Muqbal
ਮੁਕਬਲ
 Punjabi Kavita
Punjabi Kavita
  

ਹੀਰ ਮੁਕਬਲ

ਆਡੀਓ ਹੀਰ ਮੁਕਬਲ

ਹਮਦ



ਪਹਿਲੋਂ ਆਖ ਤੂੰ ਸਿਫ਼ਤ ਖ਼ੁਦਾਇ ਦੀ ਜੀ ਸਾਹਿਬ ਬੇਪਰਵਾਹ ਬੇਅੰਤ ਮੀਤਾ
ਚੌਦਾਂ ਤਬਕਾਂ ਦਾ ਬਾਦਸ਼ਾਹ ਹੋਇਆ ਹਜ਼ਰਤ ਜਿਸ ਰੱਬ ਦੇ ਨਾਮ ਦਾ ਵਿਰਦ ਕੀਤਾ
ਅਜ਼ਾਜ਼ੀਲ ਨੇ ਹੁਕਮ ਨਾ ਮੰਨਿਆਂ ਸੀ ਰੱਬ ਓਸਨੂੰ ਚਾਇ ਸ਼ੈਤਾਨ ਕੀਤਾ
ਕਰੋ ਆਜ਼ਜ਼ੀ ਰੱਬ ਕਬੂਲ ਪਾਵੇ ਰੋਜ਼ ਹਸ਼ਰ ਦੇ ਮੁਕਬਲਾ ਮੰਨ ਲੀਤਾ



ਅੱਵਲ ਨਾਮ ਖ਼ੁਦਾਇ ਦਾ ਯਾਦ ਕਰਾਂ ਪੜ੍ਹਾਂ ਲੱਖ ਵਾਰੀ ਮੈਂ ਬਿਸਮ ਅੱਲ੍ਹਾ
ਉਹ ਤਾਂ ਪਾਕ ਗ਼ੱਫ਼ਾਰ ਸੱਤਾਰ ਵੱਡਾ ਜੀਹਦਾ ਨਾਓਂ ਹਜ਼ਾਰ ਤੇ ਇਕ ਅੱਲ੍ਹਾ
ਉਹਦੇ ਦੋਸਤ ਤੋਂ ਜਾਨ ਕੁਰਬਾਨ ਕਰਾਂ ਜੀਹਦਾ ਨਾਮ ਹੈ ਬਨੀ ਰਸੂਲ ਅੱਲ੍ਹਾ
ਮਕਸਦ ਆਸ਼ਕੀ ਦੇ ਸਭ ਹੋਣ ਪੂਰੇ ਮੁਕਬਲ ਮਿਲੇ ਜਾਂ ਕਰ ਸਾਨੂੰ ਆਪ ਅੱਲ੍ਹਾ



ਇਸ਼ਕ ਹੱਕ ਨੂੰ ਆਣ ਮਿਲਾਂਵਦਾ ਏ ਏਸ ਇਸ਼ਕ ਦੇ ਵਾਰਨੇ ਜਾਈਏ ਜੀ
ਕੁੱਠੇ ਇਸ਼ਕ ਦੇ ਨੂੰ ਨਹੀਂ ਮੌਤ ਮਿਲੇ ਤੇਗ਼ ਇਸ਼ਕ ਦੀ ਮੂੰਹ ਮੂੰਹ ਖਾਈਏ ਜੀ
ਇਸ਼ਕ ਬਰਨ ਹੈ ਔਲੀਆਂ ਅੰਬੀਆਂ ਦਾ ਮਜ਼ਾ ਇਸ਼ਕ ਦਾ ਫ਼ਕਰ ਥੀਂ ਪਾਈਏ ਜੀ
ਰਲ਼ ਆਸ਼ਿਕਾਂ ਆਖਿਆ ਮੁਕਬਲੇ ਨੂੰ ਸਾਨੂੰ ਹੀਰ ਦਾ ਇਸ਼ਕ ਸੁਣਾਈਏ ਜੀ



ਕਿਹਾ ਆਸ਼ਿਕਾਂ ਹੁਕਮ ਮਨਜ਼ੂਰ ਕੀਤਾ ਕਿੱਸਾ ਹੀਰ ਤੇ ਰਾਂਝੇ ਦਾ ਜੋੜੀਏ ਜੀ
ਭੜਕੇ ਇਸ਼ਕ ਦੀ ਭਾਹ ਪਤੰਗ ਵਾਂਗੂੰ ਮੂਲ ਜਲਦਿਆਂ ਅੰਗ ਨਾ ਮੋੜੀਏ ਜੀ
ਭੁੱਜ ਮਰਨ ਕਬੂਲ ਹੈ ਆਸ਼ਿਕਾਂ ਨੂੰ ਨਿਹੁੰ ਲਾਇਕੇ ਮੂਲ ਨਾ ਤੋੜੀਏ ਜੀ
ਮੁਕਬਲ ਗੱਲ ਕੀਤੀ ਸਾਡੇ ਹੱਡ ਪਈ ਗਲ ਪਈ ਨਿਭਾਵਣੀ ਲੋੜੀਏ ਜੀ



ਸਾਨੂੰ ਪੱਕਿਆਂ ਕੱਲਿਆਂ ਯਾਦ ਆਇਆ ਜੀ ਲੋਚਦਾ ਮੇਲਾਂ ਸਹੇਲੀਆਂ ਨੂੰ
ਕਾਈ ਗੱਲ ਲੋੜੀਂਦਾ ਇਸ਼ਕ ਸੰਝਾਂ ਮਨ ਮਾਨੀਆਂ ਗਰਬ ਗਹੇਲੀਆਂ ਨੂੰ
ਸਾਡੀ ਆਜ਼ਜ਼ੀ ਬੇਨਤੀ ਅੱਗੇ ਤੇਰੇ ਰੱਬਾ ਮੇਲ ਅਸਾਡਿਆਂ ਬੇਲੀਆਂ ਨੂੰ
ਮੁਕਬਲ ਬਾਝ ਪਿਆਰਿਆਂ ਦੋਸਤਾਂ ਦੇ ਭੁਲਾਨੀਆਂ ਮਹਿਲ ਹਵੇਲੀਆਂ ਨੂੰ



ਮੇਰੀ ਸ਼ਾਇਰੀ ਤਦੋਂ ਕਬੂਲ ਹੋਈ ਜਦੋਂ ਰੱਬ ਦਾ ਨਾਂ ਧਿਆਇਆ ਮੈਂ
ਰੂਹ ਪਾਕ ਰਸੂਲ ਮਕਬੂਲ ਦੇ ਨੂੰ ਦਮ ਦਮ ਦਰੂਦ ਪੁਚਾਇਆ ਮੈਂ
ਅਬੂ ਬਕਰ ਤੇ ਉਮਰ ਉਸਮਾਨ ਅਲੀ ਅੱਗੇ ਚੌਹਾਂ ਦੇ ਸੀਸ ਨਿਵਾਇਆ ਮੈਂ
ਮੁਕਬਲ ਹੀਰ ਤੇ ਰਾਂਝੇ ਦਾ ਸਭ ਕਿੱਸਾ ਰੋ ਰੋ ਆਹੀਂ ਦੇ ਨਾਲ ਬਣਾਇਆ ਮੈਂ

ਹੀਰ ਤੇ ਰਾਂਝੇ ਦੀ ਕਹਾਣੀ ਦੀ ਸ਼ੁਰੂਆਤ



ਮੌਜੂ ਜੱਟ ਦਾ ਲਾਡਲਾ ਨਾਉਂ ਧੀਦੋ ਵਿਚ ਤਖ਼ਤ ਹਜ਼ਾਰੇ ਦੇ ਵੱਸਦਾ ਸੀ
ਮੂੰਹੋਂ ਝੜਨ ਗੁਲਾਬ ਦੇ ਫੁੱਲ ਤਾਜ਼ੇ ਜਦੋਂ ਸੋਹਣਾ ਖੁੱਲ ਕੇ ਹੱਸਦਾ ਸੀ
ਨੈਣਾਂ ਹੀਰ ਦਿਆਂ ਖ਼ਾਬ ਵਿਚ ਜ਼ਿਬ੍ਹਾ ਕੀਤਾ ਭੇਤ ਕਿਸੇ ਨੂੰ ਮੂਲ ਨਾ ਦੱਸਦਾ ਸੀ
ਦਿਨ ਰਾਤ ਮਹਿਬੂਬ ਦੇ ਵੇਖਣੇ ਨੂੰ ਪਿਆ ਮੁਕਬਲੇ ਵਾਂਗ ਤਰੱਸਦਾ ਸੀ



ਤਕਦੀਰ ਸੇਤੀ ਮੌਜੂ ਫ਼ੌਤ ਹੋਇਆ ਬਾਕੀ ਰਹੇ ਰੰਝੇਟੇ ਦੇ ਸੱਤ ਭਾਈ
ਮਿਲਕ ਆਪਣੇ ਬਾਪ ਦਾ ਵੰਡਣੇ ਨੂੰ ਪੈਂਚ ਸੱਦ ਕੇ ਭਾਈਆਂ ਨੇ ਕੱਛ ਪਾਈ
ਜਿੱਥੇ ਦੱਭ ਸਰਕੜਾ ਮੱਲਿਆ ਸੀ ਸੋਈ ਜ਼ਿਮੀਂ ਰੰਝੇਟੇ ਦੀ ਵੰਡ ਆਈ
ਪਰਵਾਹ ਕੀ ਮੁਕਬਲਾ ਆਸ਼ਿਕਾਂ ਨੂੰ ਜਿਨ੍ਹਾਂ ਰੱਬ ਦੇ ਨਾਲ਼ ਪ੍ਰੀਤ ਲਾਈ



ਦਰਦਮੰਦ ਗ਼ਰੀਬ ਯਤੀਮ ਰਾਂਝਾ ਮੋਇਆਂ ਮਾਪਿਆਂ ਦਿੱਤੀ ਸੂ ਹਾਰ ਦੰਮਾਂ
ਕਦੀ ਕੰਮ ਨੂੰ ਹੱਥ ਨਾ ਲਾਇਆ ਸੀ ਇਕ ਵਾਰਗੀ ਘੇਰਿਆ ਆਣ ਕੰਮਾਂ
ਪ੍ਰੇਸ਼ਾਨਗੀ ਨਾਲ਼ ਹੈਰਾਨ ਹੋਇਆ ਰੋ ਰੋ ਆਖਦਾ ਏ ਮੈਂ ਨਿੱਜ ਜੰਮਾਂ
ਜਦੋਂ ਆਦਮੀ ਨੂੰ ਦੁੱਖ ਲੱਗਦੇ ਨੇ ਤਦ ਆਉਂਦੀ ਮੁਕਬਲਾ ਯਾਦ ਅੰਮਾਂ

੧੦

ਇੱਕ ਰੋਜ਼ ਰਾਂਝੇ ਹੱਥ ਲਈ ਕਹੀ ਬੂਟੇ ਮਾਰਨੇ ਨੂੰ ਜੂਹੇ ਚੱਲਿਆ ਏ
ਬੂਟੀ ਮਾਰਦੇ ਦੇ ਹੱਥੀਂ ਪਏ ਛਾਲੇ ਬੰਦ ਬੰਦ ਰੰਝੇਟੇ ਦਾ ਹੱਲਿਆ ਏ
ਬੁਰੇ ਹਾਲ ਹੋ ਕੇ ਵਿਚ ਪਿਆ ਝੱਲਾਂ ਨੈਣ ਰੋਂਦਿਆਂ ਨੀਰ ਨਾ ਠੱਲਿਆ ਏ
ਸੁਖਿਆਰਿਆਂ ਨੂੰ ਰੱਬ ਦੁੱਖ ਪਾਏ ਜੀਉ ਮੁਕਬਲੇ ਦਾ ਥਰਥੱਲਿਆ ਏ

੧੧

ਭਰਜਾਈਆਂ ਲਿਆਈਆਂ ਛਾਹ ਵੇਲੇ ਭੱਤਾ ਰਾਂਝਣੇ ਗਰਬ ਗਹੇਲੜੇ ਨੂੰ
ਬੇਲੇ ਵਿਚ ਢੂੰਡੇਂਦੀਆਂ ਫਿਰਦੀਆਂ ਨੇ ਮਿਹਰ ਮੱਤੀਆਂ ਅੰਗ ਸਹੇਲੜੇ ਨੂੰ
ਰਾਂਝਾ ਕਿਧਰੇ ਨਜ਼ਰ ਨਾ ਆਇਓ ਨੇ ਢੂੰਡ ਭਾਲ ਰਹੀਆਂ ਅਲਬੇਲੜੇ ਨੂੰ
ਜਦੋਂ ਮੁਕਬਲੇ ਨੂੰ ਘਰੋਂ ਘੱਲਿਆ ਨੇ ਪੱਛੋਤਾਂਦੀਆਂ ਨੇ ਓਸ ਵੇਲੜੇ ਨੂੰ

੧੨

ਰਾਂਝਾ ਮੁੜਦੀਆਂ ਨੂੰ ਨਜ਼ਰ ਆਇਓ ਨੇ ਇਕ ਝਾੜੀ ਦੇ ਮੁੱਢ ਬੇਹਾਲ ਪਿਆ
ਪੈਰ ਨੱਪ ਕੇ ਆਨ ਜਗਾਇਓ ਨੇ ਰਾਂਝੇ ਉੱਠ ਕੇ ਰੱਬ ਦਾ ਨਾਮ ਲਿਆ
ਰਾਂਝਾ ਹਾਲ ਥੀਂ ਬਹੁਤ ਬੇਹਾਲ ਹੋਇਆ ਭਰਜਾਈਆਂ ਦੇ ਮਨ ਪਈ ਦਇਆ
ਹਾਇ ਹਾਇ ਮੁੱਠੀ ਕਰ ਪੁਛਦੀਆਂ ਨੇ ਤੇਰੇ ਬਾਬ ਕੀ ਮੁਕਬਲਾ ਵਰਤ ਗਿਆ

ਰਾਂਝੇ ਨੇ ਭਾਬੀਆਂ ਨੂੰ ਆਪਣਾ ਹਾਲ ਦੱਸਣਾ

੧੩

ਦਰਦਮੰਦ ਰਾਂਝਾ ਭਰਜਾਈਆਂ ਨੂੰ ਰੋ ਰੋ ਅਪਣਾ ਹਾਲ ਸੁਣਾਉਂਦਾ ਏ
ਮੰਗ ਖਾਵਣਾਂ ਅਸਾਂ ਕਬੂਲ ਕੀਤਾ ਸਾਥੋਂ ਕੰਮ ਨਾ ਸਾਂਭਿਆ ਜਾਉਂਦਾ ਏ
ਮੇਰੀ ਪਨਾਹ ਖ਼ੁਦਾ ਹੈ ਭਾਬੀਓ ਨੀ ਮੇਰਾ ਜੀਉ ਨਾ ਮੂਲ ਧਰਾਉਂਦਾ ਏ.
ਮੁਕਬਲ ਮਾਲ ਮਤਾਅ ਨੂੰ ਭਾਹ ਲੱਗੇ ਸਾਨੂੰ ਫ਼ਕਰ ਫ਼ਾਕਾ ਖ਼ੁਸ਼ ਆਉਂਦਾ ਏ

੧੪

ਭਰਜਾਈਆਂ ਰਾਂਝੇ ਦੀ ਗੱਲ ਸੁਣ ਕੇ ਪ੍ਰੇਸ਼ਾਨ ਹੈਰਾਨ ਗ਼ਮਨਾਕ ਹੋਈਆਂ
ਲੱਖ ਲੱਖ ਨਸੀਹਤਾਂ ਰਾਂਝੇ ਨੂੰ ਦੇ ਭਾਬੀਆਂ ਫ਼ਰਜ਼ ਥੀਂ ਪਾਕ ਹੋਈਆਂ
ਦੇਸਣ ਮਿਹਣੇ ਕੁੱਲ ਸ਼ਰੀਕ ਸਾਨੂੰ ਅਸੀਂ ਤਾਨ੍ਹਿਆਂ ਨਾਲ਼ ਹਲਾਕ ਹੋਈਆਂ
ਮੁਕਬਲ ਕੰਮ ਦਾ ਮਾਰਿਆ ਜਾਹ ਨਾਹੀਂ ਅਸੀਂ ਚਾਕਰੀ ਤੇਰੀ ਤੋਂ ਚਾਕ ਹੋਈਆਂ

੧੫

ਰਾਂਝਾ ਰੋਇ ਕੇ ਆਖਦਾ ਭਾਬੀਆਂ ਨੂੰ ਹਲ ਵਾਹੁਣਾ ਬਹੁਤ ਜੰਜਾਲ਼ ਹੈ ਨੀ
ਸਾਰੀ ਉਮਰ ਮੈਂ ਸੁਖ ਦੇ ਨਾਲ ਕੱਟੀ ਮੈਥੋਂ ਵਾਹੀ ਦਾ ਕੰਮ ਮੁਹਾਲ ਹੈ ਨੀ
ਮੇਰਾ ਆਖਦਾ ਜੀਉ ਫ਼ਕੀਰ ਹੋਵਾਂ ਦੁਨੀਆਂ ਜੀਵਨਾਂ ਖ਼ਾਬ ਖ਼ਿਆਲ ਹੈ ਨੀ
ਮੁਕਬਲ ਲਾਹ ਜੰਜਾਲ਼ ਫ਼ਕੀਰ ਹੋਈਏ ਦੌਲਤ ਇਸ਼ਕ ਦੀ ਬਹੁਤ ਨਿਹਾਲ ਹੈ ਨੀ

੧੬

ਕਿਹਾ ਭਾਬੀਆਂ ਰਾਂਝਿਆ ਛੋੜ ਨਾਹੀਂ ਤੇਰੀ ਥਾਂ ਅਸੀਂ ਹਲ ਜੋਨੀਆਂ ਹਾਂ
ਤੇਰੇ ਬੋਲਿਆਂ ਮੁੱਖ ਥੀਂ ਫੁੱਲ ਕਿਰਦੇ ਅਸੀਂ ਗੁੰਦਕੇ ਹਾਰ ਪਰੋਨੀਆਂ ਹਾਂ
ਕੁੱਲ ਜੀਉ ਜਾਮਾ ਤੇਰੇ ਪੇਸ਼ ਕੀਤਾ ਹੁਕਮ ਕਰੇਂ ਸੁ ਮੰਨ ਖਲੋਨੀਆਂ ਹਾਂ
ਤੇਰੇ ਨਾਮ ਤੋਂ ਮੁਕਬਲਾ ਲੱਖ ਵਾਰੀ ਘੋਲ਼ ਘੱਤੀਆਂ ਚੌਖਨੇ ਹੋਨੀਆਂ ਹਾਂ

੧੭

ਰਾਂਝਾ ਆਖਦਾ ਭਾਬੀਓ ਖ਼ੁਸ਼ ਰਹੋ ਮੇਰੇ ਨਾਲ਼ ਜੋ ਤੁਸਾਂ ਅਹਿਸਾਨ ਕੀਤਾ
ਦੰਮਾਂ ਬਾਝ ਗ਼ੁਲਾਮ ਹਾਂ ਭਾਬੀਆਂ ਦਾ ਤੁਸਾਂ ਉਪਰੋਂ ਜੀਉ ਕੁਰਬਾਨ ਕੀਤਾ
ਮੇਰਾ ਰਹਿਣ ਨਾ ਹੁੰਦਾ ਜੇ ਕਿਤੇ ਹੀਲੇ ਮੈਨੂੰ ਕਿਸਮਤੇ ਮਾਰ ਹੈਰਾਨ ਕੀਤਾ
ਸੋਈ ਪੇਸ਼ ਆਇਆ ਅੱਜ ਮੁਕਬਲੇ ਦੇ ਕਿਸੇ ਵਕਤ ਜੋ ਕੋਈ ਗੁਮਾਨ ਕੀਤਾ

੧੮

ਫੇਰ ਆਖਿਆ ਰਾਂਝੇ ਨੂੰ ਭਾਬੀਆਂ ਨੇ ਜਾਦੂ ਪਾਇ ਕੇ ਜੀਉੜਾ ਤਾਇਆ ਈ
ਸੀਨੇ ਵਿਚ ਤੂਫ਼ਾਨ ਤੰਦੂਰ ਤਪਦਾ ਕੇਹਾ ਬਿਰਹੋਂ ਅਲੰਬੜਾ ਲਾਇਆ ਈ
ਤੇਰੇ ਬਾਝ ਆਰਾਮ ਨਾ ਮੂਲ ਆਵੇ ਕਿਹਾ ਘੋਲ਼ ਤਾਵੀਜ਼ ਪਿਆਇਆ ਈ
ਉੱਠ ਬੈਠ ਕੇ ਮੁਕਬਲਾ ਖਾਹ ਖਾਣਾ ਕੀ ਨਾਹੱਕ ਦਾ ਪੀਹਣਾ ਪਾਇਆ ਈ
(ਮੁਕਬਲ ਮੁੱਢ ਕਦੀਮ ਦਾ ਯਾਰ ਰੁਠਾ ਮਸਾਂ ਮਿੰਨਤਾਂ ਨਾਲ਼ ਮਨਾਇਆ ਈ)

੧੯

ਰਾਂਝੇ ਭਾਬੀਆਂ ਦਾ ਦਿਲ ਰੱਖਣੇ ਨੂੰ ਮਨ ਭਾਉਂਦਾ ਬੈਠ ਕੇ ਤੁਆਮ ਖਾਇਆ
ਰੂਹ ਭੇਜਿਆ ਹੀਰ ਦੇ ਸ਼ਹਿਰ ਰਾਂਝੇ ਆਪ ਭਾਬੀਆਂ ਦੇ ਨਾਲ ਪਿੰਡ ਆਇਆ
ਪਿੰਡ ਵੜਦਿਆਂ ਰਾਂਝੇ ਨੂੰ ਚਾਟ ਲੱਗੀ ਪਾੜ ਕੱਪੜੇ ਅੰਗ ਭਬੂਤ ਲਾਇਆ
ਅਸਰ ਰਾਂਝੇ ਨੂੰ ਮੁਕਬਲਾ ਇਸ਼ਕ ਦਾ ਹੈ ਜਿੰਨ ਭੂਤ ਨਾ ਪਰੀ ਨਾ ਦਿਓ ਸਾਇਆ

੨੦

ਰਾਂਝਾ ਖਾਵਣੋਂ ਪੀਵਣੋਂ ਰਹਿ ਚੁੱਕਾ ਮਾਰ ਹੀਰ ਦੇ ਇਸ਼ਕ ਹੈਰਾਨ ਕੀਤਾ
ਓਥੇ ਅਕਲ ਤੇ ਫ਼ਿਕਰ ਦੀ ਜਾ ਨਾਹੀਂ ਜਿੱਥੇ ਇਸ਼ਕ ਨੇ ਆਣ ਮਕਾਨ ਕੀਤਾ
ਭੁੱਲੀ ਮੱਤ ਤੇ ਸੁਰਤ ਜਹਾਨ ਦੀ ਜੀ ਝੰਗ ਜਾਵਨੇ ਦਾ ਸਮਿਆਨ ਕੀਤਾ
ਏਸ ਇਸ਼ਕ ਦੇ ਨਾਮ ਤੋਂ ਮੁਕਬਲੇ ਨੇ ਜੀਉ ਜਾਨ ਤੇ ਮਾਲ ਕੁਰਬਾਨ ਕੀਤਾ

ਰਾਂਝੇ ਦਾ ਝੰਗ ਸਿਆਲ ਦੇ ਰਾਹ ਪੈਣਾ ਤੇ ਭਾਈਆਂ ਦਾ ਰੋਕਣਾ

੨੧

ਰਾਹ ਝੰਗ ਸਿਆਲਾਂ ਦਾ ਪੁੱਛ ਕੇ ਜੀ ਰਾਂਝਾ ਤਖ਼ਤ ਹਜ਼ਾਰਿਓਂ ਧਾਇਆ ਏ
ਖ਼ਬਰ ਹੋਈ ਜਾਂ ਸਕਿਆਂ ਭਾਈਆਂ ਨੂੰ ਉਹਨਾਂ ਰਾਹ ਵਿਚ ਜਾ ਅਟਕਾਇਆ ਏ
ਛੱਡ ਚਲਿਓਂ ਬਾਪ ਦਾ ਸ਼ਹਿਰ ਰਾਂਝਾ ਤੈਨੂੰ ਆਖ ਖਾਂ ਕਿਨ ਦੁਖਾਇਆ ਏ
ਪੰਧ ਚਲਣਾਂ ਮੁਕਬਲਾ ਖਰਾ ਔਖਾ ਸੋਈ ਜਾਣਦੇ ਜਿਨ੍ਹਾਂ ਅਜ਼ਮਾਇਆ ਏ

੨੨

ਰਾਂਝਾ ਆਖਦਾ ਸਕਿਆਂ ਭਾਈਆਂ ਨੂੰ ਤੁਸੀਂ ਮੂਲ ਨਾ ਪਓ ਖ਼ਿਆਲ ਮੇਰੇ
ਮੇਰਾ ਲੂੰ ਲੂੰ ਖ਼ੁਸ਼ੀ ਹੈ ਭਾਈਆਂ ਤੋਂ ਮੈਨੂੰ ਸੌਂਪ ਕੇ ਰੱਬ ਨੂੰ ਜਾਓ ਡੇਰੇ
ਦੁਖ ਦਰਦ ਜੋ ਲਿਖਿਆ ਭਾਹ ਮੇਰੇ ਤਕਦੀਰ ਖ਼ੁਦਾ ਦੀ ਕੌਣ ਫੇਰੇ
ਛੱਡ ਰੋਂਦਿਆਂ ਤੇ ਕੁਰਲਾਂਦਿਆਂ ਨੂੰ ਲੱਦ ਗਏ ਨੇ ਮੁਕਬਲਾ ਵੀਰ ਤੇਰੇ

੨੩

ਰਾਂਝਾ ਝੰਗ ਸਿਆਲਾਂ ਨੂੰ ਰਵਾਂ ਹੋਇਆ ਭਾਈ ਤਖ਼ਤ ਹਜ਼ਾਰੇ ਨੂੰ ਆਉਂਦੇ ਨੇ
ਵੀਰ ਵਿਛੜੇ ਬਹੁਤ ਗ਼ਮਨਾਕ ਹੋਏ ਪਏ ਝੂਰਦੇ ਤੁਆਮ ਨਾ ਖਾਉਂਦੇ ਨੇ
ਮਿਲੇ ਝੱਬ ਸਾਨੂੰ ਕਦੀ ਫੇਰ ਰਾਂਝਾ ਪਏ ਰੱਬ ਨੂੰ ਨਿੱਤ ਧਿਆਉਂਦੇ ਨੇ
ਮੁਕਬਲ ਯਾਰ ਵਿਛੁੰਨਿਆਂ ਜੁੱਗ ਹੋਏ ਆਸ਼ਿਕ ਕੂੰਜ ਵਾਂਗੂੰ ਕੁਰਲਾਉਂਦੇ ਨੇ

੨੪

ਕਦੀ ਉਮਰ ਭਰ ਸਫ਼ਰ ਨਾ ਚੱਲਿਆ ਸੀ ਰਾਂਝੇ ਰਾਹ ਦੇ ਵਿਚ ਤਕਲੀਫ਼ ਪਾਈ
ਪੈਰੀਂ ਪੁੜਨ ਬਬੂਲ ਤੇ ਪਏ ਛਾਲੇ ਮੱਥੇ ਪਈ ਤੇਲ਼ੀ ਭੁੱਖ ਚਾਟ ਲਾਈ
ਤੱਤੀ ਰੇਤ ਦੇ ਵਿਚ ਪਿਆ ਖਾਏ ਗਰਦੀ ਦੁੱਖ ਲਗਦੇ ਆਉਂਦੀ ਯਾਦ ਮਾਈ
ਬਣੀ ਕੱਟਣੀ ਮੁਕਬਲਾ ਬੰਦਿਆਂ ਨੇ ਡਾਹਢੇ ਨਾਲ਼ ਬਰਾਬਰੀ ਨਾ ਕਾਈ

੨੫

ਪੱਛੋਤਾਉਂਦਾ ਵਕਤ ਵਿਹਾਨੜੇ ਨੂੰ ਪਿੱਛਾ ਯਾਦ ਕਰ ਕੇ ਰਾਂਝਾ ਬਹੁਤ ਰੋਇਆ
ਅੱਗੇ ਜਾਣ ਭਾਰਾ ਪਿੱਛੇ ਮੁੜਨ ਔਖਾ ਪਰੇਸ਼ਾਨਗੀ ਨਾਲ਼ ਹੈਰਾਨ ਹੋਇਆ
ਘਰੀਂ ਲੇਟਦਾ ਲੇਫ਼ ਨਿਹਾਲੀਆਂ ਤੇ ਅੱਜ ਦੱਭ ਸਰਕੜੇ ਰਾਤ ਸੋਇਆ
ਸੋਈ ਲੈਣਗੇ ਮੁਕਬਲਾ ਜਾ ਅੱਗੇ ਜਿਨ੍ਹਾਂ ਏਸ ਜਹਾਨ ਤੇ ਬੀ ਬੋਇਆ

੨੬

ਤਾਰੇ ਗਿਣਦਿਆਂ ਰਾਂਝੇ ਨੂੰ ਰਾਤ ਗੁਜ਼ਰੀ ਹੋਈ ਫ਼ਜਰ ਤੇ ਉਠ ਨਮਾਜ਼ ਪੜ੍ਹਦਾ
ਰਾਹ ਝੰਗ ਸਿਆਲਾ ਦਾ ਪੁੱਛ ਕੇ ਜੀ ਘੋੜਾ ਸ਼ੌਕ ਦਾ ਪੀੜ ਕੇ ਤੁਰਤ ਚੜ੍ਹਦਾ
ਚਾਟ ਬਿਰਹੋਂ ਦੀ ਰਾਂਝੇ ਨੂੰ ਜ਼ੋਰ ਲੱਗੀ ਜਿਵੇਂ ਦੁੱਧ ਦੁਧਾਣੇ ਦੇ ਵਿਚ ਕੜ੍ਹਦਾ
ਜਿਨ੍ਹਾਂ ਆਸ਼ਿਕਾਂ ਮਹਿਲ ਨਾ ਮਾੜੀਆਂ ਨੇ ਤਿਨ੍ਹਾਂ ਆਖ ਕੀ ਮੁਕਬਲਾ ਖ਼ੌਫ਼ ਘਰ ਦਾ

ਰਾਂਝੇ ਦਾ ਮਸੀਤ ਵਿਚ ਪੁੱਜਣਾ

੨੭

ਪਿੰਡ ਪਹੁੰਚਿਆ ਜਾਇਕੇ ਛਾਹ ਵੇਲੇ ਰਾਂਝੇ ਰਾਹ ਦੇ ਵਿਚ ਮਸੀਤ ਡਿੱਠੀ
ਪੜ੍ਹਨ ਪਾਸ ਉਸਤਾਦ ਦੇ ਕਈ ਲੜਕੇ ਸ਼ਹਿਜ਼ਾਦੜੇ ਸੋਹਣੀ ਛਬ ਮਿੱਠੀ
ਕੋਈ ਪੜ੍ਹੇ ਕਿੱਸਾ ਕੋਈ ਨਜ਼ਮ ਵਾਚੇ ਕੋਈ ਪੜ੍ਹੇ ਕੁਰਆਨ ਤੇ ਲਿਖੇ ਚਿੱਠੀ
ਮਿਹਰਬਾਨ ਹੋਇਆ ਰੱਬ ਮੁਕਬਲੇ ਤੇ ਜਿਸ ਇਸ਼ਕ ਹੱਕਾਨੀ ਦੀ ਬਾਤ ਡਿੱਠੀ

੨੮

ਹੱਥ ਬੰਨ੍ਹ ਕੇ ਮੁੱਲਾਂ ਨੂੰ ਕਰੇ ਕੁਰਨਿਸ਼ ਰਾਂਝਾ ਵਿਚ ਮਸੀਤ ਦੇ ਜਾ ਮੀਆਂ
ਮੁੱਲਾਂ ਆਖਿਆ ਗਭਰੂਆ ਜੀਉਂਦਾ ਰਹੁ ਸ਼ਤਰੰਜੀ ਤੇ ਬੈਠ ਤੂੰ ਆ ਮੀਆਂ
ਕੇਹਾ ਦਿੱਸਦਾ ਰੰਗ ਤਗ਼ੱਯਰ ਤੇਰਾ ਸਾਨੂੰ ਅਪਣਾ ਹਾਲ ਸੁਣਾ ਮੀਆਂ
ਆਖ ਮੁਕਬਲਾ ਕਿਧਰੋਂ ਆਇਆ ਏਂ ਅੱਗੇ ਜਾਏਂਗਾ ਕੇਹੜੇ ਥਾਂ ਮੀਆਂ

੨੯

ਕਹਿੰਦਾ ਨਾਮ ਧੀਦੋ ਮੇਰੀ ਜ਼ਾਤ ਰਾਂਝਾ ਸ਼ਹਿਰ ਤਖ਼ਤ ਹਜ਼ਾਰਿਓਂ ਚੱਲਿਆ ਮੈਂ
ਭੁੱਖਿਆਂ ਵਿਚ ਉਜਾੜ ਦੇ ਰਾਤ ਕੱਟੀ ਦਿੱਤਾ ਰੱਬ ਦਾ ਸਿਰ ਪਰ ਝੱਲਿਆ ਮੈਂ
ਮੇਰਾ ਜੀਉ ਹੋਇਆ ਮੁਲਕ ਵੇਖਣੇ ਤੇ ਫਿਰਾਂ ਮਸਤ ਉਦਾਸ ਉਦੱਲਿਆ ਮੈਂ
ਪਾਣੀ ਏਸ ਗਰਾਂ ਦਾ ਪੀਵਣਾ ਸੀ ਤਿਥੇ ਰੱਬ ਨੇ ਮੁਕਬਲਾ ਘੱਲਿਆ ਮੈਂ

੩੦

ਤਾਕੀਦ ਕਰ ਕੇ ਮੁੱਲਾਂ ਲੜਕਿਆਂ ਨੂੰ ਘਰੀਂ ਭੇਜਿਆ ਤੁਆਮ ਮੰਗਾਵਣੇ ਨੂੰ
ਥਾਲ ਭਰ ਲਿਆਓ ਚਾਵਲ ਤੇ ਘਿਓ ਸ਼ਕਰ ਮੇਰਾ ਜੀਉ ਹੈ ਲੁੱਚੀਆਂ ਖਾਵਣੇ ਨੂੰ
ਜਾਏ ਆਖਿਆ ਲੜਕਿਆਂ ਮਾਂਵਾਂ ਤਾਈਂ ਉਠ ਲੱਗੀਆਂ ਤੁਆਮ ਪਕਾਵਣੇ ਨੂੰ
ਘਰੋਂ ਥਾਲ ਭਰਕੇ ਖੰਡ ਚਾਵਲਾਂ ਦਾ ਮੁਕਬਲ ਲਿਆਏ ਨੇ ਪੀਰ ਮਨਾਵਣੇ ਨੂੰ

੩੧

ਮੁੱਲਾਂ ਆਖਿਆਂ ਰਾਂਝੇ ਨੂੰ ਮਿਹਰ ਸੇਤੀ ਹੱਥ ਧੋ ਤੇ ਬੈਠ ਕੇ ਖਾ ਖਾਣਾਂ
ਹੱਥ ਧੋਇਕੇ ਮੁੱਲਾਂ ਦੇ ਨਾਲ਼ ਬੈਠਾ ਖਾਧਾ ਰਾਂਝਣੇ ਨੇ ਤੁਆਮ ਮਨ ਭਾਣਾਂ
ਖਾਣਾਂ ਖਾਇਕੇ ਮੁੱਲਾਂ ਤੋਂ ਵਿਦਾਅ ਹੋਇਆ ਕਹਿੰਦਾ ਝੰਗ ਸਿਆਲਾਂ ਨੂੰ ਅਸਾਂ ਜਾਣਾਂ
ਮੁਕਬਲ ਵੱਸ ਅਜੋਕੜੀ ਰਾਤ ਏਥੇ ਮੁੱਲਾਂ ਆਖਿਆ ਰਾਂਝਿਆ ਹੋ ਸਿਆਣਾਂ

ਰਾਂਝੇ ਦਾ ਮਸੀਤ ਵਿੱਚੋਂ ਰਵਾਨਾ ਹੋਣਾ

੩੨

ਹੁਕਮ ਮੁੱਲਾਂ ਦਾ ਰਾਂਝੇ ਨੇ ਮੰਨ ਲਿਆ ਬੈਠਾ ਵਿਚ ਮਸੀਤ ਦੇ ਮਾਰ ਥਾਣਾਂ
ਰਾਂਝੇ ਮੁੱਲਾਂ ਦੇ ਬਾਬ ਦੁਆ ਕੀਤੀ ਸਾਬਤ ਰਹੇ ਈਮਾਨ ਬਹਿਸ਼ਤ ਜਾਣਾਂ
ਖਾਣਾਂ ਖਾਇਕੇ ਰਾਤ ਨੂੰ ਖ਼ੁਸ਼ੀ ਹੋਇਆ ਫ਼ਜਰ ਹੋਈ ਤਾਂ ਝੰਗ ਨੂੰ ਉਠ ਧਾਣਾਂ
ਪੰਜ ਪੀਰ ਮਿਲੇ ਰਾਹ ਜਾਂਦੜੇ ਨੂੰ ਤੁੱਠੇ ਉਹ ਜਾਂ ਮੁਕਬਲਾ ਰੱਬ ਭਾਣਾਂ

੩੩

ਰਾਂਝਾ ਵੇਖ ਕੇ ਤਬਾ ਫ਼ਰਿਸ਼ਤਿਆਂ ਦੀ ਪੰਜਾਂ ਪੀਰਾਂ ਨੂੰ ਜਾਇ ਸਲਾਮ ਕਰਦਾ
ਲੁੰਗੀ ਲਾਹ ਕੇ ਉਪਰੋਂ ਸਿਦਕ ਸੇਤੀ ਪੰਜਾਂ ਪੀਰਾਂ ਦੀ ਜਾਇਕੇ ਨਜ਼ਰ ਧਰਦਾ
ਨੀਯਤ ਖ਼ੈਰ ਕਰੋ ਮੇਰੇ ਬਾਬ ਪੀਰੋ ਕਰੋ ਕਰਮ ਮੈਂ ਰੱਖਿਓ ਚਾਇ ਪਰਦਾ
ਮਿਹਰਬਾਨ ਹੋਵੋ ਤੁਸੀਂ ਮੁਕਬਲੇ ਤੇ ਤੁਸਾਂ ਤਰੁੱਠਿਆਂ ਕੁਲ ਜਹਾਨ ਤਰਦਾ

੩੪

ਪੀਰਾਂ ਆਖਿਆ ਰਾਂਝੇ ਨੂੰ ਮਿਹਰ ਸੇਤੀ ਬੱਚਾ ਮੰਗ ਲੈ ਜੋ ਕੁੱਝ ਮੰਗਣਾਂ ਈਂ
ਰੰਗਣ ਚੜ੍ਹੀ ਰਸੂਲ ਮਕਬੂਲ ਵਾਲੀ ਹੁਣ ਰੰਗ ਲੈ ਜੋ ਕੁੱਝ ਰੰਗਣਾਂ ਈਂ
ਇਹ ਨਫ਼ਸ ਸ਼ੈਤਾਨ ਕਦੀਮ ਲਾਗੂ ਉਨ੍ਹਾਂ ਦੁਸ਼ਮਣਾਂ ਥੀਂ ਅਸਾਂ ਸੰਗਣਾਂ ਈਂ
ਮੁਕਬਲ ਗ਼ੌਸ ਮੁਹਈਯੁੱਦੀਨ ਪੀਰ ਸਾਡਾ ਅਸਾਂ ਨਫ਼ਸ ਸ਼ੈਤਾਨ ਨੂੰ ਟੰਗਣਾਂ ਈਂ

੩੫

ਜੋ ਕੁੱਝ ਵਰਤਿਆ ਸੀ ਉਹਨੂੰ ਆਪ ਉਤੇ ਰਾਂਝਾ ਰੋਇਕੇ ਹਾਲ ਸੁਣਾਂਵਦਾ ਈ
ਨੈਣਾਂ ਹੀਰ ਦਿਆਂ ਖ਼ਾਬ ਵਿਚ ਜ਼ਿਬ੍ਹਾ ਕੀਤਾ ਓਸ ਜ਼ਖ਼ਮ ਤੇ ਮਰਹਮ ਲਵਾਂਵਦਾ ਈ
ਪੰਜਾਂ ਪੀਰਾਂ ਨੇ ਰਾਂਝੇ ਨੂੰ ਹੀਰ ਬਖ਼ਸ਼ੀ ਜਾਮੇ ਵਿਚ ਨਾ ਮੂਲ ਸਮਾਂਵਦਾ ਈ
ਮੁਕਬਲ ਗ਼ੌਸ ਮੁਹਈਯੁੱਦੀਨ ਪੀਰ ਮੇਰਾ ਕੁਲ ਖ਼ਲਕ ਦੀ ਆਸ ਪੁਜਾਂਵਦਾ ਈ

੩੬

ਹੱਥ ਵੰਝਲੀ ਰਾਂਝੇ ਦੇ ਨਜ਼ਰ ਆਈ ਪੀਰਾਂ ਆਖਿਆ ਰਾਂਝੇ ਨੂੰ ਗਾਓ ਖਾਂ ਜੀ
ਅਰਸ਼ ਹੱਕ ਦਾ ਦਿਲ ਹੈ ਆਸ਼ਿਕਾਂ ਦਾ ਭਲਾ ਹੋਇਆ ਕੁੱਝ ਸੁਣਾਓ ਖਾਂ ਜੀ
ਕੋਈ ਸੋਹਣੀ ਤੇ ਮਹੀਂਵਾਲ ਵਾਲਾ ਨਾਲ਼ ਸ਼ੌਕ ਦੇ ਰਾਗ ਸੁਣਾਓ ਖਾਂ ਜੀ
ਕੂਤ ਰੂਹ ਦਾ ਮੁਕਬਲਾ ਗਾਉਣਾਂ ਹੈ ਅੱਜ ਰੂਹ ਨੂੰ ਕੁੱਝ ਖੁਆਓ ਖਾਂ ਜੀ

੩੭

ਪੰਜਾਂ ਪੀਰਾਂ ਦਾ ਮੰਨਿਆਂ ਹੁਕਮ ਰਾਂਝੇ ਮੂੰਹ ਵੰਝਲੀ ਲਾਇਕੇ ਤੁਰਤ ਫੂਕੀ
ਸੁਣ ਵੰਝਲੀ ਰੁੱਖਾਂ ਨੂੰ ਹਾਲ ਆਇਆ ਡਿੱਗ ਪਏ ਪੰਖੇਰੂ ਜਾਂ ਮਾਂਝ ਕੂਕੀ
ਪੰਜਾਂ ਪੀਰਾਂ ਨੂੰ ਰਾਂਝੇ ਨੇ ਖ਼ੁਸ਼ੀ ਕੀਤਾ ਹਾਏ ਹਾਏ ਕਰੇਂਦਿਆਂ ਪਈ ਘੂਕੀ
ਵਾਂਗ ਆਸ਼ਿਕਾਂ ਸਾਦਿਕਾਂ ਮਾਰ ਨਾਅਰੇ ਨਾਮ ਨੰਗ ਨੂੰ ਮੁਕਬਲਾ ਲਾ ਲੂਕੀ

੩੮

ਰਾਂਝੇ ਵੰਝਲੀ ਵਾਹ ਕੇ ਬੱਸ ਕੀਤੀ ਪੰਜਾਂ ਪੀਰਾਂ ਨੇ ਆਖਿਆ ਖਾ ਚੂਰੀ
ਰਾਂਝਾ ਆਖਦਾ ਤੁਆਮ ਦੀ ਭੁੱਖ ਨਾਹੀਂ ਰੂਹ ਲੋੜਦਾ ਪੀਵਣਾਂ ਦੁੱਧ ਬੂਰੀ
ਪੰਜ ਪੀਰ ਮਰਾਕਬੇ ਹੋਇਕੇ ਜੀ ਮੰਗ ਲਿਆਉਂਦੇ ਅਰਸ਼ ਥੀਂ ਮੱਝ ਬੂਰੀ
ਦੁੱਧ ਮੱਝ ਦਾ ਚੋਇਕੇ ਪੀਉ ਰਾਂਝਾ ਰੱਬ ਕਰੇਗਾ ਮੁਕਬਲਾ ਆਸ ਪੂਰੀ

੩੯

ਪੰਜਾਂ ਪੀਰਾਂ ਤੋਂ ਰਾਂਝੇ ਨੇ ਲੈ ਚਿੱਪੀ ਰਾਂਝੇ ਮਾਰ ਥਾਪੀ ਬੈਠ ਮੱਝ ਚੋਈ
ਭਰਪੂਰ ਕਰਕੇ ਦੁੱਧ ਦੇ ਨਾਲ਼ ਚਿੱਪੀ ਪੰਜਾਂ ਪੀਰਾਂ ਦੀ ਜਾਇਕੇ ਨਜ਼ਰ ਢੋਈ
ਪੀਰ ਪੀ ਕੇ ਦੁੱਧ ਮਹਿਫ਼ੂਜ਼ ਹੋਏ ਰਾਂਝੇ ਉਲਸ ਪੀਤਾ ਨੇਕ ਬਖ਼ਤ ਸੋਈ
ਪੰਜਾਂ ਪੀਰਾਂ ਦਾ ਮੁਕਬਲੇ ਉਲਸ ਪੀਤਾ ਇਹ ਖ਼ਬਰ ਜਹਾਨ ਵਿਚ ਨਸ਼ਰ ਹੋਈ

੪੦

ਪੰਜਾਂ ਪੀਰਾਂ ਨੇ ਰਾਂਝੇ ਨੂੰ ਵਿਦਾਅ ਕੀਤਾ ਰਾਹ ਝੰਗ ਸਿਆਲਾਂ ਦੇ ਪਾਇਕੇ ਜੀ
ਕਰੀਂ ਯਾਦ ਸਾਨੂੰ ਤੈਨੂੰ ਬਣੇ ਭਾਰੀ ਤੇਰਾ ਕੰਮ ਬਣਾਵਸਾਂ ਆਇਕੇ ਜੀ
ਪੈਂਡੇ ਟੁਰਦਿਆਂ ਰਾਂਝੇ ਨੂੰ ਰਾਤ ਆਈ ਦਰਿਆ ਦੇ ਕੰਢੇ ਤੇ ਆਇਕੇ ਜੀ
ਸ਼ੇਰ ਭਬਕਦੇ ਨੇ ਸੱਪ ਸ਼ੂਕਦੇ ਨੇ ਵੇਖ ਮੁਕਬਲਾ ਬਣੀ ਅਜ਼ਮਾਇਕੇ ਜੀ

੪੧

ਪੰਜਾਂ ਪੀਰਾਂ ਨੂੰ ਰਾਂਝੇ ਨੇ ਯਾਦ ਕੀਤਾ ਇਕ ਅੱਖ ਦੀ ਫੋਰ ਵਿਚ ਆਉਂਦੇ ਨੇ
ਮੰਗਵਾਇਕੇ ਅਰਸ਼ ਤੋਂ ਦੁੱਧ ਚਾਵਲ ਨਾਲ਼ ਰਾਂਝੇ ਦੇ ਬੈਠ ਕੇ ਖਾਉਂਦੇ ਨੇ
ਖ਼ੁਸ਼ੀ ਐਸ਼ ਦੇ ਨਾਲ ਗੁਜ਼ਰਾਨ ਕੀਤੀ ਗ਼ਮ ਕਿਸੇ ਦਾ ਮੂਲ ਨਾ ਲਿਆਉਂਦੇ ਨੇ
ਫ਼ਰਜ਼ ਫ਼ਜਰ ਦਾ ਮੁਕਬਲਾ ਅਦਾ ਕਰਕੇ ਲੁਡਣ ਮੇਉਂ ਦੇ ਘਾਟ ਪੁਚਾਉਂਦੇ ਨੇ

ਰਾਂਝੇ ਦਾ ਦਰਿਆ ਵਿੱਚ ਵੜਨਾ

੪੨

ਰਾਂਝਾ ਨਦੀ ਦੇ ਕੰਢੇ ਨੂੰ ਵੇਖ ਕੇ ਜੀ ਨਿਮੋਂਝਾਣ ਹੋ ਕੇ ਉੱਭੇ ਸਾਹ ਭਰਦਾ
ਕੱਖ ਲਿਆਇਕੇ ਤੁਲਾ ਬਣਾਉਂਦਾ ਏ ਦਰਿਆਓ ਦੇ ਤਰਨ ਦਾ ਫ਼ਿਕਰ ਕਰਦਾ
ਲਾਹ ਕੱਪੜੇ ਸਿਰ ਤੇ ਚਾ ਰੱਖੇ ਜਾਨ ਹੀਲ ਝਨਾਂ ਦੇ ਵਿੱਚ ਵੜਦਾ
ਆਸ਼ਿਕ ਮਸਤ ਕੀਤਾ ਮਦ ਸ਼ੌਕ ਦੀ ਨੇ ਨਹੀਂ ਮਰਨ ਥੀਂ ਮੁਕਬਲਾ ਮੂਲ ਡਰਦਾ

੪੩

ਲੁੱਡਣ ਪਾਰ ਦੇ ਕੰਢਿਓਂ ਨਜ਼ਰ ਕੀਤੀ ਹੁਸਨ ਰਾਂਝੇ ਦਾ ਵੇਖ ਮੁਸ਼ਤਾਕ ਹੋਇਆ
ਕੋਈ ਅਹਿਮਕਾਂ ਦਾ ਬਾਦਸ਼ਾਹ ਹੈ ਤੁੰ ਲੁੱਡਣ ਮਾਰ ਕੇ ਰਾਂਝੇ ਨੂੰ ਕੂਕ ਕਿਹਾ
ਬੇੜੇ ਸਣੇ ਮੁਹਾਣਿਆਂ ਡੁੱਬਦੇ ਨੇ ਨਹੀਂ ਕਿਸੇ ਝਨਾਂ ਦਾ ਅੰਤ ਲਿਆ
ਬੇੜੀ ਚਾੜ੍ਹ ਉਤਾਰਸਾਂ ਪਾਰ ਤੈਨੂੰ ਕਾਹਲਾ ਹੋ ਨਾ ਮੁਕਬਲਾ ਮੰਨ ਕਿਹਾ

੪੪

ਲੁੱਡਣ ਮੇਉਂ ਦੀ ਗੱਲ ਨਾ ਸੁਣੀ ਰਾਂਝੇ ਹਿੱਕੇ ਮੇਉਂ ਨੇ ਆਖਿਆ ਮਾਰ ਵੱਟਾ
ਸਈਂ ਵੰਝੀਂ ਝਨਾਉਂ ਦੀ ਹਾਥ ਨਾਹੀਂ ਡੁੱਬ ਮਰੇਂਗਾ ਜਾਹਿਲਾ ਚਾਕ ਜੱਟਾ
ਪਰਾਂਹ ਜਾਹ ਜੇ ਜੀਉਣਾਂ ਲੋੜਨਾਂ ਏਂ ਉਰਾਂਹ ਆ ਜੇ ਹੱਥ ਹਈ ਉਮਰ ਪੱਟਾ
ਕਿਹਾ ਮੰਨ ਲੈ ਮੁਕਬਲਾ ਆਸ਼ਿਕਾਂ ਦਾ ਝਿੜਕ ਝੰਬ ਥੀਂ ਹੋਰ ਨਾ ਮੂਲ ਖੱਟਾ

੪੫

ਲੁੱਡਣ ਮੇਉਂ ਦੀ ਗੱਲ ਜਾਂ ਸੁਣੀ ਰਾਂਝੇ ਢੇਰੀ ਢਾਇਕੇ ਬੰਨੇ ਤੇ ਆਉਂਦਾ ਏ
ਲੁੱਡਣ ਪਾਰ ਦੇ ਕੰਢਿਓਂ ਖਿੱਚ ਬੇੜੀ ਤੁਰਤ ਰਾਂਝੇ ਦੇ ਪਾਸ ਲਿਆਉਂਦਾ ਏ
ਬੇੜੀ ਚਾੜ੍ਹ ਕੇ ਰਾਂਝੇ ਨੂੰ ਮਿਹਰ ਸੇਤੀ ਆ ਝਨਾਉਂ ਦੇ ਪਾਰ ਲੰਘਾਉਂਦਾ ਏ
ਗਿਲਾ ਕਰੇ ਜੋ ਮੁਕਬਲਾ ਆਸ਼ਿਕਾਂ ਦਾ ਅਣਪੁੱਛਿਆਂ ਦੋਜ਼ਖ਼ ਜਾਉਂਦਾ ਏ

ਰਾਂਝੇ ਨੂੰ ਸੇਜ ਤੇ ਸੁੱਤਾ ਵੇਖ ਕੇ ਹੀਰ ਦਾ ਗੁੱਸਾ

੪੬

ਰਤਾ ਪਲੰਘ ਡਿੱਠਾ ਰਾਂਝੇ ਵਿੱਚ ਬੇੜੀ ਉਪਰ ਰੰਗਲੀ ਸੇਜ ਸੀ ਵਿੱਛੀ ਹੋਈ
ਲੁੱਡਣ ਮੇਉਂ ਨੂੰ ਪੁੱਛਦਾ ਬੇਨਤੀ ਕਰ ਏਸ ਸੇਜ ਦੀ ਖ਼ਸਮਣੀ ਕੌਣ ਕੋਈ
ਲੁੱਡਣ ਆਖਿਆ ਸੇਜ ਇਹ ਹੀਰ ਦੀ ਹੈ ਏਥੇ ਕਈ ਮਰਾਤਬੇ ਆਣ ਸੋਈ
ਹੁਸਨ ਹੀਰ ਦਾ ਵੇਖਕੇ ਤਾਬ ਲਿਆਵੇ ਵਿੱਚ ਆਸ਼ਿਕਾਂ ਮੁਕਬਲਾ ਮਰਦ ਸੋਈ

੪੭

ਲੁੱਡਣ ਮੇਉਂ ਤੋਂ ਹੀਰ ਦਾ ਨਾਮ ਸੁਣ ਕੇ ਗ਼ਮ ਗਿਆ ਰੰਝੇਟੇ ਨੂੰ ਖ਼ੁਸ਼ੀ ਆਈ
ਜਾਣ ਬੁੱਝ ਕੇ ਕਮਲਾ ਹੋਏ ਪੁੱਛੇ ਹੀਰ ਜ਼ਾਤ ਦੀ ਕੌਣ ਹੈ ਕਿਸ ਜਾਈ
ਇਥੇ ਲੱਖ ਆਉਣ ਲੱਖ ਜਾਂਵਦੇ ਨੇ ਬੇੜੀ ਵਿੱਚ ਕਿਉਂ ਸੋਹਣੀ ਸੇਜ ਪਾਈ
ਮਾਂ ਬਾਪ ਨਾ ਹੀਰ ਨੂੰ ਵਰਜਦੇ ਨੇ ਨਹੀਂ ਹਟਕਦੇ ਮੁਕਬਲਾ ਸਕੇ ਭਾਈ

੪੮

ਲੁੱਡਣ ਆਖਦਾ ਹੀਰ ਦੀ ਮਾਂ ਮਲਕੀ ਚੂਚਕ ਸਿਆਲ ਦੀ ਧੀ ਹੈ ਖਰੀ ਪਿਆਰੀ
ਨਿੱਤ ਓਹ ਗ਼ਰੀਬ ਦੀ ਕਰੇ ਖ਼ਿਦਮਤ ਨੇਕ ਬਖ਼ਤ ਅਸੀਲ ਮਕਬੂਲ ਕੁਆਰੀ
ਦਿਨੇ ਪੜ੍ਹੇ ਕੁਰਾਨ ਤੇ ਰੱਖੇ ਰੋਜ਼ੇ ਖੜੀ ਨਫ਼ਸ ਗੁਜ਼ਾਰਦੀ ਰਾਤ ਸਾਰੀ
ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦੀ ਦਰਦਵੰਦ ਦੀ ਮੁਕਬਲਾ ਕਰੇ ਕਾਰੀ

੪੯

ਰਾਂਝੇ ਫ਼ਿਕਰ ਕਰਕੇ ਤਜਵੀਜ਼ ਕੀਤੀ ਕਿਵੇਂ ਹੀਰ ਦਾ ਪਲੰਘ ਲਤਾੜੀਏ ਜੀ
ਹੀਰ ਮਿਲੇ ਤਾਂ ਸ਼ੁਕਰ ਬਜਾ ਲਿਆਈਏ ਅੱਗ ਨਾਲ ਰਕੀਬ ਨੂੰ ਸਾੜੀਏ ਜੀ
ਮੁਲਾਕਾਤ ਦੇ ਹਰਫ਼ ਦੀ ਮਸ਼ਕ ਕੀਜੇ ਕਿਸਾ ਦਰਦ ਫ਼ਿਰਾਕ ਦਾ ਪਾੜੀਏ ਜੀ
ਮੁਕਬਲ ਯਾਰ ਮਿਲਿਆਂ ਖੁਲੇ ਰਾਜ਼ ਦਿਲ ਦਾ ਦੁੱਖ ਦਰਦ ਦਾ ਰੁੱਖ ਉਖਾੜੀਏ ਜੀ

੫੦

ਲੁੱਡਣ ਮੇਉਂ ਨੂੰ ਰਾਂਝੇ ਨੇ ਸੁਆਲ ਪਾਯਾ ਸਾਨੂੰ ਆਣ ਉਨੀਂਦਰੇ ਜ਼ੋਰ ਕੀਤਾ
ਸਾਰੀ ਰਾਤ ਮੈਂ ਰਿਹਾ ਹਾਂ ਰਾਹ ਟੁਰਦਾ ਨਹੀਂ ਅੰਨ ਖਾਧਾ ਪਾਣੀ ਨਹੀਂ ਪੀਤਾ
ਜ਼ਰਾ ਕਹੇਂ ਤਾਂ ਪਲੰਘ ਤੇ ਲਵਾਂ ਠੌਂਕਾ ਸੁਆਲ ਨਾਮ ਖ਼ੁਦਾਇ ਦੇ ਮੰਨ ਮੀਤਾ
ਦਾਹ ਦੁਨੀਆਂ ਤੇ ਸੱਤਰ ਹੈ ਆਖ਼ਰਾਂ ਨੂੰ ਜਿਨ੍ਹਾਂ ਦਿੱਤਾ ਹੈ ਮੁਕਬਲਾ ਤਿਨ੍ਹਾਂ ਲੀਤਾ

੫੧

ਲੁੱਡਣ ਆਖਦਾ ਰਾਂਝੇ ਨੂੰ ਤੁਧ ਸੁੱਤਿਆਂ ਨਹੀਂ ਘਸਦਾ ਕੁੱਝ ਪਲੰਘ ਦਾ ਜੀ
ਪਰ ਹੀਰ ਸਿਆਲ਼ ਦੇ ਹੁਕਮ ਬਾਝੋਂ ਕਰਦਾ ਗੱਲ ਹਾਂ ਮੈਂ ਭੀ ਸੰਗਦਾ ਜੀ
ਸਿਰ ਘੋਲਿਆ ਨਾਮ ਖ਼ੁਦਾਇ ਦੇ ਤੋਂ ਮੇਰਾ ਜੀਉ ਪਰ ਹੀਰ ਤੋਂ ਸੰਗਦਾ ਜੀ
ਬਘਿਆੜ ਦਾ ਖ਼ੌਫ਼ ਜਿਉਂ ਬੱਕਰੀ ਨੂੰ ਮੁਕਬਲ ਹਰਨ ਨੂੰ ਸਹਿਮ ਪਲੰਗ ਦਾ ਜੀ

੫੨

ਰਾਂਝੇ ਲੁੱਡਣ ਨੂੰ ਹੱਥ ਦੀ ਛਾਪ ਦਿੱਤੀ ਕਿਸ ਆਖਣਾਂ ਹੀਰ ਨੂੰ ਜਾ ਮੀਆਂ
ਅਸਾਂ ਘੜੀ ਦੀ ਘੜੀ ਆਰਾਮ ਕਰਨਾਂ ਨਹੀਂ ਬੈਠਣਾਂ ਝੌਂਪੜੀ ਪਾ ਮੀਆਂ
ਵਿਰ ਲਿਆ ਤੂੰ ਆਸ ਮੁਸਾਫ਼ਰਾਂ ਦੀ ਤੇਰਾ ਦੇਵੇ ਮਕਸੂਦ ਖ਼ੁਦਾ ਮੀਆਂ
ਖ਼ੈਰ ਲੱਖ ਬਲਾਈਂ ਨੂੰ ਟਾਲਦਾ ਏ ਸਮਝ ਮੁਕਬਲਾ ਖ਼ੈਰ ਕਮਾ ਮੀਆਂ

੫੩

ਲੁੱਡਣ ਮੇਉਂ ਨੂੰ ਨੈਣੀਂ ਹੁੱਬ ਬੈਠੀ ਅੱਖੀਂ ਸ਼ਰਮ ਤੇ ਜੀ ਵਿੱਚ ਮਿਹਰ ਆਈ
ਕਹਿੰਦਾ ਪਲੰਘ ਤੇ ਜਾਇਕੇ ਲੇਟ ਮੀਆਂ ਰੱਬ ਕਰੇ ਜਿਹੜੀ ਸੋਈ ਹੋਗ ਭਾਈ
ਰਾਂਝੇ ਲੁੱਡਣ ਦੇ ਹੱਕ ਦੁਆ ਕਰਕੇ ਫੇਰ ਪਲੰਘ ਤੇ ਜਾਇਕੇ ਝੋਕ ਲਾਈ
ਦੋ ਪਹਿਰ ਗੁਜ਼ਰੇ ਸੇਜ ਸੁੱਤੜੇ ਨੂੰ ਅਤੇ ਮੁਕਬਲੇ ਨੂੰ ਨਹੀਂ ਖ਼ਬਰ ਕਾਈ ।

