Nanaka Meil : Neelam Saini

ਨਾਨਕਾ ਮੇਲ : ਨੀਲਮ ਸੈਣੀ

ਹਰ ਮਨੁੱਖ ਦੀ ਜ਼ਿੰਦਗ਼ੀ ਵਿਚ ਨਾਨਕਿਆਂ ਦਾ ਵਿਸ਼ੇਸ਼ ਮਹੱਤਵ ਹੈ। ਦੁਨਿਆਵੀ ਰਿਸ਼ਤਿਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਖ਼ੂਨ ਦੇ ਰਿਸ਼ਤੇ ਅਤੇ ਮੂੰਹ-ਬੋਲੇ ਜਾਂ ਆਪ ਸਿਰਜੇ ਰਿਸ਼ਤੇ। ਨਾਨਕਿਆਂ ਦਾ ਰਿਸ਼ਤਾ ਉਹ ਰਿਸ਼ਤਾ ਹੈ ਜੋ ਬੱਚੇ ਦੇ ਜਨਮ ਤੋਂ ਹੀ ਉਸ ਦੀ ਜ਼ਿੰਦਗ਼ੀ ਵਿਚ ਆਪਣੀ ਭੂਮਿਕਾ ਨਿਭਾਉਣਾ ਸ਼ੁਰੂ ਕਰ ਦਿੰਦਾ ਹੈ। ਪੰਜਾਬੀ ਸਭਿਆਚਾਰ ਵਿਚ ਪਲੇਠੇ ਬੱਚੇ ਦਾ ਜਨਮ ਹੀ ਨਾਨਕੇ ਘਰ ਹੁੰਦਾ ਸੀ। ਨਾਨੀ-ਨਾਨੇ ਦਾ ਦੋਹਤੀਆਂ-ਦੋਹਤਿਆਂ ਨਾਲ ਅਥਾਹ ਪਿਆਰ ਹੁੰਦਾ ਸੀ।
ਵਿਆਹ ਦਾ ਸਾਹਾ ਪੱਕਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕਾਰਡ ਅਤੇ ਲੱਡੂ ਨਾਨਕੇ ਘਰ ਜਾਂਦੇ ਸਨ। ਇਸ ਨੂੰ ਭਾਜ੍ਹੀ ਲੈ ਕੇ ਜਾਣਾ ਕਿਹਾ ਜਾਂਦਾ ਸੀ। ਨਾਨਕੇ ਭਾਜ੍ਹੀ ਲੈ ਕੇ ਆਏ ਧੀ ਜਵਾਈ ਨੂੰ ਸ਼ਗਨ ਵਿਚ ਕੱਪੜੇ ਜਾਂ ਪੈਸੇ ਦੇ ਕੇ ਤੋਰਦੇ ਸਨ। ਨਾਨਕਿਆਂ ਵਲੋਂ ਸ਼ਰੀਕੇ ਭਾਈਚਾਰੇ ਵਿੱਚ ਭਾਜ੍ਹੀ ਵੰਡੀ ਜਾਂਦੀ ਸੀ। ਇਸ ਦੇ ਨਾਲ ਹੀ ਨਾਨਕੇ ਘਰ ਵਿਚ ਵੀ ਵਿਆਹ ਦੀ ਤਿਆਰੀ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੀ ਸੀ। ਤਿਆਰ ਕੀਤੀ ਹੋਈ ਨਾਨਕੀ ਸ਼ੱਕ ਸੱਦਾ ਭੇਜ ਕੇ ਪਹਿਲਾਂ ਆਪਣੇ ਸ਼ਰੀਕੇ-ਭਾਈਚਾਰੇ ਨੂੰ ਦਿਖਾਈ ਜਾਂਦੀ ਸੀ। ਨਾਨਕੀ ਸ਼ੱਕ ਦੇਖਣ ਆਏ ਸ਼ਰੀਕੇ-ਭਾਈਚਾਰੇ ਵਲੋਂ ਨਾਨਕੇ ਘਰ ਸ਼ਗਨ-ਸਲਾਮੀਆਂ ਦਿੱਤੀਆਂ ਜਾਂਦੀਆਂ ਸਨ। ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕੇ ਆਪਣੇ ਸ਼ਰੀਕੇ-ਭਾਈਚਾਰੇ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਪਹੁੰਚਦੇ ਸਨ। ਇਸ ਨੂੰ ਨਾਨਕਾ ਮੇਲ ਕਿਹਾ ਜਾਂਦਾ ਸੀ।
ਨਾਨਕੇ ਵਿਆਹ ਵਾਲੇ ਘਰ ਖ਼ੁਸ਼ੀ ਵਿਚ ਸ਼ਰੀਕ ਹੁੰਦੇ ਸਨ। ਉਹ ਆਪਣੇ ਧੀ ਜਵਾਈ ਦੀ ਆਰਥਿਕ ਮਦਦ ਵੀ ਕਰਦੇ ਸਨ। ਵਿਆਹ ਵੇਲੇ ਇਨ੍ਹਾਂ ਸਭ ਰਿਸ਼ਤੇਦਾਰਾਂ ਦਾ ਇਕੱਤਰ ਹੋਣਾ ਇਕ ਤਰ੍ਹਾਂ ਨਾਲ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣਾ, ਖ਼ੁਸ਼ੀ ਸਾਂਝੀ ਕਰਨਾ ਅਤੇ ਕੰਮ-ਕਾਰ ਵਿਚ ਹੱਥ ਵਟਾਉਣਾ ਹੁੰਦਾ ਸੀ। ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਪ੍ਰਵਾਨ ਚੜ੍ਹੇ ਵਿਆਹ ਨੂੰ ਬਾਅਦ ਵਿਚ ਵੀ ਇਨ੍ਹਾਂ ਰਿਸ਼ਤਿਆਂ ਵਲੋਂ ਭਰਪੂਰ ਸਹਿਯੋਗ ਅਤੇ ਪਿਆਰ ਮਿਲਦਾ ਸੀ।
