Merian Jhanjaran Dee Chhanchhan : Dawinder Bansal

ਮੇਰੀਆਂ ਝਾਂਜਰਾਂ ਦੀ ਛਨਛਨ : ਦਵਿੰਦਰ ਬਾਂਸਲ



ਸਮਰਪਤ

ਪੰਜਾਬੀ ਸਾਹਿਤ ਨੂੰ ਔਰਤ ਵਿਚਾਰਧਾਰਾ ਨਾਲ ਜੋੜਨ ਲਈ ਅਣਥੱਕ ਮਿਹਨਤ ਕਰਨ ਵਾਲੀਆਂ ਲੇਖਿਕਾਵਾਂ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਅਤੇ ਡਾ. ਦਲੀਪ ਕੌਰ ਟਿਵਾਣਾ ਦੇ ਨਾਮ ਉਨ੍ਹਾਂ ਜਾਂ-ਬਾਜ਼ ਔਰਤਾਂ ਅਤੇ ਮਰਦਾਂ ਦੇ ਨਾਮ ਜੋ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਜਿਊਣ ਜੋਗੀ ਬਨਾਉਣ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਲਈ ਨਿਰੰਤਰ ਸੰਘਰਸ਼ ਕਰ ਰਹੇ ਹਨ ਮੇਰੀ ਮਾਂ ਜਿਸਨੇ ਹਜ਼ਾਰਾਂ ਮੁਸੀਬਤਾਂ ਸਹਿੰਦਿਆਂ ਵੀ ਕਦੀ ਹਿੰਮਤ ਨਹੀਂ ਹਾਰੀ ਮੇਰੀਆਂ ਭੈਣਾਂ ਰੇਸ਼ਮ, ਦਰਸ਼ਨ, ਅੰਮ੍ਰਿਤ ਅਤੇ ਪਰਮਿੰਦਰ ਦੇ ਨਾਮ ਜਿਨ੍ਹਾਂ ਨਾਲ ਮੇਰੀ ਜ਼ਿੰਦਗੀ ਦੇ ਅਣਗਿਣਤ ਪਲ ਕਦੇ ਖੱਟੇ ਅਤੇ ਕਦੇ ਮਿੱਠੇ ਹੋ ਨਿਬੜਦੇ ਰਹਿੰਦੇ ਹਨ

1. ਤੜਪ

ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ ਮੇਰੀ ਰੂਹ ਪਿੰਜੀ ਜਾ ਚੁੱਕੀ ਹੈ ਮੇਰਾ ਜਿਸਮ ਟੁਕੜੇ-ਟੁਕੜੇ ਹੋ ਚੁੱਕਾ ਹੈ ਮੇਰੇ ਸ਼ਬਦ ਮੇਰੇ ਹੋਠਾਂ ਤੇ ਆਕੇ ਰੁਕ ਜਾਂਦੇ ਹਨ ਮੇਰੇ ਖ਼ੂਨ ਦੀ ਹਰਕਤ ਮੱਧਮ ਪੈ ਜਾਂਦੀ ਹੈ ਮੇਰਾ ਸਾਹ ਰੁਕ ਜਾਂਦਾ ਹੈ ਮੈਂ ਨਿਢਾਲ ਹੋ ਜਾਂਦੀ ਹਾਂ ਮੈਂ ਮਦਹੋਸ਼ ਹੋ ਜਾਂਦੀ ਹਾਂ ਮੇਰੇ ਜ਼ਖ਼ਮਾਂ ਦੀ ਪੀੜਾ ਮੇਰੀ ਰੂਹ ਨੂੰ ਵਿੰਨ੍ਹ-ਵਿੰਨ੍ਹਕੇ ਛਾਨਣਾ ਕਰਦੀ ਰਹਿੰਦੀ ਹੈ ਮੇਰੀਆਂ ਖ਼ੁਸ਼ੀਆਂ, ਮੇਰੇ ਗ਼ਮ ਮੇਰੀ ਛਾਨਣਾ ਹੋਈ ਰੂਹ 'ਚੋਂ ਬਿਨਾਂ ਕੋਈ ਛਾਪ ਛੱਡੇ ਕਿਰ ਜਾਂਦੇ ਹਨ।

2. ਮੌਤ

ਤੂੰ ਮੇਰੇ ਤੋਂ ਬਹੁਤੀ ਦੂਰ ਨਹੀਂ ਤੂੰ ਮੇਰੀ ਦਹਿਲੀਜ਼ 'ਤੇ ਖੜ੍ਹੀ ਹੈਂ ਮੈਂ ਜਾਣਦੀ ਹਾਂ ਜਿਸ ਦਿਨ ਮੈਂ ਹਠ ਛੱਡ ਦਿੱਤਾ ਤੂੰ ਮੇਰੇ ਉੱਤੇ ਬਾਜ਼ ਵਾਂਗ ਝਪਟ ਪਵੇਂਗੀ।

3. ਹੋਂਦ

ਮੇਰੇ ਬੇਵੱਸ, ਭਟਕ ਰਹੇ ਮਨ ਪਲ,ਪਲ ਤਿੜਕ ਰਹੀ ਆਪਣੀ ਹੋਂਦ ਦਾ ਨਕਸ਼ਾ ਦੇਖ ਮੈਂ ਕਦ ਤੱਕ ਇੰਜ ਹੀ ਧੂਫ਼ ਵਾਂਗ ਧੁਖਦੀ ਰਹਾਂਗੀ? ਕਦੀ ਵੀ ਸ਼ਾਂਤ ਹੋਣ ਤੋਂ ਇਨਕਾਰੀ ਹੋ ਰਹੇ ਮੇਰੇ ਅਸ਼ਾਂਤ ਮਨ- ਮੈਂ ਆਪਣੇ ਆਪ ਤੋਂ ਹੀ ਬਾਰ-ਬਾਰ ਪੁੱਛਦੀ ਹਾਂ : ਮੇਰੀ ਰਗ-ਰਗ ਵਿੱਚ ਜੋ ਭਿਆਨਕ ਤੂਫ਼ਾਨ ਜਨਮ ਲੈ ਰਿਹਾ ਹੈ ਜੋ ਜਵਾਲਾ ਮੁਖੀ ਫੱਟ ਰਿਹਾ ਹੈ ਜੋ ਅੱਗ ਦਾ ਦਰਿਆ ਵਗ ਰਿਹਾ ਹੈ ਕੀ ਇਹ ਕਿਸੇ ਵਿਸਫੋਟ ਦਾ ਕੋਈ ਸੁਨੇਹਾ ਮਿਲ ਰਿਹਾ ਹੈ? ਪਰ ਮੈਂ ਜਾਣਦੀ ਹਾਂ ਮੇਰੇ ਰੋਗ ਦਾ ਦਾਰੂ ਮੇਰੇ ਆਪਣੇ ਹੀ ਕੋਲ ਹੈ ਮੇਰੇ ਮਨ ਦੀ ਕਿਸੇ ਨੁੱਕਰ 'ਚ ਸੁਲਗ ਰਹੇ ਕੁੱਝ ਸ਼ਬਦਾਂ ਦੇ ਅਰਥਾਂ ਵਿੱਚ ਮੇਰੇ ਬੇਵੱਸ, ਭਟਕ ਰਹੇ ਮਨ ਪਲ-ਪਲ ਤਿੜਕ ਰਹੀ ਆਪਣੀ ਹੋਂਦ ਦਾ ਨਕਸ਼ਾ ਦੇਖ ਮੈਂ ਕਦ ਤੱਕ ਇੰਜ ਹੀ ਧੂਫ਼ ਵਾਂਗ ਧੁਖਦੀ ਰਹਾਂਗੀ?

4. ਮੇਰੇ ਸੁਫ਼ਨੇ

ਮੇਰੇ ਸੁਫ਼ਨੇ ਮੇਰੇ ਪੈਰਾਂ 'ਚ ਪਈਆਂ ਝਾਂਜਰਾਂ ਵਾਂਗ ਛਣ-ਛਣ ਕਰਦੇ ਹਨ ਛਣ-ਛਣ 'ਚੋਂ ਇੱਕ ਗੀਤ ਦੀ ਆਵਾਜ਼ ਆਉਂਦੀ ਹੈ : ਬਹਾਰ ਦੀ ਰੁੱਤ ਆ ਰਹੀ ਹੈ ਹਜ਼ਾਰਾਂ ਰੰਗਾਂ ਦੇ ਫੁੱਲ ਖਿੜਨ ਵਾਲੇ ਹਨ ਜਿਵੇਂ ਮੇਰੀਆਂ ਅੱਧ-ਜਾਗੀਆਂ ਅੱਖਾਂ 'ਚ ਜਗਾ ਰਹੇ ਹਨ ਕਿਸੇ ਸੂਰਜਮੁਖੀ ਦੇ ਨਕਸ਼।

