Mahakavi Kalidasa
ਮਹਾਂਕਵੀ ਕਾਲੀਦਾਸ
 Punjabi Kavita
Punjabi Kavita
  

Meghdoot of Mahakavi Kalidasa in Punjabi Translated by Avtar Singh Azad

ਮਹਾਂਕਵੀ ਕਾਲੀਦਾਸ

ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ । ਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ ਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ ਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ ਸ਼ਕੁੰਤਲਮ, ਮਾਲਵਿਕਾਗਨੀ ਮਿੱਤ੍ਰ (ਮਾਲਵਿਕਾ+ਅਗਨੀ ਮਿੱਤ੍ਰ) ਅਤੇ ਵਿਕ੍ਰਮੋਰਵਸ਼ੀ (ਵਿਕਰਮ+ਉਰਵਸ਼ੀ) ਸ਼ਾਮਿਲ ਹਨ ।

ਮੇਘਦੂਤ ਮਹਾਂਕਵੀ ਕਾਲੀਦਾਸ ਅਨੁਵਾਦਕ ਅਵਤਾਰ ਸਿੰਘ ਆਜ਼ਾਦ

ਪਹਿਲਾ ਅੱਧ
1

ਪਰਬਤ-ਰਾਜ ਹਿਮਾਲੀਆ ਜਿਸ ਦੇ ਉੱਤਰ ਵੱਲ,
ਅਲਕਾਪੁਰੀ ਕੁਬੇਰ ਦੀ ਵੱਸੇ ਘੁੱਘ, ਅਚੱਲ ।
ਰਾਜਧਾਨੀ ਇਹ ਦੇਸ ਦੀ ਹੁਸਨਾਂ ਭਰੀ ਜਵਾਨ,
ਹਰ ਪਾਸੇ ਹਰਿਆਵਲਾਂ ਲਹਿਰਨ, ਨਸ਼ੇ ਪਿਆਣ ।
ਯਖ ਇਕ ਨਵਾਂ ਵਿਆਹਿਆ, ਰੀਝੀਂ ਗਿਆ ਗੁਆਚ,
ਡਸਿਆ ਕਾਲੀਆਂ ਨਾਗਣਾਂ, ਫੁੰਡਿਆ ਕਾਮ-ਕਮਾਂਚ ।
ਸੌਂਪੀ ਜੋ ਸਰਕਾਰ ਨੇ ਉਸ ਗੱਭਰੂ ਨੂੰ ਕਾਰ,
ਅਰਧੰਗੀ ਦੇ ਇਸ਼ਕ ਵਿਚ ਦਿੱਤੀ ਉਨ੍ਹੇਂ ਵਿਸਾਰ ।
ਇਕ ਦਿਨ ਹਾਥੀ ਮਸਤ ਨੇ ਉਪ-ਬਨ ਦਿੱਤਾ ਮਿੱਧ,
ਕਈ ਮਰੁੰਡੇ ਰੁੱਖ ਉਸ, ਦਿੱਤੇ ਧਰਤ ਰਗਿੱਦ ।
ਮਹਾਰਾਜ ਸੁਣ ਕੋਪ ਪਏ, ਯੱਖ ਨੂੰ ਸੱਦਿਆ ਝੱਟ,
ਦੇਸ਼-ਨਿਕਾਲਾ ਦੇਂਵਦੇ, ਦੋਸ਼ੀ ਨੂੰ ਤਤ-ਫੱਟ ।
ਘਰੋਂ ਤ੍ਰਾਹ ਦਿੱਤਾ ਗਇਆ, ਵੱਜਾ ਬਿਰਹੋਂ ਬਾਣ,
ਰਾਮਗਿਰੀ ਆ ਠਹਿਰਿਆ ਆਸ਼੍ਰਮ ਸਵੱਛ ਪਛਾਣ ।
ਦੂਰ ਵਲਿੱਖਾਂ ਰਹਿ ਗਈ ਉਹ ਮਦ-ਮੱਤੀ ਨਾਰ,
ਜਿਸ ਦੇ ਰੂਪ-ਕਟਾਖ ਤੋਂ ਮਿਲਿਆ ਪਿਆਰ-ਹੁਲਾਰ ।
ਸੁਹਣਾ ਆਸ਼੍ਰਮ ਫੱਬਦਾ, ਕੁਦਰਤ ਦਾ ਸੁਹਣੱਪ,
ਇਸ ਧਰਤੀ ਤੇ ਹੋਇਆ ਸਾਮਰਤੱਖ ਪਰਤੱਖ ।
ਜਨਕ-ਸੁਤਾ ਨੇ ਏਸ ਨੂੰ ਕੀਤਾ ਕਦੇ ਪਵਿੱਤ,
ਤੇ ਹਨ ਇਸਦੇ ਸਰਾਂ ਵਿਚ ਖਿੜਦੇ ਕੰਵਲ ਅਮਿੱਤ ।
ਵਡ-ਰਮਣੀਕ, ਸੁਹਾਵਣਾ, ਵੇਲਾਂ ਕੱਜੇ ਕੁੰਜ,
ਘਣ-ਛਾਵੇਂ ਰੁੱਖ ਝੂੰਮ ਰਹੇ, ਫਬਦੀ ਫਬਦੀ ਸੁੰਜ ।
ਪਰ ਮਨ ਤਪਿਆ ਯਖ ਦਾ ਹਿਜਰ-ਮੁਆਤਾ ਲੱਗ,
ਸੁਰਗੀਂ ਠੰਢਾਂ ਨਾਲ ਵੀ ਬੁਝੇ ਨਾ ਬਿਰਹੋਂ ਅੱਗ ।

2

ਨਿਰਜਨ-ਬਨ ਵਿਚ ਰਹਿੰਦਿਆਂ ਸਹਿੰਦਿਆਂ ਕਸ਼ਟ ਬਿਅੰਤ,
ਦੇਹ ਸੁੱਕ ਚੱਲੀ ਯੱਖ ਦੀ, ਖਚਕੀ ਸਾਰੀ ਬਣਤ ।
ਭੌਰ ਵਿਜੋਗੀ ਨਾਰ ਦਾ ਲਿੱਸਾ ਹੋਇਆ ਅੱਤ,
ਕੰਗਣ ਹੱਥੋਂ ਢਹਿ ਰਹਿਆ, ਹਿਸ ਚਲਿਆ ਸਾਹ-ਸੱਤ ।
ਜਿਉਂ ਤਿਉਂ ਕਰਕੇ ਬੀਤ ਗਏ ਹੈਣ ਮਹੀਨੇ ਅੱਠ,
ਬਿਰਹੋਂ ਸਾਂਗਾਂ ਸਹੇ ਪਿਆ, ਭੁੱਜੇ ਪੈ ਵਿਚ ਭੱਠ ।
ਪਰ ਜਾਂ ਚੜ੍ਹਿਆ ਹਾੜ ਆ ਤੱਕੇ ਸਿਖਰ ਪਹਾੜ,
ਬੱਦਲ ਚੜ੍ਹ ਰੁੱਤ ਨਵੀਂ ਦੇ ਧਰਤੀ ਰਹੇ ਨਿਖਾਰ ।
ਹਾਥੀਆਂ ਦੇ ਦਲ ਜਾਪਦੇ ਪਰਬਤ ਲੱਗੇ ਢਾਣ,
ਤਿੱਖੇ ਚਿੱਟੇ ਸੂਤਵੇਂ ਦੰਦਾਂ ਨਾਲ ਡਰਾਣ ।
ਡਹੇ ਨੇ ਪਰਬਤ ਧਾਰ ਨੂੰ ਟਕਰਾਂ ਮਾਰ ਉਡਾਣ,
ਯਖ ਵੇਖੇ ਹਹੁਕੇ ਲਵੇ, ਚੁਭਣ ਕਾਮ ਦੇ ਬਾਣ ।

3

ਮਦ-ਮਇ ਮਾਲਾ ਮੇਘ ਦੀ ਤਕ ਕੇ ਬਿਰਹੀ ਯੱਖ,
ਵਿਲਕੇ, ਲੁੱਛੇ ਤੇ ਤਪੇ ਮਨ ਹੋਇਆ ਬੇਵੱਸ ।
ਦਗਧ ਰਿਦਾ ਵਿੱਚ ਬ੍ਰਿਹੁੰ ਦੇ ਹੰਝੂ ਸਿੰਮਦੇ ਨੈਣ,
ਖੜਾ ਅਵਾਕ, ਹੈਰਾਨ ਹੈ, ਡੋਬੂ ਜੀਅ ਨੂੰ ਪੈਣ ।
ਕਾਮਾਤੁਰ ਅੰਗ ਅੰਗ ਹੈ, ਅੰਦਰੋਂ ਪੁੱਜ ਅਧੀਰ,
ਰੋਮ ਰੋਮ 'ਚੋਂ ਜਾਗ ਪਈ ਰੂਹ ਝੁਲਸਾਣੀ ਪੀੜ ।
ਇਹ ਵਿਆਕੁਲਤਾ, ਡਾਂਝ ਏਹ, ਏਹ ਸੇਕ, ਇਹ ਸਾੜ,
ਸਹਿਜ ਸੁਭਾਵਕ ਕੁਦਰਤੋਂ ਭਖਿਆ ਵਿੱਚ ਅਸਾੜ ।
ਭੋਗੀ ਮਾਨੁਖ ਰਿਦੇ ਨੂੰ ਏਹ ਸੰਜੋਗੀ ਸੁੱਖ,
ਆਤਰ ਕਰਦੇ, ਭੁੰਨਦੇ, ਬਾਹਲਾ ਦੇਂਦੇ ਦੁੱਖ ।
ਪ੍ਰੀਅ ਸਜਣੀ ਦੇ ਮਿਲਣ ਦੀ ਆਸੋਂ ਪੁਜ ਨਿਰਾਸ,
ਪ੍ਰੇਮੀ ਦੀ ਦਿਲ-ਪੀੜ ਦਾ ਕਿਹੜਾ ਕਰੇ ਕਿਆਸ !
ਏਹ ਵਿਛੋੜਾ ਕਹਿਰ ਦਾ ਯੱਖ ਨਾ ਸੱਕੇ ਝੱਲ,
ਬ੍ਰਿਹੁੰ ਪੀੜ ਕੜਵੱਲ ਪਾ ਪਈ ਨਪੀੜੇ ਖੱਲ ।

4

ਬਦਲ ਤਕਦਿਆਂ ਯੱਖ ਨੂੰ ਆਵਣ ਲੱਗਾ ਯਾਦ,
ਸਾਵਣ ਦੀ ਰੁੱਤ ਆ ਰਹੀ ਹਾੜ ਤਪੇ ਤੋਂ ਬਾਦ ।
ਮਚਲੂ ਮੇਘ ਆਕਾਸ਼ ਤੇ ਛਿੜਸਨ ਮੇਘ, ਮਲ੍ਹਾਰ,
ਪਰਤ ਜਾਣਗੇ ਘਰਾਂ ਨੂੰ ਰਾਹੀ ਰਾਹ ਲਿਤਾੜ ।
ਬ੍ਰਿਹੁੰ ਵਿਜੋਗਣ ਨਾਰੀਆਂ ਸਜਣਾਂ ਦੇ ਗਲ ਲੱਗ,
ਸ਼ਾਂਤ ਕਰੇਸਨ ਸੁਖੀ ਹੋ ਮਘਦੀ ਮਨ ਦੀ ਅੱਗ ।
ਹਾ ! ਪਰ ਮੈਂ ਇਸ ਰੁੱਤ ਵਿੱਚ ਤਪਾਂ ਖਪਾਂਗਾ ਢੇਰ,
ਪ੍ਰੀਅ ਸਜਣੀ ਨਾ ਮਿਲੇਗੀ, ਮੱਖਣ-ਬਾਹਾਂ ਉਲੇਰ ।
ਦਸ਼ਾ ਹੋਵਸੀ ਕੀ ਉਦ੍ਹੀ, ਮੈਂ ਕਿੰਜ ਸੱਕਾਂ ਜਾਣ ?
ਡਰਾਂ ਕਿ ਪੀਆ ਵਿਜੋਗ ਵਿੱਚ ਉਹ ਨਾ ਦੇ ਦਏ ਪ੍ਰਾਣ ।
ਢਾਰਸ ਉਸ ਨੂੰ ਦੇਣ ਲਈ ਮੈਂ ਕੁਈ ਕਰਾਂ ਉਪਾਇ,
ਮੇਰਾ ਲੈ ਸੰਦੇਸ਼ ਹੁਣ ਦੂਤ ਸੁਹੇਲਾ ਜਾਇ ।
ਪਰ ਇਹ ਹੋਵੇ ਕਿਸ ਤਰ੍ਹਾਂ ? ਕੌਣ ਅਜੇਹਾ ਦੂਤ
ਮੇਰੀ ਕਰੇ ਸਹਾਇਤਾ, ਕਾਰਜ ਆਵੇ ਸੂਤ ।
ਵਿਚ ਵਿਚਾਰਾਂ ਡੁੱਬਿਆ, ਕਰੇ ਉਤ੍ਹਾਂ ਜਾਂ ਨੈਣ,
ਪਰਬਤ ਸਿਖਰੇ ਨੱਚਦਾ ਵੇਖੇ ਮੇਘ-ਮਹੈਣ ।
ਸੋਚੀਂ ਡੁੱਬਿਆ ਯੱਖ ਫਿਰ ਸੋਚੇ, ਮੇਘ ਸੁਜਾਨ,
ਅਰਸ਼-ਉਡਾਰਾਂ ਲਾਉਂਦਾ ਗਾਹੁੰਦਾ ਫਿਰੇ ਜਹਾਨ ।
ਕਿਉਂ ਨਾ ਮੈਂ ਇਸ ਹੱਥ ਹੀ ਘੱਲਾਂ ਚਾ ਸੰਦੇਸ਼,
'ਸਿਮਰਾਂ ਤੈਨੂੰ ਸੁਹਣੀਏਂ ! ਧੁਖਦਾ ਵਿਚ ਪਰਦੇਸ ।'
ਤੇ ਫਿਰ ਬਿਰਹੀ ਯੱਖ ਨੇ ਕੁਟਲ ਫੁੱਲਾਂ ਦੇ ਨਾਲ,
ਪੂਜਾ ਕੀਤੀ ਮੇਘ ਦੀ, ਸ਼ਰਧਾ-ਭਾਵ ਉਛਾਲ ।

5

ਪਰ ਫਿਰ ਸ਼ੱਕੀ ਮਨ ਵਿਚੋਂ ਸ਼ੱਕ-ਅੰਕੁਰ ਪਇ ਜਾਗ,
"ਕਿੰਜ ਜਾ ਦੱਸੂ ਮੇਘ ਇਹ ਮੇਰਾ ਬ੍ਰਿਹੁੰ ਵਰਾਗ ?
ਅੱਗ, ਪਾਣੀ ਤੇ ਪੌਣ ਦਾ ਇਹ ਅਚੇਤਨ ਮੇਲ,
ਮਨ ਬਿਰਹੀ ਦੀ ਵੇਦਨਾ ਦੱਸੂ ਕੀਕਰ ਪੇਲ ?"
ਹਿਰਦੇ ਵਿੱਚੋਂ ਨਿਕਲੇ ਆਪ-ਮੁਹਾਰੇ ਬੋਲ,
"ਜਾਸੀ ਲਏ ਸੁਨੇਹੁੜਾ ਬੱਦਲ ਸਜਣੀ ਕੋਲ ।"
ਤੇ ਸਭ ਸ਼ੁਭੇ ਨਿਵਾਰ ਕੇ ਯੱਖ ਉਹ ਸੰਗ ਤਿਆਗ,
ਕਰਨ ਲਗਾ ਇੰਜ ਬੇਨਤੀ, ਉਛਲਿਆ ਮਨੋਂ ਵਰਾਗ ।
ਪ੍ਰੇਮ-ਸਤਾਏ ਆਦਮੀ ਰੱਖਣ ਸੁੱਧ ਨਾ ਮੂਲ,
ਜੜ ਚੇਤਨ ਵਿਚ ਭੇਦ ਕੀ ? ਕੀ ਪ੍ਰਤਿਕੂਲ ਅਨੁਕੂਲ ।

6

ਉਸਤਤਿ ਕਰਦਾ ਮੇਘ ਦੀ ਬੋਲੇ : "ਮੀਤ ਸੁਜਾਨ !
ਤੂੰ ਪੁਸ਼ਕਰ ਦੀ ਵੰਸ਼ ਦਾ ਸੱਚੋਂ ਸੁੱਚਾ ਮਾਣ ।
ਵਡ ਇੰਦਰ ਮਹਾਰਾਜ ਦਾ ਹੈਂ ਬੁਧਵਾਨ ਵਜ਼ੀਰ,
ਇੱਛਾ-ਧਾਰੀ, ਵਡ-ਬਲੀ ਤਰਸਾਂ ਦੀ ਤਸਵੀਰ ।
ਜੋ ਚਾਹੇਂ ਧਰ ਸਕਦੈਂ ਅਖ-ਫੋਰੇ ਵਿਚ ਰੂਪ,
ਮਨ ਤਪਦੇ ਠੰਢੇ ਕਰੇਂ ਔੜ-ਸੌੜ ਲਏਂ ਚੂਪ ।
ਮੈਂ ਦੁਖੀਆ ਬੇਵੱਸ ਹਾਂ ।" ਡੁਸਕ ਆਖਦਾ ਯੱਖ,
"ਬ੍ਰਿਹੁੰ ਵਿਜੋਗਣ ਵਿੱਲ ਰਹੀ, ਸੁੱਕੇ ਉਦ੍ਹੀ ਨਾ ਅੱਖ ।
ਉਹ ਲੂੰਹਦੀ ਅਲਕਾ ਪੁਰੀ, ਮੈਂ ਏਥੇ ਬੇਹਾਲ,
ਬਿਨੇ ਕਰਾਂ ਹੱਥ ਜੋੜ ਕੇ, ਆਖਾਂ ਨਿਮਕੀ ਨਾਲ ।
ਵੀਰਾ ! ਮੈਂ ਸ਼ਰਨਾਰਥੀ, ਤੂੰ ਹੈਂ ਸਖਾ ਉਦਾਰ,
ਮੇਰੀ ਅਰਜ਼ ਕਬੂਲ ਲੈ, ਦਿਉਤੇ ! ਕਸ਼ਟ ਨਿਵਾਰ ।
ਤੂੰ ਉੱਚਾ ਇਹ ਬੇਨਤੀ ਭਲਾ ਨਾ ਕਰੇਂ ਕਬੂਲ,
ਤਾਂ ਵੀ ਦੁਖੇ ਨਾ ਮਨ ਮਿਰਾ, ਰੋਸਾ ਕਰਾਂ ਨਾ ਮੂਲ ।
ਕਿਉਂਕਿ ਪੂਜਣ ਜੋਗ ਜੋ, ਕਰਨ ਜੇ ਉਹ ਅਪਮਾਨ,
ਲੱਜਾ ਆਉਂਦੀ ਨਾ ਰਤੀ, ਨਾ ਘਟ ਜਾਂਦਾ ਮਾਣ ।
ਨੀਚ ਕਬੂਲਣ ਗੱਲ ਜੇ, ਤਦ ਵੀ ਫ਼ਖ਼ਰ ਨਾ ਹੋਇ,
ਉਚਿਆਂ ਦੀ ਉਚਿਆਣ ਨੂੰ ਨੀਵੀਂ ਨਜ਼ਰ ਨਾ ਛੋਹਿ ।"

7

ਆਖੇ : "ਤਪਦੇ ਮਨਾਂ ਦੇ ਤੂੰ ਨਿਤ ਹਰਨੈਂ ਤਾਪ,
ਮਨ ਮੇਰਾ ਵੀ ਤਪ ਰਿਹਾ, ਹਰ ਇਸਦਾ ਸੰਤਾਪ ।
ਯਖ-ਰਾਜ ਦੇ ਕੋਪ ਦਾ ਹੋਇਆ ਹਾਇ ! ਸ਼ਿਕਾਰ,
ਤੜਪਾਂ ਵਿਚ ਵਿਜੋਗ ਦੇ, ਲੂੰ ਲੂੰ ਹਈ ਦੁਖਿਆਰ ।
ਵਿਛੜੀ ਸੁਹਣੀ ਸੱਜਣੀ, ਰੂਪ ਰਸਾਂ ਦੀ ਖਾਣ,
ਧੁਖ ਧੁਖ ਚੁੜ ਚੁੜ ਬਲ ਰਹੇ ਤਨ ਦੇ ਵਿੱਚ ਪਰਾਣ ।
ਬ੍ਰਿਹੁੰ-ਤਾਪ ਇਹ ਸੱਜਣਾ ਤੂੰ ਹੀ ਕਰਦੈਂ ਦੂਰ,
ਦੁਖੀਏ ਦਿਲ ਦੀ ਵੇਦਨਾ, ਸੁਣੀ ਤਰਸ-ਭਰਪੂਰ ।
ਸੁਹਣੀ ਮੇਰੀ ਸੱਜਣੀ ਪਾਸ ਲਿਜਾ ਸੰਦੇਸ਼;
ਦੋ ਦਿਲ ਤਪਦੇ ਠਾਰ ਦੇ, ਹਰ ਇਹ ਬਿਪਤ-ਕਲੇਸ਼ ।
ਇਸ ਕਾਰਜ ਲਈ ਤੁਧੇ ਨੂੰ ਯੱਖ-ਨਗਰ 'ਅਲਕੇਸ਼'
ਸਮਝੀਂ ਜਾਣਾ ਪਵੇਗਾ, ਅਪਣੇ ਏਸੇ ਵੇਸ ।
ਉਹ ਸੁੰਦਰ ਅਲਕਾ ਪੁਰੀ, ਜਿਸਦੇ ਰੰਗ-ਮਹੱਲ,
ਉੱਚੇ ਸਤ ਸਤ ਮੰਜ਼ਿਲੇ ਉਸਰੇ ਅੰਬਰ ਵੱਲ ।
ਸ਼ਿਵ-ਮਸਤਕ ਤੇ ਸਜੇ ਜੋ ਨੂਰ ਨੁਹਾਲਿਆ ਚੰਦ,
ਚੁੰਮਣ ਉਸ ਨੂੰ ਉਭਰ ਕੇ ਹੋ ਚੰਦੋਂ ਦਹਿ ਚੰਦ ।
ਸੁਰਗੋਂ ਵਧ ਰਮਣੀਕ ਇਸ ਘੁੱਘ-ਨਗਰ ਦੇ ਨਾਲ,
ਦਰਸ ਅਲੱਭ ਸ਼ਿਵ ਦਾ ਹੋਇ ਸਾਖਿਆਤ, ਤਤਕਾਲ ।"

8

ਠਹਿਰ ਰਤੀ ਫਿਰ ਬਿਨਵਦਾ : "ਤੂੰ ਜਾ ਚੜ੍ਹ ਅਸਮਾਨ,
ਖੰਭ ਪਸਾਰੀਂ ਉੱਡਸੇਂ, ਤਕਸੇਂ ਹੋ ਹੈਰਾਨ ।
ਹਿਜਰ-ਝਲੂਠੀਆਂ ਸੁਹਣੀਆਂ ਪਾ ਗਲ ਖੁਲ੍ਹੇ ਕੇਸ,
ਮੰਦੇ ਹਾਲੀਂ ਬੈਠੀਆਂ, ਖੁੱਸੇ ਮੈਲੇ ਵੇਸ ।
ਗੱਲ੍ਹਾਂ ਤੋਂ ਚੁਕ ਲਿਟਾਂ ਨੂੰ, ਤੇਰਾ ਰੂਪ ਨਿਹਾਰ;
ਆਸਾਂ ਦੇ ਵਿਚ ਸੋਚਸਨ, ਮੁੜਸੀ ਘਰੀਂ ਭਤਾਰ ।
ਬਰਖਾ ਉਤਰਨ ਸਾਰ ਹੀ ਪਰਦੇਸਾਂ ਤੋਂ ਪਰਤ,
ਸਜਣ-ਸੁਹੇਲੇ ਔਣਗੇ, ਸੁਖ ਜਾਏਗਾ ਵਰਤ ।
ਨਹੀਂ ਅਕਾਰਨ ਆਸ ਇਹ, ਅਤਿ ਸੁਹਣੀ ਬਰਸਾਤ
ਪੀਂਘਾਂ ਪਾ ਸਤ ਰੰਗੀਆਂ ਨਸ਼ਿਆਉਂਦੀ ਵਣ-ਪਾਤ ।
ਕਿਣ ਮਿਣ ਕਣੀਆਂ ਕਿਰਨ ਜਾਂ, ਅਰਸ਼ੋਂ ਪਏ ਫੁਹਾਰ,
ਲੈਣ ਸੁਨੇਹੇ ਬਿਰਹਨਾਂ, ਸਫਲਾ ਹੋਇ ਪਿਆਰ ।
ਅਰਸ਼ ਝਾਕੀਆਂ ਇਨ੍ਹਾਂ ਵਿਚ ਕਿਹੜਾ ਉਹ ਮੁਰਦਾਰ,
ਸੱਜਣੀਆਂ ਨੂੰ ਮਿਲਣ ਲਈ ਨਾ ਜੋ ਹੋਇ ਤਿਆਰ ?
ਪਰ ਮੇਰੇ ਜਿਹੇ ਪਰ-ਅਧੀਨ ਪੁਰਸ਼ ਨੇ ਜੋ ਮੰਦੇ ਭਾਗ;
ਦੂਰ ਪਏ ਪ੍ਰੀਅ-ਨਗਰ ਤੋਂ, ਵਿਲਕਣ ਵਿੱਚ ਵਰਾਗ ।"

9

"ਹੇ ਗਗਨਾਂ ਵਿੱਚ ਉਡਦੇ !" ਬੋਲੇ : "ਮੇਰੇ ਮਿੱਤ !
ਪੀੜ ਵੰਡ ਇਸ ਮਿੱਤ ਦੀ, ਕਰ ਕੇ ਕੂਲਾ ਚਿੱਤ ।
ਸੁਣ ! ਜਿਸ ਪਾਸੇ ਵਗ ਰਹੀ, ਪੌਣ ਸੁਹਾਵੇ ਵੇਗ,
ਉਸ ਪਾਸੇ ਤੂੰ ਜਾਵਣਾ ਜਾਮਨ-ਵੰਨੇ ਮੇਘ ।
ਮਾਖੋ ਮਿੱਠੇ ਸੁਰਾਂ ਵਿੱਚ ਰਿਹਾ ਬੰਬੀਹਾ ਬੋਲ,
ਸ਼ੁੱਭ ਲੱਛਣ ਸਭ ਹੋ ਰਹੇ, ਚਹੁੰ ਦਿਸ ਸਾਡੇ ਕੋਲ ।
ਜਦ ਏਥੋਂ ਤੂੰ ਉੱਡ ਕੇ ਜਾਏਂਗਾ ਕੁਝ ਦੂਰ,
ਸਾਰਸ-ਜੋੜੇ ਤੱਕਸੇਂ ਕਾਮ-ਨਸ਼ੇ ਵਿੱਚ ਚੂਰ ।
ਲੋਚਾ ਗਰਭਾਦਾਨ ਦੀ ਵੱਡੇ ਚਾਵਾਂ ਨਾਲ,
ਕਰ ਕੇ ਧੌਣਾਂ ਲੰਮੀਆਂ ਉੱਡਣ ਹੁੱਬ-ਉਛਾਲ ।
ਨੀਲੇ ! ਤੇਰੇ ਨਾਲ ਉਹ ਮਣੀਆਂ-ਮਾਲਾ ਹਾਰ,
ਲੱਗੇ ਲਗਸਨ ਸੋਹਿਣੇ, ਮੋਹੂ ਇਹ ਦੀਦਾਰ ।
ਇੰਜ ਆਉਂਦ ਇਹ ਉਨ੍ਹਾਂ ਦੀ ਯਾਤ੍ਰਾ ਕਰੂ ਸੁਭਾਗ,
ਸ਼ੋਭਾ ਤੇਰੀ ਵਧੇਗੀ, ਲੈ ਹੁਸਨੀਲੀ-ਲਾਗ ।
ਜਦ ਇਉਂ ਮੋਹਣੀ ਕਾਮਨੀ, ਚੁੰਬਕ-ਛੋਹਾਂ ਲਾਇ;
ਕਾਮੀ ਜਨ ਵਡਭਾਗ ਹੋ, ਨੂਰ-ਝਾਲ ਵਿੱਚ ਨ੍ਹਾਇ ।"

10

ਯੱਖ ਆਖੇ, "ਮੰਗਲ-ਮਈ ਚਿੰਨ੍ਹ ਦਿੱਸਣ ਚੌਫੇਰ,
ਦੱਸਣ ਤੇਰੀ ਯਾਤਰਾ ਸਫਲੀ ਹੈ ਇਸ ਵੇਰ ।
ਰੋਕ ਨਾ ਰਾਹ ਵਿੱਚ ਕੁਈ ਵੀ, ਤੁੱਧੇ ਨੂੰ ਅਟਕਾਇ,
ਵੇਖ ! ਸੁਆਗਤ-ਰੀਝ ਵਿੱਚ ਮੰਡਲ ਸਭ ਮੁਸਕਾਇ ।
ਪਤੀ ਵਿਜੋਗਣ ਫ਼ਰਸ਼ ਤੇ ਬੈਠੀ ਵਿੱਚ ਇਕੱਲ,
ਹਹੁਕੇ ਲੈਂਦੀ ਤੱਕਸੇਂ, ਵਿੰਹਦੀ ਅੰਬਰ ਵੱਲ ।
ਇਕ ਇਕ ਦਿਨ ਉਸ ਵਾਸਤੇ ਬੀਤੇ ਸਦੀ ਸਮਾਨ;
ਮਿਲਣ-ਆਸ ਵਿੱਚ ਨਿਕਲਦੇ ਨਹੀਂ ਪਰ ਤਨੋਂ ਪ੍ਰਾਣ ।
ਕਸ਼ਟ ਅਸਹਿ ਇਹ ਬ੍ਰਿਹੁੰ ਦਾ ਰਹੀ ਦੁੱਖਾਂ ਵਿੱਚ ਝੱਲ;
ਖਪਿਆ ਜਿਸਮ ਵਿਜੋਗ ਵਿੱਚ, ਬਣੀ ਧੌਂਕਣੀ ਖੱਲ ।
ਪ੍ਰੇਮ-ਆਰਤ ਉਹ ਕਾਮਨੀ, ਮਨ ਜਿਸ ਫੁੱਲ ਸਮਾਨ,
ਝੁਲਸੀ ਬ੍ਰਿਹੁੰ ਸਪਰਸ਼ ਲੈ, ਹੋਸੀ ਨਿੰਮੋਂ-ਝਾਣ ।
ਪ੍ਰੀਤਮ ਪਾਸੋਂ ਵਿੱਛੜੀ, ਲੁੱਛੇ ਵਿੱਚ ਵਿਜੋਗ,
ਪਰ ਜੀਵਾਈ ਰੱਖਦੀ ਉਸ ਨੂੰ ਆਸ-ਸੰਜੋਗ ।
ਬੀਤੂ ਸਮਾਂ ਸਰਾਪ ਦਾ ਫੇਰ ਮਿਲਣਗੇ ਮਿੱਤ,
ਜਿਊਂਦੀ ਏਸ ਉਮੀਦ ਵਿੱਚ ਮੇਰੀ ਕੋਮਲ-ਚਿੱਤ ।
ਪਤਨੀ ਮੇਰੀ ਮਿਲੇਗੀ, ਪੀਲੀ, ਮੰਦੇ ਹਾਲ,
ਠਹਿਰੀਂ, ਤੱਕੀਂ, ਮਿਲਣ ਦੀ ਦੇਵੀਂ ਰੀਝ ਜਿਵਾਲ ।"

11

ਫੇਰ ਫੁਲਾਵਣ ਵਾਸਤੇ ਯੱਖ ਚਲਾਉਂਦਾ ਬਾਤ,
"ਬਦਲਾ ! ਤੇਰੀ ਗਰਜਣਾ, ਮਿੱਠੀ, ਅਰਸ਼ੀ-ਦਾਤ ।
ਨਿਰਾ ਨਾ ਮੈਨੂੰ ਸੁਖ ਦਏਂ, ਧਰਤੀ ਵੀ ਸੁਣ ਬੋਲ,
ਚਾਈਂ ਭਰ ਫੁੱਲ ਉੱਠਦੀ ਮਹਿਕੇ, ਲਹਿਕੇ ਝੋਲ ।
ਹੋ ਜਾਂਦੀ ਉਹ ਫਲ-ਵਤੀ ਖਿੜਨ ਅਨੇਕਾਂ ਫੁੱਲ
ਕੁੰਜਾਂ ਲਹਿ ਲਹਿ ਕਰਦੀਆਂ, ਕੁਹਕ ਉੱਠੇ ਕੋਇਲ ।
ਰਾਜ-ਹੰਸ ਦਲ ਜੋੜ ਕੇ ਉਡ ਪੈਂਦੇ ਨੇ ਫੇਰ,
ਮਾਨ ਸਰੋਵਰ ਵੱਲ ਉਹ ਜਾਂਦੇ ਹੀਆ ਹੁਲੇਰ ।
ਕੰਵਲ-ਸੁਗੰਧਤ ਪੱਤੀਆਂ ਸੁੰਘਦੇ ਫਿਰ ਕੈਲਾਸ਼
ਪਰਬਤ ਤਕ ਤੁਧ ਨਾਲ ਉਹ ਉਡਸਣ ਵਿੱਚ ਅਕਾਸ਼ ।
ਏਸ ਲੰਮੇਰੀ ਯਾਤਰਾ ਵਿੱਚ ਉਹ ਤੇਰੇ ਨਾਲ;
ਸਾਥੀ ਬਣ ਕੇ ਜਾਣਗੇ ਵਾਤਾਵਰਨ ਉਜਾਲ ।"

12

ਫਿਰ ਆਖੇ : "ਹੇ ਮੇਘ ! ਏਧਰ ਆਉਣਾ,
ਅਪਣੇ ਪਿਆਰੇ ਮੀਤ ਸਖੇ ਸੁਜਾਨ ਦੀ
ਸੈਲ-ਸਿਖਰ ਨੂੰ ਚੁੰਮ ਤੇ ਲੈ ਆਗਿਆ
ਵੀਰਾ ! ਛੇਤੀ ਨਾਲ ਏਥੋਂ ਜਾਣ ਦੀ ।
ਸੈਲ ਇਹ ਮਹਾਂ ਪਵਿਤ, ਤੇ ਵਡ-ਭਾਗ ਵੀ
ਜਿੱਥੇ ਚਰਨ ਮਲੂਕ ਲੱਗੇ ਰਾਮ ਦੇ ।
ਇਸ ਦਾ ਮੱਥਾ ਧੂੜਿ-ਪਾਵਨ ਪਰਸ ਕੇ
ਬਣਿਆ ਜੱਗ ਦਾ ਪੂਜ; ਉੱਚਾ ਮਰਤਬਾ ।
ਜਗਤ-ਉਧਾਰਕ ਨਾਥ ਰਘੁ-ਪਤਿ ਰਾਮ ਨੇ,
ਕੀਤਾ ਆਇ ਸਨਾਥ, ਧੰਨ ਇਹ ਸੈਲ ਹੈ ।
ਸੈਲ-ਸਿਖਰ ਇਸ ਨਾਲ ਜਦ ਸੰਜੋਗ ਹੋਇ
ਤੇਰਾ, ਤਦੋਂ ਵਿਜੋਗ ਤਾਏ ਪੁਰਸ਼ ਜੋ
ਠੰਢ ਕਰਨ ਪਰਤੀਤ; ਧੰਨ ! ਤੁਧ ਆਵਣਾ ।
ਮਿਲਕੇ ਨੇਹੀਆਂ ਨਾਲ ਕਰੇਂ ਪਿਆਰ ਤੂੰ;
ਐਸੇ ਪਰੇਮਾਧੀਨ ਮੈਂ ਪ੍ਰੇਮੀ ਤਈਂ
ਤੈਨੂੰ ਮਿਲੇ ਬਗੈਰ ਜਾਣ ਨਾ ਸੋਭਦਾ ।
ਹੇ ਜਲ-ਧਾਰੀ-ਮੇਘ ਸਜਣਾਂ ਸੁਹਣਿਆਂ !
ਦੇਵਾਂ ਮੈਂ ਸੰਦੇਸ਼, ਤੇਰੀ ਵਾਟ ਦਾ
ਖੋਲ੍ਹ ਸੁਣਾਵਾਂ ਹਾਲ ਦੇਈਂ ਕੰਨ ਤੂੰ ।
ਰਾਹ ਇਹ ਔਖਾ ਅੱਤ ਮਹਾਂ ਭਿਆਨ ਵੀ,
ਪਰ ਤੂੰ ਡਰੀਂ ਨਾ ਮੂਲ, ਸਿਖਰ ਲਿਤਾੜਦਾ,
ਚੜ੍ਹਦਾ ਜਾਈਂ ਉਤਾਂਹ, ਥੱਕੇਂ, ਸਾਹ ਲਵੀਂ ।"
ਗੱਲ ਤੋਰੇ ਇੰਜ ਯੱਖ : "ਸੱਜਣ ਮੇਘਲੇ !
ਆ ਅਪਣੇ ਪ੍ਰੀਅ ਮਿੱਤ ਰਾਮਾ-ਗਿਰੀ ਦੇ
ਸੈਲ ਸਿਖਰ ਚੁੰਮ ਪਰਸ, ਛੁਹ ਲਇ ਰੰਗਲੀ ।
ਪਰਬਤ ਮਹਾਂ-ਪਵਿਤ ਮਹਾਂ ਵਡ-ਭਾਗ ਹੈ,
ਰਘੁ-ਕੁਲ, ਰਘੁਪਤਿ ਰਾਮ ਪਗ-ਚਿੰਨ੍ਹ ਚਿੱਤਰੇ
ਮੇਖਲਾ ਜੋ ਇਸ ਲੱਕ ਬੱਧੀ, ਓਸ ਤੇ ।
ਮਸਤਕ ਏਸ ਵਿਸ਼ਾਲ ਤੇ ਜਗ-ਪੂਜ ਦੇ
ਚਿਤ੍ਰੇ-ਚਰਨ ਅਨੂਪ, ਰਿਸ਼ਮਾਂ ਫੁਟਦੀਆਂ ।
ਸਮੇਂ ਸਮੇਂ ਅਨੁਸਾਰ ਜਦ ਸਿਖਰਾਂ ਉੱਤੇ
ਤੇਰੇ ਹੋਣ ਸੰਜੋਗ, ਤਦ ਮਾਨੁਖ ਉਹ
ਜੋ ਚਿਰ-ਬਿਰਹੀ ਹੈਨ ਤੇਰੇ ਨਾਲ ਆ
ਮਨ ਦੀ ਕੱਢ ਹਵਾੜ, ਹੋਣ ਗਲਵੱਕੜੀ ।
ਇੰਜੇ ਪਿਆਰ-ਅਧੀਨ ਪ੍ਰੇਮੀਆਂ ਨਾਲ ਤੂੰ,
ਭੇਂਟ ਕੀਤਿਆਂ ਬਾਝ ਜਾਏਂ ਕਿਸ ਤਰ੍ਹਾਂ ?

