Meenian Di Vaar : Bhai Gurdas Ji

ਮੀਣਿਆਂ ਦੀ ਵਾਰ : ਭਾਈ ਗੁਰਦਾਸ ਜੀ

1

ਤੀਰਥ ਮੰਝਿ ਨਿਵਾਸੁ ਹੈ ਬਗੁਲਾ ਅਪਤੀਣਾ ॥
ਲਵੈ ਬਬੀਹਾ ਵਰਸਦੈ ਜਲ ਜਾਇ ਨ ਪੀਣਾ ॥
ਵਾਂਸੁ ਸੁਗੰਧਿ ਨ ਹੋਵਈ ਪਰਮਲ ਸੰਗਿ ਲੀਣਾ ॥
ਘੁਘੂ ਸੁਝੁ ਨ ਸੁਝਈ ਕਰਮਾ ਦਾ ਹੀਣਾ ॥
ਨਾਭਿ ਕਥੂਰੀ ਮਿਰਗ ਦੇ ਵਤੈ ਓਡੀਣਾ ॥
ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੈ ਮੀਣਾ ॥1॥

2

ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ ॥
ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ ॥
ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ ॥
ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ ॥
ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ ॥
ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ॥2॥

3

ਚੋਰੁ ਕਰੈ ਨਿਤ ਚੋਰੀਆ ਓੜਕਿ ਦੁਖ ਭਾਰੀ ॥
ਨਕੁ ਕੰਨੁ ਫੜਿ ਵਢੀਐ ਰਾਵੈ ਪਰ ਨਾਰੀ ॥
ਅਉਘਟ ਰੁਧੇ ਮਿਰਗ ਜਿਉ ਵਿਤੁ ਹਾਰਿ ਜੁਆਰੀ ॥
ਲੰਙੀ ਕੁਹਲਿ ਨ ਆਵਈ ਪਰ ਵੇਲਿ ਪਿਆਰੀ ॥
ਵਗ ਨ ਹੋਵਨਿ ਕੁਤੀਆ ਮੀਣੇ ਮੁਰਦਾਰੀ ॥
ਪਾਪਹੁ ਮੂਲਿ ਨ ਤਗੀਐ ਹੋਇ ਅੰਤਿ ਖੁਆਰੀ ॥3॥

4

ਚਾਨਣਿ ਚੰਦ ਨ ਪੁਜਈ ਚਮਕੈ ਟਾਨਾਣਾ ॥
ਸਾਇਰ ਬੂੰਦ ਬਰਾਬਰੀ ਕਿਉ ਆਖਿ ਵਖਾਣਾ ॥
ਕੀੜੀ ਇਭ ਨ ਅਪੜੈ ਕੂੜਾ ਤਿਸੁ ਮਾਣਾ ॥
ਨਾਨੇਹਾਲੁ ਵਖਾਣਦਾ ਮਾ ਪਾਸਿ ਇਆਣਾ ॥
ਜਿਨਿ ਤੂੰ ਸਾਜਿ ਨਿਵਾਜਿਆ ਦੇ ਪਿੰਡ ਪਰਾਣਾ ॥
ਮੁਢਹੁ ਘੁਥਹੁ ਮੀਣਿਆ ਤੁਧੁ ਜਮ ਪੁਰਿ ਜਾਣਾ ॥4॥

5

ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ ॥
ਹਰਿਆ ਤਿਲੁ ਬੂਆੜ ਜਿਉ ਫਲੁ ਕੰਮ ਨ ਕਿਤੈ ॥
ਜੇਹੀ ਕਲੀ ਕਨੇਰ ਦੀ ਮਨਿ ਤਨਿ ਦੁਹੁ ਭਿਤੈ ॥
ਪੇਂਝੂ ਦਿਸਨਿ ਰੰਗੁਲੇ ਮਰੀਐ ਅਗਲਿਤੈ ॥
ਖਰੀ ਸੁਆਲਿਓ ਵੇਸੁਆ ਜੀਅ ਬਝਾ ਇਤੈ ॥
ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ ॥5॥