੫੪

ਤਿੰਨ ਸੌ ਸੱਠ ਸਹਿਲੀਆਂ ਨਾਲ ਲੈ ਕੇ ਹੀਰ ਸੇਜ ਤੇ ਸੌਣ ਨੂੰ ਘਰੋਂ ਆਈ
ਪੰਜੀਂ ਕੱਪੜੀਂ ਭੜਕ ਕੇ ਅੱਗ ਲੱਗੀ ਜਦੋਂ ਪਲੰਘ ਤੇ ਹੀਰ ਨੇ ਨਜ਼ਰ ਪਾਈ
ਲੱਤਾਂ ਮੁੱਕੀਆਂ ਸੋਟੀਆਂ ਪੌਂਦੀਆਂ ਨੇ ਲੁੱਡਣ ਮੇਉਂ ਨੂੰ ਸੁਧ ਨਾ ਰਹੀ ਕਾਈ
ਮੇਰੀ ਸੇਜ ਤੇ ਕੌਣ ਸੁਆਲਿਓਈ ਦੱਸ ਮੁਕਬਲਾ ਕੌਣ ਦਾਮਾਦ ਸਾਈ

੫੫

ਲੁੱਡਣ ਮੇਉਂ ਗ਼ਰੀਬ ਨੂੰ ਪੌਣ ਗਾਲੀਂ ਦਰਦਮੰਦ ਨੂੰ ਹਾਲ ਬੇਹਾਲ ਦਾ ਜੀ
ਪਛਤਾਂਵਦਾ ਵਕਤ ਵਿਹਾਨੜੇ ਨੂੰ ਜਦੋਂ ਰਾਂਝੇ ਨੂੰ ਸੇਜ ਸੁਆਲਦਾ ਜੀ
ਹੀਰੇ ਭੁੱਲਾ ਹਾਂ ਬਖ਼ਸ਼ ਗੁਨਾਹ ਮੇਰਾ ਤੈਨੂੰ ਵਾਸਤਾ ਜਲ਼ ਜਲਾਲ ਦਾ ਜੀ
ਮੁਕਬਲ ਹੀਰ ਨੂੰ ਇੱਕ ਜਵਾਬ ਦੇ ਕੇ ਲੁੱਡਣ ਆਪਣੇ ਖਹੜਿਓਂ ਟਾਲਦਾ ਜੀ

੫੬

ਹੀਰੇ ਮਾਰ ਨਾ ਮੂਲ ਨਿਮਾਣਿਆਂ ਨੂੰ ਮੱਤ ਪਵੇ ਗ਼ਰੀਬ ਦੀ ਆਹ ਤੈਨੂੰ
ਸਾਨੂੰ ਇਕ ਗੁਨਾਹ ਨਾ ਬਖ਼ਸ਼ਦੀ ਹੈਂ ਰਬਖ਼ਸ਼ਦਾ ਲੱਖ ਗੁਨਾਹ ਤੈਨੂੰ
ਅੱਗੇ ਜਾ ਜਵਾਬ ਕੀ ਦੇਵਸੇਂਗੀ ਜਦੋਂ ਪੁਛੇਗਾ ਆਪ ਅੱਲਾਹ ਤੈਨੂੰ
ਛੱਡ ਜਾਏਂਗੀ ਖ਼ੁਦੀ ਗੁਮਾਨ ਹੀਰੇ ਮੁਕਬਲ ਦੱਸਦਾ ਏ ਖ਼ੈਰ ਖ਼ਾਹ ਤੈਨੂੰ

ਹੀਰ ਨੂੰ ਰਾਂਝੇ ਦਾ ਦੀਦਾਰ

੫੭

ਹੀਰ ਲੁੱਡਣ ਦੇ ਖਹੜਿਓਂ ਬਾਜ਼ ਆਈ ਫਿਰੇ ਗਿਰਦੇ ਪਲੰਘ ਦੇ ਜਾ ਮੀਆਂ
ਹੁਸਨ ਰਾਂਝੇ ਦਾ ਵੇਖ ਮੁਸ਼ਤਾਕ ਹੋਈ ਗੱਲ ਨਹੀਂ ਸੁ ਆਉਂਦੀ ਕਾ ਮੀਆਂ
ਪੈਰ ਝੱਸ ਕੇ ਆਨ ਜਗਾਇਆ ਸੁ ਰਾਂਝਾ ਉਠਿਆ ਰੱਬ ਧਿਆ ਮੀਆਂ
ਸੂਰਤ ਵੇਖ ਕੇ ਮੁਕਬਲਾ ਰਾਂਝਣੇ ਦੀ ਰਹੀ ਹੀਰ ਸਿਆਲ਼ ਵਿਕਾ ਮੀਆਂ

੫੮

ਚਾਟ ਬਿਰਹੋਂ ਦੀ ਹੀਰ ਨੂੰ ਜ਼ੋਰ ਲੱਗੀ ਸੁੱਧ ਬੁੱਧ ਜਹਾਨ ਦੀ ਭੁੱਲ ਗਈ
ਜੋ ਕੁੱਝ ਹੀਰ ਦੇ ਪਾਸ ਬਿਸਾਤ ਆਹੀ ਧਾੜ ਬਿਰਹੋਂ ਨੇ ਮਾਰ ਕੇ ਲੁੱਟ ਲਈ
ਅੱਚਨ ਚੇਤੜੀ ਚੁੱਪ ਚੁਪਾਤੜੀ ਨੂੰ ਚੋਲੀ ਹੀਰ ਸਿਆਲ਼ ਦੀ ਚਿਣਗ ਪਈ
ਮੁਕਬਲ ਜੱਗ ਜਹਾਨ ਥੀਂ ਬਾਹਰੀ ਹੀ ਏਸ ਇਸ਼ਕ ਬੇਦਰਦ ਦੀ ਚਾਟ ਪਈ

੫੯

ਹੀਰ ਆਖਦੀ ਬਖ਼ਸ਼ ਗੁਨਾਹ ਮੇਰਾ ਸੇਜ ਸੁੱਤੜਾ ਆਣ ਜਗਾਇਆ ਏਂ
ਘੋਲ਼ ਘੱਤੀਆਂ ਮੈਂ ਓਸ ਰਾਹ ਉੱਤੋਂ ਜਿਸ ਰਾਹ ਤੋਂ ਚੱਲ ਕੇ ਆਇਆ ਏਂ
ਬਾਪ ਦਾਦਿਓਂ ਜ਼ਾਤ ਦਾ ਕੌਣ ਹੈਂ ਤੋਂ ਕਿਸ ਮਾਂ ਸੁਪਤੜੀ ਜਾਇਆ ਏਂ
ਔਂਸੀ ਪਾਉਂਦੀ ਕਾਗ ਉੱਡਾਉਂਦੀ ਨੂੰ ਮੈਨੂੰ ਮੁਕਬਲਾ ਰੱਬ ਮਿਲਾਇਆ ਏਂ

੬੦

ਕਹਿੰਦਾ ਨਾਮ ਧੀਦੋ ਮੇਰੀ ਜ਼ਾਤ ਰਾਂਝਾ ਸ਼ਹਿਰ ਤਖ਼ਤ ਹਜ਼ਾਰਿਓਂ ਆਇਆ ਮੈਂ
ਮਾਪੇ ਮਰਦਿਆਂ ਈਂ ਵਖ਼ਤ ਪਏ ਮੈਨੂੰ ਵਤਨ ਛੋੜ ਕੇ ਭਰਮ ਗਵਾਇਆ ਮੈਂ
ਸਵਾਲ ਕਰਦਿਆਂ ਆਉਂਦੀ ਸ਼ਰਮ ਮੈਨੂੰ ਕਦੀ ਕੰਮ ਨੂੰ ਹੱਥ ਨਾ ਲਾਇਆ ਮੈਂ
ਮੁਕਬਲ ਪਲੰਘ ਤੇ ਆਣ ਆਰਾਮ ਕੀਤਾ ਜਦੋਂ ਨੀਂਦ ਨੇ ਬਹੁਤ ਅਕਾਇਆ ਮੈਂ

੬੧

ਰਾਂਝਾ ਹੀਰ ਨੂੰ ਦੇ ਜਵਾਬ ਟੁਰਿਆ ਹੀਰ ਪੱਲਿਓਂ ਪਕੜ ਖਲੋਂਵਦੀ ਏ
ਤਸਬੀਹ ਆਸ਼ਿਕਾਂ ਦੀ ਮੋਤੀ ਹੰਝੂਆਂ ਦੇ ਧਾਗੇ ਆਹੀਂ ਦੇ ਨਾਲ ਪਰੋਂਵਦੀ ਏ
ਕਰਦੀ ਕੀਰਨੇ ਦਰਦ ਫ਼ਿਰਾਕ ਵਾਲੇ ਉਭੇ ਸਾਹ ਲੈਂਦੀ ਜ਼ਾਰੀ ਰੋਂਵਦੀ ਏ
ਮੁਕਬਲ ਵਸ ਅਜੋਕੜੀ ਰਾਤ ਮੈਂਥੇ ਮਿੰਨਤਦਾਰ ਗ਼ਰੀਬਣੀ ਹੋਂਵਦੀ ਏ

੬੨

ਆਸ਼ਿਕ ਵੇਖ ਮਾਸ਼ੂਕ ਦੀ ਮਿਹਰਬਾਨੀ ਕਰਦਾ ਇਜਜ਼ ਨਿਆਜ਼ ਤੇ ਉਜ਼ਰ ਖ਼ਾਹੀ
ਰਾਂਝਾ ਪਲੰਘ ਤੇ ਆਣ ਆਰਾਮ ਕਰਦਾ ਸਿਰੋਂ ਦੁੱਖਾਂ ਤੇ ਦਰਦਾਂ ਦੀ ਪੰਡ ਲਾਹੀ
ਜੋ ਕੁਝ ਰਾਂਝੇ ਦੇ ਪਾਸ ਬਿਸਾਤ ਆਹੀ ਲਈ ਹੀਰ ਨੇ ਜ਼ੁਲਫ਼ ਦੀ ਪਾ ਫਾਹੀ
ਮੁਕਬਲ ਸ਼ਹਿਰ ਮਾਸ਼ੂਕਾਂ ਦੇ ਮੰਗ ਖਾਣਾਂ ਇਹੋ ਆਸ਼ਿਕਾਂ ਸਾਦਿਕਾਂ ਬਾਦਸ਼ਾਹੀ

੬੩

ਹੀਰ ਆਖਦੀ ਰਾਂਝਿਆ ਦੱਸ ਖਾਂ ਵੇ ਅੱਗੇ ਜਾਵਸੇਂ ਕਿਹੜੇ ਦੇਸ ਮੀਆਂ
ਤੇਰੀ ਤਬਾ ਮਲੂਕਾਂ ਦੀ ਦਿਸਦੀ ਏ ਤੇਰਾ ਨਾਹ ਫ਼ਕੀਰਾਂ ਦਾ ਵੇਸ ਮੀਆਂ
ਅੱਖੀਂ ਬਲਣ ਦੀਵੇ ਮੁੱਖ ਚੰਦ ਜੇਹਾ ਸੰਦਲ ਭਿੰਨੜੇ ਤੈਂਡੜੇ ਕੇਸ ਮੀਆਂ
ਘਰੀਂ ਜਾਲਣਾਂ ਬੈਠ ਕੇ ਫ਼ਕਰ ਫ਼ਾਕਾ ਮੁਕਬਲ ਭੱਠ ਪਿਆ ਪਰਦੇਸ ਮੀਆਂ

੬੪

ਰਾਂਝਾ ਰੋਇਕੇ ਆਖਦਾ ਹੀਰ ਤਾਈਂ ਮੇਰੇ ਅੱਲੜੇ ਘਾ ਦੁਖਾ ਨਾਹੀਂ
ਪਿੰਡ ਪਿੰਡ ਫਿਰਾਉਂਦਾ ਲੇਖ ਮੈਨੂੰ ਆਪ ਭਟਕਣੇ ਦੀ ਕੁਝ ਚਾਹ ਨਾਹੀਂ
ਕੋਈ ਆਖੇ ਤੇ ਸਿਰ ਦੇ ਜ਼ੋਰ ਰਹਿਸਾਂ ਅੱਗੇ ਜਾਵਣੇ ਦੀ ਪਰਵਾਹ ਨਾਹੀਂ
ਮੌਲਾ ਜਾਣਦਾ ਏ ਘੜੀ ਮੁਕਬਲੇ ਨੂੰ ਮਾਸ਼ੂਕ ਦੇ ਬਾਝ ਟਿਕਾ ਨਾਹੀਂ

੬੫

ਹੀਰ ਆਖਦੀ ਰਾਂਝੇ ਨੂੰ ਜਾਨ ਮੇਰੀ ਤੇਰੇ ਨਾਮ ਤੋਂ ਵਾਰਨੇ ਜਾਂਵਦੀ ਹਾਂ
ਕਿਸੇ ਕਸਬ ਰੋਜ਼ਗਾਰ ਨੂੰ ਜਾਣਨਾ ਏਂ ਗੱਲ ਪੁੱਛਦੀ ਬਹੁਤ ਸ਼ਰਮਾਂਵਦੀ ਹਾਂ
ਦੰਮਾਂ ਬਾਝ ਗ਼ੁਲਾਮ ਤੁਸਾਡੜੀ ਹਾਂ ਕੋਈ ਉਜ਼ਰ ਨਾ ਮੂਲ ਲਿਆਂਵਦੀ ਹਾਂ
ਮੁਕਬਲ ਆਪ ਨੂੰ ਕੁੱਝ ਮਾਲੂਮ ਨਾਹੀਂ ਤੈਨੂੰ ਭਾਂਵਦੀ ਹਾਂ ਕਿ ਨਾ ਭਾਂਵਦੀ ਹਾਂ

੬੬

ਰਾਂਝਾ ਆਖਦਾ ਹੀਰ ਨੂੰ ਸਮਝ ਹੀਰੇ ਤੈਨੂੰ ਸੱਚ ਦੀ ਬਾਤ ਸੁਣਾਵਸਾਂ ਮੈਂ
ਹੋਰ ਕੰਮ ਨਾ ਆਉਂਦਾ ਕੋਈ ਮੈਨੂੰ ਪਰ ਮੱਝੀਆਂ ਚਾਰ ਲਿਆਵਸਾਂ ਮੈਂ
ਮੌਜੂ ਮਹਰ ਹਜ਼ਾਰੇ ਦਾ ਲਾਡਲਾ ਹਾਂ ਖ਼ਾਤਿਰ ਹੀਰ ਦੀ ਚਾਕ ਸਦਾਵਸਾਂ ਮੈਂ
ਮੁਕਬਲ ਹੀਰ ਦੇ ਦਿਲ ਦੀ ਹੀਰ ਜਾਣੇ ਪਰ ਆਪਣੀ ਤੋੜ ਨਿਭਾਵਸਾਂ ਮੈਂ

ਪੰਜ ਪੀਰਾਂ ਨੇ ਹੀਰ ਤੇ ਰਾਂਝੇ ਦਾ ਨਿਕਾਹ ਕਰਨਾ

੬੭

ਹੀਰ ਆਖਦੀ ਸੁਣੋਂ ਸਹੇਲੀਓ ਨੀ ਮੈਨੂੰ ਰਲ਼ ਕੇ ਦੇਓ ਵਧਾਈਆਂ ਨੀ
ਅੱਜ ਘੜੀ ਸੁਲੱਖਣੀ ਖ਼ੈਰ ਦੀ ਹੈ ਰਾਂਝੇ ਨਾਲ਼ ਮੈਂ ਅੱਖੀਆਂ ਲਾਈਆਂ ਨੀ
ਰਾਂਝਾ ਮਜਨੂੰ ਤੇ ਹੀਰ ਦਾ ਨਾਮ ਲੈਲਾ ਗੱਲਾਂ ਜੱਗ ਨੂੰ ਆਖ ਸੁਣਾਈਆਂ ਨੀ
ਰਾਂਝਾ ਹੀਰ ਦੇ ਨਾਲ਼ ਨਿਕਾਹ ਲੈਂਦਾ ਬੈਠ ਮੁਕਬਲੇ ਗੰਢੀਆਂ ਪਾਈਆਂ ਨੀ

੬੮

ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ ਓਨ੍ਹਾਂ ਆਣ ਕੇ ਮੁੱਖ ਵਿਖਾਇਓ ਨੇ
ਪੀਰ ਪਲੰਘ ਤੇ ਚੌਕੜੀ ਮਾਰ ਬੈਠੇ ਰਾਂਝੇ ਹੀਰ ਨੂੰ ਕੋਲ਼ ਬਹਾਇਓ ਨੇ
ਰਲ਼ ਕੇ ਹੀਰ ਤੇ ਰਾਂਝੇ ਦਾ ਅਕਦ ਕੀਤਾ ਵਿੱਚ ਸ਼ਾਹਿਦ ਖ਼ਿਜ਼ਰ ਬਨਾਇਓ ਨੇ
ਚਾਉਲ ਸ਼ਗਨ ਦੇ ਛਿਣਕ ਕੇ ਪੀਰ ਪੰਜੇ ਝੋਲ਼ੀ ਹੀਰ ਦੀ ਮੁਕਬਲਾ ਪਾਇਓ ਨੇ

੬੯

ਪੰਜਾਂ ਪੀਰਾਂ ਨੇ ਦੋਹਾਂ ਨੂੰ ਮੱਤ ਦਿੱਤੀ ਅੱਠੇ ਪਹਿਰ ਹੀ ਅੱਲ੍ਹਾ ਨੂੰ ਯਾਦ ਕਰਨਾਂ
ਦੁਨੀਆਂ ਕੁਲ ਜਹਾਨ ਮਕਾਨ ਫ਼ਾਨੀ ਲਖ ਵਰ੍ਹੇ ਜੇ ਜੀਵਣਾਂ ਅੰਤ ਮਰਨਾਂ
ਸਰਸਾਹੀਓਂ ਸੇਰ ਸਦਾਵਣਾਂ ਨਾ ਕੰਮ ਸਿਫ਼ਲਿਆਂ ਦਾ ਨਹੀਂ ਮੂਲ ਕਰਨਾਂ
ਮੁਕਬਲ ਇਸ਼ਕ ਦੇ ਨਾਉਂ ਦੇ ਠਾਠ ਚੜ੍ਹ ਕੇ ਤੁਸਾਂ ਸ਼ੌਕ ਦਾ ਵੱਡਾ ਦਰਿਆ ਤਰਨਾਂ

੭੦

ਹੀਰ ਆਖਿਆ ਸੁਣੋਂ ਸਹੇਲੀਓ ਨੀ ਰਾਂਝਾ ਭੇਜਿਆ ਰੱਬ ਪਰਚਾ ਦਿਲ ਦਾ
ਮੁੱਖ ਰਾਂਝੇ ਦਾ ਡਿੱਠਿਆਂ ਜੀਉਨੀ ਹਾਂ ਮੇਰਾ ਮਰਨ ਸੀ ਘੜੀ ਨਾ ਓਹ ਮਿਲਦਾ
ਨਹੀਂ ਮੇਰੇ ਤੇ ਰਾਂਝੇ ਦੇ ਵਿੱਚ ਕੋਈ ਸੌਗੰਦ ਖ਼ੁਦਾ ਦੀ ਫ਼ਰਕ ਤਿਲ ਦਾ
ਅੱਖੀਂ ਪਾਇ ਰੱਖਾਂ ਪਿਆਰੇ ਰਾਂਝਣੇ ਨੂੰ ਇਥੋਂ ਤੀਕ ਹੈ ਮੁਕਬਲਾ ਸ਼ੌਕ ਦਿਲਦਾ

ਹੀਰ ਨੇ ਰਾਂਝੇ ਨੂੰ ਮੱਝਾਂ ਦਾ ਪਾਲੀ ਰਖਵਾ ਦੇਣਾ

੭੧

ਹੀਰ ਸਣੇਂ ਸਹੇਲੀਆਂ ਰਾਂਝਣੇ ਨੂੰ ਚੂਚਕ ਸਿਆਲ਼ ਦੇ ਪਾਸ ਲੈ ਆਉਂਦੀ ਏ
ਮਾਹੀ ਢੂੰਡ ਕੇ ਬਾਬਲਾ ਅਸਾਂ ਆਂਦਾ ਏਹਦੀ ਸਿਫ਼ਤ ਨਾਹੀਂ ਕਹੀ ਜਾਉਂਦੀ ਏ
ਇੱਕੋ ਸੱਤ ਸੌ ਮੱਝੀਆਂ ਚਾਰ ਲਿਆਵੇ ਨਫ਼ਾ ਢੇਰ ਹੈ ਘਾਟ ਨਾ ਆਉਂਦੀ ਏ
ਜਿਉਂ ਜਾਣੀਏ ਰੱਖੀਏ ਮੁਕਬਲੇ ਨੂੰ ਇਹੋ ਗੱਲ ਸਾਨੂੰ ਭਲੀ ਭਾਉਂਦੀ ਏ

੭੨

ਸਿਫ਼ਤ ਮਾਹੀ ਦੀ ਬਾਬਲਾ ਸੁਣੀਂ ਮੈਥੋਂ ਰਾਂਝਾ ਤਖ਼ਤ ਹਜ਼ਾਰੇ ਦੇ ਵਿੱਚ ਰਹਿੰਦਾ
ਦੀਨਦਾਰ ਜੇਹਾ ਦਿੱਸ ਆਉਂਦਾ ਏ ਨੇਕ ਬਖ਼ਤ ਤੇ ਝੂਠ ਨਾ ਮੂਲ ਕਹਿੰਦਾ
ਕੋਈ ਲੱਖ ਕਹੇ ਇਸਨੂੰ ਇਕ ਨਾਹੀਂ ਦਿੱਤਾ ਰੱਬ ਰਹੀਮ ਦਾ ਪਿਆ ਸਹਿੰਦਾ
ਕਦਮ ਮੁਕਬਲੇ ਦੇ ਲੱਖ ਬਰਕਤਾਂ ਨੇ ਨੰਗੇ ਭੁੱਖੇ ਦੀ ਖ਼ਬਰ ਤੇ ਸਾਰ ਲੈਂਦਾ

੭੩

ਚੂਚਕ ਆਖਦਾ ਹੀਰ ਨੂੰ ਜੀਉ ਸਦਕੇ ਤੇਰਾ ਕਹਿਣਾਂ ਨਾ ਸੁੱਟਿਆ ਜਾਉਂਦਾ ਏ
ਸਾਨੂੰ ਕਾਮਿਆਂ ਦੀ ਪ੍ਰਵਾਹ ਨਾਹੀਂ ਕੋਈ ਵਾਰ ਤੇ ਗਾਂਜ ਨਾ ਆਉਂਦਾ ਏ
ਰਲਿਆ ਅਪਣਾ ਇਹ ਬੀ ਖਾਵਸੀ ਜੀ ਅਸ਼ਰਾਫ਼ ਜੇਹਾ ਨਜ਼ਰ ਆਉਂਦਾ ਏ
ਮੁਕਬਲ ਮੁਫ਼ਤ ਦਾ ਜਸ ਹੈ ਖ਼ੈਰ ਕਰਨਾਂ ਰਲਿਆ ਅਪਣਾ ਸਭ ਕੋਈ ਖਾਉਂਦਾ ਏ

੭੪

ਚੂਚਕ ਹੀਰ ਦੀ ਗੱਲ ਕਬੂਲ ਕੀਤੀ ਜੀਉ ਹੀਰ ਦਾ ਬਹੁਤ ਖ਼ੁਸ਼ਹਾਲ ਹੋਇਆ
ਭੂਰਾ ਪਟਕਾ ਰਾਂਝੇ ਨੂੰ ਬਖ਼ਸ਼ ਹੋਇਆ ਆਸ਼ਿਕ ਤਾਲਿਆ ਨਾਲ਼ ਨਿਹਾਲ ਹੋਇਆ
ਮਾਰੇ ਇਸ਼ਕ ਦੇ ਚਾਕ ਸਦਾਇਆ ਸੂ ਤੇਗ਼ ਦਰਦ ਦੀ ਨਾਲ਼ ਹਲਾਲ ਹੋਇਆ
ਮੁਕਬਲ ਯਾਰ ਮਿਲਿਆ ਖਿੜਿਆ ਬਾਗ਼ ਦਿਲ ਦਾ ਜਦੋਂ ਰੱਬ ਦਾ ਫ਼ਜ਼ਲ ਕਮਾਲ ਹੋਇਆ

ਹੀਰ ਤੇ ਰਾਂਝੇ ਦਾ ਬੇਲੇ ਵਿੱਚ ਜਾਣਾ

੭੫

ਰਾਂਝਾ ਕਾਮਿਆਂ ਵਾਂਗ ਸਲਾਮ ਕਰ ਕੇ ਉਠ ਮੱਝੀਆਂ ਚਾਰਨੇ ਜਾਂਵਦਾ ਏ
ਵਾਕਫ਼ ਨਹੀਂ ਕਹਿੰਦਾ ਕਿਸੇ ਜੂਹ ਦਾ ਮੈਂ ਸਾਨੂੰ ਬੇਲੇ ਦਾ ਰਾਹ ਨਾ ਆਂਵਦਾ ਏ
ਮੱਝੀ ਛੇੜਾਂ ਜੇ ਦੱਸੇ ਕੋਈ ਰਾਹ ਮੈਨੂੰ ਬੇਲੇ ਹੀਰ ਨੂੰ ਨਾਲ਼ ਲੈ ਜਾਂਵਦਾ ਏ
ਵਿੱਚ ਬੇਲੇ ਦੇ ਮੁਕਬਲਾ ਬੈਠ ਗੋਸ਼ੇ ਰਾਂਝਾ ਹੀਰ ਤਾਈਂ ਸਮਝਾਂਵਦਾ ਏ

੭੬

ਹੀਰੇ ਖ਼ਾਬ ਵਿੱਚ ਵੇਖਿਆ ਰੂਪ ਤੇਰਾ ਮੈਨੂੰ ਮਿਹਰ ਦੇ ਨਾਲ ਬੁਲਾਇਆ ਈ
ਮੈਂ ਤਾਂ ਹਾਲ ਥੀਂ ਬਹੁਤ ਬੇਹਾਲ ਹੋਇਆ ਜਦੋਂ ਪ੍ਰੇਮ ਦਾ ਜਾਮ ਪਿਲਾਇਆ ਈ
ਛਾਤੀ ਭੰਨ ਕਲੇਜੜਾ ਪਾੜਿਓਈ ਕੇਹਾ ਬਿਰਹੋਂ ਦਾ ਤੀਰ ਚਲਾਇਆ ਈ
ਮੁਕਬਲ ਆਫ਼ਰੀਂ ਹੈ ਤੇਰੀ ਦੋਸਤੀ ਨੂੰ ਕੌਲ ਆਪਣਾ ਪਾਲ਼ ਵਿਖਾਇਆ ਈ

੭੭

ਹੀਰ ਆਖਦੀ ਰਾਂਝਿਆ ਕਰਮ ਕੀਤੋ ਦਿੱਤਾ ਆਣ ਕੇ ਤੁਰਤ ਦੀਦਾਰ ਮੈਨੂੰ
ਸੰਗ ਆਪਣੇ ਚਾ ਰਲਾਇਓਈ ਕੀਤੋ ਗ਼ੈਰ ਥੀਂ ਚਾ ਬੇਜ਼ਾਰ ਮੈਨੂੰ
ਮੈਥੋਂ ਕੱਤਣਾਂ ਤੁੰਬਣਾਂ ਹੋ ਰਹਿਆ ਤੇਰੇ ਇਸ਼ਕ ਦੀ ਹੈ ਬੱਸ ਕਾਰ ਮੈਨੂੰ
ਤੇਰੀ ਬੰਦੀ ਆਂ ਮੁਕਬਲਾ ਬਾਝ ਦੰਮਾਂ ਖੜ ਵੇਚ ਲੈ ਹਟ ਬਾਜ਼ਾਰ ਮੈਨੂੰ

੭੮

ਰਾਂਝਾ ਆਖਦਾ ਰੰਨਾਂ ਥੀਂ ਨਫ਼ਾ ਨਾਹੀਂ ਰੰਨਾਂ ਨਾਲ਼ ਨਾ ਦੋਸਤੀ ਲਾਈਏ ਜੀ
ਰੰਨਾਂ ਸੱਚਿਆਂ ਨੂੰ ਚਾ ਕਰਨ ਝੂਠਾ ਵਾਰੇ ਰੰਨਾਂ ਦੇ ਮੂਲ ਨਾ ਜਾਈਏ ਜੀ
ਸੱਪ ਡੰਗ ਨਾ ਮਾਰਨੋਂ ਰਹੇ ਮੂਲੇ ਸਾਰੀ ਉਮਰ ਜੇ ਦੁੱਧ ਪਿਲਾਈਏ ਜੀ
ਮੁਕਬਲ ਕੂਚ ਕਰਕੇ ਏਸ ਪਿੰਡ ਵਿੱਚੋਂ ਹੁਣ ਤਖ਼ਤ ਹਜ਼ਾਰੇ ਨੂੰ ਜਾਈਏ ਜੀ

੭੯

ਹੀਰ ਆਖਦੀ ਰੰਨਾਂ ਨੂੰ ਨਿੰਦਦਾ ਹੈਂ ਮੀਆਂ ਸਭ ਰੰਨਾਂ ਬੁਰਿਆਰ ਨਾਹੀਂ
ਬੀਬੀ ਰਾਬੀਆ ਜੇਹੀਆਂ ਵੀ ਔਰਤਾਂ ਨੇ ਐਪਰ ਗ਼ੈਰਾਂ ਦਾ ਕੁਝ ਸ਼ੁਮਾਰ ਨਾਹੀਂ
ਰੰਨਾਂ ਕੀਤੀਆਂ ਔਲੀਆਂ ਅੰਬੀਆਂ ਨੇ ਕੋਈ ਰੰਨਾਂ ਬਗ਼ੈਰ ਸੰਸਾਰ ਨਾਹੀਂ
ਮੁਕਬਲ ਹੀਰ ਦਾ ਜੀ ਵਿਕਾ ਰਿਹਾ ਅਜੇ ਰਾਂਝਣੇ ਨੂੰ ਇਤਬਾਰ ਨਾਹੀਂ

੮੦

ਰਾਂਝੇ ਵੰਝਲੀ ਵਾਹ ਕੇ ਮਾਂਝ ਕੂਕੀ ਜੀ ਹੀਰ ਦਾ ਆਪਣੇ ਵੱਸ ਕੀਤਾ
ਬੂਰੀ ਮੱਝ ਦਾ ਚੋਇਕੇ ਦੁੱਧ ਮਿੱਠਾ ਰਾਂਝੇ ਬੈਠ ਕੇ ਹੀਰ ਦੇ ਨਾਲ਼ ਪੀਤਾ
ਵਿੱਚ ਰਿਹਾ ਹਿਜਾਬ ਨਾ ਜ਼ਰਾ ਮੂਲੇ ਬਿਰਹੋਂ ਦੋਹਾਂ ਦਾ ਜੋੜ ਕੇ ਜੀ ਸੀਤਾ
ਸਵਾਲ ਘੱਤ ਖ਼ੁਦਾਇ ਦਾ ਮੁਕਬਲੇ ਨੂੰ ਸੋਟਾ ਇਸ਼ਕ ਦਾ ਰਾਂਝਣੇ ਹੱਥ ਲੀਤਾ

੮੧

ਰਾਂਝੇ ਹੀਰ ਇਕੱਠਿਆਂ ਵਿੱਚ ਬੇਲੇ ਕਈ ਮੁੱਦਤਾਂ ਮੱਝੀਆਂ ਚਾਰੀਆਂ ਨੇ
ਪਿੰਡ ਆਉਣਾਂ ਰਾਂਝਣੇ ਤਰਕ ਕੀਤਾ ਰਾਤਾਂ ਝੱਲਾਂ ਦੇ ਵਿੱਚ ਗੁਜ਼ਾਰੀਆਂ ਨੇ
ਚੂਰੀ ਕੁੱਟ ਕੇ ਹੀਰ ਦੋ ਵਕਤ ਲਿਆਵੇ ਰਾਂਝੇ ਖਾਇਕੇ ਅੱਖੀਆਂ ਮਾਰੀਆਂ ਨੇ
ਪਿਆਰੇ ਮੁਕਬਲੇ ਦਾ ਦਿਲ ਪਾਈਏ ਜੀ ਹੋਰ ਚੌੜ ਗੱਲਾਂ ਜੱਗ ਸਾਰੀਆਂ ਨੇ

੮੨

ਹੀਰ ਰਾਂਝੇ ਦੀ ਦੋਸਤੀ ਨਸ਼ਰ ਹੋਈ ਤੁਰੀਆਂ ਝੰਗ ਸਿਆਲਾਂ ਦੇ ਵਿੱਚ ਗੱਲਾਂ
ਇਸ਼ਕ ਮੁਸ਼ਕ ਛੁਪਾਇਆਂ ਨਾ ਛੁਪਦਾ ਜੇਹੀ ਅੱਗ ਨਾ ਛੁਪਦੀ ਵਿੱਚ ਝੱਲਾਂ
ਰੱਬਾ ਨਾਸ ਹੋਵੇ ਇਹਨਾਂ ਦੂਤੀਆਂ ਦਾ ਮਿਲੇ ਯਾਰ ਵਿਛੋੜਦੇ ਨਾਲ ਸੱਲਾਂ
ਖਰੀ ਅੱਕੀ ਹਾਂ ਮੁਕਬਲਾ ਦੂਤੀਆਂ ਤੋਂ ਵਤਨ ਛੱਡ ਕੇ ਚੱਲ ਪਰਦੇਸ ਚੱਲਾਂ

ਦੂਤੀਆਂ ਦਾ ਹੀਰ ਦੀ ਮਾਂ ਨੂੰ ਹੀਰ-ਰਾਂਝੇ ਦੇ ਇਸ਼ਕ ਬਾਰੇ ਦੱਸਣਾ

੮੩

ਦੂਤੀਆਂ ਆਖਿਆ ਹੀਰ ਦੀ ਮਾਈ ਤਾਈਂ ਤੇਰੀ ਹੋਈ ਹੈ ਧੀ ਖ਼ਰਾਬ ਮੋਈਏ
ਨਾਲ਼ ਚਾਕ ਦੇ ਅੱਖੀਆਂ ਲਾਈਆਂ ਸੂ ਅੱਠੇ ਪਹਿਰ ਰਹਿੰਦੀ ਗ਼ਰਕਾਬ ਮੋਈਏ
ਬੇਲੇ ਜਾਂਵਦੀ ਯਾਰ ਹੰਢਾਂਵਦੀ ਏ ਕੱਛੇ ਮਾਰ ਕੁਰਆਨ ਕਿਤਾਬ ਮੋਈਏ
ਜਾਂਦੀ ਹੀਰ ਹਈ ਮੁਕਬਲਾ ਚਾਕ ਪਿੱਛੇ ਕੁੱਝ ਕਰੀਂ ਇਲਾਜ ਸ਼ਿਤਾਬ ਮੋਈਏ

੮੪

ਮਾਂ ਆਖਦੀ ਨੱਢੀਏ ਨਿਜ ਜੰਮੇ ਸਾਨੂੰ ਜੰਮ ਕੇ ਲਾਇਓ ਈ ਨੰਗ ਹੀਰੇ
ਖ਼ਲਕ ਡਰੇ ਹਰਾਮ ਦੇ ਖਾਉਣੇ ਤੋਂ ਸਣੇ ਚਾਕ ਤੂੰ ਖਾਏਂ ਨਸੰਗ ਹੀਰੇ
ਚੂਚਕ ਵੱਢ ਕੇ ਕਰੇ ਨਸੰਗ ਟੁਕੜੇ ਹੋਗ ਚਾਕ ਦਾ ਰੰਗ ਬਦਰੰਗ ਹੀਰੇ
ਖ਼ੈਰ ਮੰਗ ਖ਼ੁਦਾ ਤੋਂ ਮੁਕਬਲੇ ਦੀ ਹੁਣ ਛੱਡ ਦੇਹ ਚਾਕ ਦਾ ਸੰਗ ਹੀਰੇ

੮੫

ਹੀਰ ਮਾਂ ਨੂੰ ਰੋਕ ਜਵਾਬ ਦਿੱਤਾ ਕਹਿੰਦੀ ਇਸ਼ਕ ਬਜਾਇ ਈਮਾਨ ਦੀ ਨੀ
ਹਾਏ ਹਾਏ ਬੇਦਰਦ ਨੂੰ ਦਰਦ ਨਾਹੀਂ ਮਾਏ ਜਿਸ ਲੱਗੇ ਸੋਈ ਜਾਣਦੀ ਨੀ
ਮੈਨੂੰ ਚਾਕ ਦਾ ਵੇਖਣਾਂ ਕੀਮੀਆ ਹਈ ਹੋਰ ਸੁੰਞੜੀ ਕਾਰ ਜਹਾਨ ਦੀ ਨੀ
ਸੱਚ ਆਖ ਤੂੰ ਮੁਕਬਲਾ ਇਸ਼ਕ ਬਾਝੋਂ ਕੁਲ ਖ਼ਲਕ ਮਿਸਾਲ ਹੈਵਾਨ ਦੀ ਨੀ

੮੬

ਹੀਰੇ ਇਸ਼ਕ ਲਗਾਵਣਾ ਖਰਾ ਔਖਾ ਵਾਰੇ ਇਸ਼ਕ ਦੇ ਮੂਲ ਨਾ ਜਾਵਸੇਂ ਨੀ
ਉਚਰਕ ਰਾਂਝੇ ਦੇ ਨਾਲ਼ ਪਿਆਰ ਤੇਰਾ ਜਿਚਰਕ ਛੁਪ ਕੇ ਵਕਤ ਲੰਘਾਵਸੇਂ ਨੀ
ਸਣੇਂ ਚਾਕ ਜੇ ਕਿਸੇ ਦੀ ਨਜ਼ਰ ਆਵੇਂ ਹੀਰੇ ਮਾਰਦਿਆਂ ਹੀ ਮੁਰਝਾਵਸੇਂ ਨੀ
ਆ ਮੰਨ ਨਸੀਹਤ ਮੁਕਬਲੇ ਦੀ ਨਹੀਂ ਆਕਬਤ ਨੂੰ ਪਛਤਾਵਸੇਂ ਨੀ

੮੭

ਹੀਰ ਆਖਦੀ ਬਖ਼ਸ਼ਦਾ ਬੰਦਿਆਂ ਨੂੰ ਮੇਰਾ ਰੱਬ ਰਹੀਮ ਗ਼ੱਫ਼ਾਰ ਮਾਏ
ਮਰਦ ਖ਼ਲਕ ਮਕਬੂਲ ਅੱਲ੍ਹਾ ਦੇ ਨੇ ਨਹੀਂ ਜਾਹਲਾਂ ਦਾ ਇਤਬਾਰ ਮਾਏ
ਮੈਨੂੰ ਆਸਰਾ ਨਬੀ ਕਰੀਮ ਦਾ ਹਈ ਜਿਸ ਖ਼ਲਕ ਲੰਘਾਉਣੀ ਪਾਰ ਮਾਏ
ਇਸ਼ਕ ਮੁਸ਼ਕ ਵਿਹਾਜਣਾਂ ਮੁਕਬਲੇ ਨੇ ਸਭਾ ਛੱਡ ਕੇ ਵਣਜ ਬਪਾਰ ਮਾਏ

੮੮

ਮਾਂ ਆਖਦੀ ਤੱਤੜੀ ਰਹੇਂ ਹੀਰੇ ਮੇਰਾ ਜੀ ਤੇਰੇ ਹੱਥੋਂ ਬਹੁਤ ਤੱਤਾ
ਕਿਸੇ ਮਾਂ ਤੇ ਬਾਪ ਜਨੀ ਹੋਵੇਂ ਹੀਰੇ ਭਲੀ ਮੱਤ ਲੈ ਛੱਡ ਇਹ ਬੁਰੀ ਖ਼ਤਾ
ਬਦਲੇ ਚਾਕ ਦੇ ਰੱਖਸਾਂ ਹੋਰ ਕਾਮਾਂ ਸੁੰਞਾਂ ਚਾਕ ਹੈ ਨੱਢੀ ਦੇ ਨਾਲ਼ ਰੱਤਾ
ਮਾਂ ਮੁਕਬਲਾ ਹੀਰ ਨੂੰ ਮਨ੍ਹਾ ਕਰਦੀ ਅੱਜੋਂਲਾਕ ਨਾ ਚਾਕ ਦਾ ਖੜੀਂ ਭੱਤਾ

੮੯

ਹੀਰ ਮਾਂ ਦੇ ਹੱਥ ਤੋਂ ਤੰਗ ਆਈ ਖਰੀ ਹਾਲ ਤੋਂ ਬਹੁਤ ਬੇਹਾਲ ਪਈ
ਕਹਿੰਦੀ ਆਪਣੀ ਪਵੇਗੀ ਮਾਈਏ ਨੀ ਮੇਰੇ ਚਾਕ ਦੇ ਮੱਤ ਖ਼ਿਆਲ ਪਈ
ਬੱਚੇ ਕੱਚੇ ਤੋਂ ਬਦਲਾ ਪਾਉਸੇਂ ਨੀ ਕੇਹੀ ਜ਼ਿੱਦ ਫ਼ਕੀਰਾਂ ਦੇ ਨਾਲ਼ ਪਈ
ਹੀਰ ਚਾਕ ਦੀ ਹੈ ਚਾਕ ਹੀਰ ਦਾ ਹੈ ਮੁਕਬਲ ਆਖਦਾ ਰਮਲ ਦੀ ਫ਼ਾਲ ਪਈ

੯੦

ਮਲਕੀ ਵੇਖ ਕੇ ਹੀਰ ਦਾ ਸ਼ੋਖ ਦੀਦਾ ਚੁੱਪ ਕੀਤੀ ਸੁ ਚੋਰ ਦੀ ਮਾਂ ਵਾਂਗੂੰ
ਆਹੀਂ ਮਾਰ ਕੇ ਹੋਇ ਲਾਚਾਰ ਰੁੰਨੀ ਹੰਝੂ ਵਹਿਣ ਠਾਠੀਂ ਦਰਿਆ ਵਾਂਗੂੰ
ਬੋਲ ਹੀਰ ਦਾ ਮਾਂ ਨੂੰ ਪਿਆ ਰੜਕੇ ਸੀਨੇ ਵਿੱਚ ਤਲਵਾਰ ਦੇ ਘਾ ਵਾਂਗੂੰ
ਦੀਵਾ ਅਕਲ ਦਾ ਮੁਕਬਲਾ ਸਰਦ ਕੀਤਾ ਮਾਰ ਇਸ਼ਕ ਨੇ ਪੁਰੇ ਦੀ ਵਾ ਵਾਂਗੂੰ

੯੧

ਵਰਜੀ ਮਾਂ ਦੀ ਹੀਰ ਨਾ ਰਹੀ ਮੂਲੇ ਵੇਲ਼ਾ ਪਾਇਕੇ ਯਾਰ ਤੇ ਜਾਂਵਦੀ ਏ
ਘਰੋਂ ਲੱਗ ਨਾ ਹੀਰ ਦਾ ਦਾ ਰਿਹਾ ਕੈਦੋ ਲੰਙੇ ਦੇ ਦਾਇਰੇ ਆਂਵਦੀ ਏ
ਧੂੰਏਂ ਵਿੱਚ ਪਕਾਇਕੇ ਰੋਟ ਖ਼ਾਸਾ ਕੁੱਟ ਘਿਉ ਤੇ ਖੰਡ ਰਲ਼ਾਂਵਦੀ ਏ
ਭਰਪੂਰ ਕਰ ਕੇ ਚੂਰੀ ਨਾਲ਼ ਛੰਨਾਂ ਪਿਆਰੇ ਮੁਕਬਲੇ ਲਈ ਲਿਆਂਵਦੀ ਏ

੯੨

ਕੈਦੋ ਵੇਖਦਾ ਵੇਖਦਾ ਤੰਗ ਆਇਆ ਨਢੀ ਹੀਰ ਦੀ ਵੇਖ ਕੇ ਸਭ ਚਾਲੀ
ਫ਼ਿਕਰ ਹੀਰ ਤੇ ਰਾਂਝੇ ਦੇ ਪਕੜਨੇ ਦਾ ਕੀਤਾ ਓਸ ਬਦਬਖ਼ਤ ਤੇ ਮਿਹਰ ਖ਼ਾਲੀ
ਦਾਓ ਤੱਕਦਾ ਵਕਤ ਉਡੀਕਦਾ ਸੀ ਵਾਂਗ ਮਾਛੀਆਂ ਪਾਉਂਦਾ ਨਿੱਤ ਜਾਲੀ
ਮਕਸੂਦ ਵਰ ਆਇਆ ਮੁਕਬਲੇ ਦਾ ਯਾਰ ਮਿਲਿਆ ਸੁ ਰਾਤ ਨਾ ਗਈ ਖ਼ਾਲੀ

੯੩

ਇਕ ਰਾਤ ਨੂੰ ਰਾਂਝੇ ਦੇ ਪਾਸ ਚਲੀ ਕੱਛੇ ਮਾਰ ਕੇ ਚੂਰੀ ਦਾ ਹੀਰ ਛੰਨਾਂ
ਰਾਹ ਜਾਂਦੜੀ ਕੈਦੋ ਦੀ ਨਜ਼ਰ ਆਈ ਕੈਦੋ ਉੱਠ ਕੇ ਹੀਰ ਦੇ ਮਗਰ ਭੰਨਾਂ
ਰੱਬ ਲਿਖਿਆ ਵਿੱਚ ਕੁਰਆਨ ਦੇ ਹੈ ਨਹੀਂ ਰੰਨਾਂ ਦੇ ਮਕਰ ਦਾ ਮੇਚ ਬੰਨਾਂ
ਦਿਨੇ ਮੁਕਬਲਾ ਡਰਨ ਬਲਾਈਆਂ ਤੋਂ ਰਾਤੀਂ ਤਰਨ ਦਰਿਆ ਇਹ ਬਾਝ ਵੰਝਾਂ

੯੪

ਕੈਦੋ ਛੁਪ ਕੇ ਝਾੜੀ ਦੇ ਮੁੱਢ ਬੈਠਾ ਹੀਰ ਰਾਂਝੇ ਨੂੰ ਜਾਏ ਜਗਇਆ ਏ
ਭੁੱਖ ਰਾਂਝੇ ਦੀ ਕਿੱਤੇ ਵੱਲ ਉੱਠ ਗਈ ਜਦ ਹੀਰ ਨੇ ਮੁੱਖ ਵਿਖਇਆ ਏ
ਹੀਰ ਰਾਂਝੇ ਨੂੰ ਲਾਹ ਹਿਜਾਬ ਦਿਲ ਦਾ ਨਾਲ ਸ਼ੌਕ ਦੇ ਗਲੇ ਲਗਾਇਆ ਏ
ਸ਼ੌਕ ਯਾਰ ਦੇ ਨਾਲ਼ ਹਯਾਤ ਰਹਿੰਦੇ ਮੁਕਬਲ ਆਸ਼ਿਕਾਂ ਤੁਆਮ ਨਾ ਖਾਇਆ ਏ

੯੫

ਗਈ ਮੱਝੀਆਂ ਮੋੜਨੇ ਹੀਰ ਰਾਂਝੇ ਚੁੰਗਲ ਚੂਰੀ ਦਾ ਆਪ ਉਠਾਇਆ ਏ
ਹੀਰ ਗਈ ਤੇ ਕੈਦੋ ਦਾ ਦਾਓ ਲੱਗਾ ਪਾਸ ਰਾਂਝੇ ਦੇ ਦੌੜ ਕੇ ਆਇਆ ਏ
ਨਿੰਮੋਝਾਣ ਹੋ ਕੇ ਅੱਗੇ ਡਾਹ ਚਿੱਪੀ ਕੈਦੋ ਸੁਆਲ ਖ਼ੁਦਾਇ ਦਾ ਪਾਇਆ ਏ
ਖ਼ੈਰ ਦੇਹ ਖ਼ੁਦਾ ਦੇ ਨਾਮ ਉੱਤੇ ਮੁਕਬਲ ਭੁੱਖ ਨੇ ਖਰਾ ਅਕਾਇਆ ਏ

੯੬

ਆਹਾ ਜਿਤਨਾ ਚੂਰਮਾਂ ਹੀਰ ਆਂਦਾ ਝੋਲ਼ੀ ਕੈਦੋ ਦੀ ਰਾਂਝਣੇ ਚਾ ਪਾਇਆ
ਕੈਦੋ ਰਾਂਝੇ ਦੇ ਹੱਕ ਦੁਆ ਕਰ ਕੇ ਲੈ ਕੇ ਚੂਰਮਾਂ ਪਿੰਡ ਨੂੰ ਨੱਸ ਆਇਆ
ਹੀਰ ਆਖਦੀ ਆਇਕੇ ਰਾਂਝਣੇ ਨੂੰ ਕਿੱਥੇ ਗਇਓਈ ਚੂਰਮਾਂ ਸੱਸ ਜਾਇਆ
ਮੁਕਬਲ ਆਪਣਾ ਉਲਫ਼ ਚਖਾ ਮੈਨੂੰ ਪਿਆਰੀ ਆਖਦੀ ਜੀ ਹੈ ਅੱਜ ਆਇਆ

੯੭

ਰਾਂਝਾ ਆਖਦਾ ਨਾਮ ਖ਼ੁਦਾ ਦੇ ਮੈਂ ਦਿੱਤਾ ਕੈਦੋ ਨੂੰ ਚੂਰਮਾਂ ਚਾ ਹੀਰੇ
ਤੇਰਾ ਖ਼ੈਰ ਹੋਇਆ ਸਾਨੂੰ ਜਸ ਮਿਲਿਆ ਟਲੀ ਦੋਹਾਂ ਦੇ ਸਿਰੋਂ ਬਲ਼ਾ ਹੀਰੇ
ਏਸ ਵਿੱਚ ਤੇਰਾ ਕੁਝ ਭਲਾ ਹੋਸੀ ਮਿੱਠਾ ਬੋਲ ਤੇ ਖ਼ੈਰ ਕਮਾ ਹੀਰੇ
ਮੁਕਬਲ ਯਾਰ ਮਿਲਾਇਆ ਏ ਰੱਬ ਤੈਨੂੰ ਸ਼ੱਕਰ ਵੰਡ ਕੇ ਪੀਰ ਮਨਾ ਹੀਰੇ

੯੮

ਹੀਰ ਆਖਦੀ ਰਾਂਝਿਆ ਹੈਫ਼ ਕੀਤੋ ਦਿੱਤੋ ਕੈਦੋ ਨੂੰ ਚੂਰਮਾਂ ਚਾ ਮੀਆਂ
ਪੂਲ਼ਾ ਬਾਲਸੀ ਜਾਇ ਬਖ਼ੀਲ ਲੰਙਾਂ ਦੇਸੀ ਸੁੱਤੀਆਂ ਕਲਾਂ ਜਗਾ ਮੀਆਂ
ਅੱਕ ਦੁੱਧ ਦੇ ਵਿੱਚ ਰਲ਼ਾ ਦੇਵੇ ਕੈਦੋ ਲੰਙਾਂ ਹੈ ਬੁਰੀ ਬਲ਼ਾ ਮੀਆਂ
ਦਿਲ ਰਾਂਝੇ ਦੇ ਵਿੱਚ ਵਿਸਵਾਸ ਪਿਆ ਮੁਕਬਲ ਕਰੇ ਖ਼ੁਦਾ ਖ਼ੁਦਾ ਮੀਆਂ

੯੯

ਹੀਰ ਰਾਂਝੇ ਤੋਂ ਕੈਦੋ ਦਾ ਨਾਮ ਸੁਣ ਕੇ ਪ੍ਰੇਸ਼ਾਨ ਹੈਰਾਨ ਗ਼ਮਨਾਕ ਹੋਈ
ਗ਼ੁੱਸਾ ਖਾਇਕੇ ਕੈਦੋ ਦੇ ਮਗਰ ਦੌੜੀ ਦੌੜ ਧੱਪ ਦੇ ਨਾਲ ਹਲਾਕ ਹੋਈ
ਵਿੱਚ ਰਾਹ ਦੇ ਕੈਦੋ ਨੂੰ ਜਾ ਫੜਦੀ ਘਿੰਨ ਚੂਰਮਾਂ ਤੁਹਮਤੋਂ ਪਾਕ ਹੋਈ
ਘਿੰਨ ਚੂਰਮਾਂ ਰਾਂਝੇ ਦੇ ਪਾਸ ਆਈ ਮੁਕਬਲ ਯਾਰ ਦੇ ਪੈਰਾਂ ਦੀ ਖ਼ਾਕ ਹੋਈ

ਕੈਦੋ ਦਾ ਚੂਚਕ ਕੋਲ ਜਾ ਕੇ ਹੀਰ ਰਾਂਝੇ ਦੇ ਇਸ਼ਕ ਬਾਰੇ ਦੱਸਣਾ

੧੦੦

ਮਸਾਂ ਮਸਾਂ ਕਰ ਕੇ ਕੈਦੋ ਰਾਤ ਕੱਟੀ ਚੂਚਕ ਸਿਆਲ਼ ਦੇ ਪਾਸ ਉਠ ਆਂਵਦਾ ਏ
ਜੋ ਕੁੱਝ ਹੀਰ ਦਾ ਰਾਤ ਨੂੰ ਹਾਲ ਡਿੱਠਾ ਕਿੱਸਾ ਆਖ ਤਮਾਮ ਸੁਣਾਂਵਦਾ ਏ
ਪੈਰ ਆਪਣੇ ਚੁਗ਼ਲ ਨੇ ਕਹੀ ਮਾਰੀ ਲਹੂ ਹੀਰ ਤੇ ਰਾਂਝੇ ਦੇ ਨਹਾਂਵਦਾ ਏ
ਮੁਕਬਲ ਚੁਗ਼ਲ ਦਾ ਸਤਿਆਨਾਸ ਹੋਵੇ ਅੱਗੇ ਆਪਣਾ ਭੇੜਿਆ ਆਂਵਦਾ ਏ

੧੦੧

ਚੂਚਕ ਭਖਿਆ ਕੈਦੋ ਦੀ ਗੱਲ ਸੁਣ ਕੇ ਅੱਖੀਂ ਗਹਿਰੀਆਂ ਮੱਥੇ ਤੇ ਵੱਟ ਪਾਇਆ
ਨਾਲ਼ ਕਹਿਰ ਦੇ ਰੰਗ ਤਗ਼ੀਰ ਹੋਇਆ ਗ਼ੁੱਸਾ ਖਾਇਕੇ ਹੀਰ ਦੇ ਪਾਸ ਆਇਆ
ਕਹਿੰਦਾ ਹੀਰ ਨੂੰ ਗੱਜ ਕੇ ਸ਼ੇਰ ਵਾਂਗੂੰ ਸਾਨੂੰ ਜੰਮ ਕੇ ਤੁਧ ਕਲੰਕ ਲਾਇਆ
ਗ਼ੁੱਸਾ ਥੰਮਿਆਂ ਰਹੇ ਨਾ ਮੁਕਬਲੇ ਦਾ ਸੀਨੇ ਵਿੱਚ ਤੰਦੂਰ ਤੂਫ਼ਾਨ ਤਾਇਆ

੧੦੨

ਚੂਚਕ ਆਖਦਾ ਹੀਰ ਨੂੰ ਜਾਇਕੇ ਜੀ ਤੈਨੂੰ ਵੱਢ ਕੇ ਨਦੀ ਰੁੜ੍ਹਾਵਸਾਂ ਮੈਂ
ਚੋਰੀ ਲੁਕ ਕੇ ਚਾਕ ਤੇ ਜਾਵਣੀ ਏਂ ਤੈਨੂੰ ਸੱਚ ਦੀ ਪਿਆ ਸੁਣਾਵਸਾਂ ਮੈਂ
ਖਹਿੜਾ ਚਾਕ ਦਾ ਛੱਡ ਦੇ ਮੰਨ ਕਿਹਾ ਨਹੀਂ ਦੋਹਾਂ ਦੀ ਅਲਖ ਚੁਕਾਵਸਾਂ ਮੈਂ
ਤੇਰੇ ਬਾਬ ਤਾਜ਼ੀਰ ਜੋ ਆਉਂਦੀ ਏ ਅਸਲਾ ਮੁਕਬਲੇ ਥੀਂ ਪੁੱਛ ਆਵਸਾਂ ਮੈਂ

੧੦੩

ਡਰਦੀ ਬਾਪ ਤੋਂ ਹੀਰ ਨੇ ਚੁੱਪ ਕੀਤੀ ਜ਼ਾਰੋ ਜ਼ਾਰ ਰੋਂਦੀ ਉੱਠ ਗਈ ਡੇਰੇ
ਜੀਉ ਵਿੱਚ ਕਚੀਚੀਆਂ ਖਾਉਂਦੀ ਸੀ ਕੈਦੋ ਲੰਙੇ ਤੇ ਅੱਖੀਆਂ ਪਈ ਫੇਰੇ
ਵੇਲਾ ਪਾਇਕੇ ਰਾਂਝੇ ਦੇ ਪਾਸ ਜਾਂਦੀ ਕਹਿੰਦੀ ਪਾਪ ਲਾਇਆ ਏਸ ਖ਼ੈਰ ਤੇਰੇ
ਨਾਲ਼ ਬੁਰੇ ਦੇ ਮੁਕਬਲਾ ਭਲਾ ਕਰਨਾਂ ਕਿਉਂ ਕਰ ਆਇਆ ਵਿੱਚ ਸ਼ਊਰ ਤੇਰੇ

ਰਾਂਝੇ ਦਾ ਆਪਣੇ ਆਪ ਨੂੰ ਦੋਸ਼ੀ ਮੰਨਣਾ ਤੇ ਹੀਰ ਦਾ ਤਸੱਲੀ ਦੇਣਾ

੧੦੪

ਰਾਂਝਾ ਆਖਦਾ ਭੁੱਲਾ ਹਾਂ ਆਪ ਹੀਰੇ ਤੇਸ਼ਾ ਆਪਣੇ ਪੈਰ ਮੈਂ ਲਾਇਆ ਏ
ਚੰਗਾ ਤੱਕਿਆ ਸੀ ਮੰਦਾ ਹੋਇ ਗਿਆ ਮੇਰਾ ਹੋਣੀ ਨੇ ਅਕਲ ਗਵਾਇਆ ਏ
ਫੁੱਲ ਬੀਜਿਆ ਸੀ ਕੰਡਾ ਉੱਗ ਪਿਆ ਵੇਖੋ ਸਮਾਂ ਅਨਰਥ ਦਾ ਆਇਆ ਏ
ਮੁਕਬਲ ਯਾਰ ਦਾ ਕੁੱਝ ਗੁਨਾਹ ਨਾਹੀਂ ਅੱਗੇ ਅਪਣਾ ਫੇੜਿਆ ਆਇਆ ਏ

ਜਵਾਬ ਹੀਰ

੧੦੫

ਹੀਰ ਆਖਦੀ ਫ਼ਿਕਰ ਨਾ ਕਰੀਂ ਰਾਂਝਾ ਤੇਰੀ ਝੂਰਦੀ ਬੁਰੀ ਬਲਾ ਮੀਆਂ
ਨਹੀਂ ਸੰਗਦੀ ਸੂਲੀਆਂ ਫਾਸੀਆਂ ਤੋਂ ਕਾਜ਼ੀ ਸ਼ਰ੍ਹਾ ਦੇ ਝਗੜਸਾਂ ਜਾ ਮੀਆਂ
ਆਪ ਕੱਟਸਾਂ ਬਣੀ ਪਰ ਮੂਲ ਤੈਨੂੰ ਤੱਤੀ ਲੱਗਣ ਨਾ ਦੇਵਸਾਂ ਵਾ ਮੀਆਂ
ਆਈ ਮੁਕਬਲੇ ਦੀ ਜਾ ਮਰਾਂਗੀ ਮੈਂ ਸ਼ਾਹਿਦ ਹਾਲ ਦਾ ਆਪ ਖ਼ੁਦਾ ਮੀਆਂ

ਹੀਰ ਦਾ ਗੁੱਸੇ ਵਿੱਚ ਕੈਦੋ ਦੀ ਝੁੱਗੀ ਨੂੰ ਅੱਗ ਲਾਉਣਾ

੧੦੬

ਹੀਰ ਰਾਂਝੇ ਦਾ ਜੀ ਧਰਾਇਕੇ ਜੀ ਵਿਦਾ ਹੋਇਕੇ ਉੱਠ ਕੇ ਗਈ ਡੇਰੇ
ਕੈਦੋ ਡਿੱਠਿਆਂ ਹੀਰ ਨੂੰ ਤੀਰ ਵਹਿੰਦੇ ਚਲੇ ਵੱਸ ਤਾਂ ਕੱਟ ਕੇ ਖਾਏ ਬੇਰੇ
ਕੈਦੋ ਲੰਗੇ ਦੀ ਝੁੱਗੀ ਨੂੰ ਅੱਗ ਫੂਕੀ ਹੀਰ ਸੁੱਤਿਆਂ ਬਾਹਰ ਆ ਪਾਏ ਫੇਰੇ
ਝੁੱਗੀ ਬੁੱਝ ਕੇ ਮੁਕਬਲਾ ਸੁਆਹ ਹੋਈ ਕੈਦੋ ਲੰਙੇ ਨੂੰ ਰੱਖਿਆ ਰੱਬ ਮੇਰੇ
੧੦੭

