Khusbo Da Kunba : Buta Singh Chauhan

ਖ਼ੁਸ਼ਬੋ ਦਾ ਕੁਨਬਾ (ਗ਼ਜ਼ਲ ਸੰਗ੍ਰਹਿ) : ਬੂਟਾ ਸਿੰਘ ਚੌਹਾਨ




ਉਚਾਈ ਤੋਂ ਦਿਸਣ ਲਈ

ਉਚਾਈ ਤੋਂ ਦਿਸਣ ਲਈ ਪੈਰ ਵੀ ਨਾ ਪੁੱਟਿਆ ਹੁੰਦਾ ਤੇਰੀ ਅੱਖ ਦਾ ਜੇ ਬਣਕੇ ਖ਼ਾਬ ਨਾ ਮੈਂ ਟੁੱਟਿਆ ਹੁੰਦਾ ਨਹੀਂ ਰਹਿੰਦੀ ਕਿਸੇ ਦੀ ਰਾਖਵੀਂ ਥਾਂ ਸ਼ਾਖ ਦੇ ਉੱਤੇ ਕਰੂੰਬਲ ਫੁੱਟ ਆਉਂਦੀ ਜਿੱਥੋਂ ਪੱਤਾ ਟੁੱਟਿਆ ਹੁੰਦਾ ? ਬੜਾ ਭਰਿਆ ਉਹੋ ਜਦ ਛਲਕਿਆ ਨਾ ਫਿਰ ਪਤਾ ਲੱਗਿਆ ਸਬੂਤਾ ਦਿਸ ਰਿਹਾ ਬਰਤਨ ਵੀ ਵਿੱਚੋਂ ਫੁੱਟਿਆ ਹੁੰਦਾ ਜਿਗਰ ’ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦੈ ਕਦੇ ਜੋ ਆਪ ਮੇਲਾ ਆਦਮੀ ਨੇ ਲੁੱਟਿਆ ਹੁੰਦਾ ਨਹੀਂ ਮੁਹਥਾਜ ਹੁੰਦਾ ਖੂਹ ਦੇ ਵਾਂਗੂ ਲਾਉਣ ਵਾਲ਼ੇ ਦਾ ਰੜੇ ਮੈਦਾਨ ਵਿਚ ਚਸ਼ਮਾ ਜੋ ਆਪੇ ਫੁੱਟਿਆ ਹੁੰਦਾ

ਖ਼ੂਬਸੂਰਤ ਮੋੜ ਆਇਆ ਜ਼ਿੰਦਗੀ ਵਿਚ

ਖ਼ੂਬਸੂਰਤ ਮੋੜ ਆਇਆ ਜ਼ਿੰਦਗੀ ਵਿਚ ਹੋਰ ਇਕ ਚੀਰ ਕੇ ਨ੍ਹੇਰਾ ਮੇਰੇ ਵੱਲ ਆ ਰਹੀ ਲਿਸ਼ਕੋਰ ਇਕ ਮੇਰੀ ਥਾਂਵੇਂ ਹੋਰ ਕੋਈ ਛਣਕਦਾ ਹੈ ਜਾਂ ਨਹੀਂ ਪੁੱਛਦਾ ਝਾਂਜਰ ਤੇਰੀ ਦਾ ਟੁੱਟਿਆ ਮੈਂ ਬੋਰ ਇਕ ਨਾਲ਼ ਦੀ ਪੈਲ਼ੀ ਦੀ ਕੀ ਹਿੰਮਤ ਸੀ ਪਾਣੀ ਜੀਰਦੀ ਖੇਤ ਦੀ ਵੱਟ ਜੇ ਨਾ ਹੁੰਦੀ ਅੰਦਰੋਂ ਕਮਜ਼ੋਰ ਇਕ ਵਾਧੇ ਘਾਟੇ ਜ਼ਿੰਦਗੀ ਦਾ ਅੰਗ ਨੇ ਤੇ ਰਹਿਣਗੇ ਕਰ ਜਤਨ ਤੇਰੀ ਰਹੇ ਹਰ ਦੌਰ ਦੇ ਵਿਚ ਤੋਰ ਇਕ ਕਾਦ੍ਹੀਆਂ ਗ਼ਜ਼ਲਾਂ ਇਹ ਕਾਦ੍ਹੇ ਰਾਗ ਇਹ ਕਾਦ੍ਹੇ ਨੇ ਤਾਲ ਮੇਰੀ ਰੂਹ 'ਚੋਂ ਬਿਲਕਦਾ ਹੈ ਖੰਭ ਹੀਣਾ ਮੋਰ ਇਕ

ਅਪਣੇ ਭਾਰ ਦੇ ਨਾਲ਼ ਜਰਾਕੇ ਖਾ ਗਏ

ਅਪਣੇ ਭਾਰ ਦੇ ਨਾਲ਼ ਜਰਾਕੇ ਖਾ ਗਏ ਵੱਡੇ ਡਾਣ੍ਹੇ ਖੇਤਾਂ ਦੇ ਵਿਚ ਵੱਟਾਂ ਪਈਆਂ ਖਿੰਡ ਗਏ ਵੱਡੇ ਲਾਣੇ ਅੱਜ ਕਿਸੇ ਦੀ ਕੱਲ੍ਹ ਕਿਸੇ ਦੀ ਝੋਲ਼ੀ ਪੈ ਜਾਂਦੇ ਨੇ ਦਾਣੇ ਪੈਦਾ ਕਰਦੇ ਕਰਦੇ ਲੋਕੀ ਹੋ ਗਏ ਦਾਣੇ ਪਹਿਲਾਂ ਪੈਲ਼ੀ ਦੇ ਰੌਲ਼ੇ ਵੀ ਸੱਥ ਨਹੀਂ ਸੀ ਟੱਪਦੇ ਨਿੱਕੇ-ਨਿੱਕੇ ਬੋਲ ਬੁਲਾਰੇ ਹੁਣ ਜਾ ਵੜਦੇ ਥਾਣੇ ਜਦੋਂ ਪਤਾ ਹੈ ਸਭ ਨੂੰ ਏਹੇ ਕਿਹੜਾ ਕੀਹਨੂੰ ਨਿਗਲ਼ੇ ਫਿਰ ਵੀ ਲੋਕੀ ਆਖੀ ਜਾਂਦੇ ਉਹਦੀਆਂ ਓਹੀ ਜਾਣੇ ਮਿੱਤਰਾਂ ਦਾ ਪਿੰਡ ਲੱਗਣੋ ਹਟਿਆ ਸਿਵਿਆਂ ਕੋਲ਼ੇ ਜਾ ਕੇ ਖਿੱਲਾਂ ਦੀ ਮੁੱਠੀ ’ਚੋਂ ਨਿਕਲੇ ਚਾਰ ਕੁ ਮਸਾਂ ਮਖਾਣੇ

ਮੌਸਮ ਤੇਰੇ ਹੱਕ 'ਚ ਭੁਗਤੇ ਦੁਆ ਮੇਰੀ

ਮੌਸਮ ਤੇਰੇ ਹੱਕ 'ਚ ਭੁਗਤੇ ਦੁਆ ਮੇਰੀ ਪੌਣ ਵੀ ਤੈਥੋਂ ਪੁੱਛ ਕੇ ਰੁਮਕੇ ਦੁਆ ਮੇਰੀ ਸੂਰਜ ਦਾ ਮੂੰਹ ਤੇਰੇ ਘਰ ਵੱਲ ਹੋ ਜਾਵੇ ਚਾਨਣ ਜਾਵੇ ਛਣਕੇ ਪੁਣਕੇ ਦੁਆ ਮੇਰੀ ਓਨ੍ਹਾਂ ਵਿੱਚੋਂ ਕੋਈ ਸੁਪਨਾ ਟੁੱਟੇ ਨਾ ਅੱਖਾਂ ਦੇਣ ਜੋ ਤੈਨੂੰ ਬੁਣਕੇ ਦੁਆ ਮੇਰੀ ਪੱਥਰ ਪਿਘਲਣ ਪੌਣ ਰੁਮਕਣਾ ਭੁੱਲ ਜਾਵੇ ਜਿੱਥੇ ਬੋਲੇ ਤੈਨੂੰ ਸੁਣਕੇ ਦੁਆ ਮੇਰੀ ਜਿਹੜਾ ਬੂਟਾ ਲਾਵੇਂ ਓਹੀ ਬਿਰਖ ਬਣੇ ਕੋਈ ਵੀ ਪੱਤਾ ਨਾ ਝੁਲਸੇ ਦੁਆ ਮੇਰੀ

ਸੁਕਾਵੇ ਗੁਲਸਤਾਂ ਪਤਝੜ

ਸੁਕਾਵੇ ਗੁਲਸਤਾਂ ਪਤਝੜ ਤੁਸੀਂ ਆਬਾਦ ਕਰ ਲੈਣਾ ਜਿਨ੍ਹਾਂ ਨੂੰ ਚਾਹਿਆ ਹੋਵੇ ਉਨ੍ਹਾਂ ਨੂੰ ਯਾਦ ਕਰ ਲੈਣਾ ਰੁਕੇ ਜੀਵਨ ਨੂੰ ਕਿੱਦਾਂ ਤੋਰਨਾ ਜੇ ਸਮਝ ਨਾ ਆਵੇ ਕਿਸੇ ਫੁਟਦੀ ਕਰੂੰਬਲ ਨਾਲ਼ ਤੂੰ ਸੰਵਾਦ ਕਰ ਲੈਣਾ ਘਟੀ ਥਾਂ ਦਾ ਹੀ ਸੂਚਕ ਹੈ ਤੇਰੇ ਜੋ ਦਿਲ ’ਚ ਮੇਰੀ ਸੀ ਖ਼ਤਾ ਨਿੱਕੀ ਜੀ ਹੋਈ ਤੋਂ ਖੜ੍ਹਾ ਜੇਹਾਦ ਕਰ ਲੈਣਾ ਚੁਕਾਉਣਾ ਕਰਜ਼ ਜੇ ਹੋਇਆ ਮੇਰੇ ਅਹਿਸਾਨ ਕੀਤੇ ਦਾ ਮੇਰੇ ਤੋਂ ਜੋ ਨਾ ਹੋ ਸਕਿਆ ਮੇਰੇ ਤੋਂ ਬਾਅਦ ਕਰ ਲੈਣਾ ਉਸਾਰੋਗੇ ਤੁਸੀਂ ਜੋ ਵੀ ਉੱਸਰ ਜਾਵੇਗਾ ਉਸ ਉੱਤੇ ਮੈਂ ਅਪਣੀ ਹੋਂਦ ਨੂੰ ਨਿਰਮਾਣ ਦੀ ਬੁਨਿਆਦ ਕਰ ਲੈਣਾ

ਲੰਘ ਗਏ ਪਾਣੀ ਨੇ ਆ ਕੇ

ਲੰਘ ਗਏ ਪਾਣੀ ਨੇ ਆ ਕੇ ਕਦੇ ਨਾ ਸੁੱਕਾ ਖੇਤ ਰਮਾਉਣਾ ਅੱਜ ਦਾ ਦਿਨ ਬੱਸ ਅੱਜ ਲਈ ਹੈ ਅੱਜ ਦੇ ਦਿਨ ਨੇ ਕੱਲ੍ਹ ਨੀ ਆਉਣਾ ਪਹਿਲਾਂ ਤੋਂ ਚੋਗਾ ਕੱਢਾਂ ਪਿੱਛੋਂ ਅੱਧ-ਪਚੱਧ ਖਿਲਾਰਾਂ ਅਧਮੋਈਆਂ ਚਿੜੀਆਂ ਤੋਂ ਦਾਨੀ ਏਸ ਤਰ੍ਹਾਂ ਨੀ ਮੈਂ ਅਖਵਾਉਣਾ ਕੀਤੇ ਹੋਏ ਰੰਗਾਂ ਵਿੱਚੋਂ ਨਕਸ਼ ਓਸਦੇ ਦਿਸਦੇ ਰਹਿੰਦੇ ਕਦੇ ਬਿਗਾਨੀ ਨੀਂਹ ਦੇ ਉੱਤੇ ਚਾਹੀਦਾ ਨੀ ਮਹਿਲ ਬਣਾਉਣਾ ਗੱਲ ਖੜ੍ਹੀ ਹੈ ਓਸੇ ਥਾਂ 'ਤੇ ਗੱਲ ਤੁਰੇਗੀ ਅੱਗੇ ਕਿੱਦਾਂ ਜਾਂਦਾ ਆਉਦੇ ਨੂੰ ਦੱਸ ਦਿੰਦਾ ਅਪਣੀ ਪੈੜ ’ਚ ਪੈਰ ਟਿਕਾਉਣਾ ਕੀ ਹੋਇਆ ਮੈਂ ਕੰਧ ’ਚ ਉੱਗਿਆ ਦਿੱਸਾਂਗਾ ਮੈਂ ਉਸ ਵਿੱਚੋਂ ਵੀ ਮੇਰੀ ਯਾਦ ’ਚ ਅਪਣੇ ਘਰ ਵਿੱਚ ਚੰਦਨ ਦਾ ਇਕ ‘ਬੂਟਾ’ ਲਾਉਣਾ

ਰੰਗ ਹੀਣੀ ਜ਼ਿੰਦਗੀ ਵਿਚ

ਰੰਗ ਹੀਣੀ ਜ਼ਿੰਦਗੀ ਵਿਚ ਰੰਗ ਭਰਨੇ ਪੈਣਗੇ ਜੋ ਸਮੁੰਦਰ ਡੋਬਣਾ ਚਾਹੁੰਦੇ ਨੇ ਤਰਨੇ ਪੈਣਗੇ ਬੱਚਿਆਂ ਨੂੰ ਕੀ ਪਤਾ ਸੀ ਰੇਤ ਦੇ ਘਰ ਪਾਉਂਦਿਆਂ ਵੱਡਿਆਂ ਦੇ ਪੁੱਟੇ ਹੋਏ ਖੂਹ ਵੀ ਭਰਨੇ ਪੈਣਗੇ ਕੱਦ ਕਰਨਾ ਲੋਚਦੇ ਹੋ ਯਾਦ ਇਹ ਵੀ ਰੱਖਣਾ ਬੌਨਿਆਂ ਦੇ ਤੀਰ ਵੀ ਪਿੰਡੇ 'ਤੇ ਜਰਨੇ ਪੈਣਗੇ ਸੁੱਕ ਰਹੀਆਂ ਬੇਰੀਆਂ ਦੀ ਖ਼ੈਰ ਚਾਹੁੰਦੇ ਜੇ ਤੁਸੀਂ ਅਮਰ ਵੇਲਾਂ ਦੇ ਪਸਾਰੇ ਨਾਸ ਕਰਨੇ ਪੈਣਗੇ ਸਾਉਣ ਦਾ ਬਣਕੇ ਛੜਾਕਾ ਜੇ ਨਾ ਲੋਆਂ ਠਾਰੀਆਂ ਸੋਕਿਆਂ ਦੀ ਜੂਨ ਸਾਡੇ ਵਹਿਣ ਝਰਨੇ ਪੈਣਗੇ