5. ਰਿਸ਼ਤੇ

ਸੜਕਾਂ ਤੇ ਤੁਰਦਿਆਂ ਕਾਰ ਚਲਾਂਦਿਆਂ ਜਾਗਦਿਆਂ ਸੁੱਤਿਆਂ ਖਾਂਦਿਆਂ ਪੀਂਦਿਆਂ ਨਹਾਂਦਿਆਂ ਸਿਰ ਵਾਹੁੰਦਿਆਂ ਟੈਲੀਫ਼ੋਨ ਸੁਣਦਿਆਂ ਟੈਲੀਫ਼ੋਨ ਸੁਣਦਿਆਂ ਲਿਖਦਿਆਂ ਪੜ੍ਹਦਿਆਂ ਚੁੰਮਣ ਲੈਂਦਿਆਂ ਚੁੰਮਣ ਦੇਂਦਿਆਂ ਮੈਂ ਆਪਣੇ ਆਪ ਨੂੰ ਹੀ ਆਵਾਜ਼ਾਂ ਮਾਰਦੀ ਅਤੇ ਪੁੱਛਦੀ ਹਾਂ : ਦਵਿੰਦਰ, ਦਵਿੰਦਰ ਇਹ ਔਰਤ ਕੀ ਹੁੰਦੀ ਹੈ? ਇਹ ਮਰਦ ਕੀ ਹੁੰਦਾ ਹੈ? ਇਹ ਮਾਂ ਕੀ ਹੁੰਦੀ ਹੈ? ਇਹ ਪਿਉ ਕੀ ਹੁੰਦਾ ਹੈ? ਇਹ ਭੈਣ ਕੀ ਹੁੰਦੀ ਹੈ? ਇਹ ਭਰਾ ਕੀ ਹੁੰਦਾ ਹੈ? ਇਹ ਪਤੀ ਕੀ ਹੁੰਦਾ ਹੈ? ਇਹ ਪਤਨੀ ਕੀ ਹੁੰਦੀ ਹੈ? ਇਹ ਬੱਚੇ ਕੀ ਹੁੰਦੇ ਨੇ? ਇਹ ਸੱਸ ਕੀ ਹੁੰਦੀ ਹੈ? ਇਹ ਨਨਾਣ ਕੀ ਹੁੰਦੀ ਹੈ? ਇਹ ਖ਼ੂਨ ਕੀ ਹੁੰਦਾ ਹੈ? ਇਹ ਪਾਣੀ ਕੀ ਹੁੰਦਾ ਹੈ? ਇਹ ਰਾਤ ਕੀ ਹੁੰਦੀ ਹੈ? ਇਹ ਦਿਨ ਕੀ ਹੁੰਦਾ ਹੈ? ਇਹ ਬੇਕਦਰਾ ਕੌਣ ਹੁੰਦਾ ਹੈ? ਇਹ ਕਦਰਦਾਨ ਕੌਣ ਹੁੰਦਾ ਹੈ? ਇਹ ਕਸੂਰਵਾਰ ਕੌਣ ਹੁੰਦਾ ਹੈ? ਇਹ ਬੇਕਸੂਰ ਕੌਣ ਹੁੰਦਾ ਹੈ? ਇਹ ਦਰਦਮੰਦ ਕੌਣ ਹੁੰਦਾ ਹੈ? ਇਹ ਬੇਦਰਦ ਕੌਣ ਹੁੰਦਾ ਹੈ? ਇਹ ਆਪਣਾ ਕੌਣ ਹੁੰਦਾ ਹੈ? ਇਹ ਪਰਾਇਆ ਕੌਣ ਹੁੰਦਾ ਹੈ? ਇਹ ਪਿਆਰ ਕੀ ਹੁੰਦਾ ਹੈ? ਇਹ ਦੋਸਤੀ ਕੀ ਹੁੰਦੀ ਹੈ? ਇਹ ਜ਼ਿੰਦਗੀ ਕੀ ਹੁੰਦੀ ਹੈ? ਇਹ ਮੌਤ ਕੀ ਹੁੰਦੀ ਹੈ? ਇਹ ਸੁਫ਼ਨੇ ਕੀ ਹੁੰਦੇ ਨੇ? ਇਹ ਹਕੀਕਤ ਕੀ ਹੁੰਦੀ ਹੈ? ਇਹ ਸੱਚ ਕੀ ਹੁੰਦਾ ਹੈ? ਇਹ ਝੂਠ ਕੀ ਹੁੰਦਾ ਹੈ?

6. ਲਾਰੇਬਾਜ਼

ਕੀ ਕਿਸੇ ਦੀ ਦੋਸਤੀ ਕੀ ਨੇ ਰਿਸ਼ਤੇਦਾਰੀਆਂ ਕੌਣ ਸਨ ਉਹ ਜੋ ਆਖਦੇ ਸਨ ਹਮੇਸ਼ਾ ਰਹਾਂਗੇ ਨਾਲ ਤੇਰੇ ਜਾਨ ਵੀ ਮੰਗੇਂਗੀ ਜਦੋਂ ਹੱਸ ਕੇ ਹੋ ਜਾਵਾਂਗੇ ਕੁਰਬਾਨ ਜ਼ਿੰਦਗੀ ਦੇ ਸਫ਼ਰ 'ਚ ਆਏ ਇੱਕ ਹੀ ਤੂਫ਼ਾਨ ਨੇ ਸਮੇਂ ਦੀ ਤੱਕੜੀ ਦੇ ਪੱਲੜਿਆਂ ਵਿੱਚ ਪਾ ਸ਼ਬਦਾਂ ਵਿਚਲੇ ਸੱਚ ਨੂੰ ਜਦ ਤੋਲਿਆ ਤਾਂ ਜਾਪਿਆ ਇਹ ਤਾਂ ਸਭ ਝੂਠ ਹੈ ਇਹ ਤਾਂ ਸਭ ਝੂਠ ਹੈ ਮਨ ਨੂੰ ਮਿਲਿਆ ਸਕੂਨ ਬਸ ਏਨਾਕੁ ਸੋਚ ਕੇ: ਹੱਸਦਿਆਂ ਨਾਲ ਸਾਰਾ ਜੱਗ ਹੱਸੇ ਰੋਂਦਿਆਂ ਸਾਥ ਨਾ ਕੋਈ ਮਿੱਤਰਾਂ ਦਾ ਮੇਲਾ ਵੀ ਖਿੰਡ-ਪੁੰਡ ਜਾਵੇ ਮਨ ਦੇ ਉਬਾਲਾਂ ਦੀ ਧੂਣੀ ਦੇ ਸੇਕ ਨਾਲ ਖਿੰਡ-ਪੁੰਡ ਜਾਂਦਾ ਜਿਵੇਂ ਮਖੀਲ ਦਾ ਭੌਣ ਇਕੱਲਤਾ ਦੇ ਰੇਗਿਸਤਾਨਾਂ 'ਚ ਭਟਕ ਛਾਲੇ-ਛਾਲੇ ਹੋ ਪਲ-ਪਲ ਰਿਸ-ਰਿਸ ਮਰਨਾ ਪੈਂਦਾ ਆਪਣੇ ਹੀ ਜ਼ਖ਼ਮਾਂ ਦੀ ਢਾਲ ਬਣਾ ਜ਼ਿੰਦਗੀ ਦੀ ਯੁੱਧ ਭੂਮੀ 'ਚ ਉਤਰਨਾ ਪੈਂਦਾ।

7. ਘਰ

ਘਰ, ਇੱਕ ਚਾਰ ਦੀਵਾਰੀ ਦਾ ਨਾਮ ਨਹੀਂ ਮੀਂਹ ਹਨ੍ਹੇਰੀ ਤੋਂ ਬਚਣ ਲਈ ਮਿਲੀ ਹੋਈ ਛੱਤ ਦਾ ਨਾਮ ਵੀ ਘਰ ਨਹੀਂ ਹੁੰਦਾ ਧਾਰਮਿਕ ਬਾਬਿਆਂ ਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਕੰਧਾਂ ਦਾ ਨਾਮ ਵੀ ਘਰ ਨਹੀਂ ਹੁੰਦਾ ਇੱਕੋ ਛੱਤ ਥੱਲੇ ਪਤੀ,ਪਤਨੀ ਅਤੇ ਬੱਚਿਆਂ ਦਾ ਮਹਿਜ਼ ਇਕੱਠੇ ਰਹਿਣਾ ਵੀ ਘਰ ਨਹੀਂ ਹੁੰਦਾ ਨਾ ਹੀ ਘਰ ਹੁੰਦਾ ਹੈ ਸਟੀਰੀਓ, ਟੀ.ਵੀ...ਵੀਡੀਓ, ਅਤੇ ਆਲੀਸ਼ਾਨ ਗਲੀਚਿਆਂ ਦਾ ਵਿਛੇ ਹੋਣਾ ਸ਼ਰਾਬ ਦੀਆਂ ਬੋਤਲਾਂ, ਭੁੰਨੇ ਹੋਏ ਮੁਰਗ਼ਿਆਂ ਅਤੇ ਕੁਲਚੇ ਛੋਲਿਆਂ ਦਾ ਮੇਜ਼ਾਂ ਉੱਤੇ ਪਰੋਸਿਆ ਜਾਣਾ ਵੀ ਘਰ ਨਹੀਂ ਹੁੰਦਾ ਘਰ ਹੁੰਦਾ ਹੈ : ਜਿੱਥੇ ਤੁਹਾਡਾ ਦਿਲ ਗੁਲਾਬ ਦੇ ਫੁੱਲ ਵਾਂਗ ਖਿੜ ਉੱਠਦਾ ਹੈ ਜਿੱਥੇ ਰੁੱਖੀ-ਸੁੱਖੀ ਵੀ ਚੋਪੜੀਆਂ ਦੇ ਬਰਾਬਰ ਹੁੰਦੀ ਹੈ ਜਿੱਥੇ ਇੱਕ ਦੂਜੇ ਦੇ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ ਜਿੱਥੇ ਇੱਕ ਦੂਜੇ ਨੂੰ ਦੇਖਦਿਆਂ ਹੀ ਪਿਆਰ ਦੀ ਕੰਬਣੀ ਜਿਹੀ ਛਿੜ ਜਾਂਦੀ ਹੈ ਜਿੱਥੇ ਮੁੜਨ ਲਈ ਦਿਲ ਬੇਚੈਨ ਹੁੰਦਾ ਹੈ ਜਿੱਥੇ ਆ ਕੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ ਜਿੱਥੇ ਕਿਸੇ ਦਾ ਹੱਥ ਤੁਹਾਡੇ ਸਵਾਗਤ ਲਈ ਵਧਿਆ ਹੁੰਦਾ ਹੈ ਜਿੱਥੇ ਬੰਦਾ ਬਿਨਾਂ ਕਿਸੇ ਉਚੇਚ ਦੇ ਧੁੱਸ ਸਕਦਾ ਹੈ ਜਿੱਥੇ ਬੰਦੇ ਦੀਆਂ ਆਸਾਂ,ਮੁਰਾਦਾਂ ਅਤੇ ਚਾਹਤਾਂ ਦੀ ਪੂਰਤੀ ਹੁੰਦੀ ਹੈ ਜਿੱਥੇ ਆ ਕੇ ਬੰਦੇ ਨੂੰ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ ਜਿੱਥੇ ਤੁਸੀਂ ਜ਼ਿੰਦਗੀ ਵਿੱਚ ਹਰ ਰੰਗ ਭਰ ਦੇਣ ਵਾਲੀ ਕਲੀ ਦੇ ਰੰਗਾਂ ਵਿੱਚ ਆਪਣੇ ਆਪ ਨੂੰ ਰੰਗ ਸਕਦੇ ਹੋ ਜਿੱਥੇ ਤੁਸੀਂ ਰੂਹ ਵਿੱਚ ਖ਼ੁਸ਼ਬੂ ਭਰਨ ਵਾਲੇ ਫੁੱਲ ਨੂੰ ਬਿਨਾਂ ਕਿਸੇ ਝਿਜਕ ਦੇ ਜੀਅ ਭਰ ਕੇ ਚੁੰਮ ਸਕਦੇ ਹੋ। ਜਿੱਥੇ ਤੁਸੀਂ ਆਪਣੇ ਆਪ ਨੂੰ ਵੀ ਮਿਲ ਸਕਦੇ ਹੋ।