ਇਥੇ ਹੀ ਬੱਸ ਨਹੀਂ। ਨਾਨਕੀਆਂ ਵਲੋਂ ਨਾਨਕੀ ਸ਼ੱਕ ਦੇ ਨਾਲ ਸਿੱਠਣੀਆਂ ਦੀ ਵੀ ਪੂਰੀ ਤਿਆਰੀ ਹੁੰਦੀ ਸੀ। ਸਿੱਠਣੀ ਵਿਅੰਗ ਭਰਪੂਰ ਕਾਵਿ ਰੂਪ ਦਾ ਨਾਮ ਹੈ। ਪੰਜਾਬੀ ਦੀ ਅਖਾਣ ‘ਵਿਆਹ ਦੀਆਂ ਸਿੱਠਣੀਆਂ ਲੜਾਈ ਦੇ ਮਿਹਣੇ-ਅਸੀਂ ਨਿੱਤ ਨਹੀਂ ਦੇਣੇ' ਸਪਸ਼ਟ ਕਰਦੀ ਹੈ ਕਿ ਸਿੱਠਣੀਆਂ ਵਿਅੰਗ ਅਤੇ ਹਾਸੇ-ਠੱਠੇ ਦੀ ਪੇਸ਼ਕਾਰੀ ਦਾ ਹੀ ਨਾਮ ਹੈ। ਇਨ੍ਹਾਂ ਸਿੱਠਣੀਆਂ ਵਿਚ ਦੋਵਾਂ ਧਿਰਾਂ ਵਲੋਂ ਆਪਣੀ ਭਰਪੂਰ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਦੂਜੀ ਧਿਰ ਦੇ ਨੁਕਸ ਕੱਢੇ ਜਾਂਦੇ ਹਨ। ਮਹਾਨ ਕੋਸ਼ ਦੇ ਰਚਣਹਾਰੇ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, "ਸਿੱਠਣੀ ਦਾ ਭਾਵ ਅਰਥ ਵਿਅੰਗ ਨਾਲ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ੍ਹੀਆਂ ਨਾਲ ਮਿਲਾ ਕੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਸਿੱਠਣੀ ਸੰਗਯਾ ਹੈ।"
ਸਿੱਠਣੀਆਂ ਦੀ ਪੂਰੀ ਤਿਆਰੀ ਨਾਲ ਨਾਨਕਾ ਮੇਲ ਵਿਆਹ ਵਾਲੇ ਪਿੰਡ ਪੁੱਜਦੇ ਹੀ ਉਥੇ ਦਾ ਵਾਤਾਵਰਨ ਬਦਲ ਜਾਂਦਾ ਸੀ। ਸਭ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਸੀ। ਵਿਆਹ ਵਾਲੇ ਘਰ ਚਹਿਲ-ਪਹਿਲ ਹੁੰਦੀ ਸੀ। ਨਾਨਕੀਆਂ ਦਾ ਝੁੰਡ ਵਿਆਹ ਵਾਲੇ ਘਰ ਦੇ ਕੋਲ ਪੁੱਜ ਕੇ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਸੀ। ਸਭ ਸ਼ਰੀਕਣਾਂ ਨਾਨਕੀਆਂ ਗਾਉਂਦੀਆਂ ਸੁਣ ਕੇ ਹਥਲਾ ਕੰਮਕਾਜ ਵਿਚਾਲੇ ਛੱਡ ਕੇ ਵਿਆਹ ਵਾਲੇ ਘਰ ਮੁਕਾਬਲਾ ਕਰਨ ਲਈ ਪੁੱਜ ਜਾਂਦੀਆਂ ਸਨ। ਇਹ ਰਸਮ ਵੀ ਵਿਰਲੀ ਟਾਵੀਂ ਹੋ ਰਹੀ ਹੈ। ਪਰਦੇਸਾਂ ਵਿਚ ਨਾਨਕੀਆਂ-ਦਾਦਕੀਆਂ ਇੱਕਠੀਆਂ ਤਾਂ ਹੁੰਦੀਆਂ ਹਨ, ਪਰ ਨਾਨਕਾ ਮੇਲ਼ ਵਾਲ਼ਾ ਰੰਗ ਨਹੀਂ ਬੱਝਦਾ। ਨਾਨਕਾ ਮੇਲ ਦੀਆਂ ਸਿੱਠਣੀਆਂ ‘ਤੇ ਡੀ.ਜੇ ਭਾਰੂ ਹੋ ਜਾਂਦਾ ਹੈ।

