Lamme Geet : Neelam Saini

ਲੰਮੇ ਗੀਤ : ਨੀਲਮ ਸੈਣੀ

ਲੰਮੇ ਗੀਤ ਸਮੂਹਿਕ ਰੂਪ ਵਿਚ ਹੀ ਗਾਏ ਜਾਂਦੇ ਸਨ। ਇਨ੍ਹਾਂ ਗੀਤਾਂ ਦੀ ਵਿਸ਼ੇਸ਼ਤਾ ਇਨ੍ਹਾਂ ਦੀ ਸਹਿਜ ਸਿਰਜਣਾ ਸੀ। ਇਨ੍ਹਾਂ ਵਿਚਲੀ ਸਾਦਮੁਰਾਦੀ ਕਲਾਤਮਿਕਤਾ ਸਾਡੇ ਸਭਿਆਚਾਰਕ ਵਰਤਾਰੇ ਨੂੰ ਆਪਣੇ ਕਲਾਵੇ ਵਿਚ ਲੈਂਦੀ ਨਜ਼ਰ ਆਉਂਦੀ ਸੀ। ਇਨ੍ਹਾਂ ਵਿਚ ਯਥਾਰਥ ਦਾ ਦਰਿਆ ਕਲਵਲ-ਕਲਵਲ ਵਗਦਾ ਪ੍ਰਤੀਤ ਹੁੰਦਾ ਸੀ। ਇਹ ਨਦੀਆਂ ਜਿਹੀ ਤੋਰ ਤੁਰਦੇ ਨਾਰੀ ਮਨ ਦੀਆਂ ਸਭ ਅਵਸਥਾਵਾਂ ਦੀ ਵੇਦਨਾ ਨੂੰ ਪ੍ਰਗਟ ਕਰਦੇ ਸਨ। ਇਸ ਲਈ ਪੰਜਾਬੀ ਸਾਹਿਤ ਵਿਚ ਇਨ੍ਹਾਂ ਲੰਮੇ ਗੀਤਾਂ ਦਾ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਗੀਤਾਂ ਦਾ ਵਿਸ਼ਾ ਸਮੱਗਰੀ ਸਾਦ-ਮੁਰਾਦਾ ਹੋਣ ਦੇ ਬਾਵਜੂਦ ਅਰਥ ਭਰਪੂਰ ਸੀ। ਇਨ੍ਹਾਂ ਗੀਤਾਂ ਵਿਚ ਸੁਨੇਹੜੇ ਸਨ। ਮੁਟਿਆਰਾਂ ਦਾ ਆਪਣੇ ਪ੍ਰੇਮੀ ਪ੍ਰਤੀ ਪ੍ਰੇਮ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਨ੍ਹਾਂ ਲਈ ਬਿਰਹਾ ਦਾ ਦਰਦ ਅਸਹਿ ਹੁੰਦਾ ਸੀ। ਉਹ ਸਹੁਰੇ ਪਰਿਵਾਰ ਵਿਚ ਹੋ ਰਹੀਆਂ ਜ਼ਿਆਦਤੀਆਂ ਨੂੰ ਬਿਆਨਦੀਆਂ, ਮਾਪਿਆਂ ਨੂੰ ਚੇਤੇ ਕਰਦੀਆਂ ਆਪਣੇ ਮਨ ਦਾ ਗੁੱਭ-ਗੁਲਾਟ ਬੜੇ ਕਲਾਤਮਿਕ ਢੰਗ ਨਾਲ ਕੱਢਦੀਆਂ ਸਨ। ਕਈ ਗੀਤਾਂ ਦੀਆਂ ਵੰਨਗੀਆਂ ਬੋਲੀਆਂ ਨਾਲ ਰਲ਼ਦੀਆਂ ਮਿਲਦੀਆਂ ਪ੍ਰਤੀਤ ਹੁੰਦੀਆਂ ਸਨ।
