Lally (Ghazals) : Raj Lally Batala

ਲਾਲੀ (ਗ਼ਜ਼ਲ ਸੰਗ੍ਰਹਿ) : ਰਾਜ ਲਾਲੀ ਬਟਾਲਾ

ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ

ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ ।
ਬੁੱਤ ਦੁਬਾਰਾ ਪੱਥਰ ਹੋਣਾ ਚਾਹੁੰਦਾ ਹੈ ।

ਬੋਲਣ ਲਗਿਆਂ ਜਿਸਦੀ ਹੋਂਦ ਗਵਾਚੇ ਨਾ,
ਮਾਤਰ ਤੋਂ ਉਹ ਅੱਖਰ ਹੋਣਾ ਚਾਹੁੰਦਾ ਹੈ ।

ਤੇਰਾ ਰੂਪ ਦਿਖਾਈ ਦੇਵੇ ਜਿਸ ਅੰਦਰ,
ਉਹ ਇਕ ਐਸਾ ਚਿੱਤਰ ਹੋਣਾ ਚਾਹੁੰਦਾ ਹੈ ।

ਮੇਟ ਮਿਟਾ ਕੇ ਅਪਣੀ ਹਸਤੀ ਰੂਪ ਅਕਾਰ,
ਕਿਉਂ ਇਕ ਤਾਰਾ ਅੰਬਰ ਹੋਣਾ ਚਾਹੁੰਦਾ ਹੈ ।

ਚੌਵੀ ਘੰਟੇ ਸ਼ੋਰ ਸ਼ਰਾਬਾ ਸ਼ੋਰੋ ਗੁਲ,
ਪੂਜਾ ਘਰ ਹੁਣ ਖੰਡਰ ਹੋਣਾ ਚਾਹੁੰਦਾ ਹੈ ।

ਜਾਤਾਂ ਰੰਗ ਨਸਲ ਵਿਚ ਫਸਿਆ ਇਹ ਬੰਦਾ,
ਇਕ ਦੂਜੇ ਤੋਂ ਬਿਹਤਰ ਹੋਣਾ ਚਾਹੁੰਦਾ ਹੈ ।

'ਲਾਲੀ' ਨੂੰ ਹੁਣ ਤਾਂਘ ਨਹੀਂ ਕੁਝ ਬਣਨੇ ਦੀ,
ਸਰਵਣ ਵਰਗਾ ਪੁੱਤਰ ਹੋਣਾ ਚਾਹੁੰਦਾ ਹੈ ।

ਵਕਤ ਦੇ ਪੰਨੇ ਤੇ ਤੇਰਾ ਨਾਮ ਲਿਖ ਕੇ ਰੋ ਪਿਆ

ਵਕਤ ਦੇ ਪੰਨੇ ਤੇ ਤੇਰਾ ਨਾਮ ਲਿਖ ਕੇ ਰੋ ਪਿਆ,
ਚੜ ਰਹੀ ਇਸ ਧੁੱਪ ਨੂੰ ਮੈਂ ਸ਼ਾਮ ਲਿਖ ਕੇ ਰੋ ਪਿਆ !!

ਹਾਦਸਾ ਦਰ ਹਾਦਸਾ ਪਰ ਜ਼ਿੰਦਗੀ ਰੁਕਦੀ ਨਹੀਂ,
ਮੈਂ ਹੁਣੇ ਕਿਉਂ ਏਸ ਦਾ ਅੰਜ਼ਾਮ ਲਿਖ ਕੇ ਰੋ ਪਿਆ !!

ਕੀ ਸਮੁੰਦਰ ਨੂੰ ਪਤਾ ਸੀ ਕੀ ਨਦੀ ਦੀ ਚਾਲ ਹੈ ?
ਉਹ ਨਦੀ ਦੀ ਹਿੱਕ ਤੇ ਕਿਉਂ ਅੱਜ ਦਾਮ ਲਿਖ ਕੇ ਰੋ ਪਿਆ !!

