਆ ਏ ।
ਜੇੜ੍ਹੇ ਸੱਚੇ ਪਾਤਸ਼ਾਹ ਨੂੰ ਫ਼ਿਰਨਾ ਏਂ ਲੱਭਦਾ ਤੂੰ,
ਓਸ ਹਰਿ ਗੋਬਿੰਦ ਜੀ ਨੇ ਡੇਰਾ ਔਹ ਲਗਾਇਆ ਏ ।
ਏਨੀ ਗੱਲ ਸੁਣੀ ਜਦੋਂ ਭਾਈ ਘਾਹੀ ਗੁੱਸੇ ਨਾਲ,
ਮੱਥੇ ਉੱਤੇ ਵੱਟ ਪਾ ਕੇ ਰੰਗ ਨੂੰ ਵਟਾਇਆ ਏ ।
ਛੇਤੀ ਨਾਲ ਟਕਾ ਫੇਰ ਫੜ ਲੀਤਾ ਭੋਇੰ ਉੱਤੋਂ,
ਚੁੱਕ ਸਾਰਾ ਘਾਹ ਨਾਲੇ ਪੱਲੂ ਵਿੱਚ ਪਾਇਆ ਏ ।
ਗੁਰੂ ਜੀ ਦੀ ਦੀਦ ਦਾ ਤਿਹਾਯਾ ਸਿੱਖ ਸਿਦਕੀ ਓਹ,
ਨੱਸਾ ਨੱਸਾ ਤੰਬੂ ਵਲ ਵਾਹੋ ਦਾਹੀ ਆਇਆ ਏ ।
ਗੁਰਾਂ ਦੀ ਹਜ਼ੂਰੀ ਵਿੱਚ ਖੁੱਲ੍ਹੇ ਬੂਹੇ ਆ ਗਿਆ ਓਹ,
ਅੱਗੋਂ ਕਿਸੇ ਪਹਰੂ ਨੇ ਨਾ ਡੱਕਿਆ ਡਕਾਇਆ ਏ ।
ਮੀਰੀ ਪੀਰੀ ਵਾਲਿਆਂ ਦੇ ਨੂਰ ਦਾ ਸਰੂਰ ਵੇਖ,
ਅੱਖੀਆਂ ਨੂੰ ਲੋ, ਸੀਨਾ ਸੀਤਲ ਕਰਾਇਆ ਏ ।
ਮਾਰ ਮਾਰ ਚਾਂਗਰਾਂ ਤੇ ਚਰਨਾਂ ਉੱਤੇ ਡਿੱਗ ਪਿਆ,
ਪ੍ਰੇਮ ਤੇ ਵਿਛੋੜੇ ਵਿਚ ਆਪੇ ਨੂੰ ਵਞਾਇਆ ਏ ।
ਮੁਕਤੀ ਦੀ ਢੂੰਡ ਵਾਲਾ ਹਾਲ ਹੋ ਨਿਢਾਲ ਸਾਰਾ,
ਊੜੇ ਕੋਲੋਂ ਚੱਲਕੇ ਤੇ ੜਾੜੇ ਨੂੰ ਮਿਲਾਇਆ ਏ ।
ਵੇਖ ਵੇਖ ਹਾਲ ਓਦ੍ਹਾ ਗੁਰੂ ਜੀ ਦੇ ਚਿੱਤ ਵਿਚ,
ਡਾਢੇ ਉਪਕਾਰ ਦਾ ਜਵਾਰ ਭਾਟਾ ਆਇਆ ਏ ।
ਆਪਣੇ ਰੁਮਾਲ ਨਾਲ ਹੰਝੂ ਓਹਦੇ ਪੂੰਝ ਕੇ ਤੇ,
ਸੀਸ ਓਹਦਾ ਚੁੱਕ ਨਾਲ ਸੀਨੇ ਦੇ ਲਗਾਇਆ ਏ,
ਕਰ ਦਿੱਤੀ ਲੋ ਓਹਦੀ ਦਿਲ ਵਾਲੀ ਕੋਠੜੀ 'ਚ,
ਸੂਰਜ ਓਹ ਗਿਆਨ, ਉਪਦੇਸ਼ ਦਾ ਚੜ੍ਹਾਇਆ ਏ ।
ਮੋਏ ਨੂੰ ਜਿਵਾਉਨ ਵਾਲੇ ਮਿੱਠੇ ਮਿੱਠੇ ਬੋਲਾਂ ਵਿੱਚ,
ਮੋਢੇ ਨੂੰ ਹਲੂਣ ਨਾਲੇ ਇਹ ਫਰਮਾਇਆ ਏ:-
'ਜਾ ਬੱਚਾ ! ਜਾਹ, ਤੇਰੀ ਆਵਾ ਗੌਨੀ ਬੇੜੀ ਲੱਥੀ,
ਸ੍ਵਰਗਾਂ ਦਾ ਤਾਰਾ ਤੈਨੂੰ ਰੱਬ ਨੇ ਬਣਾਇਆ ਏ ।'

ਡਿਠੀ ਏ ਅਨੋਖੀ ਖੇਡ ਬਾਦਸ਼ਾਹ ਜਹਾਂਗੀਰ ਜਦੋਂ,
ਹੱਸ ਹੱਸ ਗੁਰੂ ਜੀ ਨੂੰ ਬੋਲ ਇਹ ਸੁਣਾਇਆ ਏ:-
'ਮੀਰੀ ਪੀਰੀ ਵਾਲੇ ਸਾਈਂ ! ਤੁਸਾਂ ਤੇ ਜਹਾਨ ਵਿੱਚ,
ਡਾਢਾ ਹੀ ਸਵੱਲਾ ਸੌਦਾ ਮੁਕਤੀ ਦਾ ਲਾਇਆ ਏ ?
ਇਕ ਰੁੱਗ ਤਿੜ੍ਹਾਂ, ਇਕ ਟਕੇ ਉੱਤੋਂ ਸਵਰਗਾਂ ਦਾ,
ਜੰਦਰਾ ਤੇ ਕੁੰਜੀ ਤੁਸੀਂ ਏਸਨੂੰ ਫੜਾਇਆ ਏ ।'
ਗੁਰੂ ਜੀ ਨੇ ਕਿਹਾ ਅੱਗੋਂ 'ਸੁਣ ਭੋਲੇ ਬਾਦਸ਼ਾਹਾ !
ਤੈਨੂੰ ਤੇਰੀ ਸੂਝ ਨੇ ਹੀ ਟਪਲਾ ਇਹ ਲਾਇਆ ਏ ।
ਏਹਦ ਟਕੇ, ਘਾਹ ਉੱਤੇ, ਦਿਲ ਸਾਡਾ ਰੀਝਯਾ ਨਹੀਂ,
ਏਹ ਤਾਂ ਏਦ੍ਹੇ ਪ੍ਰੇਮ ਦਾ ਹੀ ਮੁੱਲ ਅਸਾਂ ਪਾਇਆ ਏ ।
'ਸ਼ਰਫ' ਏਸ ਨਿੱਕੇ ਜਹੇ ਦੋ ਨੁਕਤੀਏ ਪਰੇਮ ਵਿੱਚ,
ਨਰਕਾਂ ਦਾ ਦੁੱਖ, ਸੁਖ ਸ੍ਵਰਗਾਂ ਦਾ ਸਮਾਇਆ ਏ ।'

