Baranmah-Dhol Sammi Munsaf Mehni

ਬਾਰਾਂਮਾਹ-ਢੋਲ ਸੰਮੀ ਮੁਨਸਫ਼ ਮਹਿਣੀ

ਬਾਰਾਂਮਾਹ-ਢੋਲ ਸੰਮੀ

ਚੜ੍ਹਦੇ ਚੇਤ੍ਰ ਸ਼ੰਮਸ ਰਾਣੀ, ਨਿਤ ਕੂਕੇ ਦਰਗਾਹ ਰਬਾਣੀ
ਰੱਬਾ ! ਢੋਲ ਸ਼ਾਮ ਘਰਿ ਆਣੀ, ਖਾਂਦੀ ਅੰਨ ਨ ਪੀਂਦੀ ਪਾਣੀ
ਤਾਰੇ ਗਿਣਦੀ ਰਾਤ ਵਿਹਾਣੀ, ਹਰਦਮ ਏਹਾ ਜ਼ਿਕਰ ਕਹਾਣੀ, ਮਿਲੀਏ ਸ਼ਾਮ ਨੂੰ ।

ਆਸ਼ਕ ਕਰਦੇ ਫਿਕਰ ਵਧੇਰੇ, ਪੰਡਤੁ ਸੱਦ ਪੁਛਾਇਆ ਡੇਰੇ
ਕੇਹਾ ਲੇਖੁ ਲਿਖਿਆ ਸਿਰ ਮੇਰੇ, ਪੰਡਤ ਜੋਇਸੀ ਕਹਿਨ ਘਨੇਰੇ
ਮਸਤਕ ਢੋਲ ਬਾਦਸ਼ਾਹ ਤੇਰੇ, ਖ਼ਬਰ ਨ ਆਮ ਨੂੰ ।

ਸ਼ੰਮਸ ਰਾਣੀ ਖਤੁ ਕਰਵਾਇਆ, ਸਾਰਾ ਹਾਲੁ ਹਵਾਲੁ ਲਿਖਾਇਆ
ਕਾਸਦ ਹੀਰਾ ਹਰਨੁ ਬੁਲਾਇਆ, ਲਿਖ ਰੁੱਕਾ ਗਲਿ ਉਸਦੇ ਪਾਇਆ
ਨਿਕੜੀ ਹੋਂਦੀ ਸਾ ਸੁ ਪੜ੍ਹਾਇਆ, ਟੋਰਿਆ ਕਾਮ ਨੂੰ ।

ਮਹਿਣੀ ਮੁਨਸਫ਼ ਆਖ ਸੁਣਾਈ, ਦਿਤੀ ਹੀਰੇ ਹਰਨ ਦੁਹਾਈ
ਉਤ ਵਲ ਪਾਈ ਢੋਲ ਤਵਾਈ, ਫੜਿ ਹਰਨਾਂ ਨੂੰ ਜ਼ਿਬ੍ਹਾ ਕਰਾਈ
ਬਕਰਾ ਮਿਲਿਆ ਹੱਥ ਕਸਾਈ, ਫੜਿਆ ਸਹਿਮ ਨੂੰ ।੧।

ਅਗੇ ਚੜ੍ਹੇ ਵਿਸਾਖ ਫਜ਼ਰ ਨੂੰ, ਸ਼ੰਮਸੁ ਖਤੁ ਕੀਤਾ ਦਿਲਬਰ ਨੂੰ
ਕਰਨ ਮੁਸਾਫ਼ਰ ਯਾਦ ਸਫ਼ਰ ਨੂੰ, ਤੁਰਿਆ ਹਰਨੁ ਕੋਟ ਨਰਵਰ ਨੂੰ
ਸੇਵੇ ਦਸਤਗੀਰ ਸਰਵਰ ਨੂੰ, ਮੁੜ ਕੇ ਹੰਸ ਲਿਆਵੇ ਸਰ ਨੂੰ
ਕੂੰਜਾਂ ਸਿਕਨ ਪਰਬਤ ਘਰ ਨੂੰ, ਲਾਈਏ ਭਾਹਿ ਇਵੇਹੀ ਜਰ ਨੂੰ, ਜੇ ਘਰਿ ਵਸੀਏ ।

ਹੀਰੇ ਹਰਨ ਜੋ ਕੀਤੀ ਧਾਈ, ਵਹਿਦਾ ਮਜਲੋ ਮਜਲੀ ਜਾਈ
ਖ਼ੌਫ਼ ਵਧੇਰਾ ਜ਼ਿਮੀ ਪਰਾਈ, ਅਗੋਂ ਸਿਕਦਿਆਂ ਮਿਲ ਗਈ ਮਾਈ
ਆਖੇ ਤੁਧੁ ਥੋਂ ਘੋਲ ਘੁਮਾਈ, ਸਾਇਤ ਨੇਕ ਅਸਾਡੀ ਆਈ, ਦਿਲ ਦੀ ਦੱਸੀਏ ।