ਜਿਸ ਰਾਤ ਸੀ ਹੀਰ ਨੇ ਅੱਗ ਫੂਕੀ ਉਸ ਰਾਤ ਕੈਦੋ ਝੁੱਗੀ ਵਿੱਚ ਨਾਹਾ
ਮਾਰੇ ਰੱਬ ਦੇ ਬਾਝ ਨਾ ਮਰੇ ਕੋਈ ਸੂਲੀ ਚਾੜ੍ਹ ਵੇਖੋ ਭਾਂਵੇਂ ਦੇ ਫਾਹਾ
ਹੋਣੀ ਹੋਗ ਅਣਹੋਣੀ ਨਾ ਹੋਵੰਦੀ ਏ ਭਾਂਵੇਂ ਵਾਚ ਪੋਥੀ ਫੋਲੋ ਸੱਦ ਸਾਹਾ
ਕੈਦੋ ਆਨ ਕੇ ਝੁੱਗੀ ਦਾ ਹਾਲ ਡਿੱਠਾ ਸੜਿਆ ਮੂਲ ਤੇ ਮੁਕਬਲਾ ਸਭ ਲਾਹਾ

੧੦੮

ਕੈਦੋ ਆਖਦਾ ਨਢੀਏ ਹੈਫ਼ ਕੇਤੋ ਮੇਰੀ ਝੁੱਗੀ ਨੂੰ ਅੱਗ ਲਗਾਇਓ ਈ
ਲਹੂ ਨ੍ਹਾਤੀ ਏਂ ਜ਼ਾਲਮੇਂ ਸ਼ੋਹਦਿਆਂ ਦੇ ਤੇਰੇ ਜੀ ਤੇ ਮਿਹਰ ਨਾ ਆਇਓ ਈ
ਟੋਪੀ ਗੋਦੜੀ ਦਸਤ ਰੁਮਾਲ ਸਹੇਲੀ ਸਣੇ ਕੁਤਕੇ ਭੰਗ ਜਲਾਇਓ ਈ
ਭੜਕੀ ਇਸ਼ਕ ਦੀ ਮੁਕਬਲਾ ਭਾ ਤੇਰੀ ਪਾਣੀ ਪਾ ਨਾ ਮੂਲ ਬੁਝਾਇਓ ਈ

੧੦੯

ਹੀਰ ਆਖਦੀ ਕੈਦੋ ਨੂੰ ਪੇਸ਼ ਤੇਰੇ ਮੀਆਂ ਆਪਣਾ ਫੇੜਿਆ ਆਇਆ ਈ
ਜੇਹਿਆ ਕੀਤਾ ਈ ਨਾਲ਼ ਨਿਮਾਣਿਆਂ ਦੇ ਹੱਥੋ ਹੱਥ ਖ਼ੁਦਾਇ ਥੀਂ ਪਾਇਆ ਈ
ਅੱਕ ਲਾਇਕੇ ਕਿਸੇ ਨਾ ਅੰਬ ਚੂਪੇ ਫਰਵਾਂਹ ਨੂੰ ਸ਼ਹਿਤੂਤ ਨਾ ਲਾਇਆ ਈ
ਜਿਹਾ ਬੀਜੇਂ ਤੂੰ ਮੁਕਬਲਾ ਲਏਂ ਸੋਈ ਆਪ ਰੱਬ ਸੱਚੇ ਫ਼ਰਮਾਇਆ ਈ

ਚੂਚਕ ਕੋਲ ਕੈਦੋ ਦੀ ਫ਼ਰਿਆਦ

੧੧੦

ਕੈਦੋ ਹੀਰ ਦੀ ਜਾ ਫ਼ਰਿਆਦ ਕੀਤੀ ਚੂਚਕ ਸਿਆਲ਼ ਦੇ ਜਾਇਕੇ ਪਾਸ ਰੋਇਆ
ਹੀਰ ਪੁੱਜ ਕੇ ਪਈ ਖ਼ਿਆਲ ਮੇਰੇ ਮੇਰਾ ਵੱਸਣਾ ਝੰਗ ਮੁਹਾਲ ਹੋਇਆ
ਕੰਡਿਆਰੀ ਦੀ ਸੇਜ ਵਿਛਾਇਕੇ ਜੀ ਕੋਈ ਨਹੀਂ ਆਰਾਮ ਦੇ ਨਾਲ਼ ਸੋਇਆ
ਵੈਰੀ ਸਵੇਂ ਨਾ ਮੁਕਬਲਾ ਸੌਣ ਦੇਵੇ ਦਿਲੋਂ ਦਾਗ਼ ਨਾ ਬਦੀ ਦਾ ਲਹੇ ਧੋਇਆ

੧੧੧

ਚੂਚਕ ਆਖਦਾ ਕੈਦੋ ਨੂੰ ਜੀ ਸ਼ਾਲਾ ਤੇਰੀ ਝੁੱਗੀ ਨੂੰ ਫੇਰ ਬਣਾਵਸਾਂ ਮੈਂ
ਖਾਣ ਪੀਣ ਦੀ ਖ਼ਬਰ ਦੋ ਵਕਤ ਲੈਸਾਂ ਬਦਨ ਕੱਪੜੇ ਤੁਸਾਂ ਪਹਿਨਾਵਸਾਂ ਮੈਂ
ਤੇਰਾ ਗਿਆ ਸੋ ਕੁੱਲ ਅਸਬਾਬ ਦੇਸਾਂ ਸਗੋਂ ਹੋਰ ਭੀ ਕੁੱਝ ਪਹੁੰਚਾਵਸਾਂ ਮੈਂ
ਨੱਢੀ ਹੀਰ ਨੂੰ ਲਿਆ ਕੇ ਕਿਸੇ ਵੇਲੇ ਤੇਰੀ ਮੁਕਬਲਾ ਸੁਲ੍ਹਾ ਕਰਾਵਸਾਂ ਮੈਂ

੧੧੨

ਰਲਕੇ ਹੀਰ ਦੇ ਮਾਪਿਆਂ ਮਤਾ ਕੀਤਾ ਪੱਲੇ ਹੀਰ ਨੂੰ ਕਿਸੇ ਦੇ ਲਾਈਏ ਜੀ
ਦੇਂਦੇ ਮੇਹਣੇ ਲੋਕ ਸ਼ਰੀਕ ਸਾਨੂੰ ਸ਼ਰਮਿੰਦਗੀ ਕਿਵੇਂ ਮਿਟਾਈਏ ਜੀ
ਜਿਨ੍ਹਾਂ ਬੇਟੀਆਂ ਕੁਆਰੀਆਂ ਬਾਲਗਾਂ ਨੇ ਘਰੀਂ ਤਿਨਾਂ ਦੇ ਪੈਰ ਨਾ ਪਾਈਏ ਜੀ
ਕੋਈ ਭਲਾ ਜੇਹਾ ਖਾਨਦਾਨ ਦੱਸੇ ਚਲੋ ਮੁਕਬਲੇ ਥੀਂ ਪੁਛ ਆਈਏ ਜੀ

੧੧੩

ਚੂਚਕ ਆਖਦਾ ਜਾਇਕੇ ਕਾਜ਼ੀਏ ਨੂੰ ਮੀਆਂ ਹੀਰ ਦਾ ਕਾਜ ਰਚਾਇਆ ਮੈਂ
ਚਾਵਲ ਛੜ ਕੇ ਰੱਖਿਆ ਪੀਹ ਆਟਾ ਰੰਗਾਰੰਗ ਦਾ ਦਾਜ ਰੰਗਾਇਆ ਮੈਂ
ਸੂਹੇ ਸਾਵਿਆਂ ਦੀ ਕੋਈ ਸੁਧ ਨਾਈਂ ਜ਼ੇਵਰ ਬਹੁਤ ਅਨੂਪ ਘੜਾਇਆ ਮੈਂ
ਕਿੱਥੇ ਮੰਗਸਾਂ ਦਸ ਤੂੰ ਹੀਰ ਤਾਈਂ ਮੁਕਬਲ ਤੁਧ ਤੋਂ ਪੁੱਛਣੇ ਆਇਆ ਮੈਂ

੧੧੪

ਕਾਜ਼ੀ ਆਖਦਾ ਰੰਗ ਪੁਰ ਖੇੜਿਆਂ ਦੀ ਮੈਨੂੰ ਨਗਰੀ ਬਹੁਤ ਪਸੰਦ ਆਈ
ਸੱਤ ਪੀੜੀਏ ਤਾਲਿਆਮੰਦ ਖੇੜੇ ਧਨ ਮਾਲ ਦੀ ਨਹੀਂ ਜੇ ਕਮੀ ਕਾਈ
ਅੱਜੂ ਖੇੜੇ ਦਾ ਲਾਡਲਾ ਨਾਮ ਸੈਦਾ ਜਿਸ ਓਸਨੂੰ ਜਾਇਆ ਧੰਨ ਮਾਈ
ਮੁਕਬਲ ਆਖਦਾ ਚੂਚਕਾ ਲੱਗ ਆਖੇ ਓਥੇ ਭੇਜ ਲਾਗੀ ਬਾਹਮਣ ਡੂਮ ਨਾਈ

੧੧੫

ਬਾਹਮਨ ਸੱਦਿਆ ਨੇ ਸਾਇਤ ਪੁਛਨੇ ਨੂੰ ਮਜਲਸ ਬੈਠੇ ਨੇ ਆਇਕੇ ਸਭ ਭਾਈ
ਬਾਹਮਨ ਨੇਕ ਮਹੂਰਤ ਦੱਸ ਦਿੱਤਾ ਏਨਾਂ ਭੇਜਿਆ ਖੇੜਿਆਂ ਵੱਲ ਨਾਈ
ਅੱਜੂ ਖੇੜੇ ਦੇ ਮਨ ਵਿਚ ਖ਼ੁਸ਼ੀ ਹੋਈ ਜਦੋਂ ਓਸਨੂੰ ਹੀਰ ਦੀ ਮੰਗ ਆਈ
ਧੌਂਸਾ ਇਸ਼ਕ ਦਾ ਨਵੇਂ ਸਿਰ ਵੱਜਿਆ ਏ ਮੁਕਬਲ ਲਿਖੀ ਜੋ ਰੱਬ ਨੇ ਹੋਗ ਸਾਈ

੧੧੬

ਸ਼ਗਨ ਕਰਨ ਦੇ ਵਾਸਤੇ ਸੱਦ ਲੜਕਾ ਵਿੱਚ ਮਜਲਸੇ ਆਨ ਬਹਾਇਓ ਨੇ
ਝੋਲ਼ੀ ਲੜਕੇ ਦੀ ਸ਼ਗਨ ਦੀ ਪਾ ਸ਼ਕਰ ਰੋਕ ਸੌ ਰੁਪਈਯੜਾ ਪਾਇਓ ਨੇ
ਹੋਰ ਰਸਮ ਰਸੂਮ ਦਾ ਕੰਮ ਸਾਰਾ ਹੱਥੀਂ ਆਪਣੀ ਸਭ ਕਰਾਇਓ ਨੇ
ਮੁਕਬਲ ਡੂੰਮਣੀਆਂ ਸਦੀਆਂ ਗਾਉਣੇ ਨੂੰ ਰਾਗ ਰੰਗ ਦੇ ਢੋਲ ਵਜਾਇਓ ਨੇ

੧੧੭

ਕਾਰਜ ਸ਼ਗਨ ਦੇ ਕਰਨ ਤੋਂ ਹੋਏ ਫ਼ਾਰਗ਼ ਫ਼ਿਕਰ ਕੀਤੋ ਨੇ ਰੋਟੀ ਖੁਆਵਣੇ ਦਾ
ਹੱਥ ਧੁਆਇਕੇ ਲਾਗੀਆਂ ਸਾਰਿਆਂ ਨੂੰ ਅੱਗੇ ਰੱਖਿਆ ਖ਼ਾਂਚਾ ਖਾਵਣੇ ਦਾ
ਲੱਗੇ ਖਾਵਣੇ ਖੰਡ ਤੇ ਚਾਵਲਾਂ ਨੂੰ ਸੁਖ਼ਨ ਕਰਦੇ ਨੇ ਬਹੁਤ ਸਲਾਹਵਣੇ ਦਾ
ਖਾਣਾ ਖਾਇਕੇ ਹੋ ਮਫ਼ੁਜ਼ ਰਾਜ਼ੀ ਮੁਕਬਲ ਪੜ੍ਹਨ ਅਲਹਮਦ ਸੁਣਾਵਣੇ ਦਾ

੧੧੮

ਜਦ ਬੈਠੇ ਫਿਰ ਮਜਲਿਸ ਦੇ ਵਿੱਚ ਸਾਰੇ ਖ਼ੁਸ਼ੀ ਐਸ਼ ਦੇ ਨਾਲ ਆਰਾਮ ਕੀਤਾ
ਸੱਤ ਲੁੰਗੀਆਂ ਰੇਸ਼ਮੀ ਖੇਸ ਭਾਰੇ ਹੋਰ ਨਕਦ ਦਾ ਢੇਰ ਤਮਾਮ ਕੀਤਾ
ਮਜਲਿਸ ਲਾਇਕੇ ਬੈਠੇ ਨੇ ਸਭ ਖੇੜੇ ਲਾਗੀ ਟੋਰਨੇ ਦਾ ਸਾਮਾਨ ਕੀਤਾ
ਅੱਗੇ ਧਰਿਓਨੇ ਆਣ ਕੇ ਲਾਗੀਆਂ ਦੇ ਮੁਕਬਲ ਬੋਲਕੇ ਇਹ ਕਲਾਮ ਕੀਤਾ
੧੧੯

ਜਾ ਆਖਿਓ ਆਜ਼ਜ਼ੀ ਮਹਿਰ ਤਾਈਂ ਤੁਸਾਂ ਕੀਤਾ ਹੈ ਕਰਮ ਫਕੀਰ ਉੱਤੇ
ਜਾ ਪਹੁਤੀ ਹੈ ਸਿਰੇ ਦੀ ਪੱਗ ਮੇਰੀ ਏਸ ਕੰਮ ਥੀਂ ਅਰਸ਼ ਮੁਨੀਰ ਉੱਤੇ
ਨਾ ਹੁੰਦਾ ਹੈ ਮੂਲ ਬਿਆਨ ਓਹਦਾ ਜੇਕਰ ਆਵੇ ਜ਼ਬਾਨ ਤਕਰੀਰ ਉੱਤੇ
ਮੁਕਬਲ ਤੁਸਾਂ ਨੇ ਪਾਰ ਉਤਾਰਨਾ ਹੈ ਮੇਰਾ ਆਸਰਾ ਅੰਤ ਹੈ ਪੀਰ ਉੱਤੇ

੧੨੦

ਅੱਜੂ ਖੇੜੇ ਨੇ ਆਜ਼ਜ਼ੀ ਲਾਗੀਆਂ ਨੂੰ ਸਭ ਆਪਣੇ ਹਾਲ ਦੀ ਕਹਿ ਸੁਣਾਈ
ਮੈਂ ਤੁਸਾਂ ਨੂੰ ਮੂਲ ਨਾ ਕੁਝ ਦਿੱਤਾ ਮੇਰੀ ਰੱਖਣੀ ਸ਼ਰਮ ਹੈ ਤੁਸਾਂ ਭਾਈ
ਲਾਗੀ ਸ਼ਗਨ ਦਿਵਾਇਕੇ ਖੇੜਿਆਂ ਨੂੰ ਕੀਤੀ ਝੰਗ ਸਿਆਲਾਂ ਨੂੰ ਉਠ ਧਾਈ
ਮੁਕਬਲ ਖ਼ੁਸ਼ੀ ਹੋਏ ਦਿਲ ਮਾਪਿਆਂ ਦੇ ਸੀਨੇ ਹੀਰ ਸਿਆਲ ਦੇ ਭਾਹ ਲਾਈ

੧੨੧

ਹੋਈਆਂ ਰਿੰਦੀਆ ਹੀਰ ਦੇ ਮਾਪਿਆਂ ਨੂੰ ਪਾਂਧਾ ਸੱਦ ਕੇ ਸਾਹ ਸੁਧਾਇਓਨੇ
ਜੋ ਕੁਝ ਹੀਰ ਨੂੰ ਖੇੜਿਆਂ ਭੇਜਿਆ ਸੀ ਸੱਕੇ ਸੋਧਰੇ ਸੱਦ ਵਿਖਾਇਓਨੇ
ਮਿਰਾਸਣਾਂ ਆਈਆਂ ਖ਼ਬਰ ਸੁਣ ਕੇ ਗਾਵਣ ਸੋਹਿਲੇ ਢੋਲ ਵਜਾਇਓਨੇ
ਦਿਲ ਮੁਕਬਲੇ ਦਾ ਚਾਅ ਤੋੜਿਓਨੇ ਗਲੇ ਹੀਰ ਦੇ ਛੁਰਾ ਚਲਾਇਓਨੇ

ਸਹੇਲੀਆਂ ਦਾ ਹੀਰ ਨੂੰ ਉਸਦੀ ਸ਼ਾਦੀ ਬਾਰੇ ਦੱਸਣਾ ਤੇ ਹੀਰ ਦਾ ਦੁੱਖ

੧੨੨

ਸੁਣੀ ਢੋਲ ਆਵਾਜ਼ ਸਹੇਲੀਆਂ ਨੇ ਕਹਿਣ ਹੀਰ ਨੂੰ ਜਾ ਵਧਾਈਏਂ ਨੀ
ਦਿਨ ਪੰਦਰਾਂ ਨੂੰ ਆਵਸ ਜੰਞ ਤੇਰੀ ਸੈਦੇ ਖੇੜੇ ਨੂੰ ਤੂੰ ਪਰਨਾਈਏਂ ਨੀ
ਹੀਰੇ ਚਾਕ ਦੀ ਯਾਰ ਸਦਾਉਂਦੀ ਸੈਂ, ਲੜ ਸੈਦੇ ਦੇ ਮਾਪਿਆਂ ਲਾਈਏਂ ਨੀ
ਪਿਆਰੇ ਮੁਕਬਲੇ ਦਾ ਕੁੱਝ ਵੱਸ ਨਾਹੀਂ ਤਕਦੀਰ ਨੇ ਬੰਨ੍ਹ ਚਲਾਈਏਂ ਨੀ

੧੨੩

ਹੀਰ ਆਖਦੀ ਮਰੋ ਘੁਮਾਈਓ ਨੀ ਕਹੀ ਗ਼ੈਬ ਦੀ ਛੁਰੀ ਚਲਾਈਆ ਜੇ
ਅੱਚਨਚੇਤੜੀ ਚੁਪ ਚੁਪਾਤੜੀ ਨੂੰ ਝੋਲ਼ੀ ਚਿਣਗ ਫ਼ਿਰਾਕ ਦੀ ਪਾਈਆ ਜੇ
ਸੁਖੀ ਸੇਜ ਮੈਂ ਰਾਂਝਣੇ ਨਾਲ਼ ਸੁੱਤੀ ਕੇਹੀ ਮਾਰ ਕੇ ਲੱਤ ਜਗਾਈਆ ਜੇ
ਹੀਰ ਕਹੇ ਸਹੇਲਿਓ ਮੁਕਬਲੇ ਤੋਂ ਗ਼ੈਰ ਮਹਿਰਮਾਂ ਨਾਲ਼ ਰਲਾਈਆ ਜੇ

੧੨੪

ਕੁੜਮਾਈ ਦੀ ਸਈਆਂ ਤੋਂ ਗੱਲ ਸੁਣ ਕੇ ਹੀਰ ਹਾਲ ਥੀਂ ਬਹੁਤ ਬੇਹਾਲ ਹੋਈ
ਕਹਿੰਦੀ ਜ਼ਹਿਰ ਮੰਗਾਇਕੇ ਖਾ ਮਰਸਾਂ ਨਿਸਬਤ ਮੇਰੀ ਤਾਂ ਰਾਂਝੇ ਦੇ ਨਾਲ ਹੋਈ
ਮੂਲੇ ਸਬਰ ਕਰਾਰ ਨਾ ਆਉਂਦਾ ਏ ਉਠ ਮਾਂ ਤੇ ਮੰਦੜੇ ਹਾਲ ਰੋਈ
ਮਲਕੀ ਹੀਰ ਦਾ ਰੰਗ ਤਗ਼ੱਯਰ ਡਿੱਠਾ ਮੁਕਬਲ ਹਾਲ ਥੀਂ ਬਹੁਤ ਬੇਹਾਲ ਹੋਈ

੧੨੫

ਮਾਂ ਰੋਇਕੇ ਪੁੱਛਦੀ ਹੀਰ ਤਾਈਂ ਤੇਰੇ ਬਾਬ ਕੀ ਵਰਤਿਆ ਦੱਸ ਹੀਰੇ
ਹੁਣ ਮੰਗੀ ਹੈਂ ਰੰਗਪੁਰ ਖੇੜਿਆਂ ਦੇ ਘਰ ਜਾਇਕੇ ਵੱਸ ਤੇ ਰੱਸ ਹੀਰੇ
ਹੁਕਮ ਕਰੇਂ ਜੋ ਮੰਨ ਖਲੋਤੀਆਂ ਮੈਂ ਭੇਤ ਦੱਸ ਮੈਨੂੰ ਮੱਤ ਨੱਸ ਹੀਰੇ
ਮੁਕਬਲ ਝੂਰਦੀ ਫੇਰ ਬਲਾ ਤੇਰੀ ਸਾਈਂ ਨਾਲ਼ ਤੋਂ ਖੇਡ ਤੇ ਹੱਸ ਹੀਰੇ

੧੨੬

ਹੀਰ ਆਖਦੀ ਰੋਇਕੇ ਮਾਂ ਤਾਈਂ ਅੱਜ ਢੋਲ ਕੇਹਾ ਵਿਹੜੇ ਆਇਆ ਈ
ਦੋ ਖ਼ਸਮ ਦੇਵੇਂ ਧੀ ਆਪਣੀ ਨੂੰ ਤੇਰੇ ਜੀਉ ਤੇ ਏਹ ਕੀ ਆਇਆ ਈ
ਰਾਂਝਾ ਰੋਜ਼ ਮੀਸਾਕ ਦਾ ਯਾਰ ਮੇਰਾ ਅੱਜ ਕੱਲ੍ਹ ਨਾ ਹੱਥ ਲਗਾਇਆ ਈ
ਹੀਰ ਖੇੜੇ ਨੂੰ ਮੁਕਬਲਾ ਨਾਂਹ ਕਰਦੀ ਨਾਹੱਕ ਦਾ ਪਿੱਟਣਾ ਪਾਇਆ ਈ

੧੨੭

ਹੰਝ ਕੇਰ ਕੇ ਹੀਰ ਨੂੰ ਮਾਂ ਕਹਿੰਦੀ ਧੀਆਂ ਬੇਟੀਆਂ ਦਾ ਕਰ ਰਾਹ ਹੀਰੇ
ਦੇਂਦੇ ਮਿਹਣੇ ਕੁੱਲ ਸ਼ਰੀਕ ਸਾਨੂੰ ਤੇਰਾ ਵੇਖ ਕੇ ਹਾਲ ਤਬਾਹ ਹੀਰੇ
ਇਕ ਵਾਰਗੀ ਹੀ ਮੁੱਖ ਆਪਣੇ ਤੋਂ ਲੋਈ ਸ਼ਰਮ ਦੀ ਮੂਲ ਨਾ ਲਾਹ ਹੀਰੇ
ਕੋਈ ਖ਼ਾਤਿਰ ਤਲ਼ੇ ਨਾ ਲਿਆਂਵਦੀ ਨੀ ਮੁਕਬਲ ਖੇੜਿਆਂ ਦਾ ਬਾਦਸ਼ਾਹ ਹੀਰੇ

੧੨੮

ਹੀਰ ਆਖਦੀ ਰਾਂਝੇ ਦੇ ਨਾਮ ਉੱਤੋਂ ਹੱਟ ਹੱਟ ਬੇਉਜ਼ਰ ਵਿਕਾਉਨੀ ਹਾਂ
ਰਾਂਝਾ ਜਿਸ ਜ਼ਮੀਨ ਤੇ ਪੈਰ ਧਰਦਾ ਉਸ ਖ਼ਾਕ ਦੇ ਵਾਰਨੇ ਜਾਉਨੀ ਹਾਂ
ਇਕੋ ਦਿਲ ਆਹਾ ਸੋਈ ਲਿਆ ਰਾਂਝੇ ਭੱਸ ਖੇੜਿਆਂ ਦੇ ਸਿਰ ਪਾਉਨੀ ਹਾਂ
ਇਕਰਾਰ ਮੂੰਹੋਂ ਤਸਦੀਕ ਦਿਲ ਥੀਂ ਮੁਕਬਲ ਦੀਨ ਈਮਾਨ ਨਿਭਾਉਨੀ ਹਾਂ

੧੨੯

ਮਾਂ ਆਖਦੀ ਚਾਕਦੀ ਰੰਨ ਹੋਇਕੇ ਕੀ ਵੱਟਣਾਂ ਖੱਟਣਾਂ ਖਾਵਣਾ ਈਂ
ਟੁਕੜੇ ਬੁਰਕਦਾ ਫਿਰੇ ਬੇਗਾਨਿਆਂ ਦੇ ਤੈਨੂੰ ਓਸ ਕੀ ਖੱਟ ਖਿਲਾਵਣਾ ਈਂ
ਚੇਹ ਚੜ੍ਹੀ ਮਹਾਸਤੀ ਹੋਵਨੀ ਏਂ ਤੈਨੂੰ ਚਾਕ ਥੀਂ ਹੱਥ ਕੀ ਆਵਣਾ ਈਂ
ਨਹੀਂ ਮੰਨਦੀ ਆਖਿਆ ਮੁਕਬਲੇ ਦਾ ਪਿਆਰੀ ਆਕਬਤ ਨੂੰ ਪਛਤਾਵਣਾ ਈਂ

੧੩੦

ਹੀਰ ਆਖਦੀ ਅੰਬੜੀਏ ਮੇਰੀਏ ਨੀ ਮੇਰੇ ਸੁਣੀਂ ਕਜੀਅੜੇ ਦੁਖ ਵਾਲੇ
ਖੇੜਾ ਕਰੇ ਤੈਨੂੰ ਰਾਂਝਾ ਯਾਰ ਮੈਨੂੰ ਮਿੱਠੇ ਬੋਲ ਰੰਝੇਟੇ ਦੇ ਮੁਖ ਵਾਲੇ
ਧੰਨ ਭਾਗ ਮੇਰੇ ਜਿਸਦਾ ਕੌਂਤ ਰਾਂਝਾ ਗਏ ਦੁਖ ਆਏ ਦਿਨ ਸੁਖ ਵਾਲੇ
ਮੁਕਬਲ ਯਾਰ ਦਾ ਸ਼ੌਕ ਹੈ ਬੱਸ ਮੈਨੂੰ ਮੰਗਣ ਦੌਲਤਾਂ ਨਿਆਮਤਾਂ ਭੁਖ ਵਾਲੇ

੧੩੧

ਤੇਰੇ ਨਾਲ਼ ਨਾ ਬੋਲਿਆ ਜਾਂਵਦਾ ਈ ਤੂੰ ਤਾਂ ਬਹੁਤੀਆਂ ਰਿੱਕਤਾਂ ਚਾਵਨੀ ਏਂ
ਜੀਉ ਆਉਂਦਾ ਮਾਂ ਨੂੰ ਬੋਲਨੀ ਏਂ ਹੱਕ ਅਦਬ ਨਾ ਮੂਲ ਪਛਾਣਨੀ ਏਂ
ਝੁੱਗਾ ਨਿਘਰੇ ਪਿਓ ਦਾ ਚੌੜ ਕੀਤੋ ਸਿਰ ਮਾਂ ਦੇ ਖੇੜਾ ਚਾਵਨੀ ਏਂ
ਮੁਕਬਲ ਵਾਂਗ ਨਹੀਂ ਕੋਈ ਫ਼ਿਕਰ ਘਰ ਦਾ ਚੰਗਾ ਖਾਂਵਦੀ ਤੇ ਮੌਜਾਂ ਮਾਣਨੀ ਏਂ

੧੩੨

ਮਾਂ ਹੀਰ ਨੂੰ ਆਖਦੀ ਤੱਤੀਏ ਨੀ ਨਹੀਂ ਆਉਂਦਾ ਸ਼ਰਮ ਹਯਾ ਤੈਨੂੰ
ਨਾਲ਼ ਚਾਕਦੇ ਅੱਖੀਆਂ ਲਾਈਆਂ ਨੀ ਨਹੀਂ ਮੂਲ ਜਹਾਨ ਦੀ ਵਾ ਤੈਨੂੰ
ਅਸਾਂ ਪੱਕੀਆਂ ਤੇ ਤੁਸਾਂ ਖਾਧੀਆਂ ਨੇ ਨਹੀਂ ਕੱਤਣ ਤੇ ਤੁੰਬਣ ਦਾ ਚਾ ਤੈਨੂੰ
ਲੱਜ਼ਤ ਨਾਲ਼ ਹੰਢਾਉਂਦੀ ਐਂ ਮੁਕਬਲੇ ਨੂੰ ਮੱਤ ਰਹੇ ਹੀਰੇ ਪਛਤਾ ਤੈਨੂੰ

੧੩੩

ਹੀਰ ਆਖਦੀ ਅੰਬੜੀਏ ਮੇਰੀਏ ਨੀ ਧੁਰੋਂ ਲਿਖਿਆ ਭਲਾ ਨਸੀਬ ਮੇਰਾ
ਮੈਂ ਤਾਂ ਡਰਦੀ ਹਾਂ ਗ਼ੈਰ ਥੀਂ ਗੱਲ ਕੋਲੋਂ ਰਾਂਝਾ ਚਾਕ ਹੈ ਖ਼ਾਸ ਹਬੀਬ ਮੇਰਾ
ਮੇਰੇ ਦਰਦ ਦਾ ਕੁਝ ਇਲਾਜ ਨਾਹੀਂ ਫ਼ਜ਼ਲ ਰੱਬ ਦਾ ਹੋਗ ਤਬੀਬ ਮੇਰਾ
ਤਰੀਹੇ ਕਾਲ਼ ਨਾ ਜਾਵਸਾਂ ਖੇੜਿਆਂ ਤੇ ਮੁਕਬਲ ਤਰਸਦਾ ਹੋਗ ਰਕੀਬ ਮੇਰਾ

ਮਲਕੀ ਦਾ ਚੂਚਕ ਨੂੰ ਹੀਰ ਦਾ ਹਾਲ ਦੱਸਣਾ

੧੩੪

ਮਲਕੀ ਹੀਰ ਦਾ ਸਖ਼ਤ ਜਵਾਬ ਸੁਣ ਕੇ ਚੂਚਕ ਸਿਆਲ਼ ਨੂੰ ਜਾ ਸਮਝਾਂਵਦੀ ਏ
ਮੀਆਂ ਹੀਰ ਨੇ ਮੋੜ ਕੇ ਲਾਹ ਬੱਧੀ ਚਿੱਟੀ ਪੱਗ ਨੂੰ ਦਾਗ਼ ਲਗਾਂਵਦੀ ਏ
ਮਾਰ ਕੁੱਟ ਰਹੀ ਸਮਝਾ ਰਹੀ ਨਢੀ ਚਾਲਿਓਂ ਬਾਜ਼ ਨਾ ਆਂਵਦੀ ਏ
ਦੇਂਦੀ ਗਾਲੀਆਂ ਸੌਹਰਿਆਂ ਪੇਕਿਆਂ ਨੂੰ ਮੁਕਬਲ ਯਾਰ ਦਾ ਨਾਮ ਧਿਆਂਵਦੀ ਏ

੧੩੫

ਚੂਚਕ ਭਖਿਆ ਮਲਕੀ ਦੀ ਗੱਲ ਸੁਣਕੇ ਗ਼ੁੱਸਾ ਖਾਇਕੇ ਹੀਰ ਦੇ ਪਾਸ ਆਯਾ
ਕਹਿੰਦਾ ਆਇਕੇ ਨੱਢੀਏ ਨਿਜ ਜੰਮੇਂ ਸਾਨੂੰ ਜੰਮ ਕੇ ਤੁਧ ਕਲੰਕ ਲਾਯਾ
ਨਹੀਂ ਟਲਦੀ ਚਾਕ ਤੇ ਜਾਉਨੇ ਤੋਂ ਮਾਰ ਸੱਟੀਗਾ ਥਾਂ ਜੋ ਰੱਬ ਭਾਯਾ
ਰੋਸ਼ਨ ਨਾਮ ਸਿਆਲ ਦਾ ਜੱਗ ਸਾਰੇ ਨੱਢੀ ਹੀਰ ਨੇ ਮੁਕਬਲਾ ਖੂਹ ਪਾਯਾ

੧੩੬

ਹੀਰ ਆਖਦੀ ਬਾਬਲਾ ਬੁੱਢਿਆ ਵੇ ਤੈਨੂੰ ਰਤੀ ਸ਼ਊਰ ਨਾ ਆਇਆ ਈ
ਮਰਨਾ ਜੀਉਨਾ ਰਾਂਝੇ ਦੇ ਨਾਲ ਮੇਰਾ ਸਾਰੇ ਜੱਗ ਨੂੰ ਕੂਕ ਸੁਨਾਇਆ ਈ
ਮਾਰੇ ਰੱਬ ਦੇ ਬਾਝ ਨਾ ਮਰੇ ਕੋਈ ਅਸਾਂ ਕਈ ਵੇਰੀ ਅਜਮਾਇਆ ਈ
ਹੀਰ ਆਪਣੇ ਕੌਲ ਤੇ ਦੇਗ ਪਹਿਰਾ ਮੁਕਬਲ ਆਸ਼ਕਾਂ ਨਾਉਂ ਧਰਾਇਆ ਈ

੧੩੭

ਚੂਚਕ ਆਖਦਾ ਰੋਇਕੇ ਹੀਰ ਤਾਈਂ ਤੈਨੂੰ ਪਵੇਗੀ ਰੱਬ ਦੀ ਮਾਰ ਹੀਰੇ
ਨੇਕ ਬਖ਼ਤ ਜਿਹੀ ਦਿਸ ਆਉਂਦੀ ਸੀ ਹੋਈਓਂ ਬੁਰਿਆਂ ਦੀ ਹੁਣ ਸਰਦਾਰ ਹੀਰੇ
ਮਾਂ ਪਿਓ ਦੇ ਆਖੇ ਨਾ ਲਗਨੀ ਏਂ ਆਪ ਡਿੱਠੜੇ ਕਰਨੀ ਏਂ ਯਾਰ ਹੀਰੇ
ਮਾਪੇ ਜਿਨ੍ਹਾਂ ਨੇ ਮੁਕਬਲਾ ਰੰਜ ਕੀਤੇ ਹੋਗ ਤਿਨਾਂ ਤੇ ਰੱਬ ਬੇਜ਼ਾਰ ਹੀਰੇ

੧੩੮

ਹੀਰ ਆਖਦੀ ਬਾਬਲਾ ਅਕਲ ਗਈਓ ਬੋਲੇਂ ਧੀਆਂ ਨੂੰ ਕੇਹੀ ਜ਼ਬਾਨ ਮੀਆਂ
ਪਾਕਦਾਮਨਾਂ ਬੀਬੀਆਂ ਹੱਕ ਕੀਤੇ ਛੋੜ ਜਾਵਣਾਂ ਜਿਨ੍ਹਾਂ ਜਹਾਨ ਮੀਆਂ
ਮੇਰਾ ਰਾਂਝੇ ਦੇ ਨਾਲ ਨਿਕਾਹ ਪੜ੍ਹਿਆ ਪੰਜਾਂ ਪੀਰਾਂ ਨੇ ਵਿੱਚ ਬੀਆਬਾਨ ਮੀਆਂ
ਗ਼ੈਰ ਸ਼ਰ੍ਹਾ ਦੇ ਬਾਬ ਨੂੰ ਮੰਨ ਨਾਹੀਂ ਮੁਕਬਲ ਵੇਖ ਕਿਤਾਬ ਕੁਰਾਨ ਮੀਆਂ

੧੩੯

ਚੂਚਕ ਸਿਆਲ਼ ਦੀ ਹੀਰ ਨੇ ਨਿਸ਼ਾ ਕੀਤੀ ਡਰ ਡਰ ਕੇ ਵਕਤ ਲੰਘਾਉਂਦਾ ਈ
ਜਲ ਬਲ ਕੇ ਕੋਇਲਾ ਹੋ ਗਿਆ ਮਾਰੇ ਗ਼ੁੱਸੇ ਦੇ ਤੁਆਮ ਨਾ ਖਾਉਂਦਾ ਈ
ਮਸਾਂ ਮਸਾਂ ਤੜਫਦੇ ਰਾਤ ਕੱਟੀ ਰੰਗਾਰੰਗ ਦੇ ਫ਼ਿਕਰ ਦੌੜਾਉਂਦਾ ਈ
ਮੁਕਬਲ ਚਾਕ ਨੂੰ ਚਾ ਜਵਾਬ ਦੇਈਏ ਚੂਚਕ ਇਹ ਸਲਾਹ ਬਣਾਉਂਦਾ ਈ

ਚੂਚਕ ਦਾ ਰਾਂਝੇ ਨੂੰ ਗੁੱਸੇ ਹੋ ਕੇ ਜਵਾਬ ਦੇ ਦੇਣਾ

੧੪੦

ਚੂਚਕ ਰਾਂਝੇ ਨੂੰ ਚਾ ਜਵਾਬ ਦਿੱਤਾ ਇਥੇ ਨਹੀਂ ਤੁਸਾਂ ਦੀ ਜਾ ਮੀਆਂ
ਅਸੀਂ ਮੱਝੀਆਂ ਨੂੰ ਚਰਵਾ ਲੈਸਾਂ ਮਨ ਭਾਉਂਦੇ ਸੋਹਿਲੜੇ ਗਾ ਮੀਆਂ
ਨਢੀ ਹੀਰ ਨੂੰ ਤੁਧ ਬਦਰਾਹ ਕੀਤਾ ਡੁਬਾ ਝੰਗ ਸਿਆਲਾਂ ਦਾ ਨਾਂ ਮੀਆਂ
ਉਸੇ ਰੁੱਖ ਦਾ ਮੁਕਬਲਾ ਬੁਰਾ ਮੰਗੇਂ ਜਿਸਦਾ ਖਾਏਂ ਮੇਵਾ ਮਾਣੇ ਛਾਂ ਮੀਆਂ

੧੪੧

ਰਾਂਝੇ ਸੁਣੇ ਉਲਾਂਭੜੇ ਚੂਚਕੇ ਦੇ ਰੰਗ ਚਿਹਰਿਓਂ ਲੱਦ ਸਿਧਾਉਂਦਾ ਈ
ਰਾਂਝਾ ਨਜ਼ਰ ਨਾ ਮੂਲ ਉਤਾਂਹ ਕਰਦਾ ਮੂੰਹੋਂ ਬੋਲਣੇ ਥੀਂ ਸ਼ਰਮਾਉਂਦਾ ਈ
ਨੀਵੀਂ ਧੌਣ ਕਰ ਕੇ ਪਿਆ ਜ਼ਿਮੀਂ ਖੋਦੇ ਕੋਈ ਗੱਲ ਨਾ ਮੂਲ ਦੁਹਰਾਉਂਦਾ ਈ
ਮੁਕਬਲ ਬਾਝ ਮਲਾਮਤਾਂ ਆਸ਼ਕਾਂ ਨੂੰ ਮਜ਼ਾ ਇਸ਼ਕ ਦਾ ਮੂਲ ਨਾ ਆਉਂਦਾ ਈ

੧੪੨

ਚੂਚਕ ਰਾਂਝੇ ਤੋਂ ਮੱਝੀਆਂ ਖੋਹ ਲਈਆਂ ਕਾਮਾਂ ਹੋਰ ਸ਼ਿਤਾਬ ਮੰਗਾਂਵਦਾ ਏ
ਵੱਸ ਰਾਂਝੇ ਦਾ ਮੂਲ ਨਾ ਚਲਦਾ ਏ ਨਿਮੋਂਝਾਣ ਹੋ ਹੀਰ ਤੇ ਜਾਂਵਦਾ ਏ
ਮੱਝੀਂ ਖੱਸ ਲਈਆਂ ਤੇਰੇ ਬਾਪ ਹੀਰੇ ਉਹ ਸੁਣੇਂ ਨਾ ਬਾਤ ਸਮਝਾਂਵਦਾ ਏ
ਹੀਰੇ ਕਿਸ ਦਾ ਚਾਕ ਸਦਾਉਸਾਂ ਮੈਂ ਮੁਕਬਲ ਖ਼ਾਤਿਰ ਤਲ਼ੇ ਨਾ ਲਿਆਂਵਦਾ ਏ

੧੪੩

ਹੀਰ ਆਖਦੀ ਰਾਂਝੇ ਨੂੰ ਜਾਨ ਮੇਰੀ ਤੇਰੀ ਬੰਦੀ ਹਾਂ ਜਿਚਰ ਮੈਂ ਜੀਵਨੀ ਹਾਂ
ਮੇਰੇ ਮਰਨ ਤੇ ਜੇ ਰਜ਼ਾਮੰਦ ਹੋਵੇਂ ਜ਼ਹਿਰ ਘੋਲ਼ ਪਿਆਲੜਾ ਪੀਵਨੀ ਹਾਂ
ਮੀਆਂ ਹੋਰ ਤੇ ਬੰਦੀ ਨੂੰ ਯਾਦ ਨਾਹੀਂ ਜਾਮਾ ਇਸ਼ਕ ਤੁਸਾਡੇ ਦਾ ਸੀਵਨੀ ਹਾਂ
ਮੁਕਬਲ ਚਾਰ ਮੱਝੀਂ ਦਿਲ ਰੱਖ ਸਾਡਾ ਮਿੰਨਤਦਾਰ ਗ਼ਰੀਬਣੀ ਥੀਵਨੀ ਹਾਂ

੧੪੪

ਹੀਰ ਰਾਂਝੇ ਦਾ ਜੀ ਧਰਾਇਕੇ ਜੀ ਜ਼ਾਰੀ ਰੋਂਦੀ ਮਾਂ ਦੇ ਪਾਸ ਆਈ
ਮਾਏ ਚਾਕ ਨੂੰ ਬਾਪ ਜਵਾਬ ਦਿੱਤਾ ਨਾਹਿ ਕੀਤੀ ਸੀ ਓਸ ਤਕਸੀਰ ਕਾਈ
ਮਾਏ ਬਹੁਤ ਨੇ ਥਾਂ ਅਸ਼ਰਾਫ਼ ਤਾਈਂ ਦਿਲ ਸਾਫ਼ ਨੂੰ ਨਹੀਂ ਹੈ ਕਮੀ ਕਾਈ
ਬਾਰਾਂ ਵਰ੍ਹੇ ਕੀਤੀ ਮੁਕਬਲ ਚਾਕਰੀ ਨੀ ਹੱਕ ਮੰਗਦਾ ਦੇਓ ਤਾਂ ਉਠ ਜਾਈ

੧੪੫

ਜੋ ਕੁਝ ਆਖਿਆ ਹੀਰ ਨੇ ਮਾਂ ਤਾਈਂ ਮਲਕੀ ਚੂਚਕੇ ਨੂੰ ਸਮਝਾਂਵਦੀ ਏ
ਬਾਰਾਂ ਵਰ੍ਹੇ ਦੀ ਰਾਂਝੇ ਦੀ ਤਲਬ ਹੋਈ ਗੰਢ ਮਾਲ ਦੀ ਦੇਉਨੀ ਆਂਵਦੀ ਏ
ਹੁਣ ਜਾਹ ਮਨਾ ਤੂੰ ਚਾਕ ਤਾਈਂ ਏਹ ਗੱਲ ਸਾਨੂੰ ਭਲੀ ਭਾਂਵਦੀ ਏ
ਚੂਚਕ ਆਖਦਾ ਜਾਇਕੇ ਸੱਦ ਲਿਆਵੋ ਮਲਕੀ ਮੁਕਬਲੇ ਨੂੰ ਸੱਦ ਲਿਆਂਵਦੀ ਏ

ਮਲਕੀ ਤੇ ਚੂਚਕ ਦਾ ਰਾਂਝੇ ਨੂੰ ਮੰਨਾਉਣਾ

੧੪੬

ਮਲਕੀ ਆਖਦੀ ਬਖ਼ਸ਼ ਗੁਨਾਹ ਸਾਡਾ ਕੁੱਝ ਦਿਲ ਤੇ ਮੂਲ ਨਾ ਲਿਆਵਣਾ ਈਂ
ਮਾਪੇ ਪੁੱਤਰਾਂ ਨੂੰ ਲੱਖ ਆਖਦੇ ਨੇ ਤੁਸਾਂ ਖੱਟਣਾਂ ਤੇ ਅਸਾਂ ਖਾਵਣਾ ਈਂ
ਉਠ ਜਾਇਕੇ ਖ਼ਬਰ ਲੈ ਮੱਝੀਆਂ ਦੀ ਵੇਲੇ ਸ਼ਾਮ ਦੇ ਘਰਾਂ ਨੂੰ ਆਵਣਾ ਈਂ
ਮੁਕਬਲ ਮੁੜ ਕਦੀਮ ਦਾ ਯਾਰ ਰੁਠਾ ਅਸਾਂ ਮਿੰਨਤਾਂ ਨਾਲ਼ ਮਨਾਵਣਾ ਈਂ

੧੪੭

ਰਾਂਝਾ ਮੱਝੀਆਂ ਚਾਰਨੇ ਉਠ ਟੁਰਿਆ ਪਿੱਛੋਂ ਹੀਰ ਭੱਤਾ ਲੈ ਕੇ ਆਉਂਦੀ ਏ
ਮੇਰਾ ਮਰਨ ਜੀਵਨ ਤੇਰੇ ਨਾਲ਼ ਰਾਂਝਾ ਸੁੰਞੀ ਖ਼ਲਕ ਪਈ ਭੱਸ ਪਾਉਂਦੀ ਏ
ਹੱਥੀਂ ਆਪਣੇ ਰਾਂਝੇ ਨੂੰ ਹੀਰ ਜੱਟੀ ਚੂਰੀ ਮੇਹਰ ਦੇ ਨਾਲ਼ ਖੁਆਉਂਦੀ ਏ
ਪਿਆਰੇ ਮੁਕਬਲੇ ਦੇ ਨਾਲ਼ ਬੈਠ ਗੋਸ਼ੇ ਰੋ ਰੋ ਅਪਣਾ ਹਾਲ ਸੁਣਾਉਂਦੀ ਏ

੧੪੮

ਮੈਨੂੰ ਤੱਤੀ ਨੂੰ ਬਹੁਤ ਤਪਾ ਨਾਹੀਂ ਜੀਉਣ ਜੋਗਿਆ ਵੇਖ ਅਹਿਵਾਲ ਮੇਰਾ
ਕੀਤਾ ਬਿਰਹੋਂ ਕਸਾਬ ਕਬਾਬ ਵਾਂਗੂੰ ਅਜੇ ਛੱਡਦਾ ਨਹੀਂ ਖ਼ਿਆਲ ਮੇਰਾ
ਭਾਂਵੇਂ ਜਾਣ ਨਾ ਜਾਨ ਕੁਰਬਾਨ ਕੀਤਾ ਤੇਰੇ ਨਾਮ ਤੂੰ ਜਾਨ ਤੇ ਮਾਲ ਮੇਰਾ
ਦਾਮਨ ਲੱਗੀ ਦੀ ਮੁਕਬਲਾ ਸ਼ਰਮ ਤੈਨੂੰ ਮੰਨੀ ਨਾਮ ਖ਼ੁਦਾਇ ਸਵਾਲ ਮੇਰਾ

੧੪੯

ਇਕ ਰੋਜ਼ ਰੰਝੇਟੇ ਨੂੰ ਤਾਪ ਚੜ੍ਹਿਆ ਕਿਹਾ ਮਾਹੀਆਂ ਹੀਰ ਨੂੰ ਜਾਇਕੇ ਜੀ
ਖ਼ੈਰ ਰਾਂਝੇ ਦੀ ਮੰਗਦੀ ਹੀਰ ਜੱਟੀ ਅੱਗੇ ਰੱਬ ਦੇ ਹੱਥ ਉਠਾਇਕੇ ਜੀ
ਸਿਰ ਆਪਣਾ ਵਾਰਦੀ ਰਾਂਝਣੇ ਤੋਂ ਘੋਲਿਆ ਸਭ ਕਬੀਲੜਾ ਚਾਇਕੇ ਜੀ
ਮੁਕਬਲ ਯਾਰ ਸਲਾਮਤੀ ਲੋੜਨੀਆਂ ਹਾਂ ਸਾਰੀ ਖ਼ਲਕ ਨੂੰ ਕਹੇ ਸੁਨਾਇਕੇ ਜੀ

੧੫੦

ਹੀਰ ਚੂੜੀਆਂ ਭੰਨੀਆਂ ਵਾਲ਼ ਖੋਹੇ ਜ਼ਾਰੀ ਰੋਂਦੜੀ ਰੰਗ ਵਟਾਇਆ ਸੁ
ਤਲੀਆਂ ਪਾੜਦੀ ਹੱਥ ਮਰੋੜਦੀ ਨੂੰ ਮੂਲੇ ਸਬਰ ਕਰਾਰ ਨਾ ਆਇਆ ਸੁ
ਭੰਨੀ ਗਈ ਫਿਰ ਰਾਂਝੇ ਦੇ ਪਾਸ ਜੱਟੀ ਨਾਲ਼ ਸ਼ੌਕ ਦੇ ਗਲੇ ਲਗਾਇਆ ਸੁ
ਤਾਪ ਰਾਂਝੇ ਦਾ ਮੁਕਬਲਾ ਗਿਆ ਕਿੱਥੇ ਜਦ ਹੀਰ ਨੇ ਮੁੱਖ ਵਿਖਾਇਆ ਸੁ

੧੫੧

ਰਾਂਝਾ ਆਖਦਾ ਆਸ਼ਿਕਾਂ ਸਾਦਿਕਾਂ ਨੂੰ ਹੀਰੇ ਤਾਪ ਦੀ ਕੁਝ ਪਰਵਾਹ ਨਾਹੀਂ
ਜਿਨ੍ਹਾਂ ਮੁੱਢ ਦੇ ਯਾਰ ਨੂੰ ਕੰਡ ਦਿੱਤੀ ਢੋਈ ਤਿਨ੍ਹਾਂ ਨੂੰ ਵਿੱਚ ਦਰਗਾਹ ਨਾਹੀਂ
ਜਿਨ੍ਹਾਂ ਸਿਦਕ ਸਬੂਤ ਈਮਾਨ ਤਿਨ੍ਹਾਂ ਕੌਲ ਤੋੜਨੇ ਜੇਡ ਗੁਨਾਹ ਨਾਹੀਂ
ਮੁਕਬਲ ਆਪਣੇ ਕੌਲ ਤੇ ਦੇਗ ਪਹਿਰਾ ਪਰ ਹੀਰ ਦਾ ਕੁੱਝ ਵਸਾਹ ਨਾਹੀਂ

੧੫੨

ਹੀਰ ਆਖਦੀ ਹੀਲਕੇ ਜਾਨ ਰਾਂਝਾ ਤੈਂਥੇ ਚੂਰੀਆਂ ਕੁੱਟ ਕੇ ਲਿਆਵਨੀ ਹਾਂ
ਲੱਖ ਤੁਹਮਤਾਂ ਸ਼ੋਹਰਤਾਂ ਝੱਲਨੀ ਆਂ ਅਤੇ ਚਾਕ ਦੀ ਯਾਰ ਸਦਾਵਨੀ ਹਾਂ
ਅੱਧੀ ਰਾਤ ਨੂੰ ਚੀਰ ਕੇ ਝੱਲ ਰਾਂਝਾ ਤੱਤੀ ਮੌਤ ਕਬੂਲ ਕੇ ਆਵਨੀ ਹਾਂ
ਜੇ ਕਰ ਮੁਕਬਲਾ ਉੱਠ ਕੇ ਜ਼ਹਿਰ ਦੇਵੇਂ ਮਿੱਠਾ ਖੰਡ ਤੋਂ ਜਾਣ ਕੇ ਖਾਵਨੀ ਹਾਂ

ਹੀਰ ਤੇ ਰਾਂਝੇ ਨੂੰ ਇਕੱਠੇ ਵੇਖ ਕੇ ਹੀਰ ਦੇ ਭਰਾ ਸੁਲਤਾਨ ਦਾ ਗ਼ੁੱਸਾ

੧੫੩

ਭਾਈ ਹੀਰ ਦਾ ਨਾਮ ਸੁਲਤਾਨ ਜਿਸਦਾ ਬੇਲੇ ਸੈਰ ਸ਼ਿਕਾਰ ਨੂੰ ਆਇਆ ਏ
ਰਾਂਝਾ ਹੀਰ ਸੁਲਤਾਨ ਦੀ ਨਜ਼ਰ ਪੌਂਦੇ ਉਸਦੇ ਜੀ ਤੇ ਕਹਿਰ ਬੀ ਆਇਆ ਏ
ਫ਼ਿਕਰ ਕੀਤਾ ਸੁ ਦੋਹਾਂ ਦੇ ਮਾਰਨੇ ਦਾ ਲੋਕਾਂ ਮਿੰਨਤਾਂ ਨਾਲ਼ ਹਟਾਇਆ ਏ
ਮੁਕਬਲ ਹੀਰ ਤੇ ਰਾਂਝੇ ਦਾ ਹਾਲ ਸਾਰਾ ਮਾਂ ਬਾਪ ਨੂੰ ਆਖ ਸੁਣਾਇਆ ਏ

੧੫੪

ਕਹਿੰਦਾ ਹੀਰ ਦਾ ਬੁਰਾ ਅਹਿਵਾਲ ਦਿੱਸੇ ਨੱਢੀ ਚਾਲਿਓਂ ਬਾਜ਼ ਨਾ ਆਂਵਦੀ ਏ
ਅੱਜ ਕੱਲ੍ਹ ਅਸਾਡਾ ਨੱਕ ਵੱਢ ਜਾਸੀ ਸੱਤਾਂ ਪੀਹੜੀਆਂ ਨੂੰ ਨੰਗ ਲਾਂਵਦੀ ਏ
ਨਾਲ਼ ਚਾਕ ਦੇ ਜਾਵਸੀ ਉਠ ਨੱਢੀ ਵੇਲ਼ਾ ਤੱਕਦੀ ਵਕਤ ਲੰਘਾਂਵਦੀ ਏ
ਉਹਨੂੰ ਕਹੋ ਜੋ ਚਾਲਿਓਂ ਬਾਜ਼ ਆਵੇ ਮੁਕਬਲ ਅਸਾਂ ਨੂੰ ਭਲੀ ਨਾ ਭਾਂਵਦੀ ਏ

੧੫੫

ਵਿਦਾ ਹੋਇਕੇ ਰਾਂਝੇ ਤੋਂ ਹੀਰ ਆਈ ਮਾਂ ਲੜਨ ਲੱਗੀ ਵਿਹੜੇ ਆਉਂਦੀ ਨੂੰ
ਭੈੜੀ ਤੱਤੀਏ ਨੀ ਬੁਰਾ ਰਾਹ ਫੜਿਓ ਨਹੀਂ ਲੱਜ ਹਈ ਚਾਕ ਤੇ ਜਾਉਂਦੀ ਨੂੰ
ਖੇੜਾ ਰੱਦ ਕੇ ਚਾਕ ਕਬੂਲਣੀ ਏਂ ਉਮਰ ਗੁਜ਼ਰੀਆ ਚਾਕ ਹੰਢਾਉਂਦੀ ਨੂੰ
ਮੁਕਬਲ ਚਾਕ ਨਿਮਾਣੇ ਦਾ ਛੱਡ ਖਹਿੜਾ ਮਾਂ ਵਰਜਦੀ ਨੱਢੀ ਅਖਾਉਂਦੀ ਨੂੰ

੧੫੬

ਜ਼ਾਰੀ ਰੋਇਕੇ ਆਖਦੀ ਹੀਰ ਨਢੀ ਸਾਡੇ ਪਈ ਹੈਂ ਕੇਹੀ ਖ਼ਿਆਲ ਮਾਏ
ਜਿਸ ਚਾਕ ਦੇ ਮੇਹਣੇ ਦੇਵਨੀ ਏਂ ਮੇਰਾ ਮਰਨ ਹੈ ਚਾਕ ਦੇ ਨਾਲ ਮਾਏ
ਨਹੀਂ ਜਾਂਵਦਾ ਮੇਟਿਆ ਕਿਸੇ ਕੋਲੋਂ ਜੋ ਕੁੱਝ ਲਿਖਿਆ ਜੱਲ ਜਲਾਲ ਮਾਏ
ਕਾਜ਼ੀ ਸ਼ਰ੍ਹਾ ਦੇ ਢੋਇਕੇ ਮੁਕਬਲੇ ਨੂੰ ਮੇਰੇ ਸੁਣੀਂ ਜਵਾਬ ਸਵਾਲ ਮਾਏ

੧੫੭

ਮਾਂ ਆਖਦੀ ਭੈੜੀਏ ਤੱਤੀਏ ਨੀ ਕਰੇਂ ਚਾਕ ਨਿਥਾਵੇਂ ਦਾ ਮਾਣ ਕੂੜਾ
ਕਿੱਥੋਂ ਪਹਿਨਸੇਂ ਹਾਰ ਹਮੇਲ ਹੀਰੇ ਕਿਥੋਂ ਪਹਿਨਸੇਂ ਵਾਲੀਆਂ ਨੱਥ ਚੂੜਾ
ਤੇਰੇ ਬਾਪ ਦੀਆਂ ਮੱਝੀਆਂ ਚਾਰਦਾ ਏ ਸਿਰ ਚੁੱਕ ਕੇ ਲਿਆਂਵਦਾ ਨਿੱਤ ਕੂੜਾ
ਰਾਤੀਂ ਲੇਟਦਾ ਏ ਉਪਰ ਸੱਥਰਾਂ ਦੇ ਮੁਕਬਲ ਸਿਰ ਪਟਕਾ ਉਪਰ ਤਾਣ ਭੂਰਾ

੧੫੮

ਹੀਰ ਆਖਦੀ ਮੰਗ ਹਾਂ ਚਾਕਦੀ ਮੈਂ ਦਿਲ ਗ਼ੈਰ ਤੇ ਮੂਲ ਨਾ ਲਿਆਉਨੀ ਹਾਂ
ਸੱਥਰ ਰਾਂਝੇ ਦਾ ਲੇਫ਼ ਤਲਾਈਆਂ ਨੇ ਭਾਹ ਖੇੜਿਆਂ ਦੇ ਪਲੰਘ ਲਾਉਨੀ ਹਾਂ
ਵੰਗਾਂ ਪਹਿਨਸਾਂ ਚੂੜੇ ਦੀ ਥਾਂ ਮਾਏ ਬਦਲੇ ਨੱਥ ਦੇ ਲੌਂਗ ਹੰਡਾਉਨੀ ਹਾਂ
ਧੰਨ ਭਾਗ ਮੇਰੇ ਜੀਹਦਾ ਕੌਂਤ ਰਾਂਝਾ ਮੁਕਬਲ ਯਾਰ ਦਾ ਨਾਮ ਧਿਆਉਨੀ ਹਾਂ

ਮਾਂ-ਪਿਉ ਦਾ ਹੀਰ ਦੀ ਸ਼ਾਦੀ ਦੀ ਤਿਆਰੀ ਕਰਨਾ

੧੫੯

ਮਲਕੀ ਹੀਰ ਦਾ ਸਖ਼ਤ ਜਵਾਬ ਸੁਣ ਕੇ ਫਿਰ ਗੱਲ ਨਾ ਮੂਲ ਧਰਾਂਵਦੀ ਏ
ਲਾਗੀ ਭੇਜ ਕੇ ਰੰਗਪੁਰ ਖੇੜਿਆਂ ਦੇ ਤੁਰਤ ਜੰਞ ਬੁਲਾ ਮੰਗਾਂਵਦੀ ਏ
ਅਟਵਾਰੇ ਨੂੰ ਢੁੱਕਣਾਂ ਖੇੜਿਆਂ ਨੇ ਕਾਈ ਗੱਲ ਨਾ ਆਖੀ ਜਾਂਵਦੀ ਏ
ਮੁਕਬਲ ਯਾਰ ਨੂੰ ਖ਼ਬਰ ਨਾ ਮੂਲ ਹੁੰਦੀ ਮਾਂ ਹੀਰ ਨੂੰ ਬੰਨ੍ਹ ਬਿਠਾਂਵਦੀ ਏ
੧੬੦

ਜ਼ੋਰਾਵਰੀ ਬਹਾਲ ਕੇ ਹੀਰ ਖਾਰੇ ਮਿਲ ਵਟਣਾਂ ਤੇਲ ਚੜ੍ਹਾਇਓ ਨੇ
ਹੀਰ ਰੋਂਦੀ ਦਾ ਵੱਸ ਨਾ ਚਲਦਾ ਏ ਅਣ ਪੁੱਛਿਆ ਸ਼ਗਨ ਮਨਾਇਓ ਨੇ
ਦਿਲ ਸ਼ਾਦੀਆਂ ਜਾਂਞੀਆਂ ਮਾਂਞੀਆਂ ਦੇ ਖ਼ੁਸ਼ੀ ਹੋਇਕੇ ਢੋਲ ਧਰਾਇਓ ਨੇ
ਲਾਰੇ ਲਾਇਕੇ ਮੁਕਬਲਾ ਰਾਂਝਣੇ ਨੂੰ ਆਖ਼ਿਰ ਪੁੱਜ ਕੇ ਦਗ਼ਾ ਕਮਾਇਓ ਨੇ
੧੬੧