ਇਹ ਗੀਤ ਗਾਉਂਦੇ ਕਦੀ ਹਾਸੇ ਦੇ ਫ਼ੁਹਾਰੇ ਫ਼ੁੱਟਦੇ ਸਨ, ਕਦੀ ਹੰਝੂਆਂ ਦੀਆਂ ਝੜੀਆਂ ਲੱਗਦੀਆਂ ਸਨ ਅਤੇ ਕਦੀ ਜਵਾਨੀ ਦਾ ਜੋਸ਼ ਹੁਲਾਰੇ ਲੈਂਦਾ ਸੀ। ਇਨ੍ਹਾਂ ਗੀਤਾਂ ਨੂੰ ਗਾਉਂਦੀਆਂ ਪੰਜਾਬਣਾਂ ਕਦੇ ਗੌਰਾਂ, ਕਦੇ ਸੀਤਾ, ਕਦੇ ਰਾਧਿਕਾ ਅਤੇ ਕਦੀ ਵਾਰਿਸ ਦੀ ਹੀਰ ਦਾ ਰੂਪ ਧਾਰਨ ਕਰ ਲੈਂਦੀਆਂ ਸਨ। ਵਿਆਹ ਵਾਲੇ ਘਰ ਬਣ-ਠਣ ਕੇ ਆਈਆਂ ਇਨ੍ਹਾਂ ਮੁਟਿਆਰਾਂ ਦੇ ਸਿਰਾਂ ਤੇ ਗੋਟੇ ਵਾਲੀਆਂ ਚੁੰਨੀਆਂ ਚਮਕਦੀਆਂ ਸਨ ਅਤੇ ਗਲਾਂ ਵਿਚ ਹਾਰ-ਹਮੇਲਾਂ ਲਿਸ਼ਕਾਂ ਮਾਰਦੀਆਂ ਸਨ। ਇਨ੍ਹਾਂ ਦੀਆਂ ਵੀਣੀਆਂ ਵਿੱਚ ਵੰਙਾਂ ਦੀ ਖ਼ਣਕਣ ਅਤੇ ਪੈਰਾਂ ਵਿਚ ਝਾਂਜਰਾਂ ਦੀ ਛਣ-ਛਣ ਨਾਲ਼ ਮਹੌਲ ਸੰਗੀਤਕ ਬਣ ਜਾਂਦਾ ਸੀ। ਵਿਆਹ ਵਾਲੇ ਘਰ ਗੀਤ ਗਾਉਂਦੀਆਂ ਇਨ੍ਹਾਂ ਜੋਬਨ ਮੱਤੀਆਂ ਪੰਜਾਬਣਾਂ ਦੇ ਦਿਲ ਵਿਚ ਜਦ ਪਿਆਰ ਦੀਆਂ ਝਰਨਾਟਾਂ ਉਠਦੀਆਂ ਸਨ ਤਾਂ ਮੁੱਖੜੇ ਤੇ ਲਾਲੀ ਭਾਅ ਮਾਰਦੀ ਸੀ ਅਤੇ ਅੱਖਾਂ ਵਿਚ ਸ਼ਰਮ ਝਲਕਦੀ ਸੀ। ਇਹ ਅੱਖ ਦੇ ਇਸ਼ਾਰੇ ਨਾਲ ਗੱਲ ਕਰਦੀਆਂ ਪੰਜਾਬੀ ਦੀ ਲੋਕ ਬੋਲੀ 'ਅੱਖ ਨਾਲ਼ ਗੱਲ ਕਰ ਗਈ, ਪੱਲਾ ਮਾਰ ਕੇ ਬੁਝਾ ਗਈ ਦੀਵਾ' ਬਿਆਨ ਜਾਂਦੀਆਂ ਸਨ। ਇਨ੍ਹਾਂ ਦਾ ਰੂਪ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਇਸ ਹੁਸਨ ਦੀ ਤਾਬ ਝੱਲਣੀ ਔਖੀ ਹੋ ਜਾਂਦੀ ਸੀ। ਗੱਲ ਕੀ ਇਨ੍ਹਾਂ ਸਾਹਵੇਂ ਅੰਬਰ ਦਾ ਚੰਨ ਵੀ ਫਿੱਕਾ ਲੱਗਣ ਲੱਗ ਪੈਂਦਾ ਸੀ।
ਅਜੋਕੇ ਸਮੇਂ ਵਿਚ ਵੀ ਕੁਝ ਥਾਂਵਾਂ 'ਤੇ ਇਹ ਗੀਤ ਗਾਏ ਜਾਂਦੇ ਹਨ। ਪਰਦੇਸਾਂ ਵਿਚ ਵੀ ਕੁੱਝ ਪੰਜਾਬਣਾਂ 'ਲੇਡੀ ਸੰਗੀਤ' ਲਈ ਪੂਰੀ ਤਿਆਰੀ ਕਰ ਕੇ ਪੁੱਜਦੀਆਂ ਹਨ, ਪਰ ਇਹ ਗੀਤ ਗਿਣਤੀ-ਮਿਣਤੀ ਦੇ ਹੀ ਹੁੰਦੇ ਹਨ।