ਨਾਨਕਾ ਮੇਲ਼ ਦੇ ਗੀਤ

ਇਸ ਪਿੰਡ ਦਿਓ ਪੰਚੋ,
ਵੇ ਸਰਪੰਚੋ, ਲੰਬੜਦਾਰੋ!
ਵੇ ਮੇਲ ਆਇਆ ਨਾਨਕਿਆਂ ਦਾ,
ਜ਼ਰਾ ਹਟ ਕੇ ਪਰ੍ਹਾਂ ਨੂੰ ਲੰਘ ਜਾਇਓ।
ਬਈ ਵੱਡੀ ਮਾਮੀ ਜ਼ੈਲਦਾਰਨੀ,
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ।

ਆਉਂਦੀ ਕੁੜੀਏ, ਜਾਂਦੀ ਕੁੜੀਏ,
ਭਰ ਲਿਆ ਟੋਕਰਾ ਨੜਿਆਂ ਦਾ,
ਕਿਥੇ ਲਾਹੇਂਗੀ, ਕਿਥੇ ਲਾਹੇਂਗੀ,
ਨੀ ਸਾਰਾ ਪਿੰਡ ਛੜਿਆਂ ਦਾ।
ਆਉਂਦੀ ਕੁੜੀਏ, ਜਾਂਦੀ ਕੁੜੀਏ,
ਕਿਹੜੀਆਂ ਗੱਲਾਂ ਦੇ ਰੋਣੇ,
ਨੀ ਪਿੰਡ ਸਰਦਾਰਾਂ ਦਾ,
ਮੁੰਡੇ ਗੱਭਰੂ ਜੱਟਾਂ ਦੇ ਬੜੇ ਸ੍ਹੋਣੇਂ।
ਇਥੇ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ। ਇਹ ਗੱਲ ਉਸ ਵੇਲੇ ਦੀ ਹੈ, ਜਦ ਮੈਂ ਪੰਜਵੀਂ ਕਲਾਸ ਵਿਚ ਪੜ੍ਹਦੀ ਸੀ। ਮੈਂ ਆਪਣੀ ਸਹੇਲੀ ਜੀਤੀ (ਜੋ ਨਾਲ ਦੇ ਪਿੰਡ ਛੋਟੀਆਂ ਮੂਨਕਾਂ) ਵਿਚ ਰਹਿੰਦੀ ਸੀ, ਦੇ ਘਰ ਵੱਲ ਜਾ ਰਹੀ ਸੀ। ਰਸਤੇ ਵਿਚ ਨਾਨਕਾ ਮੇਲ ਜਾ ਰਿਹਾ ਸੀ। ਮੈਂ ਨਾਨਕਾ ਮੇਲ ਦੇ ਪਿੱਛੇ-ਪਿੱਛੇ ਤੁਰਨਾ ਸੁਰੂ ਕਰ ਦਿੱਤਾ। ਉਹ ਕੀ ਗਾਉਂਦੀਆਂ ਸਨ, ਮੇਰੇ ਚੇਤੇ ਵਿਚੋਂ ਵਿਸਰ ਚੁੱਕਾ ਹੈ, ਪਰ ਇਹ ਯਾਦ ਹੈ ਕਿ ਪਿੰਡ ਦੇ ਇਕ ਪਾਸੇ ਖੁੱਲ੍ਹੀ ਹਵੇਲੀ ਵਿਚ ਕੋਈ ਬਜ਼ੁਰਗ ਔਰਤ ਹੱਥ-ਮੂੰਹ ਧੋ ਰਹੀ ਸੀ। ਨਾਨਕਾ ਮੇਲ ਨੇ ਖੜ੍ਹ ਕੇ ਉਸ ਵੱਲ ਤੱਕਦੇ ਹਾਸੇ ਦੇ ਠਹਾਕੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਆਪਣਾ ਗੀਤ ਬਦਲ ਕੇ ਗਾਉਣਾ ਸ਼ੁਰੂ ਕਰ ਦਿੱਤਾ:
ਬੁੱਢੀਆਂ ਤਰਸਦੀਆਂ,
ਸਾਨੂੰ ਮੁੜ ਕੇ ਜਵਾਨੀ ਆਵੇ।
ਉਹ ਗਾਉਂਦੀਆਂ-ਗਾਉਂਦੀਆਂ ਹੱਸ-ਹੱਸ ਕੇ ਲੋਟ-ਪੋਟ ਹੋ ਰਹੀਆਂ ਸਨ ਅਤੇ ਨਲਕੇ ਤੇ ਖੜ੍ਹੀ ਮਾਈ ਵੀ ਉਨ੍ਹਾਂ ਦਾ ਗੀਤ ਸੁਣ ਕੇ ਹੱਸ ਰਹੀ ਸੀ। ਇਸ ਘਟਨਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਨਾਨਕਾ ਮੇਲ ਰਸਤੇ ਵਿਚ ਕਿਸੇ ਵੀ ਆਉਂਦੇ ਜਾਂਦੇ ਨੂੰ ਬਖ਼ਸ਼ਦਾ ਨਹੀਂ ਸੀ। ਨਾਨਕਾ ਮੇਲ ਸਾਰੇ ਪਿੰਡ ਲਈ ਮਹਿਮਾਨ ਹੁੰਦਾ ਸੀ। ਇਸ ਲਈ ਵਿਆਹ ਵਾਲੇ ਪਿੰਡ ਵਿਚ ਨਾਨਕੀਆਂ ਦੀ ਹਰ ਵਧੀਕੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਜਾਂਦਾ ਸੀ। ਉਹ ਵਿਆਹ ਵਾਲੇ ਘਰ ਤੱਕ ਪੁੱਜਦੇ ਰਸਤੇ ਵਿਚ ਜੇ ਕਰ ਕੋਈ ਮੰਜੇ ‘ਤੇ ਬੈਠਾ ਹੋਵੇ ਤਾਂ ਮੰਜਾ ਉਲਟਾਉਂਦੇ, ਮਸ਼ਕਰੀਆਂ ਕਰਦੇ, ਹੱਸਦੇਗਾਉਂਦੇ ਘਰ ਕੋਲ ਪੁੱਜਦੇ ਹੀ ਗੀਤ ਸ਼ੁਰੂ ਕਰ ਦਿੰਦੀਆਂ ਸਨ:
ਉੱਠ ਨੀ ਲਾਡੋ ਸੁੱਤੜੀਏ,
ਨੀ ਮਾਮੇ ਤੇਰੇ ਆਏ।
ਮਾਮੀਆਂ ਕਾਨ੍ਹਾਂ ਦੀਆਂ ਗੋਪੀਆਂ,
ਨੀ ਮਾਮੇ ਕਾਨ੍ਹ ਜੀ ਆਏ।
ਦਾਦਕੀਆਂ ਸੁਣਦੇ ਹੀ ਵਾਰੀ ਵਿਚ ਜਵਾਬ ਦਿੰਦੀਆਂ ਸਨ:
ਉੱਠ ਨੀ ਲਾਡੋ ਸੁੱਤੜੀਏ,
ਨੀ ਮਾਮੇ ਤੇਰੇ ਆਏ।
ਮਾਮੀਆਂ ਚਾਉਣੇ ਦੀਆਂ ਵੱਛੀਆਂ,
ਨੀ ਮਾਮੇ ਚਾਰਦੇ ਆਏ।
ਮਾਮੀਆਂ ਢਿੱਡ-ਮ-ਢਿੱਡੀਆਂ,
ਨੀ ਮਾਮੇ ਸੂਰਾਂ ਦੇ ਜਾਏ।

ਹਰੀ ਹਰੀ ਗੰਦਲ ਮੰਗਾ ਦਾਰੀਏ,
ਸਾਡੇ ਆਉਂਦਿਆਂ ਦੇ, ਸ਼ਗਨ ਮਨਾ ਦਾਰੀਏ,
ਕੌਲ਼ੇ ਨਾਲ ਤੇਲ ਚੁਆ ਦਾਰੀਏ।
ਸਾਡੇ ਆਉਂਦਿਆਂ ਦੇ, ਸ਼ਗਨ ਮਨਾ ਦਾਰੀਏ।

