Khulhe Ghund : Prof. Puran Singh

ਖੁਲ੍ਹੇ ਘੁੰਡ : ਪ੍ਰੋਫੈਸਰ ਪੂਰਨ ਸਿੰਘ

੧. ਨਾਮ ਮੇਰਾ ਪੁੱਛਦਾ ਨਾਮ ਮੇਰਾ ਕੀ ਹੈ ?



ਮੁੜ, ਮੁੜ, ਪਿੱਛੇ, ਅੱਗੇ, ਮੈਂ ਵੇਖਦਾ,
ਨਾਮ ਕੀ ਚੀਜ਼ ਹੈ ? ਨਾਮ ਮੈਨੂੰ ਧਰੂਕਦਾ,
ਮੈਂ ਆਪਣੇ ਨਾਮ ਤੇ ਕਿਉਂ ਬੋਲਦਾ ?
ਨਾਮ ਕੀ ਹੈ ? ਹੋਰ ਕੋਈ ਨਾਮ ਹੋਵੇ,
ਫਰਕ ਕੀ ਹੈ ?
ਮੈਂ ਅਚਰਜ ਹੋ ਵੇਖਦਾ ਨਾਮ ਆਪਣੇ ਨੂੰ,
ਮੁੜ, ਮੁੜ, ਵੇਖਦਾ ਇਹ ਕੀ ਹੈ ?
… … …
ਸਚ ਕਹਿੰਦਾ ਸ਼ੈਕਸਪੀਅਰ,
ਗੁਲਾਬ ਨੂੰ ਗੁਲਾਬ ਗੁਲਾਬ ਸਦੋ,
ਭਾਵੇਂ ਕੰਡਾ, ਕੰਡਾ, ਨਾਮ ਵਿਚ ਕੀ ਹੈ ?
ਖੁਸ਼ਬੋ ਪਿਆਰ ਦੀ,
ਲਾਲੀ ਜਵਾਨੀ ਦੀ,
ਭਾ ਅਰਸ਼ ਦੀ,
ਜਿੰਦ ਬੂਟੇ ਦੀ,
ਧਰਤ ਦਾ ਸੁਫਨਾ-ਬੱਸ, ਇਹ ਗੁਲਾਬ ਹੈ !
ਮੇਰਾ, ਗੁਲਾਬ ਵਾਂਗੂੰ, 'ਗੁਲਾਬ, ਗੁਲਾਬ',
ਨਾਮ ਵਿਚ ਕੀ ਹੈ ?
ਮੈਂ ਲੱਖਾਂ ਸਮੁੰਦਰਾਂ ਦਾ ਮੋਤੀ,
ਅਰਸ਼ਾਂ ਦੀਆਂ ਰੌਸ਼ਨੀਆਂ ਦਾ ਕਤਰਾ,
ਲੱਖਾਂ ਨੈਣਾਂ ਦੀ ਝਲਕ ਜਿਹੀ,
ਸੋਹਣੇ ਮੂੰਹਾਂ ਅਨੇਕਾਂ ਦੀ ਬਿਜਲੀ,
ਰੌਣਕ ਕਿਸੇ ਅਣਡਿੱਠੇ ਇਕਬਾਲ ਦੀ,
ਨਾਮ ਆਪਣਾ ਪੁੱਛਦਾ,
ਕੌਣ ਦੱਸਦਾ ?
ਪੁਲਾੜ ਜਿਹੀ ਵਿਚ ਇਕ ਵਿਅਰਥ ਜਿਹੀ ਚੀਖ ਹੈ ।



ਢੇਰ ਚਿਰ ਹੋਯਾ,
ਮੈਂ ਜਦ ਬਾਲ ਸਾਂ,
ਖ਼ੁਸ਼ੀ ਸਾਂ ਨਵੇਂ ਜੰਮੇ ਫੁੱਲ ਦੀ,
ਲਾਲੀ ਪੂਰਬ ਦੀ, ਨੀਲਾਣ ਅਕਾਸ਼ ਦੀ,
ਪ੍ਰਕਾਸ਼ ਦੀ, ਡਲ੍ਹਕਦੀ ਡਲੀ ਸਾਂ,
ਨਿੱਕਾ ਜਿਹਾ ਚੰਨ ਮੂੰਹ,
ਮਾਂ ਦਿੱਤਾ ਨਾਮ ਵੀ ਨਵਾਂ ਨਵਾਂ ਸੀ,
ਮੈਂ ਸਾਂ ਨਾਮ ਤੇ ਰੀਝਦਾ ।
ਸਭ ਅੰਦਰ ਸੀ ਮੈਂ ਮੇਰੀ,
ਨਾਮ ਬਾਹਰ ਦਾ ਆਵਾਜ਼ ਸੀ,
ਪੈਂਦੀ ਚੰਗੀ ਲੱਗਦੀ, ਰੂਹ ਪੁੱਛਦੀ,
ਬਾਹਰ ਕੀ, ਅੰਦਰ ਤਾਂ ਸਭ ਕੁਛ ਸੀ,
ਬਾਹਰ ਕੌਣ ਬੁਲਾਉਂਦਾ ?
… … …
ਰੀਝਦਾ ਸਾਂ ਸੁਣ ਸੁਣ ਨਾਮ ਓਹ,
ਪਯਾਰਾ ਵਾਂਗ ਰੰਗੇ ਲਾਲ ਖਿਡਾਉਣੇ,
ਤੇ ਨਾਂ ਲਵੇ ਜੇ ਕੋਈ ਮੇਰਾ
ਝੱਟ ਬੋਲਦਾ ਖੁਸ਼ ਹੋ:-
ਹਾਂ ਜੀ ! ਹਾਂ ਜੀ ! ਅਗੂੰ ਹੱਥ ਜੋੜਦਾ,
ਖਲੋਂਦਾ ਹੱਥ ਬੱਝੇ,
ਜਿਵੇਂ ਵੱਛਾ ਇਕ ਗਊ ਦਾ ਰੱਸੀ ਬੱਝਿਆ !
ਕੀ ਨਾਮ ਨਾਲ ਬੰਨ੍ਹਿਆ ਮਾਂ ਮੇਰੇ ਅੰਦਰ ਦਾ ਸਵਰਗ ਸਾਰਾ,
ਮਤੇ ਮੈਂ ਉਡ ਨ ਜਾਂ, ਛੱਡ ਉਹਦੇ ਪੰਘੂੜਿਆਂ !!
… … …
ਪਰ ਜਦ ਅੱਖਾਂ ਵੇਖਣ ਸਿੱਖੀਆਂ ਬਾਹਰ ਨੂੰ,
ਤੇ ਹੌਲੇਂ ਹੌਲੇਂ ਨਜ਼ਾਰਾ ਭੁੱਲਿਆ ਆਪਣੇ ਅੰਦਰ ਦ
ਚਮਤਕਾਰ ਦਾ,
ਅੱਕ, ਥੱਕ ਪੁੱਛਦੀਆਂ-ਨਾਮ ਵਿਚ ਕੀ ਹੈ ?
ਮੁਠ ਵਿਚ ਨੱਪ, ਨੱਪ, ਮੁੜ ਖੋਹਲ, ਖੋਹਲ ਆਖਣ-
ਦੱਸ ਨਾਮ, ਤੇਰਾ ਇਸ ਵਿਚ ਕੀ ਹੈ ?
ਨੈਣ ਮੇਰੇ ਮੈਨੂੰ ਪੁੱਛਣ-"ਤੂੰ ਕੌਣ ?"
ਤੇ ਮੈਂ ਵੇਖ ਵੇਖ ਹਾਰਦਾ-ਵੱਤ ਮੈਂ ਕੌਣ ?
ਮੇਰੇ ਜਿਹੇ ਸਾਰੇ ਦਿੱਸਦੇ,
ਫਿਰ ਵੱਖਰੇ, ਵੱਖਰੇ ਕਿਉਂ,
ਫਿਰ ਵੱਖਰਾਪਨ ਕੀ ਹੈ ?
… … …



ਆਦਮੀ ਸਾਰੇ ਇੱਕੋ ਜਿਹੇ,
ਸਾਹਸੱਤ ਭੀ ਇਕ ਹੈ,
ਨੋਹਾਰਾਂ ਮਿਲਦੀਆਂ, ਲਹੂ ਮਿਲਦਾ,
-ਹੈਵਾਨਾਂ, ਇਨਸਾਨਾਂ ਦਾ, ਪੰਛੀਆਂ
ਫੁੱਲਾਂ ਦਾ, ਪਤੀਆਂ, ਜਵਾਹਰਾਤਾਂ ਦਾ-
ਫਿਰ ਅਚਰਜ ਇਹ ਰੰਗ, ਹਰ ਕੋਈ ਵੱਖਰਾ !!
… … …
ਬਾਹਾਂ ਨੂੰ ਓਲਾਰਨਾ ਮੇਰਾ ਸਭ ਦਾ ਇੱਕੋ,
ਨੈਣਾਂ ਦਾ ਝਮਕਣਾ ਤੱਕਣਾ ਓਹ ਭੀ ਇਕ ਹੈ,
ਹੋਠਾਂ ਦੀ ਲਾਲੀ ਓਹੋ ਚੂਨੀਆਂ ਵਾਲੀ,
ਤੇ ਖਿੜ ਖਿੜ ਹੱਸਣਾ ਮੇਰਾ, ਗੁਲਾਬਾਂ ਦਾ ਇਕ ਹੈ,
ਦਿਲ ਦੀ ਧੜੱਕ, ਕੀੜੀ ਦੀ, ਸ਼ੇਰ ਦੀ, ਹਾਥੀ ਦੀ, ਮੇਰੀ,
ਫੁੱਲ ਦੇ ਸਵਾਸਾਂ ਦੀ ਚਾਲ ਮੇਰੇ ਸਵਾਸਾਂ ਦੀ ਚਾਲ ਹੈ,
ਪੱਥਰਾਂ ਵਿਚ, ਹੀਰਿਆਂ ਵਿਚ,
ਜਲਾਂ ਵਿਚ, ਥਲਾਂ ਵਿਚ,
ਮੇਰੀ ਆਪਣੀ ਮਾਸ , ਹਡ, ਚੰਮ ਦੀ ਨੁਹਾਰ ਹੈ ! … … …
ਕੀ ਫੰਗਾਂ ਵਾਲੇ ਉਡਦੇ ਪੰਖੇਰੂ ਵੱਖ ਮੈਂ ਥੀਂ ?
ਕੀ ਓਨ੍ਹਾਂ ਦੇ ਨਾਮ ਵਿਚ ਮੇਰਾ ਨਾਮ ਨਹੀਂ ਹੈ ?
ਪਰ ਕਬੂਤਰਾਂ ਦੇ ਨੈਣਾਂ ਵਿਚ ਮੇਰੇ ਅੱਥਰੂ,
ਤੇ ਹੰਸਣੀ ਦੇ ਦਿਲ ਵਿਚ ਦਰਦ-ਵਿਰਹਾ ਮੇਰਾ ਹੈ,
ਡਾਰਾਂ ਥੀਂ ਵਿਛੜੀ ਕੂੰਜ ਦਾ ਰੋਣਾ ਮੇਰਾ ਆਪਣਾ,
ਤੇ ਚਿੜੀ ਦੀ ਚੁੰਝ ਵਿਚ,
ਦਿਸੇ ਮੈਨੂੰ ਆਪਣਾ ਮਾਂ-ਪਿਆਰ ਹੈ !
… … …
ਪੌਸ਼ਾਕੇ ਵੱਖੋ ਵਖ ਦਿੱਸਦੇ,
ਪਰ ਦਿਲ ਮੇਰਾ, ਜਾਨ ਮੇਰੀ,
ਆਸਾਂ ਨਿਰਾਸਾਂ, ਧੜਕ, ਸਹਿਮ,
ਕਾਂਬਾ, ਓਭਾਰ, ਓਤਾਰ ਮੇਰਾ,
ਸੁਖ, ਦੁਖ, ਭੁਖ ਨੰਗ,
ਮੌਤ ਤੇ ਵਿਛੋੜਾ ਮੇਰਾ,
ਹਾਏ ! ਇਹ ਸਭ ਕੁਝ ਕਿੰਞ ਮੇਰੇ ਥੀਂ ਵੱਖ ਹੈ ?
… … …
ਇਉਂ ਤਾਂ ਨਾਰ ਦੀ ਨੋਹਾਰ ਵਿਚ,
ਮਰਦ ਹੋਰ, ਕੁੜੀ, ਮੁੰਡਾ ਵੱਖ ਹੈ,
ਚੋਲਾ ਵੱਖੋ ਵੱਖ ਹੈ,
ਪਰ ਜੀਣ ਮਰਣ ਮੇਰਾ ਸਾਂਝਾ;
… … …
ਮੇਰਾ ਨਿੱਕਾ ਜਿਹਾ ਨਾਮ ਮੈਨੂੰ ਮਾਰਦਾ,
ਸੱਦਕੇ, ਮੈਨੂੰ, ਮੇਰੇ ਨਾਂ ਥੀਂ ਛੁਡਾਉਣਾ !
ਇਹੋ ਬੱਸ ਪਾਪ ਮੇਰਾ,
ਇਹੋ ਕਰਮ, ਮੇਰੇ ਮਾਂ ਪਿਓ ਨੇ ਮੇਰੇ ਨਾਲ ਚਮੋੜਿਆ !
ਇਹ ਵਹਮ ਜੇ ਦੀਨ ਵਾਲਿਓ !
ਫਸੀ ਮੈਂ ਵਹਮ ਥੀਂ ਕੱਢੀਓ !
ਦੌੜੀਓ ! ਇਸ ਰੱਸੀ ਦੀ ਫਾਂਸੀ ਬਣੀ ਪਈ ਹੈ !
ਮੇਰਾ ਨਾਮ ਮੈਨੂੰ ਮਾਰਦਾ,
ਲੋਕੀ ਖਿੱਚਦੇ, ਟੋਰਦੇ, ਬੁੱਲਾਂਦੇ, ਹੱਕਦੇ,
ਲਿਜਾਂਦੇ ਅਗਾਂਹ ਨੂੰ, ਪਿਛਾਂਹ ਨੂੰ,
ਜਿਧਰ ਓਨ੍ਹਾਂ ਦੀ ਮਰਜ਼ੀ,
ਮੈਂ ਖਿੱਚੀ ਖਿੱਚੀ, ਦੌੜ, ਦੌੜ, ਅੱਕਿਆ,
ਇਹ ਕੀ ਗੱਲ ਮੇਰੇ ਵਿਚ ਅਣਹੋਈ ਜਿਹੀ ਜੇਵੜੀ ?
… … …



ਮੈੰ ਮੁੜ ਮੁੜ ਪੁੱਛਦਾ,
ਨਾਮ ਕੀ ਚੀਜ਼ ਹੈ ?
ਕੂੜ ਮਾਂ ਪਿਓ ਲਾਈ ਲੀਕ ਮੈਨੂੰ,
ਉਨ੍ਹਾਂ ਦੀ ਖੇਡ ਹੋਈ, ਸਾਡੀ ਮੌਤ,
ਇਹ ਕੀ ਵੜਦੇ ਸਾਰ ਸਾਨੂੰ ਮਾਰਿਆ ?
… … …
ਜਿਹੜੀ ਚੀਜ਼-'ਹੈ ਨਾਂਹ', 'ਹੋਈ ਨਾਂਹ' ਹੋਸੀ ਨਾਂਹ',
ਓਸ ਨਾਲ ਜਕੜਿਆ !
ਮੈਨੂੰ ਨਿੱਕਾ ਕਰ ਮਾਰਿਆ !
ਸਾਰੀ ਉਮਰ ਖੇਡ ਜਿਹੀ ਵਿਚ ਲੰਘੀ, ਨਾਮ ਦੀਆਂ
ਬੱਤੀਆਂ ਬਾਲਦੇ, ਸ਼ਹਰ, ਸ਼ਹਰ ਫਿਰਿਆ,
ਮੁਲਕ, ਮੁਲਕ ਘੁੰਮਿਆਂ, ਹਫ਼ਿਆਂ, ਨਾਮ ਦਾ
ਫੁਰੇਰਾ ਉੱਚਾ ਉੱਚਾ ਲਹਰਾਂਦੇ !
ਨਾਮ ਇਕ ਵਹਮ ਸੀ,
ਉਮਰ ਸਾਰੀ ਵਹਮ ਦੇ ਕੰਮ ਕਰਕੇ ਗੁੰਮੀ,
… … …
ਮੈਂ ਕੋਈ ਹੋਰ ਹਾਂ,
ਹੁਣ ਮੈਨੂੰ ਆਪਣੀ ਸਾਰੀ ਨੋਹਾਰ ਪੂਰੀ,
ਦਰਯਾਵਾਂ, ਪਰਬਤਾਂ, ਘਾਹਾਂ ਵਿਚ ਦਿੱਸਦੀ,
ਫੁੱਲਾਂ ਵਿਚ ਲਹੂ ਮੇਰਾ,
ਹੱਡੀਆਂ ਮੇਰੀਆਂ ਹਿਮਾਲਾ ਦੀਆਂ ਕੜੀਆਂ, ਸਿੱਧੀਆਂ
ਗ੍ਰੈਨਾਈਟ (ਬੱਜਰ) ਦੇ ਹੱਡਾਂ ਨਾਲ ਵਜ ਵਜ ਕੂਕਦੀਆਂ
-"ਇਹ ਮੈਂ ਹਾਂ"-
ਖੁਲ੍ਹੇ ਮੈਦਾਨਾਂ ਦੇ ਘਾਹ
ਮੇਰੇ ਕੇਸਾਂ ਦਾ ਨਾਮ ਪਏ ਲੈਂਦੇ,
ਕੰਨੀਂ ਸੁਣੀਆਂ ਮੈਂ ਸਬ ਕਨਸੂਆਂ !
ਰਾਤ ਦੀ ਅੱਖ ਵਿੱਚ ਮੇਰਾ, ਮੇਰਾ ਸੁਫਨਾ,
ਅਸਗਾਹ ਨੀਲਾਣ ਵਿੱਚ ਮੇਰੇ ਮਨ-ਗਗਨਾਂ
ਦਾ ਝਾਵਲਾ !
ਮੈਂ ਇੰਨਾਂ ਅਨੰਤ ਜਿਹਾ ਦਿੱਸਦਾ,
ਸਾਰਾ ਜਗ ਮੇਰੇ ਸੁਫਨੇ ਦੇ ਪੇਚ ਵਿੱਚ
ਜਗ ਥੀਂ ਵੀ ਹੋਰ ਕੁਛ ਹਾਲੇ ਮੈਂ ਕੁਛ ਹੋਰ ਹਾਂ,
… … …
ਮੇਰਾ ਨਿੱਕਾ ਜਿਹਾ ਨਾਮ ਕਿਉਂ ਰੱਖਿਆ,
ਸਬ ਥੀਂ ਕੱਟਕੇ, ਪਾੜਕੇ, ਚੀਰਕੇ, ਲੀਰ ਜਿਹੀ ਅਕਾਸ਼
ਨਾਲੋਂ ਇਸ ਨਾਮ ਦੀ ਨਿਕਾਣ ਵਿੱਚ ਮੁੜ, ਮੁੜ,
ਰੱਖਿਆ ! ਮੁੜ, ਮੁੜ ਢੱਕਿਆ !! ਇਹ ਕੀ ?

੨. ਕਰਮ, ਕਰਮ ਕੂਕਦੇ, ਕੌਣ ਕਰਦਾ ?



ਕਰਮ, ਕਰਮ ਕੂਕਦੇ, ਕੌਣ ਕਰਦਾ ?
ਮੈਂ ਤਾਂ ਅਨੰਤ ਹਾਂ, ਜਗ ਸਾਰਾ, ਬ੍ਰਹਮੰਡ ਸਾਰਾ,
ਪ੍ਰਿਥਵੀ ਦੀ ਚਲਣ ਦੇ ਕਰਮ ਕਰਕੇ
ਉੱਠ ਮੈਨੂੰ ਇੱਕ ਚਿੜੀ ਨੂੰ ਚੁੱਕ ਚੁੱਕ ਮਾਰਦੇ,
ਇਹ ਕੀ ? ਕਰਮ ਕੌਣ ਕਰਦਾ ?
… … …
ਮੈਂ ਕੀ ਕਰਦਾ ? ਮੈਂ ਤਾਂ ਬੇਹੋਸ਼, ਕਾਲ ਫੜਿਆ,
ਬੇਸੁੱਧ ਜਿਹਾ, ਮੈਨੂੰ ਤਾਂ ਥਹੁ ਨਹੀਂ, ਮੈਂ ਕੀ ਕਰਦਾ ?
ਦਰਯਾ ਦੀ ਇਕ ਲਹਰ ਇਉਂ ਵਗਦੀ,,
ਦੂਜੀ ਊਂ ਵਗਦੀ, ਖਬਰ ਨਹੀਂ ਪੈਂਦੀ ਕਿਉਂ ਵਗਦੀ,
ਪਵਨ ਦੇ ਵੇਗ ਨਾਲ ਉੱਠਦੀਆਂ,
ਲਹਰਾਂ ਨੂੰ ਕੀ ਜਿਮੇਵਾਰੀ ?
ਹਵਾ ਨਾਲ ਪਾਣੀ ਕਿਉਂ ਕੰਬਦਾ ?
ਜੇ ਲਹਰਾਂ ਦੀ ਪਛਾੜ ਦੀ ਕਰਮ-ਗਿਣਤੀ,
ਮਿਤ੍ਰੋ ਪਾਣੀਆਂ ਨੂੰ ਹਿਠਾਹਾਂ ਖਿੱਚੇ ਕੌਣ ?
ਕੌਣ ਚਾਹੜਦਾ ਓਤਾਹਾਂ ਨੂੰ,
ਸ਼ਕਲਾਂ ਹਰ ਸਾਂਨਯੇ ਲਖ, ਲਖ ਵਖਰੀਆਂ !
… … …
ਮੀਂਹ ਪੈਂਦਾ, ਤੇ ਬਣਾਂਦਾ, ਨਿੱਕੀਆਂ ਨਿੱਕੀਆਂ,
ਤਲਾਉੜੀਆਂ,
ਗਲੀਆਂ ਦੀ ਨਿੱਕੀ ਨਿੱਕੀ ਸੁੱਕੀ ਰੇਤ ਤੇ ਪਾਣੀ ਟੁਰਦੇ,
ਤੇ ਪਾਣੀਆਂ ਤੇ ਮੀਂਹ ਦੀਆਂ ਕਣੀਆਂ ਦਾ ਡਿੱਗਣਾ,
ਤੇ ਬੂੰਦਾਂ ਦਾ ਆਪਣੇ ਵਿਛਾਏ ਜਲਾਂ ਤੇ ਬੁਦਬੁਦੇ ਬਣਨਾ,
ਘੜੀ, ਘੜੀ ਬਣਨਾ, ਬਿਨਸਨਾ, ਮਰਣ ਜੀਣ ਤਾਂ ਇੱਕੋ
ਘੜੀ ਅਕਹ ਜਿਹਾ ਨਾਚ ਬੁਦਬਦਿਆਂ ਦਾ ।
ਉਹ ਨੱਚਣਾ ਖੁਸ਼ੀ ਵਿਚ, ਉੱਠਣਾ, ਭੱਜਣਾ ਪਾਣੀਆਂ
ਟੁਰਦਿਆਂ ਤੇ, ਹੋਣਾ-ਨ-ਹੋਣਾ ਬਰਾਬਰ ਹਰ
ਪਾਸਿਓਂ,
ਤੇ ਮੁੜ ਲੱਖਾਂ ਵਿਚ ਹਰ ਇਕ ਵੱਖਰੇ ਬੁਦਬੁਦੇ ਦਾ
ਨਾਚ ਆਪਣਾ,
ਇਨ੍ਹਾਂ ਘੜੀ ਦੀ ਘੜੀ ਖੁਸ਼ੀਆਂ ਕਰਨ ਲਈ,
ਇਸ ਦੁਖ-ਸੁਖ, ਜੀਣ-ਮਰਣ, ਦੇ ਮਿਲਵੇਂ ਅਨੰਦ
ਦੇ ਕਰਮ ਲਈ ਵੀ ਕਿਧਰੇ ਸੋਹਣੀ ਜਿਹੀ ਫਾਸੀ
ਕਰਮ ਦੀ ਲਟਕੀ ਪਈ ਹੈ । ਤੇ ਕਿਸ
ਲਟਕਾਈ ਹੈ ?



ਹੀੱਯਾ ਵੱਡਾ ਲੋੜੀਏ,
ਮੇਰੇ ਮੱਥੇ ਕਰਮ ਲਿਖਣੇ ਨਹੀਂ ਸੌਖੇ ।
ਮੈਂ ਕੀ ਜਾਣਦਾ ਮੈਂ ਕੌਣ ?
ਪਹਲਾਂ ਤਾਂ ਮੈਨੂੰ ਮੇਰਾ ਪੂਰਾ, ਪੂਰਾ ਥਹੁ ਦਿਓ,
ਫਿਰ ਮੈਨੂੰ 'ਸਿਆਣ' ਦਿਓ,
ਇੱਕੋ ਜਿਹੀ, ਅੱਜ ਦੀ, ਕਲ ਦੀ, ਭਲਕੇ ਦੀ,
ਮੈਂ ਕੀ ਜਾਣਦਾ, ਮੈਂ ਕੀ ਕਰਦਾ,
ਸਾਰਾ ਰੱਬ ਦਾ ਹਾਲ ਮੈਨੂੰ ਮਲੂਮ ਨਾਂਹ,
ਥੋੜ੍ਹਾ ਵੀ ਮਲੂਮ ਨਾਂਹ,
ਕੌਣ ਆਖਦਾ : "ਮੈਂ ਕਰਦਾ"
ਪਤਾ ਨਹੀਂ ਕੌਣ ਕਰਦਾ,
ਪਤਾ ਨਹੀਂ, ਮੈਨੂੰ ਨਹੀਂ, ਦਸੇ ਹੋਰ ਕੋਈ ਹੈ ਪਤਾ ਜਿਨੂੰ,
ਹਾਂ ! ਕਿਸ ਮੀਂਹ ਦੀ ਕਣੀਆਂ ਦੀ ਬੁਦਬੁਦਾ-ਖੇਡ ਮੈਂ ?
ਹਾਂ ! ਕਿਸ ਕਰਤਾਰ ਦੀ ਕਿਹੜੀ ਲੀਲ੍ਹਾ ਦਾ
ਮੈਂ ਕੀ ਕੀ ਰੰਗ ਹਾਂ ?
ਦੱਸੇ ਕੌਣ ?
ਪਤੇ ਵਾਲਾ ਵੀ ਪਰ ਦੱਸੇ ਕਿੰਞ ?
ਹੀੱਯਾ ਵੱਡਾ ਲੋੜੀਏ,
ਮੇਰੇ ਮੱਥੇ ਕਰਮ, ਧਰਮ ਮੜ੍ਹਨ, ਨੂੰ ॥ … … …



ਓ ਸਾਂਈਂ ਵਾਲਿਓ !
ਆਪਨੂੰ ਕਰਮਾਂ ਦੀ ਪਈ ਹੈ,
ਮੈਂ ਕੂਕਦਾ, ਦੱਸੋ ਕੀ ਇਲਾਜ, ਸੱਜਣੋਂ !
ਮੈਂ ਆਪਣਾ ਆਪ ਨ ਜਾਣਦਾ,
ਦੱਸੋ ਮੈਨੂੰ ਮੈਂ ਕੌਣ ਹਾਂ ?
ਜਿਸਮ ਮੈਨੂੰ ਅਨੰਤ ਜਿਹਾ ਦਿੱਸਦਾ ਮੇਰਾ,
ਨਾਮ ਮੇਰਾ ਨਿੱਕਾ,
ਤੇ ਨਾਮ ਨੇ ਵਖਰੀ ਕੀਤੀ ਇਸ ਵੱਡੇ ਜੁੱਸੇ ਦੀ ਨਿੱਕੀ ਜਿਹੀ
ਕਾਟ ਜਿਹੀ ਪਈ ਹੈ । ਕਤ੍ਰਿਆਂ, ਕੱਟਿਆਂ ਸਬ
ਨਾਲੂੰ ਵੱਖਰਾ ਜਿਹਾ ਪਿਆ ਦਿੱਸਦਾ ॥
… … …
ਕੀ ਬੱਸ ਇਹ ਮੈਂ ਹਾਂ-
ਜਿਹੜਾ ਇਸ ਵੱਖਰੇ, ਨਿੱਕੇ ਕੱਟੇ ਜਿਸਮ ਨੂੰ ਤੋਰਦਾ ?
ਕੀ ਇਸ ਵਿਚ ਖਾਸ ਕੋਈ ਭੇਤ ਹੈ ਵੱਖਰੇਪਨ ਦਾ ?
ਕੀ ਇਸ ਨੁਹਾਰ ਦਾ ਰਤਾ ਕੁ, ਬੱਸ ! ਰੀਣ ਕੂ, ਰਵਾ ਮਾਤ੍ਰ
ਵੱਖਰਾ ਇਕ ਰੰਗ, ਭਾ, ਬੱਸ ! ਇਹ ਵੱਖ ਹੈ ?
ਤੇ ਇਹ ਮੈਂ ਮੇਰੀ, ਵੱਖਰ ਸਬ ਮੇਰੀਯਤ (ਮੇਰਾਪਨ) ਹੈ ?
… … …



ਪਰ ਇਹ ਵੀ ਠੀਕ ਨ ਦਿੱਸਦੀ ਗੱਲ,
ਮੈਂ ਤੱਕੀ ਹੈ,ਇਹ ਵੱਖਰੀ ਜਿਹੀ 'ਮੈਂ' ਮੇਰੀਯਤ ਵੀ,
ਲੱਖਾਂ ਵੇਰੀ ਉੱਡੀ ਛੱਡ ਇਸ ਵੱਖਰੇ ਨਕਸ਼ ਤੇ ਨਕੂਸ਼ ਥੀਂ,
ਮੇਰੇ ਤੱਕਦੇ, ਤੱਕਦੇ ਨੱਸੀ ਫੰਗ ਲਾ,
ਇਸ 'ਮੈਂ ਮੇਰੀ' ਨੂੰ ਛੱਡ ਕੇ,
ਸੋਹਣੀ ਚੀਜ਼ ਜਦ ਦਿੱਸੀ ਇਨੂੰ,
ਇਹ ਮੈਂ ਮੋਈ, ਉੱਡੀ, ਭੱਜੀ, ਪਿੱਛੇ ਮੁੜ ਮੁੜ
ਤੱਕ ਕੇ ਆਖੇ :-
"ਬੱਸ ਮੈਂ ਇਹ ਹਾਂ,
ਜਾਹ ਓਹ ਨਹੀਂ,
ਇਥੇ ਰਹਸਾਂ, ਓਥੇ ਨ ਮੁੜਾਂ ਕਦੀ,
ਇਸ ਵਿਚ ਸਮਾਸਾਂ ਇੱਥੇ,
ਛੱਡ ਮੈਨੂੰ, ਛੋੜ, ਮਰ ਤੂੰ, ਜਾਹ,
ਹੱਟ, ਛੱਡ ਜਾਹ, ਮੈਨੂੰ,
ਮੈਂ ਤਾਂ ਇਹ ਹਾਂ,
ਓਹ ਵਹਮ ਸੀ,
ਮੈਂ ਬੱਸ ਹੁਣ ਇੱਥੇ ਰਹਸਾਂ ।"
ਲੱਖ ਵਾਰੀ ਹੋੜਿਆ ਇਸ ਨੱਟਣੀ ਜਿਹੀ ਨੂੰ,
ਪਰ ਹਰ ਵੇਰ ਉਧਲਦੀ, ਜਦ ਕੋਈ ਸੋਹਣਾ ਆਣ
ਗਲ ਲੱਗਯਾ ।
… … …
ਦਰਯਾ ਵਿੱਚ ਛਾਲਾਂ ਮਾਰੇ,
ਅੱਗਾਂ ਵਿੱਚ ਉੱਠ ਨੱਸੇ ਅੱਧੀ ਰਾਤੀਂ ਕਾਲੀਆਂ,
ਸਦਾ ਆਖੇ, ਮੈਂ ਇਹ ਨਹੀਂ, ਓਹ ਹਾਂ,
ਸਦਾ ਟੁਰਦੀ, ਨਿਤ ਉੱਠ ਨੱਸਦੀ,
ਘੜੀ ਘੜੀ ਲੁਛਦੀ ਵਾਂਗ ਜਲ ਬਿਨਾਂ ਮਛਲੀਆਂ,
ਵੇਖ ਵੇਖ ਲਿਸ਼ਕਾਂ ਸੁਹਣੱਪ ਦੀਆਂ,
… … …
ਫੁੱਲਾਂ ਵਿਚ ਰੀਝੇ ਇਹ,
ਬਰਫਾਂ ਦੀ ਖੁਲ੍ਹ, ਤੇ ਠੰਡ ਤੇ ਮਰਦੀ,
ਧੁੱਪ ਲੋਚੇ ਅੱਗ ਲੋਚੇ, ਦਿਨ ਲੋਚੇ ਰਾਤ ਵੀ,
ਪਰਬਤਾਂ ਦੀ ਦੂਰੋਂ ਦਿੱਸਦੀ ਸਪੇਦੀ ਲੋਚੇ,
ਸੋਨਾ ਲੋਚੇ ਹੇਮਖੰਡ ਦਾ,
ਲਾਲੀ ਮੰਗੇ, ਕਾਲੀ, ਕਾਲੀ ਸ਼ਾਮ ਦੀ,
ਪਾਤਸ਼ਾਹਾਂ ਦੀ ਬੇਟੀਆਂ ਦੀ ਨੋਹਾਰਾਂ ਦੀ ਦੀਦ ਮੰਗੇ,
ਕਦੀ ਵਾਰੇ ਘਰ ਬਾਹਰ, ਘੁਮਿਆਰ ਦੀ ਗਰੀਬ ਗਰੀਬ,
ਫੁੱਲ ਅੰਗਣੀਆਂ ਦੀ ਸੁਹਣੱਪ ਤੇ;
ਹਵਾ ਦੀ ਚੁੰਮਦੀ ਛੋਹ ਨੂੰ ਬੋਚੇ, ਦੇ, ਦੇ, ਚੁੰਮੀਆਂ;
ਜਲਾਂ ਦੇ ਵਹਣਾਂ ਦੀ ਆਸ਼ਕ ਮਰੇ, ਮਾਰ, ਮਾਰ, ਚੁੱਬੀਆਂ,
ਤਾਰਿਆਂ ਨੂੰ ਦੇਵੇ ਅੱਧੀ ਰਾਤ ਉੱਠ ਨੈਣਾਂ ਦੀਆਂ ਹੱਪੀਆਂ,
ਸੂਰਜ ਨੂੰ ਚੁੱਕ ਹੱਥ ਵਿਚ, ਗੇਂਦ, ਗੇਂਦ ਖੇਡਦੀ,
ਪੰਨੇ ਮੰਗੇ, ਹੀਰੇ ਮੰਗੇ, ਚੂਨੀਆਂ, ਪੰਜ ਗੀਟੜਾ ਇਹ;
ਰੀਝੇ ਕਦੇ ਅਜਨਬੀ ਕਿਸੀ ਦੇ ਪਯਾਰ ਦੇ ਸੇਵਾ ਦੇ
ਮਿੱਠੇ ਮਿੱਠੇ ਗੀਤ ਇਹ;
ਕਦੀ ਮੰਗੇ ਕੰਡਿਆਂ ਦੇ ਦਿੱਤੇ ਜ਼ਖ਼ਮਾਂ ਦੀ ਪੀੜ ਇਹ,
ਫੁੱਲਾਂ ਨੂੰ ਟੋਲਦੀ,
ਕਦੀ ਸੂਲੀ ਸਹਾਰਦੀ ਕੰਡੇ ਜਿੰਨੀ ਪੀੜ ਨਾਂਹ,
ਕਦੀ ਫੁੱਲ-ਸੱਟ ਉੱਤੇ ਚੀਖਦੀ,
ਰੀਝੇ ਕਦੀ ਕਿਸੀ ਦੀ ਨਿੱਕੀ ਜਿਹੀ ਅਦਾ ਤੇ,
ਤੇ ਰਾਜਿਆਂ ਨੂੰ ਠੋਕਰਾਂ ਮਾਰਦੀ,
ਹੋਠਾਂ ਨਾਲ ਬੱਧੀ ਹਸੀ ਦੀ ਲਹਰ ਵਿੱਚ ਡੁੱਬਦੀ
ਕਮਲੀ ਬਿਨ ਪਾਣੀਆਂ,
ਕਦੀ ਕਿਸੀ ਦੇ ਨੈਣਾਂ ਦੀ ਮਾਰੀ ਫਕੀਰ ਜਿਹੀ ਹੋਂਵਦੀ,
ਬਰਦੀ ਬਣਦੀ ਕਿਸੀ ਸੋਹਣੇ ਦੀਦਾਰ ਦੀ,
ਤੇ ਤਖ਼ਤਾਂ ਤੇ ਪੈਰ ਧਰ ਲੰਘਦੀ ਸ਼ੋਖ ਜਿਹੀ ਹੋ ਕੇ;
ਕਦੀ ਹਾਸੇ ਨਾਲ ਪ੍ਰੋਈ ਖੜੀ,
ਕਦੀ ਅਥਰੂਆਂ ਦੀ ਕਤਾਰ ਚਲਦੀ,
ਰੀਝੇ ਅਸਮਾਨਾਂ ਵਲ ਨੀਝ ਲਾ,
ਤਾਰਿਆਂ ਨੂੰ ਤੱਕ, ਤੱਕ, ਬਲਦੀ, ਸੋਖਦੀ ।
ਕਦੀ ਹਿਸੇ (ਬੁੱਝੇ) ਇਹ ਕਾਲੀ ਰਾਤ ਦੀ ਅਕੱਲ ਵਿਚ,
ਇਉਂ ਲੱਖ ਵੇਰੀ ਮੈਂ ਤੱਕਿਆ,
ਇਹ ਆਪਾ ਟੁੱਕ, ਟੁੱਕ, ਸੁੱਟਦੀ,
ਕੰਹਦੀ-ਵਾਰੀ, ਵਾਰੀ, ਘੋਲੀ, ਘੋਲੀ, ਲੱਖ, ਲੱਖ
ਵੇਰੀਆਂ, ਇਕ, ਇਕ ਰੂਪ ਦੀ ਕਿਰਨ ਤੇ,
ਕਿਸੀ ਅਣਡਿੱਠੇ ਦੇ ਨੈਣਾਂ ਦੀ ਮੋਈ ਇਹ,
ਸਾਧਣੀ, ਬੈਰਾਗਣੀ, ਯੋਗਣੀ,
ਭੋਗਣੀ, ਸ਼ੋਖ ਚੰਚਲ ਪਰੀ ਇਹ !!
… … …



ਕਦਮ, ਕਦਮ, ਦਮ ਬਦਮ,
ਆਪਾ ਛੱਡ ਇਹ ਨੱਸਦੀ,
ਦੂਇਆਂ ਨੂੰ ਪਿਆਰਦੀ,
ਆਖਦੀ ਹਾਲਦੀ ਜੀਭ ਨਾਲ,
ਮੂੰਹੋਂ ਨਹੀਂ ਬੋਲਦੀ,
ਚੁੱਪ, ਬਲਦੀ ਵਾਂਗ ਮੰਦਰ ਦੀ ਧੂਪ ਦੇ, ਊਦਾ, ਊਦਾ
ਧੂੰਵਾਂ ਦਿਲ ਥੀਂ, ਉੱਠਦਾ, ਉੱਚੀ ਜਾਂਦੀ ਵਾਂਗ
ਅਰਦਾਸ ਦੇ ।
… … …
ਇਉਂ ਸੁਹਣੱਪ ਦੇ ਪਿਆਰ ਵਿਚ,
ਇਕ ਇਕ ਦਮ ਵਿਚ ਇਨੂੰ ਲਖ, ਲਖ, ਮੌਤਾਂ, ਮਰਨ
ਲਖ, ਲਖ ਹੁੰਦੇ ਇਹਦੇ, ਪਰ ਮਰਨ ਨਾਂਹ
ਪਛਾਣਦੀ,
ਮੋਈ ਸਦਾ ਦੀ, ਹਰ ਘੜੀ,
ਸਦਾ ਜੀਉਂਦੀ, ਮਰਦੀ ਨਾਂਹ ।
ਮੈਂ ਕਦੀ ਇਨੂੰ ਇਸ ਨਿੱਕੀ ਨਾਮ-ਨੋਹਾਰ
ਵਿਚ ਨਾਂਹ ਤੱਕਿਆ,
ਜਦ ਆਈ, ਮੁੜੀ ਪਿੱਛੇ,
ਝਲਕਾ ਕਿਸੀ ਦੇ ਰੂਪ ਦਾ ਵੱਜਯਾ,
ਮੁੜ ਉਧਲੀ, ਇਹਦੀ ਕਦੀ ਖੈਰ ਨਾਂਹ ।
… … …
ਲੱਖਾਂ ਬਿਜਲੀਆਂ ਪੈਂਦੀਆਂ ਇਸ ਤੇ, ਚੁਪ ਚੁਪੀਤੀਆਂ
ਛਪੇ ਜੇ ਕਦੀ, ਇਹਦਾ ਆਹਲਣਾ ਟੋਲਦੀਆਂ
ਟੋਲ, ਟੋਲ, ਇਹਦੇ ਆਹਲਣੇ ਫੂਕਦੀਆਂ,
ਇਸ ਬਾਵਲੀ ਨੂੰ ਪਤਾ ਨਹੀਂ ।
… … …