22. ਸਿਦਕ

ਇਕ ਦਿਨ ਚਾਨਣੀ ਚਾਨਣੀ ਰਾਤ ਪਿਆਰੀ,
ਪਾਈ ਹੋਈ ਸੀ ਠੰਢ ਸਰਬੱਤ ਉੱਤੇ ।
ਪੋਚਾ ਫੇਰਿਆ ਹੋਇਆ ਸੀ ਨੂਰ ਭਿੱਜਾ,
ਹਰ ਇਕ ਬੂਹੇ ਬਨੇਰੇ ਤੇ ਛੱਤ ਉੱਤੇ ।
ਇੰਦਰ ਵਾਂਗਰਾਂ ਬਣੇ ਸਨ ਫੁੱਲ ਰਾਜੇ,
ਰਿਸ਼ਮਾਂ ਨਚਦੀਆਂ ਸਨ ਪੱਤ ਪੱਤ ਉੱਤੇ ।
ਮੈਂ ਭੀ ਵੇਂਹਦਾ ਸਾਂ ਚੰਨ ਦੇ ਜ਼ਖ਼ਮ ਅੱਲੇ,
ਲੱਤ ਰੱਖ ਕੇ ਆਪਣੀ ਲੱਤ ਉੱਤੇ ।
ਫੱਟ ਓਸਦੇ ਏਕਣਾ ਜਾਪਦੇ ਸੀ,
ਲਾਈਆਂ ਹੋਈਆਂ ਮੈਂ ਜਿਨ੍ਹਾਂ ਵਲ ਤਾੜੀਆਂ ਸਨ ।
ਧਾਗੇ ਰੇਸ਼ਮੀ ਰਿਸ਼ਮਾਂ ਦੇ ਲਾ ਲਾ ਕੇ,
ਜਿਵੇਂ ਸੀਤੀਆਂ ਹੋਈਆਂ ਦੋ ਫਾੜੀਆਂ ਸਨ ।

ਸੈਨਤ ਨਾਲ ਮੈਂ ਆਖਿਆ 'ਯਾਰ ਚੰਨਾ !
ਐਸੀ ਸੁੰਦਰਤਾ ਦਿੱਤੀ ਏ ਰੱਬ ਤੈਨੂੰ ।
ਟੁਰ ਕੇ ਨਹੁੰ ਤੋਂ ਟਿੱਕਰੀ ਮੂੰਹ ਤੀਕਰ,
ਨੂਰ ਨਾਲ ਬਣਾਯਾ ਏ, ਸੱਭ ਤੈਨੂੰ ।
ਅੱਖਾਂ ਚੁਕ ਚੁਕ ਕੇ ਵੇਂਹਦੇ ਨੇ ਲੋਕ ਸਾਰੇ,
ਬਖ਼ਸ਼ੀ ਗਈ ਓਹ ਟੀਸੀ ਦੀ ਛੱਬ ਤੈਨੂੰ ।
ਪਰ ਏਹ ਲੋੜ੍ਹਾ ਏ ਨੂਰ 'ਚ ਡੁੱਬ ਕੇ ਭੀ,
ਕਾਲੇ ਕਾਲੇ ਕਿਉਂ ਰਹਿ ਗਏ ਨੇ ਡੱਬ ਤੈਨੂੰ ।
ਮੋਰ ਵਾਂਗ ਉਂਞ ਅੰਦਰੋਂ ਝੂਰਨਾ ਏਂ,
ਉੱਤੋਂ ਦਸਨਾ ਏਂ ਹੱਸ ਹੱਸ ਮੈਨੂੰ ।
ਤਾਰੇ ਅੰਬਰੋਂ ਪਿਆ ਨਾ ਤੋੜ ਏਡੇ,
ਘੁੰਡੀ ਚਿੱਤ ਦੀ ਖੋਲ੍ਹਕੇ ਦੱਸ ਮੈਨੂੰ ।'

ਮੇਰੀ ਗੱਲ ਸੁਣ ਫੁੱਲਿਆ ਚੰਨ ਏਡਾ,
ਆਪਾ ਚੌਧਵੀਂ ਰਾਤ ਦਾ ਕਰ ਦਿੱਤਾ ।
ਟੋਪੇ ਭਰ ਭਰ ਕੇ ਮਾਯਾ ਦੇ ਜਹੇ ਵੰਡੇ,
ਭਾਰਤ ਮਾਤਾ ਦੀ ਝੋਲੀ ਨੂੰ ਭਰ ਦਿੱਤਾ ।
ਚਾਂਦੀ ਚਾਨਣੀ ਦੀ ਦਿਤੀ ਹੋਰਨਾਂ ਨੂੰ,
ਐਪਰ ਓਸ ਨੇ ਮੈਨੂੰ ਏਹ ਵਰ ਦਿੱਤਾ ।
ਟੈਲੀਫ਼ੋਨ ਇਕ ਰਿਸ਼ਮ ਦਾ ਪਕੜ ਕੇ ਤੇ,
ਮੇਰੇ ਕੰਨਾਂ ਦੇ ਸਾਮ੍ਹਣੇ ਧਰ ਦਿੱਤਾ ।
ਲੱਗਾ ਕਹਿਣ 'ਲੈ ਸੁਣੀਂ ਹੁਸ਼ਿਆਰ ਹੋ ਕੇ,
ਕਿੱਸਾ ਹੋਵੇ ਅਚਰਜ ਇਕ ਸਿਧ ਤੈਨੂੰ ।
ਤਾਰ ਦਿਲ ਦੇ ਵਿਚ ਪਰੂਚ ਲਈਂ ਤੂੰ,
ਦੇਣ ਲਗਾ ਹਾਂ ਮੋਤੀ ਅਣਵਿੱਧ ਤੈਨੂੰ ।

'ਸੂਤ ਕੱਤਦੀ ਵੇਖੀ ਇਕ ਮਾਈ ਬੁੱਢੀ,
ਜੀਹਦੇ ਛੋਪ ਅਚਰਜ ਭੰਡਾਰ ਦੇ ਸਨ ।
ਓਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ,
ਕੋਕੇ ਲੱਗੇ ਵਿਚ ਇਕ ਓਅੰਕਾਰ ਦੇ ਸਨ ।
ਲੱਠ ਲਗਨ ਤੇ ਬੈੜ ਸੀ ਸਿਦਕ ਵਾਲਾ,
ਮੁੰਨੇ ਗੁੱਡੀਆਂ ਫਰੀ ਪਿਆਰ ਦੇ ਸਨ ।
ਕੀਤਾ ਹੋਇਆ ਸੀ ਤੱਕਲਾ ਰਾਸ ਐਸਾ,
ਜਲਵੇ ਜਾਪਦੇ ਵਿਚ ਕਰਤਾਰ ਦੇ ਸਨ ।
ਹਰ ਹਰ ਗੇੜ ਦੇ ਨਾਲ ਏਹ ਗਾਉਂਦੀ ਸੀ,
'ਅੜੀ ਖੜੀ ਹੁਣ ਲਬਾਂ ਤੇ ਜਿੰਦ ਪਿਆਰੇ ।
ਛੇਤੀ ਪਹੁੰਚ ਕੇ ਦਾਸੀ ਨੂੰ ਦਰਸ ਬਖ਼ਸ਼ੋ,
ਹਰ ਗੋਬਿੰਦ ਪਿਆਰੇ, ਹਰ ਗੋਬਿੰਦ ਪਿਆਰੇ ।'

'ਤੰਦ ਸ਼ਰਧਾ ਦੀ ਏਕਣਾ ਨਿਕਲਦੀ ਸੀ,
ਓਸ ਮਾਈ ਦੀ ਪੱਕੀ ਪਰੀਤ ਵਿਚੋਂ,
'ਕਲਗ਼ੀ ਜਿਸ ਤਰ੍ਹਾਂ ਹਰ ਗੋਬਿੰਦ ਜੀ ਦੀ,
ਝਲਕਾਂ ਮਾਰਦੀ ਏ ਕਿਸੇ ਝੀਤ ਵਿਚੋਂ ।
ਹੋ ਕੇ ਸ਼ਾਨਤੀ ਨਾਲ ਗੜੁੱਚ ਏਦਾਂ,
ਦਰਦ ਨਿਕਲਦਾ ਸੀ ਓਹਦੇ ਗੀਤ ਵਿਚੋਂ ।
ਜਿੱਦਾਂ ਰੱਬ ਨੂੰ ਪੂਜ ਕੇ ਨਿਕਲਦਾ ਏ,
ਬਾਹਮਣ ਮੌਲਵੀ ਮੰਦਰ ਮਸੀਤ ਵਿਚੋਂ ।
ਧਾਗਾ ਮਾਲ੍ਹ ਦਾ ਆਰਤੀ ਕਰ ਕਰ ਕੇ,
ਹੈਸੀ ਇਸ ਤਰ੍ਹਾਂ ਦੀ ਘੂੰ ਘੂੰ ਕਰਦਾ ।
ਪਿਛਲੀ ਰਾਤ ਨੂੰ ਉੱਠ ਦਰਵੇਸ਼ ਰੱਬੀ,
ਹੋਵੇ ਜਿਸ ਤਰਾਂ ਕੋਈ ਤੂੰ ਤੂੰ ਕਰਦਾ ।

