Mera Daghistan : Rasool Hamzatov

ਮੇਰਾ ਦਾਗ਼ਿਸਤਾਨ : ਰਸੂਲ ਹਮਜ਼ਾਤੋਵ

ਆਰੰਭਕ ਸ਼ਬਦ

ਦਾਗ਼ਿਸਤਾਨੀ ਪਹਾੜਾਂ ਦੇ ਐਨ ਵਿਚਕਾਰ, ਵਿਸ਼ਾਲ ਵਾਦੀ ਦੇ ਬਿਲਕੁਲ ਕੰਢੇ ਉੱਤੇ ਅਵਾਰ ਆਊਲ ਤਸਾਦਾ ਟਿਕੀ ਹੋਈ ਹੈ ।ਇਸ ਆਊਲ ਵਿਚ ਇਕ ਸਕਲੀਆ ਹੈ, ਜੋ ਬਾਹਰੋਂ ਬਾਕੀ ਸਭ ਨਾਲੋਂ ਵੱਖਰੀ ਨਹੀਂ-ਉਸੇ ਤਰ੍ਹਾਂ ਦੀ ਪੱਥਰੀ ਛੱਤ, ਤੇ ਇਸ ਉਤੇ ਪਿਆ ਉਸੇ ਤਰ੍ਹਾਂ ਦਾ ਪੱਥਰ ਦਾ ਰੋਲਰ, ਉਸੇ ਤਰ੍ਹਾਂ ਦੇ ਦਰਵਾਜ਼ੇ ਤੇ ਉਸੇ ਤਰ੍ਹਾਂ ਦਾ ਵਿਹੜਾ । ਪਰ ਇਸ ਨਿੱਕੀ ਜਿਹੀ ਸਕਲੀਆ ਤੋਂ, ਇਸ ਦੇਖਣ ਵਿੱਚ ਰੁੱਖੇ ਜਿਹੇ ਤੇ ਪਹਾੜੀ ਆਲ੍ਹਣੇ ਤੋਂ ਦੋ ਕਾਵਿ-ਹਸਤੀਆਂ ਉੱਡ ਕੇ ਵਿਸ਼ਾਲ ਦੁਨੀਆਂ ਵਿਚ ਗਈਆਂ । ਉਹਨਾਂ ਵਿਚੋਂ ਪਹਿਲੀ ਸੀ ਦਾਗ਼ਿਸਤਾਨ ਦਾ ਲੋਕ ਕਵੀ ਹਮਜ਼ਾਤ ਤਸਾਦਾਸਾ, ਤੇ ਦੂਜੀ ਸੀ ਦਾਗ਼ਿਸਤਾਨ ਦਾ ਲੋਕ ਕਵੀ ਰਸੂਲ ਹਮਜ਼ਾਤੋਵ ।
ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਰਸੂਲ, ਜਿਹੜਾ ਬਜ਼ੁਰਗ ਪਹਾੜੀ ਕਵੀ ਦੇ ਪਰਵਾਰ ਵਿਚ ਜੰਮਿਆਂ ਤੇ ਵੱਡਾ ਹੋਇਆ, ਬਚਪਨ ਤੋਂ ਹੀ ਕਾਵਿਤਾ ਨੂੰ ਪਿਆਰ ਕਰਨ ਲੱਗਾ ਤੇ ਸਮਾਂ ਪਾ ਕੇ ਆਪ ਵੀ ਕਵਿਤਾ ਲਿਖਣ ਲੱਗ ਪਿਆ । ਪਰ ਕਵੀ ਦਾ ਬੇਟਾ ਆਪ ਕਵੀ ਬਣਿਆਂ, ਤਾਂ ਪਿਓ ਨਾਲੋਂ ਵੀ ਜ਼ਿਆਦਾ ਮਸ਼ਹੂਰ, ਤੇ ਜੇ ਵਧੇਰੇ ਨਿਸੰਕੋਚ ਹੋ ਕੇ ਕਿਹਾ ਜਾਏ ਤਾਂ, ਉਸ ਨਾਲੋਂ ਵੀ ਮਹਾਨ ਬਣ ਗਿਆ । ਬਜ਼ੁਰਗ ਹਮਜ਼ਾਤ ਨੇ ਆਪਣੀ ਜ਼ਿੰਦਗ਼ੀ ਵਿੱਚ ਲੰਮੇ ਤੋਂ ਲੰਮਾਂ ਸਫ਼ਰ ਦਾਗ਼ਿਸਤਾਨ ਤੋਂ ਮਾਸਕੋ ਤੱਕ ਦਾ ਕੀਤਾ ਸੀ । ਪਰ ਰਸੂਲ ਹਮਜ਼ਾਤੋਵ ਬਹੁ-ਕੌਮੀ ਸੋਵੀਅਤ ਸਭਿਆਚਾਰ ਦੇ ਦੂਤ ਵਜੋਂ ਦੁਨੀਆਂ ਦੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ।
ਬਾਹਰੋਂ ਨਜ਼ਰ ਮਾਰਿਆਂ, ਉਸਦੀ ਜੀਵਨੀ ਵਿੱਚ ਕੋਈ ਵਿਸ਼ੇਸ਼ ਚੀਜ਼ ਨਹੀਂ ਲਗਦੀ ਰਸੂਲ ਹਮਜ਼ਾਤੋਵ ਦਾਗ਼ਿਸਤਾਨ ਦੀ ਖੁਦਇਖਤਿਆਰ ਸੋ. ਸੋ. ਰੀਪਬਲਿਕ ਦੀ ਆਊਲ ਤਸਾਦਾ ਵਿੱਚ ੧੯੨੩ ਵਿਚ ਪੈਦਾ ਹੋਇਆ । ਅਰਾਨਿਨ ਮਿਡਲ ਸਕੂਲ ਤੋਂ ਪੜ੍ਹਾਈ ਮੁਕਾ ਕੇ ਉਹ ਬੂਈਨਾਕਸਕ ਦੇ ਅਵਾਰ ਅਧਿਆਪਕ ਸਿਖਲਾਈ ਦੇ ਇਨਸਟੀਚਿਊਟ ਵਿਚ ਦਾਖਲ ਹੋ ਗਿਆ । ਕੁਝ ਦੇਰ ਪੜਾਂਉਦਾ ਰਿਹਾ, ਅਵਾਰ ਥੇਟਰ ਵਿਚ ਕੰਮ ਕੀਤਾ, ਰੀਪਬਲਿਕ ਦੇ ਅਖਬਾਰ ਵਿਚ ਕੰਮ ਕਰਦਾ ਰਿਹਾ । ਪਹਿਲੀਆਂ ਕਵਿਤਾਵਾਂ ੧੯੩੭ ਵਿਚ ਪ੍ਰਕਾਸ਼ਤ ਹੋਈਆਂ।
ਰਸੂਲ ਹਮਜ਼ਾਤੋਵ ਦੇ ਰਚਣੇਈ ਜੀਵਨ ਵਿਚ ਮੋੜ ਉਦੋਂ ਆਇਆ ਜਦੋਂ ਉਹ ਮਾਸਕੋ ਦੇ ਸਾਹਿਤਕ ਇਨਸਟੀਚਿਊਟ ਵਿਚ ਦਾਖਲ ਹੋ ਗਿਆ । ਇਥੇ ਉਸਨੂੰ ਮਾਸਕੋ ਦੇ ਪ੍ਰਸਿਧ ਕਵੀਆਂ ਦੇ ਰੂਪ ਵਿਚ ਸਿਰਫ ਅਧਿਆਪਕ ਹੀ ਨਾ ਮਿਲੇ ਸਗੋਂ ਦੋਸਤ ਵੀ ਮਿਲੇ ਜਿਹੜੇ ਨਾਲ ਹੀ ਪੜ੍ਹਦੇ ਸਨ । ਇਥੇ ਹੀ ਉਸਨੂੰ ਪਹਿਲੇ ਅਨੁਵਾਦਕ ਮਿਲੇ, ਜਾਂ, ਸ਼ਾਇਦ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਅਨੁਵਾਦਕਾਂ ਨੂੰ ਉਹ ਮਿਲ ਗਿਆ।ਇਥੇ ਉਸਦੀ ਅਵਾਰ ਕਵਿਤਾ ਰੂਸੀ ਕਵਿਤਾ ਦਾ ਹਿੱਸਾ ਬਣ ਗਈ।
ਉਦੋਂ ਤੋਂ ਲੈ ਕੇ ਮਖਾਚ-ਕਲਾ ਵਿਚ ਉਸਦੀ ਮਾਂ-ਬੋਲੀ ਵਿਚ ਤੇ ਮਾਸਕੋ ਵਿਚ ਰਸੂਲ ਹਮਜ਼ਾਤੋਵ ਦੇ ਲਗਭਗ ਚਾਲੀ ਕਾਵਿ-ਸੰਗ੍ਰਿਹ ਛਪ ਚੁੱਕੇ ਹਨ । ਹੁਣ ਉਸਦਾ ਨਾਂ ਵਿਸ਼ਾਲ ਪ੍ਰਸਿੱਧੀ ਦਾ ਮਾਲਕ ਹੈ । ਉਸਨੂੰ ਲੈਨਿਨ ਇਨਾਮ, ਤੇ ਦਾਗ਼ਿਸਤਾਨ ਦੇ ਲੋਕ-ਕਵੀ ਦਾ ਖਿਤਾਬ ਮਿਲ ਚੁੱਕਾ ਹੈ । ਉਸਦੀ ਕਵਿਤਾ ਦੁਨੀਆਂ ਦੀਆਂ ਕਈ ਜ਼ਬਾਨਾਂ ਵਿਚ ਛਪ ਚੁੱਕੀ ਹੈ।
ਇਹ ਹਥਲੀ ਕਿਤਾਬ ਰਸੂਲ ਹਮਜ਼ਾਤੋਵ ਦੀ ਪਹਿਲੀ ਵਾਰਤਕ ਰਚਨਾ ਹੈ।ਪਹਿਲਾਂ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿਚ ਵੀ ਰਸੂਲ ਆਪਣੇ ਹੀ ਵੱਖਰੇ ਰੰਗ ਵਿਚ ਸਾਮ੍ਹਣੇ ਆਵੇਗਾ ਤੇ ਉਸਦੀ ਵਾਰਤਕ ਨਾ ਨਾਵਲ ਨਾਲ ਮਿਲਦੀ ਹੋਵੇਗੀ ਨਾ ਹੀ ਕਹਾਣੀ ਨਾਲ । ਤੇ ਇਸੇ ਤਰ੍ਹਾਂ ਹੀ ਇਹ ਹੈ । ਪਰ ਤਾਂ ਵੀ ਇਸ ਵਾਰਤਕ-ਲਿਖਤ ਦੀ ਮੌਲਿਕਤਾ ਕੁਝ ਸਪਸ਼ਟੀ ਕਰਨ ਦੀ ਮੰਗ ਕਰਦੀ ਹੈ।
ਰਸੂਲ ਹਮਜ਼ਾਤੋਵ ਇਸ ਤਰ੍ਹਾਂ ਲਿਖਦਾ ਹੈ, ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁਖਬੰਧ ਲਿਖ ਰਿਹਾ ਹੋਵੇ, ਜਿਹੜੀ ਅਜੇ ਉਸਨੇ ਭਵਿਖ ਵਿਚ ਲਿਖਣੀਂ ਹੈ । ਉਹ ਦਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ, ਕਿਸ ਸਾਹਿਤ-ਰੂਪ ਵਿਚ ਇਹ ਲਿਖੀ ਜਾਣੀ ਚਾਹੀਦੀ ਹੈ, ਇਸਦਾ ਨਾਂ ਕੀ ਹੋਵੇਗਾ, ਇਸਦੀ ਬੋਲੀ, ਸ਼ੈਲੀ, ਬਿੰਬਾਵਲੀ ਤੇ, ਅਖੀਰ, ਵਿਸ਼ਾ-ਵਸਤੂ ਕੀ ਹੋਣਾ ਚਾਹੀਦਾ ਹੈ । ਕੋਈ ਪਾਠਕ ਰਸੂਲ ਹਮਜ਼ਾਤੋਵ ਦੀ ਇਹ ਕਿਤਾਬ ਪੜ੍ਹ ਕੇ ਪੁੱਛ ਸਕਦਾ ਹੈ: "ਮੂਆਫ਼ ਕਰਨਾ, ਇਹ ਤਾਂ ਹੋਇਆ ਮੁਖਬੰਧ, ਪਰ ਕਿਤਾਬ ਕਿਥੇ ਹੈ ?" ਪਰ ਇਥੇ ਪਾਠਕ ਗਲਤੀ ਖਾ ਰਿਹਾ ਹੋਵੇਗਾ । ਇਹ ਦੇਖਣਾ ਕੋਈ ਮੁਸ਼ਕਲ ਨਹੀਂ ਕਿ ਭਵਿਖ ਵਿਚ ਲਿਖੀ ਜਾਣ ਵਾਲੀ ਕਿਤਾਬ ਦੀ ਗੱਲ ਕਰਨਾ ਸਿਰਫ਼ ਇਕ ਸਾਹਿਤਕ ਢੰਗ ਹੀ ਹੈ ।ਹੌਲੀ ਹੌਲੀ ਉਸ ਕਿਤਾਬ ਦਾ ਮੁਖਬੰਧ ਅਪੋਹ ਤਰੀਕੇ ਨਾਲ ਵਧ ਕੇ ਇਕ ਸਵੈਧੀਨ, ਭਰਪੂਰ ਵਿਸ਼ੇ-ਵਸਤੂ ਵਾਲੀ ਮੁਕੰਮਲ ਕਿਤਾਬ ਦਾ ਰੂਪ ਧਾਰ ਲੈਂਦਾ ਹੈ-ਜਿਹੜੀ ਕਿਤਾਬ ਮਾਤਭੂਮੀ ਬਾਰੇ ਹੈ, ਮਾਤਭੂਮੀ ਨੂੰ ਪਿਆਰ ਕਰਨ ਵਾਲੇ ਉਸਦੇ ਸਪੂਤ ਦੇ ਉਸ ਵੱਲ ਵਤੀਰੇ ਬਾਰੇ ਹੈ, ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ, ਤੇ ਇਕ ਸ਼ਹਿਰੀ ਦੀ ਥਾਂ ਬਾਰੇ ਹੈ, ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ ।
ਇਹ ਪੁਸਤਕ ਇਕ ਤਰ੍ਹਾਂ ਦੀ ਆਤਮ-ਕਥਾ ਹੈ । ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ । ਇਹ ਸੱਚੇ ਦਿਲ ਨਾਲ ਲਿਖੀ ਗਈ ਹੈ, ਕਾਵਿਕ ਹੈ, ਤੇ ਲੇਖਕ ਦਾ ਹਲਕਾ-ਫੁਲਕਾ ਹਾਸਰਸ ਤੇ, ਮੈਂ ਕਹਿ ਸਕਦਾ ਹਾਂ, ਵਿਅੰਗ-ਵਿਨੋਦ ਇਸ ਕਿਤਾਬ ਵਿਚ ਚਾਨਣ ਦਾ ਕੰਮ ਕਰਦਾ ਹੈ । ਮਤਲਬ ਕੀ ਕਿ ਇਹ ਕਿਤਾਬ ਤੇ ਰਸੂਲ ਹਮਜ਼ਾਤੋਵ ਇਸ ਤਰ੍ਹਾਂ ਰਲਦੇ ਮਿਲਦੇ ਹਨ, ਜਿਸ ਤਰ੍ਹਾਂ ਦੋ ਪਾਣੀ ਦੇ ਤੁਪਕੇ । ਐਵੈਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇਕ ਕਾਂਡ ਇਕ ਕੇਂਦਰੀ ਅਖਬਾਰ ਵਿਚ "ਜ਼ਿੰਦਗੀ ਦਾ ਮੁਖਬੰਧ" ਸਿਰਲੇਖ ਹੇਠ ਛਾਪਿਆ ਗਿਆ।
ਪਾਠਕ ਨੂੰ ਇਸ ਪੁਸਤਕ ਵਿਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖ਼ੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿਚ ਸਾਂਭੀਆਂ ਪਈਆਂ ਹਨ; ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ । ਕਿਤਾਬ ਵਿਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ ।
ਖੁਦ ਰਸੂਲ ਹਮਜ਼ਾਤੋਵ ਆਪਣੀ ਰਚਨਾ ਬਾਰੇ ਦੱਸਦਿਆਂ ਤੇ ਪਾਠਕ ਨੂੰ ਆਪੀਲ ਕਰਦਿਆਂ ਕਹਿੰਦਾ ਹੈ: "ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫਸੋਸੀਆਂ ਯਾਦਾਂ ਰਖਦੇ ਹਨ ।ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗ਼ੀਨ ਖਿਆਲ ਹੁੰਦੇ ਹਨ ।ਕੁਝ ਲੋਕ ਹੁੰਦੇ ਹਨ, ਜਿਹੜੇ ਬੀਤੇ ਬਾਰੇ ਰੌਸ਼ਨ ਧੁਪਹਿਲੀਆਂ ਯਾਦਾਂ ਰਖਦੇ ਹਨ।ਉਹਨਾਂ ਦੇ ਚਿੰਤਨ ਵਿਚ ਵਰਤਮਾਨ ਤੇ ਭਵਿਖ ਵੀ ਰੌਸ਼ਨ ਹੈ ।ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ,ਜਿਨ੍ਹਾਂ ਦੀਆਂ ਯਾਦਾਂ ਵਿਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਹੁੰਦੀ ਹੈ ਛਾਂ ਵੀ।
ਵਰਤਮਾਨ ਤੇ ਭਵਿਖ ਬਾਰੇ ਉਹਨਾਂ ਦੇ ਵਿਚਾਰਾਂ ਵਿਚ ਵੀ ਵਨ-ਸੁਵੰਨੇ ਭਾਵ, ਖਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ।ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿਚੋਂ ਹਾਂ।
"ਮੇਰਾ ਰਾਹ ਹਮੇਸ਼ਾ ਹੀ ਸਿਧਾ ਨਹੀਂ ਰਿਹਾ, ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ । ਬਿਲਕੁਲ ਤੇਰੇ ਵਾਂਗ ਹੀ, ਮੇਰੇ ਸਮਕਾਲੀ, ਮੈਂ ਮਧ ਕਾਲ ਵਿਚ, ਦੁਨੀਆਂ ਦੇ ਕੇਂਦਰ ਵਿਚ, ਭਾਰੀ ਘਟਨਾਵਾਂ ਨਾਲ ਘਿਰਿਆ ਹੋਇਆ ਰਹਿੰਦਾ ਰਿਹਾ ਹਾਂ। ਇਥੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਾ ਲੇਖਕ ਲਈ ਦਿਲ ਕੰਬਾ ਦੇਣ ਵਾਲਾ ਹੁੰਦਾ ਹੈ । ਘਟਨਾਵਾਂ ਦਾ ਗ਼ਮ ਤੇ ਖੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਘ ਜਾਣੀ ਚਾਹੀਦੀ ।ਉਹ ਬਰਫ ਉੱਤੇ ਰਾਹ ਵਾਂਗ ਨਹੀਂ ਪੱਥਰ ਉਪਰ ਪਈ ਲਕੀਰ ਵਾਂਗ ਹਨ । ਤੇ ਮੈਂ, ਇਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ, ਤੇ ਭਵਿਖ ਬਾਰੇ ਸੋਚਾਂ ਨੂੰ ਇਕ ਥਾਂ ਇਕੱਠਾ ਕਰਦਿਆਂ ਤੁਹਾਡੇ ਕੋਲ ਆ ਰਿਹਾ ਹਾਂ, ਤੁਹਾਡਾ ਦਰ ਖਟਖਟਾ ਰਿਹਾ ਹਾਂ ਤੇ ਕਹਿੰਦਾ ਹਾਂ: ਚੰਗੇ ਦੋਸਤ, ਇਹ ਮੈਂ ਹਾਂ, ਰਸੂਲ ਹਮਜ਼ਾਤੋਵ ।"