6

ਬਧਿਕੁ ਨਾਦੁ ਸੁਣਾਇ ਕੈ ਜਿਉ ਮਿਰਗੁ ਵਿਣਾਹੈ ॥
ਝੀਵਰੁ ਕੁੰਡੀ ਮਾਸੁ ਲਾਇ ਜਿਉ ਮਛੀ ਫਾਹੈ ॥
ਕਵਲੁ ਦਿਖਾਲੈ ਮੁਹੁ ਖਿੜਾਇ ਭਵਰੈ ਵੇਸਾਹੈ ॥
ਦੀਪਕ ਜੋਤਿ ਪਤੰਗ ਨੋ ਦੁਰਜਨ ਜਿਉ ਦਾਹੈ ॥
ਕਲਾ ਰੂਪ ਹੋਇ ਹਸਤਨੀ ਮੈਗਲੁ ਓਮਾਹੈ ॥
ਤਿਉ ਨਕਟ ਪੰਥੁ ਹੈ ਮੀਣਿਆ ਮਿਲਿ ਨਰਕਿ ਨਿਬਾਹੈ ॥6॥

7

ਹਰਿ ਚੰਦਉਰੀ ਦੇਖਿ ਕੈ ਕਰਦੇ ਭਰਵਾਸਾ ॥
ਥਲ ਵਿਚ ਤਪਨਿ ਭਠੀਆ ਕਿਉ ਲਹੈ ਪਿਆਸਾ ॥
ਸੁਹਣੇ ਰਾਜੁ ਕਮਾਈਐ ਕਰਿ ਭੋਗ ਬਿਲਾਸਾ ॥
ਛਾਇਆ ਬਿਰਖੁ ਨ ਰਹੈ ਥਿਰੁ ਪੁਜੈ ਕਿਉ ਆਸਾ ॥
ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ ॥
ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ ॥7 ॥

8

ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ ॥
ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਨਿ ਫਿਕੈ ॥
ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ ॥
ਤਿਉ ਬੇਮੁਖੁ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ ॥
ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ ॥
ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ ॥8॥

9

ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ ॥
ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ ॥
ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ ॥
ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ ॥
ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਤ੍ਰਠੇ ॥
ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ ॥9॥

10

ਉਚਾ ਲੰਮਾ ਝਾਟੁਲਲਾ ਵਿਚਿ ਬਾਗ ਦਿਸੰਦਾ ॥
ਮੋਟਾ ਮੁਢੁ ਪਤਾਲਿ ਜੜਿ ਬਹੁ ਗਰਬ ਕਰੰਦਾ ॥
ਪਤ ਸੁਪਤਰ ਸੋਹਣੇ ਵਿਸਥਾਰ ਬਣੰਦਾ ॥
ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ ॥
ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ ॥
ਪਿਛੋ ਦੇ ਪਛੁਤਾਇਦਾ ਓਹੁ ਫਲੁ ਨ ਲਹੰਦਾ ॥10॥

11

ਪਹਿਨੈ ਪੰਜੇ ਕਪੜੇ ਪੁਰਸਾਵਾਂ ਵੇਸੁ ॥
ਮੁਛਾਂ ਦਾੜ੍ਹੀ ਸੋਹਣੀ ਬਹੁ ਦੁਰਬਲ ਵੇਸੁ ॥
ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ ॥
ਮਾਹਰੁ ਦੜ ਦੀਬਾਣ ਵਿਚਿ ਜਾਣੈ ਸਭੁ ਦੇਸੁ ॥
ਪੁਰਖੁ ਨ ਗਣਿ ਪੁਰਖਤੁ ਵਿਣੁ ਕਾਮਣਿ ਕਿ ਕਰੇਸੁ ॥
ਵਿਣੁ ਗੁਰ ਗੁਰੂ ਸਦਾਇਦੇ ਕਉਣ ਕਰੈ ਆਦੇਸੁ ॥11॥

