Lammian Bolian Ate Sawang : Neelam Saini

ਲੰਮੀਆਂ ਬੋਲੀਆਂ ਅਤੇ ਸਵਾਂਗ : ਨੀਲਮ ਸੈਣੀ

ਲੰਮੀਆਂ ਬੋਲੀਆਂ ਸਮੂਹਿਕ ਰੂਪ ਵਿਚ ਪਾਈਆਂ ਜਾਂਦੀਆਂ ਸਨ। ਗਿੱਧਾ ਪਾਉਂਦੇ ਵਕਤ ਚਾਰ ਜਾਂ ਇਸ ਤੋਂ ਵੀ ਵੱਧ ਔਰਤਾਂ ਲੰਮੀਆਂ ਬੋਲੀਆਂ ਪਾ ਕੇ ਤਾੜੀ ਵਜਾਉਂਦੀਆਂ ਗੋਲ ਚੱਕਰ ਵਿਚ ਨੱਚਦੀਆਂ ਸਨ। ਇਨ੍ਹਾਂ ਬੋਲੀਆਂ ਦਾ ਤੋਲ ਅਤੇ ਤੁਕਾਂਤ ਪੂਰਾ ਹੁੰਦਾ ਸੀ। ਗਿੱਧੇ ਵਿਚ ਨੱਚਣ ਵਾਲੀਆਂ ਇਕ ਜਾਂ ਦੋ ਤੁਕਾਂ ਗਾਉਂਦੀਆਂ ਸਨ ਅਤੇ ਬਾਕੀ ਦੀਆਂ ਪਿੱਛੇ ਉਨ੍ਹਾਂ ਤੁਕਾਂ ਨੂੰ ਦੁਹਰਾਉਂਦੀਆਂ ਹੋਈਆਂ ਬੋਲੀ ਚੁੱਕਦੀਆਂ ਸਨ। ਇਹ ਬੋਲੀਆਂ ਅਤੇ ਗਿੱਧਾ ਸਹਿਜ ਰੂਪ ਵਿਚ ਪਾਇਆ ਜਾਂਦਾ ਸੀ। ਪਿੜ ਵਿਚਾਲੇ ਨੱਚਣ ਵਾਲੀਆਂ ਔਰਤਾਂ ਆਪਣੇ ਹਾਵ-ਭਾਵ ਅਤੇ ਸਰੀਰਕ ਮੁਦਰਾਵਾਂ ਇਕ ਦੂਜੇ ਨਾਲ ਸੁਭਾਵਿਕ ਹੀ ਮਿਲਾ ਲੈਂਦੀਆਂ ਸਨ।
ਕੁਝ ਲੰਮੀਆਂ ਬੋਲੀਆਂ ਵਿਚ ਇਕ ਜਣੀ ਪਿੜ ਵਿਚ ਖੜ੍ਹ ਕੇ ਬੋਲੀ ਪਾਉਂਦੀ ਸੀ ਅਤੇ ਕੁਝ ਹੁੰਗਾਰਾ ਭਰਦੀਆਂ ਸਨ। ਬਾਕੀ ਸਾਥਣਾਂ ਗਿੱਧੇ ਦੇ ਪਿੜ ਵਿਚ ਖੜ੍ਹੀਆਂ, ਬੋਲੀ ਨੂੰ ਦੁਹਰਾ ਕੇ ਗਾਉਂਦੀਆਂ ਸਨ ਅਤੇ ਤਾੜੀ ਵਜਾਉਂਦੀਆਂ ਸਨ। ਇਹ ਗਿੱਧਾ ਦੇਰ ਰਾਤ ਤੱਕ ਚੱਲਦਾ ਸੀ। ਗਿੱਧਾ ਪਾਉਣ ਵਾਲੀਆਂ ਜੋਟੀਆਂ ਬਦਲਦੀਆਂ ਰਹਿੰਦੀਆਂ ਸਨ। ਇਸ ਤਰ੍ਹਾਂ ਵਾਰੀ ਸਿਰ ਅਤੇ ਸਹਿਜੇਸਹਿਜੇ ਨੱਚਦੀਆਂ ਨੂੰ ਥਕਾਵਟ ਵੀ ਨਹੀਂ ਸੀ ਹੁੰਦੀ। ਇਨ੍ਹਾਂ ਵਿਚੋਂ ਕਈ ਬੋਲੀਆਂ ਸਵਾਂਗ ਦੇ ਰੂਪ ਵਿਚ ਵੀ ਪੇਸ਼ ਕੀਤੀਆਂ ਜਾਂਦੀਆਂ ਸਨ। ਗਿੱਧੇ ਦੇ ਪਿੜ ਵਿਚ ਖੜ੍ਹੀਆਂ ਮੇਲਣਾਂ ਵਿਚੋਂ ਬਹੁਤੀਆਂ ਦੀ ਇਨ੍ਹਾਂ ਬੋਲੀਆਂ 'ਤੇ ਪੂਰੀ ਪਕੜ ਹੁੰਦੀ ਸੀ। ਇਨ੍ਹਾਂ ਬੋਲੀਆਂ ਦੀਆਂ ਪਹਿਲੀਆਂ ਸਤਰਾਂ ਵਿਚ ਤੋਲ ਤੁਕਾਂਤ ਮਿਲਦਾ ਹੈ ਅਤੇ ਆਖਰੀ ਤੁਕ ਨੂੰ ਤੋੜਾ ਕਿਹਾ ਜਾਂਦਾ ਹੈ। ਇਹ ਬੋਲੀਆਂ ਹੁਣ ਟਾਂਵੀਆਂਟਾਂਵੀਆਂ ਹੀ ਰਹਿ ਗਈਆਂ ਹਨ।
ਇਹ ਬੋਲੀਆਂ ਪਾਉਂਦੇ ਅਕਸਰ ਹੀ ਮੁਟਿਆਰਾਂ ਸਵਾਂਗ ਵੀ ਕੱਢਦੀਆਂ ਸਨ। ਵਿਆਹ ਵਾਲੇ ਘਰ ਵਿਚੋਂ ਕਿਸੇ ਵੀ ਪਾਤਰ ਮਾਮੇ, ਚਾਚੇ, ਤਾਏ ਜਾਂ ਮਾਮੀ ਭੂਆ ਦਾ ਰੂਪ ਧਾਰਨ ਕਰ ਕੇ ਜਾਂ ਸਮਾਜ ਵਿਚੋਂ ਕਿਸੇ ਵੀ ਕਿਰਦਾਰ ਬਾਰੇ ਨਾਟਕੀ ਰੂਪ ਵਿਚ ਗੱਲ ਕਰਦੀਆਂ ਅੰਤ ਤੇ ਬੋਲੀ ਪਾ ਕੇ ਬੋਲੀ ਉਚੀ ਚੁੱਕਦੀਆਂ ਹੋਈਆਂ ਨੱਚਦੀਆਂ ਸਨ। ਗਿੱਧੇ ਦੇ ਪਿੜ ਵਿਚ ਕੱਢੀਆਂ ਜਾਂਦੀਆਂ ਇਨ੍ਹਾਂ ਕਾਵਿ ਰੂਪੀ ਨਾਟਕੀ ਝਾਕੀਆਂ ਨੂੰ ਸਵਾਂਗ (ਸਾਂਗ) ਕਿਹਾ ਜਾਂਦਾ ਸੀ। ਅਜੋਕੇ ਸਮੇਂ ਵਿਚ ਜ਼ਿਆਦਾਤਰ ਕੋਰੀਉਗਰਾਫ਼ੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।
ਉਠੀਆਂ ਨੀ ਮੇਰੇ ਦਰਦ ਕਲੇਜੇ,
ਪਾ ਦਿਓ ਨੀ ਮੇਰੇ ਮਾਹੀਏ ਵੱਲ ਚਿੱਠੀਆਂ।
ਜਾ ਪਹੁੰਚੀ ਚਿੱਠੀ ਵਿਚ ਨੀ ਕਚਿਹਰੀ ਦੇ,
ਫੜ ਲਈ ਨੀ ਮਾਹੀਏ ਗੋਰਿਆਂ ਹੱਥਾਂ ਨਾਲ।
ਪੜ੍ਹ ਲਈ ਨੀ ਮਾਹੀਏ ਹਿੱਕ ਉਤੇ ਧਰ ਕੇ,
ਤੁਰ ਪਿਆ ਨੀ
ਮਾਹੀਆ ਸਾਹਿਬ ਵਾਲੇ ਬੰਗਲੇ।
ਦੇ ਦਿਓ ਜੀ ਮੈਨੂੰ ਪੰਜ ਸੱਤ ਛੁੱਟੀਆਂ,
ਤੁਰ ਪਿਆ ਨੀ ਮਾਹੀਆ ਸਿਖਰ ਦੁਪਿਹਰੇ।
ਆਉਂਦੇ ਨੇ ਸਾਈਕਲ ਬੂਹੇ ਵਿਚ ਭੰਨਿਆਂ,
ਆਉਂਦੇ ਨੇ ਮੇਰੀ ਨਬਜ਼ ਪਕੜ ਲਈ।
ਦੱਸ ਗੋਰੀਏ ਨੀ ਸਾਨੂੰ ਹਾਲ ਦਿਲਾਂ ਦੇ,
ਉਡ-ਪੁਡ ਗਏ ਮਾਹੀਆ ਹਾਲ ਦਿਲਾਂ ਦੇ।