ਇਸ਼ਕ ਉਸ ਦੇ ਨੂੰ ਮੈਂ ਜੇ ਸਿਜਦਾ ਕਰਾਂ ਤਾਂ ਗਲਤ ਹੈ,
ਆਪਣੀ ਧੀ ਨੂੰ ਜੋ ਖੁਦ ਬਦਨਾਮ ਲਿਖ ਕੇ ਰੋ ਪਿਆ !!

ਕਰ ਲਵੇ ਬਦਨਾਮ 'ਲਾਲੀ', ਮੈਂ ਨਾ ਉਸਦੇ ਮੇਚ ਦਾ,
ਮੈਂ ਤਾਂ ਉਸਦਾ ਅੱਜ ਹੀ ਅੰਜ਼ਾਮ ਲਿਖ ਕੇ ਰੋ ਪਿਆ ! !

ਫੁੱਲਾਂ ਨੂੰ ਕੁਝ ਹੋਇਆ ਲਗਦਾ

ਫੁੱਲਾਂ ਨੂੰ ਕੁਝ ਹੋਇਆ ਲਗਦਾ ।
ਪੱਤਾ ਪੱਤਾ ਰੋਇਆ ਲਗਦਾ ।

ਚਿਹਰੇ ਉੱਤੇ ਚੀਸ ਦਿਸੀ ਹੈ,
ਅੱਖੋਂ ਹੰਝੂ ਚੋਇਆ ਲਗਦਾ ।

ਦਿਲ ਦੀ ਪੀੜ ਲੁਕੋ ਨਾ ਸਕਿਆ,
ਬੇਸ਼ਕ ਮੁਖੜਾ ਧੋਇਆ ਲਗਦਾ ।

ਲਗਦਾ ਆਸ ਮੁਕਾ ਦਿੱਤੀ ਹੈ,
ਉਸਨੇ ਬੂਹਾ ਢੋਇਆ ਲਗਦਾ ।

ਸਾਹ ਰੁਕਿਆ ਹੈ ਨਬਜ਼ ਰੁਕੀ ਹੈ,
ਮੋਇਆ, ਤਾਂ ਹੀ ਮੋਇਆ ਲਗਦਾ ।

ਚਿਹਰੇ 'ਤੇ ਮੁਸਕਾਨ ਬਖੇਰੇ,
ਅੰਦਰ ਦਰਦ ਲੁਕੋਇਆ ਲਗਦਾ ।

ਨੈਣਾ ਦੇ ਵਿਚ "ਲਾਲੀ" ਰੜਕੇ,
ਸੂਰਜ ਕੋਲ ਖਲੋਇਆ ਲਗਦਾ ।

ਹਨੇਰਾ ਹੈ ਛਾਇਆ ਤੇਰੇ ਜਾਣ ਮਗਰੋਂ

ਹਨੇਰਾ ਹੈ ਛਾਇਆ ਤੇਰੇ ਜਾਣ ਮਗਰੋਂ,
ਮੈਂ ਦੀਵਾ ਜਗਾਇਆ ਤੇਰੇ ਜਾਣ ਮਗਰੋਂ ।

ਮੇਰੇ ਤਨ ਬਦਨ ਵਿਚ ਤੜਪ ਵਧ ਗਈ ਸੀ,
ਘਟਾ ਨੂੰ ਬੁਲਾਇਆ ਤੇਰੇ ਜਾਣ ਮਗਰੋਂ ।

ਸਮੁੰਦਰ ਦੇ ਅੰਦਰ ਕੋਈ ਤੌਖਲਾ ਸੀ,
ਜੋ ਤੂਫਾਨ ਆਇਆ ਤੇਰੇ ਜਾਣ ਮਗਰੋਂ ।

