Punjabi Kavita
Kishan Singh Arif
 Punjabi Kavita
Punjabi Kavita
  

ਬਾਰਾਂਮਾਹ ਅਤੇ ਕਾਫ਼ੀਆਂ ਕਿਸ਼ਨ ਸਿੰਘ ਆਰਿਫ਼

1. ਬਾਰਾਂਮਾਹ

ਚੇਤਰ ਚੋਰਾਂ ਚਿਤ ਚੁਰਾਇਓ, ਚਸ਼ਮਾਂ ਚੋਟ ਚਲਾ ਕੇ
ਚਿਖਿਆ ਚਾੜ੍ਹ ਚਕੋਰਾਂ ਚੰਦਾ, ਚਲਿਓਂ ਚੈਨ ਚੁਰਾ ਕੇ
ਚੂੜਾ ਚੌਂਕ ਚੂਰ ਚਿਟ-ਚੋਲੀ, ਚੀਰਾਂ ਚੁੰਨੀ ਚਾ ਕੇ
ਕਿਸ਼ਨ ਸਿੰਘ ਚਲ ਚਾਲ ਚੰਗੇਰੀ, ਚਾਹ ਚੱਛ ਚਮਕਾ ਕੇ ।੧।

ਵਿਚ ਵਿਸਾਖੀ ਵਰਤੀ ਵੇਦਨ, ਵਰ ਵਿਣੁ ਵਿੱਖ ਵਿਚਾਰਾਂ
ਵਲ ਵਲ ਵੇਖਾਂ ਵਾਲੀ ਵਲੋਂ, ਵੇਸ ਵਪਾਰ ਵਿਹਾਰਾਂ
ਵਰਜਣ ਵੀਰ ਵਲੱਲੀ ਵੱਤਾਂ, ਵਾਦ ਵਿਵਾਦ ਵਿਸਾਰਾਂ
ਕਿਸ਼ਨ ਸਿੰਘ ਵਲ ਵੈਲੁ ਕਵੱਲੀ, ਵਾਰ ਵਾਰ ਵਤ ਵਾਰਾਂ ।੨।

ਜੇਠ ਜਿਗਰ ਜੀਅ ਜੋਬਨ ਜਲਿਆ, ਜਲੀਏ ਜਿੰਦ ਜੁਵਾਨੀ
ਜਲ ਜਲ ਜਾਨ ਜਲਾਇਆ ਜਾਮਾ, ਜਲ ਜਾਨੀ ਜਲ ਜਾਨੀ
ਜਪ ਜਪਨੀ ਜੋਹੇ ਜਗ ਜੇਤੇ, ਜੋਗੀ ਜਤੀ ਜਹਾਨੀਂ
ਕਿਸ਼ਨ ਸਿੰਘ ਜਾਵੇ ਜਿਸ ਜਾਗਾ, ਜੁੜ ਜੋਗਨ ਜਲ ਜਾਨੀ ।੩।

ਹਾੜ੍ਹ ਹੇਰ ਹੀਰਾ ਹਿਕ ਹਾਰਿਆ, ਹਰ ਹਰ ਹੋਈ ਹਲਦੀ
ਹਿੰਮਤ ਹੋਸ਼ ਹਵਾ ਹੋ ਹਲੀ, ਹਿਰਦਿਉਂ ਹਲ ਦੀ ਹਲਦੀ
ਹੌਲੀ ਹੌਲੀ ਹੂਲਾਂ ਹਲਣ, ਹਾਲ ਹਕੀਕਤ ਹਲਦੀ
ਕਿਸਨ ਸਿੰਘ ਹੌਂ ਹਾਜ਼ਰ ਹੋਵਾਂ, ਹੁਰਮਤ ਹੋਏ ਹਕਲ ਦੀ ।੪।

ਸਾਵਣ ਸਾਈਂ ਸਾਹਿਬ ਸੂਰਤ, ਸੋਹਣਾ ਸੁੰਦਰ ਸਾਰਾ
ਸਿਫ਼ਤ ਸਨਾਇ ਸੁਨਾਵਣ ਸਾਰੇ, ਸਾਜੇ ਸਭ ਸੰਸਾਰਾ
ਸਾਧੂ ਸੰਤ ਸਦਾ ਸਚ ਸਿਮਰਨ, ਸਾਸ ਸਾਸ ਸਚਿਆਰਾ
ਕਿਸ਼ਨ ਸਿੰਘ ਸੋ ਸਰਬ ਸ਼ਬਦ ਸੁਣ, ਸੁਤੇ ਸਿਧ ਸਮ ਸਾਰਾ ।੫।

ਭਾਦੋਂ ਭੌਰਾ ਭੂਲਾ ਭਰਮੇ, ਭਰਮ ਭਰਮ ਭਰਮਾਵੇ
ਭੋਗੀ ਭੋਗੇ ਭੋਗ ਭਲੇਰੇ, ਭਟਕ ਭਟਕ ਭਟਕਾਵੇ
ਭਲਾ ਭਲਾ ਭਗਵਾਨ ਭਗਤ ਭਣ, ਭੌਂਦੂ ਭਲਾ ਨ ਭਾਵੇ
ਕਿਸ਼ਨ ਸਿੰਘ ਭਰਮਾਵਣ ਭੈੜੇ, ਭਾਰਜ ਭਰਤਾ ਭਾਵੇ ।੬।

ਅਸੂ ਆਪ ਆਪ ਇਹ ਆਪੇ, ਅਜਲ ਅਖੰਡ ਅਬਨਾਸ਼ੀ
ਏਕ ਅਨੇਕ ਅਲੇਖ ਅਸੰਗੀ, ਇਸਥਿਤ ਈਸ ਅਕਾਸ਼ੀ
ਉਚਨ ਊਚ ਅਕਾਗਰ ਐਸਾ, ਅਮਰ ਅਚਰ ਅਬਿਨਾਸ਼ੀ
ਕਿਸ਼ਨ ਸਿੰਘ ਇਹ ਉਹ ਅਬ ਏਕੋ, ਓਅੰ ਅਸ ਅਭਿਆਸੀ ।੭।

ਕਤਕ ਕੰਚਨ ਕੰਕਨ ਕੁੰਡਲ, ਕਚ ਕਹੁ ਕਾਚ ਕਟੋਰਾ
ਕਾਨ੍ਹ ਕਹਾਵੇ ਕਿਸ਼ਨ ਕਲੋਲੀ, ਕਮਲਾ ਕੰਤ ਕਿਸ਼ੋਰਾ
ਕਾਰਨ ਕੁਲ ਕਰੀਮ ਕਮਾਲੀ, ਕਰਤਾ ਕਹਿਨ ਕਰੋਰਾ
ਕਿਸ਼ਨ ਸਿੰਘ ਕਿਰਪਾਲੂ ਕਾਦਰ, ਕਰਨਹਾਰ ਕਹੁ ਕੋਰਾ ।੮।

ਮਘਰ ਮੌਲਾ ਮੌਜੀ ਮੋਰਾ, ਮਾਲਕ ਮੁਲਕ ਮਕਾਨਾ
ਮੇਹਰ ਮੁਹਬਤ ਮੋ ਮੈਂ ਮਿਲਿਆ, ਮਨ ਮੋਹਨ ਮਸਤਾਨਾ
ਮੋਰ ਮੁਕਟ ਮੁਰਲੀ ਮੁਖ ਮਾਹੀਂ, ਮੋ ਮਨ ਮਾਂਹਿ ਮਿਲਾਨਾ
ਕਿਸ਼ਨ ਸਿੰਘ ਮਤ ਮਾਰੇ ਮਨਮੁਖ, ਮਾਰਗ ਮੁਕਤ ਮੁਸਾਨਾ ।੯।

ਪੋਹ ਪਰਮੇਸਰ ਪੂਰਨ ਪਰਗਟ, ਪ੍ਰੀਤਮ ਪਰਮ ਪਿਆਰਾ
ਪੀਆ ਪਰੇਮੀ ਪਿਆਸਿਆਂ ਪਾਣੀ, ਪਾਂਧੀ ਪਾਇ ਪੁਕਾਰਾ
ਪੀਰਾਂ ਪੀਰ ਪਸਾਰੀ ਪੂਰਾ, ਪਲਕ ਪਸਾਰੁ ਪਸਾਰਾ
ਕਿਸ਼ਨ ਸਿੰਘ ਪਰਤੀਤ ਪਰੀਤ ਕਰ, ਪਾਇਓ ਪਰ ਪਦ ਪਾਰਾ ।੧੦।

ਮਾਘ ਮੋਈ ਮੈਂ ਮਿਲਿਆ ਮਾਹੀ, ਮਮ ਮੇਰੀ ਮੈਂ ਮਾਰੀ
ਮਰਨਾ ਮੇਰਾ ਮਿਟਿਆ ਮਾਏ, ਮਿਲੀ ਮੁਰਾਰ ਮਝਾਰੀ
ਮਕੇ ਮਾਂਹ ਮਸੀਤ ਮਕੱਬਰ, ਮਧੁ ਮਾਤੀ ਮਤਵਾਰੀ
ਕਿਸ਼ਨ ਸਿੰਘ ਮੈਂ ਮੇਲ ਮਿਲਾਇਆ, ਮੌਲਾ ਮਸਤ ਮੁਰਾਰੀ ।੧੧।

ਫਾਗਨ ਫੇਰ ਫਲੀ ਫੁਲ ਫਲੀਆਂ, ਫਲ ਫੈਲੇ ਫੁਲਵਾਰੀ
ਫਿਰ ਫਿਰ ਫੇਰ ਫੇਰ ਫੱਟ ਫੋਲਾਂ, ਫੋਲੀ ਫਿਰ ਫੁਲਕਾਰੀ
ਫੂਟ ਫੂਟ ਫਾਟਨ ਫਿਰ ਫਲੀਆਂ, ਫੌਜ ਫ਼ਕੀਰਾਂ ਫਾਰੀ
ਕਿਸ਼ਨ ਸਿੰਘ ਫਿਰ ਫਿਰ ਫੁਜਦਾਰਾਂ, ਫਾਰੀ ਫਿਕਰ ਫਕਾਰੀ ।੧੨।