ਹੂੰ ਮੈਂ ਲੌਂਗ ਕਰਾਉਣਾ ਸੀ...
ਸੜ ਜਾਣ ਘਰਾਂ ਦੀਆਂ ਗਰਜ਼ਾਂ,
ਮੈਂ ਲੌਂਗ ਕਰਾਉਣਾ ਸੀ।
ਹੂੰ ਮੈਂ ਲੌਂਗ ਨੀ ਕਰਾ ਬੈਠੀ...
ਹੂੰ ਨੀ ਲੌਂਗ ਦਾ ਨਮੂਨਾ ਬਣਿਆਂ...
ਜਿਉਂ ਵੱਡੇ ਪਲੰਘ ਦਾ ਪਾਵਾ,
ਨੀ ਲੌਂਗ ਦਾ ਨਮੂਨਾ ਬਣਿਆਂ।
ਹੂੰ ਨੀ ਲੌਂਗ ਵਿਚ ਚਾਂਦਨੀ ਜੜੀ...
ਜਿਉਂ ਲਾਲਟੈਣ ਦਾ ਸ਼ੀਸ਼ਾ,
ਨੀ ਲੌਂਗ ਵਿਚ ਚਾਂਦਨੀ ਜੜੀ।
ਹੂੰ ਨੀ ਲੌਂਗ ਪਾ ਕੇ ਬਾਹਰ ਨਿੱਕਲੀ...
ਸੜ ਬਲ਼ਿਆ ਸ਼ਰੀਕਾ ਸਾਰਾ,
ਨੀ ਲੌਂਗ ਪਾ ਕੇ ਬਾਹਰ ਨਿੱਕਲੀ।
ਹੂੰ ਸ਼ਰੀਕਾ ਕਿਉਂ ਸੜਿਆ...
ਘਰ ਲਾਇਆ ਤਾਂ ਲੌਂਗ ਬਣਾਇਆ,
ਸ਼ਰੀਕਾ ਕਿਉਂ ਸੜਿਆ।
ਹੂੰ ਨੀ ਇਕ ਮੇਰੀ ਸੱਸ ਮਰ ਜਾਏ...
ਪੰਜ ਸੱਤ ਮਰਨ ਗੁਆਂਢਣਾਂ,
ਨੀ ਰਹਿੰਦੀਆਂ ਨੂੰ ਸੱਪ ਲੜ ਜਾਏ...

ਜੇਠ ਗਿਆ ਮੇਲੇ, ਜਠਾਣੀ ਗਈ ਮੇਲੇ।
ਹੁਣ ਮੈਂ ਸੜਾਂ ਕਿ ਨਾ,
ਆਪ ਵੀ ਤੁਰ ਗਿਆ ਮੇਲੇ।
ਜੇਠ ਲਿਆਇਆ ਲੱਡੂ,
ਜਠਾਣੀ ਲਿਆਈ ਬਰਫ਼ੀ।
ਹੁਣ ਮੈਂ ਸੜਾਂ ਕਿ ਨਾ,
ਮੇਰੇ ਲਈ ਲਿਆਇਆ ਪਕੌੜੀਆਂ।
ਜੇਠ ਖਾਵੇ ਲੱਡੂ, ਜਠਾਣੀ ਖਾਵੇ ਬਰਫ਼ੀ।
ਹੁਣ ਮੈਂ ਸੜਾਂ ਕਿ ਨਾ,
ਢਿੱਡ ਵਿਚ ਚੁੱਭਣ ਪਕੌੜੀਆਂ।
ਜੇਠ ਲਿਆਇਆ ਬੂਟ,
ਜਠਾਣੀ ਲਿਆਈ ਜੁੱਤੀ,
ਹੁਣ ਮੈਂ ਸੜਾਂ ਕਿ ਨਾ,
ਮੇਰੇ ਲਈ ਲਿਆਇਆ ਖੜਾਵਾਂ।
ਜੇਠ ਪਾਵੇ ਬੂਟ, ਜਠਾਣੀ ਪਾਵੇ ਜੁੱਤੀ
ਹੁਣ ਮੈਂ ਸੜਾਂ ਕਿ ਨਾ,
ਖੜ ਖੜ ਕਰਨ ਖੜਾਵਾਂ।
ਜੇਠ ਲਿਆਇਆ ਮੁੰਡਾ,
ਜਠਾਣੀ ਲਿਆਈ ਕੁੜੀ।
ਹੁਣ ਮੈਂ ਸੜਾਂ ਕਿ ਨਾ,
ਮੇਰੇ ਲਈ ਲਿਆਇਆ ਬਲੂੰਗੜਾ।