ਸੂਤਰ ਕੱਤ, ਉਣਾ, ਧਵਾ, ਰੇਜਾ,
ਓਸ ਭਗਤਣੀ ਅੰਤ ਤਿਆਰ ਕੀਤਾ ।
ਲਿੰਬ ਪੋਚ ਪੜਛੱਤੀ ਤੇ ਰੱਖ ਓਹਨੂੰ,
ਸੌ ਸੌ ਵਾਰ ਉਠ ਕੇ ਨਮਸਕਾਰ ਕੀਤਾ ।
ਧੂਪ ਸੰਦਲ ਕਸਤੂਰੀ ਵੀ ਦੇ ਦੇ ਕੇ,
ਸੜਦੀ ਹਿੱਕ ਨੂੰ ਠੰਢਿਆਂ ਠਾਰ ਕੀਤਾ ।
ਮਹਿਮਾ ਗੁਰੂ ਦੀ ਆਪਣੀ ਨਿਮਰਤਾਈ,
ਓਹਨੂੰ ਆਖਣੀ, ਰੋਜ਼ ਵਿਹਾਰ ਕੀਤਾ ।
ਸੱਚ ਪੁੱਛੋ ਤਾਂ ਪ੍ਰੇਮ ਦੇ ਜੁੱਧ ਅੰਦਰ,
ਹੈ ਇਹ ਹੌਂਸਲਾ ਭਗਤਣਾਂ ਸੱਚੀਆਂ ਦਾ ।
'ਬੰਦੀਛੋੜ' ਜਹੇ ਗੁਰੂ ਨੂੰ ਫਾਹੁਣ ਬਦਲੇ,
ਜਾਲ ਲਾ ਦੇਣਾ ਤੰਦਾਂ ਕੱਚੀਆਂ ਦਾ ।

'ਸੋਨੇ ਵਾਂਗ ਮੁਰੀਦਣੀ ਗੁਰੂ ਜੀ ਦੀ,
ਪਰਖੀ ਗਈ ਓਹ ਜਦੋਂ ਪਿਆਰ ਅੰਦਰ ।
'ਜਾਣੀ ਜਾਣ ਉਸ ਸ਼ਹਿਨਸ਼ਾਹ ਦਿਲਾਂ ਦੇ ਨੂੰ,
ਪੁੱਜੀ ਖ਼ਬਰ ਇਹ ਪ੍ਰੇਮ ਦੀ ਤਾਰ ਅੰਦਰ ।
ਬੁਲਬੁਲ ਵਾਂਗ ਇਕ ਬੁੱਢੜੀ ਤੜਫਦੀ ਏ,
ਦੀਦ ਲਈ ਕਸ਼ਮੀਰ ਗੁਲਜ਼ਾਰ ਅੰਦਰ ।
ਡਿੱਠਾ ਜਦੋਂ ਪ੍ਰੇਮ ਦਾ ਸਿਦਕ ਉੱਚਾ,
ਹੁਸਨ ਤੁਰ ਪਿਆ ਵਿਕਣ ਬਜ਼ਾਰ ਅੰਦਰ ।
ਤੁੱਠ ਪਿਆ ਜੇ ਰਾਮ ਦਿਆਲ ਹੋ ਕੇ,
ਕਾਰੇ ਸੌਜਲੇ ਖਿੱਚ ਵਕੀਲਣੀ ਦੇ ।
ਰੁਤਬਾ ਲਾਲਾਂ ਦਾ ਪਾਉਣਗੇ ਜੱਗ ਉੱਤੇ,
ਤੁਸੀਂ ਵੇਖਣਾ ਬੇਰ ਅੱਜ ਭੀਲਣੀ ਦੇ ।

'ਧੰਨ ਧੰਨ ਕਸ਼ਮੀਰ ਦੇ ਵਿੱਚ ਆ ਗਏ,
ਡਾਢੀ ਤਾਂਘ ਸੀ ਜਿਨ੍ਹਾਂ ਪਿਆਰਿਆਂ ਦੀ ।
ਪੱਬਾਂ ਭਾਰ ਹੋ ਹੋ ਉੱਚੇ ਪਰਬਤਾਂ ਨੇ,
ਲਾਹੀ ਰੱਜ ਕੇ ਡੰਝ ਨਜ਼ਾਰਿਆਂ ਦੀ ।
ਰਲਕੇ ਰਾਗ ਮਲ੍ਹਾਰ ਦਾ ਗਾਉਣ ਲੱਗੇ,
ਮੌਜ ਬੱਝ ਗਈ ਝਰਨਿਆਂ ਸਾਰਿਆਂ ਦੀ ।
ਮੂੰਹ 'ਡਲ' ਦਾ ਲਿਸ਼ਕਿਆ ਵਾਂਗ ਸ਼ੀਸ਼ੇ,
ਝਲਕ ਵੇਖਕੇ ਜੁੱਤੀ ਦੇ ਤਾਰਿਆਂ ਦੀ ।
ਸਿੱਧੇ ਹੋਏ ਸਲਾਮੀ ਨੂੰ ਰੁਖ ਬੂਟੇ,
ਅੱਖ ਅੱਖ ਕਰੂੰਬਲਾਂ ਖੋਲ੍ਹ ਦਿੱਤੀ ।
ਛੜੇ ਇਕੋ ਕਸਤੂਰੇ ਨੇ ਖੁਸ਼ੀ ਅੰਦਰ,
ਬੋਲੀ ਕਈਆਂ ਜਨੌਰਾਂ ਦੀ ਬੋਲ ਦਿੱਤੀ ।

'ਅੰਤ ਆਣਕੇ ਮਿਹਰ ਕਰਤਾਰ ਕੀਤੀ,
ਭਾਗ ਭਰੀ ਦੇ ਭਾਗ ਭੀ ਹੱਸ ਪਏ ।
ਠੁਮ ਠੁਮ ਗੁਰੂ ਜੀ ਵਿਹੜੇ 'ਚ ਵੜੇ ਆ ਕੇ,
ਛਮ ਛਮ ਮੀਂਹ ਉਪਕਾਰ ਦੇ ਵੱਸ ਪਏ ।
ਏਧਰ 'ਚਰਨ' ਰਕਾਬ ਚੋਂ ਗਏ ਚੁੰਮੇਂ,
ਓਧਰ ਦੁੱਖ ਵਿਛੋੜੇ ਦੇ ਨੱਸ ਪਏ ।
ਹੰਝੂ ਨਿਕਲ ਕੇ ਮਾਈ ਦੇ ਦੋ ਨਾਲੇ,
ਹੈਸਨ ਗੁਰਾਂ ਦੇ ਗਾਉਂਦੇ ਜੱਸ ਪਏ ।
ਮੋਤੀ ਟੁੱਟਦੇ ਵੇਖ ਕੇ ਸਿਦਕ ਵਾਲੇ,
ਵੇਖੋ ਮੁੱਲ ਇਹ ਸੱਚੀ ਸਰਕਾਰ ਦਿੱਤਾ ।
ਸਿਰ ਸਦਕਾ ਉਸਦੇ ਦੋ ਹੰਝੂਆਂ ਦਾ,
ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿੱਤਾ ।

