Khooni Visakhi : Nanak Singh

ਖੂਨੀ ਵਿਸਾਖੀ : ਨਾਨਕ ਸਿੰਘ

(ਇਸ ਕਵਿਤਾ ਅਤੇ "ਜ਼ਖ਼ਮੀ ਦਿਲ" ਲਈ ਨਾਨਕ ਸਿੰਘ ਨੂੰ ਕੈਦ ਹੋਈ ਸੀ )

1. ਪਹਿਲਾਂ ਰਾਮ ਨੌਮੀ ਦੇ ਦਿਨ ਦਾ ਹਾਲ

ਸਾਰੇ ਸਿੱਖ ਹਿੰਦੂ ਅਤੇ ਮੁਸਲਮਾਨਾਂ
ਰਲ ਮਿਲ ਇਹ ਪੁਰਬ ਮਨਾਇਆ ਜੀ।
ਮੁਸਲਮਾਨਾਂ ਨੇ ਅੱਜ ਇਤਫ਼ਾਕ ਵਾਲਾ
ਇਹ ਅਦੁੱਤੀ ਸਬੂਤ ਵਿਖਾਇਆ ਜੀ।
ਭਾਵੇਂ ਪੁਰਬ ਸੀ ਅਸਲ ਵਿਚ ਹਿੰਦੂਆਂ ਦਾ,
ਐਪਰ ਮੋਮਨਾਂ ਖੂਬ ਸਜਾਇਆ ਜੀ।
ਓਸ ਦਿਨ ਦੀ ਕੀ ਮੈਂ ਗੱਲ ਦੱਸਾਂ,
ਅਜਬ ਸਮਾਂ ਕਰਤਾਰ ਲਿਆਇਆ ਜੀ।
"ਡਾਕਟਰ ਕਿਚਲੂ ਤੇ ਸੱਤਯਾ ਪਾਲ ਸਾਹਿਬ",
ਜਿਨ੍ਹਾਂ ਅੱਜ ਦਾ ਵਕਤ ਦਿਖਾਇਆ ਜੀ।
ਗਲੇ ਦੋਹਾਂ ਦੇ ਫੁਲਾਂ ਦੇ ਹਾਰ ਪਾ ਕੇ,
ਸਾਰੇ ਸ਼ਹਿਰ ਨੂੰ ਦਰਸ਼ਨ ਕਰਾਇਆ ਜੀ।
ਹਰ ਇਕ ਹਿੰਦੂ ਮੁਸਲਮਾਨ ਤਾਈਂ,
ਦਿਲੋਂ ਜਾਣਦਾ ਮਾਈ ਦਾ ਜਾਇਆ ਜੀ।
ਕਦੇ ਏਦਾਂ ਦਾ ਪ੍ਰੇਮ ਨਾ ਕਿਸੇ ਡਿੱਠਾ,
ਜਗਤ ਜਦੋਂ ਦਾ ਰੱਬ ਬਣਾਇਆ ਜੀ।
ਏਹ ਤਾਂ ਨਵਾਂ ਹੀ ਪ੍ਰੇਮ ਦਾ ਬੀਜ ਏਥੇ,
ਕਿਸੇ ਅਰਸ਼ ਤੋਂ ਆਣ ਕੇ ਲਾਇਆ ਜੀ।
ਦੂਈ ਸਭ ਦੇ ਦਿਲਾਂ ਤੋਂ ਦੂਰ ਹੋਈ,
ਵੀਰ ਵੀਰ ਤਾਈਂ ਨਜ਼ਰ ਆਇਆ ਜੀ।
ਪਾਣੀ ਇੱਕ ਗਲਾਸ ਦੇ ਵਿਚ ਪੀਤਾ,
ਖਾਣਾ ਇੱਕ ਥਾਂ ਸਭ ਨੇ ਖਾਇਆ ਜੀ।
ਸਾਰੀ ਉਮਰ ਦੇ ਵਿਛੜੇ ਵੀਰਨਾਂ ਨੂੰ
ਅੱਜ ਆਪ ਕਰਤਾਰ ਮਿਲਾਇਆ ਜੀ।

