Murhka Te Kanak : Devinder Satyarthi

ਮੁੜ੍ਹਕਾ ਤੇ ਕਣਕ : ਦੇਵਿੰਦਰ ਸਤਿਆਰਥੀ

ਲਹੂ ਮਿੱਟੀ
1. ਮੁੜ੍ਹਕਾ

ਮੁੜ੍ਹਕੋ ਮੁੜ੍ਹਕਾ ਹੋਆਂਗੇ
ਅਸੀਂ ਧਰਤੀ-ਜਾਏ;
ਮੁੜ੍ਹਕੋ ਮੁੜ੍ਹਕਾ ਹੋਆਂਗੇ
ਕਣਕਾਂ-ਪਰਨਾਏ !

ਓਧਰ ਸਾਡੇ ਡੌਲਿਆਂ ਨੂੰ ਕਾਲ ਵੰਗਾਰੇ,
ਏਧਰ ਉਡ ਉਡ ਧੂੜ ਪਈ ਪੈਰਾਂ ਦੀ ਹਾਰੇ ।
ਕਿਉਂ ਸਾਡੀਆਂ ਆਂਦਰਾਂ ਮੁੜ-ਮੁੜ ਕੁਰਲਾਣ ?
'ਮੰਗਾਂ' ਸਾਡੇ ਸੁਫ਼ਨਿਆਂ ਨੂੰ ਕਿਉਂ ਝੁਠਲਾਣ ?
ਜੇ ਭੁੱਖਾਂ ਇਹ ਵਧੀਆਂ, ਕਣਕਾਂ ਨਾ ਜੰਮੀਆਂ,
ਵਾਰਾਂ 'ਹੋਏ' 'ਅਨਹੋਏ' ਦੀਆਂ ਹੋ ਜਾਸਣ ਲੰਮੀਆਂ ।
ਕਣਕ ਬਿਨਾਂ ਢਲ ਜਾਣਗੇ ਸ਼ਿੰਗਾਰ ਗੋਰੀ ਦੇ,
ਕਣਕ ਬਿਨਾਂ ਸੁਕ ਜਾਣਗੇ ਨਵ-ਪਿਆਰ ਗੋਰੀ ਦੇ ।
ਕਣਕ ਬਿਨਾਂ ਮਿਟ ਜਾਇਗਾ ਸਭ ਸਵੈ-ਪ੍ਰਗਟਾਨ,
ਕਣਕ ਬਿਨਾਂ ਭੁਲ ਜਾਇਗਾ ਸਭ ਗਿਆਨ ਧਿਆਨ ।
ਜੇ ਹਲ ਇੰਜ ਖਲੋਤੇ ਰਹਿ ਗਏ ਧਰਤੀ ਹੋ ਗਈ ਬਾਂਝ,
ਮਾਨੁਖਤਾ ਦੇ ਦਿਸ-ਹੱਦੇ ਤੇ ਦਿਸਣੀ ਨਹੀਂ ਕੋਈ ਸਾਂਝ ।
ਫੇਰ ਗ਼ੁਲਾਮੀ ਗ਼ੁਰਬਤ ਦਾ ਬਸ ਚੱਲ ਪਏਗਾ ਰਥ,
ਚੋਵੋ ਮੁੜ-ਮੁੜ ਮੁੜ੍ਹਕਿਓ ਸਾਡੀ ਲੱਜ ਤੁਸਾਡੇ ਹੱਥ ।

ਮੁੜ੍ਹਕੋ ਮੁੜ੍ਹਕਾ ਹੋ ਰਹੇ
ਅਸੀਂ ਧਰਤੀ-ਜਾਏ;
ਮੁੜ੍ਹਕੋ ਮੁੜ੍ਹਕਾ ਹੋ ਰਹੇ
ਕਣਕਾਂ-ਪਰਨਾਏ !

ਇਸ ਮੁੜ੍ਹਕੇ ਨੂੰ ਮਾਣ ਮਾਣ ਕੇ ਲੰਘ ਗਏ ਕਈ ਪੂਰ,
ਇਸ ਮੁੜ੍ਹਕੇ 'ਚੋਂ ਨ੍ਹਾਤੀ ਸਾਡੀ ਹਰ ਹਬਸ਼ਨ ਹਰ ਹੂਰ ।
ਇਸ ਮੁੜ੍ਹਕੇ ਵਿਚ ਮੁੜ ਮੁੜ ਉਘੜੇ ਧਰਤੀ ਦਾ ਇਤਿਹਾਸ,
ਇਸ ਮੁੜ੍ਹਕੇ ਵਿਚ ਨੱਚਣ ਗੋਪੀਆਂ ਕਾਨ੍ਹ ਰਚਾਵੇ ਰਾਸ ।
ਖੂਹੋ ਵੇ ਡੂੰਘੇਰੇ ਖੋਹੋ, ਸਾਡੀ ਪ੍ਰੀਤ ਚਿਰੋਕੀ,
ਹਰੇ ਹਰੇ ਰੁੱਖਾਂ ਦੇ ਉਤੇ ਚਿਤਰੀ ਹੋਈ ਅਜੋਕੀ ।
ਨਹਿਰੇ ਨੀ ਸੁਖ ਲੱਧੀਏ ਨਹਿਰੇ, ਵਗਦੇ ਰਹਿਣ ਇਹ ਪਾਣੀ,
ਮਜ਼ਦੂਰਾਂ ਦੇ ਮੁੜ੍ਹਕਿਆਂ ਦੀ ਤੂੰ ਲੰਮੀ ਲੀਕ ਕਹਾਣੀ ।
ਹਸਦੀਏ ਨੀ ਕਪਾਹ ਦੀਏ ਫੁੱਟੀਏ, ਪਰ੍ਹੇ ਜ਼ਰਾ ਤੂੰ ਹੋਵੀਂ,
ਮਾਹੀ ਮੁੜ੍ਹਕੇ ਵਗ ਪਏ ਨੇ, ਸਈਏ ਉਨ੍ਹਾਂ ਖੜੋਵੀਂ ।
ਕਣਕ ਦੀਏ ਨੀ ਬੱਲੀਏ, ਤੈਨੂੰ ਖਾਨ ਨਸੀਬਾਂ ਵਾਲੇ,
ਤੇਰੇ ਦਾਣਿਆਂ ਗਟ ਗਟ ਪੀਤੇ ਮੁੜ੍ਹਕਿਆਂ ਸੰਦੇ ਪਿਆਲੇ ।
ਲੱਥ ਗਿਆ ਭੁੱਖਾਂ ਦਾ ਝੋਰਾ ਮੁੜ੍ਹਕੇ ਦੇ ਹੜ੍ਹ ਅੱਗੇ,
ਇਕ ਇਕ ਮੁੜ੍ਹਕੇ ਦੇ ਤੁਬਕੇ 'ਚੋਂ ਲੱਖ ਲੱਖ ਦੀਵੇ ਜੱਗੇ ।

ਮੁੜ੍ਹਕੋ ਮੁੜ੍ਹਕਾ ਹੋ ਗਏੇ
ਅਸੀਂ ਧਰਤੀ-ਜਾਏ;
ਮੁੜ੍ਹਕੋ ਮੁੜ੍ਹਕਾ ਹੋ ਗਏ
ਕਣਕਾਂ-ਪਰਨਾਏ !