'ਓੜਕ ਕੱਤਿਆ ਹੋਇਆ ਉਹ ਭਗਤਣੀ ਦਾ,
ਜਾਮਾ ਸੀਪਕੇ ਪੇਸ਼ ਹਜ਼ੂਰ ਹੋਇਆ ।
ਬਿਰਧ ਪੋਟਿਆਂ ਦਾ ਡਿੱਠਾ ਸਿਦਕ ਜਦੋਂ,
ਐਸੀ ਖ਼ੁਸ਼ੀ ਅੰਦਰ ਰੱਬੀ ਨੂਰ ਹੋਇਆ ।
ਖੇਡਣ ਲੱਗ ਪਈ ਮੁਸਕੜੀ ਬੁੱਲ੍ਹੀਆਂ ਤੇ,
ਓਹਦਾ ਕੱਤਿਆ ਕੁੱਲ ਮਨਜ਼ੂਰ ਹੋਇਆ ।
ਨਾਲੇ ਏਸ ਦੁਨੀਆਂ ਨਾਲੇ ਓਸ ਦੁਨੀਆਂ,
ਸਿਦਕਵਾਨ ਦਾ ਨਾਂ ਮਸ਼ਹੂਰ ਹੋਇਆ ।
ਤਦੇ ਸੂਤ ਏਹ ਰਿਸ਼ਮਾਂ ਦਾ ਕੱਤਦਾ ਹਾਂ,
ਮੈਂ ਵੀ ਚੋਆ ਇਕ ਸਿਦਕ ਦਾ ਚੱਖਿਆ ਏ ।
'ਸ਼ਰਫ਼' ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੋਂ,
ਭਾਗਭਰੀ ਦਾ ਚਰਖਾ ਏਹ ਰੱਖਿਆ ਏ ।'

23. ਬੰਦੀ-ਛੋੜ

ਮੀਆਂ ਮੀਰ ਪੀਰ ਨੂੰ ਇਹ ਬਿਨੈ ਜਹਾਂਗੀਰ ਕੀਤੀ:-
'ਤੁਸੀਂ ਹੀ ਕੋਈ ਕਰੋ ਦਾਰੂ ਮੇਰੇ ਜਹੇ ਬੀਮਾਰਾਂ ਦਾ ।
ਉੱਡ ਗਈ ਨੀਂਦ ਮੇਰੀ ਅੱਖੀਆਂ ਚੋਂ ਧੂੰ ਵਾਂਗੂੰ,
ਬਣਿਆ ਵਿਛੌਣਾ ਮੇਰਾ ਭੱਠ ਅੰਗਿਆਰਾਂ ਦਾ ।
ਅੱਖ ਭੀ ਜੇ ਲੱਗ ਜਾਵੇ ਕਿਤੇ ਬੁਰੇ ਕਰਮਾਂ ਨੂੰ,
ਕੀ ਮੈਂ ਦੱਸਾਂ ਹਾਲ ਫੇਰ ਨੀਂਦ ਦੀਆਂ ਮਾਰਾਂ ਦਾ ।
ਸੁਫਨੇ 'ਚ ਗੱਜ ਗੱਜ ਸ਼ੇਰ ਖਾਣ ਆਉਂਦਾ ਏ,
ਮੀਂਹ ਹੈ ਵਰ੍ਹਾ ਦੇਂਦਾ ਭੁੱਬਾਂ ਲਲਕਾਰਾਂ ਦਾ ।
ਨੀਂਦ ਵਿੱਚ ਹੋਂਵਦੀ ਏ ਐਸੀ ਦੁਰਦਸ਼ਾ ਮੇਰੀ,
ਨਰਕਾਂ 'ਚ ਹੋਵੇ ਹਾਲ ਜਿਵੇਂ ਔਗਣਹਾਰਾਂ ਦਾ ।
ਵਾਹਰ ਵਾਹਰ ਕਰਦਾ ਮੈਂ ਮੰਜੇ ਉੱਤੋਂ ਡਿੱਗ ਪਵਾਂ,
ਦੇਂਦਾ ਨਹੀਂ ਕੋਈ ਜਵਾਬ ਮੇਰੀਆਂ ਪੁਕਾਰਾਂ ਦਾ ।
ਸੱਟ ਉੱਤੇ ਸੱਟ ਵੱਜੇ, ਡਰ ਨਾਲ ਧੜਕਦਾ ਏ,
ਦਿਲ ਮੇਰਾ ਬਣ ਗਿਆ ਅੱਡਾ ਠਠਿਆਰਾਂ ਦਾ ।
ਦਿਓ ਕੋਂਈ ਤਵੀਜ ਐਸਾ ਸਵਾਂ ਸੁਖੀ ਨੀ'ਦਰ ਮੈਂ,
ਅੱਗੇ ਪਰਤਾਵਾ ਲਿਆ ਸੈਂਕੜੇ ਹਜਾਰਾਂ ਦਾ ।'

ਮੀਆਂ ਮੀਰ ਪੀਰ ਬੋਲੇ, 'ਸੁਣ ਤੂੰ ਸਲੀਮ ਮੀਆਂ,
ਰੱਬ ਨੇ ਬਣਾਯਾ ਤੈਨੂੰ ਸ਼ਾਹ ਦੁਨੀਆਂ ਦਾਰਾਂ ਦਾ ।
ਇਹ ਭੀ ਗੱਲ ਚੇਤੇ ਰੱਖ ਪੱਕੀ ਤਰ੍ਹਾਂ ਭੋਲਿਆ ਓ,
ਤੌਣਾ ਚੰਗਾ ਹੁੰਦਾ ਨਹੀਂ ਰੱਬੀ ਸੇਵਾਦਾਰਾਂ ਦਾ ।
ਹਰ ਹਰ ਰੰਗ ਵਿੱਚ ਅੱਲਾ ਵਾਲੇ ਵੱਸਦੇ ਨੀ,
ਮਜ਼੍ਹਬ ਕੋਈ ਹੁੰਦਾ ਨਹੀਂ ਰਿਸ਼ੀਆਂ ਅਉਤਾਰਾਂ ਦਾ ।
ਗੁਰੂ ਹਰਗੋਬਿੰਦ ਜੀ ਨੂੰ ਕਿਲੇ ਵਿੱਚ ਬੰਦ ਕਰ,
ਬਾਦਸ਼ਾਹ ਹੋਕੇ ਕੰਮ ਕੀਤਾ ਤੂੰ ਗਵਾਰਾਂ ਦਾ ।
ਸ਼ਾਹੀ ਸਜ ਧਜ ਦੇਖ ਗੁਰੂ ਜੀ ਦੀ ਭੁੱਲ ਗਿਓਂ,
ਥਿੜਕ ਗਿਆ ਪੈਂਤੜੇ ਤੋਂ ਪੈਰ ਇਤਬਾਰਾਂ ਦਾ ।
ਇਹ ਉਹ ਅਥਾਹ ਨਦੀ ਭਗਤੀ ਦੀ ਜਾਣ ਬੱਚਾ,
ਜਿੱਥੇ ਬੇੜਾ ਡੁੱਬਦਾ ਸਿਕੰਦਰੀ ਵਿਚਾਰਾਂ ਦਾ ।
ਸ਼ਹਿਨਸ਼ਾਹ ਦੀ ਝੋਲੀ 'ਚ ਫ਼ਕੀਰੀ ਪਈ ਖੇਡਦੀ ਊ,
ਤੂੰ ਕੀ ਜਾਣੇ ਭੇਤ ਭਲਾ ਰੱਬੀ ਅਲੋਕਾਰਾਂ ਦਾ ।
ਬਾਲ-ਪਣ ਵਿੱਚ ੰਿਜਹੜਾ ਜ਼ਹਿਰੀ ਸੱਪਾਂ ਨਾਲ ਖੇਡੇ,
ਕਿਉਂ ਨਾ ਹੋਵੇ ਯੋਧਾ ਹੁਣ ਸ਼ੇਰਾਂ ਦੇ ਸ਼ਿਕਾਰਾਂ ਦਾ ।
ਚਾਣ ਚੱਕੀ ਮੌਤ ਹੈ ਜੇ ਇਕ ਪਾਸੇ ਪਾਪੀਆਂ ਦੀ,
ਦੂਜੇ ਪਾਸੇ ਵੱਲ ਭੀ ਹੈ ਦਾਰੂ ਦੁਖਿਆਰਾਂ ਦਾ ।
ਤਪੱਸਿਆ ਦੀ ਤੇਗ਼ ਨਾਲ ਕਿਤੇ ਆਪਾ ਮਾਰਦਾ ਈ,
ਕਿਤੇ ਮੂੰਹ ਭੰਨਦਾ ਈ ਤੇਰੇ ਬਲਕਾਰਾਂ ਦਾ ।
ਐਵੇਂ ਉਹਨੇ ਦੋ ਤੇਗ਼ਾਂ ਲੱਕ ਨਾਲ ਬੱਧੀਆਂ ਨਹੀਂ,
ਇਹ ਭੀ ਉਹਦਾ ਭੇਤ ਜਾਣ ਦੋਹਾਂ ਪਰਕਾਰਾਂ ਦਾ ।
ਜਿੱਦਾਂ ਦੋਹਾਂ ਲਫਜਾਂ ਦਾ ਅਰਥ ਇਕ ਹੋਂਵਦਾ ਏ,
ਇਕ ਖੂਹ ਹੋਂਵਦਾ ਏ ਜਿੱਦਾਂ ਦੋ ਝਲਾਰਾਂ ਦਾ ।
ਸੱਜੇ ਖੱਬੇ ਵੇਖਦਾ ਨਹੀਂ ? ਜਲਵਾ ਦੋਹਾਂ ਤੇਗ਼ਾਂ ਵਾਲਾ,
ਸ਼ਾਹ ਪਰ ਬਣ ਗਿਆ ਅਰਸ਼ੀ ਉਡਾਰਾਂ ਦਾ ।
ਜੇ ਤੂੰ ਮੈਥੋਂ ਸੱਚ ਪੁੱਛੇਂ, ਓਹਨੇ ਦੋਹਾਂ ਲੋਕਾਂ ਉੱਤੇ,
ਸਾਯਾ ਪਾਯਾ ਹੋਯਾ ਈ ਦੋਹਾਂ ਤਲਵਾਰਾਂ ਦਾ ।
ਦੀਨ ਦੁਨੀ ਆਪਣੀ ਦਾ ਭਲਾ ਜੇ ਤੂੰ ਚਾਹਵਨਾ ਏਂ,
ਬੀਬਾ ਰਾਣਾ ਕੰਮ ਕਰ ਜਾਹ ਬਰਖੁਰਦਾਰਾਂ ਦਾ ।
ਭੁੱਲ ਚੁੱਕ ਹੋ ਗਈ ਜਿਹੜੀ ਜਾ ਕੇ ਬਖਸ਼ਾ ਸਾਰੀ,
ਕਿਲੇ ਵਿਚੋਂ ਛੱਡ ਛੇਤੀ ਗੁਰੂ ਸਰਦਾਰਾਂ ਦਾ ।'