ਕੰਘੀ ਵਾਹਮਾਂ

ਕੰਘੀ ਵਾਹਮਾਂ ਤੇ ਦੁਖ਼ਣ ਮੇਰੇ ਵਾਲ਼ ਨੀ ਮਾਏਂ।
ਮੈਂ ਤਾਂ ਹੋ ਗਈ ਆਂ ਹਾਲੋਂ ਬੇ-ਹਾਲ ਨੀ ਮਾਏਂ।
ਜਦ ਮੈਂ ਵਿਆਹੀ ਹੱਥੀਂ ਮੇਰੇ ਚੂੜੀਆਂ ਮਾਏਂ।
ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਮਾਏਂ।
ਚੀਰੇ ਵਾਲਾ ਤਾਂ ਆਇਆ
ਮੈਨੂੰ ਲੈਣ ਨੀ ਮਾਏਂ,
ਸੁਹਣੇ ਲੱਗਦੇ ਨੇ ਮੈਨੂੰ
ਉਹਦੇ ਨੈਣ ਨੀ ਮਾਏਂ।
ਨੀਲੀ ਘੋੜੀ ਤੇ ਕਾਠੀ ਤਿੱਲੇਦਾਰ ਨੀ ਮਾਏਂ।

ਕਾਲ਼ਿਆਂ ਬਾਗ਼ਾਂ ਦੇ ਕਾਲ਼ੇ ਨੇ ਜਾਮਨੂੰ

ਕਾਲ਼ਿਆਂ ਬਾਗ਼ਾਂ ਦੇ ਕਾਲ਼ੇ ਨੇ ਜਾਮਨੂੰ,
ਚਿੱਠੀ ਪਾਉਨੀ ਆਂ ਘਰ ਆ ਜਾ ਸ਼ਾਮ ਨੂੰ।
ਤੇਰੀ ਮਾਤਾ ਨੇ ਮੰਦੜਾ ਬੋਲਿਆ,
ਤੇਰੇ ਆਉਂਦੇ ਕੋਲ ਮੈਂ ਦੁਖ਼ ਫ਼ੋਲਿਆ।
ਐਸਾ ਚੰਦਰਾ ਮੁੱਖੋਂ ਨਾ ਬੋਲਿਆ,
ਅੰਦਰ ਵੜ ਕੇ ਬਥੇਰਾ ਰੋ ਲਿਆ।
ਬਾਹਰ ਨਿਕਲ ਕੇ ਮੈਂ ਮੂੰਹ ਧੋ ਲਿਆ,
ਕਾਲਿਆਂ ਬਾਗ਼ਾਂ ਦੇ ਕਾਲੇ ਨੇ ਜਾਮਨੂੰ।
ਚਿੱਠੀ ਪਾਉਨੀ ਆਂ ਘਰ ਆ ਜਾ ਸ਼ਾਮ ਨੂੰ,
ਤੇਰੀ ਭੈਣਾਂ ਨੇ ਮੰਦੜਾ ਬੋਲਿਆ।
ਤੇਰੇ ਆਉਂਦੇ ਕੋਲ ਮੈਂ ਦੁਖ਼ ਫ਼ੋਲਿਆ,
ਐਸਾ ਚੰਦਰਾ ਮੁੱਖੋਂ ਨਾ ਬੋਲਿਆ।
ਅੰਦਰ ਵੜ ਕੇ ਬਥੇਰਾ ਰੋ ਲਿਆ,
ਬਾਹਰ ਨਿਕਲ ਕੇ ਮੈਂ ਮੂੰਹ ਧੋ ਲਿਆ।

ਉਚੇ ਉਚੇ ਮਹਿਲ

ਤੇਰੇ ਬਾਪ ਦੇ ਉਚੇ ਉਚੇ ਮਹਿਲ ਬੰਨਿਆਂ,
ਵੇ ਮੈਂ ਸ਼ੋਭਾ ਸੁਣ ਕੇ ਆਈ ਬੰਨਿਆਂ।
ਤੇਰੀ ਮਾਂ ਦਾ ਨਖ਼ਰਾ ਬਣਾਊਂ ਬੰਨਿਆਂ,
ਵੇ ਮੈਂ ਉਹਦੇ ਤੋਂ ਵੀ ਚੜ੍ਹਦੀ ਆਈ ਬੰਨਿਆਂ।
ਤੇਰੇ ਜੀਜਿਆਂ ਦੇ ਉਚੇ ਉਚੇ ਮਹਿਲ ਬੰਨਿਆਂ,
ਵੇ ਮੈਂ ਸ਼ੋਭਾ ਸੁਣ ਕੇ ਆਈ ਬੰਨਿਆਂ।
ਤੇਰੀਆਂ ਭੈਣਾਂ ਦਾ ਨਖ਼ਰਾ ਬਣਾਊਂ ਬੰਨਿਆਂ,
ਵੇ ਮੈਂ ਉਨ੍ਹਾਂ ਤੋਂ ਵੀ ਚੜ੍ਹਦੀ ਆਈ ਬੰਨਿਆਂ।