ਕੌਣ ਦਸਦੈ ਕਿਸ ਬਦੌਲਤ

ਕੌਣ ਦਸਦੈ ਕਿਸ ਬਦੌਲਤ ਓਸਨੂੰ ਸ਼ੋਹਰਤ ਮਿਲੀ ਕੰਧ ਨੂੰ ਰਖਦੀ ਲੁਕੋ ਕੇ ਵੇਲ ਫੁੱਲਾਂ ਦੀ ਖਿਲੀ ਹੁਣ ਇਕ ਸੀਮਾ ਤੱਕ ਹੀ ਮੈਂ ਸੋਕਿਆਂ 'ਤੇ ਬਰਸਦਾਂ ਸ਼ੱਕ ਦੇ ਘੇਰੇ 'ਚ ਲੱਗ ਪਈ ਆਉਣ ਹੁਣ ਦਰਿਆ ਦਿਲੀ ਬੇ -ਅਥਾਹ ਬੰਦੇ ਫਰੋਲੇ ਇਕ ਥਾਂ ਨਾ ਲੱਭੀਆਂ ਸਾਫ਼ਗੋਈ, ਸਹਿਣ ਸ਼ਕਤੀ, ਖੁਲਦਿਲੀ, ਜਿੰਦਾਦਿਲੀ ਸਾਹ ਜਿਉਂਦਾ ਰੱਖਦੇ ਨੇ ਆਦਮੀ ਨੂੰ ਮਰਨ ਤੱਕ ਬਾਅਦ ਵਿਚ ਰਖਦੀ ਜਿਉਂਦਾ ਹਿਰਦਿਆਂ ਵਿਚ ਥਾਂ ਮਿਲੀ ਉੱਪਰੋਂ ਨੇੜੇ ਲਿਆ ਵਿੱਚੋਂ ਵਧਾਉਂਦੇ ਦੂਰੀਆਂ ਰਹਿਬਰਾਂ ਨੇ ‘ਬੂਟਿਆ’ ਪਾਟੀ ਲੋਕਾਈ ਨਾ ਸਿਲੀ

ਵੱਖਰੇ ਰਸਤੇ ਕੱਢਣ ਵਾਲੇ ਟਾਵੇਂ-ਟਾਵੇਂ ਆਉਂਦੇ

ਵੱਖਰੇ ਰਸਤੇ ਕੱਢਣ ਵਾਲੇ ਟਾਵੇਂ-ਟਾਵੇਂ ਆਉਂਦੇ ਬਾਕੀ ਪਾਲਣਹਾਰਿਆਂ ਦੇ ਹੀ ਜੀਵਨ ਨੂੰ ਦੁਹਰਾਉਂਦੇ ਘੁੰਮਣਘੇਰੀ ਪਾਈ ਰਖਦੇ ਤਣ ਪੱਤਣ ਨੀਂ ਲਾਉਂਦੇ ਪੁਣ ਪੁਣ ਪਾਣੀ ਪੀਂਦੇ ਜਿਹੜੇ ਰੱਤ ਦੇ ਨਾਲ਼ ਨਹਾਉਂਦੇ ਸ਼ੀਸ਼ੇ ’ਚੋਂ ਹੀ ਦਿਸਦਾ ਹੁੰਦਾ, ਅਪਣੇ ਵਰਗਾ ਦੂਜਾ ਜੀਵਨ ਵਿੱਚੋਂ ਲਭਦੇ ਲਭਦੇ ਲੋਕੀ ਜੂਨ ਗੰਵਾਉਂਦੇ ਅਪਣੇ ਆਪ ਨੂੰ ਉੱਚਾ ਕਰਦਾ ਰਹਿੰਨਾਂ ਏਸੇ ਕਰਕੇ ਨੀਵੇਂ ਹੋਏ ਚੰਦਰਮਾ ’ਤੇ ਬੌਨੇ ਵੀ ਲਲਚਾਉਂਦੇ ਅਣਹੋਣੀ ਨੂੰ ਹੋਣੀ ਕੀਤਾ ਜਾ ਸਕਦੈ ਦੱਸਣ ਲਈ ਮੀਂਹ ਤੇ ਮੌਸਮ ਪਿੱਪਲ ਬੋਹੜ ਕੰਧਾਂ ਵਿੱਚ ਉਗਾਉਂਦੇ ’ਕੱਲੇ ’ਕੱਲੇ ਪੱਥਰ ਵਿੱਚੋਂ ਨਕਸ਼ ਪਛਾਣੋ ਕਿਸਦੇ ਸੱਤ ਬਿਗਾਨੇ ਬੇੜੀ ’ਤੇ ਨੀ ਪੱਥਰਾਂ ਦੀ ਮੀਂਹ ਪਾਉਂਦੇ ਚਾਹੁੰਦੇ ਜਿਹੜੇ ਪੱਤਿਆਂ ਉੱਤੇ ਧੂੜ ਨਾ ਗਲਬਾ ਪਾਵੇ ਨੀਵੀਂ ਥਾਂਵੇਂ ਉੱਗੇ ਬੂਟੇ ਓਹੀ ਕੱਦ ਵਧਾਉਂਦੇ

ਇੱਕੋ ਜਿਹੀਆਂ ਚੀਜ਼ਾਂ ਦੇ ਸੰਗ

ਇੱਕੋ ਜਿਹੀਆਂ ਚੀਜ਼ਾਂ ਦੇ ਸੰਗ ਭਾਵੇਂ ਸਭਦੇ ਘਰ ਬਣਦੇ ਬਾਸ਼ਿੰਦਿਆਂ ਦੀ ਸੋਚ ਮੁਤਾਬਿਕ ਉੱਚੇ-ਨੀਵੇਂ ਦਰ ਬਣਦੇ ਦੁਨੀਆਂਦਾਰੀ ਦੇ ਸਭ ਰੁਤਬੇ ਦਰਦ ਝਮੇਲੇ ਡਰ ਬਣਦੇ ਸ਼ਿਵ ਦੇ ਵਾਂਗੂ ਟਾਵੇਂ-ਟਾਵੇਂ ਗੀਤਾਂ ਦੇ ਸਰਵਰ ਬਣਦੇ ਬਚਪਨ ਦੀ ਦਹਿਲੀਜ਼ ਉਦੋਂ ਟੱਪ ਜਾਂਦੈ ਬੱਚਾ ਜਾਣੇ ਜਦ ਹੱਥ ’ਤੇ ਮਿੱਟੀ ਥਾਪੜ ਥਾਪੜ ਖੇਡਣ ਲਈ ਹੀ ਘਰ ਬਣਦੇ ਲੋਕ ਸਿਆਣੂ ਕੈਂਚੀ ਦੇ ਹੀ ਕੁਨਬੇ ਵਿੱਚੋਂ ਹੁੰਦੇ ਨੇ ਲੋਕ ਪਛਾਣਨ ਵਾਲ਼ੇ ਅੰਬਰੀਂ ਉੱਡਣ ਦੇ ਲਈ ਪਰ ਬਣਦੇ ਮਨ ਬਹਿਲਾਇਆ ਜਾ ਸਕਦਾ ਹੈ ਕੰਢੇ ਖੜਕੇ ਝੀਲਾਂ ਦੇ ਖੂਹਾਂ ਵਰਗੇ ਡੂੰਘੇ ਬੰਦੇ ਡੂੰਘੇ ਸਾਗਰ ਤਰ ਬਣਦੇ

ਹਰਿਕ ਚਿਹਰੇ 'ਤੇ ਜੇ ਮੁਸਕਾਨ ਹੁੰਦੀ

ਹਰਿਕ ਚਿਹਰੇ 'ਤੇ ਜੇ ਮੁਸਕਾਨ ਹੁੰਦੀ ਤੁਹਾਡੀ ਰਹਿਬਰੀ ਪ੍ਰਵਾਨ ਹੁੰਦੀ ਕਿਸੇ ਦੇ ਰੰਗ ਵਿਚ ਨਾ ਰੰਗ ਖ਼ੁਦ ਨੂੰ ਨਵੇਂ ਰੰਗਾਂ ਦੇ ਵਿਚ ਪਹਿਚਾਨ ਹੁੰਦੀ ਸੰਪੂਰਨ ਕੌਣ ਏਥੇ ਹਰ ਕਿਸੇ ਦੀ ਕਿਸੇ ਦੀ ਜਾਨ ਦੇ ਵਿਚ ਜਾਨ ਹੁੰਦੀ ਹਰਿਕ ਗੱਲ ਮੰਨ ਲੈਂਦੀ ਦਿਲ ਕਹੇ ਜੋ ਜਵਾਨੀ ਇਸ ਲਈ ਨਾਦਾਨ ਹੁੰਦੀ ਰਿਹਾ ਜਾਂਦਾ ਨਾ ਦੁੱਖ ਦੱਸੇ ਬਿਨਾਂ ਵੀ ਤੁਹਾਨੂੰ ਪੀੜ ਵੀ ਨਾ ਦਾਨ ਹੁੰਦੀ ਉਗਾਉਣੇ ਅੱਗ ਦੇ ਵਿਚ ਫੁੱਲ ਔਖੇ ਸਲਾਹ ਦੇਣੀ ਬੜੀ ਆਸਾਨ ਹੁੰਦੀ

ਹੰਢਾਊ ਧੁੱਪ ਲੋਅ ਸੂਰਜ ਦੀ

ਹੰਢਾਊ ਧੁੱਪ ਲੋਅ ਸੂਰਜ ਦੀ ਅੱਖ ’ਚ ਅੱਖ ਵੀ ਪਾਊ ਉਹ ਬੂਟਾ ਹੈ ਮੁਸਾਫ਼ਿਰ ਨੀ ਕਿਸੇ ਦੀ ਛਾਂ ’ਚ ਬਹਿ ਜਾਊ ਬਣਾਉਣੀ ਏਹੋ ਪੈਣੀ ਖ਼ੂਬਸੂਰਤ ਚਿਹਰਿਆਂ ਵਰਗੀ ਕਿਰਾਏ ਦਾ ਨਹੀਂ ਘਰ ਜ਼ਿੰਦਗੀ ਕਿ ਹੋਰ ਮਿਲ ਜਾਊ ਤੂੰ ਪੁੱਛਦੈਂ ਰੋਜ਼ ਮੇਰਾ ਹਾਲ ਪਰ ਇਹ ਵੀ ਕਦੇ ਦਸਦੇ ਨਿਮਾਣਾ ਹੋ ਗਿਆ ਜੇ ਗੱਲ ਕਿਹੜੇ ਸ਼ਖ਼ਸ ’ਤੇ ਆਊ ਵਹਿਣ ਵਰਗੇ ਜਦੋਂ ਬੰਦੇ ਅਸੀਂ ਟੀਸੀ 'ਤੇ ਪਹੁੰਚਾਏ ਉਤਾਂਹੋਂ ਫੇਰ ਪਾਣੀ ਨੀਵੀਂਆਂ ਥਾਵਾਂ ਨੂੰ ਗਲ਼ ਲਾਊ ਹਰਿਕ ਪੰਛੀ ਦੇ ਚੋਗੇ ਦੀ ਕਮੀ ਜੇ ਓਸ ਵਿਚ ਹੋਈ ਸੁਤੇ ਸਿਧ ਪੰਛੀਆਂ ਦੀ ਡਾਰ ਤੇਰੇ ਗੀਤ ਨੂੰ ਗਾਊ

ਅਪਣਾ ਕੋਰਾ ਮਨ ਰੰਗਣ ਲਈ

ਅਪਣਾ ਕੋਰਾ ਮਨ ਰੰਗਣ ਲਈ ਹਰ ਕੋਈ ਰੰਗ ਮੰਗੇ ਅਪਣੇ ਰੰਗ 'ਚ ਆਲਾ ਦੁਆਲ਼ਾ ਕੋਈ ਕੋਈ ਰੰਗੇ ਸਿੱਕੇ ਵਾਂਗੂੰ ਚੱਲਣ ਦੀ ਜੇ ਰੀਝ ਮਚਲਦੀ ਹੋਵੇ ਸਿੱਕੇ ਵਾਂਗੂੰ ’ਥੇਲੀ ਉਤੇ ਧਰਕੇ ਖ਼ੁਦ ਨੂੰ ਅੰਗੇ ਤੂੰ ਵੀ ਉੱਚਾ ਮੈਂ ਵੀ ਉੱਚਾ ਫ਼ਰਕ ਦੋਹਾਂ ਵਿਚ ਏਹੋ ਮੈਨੂੰ ਬੰਦੇ, ਬੰਦੇ ਦਿਸਦੇ ਤੈਨੂੰ ਕੀਟ ਪਤੰਗੇ ਕੁਰਸੀ ਅੱਜ ਕੱਲ੍ਹ ਏਸ ਤਰ੍ਹਾਂ ਦੇ ਬੰਦੇ ਸਿਰਜਣ ਲੱਗੀ ਡੰਗਿਆ ਹੋਇਆ ਜਿਨ੍ਹਾਂ ਦਾ ਨਾ ਬੰਦਾ ਪਾਣੀ ਮੰਗੇ ਅਤਾ ਪਤਾ ਨਾ ਕੋਲ਼ੇ ਕੋਈ ਫਿਰ ਵੀ ਭਾਲ ਰਹੇ ਹਾਂ ਖੌਰੇ ਕਿਹੜੀ ਕੂਟ ਤੁਰ ਗਏ ਜੀਵਨ ’ਚੋਂ ਦਿਨ ਚੰਗੇ

ਇਸ ਤਰ੍ਹਾਂ ਦੇ ਦਿਨ ਬੜੇ ਜੀਵਨ 'ਚ ਆਏ

ਇਸ ਤਰ੍ਹਾਂ ਦੇ ਦਿਨ ਬੜੇ ਜੀਵਨ 'ਚ ਆਏ ਉਲਝਦੇ ਪੈਰੀਂ ਰਹੇ ਮੇਰੇ ਹੀ ਸਾਏ ਬਣਨ ਅਪਣੇ ਆਪ ਜੋ ਨਿਭਦੇ ਉਹੀ ਨੇ ਰਾਸ ਨਾ ਆਉਂਦੇ ਕਦੇ ਵੀ ਪੁਲ਼ ਬਣਾਏ ਆਖਿਆ ਸੀ ਓਸਨੇ ਭੁੱਲ ਜਾਈਂ ਮੈਨੂੰ ਮੋਤੀਆਂ ਦੇ ਥਾਲ਼ ਨਾ ਜਾਂਦੇ ਲੁਟਾਏ ਜ਼ਬਤ ਰੱਖਣਾ ਥਲ ’ਚ ਅਪਣੇ ਆਪ ਉੱਤੇ ਪਿਆਸ ਦਾ ਹੈ ਕੀ ਵਿਸਾਹ ਕਿੱਧਰ ਲਿਜਾਏ ਮਹਿਕਿਆ ਬੂਟਾ ਮੈਂ ਵਿੱਚੋਂ ਸਹਿਕਦਾ ਹਾਂ ਮਹਿਕ ਜਿੱਥੇ ਲੋਚਦੀ ਪਹੁੰਚਾ ਹਵਾਏ