ਇਹ ਹੰਝੂ, ਇਹ ਹਉਕੇ,ਇਹ ਹਾਵੇ ਜਿੰਨਾਂ ਨੇ,
ਮੇਰਾ ਗਮ ਵਧਾਇਆ ਤੇਰੇ ਜਾਣ ਮਗਰੋਂ ।

ਖਜ਼ਾਨਾ ਮੁਹੱਬਤ ਦਾ ਸੀ ਕੋਲ ਮੇਰੇ,
ਮੈਂ ਹੱਥੋਂ ਗਵਾਇਆ ਤੇਰੇ ਜਾਣ ਮਗਰੋਂ ।

ਮੈਂ ਕਰਦਾ ਸੀ ਪੂਜਾ ਤੇਰੀ ਵਸਲ ਵੇਲੇ,
ਮੈਂ ਤੈਨੂੰ ਧਿਆਇਆ ਤੇਰੇ ਜਾਣ ਮਗਰੋਂ ।

ਕਦੇ ਮੁਸਕਰਾਹਟ ਸੀ ਚਿਹਰੇ ਤੇ 'ਲਾਲੀ',
ਕਿ ਗੱਚ ਭਰ ਹੈ ਆਇਆ ਤੇਰੇ ਜਾਣ ਮਗਰੋਂ ।

ਕਬਰਾਂ ਵਿਚ ਆਰਾਮ ਜਿਹਾ ਏ

ਕਬਰਾਂ ਵਿਚ ਆਰਾਮ ਜਿਹਾ ਏ,
ਜੀਵਨ ਵਿਚ ਜੋ ਨਾਮ ਜਿਹਾ ਏ।

ਕਬਰਾਂ ਅੰਦਰ ਚੁੱਪ ਬਥੇਰੀ,
ਲਾਸ਼ਾਂ ਵਿਚ ਕੋਹਰਾਮ ਜਿਹਾ ਏ ।

ਮੈਨੂੰ ਤਾਂ ਹੁਣ ਮਾਰ ਮੁਕਾਓ,
ਸਾਹਾਂ ਦਾ ਬਸ ਨਾਮ ਜਿਹਾ ਏ।

ਪਾਗਲ ਕਰਦੇ ਤਾਂ ਇਹ ਮੰਨਾਂ
ਸਾਥ ਤੇਰਾ ਬਦਨਾਮ ਜਿਹਾ ਏ।

ਤੇਰਾ ਗਮ ਮਹਿਸੂਸ ਕਰਾਂ ਜੇ
ਮੇਰਾ ਗਮ ਤਾਂ ਆਮ ਜਿਹਾ ਏ।

ਸੂਰਜ ਤੇ 'ਲਾਲੀ' ਦਾ ਰਿਸ਼ਤਾ
ਮੀਰਾ ਲਈ ਬਸ ਸ਼ਾਮ ਜਿਹਾ ਏ !

ਬੰਸੁਰੀ ਬਣਕੇ ਵੀ ਕਿੰਨਾ ਤੜਪਿਆ ਹਾਂ ਹਰ ਘੜੀ

ਬੰਸੁਰੀ ਬਣਕੇ ਵੀ ਕਿੰਨਾ ਤੜਪਿਆ ਹਾਂ ਹਰ ਘੜੀ ।
ਤੇਰਿਆਂ ਹੋਠਾਂ ਦੀ ਛੋਹ ਨੂੰ ਤਰਸਿਆ ਹਾਂ ਹਰ ਘੜੀ ।

ਮੈਂ ਨਦੀ ਦੇ ਕੋਲ ਜਾ ਕੇ ਬੁਕ ਨਾ ਭਰ ਸਕਿਆ ਕਦੇ,
ਘਰ ਨੂੰ ਪੂਰੀ ਪਿਆਸ ਲੈ ਕੇ ਪਰਤਿਆ ਹਾਂ ਹਰ ਘੜੀ ।