ਪੀਰ ਜੀ ਦੀ ਤਾੜਨਾ ਤੇ ਬਾਦਸ਼ਾਹ ਨੇ ਝੱਟ ਪਟ,
ਘੱਲਿਆ ਗਵਾਲੀਅਰ ਜੱਥਾ ਅਹਿਲਕਾਰਾਂ ਦਾ ।
ਗੁਰੂ ਦੀ ਹਜੂਰੀ ਵਿਚ ਪਹੁੰਚ ਕੇ ਵਜ਼ੀਰ ਖ਼ਾਂ ਨੇ,
ਮੁਜਰਾ ਅਦਾ ਕੀਤਾ ਸ਼ਾਹੀ ਦਰਬਾਰਾਂ ਦਾ ।
ਹੱਥ ਬੰਨ੍ਹ ਬੇਨਤੀ ਰਿਹਾਈ ਦੀ ਸੁਣਾ ਦਿੱਤੀ,
ਪੱਛੋਤਾਵਾ ਜ਼ਾਹਰ ਕੀਤਾ ਨਾਲੇ ਹੋਈਆਂ ਕਾਰਾਂ ਦਾ ।
ਗੁਰੂ ਜੀ ਨੇ ਕਿਹਾ 'ਅਸੀਂ ਕੱਲੇ ਕਦੇ ਜਾਣਾ ਨਹੀਂ,
ਸੰਗ ਸਾਥ ਛੱਡ ਏਥੇ ਬਾਕੀ ਗ਼ਮ ਖ਼ਵਾਰਾਂ ਦਾ ।
ਸੌੜ ਵਿੱਚ ਛੱਡ ਕੇ ਪਿਆਰਿਆਂ ਨੂੰ ਦੌੜ ਜਾਣਾ,
ਅਸਲਾ ਨਹੀਂ ਹੋਂਵਦਾ ਇਹ ਮੇਲੀਆਂ ਦੇ ਯਾਰਾਂ ਦਾ ।'

ਫਿਰ ਸ਼ਾਹੀ ਹੁਕਮ ਗਿਆ ਗੁਰੂ ਜੀ ਦੀ ਇਛਿਆ ਤੇ,
ਮੀਂਹ ਹੀ ਵਰ੍ਹਾ ਦਿਓ ਸੇਹਰਿਆਂ ਤੇ ਹਾਰਾਂ ਦਾ ।
ਮੀਰੀ ਪੀਰੀ ਵਾਲੇ ਸ਼ਾਹ ਨੇ ਜਦੋਂ ਐਨੀ ਗੱਲ ਸੁਣੀ,
ਕਿਲੇ 'ਚ ਫ਼ਿਰਾਯਾ ਇਹ ਹੁਕਮ ਉਪਕਾਰਾਂ ਦਾ:-
'ਆਓ ਜਿਨ੍ਹੇ ਪਾਰ ਹੋਣਾ ਮੇਰੇ ਲੜ ਲੱਗ ਜਾਓ,
ਲੇਖਾ ਕਿਤੇ ਹੋਵੇਗਾ ਨਾ ਉਹਾਦਿਆਂ ਵਿਹਾਰਾਂ ਦਾ ।'
ਲੌ ਜੀ ਜਿਹੜੇ ਰਾਜੇ ਰਾਣੇ ਕੈਦ ਵਿਚ ਸੜਦੇ ਸਨ,
ਰੱਬ ਨੇ ਲਿਆਂਦਾ ਸਮਾਂ ਉਨ੍ਹਾਂ ਲਈ ਬਹਾਰਾਂ ਦਾ ।
ਸ਼ਾਮ ਰੂਪ ਗੁਰੂ ਗਿਰਦ ਘੇਰਾ ਏਦਾਂ ਪਾ ਲੀਤਾ,
ਕ੍ਰਿਸ਼ਨ ਦੇ ਦਵਾਲੇ ਜਿਵੇਂ ਝੁਰਮਟ ਹੋਵੇ ਨਾਰਾਂ ਦਾ ।
ਮੀਰੀ ਪੀਰੀ ਵਾਲੇ ਸ਼ਹਿਨਸ਼ਾਹ ਨੇ ਇਕ ਮਾਰ ਚੱਪਾ,
ਬੇੜਾ ਬੰਨੇ ਲਾ ਦਿੱਤਾ ਸੈਂਕੜੇ ਹਜ਼ਾਰਾਂ ਦਾ ।
ਆਵਾ ਗੌਣੀ ਜੇਹਲ ਵਿਚੋਂ 'ਸ਼ਰਫ' ਓਹੋ ਪਾਰ ਹੋਏ,
ਪੱਲਾ ਜਿਨ੍ਹਾਂ ਫੜ ਲੀਤਾ ਰੱਬੀ ਸਰਕਾਰਾਂ ਦਾ ।

ਸਤਵਾਂ ਦਰਸ਼ਨ

24. ਫੂਲ ਖਨਵਾਦਾ

ਸਤਵੀਂ ਸ਼ਾਹੀ ਨੂਰੀ ਜੋਤੀ,
ਪਾਕ ਪਵਿੱਤਰ ਅਰਸ਼ੀ ਮੋਤੀ ।
ਸ਼ਾਨ ਰਹੀਮੀ ਪਰ ਉਪਕਾਰੀ,
ਦਾਨ ਦਇਆ ਦੇ ਉੱਚ ਭੰਡਾਰੀ ।
ਰਹਿਮਤ ਵਾਲੇ ਬਖ਼ਸ਼ਸ਼ ਵਾਲੇ ।
ਤੋੜਨ ਦਿਲ ਦੇ ਕੁਫ਼ਰੀ ਤਾਲੇ ।

