Maan : Shiv Kumar Batalvi

ਮਾਂ : ਸ਼ਿਵ ਕੁਮਾਰ ਬਟਾਲਵੀ

ਮਾਂ
ਹੇ ਮੇਰੀ ਮਾਂ !
ਤੇਰੇ ਆਪਣੇ ਦੁੱਧ ਵਰਗਾ ਹੀ
ਤੇਰਾ ਸੁੱਚਾ ਹੈ ਨਾਂ
ਜੀਭ ਹੋ ਜਾਏ ਮਾਖਿਓਂ
ਹਾਏ ਨੀ ਤੇਰਾ ਨਾਂ ਲਿਆਂ
ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ
ਮਾਘੀ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ
ਹੇ ਮੇਰੀ ਮਾਂ !

ਮਾਂ
ਹੇ ਮੇਰੀ ਮਾਂ !
ਤੂੰ ਮੇਰੀ ਜਣਨੀ ਨਹੀਂ
ਮੈਂ ਹਕੀਕਤ ਜਾਣਦਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ ?
ਗ਼ਮ ਦੇ ਸਹਿਰਾਵਾਂ 'ਚ ਭੁੱਜਿਆ
ਮੈਂ ਹਾਂ ਪੰਛੀ ਬੇ-ਜ਼ੁਬਾਂ
ਦੋ ਕੁ ਪਲ ਜੇ ਦਏਂ ਇਜਾਜ਼ਤ
ਤੇਰੀ ਛਾਵੇਂ ਬੈਠ ਲਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ !

ਮਾਂ
ਹੇ ਮੇਰੀ ਮਾਂ !
ਜਾਣਦਾਂ, ਮੈਂ ਜਾਣਦਾਂ, ਮੈਂ ਜਾਣਦਾਂ
ਅਜੇ ਤੇਰੇ ਦਿਲ 'ਚ ਹੈ
ਖ਼ੁਸ਼ਬੋ ਦਾ ਹੜ੍ਹ
ਉਮਰ ਮੇਰੀ ਦੇ ਵਰ੍ਹੇ
ਹਾਲੇ ਜਵਾਂ
ਠੀਕ ਹੀ ਕਹਿੰਦੀ ਹੈਂ ਤੂੰ ਅੰਮੜੀਏ
ਰੱਤ ਰੱਤੀ
ਕਾਮ ਦੀ ਹੁੰਦੀ ਹੈ ਮਾਂ
ਪਰ ਮੈਂ ਅੰਮੀਏਂ ਇਹ ਕਹਾਂ
ਰੱਤ ਠੰਢੀ ਹੋਣ ਵਿਚ
ਲੱਗੇਗਾ ਅੰਤਾਂ ਦਾ ਸਮਾਂ
ਕਰਨ ਲਈ ਕੀੜੀ ਨੂੰ ਜਿੰਨਾ
ਸ਼ਾਇਦ ਭੂ-ਪਰਦੱਖਣਾ
ਕੀਹ ਭਲਾ ਏਨੇ ਸਮੇਂ
ਪਿੱਛੋਂ ਹੈ ਜੰਮਦੀ ਇਕ ਮਾਂ
ਝੂਠ ਬਕਦਾ ਹੈ ਜਹਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ
ਹੇ ਮੇਰੀ ਮਾਂ !

ਮਾਂ
ਹੇ ਮੇਰੀ ਮਾਂ
ਤੋਤੇ ਦੀ ਅੱਖ ਵਾਂਗ ਟੀਰਾ
ਹੈ ਅਜੇ ਸਾਡਾ ਜਹਾਂ
ਭੇਡ ਦੇ ਪੀਲੇ ਨੇ ਦੰਦ
ਕੁੱਤੇ ਦੀ ਇਹਦੀ ਜ਼ੁਬਾਂ
ਕਰਦਾ ਫਿਰਦਾ ਹੈ ਜੁਗਾਲੀ
ਕਾਮ ਦੀ ਇਹ ਥਾਂ ਕੁਥਾਂ
ਬਹੁਤ ਬਕਵਾਸੀ ਸੀ ਇਹਦੇ
ਪਿਉ ਦਾ ਪਿਉ
ਬਹੁਤ ਬਕਵਾਸਣ ਸੀ ਇਹਦੀ
ਮਾਂ ਦੀ ਮਾਂ
ਏਥੇ ਥੋਹਰਾਂ ਵਾਂਗ
ਉੱਗਦਾ ਹੈ ਸ਼ੈਤਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ !

ਮਾਂ
ਹੇ ਮੇਰੀ ਮਾਂ !
ਮਿਰਗਾਂ ਦੀ ਇਕ ਨਸਲ ਦਾ
ਕਸਤੂਰੀਆਂ ਹੁੰਦਾ ਹੈ ਨਾਂ
ਕਸਤੂਰੀਆਂ ਨੂੰ ਜਨਮ ਦੇਂਦੀ
ਹੈ ਜਦੋਂ ਉਨ੍ਹਾਂ ਦੀ ਮਾਂ
ਪਾਲਦੀ ਹੈ ਰੱਖ ਕੇ
ਇਕ ਹੋਰ ਥਾਂ, ਇਕ ਹੋਰ ਥਾਂ
ਫੇਰ ਆਉਂਦਾ ਹੈ ਸਮਾਂ
ਕਰਮ-ਹੀਣੇ ਬੱਚਿਆਂ ਨੂੰ
ਭੁੱਲ ਜਾਂਦੀ ਹੈ ਉਹ ਮਾਂ
ਮਾਂ-ਵਿਹੂਣੇ ਪਹੁੰਚ ਜਾਂਦੇ
ਨੇ ਕਿਸੇ ਐਸੀ ਉਹ ਥਾਂ
ਜਿਥੇ ਕਿਧਰੇ ਚੁਗਣ ਪਈਆਂ
ਹੋਣ ਰਲ ਕੇ ਬੱਕਰੀਆਂ
ਬੱਕਰੀਆਂ ਵੀ ਕਰਦੀਆਂ ਨਾ
ਚੁੰਘਣੋਂ ਉਨ੍ਹਾਂ ਨੂੰ ਨਾਂਹ
ਮਾਂ ਤਾਂ ਹੁੰਦੀ ਹੈ ਮਾਂ
ਪਸ਼ੂ ਤੋਂ ਮਾੜੀ ਨਹੀਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ ?
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਤੇਰੇ ਸੁੱਚੇ ਦੁੱਧ ਵਰਗਾ ਹੀ
ਤੇਰਾ ਸੁੱਚਾ ਹੈ ਨਾਂ
ਮਾਂ,
ਹੇ ਮੇਰੀ ਮਾਂ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