2. ਬਾਰਾਂਮਾਹ-ਵੈਰਾਗ

ਚੇਤ੍ਰ ਚਿਤ ਡੋਲੇ ਵਿਚ ਡੋਲੇ ਮੇਰਾ, ਬਾਝ ਪੀਆ ਦੇ ਗਲਦੀ ਖ਼ਬਰ ਨ ਗੱਲ ਦੀ
ਨਾਲ ਹਿਜਰ ਦੇ ਮੈਂ ਨਿਤ ਜਲਦੀ, ਜੈਸੇ ਮਛਲੀ ਜਲ ਦੀ ਜਲ ਬਿਨ ਜਲਦੀ
ਵਾਂਙ ਨਦੀ ਦੇ ਦੀਦੇ ਵਗਦੇ, ਬਿਨ ਬੇੜੀ ਮੈਂ ਠਲ੍ਹਦੀ ਮੂਲ ਨ ਠਲਦੀ
ਕਿਸ਼ਨ ਸਿੰਘ ਮੈਂ ਢੂੰਢਾਂ ਤੈਨੂੰ, ਖ਼ਬਰ ਮਿਲੇ ਜੇ ਝਲ ਦੀ ਨ ਦੁਖ ਝਲਦੀ ।੧।

ਵਿਸਾਖ ਵਿਸਾਰਿਆ ਕੰਤ ਨੇ ਮੈਨੂੰ, ਕੂੰਜਾਂ ਪਾ ਲਏ ਮੋੜੇ ਵਾਗ ਨ ਮੋੜੇ
ਬਾਝ ਪੀਆ ਦੇ ਕੁਝ ਨਹੀਂ ਸੁਝਦਾ, ਲਾਹ ਸੁਟਦੀ ਮੈਂ ਤੋੜੇ ਜਿਸ ਦੇ ਤੋੜੇ
ਜਲ ਬਲ ਕੇ ਮੈਂ ਕੋਲੇ ਹੋਵਾਂ, ਦੇਖ ਲੋਕਾਂ ਦੇ ਜੋੜੇ ਆਪ ਨ ਜੋੜੇ
ਕਿਸ਼ਨ ਸਿੰਘ ਨਿਤ ਸੁਕਦੀ ਜਾਂਦੀ, ਦੁਖਦੇ ਦਿਲ ਦੇ ਫੋੜੇ ਵੈਦ ਨ ਫੋੜੇ ।੨।

ਜੇਠ ਜੁਆਨੀ ਜਾਇ ਬੀਤਦੀ, ਦਿਲਬਰ ਦਿਲੋਂ ਭੁਲਾਇਆ ਨ ਭੁਲ ਆਇਆ
ਮੈਨੂੰ ਸੁਟ ਕੇ ਅੱਗ ਬ੍ਰਿਹੋਂ ਵਿਚ, ਚਾਂਦੀ ਵਾਂਙ ਗਲਾਇਆ ਨ ਗਲ ਲਾਇਆ
ਓਸੇ ਵੇਲੇ ਨੂੰ ਨਿਤ ਮੈਂ ਰੋਵਾਂ, ਰੁੱਸਿਆ ਨਾਹਿ ਮਨਾਇਆ ਇਹ ਮਨ ਆਇਆ
ਕਿਸ਼ਨ ਸਿੰਘ ਹੁਣ ਵਸ ਨ ਚਲਦਾ, ਮੈਂ ਸੀ ਚਿਤ ਚੁਰਾਇਆ ਤਾਂ ਚਿਰ ਲਾਇਆ ।੩।

ਹਾੜ ਹੁਲਾਸੇ ਕੇਹੜੇ ਜੀਵਾਂ, ਸੋਹਣਾ ਨ ਦਿਸ ਆਵੇ ਨ ਦਸ ਆਵੇ
ਮੰਜੀ ਤੇ ਮਨ ਜੀ ਨਾ ਲਗਦਾ, ਵਢ ਵਢ ਖਾਂਦੇ ਪਾਵੇ ਖ਼ਬਰ ਨ ਪਾਵੇ
ਦਿਨ ਤਪਦੇ ਮੈਂ ਢੂੰਡਨ ਨਿਕਲੀ, ਗਰਮੀ ਖ਼ੂਬ ਤਪਾਵੇ ਤੇ ਤਪ ਆਵੇ
ਕਿਸ਼ਨ ਸਿੰਘਾ ਆ ਮਿਲ ਜਾ ਮੈਨੂੰ, ਬਿਰਹੋਂ ਜਾਨ ਜਲਾਵੇ ਨ ਜਲ ਆਵੇ ।੪।

ਸਾਵਣ ਸਾਂਗ ਬਿਰਹੋਂ ਦੀ ਲਾਈਆ, ਸੀਨਾ ਮੇਰਾ ਹੱਲੇ ਮੂਲ ਨ ਹੱਲੇ
ਦਰਦੀ ਹੋ ਕੇ ਦਰਦ ਦੇ ਗਿਆ, ਦੁਖ ਬਥੇਰੇ ਝੱਲੇ ਜੇ ਹੁਣ ਝੱਲੇ
ਪੀਆ ਜੇ ਆਨ ਦਖਾਲੀ ਦੇਵੇ, ਦੁਖੜੇ ਸਾਰੇ ਟਲੇ ਫੇਰ ਨ ਟਲੇ
ਕਿਸ਼ਨ ਸਿੰਘਾ ਫੇਰ ਕਦੇ ਨ ਛੋਡਾਂ, ਆਇ ਵੜੇ ਜੇ ਫਲੇ ਫਲ ਫੁਲ ਫਲੇ ।੫।

ਭਾਦਰੋਂ ਭਾਇ ਬਿਰਹੁੰ ਦੀ ਜ਼ਾਲਮ, ਜਾਂਦੀ ਜਾਲ ਹੈ ਜਲਦੀ ਆ ਮਿਲ ਜਲਦੀ
ਤੇਰੇ ਬਾਝ ਬੇਹੋਸ਼ ਪਈ ਹਾਂ, ਖ਼ਬਰ ਨਹੀਂ ਹੈ ਪਲ ਦੀ ਦੁਖ ਵਿਚ ਪਲਦੀ
ਸੁੱਕ ਤਬੀਤ ਹੋਈ ਵਿਚ ਦੁਖ ਦੇ, ਸੰਗ ਜੇ ਤੇਰਾ ਮਲਦੀ ਤਾਂ ਮੈਂ ਮਲਦੀ
ਕਿਸ਼ਨ ਸਿੰਘਾ ਰੰਗ ਨਾਲ ਵਿਛੋੜੇ, ਪੀਲਾ ਹੋ ਗਿਆ ਹਲਦੀ ਕਿਤੇ ਨ ਹਲਦੀ ।੬।

ਅੱਸੂ ਆਸ ਨਿਰਾਸ਼ ਨ ਕਰਕੇ, ਮੈਨੂੰ ਨਾਂਹ ਜਲਾਈਂ ਮੂਈ ਜਲਾਈਂ
ਘੱਤ ਸ਼ਤਾਬੀ ਮੋੜਾ ਜਾਨੀ, ਮੁਖੜਾ ਆਨ ਦਿਖਾਈਂ ਨਾਂਹ ਦੁਖਾਈਂ
ਬਾਝ ਤੇਰੇ ਦੀਦਾਰ ਦੇ ਮਰਦੀ, ਕੇਰਾਂ ਆਨ ਬਲਾਈਂ ਜਾਣ ਬਲਾਈਂ
ਕਿਸ਼ਨ ਸਿੰਘਾ ਮੈਂ ਤਰਲੇ ਕਰਦੀ, ਮੈਨੂੰ ਸੰਗਹਲਾਈਂ ਨਾਂਹ ਰੁਲਾਈਂ ।੭।

ਕੱਤਕ ਕੰਤਾ ! ਤੇਰੇ ਬਾਝੋਂ, ਮੈਂ ਹਾਂ ਦੁਖੜੇ ਭਰਦੀ ਦਮ ਨ ਭਰਦੀ
ਜੇਕਰ ਆਣ ਦਿਖਾਈ ਦੇਵੇਂ, ਮੈਂ ਹੋ ਜਾਵਾਂ ਬਰਦੀ ਤੁਝ ਦਿਲਬਰ ਦੀ
ਹਾੜੇ ਕਢਦੀ ਹਾੜ ਬੀਤਿਆ, ਨੇੜੇ ਆ ਗਈ ਸਰਦੀ ਘੜੀ ਨ ਸਰਦੀ
ਕਿਸ਼ਨ ਸਿੰਘਾ ! ਹੁਣ ਰਹਿਮ ਕਰੀਂ ਤੂੰ, ਬਾਂਦੀ ਤੇਰੇ ਦਰ ਦੀ ਹੋ ਜਾ ਦਰਦੀ ।੮।

ਮੱਘਰ ਮੋੜ ਮੁਹਾਰਾਂ ਸਾਈਆਂ, ਤੈਂ ਫੇਰਾ ਨ ਪਾਇਆ ਫੇਰਾ ਪਾਇਆ
ਜਾਨ ਲਬਾਂ ਤੇ ਆਈ ਮੇਰੇ, ਤੈਂ ਮੁਖ ਨ ਦਿਖਲਾਇਆ ਏਹ ਦੁਖ ਲਾਇਆ
ਤਿੰਨ ਮਹੀਨੇ ਬਾਕੀ ਰਹਿ ਗਏ, ਅਜੇ ਨ ਮੂੰਹ ਭਵਾਇਆ ਮੂੰਹ ਭਵਾਇਆ
ਕਿਸ਼ਨ ਸਿੰਘਾ ਹੁਣ ਤਾਂ ਮੈਂ ਬਚਦੀ, ਜੇ ਦਿਲਬਰ ਦਿਲ ਆਇਆ ਦਿਲ ਬਰ ਆਇਆ ।੯।

ਪੋਹ ਮਹੀਨੇ ਬਾਝ ਪੀਆ ਦੇ, ਪੁਛਦਾ ਨ ਕੋਈ ਹਾਲੀ ਹੋਈ ਬਿਹਾਲੀ
ਜੇਕਰ ਪੀਆ ਪਿਆਰਾ ਆਵੇ, ਹੋਵਾਂ ਮੈਂ ਮਤਵਾਲੀ ਤੇ ਮਤ ਵਾਲੀ
ਮੁਖ ਤੋਂ ਜ਼ਰਦੀ ਦੂਰ ਮੈਂ ਕਰਦੀ, ਚੜ੍ਹਦੀ ਆਣਕੇ ਲਾਲੀ ਲਾਲਾਂ ਵਾਲੀ
ਕਿਸ਼ਨ ਸਿੰਘਾ ਮੈਂ ਖ਼ੁਸ਼ੀ ਮਨਾ ਕੇ, ਨਜ਼ਰਾਂ ਦੇਵਾਂ ਡਾਲੀ ਫੁਲ ਦੀ ਡਾਲੀ ।੧੦।