ਨੀ ਕਰੇਲੇ ਵਿਕਣੇ ਆਏ,
ਨੀ ਕਰੇਲੇ ਤੋਰੀਆਂ।
ਨੀ ਮੈਂ ਲੱਪ ਕੁ ਦਾਣੇ ਪਾਏ,
ਨੀ ਕਰੇਲੇ ਤੋਰੀਆਂ।
ਨੀ ਮੈਂ ਬੜੇ ਸਵਾਦ ਬਣਾਏ,
ਨੀ ਕਰੇਲੇ ਤੋਰੀਆਂ।
ਨੀ ਮੈਂ ਰਤਾ ਰਤਾ ਵਰਤਾਏ,
ਨੀ ਕਰੇਲੇ ਤੋਰੀਆਂ।
ਮੇਰੀ ਸੱਸ ਨੂੰ ਥੋੜ੍ਹੇ ਆਏ,
ਨੀ ਕਰੇਲੇ ਤੋਰੀਆਂ।
ਉਹ ਤਾਂ ਜਾ ਚੜ੍ਹੀ ਦਰਬਾਰੇ,
ਨੀ ਕਰੇਲੇ ਤੋਰੀਆਂ।
ਪਿੱਛੇ ਸਹੁਰਾ ਵਾਜਾਂ ਮਾਰੇ,
ਨੀ ਕਰੇਲੇ ਤੋਰੀਆਂ।
ਮੁੜ ਆ ਮੁੜ ਆ ਨੀ ਬਦਕਾਰੇ,
ਨੀ ਕਰੇਲੇ ਤੋਰੀਆਂ।
ਨੀ ਕਰੇਲੇ ਵਿਕਣੇ ਆਏ,
ਨੀ ਕਰੇਲੇ ਤੋਰੀਆਂ।

ਸੁਣ ਲਓ ਨੀ ਗੁਆਂਢਣੋ ਬੋਲਾਂ ਤਾਂ ਕੁਪੱਤੀ
ਨੀ ਸਹੁਰਾ ਲੱਗਾ ਭਾਂਡੇ ਵੰਡਣ...
ਨੀ ਫੇਰ ਕੀ ਹੋਇਆ?
ਨੀ ਹੋਣਾ ਕੀ ਸੀ, ਮੇਰੇ ਹਿੱਸੇ ਮੱਟੀ।
ਸੁਣ ਲਓ ਨੀ ਗੁਆਂਢਣੋ ਬੋਲਾਂ ਤਾਂ ਕੁਪੱਤੀ।
ਨੀ ਸਹੁਰਾ ਲੱਗਾ ਪਸ਼ੂ ਵੰਡਣ...
ਨੀ ਫੇਰ ਕੀ ਹੋਇਆ?
ਨੀ ਹੋਣਾ ਕੀ ਸੀ, ਮੇਰੇ ਹਿੱਸੇ ਕੱਟੀ।
ਸੁਣ ਲਓ ਨੀ ਗੁਆਂਢਣੋ ਬੋਲਾਂ ਤਾਂ ਕੁਪੱਤੀ
ਨੀ ਸਹੁਰਾ ਲੱਗਾ ਗਹਿਣੇ ਵੰਡਣ...
ਨੀ ਫੇਰ ਕੀ ਹੋਇਆ?
ਨੀ ਹੋਣਾ ਕੀ ਸੀ, ਮੇਰੇ ਹਿੱਸੇ ਨੱਤੀ।
ਸੁਣ ਲਓ ਨੀ ਗੁਆਂਢਣੋ ਬੋਲਾਂ ਤਾਂ ਕੁਪੱਤੀ।
ਨੀ ਸਹੁਰਾ ਲੱਗਾ ਖੇਤ ਵੰਡਣ...
ਨੀ ਫੇਰ ਕੀ ਹੋਇਆ?
ਨੀ ਹੋਣਾ ਕੀ ਸੀ, ਮੇਰੇ ਹਿੱਸੇ ਖੱਤੀ।
ਸੁਣ ਲਓ ਨੀ ਗੁਆਂਢਣੋ ਬੋਲਾਂ ਤਾਂ ਕੁਪੱਤੀ।

