Laghu Kavitavan : Yashu Jaan

ਲਘੂ ਕਵਿਤਾਵਾਂ : ਯਸ਼ੂ ਜਾਨ

ਮੇਰੇ ਨਾਲ਼ ਸਦਾ ਹੀ ਰਹਿੰਦੀਆਂ,
ਤੁਹਾਡੀਆਂ ਦੁਆਵਾਂ,
ਮੈਨੂੰ ਖ਼ੁਸ਼ੀ ਹੋਈ ਇਹ ਪੁਸਤਕ ਲਿਖ,
ਬੜੇ ਨਾਲ਼ ਚਾਵਾਂ,
ਇਸ ਪੁਸਤਕ ਨੂੰ ਤੁਸੀਂ ਪਿਆਰ ਦਿਓ,
ਮੇਰੀ ਲੇਖਣੀ ਨੂੰ ਸਤਿਕਾਰ ਦਿਓ,
ਇੱਕ ਕਰੋ ਦੁਆ ਮੇਰੇ ਲਈ ਸਭ,
ਮੈਂ ਲਿਖਦਾ ਜਾਵਾਂ,
ਆਓ ਪੜ੍ਹੀਏ ਯਸ਼ੂ ਜਾਨ,
ਲਘੂ ਕਵਿਤਾਵਾਂ

ਖ਼ੁਆਬ

ਜੋ ਅੱਖ਼ ਖੁੱਲ੍ਹਦਿਆਂ ਟੁੱਟ ਜਾਂਦਾ,
ਆਪਣੀ ਦੁਨੀਆਂ 'ਚ ਛੁੱਪ ਜਾਂਦਾ,
ਉਹ ਪੂਰਾ ਵੀ ਘੱਟ ਹੀ ਹੁੰਦਾ,
ਕਿਸੇ ਕੋਲ਼ ਨਾ ਉਸਦਾ ਜਵਾਬ ਹੈ,
ਉਹ ਖ਼ੁਆਬ ਹੈ,
ਜੋ ਬੰਦ ਕਿਤਾਬ ਹੈ,
ਉਹ ਖ਼ੁਆਬ ਹੈ

ਧੋਖ਼ਾ

ਉਸਨੇ ਵਫ਼ਾ ਕਰਨੀ ਨਾਂ ਛੱਡੀ,
ਮੈਂ ਪਰ ਦਿਲ ਦੀ ਭੜਾਸ ਕੱਢੀ,
ਪਿਆਰ ਉਸਦਾ ਵੱਧਦਾ ਗਿਆ,
ਮੈਂ ਨਫ਼ਰਤ ਉਸਤੇ ਕੱਢਦਾ ਰਿਹਾ,

ਸਵਾਲ ਨਹੀਂ ਕੋਈ ਔਖਾ,
ਮੈਂ ਉਸਨੂੰ ਦਿੱਤਾ ਹੈ ਸਿਰਫ਼ ਧੋਖ਼ਾ,
ਨਾਂ ਕੋਈ ਮੌਕਾ,
ਸਿਰਫ਼ ਧੋਖ਼ਾ

ਬੀਤਿਆ ਕੱਲ੍ਹ

ਉਹ ਮੇਰੇ ਹੱਥ ਨਾ ਆਇਆ,
ਮੈਂ ਬੜਾ ਲੱਭਣਾ ਚਾਹਿਆ,
ਰੱਬ ਨੇ ਵੀ ਹੱਥ ਜੋੜ ਦਿੱਤੇ,
ਬੜਾ ਹੀ ਮੈਂ ਜ਼ੋਰ ਲਗਾਇਆ,
ਕਈਆਂ ਨੇ ਕਿਹਾ ਮੈਨੂੰ,
ਕੋਈ ਨਾ ਹੱਲ ਹੈ,
ਇਹ ਮੁੜਕੇ ਵਾਪਿਸ ਨਹੀਂ ਆ ਸਕਦਾ,
ਤੇਰਾ ਬੀਤਿਆ ਕੱਲ੍ਹ ਹੈ,
ਨਾ ਕੋਈ ਹੱਲ ਹੈ,
ਤੇਰਾ ਬੀਤਿਆ ਕੱਲ੍ਹ ਹੈ

ਮੇਰੀ ਸਿੱਖੀ

ਮੇਰੇ ਸਿਰ ਅਤੇ ਮੋਢਿਆਂ ਤੇ,
ਇੱਕ ਜ਼ਿੰਮੇਦਾਰੀ ਭਾਰੀ ਹੈ,
ਸਾਡੇ ਗੁਰੂਆਂ ਬਖ਼ਸ਼ੀ ਸਾਨੂੰ,
ਇੱਕੋ ਦਾਤ ਨਿਆਰੀ ਹੈ,
ਮੈਨੂੰ ਮੇਰੀ ਜਾਨ ਤੋਂ ਵੱਧਕੇ,
ਮੇਰੀ ਸਿੱਖੀ ਬੜੀ ਪਿਆਰੀ ਹੈ,
ਜਿਸ ਲਈ ਗੁਰੂਆਂ ਜਾਨ ਵਾਰੀ ਹੈ,
ਮੈਨੂੰ ਮੇਰੀ ਸਿੱਖੀ ਬੜੀ ਪਿਆਰੀ ਹੈ

ਮਾਂ

ਸਾਡਾ ਭਲਾ ਹੀ ਚਾਹੁੰਦੀ,
ਉਸਦਾ ਸਵਾਰਥ ਨਾ ਕੋਈ,
ਉਸ ਵਰਗਾ ਕੋਈ ਨਾ ਰਿਸ਼ਤਾ,
ਉਸ ਜਿਹੀ ਔਰਤ ਨਾ ਕੋਈ,
ਜਿਸਨੂੰ ਨੇ ਕਹਿੰਦੇ,
ਰੱਬ ਦਾ ਦੂਜਾ ਨਾਂ,
ਉਹ ਹੈ ਮਾਂ,
ਮੇਰੀ ਮਾਂ