13

ਹੇ ਜਲ-ਧਾਰੀ ਮੇਘ ! ਪਹਿਲਾਂ ਏਸ ਤੋਂ
ਨੇਹੁੰ-ਸਨਿਗਧ-ਸੰਦੇਸ਼ ਤੂੰ ਅਪੜਾ ਦਏਂ,
ਰਾਹ ਖਹਿੜੇ ਦਾ ਹਾਲ ਸੁਣੀਂ ਧਿਆਨ ਦਏ ।
ਇਹ ਮਾਰਗ ਵਡ-ਲੰਮ ਤੇ ਕਸ਼ਟਾਵਲਾ
ਪਰ ਤੂੰ ਡਰੀਂ ਨਾ ਮੂਲ ਬਣਨਾ ਵੀਰ ਹਈ ।
ਉਚੀਆਂ ਸਿਖਰਾਂ-ਸੈਲ ਸਹਿਜੇ ਗਾਹਣੀਆਂ;
ਠਹਿਰ ਠਹਿਰ ਸਸਤਾਇ ਚੜ੍ਹਨਾ ਉੱਪਰਾਂ ।
ਮੁੜ ਮੁੜ ਹਿੰਮਤ ਧਾਰ ਉੱਚਾ ਹੋਣ ਲਈ,
ਅਪਣਾ ਲਾਈਂ ਤਾਣ, ਹੰਭੇਂ ਜੇ ਕਦੇ,
ਤਾਂ ਸਦ ਵਹਿੰਦੇ ਸੋਤ ਤੇ ਬਹਿ, ਘੁੱਟ ਪੀ;
ਲਾ ਕੇ ਸਜਰਾ ਤਾਣ ਹੁਈਂ ਉਡਾਰ ਤੂੰ ।
ਤੇਰੀ ਮਿਟੂ ਪਿਆਸ, ਤ੍ਰਿਪਤੀ ਆਏਗੀ;
ਰਾਹ ਦੀ ਥਕਣ ਅਕਾਣ ਤੁਧ ਉਤਸਾਹ ਨੂੰ
ਪੋਹੂ ਰਤੀ ਨਾ ਫੇਰ, ਉੱਚਾ ਚੜ੍ਹੇਂਗਾ ।

14

ਨਭ-ਵਾਸੀ ਸਿਧ-ਨਾਰੀਆਂ ਗਗਨਾਂ ਦਾ ਅਸਵਾਰ
ਤੱਕ ਕਰੇਸਨ ਸੈਨਤਾਂ, ਦਿਲੋਂ ਪਿਆਰ ਉਛਾਲ ।
ਤੇ ਫਿਰ ਮੁੜ ਮੁੜ ਸੋਚਸਨ, ਪਰਬਤ ਸਿਖਾ ਮਹਾਨ;
ਮਨੋਂ ਉਡਾਈ ਲਿਆ ਰਹੀ, ਪੌਣ ਵਿਖਾਂਦੀ ਤਾਣ ।
ਉਹ ਗਗਨੰਤ੍ਰੀ-ਰਮਣੀਆਂ ਸਿਧ-ਨਾਰਾਂ ਸੁਕੁਮਾਰਿ,
ਕੰਬਸਨ, ਡਿੱਗੇ ਨਾ ਮਤੇ ਇਹ ਗਿਰ ਧੌਲੀ ਧਾਰ ।
ਚਾਹੇ ਤੂੰ ਪਰਾਹੁਣਾ ਬਣਿ ਲੋਚੇਂਗਾ ਫੇਰ,
ਨੈਣ-ਨਸ਼ੀਲੇ ਵਾਲੀਆਂ ਦੇਣ ਦਰਸ ਇਕ ਵੇਰ ।
ਉੱਡਣ ਲਈ ਤਿਆਰ ਹੋ, ਤਣ ਲੈ ਬਲੀ ਸਰੀਰ;
ਪੁੱਜੀਂ ਅਲਕਾ ਪੁਰੀ ਜਾ ਪੰਧ ਲਮੇਰਾ ਚੀਰ ।
ਦਿੱਗਜ ਉੱਤਰ ਦਿਸ਼ਾ ਦੇ ਭਰੇ ਨਾਲ ਹੰਕਾਰ,
ਮਾਣ ਇਨ੍ਹਾਂ ਦਾ ਤੋੜ ਜਾ ਬਲ ਵੱਡਾ ਹੁਣ ਧਾਰ ।

15

ਸਨਮੁਖ ਤਕ ਇੰਦਰ-ਧਨੁਸ਼, ਨੈਣਾਂ ਨੂੰ ਦਏ ਨੂਰ,
ਸੈ ਰਤਨਾਂ ਦੀ ਪ੍ਰਭਾ ਸਮ, ਮਨ ਵਿੱਚ ਭਰੇ ਸਰੂਰ ।
ਵਾਲਮੀਕ ਚੋਟੀ ਉੱਤੇ, ਅਗਲੇ ਹਿੱਸੇ ਵੱਲ,
ਨਿੱਕਲ ਕੇਡੀ ਦੱਖ ਦਏਂ, ਰਸ਼ਮਾਂ ਰਹੀਆਂ ਢੱਲ ।
ਬਦਨ ਤੇਰਾ ਇਹ ਸਾਉਲਾ ਇਉਂ ਸੋਭੇਗਾ ਫੇਰ,
ਨੀਲ ਵਰਣ ਸ਼੍ਰੀ ਕ੍ਰਿਸ਼ਨ ਜਿਉਂ ਫੱਬਣ ਨੂਰ ਖਲੇਰ ।

16

ਹੇ ਜਲ-ਧਾਰੀ ਜਾਣਨੈ ਫਸਲਾਂ ਤੁੱਧ ਅਧੀਨ;
ਤੂੰ ਤੁੱਠੇਂ ਰੰਗ ਲੱਗਦਾ, ਰੁੱਸੇਂ ਤਪੇ ਜ਼ਮੀਨ ।
ਇਸੇ ਲਈ ਤਕ ਤੁੱਧ ਨੂੰ ਜਟ-ਨਢੀਆਂ ਦੇ ਨਾਲ
ਪਿੰਡਾਂ ਦੀਆਂ ਸੁਅੰਗਣਾਂ ਨਚ ਉਠਸਨ ਤਤਕਾਲ ।
ਵਲਾਂ ਛਲਾਂ ਤੋਂ ਉੱਚੀਆਂ, ਪ੍ਰੀਤ-ਸਨਿਗਧ, ਅਜੱਬ,
ਦਰਸ਼ਨ ਕਰ ਕੇ ਸਮਝਸਨ, ਸ਼ੈ ਜਿਉਂ ਮਿਲੀ ਅਲੱਭ ।
ਵਡ-ਉਪਕਾਰੀ ਜਾਣ ਕੇ ਦੇਣ ਤੈਨੂੰ ਸਤਿਕਾਰ
ਸੁੱਚੀਂ ਤੱਕਣੀ ਤੱਕਸਨ, ਭਰੀਆਂ ਨਾਲ ਪਿਆਰ ।
ਸਚੀਆਂ, ਭੋਲੀਆਂ ਭਾਲੀਆਂ ਰੂਪ ਰੱਜੀਆਂ ਜਵਾਨ;
ਨੈਣ-ਵਿਲਾਸੀ ਉਨ੍ਹਾਂ ਦੇ, ਰਸ ਕਰ ਲਈਂ ਇਹ ਪਾਨ ।
ਜੂਹ ਉਨ੍ਹਾਂ ਦੀ ਵੱਸ ਕੇ ਸਿੰਜ ਨਵ-ਵਾਹੇ ਖੇਤ,
ਛੇਤੀ ਉੱਤਰ ਦਿਸ਼ਾ ਵੱਲ ਉੱਡੀਂ ਸ਼ਾਮ ਸਵੇਤ ।

17

ਓਥੋਂ ਕੁਝ ਅੱਗੇ ਰਤੀ 'ਆਮਰ-ਕੂਟ' ਪਹਾੜ
ਆਵੇਗਾ, ਜੋ ਸਮਝਸੀ ਤੂੰ ਸਾਕਾਰ ਉਪਕਾਰ ।
ਦਾਵਾਨਲ ਦੇ ਸਾੜ ਨੂੰ ਪਲੀਂ ਮਿਟਾਵਣ-ਹਾਰ,
ਆਇਆ ਪਿਆਰਾ ਪ੍ਰਾਹੁਣਾ, ਲੰਮੀਆਂ ਮਜਲਾਂ ਮਾਰ ।
ਸਿਰ-ਮੱਥੇ ਬਿਠਲਾਇਗਾ, ਖ਼ੁਸ਼ ਹੋਵੇਗਾ ਫੇਰ,
ਰਸ ਭਰ ਰਮ ਵਿਚ ਪ੍ਰੀਤ ਦੇ ਬਾਹਾਂ ਦਿਊ ਉਲੇਰ ।
ਨੀਚ ਵੀ ਖ਼ੁਸ਼ ਨੇ ਹੋਂਵਦੇ, ਜੇ ਆਏ ਮਹਿਮਾਨ
ਉਪਕਾਰੀ, ਤਾਂ ਸਜਣਾਂ ਦੇ ਰਾਹ ਨੈਣ ਵਿਛਾਣ ।
'ਆਮਰ-ਕੂਟ' ਉੱਚਾ ਸਿਖਰ, ਉੱਚ-ਆਸ਼ੈ, ਮਹਾਂ ਮਾਨ,
ਉਸ ਦੀ ਕਰਨੀ ਗੱਲ ਕੀ, ਉਹ ਤਾਂ ਅਮਰ, ਮਹਾਨ ।
ਉਹ ਹਰ ਆਏ ਨੂੰ ਦਏ ਖ਼ੁਸ਼ ਹੋ ਕੇ ਸਤਿਕਾਰ,
ਕਰਦਾ ਸੁਆਗਤ ਰੀਝ ਕੇ, ਨਾਲੇ ਦਏ ਪਿਆਰ ।

18

ਭਰਿਆ ਸੁਹਜਾਂ ਨਾਲ ਉਹ, ਫਬਿਆ ਕੁੰਜਾਂ ਨਾਲ;
ਆਮਰ ਕੂਟ ਇਸੇ ਲਈ ਨਾਂ ਦਇ ਨਸ਼ੇ ਪਿਆਲ ।
ਅੰਬ ਪੱਕੇ ਰਸ ਦੇ ਭਰੇ, ਲੱਦੇ ਲੰਮੇ ਡਾਲ,
ਸਿਖਰ ਸੁਹਾਉਣੇ ਹੋਰ ਵੀ ਪੀਲੇ ਅੰਬਾਂ ਨਾਲ ।
ਸੋਨੇ ਸਮ ਉਹ ਜਾਪਦਾ, ਇਸ ਅੰਬਾਂ ਦੀ ਰੁੱਤ,
ਜਾਪੇਂਗਾ ਤੂੰ ਉਸ ਉੱਤੇ ਰੂਪਵਤੀ ਦੀ ਗੁੱਤ ।
ਤਕ ਇਸ ਪਰਬਤ ਛਬੀ ਨੂੰ ਦੇਵ-ਸੁਅੰਗਣਾਂ ਫੇਰ,
ਸਮਝਣ ਕੋਈ ਸੁੰਦਰੀ ਬੈਠੀ ਸਿਖਰ-ਸੁਮੇਰ ।
ਮੇਘ ਉਸ ਦੀ ਹੈ ਗੁੱਤਨੀ, ਅੰਬ ਸੁਨਹਿਰੇ ਮੁੱਖ,
ਤਿੱਖੇ ਸਿਖਰ ਉਰੋਜ ਨੇ, ਰੂਪ ਕਿ ਲਹਿੰਦੀ ਭੁੱਖ ।
ਦਿਸਦੀ ਧਰਤ ਜਵਾਨ ਹੈ, ਫੱਬੀ ਫਬਣ ਹੁਲਾਰ,
ਭਰਵਾਂ ਭਰਵਾਂ ਰੂਪ ਹੈ, ਮੋਹ ਲੈਣਾ ਦੀਦਾਰ ।

19

ਰਸ-ਲੀਲਾ ਅਸਥਾਨ ਨੇ ਆਮਰ-ਕੂਟੀ ਕੁੰਜ,
ਰਮ ਰਹੀਆਂ ਵਣ-ਰਮਣੀਆਂ, ਸੁੰਦਰ, ਸੋਭਾ-ਪੁੰਜ ।
ਠਹਿਰੀਂ ਥਕਣ ਉਤਾਰ ਲਈਂ, ਭੋਂ ਤਪਦੀ ਜਾ ਠਾਰ,
ਪਲ ਦਾ ਪਲ ਸਸਤਾ, ਤੁਰੀਂ ਪਾ ਗਲ ਮਣੀਆਂ ਹਾਰ ।
ਦੇ ਦੇਵੇਗਾ ਲਾਭ ਫਿਰ ਤੇਰਾ ਇਹ ਜਲ-ਦਾਨ,
ਪਰਗਟ ਕਰ ਕੇ ਪਿਆਰ ਫਿਰ ਹੌਲਾ ਹੁਏਂ ਸੁਜਾਨ ।
ਪੈਰ ਤਿਖੇਰੇ ਪੈਣਗੇ, ਨਿਬੜੂ ਪੰਧ ਸੁਖਾਲ,
ਉੱਡੇਗਾਂ ਆਕਾਸ਼ ਤੇ ਮਟਕ-ਆਦਾਵਾਂ ਨਾਲ ।
ਕੁਝ ਅੱਗੇ ਜਦ ਜਾਏਂਗਾ, ਉਚੇ ਵਿਖਮ ਪਹਾੜ,-
ਵਿੰਧੀਆਚਲ ਵਿੱਚ ਵੱਗਦੀ ਦੇਸੀ ਨਦੀ ਦਿਦਾਰ ।
ਨਾਂ ਉਸ ਦਾ ਹੈ 'ਨਰਬਦਾ' ਸੈ ਧਾਰਾਂ ਵਿੱਚ ਵੱਟ
ਮਚਲੇ ਵਿੱਚ ਪਹਾੜ ਦੇ, ਨੱਚੇ ਜਿਉਂ ਕੁਈ ਨੱਟ ।
ਤੂੰ ਸਮਝੇਂਗਾ ਵੇਖ ਕੇ, ਹਾਥੀ ਕਿਸੇ ਵਿਸ਼ਾਲ
ਦੀ ਕਾਲੀ ਪਿੱਠ ਉੱਪਰੇ, ਰੇਖਾਂ ਚਿਤ੍ਰਿਆ ਜਾਲ ।

20

ਅਰਘਾ ਅਰਪੀਂ ਮੇਘਲੇ ! ਨਿਵੀਂ ਨਾਲ ਸਤਿਕਾਰ,
ਜਲ ਪੀ ਪਾਵਨ ਨਦੀ ਦਾ, ਉੱਡੀਂ ਖੰਭ ਹੁਲਾਰ ।
ਹਾਥੀਆਂ ਦਾ ਮਦ ਪਾਨ ਕਰ ਤੰਦਰੁਸਤ ਇਹ ਹੋਇ,
ਜਾਮਨ-ਰੁੱਖਾਂ ਵਿੱਚ ਵਹੇ, ਗੀਤ ਸੁਹੇਲੇ ਛੋਹਿ ।
ਏਹ ਸੁਗੰਧਤ ਨੀਰ ਪੀ ਤੂੰ ਹੋਸੇਂ ਬਲਵਾਨ;
ਪੌਣ ਨਾ ਮਨ ਮਾਨੀ ਕਰੂ ਤੈਨੂੰ ਲਿੱਸਾ ਜਾਣ ।
ਭਾਰਾ ਗੌਰਾ ਹੋਵਸੇਂ ਮਸਤ ਚੱਲਸੇਂ ਚਾਲ;
ਬੁੱਲੇ ਧੱਕ ਨਾ ਸਕਣਗੇ, ਸਹਿਜ ਸੁਭਾਵ, ਸੁਖਾਲ ।
ਹੌਲੇ ਹੀ ਸੰਸਾਰ ਵਿੱਚ ਝੱਲਣ ਨਿਤ ਅਪਮਾਨ;
ਪੂਰਨ ਉੱਚੇ ਪਾਉਂਦੇ ਹਰ ਥਾਂ ਜਾ ਸਨਮਾਨ ।

21

ਹੇ ਨੀਰਦ ! ਅਧ-ਖਿੜੇ ਹੋਇ ਕੱਢੇ ਫੁੱਲ ਕਦੰਬ;
ਹਰੇ ਤੇ ਪੀਲੇ ਰੰਗ ਦੇ ਉਛਲਨ ਗਿਰਦੇ ਛੰਭ ।
ਕੇਲੇ ਹੋਸਨ ਫਲ ਗਏ, ਨੈਂ ਕੰਢੇ ਦੇ ਨਾਲ,
ਵਣ ਜੋ ਸੀ ਅਧ-ਜਲੇ ਹੋਇ, ਵਰਖਾ ਨਾਲ ਨਿਹਾਲ ।
ਧਰਤਿ ਅਨੰਦ-ਉਨਮਤ ਲਵੇ ਮਹਿਕਾਂ ਭਰੇ ਸੁਆਸ,
ਹੰਸ ਨੇ ਰਾਹਾਂ ਵੇਖ ਰਹੇ, ਮਨ ਵਿੱਚ ਮਿਲਣ-ਹੁਲਾਸ ।
ਮੇਰੇ ਮਿੱਤਰ ਮੇਘਲੇ ! ਰਿਮ-ਝਿਮ, ਰਿਮ-ਝਿਮ ਲਾਇ,
ਜਿਹੜੇ ਰਸਤੇ ਜਾਵਸੇਂ, ਰਸ ਭਰ ਧਰਤ ਸੁਹਾਇ ।
ਰਾਜ-ਹੰਸ ਫੁਲਹਾਰ ਦੀ ਸੁੰਘ ਮਦ-ਮਇ ਸੁਗੰਧ;
ਉਨਮਤ ਹੋ ਰਾਹ ਦਸਣਗੇ ਉਡਦੇ ਨਾਲ ਅਨੰਦ ।
ਅੱਗੇ ਅੱਗੇ ਹੋਣਗੇ; ਰਾਹ ਪੁੱਛਣ ਦੀ ਲੋੜ,
ਤੈਨੂੰ ਫੇਰ ਨਾ ਪਏਗੀ, ਉਹ ਲੈ ਜਾਸਨ ਤੋੜ ।

22

ਧਰਤੀ ਤਾਂ ਝੂਮ ਉਠੇਗੀ ਤੇਰੇ ਜਾਵਣ ਨਾਲ,
ਤੇ ਮਨ ਸਭ ਦੇ ਨੱਚਸਨ, ਖ਼ੁਸ਼ੀਆਂ ਚਾਅ ਉਛਾਲ ।
ਅਰਸ਼ ਵੱਲ ਮੂੰਹ ਕਰਨਗੇ, ਚਾਤ੍ਰਿਕ, ਚਤਰ, ਚਤੰਨ;
'ਖਬਰੇ ਵਰਖਾ-ਕਣਿ ਮਿਲੇ !' ਟਹੀ ਲੈਣਗੇ ਬੰਨ੍ਹ ।
ਸਾਰਸ-ਡਾਰਾਂ ਮਸਤ ਹੋ ਉਡਸਨ ਖੰਭ ਖਲੇਰ;
ਮਸਤ ਦਿਵਾਨੇ ਰੰਗ ਵਿਚ ਰੰਗੇ ਜਾਸਨ ਫੇਰ ।
ਹੰਸਣੀਆਂ ਰੀਝਾਣ ਲਈ ਹੰਸ ਸਜੀਲੇ ਨਾਚ
ਪੌਣ-ਮੰਡਲ ਵਿਚ ਨਚਣਗੇ, ਇਸ਼ਕ ਨਸ਼ੇ ਵਿਚ ਗੁਆਚ ।
ਚਾਤ੍ਰਿਕ ਕਿਕਲੀ ਪਾਣਗੇ, ਭੌਰ ਗਾਣਗੇ ਗੀਤ;
ਗੂੰਜੇਗਾ ਹਰ ਪਾਸਿਓਂ ਵਰਖਾ-ਮਈ-ਸੰਗੀਤ ।
ਝੂਮ ਪੈਣਗੇ ਦੇਵਤਾ ਮੰਨ ਤੇਰਾ ਉਪਕਾਰ,
ਸਿਕ ਭਰ ਸਿੱਧ ਸੁਅੰਗਣਾਂ ਦੇਸਨ ਖੋਲ੍ਹ ਦਵਾਰ ।
ਆਤਰ ਹੋ ਮਿਲਣੀ ਲਈ ਬੈਠ ਬਰੂਹਾਂ ਵਿੱਚ
ਦਰਸ਼ਨ ਪ੍ਰੀਅ-ਉਡੀਕ ਦੀ, ਪਊ ਅਲੋਕੀ ਖਿੱਚ ।
ਦਿਉਤੇ ! ਇਨ੍ਹਾਂ ਸੁਅੰਗੀਆਂ ਦਾ ਲੈ ਕੇ ਛੁਹ-ਸੁਆਦ,
ਬਿਨ-ਦਾਹੇ ਹੀ ਮਾਣਸਨ, ਸੁਣ ਤੇਰਾ ਘਣ-ਨਾਦ ।

23

ਹੇ ਮਿੱਤਰ ਮੈਂ ਜਾਣਿਆ ਤੂੰ ਮੇਰਾ ਸੰਦੇਸ਼,
ਪ੍ਰੀਅ ਮੇਰੀ ਨੂੰ ਦਏਂਗਾ, ਕਰਸੇਂ ਦੂਰ ਕਲੇਸ਼ ।
ਚਾਹੇ ਹੋਸੀ ਕਾਲ੍ਹ ਤੁਧ, ਪਰ ਮਲਿਆਗਰ-ਬਾਸ
ਵਿਹੜੇ ਪਰਬਤ ਵੇਖ ਕੇ,-
ਅਟਕੇਂਗਾ ਕੁਝ ਪਲਾਂ ਲਈ, ਹੈ ਮੈਨੂੰ ਵਿਸ਼ਵਾਸ ।
ਮਤਵਾਲੇ ਰੰਗ-ਰੱਤੜੇ ਸੁਹਣੇ ਬਾਂਕੇ ਮੋਰ,
ਤੈਨੂੰ ਤੱਕ ਕੇ ਨਚਸਨ, ਹੋਕੇ ਹੋਰੋਂ ਹੋਰ ।
ਮਨ ਇਹ ਦਰਸ਼ਨ ਵੇਖ ਕੇ ਮੋਹਿਆ ਜਾਸੀ ਫੇਰ,
ਤੁਰਨ ਨਾ ਲੋਚੇਂਗਾ, ਤਦੋਂ ਵਿਗਸੂ ਮਣੀਆਂ ਕੇਰ ।
ਪਰ ਮਿਤਰਾ ਬਿਨਤੀ ਕਰਾਂ, ਹਾਇ ! ਨਾ ਜਾਈਂ ਠਹਿਰ,
ਮਤੇ ਸੁਨੇਹਾ ਦੇਣ ਵਿਚ ਹੋਵੇ ਕਿਤੇ ਅਵੇਰ ।
ਵੇਖ ਨਜ਼ਾਰੇ ਸੋਹਣੇ, ਭਰਿਆ ਨਾਲ ਅਨੰਦ
ਵੀਰ, ਨਾ ਓਥੇ ਬਹਿ ਰਹੀਂ, ਅੱਖਾਂ ਕਰ ਕੇ ਬੰਦ ।

24

ਅੱਗੇ ਚੱਲ ਪੁੱਜ ਜਾਏਂਗਾ ਵਿਚ 'ਦਸ਼ਾਰਨ' ਦੇਸ;
ਤਪਤ ਮਿਟੂ ਤੁਧ ਜਾਂਦਿਆਂ ਬਦਲੂ ਕਣ ਕਣ ਵੇਸ ।
ਕਿਉੜੇ ਫੁੱਲਾਂ ਰੰਗਲੀ ਪੀਲੀ ਸੋਨੇ-ਵੰਨ,
ਵਾੜ ਹੋਊ ਉਪਬਨਾਂ ਦੀ ਤਕ ਹੋਸੇਂ ਪਰਸੰਨ ।
ਪਿੰਡਾਂ ਨੇੜੇ ਪੂਜ ਜੋ ਬੋਹੜ ਤੇ ਪਿਪਲ ਫੇਰ,
ਆਲ੍ਹਣਿਆਂ ਥੀਂ ਭਰਨਗੇ, ਦਿੱਸੂ ਖ਼ੁਸ਼ੀ ਚੁਫੇਰ ।
ਰੁੱਖ ਹੋਣਗੇ ਸਾਂਵਲੇ ਜਾਮਨ-ਗੁੱਛਿਆਂ ਨਾਲ,
ਹੋਰ ਹੋਣਗੇ ਸੰਘਣੇ ਜੰਗਲ ਉਹ ਤਤਕਾਲ ।
ਸ਼ਾਮ-ਰੰਗ ਲੈ ਲਵੇਗੀ, ਹਰ ਪੱਤੀ, ਹਰ ਡਾਲ;
ਹੰਸ ਵੀ ਏਥੇ ਠਹਿਰਨਾ ਲੋਚਣਗੇ ਕਰ ਖ਼ਯਾਲ ।
ਓਸ ਪਹਾੜੀ ਦੇਸ ਦੇ ਨਦੀਆਂ, ਚਸ਼ਮੇ, ਤਾਲ;
ਮੈਲੇ ਮੂਲ ਨਾ ਹੋਣਗੇ ਤੇਰੇ ਵੱਸਣ ਨਾਲ ।
ਸ਼ੋਭਾ ਨਾਲ ਸੰਪੰਨ ਹੋ ਇਹ ਸੰਪੂਰਣ ਦੇਸ਼,
ਹੋਰ ਵੀ ਸੁੰਦਰ ਬਣੇਗਾ, ਬਦਲ ਆਪਣਾ ਵੇਸ ।

25

'ਵਿਦਿਸ਼ਾ' ਨਾਮੀ ਨਗਰ ਜੋ ਹੈਵੇ ਜਗ ਵਿਖਿਆਤ,
ਰਾਜਧਾਨੀ ਹੈ ਦੇਸ ਦੀ ਇੰਦ੍ਰ ਪੁਰੀ ਸਾਖਸ਼ਾਤ ।
ਸਫ਼ਲ-ਰਸਿਕਤਾ ਆਪਣੀ ਦਾ ਫਲ ਜਾਂਦਾ ਪਾਇ,
ਕ੍ਰਿੱਤਯ ਕ੍ਰਿੱਤਯ ਹੋ ਜਾਏਂਗਾ, ਝੂਮਾਂ ਥੀਂ ਝੂਮਾਇ ।
ਵਹਿੰਦੀ ਹੈ 'ਵੇਦਰਵਤੀ' ਓਥੇ ਲਹਿਰਾਂ ਮਾਰ,
ਉਸ ਦਾ ਤਟ ਸਪਰਸ਼ ਲੈ, ਝੁਕ ਕੇ ਨਾਲ ਪਿਆਰ;
ਨਿਰਮਲ ਪਾਣੀ ਪੀਏਂਗਾ, ਮੋਹ ਲਊ ਇਹ ਦੀਦਾਰ ।
ਹਾਂ, ਉਂਜੇ ਜਿਉਂ ਰਸਿਕ ਕੁਈ ਵੱਡੇ ਸੁਆਦਾਂ ਨਾਲ,
ਅਦਰਾਮ੍ਰਿਤ ਸੁਕੁਮਾਰ ਦਾ ਪੀਕੇ ਹੋਇ ਨਿਹਾਲ ।

26

ਓਥੇ 'ਨੀਚੇ' ਨਾਮ ਦਾ ਨੇੜੇ ਇਕ ਪਹਾੜ;
ਠਹਿਰੀਂ, ਪਲ ਸਸਤਾ ਲਈਂ, ਹਰ ਦਈਂ ਸਾਰੇ ਸਾੜ ।
ਵਿਗਸੇ ਵੇਖ ਕਦੰਬ ਫੁੱਲ ਤੈਨੂੰ ਹੁਊ ਪਰਤੀਤ;
ਹੈ ਰੋਮਾਂਚਿਤ ਹੋਇਆ ਛੁਹ ਤੇਰੀ ਲੈ ਸੀਤ ।
ਉਸ ਪਰਬਤ ਦੀਆਂ ਗੁਫਾਂ ਵਿਚ ਸਿਹਤ-ਮੰਦ ਅੰਗ-ਰਾਗ
ਕਰਦੀਆਂ ਨੇ ਵੀਰਾਂਗਨਾ ਵਿੱਚ ਵਾਸਨਾ ਜਾਗ ।
ਧੁਨਾਂ ਉਨ੍ਹਾਂ ਦੀਆਂ ਪਸਰ ਕੇ ਵਿਸਮਿਤ ਰੰਗ ਖਿੜਾਨ;
ਸਿੰਜੀ ਜਾਂਦੀ ਚਹੁੰ ਦਿਸ਼ੀਂ, ਸੱਖਰ, ਸੱਜਰ-ਜਾਨ ।
ਸ਼ਹਿਰੀ ਵਿਦਿਸ਼ਾਂ ਨਗਰ ਦੇ ਪਯਾਰ ਪਰੁੱਚੇ ਹੈਨ,
ਜਬਨ ਮਦ-ਮਤਵਾਲੜੇ ਤਕ ਤੈਨੂੰ ਝੂਮੈਣ ।
ਵਾਅ ਪੁਰੇ ਦੀ, ਮੇਘਲਾ ਰਸਿਕਾਂ ਹੋਰ ਰਸਾਇ;
ਸੁੱਤੀ ਹੋਈ ਵਿਲਾਸਤਾ ਜਾਗੇ, ਨਸ਼ਾ ਚੜ੍ਹਾਇ ।

27

ਨੀਲ ਗਗਨ ਦੀ ਸਿਖਰ ਤੇ ਬਿੰਦ ਕੁ ਕਰ ਬਿਸਰਾਮ,
ਬਨ-ਨਦੀਆਂ ਤੇ ਤੱਕਸੇਂ ਜੂਹੀ ਕਲੀਆਂ ਆਮ ।
ਮੁਖੜੇ ਧੋਈਂ ਉਨ੍ਹਾਂ ਦੇ ਜਲ-ਕਣ ਕੇਰ ਨਵੀਨ;
ਖੇੜੀਂ ਨਣ-ਫੁਲਵਾੜਿ ਜਾ, ਸੁਹਣੀ, ਸੁਹਲ ਹੁਸੀਨ ।
ਉਥੋਂ ਦੀਆਂ ਬਨ-ਮਾਲਣਾਂ, ਨ੍ਹਾਤੀਆਂ ਮੁੜ੍ਹਕੇ ਨਾਲ,
ਕੰਮ-ਰੁਝੀਆਂ ਮੂੰਹ ਪੂੰਝ ਕੇ, ਦੇਣ ਕਰਨ-ਫੁਲ ਗਾਲ ।
ਪਲ ਠਹਿਰੀਂ ਤੇ ਕਰ ਲਈਂ ਸਜਰੀ ਜਾਣ-ਪਛਾਣ;
ਮਨ ਮਸਤਾ ਕੇ ਉਨ੍ਹਾਂ ਦੇ, ਹੋਰ ਵਧਾਈਂ ਮਾਣ ।
ਉਹ ਫੁਲ ਬੀਨਣ ਲੱਗੀਆਂ ਤੇਰੇ ਸਾਏ ਹੇਠ,
ਖ਼ੁਸ਼ ਹੋ ਤੈਨੂੰ ਵੇਖਸਨ ਵਿਚ ਵਿਲਾਸਾ ਵੇਠ ।
ਤਕਣੀ ਰਸਿਕ ਉਨ੍ਹਾਂਦੜੀ ਦਾ ਕਰ ਤੂੰ ਰਸ ਪਾਨ
ਜਾਈਂ ਅੱਗੇ ਸੁਹਣਿਆਂ, ਮੇਰੀ ਆਸ ਜਿਵਾਣ ।

28

ਗਗਨ-ਪੇਲਦੇ ਮੇਘਲੇ ! ਮੈਂ ਜਾਣਾ ਇਹ ਭੇਤ,
ਪੁਜਣਾ, ਤੂੰ ਉਤਰ ਦਿਸ਼ਾ ਸਿੰਞਣ ਸੁਹਣੇ ਖੇਤ ।
ਪੱਛਮ ਵੱਲ ਉਜੈਨ ਹੈ ਤੇਰੇ ਰਾਹੋਂ ਦੂਰ;
ਪਰ ਮੇਰਾ ਇਹ ਆਖਣਾ ਉਥੇ ਜਾਈਂ ਜ਼ਰੂਰ ।
ਹੈਨ ਨਜ਼ਾਰੇ ਰੰਗਲੇ ਉਸ ਨਗਰੀ ਦੇ ਮਿੱਤ;
ਮਾਣੀ ਰਸ-ਭਰਪੂਰ ਹੋ, ਖੇੜੀਂ ਅਪਣਾ ਚਿੱਤ ।
ਉਥੋਂ ਦੀਆਂ ਹਰਣਾਖੀਆਂ ਨੈਣ-ਕਟਾਖਾਂ ਨਾਲ,
ਤੇਰੇ ਤਈਂ ਵੰਗਾਰਸਨ, ਤੈਨੂੰ ਮਹਿਰਮ ਭਾਲ ।
ਜਿੱਤੀਂ ਇਹ ਵੀ ਮੋਰਚਾ, ਤੁਰੀਂ ਅਗੇਰੇ ਫੇਰ,
ਹੋਰ ਉਜੈਨੀ ਉੱਜਲੀ ਹੋਸੀ ਤੈਨੂੰ ਹੇਰ ।