ਚੁੱਕ ਲਓ ਕਰੀਰਾਂ ਨਾਲੋਂ ਛਾਪੇ,
ਨੀ ਆ ਜਾ ਧੀਏ ਸਰਦਲ਼ ਤੇ,
ਤੇਲ ਚੋਅ ਨੀ ਆਏ ਤੇਰੇ ਮਾਪੇ।

ਅੰਦਰ ਵੜਦੇ ਹੀ ਗਲੇ ਮਿਲਦੇ ਮੁਕਾਬਲਾ ਫਿਰ ਸ਼ੁਰੂ ਹੋ ਜਾਂਦਾ ਸੀ:
ਅੱਜ ਕਿੱਧਰ ਗਈਆਂ ਨੀ
ਲਾਡੋ ਤੇਰੀਆਂ ਦਾਦਕੀਆਂ।
ਚਾਚੀਆਂ ਤਾਈਆਂ ਵੀ ਵਾਰੀ ਦਿੰਦੀਆਂ ਸਨ:
ਅਸੀਂ ਹਾਜ਼ਰ-ਨਾਜ਼ਰ।
ਫ਼ੁੱਲਾਂ ਬਰਾਬਰ ਨੀ,
ਲਾਡੋ ਤੇਰੀਆਂ ਦਾਦਕੀਆਂ।

ਪੀਤੀ ਸੀ ਪਿੱਛ, ਜੰਮੇ ਸੀ ਰਿੱਛ।
ਦੋ ਤਮਾਸ਼ਾ ਕਰਦੇ ਨੀ, ਲਾਡੋ ਚਾਚੇ ਤੇਰੇ।

ਚੱਬੀਆਂ ਸੀ ਮੱਠੀਆਂ,
ਜੰਮੀਆਂ ਸੀ ਕੱਟੀਆਂ।
ਦੋ ਕੱਟੀਆਂ ਚਰਾਵਣ ਨੀ,
ਲਾਡੋ ਮਾਮੀਆਂ ਤੇਰੀਆਂ।

ਖਾਧੇ ਸੀ ਲੱਡੂ, ਜੰਮੇਂ ਸੀ ਡੱਡੂ।
ਦੋ ਗੜ੍ਹੈਂ-ਗੜ੍ਹੈਂ ਕਰਦੇ ਨੀ, ਲਾਡੋ ਚਾਚੇ ਤੇਰੇ।

ਛੋਲੇ-ਛੋਲੇ-ਛੋਲੇ,
ਇਨ੍ਹਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ।
ਛੋਲੇ-ਛੋਲੇ-ਛੋਲੇ,
ਇਨ੍ਹਾਂ ਦਾਦਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ।
ਤਾਰ-ਤਾਰ-ਤਾਰ,
ਇਨ੍ਹਾਂ ਨਾਨਕੀਆਂ ਨੂੰ ਘੋਟਣਿਆਂ ਦੀ ਮਾਰ।
ਤਾਰ-ਤਾਰ-ਤਾਰ,
ਇਨ੍ਹਾਂ ਦਾਦਕੀਆਂ ਨੂੰ ਕੱਢੋ ਦਲਾਨੋਂ ਬਾਹਰ।

ਦਾਦਕੀਆਂ ਓਸ ਦੇਸ਼ ਦੀਆਂ ਜਾਈਆਂ,
ਜਿਥੇ ਲੇਫ਼ ਨਾ ਰਜਾਈ।
ਨੀ ਕੋਈ ਕਾਣੀ, ਨੀ ਕੋਈ ਟੀਰੀ।
ਸਿਆਣੀ ਚਾਚੀ, ਨਾ ਕੋਈ ਤਾਈ।

ਨਾਨਕੀਆਂ ਓਸ ਪਿੰਡ ਤੋਂ ਆਈਆਂ,
ਜਿਥੇ ਕੋਈ ਨਾ ਰਸੋਈ।
ਨੀ ਕੋਈ ਮੋਟੀ, ਨੀ ਕੋਈ ਛੋਟੀ,
ਮਾਮੀ ਚੱਜ ਦੀ ਨਾ ਕੋਈ।