ਹੁਕਮ ਉਸਦਾ ਮੰਨਣੋ ਕੀਤਾ ਸਦਾ ਇਨਕਾਰ ਮੈਂ,
ਉਸ ਦੀਆਂ ਅੱਖਾਂ 'ਚ ਤਾਂ ਹੀ ਰੜਕਿਆ ਹਾਂ ਹਰ ਘੜੀ ।

ਆਪਣੇ ਮੈਂ ਪਿਆਰ ਦੀ ਲਿਖਦਾ ਕਹਾਣੀ ਹਾਂ ਜਦੋਂ,
ਆ ਕੇ ਤੇਰੇ ਨਾਮ ਉੱਤੇ ਅਟਕਿਆ ਹਾਂ ਹਰ ਘੜੀ ।

ਨਿਕਲਿਆ ਹਾਂ ਜਦ ਕਦੀ ਵੀ ਆਪਣੀ ਹੀ ਭਾਲ ਵਿਚ,
ਮਨ ਦੇ ਸੁੰਨੇ ਰਸਤਿਆਂ ਵਿਚ ਭਟਕਿਆ ਹਾਂ ਹਰ ਘੜੀ ।

ਦਿਲ ਜਦੋਂ ਤੋਂ ਆਪ ਜੀ ਦਾ ਹੋ ਗਿਆ ਪੱਥਰ ਜਿਹਾ,
ਆਪ ਦੇ ਦਿਲ ਵਿਚ ਸਮਾ ਕੇ ਧੜਕਿਆ ਹਾਂ ਹਰ ਘੜੀ ।

ਜਾਪਦਾ 'ਲਾਲੀ ' ਜੀ ਦਿਲ ਹੈ ਆਪਦਾ ਬੰਜ਼ਰ ਜ਼ਮੀਨ,
ਇਸ ਲਈ ਕਣੀਆਂ ਮੈਂ ਬਣਕੇ ਬਰਸਿਆ ਹਾਂ ਹਰ ਘੜੀ ।

ਤੁਹਾਡੇ ਰੂਪ ਦੇ ਵਾਂਗਰ ਦਿਲਾਂ ਵਿਚ ਲਹਿਣ ਦੀ ਹਸਰਤ

ਤੁਹਾਡੇ ਰੂਪ ਦੇ ਵਾਂਗਰ ਦਿਲਾਂ ਵਿਚ ਲਹਿਣ ਦੀ ਹਸਰਤ ।
ਬੁਲਾਵਾਂ ਕੋਲ ਸ਼ਬਦਾਂ ਨੂੰ ਗ਼ਜ਼ਲ ਹੈ ਕਹਿਣ ਦੀ ਹਸਰਤ ।

ਸਮੁੰਦਰ ਦੀ ਹੈ ਇੱਛਾ ਕੀ, ਨਦੀ ਵੀ ਜਾਣਦੀ ਸਭ ਕੁਝ,
ਨਦੀ ਨੂੰ ਫਿਰ ਵੀ ਲੈ ਡੁੱਬੀ ਨਦੀ ਦੇ ਵਹਿਣ ਦੀ ਹਸਰਤ ।

ਅਸੀਂ ਵੀ ਧਾਰ ਲੈਣੇ ਹਨ ਤੁਹਾਡੇ ਵਾਂਗ ਹੀ ਸ਼ਸ਼ਤਰ,
ਤੁਹਾਡਾ ਜ਼ੁਲਮ ਭੋਰਾ ਵੀ ਨਹੀਂ ਹੈ ਸਹਿਣ ਦੀ ਹਸਰਤ ।

ਇਮਾਰਤ ਨਾਲ ਕੀ ਬੀਤੀ ਇਹ ਖੰਡਰ ਜਾਣਦਾ ਹੈ ਸਭ,
ਕਿ ਏਨੀ ਵੀ ਨਹੀਂ ਛੇਤੀ ਸੀ ਉਸਦੀ ਢਹਿਣ ਦੀ ਹਸਰਤ ।

ਦਿਖਾਕੇ ਚੋਗ ਮਨ ਭਾਂਉਦਾ ਉਹ ਪੰਛੀ ਕੈਦ ਕਰਦੇ ਹਨ,
ਪਰੰਤੂ ਇਹ ਨਹੀਂ ਪੁਛਦੇ ਹੈ ਕਿੱਥੇ ਰਹਿਣ ਦੀ ਹਸਰਤ ।

ਜਦੋਂ ਤਕ ਮਨ ਤੇਰੇ ਵਿੱਚੋਂ ਨਹੀਂ ਹੰਕਾਰ ਮਿਟ ਜਾਂਦਾ,
ਅਸੀਂ ਵੀ ਪਾਲ਼ ਕੇ ਰੱਖੀ ਹੈ ਮਨ ਵਿਚ ਖਹਿਣ ਦੀ ਹਸਰਤ ।