ਓਸ ਦਿਨ ਹਰ ਥਾਂ 'ਤੇ ਮੁਸਲਮਾਨਾਂ,
ਦੁੱਧ ਦੀਆਂ ਛਬੀਲਾਂ ਚਾ ਖੋਲ੍ਹੀਆਂ ਜੀ।
ਨਾਲ ਹਿੰਦੂਆਂ ਸਭ ਨੇ ਹੋਏ ਸ਼ਾਮਲ,
ਭਰ ਭਰ ਪਾਈਆਂ ਫੁੱਲਾਂ ਦੀਆਂ ਝੋਲੀਆਂ ਜੀ।
ਕੀਤੀ ਹਿੰਦੂਆਂ ਦੀ ਦਿਲ ਖੋਲ੍ਹ ਸੇਵਾ,
ਥਾਓਂ ਥਾਈਂ ਬਨਾਇ ਕੇ ਟੋਲੀਆਂ ਜੀ।
ਮਾਨੋਂ ਕ੍ਰਿਸ਼ਨ ਨੇ ਅੱਜ ਪ੍ਰਸੰਨ ਹੋ ਕੇ,
ਬਿੰਦ੍ਰਾ ਬਨ ਵਿਚ ਖੇਡੀਆਂ ਹੋਲੀਆਂ ਜੀ।
ਹੋਣੀ ਆਖਦੀ ਸੁਣੋ ਨਾਦਾਨ ਲੋਕੋ,
ਹੱਟਾਂ ਕਾਸ ਨੂੰ ਅੱਜ ਚਾ ਖੋਲ੍ਹੀਆਂ ਜੀ।
ਭਲਕੇ ਫੇਰ ਹੈ ਤੁਸਾਂ ਹੜਤਾਲ ਕਰਨੀ,
ਨਾਲ ਵੱਸਣਗੀਆਂ ਤੁਸਾਂ ਪਰ ਗੋਲੀਆਂ ਜੀ।

2. ਦੂਜੇ ਦਿਨ ਡਾਕਟਰ ਸਤਯਪਾਲ ਤੇ ਡਾਕਟਰ ਸੈਫ਼ੋਦੀਨ ਦਾ ਗ੍ਰਿਫ਼ਤਾਰ ਹੋ ਜਾਣਾ

ਸਤਯਪਾਲ ਅਤੇ ਸੈਫ਼ੋਦੀਨ ਨੇ ਜੀ
ਅਜੇ ਰੱਜ ਦੀਦਾਰ ਨਾ ਕੱਲ੍ਹ ਦਿੱਤਾ,
ਅੱਜ ਚਾੜ੍ਹ ਕੇ ਉਹਨਾਂ ਨੂੰ ਮੋਟਰਾਂ ਤੇ,
ਪਤਾ ਨਹੀਂ ਕਿਹੜੀ ਤਰਫ਼ ਘੱਲ ਦਿੱਤਾ।
ਬਲਦੀ ਅੱਗ ਤੇ ਤੇਲ ਚਾ ਘੱਤਿਓ ਨੇ
ਦੁਖੇ ਦਿਲਾਂ ਨੂੰ ਪਕੜ ਕੇ ਸੱਲ ਦਿੱਤਾ,
ਕਈ ਹੋਰ ਭੀ ਲੀਡਰਾਂ ਪਿਆਰਿਆਂ ਨੂੰ
ਰਹਿਣ ਵਾਸਤੇ ਜੇਹਲ ਮਹੱਲ ਦਿੱਤਾ।