ਰੱਬ

ਕੋਈ ਠੱਗ਼ ਤੇ ਨਹੀਂ,
ਜਾਂ ਜੱਗ ਤੇ ਨਹੀਂ,
ਉਹ ਚੋਰ - ਉਚੱਕਾ,
ਸਾਥੋਂ ਅਲੱਗ ਤੇ ਨਹੀਂ,
ਮਿਲਦਾ ਨਾ ਕਿੱਧਰੇ,
ਪੁੱਠੇ ਜਾਂ ਸਿੱਧਰੇ,
ਰੂਪ ਵਟਾਉਂਦਾ,
ਕੋਈ ਬਹੁ - ਰੂਪੀਆ ਹੈ,
ਜੋ ਲੁਕੇ ਕ਼ਾਤਿਲ ਵਾਂਗਰ,
ਉਹ ਕੋਈ ਰੱਬ ਤੇ ਨਹੀਂ,
ਕਿਸੇ ਮੁਜਰਿਮ ਜਿਹਾ ਹੈ

ਮੌਤ

ਸ਼ਰੇਆਮ ਘੁੰਮਦੀ ਫ਼ਿਰਦੀ,
ਰੱਬ ਤੋਂ ਨਾ ਡਰਦੀ,
ਮਨ ਮਰਜ਼ੀ ਕਰਦੀ,
ਕੈਦ ਨਾ ਕੀਤੀ ਹੈ ਅੱਜ ਤੱਕ ਕਿਸੇ,
ਉਹ ਦਿਸਦੀ ਵੀ ਹੈ ਤੇ ਨਾ ਵੀ ਦਿਸੇ,
ਲੋਕਾਂ ਨੂੰ ਮਾਰਨਾਂ ਜਿਵੇਂ ਉਸਦਾ ਹੈ ਸ਼ੌਂਕ,
ਮੈਂ ਗੱਲ ਜਿਸਦੀ ਕਰਦਾਂ,
ਹੈ ਮੌਤ,
ਉਹ ਹੈ ਮੌਤ

ਜ਼ੁਬਾਨ

ਇਹਨੂੰ ਰੋਕ ਸਕੇ ਨਾ ਬੱਤੀ ਸ਼ਿਕਾਰੀ
ਇਹ ਤੀਰਾਂ ਤੋਂ ਤਿੱਖੀ,
ਤੇ ਮਿੱਠੀ ਕਟਾਰੀ,
ਇਹੀ ਵਿਗਾੜੇ,
ਇਹੀ ਸਵਾਰੇ,
ਇਸਨੇ ਨੇ ਯੋਧੇ ਤੇ ਵੀਰ ਕਈ ਮਾਰੇ,
ਇਹ ਮੁੱਕਰ ਵੀ ਜਾਂਦੀ,
ਝੂਠਾਂ ਤੇ ਪਰਦੇ,
ਸੱਚ ਵੀ ਹੋ ਜਾਂਦੀ,
ਇਹ ਬੰਦੇ ਨੂੰ ਪਹੁੰਚਾ ਦੇਵੇ ਸ਼ਮਸ਼ਾਨ,
ਬੰਦਾ ਹੀ ਵਰਤੇ,
ਕਰਦੀ ਹੈ ਚਰਚੇ,
ਜ਼ੁਬਾਨ, ਤੇਰੀ ਜ਼ੁਬਾਨ
ਇਸ ਵਿੱਚ ਨਾ ਕੋਈ ਹੱਡੀ,
ਪਰ ਤੁੜਵਾ ਦੇਵੇ ਹੱਡੀਆਂ,
ਫਿਰ ਆਖੇਂਗਾ ਲੋਕਾਂ ਨੇ,
ਜੀਭਾਂ ਕਿਉਂ ਕੱਢੀਆਂ

ਨੇਤਾ

ਜਿਹਨਾਂ ਨੂੰ ਫ਼ਰਕ ਨਹੀਂ,
ਅਫ਼ਸੋਸ ਨਾ ਕਿਸੇ ਦਾ,
ਕੁਰਸੀਆਂ ਨੂੰ ਚੱਟਣ,

ਹਰ ਝੂਠ ਮਜ਼ੇਦਾਰ,
ਗਰਮੀ ' ਚ ਜਨਤਾ,
ਠੰਡਾ ' ਚ ਭਾਸ਼ਣ,
ਲੁੱਟਣ ਦਾ ਇਹਨਾਂ ਨੇ ਲੈ ਲਿਆ ਠੇਕਾ,
ਇਹ ਅੱਜ ਦਾ ਹੈ ਨੇਤਾ,
ਹੈ ਸੱਤਾ ਦਾ ਬੇਟਾ,
ਅੱਜ ਦਾ ਹੈ ਨੇਤਾ

ਸੁਰੱਖਿਆ

ਚਾਹੇ ਸੜਕਾਂ ਉੱਤੇ ਚੱਲਣਾ ਪਏ,
ਚਾਹੇ ਗੱਡੀਆਂ ਵਿੱਚ ਘੁੰਮਣਾ ਪਏ,
ਕਿੰਨੀ ਵੀ ਹੋਵੇ ਮਜਬੂਰੀ,
ਇਸਤੋਂ ਨਾ ਰੱਖਿਓ ਜੀ ਦੂਰੀ,
ਭਾਵੇਂ ਹੈ ਸਰਹੱਦ ਤੇ ਤੈਨਾਤ ਫ਼ੌਜੀ,
ਸੁਰੱਖਿਆ ਹੈ ਸਭਦੀ ਬੜੀ ਹੀ ਜ਼ਰੂਰੀ,
ਸੁਰੱਖਿਆ ਤੋਂ ਕਦੇ ਵੀ ਰੱਖਿਓ ਨਾ ਦੂਰੀ