ਮਾਘ ਮਾਹੀ ਦਿਨ ਰਾਤ ਮੈਂ ਸਾਰੀ, ਗਿਣਦੀ ਹਾਂ ਨਿਤ ਤਾਰੇ ਕਦੇ ਤਾਂ ਤਾਰੇ
ਦੁਖਾਂ ਆਣ ਸਤਾਇਆ ਮੈਨੂੰ, ਘੇਰੇ ਪਾਸੇ ਸਾਰੇ ਲਈ ਨ ਸਾਰੇ
ਨਾਲ ਵਿਛੋੜੇ ਪਿੰਜਰ ਹੋ ਗਈ, ਚੀਰੀ ਦੁਖ ਦੇ ਆਰੇ ਕਦੀ ਤਾਂ ਆ ਰੇ
ਕਿਸ਼ਨ ਸਿੰਘਾ ਹੁਣ ਆਣ ਨਿਕਾਲੀਂ, ਪਈ ਸਮੁੰਦਰ ਖਾਰੇ, ਹੱਡ ਨੇ ਖਾਰੇ ।੧੧।

ਫਾਗਨ ਫਾਗ ਤਿਨ੍ਹਾਂ ਦਾ ਦੁਸ਼ਮਨ, ਕੰਤ ਨਹੀਂ ਹੈ ਕੋਲੇ ਹੋਈਆਂ ਕੋਲੇ
ਸੁਣ ਕੇ ਸ਼ੋਰ ਸੁਹਾਗਣਿ ਸੰਦਾ, ਕੰਨ ਹੋ ਜਾਂਦੇ ਬੋਲੇ ਮੂੰਹੋਂ ਬੋਲੇ
ਦੇਖ ਨ ਸਕਦੀਆਂ ਰੰਗ ਤਮਾਸ਼ੇ, ਜਿਉਂ ਅੱਖੀਆਂ ਵਿਚ ਫੋਲੇ ਦਰਦਾਂ ਫੋਲੇ
ਕਿਸ਼ਨ ਸਿੰਘ ਮੈਂ ਅਰਜ਼ਾਂ ਕਰਦੀ, ਚਾੜ੍ਹ ਅਸਾਨੂੰ ਤੋਲੇ ਲੈ ਬਿਨ ਤੋਲੇ ।੧੨।

ਲੌਂਦ ਲਗਾ ਇਹ ਵੈਰੀ ਮੈਨੂੰ, ਸਾਲ ਅਜੇ ਨ ਮੁਕਦਾ ਨ ਦਮ ਮੁਕਦਾ
ਮੁਕੇ ਸਾਲ ਤੇ ਝੇੜਾ ਚੁਕੇ, ਤਨ ਜਾਂਦਾ ਹੈ ਸੁਕਦਾ ਨੀਰ ਨ ਸੁਕਦਾ
ਜਾਨ ਮੇਰੀ ਹੈ ਭਾਰੀ ਹੋ ਗਈ, ਮਲਕੁਲ ਮੌਤ ਭੀ ਲੁਕਦਾ ਭੇਦ ਨ ਲੁਕਦਾ
ਕਿਸ਼ਨ ਸਿੰਘਾ ਲੜ ਲਗ ਪੀਆ ਦੇ, ਚਾਰੋਂ ਤਰਫੋਂ ਚੁਕਦਾ ਫੇਰ ਨ ਚੁਕਦਾ ।੧੩।

ਕਾਫ਼ੀਆਂ

1. ਏਸ ਇਸ਼ਕ ਵਲੋਂ ਦਿਲ ਡਰਦਾ ਈ

ਜ਼ਾਲਮ ਰੋਗ ਇਸ਼ਕ ਦਾ ਮਾਰੂ ।
ਬਾਝ ਦੀਦਾਰ ਨਹੀਂ ਕੋਈ ਦਾਰੂ ।
ਸ਼ਹੁ ਦਰਿਆ ਉਤਰੇ ਕੋਈ ਤਾਰੂ ।
ਸੌ ਡੁਬਦਾ ਇਕ ਤਰਦਾ ਈ ।

ਏਸ ਇਸ਼ਕ ਦੇ ਬਡੇ ਅਡੰਬਰ ।
ਇਸ਼ਕ ਰੰਞਾਣੇ ਪੀਰ ਪੈਗ਼ੰਬਰ ।
ਦੇਖੇ ਦੁਖਾਂ ਨੂੰ ਪਾਟੇ ਅੰਬਰ ।
ਧੰਨ ਆਸ਼ਕ ਜੋ ਜਰਦਾ ਈ ।

ਮਨਸੂਰ ਜੇਹੇ ਫੜ ਸੂਲੀ ਚਾੜ੍ਹੇ ।
ਸ਼ਾਹ ਸ਼ਮਸ ਦੀ ਖੱਲ ਉਤਾਰੇ ।
ਜ਼ੁਲੇਖ਼ਾ ਆਹੀ ਨਾਹਰੇ ਮਾਰੇ ।
ਯੂਸੁਫ਼ ਕੀਤਾ ਬਰਦਾ ਈ ।

ਲੈਲੀ ਸੁੱਕੀ ਨਾਲ ਜੁਦਾਈ ।
ਮਜਨੂੰ ਦੇ ਸਿਰ ਦੱਭ ਉਗਾਈ ।
ਫ਼ਰਿਹਾਦੇ ਨੇ ਨਹਿਰ ਵਗਾਈ ।
ਸ਼ੀਰੀਂ ਸ਼ੀਰੀਂ ਕਰਦਾ ਈ ।

ਇਸ਼ਕ ਹਕੀਕੀ ਹੋਰ ਮਿਜਾਜ਼ੀ ।
ਵਿਚ ਦੁਹਾਂ ਦੇ ਸਿਰ ਸਿਰ ਬਾਜ਼ੀ ।
ਕਿਆ ਮੁੱਲਾਂ ਕਿਆ ਪੰਡਤ ਕਾਜ਼ੀ ।
ਸਬ ਇਨੂੰ ਸਲਾਮਾਂ ਕਰਦਾ ਈ ।

ਜਬ ਸਾਹਿਬ ਇਸ਼ਕ ਕਬੂਲ ਕੀਆ ।
ਤਬ ਆਦਮ ਅਤੇ ਰਸੂਲ ਕੀਆ ।
ਜਗ ਇਸ਼ਕੋਂ ਹੱਕ ਨਜ਼ੂਲ ਕੀਆ ।
ਬਿਨ ਇਸ਼ਕ ਨਹੀਂ ਕੁਛ ਸਰਦਾ ਈ ।

ਇਸ਼ਕ ਹੀਰ ਨੂੰ ਕਜ਼ੀਏ ਪਾਏ ।
ਰਾਂਝੇ ਧੀਦੋ ਕੰਨ ਪੜਾਏ ।
ਮਿਰਜ਼ੇ ਹੋਰੀਂ ਸਾਹਿਬਾਂ ਲਿਆਏ ।
ਕੱਖਾਂ ਦੇ ਵਿੱਚ ਸੜਦਾ ਈ ।

ਇਸ਼ਕ ਸੁਨਿਆਨੋਂ ਸੂਰ ਚਰਾਏ ।
ਜ਼ਿਕਰੀਆ ਕਰਵੱਤ ਚਰਾਏ ।
ਪੀਰ ਪੈਗ਼ੰਬਰ ਮਾਰ ਰੁਲਾਏ ।
ਸਾਹਬ ਜ਼ੋਰ ਜ਼ਬਰ ਦਾ ਈ ।

ਇਸ਼ਕ ਪੁੰਨੂੰ ਨੂੰ ਕੈਫ਼ ਪਿਲਾਈ ।
ਸੱਸੀ ਵਿੱਚ ਥਲਾਂ ਮਰਵਾਈ ।
ਏਸ ਇਸ਼ਕ ਦੀ ਦੇਖ ਸਫ਼ਾਈ ।
ਆਸ਼ਕ ਨਾਲੇ ਮਰਦਾ ਈ ।

ਸੋਹਣੀ ਵਿਚ ਦਰਿਆ ਡੁਬਾਈ ।
ਮੇਂਹੀਵਾਲ ਦੀ ਜਾਨ ਗਵਾਈ ।
ਦੇਖ ਜਲਾਲੀ ਇਸ਼ਕ ਲੁਟਾਈ ।
ਰੋਡਾ ਡਕਰੇ ਕਰਦਾ ਈ ।

ਇਸ਼ਕ ਜਿਥੇ ਆ ਨਾਜ਼ਲ ਹੋਵੇ ।
ਅਕਲ ਨ ਓਥੇ ਮੂਲ ਖਲੋਵੇ ।
ਘੁੰਘਟ ਲਾਹਿ ਖੁੱਲ੍ਹ ਕਰ ਰੋਵੇ ।
ਦੂਰ ਕਰੇ ਸਭ ਪੜਦਾ ਈ ।

ਇਸ਼ਕ ਹੋਰੀਂ ਨਾ ਜ਼ਾਤਿ ਪਛਾਨਣ ।
ਸੋਹਣਾ ਕੋਝਾ ਮੂਲ ਨਾ ਜਾਨਣ ।
ਦੌਲਤ ਦੁਨੀਆਂ ਨਾਹਿ ਸਿਆਨਣ ।
ਪ੍ਰੇਮ ਦੇਖ ਦਰ ਵੜਦਾ ਈ ।

ਏਸ ਇਸ਼ਕ ਵਿਚ ਬਹੁਤ ਖ਼ੁਵਾਰੀ ।
ਤਾਨੇ ਮਾਰੇ ਖ਼ਲਕਤ ਸਾਰੀ ।
ਹਰ ਵਲ ਬਰਸੇ ਸੈਫ਼ ਕਟਾਰੀ ।
ਆਸ਼ਕ ਸਿਰ ਪਰ ਧਰਦਾ ਈ ।

ਏਸ ਇਸ਼ਕ ਜਦ ਨਸ਼ੇ ਚਖਾਏ ।
ਪਾਤਸ਼ਾਹਾਂ ਤੋਂ ਤਖ਼ਤ ਛੁਡਾਏ ।
ਰਾਜਿਆਂ ਕੋਲੋਂ ਭੀਖ ਮੰਗਾਏ ।
ਖ਼ੈਰ ਪਵੇ ਦਰ ਦਰ ਦਾ ਈ ।

ਇਸ਼ਕੇ ਸੀਤਾ ਰਾਮ ਮੁਹਾਏ ।
ਰਾਵਣ ਦੇ ਦਸ ਸੀਸ ਲਹਾਏ ।
ਕੈਰੋ ਪਾਂਡੋ ਮਾਰ ਖਪਾਏ ।
ਫੜ ਤਲਵਾਰਾਂ ਲੜਦਾ ਈ ।