ਇਹ ਜ਼ਰੂਰ ਹੈ, ਬੇਸਬਰ ਜਿਹੀ ਚੀਜ਼ ਇਹ,
ਇਸ ਨਿੱਕੀ ਜੀ-ਨੋਹਾਰ ਨਾਲ, ਵਖਰਾਪਨ ਜਿਹੇ
ਵੰਨ ਨਾਲ, ਕਿਸੀ ਪੱਕੀ ਰੇਸ਼ਮ ਦੀ
ਰੱਸੀ ਨਾਲ ਬੱਧੀ ਜ਼ਰੂਰ ਹੈ;
ਨੱਸ, ਨੱਸ ਜਾਂਦੀ, ਮਰਦੀ, ਡੁੱਬਦੀ, ਸੜਦੀ ਉੱਡਦੀ,
ਪਰ ਮਰੇ ਨਾਂਹ, ਡੁੱਬੇ ਨਾਂਹ, ਸੜੇ ਨਾਂਹ, ਸੁੱਕੇ ਨਾਂਹ,
ਮੁੜ ਮੁੜ ਇੱਥੇ ਆਉਂਦੀ,
ਜਿਵੇਂ ਪੰਛੀ ਮੁੜ ਮੁੜ ਆਵੇ ਪਾਣੀਆਂ ਥੀਂ ਥੱਕਿਆ,
ਸਾਗਰਾਂ ਵਿਚ ਚੱਲਦਾ ਨਿੱਕਾ ਜੋ ਜਹਾਜ ਹੈ ।
… … …
ਮੈਂ ਹੈਰਾਨ ਦੇਖਦਾ,
ਇਹ ਡੁਲ੍ਹਣਾ, ਵਗਣਾ, ਵਹਣਾ,
ਮਰਨਾ ਛਿਨ ਛਿਨ ਦਾ ਮੇਰੀ ਮੈਂ ਦਾ, ਇਕ ਅਚਰਜ
ਜਿਹਾ ਰੰਗ ਹੈ ।
ਇਹ ਸਮੁੰਦਰਾਂ ਵਿਚ ਵਹਣ ਦਾ ਕੀ ਭੇਤ ਹੈ ?
ਇਹ ਲੱਖਾਂ ਦਰਯਾਵਾਂ ਦੀ ਨਾਤੀ ਧੋਤੀ ਆਬ ਹੈ,
ਮੇਰੀ ਮੈਂ ਤੇ ਚੜ੍ਹਿਆ ਰੰਗ ਮਿਲਵਾਂ ਮਿਲਵਾਂ
ਲੱਖਾਂ ਹੀ ਸੁਹਣੱਪਾਂ ਦਾ,
ਇਸ ਵਿਚ ਲੱਖਾਂ ਸਮੁੰਦਰਾਂ ਦੇ ਪਾਣੀਆਂ ਦੀ ਡਲ੍ਹਕ
ਹਰ ਕਿਸੀ ਦੀ ਰੱਬਤਾ ਨੂੰ ਛੋਂਹਦੀ,
ਅਨੰਤਤਾ ਨੂੰ ਚੁੰਮਦੀ ਦਿਨ ਰਾਤ ਇਹ ਹੈ,
ਸਬ ਨਾਲ ਲਗ, ਲਗ, ਪਿਆਰ-ਜੱਫੀਆਂ
ਵਿਚ ਪਲਦੀ,
ਵਗ, ਵਗ ਠਹਰਦੀ, ਠਹਰ, ਠਹਰ, ਵਗਦੀ,
ਨਿੱਸਰਦੀ, ਉਚੀਂਦੀ, ਥੀਂਦੀ
ਇਹ 'ਨਾਂਹ', 'ਨਾਂਹ' ਹੋ ਕੇ ।
ਇਹ ਕੀ ਅਦਭੁਤ ਜਿਹੀ ਖੇਡ ਹੈ ?
ਅਨੰਤ, ਅਮਿਤ, ਅਤੋਲ, ਅਮੋਲ, ਅਡੋਲ,
ਅਗੱਮ, ਅਥਾਹ, ਅਸਗਾਹ, ਜੇਹੜੀ "ਓਹ"
ਇਉਂ ਖੇਡ ਜੇਹੀ ਵਿਚ, ਅੰਤ, ਮਿਤ, ਤੋਲ, ਮੋਲ,
ਡੋਲ, ਗੱਮਤਾ, ਥਾਹਤਾ, ਗਾਹਤਾ ਜਿਹੀ
'ਇਸ' ਵਿਚ ਆਉਂਦੀ, ਵੱਸਦੀ,ਹੱਸਦੀ,
ਹੋਂਦੀ, ਅਚਰਜ ਹੈ ।
… … …



ਕਰਮ ਮੈਨੂੰ ਫੜਨਗੇ,
ਫੜਨ ।
ਹੱਥ ਮਾਰ ਕਰਮਾਂ ਦੇ ਹੱਥ ਤੇ,
ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਮੈਂ ਨੱਸਦੀ ।
ਫੜੋ ! ਆਓ ਲਾਓ ਜ਼ੋਰ ਮੈਂ ਨੱਸਦੀ ।
ਪਰ ਦੱਸੋ ਪਹਲਾਂ ਮੈਂ ਕਿੱਥੇ ? ਨਾਮ ਮੇਰਾ ਕੀ ਹੈ ?
ਓਹ ਨਾਮ ਲੋਕੀ ਜੇਹੜਾ ਲੈਂਦੇ,
ਢੂੰਢ, ਢੂੰਢ ਥੱਕਿਆ,
ਜੀਵਨ-ਖੇਤ੍ਰ ਵਿਚ ਕਿਧਰੇ ਨਾਂਹ ਲੱਭਿਆ ।
… … …
ਕਰਜ਼ ਦੇਣੇ ਜਿਨ੍ਹਾਂ ਦੇ,
ਫਰਜ਼ ਦੇਣੇ ਜਿਨ੍ਹਾਂ ਦੇ,
ਨੱਸੇ, ਦੌੜੇ ਸੁਣ ਮੈਂ ਆਖਿਆ,
ਫੜਿਆ ਮੈਨੂੰ, ਜ਼ੋਰ ਨਾਲ,
ਸਾਰੇ ਆਖਣ ਠੀਕ ਫੜਿਆ,
ਤੇ ਘੁਟ, ਘੁਟ, ਮੁੱਠਾਂ ਵਿਚ ਨੱਪਯਾ,
ਮੁੱਠ ਖੋਹਲੀ ਸਾਰੀ ਖਾਲੀ ਦੀ ਖਾਲੀ ।
ਜੱਫੀਆਂ ਬਾਹਾਂ ਦੀਆਂ ਸਾਰਿਆਂ ਦੀਆਂ ਖਾਲੀ ।
ਹਾਂ, ਆਖਣ ਓਹ ਗਿਆ ਕਿੱਥੇ ?
ਜਿਸ ਸਾਡੇ ਫਰਜ਼ ਦੇਣੇ ਇੰਨੇ ਢੇਰ ਸਾਰੇ,
ਜਿਸ ਸਾਡੇ ਕਰਜ਼ ਦੇਣੇ ਇੰਨੇ ਢੇਰ ਸਾਰੇ,
ਉਹ ਕੌਣ ਸੀ ?
ਚੰਗੀ ਤਰਾਂ ਨੀਝ ਲਾ ਨਾਂਹ ਤੱਕਯਾ
ਸੀ ਵੀ ਕੁਝ ਕਿ ਨਹੀਂ ਸੀ ?
ਠੀਕ ਸਿਞਾਣ ਨ ਸੱਕਿਆ ।
… … …
ਗਾਯਾ ਸੀ ਮੈਂ ਬੂੰਹ ਸੋਹਣਾ,
ਸੋਨੇ ਦੇ ਗੀਤ ਰੰਗੀਲੇ, ਫਬੀਲੇ,
ਖਲਕ ਮੋਹਿਤ ਹੋ ਡਿੱਗਦੀ ਵਾਂਗ ਪਤੰਗਿਆਂ,
ਗੀਤ ਦੇ ਦੀਵੇ ਜੋ ਬਾਲੇ ਮੇਰੀ ਸੁਰਤਿ ਨੇ,
ਦੌੜੀ ਸਾਰੀ ਖਲਕ ਆਈ,
ਲੋਕਾਈ ਕੂਕਦੀ, ਗਾਣ ਵਾਲਾ ਕਿੱਥੇ ?
ਕੀ ਇਹ ਬਲਦੇ ਦੀਵੇ ਪਏ ਗਾਉਂਦੇ ?
ਖੁਸ਼ੀ ਹੋ ਸਾਰੇ ਆਖਣ ਇਹ ਵੇਖੋ ਇਹ ਹੈ ।
ਫੜ, ਫੜ, ਦਿਲਾਂ ਦੀਆਂ ਮੁੱਠੀਆਂ ਭਰਦੇ,
ਜਿਵੇਂ ਸੱਚ ਮੁੱਚ ਗਾਣ ਵਾਲਾ ਲੱਝਿਆ,
ਅੱਖਾਂ ਖੋਹਲ ਤੱਕਿਆ, ਕੁਛ ਨਹੀਂ ਸੀ ਓਥੇ,
ਮੁੱਠ ਖੋਹਲ ਖੋਹਲ ਤੱਕਦੇ,
ਖਾਲੀ, ਸਾਰੀਆਂ ਖਾਲੀ, ਖਾਲੀ ।
… … …



ਓਏ ਮੈਂ ਉਡਾਰੂ ਜਿਹਾ ਰਸ ਹਾਂ,
ਮੈਂ ਕਿਸੀ ਆਲੀ ਉੱਚੀ ਸਰਕਾਰ, ਦਰਬਾਰ ਦਾ ਢਾਡੀ,
ਪੈਰ, ਹੱਥ, ਨੈਣ, ਦਿਲ, ਜਿਗਰ, ਜਾਨ ਵਾਲਾ ਪੂਰਾ,
ਮੇਰੇ ਪਿੱਛੇ ਕਿਉਂ ਲੱਗੇ ?
ਕਰਮਾਂ ਦੀ ਖੇਡ ਕਿਸੀ ਹੋਰ ਗਲੀ ਲੋਕੀ ਖੇਡਦੇ ।
ਮੈਂ ਕਰਮਾਂ ਦੀ ਖੇਡ ਨਹੀਂ ਖੇਡਦਾ,
ਕਰਮ ਮੇਰੇ ਉਹ ਉੱਡਦੇ ਵਾਂਗ ਟਿੱਡੀਆਂ,
ਦਿਨ ਦਿਹਾੜੀ ਹਨੇਰਾ ਪਾ ਮੈਨੂੰ ਡਰਾਉਂਦੇ,
ਪਰ ਛਿਨ, ਪਲ ਵਿਚ, ਜਦ ਮੈਂ ਡਰ ਡਰ ਮਰਦਾ,
"ਮਰਦ ਦਾ ਚੇਲਾ" ਛਡਦਾ ਤਿਲਯਰ ਆਪਣੇ, ਅਧ
ਅਸਮਾਨਾਂ ਵਿਚ ਉੱਡਦੇ,
ਰੱਬ ਮੇਰਾ ਭੇਜਦਾ ਮੇਹਰਾਂ ਦੇ ਪੰਛੀ,
ਓਹ ਕੁਟ, ਕੁਟ, ਟੁਕ, ਟੁਕ, ਮੇਰੇ ਕਰਮਾਂ ਦੇ ਟਿਡੀ-
ਦਲ ਮਾਰਦੇ ।
ਢੇਰਾਂ ਦੇ ਢੇਰ ! ਓਹ ਤਲੇ ਪਏ ਲੱਗਦੇ ! ਮੋਈਆਂ
ਟਿੱਡੀਆਂ ਦੇ,
ਓਏ ! ਤੈਨੂੰ ਮੈਨੂੰ ਪਤਾ ਕੀ,
ਗਗਨਾਂ ਵਾਲੇ ਦੇ ਛੁਪੇ ਲੁਕੇ ਪੰਛੀ ਆਂਦੇ, ਮਾਰ ਮੁਕਾਂਦੇ
ਕਰਮਾਂ ਨੂੰ,
ਮੈਂ ਤਾਂ ਸਦਾ ਸੁਣਦਾ ਸੋਹਣੀ ਕਰਮਾਂ ਦੀ ਕਾਟ ਨੂੰ, ਸੋਹਣੀ
ਟੁਕ, ਟੁਕ ਹੋਂਦੀ ਜਦ,
ਓਏ ! ਮੌਤਾਂ ਦਾ ਮੀਂਹ ਕਿਹਾ ਪੈਂਦਾ, ਮੌਤਾਂ ਡਿੱਗਦੀਆਂ
ਤ੍ਰਿਮ, ਤ੍ਰਿਮ, ਮੌਤਾਂ ਦਾ ਮੀਂਹ ਵੱਸਦਾ, ਤ੍ਰਿਮ,
ਤ੍ਰਿਮ, ਤ੍ਰਿਮ !

੩. ਕਰਤਾਰ ਦੀ ਕਰਤਾਰਤਾ

(ਜਗਤ ਸਾਰਾ ਚਿਤ੍ਰਸ਼ਾਲਾ, ਬੁਤਸ਼ਾਲਾ)



ਘੜਤਾਂ, ਬਨਤਾਂ, ਸ਼ਕਲਾਂ, ਘਾੜਾਂ,
ਚਿਤ੍ਰ, ਰੂਪ, ਰੰਗ, ਨੋਹਾਰਾਂ
ਅਨੇਕ ਸਾਈਂ ਘੜਦਾ,
ਘਾੜ ਦੀ ਆਵਾਜ਼ ਆਵੇ,
ਸਾਈਂ ਹਥੌੜਾ ਵੱਜਦਾ,
ਜਗਤ ਸਾਰਾ ਚਿਤ੍ਰਸ਼ਾਲਾ, ਬੁਤਸ਼ਾਲਾ ਰੱਬ ਦੀ,
ਇਹ ਕਰਤਾਰ ਦੀ ਕਰਤਾਰਤਾ ।
… … …
ਬੇਜਾਨ ਸਾਰੇ, ਚਿਤ੍ਰ ਸਾਰੇ, ਬੁੱਤ ਸਾਰੇ,
ਹੱਥ ਮਾਲਕ ਦਾ ਜਦ ਲਗਦਾ,
ਦਮ, ਜਾਨ ਭਰਦਾ, ਜਿੰਦ ਚਲਦੀ,
ਇਸ ਬੁੱਤਖਾਨੇ ਕਮਾਲ ਵਿਚ ।
… … …
ਓਹਦੀ ਕੋਮਲਾਂ ਥੀਂ ਕੋਮਲ ਓਨਰੀ ਕਰਤਾਰਤਾ,
ਓਹਦੀ ਵਾਹੀ ਲਕੀਰਾਂ ਦਾ ਭੇਤ ਗੂੜ੍ਹਾ;
ਅਗੱਮ ਦੀ ਕਲਮ ਨਾਲ ਪਾਉਂਦਾ,
ਲਕੀਰਾਂ ਦੇ ਚੱਕਰਾਂ ਵਿਚ ਸਬ ਜਗ ਚਮਕਦਾ,
ਓਹਦੇ ਰੰਗਾਂ ਦੀਆਂ ਉਡਾਰੀਆਂ, ਫੁਲਕਾਰੀਆਂ ਸਾਰੀਆਂ
ਮਿਲਵੇਂ ਪ੍ਰਭਾਵਾਂ ਦਾ ਸਮੂਹ ਸਾਰਾ,
ਸਬ ਰੂਪ, ਰੰਗ ਰਾਗ ਹੈ ਕਰਤਾਰ ਦਾ,
ਉਦਾਸੀ, ਖੁਸ਼ੀ, ਚਾ, ਜੀਣ, ਮਰਣ,
ਥੀਂਣ, ਅਥੀਂਣ, ਪ੍ਰਕਾਸ਼ ਤੇ ਹਨੇਰਾ ਦੋਵੇਂ,
ਉਸ ਕਰਤਾਰ ਦੀ ਕਲਮ ਦੀ ਛੋਹ ਦੀ ਲਮਕ,
ਛੁਟਕ, ਝਿਜਕ, ਉੱਠਕ, ਵਗਕ, ਬੇਪ੍ਰਵਾਹੀ
ਜਿਹੀ, ਜਿਹੀ ਬੱਸ ਹੈ ।
ਇਹੋ ਕਰਤਾਰੀ ਛੋਹ ਜੀਣ ਜਗ ਦਾ ਸਵਾਸ ਹੈ ।
ਇਹ ਵੱਖਰੀ, ਵੱਖਰੀ ਨੋਹਾਰ,
ਇਹ ਸਬ ਨਾਨਾ-ਵੱਖਰਾਪਨ,
ਅਨੰਤ, ਅਮਰ, ਨਿੱਕਾ ਜਿਹਾ ਰੰਗ ਭਾਵੇਂ, ਨਾਨਾ,
ਨਾਨਾ ਜੀ ਹੈ ।
ਠੀਕ ! ਇਹ ਨਿੱਕੀ, ਨਿੱਕੀ ਅਨਹੋਂਦ ਜਿਹੀ, ਹੋਂਦ ਹੋ
ਦਮ ਭਰਦੀ ਰੱਬ ਵਾਲਾ, ਕੰਹਦੀ ਓਹਦੇ ਹੱਥ ਦੀ
ਛੋਹ ਦੀ ਸਾਰ ਹਾਂ । ਰਸ ਦੀ ਕਣੀ ਹਾਂ, ਮਰਜੀ
ਦੀ ਮਣੀ ਹਾਂ, ਓਹਦੇ ਹੱਥ ਦੀ ਬਣੀ ਹਾਂ,
ਹੁਣ ਅਬਣ ਨਾ ਸਕਦੀ ।
ਜੁਗੋ ਜੁਗ ਚਮਕ ਮੇਰੀ, ਮੇਰੀ ਕਾਹਦੀ ਉਹਦੀ ਛੋਹ ਦੀ
ਕਰਮਾਤ ਸਾਰੀ, ਗਗਨ, ਗਗਨ ਚਮਕ ਸੀ,
ਕਲਮ ਅਗੱਮ ਦੀ ਲਿਖੀ ਲਿਖੀ ਰੇਖ ਮੈਂ, ਹੁਣ ਕੌਣ
ਮੇਟਸੀ, ਕਿਰਨ ਵਾਂਗੂੰ ਕੰਬਦੀ, ਵਾਹੀ ਵਾਂਗ ਤੀਰ ਮੈਂ,
ਗਾਈ ਹੋਈ ਸੁਰ ਹਾਂ ਰੰਗੀਲੀ ਸਰਕਾਰ ਦੀ, ਸਾਰਾ ਕਾਲ
ਗਾਉਂਦਾ, ਪ੍ਰਤੀ ਧਵਨੀ ਗਾਉਂਦੀ, ਨਾਮ ਕਰਤਾਰ
ਦਾ, ਸਿਮਰ, ਸਿਮਰ, ਹੋਰ ਹੋਂਦੀ,
ਸਦਾ ਬਸੰਤ ਜਿਹੀ ਮੁੜ ਮੁੜ ਰੰਗਦੀ, ਰੰਗਾਂ ਦੀ ਖੇਡ ਮੈਂ,
ਮੁੜ ਮੁੜ ਠੰਢਦੀ, ਮੁੜ, ਮੁੜ ਤਪਦੀ, ਅੱਕਦੀ
ਨਾਂਹ, ਮੁੱਕਦੀ ਨਾਂਹ, ਥਕਦੀ ਨਾਂਹ, ਮੈਂ ਕਰਤਾਰ
ਦੀ ਕਰਤਾਰਤਾ ।
ਮੈਂ ਜਿੰਦ ਹਾਂ, ਨਿਰਜਿੰਦ ਹਾਂ, ਮਿੱਟੀ ਹਾਂ, ਪੱਥਰ ਹਾਂ,
ਦੁਧ ਵਰਗੀ ਚਾਨਣੀ, ਸੁਫਨਾਂ ਹਾਂ, ਕੀ ਜਾਣਾ ?
ਓਹਦੇ ਓਨਰ ਦੀ ਪੂਰਣਤਾ,
ਹੱਥ ਕਰਤਾਰ ਦੀ ਛੋਹ ਦੀ ਏਕਤਾ,
ਮੈਂ ਦੀ ਅਨੇਕਤਾ, ਨਾਨਤਾ, ਸਬੂਤ ਮੇਰੀ ਮੈਂ ਹੈ ।
… … …
ਇਹ ਨਿੱਕਾ ਨਿੱਕਾ ਨੋਹਾਰਾਂ ਦਾ ਫਰਕ-
ਹੈਵਾਨਾਂ ਵਿਚ, ਇਨਸਾਨਾਂ ਵਿਚ, ਨਰਾਂ ਤੇ
ਨਾਰੀਆਂ, ਜਲਾਂ ਵਿਚ, ਥਲਾਂ ਵਿਚ,
ਹਰਯਾਵਲਾਂ, ਸੋਕਿਆਂ, ਤਾਰਿਆਂ ਤੇ ਫੁੱਲਾਂ
ਵਿਚ, ਮਨੁੱਖਾਂ ਤੇ ਪੰਛੀਆਂ ਵਿਚ, ਜੜਾਂ ਚੈਤੱਨਾਂ
ਵਿਚ, ਚਰਾਂ ਵਿਚ, ਅਚਰਾਂ ਵਿਚ, ਪ੍ਰਕਾਸ਼ਾਂ
ਹਨੇਰਿਆਂ ਵਿਚ,
ਇਹ ਨਿੱਕੀ ਨਿੱਕੀ ਅਮੁੱਲ, ਨਾਨਾ ਅੰਮ੍ਰਿਤਤਾ,
ਇਹੋ ਤਾਂ ਕਰਤਾਰ ਦੀ ਕਰਤਾਰਤਾ ਦਾ, ਸਵਾਦਲਾ
ਨਾਨਾ, ਵੰਨਪੰਨ ਹੈ,
ਇਹੋ ਤਾਂ ਰਸੀਆਂ ਦੀ ਆਸ ਭਾਰੀ, ਨਹੀਂ ਤਾਂ ਬਾਕੀ
ਮਰਨ, ਮਰਨ ਹੈ,
ਇਹੋ ਤਾਂ ਰਸ ਦਾ ਜੀਣ ਬਾਬਾ, ਇਹੋ ਤਾਂ ਦਰਸ਼ਨ ਹੈ ।
ਬੂੰਦ ਬੂੰਦ ਲਟਕੀ ਹੈ, ਚਮਕੀ ਤਾਰ, ਤਾਰ ਨਾਲ,
ਖਚੀਂਦੀ ਤਾਰ ਕਿਰਨ ਹਾਰ, ਬੂੰਦ, ਬੂੰਦ ਖੇਡਦੀ,
ਇਹੋ ਤਾਰ ਬੰਨ੍ਹਦੀ ਸਦੈਵਤਾ ਨੂੰ ਛਿਨ, ਛਿਨ
ਦੇ ਸੁਫਨੇ ਵਿਚ, ਸਦੈਵਤਾ ਖੇਡਦੀ ।
ਇਹੋ ਤਾਰ ਪ੍ਰੋਂਦੀ ਕਰਤਾਰ ਦੀ ਜਿੰਦਤਾ ਨੂੰ, ਅਣਹੋਈ-
ਅਣ ਹੈ-ਅਣਹੋਸੀ ਨਿਰਜਿੰਦ ਜਿਹੀ ਚੀਜ਼ ਨਾਲ,
ਬਸ ਜਿੰਦਤਾ ਖੇਡਦੀ, ਵਾਹ ! ਵਾਹ ! ਸਾਈਂ ਕਰਦੇ-
ਇਹ ਕਰਤਾਰ ਦੀ ਕਰਤਾਰਤਾ ।

੪. ਫਲਸਫਾ ਤੇ ਆਰਟ (ਉਨਰ)



ਫਲਸਫਾ ਜਿੰਨਾਂ ਆਰਟ ਰੂਪ ਹੈ,
ਉਹ ਕੁਛ ਇੰਞ ਹੈ, ਜਿਵੇਂ ਅਨਪੜ੍ਹ ਜ਼ਿਮੀਂਦਾਰ ਜ਼ਿਮੀਂ
ਵਾਹੁੰਦਾ ਤੇ ਦਾਣੇ ਪਾਂਦਾ ਆਪਣੇ ਘਰ, ਬਿਨਾਂ ਜਾਣੇ
ਗੱਲਾਂ ਬਾਹਲੀਆਂ,
ਆਪ ਮੁਹਾਰੀ ਉਤੂੰ ਜਿੰਨੀ, ਫਲਸਫਾ ਆਪ
ਮੁਹਾਰਾ ਆਉਂਦਾ ਜਿਵੇਂ ਨਿੱਕੀ ਇਕ ਬੱਤੀ ਫੜੀ
ਹੱਥ ਵਿੱਚ, ਲੰਮੀ ਹਨੇਰੀ ਜੰਗਲ-ਵਾਟ, ਟੁਰੀ
ਜਾਂਦਿਆਂ ਜਾਂਦਿਆਂ, ਆਪ ਮੁਹਾਰੀ, ਨੱਪ, ਨੱਪ,
ਕੱਟਦੀ ।
ਇਕ ਵੇਰ ਜੱਟ ਇਕ ਸੋਚਾਂ-ਵਹਣ ਪੈ ਗਿਆ,
ਹਲ ਛੱਡਿਆ, ਪੈਲੀਆਂ ਵਿੱਚ ਜਾਗ ਜਿਹੀ ਵਿੱਚ
ਸੈਂ ਗਿਆ,
ਉਹ ਪੁੱਛਦਾ ਬੀਜ ਕੋਲੂੰ, ਬੀਜ ਕਿਉਂ ਉੱਗਦਾ ?
ਮਿੱਟੀ ਵਿੱਚ ਕੀ ਹੈ ? ਬੀਜ ਫੜ ਸੁੱਕਾ ਹਰਯਾਂਵਦੀ, ਜਿੱਥੇ
ਕੁਝ ਨਹੀਂ ਸੀ, ਉਥੇ ਸਬ ਕੁਛ ਹੋਂਵਦਾ, ਜ਼ਮੀਨ
ਵਿੱਚ ਕੌਣ ਛੁੱਪਿਆ, ਜਿਹੜਾ ਕਣਕ ਦੇ ਬੂਟੇ ਨੂੰ
ਉੱਚਾ, ਉੱਚਾ ਕਰਦਾ, ਪੱਤਰ, ਕੱਢ, ਕੱਢ, ਚਿੱਤ੍ਰ
ਜੀਂਦਾ, ਜੀਂਦਾ ਖਿੱਚਦਾ,
ਕੀ ਇਹ ਉਹੀ ਬੀਜ ਹੈ ?
ਪਿਆ ਵਹਣ ਨਵਾਂ ਜੱਟਾਂ ਦਾ ਪੁੱਤ ।
… … …
ਜੱਟ ਸਾਰੇ ਕੱਠੇ ਹੋ ਆਖਦੇ :-
ਓ ! ਆਲਾ ਸਿੰਘਾ !
ਕੀ ਹੋਯਾ ? ਕੂੰਦਾ ਨਹੀਂ ਤੂੰ ?
ਨਾਂਹ ਹਲ ਮਾਰਦਾ ?
ਦੂਜਾ ਜੱਟ-ਮਚਲਿਆ ! ਰੋਟੀ ਖਾਂਦਾ, ਲੱਸੀ ਪੀਂਦਾ
ਸਬ ਸਾਡੇ ਵਾਂਗ, ਪੈਲੀ ਵਿੱਚ ਲੇਟ
ਲੇਟ ਪਿਛਲੇ ਦਾਣੇ ਸਬ ਗੰਦੇ ਕਰਦਾ,
ਓਏ ! ਕਿਰਤ ਥੀਂ ਛੁੱਟਨਾ !
ਤੀਜਾ-ਕੁਝ ਨਾ ਆਖੋ ਭਾਈ ! ਆਲਾ ਸਿੰਘ ਸਾਧ
ਹੋ ਗਿਆ ਜੇ !
ਚੌਥਾ-ਲੈ ! ਵੇਖਾਂ ਸਾਧ ਹੋ ਗਿਆ ਈ,
ਉੱਲੀ ਲੱਗੇ ਬੰਦੇ ਵੀ ਸਾਧ ਥੀਂਦੇ ?
ਆਲਾ ਸਿੰਘ ਆਲਸ ਦੀ ਉੱਲੀ ਦਾ ਮਾਰਿਆ,
ਸਚ ਜਾਣੀਂ ! ਸਾਧ ਤਾਂ ਤੇਜ਼ ਧਾਰ ਵਾਲੀ
ਤਲਵਾਰ ਹੁੰਦੇ, ਉਹ ਤਾਂ ਕੁਛ ਹੋਰ ਚੀਜ਼ ।
ਪੰਜਵਾਂ- ਭਰਾ ਸਾਡੇ ਨੂੰ ਕੋਈ ਮਨ ਦਾ ਰੋਗ ਲਗਾ ਈ,
ਭਰਾਵਾ ਦੱਸ ਖਾਂ ! ਦਾਣੇ ਇਕ ਦੀ ਥਾਂ ਦੋ
ਕਿੰਞ ਲਗਣ, ਤੇ ਸੋਚਦਿਆਂ ਇਕ ਵੀ
ਗੁੰਵਾ ਲਿਆ ਈ ਭਰਾਵਾ ! ਇਸ ਸਾਲ
ਹੁਣ ਤੇਰੇ ਘਰ ਦਾਣੇ ਮੁੱਕਣੇ ।
ਇਹੋ ਨਾਂਹ ਬਸ ਸੋਚਾਂ ਦਾ ਸਿੱਟਾ :-
ਹਲ ਵਾਹੋ, ਰੂੜੀ ਪਾਓ, ਜਾਂ ਖਾਦ ਬਣੀ ਹਡੀ
ਪਾਓ, ਲਹੂ ਪਾਓ, ਪੈਲੀ ਵਾਹੋ, ਪਸੀਨੇ
ਆਪਣੇ ਦਾ ਬੀਜ ਪਾਓ, ਮੁੜ ਵਾਹੋ, ਬੀਜ
ਚੰਗਾ ਚੁਣੋ, ਮੁੜ ਚੁਣੋ, ਫਿਰ ਚੁਣੋ, ਇਹ
ਸਬ ਠੀਕ, ਇੰਨਾਂ ਤਾਂ ਅਸੀਂ ਵੀ ਸਮਝਦੇ ।
ਪਰ ਸੋਚਾਂ ਕੀ ਸੰਵਾਰਦੀਆਂ ।
ਫਲਾਸਫਰ ਬੋਲਿਆ :-
ਹੈਂ ! ਕੀ ਸਾਰਾ ਸਾਲ ਹੀ ਲੰਘ ਗਿਆ,
ਮੈਂ ਤਾਂ ਹਾਲੇ ਇੱਥੇ ਅਪੜਿਆ ਕਿ ਖੇਤੀ ਕਰਨਾ
ਸਾਡੇ ਵੱਸ ਦੀ ਹੀ ਚੀਜ਼ ਨਾਂਹ,
ਹਲ ਕਾਹਨੂੰ ਮਾਰਨਾ । ਮੀਂਹ ਪਾਣਾ ਜੋ ਵੱਸ
ਨਾਂਹ, ਸਬ ਕੰਮ ਕਸੂਤਰੇ ।
ਕੰਮ ਕਰਨਾ, ਨਿਹਫਲ ਜਿਹਾ ਦਿੱਸਦਾ ।
ਸਾਰੇ :- ਓਏ ! ਆਲਾ ਸਿੰਘਾ !
ਬੱਸ ! ਇਸ ਔੜਕਾਂ ਵਿਚ ਫਸਿਆ ਪਿਆ ਹੈਂ, ਅਸਾਂ
ਕਿਹਾ ਕੋਈ ਸੋਹਣੀ ਗਲ ਸੋਚਦਾ । ਕਮਲਿਆ !
ਚਲ, ਉੱਠ, ਹਲ ਜੋੜ, ਮੀਂਹ ਪੈਸੀ ਨ ਪੈਸੀ
ਸੋਚਦਾ । ਨਾਂਹ ਪਿਆ । ਅਸੀਂ ਧਰਤੀ ਪੁੱਟ ਤੇਰੀ
ਪੈਲੀ ਖੂਹ-ਪਾਣੀ ਦਿਆਂਗੇ, ਉੱਠ ਕਮਲਿਆ !
ਹੱਕ ਬਲਦ ।
… … …
ਬੱਸ ਠੀਕ ! ਇਉਂ ਜਦ ਆਰਟ (ਉਨਰ) ਦੀ ਕਿਰਤ
ਥੀਂ, ਸੋਚ ਲਾਂਭੇ ਨਿਕਲ ਜਾਂਦੀ, ਫਲਸਫਾ
ਬਣਦੀ, ਇਹ ਫਲਸਫਾ-ਸੋਚ ਮਾਰਦੀ,
ਆਰਟ ਵੀ ਉਠ ਮਾਰਦਾ ਜਦ ਨਿਰੋਲ ਫਲਸਫਾ
ਬਨ ਆਉਂਦਾ,
ਅਤੀ ਚਿੰਤਨ ਫਲਸਫਾ ਹੈ ਜਿਵੇਂ ਜੱਟਾਂ ਬੁਝਿਆ, ਬੰਦੇ ਨੂੰ
ਉੱਲੀ ਲਾ ਮਾਰਦਾ,
ਆਦਮੀ ਕੁਛ ਮੁਸ੍ਹਿਆ, ਮੁਸ੍ਹਿਆ ਹੁੰਦਾ, ਬਦਬੂ ਆਉਂਦੀ ।
ਧਰਮ ਮਜ੍ਹਬ ਸਾਰੇ ਆਰਟ ਹੋ ਅਰੰਭਦੇ,
ਮੁੜ ਹੌਲੇ ਹੌਲੇ ਫਲਸਫਾ ਬਣਦੇ, ਮਾਰਦੇ,
ਜੀਂਦੇ ਦਾ ਕੰਮ ਹੈ ਬਚਣਾ ਫਲਸਫੇ ਦੀ ਮਾਰ ਥੀਂ,
ਕਿਰਤੀ ਕਿਸੀ ਸੰਗ ਵਿਚ,
ਹਾਂ ਧਰਮ ਕਰਮ ਥੀਂ ਬਚਣਾ ਮਜ੍ਹਬ ਥੀਂ ਵੀ ਬਚਣਾ
ਜਿੱਥੇ ਰੱਬੀ ਆਵੇਸ਼ ਹੋਯਾ, ਆਣਾ ਬੰਦ ਹੈ ।
… … …



ਫਲਸਫੇ ਥੀਂ ਮੈਂ ਅੱਕਯਾ,
ਤੇ ਫਲਸਫੇ ਦੀ ਨੀਂਹ ਤੇ ਰੱਖੇ ਜਿਹੜੇ ਧਰਮ ਤੇ ਮਜ੍ਹਬ
ਜਿਹੜੇ ਕਿਰਤੀ ਨਹੀਂ ਹਨ ।
ਲੋਕੀਂ ਵੀ ਸਾਰੇ ਅੱਕੇ ਪਏ ਹਨ,
ਧਰਮ ਇਕ ਫਾਹੀ ਜਿਹੀ ਲੱਗੀ ਸਬ ਦੇ ਗਲੇ ਵਿਚ,
ਸ਼ਰਮ ਮਾਰੇ ਕੂੰਦੇ ਨਹੀਂ ਹਨ,
ਪਰ ਛੱਡਦੇ, ਛੱਡੀ ਬੈਠੇ ਸਦੀਆਂ ਦੇ ਧਰਮ ਸਬ ਚੋਰੀ
ਚੋਰੀਆਂ ।
ਇਕ ਕੂੜ-ਵਹਮ ਵਿਚ ਫਸੇ ਨਿਕਲ ਨ ਸੱਕਦੇ,
ਸੱਚ ਇਨ੍ਹਾਂ ਪਾਸੂੰ ਕਦਾਈਂ ਦਾ ਉੱਡਿਆ,
ਜਿਵੇਂ ਮੈਂ ਬਤਾਲੀ ਸਾਲ ਬਾਹਦ ਵੀ ਨਾ-ਵਹਮ ਥੀਂ ਨ
ਨਿਕਲ ਸਕਦਾ,
ਕੋਈ ਬੁਲਾਏ ਮੈਨੂੰ ਕੰਨ ਵਾਂਗ ਘੋੜੀ ਘੋੜੇ ਦੇ ਖੜੇ ਕਰ
ਸੁਣਦਾ,
ਖੁਸ਼ ਹੁੰਦਾ, ਹਿਣਕਦਾ ਖੋੱਤਾ,
ਪਰ ਅਫਸੋਸ ਇੰਨਾਂ ਕਿ ਮੈਨੂੰ ਘੋੜੀ ਘੋੜੇ ਜਿੰਨੀ ਵੀ
ਅਕਲ ਨਹੀਂ ਆਈ ਹਾਲੀਂ ਤੱਕ,
ਓਹ ਤਾਂ ਬੋਲਦੇ ਜਦ ਮਾਲਕ ਸੀਟੀ ਮਾਰਦਾ,
ਓਹ ਹਿਨਹਿਨਾਂਦੇ ਜਦ ਸਾਈਂ ਕਦੀ ਦਿੱਸਦਾ,
ਤੇ ਮੈਂ ਹਾਲੀਂ ਖੋਤੇ ਦਾ ਖੋਤਾ, ਕੋਈ ਪਰਖ ਨਾਂਹ,
ਸਿੰਞਾਣ ਨਾਂਹ ।
… … …
ਫਲਸਫੇ ਦਾ ਕੰਮ ਹੈ ਠੱਗ ਲੈ ਜਾਣਾ,
ਰੱਬ ਦੇ ਬੁੱਤਖਾਨੇ ਥੀਂ ਕੱਢ ਕਿਸੀ ਗੁਫਾ ਜਿਹੀ
ਵਿਚ ਵਾੜਨਾ,
ਇਹ ਗੁਮਾਂਦਾ ਰਾਹ ਮੇਰੇ ਅਸਲੀ ਮੇਰੇ ਵਤਨ ਦਾ,
ਲੋਕੀ ਭੁੱਲੇ ਫਿਰ ਟੋਲਦੇ ਸਦੀਆਂ, ਰਾਹ ਨ ਲੱਭਦਾ,
ਪ੍ਰੀਤਮ ਦੇ ਦੇਸ ਦਾ,
ਗੁਫਾ ਹਨੇਰੀ ਵਿਚ ਘੁੱਮਣਘੇਰੀਆਂ, ਭੂਲ ਭਲੱਯਾਂ ।
ਮਾਰਾਂ ਰਾਹ ਦੀਆਂ ਖਾਂਦੇ,
ਭਨਾਂਦੇ ਸਿਰ, ਢਹ ਢਹ ਮਰਦੇ,
ਫਿਰ ਉੱਠਦੇ, ਫਿਰ ਮਾਰੇ ਜਾਂਦੇ,
ਰੰਗ ਇਹ ਫਲਸਫਾ ।
… … …
ਖੁਲ੍ਹੇ ਮੈਦਾਨਾਂ ਦੇ ਲੋਕ ਹਨੇਰੀ ਕੋਠੜੀ ਪੈਂਦੇ,
aੁੱਥੇ ਭੂਤ ਵੱਸਦੇ,
ਉਨ੍ਹਾਂ ਦੀਆਂ ਗੁਲਾਮੀਆਂ ਕਰਦੇ,
ਪਾਣੀ ਢੋਂਦੇ, ਲੱਕੜਾਂ ਕੱਟਦੇ,
ਕੋਟੜੇ ਖਾਂਦੇ, ਕੁਝ ਬਣ ਨ ਪੈਂਦਾ,
ਰਾਹ ਨਹੀਂ ਦਿੱਸਦਾ ਬਾਹਰ ਆਣ ਨੂੰ,
ਮੁੜ ਮੁੜ 'ਰੱਬ' 'ਰੱਬ' ਕਰਦੇ, ਮਤੇ ਕੁਛ ਬਣੇ,
ਪਰ ਅਸਰ ਕੋਈ ਨਹੀਂ,
ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ ਇੰਨਾਂ
ਵੀ ਜਿੰਨਾਂ ਦੋ ਪੈਸੇ ਦੀ ਅਫੀਮ ਵਿਚ, ਇਕ
ਪਿਆਲੇ ਸ਼ਰਾਬ ਵਿਚ,
'ਰੱਬ' 'ਰੱਬ' ਕਰਦੇ ਬੇਰਸਾ, ਬਾਹੁੜੀ ਕਿੱਧਰੋਂ,
ਕੋਈ ਨਾਂਹ,
ਆਖਰ ਖੱਪ, ਖੱਪ ਰਬ ਥੀਂ ਮੁਨਕਰਦੇ,
ਇਹੋ ਨਾਂਹ ਖੇਡ ਧਰਮ ਅਧਰਮ ਹੋਣ ਦੀ,
ਬਿਨਾਂ ਰਸ ਦੇ ਜੋਗ ਥੀਂ ਭੋਗ ਚੰਗਾ ਲੱਗਦਾ,
ਮੁੜ ਮੁੜ ਪਿਆਲੇ ਪੀ, ਪੀ, ਜਨਾਨੀਆਂ ਦੇ ਗਲੇ
ਲੱਗਦੇ, ਮੋਏ ਹੋਏ ਮੋਈਆਂ ਨੂੰ ਮਾਰਦੇ, ਕੀੜੇ
ਕਤੂਰੇ ਵਧਦੇ, ਹੋਰ ਹੋਂਦੇ ਵਧ, ਗੁਲਾਮੀ ਕਰਨ ਨੂੰ
ਭੂਤਾਂ ਦੀ, ਕਿਰਤ ਥੀਂ ਛੁੱਟੜ ਲੋਕੀ, ਮਾਰੇ ਫਲਸਫੇ
ਠੱਗ ਨੇ ।
… … …
ਪਰ ਟੁਰੀ ਜਾਂਦੇ ਲੋਕੀ ਪਏ ਉਸੀ ਅੰਨ੍ਹੀ ਹਨੇਰੀਆਂ ।
ਹਿੰਮਤ ਕਰਨ ਓਹ ਵੀ ਓਸ ਵਿਚ, ਵਿਅਰਥ ਸਾਰੀ
ਹਿੰਮਤ,
ਬਾਹਰ ਆਣੇ ਕੌਣ, ਸਾਰੇ ਅਫੀਮ ਦੀ,
ਤੇ ਕੋਟੜੇ ਪੈਂਦੇ ਨੰਗੇ ਪਿੰਡਿਆਂ ਤੇ ਉਸ ਹਨੇਰੇ ਦੇ ਭੂਤਾਂ ਦੇ
ਕਰਤਾਰ ਨੂੰ ਭੁੱਲ ਕੇ, ਓਹਦੇ ਬੁੱਤਸ਼ਾਲਾ, ਚਿਤ੍ਰਸ਼ਾਲ
ਥੀਂ ਨਿਕਲ, ਮਨ ਦੀ ਕੋਠੜੀ ਹਨੇਰੀ ਵਿੱਚ
ਕੈਦ ਹੋ 'ਮੈਂ' 'ਮੈਂ' ਦੀ ਕਾਲੀ ਰਾਤ
ਵਿਚ ਰੰਹਦੇ,
ਕਦਮ ਸਬ, ਬੱਸ, ਉਲਟ ਪੈਂਦੇ, ਧਿਆਨ ਸਾਰਾ
ਉਲਟਾ, ਜੋਗ, ਉਲਟਾ ਪੈਂਦਾ, ਭੋਗ ਵੀ ਪੁੱਠਾ
ਹੋ ਮਾਰਦਾ, ਧਰਮ ਖਾਣ ਨੂੰ ਆਉਂਦਾ, ਰੱਬ
ਵੈਰੀ ਦਿੱਸਦਾ ;
ਜੀਣਾ ਮਰਨ ਥੀਂ ਵਧ ਦੁਖਦਾਈ,
ਮਰਨ ਨਸੀਬ ਨਹੀਂ ਹੋਂਵਦਾ,
ਮੁੜ ਮੁੜ ਡਿਗਦੇ ਮਨਘੜਤ ਫਲਸਫੇ ਵਿਚ, ਉਲਟੀ
ਸਬ ਸ੍ਰਿਸ਼ਟੀ ਦਿੱਸਦੀ,
ਜੀਵਨ ਸਾਰਾ ਇਨ੍ਹਾਂ ਮਨ ਦੇ ਜੂਏ ਵਿੱਚ ਹਾਰ ਹੱਥ
ਝਾੜਿਆ ।
ਜਵਾਰੀਏ, ਚੋਰ ਸਾਰੇ, ਹਾਰ, ਹਾਰ ਮਰਦੇ ।
… … …
ਗੀਤਾ ਪੜ੍ਹਨ, ਕੁਰਾਨ ਪੜ੍ਹਨ,
ਉਪਨਿਖਦ ਪੜ੍ਹਨ, ਪੁਰਾਨ ਸਾਰੇ,
ਹਨੇਰੇ ਵਿਚ, ਰੱਬ ਥੀਂ ਭੁੱਲਿਆਂ,
ਇਸ ਕਾਈ ਭੂਤ-'ਮੈਂ' ਨੂੰ ਪਾਲਦੇ
ਕੀੜੇ ਵਧਦੇ, ਕਤੂਰੇ,
… … …
ਪਿਆਰ ਨਾਲ ਨਿਓਂ ਸਾਰਾ ਟੁਟੀਦਾ,
ਸੁਹਣੱਪ ਨੈਣਾਂ ਵਿਚ ਨਹੀਂ ਰੰਹਦੀ
ਕਰਤਾਰ ਦੀ ਛੋਹ ਜੇਹੜੀ ਕੇਈ ਵਿਚ ਓਹ ਪਥਰੇਂਦੀ,
ਹਾਂ ਮੈਂ ਕਹਾਂਗਾ, ਕਰਤਾਰ ਦੀ ਕਣੀ ਅੰਞਾਈ,
ਵਿਅਰਥ ਗੁੰਮਦੀ,
ਦਿਲ ਖਾਲੀ ਸੱਖਣਾ ਸੱਖਣੇਪਨ ਕਾਲੇ ਦਾ ਧਿਆਨ,
ਆਕਾਸ਼ ਦੀਆਂ ਬ੍ਰਿਤੀਆਂ ਫਲਸਫਾ ਸਿਖਾਂਦਾ,
ਮਨ ਵਿਚ ਕੈਦ ਲੋਕੀ,
ਮਨ-ਘੜਿਤ ਗੱਲਾਂ ਕਦ ਜਗਾ ਸੱਕਣ,
ਹੋਰ ਮਾਰਦੀਆਂ, ਹੋਰ ਢਾਂਹਦੀਆਂ,
ਮਨ ਦੀਆਂ ਚੰਚਲਤਾਈਆਂ ਤੇ ਕੈਦੀ ਸਬ ਖੁਸ਼ ਹੁੰਦੇ,
ਸਮਝਣ ਹਨੇਰੇ ਦੀਆਂ ਦੀਵਾਰਾਂ ਟੁੱਟੀਆਂ,
ਓਹ ਹੋਰ ਹਨੇਰ ਪਾਉਂਦੀਆਂ ।
… … …