ਸਭ ਤੋਂ ਅਮੀਰ

ਮੇਰਾ ਕੋਈ ਵੀ ਦੁਸ਼ਮਣ ਨਹੀਂ,
ਇਸ ਲਈ ਮੇਰੀ ਉਮਰ ਲੰਬੀ ਹੈ,
ਗੱਲ ਤਾਂ ਅਚੰਬੀ ਹੈ,
ਪਰ ਬੜੀ ਚੰਗੀ ਹੈ,
ਮੈਨੂੰ ਸਭ ਹੱਸਕੇ ਬੁਲਾਉਂਦੇ,
ਵੱਡੇ, ਬਜ਼ੁਰਗ ਮੇਰਾ ਮਾਣ ਵਧਾਉਂਦੇ,
ਮੈਨੂੰ ਸੰਤੁਸ਼ਟੀ ਹੈ ਮੇਰੀ ਤਨਖ਼ਾਹ ਤੋਂ,
ਮੈਂ ਖੁਸ਼ ਹਾਂ ਆਪਣੇ ਨਾ ਤੋਂ,

ਇੰਨੀਆਂ ਰਹਿਮਤਾਂ ਕੀਤੀਆਂ ਰੱਬ ਨੇ,
ਮੈਂ ਉਸਦਾ ਫਕ਼ੀਰ ਹਾਂ,
ਪਰ ਮੈਂ ਮਾਣ ਨਾਲ ਕਹਿੰਦਾ ਹਾਂ,
ਮੈਂ ਸਭ ਤੋਂ ਅਮੀਰ ਹਾਂ

ਦਿੱਲੀ

ਦਿੱਲੀ ਨੂੰ ਅਜੀਬ ਕਰਤਾ ਉੱਥੇ ਦਿਆਂ ਲੋਕਾਂ ਨੇ,
ਬਲਾਤਕਾਰੀਆਂ ਦੀ ਦਿੱਲੀ,
ਜਿਸਦੀ ਸਰਕਾਰ ਢਿੱਲੀ,
ਪਾਪੀਆਂ ਦਾ ਸ਼ਹਿਰ ਦਿੱਲੀ,
ਠੱਗੀਆਂ ਦਾ ਕਹਿਰ ਦਿੱਲੀ,
ਦਿੱਲੀ ਵਾਲਿਆਂ ਦੇ ਦਿਲੀਂ,
ਭਰੀ ਜਾਵੇ ਜ਼ਹਿਰ ਦਿੱਲੀ,
ਜਿਸਮਾਂ ਦਾ ਬਾਜ਼ਾਰ ਹੈ,
ਲੁੱਟਾਂ ਖੋਹਾਂ ਦੀ ਸ਼ਿਕਾਰ ਹੈ,
ਪਹਿਲਾਂ ਜ਼ਿਆਦਾ ਸੀ,

ਹੁਣ ਘੱਟ ਅਸਰਦਾਰ ਹੈ,
ਕਮਲੀਆਂ ਘੋਟਦੀ,
ਗੱਲ ਕਰੇ ਵੋਟ ਦੀ,
ਬੇਕਾਰ ਹੈ ਦਿੱਲੀ

ਸ਼ੱਕ ਅਤੇ ਵਹਿਮ

ਦਿਮਾਗ਼ ਅੰਦਰ ਬੈਠ ਜਾਂਦਾ,
ਘਰਾਂ ਦੇ ਇਹ ਘਰ ਖਾਂਦਾ,
ਇੱਕ ਖਤਰਨਾਕ ਬਾਜ਼ ਹੈ,
ਰੋਗ ਲਾਜਵਾਬ ਹੈ,
ਦਿਮਾਗ਼ ਚੋਂ ਕਦੇ ਨਹੀਂ ਜਾਂਦਾ,
ਸਫ਼ਾਈਆਂ ਦੇਣ ਤੇ ਮਜਬੂਰ ਕਰਦਾ,
ਕਰ ਦਿੰਦਾ ਬਰਬਾਦ ਹੈ,
ਤਾਹੀਓਂ ਆਖਦਾ ਹਾਂ ਮੈਂ,
ਸ਼ੱਕ ਅਤੇ ਵਹਿਮ ਦਾ ਕੋਈ ਨਾ ਇਲਾਜ ਹੈ,
ਲਾਇਲਾਜ ਹੈ

ਕਾਸ਼ !

ਕਾਸ਼ ! ਇਹ ਸ਼ਬਦ ਕਦੇ ਇਸਤੇਮਾਲ ਨਾ ਕਰਨਾ ਪਵੇ,
ਤੁਹਾਨੂੰ 'ਕਾਸ਼ ' ਬਾਰੇ ਸੋਚ ਕੇ ਨਾ ਮਰਨਾ ਪਵੇ,
ਆਪਣੇ ਆਪ ਨਾਲ ਵਾਅਦਾ ਕਰੋ,
ਜ਼ਿੰਦਗ਼ੀ ਵਿੱਚ 'ਕਾਸ਼' ਸ਼ਬਦ ਨੂੰ,
ਕੋਈ ਜਗ੍ਹਾ ਨਹੀਂ ਦੇਵਾਂਗੇ,
ਜੋ ਕੰਮ ਨਾਮੁਮਕਿਨ ਲੱਗੇ,
ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ,
ਪਰ 'ਕਾਸ਼' ਦੀ ਵਰਤੋਂ ਤੋਂ ਡਰਾਂਗੇ,
ਇਸਤੇਮਾਲ ਨਾ ਕਰਾਂਗੇ,
ਕਾਸ਼ ਦਾ ਬਾਇਕਾਟ ਕਰਾਂਗੇ