12

ਗਲੀਂ ਜੇ ਸਹੁ ਪਾਈਐ ਤੋਤਾ ਕਿਉ ਫਾਸੈ ॥
ਮਿਲੈ ਨ ਬਹੁਤੁ ਸਿਆਣਪੈ ਕਾਉ ਗੂਂਹੁ ਗਿਰਾਸੈ ॥
ਜੋਰਾਵਰੀ ਨ ਜਿਪਈ ਸ਼ੀਹ ਸਹਾ ਵਿਣਾਸੈ ॥
ਗੀਤ ਕਵਿਤ ਨ ਭਿਜਈ ਭਟ ਭੇਖ ਉਦਾਸੈ ॥
ਜੋਬਨ ਰੂਪੁ ਨ ਮੋਹੀਐ ਰੰਗੁ ਕਸੁੰਭ ਦੁਰਾਸੈ ॥
ਵਿਣੇ ਸੇਵਾ ਦੋਹਾਗਣੀ ਪਿਰੁ ਮਿਲੈ ਨ ਹਾਸੈ ॥12 ॥

13

ਸਿਰ ਤਲਵਾਏ ਪਾਈਐ ਚਮਗਿਦੜ ਜੂਹੈ ॥
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ ॥
ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ ॥
ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ ॥
ਕੰਦ ਮੂਲ ਚਿਤ ਲਾਈਐ ਅਈਅੜ ਵਣੁ ਧੂਹੇ ॥
ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ ॥13॥

14

ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ ॥
ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ ॥
ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ ॥
ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ ॥
ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ ॥
ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ॥14॥

15

ਜੜੀ ਬੀ ਜੇ ਜੀਵੀਐ ਕਿਉ ਮਰੈ ਧਨੰਤਰੁ ॥
ਤੰਤੁ ਮੰਤੁ ਬਾਜੀਗਰਾਂ ਓਇ ਭਵਹਿ ਦਿਸੰਤਰੁ ॥
ਰੁਖੀਂ ਬਿਰਖੀਂ ਪਾਈਐ ਕਾਸਟ ਬੈਸੰਤਰੁ ॥
ਮਿਲੈ ਨ ਵੀਰਾਰਾਧੁ ਕਰਿ ਠਗ ਚੋਰ ਨ ਅੰਤਰੁ ॥
ਮਿਲੈ ਨ ਰਾਤੀ ਜਾਗਿਆਂ ਅਪਰਾਧੁ ਭਵੰਤਰੁ ॥
ਵਿਣੁ ਗੁਰ ਮੁਕਤਿ ਨ ਹੋਵਈ ਗੁਰਮੁਖਿ ਅਮਰੰਤਰੁ ॥15॥

16

ਘੰਟੁ ਘੜਾਇਆਂ ਚੂਹਿਆਂ ਗਲਿ ਬਿਲੀ ਪਾਈਐ ॥
ਮਤਾ ਮਤਾਇਆ ਮਖੀਆਂ ਘਿਅ ਅੰਦਰਿ ਨਾਈਐ ॥
ਸੂਤਕੁ ਲਹੈ ਨ ਕੀੜਿਆਂ ਕਿਉ ਝਥੁ ਲੰਘਾਈਐ ॥
ਸਾਵਣਿ ਰਹਣ ਭੰਬੀਰੀਆਂ ਜੇ ਪਾਰਿ ਵਸਾਈਐ ॥
ਕੂੰਜੜੀਆਂ ਵੈਸਾਖ ਵਿਚਿ ਜਿਉ ਜੂਹ ਪਰਾਈਐ ॥
ਵਿਣੁ ਗੁਰ ਮੁਕਤਿ ਨ ਹੋਵਈ ਫਿਰਿ ਆਈਐ ਜਾਈਐ ॥16॥

17

ਜੇ ਖੁਥੀ ਬਿੰਡਾ ਬਹੈ ਕਿਉ ਹੋਇ ਬਜਾਜੁ ॥
ਕੁਤੇ ਗਲ ਵਾਸਣੀ ਨ ਸਰਾਫੀ ਸਾਜੁ ॥
ਰਤਨਮਣੀ ਗਲਿ ਬਾਂਦਰੈ ਜਉਹਰੀ ਨਹਿ ਕਾਜੁ ॥
ਗਦਹੁੰ ਚੰਦਨ ਲਦੀਐ ਨਹਿਂ ਗਾਂਧੀ ਗਾਜੁ ॥
ਜੇ ਮਖੀ ਮੁਹਿ ਮਕੜੀ ਕਿਉ ਹੋਵੈ ਬਾਜੁ ॥
ਸਚ ਸਚਾਵਾਂ ਕਾਂਢੀਐ ਕੂੜਿ ਕੂੜਾ ਪਾਜੁ ॥17॥