ਇਓਂ ਆਖਰ ਫਲਸਿਫਾ ਕੌਮਾਂ ਦੀ ਮੌਤ ਹੈ,
ਸਦੀਆਂ ਲੰਮੀ ਰਾਤ ਪਾਉਂਦਾ,
ਸਾਰਾ ਧਰਮ ਕਰਮ ਮਾਰਦਾ ।
ਧੰਨਯ ਸਾਰੇ ਪਾਪ ਇਨ੍ਹਾਂ ਦੇ
ਪਾਪ ਘੋਰ ਪਾਪ ਹੋਂਵਦੇ,
ਮੌਤ ਹੋਰ ਕੀ ਹੈ ?
ਦੁਖ ਇਹ ਮੌਤ ਤੇ ਹੈ ।
ਕੌਮਾਂ ਮਰ ਮੋਈਆਂ,
ਸਵਾਸ ਸਾਰੇ ਬੇਸਵਾਦ ਜਿਹੇ,
ਦੁਖੀ ਜਿਹੇ, ਚਿੱਥੇ (ਛਿੱਥੇ) ਜਿਹੇ ਪੈਣਾ, ਮਰਨ ਬੱਸ ਇਹ ਹੈ
ਮੇਰਾ, ਤੇਰਾ,
ਹੋਰ ਮੌਤ ਕੋਈ ਨਾਂਹ,
ਮੋਇਆਂ ਮਨਾਂ ਨੇ ਇਨ੍ਹਾਂ ਮੁਰਦਿਆਂ ਨੂੰ ਕੀ ਜਿਵਾਵਣਾ ।
… … …
ਓਹੋ ਧਰਮ ਬੁਧ ਜੀ ਦੀ ਅੱਖ ਥੀਂ ਆਯਾ ਬਚਾaੁਂਦਾ,
ਓਹੋ ਮਨਾਂ ਥੀਂ ਆਇਆ ਮਾਰਦਾ,
ਓਹੋ ਸਾਈਂ ਦੀ ਅੱਖ ਥੀਂ ਮੁਰਦੇ ਜਿਵਾਂਵਦਾ,
ਓਹੋ ਮਨ ਥੀਂ ਨਿਕਲਿਆ ਕਾਲ-ਸੱਟ ਮਾਰਦਾ ।
… … …



ਪਾਰਸ ਸੀ ਭਰਾ ਰਾਜਪੂਤ ਇਕ ਰਾਜੇ ਪਾਸ,
ਪ੍ਰਿਥੀਰਾਜ ਓਹਨੂੰ ਸੱਦਦਾ, ਆਖਦਾ, ਪਾਰਸ ਦਿਹ ਮੈਨੂੰ
ਲੋੜ ਹੈ ।
ਰਾਜੇ ਕੱਢ ਪਾਰਸ ਦਿਖਾਲਿਆ,
ਸਾਦਾ ਜਿਹਾ ਪੱਥਰ ਸੀ,
ਪ੍ਰਿਥੀਰਾਜ ਦੀ ਤਲਵਾਰ ਨੂੰ ਸੱਜੇ ਹੱਥ ਲੈ ਪਾਰਸ
ਛੁਹਾਯਾ,
ਸੋਨੇ ਦੀ ਹੋਈ, ਸਾਰੀ ਚਮਕੀ;
ਪ੍ਰਿਥੀਰਾਜ ਖੁਸ਼ ਹੋ ਮੰਗਦਾ,
ਪਾਰਸ ਦਾ ਮਾਲਕ ਦਿੰਦਾ ਪਾਰਸ,
ਪਰ ਪਾਰਸ ਪ੍ਰਿਥੀਰਾਜ ਦੇ ਹੱਥ ਓਹ ਕੰਮ ਨਾਂਹ ਕਰਦਾ;
ਕੇਈ ਲੋਹੇ ਆਂਦੇ, ਲੋਹੇ ਦੇ ਲੋਹੇ, ਪਾਰਸ ਪੱਥਰ ਦਾ
ਪੱਥਰ,
ਪ੍ਰਿਥੀਰਾਜ ਘੂਰਦਾ, ਇਹ ਪਾਰਸ ਨਾਂਹ,
ਰਾਜੇ ਹੱਥ-ਨਾਟਕ ਕੋਈ ਕੀਤਾ;
ਮੁੜ ਪਾਰਸ ਮਾਲਕ ਹੱਥ ਸਿੰਞਾਣ ਕੇ ਮੰਨਦਾ,
ਮੁੜ ਸਾਰੇ ਦੇ ਸਾਰੇ ਲੋਹੇ ਉਸੀ ਪੱਥਰ ਦੀ ਛੋਹ ਨਾਲ ਸੋਨਾ ਹੁੰਦੇ,
ਮੁੜ ਪ੍ਰਿਥੀਰਾਜ ਹੱਥ ਲੈਂਦੇ,
ਮੁੜ ਪਾਰਸ ਰੁੱਸਦਾ,
… … …
ਜੋ ਗੱਲ ਪ੍ਰਿਥੀਰਾਜ ਸੀ ਨਹੀਂ ਸਮਝਿਆ, ਓਹ ਅਸੀਂ
ਸਦੀਆਂ ਲੰਮੀਆਂ ਨ ਸਮਝਦੇ,
ਪਰ ਓਨਰ-ਕਮਾਲ ਦਾ, ਆਰਟ ਰੱਬ ਦਾ ਭੇਤ ਇਹ,
ਪਾਰਸ ਦਾ ਕਮਾਲ ਤਾਂ ਰੱਬ ਦੇ ਹੱਥ ਦੀ ਛੋਹ ਹੈ,
ਮਨ ਮਨੁੱਖ ਦਾ ਪਾਰਸ ਠੀਕ ਹੈ,
ਪਰ ਬਿਨਾ ਉਸ ਹੱਥ-ਛੋਹ ਦੇ ਪੱਥਰ ਦਾ ਪੱਥਰ,
ਇਹ 'ਮੈਂ' ਦਾ ਭੇਤ ਹੈ,
ਓਹ ਨਹੀਂ ਜੋ ਉਪਨਿਖਦ ਦਸਦਾ,
ਤੇ ਉਪਨਿਖਦ ਬ੍ਰਹਮ 'ਮੈਂ' ਫਲਸਫੇ ਦੀ
ਝਾਤ ਨਾਲ ਹੋਰ ਕੂਕਦੇ,
ਪਾਰਸ ਦੀ 'ਮੈਂ' ਬੋਲਦੀ ਨਾਂਹ,
ਰੁਸਦੀ, ਮਨੀਂਦੀ, ਪਰ ਚੁਪ
ਆਖੇ ਕੁਛ ਨਾਂਹ, ਹੋਈ ਜੂ
ਕੁਛ ਨਾਂਹ,
ਗੀਤਾ ਦੀ ਮੈਂ ਵੀ ਬੋਲਦੀ,
ਬੁਧ ਦੇ ਬੁੱਤ ਦੀ ਮੈਂ ਨਾਂਹ ਬੋਲਦੀ,
'ਸ਼ਬਦ ਮੈਂ' ਗੁਰੂ ਗ੍ਰੰਥ ਦੀ ਚੁਪ ਹੈ,
ਇਥੇ ਕੋਮਲ ਓਨਰਾਂ ਦੇ ਕਮਾਲ ਦੀ ਨਜ਼ਾਕਤ,
ਇੱਥੇ ਅਦਾ ਹੈ ਪਿਆਰ ਦੀ,
ਇੱਥੇ ਮਨ ਮਰ ਗਿਆ ਹੈ, ਪਾਰਸ ਦੀ ਮੈਂ ਵਿਚ,
… … …
ਬੱਸ, ਇੰਨਾਂ ਨਿੱਕਾ ਜਿਹਾ ਭੇਤ ਹੈ
ਫਲਸਫੇ ਤੇ ਆਰਟ, ਮਨ ਦੀ ਹਨੇਰੀ ਮੈਂ, ਤੇ ਕਿਰਤੀ
ਮੈਂ ਵਿਚ,
ਆਰਟ-ਕਿਰਤ ਦੀ ਟੋਹ ਜਾਣਦੀ,
ਪਾਰਸ ਕਰਤਾਰ ਹੱਥ ਦੀ ਛੋਹ ਸਞਾਂਣਦਾ, ਇਹ
ਸਰਵੱਗਯਤਾ ਆਰਟ (ਉਨਰ) ਦੀ,
ਬੁੱਤ ਵਿਚ, ਚਿਤ੍ਰ ਵਿਚ,
ਰੰਗ ਕਿਸੀ ਵਿਚ ਬੈਠੀ, ਸੁਤੀ, ਜੀਂਦੀ, ਜਾਗਦੀ,
ਹਿਲਦੀ ਪ੍ਰੀਤਮ ਦੀ ਬੱਸ ਯਾਦ ਤਾਰ ਹੈ ।
ਉਸ ਕਰਤਾਰ ਦੀ ਛੋਹ ਦਾ ਸਵਾਦ ਹੈ,
ਪਾਰਸ ਰੱਬ ਦੀ ਕਰਾਮਾਤ ਹੈ,
ਇਉਂ ਸਦਾ ਆਇਆ ਸਦੈਵ ਲਈ,
ਇਕ ਰੰਗ-ਰਸ, ਸਵਾਦ-ਸੁਖ,
ਇਹ ਸਦੈਵ ਦਾ ਜੀਣ ਹੈ,
ਆਵੇਸ਼ ਹੈ ਰੱਬੀ, ਗੁਪਤ,
ਬੱਸ ਚੀਜ਼ ਹੈ, ਅਨੇਮੀ,
ਨੇਮ ਸਾਰੇ ਡੁੱਬਦੇ ।
ਬੱਸ, ਪਿਆਰ ਹੀ ਪਿਆਰ ਇਕ ਪੂਰਾ ਸੱਚ ਹੈ,
ਠੀਕ ਹੈ ! ਸਬ ਪੀਰ ਪੈਗੰਬਰ, ਔਲੀਏ,
ਇਕ ਸਾਦੀ ਪਾਰਸ-ਗਲ ਸਨ ਭੁੱਲੇ,
ਉਨ੍ਹਾਂ ਦੀਆਂ ਉੱਮਤਾਂ ਰੁੱਲੀਆਂ;
ਡੰਕੇ ਦੀ ਚੋਟ ਵੱਜੀ,
ਦਮਾਮੇਂ ਦੀ ਸੱਟ ਅਨੰਦਪੁਰੇ ਗੂੰਜਦੀ,
ਗੁਰੂ ਗੋਬਿੰਦ ਸਿੰਘ ਬਚਿੱਤ੍ਰ ਨਾਟਕ ਲਿਖਦੇ,
ਦਰਸਾਉਂਦੇ ਸੱਚ, ਦਰਸ਼ਨ ਕਰਾਉਂਦੇ :-
"ਕੂੜ ਕ੍ਰਿਆ ਉਰਝਿਓ ਸਭ ਹੀ ਜਗ
ਸ੍ਰੀ ਭਗਵਾਨ ਕੋ ਭੇਦ ਨ ਪਾਇਓ,
ਸਾਚ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਯੋ
ਤਿਨ ਹੀ ਪ੍ਰਭ ਪਾਇਓ"
ਬਾਜਾਂ ਵਾਲੇ ਆਖਦੇ :-
ਇਨ੍ਹਾਂ ਰਾਹ-ਭੁੱਲਿਆਂ, ਰੱਬ ਭੁੱਲਿਆਂ
ਮਨਾਂ ਦੇ ਧਰਮ, ਕਰਮ ਸਬ ਫੋਕਟ, ਢੰਗ ਸਾਰੇ
ਮਸੰਦਾਂ ਦੇ, ਸਬ ਇਹ ਦੁਖ, ਮੌਤ-ਸੰਪ੍ਰਦਾ ਜੇ
ਮੇਰੇ ਸਿਖੋ !
"ਬਿਨ ਕਰਤਾਰ ਨ ਕਿਰਤਮ ਮਾਨੋ"-
ਇਹ ਮੋਏ "ਕਿਰਤਮ ਸੱਚ" ਪਛਾਣਦੇ;
ਫਰਮਾਉਂਦੇ :-
'ਸ਼ਬਦ-ਅਵਤਾਰ' ਗੁਰੂ ਗ੍ਰੰਥ ਮੈਂ ਹਾਂ,
'ਰੱਬਦੀ ਯਾਦ' ਬੱਸ ਮਾਂ(ਨਾਂ) ਮੇਰਾ,
ਯਾਦ ਕਰੋ, ਗੁਰੂ ਤੁਸਾਂ ਵਿਚ ਹੈ,
ਕਰਤਾਰ ਦੀ ਕਰਤਾਰਤਾ ਦੀ ਛੋਹ ਦਾ ਰਸ-ਰੂਪ
ਯਾਦ ਹੈ,
ਰਸ ਨਾਮ ਦਾ ਖੁਨਕ-ਪਿਆਰ, ਬੱਸ ਇਹੋ ਜੀਣ, ਇਹੋ
ਸੁਖ, ਇਹੋ ਸੱਚ ਹੈ ।
ਹੋਰ ਕੋਈ ਨਾਮ ਨਾਂਹ, ਬੱਸ ਇਕ ਇਹ ਨਾਮ ਹੈ,
ਇਹ ਕਰਤਾਰ ਹੈ, ਅਕਾਲ ਹੈ,
ਅਕਾਲ ਉਸਤਤ ਇਕ ਨਿਰੋਲ ਸੱਚ ਹੈ,
ਹੋਰ ਕੋਈ ਏਕਤਾ ਨਾਂਹ ਕੋਈ,
ਨਾਨਤਾ ਤੇ(ਦੇ) ਰੰਗ ਵਿਚ ਇਕ ਨਾਮ ਨਾਨਾ-ਏਕਤਾ ਹੈ,
ਸਤਿਨਾਮ ਓਹਨੂੰ ਗੁਰੂ-ਅਵਤਾਰ ਆਖਦਾ,
ਏਕਾ ਪਹਲਾ ਲਾਉਂਦਾ ਇਕ ਹੈ,
ਪਰ ਗੁਰੂ ਗ੍ਰੰਥ ਸਾਰਾ ਇਸ ਇਕ ਰੰਗ ਦੀ ਨਾਨਤਾ,
ਪਿਆਰ ਵੇਖ, ਪਿਆਰ ਪੀ, ਪਿਆਰ ਛੋਹ,
ਪਿਆਰ ਨੂੰ ਮਿਲ, ਪਿਆਰ ਭੋਗ, ਪਿਆਰ ਜੋਗ,
ਪਿਆਰ ਗੀਤ, ਪਿਆਰ ਨ੍ਰਿਤਯ, ਪਿਆਰ
ਰਸ, ਬਸ ਪਿਆਰਾਂ ਦੀ ਨਾਨਤਾ ।
… … …



ਅਣਘੜੇ ਪੱਥਰ ਵਿਚੂੰ ਕਿਰਨ ਖਾ,
ਪਰੀ ਫੰਗਾਂ ਵਾਲੀ ਬੁਤ ਬਣ ਨਿਕਲੀ,
ਇਹੋ ਦੇਵੀ, ਦੇਵਤਾ, ਕਰਦੀ 'ਤੂੰਹੀ' 'ਤੂੰਹੀ',
ਸਾਈਂ, ਸਾਈਂ ਕਰਦੀ, ਉੱਡਦੀ,
ਵਖਰੀ ਨੋਹਾਰ, ਕਰਤਾਰ ਦੀ ਨਵੀਂ ਛੋਹ,
ਇਹੋ ਸਦੈਵ ਦਾ ਸੁਖ ਜਿਨੂੰ ਸਾਈਂ ਕੂਕਦਾ,
… … …

੫. ਪਾਰਸ ਮੈਂ



ਪੰਜਾਬ ਵਿਚ ਜੰਮਣਾ ਅਮੁਲ ਜਿਹੀ ਚੀਜ਼ ਹੈ,
ਇੱਥੇ ਕਲਗੀਆਂ ਵਾਲੇ ਦੇ 'ਤੀਰ ਸ਼ਬਦ' ਚਮਕਦੇ,
ਇੱਥੇ 'ਨਿਹਾਲੀ ਨਦਰਾਂ' ਦਾ ਓਹੋ ਪ੍ਰਕਾਸ਼ ਹੈ,
ਨਦਰਾਂ ਦੱਸਦੀਆਂ ਨੈਣਾਂ ਵਿਚ ਖੂਬ, ਖੁਬਕੇ,
ਸੁਖ ਕੀ, ਜੀਵਨ ਕੀ, ਸਵੈਤੰਤ੍ਰਤਾ ਕੀ ਹੈ ?
ਪਾਰਸਿਕ ਮੈਂ ਦਾ ਸੋਹਣਾ ਕਮਾਲ ਹੈ ।
-"ਰੱਬ ਦੀ ਯਾਦ" ਤੇਰਾ ਨਾਮ ਹੈ,
"ਰੱਬ ਦੀ ਯਾਦ" ਬੱਸ ਪਿਆਰ ਹੈ,
"ਰੱਬ ਦੀ ਯਾਦ" ਪ੍ਰਾਣਾਂ ਦਾ ਪ੍ਰਾਣ ਹੈ,
"ਰੱਬ ਦੀ ਯਾਦ" ਸਵੈਤੰਤ੍ਰਤਾ ਹੈ,
"ਰੱਬ ਦੀ ਯਾਦ" ਕਰਤਾਰ ਹੈ,
ਇਹ 'ਪਾਰਸ-ਮੈਂ' ਸਬ ਜਗ-ਪ੍ਰਕਾਸ਼ ਹੈ,
ਸਤਿਗੁਰਾਂ, ਸਾਹਿਬਾਂ, ਸਾਂਈਆਂ, ਸਰਕਾਰਾਂ,
ਇਸ 'ਪਾਰਸ-ਮੈਂ' ਦੀ ਕਿਰਤ ਸਿਖਾਈ,
ਮਨ-ਘੜਿਤ ਨਹੀਂ ਕੋਈ ਚੀਜ਼ ਇਹ,
ਸਦੀਆਂ ਦੀ ਕਠਨ ਮਿਹਰ-ਕਮਾਈ ਹੈ,
ਹੋਰ ਮੈਂ "ਕੁਛ ਨਹੀਂ" ਠੀਕ,
ਹੋਰ ਮੈਂ ਸਦਾ "ਹੈ ਨਹੀਂ", ਠੀਕ,
ਪਰ 'ਪਾਰਸ-ਮੈਂ' ਨੇ ਇਸ 'ਨਹੀਂ' ਵਿਚ,
"ਸਬ ਕੁਛ" ਤੇ "ਸਦਾ ਹੈ" ਜੋਤ ਜਿਹੀ, ਰੱਖੀ, ਇਕ ਜੀ
ਜਿਹਾ ਬਾਲਿਆ,
ਇਹ ਪਾਰਸਿਕ ਮੈਂ, ਦਿੱਸਣ, ਪਿੱਸਣ ਵਿਚ
ਦੂਜੇ ਪੱਥਰਾਂ ਵਾਂਗ ਨਿੱਕਾ ਜਿਹਾ ਪੱਥਰ, ਪਰ
ਸਮੁੰਦਰਾਂ ਦੇ ਸਮੁੰਦਰ ਇਸ ਕਤਰੇ ਵਿਚ ਕੰਬਦੇ ।
ਇਹ ਮੈਂ ਇੰਞ ਤੇ ਉੰਝ, ਆਪੇ ਵਿਚ ਕੁਛ ਨਾਂਹ, ਮਿੱਟੀ,
ਰੱਬ ਵਿਚ, ਕਰਤਾਰ ਦੀ ਛੋਹ ਨਾਲ, ਮਿਹਰ ਦੀ
ਬਰਕਤ ਪਾ, ਅਨੰਤ ਹੈ, ਜੀ ਹੈ, ਜਾਨ ਹੈ,
ਸਦੈਵਤਾ,
ਇਹ ਮੈ 'ਇਉਂ' ਇਕ 'ਕਾਵਯ ਅਲੰਕਾਰ' ਹੈ,
ਇਹ ਮੈਂ ਚੁਪ ਹੈ, ਪਰ ਬੋਲਦੀ, ਕੂਕਦੀ, ਗਰਜਦੀ
ਵਾਂਗ ਲੱਖਾਂ ਕੜਕਦਿਆਂ ਬੱਦਲਾਂ, ਇਹ ਸਮੂਹ
ਹੈ ਬਿਜਲੀਆਂ ਅਨੇਕਾਂ ਦੇ ਸੁਹਣੱਪਾਂ ਦਾ,
ਲਿਸ਼ਕਾਂ ਇਲਾਹੀ । ਅਨੇਕਾਂ ਜਵਾਨੀਆਂ ਦੀ
ਰਿਸ਼ਮੀਆਂ ਦਾ ਸੂਰਜ ਚਮਕਦਾ ।
ਇਹ ਮੈਂ ਹਿਲਦੀ ਨਹੀਂ, ਪਰ ਹਿਲਾਂਦੀ, ਹਿਲੂੰਦੀ,
ਜਗਤ ਸਾਰਾ,
ਕੰਬਦੀ, ਕੰਬਾਦੀ ਪੁਲਾੜਦੀ ਨੀਂਹੀਆਂ ਨੂੰ,
ਇਹ ਮੈਂ ਜੜ ਹੈ, ਪਰ ਚੈਤੱਨਯ ਮਯ ਦਾ ਇਸ ਵਿਚ,
ਜਿਉਂ ਬਰਫਾਂ ਦੀ ਚਿਟਿਆਈ ਵਿਚ ਰੂਪ ਭਬਕਦਾ,
ਵਾਂਗ ਬੁਦਬੁਦੇ ਖਿਣ ਭੰਗਰ ਹੈ,
ਪਰ ਅਮਰ ਇਹੋ ਜਿਹੀ ਹੋਰ ਕੋਈ ਵਸਤ ਨਹੀਂ,
ਮੌਤ ਤੇ ਜੀਵਨ ਦੀਆਂ ਵਾਦੀਆਂ, ਘਾਟੀਆਂ, ਸ਼ੂਕਦੀ
ਲੰਘਦੀ ਸਹਜ ਸੁਭਾ ਵਾਂਗ ਹਵਾ ਦੇ, ਵਗਦੀ ਜਲ
ਵਾਂਗੂੰ ਠਾਠਾਂ ਮਾਰਦੀ ਮੌਤੇ ਦੇ ਇਧਰ ਉਧਰ,
ਚਾਰ ਚੁਫੇਰੀਆਂ, ਮੁੜਦੀ ਧੁੱਪ, ਛਾਂ ਕਰਦੀ,
ਜੀਣ ਮਰਨ ਨੂੰ, ਸਦਾ-ਉਡਾਰੂ ਜਿਹੀ, ਲੋਪ,
ਲੋਪ ਹੁੰਦੀ,
ਝਿਲਮਿਲਾ ਸੰਸਾਰ ਇਹਦਾ ਕੱਪੜਾ,
ਸਬ ਦਿੱਸਣ ਪਿੱਸਣ ਇਹਦਾ ਗਹਣਾ,
ਬੱਸ ! ਇਹ ਨਿੱਕਾ ਜਿਹਾ ਜਾਦੂ ਰੰਗ ਕਰਤਾਰ ਦਾ,
… … …



ਠੀਕ, ਘੁਮ੍ਹਾਰ ਆਪਣੇ ਭਾਡਿਆਂ ਵਿਚ ਵੱਸਦਾ,
ਰੀਝ ਜਿਹੀ ਵਿੱਚ ਆ ਕੇ, ਬੁੱਤ ਬਣਾਇਆ
ਤੇ ਆਪ ਮੋਹਿਤ ਹੋ ਉਨ੍ਹਾਂ ਵਿੱਚ ਵੱਸਦਾ,
ਹੋਂਠ ਤੱਕੀਂ ਨੀ ਲਾਲ, ਲਾਲ ਮਿੱਟੀ
ਦੇ ਘੜੇ ਦੇ ।

ਘੜਾ-ਇਹ ਘੁਮਿਆਰ ਦਾ ਸੁਫਨਾ,
ਸੁਰਾਹੀ-ਗਰਦਨ, ਸੁਰਾਹੀ ਦੀ ਗਰਦਨ ਓਹ ਜਿਨੂੰ
ਘੁਮਿਆਰ, ਦਿਨ, ਰਾਤ ਪਿਆਰਦਾ,
ਬਰਤਨ-ਮਿੱਟੀ ਥੀਂ ਹੱਥ ਕਰਤਾਰ ਦਾ ਅਮਰ
ਜਿਹੀਆਂ ਸ਼ਕਲਾਂ ਕੱਢਦਾ, ਇਹ
ਬਰਤਨ, ਇਹ ਕਤਾਰਾਂ ਭਾਂਡਿਆਂ
ਦੀਆਂ ਕੇਹੀਆਂ ਸੋਹਣੀਆਂ,
ਖਿਆਲਾਂ ਥੀਂ ਚੰਗੀਆਂ,
ਸੁਫਨਿਆਂ ਥੀਂ ਮਿੱਠੀਆਂ, ਪਿਆਰ
ਦੀਆਂ ਚੁੱਮੀਆਂ,
ਸਿਮਰਨ ਦੇ ਸਵਾਸ ਇਨ੍ਹਾਂ ਭਾਡਿਆਂ
ਵਿਚ ਕਿਹੇ ਚੱਲਦੇ,
ਇਨ੍ਹਾਂ ਲੱਖਾਂ ਚੇਹਰਿਆਂ ਵਿਚ ਇੱਕ ਨੂਰੀ
ਚੇਹਰਾ ਘੁਮਿਆਰ ਦਾ ਲਿਸ਼ਕਦਾ ।

ਛੰਨਾਂ-ਪਾਣੀ ਕਿਸ ਵਿਚ ਪੀਣ ਲੱਗਾ ਹੈਂ ਸੱਜਨਾ !
ਛੰਨਾਂ ਛਿਨ ਛਿਨ ਕੂਕਦਾ, ਘੁਮ੍ਹਾਰ ਦੇ
ਦਿਲ-ਲੁਕਾ ਗੀਤ, ਸੁੰਞ ਸਾਰੀ
ਮਾਰਦਾ ।

ਕੂਜ਼ਾ- ਇਹ ਕੂਜ਼ਾ ਹੱਥ ਤੇਰੇ ਸੱਜਨਾਂ! ਠੰਢੇ
ਚਸ਼ਮਿਆਂ ਦੀ ਧਾਰ ਦੀ ਸੁਰ
ਫੜੀ ਤੂੰ,
ਡੋਹਲ ਪਾਣੀ ਭਰਿਆ ਕੂਜ਼ਾ, ਜੀਵਨ
-ਧਾਰ ਪਈ ਪੈਂਦੀ, ਸਿਮਰਨ
ਵਗਦਾ ।

ਪਿੱਤਲ ਦੇ ਕੌਲ ਕੌਲੀਆਂ :-
ਨਿੱਕੇ ਨਿੱਕੇ ਪਿੱਤਲ ਦੇ ਕੌਲ ਕੌਲੀਆਂ
ਕਿਸ ਬਣਾਏ, ਗਿਆ ਕਿਥੇ ਠਠਯਾਰ,
ਫੁੱਲਾਂ ਦੇ ਮੂੰਹ ਜਿਹੇ ਲਗਦੇ,
ਠਠਯਾਰ ਦਾ ਰੂਹ ਚਮਕਦਾ,
ਫੁੱਲ ਇਹ ਗੱਲਾਂ ਕਰਦੇ ਹੋਠਾਂ ਤੇਰਿਆ ਦੇ
ਨਾਲ ਲਗ,
ਕਿ ਕਰਤਾਰ ਆਪ ਤੈਨੂੰ ਚੁੰਮਦਾ ?

ਥਾਲੀ ਕਾਂਸੀ ਦੀ :-
ਇਹ ਥਾਲੀ ਤੇਰੀ ਸੱਜਨਾਂ !
ਕੰਡੇ ਨਿੱਕੀ ਨਿੱਕੀ ਪਹਾੜੀ ਰਮਲ ਦੀ ਵਾੜ
ਵਿਚ ਘਿਰੀ ਤੇਰੀ ਵਾਦੀ ਦੀ ਖੁਲ੍ਹ ਸੱਜਨਾਂ !
ਇਹ ਵਿਹੜਾ, ਤੇਰਾ ਘਰ, ਪਹਰੇ ਦੇਂਵਦੇ;
ਕੀ ਪੈਲੀ ਤੇਰੀ ਵਾਹੀ, ਬੀਜੀ ਦੀ ਵਾੜ ਇਹ,
ਕੀ ਅੰਦਰ ਦੀ ਸਵੈਤੰਤ੍ਰਤਾ, ਚੌ ਗਿਰਦਿਓਂ
ਬੱਝੀ ਪੇਈ ਸੋਭਦੀ, ਡੁਲ੍ਹਣ, ਵੀਟਣ,
ਗਵਾਚਣ ਥੀਂ ਬਚਾ ਜਿਹਾ ਇਹ ਕੰਡੇ ਇਹਦੇ,
ਕੀ ਤੇਰਾ ਦਿਲ ਚਮਕਦਾ, ਤੇ ਸਾਫ ਦਿਲ ਤੇ
ਪੈਂਦੇ ਝਾਵਲੇ ਆਕਾਸ਼ ਦੇ ?
ਕੀ ਸਿਮਰਨ ਤੇਰਾ ਇਸ ਵਿਚ ?
ਕੀ ਕਰਤਾਰ ਦਿਤੀ ਰੋਟੀਆਂ ?

