Bhai Gurdas Ji
ਭਾਈ ਗੁਰਦਾਸ ਜੀ

Punjabi Kavita
  

Nindak Akirtghan Gursaang Di Vaar Bhai Gurdas Ji

ਨਿੰਦਕ ਅਕਿਰਤਘਣ ਗੁਰ-ਸਾਂਗ ਦੀ ਵਾਰ ਭਾਈ ਗੁਰਦਾਸ ਜੀ

1

ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ ॥
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ ॥
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ ॥
ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ ॥
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ ॥
ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥1॥

2

ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ ॥
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ ॥
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ ॥
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ ॥
ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ ॥
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥2॥

3

ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ ॥
ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ ॥
ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ ॥
ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ ॥
ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ ॥
ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ॥3॥

4

ਡਾਇਣੁ ਮਾਣਸ ਖਾਵਣੀ ਪੁਤੁ ਬੁਰਾ ਨ ਮੰਗੈ ॥
ਵਡਾ ਵਿਕਰਮੀ ਆਖੀਐ ਧੀ ਭੈਣਹੁ ਸੰਗੈ ॥
ਰਾਜੇ ਧ੍ਰੋਹੁ ਕਮਾਂਵਦੇ ਰੈਬਾਰ ਸੁਰੰਗੇ ॥
ਬਜਰ ਪਾਪ ਨ ਉਤਰਨਿ ਜਾਇ ਕੀਚਨਿ ਗੰਗੈ ॥
ਥਰਹਰ ਕੰਬੈ ਨਰਕੁ ਜਮੁ ਸੁਣਿ ਨਿੰਦਕ ਨੰਗੈ ॥
ਨਿੰਦਾ ਭਲੀ ਨ ਕਿਸੈ ਦੀ ਗੁਰ ਨਿੰਦ ਕੁਢੰਗੈ ॥4॥

5

ਨਿੰਦਾ ਕਰਿ ਹਰਣਾਖਸੈ ਵੇਖਹੁ ਫਲੁ ਵਟੈ ॥
ਲੰਕ ਲੁਟਾਈ ਰਾਵਣੈ ਮਸਤਕਿ ਦਸ ਕਟੈ ॥
ਕੰਸੁ ਗਇਆ ਸਣ ਲਸਕਰੈ ਸਭ ਦੈਤ ਸੰਘਟੈ ॥
ਵੰਸੁ ਗਵਾਇਆ ਕੈਰਵਾਂ ਖੂਹਣਿ ਲਖ ਫਟੈ ॥
ਦੰਤ ਬਕਤ੍ਰ ਸਿਸਪਾਲ ਦੇ ਦੰਦ ਹੋਏ ਖਟੈ ॥
ਨਿੰਦਾ ਕੋਇ ਨ ਸਿਝਿਓ ਇਉ ਵੇਦ ਉਘਟੈ ॥
ਦੁਰਬਾਸੇ ਨੇ ਸਰਾਪ ਦੇ ਯਾਦਵ ਸਭ ਤਟੈ ॥5॥

6

ਸਭਨਾਂ ਦੇ ਸਿਰ ਗੁੰਦੀਅਨਿ ਗੰਜੀ ਗੁਰੜਾਵੈ ॥
ਕੰਨਿ ਤਨਉੜੇ ਕਾਮਣੀ ਬੂੜੀ ਬਰਿੜਾਵੈ ॥
ਨਥਾਂ ਨਕਿ ਨਵੇਲੀਆਂ ਨਕਟੀ ਨ ਸੁਖਾਵੈ ॥
ਕਜਲ ਅਖੀਂ ਹਰਣਾਖੀਆਂ ਕਾਣੀ ਕੁਰਲਾਵੈ ॥
ਸਭਨਾਂ ਚਾਲ ਸੁਹਾਵਣੀ ਲੰਗੜੀ ਲੰਗੜਾਵੈ ॥
ਗਣਤ ਗਣੈ ਗੁਦੇਵ ਦੀ ਤਿਸੁ ਦੁਖਿ ਵਿਹਾਵੈ ॥6॥

7

ਅਪਤੁ ਕਰੀਰ ਨ ਮਉਲੀਐ ਦੇ ਦੋਸ ਬਸੰਤੈ ॥
ਸੰਢਿ ਸਪੁਤੀ ਨ ਥੀਐ ਕਣਤਾਵੈ ਕੰਤੈ ॥
ਕਲਰਿ ਖੇਤੁ ਨ ਜੰਮਈ ਘਨਹਰੁ ਵਰਸੰਤੈ ॥
ਪੰਗਾ ਪਿਛੈ ਚੰਗਿਆਂ ਅਵਗੁਣ ਗੁਣਵੰਤੈ ॥
ਸਾਇਰੁ ਵਿਚਿ ਘੰਘੂਟਿਆਂ ਬਹੁ ਰਤਨ ਅਨੰਤੈ ॥
ਜਨਮ ਗਵਾਇ ਅਕਾਰਥਾ ਗੁਰੁ ਗਣਤ ਗਣੰਤੈ ॥7॥