ਰੱਤੀ ਤੇਰੀ ਓਏ ਢੋਲ ਮੇਰਿਆ ਲੂੰਗੀ,
ਵੱਟ ਪਵਾਉਂਨੀ ਆਂ ਮੈਂ ਰੇਸ਼ਮ ਦੀਆਂ ਡੋਰਾਂ।
ਨੀ ਕੋਈ ਆਉਂਦਾ-ਆਉਂਦਾ
ਅੱਖੋਂ ਓਹਲੇ ਹੋ ਗਿਆ,
ਬੈਠੀ ਦੂਰ ਤੋਂ ਪਛਾਣਦੀ ਸਾਂ ਤੋਰਾਂ।
ਦੁਖ ਆਪਣਾ ਕਿਸੇ ਨੂੰ ਦੱਸੀਏ ਨਾ,
ਹਾੜ੍ਹਾ ਵੇਖ ਕਿਸੇ ਵੱਲ ਹੱਸੀਏ ਨਾ।
ਇਸ ਜਿੰਦ ਦਾ ਕੀ ਭਰਵਾਸਾ,
ਜਿਓਂ ਪਾਣੀ ਵਿਚ ਪਤਾਸਾ।
ਨੀ ਇਕ ਦਿਨ ਮੁੱਕ ਜਾਊਗਾ,
ਤੇਰਾ ਚਿੱਟਿਆਂ ਦੰਦਾਂ ਦਾ ਹਾਸਾ।

ਹੁੱਲੇ ਹੁਲਾਰੇ!
ਹੁੱਲੇ ਹੁੱਲੇ ਨੀ ਹੁੱਲੇ, ਹੁੱਲੇ!...
ਲੋਕੀਂ ਗੰਗਾ ਚੱਲੇ-ਹੁੱਲੇ!
ਸੱਸੂ-ਸਹੁਰਾ ਚੱਲੇ-ਹੁੱਲੇ!
ਜੇਠ-ਜਠਾਣੀ ਚੱਲੇ-ਹੁੱਲੇ!
ਦਿਓਰ-ਦਰਾਣੀ ਚੱਲੇ-ਹੁੱਲੇ!
ਸੌਂਕਣ ਕੌਂਤ ਚੱਲੇ-ਹੁੱਲੇ!
ਮੈਨੂੰ ਛੱਡ ਚੱਲੇ-ਹੁੱਲੇ!
ਮੈਂ ਵੀ ਕੋਠੀ ਭੰਨੀ-ਹੁੱਲੇ!
ਮੈਂ ਵੀ ਕਣਕ ਵੇਚੀ-ਹੁੱਲੇ!
ਟਾਂਗੇ ਵਾਲਾ ਕੀਤਾ-ਹੁੱਲੇ!
ਯੱਕੇ ਵਾਲਾ ਕੀਤਾ-ਹੁੱਲੇ!
ਮੈਂ ਵੀ ਮਗਰੇ ਚੱਲੀ-ਹੁੱਲੇ!
ਸੱਸੂ-ਸਹੁਰਾ ਨਾਵ੍ਹੇ-ਹੁੱਲੇ!
ਜੇਠ-ਜਠਾਣੀ ਨਾਵ੍ਹੇ-ਹੁੱਲੇ!
ਦਿਓਰ-ਦਰਾਣੀ ਨਾਵ੍ਹੇ-ਹੁੱਲੇ!
ਸੌਂਕਣ ਕੌਂਤ ਨਾਵ੍ਹੇ-ਹੁੱਲੇ!
ਮੈਂ ਵੀ ਚੰਗੀ ਕੀਤੀ-ਹੁੱਲੇ!
ਸੌਂਕਣ ਧੱਕਾ ਦਿੱਤਾ-ਹੁੱਲੇ!
ਮੈਨੂੰ ਦਿਓ ਵਧਾਈਆਂ ਨੀ,
ਸੌਂਕਣ ਡੋਬ ਆਈ ਆਂ।