ਕੜਛੀ :-
ਕੜਛੀ ਸੱਜਨਾਂ !
ਕੈਂਹ ਦਾ ਹੱਥ ਨਿੱਕਾ ਨਿੱਕਾ,
ਕੈਂਹ ਦੀ ਬਾਂਹ ਘਰ ਤੇਰੇ ਲਿਸ਼ਕਦੀ,
ਜਿਵੇਂ ਹਨੇਰੇ ਵਿਚ ਕਿਰਨ ਚਮਕਦੀ,
ਜਿਵੇਂ ਸੁਫਨੇ ਵਿਚ ਕੱਜੀ ਸਾਰੀ
ਪਯਾਰੀ ਦਾ ਇਕ ਅੰਗ ਦਿੱਸਦਾ,
ਓਹ ਇਕ ਸਤਿਸੰਗ ਘੁੰਮਦਾ,
ਸੇਵਾ ਹੁੰਦੀ ਪਿਆਰ ਦੀ,
ਅੰਨ ਰੱਬ ਦਾ ਵਰਤਦਾ,
ਕਿਰਤ ਵਰਤਦੀ, ਪਿਆਰ ਵਰਤਦਾ,
ਹੱਥ ਨਿੱਕਾ ਨਿੱਕਾ ਸੋਹਣੀ ਕਿਰਤ ਕਰਦਾ,

ਗਲ ਦੀ ਵੇਲ ਸੋਨੇ ਦੀ :-
ਇਹ, ਵੇਲ ਕੁੜੇ ! ਸੋਨੇ ਦੀ ਮਹੇਲ ਕੇਈ ਪਾਈ ਹੈ,
ਬਾਗਾਂ ਦੇ ਪਾਨ ਦੇ ਪੱਤਿਆਂ ਨੂੰ ਸੋਨੇ ਦੀ
ਧਰਤ ਤੇ ਉਸੀ ਹੀ ਜਿੰਦ, ਉਸੀ ਲਟਕ ਵਿਚ
ਕੌਣ ਉਗਾਉਂਦਾ !
ਫੁੱਲ ਦੀ ਸੁਹਣੱਪ ਉਸੀ ਤਰਾਂ ਬਲਦੀ,
ਤੇਰੀ ਵੇਲ ਦੇ ਗਲ ਵਿਚ ਬਾਗ ਲਟਕਦੇ,
ਤੇ ਵੇਲ ਸੋਨੇ ਦੀ ਲਟਕਦੀ ਤੇਰੇ ਗਲ ਪਿਆਰੀਏ ।

ਨਵੀਂ ਜੁਗਨੀ ਕਿਸੀ ਦੀ ਛਾਤੀ ਤੇ :-
ਠੀਕ "ਜੁਗਨੀ ਕੂਕਦੀ"-ਛਾਤੀ ਉਸ ਉੱਭਰੀ
ਜਵਾਨੀ ਦੇ ਉਮਾਹ ਨਾਲ,
ਜਵਾਨੀ ਆ ਜੁਗਨੀ ਵਿਚ ਗੀਤ ਭਰਦੀ,
ਕੁੜੀ ਕੂਕਦੀ ਜੁਗਨੀ ਚੁੱਪ ਹੈ,
ਜੁਗਨੀ ਕੂਕਦੀ, ਕੁੜੀ ਸਾਰੀ ਚੁੱਪ ਹੈ ।

ਗਹਣੇ :-
ਇਨ੍ਹਾਂ ਕਲਾਈਆਂ, ਗੱਲ੍ਹਾਂ, ਹੱਥਾਂ,
ਪੈਰਾਂ, ਕੇਸਾਂ, ਸਵਾਸਾਂ ਵਿਚ ਗਹਣੇ ਸੋਭਦੇ,
ਕੰਨਾਂ ਵਿਚ ਮੱਛਰਿਆਲੇ ਲਟਕਦੇ, ਹਿਲਦੇ,
ਸਾਡੇ ਬੁੱਲ੍ਹੇ ਸ਼ਾਹ ਨੂੰ ਵੀ ਕਿਹੇ ਚੰਗੇ ਲਗਦੇ,
ਆਹ ! ਇਨ੍ਹਾਂ ਨੱਢੀਆਂ ਦੇ ਅੰਗਾਂ ਦੀ ਛਣਕਾਰ,
ਛਾਣ ਛਾਣ ਬੋਲਦੇ,
ਇਨ੍ਹਾਂ ਲਾਲ ਚੂੜੇ ਵਾਲੀਆਂ ਦੀ ਭਰੀ ਗੀਤ
ਬਾਹਾਂ ਦੀ ਉਲਾਰ ਮਾਰਦੀ,

ਕੱਪੜੇ :-
ਕੱਪੜੇ ਤੇਰੇ ਸੋਹਣਿਆਂ ! ਇਹ ਵੀ ਅੰਦਰ ਦਾ
ਰਾਗ ਬਾਹਰ ਫੁੱਟਿਆ,
ਮੈਨੂੰ ਵਾਜਾਂ ਮਾਰਕੇ, ਹੇਕਾਂ ਲਾਉਂਦੇ;
ਕਦੀ ਕਦੀ ਡੋਰੇ ਥੀਂ ਵੀ ਸੋਹਣੇ ਤੇਰੇ ਕੱਪੜੇ ।
ਇਹ ਮਿੱਤ੍ਰ ਤੇਰੇ ਰੂਹ ਦੇ,
ਤੈਨੂੰ ਕੱਜਦੇ, ਪਰਦੇ ਪਾਉਂਦੇ,
ਅਣਡਿੱਠ ਕਰਦੇ, ਬਖਸ਼ਦੇ,
ਬਖਸ਼ਾਉਂਦੇ ਤੈਨੂੰ;
ਤੈਨੂੰ ਮੁੜ ਮੁੜ ਕੱਜਦੇ ।
… … …
ਮੈਂ ਬੱਸ ਪਾਣੀਆਂ ਦੀ ਲੀਕ ਹਾਂ, ਬੱਦਲਾਂ ਦੇ ਰੰਗਾਂ ਦਾ
ਸ਼ਾਮ ਦਾ ਨੱਚਦਾ,
ਕੰਬਦਾ, ਜਲੌ;
ਮੈਂ ਰੱਬ ਦੇ ਫੰਗਾਂ ਨਾਲ ਸਜੀ,
ਉਡਦੀ ਉਡਦੀ ਹਰ ਘੜੀ ਦੀ ਤਸਵੀਰ, ਜਿਹਦਾ ਸਦਾ
ਅਮਿਟਵਾਂ ਪ੍ਰਭਾਵ ਹੈ ।
ਮੇਰੀ ਜਨਮ ਘੜੀ ਅੱਜ ਹੈ, ਹੁਣ ਹੈ,, ਇਹ ਪਲ, ਛਿਨ ਹੈ,
ਮੈਨੂੰ ਤਾਂ ਜਨਮ ਦੀ ਖੁਸ਼ੀ ਸਾਹ ਲੈਣ ਨਹੀਂ ਦੇਂਦੀ ।
ਪੱਥਰ ਦੇ ਹੋਣ, ਚਾਹੇ ਕਾਗਤ ਦੇ, ਪਾਣੀ ਦੇ, ਹਵਾ ਦੇ,
ਬੱਦਲ ਦੇ,
ਮੈਨੂੰ ਤਾਂ ਰੂਪ ਸਾਰੇ, ਰੰਗ ਸਾਰੇ, ਮੈਂ ਮੈਂ ਲੱਗਦੇ,-ਜਿਨ੍ਹਾਂ
ਦੇ ਦਿਲਾਂ ਵਿਚ ਕਰਤਾਰ ਦੀ ਲੁਕ ਬੈਠੀ ਛੋਹ ਹੈ,
… … …

੬. ਪਿਆਰ ਦਾ ਸਦਾ ਲੁਕਿਆ ਭੇਤ

ਪਾਰਸ ਮੈਂ ਨੂੰ ਭੁਲਾਣਾ-ਹਾਂ, ਇਸ ਕਰਤਾਰ ਦੀ ਯਾਦ ਨੂੰ,
ਪਾਰਸ ਮੈਂ ਨੂੰ ਛੱਡਣਾ-ਹਾਂ, ਇਸ ਯਾਰ ਦੀ ਪਿਆਰ ਛੋਹ
ਦੀ ਅੰਗ ਅੰਗ ਰਮੀ, ਰਮਣਾਂ,
ਪਾਰਸ ਮੈਂ ਨੂੰ ਅਮੈਂਨਣਾਂ(ਅ+ਮੈਂ ਕਰਨਾ)-ਹਾਂ, ਇਸ ਲੀਕਾਂ, ਰੰਗਾਂ ਵਿਚ;
ਬੱਝੀ, ਕੱਜੀ, ਅਨੰਤ-ਜੀ ਨੂੰ;
ਪਾਰਸ ਮੈਂ ਨੂੰ ਭੰਨਣਾ-ਹਾਂ, ਇਸ ਗਾਂਦੀ ਕਰਾਮਾਤ ਦੇ
ਬੁੱਤ ਨੂੰ,
ਹਊ ਜੀ ਹਊ, ਫਿਲਸਫੇ ਦਾ ਤਾਣ ਇਹ, ਬੁੱਤਾਂ
ਨੂੰ ਤੋੜਨਾ, ਮੋਮਨ ਜਿਹਾ ਥੀਂਣ ਨੂੰ,
ਹਊ ਜੀ ਹਊ, ਇਹ ਮੋਇਆਂ ਮਨਾਂ ਦਾ ਕਮਲਾ
ਯਕੀਨ ਕਊ,
ਹਊ ਜੀ ਹਊ, ਇਹ ਮੋਇਆਂ ਮਨਾਂ ਦਾ ਧਰਮ
ਭਰਮ, ਯੋਗ, ਭੋਗ ਕਊ,
… … …
ਖੁਸ਼ਬੂ ਕਰਤਾਰ ਦੀ, ਉਡਦੀ ਪਰ ਬਝੀ ਵਿਚ
ਫੁੱਲ ਹਾਂ, ਅਨੇਕਾਂ ਸੋਨੇ ਦੀਆਂ ਕਿਰਨਾਂ ਮੇਰੇ
aੁਡਦੇ ਪੈਰਾਂ ਵਿਚ,
ਮੈਂ ਤਾਂ ਕਰਤਾਰ ਦੀ ਛਾਣ(ਛਣ), ਛਾਣ ਕਰਦੀ, ਮਹੀਨ,
ਬਰੀਕ ਤਰਬ ਜਿਹੜੀ ਕੰਬਦੀ, ਕੰਬਦੀ
ਮੈਂ ਤਾਂ ਨਿਖਰੀ ਨੋਹਾਰ ਹਾਂ ਆਪਣੀ ਵਖਰੀ, ਵਖਰੀ
ਨੱਕ, ਕੰਨ, ਮੱਥਾ ਮੇਰਾ ਆਪਣਾ, ਹੱਥ, ਪੈਰ
ਜਿਸਮ ਸਾਰਾ ਮੈਂ ਰੂਹ ਹਾਂ,
ਮੈਂ ਨਵੀਂ ਨਿਕੋਰ ਹੁਣੇ ਆਈ, ਹੁਣੇ ਗੇਈ, ਹੁਣੇ ਬਣੀ,
ਅਮਰ ਇਕ ਸਦੈਵਤਾ,
ਮੈਂ ਤਾਂ ਬਖਸ਼ੀ, ਮੈਂ ਰੱਬ ਦੀ, ਮੈਂ ਹਾਂ ਆਪਣੀ-
… … …
ਮੈਂ ਤਾਂ ਕਮਾਲ ਹਾਂ ਨਾਂਹ ਹੋਣ ਦਾ,
ਸੁੱਤੀ ਹੋਵਾਂ ਤਾਂ ਓਹ,
ਜਾਗਦੀ ਹੋਵਾਂ, ਹੋਰ ਓਹ,
ਮੈਂ ਤਾਂ ਪਾਗਲ ਜਹੀ ਹੋਂਦ ਹਾਂ ।
ਮੈਂ ਜਦ ਘੁੰਡ ਖੋਹਲ ਆਉਂਦੀ, ਦਰਯਾ ਥੰਮ੍ਹਦੇ,
ਝੁੱਕਦੇ, ਮੱਥਾ ਟੇਕਦੇ ਲੰਘਦੇ, ਚੰਨ ਸੂਰਜ ਝੁਕ
ਝੁਕ ਸਲਾਮ ਕਰਨ, ਹਵਾਵਾਂ ਦੌੜ ਦੌੜ ਚਾਈਂ
ਚਾਈਂ ਝੱਲਣ ਚੌਰੀਆਂ । ਪਹਾੜ ਦੇਖ
ਮੈਨੂੰ ਉੱਛਲਦੇ,
ਇਉਂ ਨਿੱਕੀ ਜਿਹੀ ਮੈਂ ਖੁਲ੍ਹੇ ਘੁੰਡ ਮੋਹਿਤ ਹੁੰਦੀ ਸਬ ਤੇ,
ਮੋਹਿਤ ਕਰਦੀ ਆਉਂਦੀ, ਤਖਤਾਂ ਤੇ ਬੰਹਦੀ,
ਹੱਸਦੀ, ਖੇਡਦੀ, ਘਾਹਾਂ ਤੇ ਰੇਤਾਂ ਤੇ ਸੇਜਾ ਤੇ
ਰੀਝਦੀ, ਗੁਟਕਦੀ, ਮੁਸ਼ਕਦੀ, ਨੱਸਦੀ, ਆਂਦੀ
ਜਾਂਦੀ…
ਪਿਆਰ ਵਾਲਾ ਸਦਾ ਲੁਕਿਆ ਭੇਤ ਇਹ, ਖੁਲ੍ਹੇ ਘੁੰਡ
ਦਾ ਵੇਲਾ ਕੋਈ ਕੋਈ ਵਿਰਲਾ, ਵਿਰਲੀ ਵਿਰਲੀ
ਰੂਹ ਕੋਈ, ਅਨੇਮੀ ਜਿਹਾ, ਭਾਗ ਜਿਹਾ, ਕਦੀ
ਕਦੀ ਦਿੱਸਦਾ ।

੭. ਦੀਵਿਆਂ ਲੱਖਾਂ ਦੀ ਜਗਮਗ

ਅਨੇਕ ਹੋਣਾ ਦਾ ਹੋਣਾ, ਅਨਗਿਣਤ ਮੈਂ-ਆਂ ਦੀ ਮਮਤਾ,
ਕਰਤਾਰ ਦੇ ਪਿਆਰ ਵਿੱਚ ਬਲਦੀਆਂ,
ਇਹ ਵਖ ਵਖ, ਲਖ ਲਖ, ਦੀਵਿਆਂ ਦੀ ਜਗਮਗ
ਦਾ ਮਿਲਵਾਂ ਸੁਹਣੱਪ ਹੈ ।
ਕਰਤਾਰ ਦਾ ਕੰਮ ਹੈ-ਅਨੇਕ ਕਰਨ, ਇਹਦਾ ਰੂਪ-
ਨਾਨਤਾ,
ਸੁਹਣੱਪ ਨੂੰ ਮੁੜ ਮੁੜ ਜਨਮ ਦੇਣਾ, ਹੋਰ ਹੋਰ ਸੋਹਣਾ
ਕੋਈ ਵੰਨ, ਕੋਈ ਰੰਗ ਭਰਨ ਨੂਰ,
ਦੱਸਦੀ ਵਖ, ਵਖ, ਲਖ, ਲਖ, ਨਵੇਂ ਜਨਮ, ਹਰ
ਘੜੀ, ਸਵਾਸ, ਸਵਾਸ, ਨਵਾਂ ਸੱਜਰਾ ਆਦਿ ਹੈ
ਹਰ ਘੜੀ, ਹਰ ਪਲ ਛਿਨ ਇਕ ਅਨਾਦਿ ਦਾ ।
ਅਨੇਕਤਾ ਸੁਹਣੱਪ ਦੀ ਜਵਾਨੀ ਹੈ, ਇਹ ਭਰ ਜਵਾਨੀ
ਦੀਆਂ ਨਦਰਾਂ ਦਾ ਭਰਵਾਂ, ਰੱਜਵਾਂ, ਖਿੱਚਵਾਂ,
ਮਾਰਵਾਂ ਸਵਾਦ ਹੈ ।
ਇਹ ਕਰਤਾਰ ਦੀ ਏਕਤਾ ਦੀ ਮਹਫਲ ਹੈ, ਰਾਗ ਦੀ,
ਸੁਰਾਂ ਦੀ ਨਾਨਤਾ ।

੮. ਬੁਧ ਜੀ ਦਾ ਬੁਤ, ਧਿਆਨੀ ਬੁਧ

ਪੱਥਰ ਦਾ ਬੁੱਤ, ਬੱਸ,
ਕਿ ਹੋਰ ਕੁਛ ?
ਇਹ ਬੁਧ ਜੀਂਦਾ ਬੁਤ ਲੋਕੀ ਆਖਦੇ,
ਵਡੇ ਵਡੇ ਝੁਕਦੇ, ਰਸੀਏ ਮੰਨਦੇ, ਘੜਨਹਾਰ ਦਾ ਟਿਕਾਉ
ਇਥੇ ਸਾਰਾ, ਓਹਦਾ ਸੁਖ-ਰਸ ਪੱਥਰ ਵਿਚ
ਸਮਾਯਾ ਹੈ ਵਾਂਗ ਰਾਗ ਦੇ,
… … …
ਰਾਗ ਦੀ ਠੰਢੀ ਠਾਰ ਰੌ ਵਗਦੀ,
ਪੱਥਰ ਵਿਚ ਦਿਲ ਦੀ ਲੋ ਨੂੰ ਵੇਖਣਾ ।
ਮੱਥਾ ਕਿਹਾ ਲੱਸਦਾ,
ਨਿਰਵਾਨ ਦੇ ਅਕਹ ਜਿਹੇ ਸੁਖ ਵਿਚ,
ਇਹ ਧਯਾਨੀ-ਬੁਧ ਜੀ ਦੀ, ਪਦਮ-ਆਸਣ ਬੈਠੀ
ਧਯਾਨ ਸਿਧ ਮੂਰਤੀ ।
ਕਿਹਾ ਸ਼ਾਂਤ ਜਿਹਾ ਪ੍ਰਭਾਵ ਸਾਰੀ ਦਾ ਵਾਂਗ ਚਾਂਦਨੀ,
ਬਾਹਾਂ ਵਿਚੂੰ ਵਗਦਾ ਪਾਣੀ ਹੋਯਾ ਪ੍ਰਕਾਸ਼ ਇਕ, ਪੱਥਰ
ਨੂੰ ਮੋਮ ਕਰ ਵਗਦਾ,
ਪਿਘਲੀ ਜਿਹੀ ਆਲਮਗੀਰ ਕੋਈ ਅਹਿੰਸਾ, ਦਯਾ
ਸੰਤੋਖ, ਸਤ, ਜਗ ਸਾਰਾ ਪਿਘਲਾਂਦੀ ਇਸ ਪਯਾਰ ਵਿਚ;
ਪਦਮ-ਆਸਣ ਤੇ ਬੈਠਾ ਮਨੁੱਖ ਸਾਰਾ ਮਨੁੱਖਤਾ ਸਾਰੀ,
ਰੱਬਤਾ ਇਕ ਫੁੱਲ ਵਰਗੀ ਕੋਮਲਤਾ ਸਰੂਪ ਹੋ ਸਾਜੀ ਹੈ,
… … …
ਇੱਥੇ ਪੱਥਰ ਨੂੰ ਕੌਣ ਪੁੱਛਦਾ ?
ਹਥ, ਕੰਨ, ਨੱਕ, ਮੱਥੇ ਦੀ ਢੁਕ ਅਢੁਕ, ਮਿਕ ਅਮਿਕ
ਵੇਖਣ ਦੀ ਵਿਹਲ ਕਿੱਥੇ ਲਗਦੀ ?
ਸਰੂਰ ਜਿਹਾ ਚੜ੍ਹਦਾ,
ਨੈਣ ਮੁੰਦਦੇ ਜਾਂਦੇ ਜਿਵੇਂ ਬੁਧ-ਬੁੱਤ ਦੇ,
ਸੁਖ ਲੈਣ ਦੁਨੀਆਂ ਇਸ ਦਰ ਆਉਂਦੀ ਹੈ,
ਜੀਣ ਜਾਣਨ ਨੂੰ ਲੋਚਦੀ,
ਮੂਰਤ ਕੌਣ ਦੇਖਦਾ, ਦਰਸ਼ਨਾਂ ਨੂੰ ਲੋਚਦੇ,
ਮੂਰਤਾਂ ਇਸ ਥੀਂ ਲਖ ਗੁਣ ਵਧ ਢੁਕੀਆਂ ਸੱਜੀਆਂ,
ਪਈਆਂ ਹਨ ਗਲੀ, ਗਲੀ,
ਇੱਥੇ ਤਾਂ ਪੱਥਰ ਵਿਚ ਆਵੇਸ਼ ਨੂੰ ਟੋਲਦੇ,
ਲਭ, ਲਭ, ਨੈਣਾਂ ਨਾਲ ਚੁੰਮਦੇ ਹੱਥਾਂ ਨੂੰ ਪੈਰਾਂ ਨੂੰ,
ਬੁਧ ਜੀ ਦਾ ਨਿਰਵਾਨ ਵਿਚ ਟਿਕੇ ਮਨੁਖ ਦੇ ਰੂਪ ਨੂੰ ।
… … …
ਭਰਵੱਟਿਆ ਤੇ ਕੇਸਾਂ ਤੇ ਬੋਲੀ ਸਮਾਧੀ ਦੀ ਠੰਢੀ ਠੰਢੀ
ਤ੍ਰੇਲ ਹੈ,
ਤੇ ਪਲਕਾਂ ਨਾਲ ਪਾਰਖੀ ਮੋਤੀ ਇਹ ਚੁਣ, ਚੁਣ ਪ੍ਰੋਂਦੇ
ਦੇਖਦੇ ਸੋਹਣਿਆਂ ਤੇ ਮਸਤ ਹੋਣ ਵਾਲੇ ਚੰਗੇ ਰਸ
ਦੀ ਲਹਰਾਂ ਪੇਚ ਕਿੰਞ ਪੈਂਦੇ,
ਅਕਾਸ਼ ਕਿੰਞ ਇਨ੍ਹਾਂ ਬਾਹੀਂ ਰਾਹੀਂ ਹਿਠਾਹਾਂ ਉਤਰਦਾ,
ਤੇ ਧਰਤ ਕਿੰਞ ਇਨ੍ਹਾਂ ਬੰਦ ਨੈਣਾਂ ਰਾਹੀਂ ਉਤਾਹਾਂ ਨੂੰ ਚੜ੍ਹਦੀ
ਕਿਰਤ ਦੇ ਪਾਰਖੀ ਰਮਜ਼ਾਂ ਗੁੱਝੀਆਂ ਛਿੱਪੀਆਂ ਨੂੰ ਟੋਲਦੇ
ਨੈਣਾਂ ਵਾਲੇ ਨੈਣਾਂ ਨਾਲ ਤੱਕਦੇ,
ਲਕੀਰਾਂ ਤੇ ਰੇਖਾਂ ਤੇ ਘੂਰਾਂ ਤੇ ਮੰਦ ਮੰਦ ਨਿਰਵਾਨੀ
ਹਾਸੇ ਨੂੰ ਪਛਾਣਦੇ ।

੯. ਧਯਾਨ ਦੀ ਧੁੰਦ ਜੇਹੀ



ਬੁਧ-ਆਰਟ (ਹੁਨਰ) ਥੀਂ ਪੁਰਾਣਾ ਨਵਾਂ ਆਰਟ ਵੀ
ਪੂਰਬ ਦਾ ਬਹੁੰ ਸਾਰਾ,
ਕੁਛ ਫਲਸਫੇ ਦੀ ਗੁਫਾ ਦਾ ਹਨੇਰ ਨਾਲ ਲਿਆ ਹੋਯਾ,
ਕੁਛ ਧਿਆਨ ਦੀ ਧੁੰਦ ਜੇਹੀ ਨਾਲ, ਨਾਲ,
ਹਾਲੇ ਪੂਰਾ ਠੀਕ ਨਾਂਹ, ਹੋਰ, ਹੋਰ, ਨਵਾਂ, ਨਵਾਂ
ਹੋਵਣਾ,
ਪਿੱਛੇ ਦੀਆਂ ਗਈਆਂ ਗੁਜ਼ਰੀਆਂ ਗੱਲਾਂ ਦੀ ਪੁਰਾਣੀ
ਸੁਹਣੱਪ ਠੀਕ ਹੈ,
ਪਰ ਸੱਚ ਪੁਰਾਣਾ ਮੁੜ ਨਵਾਂ, ਨਵਾਂ ਘੜਨਾ, ਅਵੈਸ਼ ਨੂੰ
ਵੇਖਣਾ, ਅਵੈਸ਼ ਰੱਬੀ ਮੁੜ ਲੋਚਣਾ,
ਪੁਰਾਣੇ ਇਤਹਾਸ ਹੁਨਰ ਦੀਆਂ ਠੀਕਰੀਆਂ ਨੂੰ
ਮੁੜ ਮੁੜ ਜੋੜਨਾ, ਬੋਲੀ ਜਿਹੀ ਸਿੱਖਣ ਨੂੰ
ਤਾਂ ਠੀਕ ਹੈ,
ਪਰ ਨਵੇਂ ਦਿਨ ਦੇ ਮੱਥੇ ਤੇ ਰੇਖ ਨਈ, ਓਪਰੀ
ਜੇਹੜੀ ਹਾਲੇ ਪਿੱਛੇ ਮੁੜੀਆਂ ਅੱਖਾਂ, ਤੱਕੀ ਨਾਂਹ,
ਹਾਲੇ ਅੱਖਾਂ ਖੋਹਲ ਤੱਕਣਾ,
ਆਰਟ ਪੂਰਬ ਦਾ, ਪੱਛਮ ਦਾ ਇੱਕ ਹੋ, ਨਵਾਂ, ਨਵਾਂ
ਹੋਣਾ ।
… … …

ਐਲੀਫੈਂਟਾ ਦੀ ਤ੍ਰੈ ਮੂਰਤੀ



ਐਲੀਫੈਂਟਾ ਦੀ ਤ੍ਰੈ ਮੂਰਤੀ
ਤ੍ਰੈ ਪਿਆਰਿਆਂ ਦੇ ਇਕ ਹੋਏ ਸਿਰ ਤ੍ਰੈ,
ਆਰਟ ਦੇ ਪਾਰਖੀ, ਇਸ ਪੱਥਰ ਦੀ ਧਾਤ ਵਿਚੂੰ ਨਿਕਲੇ,
ਸਿਰਾਂ ਦੀ ਸੋਹਣੀ ਉਠ, ਇਸ ਹਨੇਰੇ ਵਿਚ ਚੜ੍ਹੇ
ਤ੍ਰੈ ਸੂਰਜਾਂ ਦੇ ਪ੍ਰਕਾਸ਼ ਵਿਚ, ਅਗੰਮੀ ਦਿੱਸੀ
ਪਿਆਰ-ਵਹਣ ਦੀ ਸਦੈਵਤਾ ਨੂੰ ਵੇਖਦਾ,
ਦੋ ਨਿੱਕੇ ਸਿਰਾਂ ਵਿਚਕਾਰ ਸਥਿਤ ਇਕ ਵੱਡੇ ਸਿਰ ਨੂੰ
ਸਜਾਉਂਦੇ ਤੋਲ ਅਡੋਲ ਸਾਰਾ ਛਬੀ ਪਿਆਰ
ਦੀ ਗੜੂੰਦਦੀ ਸੋਹਣੀ,
ਇਕ ਡਾਢੇ, ਉੱਚੇ, ਮੁਕਟ-ਧਾਰੀ ਪ੍ਰਭਾਵ ਨੂੰ ਪ੍ਰਕਾਸ਼ਦੇ,
ਪਾਰਖੀ ਮੁਕਟ ਦੇ ਲੜੀ ਤ੍ਰੈਜੜੀ ਨੂੰ ਵੇਖ, ਵੇਖ, ਧਿਆਨ
ਅੰਦਰ ਵੱਸੇ ਦੀ ਉਚਾਈਆਂ ਦੀ ਸੇਧਾਂ ਲਾਉਂਦੇ ।
ਪਰ ਪਾਰਖੀ ਵੀ ਫਲਸਫੇ ਪੁਰਾਣੇ ਵੀ ਮਾਨਸਿਕ ਜੇਹੀ
ਧੁੰਦ ਵਿਚ ਬੈਠੇ ਆਖਣ : -
ਸਰੀਰ ਤ੍ਰੇਹਾਂ ਦੇ ਪੱਥਰ ਵਿਚ ਬੁਡ ਗਏ, ਸਿਰ
ਲਿਸ਼ਕਦੇ, ਸਰੀਰ ਕੂੜ ਦੱਸਦੇ, ਮਨ ਦੀ ਸਚਾਈ
ਥਾਪਦੇ,
ਪਰ ਠੀਕ ਗੱਲ ਇਹ ਨਹੀਂ, ਹਾਲੇਂ ਸਿਰ ਤ੍ਰੈ ਮੁਕਟਧਾਰੀ
ਪ੍ਰੀਤ ਪ੍ਰੋਤੇ, ਧਿਆਨ-ਸਿਧ ਹੋ ਉਪਜੇ ਹਨ
ਇਸ ਮੂਰਤ ਵਿਚ,
ਹਾਲੇਂ ਸਰੀਰਾਂ ਤ੍ਰੈਹਾਂ ਨੇ ਪਿਆਰ ਚਮਕਾਂ ਖਾ, ਖਾ
ਜਾਗਣਾ,
ਹਾਲੇ ਧਯਾਨ ਚੀਰਮੀਆਂ ਅੱਖਾਂ ਬੰਦ ਹਨ, ਪਿਆਰ-
ਕਣੀਆਂ ਖਾ, ਖਾ, ਸਬ ਨੇ ਸਹਜ ਵਿਚ ਖੁਲ੍ਹਣਾ,
ਪੱਥਰ ਦੀ ਨੀਂਦਰ ਬ੍ਰਹਮ ਮੈਂ ਵਾਲੀ, ਛਡ, ਛਡ
ਉੱਡਨਾ-ਵਿਚਰਨਾ,
ਇਸ ਤ੍ਰੈ ਮੂਰਤੀ ਨੂੰ ਹਾਲੇ ਗਲੀ, ਗਲੀ ਟੁਰਨਾ, ਤੇ ਹਾਂ,
ਇਸੀ ਤਰਾਂ ਪਯਾਰ-ਧਯਾਨ ਬੱਝੀ-ਬਝਾਈ,
ਸਥਿਤ ਸਾਰੀ ਪੂਰਣਤਾ,
ਮੁਕਟਾਂ ਤੇ ਰੂਹ ਦੀ ਕਿਰਨ ਵੱਜੀ ਪਈ ਹੈ,
ਹਾਲੇ ਰੂਹ ਨੇ ਕੁਲ ਸਰੀਰ ਹੋਵਣਾ, ਚਮਕਣਾ ।
ਹਾਲੇ ਸਹਜ ਯੋਗੀ ਦੀ ਪੂਰਣਤਾ ਨੇ ਲੱਸਣਾ,
ਤ੍ਰੈ ਮੂਰਤੀ ਕੱਲ ਲੰਘ ਗਿਆ ਹੈ,
ਅੱਜ ਹੁਣੇ ਚੜ੍ਹਿਆ ਹੈ, ਕੱਲ ਨੇ ਆਵਣਾ ਜਿਸ ਵਿਚ
ਦਰਸ਼ਨਾਂ ਦੇ ਸਮੂਹ ਨੇ, ਐਲੀਫੈਂਟਾ ਤੇ ਇਲੌਰਾ
ਥੀਂ ਨਿਕਲ ਹਰ ਗਗਨ ਚਮਕਣਾ ।
… … …
ਬਾਬਾ ਜੀ ਆਖਦੇ :-
ਮੇਰੀ "ਰੱਬੀ ਯਾਦ" ਦਾ, ਸਿਮਰਨ ਦੇ ਮਗਰ ਮਗਰ,
ਇਹਦੇ ਚਾਰ ਚੁਫੇਰੇ, ਕੋਮਲ ਹੁਨਰਾਂ ਦਾ ਨਵੇਂ
ਹੜ੍ਹ ਵਗਣੇ,
ਸਿਮਰਨ ਦੀ ਸਦੀਆਂ ਲੰਮੀ ਸਾਈਂ ਹੱਥ ਦੀ ਘਾੜ
ਚਲਦੀ,
ਹੱਥਾਂ ਨੇ ਚੱਲਣਾ, ਮਨ ਨੇ ਚੱਲਣਾ, ਪੈਰਾਂ ਨੇ ਚੱਲਣਾ,
ਸਹਜ-ਫੁਲ ਦਿਲ ਵਿੱਚ, ਅੱਖ ਵਿੱਚ, ਸਿਰ
ਵਿੱਚ ਵੱਸਨਾ ।
ਮੈਂ ਘੜੇ, ਮੈਨੂੰ ਮੁੜ ਮੁੜ, ਜਿਵੇਂ ਸੁੰਦਰੀ ਵੇਖੇ ਮੁੜ
ਮੁੜ ਆਰਸੀ, ਮੱਤੀ ਆਪਣੇ ਸੁਹਣੱਪ ਦੀ,
ਮੈਂ ਕੀ ਹਾਂ ? ਦੱਸਣ ਦੀ ਲੋੜ ਨਾਂਹ ਮੈਨੂੰ,
ਰਸਤਾ ਆਪ ਸਦਾ ਦੱਸਦਾ ਟੁਰੇਗਾ ਮੇਰਾ ਕਿਰਤ
ਉਨਰ ਦਾ,
ਕਰਨ ਦਾ ਨਾਮ ਹੈ, ਸੱਚੀ ਦੱਸਣ ਦਾ, ਬਾਕੀ "ਹਉਮੈ
ਝਖੜ" ਜਾਣ ਸਿਖਾ ਮੇਰਿਆ ।
… … …
ਮੈਨੂੰ ਦਿੱਸਦਾ, ਕਾਦਰ ਦਾ ਪਿਆਰ ਚੁੰਮਦਾ, ਪਾਣੀਆਂ
ਥੀਂ, ਹਵਾਵਾਂ ਥੀਂ, ਤ੍ਰੇਲਾਂ ਥੀਂ, ਫੁੱਲਾਂ ਥੀਂ ਵਧ,
ਛਿਨ ਪਲ ਛਾਈ ਮਾਈ, ਹੋਣ ਵਾਲਾ ਬੁਦਬੁਦਾ,
ਤੇ ਕਰਤਾਰ ਕਰੇ ਇਸ ਬੁਦਬੁਦੇ ਨੂੰ ਅਮਰ, ਇਕ
ਕਿਰਨ ਜਿਹੀ ਵਿਚ ਪ੍ਰੋ ਕੇ,
ਜੋਤ ਆਪਣੇ ਨਿਰੰਕਾਰ ਦੇ ਹਰ ਮਨੁੱਖ-ਦਿਲ ਬਾਲਣੀ,
ਨਿਰਵਾਨ ਦੀ ਸਮਾਧੀ ਤਾਂ ਇਸ ਨਾਮ-ਲੌ ਦੀ
ਬਾਹਰਲਾ, ਬਾਹਰੋਂ ਦਿੱਸਦਾ ਭਖਾ ਹੈ,

੧੦. ਪਿਆਰੀ "ਸਿੱਖ-ਮੈਂ" ਹੋਈ
ਕਰਤਾਰ ਦੀ

ਮੈਂ ਤਾਂ ਕਰਤਾਰ ਘੜਨਹਾਰ ਦੇ, ਹਥੌੜੇ ਦੀ ਨਿੱਕੀ
ਨਿੱਕੀ ਸੱਟ ਦੀ ਸੱਦ ਨੀ,
ਮੈਂ ਤਾਂ ਰੱਬ ਚੁਣੇ ਇਕ ਸ਼ੋਖ ਦੇ ਰੰਗ ਦੀ ਸ਼ੋਖੀ ਸ਼ੋਖੀ
ਭਖ ਨੀ,
ਮੈਂ ਤਾਂ ਸਾਈਂ ਦੇ ਬ੍ਰਸ਼ ਦੀ ਖਿੱਚੀ ਲਕੀਰ ਨੀ, ਫਕੀਰ ਨੀ,
ਮੈਂ ਉਸੀ ਲਕੀਰ ਦੀ ਝਰੀਟ ਦੀ ਕੋਮਲ, ਕੋਮਲ,
ਛਿਪੀ, ਛਿਪੀ, ਨਿੱਕੀ, ਨਿੱਕੀ ਪੀੜ ਨੀ,
ਮੈਂ ਉਹਦੀਆਂ ਮੋੜਾਂ, ਤੋੜਾਂ ਵਿਚ ਮੁੜ, ਮੁੜ ਜੁੜੀ
ਨੈਣਾਂ ਦੀ ਨੀਂਦ ਨੀ,
ਮੈਂ ਤਾਂ ਚੱਕਰਾਂ ਥੀਂ ਨਿਕਲੀ, ਸਿਰ ਚੱਕੀ, ਤਾਰ-ਖਿੱਚੀ
ਫੁੱਲ ਦੀ ਸੁਹਜ ਦਾ ਮਾਣ ਨੀ,
… … …
ਮੈਂ ਤਾਂ ਗੀਤ ਹਾਂ ਹਵਾ ਵਿਚ ਕੰਬਦਾ, ਖੜਾ ਥੱਰ੍ਰਾਂਦਾ
ਮਧਯ ਅਸਮਾਨ ਨੀ,
ਮੈਂ ਤਾਂ ਲਟਕਦੀ ਛਬੀ ਇਕ ਦੀ ਦੀਵਾਰ ਨੀ, ਮੈਂ
ਤੱਕਦੀ, ਹੱਸਦੀ, ਪਿਆਰ ਦੀ, ਮੁੜ ਮੁੜ ਪਾਂਦੀ
ਓਹੋ ਪਿਆਰ ਨੀ ।
… … …
ਮੈਂ ਤਾਂ ਓਹਦੇ ਦਰ ਦੀ ਲੇਟੀ, ਲੇਟੀ ਮੁਹਾਰ ਨੀ, ਲੇਟੀ,
ਵਿਛੀ ਵਾਂਗ ਵਿਛਿਆਂ ਨੈਣਾਂ ਦੇ ਸਦਾ ਓਨੂੰ
ਉਡੀਕਦੀ,
ਮੈਂ ਤਾਂ ਉਹਦੇ ਦਰ ਦੀ ਖਾਲੀ ਦਿਲ ਖੁਲਾਣ ਜਿਹੀ ਹਾਂ,
ਜਿਹੜੀ ਬਾਹਾਂ ਅੱਡੀਆਂ ਸਦਾ ਖੜੀ ਅੱਡੀਆਂ
ਭਾਰ, ਭਰਨ ਨੂੰ ਰੱਬ ਸਾਰਾ ਵਿੱਚ ਪਾ ਆਪਣੀ
ਜੱਫੀਆਂ, ਜਦੂੰ ਕਦੀ, ਰੱਬ ਆਪਣੇ ਘਰ
ਆਵਸੀ ਨੀ ।
… … …
ਮੈਂ ਤਾਂ ਬਾਹਰ ਵੇਹੜੇ ਵਿਚ ਬੈਠੀ ਰੋਸ਼ਨੀ, ਜੀ ਆਓ,
ਜੀ ਆਓ ਆਖਦੀ, ਵੇਹੜੇ ਓਹਦੇ ਦੇ ਬਾਹਰ
ਦਾ ਰਸ ਹਾਂ,
ਮੈਂ ਦਰਵਾਜੇ ਦੇ ਅੰਦਰ ਦੀ ਲਖ ਗਹਮ ਗਹਮ ਹਾਂ,
ਗਹਣੇ ਪਾਈ, ਸਜੀ, ਧਜੀ, ਨਵੀਂ ਵਿਆਹੀ,
ਲਾੜੀ-ਸੁਹਣੱਪ ਹਾਂ, ਭੀੜਾਂ ਅੰਦਰਲੀਆਂ ਵਿੱਚ
ਫਸੀ ਖੜੀ, ਮੇਰਾ ਮੂੰਹ ਨਵੀਂ ਜਵਾਨੀ ਚੜ੍ਹੀ ਦੇ
ਪਸੀਨੇ ਦੇ ਮੋਤੀਆਂ ਦੀ ਲੜੀਆਂ ਵਿੱਚ ਅੱਧਾ
ਕੱਜਿਆ ।
… … …
ਆ ਤੱਕ ਨਿਰੰਕਾਰੀ ਜੋਤ ਜੇਹੜੀ ਗੁਰੂ ਨਾਨਕ ਜਗਾਈ
ਆਹ ।
ਉਹ ਧੁਰ ਅੰਦਰ, ਦਿਲ ਹਰਿਮੰਦਰ ਵਿੱਚ, ਨੀਲੇ
ਪਾਣੀਆਂ ਦੀਆਂ ਲਾਲ ਰੰਗ ਮਸਤ ਲਹਰਾਂ
ਤੇ ਜਗਦੀ,
ਸੂਰਜ ਰੋਜ਼ ਨਿਕਲਦਾ, ਇਹ ਉਹਦਾ ਘਰ ਹੈ ।
ਦੇਵੀ ਤੇ ਦੇਵਤੇ ਅਨਡਿਠੇ, ਅਦ੍ਰਿਸ਼ਟ ਦੇ ਨੈਣਾਂ ਦੀ ਜੋਤ
ਲੈਣ ਆਉਂਦੇ,
ਦੇਖ, ਦੇਖ, ਉਸ ਜੋਤ ਨਾਲ, ਛੋਹ ਜੀਵੀ, ਛੋਹ ਪੀਵੀ,
ਛੋਹ ਥੀਵੀ, ਮੈਂ ਇਕ ਜੋਤ ਹਾਂ ।
ਪਰ ਖੁਸ਼ੀ ਜਰੀ ਨਹੀਂ ਜਾਂਦੀ, ਮੈਂ ਅੱਗੇ, ਪਿੱਛੇ ਫਿਰਦੀ,
ਜੋਤਾਂ ਜਗਦੀਆਂ ਤੱਕਦੀ, ਜਗਾਂਦੀ, ਹੱਸਦੀ,
ਖੇਡਦੀ,
ਆਪ ਮੁਹਾਰੀ, ਬਉਰਾਨੀ ਜੀ, ਰਾਣੀ ਮੈਂ ।

੧੧. ਮੰਜ਼ਲ ਅੱਪੜਿਆਂ ਦੀ ਰੋਜ਼ ਮੰਜ਼ਲ

ਸੁਹਣੱਪ ਦੇ ਸੋਹਣੇ ਹੋਣ ਦੀ ਹੱਦ ਨਾਂਹ,
ਸੋਹਣੇ ਸਦਾ ਹੋਰ ਸੋਹਣੇ ਹੁੰਦੇ,
ਜਵਾਨੀ ਸਦਾ ਜਵਾਨ ਹੁੰਦੀ,
ਰਸ ਰਸੀਂਦਾ, ਇਹੋ ਤਾਂ ਜਪ ਦਾ ਜਪਣਾਂ,
ਮੰਜ਼ਲ ਮੁੱਕਣ ਦੀ ਕੋਈ ਗਲ ਨਾਂਹ,
ਨਵੀਂ ਨਵੀਂ ਨਿਖਰਦੀ, ਨਜ਼ਾਰਾ ਨਵਾਂ, ਸਵਾਦ ਨਵਾਂ,
ਦੀਦਾਰ ਨਵਾਂ ਨਵਾਂ ਹੋਵੰਦਾ,
ਮੰਜ਼ਲ ਤਾਂ ਮੋਇਆਂ ਦੀ ਮੁੱਕਦੀ,
ਜੀਂਦਿਆਂ ਦੀ ਤਾਂ ਸਦਾ ਤੁਰਦੀ,
ਤੁਰਨ ਤਾਂ ਸਵਾਦ ਹੈ,
ਮੁੜ ਮੁੜ ਪਸੀਜਣਾ, ਰੀਝਣਾ, ਮੁੜ ਮੁੜ ਰਸੀਣਾ,
ਨਿਤ ਨਵਾਂ ਸਫਰ ਬੱਸ ਪਿਆਰ ਹੈ ।
ਘਰ-ਪ੍ਰਾਪਤ ਹੋਣਾ, ਮੰਜ਼ਲ ਦਾ ਅੱਪੜਨਾ,
ਮੰਜ਼ਲ ਇਉਂ ਅੱਪੜਿਆਂ ਦੀ ਰੋਜ਼ ਮੰਜ਼ਲ ਸਵਾਦਲੀ,
ਟੁਰਨਾ ਉਨ੍ਹਾਂ ਦਾ ਔਖਾ, ਜਿਨ੍ਹਾਂ ਨੂੰ ਪਤਾ ਨਹੀਂ ਕਿੱਥੇ ਜਾਣਾ,
ਜਿਹੜੇ ਹਾਲੇ ਘਰ ਦੀ ਪ੍ਰਾਪਤੀ ਥੀਂ ਦੂਰ ਹਨ,
ਦਰ ਮਿਲਿਆਂ ਨੂੰ ਕੀ ਤੌਖਲਾ ।
… … …
ਘਰ ਵਾਲੀਆਂ, ਸਾਈਂਆਂ ਵਾਲੀਆਂ,
ਸੋਹਣੀਆਂ ਸੁਹਾਗਣਾਂ,
ਓਹ ਤਾਂ ਨਿਤ ਨਵੇਂ ਸੂਰਜ ਨੂੰ ਫਤਹ ਗਜਾਉਂਦੀਆਂ ।
ਹੱਸਦੀਆਂ ਖੇਡਦੀਆਂ, ਪੀਂਘਾਂ ਝੂਟਦੀਆਂ, ਸਬ ਖੁਸ਼ੀਆਂ
ਕੰਤ ਮਿਲਵੜੀਆਂ ।
… … …
ਗਡੱਰੀਏ ਦੀ ਆਵਾਜ਼ ਦੀ ਪਹਚਾਣ,
ਮੰਜ਼ਲ ਤੇ ਅੱਪੜਨ ਦਾ ਨਿਸ਼ਾਨ,
ਚਿੱਟੀਆਂ ਭੇਡਾਂ ਦੀ ਇਹ ਨਾਮ ਦੀ ਪ੍ਰਾਪਤੀ,
ਪਹਾੜਾਂ ਹੇਠ ਭਾਵੇਂ ਵਿਚ ਵਾਦੀਆਂ,
ਭੇਡਾਂ ਫਿਰਨ ਚਰਦੀਆਂ, ਫਿਰਦੀਆਂ,
ਸਾਵੇ ਘਾਹ ਉਤੇ, ਸਿਰ ਨੀਵੇਂ ਕੀਤੇ,
ਆਪ ਮੁਹਾਰੀਆਂ, ਦੌੜਦੀਆਂ,
ਫੁੱਲਾਂ ਨੂੰ ਪੈਰ ਲੱਗੇ, ਮੁਸ਼ਕਦੀਆਂ,
ਸੱਦ ਪਵੇ, ਦੌੜਦੀਆਂ, ਆਂਦੀਆਂ, "ਪਾਣੀ ਘਾਹ ਮੁਤੌ ਨੇ""
ਝੁਰਮਟ ਪਾਣ ਵਾਂਗ ਪਰੀਆਂ,
ਗਡੱਰੀਏ ਦੇ ਅੱਗੇ ਪਿੱਛੇ,
"ਮੈਂ" "ਮੈਂ" ਕਰਦੀਆਂ, ਨਿੱਕੇ, ਨਿੱਕੇ ਬੱਚੇ ਤੇ ਬੱਚੀਆਂ ।
ਵਾਹ ! ਕਿਹੀਆਂ ਸੋਹਣੀਆਂ, ਮੋਹਣੀਆਂ ।