ਹੀਰਾ ਅਰਜ਼ ਕਰੇ, ਸੁਣ ਅੰਮਾਂ ! ਕੇਹੇ ਵਖਤ ਦਿਤੋਈ ਮੰਮਾ
ਕੀ ਸੁਖ ਵੇਖਾਂ ਬਾਝੁ ਕਰੰਮਾ, ਸਿਰ ਤੇ ਸਫ਼ਰੁ ਸੁਣੀਂਦਾ ਲੰਮਾ
ਸੁਣ ਸੁਣ ਖ਼ੌਫ਼ ਤਿਸਦੇ ਕੰਬਾਂ, ਕਿਉਂ ਕਰ ਹੱਸੀਏ ।

ਮਹਿਣੀ ਸਚੁ ਨਾਮ ਦੇ ਤਰਨਾ, ਫਰਮੂਦਾ ਖ਼ਾਵੰਦ ਦਾ ਕਰਨਾ
ਜਿਤ ਵਲ ਭੇਜਨ ਉਜਰੁ ਨ ਕਰਨਾ, ਹੀਰਾ ਵਿਦਿਆ ਕੀਤਾ ਹਰਨਾ
ਵਿਸਰਿ ਗਿਆ ਓਨ੍ਹਾਂ ਥੇ ਚਰਨਾ, ਕਜਾ ਨ ਹੋਵੇ ਜਿਸ ਦਿਨ ਮਰਨਾ, ਕਿਤ ਵਲ ਨੱਸੀਏ ।੨।

ਅਗੋਂ ਜੇਠ ਮਹੀਨੇ ਚੜ੍ਹਦੇ, ਯਾਰ ਯਾਰਾਂ ਵਲ ਲਿਖਦੇ ਪੜ੍ਹਦੇ
ਕਾਸਦ ਹਰਨ ਸਨੇਹੇ ਖੜਦੇ, ਛਾਉਂ ਤੱਕੀ ਸੂ ਧੁਪੇ ਸੜਦੇ
ਬਰਕੰਦਾਜ਼ ਬੰਦੂਕਾਂ ਫੜਦੇ, ਹੈਂਸਿਆਰੇ ਤੋੜੇ ਜੜਦੇ, ਖ਼ਬਰ ਗਿਰਾਇੰ ਨੂੰ ।

ਖਾਂ ਨੂੰ ਖ਼ਬਰ ਦਿਤੀ ਹਲਕਾਰੇ, ਮਿਰਿਓ ਵੜਿਆ ਬਾਗ਼ੁ ਤੁਮਾਰੇ
ਕੀਤੇ ਤਾਜੀ ਜ਼ੀਨ ਕਰਾਰੇ, ਕਮਰਾਂ ਬੰਨ੍ਹ ਕਰਨ ਤਈਯਾਰੇ
ਸੁਤਰ ਮੰਗਾਏ ਕੜੇ ਨਗਾਰੇ, ਚੜ੍ਹਦਾ ਮੀਰ ਸ਼ਿਕਾਰ ਪੁਕਾਰੇ, ਮਿਲਦਾ ਮਾਇ ਨੂੰ ।

ਮਾਊ ਅੰਦਰਿ ਢੋਲ ਸਦਾਇਆ, ਸ਼ਬ ਦਾ ਖ਼ਾਬ ਖ਼ਿਆਲ ਸੁਣਾਇਆ
ਰਾਤ੍ਰਿ ਚਲਿਤ੍ਰ ਨਜ਼ਰੀਂ ਆਇਆ, ਢੋਲਾ ਦੇਖੇ ਦੇਸ ਪਰਾਇਆ
ਕਹਿੰਦਾ ਇਵੇਂ ਹੀ ਭਰਮਾਇਆ, ਸੁਣਿਆ ਹਰਨੁ ਬਾਗ਼ ਵਿਚਿ ਆਇਆ
ਪਕੜ ਲਿਆਵਾਂ ਹੋਇ ਸਵਾਇਆ, ਕਹਿੰਦਾ ਮਾਇ ਨੂੰ ।

ਮਹਣੀ ਲੇਖੁ ਦੱਸੁ ਕਿਨ ਪੜ੍ਹਿਆ, ਰੂੰਮੋ ਢੋਲ ਸ਼ਾਮ ਤੇ ਚੜ੍ਹਿਆ
ਜਾਂਦਾ ਨਾਲਿ ਹਰਨ ਦੇ ਅੜਿਆ, ਕਾਬੂ ਮੂਲ ਨ ਆਵੇ ਖੜਿਆ
ਮੁੜਨਾ ਨਹੀਂ ਅਸੀਲਾ ਪੜ੍ਹਿਆ, ਲੋਚਨ ਰਾਇ ਨੂੰ ।੩।