ਇਸ ਮੁੜ੍ਹਕੇ ਦੀ ਗਰਮੀ ਨਾਲ ਜ਼ੰਜੀਰਾਂ ਢਲਦੀਆਂ ਜਾਣ,
ਆਜ਼ਾਦੀ ਦੀਆਂ ਲੀਹਾਂ ਨੂੰ ਇਸ ਮੁੜ੍ਹਕੇ ਦੀ ਪਹਿਚਾਨ ।
ਮੁੜ੍ਹਕਾ ਆਖੇ- ਹਲੋ ! ਖਲੋਵੋ ਨਾ ਵੇ ਤੁਸੀਂ ਇਕ ਪਲ,
ਮੁੜ੍ਹਕਾ ਆਖੇ- ਦਾਂਤੀਓ ! ਤੁਸੀਂ ਹੋਵੋ ਨਾ ਨਿਰਬਲ ।
ਹੱਸੋ ਨੀ ਕਣਕ ਦੀਓ ਬੱਲੀਓ ! ਤੁਸੀਂ ਜੰਮ ਜੰਮ ਹੱਸੋ,
ਧਰਤੀ ਦੇ ਸੀਨੇ ਦੇ ਲੁਕੇ ਭੇਦ ਅਦਿਸਵੇਂ ਦੱਸੋ ।
ਨਵੀਆਂ ਕਣਕਾਂ ਦੀ ਇਸ ਰੁੱਤੇ ਨਵਾਂ ਹੋਇਆ ਇਤਿਹਾਸ,
ਨਵੀਆਂ ਕਣਕਾਂ ਦੀ ਇਸ ਵਾਰੀ ਨਵਾਂ ਲਹੂ ਤੇ ਮਾਸ ।
ਹਾੜੀਏ ਨੀ ਜੰਮ ਜੰਮ ਤੂੰ ਆਈਂ ਜੀਵੇਂ ਅਗਲੀ ਰੁੱਤੇ;
ਤੂੰ ਤੇ ਹਾੜੀਏ, ਫੇਰ ਜਗਾਣੇ, ਭਾਗ ਅਸਾਡੇ ਸੁੱਤੇ ।

2. ਰੇਸ਼ਮ ਦੇ ਕੀੜੇ

ਕਲਕੱਤੇ ਦੇ ਬਾਜ਼ਾਰਾਂ 'ਚੋਂ ਅਜੇ ਨਾ ਮੁੱਕਾ ਰੇਸ਼ਮ-
ਓਵੇਂ ਕਿਵੇਂ ਇਹ ਬਿਛਦਾ ਸੌਂਦਾ,
ਓਵੇਂ ਕਿਵੇਂ ਇਹ ਤੁਰਦਾ ਫਿਰਦਾ,
ਵਿਆਹ ਰਚਾਂਦਾ, ਸਿਨਮੇ ਜਾਂਦਾ,
ਟੈਕਸੀ ਚੜ੍ਹਦਾ ।

ਫੁਟਪਾਥਾਂ ਦੀਆਂ ਸੋਹਲ ਨਾਚੀਆਂ,
ਸਖੀਆਂ ਊਦੇ ਸ਼ੰਕਰ ਦੀਆਂ,
ਅੱਖਾਂ ਅਗੋਂ ਲੰਘ ਲੰਘ ਜਾਣ,
ਇਕ ਤੋਂ ਪੁਛਿਆ ਬਿਨਾ ਸਿਆਣ-
ਦਸ ਕਿਤਨੇ ਕੀੜੇ ਨੇ ਮੋਏ
ਤੇਰੀ ਸਾੜੀ ਦੇ ਇਕ ਵੱਟ ਵਿਚ,
ਤੇ ਅੰਗਿਏ ਦੇ ਖੂਨੀ ਪਟ ਵਿਚ ?

ਅਸਮਾਨਾਂ ਦੇ ਜਾਪਾਨੀ ਬਮ-ਮਾਰ,
ਫੁਟਪਾਥਾਂ ਤੇ ਭੁੱਖਿਆਂ ਦੀ ਇਹ ਚੀਖ਼ ਪੁਕਾਰ;
ਪਿੱਲੇ ਨੇ ਆਦਮ ਦੇ ਬੇਟੇ,
ਰੋਟੀ ਦੇ ਟੁਕੜੇ ਨੂੰ ਸਹਿਕਦੇ !
ਮੋਏ ਹੋਸਨ ਲੱਖਾਂ ਹੀ ਕਵਿ
ਲਿਖ ਲਿਖ ਕਵਿਤਾ,
ਜਿਵੇਂ ਮੋਏ ਰੇਸ਼ਮ ਦੇ ਕੀੜੇ
ਕੱਤ ਕੱਤ ਰੇਸ਼ਮ;
ਕੌਣ ਗਿਣੇ ਹੁਣ ਕਿਤਨੇ ਕੀੜੇ
ਜ਼ਿੰਦਾ ਨੇ ਤੇ ਜ਼ਿੰਦਾ ਰਹਿਸਨ ?
ਕਲਕੱਤੇ ਦੇ ਬਾਜ਼ਾਰਾਂ 'ਚੋਂ ਅਜੇ ਨਾ ਮੁੱਕਾ ਰੇਸ਼ਮ !

3. ਜਗਰਾਤਾ

ਵਿਸ਼ੇ-ਨੁਚੜੀਆਂ ਲੱਖਾਂ ਜਿੰਦਾਂ
ਸੁੱਤ-ਉਨੀਂਦੀਆਂ ਪਈਆਂ,
ਮਨ ਉਨ੍ਹਾਂ ਦੇ ਹੁੱਟੇ ਹਾਰੇ
ਰੂਹਾਂ ਬੁੱਸੀਆਂ ਬੇਹੀਆਂ ।

ਅੱਧੀਆਂ ਹੁੱਟੀਆਂ ਨਾਲ ਭੋਖੜ
ਅਧੀਆਂ ਹੁੱਟੀਆਂ ਚਰ ਚਰ,
ਅਧੇ ਮੁਰਦੇ ਜੰਗ ਮੈਦਾਨੀਂ
ਅੱਧੇ ਮੁਰਦੇ ਘਰ ਘਰ ।

ਅਧਿਆਂ ਨੂੰ ਲੈ ਡੁੱਬਾ ਲੋਹਾ
ਅਧਿਆਂ ਸੋਨਾ ਚਾਂਦੀ,
ਡੋਲ੍ਹ ਡੋਲ੍ਹ ਕੇ ਲਹੂ ਤੇ ਵੀਰਜ
ਪਈ ਵੀਰਤਾ ਮਾਂਦੀ ।

ਅੰਨ੍ਹਾਂ ਬੋਲਾ ਯਗ ਖੁਦ ਸੁੱਤਾ
ਸੁਤੀਆਂ ਵੇਦ ਕਤੇਬਾਂ,
ਰੱਬ ਦੇ ਸੁਣਦੇ ਸਿਰਫ਼ ਘੁਰਾੜੇ
ਹੂਰਾਂ ਦੀਆਂ ਪੰਜੇਬਾਂ ।