ਅਜੀਬ ਹੋ ਰਿਹਾ ਹੈ

ਮੇਰਾ ਮਨ ਅਜੀਬ ਹੋ ਰਿਹਾ ਹੈ,
ਜਿਵੇਂ ਮੇਰੀ ਮੌਤ ਦਾ ਵਕ਼ਤ ਕਰੀਬ ਹੋ ਰਿਹਾ ਹੈ,
ਮੈਨੂੰ ਰਾਤ ਨੂੰ ਦੋ ਵਜੇ ਚਾਹ ਪੀਣ ਦੀ ਤਲਬ ਲੱਗ ਜਾਂਦੀ ਹੈ,
ਪੀਣ ਤੋਂ ਬਾਅਦ ਸ਼ਰੀਰ ਨੂੰ ਅੱਗ ਲੱਗ ਜਾਂਦੀ ਹੈ,
ਮਨ ਹਰ ਵੇਲੇ ਜਾਂਦਾ ਹੈ ਡਰਿਆ,
ਕਹਿੰਦਾ ਹੈ ਤੂੰ ਅੱਜ ਵੀ ਮਰਿਆ,
ਕੱਲ੍ਹ ਵੀ ਮਰਿਆ,
ਇਹ ਕੋਈ ਇਤਫ਼ਾਕ ਨਹੀਂ,
ਕੁਦਰਤ ਦੀ ਆਵਾਜ਼ ਹੈ,
ਮੈਂ ਹੁਣ ਉਡੀਕ ਰਿਹਾ ਹਾਂ,
ਉਸਦਾ ਕੀ ਜਵਾਬ ਹੈ

ਸਬਰ

ਹੁਣ ਫਲ ਮਿੱਠੇ ਨਹੀਂ,
ਸਬਰ ਦੇ ਫਲ ਗਲ਼ ਜਾਂਦੇ ਨੇ,
ਲੋਕੀ ਨਾਲ ਰਹਿਕੇ ਵੀ,
ਚਾਲ ਚੱਲ ਜਾਂਦੇ ਨੇ,
ਹੁਣ ਸਬਰ ਨਹੀਂ ਰੱਖੇ ਜਾਂਦੇ,
ਜੋਕਰਾਂ ਨਾਲ ਕੰਮ ਚੱਲਦਾ ਹੈ,
ਖੋਲ੍ਹੇ ਨਹੀਓਂ ਯੱਕੇ ਜਾਂਦੇ,
ਸਬਰ ਹੁੰਦਾ ਤਾਂ ਪਾਪ ਨਾ ਹੁੰਦੇ,
ਝੂਠ ' ਚ ਤਬਦੀਲ ਇੰਨਸਾਫ਼ ਨਾ ਹੁੰਦੇ,
ਕਾਹਲ਼ੀ ਦੇ ਵਿੱਚ ਲੋਕ ਨਾ ਮਰਦੇ,
ਸਬਰ ਜੇ ਕਰਦੇ,
ਹਰ ਇੱਕ ਨੂੰ ਜਲਦੀ ਹੈ,
ਦੁਨੀਆਂ ਇੱਦਾਂ ਹੀ ਰੰਗ ਬਦਲਦੀ ਹੈ

ਪਿਆਰ

ਕਿਸੇ ਦੀਆਂ ਭਾਵਨਾਵਾਂ ਨੂੰ,
ਮਹਿਸੂਸ ਕਰਨਾ ਹੈ ਪਿਆਰ,
ਬਿਨ੍ਹਾਂ ਮਤਲਬ ਤੋਂ ਮਦਦ ਕਰਨਾ,
ਹੀ ਹੈ ਅਸਲੀ ਪਿਆਰ,
ਪਿਆਰ ਮਾਂ ਵਰਗਾ ਹੁੰਦਾ ਹੈ,
ਮਾਂ ਹੀ ਸੱਚਾ ਪਿਆਰ ਹੈ,
ਇੱਕ ਮਾਂ ਲਈ ਉਸਦਾ ਬੱਚਾ ਪਿਆਰ ਹੈ,
ਪਿਆਰ ਦੇ ਵਿੱਚ ਸ਼ਕਲ ਨੂੰ ਨਹੀਂ ਦੇਖਦੇ,
ਪਿਆਰ ਨੂੰ ਕਿਸੇ ਕੀਮਤ ਤੇ ਨਹੀਂ ਵੇਚਦੇ,
ਪਿਆਰ ਇੱਕ ਅਣਮੁੱਲਾ ਅਹਿਸਾਸ ਹੈ,
ਪਿਆਰ ਸੱਚੇ ਆਸ਼ਿਕ਼ ਦੀ ਪਿਆਸ ਹੈ,
ਪਿਆਰ ਬਹੁਤ ਹੀ ਕੀਮਤੀ ਹੈ ਬਹੁਤ ਹੈ ਖ਼ਾਸ ਹੈ

ਧੀਆਂ

ਧੀਆਂ ਜੀਵਨ ਦਾਨ ਦਿੰਦੀਆਂ ਨੇ,
ਧੀਆਂ ਮਾਪਿਆਂ ਲਈ ਜਾਨ ਦਿੰਦੀਆਂ ਨੇ,
ਆਉਣ ਵਾਲੀ ਪੀੜ੍ਹੀ ਦਾ ਵਰਦਾਨ ਦਿੰਦੀਆਂ ਨੇ,
ਧੀਆਂ ਕਰੋੜਾਂ ਰੁੱਖਾਂ ਵਾਂਗ ਨੇ,
ਧੀਆਂ ਅਰਬ ਸੁੱਖਾਂ ਵਾਂਗ ਨੇ,
ਅਸੀਂ ਮੰਦਿਰਾਂ ਮਸੀਤਾਂ ਤੋਂ ਪੁੱਤ ਮੰਗਦੇ ਹਾਂ,
ਧੀਆਂ ਵੀ ਤਾਂ ਲੋਕੋ ਪੁੱਤਾਂ ਵਾਂਗ ਨੇ,
ਗੱਲ ਕਹਿਣ ਵਾਲ਼ੀ ਵੀ ਹੈ,
ਤੇ ਮੰਨਣ ਵਾਲ਼ੀ ਵੀ,
ਕੁਝ ਤਾਂ ਅਕਲ਼ ਕਰੋ,
ਧੀਆਂ ਨੂੰ ਸਫ਼ਲ ਕਰੋ