ਹੀਰ ਵਟਣਾ ਧੋਇਕੇ ਭੰਨ ਚੂੜਾ ਪਾੜ ਕੱਪੜੇ ਅੰਗ ਭਬੂਤ ਲਾਈ
ਸਈਆਂ ਹਾਰ ਸਿੰਗਾਰ ਕਰੇਂਦੀਆਂ ਨੀ ਭਾ ਹੀਰ ਸਿਆਲ਼ ਦੇ ਗ਼ਮੀ ਆਈ
ਨੱਢੀ ਖਾਵਣਾ ਪੀਵਣਾ ਤਰਕ ਕੀਤਾ ਕਰ ਥੱਕੇ ਨੇ ਮਿੰਨਤਾਂ ਬਾਪ ਮਾਈ
ਮੁਕਬਲ ਕਹੇ ਨਾ ਲਗਦੀ ਮਾਪਿਆਂ ਦੇ ਹੀਰ ਦੋਸਤੀ ਚਾਕ ਦੇ ਨਾਲ਼ ਲਾਈ

ਰਾਂਝੇ ਨੂੰ ਹੀਰ ਦੀ ਸ਼ਾਦੀ ਦਾ ਪਤਾ ਲੱਗਣਾ ਤੇ ਉਸਦੀ ਹੀਰ ਨਾਲ ਮੁਲਾਕਾਤ

੧੬੨

ਜਾਇ ਆਖਿਆ ਪਾਲੀਆਂ ਰਾਂਝਣੇ ਨੂੰ ਅੱਜ ਆਵਣੀ ਹੀਰ ਦੀ ਜੰਞ ਮੀਆਂ
ਪਿੱਛੋਂ ਆਖੇਂਗਾ ਮੂਲ ਨਾ ਦਸਿਓ ਨੇ ਉਠ ਜਾਵਸੀ ਸਾਹੁਰੇ ਕੰਜ ਮੀਆਂ
ਤੇਰਾ ਕੌਲ ਕਰਾਰ ਬਰਬਾਦ ਹੋਇਆ ਉੱਠ ਤਖ਼ਤ ਹਜ਼ਾਰੇ ਨੂੰ ਵੰਜ ਮੀਆਂ
ਮਿਲੀਂ ਜੀਂਵਦੇ ਜੀ ਤੂੰ ਹੀਰ ਤਾਈਂ ਮੁਕਬਲ ਨੇਕ ਸਲਾਹ ਹੈ ਇੰਜ ਮੀਆਂ

੧੬੩

ਰਾਂਝਾ ਪਾਲੀਆਂ ਤੋਂ ਇਹ ਗੱਲ ਸੁਣ ਕੇ ਘਰ ਚੱਲ ਕੇ ਨਾਈਆਂ ਦੇ ਜਾਂਵਦਾ ਏ
ਮਿੱਠੀ ਨਾਇਣ ਨੂੰ ਜਾਇਕੇ ਮਿਲਿਆ ਰਾਂਝਾ ਰੋ ਰੋ ਅਪਣਾ ਹਾਲ ਸੁਣਾਂਵਦਾ ਏ
ਦੇ ਕੇ ਪੰਜ ਰੁਪਈਏ ਤੇ ਇਕ ਲੁੰਗੀ ਮਨ ਮਿੱਠੀ ਦਾ ਚਾ ਪਰਚਾਂਵਦਾ ਏ
ਹੀਰ ਮੇਲ਼ ਮੈਨੂੰ ਜਿਵੇਂ ਜਾਣਨੀ ਏਂ ਮੁਕਬਲ ਵਾਸਤਾ ਖ਼ੁਦਾ ਦਾ ਪਾਂਵਦਾ ਏ

੧੬੪

ਖ਼ਾਤਿਰ ਜਮ੍ਹਾਂ ਕਰ ਰਾਂਝੇ ਨੂੰ ਕਹੇ ਮਿੱਠੀ ਤੈਨੂੰ ਹੀਰ ਨੂੰ ਆਣ ਮਿਲਾਵਸਾਂ ਮੈਂ
ਕੋਈ ਫੰਧ ਫ਼ਰੇਬ ਬਨਾਇਕੇ ਜੀ ਤੈਥੇ ਹੀਰ ਨੂੰ ਪਕੜ ਲਿਆਵਸਾਂ ਮੈਂ
ਬਿਠਲਾਇਕੇ ਰੂਬਰੂ ਦੋਹਾਂ ਤਾਈਂ ਖਾਣਾਂ ਇਕਸੇ ਥਾਲ ਖਵਾਵਸਾਂ ਮੈਂ
ਮੁਕਬਲ ਯਾਰ ਪਿਆਰੇ ਦੀ ਕੁੰਜ ਗੋਸ਼ੇ ਰਾਤੀਂ ਕੱਸ ਕੇ ਸੇਜ ਵਿਛਾਵਸਾਂ ਮੈਂ

੧੬੫

ਬਿਠਲਾਇਕੇ ਰਾਂਝੇ ਨੂੰ ਪਲੰਘ ਉੱਤੇ ਮਿੱਠੀ ਹੀਰ ਸਿਆਲ਼ ਤੇ ਜਾਂਵਦੀ ਏ
ਰਾਂਝੇ ਯਾਰ ਜ਼ਰੂਰ ਬੁਲਾਈਏਂ ਨੀਂ ਕੰਨੀਂ ਹੀਰ ਦੇ ਜਾ ਸੁਣਾਂਵਦੀ ਏ
ਹੀਰ ਮਿੱਠੀ ਤੋਂ ਰਾਂਝੇ ਦਾ ਨਾਮ ਸੁਣ ਕੇ ਜਾਮੇ ਵਿੱਚ ਨਾ ਮੂਲ ਸਮਾਂਵਦੀ ਏ
ਮਿੱਠੀ ਨਾਲ਼ ਬੇਖ਼ਬਰ ਹੀ ਮਾਪਿਆਂ ਤੋਂ ਪਿਆਰੀ ਮੁਕਬਲੇ ਤੇ ਭੱਜੀ ਆਂਵਦੀ ਏ

੧੬੬

ਹੀਰ ਵੇਖ ਕੇ ਰਾਂਝੇ ਨੂੰ ਖ਼ੁਸ਼ੀ ਹੋਈ ਰਾਂਝੇ ਹੀਰ ਨੂੰ ਰੋ ਇਲਜ਼ਾਮ ਦਿੱਤਾ
ਬੇਖ਼ਬਰ ਹੀ ਉਠ ਕੇ ਚੱਲੀਓਂ ਨੀ ਸਾਨੂੰ ਪਾਲੀਆਂ ਏਹ ਪੈਗ਼ਾਮ ਦਿੱਤਾ
ਬਾਰਾਂ ਵਰ੍ਹੇ ਕੀਤੀ ਤੇਰੀ ਨੌਕਰੀ ਨੀ ਤੁਧ ਓੜਕ ਨੂੰ ਏਹ ਇਨਾਮ ਦਿੱਤਾ
ਮੁਕਬਲ ਨਾਮ ਮਾਸ਼ੂਕ ਦਾ ਰੱਖ ਲੀਤਾ ਹੋਰ ਸਭੋ ਅੱਲ੍ਹਾ ਦੇ ਨਾਮ ਦਿੱਤਾ

੧੬੭

ਹੀਰ ਆਖਦੀ ਰਾਂਝੇ ਨੂੰ ਜਾਨ ਮੇਰੀ ਕੇਹੇ ਤਰਿਖੜੇ ਵੈਣ ਅਲਾਉਨਾ ਏਂ
ਜਲ ਬਲ ਕੇ ਕੋਇਲੇ ਹੋ ਗਈ ਆਂ ਬਾਰ ਬਾਰ ਕਿਉਂ ਤੱਤੀ ਨੂੰ ਤਾਉਨਾ ਏਂ
ਹਾਇ ਹਾਇ ਮੁੱਠੀ ਨਹੀਂ ਜਾਣਦੀ ਸਾਂ ਨੇਹੁੰ ਲਾਇਕੇ ਭਰਮ ਗੁਆਉਨਾ ਏਂ
ਮੁਕਬਲ ਕਿਸੇ ਬੇਦਰਦ ਪੜ੍ਹਾਇਆ ਏ ਜ਼ਖ਼ਮ ਲਾ ਕੇ ਮੱਲ੍ਹਮ ਨਾ ਲਾਉਨਾ ਏਂ

੧੬੮

ਰਾਂਝੇ ਹੀਰ ਇਕੱਠੀਆਂ ਰੋਜ਼ ਸਾਰਾ ਗਲ ਮਿਲ ਕੇ ਦੁਖੜਾ ਰੋਇਓ ਨੇ
ਸੀਨੇ ਉਪਰੋਂ ਦਾਗ਼ ਫ਼ਿਰਾਕ ਵਾਲਾ ਨਾਲ਼ ਹੰਝੂਆਂ ਮਲ ਮਲ ਧੋਇਓ ਨੇ
ਸੁਖੀ ਵੱਸਦੇ ਚੰਗਿਆਂ ਬੇਲੀਆਂ ਨੂੰ ਰੱਬ ਆਣ ਕਜੀਅੜਾ ਢੋਇਓ ਨੇ
ਮੁਕਬਲ ਯਾਰ ਦਾ ਕੁੱਝ ਗੁਨਾਹ ਨਾਹੀਂ ਲਿਖੇ ਆਪਣੇ ਮਾਰ ਵਗੋਇਓ ਨੇ

੧੬੯

ਰਾਂਝਾ ਆਖਦਾ ਏ ਮੈਂ ਜਾਵਨਾ ਹਾਂ ਮੈਨੂੰ ਹੱਸ ਕੇ ਦੇ ਰਜ਼ਾ ਹੀਰੇ
ਜਿਉਂਦਾ ਰਿਹਾ ਤੇ ਮਿਲਾਂ ਫੇਰ ਤੈਨੂੰ ਮਰ ਗਇਆਂ ਪਨਾਹ ਖ਼ੁਦਾ ਹੀਰੇ
ਆਖ਼ਿਰ ਰੰਨਾਂ ਦੀ ਜ਼ਾਤ ਬੇਵਫ਼ਾ ਹੁੰਦੀ ਮੈਂ ਡਿੱਠਾ ਏ ਖ਼ੂਬ ਅਜ਼ਮਾ ਹੀਰੇ
ਸੁਖ਼ਨ ਰਾਸਤੀ ਆਖਿਆ ਮੁਕਬਲੇ ਨੇ ਨਹੀਂ ਰੰਨਾਂ ਤੋਂ ਮੇਹਰ ਵਫ਼ਾ ਹੀਰੇ
੧੭੦

ਹੀਰ ਆਖਦੀ ਕੌਲ ਤੋਂ ਫਿਰਾਂ ਜੇ ਮੈਂ ਬੁਰੇ ਹਾਲ ਹੋ ਮਰਾਂ ਮਰਦੂਦ ਮੀਆਂ
ਮੈਥੋਂ ਹੋਈਆਂ ਸਭ ਬੇਵੱਸ ਗੱਲਾਂ ਦਿਲ ਵਿੱਚ ਰਹਿਣਾ ਖ਼ੁਸ਼ਨੂਦ ਮੀਆਂ
ਕੁੱਲ ਜੀਉ ਜਾਮਾ ਤੇਰੇ ਪੇਸ਼ ਕੀਤਾ ਤੇਰਾ ਦਰਸ ਮੇਰਾ ਮਕਸੂਦ ਮੀਆਂ
ਤੈਥੇ ਜੀਉਂਦੀ ਮੁੱਖ ਨਾ ਮੋੜਸਾਂ ਮੈਂ ਮੁਕਬਲ ਮੋਈ ਤਾਂ ਕਹੀਂ ਦਰੂਦ ਮੀਆਂ

੧੭੧

ਰਾਂਝਾ ਹੀਰ ਸਿਆਲ਼ ਤੋਂ ਵਿਦਾ ਹੋਇਆ ਜ਼ਾਰੀ ਰੋਂਵਦਾ ਉੱਠ ਕੇ ਗਿਆ ਬੇਲੇ
ਲੱਗਾ ਟੱਕਰਾਂ ਮਾਰਨੇ ਜਾਏ ਓਥੇ ਜਿੱਥੇ ਹੀਰ ਸਿਆਲ਼ ਦੇ ਨਾਲ਼ ਖੇਲੇ
ਦਿਲ ਆਖਦਾ ਯਾਰ ਹੁਣ ਜੁਦਾ ਹੋਇਆ ਜੇ ਚਾਹੇ ਆਪ ਖ਼ੁਦਾ ਮੇਲੇ
ਮੁਕਬਲ ਤੁਆਮ ਨਾ ਰੁਚਦਾ ਆਸ਼ਿਕਾਂ ਨੂੰ ਨੈਣੀਂ ਨੀਂਦ ਨਾ ਆਉਂਦੀ ਕਿਸੇ ਵੇਲੇ

੧੭੨

ਰਾਂਝਾ ਹਾਲ ਥੀਂ ਹੋਇ ਬੇਹਾਲ ਗਿਆ ਰਿਹਾ ਸਬਰ ਸ਼ਊਰ ਕਰਾਰ ਤੋਂ ਜੀ
ਸੁੱਧ ਬੁੱਧ ਜਹਾਨ ਦੀ ਭੁੱਲ ਗਈ ਮੂੰਹ ਮੋੜਿਆ ਯਾਰ ਅਗ਼ਯਾਰ ਤੋਂ ਜੀ
ਹੀਰ ਨਾਮ ਰਸੂਲ ਦੇ ਬਖ਼ਸ਼ ਮੈਨੂੰ ਮੰਗੇ ਰੱਬ ਰਹੀਮ ਗ਼ੱਫ਼ਾਰ ਤੋਂ ਜੀ
ਅਨਲਹੱਕ ਕਹਿੰਦਾ ਮਨਸੂਰ ਵਾਂਗੂੰ ਮੁਕਬਲ ਜ਼ਰਾ ਨਾਂ ਸੰਗਦਾ ਦਾਰ ਤੋਂ ਜੀ

੧੭੩

ਗ਼ਮ ਰਾਂਝੇ ਦੇ ਕਮਲੀ ਹੀਰ ਹੋਈ ਕੀਤਾ ਰਾਂਝੇ ਨੂੰ ਹੀਰ ਦੇ ਇਸ਼ਕ ਝੱਲਾ
ਹੋਰ ਦੁੱਖ ਤੇ ਦਰਦ ਹਜ਼ਾਰ ਚੰਗੇ ਪਰ ਏਸ ਵਿਛੋੜੇ ਤੋਂ ਮਰਨ ਭਲਾ
ਘਰ ਜਾਇਕੇ ਮਾਂ ਨੂੰ ਹੀਰ ਕਹਿੰਦੀ ਮੇਰੇ ਦੂਤੀਆਂ ਦੇ ਸਿਰ ਪਿਆ ਖੱਲਾ
ਮਾਏ ਹੀਰ ਵਿਛੋੜੀਓ ਰਾਂਝਣੇ ਥੀਂ ਮੁਕਬਲ ਰੱਬ ਥੀਂ ਪਾਵੇਂਗੀ ਖ਼ੈਰ ਸੱਲਾ

੧੭੪

ਮਲਕੀ ਵੇਖ ਕੇ ਹੀਰ ਦਾ ਸ਼ੋਖ਼ ਦੀਦਾ ਚੂਚਕ ਸਿਆਲ਼ ਨੂੰ ਜਾਇ ਸਮਝਾਂਵਦੀ ਏ
ਜੋ ਕੁੱਝ ਹੀਰ ਥੀਂ ਸਖ਼ਤ ਜਵਾਬ ਸੁਣਿਆਂ ਓਵੇਂ ਆਣ ਕੇ ਤੁਰਤ ਸੁਣਾਂਵਦੀ ਏ
ਧੀਆਂ ਹੋਰਨਾਂ ਦੇ ਸਾਡੀ ਧਾੜ ਜੰਮੀ ਮੂਲੇ ਕਿਸੇ ਤੋਂ ਵਹਿਮ ਨਾ ਖਾਂਵਦੀ ਏ
ਥਾਂ ਮਾਰੀਏ ਮੁਕਬਲਾ ਹੀਰ ਤਾਈਂ ਨਹੀਂ ਅਸਾਂ ਨੂੰ ਲੀਕ ਲੁਆਂਵਦੀ ਏ

੧੭੫

ਧੀਆਂ ਮਾਰਨੀਆਂ ਵੱਡਾ ਗੁਨਾਹ ਹੈ ਨੀ ਚੂਚਕ ਮਲਕੀ ਨੂੰ ਆਖ ਸੁਣਾਉਂਦਾ ਏ
ਖ਼ੂਨੀ ਦੋਜ਼ਖ਼ਾਂ ਦੇ ਵਿੱਚ ਸਾੜਨੀਗੇ ਪਛੋਤਾਂਵਦੇ ਵਕਤ ਨਾ ਆਉਂਦਾ ਏ
ਝੂਠੀ ਸ਼ਰ੍ਹਾ ਦੇ ਢੋਇਕੇ ਹੀਰ ਕਰੋ ਚੂਚਕ ਰੰਨ ਦਾ ਜੀ ਧਰਾਉਂਦਾ ਏ
ਘਰੋਂ ਚਲਿਆ ਮੁਕਬਲਾ ਨਿਮੋਝਾਣਾਂ ਕੋਲ਼ ਕਾਜ਼ੀ ਦੇ ਚੱਲ ਕੇ ਆਉਂਦਾ ਏ

੧੭੬

ਕਾਜ਼ੀ ਆਖਦਾ ਮੇਹਰ ਜੀ ਖ਼ੈਰ ਸੱਲਾ ਵੱਡੇ ਵੇਲੇ ਕਿਉਂ ਉਠ ਕੇ ਆਉਂਦਾ ਏਂ
ਕਿਸੇ ਨਾਲ਼ ਕੋਈ ਝਗੜੇ ਦਾ ਮਾਮਲਾ ਹਈ ਸੂਰਤ ਹਾਲ ਤੇ ਮੋਹਰ ਕਰਾਉਂਦਾ ਏਂ
ਕਿਹੜੀ ਸ਼ਰ੍ਹਾ ਦੀ ਬਾਤ ਨੂੰ ਪੁੱਛਨਾ ਏਂ ਕਿਸ ਗੱਲ ਦਾ ਮਗ਼ਜ਼ ਪੁਛਾਉਂਦਾ ਏਂ
ਮੁਕਬਲ ਖੜਾ ਹੈ ਆਰਜ਼ੂ ਮੰਦ ਤੇਰਾ ਆਖ ਮਿਹਰ ਜੀ ਕੀ ਫ਼ਰਮਾਉਂਦਾ ਏਂ

੧੭੭

ਚੂਚਕ ਆਖਦਾ ਰੋਇਕੇ ਕਾਜ਼ੀਏ ਨੂੰ ਮੀਆਂ ਹੀਰ ਨੂੰ ਭਲਾ ਪੜ੍ਹਾਇਆ ਈ
ਮੂੰਹ ਆਉਂਦਾ ਬੋਲਦੀ ਮਾਪਿਆਂ ਨੂੰ ਉਹਨੂੰ ਸ਼ਰਮ ਹਯਾ ਨਾ ਆਇਆ ਈ
ਨਾਲ਼ ਚਾਕ ਦੇ ਅੱਖੀਆਂ ਲਾਈਆਂ ਨੇ ਮਾਂ ਬਾਪ ਦਾ ਨਾਂ ਗਵਾਇਆ ਈ
ਸਮਝਾਓ ਤੂੰ ਸੱਦ ਕੇ ਹੀਰ ਤਾਈਂ ਮੁਕਬਲ ਏਹ ਕੀ ਸਾਂਗ ਬਣਾਇਆ ਈ

੧੭੮

ਕਾਜ਼ੀ ਕਲਮ ਦਾਵਾਤ ਮੰਗਾ ਲੈਂਦਾ ਲਿਖੇ ਹੀਰ ਨੂੰ ਤੁਰਤ ਪੈਗ਼ਾਮ ਮੀਆਂ
ਖ਼ਿਦਮਤਗਾਰ ਨੂੰ ਸੱਦ ਕੇ ਕਹੇ ਕਾਜ਼ੀ ਜਾ ਕੇ ਹੀਰ ਨੂੰ ਦੇਹ ਪੈਗ਼ਾਮ ਮੀਆਂ
ਹੁਕਮ ਸ਼ਰ੍ਹਾ ਦੇ ਪਕੜ ਲਿਆਓ ਨੱਢੀ ਇਕ ਘੜੀ ਨਾ ਦੇਹੋ ਆਰਾਮ ਮੀਆਂ
ਜਾਇ ਲਿਖਿਆ ਮੁਕਬਲਾ ਕਾਜ਼ੀਏ ਦਾ ਦਿੱਤਾ ਹੀਰ ਦੇ ਹੱਥ ਗ਼ੁਲਾਮ ਮੀਆਂ

੧੭੯

ਹੀਰ ਅਦਬ ਦੇ ਨਾਲ ਪੈਗ਼ਾਮ ਤਾਈਂ ਚੁੰਮ ਚੱਟ ਕੇ ਸਿਰ ਪਰ ਚਾ ਧਰਦੀ
ਜਾਇ ਮਹਿਕਮੇ ਸ਼ਰ੍ਹਾ ਦੇ ਰਜ਼ੂ ਹੋਈ ਨੱਢੀ ਮਾਰਨੋਂ ਕਿਸੇ ਤੋਂ ਨਾ ਡਰਦੀ
ਹੱਥ ਬੰਨ੍ਹ ਕੇ ਰੂਬਰੂ ਕਾਜ਼ੀਏ ਦੇ ਖਲੀ ਹੋ ਕੇ ਸੱਤ ਸਲਾਮ ਕਰਦੀ
ਰੰਗ ਹੀਰ ਦਾ ਮੁਕਬਲਾ ਸੁਰਖ਼ ਹੋਇਆ ਮਨਾ ਚੂਚਕੇ ਦੇ ਵਰਤ ਗਈ ਜ਼ਰਦੀ

ਸਵਾਲ-ਜਵਾਬ ਕਾਜ਼ੀ ਤੇ ਹੀਰ

੧੮੦

ਕਾਜ਼ੀ ਪਕੜਿਆ ਹੀਰ ਨੂੰ ਰਿੱਕਤਾਂ ਤੋਂ ਈਮਾਨ ਦੀ ਸਿਫ਼ਤ ਸੁਣਾ ਖਾਂ ਨੀ
ਵਰ ਦੇਣ ਮਾਪੇ ਕਰੇਂ ਆਪ ਡਿੱਠਾ ਕਿਸ ਦਿੱਤੀ ਇਹ ਮੱਤ ਸੁਣਾ ਖਾਂ ਨੀ
ਖੇੜਾ ਰੱਦਕੇ ਚਾਕ ਕਬੂਲਨੀ ਏਂ ਕਿੱਥੇ ਅਕਲ ਗਈਓ ਫ਼ਰਮਾ ਖਾਂ ਨੀ
ਹੀਰੇ ਮੁਕਬਲੇ ਤੋਂ ਸ਼ਰਮਾਓਨੀ ਏਂ ਘੁੰਡ ਖੋਲ੍ਹ ਕੇ ਮੁੱਖ ਵਿਖਾ ਖਾਂ ਨੀ

੧੮੧

ਹੀਰ ਆਖਦੀ ਰੋਇਕੇ ਕਾਜ਼ੀਏ ਨੂੰ ਮੀਆਂ ਕੇਹੀਆਂ ਰਿੱਕਤਾਂ ਚਾਈਆਂ ਨੀ
ਲੈ ਕੇ ਰਿਸ਼ਵਤਾਂ ਕਰੇਂ ਖ਼ੁਸ਼ਾਮਤਾਂ ਜੀ ਗਲ ਆਪਣੇ ਫਾਹੀਆਂ ਪਾਈਆਂ ਨੀ
ਰਾਂਝਾ ਰੋਜ਼ ਮੀਸਾਕ ਦਾ ਯਾਰ ਮੇਰਾ ਅੱਜ ਕੱਲ੍ਹ ਨਾ ਅੱਖੀਆਂ ਲਾਈਆਂ ਨੀ
ਮੁਕਬਲ ਯਾਰ ਦੇ ਨਾਮ ਤੋਂ ਲੱਖ ਵਾਰੀ ਘੋਲ਼ ਘੱਤੀਆਂ ਵਾਰ ਘੁਮਾਈਆਂ ਨੀ

੧੮੨

ਕਾਜ਼ੀ ਆਖਦਾ ਛੋੜ ਚਤਰਾਈਆਂ ਨੀ ਉਸਤਾਦ ਦਾ ਆਖਿਆ ਮੰਨ ਹੀਰੇ
ਨੇਕ ਬਖ਼ਤ ਹੋ ਸੁਲਾਹ ਕਰ ਨਾਲ਼ ਖੇੜੇ ਦਿਲੋਂ ਕੁਫ਼ਰ ਦਾ ਜਿੰਦਰਾ ਭੰਨ ਹੀਰੇ
ਕੇਹਾ ਵੱਟਣਾਂ ਖੱਟਣਾਂ ਖਾਉਣਾਂ ਈਂ ਅਖਵਾਇਕੇ ਚਾਕ ਦੀ ਰੰਨ ਹੀਰੇ
ਮੁਹਤਾਜ ਹੈ ਰਾਤ ਦਿਨ ਕੁੱਵਤ ਦਾ ਨੀ ਪੱਲੇ ਮੁਕਬਲੇ ਦੇ ਨਹੀਂ ਧਨ ਹੀਰੇ

੧੮੩

ਹੀਰ ਆਖਦੀ ਕਾਜ਼ੀਆ ਹੁਕਮ ਤੇਰਾ ਅਪਣੇ ਸਿਰੇ ਦੇ ਜ਼ੋਰ ਤੇ ਮੰਨਸਾਂ ਮੈਂ
ਪਰ ਰਾਂਝੇ ਦੇ ਨਾਲ ਜੋ ਕੌਲ ਮੇਰਾ ਦੀਨ ਨਬੀ ਦੇ ਤੀਕ ਨਾ ਭੰਨਸਾਂ ਮੈਂ
ਨਹੀਂ ਸੰਗਦੀ ਸੱਕਿਆਂ ਭਾਈਆਂ ਤੋਂ ਦਿੱਤਾ ਰੱਬ ਦਾ ਸਿਰ ਪਰ ਝੱਲਸਾਂ ਮੈਂ
ਮੁਕਬਲ ਵਰਜਦੀ ਥਾਉਂ ਤੋਂ ਅੱਗ ਪਈ ਜੱਟੀ ਕਹੇ ਮਹਾਸਤੀ ਚੱਲਸਾਂ ਮੈਂ

੧੮੪

ਕਾਜ਼ੀ ਆਖਿਆ ਸ਼ਰ੍ਹਾ ਤੇ ਚੱਲ ਹੀਰੇ ਸ਼ੈਤਾਨ ਦੇ ਰਾਹ ਨਾ ਜਾਈਏ ਨੀ
ਮਾਂ ਬਾਪ ਦਾ ਆਖਿਆ ਮੰਨ ਲਈਏ ਹੀਰੇ ਗੱਲ ਨਾ ਮੂਲ ਦੁਹਰਾਈਏ ਨੀ
ਹੀਰੇ ਹੱਕ ਹਲਾਲ ਪਛਾਣ ਲਈਏ ਜਾਣ ਬੁਝ ਹਰਾਮ ਨਾ ਖਾਈਏ ਨੀ
ਪਿਆਰੇ ਮੁਕਬਲੇ ਜੇਹਿਆਂ ਆਸ਼ਿਕਾਂ ਨੂੰ ਚਾ ਭੀਖ ਦੀਦਾਰ ਦੀ ਪਾਈਏ ਨੀ

੧੮੫

ਹੀਰ ਆਖਦੀ ਤਾਬਿਆ ਸ਼ਰ੍ਹਾ ਦੀ ਹਾਂ ਮੈਂ ਮੰਨਿਆਂ ਹੁਕਮ ਕੁਰਾਨ ਦਾ ਜੀ
ਰਾਹ ਇਸ਼ਕ ਦਾ ਅਸਾਂ ਤਾਂ ਮਨ ਲੀਤਾ ਕਾਜ਼ੀ ਨਫ਼ਸ ਦਾ ਰਾਹ ਸ਼ੈਤਾਨ ਦਾ ਜੀ
ਰਾਂਝੇ ਨਾਲ਼ ਮੈਂ ਅੱਖੀਆਂ ਲਾਈਆਂ ਨੇ ਮੇਰਾ ਸਭ ਕਬੀਲੜਾ ਜਾਣਦਾ ਜੀ
ਦੰਮਾਂ ਬਾਝ ਗ਼ੁਲਾਮ ਹਾਂ ਮੁਕਬਲੇ ਦੀ ਦਿਲੋਂ ਮੰਨਿਆਂ ਕੌਲ ਜ਼ੁਬਾਨ ਦਾ ਜੀ

੧੮੬

ਕਾਜ਼ੀ ਆਖਦਾ ਇਹ ਸਵਾਲ ਮੇਰਾ ਭੋਰਾ ਸਮਝ ਕੇ ਕਰੀਂ ਖ਼ਿਆਲ ਹੀਰੇ
ਸ਼ਾਹਿਦ ਕੌਣ ਹੈ ਕਿਸ ਨਿਕਾਹ ਪੜ੍ਹਿਆ ਕਿਉਂ ਕਰ ਹੋਇਆ ਚਾਕ ਹਲਾਲ ਹੀਰੇ
ਜਾਣ ਬੁਝ ਹਰਾਮ ਕਮਾਉਨੀ ਏਂ ਤੇਰਾ ਹੋਵਸੀ ਬੁਰਾ ਅਹਿਵਾਲ ਹੀਰੇ
ਵਿੱਚ ਦੋਜ਼ਖ਼ਾਂ ਪਾਇਕੇ ਸਾੜੀਏਂਗੀ ਮੁਕਬਲ ਛੁੱਟਣਾ ਹੋਗ ਮੁਹਾਲ ਹੀਰੇ

੧੮੭

ਹੀਰ ਆਖਦੀ ਰਾਂਝੇ ਦੇ ਨਾਲ ਪੜ੍ਹਿਆ ਪੰਜਾਂ ਪੀਰਾਂ ਨੇ ਆਣ ਨਿਕਾਹ ਮੇਰਾ
ਤੂੰ ਤਾਂ ਹੱਕ ਨੂੰ ਕਰੇਂ ਨਹੱਕ ਮੀਆਂ ਤੇਰੇ ਨਾਲ਼ ਲੇਖਾ ਦਰਗਾਹ ਮੇਰਾ
ਰਾਂਝਾ ਮੰਗ ਲਿਆ ਦਰਗਾਹ ਤੋਂ ਜੀ ਕਾਜ਼ੀ ਰਾਂਝੇ ਦਾ ਰਾਹ ਸੋ ਰਾਹ ਮੇਰਾ
ਨਾਉਂ ਨਬੀ ਦੇ ਬਖ਼ਸ਼ੇਗਾ ਬੰਦਿਆਂ ਨੂੰ ਮੁਕਬਲ ਹਸ਼ਰ ਦੇ ਰੋਜ਼ ਅੱਲ੍ਹਾ ਮੇਰਾ

੧੮੮

ਕਾਜ਼ੀ ਆਖਦਾ ਜਿਉਂ ਤੂੰ ਜਾਨਨੀ ਏਂ ਹੀਰੇ ਮੰਨ ਕਹਿਆ ਉਸਤਾਦ ਦਾ ਨੀ
ਕੁਫ਼ਰ ਛੋੜ ਦੇਹ ਜ਼ਿੱਦ ਨੂੰ ਛੱਡ ਹੀਰੇ ਭਲਾ ਹੋਸੀਆ ਜੱਦ ਔਲਾਦ ਦਾ ਨੀ
ਦੁਨੀਆ ਜੀਵਣਾ ਖ਼ਾਬ ਖ਼ਿਆਲ ਵਾਂਗੂੰ ਮਰ ਜਾਵਣਾਂ ਰਾਹ ਹੈ ਆਦਿ ਦਾ ਨੀ
ਮੁਕਬਲ ਆਸ਼ਕਾਂ ਦਾ ਮੰਨ ਲਈਂ ਕਹਿਆ ਰੋਜ਼ ਹਸ਼ਰ ਦੇ ਵਕਤ ਹੈ ਦਾਦ ਦਾ ਨੀ

੧੮੯

ਹੀਰ ਆਖਿਆ ਕਾਜ਼ੀਆ ਘੋਲ਼ ਘੱਤੀ ਤੇਰਾ ਹੁਕਮ ਮੰਨਾਂ ਸਰਦਾਰ ਥੀਵਾਂ
ਮੇਰੇ ਚੰਮ ਦੀਆਂ ਜੁੱਤੀਆਂ ਪਹਿਨ ਮੀਆਂ ਜੇ ਮੈਂ ਉਜ਼ਰ ਕਰਾਂ ਗੁਨਹਗਾਰ ਥੀਵਾਂ
ਐਪਰ ਏਹ ਹਨੇਰ ਨਾ ਹੋਗ ਮੈਥੋਂ ਰਾਂਝਾ ਛੱਡ ਕੇ ਖੇੜੇ ਦੀ ਨਾਰ ਥੀਵਾਂ
ਮੁਕਬਲ ਯਾਰ ਦੇ ਨਾਲ਼ ਕਰਾਰ ਮੇਰਾ ਗ਼ੈਰ ਮਹਿਰਮਾਂ ਥੀਂ ਬੇਜ਼ਾਰ ਥੀਵਾਂ

੧੯੦

ਕਾਜ਼ੀ ਹੀਰ ਦੇ ਹਾਲ ਤੇ ਰਹਿਮ ਕੀਤਾ ਹੌਲੀ ਚੂਚਕੇ ਨੂੰ ਸਮਝਾਉਂਦਾ ਏ
ਹੀਰ ਜਾਣਦੀ ਪੇਚ ਦਰ ਪੇਚ ਡਾਹਢੇ ਇਸ ਦੇ ਨਾਲ਼ ਨਾ ਮੇਚਿਆ ਜਾਉਂਦਾ ਏ
ਝੂਠਾ ਹੋਇਕੇ ਰੂਬਰੂ ਕਾਜ਼ੀਏ ਦੇ ਚੂਚਕ ਗੱਲ ਨਾ ਮੂਲ ਦੁਹਰਾਉਂਦਾ ਏ
ਮੁਕਬਲ ਕਾਜ਼ੀ ਨੇ ਸਾਫ਼ ਜਵਾਬ ਦਿੱਤਾ ਚੂਚਕ ਹੋ ਝੂਠਾ ਘਰ ਆਉਂਦਾ ਏ

੧੯੧

ਹੀਰ ਬੋਲਕੇ ਸੱਤ ਸਲਾਮ ਕੀਤੇ ਹਜ਼ਰਤ ਕਾਜ਼ੀ ਥੀਂ ਸ਼ੁਕਰਗੁਜ਼ਾਰ ਹੋ ਕੇ
ਮੂਲੇ ਕਹੇ ਨਾ ਲਗਦੀ ਮਾਪਿਆਂ ਦੇ ਹੱਥ ਧੋ ਬੈਠੇ ਲਾਚਾਰ ਹੋ ਕੇ
ਨੱਢੀ ਖਾਵਣਾ ਪੀਵਣਾ ਤਰਕ ਕੀਤੇ ਬੈਠੀ ਮਾਪਿਆਂ ਤੋਂ ਬੇਜ਼ਾਰ ਹੋ ਕੇ
ਹੀਰ ਮੂਲ ਨਾ ਲੋੜਦੀ ਖੇੜਿਆਂ ਨੂੰ ਪਛੋਤਾਵਸਨ ਮੁਕਬਲਾ ਖ਼ੁਆਰ ਹੋ ਕੇ

ਹੀਰ ਦੀ ਜੰਞ ਦਾ ਆਉਣਾ

੧੯੨

ਵਿੱਚ ਝੰਗ ਸਿਆਲ਼ ਦੇ ਗੁਲ ਹੋਇਆ ਵੇਖੋ ਹੀਰ ਸਿਆਲ਼ ਦੀ ਜੰਞ ਆਈ
ਮਾਂਞੀਂ ਲੈਣ ਆਏ ਅੱਗੋਂ ਜੰਞ ਤਾਈਂ ਦੇਂਦੇ ਜਾ ਵਧਾਈਆਂ ਡੂਮ ਨਾਈ
ਗਲੀਂ ਜਾਂਞੀਆਂ ਦੇ ਰੰਗਾਰੰਗ ਜੋੜੇ ਤੁਰਕੀ ਤਾਜ਼ੀਆਂ ਦਾ ਨਹੀਂ ਅੰਤ ਕਾਈ
ਸ਼ਹਿਰ ਆ ਵੜੇ ਸੋਹਣੇ ਢੇਰ ਡਿੱਠੇ ਮੁਕਬਲ ਆਖਦਾ ਉਨ੍ਹਾਂ ਦੀ ਧੰਨ ਮਾਈ

੧੯੩

ਜੰਞ ਆਇ ਵੜੀ ਕੁੜੀਆਂ ਲੈਣ ਆਈਆਂ ਕਈ ਸਹੇਲੀਆਂ ਹੀਰ ਦੀ ਜੰਞ ਤਾਈਂ
ਜੰਞ ਵੇਖ ਕੇ ਬਹੁਤ ਮਾਫ਼ੂਜ਼ ਹੋਈਆਂ ਸਿਰ ਝੂਣ ਕੇ ਕਹਿੰਦੀਆਂ ਧੰਨ ਸਾਈਂ
ਸੈਦੇ ਖੇੜੇ ਨੂੰ ਕੁੜੀਆਂ ਨੇ ਘੇਰ ਲੀਤਾ ਪਰਵਾਰ ਪੌਂਦਾ ਜਿਵੇਂ ਚੰਦ ਤਾਈਂ
ਆਣ ਉਤਰੀ ਹੀਰ ਦੀ ਜੰਞ ਸਾਰੀ ਤਦ ਮੁਕਬਲੇ ਜਾਇਕੇ ਝਾਤ ਪਾਈ

੧੯੪

ਵੱਜਣ ਤੂਤੀਆਂ ਸੋਹਣੀਆਂ ਨੌਬਤਾਂ ਜੀ ਜੰਞ ਵੇਖਣੇ ਨੂੰ ਜੱਗ ਆਂਵਦਾ ਏ
ਨੱਚਣ ਸੈਂਕੜੇ ਤਾਇਫ਼ੇ ਲੋਲੀਆਂ ਦੇ ਚੰਦ ਜਿਨ੍ਹਾਂ ਨੂੰ ਵੇਖ ਸ਼ਰਮਾਂਵਦਾ ਏ
ਖ਼ੂਬਸੂਰਤਾਂ ਦਾ ਜਿਸ ਰਾਗ ਸੁਣਿਆਂ ਕਈ ਮੁੱਦਤਾਂ ਤਾਬ ਨਾ ਲਿਆਂਵਦਾ ਏ
ਕਦਰ ਰਾਗ ਦਾ ਮੁਕਬਲਾ ਮਰਦ ਜਾਣੇ ਨਾਮਰਦ ਨੂੰ ਮੂਲ ਨਾ ਭਾਂਵਦਾ ਏ

੧੯੫

ਸੱਦ ਡੂੰਮਣੀ ਨੂੰ ਸ਼ੱਕਰ ਦੇ ਮਲਕੀ ਕਹਿੰਦੀ ਖੇੜੇ ਨੂੰ ਸੱਦ ਲਿਆ ਖਾਂ ਨੀ
ਮੌਲੀ ਨਾਲ ਚਾ ਕੱਛ ਖਾਂ ਗੱਭਰੂ ਨੂੰ ਰੰਗ ਰੰਗਦੇ ਗਾਉਣੇ ਗਾ ਖਾਂ ਨੀ
ਦੀਵਾ ਛਾਨਣੀ ਦੇ ਵਿੱਚ ਬਾਲ ਰੱਖੋ ਮਨ ਭਾਉਂਦੇ ਸਗਨ ਮਨਾ ਖਾਂ ਨੀ
ਦੇਹ ਸਿਠਣੀਆਂ ਢੋਲ ਵਜਾਇਕੇ ਨੀ ਮੁਕਬਲ ਇਸ਼ਕ ਦੀ ਗੱਲ ਸੁਣਾ ਖਾਂ ਨੀ

੧੯੬

ਮਾਰਨ ਛਮਕਾਂ ਗਾਲੀਆਂ ਦੇਣ ਕੁੜੀਆਂ ਸਾਹਿਬ ਰੂਪ ਤੇ ਮੁਸ਼ਕ ਹੰਢਾਦੀਆਂ ਨੇ
ਘੋੜੀ ਹੇਠ ਦਿਉਂ ਹੀਰ ਨੂੰ ਕਢਿਓ ਨੇ ਖ਼ੁਸ਼ੀ ਨਾਲ਼ ਬਹਿ ਗਾਉਣਾਂ ਗਾਂਦੀਆਂ ਨੇ
ਜੋੜਾ ਸ਼ਗਨ ਦਾ ਖੇੜਿਆਂ ਭੇਜ ਦਿੱਤਾ ਸਈਆਂ ਹੀਰ ਨੂੰ ਚਾ ਪਹਿਨਾਂਦੀਆਂ ਨੇ
ਮੁੱਠ ਖੋਲ ਕੇ ਹੀਰ ਨੂੰ ਪਾ ਛੱਲਾ ਮੁਕਬਲ ਭੜਕਦੀ ਨੂੰ ਭੜਕਾਂਦੀਆਂ ਨੇ

੧੯੭

ਅੱਜ ਨੱਥ ਸੁਹਾਗ ਦੀ ਨੱਕ ਸੋਹੇ ਕੰਨੀ ਵਾਲੀਆਂ ਭਾਬੀਆਂ ਪਾਈਆਂ ਨੇ
ਹੀਰ ਪਹਿਨ ਪਲੰਘ ਤੇ ਜਾ ਬੈਠੀ ਹੋਰ ਨੱਢੀਆਂ ਪਾਸ ਬਹਾਈਆਂ ਨੇ
ਦਮ ਮਾਰਨੇ ਦੀ ਕੋਈ ਜਾ ਨਾਹੀਂ ਓਥੇ ਹੋਰ ਨਾ ਕੋਈ ਵਡਿਆਈਆਂ ਨੇ
ਹੀਰ ਜੀਉ ਦੇ ਵਿੱਚ ਹੈਰਾਨ ਹੁੰਦੀ ਮੁਕਬਲ ਰਬ ਦੀਆਂ ਵੇਖ ਰਜ਼ਾਈਆਂ ਨੇ

੧੯੮

ਇਕੱਠੀਆਂ ਹੋ ਸਿਆਲਣਾਂ ਸਭ ਆਈਆਂ ਆਪੋ ਆਪਣੀ ਬਣਤ ਬਣਾ ਮੀਆਂ
ਦੀਵਾ ਅਕਲ ਦਾ ਆਣ ਕੇ ਬਾਲਿਓਨੇ ਅੱਗੇ ਵਗਦੀ ਬਿਰਹੋਂ ਦੀ ਵਾ ਮੀਆਂ
ਕੁੜੀਆਂ ਘੋੜਾ ਬਹੇਰੜਾ ਲੈ ਆਈਆਂ ਮਿੱਠੀ ਨਾਇਣ ਦੇ ਮਨ ਵਿਚ ਚਾ ਮੀਆਂ
ਲਏ ਪੰਜ ਰੁਪਈਯੜੇ ਰੋਕ ਮਿੱਠੀ ਮੁਕਬਲ ਖੇੜਿਆਂ ਕਰੇ ਦੁਆ ਮੀਆਂ

੧੯੯

ਰਾਤ ਪਈ ਤਾਂ ਸੱਦਿਆ ਜਾਂਞੀਆਂ ਨੂੰ ਆਣ ਮਾਂਞੀਆਂ ਤੁਆਮ ਖੁਆਵਣੇ ਨੂੰ
ਜਾਂਞੀ ਆਇਕੇ ਬੈਠੇ ਦੀਵਾਨਖ਼ਾਨੇ ਲਾਗੀ ਆਉਂਦੇ ਸਗਣ ਮਨਾਵਣੇ ਨੂੰ
ਥਾਲ ਪੂਰ ਕੇ ਖੰਡ ਤੇ ਚਾਵਲਾਂ ਦੇ ਰੱਖੇ ਲਿਆਇਕੇ ਜੰਞ ਦੇ ਖਾਵਣੇ ਨੂੰ
ਖਾਣਾ ਖਾ ਜਾਂਞੀ ਭਰਪੂਰ ਹੋਏ ਮੁਕਬਲ ਲੱਗੇ ਨੇ ਸ਼ਗਨ ਮਨਾਵਣੇ ਨੂੰ

੨੦੦

ਦਿਲ ਸ਼ਾਦੀਆਂ ਮਾਂਞੀਆਂ ਜਾਂਞੀਆਂ ਦੇ ਭਾ ਹੀਰ ਤੇ ਰਾਂਝੇ ਦੇ ਸੋਗ ਮੀਆਂ
ਮਿਲਿਆ ਲੋੜਦੇ ਵੱਸ ਨਾ ਚਲਦਾ ਏ ਪਿਆ ਉਨ੍ਹਾਂ ਨੂੰ ਲੱਖ ਵਿਜੋਗ ਮੀਆਂ
ਮੱਛੀ ਵਾਂਗਰਾਂ ਤੜਫਦੇ ਬਾਝ ਪਾਣੀ ਪਿਆ ਬਿਰਹੁੰ ਦਾ ਆਣਕੇ ਭੋਗ ਮੀਆਂ
ਖੜੇ ਖੱਸ ਲੈ ਜਾਉ ਸਨ ਹੀਰ ਤਾਈਂ ਤੇਰੇ ਬਾਬ ਕੀ ਮੁਕਬਲਾ ਹੋਗ ਮੀਆਂ

੨੦੧

ਸਿਆਲਾਂ ਕਾਜ਼ੀ ਨੂੰ ਜਾਇਕੇ ਸੱਦ ਆਂਦਾ ਦਿੰਦੇ ਓਸਨੂੰ ਫ਼ਰਸ਼ ਵਿਛਾ ਮੀਆਂ
ਕਾਜ਼ੀ ਫ਼ਰਸ਼ ਤੇ ਚੌਕੜੀ ਮਾਰ ਬੈਠਾ ਨੀਯਤ ਖ਼ੈਰ ਨੂੰ ਹੱਥ ਉਠਾ ਮੀਆਂ
ਮੁਸਲਮਾਨ ਦੇ ਪੰਜ ਬਿਨਾ ਪੁੱਛਦਾ ਸੈਦੇ ਖੇੜੇ ਨੂੰ ਪਾਸ ਬਿਠਾ ਮੀਆਂ
ਮੁਕਬਲ ਹੀਰ ਦਾ ਪੜ੍ਹਨ ਨਿਕਾਹ ਲੱਗਾ ਅਵਲ ਰੱਬ ਦਾ ਨਾਮ ਧਿਆ ਮੀਆਂ

੨੦੨

ਤੇਰਾ ਪੜ੍ਹੀਗਾ ਅੱਜ ਨਿਕਾਹ ਹੀਰੇ ਸਈਆਂ ਜਾਇ ਕਿਹਾ ਖ਼ਬਰਦਾਰ ਹੋ ਨੀਂ
ਪਰਸੋਂ ਆਪਣੇ ਸਾਹੁਰੇ ਜਾਓਸੇਂ ਨੀ ਵਿਚ ਡੋਲੜੀ ਦੇ ਅਸਵਾਰ ਹੋ ਨੀਂ
ਮਿੱਤਰ ਰਾਂਝੇ ਨੂੰ ਦੇਹ ਪੈਗ਼ਾਮ ਕੋਈ ਕੌਲ ਆਪਣੇ ਤੇ ਵਫ਼ਾਦਾਰ ਹੋ ਨੀਂ
ਮੁਕਬਲ ਯਾਰ ਮਿਲਾਇਆ ਰੱਬ ਤੈਨੂੰ ਹੀਰੇ ਕਦੀ ਤਾਂ ਸ਼ੁਕਰਗੁਜ਼ਾਰ ਹੋ ਨੀਂ

੨੦੩

ਹੀਰ ਆਖਦੀ ਸੁਣੋ ਸਹੇਲੀਓ ਨੀ ਮੈਂ ਤਾਂ ਸੱਚ ਦੀ ਗੱਲ ਸੁਣਾਂਵਦੀ ਹਾਂ
ਰਾਂਝੇ ਚਾਕ ਦੇ ਨਾਮ ਤੋਂ ਲੱਖ ਵਾਰੀ ਵਾਰ ਸੁੱਟੀਆਂ ਘੋਲ ਘੁਮਾਂਵਦੀ ਹਾਂ
ਜ਼ਬਰਦਸਤੀ ਦਾ ਰਾਹ ਨਯਾਰੜਾ ਏ ਖੇੜੇ ਨਾਲ਼ ਨਾ ਕਦੀ ਮੈਂ ਜਾਂਵਦੀ ਹਾਂ
ਮੁਕਬਲ ਯਾਰ ਵਿੱਛੁੰਨਿਆਂ ਜੁਗ ਹੋਏ ਪਈ ਕੂੰਜ ਦੇ ਵਾਂਗ ਕੁ ਲਾਂਵਦੀ ਹਾਂ

੨੦੪

ਸਈਓ ਕੰਘੀਆਂ ਸੀਸ ਕਰਵੱਤ ਮੇਰੇ ਲਹੂ ਨਾਲ਼ ਗੁੰਦਾਈਆਂ ਅੱਜ ਧੜੀਆਂ
ਸੁਰਮਾ ਅੱਖੀਆਂ ਦੇ ਵਿੱਚ ਖ਼ਾਕ ਘੱਤੇ ਰਹੇ ਨੈਣ ਨਿਮਾਣੀ ਦੇ ਲਾ ਝੜੀਆਂ
ਸਈਓ ਹੱਸ ਨਾਹੀਂ ਤੌਕ ਗਲ ਮੇਰੇ ਬਾਹੀਂ ਹੈਣ ਹਥੌੜੀਆਂ ਹੱਥ ਕੜੀਆਂ
ਕੋਈ ਮੁਕਬਲੇ ਨੂੰ ਮੈਥੇ ਸੱਦ ਲਿਆਓ ਨਹੀਂ ਜਾਇਕੇ ਰਾਂਝੇ ਦੇ ਪਾਸ ਖੜੀਆਂ

ਸੈਦੇ ਤੇ ਹੀਰ ਦੇ ਨਿਕਾਹ ਦਾ ਬਿਆਨ

੨੦੫

ਹਰਫ਼ ਸ਼ਰ੍ਹਾ ਦਾ ਕਾਜ਼ੀ ਨੇ ਯਾਦ ਕੀਤਾ ਕਿੱਸਾ ਦਰਦ ਦਾ ਚਾ ਭੁਲਾਇਕੇ ਤੇ
ਸੈਦੇ ਖੇੜੇ ਨੂੰ ਲਿਆਇਕੇ ਵਿੱਚ ਮਜਲਿਸ ਪਾਸ ਕਾਜ਼ੀ ਦੇ ਜਾ ਬਹਾਇਕੇ ਤੇ
ਕਾਜ਼ੀ ਹੀਰ ਤੇ ਸੈਦੇ ਦਾ ਅਕਦ ਬੱਧਾ ਨੀਯਤ ਖ਼ੈਰ ਨੂੰ ਹੱਥ ਉਠਾਇਕੇ ਤੇ
ਮੁਕਬਲ ਸੈਦੇ ਨੂੰ ਪਾਸ ਬਹਾਏ ਕਾਜ਼ੀ ਸ਼ੁਕਰ ਹੱਕ ਦਾ ਚਾ ਧਿਆਇਕੇ ਤੇ

੨੦੬

ਦੋ ਸ਼ਾਹਿਦ ਤੇ ਇਕ ਵਕੀਲ ਕਰ ਕੇ ਭੇਜੇ ਹੀਰ ਦੇ ਪਾਸ ਹਰਾਉਨੇ ਨੂੰ
ਅਵਲ ਪੜ੍ਹ ਬਿਸਮਿੱਲਾ ਤੇ ਪੰਜ ਕਲਮੇ ਲੱਗੇ ਸਿਫ਼ਤ ਈਮਾਨ ਸੁਣਾਉਨੇ ਨੂੰ
ਦਿਲ ਜਾਨ ਥੀਂ ਹੋਇਕੇ ਬਹੁਤ ਰਾਜ਼ੀ ਸ਼ਰਤਾਂ ਦੱਸਦੇ ਬਿਆਨ ਬਤਾਉਨੇ ਨੂੰ
ਮੁਕਬਲ ਹੋ ਵਕੀਲ ਤੇ ਸ਼ਾਹਿਦ ਦੋਂਵੇਂ ਗਏ ਹੀਰ ਤੇ ਸ਼ਰ੍ਹਾ ਮਨਾਉਨੇ ਨੂੰ

੨੦੭

ਵਕੀਲ ਜਾਇਕੇ ਹੀਰ ਦੇ ਪਾਸ ਬੈਠਾ ਗਿਰਦੇ ਬੈਠੀਆਂ ਚਾਚੀਆਂ ਤਾਈਆਂ ਨੇ
ਕਈ ਨੱਢੀਆਂ ਤੇ ਕਈ ਰੂਪ ਭਰੀਆਂ ਹੋਰ ਡੂੰਮਣੀਆਂ ਦੇਣ ਵਧਾਈਆਂ ਨੇ
ਕਈ ਨਾਇਣਾਂ ਤੇ ਕਈ ਡੂੰਮਣੀਆਂ ਨੇ ਕਈ ਵੇਖਣੇ ਦੇ ਚਾ ਆਈਆਂ ਨੇ
ਮੁਕਬਲ ਹੀਰ ਦੇ ਪਾਸ ਵਕੀਲ ਬਹਿ ਕੇ ਗੱਲਾਂ ਸ਼ਰ੍ਹਾ ਦੀਆਂ ਆਖ ਸੁਣਾਈਆਂ ਨੇ
੨੦੮

ਹੀਰ ਕਹੇ ਵਕੀਲ ਨੂੰ ਸੁਣੀਂ ਮੀਆਂ ਮੈਂ ਤਾਂ ਸੱਚ ਦੀ ਗੱਲ ਸੁਣਾਂਵਦੀ ਹਾਂ
ਪੰਜਾਂ ਪੀਰਾਂ ਨੇ ਬੰਨ੍ਹਿਆ ਅਕਦ ਮੇਰਾ ਉਸੇ ਫ਼ਿਅਲ ਤੇ ਸੱਚ ਕਮਾਂਵਦੀ ਹਾਂ
ਰਾਂਝੇ ਨਾਲ਼ ਕਦੀਮ ਦੀ ਦੋਸਤੀ ਏ ਮੂਲੇ ਕਿਸੇ ਤੋਂ ਵਹਿਮ ਨਾ ਖਾਂਵਦੀ ਹਾਂ
ਖੇੜਾ ਕੀਤਾ ਕੁਰਬਾਨ ਮੈਂ ਮੁਕਬਲੇ ਤੋਂ ਮੈਂ ਤਾਂ ਝੂਠ ਨਾ ਜ਼ਰਾ ਅਲਾਂਵਦੀ ਹਾਂ

੨੦੯

ਗ਼ੁੱਸਾ ਖਾ ਵਕੀਲ ਭੀ ਆਖਦਾ ਏ ਧੀਆਂ ਬੇਟੀਆਂ ਦਾ ਕਰ ਚੱਜ ਹੀਰੇ
ਚੂਚਕ ਬਾਪ ਸੁਲਤਾਨ ਹੈ ਸਕਾ ਭਾਈ ਮਲਕੀ ਮਾਂ ਦੀ ਰੱਖ ਤੂੰ ਲੱਜ ਹੀਰੇ
ਖ਼ਿਆਲ ਦਿਲ ਤੋਂ ਦੂਰ ਕਰ ਝੂਠ ਦਾ ਨੀ ਪਰਦਾ ਸਭ ਸਿਆਲਾਂ ਦਾ ਕੱਜ ਹੀਰੇ
ਆ ਵਾਸਤਾ ਰੱਬ ਰਸੂਲ ਦਾ ਨੀ ਕਹਿਆ ਮੁਕਬਲੇ ਦਾ ਮੰਨ ਅੱਜ ਹੀਰੇ

੨੧੦

ਹੀਰ ਦੇ ਜਵਾਬ ਵਕੀਲ ਤਾਈਂ ਕੀਤਾ ਸੁਖ਼ਨ ਕਬੂਲ ਤੂੰ ਨਾ ਮੇਰਾ
ਮੈਂ ਆਪਣੇ ਸੱਚ ਤੇ ਰਹਾਂ ਕਾਇਮ ਮਹਿਰਮ ਦਿਲ ਦਾ ਰੱਬ ਅੱਲ੍ਹਾ ਮੇਰਾ
ਮਾਂ ਬਾਪ ਦੇ ਨਾਲ ਕੀ ਗ਼ਰਜ਼ ਮੈਨੂੰ ਗਿਆ ਉਠ ਤਮਾਮ ਵਿਸਾਹ ਮੇਰਾ
ਕਿੱਥੇ ਮੁਕਬਲੇ ਲਿਖਿਆ ਦੱਸ ਮੈਨੂੰ ਦੂਜੀ ਵਾਰ ਦਾ ਪੜ੍ਹਨ ਨਿਕਾਹ ਮੇਰਾ

੨੧੧

ਉਠ ਆਇਆ ਵਕੀਲ ਮੂੰਹ ਫੋਗ ਹੋ ਕੇ ਹੀਰ ਦਿੱਤਾ ਜਵਾਬ ਹੈ ਸਾਫ਼ ਮੀਆਂ
ਜਾਇ ਚੂਚਕੇ ਨੂੰ ਉਹ ਆਖਦਾ ਏ ਹੀਰ ਬੋਲਦੀ ਲਾਮ ਤੇ ਕਾਫ਼ ਮੀਆਂ
ਜ਼ਹਿਰ ਦੇਇਕੇ ਪੁਛਣਾ ਵੈਦ ਕੋਲੋਂ ਕਿਸ ਦੱਸਿਆ ਇਹ ਇਨਸਾਫ਼ ਮੀਆਂ
ਮੁਕਬਲ ਹੀਰ ਤੇ ਰਾਂਝੇ ਦਾ ਐਬ ਸੱਭੋ ਕੀਤਾ ਰੱਬ ਰਹੀਮ ਮੁਆਫ਼ ਮੀਆਂ

੨੧੨

ਇਕੱਠੇ ਹੋਇਕੇ ਸਭ ਸਿਆਲ਼ ਆਏ ਬੈਠ ਮਸਲਹਤ ਇਕ ਉਠਾਈਏ ਜੀ
ਕਿੱਥੇ ਖੂਹ ਪਈਏ ਜ਼ਹਿਰ ਖਾ ਮਰੀਏ ਵਤਨ ਛੋੜ ਕੇ ਭਰਮ ਗਵਾਈਏ ਜੀ
ਗਲ ਪੇ ਪੱਲਾ ਕਰੀਏ ਜਾ ਮਿੰਨਤ ਅੱਗੇ ਹੀਰ ਦੇ ਸੀਸ ਨਿਵਾਈਏ ਜੀ
ਜੇ ਅਸਾਂ ਨੇ ਭੁੱਲ ਵਿਗਾੜਿਆ ਈ ਮੁਕਬਲ ਰੱਬ ਦਾ ਵਾਸਤਾ ਪਾਈਏ ਜੀ

ਚੂਚਕ ਦੀ ਹੀਰ ਨੂੰ ਨਸੀਹਤ

੨੧੩

ਜਾਇ ਹੀਰ ਨੂੰ ਆਖਦਾ ਮਿਹਰ ਚੂਚਕ ਜੰਞ ਖੇੜਿਆਂ ਦੀ ਬੈਠੀ ਆਇਕੇ ਨੀ
ਕਹੇ ਬਾਪ ਦੇ ਲੱਗ ਤੂੰ ਨਢੀਏ ਨੀ ਸ਼ਰਮ ਰੱਖ ਤੂੰ ਪੀਰ ਮਨਾਇਕੇ ਨੀ
ਰੌਸ਼ਨ ਨਾਮ ਸਿਆਲਾਂ ਦਾ ਜੱਗ ਸਾਰੇ ਕਿਉਂ ਡੋਬਨੀ ਏਂ ਖੂਹ ਪਾਇਕੇ ਨੀ
ਆਇ ਮੰਨ ਲੈ ਆਖਿਆ ਮੁਕਬਲੇ ਦਾ ਦਿਲ ਵਿੱਚ ਤੂੰ ਰੱਬ ਧਿਆਇਕੇ ਨੀ

੨੧੪

ਹੀਰ ਬੋਲਦੀ ਮੱਥੇ ਤੇ ਪਾ ਤਿਉੜੀ ਸੁਣ ਲੈ ਜਵਾਬ ਤੂੰ ਬਾਪ ਮੇਰੇ
ਤੂੰ ਦੇਵੇਂ ਨਸੀਹਤਾਂ ਬਾਬਲਾ ਵੇ ਨਹੀਂ ਆਉਂਦੇ ਸੁਖ਼ਨ ਪਸੰਦ ਤੇਰੇ
ਰਾਂਝੇ ਨਾਲ਼ ਮੈਂ ਸੇਜ ਤੇ ਸੁੱਤੜੀ ਹਾਂ ਅਕਦ ਬਣਾ ਗਏ ਪੰਜ ਪੀਰ ਮੇਰੇ
ਮੁਕਬਲ ਰਾਂਝੇ ਦੇ ਨਾਲ ਪਿਆਰ ਮੇਰਾ ਨਹੀਂ ਮੂਲ ਪਸੰਦ ਕਬੂਲ ਖੇੜੇ