ਹਾੜ ਮਹੀਨੇ ਪਾਉਦੇ ਰਾਹੀਂ, ਵਗਨ ਲੋਆਂ ਭੜਕਨ ਭਾਹੀਂ
ਬਿੰਡੇ ਚੀਕਣ ਵਣੀ ਕਹਾਂ ਹੀ, ਜਾਇ ਬੈਠੇ ਨੀ ਹੋਰਨੀ ਜਾਈਂ
ਮਿਰਿਓ ਕਹਿਆ ਢੋਲੇ ਤਾਈਂ, ਹਜ਼ਰਤ ਡੇਰਾ ਕਰੋ ਸਰਾਈਂ
ਤੇਰਾ ਮੇਰਾ ਭੇੜ ਸੁਬਾਹੀਂ, ਭਲਕੇ ਆਵਣਾ ।

ਉਥੇ ਦੁਹਾਂ ਅਰਾਮ ਸੀ ਪਾਇਆ, ਧੰਮੀ ਰਾਤਿ ਚੜ੍ਹਨ ਦਿਨੁ ਆਇਆ
ਸੁੰਦਰ ਤੋਤਾ ਢੋਲੁ ਜਗਾਇਆ, ਉਥੋਂ ਹੋਇ ਸਵਾਰੁ ਚੜ੍ਹਿ ਆਇਆ
ਘੋੜਾ ਮਗਰ ਹਰਨ ਦੇ ਲਾਇਆ, ਮਿਰਿਓ ਵਗਿਓ ਥੀਉ ਸਵਾਇਆ, ਤੋੜ ਪਹੁਚਾਵਣਾ ।

ਤੋਤੇ ਕੀਤੀ ਅਰਜ਼ ਨਿਮਾਣੇ, ਆਖੇ ਲਗ ਨ ਹਰਗਿਜ਼ ਜਾਣੇ
ਜਾ ਉਹ ਮੁਲਖ ਬਿਗਾਨੇ ਧਾਣੇ, ਢੋਲੁ ਕਹਿਆ ਸੂ ਸਮਝਿ ਸਿਆਣੇ
ਸਿਰ ਤੇ ਮੰਨੋ ਹੁਕਮੁ ਰਬਾਣੇ, ਬੇੜੀ ਠੇਲ੍ਹੀ ਢੋਲੁ ਇਆਣੇ
ਸਰਵਰ ਆਲਮ ਹੋਇ ਮੁਹਾਣੇ, ਪਾਰਿ ਲੰਘਾਵਣਾ ।

ਮਹਿਣੀ ਢੋਲ ਯਾਰੁ ਲਲਕਾਰੇ, ਕਾਨੀ ਕਢ ਹਰਨ ਨੂੰ ਮਾਰੇ
ਬਹਿ ਗਿਆ ਸੁੰਬ ਵਟ ਕੇ ਚਾਰੇ, ਕੁਸਦਾ ਹੋਇਆ ਅਰਜੀ ਤਾਰੇ
ਅਗੇ ਕਿਸੇ ਨ ਏਲਚੀ ਮਾਰੇ, ਢੋਲਾ ਤਕ ਲੈ ਮਹਲ ਮੁਨਾਰੇ
ਸ਼ੰਮਸ ਰਾਣੀ ਢੋਲੁ ਚਿਤਾਰੇ, ਉਸੇ ਰਾਵਣਾ ।੪।

ਚੜ੍ਹਦੇ ਸਾਵਣ ਅਜਬ ਬਹਾਰਾਂ, ਵੜਿਆ ਢੋਲੁ ਬਾਗ਼ੁ ਗੁਲਜ਼ਾਰਾਂ
ਖਿੜਿਆ ਚੰਬਾ ਹੁਸਨ ਅਨਾਰਾਂ, ਮਾਲਣ ਚੁਣਦੀ ਫੁਲ ਹਜ਼ਾਰਾਂ
ਜਾਇ ਸੁਣਾਇਆ ਖਿਜਮਤਗਾਰਾਂ, ਤਾਦੀ ਕੀਤੀ ਬਾਗ਼ ਸਵਾਰਾਂ, ਸੁਣਕੇ ਆਂਵਦੀ ।

ਸ਼ੰਮਸੁ ਰਾਣੀ ਗੁੱਸਾ ਆਇਆ, ਜਾ ਉਸ ਡੇਰਾ ਆਣਿ ਵਿਖਾਇਆ
ਮਾਲੀ ਬਾਗ਼ਵਾਨ ਸਦਵਾਇਆ, ਕਿਸੇ ਬਾਗ਼ੇ ਦਾ ਬੂਹਾ ਲਾਹਿਆ
ਕੌਣ ਕੋਈ ਇਹ ਕਿਥੋਂ ਆਇਆ, ਆਖ ਸੁਣਾਇੰ ਦੀ ।