ਉਲਟੀ ਸਾਇੰਸਦਾਨ ਦੀ ਮੇਹਨਤ
ਚਿੰਤਕ ਦੀ ਹੁਸ਼ਨਾਕੀ,
ਡਿੱਗਾ ਉਮਰ ਖ਼ਿਆਮ ਫਰਸ਼ ਤੇ
ਨਾਲੇ ਉਸਦਾ ਸਾਕੀ ।

ਤਨ ਜਨਤਾ ਦੇ ਮਨ ਜਨਤਾ ਦੇ
ਬੁਝ ਗਏ ਵਾਂਗ ਚਿਰਾਗਾਂ,
ਲਹੂ ਮਿੱਟੀ ਦੇ ਹੌਕਿਆਂ ਅੰਦਰ
ਮੈਂ ਬਸ ਹਾਲੇ ਜਾਗਾਂ ।

4. ਨਵੀਂ ਸ਼ਹਿਜ਼ਾਦੀ

ਅੱਜ ਉਹ ਕਹਾਣੀ
ਮੈਂ ਨਹੀਂ ਸੁਨਾਣੀ :
ਉਸ ਸ਼ਹਿਜ਼ਾਦੇ ਤੋਂ
ਤੈਂ ਕੀ ਏ ਲੈਣਾ ?
ਉਸ ਸ਼ਹਿਜ਼ਾਦੀ ਨੂੰ
ਤੈਂ ਕੀ ਏ ਦੇਣਾ ?

ਦਾਦਾ ਮਜ਼ਦੂਰ,
ਦਾਦੀ ਮਜ਼ਦੂਰਨ;
ਪਿਉ ਮਜ਼ਦੂਰ,
ਮਾਂ ਮਜ਼ਦੂਰਨ ।

ਚੰਗਾ ਨਹੀਓਂ ਲਗਦਾ
ਮੈਨੂੰ ਉਹ ਸ਼ਹਿਜ਼ਾਦਾ,
ਸੱਤ ਸਾਗਰ ਪਾਰਲੇ,
ਟਾਪੂ ਸੁਨਹਿਰੀ ਵਿਚ,
ਮਹਿਲ ਸੁਨਹਿਰੀ ਵਿਚ,
ਸੇਜ ਸੁਨਹਿਰੀ ਤੋਂ,
ਯੁਗਾਂ ਦੀ ਸੁੱਤੀ
ਸ਼ਹਿਜ਼ਾਦੀ ਨੂੰ ਜਗਾਂਦਾ,
ਯੁਗਾਂ ਦੀ ਸੁੱਤੀ ਹੋਈ
ਭੁੱਖ ਸੁਲਗਾਂਦਾ ।

ਪਾਥੀਆਂ ਨੇ ਗਿੱਲੀਆਂ,
ਅੱਗ ਨਹੀਓਂ ਬਲਦੀ,
ਪੇਸ਼ ਨਹੀਓਂ ਚਲਦੀ,
ਖਾ ਲਿੱਤੀ ਧੂਏਂ ਨੇ,
ਟੁੱਟ ਪੈਣੇ ਧੂਏਂ ਨੇ !

ਦੱਸੀਂ ਦੱਸੀਂ, ਭੈਣਾਂ !
ਉਸ ਸ਼ਹਿਜ਼ਾਦੇ ਨੂੰ ਵੀ,
ਉਸ ਸ਼ਹਿਜ਼ਾਦੀ ਨੂੰ ਵੀ,
ਲੱਗੀ ਹੋਈ ਭੁੱਖ ਤਾਂ ?

"ਆਹੋ ਆਹੋ, ਵੀਰਨ !
ਮੇਰੇ ਰਾਜੇ, ਵੀਰਨ !
ਹੁਣੇ ਅੱਗ ਮੱਚਸੀ,
ਹੁਣੇ ਰੋਟੀ ਪੱਕਸੀ ।

ਨਵੀਂ ਕਣਕ ਦੀ
ਨਵੀਂ ਨਵੀਂ ਬੱਲੀ ਵਾਂਗ,
ਨਵੀਂ ਮਕੱਈ ਦੀ
ਨਵੀਂ ਨਵੀਂ ਛੱਲੀ ਵਾਂਗ,
ਨਵਾਂ ਨਵਾਂ ਜੀਵਨ
ਸ਼ੁਰੂ ਹੋਸੀ, ਵੀਰਨ !
ਨਵੇਂ ਨਵੇਂ ਲਹੂ ਹੋਸਨ,
ਨਵੀਂ ਨਵੀਂ ਮਿੱਟੀ ।

ਦਾਦਾ ਮਜ਼ਦੂਰ,
ਦਾਦੀ ਮਜ਼ਦੂਰਨ;
ਪਿਉ ਮਜ਼ਦੂਰ,
ਮਾਂ ਮਜ਼ਦੂਰਨ ।

ਸ਼ਹਿਜ਼ਾਦਾ ਮਜ਼ਦੂਰ,
ਸ਼ਹਿਜ਼ਾਦੀ ਮਜ਼ਦੂਰਨ;-
ਅੱਜ ਉਹ ਕਹਾਣੀ
ਮੈਂ ਨਹੀਂ ਸੁਨਾਣੀ ।

5. ਹਿੰਦੁਸਤਾਨ

ਓ ਹਿੰਦੁਸਤਾਨ !
ਤੇਰੇ ਹਲ ਨੇ ਲਹੂ ਲੁਹਾਨ,
ਓ ਹਿੰਦੁਸਤਾਨ !

ਤੇਰੇ ਲੀੜੇ ਲੀਰਾਂ ਲੀਰਾਂ,
ਤੇਰੇ ਪੈਰੀਂ ਟੁੱਟੇ ਛਿੱਤਰ,
ਤੇਰਾ ਢਿੱਡ ਕਬਰ ਸਦੀਆਂ ਦੀ
ਓ ਹਿੰਦੁਸਤਾਨ !

'ਬਹੁਤਾ ਅਨਾਜ ਉਪਜਾਓ !'-
ਇਹ ਇਸ਼ਤਿਹਾਰ ਸਰਕਾਰੀ,
ਪਰ ਕਣਕਾਂ ਦੇ ਪਿਓ ਅਨਪੜ੍ਹ
ਓ ਹਿੰਦੁਸਤਾਨ !

ਮੈਂ ਕਾਲੀਦਾਸ ਨੂੰ ਆਖਾਂ-
ਅੱਜ 'ਮੇਘ-ਦੂਤ' ਨੂੰ ਠੱਪ ਲੈ,
ਦੱਸ ਭੁੱਖ ਨੇੜੇ ਕਿ ਬਿਰਹੋਂ ?
ਓ ਹਿੰਦੁਸਤਾਨ !

ਮਹਾਂਨਦੀ ਪਈ ਦੱਸੇ-
ਬੰਦੇ ਪੂਰੇ ਛੀ ਵੀਹਾਂ
ਅੱਜ ਮਿੱਟੀ ਫਕ ਫਕ ਮੋਏ !
ਓ ਹਿੰਦੁਸਤਾਨ !

ਨਾਚ ਅਜੰਤਾ-ਯੁਗ ਦੇ
ਕਿਉਂ ਨਚਦਾ ਏਂ ਊਦੇ ਸ਼ੰਕਰ ?
ਅੱਜ ਭੁੱਖਾ ਹੈ ਬੰਗਾਲ !
ਓ ਹਿੰਦੁਸਤਾਨ !