੨੧੫

ਚੂਚਕ ਉੱਠ ਕੇ ਆਉਂਦਾ ਕਾਜ਼ੀਏ ਤੇ ਹੀਰ ਗੱਲ ਨਾ ਮੰਨਦੀ ਮੂਲ ਕਾਈ
ਪੱਗ ਲਾਹ ਕੇ ਜ਼ਿਮੀਂ ਦੇ ਨਾਲ ਮਾਰੇ ਹੱਥ ਮਾਰ ਕੇ ਆਖਦਾ ਨਿਜ ਜਾਈ
ਰੱਦ ਕਰਦੀ ਹੈ ਖੇੜਿਆਂ ਜਾਂਞੀਆਂ ਨੂੰ ਹੀਰ ਦੋਸਤੀ ਚਾਕ ਦੇ ਨਾਲ ਲਾਈ
ਕੋਈ ਨੇਕ ਤਦਬੀਰ ਤੂੰ ਦੱਸ ਮੀਆਂ ਮੁਕਬਲ ਪੁੱਛਣੇ ਆਇਆ ਹੈ ਤੁਧ ਭਾਈ

੨੧੬

ਕਾਜ਼ੀ ਆਖਦਾ ਚੂਚਕਾ ਸੁਣੀਂ ਭਾਈ ਬਾਝ ਦਗ਼ੇ ਨਾ ਹੋਵਸੀ ਕੰਮ ਤੇਰਾ
ਓਹ ਫ਼ਿਕੇ ਅਸੂਲ ਦੀ ਖ਼ੂਬ ਵਾਕਿਫ਼ ਨਹੀਂ ਆਖਣਾ ਕੁੱਝ ਪਸੰਦ ਮੇਰਾ
ਗੱਲਾਂ ਨਾਲ਼ ਨਾ ਆਵੇਂਗਾ ਵਾਰ ਉਸਦੇ ਨਾਹੱਕ ਦਾ ਕਰੇਂ ਤੂੰ ਕਿਹਾ ਝੇੜਾ
ਮੁਕਬਲ ਲਗਦਾ ਅਖਿਆ ਬੁਰਾ ਉਸ ਨੂੰ ਬੇ ਇਖ਼ਤਿਆਰ ਹੈ ਇਸ਼ਕ ਨੇ ਪਾਇਆ ਘੇਰਾ

੨੧੭

ਚੂਚਕ ਆਖਦਾ ਕਾਜ਼ੀਆ ਜ਼ੁਲਮ ਕੀਤੋ ਦਿੱਤਾ ਤੂੰ ਜਵਾਬ ਭੀ ਠੋਕ ਮੀਆਂ
ਮੇਰਾ ਕਿਹਾ ਨਾ ਮੂਲ ਕਬੂਲ ਕੀਤੋ ਦੇਣ ਮੇਹਣ ਉਠ ਕੇ ਲੋਕ ਮੀਆਂ
ਦੋ ਝੋਟੀਆਂ ਆਇਕੇ ਕੇ ਲਵੀਂ ਮੈਥੋਂ ਤੂੰ ਤਾਂ ਹੀਰ ਨੂੰ ਜਾਇਕੇ ਰੋਕ ਮੀਆਂ
ਹੋਇਆ ਮੁਕਬਲਾ ਖੇੜਾ ਬੇਜ਼ਾਰ ਮੈਥੋਂ ਚੁਭੀ ਕਾਲਜੇ ਕਰਦ ਦੀ ਨੋਕ ਮੀਆਂ

ਕਾਜ਼ੀ ਦਾ ਹੀਰ ਨੂੰ ਨਸੀਹਤ ਦੇਣ ਆਉਣਾ

੨੧੮

ਕਾਜ਼ੀ ਲੋਭ ਥੀਂ ਬਹੁਤ ਖ਼ੁਸ਼ਹਾਲ ਹੋਇਆ ਜਾਮੇ ਵਿੱਚ ਨਾ ਮੂਲ ਸਮਾ ਮੀਆਂ
ਰੱਬ ਕਾਜ਼ੀ ਦਾ ਸੁਲਬ ਈਮਾਨ ਕੀਤਾ ਜ਼ਰ ਬਾਝ ਨਾ ਕੋਈ ਪਰਚਾ ਮੀਆਂ
ਜ਼ਰ ਚਾ ਫ਼ੌਲਾਦ ਨੂੰ ਨਰਮ ਕਰਦਾ ਜ਼ਰ ਬਾਝ ਨਾ ਕੋਈ ਆਸ਼ਨਾ ਮੀਆਂ
ਮੁਕਬਲ ਦੀਨ ਦੁਨੀਆ ਜ਼ਰ ਲੋੜੀਏ ਜੀ ਹੈ ਜ਼ਰ ਬਾਝ ਨਾ ਭੈਣ ਭਰਾ ਮੀਆਂ
੨੧੯

ਕਾਜ਼ੀ ਹੀਰ ਨੂੰ ਆਖ ਸੁਣਾਵਂਦਾ ਹੈ ਨਹੀਂ ਆਉਂਦਾ ਸ਼ਰਮ ਹਿਆ ਤੈਨੂੰ
ਜੰਞ ਖੇੜਿਆਂ ਦੀ ਬੂਹੇ ਆ ਬੈਠੀ ਨਹੀਂ ਮੂਲ ਜਹਾਨ ਦੀ ਵਾ ਤੈਨੂੰ
ਹੀਰੇ ਹੱਕ ਹਲਾਲ ਨਾ ਖਾਵਨੀ ਏਂ ਕਿਸ ਕਿਹਾ ਹਰਾਮ ਨੂੰ ਖਾ ਤੈਨੂੰ
ਹੀਰੇ ਛੋਡ ਖ਼ਿਆਲ ਰੰਝੇਟੜੇ ਦਾ ਮੁਕਬਲ ਦੇਵੇਗਾ ਨਹੀਂ ਸਜ਼ਾ ਤੈਨੂੰ

੨੨੦

ਹੀਰ ਆਖਦੀ ਕਾਜ਼ੀਆ ਕਰੀਂ ਤੌਬਾ ਨਾਹੱਕ ਦਾ ਝੂਰਨਾ ਪਾਉਨਾ ਏਂ
ਹੀਰ ਰਾਂਝੇ ਤੋਂ ਚਾ ਛਡਾਇਕੇ ਜੀ ਖੇੜੇ ਨਾਲ਼ ਨਿਕਾਹ ਪੜ੍ਹਾaਨਾ ਏਂ
ਨਹੀਂ ਡਰਦਾ ਤੂੰ ਰੱਬ ਦੇ ਖ਼ੌਫ਼ ਕੋਲ ਧੀਆਂ ਬੇਟੀਆਂ ਸਤ ਧਰਾਉਨਾ ਏਂ
ਹੀਰ ਕਰੇ ਤੌਬਾ ਇਨ੍ਹਾਂ ਖੇੜਿਆਂ ਥੀਂ ਮੁਕਬਲ ਕਾਸਦੇ ਲਈ ਅਕਾਉਨਾ ਏਂ

੨੨੧

ਹੀਰ ਆਖਦੀ ਕਾਜ਼ੀਆ ਬੁਰਾ ਕੀਤੋ ਕੀ ਵੱਟਣਾ ਏਸ ਜਹਾਨ ਤੋਂ ਜੀ
ਏਸ ਸ਼ਰਾ ਤੋਂ ਅਸਾਂ ਨੂੰ ਉਜਰ ਨਾਹੀਂ ਜੋ ਕੁਝ ਲਿਖਿਆ ਦੇਖ ਕੁਰਾਨ ਤੋਂ ਜੀ
ਰੋਜ਼ ਹਸ਼ਰ ਹੋਸਾਂ ਦਾਮਨਗੀਰ ਤੇਰੀ ਨਹੀਂ ਡਰਾਂਗੀ ਮੂਲ ਰਹਿਮਾਨ ਤੋਂ ਜੀ
ਮੁਕਬਲ ਨਹੀਂ ਖ਼ੁਦਾ ਦਾ ਖ਼ੌਫ਼ ਤੈਨੂੰ ਕਿਉਂ ਨੱਸਦਾ ਹੈਂ ਈਮਾਨ ਤੋਂ ਜੀ

੨੨੨

ਸੁਣ ਹੀਰ ਦਾ ਸਾਫ਼ ਜਵਾਬ ਕਾਜ਼ੀ ਲਾਚਾਰ ਹੋ ਬਹੁਤ ਹੈਰਾਨ ਹੋਇਆ
ਪੰਜੀਂ ਕੱਪੜੀਂ ਕਾਜ਼ੀ ਨੂੰ ਅੱਗ ਲੱਗੀ ਤੇਗ਼ ਗ਼ੁੱਸੇ ਦੀ ਨਾਲ਼ ਬੇਜਾਨ ਹੋਇਆ
ਘੁੰਮਣਘੇਰ ਤੇ ਦੁੱਖਾਂ ਦੇ ਫ਼ਿਕਰ ਅੰਦਰ ਖਾ ਗਰਦਨੀ ਬਹੁਤ ਗ਼ਲਤਾਨ ਹੋਇਆ
ਕਿਹਾ ਮੰਨ ਲੈ ਆਖਿਆ ਹੀਰ ਮੇਰਾ ਜਾਣੀ ਮੁਕਬਲੇ ਨਾਲ਼ ਅਹਿਸਾਨ ਹੋਇਆ

੨੨੩

ਕਾਜ਼ੀ ਬਖ਼ਸ਼ ਖ਼ੁਦਾ ਦਾ ਵਾਸਤਾ ਈ ਕੇਹਾ ਪਾਇਆ ਈ ਆਣ ਨਾਹੱਕ ਝੇੜਾ
ਰਾਂਝੇ ਯਾਰ ਦੇ ਨਾਲ ਮੈਂ ਰਸ ਰਹੀ ਸਭ ਜਾਣ ਦਾ ਅੰਗ ਤੇ ਸਾਕ ਮੇਰਾ
ਚੁੱਪ ਕਰ ਜ਼ਬਾਨ ਨੂੰ ਬੰਦ ਕਰ ਲੈ ਨਹੀਂ ਮੰਨਦੀ ਆਖਿਆ ਮੂਲ ਤੇਰਾ
ਮੁਕਬਲ ਨਹੀਂ ਨਸੀਹਤਾਂ ਕੰਮ ਮੇਰੇ ਮੈਨੂੰ ਪਾਇਆ ਹੈ ਇਸ਼ਕ ਤੇ ਆਣ ਘੇਰਾ

੨੨੪

ਕਾਜ਼ੀ ਲੈ ਜਵਾਬ ਤੇ ਉਠ ਗਿਆ ਜਾਇ ਚੂਚਕੇ ਨੂੰ ਸਮਝਾਂਵਦਾ ਏ
ਦੋ ਸ਼ਾਹਿਦ ਤੇ ਇਕ ਵਕੀਲ ਕਰ ਕੇ ਨਾਹੱਕ ਦਾ ਹੱਕ ਬਣਾਂਵਦਾ ਏ
ਡਰਦਾ ਮੂਲ ਨਾ ਖ਼ੌਫ਼ ਖ਼ੁਦਾ ਦੇ ਤੋਂ ਜਾਣ ਬੁਝ ਕੇ ਦਗ਼ਾ ਕਮਾਂਵਦਾ ਏ
ਆਖ ਮੁਕਬਲਾ ਲੇਖ ਦਰਗਾਹ ਨੂੰ ਜੀ ਕੌਣ ਜੰਮਿਆਂ ਜੋ ਮਿਟਾਂਵਦਾ ਏ

੨੨੫

ਇਕ ਭੌਰ ਤਾਜ਼ੀ ਸਿਰੋਪਾ ਖ਼ਾਸਾ ਸੌ ਰੋਕ ਰੁਪਈੜਾ ਪਾਇਓ ਨੇ
ਨਾਲ਼ ਮੱਝ ਸੀ ਇਕ ਇਨਾਮ ਦੇ ਕੇ ਮਨ ਕਾਜ਼ੀ ਦਾ ਚਾਇ ਮਨਾਇਓ ਨੇ
ਸੁਰਖ਼ ਅਸ਼ਰਫ਼ੀ ਪੰਜ ਸੈ ਰੋਕ ਟਕਾ ਦੂਣਾ ਏਸ ਥੀਂ ਮਿਹਰ ਸੁਨਾਇਓ ਨੇ
ਅੱਜੂ ਖੇੜੇ ਨੂੰ ਮਿਲਣ ਵਧਾਈਆਂ ਜੀ ਮੁਕਬਲ ਹੀਰ ਨੂੰ ਵਕਤ ਚਾ ਪਾਇਓ ਨੇ

੨੨੬

ਖ਼ੁਸ਼ੀਆਂ ਮਾਣਦੇ ਤੇ ਕਰਦੇ ਐਸ਼ ਇਸ਼ਰਤ ਕੀਤਾ ਆਪਣਾ ਫ਼ਜ਼ਲ ਖ਼ੁਦਾ ਮੀਆਂ
ਹੋਰ ਲਾਗੜੀ ਪਾਤੜੀ ਖ਼ੁਸ਼ੀ ਹੋਏ ਜਿਨ੍ਹਾਂ ਜੀ ਦੇ ਵਿੱਚ ਸੀ ਚਾ ਮੀਆਂ
ਦਿੱਤੇ ਸੈ ਰੁਪਏ ਵੀ ਰੋਕ ਓਹਨਾਂ ਹੋਰ ਲੋਕਾਂ ਥੀਂ ਦੂਣ ਸਵਾ ਮੀਆਂ
ਮੁਕਬਲ ਛੱਡ ਖ਼ਿਆਲ ਤੂੰ ਲਾਗੀਆਂ ਦਾ ਗਲ ਕਾਜ਼ੀ ਦੀ ਆਖ ਸੁਣਾ ਮੀਆਂ

੨੨੭

ਕਾਜ਼ੀ ਨਾਲ਼ ਇਕਰਾਰ ਜੋ ਕੀਤਾ ਚੂਚਕ ਦੋ ਮੱਝੀਆਂ ਝੱਟ ਮੰਗਾਂਵਦਾ ਏ
ਦੋ ਮੱਝੀਆਂ ਕਾਜ਼ੀ ਨੂੰ ਸੌਂਪ ਦੇਵੇ ਫੇਰ ਆਪਣਾ ਹਾਲ ਸੁਣਾਂਵਦਾ ਏ
ਤੇਰਾ ਹੋਇਆ ਗ਼ੁਲਾਮ ਮੈਂ ਬਾਝ ਦੰਮਾਂ ਵੇਚ ਲਿਓ ਜੇ ਤੁਸਾਂ ਨੂੰ ਭਾਂਵਦਾ ਏ
ਮੁਕਬਲ ਕੀਤਾ ਅਹਿਸਾਨ ਜੋ ਨਾਲ਼ ਮੇਰੇ ਸਾਰੀ ਉਮਰ ਨਾ ਮੂਲ ਭੁਲਾਂਵਦਾ ਏ

੨੨੮

ਖ਼ਾਤਿਰ ਜਮ੍ਹਾਂ ਕਰ ਬਹੇ ਸੀ ਮੰਜੀਆਂ ਤੇ ਲਾਹ ਦੁੱਖ ਅੰਦੇਸ਼ਾ ਤੇ ਸਭ ਭਾਰਾ
ਅੱਜੂ ਖੇੜੇ ਨੂੰ ਮਿਲਣ ਵਧਾਈਆਂ ਜੀ ਭਾ ਹੀਰ ਤੇ ਰਾਂਝੇ ਦੇ ਪਿਆ ਧਾੜਾ
ਢਾਡੀ ਗਾਂਵਦੇ ਰਾਗ ਸੁਣਾਂਵਦੇ ਨੇ ਟਕੇ ਵੰਦ ਕੰਗਾਲਾਂ ਨੂੰ ਕੀਤਾ ਵਾਰਾ
ਕੋਹਣ ਬੱਕਰੇ ਤੁਆਮ ਪਕਾਉਂਦੇ ਨੀ ਮੁਕਬਲ ਖਾਵਣੇ ਆਇਆ ਜੱਗ ਸਾਰਾ

੨੨੯

ਜਿਸ ਰਾਤ ਸੀ ਹੀਰ ਦੀ ਜੰਞ ਆਈ ਉਸ ਰਾਤ ਰੰਝੇਟੇ ਨੇ ਭੁੱਖ ਕੱਟੀ
ਚਾਵਲ ਖੰਡ ਤੇ ਘਿਉ ਪਈ ਖ਼ਲਕ ਖਾਵੇ ਰਾਂਝੇ ਚਾਕ ਨੇ ਮੂਲ ਨਾ ਪਾਣ ਚੱਟੀ
ਵਿੱਚ ਬੇਲੇ ਦੇ ਮੱਝੀਆਂ ਚਾਰੀਆਂ ਸੀ ਕੱਟ ਚੂਰੀ ਲਿਆਂਵਦੀ ਹੀਰ ਜੱਟੀ
ਭਾਰ ਇਸ਼ਕ ਦਾ ਮੁਕਬਲਾ ਬਹੁਤ ਔਖਾ ਮੰਜ਼ਿਲ ਬਾਝ ਜਿਉਂ ਰਾਹ ਵਿੱਚ ਪੰਡ ਸੱਟੀ

੨੩੦

ਹੱਥ ਜੋੜ ਕੇ ਬੇਨਤੀ ਕਰੇ ਰਾਂਝਾ ਸਾਡੇ ਨਾਲ਼ ਕੇਹੀ ਕੀਤੀ ਚਾਲ ਰੱਬਾ
ਬਾਰਾਂ ਵਰ੍ਹੇ ਮੈਂ ਜੋਹਦ ਕਮਾਇਆ ਸੀ ਹੋਇਆ ਹੋਰ ਫ਼ਕੀਰ ਦਾ ਹਾਲ ਰੱਬਾ
ਕਟਕ ਆਇਕੇ ਪਏ ਸਿਰ ਖੇੜਿਆਂ ਦੇ ਲਿਆ ਲੁੱਟ ਅਸਾਡੜਾ ਮਾਲ ਰੱਬਾ
ਬਹਿਰ ਇਸ਼ਕ ਦਾ ਮੁਕਬਲਾ ਖਰਾ ਔਖਾ ਬਾਂਹ ਪਕੜ ਕੇ ਝੱਬ ਨਿਕਾਲ ਰੱਬਾ

੨੩੧

ਅੱਠੇ ਪਹਿਰ ਰਹਿੰਦੀ ਹੀਰ ਪਾਸ ਮੇਰੇ ਕੋਈ ਪਿਆ ਵਿਛੋੜਾ ਕਮਾਲ ਮੈਨੂੰ
ਖਾਣ ਪੀਣ ਨਾ ਸਿਝਦਾ ਬਾਝ ਉਸਦੇ ਵਿਸਰ ਗਿਆ ਤਮਾਮ ਖ਼ਿਆਲ ਮੈਨੂੰ
ਕਦੀ ਹੋਵੇ ਜੇ ਕਰਮ ਖ਼ੁਦਾ ਦਾ ਜੀ ਹੀਰ ਮਿਲੇਗੀ ਸ਼ੌਕ ਦੇ ਨਾਲ ਮੈਨੂੰ
ਵੇਖ ਮੁਕਬਲਾ ਕੱਢ ਕੇ ਫ਼ਾਲ ਮੇਰੀ ਕਦੀ ਹੋਵੇ ਜੇ ਹੀਰ ਵਿਸਾਲ ਮੈਨੂੰ

੨੩੨

ਇਕ ਗ਼ੈਬ ਥੀਂ ਆਣ ਆਵਾਜ਼ ਹੋਈ ਖ਼ਾਤਿਰ ਜਮ੍ਹਾਂ ਕਰ ਰਾਂਝਿਆ ਝੂਰ ਨਾਹੀਂ
ਤੇਰੀ ਕਿਸਮਤ ਦੇ ਵਿਚ ਹੈ ਹੀਰ ਲਿਖੀ ਇਹ ਗੱਲ ਹੈ ਸਚਦੀ ਕੂੜ ਨਾਹੀਂ
ਪੰਜਾਂ ਪੀਰਾਂ ਨੇ ਕੀਤਾ ਹੈ ਕੰਮ ਤੇਰਾ ਗੱਲ ਖੇੜਿਆਂ ਦੀ ਮਨਜ਼ੂਰ ਨਾਹੀਂ
ਹੀਰ ਮਾਲ ਹੋ ਰਹੀ ਰੰਝੇਟੜੇ ਦਾ ਇਹ ਰੱਬ ਤੋਂ ਮੁਕਬਲਾ ਦੂਰ ਨਾਹੀਂ

੨੩੩

ਜ਼ੋਰਾਵਰੀ ਭਾਈਆਂ ਚਾੜ੍ਹੀ ਹੀਰ ਖਾਰੇ ਬੰਨ੍ਹ ਦਿੱਤੋ ਨੇ ਹੱਥੀਂ ਝੱਬ ਗਾਨਾਂ
ਹੀਰ ਰੋਂਦੀ ਨੂੰ ਪਾਇਓ ਨੇ ਤੁਰਤ ਚੂੜਾ ਰੱਖੀਂ ਸ਼ਰਮ ਤੂੰ ਕਾਦਰਾ ਮਿਹਰਬਾਨਾਂ
ਸੈਦੇ ਖੇੜੇ ਨੂੰ ਪਾਸ ਬਹਾਇਓਨੇ ਕੀਤਾ ਜ਼ੁਲਮ ਹਰਾਮੀਆਂ ਪਸ਼ੇਮਾਨਾਂ
ਰੋਜ਼ ਤੀਸਰੇ ਚੂਚਕੇ ਖਟ ਰੱਖੀ ਮੁਕਬਲ ਦਾਜ ਦਿੱਤਾ ਸਾਰਾ ਕਾਰਖ਼ਾਨਾਂ

੨੩੪

ਇੱਕੀ ਝੋਟੀਆਂ ਹੀਰ ਨੂੰ ਦਾਜ ਦਿੱਤਾ ਨਕਦ ਜਿਣਸ ਦਾ ਕੁੱਝ ਸ਼ੁਮਾਰ ਨਾਹੀਂ
ਸੈਦੇ ਖੇੜੇ ਦੇ ਮਨ ਵਧਾਈਆਂ ਨੀ ਹੀਰ ਰਾਂਝੇ ਨੂੰ ਸਬਰ ਕਰਾਰ ਨਾਹੀਂ
ਮੀਆਂ ਯਾਰਾਂ ਤੋਂ ਯਾਰ ਵਿਛੋੜਦਾ ਏ ਹੋਰ ਫ਼ਲਕ ਨੂੰ ਕੋਈ ਦਰਕਾਰ ਨਾਹੀਂ
ਬਣੀ ਕੱਟਣੀ ਮੁਕਬਲਾ ਬੰਦਿਆਂ ਨੇ ਤਕਦੀਰ ਸੇਤੀ ਤਕਰਾਰ ਨਾਹੀਂ

ਰੁਖ਼ਸਤ ਵੇਲੇ ਹੀਰ ਦਾ ਵਿਰਲਾਪ

੨੩੫

ਹੀਰ ਮੇਢੀਆਂ ਪੁੱਟ ਕੇ ਵਾਲ਼ ਖੋਹੇ ਰੋਂਦੀ ਵਿੱਚ ਸਿਆਲਾਂ ਦੇ ਧੁੰਮ ਪਾਈ
ਮੱਤੀਂ ਦੇਂਦੀਆਂ ਹਾਲ ਨਾ ਜਾਣ ਦੀਆਂ ਨਹੀਂ ਜਾਣ ਦੀਆਂ ਜੀਉ ਦੀ ਗੱਲ ਕਾਈ
ਜ਼ੋਰਾਵਰੀ ਹਰਾਮੀਆਂ ਜ਼ਾਲਮਾਂ ਨੇ ਵਿੱਚ ਡੋਲੀ ਦੇ ਬੰਨ੍ਹ ਕੇ ਹੀਰ ਪਾਈ
ਮੁਕਬਲ ਹਾਲ ਤੋਂ ਹੋਏ ਬੇਹਾਲ ਪਈ ਜਦ ਖੇੜਿਆਂ ਪਾਲਕੀ ਸਿਰੇ ਚਾਈ

੨੩੬

ਮਾਰ ਕੁੱਟ ਰਹੇ ਸੋਟੇ ਟੁੱਟ ਰਹੇ ਮਹੀਆਂ ਖੇੜਿਆਂ ਨਾਲ਼ ਨਾ ਜਾਂਦੀਆਂ ਨੇ
ਮੂਲੇ ਚਰਨ ਨਾ ਘਾਹ ਨਾ ਪੀਣ ਪਾਣੀ ਮਾਰੇ ਦੁੱਖ ਦੇ ਬਹੁਤ ਅੜਾਂਦੀਆਂ ਨੇ
ਹੀਰ ਆਖਦੀ ਮਾਂ ਨੂੰ ਕੋਲ ਬਹਿਕੇ ਮਹੀਆਂ ਚਾਕ ਬਗ਼ੈਰ ਨਾ ਜਾਂਦੀਆਂ ਨੇ
ਅੱਗੇ ਮੁਕਬਲੇ ਦੇ ਤੁਸੀਂ ਰੱਖ ਦੇਹੋ ਪਈਆਂ ਜਾਂਦੀਆਂ ਢਿੱਲ ਨਾ ਲਾਂਦੀਆਂ ਨੇ

੨੩੭

ਮਲਕੀ ਜਾਇਕੇ ਚਾਕ ਨੂੰ ਢੂੰਡ ਆਂਦਾ ਕਹਿੰਦੀ ਹੀਰ ਨੂੰ ਜਾ ਪੁਚਾਉਣਾ ਏਂ
ਤੇਰੇ ਬਾਝ ਨਾ ਮੱਝੀਆਂ ਜਾਂਦੀਆਂ ਨੇ ਨਹੀਂ ਕੰਮ ਅਸਾਡਾ ਰਹਿ ਜਾਉਣਾ ਏਂ
ਸਾਰੀ ਉਮਰ ਜੋ ਨੇਕੀਆਂ ਕੀਤੀਆਂ ਨੀ ਤਿਵੇਂ ਅੱਜ ਭੀ ਕਰਮ ਕਮਾਉਣਾ ਏਂ
ਮੇਰੇ ਔਗੁਣਾਂ ਦਾ ਕੁੱਝ ਅੰਤ ਨਾਹੀਂ ਮੁਕਬਲ ਤੁਸਾਂ ਹੀ ਪਾਰ ਲੰਘਾਉਣਾ ਏਂ

੨੩੮

ਸੁਣ ਕੇ ਮਲਕੀ ਦੀ ਬੇਨਤੀ ਰਾਂਝਣੇ ਨੂੰ ਅੱਖੀਂ ਸ਼ਰਮ ਪਈ ਦਿਲ ਮਿਹਰ ਆਈ
ਖੂੰਡੀ ਚੁੱਕ ਕੇ ਹੀਰ ਦੇ ਨਾਲ਼ ਟੁਰਿਆ ਚਾਉੜ ਚਿਗੜ ਨਾ ਰਹੀ ਸੂ ਮੂਲ ਕਾਈ
ਮਗਰ ਰਾਂਝੇ ਦੇ ਮੱਝੀਆਂ ਉਠ ਟੁਰੀਆਂ ਵਿੱਚ ਲੋਕਾਂ ਦੇ ਇਹ ਕਰਾਮਾਤ ਪਾਈ
ਆਹੀਂ ਮਾਰਦਾ ਹੀਰ ਦੇ ਨਾਲ ਹੋਇਆ ਮੁਕਬਲ ਵੰਝਲੀ ਦਰਦ ਦੇ ਨਾਲ਼ ਵਾਹੀ

੨੩੯

ਰਾਹ ਜਾਂਵਦੇ ਇਕ ਥਾਂ ਜਾਏ ਬੈਠੇ ਜੀ ਲੋਚਦਾ ਸੈਰ ਸ਼ਿਕਾਰ ਤਾਈਂ
ਸਭੇ ਘੋੜੀਆਂ ਦੇ ਅਸਵਾਰ ਹੋਏ ਮਾਰਨ ਹਿਰਨ ਪਾਹੜੇ ਰੋਜ਼ਗਾਰ ਤਾਈਂ
ਪਾਸ ਡੋਲੀ ਦੇ ਚਾਕ ਨੂੰ ਛਡਿਓਨੇ ਨਾਲ਼ ਆਪਣੇ ਚਾਰ ਕਹਾਰ ਤਾਈਂ
ਹੋਇਆ ਫ਼ਜ਼ਲ ਤੇ ਹੀਰ ਦਾ ਲੱਗਾ ਮੁਕਬਲ ਮਿਲੀ ਨਿਸ਼ੰਗ ਹੋ ਯਾਰ ਤਾਈਂ

੨੪੦

ਉੱਠੀ ਹੀਰ ਤੇ ਸੱਦਿਆ ਰਾਂਝਣੇ ਨੂੰ ਵਿੱਚ ਡੋਲੀ ਦੇ ਬੈਠ ਤੂੰ ਆ ਮੀਆਂ
ਤੇਰੇ ਮੇਹਣੇ ਅਸਾਂ ਕਬੂਲ ਕੀਤੇ ਨਹੀਂ ਕਿਸੇ ਥੀਂ ਮੂਲ ਸ਼ਰਮਾ ਮੀਆਂ
ਇਨ੍ਹਾਂ ਦੂਤੀਆਂ ਦਾ ਰੱਬ ਨਾਸ ਕਰੇ ਨਾਲ਼ ਸਿਦਕ ਦੇ ਹੱਥ ਉਠਾ ਮੀਆਂ
ਮੁਕਬਲ ਜਿਉਂਦੇ ਜੀ ਗਲ ਲਾ ਮੈਨੂੰ ਮੇਰੇ ਦਿਲੇ ਦੀ ਅੱਗ ਬੁਝਾ ਮੀਆਂ

੨੪੧

ਰਾਂਝਾ ਖ਼ੌਫ਼ ਕਹਾਰਾਂ ਦਾ ਨਾ ਕਰਦਾ ਡੋਲੀ ਹੀਰ ਦੀ ਵਿੱਚ ਨਿਸ਼ੰਗ ਜਾਂਦਾ
ਹੀਰ ਖੋਲ ਪਟਾਰ ਪਕਵਾਨ ਦਿੱਤਾ ਰਾਂਝਾ ਯਾਦ ਕਰ ਰੱਬ ਪਕਵਾਨ ਖਾਂਦਾ
ਕਹਿੰਦਾ ਇਸ਼ਕ ਤੇਰੇ ਲੀਕਾਂ ਲਾਈਆਂ ਨੀ ਟਮਕ ਚੁੱਕ ਕੇ ਖੇੜਿਆਂ ਨਾਲ਼ ਆਂਦਾ
ਦਿੱਤਾ ਰੱਬ ਦਾ ਸਿਰ ਪਰ ਝੱਲਿਆ ਮੈਂ ਨਹੀਂ ਆਖਿਆ ਮੁਕਬਲਾ ਕੁੱਝ ਜਾਂਦਾ

੨੪੨

ਹੀਰ ਆਖਦੀ ਤੱਤੀ ਨੂੰ ਤਾਅ ਨਾਹੀਂ ਜੀਉਣ ਜੋਗਿਆ ਸਵਾਲ ਖ਼ੁਦਾ ਦਾ ਏ
ਲਾਈ ਸ਼ੌਂਕ ਨੂੰ ਰੋਂਦਿਆਂ ਜਾਨ ਗਈ ਮੇਰੇ ਤੱਤੀ ਦੇ ਜੀਉ ਨੂੰ ਦਾਗ਼ਦਾ ਏ
ਪੈਰੀਂ ਪਈ ਨੂੰ ਉਪਰੋਂ ਲੱਤ ਮਾਰੇ ਹੈਫ਼ ਇਹ ਬੇਦਰਦਾਂ ਦਾ ਕਾਇਦਾ ਏ
ਹੁੰਦੇ ਤਾਣ ਨਿਤਾਣਿਆਂ ਹੋ ਰਹੀ ਮੁਕਬਲ ਇਹ ਹਯਾਤੀ ਦਾ ਫ਼ਾਇਦਾ ਏ

੨੪੩

ਹੀਰੇ ਸਾਬਤੀ ਵੇਖ ਲੈ ਪਾਲਿਆ ਮੈਂ ਤੇਰੇ ਨਾਲ਼ ਜੋ ਕੌਲ ਕਰਾਰ ਹੈ ਨੀਂ
ਕੀਤਾ ਕੁੱਝ ਨਾ ਜਾਨ ਦਾ ਬਣੀ ਔਖੀ ਦਿਲ ਇੱਕ ਤੇ ਦਰਦ ਹਜ਼ਾਰ ਹੈ ਨੀਂ
ਤੌਬਾ ਤਰਕ ਹੈ ਖ਼ੁਦੀ ਤਕੱਬਰੀ ਤੋਂ ਮੇਰਾ ਆਜ਼ਜ਼ੀ ਨਾਲ਼ ਪਿਆਰ ਹੈ ਨੀਂ
ਭਾਣੇ ਖ਼ਲਕ ਜਹਾਨ ਦੇ ਜੀਉਂਦਾ ਹਾਂ ਮੁਕਬਲ ਮੋਇਆਂ ਤੋਂ ਪਰਲੇ ਪਾਰ ਨੀਂ

੨੪੪

ਮਾਰੇ ਖੇੜਿਆਂ ਹਿਰਨ ਤੇ ਬਹੁਤ ਪਾਹੜੇ ਹੁਕਮ ਨਾਲ਼ ਕਬਾਬ ਬਣਾਉਂਦੇ ਨੇ
ਸਾਰੇ ਖਾ ਕਬਾਬ ਮਹਿਜ਼ੂਜ਼ ਹੋਏ ਖ਼ਾਤਿਰ ਹੀਰ ਦੀ ਭੀ ਰਖਵਾਉਂਦੇ ਨੇ
ਮਜਲਿਸ ਲਾ ਉਜਾੜ ਦੇ ਵਿੱਚ ਬੈਠੇ ਖ਼ੁਸ਼ੀ ਨਾਲ਼ ਸ਼ਰਾਬ ਮੰਗਾਉਂਦੇ ਨੇ
ਮੁਕਬਲ ਢਾਡੀਆਂ ਦੀ ਜੋੜੀ ਸੱਦ ਕੇ ਤੇ ਰੰਗ ਰੰਗ ਦੇ ਰਾਗ ਗਵਾਉਂਦੇ ਨੇ

ਹੀਰ ਦੀ ਡੋਲੀ ਵਿਚ ਵੇਖ ਕੇ ਖੇੜਿਆਂ ਦੀ ਰਾਂਝੇ ਨੂੰ ਮਾਰਨ ਦੀ ਸਲਾਹ

੨੪੫

ਖੇੜੇ ਖਾਣ ਸ਼ਰਾਬ ਕਬਾਬ ਬਹਿ ਕੇ ਮਹਿਜ਼ੂਜ਼ ਹੋ ਡੋਲੀ ਦੇ ਪਾਸ ਆਏ
ਵਿੱਚ ਡੋਲੀ ਦੇ ਚਾਕ ਨੂੰ ਵੇਖਿਓਨੇ ਆਤਿਸ਼ ਗ਼ੁੱਸੇ ਦੀ ਉਨ੍ਹਾਂ ਦੇ ਜੀ ਤਾਏ
ਫ਼ਿਕਰ ਕੀਤੋ ਨੇ ਚਾਕ ਦੇ ਮਾਰਨੇ ਦਾ ਅੱਖੀਂ ਗਹਿਰੀਆਂ ਮੱਥੇ ਤੇ ਵੱਟ ਪਾਏ
ਆਣ ਪਏ ਨੀ ਮੁਕਬਲਾ ਰਾਂਝਣੇ ਤੇ ਦੁੱਖ ਲੱਗਦਾ ਕੂਕਦਾ ਹਾਏ ਹਾਏ

੨੪੬

ਮਾਲ਼ਾ ਗਲੇ ਦੀ ਹੀਰ ਨੇ ਤੋੜ ਦਿੱਤੀ ਖ਼ਾਤਿਰ ਯਾਰ ਦੀ ਪੱਜ ਬਨਾਂਵਦੀ ਏ
ਮਾਲ਼ਾ ਗਲੇ ਦੀ ਟੁੱਟ ਕੇ ਖਿੰਡ ਗਈ ਕਾਈ ਗੱਲ ਨਾ ਆਖਣੀ ਜਾਂਵਦੀ ਏ
ਸਾਰੇ ਖੇੜਿਆਂ ਰਲ਼ ਸਲਾਹ ਕੀਤੀ ਸਾਡੇ ਨੰਗ ਨੂੰ ਹੀਰ ਗੁਆਂਵਦੀ ਏ
ਮੁਕਬਲ ਮਾਰ ਗਵਾਈਏ ਚਾਕ ਤਾਈਂ ਇਹੋ ਜੀ ਅਸਾਡੇ ਨੂੰ ਭਾਂਵਦੀ ਏ

੨੪੭

ਮਾਲ਼ਾ ਚੁਗਣੇ ਪਾਸ ਬਹਾਇਆ ਸੀ ਨਹੀਂ ਹੋਇਆ ਓਪਰਾ ਚਾਕ ਮੇਰਾ
ਲਾਈ ਕਿਸੇ ਜੇ ਏਸ ਨੂੰ ਫੁੱਲ ਦੀ ਵੀ ਜ਼ਹਿਰ ਖਾ ਮਰਾਂ ਇਹੋ ਵਾਕ ਮੇਰਾ
ਸਾਨੂੰ ਇਸ਼ਕ ਮਜ਼ਾਜ਼ੀ ਦੀ ਲੋੜ ਨਾਹੀਂ ਮੌਲਾ ਜਾਣਦਾ ਇਸ਼ਕ ਹੈ ਪਾਕ ਮੇਰਾ
ਨਾਲ਼ ਚਾਕ ਦੇ ਸਾਕ ਚਿਰੋਕਣਾ ਹੈ ਮੁਕਬਲ ਜਾਣਦਾ ਅੰਗ ਤੇ ਸਾਕ ਮੇਰਾ

੨੪੮

ਖੇੜੇ ਰਾਂਝੇ ਦੇ ਖਹੜਿਓਂ ਬਾਜ਼ ਆਏ ਸੁਣ ਕੇ ਹੀਰ ਦਾ ਸਖ਼ਤ ਜਵਾਬ ਮੀਆਂ
ਚਲੇ ਉਠ ਕੇ ਰੰਗਪੁਰ ਖੇੜਿਆਂ ਦੇ aਹ ਤਾਂ ਬਿਜਲੀ ਵਾਂਗ ਸ਼ਿਤਾਬ ਮੀਆਂ
ਤੁਹਮਤ ਹੀਰ ਦੇ ਜ਼ੁੰਮਿਓਂ ਦੂਰ ਹੋਈ ਹੋਇਆ ਰਾਂਝੇ ਦਾ ਪਾਕ ਹਿਸਾਬ ਮੀਆਂ
ਪਹੁੰਚੇ ਮੰਜ਼ਲੀਂ ਰੰਗਪੁਰ ਖੇੜਿਆਂ ਦੇ ਮੁਕਬਲ ਆਖਦਾ ਨਾਲ ਹਜਾਬ ਮੀਆਂ

੨੪੯

ਪਾਣੀ ਵਾਰ ਕੇ ਛੰਨੇ ਦੇ ਵਿੱਚ ਪੀਤਾ ਸੱਸ ਵੇਖ ਕੇ ਬਹੁਤ ਨਿਹਾਲ ਹੋਈ
ਜਿਹਾ ਪੁੱਤ ਸੀ ਰੱਬ ਨੇ ਨੂੰਹ ਦਿੱਤੀ ਦੇਖ ਦੋਹਾਂ ਨੂੰ ਬਹੁਤ ਖ਼ੁਸ਼ਹਾਲ ਹੋਈ
ਇਕ ਮੁਹਰ ਰੁਪਈੜੇ ਪੰਜ ਦਿੱਤੇ ਸਿਰ ਚੁੰਮ ਕੇ ਬਹੁਤ ਖ਼ੁਸ਼ਹਾਲ ਹੋਈ
ਮੁਕਬਲ ਖਾ ਕਚੀਚੀਆਂ ਜੀ ਅੰਦਰ ਹੀਰ ਹਾਲ ਥੀਂ ਬਹੁਤ ਬੇਹਾਲ ਹੋਈ

੨੫੦

ਸਹਿਤੀ ਆਖਦੀ ਭਾਬੀਏ ਹੋ ਰਾਜ਼ੀ ਤੇਰੇ ਨਾਉਂ ਤੋਂ ਜਾਇ ਨਨਾਣ ਵਾਰੀ
ਅੱਖੀਂ ਖੋਲ ਕੇ ਹੀਰ ਨੇ ਨਜ਼ਰ ਕੀਤੀ ਭੁੱਲ ਗਏ ਸ਼ਊਰ ਤੇ ਅਕਲ ਸਾਰੀ
ਰੰਗ ਜ਼ਰਦ ਹੋਇਆ ਉੱਡ ਗਈ ਸੁਰਖੀ ਦਰਦ ਦੁੱਖ ਦੇ ਨਾਲ ਪਛਾੜ ਮਾਰੀ
ਮੁਕਬਲ ਇਸ਼ਕ ਰੰਝੇਟੇ ਦਾ ਵਿੱਚ ਸੀਨੇ ਲਾ ਗਿਆ ਬੇਖ਼ਬਰ ਹੀ ਤੀਰ ਕਾਰੀ

੨੫੧

ਚੂਰੀ ਕੁੱਟ ਤਿਆਰ ਕਰ ਖੇੜਿਆਂ ਨੇ ਵੰਡੀ ਸਭ ਕਬੀਲੜੇ ਖ਼ੇਸ਼ ਤਾਈਂ
ਜੋ ਕੋਈ ਬੂਹੇ ਆਇਆ ਨਾ ਗਿਆ ਖਾਲੀ ਰਾਜ਼ੀ ਕੀਤਾ ਕੰਗਾਲ ਦਰਵੇਸ਼ ਤਾਈਂ
ਜਿਤਨੀ ਚੀਜ਼ ਸਾਮਾਨ ਵਿਆਹ ਦਾ ਸੀ ਖ਼ੁਸ਼ੀ ਹੋਈ ਤਮਾਮ ਦਿਲ ਰੇਸ਼ ਤਾਈਂ
ਮੁਕਬਲ ਓੜਕ ਹੋਇਆ ਵਿਆਹ ਚੰਗਾ ਸਾਹਿਬ ਦਿੰਦਾ ਹੈ ਰਿਜ਼ਕ ਹਮੇਸ਼ ਤਾਈਂ

੨੫੨

ਸਹਿਤੀ ਹੀਰ ਦੇ ਪਾਸ ਕੁੱਟ ਲਿਆਈ ਚੂਰੀ ਘਿਉ ਮੈਦਾ ਤੇ ਖੰਡ ਰਲਾਇਕੇ ਜੀ
ਕਰ ਮਿੰਨਤਾਂ ਆਜ਼ਜ਼ੀ ਪਵੇ ਪੈਰੀਂ ਹੀਰੇ ਖਾਹ ਤੂੰ ਰੱਬ ਧਿਆਇਕੇ ਜੀ
ਤੇਰਾ ਫ਼ਿਕਰ ਅੰਦੇਸ਼ੜਾ ਦੂਰ ਹੋਵੇ ਸੈਦੇ ਆਂਦੀ ਹੈਂ ਤੂੰ ਪਰਨਾਇਕੇ ਜੀ
ਮੁਕਬਲ ਹੀਰ ਨਾ ਖਾਂਵਦੀ ਮੂਲ ਚੂਰੀ ਜਾਨ ਪਹੁੰਚੀ ਹੈ ਲਬਾਂ ਤੇ ਆਇਕੇ ਜੀ

੨੫੩

ਰਾਤ ਪਈ ਤੇ ਹੀਰ ਵੁਜ਼ੂ ਕਰਕੇ ਪੜ੍ਹ ਨਫ਼ਲ ਨਿਮਾਜ਼ ਗੁਜ਼ਾਰਦੀ ਏ
ਦੁਆ ਮੰਗ ਕੇ ਆਪਣਾ ਹਾਲ ਆਖੇ ਵਿੱਚ ਦਿਲੇ ਦੇ ਲੇਖ ਵਿਚਾਰਦੀ ਏ
ਰੱਖੀਂ ਰੱਬਾ ਤੂੰ ਸ਼ਰਮ ਹਯਾ ਮੇਰਾ ਵਿੱਚ ਦਿਲ ਦੇ ਇਹ ਚਿਤਾਰਦੀ ਏ
ਰੱਖੀ ਹੋਈ ਅਮਾਨਤ ਇਹ ਪਾਸ ਮੇਰੇ ਮੁਕਬਲ ਹੀਰ ਰੰਝੇਟੜੇ ਯਾਰ ਦੀ ਏ

੨੫੪

ਤੇਲ ਚੋਇਕੇ ਪਲੰਘ ਵਿਛਾਇਓ ਨੇ ਸੈਦਾ ਹੀਰ ਦੇ ਨਾਲ਼ ਸੁਲਾਵਣੇ ਨੂੰ
ਬਾਹੋਂ ਪਕੜ ਬਹਾਂਦੀਆਂ ਜਾ ਸਈਆਂ ਗੱਲਾਂ ਕਰ ਦੀਆਂ ਮਨ ਪਰਚਾਵਣੇ ਨੂੰ
ਬੀੜੇ ਪਾਨ ਦੀ ਚੱਬ ਕੇ ਸੈਦਾ ਬੈਠਾ ਮੁਸ਼ਕ ਲਾਉਂਦਾ ਹੀਰ ਦੇ ਭਾਵਣੇ ਨੂੰ
ਸਹਿਤੀ ਹੱਸ ਕੇ ਆਖਦੀ ਮੁਕਬਲੇ ਨੂੰ ਰੱਖੀਂ ਸ਼ੀਰਨੀ ਹੀਰ ਦੇ ਖਾਵਣੇ ਨੂੰ

੨੫੫

ਮਿੱਠੀ ਨਾਇਣ ਭੀ ਆਖਦੀ ਹੀਰ ਤਾਈਂ ਉਪਰ ਪਲੰਘ ਦੇ ਜਾਇਕੇ ਸੌਂ ਹੀਰੇ
ਲਾਹ ਕੱਪੜੇ ਆਪਣੇ ਰੱਖ ਸਾਰੇ ਉਠ ਸੇਜ ਵਿਛਾਇਕੇ ਸੌਂ ਹੀਰੇ
ਮਲ ਵਟਣਾ ਹਾਰ ਸਿੰਗਾਰ ਸਾਰਾ ਹੋਰ ਮੁਸ਼ਕ ਲਗਾਇਕੇ ਸੌਂ ਹੀਰੇ
ਸੈਦੇ ਮੁਕਬਲੇ ਯਾਰ ਪਿਆਰੜੇ ਨੂੰ ਨਾਲ਼ ਹਿੱਕ ਦੇ ਲਾਇਕੇ ਸੌਂ ਹੀਰੇ

੨੫੬

ਸੁੱਤੀ ਹੀਰ ਜਾਂ ਜਾਇਕੇ ਪਲੰਘ ਉੱਤੇ ਪਿੱਛੋਂ ਲੱਗਾ ਹੈ ਸੈਦੇ ਦਾ ਦਾ ਮੀਆਂ
ਲਾਚਾਰ ਹੋ ਬਹੁਤ ਹੈਰਾਨ ਹੋ ਕੇ ਆਯਾ ਪਲੰਘ ਤੇ ਕਦਮ ਉਠਾ ਮੀਆਂ
ਜੁੱਤੀ ਲਾਹ ਕੇ ਪਲੰਘ ਤੇ ਲੱਤ ਧਰਦਾ ਦਿਲ ਓਸਦੇ ਵਿੱਚ ਸੀ ਚਾ ਮੀਆਂ
ਬਾਹੀ ਭੱਜ ਪਈ ਪੈਰ ਵਿੱਚ ਮੋਚ ਆਈ ਮੁਕਬਲ ਕਰਦਾ ਸੀ ਹਾਇ ਹਾ ਮੀਆਂ

੨੫੭

ਪੈਰ ਸੁਜ ਗਿਆ ਬਹੁਤ ਦਰਦ ਹੋਈ ਖ਼ਲਕਤ ਆਉਂਦੀ ਸੈਦੇ ਦੇ ਵੇਖਣੇ ਨੂੰ
ਇਕ ਆਖਦੀ ਘੁੱਟ ਕੇ ਪੈਰ ਬੰਨ੍ਹੋਂ ਇਕ ਦੇਣ ਸਲਾਹ ਪੈਰ ਸੇਕਣੇ ਨੂੰ
ਮਲਣ ਤੇਲ ਤੇ ਇੱਟ ਦਾ ਸੇਕ ਕਰਦੇ ਵੈਦ ਅਓਵਦੇ ਨੇ ਦਾਰੂ ਦੱਸਣੇ ਨੂੰ
ਦੁਆ ਹੀਰ ਦੀ ਰੱਬ ਕਬੂਲ ਕੀਤੀ ਕੁੜੀਆਂ ਆਉਂਦੀਆਂ ਮੁਕਬਲਾ ਹਸਣੇ ਨੂੰ

੨੫੮

ਮਿੱਠੀ ਜਾਇਕੇ ਰਾਂਝੇ ਨੂੰ ਖ਼ਬਰ ਕਰਦੀ ਹੀਰ ਆਖਦੀ ਸੁਬਹ ਨਿਕਾਹ ਮੀਆਂ
ਰੱਬ ਕੀਤੇ ਨੇ ਕੰਮ ਆਸਾਨ ਸਾਡੇ ਦੁਸ਼ਮਣ ਹੋਏ ਨੇ ਸਭ ਤਬਾਹ ਮੀਆਂ
ਮਿਲਣਾਂ ਤੇਰਾ ਤੇ ਸਾਡਾ ਹੈ ਖਰਾ ਔਖਾ ਉਠ ਤਖ਼ਤ ਹਜ਼ਾਰੇ ਨੂੰ ਜਾ ਮੀਆਂ
ਜ਼ਿੰਦਾ ਰਹੇ ਤਾਂ ਮਿਲਾਂਗੇ ਮੁਕਬਲੇ ਨੂੰ ਮਰ ਗਈ ਤਾਂ ਖ਼ੁਦਾ ਪਨਾਹ ਮੀਆਂ

ਜ਼ਨਾਨੀਆਂ ਦਾ ਸ਼ਾਦੀ ਦੀਆਂ ਰਸਮਾਂ ਪੂਰੀਆਂ ਕਰਨ ਆਉਣਾ

੨੫੯

ਮਿੱਠੀ ਆਖ ਕੇ ਇਹ ਗੱਲ ਦੌੜ ਆਈ ਉਸਨੂੰ ਪਿੱਛੇ ਸੀ ਕੰਮ ਜ਼ਰੂਰ ਮੀਆਂ
ਲੱਸੀ ਮੁੰਦੀ ਖਿਡਾਉਂਦੀ ਹੀਰ ਤਾਈਂ ਦਿਲ ਸੈਦੇ ਦੇ ਹੋਰ ਸਰੂਰ ਮੀਆਂ
ਆਈਆਂ ਹੋ ਇਕੱਠੀਆਂ ਸਭ ਰੰਨਾਂ ਹਰ ਇਕ ਸੀ ਸ਼ਕਲ ਦੀ ਹੂਰ ਮੀਆਂ
ਮੁਕਬਲ ਲਾਹ ਛੱਲਾ ਵਿੱਚ ਥਾਲ ਪਾਇਆ ਹੈਸੀ ਲੱਸੀ ਦੇ ਨਾਲ਼ ਭਰਪੂਰ ਮੀਆਂ

੨੬੦

ਇਕ ਦਰ ਹੀਰ ਬੈਠੀ ਇਕ ਦਰ ਹੋਇਆ ਸੈਦਾ ਗਿਰਦੇ ਪਾਇਆ ਹੈ ਰੰਨਾਂ ਨੇ ਆਣ ਘੇਰਾ
ਨਾਲੇ ਹੱਸਦੀਆਂ ਖੇਡਦੀਆਂ ਗਾਉਂਦੀਆਂ ਨੇ ਆ ਹੋ ਇਕੱਠੀਆਂ ਕਰਨ ਝੇੜਾ
ਪਈਆਂ ਝਾਕਦੀਆਂ ਮੋਰਨੀਆਂ ਵਾਂਗ ਸਭੇ ਛੱਲਾ ਥਾਲ ਥੀਂ ਲਿਆਂਵਦਾ ਹੱਥ ਕਿਹੜਾ
ਮੁਕਬਲ ਛੱਲਾ ਆਉਂਦਾ ਹੱਥ ਹੀਰ ਦੇ ਜੀ ਪਸ਼ੇਮਾਨ ਖ਼ੁਆਰ ਭੀ ਹੋਇਆ ਖੇੜਾ

੨੬੧

ਦੂਜੀ ਵਾਰ ਅੰਗੂਠੜੀ ਫੇਰ ਪਾਈ ਸੈਦਾ ਹੋਇ ਬੈਠਾ ਖ਼ਬਰਦਾਰ ਮੀਆਂ
ਅੱਖੀਂ ਮੇਟ ਕੇ ਮੂਲ ਨਾ ਝਾਕਦਾ ਹੈ ਹੀਰ ਫੇਰ ਹੋਈ ਹੁਸ਼ਿਆਰ ਮੀਆਂ
ਪਿੱਛੇ ਹੋਇਕੇ ਬੈਠੀ ਏ ਹੀਰ ਜੱਟੀ ਹੋ ਬੈਠੇ ਨੇ ਫੇਰ ਤਿਆਰ ਮੀਆਂ
ਬਿਸਮਿਲ੍ਹਾ ਕਰ ਹੀਰ ਨੇ ਹੱਥ ਪਾਇਆ ਲਿਆਈ ਮੁਕਬਲਾ ਦੂਸਰੀ ਵਾਰ ਮੀਆਂ

੨੬੨

ਤਰੀਜੀ ਵਾਰ ਰੁਪਈਯੜਾ ਰੋਕ ਪਾਇਆ ਸਭ ਰੰਨਾਂ ਨੇ ਹੀਰ ਦੇ ਖ਼ਿਆਲ ਹੋ ਕੇ
ਇਹੋ ਵਾਰ ਹੁਣ ਰਹੀ ਹੈ ਆ ਹੀਰੇ ਖੇਡ ਹੱਸ ਤੂੰ ਸੈਦੇ ਦੇ ਨਾਲ਼ ਹੋ ਕੇ
ਨਾਲ਼ ਹੁਕਮ ਖ਼ੁਦਾਇ ਦੇ ਖੇਡਿਆ ਸੂ ਹੀਰ ਉਠ ਖਲੋਤੀ ਖ਼ੁਸ਼ਹਾਲ ਹੋ ਕੇ
ਜਿਸਦਾ ਲਾਗ ਰੁਪਈਆ ਸੀ ਲਿਆ ਉਸ ਨੇ ਮੁਕਬਲ ਗਿਆ ਸੈਦਾ ਬੇਹਾਲ ਹੋ ਕੇ

੨੬੩

ਨਾਇਣ ਖੇੜਿਆਂ ਦੀ ਉਠ ਆਈ ਫ਼ਜਰੇ ਸਿਰ ਹੀਰ ਦਾ ਖੋਹਲ ਨੁਹਾਵਨੇ ਨੂੰ
ਸਿਰ ਖੋਹਲ ਕੇ ਡੋਰੀ ਨੂੰ ਪਾਸ ਰੱਖਦੀ ਵਾਲ ਖੋਹਲ਼ਦੀ ਦਹੀਂ ਦੇ ਪਾਵਣੇ ਨੂੰ
ਪਾਣੀ ਗਰਮ ਕਰ ਕੇ ਭਾਂਡਾ ਧਰੇ ਅੱਗੇ ਧੋਵਨ ਵਾਸਤੇ ਮੈਲ ਉਠਾਵਨੇ ਨੂੰ
ਮੁਕਬਲ ਕੈਦ ਫ਼ਰੰਗ ਦੀ ਹੀਰ ਹੋਈ ਜੀਉ ਲੋਚਦਾ ਕਿਵੇਂ ਛੁਡਾਵਨੇ ਨੂੰ

੨੬੪

ਵਟਣਾ ਘੋਲ਼ ਕੇ ਛੰਨੇ ਦੇ ਵਿੱਚ ਆਂਦਾ ਜਾ ਡੂੰਮਣੀ ਹੀਰ ਦੇ ਪਾਸ ਧਰਦੀ
ਮਲੇ ਤੇਲ ਤੇ ਰਾਗ ਸੁਣਾਂਵਦੀ ਹੈ ਗੱਲਾਂ ਹੱਸ ਕੇ ਹੀਰ ਦੇ ਨਾਲ ਕਰਦੀ
ਸੀਨੇ ਵਿੱਚ ਫ਼ਿਰਾਕ ਰੰਝੇਟੜੇ ਦਾ ਗੁਝੀ ਪੀੜ ਕਲੇਜੇ ਦੇ ਵਿੱਚ ਜਰਦੀ
ਆਖੇ ਮੁਕਬਲਾ ਕਰੋ ਇਲਾਜ ਕੋਈ ਮੇਰੀ ਜਾਨ ਅਜ਼ਾਬ ਤੋਂ ਪਈ ਡਰਦੀ

੨੬੫

ਹੀਰ ਨਹਾ ਚੁੱਕੀ ਕੁੜੀਆਂ ਜਮ੍ਹਾਂ ਹੋਈਆਂ ਜਿਵੇਂ ਚੰਦ ਦੇ ਗਿਰਦ ਪਰਵਾਰ ਹੋਈ
ਹੱਥ ਪਕੜ ਲੀਤੀ ਕੰਘੀ ਡੂੰਮਣੀ ਨੇ ਵਾਲ ਵਾਹਣੇ ਨੂੰ ਤਿਆਰ ਹੋਈ
ਕੰਘੀ ਵਾਹ ਫੁਲੇਲ ਲਗਾਂਵਦੀ ਹੈ ਮੁਸ਼ਕ ਇਤਰ ਤੇ ਬਹੁਤ ਗੁਲਜ਼ਾਰ ਹੋਈ
ਮੂੰਹ ਚਮਕਿਆ ਚੰਦ ਦੇ ਵਾਂਗ ਮੁਕਬਲ ਸੂਰਤ ਹੀਰ ਦੀ ਅਪਰ ਅਪਾਰ ਹੋਈ

੨੬੬

ਸਿਰ ਗੁੰਦ ਕੇ ਮੌਲੜੀ ਪਾਇਓ ਨੇ ਜ਼ੁਲਫ਼ਾਂ ਲਟਕ ਰਹੀਆਂ ਪੇਚ ਖਾਇਕੇ ਜੀ
ਘੜੀ ਲਾਇਕੇ ਖ਼ੂਬ ਸ਼ਿੰਗਾਰਿਓ ਨੇ ਕੁੜੀਆਂ ਵਹੁਟੀਆਂ ਬੈਠੀਆਂ ਆਇਕੇ ਜੀ
ਹੁਸਨ ਹੀਰ ਦਾ ਵੇਖ ਸਲਾਹਿਓ ਨੇ ਸੂਰਜ ਚੰਦ ਭੀ ਰਹੇ ਸ਼ਰਮਾਇਕੇ ਜੀ
ਇਸ਼ਕ ਰਾਂਝੇ ਦਾ ਮੁਕਬਲਾ ਫੂਕ ਰਿਹਾ ਝੋਲ਼ੀ ਹੀਰ ਦੀ ਭਾਹ ਲਗਾਇਕੇ ਜੀ

੨੬੭

ਨੱਕ ਨੱਥ ਸੋਹੇ ਕੰਨੀਂ ਵਾਲੀਆਂ ਜੀ ਮੋਹਨ ਮਾਲੜੀ ਗਲੇ ਦੇ ਵਿੱਚ ਪਾਈ
ਚੌਂਪਕਲੀ ਤੇ ਤਖ਼ਤੀਆਂ ਹੋਰ ਮਾਲ਼ਾ ਹੱਸਹਾਰ ਹਮੇਲ ਸਿੰਗਾਰ ਲਾਈ
ਹੱਥੀਂ ਕੰਗਣਾਂ ਤੇ ਬਾਹੀਂ ਲਾਲ਼ ਚੂੜਾ ਸੁਰਮੇ ਅੱਖੀਂ ਦੇ ਵਿਚ ਬਹਾਰ ਲਾਈ
ਮੁਕਬਲ ਰਾਤ ਦਾ ਹੋਇਆ ਸਾਮਾਨ ਸਾਰਾ ਖ਼ਾਤਿਰ ਸੈਦੇ ਦੀ ਬਹੁਤ ਪਸੰਦ ਆਈ

੨੬੮

ਲਾਗੀ ਹੋਏ ਇਕੱਠੇ ਨੀ ਸਭ ਆਏ ਲੱਗੇ ਸੈਦੇ ਨੂੰ ਆਏ ਨੁਹਲਾਵਨੇ ਨੂੰ
ਨਹਾ ਧੋ ਪੋਸ਼ਾਕ ਲਗਾ ਬੈਠਾ ਮਾਂ ਵਾਰੀ ਸਦਕੜੇ ਜਾਵਣੇ ਨੂੰ
ਲੋਕ ਅੱਜੂ ਨੂੰ ਦੇਣ ਮੁਬਾਰਕਾਂ ਜੀ ਢਾਡੀ ਆਉਂਦੇ ਰਾਗ ਸੁਣਾਵਣੇ ਨੂੰ
ਮਦਦ ਹੀਰ ਦੀ ਆਏ ਨੀ ਪੀਰ ਪੰਜੇ ਮੁਕਬਲ ਹੀਰ ਦਾ ਜੀ ਧਰਾਵਨੇ ਨੂੰ