ਵਲਾਦੀਮੀਰ ਸੋਲੋਊਖਿਨ

+++
ਰਾਹੀਆ, ਜੇ ਤੂੰ ਸਾਡੇ ਕੋਲੋਂ ਲੰਘ ਜਾਵੇਂ ਮੂੰਹ ਫੇਰ,
ਘੋਰ ਤੂਫਾਨ ਤੇ ਬਿਜਲੀਆਂ ਤੈਨੂੰ ਲੈਸਨ ਰਾਹ ਵਿਚ ਘੇਰ।
ਜੇ ਤੈਨੂੰ ਨਾ ਖੁਸ਼ੀ ਮਿਲੇ ਮੇਰੇ ਘਰ ਆਏ ਮਹਿਮਾਨ,
ਮੈਨੂੰ ਢਾਹ ਢੇਰੀ ਕਰਨ ਫਿਰ ਬਿਜਲੀਆਂ ਤੇ ਤੂਫਾਨ ।

(ਦਰਵਾਜ਼ੇ ਉਤੇ ਉੱਕਰੇ ਸ਼ਬਦ)

ਜੇ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਓਗੇ,
ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ।

(ਅਬੂਤਾਲਿਬ ਦਾ ਕਥਨ)

ਮੁਖਬੰਧ ਦੀ ਥਾਂ, ਆਮ ਕਰਕੇ ਮੁਖਬੰਧਾਂ ਬਾਰੇ

ਨੀਂਦ ਖੁਲ੍ਹੇ ਤਾਂ ਇਕ ਦਮ ਨਾ ਬਿਸਤਰੇ ਵਿਚੋਂ ਕੁੱਦ ਪਵੋ
ਜਿਵੇਂ ਕਿਸੇ ਨੇ ਤੁਹਾਨੂੰ ਡੰਗਿਆ ਹੋਵੇ । ਪਹਿਲਾਂ,
ਜੋ ਕੁਝ ਤੁਸੀਂ ਸੁਪਨੇ ਵਿਚ ਦੇਖਿਆ ਸੀ, ਉਸ ਬਾਰੇ ਵਿਚਾਰੋ ।