29

ਵੀਰ, ਉਜੈਨੀ ਜਾਂਦਿਆਂ ਵਿੰਧੀਆਂਚਲ ਦੇ ਕੋਲ
ਲਹਿਰ ਰਹੀ ਹੈ ਨਰਵਦਾ ਮਿਠੇ ਕਰਦੀ ਚੁਹਲ ।
ਉਹ ਮਦ-ਮੱਤੀ ਨਾਇਕਾ ਵਾਂਗ ਉਛਾਲ ਤਰੰਗ,
ਕੜੇ ਵਜਾਂਦੀ ਜਾਪਦੀ, ਗਾਂਦੀ ਲਾਹ ਸਭ ਸੰਗ ।
ਰੁਕ ਰੁਕ ਵੱਡੀਆਂ ਸਿਲਾਂ ਵਿਚ ਹੌਲੀ ਚੱਲੇ ਇੰਜ,
ਸ਼ੰਕਾ ਵਿਚ ਕੁਈ ਨਾਇਕਾ ਤੁਰੇ ਲਜਾਂਦੀ ਜਿੰਜ ।
ਗਿਣ ਗਿਣ ਧਰਦੀ ਪੈਰ ਹੈ, ਸੰਗੇ ਕਰ ਸੰਕੋਚ,
ਐਪਰ ਮਨ ਵਿਚ ਸੋਹਿਣੇ ਸਜਣ ਨੂੰ ਰਹੀ ਲੋਚ ।
ਪ੍ਰੇਮ-ਅਭਿਲਾਸ਼ਾ ਬਿਨ ਕਹੇ ਕਿੰਜ ਉਸਦਾ ਰਸ ਸਵਾਦ,
'ਮੈਂ ਮਾਣਾਂ' ? ਤੂੰ ਸੋਚਸੇਂ, ਮਿਲਨੀ ਮਿੱਠੀ ਬਾਦ ।
ਪਯਾਰ ਵਿਲਾਸਤ ਸੁਹਣੀਆਂ ਸੱਜਣ ਦੇ ਸਨਮੁੱਖ;
ਭਰਮ ਮਿਟਾ ਲੀਲਾ ਕਰਨ, ਲਾਹੁਣ ਮਨ ਦੀ ਭੁੱਖ ।
ਉਹ ਲੀਲਾ ਹੀ ਉਨ੍ਹਾਂ ਦਾ ਪਹਿਲਾ ਭਾਸ਼ਣ ਹੋਇ;
ਭਰਮਾਂ ਵਿਚ ਨਾ ਪੈਂਦੀਆਂ; ਭਲੀ ਉਨ੍ਹਾਂ ਦੀ ਸੋਇ ।
ਭਾਵ ਅੰਦਰਲੇ ਆਪਣੇ ਮੂੰਹ ਤੇ ਨਾ ਪ੍ਰਗਟਾਣ;
ਨਾਲ ਵਿਲਾਸਾ ਕਰਦੀਆਂ ਪਰ ਸੰਕੇਤ ਸੁਜਾਨ ।
ਅਪਣੇ ਮਨ ਦੀ ਵੇਦਨਾ ਵਿਚ ਸੰਕੇਤਾਂ ਕਹਿਣ;
ਇੰਜ ਵਿਲਾਸੀ ਸ਼ਹਿਰੀਆਂ ਨੂੰ ਮੋਹ ਲੈਂਦੀਆਂ ਹੈਨ ।

30

ਓਸ 'ਨਰਵਦਾ' ਨਦੀ ਦੇ ਚਿਰ-ਬਿਰਹੁੰ ਦੇ ਚਿੰਨ੍ਹ;
ਸਾਰੇ ਜੋ ਪ੍ਰਗਟ ਹੁੰਦੇ ਤੱਕੇਂਗਾ ਇੰਨ ਬਿੰਨ ।
ਤੇਰੇ ਇਸ ਵਿਜੋਗ ਤੇ ਬਿਨ ਬਰਖਾ ਇਹ ਹਾਲ,
ਨਿੱਕੀ ਇਕ ਜਲ-ਧਾਰ ਬਣਿ ਚੱਲੇ ਮੱਧਮ ਚਾਲ ।
ਇਕ ਲਿਟ ਵਾਲੀ ਗੁੱਤ ਜਿਉਂ ਹੁੰਦੀ ਹੈ ਪਤਲੇਰਿ,
ਤਿਉਂ ਵਹਿ ਰਹੀ ਹੈ 'ਨਰਵਦਾ' ਆਪ ਲਵੇਂਗਾ ਹੇਰ ।
ਪੱਤੇ ਪੀਲੇ ਰੁੱਖਾਂ ਦੇ ਜਲ-ਧਾਰਾ ਵਿਚ ਪੈਣ,
ਪੀਲਾ ਪੀਲਾ ਹੋਇਆ ਹੋਸੀ ਨਿੱਕਾ ਵਹਿਣ ।
ਚਿਰ-ਵਿਛੜੀ ਕੁਈ ਸੱਜਣੀ ਜਿਉਂ ਹੋ ਜਾਂਦੀ ਜ਼ਰਦ,
ਇੰਜ ਪੀਲੀ ਹੈ 'ਨਰਵਦਾ', ਤੇ ਤਲ ਭਰਿਆ ਗਰਦ ।
ਬਿਰਹੋਂ-ਸੂਚਕ ਚਿੰਨ੍ਹ ਇਹ ਸਚਮੁਚ ਹੈਨ ਸੁਭਾਗ,
ਜਾ, ਉਸਨੂੰ ਜਲ-ਦਾਨ ਦੇਹ, ਉਹ ਖੇੜੇ ਬਨ ਬਾਗ਼ ।
ਖੀਣ ਜੁ ਹੁੰਦੀ ਜਾ ਰਹੀ, ਗਈ ਵਿਜੋਗ 'ਚ ਸੁੱਕ,
ਦੁੱਖ ਮਿਟਾ ਸਭ ਓਸ ਦਾ, ਚਲ ਹੁਣ ਰਤਾ ਕੁ ਰੁੱਕ ।
ਬਰਖਾ ਦੇ ਜਲ ਨਾਲ ਫਿਰ ਉਸਦਾ ਦੀਪ-ਸੁਭਾਗ,
ਜਗ ਮਗ ਕਰਦਾ ਜਗ ਉਠੂ, ਨਵਾਂ ਤ੍ਰਾਣ ਪਊ ਜਾਗ ।

31

ਵਿਚਰੀਂ ਜਾ ਵਿਚ ਮਾਲਵੇ ਜੋ ਵੀਰਾਂ ਦਾ ਦੇਸ਼
ਤੇ ਜਿੱਥੇ 'ਉਦੈਨ' ਦਾ ਗਾਂਦੇ ਜੱਸ ਹਮੇਸ਼ ।
ਵੀਰ-ਕਥਾਵਾਂ ਜਿਸ ਦੀਆਂ ਬਿਰਧਾਂ ਕੀਤੀਆਂ ਕੰਠ;
ਰਹਿਣ ਜਿਨ੍ਹਾਂ ਨੂੰ ਸੁਣਨ ਲਈ ਯੁਵਕ ਸਦਾ ਉਤਕੰਠ ।
ਸ਼ੋਭਾ ਨਗਰ ਉਜੈਨ ਦੀ ਮੈਥੋਂ ਹੋਇ ਨਾ ਦੱਸ;
ਚਹੁੰ ਦਿਸ ਰੂਪ ਹੁਲਾਰਦੇ, ਕਣ ਕਣ ਰਹਿਆ ਹੱਸ ।
ਜਾਪੇ ਸਵਰਗੀ-ਜੀਊੜੇ ਅਮਿਤ ਸਵਰਗ-ਸੁਖ ਭੋਗ,
ਪਰਤੇ ਮੁੜ ਧਰਤੀ ਉਤੇ ਧਰਮੀ ਸਦਾ-ਅਰੋਗ ।
ਟੁਕੜਾ ਸੁੰਦਰ ਸਵਰਗ ਦਾ ਉਹ ਲੈ ਆਏ ਨਾਲ;
ਉਸ ਦਾ ਨਾਮ ਉਜੈਨ ਪੈ , ਸ਼ੋਭਾ ਵਧੀ ਵਿਸ਼ਾਲ ।

32

'ਸ਼ਿਪਰਾ' ਨਦੀ ਦੇ ਤਟ ਉੱਤੇ ਹੈ ਉਜੈਨ ਆਬਾਦ,
ਕੰਵਲ ਸੁਗੰਧੀ ਸੁੰਘਦੇ ਭੌਰੇ ਜਿੱਥੇ ਸ਼ਾਦ ।
ਮਹਿਕਾਂ ਵੰਡਦੀ ਪੌਣ ਹੈ, ਸਾਰਸ ਮਿੱਠਾ ਗਾਣ;
ਸੁਹਣੀਆਂ ਦੀ ਛੁਹ ਮਾਣਕੇ ਬੁੱਲੇ ਲੱਕ ਲਚਕਾਣ ।
ਸੁਰਤਿ-ਗਿਲਾਨੀ ਪਲਾਂ ਵਿਚ ਕਰ ਦੇਂਦੇ ਨੇ ਦੂਰ,
ਕਰਨ ਅਨੋਖੇ ਸੁਆਦ ਤਦ ਅੰਗਾਂ ਨੂੰ ਮਖਮੂਰ ।
ਚਤਰ ਜਿਵੇਂ ਚਟੁਕਾਰ ਕੁਈ, ਪਉਣ ਉਏਂ ਰਸ ਵੰਡ,
ਕੁੱਲ ਥਕੇਵੇਂ ਲਾਹੁੰਦੀ, ਬਲ ਕਰਦੀ ਪਰਚੰਡ ।

33

ਧਨ ਦਾ ਭਰਿਆ ਸ਼ਹਿਰ ਹੈ, ਮਾਇਆ ਦਾ ਨਾ ਅੰਤ;
ਹੱਟਾਂ ਉੱਤੇ ਲਟਕ ਰਹੇ ਮੋਤੀ-ਹਾਰ ਬਿਅੰਤ ।
ਖਿੰਡੇ ਸੰਖ ਤੇ ਸਿੱਪੀਆਂ, ਮਣੀਆਂ ਦੇ ਅੰਬਾਰ
ਲੱਗੇ ਨੈਣ ਨਾ ਟਿਕ ਸਕਣ, ਨੂਰਾਂ ਜਿਉਂ ਲਿਸ਼ਕਾਰ ।
ਇਉਂ ਜਾਪੇ ਸਿੰਧ-ਤੱਲ ਜਿਉਂ ਸਾਰੇ ਸੱਖਣੇ ਹੋਇ;
ਰਹਿਆ ਨਾ ਉਨ੍ਹਾਂ ਵਿਚ ਹੈ ਮਾਣਕ ਮੋਤੀ ਕੋਇ ।
ਜਲ ਹੀ ਜਲ ਹੈ ਰਹਿ ਗਇਆ ਤੇ ਸਭ ਰਤਨ ਅਮੋਲ;
ਹੈਨ ਉਜੈਨੀ ਆ ਗਏ ਅੱਚਣਚੇਤ, ਅਭੋਲ ।

34

ਕੇਵਲ ਸੁੰਦਰ ਹੀ ਨਹੀਂ ਬਾਂਕਾ ਨਗਰ ਉਜੈਨ;
ਸਗੋਂ ਇਦ੍ਹਾ ਇਤਿਹਾਸ ਵੀ ਗੌਰਵਤਾ ਦੀ ਦੇਣ ।
ਏਥੇ ਹੀ 'ਪ੍ਰਦਿਓਤ' ਦੀ ਪੁਤਰੀ 'ਵਾਸਵ-ਦੱਤ'
ਨੂੰ ਲੈ ਕੇ 'ਉੱਦੈਨ' ਸੀ ਪਲ ਵਿਚ ਹੋਇਆ ਪੱਤ ।
ਵਾਸੀ ਉਹ ਸੀ 'ਵਤਸ' ਦਾ, ਜਿਸ ਦੇ ਗੱਭੇ ਵਿਚ
ਬਨ ਇਕ ਸੰਘਣਾਂ, ਸਨ ਜਿਦ੍ਹੇ ਤਾਲ-ਸੁਨਹਿਰੇ ਬ੍ਰਿੱਛ ।
ਹਾਥੀ ਨਾਂ ਜਿਸ 'ਨੀਲ ਗਿਰਿ' ਮਦ-ਮੱਤਾ ਵਿਕਰਾਲ,
ਉੱਚਾ ਵੱਡੇ ਕੱਦ ਦਾ, ਸੁੰਦਰ ਸੁੰਡ ਵਿਸ਼ਾਲ ।
ਬੁੱਢੇ ਮਰਦ ਉਜੈਨ ਦੇ ਇਹ ਇਤਿਹਾਸ ਸੁਣਾਇ
ਸ੍ਰੋਤਿਆਂ ਨੂੰ ਹੁਲਸਾਂਵਦੇ, ਸੁਣਦੇ ਜੋ ਕੰਨ ਲਾਇ ।

35

ਮੇਘ ! 'ਉਜੈਨ' ਵਿਚਾਲੜੇ ਵੇਖ ਵਿਲਾਸ ਅਨੰਦ
ਮਨ ਤੇਰਾ ਵਿਗਸੀ ਪਊ, ਹੋ ਜਾਸੇਂ ਖ਼ੁਰਸੰਦ ।
ਕਾਮਨੀਆਂ ਉਥੋਂ ਦੀਆਂ ਨ੍ਹਾ ਧੋ ਕੇਸ ਖਿਲਾਰ,
ਗੁਧੀਆਂ ਵਿਚ ਵਿਲਾਸ ਦੇ ਕਰਦੀਆਂ ਨੇ ਸ਼ਿੰਗਾਰ ।
ਚੰਦਨ-ਅਗਰ ਸੁਗੰਧੀਆਂ ਮਹਿਕਣ ਜਿੱਥੇ ਨਿੱਤ;
ਪੰਧ ਤੇਰੇ ਦੀਆਂ ਕੁਲਫ਼ਤਾਂ ਦੂਰ ਹੋਵਸਨ ਮਿੱਤ ।
ਤੁਧ ਅਣ-ਜਾਣੂੰ-ਪ੍ਰਾਹੁਣੇ ਤਾਈਂ ਤਦੋਂ ਨਿਹਾਰ,
ਨੱਚਣਗੇ ਮਨ ਉਨ੍ਹਾਂ ਦੇ, ਰਸ ਕੇ ਵਿਚ ਪਿਆਰ ।
ਕੰਵਲ ਭਰੇ ਸਰ ਉਥੋਂ ਦੇ ਮਹਿਕ ਨਾਲ ਭਰਪੂਰ,
ਸਜੀਆਂ ਵਜੀਆਂ ਸਜਣੀਆਂ, ਚਾਵਾਂ ਵਿਚ ਮਖ਼ਮੂਰ ।
ਪਾਲੇ ਹੋਏ ਉਨ੍ਹਾਂ ਦੇ ਨੱਚਣ ਮੋਰ, ਚਕੋਰ;
ਖ਼ੁਸ਼ੀਆਂ ਖਿੰਡੀਆਂ ਕੋਹਾਂ ਵਿਚ ਨਾ ਕੋਈ ਬੰਨਾ ਛੋਰ ।
ਸੁਹਣੇ ਰੰਗ ਮਹੱਲ ਨੇ, ਠਹਿਰੀਂ ਕਰੀਂ ਅਰਾਮ;
ਤਨ ਤੇ ਮਨ ਦੀ ਲਾਹ ਲਈਂ ਕੁਲ ਥਕਾਵਟ, ਘਾਮ ।

36

ਮਹਾਂ ਕਲੇਸ਼ਵਰ ਤਿਰਭਵਨ ਸ੍ਰੀ ਗੁਰ ਦੇ ਜਾ ਧਾਮ
ਅਪਣਾ ਜਨਮ ਸੁਆਰ ਲਈਂ ਸਿਮਰੀਂ ਮੁੱਖੋਂ ਨਾਮ ।
ਓਥੇ ਹੈ ਉਹ ਸੋਭਦਾ, ਜਿੱਥੇ ਕੰਵਲ-ਪ੍ਰਾਗ,
ਕਰੇ ਸੁਗੰਧਤ ਪੌਣ ਨੂੰ, ਕਣ ਕਣ ਜਿਦ੍ਹਾ ਸੁਭਾਗ ।
ਯੁਵਤੀਆਂ ਦੇ ਅੰਗ-ਰਾਗ ਤੋਂ ਹੋਏ ਸਵਾਸਿਤ ਨੀਰ,
ਨਿੱਤ ਸਿੰਜ ਕਰਦਾ ਓਸ ਨੂੰ ਬਰਕਤ ਨਾਲ ਅਮੀਰ ।
ਸ਼ਿਵ-ਭੋਲੇ ਦੇ ਪਾਰਖਦ ਤੈਨੂੰ ਦਏ ਸਨਮਾਨ;
ਤੇਰਾ ਦਰਸ਼ਨ ਕਰਨਗੇ ਸ਼ਿਵ-ਮਹਾਰਾਜ ਪਛਾਣ ।

37

ਹੇ ਜਲ-ਧਾਰੀ ਮੇਘ ਸੁਹੇਲੇ !
ਮਹਾਂ-ਕਾਲ ਮੰਦਰ ਜਦ ਜਾਏਂ;
ਚੰਦਰਮਾ ਦੇ ਅਸਤ ਹੋਣ ਤੱਕ
ਠਹਿਰੀਂ ਓਸ ਸਜੀਲੀ ਥਾਂਏਂ ।
ਸੂਰਜ ਉਦੇ ਹੋਣ ਤੇ ਜਦ ਫਿਰ
ਦੇਵ-ਅਸਥਾਨ ਮਧੁਰ ਸੰਗੀਤਾਂ
ਨਾਲ ਭਰਨ, ਤਾਂ ਗਰਜ ਸੁਰਾਂ ਤੂੰ
ਛੇੜੀਂ ਭਿੱਜੀਆਂ ਨਾਲ ਪ੍ਰੀਤਾਂ ।
ਸ਼ਿਵ-ਪੂਜਾ ਦਾ ਤੂੰ ਫਲ ਪਾ ਕੇ
ਸਰਸੇਂਗਾ ਹੇ ਮੇਘ ਪਿਆਰੇ !
ਪਉਣ ਪੰਘੂੜੇ ਬੈਠਾ ਹੋਇਆ
ਵੇਖੇਂਗਾ ਨਵ-ਨੀਤ ਨਜ਼ਾਰੇ ।

38

ਸੋਹਣੀ ਸੰਧਿਆ ਆਰਤੀ ਵੇਲੇ
ਨਚਦੀਆਂ ਹੋਸਨ ਦੇਵ ਨਚਾਰਾਂ,
ਝਨਨ-ਝਨਾਂਦੇ ਘੁੰਗਰੂਆਂ ਵਿੱਚੋਂ
ਉਠਦੀਆਂ ਤੱਕਸੇਂ ਮੇਘ ਮਲ੍ਹਾਰਾਂ ।
ਰਤਨ-ਜੜੇ ਕੰਗਣਾਂ ਦੀ ਛਬਿ ਦੇ
ਨਾਲ ਸੰਵਾਰੇ ਚੌਰ-ਸੁਨਹਿਰੇ;
ਹੌਲੀ ਹੌਲੀ ਹਿਲਦੇ ਹੋਸਨ
ਲੈ ਲੈ ਹੱਥਾਂ ਦੇ ਵਿਚ ਲਹਿਰੇ ।
ਕਿਉਂ ਜੋ ਨਾਲ ਥਕੇਵੇਂ ਥਕਦੀਆਂ
ਜਦ ਨੇ ਸੁਹਣੀਆਂ ਨਰਮ-ਕਲਾਈਆਂ;
ਤਦੋਂ ਵਿਲਾਸ ਸੁਣ੍ਹੇਰਾ ਹੋ ਕੇ
ਕਰਦਾ ਹੈ ਸਚ ਮੁਚ ਮਨ ਆਈਆਂ ।
ਮੇਘਲੇ ! ਜਦੋਂ ਫੁਹਾਰਾਂ-ਮੋਤੀ
ਤੇਰੇ ਸੁੰਦਰੀਆਂ ਨੂੰ ਛੁੰਹਦੇ,
ਧੋਂਦੇ ਪੈਰਾਂ ਦੇ ਨੌਹਾਂ ਨੂੰ;
ਤਦੋਂ ਨਵੇਲੇ ਜਾਦੂ ਹੋਂਦੇ ।
ਤੇ ਫਿਰ ਉਹ ਮੁਟਿਆਰਾਂ ਜੋ ਨੇ
ਉੱਜੈਨੀ ਮਾਵਾਂ ਦੀਆਂ ਜਾਈਆਂ,
ਤੈਨੂੰ ਤੱਕ ਵਿਲਾਸ ਵੇਠੀਆਂ
ਝੂਮ ਉੱਠਣਗੀਆਂ ਦੀਦ-ਤਿਹਾਈਆਂ ।

39

ਸੰਧਿਆ-ਆਰਤੀ ਦਾ ਰਸ ਪੀ ਕੇ
ਤੂੰ ਇਕ ਕੰਮ ਜ਼ਰੂਰੀ ਕਰਨਾ,
ਭੂਤ-ਨਾਥ ਮੋਹਰੇ ਹਾਥੀ-ਚੰਮ
ਲਹੂ-ਲਿਬੜਿਆ ਮਲਕੜੇ ਧਰਨਾ ।
ਤਾਂਡਵ-ਨਾਚ ਸਮੇਂ ਸ਼ਿਵ-ਭੋਲੇ
ਇਹ ਚਮੜਾ ਹੀ ਧਾਰਨ ਕਰਦੇ,
ਡਮ ਡਮ ਨੇ ਡਮਰੂ ਡਮਕਾਂਦੇ,
ਕੁੱਲ ਕਲੇਸ਼ ਪਾਪ ਹਨ ਹਰਦੇ ।
ਪਰ ਐਸਾ ਗਜ-ਚਮੜਾ ਤਕ ਕੇ
ਮਾਂ ਗੌਰਾਂ ਦਾ ਹਿਰਦਾ ਕੰਬੇ,
ਪਿਖ ਲੈਂਦੀ ਹੋਣੀ ਦੀਆਂ ਰਮਜ਼ਾਂ
ਜਗ-ਮਾਤਾ, ਜਣਨੀ ਜਗਦੰਬੇ ।
ਮੁੜ ਜਾਂ ਤੇਰੀ ਨੀਲ ਘਟਾ ਤੇ
ਸੰਝ-ਕਾਲ ਦੀ ਲਹੂ-ਮਈ ਲਾਲੀ
ਦਾ ਪਰਛਾਵਾਂ ਪਏ ਤਾਂ ਦਿੱਸੇਂ
ਤੂੰ ਹਾਥੀ-ਚੰਮ ਵਾਂਗ ਵਿਖਾਲੀ ।
ਤਾਂ ਸ਼ਿਵ-ਤਾਂਡਵ ਨਿਰਤ ਸਮੇਂ ਤੂੰ
ਭੁਜਾ-ਰੂਪ ਬਿਰਛਾਂ ਦੇ ਬਨ ਨੂੰ;
ਭਿਉਂ ਦੇਣਾ ਜਲ-ਧਾਰ ਵਸਾ ਕੇ
ਹਰਖਾਣਾ ਸ਼ਿਵ-ਭੋਲੇ ਮਨ ਨੂੰ ।
ਇੰਜੇ ਹੀ ਹਾਥੀ-ਚੰਮ ਧਾਰਨ
ਦੀ ਇੱਛਾ ਸਭ ਪੂਰੀ ਹੋਸੀ,
ਸ਼ੋਕ ਨਾ ਵਿਆਪੂ ਮਾਂ ਗੌਰਾਂ ਨੂੰ
ਨੈਣ ਨਾ ਹੰਝੂਆਂ ਦੇ ਸੰਗ ਧੋਸੀ ।
ਇਸ ਦਾ ਇਹ ਫਲ ਤੂੰ ਪਾਏਂਗਾ
ਰੀਝ ਪਵੇਗੀ ਮਾਤ-ਭਵਾਨੀ;
ਅੰਮ੍ਰਿਤ ਬਣ ਜਾਇਗਾ ਭੋਂ ਲਈ
ਤੇਰਾ ਅਮਿਓ ਮਿੱਠਾ ਪਾਣੀ ।

40

ਕੰਮ ਕਰੀਂ ਇਕ ਨਾਲ ਹੋਰ ਵੀ
ਕੰਨ ਧਰੀਂ ਤੈਨੂੰ ਸਮਝਾਵਾਂ;
ਉੱਜੈਨੀ ਦੀਆਂ ਸੁਹਣੀਆਂ ਸਜਨੀਆਂ
ਸੁਟਦੀਆਂ ਹੋਈਆਂ ਨੂਰ-ਸ਼ੁਆਵਾਂ
ਮੇਘ-ਅਨ੍ਹੇਰੇ ਹੇਠਾਂ ਤੁਰਦੀਆਂ
ਜਾ ਪੁਜਸਨ ਉਹ ਉਹਨੀਂ ਥਾਂਈਂ;
ਸਜਣਾਂ ਨੇ ਦੱਸੀਆਂ ਜੋ ਹੁੰਦੀਆਂ
ਇਕਰਾਰਾਂ ਵਿਚ ਚਾਈਂ ਚਾਈਂ ।
ਤਦ ਤੂੰ ਆਪਣੇ ਨੀਲਾਂਬਰ ਵਿਚ
ਸਵਰਨ ਰੇਖ ਵਾਹ ਕੇ ਚਮਕੀਲੀ,
ਰਾਹ ਦੱਸੀਂ ਉਹਨਾਂ ਨੂੰ ਬੀਬਾ
ਨੂਰੀ ਲਿਸ਼ਕ ਲਸ਼ਾ ਕੇ ਪੀਲੀ ।
ਵੇਖੀਂ ! ਕਿਤੇ ਹੰਕਾਰਿਆ ਹੋਇਆ
ਨਾ ਗੱਜੀਂ, ਨਾ ਵੱਸੀਂ ਹੀ ਤੂੰ;
ਕੇਵਲ ਉਨ੍ਹਾਂ ਵਾਸਨਾ ਮੱਤੀਆਂ
ਨੂੰ ਖੁੰਝਿਆ ਰਾਹ ਦੱਸੀਂ ਹੀ ਤੂੰ ।
ਪ੍ਰੀਤ-ਸਤਾਈਆਂ ਪੰਧ ਪੈਣ ਜਦ
ਸਹਿਮ ਵਲੇ ਤਦ ਮਨ ਉਹਨਾਂ ਦਾ;
ਪੱਤ ਹਿੱਲਿਆਂ ਵੀ ਪੈਰ ਥਿੜਕਦੇ
ਕੰਬ ਕੰਬ ਉਠਦੈ ਤਨ ਉਹਨਾਂ ਦਾ ।

41

ਇਹਨਾਂ ਚੋਜਾਂ ਦੇ ਵਿਚ ਤੈਨੂੰ
ਕੋਈ ਸੁਆਦ ਅਨੋਖਾ ਆਸੀ;
ਚਿਰ-ਵਿੱਲਦੀ ਤੇਰੀ ਬਿਜਲੀ ਵੀ
ਰਸ ਵਿਚ ਰਸ ਕੇ ਨੂਰ ਲੁਟਾਸੀ ।
ਤੇ ਤੇਰੇ ਹਰ ਜਲ-ਬਿੰਦੂ ਵਿਚ
ਤਕਸੇਂ ਪਈ ਹੈ ਜਾਗ ਹੁਲਾਸੀ ।
ਜੇ ਉਜੈਨ ਦੇ ਮਹਿਲ ਕਿਸੇ ਦੀ
ਛਤ ਉਤੇ ਤੂੰ ਲਾਸੇਂ ਡੇਰਾ,
ਤਦ ਵਿਚਰੀਂ ਓਥੇ ਜਦ ਤਕ ਨਾ
ਪੂਰਬ ਉਜਲਾ ਕਰੇ ਸਵੇਰਾ ।
ਉਜੈਨੀ ਦੇ ਮਨ-ਮੁਹਣੇ ਜੋ
ਹੈਨ ਚੁਫੇਰ ਨਜ਼ਾਰੇ ਸੋਹਣੇ;
ਵੇਖ ਉਨ੍ਹਾਂ ਨੂੰ ਭੁੱਲ ਨਾ ਜਾਈਂ
ਇਹ ਸਭ ਛਾਈਂ ਮਾਈਂ ਹੋਣੇ ।
ਜਦ ਇਕਰਾਰ ਕਰੇਂਦਾ ਹੈਵੇ
ਤੇਰੇ ਜਹਿਆ ਸੂਰਮਾ ਪੂਰਾ,
ਕੱਚਾ-ਪਿੱਲਾ ਉਹ ਨਾ ਨਿਕਲੇ,
ਪ੍ਰਣ ਉਸ ਦਾ ਨਾ ਰਹੇ ਅਧੂਰਾ ।
ਕਰਮ-ਸ਼ੀਲ ਤੈਂ ਵਰਗੇ ਤਾਈਂ
ਗਲ ਨਾ ਐਸੀ ਸ਼ੋਭਾ ਦੇਂਦੀ;
ਪਾਲ ਬਚਨ ਮੇਰੇ ਵੀਰਾ ਤੂੰ,
ਮਰਦਾਂ ਦੀ ਜਗ ਕੀਰਤਿ ਰਹਿੰਦੀ ।

42

ਉਜੈਨੀ ਤੋਂ ਤੁਰਨ ਲੱਗਿਆਂ
ਇਹ ਗੱਲ ਮੇਰੀ ਚੇਤੇ ਰੱਖੀਂ;
ਉਸ ਵੇਲੇ ਮਨ ਵੱਸੋਂ ਨਿਕਲੇ
ਸਭ ਕੁਝ ਤੱਕੀਂ ਅਪਣੀ ਅੱਖੀਂ ।
ਓਸ ਸਮੇਂ ਘਰ ਵਾਪਸ ਆਏ
ਸੁਹਣੇ ਸੱਜਣੀਆਂ ਦੇ ਸੁਆਮੀ,
ਪ੍ਰਣ-ਹਰੀਆਂ ਨਾਰਾਂ ਦੇ ਅੱਥਰੂ
ਪੂੰਝਣ, ਕਰਦੇ ਮਾਫ਼ ਖੁਨਾਮੀ ।
ਨਾਲ ਪ੍ਰਾਏ ਮਰਦਾਂ ਕਰਦੀਆਂ
ਸਨ ਪਿੱਛੋਂ ਜੋ ਹਾਸ ਵਿਲਾਸੇ,
ਪਤੀ ਮਨਾਂਦੇ ਨੇ ਉਹਨਾਂ ਨੂੰ
ਕਾਮਾਤਰ ਹਾਸੇ ਛਲਕਾ ਕੇ ।
ਰਾਤ ਬੀਤੀ ਪਿੱਛੋਂ ਜਦ ਆਊ
ਸੁਹਣੀ ਉਹ ਪ੍ਰਭਾਤ-ਨਵੇਲੀ,
ਸੂਰਜ ਦੇਵ ਪਰਤ ਆਵਣਗੇ
ਕੰਵਲ-ਫੁੱਲਾਂ, ਰੰਗਣਾਂ ਦੇ ਬੇਲੀ ।
ਕੰਵਲਾਖੀ ਨਲਿਨੀ ਦੇ ਅੱਥਰੂ
ਪੂੰਝਣਗੇ ਨਵ-ਗੰਧ ਦੇਣਗੇ ।
ਝੂਮਣਗੇ ਭੌਰੇ ਲਟਬੌਰੇ,
ਗਮਕ ਉਠਾ ਮੰਦ ਮੰਦ ਦੇਣਗੇ ।
ਤਦ ਤੂੰ ਰਾਹ ਰੋਕੀਂ ਨਾ ਕਿਧਰੇ
ਇਹ ਵੱਡਾ ਅਪਰਾਧ ਹੋਇਗਾ;
ਇਸ ਦੇ ਨਾਲ ਕੰਵਲ ਖਿੜਿਆਂ ਦਾ
ਖੰਡਤ ਰਸੁ-ਸੁਆਦ ਹੋਇਗਾ ।
ਚੰਗਾ ਹੋਵੇ ਜੇ ਤੂੰ ਓਥੋਂ
ਵੱਡੇ ਤੜਕੇ, ਸਰਘੀ ਵੇਲੇ,
ਲਵੇਂ ਵਿਦੈਗੀ ਚੁੱਪ-ਚੁਪੀਤਾ
ਤੁਰੇਂ ਅਗੇਰੇ ਵੀਰ, ਸਵੇਲੇ ।

43

ਉਜੈਨੀ ਤੋਂ ਅੱਗੇ ਜਾ ਕੇ
ਤੇਰੇ ਰਸਤੇ ਵਿਚ 'ਗੰਭੀਰਾ'
ਨਦੀ ਆਇਗੀ ਲਹਿਰਾਂਦੀ ਹੋਈ
ਚੁੰਮਦੀ ਹੋਸੀ ਜਿਹਨੂੰ ਸਮੀਰਾ ।
ਉਸ ਦੇ ਜਲ-ਹਿਰਦੇ ਵਿਚ ਤੇਰੀ
ਛਾਂ ਅੰਕਿਤ ਹੋ ਜਾਸੀ ਵੀਰਾ,
ਓਵੇਂ ਜਿਵੇਂ ਸੁਅੰਗਣੀਆਂ ਨੂੰ
ਮਰਦ-ਛਬੀ ਕਰ ਦਏ ਬੇ ਧੀਰਾ ।
ਪੁਰਸ਼ ਜਵਾਨ ਸਿਤਰਿਆ ਹੋਇਆ
ਭੋਲੀਆਂ ਭਾਲੀਆਂ ਨੂੰ ਫਾਹ ਲੈਂਦਾ;
ਪ੍ਰੇਮ-ਜਾਲ ਦੀ ਕੁੰਡੀ ਸੁੱਟ ਉਹ
ਕਾਬੂ ਕਰ ਕੇ ਹੀ ਸਾਹ ਲੈਂਦਾ ।
ਵਾਸਨਾ-ਵਸ ਹੋਈਆਂ ਸੁੰਦਰੀਆਂ
ਤੈਨੂੰ ਤਕਸਨ ਬਿਰਹੁੰ ਸਤਾਈਆਂ;
ਨੈਣ-ਕਟਾਖ ਹਲਾਕ ਕਰਨਗੇ
ਫੰਧੇ ਪਾਸਨ ਜਾਂਦੇ ਰਾਹੀਆਂ ।
ਇੰਜ ਜੋ ਦਰਸ ਤਿਹਾਈਆਂ ਸਜਨੀਆਂ
ਤੂੰ ਨਿਰਾਸ ਉਹਨਾਂ ਨੂੰ ਕਰਸੇਂ;
ਜਾਂ ਪਲ ਝੂੰਮ ਆਕਾਸ਼ ਉਤੇ ਤੂੰ
ਤਾਪ ਤਪੇ ਰਿਦਿਆਂ ਦੇ ਹਰਸੇਂ ।

44

ਰਸਿਕ ਮਿਤ੍ਰ ! ਸ਼ੰਕਾ ਇਹ ਮੈਨੂੰ
ਤੂੰ 'ਗੰਭੀਰਾ' ਨਦੀ ਕਿਨਾਰੇ,
ਪ੍ਰੇਮ-ਕੌਤਕਾਂ ਵਿਚ ਗੁਆਚਾ
ਓਥੇ ਅਟਕ ਨਾ ਜਾਈਂ ਪਿਆਰੇ ।
ਜਦ ਤੂੰ ਨਦੀ ਕਿਨਾਰੇ ਖੱਲ੍ਹ ਕੇ
'ਵੇਣ' ਰੁੱਖਾਂ ਦੇ ਹੱਥ ਸ਼ਾਖਾਂ ਸੰਗ
ਨੀਲੇ ਜਲ-ਰੂਪੀ ਬਸਤ੍ਰਾਂ ਨੂੰ
ਚੁੱਕ ਲਵੇਂਗਾ ਕਰ ਕੁਈ ਢੰਗ;
ਨੈਂ ਦਾ ਰੂਪ ਅਨੋਖਾ ਤਕਿ ਤਦ
ਪਿਆਰ-ਨਸ਼ੇ ਵਿਚ ਗੁਟ ਹੋਵੇਂਗਾ;
'ਅਲਕਾ' ਜਾਣਾ ਯਾਦ ਨਾ ਰਹਿਸੀ
ਰਿਮ ਝਿਮ ਲਾ ਕੇ ਤੱਲ ਧੋਵੇਂਗਾ ।
ਉਸ ਦੇ ਰੂਪ ਅਨੁਪਮ ਮੋਹਿਆ,
ਉਸ ਦੀ ਰਸ-ਰੱਤੀ ਛੁਹ ਪਾ ਕੇ,
ਕੌਣ ਉਹ ਦਿਲ ਵਾਲਾ ਜੋ ਓਥੋਂ
ਹਿੱਲ ਵੀ ਸੱਕੇ ਹੱਥ ਛੁਡਾ ਕੇ ?