ਮੇਰਾ ਨਿੱਕੜਾ ਦੇਵਰ ਚੰਗਾ

ਮੈਂ ਵਾਰੀ ਜਾਵਾਂ ਨਿੱਕੜੇ ਦੇ,
ਮੇਰਾ ਨਿੱਕੜਾ ਦੇਵਰ ਚੰਗਾ।
ਨਿੱਕੜੇ ਲਈ ਮੈਂ ਬੂਟ ਮੰਗਾਉਂਨੀ ਆਂ,
ਵੱਡੇ ਦੇ ਲੱਗ ਗਿਆ ਕੰਡਾ।
ਮੈਂ ਵਾਰੀ ਜਾਵਾਂ ਨਿੱਕੜੇ ਦੇ,
ਮੇਰਾ ਨਿੱਕੜਾ ਦੇਵਰ ਚੰਗਾ।
ਨਿੱਕੜੇ ਲਈ ਮੈਂ ਚੀਰਾ ਰੰਗਾਉਂਨੀ ਆਂ,
ਵੱਡੜਾ ਸਿਰ ਤੋਂ ਗੰਜਾ।
ਮੈਂ ਵਾਰੀ ਜਾਵਾਂ ਨਿੱਕੜੇ ਦੇ,
ਮੇਰਾ ਨਿੱਕੜਾ ਦੇਵਰ ਚੰਗਾ।
ਨਿੱਕੜੇ ਲਈ ਮੈਂ ਸਾਕ ਲਿਆਉਨੀ ਆਂ,
ਵੱਡਾ ਫਿਰੇਗਾ ਰੰਡਾ।
ਮੈਂ ਵਾਰੀ ਜਾਵਾਂ ਨਿੱਕੜੇ ਦੇ,
ਮੇਰਾ ਨਿੱਕੜਾ ਦੇਵਰ ਚੰਗਾ।

ਮੇਰੇ ਠੂੰਹਾਂ ਲੜਿਆ

ਮੇਰੇ ਠੂੰਹਾਂ ਲੜਿਆ-ਸ਼ਾਵਾ!
ਕਾਲੇ ਰੰਗ ਵਾਲਾ-ਸ਼ਾਵਾ!
ਪੀਲੇ ਡੰਗ ਵਾਲਾ-ਸ਼ਾਵਾ!
ਆਈਂ ਸੱਸੀ ਨੀ, ਠੂੰਹਾਂ ਦੱਸੀਂ ਨੀ।
ਮੇਰੇ ਠੂੰਹਾਂ ਲੜਿਆ-ਸ਼ਾਵਾ!
ਕਾਲੇ ਰੰਗ ਵਾਲਾ-ਸ਼ਾਵਾ!
ਪੀਲੇ ਡੰਗ ਵਾਲਾ-ਸ਼ਾਵਾ!
ਆਈਂ ਜਠਾਣੀ ਨੀ, ਠੂੰਹਾਂ ਪਛਾਣੀ ਨੀ।
ਮੇਰੇ ਠੂੰਹਾਂ ਲੜਿਆ-ਸ਼ਾਵਾ!
ਕਾਲੇ ਰੰਗ ਵਾਲਾ-ਸ਼ਾਵਾ!
ਪੀਲੇ ਡੰਗ ਵਾਲਾ-ਸ਼ਾਵਾ!
ਆਈਂ ਜੇਠ ਵੇ, ਠੂੰਹਾਂ ਚੱਕੀ ਦੇ ਹੇਠ ਵੇ।
ਮੇਰੇ ਠੂੰਹਾਂ ਲੜਿਆ-ਸ਼ਾਵਾ!
ਕਾਲੇ ਰੰਗ ਵਾਲਾ-ਸ਼ਾਵਾ!
ਪੀਲੇ ਡੰਗ ਵਾਲਾ-ਸ਼ਾਵਾ!
ਆਈਂ ਦਿਓਰ ਵੇ, ਠੂੰਹਾਂ ਮਰੋੜ ਵੇ।

ਮੈਂ ਚੱਲੀ ਪੀਆ ਪੇਕੜੇ

ਮੈਂ ਚੱਲੀ ਪੀਆ ਪੇਕੜੇ,
ਤੁਸੀਂ ਮਗਰੇ ਈ ਆ ਜਾਈਓ!
ਹਈ ਸ਼ਾਵਾ!
ਮੈਂ ਤਾਂ ਮਿਲਾਂਗੀ ਓਥੇ ਦਾਦੀ ਜੀ ਨੂੰ,
ਤੁਸੀਂ ਬਾਬਾ ਜੀ ਨੂੰ ਮਿਲ ਆਈਓ,
ਹਈ ਸ਼ਾਵਾ!