ਭੁੱਖਾ ਪਿਆਸਾ

ਮੈਂ ਤੀਹ ਦਿਨ ਭੁੱਖਾ ਪਿਆਸਾ ਰਹਿ ਸਕਦਾ ਹਾਂ,
ਕਵਿਤਾਵਾਂ ਦੇ ਸਿਰ ਤੇ,
ਕਵਿਤਾ ਮੈਨੂੰ ਊਰਜਾ ਦਿੰਦੀ ਹੈ,
ਕੋਈ ਮਜ਼ਾਕ਼ ਨਹੀਂ ਹੈ,
ਕੋਈ ਖ਼ੁਆਬ ਨਹੀਂ ਹੈ,

ਕਵਿਤਾ ਲਿਖਕੇ,
ਕਵਿਤਾ ਪੜ੍ਹਕੇ,
ਕਵਿਤਾ ਗਾਕੇ,
ਮੇਰੀ ਸ਼ਕਤੀ ' ਚ ਵਾਧਾ ਹੁੰਦਾ,
ਕਵਿਤਾ ਮੇਰੀ ਰੂਹ ਦੀ ਖ਼ੁਰਾਕ ਹੈ,
ਮੈਂ ਜ਼ਿੰਦਾ ਰਹਿ ਸਕਦਾ ਹਾਂ ਮਿੱਟੀ ਦੇ ਅੰਦਰ,
ਜੇਕਰ ਮੇਰੇ ਨਾਲ ਕਵਿਤਾ ਦਾ ਸਾਥ ਹੈ,
ਨਹੀਂ ਤਾਂ ਮੇਰੀ ਕੀ ਔਕਾਤ ਹੈ

ਰਿਸ਼ਤੇ

ਰਿਸ਼ਤੇ ਬੜੇ ਨਾਜ਼ੁਕ ਨੇ,
ਸ਼ੋਰ ਹੋਣ ਤੇ ਜਾਂਦੇ ਟੁੱਟ ਨੇ,
ਇਹਨਾਂ ਨੂੰ ਜੋੜਨਾ ਕੋਈ ਸੌਖਾ ਕੰਮ ਨਹੀਂ,
ਰਿਸ਼ਤਾ ਹੈ ਰਿਸ਼ਤਾ ਜਾਨਵਰ ਦਾ ਚੰਮ ਨਹੀਂ,
ਭਾਵੇਂ ਕਦੇ ਵੀ ਅਜ਼ਮਾਕੇ ਦੇਖੀਂ,
ਰਿਸ਼ਤੇ ਬਿਨ੍ਹਾਂ ਕਿਸੇ ਆਉਣਾ ਕੰਮ ਨਹੀਂ,
ਰਿਸ਼ਤਿਆਂ ਨੂੰ ਨਿਭਾਉਣਾ,
ਮੁੰਝ ਦੀ ਰੱਸੀ ਵਿੱਚ ਹੈ ਕੋਈ ਬੇਸ਼ਕੀਮਤੀ ਮੋਤੀ ਪਰੋਣਾ,
ਨਹੀਂ ਤਾਂ ਤੂੰ ਭੁਗਤੇਂਗਾ ਉਮਰਾਂ ਦਾ ਰੋਣਾ,
ਜਦ ਕੋਈ ਰਿਸ਼ਤਾ ਨਹੀਂ ਹੋਣਾ

ਕੋਰਟ ਕਚਹਿਰੀ ਹੈ ਧੱਕੇ

ਕੋਰਟ ਕਚਹਿਰੀ ਹੈ ਧੱਕੇ ਤੇ ਧੱਕੇ,
ਗੱਲ ਉਹ ਜੋ ਸੁਲਾਹ ਤੇ ਮੁੱਕੇ,
ਨਹੀਂ ਤਾਂ ਵਕੀਲ ਤੈਨੂੰ ਚਿੰਬੜਨਗੇ ਪੱਕੇ,
ਫਿਰ ਧੱਕੇ ਵੀ ਪੱਕੇ,
ਤੇ ਪੈਸੇ ਵੀ ਲੱਗੇ,
ਕੰਮ ਬਾਹਰੋਂ ਬਾਹਰ ਨਬੇੜੋ,
ਚੱਕਰ ਲੰਬਾ ਨਾ ਛੇੜੋ,
ਕੋਈ ਰਿਸ਼ਵਤ ਨਹੀਂ ਦੇਣੀ,
ਸਿਰਫ਼ ਗੱਲ ਹੀ ਹੈ ਕਹਿਣੀ,
ਕਿ ਪਿਆਰ ਨਾਲ਼ ਮਸਲਾ ਸੁਲਝਿਆ ਹੀ ਚੰਗਾ,
ਨਹੀਂ ਤਾਂ ਫਿਰ ਪੀੜ੍ਹੀ ਦਰ ਪੈਂਦਾ ਹੈ ਪੰਗਾ,
ਰੱਬ ਹੀ ਨਜਿੱਠੇ,
ਕਦੇ ਕਚਹਿਰੀ ਨਾ ਡਿੱਠੇ,
ਮੈਨੂੰ ਨਹੀਂ ਚਾਹੀਦੀ ਕੋਈ ਅਦਾਲਤ ਹਜ਼ੂਰ