ਪਹਿਲੇ ਸਿਰ ਕਟ ਤਲੀ ਟਿਕਾਈਏ ।
ਫੇਰ ਮੈਦਾਨ ਇਸ਼ਕ ਦੇ ਆਈਏ ।
ਮਰਨੋਂ ਹਰਗਿਜ਼ ਖ਼ੌਫ਼ ਨਾ ਖਾਈਏ ।
ਇਸ਼ਕ ਤਦਾਂਹੀ ਹਰਦਾ ਈ ।

ਇਸ਼ਕ ਛੁਡਾਏ ਘਰ ਦਰ ਮੰਦਰ ।
ਫਿਰਨ ਉਜਾੜੀਂ ਹੋਇ ਕਲੰਦਰ ।
ਚੜ੍ਹਿਆ ਰੂਮੋਂ ਚੀਨ ਸਿਕੰਦਰ ।
ਨਉ ਸਾਂਬਾਂ ਦਿਲ ਧਰਦਾ ਈ ।

ਇਸ਼ਕ ਹੋਰਾਂ ਜਦ ਜੰਗ ਉਠਾਏ ।
ਹਸਨ ਹੁਸੈਨ ਯਜ਼ੀਦ ਕੁਹਾਏ ।
ਇਸ਼ਕ ਉਪਾਏ ਇਸ਼ਕ ਖਪਾਏ ।
ਇਸ਼ਕ ਸਭੇ ਕੰਮ ਕਰਦਾ ਈ ।

ਇਸ਼ਕ ਹੋਰੀਂ ਮੂਸੇ ਵਲ ਆਏ ।
ਆਪ ਖ਼ੁਦਾਇ ਜਮਾਲ ਦਿਖਾਏ ।
ਕਰ ਜਲਵਾ ਕੋਹ ਤੂਰ ਜਲਾਏ ।
ਦੁਸ਼ਮਨ ਦੀਨ ਕੁਫ਼ਰ ਦਾ ਈ ।

ਇਸ਼ਕ ਭਰਥਰੀ ਜੋਗੀ ਕੀਆ ।
ਪੂਰਨ ਭਗਤ ਬੈਰਾਗੀ ਥੀਆ ।
ਦੇਖ ਹਕੀਕਤ ਨੇ ਸਿਰ ਦੀਆ ।
ਪ੍ਰੇਮ ਜਿਨ੍ਹਾਂ ਨੂੰ ਹਰਦਾ ਈ ।

ਕਿਸ਼ਨ ਸਿੰਘ ਹੁਣ ਬਸ ਕਰ ਪਯਾਰੇ ।
ਇਸ ਇਸ਼ਕ ਦੇ ਬਹੁਤ ਪਸਾਰੇ ।
ਕੈਂਹਦੀ ਕੈਂਹਦੀ ਬਾਤ ਬਿਚਾਰੇ ।
ਚੰਗਾ ਕੰਮ ਸਬਰ ਦਾ ਈ ।

2. ਹੈ ਤਲਵਾਰੋਂ ਤੇਜ਼ ਜੁਦਾਈ

ਪੀਆ ਪਿਆਰਾ ਨਜ਼ਰ ਨਾ ਆਵੇ ।
ਬ੍ਰਿਹੋਂ ਡਾਇਨ ਕਲੇਜਾ ਖਾਵੇ ।
ਕਿਸ ਨੂੰ ਦਿਲ ਦਾ ਹਾਲ ਸੁਨਾਵੇ ।
ਮਹਿਰਮ ਰਾਜ਼ ਨਾ ਦਿਸਦਾ ਕਾਈ ।

ਜਿਸ ਦਿਨ ਦਾ ਤੂੰ ਮੁਖ ਛਪਾਇਆ ।
ਬੰਦੀ ਰੋ ਰੋ ਹਾਲ ਵੰਞਾਇਆ ।
ਨੈਣਾਂ ਸਾਵਣ ਮੀਂਹ ਵਸਾਇਆ ।
ਬਿਜਲੀ ਕੜਕ ਹਿਜਰ ਦੀ ਆਈ ।

ਕੋਠੇ ਤੇ ਚੜ੍ਹ ਦੇਨੀਆਂ ਹੋਕਾ ।
ਲੁੱਟ ਲਈ ਮੈਂ ਮੁਲਕਾ ਲੋਕਾ ।
ਗਿਆ ਅਸਾਥੋਂ ਯਾਰ ਚਰੋਕਾ ।
ਜਿਸ ਨੇ ਮੇਰੀ ਜਾਨ ਚੁਰਾਈ ।

ਆ ਮਿਲ ਪਿਆਰੇ ਆ ਮਿਲ ਜਾਨੀ ।
ਤੁਧ ਬਿਨ ਜ਼ਹਿਰ ਹੋਈ ਜਿੰਦਗਾਨੀ ।
ਤੜਫ਼ਾਂ ਜਯੋਂ ਮਛਲੀ ਬਿਨ ਪਾਨੀ ।
ਮਾਰ ਨਾ ਸੋਹਣਾ ਰਾਮ ਦੁਹਾਈ ।

ਅੱਗ ਵਿਛੋੜੇ ਦੀ ਆਣ ਚਮੜੀ ਏ ।
ਵਾਂਗ ਪਤੰਗ ਸ਼ਮਾ ਜਿੰਦ ਸੜੀ ਏ ।
ਬੋਲ ਅਨਲਹਕ ਸੂਲੀ ਚੜ੍ਹੀ ਏ ।
ਦੁਖ ਤੋਂ ਪਾਵੇ ਜਾਨ ਰਿਹਾਈ ।

ਵਾਂਗ ਜ਼ੁਲੇਖ਼ਾਂ ਖ਼ਾਬਾਂ ਅੰਦਰ ।
ਦੇਖਾਂ ਯੂਸੁਫ਼ ਯਾਰ ਕਲੰਦਰ ।
ਜਾ ਉਠ ਬੈਠਾਂ ਖ਼ਾਲੀ ਮੰਦਰ ।
ਭੜਕੇ ਭਾਹਿ ਫ਼ਿਰਾਕ ਸਵਾਈ ।

ਮਜਨੂੰ ਅੱਗ ਇਸ਼ਕ ਦੀ ਬਾਲੀ ।
ਲੇਲੀ ਜਲ ਬਲ ਹੋਈ ਕਾਲੀ ।
ਸ਼ੀਰੀਂ ਸੂਰਤਿ ਨਾਹਿ ਦਿਖਾਲੀ ।
ਕੀਤਾ ਚਾ ਫ਼ਰਿਹਾਦ ਸੌਦਾਈ ।

ਇਸ਼ਕ ਰਾਂਝੇ ਨੂੰ ਜੋਗੀ ਕੀਤਾ ।
ਹੀਰ ਨੇ ਜ਼ਹਿਰ ਪਿਆਲਾ ਪੀਤਾ ।
ਰਾਵਣ ਰਾਕਸ਼ ਲੈ ਗਿਆ ਸੀਤਾ ।
ਰਾਮ ਜੋ ਕੀਤੀ ਖ਼ੂਬ ਲੜਾਈ ।

ਬੁਲਬੁਲ ਰੋਵੇ ਤੇ ਫੁੱਲ ਹੱਸੇ ।
ਆਸ਼ਕ ਦਾ ਦਿਲ ਦਿਲਬਰ ਖੱਸੇ ।
ਅਕਲਾਂ ਕੌਣ ਆਸ਼ਕ ਨੂੰ ਦੱਸੇ ।
ਆਪੇ ਕਮਲੀ ਸ਼ਕਲ ਬਣਾਈ ।

ਚਕਵੇ ਚਕਵੀ ਰੈਨ ਵਿਛੋਰਾ ।
ਧਰਤਿ ਅਕਾਸ਼ੇ ਚੰਦ ਚਕੋਰਾ ।
ਸਾਨੂੰ ਰਾਤ ਦਿਨੇ ਦਾ ਝੋਰਾ ।
ਕਦੇ ਤਾਂ ਆ ਮਿਲ ਬਰਾ ਖ਼ੁਦਾਈ ।

ਸਾਵਣ ਸਈਆਂ ਖੇਲਣ ਸਾਂਵੇਂ ।
ਕੋਈ ਹੱਸੇ ਕੋਈ ਗਾਵੇਂ ।
ਮੈਂ ਖ਼ੁਸ਼ ਹੋਵਾਂ ਜੇ ਤੂੰ ਆਵੇਂ ।
ਇਤਨੀ ਦੇਰ ਕਹੋ ਕਿਯੋਂ ਲਾਈ ।

ਮਾਰ ਕਟਾਰੀ ਮੈਂ ਮਰ ਜਾਵਾਂ ।
ਯਾ ਕੋਈ ਜ਼ਹਿਰ ਪੁੜੀ ਲੈ ਖਾਵਾਂ ।
ਸ਼ਹੁ ਬਿਨ ਕੀਕਰ ਵਕਤ ਲੰਘਾਵਾਂ ।
ਦੱਸ ਇਲਾਜ ਕੋਈ ਹੁਣ ਮਾਈ ।

ਬਿਰਹੋਂ ਵਾਲੀ ਬਰਛੀ ਕਾਲੀ ।
ਸੀਨੇ ਮਾਰ ਗਿਓਂ ਓਇ ਖ਼ਿਯਾਲੀ ।
ਤੁਧ ਬਿਨ ਹੋਇ ਰਹੀ ਬੁਰਿਹਾਲੀ ।
ਨਾ ਕੋਈ ਵੈਦ ਨਾ ਤਿੱਬ ਦਵਾਈ ।

ਹੋ ਬੈਰਾਗਨ ਖ਼ਾਕ ਲਗਾਵਾਂ ।
ਸਿਰ ਦੇ ਵਾਲ ਗਲੇ ਵਿਚ ਪਾਵਾਂ ।
ਜਾਇ ਪੀਯਾ ਕੋ ਢੂੰਡ ਲਿਆਵਾਂ ।
ਕਹੀਂ ਤੋ ਦੇਵੇ ਯਾਰ ਦਿਖਾਈ ।

ਪੀ ਪੀ ਮਧ ਹੋਈ ਮਸਤਾਨੀ ।
ਮਸਤ ਸ਼ਰਾਬ ਜੋ ਸ਼ੌਕ ਹਕਾਨੀ ।
ਕਮਲੀ ਖ਼ਲਕਤ ਕਹੇ ਦਿਵਾਨੀ ।
ਇਸ਼ਕ ਅਕਲ ਦੀ ਅਕਲ ਭੁਲਾਈ ।