8

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ ॥
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ ॥
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ ॥
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ ॥
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ ॥
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥8॥

9

ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ ॥
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ ॥
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ ॥
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ ॥
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ ॥
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥9॥

10

ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ ॥
ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ ॥
ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ ॥
ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ ॥
ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨ ਖੜਿਆ ॥
ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ ॥10॥

11

ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੈ ॥
ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ ॥
ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ ॥
ਲੂਣੁ ਵਣੋਟਾ ਖਾਇ ਕੈ ਹਥ ਜੋੜਿ ਖੜੋਵੈ ॥
ਵਾਟ ਵਟਾਊ ਲੂਣੁ ਖਾਇ ਗੁਣੁ ਕੰਠਿ ਪਰੋਵੈ ॥
ਲੂਣ ਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ ॥11॥

12

ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ ॥
ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ ॥
ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ ॥
ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ ॥
ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ ॥
ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂਪਾਜੁ ॥12॥

13

ਖਰਾ ਦੁਹੇਲਾ ਜਗ ਵਿਚਿ ਜਿਸ ਅੰਦਰਿ ਝਾਕੁ ॥
ਸੋਇਨੇ ਨੋ ਹਥੁ ਪਾਇਦਾ ਹੁਇ ਵੰਞੈ ਖਾਕੁ ॥
ਇਠ ਮਿਤ ਪੁਤ ਭਾਇਰਾ ਵਿਹਰਨਿ ਸਭ ਸਾਕੁ ॥
ਸੋਗੁ ਵਿਜੋਗੁ ਸਰਾਪੁ ਹੈ ਦੁਰਮਤਿ ਨਾਪਾਕੁ ॥
ਵਤੈ ਮੁਤੜਿ ਰੰਨ ਜਿਉ ਦਰਿ ਮਿਲੈ ਤਲਾਕੁ ॥
ਦੁਖੁ ਭੁਖੁ ਦਾਲਿਦ ਘਣਾ ਦੋਜਕ ਅਉਤਾਕੁ ॥13॥

14

ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ ॥
ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ ॥
ਬੂਰੁ ਵਿਣਾਹੇ ਪਾਣੀਐ ਖਉ ਲਾਖਹੁ ਰੁਖੈ ॥
ਜਿਉ ਉਦਮਾਦੀ ਅਤੀਸਾਰੁ ਖਈ ਰੋਗੁ ਮਨੁਖੈ ॥
ਜਿਉ ਜਾਲਿ ਪੰਖੇਰੂ ਫਾਸਦੇ ਚੁਗਣ ਦੀ ਭੁਖੈ ॥
ਤਿਉ ਅਜਰੁ ਝਾਕ ਭੰਡਾਰ ਦੀ ਵਿਆਪੈ ਵੇਮੁਖੈ ॥14॥

15

ਅਉਚਰੁ ਝਾਕ ਭੰਡਾਰ ਦੀ ਚੁਖੁ ਲਗੈ ਚਖੀ ॥
ਹੋਇ ਦੁਕੁਧਾ ਨਿਕਲੈ ਭੋਜਨੁ ਮਿਲਿ ਮਖੀ ॥
ਰਾਤਿ ਸੁਖਾਲਾ ਕਿਉ ਸਵੈ ਤਿਣੁ ਅੰਦਰਿ ਅਖੀ ॥
ਕਖਾ ਦਬੀ ਅਗਿ ਜਿਉ ਓਹੁ ਰਹੈ ਨ ਰਖੀ ॥
ਝਾਕ ਝਕਾਈਐ ਝਾਕਵਾਲੁ ਕਰਿ ਭਖ ਅਭਖੀ ॥
ਗੁਰ ਪਰਸਾਦੀ ਉਬਰੇ ਗੁਰ ਸਿਖਾਂ ਲਖੀ ॥15॥