ਚਿਹਰੇ

ਪੜ੍ਹਨੇ ਆ ਗਏ ਚਿਹਰੇ ਸਭ ਦੇ,
ਹੁਣ ਨਾ ਮੈਨੂੰ ਦੋਸ਼ੀ ਲੱਭਦੇ,
ਇੱਕੋ ਜਿਹੇ ਨੇ ਲੱਗਦੇ ਸਾਰੇ,
ਇੱਕ ਚੁੰਨੀ ਦੇ ਚਾਰ ਕਿਨਾਰੇ,
ਕੁਝ ਨੇ ਹਲਕੇ ਕੁਝ ਨੇ ਭਾਰੇ,
ਪਰ ਕਿਉਂ ਲੱਗਣ ਸਭ ਪਿਆਰੇ,
ਮੈਨੂੰ ਹੀ ਭੁਲੇਖਾ ਹੈ,
ਮੈਨੂੰ ਹਾਲੇ ਸਮਝ ਨਹੀਂ,
ਸਮਝ ਸਕਦਾ ਮੈਂ ਹਾਲੇ,
ਇਹਨਾਂ ਲੋਕਾਂ ਦੀ ਰਮਜ਼ ਨਹੀਂ,
ਕੌਣ ਨਿਰਦੋਸ਼ ਤੇ ਕੌਣ ਹੱਤਿਆਰੇ,
ਚਿਹਰੇ ਆਏ ਨਾ ਪੜ੍ਹਨੇ ਸਾਰੇ

ਗਿੰਨੀ ਬੁੱਕ

ਮੈਂ ਇੱਕ ਰਿਕਾਰਡ ਬਣਾਉਣਾ ਹੈ,
ਗਿੰਨੀ ਬੁੱਕ ਵਿੱਚ ਨਾਮ ਦਰਜ ਕਰਾਉਣਾ ਹੈ,
ਮੈਂ ਇਤਿਹਾਸ ਨੂੰ,
ਇਤਿਹਾਸ ਨੇ ਮੈਨੂੰ ਦੁਹਰਾਉਣਾ ਹੈ,
ਸਭ ਦੇ ਮੂੰਹੋਂ ਇੱਕ ਸਫ਼ਲ ਇਨਸਾਨ ਅਖਵਾਉਣਾ ਹੈ,
ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਨਾਮ ਲਿਖਵਾਉਣਾ ਹੈ,
ਇੰਨੀ ਗੱਲ ਸਮਝ ਲਵੋ ਕੁਝ ਕਰਕੇ ਦਿਖਾਉਣਾ ਹੈ,
ਦਿੱਤੇ ਮਾਂ ਦੇ ਜਨਮ ਨੂੰ ਵਿਅਰਥ ਨਾ ਗਵਾਉਣਾ ਹੈ

ਵੰਡ

ਵੰਡ ਕਿਸੇ ਕੰਮ ਦੀ ਨਹੀਂ,
ਵੰਡ ਨੇ ਪੁਆੜੇ ਬਹੁਤ ਪਵਾਏ ਨੇ,
ਮੁਲਖਾਂ ਦੇ ਟੋਟੇ-ਟੋਟੇ ਕਰਵਾਏ ਨੇ,
ਅੱਜ ਭਰਾ ਜਾਇਦਾਦਾਂ ਦੀ ਵੰਡ ਨੂੰ ਲੈਕੇ,
ਬੈਠੇ ਨੇ ਵਕੀਲਾਂ ਕੋਲ ਫਾਈਲਾਂ ਲੈਕੇ,
ਮਾਂ-ਬਾਪ ਤੇ ਕੀ ਗੁਜ਼ਰਦੀ ਹੋਵੇਗੀ,
ਇਸ ਗੱਲ ਦਾ ਫ਼ਿਕਰ ਨਹੀਂ ਹੈ,
ਬਾਪੂ ਨੇ ਕਿਸ ਤਰ੍ਹਾਂ ਜ਼ਮੀਨ ਬਣਾਈ,
ਇਸਦਾ ਵੀ ਜ਼ਿਕਰ ਨਹੀਂ ਹੈ,
ਜ਼ਿਕਰ ਹੈ ਸਿਰਫ਼ ਆਪਣੀ 'ਮੈਂ' ਦਾ ਤੇ 'ਮੇਰੀ' ਦਾ,
ਜਾਂ ਕਹਿ ਸਕਦੇ ਹੋ ਮਿੱਟੀ ਦੀ ਢੇਰੀ ਦਾ

ਸਹਾਰੇ ਦੀ ਲੋੜ

ਮੈਨੂੰ ਹੈ ਤੇਰੇ ਸਹਾਰੇ ਦੀ ਲੋੜ,
ਦੇਣਾ ਜਾਂ ਨਹੀਂ,
ਤੇਰੀ ਮਰਜ਼ੀ ਹੈ ਯਾਰਾ,
ਤੇਰੇ ਤੋਂ ਬਾਅਦ ਤਾਂ ਰੱਬ ਦਾ ਸਹਾਰਾ,
ਮੈਂ ਜਿੱਤ ਦੇ ਹੀ ਸੁਪਨੇ ਦੇਖੇ ਹੋਏ ਨੇ,
ਪਰ ਮੈਨੂੰ ਨਹੀਂ ਕਿਸੇ ਹਾਰੇ ਦੀ ਲੋੜ,
ਜੇਕਰ ਤੂੰ ਨਹੀਂ ਕੋਈ ਹੋਰ ਮਿਲੇਗਾ,
ਉਹ ਦੋਸਤ ਮੇਰਾ ਫੁੱਲ ਵਾਂਗੂੰ ਖਿੜੇਗਾ,
ਉਹ ਤਰਸ ਨਾ ਖਾਊ ਮੇਰੇ ਹਾਲ ਉੱਤੇ,
ਉਸ ਹੋਣੀ ਨਾ ਕਿਸੇ ਵਿਚਾਰੇ ਦੀ ਲੋੜ,
ਮੇਰੀ ਆਵਾਜ਼ ਉਸ ਤੱਕ ਕਦ ਪੁੱਜਣੀ,
ਜਾਂ ਵਿੱਚ ਮਜ਼ਾਕ ਦੇ,
ਮੇਰੀ ਗੱਲ ਉੱਡਣੀ,
ਮੈਨੂੰ 'ਜਾਨ' ਨਾ ਉੱਚੇ ਚੁਬਾਰੇ ਦੀ ਲੋੜ