ਇਕ ਦੂਜੇ ਦੇ ਸਾਹੀਂ ਘੁਲ਼ਕੇ

ਇਕ ਦੂਜੇ ਦੇ ਸਾਹੀਂ ਘੁਲ਼ਕੇ ਖਹਿੜਾ ਛੱਡ ਵਗੋਣ ਦਾ ਖੌਰੇ ਦੌਰ ਕਦੋਂ ਆਵੇਗਾ ਖ਼ੁਸ਼ ਕਰਕੇ ਖ਼ੁਸ਼ ਹੋਣ ਦਾ ਜ਼ਿੰਦਗੀਏ! ਤੂੰ ਮੈਨੂੰ ਕਾਹਤੋਂ ਐਸੀ ਥਾਂ ਨੀ ਲੈ ਜਾਂਦੀ ਜਿੱਥੇ ਝੇੜਾ ਹੋਵੇ ਹੀ ਨਾ ਖੱਟਣ ਦਾ ਨਾ ਖੋਣ ਦਾ ਨਵਾਂ ਕਿਨਾਰਾ ਸੋਨੇ ਦਾ ਵੀ ਮਿਲ ਜਾਵੇ ਜੇ ਫਿਰ ਵੀ ਨਹੀਂ ਵਿਗੋਚਾ ਜਾਂਦਾ ਚਿੱਤੋਂ ਪਹਿਲੀ ਪੱਤਣ ਖੋਣ ਦਾ ਆਉਣ ਵਾਲ਼ੀਆਂ ਸੈਆਂ ਸਦੀਆਂ ਮੁੱਠੀ ਦੇ ਵਿਚ ਕਰ ਲਈਆਂ ਦੋ ਬਾਲਾਂ ਨੇ ਨਿਰਣਾ ਕਰਕੇ ਨੀਂਹਾਂ ਵਿੱਚ ਖਲੋਣ ਦਾ ਹੂਕ ਦਿਲੋਂ ਨਾ ਉੱਠੇ ਜੇਕਰ ਨਾ ਲਿਖਿਆ ਕਰ ‘ਬੂਟੇ’ ਫ਼ਾਇਦਾ ਕੀ ਹੈ ਦਾਣਿਆਂ ਬਾਝੋਂ ਖ਼ਾਲੀ ਚੱਕੀ ਝੋਣ ਦਾ

ਗਈ ਉਹ ਤਾਰਿਆਂ ਦੀ ਰਾਤ ਕਿੱਥੇ

ਗਈ ਉਹ ਤਾਰਿਆਂ ਦੀ ਰਾਤ ਕਿੱਥੇ ਹੁੰਗਾਰਾ ਕੋਲ਼ ਮੇਰੇ ਬਾਤ ਕਿੱਥੇ ਟਿਕਾਊ ਪੈਰ ਹੋ ਜਾਂਦੇ ਨੇ ਆਪੇ ਕਦੇ ਭੁੱਲੇ ਨਾ ਖਾਧੀ ਮਾਤ ਕਿੱਥੇ ਰਜ਼ਾ ਤੇਰੀ ’ਚ ਜਿਹੜੇ ਰੁਲ਼ ਰਹੇ ਨੇ ਉਨ੍ਹਾਂ ਦੀ ਦਾਤਿਆ ਗਈ ਦਾਤ ਕਿੱਥੇ ਕਟੇ ਅੰਗ ਤੜਫਦੇ ਨੀ ਨਾਗ ਬਣਦੇ ਤੁਰੀ ਕਿਥੋਂ ਸੀ ਆਈ ਬਾਤ ਕਿੱਥੇ ਅਨੇਕਾਂ ਜਾਤੀਆਂ ਦੀ ਭੇਟ ਚੜ੍ਹਿਆ ਗਈ ਬੰਦੇ ਦੀ ਅਪਣੀ ਜਾਤ ਕਿੱਥੇ ਨਹੀਂ ਵਾਪਿਸ ਲਿਆਉਂਦੀ ਸ਼ਾਮ ਉਹਨੂੰ ਪਤਾ ਹੁੰਦੈ ਗਈ ਪ੍ਰਭਾਤ ਕਿੱਥੇ

ਪੁੱਛਿਆ ਹੈ ਤੂੰ ‘ਮੈਂ ਜਾਵਾਂ ਹੁਣ’

ਪੁੱਛਿਆ ਹੈ ਤੂੰ ‘ਮੈਂ ਜਾਵਾਂ ਹੁਣ’ ਕਿੰਝ ਕਹਾਂ ਮੈਂ ਜਾਹ ਕਿਹੜੇ ਮੂੰਹ ਦੱਸ ਵੇਚ ਦਿਆਂ ਮੈਂ ਸੋਨਾ ਮਿੱਟੀ ਭਾਅ ਕਾਹਦਾ ਜੀਣਾ ਕਾਹਦਾ ਮਰਨਾ ਕੋਈ ਨਾ ਬਦਲਾਅ ਵੱਡਾ ਛੋਟੇ ਨੂੰ ਤੁਰ ਜਾਂਦਾ ਢਿਆ ਜਾਲ਼ ਫੜਾ ਸਫ਼ਿਆਂ ਦੀ ਵਲਗਣ ’ਚੋਂ ਮੈਨੂੰ ਯਾਰਾ ਮੁਕਤ ਕਰਾ ਅੰਬਰੀਂ ਗੂੰਜਣ ਲੱਗਾ ਮੈਂ ਵੀ ਨਗ਼ਮਾ ਹਾਂ ਮੈਂ ਗਾ ਚੰਗੇ ਮਾੜੇ ਰਾਹਾਂ ਦੀ ਵੀ ਪਾਉਣੀ ਪਵੇ ਅਥਾਹ ਦਿਲ ਨੂੰ ਆਖ਼ਿਰ ਵਹਿਣਾ ਪੈਂਦਾ ਦਿਲ ਹੁੰਦਾ ਦਰਿਆ ਸਾਰੇ ਪੱਤੇ ਝੜ ਗਏ ਮੇਰੇ ਬੀਜੀਂ ਪਿਆ ਸੁਕਾ ਮੇਰਾ ਵੀ ਕੁਝ ਵਧੇ ਕਬੀਲਾ ਪੌਣੇ ਬੀਜ ਖਿੰਡਾ

ਕਿਧਰੇ ਵੀ ਨਾ ਆਵੇ ਜਾਵੇ ਪੈੜ ਵੀ

ਕਿਧਰੇ ਵੀ ਨਾ ਆਵੇ ਜਾਵੇ ਪੈੜ ਵੀ ਨਾ ਉਹਦੀ ਹੋਵੇ ਪੈਰ ਛੱਡ ਕੇ ਆਪਣੇ ਜੋ ਹੋਰ ਦੇ ਹੱਥ ’ਤੇ ਖਲੋਵੇ ਆਦਮੀ ਜਿੱਡਾ ਕੁ ਹੁੰਦੈ ਰਹਿੰਦਾ ਹੈ ਓਡਾ ਕੁ ਆਖ਼ਿਰ ਜਿਥੇ ਮਰਜ਼ੀ ਬੈਠ ਜਾਵੇ ਜਿਥੇ ਮਰਜ਼ੀ ਜਾ ਖਲੋਵੇ ਵੇਖਣਾ ਚਾਹੁੰਦਾ ਹੈ ਬੰਦਾ ਅਕਸ ਅਪਣਾ ਹਰ ਜਗ੍ਹਾ ਜਿੱਥੇ ਮੌਕਾ ਹੱਥ ਲੱਗਦਾ ਆਪਣੇ ਹੀ ਬੀਜ ਬੋਵੇ ਅਕਲ ਵਾਲ਼ੇ ਚੋਗਿਆਂ ਵਿਚ ਬਦਲ ਲੈਂਦੇ ਭੋਲ਼ਿਆਂ ਨੂੰ ਵਕਤ ਦੇ ਹਰ ਦੌਰ ਅੰਦਰ ਅਕਲ ਬੇ ਅਕਲੇ ਭਲ਼ੋਵੇ ਜ਼ਿੰਦਗੀ ਕਿੱਦਾਂ ਲੰਘਾਈ ਕਾਸਤੋਂ ਪੁੱਛਦੇ ਹੋ ਮੈਨੂੰ ਮੇਰੇ ਵਾਂਗੂੰ ਵੈਰੀਆਂ ਦਾ ਵੀ ਕਦੇ ਨਾ ਚੈਨ ਖੋਵੇ

ਕਰਨ ਜਿੱਥੇ ਦਿਲ ਦੇ ਟੁਕੜੇ

ਕਰਨ ਜਿੱਥੇ ਦਿਲ ਦੇ ਟੁਕੜੇ ਆਪਣਾ ਜੀਵਨ ਬਸਰ ਆਂਦਰਾਂ ਨੂੰ ਖਿੱਚਦੇ ਓਹੀ ਸ਼ਹਿਰ ਓਹੀ ਨਗਰ ਪੱਕ ਕੇ ਹੈ ਜਾਣ ਜਾਂਦੀ ਕੀਹਨੇ ਕੀਹਨੇ ਸੂਤਿਆ ਕਦ ਭਲਾ ਕੱਚੀ ਹੈ ਰਹਿੰਦੀ ਉਮਰ ਭਰ ਕੋਈ ਲਗਰ ਅਪਣੇ ਦਿਲ ਦਾ ਕੁੱਝ ਹਿੱਸਾ ਤੂੰ ਬਣਾ ਪੱਥਰ ਦਾ ਵੀ ਹਰ ਜਗ੍ਹਾ ਉੱਤੇ ਨੀ ਹੁੰਦੀ ਭਾਵਨਾਵਾਂ ਦੀ ਕਦਰ ਫ਼ਰਕ ਕੀ ਪੈਂਦੈ ਕਿ ਸਿੱਕਾ ਬਣਿਆ ਕਿਹੜੀ ਧਾਂਤ ਦਾ ਚਲਦਾ ਓਹੀ ਜਿਸ 'ਤੇ ਹੁੰਦੀ ਹੁਕਮਰਾਨਾਂ ਦੀ ਨਜ਼ਰ ਲੁੱਟਣੀ ਸਿਰਹੰਦ ਜਦ ਸੀ ਆ ਗਈ ਦੁਨੀਆਂ ਤਮਾਮ ਪਰ ਗਿਆ ਦਿੱਲੀ ਨਾ ਕੋਈ ਆਦਮੀ ਬੰਦੇ ਮਗਰ ਸੁੱਕਣਾ ਚਾਹੁੰਦਾ ਨੀ ਪਾਣੀ ਵਾਂਗ ਮੈਂ ਇਕ ਥਾਂ ਖੜ੍ਹਾ ਸਾਹ ਲਵਾਂ ਅੰਤਿਮ ਜਦੋਂ ਪੈਰਾਂ ਤਲੇ ਹੋਵੇ ਡਗਰ

ਮੇਰੇ ਪਿੰਡ ਕੁਝ ਰੁੱਖਾਂ ਦੇ ਹੀ ਪੱਤੇ

ਮੇਰੇ ਪਿੰਡ ਕੁਝ ਰੁੱਖਾਂ ਦੇ ਹੀ ਪੱਤੇ ਹਰੇ ਕਚੂਰ ਬਾਕੀ ਦੇ ਸਭ ਵਿੱਚੋ ਵਿੱਚੀ ਸੁਲ਼ਗਣ ਲਈ ਮਜ਼ਬੂਰ ਬਿਰਖ ਬੂਟਿਆਂ ਦੀ ਹੋਣੀ ਕਿੰਝ ਇੱਕੋ ਜੇਹੀ ਹੁੰਦੀ ਕਿੱਧਰੇ ਪਈ ਛੜਾਕੇ ਜਾਂਦੇ ਕਿੱਧਰੇ ਪੈਂਦੀ ਭੂਰ ਉਂਗਲ਼ ਫੜ ਕੇ ਤੁਰਨ ਸਿਖਾਏ ਹੋਣ ਜਦੋਂ ਮਗ਼ਰੂਰ ਟੁੱਟਿਆ ਤਾਂ ਨੀ ਜਾਂਦਾ ਦਿਲ ’ਚੋਂ ਘਟਦੀ ਜਗ੍ਹਾ ਜ਼ਰੂਰ ਉਜਲੇ ਮਨ ਦੇ ਝਲਕਾਰੇ ਹੀ ਨਕਸ਼ਾਂ ਵਿੱਚੋਂ ਪੈਂਦੇ ਅੰਬਰੋਂ ਉੱਤਰ ਕੇ ਨੀ ਆਉਂਦਾ ਚਿਹਰੇ ਉੱਤੇ ਨੂਰ ਅੱਥਰੀ ਨ੍ਹੇਰੀ ਭੁੱਲ ਭੁਲਾ ਕੇ ਅਣ ਦਿਸਦੇ ਨੂੰ ਮੰਨ ਕੇ ਅਗਲੇ ਜਨਮ 'ਚ ਫਲ਼ਣਾ ਚਾਹੁੰਦਾ ਸ਼ਾਖ਼ੋਂ ਝੜਿਆ ਬੂਰ ਤੋੜੇਗਾ ਕਿੱਥੋਂ ਤੱਕ ਮੈਨੂੰ ਆਖ਼ਿਰ ਨੂੰ ਹਾਰੇਂਗਾ ਸੋਨਾ ਆਖ਼ਿਰ ਸੋਨਾ ਰਹਿੰਦਾ ਹੋ ਕੇ ਚਕਨਾ ਚੂਰ ਮੁੜਕੇ ਆਉਣ ਦੇ ਰਸਤੇ ਉਮਰੋਂ ਲੰਬੇ ਹੋ ਜਾਂਦੇ ਨੇ ਆਪਣਿਆਂ ਨੂੰ ਛੱਡ ਕੇ ਬਹੁਤਾ ਜਾਈਦਾ ਨੀ ਦੂਰ ਢੇਰੀ ਹੋ ਜਾਵਾਂਗਾ ਤੇਰੇ ਅੱਗੇ ਹੋਂਦ ਭੁਲਾ ਕੇ ਸਭਦੇ ਸਿਰ ਉਤਲੇ ਅੰਬਰ ’ਤੇ ਤਾਰੇ ਚਾੜ੍ਹ ਹਜ਼ੂਰ