16

ਜਿਉ ਘੁਣ ਖਾਧੀ ਲਕੜੀ ਵਿਣੁ ਤਾਣਿ ਨਿਤਾਣੀ ॥
ਜਾਣ ਡਰਾਵਾ ਖੇਤ ਵਿਚਿ ਨਿਰਜੀਤੁ ਪਰਾਣੀ ॥
ਜਿਉ ਧੂਅਰੁ ਝੜੁਵਾਲ ਦੀ ਕਿਉ ਵਰਸੈ ਪਾਣੀ ॥
ਜਿਉ ਥਣ ਗਲ ਵਿਚਿ ਬਕਰੀ ਦੁਹਿ ਦੁਧੁ ਨ ਆਣੀ ॥
ਝਾਕੇ ਅੰਦਰਿ ਝਾਕਵਾਲੁ ਤਿਸ ਕਿਆ ਨੀਸਾਣੀ ॥
ਜਿਉ ਚਮੁ ਚਟੈ ਗਾਇ ਮਹਿ ਉਹ ਭਰਮਿ ਭੁਲਾਣੀ ॥16॥

17

ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ ॥
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ ॥
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ ॥
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ ॥
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ ॥
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ ॥17॥

18

ਸਾਵੇ ਪੀਲੇ ਪਾਨ ਹਹਿ ਓਇ ਵੇਲਹੁ ਤੁਟੇ ॥
ਚਿਤਮਿਤਾਲੇ ਫੋਫਲੇ ਫਲ ਬਿਰਖਹੁਂ ਛੁਟੇ ॥
ਕਥ ਹਰੇਹੀ ਭੂਸਲੀ ਦੇ ਚਾਵਲ ਚੁਟੇ ॥
ਚੂਨਾ ਦਿਸੈ ਉਜਲਾ ਦਹਿ ਪਥਰੁ ਕੁਟੇ ॥
ਆਪੁ ਗਵਾਇ ਸਮਾਇ ਮਿਲਿ ਰੰਗੁਚੀਚ ਵਹੁਟੇ ॥
ਤਿਉ ਚਹੁ ਵਰਨਾ ਵਿਚਿ ਸਾਧ ਹਨਿ ਗੁਰਮੁਖਿ ਮੁਹ ਜੁਟੇ॥18॥

19

ਚਾਕਰ ਸਭ ਸਦਾਇੰਦੇ ਸਾਹਿਬ ਦਰਬਾਰੇ ॥
ਨਿਵਿ ਨਿਵਿ ਕਰਨਿ ਜੁਹਾਰੀਆ ਸਭ ਸੈ ਹਥੀਆਰੇ ॥
ਮਜਲਸ ਬਹਿ ਬਫਾਇੰਦੇ ਬੋਲ ਬੋਲਨਿ ਭਾਰੇ ॥
ਗਲੀਏ ਤੁਰੇ ਨਚਾਇੰਦੇ ਗਜਗਾਹ ਸਵਾਰੇ ॥
ਰਣ ਵਿਚਿ ਪਇਆਂ ਜਾਣੀਅਨਿ ਜੋਧ ਭਜਣਹਾਰੇ ॥
ਤਿਉ ਸਾਂਗਿ ਸਿਞਾਪਨਿ ਸਨਮੁਖਾਂ ਬੇਮੁਖ ਹਤਿਆਰੇ ॥19॥

20

ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ ॥
ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ ॥
ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੈ ਨਾਰੇ ॥
ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ ॥
ਜੇ ਮਦੁ ਪੀਤਾ ਬਾਮਣੀ ਲੋਇ ਲੁਝਣਿ ਸਾਰੇ ॥
ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ ॥20॥

21

ਧਰਤੀ ਉਪਰਿ ਕੋਟ ਗੜ ਭੁਇਚਾਲ ਕਮੰਦੇ ॥
ਝਖੜਿ ਆਏ ਤਰੁਵਰਾ ਸਰਬਤ ਹਲੰਦੇ ॥
ਡਵਿ ਲਗੈ ਉਜਾੜਿ ਵਿਚਿ ਸਭ ਘਾਹ ਜਲੰਦੇ ॥
ਹੜ ਆਏ ਕਿਨਿ ਥੰਮੀਅਨਿ ਦਰੀਆਉ ਵਹੰਦੇ ॥
ਅੰਬਰਿ ਪਾਟੇ ਥਿਗਲੀ ਕੂੜਿਆਰ ਕਰੰਦੇ ॥
ਸਾਂਗੈ ਅੰਦਰਿ ਸਾਬਤੇ ਸੇ ਵਿਰਲੇ ਬੰਦੇ ॥21॥

22

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ ॥
ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ ॥
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ ॥
ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ ॥
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ ॥
ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥22॥

23

ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ ॥
ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ ॥
ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ ॥
ਮੁਹ ਵਿਚਿ ਗਰੜ ਦੁਗਾਰ ਪਾਇ ਜਿਉ ਸਪੁ ਲੜਾਏ ॥
ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ ॥
ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ॥23॥35॥

 
 

To veiw this site you must have Unicode fonts. Contact Us

punjabi-kavita.com