ਸੁੰਦਰ ਤੋਤੇ ਅਰਜ਼ੀ ਤਾਰੀ, ਗੁੱਸਾ ਨ ਤੂੰ ਕਰ ਮੁਟਿਆਰੀ
ਉਥੋਂ ਕੀਤੀ ਢੋਲ ਸਵਾਰੀ, ਆਂਦਾ ਹੀਰੇ ਹਰਣ ਸ਼ਿਕਾਰੀ
ਜਬ ਕੀ ਦੇਖੀ ਮੁਹਰ ਤੁਮਾਰੀ, ਤਾਹੀਏਂ ਆਈ ਬਾਗ਼ ਸਵਾਰੀ, ਰਾਹੁ ਪੁਛਾਂਵਦੀ ।

ਮਹਿਣੀ ਯਾਰ ਯਾਰਾਂ ਥੇ ਆਏ, ਤੋਤਾ ਸ਼ੰਮਸੁ ਨੂੰ ਸਮਝਾਇ
ਸੁਣ ਸੁਣ ਦੂਣੀ ਹੋਂਦੀ ਜਾਏ, ਬੰਦ ਤ੍ਰਟੇ ਪਿਜਵਾਜੋ ਤ੍ਰਾਏ
ਬਹਿ ਸਹੀਆਂ ਨੂੰ ਗਲਿ ਸੁਣਾਏ, ਰਾਤੀਂ ਢੋਲ ਸਾਮ ਗਲਿ ਲਾਏ
ਫਜ਼ਰੀਂ ਬਾਬਰ ਤਕਿ ਵਿਖਾਏ, ਖ਼ਾਬ ਸੁਣਾਂਵਦੀ ।੫।

ਚੜ੍ਹਦੇ ਭਾਦ੍ਰੋ ਮਿਲੇ ਪਿਆਰੇ, ਸ਼ੰਮਸ ਚਾੜ੍ਹਿਆ ਢੋਲ ਚਉਬਾਰੇ
ਸਹੀਆਂ ਕੀਤੇ ਹਾਰ ਸਿੰਗਾਰੇ, ਜਿਉ ਕਰਿ ਪਰੀਆਂ ਲਹਿਨ ਹੁਲਾਰੇ
ਹੂਰਾਂ ਖੇਡਨ ਅਰਸ਼ ਮੁਨਾਰੇ, ਸਾਰਤ ਰਾਗ ਦੀ ।

ਸ਼ੰਮਸ ਰਾਣੀ ਢੋਲ ਵਿਆਹੀ, ਚੜ੍ਹਦੀ ਤਖ਼ਤ ਸਾਮ ਦਿਲ ਚਾਹੀ
ਮਿਲ ਪਏ ਸਿਕ ਜਿਨ੍ਹਾਂ ਦੀ ਆਹੀ, ਹੋਇ ਸ਼ਗੁਫ਼ਤਾਂ ਘੁੰਗਟ ਲਾਹੀ
ਡਿਠਾ ਹੌਜ ਕੌਸਰ ਤ੍ਰਿਹਾਈ, ਜਾ ਭਰਿ ਪੀਤਾ ਜਾਮ ਸੁਰਾਹੀ
ਲੂੰ ਲੂੰ ਕੀਤਾ ਜ਼ਿਕਰ ਇਲਾਹੀ, ਰਾਤਿ ਸੁਹਾਗ ਦੀ ।

ਤਾਰਿਆਂ ਰਲ ਮਿਲ ਝੁਰਮਟੁ ਪਾਇਆ, ਜਿਨ੍ਹਾ ਤਖ਼ਤ ਬਖਤ ਦਾ ਸਾਇਆ
ਓਨ੍ਹਾ ਸਰਵਰ ਪੀਰੁ ਮਨਾਇਆ, ਸੂਰਜ ਰਾਤੀ ਚਾਉ ਰਚਾਇਆ
ਤੀਜੇ ਪਹਿਰੇ ਵੇਲਾ ਆਇਆ, ਢੋਲ ਸ਼ੰਮਸ ਲੈ ਛਾਤੀ ਲਾਇਆ
ਸਈਆਂ ਵੰਞੁ ਸਿੰਗਾਰੁ ਲਵਾਇਆ, ਫਜਰੀ ਵੇਲੇ ਆਣ ਜਗਾਇਆ, ਸ਼ੰਮਸ ਜਾਗਦੀ ।