ਮੇਰਾ ਖਿਆਲ ਹੈ ਕਿ ਖੁਦ ਅੱਲਾਹ ਵੀ, ਆਪਣੇ ਸੇਵਕਾਂ ਨੂੰ ਕੋਈ ਦਿਲ ਬਹਿਲਾਉਂਦੀ ਕਹਾਣੀ ਸੁਨਾਉਣ, ਜਾਂ ਇਕ ਹੋਰ ਮਹਾਂਵਾਕ ਉਚਰਨ ਤੋਂ ਪਹਿਲਾਂ, ਸਿਗਰਟ ਬਾਲਦਾ ਹੋਵੇਗਾ, ਅਲਸਾਏ ਜਿਹੇ ਕਸ਼ ਭਰਦਾ ਹੋਵੇਗਾ ਤੇ ਅੰਤਰਧਿਆਨ ਹੋ ਕੇ ਸੋਚਦਾ ਹੋਵੇਗਾ ।
ਹਵਾ ਵਿਚ ਉੱਡਣ ਤੋਂ ਪਹਿਲਾਂ ਹਵਾਈ ਜਹਾਜ਼ ਬਹੁਤ ਸ਼ੋਰ ਮਚਾਉਂਦਾ ਹੈ: ਇਸਨੂੰ ਸਾਰੇ ਹਵਾਈ ਅੱਡੇ ਦੇ ਵਿਚੋਂ ਦੀ ਕੱਢ ਕੇ ਰੱਨ-ਵੇ ਤੱਕ ਲਿਜਾਇਆ ਜਾਂਦਾ ਹੈ, ਉਹ ਹੋਰ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ, ਤੇ ਫਿਰ ਆਪਣੀ ਦੌੜ ਸ਼ੁਰੂ ਕਰ ਦੇਂਦਾ ਹੈ । ਇਹ ਸਾਰਾ ਕੁਝ ਕਰਨ ਤੋਂ ਪਿਛੋਂ ਹੀ, ਉਹ ਉਪਰ ਨੂੰ ਉਠਦਾ ਹੈ ।
ਹੈਲੀਕਾਪਟਰ ਨੂੰ ਦੌੜ ਨਹੀਂ ਲਾਉਣੀ ਪੈਂਦੀ, ਪਰ ਇਹ ਵੀ ਹਵਾ ਵਿਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ, ਗਰਜਦਾ ਹੈ, ਤੇ ਗੜਗੜਾਹਟ ਪੈਦਾ ਕਰਦਾ ਹੈ, ਤੇ ਬੁਰੀ ਤਰ੍ਹਾਂ ਕੰਬਣੀਆਂ ਖਾਂਦਾ ਹੈ ।
ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿਧਾ ਉਤਾਂਹ ਵੱਲ ਨੂੰ ਨੀਲੱਤਣ ਵੱਲ ਨੂੰ ਸ਼ੂਟ ਵੱਟਦਾ ਹੈ, ਜਿਥੋਂ ਇਹ ਠਾਠ ਨਾਲ ਉੱਡਦਾ, ਹੋਰ ਉੱਚਾ, ਹੋਰ ਉੱਚਾ ਜਾਈ ਜਾਂਦਾ ਹੈ ਤੇ ਆਖਰ ਦਿੱਸਣੋਂ ਹਟ ਜਾਂਦਾ ਹੈ ।
ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਨਾਲ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ-ਚੌੜੀਆਂ ਤੇ ਅਕਾਵੀਆਂ ਭੂਮਿਕਾਵਾਂ ਦੇ । ਜੇ ਤੁਸੀਂ ਸਾਨ੍ਹ ਨੂੰ ਸਿੰਗਾਂ ਤੋਂ ਫੜਣ ਵਿਚ ਸਫਲ ਨਹੀਂ ਹੁੰਦੇ ਜਦੋਂ ਇਹ ਤੁਹਾਡੇ ਕੋਲ ਦੀ ਦੌੜਦਾ ਲੰਘ ਰਿਹਾ ਹੁੰਦਾ ਹੈ, ਤਾਂ ਤੁਸੀਂ ਇਸਨੂੰ ਪੂਛ ਤੋਂ ਵੀ ਫੜਕੇ ਰੋਕਣ ਦੇ ਸਮਰੱਥ ਨਹੀਂ ਹੋਣ ਲੱਗੇ ।
ਮੰਨ ਲਵੋ ਕਿ ਇਕ ਗਾਇਕ ਨੇ ਆਪਣਾ ਪਾਂਡੂਰ (ਕਾਕੇਸ਼ੀਆ ਦਾ ਇਕ ਸਾਜ਼) ਚੁੱਕ ਲਿਆ ਹੈ । ਮੈਨੂੰ ਪਤਾ ਹੈ ਕਿ ਉਸਦੀ ਆਵਾਜ਼ ਚੰਗੀ ਹੈ, ਪਰ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਉਸਦੀਆਂ ਉਂਗਲਾਂ ਕਿਉਂ ਤਾਰਾਂ ਉੱਤੇ ਬਿਨਾਂ ਮੰਤਵ ਭਟਕਦੀਆਂ ਨੇ ? ਕਾਨਸਰਟ ਤੋਂ ਪਹਿਲਾਂ ਪੜ੍ਹੀ ਜਾਂਦੀ ਰੀਪੋਰਟ ਬਾਰੇ, ਜਾਂ ਨਾਟਕ ਤੋਂ ਪਹਿਲਾਂ ਲੈਕਚਰ ਬਾਰੇ ਜਾਂ ਆਪਣੇ ਜਵਾਈ ਨੂੰ ਮੇਜ਼ ਉਤੇ ਆਉਣ ਦਾ ਸੱਦਾ ਦੇਣ ਜਾਂ ਉਸਨੂੰ ਪਿਆਲਾ ਭਰ ਕੇ ਸ਼ਰਾਬ ਦਾ ਭੇਟ ਕਰਨ ਦੀ ਥਾਂ ਸਹੁਰੇ ਵੱਲੋਂ ਦਿੱਤੀ ਗਈ ਅਕਾਵੀਂ ਸਿੱਖਿਆ ਬਾਰੇ ਵੀ ਮੈਂ ਇਹੀ ਕਹਾਂਗਾ ।
ਇਕ ਵਾਰੀ ਕੁਝ ਮੁਰੀਦ ਆਪਣੀਆਂ ਤਲਵਾਰਾਂ ਦੇ ਫਲਾਂ ਦੀ ਪਾਨ ਬਾਰੇ ਇਕ ਦੂਜੇ ਅੱਗੇ ਸ਼ੇਖ਼ੀਆਂ ਮਾਰ ਰਹੇ ਸਨ । ਉਹ ਉਸ ਉੱਚ ਦਰਜੇ ਦੇ ਫੌਲਾਦ ਦੀਆਂ ਗੱਲਾਂ ਕਰ ਰਹੇ ਸਨ, ਜਿਸ ਤੋਂ ਉਹਨਾਂ ਦੇ ਫਲ ਢਾਲੇ ਗਏ ਸਨ, ਤੇ ਉਹਨਾਂ ਫਲਾਂ ਉਤੇ ਉਕਰੀਆਂ ਕੁਰਾਨ ਸ਼ਰੀਫ ਦੀਆਂ ਸਰਵ-ਸਰੇਸ਼ਠ ਆਇਤਾਂ ਬਾਰੇ ਗੱਲਾਂ ਕਰ ਰਹੇ ਸਨ । ਮੁਰੀਦਾਂ ਵਿਚ ਵੱਡੇ ਸ਼ਾਮਿਲ ਦਾ ਨਾਇਬ ਹਾਜੀ-ਮੁਰਾਦ ਵੀ ਸੀ । ਉਹ ਬੋਲਿਆ:
"ਦਰਖਤ ਦੀ ਠੰਡੀ ਛਾਂ ਹੇਠ ਬੈਠੇ ਤੁਸੀਂ ਕੀ ਬਹਿਸਾਂ ਕਰ ਰਹੇ ਹੋ ? ਭਲਕੇ ਪਹੁ-ਫੁੱਟਦੀ ਨੂੰ ਹੋਣ ਵਾਲੀ ਲੜਾਈ ਵਿਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦਸਣਗੀਆਂ ।"
ਤਾਂ ਵੀ, ਮੈਨੂੰ ਯਕੀਨ ਹੈ ਕਿ ਅੱਲਾਹ ਉਚਰਨਾ ਸ਼ੁਰੂ ਕਰਨ ਤੋਂ ਪਹਿਲਾਂ ਬਿਨਾਂ ਕਾਹਲੀ ਕੀਤਿਆਂ ਸਿਗਰਟ ਜ਼ਰੂਰ ਬਾਲਦਾ ਹੋਵੇਗਾ ।
ਤਾਂ ਵੀ, ਮੇਰੇ ਜੱਦੀ ਪਹਾੜਾਂ ਵਿਚ ਇਹ ਰੀਤ ਨਹੀਂ ਕਿ ਕੋਈ ਘੋੜ-ਸਵਾਰ ਆਪਣੀ ਸਕਲੀਆ (ਆਊਲ ਵਿਚ ਇਕ ਝੁੱਗੀ) ਦੀਆਂ ਬਰੂਹਾਂ ਤੋਂ ਹੀ ਆਪਣੇ ਘੋੜੇ ਉਤੇ ਪਲ੍ਹਾਕੀ ਮਾਰ ਕੇ ਬੈਠ ਜਾਏ । ਉਹ ਸਗੋਂ ਆਪਣੇ ਘੋੜੇ ਨੂੰ ਲਗਾਮ ਤੋਂ ਫੜਕੇ ਮਗਰ ਤੋਰੀ ਲਿਆਇਗਾ, ਜਿੰਨਾਂ ਚਿਰ ਤੱਕ ਉਹ ਆਊਲ (ਕਾਕੇਸ਼ੀਆ ਵਿਚ ਪਹਾੜੀ ਪਿੰਡ ਨੂੰ ਕਹਿੰਦੇ ਹਨ) ਤੋਂ ਬਾਹਰ ਨਹੀਂ ਆ ਜਾਂਦੇ । ਕਾਰਨ ਸ਼ਾਇਦ ਇਹ ਹੈ ਕਿ ਉਹ ਨਵੇਂ ਸਿਰਿਉਂ ਵਿਚਾਰ ਕਰਦਾ ਹੋਵੇਗਾ ਕਿ ਉਹ ਪਿੱਛੇ ਕੀ ਛੱਡਕੇ ਜਾ ਰਿਹਾ ਹੈ, ਤੇ ਅਗਲੀ ਵਾਟ ਉਤੇ ਉਸਨੂੰ ਕੀ ਉਡੀਕ ਰਿਹਾ ਹੈ । ਭਾਵੇਂ ਉਸਦਾ ਕੰਮ ਕਿੰਨਾਂ ਵੀ ਜਲਦੀ ਦਾ ਕਿਉਂ ਨਾ ਹੋਵੇ, ਉਹ ਸੋਚਾਂ ਵਿਚ ਮਗਨ ਤੇ ਬਿਨਾਂ ਕਾਹਲੀ ਕੀਤਿਆਂ ਆਪਣੇ ਘੋੜੇ ਨੂੰ ਤੋਰ ਕੇ ਆਊਲ ਤੋਂ ਬਾਹਰ ਲਿਆਉਂਦਾ ਹੈ, ਤੇ ਉਸਤੋਂ ਪਿਛੋਂ ਹੀ ਉਹ ਰਕਾਬ ਨੂੰ ਛੂਹੇ ਤੋਂ ਬਿਨਾਂ, ਪਲਾਕੀ ਮਾਰ ਕੇ ਕਾਠੀ ਉਤੇ ਬਹਿ ਜਾਂਦਾ ਹੈ, ਹੰਨੇ ਉਤੇ ਝੁਕਦਾ, ਤੇ ਧੂੜ ਦੇ ਬੱਦਲਾਂ ਵਿਚ ਅਲੋਪ ਹੋ ਜਾਂਦਾ ਹੈ ।
ਮੈਂ ਵੀ ਆਪਣੀ ਕਿਤਾਬ ਦੀ ਕਾਠੀ ਉੱਤੇ ਪਲਾਕੀ ਮਾਰ ਕੇ ਚੜ੍ਹਣ ਤੋਂ ਪਹਿਲਾਂ ਅੰਤਰਧਿਆਨ ਹੋ ਕੇ ਤੁਰਦਾ ਹਾਂ । ਮੈਂ ਆਪਣੀ ਘੋੜੀ ਨੂੰ ਇਸਦੀ ਲਗਾਮ ਤੋਂ ਫੜੀ, ਇਸਦੇ ਨਾਲ ਨਾਲ ਤੁਰੀ ਜਾਂਦਾ ਹਾਂ । ਮੈਂ ਸੋਚਾਂ ਵਿਚ ਮਗਨ ਹਾਂ । ਕੋਈ ਲਫ਼ਜ਼ ਕਹਿਣ ਤੋਂ ਪਹਿਲਾਂ ਮੈਂ ਜ਼ਰਾ ਰੁਕ ਜਾਂਦਾ ਹਾਂ ।
ਕੋਈ ਲਫ਼ਜ਼ ਹੋ ਸਕਦਾ ਹੈ ਆਦਮੀ ਦੀ ਜ਼ਬਾਨ ਤੋਂ ਨਿਕਲਣ ਲਗਿਆਂ ਦੇਰ ਲਾਵੇ, ਸਿਰਫ ਇਸ ਲਈ ਨਹੀਂ ਕਿ ਉਹ ਥੱਥਾ ਹੋਵੇਗਾ, ਸਗੋਂ ਇਸ ਲਈ ਵੀ ਕਿ ਉਹ ਸਭ ਤੋਂ ਢੁਕਵਾਂ, ਜ਼ਰੂਰੀ ਤੇ ਸਿਆਣਾ ਲਫਜ਼ ਲੱਭ ਰਿਹਾ ਹੁੰਦਾ ਹੈ । ਮੈਂਂ ਕਿਸੇ ਨੂੰ ਆਪਣੀ ਸਿਆਣਪ ਨਾਲ ਚਕ੍ਰਿਤ ਨਹੀਂ ਕਰਨਾ ਚਾਹੁੰਦਾ, ਪਰ ਮੈਂ ਥੱਥਾ ਵੀ ਨਹੀਂ । ਮੈਂ ਢੁੱਕਵੇਂ ਲਫਜ਼ਾਂ ਦੀ ਭਾਲ ਵਿਚ ਹਾਂ, ਇਸ ਲਈ ਹੋ ਸਕਦਾ ਹੈ ਮੈਂ ਕਦੀ ਕਦੀ ਅਟਕ ਜਾਵਾਂ ।