ਦਮ ਬੀੜਾ ਉਠਿਆ,
ਨੀ ਦਮ ਬੀੜਾ ਉਠਿਆ।
ਸਹੁਰਾ ਮੇਰਾ ਅੰਨ੍ਹਾ, ਕੁਵੇਲੇ ਮੰਗੇ ਗੰਨਾ।
ਅਹੁ ਪਈ ਖੋਰੀ, ਖੋਰੀ ਦੇ ਵਿਚ ਗੰਨਾ।
ਦਮ ਬੀੜਾ ਉਠਿਆ,
ਨੀ ਦਮ ਬੀੜਾ ਉਠਿਆ।
ਸੱਸ ਮੇਰੀ ਕਾਣੀ, ਕੁਵੇਲੇ ਮੰਗੇ ਪਾਣੀ।
ਅਹੁ ਪਿਆ ਘੜਾ, ਘੜੇ ਦੇ ਵਿਚ ਪਾਣੀ।
ਦਮ ਬੀੜਾ ਉਠਿਆ,
ਨੀ ਦਮ ਬੀੜਾ ਉਠਿਆ।

ਹੁਣ ਮੈਂ ਜੁਦੀ ਹੁੰਨੀ ਆਂ,
ਨੀ ਹੁਣ ਮੈਂ ਜੁਦੀ ਹੁੰਨੀ ਆਂ।
ਕੋਰਾ ਕੁੱਜਾ ਦੇਵਾਂਗੇ,
ਨੀ ਸਹੁਰਾ ਬੁੱਢਾ ਦੇਵਾਂਗੇ।
ਹੁਣ ਮੈਂ ਜੁਦੀ ਹੁੰਨੀ ਆਂ,
ਨੀ ਹੁਣ ਮੈਂ ਜੁਦੀ ਹੁੰਨੀ ਆਂ।
ਟੁੱਟੀਓ ਫੱਟੀ ਦੇਵਾਂਗੇ,
ਨੀ ਸੱਸ ਕੁਪੱਤੀ ਦੇਵਾਂਗੇ।
ਹੁਣ ਮੈਂ ਜੁਦੀ ਹੁੰਨੀ ਆਂ,
ਨੀ ਹੁਣ ਮੈਂ ਜੁਦੀ ਹੁੰਨੀ ਆਂ।
ਛੱਜ ਪੁਰਾਣਾ ਦੇਵਾਂਗੇ,
ਨੀ ਦਿਓਰ ਨਿਆਣਾ ਦੇਵਾਂਗੇ।

ਤੂੰ ਕਾਲਾ ਵੇ, ਮੈਂ ਨਾ ਤੇਰੇ ਰਹਿੰਦੀ।
ਤੂੰ ਕਾਲਾ ਵੇ, ਚੁੱਕ ਲਾ ਚੰਦਰਿਆ ਵਹਿੰਗੀ।
ਮੈਂ ਗੋਰੀ ਵੇ ਮੇਮ, ਸਾਹਿਬ ਨਾਲ ਰਹਿੰਦੀ।
ਤੂੰ ਕਾਲਾ ਵੇ, ਮੈਂ ਨਾ ਤੇਰੇ ਰਹਿੰਦੀ।
ਮੈਂ ਗੋਰੀ ਵੇ, ਕਾਗਤਾਂ ਵਿਚ ਰਹਿੰਦੀ।
ਤੂੰ ਕਾਲਾ ਵੇ, ਮੈਂ ਨਾ ਤੇਰੇ ਰਹਿੰਦੀ।
ਮੈਂ ਗੋਰੀ ਵੇ, ਲਾਟ ਸਾਹਿਬ ਨਾਲ ਰਹਿੰਦੀ।

ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ
ਵੇ ਚੰਨ ਕੱਤਾਂ ਕਿ ਨਾ
ਕੱਤ ਬੀਬੀ ਕੱਤ...।
ਮੇਰੀ ਸੂਈ ਵਿਚੋਂ ਮੁੱਕਿਆ ਧਾਗਾ
ਵੇ ਚੰਨ ਕੱਢਾਂ ਕਿ ਨਾ
ਕੱਢ ਬੀਬੀ ਕੱਢ...।
ਮੇਰੇ ਛੱਜ ਵਿਚੋਂ ਮੁੱਕ ਗਏ ਦਾਣੇ,
ਵੇ ਚੰਨ ਛੱਟਾਂ ਕਿ ਨਾ
ਛੱਟ ਬੀਬੀ ਛੱਟ...।
ਮੇਰਾ ਨੱਚਣੇ ਨੂੰ ਕਰਦਾ ਏ ਜੀਅ
ਵੇ ਚੰਨ ਨੱਚਾਂ ਕਿ ਨਾ
ਨੱਚ ਬੀਬੀ ਨੱਚ...।

ਜੰਗਲ ਦੀ ਮੈਂ ਜੰਮੀ ਜਾਈ,
ਪਿੰਡ ਵਿਚ ਆਣ ਵਿਆਹੀ।
ਬਾਹੀਂ ਚੂੜਾ ਹੱਥੀਂ ਖੁਰਪਾ,
ਮੱਕੀ ਗੁੱਡਣ ਲਾਈ।
ਘਰ ਆਈ ਸੱਸ ਗਾਲ੍ਹਾਂ ਦੇਵੇ,
ਘਾਹ ਦੀ ਪੰਡ ਨਾ ਲਿਆਈ।
ਪੰਜੇ ਤੇਰੇ ਪੁੱਤ ਮਰ ਜਾਵਣ,
ਛੇਵਾਂ ਮਰੇ ਜਵਾਈ।
ਸੱਤਵੇਂ ਦਾ ਮੈਂ ਨਾ ਨਹੀਂ ਲੈਂਦੀ,
ਜਿਹਦੇ ਲੜ ਮੈਂ ਲਾਈ।
ਅੱਠਵਾਂ ਤੇਰਾ ਬੁੱਢੜਾ ਮਰ ਜਾਏ,
ਤੇਰੀ ਵੀ ਅਲਖ ਮੁਕਾਈ।
ਨੀ ਗਾਲ੍ਹ ਭਰਾਵਾਂ ਦੀ,
ਕੱਢਣੀ ਕੀਹਨੇ ਸਿਖਾਈ।

ਨਿੰਮ੍ਹੀ ਨਿੰਮ੍ਹੀ ਬੋਲ ਘੁੱਗੀਏ,
ਭਾਈ ਜੀ ਕੁ ਭਾਈਆ ਮੇਰੀ ਭੌਂ ਵੰਡਦੇ।
ਚੰਗੀ-ਚੰਗੀ ਆਪ ਲੈ ਗਿਆ,
ਮੈਨੂੰ ਦੇ ਗਿਆ ਕਲੱਰ ਦਾ ਪਾਸਾ।
ਨਾਲੇ ਬੈਠੀ ਖੱਬਲ ਖੋਤਦੀ,
ਨਾਲੇ ਭਾਈ ਦੇ ਪੁੱਤਾਂ ਨੂੰ ਰੋਵਾਂ।
ਨਿੰਮ੍ਹੀ ਨਿੰਮ੍ਹੀ ਬੋਲ ਘੁੱਗੀਏ,
ਭਾਈ ਜੀ ਕੁ ਭਾਈਆ ਮੇਰੀ ਭੌਂ ਵੰਡਦੇ।

ਮਾਮੀ ਨਖਰੋ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਕੁਝ ਨਹੀਂ ਕਹਿੰਦਾ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਕੁਝ ਨਹੀਂ ਲਹਿੰਦਾ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਨਾ ਭਾਈਆ ਮੈਂ ਨਾ ਪਿੰਜਾਵਾਂ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਚਾਚੀ ਨਖਰੋ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਕੁਝ ਨਹੀਂ ਕਹਿੰਦਾ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।
ਕੁਝ ਨਹੀਂ ਲਹਿੰਦਾ ਰੂੰਈਂ ਪਿੰਜਾ ਲੈ,
ਨਾ ਭਾਈਆ ਮੈਂ ਨਾ ਪਿੰਜਾਵਾਂ।

