Naheed Shahid
ਨਾਹੀਦ ਸ਼ਾਹਿਦ

Punjabi Kavita
  

Punjabi Poetry Naheed Shahid

ਪੰਜਾਬੀ ਕਲਾਮ/ਗ਼ਜ਼ਲਾਂ ਨਾਹੀਦ ਸ਼ਾਹਿਦ

1. ਮੈਂ ਅਪਣਾ ਸਭ ਕੁਝ ਮਿਟਾ ਰਿਹਾ ਵਾਂ

ਮੈਂ ਅਪਣਾ ਸਭ ਕੁਝ ਮਿਟਾ ਰਿਹਾ ਵਾਂ।
ਮੈਂ ਤੇਰੀ ਸੂਰਤ ਬਣਾ ਰਿਹਾ ਵਾਂ।

ਹਜ਼ਾਰ ਵਾਰਾਂ ਭਟਕ ਭਟਕ ਕੇ,
ਮੈਂ ਤੇਰੇ ਰਸਤੇ 'ਤੇ ਜਾ ਰਿਹਾ ਵਾਂ।

ਮਿਰੀ ਹਯਾਤੀ ਦਾ ਨੂਰ ਏਂ ਤੂੰ,
ਮੈਂ ਵੇਖ ਲੈ ਜਗਮਗਾ ਰਿਹਾ ਵਾਂ।

ਮਿਰੇ ਹਰੇਕ ਖ਼ਾਬ ਵਿਚ ਤੂੰ ਏਂ,
ਮੈਂ ਮੁਲਕ ਅਪਣਾ ਵਸਾ ਰਿਹਾ ਵਾਂ।

2. ਵਗਦੀ ਰਹਿੰਦੀ ਵਕਤ ਦੀ ਨਹਿਰ

ਵਗਦੀ ਰਹਿੰਦੀ ਵਕਤ ਦੀ ਨਹਿਰ।
ਪਿੰਡ ਉਜੜਨ ਤੇ ਵਸਦੇ ਸ਼ਹਿਰ।

ਤੈਨੂੰ ਏਡੀ ਕਾਲ੍ਹੀ ਕੀ ਏ,
ਜਾਵਣ ਵਾਲ਼ਿਆ ਸਮਿਆਂ ਠਹਿਰ।

ਸਰਸੋਂ ਫੁੱਲੀ ਅੰਬਰਾਂ 'ਤੇ,
ਧਰਤੀ ਉੱਤੇ ਉੱਗਿਆ ਕਹਿਰ।

ਇੱਕੋ ਸੂਰਤ ਰਹਿੰਦੀ ਏ,
ਯਾਦਾਂ ਦੇ ਵਿਚ ਅੱਠੇ ਪਹਿਰ।

ਨਾਗਣ ਨਾਗਣ ਅੱਖੀਆਂ 'ਚੋਂ,
ਬੁੱਕਾਂ ਭਰ ਭਰ ਪੀਤਾ ਜ਼ਹਿਰ।

ਸੁਪਨੇ ਦੱਬੇ ਪਤਣਾਂ 'ਤੇ,
ਪਾਣੀ ਮਾਰੀ ਐਸੀ ਲਹਿਰ।

ਨਾ ਇਹ ਪਿੰਡਾ ਸੜਦਾ ਏ,
ਨਾ ਢਲਦੀ ਏ ਸ਼ਿਖ਼ਰ ਦੁਪਹਿਰ।

 

To veiw this site you must have Unicode fonts. Contact Us

punjabi-kavita.com