ਅਬੂਤਾਲਿਬ ਦਾ ਕਹਿਣਾ ਸੀ: ਕਿਤਾਬ ਦਾ ਮੁਖਬੰਧ ਵਹਿਮਣ ਔਰਤ ਵਲੋਂ ਦੰਦਾਂ ਵਿਚਕਾਰ ਫੜੇ ਤਿਨਕੇ ਵਾਂਗ ਹੁੰਦਾ ਹੈ, ਜਦ ਕਿ ਉਹ ਆਪਣੇ ਪਤੀ ਦਾ ਭੇਡ ਦੀ ਖੱਲ ਵਾਲਾ ਕੋਟ ਮੁਰੰਮਤ ਕਰ ਰਹੀ ਹੁੰਦੀਂ ਹੈ । ਆਮ ਵਿਸ਼ਵਾਸ ਇਹ ਹੈ ਕਿ ਇਹੋ ਜਿਹਾ ਕੰਮ ਕਰਦਿਆਂ ਜੇ ਉਹ ਦੰਦਾਂ ਵਿਚ ਤਿਨਕਾ ਨਹੀਂ ਫੜੇਗੀ, ਤਾਂ ਭੇਡ ਦੀ ਖੱਲ ਵਾਲਾ ਕੋਟ ਉਸਦੇ ਕਫਨ ਵਿਚ ਬਦਲ ਸਕਦਾ ਹੈ ।
ਅਬੂਤਾਲਿਬ ਦਾ ਕਹਿਣਾ ਸੀ: ਮੈਂ ਐਸੇ ਮਨੁੱਖ ਵਾਂਗ ਹਾਂ ਜੋ ਹਨੇਰੇ ਵਿਚ ਦਰਵਾਜ਼ਾ ਟੋਹ ਰਿਹਾ ਹੋਵੇ, ਜਾਂ ਐਸੇ ਮਨੁੱਖ ਵਾਂਗ, ਜਿਸਨੂੰ ਸਬੱਬ ਨਾਲ ਦਰਵਾਜ਼ਾ ਮਿਲ ਤਾਂ ਗਿਆ ਹੈ ਪਰ ਜਿਸਨੂੰ ਯਕੀਨ ਨਹੀਂ ਕਿ ਅੰਦਰ ਜਾਣਾ ਸੰਭਵ ਜਾਂ ਕਸ਼ਟ ਕਰਨ ਯੋਗ ਹੈ ਜਾਂ ਨਹੀਂ । ਏਨੇ ਚਿਰ ਵਿਚ ਉਹ ਬੂਹਾ ਖੜਕਾਂਉਦਾ ਹੈ:
ਠਕ-ਠਕ, ਠਕ-ਠਕ ।
"ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ: ਜੇ ਤੁਸੀਂ ਕੁਝ ਮਾਸ ਰਿੰਨ੍ਹਣ ਦੀ ਇੱਛਾ ਰੱਖਦੇ ਹੋ, ਤਾਂ ਸਮਾਂ ਏ ਕਿ ਉਠੋ ਤੇ ਸ਼ੁਰੂ ਕਰੋ ।"
"ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ: ਜੇ ਤੁਸੀਂ ਜਵੀ ਦਾ ਦਲੀਆ ਕੁੱਟਣਾ ਚਾਹੁੰਦੇ ਹੋ, ਤਾਂ ਕਾਹਲੀ ਦੀ ਕੋਈ ਲੋੜ ਨਹੀਂ ! ਤੁਸੀਂ ਭਾਵੇਂ ਹੋਰ ਸੌਂ ਲਵੋ !"
"ਹੇ, ਦਰਵਾਜ਼ੇ ਤੋਂ ਪਾਰ ਰਹਿਣ ਵਾਲਿਓ: ਜੇ ਤੁਸੀਂ ਚੰਗੀ ਬੂਜ਼ਾ (ਬਾਜਰੇ ਤੇ ਕੁਝ ਕੌੜੀਆਂ ਚੀਜ਼ਾਂ ਤੋਂ ਬਣੀ ਤੁਰਸ਼ ਤੇ ਖਮੀਰੀ ਪੀਣ ਵਾਲੀ ਚੀਜ਼) ਪੀਣ ਦੀ ਸਲਾਹ ਰੱਖਦੇ ਹੋ, ਤਾਂ ਆਪਣੇ ਗੁਆਂਢੀ ਨੂੰ ਸੱਦਾ ਦੇਣਾ ਨਾ ਭੁੱਲਣਾ !"
ਠਕ-ਠਕ, ਠਕ-ਠਕ ।
"ਅੱਛਾ, ਮੈਂ ਤੁਹਾਡੇ ਵਿਚ ਸ਼ਾਮਲ ਹੋਵਾਂ ਜਾਂ ਮੇਰੇ ਤੋਂ ਬਿਨਾਂ ਹੀ ਸਰ ਜਾਇਗਾ ?"
ਬੱਚੇ ਨੂੰ ਬੋਲਣਾ ਸਿਖਣ ਲਈ ਦੋ ਸਾਲ ਲਗਦੇ ਨੇ; ਆਦਮੀ ਨੂੰ ਆਪਣੀ ਜ਼ਬਾਨ ਸੰਭਾਲਣ ਸਿੱਖਣ ਉਤੇ ਸੱਠ ਸਾਲ ਲੱਗ ਜਾਂਦੇ ਹਨ ।
ਮੈਂ ਦੋ ਸਾਲਾਂ ਦਾ ਨਹੀਂ; ਨਾ ਮੈਂ ਸੱਠਾਂ ਦਾ ਹੋਇਆ ਹਾਂ । ਮੈਂ ਜ਼ਿੰਦਗੀ ਦੇ ਅੱਧ-ਵਿਚਾਲੇ ਹਾਂ, ਤਾਂ ਵੀ ਮੈਂ ਦੂਜੀ ਸੀਮਾ ਦੇ ਜ਼ਿਆਦਾ ਨੇੜੇ ਹਾਂ, ਤੇ ਇਸੇ ਕਰਕੇ ਮੇਰੇ ਲਈ ਅਨ-ਕਿਹਾ ਲਫਜ਼ ਕਹੇ ਗਏ ਸਾਰੇ ਲਫਜ਼ਾਂ ਨਾਲੋਂ ਵਧੇਰੇ ਕੀਮਤੀ ਹੈ ।
ਜਿਹੜੀ ਕਿਤਾਬ ਅਜੇ ਮੈਂ ਨਹੀਂ ਲਿਖੀ, ਉਹ ਉਹਨਾਂ ਸਾਰੀਆਂ ਕਿਤਾਬਾਂ ਨਾਲੋਂ ਮੇਰੇ ਲਈ ਵਧੇਰੇ ਕੀਮਤੀ ਹੈ ਜਿਹੜੀਆਂ ਮੇਰੀ ਕਲਮ ਤੋਂ ਆਈਆਂ ਨੇ । ਇਹ ਕੀਮਤ ਤੋਂ ਉੱਪਰ ਹੈ, ਮੇਰੇ ਦਿਲ ਦੇ ਸਭ ਤੋਂ ਨੇੜੇ ਤੇ ਸੱਚ ਦੀ ਮੰਗ ਕਰਨ ਵਿਚ ਸਭ ਤੋਂ ਵੱਧ ਡਾਹਢੀ ।
ਨਵੀਂ ਕਿਤਾਬ ਮੇਰੇ ਲਈ ਉਸ ਗੁਫਾ ਵਾਂਗ ਹੈ ਜਿਸ ਵਿਚ ਮੈਂ ਕਦੀ ਦਾਖਲ ਨਹੀਂ ਹੋਇਆ, ਪਰ ਜਿਸਦੀਆਂ ਦੀਵਾਰਾਂ ਪਹਿਲਾਂ ਹੀ ਮੇਰੇ ਅੱਗਿਉਂ ਲਾਂਭੇ ਹਟ ਰਹੀਆਂ ਹਨ, ਤੇ ਮੈਨੂੰ ਧੁੰਦਲੀ ਦੂਰੀ ਦੇ ਅੰਦਰ ਆਉਣ ਲਈ ਇਸ਼ਾਰੇ ਸੁੱਟਦੀ ਹੈ ।ਨਵੀਂ ਕਿਤਾਬ ਉਸ ਘੋੜੀ ਵਾਂਗ ਹੈ, ਜਿਸ ਉੱਤੇ ਮੈਂ ਕਦੀ ਕਾਠੀ ਨਹੀਂ ਪਾਈ, ਉਸ ਕਟਾਰ ਵਾਂਗ, ਜਿਸਨੂੰ ਮੈਂ ਕਦੀ ਮਿਆਨ ਵਿਚੋਂ ਨਹੀਂ ਕੱਢਿਆ ।
ਪਹੜੀ ਲੋਕ ਕਿਹਾ ਕਰਦੇ ਨੇ: "ਬਿਨਾਂ ਯੋਗ ਕਾਰਨ ਦੇ ਆਪਣੀ ਕਟਾਰ ਕਦੀ ਨਾ ਕੱਢੋ, ਪਰ ਜੇ ਤੁਹਾਨੂੰ ਕੱਢਣੀ ਪਵੇ, ਤਾਂ ਇੰਝ ਚਲਾਓ ਕਿ ਘੋੜੀ ਤੇ ਸਵਾਰ ਦੋਹਾਂ ਨੂੰ ਚਿੱਤ ਕਰ ਦਿਓ ।"
ਤੁਸੀਂ ਕਿਨਾਂ ਠੀਕ ਕਿਹੈ, ਪਹਾੜਾਂ ਦੇ ਵਾਸੀਓ !
ਤਾਂ ਵੀ: ਕਟਾਰ ਮਿਆਨ ਵਿਚੋਂ ਕਢਣ ਤੋਂ ਪਹਿਲਾਂ ਪੱਕਾ ਕਰ ਲਓ ਕਿ ਇਸਦੀ ਧਾਰ ਚੰਗੀ ਤੇਜ਼ ਹੋਵੇ ।
ਓ, ਪੁਸਤਕੇ ਮੇਰੀਏ, ਤੂੰ ਮੇਰੇ ਅੰਦਰ ਕਈ ਸਾਲ ਵੱਸੀ ਏਂ! ਤੂੰ ਉਸ ਪ੍ਰੀਤਮਾ ਦੇ ਵਾਂਗ ਏਂ, ਜਿਸਨੂੰ ਦੂਰੋਂ ਦੇਖਿਆ ਹੋਵੇ, ਜਿਸਦੇ ਸੁਪਨੇ ਲਏ ਹੋਣ, ਪਰ ਕਦੀ ਛੁਹਣ ਦੀ ਦਲੇਰੀ ਨਾ ਕੀਤੀ ਹੋਵੇ । ਕਦੀ ਕਦੀ ਉਹ ਬਿਲਕੁਲ ਨੇੜੇ ਰਹੀ ਹੈ, ਲਗਭਗ ਪਹੁੰਚ ਵਿਚ, ਪਰ ਮੈਂ ਡਰਦਾ ਤੇ ਸੰਗਦਾ, ਲਾਲ-ਬਿੰਬ ਹੁੰਦਾ ਤੇ ਪਿੱਛੇ ਹਟ ਜਾਂਦਾ ਰਿਹਾ ਹਾਂ ।
ਪਰ ਜੋ ਹੋ ਚੁੱਕਾ, ਸੋ ਹੋ ਚੁੱਕਾ । ਪਰ ਮੈਂ ਦਲੇਰੀ ਨਾਲ ਉਸ ਕੋਲ ਜਾਣ ਦਾ ਤੇ ਉਸਦਾ ਹੱਥ ਆਪਣੇ ਹੱਥ ਵਿਚ ਲੈਣ ਦਾ ਫੈਸਲਾ ਕਰ ਲਿਆ । ਸੰਗਾਊ ਪਰੇਮੀ ਤੋਂ ਮੈਂ ਦਲੇਰ ਤੇ ਤਜਰਬਾਕਾਰ ਆਦਮੀ ਵਿਚ ਬਦਲਣਾ ਚਾਹੁੰਦਾ ਹਾਂ । ਮੈਂ ਆਪਣੇ ਘੋੜੇ ਉਤੇ ਕਾਠੀ ਪਾਉਂਦਾ ਤੇ ਤਿੰਨ ਵਾਰੀ ਚਾਬਕ ਮਾਰਦਾ ਹਾਂ । ਜੋ ਹੁੰਦਾ ਹੈ, ਸੋ ਹੋਵੇ ।
ਤਾਂ ਵੀ, ਪਹਿਲਾਂ ਮੈਂ ਆਪਣੇ ਲਈ ਆਪਣੇ ਪਹਾੜੀ, ਘਰ-ਉਗਾਏ ਤੰਬਾਕੂ ਦੀ ਸਿਗਰਟ ਵਲਦਾ ਹਾਂ, ਤੇ ਇਸ ਉੱਤੇ ਸਮਾਂ ਲਾਉਂਦਾ ਹਾਂ । ਜੇ ਸਿਗਰਟ ਵਲਣੀ ਹੀ ਏਨਾਂ ਸੁਆਦ ਦੇਂਦੀ ਹੈ, ਤਾਂ ਸਿਗਰਟ ਪੀਣੀ ਕਿੰਨੀਂ ਜ਼ਿਆਦਾ ਖੁਸ਼ੀ ਦੇਵੇਗੀ !
ਓ ਪੁਸਤਕੇ ਮੇਰੀਏ, ਤੈਨੂੰ ਲਿਖਣਾ ਸ਼ੁਰੂ ਕਰਨ ਤੋਂ ਪਰਿਲਾਂ, ਮੈਂ ਇਹ ਦਸਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਅੰਦਰ ਕਿਵੇਂ ਕਰੂੰਬਲ ਵਾਂਗ ਫੁੱਟੀ ਕਿਵੇਂ ਮੈਨੂੰ ਤੇਰਾ ਨਾਂ ਮਿਲਿਆ, ਤੇ ਕਿਉਂ ਮੈਂ ਤੈਨੂੰ ਲਿਖ ਰਿਹਾ ਹਾਂ, ਤੇ ਜ਼ਿੰਦਗੀ ਵਿਚ ਮੇਰੇ ਕੀ ਨਿਸ਼ਾਨੇ ਨੇ ।
ਮੈਂ ਆਪਣੇ ਮਹਿਮਾਨ ਨੂੰ ਰਸੋਈ ਵਿਚ ਲੈ ਜਾਂਦਾ ਹਾਂ, ਜਿਥੇ ਭੇਡ ਅਜੇ ਬਣਾਈ ਜਾ ਰਹੀ ਹੈ, ਤੇ ਵਾਸ਼ਨਾ ਅਜੇ ਕਬਾਬ ਦੀ ਨਹੀਂ ਸਗੋਂ, ਖ਼ੂਨ ਦੀ, ਚਰਬੀ ਦੀ ਤੇ ਹੁਣੇ ਹੁਣੇ ਲਾਹੀ ਖੱਲ ਦੀ ਹੈ ।
ਮੈਂ ਆਪਣੇ ਦੋਸਤਾਂ ਨੂੰ ਆਪਣੇ ਕੰਮ ਦੀ ਗੁਫਾ ਵਿਚ ਲੈ ਜਾਂਦਾ ਹਾਂ ਜਿਥੇ ਮੇਰੀਆਂ ਹੱਥ ਲਿਖਤਾਂ ਪਈਆਂ ਹਨ, ਤੇ ਉਹਨਾਂ ਨੂੰ ਉਥੇ ਫੋਲਾ-ਫਾਲੀ ਕਰਨ ਦੇਂਦਾ ਹਾਂ ।
ਭਾਵੇਂ ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਜਿਹੜਾ ਕੋਈ ਦੂਜੇ ਲੋਕਾਂ ਦੀਆਂ ਹੱਥ ਲਿਖਤਾਂ ਦੀ ਫੋਲਾ-ਫਾਲੀ ਕਰਦਾ ਹੈ ਉਹ ਉਸ ਆਦਮੀ ਵਰਗਾ ਹੈ, ਜਿਹੜਾ ਦੂਜਿਆਂ ਦੀਆਂ ਜੇਬਾਂ ਟੋਲਦਾ ਫਿਰਦਾ ਹੈ ।