ਅਸੀਂ ਆਈਆਂ ਮੰਜਲਾਂ ਮਾਰ,
ਜੈ ਕੁਰੇ ਤੱਤੜਾ ਪਾਣੀ ਹਾਜਰ ਕਰ।
ਅਸੀਂ ਨਹੀਓਂ ਖਾਣੀ ਜਵਾਰ,
ਕਣਕ ਲਾਜਮੀ ਹਾਜਰ ਕਰ।
ਅਸੀਂ ਖਾਣੀ ਨਹੀਓਂ ਛੋਲਿਆਂ ਦੀ ਦਾਲ,
ਆਲੂ-ਗੋਭੀ ਹਾਜਰ ਕਰ।
ਅਸੀਂ ਆਈਆਂ ਮੰਜਲਾਂ ਮਾਰ,
ਤੱਤੜਾ ਪਾਣੀ ਹਾਜਰ ਕਰ।

ਤੇਲ ਵਿਕੇਂਦਾ ਪਲ਼ੀ ਪਲ਼ੀ,
ਚਾਚੀ ਫਿਰਦੀ ਗਲ਼ੀ ਗਲ਼ੀ।
ਤੇਲ ਨਈਂ ਮਿਲਦਾ ਕੇਸਾਂ ਨੂੰ,
ਮਾਮੀ ਰੋਂਦੀ ਲੇਖਾਂ ਨੂੰ।
ਤੇਲ ਨਾ ਮਿਲਦਾ ਹੱਟੀਆਂ ‘ਤੇ,
ਚਾਚੀ ਫਿਰਦੀ ਭੱਠੀਆਂ ‘ਤੇ।

ਓਅਲਾ ਓਅਲਾ ਓਅਲਾ,
ਨਾ ਘਰ ਕੋਠੀ ਨਾ ਭੜੋਲਾ।
ਚਾਚੀ ਨਖ਼ਰੋ ਦੇ ਵਾਰੇ।
ਈੜੀ ਈੜੀ ਈੜੀ,
ਨਾ ਘਰ ਮੰਜਾ ਨਾ ਘਰ ਪੀੜ੍ਹੀ,
ਮਾਮੀ ਨਖ਼ਰੋ ਦੇ ਵਾਰੇ।

ਛੱਜ ਓਹਲੇ ਛਾਣਨੀ,
ਪਰਾਤ ਓਹਲੇ ਤਵਾ ਓਏ
ਨਾਨਕੀਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ।

ਮੀਤੋ ਕੁੜੀ ਦੇ ਬਾਰ ਨੀ ਬੰਬੀਹਾ ਬੋਲੇ,
ਬੋਲੇ ਦਿਨ ਪੁਰ ਰਾਤ ਨੀ ਬੰਬੀਹਾ ਬੋਲੇ।
ਨਿੱਕਲ ਨਖ਼ਰੋ ਬਾਹਰ ਨੀ ਬੰਬੀਹਾ ਬੋਲੇ,
ਭੰਨ ਦਿਆਂਗੇ ਬਾਰ ਨੀ ਬੰਬੀਹਾ ਬੋਲੇ।

ਚਾਚੀ ਕੁੜੀ ਦੇ ਪੈਰ ਝਾਂਜਰਾਂ,
ਪੈਰ ਪੁੱਟਿਆ ਨਾ ਜਾਵੇ।
ਨੀ ਬਹਿ ਜਾ ਸਾਡੇ ਬੰਬੂ ਕਾਟ ਤੇ,
ਬੰਬੂ ਕਾਟ ਬਠਿੰਡੇ ਨੂੰ ਜਾਵੇ।

ਦਾਦਕੀਆਂ ਦਾ ਜਵਾਬ:
ਖਾਣ ਸੂਰੀਆਂ ਆਈਆਂ,
ਨੀ ਘਰ ਮੀਤੋ ਦੇ।
ਮੂੰਹ ਧੋ ਕੇ ਨਾ ਆਈਆਂ,
ਨੀ ਮੱਖੀਆਂ ਭਿਣਕਦੀਆਂ।
ਤੱਤੀ ਜਲੇਬੀ ਖਾਊਂ,
ਨੀ ਰਾਹ ਵਿਚ ਕਹਿੰਦੀ ਸੀ।
ਇਥੇ ਕਾਸਤੋਂ ਲਿਆਈ,
ਨੀ ਗੱਡਾ ਜੁਆਕਾਂ ਦਾ।

ਬੋਲੋ ਨਾਨਕੀਓ ਨੀ!
ਤੁਆਨੂੰ ਕਾਦ੍ਹੀ ਪੈ ਗਈ ਛਾਇਆ।
ਬੋਲੋ ਨਾਨਕੀਓ ਨੀ!
ਤੁਆਡੀ ਕੌਣ ਕੱਢੇ ਛਾਇਆ।
ਬੋਲੋ ਨਾਨਕੀਓ ਨੀ!
ਤੁਆਡੀ ‘ਪੱਪੂ' ਕੱਢੇ ਛਾਇਆ।