ਮਹਿਣੀ ਹੋਣੀ ਕੌਣ ਮਿਟਾਏ, ਸੁੰਦਰ ਤੋਤਾ ਮਹਲੀਂ ਜਾਏ
ਹਾਲ ਹਕੀਕਤਿ ਆਣ ਸੁਣਾਏ, ਭੌਰ ਇਰਾਕੀ ਫਾਕੇ ਆਏ
ਦਾਣਾ ਕੌਣ ਮਹੇਲਾ ਪਾਏ, ਖਸਮਾਂ ਬਾਝੋਂ ਕੌਣ ਚੁਗਾਏ
ਕਦਰ ਨ ਰਹਿੰਦਾ ਵਤਨ ਪਰਾਏ, ਇਜ਼ਤ ਭਾਗਦੀ ।੬।

ਅਸੂ ਮਾਹ ਪਿਛੋਂ ਖਤ ਆਇਆ, ਮਾਊ ਲਿਖਿਆ ਇਹ ਫੁਰਮਾਇਆ
ਕਾਮਣ ਕਿਸ ਢੋਲਾ ਭਰਮਾਇਆ, ਦਰਦਾਂ ਦਿਲ ਵਿਚਿ ਡੇਰਾ ਪਾਇਆ
ਮਾਲੁ ਸ਼ਰੀਕਾ ਜ਼ਬਤੁ ਕਰਾਇਆ, ਅਸਾਡਾ ਹੁਕਮੁ ਨਿਆਉ ਉਠਾਇਆ
ਸਿਕਾ ਅਪਣੇ ਨਾਉਂ ਚਲਾਇਆ, ਖੋਹ ਹਵੇਲੀਆਂ ।

ਸੁਣਕੇ ਹੋਇਆ ਢੋਲ ਉਦਾਸੀ, ਸ਼ਮਸ ਰਾਣੀ ਖਰੀ ਹਿਰਾਸੀ
ਅਰਜ਼ਾਂ ਕਰਦੀ ਹੋਇ ਲਿਬਾਸੀ, ਆਈ ਵਿਚ ਬਖੀਲਾ ਵਾਸੀ
ਜੇ ਤੂੰ ਚਲਿਓ ਕਿਹੜਾ ਰਾਹ ਸੀ, ਸੁੰਞੀ ਸੇਜ ਅਸਾਨੂੰ ਖਾਸੀ
ਦਰਦਾਂ ਥੀਂ ਹੁਣ ਨਹੀਂ ਖਲਾਸੀ, ਬਾਝੋਂ ਬੇਲੀਆਂ ।

ਓਥੋਂ ਕੀਤੀ ਢੋਲ ਤਯਾਰੀ, ਸ਼ੰਮਸ ਰਾਣੀ ਰਹੀ ਨਿਆਰੀ
ਉਡਿਆ ਬਾਜ਼ ਲਈ ਉਡਾਰੀ, ਖੜੇ ਤਕੇਂਦੀ ਵਾਂਗੁ ਸ਼ਿਕਾਰੀ
ਜੇ ਮੈਂ ਹੋਂਦੀ ਯਾਰ ਪਿਆਰੀ, ਨ ਛਡ ਜਾਂਦਾ ਦਰਦਾਂ ਮਾਰੀ
ਜੇ ਮੈਂ ਜਾਣਾਂ ਰਾਹੁ ਕੁਆਰੀ, ਵਿਚ ਸਹੇਲੀਆਂ ।

ਮਹਿਣੀ ਮੰਨ ਰਜਾਇ ਇਲਾਹੀ, ਡਾਢੀ ਕੈਦ ਜ਼ੁਲਫ਼ ਦੀ ਫਾਹੀ
ਵਤੇ ਹੀਰ ਸੋਧਦੀ ਮਾਹੀ, ਨਿਤ ਉਠ ਢੂੰਢੇ ਬੇਲਾ ਕਾਹੀਂ
ਮੇਹੀਵਾਲੁ ਮਿਲਾਇ ਇਲਾਹੀ, ਸੰਮੀ ਦੇ ਸਿਰ ਲਿਖੀ ਆਹੀ
ਜੇ ਮੈਂ ਜਾਣਾ ਨਿਜ ਵਿਆਹੀ, ਨਾਲਿ ਉਲੇਲੀਆਂ ।੭।

ਚੜ੍ਹਦੇ ਕੱਤਕ ਸਰਦੀ ਪੌਂਦੀ, ਖ਼ਲਕਤ ਲੇਫ ਤੁਲਾਈਏ ਸਉਂਦੀ
ਸ਼ੰਮਸ ਰਾਣੀ ਜ਼ਰਾ ਨ ਚੌਂਦੀ, ਕਹੇ ਗਵਾਂਢਣ ਪਾਸੋਂ ਲਉਂਦੀ
ਜੇਹੜੀ ਲਾਇ ਸ਼ਾਮ ਗਲਿ ਸੌਂਦੀ, ਘਿਰਸੁ ਕਲੇਜਾ ਗਿਰਦੀਏ ਭੌਂਦੀ, ਆਹੀਂ ਮਾਰਦੀ ।