............
ਕੰਮ ਕਾਰ ਚਾ ਸਭ ਨੇ ਬੰਦ ਕੀਤੇ,
ਲੋਕ ਵਾਂਗ ਦੀਵਾਨਿਆਂ ਭੌਣ ਲੱਗ ਪਏ।
ਹਰ ਇਕ ਸ਼ਹਿਰ ਦੇ ਵਿਚ ਹੜਤਾਲ ਹੋਈ,
ਸਭ ਦੇ ਕਾਲਜੇ ਮੂੰਹ ਨੂੰ ਔਣ ਲਗ ਪਏ।
ਭਾਰਤ ਮਾਤਾ ਦੇ ਪੁਤ੍ਰ ਇਕੱਤ੍ਰ ਹੋ ਕੇ,
ਘੱਤ ਜੱਫੀਆਂ ਨੀਰ ਵਹੌਣ ਲਗ ਪਏ।
ਦੁੱਖ ਦਿਲਾਂ ਦੇ ਖੋਲ੍ਹ ਸੁਣਾਨ ਖਾਤਰ
ਥਾਓਂ ਥਾਈਂ ਇਜਲਾਸ ਤਦ ਹੋਣ ਲਗ ਪਏ...
"ਸਰ ਮਾਈਕਲ ਓਡਵਾਇਰ" ਸਾਹਿਬ,
ਮਾਰਸ਼ਲ ਲਾ ਦਾ ਹੁਕਮ ਚੜ੍ਹੌਣ ਲਗ ਪਏ।
ਅੱਠ ਵਜੇ ਤੋਂ ਬਾਦ ਜੋ ਬਾਹਰ ਨਿਕਲੇ,
ਗੋਲੀ ਮਾਰਨ ਦਾ ਹੁਕਮ ਸੁਨੌਣ ਲੱਗ ਪਏ।
ਨਾਨਕ ਸਿੰਘ ਕੀ ਖੋਲ੍ਹ ਕੇ ਹਾਲ ਦੱਸੇ,
ਜੇਹੜੇ ਦੁੱਖ ਪੰਜਾਬ ਤੇ ਔਣ ਲੱਗ ਪਏ।