ਚਾਹ-ਪਾਣੀ ਦੀ ਵਾਰੀ ਆਉਂਦੀ ਸੀ ਦਾਦਕੀਆਂ ਫਿਰ ਛਿੜ ਪੈਂਦੀਆਂ ਸਨ:
ਇਹ ਕੀ ਕੀਤਾ ਸਾਲ਼ਿਆ ਮਾਮਾ,
ਭੁੱਖੀਆਂ ਲਿਆਣ ਬਹਾਲੀਆਂ ਓਏ!
ਗਾਉਣੇ ਦੀ ਇਹ ਸਾਰ ਨਾ ਜਾਨਣ,
ਖਾਣੇ ਦੀਆਂ ਪੰਸੇਰੀਆਂ ਓਏ!
ਪਕੌੜੇ ਪਾ ਦਿਓ ਗਾਈਆਂ ਨੂੰ,
ਕੀ ਕਰੀਏ ਤੁਹਾਨੂੰ ਆਈਆਂ ਨੂੰ।
ਪਕੌੜੇ ਸਾਡਿਆਂ ਦੰਮਾਂ ਦੇ,
ਫਿੱਟ ਲ੍ਹਾਨਤ ਤੁਆਡਿਆਂ ਕੰਮਾਂ ਦੇ।

ਮਾਮੀ ਨਖ਼ਰੋ ਚੜ੍ਹ ਗਈ ਡੇਕ,
ਭੱਜ ਗਿਆ ਟਾਹਣਾ, ਆ ਗਈ ਹੇਠ।
ਬੋਚੋ ਬੋਚੋ ਵੇ ਮੁੰਡਿਓ,
ਸ਼ਗਨ ਮਨਾਵੋ ਵੇ ਛੜਿਓ।

ਚਾਚੀ ਨਖ਼ਰੋ ਚੜ੍ਹ ਗਈ ਡੇਕ।
ਭੱਜ ਗਿਆ ਟਾਹਣਾ, ਆ ਗਈ ਹੇਠ।
ਬੋਚੋ ਬੋਚੋ ਵੇ ਮੁੰਡਿਓ,
ਸ਼ਗਨ ਮਨਾਵੋ ਵੇ ਛੜਿਓ।

ਮਾਮੀ ਚੜ੍ਹ ਗਈ ਚੁਬਾਰੇ,
ਹੇਠਾਂ ਮਾਮਾ ‘ਵਾਜਾਂ ਮਾਰੇ।
ਕਹਿੰਦੀ
ਆਉਨੀ ਆਂ ਜੀ ਆਉਨੀ ਆਂ,
ਹਾਰ ਪਰੋਨੀ ਆਂ

ਝੰਡਾ ਗੱਡਿਆ ਮੈਦਾਨ ਵਿਚ, ਦੇਖੋ ਲੋਕੋ।
ਮਾਮੀ ਢਾਈ ਆ ਮੈਦਾਨ ਵਿਚ, ਦੇਖੋ ਲੋਕੋ।
ਕੁੜੀ ਜੰਮ ਪਈ ਮੈਦਾਨ ਵਿਚ, ਦੇਖੋ ਲੋਕੋ।
ਸੁੰਢ ਪਾਈ ਆ ਮੈਦਾਨ ਵਿਚ, ਦੇਖੋ ਲੋਕੋ।

ਮਾਮੀ ਨਖ਼ਰੋ ਇਉਂ ਪਸਰੀ, ਇਉਂ ਪਸਰੀ,
ਜਿਓੁਂ ਕੌੜੇ ਕਰੇਲੇ ਦੀ ਵੇਲ ਪਸਰੀ।
ਭੈੜੀ ਗੋਲ਼-ਮੋਲ਼, ਭੈੜੀ ਗੋਲ਼-ਮੋਲ਼,
ਰੰਨ ਬੜੀ ਹੈ ਖ਼ਚਰੀ।

ਚਾਚੀ ਨਖ਼ਰੋ!
ਘੱਗਰਾ ਸਮਾਉਂਦੀ ਆ ਫ਼ੇਰਵਾਂ,
ਖ਼ਸਮ ਇਹਦਾ ਤੇਰਮਾਂ!
ਚੌਦਮੇਂ ਦੀ ਵਾਰੀ ਆ,
ਅਜੇ ਵੀ ਕੁਆਰੀ ਆ।