ਮੇਰੀ ਅੱਖ ਆਸਾਮ 'ਚ ਪਹੁੰਚੀ,
ਮੈਂ ਵੇਖੇ ਲੱਖਾਂ ਪਿੰਜਰ !
ਅੱਜ 'ਬਿਹੂ' ਨਾਚ ਵੀ ਮੋਇਆ !
ਓ ਹਿੰਦੁਸਤਾਨ !

ਸਦੀਆਂ ਦੀ ਬੁੱਢੀ ਠੇਰੀ
ਬੇਸ਼ਰਮ ਵੰਝਲੀ ਵਜ ਵੱਜ,
ਤੇਰੇ ਬੁਲ੍ਹਾਂ ਤੇ ਮੋਈ !
ਓ ਹਿੰਦੁਸਤਾਨ !

ਤੇਰਾ ਢਿੱਡ ਕਬਰ ਸਦੀਆਂ ਦੀ
ਓ ਹਿੰਦੁਸਤਾਨ !

6. ਇਹ ਬੈਲ

ਮੁੜ ਹੋਸਨ ਆਜ਼ਾਦ ਇਹ ਬੈਲ, ਇਹ ਬੈਲ--
ਸਚ, ਮੁੜ ਹੋਸਨ ਆਜ਼ਾਦ ਇਹ ਬੈਲ ?
ਲਾਹ ਸੁੱਟਸਨ ਮੁੜ ਇਕ ਦਿਨ
ਸਦੀਆਂ ਦੀਆਂ ਪੰਜਾਲੀਆਂ ?
ਹਲਾਂ ਤੋਂ ਕੰਨ੍ਹੇਂ ਛੁਡਾਸਨ ਇਹ ਬੈਲ ?
ਬੀਬੇ ਰੱਬ ਨੂੰ,
ਠੱਗ ਸ਼ਤਾਨ ਨੂੰ
ਢੁਡਾਂ ਮਾਰ ਡੇਗਸਨ,
ਸਿਙਾਂ ਉੱਤੇ ਚੁੱਕ ਲੈਸਨ ਇਹ ਬੈਲ, ਇਹ ਬੈਲ ?

ਮੁੜ ਨਾ ਵਗਸਨ ਹਲ,
ਨਾ ਪੈਸਨ ਬੀ,
ਨਾ ਜੰਮਸਨ ਪੈਲੀਆਂ;
ਕਿੱਥੇ ਤੁਰ ਜਾਸਨ ਇਹ ਬੈਲ, ਇਹ ਬੈਲ ?
ਕਦੀਓ ਨਾ ਭੁਲਸਨ ਸੁਆਦ ਪੁਰਾਣੇ--
ਕਿਥੇ ਮਿਲਸੀ ਤੂੜੀ,
ਨੀਰਾ,
ਦਾਣਾ,
ਪੱਠੇ ਹਰੇ ਹਰੇ ?
ਭੁੱਖੇ ਭਾਣੇ,
ਮੂੰਹ ਮਾਰਸਨ ਥਾਂ ਥਾਂ ਇਹ ਬੈਲ, ਇਹ ਬੈਲ !
ਮੁੜ ਨਾ ਵਰ੍ਹਸਨ ਪਰਾਣੀਆਂ,
ਨਾ ਚੁਭਸਨ ਆਰਾਂ ਤਿਖੀਆਂ,
ਨਾ ਮਿਨਸਨ ਗਾਲ੍ਹਾਂ, ਹੱਲਾਸ਼ੇਰੀਆਂ ।

ਆਪਣੀ ਖ਼ੁਸ਼ੀ ਤੁਰਸਨ,
ਆਪਣੀ ਖ਼ੁਸ਼ੀ ਬੈਠਸਨ,
ਆਪਣੀ ਖ਼ੁਸ਼ੀ ਲੇਟਸਨ,
ਆਪਣੀ ਖ਼ੁਸ਼ੀ ਸੌਂਸਨ,
ਇੰਞ ਸ਼ਾਂਤ, ਸਦੀਵੀ ਮੌਤ ਦਾ
ਸਵਾਗਤ ਕਰਦੇ ਰਹਿਸਨ ਇਹ ਬੈਲ, ਇਹ ਬੈਲ !

7. ਆਸਾਮ

ਮੈਂ ਆਸਾਮ 'ਚੋਂ ਹੋ ਆਇਆ ਹਾਂ-
ਬ੍ਰਹਮ ਪੁੱਤਰ ਸੀ ਚੁੱਪ ਚੁਪੀਤਾ,
ਚੁੱਪ ਚਾਪ ਕੰਢੇ ਦੀਆਂ ਝੁੱਗੀਆਂ,
ਜਿੰਦਰੇ ਵਾਂਗ ਬੰਦ ਸੀ ਜੀਵਨ ।

ਆ ਰਹੇ ਸਨ,
ਜਾ ਰਹੇ ਸਨ,
ਸਹਿਮੀਆਂ ਸਹਿਮੀਆਂ ਪਗਡੰਡੀਆਂ 'ਤੇ
ਸਹਿਮੇ ਸਹਿਮੇ ਲੋਕ;
ਘਿਰੇ ਹੋਏ ਸਨ 'ਕਾਮ ਰੂਪ' 'ਤੇ ਯੁੱਧ ਦੇ ਬੱਦਲ ।

ਇਹ ਸਨ ਬਿਹੂ ਨਾਚ ਦੇ ਦਿਨ-
ਮੂਰਛਿਤ ਹੋਏ ਘੁੰਗਰੂ,
ਮੂਰਛਿਤ ਹੋਏ ਢੋਲ,
ਮੂਰਛਿਤ ਹੋਏ ਗੀਤ ਯੁੱਗਾਂ ਦੇ ।

ਸਿਖਰ ਪਹਾੜਾਂ ਉੱਤੋਂ
ਚੀਰ ਚੀਰ ਕੰਬਦੇ ਪਰਛਾਵੇਂ,
ਉਮਡਿਆ ਆਵੇ ਲਾਵਾ;
ਹਾਇ, ਕਿਤਨੀ ਨੇੜੇ ਦਿਸਦੀ
ਸਰਹੱਦ ਜੀਵਨ ਅਤੇ ਮੌਤ ਦੀ ।
ਰੋਕ ਜੇ ਹਾਲੇ ਵੀ ਹੈ ਬਲ !
ਰੋਕ ਜੇ ਹਾਲੇ ਵੀ ਹੈ ਸਾਹ !
ਰੋਕ ਜੇ ਹਾਲੇ ਹੈ ਆਜ਼ਾਦੀ !

8. ਓ ਲਹੂ ਮਿੱਟੀ ਦੇ ਗੀਤ !