45

ਜਦ ਤੂੰ ਓਥੋਂ ਦੇਵ-ਗਿਰੀ ਵੱਲ
ਉਡੇਂਗਾ ਲੱਖ ਲੈ ਕੇ ਯਾਦਾਂ,
ਮੰਦ ਮੰਦ ਵਗਦਾ ਹੋਇਆ ਪੁਰਵਾ
ਸਾਥ ਕਰੇਗਾ, ਵਰਿਆ-ਸੁਆਦਾਂ ।
ਇਹ ਪੁਰਵਾ ਸਾਧਾਰਣ ਵਾ ਨਹੀਂ
ਇਹ ਤਾਂ ਫਲ ਰਸਾਵਣ ਵਾਲਾ;
ਅਪਣੇ ਨਰਮ ਹਿਲੋਰੇ ਦੇ ਦੇ
ਸਹਿਜ ਸੁਵੰਨ ਪਕਾਵਣ ਵਾਲਾ ।
ਤੇਰੀ ਛੁਹ ਲੈਂਦਿਆਂ ਹੀ ਮਦ-ਭਰੀ
ਮਹਿਕ ਅਚਰਜ ਚੁਫੇਰੇ ਖਿੰਡਦੀ;
ਮੇਲ ਓਸ ਦੇ ਨਾਲ ਸੁਵਸਤ ਹੋਇ
ਸਗਲ ਬਨਸਪਤਿ ਲਵੇ ਸੁਗੰਧੀ ।
ਰਾਹ ਦੇ ਬਨਾਂ ਵਿਚਾਲੇ ਉੱਚੇ
ਹਾਥੀ ਲੰਮੀਆਂ ਸੁੰਡਾਂ ਵਾਲੇ,
ਸੁਆਦ-ਸੁਗੰਧਿ ਮਾਣਦੇ ਹੋਏ
ਹੋ ਜਾਂਦੇ ਮਦ ਪੀ ਮਤਵਾਲੇ ।
ਐਸੀ ਲੀਲਾ-ਭਰੀ ਪੌਣ ਸੰਗ
'ਦੇਵ-ਗਿਰੀ' ਵਿਚ ਪੈਰ ਧਰੇਂਗਾ;
ਤੇ ਉਥੋਂ ਦੀਆਂ ਸੁਹਣੀਆਂ ਨੂੰ ਤੂੰ
ਰੂਪ-ਨਸ਼ੇ ਵਿਚ ਮਸਤ ਕਰੇਂਗਾ ।

46

ਦੇਵ-ਸੈਨਾਪਤਿ ਸ੍ਰੀ 'ਕਾਰਤਿ-ਕੇਯ'
ਦੇਵ-ਗਿਰੀ ਤੇ ਹੈਨ ਰਹਿੰਦੇ;
ਉਹਨਾਂ ਜਿਹਾ ਨਾ ਉਚਾ ਸੁੱਚਾ
ਦੇਵਤਾ ਹੋਰ, ਪੁਰਾਣ ਨਿ ਕਹਿੰਦੇ ।
ਦੇਵ-ਸੈਨਾਵਾਂ ਦੀ ਰਖਿਆ ਹਿਤ
ਮਸਤਕ ਤੇ ਚੰਨ ਧਾਰਨ ਵਾਲੇ
ਸ਼ਿਵ, 'ਆਦਿਤਮਯ' ਪੈਦਾ ਕੀਤਾ
ਗਰਭ-ਅਗਨਿ ਤੋਂ ਸਦ-ਮਤਵਾਲੇ ।
ਓਸੇ ਤੇਜ ਗਰਭ 'ਚੋਂ 'ਕਾਰਤਿ-ਕੇਯ'
ਨੂੰ ਉਪਜਾਇਆ, ਪਰਵਾਨਿਆ;
ਤੂੰ ਓਥੇ ਖੱਲ੍ਹ ਫੁੱਲ ਵਸਾਈਂ
ਰੂਪ-ਹਜ਼ੂਰੀ ਵਿਚ ਪਰਵਾਨਿਆ ।
ਗੰਗ-ਆਕਾਸ਼ ਦੀਆਂ ਲਹਿਰਾਂ 'ਚੋਂ
ਪਾਣੀ ਲੈ ਉਹਨਾਂ ਨੂੰ ਧੋਵੀਂ;
'ਆਦਿਤ' ਜਿਹੇ ਤੇਜਸਵੀ 'ਕਾਰਤਿ-ਕੇਯ'
ਤੋਂ ਸਦਕੇ ਬਲ ਬਲ ਹੋਵੀਂ ।
ਨਿਰਮਲ-ਅਮਿਓ ਬੂੰਦਨੀਆਂ ਦੇ
ਹੇਠ ਬਿਠਾ ਇਸ਼ਨਾਨ ਕਰਾਵੀਂ
ਲਾਹ ਦਈਂ ਕੁੱਲ ਥਕੇਵੇਂ,
ਤਨ ਨੂੰ ਘੁੱਟੀਂ, ਹੌਲਾ ਫੁੱਲ ਬਣਾਵੀਂ ।

47

ਇਸ ਕੌਤਕ ਦੇ ਪਿਛੋਂ ਪ੍ਰਤਿ-ਧੁਨਿ
ਗੁੰਜਤ ਗਰਜ ਗੁਫਾਵਾਂ ਸੰਗੇ;
'ਕਾਰਤਿ-ਕੇਯ' ਵਾਹਨ ਮੋਰਾਂ ਨੂੰ
ਖ਼ੁਸ਼ ਕਰਨਾ ਹਈ ਜਾਮਨ-ਰੰਗੇ !
ਏਹ ਮੋਰ ਵੀ ਵਾਸ਼ਨਾ-ਮੁੱਠੇ,
ਨੈਣ ਕੋਰ ਤਿੱਖੇ ਜਿਹਨਾਂ ਦੇ,
ਚੰਨ-ਚਾਨਣੀ ਨਾਲ ਹੋਰ ਵੀ
ਨੂਰੀ-ਹੀਰਿਆਂ ਵਾਂਗ ਚਮਕਦੇ ।
ਇਹਨਾਂ ਮੋਰਾਂ ਨਾਲ ਸਨੇਹ ਅਤਿ
ਕਰਦੇ ਹਨ 'ਕਾਰਤਿ-ਕੇਯ' ਸੁਆਮੀ;
ਸੁਤ-ਵਾਹਨ ਤੇ ਪਾਰਵਤੀ ਵੀ
ਰੀਝ ਪਵੇ, ਮਾਂ ਅੰਤਰ-ਜਾਮੀ ।
ਨੂਰੀ ਜੋਤ ਜੜੇ ਖੰਭ ਲੱਥੇ
ਕਰਣ-ਫੂਲ ਬਣਾ ਉਹ ਪਾਵੇ,
ਤੇ ਤ੍ਰਿਪਰਾਰੀ ਮਹਾਂ-ਸ਼ਿਵ ਸਨਮੁਖ
ਜਾ ਕੇ ਪ੍ਰੇਮ ਨਾਲ ਮੁਸਕਾਵੇ ।
ਤੇਰੀ ਮੋਰ-ਸੇਵ ਤੋਂ 'ਭਵਾਨੀ'
'ਸ਼ੰਕਰ', 'ਕਾਰਤਿ-ਕੇਯ' ਤ੍ਰੈਵੇ ਹੀ
ਤੁਧ ਉੱਤੇ ਪਰਸੰਨ ਹੋਇ ਉਹ,
ਖ਼ੁਸ਼ ਹੋਸਨ ਵਰ ਦਏ ਤ੍ਰੈਵੇ ਹੀ ।

48

ਇਉਂ ਮਹਾਂ-ਸ਼ਿਵ ਅਰਾਧਨਾ ਪਿਛੋਂ
ਜਦ ਉੱਡੇਂਗਾ ਤੂੰ ਅਸਮਾਨੇ,
'ਵੀਣਾ-ਪਾਣੀ' ਸਿੱਧ ਮਿਲਣਗੇ
ਸਿੱਧ-ਸੁਅੰਗਣਾਂ ਨਾਲ ਜਿਨ੍ਹਾਂ ਦੇ ।
ਵੀਣਾ-ਨਾਦ ਨਾਲ ਨਿੱਤ ਕਰਦੇ
ਖ਼ੁਸ਼ ਉਹ 'ਕਾਰਤਿ-ਕੇਯ' ਸੁਆਮੀ ਨੂੰ;
ਉੱਡ ਆਕਾਸ਼ਾਂ ਤੇ ਚੜ੍ਹ ਜਾਂਦੇ
ਕੌਤਕ ਰੱਤੇ ਤੱਕੇਂਗਾ ਤੂੰ ।
ਤੇਰੀਆਂ ਜਲ-ਕਣੀਆਂ ਨਾਲ ਵੀਣਾਂ
ਭਿੱਜਣ ਦਾ ਡਰ ਓਹਨਾਂ ਤਾਈਂ,
ਹੋਰਸ ਰਸਤੇ ਜਾਣ ਲਈ ਮਜਬੂਰ ਕਰੇਗਾ,
ਤੱਕ ਹਟ ਜਾਈਂ ।
ਅੱਗੇ ਜਾ ਕੇ ਚਰਮਣ-ਵੰਤੀ
'ਚੰਬਾ' ਫੇਰ ਮਿਲੇਗੀ ਤੈਨੂੰ;
ਅਦਬ ਨਾਲ ਵਿੰਹਦਾ ਝੁਕ ਜਾਈਂ
ਨਿਵੀਂ ਏਸ ਨਦੀਆ ਨਿਰਭੈ ਨੂੰ ।
ਅਸੰਖ ਗਊ-ਮੇਧਾਂ ਦਾ ਫਲ ਇਹ
ਗੌਰਵ ਇਸਦਾ ਮਹਾ-ਵਡੇਰਾ,
ਏਸ ਨਦੀ ਦੀ ਮਹਿਮਾ ਵੱਡੀ
ਤੇ ਹੈਵੇ ਇਤਿਹਾਸ ਉਚੇਰਾ ।
'ਰੰਤੀ-ਦੇਵ' ਮਹਾਰਾਜੇ ਨੇ
ਇਸ ਨੂੰ ਪਰਗਟ ਕੀਤਾ ਹੈਸੀ;
ਪੁੰਨ ਫਲੇ ਉਸ ਧਰਮ-ਵਾਨ ਦੇ
ਉਸ ਦੀ ਕੀਰਤੀ ਦਾ ਇਹ ਚਿੰਨ੍ਹ ਹਈ ।

49

ਏਸ ਮਹਾਨ-ਦੇਸ ਤੋਂ ਉਡਦਾ
ਤੱਕੇਂਗਾ 'ਚੰਬਲ-ਧਾਰਾ' ਨੂੰ;
ਲੱਗੇਂਗਾ ਉਸ ਉੱਤੇ ਝੁਕਦਾ,
ਸਿੰਧ ਗਧਰਵਾਂ ਨੂੰ ਪਿਆਰਾ ਤੂੰ ।
ਸ੍ਰੀ ਕ੍ਰਿਸ਼ਨ ਜਿਉਂ ਸ਼ਾਮ-ਵਰਣ ਨੇ
ਸ਼ਾਮ-ਰੂਪ ਤੂੰ ਵੀ ਹੈਂ ਵੈਸਾ,
ਉਹਨਾਂ ਵਾਂਗ ਸੁਣ੍ਹੇਰੀ ਕਾਇਆ,
ਰੰਗ ਅਨੂਪ ਵੀ ਉਹਨਾਂ ਜੈਸਾ ।
ਇੰਜ ਪਰਤੀਤ ਹੋਵੇਗਾ ਸਭ ਨੂੰ
ਜਿਉਂ ਧਰਤੀ-ਮਾਂ ਮੋਤੀ-ਮਾਲਾ
ਵਿੱਚ ਜੜਾਇਆ ਵੱਡਾ ਨੀਲਮ
ਅਤਿ ਮਨ-ਮੁਹਣ, ਅਨੂਪਮ ਬਾਹਲਾ ।
ਮਾਂ ਦੀ ਕੰਠ-ਸੁੰਦਰਤਾ ਨੂੰ ਜਿਸ
ਅਪਣੀ ਜੋਤੀ ਨਾਲ ਲਸ਼ਾਇਆ;
ਚਿੱਟੇ ਮੋਤੀਆਂ ਦੇ ਵਿਚ ਫੱਬੇ
ਨੀਲਾ ਅੰਬਰ ਵੇਖ ਲਜਾਇਆ ।
ਪਾਰ ਹੋਵੇਂਗਾ ਜਦ 'ਚੰਬਲ' ਤੋਂ
ਤਦ 'ਦਸ਼-ਪੁਰ' ਪਹੁੰਚੇਗਾਂ ਵੀਰਾ,
ਠਹਿਰ ਓਥੇ ਕੁਝ ਪਲ ਵੇਖੀਂ ਤੂੰ
ਸੁੰਦਰੀਆਂ ਦੀ ਪ੍ਰੇਮ-ਕਰੀੜਾ ।
ਤਰੁਣ ਸੁਅੰਗਣਾਂ ਨੈਣ-ਕਟਾਖਾਂ
ਨਾਲ ਜਦੋਂ ਤੱਕਣਗੀਆਂ ਤੈਨੂੰ,
ਮੋਹ ਲੈਸਨ, ਦਿਲ ਕੱਢ ਲਿਜਾਸਨ
ਪ੍ਰੇਮ ਵਿਕੇ ਹੱਸਣਗੀਆਂ ਤੈਨੂੰ ।
ਭਵਾਂ ਕਮਾਨਾਂ ਤੀਰ ਨਜ਼ਰ ਦੇ
ਮਾਰ ਮੁਕਾਂਦੀਆਂ ਨੇ ਰਾਹੀਆਂ ਨੂੰ;
ਹਸ ਕੇ ਬਿਜਲੀ ਸੁਟ ਨੇ ਦੇਂਦੀਆਂ
ਕੱਸ ਲੈਂਦੀਆਂ ਅਲਕਾਂ ਫਾਹੀਆਂ ਨੂੰ ।
ਸ਼ਾਮ-ਕਾਂਤ ਛਾ ਜਾਂਦੀ ਹੈ ਮੁੜ
ਜਿੱਕਣ 'ਕੁੰਦ' ਫੁੱਲਾਂ ਦੇ ਪਿੱਛੇ;
ਸ਼ਾਮ-ਭੌਰਿਆਂ ਦੇ ਦਲ ਆ ਕੇ
ਮਸਤੀ ਵਿਚ ਗੁੰਜਾਰਾਂ ਪਾਂਦੇ ।
ਚਿਟੀਆਂ ਨਰਮ ਫੁਲਾਂ ਦੀਆਂ ਪੱਤੀਆਂ
ਕਰਨ ਸੁਗੰਧਤ ਆਲਾ-ਦੁਆਲਾ;
ਝੂਮਣ ਭੌਰ ਰਸਿਕ ਰਸ ਪੀ ਕੇ
ਛਲਕ ਪਵੇ ਮਾਨੋਂ ਮਦਰਾਲਾ ।

50

ਠਹਿਰੀਂ ਕੁਝ ਪਲ, ਵਧੀਂ ਫੇਰ ਤੂੰ
ਬ੍ਰਹਮਾ-ਵਰਤ ਦੇਸ਼ ਦੀ ਵੱਲੇ;
ਕਾਲੀ ਧਰਤੀ ਨੂੰ ਪਰਸੀਂ ਤੇ
ਹਰਸੀਂ, ਸਰਸੀਂ ਉੱਤਰ ਥੱਲੇ ।
ਇਹ ਉਹ ਪੁੰਨ ਭੂਮ ਜਿਸ ਤੇ ਹੈ
'ਕੁਰਸ਼ੇਤਰ' ਅਸਥਾਨ ਪਿਆਰਾ,
ਹਾਂ, ਜਿਸ ਉੱਤੇ ਵੀਰ ਅਰਜੁਨ ਨੇ
ਮੰਡਿਆ ਖੱਲ੍ਹ ਰਣ ਹੈਸੀ ਭਾਰਾ ।
ਖਿਚ ਗੰਡੀਵ ਅਸੰਖਾਂ ਸ਼ਤਰੂ
ਤਿੱਖੇ ਤੀਰਾਂ ਵਿਚ ਪਰੋਤੇ;
ਲਹੂ-ਚੋਂਦੇ ਸਿਰ ਉੱਡੇ, ਮੀਂਹ-ਜਿਉਂ
ਮੌਤ ਵਸਾਇਆ ਚੰਡੀ ਹੋ ਕੇ ।
ਨਦੀਆਂ ਲਹੂ ਦੀਆਂ ਵਗ ਤੁਰੀਆਂ
ਮਾਂਵਾਂ ਦੇ ਲਖ ਸੈ ਸੁਤ ਮੋਏ;
ਧਰਮ-ਧੁਜਾ ਲਹਿਰੀ ਚਾਹੇ ਸੀ
ਪੂਰ ਖਪੇ, ਵਡ-ਘੋਲ ਸੀ ਹੋਏ ।

51

ਕੁਰਸ਼ੇਤਰ ਦੇ ਨੇੜੇ 'ਸ੍ਰਸਵਤੀ' ਵਹੇ
ਜਿਦ੍ਹਾ ਜਲ ਪਾਨ ਸੀ ਕੀਤਾ
ਕੌਰਵ-ਪਾਂਡਵ ਦੁਹਾਂ ਵਿਚਾਲੇ
ਖੱਲ੍ਹ 'ਬਲਦੇਵ' ਸੁਜਾਨ ਸੁਰੀਤਾ ।
ਉਸ ਕਹਿਆ-"ਦੋਵੇਂ ਹੀ ਮੇਰੇ
ਪ੍ਰਾਣ-ਸਖੇ ਹੋ, ਪਿਆਰੇ ਵੀਰੇ;
ਇਕੋ ਜਹੇ, ਸੁਹਿਰਦ ਸੁਹੇਲੇ,
ਹੈ ਜੇ ਸੁੱਚੇ ਨਿਰਮਲ ਹੀਰੇ ।"
ਮਦਰਾ ਨਾਲ ਸਨੇਹ ਅਤਿ ਕਰਦਾ
ਸ਼੍ਰੀ 'ਬਲਦੇਵ' ਕ੍ਰਿਸ਼ਨ ਮਾਂ ਜਾਇਆ;
ਪਰ ਸ੍ਰਸਵਤੀ ਦਾ ਪੀ ਉਸ ਪਾਣੀ
ਮਦਰਾ ਨੂੰ ਸੀ ਮਨੋਂ ਭੁਲਾਇਆ ।
ਉਹ ਮਦਰਾ ਸਾਧਾਰਣ ਨਹੀਂ ਸੀ
ਉਸ ਦਾ ਤਾਂ ਸੀ ਨਸ਼ਾ ਨਿਰਾਲਾ;
'ਰੇਵਤੀ ਮਹਾਰਾਣੀ ਦੇ ਨੈਣ ਪਿਆਲਿਆਂ
ਵਿਚੋਂ ਮਾਰ ਉਛਾਲਾ;
ਸ਼੍ਰੀ ਬਲਦੇਵ ਦੇ ਬੁੱਲ੍ਹੀਂ ਲੱਗਾ
ਤਨ ਨਸ਼ਿਆਇਆ, ਰੂਹ ਨਸ਼ਿਆਈ;
ਅਮਰ ਰਸਾਂ ਦੇ ਆਏ ਹਿਲੋਰੇ,
ਅਤੀ ਸੁਆਦੀ ਤੇ ਸੁਖਦਾਈ ।
ਪਾਵਨ ਪਾਣੀ ਸ੍ਰਸਵਤੀ ਦਾ
ਸ਼ਰਧਾ ਨਾਲ ਲਬਾਂ ਨੂੰ ਲਾਈਂ;
ਸ਼ੁੱਧ ਕਰੀਂ ਅੰਦਰਲਾ ਅਪਣਾ,
ਤੇ ਫਿਰ ਹੌਲਾ ਫੁੱਲ ਹੋ ਜਾਈਂ ।
ਵਧ ਜਾਏਗੀ ਵਜ਼ਨ ਤੇਰੇ ਦੀ
ਬਰਕਤ ਪਾਂਦਿਆਂ ਹੀ ਸੁਖ-ਰਾਸੀ,
ਰੂਹ ਦੀ ਸਾਰੀ ਕਾਲਖ ਲਹਿਸੀ,
ਤਨ ਪੁਲਕਿਤ, ਮਨ ਆਨੰਦ ਪਾਸੀ ।

52

ਕੁਰਸ਼ੇਤਰ ਤੋਂ ਅੱਗੇ ਉਡਦਿਆਂ,
ਜਦ ਤੂੰ ਹੈ 'ਕਨਖਲ' ਪੁਜ ਜਾਣਾ;
ਉੱਥੇ ਸ਼ਿਵ-ਮਸਤਕ ਤੋਂ ਜਿੱਥੋਂ
ਫੁੱਟੀ ਗੰਗਾ, ਹੋਏ ਰਵਾਨਾ ।
ਸੱਠ ਹਜ਼ਾਰ 'ਸਗਰ' ਦੇ ਪੁੱਤਰਾਂ ਨੂੰ
ਜੋ ਸਵਰਗ ਪੁਚਾਵਣ ਵਾਲੀ,
ਨਦੀਆਂ, ਦਰਿਆਵਾਂ ਦੀ ਰਾਣੀ
ਤਨ, ਮਨ, ਰੂਹ ਹੁਲਸਾਵਣ ਵਾਲੀ ।
ਜਦੋਂ ਸਵਰਗੋਂ ਉਤਰੀ ਗੰਗਾ
ਉਸ ਦੀ ਨਿਰਮਲ ਚਿੱਟੀ ਝੱਗ ਨੂੰ,
ਸ਼ਿਵਾਂ ਜਟਾਂ ਦੇ ਵਿਚ ਸਮੇਟਿਆ
ਗੋਟਾ ਲੱਗਾ ਸੁੱਚੀ ਪੱਗ ਨੂੰ ।
ਸ਼ਿਵ ਮਸਤਕ ਸੋਭੇ ਚੰਦਰਮਾ
ਓਸ ਮੇਲ ਵਿਚ ਹੈ ਇਹ ਆਈ,
ਝੱਗ ਪਵਿਤ੍ਰ ਹੋਰ ਹੋਈ ਤੇ
ਨਾਲ ਵਧੀ ਉਸ ਦੀ ਪ੍ਰਭਤਾਈ ।
ਓਦੋਂ ਪਾਰੋ ਈਰਖਾ-ਦੱਧੀ
ਭਵਾਂ ਚੜ੍ਹਾ ਦੋਵੇਂ ਚਾ ਲਈਆਂ,
ਗੰਗਾ ਅੱਗੋਂ ਕੀਤੀ ਚਿੱਘੀ
ਨਾਲ ਰਮਜ਼ ਦੇ ਰਮਜ਼ਾਂ ਖਹੀਆਂ ।
ਹਾਸੇ-ਜਾਦੂ-ਰੂਪ ਵਟਾ ਕੇ
ਚੰਦ ਨੂੰ ਟੂਣਿਆਂ ਦੇ ਵਿਚ ਵਲਿਆ,
ਪਾਰੋ ਤਾਈਂ ਹੋਰ ਸਾੜਿਆ
ਲੁਛਦਾ ਲੁੰਹਦਾ ਜਿਗਰਾ ਜਲਿਆ ।
ਇਸ ਗੰਗਾ ਦੀ ਮਹਿਮਾ ਵੱਡੀ
ਸੁਹਣੀ ਯਾਦ ਵਸਾ ਲਈਂ ਅੰਦਰ,
ਨਾ ਭਾਗੀਰਥੀ ਨੂੰ ਵਿਸਰੀਂ ਤੂੰ,
ਸੂਰਤ ਉਦ੍ਹੀ ਟਿਕਾ ਲਈਂ ਅੰਦਰ ।

53

ਮਣੀਆਂ ਜਹਿਆ ਸ਼੍ਰੀ ਗੰਗਾ ਦਾ
ਜਦ ਪੀਏਂਗਾ ਨਿਰਮਲ ਪਾਣੀ,
ਦਿਸੇਂਗਾ ਇੰਦਰ ਐਰਾਵਤ
ਆਇਆ ਡਾਂਝ ਨਿਵਾਰਣ ਅਪਣੀ ।
ਅਪਣੇ ਤਨ ਦਾ ਅਗਲਾ ਹਿੱਸਾ
ਚੋਖਾ ਜਦੋਂ ਝੁਕਾ ਕੇ ਅੱਗੇ
ਤੂੰ ਉਤਰੇਂਗਾ ਗੰਗਾ ਦੇ ਵਿਚ
ਆਸਾਂ ਪੂਰਨਗੀਆਂ ਤਦ ਸੱਭੇ ।
ਭੀਮ-ਆਕਾਰ ਵੇਖ ਕੇ ਤੇਰਾ
ਉਛਲੇਗੀ ਉੱਚੀ ਹੋ ਗੰਗਾ,
ਪ੍ਰਤੀ-ਬਿੰਬਤ ਲਹਿਰਾਂਦੀਆਂ ਲਹਿਰਾਂ
ਦੀ ਲਹਿ ਜਾਸੀ ਸਾਰੀ ਸੰਗਾ ।

54

ਮੇਘ ! ਅਗੇਰੇ ਆਇਆ
ਗੰਗਾ-ਵਿਕਾਸ-ਸਥੱਲ;
ਗੌਰੀ-ਸ਼੍ਰਿੰਗ ਉਸ ਨਾਮ ਹੈ
ਚੋਟੀ ਅਮਰ, ਅਚੱਲ ।
ਕਸਤੂਰੇ ਮ੍ਰਿਗ ਬੈਠਦੇ
ਉਹਨੀਂ ਸਿਖਰੀਂ ਆਣ,
ਸੈਲ ਚਟਾਨਾਂ ਮਹਿਕ ਕੇ
ਚੌਫੇਰਾ ਨਸ਼ਿਆਣ ।
ਬਰਫਾਂ ਢਕੀਆਂ ਚੋਟੀਆਂ
ਤੇ ਜਦ ਜਾਸੇਂ ਬੈਠ,
ਤੱਕਣ ਜੋਗੀ ਹੋਇਗੀ,
ਤਦ ਫਿਰ ਤੇਰੀ ਐਂਠ ।
ਇਉਂ ਜਾਪੂ ਸ਼ਿਵ-ਵਾਹਨ ਦੇ
ਤ੍ਰਿੱਖੇ ਵਡੇ ਸਿੰਗ,
ਕਾਲੇ ਚਿੱਕੜ ਲਿੱਬੜੇ
ਲਿਥੜੇ ਨਾਹਰੇ ਡਿੰਗ ।

55

ਯਾਦ ਰੱਖੀਂ ਜਦ ਕਰੇਂਗਾ
ਹਿਮ-ਸਿਖਰੀਂ ਵਿਸਰਾਮ;
ਤੁੰਦ-ਵੇਗ ਵਾਅ ਚੱਲਦੀ
ਓਥੇ ਸਰਘੀ, ਸ਼ਾਮ ।
ਦਿਉਦਾਰ ਰੁੱਖ ਖਹਿ ਰਹੇ
ਤਕਸੇਂ, ਕਰੀਂ ਖ਼ਿਆਲ
ਦੱਝਣ ਲਾਂਬੂ ਕੱਢਦੀ
ਦਾਵਾਨਲ ਦੇ ਨਾਲ ।
ਸੜਨ ਲੱਗਦੇ ਫੇਰ ਨੇ
ਚਮਰਾਂ ਗਾਂ ਦੇ ਚੌਰ;
ਕਸ਼ਟ ਵਡੇਰਾ ਪਾਉਂਦੀ,
ਝੁਲਸ ਨੇ ਜਾਂਦੇ ਮੌਰ ।
ਉਸ ਦਾਵਾਨਲ ਮਘੀ ਨੂੰ
ਤੁਰਤ ਬੁਝਾਈਂ ਫੇਰ;
ਕਰਤਵ ਪਾਲੀਂ ਆਪਣਾ
ਪਾਈਂ ਠੰਢ ਚੁਫੇਰ ।
ਕਣੀਆਂ ਲੱਖ ਅਸੰਖ ਤੂੰ
ਸੁਟ ਕੇ ਇਕੋ ਵੇਰ;
ਸ਼ਾਂਤ ਕਰੀਂ ਵਾਤਾਵਰਨ
ਖੰਡੀਂ ਤਪਤ-ਹਨੇਰ ।
ਉਹੀ ਸਰੇਸ਼ਟ ਪੁਰਸ਼ ਹੈ
ਜਗ ਅਖਵਾਂਦਾ ਵੀਰ,
ਦੀਨ ਦੁਖੀ ਦਾ ਦੁਖ ਹਰੇ
ਧੰਨ ! ਉਸ ਸਫਲ ਸਰੀਰ ।

56

ਯਾਦ ਰੱਖੀਂ ਇਕ ਹੋਰ ਗੱਲ
ਸ਼ਿਵ ਜੀ ਦੇ ਪਗ-ਚਿੰਨ੍ਹ
ਅੰਕਿਤ ਨੇ ਇਸ ਸਿਖਰ ਤੇ
ਹਨ ਹੋਰਾਂ ਤੋਂ ਭਿੰਨ ।
ਹਿਮ-ਪਰਬਤ ਦੀਆਂ ਉਂਞ ਤਾਂ
ਸਿਖਰਾਂ ਹੈਨ ਅਸੰਖ,
ਪਰਸੇ ਪਰ ਸ਼ਿਵ-ਪਗ ਜਿਨ੍ਹੇਂ
ਉਸ ਦੀ ਵੱਡੀ ਮਣਖ ।
ਯੋਗੀ, ਸੰਤ ਅਰਾਧਦੇ
ਇਹ ਤ੍ਰਿਪਰਾਰੀ-ਚਰਨ,
ਖ਼ੁਸ਼ ਹੋ ਭੋਲੇ ਨਾਥ ਫਿਰ
ਭਗਤਾਂ ਦੇ ਦੁੱਖ ਹਰਨ ।
ਜੀਵਨ-ਮੁਕਤ ਨਿ ਹੋਂਵਦੇ
ਉੱਚੀ ਪਦਵੀ ਪਾਣ;
ਲੋਕ ਸੁਖੀ, ਪਰਲੋਕ ਵਿਚ
ਹੋਇ ਸੁਹੇਲੇ ਜਾਣ ।
ਤੂੰ ਉਹਨਾਂ ਪਗ ਚਿੰਨ੍ਹਾਂ ਦੀ
ਕਰ ਪਰਕਰਮਾ ਜਾਇ,
ਤਰ ਜਾ ਪਾਵਨ-ਧੂੜ ਉਹ
ਉਤੇ ਮਸਤਕ ਲਾਇ ।

57

ਹਿਮ-ਪਰਬਤ ਦੇ ਬਨਾਂ ਦੀ,
ਮਹਿਮਾ ਅਪਰ ਅਪਾਰ,
ਵੇਲਾਂ ਵੰਨ ਸੁਵੰਨੀਆਂ
ਰਹੀਆਂ ਗੰਧ ਫੁਹਾਰ ।
ਬਾਂਸਾਂ ਦੇ ਵਿਚ ਭੌਰਿਆਂ
ਪਾਏ ਅਸੰਖਾਂ ਛੇਕ,
ਬੰਸੀ ਧੁਨਾਂ ਗੁੰਜਾਣ ਉਹ
ਮਾਖਿਓਂ ਮਧੁਰ ਅਨੇਕ ।
ਦੇਵ-ਕੰਨਿਆਂ ਉਹਨਾਂ ਵਿਚ
ਰਸ ਭਰਿ ਸੁਰਾਂ ਮਿਲਾਣ;
ਵਿਜੇ-ਗੀਤ ਝੂਮਾਂਦੀਆਂ
ਨਾਲ ਬਤਾਵਿਆਂ ਗਾਣ ।
ਓਸ ਸਮੇਂ ਤੁਧ ਗਰਜਣਾਂ
ਮੇਘਲੇ ! ਬਣਿ ਮਰਦੰਗ,
ਗੁਫਾਂ ਗੂੰਜ ਕਰ ਦੇਵਸਨ
ਰਿਸ਼ੀਆਂ ਤਾਈਂ ਦੰਗ ।

58

ਤਦ ਤੂੰ ਉਸ ਅਸਥਾਨ ਤੇ
ਭੂਤ-ਨਾਥ ਯਸ਼-ਗਾਣ
ਦੇ ਲਈ 'ਕੱਠਾ ਕਰ ਦਈਂ
ਸੰਗੀਤਕ-ਸਾਮਾਨ ।
ਬੰਸੀ ਧੁਨ ਦੇ ਨਾਲ ਤੂੰ
ਛੇੜ ਮਧੁਰ ਮਰਦੰਗ,
ਸਿਫ਼ਤ ਕਰੀਂ ਮਹਾਰਾਜ ਦੀ
ਮਲਕੜੇ ਅੱਗੇ ਲੰਘ ।
ਹਿੱਮਾਲਾ ਦੀਆਂ ਐਸੀਆਂ
ਢਲਵਾਨਾਂ ਰਮਣੀਕ,-
ਲੰਘ ਕੇ ਉੱਤਰ ਦਿਸ਼ਾ ਵੱਲ
ਸੁਰੰਗ ਮਿਲੂ ਇਕ ਠੀਕ ।
ਕ੍ਰੌਂਚ-ਰੰਧਰ ਨਾਂ ਓਸ ਦਾ
ਪਰਸ ਰਾਮ ਦੀ ਯਾਦ-
ਹੈ ਸਭ ਨੂੰ ਕਰਵਾਉਂਦੀ;
ਦਏ ਪ੍ਰਾਕ੍ਰਮ ਦੀ ਦਾਦ ।
ਲੰਘਣ ਏਥੋਂ ਕੋਲ ਦੀ
ਰਾਜ ਹੰਸ ਅਵਤੰਸ;
ਮਾਨਸਰਾਂ ਨੂੰ ਜਾਂਵਦੇ
ਸੁਖੀ ਕਰਨ ਹਿਤ ਵੰਸ ।
ਤੂੰ ਓਥੋਂ ਦੀ ਲੰਘਣਾ
ਟੇਢਾ ਹੋ ਕੇ ਫੇਰ,
ਹਰ ਪਾਸੇ ਛਿੜਕਾ ਕਰੀਂ
ਅੰਮ੍ਰਿਤ-ਬੂੰਦਾਂ ਕੇਰ ।
ਕਾਇਆ ਤੇਰੀ ਬਣੇਗੀ
ਜਿਉਂ ਬਲਿ-ਤਾਰਨਹਾਰ
ਵਾਮਨ-ਪੱਗ ਦੀ ਬਣੀ ਸੀ
ਰੂਪ ਵਡੇਰਾ ਧਾਰ ।
ਤੇ ਉਹ ਸੱਜਾ ਪੈਰ ਹੀ
ਅਪਣੀ ਸ਼ਕਤੀ ਨਾਲ
ਬਲ ਤਾਈਂ ਲੈ ਗਿਆ ਸੀ
ਹੇਠਾਂ ਧੁਰ ਪਾਤਾਲ ।

59

ਕ੍ਰੌਂਚ ਸੁਰੰਗ ਇਹ ਲੰਘ ਕੇ
ਚੜ੍ਹੀਂ ਉਚੇਰਾ ਹੋਰ;
ਆ ਜਾਸੀ ਕੈਲਾਸ਼-ਗਿਰ,
ਜਿਦ੍ਹੀ ਨਵੇਲੀ ਭੋਰ ।
ਏਹੋ ਹੈ ਕੈਲਾਸ਼ ਉਹ
ਰਾਵਨ ਜਿਹਨੂੰ ਉਠਾਲ,
ਸ਼ਿਵ ਜੀ ਨੂੰ ਪਰਸੰਨ ਕਰ
ਹੋਇਆ ਸੀਗ ਨਿਹਾਲ ।
ਇਸੇ ਲਈ ਸਭ ਚੋਟੀਆਂ
ਤਿੜਕੀਆਂ ਭੁਰੀਆਂ, ਫੇਰ
ਪੱਧਰ ਹੋਈਆਂ ਵਿੱਛੀਆਂ
ਪੱਥਰ ਗਿਰਦ ਉਲੇਰ ।
ਨੂਰਾਂ ਧੁਪੀਆਂ ਜਿਨ੍ਹਾਂ ਤੇ
ਦੇਵ-ਸੁਅੰਗਣਾਂ ਆਣ ;
ਮੂੰਹ ਅਪਣੇ ਨੇ ਤਕਦੀਆਂ
ਸੁੱਚੇ ਸ਼ੀਸ਼ੇ ਜਾਣ ।
ਗਗਨ-ਚੁੰਮਦੇ ਸਿਖਰ ਜੋ
ਚਿੱਟੇ ਕੰਵਲ ਸਮਾਨ,
ਕੱਜੇ ਬਰਫਾਂ ਨਾਲ ਨੇ
ਵੱਡਾ ਮਿਲਿਆ ਮਾਣ ।
ਜਾਪੇ ਸ਼ਿਵ-ਅੱਟਹਾਸ ਹੀ
ਹਿਮ ਬਣ ਗਇਆ ਜੰਮ,
ਉੱਚੇ ਉੱਸਰ ਢਿੱਗ ਗਏ
ਲਿਸ਼ਕ ਕਰਨ ਝੰਮ ਝੰਮ ।

60

ਸ਼ਾਮ-ਵਰਣ ਕੱਜਲ ਜਹੇ,
ਹੇ ਸਨਿਗਧ ਅਤਿ ਮੇਘ !
ਚੜ੍ਹਸੇਂ ਜਦ ਕੈਲਾਸ਼ ਤੇ
ਧੀਮੇ ਹਲਕੇ ਵੇਗ;
ਤੇਰਾ ਰੂਪ ਅਨੂਪ ਤਦ
ਇੰਜ ਹੋਸੀ ਪਰਤੀਤ;
ਗੋਰੇ 'ਹਲਧਰ' ਪਹਿਨਿਆ
ਨੀਲਾਂਬਰ, ਹੇ ਮੀਤ ।
ਮੈਂ ਵੇਖਾਂ ਵਿਚ ਕਲਪਣਾਂ
ਇਹ ਤੇਰੀ ਤਸਵੀਰ,
ਛਬਿ ਤੇਰੀ ਮਨ ਹਰੇਗੀ,
ਮੁੱਕੇ ਗੱਲ ਅਖੀਰ ।