....
ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ,
ਲੋਕੀਂ ਬਾਗ਼ ਵਲ ਹੋਇ ਰਵਾਨ ਚੱਲੇ।
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
ਵਿਰਲੇ ਆਦਮੀ ਸ਼ਹਿਰ ਵਿਚ ਰਹੇ ਬਾਕੀ,
ਸਭ ਬਾਲ ਤੇ ਬਿਰਧ ਜਵਾਨ ਚੱਲੇ।
ਅੱਜ ਦਿਲਾਂ ਦੇ ਦੁਖ ਸੁਣਾਣ ਚੱਲੇ,
ਸਗੋਂ ਆਪਣੇ ਗਲੇ ਕਟਵਾਣ ਚੱਲੇ।
ਛੱਡ ਦਿਓ ਹੁਣ ਆਸਰਾ ਜੀਵਨੇ ਦਾ,
ਕਿਉਂਕਿ ਤੁਸੀਂ ਹੁਣ ਛੱਡ ਜਹਾਨ ਚੱਲੇ।
ਕਿਸ ਨੇ ਆਵਣਾ ਪਰਤ ਕੇ ਘਰਾਂ ਅੰਦਰ,
ਦਿਲ ਦਾ ਦਿਲਾਂ ਵਿਚ ਛੋੜ ਅਰਮਾਨ ਚੱਲੇ।
ਜੱਲ੍ਹਿਆਂ ਵਾਲੜੇ ਉਜੜੇ ਬਾਗ਼ ਤਾਈਂ
ਖੂਨ ਡੋਲ੍ਹ ਕੇ ਸਬਜ਼ ਬਣਾਣ ਚੱਲੇ।
ਹਾਂ ਹਾਂ ਜੀਵਨੇ ਤੋਂ ਡਾਢੇ ਤੰਗ ਆ ਕੇ,
ਰੁੱਠੀ ਮੌਤ ਨੂੰ ਆਪ ਮਨਾਣ ਚੱਲੇ।
ਅਨਲ-ਹੱਕ ਮਨਸੂਰ ਦੇ ਵਾਂਗ ਯਾਰੋ,
ਸੂਲੀ ਆਪਣੀ ਆਪ ਗਡਾਣ ਚੱਲੇ।
ਵਾਂਗ ਸ਼ਮਸ ਤੌਰੇਜ਼ ਦੇ ਖੁਸ਼ੀ ਹੋ ਕੇ,
ਖੱਲਾਂ ਪੁੱਠੀਆਂ ਅੱਜ ਲੁਹਾਣ ਚੱਲੇ।
ਪੰਛੀ ਬਣਾਂ ਦੇ ਹੋਇਕੇ ਸਭ ਕੱਠੇ,
ਭੁੱਖੇ ਬਾਜ਼ ਨੂੰ ਅੱਜ ਰਜਾਣ ਚੱਲੇ।
ਜ਼ਾਮਿ ਡਾਇਰ ਦੀ ਤ੍ਰਿਖਾ ਮਿਟਾਵਣੇ ਨੂੰ
ਅੱਜ ਖ਼ੂਨ ਦੀ ਨਦੀ ਵਹਾਣ ਚੱਲੇ।
ਅੱਜ ਸ਼ਹਿਰ ਵਿਚ ਪੈਣਗੇ ਵੈਣ ਡੂੰਘੇ
ਵਸਦੇ ਘਰਾਂ ਨੂੰ ਥੇਹ ਬਣਾਣ ਚੱਲੇ।
ਸੀਸ ਆਪਣੇ ਰੱਖ ਕੇ ਤਲੀ ਉੱਤੇ,
ਭਾਰਤ ਮਾਤਾ ਦੀ ਭੇਟ ਚੜ੍ਹਾਣ ਚੱਲੇ।
ਕੋਈ ਮੋੜ ਲੌ ਰੱਬ ਦੇ ਬੰਦਿਆਂ ਨੂੰ,
ਯਾਰੋ! ਮੌਤ ਨੂੰ ਆਪ ਬੁਲਾਣ ਚੱਲੇ।
ਮਾਂਵਾਂ ਲਾਡਲੇ ਬੱਚਿਆਂ ਵਾਲੀਓ ਨੀ!
ਲਾਲ ਤੁਸਾਂ ਦੇ ਜਾਨ ਗਵਾਣ ਚੱਲੇ।
ਭੈਣੋਂ ਪਿਆਰੀਓ! ਵੀਰ ਨਾ ਜਾਣ ਦੇਣੇ,
ਵਿੱਛੜ ਤੁਸਾਂ ਤੋਂ ਅਜ ਨਾਦਾਨ ਚੱਲੇ।
ਪਤੀ ਰੋਕ ਲੌ ਪਿਆਰੀਓ ਨਾਰੀਓ ਨੀ!
ਅਜ ਤੁਸਾਂ ਨੂੰ ਕਰ ਵੈਰਾਨ ਚੱਲੇ।
ਪਿਆਰੇ ਬੱਚਿਓ! ਜੱਫੀਆਂ ਘੱਤ ਮਿਲ ਲੌ,
ਪਿਤਾ ਤੁਸਾਂ ਨੂੰ ਅਜ ਰੁਲਾਣ ਚੱਲੇ।
ਜਾ ਕੇ ਰੋਕ ਲੌ! ਜਾਣ ਨਾ ਮੂਲ ਦੇਣੇ,
ਮਤਾ ਉੱਕੇ ਹੀ ਤੁਸਾਂ ਤੋਂ ਜਾਣ ਚਲੇ।
ਨਾਨਕ ਸਿੰਘ ਪਰ ਉਨ੍ਹਾਂ ਨੂੰ ਕੌਣ ਰੋਕੇ,
ਜਿਹੜੇ ਮੁਲਕ ਪਰ ਹੋਣ ਕੁਰਬਾਨ ਚੱਲੇ।

3. ਰੌਲਟ ਐਕਟ ਦਾ ਰੌਲਾ

ਰੌਲਟ ਐਕਟ ਨੇ ਘੱਤਿਆ ਆਣ ਰੌਲਾ
ਸਾਰੇ ਹਿੰਦ ਦੇ ਲੋਕ ਉਦਾਸ ਹੋਏ।
ਵਾਂਗ ਭੱਠ ਦੇ ਤਪਿਆ ਦੇਸ ਸਾਰਾ,
ਮਾਨੋ ਸਭ ਦੇ ਲਬਾਂ ਤੇ ਸਾਸ ਹੋਏ।
ਲਗਾ ਮਿਲਨ ਅਨਾਮ ਅਜ ਹਿੰਦੀਆਂ ਨੂੰ,
ਜੇਹੜੇ ਮੁਦਤਾਂ ਤੋਂ ਸੀਗੇ ਦਾਸ ਹੋਏ।
ਫਾਂਸੀ ਜਮਾਂ ਦੀ ਗੱਲ ਪੈ ਗਈ ਯਾਰੋ,
ਜਿਸਨੂੰ ਦੇਖਕੇ ਬਹੁਤ ਨਿਰਾਸ ਹੋਏ।