ਕਤਲਗ਼ਾਹ

ਦੇਸ਼ ਧ੍ਰੋਹੀਆਂ ਨੂੰ ਮਾਰਨ ਦੀ ਤਮੰਨਾ ਤਾਂ ਹੈ,
ਪਰ ਮੇਰੀ ਕਤਲਗ਼ਾਹ ਭਰੀ ਪਈ ਹੈ,
ਮੈਂ ਲਾਸ਼ਾਂ ਕਿੱਥੇ ਟਿਕਾਵਾਂਗਾ,
ਕੋਈ ਹੋਰ ਮੇਰੀ ਮਦਦ ਲਈ ਤਿਆਰ ਨਹੀਂ,
ਮੇਰੇ ਲਈ ਮੇਰਾ ਵਤਨ ਹੀ ਕਿਤਾਬ - ਏ - ਇਸ਼੍ਕ਼ ਹੈ,
ਮੇਰੇ ਮੁਲਕ ਵਿੱਚ ਸਰਫ਼ਰੋਸ਼ ਰਹਿਣਗੇ,
ਜਿਸਮ - ਫ਼ਰੋਸ਼ ਨਹੀਂ,
ਇਹ ਮੇਰੇ ਇਮਾਨ ਦੀ ਗੱਲ ਹੈ,
ਯਸ਼ੂ ਜਾਨ ਦੀ ਗੱਲ ਹੈ

ਰੂਹ

ਸ਼ਰੀਰ ਨੇ ਤਾਂ ਖ਼ਤਮ ਹੋ ਜਾਣਾ,
ਅਸਲ ਗੱਲ ਤਾਂ ਰੂਹ ਦੀ ਹੈ,

ਜੋ ਮਰਦੀ ਨਹੀਂ,
ਰੂਹ ਪਵਿੱਤਰ ਹੁੰਦੀ ਹੋਈ ਵੀ,
ਪਾਪੀ ਸ਼ਰੀਰ ਵਿੱਚ ਰਹਿੰਦੀ,
ਜੋ ਮਰਜ਼ੀ ਸ਼ਰੀਰ ਕਰੇ,
ਰੂਹ ਪਰ ਕੁਝ ਨਾ ਕਹਿੰਦੀ,
ਜੇ ਕਹੇ ਵੀ,
ਤਾਂ ਮਨੁੱਖ ਕੋਈ ਵਿਰਲਾ ਹੀ,
ਇਸਦੀ ਸੁਣਦਾ ਹੈ ਆਵਾਜ਼,
ਸੁਣ ਸਕਦਾ ਹੈ ਆਵਾਜ਼,
ਇਸ ਲਈ ਰਹੋ ਖੁਸ਼,
ਸਭ ਨੂੰ ਵੀ ਰੱਖੋ ਖੁਸ਼,
ਦੁਨੀਆਂ ਦੀ ਚੀਜ਼ ਦੁਨੀਆਂ ' ਚ ਰਹੇਗੀ,
ਨਾਲ਼ ਨਾ ਜਾਵੇਗੀ,
ਕੰਮ ਤਾਂ ਰੂਹ ਹੀ ਆਵੇਗੀ

ਕਾਲ਼ਾ, ਗੋਰਾ ਰੰਗ

ਮੈਂ ਕਦੇ ਫ਼ਰਕ ਨਹੀਂ ਕੀਤਾ,
ਕਾਲ਼ੇ, ਗੋਰੇ ਰੰਗ ਦਾ,
ਮੈਂ ਦਿਲ ਹੀ ਦੇਖਿਆ ਹੈ,
ਜੋ ਪਿਆਰ ਹੈ ਮੰਗਦਾ,

ਰਾਤ ਕਾਲ਼ੀ ਹੁੰਦੀ ਹੈ,
ਪਰ ਚੰਨ ਦੀ ਚਾਨਣੀ ਵਿੱਚ,
ਖ਼ੂਬਸੂਰਤ ਵੀ ਲਗਦੀ ਹੈ,
ਕਿਸੇ ਮਾਂ ਦੇ ਬੱਚੇ ਦਾ ਰੰਗ ਕਾਲ਼ਾ ਹੋਵੇ,
ਉਹ ਉਸਨੂੰ ਸੁੱਟ ਨਹੀਂ ਦਿੰਦੀ,
ਕਿਉਂਕਿ ਉਸਦੇ ਦਿਲ ਵਿੱਚ ਪਿਆਰ ਹੈ,
ਜੇ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ,
ਤੇ ਕਾਲਿਆਂ ਨੇ ਸਾਨੂੰ ਬਹੁਤ ਕੁਝ ਦਿੱਤਾ,
ਅਸੀਂ ਸਿਰਫ਼ ਰੂਪ ਦੇਖਦੇ ਹਾਂ ਚੁੱਕਦੇ ਖਿਲਾਰੇ ਵੀ ਨਹੀਂ,
ਮਾੜੇ ਗੋਰੇ ਵੀ ਨਹੀਂ ਮਾੜੇ ਕਾਲ਼ੇ ਵੀ ਨਹੀਂ