ਸ਼ੋਕ-ਗੀਤ ਵਾਂਗੂੰ ਕੁਰਲਾਵੇ ਬੰਦੇ ਮਾਤਰਮ ਗੀਤ-
ਧੀਮਾ-ਧੀਮਾ, ਮਨ-ਡੋਬੂ, ਉਦਾਸ, ਫ਼ਰਿਆਦੀ;
ਫੇਰ ਵੀ ਬੰਕਿਮ ਬਾਬੇ ਨੂੰ ਮੇਰਾ ਪਰਨਾਮ !
ਓ ਲਹੂ ਮਿੱਟੀ ਦੇ ਗੀਤ ਨੂੰ ਮੇਰਾ ਪਰਨਾਮ !
ਅਧ-ਨੰਗੀਆਂ ਹੱਵਾ ਦੀਆਂ ਧੀਆਂ,
ਅਧ-ਨੰਗੇ ਆਦਮ ਦੇ ਪੁੱਤਰ,
ਨੰਗੇ ਪੈਰੀਂ ਤੇ ਨੰਗੇ ਸਿਰ,
ਸੈਆਂ ਕੋਹਾਂ ਦੀਆਂ ਮਜ਼ਲਾਂ ਕਰ ਕਰ,
ਆਣ ਖਲੋਤੇ ਸਵਾ ਲੱਖ ਤੋਂ ਉਪਰ,
ਇਸ ਥੁੜ-ਦਿਲੀ, ਕੰਜੂਸ, ਲਹੂ-ਪੀਣੀ ਨਗਰੀ ਦੇ ਫੁਟਪਾਥਾਂ 'ਤੇ !

ਗੂੰਗੇ ਅਸਮਾਨਾਂ ਵੱਲ ਝਾਕਣ,
ਮੁੜ ਮੁੜ ਆਖਣ
ਲਹੂ ਪਸੀਨਾ ਡੋਲ੍ਹ ਡੋਲ੍ਹ ਅਸਾਂ ਮਾਰ ਮੁਕਾਏ ਅਪਣੇ ਜੁੱਸੇ,
ਸਾਡੇ ਦਿਲ ਨੇ ਫੋੜੇ ਚਿਰਾਂ ਚਿਰਾਂ ਦੇ ਅਜੇ ਨਾ ਫਿੱਸੇ ।
ਇੱਕੋ ਗੱਲ ਸੁਣਾਵਨ ਸਾਡੇ ਜਨਮ ਜਨਮ ਦੇ ਕਿੱਸੇ,
ਰੂਹ ਤੋਂ ਕਿਤੇ ਵਧੇਰੇ
ਸਾਡੇ ਢਿੱਡ ਨੇ ਭੁੱਖੇ !
ਅਸਾਂ ਬਾਸਮਤੀ ਆਪਣੇ ਖੇਤਾਂ ਦੀ ਮੂੰਹ ਨਾ ਲਾਈ,
ਅਰਹਰ ਵੀ ਸਾਡੇ ਹਿੱਸੇ ਪੂਰੀ ਨਾ ਆਈ ।
ਸਾਡੇ ਖਲਿਹਾਨਾਂ ਤੇ 'ਬੀਬੇ ਡਾਕੂਆਂ' ਲੁੱਟ ਮਚਾਈ,
ਸਾਡੇ ਚੋ ਚੋ ਕੇ ਮਖਿਆਲ ਲੁਟੇਰੇ ਕਦੀ ਨਾ ਥੱਕੇ ।

ਅੱਜ ਲਹੂ ਪਾਣੀਓਂ ਪਤਲਾ ਹੋਇਆ-
ਪਿਤਾ ਪੁਤਰ ਵਿਚ, ਮਾਂ ਤੇ ਧੀ ਵਿਚ ਮੁੱਕੀ ਜਨਮ ਜਨਮ ਦੀ ਸਾਂਝ;
ਚੌਲਾਂ ਦੀ ਮੁੱਠ, ਭਾਤ ਦੀ ਬੁਰਕੀ, ਖੰਨੀ ਰੋਟੀ,
ਲੋੜੇ ਹਰ ਕੋਈ ਆਪਣੇ ਢਿੱਡ ਨੂੰ ।
ਮਾਵਾਂ ਨੇ ਅੱਜ ਆਪਣੇ ਹੱਥੀਂ ਪੁੱਤਰਾਂ ਦੇ ਸੰਘ ਘੁੱਟੇ,
ਪਿਓਆਂ ਨੇ ਅੱਜ ਆਪਣੇ ਹੱਥੀਂ ਸਦਾ ਲਈ ਦੇ ਛਡੀਆਂ ਧੀਆਂ;
ਨੌਂ ਨੌਂ ਆਨੀਂ, ਦਸ ਦਸ ਆਨੀਂ, ਵੀਹ ਵੀਹ ਆਨੀਂ;
ਸੌ ਦੋ ਸੌ ਨਹੀਂ ਤ੍ਰੀਹ ਹਜ਼ਾਰ !
ਇੱਕ ਇੱਕ ਕੰਜ ਕੁਆਰੀ,
ਇੱਕ ਇੱਕ ਸਜ-ਮੁਟਿਆਰ,
ਸਵੈ-ਰੱਖਿਆ ਲਈ ਬਹੂ-ਬਾਜ਼ਾਰ 'ਚ ਲਾ ਬੈਠੀ ਸ਼ਿੰਗਾਰ !
ਕਵੀਆਂ ਅਤੇ ਕਲਾਕਾਰਾਂ ਨੂੰ ਜਣਸੀ ਕੌਣ ਸੁਹਾਗਣ ਨਾਰ ?

ਚੁੱਕਸੀ ਕੌਣ ਇਤਨੀਆਂ ਲਾਸ਼ਾਂ ?
ਸਾੜਨ ਲਈ ਨਾ ਹੋਸਨ ਲੱਕੜਾਂ !
ਪੁੱਟਸੀ ਕੌਣ ਇਤਨੀਆਂ ਕਬਰਾਂ ?
ਮੈਨੂੰ ਪੂਰੀ ਪਹਿਚਾਨ ਇਨ੍ਹਾਂ ਦੇ ਕਾਲੇ ਕਾਲੇ ਨੈਣਾਂ ਦੀ;
ਮੈਨੂੰ ਪੂਰੀ ਪਹਿਚਾਨ ਇਨ੍ਹਾਂ ਦੇ ਘੁੰਗਰਾਂ ਵਾਲੇ ਵਾਲਾਂ ਦੀ;
ਮੈਨੂੰ ਰਹਿਸਣ ਯਾਦ ਕਦੀਮੀ ਗੀਤ ਇਨ੍ਹਾਂ ਦੇ,
ਮੈਨੂੰ ਰਹਿਸਣ ਯਾਦ ਨਸ਼ੀਲੇ ਨਾਚ ਇਨ੍ਹਾਂ ਦੇ ।
ਮੈਨੂੰ ਇਨ੍ਹਾਂ ਦੇ ਉਤਸਵ, ਇਨ੍ਹਾਂ ਦੇ ਮੇਲੇ ਕਦੀ ਨਾ ਭੁੱਲਸਨ,
ਮੇਰੀ ਨਬਜ਼ ਵਿਚ ਅੱਜ ਚਲਦੀ ਨਬਜ਼ ਇਨ੍ਹਾਂ ਦੀ;
ਮੇਰੇ ਜੁੱਸੇ ਵਿਚ ਅੱਜ ਲਿਸ਼ਕੇ ਬਿਜਲੀ ਕੋਈ ਇਨ੍ਹਾਂ ਦੀ ।