ਰੂਹ ’ਤੇ ਭਾਰ ਚੜ੍ਹਾਵਾਂ ਕਿੱਦਾਂ

ਰੂਹ ’ਤੇ ਭਾਰ ਚੜ੍ਹਾਵਾਂ ਕਿੱਦਾਂ ਅੱਗ ਨੂੰ ਪਾਣੀ ਕਹਿ ਕੇ ਸੂਰਜ ਦੀ ਮੈਂ ਜਾਤ ਪਛਾਣੀ ਧੁੱਪਾਂ ਲੋਆਂ ਸਹਿ ਕੇ ਅਪਣੇ ਫਿਟਦੇ ਰੰਗਾਂ ਨੂੰ ਮੈਂ ਰੋਜ਼ ਨਵੀਂ ਛੋਹ ਦਿੰਨਾਂ ਧੂੜ ਜੋਗਰੇ ਰਹਿ ਜਾਂਦੇ ਨੇ ਕੰਧੋਂ ਚਿੱਤਰ ਲਹਿ ਕੇ ਖ਼ੁਸ਼ਬੋ ਦੇ ਕੁਨਬੇ ’ਚੋਂ ਜਿਹੜੀ ਹੁੰਦੀ ਚਲਦੀ ਓਹੀ ਵਰਨਾ ਸਾਰੇ ਤੁਰ ਜਾਂਦੇ ਗੱਲ ਅਪਣੀ ਅਪਣੀ ਕਹਿ ਕੇ ਸਾਡੇ ਨਾਲ਼ੋਂ ਪੰਛੀ ਚੰਗੇ ਖ਼ੂਨ 'ਚ ਰਚੀ ਹੋਈ ਹੀ ਅਪਣੀ ਅਪਣੀ ਬੋਲਣ ਬੋਲੀ ਸ਼ਾਖਾਵਾਂ 'ਤੇ ਬਹਿ ਕੇ ਉਲਟ ਹਵਾ ਵਿਚ ਭਰੀ ਉਡਾਰੀ ਅੰਬਰ ਗਾਹੁਣ ਲਾਵੇ ਉੱਡਣਾ ਸਿਖਦੇ ਬੋਟ ਕਦੇ ਨਾ ਆਲ੍ਹਣਿਆਂ ਵਿਚ ਰਹਿ ਕੇ ਬਹਿਰ ਵਜ਼ਨ ਬਿਨ ਗ਼ਜ਼ਲਾਂ ‘ਬੂਟੇ’ ਖੰਭਾਂ ਬਾਝੋਂ ਕੂੰਜਾਂ ਬਹੁਤੀ ਦੂਰ ਨੀ ਜਾਂਦਾ ਪਾਣੀ ਕੰਢਿਆਂ ਬਾਝੋਂ ਵਹਿ ਕੇ

ਉੱਗਿਆ ਨਾ ਵਿਗਸਿਆ ਨਾ ਵਲਗਣਾਂ ਵਿਚ

ਉੱਗਿਆ ਨਾ ਵਿਗਸਿਆ ਨਾ ਵਲਗਣਾਂ ਵਿਚ ਓਹਲਿਆਂ ਵਿਚ ਜੀਣ ਦੀ ਸਿੱਖੀ ਕਲਾ ਮੈਂ ਝੱਖੜਾਂ ਵਿਚ ਝੋਲਿਆਂ ਵਿਚ ਮੁੱਲ ਪੈਣਾ ਮੁੱਲ ਪਵਾਉਣਾ ਇਕ ਨਹੀਂ ਵਰਤਾਰੇ ਦੋ ਨੇ ਰਾਤ ਦਿਨ ਦਾ ਫ਼ਰਕ ਹੁੰਦਾ ਤੁਲ ਗਿਆ ਵਿਚ ਤੋਲਿਆਂ ਵਿਚ ਏਹੋ ਦੱਸਣ ਆਇਆ ਹਾਂ ਮੈਂ ਦੱਸ ਕੇ ਜਾਵਾਂਗਾ ਏਹੋ ਕੀ ਤੁਸੀਂ ਹੋ ਬਾਦਸ਼ਾਹੋ! ਜ਼ਿੰਦਗੀ ਦੇ ਓਹਲਿਆਂ ਵਿਚ ਰਾਗ ਤੇ ਵੈਰਾਗ ਹੇਕਾਂ ਦਫ਼ਨ ਹੋਈਆਂ ਹਿਰਦਿਆਂ ਵਿਚ ਜ਼ਿੰਦਗੀ ਨੀ ਧੜਕਦੀ ਹੁਣ ਮਾਹੀਏ ਟੱਪੇ ਢੋਲਿਆਂ ਵਿਚ ਬੁਰਸ਼ ਚੁੱਕ ਕੇ ਸਿਰਜ ਮੈਨੂੰ ਜ਼ਿੰਦਗੀ ਦੀ ਕੈਨਵਸ ’ਤੇ ਨਕਸ਼ ਨਾ ਜੰਮ ਜਾਣ ਮੇਰੇ ਤੇਰੇ ਰੰਗਾਂ ਘੋਲਿਆਂ ਵਿਚ

ਆਖ ਨਾ ਇਹ ਕਿ ਮੈਂ ਖ਼ੁਸ਼ ਹਾਂ

ਆਖ ਨਾ ਇਹ ਕਿ ਮੈਂ ਖ਼ੁਸ਼ ਹਾਂ ਖ਼ੁਸ਼ ਆਪੇ ਲੱਗਣਾ ਚਾਹੀਦਾ ਚਾਨਣ ਹੋਵੇ ਬਾਹਰ ਆਉਂਦਾ ਚੀਰ ਕਲੇਜਾ ਸਿਆਹੀ ਦਾ ਛੇਕ ਕਰੋਗੇ ਜਿਸਦੀ ਛੱਤ ’ਚ ਪਤਾ ਓਸਨੂੰ ਲੱਗ ਜਾਂਦਾ ਦਿਲ ਤੋਂ ਨੀ ਅਹਿਸਾਨ ਕਿਸੇ ਦਾ ਗਰਦ ਵਾਂਗਰਾਂ ਲਾਹੀ ਦਾ ਪੈਰ ਗੰਵਾ ਚੁੱਕੇ ਲੋਕਾਂ ਦੇ ਹੱਥ ਛੱਡ ਦੇਣੇ ਚਾਹੀਦੇ ਬੰਜਰ ਹੋ ਚੁੱਕੀ ਧਰਤੀ ਨੂੰ ਵਾਰ-ਵਾਰ ਨੀ ਵਾਹੀ ਦਾ ਕੁਝ ਵੀ ਨਹੀਂ ਬਦਲਿਆ ਬਾਬਾ ਤੇਰੇ ਜਾਣ ਦੇ ਪਿੱਛੋਂ ਵੀ ਓਵੇਂ ਪੰਛੀ ਕੁਨਬਾ ਸਾਰਾ ਜਾਲ ਲਗਾ ਕੇ ਫਾਹੀ ਦਾ ਦੁੱਖ ਮਹਿਸੂਸਣ ਵਾਲੇ ਸਾਰੇ ਗਹਿਰੀ ਚੁੱਪ ’ਚ ਗਰਕ ਗਏ ਕੌਣ ਕਹੇ ਬਰਸਾਤ ਨੂੰ ਕੱਚੇ ਕੋਠੇ ਨੂੰ ਨੀ ਢਾਹੀ ਦਾ ਸੁਆਹ ਵਿੱਚੋਂ ਕੁਕਨੂਸ ਵਾਂਗਰਾਂ ਦੁੱਖ ਜਿਊਂਦਾ ਹੋ ਜਾਂਦਾ ਆਥਣ-ਉੱਗਣ ਬਾਲਣ ਵਾਂਗੂ ਚੁੱਲ੍ਹੇ ਵਿਚ ਵੀ ਡਾਹੀ ਦਾ ਹਰ ਪਾਸੇ ਕੁੱਝ ਅਗਲੇ ਚਿਹਰੇ ਅਪਣਾ ਮੁੱਲ ਪਵਾ ਜਾਂਦੇ ਮਗਰਲਿਆਂ ਦੇ ਨਾਵਾਂ ਉੱਤੇ ਪੋਚਾ ਫਿਰੇ ਸਿਆਹੀ ਦਾ ਓਸੇ ਥਾਂ 'ਤੇ ਉਗਦਾ ਹੁੰਦਾ ਬੂਟਾ ਜੰਗਲੀ ਫੁੱਲਾਂ ਦਾ ਜਿਹੜੀ ਥਾਂ 'ਤੇ ਡਿਗਦਾ ਹੰਝੂ ਹਫ਼ਦੀ ਕੂੰਜ ਤਿਹਾਈ ਦਾ

ਅੱਖੋਂ ਓਹਲੇ ਕਾਹਦਾ ਹੋਇਆ

ਅੱਖੋਂ ਓਹਲੇ ਕਾਹਦਾ ਹੋਇਆ ਨੈਣੋ ਨੂਰ ਗਿਆ ਫਲ਼ਣੋਂ ਪਹਿਲਾਂ ਆਸਾਂ ਦਾ ਝੜ ਸਾਰਾ ਬੂਰ ਗਿਆ ਧੂੜ ਓਸਦੀ ਅੱਖਾਂ ਦੇ ਵਿਚ ਉਡ ਉਡ ਪੈਂਦੀ ਹੈ ਜਿਹੜੇ ਰਸਤੇ ਮੇਰਾ ਹੀਰਾ ਕੋਹਿਨੂਰ ਗਿਆ ਕੰਧ ’ਤੇ ਲਿਖੀ ਹਕੀਕਤ ਪੜ੍ਹਕੇ ਅੰਦਰ ਡੁੱਬ ਗਿਆਂ ਲਗਦਾ ਹੈ ਇਲਜ਼ਾਮ ਮੇਰੇ 'ਤੇ ਹੋ ਮਗਰੂਰ ਗਿਆ ਟੁੱਕੜੇ ਜੋੜ ਕੇ ਕੌਣ ਮੇਰੇ ’ਚੋਂ ਅਕਸ ਨਿਹਾਰੇਗਾ ਸ਼ੀਸ਼ਾ ਮੈਂ ਕੰਧ ਤੋਂ ਡਿਗ ਕੇ ਹੋ ਚਕਨਾ ਚੂਰ ਗਿਆ ਰੰਗ ਰਾਗ ਸਭ ਬੇ-ਰਸ ਹੋਏ ਪਲ ਅਧਰੰਗੇ ਗਏ ਉਮਰਾ ਤੋਂ ਵੀ ਲੰਬਾ ਪੈਂਡਾ ਝਾਗ ਸਰੂਰ ਗਿਆ

ਕਿੰਝ ਤੇਰੇ ’ਚੋਂ ਅਕਸ ਨਿਹਾਰਾਂ

ਕਿੰਝ ਤੇਰੇ ’ਚੋਂ ਅਕਸ ਨਿਹਾਰਾਂ ਲੱਖਾਂ ਲੋਕ ਨਿਥਾਵੇਂ ਜਾਨ ਇਕੱਲੀ ਕੋਲ਼ ਜਿਨ੍ਹਾਂ ਦੇ ਦਰ ਘਰ ਨਾ ਸਿਰਨਾਵੇਂ ਪੈਰਾਂ ਹੇਠ ਉਚਾਈ ਹੋਵੇ ਖ਼ਲਕਤ ਖਿੱਚੀ ਆਵੇ ਪਤਝੜ ਦੇ ਵਿਚ ਰਹਿ ਜਾਂਦੇ ਨੇ ਪੱਤੇ ਟਾਵੇਂ-ਟਾਵੇਂ ਤੇਰੇ ਅੰਦਰ ਰੰਗ ਭਰਨ ਦੀ ਕਸਰ ਕੋਈ ਨਾ ਛੱਡੀ ਜ਼ਿੰਦਗੀਏ ਤੂੰ ਫਿਰ ਵੀ ਸਾਨੂੰ ਨੌਹੀਂ ਚਾੜ੍ਹ ਨਚਾਵੇਂ ਐਵੇਂ ਲੋਕ ਨੀ ਏਨਾਂ ਖ਼ਾਤਰ ਖੂਹੀਂ ਟੋਭੀ ਪੈਂਦੇ ਪੁੱਤ ਅਤੇ ਘਰ ਦੋਵੇਂ ਹੁੰਦੇ ਜੀਵਨ ਦੇ ਸਿਰਨਾਵੇਂ ਵਹਿਣਾਂ ਦੇ ਵਿਚ ਪੱਥਰਾਂ ਵਾਂਗੂੰ ਗੋਲ਼ ਨੀ ਹੁੰਦੇ ਲੋਕੀ ਤੜਕੇ ਰੁੱਖ ਲਗਾ ਕੇ ਸ਼ਾਮੀਂ ਬਹਿਣਾ ਚਾਹੁੰਦੇ ਛਾਂਵੇਂ ਆਥਣ ਵੇਲ਼ੇ ਵਿਛੜੇ ਹੋਏ ਰਹਿ-ਰਹਿ ਚੇਤੇ ਆਉਂਦੇ ਆਥਣ ਵੇਲ਼ੇ ਅਕਸਰ ਲੰਮੇ ਹੋ ਜਾਂਦੇ ਪਰਛਾਂਵੇਂ

ਦਮ ਜਦੋਂ ਤੱਕ ਸਾਥ ਦੇਵੇ

ਦਮ ਜਦੋਂ ਤੱਕ ਸਾਥ ਦੇਵੇ ਆਦਮੀ ਅੱਗੇ ਵਧੇ ਜ਼ਿੰਦਗੀ ਵਿੱਚੋਂ ਉਚਾਈ ਖ਼ਤਮ ਨਾ ਹੁੰਦੀ ਕਦੇ ਦੀਵਿਆਂ ਦੀ ਜੂਨ ਪੈਣੋਂ ਹਟ ਗਈ ਮਿੱਟੀ ਨਵੀਂ ਹਰ ਜਗ੍ਹਾ ਉਪਦੇਸ਼ ਦਿੰਦੇ ਸੰਘਣੇ ਨ੍ਹੇਰੇ ਤਦੇ ਰੋਕਿਆ ਹੋਣੈਂ ਕਿਸੇ ਨੇ ਓਸਦਾ ਅੱਗਾ ਜ਼ਰੂਰ ਬਿਨ ਵਜ੍ਹਾ ਮੁੜਕੇ ਨੀ ਆਉਂਦਾ ਲੰਘਿਆ ਪਾਣੀ ਕਦੇ ਕੱਢਿਆ ਕਰ ਰੋਜ਼ ਪੱਤੇ ਹੋਂਦ ਰੱਖਣ ਵਾਸਤੇ ਪੁੱਟ ਦਿੰਦੇ ਲੋਕ ਘਰ 'ਚੋਂ ਰੁੱਖ ਜਿਹੜਾ ਨਾ ਵਧੇ ਚੰਦ ਲੋਕੀ ਸਿਖ਼ਰ ਉਤੇ ਪਹੁੰਚ ਕੇ ਰਖਦੇ ਨੇ ਯਾਦ ਉੱਪਰੋਂ ਤਿਲਕੀ ਹਰਿਕ ਸ਼ੈਅ ਹੇਠ ਆ ਜਾਂਦੀ ਜਦੇ