ਪੰਡਿਤ ਕਾਜ਼ੀ ਹੋਰ ਸਿਆਣੇ ।
ਦੇਖ ਥਕੀ ਮੈਂ ਸਭ ਟਿਕਾਣੇ ।
ਕੋਈ ਨਾ ਭੇਦ ਰੱਬੇ ਦਾ ਜਾਣੇ ।
ਫੰਧਕ ਬੈਠੇ ਜਾਲ ਲਗਾਈ ।

ਜੋ ਕੋਈ ਮੈਨੂੰ ਯਾਰ ਮਿਲਾਵੇ ।
ਦੰਮਾਂ ਬਾਝ ਗ਼ੁਲਾਮ ਬਣਾਵੇ ।
ਮੇਰੀਆਂ ਚਸ਼ਮਾਂ ਵਿਚ ਸਮਾਵੇ ।
ਸੁਰਮੇ ਵਾਂਗ ਰੱਖਾਂ ਅੱਖ ਪਾਈ ।

ਹੋਰ ਨਾ ਕੋਈ ਮੀਤ ਹਮਾਰਾ ।
ਸਬ ਥੋਂ ਸਾਨੂੰ ਪੀਆ ਪਿਆਰਾ ।
ਜਿਸ ਦਾ ਹੈ ਇਹ ਕੁਲ ਪਸਾਰਾ ।
ਖੇਲ ਖਿਲਾਰੀ ਆਨ ਖਿਲਾਈ ।

ਆਪ ਆਪ ਤੋਂ ਪਾਇ ਬਿਛੋਰਾ ।
ਆਪੇ ਬੈਠ ਕਰੇ ਗ਼ਮ ਝੋਰਾ ।
ਸੁਫ਼ਨੇ ਦੇ ਵਿਚ ਲੁਟ ਲਈ ਚੋਰਾ ।
ਜਾਗਿਆ ਗਯਾਨ ਦਾਣਾ ਰਾਈ ।

ਆਪੇ ਆਸ਼ਕ ਆਪੇ ਦਿਲਬਰ ।
ਆਪੇ ਲੋਹਾ ਆਪੇ ਖ਼ੰਜਰ ।
ਆਪੇ ਜ਼ਰ ਹੈ ਆਪੇ ਜ਼ੇਵਰ ।
ਆਪੇ ਮਾਲਕ ਆਪ ਲੁਕਾਈ ।

ਸੋਹਣਾ ਸਾਵਲਾ ਆ ਮਿਲ ਮੈਨੂੰ ।
ਮੈਥੀਂ ਦੂਰ ਕਰੇਂ ਤੂੰ ਮੈਨੂੰ ।
ਤਾਂ ਮੈਂ ਮੈਂ ਬਿਨ ਜਾਣਾਂ ਤੈਨੂੰ ।
ਮੈਂ ਤੂੰ ਏਕ ਅਨੇਕ ਸਮਾਈ ।

ਕੰਤਾਂ ਵਾਲੀਆਂ ਐਸ਼ ਮਨਾਵਨ ।
ਰੰਗਾ ਰੰਗ ਸਿੰਗਾਰ ਬਨਾਵਨ ।
ਰੰਡੀਆਂ ਦੇਖਣ ਤੇ ਜਲ ਜਾਵਨ ।
ਮੈਲੇ ਵੇਸ ਸਿਰੇ ਪਰ ਛਾਈ ।

ਤੂੰ ਸਾਗਰ ਮੈਂ ਬੂੰਦ ਨਿਮਾਣੀ ।
ਆਪਣੇ ਸਾਥ ਮਿਲਾਓ ਪਾਣੀ ।
ਫ਼ਰਕ ਨਹੀਂ ਵਿਚ ਸੂਤਰ ਤਾਣੀ ।
ਊਹੋ ਲੋਹਾ ਤੇ ਊਹੋ ਸਲਾਈ ।

ਹੋਇ ਨਿਲੱਜ ਮਿਲ ਸੰਗ ਪਿਯਾਰੇ ।
ਅੰਗਾਂ ਨਾਲ ਮਿਲੇ ਅੰਗ ਸਾਰੇ ।
ਜੋ ਸੁਖ ਪਾਯਾ ਭਰਤਾਰੇ ।
ਸੋ ਸੁਖ ਗੱਲ ਨਾ ਆਖੀ ਜਾਈ ।

ਮੈਂ ਜੇਹੀਆਂ ਲਖ ਤੇਰੇ ਦਵਾਰੇ ।
ਤੈਂ ਜੇਹਾ ਮੈਂ ਕਉਨ ਪਿਯਾਰੇ ।
ਲਾਖ ਬਹਿਸ਼ਤ ਬੈਕੁੰਠ ਵਿਸਾਰੇ ।
ਤੇਰੀ ਇਕ ਪਲ ਦੀ ਅਸ਼ਨਾਈ ।

ਤੂੰ ਮੈਂ ਹੋਯਾ ਮੈਂ ਤੂੰ ਹੋਈ ।
ਮੈਂ ਤੈਂ ਵਿੱਚ ਨ ਅੰਤਰ ਕੋਈ ।
ਊਹੋ ਉੱਨ ਤੇ ਊਹੋ ਲੋਈ ।
ਲਾਲੀ ਲਾਲੋਂ ਵੱਖ ਨ ਕਾਈ ।

ਮੈਂ ਕੁਲ ਖ਼ਲਕਤ ਨਾਲ ਬਿਗਾਰੀ ।
ਸਾਈਆਂ ਤੇਰੇ ਨਾਲ ਸਵਾਰੀ ।
ਤੂੰ ਹੁਣ ਰੱਖ ਲੈ ਲਾਜ ਹਮਾਰੀ ।
ਦੁਸ਼ਮਨ ਹੋਈ ਖ਼ਲਕ ਸਬਾਈ ।

ਦੁਨੀਆਂ ਖ਼ਾਬ ਖ਼ਿਆਲ ਪਛਾਨੀ ।
ਸੋ ਦਮ ਨੇਕ ਨਿਭੇ ਸੰਗ ਜਾਨੀ ।
ਲਖ ਸੁਖ ਇਕ ਦੁਖ ਤੋਂ ਕੁਰਬਾਨੀ ।
ਜਿਸ ਮੈਂ ਮਾਹੀ ਨਾਲ ਮਿਲਾਈ ।

ਲਾਲ ਵੇ ਲਾਲ ਮੈਂ ਤੇਰੀ ਲਾਲੀ ।
ਵਿੱਚ ਨਹੀਂ ਵਿਚ ਪਿੱਤਲ ਥਾਲੀ ।
ਜਯੋਂ ਕਸਤੂਰੀ ਸੂਰਤਿ ਕਾਲੀ ।
ਖ਼ੁਸ਼ਬੋ ਕਰ ਸਾਹ ਮਨ ਭਾਈ ।

ਬੁਧਿ ਬਿਚਾਰੀ ਬ੍ਰਹਮ ਬਿਚਾਰਾ ।
ਸੰਸਾ ਦੂਰ ਹੂਆ ਹੁਨ ਸਾਰਾ ।
ਆਪ ਪਿਆਰੀ ਆਪ ਪਿਆਰਾ ।
ਮਨ ਤੇ ਮੈਲ ਦੁਵੈਤ ਉਠਾਈ ।

ਕਹਿਤ ਕਿਸ਼ਨ ਸਿੰਘ ਸੁਨ ਮਨ ਮੇਰੇ ।
ਏਹ ਜੱਗ ਕੁਲ ਤਮਾਸ਼ੇ ਤੇਰੇ ।
ਪੂਰਨ ਸੁਆਮੀ ਸਤਿਗੁਰ ਹੇਰੇ ।
ਦਿੱਬ ਦ੍ਰਿਸ਼ਟ ਦੇ ਖੇਲ ਦਿਖਾਈ ।

3. ਕੀ ਦਿਲ ਦਾ ਹਾਲ ਸੁਨਾਵਾਂ ਮੈਂ

ਚੁੱਪ ਰਹਾਂ ਤਾਂ ਫਟਦੀ ਛਾਤੀ ਹੈ ।
ਕੁਛ ਕਹਾਂ ਤਾਂ ਲਗਦੀ ਕਾਤੀ ਹੈ ।
ਇਸ ਉਸ ਵਿਚ ਚਿਨਗ ਚਵਾਤੀ ਹੈ ।
ਕਹੁ ਕੇਹੜੀ ਬਾਤ ਬਨਾਵਾਂ ਮੈਂ ।

ਇਕ ਮਿਲਿਆ ਮਸਤ ਮਵਾਲੀ ਹੈ ।
ਉਸ ਐਸੀ ਕੈਫ਼ ਪਿਆਲੀ ਹੈ ।
ਨਿਤ ਨੈਨਾਂ ਦੇ ਵਿਚ ਲਾਲੀ ਹੈ ।
ਇਹ ਕੀਕਰ ਲਾਲ ਛਪਾਵਾਂ ਮੈਂ ।

ਇਕ ਦਿਲਬਰ ਪਿਯਾਰਾ ਪਾਯਾ ਹੈ ।
ਉਸ ਮੈਨੂੰ ਮਾਰ ਖਪਾਯਾ ਹੈ ।
ਜਦ ਦੂਜਾ ਦੂਰ ਹਟਾਯਾ ਹੈ ।
ਹੁਣ ਕੀਕਰ ਆਪ ਲੁਕਾਵਾਂ ਮੈਂ ।

ਜੇ ਸਚ ਕਹਾਂ ਤਾਂ ਸੂਲੀ ਹੈ ।
ਮਨਸੂਰ ਭੀ ਆਪ ਕਬੂਲੀ ਹੈ ।
ਹਕ ਬਾਝੋਂ ਹੋਰ ਫ਼ਜ਼ੂਲੀ ਹੈ ।
ਇਸ ਦੁਖ ਤੋਂ ਕਿੱਥੇ ਜਾਵਾਂ ਮੈਂ ।

ਅਬ ਕਿਸ਼ਨ ਸਿੰਘ ਨਹੀਂ ਔਰ ਕਹੋ ।
ਇਕ ਸਾਹਿਬ ਜਾਨ ਖ਼ਮੋਸ਼ ਰਹੋ ।
ਮਿਲ ਹੋਸ਼ਮੰਦਾਂ ਸੇ ਹੋਸ਼ ਲਹੋ ।
ਕਿਉਂ ਨਾਹਕ ਸ਼ੋਰ ਮਚਾਵਾਂ ਮੈਂ ।