8. ਹਨ੍ਹੇਰਾ

ਕੁੱਝ ਲੋਕ ਆਪਣੀਆਂ ਅੰਦਰਲੀਆਂ ਡੂੰਘੀਆਂ ਭਾਵਨਾਵਾਂ ਨਾਲ ਰਿਸ਼ਤਾ ਭੁੱਲ ਜਾਂਦੇ ਹਨ ਕੁੱਝ ਲੋਕ ਬੇਬਸੀ ਵਿੱਚ ਆਤਮ ਸਮਰਪਣ ਕਰ ਦਿੰਦੇ ਹਨ ਕੁੱਝ ਹੋਰ ਜੋ ਇਸ ਬੇਦਰਦ,ਬੇਰਹਿਮ ਦੁਨੀਆ ਤੋਂ ਕਤਲ ਨਹੀਂ ਹੁੰਦੇ ਉਹ ਬਚਦੇ-ਬਚਾਂਦੇ ਅਤੇ ਡਰ ਨਾਲ ਸਹਿਮੇ ਹੋਏ ਪੱਥਰ ਬਣ ਜਾਂਦੇ ਹਨ ਮਕਾਨਾਂ ਦੀਆਂ ਨੀਂਹਾਂ 'ਚ ਪਈ ਬਜਰੀ ਬਣ ਜਾਂਦੇ ਹਨ ਘਰਾਂ ਦੇ ਬਾਹਰ ਰੱਖੇ ਗਾਰਬੇਜ ਕੈਨ ਵਿੱਚ ਪਏ ਅੱਧ-ਜਲੇ ਸਿਗਰਟਾਂ ਦੇ ਟੁਕੜੇ ਬਣ ਜਾਂਦੇ ਹਨ ਕੁਛ ਹੋਰ ਹਨ, ਜੋ ਆਪਣੇ ਮਹਿਬੂਬ ਦੇ ਨਾਮ ਅਨ-ਲਿਖੇ ਖ਼ਤਾਂ ਦੇ ਸਿਰਨਾਵੇਂ ਬਣ ਜਾਂਦੇ ਹਨ।

9. ਮੇਰੇ ਸੁਪਨਿਆਂ ਦਾ ਸਿਕੰਦਰ

ਮੇਰੇ ਸੁਪਨਿਆਂ ਦਾ ਸਿਕੰਦਰ, ਮੇਰਾ ਪਤੀ ਮੈਥੋਂ ਪੁੱਛਦਾ ਹੈ: ਇਸ ਸਮਾਜ ਨੇ ਤੈਨੂੰ ਕੀ ਦੇਣਾ ਹੈ? ਇਨ੍ਹਾਂ ਰਿਸ਼ਤੇਦਾਰੀਆਂ ਨੇ ਤੈਨੂੰ ਕੀ ਦੇਣਾ ਹੈ? ਇਨ੍ਹਾਂ ਬੱਚਿਆਂ ਨੇ ਤੈਨੂੰ ਕੀ ਦੇਣਾ ਹੈ? ਮੇਰਾ ਜੁਆਬ: ਇਸ ਸਮਾਜ ਨੇ ਮੇਰੇ 'ਤੇ ਊਜਾਂ ਲਾਈਆਂ ਇਨ੍ਹਾਂ ਰਿਸ਼ਤੇਦਾਰੀਆਂ ਨੇ ਮੈਨੂੰ ਤਾਹਨੇ ਮਿਹਣੇ ਦਿੱਤੇ ਇਨ੍ਹਾਂ ਬੱਚਿਆਂ ਨੇ ਦਿੱਤੀਆਂ ਜ਼ਿੰਮੇਵਾਰੀਆਂ ਜ਼ਿੰਦਗੀ ਵਿੱਚ ਇਨ੍ਹਾਂ ਕੁੱਝ ਲੈ ਕੇ ਕੀ ਮੈਨੂੰ ਅਜੇ ਵੀ ਕਿਸੇ ਚੀਜ਼ ਦੀ ਤੋਟ ਹੈ?

10. ਤਣਾਓ

ਜ਼ਿੰਦਗੀ ਦੇ ਕੰਡਿਆਲੇ ਰਾਹਾਂ ਤੇ ਤੁਰਦਿਆਂ ਦਰਦਾਂ ਨਾਲ ਪੱਛਿਆ ਮੇਰਾ ਸੀਨਾ ਹੌਕੇ ਭਰ-ਭਰ ਇਤਰਾਜ਼ ਕਰਦਾ ਹੈ ਕਿ ਜਦੋਂ ਤੱਕ, ਮੈਂ ਆਪਣੀਆਂ ਕਸ਼ਮਕਸ਼ਾਂ ਆਪਣੀਆਂ ਆਸਾਂ ਦੇ ਆਧਾਰ ਆਪਣੀਆਂ ਇੱਛਾਵਾਂ ਅਤੇ ਉਮੰਗਾਂ ਨੂੰ ਅਲਫ਼ ਨੰਗਿਆਂ ਕਰ ਆਪਣੇ ਆਪ ਦੀ ਤਲਾਸ਼ ਨਹੀਂ ਕਰਦੀ ਮੈਂ ਸੰਤੁਸ਼ਟੀ ਨੂੰ ਗਲਵੱਕੜੀ ਨਹੀਂ ਪਾ ਸਕਾਂਗੀ ਸੰਘਣੀਆਂ ਵਾੜਾਂ 'ਚ ਘਿਰੀ ਮੇਰੀ ਜਿੰਦ ਇਹ ਸੋਚ ਕੇ ਵੀ ਸੁੰਨ ਹੋ ਜਾਂਦੀ ਹੈ ਕਿ ਵਧੀਕ ਤਣਾਓ ਨਾਲ ਕੱਸੀਆਂ ਹੋਈਆਂ ਜ਼ਿੰਦਗੀ ਦੇ ਸਾਜ਼ ਦੀਆਂ ਤਾਰਾਂ ਟੁੱਟ ਜਾਣਗੀਆਂ ਢਿੱਲਿਆਂ ਛੱਡਿਆਂ ਤਾਂ ਕੋਈ ਸੰਗੀਤ ਹੀ ਪੈਦਾ ਨਹੀਂ ਹੋਵੇਗਾ ਜ਼ਿੰਦਗੀ ਬਸ ਨਿਰੀ ਘੂੰ-ਘੂੰ ਬਣ ਕੇ ਹੀ ਰਹਿ ਜਾਵੇਗੀ।