ਸਮਰਪਤ ਕਰ ਦਿਆਂਗਾ ਇਹ ਗ਼ਜ਼ਲ "ਤਨਵੀਰ" ਵੀਰੇ ਨੂੰ,
ਜੇ ਪੂਰੀ ਹੋ ਗਈ "ਲਾਲੀ" ਗ਼ਜ਼ਲ ਨੂੰ ਕਹਿਣ ਦੀ ਹਸਰਤ ।

ਕੁਝ ਪਲਾਂ ਵਿਚ ਉਹ ਮਿਲ ਕੇ ਜੁਦਾ ਹੋ ਗਿਆ

ਕੁਝ ਪਲਾਂ ਵਿਚ ਉਹ ਮਿਲ ਕੇ ਜੁਦਾ ਹੋ ਗਿਆ,
ਪਾਕ ਰਿਸ਼ਤਾ ਸੀ ਜੋ ਉਹ ਫ਼ਨਾ ਹੋ ਗਿਆ ।

ਇਹ ਤਾਂ ਹਉਮੇ ਦੇ ਕੋਲੋਂ ਮੁਨਾਸਿਬ ਨਾ ਸੀ,
ਪਿਆਰ ਕੋਲੋਂ ਜੋ ਦੀਪਕ ਜਗਾ ਹੋ ਗਿਆ ।

ਮੈਂ ਹਨੇਰੇ ਤੋਂ ਉਸਨੂੰ ਬਚਾਇਆ ਬੜਾ,
ਵਿੱਚ ਚਾਨਣ ਦੇ ਉਹ ਲਾਪਤਾ ਹੋ ਗਿਆ ।

ਮੈਂ ਤਾਂ ਚੇਤੇ ਅਚੇਤੇ ਵੀ ਲੱਭਦਾ ਰਿਹਾ,
ਕੀ ਗਵਾਚਾ ਉਹ ਮੇਰਾ ਪਤਾ ਹੋ ਗਿਆ ।

ਓਸ ਸੂਰਜ ਨੂੰ ਤੱਕਿਆ ਸੀ ਇੱਕ ਵਾਰ ਬਸ,
ਬਣ ਕੇ 'ਲਾਲੀ' ਉਹ ਮੇਰੀ ਅਦਾ ਹੋ ਗਿਆ ।

ਫੁੱਲਾਂ ਤੋਂ ਰੰਗ ਲੈ ਕੇ, ਪਤਝੜ 'ਚ ਭਰ ਰਿਹਾ ਹਾਂ

ਫੁੱਲਾਂ ਤੋਂ ਰੰਗ ਲੈ ਕੇ, ਪਤਝੜ 'ਚ ਭਰ ਰਿਹਾ ਹਾਂ ।
ਮਾਲੀ ਇਹ ਸੋਚਦਾ ਹੈ, ਸਾਜਿਸ਼ ਮੈਂ ਕਰ ਰਿਹਾ ਹਾਂ ।

ਵਗਦੀ ਰਹੇ ਨਿਰੰਤਰ, ਜਾ ਆਖਣਾ ਨਦੀ ਨੂੰ,
ਹਾਲੇ ਪਿਆਸ ਨੂੰ ਮੈਂ, ਹੋਠਾਂ 'ਤੇ ਧਰ ਰਿਹਾ ਹਾਂ ।

ਚੜਿਆ ਨਾ ਨਾਮ ਮੇਰਾ, ਉਸਦੀ ਜ਼ੁਬਾਨ ਉੱਤੇ,
ਤਰਤੀਬ ਨਾਲ ਬੇਸ਼ਕ, ਲਫ਼ਜ਼ਾਂ ਨੂੰ ਧਰ ਰਿਹਾ ਹਾਂ ।

ਇਹ ਦੇਖ ਹੁਣ ਲਵੇਗਾ, ਮੇਰੇ ਸਰੂਪ ਸਾਰੇ,
ਸ਼ੀਸ਼ੇ ਦੇ ਰੂਬਰੂ ਹਾਂ, ਹੁਣ ਆਪ ਡਰ ਰਿਹਾ ਹਾਂ ।

ਚੜਿਆ ਜਦੋਂ ਦਾ ਸਾਵਣ, ਚਾਵਾਂ ਨੂੰ ਖੰਭ ਲੱਗੇ,
ਮੈਂ ਆਪ ਬਣਕੇ ਬੇੜੀ, ਸਾਗਰ ਨੂੰ ਤਰ ਰਿਹਾ ਹਾਂ ।

ਅਪਣੇ ਹੀ ਘਰ ਦੇ ਅੰਦਰ, ਮੈਨੂੰ ਨਕਾਰਦੇ ਹਨ,
ਨੁਕੱਰ 'ਚ ਜੀਅ ਰਿਹਾ ਹਾਂ, ਨੁਕੱਰ 'ਚ ਮਰ ਰਿਹਾ ਹਾਂ ।