ਪਿਤਾ ਜੀ ਇਹ ਵੀ ਕਿਹਾ ਕਰਦੇ ਸਨ : ਮੁਖਬੰਧ ਇਕ ਵੱਡਾ ਉੱਚਾ ਜੱਤ ਦਾ ਟੋਪ ਪਾਈ ਚੌੜੀ ਪਿੱਠ ਵਾਲੇ ਆਦਮੀ ਵਾਂਗ ਹੁੰਦਾ ਹੈ ਜਿਹੜਾ ਥੇਟਰ ਵਿਚ ਅਗਲੀ ਕਤਾਰ ਵਿਚ ਤੁਹਾਡੇ ਅੱਗੇ ਬੈਠਾ ਹੋਵੇ । ਬੰਦੇ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਜੇ ਉਹ ਸਿੱਧਾ ਬੈਠਾ ਰਹੇ ਤਾਂ, ਬਿਨਾਂ ਸੱਜੇ ਜਾਂ ਖੱਬੇ ਵੱਲ ਝੁਕਿਆਂ । ਇਕ ਦਰਸ਼ਕ ਵਜੋਂ ਇਹੋ ਜਿਹਾ ਆਦਮੀ ਮੇਰੇ ਲਈ ਬੜੀ ਔਖ ਪੈਦਾ ਕਰਦਾ ਹੈ, ਤੇ ਅਖੀਰ ਮੈਨੂੰ ਖਿਝ ਚਾੜ੍ਹ ਦੇਂਦਾ ਹੈ ।