11. ਮਿੱਟੀ ਦਾ ਬਾਵਾ

ਝੋਕੀ ਹੋਈ ਰੂਹ ਨੂੰ ਤੰਦੂਰ 'ਚੋ ਲਾਹ ਮਾਰ-ਮਾਰ ਫੂਕਾਂ ਲਾਖ ਨੂੰ ਠਰਾਂਦੀਆਂ ਲੂਹੇ ਹੋਏ ਹੱਡ ਰੱਤੀ-ਰੱਤੀ, ਭੋਰ-ਭੋਰ ਲਾਹ-ਲਾਹ ਬੂਰ ਨੂੰ ਢੇਰੀਆਂ ਲਗਾਂਦੀਆਂ ਗੁੰਨ੍ਹ-ਗੁੰਨ੍ਹ ਹੰਝੂਆਂ 'ਚ ਪੁਤਲਾ ਬਣਾ ਭੂਰੇ ਰੰਗ ਵਾਲੇ ਨੂੰ ਮਲ-ਮਲ ਨਹਾਂਦੀਆਂ ਖੁਰੀਂ ਨਾ ਤੂੰ ਮੋਹਣਿਆਂ ਔਂਸੀਆਂ ਮੈਂ ਪਾਂਦੀਆਂ ਮੇਰੇ ਦਿਲ ਦੇ ਵਿਹੜੇ 'ਚ ਫਬ-ਫਬ ਬੈਠ ਤੂੰ ਮੇਰੇ ਜਾਨੀਆਂ ਆਪਣੀਆਂ ਰੀਝਾਂ ਤੇ ਉਮੰਗਾਂ ਦਾ ਤੇਰੇ ਗਲ ਝੱਗਾ ਮੈਂ ਪੁਆਂਦੀਆਂ ਬੇਚੈਨੀ ਦਿਆਂ ਗ਼ੋਤਿਆਂ 'ਚੋਂ ਕੱਢ-ਕੱਢ ਸ਼ਿੰਗਾਰਾਂ ਰੱਤੀ ਰੂਹ ਤੇਰੇ ਅੰਗੀ ਲਾਂਦੀਆਂ ਸਜ-ਸਜ ਜਾ ਤੂੰ ਮੇਰੇ ਸੋਹਣਿਆਂ ਤਰਲੇ ਮੈਂ ਪਾਵਾਂ ਤੇਰੇ ਲਾਡ ਦੇ ਹੁਲਾਰੇ ਦੇ ਦੇ ਹਿੱਕ ਨਾਲ ਲਾਂਦੀਆਂ ਰੁੱਸੀਂ ਨਾ ਤੂੰ ਮੇਰੀਏ ਖੁਸ਼ਬੋਏ ਤੇਰੇ ਬਿਨ ਰਾਤਾਂ ਜਿੰਦ ਕੱਢ-ਕੱਢ ਜਾਂਦੀਆਂ ਮੇਰੀਆਂ ਤਾਂ ਮੁੱਕ ਗਈਆਂ ਆਪਣੀਆਂ ਦੱਸ ਲੈ ਤੂੰ ਫੋਲ-ਫੋਲ ਮੇਰੇ ਮਹਿਰਮਾ ਮੈਂ ਵਾਸਤੇ ਪਈ ਪਾਂਦੀਆਂ ਟੁੱਟ-ਟੁੱਟ ਜਾਵੇ ਜਿੰਦ ਮੇਰੀ ਸੀਤੇ ਬੁੱਲ੍ਹੀਂ ਜਿਵੇਂ ਬੁਲਬੁਲਾਂ ਕੁਰਲਾਂਦੀਆਂ ਭੋਰਾ ਜਿਹਾ ਖ਼ੌਫ਼ ਕਰ ਮੇਰੇ ਮਨ ਦਿਆ ਦੀਵਿਆ ਵੇ ਤੇਰੀ ਹਾਂ ਹੁੰਗਾਰੇ ਬਿਨ ਜ਼ਿੰਦਗੀ ਦੀ ਲੈ ਤਾਲ ਮੁੱਕ-ਮੁੱਕ ਜਾਂਦੀਆਂ ਝੋਕੀ ਹੋਈ ਰੂਹ ਨੂੰ ਤੰਦੂਰ 'ਚੋਂ ਲਾਹ ਮਾਰ-ਮਾਰ ਫੂਕਾਂ ਲਾਖ ਨੂੰ ਠਰਾਂਦੀਆਂ।

12. ਖੇੜਾ

ਤੂੰ ਇੱਕ ਸੂਰਜ ਦੀ ਤਰ੍ਹਾਂ ਹੈਂ ਤੇਰੇ ਵੱਲ ਜਾਂਦਿਆਂ ਮੇਰੇ ਬੋਝਾਂ ਦਾ ਪਰਛਾਵਾਂ ਦੂਰ ਹੀ ਦੂਰ ਚਲਾ ਜਾਂਦਾ ਹੈ।

13. ਸੱਖਣਾ

ਤੂੰ ਮਰਦ ਹੈਂ- ਤਾਂ ਤੇਰੇ ਜਜ਼ਬਾਤ ਕਿੱਥੇ ਨੇ? ਤੇਰੇ ਜਿਸਮ ਨਾਲ ਖਹਿੰਦਿਆਂ ਮੈਂ ਆਪਣੇ ਆਪ ਤੋਂ ਹੀ ਪੁੱਛਦੀ ਹਾਂ।

14. ਕੁੱਝ ਪਲ

ਕੁੱਝ ਪਲ ਦਿਨ ਸੁਨਹਿਰੀ ਕਰ ਜਾਂਦੇ ਨੇ ਅਤੇ ਰਾਤਾਂ ਚਾਨਣੀਆਂ- ਪਰ ਤੇਰੇ ਸੰਗ ਬੀਤੇ ਪਲ ਇੱਕ ਸ਼ਾਂਤ ਰੂਹ ਨੂੰ ਭੜਕਾ ਕੇ 'ਵਾ-ਵਰੋਲੇ ਦੇ ਘੱਟੇ ਵਿੱਚ ਜਕੜ ਤੂਫ਼ਾਨ ਦੀ ਦੁਨੀਆ ਵਿੱਚ ਧੱਕ ਦਿੰਦੇ ਹਨ।

15. ਮਮਤਾ

ਕੰਨਾਂ ਵਿੱਚ ਉਗਲਾਂ ਪਾਇਆਂ ਵੀ ਇੱਕ ਆਵਾਜ਼, ਮੇਰਾ ਪਿੱਛਾ ਕਰਦੀ ਹੈ ਪੱਥਰ ਵਰਗੇ ਸਖ਼ਤ ਦਿਲ ਨੂੰ ਵੀ ਚੀਰ ਕੇ ਲੰਘ ਜਾਣ ਵਾਲੀਆਂ ਕਸਾਈ ਦੀ ਛੁਰੀ ਨਾਲੋਂ ਵੀ ਤਿੱਖੀਆਂ ਧਾਹਾਂ ਮਾਰਦੀ ਜ਼ਮਾਨੇ ਦੀ ਸਤਾਈ ਹੋਈ ਇੱਕ ਮਾਂ ਦੀ ਕਰੁਣਾ ਭਰੀ ਆਵਾਜ਼: ਓ ਜ਼ਾਲਮ ਦੁਨੀਆ ਵਾਲਿਓ ਬੰਦ ਕਮਰਿਆਂ 'ਚ ਬੈਠ ਮਾਂ ਦੀ ਮਮਤਾ ਤੋਂ ਕੋਰੇ ਸਮਾਜ ਦੇ ਕਠੋਰ ਕਾਨੂੰਨ ਬਣਾਉਣ ਵਾਲੇ ਝੂਠੇ ਸਮਾਜ ਸੇਵਕੋ,ਰਾਜਨੀਤੀਵਾਨੋ, ਕਾਨੂੰਨਦਾਨੋ, ਧਾਰਮਿਕ ਚੌਧਰੀਓ,ਮਹੰਤੋ, ਪਾਦਰੀਓ,ਪੰਡਤੋ,ਭਾਈਓ,ਮੁਲਾਣਿਉ ਇੱਕ ਮਾਂ ਤੋਂ ਉਸਦਾ ਪਿਆਰ ਉਸਦੇ ਬੱਚੇ ਖੋਹ ਲੈਣ ਵਾਲੇ ਹਤਿਆਰਿਓ ਮੇਰੇ ਮਨ ਦੀ ਇੱਕੋ-ਇੱਕ ਛੋਟੀ ਜਿਹੀ ਆਸ਼ਾ ਮੈਂ ਵੀ ਤੁਹਾਡੇ ਵਾਂਗ ਲੋਰੀਆਂ ਦੇਣੀਆਂ ਚਾਹੁੰਦੀ ਹਾਂ ਮੈਂ ਵੀ ਤੁਹਾਡੇ ਵਾਂਗ ਹੱਸਣਾ ਚਾਹੁੰਦੀ ਹਾਂ ਮੈਂ ਵੀ ਤੁਹਾਡੇ ਵਾਂਗ ਵੱਸਣਾ ਚਾਹੁੰਦੀ ਹਾਂ ਮੈਂ ਵੀ ਬੁਢਾਪੇ ਦੀ ਡੰਗੋਰੀ ਚਾਹੁੰਦੀ ਹਾਂ ਮੇਰੇ ਬੱਚੇ-ਮੇਰਾ ਇੱਕੋ ਹੀ ਸਹਾਰਾ ਮੈਂ ਆਪਣੇ ਹੀ ਬੱਚਿਆਂ ਦੀ ਭੀਖ ਮੰਗਦੀ ਹਾਂ ਮੈਂ ਇੱਕ ਔਰਤ- ਇੱਕ ਮਾਂ ਡਾਲਰਾਂ ਦੀ ਚਮਕ-ਦਮਕ ਦੀ ਭੁੱਖੀ ਹੋ ਚੁੱਕੀ ਮੋਹ-ਮਮਤਾ ਤੋਂ ਖ਼ਾਲੀ ਹੋ ਰਹੀ ਦੁਨੀਆ 'ਤੇ ਲਾਹਨਤ ਪਾਉਂਦੀ ਹਾਂ।