੧੨. ਰੱਬ ਨੂੰ ਔੜਕ ਬਣੀ
ਆਣ ਇਕ ਦਿਨ



ਠੀਕ ! ਫਿਲਸਫਾ ਵੀ ਕਦੀ ਇਕ ਉਨਰ ਸੀ,
ਇਸੀ ਤਰਾਂ ਆਰਟ ਨੂੰ ਬਿਨ ਸਿਮਰਨ ਦੇ ਜੀਣ ਦੇ
ਇਨ੍ਹਾਂ ਪਾਰਖੂਆਂ ਫਿਲਸਫਾ ਮੁੜ ਕਰ ਮਾਰਨਾ,
ਆਰਟ ਨੂੰ ਖੜ ਕਿਸੀ ਭੈੜੀ ਜਿਹੀ ਖੁਲ੍ਹ ਵਿਚ,
ਵਿਕਾਰ ਕਰ ਫੂਕਣਾ,
ਇੰਞ ਹੋਣਾ ਸੀ-ਸੱਚੀਂ ਮੈਂ ਵੇਖਿਆ :-
ਕਰਤਾਰ ਨੇ ਸੁਹਣੱਪ ਬਣਾ ਸਾਰੀ ਰੱਖੀ ਇਕ
ਮਿੱਟੀ ਦੇ ਬੁੱਤ ਦੇ ਸਾਹਮਣੇ,
ਮਤੇ ਦੇਖ ਅਨੰਤ ਨਾਨਤਵ ਨੂੰ ਬੁੱਤ ਜਾਗੇ ਜਿੰਦ ਹੋ,
ਪਰ ਬੁੱਤ ਹਾਲੇ ਨਿਰਜਿੰਦ ਸੀ,
ਰੱਬ ਵੇਖਿਆ-ਨ ਆਰਟ, ਨ ਫਿਲਸਫਾ,
ਨ ਇਲਮ, ਨ ਬੇ ਇਲਮੀ,
ਨ ਰਾਗ, ਨ ਰੰਗ, ਇਸ ਮਿੱਟੀ
ਦੇ ਢੇਲੇ ਦੇ ਅੰਦਰ ਕੋਈ
ਜਿੰਦ-ਸੱਟ ਮਾਰਦੀ,
ਰੱਬ ਨੂੰ ਔੜਕ ਇਹ ਬਣੀ ਸੀ, ਤਦ ਮੁੜ ਸਿੱਖਯਾ
ਰੱਬ ਆਪ ਲਈ,
ਇਸਥੋਂ ਤੰਗ ਜਿਹਾ ਹੋ ਕੇ, ਕਰਤਾਰ ਆਪ ਬੁੱਤ ਜਿਹਾ
ਹੋ ਕੇ, ਅੰਦਰ ਧੁਰ ਵੜਿਆ, ਬੁੱਤ ਨੂੰ ਹੱਥ ਨਾਲ
ਝੰਝੂਣਦਾ ।
ਖਾ ਝੰਝੂੜਾ ਜਾਗਿਆ, ਮਿੱਟੀ ਦਾ ਬੁੱਤ,
ਨੂਰ ਦਾ ਪੁਤਲਾ, ਚਮਕਦਾ ।
ਤੇ ਜਦ ਜਾਗਿਆ ਬੁੱਤ ਮਿੱਟੀ ਦਾ,
ਸ਼ਾਦਯਾਨੇ ਚੌਹਾਂ ਕੂੰਟਾਂ ਤੇ ਵੱਜੇ,
ਤੇ ਵੱਜੀਆਂ ਲੱਖ ਢੁੰਬਕ ਢੋਰੀਆਂ,
ਗਗਨ ਫੁੱਲਾਂ ਦੇ ਹੜ੍ਹ ਹੋ ਵਗੇ, ਬਰਖਾ
ਹੋਈ ਚਾਰ ਚੁਫੇਰੀਆਂ,
ਕਰਤਾਰ ਦਾ ਜੱਗ ਪੂਰਣ ਹੋਯਾ, ਸੰਖ ਵੱਜੇ,
ਦਮਾਮਿਆਂ ਤੇ ਚੋਟ ਲੱਗੀ,
ਸਬ ਸਾਜ ਆਣ ਹੋਏ ਇਕ ਸੁਰ,
ਜਗਤ ਸਾਰਾ ਪਿਆਰ-ਰਾਗ ਜਾਗਿਆ,
ਤਾਂ ਕਰਤਾਰ ਆਖਿਆ :-
ਇਸ ਜੀਂਦੇ ਬੁੱਤ ਨੂੰ ਮੇਰੇ
ਜੀਂਦਾ ਬਸ ਰੱਖਣ ਲਈ
ਸਬ ਕੁਦਰਤ ਦਾ, ਤੇ ਮਨ ਦਾ ਸਾਜ, ਰੰਗ-ਰਾਜ
ਬਖਸ਼ਿਆ,
… … …


ਤਦ ਥੀਂ ਜੀਂਦੇ ਲਈ
ਸਬ ਆਰਟ ਦਾ ਸਾਮਾਨ ਹੈ,
"ਰਸਿਕ ਬੈਰਾਗ" ਸਾਹਿਬ ਆਖਦੇ,
… … …
ਪਰ ਮਤੇ ਕੋਈ ਭੁੱਲ ਵੱਜੇ !
ਧਰਮ, ਕਰਮ, ਸਾਧਨ, ਤਪ,
ਦਾਨ, ਇਸ਼ਨਾਨ, ਰਾਗ, ਰੰਗ,
ਨਾਚ, ਮੁਜਰਾ, ਨਟੀ, ਨਾਟਕ,
ਚਿੱਤ੍ਰਕਾਰੀ, ਗਾਯਣ,
ਬੁੱਤ-ਪੂਜਾ, ਰੇਖਾਂ ਨੂੰ ਪਰਖਣਾ,
ਮੱਥਿਆਂ ਨੂੰ ਜੋਖਣਾ,
ਆਰਟ, ਯੋਗ-ਫਿਲਸਫਾ :-
ਇਹ ਕੋਈ ਵੀ ਸਮਰੱਥ ਨਹੀਂ, ਅੰਨ੍ਹੇ ਨੂੰ ਅੱਖ ਦੇਣ,
ਬੋਲੇ ਨੂੰ ਕੰਨ ਦੇਣ, ਲੂਲ੍ਹੇ ਨੂੰ ਬਾਹਾਂ ਦੇਣ, ਮੁਰਦੇ
ਨੂੰ ਜ਼ਿੰਦਗੀ ।
… … …
ਇਹ ਸਬ ਵਸਤੂ ਹਨ,
ਨਹੀਂ, ਸਾਮਿਗਰੀ,
ਜਿਹੜੀ ਰੱਬ ਨੇ ਬਖਸ਼ੀ,
ਰੱਬੀ ਤਾਰ ਵਿਚ ਲਟਕਦੀ ਜਿੰਦ ਨੂੰ,
ਆਵੇਸ਼ ਦੀ ਨੈਣ ਨੂੰ,
ਸੱਚੀ ਰੱਬ ਲਈ ਇਹ ਸਬ ਕੁਝ ਹੈ,
ਬੰਦਾ ਐਵੇਂ ਮਰਦਾ, ਲਾਲਸਾ ਕਰ ਕਰਕੇ,
ਬੰਦੇ ਦਾ ਸਬ ਇਹ ਦੁਖ ਹੈ, ਮੌਤ ਹੈ,
ਰੱਬ ਦੀ ਸਬ ਇਹ ਸੁਖ ਹੈ, ਜੀਵਨ ਸਵੈਤੰਤ੍ਰਤਾ ।
ਇਹ ਬੇਤਰਸ ਜਿਹਾ ਸੂਖਮ ਕੋਈ ਭੇਤ ਹੈ,
ਮਨ ਦੀਆਂ ਸੋਚਾਂ ਨੂੰ ਸਦਾ ਸੱਟ ਮਾਰਦਾ ।

੧੩. ਕਿਰਤ-ਉਨਰ ਦੀ ਚੁੱਪ ਕੂਕਦੀ



ਕਿਰਤ-ਉਨਰ, ਨਿਰਾ, ਨਿਰੋਲ, ਨਿਰਮਲ, ਸਫਟਕਮਣੀ
ਵਰਗਾ, ਰੱਬੀ ਆਵੇਸ਼ ਹੈ ।
ਸੁਨੇਹੇ ਚਮਕਣ ਦਮ ਬਦਮ ਇੱਥੇ ਪ੍ਰੀਤਮ-ਪਿਆਰ ਦੇ,
ਆਪਣੇ ਅੰਦਰ ਦੇ ਕਰਤਾਰੀ ਰੰਗਾਂ ਨੂੰ, ਸੁੱਟੇ ਬਾਹਰ
ਅਨੰਤ ਅਕਾਸ਼ aੁੱਤੇ, ਪ੍ਰਕਾਸ਼ ਲਾਲ, ਲਾਲ,
ਅੰਦਰ ਦੇ ਪੂਰਬ ਦਾ,
ਝਲਕਾਂ ਮਾਰਦਾ ਇਉਂ ਖੜਾ ਸਾਹਮਣੇ, ਨਕੋ-ਨਕ
ਭਰਿਆ, ਰਸ ਦਾ ਕੰਵਲ ਕਟੋਰਾ ।
… … …
ਮੈਂ ਆਪ ਹਾਂ ਆਪਣੀ ਸੁਹਣੱਪ ਵਿਚ,
ਫੁੱਲ-ਵੇਲ ਨਾਲ ਲੱਗਾ ਝੂਮਦਾ, ਰਸ-ਤ੍ਰੇਲ ਡੋਹਲਦਾ;
ਨੈਣਾਂ ਨੈਣਾਂ ਵਿਚ ਕਿਸੀ ਦੇ ਗਈਆਂ ਗੱਡੀਆਂ,
ਮੈਂ ਲਾਲ ਭਖ, ਭਖ ਕਰਦਾ ਝੁਝੂ ਝੂੰ ਕੀਤੀ ਨਦਰ
ਹਾਂ ।
ਮੈਂ ਵਗਦਾ ਨਿਰਮਲ ਨੀਰ ਹਾਂ, ਸਬ ਕੁਝ ਵੱਸਦਾ ਮੇਰੀ
ਡੂੰਘੀ, ਡੂੰਘੀ ਛਾਤੀ ਵਿਚ, ਮੈਂ ਇਕ ਨੂੰ ਅਨੇਕ
ਲਹਰਾਂ ਵਿਚ ਉਛਾਲਦਾ,
… … …
ਧਯਾਨ ਦੀ ਸੁਹਣੱਪ ਨੂੰ ਮੈਂ ਨੈਣ ਖੋਹਲ ਵੇਖਦਾ
ਮੇਰੇ ਨੈਣ ਓਹ ਫੁੱਲ ਦੋ ਬਨਫਸ਼ਾ ਜਿਨ੍ਹਾਂ ਨੂੰ
ਪਿਆਰ ਰਸ਼ਮੀ ਖੋਲ੍ਹਦੀ,
… … …
ਬਣਨ, ਹੋਣ, ਜੀਣ ਦਾ ਕਰਿਸ਼ਮਾ,
ਥੀਂਣ ਅਥੀਂਣ ਜਿਹੀ ਵਿਚ ਰੱਬ-ਕਰਾਮਾਤ ਹੈ,
ਮੈਂ ਹੈਰਾਣ ਹੋ ਹੋ ਵੇਖਦਾ,
ਜਿਹੜਾ ਖੁਲ੍ਹੇ-ਘੁੰਡ ਵੀ ਸਦਾ ਲੁਕਿਆ,
… … …


ਕਿਰਤ-ਉਨਰ ਪੁੱਛਦਾ-
ਦੱਸ ਖਾਂ ਮਨੁੱਖਾ !
ਤੂੰ ਮਨੁੱਖ ਕਿੰਨਾ ਹੈਂ ?
ਮਨੁੱਖਤਾ ਕਿੰਨੀ ਕੁ ਆਈ ਤੇਰੇ ਵਿਚ ?
ਓਹ ਕੀ ਦੇਖਣਾ ਜੋ ਰੋਜ਼ ਨੈਣ ਤੱਕਦੇ,
ਦੱਸ ਖਾਂ ਤੂੰ ਜੇ ਬੰਦਾ ਆਜ਼ਾਦ ਹੈਂ ?
ਕੁਦਰਤ ਦੇ ਦਿਲ ਵਿਚ ਕੇ ਛੁਪਿਆ ?
ਤੇਰੇ ਦਿਲ ਵਿਚ ਕੇ ਹੈ ?
ਪਰ ਮਨੁੱਖ ਵਾਂਗ ਦੱਸੀਂ,
ਜਿਨੂੰ ਵੇਖ ਕੇ ਹੀ ਸਵਾਲ ਸਾਰੇ ਬੰਦ ਪੈਂਦੇ,
ਰਸ ਚੋਣ ਲੱਗ ਜਾਂਦਾ ਆਪ ਮੁਹਾਰਾ ਰੋਮ ਰੋਮ ਥੀਂ,
ਨੈਣਾਂ ਰਾਹੀਂ, ਹੱਥਾਂ ਰਾਹੀਂ, ਪੈਰਾਂ ਰਾਹੀਂ,
ਤੇ ਮੁੜ ਪੁੱਛਕੇ ਹੋਠਾਂ ਨੂੰ ਸ਼ਹਦ ਮੁਹਰ ਵੱਜਦੀ ।
ਦੇਖੀਂ ਗੱਲਾਂ ਓਹ ਨ ਛੇੜੀਂ ਜਿਹੜੀਆਂ ਛਿੜ ਆਪੇ
ਜਿਹੀਆਂ ਹੋਰ ਛੇੜਦੀਆਂ,
ਗੱਲਾਂ ਨਾਲ ਜੀ-ਪੇਟ ਨਹੀਂ ਭਰਦਾ,
… … …
ਦੇਖਣਾ ਮੰਨਣਾ ਹੈ,
ਦਿਖਾ, ਜਿਹੜਾ ਤੂੰ ਕੁਛ ਸੁਣਿਆਂ,
ਤੇਰੇ ਵਿਚ ਦੇਖ ਅਸੀਂ ਮੰਨੀਏਂ ?
… … …
ਕਿਰਤ-ਓਨਰ ਆਖਦਾ-
ਮੈਂ ਰੱਬ ਦੇ ਬੰਦੇ ਬਲਦੇ ਦੀਵੇ ਦਾ ਪਰਛਾਵਾਂ ਹਾਂ
ਓਹਦੇ ਪਿੱਛੇ ਖਲੋ ਜਲੌ ਵੇਖਦਾ, ਪਰ ਉਸ
ਬਿਨਾਂ ਮੈਂ ਹੈ ਨਹੀਂ ।
… … …
ਮੈਂ ਆਪਣੀ ਲਿਖਤ ਆਪ ਪਛਾਣ ਨ ਸਕਦਾ,
ਪਤਾ, ਕੌਣ ਲਿਖ ਗਿਆ ਹੈ ?
ਆਪ ਲਿਖ, ਮੈਂ ਆਪ ਵਾਚਦਾ,
ਆਵੇਸ਼ ਪਤਾ ਨਹੀਂ ਕਿਸਦਾ ?
ਓਹ ਲਿਖਦਾ, ਕਲਮ ਲਿਖਦੀ, ਮੈਂ ਨਹੀਂ ਲਿਖਦਾ,
… … …
ਮੈਂ ਓਹ ਆਵੇਸ਼ ਹਾਂ,
ਗਾਉਂਦਾ ਆਉਂਦਾ,
ਸਿਤਾਰ ਬਜਾਣ ਵਾਲੇ ਦੀ ਗੱਤ ਰੋਕਦਾ,
ਬਜਾਏ ਓਹ 'ਆਸਾ' ਵੱਜੇ 'ਸੋਹਣੀ',
ਮੁੜ ਵਜਾਏ 'ਆਸਾ' ਮੁੜ ਮੁੜ ਵੱਜੇ 'ਸੋਹਣੀ',
… … …
ਮੈਂ ਚਿਤ੍ਰਕਾਰ ਦਾ ਬ੍ਰਸ਼ ਆਪ ਫੜਦਾ, ਰੰਗ ਮੈੰ ਘੋਲਦਾ,
ਮੇਲਦਾ,
ਅਸਲ ਚਿਤ੍ਰ ਓਹ ਜਿਹੜਾ ਪਰੀਤਮ ਜੀ ਆਏ ਖਿੱਚਕੇ
ਗਏ ਹੁਣੇ ਚਿਤ੍ਰਕਾਰ ਆਖੇ ਮੈਂ ਖਿੱਚਿਆ ।
… … …
ਕਿਰਤ-ਓਨਰ ਆਖਦਾ-
ਮੇਰੇ ਵੱਸ ਕੁਛ ਨਹੀਂ,
… … …
ਮੈਂ ਅੰਦਰ ਦੀ ਸਵੈਤੰਤ੍ਰਤਾ,
ਆਜ਼ਾਦੀ ਮੇਰੀ ਪੂਰਾ ਭਰਿਆ ਰਸ ਹੈ ਜੇਹੜਾ ਗੁਰੂ
ਅਰਜਨ ਦੇਵ ਚਖਾਉਂਦਾ,
ਆਜ਼ਾਦੀ ਮੇਰੀ ਖੁੱਸੇ,
ਮੇਰੇ ਹੱਥ ਪੈਰ ਟੁੱਟਦੇ,
ਅੰਗ ਮੁੜ ਮੁੜ ਜਾਂਦੇ,
ਗੁਰੂ ਫਰਮਾਉਂਦਾ,
… … …
ਓਹ ਫੁੱਲ ਭਾਵੇਂ ਡੰਡੀ-ਜਕੜਿਆ,
ਪੂਰਾ ਆਜ਼ਾਦ ਹੈ ਜਿਹਦਾ ਮੂੰਹ ਤ੍ਰੇਲ ਨਾਲ ਭਰਯਾ,
ਬੋਲ ਨ ਸਕਦਾ,
ਦੂਆ ਫੰਗ ਖਲਯਾਰ ਉੱਡਿਆ ਆਜ਼ਾਦ ਹੋਣ ਨੂੰ
ਸੁੱਕ ਕੇ ਢੱਠਾ ਭੋਂ ਤੇ, ਮਿੱਟੀ ਨਾਲ ਰਲ ਮਿੱਟੀ
ਹੋਯਾ,
… … …
ਮੋਇਆਂ ਲੋਕਾਂ ਕੀ ਆਜ਼ਾਦੀ ਦਾ ਰਸ ਚੱਖਣਾਂ ?
ਰਸ ਭਰਿਆਂ ਨੂੰ ਮੁੜ ਕਿਸ ਜ਼ੰਜੀਰਾਂ ਘੱਤਣੀਆਂ,
… … …
ਕਿਰਤ-ਓਨਰ ਆਖਦਾ :-
ਮੈਂ ਤਾਂ ਪਿਆਰ ਕਰਦਾ ਇਨ੍ਹਾਂ ਬੁੱਤਾਂ ਸ਼ੁੱਤਾਂ ਨੂੰ
ਮਤੇ ਕਿਸੀ ਦੇ ਚਰਨ ਵਿਚ ਛੁਪੇ ਓਹਦੇ
ਚਰਨ ਹੋਣ,
ਜਿਹਦੀ ਤਲਾਸ਼ ਮਾਰਦੀ,
ਖਾਲੀ ਪੁਲਾੜਾਂ ਨੂੰ ਫਾੜ ਫਾੜ,
ਅੱਖਾਂ ਹੱਥਾਂ ਵਿਚ ਫੜਾਂਦੀ,
ਤੇ ਫੜਾ ਫੜਾ ਮੁੜ, ਮੁੜ ਹੱਸਦੀ,
ਹੋਣੀ ਜੇਹੀ ਹੋ ਕੇ ਮਰਜਾਣੀ,
ਖਿਚਕਿਲੀ ਮਚਾਉਂਦੀ, ਮਜ਼ਾਖਾਂ ਕਰਦੀ ।
… … …
ਮੈਂ ਤਾਂ ਇਨ੍ਹਾਂ ਚਿਤ੍ਰਾਂ ਮਿਤ੍ਰਾਂ ਨੂੰ ਵੇਖਦਾ ਹਾਂ ਪੂਰੀ
ਨੀਝ ਲਾ,
ਮਤੇ ਬੇ ਪਤੇ ਦਾ ਕੋਈ ਪਤਾ ਦੇ ਉੱਠੇ,
ਮੈਂ ਤਾਂ ਕਿਸੀ ਪਿਆਰੀ, ਮਿੱਠੀ ਤਾਨ ਦੀ ਹਵਾਈ
ਲਚਕ ਨੂੰ ਉਡੀਕਦਾ,
… … …

੧੪. ਸੁਰਤਿ ਤੇ ਹੰਕਾਰ
ਕਾਂਸੀਅਸਨੈਸ ਤੇ ਈਗੋ



ਮੈਂ 'ਸੱਚੀਂ', ਬਾਲ ਦੀ 'ਮੈਂ' ਵਾਂਗ,
ਆਪਾ ਭੁੱਲੀ ਵਿਚਰਦੀ,
ਬਲ ਭਰਦਾ ਮੈਂ ਵਿਚ ਤਦ ਹੀ,
ਜਦ ਓਹੋ ਮੈਂ-ਪੁਣਾਂ, ਮੈਂ-ਹੋਣਾਂ ਵਿਸਰਦੀ,
ਬੇਹੋਸ਼ ਜਿਹੀ 'ਮੈਂ' ਹੋਸ਼ ਵਾਲੀ,
ਸੁੱਤੀ, ਸੁੱਤੀ ਮੈਂ, ਠੀਕ ਤਾਂ ਜਾਗਦੀ,
… … …
ਜਿਸਮ ਜਿਵੇਂ ਨੀਂਦਰ ਪਾਲਦੀ,
ਤਿਵੇਂ ਮੈਂ ਦੀ ਨੀਂਦਰ ਇਕ ਰਸੀਲੀ ਅਸਚਰਜਤਾ,
ਨੈਣ ਅੱਧੇ ਮੀਟੇ, ਅੱਧੇ ਲਗਨ ਜਾ ਰਸ ਭਾਰੇ ਛੱਪਰਾਂ
ਹੇਠ ਹੇਠ, ਆਪਣਿਆਂ, ਅੱਧੇ ਜਾ ਲੱਗਦੇ ਗਗਨਾਂ
ਹੇਠ, ਹੇਠ ਉਸਦਿਆਂ,
… … …
ਇਕ ਸੁਖ ਦੀ ਲਾਟ ਨਿਕਲਦੀ,
ਉਰਧ-ਕਮਲ ਇਨੂੰ ਸਾਹਿਬ ਆਖਦੇ,
ਪੂਰਬ ਦੇ ਸਾਰੇ ਫਕੀਰ-ਪਾਰਖੀ,
ਅੱਧ-ਮੀਟੀ ਅੱਖ, ਧਿਆਨ
ਸਥਿੱਤ ਸੁਰਤਿ ਨੂੰ ਪੂਰਾ ਪਛਾਣਦੇ ।
… … …
ਅਨੰਦ-ਸਾਗਰ ਦਿਲ ਦੀਆਂ ਕਿੰਗਰੀਆਂ ਤੇ ਵੱਜਦਾ,
ਕੰਵਲ ਸਾਰੇ ਖਿੜਦੇ,ਤਰਦੇ, ਹੱਸਦੇ,
ਧਿਆਨ ਦੀ ਖੁਸ਼ੀ-ਸਰਵੱਗਯਤਾ,
ਮਸਤੀ ਪਿਆਰ ਦੀਆਂ ਲਾਲੀਆਂ
ਪਾਣੀਆਂ ਤੇ ਤਰਦੀਆਂ ।
… … …
ਰੌਣਕ ਅੰਦਰ ਦੀ ਨੈਣਾਂ ਨੂੰ ਮੁੜ ਮੁੜ ਜੋੜਦੀ,
ਦਿਲ ਜੋੜਦੀ, ਸੁਹਣੱਪ ਖੁਲ੍ਹੀ ਫਿਰਦੀ,
ਇਹ ਬੱਝਣ ਕਲੀ-ਅੱਧਖਿੜੀ ਦਾ ਆਜ਼ਾਦੀ, ਇਹ
ਸ਼ਰਮਾਂ ਡੂੰਘੀਆਂ ਰਹਸਯ ਜੀਣ, ਥੀਂਣ ਦਾ ।
… … …
ਭਰੀਆਂ ਨਕੋ-ਨਕ ਮੇਰੇ ਨੈਣਾਂ ਦੀਆਂ ਕਟੋਰੀਆਂ,
ਤੇ ਸੁਹਣੱਪ ਵੱਸੇ ਨਿੱਕਾ ਨਿੱਕਾ ਮੀਂਹ ਹੋ ਖੁਲ੍ਹਮ ਖੁਲ੍ਹਿਆਂ,
… … …
ਅੱਧੇ ਮੀਟੇ ਨੈਣ ਮੇਰੇ ਮਾਲਕ ਦੀਆਂ ਮੱਛੀਆਂ,
ਤਾਰੀਆਂ ਲੈਣ ਓਹ ਸ਼ੁਕਰ ਸ਼ੁਕਰ ਕਰਦੀਆਂ,
ਮਿਹਰ ਦੀਆਂ ਛਹਬਰਾਂ ।
ਤੇ ਖਿੱਚਦਾ ਉਤਾਹਾਂ ਨੂੰ, ਨਾਲ ਨਿੱਕੀਆਂ ਨਿੱਕੀਆਂ
ਡੋਰੀਆਂ ।
ਖਿੱਚੇ ਨੈਣਾਂ ਥੀਂ ਸਵਾਦ ਮੱਥੇ ਨੂੰ ਲਪਕਦਾ,
ਸੁਰਤਿ ਮਘਦੀ, ਉੱਠਦੀ, ਸਿੱਦੀ ਹੁੰਦੀ,
ਚੁੱਮਦੀ ਚਰਨ ਸੋਹਣੇ ਸੋਹਣੇ ਪਿਆਰੇ ਦੇ



ਸੁਰਤਿ ਇਸ ਖਿੱਚੇ ਖਿੱਚੇ ਸਵਾਦ ਵਿਚ,
ਸਵੈ ਸਿੰਘਾਸਨ ਬੈਠੀ, ਲਹਰਦੀ,
ਅਧ ਮੀਟੇ ਨੈਣ ਇਹ,
ਖਿਚੀ, ਖਿਚੀਂਦੀ ਤਰਬ ਦੀ ਤਾਨ ਜਿਹੀ,
ਇਹ ਤਾਰ ਰਬਾਬ ਦੀ,
ਮੁੜ ਮੁੜ ਸਾਈਂ ਕੱਸਦਾ,
ਮੁੜ ਮੁੜ ਕਸੀਂਦੀ, ਕੰਬਦੀ,
ਹਵਾਵਾਂ ਦੇ ਸਵਾਸ ਛੇੜਨ,
ਦਿਨ ਰਾਤ ਗਾਂਦੀ ਅੱਠ ਪਹਰੀ ਰਸ ਦਾ ਰਾਗ ਇਹ,
ਇਹ ਨਸ਼ੀਲੀ, ਰੰਗੀਲੀ, ਭੁੱਲੀ, ਭੁੱਲੀ ਸਵਪਨ-ਫੁੱਲ ਕੱਜੀ
ਕੱਜੀ ਸੁਰਤਿ ਇਹ,
ਬੱਝੀ, ਬੱਝੀ, ਖਿੜੀ, ਖਿੜੀ, ਹਰੀ, ਹਰੀ, ਰਸੀਲੀ,
ਸੁਰਤਿ ਇਹ,
ਸਿੱਖ ਦੀ ਅਣਗੌਲੀ ਜਿਹੀ, ਹੌਲੀ ਜਿਹੀ, ਰੋਲੀ ਜਿਹੀ
ਮੈਂ ਹੁੰਦੀ ।
… … …



ਇਹ 'ਸਾਧ-ਮੈਂ' ਪਿਆਰੀ,
ਚਰ, ਅਚਰ ਵੇਖ ਖੁਸ਼ਦੇ,
… … …
ਮ੍ਰਿਗਾਂ ਦੇ ਸਿੰਗ ਇਹਦੀ ਨੰਗੀ-ਪਿੱਠ ਖੁਰਕਦੇ,
ਚਿੜੀਆਂ ਇਹਦੇ ਨੈਣਾਂ ਥੀਂ ਰਸ-ਬੂੰਦਾਂ ਟਪਕਦੀਆਂ
ਪੀਂਦੀਆਂ, ਪੀ, ਪੀ, ਰੱਜਦੀਆਂ, ਮੂੰਹ aੁੱਪਰ
ਚਕਦੀਆਂ ਤੱਕਦੀਆਂ, ਘੁੱਟ, ਘੁੱਟ ਭਰਦੀਆਂ,
ਸਵਾਦ ਦੇ, ਭਰਥਰੀ ਜੀ ਵੀ ਆਖਦੇ :-
… … …
ਇਨੂੰ ਅਧਮੀਟੀ ਅੱਖ ਵਾਲੀ ਸੋਹਣੀ ਰਾਣੀ ਨੂੰ,
ਸਬ ਥਾਂ, ਸਬ ਚਾ, ਸਬ ਰਸ ਸਤਕਾਰਦੇ,
ਚੁਗਿਰਦੀ ਚਲਦਾ ਇਹਦੇ ਪ੍ਰਭਾਵ ਇਕ ਠੰਢ ਦਾ,
ਇਹ ਰਾਣੀ ਟੁਰਦੀ ਸੁਖ ਦਾ ਮੀਂਹ ਪਾਂਵਦੀ,
ਇਹਦੀ ਬਾਹਾਂ ਦੇ ਉਲਾਰ ਥੀਂ ਰਸ-ਬੂੰਦਾਂ
ਢੰਹਦੀਆਂ,
ਇਹਦੀ ਹੰਸ-ਚਾਲ, ਲੱਖਾਂ ਨੂੰ ਮਾਰ, ਮਾਰ ਚੱਲਦੀ ।
… … …
ਬੁਧ-ਵੇਲੇ ਦੀ ਉਨਰ ਦੀ ਅੱਖ ਇਹ,
ਨਿਰਵਾਨ ਸੁਖ ਪਾਏ ਮਨੁੱਖ ਦੀ ਅੱਖ,
ਇਹ ਮੈਂ ਦਾ 'ਅਮੈਂ' ਜਿਹਾ ਸੱਚਾ ਸਰੂਪ ਹੈ,
… … …
ਇੱਥੇ 'ਮੈਂ' 'ਮੈਂ' ਨ ਸੋਭਦੀ,
ਇੱਥੇ 'ਮੈਂ' 'ਮੈਂ' ਨੂੰ ਨ ਪਾਲਦੀ,
ਮੈਂ ਬੱਸ ਇਕ ਮੌਜ ਅਕਹ ਅਨੰਦ ਦੀ, ਨਿੱਕੀ ਨਿੱਕੀ
ਰਵੀ, ਰੁਮਕੇ ਸਮੁੰਦਰਾਂ ਤੇ, ਸਮੁੰਦਰਾਂ ਦੇ ਸਮੁੰਦਰ
ਬੱਝੇ ਖੜੇ ਅਧਮੀਟੀ ਅੱਖ ਵਿਚ ।
ਅਨੰਤ ਜ਼ੋਰ, ਅਨੰਤ 'ਹੈ', ਅਨੰਤ ਰਸ ਇੱਥੇ ਸਖੋਪਤ
ਰਸ ਮਾਣਦਾ,
ਬਲਵਾਨ ਰੱਬ ਸਾਰਾ ਬੇਅੰਤ, ਬੇਨਿਆਜ਼ ਪਿਆਰਾ,
ਇਸ ਅਧਖਿੜੇ ਫੁੱਲ ਦੀ ਗੋਦ ਵਿਚ ਸਾਰਾ
ਸਮਾਉਂਦਾ ।
… … …



ਭੁੱਲਾ 'ਨਿਤਸ਼ੇ;,
ਭੁੱਲਾ 'ਇਕਬਾਲ' ਪੰਜਾਬ ਦਾ,
ਹੰਕਾਰ ਨੂੰ ਜਗਾਣਾ,
ਹੈ ਕਮਜ਼ੋਰ ਕਰਨਾ ਬਲਵਾਨ ਨੂੰ,
ਹੰਕਾਰ ਨੂੰ ਆਖਣਾ ਸ਼ੇਰ ਤੂੰ,
ਇਹ ਟੇਕ ਕੱਖ ਦੀ,
… … …
ਸ਼ੇਰ ਵਾਂਗ ਉਠਾਣਾ ਇਨੂੰ,
ਨਿੱਕੇ ਮ੍ਰਿਗਾਂ ਨੂੰ ਮਾਰਨਾ,
ਮਾਰ, ਮਾਰ, ਕੀ ਸੁਰਤਿ ਪਲਦੀ ?
ਹੰਕਾਰ ਪਲਦਾ, ਮੋਟਾ ਸ਼ਰੀਰ ਵਾਂਗ,
ਬੱਕਰਾ ਕਾਲਾ ਠੀਕ ਇਹ ਜੰਮਦਾ ।
… … …
ਸੁਰਤਿ ਤਾਂ ਗੁਲਾਬ ਦੀ ਸੁਬਕ ਕਹਰ ਦੀ, ਹੱਸਦੀ ਆਂਦੀ,
ਹੱਸਦੀ ਜਾਂਦੀ ਢੰਹਦੀ ਵੀ ਸੁਗੰਧ ਖਿਲਾਰਦੀ,
ਰੱਤ ਪੀਣੀ, ਮਾਸ ਖਾਣੀ, ਚੀਤੇ ਦੀ ਸੁਰਤਿ ਨੇ, ਕੀ
ਪਿਆਰ ਸੁਗੰਧ ਪਛਾਣਨੀ,
ਹਾਂ ਸੁਰਤਿ ਤਲਵਾਰ ਹੈ, ਬਿਜਲੀ ਹੈ, ਬੱਝੀ ਕਿਸੀ
ਹੁਕਮ ਦੀ,
… … …
ਪੱਕੀ ਰੱਬੀਲੀ, ਰਸੀਲੀ, ਕਿਸੀ ਸੁਰਤਿ ਦਾ ਨਾਮ ਲੈ, ਲੈ
ਹੰਕਾਰ ਦੇ ਸੁਨੇਹੇ ਦੇਣੇ,
ਇਹ ਨਿਗੂਰੀ ਬੱਸ ਚਾਲ ਹੈ
… … …
ਜੇ ਸਿਰ ਤੇ ਗੁਰੂ ਖੜਾ ਹੈ ਸੂਰਮਾਂ,
ਸਿਦਕ ਦੀ ਮਿੱਠੀ ਨੀਂਦਰ ਸੈਣਾਂ ਬੱਸ ਕਮਾਲ ਹੈ,
ਝੋਲ ਰੱਬ ਅੱਡਦਾ, ਬੱਚੇ ਨੂੰ ਪਿਆਰਦਾ,
ਇਹ ਬਾਲ-ਸੁਰਤਿ ਦੁੱਧ ਆਪਣੀ ਛਾਤੀਓਂ ਪਿਲਾ,
ਪਿਲਾ, ਪਾਲਦਾ,
ਸੁਰਤਿ ਪਲਦੀ ਸਦੀਆਂ ਲੰਮਾ, ਗੁਰੂ-ਪਿਆਰ,ਖਾ,ਖਾ,
ਨਿਰੀ ਗੀਤ ਦੀ ਫੂੰਕਾਰ ਕੀ ਸੰਵਾਰਦੀ ?
… … …
ਸੁੱਤਿਆਂ ਸੁੱਤਿਆਂ ਆਵੇਸ਼ ਕੋਈ, ਬੱਸ ਬਲ ਹੈ, ਜਿਨੂੰ
'ਨਿਤਸ਼ੇ' ਤੇ 'ਇਕਬਾਲ' ਵੰਗਾਰਦਾ, ਆਪਣੇ ਕੀ
ਵੱਸ ਹੈ, ਸਵਾਏ ਸੁੱਕੇ ਹੰਕਾਰ ਦੇ,
ਸੁਰਤਿ ਸੁੱਤੀ ਵਿਚ ਆਵੇਸ਼ ਆਵੇ,
ਇਹਦਾ ਹੜ੍ਹ, ਕੌਣ ਠੰਮ੍ਹਦਾ ? ਕਦੀ ਕਦੀ ਗੁਰੂ ਦੀ
ਸ਼ਰਨ ਸੁੱਤੀ ਸੁਰਤਿ ਵਿਚ ਬਲ-ਹੜ੍ਹ ਆਉਂਦਾ ।
ਫਰਾਂਸ ਦੀ ਕੰਵਾਰੀ ਆਰਲੀਨ ਦੇ ਆਵੇਸ਼ ਵਾਂਗ,
ਭੇਡਾਂ ਚਰਾਂਦੀ ਪੇਂਡੂ-ਕੁੜੀ, ਸੁਫਨਿਆਂ ਦੀ ਸੁਬਕ ਜਿਹੀ
ਪੁਤਲੀ,
ਪੈਲੀਆਂ ਪਹਾੜੀਆਂ ਵਿਚ ਫਿਰਦੀ ਰੱਬ, ਰੱਬ ਕਰਦੀ,
ਸੁਤੀ, ਸੁਤੀ ਨੂੰ ਕੋਈ ਆਖਦਾ-'ਉੱਠ ਕਾਕੀ ! ਫੜ
ਤਲਵਾਰ, ਬੀਰ ਤੂੰ, ਲੈ ਇਹ ਤਲਵਾਰ ਮੈਂ
ਦਿੰਦਾ, ਫੜ, ਜਾ, ਕੱਪੜੇ ਜਰਨੈਲ ਦੇ ਪਾ ਤੂੰ ।
ਮਾਰ ਵੈਰੀ, ਧੱਕ ਪਿੱਛੇ, ਮਾਰ ਜਾਹ ਤੂੰ, ਫਰਾਂਸ ਨੂੰ
ਇਕ ਔੜਕ ਥੀਂ ਬਚਾ ਤੂੰ ।'
ਉੱਠੀ ਡਰਦੀ, ਡਰਦੀ,
ਗਈ, ਕੜਕੀ ਵਾਂਗ ਲੱਖਾਂ ਬਿਜਲੀਆਂ,
ਫੌਜਾਂ ਸਾਰੀਆਂ ਉਹਦੀਆਂ ਫਰਾਂਸ ਦੀਆਂ,
ਤੇ ਗਈ ਲੜਦੀ, ਫਤਹ ਗਜਾਂਦੀ,
… … …
ਸਰੀਰ ਲੋਕਾਂ ਭੁੰਨਿਆਂ ਅੱਗ ਵਿਚ,
ਆਖਿਆ-ਇਹ ਜਾਦੂਗਰਨੀ,
ਪਰ ਅੱਗ ਦੀਆਂ ਲਾਟਾਂ ਵਿਚ, ਇਕੋ ਓਹੋ ਲਾਟ ਬਲਦੀ
ਬਾਕੀ ਸਬ ਅੱਗਾਂ ਹਿਸੀਆਂ (ਬੁੱਝੀਆਂ) ।
ਫਤਹ, ਫਤਹ, ਗਜਾਂਦੀ ਗਈ ਟੁਰ, ਦੇਸ ਉਸ ਜਿੱਥੋਂ
ਓਹ ਸੱਦ ਆਈ ਸੀ ।
… … …
ਸੁਰਤਿ ਅਕੱਲੀ ਨਾਂਹ ਕਦੀ,
ਹੰਕਾਰ ਸਦਾ ਅਕੱਲਾ,
ਇਹੋ ਨਿਸ਼ਾਨੀ, ਇਹੋ ਫਰਕ,
ਸੁਰਤਿ ਨੂੰ ਸੰਭਾਲਦੇ ਰੱਬ ਦੇ ਪਿਆਰੇ, ਅਣਡਿਠੇ ਦੇਸਾਂ
ਵਿਚ ਰਹਣ ਉਪਕਾਰੀ;
ਠੀਕ ਕੋਈ ਹੋਰ ਲੋਕ ਜਿਹੜੇ ਸੁਰਤਿ ਨੂੰ ਪਿਆਰਦੇ,
"ਉਥੇ ਜੋਧ ਮਹਾਂ ਬਲ ਸੂਰ"
ਉਨ੍ਹਾਂ ਦੀ ਰੱਛਿਆ ਸੁਰਤਿ ਨੂੰ,
ਸੁਰਤਿ ਕਦੀ ਅਕੱਲੀ ਨਾਂਹ,
ਇਹ ਭੇਤ ਜਾਣਨਾ :-
ਸੁਰਤਿ ਰੱਬ ਦੀ ਜੋਤ ਇਨਸਾਨ ਵਿਚ,
ਹੰਕਾਰ ਭੈੜਾ ਹੈਵਾਨ ਜੰਗਲੀ,
… … …