4. ਤੂੰ ਸਾਹਿਬ ਮੇਰਾ ਸਾਰੇ ਹੈਂ

ਵਾਹ ਵਾਹ ਪਯਾਰੇ ਸੂਰਤਿ ਤੇਰੀ ।
ਦੇਖ ਦੀਦਾਰ ਗਈ ਮੈਂ ਮੇਰੀ ।
ਤੂੰ ਹੀ ਦਿਸਨਾ ਹੈਂ ਚਾਰ ਚੁਫੇਰੀ ।
ਤੇਰੇ ਰੂਪ ਅਪਾਰੇ ਹੈਂ ।

ਕਹੂੰ ਬੀਜ ਤੇ ਕਹੂੰ ਤਰਵਰ ਹੋ ।
ਕਹੂੰ ਬਸਤੀ ਤੇ ਕਹੂੰ ਬਰਵਰ ਹੋ ।
ਕਹੂੰ ਨੌਕਰ ਤੇ ਕਹੂੰ ਸਰਵਰ ਹੋ ।
ਕਹੂੰ ਤਾਰੇ ਤੇ ਕਹੂੰ ਮਾਰੇ ਹੈਂ ।

ਕਿਤੇ ਆਦਮ ਹੋ ਕੇ ਆਯਾ ਹੈਂ ।
ਕਿਤੇ ਮਹਾਂਦੇਵ ਕਹਲਾਯਾ ਹੈਂ ।
ਕਿਤੇ ਬ੍ਰਹਮਾ ਬਿਸਨੁ ਸਦਾਯਾ ਹੈਂ ।
ਕਿਤੇ ਸੁਰਪਤਿ ਕ੍ਰਿਸ਼ਨ ਮੁਰਾਰੇ ਹੈਂ ।
ਕਿਤੇ ਨਬੀ ਮੁਹੰਮਦ ਹੋਯਾ ਹੈਂ ।
ਕਿਤੇ ਈਸਾ ਹੋਇ ਖਲੋਯਾ ਹੈਂ ।
ਕਿਤੇ ਮੂਸਾ ਹੋਇ ਰਸੋਯਾ ਹੈਂ ।
ਕਿਤੇ ਤੂਰੋਂ ਨੂਰ ਦਿਖਾਰੇ ਹੈਂ ।

ਕਿਤੇ ਸੀਤਾ ਰਾਮ ਸਦਾਯਾ ਈ ।
ਹੋ ਰਾਵਣ ਜੁੱਧ ਮਚਾਯਾ ਈ ।
ਚੜ੍ਹ ਲੰਕਾ ਨਾਦ ਵਜਾਯਾ ਈ ।
ਫੜ ਤੇਗ਼ਾਂ ਸੀਸ ਉਤਾਰੇ ਹੈਂ ।

ਕਿਤੇ ਵਿੱਚ ਮਸੀਤਾਂ ਵਸਦਾ ਹੈਂ ।
ਕਿਤੇ ਮਸਲੇ ਲੋਕਾਂ ਦਸਦਾ ਹੈਂ ।
ਕਿਤੇ ਹਰਿ ਹਰਿ ਕਰਕੇ ਹਸਦਾ ਹੈਂ ।
ਕਹੀਂ ਬੈਠਾ ਠਾਕੁਰਦਵਾਰੇ ਹੈਂ ।

ਕਿਤੇ ਸਾਹਿਬ ਤੇ ਕਿਤੇ ਬਰਦਾ ਹੈਂ ।
ਸਿਰ ਤਾਜ ਸੁਨਹਿਰੀ ਧਰਦਾ ਹੈਂ ।
ਕਿਤੇ ਬੈਠ ਹਕੂਮਤ ਕਰਦਾ ਹੈਂ ।
ਕਿਤੇ ਭੌਂਦਾ ਦਵਾਰੇ ਦਵਾਰੇ ਹੈਂ ।

ਇਸ਼ਕ ਤੇਰੇ ਦੇ ਪੀ ਪੀ ਪਯਾਲੇ ।
ਆਸ਼ਕ ਹੋਇ ਰਹੇ ਮਤਵਾਲੇ ।
ਕਾਲੇ ਕੇਸ ਗਲੇ ਵਿਚ ਡਾਲੇ ।
ਤੂੰ ਤੂੰ ਨਿਤ ਪੁਕਾਰੇ ਹੈਂ ।

ਕਹੂੰ ਬਨਿਆ ਸ਼ਾਹ ਸਿਕੰਦਰ ਹੈਂ ।
ਕਹੂੰ ਨੌਸ਼ਾਬਾਂ ਮੁਖ ਚੰਦਰ ਹੈਂ ।
ਕਹੂੰ ਮਸਤ ਫ਼ਕੀਰ ਕਲੰਦਰ ਹੈਂ ।
ਕਹੂੰ ਸੂਰਜ ਚੰਦ ਸਤਾਰੇ ਹੈਂ ।

ਕਹੂੰ ਦਾਨਾ ਕਹੂੰ ਦਿਵਾਨਾ ਹੈਂ ।
ਕਹੂੰ ਸ਼ਮਾ ਕਹੂੰ ਪਰਵਾਨਾ ਹੈਂ ।
ਕਹੂੰ ਬੈਠਾ ਮੱਲ ਵੈਰਾਨਾਂ ਹੈਂ ।
ਕਹੂੰ ਪਾ ਬੈਠਾ ਘਰ ਬਾਰੇ ਹੈਂ ।

ਕਹੂੰ ਪੁਰਖਾ ਤੇ ਕਹੂੰ ਨਾਰੀ ਹੈਂ ।
ਕਹੂੰ ਲੋਹਾ ਕਹੂੰ ਕਟਾਰੀ ਹੈਂ ।
ਕਹੂੰ ਫੂਲ ਕਹੂੰ ਫੁਲਵਾਰੀ ਹੈਂ ।
ਕਹੂੰ ਕਾਂਟੇ ਕੱਖ ਨਿਕਾਰੇ ਹੈਂ ।

ਕਹੂੰ ਸਾਵਾ ਸੂਹਾ ਕਾਲਾ ਹੈਂ ।
ਕਹੂੰ ਸਬਜ਼ ਸਫ਼ੈਦ ਗੁਲਾਲਾ ਹੈਂ ।
ਕਹੂੰ ਮਿਲਿਆ ਕਹੂੰ ਨਿਰਾਲਾ ਹੈਂ ।
ਯਿਹ ਸਬ ਹੀ ਰੰਗ ਤੁਮਾਰੇ ਹੈਂ ।

ਕਹਿ ਕਿਸ਼ਨ ਸਿੰਘ ਕੀ ਦੱਸਾਂ ਮੈਂ ।
ਏਹ ਦੇਖ ਤਮਾਸ਼ੇ ਹੱਸਾਂ ਮੈਂ ।
ਹੁਣ ਹਰਿ ਤੋਂ ਕਿੱਥੇ ਨੱਸਾਂ ਮੈਂ ।
ਹਰਿ ਸਾਗਰ ਅਪਰ ਅਪਾਰੇ ਹੈਂ ।

5. ਮੈਂ ਦਰਦ ਦਿਵਾਨੀ ਹੋਇ ਰਹੀ

ਮੈਂ ਦਰਦ ਦਿਵਾਨੀ ਹੋਇ ਰਹੀ ।
ਛਪ ਛਪ ਕੇ ਅੰਦਰ ਰੋਇ ਰਹੀ ।

ਬਾਝ ਪਿਆਰੇ ਨੀਂਦ ਨਾ ਆਵੇ,
ਸੌ ਸੌ ਵਾਰੀ ਸੋਇ ਰਹੀ ।
ਦਾਗ਼ ਦਿਲੇ ਦਾ ਦੂਰ ਨਾ ਹੋਵੇ,
ਲਖ ਲਖ ਵਾਰੀ ਧੋਇ ਰਹੀ ।

ਜਲਿਆ ਦਾਣਾ ਉਗਦਾ ਨਾਹੀਂ,
ਜਲ ਪਾ ਬੂਟਾ ਬੋਇ ਰਹੀ ।
ਜਾਨੀ ਅਜੇ ਨਾ ਜਾਨੇ ਬੂਝੇ,
ਜਾਨ ਜਹਾਨ ਵਿਗੋਇ ਰਹੀ ।

ਮੋਤੀਆਂ ਵਾਲਾ ਮਿਲੇ ਨਾ ਮੈਨੂੰ,
ਰੋ ਰੋ ਹਾਰ ਪਰੋਇ ਰਹੀ ।
ਖ਼ਾਵੰਦ ਅਜੇ ਨਹੀਂ ਖ਼ੁਸ਼ ਥੀਂਦਾ,
ਹੋ ਖ਼ਫ਼ਤਨ ਖ਼ਾਨਾ ਖੋਇ ਰਹੀ ।

ਮਾਖਨ ਮੇਰਾ ਨਿਕਲੇ ਨਾਹੀਂ,
ਕਿਤਨਾ ਖੀਰ ਬਿਲੋਇ ਰਹੀ ।
ਢੋਲਾ ਪਾਸ ਨਾ ਢੁੱਕਨ ਦੇਵੇ,
ਕਿਤਨੇ ਢੋਏ ਢੋਇ ਰਹੀ ।

ਇਸ਼ਕ ਮਾਹੀ ਦੇ ਮਾਰ ਮੁਕਾਯਾ,
ਕੱਖੋਂ ਹੌਲੀ ਹੋਇ ਰਹੀ ।
ਦੇਹਦੀਦਾਰ ਕਿਸ਼ਨ ਸਿੰਘ ਪਯਾਰੇ,
ਦਰ ਦੇ ਆਨ ਖਲੋਇ ਰਹੀ ।

6. ਬਿਨ ਡਿਠਿਆਂ ਨੈਣ ਨ ਰਹਿੰਦੇ ਨੀ

ਆ ਸਾਈਂਆਂ ਮੈਂ ਸਦਕੇ ਜਾਵਾਂ ।
ਜਾਂ ਮੈਂ ਤੇਰਾ ਦਰਸ਼ਨ ਪਾਵਾਂ ।
ਤਨ ਮਨ ਸਾਰਾ ਘੋਲ ਘੁਮਾਵਾਂ ।
ਆਸ਼ਕ ਇਹ ਗਲ ਕਹਿੰਦੇ ਨੀ ।