ਇਸ ਲੁਟੀ ਪਿਟੀ ਜਨਤਾ ਦੇ ਕੋਲ ਖਲੋ ਕੇ,
ਇੱਕ ਇੱਕ ਦੇ ਮੋਢੀਂ ਹੱਥ ਰੱਖ ਕੇ,
ਮੈਂ ਤੱਕੀ ਕਰਾਂਤੀ ਅੱਖਾਂ ਵਿਚ ਧੁਖਦੀ ਧੁਖਦੀ ।
ਪਤਾ ਨਹੀਂ ਕੀ ਕਰੇ ਕੋਈ ਅੱਜ ? ਪਤਾ ਨਹੀਂ !
ਪਤਾ ਨਹੀਂ ਕਦ ਮਿੱਟੀਓਂ ਸੋਨਾ ਉੱਗਸੀ ਇੱਥੇ ? ਪਤਾ ਨਹੀਂ !
ਪਤਾ ਨਹੀਂ ਇਸ ਜਨਮ ਜਨਮ ਦੀ ਤਪਦਿੱਕ ਤੋਂ ਕਦ ਮਿਲੇ ਖਲਾਸੀ ? ਪਤਾ ਨਹੀਂ !
ਵੇਖ ਵੇਖ ਜ਼ੰਜੀਰ ਵੱਲ ਮੈਨੂੰ ਆਵੇ ਗੁੱਸਾ,
ਪਤਾ ਨਹੀਂ ਕਿਤਨੇ ਮਣ ਲੋਹਾ ਲੱਗਾ ਹੋਸੀ ਇਸ ਨੂੰ ? ਪਤਾ ਨਹੀਂ !
ਸ਼ੁਕਰ ਸ਼ੁਕਰ, ਲੱਖ ਸ਼ੁਕਰ ਟੁੱਟਸੀ ਸਦੀਆਂ ਦੀ ਜ਼ੰਜੀਰ !
ਲੁਕੀ ਹੋਈ ਸ਼ਕਤੀ ਪਛਾਣਦੀ ਦਿੱਸੇ ਜਨਤਾ !
ਨਵੀਂ ਊਸ਼ਾ ਨੂੰ ਨਵੇਂ ਕਵੀ ਦਾ ਲੱਖ ਲੱਖ ਪਰਨਾਮ !
ਓ ਲਹੂ ਮਿੱਟੀ ਦੇ ਗੀਤ, ਭੁੱਖਾਂ ਦੀ ਰਣਭੂਮੀ ਨੂੰ ਵੀ ਪਰਨਾਮ !

9. ਜੁਗ ਜਾਵੇ ਜੁਗ ਆਵੇ

ਜਿਵੇਂ ਬਕਰੀਆਂ ਦੇ ਥਣ ਆਪੇ
ਚੋ ਚੋ ਪੈਣ ਚਟਾਨਾਂ ਉੱਤੇ,
ਆਪੇ ਛਿੜ ਪਏ ਕਈ ਸਾਜ਼-
ਯੁਗ ਜਾਵੇ,
ਯੁਗ ਆਵੇ ।
ਮੈਂ ਸੋਚਦਾਂ-
ਇਨ੍ਹਾਂ ਨੀਹਾਂ 'ਤੇ,
ਇਨ੍ਹਾਂ ਹੱਡਾਂ 'ਤੇ,
ਖੋਪਰੀਆਂ 'ਤੇ
ਥਾਪੀ ਜਾਸੀ, ਰੱਖੀ ਜਾਸੀ,
ਮੁੜ ਕਿਸ ਸਭਿਤਾ ਦੀ ਬੁਨਿਆਦ ?

ਨਾਗਾ ਸਾਕੀ, ਹਿਰੋ ਸ਼ੀਮਾ,
ਸਹਿ ਨਾ ਸਕੇ ਦੋ ਪ੍ਰਮਾਣੂ ਬੰਬਾਂ ਦੀ ਸੱਟ ।
ਬੰਬ-ਮਾਰਾਂ ਨੂੰ ਕੁਝ ਨਾ ਆਖ,
ਰੋ ਨਾ ਮੁੱਕੀ ਸੁੰਦਰਤਾ ਨੂੰ ।
ਮੈਂ ਸੋਚਦਾਂ-
ਬੇ-ਕਫ਼ਨਾਏ ਪਿਆਰਾਂ ਨੂੰ
ਮੁੜ ਮੁੜ ਕਰਦਾ ਵਾਂ ਕਿਉਂ ਯਾਦ ?

ਕੁੱਖ ਸਮੇਂ ਦੀ ਬਰਬਾਦੀ ਤੋਂ
ਡਰ ਕੇ ਕਦ ਹੁੰਦੀ ਏ ਬਾਂਝ ?
ਤੱਕ ਆਜ਼ਾਦੀ ਦਾ ਨਾਚ,
ਅੱਜ ਗ਼ੁਲਾਮੀ ਭੇਸ ਵਟਾਵੇ !
ਮੈਂ ਸੋਚਦਾਂ-
ਇਹ ਨਵੀਆਂ ਜ਼ੰਜੀਰਾਂ,
ਅੰਨ੍ਹੀ ਆਦਮ ਦੀ ਔਲਾਦ !

ਤਕ ਰੌਸ਼ਨੀਆਂ,
ਸੁਣ ਢੋਲ ਢੁਮੱਕੇ ਮੀਲਾਂ ਤੀਕ-
'ਬਲੈਕ ਆਊਟ' ਦੀ ਲਾਸ਼ ਇਹ,
ਨਾ ਏਧਰ ਝਾਕ;
ਮਾਵਾਂ ਮਰੇ ਸਿਪਾਹੀਆਂ ਦੀਆਂ
ਜ਼ੇਬਾਂ ਵਿਚ ਪੈਸੇ ਛਣਕਾਣ ।
ਮੈਂ ਸੋਚਦਾਂ-
ਹਾਲੇ ਤੀਕਣ ਮੇਰੀ
ਕਿਉਂ ਓਹੀਓ ਫ਼ਰਿਆਦ !

ਹੇ ਮਖਿਆਰੀਓ,
ਜੰਮ ਜੰਮ ਮਾਖਿਓਂ ਕਰੋ ਤਿਆਰ ।
ਕੀੜਿਓ,
ਕੀੜੀਓ,
ਰੇਸ਼ਮ ਕੱਤ ਕੱਤ ਭਰੋ ਭੰਡਾਰ;
ਭੇਡੋ, ਭੇਡ-ਚਾਲ ਨਾ ਭੁੱਲੋ ਰਾਹ ਵਿਚਕਾਰ ।
ਮੈਂ ਸੋਚਦਾਂ-
ਮੁੜ ਅਫ਼ੀਮ ਤੋਂ ਸਸਤਾ ਵਿਕਸੀ
ਨਵੇਂ ਮਨੁਖ ਦਾ ਨਵਾਂ ਮਜ਼੍ਹਬ ਆਜ਼ਾਦ !

10. ਕਣਕ

ਅੱਗੇ ਨਾਲੋਂ ਕਿਤੇ ਵਧੇਰੇ ਉੱਗਣ ਕਣਕਾਂ-
ਨਹਿਰੀ ਅਤੇ ਬਰਾਨੀ;
ਅੱਗੇ ਨਾਲੋਂ ਹਲ ਨੇ ਵਗਦੇ
ਕਿਤੇ ਡੂੰਘੇਰੇ,
ਦਾਂਤੀਆਂ ਦੇ ਮੂੰਹ
ਕਿਤੇ ਤਿਖੇਰੇ ।
ਧਰਤੀਏ ਨੀ, ਸਮਝਾ ਕਣਕ ਨੂੰ-
ਜਿਧਖਿਧੀਆਂ ਨਾ ਕਰੇ ਪਈ ਇੰਜ,
ਭੁੱਖਿਆਂ ਨਾਲ ਕੀ ਆਖੇ ਹਾਸਾ ?