4. ਹਿੰਦ ਵਲੋਂ ਪੁਕਾਰ

ਸਾਰੇ ਹਿੰਦ ਨੇ ਕਿਹਾ ਇਕ ਜਾਨ ਹੋ ਕੇ
ਰੋਲਟ ਬਿਲ ਨਾ ਮੂਲ ਮਨਜ਼ੂਰ ਕਰਨਾ।
ਅਸਾਂ ਵਾਰਿਆ ਸਭ ਕੁਛ ਤੁਸਾਂ ਉੱਤੇ,
ਸਾਡਾ ਪਿਆਰ ਨਾ ਦਿੱਲ ਥੀਂ ਦੂਰ ਕਰਨਾ।
ਲੱਖਾਂ ਸੂਰਮੇ ਜੰਗ ਕੁਹਾ ਦਿੱਤੇ,
ਹਾਏ ਕੁਝ ਤਾਂ ਖਿਆਲ ਹਜ਼ੂਰ ਕਰਨਾ।
ਸਾਡੇ ਕਾਬਲੇ ਰੈਹਮ ਇਸ ਹਾਲ ਉੱਤੇ,
ਰੱਬ ਦੇ ਵਾਸਤੇ ਤਰਸ ਜ਼ਰੂਰ ਕਰਨਾ।
ਮੋਯਾਂ ਹੋਯਾਂ ਤਾਈਂ ਕਾਹਨੂੰ ਮਾਰਦੇ ਹੋ,
ਹਾਏ ਐਤਨਾ ਨਹੀਂ ਗਰੂਰ ਕਰਨਾ।
ਠੋਕਰ ਮਾਰਕੇ ਸਾਡਿਆਂ ਦਿਲਾਂ ਤਾਈਂ,
ਸ਼ੀਸ਼ੇ ਵਾਂਗ ਨਾ ਚੱਕਨਾ ਚੂਰ ਕਰਨਾ।
ਤਪੇ ਦਿਲਾਂ ਵਿਚ ਦੁੱਖਾ ਦਾ ਘੱਤ ਬਾਲਨ,
ਸੱਚ ਮੁਚ ਨਾ ਵਾਂਗ ਤੰਦੂਰ ਕਰਨਾ।
ਸਾਨੂੰ ਆਸ ਹੈਸੀ ਕੁਝ ਮਿਲਨੇ ਦੀ,
ਤੁਸੀਂ ਖੜਾ ਨਾ ਹੋਰ ਫਤੂਰ ਕਰਨਾ।
ਅਸੀਂ ਚੋਰ ਨਾ ਠੱਗ ਨਾ ਐਬ ਕੋਈ,
ਬੱਧੇ ਹੋਯਾਂ ਨੇ ਕੀ ਕਸੂਰ ਕਰਨਾ।
ਨਾਨਕ ਸਿੰਘ ਇਸ ਦੁਖਾਂ ਦੇ ਭੱਠ ਅੰਦਰ,
ਸਾਨੂੰ ਘੱਤ ਨਾ ਵਾਂਗ ਮਨੂਰ ਕਰਨਾ।

5. ਬਿੱਲ ਪਾਸ

ਸਾਡੀ ਰੋਂਦਿਆਂ ਵਾਸਤੇ ਪਾਂਦਿਆਂ ਦੀ,
ਹਾਏ! ਸੁਣੀ ਨਾ ਕਿਸੇ ਫ਼ਰਿਆਦ ਲੋਕੋ।
ਧੱਕੋ ਧੱਕੀ ਚਾ ਬਿੱਲ ਨੂੰ ਪਾਸ ਕੀਤਾ,
ਸਾਡੇ ਕੀਰਨੇ ਕਿਸ ਨੂੰ ਯਾਦ ਲੋਕੋ।
ਅਸੀਂ ਰਹੇ ਹਜ਼ੂਰ ਹਜ਼ੂਰ ਕਰਦੇ,
ਹਾਂ ਹਜ਼ੂਰ ਪਰ ਬੜੇ ਉਸਤਾਦ ਲੋਕੋ,
ਹਾਏ! ਬੰਨ੍ਹ ਕੇ ਨਵੇਂ ਕਾਨੂੰਨ ਅੰਦਰ,
ਪੀੜ ਸੁੱਟਿਆ ਵਾਂਗ ਕਮਾਦ ਲੋਕੋ।