ਆਪਣੀ ਨੋਟਬੁਕ ਵਿਚੋਂ : ਮੈਨੂੰ ਮਾਸਕੋ ਜਾਂ ਦੂਜੇ ਰੂਸੀ ਸਹਿਰਾਂ ਵਿਚ ਕਵਿਤਾ ਦੀਆਂ ਸ਼ਾਮਾਂ ਵੇਲੇ ਅਕਸਰ ਸਰੋਤਿਆਂ ਸਾਮ੍ਹਣੇ ਬੋਲਣਾ ਪੈਂਦਾ ਹੈ । ਉੱਥੇ ਲੋਕ ਮੇਰੀ ਮਾਤ ਭਾਸ਼ਾ ਅਵਾਰ ਨੂੰ ਨਹੀਂ ਸਮਝਦੇ । ਮੈਂ ਆਪਣੇ ਉਚਾਰਨ ਨਾਲ, ਉਹਨਾਂ ਨੂੰ ਕੁਝ ਆਪਣੇ ਬਾਰੇ ਦੱਸਣ ਨਾਲ ਸ਼ੁਰੂ ਕਰਦਾ ਹਾਂ, ਜਿਸ ਤੋਂ ਪਿਛੋਂ ਮੇਰੇ ਰੂਸੀ ਕਵੀ ਦੋਸਤ ਮੇਰੀਆਂ ਕਵਿਤਾਵਾਂ ਦੇ ਅਨੁਵਾਦ ਸੁਣਾਉਂਦੇ ਹਨ । ਉਹਨਾਂ ਦੇ ਸ਼ੁਰੂ ਕਰਨ ਤੋਂ ਪਹਿਲਾਂ, ਮੈਨੂੰ ਅਕਸਰ ਕਿਹਾ ਜਾਂਦਾ ਹੈ ਕਿ ਮੈਂ ਇਕ ਕਵਿਤਾ ਮੂਲ ਬੋਲੀ ਵਿਚ ਸੁਣਾਵਾਂ । "ਅਸੀਂ ਅਵਾਰ ਬੋਲੀ ਦਾ ਸੰਗੀਤ ਤੇ ਕਵਿਤਾ ਦਾ ਸੰਗੀਤ ਸੁਣਨਾ ਚਾਹੁੰਦੇ ਹਾਂ ।" ਮੈਂ ਪੜ੍ਹਦਾ ਹਾਂ, ਤੇ ਮੇਰਾ ਪੜ੍ਹਨਾ, ਗੀਤ ਸ਼ੁਰੂ ਕਰਨ ਤੋਂ ਪਹਿਲਾਂ ਪੰਡੂਰ ਦੀਆਂ ਤਾਰਾਂ ਟੁਣਕਾਉਣ ਤੋਂ ਛੁੱਟ ਕੁਝ ਨਹੀਂ ਹੁੰਦਾ ।