ਕਿਸੇ ਲੜ ਲਾ ਜਾ ਇਸ ਜਵਾਨੀ ਨੂੰ

ਜੇ ਚੱਲਿਆ ਵੇ ਦਵਾਨੀ ਨੂੰ,
ਕਿਸੇ ਲੜ ਲਾ ਜਾ ਇਸ ਜਵਾਨੀ ਨੂੰ।
ਮੈਂ ਚੱਲਿਆ ਨੀ ਦਵਾਨੀ ਨੂੰ,
ਦਿਓਰ ਲੜ ਲਾ-ਲਾ ਇਸ ਜਵਾਨੀ ਨੂੰ।
ਦਿਓਰ ਮੇਰਾ ਨਿੱਕੜਾ ਵੇ ਇਸ ਜਵਾਨੀ ਨੂੰ।
ਜੇ ਚੱਲਿਆ ਵੇ ਦਵਾਨੀ ਨੂੰ,
ਕਿਸੇ ਲੜ ਲਾ ਜਾ ਇਸ ਜਵਾਨੀ ਨੂੰ।
ਮੈਂ ਚੱਲਿਆ ਨੀ ਦਵਾਨੀ ਨੂੰ,
ਜੇਠ ਲੜ ਲਾ-ਲਾ ਇਸ ਜਵਾਨੀ ਨੂੰ।
ਜੇਠ ਮੇਰਾ ਬੁੱਢੜਾ ਵੇ ਇਸ ਜਵਾਨੀ ਨੂੰ।
ਜੇ ਚੱਲਿਆ ਵੇ ਦਵਾਨੀ ਨੂੰ,
ਕਿਸੇ ਲੜ ਲਾ ਜਾ ਇਸ ਜਵਾਨੀ ਨੂੰ।
ਮੈਂ ਚੱਲਿਆ ਨੀ ਦਵਾਨੀ ਨੂੰ,
ਡੱਬੀ ਵਿਚ ਪਾ ਲਾ ਇਸ ਜਵਾਨੀ ਨੂੰ।

ਸੁਰਮਾ ਵਿਕਣਾ ਆਇਆ

ਸੁਰਮਾ ਵਿਕਣਾ ਆਇਆ,
ਇਕ ਲੱਪ ਸੁਰਮੇ ਦੀ।
ਸ਼ਾਵਾ! ਨੀ ਇਕ ਲੱਪ ਸੁਰਮੇ ਦੀ।
ਹੋਰਾਂ ਨੇ ਲਿਆ ਪੈਸੇ ਧੇਲੇ,
ਮੇਰੀ ਸੱਸ ਨੇ ਟਕਾ ਭਨਾਇਆ।
ਇਕ ਲੱਪ ਸੁਰਮੇ ਦੀ,
ਸ਼ਾਵਾ! ਨੀ ਇਕ ਲੱਪ ਸੁਰਮੇ ਦੀ।
ਹੋਰਨਾਂ ਨੇ ਪਾਇਆ ਸੁਰਮ ਸਿਲਾਈ,
ਮੇਰੀ ਸੱਸ ਨੇ ਲਵੇੜਾ ਪਾਇਆ।
ਇਕ ਲੱਪ ਸੁਰਮੇ ਦੀ,
ਸ਼ਾਵਾ! ਨੀ ਇਕ ਲੱਪ ਸੁਰਮੇ ਦੀ।
ਹੋਰਨਾਂ ਨੇ ਪਾਇਆ ਸ਼ੀਸ਼ੀ ਬੋਤਲ,
ਮੇਰੀ ਸੱਸ ਨੇ ਘੜਾ ਭਰਾਇਆ।
ਇਕ ਲੱਪ ਸੁਰਮੇ ਦੀ,
ਸ਼ਾਵਾ! ਨੀ ਇਕ ਲੱਪ ਸੁਰਮੇ ਦੀ।

ਮੇਰੇ ਸਹੁਰੇ ਨੇ ਪਾਈ ਵੰਡ

ਮੇਰੇ ਸਹੁਰੇ ਨੇ ਪਾਈ ਵੰਡ,
ਵੰਡ ਵਿਚ ਕੀ ਕੁਝ ਆਇਆ ਏ।
ਮੇਰੇ ਸਹੁਰੇ ਨੇ ਪਾਈ ਵੰਡ,
ਵੰਡ ਵਿਚ ਕੁਝ ਨਹੀਂ ਆਇਆ ਏ।
ਮੇਰੇ ਜੇਠ ਨੂੰ ਆਇਆ ਕੋਟ,
ਦਿਓਰ ਨੂੰ ਪੈਂਟ ਆਈ ਏ।
ਮੇਰੇ ਮਾਹੀਏ ਦੇ ਸੜ ਗਏ ਕਰਮ,
ਮਾਹੀਏ ਨੂੰ ਧੋਤੀ ਆਈ ਏ।
ਮੈਨੂੰ ਸੜੀ ਨੂੰ ਹੋਰ ਸੜਾਉਂਦਾ,
ਧੋਤੀ ਨੂੰ ਜ਼ਿਪਰ ਲਾਉਂਦਾ ਏ।