6. ਜਲਸੇ ਅਤੇ ਮਾਰਸ਼ਲ ਲਾ

ਆਖਰਕਾਰ ਹੁਣ ਸਭ ਨਿਰਾਸ ਹੋ ਕੇ,
ਲਿਖੇ ਆਪਣੇ ਨੂੰ ਬਹਿ ਕੇ ਰੋਣ ਲਗ ਪਏ।
ਸੱਚ ਮੁੱਚ ਹੋ ਗਿਆ ਯਕੀਨ ਸਭ ਨੂੰ,
ਭਾਰਤ ਵਰਸ਼ ਦੇ ਭਾਗ ਹੁਣ ਸੌਣ ਲੱਗ ਪਏ।
ਸਾਰੇ ਸੁਖ ਆਰਾਮ ਕਾਫ਼ੂਰ ਹੋਏ,
ਕੇਵਲ ਦੁਖ ਹੀ ਦੁਖ ਨਜ਼ਰ ਔਣ ਲਗ ਪਏ।
ਕੋਈ ਪੁਛਦਾ ਆਣ ਕੇ ਹਾਲ ਨਾਹੀਂ ,
ਸਭੇ ਕੂੰਜ ਵਾਂਗ ਕੁਰਲੌਣ ਲਗ ਪਏ।
ਕੰਮ ਕਾਰ ਚਾ ਸਭ ਨੇ ਬੰਦ ਕੀਤੇ,
ਲੋਕ ਵਾਂਗ ਦੀਵਾਨਿਆਂ ਭੋਣ ਲਗ ਪਏ।
ਹਰ ਇਕ ਸ਼ਹਿਰ ਦੇ ਵਿਚ ਹੜਤਾਲ ਹੋਈ,
ਸਭ ਦੇ ਕਾਲਜੇ ਮੂੰਹ ਨੂੰ ਔਣ ਲਗ ਪਏ।
ਭਾਰਤ ਮਾਤਾ ਦੇ ਪੁੱਤ੍ਰ ਇਕੱਤ੍ਰ ਹੋ ਕੇ
ਘੱਤ ਜੱਫੀਆਂ ਨੀਰ ਵਹੌਣ ਲਗ ਪਏ।
ਦੁੱਖ ਦਿਲਾਂ ਦੇ ਖੋਲ੍ਹ ਸੁਣਾਨ ਖਾਤ੍ਰ,
ਥਾਓਂ ਥਾਈਂ ਇਜਲਾਸ ਤਦ ਹੋਣ ਲਗ ਪਏ।
ਦੂਜੀ ਤਰਫ਼ ਦੇ ਯਾਰ ਪ੍ਰਸੰਨ ਹੋ ਕੇ,
ਘਰੀਂ ਬੈਠ ਕੇ ਖੁਸ਼ੀ ਮਨੌਣ ਲਗ ਪਏ।
ਮਿਸ਼ਨ ਆਪਣੇ ਵਿਚ ਕਾਮਯਾਬ ਹੋ ਕੇ,
ਵਾਜੇ ਖੁਸ਼ੀ ਦੇ ਖੂਬ ਵਜੌਣ ਲਗ ਪਏ।
ਝੋਲੀ-ਚੁੱਕ ਤੇ ਕੌਮ-ਫ਼ਰੋਸ਼ ਜੇਹੜੇ,
ਉਹਨਾਂ ਪਾਸ ਜਾ ਚੁਗਲੀਆਂ ਲੌਣ ਲਗ ਪਏ।
ਬਾਗ਼ੀ ਚੋਰ ਬਦਮਾਸ਼ ਬੇਵਫ਼ਾ ਕਹਿ ਕੇ,
ਦਿਲ ਉਹਨਾਂ ਦੇ ਖੂਬ ਭੜਕੌਣ ਲਗ ਪਏ।
ਬੇਗੁਨਾਹ ਤਾਈਂ ਗੁਨਾਹਗਾਰ ਦੱਸ ਕੇ,