61

ਕ੍ਰੀੜ-ਸ਼ੈਲ ਕੈਲਾਸ਼ ਤੇ
ਸ਼੍ਰੀ ਸ਼ਿਵ-ਪਾਰੋ ਨਾਲ
ਰਮਣ ਕਰ ਰਹੇ ਹੁਲਸ ਕੇ
ਦੇਂਦੇ ਨਸ਼ੇ ਪਿਆਲ ।
ਸੱਪ-ਕੰਗਣ ਨਿਜ ਭੁਜਾਂ ਤੇ
ਫੇਰ ਵਲਾਂਦੇ ਹੈਨ,
ਲਇ ਅਰਧੰਗੀ ਆਸਰਾ
ਵਣ ਤ੍ਰਿਣ ਤੱਕ ਮੁਸਕੈਣ ।
ਇਹ ਦਰਸ਼ਨ ਕਰ ਮੇਘਲੇ,
ਦਿਲ 'ਚੋਂ ਹੁੱਬ ਉਛਾਲ;
ਚਰਨਾਂ ਹੇਠਾਂ ਵਿਛੀਂ ਤੂੰ
ਲਈਂ ਨਸੀਬ ਉਜਾਲ ।
ਕੋਮਲ ਤਨ ਤੇਰਾ ਜਦੋਂ
ਲੈਸੀ ਚਰਨ-ਸਪਰਸ਼,
ਸਫਲ ਜਨਮ ਤਦ ਹੋਇਗਾ
ਮਿਲਸੀ ਨਵ-ਆਕਰਸ਼ ।

62

ਸਜਣਾਂ ! ਉਸ ਕੈਲਾਸ਼ ਤੇ
ਲੀਲਾ-ਪ੍ਰੀਅ ਸੁਕੁਮਾਰ
ਚੰਚਲ, ਚਪਲਾਂ, ਚਾਤਰਾਂ
ਤੈਨੂੰ ਦੇਸਨ ਠਾਰ ।
ਅਪਣੇ ਕੰਗਣ ਚਮਕਦੇ
ਤੇਰੇ ਨਾਲ ਸਰੀਰ
ਘਿਸ ਕੇ ਧਾਰ ਵਗਾਵਸਨ,
ਉਛਲੂ ਨਿਰਮਲ ਨੀਰ ।
ਸ਼ੋਖ, ਰਸਿਕ ਦੇਵਾਂਗਣਾਂ
ਕਾਮ-ਤਪਤ ਤੁਧ ਜਾਣ,
ਪੱਲੂ ਨਾ ਜਦ ਛੋੜਸਨ
ਤਦ ਤੂੰ ਵੀ ਲਾ ਤਾਣ
ਗੱਜੀਂ, ਬਿਫ਼ਰੀਂ, ਵੱਸ ਪਈਂ
ਉਹ ਡਰ ਜਾਸਨ ਫੇਰ,-
ਛਾਈਂ ਮਾਈਂ ਹੋਵਸਨ
ਰਤਾ ਨਾ ਲਾਸਨ ਦੇਰ ।

63

ਮੇਘ ! ਏਸ ਕੈਲਾਸ਼ ਤੇ
ਸਵਰਨ-ਕੰਵਲ ਭਰਪੂਰ,
ਹੈਵੇ ਨਿਰਮਲ 'ਮਾਨਸਰ'
ਤੱਕ ਲੈ ਲਈਂ ਸਰੂਰ ।
ਅਤਿ ਨਿਰਮਲ ਜਲ ਓਸ ਦਾ
ਤੂੰ ਸ਼ਰਧਾ ਦੇ ਨਾਲ
ਪਾਨ ਕਰੀਂ, ਰਿਦਿਓਂ ਠਰੀਂ
ਆਪਾ ਲਈਂ ਉਜਾਲ ।
ਐਰਾਵਤ ਹਾਥੀ ਉਥੇ
ਤੂੰ ਵੇਖੇਂਗਾ ਵੀਰ,
ਸੂਖਮ ਵਰਖਾ ਪਾ ਦਈਂ
ਛੰਡ ਕੇ ਰਤੀ ਸਰੀਰ ।
ਉਹ ਕਰ ਸੁੰਡਾਂ ਉਚੀਆਂ
ਖ਼ੁਸ਼ ਹੋਵਣਗੇ ਢੇਰ,
ਧੋਵੀਂ ਮੁੱਖ ਉਨ੍ਹਾਂਦੜੇ
ਹੌਲੀ ਹੌਲੀ ਫੇਰ ।
ਜਲ-ਮਣੀਆਂ ਦੇ ਹਾਰ ਤੂੰ
ਪਾ ਦੇਈਂ ਗਲ ਵਿੱਚ;
ਹੋ ਹੁਸਨੀਲੇ ਪਾਣਗੇ
ਓਹ ਅਲੋਕੀ ਖਿੱਚ ।
ਕਲਪ-ਰੁੱਖਾਂ ਦੀਆਂ ਕੂੰਮਲਾਂ
ਕੋਮਲ-ਧੁਜਾਂ ਸਮਾਨ,
ਤੂੰ ਲਹਿਰਾਈਂ ਉਹਨਾਂ ਨੂੰ
ਨਾਲ ਕਰੀਂ ਸਨਮਾਨ ।
ਇਨ੍ਹਾਂ ਕੌਤਕਾਂ ਨਾਲ ਤੂੰ
ਸੈ ਪਰਚਾਈਂ ਚਿੱਤ,
ਖ਼ੁਸ਼ੀ ਦਈਂ ਕੈਲਾਸ਼ ਦੇ
ਵਾਸੀਆਂ ਲਈ ਅਮਿੱਤ ।

64

ਗੋਦ ਇਸ ਪਰਬਤ ਧਾਰ ਦੀ
ਅਲਕਾ-ਪੁਰੀ ਮਹਾਨ;
ਵੱਡੀ ਸ਼ੋਭਾ ਦੇ ਰਹੀ
ਰਸ-ਰੂਪਾਂ ਦੀ ਖਾਣ ।
ਜਾਪੇ ਲਿਆ ਕੈਲਾਸ਼ ਨੇ
ਗੰਗਾ ਰੂਪੀ ਸ਼ਾਲ,
ਤਿਲਕ ਜੁ ਡਿੱਗਾ ਦੇਹ ਉੱਤੇ
ਦੱਖ ਹੈ ਜਿਦ੍ਹੀ ਕਮਾਲ ।
ਗਗਨ ਚੁੰਮਦੇ ਮਹਿਲ ਨੇ,
ਉਚ ਅਟਾਰੀਆਂ ਹੈਨ;
ਵੱਸੇ ਕਾਲਾ ਮੇਘ ਜਦ
ਲੱਖ ਲਿਸ਼ਕਾਰੇ ਪੈਣ ।
ਤਦ ਹੁੰਦਾ ਪਰਤੀਤ ਉਹ
ਕਾਮਨਿ ਓਸ ਸਮਾਨ,
ਪ੍ਰੀਤਮ ਦੇ ਗਲ ਲੱਗ ਜੋ
ਕਰੇ ਪ੍ਰੀਤ-ਰਸ ਪਾਨ ।
ਮੋਤੀਆਂ ਗੁੰਦੀ ਗੁੱਤ ਉਹ
ਏਕਾ ਏਕੀ ਖੋਲ੍ਹ,
ਮਨ ਪਤਿ ਦਾ ਹੈ ਠਾਰਦੀ
ਬਚਨ ਰਸੀਲੇ ਬੋਲ ।

ਦੂਜਾ ਅੱਧ
65

ਅਲਕਾ-ਪੁਰੀ ਪਛਾਣਨ ਲੱਗਿਆਂ
ਤੈਨੂੰ ਕੋਈ ਕਠਨਾਈ,
ਮੇਘ ਵੀਰਨਾ ਨਾ ਹੋਵੇਗੀ
ਸੌ ਦੀ ਇਕ ਸੁਣਾਈ ।
ਜਿਉਂ ਤੂੰ ਉੱਚਾ, ਤਿਉਂ ਉਸਦੇ ਵੀ
ਮਹਿਲ ਆਕਾਸ਼-ਘਰੂੰਦੇ;
ਖਿੱਚ ਅਨੋਖੀ ਮਹਿਸੂਸੇਂਗਾ
ਤੂੰ ਵਿਚ ਅਣੂੰ ਅਣੂੰ ਦੇ ।
ਉਥੋਂ ਦੀਆਂ ਸੁਅੰਗਣੀਆਂ ਨੇ
ਰੂਪ-ਸੱਚੇ ਵਿਚ ਢਲੀਆਂ,
ਨੂਰ-ਧੁਪੇ ਹੋਏ ਅੰਗ ਉਨ੍ਹਾਂ ਦੇ
ਚੰਦ ਤੋਂ ਵੱਧ ਉਜਲੀਆਂ ।
ਕੰਧਾਂ ਤੇ ਰੰਗੀਨ ਚਿਤ੍ਰ ਨੇ
ਅਤਿ ਸੁੰਦਰ ਸਤ-ਵੰਨੇ;
ਇੰਦਰ-ਧਨੁਸ਼ ਵਾਂਗ ਫਬਦੇ ਹਨ
ਉਜਲ ਬਨੇਰੇ ਬੰਨੇ ।
ਸੁਰ ਗੰਭੀਰ ਸਨਿਗਧ ਤੇਰਾ ਜਿਉਂ
ਤਿਉਂ ਮਰਦੰਗ ਓਥੋਂ ਦੇ
ਓਸੇ ਤਰ੍ਹਾਂ ਵੱਜਦੇ, ਗੂੰਜਣ
ਸੋਹਣੀ ਵਿਚ ਵਸੋਂ ਦੇ ।
ਹੀਰੇ ਮੋਤੀਆਂ ਨਾਲ ਜੜੰਦੇ
ਸੋਭਣ ਮਹਿਲ ਸਜੀਲੇ,
ਜਿਨ੍ਹਾਂ ਦੇ ਵਿਚ ਵਸਦੇ ਰੰਗੀਂ
ਜੋੜੇ ਛੈਲ-ਛਬੀਲੇ ।
ਬਹੁਤ ਉਚੇਰੇ, ਕਈ ਕਈ ਮਜਲੇ
ਗਗਨ ਝੁਕੇ ਤੇ ਚੁੰਮੇ,
ਵੇਖੇ ਵਿਸ਼ਕਰਮਾ ਤਾਂ ਉਹ ਵੀ
ਹੈਰਤ ਦੇ ਵਿਚ ਗੁੰਮੇ ।

66

ਯੱਖ ਪਤਨੀਆਂ ਉਸ ਨਗਰੀ ਦੀਆਂ
ਤੋੜ ਕੰਵਲ ਦੀਆਂ ਨਲੀਆਂ;
ਕੜੇ ਬਣਾ ਕੇ ਹੱਥੀਂ ਪਹਿਨਣ
ਮਧੁ ਮਾਖਿਓਂ ਦੀਆਂ ਡਲੀਆਂ ।
'ਲੋਧਰ' ਫੁਲਾਂ ਦੀ ਧੂੜੀ ਮਲ
ਮੁਖ-ਮੰਡਲ ਲਿਸ਼ਕਾਵਣ;
ਗੁਤਨੀਆਂ ਵਿਚ ਗੁੰਦ ਕੇ ਕਲੀਆਂ
ਅੰਗਾਂ ਨੂੰ ਲਚਕਾਵਣ ।
ਫੁੱਲ ਸ਼ਰੀਂਹ ਦੇ ਕੰਨੀਂ ਪਾ ਕੇ
ਜਾਪੇ ਮਸਤੀ ਵੰਡਣ,
ਚੰਦ ਲਜਾਉਣੇ ਰੂਪ ਉਨ੍ਹਾਂ ਦੇ
ਨਿਖਰ ਹਨੇਰੇ ਖੰਡਣ ।
ਫੇਰ ਕਦੰਬ-ਪੁਸ਼ਪ ਉਹ ਲੈ ਕੇ
ਰੰਗਣ ਜਦੋਂ ਸਵਾਂਧੇ,
ਡਿਗਦੇ ਅਸਮਾਨਾਂ ਤੋਂ ਪੰਛੀ,
ਰੁਕਣ ਵੇਖਣ ਰਾਹ ਜਾਂਦੇ ।

67

ਫੁਲ ਬੂਟੇ ਅਲਕਾ ਦੇ, ਰੁੱਤ ਦੀ
ਨਹੀਂ ਪਰਵਾਹ ਕੁਈ ਕਰਦੇ,
ਸਦਾ ਬਸੰਤ ਰਹੇ ਉਹਨਾਂ ਤੇ
ਝਾਕੇ ਨੂਰ-ਨਿਖਰਦੇ ।
ਸਭ ਵੰਨਾਂ ਦੇ ਫੁੱਲ ਹਮੇਸ਼ਾ
ਸਭ ਰੁੱਤਾਂ ਵਿਚ ਖਿੜਦੇ;
ਕੁੰਜਾਂ ਦੇ ਵਿਚ ਸਦਾ ਨਵੇਲੇ
ਰੂਪ ਰੰਗ ਰਸ ਭਿੜਦੇ ।
ਬਾਰਾਂ-ਮਾਸੀ ਕੰਵਲ ਸਰਾਂ ਵਿਚ
ਮਹਿਕ ਅਸਚਰਜ ਹੁਲਾਂਦੇ,
ਜਿਨ੍ਹਾਂ ਗਿਰਦੇ ਭੌਰ ਗੁੰਜਾਰਾਂ
ਲਾਂਦੇ, ਮਨ-ਮਸਤਾਂਦੇ ।
ਓਥੋਂ ਦੀਆਂ ਪਦਮਣਾਂ ਗਿਰਦੇ
ਹੰਸ ਕੁਹਕਦੇ ਰਹਿੰਦੇ,
ਤੋਤੇ, ਮੋਰ ਸਦਾ ਰੰਗ ਰਸ ਵਿਚ
ਗਾਂਦੇ, ਖ਼ੁਸ਼ੀਆਂ ਦੇਂਦੇ ।
ਨੂਰ ਨ੍ਹਾਤੀਆਂ ਓਥੋਂ ਦੀਆਂ
ਨਿਤ ਹੁੰਦੀਆਂ ਨੇ ਰਾਤਾਂ,
ਕ੍ਰਿਸ਼ਨ-ਪੱਖ ਦੇ ਵਿਚ ਵੀ ਚਮਕਣ
ਸਦ-ਉੱਜਲ ਪਰਭਾਤਾਂ ।

68

ਅਲਕਾ ਇਸ ਧਰਤੀ ਵਿਚਕਾਰੇ
ਉਹ ਅਸਥਾਨ ਪਿਆਰਾ,
ਜਿਸ ਦੇ ਪੰਛੀਆਂ ਦੇ ਨੈਣਾਂ ਵਿਚ
ਹਰਖੇ ਹੰਝੂ-ਧਾਰਾ ।
ਇਹ ਆਨੰਦੀ ਉਹ ਹੰਝੂ ਨੇ
ਜੋ ਖ਼ੁਸ਼ੀਆਂ ਰੰਗ-ਰੱਤੇ;
ਖ਼ੁਸ਼ ਹੋ ਖੰਭਾਂ ਵਾਲੇ ਰਾਗੀ
ਸੁਰਾਂ ਕੱਢਦੇ ਸੱਤੇ ।
ਕਦੇ ਜਦੋਂ ਬਿਰਹੋਂ ਦਾਹ ਦਾਹੇ
ਤਨ ਤਾੱ, ਮਨ ਕਲਪਾਏ;
ਓਦੋਂ ਹੀ ਹਹੁਕੇ ਬਣ ਹੰਝੂ
ਵਗਦੇ ਡਾਂਝ ਸਤਾਏ ।
ਏਹੋ ਹੀ ਉਹ ਨਗਰੀ ਜਿੱਥੇ
ਸਭ ਖ਼ੁਸ਼ੀਆਂ ਨਚ ਰਹੀਆਂ,
ਪੇਲਣ ਸਦਾ ਬਹਾਰਾਂ ਜੂਹੀਂ
ਪਿਪਲੀਂ ਪੀਂਘਾਂ ਪਈਆਂ ।
ਰੰਗਾਂ ਦੀ ਇਸ ਲੀਲਾ ਦੇ ਵਿਚ
ਖਿਣਕ ਵਿਜੋਗ ਰਲਾਇਆ
ਜਿਸ ਦਾ ਮਜ਼ਾ ਮੇਲ ਤੋਂ ਬਾਹਲਾ
ਹੈ ਰਸਕਾਂ ਨੂੰ ਆਇਆ ।
ਪ੍ਰੇਮ-ਰਸਾਂ ਦੀ ਮਧੁਰ ਕਲ੍ਹੇ ਦੇ
ਜਮੇਂ, ਮਾਣ ਵਿਚ ਮਤੀਆਂ
ਤਾਈਂ ਵਿਜੋਗ ਸਤਾਂਦਾ ਹੈ ਵੇ;
ਗੱਲਾਂ ਕਰੇ ਅਵੱਤੀਆਂ ।
ਹੋਰ ਕਲੇਸ਼ ਕਲ੍ਹੇ ਨਾ ਕਾਈ
ਇਸ ਦੇ ਨੇੜੇ ਆਈ;
ਇਸ ਦਾ ਅਣੂੰ ਅਣੂੰ ਮਦ-ਮੱਤਾ,
ਇਹ ਰੱਬੋਂ ਵਰੁਸਾਈ ।
ਏਥੋਂ ਦੇ ਮਸਰੂਰ ਯਖਾਂ ਤੇ
ਜਦੋਂ ਜਵਾਨੀ ਆਉਂਦੀ;
ਉਹ ਫਿਰ ਢਲੇ ਨਾ ਉਮਰਾਂ ਤੀਕਰ
ਸਦਾ ਰਹੇ ਗਰਮਾਉਂਦੀ ।
ਹੁੱਟਣ ਦਏ ਨਾ ਹੁੱਸਣ ਦੇਵੇ
ਅੰਗ ਅੰਗ ਅੰਦਰ ਭੱਖੇ;
ਓਜ ਅਮਿੱਤ ਨਾਲ ਉਚਿਆਉਂਦੀ
ਸੰਗ ਦੁਰਾਡੀ ਰੱਖੇ ।

69

ਏਥੋਂ ਦੇ ਯੱਖ ਨਾਲ ਸੁੰਦਰੀਆਂ
ਰੰਗ-ਮਹੱਲਾਂ ਅੰਦਰ;
ਪਿਆਰ ਕਲੋਲ ਕਰਨ ਰਸ-ਮੱਤੇ
ਮਣੀਆਂ ਮੜ੍ਹੇ ਨੇ ਮੰਦਰ ।
ਉਹ ਮੋਤੀ, ਜਿਹਨਾਂ ਦੀ ਜੋਤੀ-
ਆਭਾ ਹੋਇ ਨਾ ਮੈਲੀ;
ਝਿਲਮਿਲ ਕਰਦੇ ਅੱਖੀਆਂ ਮਾਰਨ
ਚਾਨਣੀ ਚਹੁੰ ਦਿਸ ਫੈਲੀ ।
ਰਾਤ ਜਦੋਂ ਤਾਰੇ ਅਸਮਾਨੇ
ਨਾਲ ਕਹਿਕਸ਼ਾਂ ਰਲ ਕੇ
ਨੈਣ-ਮਟੱਕੇ ਕਰਦੇ ਹੈਨੇ
ਪਿਆਰੋਂ ਮਚਲ ਮਚਲ ਕੇ;
ਉਹਨਾਂ ਦੇ ਕੌਤਕ ਦਾ ਤਦ ਇਹ
ਹੇਠਾਂ ਪਏ ਪਰਛਾਵਾਂ
ਚਮਕ ਪੈਂਦੀਆਂ ਸੁਚੀਆਂ ਮਣੀਆਂ,
ਨੂਰ ਖਿੰਡੇ ਵਿਚ ਰਾਹਾਂ ।
ਇਉਂ ਹੀ ਜਾਪੇ ਸੁਹਲ ਸੁਅੰਗਣਾਂ
ਸੁੰਦਰ ਸੁਹਣੀਆਂ ਨਾਰਾਂ,
ਫੁਲ-ਪਰਾਗ ਲਈ ਹਨ ਬੈਠੀਆਂ
ਸਵਰਨ-ਲਤਾ, ਸੁਕੁਮਾਰਾਂ ।
ਹੋਰ ਇਕ ਗੱਲ ਮੇਰੀ ਸੁਣ ਮਿੱਤਰਾ
ਸ਼ਹਿਰੀ ਓਸ ਨਗਰ ਦੇ,
ਮਦ ਮੱਤੀ ਮਦਰਾ ਹਨ ਪੀਂਦੇ
ਰੂਪ ਝੂਮਾਵਣ ਗਿਰਦੇ ।
ਇਹ ਉਹ ਮਦ, ਰਲ ਨਾਲ ਗਰਜ ਤੁਧ
ਕਲਪ-ਬ੍ਰਿਛਾਂ ਦੇ ਫਲ ਲਈ;
ਆਖਣ ਬਾਧਕ ਬਣ ਜਾਂਦੀ ਹੈ
ਕੀ ਇਹ ਸੱਚੀ ਗੱਲ ਹਈ ?

70

ਅਲਕਾ ਦੀਆਂ ਯੱਖ-ਕੰਨਿਆਂ
ਰੂਪ-ਵਾਨ ਨੇ ਰਜ ਕੇ,
ਦਿਉਤੇ ਵੀ ਆ ਭਿਖਿਆ ਮੰਗਣ
ਸਵਰਗ-ਸੁਖਾਂ ਨੂੰ ਤਜ ਕੇ ।
ਉਹਨਾਂ ਸੁੰਦਰੀਆਂ ਦੀ ਕ੍ਰੀੜਾ
ਹੈ ਅਸਚਰਜ, ਨਿਰਾਲੀ,
ਇੱਕੋ ਤੱਕਣੀ ਕਰ ਦੇਂਦੀ ਹੈ
ਲਖ-ਸੈ ਸੀਨੇ ਖਾਲੀ ।
'ਮੰਦਾਕਿਨੀ' ਦੀਆਂ ਜਲ-ਕਣੀਆਂ
ਨਾਲ ਸਿੱਜ ਵਾਅ ਆਉਂਦੀ;
ਅਲਕਾ ਦੇ ਗਿਰਦੇ ਪਸਰੇ ਹੋਏ
ਹੁਸਨਾਂ ਨੂੰ ਹੁਲਸਾਉਂਦੀ ।
ਸੁਖ-ਸਪਰਸ਼ ਲੈਂਦੀ ਹੋਈ ਫਿਰ ਉਹ
ਤਪਦੇ ਰੁੱਖਾਂ ਥੱਲੇ;
ਰਤਾ ਠਹਿਰ ਕੇ ਸਾਹ ਕਢਦੀ ਹੈ
ਮਾਨੋਂ ਪੱਖਾ ਝੱਲੇ ।
ਮੰਦਾਕਿਨ' ਬਾਲੂ ਨੂੰ ਫਿਰ ਉਹ
ਹੱਥਾਂ ਨਾਲ ਖਿੰਡਾਵੇ;
ਮਾਨੋਂ ਮਣੀਆਂ ਦੇ ਲਖ ਮੋਤੀ
ਹੋ ਲਖ ਲੁੱਟ ਲੁਟਾਵੇ ।
ਮੋਤੀ ਲੱਭਣ ਦਾ ਇਹ ਕੌਤਕ
ਹੁੰਦਾ ਬੜਾ ਸੁਹਾਣਾ;
ਜਦ ਤੂੰ ਵੇਖੇਂਗਾ, ਅਨੁਭਵ ਹੁਊ
ਖੇਲ ਇਹ ਰੂਹ-ਨਿਸ਼ਿਆਣਾ ।

71

'ਅਲਕਾ' ਦੇ ਭਵਨਾਂ ਤੇ ਦੱਸਾਂ
ਤੇਲ-ਦੀਪ ਨਹੀਂ ਜਗਦੇ,
ਉਹ ਤਾਂ ਰਤਨਾਂ ਦੀ ਆਭਾ ਤੋਂ
ਉਜਲੀਂਦੇ ਜਗਮਗਦੇ ।
ਫਿਰ ਜਾਂ ਲਾਲ ਬਿੰਬ ਤੁਲ ਬੁੱਲ੍ਹਾਂ
ਵਾਲੀਆਂ ਨਾਗਰ-ਵੇਲਾਂ
ਕਾਮਨੀਆਂ ਅਧ-ਬਸਤ੍ਰ ਪਹਿਨੀ
ਕਰਦੀਆਂ ਰਸਿਕ ਕੁਲੇਲਾਂ;
ਕਾਮ-ਇੱਛਾ ਵਿਚ ਢਿਲਕ ਨ ਜਾਂਦੇ
ਕਪੜੇ; ਤਦ ਪਤਿ ਪਿਆਰੇ
ਕਾਹਲੇ ਹੱਥਾਂ ਨਾਲ ਤੜਾਗੀ
ਤੋੜਨ, ਮਦ ਮਤਵਾਰੇ ।
ਤਦ ਉਹ ਨੰਗੀਆਂ ਹੋਣ ਤ੍ਰਹਿ ਕੇ
ਰਤਨ-ਦੀਵਿਆਂ ਉੱਤੇ-
ਹੈਨ ਗੁਲਾਲ ਸੁਟਦੀਆਂ, ਜਾਗਣ
ਨੈਣੀਂ ਸੁਪਨੇ-ਸੁੱਤੇ ।
ਰਤਨ-ਦੀਪ ਬੁਝਦੇ ਨਹੀਂ, ਤਕ ਉਹ
ਲੱਜਾ-ਵਾਨ ਨੇ ਹੁੰਦੀਆਂ;
ਅਪਣੀ ਏਸ ਬੇਬਸੀ ਉੱਤੇ
ਪਰੇਸ਼ਾਨ ਨੇ ਹੁੰਦੀਆਂ ।

72

ਫਿਰ ਹੇ ਮੇਘ ! ਤੇਰੇ ਜਿਹੇ ਕੇਈ
ਜਦ ਬੱਦਲ ਜੁੜ ਜਾਂਦੇ,
ਅਲਕਾ ਦੀਆਂ ਅਟਾਰੀਆਂ ਉੱਤੇ
ਨਾਚ ਰੰਗੀਲੇ ਪਾਂਦੇ ।
ਤੇ ਸਤ-ਖੰਡੀ ਘਰਾਂ ਵਿਚਾਲੇ
ਵਾਅ-ਲਹਿਰਾਂ ਸੰਗ ਮਿਲ ਕੇ;
ਘੁਸ ਜਾਂਦੇ ਅੰਦਰ, ਧੋ ਦੇਂਦੇ
ਚਿਤਰੇ ਚਿਤ੍ਰ ਅਨੋਖੇ ।
ਤਦ ਨਿਜ ਨੂੰ ਅਪਰਾਧੀ ਮੰਨ ਕੇ
ਧੂੰ ਬਣ ਡਰਦੇ ਡਰਦੇ
ਜਾਂਦੇ ਨਿਕਲ ਝਰੋਖਿਆਂ ਰਾਹੀਂ
ਪੈਰ ਮਲਕੜੇ ਧਰਦੇ ।
ਅਲਕਾ ਦੇ ਵਿਚ ਇਹ ਲੀਲ੍ਹਾ ਸਦ
ਰਹਿੰਦੀ ਹੈਵੇ ਜਾਰੀ,
ਤਾਂਹੀਏਂ ਉਸ ਨਗਰੀ ਦੀ ਝਾਕੀ
ਹੈ ਅਸਚਰਜ, ਨਿਆਰੀ ।

73

ਹੋਰ ਦੱਸਾਂ ਮੈਂ ਪਲੰਘ ਵਿੱਛੇ ਜੋ
ਓਥੇ ਸਜੇ ਸੰਵਾਰੇ;
ਚੰਦ-ਮਣੀਆਂ ਦੀਆਂ ਝਾਲਰਾਂ ਨੇ ਉਹ
ਕੀਤੇ ਹਨ ਉਜਿਆਰੇ ।
ਅੱਧੀ-ਰਾਤ ਸਮੇਂ ਬੱਦਲਾਂ ਦੇ
ਬਸਤਰ ਪਰੇ ਹਟਾ ਕੇ,
ਚੰਦ ਦੀਆਂ ਰਸ਼ਮਾਂ ਕੇਰਨ ਮੋਤੀ
ਸ਼ੀਤਲ ਅਰਸ਼ੋਂ ਆ ਕੇ ।
ਇਹ ਜਲ-ਕਣ ਕਰਦੇ ਤਦ ਹੈ ਨੇ
ਕਾਰਜ ਇਹ ਭਲੇਰਾ,
ਕਾਮ-ਥਕਤ ਸੁੰਦਰੀਆਂ ਉੱਤੇ
ਉਲਟਣ ਕਲਸ ਵਡੇਰਾ ।
ਸ਼ਾਂਤੀ ਮਿਲੇ ਉਨ੍ਹਾਂ ਦੇ ਮਨ ਨੂੰ
ਨੀਂਦਰ ਪੀਂਘ ਝੁਟਾਵੇ;
ਪਲਕਾਂ ਵਿਚ ਸੁਪਨੇ ਸੌਂ ਜਾਂਦੇ
ਢਿੱਲੇ ਪੈਣ ਕਲਾਵੇ ।

74

'ਅਲਕਾ' ਦੇ ਇਸ ਸੁਖ-ਵਿਲਾਸ ਦਾ
ਅੰਤ ਸ਼ੁਮਾਰ ਨਾ ਕਾਈ;
ਸੁਹਣਿਆਂ ਦੀ ਇਹ ਸੁੰਦਰ ਨਗਰੀ,
ਪਿਆਰ-ਪੰਘੂੜੇ ਪਾਈ ।
ਓਥੋਂ ਦੇ ਵਸਨੀਕ ਉੱਜਲੇ
ਸਦਾ ਜਵਾਨ, ਰੰਗੀਲੇ,
ਨੈਣ ਜਿਨ੍ਹਾਂ ਦੇ ਪਿਆਰ-ਨਸ਼ੇ ਦੀ
ਰੰਗਣ ਨਾਲ ਨਸ਼ੀਲੇ ।
ਦੇਵ-ਅੰਗਣਾਂ ਅਤੇ ਅਪਸਰਾਂ
ਸੁਹਜ ਸੁਹੱਪਣ ਜਾਈਆਂ,
ਨਾਲ ਕਰਨ ਲੀਲ੍ਹਾ ਰਸ-ਰੱਤੀ
ਕਣ ਕਣ ਰੰਗਣਾਂ ਆਈਆਂ ।
ਜੱਸ 'ਧਨੇਸ਼ਰ' ਦਾ ਉਹ ਗਾਂਦੇ,
ਨਾਲ ਕਿੰਨਰਾਂ ਮਿਲ ਕੇ,
ਮਾਣ ਰਹੇ ਜੀਵਨ ਦੀ ਨਿਘ ਨੇ
ਭਾਗ ਮੱਥੇ ਦੇ ਚਿਲਕੇ ।
'ਵੈਭ-ਰਾਜ' ਉਪ-ਬਨ ਵਿਚ ਚਾੜ੍ਹਨ
ਰੰਗ ਵਿਚ ਪੀਂਘ ਆਨੰਦੀ;
ਗ਼ਮ ਤੇ ਫ਼ਿਕਰ ਨਾ ਢੁੱਕਣ ਨੇੜੇ,
ਨਾ ਫਾਹੇ ਪਾਬੰਦੀ ।

75

ਅਲਕਾ ਦੀਆਂ ਵਿਲਾਸੀ-ਸੁੰਦਰਾਂ
ਪੈਰ ਉਠਾਂਦੀਆਂ ਕਾਹਲੇ;
ਢਿਲੀਆਂ ਗੁੱਤਾਂ 'ਚੋਂ ਗੁਲਾਬ-ਫੁੱਲ
ਡਿੱਗਣ ਰਾਹਾਂ ਵਿਚਾਲੇ ।
ਸਵਰਨ ਕੰਵਲ-ਫੁੱਲ ਪੱਤੀਆਂ ਜੋ ਉਹ
ਕੰਨਾਂ ਦੇ ਵਿਚ ਟੰਗਣ;
ਉਹ ਹਿੱਸ ਖਿੰਡ ਕੇ ਡਿਗ ਪੈਂਦੀਆਂ
ਓਥੇ, ਜਿਥੋਂ ਲੰਘਣ ।
ਕੇਸਾਂ ਤੋਂ ਕੁਝ ਹੇਠ ਢਿਲਕ ਕੇ
ਮੋਤੀ ਲੜ ਲਟਕੰਦੇ,
ਤੇ ਜਫੀਆਂ ਵਿਚ ਮਸਲੇ ਜਾਂਦੇ
ਫੁਲ ਜ਼ੁਲਫ਼ਾਂ ਵਿਚ ਗੁੰਦੇ ।
ਏਹੋ ਫੁੱਲ ਰਾਹਾਂ ਵਿਚ ਬਿਖਰੇ
ਉਨ੍ਹਾਂ ਵਿਲਾਸਣੀਆਂ ਨੂੰ,
ਪਰਤਣ ਸਮੇਂ ਵਿਖਾਂਦੇ ਰਾਹ ਨੇ
ਜਦ ਉਹ ਜਾਣ ਘਰਾਂ ਨੂੰ ।

76

ਮਹਾਂ-ਸ਼ਿਵ ਮਹਾਰਾਜ ਯੱਖ ਸੰਦੜੇ
ਅੰਗ-ਪਾਲ, ਵਡ-ਮਿੱਤਰ,
ਉਹਨਾਂ ਦੀ ਕ੍ਰਿਪਾ ਦੇ ਪੈਰੋਂ
ਅਲਕਾ ਹੋਈ ਪਵਿੱਤਰ ।
ਇਸੇ ਲਈ ਕਾਮ-ਦੇਵਤਾ
ਧਨੁਸ਼ ਨਾ ਅੰਗੀਂ ਧਾਰੇ;
ਭੌਰਾਂ ਜਿਹਨੂੰ ਸਜਾਇਆ ਹੈਵੇ
ਤੇ ਬਿਜ-ਲਿਸ਼ਕਾਂ ਮਾਰੇ ।
ਕਾਮ-ਆਤਰ ਪੁਰਸ਼ਾਂ ਨੂੰ ਸੁਹਣੀਆਂ
ਅਪਣਾ ਸਮਝ ਨਿਸ਼ਾਨਾ,
ਬਾਣ-ਅਮੋਘ ਨਜ਼ਰ ਦੇ ਮਾਰਨ,
ਪਾ ਕੁਈ ਪੱਜ ਬਹਾਨਾ ।
ਪੰਜ-ਸਰੀ ਓਹਾ ਬਣ ਢੁਕਦੇ,
ਸੀਨੇ ਜਿਨ੍ਹਾਂ ਦੁਖੰਨੇ,
ਘਾਇਲ ਹੋਇ ਜ਼ਮੀਂ ਤੇ ਤੜਪਣ,
ਝਾਕਣ ਅੰਨੇ ਸੰਨੇ ।

77

ਚਮਤਕਾਰ ਇਕ ਹੋਰ 'ਅਲਕਾ' ਦਾ
ਸੁਣੀਂ ਮੇਘਲੇ ਵੀਰਾ !
ਸੁੰਦਰੀਆਂ ਉਥੋਂ ਦੀਆਂ ਤਕਸੇਂ
ਕਰਦੀਆਂ ਪ੍ਰੇਮ-ਕ੍ਰੀੜਾ ।
ਪਾਸ ਉਨ੍ਹਾਂ ਦੇ ਸੁਖ-ਵਿਲਾਸ ਦੀ
ਸੰਪੂਰਣ ਸਾਮਗਰੀ;
ਵੰਨ ਸੁਵੰਨੇ ਕੱਪੜੇ ਪਹਿਨਣ,
ਕੁਹਕਦੀਆਂ ਵਿਚ ਨਗਰੀ ।
ਚੰਚਲ ਨੈਣ, ਨਸ਼ੀਲੀਆਂ ਨਜ਼ਰਾਂ
ਪਤਲੇ ਹੋਂਟ ਗੁਲਾਬੀ;
ਇਕੋ ਤਕ ਦੇ ਨਾਲ ਬੰਦੇ ਨੂੰ
ਕਰਦੀਆਂ ਹੈਨ ਸ਼ਰਾਬੀ ।
ਅਧ-ਖਿੜੀਆਂ ਕਲੀਆਂ ਦੇ ਗਜਰੇ
ਹੱਥਾਂ ਵਿਚ ਸੁਹਾਏ;
ਫੁਲ-ਪਤੀਆਂ ਦੇ ਹਾਰ ਗੁੰਦ ਕੇ
ਵਿਚ ਲਿਟਾਂ ਲਟਕਾਏ ।
ਰੰਗਿਆ ਹੱਥਾਂ ਤੇ ਪੈਰਾਂ ਨੂੰ
ਉਹਨਾਂ ਮਹਿੰਦੀ ਲਾ ਕੇ;
ਸੁੱਤਾ ਕਾਮ ਜਗਾਵਣ ਪਈਆਂ
ਮਟਕ ਨਾਲ ਮਟਕਾ ਕੇ ।
ਸਭ ਸਾਮਗਰੀ ਸੁਹਜ ਫਬਣ ਦੀ
ਕਲਪ-ਬ੍ਰਿੱਛ ਤੋਂ ਪਾਵਣ;
ਜਿਸ ਦੇ ਨਾਲ ਸਜਾ ਅੰਗਾਂ ਨੂੰ
ਪਲ ਵਿਚ ਪਾਂਦੀਆਂ ਕਾਮਣ ।
ਉਹਨਾਂ ਤਈਂ ਰਿਝਾਵਣ ਦੇ ਲਈ
ਜਤਨ ਨਾ ਕਰਨਾ ਪੈਂਦਾ,
ਇਕ-ਸੰਕੇਤ ਮਰਦ-ਅਲਬੇਲੇ
ਦਾ ਪਿੱਛੇ ਲਾ ਲੈਂਦਾ ।