16. ਔਰਤ ਤੋਂ ਔਰਤ ਤੱਕ

ਤੂੰ ਵੀ ਔਰਤ ਮੈਂ ਵੀ ਔਰਤ ਕਦੇ ਦੋਸਤ ਕਦੇ ਦੁਸ਼ਮਣ ਤੇਰੇ ਤੀਰ ਮੇਰੇ ਜ਼ਖ਼ਮ ਤੇਰੇ ਜ਼ੁਲਮ ਮੇਰੀ ਸਹਿਣਸ਼ੀਲਤਾ ਤੇਰੇ ਨਿਸ਼ਾਨੇ ਮੇਰੇ ਜ਼ਖ਼ਮਾਂ ਦਾ ਬੂਰ ਬੁਝੇ ਹੋਏ ਦੀਵੇ ਸੰਗ ਠੇਡੇ ਵੱਜ-ਵੱਜ ਕੇ ਕਿਸੇ ਪਥਰੀਲੇ ਪਹਾੜ ਦੀ ਸਤਹ ਤੇ ਪਏ ਪੱਥਰਾਂ ਦੇ ਢੇਰ ਵਿੱਚ ਧੁੱਸਦਾ ਹੋਇਆ ਉਮਰ ਦੇ ਲੰਬੇ ਸਫ਼ਰ ਵਿੱਚ ਰੁਲ ਗਿਆ ਹੈ ਮੇਰੇ ਜ਼ਖ਼ਮਾਂ ਦਾ ਬੂਰ ਹਰ ਰਾਹੀ ਦੇ ਪੈਰਾਂ ਨਾਲ ਖਹਿੰਦਾ ਮੇਰੀ ਮੰਜ਼ਿਲ ਤੋਂ ਦੂਰ ਹੀ ਦੂਰ ਚਲਾ ਜਾ ਰਿਹਾ ਹੈ।

17. ਅੱਖਾਂ

ਜ਼ਿੰਦਗੀ ਦੇ ਉਦਾਸ ਰਾਹਾਂ ਤੇ ਤੁਰਦਿਆਂ ਵਰ੍ਹਿਆਂ ਤੋਂ ਮੈਂ ਲੱਭ ਰਹੀ ਹਾਂ ਉਨ੍ਹਾਂ ਅਪਣੱਤ ਭਰੀਆਂ ਅੱਖਾਂ ਨੂੰ ਜੋ ਇੱਕ ਵਾਰ ਨਜ਼ਰ ਭਰ ਕੇ ਵੇਖ ਸਕਣ ਮੇਰੇ ਦਿਲ 'ਚੋਂ ਤ੍ਰਿਪ-ਤ੍ਰਿਪ ਚੋਂਦੇ ਲਹੂ ਦੇ ਤੁਪਕਿਆਂ ਨੂੰ ਮੇਰੇ ਹੰਝੂਆਂ ਦੀ ਬਰਸਾਤ ਨੂੰ ਅੱਖਾਂ ਜੋ ਵੇਖ ਸਕਣ ਪਿਆਰ ਭਰਿਆ ਮੇਰਾ ਦਿਲ ਮੇਰੀ ਸਾਦਗੀ ਮੇਰਾ ਮੋਹ।

18. ਦਿਲ ਇੱਕ ਸ਼ੀਸ਼ਾ

ਆਪਣੇ ਅੰਦਰੋਂ ਉੱਠਦੀਆਂ ਸ਼ਕਤੀ ਦੀਆਂ ਲਹਿਰਾਂ ਨੂੰ ਹਨ੍ਹੇਰੀਆਂ ਗੁਫ਼ਾਵਾਂ ਵਿੱਚ ਡੱਕੀ ਰੱਖਣ ਲਈ ਜਦ ਕਦੀ ਵੀ ਉਸ ਨੂੰ ਮਜਬੂਰ ਕੀਤਾ ਜਾਂਦਾ ਜਿਵੇਂ ਕਿਤੇ ਉਹ ਕੋਈ ਗੁਨਾਹ ਕਰ ਰਹੀ ਹੋਵੇ ਤਾਂ ਉਹ ਦਰਦ ਨਾਲ ਕਰਾਹ ਉੱਠਦੀ ਆਪਣੇ ਮਨ ਦੇ ਤਹਿਖ਼ਾਨਿਆਂ ਵਿੱਚ ਲੁਕਾ ਕੇ ਰੱਖੇ ਭੇਤਾਂ ਦਾ ਇਜ਼ਹਾਰ ਕਰਨ ਲਈ- ਸਿਆਣਪ ਨਾਲ ਭਰੇ ਸ਼ਬਦ ਉਸਨੂੰ ਜ਼ਖ਼ਮੀ ਕਰ ਜਾਂਦੇ ਆਪਣੇ ਬਚਾਓ ਖ਼ਾਤਰ ਆਪਣੇ ਮਨ ਦੀ ਆਵਾਜ਼ 'ਤੇ ਭਰੋਸਾ ਕਰਦਿਆਂ ਉਹ ਸੱਚ ਦੇ ਇਜ਼ਹਾਰ ਤੋਂ ਭੱਜਦੀ ਯਥਾਰਥ ਅਤੇ ਸੁਪਨੇ ਇੱਕ ਦੂਜੇ ਵਿੱਚ ਗੁੰਮ ਹੁੰਦੇ ਰਹੇ ਜ਼ਿੰਦਗੀ ਬਸ ਇੱਕ ਭਰਮ ਬਣ ਕੇ ਰਹਿ ਗਈ ਪਿਆਰ ਅਤੇ ਸੁਰੱਖਿਆ ਦੀ ਭਾਲ ਵਿੱਚ ਜ਼ਿੰਦਗੀ ਦੀ ਚੱਕੀ ਦੇ ਪੁੜਾਂ ਵਿੱਚ ਪੀਸੇ ਜਾਂਦਿਆਂ ਉਹ ਨਿਰਾਸ਼ਾ ਦੇ ਸਾਗਰਾਂ ਵਿੱਚ ਗੋਤੇ ਖਾਣ ਲੱਗੀ ਅਤੇ ਹਰ ਪਲ ਮੌਤ ਦੇ ਨੇੜੇ ਹੁੰਦੀ ਗਈ ਪਰ- ਉਹ,ਹਰ ਪਲ ਹੋਰ ਵਧੇਰੇ ਸ਼ਕਤੀਵਰ ਹੁੰਦਾ ਗਿਆ ਉਸਨੇ,ਉਸਦੀ ਮਸੂਮੀਅਤ ਦੇ ਮਹੱਲਾਂ ਨੂੰ ਕਿਸੇ ਦੁਸ਼ਮਣ ਦੇਸ਼ ਦੀਆਂ ਫ਼ੌਜਾਂ ਵਾਂਗ ਬੜੀ ਬੇਰਹਿਮੀ ਨਾਲ ਜੀਅ ਭਰਕੇ ਲੁੱਟਿਆ ਉਸਨੇ ਆਪਣੇ ਜ਼ਹਿਰੀ ਤੀਰਾਂ ਨਾਲ ਇਹ ਅੱਤਿਆਚਾਰੀ ਹਮਲਾ ਪਲ-ਪਲ,ਛਿਣ-ਛਿਣ ਜਾਰੀ ਰੱਖਿਆ ਉਸਨੇ ਹਵਾ 'ਚ ਉੱਡਦੀ ਤਿਤਲੀ ਦੇ ਖੰਭ ਤੋੜ ਉਸਦਾ ਦਿਲ ਚੀਨਾ-ਚੀਨਾ ਕਰ ਦਿੱਤਾ ਇੱਕ ਕੀਮਤੀ ਸ਼ੀਸ਼ਾ- ਜੋ ਉਸ ਨੂੰ, ਉਸ ਦੀ ਪਹਿਚਾਣ ਕਰਾ ਕੰਮਬਖਤ ਸਮਿਆਂ ਵਿੱਚ ਹੌਸਲਾ ਦਿੰਦਾ ਸੀ।

19. ਨਜ਼ਰ

ਦਰਿੰਦੇ ਦੀ ਨਜ਼ਰ ਤੋਂ ਤਾਂ ਤੁਸੀਂ ਬਚ ਸਕਦੇ ਹੋ ਪਰ ਆਪਣੇ ਹੀ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਕਿੰਜ ਬਚ ਸਕੋਗੇ? ਜਿਸਦੀ ਜਨਮ-ਭੂਮੀ ਵੀ, ਤੁਹਾਡੇ ਅੰਦਰ ਹੈ ਅਤੇ ਮਰਨ ਭੂਮੀ ਵੀ।

20. ਬੁਝਿਆ ਹੋਇਆ ਦੀਵਾ

ਮਹਿਜ਼, ਆਪਣੇ ਨੱਕ,ਪੱਗ ਅਤੇ ਧੌਲ਼ੇ ਝਾਟਿਆਂ ਦੀ ਲੱਜ ਪਿੱਟਦੇ,ਮਜਬੂਰੀਆਂ ਦੇ ਕੀਰਨੇ ਪਾ,ਬੇਵਸੀ ਦੇ ਹੰਝੂ ਕੇਰ ਵਿਚੋਲਿਆਂ ਦੇ ਕੰਧਿਆਂ 'ਤੇ ਧੀਆਂ ਦੀਆਂ ਅੱਧ-ਜਲੀਆਂ ਲੋਥਾਂ ਉਠਾ ਭਾਂਡੇ,ਟੀਂਡਿਆਂ 'ਤੇ ਕੱਪੜਿਆਂ ਦੀ ਸਮਗਰੀ ਸੰਗ ਮਨੌਤੀਆਂ ਦਾ ਬਾਲਣ ਪਾ ਕੇ ਸਿਵਿਆਂ ਵਿੱਚ ਸਵਾਹ ਹੋਣ ਲਈ ਛੱਡ ਆਂਦੇ ਹਨ-ਮਾਪੇ ਆਪਣੇ ਹੱਥੀਂ ਲਾਸ਼ ਨੂੰ ਲਾਂਬੂ ਲਾ ਕੇ ਕੂਕਾਂ ਮਾਰ ਉਲਾਹਣੀਆਂ ਦਿੰਦੇ ਮੁੜ,ਮੁੜ ਦੁਹਰਾਉਂਦੇ - ਮਾਪੇ ਧੀਆਂ ਨਾ ਰੱਖੀਆਂ ਰਾਜਿਆਂ ਰਾਣੀਆਂ ਮਘਦੀ ਭੱਠੀ 'ਚ ਬਿੱਲੋ ਰਾਣੀਏ ਤੈਨੂੰ ਵੀ ਬਲਣਾ ਪੈਣਾ ਅਸੀਂ ਤਾਂ ਤੈਨੂੰ ਜਨਮ ਹੀ ਦਿੱਤਾ ਪੀਲੇ,ਨੀਲੇ,ਚਿੱਟੇ, ਕਾਲੇ ਭਾਗ ਤੇਰੇ ਤੂੰ ਧੁਰੋਂ ਲਿਖਾ ਕੇ ਲਿਆਈ ਏਂ।