ਮਾਮੀ ਨਖ਼ਰੋ ਵੇਚ ਕੇ,
ਅਸੀਂ ਮੋਟਰ ‘ਸੈਕਲ ਲੈਣਾ।
ਬੜਾ ਈ ਚਿੱਤ ਲੋਚਦਾ,
ਸੈਰ ਸਪਾਟੇ ਜਾਣਾ।

ਜੇ ਮਾਮੀ ਨਾ ਗਾਉਣਾ ਜਾਣਦੀ,
ਏਥੇ ਕਾਸ ਨੂੰ ਆਈ?
ਭਰਿਆ ਪਤੀਲਾ ਪੀ ਗਈ ਦਾਲ ਦਾ,
ਰੋਟੀਆਂ ਦੀ ਥੱਬੀ ਮੁਕਾਈ।
ਨੀ ਜਾ ਕੇ ਆਖੇਂਗੀ,
ਸ਼ੱਕਾਂ ਪੂਰ ਕੇ ਆਈ।

ਸੁਆਂਜਣੇ ਦੀ ਜੜ੍ਹ ਗਿੱਲੀ ਕੁੜੇ,
ਸੁਆਂਜਣੇ ਦੀ।
ਮਾਮੀ ਨਖ਼ਰੋ ਨੇ ਪੀਠਾ ਕੁੱਟਿਆ,
ਹੋਰਨਾ ਨੇ ਪਾ ਲਈ ਖਿੱਲੀ ਕੁੜੇ।
ਸੁਆਂਜਣੇ ਦੀ ਜੜ੍ਹ ਗਿੱਲੀ ਕੁੜੇ,
ਸੁਆਂਜਣੇ ਦੀ।
ਹੋਰਾਂ ਨੂੰ ਜੰਮਦੇ ਮੁੰਡੇ ਕੁੜੀਆਂ,
ਮਾਮੀ ਨੂੰ ਜੰਮ ਪਈ ਬਿੱਲੀ ਕੁੜੇ।
ਸੁਆਂਜਣੇ ਦੀ ਜੜ੍ਹ ਗਿੱਲੀ ਕੁੜੇ,
ਸੁਆਂਜਣੇ ਦੀ।

ਇਕ ਟਕੇ ਦਾ ਬਾਂਦਰ ਆਂਦਾ,
ਦੁੱਧ ਦਹੀਂ ਨਾਲ ਪਾਲ਼ਿਆ।
ਮਾਮੀ ਨਖ਼ਰੋ ਦੇ ਨਾਲ ਸੁਲਾਇਆ,
ਗੋਥਲ-ਗੋਥਲ ਮਾਰਿਆ।
ਅੱਧੀ ਰਾਤੀਂ ਬਾਂਦਰ ਰੋਵੇ,
ਹਾਏ ਵੌਟ੍ਹੀ ਨੇ ਮਾਰਿਆ।

ਮੇਰਾ ਹਾਰ ਪਰੋ ਦੇ ਲੜੀ ਓ ਲੜੀ,
ਮਾਮੀ ਨਖ਼ਰੋ ਸੁਹਣੀ ਮਨ ਮੋਹਣੀ।
ਤਾਂ ਮੁੰਡੇ ਫਿਰਦੇ ਗਲ਼ੀਓ ਗਲੀ,
ਮੇਰਾ ਹਾਰ ਪਰੋ ਦੇ ਲੜੀ ਓ ਲੜੀ।

ਮਾਮੀ ਨਖ਼ਰੋ ਦੀ,
ਟੁੱਟੀ ਹੋਈ ਮੰਜੀ ਬਾਣ ਪੁਰਾਣਾ।
ਡਰਦੀ ਪੈਰ ਨਾ ਧਰਦੀ,
ਨੀ ਮਿੱਤਰਾਂ ਨੂੰ ਬਹਿ ਜਾ ਬਹਿ ਜਾ ਕਰਦੀ।

ਰੜੇ ਭੁਨਾਏ ਛੋਲੇ,
ਤਾਂ ਹੁਣ ਕਿਉਂ ਬੋਲੇਂ ਨੀ।
ਰੜੇ ਭੁਨਾਈਆਂ ਛੱਲੀਆਂ,
ਤਾਂ ਹੁਣ ਕਿਉਂ ਚੱਲੀਆਂ ਨੀ।

ਮਾਮੀ ਨਖ਼ਰੋ, ਗੜਵੇ ਪਾ ਲਈ।
ਵਰ੍ਹੇ ਦਿਨਾਂ ਨੂੰ ਕੱਢਣੀ,
ਜੀ ਸ੍ਰੀ ਰਾਮ ਬੁਲਾ ਲਓ।
ਕੱਢਣੀ-ਕੱਢਣੀ-ਕੱਢਣੀ,
ਸਾਡੇ ਬੁੜ੍ਹਿਆਂ ਨੇ ਨਾ ਛੱਡਣੀ।
ਜੀ ਸ੍ਰੀ ਰਾਮ ਬੁਲਾ ਲਓ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