੨੬੯

ਡਾਹ ਪਲੰਘ ਵਿਛਾਇਆ ਹੀਰ ਸੇਤੀ ਸੈਦਾ ਉੱਠ ਕੇ ਹੀਰ ਦੇ ਪਾਸ ਆਇਆ
ਲਾਹ ਕੱਪੜੇ ਸਭ ਪੋਸ਼ਾਕ ਸਾਰੀ ਜੁੱਤੀ ਲਾਹ ਕੇ ਪਲੰਘ ਤੇ ਪੈਰ ਪਾਇਆ
ਰੁਮਾਲ ਖੋਲ ਕੇ ਸ਼ੀਰਨੀ ਧਰੀ ਅੱਗੇ ਪੱਲਾ ਹੀਰ ਦੇ ਮੂੰਹ ਥੀਂ ਦੂਰ ਚਾਇਆ
ਭੁੱਲ ਗਿਆ ਈ ਅਕਲ ਸ਼ਊਰ ਸਾਰਾ ਮੁਕਬਲ ਹੀਰ ਨੂੰ ਸੈਦੇ ਜਾਂ ਹੱਥ ਲਾਇਆ

੨੭੦

ਗ਼ੁੱਸੇ ਹੋਇਕੇ ਸੈਦੇ ਨੂੰ ਹੀਰ ਆਖੇ ਮੇਰੀ ਵੀਣੀ ਨੂੰ ਹੱਥ ਨਾ ਲਾ ਮੀਆਂ
ਕਰ ਵੁਜ਼ੂ ਨਮਾਜ਼ ਮੈਂ ਪੜ੍ਹ ਲਵਾਂ ਤੇ ਤੂੰ ਘੜੀ ਇਕ ਬੈਠ ਅਸਤਾ ਮੀਆਂ
ਜ਼ਰਾ ਸਬਰ ਕਰ ਕੇ ਇੱਥੇ ਬੈਠ ਜਾਈਂ ਨਹੀਂ ਖ਼ੁਸ਼ੀ ਚਾਹੇ ਜਿੱਥੇ ਜਾ ਮੀਆਂ
ਮੁਕਬਲ ਹੀਰ ਦੇ ਜੀ ਨੂੰ ਬਣੀ ਔਖੀ ਕਰੇ ਯਾਦ ਖ਼ੁਦਾ ਦਾ ਨਾਂ ਮੀਆਂ

੨੭੧

ਕਰ ਕੇ ਵੁਜ਼ੂ ਸ਼ਿਤਾਬ ਨਮਾਜ਼ ਪੜ੍ਹਦੀ ਫ਼ਾਰਗ਼ ਹੋਇਕੇ ਆਜ਼ਜ਼ੀ ਬਹੁਤ ਕਰਦੀ
ਗ਼ਮ ਦੁੱਖ ਤੇ ਸੂਲ ਹਜ਼ਾਰ ਦਰਦਾਂ ਪੀੜ ਨਿੱਤ ਕਲੇਜੇ ਦੇ ਵਿੱਚ ਜਰਦੀ
ਰੱਬਾ ਰੱਖੀਂ ਤੂੰ ਸ਼ਰਮ ਹਯਾ ਮੇਰਾ ਇਹਨਾਂ ਵੈਰੀਆਂ ਥੀਂ ਮੈਂ ਤੇ ਪਈ ਡਰਦੀ
ਰੱਬਾ ਲਈਂ ਛੁਡਾ ਤੂੰ ਮੁਕਬਲੇ ਨੂੰ ਨਹੀਂ ਵੇਲੜੇ ਕਿਸੇ ਹੈ ਹੀਰ ਮਰਦੀ

੨੭੨

ਖੇੜਾ ਪਲੰਘ ਤੇ ਆਏ ਦਰਾਜ਼ ਹੋਇਆ ਗ਼ਮ ਫ਼ਿਕਰ ਅੰਦੇਸੜਾ ਦੂਰ ਕੀਤਾ
ਬਾਹੋਂ ਪਕੜ ਫ਼ਰਿਸ਼ਤਿਆਂ ਚੁੱਕ ਲੀਤਾ ਹੱਡੀ ਪਸਲੀ ਭੰਨ ਕੇ ਚੂਰ ਕੀਤਾ
ਇਕੋ ਜ਼ਰਬ ਲੱਗਾ ਕੇ ਸਖ਼ਤ ਦੇਹੀ ਸੂਲੀ ਚਾੜ੍ਹ ਖ਼ੁਦਾ ਮਨਜੂਰ ਕੀਤਾ
ਹੁਣ ਆਇਆ ਹੈ ਮੁਕਬਲਾ ਪੇਸ਼ ਤੇਰੇ ਕਿਸੇ ਵਕਤ ਜੋ ਕੋਈ ਗ਼ਰੂਰ ਕੀਤਾ

੨੭੩

ਤੌਬਾ ਤੌਬਾ ਪੁਕਾਰਦਾ ਉਠ ਨਠਾ ਹਾਏ ਹਾਏ ਪੁਕਾਰਦਾ ਘਰੀਂ ਆਇਆ
ਰਿਹਾ ਅਕਲ ਸ਼ਊਰ ਨਾ ਮੂਲ ਮੇਰਾ ਜਦ ਹੀਰ ਦੇ ਪਲੰਘ ਤੇ ਪੈਰ ਪਾਇਆ
ਪੱਛੋਤਾਂਵਦਾ ਵਕਤ ਵਿਹਾਨੜੇ ਨੂੰ ਜਦ ਹੀਰ ਨੂੰ ਜਾਇਕੇ ਹੱਥ ਲਾਇਆ
ਇਹ ਹੀਰ ਹੈ ਹੱਕ ਰੰਝੇਟੜੇ ਦਾ ਮੁਕਬਲ ਹੁਕਮ ਦਰਗਾਹ ਤੋਂ ਇਹ ਆਇਆ

੨੭੪

ਸਹਿਤੀ ਆਇਕੇ ਪੁੱਛਦੀ ਹੀਰ ਤਾਈਂ ਕਿਸ ਮਾਰਿਆ ਸੈਦੇ ਨੂੰ ਦੱਸ ਖਾਂ ਨੀ
ਮੈਂ ਆਈ ਹਾਂ ਵਾਸਤੇ ਪੁੱਛਣੇ ਦੇ ਘੁੰਢ ਖੋਲ ਮੇਰੇ ਨਾਲ਼ ਹੱਸ ਖਾਂ ਨੀ
ਗੱਲ ਆਪਣੇ ਦਿਲੇ ਦੀ ਦੱਸ ਮੈਨੂੰ ਖ਼ੁਸ਼ੀ ਹੋ ਘਰ ਖੇੜਿਆਂ ਵੱਸ ਖਾਂ ਨੀ
ਕਰ ਸ਼ੁਕਰ ਖ਼ੁਦਾ ਦਾ ਬਹੁਤ ਹੀਰੇ ਸੈਦੇ ਮੁਕਬਲੇ ਤੋਂ ਮੱਤ ਨੱਸ ਖਾਂ ਨੀ

੨੭੫

ਹੀਰ ਆਖਦੀ ਸਹਿਤੀ ਨੂੰ ਕਸਮ ਸੇਤੀ ਤੈਨੂੰ ਸੱਚ ਦੀ ਗਲ ਸੁਣਾਵਨੀ ਹਾਂ
ਮੈਨੂੰ ਖ਼ਬਰ ਨਾਹੀਂ ਏਸ ਕੰਮ ਦੀ ਨੀ ਮੈਂ ਤਾਂ ਕਸਮ ਕੁਰਆਨ ਦੀ ਖਾਵਨੀ ਹਾਂ
ਮੈਂ ਤਾਂ ਉੱਠੀ ਸਾਂ ਪੜ੍ਹਨ ਨਿਮਾਜ਼ ਤਾਈਂ ਤੈਨੂੰ ਆਖ ਬਿਆਨ ਬਤਾਵਨੀ ਹਾਂ
ਪਲੰਘ ਪਿਆ ਖ਼ਾਲੀ ਮੈਂ ਤਾਂ ਆਣ ਸੁੱਤੀ ਮੁਕਬਲ ਝੂਠ ਨਾ ਜ਼ਰਾ ਅਲਾਵਨੀ ਹਾਂ

੨੭੬

ਦਿਨ ਦੂਸਰੇ ਤੀਸਰੇ ਸਭ ਖੇੜੇ ਕੱਠੇ ਹੋ ਬੈਠੇ ਫੇਰ ਆਇਕੇ ਜੀ
ਕਰ ਜਮ੍ਹਾਂ ਸਿਆਲਾਂ ਦੇ ਸਭ ਲਾਗੀ ਲਏ ਆਪਣੇ ਪਾਸ ਬੁਲਾਇਕੇ ਜੀ
ਦਿੱਤੀ ਰੋਕ ਰਵਾਨਗੀ ਖੇੜਿਆਂ ਨੇ ਰੁਖ਼ਸਤ ਕੀਤੇ ਨੇ ਸਭ ਬਹਾਇਕੇ ਜੀ
ਮੁਕਬਲ ਝੰਗ ਸਿਆਲਾਂ ਨੂੰ ਰਵਾਂ ਕੀਤੇ ਪੈਂਡਾ ਕੱਟ ਪਹੁੰਚੇ ਘਰੀਂ ਆਇਕੇ ਜੀ

ਰਾਂਝੇ ਦਾ ਤਖ਼ਤ ਹਜ਼ਾਰੇ ਨੂੰ ਰਵਾਨਾ ਹੋਣਾ

੨੭੭

ਹੱਥ ਦਿੱਤੀ ਵਿਦਾਈਗੀ ਖੇੜਿਆਂ ਨੇ ਰਾਂਝਾ ਝੰਗ ਸਿਆਲਾਂ ਨੂੰ ਘੱਲਿਆ ਏ
ਰਾਂਝੇ ਰਾਹ ਸਿਆਲਾਂ ਦਾ ਛੱਡ ਦਿੱਤਾ ਫੇਰ ਤਖ਼ਤ ਹਜ਼ਾਰੇ ਨੂੰ ਚੱਲਿਆ ਏ
ਮਿਲਿਆ ਜਾਇਕੇ ਭਾਈਆਂ ਭਾਬੀਆਂ ਨੂੰ ਪਾਣੀ ਰਿਜ਼ਕ ਨੇ ਮਾਰ ਉਥੱਲਿਆ ਏ
ਮੁਕਬਲ ਖੇੜਿਆਂ ਨੇ ਬਹੁਤ ਬੁਰਾ ਕੀਤਾ ਰਾਂਝਾ ਹੀਰ ਕੋਲੋਂ ਮੋੜ ਘੱਲਿਆ ਏ

੨੭੮

ਭਾਈ ਵੇਖ ਕੇ ਰਾਂਝੇ ਨੂੰ ਖ਼ੁਸ਼ੀ ਹੋਈ ਸ਼ੱਕਰ ਵੰਡਦੇ ਪੀਰ ਮਨਾਉਂਦੇ ਨੇ
ਪਾਣੀ ਗਰਮ ਦੇ ਨਾਲ ਨਹਾਲਦੇ ਨੇ ਜੋੜਾ ਖ਼ਾਸੇ ਦਾ ਚਾ ਪਹਿਨਾਉਂਦੇ ਨੇ
ਸਿਰ ਚੁੰਮ ਕੇ ਬਹੁਤ ਪਿਆਰ ਦਿੰਦੇ ਤੁਰਤ ਚੂਰੀਆਂ ਕੁੱਟ ਖੁਆਉਂਦੇ ਨੇ
ਲੱਤਾਂ ਤੇਰੀਆਂ ਤੇ ਸਿਰ ਅਸਾਡੜਾ ਏ ਮੁਕਬਲ ਰਾਂਝੇ ਦਾ ਜੀਉ ਧਰਾਉਂਦੇ ਨੇ

੨੭੯

ਹੋਇਆ ਚਿੰਦਿਆ ਰਾਂਝੇ ਦੀਆਂ ਭਾਬੀਆਂ ਦਾ ਮੁਸ਼ਤਾਕ ਮਹਿਜ਼ੂਜ਼ ਖ਼ੁਸ਼ਹਾਲ ਹੋਈਆਂ
ਰਾਂਝਾ ਰੱਬ ਨੇ ਆਣ ਮਿਲਾਇਆ ਏ ਮੁੱਖ ਰਾਂਝੇ ਦਾ ਵੇਖ ਨਿਹਾਲ ਹੋਈਆਂ
ਸਭਨਾਂ ਰਾਂਝੇ ਦੇ ਨਾਲ ਇਖ਼ਲਾਸ ਕੀਤਾ ਦਿਨੇ ਰਾਤ ਫ਼ਕੀਰ ਦੇ ਖ਼ਿਆਲ ਹੋਈਆਂ
ਮੁਕਬਲ ਆਖਦੀਆਂ ਰਾਂਝਿਆ ਬਾਝ ਤੇਰੇ ਅਸੀਂ ਸਿਕਦੀਆਂ ਬਹੁਤ ਬੇਹਾਲ ਹੋਈਆਂ

੨੮੦

ਲਾਰੇ ਲਾ ਰਾਂਝਾ ਭਰਜਾਈਆਂ ਨੂੰ ਨਿੱਤ ਆਪਣੇ ਖਹਿੜਿਓਂ ਟਾਲਦਾ ਏ
ਹੁਕਮ ਕਰੋ ਸੋ ਮੰਨਸਾਂ ਭਾਬੀਓ ਨੀ ਵਕਤ ਨਾਲ਼ ਖ਼ੁਸ਼ਾਮਤਾਂ ਜਾਲਦਾ ਏ
ਇਸ਼ਕ ਹੀਰ ਦਾ ਨਿੱਤ ਰੰਝੇਟੜੇ ਨੂੰ ਸੀਨੇ ਵਿੱਚ ਅਲੰਬੜਾ ਬਾਲਦਾ ਏ
ਦਿਲ ਭਾਬੀਆਂ ਨਾਲ਼ ਨਾ ਮੂਲ ਲਾਵੇ ਮੁਕਬਲ ਕੌਲ ਮਾਸ਼ੂਕ ਦਾ ਪਾਲਦਾ ਏ

ਹੀਰ ਦਾ ਰਾਂਝੇ ਦੇ ਫ਼ਿਕਰ ਵਿੱਚ ਬੇਹਾਲ ਹੋਣਾ

੨੮੧

ਇਸ਼ਕ ਰਾਂਝੇ ਦੇ ਮਾਰ ਕੇ ਚੂਰ ਕੀਤੀ ਨੱਢੀ ਹੀਰ ਦਾ ਕੁੱਝ ਅਹਿਵਾਲ ਨਾਹੀਂ
ਨੱਢੀ ਖੇਡਣਾਂ ਹੱਸਣਾਂ ਛੱਡ ਗਈ ਫਿਰੇ ਕਮਲੀ ਸੁਧ ਸੰਭਾਲ਼ ਨਾਹੀਂ
ਦਮ ਦਮ ਚਿਤਾਰਦੀ ਰਾਂਝਣੇ ਨੂੰ ਕੋਈ ਹੋਰ ਭੀ ਜ਼ਰਾ ਖ਼ਿਆਲ ਨਾਹੀਂ
ਮੁਕਬਲ ਮਿਲੇ ਤਾਂ ਕੱਟੀਏ ਦਰਦ ਮੇਰਾ ਮੈਨੂੰ ਰੱਬ ਤੋਂ ਹੋਰ ਸਵਾਲ ਨਾਹੀਂ

੨੮੨

ਵਿੱਚ ਅੱਖਾਂ ਦੇ ਇਸ਼ਕ ਦੀ ਚਿਣਗ ਪੂਰੀ ਮਹਿਰਮ ਕਾਰ ਹੋਵੇ ਸੋਈ ਆਣ ਪੁੱਟੇ
ਕੱਢੀ ਕਿਸੇ ਤੋਂ ਮੂਲ ਨਾ ਜਾਉਂਦੀ ਏ ਸੂਈਆਂ ਕਈ ਹਨੇਰੇ ਨੇ ਮਾਰ ਥੱਕੇ
ਵੈਦ ਕਈ ਤੇ ਲੱਖ ਹਜ਼ਾਰ ਮੁੱਲਾਂ ਪੜ੍ਹਨ ਇਲਮ ਤੇ ਹਿਕਮਤਾਂ ਲਾ ਹੁੱਟੇ
ਮੁਕਬਲ ਯਾਰ ਨੂੰ ਆਣ ਮਿਲਾ ਮੈਨੂੰ ਮੇਰੀ ਜਾਨ ਅਜ਼ਾਬ ਤੋਂ ਝੱਬ ਛੁੱਟੇ

੨੮੩

ਸਹਿਤੀ ਆਇਕੇ ਪੁੱਛਦੀ ਹੀਰ ਤਾਈਂ ਕੇਹੀ ਭਾਬੀਏ ਤੁਧ ਨੂੰ ਵਾ ਵੱਗੀ
ਆਈ ਜਦੋਂ ਦੀ ਸਾਹੁਰੇ ਪੇਕਿਆਂ ਤੋਂ ਡਿੱਠੀ ਕਦੀ ਨਾ ਹੱਸਕੇ ਕੰਮ ਲੱਗੀ
ਦਿਨੋਂ ਦਿਨ ਤੂੰ ਸੁਕਦੀ ਜਾਉਂਦੀ ਏਂ ਦਿੱਸੇਂ ਸਾਂਵਲੀ ਪੀਲੜੀ ਜ਼ਰਦ ਬੱਗੀ
ਮੁਕਬਲ ਕਾਮਨਾਂ ਦੇ ਤੈਨੂੰ ਜ਼ੋਰ ਪਏ ਮੈਂ ਤਾਂ ਭੇਤ ਨਾ ਜਾਣਦੀ ਪੁਛ ਥੱਕੀ
੨੮੪

ਭੇਤ ਅੱਵਲੋਂ ਆਖ਼ਰੋਂ ਫੋਲ ਸਾਰਾ ਹੀਰ ਸਹਿਤੀ ਨੂੰ ਆਖ ਸੁਣਾਂਵਦੀ ਏ
ਨਹੀਂ ਤਾਪ ਤੇ ਸਲ ਸਰਾਪ ਮੈਨੂੰ ਪੀੜ ਇਸ਼ਕ ਦੀ ਕਾਲਜਾ ਖਾਂਵਦੀ ਏ
ਮੇਰਾ ਚਾਕ ਬਾਝੋਂ ਦਿਲ ਮੋਇਆ ਜਾਂਦਾ ਅੱਖੀਂ ਰਾਤ ਨੂੰ ਨੀਂਦ ਨਾ ਆਂਵਦੀ ਏ
ਯਾਰ ਮੇਲ ਮੈਨੂੰ ਜੇ ਤੁਧ ਮਿਹਰ ਕੀਤੀ ਮੁਕਬਲ ਦੂਸਰੀ ਗੱਲ ਨਾ ਭਾਂਵਦੀ ਏ

੨੮੫

ਖ਼ਾਤਿਰ ਜਮ੍ਹਾਂ ਕਰ ਹੀਰ ਨੂੰ ਕਹੇ ਸਹਿਤੀ ਤੇਰੇ ਦਰਦ ਦਾ ਸਹਿਜ ਇਲਾਜ ਹੀਰੇ
ਮੈਨੂੰ ਨਾਲ਼ ਮੁਰਾਦ ਬਲੋਚ ਦੇ ਨੀ ਤੇਰੇ ਵਾਂਗ ਪਰੇਮ ਦਾ ਕਾਜ ਹੀਰੇ
ਰੁੱਕਾ ਲਿਖ ਤੂੰ ਆਪਣੇ ਚਾਕ ਤਾਈਂ ਤੇਰੇ ਨਾਲ਼ ਜੇ ਓਸਦਾ ਸਾਜ ਹੀਰੇ
ਖ਼ਤ ਵਾਚਦਾ ਆਵਸੀ ਪਾਸ ਤੇਰੇ ਮੁਕਬਲ ਬਹੁਤ ਜੇ ਤੇਰਾ ਮੁਹਤਾਜ ਹੀਰੇ

੨੮੬

ਮਸਲਤ ਸਹਿਤੀ ਦੀ ਹੀਰ ਦੇ ਜੀਉ ਲੱਗੀ ਨਢੀ ਇਕ ਤੋਂ ਫੁੱਲ ਕੇ ਚਾਰ ਹੋਈ
ਸਭੇ ਜ਼ਹਿਮਤਾਂ ਹੀਰ ਦੀਆਂ ਰਫ਼ਾ ਹੋਈਆਂ ਸਹਿਤੀ ਠੰਢ ਪਾਈ ਗੁਲਜ਼ਾਰ ਹੋਈ
ਸੁੱਕੇ ਰੁੱਖ ਹੋਏ ਹਰਿਆਵਲੇ ਜੀ ਹੀਰ ਕਮਲੀ ਤੋਂ ਹੁਸ਼ਿਆਰ ਹੋਈ
ਮੁਕਬਲ ਸਹਿਤੀ ਦੇ ਬਾਬ ਦੁਆ ਕਰ ਕੇ ਹੀਰ ਲਿਖਣ ਨੂੰ ਖ਼ਤ ਤਿਆਰ ਹੋਈ

ਹੀਰ ਦਾ ਰਾਂਝੇ ਨੂੰ ਖ਼ਤ

੨੮੭

ਹੀਰ ਕਲਮ ਦਵਾਤ ਮੰਗਾਇ ਲੈਂਦੀ ਲਿਖੇ ਰਾਂਝੇ ਨੂੰ ਖ਼ੂਬ ਮਕਤੂਬ ਮੀਆਂ
ਉਂਗਲ਼ ਕੱਟ ਕੇ ਹੀਰ ਨੇ ਕਲਮ ਕੀਤੀ ਸਿਆਹੀ ਹੰਝੂਆਂ ਦੀ ਮਤਲੂਬ ਮੀਆਂ
ਪੁਰਜ਼ਾ ਦਿਲੇ ਦਾ ਪਾੜ ਕੇ ਲਿਆ ਕਾਗ਼ਜ਼ ਰੋ ਲਿਖਦੀ ਹਾਲ ਮਹਿਬੂਬ ਮੀਆਂ
ਪਿਆਰੇ ਮੁਕਬਲੇ ਚਿਰੀਂ ਵਿਛੁੰਨੜੇ ਨੂੰ ਰੁੱਕਾ ਲਿਖ ਕੇ ਭੇਜਦੀ ਖ਼ੂਬ ਮੀਆਂ

੨੮੮

ਪੰਜਾਂ ਪੀਰਾਂ ਦੇ ਰੂਬਰੂ ਜੋ ਹੋਇਆ ਉਹੀ ਪਿਛਲੇ ਕੌਲ ਸੰਭਾਲ਼ ਮੀਆਂ
ਮੱਖਣ ਦੇਹੀ ਮੇਰੀ ਹੋਈ ਸੁੱਕ ਨਾੜਾਂ ਆਇ ਵੇਖ ਵਿਛੋੜੇ ਦਾ ਹਾਲ ਮੀਆਂ
ਮਾਪੇ ਛੱਡ ਤੇਰਾ ਲੜ ਪਕੜਿਆ ਸੀ ਜਿਵੇਂ ਜਾਣਨਾਂ ਏਂ ਤਿਵੇਂ ਪਾਲ਼ ਮੀਆਂ
ਮੁਕਬਲ ਆਪ ਤੇ ਆਉਣਾ ਛੱਡਿਆ ਈ ਕਦੇ ਯਾਦ ਕਰ ਖ਼ਤ ਦੇ ਨਾਲ਼ ਮੀਆਂ

੨੮੯

ਰਾਂਝਾ ਅੱਖੀਂ ਨੂੰ ਤਲਬ ਦੀਦਾਰ ਦੀ ਹੈ ਗੱਲ ਲੱਗਣ ਨੂੰ ਆਉਂਦਾ ਖ਼ਿਆਲ ਮੀਆਂ
ਮੂਲ਼ੀ ਕਿਹੜੇ ਬਾਗ਼ ਦੀ ਹੋਵਨੀ ਹਾਂ ਬੋਲਾਂ ਸੁਖ਼ਨ ਬਰਾਬਰੀ ਨਾਲ਼ ਮੀਆਂ
ਦੁੱਖਾਂ ਉਪਰੋਂ ਸੁੱਖ ਕੁਰਬਾਨ ਕੀਤੇ ਦੁੱਖ ਤਿਨ੍ਹਾ ਲੱਗੇ ਜਿਨ੍ਹਾ ਇਸ਼ਕ ਦੀ ਭਾਲ ਮੀਆਂ
ਮੁਕਬਲ ਆਇਕੇ ਦੇਹ ਦੀਦਾਰ ਮੈਨੂੰ ਕਿਸੇ ਗੱਲ ਦੀ ਹੋਰ ਨਾ ਭਾਲ ਮੀਆਂ

੨੯੦

ਰੁੱਕਾ ਲਿਖ ਕੇ ਹੀਰ ਨੇ ਮੋਹਰ ਕੀਤੀ ਦਿੰਦੀ ਸਹਿਤੀ ਦੇ ਹੱਥ ਛੁਪਾਇਕੇ ਜੀ
ਬੀਬੀ ਕਿਸੇ ਨੂੰ ਭੇਤ ਨਾ ਦੱਸਣਾ ਈਂ ਪਰਦਾ ਰੱਖਣਾਂ ਨਾਮ ਖ਼ੁਦਾਇਦੇ ਜੀ
ਸਹਿਤੀ ਲੈਂਦੀ ਹੀ ਖ਼ਤ ਨੂੰ ਰਵਾਂ ਹੋਈ ਦਿੰਦੀ ਬਾਹਮਣੇ ਦੇ ਹੱਥ ਜਾਇਕੇ ਜੀ
ਨਾਲ਼ ਪੰਜ ਰੁਪਈਯੜੇ ਰੋਕ ਦਿੰਦੀ ਕਹਿੰਦੀ ਮੁਕਬਲੇ ਨੂੰ ਸਮਝਾਇਕੇ ਜੀ

੨੯੧

ਦਾਦਾ ਹੀਰ ਦਾ ਲਿਖਿਆ ਰਾਂਝਣੇ ਨੂੰ ਪਰਦੇ ਵਿੱਚ ਲਿਜਾ ਪੁਚਾਉਣਾ ਈਂ
ਪਹਿਲਾਂ ਝੰਗ ਸਿਆਲਾਂ ਦੀ ਖ਼ਬਰ ਲਈਂ ਫਿਰ ਤਖ਼ਤ ਹਜ਼ਾਰੇ ਨੂੰ ਜਾਉਣਾ ਈਂ
ਪੜ੍ਹਵਾਇਕੇ ਰਾਂਝੇ ਨੂੰ ਸਭ ਰੁੱਕਾ ਉਸਦਾ ਮੋੜ ਜਵਾਬ ਲਿਆਉਨਾ ਈਂ
ਹੱਥ ਬੰਨ੍ਹ ਕੇ ਆਖਣਾ ਮੁਕਬਲੇ ਨੂੰ ਦਰਦਮੰਦਾਂ ਦਾ ਦਰਦ ਗੁਆaਣਾ ਈਂ

੨੯੨

ਬਾਹਮਣ ਘਿੰਨ ਕੇ ਖ਼ਤ ਤਿਆਰ ਹੋਇਆ ਪਹਿਲਾਂ ਝੰਗ ਸਿਆਲਾਂ ਦੇ ਜਾਂਵਦਾ ਏ
ਚੂਚਕ ਸਿਆਲ ਦੇ ਜਾਇਕੇ ਰਾਤ ਰਿਹਾ ਓਥੋਂ ਚਾਕ ਦੀ ਖ਼ਬਰ ਪੁਛਾਂਵਦਾ ਏ
ਲੋਕਾਂ ਆਖਿਆ ਵਤਨ ਨੂੰ ਗਿਆ ਰਾਂਝਾ ਨਾਲ਼ ਖ਼ੈਰ ਦੇ ਵਕਤ ਲੰਘਾਂਵਦਾ ਏ
ਮੁਕਬਲ ਚਾਕ ਦੀ ਖ਼ਬਰ ਤਹਿਕੀਕ ਲੈ ਕੇ ਫੇਰ ਤਖ਼ਤ ਹਜ਼ਾਰੇ ਨੂੰ ਜਾਂਵਦਾ ਏ

੨੯੩

ਵਿੱਚ ਤਖ਼ਤ ਹਜ਼ਾਰੇ ਦੇ ਜਾ ਵੜਿਆ ਮਿਲਿਆ ਰਾਂਝੇ ਨੂੰ ਢੂੰਡਦਾ ਜਾ ਮੀਆਂ
ਬ੍ਰਹਮਣ ਅਦਬ ਦੇ ਨਾਲ ਸਲਾਮ ਕਰਦਾ ਰਾਂਝਾ ਆਖਦਾ ਪਨਾਹ ਖ਼ੁਦਾ ਮੀਆਂ
ਕਿਥੋਂ ਆਇਆ ਹੈਂ ਕਿਹੜੀ ਜਾਇ ਵੱਸੇਂ ਗੱਲ ਸੱਚ ਦੀ ਆਖ ਸੁਣਾ ਮੀਆਂ
ਸੂਰਤ ਮੁਕਬਲੇ ਦੀ ਕਦੀ ਨਹੀਂ ਡਿੱਠੀ ਇਥੇ ਕੌਣ ਤੇਰਾ ਆਸ਼ਨਾ ਮੀਆਂ

੨੯੪

ਬਾਹਮਣ ਆਖਦਾ ਢੂੰਡ ਕੇ ਮਸਾਂ ਲੱਧਾ ਜਿਸ ਵਾਸਤੇ ਭਾਲਣੇ ਚੱਲਿਆ ਮੈਂ
ਮੇਰਾ ਵਤਨ ਹੈ ਰੰਗਪੁਰ ਖੇੜਿਆਂ ਦਾ ਤੈਂਥੇ ਹੀਰ ਸਿਆਲ਼ ਨੇ ਘੱਲਿਆ ਮੈਂ
ਰੁੱਕਾ ਵਾਚ ਕੇ ਦੇਹ ਜਵਾਬ ਮੈਨੂੰ ਫਿਰਾਂ ਮਸਤ ਉਦਾਸ ਉਡੱਲਿਆ ਮੈਂ
ਪੰਧ ਮਾਰ ਕੇ ਮੁਕਬਲਾ ਚੂਰ ਕੀਤਾ ਅੱਜ ਝੰਗ ਸਿਆਲਾਂ ਤੋਂ ਚਲਿਆ ਮੈਂ

੨੯੫

ਰਾਂਝਾ ਹੀਰ ਸਿਆਲ਼ ਦਾ ਨਾਮ ਲੈ ਕੇ ਉਠ ਬਾਹਮਨੇ ਨੂੰ ਗਲ ਲਾਉਂਦਾ ਏ
ਆਸ਼ਕ ਵਾਚ ਕੇ ਖ਼ਤ ਮਹਿਜ਼ੂਜ਼ ਹੋਇਆ ਜਾਮੇ ਵਿੱਚ ਨਾ ਫੁੱਲ ਸਮਾਉਂਦਾ ਏ
ਵਾ ਫ਼ਜਰ ਦੀ ਨਾਲ਼ ਜਿਉਂ ਫੁੱਲ ਖਿੜਦੇ ਤਿਵੇਂ ਚਾਕ ਭੀ ਫੁਲਦਾ ਜਾਉਂਦਾ ਏ
ਲੱਖ ਵਰ੍ਹਿਆਂ ਦੇ ਕਰੰਗ ਨੂੰ ਜਿੰਦ ਪਈ ਮੁਕਬਲ ਰੱਬ ਦਾ ਨਾਮ ਧਿਆਉਂਦਾ ਏ

੨੯੬

ਰਾਂਝਾ ਵਾਰਨੇ ਜਾਂਵਦਾ ਬਾਹਮਣੇ ਦੇ ਘਰ ਆਪਣੇ ਜਾਇ ਬਹਾਉਂਦਾ ਏ
ਪਕਵਾਇਕੇ ਆਪਣੀ ਬਾਹਮਣੀ ਤੋਂ ਓਹਨੂੰ ਖੰਡ ਤੇ ਖੀਰ ਖੁਆਉਂਦਾ ਏ
ਰੰਗਾ ਰੰਗ ਦੇ ਲੇਫ਼ ਨਿਹਾਲੀਆਂ ਤੇ ਪਾਸ ਆਪਣੇ ਚਾ ਸੁਆਉਂਦਾ ਏ
ਲੋਕਾਂ ਸੁੱਤਿਆਂ ਉੱਠ ਕੇ ਰਾਤ ਅੱਧੀ ਮੁਕਬਲ ਅਕਲ ਦਾ ਦੀਵਾ ਜਲਾਉਂਦਾ ਏ

੨੯੭

ਰਾਂਝਾ ਹੀਰ ਦੇ ਖ਼ਤ ਦਾ ਬੈਠ ਗੋਸ਼ੇ ਜ਼ਾਰੀ ਰੋਇਕੇ ਲਿਖੇ ਜਵਾਬ ਮੀਆਂ
ਸੁਣ ਕੇ ਸੋਜ਼ ਗੁਦਾਜ਼ ਰੰਝੇਟੜੇ ਦਾ ਸੀਨਾ ਹੋਂਵਦਾ ਭੁੱਜ ਕਬਾਬ ਮੀਆਂ
ਕੋਈ ਲਿਖਿਆ ਪੜ੍ਹੇ ਜੋ ਆਸ਼ਕਾਂ ਦਾ ਹੁੰਦਾ ਮਸਤ ਬਗ਼ੈਰ ਸ਼ਰਾਬ ਮੀਆਂ
ਜੋ ਕੁੱਝ ਹੀਰ ਨੂੰ ਬੇਨਤੀ ਲਿਖੇ ਰਾਂਝਾ ਮੁਕਬਲ ਆਖ ਸੁਣਾਓ ਸ਼ਿਤਾਬ ਮੀਆਂ

੨੯੮

ਤੇਰੇ ਇਸ਼ਕ ਤੋਂ ਆਫ਼ਰੀਂ ਜਟੀਏ ਨੀ ਕੌਲ ਅਪਣਾ ਪਾਲ਼ ਵਿਖਾਇਆ ਈ
ਅੱਜ ਘੜੀ ਸੁਲੱਖਣੀ ਖ਼ੈਰ ਦੀ ਏ ਤੇਰਾ ਸੁੱਖ ਸੁਨੇਹੁੜਾ ਆਇਆ ਈ
ਨਿਹੁੰ ਲਾਇਕੇ ਕੁਝ ਨਾ ਵੱਟਿਆ ਈ ਐਵੇਂ ਜੱਗ ਤੋਂ ਚਾਕ ਸਦਾਇਆ ਈ
ਕੁੱਝ ਤੇਰਾ ਭੀ ਜਟੀਏ ਵੱਸ ਨਾਹੀਂ ਕੀਤਾ ਆਪਣਾ ਮੁਕਬਲੇ ਪਾਇਆ ਈ

੨੯੯

ਤੇਰੀਆਂ ਅੱਖੀਆਂ ਬਿਰਹੋਂ ਦੀਆਂ ਕਾਤੀਆਂ ਨੇ ਲਟਬਉਰੀਏ ਤੇ ਅਲਬੇਲੀਏ ਨੀ
ਨਿਹੁੰ ਲਾਇਕੇ ਸ਼ਹਿਰ ਤੋਂ ਨੱਸ ਗਈਓਂ ਗੱਲ ਖ਼ਾਮ ਹੈ ਅੰਗ ਸਹੇਲੀਏ ਨੀ
ਸੀਨਾ ਪੱਛ ਕੇ ਲੂਣ ਛੁਹਾਉਨੀ ਏਂ ਮਾਣ ਮੱਤੀਏ ਗਰਬ ਗਹੇਲੀਏ ਨੀ
ਰੋਂਦਾ ਛੱਡ ਕੇ ਖੇੜਿਆਂ ਨਾਲ਼ ਗਈਓਂ ਮੁਕਬਲ ਆਪਣੇ ਥੀਂ ਅਠਖੇਲੀਏ ਨੀ

੩੦੦

ਹੀਰੇ ਬਰਸਦੇ ਨੈਣ ਨੇ ਮੀਂਹ ਮੇਰੇ ਕੋਈ ਉਮਰ ਦਾ ਰੋਵਣਾਂ ਪਾਇਆ ਈ
ਤੇਰੇ ਨਾਲ਼ ਲੇਖਾ ਦਰਗਾਹ ਮੇਰਾ ਤੇਰੇ ਇਸ਼ਕ ਨੇ ਬਹੁਤ ਦੁਖਾਇਆ ਈ
ਕਹੇਂ ਕੁੱਝ ਤੇ ਕੁੱਝ ਕਮਾਵਣੀ ਏਂ ਐਵੇਂ ਆਪਣਾ ਹਾਲ ਵੰਜਾਇਆ ਈ
ਜਿਚਰ ਜਾਨ ਹੈ ਸਿਰੇ ਦੇ ਜ਼ੋਰ ਕਰਸਾਂ ਮੁਕਬਲ ਯਾਰ ਨੇ ਜੋ ਫ਼ਰਮਾਇਆ ਈ

੩੦੧

ਮੈਨੂੰ ਕਸਮ ਖ਼ੁਦਾ ਦੀ ਲਿਖੇ ਰਾਂਝਾ ਤੇਰੇ ਨਾਲ਼ ਨਾਹੀਂ ਮੈਂ ਤਾਂ ਮੂਲ ਰੁੱਠਾ
ਤੇਰੇ ਤਿਖੜੇ ਨੈਣ ਕਟਾਰੀਆਂ ਨੇ ਮੇਰਾ ਜੀਉ ਤੇ ਪਿੰਡ ਤੇ ਚਾ ਕੁੱਠਾ
ਤੂੰ ਤਾਂ ਸਾਹੁਰੇ ਜਾਇਕੇ ਵਾਸ ਹੋਈਓਂ ਫਿਰਾਂ ਦੇਸ ਪਰਦੇਸ ਦੇ ਵਿੱਚ ਮੁੱਠਾ
ਤੁਸਾਂ ਮੁਕਬਲੇ ਨੂੰ ਹੁਣ ਯਾਦ ਕੀਤਾ ਮੇਰੇ ਤਾਲਿਆ ਤੇ ਰੱਬ ਫੇਰ ਤੁੱਠਾ

੩੦੨

ਹੀਰੇ ਭਾਹ ਜਲਾਈਆ ਤਨ ਮੇਰੇ ਤੈਨੂੰ ਆਖ ਖਾਂ ਹੱਥ ਕੀ ਆਇਆ ਈ
ਮੈਂ ਤਾਂ ਆਪਣੇ ਕੌਲ ਤੇ ਦੇਵਾਂ ਪਹਿਰਾ ਤੇਰਾ ਅੰਤ ਨਾਹੀਂ ਹੱਥ ਆਇਆ ਈ
ਕਿਸੇ ਵੇਲੇ ਦਾ ਫੇੜਿਆ ਆਇਆ ਅੱਗੇ ਦਾਣੇ ਪਾਣੀ ਕੀ ਪਕੜ ਬਿਠਾਇਆ ਈ
ਮੁਕਬਲ ਜਿਉਂਦੇ ਜੀਉ ਇਕਵਾਰ ਤੈਂਥੇ ਆਣ ਪਹੁੰਚਿਆ ਰੱਬ ਜੇ ਚਾਹਿਆ ਈ

੩੦੩

ਰੁੱਕਾ ਲਿਖ ਕੇ ਰਾਂਝਣੇ ਬੰਦ ਕੀਤਾ ਹੱਥ ਬਾਹਮਣੇ ਦੇ ਪਕੜਾਉਂਦਾ ਏ
ਇਕ ਅਸ਼ਰਫ਼ੀ ਤੇ ਸਿਰੋਪਾ ਖ਼ਾਸਾ ਦੇ ਕੇ ਇਹ ਬਾਹਮਣੇ ਨੂੰ ਫ਼ਰਮਾਉਂਦਾ ਏ
ਜੇਹਾ ਤੁਧ ਮੈਂ ਨਾਲ਼ ਅਹਿਸਾਨ ਕੀਤਾ ਤੇਰਾ ਅਜਰ ਨਾ ਦਿਤਿਆ ਜਾਉਂਦਾ ਏ
ਮੁਕਬਲ ਖ਼ੁਸ਼ੀ ਰਹਿਣਾ ਕਰ ਮੇਹਰਬਾਨੀ ਸਾਨੂੰ ਦਾਗ਼ ਤੁਸਾਡਾ ਨਾ ਭਾਉਂਦਾ ਏ

੩੦੪

ਦਾਦਾ ਹੀਰ ਨੂੰ ਬਾਦ ਸਲਾਮ ਆਖੀਂ ਕੁੱਝ ਜੀ ਤੇ ਮੂਲ ਨਾ ਲਿਆਉਣਾ ਈਂ
ਸ਼ਾਮ ਸ਼ਾਮ ਮੈਂ ਰੰਗਪੁਰ ਖੇੜਿਆਂ ਦੇ ਖ਼ਾਤਿਰ ਹੀਰ ਸਿਆਲ਼ ਦੀ ਆਉਣਾ ਈਂ
ਚੋਰੀ ਭਾਈਆਂ ਤੇ ਭਰਜਾਈਆਂ ਥੀਂ ਰਾਤੋ ਰਾਤ ਮੈਂ ਉੱਠ ਸਿਧਾਉਣਾ ਈਂ
ਮੁਕਬਲ ਯਾਰ ਦੇ ਪੈਰਾਂ ਦੀ ਖ਼ਾਕ ਦਾ ਮੈਂ ਸੁਰਮਾ ਅੱਖੀਆਂ ਦੇ ਵਿੱਚ ਪਾਉਣਾ ਈਂ

੩੦੫

ਬਾਹਮਣ ਹੋ ਵਿਦਿਆ ਉਠ ਰਾਂਝਣੇ ਤੋਂ ਪਹੁੰਚਾ ਫ਼ਜ਼ਲੀਂ ਰੰਗ ਪੁਰ ਖੇੜਿਆਂ ਦੇ
ਖ਼ਤ ਲਿਆਇਕੇ ਸਹਿਤੀ ਦੇ ਹੱਥ ਦਿੰਦਾ ਇਸ਼ਕ ਮਾਮਲੇ ਝਗੜੇ ਝੇੜਿਆਂ ਦੇ
ਸਹਿਤੀ ਹੀਰ ਨੂੰ ਖ਼ਤ ਪਹੁੰਚਾਂਵਦੀ ਏ ਹੀਰ ਵਾਚਦੀ ਨਾਲ਼ ਸਹੇੜਿਆਂ ਦੇ
ਹੀਰ ਵਾਚ ਕੇ ਖ਼ਤ ਮਹਿਜ਼ੂਜ਼ ਹੋਈ ਮੁਕਬਲ ਗਾਉਂਦੀ ਰਾਗ ਸੁਨੇਹੁੜਿਆਂ ਦੇ

ਰਾਂਝੇ ਦਾ ਬਾਲਨਾਥ ਕੋਲ ਮੁਰੀਦ ਹੋਣ ਲਈ ਜਾਣਾ

੩੦੬

ਚਾਟ ਬਿਰਹੋਂ ਦੀ ਰਾਂਝੇ ਨੂੰ ਫੇਰ ਜਾਗੀ ਸੀਨਾ ਸਾਂਗ ਫ਼ਿਰਾਕ ਦੀ ਸੱਲਿਆ ਏ
ਚੋਰੀ ਭਾਈਆਂ ਤੇ ਭਰਜਾਈਆਂ ਤੋਂ ਬਾਲਨਾਥ ਗੁਸਾਈਂ ਦੇ ਚੱਲਿਆ ਏ
ਪਹੁਤਾ ਮੰਜ਼ਲੋ ਮੰਜ਼ਲੀਂ ਜਾਇ ਟਿੱਲੇ ਜੋਗੀ ਹੋਵਣੇ ਤੇ ਜੀਉ ਹੱਲਿਆ ਏ
ਮੁਕਬਲ ਸੂਰੀਆਂ ਚਾਰੀਆਂ ਸ਼ੇਖ਼ ਸੁੰਨੀਆਂ ਜਦੋਂ ਇਸ਼ਕ ਨੇ ਮਾਰ ਪਥੱਲਿਆ ਏ

੩੦੭

ਬਾਲਨਾਥ ਦੇ ਦਾਇਰੇ ਜਾਇਕੇ ਜੀ ਰੋੜੀ ਗੁੜੇ ਦੀ ਹੋਰ ਜੋ ਰੋਕ ਸਰਿਆ
ਪੈਰ ਚੁੰਮ ਕੇ ਰਾਂਝਣਾ ਸਿਦਕ ਸੇਤੀ ਬਾਲਨਾਥ ਦੀ ਜਾਇਕੇ ਨਜ਼ਰ ਧਰਿਆ
ਹੱਥ ਬੰਨ੍ਹ ਕੇ ਰੂਬਰੂ ਖੜ੍ਹਾ ਹੋਇਆ ਗੋਪੀ ਚੰਦ ਜਿਉਂ ਲੋੜਦਾ ਜੋਗ ਕਰਿਆ
ਮੇਰੇ ਭਾਗ ਜਾਗੇ ਮਿਲਿਆ ਗੁਰੂ ਮੈਨੂੰ ਮੁਕਬਲ ਰੱਬ ਦੇ ਫ਼ਜ਼ਲ ਦੇ ਨਾਲ ਤਰਿਆ

੩੦੮

ਬਾਲਨਾਥ ਨੇ ਆਖਿਆ ਰਾਂਝਣੇ ਨੂੰ ਬੱਚਾ ਆਇਕੇ ਬੈਠ ਵਿਛਾਉਣੇ ਤੇ
ਚੱਲ ਕੇਹੜੇ ਦੇਸ ਤੋਂ ਆਇਆ ਏਂ ਜੀ ਕੇਹੜੇ ਦੇਸ ਹੈ ਜਾਉਣੇ ਤੇ
ਉਸ਼ਨਾਕ ਜਹਿਆ ਨਜ਼ਰ ਆਉਨਾ ਏਂ ਲੱਕ ਬੱਧਾ ਈ ਜੀ ਪਰਚਾਉਣੇ ਤੇ
ਦੱਸ ਵਾਸਤਾ ਮੁਕਬਲਾ ਆਵਣੇ ਦਾ ਮੇਰਾ ਜੀ ਹੈ ਬਹੁਤ ਪੁਛਾਉਣੇ ਤੇ

੩੦੯

ਰਾਂਝਾ ਵੇਖ ਕੇ ਜੋਗੀ ਦੀ ਮਿਹਰਬਾਨੀ ਬਾਲਨਾਥ ਦੇ ਜਾਇਕੇ ਪੈਰ ਫੜਦਾ
ਕਹਿੰਦਾ ਨਾਥ ਜੀ ਬਿਰਹੋਂ ਦੀ ਅੱਗ ਭੜਕੀ ਮੇਰਾ ਹੈ ਕਲੇਜੜਾ ਨਿੱਤ ਸੜਦਾ
ਤੇਰੀ ਸਿਫ਼ਤ ਮੈਂ ਸੁਣੀ ਹੈ ਜੋਗੀਆਂ ਤੋਂ ਬਾਲਨਾਥ ਸੰਸਾਰ ਨੂੰ ਸੁਰਗ ਕਰਦਾ
ਮੁਕਬਲ ਗੁਰੂ ਬਣ ਜੋਗ ਸਿਖਲਾਓ ਮੈਨੂੰ ਤੇਰਾ ਮੁੱਖ ਦੇਖੇ ਸਭੋ ਪਾਪ ਝੜਦਾ

੩੧੦

ਬਾਲਨਾਥ ਰੰਝੇਟੇ ਦੀ ਗੱਲ ਸੁਣ ਕੇ ਰਿਹਾ ਹੋਇਕੇ ਬਹੁਤ ਹੈਰਾਨ ਮੀਆਂ
ਕਹਿੰਦਾ ਕਮਲਿਆ ਛੋਹਰਾ ਅਕਲ ਗਈਓ ਨਹੀਂ ਸਿਖਣਾਂ ਜੋਗ ਅਸਾਨ ਮੀਆਂ
ਵਾਰੇ ਜੋਗ ਦੇ ਕਦੇ ਨਾ ਆਓਸੇਂ ਤੂੰ ਤੈਂਥੇ ਜੋਗ ਦਾ ਨਹੀਂ ਸਾਮਾਨ ਮੀਆਂ
ਜੋਗੀ ਹੋਇ ਕੀ ਮੁਕਬਲਾ ਵੱਟਣਾ ਈਂ ਹੱਸ ਖੇਡਕੇ ਕਰ ਗੁਜ਼ਰਾਨ ਮੀਆਂ

੩੧੧

ਰਾਂਝਾ ਨਾਥ ਥੀਂ ਸਖ਼ਤ ਜਵਾਬ ਸੁਣ ਕੇ ਜ਼ਾਰੀ ਰੋਇਕੇ ਹਾਲ ਸੁਣਾਂਵਦਾ ਏ
ਜੋਗੀ ਹੋਇਆਂ ਤੇ ਨਾਥ ਜੀ ਮੁਕਤ ਹੁੰਦੀ ਜੋਗ ਜੀ ਦੀ ਮੈਲ ਗਵਾਂਵਦਾ ਏ
ਜੋਗੀ ਹੋਇਆਂ ਤੇ ਪੁੱਜਦੀਆਂ ਸਭ ਆਸਾਂ ਜੋਗ ਰੱਬ ਨੂੰ ਚਾ ਮਿਲਾਂਵਦਾ ਏ
ਮੁਕਬਲ ਮੇਹਰ ਕਰ ਜੋਗ ਸਿਖਾ ਮੈਨੂੰ ਤੇਰੇ ਪੱਲਿਓਂ ਕੁੱਝ ਨਾ ਜਾਂਵਦਾ ਏ

੩੧੨

ਜੋਗੀ ਆਖਦਾ ਛੋਹਰਾ ਕਮਲਿਆ ਓਏ ਜਿੱਡਾ ਮੂੰਹ ਤੈਡੀ ਕਰ ਗੱਲ ਮੀਆਂ
ਜੋਗ ਕੰਮ ਹੈ ਸੂਰਿਆਂ ਪੂਰਿਆਂ ਦਾ ਜਿਹਨਾਂ ਝੱਲੇ ਨੇ ਬਿਰਹੁੰ ਦੇ ਸੱਲ ਮੀਆਂ
ਤੁਧ ਖਾਣੀਆਂ ਚੀਜ਼ਾਂ ਨਿਆਮਤਾਂ ਨੇ ਐਥੇ ਖਾਵਣਾ ਅੱਲ ਤੇ ਪੱਲ ਮੀਆਂ
ਮੁਕਬਲ ਜੋਗ ਬੈਰਾਗ ਦਾ ਛੱਡ ਖਹਿੜਾ ਰਾਹ ਬਾਪ ਤੇ ਦਾਦੇ ਦੇ ਚੱਲ ਮੀਆਂ

੩੧੩

ਰਾਂਝਾ ਆਖਦਾ ਜੋਗ ਹੈ ਖਰਾ ਔਖਾ ਬਾਲਨਾਥ ਜੀ ਸੱਚ ਫ਼ਰਮਾਉਂਦੇ ਹੋ
ਇਬਰਾਹੀਮ ਜੇਹਾਂ ਰਾਜ ਛੱਡ ਦਿੱਤਾ ਸਾਨੂੰ ਭੁੱਖ ਥੀਂ ਬਹੁਤ ਡਰਾਉਂਦੇ ਹੋ
ਘਰੋਂ ਹੋ ਉਦਾਸ ਤੁਸਾਂ ਪਾਸ ਆਏ ਤੁਸੀਂ ਭੜਕਦੇ ਨੂੰ ਭੜਕਾਉਂਦੇ ਹੋ
ਦਾਮਨ ਮੁਕਬਲੇ ਦਾ ਅਸਾਂ ਫੜਿਆ ਜੋਗ ਦੇਹੋ ਕੀ ਜੀਉ ਖਪਾਉਂਦੇ ਹੋ

੩੧੪

ਮਾਹੀ ਮੁੰਡਿਆ ਜੋਗ ਹੈ ਖਰਾ ਔਖਾ ਬਾਲਨਾਥ ਨੇ ਆਖ ਸੁਣਾਇਆ ਏ
ਕੱਦ ਸੋਹਣਾ ਭਲੀ ਪੋਸ਼ਾਕ ਤੇਰੀ ਹੱਸ ਖੇਡ ਕੇ ਵਕਤ ਲੰਘਾਇਆ ਏ
ਮਾਂ ਪੱਕੀਆਂ ਤੇ ਤੁਧ ਖਾਧੀਆਂ ਨੇ ਤੈਨੂੰ ਜੋਗ ਦਾ ਮਜ਼ਾ ਕੀ ਆਇਆ ਏ
ਮੁਕਬਲ ਜੋਗ ਬੇਰਾਗ ਦਾ ਰਾਹ ਔਖਾ ਘਰ ਜਾ ਕਿਉਂ ਜੀਉ ਖਪਾਇਆ ਏ

੩੧੫

ਰਾਂਝਾ ਰੋਇਕੇ ਆਖਦਾ ਨਾਥ ਤਾਈਂ ਮੈਨੂੰ ਜੋਗ ਦਾ ਰਾਹ ਬਤਾਈਏ ਜੀ
ਦੁਨੀਆ ਛੋਡ ਫ਼ਕੀਰੀ ਨੂੰ ਤਕ ਆਇਆ ਮੇਰੇ ਠੀਕਰੇ ਭਿਖਿਆ ਪਾਈਏ ਜੀ
ਲੈਕੇ ਉਸਤਰਾ ਦਰਦ ਫ਼ੇਰਾਕ ਵਾਲਾ ਦਰਦਮੰਦ ਦਾ ਮੂੰਡ ਮੁੰਡਾਈਏ ਜੀ
ਗੋਰਖ ਨਾਥ ਦੇ ਵਾਸਤੇ ਮੁਕਬਲੇ ਨੂੰ ਕੰਨ ਪਾੜ ਕੇ ਮੁੰਦਰਾਂ ਪਾਈਏ ਜੀ

੩੧੬

ਜੋਗੀ ਆਖਦਾ ਰਾਂਝੇ ਨੂੰ ਸਮਝ ਮੀਆਂ ਆ ਏਸ ਖ਼ਿਆਲ ਤੋਂ ਬਾਜ਼ ਮੀਆਂ
ਜੋਗੀ ਹੋਵਣਾਂ ਖ਼ਾਲਾ ਦਾ ਮਾਲ ਨਾਹੀਂ ਰੰਗਾਰੰਗ ਦੇ ਸੋਜ਼ ਗੁਦਾਜ਼ ਮੀਆਂ
ਰੱਦ ਖ਼ਲਕ ਹੋ ਕੇ ਗੁਜ਼ਰਾਨ ਕਰਨੀ ਐਥੇ ਨਹੀਂ ਨਿਆਮਤਾਂ ਨਾਜ਼ ਮੀਆਂ
ਐਥੇ ਮੰਗ ਕੇ ਟੁਕੜਾ ਖਾਵਣਾ ਏ ਮੁਕਬਲ ਰੱਬ ਗ਼ਰੀਬ ਨਵਾਜ਼ ਮੀਆਂ

੩੧੭

ਦਰਦ ਦੁੱਖ ਨੂੰ ਸਿਰੇ ਤੇ ਝੱਲਿਆ ਮੈਂ ਰਾਂਝੇ ਨਾਥ ਨੂੰ ਇਹ ਸੁਣਾਇਆ ਏ
ਤੁਸੀਂ ਆਪਣੇ ਦਿਲ ਤੋਂ ਕਰੋ ਦਇਆ ਮੈਂ ਤਾਂ ਕਰਮ ਲਿਖਿਆ ਸੋਈ ਪਾਇਆ ਏ
ਪੈਰ ਧੋਵਸਾਂ ਤੇਰਿਆਂ ਚੇਲਿਆਂ ਦੇ ਮੈਂ ਤਾਂ ਖ਼ੁਦੀ ਗੁਮਾਨ ਮਿਟਾਇਆ ਏ
ਮੁਕਬਲ ਰੱਬ ਦਾ ਫ਼ਜ਼ਲ ਜਦ ਆਣ ਹੋਇਆ ਤਦ ਨਾਥ ਨੂੰ ਆਣ ਮਿਲਾਇਆ ਏ

੩੧੮

ਜੋਗੀ ਆਖਦਾ ਰਾਂਝਿਆ ਜਾਣ ਮੇਰੀ ਨਾਹੀਂ ਜੋਗ ਕਮਾਵਣਾ ਸਹਿਲ ਮੀਆਂ
ਏਸੇ ਵਿੱਚ ਤੇਰਾ ਕੁੱਝ ਭੁਲਾ ਹੋਸੀ ਜਾ ਕੇ ਮਾਪਿਆਂ ਦੀ ਕਰ ਟਹਿਲ ਮੀਆਂ
ਜੋਗੀ ਸੋਈ ਜੋ ਮਰ ਰਹੇ ਜੀਉਂਦੇ ਜੀ ਛੱਡ ਖ਼ੁਦੀ ਗੁਮਾਨ ਤੇ ਜਹਿਲ ਮੀਆਂ
ਜੋਗੀ ਹੋਇਕੇ ਮੁਕਬਲਾ ਵੱਟਣਾਂ ਕੀ ਘਰ ਛੱਡ ਕੇ ਮਾੜੀਆਂ ਮਹਿਲ ਮੀਆਂ

੩੧੯

ਰਾਂਝਾ ਆਖਦਾ ਛੜਾ ਛੜਾਂਕ ਹਾਂ ਮੈਂ ਨਹੀਂ ਜਿਉਂਦਾ ਮਾਂ ਤੇ ਬਾਪ ਮੇਰਾ
ਸ਼ਰਬਤ ਜੋਗ ਦਾ ਘੋਲ਼ ਪਿਲਾਉ ਮੈਨੂੰ ਤਾਹੀਂ ਉੱਤਰੇ ਨਾਥ ਸੰਤਾਪ ਮੇਰਾ
ਤੁਸਾਂ ਤੁਠਿਆਂ ਹੋਏ ਜੇ ਕੰਮ ਮੇਰਾ ਤੁਸਾਂ ਤੁਠਿਆਂ ਉਤਰੇ ਪਾਪ ਮੇਰਾ
ਦਿਲ ਗ਼ੈਰ ਥੀਂ ਚਾ ਉਠਾਇਆ ਮੈਂ ਮੁਕਬਲ ਰੱਬ ਦਾ ਨਾਮ ਹੈ ਜਾਪ ਮੇਰਾ

੩੨੦

ਜੋਗੀ ਰਾਂਝੇ ਦੇ ਹਾਲ ਪਰ ਰਹਿਮ ਕੀਤਾ ਤੁਰਤ ਚੇਲਿਆਂ ਨੂੰ ਫ਼ੁਰਮਾਉਂਦਾ ਏ
ਜਾ ਕੇ ਮੰਦਰਾਂ ਤੁਰਤ ਬਣਾ ਲਿਆਓ ਇਹ ਬਾਲਕਾ ਪਿਆ ਅਕਾਉਂਦਾ ਏ
ਚੇਲੇ ਮੁੰਦਰਾਂ ਜਾਇਕੇ ਬਣਾ ਲਿਆਏ ਜੋਗੀ ਰਾਂਝੇ ਨੂੰ ਕੋਲ਼ ਬਹਾਉਂਦਾ ਏ
ਸਿਰ ਮੁੰਨਿਆਂ ਨਾਥ ਨੇ ਮੁਕਬਲੇ ਦਾ ਕੰਨ ਪਾੜ ਕੇ ਮੁੰਦਰਾਂ ਪਾਉਂਦਾ ਏ

੩੨੧

ਜੋਗੀ ਰਾਂਝੇ ਦੇ ਅੰਗ ਭਬੂਤ ਲਾਈ ਮੰਤਰ ਮਿਹਰ ਦੇ ਨਾਲ ਸਿਖਲਾਂਵਦਾ ਏ
ਖਾਈਂ ਹਲਾਲ ਹਰਾਮ ਤੋਂ ਤਰਕ ਕਰੀਂ ਬਹੁਤ ਰਾਂਝੇ ਨੂੰ ਬੈਠ ਸਮਝਾਂਵਦਾ ਏ
ਬਾਤ ਛੱਡ ਦੇ ਝਾਤੀਆਂ ਪਾਵਣੇ ਦੀ ਬਹਿ ਕੇ ਰਾਂਝੇ ਨੂੰ ਇਹ ਸੁਣਾਂਵਦਾ ਏ
ਵਿਹੜੇ ਵੜਦਿਆਂ ਆਖੀਂ ਅਲ਼ਖ ਜਾ ਕੇ ਸਵਾਲ ਮੁਕਬਲੇ ਨੂੰ ਸਮਝਾਂਵਦਾ ਏ

੩੨੨

ਰਾਂਝਾ ਆਖਦਾ ਮੰਨਿਆਂ ਹੁਕਮ ਤੇਰਾ ਮੂਲ ਕਰਾਂ ਨਾ ਜ਼ਰਾ ਅਦੂਲ ਮੀਆਂ
ਜਾਸਾਂ ਹੀਰ ਤੇ ਰੰਗਪੁਰ ਖੇੜਿਆਂ ਦੇ ਜਿਦਾ ਵਿਚ ਕਲੇਜੜੇ ਸੂਲ ਮੀਆਂ
ਖ਼ਾਤਿਰ ਹੀਰ ਦੇ ਮਿਲਣ ਦੇ ਜੋਗ ਲੀਤਾ ਕੀਤਾ ਦੁੱਖ ਤੇ ਦਰਦ ਕਬੂਲ ਮੀਆਂ
ਮੁਕਬਲ ਰੱਬ ਥੀਂ ਹੀਰ ਦਿਵਾਓ ਮੈਨੂੰ ਹੋਰ ਗ਼ਰਜ਼ ਨਾਹੀਂ ਕੁੱਝ ਮੂਲ ਮੀਆਂ