ਮੰਨਿਆਂ ਅਸੀਂ ਤੇ ਬੈਲ ਅਸਾਡੇ
ਅੰਨ ਦੇ ਕੀੜੇ;
ਮੰਨਿਆਂ ਇਸ਼ਕ ਕਣਕ 'ਚੋਂ ਜੰਮਦਾ,
ਹੁਸਨ ਕਣਕ ਤੇ ਪਲਦਾ;
ਮੰਨਿਆਂ ਨਵੀਂ ਜਵਾਨੀ
ਨਵੀਆਂ ਕਣਕਾਂ ਦਾ ਉਤਸਾਹ;
ਚੱਪਾ ਕੁ ਰੋਟੀ ਵੇਖ ਕੇ
ਸਾਨੂੰ ਚੜ੍ਹਦਾ ਗਿੱਠ ਗਿੱਠ ਚਾ !

ਹਾਇ ! ਉਹ ਪੁੱਤਰ ਪਰਾਏ,
ਹਾਇ ! ਉਹ ਸੋਨੇ-ਚਾਂਦੀ ਜਾਏ;
ਹਾਇ ! ਇਹ ਕੰਜ ਕੁਆਰੀਆਂ ਸਾਡੀਆਂ,
ਹਾਇ ! ਇਹ ਨਵੀਆਂ ਕਣਕਾਂ ਸਾਡੀਆਂ !
ਆ ਜਾਸਣ ਉਹ ਪੁੱਤਰ ਪਰਾਏ, ਖੜਸਨ ਮਲੋਜ਼ੋਰੀਆਂ.
ਡੋਲੀਆਂ ਅੰਦਰ ਪਾ ਕੇ ਲਾਜ ਲਜੀਲੀਆਂ ਕਣਕਾਂ ਗੋਰੀਆਂ ।

ਅੱਗੇ ਨਾਲੋਂ ਕਿਤੇ ਵਧੇਰੇ ਚਮਕਣ ਤਾਰੇ,
ਅੱਗੇ ਨਾਲੋਂ ਕਿਤੇ ਵਧੇਰੇ ਚਮਕੇ ਚੰਨ ਵੀ ।
ਚੀਰ ਚੀਰ ਸੰਨਾਟੇ ਨੂੰ ਫਿਰ,
ਗੀਤ ਕਿਸੇ ਨੇ ਦਿੱਤਾ ਛੋਹ-
"ਚੰਨਾ ਵੇ, ਤੇਰੀ ਮੇਰੀ ਚਾਨਣੀ,
ਤਾਰਿਆ ਵੇ, ਤੇਰੀ ਮੇਰੀ ਲੋ ।
ਚੰਨ ਪਕਾਵੇ ਰੋਟੀਆਂ,
ਤਾਰਾ ਕਰੇ ਰਸੋ ।
ਚੰਨੇ ਦੀਆਂ ਪੱਕੀਆਂ ਮੈਂ ਖਾਧੀਆਂ,
ਤਾਰੇ ਦੀਆਂ ਰਹਿ ਗਈਆਂ ਦੋ !"

ਧਰਤੀਏ ਨੀ, ਸਮਝਾ ਕਣਕ ਨੂੰ-
ਜਿਧਖਿਧੀਆਂ ਨਾ ਕਰੇ ਪਈ ਇੰਜ,
ਭੁੱਖਿਆਂ ਨਾਲ ਕੀ ਆਖੇ ਹਾਸਾ ?

ਲੀਲਾ ਰੂਪ
11. ਤੀਵੀਆਂ ਨਹੀਂ ਮਸ਼ੀਨਾਂ

ਸੂਈ ਜਾਵਣ ਮੱਝੀਆਂ, ਗਾਈਆਂ,
ਕੁੱਤੀਆਂ, ਬਿੱਲੀਆਂ, ਚੂਹੀਆਂ;
ਭੁੱਖੀਆਂ ਭੇਡਾਂ ਅਤੇ ਬਕਰੀਆਂ,
ਸੱਪਣੀਆਂ ਦੋ-ਮੂੰਹੀਆਂ ।

ਕਈ ਤਿਤਲੀਆਂ, ਕਈ ਕੀੜੀਆਂ,
ਲੀਖਾਂ, ਧੱਖਾਂ, ਜੂੰਆਂ;
ਲੱਖਾਂ ਪੁਸ਼ਤਾਂ ਅਤੇ ਪੀੜ੍ਹੀਆਂ,
ਸੂਆਂ ਉੱਤੇ ਸੂਆਂ ।

ਕੀ ਸਮਝੇ ਕੋਈ ਅਰਥ ਪ੍ਰਾਣ ਦੇ
ਲਭਿਆਂ ਕਿੱਥੇ ਲਭਦੇ ?
ਪੈਦਾ ਕਰ ਕਰ ਸੁੱਟੀ ਜਾਵਣ
ਜੀ ਫਬਦੇ ਅਣਫਬਦੇ ।

ਬੇਸ਼ਕ ਲੱਥੀ ਜਾਣ ਖੂਹਣੀਆਂ
ਵਿਸ਼ਾ ਤਾਂ ਚੜ੍ਹਦਾ ਜਾਵੇ,
ਜਿਵੇਂ ਕਿਵੇਂ ਇਹ ਵਧਣ ਫੁਲਣਗੀਆਂ
ਯੁੱਧ ਨਸਲਾਂ ਪਿਆ ਖਾਵੇ ।

ਇਹ ਪਰ ਤਾਂ ਵੀ ਨਹੀਂ ਖੜ੍ਹਨਗੀਆਂ,
ਰੱਬ ਖਲੋ ਜਾਵੇ ਥੰਮ ਜ਼ਮੀਨਾਂ;
ਸਦਾ ਜੰਮਣਗੀਆਂ, ਸਦਾ ਚੱਲਣਗੀਆਂ
ਤੀਵੀਆਂ ਨਹੀਂ ਮਸ਼ੀਨਾਂ !

12. ਨਿੱਕੇ ਨਿੱਕੇ ਤਾਰੇ, ਗੋਰੀਏ !

ਨਿੱਕੇ ਨਿੱਕੇ ਤਾਰੇ, ਗੋਰੀਏ,
ਨਿੱਕੇ ਨਿੱਕੇ ਹੰਝੂ,
ਸਾਡੇ ਹੰਝੂਆਂ ਵਾਂਗ ਗੋਰੀਏ,
ਇਹ ਤਾਰੇ ਵੀ ਹੋਸਨ ਖਾਰੇ ।

ਯੁਧ ਦਾ ਅੰਤ ਨਾ ਪਾਰ, ਗੋਰੀਏ,
ਇਹ ਨੇ ਕਲਾ ਦੇ ਹੰਝੂ;
ਸਾਡੇ ਹੰਝੂਆਂ ਕੋਲੋਂ, ਗੋਰੀਏ,
ਤਾਰੇ ਹੋਸਣ ਕਿਵੇਂ ਨਿਆਰੇ ?