ਉਸਨੂੰ ਜਣੀ ਖਣੀ ਸਮਝਾਏ, ਗਲਿ ਨ ਸ਼ਮਸ ਜ਼ਰਾ ਸੁਖਾਏ
ਗੁਝੀ ਵੇਦਨ ਤਨ ਨੂੰ ਖਾਏ, ਦੁਖ ਜਿਗਰ ਦਾ ਕਿਉਂ ਕਰਿ ਜਾਏ
ਪੀੜ ਹਿਜਰ ਦੀ ਕੌਣੁ ਵੰਡਾਏ, ਆਖੇ ਨਿਜ ਜਣੇਂਦੀ ਮਾਏ, ਚਿੰਤਾ ਯਾਰ ਦੀ ।

ਸ਼ੰਮਸ ਫ਼ਿਕਰ ਦਲੀਲਾਂ ਧਰੀਆਂ, ਭਾਗ ਸੁਹਾਗੁ ਜਿਨ੍ਹਾਂ ਸੇ ਤਰੀਆਂ
ਪਹਿਨਣ ਪਟੁ ਬਾਦਲੇ ਜ਼ਰੀਆਂ, ਬਾਝੋਂ ਢੋਲਣ ਲਹਿੰਦੀਆਂ ਵਰੀਆਂ, ਗਲਿ ਹਜ਼ਾਰ ਦੀ ।

ਮਹਿਣੀ ਸ਼ੰਮਸ ਭਈ ਦੀਵਾਨੀ, ਲੇਲਾ ਮਜਨੂੰ ਜਿਉਂ ਮਸਤਾਨੀ
ਆਲਮ ਕਰਦੇ ਵਾਹਦ ਜ਼ਬਾਨੀ, ਕਿਸਾ ਜੂਸਫ਼ ਵਿਚ ਵਿਚਿ ਕੁਰਾਨੀ
ਫੇਰ ਜ਼ੁਲੀਖਾਂ ਲਈ ਜੁਆਨੀ, ਤਲਬ ਦੀਦਾਰ ਦੀ ।੮।

ਚੜ੍ਹਦੇ ਮੰਘਰ ਸਰਦ ਹਵਾਈਂ, ਜਿਨ੍ਹਾਂ ਕੰਤ ਸਾਮ ਘਰਿ ਸਾਈਂ
ਕਰਨ ਰਜਾਈਆਂ ਕਤਕ ਵਾਈਂ, ਲੈਕੇ ਸੌਂਦੀਆਂ ਲੇਫ ਤੁਲਾਈ
ਸ਼ੰਮਸ ਰਾਣੀ ਮਾਰੇ ਆਹੀਂ, ਜਿਸ ਦਾ ਕੰਤ ਸਾਮ ਘਰਿ ਨਾਹੀਂ, ਚਿੰਤਾ ਢੋਲ ਦੀ ।

ਨਿਤ ਉਠ ਕਰੇ ਵਿਖੋਆ ਸੰਮੀ, ਲਗੀ ਜਿਗਰ ਹਿਜਰ ਵਿਚ ਰੰਮੀ
ਕੀ ਸੁਖ ਵੇਖਾਂ ਬਾਝੁ ਕਰੰਮੀ, ਕਹੈ ਜੌਲ ਸਤਾਰੇ ਜੰਮੀ
ਨਿਮਖ ਹਰਾਮ ਅਸਾਡੀ ਕੰਮੀ, ਆਖਨ ਵਾਟ ਰੂਮ ਦੀ ਲੰਮੀ, ਖੜੀ ਨ ਜੋਲਦੀ ।

ਕਹਿੰਦੀ ਢੋਲ ਸੇਜ ਜਾਂ ਰਵਿਆ, ਤਿਸ ਦਿਨ ਕਾਗ ਚੁਬਾਰੇ ਲਵਿਆ
ਮੰਦਾ ਬਾਲ ਇਆਣਾ ਚਵਿਆ, ਅਖਸਰ ਲੋਹਾ ਟੁਟਦਾ ਧਵਿਆ
ਜੇ ਮੈਂ ਲੇਖੁ ਜਾਣਦੀ ਭਵਿਆ, ਤਾਕੁ ਨ ਖੋਲ੍ਹਦੀ ।

ਮਹਿਣੀ ਲਿਖਿਆ ਲੇਖੁ ਨਜ਼ਰ ਵਿਚਿ, ਸ਼ੰਮਸ ਲੱਗਾ ਰੋਗੁ ਜਿਗਰ ਵਿਚ
ਰਾਤ ਦਿਨੇ ਮਨ ਏਸ ਫ਼ਿਕਰ ਵਿਚ, ਚਲੀ ਉਠ ਸੁੰਞੀ ਸੇਜ ਹਿਜਰ ਵਿਚ
ਸਰਵਰ ਪੀਰ ਮਨਾਏ ਘਰ ਵਿਚਿ, ਮੈਨੂੰ ਲੈ ਚਲੀ ਨਰਵਰ ਵਿਚ, ਹੰਝੂ ਡੋਲ੍ਹਦੀ ।੯।