'ਲਾਲੀ' ਗੁਆ ਕੇ ਜੋ ਜੋ, ਚਿਹਰੇ ਨੇ ਜ਼ਰਦ ਹੋਏ,
ਮੈਂ ਊਰਜਾ ਉਨ੍ਹਾ ਦੀ, ਰਗ ਰਗ 'ਚ ਭਰ ਰਿਹਾ ਹਾਂ ।

ਤੇਰੀ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ

(Dedicated to Tandeep Tamanna ji)

ਤੇਰੀ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ !
ਤੇਰੀ ਹਰ ਪੈੜ ਜੇ ਨਾਪਾਂ, ਬੜਾ ਹੈ ਨਾਪਣਾ ਮੁਸ਼ਕਿਲ !!

ਤੂੰ ਸੂਰਜ ਨੂੰ ਜਦੋਂ ਦਾ ਕੈਦ ਕਰ ਕੇ ਘਰ 'ਚ ਰੱਖਿਆ ਹੈ !
ਮੇਰੀ ਹਰ ਸ਼ੈਅ ਦਾ ਆਪਣੇ ਆਪ ਹੋਇਆ ਚਮਕਣਾ ਮੁਸ਼ਕਿਲ !!

ਮੈਂ ਪੈਰਾਂ ਵਿੱਚ ਪਾ ਕੇ ਝਾਂਝਰਾਂ ਵੀ ਨੱਚ ਨਹੀਂ ਸਕਿਆ !
ਤੁਹਾਡੀ ਹਾਜਰੀ ਬਿਨ ਹੋ ਗਿਆ ਹੈ ਥਿਰਕਣਾ ਮੁਸ਼ਕਿਲ !!

ਨਦੀ ਹੋ ਕੇ ਵੀ ਤੂੰ ਉਛਲੀ ਤੇ ਕਰ ਗਈ ਪਾਰ ਸਭ ਹੱਦਾਂ !
ਸਮੁੰਦਰ ਹੋ ਕੇ ਵੀ ਮੇਰਾ ਹੈ ਕਿੰਨਾ ਬਹਿਕਣਾ ਮੁਸ਼ਕਿਲ !!

ਕਲਾਵੇ ਵਿਚ ਲੈ ਕੇ ਵੀ ਉਹ ਲੱਗਿਆ ਓਪਰਾ ਮੈਨੂੰ !
ਸਮਰਪਿਤ ਹੋ ਕੇ ਵੀ ਉਸਨੂੰ ਹੈ ਕਹਿਣਾ ਆਪਣਾ ਮੁਸ਼ਕਿਲ !!

ਹਵਾ ਬਣ ਕੇ ਜੇ ਮੈਂ ਵਿਚਰਾਂ, ਤਾਂ ਕਿਉਂ ਤਕਲੀਫ਼ ਕੰਧਾਂ ਨੂੰ
ਕਿ ਪੱਥਰ ਬਣ ਕੇ ਮੇਰਾ ਵੀ ਹੈ ਏਥੇ ਵਿਚਰਣਾ ਮੁਸ਼ਕਿਲ !!

ਤੁਹਾਡੀ ਰੀਝ ਵਿਚ ਕੋਈ ਨਾ ਕੋਈ ਗੈਰ ਵਾਕਿਫ਼ ਸੀ !
ਨਹੀਂ ਤਾਂ ਮੁੰਦਰਾ ਪਾ ਕੇ ਸੀ 'ਲਾਲੀ' ਭਟਕਣਾ ਮੁਸ਼ਕਿਲ !!

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਜ ਲਾਲੀ ਬਟਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