੩੨੩

ਜੋਗੀ ਆਖਦਾ ਰਾਂਝੇ ਨੂੰ ਜਾ ਬੱਚਾ ਤੈਨੂੰ ਰੱਬ ਦਾ ਫ਼ਜ਼ਲ ਨਸੀਬ ਮੀਆਂ
ਤੇਰੇ ਦਰਦ ਦਾ ਖ਼ੂਬ ਇਲਾਜ ਕਰਸਾਂ ਫ਼ਜ਼ਲ ਰੱਬ ਦਾ ਹੋਗ ਤਬੀਬ ਮੀਆਂ
ਹੀਰ ਮੇਲੇਗਾ ਰੱਬ ਗ਼ੱਫ਼ਾਰ ਤੈਨੂੰ ਤੇਰਾ ਭਲਾ ਹੈ ਖ਼ੂਬ ਨਸੀਬ ਮੀਆਂ
ਏਦੂੰ ਪਰ੍ਹੇ ਕੀ ਮੁਕਬਲਾ ਮੰਗਨਾ ਏਂ ਹੋਇਓਂ ਰੱਬ ਦਾ ਖ਼ਾਸ ਹਬੀਬ ਮੀਆਂ

੩੨੪

ਬਾਲਨਾਥ ਥੀਂ ਹੋਇਕੇ ਵਿਦਾ ਰਾਂਝਾ ਪਹੁਤਾ ਮੰਜ਼ਲੀਂ ਰੰਗ ਪੁਰ ਖੇੜਿਆਂ ਦੇ
ਕੱਛੇ ਬਗ਼ਲੀ ਹੱਥ ਵਿਚ ਵੰਝਲੀ ਹੈ ਖ਼ਿਆਲ ਗਾਉਂਦਾ ਝਗੜਿਆਂ ਝੇੜਿਆਂ ਦੇ
ਦਰਦਮੰਦ ਅਲੱਖ ਜਗਾਂਵਦਾ ਏ ਹੀਰ ਢੂੰਡਦਾ ਏ ਵਿਚ ਵੇੜ੍ਹਿਆਂ ਦੇ
ਸ਼ਾਮਤ ਨਫ਼ਸ ਦੀ ਮਾਰ ਹੈਰਾਨ ਕੀਤਾ ਮੁਕਬਲ ਪਕੜਿਆ ਵਾਸਤੇ ਫੇੜਿਆਂ ਦੇ

੩੨੫

ਰਾਂਝਾ ਮਾਰਿਆ ਹੀਰ ਦੇ ਇਸ਼ਕ ਦਾ ਜੀ ਗਲੀ ਗਲੀ ਅਲ਼ੱਖ ਜਗਾਉਂਦਾ ਏ
ਕੋਈ ਕੁੱਝ ਆਖੇ ਕੋਈ ਕੁੱਝ ਆਖੇ ਆਸ਼ਕ ਜਾਣ ਕੇ ਮਸਤ ਕਰ ਜਾਉਂਦਾ ਏ
ਇਕ ਆਖਦਾ ਆਦਿ ਦਾ ਨਹੀਂ ਜੋਗੀ ਤਾਜ਼ੇ ਸੱਜਰੇ ਕੰਨ ਪੜਾਉਂਦਾ ਏ
ਮੁਕਬਲ ਦਿੱਸਦਾ ਖਰਾ ਮਲੂਕ ਜੇਹਾ ਪਏ ਵਾਇਦੇ ਭੇਸ ਵਟਾਉਂਦਾ ਏ

ਰਾਂਝੇ ਨੇ ਹੀਰ ਦੇ ਸਹੁਰੇ ਘਰ ਭਿਖਿਆ ਲੈਣ ਜਾਣਾ

੩੨੬

ਪੰਜ ਸੱਤ ਘਰ ਮੰਗ ਕੇ ਖੇੜਿਆਂ ਦੇ ਰਾਂਝਾ ਹੀਰ ਦੇ ਸਾਹੁਰੇ ਜਾ ਵੜਿਆ
ਹੀਰ ਸਾਮ੍ਹਣੇ ਰਾਂਝੇ ਨੂੰ ਨਜ਼ਰ ਆਈ ਆਤਿਸ਼ ਇਸ਼ਕ ਦੇ ਨਾਲ ਗ਼ਰੀਬ ਸੜਿਆ
ਰਾਂਝਾ ਹੋਸ਼ ਥੀਂ ਹੋ ਬੇਹੋਸ਼ ਗਿਆ ਰਾਂਝੇ ਕਮਲਿਆਂ ਦਾ ਚਾ ਤੌਰ ਫੜਿਆ
ਲੱਖ ਜਤਨ ਕਰੋ ਚੰਗਾ ਨਾ ਹੁੰਦਾ ਜਿਹਨੂੰ ਮੁਕਬਲਾ ਬਿਰਹੁੰ ਦਾ ਨਾਗ ਲੜਿਆ

੩੨੭

ਰਾਂਝੇ ਜਾਇਕੇ ਆਖਿਆ ਅਲ਼ਖ ਸਹਿਤੀ ਪਿੱਛੋਂ ਹੀਰ ਨੂੰ ਕਰੇ ਸਵਾਲ ਮੀਆਂ
ਸਦਾ ਰਾਂਝੇ ਦੀ ਮੂਲ ਨਾ ਸਮਝੀਆ ਸੂ ਹੀਰ ਪਈ ਹੋਈ ਬੁਰੇ ਹਾਲ ਮੀਆਂ
ਸਹਿਤੀ ਆਖਦੀ ਕਾਹਲਿਆ ਰਾਵਲਾ ਵੇ ਗੱਲੀਂ ਖੁੱਲ੍ਹਾ ਤੂੰ ਹੀਰ ਦੇ ਨਾਲ ਮੀਆਂ
ਮਾਰੇ ਇਸ਼ਕ ਦੇ ਕੰਨ ਪੜਾਇਓ ਨੇ ਨਹੀਂ ਛੱਪਦਾ ਮੁਕਬਲਾ ਹਾਲ ਮੀਆਂ

੩੨੮

ਰਾਂਝੇ ਸਹਿਤੀ ਨੂੰ ਖੜਕ ਜਵਾਬ ਦਿੱਤਾ ਕੋਈ ਵੱਡੀ ਹੀ ਬੇਇਤਬਾਰ ਹੈਂ ਨੀ
ਘਰੋਂ ਲਿਆਇਕੇ ਭਿਖਿਆ ਪਾ ਮੈਨੂੰ ਮਾਲ ਮਸਤ ਅਨੂਪ ਅਪਾਰ ਹੈਂ ਨੀ
ਮੈਨੂੰ ਨਵਾਂ ਫ਼ਕੀਰ ਪਛਾਣਨੀ ਏਂ ਕੋਈ ਬਹੁਤ ਬੇਸਮਝ ਗਵਾਰ ਹੈਂ ਨੀ
ਖ਼ਾਲੀ ਮੂਲ ਨਾ ਭੇਜ ਤੂੰ ਮੁਕਬਲੇ ਨੂੰ ਬਹੁਤ ਅਕਲ ਸ਼ਊਰ ਤਰਾਰ ਹੈਂ ਨੀ

੩੨੯

ਸਹਿਤੀ ਰਾਂਝੇ ਦੇ ਹਾਲ ਪਰ ਰਹਿਮ ਕੀਤਾ ਲਿਆਈ ਭਰ ਕੇ ਚੀਣੇ ਦਾ ਥਾਲ ਮੀਆਂ
ਕਹਿੰਦੀ ਜੱਟ ਫ਼ਕੀਰ ਹੈਂ ਰਾਵਲਾ ਵੇ ਨਹੀਂ ਸਿੱਖਿਆ ਕਰਨ ਸਵਾਲ ਮੀਆਂ
ਤੇਰਾ ਭੇਤ ਸਾਰਾ ਅਸਾਂ ਲਖ ਲਿਆ ਨਹੀਂ ਛੱਪਦਾ ਰੰਗ ਤੇ ਹਾਲ ਮੀਆਂ
ਘਿੰਨ ਖ਼ੈਰ ਤੇ ਵੰਝ ਸ਼ਿਤਾਬ ਐਥੋਂ ਮੱਤ ਮੁਕਬਲਾ ਪਵੇ ਜੰਜਾਲ ਮੀਆਂ

ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ

੩੩੦

ਭਾਤ ਖਾਣੀਏਂ ਗਰਬ ਗਹੇਲੀਏ ਨੀ ਰਾਂਝਾ ਆਖਦਾ ਮੋੜ ਕੇ ਰੱਖ ਚੀਣਾਂ
ਪਾਏਂ ਖ਼ੈਰ ਮੈਨੂੰ ਅੱਗੋਂ ਮਿਲੇ ਤੈਨੂੰ ਜੋ ਕੁੱਝ ਏਸ ਜਹਾਨ ਤੇ ਖ਼ੈਰ ਦੀਨਾਂ
ਦਾਹ ਦਰ ਦੁਨੀਆਂ ਸਦ ਦਰ ਆਖ਼ਰ ਸੋਈ ਲਏਗਾ ਜਿਨ੍ਹਾਂ ਨੇ ਖ਼ੈਰ ਕੀਨਾਂ
ਮੁਕਬਲ ਖ਼ੁਦੀ ਗੁਮਾਨ ਨੂੰ ਛੱਡ ਮੀਆਂ ਦਿੱਸੇਂ ਜਰਮ ਤੇ ਕਰਮ ਦਾ ਖਰਾ ਹੀਣਾਂ

੩੩੧

ਸਹਿਤੀ ਆਖਦੀ ਮਕਰਿਆ ਰਾਵਲਾ ਵੇ ਕੇਹੇ ਤਰਿਖੜੇ ਨੈਣ ਲੜਾਉਨਾ ਏਂ
ਲੈ ਕੇ ਭਿਖਿਆ ਕਰੇਂ ਚਤੁਰਾਈਆਂ ਵੇ ਤੂੰ ਤਾਂ ਕਿਸੇ ਨੂੰ ਭਲਾਣਾ ਭਾਉਨਾ ਏਂ
ਹੁਸਨ ਤੱਕਦਾ ਫਿਰੇਂ ਤੂੰ ਜੱਟੀਆਂ ਦਾ ਖ਼ੈਰ ਮੰਗਣੇ ਦੇ ਪੱਜ ਆਉਨਾ ਏਂ
ਖ਼ੈਰ ਦੇਨੀ ਆਂ ਮੁਕਬਲਾ ਲਏਂ ਨਾਹੀਂ ਮੇਰੇ ਨਾਲ਼ ਕੇਹਾ ਮੱਥਾ ਲਾਉਨਾ ਏਂ

੩੩੨

ਨੱਕ ਵੱਟ ਕੇ ਸਹਿਤੀ ਤੋਂ ਰਾਂਝਣੇ ਨੇ ਚੀਣਾਂ ਕਾਸੇ ਦੇ ਵਿੱਚ ਪਵਾਇਆ ਏ
ਕਾਸਾ ਮਾਰ ਕੇ ਥੜੇ ਦੇ ਨਾਲ ਭੰਨੇ ਚੀਣਾਂ ਖ਼ਾਕ ਦੇ ਵਿੱਚ ਰੁਲਾਇਆ ਏ
ਲੱਗਾ ਬੈਠ ਕੇ ਮਚਲਾ ਚੁਗਣ ਚੀਣਾਂ ਕਿਹਾ ਮਕਰ ਦਾ ਫੰਧ ਬਣਾਇਆ ਏ
ਚੀਣਾਂ ਚੁਗੇ ਤੇ ਹੀਰ ਦੇ ਵੱਲ ਵੇਖੇ ਮੁਕਬਲ ਇਸ਼ਕ ਨੇ ਬਹੁਤ ਦੁਖਾਇਆ ਏ

੩੩੩

ਸਹਿਤੀ ਆਖਦੀ ਹੋਰ ਲੈ ਜਾਹ ਚੀਣਾਂ ਕਿਹਾ ਰਾਵਲਾ ਪਿਟਣਾਂ ਪਾਇਆ ਈ
ਕੋਈ ਕੇਹੀ ਬਲ਼ਾ ਹੈਂ ਛੱਡ ਖਹਿੜਾ ਕੰਨਾਂ ਵਿੱਚ ਕੀ ਸ਼ੋਰ ਮਚਾਇਆ ਈ
ਉਠ ਰਾਵਲਾ ਖ਼ੈਰ ਦੇ ਨਾਲ਼ ਇਥੋਂ ਨਹੀਂ ਤੇ ਬੁਰਾ ਤੇਰੇ ਸਿਰ ਆਇਆ ਈ
ਆਖੇ ਲੱਗ ਤੂੰ ਮੁਕਬਲਾ ਜਾ ਐਥੋਂ ਅਸੀਂ ਵਾਸਤਾ ਰੱਬ ਦਾ ਪਾਇਆ ਈ

੩੩੪

ਰਾਂਝਾ ਆਖਦਾ ਦੱਸਿਆ ਗੁਰੂ ਮੈਨੂੰ ਡੁੱਲ੍ਹੇ ਤੁਆਮ ਨਾ ਛੱਡ ਕੇ ਜਾਈਏ ਜੀ
ਦਾਣਾ ਇਕ ਜੇ ਜ਼ਿਮੀਂ ਤੇ ਨਜ਼ਰ ਆਵੇ ਨਾਲ਼ ਪਲਕਾਂ ਦੇ ਚਾ ਉਠਾਈਏ ਜੀ
ਖ਼ੂਬੀ ਹੁਸਨ ਦਾ ਨਾਂਹ ਗੁਮਾਨ ਕਰੀਏ ਜੀ ਕਿਸੇ ਦਾ ਨਾਂਹ ਤਰਸਾਈਏ ਜੀ
ਪਿਆਰੇ ਮੁਕਬਲੇ ਜੇਹਿਆਂ ਜੋਗੀਆਂ ਨੂੰ ਦੀਦਾਰ ਦੀ ਭਿਖਿਆ ਪਾਈਏ ਜੀ

੩੩੫

ਸਹਿਤੀ ਆਖਦੀ ਮਕਰਿਆ ਰਾਵਲਾ ਵੇ ਫਿਰੇਂ ਦਰ ਦਰ ਝਾਤੀਆਂ ਪਾਉਂਦਾ ਵੇ
ਖ਼ੈਰ ਮੰਗਣੇ ਦੀ ਤੈਨੂੰ ਬਾਣ ਨਾਹੀਂ ਕੋਈ ਚਾਕ ਜਿਹਾ ਦਿੱਸ ਆਉਂਦਾ ਵੇ
ਰੰਨਾਂ ਤੱਕਦਾ ਫਿਰੇਂ ਪਰਾਈਆਂ ਤੂੰ ਹੱਥੀਂ ਬਿਰਹੋਂ ਦੀਆਂ ਕਾਤੀਆਂ ਲਾਉਂਦਾ ਵੇ
ਖ਼ੈਰ ਦਿਆਂ ਸੋ ਮੁਕਬਲਾ ਲਏਂ ਨਾਹੀਂ ਸਾਡੇ ਨਾਲ਼ ਕੀ ਰਮਜ਼ਾਂ ਲਾਉਂਦਾ ਵੇ

੩੩੬

ਰਾਂਝਾ ਆਖਦਾ ਸਹਿਤੀ ਨੂੰ ਦੱਸ ਮੈਨੂੰ ਇਹ ਪਈ ਹੈ ਕੌਣ ਬਿਮਾਰ ਨੱਢੀ
ਜੋਗੀ ਬੜਾ ਹਕੀਮ ਤਬੀਬ ਹਾਂ ਮੈਂ ਦਾਰੂ ਦਰਦ ਦਾ ਜਾਣ ਦਾ ਕਾਰ ਨੱਢੀ
ਦਾਰੂ ਦੇਵਸਾਂ ਨਾਮ ਖ਼ੁਦਾਇਦੇ ਮੈਂ ਚੰਗਾ ਕਰੇਗਾ ਰੱਬ ਗ਼ੱਫ਼ਾਰ ਨੱਢੀ
ਮੁਕਬਲ ਯਾਰ ਦਾ ਸ਼ੌਕ ਹੈ ਬੱਸ ਮੈਨੂੰ ਐਪਰ ਉਮਰ ਨਾਹੀਂ ਬਰਖ਼ੁਰਦਾਰ ਨੱਢੀ

੩੩੭

ਕੋਈ ਵੱਡਾ ਬੇਸ਼ਰਮ ਹੈਂ ਰਾਵਲਾ ਵੇ ਅਣ ਪੁੱਛਿਆਂ ਵੈਦ ਸਦਾਉਨਾ ਏਂ
ਮੰਤਰ ਜਾਣਦਾ ਨਹੀਂ ਅਠੂਹਿਆਂ ਦੇ ਨਾਗਾਂ ਕਾਲਿਆਂ ਨੂੰ ਹੱਥ ਪਾਉਨਾ ਏਂ
ਵਿਹੜੇ ਵੜਦਿਆਂ ਪੁਛਿਓ ਸੁਖ ਹੀਰੇ ਹੁਣ ਮੁੱਖ ਤੋਂ ਘੁੰਢ ਲਹਾਉਨਾ ਏਂ
ਤੇਰਾ ਜੀ ਹੈ ਸੋਟੀਆਂ ਖਾਵਣੇ ਤੇ ਲਹੂ ਆਪਣੇ ਮੁਕਬਲਾ ਨ੍ਹਾਉਨਾ ਏਂ

੩੩੮

ਰਾਂਝਾ ਆਖਦੀ ਵੱਡੀ ਬੇਤਰਸ ਹੈਂ ਨੀ ਤੈਨੂੰ ਜ਼ਰਾ ਭੀ ਅਕਲ ਸ਼ਊਰ ਨਾਹੀਂ
ਜ਼ਰਿਮਤੀਲ ਨੂੰ ਵੇਖ ਕੇ ਪੁੱਛਿਆ ਸੀ ਇਲਮ ਆਪਣੇ ਤੇ ਮਗ਼ਰੂਰ ਨਾਹੀਂ
ਹੁਕਮ ਕਰੇਂ ਤੇ ਬੈਠ ਕੇ ਕਰਾਂ ਕਾਰੀ ਮੈਨੂੰ ਆਪਣੀ ਕੁੱਝ ਜ਼ਰੂਰ ਨਾਹੀਂ
ਰੱਬ ਭਾਵੇ ਤਾਂ ਕੱਖ ਤੋਂ ਲੱਖ ਹੋਵੇ ਇਹ ਮੁਕਬਲਾ ਰੱਬ ਤੋਂ ਦੂਰ ਨਾਹੀਂ

੩੩੯

ਸਹਿਤੀ ਆਖਦੀ ਮਕਰਿਆ ਰਾਵਲਾ ਵੇ ਪਰਾਂਹ ਜਾਹ ਕਿਉਂ ਜੀ ਖਪਾਉਂਦਾ ਏਂ
ਇੱਟਸਿੱਟ ਤੇ ਭਖੜਾ ਪਾਸ ਤੇਰੇ ਕਿਵੇਂ ਕਿਸੇ ਦਾ ਦਰਦ ਗੁਆਉਂਦਾ ਏਂ
ਜਿੱਥੇ ਧੁੰਬਲਾ ਰੰਨਾਂ ਦਾ ਨਜ਼ਰ ਆਵੇ ਓਥੇ ਵੰਝਲੀ ਰਾਗ ਸੁਣਾਉਂਦਾ ਏਂ
ਦਾਵਾ ਔਲੀਆਂ ਕੰਮ ਸ਼ੈਤਾਨ ਦਾ ਏ ਮੁਕਬਲ ਜੋਗ ਨੂੰ ਲੀਕ ਕਿਉਂ ਲਾਉਂਦਾ ਏਂ

੩੪੦

ਅਠਖੇਲੀਏ ਸਹਿਤੀ ਨੂੰ ਕਹੇ ਰਾਂਝਾ ਕੋਈ ਵੱਡੀ ਤੂੰ ਸ਼ੋਖ਼ ਮੱਕਾਰ ਹੈਂ ਨੀ
ਲੋਕ ਕਰਨ ਫ਼ਕੀਰਾਂ ਦੀਆਂ ਖ਼ਿਦਮਤਾਂ ਨੀ ਕੇਹੀ ਨੱਢੀ ਤੂੰ ਬੁਰਿਆਰ ਹੈਂ ਨੀ
ਵੇਖ ਬੂਟੀਆਂ ਮੇਰੀਆਂ ਫੋਲ ਨਾਹੀਂ ਕੁੱਝ ਮੰਗ ਲੈ ਜੋ ਤਲਬਗਾਰ ਹੈਂ ਨੀ
ਚੌਦਾਂ ਸਦੀਆਂ ਦਾ ਧਿਆਨ ਗਿਆਨ ਮੈਨੂੰ ਮੇਰਾ ਮੁਕਬਲੇ ਨਾਲ਼ ਪਿਆਰ ਹੈਂ ਨੀ

੩੪੧

ਏਂਵੇਂ ਝਗੜਦਾ ਸਹਿਤੀ ਦੇ ਨਾਲ ਰਾਂਝਾ ਨਾਲ਼ ਹੀਲਿਆਂ ਵਕਤ ਲੰਘਾਉਂਦਾ ਏ
ਹੀਰ ਲਖ ਨਾ ਸਕੀ ਰਾਂਝਾ ਯਾਰ ਮੇਰਾ ਜੋਗੀ ਹੋਇਕੇ ਭੇਸ ਵਟਾਉਂਦਾ ਏ
ਉੱਚਾ ਬੋਲਣਾਂ ਸਹਿਤੀ ਤੇ ਰਾਵਲੇ ਦਾ ਮੂਲੇ ਹੀਰ ਨੂੰ ਭਲਾ ਨਾ ਭਾਉਂਦਾ ਏ
ਗ਼ੁੱਸੇ ਦੋਹਾਂ ਪਰ ਹੀਰ ਸਿਆਲ਼ ਹੋਈ ਮੁਕਬਲ ਜ਼ਾਹਰਾ ਆਖ ਸੁਣਾਵਂਦਾ ਏ

੩੪੨

ਅਠਖੇਲਿਆ ਵਹਿਮੀਆਂ ਰਾਵਲਾ ਵੇ ਕਿਹਾ ਆਣ ਬਾਜ਼ਾਰ ਲਗਾਯਾ ਈ
ਏਸ ਸਹਿਤੀ ਨੂੰ ਮੂਲ ਸ਼ਊਰ ਨਾਹੀਂ ਜਿਸ ਛੇੜ ਤੈਨੂੰ ਹੱਡ ਪਾਇਆ ਈ
ਮੇਰਾ ਦਰਦ ਨਾ ਜਾਉਂਦਾ ਕਿਸੇ ਕੋਲੋਂ ਘਰ ਕਿਤਨਿਆਂ ਤੋਂ ਲੁਟਵਾਇਆ ਈ
ਮੁਕਬਲ ਮਿਲੇ ਤਾਂ ਕਹਿਣਾਂ ਦਰਦ ਮੇਰਾ ਮੈਂ ਤਾਂ ਜੀ ਦਾ ਭੇਤ ਸੁਣਾਇਆ ਈ

੩੪੩

ਰਾਂਝਾ ਹੀਰ ਨੂੰ ਆਖਦਾ ਦੱਸ ਮੈਨੂੰ ਤੋਂ ਮੂੰਹ ਕਿਉਂ ਬੁਰਾ ਬਣਾਇਆ ਏ
ਤਰਸ ਆਇਆ ਸੀ ਵੇਖ ਪਈ ਤੈਨੂੰ ਇਸ ਵਾਸਤੇ ਮੈਂ ਬੁਲਾਇਆ ਏ
ਪੱਛੋਤਾਵਸੇਂ ਬਹੁਤ ਇਸ ਵਕਤ ਤਾਈਂ ਵੇਲਾ ਬੀਤਿਆ ਹੱਥ ਨਾ ਆਇਆ ਏ
ਰਹਿਣਾਂ ਅਸਾਂ ਨਾ ਮੂਲ ਹੈ ਬੈਠ ਏਥੇ ਮੁਕਬਲ ਜੀ ਦਾ ਭੇਤ ਸੁਣਾਇਆ ਏ

੩੪੪

ਰਾਂਝਾ ਹੀਰ ਨੂੰ ਇਹ ਜਵਾਬ ਦੇ ਕੇ ਕਾਲੇ ਬਾਗ਼ ਬੈਠਾ ਜਾ ਮਾਰ ਧੂੰਆਂ
ਭੇਤ ਦਿਲੇ ਦਾ ਕਿਸੇ ਨੂੰ ਨਾ ਦਿੰਦਾ ਇਸ਼ਕ ਹੀਰ ਦਾ ਰਚਿਆ ਵਿੱਚ ਲੂੰਆਂ
ਰਾਂਝੇ ਖਾਵਣਾ ਨੂੰ ਪੀਵਣਾ ਤਰਕ ਕੀਤਾ ਖਾਧੀ ਕਸਮ ਨਾ ਕਿਸੇ ਦੇ ਨਾਲ਼ ਕੂੰਆਂ
ਸ਼ੋਖ਼ੀ ਮੁਕਬਲੇ ਦੀ ਬਹੁਤ ਗਰਮ ਹੋਈ ਪੀਰ ਜ਼ਾਹਰਾ ਕਰੇ ਕਲਿਆਣ ਰੂਹਾਂ

ਖੇੜਿਆਂ ਦੀਆਂ ਕੁੜੀਆਂ ਦਾ ਬਾਹਰ ਸੈਰ ਨੂੰ ਆਉਣਾ

੩੪੫

ਰੋਜ਼ ਜੁਮੇ ਦੇ ਤ੍ਰਿੰਞਣੀ ਰਹੀ ਛੁੱਟੀ ਹੱਸਣ ਖੇਡਣ ਨੂੰ ਜੂਹ ਵਿਚ ਆਈਆਂ ਨੇ
ਕਈ ਸੋਹਣੀਆਂ ਕਈ ਕੁਸੋਹਣੀਆਂ ਤੇ ਕਈ ਕਵਾਰੀਆਂ ਕਈ ਵਿਆਹੀਆਂ ਨੇ
ਕਈ ਦਾਨੀਆਂ ਕਈ ਪਰਧਾਨੀਆਂ ਨੀ ਹੋ ਇਕੱਠੀਆਂ ਘਰਾਂ ਥੀਂ ਆਈਆਂ ਨੇ
ਕਈ ਇਆਣੀਆਂ ਕਈ ਸਿਆਣੀਆਂ ਨੇ ਸਭ ਮੁਕਬਲੇ ਦੇ ਮਨ ਭਾਈਆਂ ਨੇ

੩੪੬

ਬਾਹਰ ਜਾ ਇਕੱਠੀਆਂ ਹੋਇ ਕੁੜੀਆਂ ਘਰੋਂ ਨਿਕਲ ਕੇ ਲੱਗੀਆਂ ਗਾਉਣੇ ਜੀ
ਬਹੂ ਬੇਟੀਆਂ ਸਾਹੁਰੇ ਪੇਕਿਆਂ ਦੇ ਲੱਗੀਆਂ ਮੁਕਬਲੇ ਨੂੰ ਤਰਸਾਉਣੇ ਜੀ
ਮਨ ਭਾਉਂਦੇ ਗਾਉਂਦੀਆਂ ਗੀਤ ਮੀਆਂ ਨਹੀਂ ਆਉਂਦੇ ਸਭ ਸੁਣਾਉਣੇ ਜੀ
ਹੱਸ ਖੇਡ ਕੇ ਮੁਕਬਲਾ ਸਭ ਸਈਆਂ ਲੱਗੀਆਂ ਘਰਾਂ ਵੱਲੇ ਫੇਰਾ ਪਾਉਣੇ ਜੀ

੩੪੭

ਧੂੰਆਂ ਰਾਂਝੇ ਦਾ ਰਾਹ ਦੇ ਵਿੱਚ ਆਇਆ ਕੁੜੀਆਂ ਫੋਲਿਆ ਮੁੜਦੀਆਂ ਆਇਕੇ ਜੀ
ਅਲਬੇਲੀਆਂ ਢਾਂਡੜੀ ਬਾਲ ਦਿੱਤੀ ਉਪਰ ਦੱਭ ਸਰਕੜਾ ਪਾਇਕੇ ਜੀ
ਰਾਂਝਾ ਅੰਦਰੋਂ ਉਠਿਆ ਭਾਉੜੀ ਲੈ ਮਿਹਰ ਮੁਹੱਬਤਾਂ ਭੁੱਲ ਭਲਾਇਕੇ ਜੀ
ਸੱਭੇ ਰਾਂਝੇ ਤੋਂ ਮੁਕਬਲਾ ਨੱਸ ਗਈਆਂ ਕੌਲਾਂ ਡਿੱਗ ਪਈ ਭੌ ਖਾਇਕੇ ਜੀ

੩੪੮

ਰਾਂਝੇ ਭਾਉੜੀ ਕੌਲਾਂ ਦੀ ਕਮਰ ਮਾਰੀ ਰੋ ਆਖਦੀ ਮੋਇਆਂ ਨੂੰ ਮਾਰ ਨਾਹੀਂ
ਜਿਨ੍ਹਾਂ ਵਿੱਚ ਸੀ ਦੋਸ ਓਹ ਨੱਸ ਗਈਆਂ ਮੈਂ ਗ਼ਰੀਬਣੀ ਸ਼ੋਖ਼ ਅੱਯਾਰ ਨਾਹੀਂ
ਕਿਤੇ ਆਵਸਾਂ ਰਾਵਲਾ ਕੰਮ ਤੇਰੇ ਮੇਰੇ ਜੇਡ ਕੋਈ ਵਫ਼ਾਦਾਰ ਨਾਹੀਂ
ਹੁਕਮ ਕਰੇਂ ਸੋ ਮੁਕਬਲਾ ਮੰਨਸਾਂ ਮੈਂ ਕੌਲ ਦੇਨੀਆਂ ਬੇਇਤਬਾਰ ਨਾਹੀਂ

੩੪੯

ਹੱਥੋਂ ਰਾਂਝੇ ਨੇ ਭਾਉੁੜੀ ਸੁੱਟ ਘੱਤੀ ਸੱਦ ਕੌਲਾਂ ਨੂੰ ਕੋਲ਼ ਬਹਾਉਂਦਾ ਏ
ਸਿਰ ਚੁੰਮ ਕੇ ਬਹੁਤ ਪਿਆਰ ਦਿੰਦਾ ਮਿੱਠੀ ਵਸਤ ਅਨੂਪ ਖੁਆਉਂਦਾ ਏ
ਬਾਪ ਦਾਦਿਉਂ ਜ਼ਾਤ ਦੀ ਕੌਣ ਹੈਂ ਨੀ ਰਾਂਝਾ ਸਹਿਜ ਦੇ ਨਾਲ਼ ਪੁਛਾਉਂਦਾ ਏ
ਘਰ ਹੀਰ ਸਿਆਲ਼ ਦਾ ਜਾਣਨੀ ਏਂ ਮੁਕਬਲ ਸਵਾਲ ਖ਼ੁਦਾ ਦਾ ਪਾਉਂਦਾ ਏ

੩੫੦

ਕੌਲਾਂ ਆਖਦੀ ਅੱਜੂ ਦੀ ਪੋਤਰੀ ਹਾਂ ਮੇਰੀ ਚਾਚੀ ਹੈ ਹੀਰ ਸਿਆਲ਼ ਮੀਆਂ
ਖੇਡਣ ਆਈ ਸਾਂ ਨਾਲ਼ ਸਹੇਲੀਆਂ ਦੇ ਐਥੇ ਵਰਤਿਆ ਇਹ ਜੰਜਾਲ਼ ਮੀਆਂ
ਤੇਰੇ ਹੱਥ ਦੀ ਭਾਉੜੀ ਖਾਵਣੀ ਸੀ ਰਲਿਆ ਖਾਵਣਾ ਸੀ ਹਰ ਹਾਲ ਮੀਆਂ
ਮੁਕਬਲ ਯਾਰ ਮਿਲਿਆ ਧੰਨ ਭਾਗ ਮੇਰੇ ਮੈਂ ਤਾਂ ਏਤਨੇ ਵਿੱਚ ਨਿਹਾਲ ਮੀਆਂ

੩੫੧

ਰਾਂਝਾ ਆਖਦਾ ਨੱਢੀਏ ਕੰਮ ਮੇਰਾ ਤੇਰੇ ਗੋਚਰਾ ਪਿਆ ਹੈ ਆਇਕੇ ਜੀ
ਜਿਚਰ ਜੀਵਸਾਂ ਰਹਾਂ ਗ਼ੁਲਾਮ ਤੇਰਾ ਟਹਿਲ ਕਰਾਂਗਾ ਜੀ ਲਗਾਇਕੇ ਜੀ
ਅੱਗੇ ਕਿਸੇ ਦੇ ਗੱਲ ਨਾ ਕਰੀਂ ਮੇਰੀ ਖਾਹ ਕਸਮ ਕੁਰਆਨ ਉਠਾਇਕੇ ਜੀ
ਮੁਕਬਲ ਰੰਨ ਨੂੰ ਮੂਲ ਨਾ ਭੇਤ ਦੇਈਏ ਤੁਸੀ ਵੇਖ ਲਵੋ ਅਜ਼ਮਾਇਕੇ ਜੀ

੩੫੨

ਖ਼ਾਤਿਰ ਜਮ੍ਹਾਂ ਰੱਖ ਰਾਂਝੇ ਨੂੰ ਕਹੇ ਕੌਲਾਂ ਤੇਰਾ ਕਿਸੇ ਨੂੰ ਭੇਤ ਨਾ ਦੱਸਸਾਂ ਮੈਂ
ਸਮਝਾਉਸਾਂ ਹੀਰ ਨੂੰ ਬੈਠ ਗੋਸ਼ੇ ਉਹਦੇ ਲੂੰ ਲੂੰ ਦੇ ਵਿਚ ਰੱਚਸਾਂ ਮੈਂ
ਚੁਗ਼ਲੀ ਖਾਉਣ ਦਾ ਮੇਰਾ ਨਹੀਂ ਪੇਸ਼ਾ ਪ੍ਰਾਈ ਗ਼ੀਬਤੋਂ ਤੋਹਮਤੋਂ ਨੱਸਸਾਂ ਮੈਂ
ਮੁਕਬਲ ਯਾਰ ਗ਼ਮਖ਼ਾਰ ਦਾ ਦਾਗ਼ ਮੈਨੂੰ ਗ਼ੈਰ ਮਹਿਰਮਾਂ ਨਾਲ਼ ਨਾ ਹੱਸਸਾਂ ਮੈਂ

੩੫੩

ਰਾਂਝਾ ਆਖਦਾ ਨੱਢੀਏ ਸੁਖੀ ਵਸੇਂ ਦਰ ਆਵਸੀ ਕੁੱਲ ਮਕਸੂਦ ਤੇਰਾ
ਭਾਵੇ ਰੱਬ ਤਾਂ ਹੋਵੇਗਾ ਹਾਲ ਚੰਗਾ ਮਰ ਜਾਗ ਬਦਖ਼ਾਹ ਮਰਦੂਦ ਤੇਰਾ
ਮੇਰੀ ਹੀਰ ਨੂੰ ਬੰਦਗੀ ਜਾ ਆਖੀਂ ਏਸੇ ਵਿੱਚ ਹੋਸੀ ਬਹਿਬੂਦ ਤੇਰਾ
ਰਜ਼ਾਮੰਦ ਜੇ ਕਰੇਂਗੀ ਮੁਕਬਲੇ ਨੂੰ ਤੈਥੀਂ ਹੋਵਸੀ ਰੱਬ ਖ਼ੁਸ਼ਨੂਦ ਤੇਰਾ

੩੫੪

ਹੌਲੀ ਆਪਣੀ ਚਾਚੀ ਨੂੰ ਜਾਇ ਆਖੀਂ ਹੈਗਾ ਚਾਕ ਤੇਰਾ ਤਲਬਗਾਰ ਹੀਰੇ
ਤੇਰੇ ਇਸ਼ਕ ਦਾ ਮਾਰਿਆ ਹੋਇਆ ਜੋਗੀ ਧੀਦੋ ਛੱਡ ਦਿੱਤਾ ਘਰ ਬਾਰ ਹੀਰੇ
ਧੱਕੇ ਲਾਇਕੇ ਵੇਹੜਿਓਂ ਕੱਢਿਆ ਈ ਜਦ ਆਣ ਖਲਾ ਦਰਬਾਰ ਹੀਰੇ
ਮੁਕਬਲ ਆਪਣੇ ਯਾਰ ਨੂੰ ਜਿਉਂਦੇ ਜੀ ਇਕ ਵਾਰ ਤੂੰ ਦੇਹ ਦੀਦਾਰ ਹੀਰੇ

੩੫੫

ਕੌਲਾਂ ਆਖਦੀ ਰਾਵਲਾ ਬੈਠ ਗੋਸ਼ੇ ਦੇਸਾਂ ਹੀਰ ਨੂੰ ਜਾ ਪੈਗ਼ਾਮ ਤੇਰਾ
ਜਿਵੇਂ ਆਖਿਆ ਈ ਤਿਵੇਂ ਜਾਇ ਆਖਾਂ ਨਾਲੇ ਦੱਸਸਾਂ ਜ਼ਾਤ ਤੇ ਨਾਮ ਤੇਰਾ
ਨਹੀਂ ਆਪਣੇ ਵੱਲੋਂ ਤਕਸੀਰ ਕਰਦੀ ਅੱਗੋਂ ਤਾਲਿਆ ਨੇਕ ਅੰਜਾਮ ਤੇਰਾ
ਤੈਨੂੰ ਹੀਰ ਨੂੰ ਆਣ ਮਿਲਾਵਸਾਂ ਮੈਂ ਮੌਲਾ ਕਰੇਗਾ ਮੁਕਬਲਾ ਕਾਮ ਤੇਰਾ

੩੫੬

ਜੋ ਕੁੱਝ ਆਖਸੀ ਹੀਰ ਸੋ ਆਣ ਕਹਾਂ ਉਂਵੇਂ ਜਾਣਦਾ ਏ ਰੱਬ ਪਾਕ ਮੇਰਾ
ਕੁੱਝ ਹੁੰਦਾ ਨਹੀਂ ਨੁਕਸਾਨ ਮੇਰਾ ਮੁਫ਼ਤ ਹੋਂਵਦਾ ਜੱਸ ਤੇ ਕਾਮ ਤੇਰਾ
ਰਾਂਝੇ ਕੌਲਾਂ ਦੇ ਹੱਕ ਦੁਆ ਕੀਤੀ ਸ਼ਾਲਾ ਰਹੇਂ ਠੰਢੀ ਸੁਖ ਵੱਸੇ ਡੇਰਾ
ਕਦੀ ਫੇਰ ਪਿਆਰੀਏ ਮੁਕਬਲੇ ਵੱਲ ਕਰੀਂ ਨਾਮ ਖ਼ੁਦਾਇਦੇ ਆਣ ਫੇਰਾ

ਕੌਲਾਂ ਦਾ ਹੀਰ ਨੂੰ ਪੈਗ਼ਾਮ ਦੇਣਾ

੩੫੭

ਵਿਦਾ ਹੋਇਕੇ ਰਾਂਝੇ ਤੋਂ ਗਈ ਕੌਲਾਂ ਸਹਿਜੇ ਬੈਠਦੀ ਹੀਰ ਦੇ ਕੋਲ਼ ਜਾ ਕੇ
ਚਾਚੀ ਕੰਨ ਵਿੱਚ ਉਠ ਕੇ ਗੱਲ ਸੁਣ ਲੈ ਕੌਲਾਂ ਆਖਦੀ ਹੀਰ ਨੂੰ ਵਕਤ ਪਾ ਕੇ
ਪੇਕੇ ਚਾਕ ਨੇ ਤੈਨੂੰ ਹੈ ਯਾਦ ਕੀਤਾ ਧੀਦੋ ਨਾਮ ਯਕੀਨ ਕਰ ਦਿਲੋਂ ਜਾ ਕੇ
ਤੇਰੇ ਇਸ਼ਕ ਦਾ ਮਾਰਿਆ ਹੋਇਆ ਜੋਗੀ ਪਿਆਰੇ ਮੁਕਬਲੇ ਦਾ ਹਾਲ ਵੇਖ ਜਾ ਕੇ

੩੫੮

ਤੈਨੂੰ ਰੋਇ ਉਲਾਂਭੜੇ ਦੇਂਵਦਾ ਹੈ ਦਰਦਮੰਦ ਗ਼ਰੀਬ ਯਤੀਮ ਰਾਂਝਾ
ਹੀਰੇ ਝੱਲਾਂ ਦੇ ਵਿੱਚ ਗੁਜ਼ਰਾਨ ਆਹੀ ਤੇਰੇ ਨਾਲ਼ ਉਹਦਾ ਦੁੱਖ ਸੁਖ ਸਾਂਝਾ
ਆਪਣੀ ਦਸਤੀਂ ਖੀਰ ਖਵਾਲਦੀ ਸੈਂ ਸਾਰੀ ਉਮਰ ਪਿਲਾਇਆ ਈ ਦੁੱਧ ਮਾਂਝਾ
ਵਕਤ ਪਏ ਨਾ ਮੂਲ ਪੁਛਾਇਓ ਈ ਨਹੀਂ ਓਪਰਾ ਮੁਕਬਲਾ ਹੋਰ ਰਾਂਝਾ

੩੫੯

ਹੀਰ ਕੌਲਾਂ ਤੋਂ ਰਾਂਝੇ ਦਾ ਨਾਮ ਸੁਣ ਕੇ ਕਹਿੰਦੀ ਵਾਰ ਸੁਟੀ ਕੁਰਬਾਨ ਹੋਈ
ਜੋਗੀ ਹੋਏ ਰਾਂਝਾ ਛਲ ਗਿਆ ਮੈਨੂੰ ਕੀਤੇ ਆਪਣੇ ਤੋਂ ਪਸ਼ੇਮਾਨ ਹੋਈ
ਨਾ ਸੀ ਸ਼ਾਨ ਗੁਮਾਨ ਤੁਧ ਆਵਣੇ ਦਾ ਪਾਟੇ ਵੇਖ ਕੇ ਕੰਨ ਹੈਰਾਨ ਹੋਈ
ਮੁਕਬਲ ਭੁੱਲੀ ਹਾਂ ਬਖ਼ਸ਼ ਗੁਨਾਹ ਮੇਰਾ ਮਾਰੇ ਇਸ਼ਕ ਦੇ ਹੀਰ ਗ਼ਲਤਾਨ ਹੋਈ

੩੬੦

ਕੌਲਾਂ ਆਖ ਤੂੰ ਰਾਂਝੇ ਨੂੰ ਜਾਇਕੇ ਨੀ ਤੈਨੂੰ ਹੀਰ ਹਮੇਸ਼ ਸੰਭਾਲਦੀ ਏ
ਜਲ਼ ਬਲ ਕੇ ਕੋਇਲਾ ਹੋਈ ਅੰਦਰ ਬਾਹਰ ਧੂੰ ਨਾ ਮੂਲ ਨਿਕਾਲਦੀ ਏ
ਤਾਰੇ ਗਿਣਦਿਆਂ ਰਾਤ ਵਿਹਾਂਵਦੀ ਸੂ ਦਿਨੇ ਰੋਂਦਿਆਂ ਵਕਤ ਭੀ ਟਾਲਦੀ ਏ
ਮੁਕਬਲ ਬਾਝ ਤੇਰੇ ਕਿਸੇ ਹੋਰ ਅੱਗੇ ਦੁੱਖ ਆਪਣਾ ਫੋਲ ਨਾ ਡਾਲਦੀ ਏ

੩੬੧

ਕੌਲਾਂ ਹੀਰ ਦਾ ਹਾਲ ਅਹਿਵਾਲ ਸਾਰਾ ਜਾ ਰਾਂਝੇ ਨੂੰ ਆਖ ਸੁਣਾਇਆ ਏ
ਕਿਸੇ ਪੱਜ ਹੀ ਆਵਸੀ ਹੀਰ ਤੈਂਥੇ ਓਸ ਜੀ ਦਾ ਭੇਤ ਬਤਾਇਆ ਏ
ਤੇਰੇ ਇਸ਼ਕ ਨਿਚੋੜੀ ਏ ਤਾਬ ਮੇਰੀ ਮੈਨੂੰ ਦਿਨ ਦਿਨ ਦਰਦ ਸਵਾਇਆ ਏ
ਮੁਕਬਲ ਭੁੱਲੀ ਹਾਂ ਬਖ਼ਸ਼ ਗੁਨਾਹ ਮੇਰਾ ਮੈਂ ਨਾ ਜਾਣ ਕੇ ਦਗ਼ਾ ਕਮਾਇਆ ਏ

੩੬੨

ਰਾਂਝੇ ਕੌਲਾਂ ਦੇ ਬਾਬ ਦੁਆ ਕੀਤੀ ਕਹਿੰਦਾ ਕੀਤੀ ਹੈ ਤੁਧ ਇਹ ਸਰਫ਼ਰਾਜ਼ੀ
ਤੁਧ ਪੁੱਜਕੇ ਕੌਲਾਂ ਅਹਿਸਾਨ ਕੀਤਾ ਤੇਰਾ ਹੋਇਕੇ ਰਹਾਂ ਗ਼ੁਲਾਮ ਪਾਜ਼ੀ
ਮੌਲਾ ਕਰੇਗਾ ਕੰਮ ਆਸਾਨ ਤੇਰੇ ਕੀਤੀ ਤੁਧ ਗ਼ਰੀਬ ਦੀ ਕਾਰਸਾਜ਼ੀ
ਮੁਕਬਲ ਆਖਦਾ ਰੱਖ ਤੂੰ ਜੀਉ ਥਾਵੇਂ ਮੌਲਾ ਚਾਹੇ ਤੇ ਜਿੱਤਾਂਗੇ ਅੰਤ ਬਾਜ਼ੀ

੩੬੩

ਹੀਰ ਸਹਿਤੀ ਨੂੰ ਸੱਦ ਕੇ ਭੇਤ ਕਿਹਾ ਸਾਰਾ ਅਪਣਾ ਹਾਲ ਬਿਆਨ ਕੀਤਾ
ਜੋਗੀ ਨਾਲ਼ ਕਿਉਂ ਸਹਿਤੀਏ ਝਗੜ ਦੀ ਸੈਂ ਮੈਨੂੰ ਓਸਦੇ ਇਸ਼ਕ ਹੈਰਾਨ ਕੀਤਾ
ਮਾਰੇ ਇਸ਼ਕ ਦੇ ਰੰਗ ਵਟਾਇਆ ਸੂ ਮੈਨੂੰ ਵੇਖਣੇ ਦਾ ਸਾਮਾਨ ਕੀਤਾ
ਮੁਕਬਲ ਯਾਰ ਦੇ ਪਾਸ ਲੈ ਜਾਹ ਮੈਨੂੰ ਜਾਨੀਂ ਹੀਰ ਦੇ ਨਾਲ ਅਹਿਸਾਨ ਕੀਤਾ

੩੬੪

ਖ਼ਾਤਿਰ ਜਮ੍ਹਾਂ ਕਰ ਭਾਬੀਏ ਕਹੇ ਸਹਿਤੀ ਤੈਨੂੰ ਰਾਂਝੇ ਦੇ ਨਾਲ਼ ਮਿਲਾਵਸਾਂ ਮੈਂ
ਟੱਕਰਾਉਸਾਂ ਪਰਬਤਾਂ ਭਾਰਿਆਂ ਨੂੰ ਬਾਝ ਬੱਦਲਾਂ ਮੀਂਹ ਵਸਾਵਸਾਂ ਮੈਂ
ਅਸਮਾਨ ਤੇ ਜ਼ਿਮੀਂ ਦਾ ਮੇਲ ਕਰਸਾਂ ਬੇੜੀ ਰੇਤ ਦੇ ਵਿੱਚ ਚਲਾਵਸਾਂ ਮੈਂ
ਮੁਕਬਲ ਉਮਰ ਵਿੱਚ ਕਦੀ ਨਾ ਹੋਗ ਡਿੱਠਾ ਜੇਹਾ ਇਫ਼ਤਰਾ ਅੱਜ ਬਣਾਵਸਾਂ ਮੈਂ

੩੬੫

ਸਹਿਤੀ ਹੀਰ ਦਾ ਜੀਉ ਧਰਾਇਕੇ ਜੀ ਸਹਿਜੇ ਜਾਇਕੇ ਮਾਂ ਦੇ ਪਾਸ ਬਹਿੰਦੀ
ਅੰਮਾਂ ਹੀਰ ਦਾ ਬੁਰਾ ਅਹਿਵਾਲ ਦਿੱਸੇ ਨਿਮੋਂਝਾਣ ਰੰਜੂਲ ਹੈਰਾਨ ਰਹਿੰਦੀ
ਆਈ ਜਦ ਦੀ ਸਾਹੁਰੇ ਪੇਕਿਓਂ ਨੀ ਡਿੱਠੀ ਕਦੀ ਨਾ ਉੱਠਕੇ ਹੀਰ ਬਹਿੰਦੀ
ਮੁਕਬਲ ਹੀਰ ਨੂੰ ਚੁਗਣ ਕਪਾਹ ਖੜੀਏ ਸਹਿਤੀ ਮਾਂ ਨੂੰ ਮਿੰਨਤਾਂ ਨਾਲ਼ ਕਹਿੰਦੀ

੩੬੬

ਅਸੀਂ ਹਸਦੀਆਂ ਖੇਡਦੀਆਂ ਫਿਰਦੀਆਂ ਹਾਂ ਹੀਰ ਵੇਖ ਸਾਨੂੰ ਤਰਸਾਉਂਦੀ ਏ
ਬਾਹਰ ਜਾਣ ਨੂੰ ਜੀ ਹੁਣ ਲੋਚਦਾ ਸੂ ਤੈਥੋਂ ਸੰਗਦੀ ਮੂਲ ਨਾ ਜਾਂਵਦੀ ਏ
ਭੇਤ ਦਿਲੇ ਦਾ ਕਿਸੇ ਨੂੰ ਨਾ ਦਿੰਦੀ ਵਿੱਚੇ ਵਿੱਚ ਕਲੇਜੜਾ ਖਾਂਵਦੀ ਏ
ਮੁਕਬਲ ਲਾਡਲੀ ਸੀ ਘਰ ਮਾਪਿਆਂ ਦੇ ਹੀਰ ਸਾਹੁਰੇ ਘਰ ਸ਼ਰਮਾਂਵਦੀ ਏ

੩੬੭

ਮਾਂ ਆਖਦੀ ਸਹਿਤੀ ਨੂੰ ਉਠ ਧੀਏ ਮੈਥੋਂ ਕਾਹਨੂੰ ਹੀਰ ਸ਼ਰਮਾ ਰਹੀ
ਵੇਦਨ ਦਿਲੇ ਦੀ ਕਿਸੇ ਨੂੰ ਨਾ ਦਿੰਦੀ ਮੈਂ ਤਾਂ ਮਿੰਨਤਾਂ ਨਾਲ਼ ਪੁਛਾ ਰਹੀ
ਮਾਰ ਝੋਲੜਾ ਹੀਰ ਨੂੰ ਵਰਤ ਗਿਆ ਹੋਣੀ ਕੌਣ ਮੇਟੇ ਵਾਹ ਲਾ ਰਹੀ
ਮੁਕਬਲ ਹੀਰ ਨੂੰ ਵੱਡਾ ਵਿਜੋਗ ਹੋਇਆ ਪਿਆਰੀ ਕੱਤਣੋਂ ਤੁੰਮਣੋਂ ਜਾ ਰਹੀ

੩੬੮

ਸਾਰਾ ਆਪਣਾ ਜ਼ੋਰ ਮੈਂ ਲਾ ਥੱਕੀ ਨੱਢੀ ਚਾਲਿਓਂ ਬਾਜ਼ ਨਾ ਆਉਂਦੀ ਏ
ਨਹੀਂ ਤੁਆਮ ਖਾਂਦੀ ਸੁਖ ਨਾ ਸੌਂਦੀ ਆਹੀਂ ਮਾਰਦੀ ਜੀ ਖਪਾਉਂਦੀ ਏ
ਧੀਆਂ ਬੇਟੀਆਂ ਦਾ ਕੁੱਝ ਰਾਹ ਨਾਹੀਂ ਕਦੀ ਕੰਮ ਨੂੰ ਹੱਥ ਨਾ ਲਾਉਂਦੀ ਏ
ਤੇਰੇ ਨਾਲ਼ ਨਾ ਵਰਜਦੀ ਜਾਂਵਦੀ ਨੂੰ ਲੈ ਜਾਹ ਜੇ ਮੁਕਬਲਾ ਜਾਉਂਦੀ ਏ

ਸਹਿਤੀ ਦਾ ਹੀਰ ਨੂੰ ਰਾਂਝੇ ਕੋਲ ਲਿਜਾਣ ਲਈ ਬਹਾਨਾ ਬਣਾਉਣਾ

੩੬੯

ਸਹਿਤੀ ਮਾਂ ਤੋਂ ਆਉਂਦੀ ਇਜ਼ਨ ਲੈਕੇ ਕਹਿੰਦੀ ਉਠ ਕਪਾਹ ਨੂੰ ਚੱਲ ਹੀਰੇ
ਹੱਸ ਖੇਡ ਕੇ ਜੀ ਵਲਾ ਕੁੜੀਏ ਤੈਥੋਂ ਪੁੱਛਦੀ ਹਾਂ ਹੋਰ ਗੱਲ ਹੀਰੇ
ਰਾਂਝਾ ਮਿਲੇਗਾ ਜੀ ਨੂੰ ਰੱਖ ਥਾਵੇਂ ਰੱਬ ਕਰੇਗਾ ਮੁਸ਼ਕਿਲਾਂ ਹੱਲ ਹੀਰੇ
ਹੀਰੇ ਆਸਰਾ ਗ਼ੌਸ ਮੁਹਈਉੱਦੀਨ ਦਾ ਹੈ ਮੁਕਬਲ ਕਰੇਗਾ ਸੱਭੋ ਸਵੱਲ ਹੀਰੇ

੩੭੦

ਹੀਰ ਉੱਠ ਕੇ ਸਹਿਤੀ ਦੇ ਨਾਲ ਹੋਈ ਹਮਰਾਹ ਹੋਈਆਂ ਹੋਰ ਸਭ ਸਈਆਂ
ਕਰ ਪੱਜ ਕਪਾਹ ਦੇ ਚੁਗਣੇ ਦਾ ਅਲਬੇਲੀਆਂ ਉੱਠ ਕੇ ਜੂਹ ਗਈਆਂ
ਬੱਤਕਾਂ ਵਾਂਗ ਟਪਦੀਆਂ ਜਾਂਦੀਆਂ ਨੇ ਜਾ ਖੇਤ ਕਪਾਹ ਦੇ ਵਿੱਚ ਪਈਆਂ
ਚਾਈਂ ਚਾਈਂ ਉਹਨਾਂ ਮੁਕਬਲ ਜਾਂਦੀਆਂ ਨੇ ਝੋਲੀ ਬੰਨ੍ਹ ਕੇ ਸੁੱਥਣਾਂ ਚੁੱਕ ਲਈਆਂ

੩੭੧

ਸਹਿਤੀ ਨਜ਼ਰ ਬਚਾਅ ਸਹੇਲੀਆਂ ਦੀ ਕੰਡਾ ਕਿੱਕਰ ਦਾ ਹੀਰੇ ਦੇ ਪੈਰ ਜੜਿਆ
ਕੰਡਾ ਚੋਭ ਕੇ ਹੰਝੂਆਂ ਕੇਰੀਆਂ ਸੂ ਕਹਿੰਦੀ ਹਾਏ ਹਾਏ ਹੀਰ ਨੂੰ ਸੱਪ ਲੜਿਆ
ਹੀਰ ਬੋਲਣੋਂ ਚਾਲਣੋਂ ਰਹਿ ਚੁੱਕੀ ਮੋਈ ਮੋਈ ਪੁਕਾਰਦੀ ਰਾਹ ਫੜਿਆ
ਡੰਗ ਮਾਰ ਕੇ ਮੁਕਬਲਾ ਹੀਰ ਤਾਈਂ ਸੱਪ ਫੇਰ ਕਪਾਹ ਦੇ ਵਿੱਚ ਵੜਿਆ

੩੭੨

ਹੌਲੀ ਚੁੱਕ ਕੇ ਪਲੰਘ ਤੇ ਪਾਇ ਸਹਿਤੀ ਨਹੀਂ ਮਾਂ ਨੂੰ ਦੱਸਦੀ ਮੂਲ ਡਰਦੀ
ਹੀਰ ਹਾਲ ਥੀਂ ਹੋਏ ਬੇਹਾਲ ਗਈ ਮੂੰਹ ਤੇ ਆਈ ਤੇਲੀ ਵਰਤ ਗਈ ਜ਼ਰਦੀ
ਸਾਰੇ ਅੰਗ ਤੇ ਸਾਕ ਆ ਪੁੱਛਦੇ ਨੇ ਹੀਰ ਕਿਸੇ ਦੇ ਨਾਲ ਨਾ ਗੱਲ ਕਰਦੀ
ਮੁਕਬਲ ਆਖਦੀ ਹੀਰ ਨੂੰ ਸੱਪ ਲੜਿਆ ਝਬ ਕਰੋ ਕਾਰੀ ਨਹੀਂ ਹੀਰ ਮਰਦੀ

੩੭੩

ਸੱਸ ਆਣ ਕੇ ਹੀਰ ਦਾ ਹਾਲ ਡਿੱਠਾ ਕਹਿੰਦੀ ਇਹ ਕੀ ਦੁਖੜਾ ਲਾਇਆ ਈ
ਸੁੱਖ ਵਸਦਿਆਂ ਚੰਗਿਆਂ ਭਲਿਆਂ ਨੂੰ ਚਾਣਚੱਕ ਕਜ਼ੀਅੜਾ ਪਾਇਆ ਈ
ਭਾਈਆਂ ਪਿੱਟੀਏ ਸਹਿਤੀਏ ਘਰੋਂ ਖੜ ਕੇ ਕਿਹਾ ਹੀਰ ਨੂੰ ਸੱਪ ਲੜਾਇਆ ਈ
ਪਿਆਰੀ ਹੱਸਦੀ ਖੇਡਦੀ ਮੁਕਬਲੇ ਨੂੰ ਫਾਹੀ ਇਸ਼ਕ ਦੀ ਚਾ ਫਸਾਇਆ ਈ

੩੭੪

ਸਹਿਤੀ ਆਖਦੀ ਅੰਬੜੀਏ ਮੇਰੀਏ ਨੀ ਗੁਨਾਹਗਾਰ ਹਾਂ ਦੇਹ ਤਾਜ਼ੀਰ ਮੈਨੂੰ
ਚੰਗਾ ਮੰਗਿਆ ਸੀ ਮੰਦਾ ਹੋ ਗਿਆ ਪਾਪ ਲਾਇਆ ਹੈ ਚੰਦਰੀ ਹੀਰ ਮੈਨੂੰ
ਕਾਈ ਵੇਖਣੀ ਸੀ ਸੋਈ ਵੇਖ ਲਈ ਐਂਵੇਂ ਦੋਸ ਦਿੱਤਾ ਤਕਦੀਰ ਮੈਨੂੰ
ਔਖੀ ਘਾਟੀ ਤੋਂ ਪਾਰ ਲੰਘਾਉਂਦਾ ਹੈ ਮੁਕਬਲ ਗ਼ੌਸ ਮੁਹਈਉੱਦੀਨ ਪੀਰ ਮੈਨੂੰ

੩੭੫

ਖੇੜੇ ਹੀਰ ਤੋਂ ਬਹੁਤ ਹੈਰਾਨ ਹੋਏ ਸੈਦਾ ਭੇਜ ਕੇ ਵੈਦ ਬੁਲਾਇਓਨੇ
ਵੈਦ ਆਉਂਦੇ ਨੂੰ ਕਿੱਸਾ ਫੋਲ ਸਾਰਾ ਰੋ ਹੀਰ ਦਾ ਹਾਲ ਸੁਣਾਇਓਨੇ
ਲਹੂ ਬੱਕਰੇ ਦਾ ਅਤੇ ਜ਼ਹਿਰ ਮਹੁਰਾ ਘੋਲ਼ ਹੀਰ ਨੂੰ ਤੁਰਤ ਪਿਲਾਇਓਨੇ
ਨਾਲ਼ ਮਿੰਨਤਾਂ ਸੱਦ ਕੇ ਮਾਂਦਰੀ ਨੂੰ ਮੁਕਬਲ ਹੀਰ ਦਾ ਹੱਥ ਵਿਖਾਇਓਨੇ

੩੭੬

ਜ਼ਰਾ ਫ਼ਰਕ ਨਾ ਹੀਰ ਨੂੰ ਮੂਲ ਪੈਂਦਾ ਜ਼ੋਰ ਮਾਂਦਰੀ ਬਹੁਤ ਲਗਾ ਥੱਕੇ
ਦੁੱਖ ਹੀਰ ਦਾ ਦਿਨੋ ਦਿਨ ਸਰਸ ਹੋਵੇ ਖੇੜੇ ਅਪਣਾ ਜ਼ੋਰ ਸਭ ਲਾ ਥੱਕੇ
ਦਾਰੂ ਦਰਮਲਾਂ ਦੀ ਕੁੱਝ ਸੁਧ ਨਾਹੀਂ ਝੁੱਗਾ ਹੀਰ ਦੇ ਲਈ ਲੁਟਾ ਥੱਕੇ
ਖੇੜੇ ਮੁਕਬਲਾ ਹੀਰ ਨੂੰ ਮਾਰ ਚੁੱਕੇ ਲਾਚਾਰ ਹੋ ਰੋ ਕੁਰਲਾ ਥੱਕੇ