78

ਏਸੇ ਅਲੋਕਾਰ 'ਅਲਕਾ' ਵਿਚ
ਯੱਖ-ਰਾਜ ਨੇ ਰਹਿੰਦੇ;
ਲੋਕ ਲੋਕ ਵਿਚ ਵੱਜ ਜਿਨ੍ਹਾਂ ਦਾ
ਲੋਕ ਕੁਬੇਰ ਨਿ ਕਹਿੰਦੇ ।
ਉਹਨਾਂ ਦੇ ਮਹਿਲਾਂ ਤੋਂ ਹੇਠਾਂ
ਉੱਤਰ ਵੱਲ ਘਰ ਮੇਰਾ;
ਜਿਸ ਦੇ ਵਿਚ ਕਰਦੀ ਯੱਖ-ਰਾਣੀ
ਅਜ ਕਲ ਬ੍ਰਿਹੁੰ-ਬਸੇਰਾ ।
ਰੰਗਾ-ਰੰਗ ਮਣੀਆਂ ਨਾਲ ਮੜ੍ਹੀਆਂ
ਉੱਚੀਆਂ ਉਸ ਦੀਆਂ ਕੰਧਾਂ
ਇੰਦ੍ਰ-ਧਨੁਸ਼ ਜਿਉਂ ਰਾਂਗਲਾ ਬੂਹਾ,
ਬਿਖਰਨ ਗਿਰਦ ਸੁਗੰਧਾਂ ।
ਦਰਵਾਜ਼ੇ ਦੇ ਨੇੜੇ ਹੀ ਹੈ
ਕਲਪ-ਬ੍ਰਿੱਛ ਦਾ ਬੂਟਾ,
ਲਾਇਆ ਹੈ ਮੇਰੀ ਰਾਣੀ ਨੇ
ਸਦ ਫਲਦਾਰ ਕਰੂਟਾ ।
ਪੁਤ੍ਰ ਵਾਂਗ ਇਸ ਬੂਟੇ ਤਾਂਈਂ
ਪਾਲਿਆ ਹੁਸਨਾ-ਜ਼ਾਦੀ;
ਦੋ ਵੇਲੇ ਆ ਬਹਿੰਦੀ ਹੇਠਾਂ
ਪ੍ਰੀਤਾਂ ਦੀ ਸ਼ਾਹਜ਼ਾਦੀ ।
ਕਲਪ-ਬ੍ਰਿੱਛ ਫਲ-ਗੁਛਿਆਂ ਲੱਦਿਆ
ਏਨਾਂ ਹੇਠਾਂ ਨਿਵਿਆਂ
ਬੱਚੇ ਵੀ ਫਲ ਤੋੜ ਲਿਜਾਂਦੇ;
ਮਿਹਰਾਂ ਬਣ ਇਹ ਖਿੰਵਿਆਂ ।

79

ਇਕ ਬਾਉਲੀ ਇਸ ਸੁਹਣੇ ਘਰ ਵਿਚ
ਮੈਂ ਹੈਵੇ ਬਣਵਾਈ;
ਮੋਤੀਆਂ-ਜੜ ਕਿਨਾਰਿਆਂ ਅੰਦਰ
ਕੰਵਲਾਂ ਮੁਸ਼ਕ ਮਚਾਈ ।
ਲੰਮੀਆਂ ਹੈਨ ਜਿਨ੍ਹਾਂ ਦੀਆਂ ਨਲੀਆਂ
ਰੰਗ ਮਣੀਆਂ ਤੋਂ ਸੁਹਣਾ;
ਨਸ਼ਾ-ਪਰਾਗ ਪੀ ਰਹੇ ਭੌਰੇ
ਝਾਕਾ ਅਤਿ ਮਨ-ਮੁਹਣਾ ।
ਜਲ-ਨਿਰਮਲ, ਠੰਢਾ ਤੇ ਮਿੱਠਾ
ਰੋਗ ਨਸਾਵਣ ਵਾਲਾ;
ਪੀਏ, ਹਰ ਸ਼ੈ ਹਜ਼ਮ ਕਰੇ ਉਹ
ਜਿੰਦ ਗਰਮਾਵਣ ਵਾਲਾ ।
ਤੈਨੂੰ ਵੇਖ, ਸਮਝ ਵਰਖਾ ਦੀ
ਆ ਰਹੀ ਰੁੱਤ ਸੁਹਾਣੀ;
ਰਾਜ-ਹੰਸ ਕਾਹਲੇ ਨਾ ਪੈਸਨ
ਵੇਖੀਂ, ਰਮਜ਼ ਪਛਾਣੀ ।
ਚਾਹੇ ਮਾਨ ਸਰੋਵਰ ਓਥੋਂ
ਬਹੁਤਾ ਮੇਰਿਆ ਵੀਰਾ !
ਨੇੜੇ ਹੈ, ਪਰ ਹੰਸਾਂ ਤਾਂਈਂ
ਉਸ ਦੀ ਖਿੱਚ ਰਤੀ ਨਾ ।
ਵਰਖਾ ਵਿਚ ਵੀ ਉਸਦਾ ਪਾਣੀ
ਸੁਹਣਾ ਸੀਤਲ ਰਹਿੰਦਾ;
ਏਸੇ ਲਈ ਰਾਜ-ਹੰਸਾਂ ਨੂੰ
ਉਹ ਜੱਫੀ ਵਿਚ ਲੈਂਦਾ ।

80

ਉਸ ਬਾਉਲੀ ਦੇ ਕੰਢੇ ਦੇ ਹੀ
ਨੇੜੇ ਬਣਿਆਂ ਉਹ ਅਸਥਾਨ;
ਜਿਸ ਦੇ ਵਿਚ ਅਸਾਂ ਰੱਜ ਕੀਤਾ
ਹੈ ਸੁੰਦਰਤਾ ਦਾ ਰਸ ਪਾਨ ।
ਪੰਨੇ-ਵੰਨੇ ਹਰੇ ਰੰਗ ਦੇ
ਕੇਲੇ ਉਸ ਵਿਚ ਰਹੇ ਨੇ ਝੂਮ;
ਪਤਾ ਨਾ ਪਰ ਬਿਰਹੀ ਇਸ ਤਾਂਈਂ
ਦਰਸ ਕਰਾਸੀ ਕਦ ਮਕਸੂਮ !
ਇਉਂ ਜਾਪੇ ਜਿਉਂ ਸਿਖਰ ਓਸ ਦੇ
ਜੜੇ ਕਿਸੇ ਨੀਲਮ ਵਡ-ਮੁੱਲ;
ਮੇਰੀ ਰਾਣੀ ਦਾ ਅਤਿ-ਪਿਆਰਾ
ਇਹ ਟਿਕਾਣਾਂ ਸਵਰਗਾਂ ਤੁੱਲ ।
ਪੀਤਾਂਬਰ ਬਿਜਲੀ ਦੇ ਪ੍ਰੀਤਮ,
ਜਾਮਨ-ਵੰਨੇ ਮੇਘ ਸਜਨ !
ਤੈਨੂੰ ਵੇਖ ਯਾਦ ਆ ਰਹਿਆ
ਮੈਨੂੰ ਅਪਣਾ ਪ੍ਰੀਤ-ਭਵਨ ।
ਸੋਨ-ਸਿਖਰ ਵਾਲਾ ਉਹ ਮੇਰਾ
ਮਨ-ਮੁਹਣਾ ਹੈ ਪਿਆਰ-ਮਹੱਲ;
ਯਾਦ ਓਥੋਂ ਦਾ ਸੁਖ-ਵਿਲਾਸ ਕਰ
ਵਿਲਕ ਪਇਆ ਮੈਂ ਵਿਚ ਇਕੱਲ ।

81

ਉਸ ਕ੍ਰੀੜਾ-ਪਰਬਤ ਦੇ ਨੇੜੇ
ਭਵਨ ਮੇਰੇ ਦੀ ਹੈ ਫੁਲਵਾਰ,
ਜਿਸ ਦੇ ਅੰਬ-ਬ੍ਰਿੱਛਾਂ ਵਿਚਕਾਰੇ
ਮਾਧਵੀ ਦੇਂਦੀ ਨਵੀਂ ਬਹਾਰ ।
ਨੇੜੇ ਸ਼ੋਖ਼ ਪੱਤਿਆਂ ਵਾਲਾ
ਪਸਰਿਆ ਇਕ ਅਸ਼ੋਕ ਮਹਾਨ;
'ਮੋਰ-ਛਲੀ' ਦਾ ਨਾਲ ਰੁੱਖ ਇਕ
ਹੋਰ ਓਸ ਟੁਕੜੀ ਦੀ ਸ਼ਾਨ ।
ਉਹ ਅਸ਼ੋਕ-ਫੁੱਲਾਂ ਦਾ ਭਰਿਆ
ਮੇਰੀ ਪ੍ਰੀਅ ਦੇ ਸੱਜੇ ਪੈਰ
ਦੀ ਛੁਹ ਲੈਣ ਲਈ ਹੋਇ ਵਿਆਕੁਲ
ਜਦ ਉਹ ਆਵੇ ਕਰਦੀ ਸੈਰ ।
ਸਹਿਕਣ 'ਵਲਕਲ' ਵੀ ਦਰਸ਼ਨ ਲਈ
ਜਾਂ ਏਧਰ ਆਉਂਦੀ ਸੁਕੁਮਾਰਿ;
ਕੰਵਲ-ਮੁਖੀ ਦੇ ਮੁੱਖ ਦੀ ਮਦਰਾ
ਪੀਣ ਲਈ ਹੋ ਜਾਣ ਤਿਆਰ ।

82

ਮੋਰ-ਛਲੀ ਤੇ ਉਸ ਅਸ਼ੋਕ ਦੇ
ਐਨ ਵਿਚਾਲੇ ਚੌਕੀ ਇੱਕ,
ਰਤਨ-ਜੜੀ ਘਾਹ ਉੱਤੇ ਰੱਖੀ
ਬਹੇ ਜਿਦ੍ਹੇ ਤੇ ਮੇਰੀ ਸਿੱਕ ।
ਹਰੀਆਂ ਮਣੀਆਂ ਦੇ ਸੰਗ ਜੜਿਆ,
ਉਸ ਨੂੰ ਚੁੱਕਣ ਸੋਨ-ਸਤੰਭ;
ਹਰਾ ਕਚਾਹ ਬਾਂਸ ਹੀ ਜਾਪੇ
ਝੂੰਮ ਰਹਿਆ ਨੇੜੇ ਇਕ ਅੰਬ ।
ਸੰਧਿਆ ਸਮੇਂ ਓਸ ਤੇ ਆ ਕੇ
ਤੇਰਾ ਪ੍ਰੇਮੀ ਮੋਰ ਸਜੇ,
ਤੈਨੂੰ ਸਦਾ ਪਿਆਰਨ ਵਾਲਾ
ਬੈਠਾ ਉਸ ਤੇ ਹੋਰ ਸਜੇ ।
ਨੀਲ-ਕੰਠ ਸਿਰ ਸੋਇਨ-ਕਲਗੀ
ਖੰਭ ਨੇ ਰਤਨਾਂ ਨਾਲ ਜੜੇ;
ਵਾਂਗ ਸੁਰਾਹੀ ਸੁਹਣੀ ਗਰਦਨ
ਜਿਸ ਤੇ ਹੀਰੇ ਲਾਲ ਜੜੇ ।

83

ਹੇ ਚਾਤਰ ! ਇਹ ਚਿੰਨ੍ਹ ਪਿਆਰੇ,
ਜੇਕਰ ਤੂੰ ਰੱਖੇਗਾਂ ਯਾਦ;
ਤੇ ਵੇਖੇਂਗਾ ਸੰਖ ਧਰੇ ਨੇ
ਦਰ ਦੁਵੱਲੀਂ, ਤਾਂ ਹੋ ਸ਼ਾਦ
ਸਮਝ ਲਈਂ ਤੂੰ ਉਹ ਮੇਰਾ ਘਰ
ਸਚ ਮੁਚ ਹੈਵੇ ਲਿਆ ਪਛਾਣ;
ਰਤੀ ਖਲੋ ਵੇਖੀਂ ਮੇਰੀ ਪ੍ਰੀਅ
ਨੂਰ ਢਲੀ, ਸੁੰਦਰਤਾ-ਸ਼ਾਨ ।
ਮੇਰੇ ਬਿਨਾ ਭਵਨ ਇਹ ਮੇਰਾ
ਜਾਪੇਗਾ ਨੀਰਸ, ਬੇ-ਜਾਨ,
ਉਸ ਵਿਚ ਮੇਰੀ ਬ੍ਰਿਹੁੰ-ਸਤਾਈ
ਬੈਠੀ ਹੋਸੀ ਨੀਵੇਂ ਧਿਆਨ ।
ਮੈਂ ਵਿਜੋਗ ਵਿਚ ਕੋਈ ਉਤਸਵ
ਉੱਕਾ ਨਹੀਂ ਮਨਾਂਦੀ ਉਹ;
ਹਹੁਕੇ ਭਰਦੀ, ਡਾਬੂ ਲੈਂਦੀ
ਜਾਪੂ ਰੁੜ੍ਹਦੀ ਜਾਂਦੀ ਉਹ ।
ਕੰਵਲ ਸੁੰਦ੍ਰ ਅਤਿ ਹੁੰਦਾ, ਪਰ ਉਹ
ਸੂਰਜ-ਕਿਰਨ ਬਿਨਾ ਕੁਮਲਾਇ;
ਇੰਜੇ ਹੀ ਮੇਰੀ ਸਜਣੀ ਉਹ
ਵਿਚ ਵਿਜੋਗ ਰਹੀ ਵਿਲਲਾਇ ।
ਮੇਰਾ ਘਰ ਸੁੰਞਾ ਮੇਰੇ ਬਿਨ
ਜਾਨ ਬਿਨਾਂ ਜਿਉਂ ਹੋਇ ਸਰੀਰ;
ਇਸੇ ਤਰ੍ਹਾਂ ਪਿਆਰ-ਵੇਲ ਉਹ
ਪਤਿ-ਵਿਜੋਗ ਦੇ ਵਿਚ ਅਧੀਰ ।

84

ਦੱਸਾਂ ਮੈਂ ਹੁਣ ਜੁਗਤ ਉਹ
ਤੈਨੂੰ ਮੇਘ ਸੁਜਾਨ;
ਜਿਉਂ ਮੇਰੇ ਘਰ ਜਾ ਸਕੇਂ
ਦੇਈਂ ਰਤੀ ਧਿਆਨ ।
ਜੇ ਚਾਹਸੇਂ ਜਾਂਦਾ ਧਸਾਂ
ਅੰਦਰ ਲੱਥੇ ਬਾਰ;
ਤਾਂ ਬੱਚਾ-ਹਾਥੀ ਬਣੀਂ
ਜਿਸਮ ਨਿਕੇਰਾ ਧਾਰ ।
ਸਮਝੀਂ ਮੇਰੀ ਪ੍ਰੀਤਮਾ
ਸੁਹਣੀਆਂ ਦੀ ਸਰਦਾਰ;
ਡਰ ਜਾਇਗੀ ਵੇਖ ਕੇ
ਤੇਰਾ ਵਡ-ਆਕਾਰ ।
ਓਥੇ ਜਾ ਗੱਜੀਂ ਨਹੀਂ,
ਨਾ ਕੜਕੀਂ ਬਿੱਜ ਨਾਲ;
ਚੁਪ-ਚਾਪ ਉਸ ਭਵਨ ਦੀ
ਬੈਠੀਂ ਸਿਖਰ ਸੰਭਾਲ ।
ਮੁੜ ਬਿਜ ਨੈਣਾਂ ਨਾਲ ਤੂੰ
ਮਾਰੀਂ ਨਿਗ੍ਹਾ ਚੁਫੇਰ;
ਦ੍ਰਵਤਾ ਅਪਣੇ ਨੂਰ ਦੀ
ਪਲ ਵਿਚ ਦਈਂ ਖਲੇਰ ।
ਮੇਰੀ ਸੱਜਣੀ ਬਿੱਜਲੀ
ਤਾਈਂ ਇਉਂ ਉਪਮਾਇ
ਜੁਗਨੂਆਂ ਪਾਲਾਂ ਬੰਨ੍ਹੀਆਂ
ਜੋਤ ਜਗੀ ਲਹਿਰਾਇ ।

85

ਓਥੇ ਜਾਂਦੇ ਸਾਰ ਹੀ
ਲੱਗੂ ਬਿੰਦ ਨਾ ਦੇਰ;
ਜਲੇ ਜੁ ਮੇਰੇ ਬ੍ਰਿਹੁੰ ਵਿਚ
ਉਸ ਨੂੰ ਲੈਸੇਂ ਹੇਰ ।
ਖਿਚ-ਪਾਊ ਅੰਗ ਓਸ ਦੇ,
ਸੁੰਦਰਤਾ-ਸਾਕਾਰ;
ਉਤਰੀ ਧਰਤ ਅਪਸਰਾ,
ਬਾਂਕੇ ਨੈਣ-ਫੁਹਾਰ ।
ਪੱਕੇ ਬਿੰਬਾਂ ਵਾਂਗ ਨੇ
ਹੋਂਟ ਓਸ ਦੇ ਲਾਲ,
ਛੋਟੇ ਚਿੱਟੇ ਦੰਦ ਨੇ
ਮੁਖ ਹੈ ਚੰਦ ਮਿਸਾਲ ।
ਲੱਕ ਪਤਲੇਰਾ ਲਚਕਦਾ,
ਹਿਰਨੀ ਵਰਗੇ ਨੈਣ;
ਧੁੰਨੀ ਡੂੰਘੀ, ਮਦ ਮਤੇ
ਰਸ-ਰੱਤੇ ਲਬ ਹੈਨ ।
ਹੌਲੀ ਤੁਰਦੀ, ਬੰਨ੍ਹ ਹੈ ਭਾਰਾ,
ਜਿਸਮ ਸੁਡੌਲ;
ਛਾਤੀਆਂ ਭਾਰ ਝੁਕਾਇਆ
ਮਿਟਿਆ ਦਿੱਸੂ ਕੌਲ ।
ਕਲਾ-ਕਿਰਤ ਅਦਭੁਤ ਉਹ
ਆਪ ਵਿਧਾਤਾ ਸਾਜ,
ਘੱਲੀ ਇਸ ਸੰਸਾਰ ਵਿਚ
ਹੁਨਰ ਵਿਖਾਵਣ ਕਾਜ ।
ਸਰਵੋਤਮ ਪਦਮਣਾਂ ਉਹ
ਸਚ ਮੁਚ ਸਰਵ-ਸਪੰਨ;
ਭੁੱਖੀ ਮੇਰੇ ਪਿਆਰ ਦੀ,
ਇਸ ਧਰਤੀ ਦਾ ਚੰਨ ।

86

ਰੂਹ ਹੁਲਸਾਉਣੇ ਓਸ ਦੇ
ਅੰਮ੍ਰਿਤ-ਮਿੱਠੇ ਬੋਲ,
ਪਰ ਤੂੰ ਨਾ ਸੁਣ ਸਕੇਂਗਾ
ਜਾ ਕੇ ਵੀ ਉਸ ਕੋਲ ।
ਅਪਣੇ ਸੰਗੀ ਤੋਂ ਵਿਛੜ
ਬਿਰਹੋਂ ਦਾਹ ਦੇ ਨਾਲ;
ਹੋ ਗਈ ਚੁੱਪ, ਅਵਾਕ ਉਹ
ਦੀਦੇ ਲਏ ਉਸ ਗਾਲ ।
ਚਕਵੀ ਜਿਵੇਂ ਵਿਜੋਗ ਵਿਚ
ਹੁੰਦੀ ਚੁੱਪ-ਚੁਪਾਤ;
ਇੰਜੇ ਉਹ ਚੁੱਪ ਹੋ ਗਈ,
ਮਾਰੇ ਉਤਾਂਹ ਨਾ ਝਾਤ ।
ਵੇਖ ਓਸ ਨੂੰ ਸਮਝ ਲਈਂ
ਮੇਰੇ ਦੂਜੇ ਪ੍ਰਾਣ;
ਏਹੋ ਸੁਹਲ ਸੁਅੰਗਣਾ
ਸੁੰਦਰਤਾ ਦਾ ਮਾਣ ।
ਚਕਵੇ ਤੋਂ ਵਿਛੜੀ ਹੋਈ
ਚਕਵੀ ਕਿਸੇ ਸਮਾਨ,
ਕਸ਼ਟ ਸਹਾਰੇ, ਦੁਖ ਸਹੇ
ਪਿੰਜੇ ਅਪਣੀ ਜਾਨ ।
ਜਿਵੇਂ ਬਰਫ ਪਏ ਕਮਲਿਨੀ
ਜਾਂਦੀ ਹੈ ਮੁਰਝਾਇ;
ਉਂਜੇ ਮੇਰੀ ਪ੍ਰੀਅ ਓਹ
ਮੈਂ ਬਿਨ ਗਈ ਕੁਮਲਾਇ ।

87

ਮੇਘ ! ਵਿਜੋਗ ਅੰਦਰ ਉਨ੍ਹੇਂ
ਰੋ ਰੋ ਕੇ ਦਿਨ ਰਾਤ,
ਬਿਨ ਬਦਲਾਂ ਲਾਈ ਹੋਊ
ਹੰਝੂਆਂ ਦੀ ਬਰਸਾਤ ।
ਸ਼ੋਖ਼ ਅੱਖੀਆਂ ਉਸ ਦੀਆਂ
ਚੰਚਲਤਾਈਆਂ ਭੁੱਲ
ਹੋਈਆਂ ਹੋਸਨ ਭਾਰੀਆਂ
ਵਿੱਲੀ, ਖੁੱਸੀ ਰੁਲ ।
ਲੰਮੇ ਗਰਮ ਸਵਾਸ ਲਏ
ਸਹਿ ਹਾਵੇ ਦਾ ਸੱਲ,
ਹੋਂਟ ਓਸ ਦੇ ਹੋਣਗੇ
ਰੁੱਖੇ, ਖੁਸ਼ਕ, ਅਚੱਲ ।
ਨਾ ਉਹਨਾਂ ਵਿਚ ਲਹੂ ਦੀ
ਹੋਸੀ ਉਹ ਗਰਮੈਸ਼,
ਜੋ ਸਨਿਗਧਤਾ ਬਖ਼ਸ਼ਦੀ
ਤੇ ਦੇਂਦੀ ਨਰਮੈਸ਼ ।
ਨਰਮ ਗੁਲਾਬੀ ਓਸ ਦੇ
ਸਿਉ ਵਰਗੇ ਰੁਖ਼ਸਾਰ
ਹੱਥਾਂ ਦੇ ਚਿੰਨ੍ਹ, ਉਨ੍ਹਾਂ ਤੇ
ਹੋਸਨ ਬਿਨਾ ਸ਼ੁਮਾਰ ।
ਬਿਰਹੋਂ ਚਿੰਤਿਤ ਦੁਖੀ ਹੋ
ਬੇਚੈਨੀ ਦੇ ਨਾਲ,
ਕੀਤਾ ਹੋਸੀ ਓਸ ਨੇ
ਅਪਣਾ ਮੰਦਾ ਹਾਲ ।
ਗੁਤਨੀ ਖੁਲ੍ਹੀ ਹੋਸੀਆ,
ਖਿੰਡੇ, ਰੁੱਖੇ ਕੇਸ;
ਹੋਸਨ ਪਏ ਮੁਖ ਚੰਦ ਤੇ,
ਬਿਰਹਨੀਆਂ ਦਾ ਵੇਸ ।
ਜਿਵੇਂ ਬੱਦਲਾਂ ਵਿੱਚ ਆ
ਤੇਜ-ਹੀਣ ਹੋਇ ਚੰਦ,
ਉਂਜੇ ਉਹ ਤੈਨੂੰ ਦਿਸੂ
ਜੋਤ ਹੀਣ, ਸੁਖ-ਕੰਦ ।

88

ਜਾਂ ਮੇਰੀ ਉਹ ਪ੍ਰਾਣ-ਪ੍ਰੀਅ
ਪੀਆ ਮਿਲਨ ਦੀ ਆਸ
ਵਿਚ ਸ਼ਿਵ-ਪੂਜਾ ਕਰ ਰਹੀ
ਹੋਸੀ, ਕਰਾਂ ਕਿਆਸ ।
ਨਿਜ-ਮਨ ਵਿਚ ਮੂਰਤ ਮਿਰੀ
ਸਾਮਰਤੱਖ ਉਤਾਰ,
ਯਾਦ ਲੀਨ ਬੈਠੀ ਹੋਊ
ਖੋਲ੍ਹ ਬਾਰ੍ਹਲ ਬਾਰ ।
ਇਹ ਵੀ ਸੰਭਵ ਸੱਜਣਾ !
ਬਿਰਹੋਂ ਦੁਖ ਦੇ ਹੰਝੁ;
ਉਮਡ ਆਉਣ ਦੇ ਕਾਰਨੇ
ਨਿਜ-ਮਨ ਦੀ ਉਹ ਡੰਝ,
ਚਿਤ੍ਰ-ਉਲੀਕਣ ਦੀ ਜਗ੍ਹਾ
ਮਿੱਠੀ ਮੈਨਾ ਕੋਲ
ਬੈਠੀ ਪੁਛਦੀ ਹੋਇਗੀ
'ਨੀ ਮੈਨਾ ! ਤੂੰ ਬੋਲ !!'
ਤੜਪੇ ਵਿਚ ਵਿਜੋਗ ਦੇ
ਕਰੇ ਪੀਆ ਨੂੰ ਯਾਦ;
ਲੁੜਛਣੀਆਂ ਲਏ, ਦੁਖ ਸਹੇ,
ਸੁਣੇ ਕੌਣ ਫ਼ਰਯਾਦ !

89

ਇਹ ਵੀ ਸੰਭਵ ਮਿਤਰਾ
ਭੋਂ ਤੇ ਕਰਦਿਆਂ ਸੈਨ,
ਮੈਲਾ ਉਸ ਦਾ ਵੇਸ ਹੁਊ
ਮਨ ਡਾਢਾ ਬੇਚੈਨ ।
ਵੀਣਾ ਨੂੰ ਰੱਖ ਗੋਦ ਵਿਚ
ਯਾਦ ਮਿਰੀ ਵਿਚ ਗੁਆਚ,
ਗਾ ਰਹੀ ਗੀਤ ਵਿਜੋਗ ਦੇ
ਦਿੱਸੂ ਹੋਈ ਰੁਮਾਂਚ ।
ਤੈਨੂੰ ਤੱਕ ਉਹ ਆਪਣੇ
ਹੰਝੂ ਲੈਸੀ ਪੂੰਝ;
ਜਾਪੇਗੀ ਪਰਤੱਖ ਫਿਰ
ਸਿਸਕੇ ਦੱਧੀ ਕੂੰਜ ।
ਵੀਣਾ ਤੇ ਹੰਝੂ ਪਏ
ਚਾਂਦੀ ਹੱਥਾਂ ਨਾਲ;
ਸਾਫ ਕਰੇਗੀ ਬਿਰਹਨੀ
ਪਰ ਕੁਈ ਉਬਲ ਉਬਾਲ;
ਮੁਰਛਤ ਕਰ ਉਸ ਨਾਰ ਨੂੰ
ਤੜਪਾਇਗਾ ਢੇਰ,
ਨੈਣ ਉਚਾ ਨਾ ਤੁਧ ਨੂੰ
ਉਹ ਸੱਕੇਗੀ ਹੇਰ ।
ਅਪਣੇ ਗੀਤ ਸੰਗੀਤ ਨੂੰ
ਭੁਲ ਜਾਇਗੀ ਫੇਰ,
ਵਿਲੇਗੀ ਭੋਂ ਤੇ ਪਈ
ਨਿਕਲੂ ਬਿਰਹੋਂ-ਲੇਰ ।

90

ਇਹ ਵੀ ਹੋ ਸਕਦਾ ਸਖੇ !
ਬ੍ਰਿਹੁੰ-ਵਿਜੋਗਣ-ਨਾਰ
ਦਿਨ ਵਿਛੋੜੇ ਸੰਦੜੇ
ਗਿਣਦੀ ਭਵਨ ਮਝਾਰ ।
ਕਿੰਨਾ ਸਮਾਂ ਵਿਜੋਗ ਦਾ
ਮਨ ਕਲਪਾ ਗਯਾ ਲੰਘ;
ਕਿੰਨਾ ਬਾਕੀ ਰਹਿ ਗਿਆ,
ਕਦ ਤਕ ਰਹੂ ਇਹ ਰੰਗ ?
ਇਹ ਗਿਣਤੀ ਉਹ ਕਰਨ ਲਈ
ਗਿਣਦੀ ਹੋਸੀ ਫੁੱਲ,
ਅਰਪੇ, ਧਰੇ ਦਲੀਜ ਤੇ
ਜੋ ਅਜ ਤੀਕਣ ਕੁਲ ।
ਰਖਦੀ ਹੋਸੀ ਉਨ੍ਹਾਂ ਨੂੰ
ਘਾਹ-ਫ਼ਰਸ਼ ਤੇ ਆਪ,
ਪਤਾ ਲਗਾਂਦੀ ਹੋਸੀਆ
ਕਦ ਤਕ ਬ੍ਰਿਹੁੰ ਸਰਾਪ ।
ਜਾਂ ਸੰਭਵ, ਮੁੜ ਮਿਲਣ ਦੇ
ਸੁਪਨੇ ਵਿਚ ਸੁਕੁਮਾਰਿ,
ਵਸਲਾ-ਨੰਦ ਲਭਦੀ ਹੋਊ
ਦੋਵੇਂ ਹੱਥ ਉਲਾਰ ।
ਨਾਰਾਂ ਬਿਰਹੋਂ ਮਾਰੀਆਂ
ਸੁਪਨਿਆਂ ਵਿਚ ਨਿਸ਼ੰਗ
ਲੈਂਦੀਆਂ ਨੇ ਸੰਜੋਗ-ਰਸ
ਦਿਹੁੰ ਜਾਣ ਇਉਂ ਲੰਘ ।
ਬ੍ਰਿਹੁੰ-ਕਸ਼ਟ ਏਸੇ ਤਰ੍ਹਾਂ
ਦੇਣ ਵਲਾ ਤੇ ਫੇਰ,
ਆਸ ਰੰਗੀਲੀ ਵਿਚ ਉਹ
ਮੰਗਣ ਮੌਲਾ-ਮਿਹਰ ।

91

ਸੱਜਣ ! ਦਿਨ ਦੇ ਸਮੇਂ ਤਾਂ
ਰੁੱਝੀ ਰਹੇ ਹਮੇਸ਼,
ਕਰੇ ਦੇਵ-ਪੂਜਾ ਕਦੇ
ਅੰਕੇ ਚਿਤ੍ਰ-ਵਿਸ਼ੇਸ਼ ।
ਕਦੇ ਮਿਲਣ ਦੀ ਰੀਝ ਵਿਚ
ਸਿਮਰ ਕਲਪਣਾ ਨਾਲ
ਮਨ ਅਪਣੇ ਨੂੰ ਠਾਰਦੀ;
ਇੰਜ ਰੁਝੇਵੇਂ ਭਾਲ ।
ਹੌਲਾ ਕਸ਼ਟ ਵਿਜੋਗ ਦਾ
ਕਰ ਲੈਂਦੀ ਸੁਕੁਮਾਰਿ;
ਲੰਘ ਜਾਂਦਾ ਬੱਗਾ ਦਿਹੁੰ,
ਕਦਮ ਅਗੇਰੇ ਮਾਰ ।
ਪਰ ਜਦ ਸੁੰਞੀ ਸੱਖਣੀ
ਸਿਰ ਆ ਜਾਂਦੀ ਰਾਤ;
ਨਾ ਜਾਣਾ ਕਿੰਜ ਬੀਤਦੀ
ਬਰਸੇ ਜਾਂ ਬਰਸਾਤ ।
ਇਕ ਇਕ ਪਲ ਦਾ ਜੁਗ ਬਣੇ
ਨੀਂਦਰ ਭੁੱਲੇ ਨੈਣ;
ਤਨ ਛਿੱਜੇ, ਮਨ ਦੁਖੀ ਹੋਇ,
ਰੂਹ ਹੋਵੇ ਬੇਚੈਨ ।
ਅਰਜ਼ ਕਰਾਂ ਏਸੇ ਲਈ
ਭਵਨ-ਝਰੋਖੇ ਬੈਠ;
ਅਧ-ਰਾਤੇ ਜਾ ਤਕੀਂ ਤੂੰ
ਬ੍ਰਿਹੁੰ-ਜਲੀ ਦੀ ਪੈਂਠ ।
ਭੋਂ ਉੱਤੇ ਲੇਟੀ ਹੋਊ,
ਤੜਪੂ ਹੋ ਬੇਚੈਨ;
ਠਾਰੀਂ ਦੇ ਸੰਦੇਸੜਾ
ਮਿਲੇ ਜੁ ਉਸ ਨੂੰ ਚੈਨ ।

92

ਅੱਧੀ-ਰਾਤੇ ਤੂੰ ਜਦੋਂ
ਪਹੁੰਚੇਂਗਾ, ਤਾਂ ਫੇਰ
ਤਕਸੇਂ ਵਿਚ ਵਿਜੋਗ ਦੇ
ਹੰਝੂ ਰਹੀ ਉਹ ਕੇਰ ।
ਅਥਰੂ-ਖਿਲਰੇ ਹੋਣਗੇ
ਮਣੀਆਂ ਜਿਉਂ ਚੌਫੇਰ;
ਲੁਛਦੀ, ਪਾਸੇ ਬਦਲਦੀ
ਆਪ ਲਵੇਂਗਾ ਹੇਰ ।
ਅਪਣੀ ਰੁੱਖੀ ਗੁੱਤਨੀ
ਰੁੱਖੇ ਹੱਥਾਂ ਨਾਲ;
ਪਰ੍ਹੇ ਹਟਾਂਦੀ ਗੱਲ੍ਹ ਤੋਂ
ਹੋਸੀ ਮੰਦੇ ਹਾਲ ।
ਅੱਖਾਂ ਭਰ ਕੇ ਤੱਕੇਗੀ,
ਸੱਖਣੇ ਅੰਬਰ ਵੱਲ,
ਅੱਡੀ ਵਾਤ ਡਰਾਉਣਾ
ਖਾਂਦੀ ਹੁਊ ਇਕੱਲ ।

93

ਜੋ ਸਜਣੀ ਮਿਲਣੀ ਦੀਆਂ-
ਰਾਤਾਂ ਦੇ ਕਈ ਪਹਿਰ;
ਅੱਖਾਂ ਵਿਚ ਲੰਘਾਂਵਦੀ,
ਉਸ ਲਈ ਪਲ ਗਇ ਠਹਿਰ ।
ਘੜੀਆਂ ਹੋ ਕੇ ਲੰਮੀਆਂ
ਆਉਣ ਨਾ ਬੀਤਣ ਵਿੱਚ;
ਰਾਤ ਜੁਗਾਂ ਦੀ ਓਸ ਲਈ
ਬਣ ਕੇ ਕਰ ਰਹੀ ਜਿੱਚ ।
ਜਿਵੇਂ ਹਨੇਰੇ ਪੱਖ ਵਿਚ
ਘਟਦਾ ਜਾਂਦਾ ਚੰਦ
ਖੀਣ ਹੁੰਦਾ ਜਾਇ ਚਾਨਣਾ
ਵਧੇ-ਹਨੇਰਾ ਅੰਧ;
ਤਿਉਂ ਉਹ ਵਿਚ ਵਿਜੋਗ ਦੇ
ਖੀਣ ਹੋਈ ਦੁਖਿਆਰਿ,
ਵਹਿੰਦੇ ਹੋਸਨ ਅੱਥਰੂ
ਵਗਦੀ ਜਿਵੇਂ ਨਸਾਰ ।
ਮਾਰੀ ਹੋਈ ਵਿਜੋਗ ਦੀ
ਫੁੰਡੀ ਬ੍ਰਿਹੁੰ ਕਮਾਂਚ,
ਤੱਕੇਂਗਾ, ਹੋ ਜਾਣਗੇ
ਤੇਰੇ ਖੜੇ ਰੁਮਾਂਚ ।