ਨਾ ਠੁਕਰਾਇਆ ਜੋ ਦਰ ਆਇਆ,
ਕੀਤਾ ਓਹਦਾ ਮਾਨ ਸਮਾਇਆ ।
ਦਾਰਾ ਦਾ ਵੀ ਸ਼ਾਨ ਵਧਾਇਆ,
ਮਰਦਾ ਮਰਦਾ ਪਕੜ ਬਚਾਇਆ ।
ਮਨ ਦੇ ਨਾਜ਼ਕ ਦਿਲ ਦੇ ਕੂਲੇ ।
ਐਸੇ ਸਨ ਓਹ ਨੂਰੀ ਪੂਲੇ ।

ਇਕ ਦਿਨ ਕਿਧਰੋਂ ਫਿਰਦੇ ਆਏ,
ਚਰਨ ਪਵਿੱਤਰ ਬਾਗੇ ਪਾਏ ।
ਬਾਗ਼ ਨਿਵਾਸੀ ਬੂਟੇ ਸਾਰੇ,
ਪਾਕ ਨਜ਼ਾਰੇ ਦੇ ਦੇ ਤਾਰੇ ।
ਵੇਖੀ ਜਿਸ ਦਮ ਸ਼ਕਲ ਨੂਰਾਨੀ ।
ਟਾਹਣੀ ਟਾਹਣੀ ਹੋਈ ਦੀਵਾਨੀ ।

ਅਦਬੋਂ ਸਰੂਆਂ ਸੀਸ ਝੁਕਾਇਆ,
ਕਲੀਆਂ ਹਸ ਹਸ ਗਿੱਧਾ ਪਾਇਆ ।
ਨਰਗਸ ਦਰਸੀ ਤਾੜੀ ਲਾਈ,
ਅਖ ਸ਼ਰਮੀਲੀ ਫ਼ਰਸ਼ ਬਣਾਈ ।
ਅੱਚਾ ਚੇਤੀ ਵੇਖ ਅਚੰਭਾ ।
ਖਿੜ ਖਿੜ ਦੂਹਰਾ ਹੋਇਆ ਚੰਭਾ ।

ਸਿਰ ਤੇ ਸਨ ਜੋ ਤੁਬਕੇ ਚਾਏ,
ਮੋਤੀ ਮੋਤੀਏ ਪਕੜ ਲੁਟਾਏ ।
ਮੌਲਸਰੀ ਤੋਂ ਸਰੀ ਨ ਮੂਲੇ,
ਗੁੱਛੇ ਵਾਰੇ ਕੱਚੇ ਕੂਲੇ ।
ਚਾਨਣ ਵਰਗੀ ਚਿੱਟੀ ਜੂਹੀ ।
ਹਸ ਹਸ ਹੋ ਗਈ ਰੱਤੀ ਸੂਹੀ ।

ਪੋਸਤ ਖੀਵਾ ਹੋਵਣ ਲੱਗਾ,
ਖ਼ੂਨ ਗੱਲ੍ਹਾਂ ਚੋਂ ਚੋਵਣ ਲੱਗਾ ।
ਸੁੰਬਲ ਨੇ ਵੀ ਕੇਸ ਸਵਾਰੇ,
ਪਵਾਂ ਕਬੂਲ ਕਿਵੇਂ ਦਰਬਾਰੇ ।
ਇਸ਼ਕ ਪੇਚੇ ਨੇ ਪੇਚੇ ਲਾਏ ।
ਚਿਰੀਂ ਵਿਛੁੰਨੇ ਨੈਣ ਮਿਲਾਏ ।

ਨਾਮ ਨਸ਼ੇ ਵਿਚ ਨੈਣ ਸ਼ਰਾਬੀ,
ਡਿੱਠੇ ਜਿਸ ਦਮ ਫੁੱਲ ਗੁਲਾਬੀ ।
ਕੱਢ ਖ਼ੁਸ਼ਬੂਆਂ ਵਾਰਨ ਲੱਗਾ,
ਚਰਨਾਂ ਹੇਠ ਖਿਲਾਰਨ ਲੱਗਾ ।
ਵੇਖ ਅਨਾਰ ਅਨਾਰ ਚਲਾਏ ।
ਫੁਲਝੜੀਂਆਂ ਦੇ ਮੀਂਹ ਵਸਾਏ ।

ਅਸ਼ਰਫੀਏ ਨੇ ਸ਼ਾਨ ਵਖਾਈ,
ਅਸ਼ਰਫੀਆਂ ਦੀ ਸੁੱਟ ਕਰਾਈ ।
ਜਰਿਆ ਗਿਆ ਨਾ ਪਾਕ ਨਜ਼ਾਰਾ,
ਪੁਰਜ਼ੇ ਹੋਇਆ ਫੁੱਲ ਹਜ਼ਾਰਾ ।
ਕਲਗ਼ੇ ਕਲਗ਼ੀ ਚਰਨ ਛੁਹਾਈ ।
ਫੁੱਲਾਂ ਅੰਦਰ ਸ਼ਾਨ ਵਧਾਈ ।

ਬਰਦੀ ਪਾ ਕੇ ਚਿੱਟੀ ਊਦੀ,
ਕਰਨ ਸਲਾਮੀ ਫੁਲ ਦਾਊਦੀ ।
ਨੁੱਕਰ ਵਿਚ ਖਲੋਤੀ ਗੋਦੀ,
ਹੱਸਣ ਡਹਿ ਪਈ ਰੋਂਦੀ ਰੋਂਦੀ ।
ਸੁੰਦਰ ਮੂੰਹ ਬਣਾਇਆ ਨਾਖਾਂ ।
ਗੁੱਛਾ ਹੋਈਆਂ ਅਦਬੋਂ ਦਾਖਾਂ ।

ਅੰਬਾਂ ਰਸ ਪਰੇਮੋਂ ਪਾਇਆ,
ਚੜ੍ਹ ਚੜ੍ਹ ਆਯਾ ਹੁਸਨ ਸਵਾਇਆ ।
ਸੋਮੇ ਨੈਣ ਗੁਰਾਂ ਦੇ ਡਿੱਠੇ,
ਕੂਜ਼ੇ ਭਰ ਲਏ ਖੱਟੇ ਮਿੱਠੇ ।
ਐਡੀ ਨੈਂ ਖ਼ੁਸ਼ੀ ਦੀ ਹੜ੍ਹ ਗਈ ।
ਅੰਬਰ ਵੇਲ ਰੁਖਾਂ ਤੇ ਚੜ੍ਹ ਗਈ ।

ਬਾਗ਼ ਸਿੱਖੀ ਦੇ ਰੱਬੀ ਮਾਲੀ,
ਵੇਂਹਦੇ ਜਾਂਦੇ ਡਾਲੀ ਡਾਲੀ ।
ਸਾਇਆ ਪੌਂਦੇ ਹਰ ਹਰ ਬੂਟੇ,
ਲੈਂਦੇ ਜਾਂਦੇ ਅਰਸ਼ੀ ਝੂਟੇ ।
ਜਪਦੇ ਜਾਂਦੇ ਅੰਮ੍ਰਿਤ ਬਾਣੀ ।
ਦੇਂਦੇ ਜਾਂਦੇ ਨੂਰੀ ਪਾਣੀ ।

ਇਕ ਥਾਂ ਹੋਇਆ ਐਸਾ ਕਾਰਾ,
ਬੂਟਾ ਸੀ ਇਕ ਖੜਾ ਵਿਚਾਰਾ ।
ਗੁਰ ਜੀ ਦਾ ਉਸ ਪੱਲਾ ਫੜਿਆ,
ਚੋਗ਼ਾ ਉਹਦੀ ਟਾਹਣੀ ਅੜਿਆ ।
ਕਲੀਆਂ ਨਿਉਂ ਨਿਉਂ ਸਦਕੇ ਗਈਆਂ ।
ਡਾਲੋਂ ਝੜੀਆਂ ਚਰਨੀਂ ਪਈਆਂ ।