ਵੇ ਚੱਪੇ ਭੰਨ ਭੰਨ ਪਾਲ਼ਿਆ

ਵੇ ਚੱਪੇ ਭੰਨ ਭੰਨ ਪਾਲ਼ਿਆ,
ਵੇ ਪੋਟੇ ਭੰਨ ਭੰਨ ਪਾਲ਼ਿਆ।
ਵੇ ਹੋਇਆ ਛੈਲ ਜਵਾਨ,
ਜੇ ਸ਼ਹੁ ਨਿੱਤ ਖੇਡੇ ਗੀਟੀਆਂ।
ਖੱਟਿਆ ਮੈਂ ਕਿਸ ਦਾ ਖਾਂ,
ਖੱਟਿਆ ਖਾਹ ਮੇਰੇ ਬਾਪ ਦਾ।
ਜਾਂ ਪੇਕੇ ਘਰ ਟੁਰ ਜਾ,
ਨੀ ਨੱਢੀਏ ਛੈਲ ਛਬੀਲੀਏ।
ਨੀ ਤੂੰ ਮੂਲ਼ੋਂ ਤਾ ਪਛਤਾ,
ਪੇਕੇ ਘਰ ਵਸਣ ਗੰਵਾਰਨਾਂ।
ਵੇ ਮੈਂ ਕਿਉਂ ਪੇਕੇ ਜਾਂ,
ਵੇ ਮੈਂ ਰੁੱਖੀ-ਮਿੱਸੀ ਖਾ ਕੇ।
ਤੇਰੇ ਮਾਪਿਆਂ ਕੋਲ ਰਹਾਂ,
ਵੇ ਤੇਰੇ ਮਾਪਿਆਂ ਕੋਲ ਰਹਾਂ।

ਕੌਣ ਜਿੱਤੇ ਕੌਣ ਹਾਰੇ

ਚੰਦ ਤੇ ਸੂਰਜ ਦਾ ਪੈ ਗਿਆ ਝਗੜਾ,
ਕੌਣ ਜਿੱਤੇ ਕੌਣ ਹਾਰੇ?
ਚੰਨ ਕਹੇ ਜੱਗ ਚਾਨਣ ਮੇਰਾ,
ਸੂਰਜ ਕਹੇ ਤਪ ਮੇਰਾ ਵੇ-ਹੇ।
ਚੰਨ ਕਹੇ ਜੱਗ ਚਾਨਣ ਮੇਰਾ,
ਸੂਰਜ ਕਹੇ ਤਪ ਮੇਰਾ ਵੇ-ਹੇ।
ਸ਼ੀਸ਼ੇ ਤੇ ਸੁਰਮੇ ਦਾ ਪੈ ਗਿਆ ਝਗੜਾ,
ਕੌਣ ਜਿੱਤੇ ਕੌਣ ਹਾਰੇ?
ਸ਼ੀਸ਼ਾ ਕਹੇ ਜੱਗ ਦੇਖੇ ਮੈਨੂੰ,
ਸੁਰਮਾ ਕਹੇ ਅੱਖੀਂ ਰਹਿਣਾ ਵੇ-ਹੇ।
ਸ਼ੀਸ਼ਾ ਕਹੇ ਜੱਗ ਦੇਖੇ ਮੈਨੂੰ,
ਸੁਰਮਾ ਕਹੇ ਅੱਖੀਂ ਰਹਿਣਾ ਵੇ-ਹੇ।
ਅੰਬਰ ਤੇ ਧਰਤੀ ਦਾ ਪੈ ਗਿਆ ਝਗੜਾ,
ਕੌਣ ਜਿੱਤੇ ਕੌਣ ਹਾਰੇ?
ਅੰਬਰ ਕਹੇ ਮੈਂ ਅੱਜ ਹੀ ਵਰਸਾਂ,
ਧਰਤੀ ਕਹੇ ਸੋਕ ਜਾਣਾ ਵੇ-ਹੇ।
ਅੰਬਰ ਕਹੇ ਮੈਂ ਅੱਜ ਹੀ ਵਰਸਾਂ,
ਧਰਤੀ ਕਹੇ ਸੋਕ ਜਾਣਾ ਵੇ-ਹੇ।

ਨਵੇਂ ਨਵੇਂ ਖੂਹਾ ਤੇਰੀ ਲੱਜ ਪੁਰਾਣੀ

ਨਵੇਂ ਨਵੇਂ ਖੂਹਾ ਤੇਰੀ ਲੱਜ ਪੁਰਾਣੀ,
ਅਸਾਂ ਨਹੀਓਂ ਪੀਣਾ ਤੇਰੇ ਖੂਹ ਦਾ ਪਾਣੀ।
ਬਾਰੀ ਵਿਚ ਬੈਠ ਕੇ ਮੈਂ ਸੁੱਖਾਂ ਮੰਗੀਆਂ...
ਅੱਜ ਪਤਾ ਲੱਗਾ ਤੇਰੇ ਨਾਲ ਮੰਗੀ ਆਂ।