੩੭੭

ਸਹਿਤੀ ਹੀਰ ਦੇ ਕੰਨ ਵਿਚ ਜਾ ਕਹਿੰਦੀ ਇਕ ਗੱਲ ਮੈਂ ਹੋਰ ਬਨਾਉਨੀਆਂ
ਕਾਲੇ ਬਾਗ਼ ਵਿਚ ਰਾਂਝੇ ਦੇ ਕੋਲ ਜਾ ਕੇ ਓਹਨੂੰ ਭੇਤ ਭੀ ਆਖ ਸੁਨਾਉਨੀਆਂ
ਰੱਬ ਠਠੀ ਹੈ ਜੇਹੜੀ ਹੋਗ ਸੋਈ ਤੇਰੇ ਕੰਮ ਵਿਚ ਢਿਲ ਨਾ ਲਾਉਨੀਆਂ
ਮੈਂ ਤਾਂ ਜਾਇਕੇ ਫੰਧ ਫ਼ਰੇਬ ਕਰਸਾਂ ਮੁਕਬਲ ਯਾਰ ਨੂੰ ਆਣ ਮਿਲਾਉਨੀਆਂ

ਸਹਿਤੀ ਦਾ ਰਾਂਝੇ ਕੋਲ ਜਾਣਾ

੩੭੮

ਚੋਰੀ ਉੱਠ ਕੇ ਮਾਂ ਤੋਂ ਸ਼ਾਮ ਵੇਲੇ ਸਹਿਤੀ ਰਾਂਝੇ ਦੇ ਦਾਇਰੇ ਜਾਂਵਦੀ ਏ
ਥਾਲ ਪੂਰ ਕੇ ਖੰਡ ਤੇ ਚਾਵਲਾਂ ਦਾ ਸਿਧ ਸਾਧ ਦੀ ਨਜ਼ਰ ਪਹੁੰਚਾਂਵਦੀ ਏ
ਕਾਲੇ ਬਾਗ਼ ਦੇ ਅੰਦਰ ਜਾ ਸਹਿਤੀ ਪੈਰ ਪਕੜਕੇ ਸੀਸ ਨਿਵਾਂਵਦੀ ਏ
ਮੁਕਬਲ ਮੁੱਢ ਕਦੀਮ ਦਾ ਯਾਰ ਰੁੱਠਾ ਸਹਿਤੀ ਮਿੰਨਤਾਂ ਨਾਲ ਮੰਨਾਂਵਦੀ ਏ

੩੭੯

ਤਰਫ਼ ਸਹਿਤੀ ਦੀ ਮੂਲ ਨਾ ਨਜ਼ਰ ਕੀਤੀ ਰਾਂਝਾ ਖ਼ੁਦੀ ਨੂੰ ਕੰਮ ਫ਼ਰਮਾਂਵਦਾ ਏ
ਮਾਰੀ ਗ਼ਰਜ਼ ਦੀ ਅਸਾਂ ਦੇ ਕੋਲ਼ ਆਈਓਂ ਰਾਂਝਾ ਸਹਿਤੀ ਨੂੰ ਬੋਲੀਆਂ ਲਾਂਵਦਾ ਏ
ਜਦ ਗਿਆ ਸਾਂ ਭਿਖਿਆ ਮੰਗਣੇ ਨੂੰ ਬੋਲ ਬੋਲੀਏਂ ਜੋ ਮਨ ਭਾਂਵਦਾ ਏ
ਮੁਕਬਲ ਖ਼ੁਦੀ ਗੁਮਾਨ ਨੂੰ ਛੱਡ ਮੀਆਂ ਰੱਬ ਸ਼ਾਹਾਂ ਤੋਂ ਭੀਖ ਮੰਗਾਂਵਦਾ ਏ
੩੮੦

ਸਹਿਤੀ ਆਖਦੀ ਨਾ ਹੈ ਤਮਾ ਕੋਈ ਵੈਸੇ ਮਤਲਬੀ ਕੁਲ ਜਹਾਨ ਮੀਆਂ
ਮਾਰੇ ਗ਼ਰਜ਼ ਦੇ ਕੰਨ ਪੜਾਇਓ ਨੀ ਫਿਰੇਂ ਹੀਰ ਦੇ ਲਈ ਹੈਰਾਨ ਮੀਆਂ
ਪਹਿਲਾਂ ਸੁਖ਼ਨ ਅਵੱਲੜੇ ਕਹੇ ਤੈਨੂੰ ਪਛਤਾਵਨੀ ਹਾਂ ਪਸ਼ੇਮਾਨ ਮੀਆਂ
ਮੁਕਬਲ ਬਖ਼ਸ਼ ਖ਼ੁਦਾਇ ਦੇ ਨਾਮ ਪਿੱਛੇ ਮੇਰਾ ਜੀ ਤੇ ਮਾਲ ਕੁਰਬਾਨ ਮੀਆਂ

੩੮੧

ਰਾਂਝੇ ਵੇਖ ਕੇ ਸਹਿਤੀ ਦੀ ਮਿਹਰਬਾਨੀ ਦਿਲੋਂ ਕੁਫ਼ਰ ਦਾ ਜਿੰਦਰਾ ਭੰਨਿਆਂ ਏ
ਲੱਗਾ ਖਾਵਣੇ ਖੰਡ ਤੇ ਚਾਵਲਾਂ ਨੂੰ ਰੁਠਾ ਵਰ੍ਹਿਆਂ ਦਾ ਯਾਰ ਮੰਨਿਆਂ ਏ
ਰਾਂਝੇ ਸਹਿਤੀ ਦੀ ਬਹੁਤ ਦਿਲਬਰੀ ਕੀਤੀ ਖਾਣਾ ਖਾਇਕੇ ਬਹੁਤ ਪਰਸੰਨਿਆਂ ਏ
ਕਿਸ ਵਾਸਤੇ ਮਿਲੀਂ ਹੈਂ ਆਇ ਪਿਆਰੀ ਮੁਕਬਲ ਯਾਰ ਦੇ ਸ਼ੌਕ ਨੇ ਭੰਨਿਆਂ ਏ

੩੮੨

ਅੱਲ੍ਹਾ ਹੱਕ ਤੇ ਨਬੀ ਬਰਹੱਕ ਹੈ ਜੀ ਸੱਚ ਬੋਲਦੀ ਸਹਿਤੀ ਹੈ ਪਾਸ ਤੇਰੇ
ਹੈਸੀ ਮੇਰਾ ਤੇ ਹੀਰ ਦਾ ਭੇਤ ਇਕੋ ਕੀਤੀ ਹੀਰ ਹੈਰਾਨ ਇਖ਼ਲਾਸ ਤੇਰੇ
ਖਾਂਦੀ ਅੰਨ ਨਾ ਪੀਉਂਦੀ ਮੂਲ ਪਾਣੀ ਹੋਈ ਸੁੱਕ ਕੇ ਕਾਠ ਵਿਸਵਾਸ ਤੇਰੇ
ਮਿਹਰ ਕਰੀਂ ਤੂੰ ਮੁਕਬਲਾ ਅਸਾਂ ਉੱਤੇ ਮੈਂ ਤੇ ਆਈ ਹਾਂ ਚੱਲ ਕੇ ਪਾਸ ਤੇਰੇ

੩੮੩

ਸਹਿਤੀ ਅੱਵਲੋਂ ਆਖ਼ਰੋਂ ਭੇਤ ਸਾਰਾ ਬੈਠ ਰਾਂਝੇ ਦੇ ਪਾਸ ਸੁਣਾਇਆ ਏ
ਮੈਂ ਤਾਂ ਬਆਪਣੇ ਵੱਲੋਂ ਉਪਦੇਸ ਕਰ ਕੇ ਤੈਨੂੰ ਹੀਰ ਦਾ ਖ਼ਤ ਪਹੁੰਚਾਇਆ ਏ
ਬਾਹਰ ਜਾਇਕੇ ਨਾਲ਼ ਬਹਾਨਿਆਂ ਦੇ ਮੈਂ ਹੀਰ ਨੂੰ ਸੱਪ ਲੜਾਇਆ ਏ
ਪਿਆਰੇ ਮੁਕਬਲੇ ਨਾਲ਼ ਮਿਲਾਵਨੇ ਥੀਂ ਮੈਂ ਤਾਂ ਫੰਧ ਫ਼ਰੇਬ ਬਣਾਇਆ ਏ

੩੮੪

ਤੈਨੂੰ ਸੱਦਣੇ ਆਵਸੀ ਵੀਰ ਮੇਰਾ ਤੂੰ ਓਸਦੇ ਕਹੇ ਨਾ ਆਉਣਾਂ ਈਂ
ਤੈਂਥੇ ਜਾਵਸੀ ਉਹ ਜਵਾਬ ਲੈ ਕੇ ਤੈਨੂੰ ਫੇਰ ਮੈਂ ਆਣ ਮੰਨਾਉਣਾਂ ਈਂ
ਲੱਖ ਮਿੰਨਤਾਂ ਜ਼ਾਰੀਆਂ ਨਾਲ਼ ਤੈਨੂੰ ਮੈਂ ਹੀਰ ਦੇ ਪਾਸ ਲਿਜਾਉਣਾਂ ਈਂ
ਮੁਕਬਲ ਤੁਸਾਂ ਮੁਰਾਦ ਬਲੋਚ ਮੈਨੂੰ ਕਦੀ ਸੁੱਖ ਤਾਵੀਜ਼ ਮਿਲਾਉਣਾਂ ਈਂ

੩੮੫

ਖ਼ਾਤਰ ਜਮ੍ਹਾਂ ਰੱਖ ਸਹਿਤੀ ਨੂੰ ਕਹੇ ਰਾਂਝਾ ਤੈਨੂੰ ਯਾਰ ਮੁਰਾਦ ਮਿਲਾਵਸਾਂ ਮੈਂ
ਪੰਜਾਂ ਪੀਰਾਂ ਦਾ ਹੋਈ ਏ ਬਖ਼ਸ਼ ਮੈਨੂੰ ਜੋ ਕੁੱਝ ਮੰਗਸਾਂ ਸੋ ਕੁੱਝ ਪਾਵਸਾਂ ਮੈਂ
ਸਹਿਤੀ ਕਸਮ ਮੈਨੂੰ ਅਹਿਸਾਨ ਤੇਰਾ ਸਾਰੀ ਉਮਰ ਨਾ ਮੂਲ ਭੁਲਾਵਸਾਂ ਮੈਂ
ਲਈਂ ਵੇਚ ਜੇ ਲੋੜ ਹਈ ਮੁਕਬਲੇ ਦੀ ਕੋਈ ਉਜ਼ਰ ਨਾ ਮੂਲ ਲਿਆਵਸਾਂ ਮੈਂ

ਸਹਿਤੀ ਨੇ ਘਰ ਆ ਕੇ ਮਾਂ ਨੂੰ ਜੋਗੀ ਬਾਬਤ ਦੱਸਣਾ

੩੮੬

ਘਰ ਜਾਇਕੇ ਮਾਂ ਨੂੰ ਕਿਹਾ ਸਹਿਤੀ ਅੰਮਾਂ ਨਵਾਂ ਜੋਗੀ ਇਕ ਆਇਆ ਏ
ਬੈਠਾ ਵਿੱਚ ਉਜਾੜ ਦੇ ਮਾਰ ਧੂਣੀ ਸਾਰੀ ਉਮਰ ਸਵਾਲ ਨਾ ਪਾਇਆ ਏ
ਕਿਸੇ ਖਾਂਵਦਾ ਪੀਂਵਦਾ ਨਹੀਂ ਡਿੱਠਾ ਉਸ ਅਪਣਾ ਭੇਤ ਲੁਕਾਇਆ ਏ
ਜੇਹਾ ਸੁਣੀਦਾ ਸੀ ਤੇਹਾ ਜਾ ਡਿੱਠਾ ਮੁਕਬਲ ਕਾਮਲ ਰੱਬ ਮਿਲਾਇਆ ਏ

੩੮੭

ਮਾਂ ਆਖਦੀ ਸਹਿਤੀਏ ਉਠ ਧੀਏ ਜਾ ਕੇ ਸੱਦ ਲਿਆ ਜੇ ਆਂਵਦਾ ਏ
ਜਦੋਂ ਹੀਰ ਨੂੰ ਆ ਕੇ ਕਰੇ ਚੰਗੀ ਮੇਰੀਆਂ ਅੱਖੀਆਂ ਵਿੱਚ ਸਮਾਂਵਦਾ ਏ
ਬੂਰੀ ਮੱਝ ਦੇਵਾਂ ਦੁੱਧ ਪੀਵਣੇ ਨੂੰ ਜੇ ਉਹ ਹੀਰ ਦਾ ਦੁੱਖ ਗਵਾਂਵਦਾ ਏ
ਗੋਲੀ ਮੁਕਬਲੇ ਦੀ ਹੋ ਰਹਾਂਗੀ ਮੈਂ ਵੰਝ ਲਿਆ ਜੇ ਓਸਨੂੰ ਆਂਵਦਾ ਏ

੩੮੮

ਸਹਿਤੀ ਆਖਦੀ ਮੈਂ ਆਸ਼ਨਾ ਨਾਹੀਂ ਭਾਈ ਸੈਦੇ ਨੂੰ ਓਸਤੇ ਘੱਲ ਮਾਈ
ਜੋਗੀ ਆਉਂਦਾ ਹੀਰ ਨੂੰ ਕਰੇ ਚੰਗੀ ਜੇ ਕਰ ਓਸਦੇ ਜੀ ਤੇ ਮਿਹਰ ਆਈ
ਮਾਂ ਸੈਦੇ ਨੂੰ ਸੱਦ ਕੇ ਆਖਦੀ ਹੈ ਕਾਲੇ ਬਾਗ਼ ਤੂੰ ਜਾਹ ਸ਼ਿਤਾਬ ਭਾਈ
ਮੁਕਬਲ ਨਵਾਂ ਜੋਗੀ ਓਥੇ ਆ ਬੈਠਾ ਓਹਨੂੰ ਸੱਦ ਲਿਆ ਹੁਣ ਕਹੇ ਮਾਈ

੩੮੯

ਕਾਲੇ ਬਾਗ਼ ਨੂੰ ਉੱਠ ਕੇ ਗਿਆ ਸੈਦਾ ਸਣੇਂ ਜੁੱਤੀਆਂ ਦਾਇਰੇ ਜਾਂਵਦਾ ਏ
ਮਗਰ ਸੈਦੇ ਦੇ ਗ਼ੁੱਸੇ ਦੇ ਨਾਲ ਰਾਂਝਾ ਪੰਜ ਸੱਤ ਪਹੌੜੀਆਂ ਲਾਂਵਦਾ ਏ
ਮੇਰੇ ਦਾਇਰੇ ਜੁੱਤੀਆਂ ਨਾਲ਼ ਆਵੇਂ ਤੈਨੂੰ ਕੌਣ ਉਸਤਾਦ ਪੜ੍ਹਾਂਵਦਾ ਏ
ਪਰਾਂਹ ਜਾਹ ਜੇ ਜੀਉਣਾਂ ਲੋੜਨਾਂ ਏਂ ਮੁਕਬਲ ਨਹੀਂ ਤੇ ਮਾਰ ਗਵਾਂਵਦਾ ਏ

੩੯੦

ਸੈਦਾ ਆਖਦਾ ਪੀਤਾ ਸੀ ਦੁੱਧ ਕੱਚਾ ਜੋਗੀ ਭੁੱਲਾ ਵਾਂ ਬਖ਼ਸ਼ ਗੁਨਾਹ ਮੇਰਾ
ਮੈਨੂੰ ਸਖ਼ਤ ਪਹੌੜੀਆਂ ਲਾਈਆਂ ਨੀ ਹੋਇਆ ਬੰਦ ਹੈ ਰਾਵਲਾ ਸਾਹ ਮੇਰਾ
ਮਾਰੇ ਗ਼ਰਜ਼ ਦੇ ਆਇਆ ਮੈਂ ਚੱਲ ਤੈਥੇ ਵਰਮ ਦਿਲ ਤੋਂ ਸ਼ਾਹ ਜੀ ਲਾਹ ਮੇਰਾ
ਚੱਲ ਮੁਕਬਲਾ ਉੱਠ ਕੇ ਨਾਲ਼ ਮੇਰੇ ਜਾਨ ਬਣੀ ਤੋਂ ਕੰਮ ਨਿਬਾਹ ਮੇਰਾ

੩੯੧

ਕਾਲੇ ਨਾਗ ਨੇ ਡੰਗੀ ਹੈ ਨਾਰ ਮੇਰੀ ਤੇਰੀ ਖ਼ਬਰ ਸੁਣ ਕੇ ਤੈਥੇ ਆਇਆ ਮੈਂ
ਮੇਰਾ ਮੰਤਰ ਨਾ ਫਿਰੇ ਵਿਹਾਈਆਂ ਤੇ ਰਾਂਝਾ ਆਖਦਾ ਇਹ ਅਜ਼ਮਾਇਆ ਮੈਂ
ਸੈਦਾ ਰੋਇਕੇ ਆਖਦਾ ਰਾਵਲੇ ਨੂੰ ਸਾਰੀ ਉਮਰ ਇਹ ਮਜ਼ਾ ਨਾ ਪਾਇਆ ਮੈਂ
ਪਿਆਰੇ ਮੁਕਬਲੇ ਨਾਲ਼ ਨਾ ਸੇਜ ਸੁੱਤੀ ਸਾਰਾ ਅਪਣਾ ਜ਼ੋਰ ਲਗਾਇਆ ਮੈਂ

੩੯੨

ਰਾਂਝਾ ਆਖਦਾ ਸੈਦਿਆ ਜਾਹ ਮੁੜ ਕੇ ਘਰ ਕਿਸੇ ਦੇ ਮੂਲ ਨਾ ਜਾਵਸਾਂ ਮੈਂ
ਮੇਰੇ ਪਾਸ ਬਿਮਾਰ ਨੂੰ ਚਾ ਲਿਆਓ ਮੰਤਰ ਫੂਕ ਉਠਾਲ ਬਹਾਵਸਾਂ ਮੈਂ
ਜੇ ਕਰ ਸੱਪ ਦਾ ਡੰਗਿਆ ਮੋਇਆ ਹੋਇਆ ਹੁਕਮ ਰੱਬ ਦੇ ਨਾਲ਼ ਜੀਵਾਵਸਾਂ ਮੈਂ
ਦੁੱਖ ਦਰਦ ਸਭ ਹੋਵਸੀ ਦੂਰ ਓਹਦਾ ਮੁਕਬਲ ਘੋਲ਼ ਤਾਵੀਜ਼ ਪਿਆਵਸਾਂ ਮੈਂ

੩੯੩

ਨਿਮੋਂਝਾਣ ਹੋਇਕੇ ਸੈਦਾ ਗਿਆ ਡੇਰੇ ਜਾ ਮਾਂ ਨੂੰ ਹਾਲ ਸੁਣਾਂਵਦਾ ਏ
ਮਾਏ ਜੋਗੀ ਦੇ ਬੇਨਤੀ ਬਹੁਤ ਕੀਤੀ ਬੇਤਰਸ ਨੂੰ ਤਰਸ ਨਾ ਆਂਵਦਾ ਆਏ
ਬੇਪਰਵਾਹ ਹੈ ਅਸਾਂ ਮਲੂਮ ਕੀਤਾ ਡੇਰੇ ਕਿਸੇ ਦੇ ਮੂਲ ਨਾ ਜਾਂਵਦਾ ਏ
ਮੁਕਬਲ ਖਰਾ ਅਧੀਨ ਹੈ ਆਜ਼ਿਜ਼ਾਂ ਦਾ ਦੌਲਤਮੰਦਾਂ ਨੂੰ ਚਿੱਤ ਨਾ ਲਾਂਵਦਾ ਏ

੩੯੪

ਸਹਿਤੀ ਆਖਦੀ ਆਪ ਮੈਂ ਜਾਵਨੀ ਹਾਂ ਜਿਵੇਂ ਜਾਣਸਾਂ ਤਿਵੇਂ ਲਿਆਵਸਾਂ ਮੈਂ
ਜੋਗੀ ਲਬ ਤੇ ਲੋਭ ਦਾ ਯਾਰ ਨਾਹੀਂ ਪਰ ਸਵਾਲ ਖ਼ੁਦਾਇ ਦਾ ਪਾਵਸਾਂ ਮੈਂ
ਗੱਲ ਪਾ ਪੱਲਾ ਪੈਰੀਂ ਜਾ ਪੌਸਾਂ ਉਹਨੂੰ ਛੱਡ ਕੇ ਮੂਲ ਨਾ ਆਵਸਾਂ ਮੈਂ
ਮੁਕਬਲ ਆਉਂਦਾ ਹੀਰ ਨੂੰ ਕਰੇ ਚੰਗਾ ਤੈਨੂੰ ਜ਼ਾਹਰੀ ਗੱਲ ਵਿਖਾਵਸਾਂ ਮੈਂ

੩੯੫

ਸਹਿਤੀ ਆਖਦੀ ਜਾਇਕੇ ਰਾਂਝਣੇ ਨੂੰ ਉਠ ਰਾਵਲਾ ਹੀਰ ਬੁਲਾਇਆ ਏਂ
ਜਿਸ ਵਾਸਤੇ ਕੰਨ ਪੜਾਇਓਈ ਸਾਂਗ ਜੋਗੀਆਂ ਦਾ ਬਣ ਆਇਆ ਏਂ
ਘਰ ਬਾਰ ਤੂੰ ਛੱਡ ਫ਼ਕੀਰ ਹੋਇਉਂ ਆਤਿਸ਼ ਇਸ਼ਕ ਦੀ ਖਰਾ ਤਪਾਇਆ ਏਂ
ਮੈਥੋਂ ਕੌਣ ਚੰਗੇਰੜੀ ਹੋਰ ਪਿਆਰੀ ਗਲ ਜਿਸ ਨੇ ਆਣ ਲਗਾਇਆ ਏਂ

ਰਾਂਝੇ ਦਾ ਸਹਿਤੀ ਨਾਲ ਹੀਰ ਵੱਲ ਜਾਣਾ

੩੯੬

ਰਾਂਝਾ ਸਹਿਤੀ ਤੋਂ ਹੀਰ ਦਾ ਨਾਮ ਸੁਣ ਕੇ ਮੁਸ਼ਤਾਕ ਮਹਿਜ਼ੂਜ਼ ਖ਼ੁਸ਼ਹਾਲ ਹੋਇਆ
ਰਾਂਝਾ ਮੁੱਲ ਖ਼ਰੀਦਿਆਂ ਬੰਦਿਆਂ ਜਿਉਂ ਬੇਉਜ਼ਰ ਉਠ ਸਹਿਤੀ ਦੇ ਨਾਲ਼ ਹੋਇਆ
ਸਹਿਤੀ ਹੀਰ ਨੂੰ ਜਾਇ ਮਿਲਾਂਵਦੀ ਏ ਜਦੋਂ ਰੱਬ ਦਾ ਫ਼ਜ਼ਲ ਕਮਾਲ ਹੋਇਆ
ਪਿਆਰੇ ਮੁਕਬਲੇ ਨੂੰ ਮਿਲੀ ਚਿਰਾਂ ਪਿੱਛੋਂ ਆਸ਼ਕ ਵੇਖ ਦੀਦਾਰ ਨਿਹਾਲ ਹੋਇਆ

੩੯੭

ਹੀਰ ਰਾਂਝੇ ਨੂੰ ਵੇਖ ਕੇ ਖ਼ੁਸ਼ੀ ਹੋਈ ਚਾ ਮੁੱਖ ਤੋਂ ਘੁੰਡ ਉਤਾਰਦੀ ਏ
ਪਲਕਾਂ ਹੀਰ ਦੀਆਂ ਤੀਰ ਕਮਾਨ ਅਬਰੂ ਸੀਨੇ ਰਾਂਝੇ ਦੇ ਤੱਕ ਕੇ ਮਾਰਦੀ ਏ
ਤ੍ਰਿਖੇ ਹੀਰ ਦੇ ਨੈਣ ਕਟਾਰੀਆਂ ਨੇ ਨਾਲ਼ ਗ਼ਮਜ਼ਿਆਂ ਖ਼ੂਨ ਗੁਜ਼ਾਰਦੀ ਏ
ਪਿਆਰੀ ਮੁਕਬਲੇ ਜਿਹਾਂ ਆਸ਼ਕਾਂ ਨੂੰ ਨਜ਼ਰ ਮਿਹਰ ਦੀ ਵੇਖ ਕੇ ਤਾਰ ਦੀ ਏ

੩੯੮

ਆਸ਼ਕ ਜਾਇ ਮਾਸ਼ੂਕ ਦੇ ਪਾਸ ਬੈਠਾ ਮਿਲੇ ਤਾਲਬਾਂ ਨੂੰ ਮਤਲੂਬ ਮੀਆਂ
ਰੱਬ ਹੀਰ ਤੇ ਰਾਂਝੇ ਦਾ ਮੇਲ ਕੀਤਾ ਇਵੇਂ ਮੇਲ਼ ਸਾਨੂੰ ਮਹਿਬੂਬ ਮੀਆਂ
ਮੰਤਰ ਇਸ਼ਕ ਦਾ ਰਾਂਝੇ ਨੇ ਫੂਕਿਆ ਏ ਹਾਲ ਹੀਰ ਦਾ ਦਿੱਸਦਾ ਖ਼ੂਬ ਮੀਆਂ
ਮੁਰਸ਼ਦ ਪੀਰ ਕਰੇਂਦੀ ਹੈ ਮੁਕਬਲੇ ਨੂੰ ਪਿਆਰੀ ਬਹੁਤ ਹੋਈ ਮਹਿਬੂਬ ਮੀਆਂ
੩੯੯

ਰਾਂਝਾ ਜਾਇਕੇ ਆਖਦਾ ਹੀਰ ਤਾਈਂ ਕੌਣ ਕੇਹੜਾ ਹੈ ਮਾਂ ਤੇ ਬਾਪ ਤੇਰਾ
ਬਾਪ ਦਾਦਿਓਂ ਕੀ ਹੈ ਜ਼ਾਤ ਤੇਰੀ ਕਿੱਥੇ ਵੱਸਨੀ ਹੈਂ ਸਾਨੂੰ ਦੱਸ ਡੇਰਾ
ਡੰਗ ਮਾਰਿਆ ਸੀ ਤੈਨੂੰ ਨਾਗ ਕਿੱਥੇ ਰੱਬ ਭਾਵੇ ਤੇ ਬਖ਼ਸ਼ੀਏ ਜੀਉ ਤੇਰਾ
ਮੁਕਬਲ ਆਖਦਾ ਈ ਕਦਰਦਾਨ ਹੋਵੀਂ ਪਿਆਰੀ ਕਰਾਂਗੇ ਯਾਦ ਅਹਿਸਾਨ ਤੇਰਾ

੪੦੦

ਹੀਰ ਆਖਦੀ ਰਾਂਝੇ ਨੂੰ ਜਾਨ ਮੇਰੀ ਮੈਂ ਹਾਂ ਮੁੱਲ ਖ਼ਰੀਦ ਗ਼ੁਲਾਮ ਤੇਰੀ
ਮੈਂ ਪੀਉਸਾਂ ਧੋਇਕੇ ਪੈਰ ਤੇਰੇ ਨਾਮ ਤੇਰੇ ਤੋਂ ਘੋਲ਼ੀ ਹੈ ਜਾਨ ਮੇਰੀ
ਜ਼ੋਰ ਸਿਰੇ ਦੇ ਕਹੇਂ ਸੋ ਮੰਨਸਾਂ ਮੈਂ ਕਦੀ ਫੇਰ ਭੀ ਰਾਵਲਾ ਕਰੀਂ ਫੇਰੀ
ਮੁਕਬਲ ਕਰੋ ਹੁਣ ਪਾਰ ਉਤਾਰ ਮੈਨੂੰ ਮੈਂ ਤਾਂ ਤੁਸਾਂ ਦੇ ਨਾਮ ਦੀ ਹਾਂ ਚੇਰੀ

੪੦੧

ਸਹਿਤੀ ਆਖਦੀ ਮਾਂ ਨੂੰ ਬੈਠ ਗੋਸ਼ੇ ਜੋਗੀ ਆਖਦਾ ਹੀਰ ਦੀ ਕਰਾਂ ਕਾਰੀ
ਲੂੰ ਲੂੰ ਵਿੱਚ ਏਸ ਦੇ ਜ਼ਹਿਰ ਧਾਈ ਸੱਤ ਰੋਜ਼ ਨੇ ਹੀਰ ਤੇ ਬਹੁਤ ਭਾਰੀ
ਮੇਰੇ ਦਾਇਰੇ ਹੀਰ ਨੂੰ ਜਾ ਪਾਉ ਮੰਤਰ ਝਾੜਸਾਂ ਦਿਨ ਤੇ ਰਾਤ ਸਾਰੀ
ਮੈਂ ਸੱਤ ਦਿਨ ਹੀਰ ਦੇ ਕੋਲ ਰਹਸਾਂ ਮੁਕਬਲ ਯਾਰ ਦੇ ਨਾਮ ਤੋਂ ਜਿੰਦ ਵਾਰੀ

੪੦੨

ਮਾਰੀ ਗ਼ਰਜ਼ ਦੀ ਸਹਿਤੀ ਨੂੰ ਮਾਂ ਕਹਿੰਦੀ ਜੋਗੀ ਆਖਦਾ ਜੋ ਸੋਈ ਮੰਨ ਧੀਏ
ਸਣੇਂ ਹੀਰ ਦੇ ਦਾਇਰੇ ਰਾਵਲੇ ਦੇ ਹਫ਼ਤਾ ਜਾਇਕੇ ਕਰੀਂ ਵਤਨ ਧੀਏ
ਖ਼ਿਦਮਤ ਕਰੀਂ ਫ਼ਕੀਰ ਦੀ ਦਿਲ ਲਾ ਕੇ ਮਨ ਵਿੱਚ ਨਾ ਕਰੀਂ ਕੋਈ ਜ਼ਨ ਧੀਏ
ਕਰਾਮਾਤ ਡਿੱਠੀ ਅਸਾਂ ਮੁਕਬਲੇ ਦੀ ਨਹੀਂ ਆਖਣਾਂ ਝੂਠ ਸੁਖ਼ਨ ਧੀਏ

੪੦੩

ਸਹਿਤੀ ਆਪਣੀ ਮਾਂ ਤੋਂ ਇਜ਼ਨ ਲੈ ਕੇ ਭਾਬੀ ਹੀਰ ਤੇ ਰਾਂਝੇ ਦੇ ਨਾਲ ਚੱਲੀ
ਤਿੰਨੇ ਜਾਇਕੇ ਝੁੱਗੀ ਦੇ ਵਿੱਚ ਬੈਠੇ ਮਾਰੇ ਇਸ਼ਕ ਦੇ ਤਿੰਨਾਂ ਉਜਾੜ ਮੱਲੀ
ਚਰਖ਼ਾ ਡਾਹ ਕੇ ਦਰਦ ਫ਼ਿਰਾਕ ਵਾਲਾ ਕੱਤੀ ਬਿਰਹੋਂ ਦੀ ਸਹਿਤੀ ਤੇ ਹੀਰ ਛੱਲੀ
ਹੁਣ ਹੀਰ ਤੇ ਰਾਂਝੇ ਦਾ ਮੇਲ ਹੋਇਆ ਅੱਗ ਇਸ਼ਕ ਦੀ ਮੁਕਬਲਾ ਹੋਰ ਬੱਲੀ

੪੦੪

ਬੂਹਾ ਝੁੱਗੀ ਦਾ ਤਿੰਨਾਂ ਨੇ ਬੰਦ ਕੀਤਾ ਮਨ ਭਾਉਂਦੇ ਅਮਲ ਕਮਾਇਓਨੇ
ਕਾਰਵਾਨ ਮੁਰਾਦ ਬਲੋਚ ਤਾਈਂ ਗਿਰਦਨਾਮਾ ਭੀ ਚਾ ਕਰਾਇਓਨੇ
ਨਾਹੱਕ ਮੁਰਾਦ ਬਲੋਚ ਤਾਈਂ ਚਾਣਚੱਕ ਹੀ ਪਕੜ ਬੁਲਾਇਓਨੇ
ਸੈਆਂ ਕੋਹਾਂ ਦੇ ਪੰਧ ਥੀਂ ਮੁਕਬਲੇ ਨੂੰ ਜਾਦੂ ਘੱਤ ਕੇ ਪਕੜ ਮੰਗਾਇਓਨੇ

੪੦੫

ਤਾਵੀਜ਼ ਸੀ ਰਾਂਝੇ ਦਾ ਜ਼ੋਰ ਭਰਿਆ ਕਾਰਵਾਨ ਮੁਰਾਦ ਬਲੋਚ ਆਇਆ
ਝੁੱਗੀ ਰਾਂਝੇ ਦੀ ਸਹਿਤੀ ਨੂੰ ਆਣ ਮਿਲਿਆ ਨਾਲ਼ ਸ਼ੌਕ ਦੇ ਆਣ ਕੇ ਗਲੇ ਲਾਇਆ
ਕੀਤੀ ਰੱਬ ਨੇ ਦੋਹਾਂ ਦੀ ਆਸ ਪੂਰੀ ਕੀਤਾ ਚੌਹਾਂ ਨੇ ਅਪਣਾ ਮਨ ਭਾਇਆ
ਮੁਕਬਲ ਮਿਸਲ ਮਸ਼ਹੂਰ ਹੈ ਜਗ ਸਾਰੇ ਜਿਨ੍ਹਾਂ ਰੁੱਖ ਲਾਇਆ ਤਿਨ੍ਹਾਂ ਫਲ ਪਾਇਆ
੪੦੬

ਦਿਲ ਆਪਣੇ ਦਾ ਮਕਸੂਦ ਕਰ ਕੇ ਚੌਹਾਂ ਬੈਠ ਕੇ ਮਤਾ ਪਕਾਇਆ ਏ
ਐਥੇ ਬੈਠਣਾ ਨੇਕ ਸਲਾਹ ਨਾਹੀਂ ਉਠ ਚਲਣਾਂ ਹੀ ਬਣ ਆਇਆ ਏ
ਪਹਿਲੇ ਸਹਿਤੀ ਨੂੰ ਪਾ ਮੁਰਾਦ ਟੁਰਿਆ ਰਾਂਝਾ ਹੀਰ ਨੂੰ ਘਿੰਨ ਕੇ ਧਾਇਆ ਏ
ਰੱਬ ਚੌਹਾਂ ਦਾ ਮੁਕਬਲਾ ਮੇਲ ਕੀਤਾ ਘੱਟਾ ਦੁਸ਼ਮਣਾਂ ਦੇ ਸਿਰ ਪਾਇਆ ਏ

੪੦੭

ਫ਼ਜਰ ਹੋਈ ਤੇ ਉੱਠ ਕੇ ਬਾਗ਼ ਕਾਲੇ ਸੈਦਾ ਖ਼ਬਰ ਦੇ ਵਾਸਤੇ ਜਾਉਂਦਾ ਏ
ਧੂਣੀ ਸੁਆਹ ਹੋਈ ਝੁੱਗੀ ਪੋਈ ਖ਼ਾਲੀ ਸੈਦਾ ਰੋਂਵਦਾ ਤੇ ਕੁਰਲਾਉਂਦਾ ਏ
ਝੁੱਗਾ ਸਹਿਤੀ ਤੇ ਹੀਰ ਨੇ ਚੌੜ ਕੀਤਾ ਸੈਦਾ ਮਾਂ ਨੂੰ ਆਖ ਸੁਣਾਉਂਦਾ ਏ
ਸਾਨੂੰ ਜੀਉਣਾ ਹੁਣ ਮੁਹਾਲ ਹੋਇਆ ਮੁਕਬਲ ਲੇਖ ਨਾ ਮੇਟਿਆ ਜਾਉਂਦਾ ਏ

ਰਾਂਝਾ ਤੇ ਹੀਰ ਦਾ ਅਦਲੀ ਰਾਜੇ ਦੇ ਸ਼ਹਿਰ ਵਿੱਚ

ਰਾਤੋ ਰਾਤ ਹੀ ਚੀਰਦਾ ਝੱਲ ਰਾਂਝਾ ਪਹੁੰਚਾ ਅਦਲੀ ਰਾਜੇ ਦੇ ਸ਼ਹਿਰ ਮੀਆਂ
ਪਿੱਛੋਂ ਖ਼ਬਰ ਹੋਈ ਆਣ ਖੇੜਿਆਂ ਨੂੰ ਗ਼ੁੱਸਾ ਖਾਇਕੇ ਕਰਦੇ ਨੇ ਕਹਿਰ ਮੀਆਂ
ਮਗਰ ਦੋਹਾਂ ਦੇ ਸੱਠ ਸਵਾਰ ਹੋਏ ਜਿਵੇਂ ਤੇਜ਼ ਸਮੁੰਦਰ ਦੀ ਲਹਿਰ ਮੀਆਂ
ਮੌਲਾ ਸ਼ਹਿਦ ਪਿਲਾਇਆ ਸੀ ਮੁਕਬਲੇ ਨੂੰ ਹੁਣ ਇਹ ਖੁਆਉਂਦੇ ਜ਼ਹਿਰ ਮੀਆਂ

੪੦੯

ਸਹਿਤੀ ਅਤੇ ਮੁਰਾਦ ਨੂੰ ਢੂੰਡ ਥੱਕੇ ਮੂਲ ਦੋਹਾਂ ਦਾ ਖੋਜ ਨਾ ਪਾਇਓਨੇ
ਹੁਣ ਢੂੰਡ ਕੇ ਮੁੜਦਿਆਂ ਹੋਇਆਂ ਨੂੰ ਆਪ ਹੀਰ ਰਾਂਝਾ ਦਿਸ ਆਇਓਨੇ
ਸਿਰੋਂ ਲਾਹ ਕੇ ਪੱਗ ਤੇ ਬੰਨ੍ਹ ਮੁਸ਼ਕਾਂ ਪੈਰੀਂ ਘੱਤ ਜ਼ੰਜ਼ੀਰ ਚਲਾਇਓਨੇ
ਵਰਮ ਦਿਲੇ ਦੀ ਲਾਹ ਕੇ ਪਾਪੀਆਂ ਨੇ ਮੁਕਬਲ ਯਾਰ ਨੂੰ ਬਹੁਤ ਦੁਖਾਇਓਨੇ

੪੧੦

ਰਾਂਝਾ ਦੱਸ ਪਿਆ ਉਨ੍ਹਾਂ ਜ਼ਾਲਮਾਂ ਦੇ ਜਿੰਦ ਰੱਖ ਫ਼ਕੀਰ ਨੂੰ ਮਾਰਿਓਨੇ
ਨਹੀਂ ਆਉਂਦਾ ਤਰਸ ਹਰਾਮੀਆਂ ਨੂੰ ਰੋਜ਼ ਹਸ਼ਰ ਦਾ ਮਨਂੋ ਵਿਸਾਰਿਓਨੇ
ਕਿਸੇ ਆਖਿਆ ਹੀਰ ਨੂੰ ਚਾ ਮਾਰੋ ਨੇੜੇ ਆਣ ਕੇ ਝਿੜਕ ਉਤਾਰਿਓਨੇ
ਘਰ ਅਦਲੀ ਰਾਜੇ ਦੇ ਮੁਕਬਲੇ ਨੂੰ ਨਜ਼ਰ ਪਾ ਫ਼ਰਿਆਦ ਪੁਕਾਰਿਓਨੇ

੪੧੧

ਕਿਹਾ ਅਦਲੀ ਰਾਜੇ ਨੇ ਨੌਕਰਾਂ ਨੂੰ ਲਓ ਖ਼ਬਰ ਜੋ ਕਿਹਾ ਇਹ ਸ਼ੋਰ ਹੋਇਆ
ਦਰਦਮੰਦ ਨੂੰ ਕਿਸੇ ਦੁਖਾਇਆ ਏ ਨਹੀਂ ਕਿਸੇ ਦਾ ਸਖ਼ਤ ਪਰ ਜ਼ੋਰ ਹੋਇਆ
ਬਾਦਸ਼ਾਹ ਨੂੰ ਫ਼ਰਜ਼ ਹੈ ਅਦਲ ਕਰਨਾਂ ਜ਼ਾਲਮ ਦੋਜ਼ਖ਼ੀ ਮੋਇਕੇ ਗੋਰ ਹੋਇਆ
ਕੋਈ ਵਸਤ ਨਾ ਛੱਡਦਾ ਜ਼ੋਰ ਲੱਗੇ ਘਰ ਜਿਸਦੇ ਮੁਕਬਲਾ ਚੋਰ ਹੋਇਆ

੪੧੨

ਤਰਫ਼ ਰਾਂਝੇ ਦੀ ਖੇੜਿਆਂ ਨਜ਼ਰ ਕੀਤੀ ਜਿਵੇਂ ਬੱਕਰੀ ਵੱਲ ਕਰੇ ਨਜ਼ਰ ਚੀਤਾ
ਨਾਹੀਂ ਹੀਰ ਤੇ ਰਾਂਝੇ ਨੂੰ ਸੁਰਤ ਕਾਈ ਦੋਹਾਂ ਆਸਰਾ ਰੱਬ ਦੇ ਰਾਹ ਲੀਤਾ
ਹੀਰ ਆਖਦੀ ਰਾਂਝੇ ਨੂੰ ਜਾਨ ਮੇਰੀ ਜੋ ਕੁੱਝ ਚਾਹਿਆ ਰੱਬ ਨੇ ਚਾ ਕੀਤਾ
ਪ੍ਰਵਾਹ ਕੀ ਮੁਕਬਲਾ ਆਸ਼ਕਾਂ ਨੂੰ ਜਿਨ੍ਹਾਂ ਪ੍ਰੇਮ ਪਿਆਲੜਾ ਮੱਦ ਪੀਤਾ

੪੧੩

ਆਖੋ ਸੱਚ ਕੇਹੀ ਫ਼ਰਿਆਦ ਹੈ ਇਹ ਰਾਜੇ ਅਦਲੀ ਨੇ ਆਖ ਸੁਣਾਇਆ ਏ
ਏਸ ਜੋਗੀ ਨੇ ਕੇਹੀ ਤਕਸੀਰ ਕੀਤੀ ਜ਼ਿੰਮੇ ਏਸ ਦੇ ਦੋਸ ਕੀ ਆਇਆ ਏ
ਖੇੜੇ ਆਖਦੇ ਆਦਿ ਦਾ ਨਹੀਂ ਜੋਗੀ ਏਸ ਨਵਾਂ ਹੀ ਸਾਂਗ ਬਣਾਇਆ ਏ
ਮੁਕਬਲ ਏਸ ਨੂੰ ਬਹੁਤ ਤੰਬੀਹ ਕਰੀਏ ਸਾਨੂਂ ਏਸ ਨਾਹੱਕ ਸਤਾਇਆ ਏ

੪੧੪

ਆਖਿਆ ਅਦਲੀ ਰਾਜੇ ਨੂੰ ਖੇੜਿਆਂ ਨੇ ਜੋਗੀ ਨਾਂਹ ਇਹ ਠੀਕ ਹੈ ਚੋਰ ਮੀਆਂ
ਰਾਤੋ ਰਾਤ ਲੈ ਨੱਠਿਆ ਹੀਰ ਤਾਈਂ ਸਾਡਾ ਕੁੱਝ ਨਾ ਚਲਿਆ ਜ਼ੋਰ ਮੀਆਂ
ਮਸਾਂ ਢੂੰਡ ਕੇ ਬੰਦਿਆਂ ਪਕੜਿਆ ਸੀ ਇਹਨੇ ਆਇਕੇ ਕੀਤਾ ਹੈ ਸ਼ੋਰ ਮੀਆਂ
ਮੁਕਬਲ ਝਗੜਾ ਏਹ ਨਿਬੇੜ ਸਾਡਾ ਪਿੱਛੇ ਰੱਖ ਮੁਆਮਲਾ ਹੋਰ ਮੀਆਂ

੪੧੫

ਕਿਹਾ ਅਦਲੀ ਰਾਜੇ ਨੇ ਰਾਂਝਣੇ ਨੂੰ ਪਾਪੀ ਇਹ ਕੀ ਪਾਪ ਕਮਾਇਆ ਈ
ਕਹੇ ਰੰਨ ਦੇ ਲੱਗ ਖ਼ਰਾਬ ਹੋਇਉਂ ਪਾਪੀ ਦੱਸ ਖਾਂ ਹੱਥ ਕੀ ਆਇਆ ਈ
ਤੈਨੂੰ ਖ਼ੌਫ਼ ਖ਼ੁਦਾਇ ਦੇ ਛੱਡਿਆ ਮੈਂ ਤੇਰੀ ਸ਼ਰਮ ਰਹੀ ਲੱਖ ਪਾਇਆ ਈ
ਮੁਕਬਲ ਕਾਮੀਂ ਦਾ ਮੂਲ ਨਾ ਡਾਲ਼ ਰਹੇ ਅੱਲ੍ਹਾ ਖ਼ੂਬ ਅਸਾਂ ਸਮਝਾਇਆ ਈ

੪੧੬

ਕਿਹਾ ਅਦਲੀ ਰਾਜੇ ਨੂੰ ਹੀਰ ਰਾਂਝੇ ਕੋਈ ਸੱਚ ਪਛਾਣ ਕੇ ਮਾਰ ਸਾਨੂੰ
ਆਖੇ ਲੱਗ ਕੇ ਇਹਨਾਂ ਹਰਾਮੀਆਂ ਦੇ ਨਾਹੱਕ ਨਾ ਦੇਹ ਆਜ਼ਾਰ ਸਾਨੂੰ
ਸਾਡੀ ਮੁੱਢ ਕਦੀਮ ਦੀ ਦੋਸਤੀ ਹੈ ਆਪ ਜਾਣਦਾ ਰੱਬ ਗ਼ੱਫ਼ਾਰ ਸਾਨੂੰ
ਅਸਾਂ ਮੱਕੇ ਦੇ ਰਾਹ ਨੂੰ ਜਾਵਣਾ ਹੈ ਝੱਬ ਮੁਕਬਲਾ ਪਾਰ ਉਤਾਰ ਸਾਨੂੰ

੪੧੭

ਕਿਹਾ ਅਦਲੀ ਰਾਜੇ ਨੇ ਖੇੜਿਆਂ ਨੂੰ ਤੁਸੀਂ ਸੁਣੋ ਕੀ ਆਖਦੀ ਹੀਰ ਮੀਆਂ
ਖੇੜੇ ਲਾਲਚੀ ਨੇ ਮੇਰੇ ਹੱਕ ਰਾਂਝਾ ਨੱਢੀ ਖ਼ੂਬ ਕਹੀ ਤਕਰੀਰ ਮੀਆਂ
ਸ਼ਾਹਿਦ ਆਪਣੇ ਕੌਲ ਦਾ ਤੁਸੀਂ ਲਿਆਓ ਕੋਈ ਝੱਬ ਕਰੋ ਤਦਬੀਰ ਮੀਆਂ
ਝੂਠ ਛੱਡ ਕੇ ਮੁਕਬਲਾ ਸੱਚ ਆਖੋ ਤਾਹੀਂ ਮੁਆਮਲਾ ਕਰਾਂ ਅਖ਼ੀਰ ਮੀਆਂ

੪੧੮

ਖੇੜੇ ਆਖਦੇ ਚੇਹ ਚੜੀ ਬੋਲਦੀ ਏ ਬੁਰੀ ਨਾਰ ਦਾ ਕੁੱਝ ਵਸਾਹ ਨਾਹੀਂ
ਜੋਗੀ ਏਸਦੇ ਸਿਰ ਤੇ ਧੂੜ ਪਾਈ ਇਹਨੂੰ ਅਕਲ ਸ਼ਊਰ ਦਾ ਰਾਹ ਨਾਹੀਂ
ਅਸਾਂ ਸਿਹਰੇ ਬਿਨਾ ਵਿਆਹ ਆਂਦੀ ਅਸੀਂ ਲਾਲਚੀ ਤੇ ਬਦਖ਼ਾਹ ਨਾਹੀਂ
ਸਾਰੀ ਖ਼ਲਕ ਖ਼ੁਦਾਇ ਦੀ ਜਾਣਦੀ ਹੈ ਕੋਈ ਪੰਜ ਤੇ ਸੱਤ ਗਵਾਹ ਨਾਹੀਂ

੪੧੯

ਹੀਰ ਆਖਦੀ ਰਾਂਝੇ ਦੇ ਨਾਲ ਰਾਜਾ ਅੱਜ ਕੱਲ੍ਹ ਦਾ ਨਾ ਨੇਹੁੰ ਲਾਇਆ ਈ
ਮੇਰੇ ਬਾਪ ਦੀਆਂ ਮੱਝਾਂ ਚਾਰਦਾ ਸੀ ਮੇਰੇ ਵਾਸਤੇ ਚਾਕ ਸਦਾਇਆ ਈ
ਜ਼ੋਰਾਵਰੀ ਮੈਂ ਮਾਪਿਆਂ ਬੰਨ੍ਹ ਦਿੱਤੀ ਮੈਂ ਤਾਂ ਉਚੜਾ ਕੂਕ ਸੁਣਾਇਆ ਈ
ਮੁਕਬਲ ਸਿਕਦਿਆਂ ਸਿਕਦਿਆਂ ਸੀ ਛੁੱਟੇ ਕਰਤਾਰ ਹੁਣ ਆਣ ਮਿਲਾਇਆ ਈ

੪੨੦

ਰਾਜਾ ਅਦਲੀ ਆਖਦਾ ਹੀਰ ਤਾਈਂ ਰੰਨਾਂ ਵਾਲੀਆਂ ਛੱਡ ਹਿਕਾਇਤਾਂ ਨੀ
ਲੱਜ ਲਾਹੀ ਊ ਮਾਪਿਆਂ ਸੌਹਰਿਆਂ ਸੀ ਨਸ਼ਰ ਹੋਈ ਹੈਂ ਵਿੱਚ ਵਿਲਾਇਤਾਂ ਨੀ
ਨਾਲ਼ ਜਾਹ ਤੂੰ ਉੱਠ ਕੇ ਖੇੜਿਆਂ ਦੇ ਜਾਏ ਪੇਸ਼ ਨਾ ਨਾਲ ਅਦਾਲਤਾਂ ਨੀ
ਰੂ ਸ਼ਰ੍ਹਾ ਦੇ ਖੇੜਿਆਂ ਪਹੁੰਚਦੀ ਏਂ ਮੁਕਬਲ ਵੇਖੀਆਂ ਖੋਲ ਰਵਾਈਤਾਂ ਨੀ

੪੨੧

ਹੀਰ ਖੋਹ ਕੇ ਖੇੜਿਆਂ ਨਾਲ ਦਿੱਤੀ ਰਾਂਝਾ ਦੁਸ਼ਮਣਾਂ ਕੈਦ ਕਰਾਇਆ ਏ
ਖੇੜੇ ਉਠ ਕੇ ਰਾਂਝੇ ਨੂੰ ਛੱਡ ਚੱਲੇ ਰਾਜੇ ਅਦਲੀ ਇਹ ਫ਼ਰਮਾਇਆ ਏ
ਜੋਗੀ ਰੱਖਣਾਂ ਕੁੱਝ ਸਲਾਹ ਨਾਹੀਂ ਕੀਤਾ ਅਪਣਾ ਏਸ ਨੇ ਪਾਇਆ ਏ
ਰਾਜੇ ਅਦਲੀ ਤੋਂ ਰਾਂਝਾ ਮੁਕਬਲੇ ਨੇ ਬਹੁਤ ਮਿੰਨਤਾਂ ਨਾਲ਼ ਛੁਡਾਇਆ ਏ

੪੨੨

ਬਾਹਰ ਜਾਇਕੇ ਰਾਂਝੇ ਆਹ ਮਾਰੀ ਰਾਜੇ ਅਦਲੀ ਤੇ ਕਹਿਰਵਾਨ ਹੋਵੇ
ਰੱਬਾ ਭਾਹ ਲੱਗੇ ਏਸ ਨਗਰ ਤਾਈਂ ਪ੍ਰੇਸ਼ਾਨ ਹੈਰਾਨ ਵੀਰਾਨ ਹੋਵੇ
ਏਸ ਅਦਲੀ ਰਾਜੇ ਨੇ ਜ਼ੁਲਮ ਕੀਤਾ ਰੱਬਾ ਆਕਬਤ ਨੂੰ ਪ੍ਰੇਸ਼ਾਨ ਹੋਵੇ
ਮੁਕਬਲ ਹੀਰ ਜਾਂ ਮਿਲੇਗੀ ਰਾਵਲੇ ਨੂੰ ਤਦੋਂ ਸ਼ਹਿਰ ਸਾਰਾ ਅਬਾਦਾਨ ਹੋਵੇ

੪੨੩

ਪੰਜਾਂ ਪੀਰਾਂ ਨੂੰ ਰਾਂਝੇ ਨੇ ਯਾਦ ਕੀਤਾ ਉਸਦੀ ਹੋਈ ਦੁਆ ਕਬੂਲ ਮੀਆਂ
ਓਸ ਸ਼ਹਿਰ ਨੂੰ ਭੜਕ ਕੇ ਅੱਗ ਲੱਗੀ ਪਾਣੀ ਘੱਤਿਆਂ ਬੁਝੇ ਨਾ ਮੂਲ ਮੀਆਂ
ਦਰਦਮੰਦ ਗ਼ਰੀਬ ਦੀ ਆਹ ਲੱਗੀ ਅਦਲੀ ਰਾਜੇ ਨੂੰ ਹੋਇਆ ਸੂਲ ਮੀਆਂ
ਮੁਕਬਲ ਜਿਸ ਦੁਖਾਇਆ ਹੈ ਸ਼ੁਹਦਿਆਂ ਨੂੰ ਹੋਵੇ ਓਸਦੇ ਨਾਲ ਨਜ਼ੂਲ ਮੀਆਂ

੪੨੪

ਦਰਦ ਅਦਲੀ ਦਾ ਮੂਲ ਨਾ ਜਾਂਵਦਾ ਏ ਮੁੱਲਾਂ ਵੈਦ ਸਹੰਸ ਬੁਲਾਂਵਦਾ ਏ
ਜਿਉਂ ਜਿਉਂ ਦੇਣ ਦਾਰੂ ਤਿਉਂ ਤਿਉਂ ਦਰਦ ਹੋਵੇ ਕੁੱਝ ਨਬਜ਼ ਦਾ ਹੱਥ ਨਾ ਆਂਵਦਾ ਏ
ਧਨ ਮਾਲ ਫ਼ਕੀਰਾਂ ਦੀ ਨਜ਼ਰ ਕਰ ਕੇ ਸਿਰ ਸਦਕੇ ਲੱਖ ਵੰਡਾਂਵਦਾ ਏ
ਵਿੱਚ ਤਿੱਬ ਦੇ ਮਰਗ ਦਾ ਨਾ ਦਾਰੂ ਮੁਕਬਲ ਜ਼ਾਹਰਾ ਆਖ ਸੁਣਾਂਵਦਾ ਏ

੪੨੫

ਫ਼ਾਲ ਵੇਖ ਨਜੂਮੀਆਂ ਆਖਿਆ ਏ ਪਈ ਕਿਸੇ ਫ਼ਕੀਰ ਦੀ ਆਹ ਤੈਨੂੰ
ਜੇ ਤੂੰ ਸੱਦ ਕੇ ਜੋਗੀ ਨੂੰ ਕਰੇਂ ਰਾਜ਼ੀ ਸਿਹਤ ਬਖ਼ਸ਼ੀ ਰੱਬ ਅੱਲ੍ਹਾ ਤੈਨੂੰ
ਘਰੋਂ ਸੱਦ ਮੰਗਾ ਤੂੰ ਖੇੜਿਆਂ ਨੂੰ ਅਸੀਂ ਦੇਂਦੇ ਹਾਂ ਜਿਉਂ ਸਲਾਹ ਤੈਨੂੰ
ਹੀਰ ਖੋਹਕੇ ਦੇਹ ਤੂੰ ਰਾਵਲੇ ਨੂੰ ਮੁਕਬਲ ਬਖ਼ਸ਼ੇ ਰੱਬ ਗੁਨਾਹ ਤੈਨੂੰ

੪੨੬

ਕਰਾਮਾਤ ਫ਼ਕੀਰ ਦੀ ਵੇਖ ਲੀਤੀ ਰਾਜਾ ਨੌਕਰਾਂ ਨੂੰ ਫ਼ਰਮਾਂਵਦਾ ਏ
ਬੰਨ੍ਹ ਖੇੜਿਆਂ ਨੂੰ ਸਣੇ ਹੀਰ ਲਿਆਓ ਨਾਲ਼ ਹੁਕਮ ਦੇ ਫ਼ੌਜ ਦੌੜਾਂਵਦਾ ਏ
ਸਦਵਾਇਕੇ ਰਾਂਝੇ ਨੂੰ ਨੌਕਰਾਂ ਤੋਂ ਰਾਜਾ ਅਦਲੀ ਪਾਸ ਬਹਾਂਵਦਾ ਏ
ਮੁਕਬਲ ਬਖ਼ਸ਼ ਖ਼ੁਦਾ ਦੇ ਨਾਮ ਮੈਨੂੰ ਕੀਤੀ ਆਪਣੀ ਤੇ ਪਛੋਂਤਾਂਵਦਾ ਏ

੪੨੭

ਖੇੜੇ ਜਾਇਕੇ ਫ਼ੌਜ ਨੇ ਪਕੜ ਆਂਦੇ ਆਈ ਹੀਰ ਸਿਆਲ਼ ਭੀ ਨਾਲ਼ ਮੀਆਂ
ਹੀਰ ਖੋਹਕੇ ਰਾਂਝੇ ਨੂੰ ਫੇਰ ਦਿੱਤੀ ਹੋਇਆ ਖੇੜਿਆਂ ਦਾ ਬੁਰਾ ਹਾਲ ਮੀਆਂ
ਖੇੜੇ ਧੱਕ ਦਿੱਤੇ ਦਰਗਾਹ ਵਿੱਚੋਂ ਹੋਈ ਹੀਰ ਭੀ ਰਾਂਝੇ ਦੇ ਨਾਲ ਮੀਆਂ
ਪਿਆਰੇ ਮੁਕਬਲੇ ਨੂੰ ਗਲ ਲਾ ਸੁੱਤੀ ਹੋਇਆ ਰੱਬ ਦਾ ਫ਼ਜ਼ਲ ਕਮਾਲ ਮੀਆਂ

੪੨੮

ਹੋਇਆ ਅਦਲੀ ਰਾਜੇ ਦਾ ਸੂਲ ਮੱਠਾ ਕੀਤੀ ਹੀਰ ਤੇ ਰਾਂਝੇ ਦੁਆ ਮੀਆਂ
ਫੇਰ ਮੁਲਕ ਸਾਰੇ ਉੱਤੇ ਮੀਂਹ ਵਰ੍ਹਿਆ ਸਾਰੀ ਅੱਗ ਬੁਝਾਈ ਖ਼ੁਦਾ ਮੀਆਂ
ਕਿਹਾ ਅਦਲੀ ਰਾਜੇ ਨੂੰ ਹੀਰ ਰਾਂਝੇ ਤੇਰਾ ਕਰੇ ਮਕਸੂਦ ਖ਼ੁਦਾ ਮੀਆਂ
ਇਸ਼ਕ ਹੀਰ ਤੇ ਰਾਂਝੇ ਦਾ ਪਾਕ ਹੋਇਆ ਮੁਕਬਲ ਜ਼ਾਹਰਾ ਅੱਖ ਸੁਣਾ ਮੀਆਂ

੪੨੯

ਇਸ਼ਕ ਹੀਰ ਤੇ ਰਾਂਝੇ ਨੂੰ ਆਫ਼ਰੀਂ ਹੈ ਕੌਲ ਆਪਣਾ ਪਾਲ਼ ਵਿਖਾਇਆ ਏ
ਇਸ ਇਸ਼ਕ ਕਸਾਬ ਤੋਂ ਬੱਕਰੀ ਜਿਉਂ ਮੁਫ਼ਤ ਆਪਣਾ ਆਪ ਕੁਹਾਇਆ ਏ
ਸਾਨੂੰ ਰੱਬ ਦਾ ਫ਼ਜ਼ਲ ਤੇ ਜ਼ੁਹਦ ਭੁੱਲਿਆ ਇਸ਼ਕ ਅਕਲ ਦੇ ਅਮਲ ਉਠਾਇਆ ਏ
ਉਸਦਾ ਨਾ ਕਬੂਲ ਨਮਾਜ਼ ਰੋਜ਼ਾ ਜਿਸ ਇਸ਼ਕ ਦਾ ਮਜ਼ਾ ਨਾ ਪਾਇਆ ਏ
ਤੇਗ਼ ਇਸ਼ਕ ਦੀ ਸਿਰੇ ਤੇ ਝੱਲ ਲੀਤੀ ਜਿਉਣ ਮਰਨ ਦਾ ਖ਼ੌਫ਼ ਭੁਲਾਇਆ ਏ
ਇਸ਼ਕ ਹੀਰ ਤੇ ਰਾਂਝੇ ਦਾ ਸ਼ੌਕ ਸੇਤੀ ਰੋ ਰੋ ਆਹੀਂ ਦੇ ਨਾਲ ਬਣਾਇਆ ਏ
ਸਵਾਲ ਮੰਨਿਆਂ ਆਸ਼ਕਾਂ ਸਾਦਿਕਾਂ ਦਾ ਕਿੱਸਾ ਹੀਰ ਦਾ ਆਖ ਸੁਣਾਇਆ ਏ
ਮੁਕਬਲ ਫ਼ਾਰਗ ਹੋ ਕੇ ਸ਼ੇਅਰ ਕੋਲੋਂ ਕਲਮਾਂ ਪਾਕ ਜ਼ੁਬਾਨ ਤੇ ਲਿਆਇਆ ਏ

 

To veiw this site you must have Unicode fonts. Contact Us

punjabi-kavita.com