ਸਤਿਗੁਰ ਨੇ ਉਹ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।
ਧਰ ਤੋਂ ਫੜ ਕੇ ਹੱਥੀਂ ਚਾਈਆਂ,
ਨਾਲ ਹਿਰਖ ਦੇ ਨਜ਼ਰਾਂ ਪਾਈਆਂ ।
ਚੋਗ਼ੇ ਨੂੰ ਕੁਛ ਆਖ ਸੁਣਾਇਆ ।
ਉਸ ਨੇ ਆਪਣਾ ਆਪ ਘਟਾਇਆ ।

ਹੋਠ ਪਵਿੱਤਰ ਸਤਿਗੁਰ ਖੋਲ੍ਹੇ,
ਕਲੀਆਂ ਨੂੰ ਫਿਰ ਐਦਾਂ ਬੋਲੇ:-
'ਐ ਕਲੀਓ ! ਕੁਛ ਗ਼ਮ ਨਾ ਖਾਓ,
ਦਿਲ ਉੱਤੇ ਕੋਈ ਦਾਗ਼ ਨਾ ਲਾਓ ।
ਪੂਰੀਆਂ ਹੋਸਨ ਸੱਭੇ ਆਸਾਂ ।
ਹੁਣ ਮੈਂ ਤੁਹਾਡਾ 'ਫੂਲ' ਬਣਾਸਾਂ ।'

ਬੀਤਯਾ ਵੇਲਾ ਸਮਾਂ ਵਿਹਾਣਾ,
ਹੋਇਆ ਐਸਾ ਰੱਬੀ ਭਾਣਾ ।
ਜੀਤ ਪਰਾਨੇ ਹੋਈ ਲੜਾਈ,
ਕਰਮ ਚੰਦ ਓਹ ਤੇਗ਼ ਚਲਾਈ ।
ਰਣ ਵਿਚ ਮੀਂਹ ਸਰਾਂ ਦੇ ਵੱਸੇ ।
ਭੇਡਾਂ ਵਾਂਙੂ ਵੈਰੀ ਨੱਸੇ ।

ਐਪਰ ਹੋਣੀ ਹੁੰਦੜ ਆਈ,
ਕਰਮ ਚੰਦ ਸ਼ਹੀਦੀ ਪਾਈ ।
ਸੁਰਗਾਂ ਅੰਦਰ ਆਪ ਸਿਧਾਰੇ,
ਪਿੱਛੇ ਰਹਿ ਗਏ ਪੁੱਤ ਪਿਆਰੇ ।
ਇਕ 'ਸੰਦਲੀ' ਇਕ 'ਫੂਲ' ਵਿਚਾਰਾ ।
ਇਕ ਸੂਰਜ ਇਕ ਚੰਦ ਪਿਆਰਾ ।

ਚਾਚੇ ਦੇ ਕੁਝ ਮਨ ਵਿਚ ਆਇਆ,
ਪਕੜ ਦੋਹਾਂ ਨੂੰ ਉਂਗਲੀ ਲਾਇਆ ।
ਸਤਿਗੁਰ ਜੀ ਦੇ ਦਰ ਤੇ ਆਇਆ,
ਆਣ ਦੋਹਾਂ ਨੂੰ ਚਰਨੀਂ ਪਾਇਆ ।
ਰੋ ਰੋ ਨੀਰ ਵਗਾਵਣ ਲੱਗਾ ।
ਏਦਾਂ ਹਾਲ ਸੁਣਾਵਣ ਲੱਗਾ:-

"ਪਿਤਾ ਇਨ੍ਹਾਂ ਦੇ ਜਾਨ ਪਿਆਰੀ,
ਹੁਕਮ ਤੁਹਾਡੇ ਉੱਤੋਂ ਵਾਰੀ ।
ਇਹ ਕਲੀਆਂ ਹੁਣ ਝੜੀਆਂ ਪਈਆਂ,
ਗੁੱਛੇ ਨਾਲੋਂ ਵਿੱਛੜ ਗਈਆਂ ।
ਦੀਨ ਦੁਨੀ ਦੇ ਸੱਚੇ ਵਾਲੀ ।
ਹੁਣ ਹੋ ਦੀਨ ਦੁਨੀ ਦੇ ਮਾਲੀ ।"

ਦੋਵੇਂ ਦੁੱਰ ਯਤੀਮ ਪਿਆਰੇ,
ਬੈਠੇ ਸਨ ਇਹ ਇੱਕ ਕਿਨਾਰੇ ।
ਕਾਗ਼ਜ਼ ਵਾਲੀ ਮੂਰਤ ਵਾਂਗੂੰ,
ਸਹਿਮੀ ਹੋਈ ਸੂਰਤ ਵਾਂਗੂੰ ।
ਕਲੀਆਂ ਵਾਂਗੂੰ ਚੁੱਪ ਚੁਪੀਤੇ ।
ਅੱਖਾਂ ਵਿਚ ਗਲੇਡੂ ਪੀਤੇ ।

ਆਖਰ ਆਣ ਯਤੀਮੀ ਰੋਈ,
ਗੁਰਿਆਈ ਨੂੰ ਚੋਂਭੜ ਹੋਈ ।
ਗੁਰਿਆਈ ਦਾ ਪਾਕ ਸਮੁੰਦਰ,
ਆਇਆ ਮੌਜਾਂ ਠਾਠਾਂ ਅੰਦਰ,
ਮੌਜਾਂ ਅੰਦਰ ਬਖਸ਼ਸ਼ ਆਈ ।
ਰੁੜ੍ਹਦੀ ਬੇੜੀ ਬੰਨੇ ਲਾਈ ।

ਆਖਣ ਲੱਗੇ ਪਰ ਉਪਕਾਰੀ,
ਠੋਡੀ ਫੜ ਕੇ ਵਾਰੋ ਵਾਰੀ:-
"ਐ ਕਲੀਓ ! ਮੈਂ ਖ਼ੂਬ ਪਛਾਣਾਂ,
ਭੇਤ ਤੁਹਾਡੇ ਸਾਰੇ ਜਾਣਾਂ ।
ਗੁੱਛੇ ਨਾਲੋਂ ਝੜੀਓ ਕਲੀਂਓ !
ਵਕਤਾਂ ਅੰਦਰ ਫੜੀਓ ਕਲੀਓ !

ਅਰਸ਼ੀ ਕਲੀਓ ! ਉੱਠੋ ਜਾਓ,
ਜਗ ਉੱਤੇ ਖੁਸ਼ਬੂ ਖਿੰਡਾਓ ।
ਸਿੱਖੀ ਵਾਲੇ ਝੰਡੇ ਲਾਓ,
ਤਾਜ ਹੰਢਾਓ ਰਾਜ ਕਮਾਓ ।
'ਸੰਦਲ' ਵਾਂਗੂੰ ਹਰਦਮ ਮਹਿਕੋ ।
'ਫੂਲ' ਕਬੀਲਾ ਬਣਕੇ ਟਹਿਕੋ ।

ਖੁਸ਼ੀ ਤੁਹਾਨੂੰ ਚੰਵਰ ਝੁਲਾਵੇ,
ਸੁੱਖਾਂ ਦੇ ਵਿਚ ਉਮਰ ਵਿਹਾਵੇ ।
ਹਰ ਪਿੜ ਅੰਦਰ ਘੋੜਾ ਧਮਕੇ,
ਇਕਬਾਲਾਂ ਦਾ ਸੂਰਜ ਚਮਕੇ ।
ਪਤਝੜ ਤੁਹਾਨੂੰ ਕੁਝ ਨਾ ਆਖੇ ।
ਸਤਿਗੁਰ ਹੋਣ ਤੁਹਾਡੇ ਰਾਖੇ ।"

ਇਹ ਹੈ ਜਿਸਦੀ ਬੇ ਪਰਵਾਹੀ,
ਉਹ ਹੈ ਮੇਰਾ ਅਰਸ਼ੀ ਮਾਹੀ ।
ਪੈਰਾਂ ਅੰਦਰ ਝੜੀਆਂ ਕਲੀਆਂ,
ਪ੍ਰੇਮ ਕਲਾਵੇ ਅੰਦਰ ਵਲੀਆਂ ।
ਮਾਨ ਗਵਾਇਆ ਜਿਨ੍ਹਾਂ ਸੱਈਆਂ ।
'ਸ਼ਰਫ' ਉਹੋ ਮਨਜ਼ੂਰੀ ਪਈਆਂ ।