ਚੰਦ ਦੇਖ ਦਹ ਚੰਦ ਚਕੋਰਾ ।
ਘਨੀਅਰ ਹੇਰ ਘਨਾ ਖ਼ੁਸ਼ ਮੋਰਾ ।
ਤੈਸੇ ਮੋਕੋ ਦਰਸ਼ਨ ਤੋਰਾ ।
ਦੀਪ ਪਤੰਗ ਜਲੇਂਦੇ ਨੀ ।

ਇਨ੍ਹਾਂ ਨੈਣਾਂ ਦੀਆਂ ਡਾਢੀਆਂ ਨੋਕਾਂ ।
ਲੋਕ ਭੀ ਕਰਦੇ ਨੋਕਾਂ ਟੋਕਾਂ ।
ਐਪਰ ਖ਼ਬਰ ਨਹੀਂ ਕੁਛ ਲੋਕਾਂ ।
ਨਾਲ ਯਤੀਮਾਂ ਖਹਿੰਦੇ ਨੀ ।

ਇਹ ਦੋ ਨੈਣ ਜਿਵੇਂ ਤਲਵਾਰਾਂ ।
ਭੋਂ ਮਾਰਨ ਚਲਦਿਆਂ ਅਸਵਾਰਾਂ ।
ਖ਼ਬਰ ਇਨ੍ਹਾਂ ਦੀ ਪੁੱਛੋ ਯਾਰਾਂ ।
ਸੁਨ ਸੁਨ ਆਂਸੂ ਵਹਿੰਦੇ ਨੀ ।

ਕੀ ਕਰੀਏ ਨੈਣਾਂ ਦੀ ਕਾਰੀ ।
ਇਨ੍ਹਾਂ ਬਨਾਈ ਬੜੀ ਖ਼ੁਆਰੀ ।
ਜਿੱਥੇ ਦੇਖਨ ਸੂਰਤ ਪਯਾਰੀ ।
ਜਾਇ ਉਥਾਈਂ ਬਹਿੰਦੇ ਨੀ ।

ਜਦੋਂ ਨ ਦਿਸਦਾ ਦਿਲਬਰ ਜਾਨੀ ।
ਤੜਫ਼ਾਂ ਜਯੋਂ ਮਛਲੀ ਬਿਨ ਪਾਨੀ ।
ਲਗੀ ਜਿਨ੍ਹਾਂ ਨੂੰ ਪ੍ਰੇਮ ਦੀ ਕਾਨੀ ।
ਆਇ ਬਨੀ ਸਿਰ ਸਹਿੰਦੇ ਨੀ ।

ਤੂੰ ਲੈਲੀ ਮੈਂ ਮਜਨੂੰ ਥੀਵਾਂ ।
ਤੁਧ ਮਿਲ ਵਸਲ ਪਯਾਲਾ ਪੀਵਾਂ ।
ਫੱਟ ਬ੍ਰਿਹੋਂ ਦੇ ਮਿਲ ਮਿਲ ਸੀਵਾਂ ।
ਵਿਛੜੇ ਸਾਜਨ ਜੈਂਦੇ ਨੀ ।

ਵਿਛੜ ਗਏ ਜਿਨ੍ਹਾਂ ਦੇ ਬੇਲੀ ।
ਹੋਈ ਤਿਨ੍ਹਾਂ ਦੀ ਚੌੜ ਹਵੇਲੀ ।
ਕਲਮਲ ਆਈ ਜਿੰਦ ਇਕੇਲੀ ।
ਕੈ ਚੜ੍ਹਦੇ ਕੈ ਲਹਿੰਦੇ ਨੀ ।

ਇਸ਼ਕ ਜਿਨ੍ਹਾਂ ਨੂੰ ਆਨ ਅਕਾਵੇ ।
ਘਰ ਬਾਹਰ ਆਰਾਮ ਨ ਆਵੇ ।
ਜਿੰਦ ਵਿਚਾਰੀ ਗ਼ੋਤੇ ਖਾਵੇ ।
ਮਹਿਲ ਨਦੀ ਲਗ ਢਹਿੰਦੇ ਨੀ ।

ਭਵਰ ਫੁੱਲਾਂ ਨੂੰ ਢੂੰਡਣ ਭਾਲਣ ।
ਜਾਨ ਪਤੰਗ ਸ਼ਮਾ ਪਰ ਜਾਲਣ ।
ਆਸ਼ਕ ਅਗ ਬ੍ਰਿਹੋਂ ਦੀ ਬਾਲਣ ।
ਵਾਂਗ ਸਤੀ ਹੋ ਬਹਿੰਦੇ ਨੀ ।

ਕਿਸ਼ਨ ਸਿੰਘ ਆਰਫ਼ ਮਿਲ ਮੈਨੂੰ ।
ਤਾਂ ਮੈਂ ਹਾਲ ਸੁਨਾਵਾਂ ਤੈਨੂੰ ।
ਸੋ ਜਾਨੇ ਦੁਖ ਲੱਗੇ ਜੈਨੂੰ ।
ਸੁਖੀਏ ਸੁਖ ਕਰ ਬਹਿੰਦੇ ਨੀ ।

7. ਦਮ ਦਮ ਯਾਦ ਪਯਾਰੇ ਵਾਲੀ

ਦਮ ਦਮ ਯਾਦ ਪਯਾਰੇ ਵਾਲੀ,
ਦਿਲ ਵਿਚ ਹੋ ਰਹੀ ਦਮ ਦਮ ਦਮ ।
ਇਕ ਦਮ ਸੋਹਣਾ ਵਿਸਰੇ ਨਾਹੀਂ,
ਜਾਂ ਵਿਸਰੇ ਮੈਂ ਤਮ ਤਮ ਤਮ ।

ਜੋ ਦਮ ਗ਼ਾਫ਼ਲ ਸੋ ਦਮ ਕਾਫ਼ਰ,
ਗ਼ਫ਼ਲਤ ਨਾਲ ਨਾ ਇਕ ਪਲ ਸਮ ।
ਬਾਝ ਪਿਆਰੇ ਮਾਰਾਂ ਨਾਹਰੇ,
ਚਸ਼ਮਾਂ ਮੇਰੀਆਂ ਛਮ ਛਮ ਛਮ ।

ਜਿਸ ਦਿਨ ਸੋਹਣਾ ਮੁਖ ਦਿਖਾਵੇ,
ਸੋ ਦਿਨ ਆਵੇ ਜਮ ਜਮ ਜਮ ।
ਭਲਾ ਬੁਰਾ ਜੋ ਖ਼ਲਕਤ ਆਖੇ,
ਉਸਦੇ ਨਾਲ ਨਾ ਸਾਡਾ ਕੰਮ ।

ਕੰਮ ਅਸਾਡਾ ਖ਼ਾਲਕ ਸੇਤੀ,
ਜਿਸ ਮਿਲ ਜਾਵਨ ਸਾਰੇ ਗ਼ਮ ।
ਕਿਸ਼ਨ ਸਿੰਘ ਮੈਂ ਸਦਕੇ ਜਾਵਾਂ,
ਪੀ ਆਵੇ ਕਰ ਨਮ ਨਮ ਨਮ ।

8. ਕਹੁ ਕੇਹੜਾ ਮਰਨੇ ਹਾਰਾ ਹੈ

ਅਹਦ ਅਲਫ਼ ਹੈ ਏਕੋ ਸਾਰੇ ।
ਓਅੰਕਾਰ ਪਸਾਰ ਪਸਾਰੇ ।
ਨਾ ਕੋਈ ਮਰੇ ਤੇ ਨਾ ਕੋਈ ਮਾਰੇ ।
ਕਾਇਮ ਕੁਲ ਕਰਤਾਰਾ ਹੈ ।

ਏਕ ਬੂੰਦ ਕਾ ਪੁਤਲਾ ਬਨਿਆ ।
ਸਾਬਤ ਕੀਤਾ ਤਿੰਨਾ ਜਣਿਆ ।
ਪਾਂਚ ਤਤ ਕਾ ਤਾਨਾ ਤਨਿਆਂ ।
ਖ਼ਸਮਾਨਾ ਸਿਰ ਸਾਰਾ ਹੈ ।

ਮਿੱਟੀ ਨਾਲ ਮਿੱਟੀ ਰਲ ਜਾਵੇ ।
ਪੌਨ ਪੌਨ ਮੇਂ ਜਾਇ ਸਮਾਵੇ ।
ਆਤਸ਼ ਤਾਈਂ ਆਬ ਬੁਝਾਵੇ ।
ਹੋਰ ਅਕਾਸ਼ ਨਿਆਰਾ ਹੈ ।

ਇਸ ਦੁਨੀਆਂ ਨੂੰ ਪਿਆ ਭੁਲਾਵਾ ।
ਐਵੇਂ ਰੋ ਰੋ ਹੋਵੇ ਫਾਵਾ ।
ਮੋਹ ਮੁਹੱਬਤ ਕੂੜਾ ਦਾਵਾ ।
ਕੌਨ ਕਿਸੀ ਦਾ ਪਿਆਰਾ ਹੈ ।

ਐਸਾ ਭੇਦ ਜੁ ਮਾਲਮ ਕਰਦਾ ।
ਚੌਥੇ ਪਦ ਪਰ ਧਿਆਨ ਸੋ ਧਰਦਾ ।
ਉਸਦੇ ਭਾਨੇ ਕੋਈ ਨ ਮਰਦਾ ।
ਗਿਆਨ ਬਿਬੇਕ ਬਿਚਾਰਾ ਹੈ ।

ਪਾਣੀ ਵਿਚ ਤਰੰਗ ਹਜ਼ਾਰਾਂ ।
ਭਾਂਡੇ ਮਿੱਟੀ ਬਾਝ ਸ਼ੁਮਾਰਾਂ ।
ਲੋਹਾ ਏਕ ਸ਼ਕਲ ਹਥਿਆਰਾਂ ।
ਏਕ ਅਨੇਕ ਪਸਾਰਾ ਹੈ ।

ਮਰਨੇ ਕੋਲੋਂ ਪਹਿਲੇ ਮਰ ਤੂੰ ।
ਮੌਤੋਂ ਫੇਰ ਨ ਹਰਗਿਜ਼ ਡਰ ਤੂੰ ।
ਅੱਗੇ ਗੁਰ ਪੂਰੇ ਸਿਰ ਧਰ ਤੂੰ ।
ਕਿਸ਼ਨ ਸਿੰਘ ਇਹ ਚਾਰਾ ਹੈ ।