ਕਿਸੇ ਕਿਤਾਬ ਦਾ ਮੁਖਬੰਧ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਹੁੰਦੀ ?

ਆਪਣੀ ਨੋਟਬੁਕ ਵਿਚੋਂ : ਜਦੋਂ ਮੈਂ ਮਾਸਕੋ ਵਿਚ ਪੜ੍ਹਦਾ ਸਾਂ ਤਾਂ ਮੇਰੇ ਪਿਤਾ ਨੇ ਮੈਨੂੰ ਕੁਝ ਪੈਸੇ ਭੇਜੇ ਕਿ ਮੈਂ ਇਸ ਨਾਲ ਸਰਦੀਆਂ ਲਈ ਕੋਟ ਖਰੀਦ ਲਵਾਂ ਹੋਇਆ ਇਹ ਕਿ ਮੈਂ ਪੈਸੇ ਖਰਚ ਲਏ ਤੇ ਕੋਟ ਖਰੀਦਿਆ ਨਾ । ਮੈਨੂੰ ਸਰਦੀਆਂ ਦੀਆਂ ਛੁੱਟੀਆਂ ਵਿਚ ਦਾਗ਼ਿਸਤਾਨ ਆਪਣੇ ਘਰ ਉਹਨਾਂ ਹੀ ਕਪੜਿਆਂ ਵਿਚ ਜਾਣਾ ਪਿਆ, ਜਿਨ੍ਹਾਂ ਵਿਚ ਮੈਂ ਗਰਮੀਆਂ ਵਿਚ ਮਾਸਕੋ ਗਿਆ ਸਾਂ ।