ਅੱਠਵਾਂ ਦਰਸ਼ਨ

25. ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ,
ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ,
ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ ।
ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ,
ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ ।
ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ,
ਲੀਕ ਸਿਦਕ ਦੀ ਆਪ 'ਜਹੀ ਮਾਰ ਦਿੱਤੀ ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ,
ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ ।

ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ,
ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ ।
ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ,
ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ ।
ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ,
ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ ।
ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ,
ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ ।
'ਸ਼ਰਫ਼' ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ,
ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।

26. ਬਖ਼ਸ਼ੀਸ਼

ਇਕ ਦਿਨ ਰਾਜੇ ਜੈ ਸਿੰਘ ਆ ਕੇ
ਅਰਜ਼ ਗੁਜ਼ਾਰੀ ਸੀਸ ਨਵਾ ਕੇ
ਰਾਣੀ ਮੇਰੀ ਤਰਲੇ ਕਰਦੀ
ਦਰਸ਼ਨ ਬਦਲੇ ਹੈ ਉਹ ਮਰਦੀ

ਗੁਰ ਜੀ ! ਏਹ ਉਪਕਾਰ ਕਮਾਓ
ਓਹਨੂੰ ਭੀ ਚਲ ਦੀਦ ਕਰਾਓ
'ਕ੍ਰਿਸ਼ਨ ਕੌਰ' ਦੇ ਰਾਜ-ਦੁਲਾਰੇ
ਬੋਲੇ ਅੱਗੋਂ ਗੁਰੂ ਪਿਆਰੇ:-

'ਪੂਰੀਆਂ ਹੋਸਨ ਤੇਰੀਆਂ ਆਸਾਂ
ਤੇਰੇ ਮਹਿਲੀਂ ਭੀ ਚਲ ਆਸਾਂ'
ਚਾਈਂ ਚਾਈਂ ਰਾਜਾ ਆਯਾ
ਮਹਿਲਾਂ ਦੇ ਵਿਚ ਆਨ ਸੁਨਾਯਾ:-

'ਖ਼ੂਬ ਸਜਾਓ ਧੌਲਰ ਸਾਰਾ
ਆਵੇਗਾ ਕਲ ਗੁਰੂ ਪਿਆਰਾ
ਉਪਕਾਰਾਂ ਦੀਆਂ ਝੜੀਆਂ ਲਾਵਨ
ਉੱਜੜੇ ਹੋਏ ਬਾਗ਼ ਖਿੜਾਵਨ

ਆਵੇਗਾ ਕਲ ਬੱਦਲ ਨੂਰੀ
ਖੜੀਆਂ ਰਹਿਣਾਂ ਵਿਚ ਹਜ਼ੂਰੀ
ਜੇਹੜੀ ਵੀ ਕੋਈ ਗ਼ਾਫ਼ਲ ਹੋਸੀ
ਪੱਛੋਤਾਸੀ ਓਹੋ ਰੋਸੀ ।'

ਪਟਰਾਣੀ ਦੇ ਦਿਲ ਵਿਚ ਆਈ
'ਰਾਜੇ ਏਡੀ ਸਿਫ਼ਤ ਸੁਨਾਈ
ਮੈਂ ਵੀ ਓਹਨੂੰ ਕਲ ਅਜ਼ਮਾਵਾਂ
ਗੋਲੀ ਬਣਕੇ ਭੇਸ ਵਟਾਵਾਂ

ਨਿਕਾ ਜਿਹਾ ਓਹ ਚੰਦ ਦੋਬਾਲਾ
ਜੇ ਹੋਵੇਗਾ ਕਰਨੀ ਵਾਲਾ
ਤਾਂਤੇ ਮੈਨੂੰ ਜਾਣ ਲਵੇਗਾ
ਅੱਖਾਂ ਦੇ ਵਿਚ ਛਾਣ ਲਵੇਗਾ ।'

ਦਿਨ ਚੜ੍ਹਿਆ ਤੇ ਗੁਰੂ ਪਿਆਰੇ
ਆ ਗਏ ਮਹਿਲੀਂ ਦੇਣ ਨਜ਼ਾਰੇ
ਪਟਰਾਣੀ ਭੀ ਭੇਸ ਵਟਾਕੇ
ਬਾਂਦੀ ਵਾਲੇ ਲੀੜੇ ਪਾਕੇ

ਬਹਿ ਗਈ ਗੋਲੀਆਂ ਅੰਦ੍ਰ ਜਾਕੇ
ਸਾਰਾ ਆਪਣਾ ਆਪ ਲੁਕਾਕੇ
ਜਾਣੀ ਜਾਣ ਜਦੋਂ ਉਹ ਆਏ
ਆ ਰਾਣੀ ਦੇ ਮਤਲਬ ਪਾਏ

ਸਭਨਾਂ ਵੱਲੇ ਨਜ਼ਰਾਂ ਪਾਂਦੇ
ਸੋਟੀ ਲਾ ਲਾ ਆਂਹਦੇ ਜਾਂਦੇ
'ਏਹ ਨਹੀਂ ਰਾਣੀ ਏਹ ਨਹੀਂ ਰਾਣੀ
ਏਹ ਵੀ ਹੈ ਕੋਈ ਹੋਰ ਸਵਾਣੀ ।'

ਲੁਕੀ ਹੋਈ ਉਹ ਨੇਕ ਸਵਾਣੀ
ਫੜ ਲਈ ਏਦਾਂ ਓੜਕ ਰਾਣੀ
ਜਿਉਂ ਪਾਪੀ ਨੂੰ 'ਬਖਕਸ਼' ਆਕੇ
ਫੜ ਲਏ ਬਾਹੋਂ, ਕਰਮ ਭੁਲਾਕੇ ।

ਪੱਟ ਉਤੇ ਜਾ ਬੈਠੇ ਪਿਆਰੇ
ਆਖਣ ਲੱਗੇ ਰਾਜ ਦੁਲਾਰੇ:-
'ਹੈ ਨਾ ਲੱਭ ਲਿਆ ਮੈਂ ਤੈਨੂੰ
ਹੁਣ ਤੇ ਮੰਨੇਗੀ ਨਾ ਮੈਨੂੰ ?'

ਵੇਖ ਕਰਾਮਾਤ ਏਹ ਪਟਰਾਣੀ
ਚਰਨੀਂ ਡਿੱਗੀ ਹੋ ਨਤਾਣੀ
ਰੋ ਰੋ ਗੁੱਝਾ ਹਾਲ ਸੁਨਾਯਾ
ਆਖੇ, ਜਿਉਂ ਏਹ ਭਰਮ ਮਿਟਾਯਾ

ਓਦਾਂ ਹੀ ਹੁਨ ਆਸ ਪੁਚਾਓ
ਘਰ ਮੇਰੇ ਕੋਈ ਬੂਟਾ ਲਾਓ
ਧੀ ਪੁੱਤਰ ਕੋਈ ਹੈ ਨਹੀਂ ਮੇਰਾ
ਬਾਝ ਚਰਾਗੋਂ ਮਹਿਲ ਹਨੇਰਾ ।'

ਹਾਲ ਅਹਵਾਲ ਓਹਦੇ ਸੁਨ ਸਾਰੇ
ਖਿੜ ਖਿੜ ਹੱਸੇ ਗਰੂ ਪਿਆਰੇ
ਮੌਜਾਂ ਅੰਦਰ ਬਖਸ਼ਸ਼ ਆਈ
ਰੁੜ੍ਹਦੀ ਬੇੜੀ ਬੰਨੇ ਲਾਈ

'ਸ਼ਰਫ਼' ਕਬੂਲ ਹੋਈਆਂ ਫ਼ਰਯਾਦਾਂ
ਮਿਲੀਆਂ ਓਹਨੂੰ ਕੁੱਲ ਮੁਰਾਦਾਂ

  • ਨੂਰੀ ਦਰਸ਼ਨ (ਭਾਗ-2)
  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਫ਼ੀਰੋਜ਼ਦੀਨ ਸ਼ਰਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