ਦਿਓਰ ਪ੍ਰਾਹੁਣਾ ਆ ਨੀ ਗਿਆ

ਰਿੱਧੀ ਸੀ ਛੋਲਿਆਂ ਦੀ ਦਾਲ,
ਨੀ ਮਾਏਂ! ਦਿਓਰ ਪ੍ਰਾਹੁਣਾ ਆ ਨੀ ਗਿਆ।
ਨੀ ਮਾਏਂ! ਦਿਓਰ ਪ੍ਰਾਹੁਣਾ ਆ ਨੀ ਗਿਆ,
ਨਾ ਤੋਰੀਂ ਦੇਵਰ ਦੇ ਨਾਲ ਨੀ ਮਾਏਂ ਨਾ ਤੋਰੀਂ।
ਦੇਵਰ ਅੱਖੀਆਂ ਨੀ ਗਹਿਰੀਆਂ,
ਘਰ ਆਏ ਸਾਜਨ ਨਾ ਮੋੜ ਨੀ ਧੀਏ।
ਘਰ ਆਏ ਸਾਜਨ ਨਾ ਮੋੜ ਨੀ ਧੀਏ,
ਛੋਟਾ ਵੀਰ ਨੀ ਲਾਡਲਾ।

ਧਨੀਆਂ-ਜੀਰਾ

ਕਿਧਰੋਂ ਆਇਆ ਧਨੀਆਂ,
ਨੀ ਕਿਧਰੋਂ ਆਇਆ ਜੀਰਾ।
ਲੈ ਕਿਧਰੋਂ ਆਇਆ ਨੀ,
ਛੋਟੀਏ ਨਣਦੇ ਤੇਰਾ ਵੀਰਾ।
ਲਹੌਰੋਂ ਆਇਆ ਧਨੀਆਂ,
ਪਿਸ਼ਾਵਰੋਂ ਆਇਆ ਜੀਰਾ।
ਮੁਲਤਾਨੋਂ ਆਇਆ ਨੀ,
ਛੋਟੀਏ ਨਣਦੇ ਤੇਰਾ ਵੀਰਾ।

ਲੈ ਕਾਲੀ ਚੁੰਨੀ ਉੱਡ ਗਈ

ਲੈ ਕਾਲੀ ਚੁੰਨੀ ਉੱਡ ਗਈ,
ਹੋ ਗਈ ਬਦਨਾਮੀ।
ਚੁੰਨੀ ਉਡਦੀ ਮੇਰੇ ਸਹੁਰੇ ਨੇ ਦੇਖੀ...
ਲੈ ਹਵੇਲੀ ਰੌਲ਼ਾ ਪੈ ਗਿਆ,
ਹੋ ਗਈ ਬਦਨਾਮੀ।

ਇਹ ਬੁਢਾਪਾ ਕਾਹਨੂੰ ਆ ਗਿਆ

ਇਹ ਬੁਢਾਪਾ ਕਾਹਨੂੰ ਆ ਗਿਆ,
ਹਾਲ ਵੇ ਰੱਬਾ!
ਨੂੰਹਾਂ ਤੋਂ ਡਰਦੀ ਬੁੱਢੀ,
ਦਾਤਣ ਨਾ ਕਰਦੀ,
ਬੁੱਢਾ ਸੁਰਖ਼ੀ ਲੈ ਕੇ ਆ ਗਿਆ,
ਹਾਲ ਵੇ ਰੱਬਾ।

ਵੀਰ ਮੇਰੇ ਨੇ ਬਾਗ਼ ਲਵਾਇਆ

ਵੀਰ ਮੇਰੇ ਨੇ ਬਾਗ਼ ਲਵਾਇਆ,
ਵਿਚ ਲਵਾਈਆਂ ਕਲੀਆਂ।
ਰਾਹੀਆਂ ਨੂੰ ਰਾਹ ਪਈ ਪੁੱਛਦੀ,
ਕਿਥੇ ਵੀਰ ਦੀਆਂ ਗਲੀਆਂ।
ਵੀਰ ਮੇਰੇ ਨੇ ਬਾਗ਼ ਲੁਆਇਆ,
ਬਾਗ਼ 'ਚ ਸਭ ਨੂੰ ਢੋਈ।
ਵਸੇਂ ਰਸੇਂ ਵੀਰਨਾ ਵੇ,
ਮੈਂ ਪਰਦੇਸਣ ਹੋਈ।
ਵੀਰ ਮੇਰੇ ਨੇ ਬਾਗ਼ ਲਵਾਇਆ,
ਬਾਗ਼ੀਂ ਠੰਢੀਆਂ ਛਾਵਾਂ।
ਡਾਰੋਂ ਵਿਛੜ ਗਈ,
ਕੂੰਜ ਵਾਂਗ ਕੁਰਲਾਵਾਂ।