ਚੜ੍ਹਦੇ ਪੋਹ ਜੁ ਬਰਫ਼ਾਂ ਪਈਆਂ, ਗਾਵਨ ਚਾਇ ਲੋਹੀ ਦੇ ਸਈਆਂ
ਵਾਢੀਆਂ ਵਾਂਗੁ ਰੰਜੂਲਾਂ ਭਈਆਂ, ਤਿਨ੍ਹਾਂ ਦੀਆਂ ਕਿਸੇ ਨ ਖ਼ਬਰਾਂ ਲਈਆਂ
ਸਾਡੀਆਂ ਕੌਣ ਕਰੇ ਪਰਵਈਆਂ, ਸ਼ੰਮਸ ਆਖਦੀ ।

ਵਾਂਢੇ ਸਦਾ ਬੈਰਾਗੀ ਰਹਿੰਦੇ, ਨਾਲਿ ਫ਼ਿਕਰ ਨਿਤ ਸੌਂਦੇ ਬਹਿੰਦੇ
ਜਾ ਕੇ ਔਂਸੀਆਂ ਤਾਵਨਿ ਵੈਂਦੇ, ਰੱਬਾ ! ਕਰ ਤੂੰ ਮੇਲ ਦੁਹਾਂ ਦੇ
ਕੰਤ ਦਿਸਾਵਰ ਜਾਣ ਜਿਨ੍ਹਾਂ ਦੇ, ਫੂਲ ਨ ਤਿਨ੍ਹਾਂ ਲੌਂਗ ਸੁਖਾਂਦੇ, ਸ਼ਾਦੀ ਖ਼ਾਕ ਦੀ ।

ਸ਼ੰਮਸ ਸੇਜ ਚੜ੍ਹੀ ਜਦਿ ਖਾਲੀ, ਯਾਦਿ ਕਰੇ ਗਲਿ ਢੋਲੇ ਵਾਲੀ
ਅਜੇਹੀ ਰਾਤਿ ਪੋਹ ਦੀ ਕਾਲੀ, ਪਈ ਗੁਜ਼ਾਰਨ ਕਿਨੀਂ ਹਾਲੀ
ਬਾਝੋਂ ਆਬ ਨ ਤ੍ਰਿਹ ਖੁਸਹਾਲੀ, ਇਜ਼ਤ ਸਾਕ ਦੀ ।

ਮਹਿਣੀ ਕਰੇ ਮੁਨਸਫੀ ਝੇੜਾ, ਮੰਦਾ ਇਸ਼ਕ ਮਿਜਾਜੀ ਪੇੜਾ
ਜਿਸ ਤਨ ਲਗੀ ਜਾਣੇ ਕੇੜ੍ਹਾ, ਹੋਡੀ ਅੰਗ ਕੋਕਲਾ ਭੇੜਾ
ਵਰਤਿਆ ਨਾਲਿ ਰੀਸਾਲੂ ਝੇੜਾ, ਹੀਰੇ ਜ਼ਰਾ ਨ ਕੀਤਾ ਖੇੜਾ, ਸਦੀਏ ਚਾਕ ਦੀ ।੧੦।

ਚੜ੍ਹਦੇ ਮਾਂਹ ਜੁ ਆਈ ਲੋਹੀ, ਸਹੀਆਂ ਕੀਤੀ ਨ੍ਹਾਈ ਧੋਈ
ਸ਼ੰਮਸ ਆਇ ਘਾਬਰੇ ਸੋਈ, ਅਜੁ ਕਲਿ ਸਾਮ ਲਿਆਵੇ ਕੋਈ
ਅਸਾਡਾ ਮਿਤ੍ਰ ਪਿਆਰਾ ਸੋਈ, ਸ਼ੰਮਸ ਆਖੇ ਰਹਾ ਨ ਹੋਈ, ਓਥੇ ਜਾਇ ਕੇ ।

ਸ਼ੰਮਸ ਰਾਣੀ ਆਖਿ ਸੁਣਾਈ, ਸਿਕਦਿਆਂ ਸਾਰੀ ਉਮਰ ਵੰਞਾਈ
ਗਲਿ ਨ ਲਿਖੀਆ ਢੋਲੇ ਕਾਈ, ਵਿਦਾ ਟੁਰੀ ਕਰਿ ਮਾਈ ਦਾਈ
ਜਾਂਦੀ ਨਰਵਰਿ ਕੋਟਿ ਪੁਛਾਈ, ਗੁਸਾ ਖਾਇਕੇ ।