ਰੀਝ ਮਚਲਦੀ ਹੋਵੇ ਨੈਣੋ ਨੂਰ ਝਰੇ

ਰੀਝ ਮਚਲਦੀ ਹੋਵੇ ਨੈਣੋ ਨੂਰ ਝਰੇ ਡੱਕੇ ਵੀ ਜੇ ਲਾ ਦੇਵੇ ਹੋ ਜਾਣ ਹਰੇ ਸੁੱਕੇ ਰੁੱਖ, ਜੇ ਤੱਕੇ ਪੱਤੇ ਕੱਢ ਲੈਂਦੇ ਉਜੜੇ ਖੂਹਾਂ 'ਚੋਂ ਵੀ ਆਉਂਦੇ ਡੋਲ ਭਰੇ ਜਿੱਥੋਂ ਲੰਘੇ ਫੁੱਲਾਂ ਨੂੰ ਰੰਗ ਚਾੜ੍ਹ ਦਵੇ ਧਰਤ ਮਖ਼ਮਲੀ ਹੋ ਜੇ ਜਿੱਥੇ ਪੈਰ ਧਰੇ ਦੇਣ ਅਸੀਸਾਂ ਬੁੱਢੇ ਪਿੱਪਲ ਪਿੱਪਲੀਆਂ ਤੱਤੀਆਂ ਲੋਆਂ ਮਾੜੇ ਸੁਪਨੇ ਰਹਿਣ ਪਰ੍ਹੇ ਕਿਹੜਾ ਉਹਦੀ ਪੈੜ 'ਚ ਪੈਰ ਟਿਕਾਵੇਗਾ ਚਾਂਦੀ ਰੰਗੇ ਪਾਣੀ ਉੱਤੇ ਲਹਿਰ ਤਰੇ ਕਿਹੜੀ ਕਿਹੜੀ ਸ਼ੈਅ ਵਿੱਚੋਂ ਨਾ ਦਿੱਸੇ ਉਹ ਧਰਤੀ ਅੰਬਰ ਕੌਣ ਕਲਾਵੇ ਵਿਚ ਭਰੇ ਖਾਣਾਂ ਉਹਦੀ ਖ਼ਾਤਿਰ ਸੋਨਾ ਉਗਲ਼ਦੀਆਂ ਮਹਿੰਦੀ ਦਾ ਇਕ ਬੂਟਾ ਉੱਗਿਆ ਆਪ ਘਰੇ

ਗਾਈ ਜਾਣਾ ਸੋਚ ਖ਼ਰੀਦਣ ਆਇਆਂ ਨੂੰ

ਗਾਈ ਜਾਣਾ ਸੋਚ ਖ਼ਰੀਦਣ ਆਇਆਂ ਨੂੰ ਠੁਕਰਾ ਕੇ ਪਛਤਾਵਾ ਹੀ ਹੁੰਦੈ ਹੱਥ 'ਚ ਆਇਆ ਮਾਲ ਗੁਆ ਕੇ ਲੱਭਤ ਦੀਨ ਇਮਾਨ ਗੁਆ ਕੇ ਮੰਗਤੀਆਂ ਬਣ ਗਈਆਂ ਕੋਠੇ ਉੱਤੇ ਪਾਇਆ ਹੋਇਆ ਚਿੜੀਆਂ ਚੋਗਾ ਖਾ ਕੇ ਤੇਰੇ ਬਾਝੋਂ ਧੁਖ਼ ਧੁਖ਼ ਕੇ ਮੈਂ ਕਿੱਦਾਂ ਉਮਰ ਵਿਹਾਈ ਵੇਖ ਕਿਸੇ ਦਿਨ ਚੁੱਲ੍ਹੇ ਦੇ ਵਿਚ ਗਿੱਲਾ ਬਾਲਣ ਡਾਹ ਕੇ ਵਿਛੜੇ ਭੁੱਲਣੇ ਔਖੇ ਹੁੰਦੇ ਦੁਨੀਆਂ ਛੱਡਣ ਵਾਂਗੂੰ ਕੰਡੇ ਚੁਭਣੋਂ ਹਟਣ ਕਦੇ ਨਾ ਮਖ਼ਮਲ ਹੇਠ ਵਿਛਾ ਕੇ ਪਾਣੀ ਪਾ ਕੇ ਬੂਟੇ ਪਾਲ਼ੇ ਮੇਰਾ ਆਲ਼ਾ ਦੁਆਲ਼ਾ ਮੈਂ ਕਵਿਤਾ ਦਾ ਪਾਲ਼ਾਂ ਬੂਟਾ ਖ਼ੂਨ ਜਿਗਰ ਦਾ ਪਾ ਕੇ

ਮੁਕਤੀ ਖ਼ਾਤਿਰ ਕੀਤੀ ਹੋਈ

ਮੁਕਤੀ ਖ਼ਾਤਿਰ ਕੀਤੀ ਹੋਈ ਬਹੁਤੀ ਮਾਇਆ ਦਾਨ ਸਾਡੇ ਸਾਹਾਂ 'ਚੋਂ ਹੀ ਕੱਢੀ ਹੁੰਦੀ ਉਹ ਮੁਸਕਾਨ ਗੰਧਲ਼ਾ ਹੋ ਕੇ ਪਰਬਤ ਉੱਤੋਂ ਪਾਣੀ ਹੇਠਾਂ ਆਉਂਦਾ ਭਰਿਆ ਊਣੇ ਉੱਤੇ ਹੁੰਦਾ ਕਦੋਂ ਦਿਲੋਂ ਕੁਰਬਾਨ ਇਕ ਨ੍ਹੀਂ ਦੋ ਨ੍ਹੀਂ ਸੈਆਂ ਧੀਆਂ ਲੂਣਾ ਬਣਨ ਨੂੰ ਤਿਆਰ ਸ਼ਰਤ ਇਹੋ ਕਿ ਵਿਆਹੁਣ ਆਵੇ ਬਾਹਰਲਾ ਸਲਵਾਨ ਮੈਥੋਂ ਪੁੱਛੋ ਜੱਗ ਦੇ ਇਕ ਝਲਕਾਰੇ ਦੀ ਕੀ ਕੀਮਤ ਜੋਤ ਹੀਣੀਆਂ ਅੱਖਾਂ ਦਾ ਮੈਂ ਸੁਲ਼ਗ ਰਿਹਾ ਅਰਮਾਨ ਦੂਰ ਦੁਰੇਡੇ ਸੁੱਟੇ ਜਾਂਦੇ ਅਣਚਾਹੀ ਥਾਂ ਉੱਤੇ ਲਿਬੜੇ ਪੈਰਾਂ ਨੂੰ ਝਾੜਨ ਤੋਂ ਮੁਨਕਰ ਪਾਏਦਾਨ ਬਣਦਾ ਹਿੱਸਾ ਕਿੱਦਾਂ ਜਾਊ ਖਲ਼ਕਤ ਕੋਲ਼ੇ ਦੱਸਦੇ ਬਾਗ ਵਾਲ਼ਿਆ ਕਾਣੇ ਹੋਏ ਤੇਰੇ ਸਭ ਨਿਗਰਾਨ

ਨਵੇਂ ਅੰਦਾਜ਼ ਵਿਚ ਉੱਡਾਂ ਉਸੇ ਨੂੰ

ਨਵੇਂ ਅੰਦਾਜ਼ ਵਿਚ ਉੱਡਾਂ ਉਸੇ ਨੂੰ ਗੱਲ ਇਹ ਸੁਝਦੀ ਚਿੜੀ ਜੋ ਧਰਮ ਦੇ ਨਾਂ 'ਤੇ ਖਿਲਾਰੀ ਚੋਗ ਨੀ ਚੁਗਦੀ ਤਿਹਾਏ ਪੰਛੀਓ ਲੱਭੋ ਨਿਰੰਤਰ ਵਗਦੀਆਂ ਨਦੀਆਂ ਇਹ ਜੰਮੀ ਝੀਲ ਵਿੱਚੋਂ ਅਕਸ ਦਿਸਦੈ ਪਿਆਸ ਨੀ ਬੁਝਦੀ ਲਹੂ ਸਿੰਮੇ ਜੋ ਪੈਰਾਂ 'ਚੋਂ ਉਸੇ 'ਤੇ ਪਲ਼ਦੀ ਫਲ਼ਦੀ ਹੈ ਹਕੂਮਤ ਸਾਡਿਆਂ ਰਾਹਾਂ 'ਚੋਂ ਤਾਂ ਹੀ ਖ਼ਾਰ ਨੀ ਚੁਗਦੀ ਚਲੋ ਬੂਟੇ ਨੂੰ ਹੱਕ ਹੈ ਬੂਟਾ ਹੋ ਕੇ ਲੋਚਦਾ ਬੂਟਾ ਕਲੀ ਮੁਰਝਾਉਂਦੀ ਹੈ ਕਾਹਤੋਂ ਕਲੀ ਵਿਹੜੇ 'ਚ ਜਦ ਉਗਦੀ ?

ਜੀਹਦੇ ਵੱਖ-ਵੱਖ ਨਾਵਾਂ ਉੱਤੇ

ਜੀਹਦੇ ਵੱਖ-ਵੱਖ ਨਾਵਾਂ ਉੱਤੇ ਰੱਤ ਨਿਦੋਸ਼ੀ ਵਹਿੰਦੀ ਦੁਨੀਆਂ ਉਹਨੂੰ ਧਿਆਈ ਜਾਂਦੀ ਸੌਂਦੀ ਉੱਠਦੀ ਬਹਿੰਦੀ ਧਰ ਧਰ ਭੁੱਲਣ ਵਾਲ਼ੇ ਹੀ ਨੇ ਹੁੰਦੇ ਉਹਦੇ ਸਿਰਜਕ ਅੰਬਰੋਂ ਆ ਕੇ ਨੀ ਧਰਤੀ 'ਤੇ ਨਦੀ ਪਾਪ ਦੀ ਵਹਿੰਦੀ ਕਾਰਨ ਬਾਝੋਂ ਆਪਿਸ ਵਿਚਲੀ ਵਿੱਥ ਕਦੇ ਨ੍ਹੀਂ ਵਧਦੀ ਸੂਰਜ ਦੇ ਮੂੰਹ ਫੇਰਨ ’ਤੇ ਹੀ ਧੁੱਪ ਕੋਠਿਓਂ ਲਹਿੰਦੀ ਸਮਸ਼ਾਨਾਂ ਦੀ ਭੀੜ ਤੋਂ ਲੱਗੇ ਜੱਗ ’ਤੇ ਪਿਆਰ ਬਥੇਰਾ ਸਿਰ ਤੋਂ ਪਾਣੀ ਸੁੱਟਣ ਪਿੱਛੋਂ ਕੰਧ ਰੇਤ ਦੀ ਢਹਿੰਦੀ ਦਰਵੇਸ਼ੋ ਦਰਵੇਸ਼ੀ ਮਾਣੋ ਮਹਿਲਾਂ ਵੱਲ ਨਾ ਝਾਕੋ ਕੰਡਿਆਂ ਉੱਤੇ ਪਾਈ ਚਾਦਰ ਪਾਟ ਪਾਟ ਕੇ ਲਹਿੰਦੀ ਤਿੰਨ ਪੀੜ੍ਹੀਆਂ ਇੱਕੋ ਮੋਰੀ ਕੱਢ ਕੇ ਬਾਜਾਂ ਵਾਲ਼ੇ ਦਰਸਾ ਦਿੱਤਾ ਪਾਟਿੱਆਂ ਦੇ ਘਰ ਸਰਦਾਰੀ ਨੀ ਰਹਿੰਦੀ

ਰਵਾਇਤੀ ਦਾਇਰਿਆਂ ਵਿਚ ਉਲਝਣਾ

ਰਵਾਇਤੀ ਦਾਇਰਿਆਂ ਵਿਚ ਉਲਝਣਾ ਸਵੀਕਾਰ ਨੀ ਕਰਦੇ ਸਫ਼ਰ ਵਿਚ ਰਹਿਣ ਵਾਲੇ ਸਿਰ 'ਤੇ ਬਹੁਤਾ ਭਾਰ ਨੀ ਧਰਦੇ ਹਵਾ ਵਿੱਚੋਂ ਕਸੀਦੇ ਸੀਤ ਬੁੱਲੇ ਹਰ ਨਵਾਂ ਰਾਜਾ ਤਪੀ ਪਰਜਾ ਦੇ ਕਾਹਦੇ ਨਾਲ਼ ਦੱਸੋ ਕਾਲਜੇ ਠਰਦੇ ਹੰਢਾਉਣਾ ਦੁਖ ਬਿਗਾਨਾ ਬਹੁਤ ਔਖਾ ਅਪਣੇ ਪਿੰਡੇ 'ਤੇ ਬੜਾ ਆਸਾਨ ਹੈ ਕਹਿਣਾ ਕਿ ਹੋ ਗਏ ਲੋਕ ਬੇ ਦਰਦੇ ਵਧਾਏ ਝਾੜ ਘਰ ਪੱਕੇ ਕਰੇ ਖੇਤਾਂ ਦੇ ਪੁੱਤਾਂ ਨੇ ਪਿਆ ਘਾਟਾ ਇਹੋ ਕਿ ਅਪਣੀ ਆਈ ਮੌਤ ਨੀ ਮਰਦੇ ਰਿਹਾ ਨਾ ਦਿਨ ਦੇ ਚਾਨਣ ਨਾਲ਼ ਸਾਡਾ ਵਾਸਤਾ ਬਹੁਤਾ ਜਦੋਂ ਦੇ ਆਣ ਕੇ ਲੱਗੇ, ਘਰਾਂ ਵਿਚ ਰੇਸ਼ਮੀ ਪਰਦੇ ਸਲਾਮਤ ਇਉਂ ਵੀ ਰਖਦੇ ਕੱਦ ਅਪਣਾ ਯਾਰ ਕੁਝ ਮੇਰੇ ਨਹੀਂ ਹੁੰਦਾ, ਮੈਂ ਜਿੱਥੇ ਉੱਥੇ ਮੇਰੀ ਗੱਲ ਨਹੀਂ ਕਰਦੇ। ਕੁੜੱਤਣ ਇਸ ਕਦਰ ਘਰ ਕਰ ਗਈ ਸਾਡੇ ਮਨਾਂ ਅੰਦਰ ਖ਼ੁਸ਼ੀ ਵੇਲੇ ਵੀ ਮੁੱਖੋਂ ਸ਼ਹਿਦ ਦੇ ਕਤਰੇ ਨਹੀਂ ਝਰਦੇ

ਅਹੁਦੇ ਰੁਤਬੇ ਜਿਹੜੇ ਵੀ ਨੇ ਘਰ ਜਾਂਦੇ

ਅਹੁਦੇ ਰੁਤਬੇ ਜਿਹੜੇ ਵੀ ਨੇ ਘਰ ਜਾਂਦੇ ਵਿਹੜੇ ਦੇ ਕਣ ਕਣ ਨੂੰ ਪੱਥਰ ਕਰ ਜਾਂਦੇ ਚਲਦਾ ਘਰ ਜਦ ਆਮ ਘਰਾਂ ਵਿਚ ਰਲ਼ ਜਾਂਦਾ ਘਰ ਨੂੰ ਆਉਂਦੇ ਸਾਰੇ ਰਸਤੇ ਮਰ ਜਾਂਦੇ ਵਿੱਚੋਂ ਗੰਧਲੈ ਤੇਰਾ ਸਰਵਰ ਇਸ ਕਰਕੇ ਖ਼ੂਨ ਪੀਣਿਆਂ ਦੇ ਵੀ ਬੇੜੇ ਤਰ ਜਾਂਦੇ ਜੱਗ ਦੀ ਭੀੜ ’ਚ ਜਾ ਕੇ ਬੰਦਾ ਰਲ਼ ਜਾਂਦਾ ਹਿੱਕ ਵਿਚਲੇ ਅੰਗਿਆਰ ਜਦੋਂ ਨੇ ਠਰ ਜਾਂਦੇ ਕੱਚੇ ਰਸਤੇ ਖੋਹ ਕੇ ਪੱਕੇ ਕੀ ਦਿੱਤੇ ਤੁਰੀਏ ਅੱਗੇ ਪਿੱਛੇ ਵੱਲ ਨੂੰ ਘਰ ਜਾਂਦੇ