94

ਮਿਲਣ-ਪਲਾਂ ਵਿਚ ਸੱਜਣੀ
ਚੰਦ ਰਸ਼ਮਾਂ ਦੇ ਨਾਲ
ਹੈਸੀ ਸੁਖ-ਰਸ ਮਾਣਦੀ,
ਗਿਰਦੇ ਤਈਂ ਉਜਾਲ ।
ਹੁਣ ਵੀ ਖਿੜਕੀਆਂ ਜਾਲੀਆਂ
ਵਿਚੋਂ ਦੀ ਜਦ ਲੰਘ
ਆਈ ਹੋਸੀ ਚਾਨਣੀ
ਤਾਂ ਉਹ ਹੋਇ ਨਿਸ਼ੰਗ,
ਸੁਆਗਤ ਲਈ ਵਧਦੀ ਹੁਊ
ਬਾਹਾਂ ਦੋਇ ਪਸਾਰ;
ਪਰ ਪ੍ਰੀਤਮ ਬਿਨ ਓਸ ਲਈ
ਚਾਨਣਿ ਬਣੂ ਅੰਗਾਰ ।
ਉਸ ਵੱਲੋਂ ਮੂੰਹ ਫੇਰ ਕੇ
ਗੱਚ ਭਰੀ, ਹੰਝ ਕੇਰ,
ਡੱਕ ਨਾ ਸੱਕੇਗੀ ਕਦੇ
ਅੰਦਰੋਂ ਨਿਕਲੀ ਲੇਰ ।
ਕਦੇ ਅੱਥਰੂ ਛਲਕੀਆਂ
ਪਲਕਾਂ ਦੇ ਸੰਗ ਢੱਕ
ਨੈਣ ਆਪਣੇ ਲਵੇਗੀ;
ਤੇ ਮੂੰਹ ਹੋਸੀ ਫੱਕ ।
ਕਦੇ ਖੋਲ੍ਹ ਕੇ ਤੱਕੇਗੀ
ਉਹ ਅਪਣੇ ਚੌਫੇਰ;
ਜਾਪੂ ਹਿੱਸੀ ਕਮਲਿਨੀ;
ਸੂਰਜ ਬਿਨਾ ਸਵੇਰ ।
ਜਿਉਂ ਬਰਖਾ ਵਿਚ ਬੱਦਲਾਂ
ਨਾਲ ਲੁਕੇ ਅਸਮਾਨ;
ਤੇ ਸੂਰਜ ਨਾ ਦੇ ਸਕੇ
ਰੌਸ਼ਨੀਆਂ ਦਾ ਦਾਨ;
ਤਿਉਂ ਉਹ ਮੇਰਾ ਕੰਵਲ ਫੁਲ
ਨਿਜ ਸੂਰਜ ਨਾ ਵੇਖ,
ਖਿੜਿਆ ਹੁਊ ਨਾ ਏਸ ਛਿਨ
ਅੱਖੀਂ ਲੈਸੇਂ ਪੇਖ ।

95

ਮੇਰੇ ਏਸ ਵਿਜੋਗ ਵਿਚ
ਬਿਨਾ ਤੇਲ ਇਸ਼ਨਾਨ
ਮੇਰੀ ਪ੍ਰੀਅ ਕਰਦੀ ਹੋਊ,
ਸੁੱਕੀ ਓਸ ਦੀ ਜਾਨ ।
ਬਿਨਾ ਸੰਵਾਰੇ ਲੰਮੜੇ
ਉਸ ਦੇ ਕਾਲੇ ਕੇਸ,
ਲਿਟਾਂ ਬਣੇ ਗਲ ਵਿਚ ਪਏ;
ਜਾ ਤਕਸੇਂ ਇਹ ਵੇਸ ।
ਉਸ ਦੇ ਮੂੰਹ 'ਚੋਂ ਨਿੱਕਲੇ
ਜਿਹੜੀ ਗਰਮ ਹਵਾੜ
ਉਹ ਖਿੰਡਾਂਦੀ ਹੋਸੀਆ
ਕੇਸ ਉਹ ਘੁੰਘਰ-ਦਾਰ ।
ਪਲ ਭਰ ਨੀਂਦਰ ਆ ਸਕੇ
ਤੜਪੂ ਇਸ ਲਈ ਫੇਰ,
ਪਰ ਨਿੱਤ ਵਗਦੇ ਅੱਥਰੂ
ਨੀਂਦਰ ਦੇਣ ਖਦੇੜ ।
ਏਸ ਉਨੀਂਦੇ ਦੀ ਦਸ਼ਾ
ਵਿਚ ਉਹ ਮੇਰੀ ਨਾਰ,
ਮਿਲਣੀ ਦਾ ਸੁੱਖ ਲੱਭਦੀ
ਹੋਵੇਗੀ ਦੁਖਿਆਰ ।

96

ਵਿਛੜਨ ਵੇਲੇ ਓਸ ਨੇ
ਬਿਨ ਫੁੱਲਾਂ ਜੋ ਗੁੱਤ
ਕੀਤੀ, ਉਂਜੇ ਹੋਇਗੀ;
ਹੇ ਇੰਦਰ ਦੇ ਸੁੱਤ !
ਅਉਧੀ ਮੇਰੇ ਸ੍ਰਾਪ ਦੀ
ਜਦ ਮੁੱਕੂ, ਮੈਂ ਪੁੱਜ
ਖੋਲ੍ਹਾਂਗਾ, ਮਿਲ ਓਸ ਨੂੰ
ਜਾਸਾਂ ਪਿਆਰੀ ਰੁੱਝ ।
ਗੁੱਤ ਉਹ ਰੁੱਖੀ, ਉਲਝ ਕੇ
ਸਖਤੀ ਹੋਊ ਅਤਿ,
ਹੁਟਿਆ ਉਸ ਦੇ ਬਦਨ ਦਾ
ਹੋਵੇਗਾ ਸਾਹ-ਸਤ ।
ਉਸ ਗੁਤਨੀ ਦੀਆਂ ਲਿਟਾਂ ਜਾਂ
ਛੁਹਸਨ ਉਦ੍ਹੇ ਕਪੋਲ,
ਕਰਦਾ ਹੋਊ ਕਲੇਸ਼ ਬਹੂੰ
ਮਨ ਉਸ ਦਾ ਵਡ-ਸੁਹਲ ।
ਜਦੋਂ ਵਧੇ ਨੌਹਾਂ ਦੀਆਂ
ਉਹ ਫਿਰ ਉਂਗਲਾਂ ਨਾਲ,
ਪਰੇ ਹਟਾਂਦੀ ਹੋਸੀਆ
ਤਦ ਮੇਰੀ ਅੰਗ-ਪਾਲ
ਦੀਆਂ ਗੱਲ੍ਹਾਂ ਤੇ ਪੈਂਦੀਆਂ
ਆਪ ਮੁਹਾਰੀਆਂ ਫੇਰ
ਕਈ ਝਰੀਟਾਂ ਹੋਵਸਨ
ਅੱਖੀਂ ਲੈਸੇਂ ਹੇਰ ।

97

ਮਿਤ੍ਰਾ ! ਜਦ ਤੂੰ ਤੱਕਸੇਂ
ਗਹਿਣੇ ਉਹੀ ਸੁਭਾਗ
ਪਹਿਨੇ ਜੋ ਦਰਸਾਂਵਦੇ
ਨਾਰੀ-ਸੁੱਖ-ਸੁਹਾਗ ।
ਤਦ ਜਾਚੇਂਗਾ ਓਸ ਨੇ
ਗਹਿਣੇ ਹੋਰ ਉਤਾਰ
ਦਿੱਤੇ, ਤੇ ਝੱਲ ਰਹੀ ਹੈ
ਕਰੜੀ-ਬਿਰਹੋਂ ਮਾਰ ।
ਆਸੰਙ-ਹੀਣੀ ਦੇਹ ਉਦ੍ਹੀ,
ਕਦੇ ਸੇਜ ਤੇ ਢੱਠ,
ਉਹ ਪਲ ਜਾਂਦੀ ਲੇਟ ਹੈ
ਤੇ ਫਿਰ ਉਠ ਕੇ ਝੱਟ
ਟਹਿਲਣ ਹੈ ਲੱਗ ਜਾਂਵਦੀ
ਮੁੜ ਬਹਿ ਜਾਂਦੀ ਹਾਇ !
ਸਮਝੇ ਦੇਹ ਇਸ ਕੰਵਲ ਦਾ
ਭਾਰ ਮੁਫ਼ਤ ਵਿਚ ਚਾਇ ।
ਕਰੁਣਾ ਮਈ ਉਸ ਦੀ ਦਸ਼ਾ
ਵੇਖਿ ਹੌਸਲਾ ਛੱਡ
ਤੂੰ ਵੀ ਤਦ ਰੋ ਪਏਂਗਾ
ਨੈਣ ਓਸ ਤੇ ਗੱਡ ।
ਦਿਲ ਤੇਰਾ ਇਹ ਨਰਮ ਹੈ
ਦ੍ਰਵ ਜਾਇ ਬਿਨ ਦੇਰ;
ਵੇਖ ਦੁਖੀ ਨੂੰ ਡੁਲ੍ਹ ਪਏਂ
ਦੇਵੇਂ ਹੰਝੂ ਕੇਰ ।
ਕਮਲ ਮਨ ਦ੍ਰਵ ਉਠਦੇ
ਦੁਖੀ ਜਦੋਂ ਕੁਈ ਹੋਇ,
ਪਰ ਦੁਖ ਅਪਣਾ ਦੁਖ ਮੰਨ
ਪੈਣ ਤੁਰਤ ਉਹ ਰੋਇ ।

98

ਮੇਰੀ ਕਾਂਤਾ, ਮੇਰੀ ਸਜਨੀ,
ਮਿਰੇ ਨਾਲ ਪਿਆਰ ਕਰਦੀ ਹੈ;
ਮੇਰੀ ਜਵਾਨੀ ਉਤੇ ਰੀਝੀ
ਮੇਰੇ ਤੋਂ ਹੋ ਗਈ ਘੋਲੇ,
ਮੇਰੇ-ਪਿਆਰਾਂ-ਕੁੱਠੀ
ਤਨ ਆਪਣਾ ਮਿੱਟੀ ਦੇ ਵਿਚ ਰੋਲ;
ਮੇਰਾ ਹਰ ਰੋਮ ਅਨੁਭਵ ਕਰ ਰਹਿਆ
ਵਡ-ਕਸ਼ਟ ਜਰਦੀ ਹੈ ।
ਮਿੱਠੀ ਰੰਗ-ਰੱਤੜੀ ਮਿਲਣੀ ਅਸਾਡੀ
ਜਿਸ ਨੇ ਨਸ਼ਿਆਇਆ;
ਉਦ੍ਹੇ ਪਿਛੋਂ ਵਿਛੋੜੇ ਦਾ ਸਮਾਂ
ਪਹਿਲਾ ਇਹੀ ਆਇਆ;
ਤਦੇ ਉਹ ਕਲਪਦੀ,
ਤਪਦੀ ਹੋਈ ਹਹੁਕੇ ਵੀ ਭਰਦੀ ਹੈ ।
ਨਾ ਸਮਝੀਂ ਮੇਘ,
ਮੈਂ ਏਹੋ ਜਹੀ ਸੁਕੁਮਾਰਿ ਨੂੰ ਪਾ ਕੇ;
ਵਿਛੋੜੇ ਦਾ ਵਧਾ ਕੇ ਦੁੱਖ
ਦੱਸਾਂ ਮਨ ਨੂੰ ਕਲਪਾ ਕੇ;
ਇਹ ਸੱਚੀ ਗੱਲ ਹੈ
ਮੈਨੂੰ ਹੀ ਉਹ ਪਲ ਪਲ ਸਿਮਰਦੀ ਹੈ ।
ਕਹਿਆ ਜੋ ਕੁਝ ਮੈਂ,
ਉਹ ਤੂੰ ਆਪ ਅੱਖਾਂ ਨਾਲ ਤੱਕੇਂਗਾ ।
ਉਹਦਾ ਲੁੱਛਣਾ, ਤੜਪਣਾ,
ਖੁੱਸਣਾ ਨਾ ਵੇਖ ਸੱਕੇਂਗਾ ।
ਉਹ ਹੰਝੂਆਂ ਨਾਲ ਮੇਰਾ ਜਾਪ ਕਰਦੀ,
ਨਿੱਤ ਦ੍ਰਵਦੀ ਹੈ ।
ਮੇਰਾ ਇਹ ਕਥਨ ਸੱਚਾ ਹੈ,
ਮੇਰਾ ਇਹ ਬਚਨ ਸੱਚਾ ਹੈ ।
ਜਦੋਂ ਜਾ ਵੇਖ ਲਏਂਗਾ,
ਕਹਿ ਉਠੇਂਗਾ ਸੱਜਨ ਸੱਚਾ ਹੈ ।

99

ਜਦੋਂ ਪੁਜੇਂਗਾ, ਮ੍ਰਿਗ-ਨੈਣੀ
ਮੇਰੀ ਸਰਦਾਰ-ਖ਼ੂਬਾਂ ਦਾ,
ਖੱਬਾ ਨੇਤਰ ਫ਼ਰਕ ਉਠਸੀ,
ਹੀਆ ਉਲਸਾਇਗਾ ਉਸ ਦਾ
ਰਤਾ ਪਲ ਭਰ ਲਈ ਹੀ ਫੇਰ
ਮਨ ਖਿੜ ਜਾਇਗਾ ਉਸ ਦਾ,
ਦਰਸ ਤਦ ਤਕਣ ਵਾਲਾ
ਹੋਵਸੀ ਦਿਲਦਾਰ-ਖ਼ੂਬਾਂ ਦਾ ।
ਭੁਲਾਇਆ ਪਾਉਣਾ ਕਜਲਾ
ਵਿਜੋਗਾਂ ਦੇ ਕਲੇਸ਼ਾਂ ਨੇ;
ਹੋਊ ਮੱਥਾ ਮੁਹਾਂਦ੍ਰਾ ਢਕਿਆ
ਖਿੰਡ ਖੁਸ਼ਕ ਕੇਸਾਂ ਨੇ;
ਇਹ ਮੰਦਾ ਹਾਲ ਬਿਰਹੋਂ ਨਾਲ
ਹੁਊ ਸਰਦਾਰ-ਖ਼ੂਬਾਂ ਦਾ ।
ਵਿਛੋੜੇ ਵਿਚ ਉਸ ਨੂੰ ਭੁੱਲਿਆ
ਮਦਰਾ ਦਾ ਰਸ ਪੀਣਾ,
ਨਸ਼ਾ ਨੈਣਾਂ 'ਚੋਂ ਹੈਵੇ ਉਡਿਆ,
ਜੀਣਾ ਇਹ ਕੀ ਜੀਣਾ !
ਤੇ ਮੁੜਿਆ ਪਿੱਪਲਾ ਉਸ
ਤਿੱਖੜੀ-ਤਲਵਾਰ ਖ਼ੂਬਾਂ ਦਾ ।
ਮਗਰ ਸ਼ੁਭ-ਸ਼ਗਨ ਹੁੰਦੇ ਵੇਖ ਕੇ
ਉਹ ਮੁਸਕਰਾਇਗੀ;
ਉਦ੍ਹੇ ਨੈਣਾਂ ਦੀ ਆਭਾ-ਲਿਸ਼ਕ
ਲਸ਼ ਲਸ਼ ਕੇ ਲਸ਼ਾਇਗੀ;
ਤੂੰ ਵੇਖੇਂਗਾ ਅਲੋਕਾ ਤੱਕਣਾ
ਸਰਕਾਰ-ਖ਼ੂਬਾਂ ਦਾ ।
ਜਿਵੇਂ ਨਿਰਮਲ ਸਮੁੰਦਰ ਵਿਚ
ਮੱਛੀ ਤਾਰੀਆਂ ਲੈਂਦੀ;
ਤਿਵੇਂ ਉਹ ਮਦ-ਮਤੀ,
ਮਨ-ਮੋਹਿਣੀ ਤਕਣੀ ਹੈ ਥਿਰਕੈਂਦੀ;
ਅਜਬ, ਅਸਚਰਜ ਦਰਸ਼ਨ
ਸੱਚ ਮੁੱਚ ਮੁਖਤਾਰ ਖ਼ੂਬਾਂ ਦਾ ।
ਜਿਵੇਂ ਕੰਵਲਾਂ ਦੀ ਡਿੱਠ
ਮਨ ਠਾਰਦੀ ਹੈ ਰਸਿਕ ਭੌਰਾਂ ਦਾ,
ਓਏਂ ਹੈ ਦਰਸ ਦਰਸ਼ਕ ਦੇ ਲਈ
ਸੌਭਾਗ ਕੌਰਾਂ ਦਾ ।

100

ਕੇਵਲ ਖੱਬੀ ਅੱਖ ਨਾ
ਫਰਕੂ ਉਸ ਦੀ ਯਾਰ;
ਸਗੋਂ ਪੱਟ ਕੇਲੇ ਜਿਹੇ
ਫਰਕਣਗੇ ਇਕ ਸਾਰ ।
ਮੇਰੇ ਹੱਥ-ਸਪਰਸ਼ ਤੋਂ
ਵਾਂਜੇ ਉਸ ਦੇ ਪੱਟ
ਆਸੰਙ ਹੀਣੇ ਹੋਣਗੇ,
ਅਨੁਭਵ ਕਰਸੇਂ ਝੱਟ ।
ਮੇਰੇ ਨੌਹਾਂ ਸੰਦੜੇ
ਹੋਸਨ ਨਹੀਂ ਨਿਸ਼ਾਨ,
ਨਾ ਉਹਨਾਂ ਤੇ ਕੱਛਣੀ
ਬੱਝੀ ਦੱਸੂ ਸ਼ਾਨ ।
ਨਾ ਪੈਰਾਂ ਦੇ ਗਿਰਦ ਹੀ
ਪਾਜ਼ੇਬਾਂ-ਛਣਕਾਰ
ਮਸਤ ਬਣਾਂਦੀ ਹੋਸੀਆ
ਰੰਗਲੇ ਨਾਚ ਉਭਾਰ ।

101

ਮੇਘ ! ਜਾਇ ਜੇ ਤਕੇਂਗਾ
ਮੇਰੀ ਉਹ ਸਰਕਾਰ,
ਨੀਂਦਰ ਦਾ ਸੁਖ ਮਾਣ ਰਹੀ;
ਮੌਨ ਲਈਂ ਤਾਂ ਧਾਰ ।
ਜੇਰਾ ਕਰੀਂ, ਉਡੀਕ ਲਈਂ
ਨਾਂਹ ਜਗਾਈਂ ਗੱਜ,
ਵੇਖੀਂ ਮੁਖੜਾ ਓਸ ਦਾ
ਸੋਹਣਾ ਏਸੇ ਪੱਜ ।
ਖਬਰੇ ਸੁਪਨੇ ਵਿਚ ਉਹ
ਮੇਰੀਆਂ ਬਾਹਾਂ ਵਿਚ
ਮਿਲਣੀ ਦਾ ਰਸ ਲੈ ਰਹੀ
ਹੋਵੇ, ਕਰੀਂ ਨਾ ਜਿੱਚ ।
ਸੁਣ ! ਕਿਧਰੇ ਇੰਜ ਨਾ ਹੋਇ
ਨੀਂਦਰ ਕਰੇਂ ਉਚਾਟ;
ਇਹ ਸੁਪਨੇ ਦਾ ਸੁੱਖ ਵੀ
ਜਾਏ ਉਦ੍ਹਾ ਗੁਆਚ ।
ਭੁਜ-ਲਤਾ ਬੰਧਨ ਟੁੱਟੇ
ਸੁਖ ਦਾ ਪਲ ਬਿਲਮਾਇ;
ਤੇ ਉਹ ਹਹੁਕੇ ਹਾਵਿਆਂ
ਦੀ ਝੋਲੀ ਪੈ ਜਾਇ ।

102

ਪਹਿਰ ਬੀਤਣ ਉਪਰੰਤ ਵੀ,
ਜੇ ਉਹ ਮੇਰੀ ਨਾਰ
ਜਾਗੇ ਨਾ ਨਵ-ਮਾਲਤੀ
ਫੁਲਾਂ ਜਹੀ ਸੁਕੁਮਾਰਿ;
ਤਾਂ ਫਿਰ ਜਲ-ਕਣੀਆਂ ਭਰੀ
ਠੰਢੀ ਮਹਿਕੀ ਪੌਣ,
ਤੂੰ ਹੌਲੇ ਰੁਮਕਾ ਦਈਂ,
ਜਾਗੂ, ਚੁੱਕੂ ਧੌਣ ।
ਤੇ ਇਸ ਛੁਹ ਦੇ ਨਾਲ ਜਦ,
ਉਠ ਬੈਠੂ ਮਨ-ਹਰਨ,
ਟਹੀ ਬੰਨ੍ਹ ਵੇਖੂ ਤਦੋਂ
ਉਹ ਮੇਰੀ ਸੁਖ-ਕਰਨ ।
ਕੜਕ ਲੁਕਾ ਲਈਂ ਫੇਰ ਤੂੰ
ਬਿਜਲੀ ਦੀ ਤਤਕਾਲ,
ਗੱਲ ਹੌਲੀ ਦੇ ਮੁੜ ਕਰੀਂ
ਠਹਿਰ ਠਰ੍ਹੰਮੇ ਨਾਲ ।
ਮਾਣ ਮਤੀ ਉਹ ਗੁਣਵਤੀ
ਰਹਿੰਦੀ ਸਦਾ ਗੰਭੀਰ;
ਵਸੇਂ ਵਸੇਂ ਉਹ ਨਾ ਕਦੇ
ਹੁੰਦੀ ਹੈ ਦਿਲਗੀਰ ।
ਉਸ ਧਰਤੀ ਦੀਆਂ ਜਾਈਆਂ
ਮਰਦ ਪਰਾਏ ਨਾਲ,
ਅਚਨਚੇਤ ਗੱਲ ਕਰਨ ਨਾ,
ਵੀਰਾ ! ਕਰੀਂ ਖ਼ਿਆਲ ।
ਏਸ ਦੇਸ ਦੀਆਂ ਯੁਵਤੀਆਂ
ਹੁੰਦੀਆਂ ਨਹੀਂ ਨਿਸੰਗ,
ਨੈਣ ਉਚਾ ਗੱਲ ਕਰਨ ਤੋਂ,
ਜਾਣ ਸ਼ਰਮ ਵਿਚ ਸੰਗ ।
ਕੁਝ ਚਿਰ ਪਿਛੋਂ ਜਦੋਂ ਉਹ,
ਹੋ ਸੁਅਸਥ ਤੁਧ ਕੋਲ
ਆਇਗੀ, ਤਾਂ ਕਰ ਲਈਂ
ਗੱਲਾਂ ਬਹਿ ਅਨਭੋਲ ।

103

ਆਖੀਂ ਸੱਜਣ ਓਸ ਨੂੰ
'ਹੇ ਸੁਭਾਗ, ਸੁਖ-ਕੰਦ !
ਮੈਂ ਮਿੱਤਰ ਤੁਧ ਪਤੀ ਦਾ
ਦੱਸਾਂ ਸੁਖ-ਆਨੰਦ ।
ਧੀਮੀ, ਮਿੱਠੀ ਗਰਜਣਾਂ
ਨਾਲ ਦਿਆਂ ਰਾਹ ਦੱਸ
ਉਹਨਾਂ ਨੂੰ ਪੰਧ ਪੈਣ ਜੇ
ਬਿਜਲੀ ਵਿਚੋਂ ਲੱਸ ।
ਪਰਦੇਸਾਂ 'ਚੋਂ ਆ ਰਹੇ
ਰਾਹੀ ਜੋ ਘਰ ਵੱਲ,
ਲਿਆ ਉਹਨਾਂ ਦੇ ਮਨਾਂ ਵਿਚ
ਮੈਂ ਦੇਵਾਂ ਹਲ-ਚੱਲ ।
ਤੇ ਮਨ ਉਹਨਾਂ ਸੰਦੜੇ
ਅਪਣੀਆਂ ਨਾਰਾਂ ਨਾਲ
ਕਾਮ-ਕ੍ਰੀੜਾ ਕਰਨ ਲਈ
ਹੋਣ ਤਯਾਰ ਤਤਕਾਲ ।
ਗੁਤਨੀਆਂ-ਬੱਝੇ ਕੇਸ ਜੋ
ਜਟਾਂ ਵਾਂਗ ਹੋ ਜਾਣ,
ਉਹ ਖੋਲ੍ਹਣ ਲਈ ਉਹਨਾਂ ਨੂੰ
ਕਾਹਲੇ ਕਦਮ ਉਠਾਣ ।
ਪਰਦੇਸੀ ਗੰਭੀਰ ਸੁਰ
ਮੇਰਾ ਸੁਣਨ ਅਧੀਰ
ਹੋ ਕੇ, ਨੱਸਣ ਘਰਾਂ ਨੂੰ,
ਛੰਡਦੇ ਹੋਇ ਸਰੀਰ ।
'ਭੁੱਲ ਥਕੇਵਾਂ ਰਾਹ ਦਾ,
ਘਰ ਪੁੱਜਣ ਲਈ ਝੱਟ
ਉਹ ਮੁੜ ਕੇ ਨੱਸ ਉੱਠਦੇ,
ਪੈਰ ਤਿਖੇਰੇ ਸੱਟ ।
ਤੂੰ ਇਕੱਲੇ ਆਪਣੇ
ਪਤਿ ਦਾ ਹੀ ਸੰਦੇਸ਼
ਲਿਆਵਣ ਹਾਰਾ ਸਮਝ ਨਾ,
ਤੱਕ ਇਹ ਮੇਰਾ ਵੇਸ ।
ਮੈਂ ਤਾਂ ਕੁਲ ਜਹਾਨ ਲਈ
ਸੁਖ-ਦਾਤਾ, ਸੁਕੁਮਾਰਿ !
ਨਾਮ ਮਿਰਾ ਹੈ ਮੇਘਲਾ,
ਜਗ ਜੀਵਾਲਣ ਹਾਰ ।
ਵਿਚ ਵਿਜੋਗ ਜੋ ਤੜਪਦੇ,
ਫੇਰ ਮਿਲਣ ਦੀ ਆਸ;
ਉਹਨਾਂ ਨੂੰ ਬੰਨ੍ਹਵਾ ਦਿਆਂ,
ਮੇਟਾਂ ਬ੍ਰਿਹੁੰ-ਪਿਆਸ ।'

104

ਸੁਣ ਮੈਥੋਂ ਹੇ ਸਖੇ ਸਹੇਲੇ,
ਮਿੱਤਰ ਮੇਘ ਪਿਆਰੇ !
ਉਤਕੰਠਤ ਹੋ ਮੇਰੀ ਸਜਣੀ
ਨੈਣ ਉਚਾ ਮਤਵਾਰੇ
ਨਾਲ ਸਨੇਹ ਤੱਕੇਗੀ ਤੈਨੂੰ,
ਹੋ ਜਾਸੀ ਬਲਿਹਾਰੇ ।
ਜਿਵੇਂ ਰਾਮ-ਸੰਦੇਸ਼ ਲੈਣ ਲਈ
ਸੀਤਾ ਸਾਈਂ ਸਵਾਰੇ
ਹਨੂਮਾਨ ਵੱਲ ਤੱਕਿਆ ਹੈਸੀ,
ਤਿਉਂ ਉਹ ਤੁਧੇ ਨਿਹਾਰੇ ।
ਸਾਵਧਾਨ ਹੋ ਤੈਥੋਂ ਲੈਸੀ
ਸੁੱਖ-ਸੁਨੇਹਾ ਮੇਰਾ,
ਤੇ ਉਪਕਾਰ ਮੰਨੇਗੀ ਵੱਡਾ
ਆਦਰ ਕਰ ਕੇ ਤੇਰਾ ।
ਮਿੱਤਰ ਜਦੋਂ ਸੁਨੇਹਾ ਲਿਆਏ,
ਅਪਣੇ ਮਿੱਤਰ ਕੇਰਾ,
ਨਾਰੀ ਦਾ ਮਨ ਫੁੱਲਾਂ ਤੋਂ ਵੀ
ਖਿੜਦਾ ਤਦੋਂ ਵਧੇਰਾ ।

105

ਮੇਘ ! ਮੇਰੀ ਇਹ ਬੇਨਤੀ
ਤੇ ਅਪਣਾ ਉਪਕਾਰ-
ਬਿਰਹੀ ਮਨ ਤ੍ਰਿਪਤਾਣ ਲਈ
ਹੋਸੇਂ ਜਦੋਂ ਤਿਆਰ,
ਕਹੀਂ 'ਰਾਮ-ਗਿਰ-ਆਸ਼ਰਮ
ਤੇਰਾ ਪਤੀ ਸੁਜਾਨ
ਸੁੱਖ-ਸਾਂਦ ਤੇਰੀ ਲਈ
ਉਤਸਕ ਰਹੇ ਮਹਾਨ ।
ਪੁਛੀਏ ਪਹਿਲਾਂ ਏਸ ਲਈ
ਸੱਜਣ-ਸੁਖ-ਆਨੰਦ,
ਕਿਉਂ ਜੋ ਲੁਕਮਾ ਕਾਲ ਦਾ
ਹਰ ਪ੍ਰਾਣੀ, ਹਰ ਬਿੰਦ ।
ਦੂਰ ਵਤਨ ਤੋਂ ਗਇਆਂ ਦਾ
ਮਿਲੇ ਜਾਂ ਸੁਖ-ਸਮਾਚਾਰ
ਪ੍ਰੀਅ-ਮਨਾਂ ਵਿਚ ਠੰਢ ਪਇ
ਰੂਹ ਲੈ ਲਵੇ ਹੁਲਾਰ ।

106

ਆਖੀਂ ! 'ਕਾਂਤਾ ਮੇਰੀਏ !
ਹੋਣੀ ਹੋਈ ਬਲਵਾਨ,
ਜਿਨ੍ਹੇਂ ਯੱਖ ਤੁਧ ਪਤੀ ਨੂੰ
ਦੂਰ ਤਰਾਹਿਆ ਜਾਨ !
ਬੱਧਾ ਉਸ ਨੂੰ ਸ੍ਰਾਪ ਨੇ
ਕਰੜੇ ਘੱਤ ਜ਼ੰਜੀਰ,
ਨਾ ਤੈਨੂੰ ਉਹ ਮਿਲ ਸਕੇ
ਕਰ ਕੋਈ ਤਦਬੀਰ ।
ਪਰ ਅਪਣੀ ਵਿਚ ਕਲਪਣਾ
ਰਹਿੰਦਾ ਤੇਰੇ ਕੋਲ,
ਸੁਣਦਾ ਅੱਖੀਂ ਮੀਟ ਕੇ,
ਕੰਨੀਂ ਮਾਨੋਂ ਬੋਲ ।
ਜਿਉਂ ਏਥੇ ਵਿਚ ਬ੍ਰਿਹੁੰ ਦੇ
ਤੇਰਾ ਸੜੇ ਸਰੀਰ,
ਤੇ ਫਿਰ ਲੰਮੇ ਸਾਹ ਲਵੇਂ
ਲਿਆ ਨੈਣਾਂ ਵਿਚ ਨੀਰ;
ਤਿਉਂ ਦੂਰ ਪਰਦੇਸ ਵਿਚ
ਤੇਰੇ ਅਤਿ ਵਿਜੋਗ
ਅੰਦਰ ਹਹੁਕੇ ਲੈ ਰਹਿਆ,
ਮਨ ਨੂੰ ਮੱਲਿਆ ਸੋਗ ।
ਲੁੜਛਾਂ, ਤੜਪਾਂ, ਕਲਵਲਾਂ,
ਤੱਤੇ ਲਵਾਂ ਸੁਆਸ,
ਨੈਣ ਝਲਾਰੀਂ ਵਗ ਰਹੇ,
ਸੁੱਕਾ ਤਨ ਦਾ ਮਾਸ ।
ਅੰਗ ਅੰਗ ਵਿਚ ਪੀੜ ਹੈ
ਨਾੜ ਨਾੜ ਵਿਚ ਸਾੜ;
ਰੂਹ ਹੈ ਡਾਬੂ ਲੈ ਰਹੀ,
ਅੱਗ ਵਰ੍ਹਾਏ ਹਾੜ ।
ਏਥੇ ਤੇਰੀ ਦਸ਼ਾ ਜੋ,
ਦੂਰ ਪਰੇ ਪਰਦੇਸ
ਮੇਰੀ ਵੀ ਹਾਲਤ ਉਹਾ,
ਮਨ ਨੂੰ ਮਹਾਂ-ਕਲੇਸ਼ ।
ਤਨ ਛਿੱਜੇ, ਰੂਹ ਤੜਪ ਰਹੀ,
ਪੁਜ ਮੰਦਾ ਹੈ ਹਾਲ,
ਦੀਦ ਤੇਰੀ ਹੀ ਚੰਨੀਏਂ,
ਰਹੇ ਨੈਣ ਇਹ ਭਾਲ ।

107

ਆਖੀਂ ! 'ਏਸ ਵਿਜੋਗ ਤੋਂ
ਪਹਿਲਾਂ, ਤੈਨੂੰ ਯਾਦ,
ਤੇਰੀਆਂ ਸਖੀਆਂ ਸਾਮ੍ਹਣੇ
ਤੇਰੀ ਛੁਹ ਦਾ ਸੁਆਦ
ਲੈਣ ਲਈ ਮਨ ਉਮਲਦਾ,
ਜਾਂ ਤੁਧ ਕੰਨਾਂ ਕੋਲ,
ਮੂੰਹ ਲਿਜਾ ਕੇ ਬੋਲਦਾ ਸਾਂ
ਕੁਝ ਪਿਆਰੇ ਬੋਲ ।
ਪਰ ਹੁਣ ਤੈਥੋਂ ਦੂਰ ਉਹ
ਸਇਆਂ ਵਲਿੱਖਾਂ ਹਾਇ
ਬੈਠਾ ਤੈਨੂੰ ਸਿਮਰਦਾ,
ਸੁਰਤੀ ਵਿਚ ਵਸਾਇ ।
ਤੇਰੇ ਰਸ ਦੇ ਭਰੇ ਹੋਇ
ਮਾਖਿਓਂ ਮਿੱਠੇ ਬੋਲ,
ਮੇਰੇ ਕੰਨ ਸੁਣਦੇ ਨਹੀਂ,
ਸਖਮ-ਸੱਖਣੀ ਝੋਲ ।
ਤੇ ਉਹ ਕੰਨਾਂ ਤੇਰਿਆਂ
ਪਾਸ ਲਿਜਾ ਕੇ ਮੁੱਖ,
ਅਨੁਭਵ ਕਰ ਸਕਦਾ ਨਹੀਂ,
ਸਜਣੀ, ਸਵਰਗੀ ਸੁੱਖ ।
ਏਸੇ ਲਈ ਹੀ ਓਸ ਨੇ
ਕੁਝ ਬਣਾਏ ਛੰਦ
ਘੱਲੇ ਮਿੱਤਰ-ਮੇਘ ਨੂੰ,
ਪੁਛੇ ਸੁੱਖ-ਆਨੰਦ ।
ਬੱਦਲ ਰਾਹੀਂ ਆਪਣਾ
ਭੇਜ ਰਹਿਆ ਸੰਦੇਸ਼,
ਕੰਨ ਧਰੀਂ, ਦਸ ਦਏਗਾ,
ਮੇਰਾ ਉਹ ਆਦੇਸ਼ ।'

108

ਤੁਧ ਦਰਸ਼ਨ ਦੀ ਵਧੀ ਲਾਲਸਾ,
ਏਨੀ ਮਨ ਵਿਚਕਾਹੇ
ਰੂਪ-ਨਸ਼ੇ ਵਿਚ ਯਾਦ ਮਗਨ-ਰੂਹ
ਤੈਨੂੰ ਸਦਾ ਚਿਤਾਏ ।
ਤੇਰੇ ਕੋਮਲ ਅੰਗਾਂ ਅੰਦਰ
ਮਾਧੁਰਤਾ ਹੁਲਸਾਏ,
ਉਹਨਾਂ ਵਾਂਗ ਸੁਹਣੀਆਂ ਵਸਤਾਂ
ਵੇਖੇ ਮਨ ਕਲਪਾਏ ।
ਕੇਡਾ ਦੁਖ ਕਲਪਣਾਂ ਵਿਚ ਵੀ
ਛੁਹ ਤੇਰੀ ਨਾ ਪਾਏ,
ਜੀਵਨ-ਰਸ ਤੋਂ ਵਾਂਜੇ ਗਏ ਦਾ
ਬ੍ਰਿਹੁੰ ਕਲੇਜਾ ਖਾਏ ।
ਸ਼ਾਮਾਂ-ਵੇਲ ਦੀਆਂ ਸ਼ਾਖਾਂ 'ਚੋਂ
ਸਮਝਾਂ ਤੂੰ ਲਹਿਰਾਏ,
ਭੋਲੀ ਹਿਰਨੀ ਦੇ ਨੈਣਾਂ ਨੇ
ਤਿਰੇ ਕਟਾਖ ਚੁਰਾਏ ।
ਚੰਦਰਮਾ ਵਿਚ ਤਿਰੇ ਰੂਪ ਦਾ
ਜਲਵਾ ਨਜ਼ਰੀਂ ਆਏ;
ਮੋਰ ਦਿਆਂ ਖੰਭਾਂ ਵਿਚ ਤੇਰੇ
ਕੇਸਾਂ ਦੀ ਛਬਿ ਛਾਏ ।
ਨਦੀ ਦੀਆਂ ਲਹਿਰਾਂ ਵਿਚ ਤੇਰਾ
ਖਿਣਕ ਵਿਕਾਸ ਤਕਾਏ
ਪਲ ਝਟ ਦੇ ਲਈ ਮਨ ਨੂੰ ਠਾਰਾਂ
ਡਾਂਝ ਰਤਾ ਬੁਝ ਜਾਏ ।
ਕੁਈ ਸਦਰਸ਼ਤਾ ਨਾ ਦੇ ਸੱਕੇ
ਇਹ ਸਾਰੀ ਬਨ-ਰਾਏ;
ਉਪਮਾਂ ਲਭਦਾ ਤੁਧ ਅੰਗਾਂ ਦੀ,
ਹਾਰ ਗਇਆ ਹਾਂ ਹਾਏ ।
ਹਾਂ, ਸਰਬਾਂਗੀ ਉਪਮਾਂ ਲਭਣੀ,
ਸੰਭਵ ਨਹੀਂ ਕਦਾ ਏ;
ਮਿਲ ਜਾਏ ਕਿਧਰੋਂ ਇਕ-ਅੰਗੀ,
ਔਖੀ ਬਣੀ ਇਹਾ ਏ ।
ਕਲਪਣਾਂ ਵਿਚ ਵੀ ਦਰਸ ਨਾ ਹੋਵੇ,
ਬਿਰਹੋਂ ਲਾਈ ਭਾ ਏ;
ਤੇਰਾ ਪ੍ਰੀਤ-ਵਿਛੋੜਾ ਸਜਣੀ
ਮੈਨੂੰ ਮਾਰੀ ਜਾਏ ।