ਜਿੰਦੂਆ

ਜਿੰਦੂਆ ਤੇ ਰਸ ਬਿੰਦੂਆ
ਦੋਵੇਂ ਸਕੇ ਭਰਾ,
ਜਿੰਦੂਏ ਸੰਗ ਜਿੰਦੇ ਮੇਰੀਏ
ਲਏ ਨੈਣ ਮਿਲਾ।
ਹੋ ਗਈ ਲਾ-ਲਾ
ਘਰ ਘਰ ਵਿਚ ਚਰਚਾ ਕਰਵਾਈ
ਆ, ਹੋ ਜਿੰਦੂਆ...ਹੋ-ਹੋ-ਹੋ-ਹੋ।
ਚੱਲ ਜਿੰਦੂਆ ਵੇ ਚੱਲ ਚੱਲੀਏ ਬਜ਼ਾਰੀਂ,
ਜਿਥੇ ਨੇ ਵਿਕਦੇ ਰੁਮਾਲ।
ਹਾਏ ਵੇ ਜਿੰਦੂਆ ਬੁਰੇ ਵਿਛੋੜੇ
ਲੈ ਚੱਲ ਆਪਣੇ ਨਾਲ।
ਚੱਲ ਚੰਡੀਗੜ੍ਹ, ਚੱਲ ਦਿੱਲੀ ਸ਼ਹਿਰ
ਜਿਥੇ ਹੋਰ ਭੁਲਾਈ ਆ, ਹੋ
ਜਿੰਦੂਆ...ਹੋ-ਹੋ-ਹੋ-ਹੋ।
ਚੱਲ ਜਿੰਦੂਆ ਵੇ ਚੱਲ ਚੱਲੀਏ ਪਹਾੜੀਂ,
ਜਿੱਥੇ ਨੇ ਵਿਕਦੇ ਅਨਾਰ,
ਤੂੰ ਤੋੜੀਂ ਮੈਂ ਵੇਚਣ ਵਾਲੀ
ਇਕ ਰੁਪਈਏ ਚਾਰ।
ਗੋਰੇ ਰੰਗ ਦੀ ਮੈਂ ਲਾਲੀ ਅੰਗ ਦੀ ਰੱਬ
ਤੋਂ ਮੰਗਵਾਈ ਆ, ਹੋ ਜਿੰਦੂਆ...ਹੋ-ਹੋ-ਹੋ-ਹੋ

ਸਾਹਮਣੇ ਚੁਬਾਰੇ

ਸਾਹਮਣੇ ਚੁਬਾਰੇ ਕੁੜੀ ਖੇਡੇ ਗੀਟੀਆਂ,
ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ।
ਮੱਛੀ ਵਾਲਾ ਕਹਿੰਦਾ, ਮੱਛੀ ਮੇਰੇ ਕੋਲ ਆ।
ਮਿਰਚ ਮਸਾਲਾ, ਹੱਟੀ ਵਾਲੇ ਕੋਲ ਆ।
ਸਾਹਮਣੇ ਚੁਬਾਰੇ ਕੁੜੀ ਖੇਡੇ ਗੀਟੀਆਂ,
ਗੱਭਰੂ ਜਵਾਨ ਮੁੰਡਾ, ਮਾਰੇ ਸੀਟੀਆਂ।
ਤੇਰਾ ਕੀ ਏ ਜਾਣਾ, ਵੇ ਬੇਗਾਨੇ ਪੁੱਤ ਦਾ।
ਵਾਲ ਕੱਲਾ ਕੱਲਾ ਹੋ ਜਾਊ, ਮੇਰੀ ਗੁੱਤ ਦਾ।
ਸਾਹਮਣੇ ਚੁਬਾਰੇ ਕੁੜੀ ਦੁੱਧ ਰਿੜਕੇ,
ਗੱਭਰੂ ਜਵਾਨ ਮੁੰਡਾ ਮਾਰੇ ਝਿੜਕੇ।
ਤੇਰਾ ਕੀ ਏ ਜਾਣਾ, ਵੇ ਬੇਗਾਨੇ ਪੁੱਤ ਦਾ।
ਵਾਲ ਕੱਲਾ ਕੱਲਾ ਹੋ ਜਾਊ, ਮੇਰੀ ਗੁੱਤ ਦਾ।
ਸਾਹਮਣੇ ਚੁਬਾਰੇ ਕੁੜੀ ਮੰਜਾ ਡਾਹ ਲਿਆ,
ਅੱਧੀ ਰਾਤ ਗਈ, ਮੱਛੀ ਵਾਲਾ ਆ ਗਿਆ।
ਤੇਰਾ ਕੀ ਏ ਜਾਣਾ, ਵੇ ਬੇਗਾਨੇ ਪੁੱਤ ਦਾ।
ਵਾਲ ਕੱਲਾ ਕੱਲਾ ਹੋ ਜਾਊ, ਮੇਰੀ ਗੁੱਤ ਦਾ।

ਇਸ ਤਰ੍ਹਾਂ ਹੋਰ ਵੀ ਅਣਗਿਣਤ ਲੰਮੇ ਗੀਤ ਹਨ ਜਿਹੜੇ ਵਿਆਹ ਮੌਕੇ ਰੌਣਕਾਂ ਲਾਉਣ ਲਈ ਗਾਏ ਜਾਦੇ ਹਨ। ਇਨ੍ਹਾਂ ਗੀਤਾਂ ਵਿਚ ਸਾਡਾ ਸਭਿਆਚਾਰ ਝਾਤੀਆਂ ਮਾਰਦਾ ਦਿਸ ਪੈਂਦਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