ਜਦੋਂ ਮੈਂ ਉੱਥੇ ਪੁੱਜਾ ਤਾਂ ਮੈਂ ਹਰ ਤਰ੍ਹਾਂ ਦੇ ਬਹਾਨੇ ਸੋਚਣੇ ਸ਼ੁਰੂ ਕਰ ਦਿੱਤੇ ਪਰ ਹਰ ਨਵਾਂ ਬਹਾਨਾ ਪਹਿਲੇ ਨਾਲੋਂ ਜ਼ਿਆਦਾ ਬੋਦਾ ਤੇ ਹਾਸੋਹੀਣਾ ਨਿਕਲਦਾ ਜਦੋਂ ਮੈਂ ਆਪਣੇ ਆਪ ਨੂੰ ਗੁੰਝਲਾਂ ਵਿਚ ਪੂਰੀ ਤਰ੍ਹਾਂ ਫਸਾ ਲਿਆ ਤਾਂ ਮੇਰੇ ਪਿਤਾ ਨੇ ਮੈਨੂੰ ਰੋਕਿਆ ਤੇ ਕਹਿਣ ਲੱਗੇ :
"ਠਹਿਰ ਜਾ, ਰਸੂਲ । ਮੈਂ ਤੈਨੂੰ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ ।"
"ਚਲੋ, ਪੁੱਛੋ ।" "ਤੂੰ ਆਪਣੇ ਲਈ ਕੋਟ ਖਰੀਦਿਐ ?"
"ਨਹੀਂ ।"
"ਤੂੰ ਪੈਸੇ ਖਰਚ ਲਏ ਨੇ ?"
"ਹਾਂ ।"
"ਹੁਣ ਸਭ ਕੁਝ ਸਾਫ ਏ । ਐਵੇਂ ਵਾਧੂ ਦਾ ਏਨਾਂ ਕੁਝ ਕਹਿਣ ਦੀ ਤੇ ਏਨੀਂ ਲੰਮੀਂ ਭੂਮਿਕਾ ਬੰਨ੍ਹਣ ਦੀ ਕੀ ਲੋੜ, ਜੇ ਤੱਤ ਦੋ ਲਫਜ਼ਾਂ ਵਿਚ ਪੇਸ਼ ਕੀਤਾ ਜਾ ਸਕਦੈ ਤਾਂ ।"
ਇਹ ਸੀ ਜੋ ਮੇਰੇ ਪਿਤਾ ਨੇ ਮੈਨੂੰ ਸਿਖਾਇਆ ।
ਤਾਂ ਵੀ : ਨਵ-ਜਨਮਿਆਂ ਬਾਲ ਇਕ ਦਮ ਬੋਲਣਾ ਨਹੀਂ ਸ਼ੁਰੂ ਕਰ ਦੇਂਦਾ । ਲਫਜ਼ ਬੋਲਣ ਤੋਂ ਪਹਿਲਾਂ ਉਹ ਵਾਵੇਲੀਆਂ ਲੈਂਦਾ ਹੈ । ਜਦੋਂ ਕਦੀ ਕਦੀ ਉਹ ਰੋ ਪੈਂਦਾ ਹੈ ਕਿਉਂਕਿ ਕੋਈ ਚੀਜ਼ ਤਕਲੀਫ ਦੇ ਰਹੀ ਹੁੰਦੀ ਹੈ, ਤਾਂ ਉਸਦੀ ਮਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਕਸ਼ਟ ਦੇ ਰਹੀ ਹੈ ।
ਕੀ ਕਵੀ ਦੀ ਆਤਮਾ ਉਸ ਬਾਲ ਦੀ ਆਤਮਾ ਵਰਗੀ ਨਹੀਂ ਹੁੰਦੀ ?
ਪਿਤਾ ਜੀ ਕਿਹਾ ਕਰਦੇ ਸਨ : ਜਦੋਂ ਭੇਡਾਂ ਦੇ ਇੱਜੜ ਦੀ ਪਹਾੜੀ ਚਰਾਗਾਹਾਂ ਤੋਂ ਮੁੜਨ ਦੀ ਉਡੀਕ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਬੱਕਰੀ ਦੇ ਸਿੰਗ ਵਿਖਾਈ ਦੇਂਦੇ ਨੇ, ਜਿਹੜੀ ਸਭ ਤੋਂ ਅੱਗੇ ਚੱਲ ਰਹੀ ਹੁੰਦੀ ਹੈ, ਫ਼ਿਰ ਬੱਕਰੀ ਤੇ ਇਸ ਤੋਂ ਮਗਰੋਂ ਜਾ ਕੇ ਇੱਜੜ ਦਿਖਾਈ ਦੇਂਦਾ ਹੈ ।
ਜਦੋਂ ਜੰਞ ਚੜ੍ਹਨੀ ਜਾਂ ਨੜੋਆ ਨਿਕਲਣਾ ਹੋਵੇ, ਤਾਂ ਸਭ ਤੋਂ ਪਹਿਲਾਂ ਲੋਕ ਨਾਈ ਨੂੰ ਦੇਖਦੇ ਨੇ ।
ਜਦੋਂ ਪਹਾੜੀ ਪਿੰਡ ਵਿੱਚ ਕੋਈ ਹਰਕਾਰਾ ਆਉਣਾ ਹੋਵੇ ਤਾਂ, ਲੋਕਾਂ ਨੂੰ ਸਭ ਤੋਂ ਪਹਿਲਾਂ ਧੂੜ ਦੇ ਬੱਦਲ ਦਿਖਾਈ ਦੇਂਦੇ ਨੇ, ਤੇ ਫਿਰ ਘੋੜ-ਸਵਾਰ ।
ਜਦੋਂ ਸ਼ਿਕਾਰੀ ਦੇ ਮੁੜਨ ਦੀ ਆਸ ਹੋਵੇ, ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਉਸਦਾ ਕੁੱਤਾ ਨਜ਼ਰ ਆਉਂਦਾਂ ਹੈ ।

ਇਹ ਕਿਤਾਬ ਕਿਵੇਂ ਜਨਮੀ ਤੇ ਕਿਥੇ ਲਿਖੀ ਗਈ

ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਨੇ ।
(ਪੰਘੂੜੇ ਉਪਰ ਉੱਕਰੇ ਸ਼ਬਦ)
ਹਥਿਆਰ, ਜਿਨ੍ਹਾਂ ਦੀ ਇਕ ਵਾਰੀ ਹੀ ਲੋੜ ਪਵੇਗੀ, ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ ।
ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਇਗੀ, ਇਕ ਵਾਰੀ ਵਿਚ ਲਿਖੀ ਜਾਂਦੀ ਏ ।

ਬਹਾਰ ਦਾ ਇਕ ਪੰਛੀ ਬਹਾਰ-ਆਈ ਆਊਲ ਉਪਰੋਂ ਦੀ ਉੱਡ ਰਿਹਾ ਸੀ, ਕਿਸੇ ਥਾਂ ਨੂੰ ਟੋਲਦਾ ਜਿਥੇ ਉਹ ਉਤਰ ਸਕੇ । ਇਕ ਸਕਲੀਆ ਦੀ ਚੌੜੀ ਪੱਧਰੀ ਤੇ ਸਾਫ ਛੱਤ ਉੱਤੇ ਨਜ਼ਰ ਪੈਂਦਿਆਂ, ਜਿਸ ਉੱਤੇ ਇਕ ਪੱਥਰ ਦਾ ਰੋਲਰ ਵੀ ਸੀ, ਪੰਛੀ ਨੀਲੱਤਣਾਂ 'ਚੋਂ ਉਤਰਿਆ ਤੇ ਆਰਾਮ ਲਈ ਕਿੱਲ ਉਤੇ ਆ ਬੈਠਾ । ਇਕ ਫੁਰਤੀਲੀ ਔਰਤ ਨੇ ਪੰਛੀ ਨੂੰ ਫੜ ਲਿਆ ਤੇ ਸਕਲੀਆ ਦੇ ਅੰਦਰ ਲੈ ਗਈ ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਬੰਦੇ ਉਸ ਵੱਲ ਮਿਹਰਬਾਨ ਹਨ, ਤੇ ਉਥੇ ਹੀ ਟਿਕ ਗਿਆ । ਪੁਰਾਣੀ ਧੁਆਂਖੀ ਹੋਈ ਛਤੀਰੀ ਉਤੇ ਕਿੱਲਾਂ ਨਾਲ ਠੋਕੀ ਘੋੜੇ ਦੀ ਖੁਰੀ ਵਿਚ ਉਸਨੇ ਆਪਣਾ ਆਲ੍ਹਣਾ ਪਾ ਲਿਆ ।
ਕੀ ਮੇਰੀ ਕਿਤਾਬ ਕੁਝ ਇਸੇ ਤਰ੍ਹਾਂ ਦੀ ਚੀਜ਼ ਨਹੀਂ ?
...........................................

(ਨੋਟ: ਇਹ ਰਚਨਾ ਬਹੁਤ ਲੰਬੀ ਰਚਨਾ ਹੈ ਜੇਕਰ ਇਸ ਕੰਮ ਵਿੱਚ ਕੋਈ ਸੁਹਿਰਦ
ਪਾਠਕ ਮੱਦਦ ਕਰ ਸਕਦਾ ਹੈ ਤਾਂ ਅਸੀਂ ਉਸਦੇ ਧੰਨਵਾਦੀ ਹੋਵਾਂਗੇ-
ਇਸ ਰਚਨਾ ਲਈ ਪਾਠਕਾਂ ਦੀ ਮੰਗ ਬਹੁਤ ਜ਼ਿਆਦਾ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਸੂਲ ਹਮਜ਼ਾਤੋਵ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