21. ਗ਼ੁਲਾਮ

ਧੌਂਸ ਹੇਠ ਜਿਊਣਾ ਬੜਾ ਕਠਨ ਹੁੰਦਾ ਹੈ ਪਰ ਮੈਂ ਅਜਿਹੇ ਜੀਣ ਦੇ ਢੰਗ ਨੂੰ ਚੁਨੌਤੀ ਦੇਣੀ ਪਸੰਦ ਕਰਾਂਗੀ ਬਜਾਇ ਇਸ ਦੇ ਕਿ ਇੱਕ ਆਗਿਆਕਾਰ ਗ਼ੁਲਾਮ ਬਣਕੇ ਜ਼ਿੰਦਗੀ ਦੀ ਚੱਕੀ ਦੇ ਪੁੜਾਂ ਵਿੱਚ ਕਿਣਕਾ-ਕਿਣਕਾ ਹੋ ਕੇ ਰੋਜ਼ ਪਿਸਦੀ ਰਹਾਂ।

22. ਖ਼ਾਮੋਸ਼ੀ

ਖ਼ਾਮੋਸ਼ੀ , ਅਕਸਰ ਪਿਆਰ, ਸਨੇਹ ਅਤੇ ਅੰਦਰੂਨੀ ਖਿੱਚ ਦਾ ਅਹਿਸਾਸ ਦਿੰਦੀ ਹੈ ਪਰ ਜਬਰ ਹੇਠ ਚੁੱਪ ਕਰ ਜਾਣਾ ਮਨ ਵਿੱਚ ਬੇਚੈਨੀ,ਉਦਾਸੀ,ਗ਼ੁੱਸੇ ਅਤੇ ਵਿਦਰੋਹ ਦੇ ਭਾਵਾਂ ਦੀ ਭਾਫ਼ ਪੈਦਾ ਕਰਦਾ ਹੈ।

23. ਅਜੋੜ

ਜਸ਼ਨ ਦੇ ਐਲਾਨ ਨੇ ਮਰੁੰਡੀ ਜਾ ਚੁੱਕੀ ਛਾਤੀ ਵਿੱਚ ਤਣਾਓ ਦੀਆਂ ਲਹਿਰਾਂ ਦਾ ਹੜ੍ਹ ਵਗਾ ਦਿੱਤਾ ਸੁਪਨਿਆਂ ਨੂੰ ਘੁੱਟ ਸਾਹ ਨਿਚੋੜ ਲਏ ਖ਼ਾਮੋਸ਼ ਅਤੇ ਸਥਿਰ ਹੋ ਚੁੱਕੀਆਂ ਅੱਖਾਂ ਦੇ ਕੋਇਆਂ 'ਚ ਹੰਝੂਆਂ ਦੀ ਧਾਰਾ ਵਹਿ ਤੁਰੀ ਅਸ਼ਾਂਤ 'ਤੇ ਦੱਬੀਆਂ ਹੋਈਆਂ ਭਾਵਨਾਵਾਂ ਸਾਹਹੀਣ ਹੋ ਚੁੱਕੀਆਂ ਉਮੀਦਾਂ ਨੂੰ ਚਾਬਕਾਂ ਮਾਰਨ ਲਈ ਪਾਗਲ ਅਤੇ ਖ਼ੂੰਖ਼ਾਰ ਚੀਤਿਆਂ ਨੂੰ ਤਾਕਤਵਰ ਬਣਾ ਰਹੀਆਂ ਵਜ਼ਨਦਾਰ ਸਿਲਮੇ ਸਿਤਾਰਿਆਂ ਨਾਲ ਸ਼ਿੰਗਾਰਿਆ ਘੁੰਗਟ ਦਰਦਨਾਕ ਸੰਗੀਤ ਦੀਆਂ ਪਰਦਿਆਂ ਪਿੱਛੇ ਤਾੜੀਆਂ ਹੋਈਆਂ ਆਵਾਜ਼ਾਂ ਪੂਰਨ ਖ਼ਾਮੋਸ਼ੀ ਦੀਆਂ ਹੱਦਾਂ ਨੂੰ ਛੂਹ ਰਹੀਆਂ ਜ਼ਬਰਦਸਤੀ ਚਾੜ੍ਹੀਆਂ ਹੋਈਆਂ ਪ੍ਰੇਮ ਦੀਆਂ ਪੀਂਘਾਂ ਅਨੰਦ ਪ੍ਰਾਪਤੀ ਦੇ ਤਬਾਹ ਹੋਏ ਸੱਭੇ ਨਿੱਕੇ-ਨਿੱਕੇ ਰਾਹ ਮੰਦੇ ਪੈ ਚੁੱਕੇ ਉਤਸ਼ਾਹੀ ਛਿਣ ਨਫ਼ਰਤ ਨਾਲ ਘੋਲ ਕਰ ਰਿਹਾ ਮੁਹੱਬਤੀ ਜੋਸ਼ ਦੁਚਿੱਤੀ ਦੇ ਸਰਾਪਾਂ ਨਾਲ ਵਿੰਨ੍ਹਿਆ ਹੋਇਆ ਮਨ ਸਦਾ ਲਈ ਹੱਥਕੜੀਆਂ ਵਿੱਚ ਜਕੜਬੰਦ ਬਰਫ਼ਾਨੀ ਝੱਖੜਾਂ ਵਾਲੇ ਟਾਪੂ ਦੇ ਵਾਸੀ ਅਨੰਦ ਦੇ ਖੁੰਝ ਚੁੱਕੇ ਪਲਾਂ ਦੀ ਤਲਾਸ਼ ਵਿੱਚ ਲੀਨ ਇੱਕ ਮੁਰਦਾ ਰੂਹ ਨੂੰ ਜਿਊਦਾ ਕਰਨ ਦੀ ਉਮੀਦ ਵਿੱਚ।

24. ਅਮਲ

ਅੱਡਰਾਪਣ ਵੀ ਅਮਲ ਹੈ ਦੋ ਦਰਦ ਨੂੰ ਮੱਧਮ ਕਰ ਆਜ਼ਾਦੀ ਅਤੇ ਪ੍ਰਸੰਨਤਾ ਦੀਆਂ ਭਾਵਨਾਵਾਂ ਨੂੰ ਪੀਨਕ ਦੇ ਰਾਹ ਪਾ ਦਿੰਦਾ ਹੈ।