ਇਸ ਚੰਦਰੇ ਦੀ ਟੁੱਟੀ ਜਿਹੀ ਜੁੱਤੀ,
ਤਿੱਲੇ ਵਾਲਾ ਜੁੱਤਾ ਮੇਰੇ ਜੇਠ ਦਾ।
ਹਾਏ ਮਰ ਜਾਣਿਆਂ ਵੈਦਾ,
ਮੇਰੀ ਨਾੜੀ ਕਿਉਂ ਨਹੀਂ ਦੇਖਦਾ।
ਇਸ ਚੰਦਰੇ ਦੀ ਸੜੀ ਜਿਹੀ ਪਜਾਮੀ,
ਏਡਾ ਤੰਬਾ ਮੇਰੇ ਜੇਠ ਦਾ।
ਹਾਏ ਮਰ ਜਾਣਿਆਂ ਵੈਦਾ,
ਮੇਰੀ ਨਾੜੀ ਕਿਉਂ ਨਹੀਂ ਦੇਖਦਾ।
ਇਸ ਚੰਦਰੇ ਦੀ ਸੜੀ ਜਿਹੀ ਟੋਪੀ,
ਤੁਰਲੇ ਵਾਲਾ ਪੱਗੜ ਮੇਰੇ ਜੇਠ ਦਾ।
ਹਾਏ ਮਰ ਜਾਣਿਆਂ ਵੈਦਾ,
ਮੇਰੀ ਨਾੜੀ ਕਿਉਂ ਨਹੀਂ ਦੇਖਦਾ।
ਇਸ ਚੰਦਰੇ ਦੀ ਸੜੀ ਜਿਹੀ ਹਰਨਾੜੀ
ਏਡਾ ਟਰੈਕਟਰ ਮੇਰੇ ਜੇਠ ਦਾ।
ਹਾਏ ਮਰ ਜਾਣਿਆਂ ਵੈਦਾ,
ਮੇਰੀ ਨਾੜੀ ਕਿਉਂ ਨਹੀਂ ਦੇਖਦਾ।

ਉਚੇ ਚੁਬਾਰੇ ਵਾਲਿਆ,
ਵੇ ਰਾਤੀਂ ਮੀਂਹ ਪੈਂਦਾ।
ਸ਼ਾਵਾ ਵੇ, ਰਾਤੀਂ ਮੀਂਹ ਪੈਂਦਾ।
ਤੇਰੀ ਮਾਂ ਨੂੰ ਕਿਥੇ ਸੁਲਾਈਏ,
ਵੇ ਰਾਤੀਂ ਮੀਂਹ ਪੈਂਦਾ।
ਸ਼ਾਵਾ ਵੇ, ਰਾਤੀਂ ਮੀਂਹ ਪੈਂਦਾ।
ਤੇਰੀ ਮਾਂ ਤੋਂ ਚੱਕੀ ਪਿਹਾਈਏ,
ਵੇ ਰਾਤੀਂ ਮੀਂਹ ਪੈਂਦਾ।
ਸ਼ਾਵਾ ਵੇ, ਰਾਤੀਂ ਮੀਂਹ ਪੈਂਦਾ।
ਤੇਰੇ ਪਿਓ ਤੋਂ ਹਲ ਵਹਾਈਏ,
ਵੇ ਰਾਤੀਂ ਮੀਂਹ ਪੈਂਦਾ।
ਸ਼ਾਵਾ ਵੇ, ਰਾਤੀਂ ਮੀਂਹ ਪੈਂਦਾ।
ਉਚੇ ਚੁਬਾਰੇ ਵਾਲਿਆ,
ਵੇ ਰਾਤੀਂ ਮੀਂਹ ਪੈਂਦਾ।
ਸ਼ਾਵਾ ਵੇ, ਰਾਤੀਂ ਮੀਂਹ ਪੈਂਦਾ।

ਇਨ੍ਹਾਂ ਲੰਮੀਆਂ ਬੋਲੀਆਂ ਵਾਂਗ ਹੋਰ ਵੀ ਬਹੁਤ ਸਾਰੀਆਂ ਬੋਲੀਆਂ ਹਨ ਜਿਹੜੀਆਂ ਵਿਆਹ ਮੌਕੇ ਗਾਈਆਂ ਜਾਂਦੀਆਂ ਹਨ। ਇਨ੍ਹਾਂ ਬੋਲੀਆਂ ਅਤੇ ਸਵਾਂਗਾਂ ਨਾਲ ਵਿਆਹ ਦਾ ਖੂਬ ਰੰਗ ਬੱਝਦਾ ਹੈ। ਇਸ ਰੰਗ ਦੀ ਟੁਣਕਾਰ ਦੇਰ ਤੱਕ ਚੇਤਿਆਂ ਵਿਚ ਰਹਿੰਦੀ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