ਸ਼ੰਮਸ ਨਾਲਿ ਟੁਰੀ ਸਰਵਾਨਾ, ਛਡਿਆ ਪਲਰ ਮਾਲ ਖਜ਼ਾਨਾ
ਜੈਂਦਾ ਸ਼ਾਹ ਨਸੀਨ ਦਰਿ ਖਾਨਾ, ਭੁਈਏਂ ਸਉਂਦੀ ਕਰਿ ਸ਼ੁਕਰਾਨਾ
ਅਰਜ਼ਾਂ ਕਰਦੀ ਪੜ੍ਹੇ ਦੁਗਾਨਾ, ਮੇਲੀ ਢੋਲੁ ਸਾਮ ਸੁਲਤਾਨਾ ਗਲਿ ਮਿਲਾਇਕੇ ।

ਮਹਿਣੀ ਕੌਣੁ ਕਰੇ ਦਿਲਜੋਈ, ਸੁੱਤੀ ਨੂੰ ਛਡਿ ਗਏ ਸਥੋਈ
ਉਥੇ ਡੇਹਲ ਹੋਇ ਖਲੋਈ, ਦਰਦ ਫ਼ਿਰਾਕ ਢੋਲ ਦੇ ਰੋਈ
ਸਰਵਰ ਦੇਈ ਨਰਵਰ ਢੋਈ, ਮੈਂ ਬਹੁਤੀ ਦਰਮਾਂਦੀ ਹੋਈ
ਜਿਸ ਤਨ ਲਗੀ ਜਾਣੇ ਸੋਈ, ਸੁਣਿ ਦਿਲ ਲਾਇ ਕੇ ।੧੧।

ਚੜ੍ਹਦੇ ਫਗਣ ਮਿਲੇ ਪਿਆਰੇ, ਸ਼ਾਹ ਨੂੰ ਖ਼ਬਰ ਦਿਤੀ ਹਲਕਾਰੇ
ਸ਼ੰਮਸ ਆਈ ਖੋਜ ਤੁਮ੍ਹਾਰੇ, ਮੈਂ ਦੇਖੀ ਇਕ ਸ਼ਹਿਰ ਕਿਨਾਰੇ
ਖਰੇ ਵਿਖੋਈ ਮਾਰੇ ਨ੍ਹਾਰੇ, ਆਖੇ ਨਰਵਰ ਸੈਨ ਹਮਾਰੇ
ਮੇਲ ਅਸਾਨੂੰ ਯਾਰ ਪਿਆਰੇ, ਖੜੀ ਪੁਕਾਰਦੀ ।

ਕਾਸਤ ਦੇਇ ਸਨੇਹੇ ਕਲਿ ਦੇ, ਥਕੀ ਸਾਥ ਢੂੰਢਉ ਅਵਲ ਦੇ
ਸੁਣ ਕੇ ਖ਼ੌਫ਼ ਨ ਉਥੋਂ ਹਲਦੇ, ਅਗੇ ਸ਼ੇਰ ਬੁਕਨ ਵਿਚ ਝੱਲ ਦੇ
ਤ੍ਰਿਮਕਣ ਨੈਣ ਨਾਲ ਪਲ ਪਲ ਦੇ, ਖੁਲ੍ਹੇ ਵਾਲ ਪਏ ਵਿਚਿ ਗਲ ਦੇ
ਖਾਤਰ ਆਪ ਚੜ੍ਹੇ ਉਸ ਗਲ ਦੇ, ਡੌਲ ਸ਼ਿਕਾਰ ਦੀ ।

ਸੁਣ ਕੇ ਫੌਜ ਗਈ ਉਸ ਵਲ ਮੇਂ, ਸ਼ੰਮਸ ਫਿਰਦੀ ਜੂਹ ਜੰਗਲ ਮੇਂ
ਡਿਠਸੁ ਢੋਲ ਪਾਤਸ਼ਾਹ ਦਲ ਮੇਂ, ਦੁਖ ਤੇ ਪਾਪ ਗਏ ਸਭ ਪਲ ਮੇਂ
ਬੀੜੇ ਖੋਲ੍ਹ ਮਿਲੇ ਤਬ ਗਲ ਮੇਂ, ਸ਼ੁਕਰ ਗੁਜ਼ਾਰਦੀ ।

ਮਹਿਣੀ ਮੁਨਸਫ਼ ਕਹੇ ਪੰਜਾਬੀ, ਖੀਵੀ ਸ਼ੰਮਸ ਢੋਲ ਸ਼ਰਾਬੀ
ਖਾਸੇ ਗੁਰਦੇ ਤਲੇ ਕਬਾਬੀ, ਸ਼ੰਮਸ ਲਈ ਪੁਸ਼ਾਕ ਸਿਤਾਬੀ
ਹੋਇ ਸ਼ਗੁਫ਼ਤਾਂ ਬਲੀ ਮਤਾਬੀ, ਸਿਕ ਪਿਆਰ ਦੀ ।੧੨।