ਉਕਤਾਉਂਦੀ ਨਾ ਪਰਚਣ ਦੇ ਲਈ

ਉਕਤਾਉਂਦੀ ਨਾ ਪਰਚਣ ਦੇ ਲਈ ਉਹਦੇ ਕੋਲ਼ ਇਕੱਲ ਹੁੰਦੀ ਹੈ ਮਾਰੂਥਲ ਦੀ ਜਾਤ ਜਾਣਕੇ ਆਈ ਜਿਹੜੀ ਛੱਲ ਹੁੰਦੀ ਹੈ ਛੋਟੀ ਕੁਰਸੀ ਜਦ ਵੱਡੀ ਨੂੰ ਅਰਘ ਚੜ੍ਹਾ ਕੇ ਖ਼ੁਸ਼ ਹੁੰਦੀ ਹੈ ਉਹਦਾ ਪੱਲਿਓਂ ਜਾਂਦਾ ਕੁੱਝ ਨ੍ਹੀਂ ਸਾਡੀ ਲਹਿੰਦੀ ਖੱਲ ਹੁੰਦੀ ਹੈ ਅਣਦਿਸਦੇ ਦੀ ਰਹਿਮਤ ਮੰਨ ਕੇ ਉਸਦੇ ਵਾਰੇ ਵਾਰੇ ਜਾਈਏ ਭੁੱਲ ਜਾਂਦਾ ਉਹ ਜਿਸਦੇ ਕਰਕੇ ਸਾਡੀ ਮੁਸ਼ਕਿਲ ਹੱਲ ਹੁੰਦੀ ਹੈ ਲਹਿਜਾ ਹੀ ਬੱਦਲਾਂ ਦੇ ਵਿੱਚੋਂ ਚੰਨ ਦੇ ਵਾਂਗੂ ਡਲ਼ਕਣ ਲਾਵੇ ਵਰਨਾ ਕਹਿਣ ਲਈ ਸਭ ਕੋਲ਼ੇ ਅਪਣੀ ਅਪਣੀ ਗੱਲ ਹੁੰਦੀ ਹੈ ਮਰਦੇ ਦਮ ਤੱਕ ਹੋਂਦ ਆਪਣੀ ਛੋਟੀ ਲੱਗਣੋ ਹਟ ਨੀ ਸਕਦੀ ਜਿੰਨਾਂ ਦੀ ਅੱਖ ਤਾਰਿਆਂ ਦੀ ਥਾਂ ਚੰਦਰਮਾ ਦੇ ਵੱਲ ਹੁੰਦੀ ਹੈ ਸਿੱਕਿਆਂ ਦੀ ਭਟਕਣ ਉਸ ਥਾਂ ਨੂੰ ਅਪਣੇ ਰੰਗ 'ਚ ਰੰਗ ਲੈਂਦੀ ਹੈ ਜੀਹਦੇ ਵਿੱਚੋਂ ਆਪਣਿਆਂ ਲਈ ਉੱਠਦੀ ਮੋਹ ਦੀ ਛੱਲ ਹੁੰਦੀ ਹੈ

ਸੁਲ਼ਗਣ ਉਹ ਤਾ ਉਮਰ

ਸੁਲ਼ਗਣ ਉਹ ਤਾ ਉਮਰ ਗੱਲ ਪਹਿਲਾਂ ਮਿਥੀ ਗਈ ਦੁੱਖਾਂ ਦੇ ਮਾਰਿਆਂ ਦੀ ਜਦ ਹੋਣੀ ਲਿਖੀ ਗਈ ਧਰਤੀ ਤੋਂ ਤਖ਼ਤ ਤੱਕ ਨੇ ਜਿੰਨੀਆਂ ਵੀ ਪੌੜੀਆਂ ਕਿਹੜੀ ਬਚੀ ਹੈ ਜੀਹਦੀ ਨਾ ਕੀਮਤ ਮਿਥੀ ਗਈ ਦੁੱਖ ਦਰਦ ਮੇਰੇ ਪੀ ਲਵੇ ਪਾਣੀ ਦੇ ਵਾਂਗ ਜੋ ਹਾਲੇ ਗ਼ਜ਼ਲ ਅਜੇਹੀ ਨਾ ਮੈਥੋਂ ਲਿਖੀ ਗਈ ਮੇਰਾ ਖ਼ੁਸ਼ੀ ਦੇ ਨਾਲ ਸੀ ਏਨਾ ਕੁ ਵਾਸਤਾ ਪਰਲੇ ਕਿਨਾਰਿਓਂ ਖੜ੍ਹੀ ਮੈਨੂੰ ਦਿਸੀ ਗਈ

ਸ਼ੋਹਰਤ ਦੇ ਵੀ ਸਿੱਕੇ ਵਾਂਗੂੰ

ਸ਼ੋਹਰਤ ਦੇ ਵੀ ਸਿੱਕੇ ਵਾਂਗੂੰ ਹੁੰਦੇ ਨੇ ਦੋ ਪਾਸੇ ਇਕ ਪਾਸੇ ਵੀਰਾਨੀ ਹੁੰਦੀ ਦੂਜੇ ਪਾਸੇ ਹਾਸੇ ਅਗਲੀ ਜਨਗਣਨਾ ਦੇ ਵਿੱਚੋਂ ਇਹ ਵੀ ਪਤਾ ਲਗਾਇਓ ਕਿੰਨੇ ਲੋਕ ਉਦਾਸੇ ਏਥੇ ਕਿੰਨੇ ਨੇ ਬੇ ਆਸੇ ਅੱਖ ਮੇਰੀ ਪਥਰਾਈ ਕਿੱਦਾਂ ਇਹ ਨਾ ਪੁੱਛੋਂ ਮੈਨੂੰ ਪੁੱਛੋਂ ਕਿੰਨੇ ਵੇਖੇ ਨੇ ਮੈਂ ਵਰਤਾਰੇ ਅਣਕਿਆਸੇ ਖੁਸ਼ ਰਹਿਣੇ ਦਿਲ ਜਦੋਂ ਫਰੋਲ਼ੇ ਫੇਰ ਪਤਾ ਇਹ ਲੱਗਿਆ ਛਮ-ਛਮ ਵਰ੍ਹਦੇ ਬੱਦਲ ਵਿੱਚੋਂ ਹੁੰਦੇ ਕਿੰਨੇ ਪਿਆਸੇ ਕੀਹਦੇ ਕੀਹਦੇ ਨੈਣਾਂ ਵਿੱਚੋਂ ਚੁੰਬਕ ਦੇ ਕਣ ਕੱਢਾਂ ਜਿੱਧਰ ਸਿੱਕੇ ਬਹੁਤੇ ਹੁੰਦੇ ਤੁਰ ਜਾਂਦੇ ਉਸ ਪਾਸੇ

ਮੁਆਫ਼ ਨਾ ਕਰਿਓ ਜਿੰਨਾਂ ਨੇ

ਮੁਆਫ਼ ਨਾ ਕਰਿਓ ਜਿੰਨਾਂ ਨੇ ਹਸਰਤਾਂ ਨੇ ਮਾਰੀਆਂ ਸਾਡਿਆਂ ਫੁੱਲਾਂ ’ਤੇ ਧਰਕੇ ਬਲ਼ਦੀਆਂ ਚਿੰਗਾਰੀਆਂ ਆਉਣ ਵਾਲ਼ੇ ਮੌਸਮਾਂ ਦਾ ਖ਼ੁਦ ਅੰਦਾਜ਼ਾ ਲਾ ਲਵੋ ਰੁੱਖ ਉੱਗਦਾ ਕੋਈ ਕੋਈ ਥਾਂ ਥਾਂ ਉੱਗਣ ਆਰੀਆਂ ਬਾਰਿਸ਼ਾਂ ਵਿਚ ਲੂਣ ਅਪਣੀ ਹੋਂਦ ਸਾਂਭੇਗਾ ਕਿਵੇਂ ਛੋਟਿਆਂ ਨੂੰ ਨਿਗਲ ਲੈਣਾ ਵੱਡਿਆਂ ਵਿਉਪਾਰੀਆਂ ਕਿਸਮਤਾਂ ਗਈਆਂ ਹਰਾਈਆਂ ਰੱਬ ਦਾ ਨਾਂ ਵਰਤ ਕੇ ਆਖਦੇ ਹੋ ਕਾਸਤੋਂ ਕਿ ਕਿਸਮਤਾਂ ਨੇ ਹਾਰੀਆਂ ਕੌਣ ਕਵਿਤਾ ਲਿਖਣ ਦੇ ਹੁਣ ਰਸਤੇ ਪੈਂਦੈ ‘ਬੂਟਿਆ’ ਕੌਣ ਲਿਆਉਂਦੈ ਸ਼ੇਰ ਦੇ ਪਿੰਡੇ ਤੋਂ ਲਾਹ ਕੇ ਧਾਰੀਆਂ

ਆਉਂਦੇ ਜਾਂਦੇ ਜਿਹੜੇ ਮਿਲ਼ਦੇ

ਆਉਂਦੇ ਜਾਂਦੇ ਜਿਹੜੇ ਮਿਲ਼ਦੇ ਫੁੱਲਾਂ ਵਰਗੇ ਚਿਹਰੇ ਨੇੜੇ ਤੇੜੇ ਰਹਿੰਦੇ ਦਿਲ ਦੇ ਫੁੱਲਾਂ ਵਰਗੇ ਚਿਹਰੇ ਘਰਦੀ ਚਾਰ ਦੀਵਾਰੀ ਅੰਦਰ ਆਮ ਨੇ ਹੁੰਦੇ ਸ਼ਾਇਦ ਘਰ ਤੋਂ ਬਾਹਰ ਜਾ ਕੇ ਖਿਲਦੇ ਫੁੱਲਾਂ ਵਰਗੇ ਚਿਹਰੇ ਅੱਧ ਕੁ ਦੇ ਜੇ ਹੋ ਕੇ ਮਿਲ਼ੀਏ ਖੁਸ਼ ਰਹਿੰਦੇ ਨੇ ਖ਼ੁਦ, ਪਰ ਅੱਧ ਕੁ ਦੇ ਨਾ ਹੋ ਕੇ ਮਿਲ਼ਦੇ ਫੁੱਲਾਂ ਵਰਗੇ ਚਿਹਰੇ ਪਾਣੀ ਉੱਤੇ ਤ੍ਰੇਲ ਤੁਪਕਿਆਂ ਵਾਂਗੂੰ ਤਰਦੇ ਰਹਿੰਦੇ ਆਪਿਸ ਵਿਚ ਨਾ ਘੁਲਦੇ ਮਿਲਦੇ ਫੁੱਲਾਂ ਵਰਗੇ ਚਿਹਰੇ ਉੱਠ ਕੇ ਜਾਣ ਤਾਂ ਪਲ ਦੇ ਅੰਦਰ ਸੱਤਿਆ ਸੂਤੀ ਜਾਂਦੀ ਵਗਦੇ ਸਾਹ ਹੁੰਦੇ ਮਹਿਫ਼ਿਲ ਦੇ ਫੁੱਲਾਂ ਵਰਗੇ ਚਿਹਰੇ ਬਿਨ ਤਲਵਾਰੋਂ ਵਾਰ ਵੀ ਕਰਦੇ ਪਰ ਜੇ ਚਾਹੁਣ ਚਿੱਤੋਂ ਸੂਈਆਂ ਬਾਝ ਜ਼ਖ਼ਮ ਵੀ ਮਿਲਦੇ ਫੁੱਲਾਂ ਵਰਗੇ ਚਿਹਰੇ

ਪੂਰਾ ਸੱਚ ਨਾ ਸਾਹਵੇਂ ਆਉਂਦਾ

ਪੂਰਾ ਸੱਚ ਨਾ ਸਾਹਵੇਂ ਆਉਂਦਾ ਮੂੰਹਾਂ ਦੀ ਲੱਜ ਰੱਖਣ ਕਰਕੇ ਸਾਰੇ ਦੇ ਸਾਰੇ ਨੀ ਹੁੰਦੇ ਸੋਨੇ ਦੇ ਇਤਿਹਾਸ ਦੇ ਵਰਕੇ ਹਤਿਆਰੇ ਦੇ ਪੈਰ ਵੀ ਧੋਂਦਾ ਭਲੇ ਬੁਰੇ ਦੀ ਪਰਖ ਨੀ ਕਰਦਾ ਭਲੇ ਬੁਰੇ ਨੂੰ ਸਮਝਣ ਵਾਲ਼ੇ ਉਲਟ ਸਮੁੰਦਰ ਦੇ ਇਸ ਕਰਕੇ ਚਾਕਰਦਾਰੀ ਘਰ ਤੋਂ ਦਫ਼ਤਰ ਦਫ਼ਤਰ ਤੋਂ ਘਰ ਤੱਕ ਦਾ ਰਸਤਾ ਕਿਤੇ ਨਾ ਆਉਣਾ ਜਾਣਾ ਹੁੰਦਾ ਲਹਿਰਾ ਨੇ ਪਾਣੀ ’ਤੇ ਤਰਕੇ ਮੇਰਾ ਹੋ ਕੇ ਵੀ ਨਾ ਮੇਰਾ ਮਨ ਵਿਚ ਉੱਤਰਿਆ ਜੋ ਚਿਹਰਾ ਜੀਵਨ ਵਿਚ ਵੀ ਆਇਆ ਨਾ ਉਹ ਅੱਖਾਂ ਅੱਗੋਂ ਵੀ ਨਾ ਸਰਕੇ ਆਖਣ ਲੱਗਾ ਰਿਜਕ ਦੀ ਅੱਗ 'ਚ ਧੁਖ਼ ਧੁਖ਼ ਰਾਖ਼ ਨੇ ਹੋਈ ਜਾਂਦੇ ਜਦੋਂ ਸਮੇਂ ਤੋਂ ਗੀਤ ਲਿਖਣ ਲਈ ਮੰਗੇ ਸੀ ਮੈਂ ਕੋਰੇ ਵਰਕੇ ਜੱਗ ਦੀ ਆਉਣੀ ਜਾਣੀ ਖੂਹ ਦੀ ਹੋਣੀ ਦੇ ਵਿਚ ਸਿਮਟੀ ਹੋਈ ਕਈ ਜਾਂਦੇ ਖੂਹ ਖ਼ਾਲੀ ਕਰਕੇ ਕਈ ਜਾਂਦੇ ਖ਼ਾਲੀ ਖੂਹ ਭਰਕੇ