ਹਾਏ ! ਟੁੱਟਾ 'ਨਿਤਸ਼ੇ'
'ਇਕਬਾਲ' ਅਕਲਾਂ ਵਿਚ ਪੈ ਗੁੰਮਿਆਂ, ਤਵਾਰੀਖ
ਪੜ੍ਹ, ਪੜ੍ਹ, ਫਲਸਫਾ ਛਾਣਦੇ,
ਗੀਤਾ ਵਿਚ ਆਵਾਜ਼ ਦੇ ਕ੍ਰਿਸ਼ਨ ਮਹਾਰਾਜ ਪਛੋਤਾਯਾ,
ਉਪਨਿਖਦਾਂ ਦੀ ਬ੍ਰਹਮ-ਮੈਂ ਕੌਣ ਸਮਝੇ ?
ਕਦੀ 'ਗੈਟੇ' ਵਰਗੇ 'ਥੋਰੋ' ਵਰਗੇ ਸਾਧਾਂ ਨੂੰ,
'ਵਹਿਟਮੈਨ' ਜਹੇ ਕਵੀਆਂ ਨੂੰ ਬੱਸ ਬ੍ਰਹਮ-ਮੈਂ ਜਹੀ
ਦਾ ਰਸ ਕੋਈ ਰਤਾ ਕੁ, ਆਉਂਦਾ,
ਇਹ ਗੱਲਾਂ ਮਾਰਦੀਆਂ,
ਮੋਇਆਂ ਨੂੰ ਆਵਾਜ਼ਾਂ ਦੇਣ ਇਹ ਸਯਾਣੇ,
ਓਥੇ ਸੁਰਤਿ ਕਿੱਥੇ, ਹੰਕਾਰ ਬੋਲਦਾ,
ਉਲਟਾ ਉਪਦੇਸ਼ ਵੱਜੇ, ਹੰਕਾਰ ਚੇਤਦਾ,
ਇਉਂ ਇਹ ਆਵਾਜ਼ੇ ਸਾਰੇ,
ਸੁਰਤਿ ਨੂੰ ਹੰਕਾਰ ਵਿਚ ਅਕੱਲਾ ਕਰਨ,
ਇਹ ਸਿੱਟਾ ਨਿਕਲਦਾ,
ਠੀਕ ! ਇਹ ਮਾਰਨਾ ਹੈ ਸੁਰਤਿ ਨੂੰ ਵਾਂਗ ਇਕ ਫੌਜ ਨੂੰ
ਅੱਗੇ ਵਧਾ ਕੇ, ਪਿੱਛਾ ਕੱਟ ਵੈਰੀ ਮਾਰਦੇ,
ਵਧਦੀ ਸੁਰਤਿ ਦਿੱਸਦੀ ਜ਼ਰੂਰ ਹੈ,
ਇੱਥੇ ਹੀ ਤਾਂ, ਇਸ ਵਾਧੇ, ਇਸ ਚਾਲ ਵਿਚ, 'ਨਿਤਸ਼ੇ'
'ਇਕਬਾਲ' ਨੂੰ ਸੁਰਤਿ ਦੀ ਪੂਰਣਤਾ ਦਾ ਵਹਮ-
ਝਾਵਲਾ ਪੈਂਦਾ,
ਆਖਣ-ਇਹੋ ਵਧਣਾ ਸਬ ਕੁਛ ਹੈ ।
… … …
ਪਰ ਇਸ ਪਾਸੇ ਵਧਣਾ ਮੌਤ ਹੈ,
… … …
ਪਿੱਛੇ, ਅੰਦਰ, ਅੰਦਰ ਛਿਪੇ ਲੁਕੇ ਅਨੰਤ ਜੀ ਫੌਜ
'ਮਿਤ੍ਰ ਪਿਆਰੇ' ਦੀ,
ਉਸ ਨਾਲ, ਨਾਲ, ਕਦਮ, ਕਦਮ, ਦਮ, ਬਦਮ,
ਜੁੜ ਜੁੜ ਰਹਣਾ, ਢੁਕ, ਢੁਕ, ਨਾਲ ਨਾਲ
ਬਹਣਾ,
ਤੇ ਮਾਰਚ ਕਰਨਾ ਪਿੱਛਾ ਸਾਰਾ ਸਾਂਭ ਕੇ,
ਤਾਂ ਇਸ ਮਾਰਚ ਇਕੱਲੀ ਨਾਲ ਮਾਰਚ ਕਰਨ ਲੱਖਾਂ
ਫੌਜਾਂ ਸੱਚੀ ਸਰਕਾਰ ਦੀਆਂ,
ਸਰਦਾਰ ਦਾ ਹੋ ਕੇ ਚੱਲਣ ਦਾ ਸਾਰਾ ਅਨੰਤ ਇਹ ਬਲ
ਇਕ, ਇਕ ਸਿਪਾਹੀ ਦਾ,
ਸੁਰਤਿ ਇਕੱਲੀ ਨਾਂਹ,
ਸੁਰਤਿ ਇਕ ਭਾਰੀ ਫੌਜ ਹੈ,
ਫੌਜਾਂ ਵਾਲਾ ਪਿਛੇ, ਪਿਛੇ
ਸੁਰਤਿ ਇਕ ਨਾਂਹ,
ਤਾਹੀਓਂ ਬਾਬਾ ਆਖਦਾ-
'ਇਕ ਨਹੀਂ, ਸਵਾ, ਸਵਾ ਲੱਖ ਹੈ,
ਇਹ ਸੱਚਾ ਬਲ ਹੈ ਸੁਰਤਿ ਦਾ,
ਇਹ ਕਦੀ ਨਾਂਹ ਡੋਲਦਾ ।
… … …



ਕੰਮਾਂ ਓਹ ਮਰਦੀਆਂ,
ਜੇਹੜੀਆਂ ਦਿਲ ਵਧਾ, ਵਧਦੀਆਂ,
ਇਹ 'ਦਿਲ ਵਧੇ' ਦੀਆਂ ਮਾਰਾਂ,
ਫਰਿਸ਼ਤਿਆਂ ਦੇ ਦੇਸ਼ ਨੂੰ ਭੁੱਲ ਕੇ,
ਸੱਚ ਦੀ ਟੇਕ ਛੱਡ ਟੁਰਨਾ,
ਆਪਾ ਜਿਹਾ ਵੱਖ ਕਰ ਉਸ ਕਰਤਾਰ ਤੋਂ,
ਓਨ੍ਹਾਂ ਜ਼ਰੂਰ ਮਰਨਾ,
… … …
ਮਾਰੇ ਕੌਣ ਓਨ੍ਹਾਂ ਨੂੰ ਜਿਨ੍ਹਾਂ ਨੂੰ ਸਾਈਂ ਰੱਖਣਾ,
… … …
ਸਾਈਂ ਦੇ ਚਰਨਾਂ ਤੇ ਖੂਬ ਗਾਹੜੀ ਨੀਂਦਰ ਸੈਂ,
ਕੌਮਾਂ ਸਦਾ ਜਾਗਦੀਆਂ, ਉਠਦੀਆਂ, ਹੰਕਾਰ
ਦੇ ਜਗਰਾਤੇ ਕੱਟ ਮਾਰਦੀਆਂ,
… … …
ਜਿਹੜੇ ਮਾਰਨ, ਸੋ ਮਰਨਗੇ,
ਹੁਕਮ ਪਾਲਣ ਜੋ ਕਰਤਾਰ ਦਾ,
ਓਹ ਫਤਹ ਗਜਾਂਦੇ ਸੱਚ ਦੀ,
ਫੜਾਏ ਜੋ ਕਰਤਾਰ ਫੁੱਲ ਹੱਥ ਬਾਲ ਦੇ,
ਫੁੱਲ ਓਹ ਵਰਸਾਉਂਦਾ, ਓਹਦਾ ਕੀ ?
ਪਰ ਆਰਲੀਨ ਦੀ ਕੰਵਾਰੀ ਨੂੰ ਜਿਵੇਂ,
ਸੁਫਨੇ ਵਿਚ ਫੜਾਏ ਤਲਵਾਰ ਸਾਡੇ ਹੱਥ ਜਦ,
ਫਿਰ ਸਾਡਾ ਕੀ ? ਜਿਸ ਫੜਾਈ, ਓਹ ਚਲਾਉਂਦਾ,
ਹੁਕਮ ਵਿੱਚ ਵਰਤਣਾ, ਹੁਕਮ ਵਿੱਚ ਬਲ ਹੈ, ਹੱਥ, ਪੈਰ, ਡਾਂਗ, ਤੋਪ, ਬਰਛੀ, ਭਾਲਾ,
ਤੀਰ ਕਮਾਨ ਕੀ ?
… … …



ਅਸੂਲ ਜਿਹੇ ਮਨ ਵਿੱਚ ਬਹ ਬਨਾਣਾ
ਇਹ ਹੰਕਾਰ ਹੈ,
'ਮਾਰਨਾ ਨਹੀਂ ਕਿਸੇ ਨੂੰ'-ਇਹ ਕੀ ਆਖਣਾ,
ਤੇ "ਮਾਰਨਾ ਜ਼ਰੂਰ ਕਮਜ਼ੋਰ ਨੂੰ"-ਇਹ ਕੀ ਭਾਖਣਾ,
ਦੁਖ ਦੇਣਾ ਯਾ-ਸਹਣਾ ਜਾਣ ਜਾਣ,
ਇਹੋ ਕਾਫਰ ਹੰਕਾਰ ਹੈ,
ਮਨ-ਜੰਮੇ ਚੋਚਲੇ, ਧਿਆਨ ਸਿੱਧ ਗੱਲ ਨਾਂਹ,
ਬੰਦੇ ਹੁਕਮ ਦੇ ਮੂੰਹੋਂ ਕੁਛ ਨ ਬੋਲਦੇ,
ਹੱਥ, ਪੈਰ ਰੱਬ ਦੇ, ਬਮ ਬਦਮ ਹੁਕਮ ਪਾਲਦੇ,
ਓਹ ਆਪ ਬੇਹੋਸ਼ ਸਾਰੇ, ਨੈਨ ਅਧਮੀਟੇ ਜਿਹੇ,
ਜਗਤ-ਜਿੰਦਾਂ ਕਰਾਣ ਸੋ ਕਰਦੇ,
ਓਹ aੁੱਪਰਲੇ ਲੋਕੀ ਤ੍ਰੈਕਾਲ ਦਰਸ਼ੀ ਜਾਣਨ, ਅਸੂਲਾਂ
ਦਾ ਘੜਨਾ,
ਗੰਦਾ, ਬੰਦਾ, ਹੈਵਾਨ-ਵਹਸ਼ੀ ਮਨ ਦੀ
ਤਿੱ੍ਰਖੀ ਛੁਰੀ ਨਾਲ ਗਲਾ ਕਤਰ,
ਕਤਰ, ਲੁਤਰ, ਲੁਤਰ, ਸੁੱਟਦਾ
ਆਖੇ ਇਹ ਅਸੂਲ ਕਾਇਨਾਤ ਦੇ ।
ਮਨ ਦੀ ਅੰਨ੍ਹੀਂ ਹਨੇਰੀ ਵਿਚ ਬੈਠਾ ਦਰਜੀ,
ਘੜਦਾ ਮਨ-ਦੀਆਂ ਚਤੁਰਾਈਆਂ ਮੁੜ, ਮੁੜ,
ਆਖੇ ਇਹ ਅਸੂਲ ਰੱਬ ਦੇ,
ਜੀਵਨ ਇਹ, ਨੇਮ ਇਹ ਅਟੱਲਵੇਂ,
ਈਸਾ, ਬੁੱਧ ਨੂੰ ਪਿੱਛੇ ਸੁੱਟੇ,
ਨਕਲਾਂ ਬਣਾਵੇ, ਅਸਲ ਨਕਲ ਦੇ ਸਾਹਮਣੇ ਫਿੱਕੀ
ਫਿੱਕੀ ਦਿੱਸੇ, ਚੰਚਲ ਭਾਰਾ ਮਨ ਦਾ ।
… … …
ਇਹੋ ਜਿਹੀਆਂ ਨਕਲ-ਗੱਲਾਂ ਇੱਥੇ ਨ ਚੱਲਣ,
ਇਹ ਜੀਵਨ-ਖੇਤ੍ਰ ਰੱਬ ਦੀ ਪੈਲੀ,
ਇੱਥੇ ਬੀਜ ਉੱਗੇ ਜਿਸ ਵਿੱਚ ਰੱਬ ਸੱਤਾ,
… … …
ਮਨ ਘੜਿਤ ਗੱਲਾਂ ਕੂੜੇ ਟੋਂਬੂ ਸਾਰੇ,
ਸਿੱਕਾ ਦਿਲ ਦੀ ਬਸਤੀ ਚੱਲੇ ਸੱਚੀ ਸਰਕਾਰ ਦਾ
… … …



ਸੈਣਾਂ ਰੱਬ ਦੇ ਪਿਆਰ ਵਿੱਚ,
ਪੀ ਪੀ ਅੰਮ੍ਰਿਤ ਦੀਦਾਰ ਦੀਆਂ ਪਿਆਲੀਆਂ,
ਜਾਗਣਾ ਉਥੂੰ ਅਹੰਕਾਰ ਹੈ,
ਹੋਸ਼ ਪਰਤਣੀ ਪਾਪ ਹੈ,
ਬੇਹੋਸ਼ ਜਿਹਾ ਲੇਟਣਾ ਸਦੀਆਂ, ਚਿੱਟੀ ਚਾਦਰ ਤਾਣਕੇ,
ਇੱਥੇ ਓਹ ਬਲ ਹੈ, ਜਿਸਦੀ ਖ਼ਾਕ ਵਿੱਚ ਰੁਲਦੇ ਫਿਰਦੇ
ਲੱਖਾਂ ਤਖ਼ਤ ਤੇ ਤਾਜ,
ਤੇ ਕਿਸੀ ਨੂੰ ਵਿਹਲ ਨ ਇੱਥੇ ਪਰਤਕੇ ਵੇਖਣ ਦੀ,
ਇੱਥੇ ਦੀ ਤਲੀ ਖ਼ਾਕ ਸੂਰਜ ਮੱਥੇ ਲਾਉਂਦੇ,
… … …
ਫੁੱਲ ਮਾਲਤੀ ਨਾਲ ਤਾਂ ਗੱਲਾਂ ਕਰਨ ਹੱਸ ਹੱਸ ਕੇ,
ਤਲਵਾਰ ਦੀ ਲਿਸ਼ਕ ਨੂੰ ਸਲਾਹਣ,
ਬੱਦਲ ਦੀ ਗਰਜ ਸੁਣ ਖੁਸ਼ ਹੋਣ,
ਨਾਗ ਦੀ ਫਣ ਨੂੰ ਮੌਜ-ਰਾਗ ਵਿੱਚ ਸਿੱਧਾ ਦੇਖ
ਵਿਗਸਣ,
ਬਿਜਲੀਆਂ ਸੋਹਣੀਆਂ ਲੱਗਣ, ਛੁਪਾ ਛੁਪਾ ਰੱਖਨ
ਆਪਣੀਆਂ ਬਗਲਾਂ ਹੇਠ,
ਲੁਕਾਣ ਤੈਹਾਂ ਅੰਦਰਲੀਆਂ ਵਿੱਚ, ਬੇਅੰਤ ਦੀਆਂ
ਗਰਜਾਂ; ਕੜਕਾਂ, ਕਸਕਾਂ, ਲਿਸ਼ਕਾਂ, ਜਲਾਲੀਆਂ;
… … …
ਪਰ ਅੱਧ ਮੀਟੀ ਅੱਖ ਵਾਲੇ,
"ਬੇ ਪਰਵਾਹ ਨ ਬੋਲਦੇ",
ਖਲੋਤੀਆਂ, ਰਾਣੀਆਂ, ਮੋਤੀਆਂ, ਹੀਰਿਆਂ, ਚੂਨੀਆਂ ਦੇ
ਹਾਰ ਲੈ ਪੂਜਾ ਨੂੰ,
ਓਹ ਹੱਥ ਬੱਧੇ ਗੁਲਾਮ ਚਾਕਰ ਖੜੇ, ਲੱਖਾਂ ਮੁਲਕਾਂ ਦੇ
ਰਾਜੇ,
ਹੰਕਾਰ ਦੇ ਕੱਠੇ ਕੀਤੇ 'ਇਕਬਾਲ' ਦਾ, ਸੁਹਣੱਪ ਦਾ ਸ਼ੋਖੀ
ਦਾ ਇਹ ਮੁੱਲ ਪੈਂਦਾ ਇੱਥੇ-ਭਾਰੇ ! ਭਾਰੇ !-
"ਬੇ ਪਰਵਾਹ ਨ ਬੋਲਦੇ",
… … …
ਓਏ ! ਕੂੜ ਦੀ ਗਰਜ਼ ਪਿੱਛੇ,
ਕਿਸੀ ਤਖਤ ਤਾਜ ਦੇ ਮਗਰ ਹੋ,
ਸਰੀਰ ਨੂੰ ਮੋਟਾ ਤਾਜ਼ਾ ਕਰਨ ਪਿੱਛੇ,
ਕਿਸੀ ਲੁੱਟ ਮਾਰ ਦੀ ਵਹਸ਼ਤ ਵਿਚ,
ਸੁਰਤਿ ਦੇਵੀ ਦਾ ਨਾਮ ਲੈ, ਲੈ,
ਰੱਬ ਦੇ ਨਾਮ ਦੀ ਮਾਲਾ ਹੱਥਾਂ ਵਿਚ ਦੱਸ ਦੱਸ,
ਅੰਦਰੋ ਅੰਦਰ, ਅੰਦਰਖਾਨੇ ਛੁਰੀਆਂ ਹੰਕਾਰ ਦੀਆਂ
ਨੂੰ ਕਰਨਾ ਤੇਜ,
ਇਹ ਕੀ ਗੱਲ ਹੈ ?
ਇਸ ਵਿਚ ਜੀਵਣ ਦਾ ਕੀ ਅਸਰਾਰ ਹੈ ?
… … …
ਚੜ੍ਹੀ ਸੁਰਤਿ, ਭਰੀ ਸੁਰਤਿ
ਰੰਗੀ ਸੁਰਤਿ, ਸਾਈਂ ਜੁੜੀ ਸੁਰਤਿ,
ਹੈਂ ! ਇਨੂੰ ਮੌਤ ਡਰਾਉਂਦੀ ? ਹੈਂ !
ਤੇ ਫਿਰ,
ਮੌਤ ਥੀਂ ਬਚਣ ਲਈ :-
ਹੰਕਾਰ ਦੀ ਟੇਕ ਦੀ ਲੋੜ ਇਨੂੰ, ਇਨੂੰ ?
ਤਲਵਾਰ ਦੀ ਤੇਜ਼ ਧਾਰ ਦੀ ਟੋਲ ਇਨੂੰ, ਇਨੂੰ ?
ਦੁਨੀਆਂ ਦੀ ਚਿਕੜ ਵਿਚ ਇਸ ਲਈ ਪਨਾਹ
ਦੀ ਤਲਾਸ਼ ?
ਤਖਤਾਂ ਤੇ ਤਾਜਾਂ ਦੀ ਚਮਕ ਵਿਚ ਕੁਛ ਇਸ
ਲਈ ਰੱਖਿਆ ?
ਬੰਦਿਆਂ, ਗੰਦਿਆਂ ਦੇ ਹੜ੍ਹਾਂ ਵਿਚ ਕੁਛ ਦੋਸਤੀ ?
ਦੁਨੀਆਂ ਦੀਆਂ ਧੜੇ ਬੰਦੀਆਂ ਦੀ ਲੋੜ ਇਨੂੰ
ਇਨੂੰ ?
ਭੁੱਖ, ਨੰਗ, ਦੁਖ, ਪੀੜ ਦਾ ਡਰਾਵਾ ਇਨੂੰ, ਇਨੂੰ ?
ਓਏ, ਖੁਲ੍ਹੇ ਘੁੰਡ, ਖੋਹਲ ਘੁੰਡ ਸੁਣ ਤੂੰ,
ਸੁਰਤਿ ਭਰੀ ਅੱਲ੍ਹਾ ਆਪ ਹੈ !
ਖੁਦਾ ਹੈ, ਖ਼ਾਲਕ ਹੈ, ਕਰਤਾਰ ਹੈ,
ਸੁਰਤਿ ਜੁੜੀ ਆਪ ਹੈ ।
ਤਲਵਾਰ ਤੇ ਅੱਗ ਕਿਹਨੂੰ ਦੱਸਣੀ,
ਭੁੱਖ, ਨੰਗ, ਗੁਲਾਮੀ ਇਹਨੂੰ ਕਿੱਥੇ ਹੈ ?
ਜਾਨ ਜਿੱਥੂੰ ਆਈ ਸਾਰੀ
ਇਹ ਓਹ ਹੈ ।ਇਹ ਓਹ ਹੈ ।
… … …
ਕੋਈ ਲਾਲਚ ਨਾਂਹ,
ਕੋਈ ਕਾਂਪ ਨਾਂਹ,
ਕੋਈ ਭੈ ਨਾਂਹ,
ਰੱਜੀ ਸੁਰਤਿ ਖਾਉਂਦੀ,
ਨ ਦੇਣ ਦੀ ਇਹਨੂੰ ਵਿਹਲ ਹੈ,
ਰੱਬ ਨੂੰ ਪਛਾਣਦੀ,
ਰੱਬ ਹੈ ।



ਤ੍ਰੈ ਲੋਕੀ ਨਸ਼ਟ ਸਾਹਮਣੇ ਹੋਵੇ ।
ਸੁਰਤਿ ਇਕ ਕਾਂਪ ਨਹੀਂ ਖਾਉਂਦੀ,
ਹੁਕਮ ਮੰਨਦੀ,
ਉਨ੍ਹਾਂ ਅਧਮੀਟੀ ਅੱਖਾਂ ਦੇ ਛੱਪਰਾਂ ਹੇਠ,
ਰਸ ਭਾਰੇ ਛੱਪਰ ਆਪ ਨੈਣਾਂ ਦੀ ਜਵਾਲਾ ਸਬ, ਸਦਾ
ਕਜਦੇ ।
… … …
ਤ੍ਰੈ ਲੋਕੀ ਦੀ ਖੁਸ਼ੀ ਤੇ ਇਕਬਾਲ ਸਾਰਾ,
ਉਨੂੰ ਲਾਲਚ ਨ ਦੇਵੰਦੀ,
ਅਨੰਤ ਹਨੇਰਾ ਰਾਤ ਦਾ,
ਕੀ ਭੇਟਾ ਦੇਵੇ ਪਹੁ ਫੁਟਾਲੇ ਨੂੰ ?
ਨਿੱਕੀ ਬਲਦੀ ਬੱਤੀ ਵਿਚ ਹੋਰ ਕੁਛ ਨ ਸਮਾਉਂਦਾ,
ਬਲਣ ਬੱਸ ਉਹਦਾ ਆਪਣਾ,
ਤਾਰਾ ਕੋਈ ਨਾਂਹ ਦੌੜਦਾ,
ਡਿੱਗਦੇ ਤਾਰਿਆਂ ਨੂੰ ਹੱਥ ਦੇਣ,
ਹੁਕਮ ਖੇਡ ਵਰਤਦੀ,
ਬੂਟੇ ਸਾਰੇ ਫਲ ਦੇਣ ਆਪੋ ਆਪਣਾ, ਖੜੇ ਆਪਣੀ
ਥਾਂ ਤੇ ਜਿੱਥੇ ਕਰਤਾਰ ਖਲ੍ਹਾਰਦਾ; ਭੱਜਦੇ ਨਾ ਲੈ
ਲੈ ਫੁੱਲਾਂ ਦੀਆਂ ਟੋਕਰੀਆਂ,
… … …
ਸੇਵਾ ਦਾ ਭੀ ਭਾਵ ਨਹੀਂ ਸਮਝਿਆ ਜੇ ਲੋਕਾਂ,
ਕੀ ਅਧਮੀਟੀ ਅੱਖ ਹੋਣਾ
ਸੁਰਤਿ ਨੂੰ ਚਰਨ-ਪ੍ਰੀਤ ਪ੍ਰੋਣਾ,
ਖੁਸ਼ ਖੁਸ਼ ਵੱਸਣਾ ਸੇਵਾ ਦਾ ਰਹਸਯ ਨਹੀਂ,
ਖੁਸ਼ੀ ਰਹਣਾ ਕੀ ਸੇਵਾ ਘੱਟ ਹੈ ?
ਬੱਦਲ ਜਿਹਾ ਵੱਸਣਾ,
ਜਿੱਥੇ ਸਾਈਂ ਆਖੇ, ਵੱਸ ।

੧੦

ਪੁਰਾਣੇ ਉਨਰਾਂ ਦੀ ਅੱਖ ਮੀਟੀ, ਖੁਲ੍ਹੀ, ਵੇਦਾਂ ਵਾਲੇ
ਧਯਾਨ ਦੀ ਅੱਖ, ਇਹ ਅੱਖ ਨਾਂਹ ।
ਸ਼ੂਨਯ ਦੇ ਧਯਾਨ ਵਿੱਚ ਜੁੜੀ, ਮੀਟੀ, ਖੁਲ੍ਹੀ ਅੱਖ
ਵਹਸ਼ੀ, ਹੈਵਾਨ ਅੱਖ ਹਾਲੇ,
ਯੋਗ ਕਿਸ ਗੱਲ ਦਾ ?
ਦੂਜਾ ਹੋਯਾ ਕਈ ਨਾਂਹ,
ਜੁੜੀ ਕਿਸ ਨਾਲ ਹੈ ?
ਪਿਆਰ ਕਿਸ ਚੀਜ਼ ਦਾ ?
ਬੁੱਧ ਵਾਲੀ, ਨਿਰਵਾਨ-ਸੁਖ ਰਤੀ ਅੱਖ, ਇਸ ਅੱਖ
ਵਿੱਚ ਮਿਲੀ ਹੈ,
ਧਯਾਨ ਸਥਿਤ ਬੋਧੀ ਸਤਵ ਦੀ ਅੱਖ, ਬੁੱਧ ਦੇਵ ਨਾਲ
ਜੁੜੀ ਸਿੱਧ ਹੈ,
ਸਿੱਖ-ਨੈਣ ਲਪਟੇ ਹਨ, ਧਾ ਵਾਂਗ ਭੌਰਿਆਂ, ਕਰਨ
ਕੰਵਲ ਗੁਰੂ ਨੂੰ, ਕੰਵਲਾਂ ਦੀ ਪੱਤੀ ਚਿੱਟੀ ਵਿੱਚ,
ਅੱਧੇ ਦਿੱਸਦੇ, ਅੱਧ ਛਿਪੇ, ਰਸ ਲੀਨ ਭੌਰੇ ਦੋ, ਇਹ
ਸਹਜ-ਯੋਗ, ਪਿਆਰ-ਯੋਗ ਦੀ ਧਯਾਨੀ ਅੱਖ ਹੈ,
… … …
ਮਨੁੱਖ ਦਾ ਦੇਵਤਾ ਇੱਥੋਂ ਬਣਦਾ, ਮਸਤਕ ਹੱਥ ਮਾਰ
ਪ੍ਰੀਤਮ, ਹੈਵਾਨ ਸਾਰਾ ਝਾੜਿਆ,
ਦਿੱਵਯ, ਅਲੌਕਿਕ ਇਹ ਦ੍ਰਿਸ਼ਯ ਸਾਰਾ, ਪੱਥਰਾਂ ਵਿੱਚੋਂ,
ਕੱਢ, ਕੱਢ,
ਮਨੁੱਖ-ਮਾਸ ਨੂੰ ਲਚਿਕਾਂ ਦਿੱਤੀਆਂ ਸੋਹਣੀਆਂ, ਹੱਡੀਆਂ
ਨੂੰ ਮੋੜਿਆ, ਮਿੱਟੀ ਆਦਮੀ ਦੀ ਘਾੜਾਂ ਘੜੀਆਂ,
ਰੱਬ ਦਾ ਬੁੱਤ ਸਥਾਪਿਆ ।
… … …

੧੧

ਆਦਮੀ ਨੂੰ ਹੱਥ ਲਾ ਪਲਾਸਟਿਕ (ਮੋਮੀ) ਬਣਾਯਾ, ਸਦੀਆਂ
ਘਾੜ ਸਿਮਰਨ ਦੇ ਉਨਰ ਦੀ,
ਫਰਮਾਉਣ ਇਸ "ਧਰਮਸਾਲ"
ਪ੍ਰਿਥਵੀ ਤੇ ਰੱਬ ਦੇ ਚਿਤ੍ਰ ਹੋਣ-ਸਬ ਆਦਮੀ,
ਠੰਢੇ, ਠਾਰ ਰੱਬਲੀਨ-ਸੁਖ-ਅੱਖ-ਸਬ ਆਦਮੀ,
ਫੁੱਲ ਹੋਣ ਮੁਸ਼ਕਦੇ-ਸਬ ਆਦਮੀ,
ਬੱਦਲ ਹੋਣ ਮੀਂਹ ਪਾਣ ਵਾਲੇ-ਸਬ ਆਦਮੀ,
ਨੈਣਾਂ ਚਰਨਾਂ ਵਿੱਚ ਗੱਡੀਆਂ ਹੋਣ-ਸਬ ਆਦਮੀ,
ਦਿਲ ਵਿੱਚ ਸ਼ਬਦ-ਲਪਟਾਂ ਭਰੀ, ਹੋਣ-ਸਬ ਆਦਮੀ,
ਸੁਰਤਿ ਦੀ ਲਾਟ ਚੜ੍ਹੇ,
ਮਸਤਿਕ ਭਰੇ,
ਦਸਵੇਂ ਦਵਾਰ ਜਗੇ, ਅੰਦਰ ਰੱਬ ਦੇ,
ਲਾਟਾਂ ਇਉਂ ਜਗਾਣ ਰੱਬ ਦੀਆਂ-ਸਬ ਆਦਮੀ,
ਟਕ, ਟਕ, ਠਕ, ਠਕ,
ਬੁੱਤਸ਼ਾਲਾ ਗੂੰਜੇ,
ਦਮ ਬਦਮ ਵਾਹਿਗੁਰੂ,
ਘੜਨਹਾਰ ਘੜੇ ਮਿੱਟੀ ਪਲਾਸਟਿਕ (ਮੋਮੀ)-ਸਬ ਆਦਮੀ,
ਆਕਾਸ਼ ਭਰੇ ਰੋਮ ਰੋਮ ਗੀਤ ਨਾਲ,
ਹੱਥ ਚੱਲੇ ਛਾਤੀਆਂ ਤੇ, ਦਿਲਾਂ ਤੇ,
ਦਿਮਾਗਾਂ ਤੇ ਘੜਦਾ ਕਰਤਾਰ ਦਾ,
ਕਰਤਾਰ ਦੇ ਹਥੌੜੇ ਦੀ ਆਵਾਜ਼ ਆਵੇ,
ਰੋਮ, ਰੋਮ ਵਸੇ ਪਿਆਰ, ਹੋਣ-ਸਬ ਆਦਮੀ,
ਭੂਗੋਲ ਭਰੇ, ਹਵਾ ਭਰੇ,
ਆਕਾਸ਼ ਭਰੇ, ਹਨੇਰਾ ਤੇ
ਪ੍ਰਕਾਸ਼ ਭਰੇ-ਨੂਰ, ਨੂਰ–ਸਬ ਆਦਮੀ,
ਰੱਬ ਛਿਪੇ ਲੁਕੇ ਅੰਦਰ ਸਬ ਦੇ,
ਜਾਦੂ ਜਿਹੇ ਬੁੱਤ ਸਾਰੇ,
ਹਿੱਲਣ, ਜੁੱਲਣ,
ਇਨ੍ਹਾਂ ਦੇ ਨਵੇਂ ਘੜੇ ਹੇਠ ਹੱਸਣ,
ਬੋਲਣ ਤੇ ਹਾਸੇ, ਤੇ ਬੋਲ ਭਰਨ
ਸਾਰੀ ਵਿਹਲ ਨੂੰ,
ਰਹੇ ਨ ਖਾਲੀ ਥਾਂ ਕੋਈ,
ਥਾਂ, ਥਾਂ, ਦਿਲ, ਦਿਲ,
ਜਾਨ, ਜਾਨ, ਦਮ, ਦਮ, ਸਰੂਰ, ਸਰੂਰ-ਸਬ ਆਦਮੀ ।

੧੫. ਅੱਧੀ ਮੀਟੀ ਅੱਖ ਭਾਈ ਨੰਦ ਲਾਲ ਜੀ ਦੀ

ਅਮੀਰ, ਚੁਪ ਗਾਉਂਦੀ ਅੱਧੀ ਮੀਟੀ ਅੱਖ ਵਿਚ ਭਾਈ
ਨੰਦ ਲਾਲ ਦੀ :-
ਇਹ ਨੈਣ ਤੱਕਣ ਤੈਨੂੰ ਰੱਬਾ !
ਤੈਨੂੰ ਹੁਣ ਤੱਕ ਕੇ ਹੋਰ ਕੀ ਤੱਕਣਾ ?
ਤੈਂਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
… … …
ਘਰ ਛੱਡ ਆਏ ਅਸੀਂ,
ਘਰਾਂ ਨੂੰ ਕੀ ਮੁੜਨਾ ?
ਤਖਤ, ਤਾਜ ਆਸ਼ਕ ਅੱਖ ਤੇਰੀ ਤੱਕੇ ਨਾਂਹ ਪਰਤਕੇ,
ਸਾਰਾ ਇਕਬਾਲ ਅੱਜ ਇਸ ਤੱਕ ਵਿੱਚ,
ਤੈਨੂੰ ਤੱਕ ਕੇ ਓ ਸੋਹਣਿਆਂ ਦੇ ਸੁਹਣਿਆਂ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
… … …
ਮੌਤਾਂ ਸਬ ਰਹੀਆਂ ਪਿੱਛੇ,
ਤੇ ਹੈਵਾਨ-ਜੀਣ ਪਿੱਛੇ ਪਿੱਛੇ ਰਿਹਾ,
ਮਨੁੱਖ-ਜੀਣ ਦੀ ਵੀ ਵਿਹਲ ਨਾਂਹ,
ਤਾਂਘ ਕੋਈ ਨ ਖਿੱਚੇ ਹਿਠਾਹਾਂ ਨੂੰ,
ਤੂੰ ਜੇ ਦਿੱਸੇਂ ਸਦਾ ਸਾਹਮਣੇ,
ਖਿੱਚੀਆਂ ਖਿੱਚੀਆਂ ਅੱਖਾਂ ਵਿੱਚ,
ਸੁਣ ਤਰਬਾਂ ਤੇਰੀਆਂ,
ਅੱਖਾਂ ਮੇਰੀਆਂ, ਦਰਸ਼ਨ ਖਿੱਚੀਆਂ,
ਸੁਣ ਸਦਾ ਸਿਤਾਰਾਂ ਤੇਰੀਆਂ,
ਤੈਨੂੰ ਤੱਕ ਕੇ ਓ ਉੱਚਿਆ ਬਲਵਾਨ ਸੂਰਮਿਆਂ ।
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
… … …
ਨੈਣਾਂ ਦੇ ਨਰਗਸਾਂ ਵਿੱਚ ਭਰੀ ਤ੍ਰੇਲ ਮਿਹਰ ਦੀ,
ਦੀਦਾਰ ਤੇਰਾ ਆ ਵੱਸਿਆ,
ਨਰਗਸ ਦੀ ਨੈਣਾਂ ਹੁਣ ਅੱਧ-ਮੀਟੀਆਂ,
ਖੋਹਲੇ ਕੌਣ ਹੁਣ, ਬਾਹਰ ਕੋਈ ਨਹੀਂ ਵੱਸਣਾਂ,
ਤੈਨੂੰ ਤੱਕ ਕੇ ਓ ਸ਼ਹਤ-ਭਰੇ ਸ਼ਬਦ-ਗੁਰੂ ਪੂਰਿਆ,
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
… … …
ਸੋਹਣੀ ਜਿਹੜੀ ਸ਼ੈ ਹੈ,
ਕੋਈ ਕਿਧਰੇ,
ਤੂੰ ਰਾਗ ਮਿੱਠਾ, ਨਿੱਕਾ ਹੋ,
ਹਿਰਨੀਆਂ ਦੀ ਅੱਖਾਂ ਵਾਂਗ ਸਬ ਨੂੰ ਖਿੱਚ ਕੇ,
ਦਲ-ਬਨ ਵਿੱਚ ਬੰਨ੍ਹ ਬਹਾਲਦਾ,
ਚਮਕ ਸਾਰੀ ਜੁੜਦੀ ਇੱਥੇ ਰਸ ਵਿੱਚ,
ਰੰਗ ਸਾਰਾ ਜੁੜਦਾ ਅਮਨ-ਤੇਰੇ ਜੰਗ ਵਿੱਚ,
ਆਕਾਸ਼ ਉਤ੍ਰਦਾ, ਧਰਤ ਸਾਰੀ ਕੰਬਦੀ, ਆ ਰੰਗ ਵਿੱਚ,
ਤੰਬੂਰਾ ਸਾਈਂ ਤੇਰਾ ਜਦ ਅਧ-ਮੀਟੀ ਨੈਣਾਂ
ਮੇਰੀ ਵਿੱਚ ਵੱਜਦਾ ।
ਤੈਨੂੰ ਤੱਕ ਕੇ ਓ ਪਿਆਰ ਰਾਗੀਆ !
ਹੁਣ ਹੋਰ ਕੀ ਤੱਕਣਾ ?
ਤੈਂਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
ਨਰ-ਨਾਰੀ ਦੀ ਖਿੱਚ ਜਿਹੜੀ ਭਾਰੀ ਸਾਰੀ ਖਿੱਚਦੀ,
ਸਰੀਰ ਸਾਰੇ ਨੰਗ ਮੁਨੰਗੇ, ਬਾਹਾਂ, ਟੰਗਾਂ ਨੰਗੀਆਂ,
ਛਾਤੀਆਂ ਜਵਾਨੀ ਸਬ ਉਭਰੀਆਂ, ਕੰਬਦੀਆਂ
ਕਮਲੀਆਂ, ਜਿਵੇਂ ਸਮੁੰਦਰ ਭਾਰੇ ਦੇਖ ਨਿੱਕੇ
ਚੰਨ ਨੂੰ ।
ਇਹ ਬਾਹਾਂ ਹਿੱਲਣ,
ਇਹ ਟੰਗਾਂ ਨਚਦੀਆਂ,
ਸਿਰ ਹਿੱਲਣ ਸਹਸਰ ਸਾਰੇ,
ਜਿਵੇਂ ਹਵਾ ਨਾਲ ਕੰਵਲ ਭਾਰੇ,
ਗਰਦਨਾਂ ਹਿੱਲਣ ਜਿਵੇਂ ਕੰਵਲ ਡੰਡੀਆਂ
ਤੇ ਨਾਰੀਆਂ ਦੀਆਂ ਬਾਹਾਂ ਲਿਪਟੀਆਂ, ਨਰਾਂ ਦੀਆਂ
ਕਮਰੀਆਂ, ਜਿਵੇਂ ਵੇਲ ਨਾਲ ਕਲੀਆਂ
ਲਿਪਟੀਆਂ,
ਤੇ ਇਹ ਸਬ ਨੱਚਣ ਮਿਲਵੀਆਂ, ਮਿਲਵੀਆਂ, ਲੱਗ
ਸਹਸਰ ਲਹਰ ਨਾਚ-ਤਾਲ ਵਿੱਚ,
ਨੰਗੇ, ਚਿੱਟੇ, ਹੀਰਿਆਂ ਦੇ ਪਾਣੀਆਂ ਦੀਆਂ ਝਲਕਾਂ
ਨੱਚਣ ਪੇਚ ਪਾਂਦੀਆਂ ।
ਬਾਹਾਂ ਨੰਗੀਆਂ, ਜੰਘਾਂ ਨੰਗੀਆਂ,
ਨੰਗੀਆਂ, ਨੰਗੀਆਂ, ਰਲ ਮਿਲ ਨੱਚਣ, ਮਿਲਵੀਆਂ,
ਮਿਲਵੀਆਂ ।
ਕਹਰ ਜਿਹਾ ਮੱਚਿਆ ਅਕਾਸ਼, ਪੁਲਾੜ ਕੁਛ ਰਿਹਾ
ਨਾਂਹ ਖਾਲੀ,
ਇਕ ਇਕ ਤੀਮੀ ਦੀਆਂ ਲੱਖ ਲੱਖ ਤੀਮੀਆਂ ।
ਲੱਖਾਂ ਬਾਹਾਂ, ਲੱਖਾਂ ਹੱਥਾਂ, ਲੱਖਾਂ ਜੰਘਾਂ, ਲੱਖਾਂ
ਸਿਰਾਂ ਵਾਲੇ ਨੱਚਦੇ ਮਰਦ ਤੇ ਤੀਮੀਆਂ, ਅੰਗ
ਸਾਰੇ ਲਹਰਾਂ ਹੋ,
ਮਿਲਵੀਆਂ ਮਿਲਵੀਆਂ,
ਪੁਲਾੜ ਸਾਰਾ ਭਰਿਆ,
ਹਾਸੇ ਟੁਰਦੇ ਹੱਸਦੇ ਮਿਲਦੇ ਲੱਖਾਂ, ਲੱਖਾਂ,
ਸਬ ਹਾਸੇ ਮਿਲਵੇਂ, ਮਿਲਵੇਂ, ਖੜਕਦੇ, ਖੜਕਦੇ,
ਦਿੱਸੇ ਕੁਛ ਨਾਂਹ ਪਰ ਨ੍ਰਿਤਯ ਰਾਗ ਹੋਵੰਦਾ, ਖੜਕਦੇ
ਸਾਰੇ ਸਾਰੇ ਵੱਜਦੇ ।
… … …
ਸ਼ਰੀਰ ਲੱਖਾਂ ਤੁਲੇ ਤੇਰੀ ਬਾਂਸਰੀ ਦੀ ਵਾਜ ਤੇ,
ਕੜੇ, ਕੱਸੇ, ਲਿਸ਼ਕਣ ਨੱਚਦੇ, ਨੱਚਦੇ, ਵਾਂਗ ਵਜਦੀਆਂ
ਤਾਰਾਂ ਦੇ, ਸਿਤਾਰਾਂ ਦੇ,
ਸਬ ਕੰਬਦੇ ਸੂਰਜ ਦੀ ਖੁਸ਼ੀ-ਫੁਲੀਆਂ ਸਵੇਰ ਦੀਆਂ
ਕਿਰਨਾਂ ਵਾਂਗ, ਸਹੰਸਰ ਝਣਕਾਰਾਂ, ਲੱਖਾਂ
ਛਣਕਾਰਾਂ, ਛਾਣ, ਛਾਣ, ਤਾਣ, ਤਾਣ,
ਝਮਾਂ ਝਮ ਝਮ, ਥਮਾਂ, ਥੰਮਾਂ ਥਮ,
ਥਰ, ਥਰ ਕੰਬੇ ਅਸਮਾਨ ਸਾਰਾ ਨਾਚ ਨਾਲ,
ਕਾਲ ਸਾਰਾ ਗੂੰਜਦਾ,
ਇਹ ਸਹੰਸਰ-ਨਰ, ਸਹੰਸਰ-ਨਾਰੀ ਦਾ ਤੇਰੀ ਵਜੀ
ਬਾਂਸਰੀ ਦਾ ਨਾਚ ਹੈ,
ਨਰ-ਨਾਰੀਆਂ ਵਾਂਗੂੰ ਵੰਹਦੀ ਨਦੀਆਂ ਤੇਰੇ ਸੁਫਨੇ ਦੀਆਂ
ਸੁਰਾਂ ਦਾ ਅਲਾਪ ਹਨ,
ਦਿਲ ਲੱਖਾਂ ਧੜਕਦੇ,
ਨੈਣਾਂ ਨੱਚਦੀਆਂ,
ਇਹ ਸਾਰੀ ਥਰਥਰਾਹਟ ਪਿਆਰੀ,
ਤੇਰੇ ਨੰਦ ਲਾਲ ਦੀ ਅੱਧੀ ਮੀਟੀ ਅੱਖ, ਵਾਰੀ, ਵਿੱਚ
ਸਾਰੀ, ਨਾਚ ਹੈ ।
ਤੈਨੂੰ ਤੱਕ ਕੇ ਓਹ ਨ੍ਰਿਤਯ ਆਚਾਰਯਾ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।
… … …
ਮੰਡਲ ਸਾਰੇ ਭਰੇ ਪਏ,
ਰੂਪ ਰੰਗ, ਵੰਨ ਸਾਰਾ ਭਰਪੂਰ ਹੈ,
ਤਾਰੇ ਉਪਰ ਜੜੇ ਚਮਕਦੇ,
ਘਾਹਾਂ ਗਲੇ ਤ੍ਰੇਲ-ਫੁੱਲ ਲਟਕਦੇ,
ਬਾਗਾਂ ਦੀ ਝੋਲਾਂ ਖੁਸ਼ੀ ਨੇ ਪਾੜੀਆਂ,
ਸਰਬ ਸਾਰੀ ਮਿੱਠੀ ਉਚਾਈ ਲੈ ਤੁਰਿਆ,
ਚੰਬਾ ਕਿਹਾ ਹੱਸਦਾ, ਮੋਤੀ-ਦੰਦ, ਦੱਸ, ਦੱਸ ਕੇ
ਪੋਸਤ ਦੇ ਫੁੱਲ ਨੇ ਬੱਧੀ ਲਾਲ ਪਗੜੀ,
ਲਾਲ ਚੀਰੇ ਵਾਲਾ ਦੱਸੋ ਕਿਸਦਾ ?
ਤੇਰੇ ਨੰਦ ਲਾਲ ਦੀ ਅੱਧੀ ਮੀਟੀ ਅੱਖ ਵਿੱਚ,
ਹੁਸਨ-ਰਜ ਸਾਰਾ ਅੱਜ ਹੈ ।
ਤੈਨੂੰ ਤੱਕ ਕੇ ਓਹ ਹੁਸਨ ਦੀ ਛਹਬਰਾ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ ।