25. ਨਿਸ਼ਚਾ

ਅੱਜ ਵੀ ਮੈਨੂੰ ਯਾਦ ਹੈ ਉਹ ਅੰਤਹੀਣ ਦਿਸ਼ਾ ਮੋੜ ਦੇਣ ਵਾਲੀਆਂ ਹਵਾਵਾਂ ਦੇ ਤੇਜ਼ ਝੱਖੜ ਨਰਕੀ ਕਾਂਬਾ ਉਮੀਦ ਰਹਿਤ ਪਲ ਇਕੱਲਿਆਂ ਰਹਿ ਜਾਣ ਦੇ ਸੁੰਨ ਕਰ ਦੇਣ ਵਾਲੇ ਅਹਿਸਾਸ ਮੈਨੂੰ ਯਾਦ ਹੈ ਹਰ ਬਦਚਲਨ ਘੜੀ ਨਾਲ ਹੋਈ ਮੁਲਾਕਾਤ ਨਫ਼ਰਤਾਂ ਦੀ ਕੰਬਣੀ ਛੇੜ ਜਾਣ ਵਾਲੀਆਂ ਹਵਾਵਾਂ ਮੈਨੂੰ ਯਾਦ ਹੈ ਵਲੇਂਵੇਂ ਮਾਰਦੇ ਜੰਗਲੀ ਸੱਪ ਅਤੇ ਕਿਰਲੀਆਂ ਪਾਗਲ ਬਣਾ ਦੇਣ ਵਾਲੀਆਂ ਰੂਹਾਂ ਤਲਖ਼ੀ ਪੈਦਾ ਕਰਨ ਵਾਲੇ ਕੰਡਿਆਲੇ ਗੀਤ ਅਤੇ ਮੇਰੀ ਖ਼ਾਮੋਸ਼ੀ ਦੇ ਘੁੰਡ ਦੁਆਲੇ ਭੰਗੜਾ ਪਾਉਂਦੇ ਮੈਨੂੰ ਦੋਚਿੱਤੀ ਵਿੱਚ ਪਾ ਬੇਸੁੱਧ ਬਣਾਉਣ ਲਈ ਮੈਨੂੰ ਬੋਲੀ ਅਤੇ ਗੁੰਗੀ ਬਣਾਉਣ ਲਈ ਮੇਰੇ ਲਈ ਇਨਸਾਫ਼ ਦੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਮੇਰੇ ਲਈ ਤਰਸ ਦੀਆਂ ਸਭ ਬਾਰੀਆਂ ਢੋਹ ਦਿੱਤੀਆਂ ਮੈਨੂੰ ਯਾਦ ਹੈ ਖਲ੍ਹਾ ਵਿੱਚ ਤੈਰਦੇ ਹੋਏ ਸਲੇਟੀ ਬੱਦਲ ਜਿਨ੍ਹਾਂ ਦੇ ਪਰਦੇ ਵਿੱਚ ਮੇਰੇ ਹੰਝੂ ਪਨਾਹ ਲੈਂਦੇ ਸਨ ਅਤੇ ਮੇਰਾ ਮਨ ਕਿਸੇ ਗੈਬੀ ਖ਼ੁਸ਼ੀ ਨਾਲ ਝੱਲਾ ਹੋ ਉੱਠਦਾ ਸੀ ਜਦੋਂ ਕਿ ਮੇਰੇ ਅੰਦਰਲਾ ਸ਼ੈਤਾਨ ਕਿਆਸ ਲਗਾਉਣ ਲੱਗਾ ਕਿ ਮਾਨਸਿਕ ਥਕਾਣ ਨਾਲ ਪੀੜਤ ਮੇਰਾ ਜਿਸਮ ਆਪਣਾ ਪੱਖ-ਪੂਰਨ ਦੀ ਗ਼ਲਤੀ ਦੀ ਮਾਫ਼ੀ ਮੰਗੇਗਾ ਅਤੇ ਖ਼ੁਸ਼ੀਆਂ ਦੇ ਬਦਲ ਵਜੋਂ ਆਪਣੇ ਸੁਫ਼ਨਿਆਂ ਦੀ ਕੁਰਬਾਨੀ ਦੇਣੀ ਮਨਜ਼ੂਰ ਕਰੇਗਾ ਸਭ ਮੇਰੀ ਇੱਛਿਆ ਦੇ ਵਿਰੁੱਧ ਮੈਨੂੰ ਯਾਦ ਹੈ ਉਸ ਗੰਦੀ ਨਾਲੀ ਦੀ ਸੜ੍ਹਾਂਦ ਉੱਡਦੀ ਭਾਫ਼ ਦੇ ਬੱਦਲ ਦਮ ਘੁੱਟਦੇ ਮੈਨੂੰ ਪੂਰੀ ਤਰ੍ਹਾਂ ਬੇਸੁਰਤ ਬਣਾ ਦੇ ਮੈਨੂੰ ਯਾਦ ਹੈ ਸੋਚਦਿਆਂ ਮੈਂ ਦਿਲ ਰਹਿਤ ਨਹੀਂ ਜੰਮੀ ਸੀ ਮੈਂ ਦਿਮਾਗ਼ ਰਹਿਤ ਨਹੀਂ ਜੰਮੀ ਸੀ ਮੈਂ ਅਪਾਹਜ ਨਹੀਂ ਜੰਮੀ ਸੀ ਮੈਂ ਪੱਥਰ ਨਹੀਂ ਹਾਂ ਮੈਨੂੰ ਯਾਦ ਹੈ ਰੋਸ ਕਰਦਿਆਂ ਮੌਤ ਵਾਂਗ ਸੁੰਨ ਹੋ ਜਾਣ ਦੇ ਖ਼ਿਲਾਫ਼ ਭਾਵਨਾਤਮਕ ਅਪਮਾਨ ਦੇ ਖ਼ਿਲਾਫ਼ ਨਾਲੀ ਦੇ ਕੀੜਿਆਂ ਦੀ ਪੂਜਾ ਕਰਨ ਤੋਂ ਵਿਦਰੋਹ ਕਰਦਿਆਂ ਮੈਨੂੰ ਯਾਦ ਨੇ ਉਹ ਪਲ ਚੀਕਦਿਆਂ ਮੈਂ ਵੀ ਇੱਕ ਇਨਸਾਨ ਹਾਂ ਮੇਰੀਆਂ ਵੀ ਭਾਵਨਾਵਾਂ ਹਨ ਮੈਂ ਪੂਰੀ ਸ਼ਿੱਦਤ ਨਾਲ ਆਪਣੀ ਜ਼ਿੰਦਗੀ ਦੀ ਜੰਗ ਲੜਾਂਗੀ ਨਫ਼ਰਤ ਲਈ ਨਫ਼ਰਤ ਚੋਭ ਲਈ ਚੋਭ।

26. ਜ਼ਿੰਦਗੀ

ਮੇਰੀਆਂ ਅੱਖਾਂ 'ਚੋਂ ਵਹਿ ਰਹੇ ਹੰਝੂ ਰੇਗਿਸਤਾਨਾਂ ਲਈ ਦਰਿਆ ਵੀ ਬਣ ਸਕਦੇ ਹਨ ਮੇਰੇ ਅੰਦਰ ਉੱਗ ਰਿਹਾ ਸੂਰਜ ਹੋਰਨਾਂ ਲਈ ਵੀ ਚਾਨਣ ਮੁਨਾਰਾ ਬਣਕੇ ਮੁਕਤੀ ਦੇ ਰਾਹ ਖੋਲ੍ਹ ਸਕਦਾ ਹੈ ਦੋਸਤੀ ਦੇ ਅੰਬਰ 'ਚੋਂ ਪੈ ਰਹੀ ਫੁਹਾਰ ਵਿੱਚ ਨਹਾ ਕੇ ਮੈਂ ਗੁਲਾਬ ਵਾਂਗ ਹਰ ਪਲ ਮਹਿਕਦੀ ਰਹਾਂਗੀ ਜੇ ਪਿਆਰ ਦੇ ਹੁੰਗਾਰੇ ਮੇਰੀ ਰੂਹ ਸਤਰੰਗੀ ਪੀਂਘ ਦੇ ਹੁਲਾਰੇ ਦਿੰਦੇ ਰਹਿਣਗੇ।

27. ਕੱਲ੍ਹ ਤੇ ਅੱਜ

ਕੱਲ੍ਹ- ਦੋ ਪਲ ਰਾਤ ਤੇ ਦਿਨ ਚੌਗੁਣਾ ਸੀ ਅੱਜ- ਦਿਨ ਛੋਟੇ ਰਾਤਾਂ ਲੰਮੀਆਂ ਹਨ ਕੱਲ੍ਹ- ਪਿਆਰ ਦੇ ਗੂੜ੍ਹੇ ਰੰਗ ਨਾਲ ਭਰਿਆ ਮੇਰਾ ਜੀਅ ਡੁੱਲ੍ਹ-ਡੁੱਲ੍ਹ ਜਾਂਦਾ ਸੀ ਅੱਜ- ਮੁਹੱਬਤੀ ਰੰਗ ਬੱਗਾ ਹੁੰਦਾ ਦੇਖ ਮੇਰਾ ਦਿਲ ਡੁੱਬ-ਡੁੱਬ ਜਾਂਦਾ ਹੈ ਕੱਲ੍ਹ- ਜੋ ਮੇਰੇ ਸੰਗ ਦੂਰ ਤੀਕਰ ਚੱਲਣ ਦੇ ਵਾਅਦੇ ਕਰਦੇ ਸਨ ਅੱਜ- ਉਹ ਦੋ ਕਦਮ ਵੀ ਨਾਲ ਤੁਰ ਸਕਣ ਦਾ ਹੌਸਲਾ ਨਹੀਂ ਦਿੰਦੇ ਕੱਲ੍ਹ- ਖ਼ੁਸ਼ੀਆਂ ਦੇ ਹੁਲਾਰੇ 'ਚ,ਮੇਰਾ ਮਨ ਝੂਮ-ਝੂਮ ਜਾਂਦਾ ਸੀ ਅੱਜ- ਗ਼ਮਾਂ 'ਚ ਘਸੀਟੀ ਜਾ ਰਹੀ ਮੇਰੀ ਜ਼ਿੰਦਗੀ ਦੇ ਫੰਬੇ ਹਵਾ 'ਚ ਉੱਡਦੇ ਫਿਰਦੇ ਹਨ ਕੱਲ੍ਹ- ਮੇਰੇ ਦੁਆਲੇ ਮਿੱਤਰਾਂ ਦਾ ਚੁੰਬਕੀ ਭੌਣ ਸੀ ਅੱਜ- ਇਕੱਲਤਾ ਭਮੱਕੜਾਂ ਵਾਂਗ ਅੱਠੇ ਪਹਿਰ ਮੇਰੇ ਦੁਆਲੇ ਮੰਡਲਾ ਰਹੀ ਹੈ ਕੱਲ੍ਹ- ਮੈਨੂੰ ਆਪਣੇ ਚੌਗਿਰਦੇ ਦੀ ਭਰਪੂਰ ਜਾਣਕਾਰੀ ਸੀ ਅੱਜ- ਮੇਰਾ ਆਪਣਾ ਆਪਾ ਵੀ ਮੇਰੇ ਤੋਂ ਅਣਜਾਣ ਹੈ।