18

ਅੰਙਣਿ ਪੁਤੁ ਗਵਾਂਢਣੀ ਕੂੜਾਵਾ ਮਾਣੁ ॥
ਪਾਲੀ ਚਉਣਾ ਚਾਰਦਾ ਘਰ ਵਿਤੁ ਨ ਜਾਣੁ ॥
ਬਦਰਾ ਸਿਰਿ ਵੇਗਾਰੀਐ ਨਿਰਧਨੁ ਹੈਰਾਣੁ ॥
ਜਿਉ ਕਰਿ ਰਾਖਾ ਖੇਤ ਵਿਚਿ ਨਾਹੀ ਕਿਰਸਾਣੁ ॥
ਪਰ ਘਰੁ ਜਾਣੈ ਆਪਣਾ ਮੂਰਖੁ ਮਿਹਮਾਣੁ ॥
ਅਣਹੋਂਦਾ ਆਪੁ ਗਣਾਇਂਦਾ ਓਹੁ ਵਡਾ ਅਜਾਣੁ ॥18॥

19

ਕੀੜੀ ਵਾਕ ਨ ਥੰਮੀਐ ਹਸਤੀ ਦਾ ਭਾਰੁ ॥
ਹਥ ਮਰੋੜੇ ਮਖੁ ਕਿਉ ਹੋਵੈ ਸੀਂਹ ਮਾਰੁ ॥
ਮਛਰੁ ਡੰਗੁ ਨ ਪੁਜਈ ਬਿਸੀਅਰੁ ਬੁਰਿਆਰੁ ॥
ਚਿਤ੍ਰੇ ਲਖ ਮਕਉੜਿਆਂ ਕਿਉ ਹੋਇ ਸਿਕਾਰੁ ॥
ਜੇ ਜੂਹ ਸਉੜੀ ਸੰਜਰੀ ਰਾਜਾ ਨ ਭਤਾਰੁ ॥
ਅਣਹੋਦਾ ਆਪੁ ਗਣਾਇਂਦਾ ਉਹੁ ਵਡਾ ਗਵਾਰੁ ॥19॥

20

ਪੁਤੁ ਜਣੈ ਵੜਿ ਕੋਠੜੀ ਬਾਹਰਿ ਜਗੁ ਜਾਣੈ ॥
ਧਨੁ ਧਰਤੀ ਵਿਚਿ ਦਬੀਐ ਮਸਤਕਿ ਪਰਵਾਣੈ ॥
ਵਾਟ ਵਟਾਊ ਆਖਦੇ ਵੁਠੈ ਇੰਦ੍ਰਾਣੈ ॥
ਸਭੁ ਕੋ ਸੀਸੁ ਨਿਵਾਇਦਾ ਚੜ੍ਹਿਐ ਚੰਦ੍ਰਾਣੈ ॥
ਗੋਰਖੁ ਦੇ ਗਲਿ ਗੋਦੜੀ ਜਗੁ ਨਾਥੁ ਵਖਾਣੈ ॥
ਗੁਰ ਪਰਚੈ ਗੁਰੁ ਆਖੀਐ ਸਚਿ ਸਚੁ ਸਿਞਾਣੈ ॥20॥

21

ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ॥
ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ ॥
ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ ॥
ਕਾਮ ਕ੍ਰੋਧ ਮਦੁ ਲੋਭੁ ਮੋਹੁ ਅਹੰਕਾਰੁ ਕਰੰਦਾ ॥
ਬਿਸਾਸਘਾਤੀ ਅਕਿਰਤਘਣ ਮੈ ਕੋ ਨ ਰਖੰਦਾ ॥
ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸੰਦਾ ॥21॥36॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਗੁਰਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