109

ਪ੍ਰੀਅ ਜਦ ਦੁਖ ਵਿਜੋਗ ਮੈਂ ਤੇਰਾ,
ਘਟ ਕਰਨ ਲਈ ਵਿਲਲਾਂਦਾ ਹਾਂ;
ਪਰਬਤ-ਸ਼ਿਲ ਤੇ ਗੇਰੂ ਰੰਗਾ
ਤੇਰਾ ਰੂਪ ਚਿਤ੍ਰ ਵਾਂਹਦਾ ਹਾਂ ।
ਤੈਨੂੰ ਫੇਰ ਮਨਾਵਣ ਦੇ ਲਈ
ਤੇਰੇ ਸਿਲ-ਚਿਤ੍ਰਤ ਚਰਨਾਂ ਦੀ-
ਅਪਣੇ ਦੀਨ, ਝੁਕੇ ਹੱਥਾਂ ਲਈ
ਤੇਰੀ ਰਸ-ਮਈ ਛੁਹ ਚਾਂਹਦਾ ਹਾਂ ।
ਤੇਰੇ ਲਈ ਤਰਸਦੇ ਨੈਣ ਇਹ
ਝੜੀ ਅੱਥਰੂਆਂ ਦੀ ਲਾ ਦੇਂਦੇ,
ਰੁੰਧ ਜਾਂਦੀ ਹੈ ਨਜ਼ਰ ਮੇਰੀ ਫਿਰ,
ਕਲਪ ਕਲਪ ਕੇ ਕੁਰਲਾਂਦਾ ਹਾਂ ।
ਜ਼ਿੱਦੀ ਬ੍ਰਹਮਾ ਚਿਤ੍ਰ ਵਿਚ ਵੀ
ਤੈਨੂੰ ਮੈਨੂੰ ਮਿਲਣ ਨਾ ਦੇਵੇ;
ਹਾਇ ! ਮੇਲ-ਚਿਤ੍ਰ ਅੰਕਣ ਲਈ
ਮੈਂ ਅਸੰਖ ਤਰਲੇ ਪਾਂਦਾ ਹਾਂ ।

110

ਮੇਰੀ ਜਾਨ ! ਕਦੇ ਸੁਪਨੇ ਵਿਚ
ਮੈਂ ਤੈਨੂੰ ਜਦ ਪਾਵਾਂ,
ਤੇ ਗਲਵਕੜੀ ਵਿਚ ਲੈਣ ਲਈ
ਹਾਂ ਫੈਲਾਂਦਾ ਬਾਂਹਵਾਂ ।
ਮਨ ਲੋਚੇ ਇਸ ਸਵਰਨ ਲਤਾ ਨੂੰ
ਵੀਣੀਆਂ ਦੇ ਵਿਚ ਵਲ ਲਾਂ
ਹੱਥ ਅੱਡਦਾ, ਤਰਲੇ ਪਾਂਦਾ
ਸੁਹਣੀਏ ਨੀ ! ਰਹਿ ਜਾਵਾਂ ।
ਤਰਸ ਭਰੀ ਮੇਰੀ ਤਕ ਹਾਲਤ
ਰੋ ਪਈਆਂ ਬਨ-ਜਾਈਆਂ,
ਮੋਤੀਆਂ ਵਰਗੇ ਅੱਥਰੂ ਕੇਰੇ
ਵਗ ਪੂਰਬ ਦੀਆਂ ਵਾਵਾਂ ।
ਰੁੱਖਾਂ ਦੀਆਂ ਨਵੀਨ ਕੂਮਲਾਂ
ਉਤੇ ਹੰਝੂ ਬਿਖਰੇ,
ਪ੍ਰੀਅ-ਵਿਜੋਗ ਵਿਚ ਰਹਿ ਗਯਾ ਹਾਂ
ਮੈਂ ਅਪਣਾ ਪਰਛਾਵਾਂ ।

111

ਹੇ ਗੁਣ-ਵਤੀ ਹਿਮਾਲੇ ਵਲੋਂ
ਪੌਣ ਜਾਂ ਹਿਮ-ਕਣ ਭਿੱਜੀ
ਮਲਕ, ਮਲਕੜੇ ਆਣ ਮਚਲਦੀ
ਮਹਿਕ ਤ੍ਰੌਂਕਾਂ ਸਿੱਜੀ;
ਦਿਓਦਾਰ ਰੁਖਾਂ ਦੀਆਂ ਟੁਟੀਆਂ
ਨੂਰ ਵੰਨੀਆਂ ਸਰੀਆਂ
ਦੀ ਸੁਗੰਧ ਲੈਂਦੀ ਹੋਈ ਆਉਂਦੀ
ਸਗਵੀਂ ਨਿੱਘੀ-ਨਿੱਘੀ;
ਓਦੋਂ ਮੈਂ ਅਧੀਰ ਹੋ ਜਾਵਾਂ
ਤੇ ਅੱਡਦਾ ਹਾਂ ਬਾਹਾਂ,
ਓਸ ਪੌਣ ਨੂੰ ਪਕੜਨ ਚਾਹਵਾਂ,
ਕਰੇ ਉਦਾਲਾ ਚਿੱਘੀ ।
ਸਮਝਾਂ ਤੇਰੇ ਕੋਮਲ-ਅੰਗਾਂ
ਦੀ ਛੁਹ ਮਾਣ ਇਹ ਆਈ,
ਜਾਣਾਂ ਤੁਧ ਸਪਰਸ਼ ਲੈਣ ਲਈ
ਸਦਕੜੇ ਲੈਂਦੀ ਸੱਗੀ ।
ਬਿਰਹੋਂ ਦਗਧ ਹ੍ਰਿਦਾ ਇਹ ਮੇਰਾ
ਠੰਢ ਏਸ ਤੋਂ ਲੈਂਦਾ,
ਮੈਂ ਇਸ ਦੀ ਭੇਟਾ ਲਈ ਚੰਨੀਏ,
ਹੰਝੂ-ਝੋਲ ਉਲੱਦੀ ।

112

ਮੇਰੀ ਚੰਚਲ ! ਇਹੋ ਇਕ ਕਾਮਨਾ
ਦਿਨ-ਰਾਤ ਕਰਦਾ ਹਾਂ :
ਲਮੇਰੇ ਪਹਿਰ ਰਾਤਾਂ ਦੇ
ਪਲਾਂ ਦੇ ਵਾਂਗ ਲੰਘ ਜਾਵਣ
ਤੇ ਦਿਨ ਦੀ ਤਪਸ਼ ਹੋਵੇ ਖੀਣ
ਬੁੱਲੇ ਠੰਢੜੇ ਆਵਣ;
ਨਹੀਂ ਸੰਭਵ ਦੋਏ ਗੱਲਾਂ
ਤਦੇ ਜਾਂਦਾ ਨਿਘਰਦਾ ਹਾਂ ।
ਨਾ ਲੰਮਸ-ਲੰਮੀਆਂ ਰਾਤਾਂ
ਸੁਕੜ ਕੇ ਵਿਚ ਪਲਾਂ ਬਦਲਣ;
ਨਾ ਦਿਲ ਦੀ ਘਾਮ ਜਾਂਦੀ ਹੈ,
ਨਾ ਸੋਗੀ ਕਲਵਲਾਂ ਬਦਲਣ;
ਮੈਂ ਬਿਰਹੋਂ ਮਾਰਿਆ ਨਾ ਜੀਂਵਦਾ ਹਾਂ
ਨਾ ਹੀ ਮਰਦਾ ਹਾਂ ।
ਮੇਰੇ ਸਾਰੇ ਮਨੋਰਥ ਮਿੱਧ ਦਿੱਤੇ
ਮੇਰਿਆਂ ਕਰਮਾਂ
ਤੇ ਅਪਣੀ ਬੇਵਸੀ ਇਹ ਵੇਖ
ਮੈਨੂੰ ਰੁਆਂਦੀਆਂ ਸ਼ਰਮਾਂ ।

113

ਮੇਰੀ ਮੁਕਤੀ, ਮੇਰੀ ਕਲਿਆਣ,
ਮੇਰੀ ਪ੍ਰੀਤਮਾ ਪਿਆਰੀ !
ਮੈਂ ਇੰਜੇ ਨਿੱਤ ਅਪਣੀ
ਕਲਪਣਾ ਦੇ ਜਾਲ ਬੁਣਦਾ ਹਾਂ;
ਮਿਲਣ ਦੀ ਆਸ ਤੇ ਹੀ ਜੀ ਰਹਿਆ ਹਾਂ
ਸੈਲ ਖੁਣਦਾ ਹਾਂ;
ਸਮਾਂ ਮੁੱਕ ਜਾਵਣਾ ਹੈ ਸ੍ਰਾਪ ਦਾ
ਮਿਲਣਾ ਅਸਾਂ ਵਾਰੀ ।
ਵਿਜੋਗ ਅੰਦਰ ਨਾ ਤੂੰ ਘਬਰਾ
ਸਮਾਂ ਸੰਜੋਗ ਦਾ ਆਉਣਾ
ਜੇ ਅੱਜ ਦੁਖ ਹੈ, ਤਾਂ ਕਲ੍ਹ ਹੀ ਵੇਖ ਲਈਂ
ਪੈੜਾ ਹੈ ਸੁਖ ਪਉਣਾ;
ਦੋਇ ਪਹੀਏ ਇਹ ਦੁਖ ਸੁਖ ਦੇ
ਸਦਾ ਭੌਂਦੇ ਮੇਰੀ ਦਾਰੀ !
ਟਿਕਾਣਾ ਬਦਲਦਾ ਰਹਿੰਦਾ
ਇਹਨਾਂ ਦਾ ਚਕ੍ਰ ਚੱਕਰ ਲਇ
ਜਨਮ ਦੇ ਨਾਲ ਲੱਗੀ ਮੌਤ
ਮਿਲਣੀ ਨਾਲ ਬਿਰਹੋਂ ਖਹਿ;
ਇਹ ਜੀਵਨ-ਪੱਖ ਦੋਵੇਂ ਨੇ
ਕੁਈ ਦੋਹਾਂ 'ਚ ਨਹੀਂ ਦੂਰੀ ।
ਵਿਛੋੜਾ-ਤਾਪ ਮੁਕਣਾ ਹੈ,
ਮਿਲਣ-ਫੋਹਾਰ ਵਸਣੀ ਹੈ ।
ਦਇਆ ਦਾਤਾਰ ਪ੍ਰੀਤਮ ਦੀ
ਹੋ ਮੁਹਲੇ-ਧਾਰ ਵਸਣੀ ਹੈ ।

114

ਮੇਰੀ ਸਜਣੀ ! ਤੂੰ ਧਰ ਧੀਰਜ
ਨਿਰਾਸ਼ਾ-ਵਾਨ ਹੋਈਂ ਨਾ;
ਜਦੋਂ ਭਗਵਾਨ ਸ਼ਈਆ ਸ਼ੇਸ਼ ਦੀ
ਬਦਲਣਗੇ ਤਦ ਤਾਈਂ
ਹੋਊ ਪੂਰੀ ਮੇਰੀ ਇਹ ਸ੍ਰਾਪ-ਔਧੀ,
ਤੂੰ ਨਾ ਘਬਰਾਈਂ ।
ਮਹੀਨੇ ਚਾਰ ਹੀ ਤਾਂ ਨੇ,
ਦੁਖੀ ਐ ਜਾਨ ! ਹੋਈਂ ਨਾ ।
ਤੂੰ ਅੱਖਾਂ ਮੀਟ ਕੇ ਇਹ ਦਿਨ ਬਿਤਾ
ਕਲਪਾ ਨਾ ਮਨ ਅਪਣਾ;
ਬ੍ਰਿਹੁੰ ਅਗਨੀ 'ਚ ਸੜ ਸੜ ਸੁਹਣੀਏ !
ਸੁਆਹ ਕਰ ਨਾ ਤਨ ਅਪਣਾ;
ਖਿੜੇਗੀ ਸਿਆਲ ਦੀ ਚੰਦ ਚਾਨਣੀ
ਹੈਰਾਨ ਹੋਈਂ ਨਾ ।
ਉਨ੍ਹਾਂ ਠਰੀਆਂ ਹੋਈਆਂ ਰਾਤਾਂ
ਦੀ ਇਹ ਪਿਆਰਾਂ-ਭਰੀ ਮਿਲਣੀ
ਠਰਾਂਗੇ, ਰਸ-ਰਸਾਂਗੇ,
ਹੋਊ ਇਕਰਾਰਾਂ ਭਰੀ ਮਿਲਣੀ;
ਬ੍ਰਿਹੁੰ ਦਾ ਇਹ ਸਮਾਂ ਮੁਕ ਜਾਵਣਾ,
ਭੈਮਾਨ ਹੋਈਂ ਨਾ ।
ਮਨੋਰਥ ਹੋਣਗੇ ਪੂਰੇ,
ਮਿਲਾਂਗੇ ਪਾ ਗਲੇ ਬਾਹਾਂ ।
ਬੁਲ੍ਹਾਂ ਨੂੰ ਬੁਲ੍ਹ ਚੁੰਮਣਗੇ,
ਖਿਲਾਂਗੇ, ਪਾ ਗਲੇ ਬਾਹਾਂ ।

115

ਸ਼ਾਮ-ਸਲੋਣੇ ਨੈਣਾਂ ਵਾਲੀਏ !
ਉਹ ਗੱਲ ਯਾਦ ਕਰੀਂ, ਮਨ ਲਾਈਂ ।
ਮੈਂ ਆਨੰਦ-ਕੁਸ਼ਲ ਹਾਂ ਏਥੇ,
ਲੋਕ ਅਪਵਾਦ ਵੱਲੇ ਨਾ ਜਾਈਂ ।
ਮਨ ਭੋਲਾ ਠਗਿਆ ਨਾ ਜਾਏ,
ਚਿੱਤ ਨੂੰ ਚਿੰਤਾ ਫ਼ਿਕਰ ਨਾ ਲਾਈਂ ।
ਤੇਰੇ ਵਸ ਦੀ ਗੱਲ ਨਾ ਹੈ ਇਹ
ਸਜਣਾਂ ਦੂਰ ਵਸੰਦਿਆਂ ਸੰਦੀ,
ਪ੍ਰੀਤ-ਘਟੇ ਉਮਰਾਂ ਦੀ ਨਿਆਈਂ ।
ਜਿਥੇ ਹੋਇ ਸਨੇਹ ਪਰ ਸੱਚਾ
ਅੱਖੀਆਂ ਲਾਈਏ ਚਾਈਂ ਚਾਈਂ,
ਓਥੇ ਘਟਦੀ ਪ੍ਰੀਤ ਕਦੇ ਨਾ,
ਚੁਗਲ ਲਾਣ ਚਾਹੇ ਲਖ ਵਾਹੀਂ ।
ਯਾਦ ਉਸ ਦੀ ਪਲ ਪਲ ਕਲਪਾਏ
ਔਸੀਆਂ ਪੌਂਦੇ ਭੋਂ ਮੁਕ ਜਾਏ,
ਸੀਨੇ ਵਿਚ ਭੜਮੱਚੇ ਬਲਦੇ,
ਜਿਗਰਾ ਝੁਲਸ ਰਹੀਆਂ ਨੇ ਆਹੀਂ ।

116

ਮਿੱਤਰ ਮੇਘ ! ਵਿਜੋਗਾਂ ਮਾਰੀ,
ਲੈ ਸੰਦੇਸ਼ ਲਵੇ ਜਦ ਪਿਆਰੀ;
ਧੀਰ ਬਨ੍ਹਾ ਕੇ ਉਸ ਸਜਣੀ ਦੀ
ਹੌਲੀ ਮਾਰੀਂ ਫੇਰ ਉਡਾਰੀ ।
ਉਹ ਹਿਮਾਲਾ ਚੋਟੀਆਂ ਜਿਸ ਦੀਆਂ
ਚੁੰਮ ਰਹੀਆਂ ਨੇ ਅੰਬਰ ਤਾਈਂ
ਜਿਨ੍ਹਾਂ ਤੇ ਸ਼ਿਵ-ਵਾਹਨ ਨੰਦੀ ਬੜ੍ਹਕੇ
ਪਾਵੇ ਖੌਰੂ ਭਾਰੀ ।
ਉਸ ਨੂੰ ਪਰਸ ਮੁੜੀਂ ਤੂੰ ਪਿੱਛੇ
ਲਿਆ ਸੰਦੇਸ਼ ਕਲੇਜਾ ਠਾਰੀਂ ।
ਦਿੱਤਾ ਜੋ ਉਸ ਮੇਰੀ ਪ੍ਰੀਅ ਨੇ
ਕੰਵਲਾਂ ਤੋਂ ਕੋਮਲ ਜੋ ਨਾਰੀ;
ਆ ਕੇ ਮੈਨੂੰ ਦੱਸੀਂ ਵੀਰਾ
ਅੰਬਰ ਤੇ ਲਾਉਂਦਾ ਇਕ ਤਾਰੀ ।
ਅੰਮ੍ਰਿਤ ਵੇਲੇ ਦੇ 'ਕੁੰਦ' ਫੁੱਲਾਂ
ਨਾਲੋਂ ਵੀ ਜੋ ਸੁਹਲ ਸੌ ਗੁਣਾਂ
ਉਸ ਦੇ ਪ੍ਰਾਣ ਬਚਾ ਕੇ
ਮੈਨੂੰ ਵੀ ਤੂੰ ਆ ਜੀਵਾ ਉਪਕਾਰੀ ।

117

ਸੋਮ ! ਸੰਦੇਸ਼ ਪੁਚਾਵਣ ਦਾ ਤੂੰ
ਮੈਨੂੰ ਬਚਨ ਦਿੱਤਾ, ਖ਼ੁਸ਼ ਕੀਤਾ,
ਤੂੰ ਹੈਂ ਚੁੱਪ, ਸਮਝਿਆ ਮੈਂ ਹਈ
ਤੋੜ ਨਿਭਾਸੇਂ ਇਸ ਨੂੰ ਮੀਤਾ ।
ਚੁੱਪ ਗੜੁੱਪ ਰਹੇਂ ਪਰ ਭੋਂ ਦੀ
ਵਸ ਕੇ ਸਾਰੀ ਤਪਸ਼ ਮਿਟਾਏਂ,
ਜਾਚਕਾਂ ਦੀਆਂ ਝੋਲੀਆਂ ਭਰ ਦਏਂ
ਬਣ ਕੇ ਦੱਸੇਂ ਹੋਇ ਸੁਰੀਤਾ ।
ਵਿਚ ਸੁਭਾਅ ਤੇਰੇ ਦੇ ਸੱਜਣ
ਭਰ ਦਿੱਤੀ ਸਭ ਲਈ ਸਜਨਾਈ;
ਤੈਨੂੰ ਦੇ ਦਿੱਤਾ ਰੱਬ ਸੱਚੇ
ਹੈ ਮਣੀਆਂ ਦਾ ਮਨੋਂ ਖ਼ਰੀਤਾ ।

118

ਹੇ ਜਲ-ਧਰ ! ਤੂੰ ਇੰਦ੍ਰ ਮੰਤਰੀ
ਦੇਵਤਾ ਵੱਡਾ, ਵਿਸ਼ਵ-ਵਿਹਾਰੀ;
ਅੰਦਰੋਂ ਧੁਪਿਆ, ਉੱਚਾ ਸੁੱਚਾ
ਰੱਬ-ਉਪਕਾਰ ਸ਼ਕਲ ਤੁਧ ਧਾਰੀ ।
ਏਹੋ ਜਹਿਆ ਕੰਮ ਨਕਾਰਾ
ਸੋਭੇ ਨਾ ਮੈਂ ਦੱਸਾਂ ਤੈਨੂੰ;
ਪਰ ਤੂੰ ਮੇਰਾ ਸਖਾ ਸੁਹੇਲਾ
ਵੀ ਤਾਂ ਹੈਂ ਅਮ੍ਰਿਤ-ਰਸ-ਧਾਰੀ ।
ਮਿਤ੍ਰ-ਭਾਵ ਵਿਚ ਕਰਾਂ ਬੇਨਤੀ,
ਮੈਨੂੰ ਮਾਰ ਵਿਛੋੜਾ ਰਹਿਆ
ਮੇਰੀ ਦੁਖੀਆ ਦੀਨ ਦਸ਼ਾ ਤੇ
ਤਰਸਵਾਨ ਹੋ ਮਾਰ ਉਡਾਰੀ ।
ਇਹ ਕਾਰਜ ਸੰਪੂਰਨ ਕਰ ਦਇ
ਮੇਰਾ ਇਹ ਸੰਦੇਸ਼ ਪੁਚਾ ਕੇ
ਦਸ ਨਿਬਾਹ ਕਰਤਵ ਤੂੰ ਉਂਜੇ
ਜਿਵੇਂ ਨਿਬਾਹੁੰਦੇ ਸਿਸ਼ਟਾਚਾਰੀ ।

119

ਮੇਘ ! ਉੱਚੇ ਕੈਲਾਸ਼ ਦੇ ਉੱਤੇ
ਸੋਨ-ਕੰਵਲ ਫੁੱਲਾਂ ਸੰਗ ਭਰਿਆ;
ਮਾਨ-ਸਰੋਵਰ, ਅਮ੍ਰਿਤ ਦਾ ਕੁੰਡ,
ਨਿਰਮਲਤਾ ਨੇ ਜਿਸ ਨੂੰ ਵਰਿਆ ।
ਉਸ ਦਾ ਠੰਢਾ, ਮਿੱਠਾ ਪਾਣੀ
ਪੀਵੀਂ ਸ਼ਰਧਾ ਨਾਲ ਪਿਆਰੇ;
ਸਮਝੇਂਗਾ ਫਿਰ ਆਪੇ ਉਸ ਪਲ
ਤੇਰਾ ਤਨ ਤੇ ਮਨ ਹੈ ਠਰਿਆ ।
ਓਥੇ ਐਰਾਵਤ ਹਾਥੀ ਹੈ
ਬਰਫ਼ ਜਹਿਆ, ਲੰਮੀ ਸੁੰਡ ਵਾਲਾ,
ਜਲ-ਕਣੀਆਂ ਸੰਗ ਮਸਤਕ ਧੋਈਂ
ਖੁਰਿਆ ਅੰਦਰੋਂ ਜਾਪੀ ਖਰਿਆ ।
ਕਲਪ-ਬ੍ਰਿਛਾਂ ਦੀਆਂ ਨਵੀਆਂ ਕਰੂਮਲਾਂ
ਨੂੰ ਤੂੰ ਧੁਜਾ ਸਮਾਨ ਉਡਾਈਂ,
ਏਹੋ ਜਿਹੇ ਪਿਆਰੇ ਪਿਆਰੇ
ਮਿਠੇ ਮਿਠੇ ਕੌਤਕ ਕਰਕੇ
ਬਨਾਂ ਅਤੇ ਕੈਲਾਸ਼ ਵਾਸੀਆਂ ਦਾ
ਤਨ, ਮਨ ਕਰ ਦੇਈਂ ਹਰਿਆ ।

120

ਇਸ ਕੈਲਾਸ਼ ਧਾਰ ਦੀ ਗੋਦੇ
ਅਲਕਾ-ਪੁਰੀ ਘੁੱਘ ਵਸਦੀ ਹੈ;
ਉਸ ਦੀ ਸੋਭਾ ਦਾ ਕੀ ਕਹਿਣਾ
ਉਹ ਤਾਂ ਚੰਦ ਵਾਂਗ ਲਸਦੀ ਹੈ ।
ਮਾਨੋਂ ਉਸ ਨੇ ਗੰਗਾ-ਰੂਪੀ
ਮੋਢਿਆਂ ਉੱਤੇ ਲਇਆ ਦੁਪੱਟਾ,
ਤੇ ਉਹ ਖਿਸਕ ਡਿੱਗਾ ਦੇਹ ਉੱਤੇ
ਰੂਪ-ਮਣੀ ਦਿਲ ਨੂੰ ਖਸਦੀ ਹੈ ।
ਗਗਨ-ਚੁੰਮਦੀਆਂ ਅਲਕਾ ਦੀਆਂ
ਹੈਨ ਅਟਾਰੀਆਂ, ਵਡ ਉੱਚੀਆਂ ਜੋ
ਸ਼ਾਮ-ਘਟਾਂ ਉਨ੍ਹਾਂ ਤੇ ਵਸਦੀਆਂ
ਸੰਙਣੀਆਂ ਹੋ, ਜਾਂ ਹਸਦੀ ਹੈ ।
ਤਦ ਉਹ ਜਾਪਦੀ ਹੈ ਅਤਿ ਸੁੰਦਰ,
ਜਿਵੇਂ ਵਿਲਾਸ-ਵਤੀ ਹੋਇ ਕੋਈ;
ਮੋਤੀਆਂ ਗੁੰਦੀ ਖੋਲ੍ਹ ਗੁੱਤ ਨੂੰ
ਪ੍ਰੀਤਮ-ਸੇਜ ਉੱਤੇ ਰਸਦੀ ਹੈ ।
ਅੰਕ ਸਮਾਈ ਦਾ ਸੁਖ ਲੈਂਦੀ,
ਸੁੰਦਰਤਾ ਦੇ ਜਲਵੇ ਸੁਟਦੀ,
ਲਸ਼ ਲਸ਼ ਕਰਦੀ ਹੋਈ ਲਿਸ਼ਕਦੀ
ਪ੍ਰੀਅ, ਪ੍ਰੀਤਮ ਹੋ ਇਕ ਦਸਦੀ ਹੈ ।

121

ਇਹ ਸੁਣ ਕੇ ਬੱਦਲ ਤੁਰ ਪਇਆ
ਉੱਤਰ ਵੱਲ ਮਾਰ ਉਡਾਰੀਆਂ;
ਕਦੇ ਟੱਪਦਾ ਉੱਚੇ ਪਰਬਤਾਂ
ਕਦੇ ਨਈਂ ਤੇ ਲਾਉਂਦਾ ਤਾਰੀਆਂ ।
ਸਸਤਾਉਂਦਾ ਸ਼ਹਿਰੀਂ ਨੱਗਰੀਂ
ਰਾਹ ਤੱਕਦਾ ਝਾਕੀਆਂ ਪਿਆਰੀਆਂ,
ਜਾ ਪੁੱਜਾ ਅਲਕਾ ਪੁਰੀ ਹੈ
ਝੁਕ ਚੁੰਮੇ ਕਲਸ ਅਟਾਰੀਆਂ ।
ਰਾਜਧਾਨੀ ਇਹੋ ਕੁਬੇਰ ਦੀ
ਜਿੱਥੋਂ ਦੀਆਂ ਸੁੰਦਰ-ਨਾਰੀਆਂ
ਇੰਦਰ-ਅਪਸਰਾਂ ਤੋਂ ਕਿਤੇ
ਮਨ-ਮੁਹਣੀਆਂ ਰੂਪ-ਪਟਾਰੀਆਂ ।
ਜਾ ਵਿਹੰਦਾ ਪ੍ਰੀਅ ਉਹ ਯੱਖ ਦੀ
ਖਾ ਬਿਰਹੋਂ ਤੇਜ਼ ਕਟਾਰੀਆਂ,
ਤੜਪੇ, ਵਿੱਲੇ ਵਿਚ ਭਵਨ ਦੇ
ਤਨ ਹੁੱਟਾ, ਆਸੰਙਾਂ ਹਾਰੀਆਂ ।

122

ਗੱਲ ਸੁਣ ਕੇ ਬਿਰਹੀ ਯੱਖ ਦੀ
ਉਹ ਮੇਘ-ਉਡਾਰੀ-ਲਾਵਣਾ
ਮਨ-ਚਾਹਿਆ ਰੂਪ ਜੁ ਧਰ ਸਕੇ,
ਅਲਕਾ ਦਾ ਬਣੇ ਪਰਾਹੁਣਾ ।
ਤੱਕ ਕੇ ਸਭ ਚਿੰਨ੍ਹ ਨਿਸ਼ਾਨੀਆਂ,
ਘਰ ਯੱਖ ਦਾ ਲੱਭਾ ਮੇਘ ਨੇ,
ਪਈ ਫਿੱਕੀ ਸ਼ੋਭਾ ਜਿਸ ਦੀ,
ਨੱਜ਼ਾਰਾ ਮਨ-ਕਲਪਾਉਣਾ ।
ਹਰ ਪਾਸੇ ਭਾਂ ਭਾਂ ਹੋ ਰਹੀ,
ਇਕ ਗੁੱਠੇ ਸਿਸਕੇ ਯੱਖਣੀ,
ਸਭ ਸੋਗਣਾ ਵਾਲਾ ਵੇਸ ਸੀ,
ਪ੍ਰੀਤਮ ਬਿਨ ਸੁੰਞ ਵਿਛਾਉਣਾ ।
ਮਿਠਬੋਲੇ ਹੌਲੇ ਮੇਘਲੇ
ਲੱਥ ਹੇਠਾਂ ਨਿੱਕਾ ਰੂਪ ਧਰਿ,
ਪ੍ਰੀਤਮ ਸੰਦੇਸ਼ ਸੁਣਾਇਆ,
ਸਭ ਗ਼ਮ ਤੇ ਸ਼ੋਕ ਨਸਾਵਣਾ ।
ਹਾਂ, ਊਹ ਸੰਦੇਸਾ ਸੀ ਜਿਹਨੂੰ
ਨਾਲ ਜਤਨਾਂ ਘੱਲਿਆ ਯੱਖ ਨੇ
ਆ ਦਿਤਾ ਮੇਘ ਸੁਜਾਨ ਨੇ
ਜੋ ਜਾਣੇ ਬਚਨ ਨਿਬਾਹੁਣਾ ।

123

ਸਭਨਾਂ ਦਾ ਭਲਾ ਮੰਨਾਂਵਦਾ,
ਜੋ ਰੂਪ ਹੈ ਪਰ-ਉਪਕਾਰ ਦਾ
ਉਹ ਮੇਘ ਲੰਮੇਰਾ ਪੰਧ ਕਰ
ਆਇਆ ਹੈ ਖੰਭ ਹੁਲਾਰਦਾ ।
ਬਿਰਹਨ ਸੰਦੇਸਾ ਲੈ ਲਇਆ,
ਅਪਣੇ ਪ੍ਰੀਤਮ ਦੇ ਪਿਆਰ ਦਾ ।
ਬਿਹਬਲ-ਆਨੰਦ ਉਹ ਹੋ ਗਈ
ਤਪਿਆ ਮਨ ਮੇਘਲਾ ਠਾਰਦਾ ।
ਗੱਲ ਸੱਚੀ ਸਾਊ ਲੋਕ ਜੋ
ਚੰਗਿਆਈ ਕਰਦੇ ਨੇ ਉਹੀ,
ਭਲਿਆਈ ਵਾਦੀ ਭਲੇ ਦੀ
ਜੋ ਸਭ ਦੇ ਕਾਜ ਸੁਆਰਦਾ ।

124

ਸੁਣਿਆ ਜਾਂ ਹੈ ਕੁਬੇਰ ਨੇ
ਸੰਦੇਸਾ ਮੇਘ ਲਿਆਇਆ
ਉਸ-ਬਿਰਹੋਂ-ਭੁੱਜੇ ਯੱਖ ਦਾ;
ਮੈਂ ਜਿਸ ਨੂੰ ਦੂਰ ਤਰਾਹਿਆ ।
ਮਨ ਉਸ ਦੇ ਜਾਗੀ ਦਇਆ ਫਿਰ
ਸਭ ਕ੍ਰੋਧ ਉਤਰਿਆ, ਖ਼ੁਸ਼ ਥੀਆ,
ਵਾਪਸ ਲੈ ਲਵੇ ਸਰਾਪ ਉਹ
ਯੱਖ ਯੱਖਣੀ ਤਈਂ ਮਿਲਾਇਆ ।
ਇਸ ਪ੍ਰੀਤਿ-ਮਿਲਣੀ ਦੇ ਨਾਲ ਹੀ
ਸਭ ਦੁਖੜੇ ਤੇ ਗ਼ਮ ਦੂਰ ਹੋਇ,
ਦੋਹਾਂ ਨੇ ਹੋ ਪਰਸੰਨ-ਚਿਤ
ਗਲ ਇਕ ਦੂਜੇ ਨੂੰ ਲਾਇਆ ।
ਫਿਰ ਦੋਹਾਂ ਦੇ ਸੁਖ-ਲਾਭ ਦਾ
ਕੀਤਾ ਪਰਬੰਧ ਕੁਬੇਰ ਨੇ
ਭਰ ਪਿਆਲਾ ਮਦ ਆਨੰਦ ਮਈ
ਭਾਗਾਂ ਨੇ ਆਣ ਪਿਲਾਇਆ ।
ਇਸ ਦੇ ਪਿੱਛੋਂ ਉਹ ਦੰਪਤੀ
ਨਾ ਵਿਛੜੇ ਕਲਪੇ ਸਨ ਕਦੇ;
ਸੁਖ-ਪੀਂਘ ਝੁਟੇਂਦਿਆਂ ਦੁਹਾਂ ਨੇ
ਜੀਵਨ ਦਾ ਪੰਧ ਮੁਕਾਇਆ ।

125

ਆਰਯ ਦੇਵੀ ਕਾਲਕਾ,
ਚਰਨ-ਕੰਵਲ ਪਰਨਾਮ,
ਕਵਿ-ਕਾਲੀ ਝੁਕ ਕੇ ਕਰੇ,
ਤੇਰਾ ਦਾਸ, ਗ਼ੁਲਾਮ ।
ਸੁੰਦਰਤਾਈ ਤੋਂ ਸਜੇ
ਸੁਹਣੇ ਸ਼ਬਦਾਂ ਨਾਲ,
ਮੇਘ-ਦੂਤ ਕਵਿਤਾ ਰਚੀ
ਮਿਠੀ ਅਮੀਂ ਮਿਸਾਲ ।
ਮਿਲਿਆ ਜਿਨ੍ਹਾਂ ਨੂੰ ਨਹੀਂ
ਜੀਵਨ ਸੁੱਖ-ਵਿਲਾਸ;
ਉਹਨਾਂ ਦੇ ਵੀ ਮਨਾਂ ਨੂੰ
ਇਸ ਤੋਂ ਮਿਲੂ ਹੁਲਾਸ ।
ਮਿਲੇ ਏਸ ਵਿਚ ਮੇਘ ਦੀ
ਸਿਆਣਪ ਦਾ ਪਰਮਾਣ;
ਨਾਲ ਕਲਪਣਾ ਕਵੀ ਦੀ
ਅਪਣੀ ਦੱਸੇ ਸ਼ਾਨ ।
ਮਹਾਂ-ਕਾਵਿ ਕਾਲੀ ਦਾਸ ਦੀ
ਰਚਨਾ ਦਾ ਅਨੁਵਾਦ;
ਪੰਜਾਬੀ ਵਿਚ ਢਾਲਿਆ
ਰਸ ਲੈ ਲੈ ਆਜ਼ਾਦ ।
ਦਿਨ ਪਹਿਲੀ ਜਨਵਰੀ ਦਾ
ਵੀਹਵੀਂ ਸਦੀ ਮਹਾਨ
ਵਿਚੋਂ ਰਹੇ ਚਾਲੀ ਵਰ੍ਹੇ
ਸਰਘੀ ਸਮਾਂ ਪਛਾਣ ।

 
 

To veiw this site you must have Unicode fonts. Contact Us

punjabi-kavita.com