ਲਹੂਆਂ ਦੇ ਘੱਲੂ ਘਾਰੇ, ਗੋਰੀਏ,
ਇਹ ਕਣਕਾਂ ਦੇ ਹੰਝੂ,
ਸਾਡੇ ਹੰਝੂਆਂ ਵਾਂਗ, ਗੋਰੀਏ,
ਤਾਰੇ ਵੀ ਅੱਜ ਹੁੱਟੇ ਹਾਰੇ ।

ਜੰਮਣ-ਪੀੜ
13. ਦਮ ਘੁੱਟੇ ਲਾਸ਼ਾਂ ਵਿਚਕਾਰ

ਸੁਰਗਾਂ ਤੇ ਨਰਕਾਂ 'ਚੋਂ ਲੰਘ ਲੰਘ,
ਰੱਬ ਸ਼ੈਤਾਨ ਦੋਹਾਂ ਗਲ ਲੱਗ ਲੱਗ
ਮੈਂ ਲੱਭਿਆ ਸੰਸਾਰ ।

ਪੈਰ ਭਖਨ ਪਏ,
ਹੱਥ ਭਖਨ ਪਏ,
ਇਹ ਕੀ ਅਗਨੀ ਫੇਫੜਿਆਂ ਦੇ ਅੰਦਰਵਾਰ ?
ਚੜ੍ਹਿਆ ਗਰਦਨ-ਤੋੜ ਬੁਖਾਰ ।

ਪੁੱਤਰ ਮੇਰੇ ਭਾਲ ਰਹੇ ਨੇ ਥਰਮਾਮੀਟਰ;
ਨਬਜ਼ ਫੜਨ ਦੀ ਭੁੱਲੇ ਸਾਰ;
ਰੋਗ ਨੇ ਕੱਢੀ ਪਿਛਲੀ ਖਾਰ !

ਸੱਜੇ ਖੱਬੇ, ਅੱਗੇ ਪਿੱਛੇ,
ਲਹੂ ਲੁਹਾਨ ਨੇ ਪੁੱਤਰ ਮੇਰੇ;
ਸੜੇਹਾਂਦ ਦਾ ਅੰਤ ਨਾ ਪਾਰ
ਦਮ ਘੁੱਟੇ ਲਾਸ਼ਾਂ ਵਿਚਕਾਰ ।

14. ਹਾਤੋ

ਇਧਰਲਾ ਰੱਬ ਇਧਰ,
ਉਧਰਲਾ ਰੱਬ ਉਧਰ;
ਓ ਪੀਰ ਪੰਜਾਲ ! ਪਤਾ ਹੈ ਮੈਨੂੰ
ਬਰਫ਼ਾਨੀ ਬੂਹਾ ਤੇਰਾ
ਮਹੀਨਿਆਂ ਤੱਕ
ਭੀੜਿਆ ਥੀਸੀ ।

ਖੇਲ੍ਹਣ ਕੁੜੀਆਂ ਛੱਤਾਬਲ ਦੀਆਂ,
ਪੈਰੋਂ ਵਾਹਣੀਆਂ;
ਸਿਰੋਂ ਨਿਘਾਣੀਆਂ,
ਬਰਫ਼ਾਂ ਉੱਤੇ;
ਮੇਰੀ ਧੀ ਨਾਜ਼ਲੀ ਵੀ ।
ਨਾਜ਼ਲੀ, ਮੇਰੀ ਹੂਰਾਂਜ਼ਾਦੀ,
ਨਾਜ਼ਲੀ, ਮੇਰੀ ਚੰਨ-ਚਾਨਣੀ,
ਜੰਞਾਂ ਦੀ ਸ਼ੌਕੀਨ;
ਵਿਆਹ ਦਾ ਢੋਲ ਸੁਣ ਸੁਣ ਨੱਚੇ;
ਉਹ ਵੀ ਬਣਸੀ ਦੁਲਹਨ ਇੱਕ ਦਿਨ,
ਕੱਚ ਕੁਆਰੀਆਂ ਮੇਂਢੀਆਂ ਉਸਦੀਆਂ,
ਖੁਲ੍ਹ ਖੁਲ੍ਹ ਜਾਸਨ ।

ਚੌਕੀਦਾਰਾ ਲੈਣ ਲਈ ਸੁਬਹਾਨਾ ਸਾਡਾ ਦਰ ਦੇ ਮੂਹਰੇ
ਕੁੱਝ ਚਿਰ ਹੋਰ ਖਲੋਤਾ ਹੋਸੀ,
ਤੇ ਦਾੜ੍ਹੀ ਦੇ ਵਾਲਾਂ ਵਿਚੋਂ ਫੇਰ ਉਸ ਨੇ ਤੱਕਿਆ ਹੋਸੀ
ਮੁੜ ਕਤੀਜ ਨੂੰ-ਮੇਰੀ ਓਸ ਅਬਾਬੀਲ ਨੂੰ ।

ਓ ਕਤੀਜ ! ਓ ਅਬਾਬੀਲ !
ਤੂੰ ਸੇਕ ਕਾਂਗੜੀ,
ਇਹ ਚਨਾਰ ਦੇ ਪੱਤਿਆਂ ਦੀ ਅੱਗ ਕਦੀ ਨਾ ਬੁਝਸੀ,

ਸਰਵਰ ਜੂ ਸ਼ਾਹਜ਼ਾਦਾ !
ਸਰਵਰ ਜੂ ਫ਼ਰਿਸ਼ਤਾ !
ਦਿਲ ਦਰਿਆ !
ਕਾਂਗੜੀ ਸੇਕੇ ਤੇਰੇ ਨਾਲ !
ਉਸ ਦਾ ਕਰਜ਼ਾ ਤੁਧੇ ਚੁਕਾਇਆ !
ਮੁੜ ਮੁੜ ਆਖੇ-
"ਇਹ ਹੋਸੀ ਗੁਲਲਾਲਾ-
ਪੁੱਤਰ ਸਰਵਰ ਜੂ ਦਾ ।"

ਬਰਫ਼ਾਂ ਮੁੜ ਪਿਘਲਸਨ ਇੱਕ ਦਿਨ,
ਮੁੜ ਕਰੂੰਬਲਾਂ ਫੁੱਟਸਨ ਇਕ ਦਿਨ,
ਉਹ ਦਾਣੇ ਵੀ ਫੁੱਟਸਨ;
ਜਿਨ੍ਹਾਂ ਨੂੰ ਕਈ ਹਵਾਵਾਂ,
ਚੁੱਕ ਲੈ ਆਈਆਂ ਦੂਰ ਦੂਰ ਦੇ ਖੇਤਾਂ ਵਿੱਚੋਂ !
ਛੱਤਾਬਲ ਦਾ ਰੱਬ ਵੀ ਜਾਣੇ,
ਓ ਕਤੀਜ ! ਓ ਅਬਾਬੀਲ !
ਤੂੰ ਸੇਕ ਕਾਂਗੜੀ,
ਤੇਰੇ ਇਸ ਪੁੱਤਰ ਨੂੰ ਵੀ ਤਾਂ ਮੇਰੇ ਵਾਂਗੂੰ ਹਾਤੋ ਬਣ ਕੇ
ਆਉਣਾ ਪੈਸੀ ਪੀਰ ਪੰਜਾਲੋਂ ਪਾਰ ।

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