੧੬. ਗੁਰੂ ਅਵਤਾਰ ਸੁਰਤਿ

ਸੂਰਜ ਜੇ ਅੱਖ ਨੂਟੇ,
ਜਗਤ ਮਰਦਾ, ਜੀਵਨ-ਆਸ ਟੁੱਟਦੀ,
ਗੁਰੂ ਅਵਤਾਰ ਸੁਰਤਿ ਸੂਰਜਾਂ ਦਾ ਸੂਰਜ,
ਸਹੰਸਰ ਨੈਣਾਂ ਬਲਦੀਆਂ ।
ਦਿਨ ਰਾਤ ਸੂਰਜ ਨੈਣਾਂ ਤੱਕਦੀਆਂ ।
ਮਨੁੱਖ ਸੁਰਤਿ ਜੀਂਵਦੀ, ਤੱਕ, ਤੱਕ ਕੇ, ਕੰਵਲ-ਨੈਣਾਂ,
ਸੂਰਜ-ਨੈਣਾਂ ਸਦਾ ਸਦਾ ਗੱਡੀਆਂ ।
… … …
ਗੁਰੂ ਅਵਤਾਰ ਦੀ ਸਹਜ-ਸੁਰਤਿ ਪੂਰਣਤਾ,
ਸਰਬ ਸਫਲਤਾ, ਚਰਨ ਧੂੜ ਵਿੱਚ ਰਿਧੀਆਂ ਸਿਧੀਆਂ,
ਗੁਰੂ ਨਦਰਾਂ ਦੀਆਂ ਤਾਰਾਂ-ਸਹਜ ਵਿੱਚ ਛਿਪੀ ਸਬ
ਅਦਭੁੱਤਤਾ, ਅਗੰਮਤਾ, ਅਕਾਲਤਾ, ਮਹਾਂਕਾਲਤਾ,
ਅਨੰਤਤਾ, ਅਟੱਲਤਾ, ਸਰਬ-ਸਿੱਧਤਾ, ਗੂੜ੍ਹਤਾ,
ਗੂੜ੍ਹ ਭੇਦਤਾ, ਸਦੈਵਤਾ, ਖੁਲ੍ਹੀ-ਡੁਲ੍ਹੀ ਦੀਦਾਰਤਾ,
ਨਾਲੇ ਸਦਾ-ਅਦ੍ਰਿਸ਼ਟਤਾ ।
ਗੁਰੂ-ਅਵਤਾਰ ਗਰੀਬੀ ਲਈ ਧੁਰੋਂ,
ਫਿਰੇ ਜਗ ਸਾਰਾ ਬਣ ਸਿੱਧਾ ਇਕ ਆਦਮੀ,
ਇਹ ਰੰਗ ਵਰਤਦਾ,
ਜੋਗੀਆਂ ਵਿੱਚ ਜੋਗੀ ਓਹ,
ਭੋਗੀਆਂ ਵਿੱਚ ਭੋਗੀ ਓਹ,
ਗ੍ਰਹਸਥੀਆਂ ਵਿੱਚ ਵੱਡਾ ਗ੍ਰਹਸਥੀ ਪਿਆਰ ਦਾਤਾ
ਬਖਸ਼ਦਾ,
ਪਤਾ ਬਸ ਵਧ ਘਟ ਲਗਦਾ, ਪਿਆਰ ਦੀ ਅਣੋਖਤਾ
ਆਦਮੀ ਆਦਮੀ ਸਬ ਨੂੰ ਦਿੱਸਦਾ ।
ਖਾਵੇ, ਪੀਵੇ, ਸੋਵੇ, ਹੋਵੇ ਵਾਂਗ ਆਦਮੀ,
ਗਰੀਬੀ ਕੱਟੇ, ਅਮੀਰੀ ਪੀਰੀ ਸਬ ਝਾਗਦਾ,
ਦੁਖੇ, ਦਰਦੇ, ਅਰਦਾਸ ਕਰੇ, ਰਵੇ, ਵਰਤੇ ਵਾਂਗ ਆਦਮੀ,
… … …
ਦੁਖ, ਸੁਖ, ਧੁਪ, ਛਾਂ ਲੰਘੇ ਸਾਰੀ,
ਜਿਰਾਂਦ ਭਾਰੀ, ਸਵ੍ਹੇ ਸਬ ਕੁਛ, ਮਹਾਨ ਆਦਮੀ,
… … …
ਸਿਪਾਹੀ ਅਕੱਲਾ ਹੰਕਾਰ ਦੱਸ ਆਯਾ ਹਾਂ,
ਫੌਜ ਨਾਲ ਮਿਲਿਆਂ ਓਹੋ ਸੁਰਤਿ ਸਿੱਖ ਦੀ,
ਪਰ ਸੁਰਤਿ ਸਾਰੀ ਬੱਝੀ ਹਾਲੇ ਹੁਕਮ-ਫਿਰਦੀ,
ਹੁਕਮ ਪਾਲਦੀ, ਹੁਕਮ ਹਾਲੇ ਨ ਜਾਣਦੀ,
ਹੁਕਮ ਪਿਆਰਦੀ, ਸੁਖਾਰਦੀ, ਹੁਕਮ ਪਾ ਲੱਸਦੀ,
ਹੁਕਮ ਮੰਗਦੀ, ਹੁਕਮ ਲੈਂਦੀ, ਹੁਕਮ ਦੀ ਬੰਦੀ,

ਫੌਜਾਂ ਸਹੰਸਰਾਂ ਦੀ ਅਕੱਠਵੀਂ ਸੁਰਤਿ,
ਮਿਲਵੀਂ ਸੁਰਤਿ, ਨਾਲ ਮਿਲੀ,
ਵੱਖਰੀ-ਸੁਰਤਿ, ਜਰਨੈਲ-ਸੁਰਤਿ ਉਤੇ ਚੱਲਦੀ,
ਫੌਜਾਂ ਲੱਖਾਂ ਦੀ ਸੁਰਤਿ ਓਹ ਹਿਲਦੀ,
ਪਰ ਅਹਿਲ ਇਕ ਟਿਕਾ ਓਹਦਾ ਆਪਣਾ,
ਉੱਥੇ ਹੁਕਮ ਵੱਸਦਾ,
ਭਰਵੱਟੇ ਜਿਹਦੇ ਦੀ ਨਿੱਕੀ ਜਹੀ ਸੈਨਿਤ ਵਿੱਚ
ਦੋਵੇਂ ਵੱਸਦੀਆਂ, ਪ੍ਰਲੈਆਂ, ਤੇ ਅੰਮ੍ਰਤਤਾਂ ।
ਤੇ ਓਸ ਖੁਲ੍ਹੀ ਪੇਸ਼ਾਨੀ ਨੂੰ ਹੁਕਮ ਦੀ ਖਬਰ ਸਾਰੀ,
ਹੁਕਮ-ਸੁਰਤਿ ਚਮਕਦੀ,
ਇਸ ਸੁਰਤਿ-ਦੇਸ਼ ਵਿੱਚ,
ਅਣਡਿੱਠੇ ਲੋਕਾਂ ਦੀ ਦਮਬਦਮ ਚਿੱਠੀ-ਪੱਤ੍ਰ, ਆਣ, ਜਾਣ,
ਦਮਬਦਮ ਇਲਾਹੀ ਡਾਕ ਚੱਲਦੀ ।
ਇੱਥੇ ਲੱਖਾਂ ਬ੍ਰਹਮੰਡਾਂ, ਖੰਡਾਂ ਦੀ, ਲੋੜ, ਤੋੜ, ਦੀ
ਸਬ-ਜੋੜ ਠਿਕਵੀਂ ।
ਇੱਥੇ ਮੱਥੇ ਸੁਹਣੇ ਵਿੱਚ ਸਬ ਸਿਆਣ ਵੱਸਦੀ, ਇੱਥੇ ਸਬ
ਤ੍ਰਾਣ ਵੱਸਦੀ,
ਇਸਦੇ ਇਸ਼ਾਰੇ ਦੇਵੀ, ਦੇਵਤੇ ਉਡੀਕਦੇ, ਉੱਡਦੇ ਜਿਵੇਂ
ਡਾਰ ਇਕ ਲਾਲ ਪਰਾਂ ਵਾਲੀਆਂ ਚਿੱਟੀਆਂ
ਘੁੱਗੀਆਂ ਦੀ ਕੂਕਦੀ-ਗੁਰੂ-ਗੁਰੂ-ਗੁਰੂ ।
… … …
ਫੌਜਾਂ ਹੁਕਮ ਲੈਣ, ਦੇ ਨਾਂਹ ਸਕਦੀਆਂ, ਜਰਨੈਲ
ਸੁਰਤਿ ਦੱਸਦੀ ?
ਖਬਰ ਸਾਰੀ ਵਾਲੀ,
ਹੁਕਮ ਸਾਰੇ ਵਾਲੀ,
ਸੁਰਤਿ ਗੁਰੂ ਅਵਤਾਰ ਦੀ ।
ਇਹ ਸਹੰਸਰ ਨੈਣੀਂ,
ਸਹੰਸਰ ਸੀਸੀ,
ਸਹੰਸਰ ਬਾਹੂਈ,
ਮੇਹਰਾਂ ਨਾਲ, ਸਿਖ ਸੁਰਤਿ ਪਾਲਦੀ ।
ਦਿਨ ਰਾਤ ਮਾਂ-ਮਜੂਰੀ ਕਰਦੀ ਪੂਰੀ-ਪਿਆਰਦੀ,
ਪਿਆਰ-ਪਹਰੇ ਦਿੰਦੀ,
ਸੁੱਤਾ ਹੋਵੈ ਸਿਖ, ਗੁਰੂ ਜਾਗਦਾ,
ਭੁੱਲਾ ਹੋਵੈ ਸਿਖ, ਗੁਰੂ ਵੜ ਦਿਲ
ਓਹਦੇ ਸਿਖ-ਪ੍ਰਾਣ ਕੱਸਦਾ,
ਖਿੱਚਦਾ, ਸਿਖ ਨੂੰ ਪ੍ਰੀਤ-ਪੀੜ ਪੀੜਦਾ,
ਗੁਰੂ ਆਵੇਸ਼ ਦਾ ਹੜ੍ਹ ਟੋਰਦਾ,
ਸਿਖ ਦੀ ਰੂਹ ਦੇ ਅੱਗੇ ਪਿੱਛੇ ਚੜ੍ਹੀ ਦੀਵਾਰ ਤੋੜਦਾ,
ਬਾਰੀਆਂ ਖੋਹਲ ਅੰਦਰ ਵੜਦਾ, ਮਲੋ ਮਲੀ,
ਜੋਰੋ ਜੋਰੀ, ਜਾਂਦਾ ਧੱਸਦਾ,
ਸਿਖ ਨੂੰ ਪਿਆਰ ਦੀ ਬਹੁਲਤਾ ਵਿੱਚ ਬੇਬੱਸ ਕਰਦਾ,
ਮਾਰਦਾ, ਪਿਆਰ ਡੋਬ ਦੇਂਵਦਾ ।
… … …



ਗੁਰੂ-ਅਵਤਾਰ ਅਥਾਹ ਸਾਗਰ,
ਚੁੱਪ, ਬੇਅੰਤ, ਬੇਨਿਆਜ਼ ਸਾਈਂ,
ਹੱਸੀ ਨਰਮ, ਨਰਮ, ਬੋਲ ਮਿੱਠੇ ਮਿੱਠੇ,
ਚਰਨ ਕੰਵਲ ਦੀ ਛੋਆਂ ਵਿੱਚ ਮੇਹਰਾਂ ਵੱਸਦੀਆਂ,
ਕੇਵਲ ਇਕ ਨਾਮ ਦੱਸਦਾ, ਸਤਿਨਾਮ ਆਖਦਾ, ਬੋਲੋ
ਵਾਹਿਗੁਰੂ ।
ਗੀਤਾ ਦੀ ਮੈਂ ਆ ਏਥੇ ਚੁੱਪ ਖਾਂਦੀ,
ਇਥੇ ਵਾਹਿਗੁਰ ਵਾਹਿਗੁਰ ਦੀ ਧਵਨੀ ਉੱਠਦੀ,
ਮੈਂ, ਮੈਂ ਕੋਈ ਨ ਕੂਕਦਾ,
ਬ੍ਰਹਮਸੱਤਾ ਨਿਰੋਲ ਮਨੁੱਖ-ਰੂਪ ਬੈਠੀ ਚੁੱਪ-ਬੋਲਦੀ,
ਚੁੱਪ-ਵੇਖਦੀ, ਚੁੱਪ-ਸ਼ਬਦ ਗਾਉਂਦੀ,
ਸੱਤਾ ਸਾਰੀ ਇੱਥੇ,
ਸਬ ਕੁਛ ਇਹ, ਇੱਥੇ
ਕੁਲ ਇਹ, ਇੱਥੇ
ਜੁਜ਼ ਇਹ, ਇੱਥੇ
ਸੁਣਨ ਬੋਲਨ ਵਾਲਾ ਇਕ ਇਹ,
ਬੋਲੇ ਕਿਉਂ ? ਸੁਣਨ ਵਾਲਾ ਕਿੱਥੇ ਹੋਰ ਕੋਈ ?
ਦਰਸ਼ਨ, ਦੇਖਣ ਵਾਲਾ, ਦਿੱਸਣ ਵਾਲੀ ਚੀਜ਼ ਤੇ
ਅਚੀਜ਼ ਵਾਹਿਗੁਰੂ,
ਰਚਨ ਹਾਰ, ਰਚਨਾ, ਵੱਖ ਕੁਛ ਨਾਂਹ, ਸਬ ਵਾਹਿਗੁਰੂ,
ਗੀਤ ਗਾਣਾ ਬਣਦਾ, ਕੀਰਤਨ ਸੋਭਦਾ, ਵਾਹਿਗੁਰੂ
ਗੂੰਜ ਨਿਰੋਲ ਓਹਦਾ ਨਾਮ ਹੈ ।
ਇਸ ਰਾਗ ਰੰਗ ਵਿੱਚ 'ਮੈਂ' 'ਮੈਂ' ਸਬ ਕਰੂਪ ਦਿੱਸਦੀ,
ਕਰੂਪ ਹੁੰਦੀ, ਸ਼ਰਮਾਂਦੀ, ਨੱਸਦੀ, ਭੈੜੀ, ਭੈੜੀ,
ਫਿੱਕੀ, ਫਿੱਕੀ, ਪੈ, ਪੈ ਕੇ,
ਇੱਥੇ ਅਗੰਮ ਦਰਬਾਰ ਉੱਚਾ,
ਇੱਥੇ ਸਚ-ਰਸ ਵਰਤਦਾ,
ਨਾਮ ਰਸ ਵਾਹਿਗੁਰੂ
ਨੀਵੀਂ ਨੀਵੀਂ ਗੱਲ ਹੋਰ ਸਬ ਬੇਅਦਬੀ ।
… … …



ਗੀਤਾ ਬੋਲੀ ਮੈਂ :-
ਹੈਵਾਨ-ਹੰਕਾਰ ਤਲੂੰ ਬੋਲਿਆ 'ਮੈਂ' ।
ਕੌਣ ਪਛਾਣੇ ਕ੍ਰਿਸ਼ਨ-ਮੈਂ ਹੋਰ, ਇਹ ਓਹ ਨਹੀਂ ਹੈ,
ਵਾਜ ਇਕ, ਕਾਲਾ-ਅੱਖਰ ਇਕ,
ਧੁਨੀ ਓਹੋ ਗੂੰਜਦੀ,
ਤੇ ਕਾਲ-ਗ੍ਰਸਯਾ ਮਨ ਬੋਲਦਾ ਠੀਕ ਇਕੋ ਹੈ,
ਅਰਜਨ ਦੀ ਅਸਚਰਜਤਾ ਭਗਤੀ,
ਅਜ-ਜਗ ਰਹੀ ਨਹੀਂ ਹੈ,
ਅਸਲੀ ਗੱਲ ਓਹ ਵਿਸ਼ਾਲ ਮੂਰਤ ਸਾਰੀ ਇਕ ਨਿੱਕੇ
ਸਾਧੇ ਕਾਲੇ ਕ੍ਰਿਸ਼ਨ ਵਿਚ ਬੱਸ ਓਹੋ ਸੱਚ ਸਾਰਾ
ਬਾਕੀ ਫਲਸਫਾ, ਤੇ ਓਹੋ ਕੂੜ ਦਿੱਸਦਾ ।
ਜਾਦੂ ਸਿਰ ਚੜ੍ਹ ਬੋਲਦਾ ।
… … …
ਕਵੀ ਉੱਚੇ ਲਖ ਬ੍ਰਹਮ-ਸੱਤਾ ਦੀ ਵਿਸ਼ਾਲ ਅਨੰਤ ਚੁੱਪ
ਵਿਚ ਰਸ ਲੀਣ ਹੋ ਰਸ ਪੀ, ਪੀ, ਕਦੀ, ਕਦੀ,
ਕੁਛ ਬੋਲਦੇ,
ਉਨ੍ਹਾਂ ਦੀ ਰਸੀਲੀ ਅੱਖ ਕੁਛ ਦੇਖਦੀ,
ਉਨ੍ਹਾਂ ਦਾ ਦਿਲ ਚੰਗਾ ਕਦੀ ਹੋਂਵਦਾ ਸਬ ਨੂੰ ਮੈਂ ਮੈਂ
ਆਖਦੇ
ਇਹ ਕਵੀਆਂ, ਰੰਗੀਲਿਆਂ, ਰਸੀਲਿਆਂ ਦੀ ਮੈਂ, ਬ੍ਰਹਮ-
ਸੱਤਾ ਦੇ ਰਸ ਦੀਆਂ ਝਲਕਾਂ, ਝਾਵਲੇ, ਇਹ ਕੀ
ਸੰਵਾਰਦੇ ?
ਇਹ ਨਿਰੇ ਕਵੀ-ਦਿਲਾਂ ਤੇ ਪੈਣ ਵਾਲੀ ਫੁਹਾਰ ਵੇ ।
ਲੋਕੀ ਹੋਰ ਹੋਰ ਸਮਝਦੇ,
ਹੰਕਾਰ ਅੱਗੇ ਵਧਦਾ,
ਬੇਵਸ ਓਹੋ ਹੇਕਾਂ ਲਾਉਂਦਾ,
ਬੇਰਸ ਹੋ ਡਿੱਗਦਾ, ਢੰਹਦਾ,
ਪਰ ਮਨ ਆਖੇ ਠੀਕ ਕੀ ਗੀਤਾ ਕਦੀ ਕੂੜ ਆਖਦੀ,
ਕਵੀ-ਕਥਨਾਂ ਵਿਚ ਵੜ,
ਰਸ ਪੀਣ, ਰਸ ਥੀਣ, ਰਸੀਣ ਦਾ, ਅੰਦਰੋ ਅੰਦਰ
ਇਕ ਸਵਾਦ ਹੈ,
ਪਰ ਨਸ਼ੇ ਭਰੇ ਵੇਲੇ ਦੀ ਇਕ ਬੁਹਕ ਓਹ, ਜਿਵੇਂ ਖੁਸ਼ੀ
ਦੀ ਚੀਖ ਵੱਜਦੀ, ਕਵੀ ਬੁਹਕ ਅਕਾਸ਼ ਬਾਣੀ
ਨਹੀਂ ਹੈ,
ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾਹੜੀ ਹੈ, ਲੋਕੀ
ਇਸ ਬੁਹਕ ਨੂੰ ਫੜ ਫੜ ਕੁੱਟਦੇ, ਨਸ਼ਾ ਪੀਣਾਂ
ਨਹੀਂ ਨਸ਼ੇ ਦੇ ਅਸਰ ਨਿਰੇ ਥੀਂ ਦਾਰੂ ਕੱਢਣ
ਦੀ ਕਰਦੇ,
ਪਰ ਨਸ਼ਾ ਅਸਰ ਵਿਚ ਨਹੀਂ ਹੈ,
ਨਸ਼ਾ ਆਂਦਾ ਸੁਰਤਿ ਜਦ ਪਿਆਲਾ ਅਕਾਸ਼ੀ ਕਦੀ
ਕੋਈ ਪੀ ਲੈ,
ਸੋ ਕਵੀ ਰਚਨਾ ਨਸ਼ੇ ਵੇਲੇ ਦੀ ਚੀਜ਼ ਹੈ,
ਵੇਲੇ ਵੇਲੇ ਦੀ ਸੋਭ ਹੈ; ਇਨੂੰ ਠੀਕ ਪਿਆਰਨਾ ਜਦ
ਨਸ਼ਾ ਕੋਈ ਪੀ ਲੈ ।
… … …
ਉਪਨਿਖਦਾਂ ਦੀ ਬ੍ਰਹਮ ਵਿੱਦਯਾ ਨੂੰ ਪ੍ਰਣਾਮ ਸਾਡਾ, ਬ੍ਰਹਮ-
ਸੱਤਾ ਸਾਰੀ ਗੁਰੂ-ਅਵਤਾਰ ਦੀ ਸੁਰਤਿ ਮੂਰਤੀ,
ਓਥੂੰ ਦਿੱਵਯ ਵਿਦਯਾ ਮਨੁੱਖ ਮਨ ਵੱਲ ਕਰ ਰੁਖ
ਟਰੀ ਹੈ,
ਉਸ ਵੇਲੇ ਮਨੁੱਖ ਸੁਰਤਿ,
ਅਨੰਤ ਅਸਚਰਜ ਨਾਲ ਭਰ ਉੱਠੀ,
ਕਿਸੀ ਅਕਹ ਖੇੜੇ, ਆਵੇਸ਼ ਦਾ ਭਾਗ ਸਾਰਾ
ਅਗੰਮਨ ਹੈ ।
ਓਨੂੰ ਫਲਸਫਾ ਬਣਾਉਣਾ ਗੀਤਾ ਦੀ ਭੁੱਲ ਹੈ,
ਇਹ ਭੁੱਲ ਆਖਰ ਹੁਣ ਜਾ ਵੱਜਦੀ ਬੁਢੇ ਉਪਨਿਖਦ
ਦੇ ਸਿਰ ਤੇ,
… … …
ਪੁਰਖ ਸੂਤਕ ਦਾ ਅਗੰਮ ਗੀਤ ਹਾਇ ! ਕਿੰਞ ਗੂੰਜਦਾ,
ਮਨੁੱਖ ਦਾ ਭਰਯਾ ਦਿਲ ਸਿਫਤ ਸਲਾਹ ਕਰਤਾਰ
ਵਿਚ ਫਟਦਾ,
ਹਾਂ, ਰੱਬ ਆਪ ਬੋਲਦਾ,
ਬ੍ਰਹਮ-ਗਿਆਨ ਨੂੰ ਪ੍ਰਣਾਮ ਹੈ ।
… … …
ਪਰ ਗੁਰੂ-ਅਵਤਾਰ ਸੁਰਤਿ
ਦੀ ਅੰਦਰ ਥੀਂ ਵੀ ਅੰਦਰ,
ਕਿਸੀ ਅਥਾਹ, ਅਸਗਾਹ,
ਜੀਵਨ ਦੀ ਹਾਲਤ ਦਾ ਸਾਰਾ
ਸਿਫਤ ਗੀਤ ਹੈ,
ਗੁਰੂ ਪਿਆਰੇ ਨੂੰ ਵੇਦ ਰਿਚਾ ਗਾਉਂਦੀ,
ਇਹ ਹਾਲਤ, ਕੋਈ ਅਕਹ ਸਿਫਤ-ਗੀਤ ਦੀ ਲਖਯਤਾ
ਥੀਂ ਵੀ ਸਦਾ ਪਰੇ ਦੂਰ, ਤੇ ਹੋਰ ਦੂਰ ਵੱਸਦੀ,
ਗੁਰੂ-ਸੁਰਤਿ ਦੀ ਸਿਫਤ
ਸਾਰੇ ਉਪਨਿਖਦ ਗਾਉਂਦੇ,
ਹੇਕਾਂ ਬਹੁੰ ਸਾਰੀਆਂ ਹੋਰ ਵਿਚ,
ਪਰ ਨਿਰੋਲ ਸੋਨੇ ਦੀ ਧਾਰੀ ਸਾਰੀ ਵਗੀ ਹੈ ।
ਪੁਰਖ-ਕਰਤਾਰ ਨਾਮ ਸੋਹਿਣਾ,
ਬ੍ਰਹਮ ਵਿੱਦਯਾ ਗੁਰੂ ਛਾਤੀ ਦੱਬੀ ਜਵਾਹਰਾਤ ਦਸੀ ਹੈ,
… … …
ਇੱਥੇ ਆਣ ਕਲਮ ਟੁੱਟਦੀ
ਲੂਣ ਦੀ ਪੁਤਲੀ ਜਾਣੇ ਭਾਵੇਂ ਗੁੰਮਕੇ ਸਾਰੀ,
ਪਰ ਆਖੇ ਕਿ ਸਾਗਰ ਦੀ ਥਾਹ ਕਿੰਨੀ ਹੈ,
ਮੁੜ ਕੌਣ ਦੱਸਣ ਲੂਣ ਸਾਰਾ ਘੁਲਦਾ,
… … …
ਹੰਕਾਰ ਕੀ ਦੱਸੇ ਸੁਰਤਿ ਕੀ ?
ਸੁਰਤਿ ਕੀ ਦੱਸੇ, ਹੁਕਮ ਕੀ ?
ਸਿਪਾਹੀ ਜਰਨੈਲ ਹੋਣ ਥੀਂ ਪਹਿਲਾਂ ਹੀ ਹੁਕਮ ਕਰੇ ਵੀ
ਤੇ ਮੰਨੇ ਕੌਣ ? ਸਿਆਣਾ ਫਿਰ ਕਰੇ ਕਿਉਂ ?
… … …
ਸੱਚ ਹੈ, ਪੱਕ, ਪੱਕ,
ਸਿੱਖ-ਸੁਰਤਿ, ਗੁਰੂ-ਸੁਰਤਿ ਹੋਂਵਦੀ,
ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ ਹੈ ।
ਪੁਤ ਇਕ ਦਿਨ ਜ਼ਰੂਰ ਪਿਉ ਬਣਨਾ,
ਪਰ ਚੇਲਾ-ਸੁਰਤਿ ਕੱਚੀ, ਹੌਲੇ ਹੌਲੇ ਪੱਕਦੀ,
ਸਾਹਿਬ ਆਖਦੇ-ਤੇਲ ਸਰਿਓਂ ਵਿਚ ਹੈ, ਪਰ ਕੱਚੀ
ਪੀੜਨ ਵਿਚ ਤੇਲ ਨਹੀਂ,
ਸੋ ਗੁਰੂ-ਸੁਰਤਿ ਜਾਣਦੀ,
ਗੁਰੂ-ਸੁਰਤਿ ਕੀ ਹੈ ?
ਕਿਰਤਮ ਕੀ ਜਾਣੇ ਭੇਤ ਕਰਤਾਰ ਦਾ ?
… … …
ਕਵੀ ਸਾਰੇ ਜਹਾਨ ਦੇ,
ਉਸੀ ਸੁਰਤਿ ਦੀਆਂ ਲਿਸ਼ਕਾਂ, ਝਲਕੇ, ਝਾਵਲੇ ਪਾ,
ਓਨੂੰ ਗਾਉਂਦੇ,
ਗੀਤ ਸਬ ਸਿਫਤ ਹੈ, ਸ਼ਬਦ-ਰੂਪ ਦਾ,
ਬਾਣੀ ਦੀ ਸੁਹਣੱਪ ਦੀ ਝਲਕ ਪਾ ਮਸਤ ਹੋਣ, ਖੁਸ਼ੀ
ਚੀਖਾਂ ਦੇਵੰਦੇ ।
ਕਿਰਤਮ-ਗਲੇ ਦੀ ਆਵਾਜ਼ ਸਾਰੀ ਅਨੰਦ-ਚੀਖ ਹੈ
ਪਾ ਕੇ ਦਰਸ਼ਨ ਓਸ ਸੈਭੰਗ ਪਿਆਰ ਦਾ,
'ਗੈਟੇ' ਜਰਮਨੀ ਦਾ ਗਾਉਂਦਾ, ਮਿੱਠਾ, ਓਹ ਕਵੀ ਗੁਰੂ
ਸੁਰਤਿ ਦਾ,
ਫਰਾਸ ਦਾ 'ਥੋਰੋ' ਪੀਂਦਾ ਰਸ ਗੀਤਾ, ਉਪਨਿਖਦ ਕਾਵਯ ਦਾ,
'ਐਮਰਸਨ' ਤੇ 'ਵ੍ਹਿਟਮੈਨ' ਇਸੀ ਕਾਵਯ ਰਸ ਦੇ ਮੋਹੇ ਪਏ,
ਇਨ੍ਹਾਂ ਕਵੀਆਂ ਵਿੱਚ ਹਨ ਸਿੱਖ-ਸੁਰਤਾਂ ਦੀਆਂ ਦਮਕਾਂ,
ਦੂਰ ਕਦੀ ਕਦੀ ਵੇਖਦੀਆਂ ਗੁਰੂ-ਸੁਰਤਿ ਦੇ
ਲਿਸ਼ਕਾਰੇ ਕਰਾਰੇ ।
… … …
'ਨਿਤਸ਼ੇ' ਨੂੰ ਝਲਕਾ ਜਰਾ ਹੋਰ ਡਾਢਾ ਵੱਜਯਾ ਸੁਰਤਿ
ਕਿਸੀ ਭਾਰੀ ਬਲਕਾਰ ਦਾ,
ਓਹਦਾ ਆਖਰ ਪਾਗਲ ਹੋਣਾ ਦੱਸਦਾ,
ਪਰ ਮੋਹਿਤ ਹੋਯਾ, ਸਿੱਖ-ਸੁਰਤਿ ਵਿੱਚ, ਗੁਰੂ-ਸੁਰਤਿ
ਥੀਂ ਚੱਲੇ ਕਿਸੀ ਹੜ੍ਹ ਉੱਪਰ,
ਸਮਝਦਾ, ਆਖਦਾ, ਇਹ ਹੜ੍ਹ ਸਾਰੀ ਸੁਰਤਿ ਹੈ,
ਬਲ ਹੈ, ਰੂਹ ਹੈ,
ਧਰਮ, ਕਰਮ ਇਹੀ,
ਫੜ ਕੁਹਾੜਾ ਪੁਰਾਣੇ ਬੁੱਤ ਚੀਰਦਾ,
ਦੁਜਾ ਗੁੱਸੇ ਵਾਲਾ ਪਰਸਰਾਮ ਹੈ,
ਪਰ ਅਵਤਾਰ-ਸੁਰਤਿ ਦੇ ਦਰਸ਼ਨਾਂ ਥੀਂ ਵਾਂਜਿਆ,
ਆਏ ਆਵੇਸ਼ ਨੂੰ ਵੀਟਦਾ,
… … …
ਪੰਜਾਬ ਦਾ ਮੁਹੰਮਦ 'ਇਕਬਾਲ' ਸਾਡਾ ਯਾਰ,
ਬੈਠਾ ਦੇਖ ਕੋਈ ਹੋਰ ਝਾਵਲਾ,
ਇਹਦੀ ਅੱਖ ਵਿੱਚ 'ਨਿਤਸ਼ੇ' ਦਾ ਨਜ਼ਾਰਾ ਵੀ ਖੁੱਭਦਾ,
ਨਾਲੇ ਖੁਭਦੀ ਸਾਧ ਦੀ ਕੋਮਲਤਾ,
ਨਾਲੇ ਕਿਸੀ ਅਣਡਿੱਠੀ ਥਾਂ ਤੇ ਓਹਦਾ ਸਿੱਖ-ਆਵੇਸ਼
ਸਾਰਾ,
ਬੈਠਾ ਚੁੱਪ ਹੋ ! ਆਖਰ ਸ਼ਾਇਰ ਹੈ ਪੰਜਾਬ ਦਾ,
ਇਉਂ ਇਸ ਵਾਂਗੋਂ ਕਿਉਂ ਹੋਰ ਕੋਈ ਮੁਸਲਮਾਨ ਸ਼ਾਇਰ
ਕਦੀ ਨ ਕੂਕਿਆ ।
ਖੁਬਦਾ ਓਹਦਾ ਦਿਲ ਵਿੱਚ ਪਿਆਰ ਭਰਾ, ਭਰਾ ਦਾ,
ਸੇਵਾ ਦਾ, ਪਿਆਰ ਦਾ, ਭਾਵ ਵਾਚਦਾ ਕੁਰਾਨ ਸ਼ਰੀਫ਼
ਵਿੱਚ,
ਮਨੁਖ, ਮਨੁਖ ਦੀ ਬ੍ਰਬਰਤਾ ਵੇਖਦਾ,
ਨਾਲੇ ਵੇਖਦਾ ਸਾਦੇ ਸਿੱਧੇ ਹੂਸ਼ ਲੋਕ ਅਰਬ ਦੇ,
ਬਣੇ ਸਨ ਕਿਹੇ ਸਿੱਖ ਸੋਹਣੇ ਰਸੂਲ ਦੇ,
ਤਾਕਤ ਵੇਖਦਾ ਇਕ ਇਨਸਾਨ ਦੀ,
ਤੇ ਵੇਖਦਾ ਅਰਬ ਨੇ ਦੁਨੀਆਂ ਸਾਰੀ ਫਤਹ ਕੀਤੀ,
ਰਸੂਲ ਦਾ ਪਿਆਰ ਜਿਹਾ ਖਾਇਕੇ,
ਇਹ ਫੌਜ ਵੇਖਦਾ,
ਇਹ ਜਰਨੈਲ ਵੀ,
ਪਰ ਧਾਗੇ ਖਿਆਲਾਂ ਦੇ ਗੁੰਝਲ ਖਾਉਂਦੇ,
ਕੁਛ ਉਨੂੰ ਨਿਰਾ ਫਲਸਫਾ ਸੱਟ ਮਾਰਦਾ,
ਕੁਛ ਮਨੁੱਖ-ਇਤਹਾਸ ਦੀ ਗਵਾਹੀ ਕੂੜੀ ਸੱਚੀ ਲੱਗਦੀ,
ਇਤਹਾਸ ਕੂੜ ਸਦਾ ਸਾਰਾ, ਸਬ ਗੱਲ ਬਾਹਰ, ਬਾਹਰ ਦੀ,
ਗੁਰ ਸਿੱਖੀ ਵਿੱਚ ਜੇਹੜੀ ਅੰਦਰ ਦੀ ਗੱਲ ਓਹ ਸਾਫ
ਨਾਂਹ ਉਹਦੇ ਸਾਹਮਣੇ,
ਹੁਕਮ ਖੇਡ ਦੇ ਰੰਗ ਓਹਦੀ ਅੱਖ ਦੇ ਓਹਲੇ,
ਸਿਪਾਹੀ ਤੇ ਜਰਨੈਲ ਨੂੰ ਬ੍ਰਬਰ ਜਿਹਾ ਦੇਖਦਾ,
ਈਗੋ, ਅਹੰਮ, ਨੂੰ ਸੁਰਤਿ ਪਛਾਣਦਾ,
ਚੱਕਰ ਖਾਂਦਾ, ਕਦੀ ਹੰਕਾਰ ਨੂੰ ਸਿੱਧਾ ਕਰ ਓਨੂੰ
ਸੁਰਤਿ ਆਖਦਾ,
ਕਦੀ ਸੁਰਤਿ ਨੂੰ ਆਖੇ ਨਸ਼ੀਲੀ ਉਹ ਕਿਉਂ ਹੈ,
ਜਾਗਦੀ, ਗਰਜਦੀ ਸ਼ੇਰ ਵਾਂਗੂੰ ਕਿਉਂ ਨਹੀਂ ?
ਨਾਲੇ ਆਖੇ ਮੁਸਲਮਾਣੀ ਕੇਵਲ ਪਿਆਰ ਹੈ,
ਨਾਲੇ ਆਖੇ ਸੁਰਤਿ ਖਵਾਹਿਸ਼ਾਂ ਦੀ ਰੋਟੀ ਖਾ ਪਲਦੀ,
ਵਧਾਓ ਖਵਾਹਿਸ਼ਾਂ, ਵਧੋ ਅੱਗੇ, ਮੈਂ ਮੈਂ ਆਖਦੇ ।
ਹੰਕਾਰ ਸੁਰਤਿ ਦੇ ਭੇਤ ਦਾ ਪਤਾ ਨਾਂਹ,
ਗੱਲ ਖੁਹਲ, ਖੁਹਲ ਠੱਪਦਾ, ਮੁਕਦੀ ਨਾਂਹ, ਵੜਦੀ
ਮੁੜ ਓਥੇ, ਜਿੱਥੋਂ ਓਹ ਕੱਢਣ ਦੀ ਕਰਦਾ,
… … …
ਠੀਕ ਇਹ ਵੀ ਕੁਛ ਕੁਛ ਹੈ,
ਗੱਲਾਂ ਇਹ ਸਬ ਕੁਛ ਕੁਛ ਹਨ ਵੀ ਮਿਲਵੀਆਂ,
ਮਿਲਵੀਆਂ,
ਅਕਲ ਇਨ੍ਹਾਂ ਨੂੰ ਪੂਰਾ ਖੁਹਲ ਨ ਸੱਕਦੀ, ਸਿਦਕ
ਖੁਹਲਦਾ, ਸੁਰਤਿ ਆਪੇ ਪਛਾਣਦੀ, ਕਹਣ ਦੀ
ਲੋੜ ਨਾਂਹ,
ਕਹਣ ਕੁਹਾਣ ਦੀ ਥਾਂ ਨਾਂਹ,
ਵੇਲੇ, ਵੇਲੇ ਦੀ ਖੇਡ ਕੋਈ,
ਹਾਂ ਵੀ, ਨਾਂਹ ਵੀ, ਗੱਲ ਵਿਚੂੰ ਅਸਲਾਂ ਹੋਰ ਹੈ ।
ਹੋਰ ਵੀ ।
… … …