28. ਵਿਦਰੋਹ

ਗ਼ੁੱਸਾ ਭੜਕਿਆ- ਵਿਦਰੋਹ ਦੀ ਇੱਕ ਹੀ ਚੰਗਿਆੜੀ ਨਾਲ ਪੁਰਾਤਨ ਵਿਚਾਰਾਂ ਦੀ ਪੀਡੀ ਜਕੜ ਨੂੰ ਤੋੜਦਾ ਹੋਇਆ ਇੱਕ ਸੰਘਰਸ਼ਮਈ ਵਿਚਾਰ ਮੇਰੇ ਮਨ ਵਿੱਚ ਕੁੱਦ ਪਿਆ ਉੱਥੇ ਮੁਸਕਾਨਾਂ ਖਲੇਰਦੇ ਚਿਹਰੇ ਨਹੀਂ ਸਨ ਸਗੋਂ ਗ਼ੁਸੈਲੀਆਂ ਅਤੇ ਘਸੀਆਂ-ਪਿੱਟੀਆਂ ਮੰਗਾਂ ਸਨ ਭਵਿੱਖ- ਸੱਖਣਾ ਅਤੇ ਹਨ੍ਹੇਰਾ ਸੀ ਮੈਨੂੰ ਜਾਪਿਆ ਉਮੀਦਾਂ ਨੂੰ ਜਿਵੇਂ ਬੰਨ੍ਹ ਲੱਗ ਗਿਆ ਹੋਵੇ ਸ਼ਾਂਤ ਜ਼ਿੰਦਗੀ ਜੰਗ ਦਾ ਇੱਕ ਅਖਾੜਾ ਬਣ ਗਈ ਮਨਹੂਸ ਦਿਨਾਂ ਨੇ ਮੇਰੀ ਸ਼ਾਨਦਾਰ ਦੁਨੀਆ ਤਹਿਸ ਨਹਿਸ ਕਰ ਦਿੱਤੀ ਸਿਮ੍ਰਿਤੀਆਂ ਨੇ ਮੇਰੇ ਮਨ ਦੀ ਦਹਿਲੀਜ਼ ਉੱਤੇ ਦਸਤਕ ਦਿੱਤੀ ਭਾਵਨਾਤਮਕ ਫੱਟਾਂ ਨੇ ਮੇਰੇ ਜਿਸਮ ਉੱਤੇ ਜਕੜ ਮਾਰ ਮੇਰੇ ਦੁੱਖਦੇ ਅੰਗਾਂ ਨੂੰ ਹੋਰ ਪੀੜਤ ਕਰ ਦਿੱਤਾ ਅਤੇ ਮੇਰੇ ਜ਼ਿਹਨ ਵਿੱਚ ਉੱਬਲ ਰਹੇ ਸੁਆਲਾਂ ਨਾਲ ਮੇਰੇ ਸਿਰ ਵਿੱਚ ਮਾਈਗਰੇਨ ਦੇ ਹਥੌੜੇ ਵੱਜਣ ਲੱਗੇ ਬਿਨਾਂ ਸੂਖਮਤਾ ਬਿਨਾਂ ਕਿਸੀ ਮੋਹ ਦੇ ਬਿਨਾਂ ਮਾਫ਼ ਕੀਤਿਆਂ ਕੀ ਅਸੀਂ ਆਪਸੀ ਨੇੜਤਾ ਦੀ ਭਾਵਨਾ ਦੀ ਉਮੀਦ ਕਰ ਸਕਦੇ ਹਾਂ?

29. ਰਾਖਸ਼

ਮੈਂ ਜਵਾਨ ਸਾਂ ਮੈਂ ਭੋਲੀ ਸਾਂ ਸਹਿਜੇ ਕੀਤੇ ਹੀ ਜਾਲ ਵਿੱਚ ਫਸ ਸਕਣ ਵਾਲੀ ਅਤੇ ਤੂੰ, ਇੱਕ ਰਾਖਸ਼ ਇਤਨਾ ਸਖ਼ਤ,ਜ਼ੋਰਾਵਰ ਅਤੇ ਤਾਕਤਵਰ ਹਰ ਵਕਤ ਕਿਸੇ ਮੌਕੇ ਦੀ ਉਡੀਕ ਵਿੱਚ ਤੇਰੇ ਵਾਲ ਸ਼ਾਹ ਕਾਲੇ ਮੋਟੀਆਂ-ਮੋਟੀਆਂ ਜਟਾਂ ਇੰਨੇ ਤਾਕਤਵਰ ਕਿ ਮੇਰਾ ਗਲ਼ਾ ਘੋਟ ਦੇਣ ਤੇਰੀਆਂ ਅੱਖਾਂ ਹਮੇਸ਼ਾ ਕਿਸੀ ਨਰਮ ਜ਼ਮੀਨ ਦੀ ਭਾਵ ਵਿੱਚ ਜਿੱਥੇ ਕਿ ਤੂੰ ਸੁਰਾਖ਼ ਕਰ ਸਕੇਂ ਤੇਰੀਆਂ ਉਗਲਾਂ ਕੈਂਚੀ ਦੇ ਤੇਜ਼ ਉਸਤਰਿਆਂ ਵਾਂਗ ਮੇਰੀ ਜ਼ੁਬਾਨ ਕੱਟਣ ਲਈ ਹਮੇਸ਼ਾ ਤਤਪਰ ਤੇਰਾ ਨੱਕ, ਮਰੋੜੇ ਖਾ ਰਿਹਾ ਕਤਰਾ, ਕਤਰਾ ਖ਼ੂਨ 'ਚੋਂ ਮੇਰੀ ਹੋਂਦ ਨੂੰ ਸੁੰਘਣ ਲਈ ਤੇਰੇ ਬੁੱਲ੍ਹ, ਮੀਚੇ ਜਾ ਰਹੇ ਮੇਰੇ ਸ਼ਬਦਾਂ ਨੂੰ ਸਕੋੜਨ ਲਈ ਤੇਰੇ ਦੰਦ ਕਚੀਚੀਆਂ ਵੱਟ ਰਹੇ ਮੇਰੀ ਹਰ ਖ਼ੁਸ਼ੀ ਨੂੰ ਵੇਖ ਮੈਂ ਚੀਨਾ-ਚੀਨਾ ਹੋ ਜਾਣ ਤੋਂ ਵਿਦਰੋਹ ਕੀਤਾ ਮੈਂ ਆਪਣੇ ਦਰਦ ਨੂੰ ਕਫ਼ਨ ਬਣਾ ਅਤੇ ਸਾਹਹੀਣ ਜੀਵ ਬਣ ਜਾਣ ਤੋਂ ਇਨਕਾਰ ਕਰ ਦਿੱਤਾ ਮੇਰੀ ਜਿਉਂਦੇ ਰਹਿਣ ਦੀ ਖ਼ਾਹਿਸ਼ ਨੇ ਮੈਨੂੰ ਆਪਣੀਆਂ ਬਾਂਹਾਂ ਵਿੱਚ ਲੈ ਲੋਰੀਆਂ ਦਿੱਤੀਆਂ ਮੈਨੂੰ ਪਲੋਸਿਆ ਮੈਨੂੰ ਸਹਾਰਾ ਦਿੱਤਾ ਮੈਨੂੰ ਸ਼ਕਤੀਵਰ ਬਣਾਇਆ ਕਿ ਮੈਂ ਤੇਰੇ ਸਾਹਮਣੇ ਛਾਤੀ ਤਾਣ ਕੇ ਖੜ੍ਹ ਸਕਾਂ।

30. ਡੈਣ

ਕੁੰਡਲਧਾਰੀ ਸੱਪ ਵਰਗੇ ਵਾਲ ਇੱਲ ਦੇ ਡੇਲੇ ਕੁੱਤੇ ਵਰਗੀ ਸੁੰਘਣ ਸ਼ਕਤੀ ਵਾਲਾ ਨੱਕ ਬਘਿਆੜ ਵਰਗੇ ਖ਼ੂੰਖ਼ਾਰ ਜਬਾੜੇ ਹਾਬੜੀ ਹੋਈ - ਆਦਮ-ਬੋ, ਆਦਮ-ਬੋ ਕਰਦੀ ਕਿਸੀ ਖੇਖਣਹਾਰੀ ਰੰਨ ਵਾਂਗ ਤ੍ਰਿਆ ਜਾਲ ਪਾਸਾਰ ਮਿੱਠੀ ਜ਼ੁਬਾਨ ਦੀ ਜ਼ਹਿਰ ਦੇ ਟੀਕਿਆਂ ਨਾ ਮਦਹੋਸ਼ ਕਰ ਹਰ ਪਲ, ਕਿਸੇ ਭੋਲੇ-ਭਾਲੇ ਹੱਡ ਮਾਸ ਦੇ ਪੁਤਲੇ ਨੂੰ ਜੜ੍ਹੋਂ ਪੁੱਟਣ ਲਈ ਅੰਤਾਂ ਦੀ ਕਾਹਲੀ ਬੇਰਹਿਮ - ਨਿਰਦਈ - ਜ਼ਾਲਮ - ਖ਼ੂੰਖ਼ਾਰ - ਮੱਕਾਰ - ਦੁਮੂੰਹੀ - ਅਹਿਸਾਸ ਰਹਿਤ ਮੋਹ ਰਹਿਤ ਸ਼ਕਲ ਰਹਿਤ ਇੱਕ ਚਿਹਰਾ - ਨਾਸੂਰ ਬਣ ਚੁੱਕੇ ਜ਼ਖ਼ਮਾਂ ਨੂੰ ਉਚੇੜ ਸਾਹਹੀਣ ਕਰ ਦੇਣ ਵਾਲੀਆਂ ਸਿਮ੍ਰਿਤੀਆਂ ਦੀ ਇੱਕ ਅੰਤਹੀਣ ਲੜੀ ਵਾਂਗ ਮੇਰੇ ਜ਼ਿਹਨ ਦੇ ਪਰਦੇ ਉੱਤੇ ਮੁੜ, ਮੁੜ ਉੱਭਰ ਰਿਹਾ ਅਤੇ ਮੈਂ,ਆਪਣੇ ਚੌਗਿਰਦੇ ਨੂੰ ਮੁਖ਼ਾਤਬ ਹੋ,ਆਖਦੀ ਹਾਂ : ਜ਼ਿੰਦਗੀ,ਜ਼ਿੰਦਾ-ਦਿਲੀ ਦਾ ਨਾਮ ਹੈ- ਜ਼ਿੰਦਗੀ,ਇੱਕ ਯੁੱਧ-ਭੂਮੀ ਹੈ ਮੈਂ ਹੌਸਲਾ ਨਹੀਂ ਛੱਡਾਂਗੀ

  • ਮੁੱਖ ਪੰਨਾ : ਦਵਿੰਦਰ ਬਾਂਸਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