ਕਾਵਿਆ

ਮੇਰੀ ਕਵਿਤਾ ਵਿੱਚ ਕਾਵਿਆ ਹੈ,
ਗਤੀਮਾਨ ਹੈ ਮੇਰੀ ਕਵਿਤਾ ਇਸ ਲਈ,
ਜਿਸਦੀ ਸੋਚ ਹੈ ਭਲਾ ਕਰਨ ਵਾਲ਼ੀ,
ਅੱਖਰ ਨੇ ਇਹਦੇ ਜਿਵੇਂ ਸੁੱਚੇ ਮੋਤੀ,
ਮੇਰੀ ਕਾਵਿਆ ਦੀ ਗੱਲ ਹੈ ਬੜੀ ਅਨੋਖੀ,
ਕਾਵਿਆ ਕਵੀਆਂ ਦੀ ਜਾਨ ਵੀ ਹੁੰਦੀ,
ਤਾਂ ਹੀ ਮੈਂ ਕਾਵਿਆ ਤੇ ਕਵਿਤਾ ਹੈ ਗੁੰਦੀ,

ਕਾਵਿਆ ਦੀ ਹੈ ਯਸ਼ੂ ਨਾਲ ਰਵਿਤਾ,
ਕਾਵਿਆ ਦਾ ਮਤਲਬ ਹੈ ਗਤੀਮਾਨ ਕਵਿਤਾ

ਤੇਰੀ ਯਾਦ ਨੂੰ

ਤੇਰੀ ਯਾਦ ਨੂੰ ਮੈਂ ਮਿਟਾ ਨਹੀਂ ਸਕਦਾ,
ਖੁਦ ਵੀ ਮਿਟ ਨਹੀਂ ਸਕਦਾ,
ਤੇਰੀਆਂ ਯਾਦਾਂ ਬਿਨ੍ਹਾ ਰਹਿਣਾ,
ਸਿੱਖ ਨਹੀਂ ਸਕਦਾ,
ਮੈਨੂੰ ਯਾਦ ਤਾਂ ਬਹੁਤ ਕੁਝ ਹੈ,
ਪਰ ਲਿਖ ਨਹੀਂ ਸਕਦਾ,
ਕਦਰ ਤੂੰ ਮੇਰੀ ਨਹੀਂ ਕੀਤੀ,
ਮੈਨੂੰ ਗੁੱਸਾ ਨਹੀਂ ਇਸਦਾ,

ਪਰ ਮੇਰੇ ਤੋਂ ਅਲੱਗ ਹੋਕੇ ਵੀ,
ਦੁਖੀ ਪਰੇਸ਼ਾਨ ਹੈਂ ਦੁੱਖ ਲੱਗ ਰਿਹਾ ਹੈ,
ਹੁਣ ਤੈਨੂੰ ਮੇਰੀ ਕਦਰ ਪਤਾ ਲੱਗੀ,
ਜਾਂ ਗੱਲ ਕੋਈ ਹੋਰ ਹੈ,
ਮੈਨੂੰ ਦੱਸ ਦੇ ਤੇਰੇ ਦਿਲ ਵਿੱਚ
ਕਿਹੜਾ ਚੋਰ ਹੈ,
ਮੈਂ ਮੂੰਹ ਨਹੀਂ ਵੱਟਾਂਗਾ,
ਹੱਲ ਹੀ ਦੱਸਾਂਗਾ

ਹਸਪਤਾਲ਼

ਮੈਂ ਬਿਮਾਰ ਹੋਈ ਕਾਹਦੀ,
ਘਰਦਿਆਂ ਹਸਪਤਾਲ਼ ਦਾਖ਼ਲ ਕਰਵਾਇਆ,
ਡਾਕਟਰਾਂ ਨੇ ਗਲੂਕੋਜ਼ ਲਾਕੇ,
ਪੇਟ ਪਾਣੀ ਨਾਲ਼ ਭਰ ਦਿੱਤਾ,
ਅਗਲੇ ਦਿਨ ਡਾਕਟਰ ਨੇ ਆਕੇ,
ਇਨ੍ਹਾਂ ਕੁਝ ਪੁੱਛਿਆ ਜਿਵੇਂ ਮੈਂ,
ਹਸਪਤਾਲ਼ ਆਕੇ ਕੋਈ ਜੁਰਮ ਕਰਤਾ,
ਜਿਵੇਂ ਮੈਂ ਕੋਈ ਭੱਜੀ ਹੋਈ ਕੈਦੀ ਹੋਵਾਂ,
ਮੈਂ ਸੁਣਦੀ ਰਹੀ ਜੋ ਉਹਨਾਂ ਪੁੱਛਿਆ ਦੱਸਦੀ ਰਹੀ,
ਜਦੋਂ ਉਹ ਬਾਹਰ ਗਈ ਮੈਂ ਮੱਥਾ ਟੇਕਿਆ,

ਇਹ ਪਹਿਲੀ ਜਗ੍ਹਾ ਹੈ,
ਜਿੱਥੇ ਪੈਸੇ ਲਏ ਜਾਂਦੇ ਨੇ,
ਗੱਲ ਵੀ ਮੰਨਣੀ ਪੈਂਦੀ ਹੈ,
ਟੀਂਡੇ, ਘੀਆ, ਤੋਰੀ ਇਹੀ ਖਾਣਾ ਆਖੇ,
ਇੰਨਾਂ ਲੰਬਾ ਡਾਇਟ ਚਾਰਟ,
ਪੜ੍ਹਦੀ ਹੋਈ ਮੈਂ ਹੋ ਗਈ ਬੁੱਢੀ,
ਜਿਸ ਵਿੱਚ ਲਿਖਿਆ ਸੀ,
ਪਰਾਉਂਠੇ ਬੰਦ, ਪਨੀਰ ਬੰਦ,
ਹੁੱਕਾ ਪਾਣੀ ਬੰਦ ਕਰਕੇ ਕਹਿੰਦੀ,
ਤੁਸੀਂ ਠੀਕ ਹੋ ਜਾਵੋਗੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