ਹੰਕਾਰ ਤੇ ਸੁਰਤਿ ਦੀ ਜਨਮ ਕਥਾ
ਪਰ ਸੁਰਤਿ ਚੀਜ਼ ਰੱਬੀ
ਹੰਕਾਰ ਮਾਦੇ ਦੀ ਇਕ (?) ਹਾਲਤ ਜਿਹੀ,
ਸਵਿਨਬਰਨ ਜਿਨੂੰ, ਡਾਰਵਨ ਜਿਨੂੰ ਜੀਵਨ ਮੈਂ ਗਾਉਂਦੇ
ਓਹ ਨਿਰਾ, ਨਿਰੋਲ ਠੀਕ ਹੰਕਾਰ ਹੈ, ਇਹ ਸਥੂਲ
ਜਗ ਠੀਕ ਇਕ ਵਿਸ਼ਾਲ ਮਾਦਾ ਜਗ ਦਾ ਵੱਡਾ
ਡਰਾਉਣਾ ਹੰਕਾਰ ਹੈ,
ਇਹਦੇ ਦੰਦ ਤੇ ਪੰਜੇ ਸ਼ੇਰ ਦੇ, ਮੁੜ ਮੁੜ ਖਾਣ ਮ੍ਰਿਗਾਂ
ਪੰਛੀਆਂ, ਜ਼ੋਰ ਵਾਲਾ ਦਿੱਸਦਾ,
ਇਹ ਸਬਲ ਬ੍ਰਹਮ ਇਨ੍ਹਾਂ ਨੂੰ ਮਾਰਦਾ,
ਸਬਲ ਬ੍ਰਹਮ ਬੱਸ ਮਾਦੀ, ਵੱਡੀ, ਮੋਟੀ, ਡਾਢੀ, ਭਾਰੀ,
ਇਕ ਮੈਂ ਹੈ,
ਲੋਕੀ ਇਨੂੰ ਕੂਕ, ਕੂਕ, ਸਮਝਣ ਇਹ ਭਜਨ ਹੈ,
ਬ੍ਰਹਮਸੱਤਾ ਇਹ ਨਹੀਂ,
ਸ਼ੰਕਰ ਜੀ ਠੀਕ ਆਖਦੇ ।
ਸਬਲ ਬ੍ਰਹਮ ਇਕ ਮਾਯਾ ਹੈ, ਭੁਲੇਖਾ ਹੈ ਮ੍ਰਿਗ ਤ੍ਰਿਸ਼ਨਾਂ
ਵਾਂਗ ਅੱਖ ਦੀ ਗਲਤ-ਦੀਦ ਜਿਹੀ, ਤ੍ਰੈਕਾਲ
ਨਾ ਹੀ ਕੋਈ ਹੈ, ਨਾ ਕਦੀ ਹੋਵਸੀ,
ਡਾਰਵਨ ਤੇ ਸਵਿਨਬਰਨ ਤੇ ਹਿੰਦੂ ਵੀ ਢੱਠੇ, ਭੱਜੇ,
ਗੁੰਝਲਾਂ ਮਨ ਦੀਆਂ ਵਿੱਚ ਫਸੇ ਸਦੀਆਂ ਦੇ
ਫੇਰਾਂ ਵਿੱਚ ਗੁੰਮੇ ਗੁੰਮੇ ਸਾਰੇ ਇਨੂੰ ਬ੍ਰਹਮ ਮੈਂ ਮੈਂ
ਕੂਕਦੇ,
ਭੁਲਦੇ ਸਾਰੀਆਂ ਗੱਲਾਂ ਮਿਲਵੀਆਂ, ਮਿਲਵੀਆਂ,
ਡਾਢਿਆਂ ਦੇ ਪ੍ਰਛਾਵੇਂ ਸੱਚ ਜਾਦੂ-ਸੱਚ ਦਿੱਸਦੇ ।
ਸਬਲ-ਬ੍ਰਹਮ ਨੂੰ ਛੋ ਛੋ, ਸ਼ੰਕਰ ਜੀ ਜਿਨੂੰ
ਆਖਦੇ, ਹਾਇ ਓਨੂੰ ਰੱਬ, ਰੱਬ ਕੂਕਦੇ ।
ਇਹੋ ਬ੍ਰਹਮ ਹੈ, ਇਹੋ ਨਾਸਤਕਤਾ,
ਇਸ ਸਬਲ ਬ੍ਰਹਮ ਦੀ ਮੈਂ ਦੀ ਅਨੇਕਤਾ, ਨਾਨਤਾ ਦੀ
ਪੂਜਾ ਨੇ ਸਾਰਾ ਹਿੰਦੁਸਤਾਨ ਰੋੜ੍ਹਿਆ,
ਰੋੜ੍ਹਿਆ ਯੂਰਪ ਭਾਰਾ ਬਹੂੰ ਸਾਰਾ ਰੁੜ੍ਹ ਗਿਆ,
ਕੌਣ ਆਖੇ ਹਿੰਦੁਸਤਾਨ ਬ੍ਰਹਮ ਵਿੱਦਯਾ ਦੀ ਪੋਥੀ ਖੋਲ੍ਹਦਾ ?
ਇਹ ਤਾਂ ਮਾਯਾ ਦੇ ਰੰਗਾਂ ਵਿੱਚ ਯੂਰਪ ਵਾਂਗ ਬ੍ਰਹਮ ਟੋਲਦਾ,
ਗੱਲਾਂ ਹੋਰ, ਹੋਰ ਜ਼ਰੂਰ ਕਰਦਾ, ਰਹਣੀ ਸਾਰੀ ਯੂਰਪ ਵਾਲੀ
ਕੁਛ ਢੱਠੇ ਗਿਰੇ ਹੰਕਾਰ ਛਿਪੇ ਲੁਕੇ ਨਾਲ
ਵਾਂਗ ਕਾਇਰਾਂ, ਸਿੱਧਾ ਆਪਣੀ ਰਹਣੀ ਨਹੀਂ
ਦੱਸਦਾ ।
ਇਹ ਮਾਦੇ ਦਾ ਬੁੱਤ ਬ੍ਰਹਮ,
ਅਸਾਂ ਦੂਰ, ਦੂਰ ਰੱਖਣਾ,
ਇਹ ਨਾਮ ਬ੍ਰਹਮ ਦਾ ਲੈਣਾ ਤੇ ਪੈਸਾ ਪੂਜਣਾ, ਅਸਾਂ
ਦੂਰ, ਦੂਰ ਰੱਖਣਾ,
ਇਹ ਨਾਮ ਲੈਣਾਂ ਭਰਾਵਾਂ ਦਾ ਤੇ ਮੰਦਾ ਯਾਰਾਂ ਦਾ
ਲੱਗਣਾ ਇਸ ਮਨਮੁਖਤਾ ਨੂੰ ਦੂਰ, ਦੂਰ ਰੱਖਣਾ,
ਹੋਣਾ ਕੁਛ ਹੋਰ ਅਸਲੀ, ਤੇ ਬਿਰੂਪ ਜਿਹਾ ਭਰ ਕੇ ਹੋਰ
ਹੋ ਹੋ ਦੱਸਣਾ, ਇਹ ਢਠਾਣ ਅਸਾਂ ਦੂਰ, ਦੂਰ ਰੱਖਣਾ,
ਬ੍ਰਹਮ ਵਿੱਦਯਾ ਇਹ ਵਸਤ ਨਹੀਂ ਪਛਾਣਦੀ, ਸਬ
ਵਿੱਚ ਹੈ ਨਹੀਂ, ਹੋਈ ਨਾਂਹ, ਹੋਸੀ ਨਾਂਹ,
ਹੰਕਾਰ ਦਾ ਜਨਮ ਇਸ ਅੰਧਕਾਰ ਵਿੱਚ, ਵੱਡਾ ਨਿੱਕਾ
ਮਾਦਾ ਮਾਯਾ ਜਿਨੂੰ ਸ਼ੰਕਰ ਆਖਦੇ ।
ਅਸਾਂ ਦੂਰ, ਦੂਰ ਰੱਖਣਾ,
ਹੰਕਾਰ ਕਾਲਾ ਸਿਆਹ ਹੈ ।
… … …
ਸੁਰਤਿ ਦਾ ਜਨਮ ਸਿਦਕ ਵਿੱਚ,
ਜਿਥੇ ਰੱਬ ਹੀ ਰੱਬ ਕੁਲ ਚਾਨਣਾ,
ਮਾਦਾ ਓਥੇ ਸਦਾ ਦੀ 'ਨਹੀਂ' ਹੈ ।
ਮਾਦਾ ਅਸਾਂ ਨਹੀਂ ਤੱਕਣਾ, ਦੂਰ, ਦੂਰ, ਪਿੱਛੇ, ਪਿੱਛੇ,
ਰੱਖਣਾ, ਕੰਡ ਸਾਡੀ ਤੱਕੇ ਓਹ ਅਸਾਂ ਨਹੀਂ
ਤੱਕਣਾ, ਦੂਰ, ਦੂਰ ਰੱਖਣਾ ।
… … …
ਪਰ ਯਾਦ ਰੱਖਣਾ,
ਸੂਖਮ ਜਿਹਾ ਭੇਤ ਇੱਥੇ ਵੀ,
ਮਾਦੇ ਦੇ ਅੰਧਕਾਰ ਵਿੱਚ,
ਮਨ ਵਿਚੂੰ ਵੀ ਇਕ ਬਿਰੂਪ ਜਿਹਾ ਸਿਦਕ ਜੰਮਦਾ, ਜਿਨੂੰ
ਸਿਦਕ ਸਿਦਕ ਕਰ ਪੁਕਾਰਦੇ,
ਮਨ ਦੀ ਹਨੇਰੀ ਕੋਠੜੀ ਵਿੱਚ ਜੰਮਿਆਂ ਸਿਦਕ ਨਾਂਹ,
ਇਹ ਭੁੱਲ ਹੰਕਾਰ ਦੀ ।
ਇਸ ਸਿਦਕ ਦੇ ਬਿਰੂਪ ਨੂੰ, ਦੂਰ, ਦੂਰ ਰੱਖਣਾ ।
ਪਛਾਨਣਾ ਬਿਰੂਪ ਹੈ ਤੇ ਇਹਦਾ ਗਲੀਆਂ ਦਾ ਮੰਗਣਾ,
… … …
ਸਿਦਕ ਆਉਂਦਾ ਹਦ ਕਲੇਜੇ ਤੀਰ ਵੱਜਦਾ,
ਪਲ ਛਿਨ, ਘੜੀ, ਘੜੀ, ਕਦਮ, ਕਦਮ,
ਦਮ ਬਦਮ ਚੁਭਦਾ, ਖੋਭਦਾ ਆਪਣੀ ਤ੍ਰਿਖੀ, ਤ੍ਰਿਖੀ
ਅਣੀ, ਆਖਦਾ ਦੱਸ, ਪੀੜ ਠੀਕ ਹੈ ?
ਤਾਂ ਸਿਦਕ ਆਉਂਦਾ ।
… … …
ਮਨ ਮੇਰਾ ਹਨੇਰਾ ਘੁਪ ਮੁੜ ਮੁੜ ਕਰਦਾ,
ਹੰਕਾਰ ਦੈਵ ਵਾਂਗੂੰ ਇਹ ਆਣ ਵੜਦਾ,
ਮਾਰਦਾ ਵਡੇ, ਵਡੇ, ਗੁਰਜ ਹਨੇਰੇ ਦੇ,
ਮੇਰੀਆਂ ਨਵੀਆਂ ਆਈਆਂ ਨਿੱਕੀਆਂ, ਨਿੱਕੀਆਂ ਨੂਰ
ਦੀਆਂ ਰਸ਼ਮੀਆਂ ਨੂੰ,
ਆਖਦਾ ਮੇਰਾ ਘਰ, ਨਿਕਲੋ, ਤੁਸੀਂ ਕਿਥੂੰ ਆਈਓ ?
ਪਰ ਹੋਰ ਹੋਰ ਤੀਰ ਵਾਂਗੂੰ ਹੰਕਾਰ ਨੂੰ ਪ੍ਰੋਂਦੀਆਂ,
ਲਿਪਟਦੀਆਂ ਗੁੰਝਲਾਂ ਖਾ, ਖਾ, ਸੋਨਾ ਹਨੇਰੇ ਦੇ ਦਿਲ
ਤੇ ਡੋਹਲਦੀਆਂ,
ਇਹ ਕਿਰਨਾਂ ਵੀ ਤੀਰ ਹਨ ਕਿਸੀ ਡਾਢੇ ਦੀ ਕਮਾਨ ਦੇ,
ਦੇਖ ਦੇਖ ਅਮਨ-ਜੰਗ ਸਿੱਖ ਰੀਝਦਾ,
ਤਾਂ ਸਿਦਕ ਆਉਂਦਾ ।
… … …
ਲੱਖਾਂ ਵੈਰੀ ਟੁਰ ਮਾਰਨ ਆਉਂਦੇ,
ਸਿੱਖ ਅਕੱਲਾ, ਡਰਦਾ, ਸੈਹਮਦਾ,
ਓਹ ਸਾਹਮਣੇ ਨੀਲੇ ਘੋੜੇ ਤੇ ਚੜ੍ਹ ਗੁਰੂ ਆਉਂਦਾ,
ਲੱਖਾਂ ਫੌਜਾਂ ਨਾਲ ਨਾਲ ਆਉਂਦੀਆਂ, ਅਸਮਾਨ ਸਾਰੇ
ਭਰਦੇ ।
ਲੱਖਾਂ ਦਾ ਮੁਕਾਬਲਾ ਇੱਕ ਸਿੱਖ ਕਰਦਾ, ਜਿੱਤਦਾ,
ਤਾਂ ਸਿਦਕ ਆਉਂਦਾ ।
ਮੌਤ ਆਉਂਦੀ, ਡਰਾਉਂਦੀ,
ਹਾਲੇ ਕੱਚਾ, ਦਿਲ ਨਹੀਂ ਕਰਦਾ ਗੁਰੂ-ਦੇਸ ਜਾਣ ਨੂੰ,
ਅੱਗੇ ਦੀ ਸੋਹਣੀ ਗੁਰੂ-ਚਰਨ ਸ਼ਰਨ ਜੀਣ-ਨੂੰ ਹਾਲੇਂ
ਮੌਤ ਆਖਦਾ,
ਇਹ ਯਾ ਇਹ ਜਿਨੂੰ ਪਯਾਰ ਕਰਦਾ, ਜਦ ਦਿੱਸਦਾ ਜਾਉਂਦਾ,
ਮੁੜ ਇਹਦਾ ਨਵਾਂ-ਆਯਾ ਸਿਦਕ ਕੰਬਦਾ,
ਕੰਹਦਾ, ਗੁਰੂ ਹੁੰਦਾ ਰੱਖਦਾ,
ਦੇਖ ਸ਼ੱਕ ਇਹ ਹਨੇਰ ਮੁੜ ਪੈਂਦਾ,
ਗੁਰੂ ਦਰਸ਼ਨ ਮੁੜ ਦੇਂਵਦਾ, ਬਚਾਉਂਦਾ ਇਨੂੰ ਯਾ ਜਿਨੂੰ
ਇਹ ਪਿਆਰ ਕਰਦਾ,
ਇਹਦੇ ਅੱਖਾਂ ਦੇ ਸਾਹਮਣੇ ਮੌਤ ਡਰਦੀ, ਨੱਸਦੀ,
ਉਡਦੀ,
ਜਿਵੇਂ ਕਾਲਾ ਹਿਰਨ ਭੱਜਦਾ,
ਤਾਂ ਸਿਦਕ ਆਉਂਦਾ ।
… … …
ਸੁੱਤਾ, ਸੁੱਤਾ ਲੱਗਦਾ,
ਲੋਕੀ ਬੜੇ ਚਤੁਰ, ਪੰਡਤ, ਪੜ੍ਹੇ ਦਿੱਸਦੇ,
ਇਹ ਨਿੱਕਾ ਨਿੱਕਾ ਲੱਗਦਾ,
ਲੋਕੀ ਬੜੇ ਵੱਡੇ, ਵੱਡੇ ਲੱਗਦੇ,
ਲੋਕੀ ਬੈਠਣ ਕੁਰਸੀਆਂ, ਆਸਨਾਂ, ਸਿੰਘਾਸਨਾਂ,
ਇਹ ਘਾਹ ਖਨੋਤ੍ਰਦਾ,
ਇਹ ਦਿੱਸੇ ਨਿਮਾਣਾ ਜਿਹਾ ਆਪਾਂ ਨੂੰ, ਹੋਰਾਂ ਨੂੰ,
ਗੁਰੂ ਕੰਡੀ ਹੱਥ ਜਦ ਰਖਦਾ,
ਪੰਡਤ-ਜਗਤ ਸਾਰਾ ਪੰਡਤਾਈ ਭੁੱਲਦਾ,
ਵੱਡਾ-ਜਗਤ ਸਾਰਾ ਨਿੱਕਾ, ਨਿੱਕਾ ਹੋਂਵਦਾ,
ਇਹਦੇ ਸੁਣ ਵਚਨ, ਸਾਦੇ ਸਾਦੇ ਗੀਤ ਸਾਰੇ,
ਹੈਰਾਨ ਹੋ ਵੇਖਦਾ, ਅਨਪੜ੍ਹਿਆ ਕਿਆ ਬੋਲਦਾ ?
ਤਾਂ ਸਿਦਕ ਆਉਂਦਾ ।
… … …
ਸਾਰੀਆਂ ਔੜਕਾਂ ਗੁਰੂ ਝਾਗਦਾ,
ਕੰਮ ਸਾਰੇ ਇਹਦੇ ਗੁਰੂ ਸਰਦਾ,
ਸੇਵਾ ਜਿੰਮੇਵਾਰੀ ਸਾਰੀ ਇਹਦੀ ਗੁਰੂ ਚੱਕਦਾ,
ਗੁਰੂ ਦੇਂਦਾ ਦੀਦਾਰੇ ਮੁੜ, ਮੁੜ
ਅੱਗ, ਜਲ, ਮੁਸ਼ਕਲ ਪਈ ਭਾਰੀ ਥੀਂ ਬਚਾਂਵਦਾ,
ਦਿਨ ਰਾਤ ਸਿਖ ਦਾ ਕਰਮਾਤਾਂ ਨਾਲ ਜੜਦਾ,
ਦਿਨ ਰਾਤ ਲਿਸ਼ਕਦਾ,
ਫਿਰ ਵੀ ਕੰਮ ਪੂਰਾ ਹੋਇਕੇ ਹਨੇਰਾ ਮਨ ਵਿੱਚ ਵੜਦਾ,
ਕਾਰਨ ਕਾਮਯਾਬੀ ਦੇ ਲੱਖਾਂ ਹੋਰ ਹੋਰ ਦੱਸਦਾ, ਕਰਮਾਤ
ਨੂੰ ਅਣਗੌਲੀ ਜਿਹੀ, ਸਧਾਰਣ ਜਿਹੀ ਗੱਲ
ਵਿਚ ਪਲਟਦਾ; ਹੋਯਾ ਕੀ-ਇੰਞ ਹੀ ਸੀ ਹੋਵਣਾ ?
ਘੜੀ, ਘੜੀ ਭੁੱਲਦਾ, ਹਨੇਰਾ ਚੱਕਰ ਮਾਰਦਾ,
ਮੁੜ, ਮੁੜ ਗੁਰੂ ਥੀਂ ਮੁਨੱਕਰ ਨਿੱਕੀ ਨਿੱਕੀ ਗੱਲ ਤੇ
ਮੇਰਾ ਯਾਰ ਹੋਵੰਦਾ,
ਗੁਰੂ ਦੀ ਮੇਹਰ ਅਣਭੱਜਵੀਂ,
ਗੁਰੂ ਦਾ ਬਿਰਦ ਪੂਰਾ, ਅਨੰਤ ਸਾਰਾ,
ਵੱਡੀ ਵੱਡੀ ਕਰਮਾਤ ਕੀਤੀ ਪਿਆਰ ਦੀ,
ਨਿੱਕੀ ਨਿੱਕੀ ਵੀ ਕਰਦਾ, ਜਿਵੇਂ ਬੱਚੇ ਨਾਲ ਪਿਓ
ਖੇਡਦਾ, ਰਿਧੀ ਸਿੱਧੀ ਦੱਸਦਾ,
ਤੇ ਘੜੀ, ਘੜੀ, ਪਲ ਛਿਨ,
ਸਿਖ ਦੇ ਸਿਦਕ ਨੂੰ ਆਪਣੇ ਆਤਮ-ਮਾਸ ਨਾਲ ਪਾਲਦਾ,
ਤਾਂ ਸਿਦਕ ਆਉਂਦਾ ।
… … …
ਸੁਹਣੀ ਚੀਜ਼ਾਂ ਦੇਖ ਸਿਖ ਭੁੱਲਦਾ,
ਕਰਮਾਤ ਸਾਰੀ, ਗੁਰੂ ਦੀ ਦਮਬਦਮ ਮਿਹਰ ਸਾਰੀ
ਮਿਹਰਾਂਵਾਲੀ ਸੇਵਾ ਸਾਰੀ, ਇਕ ਪਲਕ ਵਿੱਚ
ਭੁੱਲਦਾ ।
ਨੱਸਦਾ ਮੁੜ ਮਾਦੇ ਭੁਲੇਖੇ ਵੱਲ,
ਮੁੜ, ਮੁੜ ਭੁੱਲਦਾ, ਲੋਚਦਾ ਸੁੰਦਰ ਅੰਗਨੀਆਂ, ਸੁਫਨੇ
ਲੈਂਦਾ ਓਨ੍ਹਾਂ ਦੇ ਚੰਨ ਮੂੰਹਾਂ ਦੇ,
ਗੁਰੂ ਲੱਖ ਤਰਕੀਬ ਕਰਦਾ,
ਅੱਗੂੰ, ਪਿਛੂੰ, ਛੁਪ, ਛੁਪ, ਮਾਯਾ ਦੀ ਖਿਚਾਂ ਦੇ ਧਾਗੇ
ਕੱਟਦਾ, ਭੁਲੇਖਾ ਤੋੜਦਾ, ਭੁੱਲਾਂ ਮੋੜਦਾ, ਮਾਰ
ਮਾਰ ਤੀਰ ਪ੍ਰਕਾਸ਼ ਦੇ । ਮਾਇਆ-ਸੁਹਣੱਪ ਤੋੜਦਾ,
ਰੂਹ ਸਿਖ ਦਾ ਫਿਰ ਮੁਹਾਰਾਂ ਮੋੜਦਾ, ਖਾ, ਖਾ ਮਾਯੂਸੀਆਂ,
ਗੁਰੂ ਲੱਖ ਵੇਰੀ ਇਉਂ ਚਿੱਕੜ ਫਸੇ ਨੂੰ ਕੱਢਦਾ, ਧੋਂਦਾ
ਭਰੇ ਅੰਗ ਸਾਰੇ, ਮਾਂ ਵਾਂਗ,
ਉੱਚਾ ਕਰਦਾ ਛਿਪਕੇ ਉਸ ਵਿੱਚ ਤੇ ਸਿਖ ਸਿਰ ਚੱਕਦਾ
ਵਾਂਗ ਉੱਚੀ ਬਰਫ ਦੀਆਂ ਚੋਟੀਆਂ,
ਤੇ ਗੁਰੂ ਕਿਰਨ-ਫੁਹਾਰ ਸੁੱਟਦਾ, ਸੋਨਾ ਸਾਰਾ ਪਾਣੀ
ਪਾਣੀ ਕਰਕੇ ਇਸ ਨਵੇਂ-ਕੰਙਣੇ ਵਾਲੇ ਦੇ ਸਿਰ
ਛੱਤਰ ਰਖਦਾ,
ਮੁਕਟ ਬੰਨ੍ਹਦਾ, ਆਖਦਾ-ਤੂੰ ਕਿਹਾ ਸੋਹਣਾ ਅੱਜ
ਓ ਬਰਫਾਂ ਲੱਦਯਾ ! ਪਰਬਤਾਂ ਤੇ ਸੂਰਜ ਦੀ ਕਿਰਨ
ਤੇਰੀ ਬਰਫ ਵਿੱਚ ਖੇਡਦੀ, ਤੂੰ ਕਿਹਾ ਉੱਚਾ !
ਤਾਂ ਸਿਦਕ ਆਉਂਦਾ ।
… … …
ਫਿਰ ਸਿਦਕ ਕਣੀ, ਕਣੀ ਬੱਝਦਾ, ਕਣੀ, ਕਣੀ ਵੱਧਦਾ,
ਕੇਈ ਵੇਰੀ ਨਵਾਂ ਅੰਗੂਰਿਆ ਸੜਦਾ, ਮੁੜ ਬੀਜਦਾ
ਗੁਰੂ ਮਿਹਰ ਕਰ, ਮੁੜ ਅੰਗੂਰਦਾ, ਸਦੀਆਂ ਦੀ
ਖੇਡ ਲੱਗੀ, ਗੁਰੂ ਕਿਰਤ ਉਨਰ ਹੈ ।
ਸਦੀਆਂ ਲੰਘਦੀਆਂ, ਦੌਰ ਲੰਘਦੇ, ਇੱਕ ਪੂਰੀ ਸਿੱਖ-
ਸੁਰਤਿ ਬਨਾਣ ਨੂੰ, ਹਾਂ ਇਹ ਰੀਣ ਕੁ, ਰੀਣ ਕੁ
ਵਧਦੀ, ਬਣਦੀ,
ਤਾਂ ਇਹ ਬਣੀ ਸੁਰਤ ਸਿੱਖ ਦੀ,
ਲਿਸ਼ਕ ਮਾਰਦੀ,
ਜਿਸ ਬਿਜਲੀ ਦੇ ਮੂੰਹ ਨੂੰ ਚੁੰਮਣ ਦੌੜਦੇ ਇਹ 'ਨਿਤਸ਼ੇ'
ਤੇ 'ਇਕਬਾਲ' ਤੇ ਇਹੋ ਜਿਹੇ ਸਾਰੇ ।
… … …
ਇਹ ਸਨਅਤ ਕੀ ਸੌਖੀ !
ਗੁਰੂ ਸੁਰਤਿ ਦੀ ਕਿਰਤ ਦਿਨ ਰਾਤ ਜਾਗ ਕੇ ?
ਮੁਸਲਮਾਣ, ਹਿੰਦੂ, ਸਿੱਖ ਸੱਚਾ,
ਈਸਾਈ, ਬੋਧੀ ਇਕੇ,
ਬੰਦਾ ਹੋਵੇ ਰੱਬ ਦਾ, ਗੁਰੂ ਮਿਹਰ ਕਰਦਾ,
ਪਰ ਪੁੱਛੇ ਕੋਈ, ਇਨ੍ਹਾਂ ਸਿਆਣਿਆਂ,
ਕਦੀ ਹੀਰੇ ਲੱਭਣ ਗਲੀ ਗਲੀ,
ਭਾਵੇਂ ਲੱਖ ਵੇਰੀ ਆਖੋ-ਆਓ ਹੀਰਿਓ ਨਿਤ੍ਰੋ !
ਕਦੀ ਸੁਰਤਿ ਬੋਲਦੀ ਇਓਂ ਬੁਲਾਵੋ ਤੁਸੀਂ ਲੱਖ ਵੇਰੀਆਂ
ਘੜੀ ਘੜੀ,
ਹੰਕਾਰ ਬੋਲਸੀ, ਜ਼ਰੂਰ ਬੋਲਸੀ, ਆਸੀ ਲੱਖ, ਲੱਖ
ਪੌਸ਼ਾਕੇ ਪਾ ਕੇ ।
… … …



ਗੁਰੂ ਇਸੇ ਛੁਪੇ ਭੇਤ ਦੇ ਘੁੰਡ ਦੇ ਭੇਤ ਚੱਕਦਾ,
ਪਰ ਚੱਕੇ ਘੁੰਡ ਵੀ, ਤੱਕਣ ਵਾਲੀ ਅੱਖ ਨਹੀਂ ।
ਇਹ ਭੇਤ ਨਿਰੀ ਸਿਦਕ-ਪੱਕੀ ਅੱਖ ਵੇਖਦੀ,
… … …
ਜਦ ਗੁਰੂ-ਸਿਦਕ ਦੀ ਅੱਖ ਖੋਹਲਦਾ,
ਸਿੱਖ ਇਹ ਜਾਣਦਾ,
ਉਨੂੰ ਗੁਰੂ ਚੰਗਾ ਲੱਗਦਾ,
ਜਿਨੂੰ ਗੁਰੂ ਆਪ ਪਹਲੇ ਪਿਆਰਦਾ,
ਇਉਂ ਤਾਂ ਅੱਜ ਗੁਰੂ ਗ੍ਰੰਥ ਘਰ, ਘਰ ਬਰਾਜਦਾ,
ਪਰ ਵਿਰਲਾ ਕੋਈ ਜਾਣਦਾ, ਗੁਰੂ-ਸੁਰਤਿ ਕਿੱਥੇ
ਬੋਲਦੀ,
ਗੁਰੂ ਗ੍ਰੰਥ ਕਿੰਞ ਘੁੰਡ ਚੱਕਦਾ, ਪੀਰਾਂ ਦੇ, ਫਕੀਰਾਂ ਦੇ,
ਪੈਗੰਬਰਾਂ ਦੇ, ਰਿਸ਼ੀਆਂ ਦੇ, ਅਵਤਾਰਾਂ ਦੇ, ਤੇ
ਕਿੰਞ ਖੋਹਲਦਾ ਆਤਮ-ਸੁਰਤਿ ਭੇਤ ਨੂੰ,
ਪਰ ਗੁਰੂ ਗ੍ਰੰਥ ਦੇ ਸੋਹਣੇ ਹੱਥ ਪੈਰ ਕਿਨੂੰ ਦਿੱਸਦੇ ?
ਓਹ ਰੰਗੀਲਾ ਗੁਰੂ ਮੁੜ ਮੁੜ ਦੱਸਦਾ, ਹਾਏ ! ਕੌਣ
ਤੱਕਦਾ ?
ਸਾਡੇ ਕੰਨ ਵਿੱਚ ਅੱਜ ਖਬਰੇ ਕਾਗਤ ਖੜਕਦੇ,
ਦੇਸ ਸਾਰੇ ਹੱਥ ਅਖਬਾਰ ਹੈ, ਦੇਸ ਸਾਰਾ ਮਨ ਫਸਿਆ,
ਮੁੜ ਹਨੇਰੇ ਰੋੜ੍ਹਿਆ,
ਬਾਬਾ ਮੇਹਰ ਕਰੇ ।
ਘਰ, ਘਰ ਗੁਰੂ ਵੱਸਦਾ ਪੰਜਾਬ ਵਿੱਚ,
ਘਰ, ਘਰ ਬਰਕਤ ਵੱਸਦੀ,
ਪਰ ਨੈਣ ਸਾਡੇ ਮੁੜ ਮਨ-ਬੰਦ ਨੈਣ ਹੋਏ,
ਗੁਰੂ ਦੀ ਮੇਹਰ ! ਨੈਣ ਮੋੜਦੇ !
ਇੱਥੇ ਅੱਜ ਜ਼ਾਹਰਾ ਜ਼ਹੂਰ ਸਾਡਾ ਗੁਰੂ ਗ੍ਰੰਥ ਹੈ,
ਗੁਰੂ ਇਹ ਆਪ ਜਰਨੈਲ ਹੈ,
ਲੱਖਾਂ ਫੌਜਾਂ ਤਾਬੇ ਇਸ ਗੁਰੂ ਸੂਰਮੇ,
ਵੱਖਰਾ ਸਿੱਖ ਹੋ ਸਕਦਾ ਨਹੀਂ, ਵਖਰਾ ਅੰਧਕਾਰ
ਹੰਕਾਰ ਹੈ ।
ਸਿਖ ਇਤਹਾਸ ਸਾਰਾ ,
ਬਾਣੀ ਦੀ ਟੀਕਾ
ਸੁਰਤਿ ਦੇ ਭੇਤ ਦਾ,
ਸੋਹਣਾ ਦਸ ਅਵਤਾਰ ਹੈ ।
ਛਬੀ ਸਾਰੀ ਮਿਲਵੀਂ, ਮਿਲਵੀਂ,
ਵੱਖ ਵੇਖਣਾ ਪਾਪ ਹੈ,
ਗੁਰੂ ਇਤਹਾਸ ਸਾਰਾ,
ਗੁਰੂ-ਕਿਰਤ ਸਾਰੀ,
ਗੁਰੂ-ਕਰਨੀ ਮਿਲਵੀਂ, ਮਿਲਵੀਂ
ਬਾਣੀ ਦਾ ਅਲਾਪ ਹੈ,



ਹੁਣ ਅੱਗੇ ਬੋਲਣਾ,
ਮੁੜ ਫਲਸਫਾ ਤੋਲਣਾ,
ਸਿੱਖ-ਸੁਰਤਿ ਦਾ ਕੰਮ ਨਹੀਂ, ਬੱਸ ! ਬੱਸ !!
ਵਾਹ, ਵਾਹ ਗਾਵਣਾ ।
ਹਲ ਫੜ ਜੋਵਣਾ,
ਮਈਆਂ ਨੂੰ ਚੋਵਣਾ,
ਦੁੱਧ ਰਿੜਕਣਾ, ਪੀਂਣਾ, ਥੀਂਣਾ ਬੱਸ ! ਬੱਸ !! ਬੱਸ !!!
ਸਿਪਾਹੀ ਗੁਰੂ ਦਾ ਹੋਵਣਾਂ, ਹੋਵਣਾਂ,
ਹੱਥ, ਪੈਰ, ਨਾਲ ਕੰਮ,
ਸੁਰਤਿ ਠੰਢੀ ਠਾਰ, ਲਿਪਟੀ ਸਾਈਂ ਦੇ ਚਰਨ,
ਤੇ ਖੁਸ਼ ਹੋ, ਚਾਉ ਵਿੱਚ, ਰਸ ਵਿੱਚ,
ਹੁਕਮ ਕਾਰ ਕਮਾਵਣੀ,
ਹੁਕਮ ਮੰਨਣਾ, ਇਹ ਅਰਦਾਸ ਸਿੱਖ ਦੀ,
ਅਟੁੱਟਵੇਂ ਕਿਸੀ ਸਵਾਦ ਦੇ ਹੜ੍ਹ ਉੱਤੇ ਤਰਦੇ, ਕਦੀ
ਕਦੀ ਡੁੱਬਦੇ,
ਆਪਣੇ ਸੂਰਜ ਦੇ ਪ੍ਰਕਾਸ਼ ਵਿੱਚ ਰੁੜ੍ਹਨਾ,
ਸ਼ੁਕਰ ਸ਼ੁਕਰ ਕਰਨਾ, ਗਾਉਣਾ ਦਮ ਬਦਮ
ਵਾਹਿਗੁਰੂ, ਬਸ, ਬਸ, ਬਸ,
ਦਿਨ ਰਾਤ ਮੰਗਣਾ-
ਸਿਦਕ ਤੇ ਸਿੱਖੀ,
ਮਨ ਨੀਵਾਂ, ਮਤ ਉੱਚੀ,
ਚੜ੍ਹਦੀ ਕਲਾ, ਨਾਮ ਦਾ ਜਪਣਾ,
ਨਾਲ ਉਚਯਾਈ ਸਾਰੇ ਸਿੱਖ ਇਤਹਾਸ ਦੀ ਤੇ ਚੜ੍ਹੇ
ਦਿਨ ਚੜ੍ਹਨਾ,
ਪਰਬਤਾਂ ਤੇ ਵੱਸਣਾ, ਨੀਵੀਂ ਨੀਵੀਂ ਗੱਲ ਨਾਂਹ,
ਤੇ ਕਦਮ ਕਦਮ ਤੁਰਨਾ, ਸਹਜ ਇੱਕ ਮਿੱਠੇ, ਨਿੱਕੇ
ਪਿਆਰ ਵਿੱਚ,
ਟੁਰਨਾ, ਟੁਰਨਾ, ਕਦਮ ਮਿਲਾ ਕੇ,
ਅੱਗੇ ਲੰਘ ਗਈਆਂ ਫੌਜਾਂ ਨਾਲ ਕਦਮ ਮਿਲਾ ਕੇ,
ਹੁਣ ਦੀਆਂ ਫੌਜਾਂ ਦੀ ਕਤਾਰ ਵਿੱਚ ਠੀਕ ਕਦਮ
ਮਿਲਵਾਂ,
ਤੇ ਕਦਮ ਸਿੱਖ ਦਾ ਪਵੇ ਪਿੱਛੇ ਆਂਦੀਆਂ ਫੌਜਾਂ ਦੇ ਕਦਮ
ਨਾਲ ਕਦਮ ਪੂਰਾ, ਪੂਰਾ,
ਹਾਂ ਜੀ ! ਕਦਮਾਂ ਮਿਲਾ ਕੇ, ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਸਵਾ ਲੱਖ ਕਦਮ, ਇਕ ਕਦਮ ਦਾ, ਕਦਮਾਂ ਮਿਲਾ ਕੇ,
ਸਵਾ ਲੱਖ ਸਵਾਸ, ਇਕ ਸਵਾਸ ਭਰਦਾ, ਕਦਮਾਂ ਮਿਲਾ ਕੇ,
ਸਵਾ ਲੱਖ ਹੱਥ, ਇਕ ਹੱਥ ਦਾ, ਕਦਮਾਂ ਮਿਲਾ ਕੇ,
ਸਵਾ ਲੱਖ ਸਿਰ, ਇਕ ਸਿਰ ਦਾ, ਕਦਮਾਂ ਮਿਲਾ ਕੇ,
ਇਕ ਇਕ ਗੁਰੂ ਦਾ ਸਿੱਖ, ਫੌਜਾਂ !
ਫੌਜਾਂ ਭਾਰੀਆਂ ਸਾਰੀਆਂ, ਕਦਮਾਂ ਮਿਲਾ ਕੇ,
ਹਾਂ ਜੀ ! ਕਦਮਾਂ ਮਿਲਾ ਕੇ, ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਟੁਰਨਾ, ਟੁਰਨਾ, ਟੁਰਨਾ,
… … …
ਇਹ ਭੇਤ ਸਿੱਖ-ਆਵੇਸ਼ ਦਾ,
ਸਿੱਖ-ਇਤਹਾਸ ਦਾ,
ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਅਕਾਲੀ ਬਾਣੀ ਦਾ,
ਇਹ ਦਰਸ਼ਨ ਗੁਰ-ਅਵਤਾਰ ਸੁਰਤਿ ਦਾ ।
ਕੁਛ ਕੁਛ, ਕਿਸੀ ਕਿਸੀ ਛਾਤੀ ਵਿੱਚ ਕਦੀ ਕਦੀ
ਭਖਦਾ,
ਸਦੀਆਂ ਛਿਪ ਛਿਪ ਰੰਹਦਾ, ਮੁੜ ਉੱਘੜਦਾ,
ਪਲ ਛਿਨ ਲਈ ਬੱਸ ਘੁੰਡ ਉੱਠਦਾ, ਫਿਰ ਘੁੰਡ ਕੱਢਦਾ,
ਇਓਂ ਹੀ ਗੁਰੂ-ਅਵਤਾਰ ਦੀ ਸੁਰਤਿ ਤੇ ਸਿੱਖ-ਸੁਰਤਿ
ਖੇਡਦੀ,
ਅੱਗੇ, ਪਿੱਛੇ, ਅੱਜ , ਕਲ ਭਲਕੇ ਦੇ
ਕਦਮਾਂ ਨਾਲ ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਟੁਰਨਾ, ਟੁਰਨਾ, ਟੁਰਨਾ, ।

॥ਇਤਿ॥

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