ਜਿਨ੍ਹਾਂ ਦੀ ਜ਼ਿੰਦਗੀ ਵਿਚ ਹਰ ਰੋਜ਼

ਜਿਨ੍ਹਾਂ ਦੀ ਜ਼ਿੰਦਗੀ ਵਿਚ ਹਰ ਰੋਜ਼ ਰੰਗ ਆਉਂਦੇ ਚੋਰਾਂ ਦੀ ਵੰਸ਼ 'ਚੋਂ ਨੇ ਸਾਡੇ ਹੀ ਰੰਗ ਚੁਰਾਉਂਦੇ ਸੂਰਜਮੁਖੀ ਦੀ ਖ਼ਸਲਤ ਸਾਡੇ 'ਚ ਆ ਗਈ ਹੈ ਜਿੱਧਰੋਂ ਵੀ ਚੜ੍ਹਦਾ ਸੂਰਜ ਓਧਰ ਨੂੰ ਮੂੰਹ ਭੰਵਾਉਂਦੇ ਇੱਕ ਹੱਦ ਤੱਕ ਹੀ ਹੁੰਦਾ ਈਮਾਨਦਾਰ ਬੰਦਾ ਪਰਬਤ ਵੀ ਡੋਲ ਜਾਂਦੇ ਹੜ੍ਹ ਅੱਥਰੇ ਜਾ ਆਉਂਦੇ ਕੋਈ ਵੀ ਤਰਜ਼ ਕੱਢੋ, ਸਾਰੇ ਹੀ ਸਾਜ ਹੋਏ ਪੰਛੀ ਭਲ਼ੇ ਨੇ ਸਾਥੋਂ ਅਪਣੇ ਜੋ ਗੀਤ ਗਾਉਂਦੇ ਮਿਲਿਆ ਸਮਾਂ ਜੇ ਦੱਸੀਂ ਤੇਰੇ ਗਿਰਾਂ ’ਚ ‘ਬੂਟੇ’ ਕਿੰਨੇ ਕੁ ਲੋਕ ਰਹਿ ਗਏ ਚਿੱਤੋਂ ਜੋ ਮੁਸਕਰਾਉਂਦੇ

ਝੋਰਾ ਕਰੀਏ ਲਭਦੇ ਨੀ ਹੁਣ

ਝੋਰਾ ਕਰੀਏ ਲਭਦੇ ਨੀ ਹੁਣ ਬੰਦੇ ਪਾਏਦਾਰ ਪਾਣੀ ਦੇ ਬੁਲਬਲਿਆਂ ਵਰਗਾ ਸਾਡਾ ਵਣਜ ਵਿਹਾਰ ਪਿਘਲ਼ੀ ਹੋਈ ਮੋਮ ਨਹੀਂ ਮੈਂ, ਨਾ ਹੀ ਗੁੰਨ੍ਹੀ ਮਿੱਟੀ ਦੇ ਨੀ ਸਕਦਾ ਮਨ ਮਰਜੀ ਦਾ ਮੈਨੂੰ ਤੂੰ ਆਕਾਰ ਰਹਿਬਰ ਦੀ ਅੱਖ ਨੂੰ ਮੈਂ ਏਸੇ ਕਰਕੇ ਮਾੜੀ ਕਹਿੰਨਾਂ ਜਰ ਨੀ ਸਕਦੀ 'ਕੱਠੀ ਉਡਦੀ ਜਾਨਵਰਾਂ ਦੀ ਡਾਰ ਊਣਾ ਭਾਂਡਾ ਪੱਤਣ ਭਾਲ਼ੇ, ਭਰਿਆ ਪੱਤਣ ਭੁੱਲੇ ਜਗਤ ਬਣਾ ਕੇ ਬਹਿ ਗਿਆ ਅਪਣਾ ਕਿਹੋ ਜਿਹਾ ਕਿਰਦਾਰ ਲੋਹੇ ਦਾ ਵਿਸਥਾਰ ਅਸਾਨੂੰ ਹੌਲ਼ੇ ਕਰਕੇ ਛੱਡੂ ਖੱਲਾਂ ਖੂੰਜਿਆਂ ਦੇ ਵਿਚ ਸੁਲ਼ਗਣ ਪੁਰਖਿਆਂ ਦੇ ਔਜਾਰ ਜੋ ਅੱਜ ਦੋਸਤ ਕੱਲ੍ਹ ਨੂੰ ਓਹੋ ਦੁਸ਼ਮਣ ਵੀ ਬਣ ਸਕਦੈ ਦੁਖਦੀ ਰਗ ਦਾ ਕਦੇ ਕਰੋ ਨਾ ਉਸ ਕੋਲ਼ੇ ਇਜ਼ਹਾਰ ਏਥੋਂ ਲਗਦੈ ਆਪਾਂ ਸਾਰੇ ਕੁਦਰਤ ਦੇ ਜਾਏ ਹਾਂ ਕੌਣ ਨੀ ਕਰਨਾ ਚਾਹੁੰਦਾ ਅਪਣੇ ਬੀਜਾਂ ਦਾ ਵਿਸਥਾਰ

ਲਾਲਚੀਆਂ ਦੇ ਉੱਤੇ ਬੂਟਾ

ਲਾਲਚੀਆਂ ਦੇ ਉੱਤੇ ਬੂਟਾ ਏਸ ਲਈ ਇਤਬਾਰ ਨੀ ਕਰਦਾ ਜੰਗਲ ਦੇ ਜੰਗਲ ਖਾ ਕੇ ਵੀ ਅੱਗ ਦਾ ਕਦੇ ਵੀ ਢਿੱਡ ਨੀ ਭਰਦਾ ਕਾਹਦਾ ਕੰਨਿਆ ਦਾਨ ਹੈ ਕੀਤਾ ਕਾਹਦਾ ਸਿਰ ਤੋਂ ਭਾਰ ਲਾਹਿਆ ਪਿਛਲੇ ਪਾਸੇ ਹੋ ਗਿਆ ਬੂਹਾ ਵਸਦੇ ਰਸਦੇ ਹਸਦੇ ਘਰਦਾ ਹੁਣ ਓਨ੍ਹਾਂ ਦੇ ਧੀਆਂ ਪੁੱਤਰ ਪੱਬਾਂ ਦੇ ਨੇ ਵੇਟਰ ਹੋਏ ਜਿੰਨਾਂ ਦੇ ਖੇਤਾਂ ਵਿਚ ਆ ਕੇ ਸੂਇਆਂ ਦਾ ਸੀ ਪਾਣੀ ਮਰਦਾ ਦੁਨੀਆਂਦਾਰੀ ਦਾ ਇਹ ਚੱਕਰ ਚਲਦਾ ਆਇਆ ਚਲਦਾ ਰਹਿਣਾ ਆਦਿ ਕਾਲ ਤੋਂ ਛਲਕ ਰਹੇ ਦਾ ਊਣਾ ਲਿਫ਼ ਲਿਫ਼ ਪਾਣੀ ਭਰਦਾ ਕੇਹਾ ਵੇਲਾ ਆ ਗਿਆ ਯਾਰੋ ਛਾਂਵਾਂ ਦੇ ਵੀ ਪੈਰ ਨੇ ਲੱਗੇ ਜਦ ਸਰਹੱਦਾਂ ਟੱਪਣ ਕੇ ਜਾਵਣ ਸੁਲ਼ਗਣ ਲਗਦਾ ਵਿਹੜਾ ਘਰਦਾ

ਬਹੁਤ ਵਾਰੀ ਜਾਗਿਆਂ ਮੈਂ

ਬਹੁਤ ਵਾਰੀ ਜਾਗਿਆਂ ਮੈਂ ਤਾਰਿਆਂ ਦੇ ਸੌਣ ਤੱਕ ਆਪਣੇ ਹੀ ਸਾਏ ਜਾਂਦੇ ਸਿਦਕ ਨੂੰ ਅਜ਼ਮਾਉਣ ਤੱਕ ਵਸ ਕੇ ਕਿੱਦਾਂ ਲੋਕ ਮਨ ਵਿਚ ਉਮਰ ਲੰਬੀ ਭੋਗਦੇ ਬਹੁਤ ਘੱਟ ਹਉਕੇ ਗਏ ਨੇ ਗੀਤ ਬਣਕੇ ਗਾਉਣ ਤੱਕ ਰੁੱਖ ਦੀ ਟੀਸੀ ’ਚੋਂ ਫਿਰ ਉਹ ਦੇਖਿਆਂ ਦਿਸਦਾ ਨਹੀਂ ਆਦਮੀ ਬੌਨਾ ਹੋ ਜਾਂਦਾ ਸਬਰ ਤੋਂ ਲਲਚਾਉਣ ਤੱਕ ਮਨ ਦੇ ਪਾਣੀ ਉੱਤੇ ਲਹਿਰਾਂ ਹੁਣ ਵੀ ਨੇ ਉਹ ਤਰਦੀਆਂ ਮਰ ਗਈਆਂ ਸੀ ਸਾਰੀਆਂ ਜੋ ਝੀਲ ਦੇ ਪਥਰਾਉਣ ਤੱਕ ਪਹਿਲਾਂ ਮੇਰੀ ਸ਼ਾਖ਼ ਹਰ ਇਕ ਪੰਛੀਆਂ ਦੀ ਸੀ ਭਰੀ ਉਡ ਗਏ ਸਾਰੇ ਦੇ ਸਾਰੇ ਉਲਟ ਹੋਈ ਪੌਣ ਤੱਕ ਪਿਆਰ ਐਸੀ ਸਿਖ਼ਰ ਜਿਸ ’ਤੇ ਪੁੱਜ ਕੇ ਹਰ ਆਦਮੀ ਉਡਦੇ ਪੰਛੀ ਦੇ ਵੀ ਜਾਂਦੈ ਝਾਂਜਰਾਂ ਛਣਕਾਉਣ ਤੱਕ

ਸਮਾਂ ਹੁਣ ਮੇਰੀ ਬੋਲੀ ਬੋਲਦਾ ਹੈ

ਸਮਾਂ ਹੁਣ ਮੇਰੀ ਬੋਲੀ ਬੋਲਦਾ ਹੈ ਜ਼ਮਾਨਾ ਫਿਰਦਾ ਮੈਨੂੰ ਟੋਲ਼ਦਾ ਹੈ ਕਦੇ ਲੱਭਦੇ ਸੀ ਲੋਕੀ ਪਹੁੰਚਿਆਂ ਨੂੰ ਹਰਿਕ ਹੁਣ ਬੇ ਅਕਲ ਨੂੰ ਟੋਲਦਾ ਹੈ ਵਧਾਵੇ ਚਮਕ ਨਾ ਜੋ ਓਸਦੀ ਨੂੰ ਉਸੇ ਹੀਰੇ ਨੂੰ ਰਾਜਾ ਰੋਲ਼ਦਾ ਹੈ ਕਿਰਾਏਦਾਰ ਬਣ ਕੇ ਰਹਿ ਗਿਆ ਏਂ ਤੇਰੇ ’ਚੋਂ ਹੋਰ ਕੋਈ ਬੋਲਦਾ ਹੈ ਮੇਰੇ ਪਿੰਡੋ ਹਰਿਕ ਘਰ 'ਚੋਂ ਪਰਿੰਦਾ ਉਡਾਰੀ ਭਰਨ ਲਈ ਪਰ ਤੋਲਦਾ ਹੈ ਬੜਾ ਤੂੰ ਯਾਦ ਆਊਨੈਂ ਬਾਬਿਆ ਹੁਣ ਕਿਤੇ ਨਾ ਕੋਈ ਪੂਰਾ ਤੋਲਦਾ ਹੈ

ਜੀਵਨ ਦੇ ਦੋ ਹੀ ਰਸਤੇ ਨੇ

ਜੀਵਨ ਦੇ ਦੋ ਹੀ ਰਸਤੇ ਨੇ ਜਿਹੜਾ ਜੀਅ ਚਾਹੇ ਅਪਣਾ ਲਉ ਦਿਲ ਕਰਦੇ ਹੈ ਦਾਮ ਕਮਾ ਲਉ ਦਿਲ ਕਰਦੇ ਹੈ ਨਾਮ ਕਮਾ ਲਉ ਸਿਵਿਆਂ ਤੱਕ ਹੀ ਜਾਣੈ ਆਪਾਂ ਏਡੀ ਵੀ ਹੈ ਕਾਹਲ਼ੀ ਕਾਹਦੀ ਹਮਸਾਏ ਜੋ ਪਿੱਛੇ ਰਹਿ ਗਏ ’ਵਾਜ਼ ਮਾਰ ਕੇ ਨਾਲ਼ ਰਲ਼ਾ ਲਉ ਛੱਤ ਬਣੋਂ ਜੇ ਬਣਨਾ ਹੀ ਹੈ ਚਹੁੰ ਬੰਦਿਆਂ ਨੇ ਚੰਗਾ ਕਹਿਣਾ ਕਿੱਥੇ ਲਿਖਿਐ ਅਪਣੀ ਦੇਹ ਨੂੰ ਕਿਸੇ ਦੇ ਰਾਹ ਦੀ ਕੰਧ ਬਣਾ ਲਉ ਉਮਰ ਅਜੇਹੀ ਵੇਲ ਦੋਸਤੋ ਵਧਣੋਂ ਕੋਈ ਰੋਕ ਨੀ ਸਕਦਾ ਜੀਵਨ ਦੇ ਰੰਗ ਫਿਟਣੋਂ ਪਹਿਲਾਂ ਰੰਗਾਂ ਦਾ ਸੰਸਾਰ ਵਸਾ ਲਉ ਰਾਹੀਆਂ ਦੇ ਪੈਰੋਂ ’ਚੋਂ ਕੱਢ ਕੱਢ ਸੂਲ਼ਾਂ ਦਾ ਮੈਂ ਬੋਝਾ ਭਰਿਆ ਸੋਨੇ ਦੀ ਇਹ ਖਾਨ ਬਰਾਬਰ ਜਿੱਥੋਂ ਮਰਜੀ ਪਰਖ ਕਰਾ ਲਉ

ਮੇਰੀ ਖ਼ਾਤਿਰ ਹਊਆ ਜੇਕਰ

ਮੇਰੀ ਖ਼ਾਤਿਰ ਹਊਆ ਜੇਕਰ ਹਰ ਇਕ ਘਾਟੀ ਹੁੰਦੀ ਵਕਤ ਨੇ ਮੇਰੇ ਨਾਂ ਉੱਤੇ ਵੀ ਮਾਰੀ ਕਾਟੀ ਹੁੰਦੀ ਧਰਤੀ ਥੱਲੜੀ ਮਿੱਟੀ ਵਾਂਗੂੰ ਰਹਿਬਰ ਇੱਕ ਨੇ ਹੁੰਦੇ ਵੇਖਣ ਨੂੰ ਹੀ ਉੱਤੋਂ ਉੱਤੋਂ ਧਰਤੀ ਪਾਟੀ ਹੁੰਦੀ ਧਰਤੀ ਅੰਬਰ ਧਾਹੀਂ ਰੋਵੇ ਰਹਿਬਰ ਖ਼ੁਸ਼ੀ ਮਨਾਉਂਦੇ ਜਦੋਂ ਕਿਸੇ ਨੁਕਤੇ 'ਤੇ ਦੁਨੀਆਂ ਅੱਡੋ ਫਾਟੀ ਹੁੰਦੀ ਨਿੱਕਲ਼ ਆਉਂਦੇ ਵਿੱਚੋਂ ਆਖ਼ਿਰ ਲਾਰੇ ਲੱਪੇ ਧੋਖੇ ਖ਼ੂਬ ਰਿੜਕਿਆ ਜਾਂਦਾ ਸ਼ੈਸਨ ਖ਼ਾਲੀ ਚਾਟੀ ਹੁੰਦੀ ਘਰ ਤੋਂ ਆਵਣ ਜਾਵਣ ਦਾ ਰਾਹ ਖ਼ੁਦ ਨੂੰ ਲੰਬਾ ਹੁੰਦਾ ਇਛਾਵਾਂ ਨੇ ਹੀ ਸੌ ਪਾਸੇ ਪਾਈ ਕਾਟੀ ਹੁੰਦੀ ਜਿਹੜੀ ਡੰਡੀ ਵਿਚਦੀ ਰਹਿਬਰ ਇਕ ਵਾਰੀ ਲੰਘ ਜਾਵੇ ਅਗਲੇ ਦਿਨ ਉਸ ਡੰਡੀ ਵਿੱਚੋਂ ਡੰਡੀ ਪਾਟੀ ਹੁੰਦੀ