9. ਮੈਥੀਂ ਨਾਹੀਂ ਰਬ ਜੁਦਾ

ਜਾਂ ਮੁਰਸ਼ਦ ਨੇ ਰਮਜ਼ ਬਤਾਈ ।
ਤਾਂ ਮੈਂ ਮੈਥੀਂ ਆਪ ਮਿਟਾਈ ।
ਖ਼ੁਦੀ ਛੋੜ ਖ਼ੁਦ ਹੋਏ ਭਾਈ ।
ਜਿਤ ਵਲ ਦੇਖਾਂ ਆਪ ਖ਼ੁਦਾ ।

ਦੇਖ ਤਰੰਗ ਹੋਯਾ ਜਦ ਫ਼ਾਨੀ ।
ਮਿਲਿਆ ਜਾਇ ਸਮੁੰਦਰ ਪਾਨੀ ।
ਮਿਲ ਜਾਨੀ ਨੂੰ ਹੋਇ ਜਾਨੀ ।
ਪਹਿਲੇ ਅਪਨਾ ਆਪ ਵੰਜਾ ।

ਮੈਨਾ ਮੈਨਾ ਮੈਨਾ ਕਰਦੀ ।
ਖਾਂਦੀ ਪੀਂਦੀ ਮੂਲ ਨ ਡਰਦੀ ।
ਮੈਂ ਮੈਂ ਕਰਦੀ ਬਕਰੀ ਮਰਦੀ ।
ਮੈਂ ਤੂੰ ਛੋਡ ਖ਼ੁਦਾ ਹੋ ਜਾ ।

ਮੈਂ ਨੂੰ ਛੋਡ ਮਿਲੇ ਆ ਮੈਨੂੰ ।
ਤਾਂ ਮੈਂ ਭੇਦ ਬਤਾਵਾਂ ਤੈਨੂੰ ।
ਹੈਂ ਹਰਿ ਆਪ ਢੂੰਡਨਾ ਕੈਨੂੰ ।
ਘਰ ਵਿਚ ਭਾਲ ਨ ਬਾਹਰ ਜਾ ।

ਜਾਂ ਮੈਂ ਛੋਡੀ ਆਪ ਪਿਆਰੇ ।
ਆਪੇ ਆਪ ਹੋਏ ਫਿਰ ਸਾਰੇ ।
ਜਯੋਂ ਸੁਫ਼ਨੇ ਦੇ ਥੀਏ ਪਸਾਰੇ ।
ਜਾਗਿਆ ਮੈਂ ਬਿਨ ਕੁਛ ਨ ਥਾ ।

ਛੋੜ ਖ਼ੁਦੀ ਖ਼ੁਦ ਹੋ ਕੇ ਰਹੀਏ ।
ਅਨਲਹੱਕ ਜ਼ੁਬਾਨੋਂ ਕਹੀਏ ।
ਵਹਦਤ ਦੇ ਘਰ ਥਿਰ ਹੋ ਬਹੀਏ ।
ਓਥੇ ਮੈਂ ਤੂੰ ਕੁੱਲ ਫ਼ਨਾ ।

ਕਿਸ਼ਨ ਸਿੰਘ ਕਿਆ ਆਖ ਸੁਨਾਈਏ ।
ਹਰਿ ਹਰਿ ਜਾਨ ਹਰਿ ਹੋ ਜਾਈਏ ।
ਨਾ ਕੁਛ ਖੋਈਏ ਨਾ ਕੁਛ ਪਾਈਏ ।
ਦੁਖ ਗਿਆ ਕੀ ਕਰਾਂ ਦੁਆ ।

10. ਜਿਤ ਵਲ ਦੇਖਾਂ ਯਾਰੋ ਯਾਰ

ਸਾਕੀ ਐਸਾ ਦੇਹ ਪਿਆਲਾ ।
ਜਿਸ ਪੀ ਮੈਂ ਹੋਵਾਂ ਮਤਵਾਲਾ ।
ਦੁਨੀਆਂ ਹੋਵੇ ਖ਼ਾਬ ਖ਼ਿਆਲਾ ।
ਦਿਲ ਤੋਂ ਦੂਜਾ ਦਿਆਂ ਵਿਸਾਰ ।

ਖੋਲ੍ਹ ਦਿਲੇ ਦੇ ਨੈਣ ਹਮਾਰੇ ।
ਦਿਲਬਰ ਦਾ ਮੂੰਹ ਦੇਖਾਂ ਸਾਰੇ ।
ਨਾਹੁਨ ਅਕਰਬ ਸਮਝ ਪਿਆਰੇ ।
ਸ਼ਾਹਰਗ ਨੇੜੇ ਹੈ ਦਿਲਦਾਰ ।

ਆਪੇ ਅਪਣਾ ਰੂਪ ਵਟਾਇਆ ।
ਜਿਉਂ ਇਕ ਬੀਜੋਂ ਬ੍ਰਿਛ ਬਨਾਇਆ ।
ਕੁਨ ਫ਼ਯਾਕੁਨ ਆਪ ਫ਼ਰਮਾਇਆ ।
ਇਕ ਤੋਂ ਹੋ ਗਿਆ ਐਡ ਪਸਾਰ ।

ਆਪੇ ਏਕ ਅਨੇਕ ਕਹਾਇਆ ।
ਬੇ ਸੂਰਤ ਸੂਰਤ ਵਿਚ ਆਇਆ ।
ਜਿਉਂ ਮਹਿੰਦੀ ਵਿਚ ਰੰਗ ਸਮਾਇਆ ।
ਹਰ ਗੁਲ ਦੇਖੋ ਹੈ ਗੁਲਜ਼ਾਰ ।

ਆਪੇ ਸਾਹਿਬ ਆਪੇ ਬਰਦਾ ।
ਆਪ ਡਰਾਵੇ ਆਪੇ ਡਰਦਾ ।
ਆਪੇ ਹੀ ਸਾਰੇ ਕੰਮ ਕਰਦਾ ।
ਪਰ ਹੈ ਬੇਗ਼ਮ ਤੇ ਬੇਕਾਰ ।

ਓਹੀ ਅੱਵਲ ਓਹੀ ਆਖ਼ਰ ।
ਓਹੀ ਬਾਤਨ ਓਹੀ ਜ਼ਾਹਿਰ ।
ਓਹੀ ਅੰਦਰ ਓਹੀ ਬਾਹਰ ।
ਓਹੀ ਰਚਿਆ ਵਿਚ ਸੰਸਾਰ ।

ਓਹੀ ਆਦਮ ਹੋ ਕੇ ਆਇਆ ।
ਬ੍ਰਹਮਾਂ ਬਿਸ਼ਨ ਮਹੇਸ਼ ਕਹਾਇਆ ।
ਰਾਮ ਕ੍ਰਿਸ਼ਨ ਹੋ ਜੁੱਧ ਮਚਾਇਆ ।
ਆਪ ਮੁਹੰਮਦ ਚਾਰੋ ਯਾਰ ।

ਆਪੇ ਈਸਾ ਹੈ ਪਰਧਾਨ ।
ਆਪੇ ਮੂਸਾ ਅਹਿਲ ਈਮਾਨ ।
ਸਭ ਸਿਉਂ ਮਿਲਿਆ ਜਿਉਂ ਤਨ ਜਾਨ ।
ਓਹੀ ਤੂਰ ਨੂਰ ਦੀਦਾਰ ।

ਆਪੇ ਆਸ਼ਕ ਇਸ਼ਕ ਕਮਾਵੇ ।
ਆਪੇ ਹੀ ਮਾਸ਼ੂਕ ਕਹਾਵੇ ।
ਆਪੇ ਲੈਲੀ ਬਨ ਕੇ ਆਵੇ ।
ਆਪੇ ਮਜਨੂੰ ਮਸਤ ਖ਼ੁਮਾਰ ।

ਆਪੇ ਹੀ ਮਨਸੂਰ ਕਹਾਇਆ ।
ਅਨਲਹੱਕ ਕਹ ਰੌਲਾ ਪਾਇਆ ।
ਸੂਲੀ ਚੜ੍ਹਕੇ ਢੋਲ ਵਜਾਇਆ ।
ਆਪ ਤਮਾਸ਼ਾ ਦੇਖਣ ਹਾਰ ।

ਕਿਧਰੇ ਰੋਵੇ ਕਿਧਰੇ ਹਸਦਾ ।
ਕਿਧਰੇ ਉਜੜੇ ਕਿਧਰੇ ਵਸਦਾ ।
ਆਪੇ ਹਰ ਰੰਗ ਦੇ ਵਿਚ ਰਸਦਾ ।
ਹੈ ਰਸ ਰਸੀਆ ਰਾਵਣ ਹਾਰ ।

ਬਿਜਲੀ ਸੂਰਜ ਚੰਦ ਸਤਾਰੇ ।
ਦੇਖ ਉਸੀ ਦੇ ਜਲਵੇ ਸਾਰੇ ।
ਸੂਰਜ ਜਲ ਵਿਚ ਸ਼ੋਹਲੇ ਮਾਰੇ ।
ਜਿਉਂ ਸਾਇਆ ਉਸਦਾ ਚਮਕਾਰ ।

ਕਿਆ ਕਹੀਏ ਕੁਛ ਕਹਿਆ ਨ ਜਾਵੇ ।
ਸੁਵਾਂਗੀ ਸੁਵਾਂਗ ਅਨੇਕ ਦਿਖਾਵੇ ।
ਓਹੀ ਨਰ ਨਾਰੀ ਬਣ ਆਵੇ ।
ਕਰ ਕੇ ਹੋਰੋ ਹੋਰ ਸ਼ਿੰਗਾਰ ।

ਜੇ ਕੋਈ ਅਪਣਾ ਆਪ ਗਵਾਵੇ ।
ਸੋ ਉਸ ਸਾਹਿਬ ਤਾਈਂ ਪਾਵੇ ।
ਦਿਲ ਦੇਵੇ ਦਿਲਬਰ ਨੂੰ ਪਾਵੇ ।
ਹੋਰ ਕਿਸੇ ਸਿਉਂ ਕਰੇ ਨਾ ਪਿਆਰ ।

ਆਖ ਕਿਸ਼ਨ ਸਿੰਘ ਹੁਨ ਕੀ ਕਰੀਏ ।
ਆਸ਼ਕ ਹੋਇ ਉਸੇ ਦੇ ਮਰੀਏ ।
ਦਿਲਬਰ ਦੇ ਦਰ ਪਰ ਸਿਰ ਧਰੀਏ ।
ਬੇ ਗ਼ਮ ਹੋਈਏ ਆਪ ਨਿਵਾਰ ।

 

To veiw this site you must have Unicode fonts. Contact Us

punjabi-kavita.com