ਜੇਬਾਂ ਨੂੰ ਤਾਂ ਪੈਂਦੇ ਹੀ ਸੀ

ਜੇਬਾਂ ਨੂੰ ਤਾਂ ਪੈਂਦੇ ਹੀ ਸੀ ਖੇਤਾਂ ਨੂੰ ਵੀ ਪੈ ਗਏ ਰਾਜ ਬਹਾਏ ਪਾਰੇ ਵਾਂਗੂੰ ਹੱਡਾਂ ਦੇ ਵਿਚ ਬਹਿ ਗਏ ਖ਼ੁਦਗਰਜੀ ਦੀ ਪਾਣ ਚਾੜ੍ਹ ਕੇ ਜੋ ਤ੍ਰਿਸ਼ੂਲ ਬਣਾਏ ਖੇਤਾਂ ਦੇ ਪੁੱਤਾਂ ਦੇ ਆ ਕੇ ਕਾਲਜਿਆਂ ਵਿਚ ਲਹਿ ਗਏ ਇਸ ਤੋਂ ਵੱਡੀ ਕਰਾਮਾਤ ਕੀ ਪੈਸਾ ਹੋਰ ਵਿਖਾਊ ਦੋ ਚਹੁੰ ਬੰਦੇ ਰਲ਼ ਕੇ ਸਾਡਾ ਦੇਸ ਖ਼ਰੀਦਣ ਬਹਿ ਗਏ ਨੀਲੇ ਮੋਰਾਂ ਦੇ ਖੰਭ ਝੜ ਗਏ ਉਲਟੀ ਵਗੀ ਹਨੇਰੀ ਮਾੜੇ ਸਾਥ ਦੇ ਕਾਰਨ ਪਾਏ ਕਿਲੇ ਆਸ ਦੇ ਢਹਿ ਗਏ ਬਹੁਤ ਬੁਰਾ ਹੋਵੇਗਾ ‘ਬੂਟੇ’ ਜਿੱਦੇਂ ਸੁਣਨਾ ਪੈ ਗਿਆ ਖੇਤਾਂ ਦੇ ਪੁੱਤ ਪੱਥਰ ਹੋ ਕੇ ਇਹ ਅਨਿਆ ਵੀ ਸਹਿ ਗਏ

ਖ਼ੈਰ ਖ਼ੁਆਹ ਨੇ ਕਿੰਨੇ ਭਰਮ ਭੁਲੇਖੇ

ਖ਼ੈਰ ਖ਼ੁਆਹ ਨੇ ਕਿੰਨੇ ਭਰਮ ਭੁਲੇਖੇ ਚੁਕ ਜਾਂਦੀ ਸ਼ੁਹਰਤ ਜਦੋਂ ਬਿਗਾਨੇ ਬੂਹੇ ਜਾ ਕੇ ਢੁਕ ਜਾਂਦੀ ਖ਼ੁਦਗਰਜ਼ੀ ਹੀ ਕੋਈ ਉਸਦੀ ਸੰਘੀ ਘੁਟਦੀ ਹੈ ਐਵੇਂ ਨੀ ਗੱਲ ਮੂੰਹ ’ਤੇ ਆਉਂਦੀ ਆਉਂਦੀ ਰੁਕ ਜਾਂਦੀ ਪੈਸੇ ਵਾਲੇ ਉਚੇ ਬਾਕੀ ਨੀਵੇਂ ਹੋ ਜਾਂਦੇ ਪੌੜੀ ਦੇ ਜਦ ਹਰ ਟੰਬੇ ਦੀ ਕੀਮਤ ਚੁਕ ਜਾਂਦੀ ਹੌਲ਼ੀ ਹੌਲ਼ੀ ਨਕਸ਼ ਓਸਦੇ ਭੁੱਲਣ ਲਗਦੇ ਨੇ ਮੁੜਕੇ ਆਉਣ ਦੀ ਜਦੋਂ ਉਡੀਕ ਕਿਸੇ ਦੀ ਮੁੱਕ ਜਾਂਦੀ ਇਕ ਵਾਰੀ ਜੇ ਲਾ ਕੇ ਮੁੜਕੇ ਆਈਏ ਜਾਈਏ ਨਾ ਪਾਣੀ-ਪਾਣੀ ਕਰਦੀ ਵੇਲ਼ ਤਿਹਾਈ ਸੁਕ ਜਾਂਦੀ

ਦਿਆਨਤਦਾਰੀ ਵਿੱਚ ਰੰਗੀ ਨਹੀਂ ਹੈ

ਦਿਆਨਤਦਾਰੀ ਵਿੱਚ ਰੰਗੀ ਨਹੀਂ ਹੈ ਇਹ ਦੁਨੀਆਂ ਅੰਦਰੋਂ ਚੰਗੀ ਨਹੀਂ ਹੈ ਕੋਈ ਇਕ ਤਾਂ ਮਿਲੇ ਜਿਹੜਾ ਕਹੇ ਇਹ ਮੇਰੀ ਰੂਹ ਸੂਲੀ ’ਤੇ ਟੰਗੀ ਨਹੀਂ ਹੈ ਬਣਾਏ ਇਕ ਦਿਨ ਦੇ ਦੋ ਦੋ ਦਿਨ ਮੈਂ ਕਦੇ ਲੰਬੀ ਉਮਰ ਮੰਗੀ ਨਹੀਂ ਹੈ ਅਸਾਂਨੂੰ ਮਾਰ ਦਿੱਤਾ ਤੰਗੀਆਂ ਨੇ ਤੁਹਾਨੂੰ ਕੋਈ ਵੀ ਤੰਗੀ ਨਹੀਂ ਹੈ ਜਦੋਂ ਤੋਂ ਹੋ ਗਿਆਂ ‘ਬੂਟੇ’ ਤੋਂ ਸ਼ੀਸ਼ਾ ਕੋਈ ਸਾਥੀ ਕੋਈ ਸੰਗੀ ਨਹੀਂ ਹੈ

ਕੌਣ ਨੇ ਅਪਣੇ ਕੌਣ ਨੇ ਲੋਕ ਪਰਾਏ ਏਥੇ

ਕੌਣ ਨੇ ਅਪਣੇ ਕੌਣ ਨੇ ਲੋਕ ਪਰਾਏ ਏਥੇ ਸ਼ਾਖ਼ਾਵਾਂ ਦੇ ਸਾਰੇ ਪੱਤੇ ਸੁੱਟ ਕੇ ਵੇਖੇ ਹੇਠਾਂ ਉੱਪਰ ਤੱਕ ਦਾ ਜਦ ਵਰਤਾਰਾ ਵੇਖਾਂ ਹਰ ਇਕ ਛੋਟਾ ਵੱਡੇ ਅੱਗੇ ਗੋਡੇ ਟੇਕੇ ਜੱਗੋਂ ਜਾ ਕੇ ਵੀ ਨਾ ਜੇਕਰ ਜਾਣਾ ਹੋਵੇ ਹੋਰ ਜੋ ਮਰਜ਼ੀ ਵੇਚ ਦਵੇ ਈਮਾਨ ਨਾ ਵੇਚੇ ਉਲਟੇ ਨੀਰ ਨੀ ਵਹਿਣੇ ਫਿਰ ਵੀ ਧੀਆਂ ਲੋਚਣ ਕਦੋਂ ਹੋਣਗੇ ਇੱਕੋ ਜੇਹੇ ਸਹੁਰੇ ਪੇਕੇ ਨਾ ਉਹ ਮੇਰਾ ਹੋਇਆ ਨਾ ਹੀ ਹੋਣਾ ਉਸਨੇ ਲੱਗੀ ਜਾਂਦਾ ਵਗਦਾ ਹਰ ਸਾਹ ਜੀਹਦੇ ਲੇਖੇ

ਕਿਸੇ ਨੂੰ ਕੀ ਤੁਸੀਂ ਕਾਲ਼ੇ ਜਾਂ ਗੋਰੇ

ਕਿਸੇ ਨੂੰ ਕੀ ਤੁਸੀਂ ਕਾਲ਼ੇ ਜਾਂ ਗੋਰੇ ਚੰਮ ਦੇ ਹੋ ਜ਼ਮਾਨਾ ਵੇਖਦੈ ਕਿੰਨੇ ਕੁ ਉਸਦੇ ਕੰਮ ਦੇ ਹੋ ਤੁਹਾਡਾ ਲਿਸ਼ਕਣਾ ਕਿੱਥੇ ਗਿਆ ਸੋਚੋ ਕਦੇ ਇਹ ਪਰਾਏ ਸ਼ੀਸ਼ਿਆਂ 'ਤੇ ਧੂੜ ਬਣਕੇ ਜੰਮ ਦੇ ਹੋ ਸਫ਼ਾਈ ਨਾ ਦਿਓ ਜੰਗਲ ਨਿਮਾਣਾ ਜਾਣਦਾ ਹੈ ਤੁਸੀਂ ਝੱਖੜ ਦੇ ਹਿੱਸੇ ਹੋ ਜਾਂ ਝੱਖੜ ਥੰਮ ਦੇ ਹੋ। ਪਵਾਇਆ ਮੁੱਲ ਤੁਹਾਨੂੰ ਤੋੜ ਦਿੰਦੇ ਮੂਲ ਨਾਲੋ ਕਿਸੇ ਦੀ ਤੇਹ ਲਈ ਜਦ ਬਰਫ਼ ਬਣਕੇ ਜੰਮ ਦੇ ਹੋ

ਇਕ ਦੂਜੇ ਨੂੰ ਭੰਡੀ ਜਾਂਦੇ

ਇਕ ਦੂਜੇ ਨੂੰ ਭੰਡੀ ਜਾਂਦੇ ਰੇਤੇ ਨੂੰ ਹੀ ਛੰਡੀ ਜਾਂਦੇ ਰੋਣੇ ਧੋਣੇ ਲੈ ਕੇ ਮੁੜੀਏ ਦਾਣੇ ਲੈ ਕੇ ਮੰਡੀ ਜਾਂਦੇ ਰਾਹੋਂ ਕੰਡੇ ਚੁਗਦੇ ਨੀ ਹੁਣ ਪੈ ਕੇ ਡੰਡੀ ਡੰਡੀ ਜਾਂਦੇ ਘਰਦੇ ਛੱਡ ਕੇ ਬਾਰ੍ਹਲਿਆਂ ਸੰਗ ਰਿਸ਼ਤੇ ਨਾਤੇ ਗੰਢੀ ਜਾਂਦੇ ਖਾ ਕੇ ਬੰਦਾ ਹੋ ਜੇ ਭਗਵਾਂ ਭੋਗ ਅਜੇਹਾ ਵੰਡੀ ਜਾਂਦੇ ਖੱਬਲ ’ਤੇ ਹੀ ਚੱਲਣ ਵਾਲੇ ਖੁਰਪੇ ਕਾਹਤੋਂ ਚੰਡੀ ਜਾਂਦੇ

ਜੱਗ ਦੇ ਵਿਚ ਬਰਾਬਰ ਹਿੱਸਾ ਮੇਰਾ ਨੀ

ਜੱਗ ਦੇ ਵਿਚ ਬਰਾਬਰ ਹਿੱਸਾ ਮੇਰਾ ਨੀ ਕਾਲੀ ਰਾਤ ਹੈ ਮੇਰੀ ਸੋਨ ਸਵੇਰਾ ਨੀ ਤੁਰਿਆ ਚੱਲ ਤੂੰ ਆਪੇ ਘਟਦਾ ਜਾਵੇਗਾ ਕੋਈ ਵੀ ਪੰਧ ਹੁੰਦਾ ਕਦੇ ਲੰਮੇਰਾ ਨੀ ਕੱਚੇ ਘਰੀਂ ਵੀ ਲੋਕੀ ਸੁਰਗ ਹੰਢਾਉਂਦੇ ਨੇ ਮਹਿਲਾਂ ਕੋਲ਼ੇ ਹੁੰਦਾ ਰੈਣ ਬਸੇਰਾ ਨੀ ਮਰਿਆ ਤਾਂ ਨੀ ਜਾਂਦਾ ਜਿਉਣਾ ਪੈਂਦਾ ਹੈ ਜੀਣ ਲਈ ਇਹ ਢੁਕਵਾਂ ਚਾਰ ਚੁਫੇਰਾ ਨੀ ਥਾਂ ਸਿਰ ਆ ਜਾਵੇਂਗਾ ਜਿੱਦੇਂ ਸੋਚ ਲਿਆ ਸਭ ਕੁੱਝ ਹੁੰਦੇ ਸੁੰਦੇ ਕੁੱਝ ਵੀ ਮੇਰਾ ਨੀ

ਜੀਵਨ ਨਾਲ਼ੋਂ ਟੁੱਟੇ ਹੋਏ ਗੀਤ ਨੀ ਹੁੰਦੇ

ਜੀਵਨ ਨਾਲ਼ੋਂ ਟੁੱਟੇ ਹੋਏ ਗੀਤ ਨੀ ਹੁੰਦੇ ਸੱਤ ਬਿਗਾਨੇ ਹੁੰਦੇ ਮਨ ਦੇ ਮੀਤ ਨੀ ਹੁੰਦੇ ਬੱਦਲ ਬਣ ਕੇ ਵਰ੍ਹਨਾ ਪੈਂਦੈ ਅੰਬਰ ਉੱਤੋਂ ਰੋਇਆਂ ਧੋਇਆਂ ਤਪਦੇ ਬੁੱਲੇ ਸੀਤ ਨੀ ਹੁੰਦੇ ਵਕਤ ਕਿਹੋ ਜਿਹਾ ਸੁਰਮਾ ਨੈਣੀਂ ਪਾ ਗਿਆ ਹੈ ਮਾਂ ਜਾਏ ਵੀ ਮਾਂ ਜਾਏ ਪ੍ਰਤੀਤ ਨੀ ਹੁੰਦੇ ਚੋਣਾਂ ਜਿੱਤਣ ਹਾਰਨ ਵਾਲ਼ੇ ਸਭ ‘ਬੂਟੇ’ ਹੋਰ ਜੋ ਮਰਜੀ ਹੋਵਣ ਨਿਰਮਲ ਚੀਤ ਨੀ ਹੁੰਦੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