ਵੇਖੋ ਮੁਲਕ ਦਾ ਨਾਸ ਕਰੌਣ ਲਗ ਪਏ।
ਹਾਕਮ ਲੋਕ ਭੀ ਉਨ੍ਹਾਂ ਦੇ ਲੱਗ ਆਖੇ,
ਬਲਦੀ ਅੱਗ ਤੇ ਤੇਲ ਪਲਟੌਣ ਲਗ ਪਏ।
'ਸਰ ਮਾਈਕਲ ਓਡਵਾਇਰ' ਸਾਹਿਬ,
ਮਾਰਸ਼ਲ ਲਾ ਦਾ ਹੁਕਮ ਚੜ੍ਹੌਣ ਲਗ ਪਏ।
ਪਕੜ ਪਕੜ ਬੇਦੋਸ਼ੇ ਆਜਜ਼ਾਂ ਨੂੰ,
ਜੇਲ੍ਹ ਖਾਨਿਆਂ ਵਿਚ ਪਹੁੰਚੌਣ ਲਗ ਪਏ।
ਹਾਇ! ਲਿਖਦਿਆਂ ਡਿਗਦੀ ਕਲਮ ਹੱਥੋਂ,
ਰੋਮ ਰੋਮ ਸੁਣ ਕੇ ਖੜੇ ਹੋਣ ਲਗ ਪਏ।
ਛੋਟੀ ਉਮਰ ਦੇ ਆਜਜ਼ਾਂ ਬੱਚਿਆਂ ਨੂੰ,
ਫੜ ਕੇ ਮੱਛੀਆਂ ਵਾਂਗ ਤੜਫੌਣ ਲਗ ਪਏ।
ਨਾਲ ਟਿਕਟਿਕੀ ਬੰਨ੍ਹ ਨਿਮਾਣਿਆਂ ਨੂੰ,
ਬੈਂਤ ਮਾਰ ਕੇ ਖੱਲ ਲਹੌਣ ਲਗ ਪਏ।
ਮਾਸ ਤੂੰਬਿਆਂ ਵਾਂਗ ਉਡੌਣ ਲਗ ਪਏ,
ਲਹੂ ਨਾਲ ਇਸ਼ਨਾਨ ਕਰੌਣ ਲਗ ਪਏ।
ਮਾਂਵਾਂ ਬਾਪ ਉਨ੍ਹਾਂ ਦੇ ਜੇ ਕੋਲ ਆਵਣ,
ਧੱਕੇ ਮਾਰ ਕੇ ਪਿਛਾਂਹ ਹਟੌਣ ਲਗ ਪਏ।
ਅੱਠ ਵਜੇ ਤੋਂ ਬਾਦ ਜੋ ਬਾਹਰ ਨਿਕਲੇ,
ਗੋਲੀ ਮਾਰਨ ਦਾ ਹੁਕਮ ਸੁਨੌਣ ਲਗ ਪਏ।
ਮਾਤਮ ਨਜ਼ਰ ਆਵੇ ਚਾਰੋ ਤਰਫ਼ ਓਦੋਂ,
ਸਭੇ ਦੁਖ ਦੇ ਸੋਹਿਲੇ ਗੌਣ ਲਗ ਪਏ।
ਨਾਨਕ ਸਿੰਘ ਕੀ ਖੋਲ੍ਹ ਕੇ ਹਾਲ ਦਸੇ,
ਜਿਹੜੇ ਦੁੱਖ ਪੰਜਾਬ ਤੇ ਔਣ ਲਗ ਪਏ।

7. ਚਿੱਠੀਆਂ ਦਰਦਾਂ ਦੀਆਂ ਲਿਖ ਸਰਕਾਰੇ ਪਾਈਆਂ

ਸ਼ਹਿਨਸ਼ਾਹ ਸੁਣ ਵੈਣ ਅਸਾਡੇ,
ਦੁਖੀ ਦਿਲਾਂ ਦੇ ਪਾਸ ਤੁਹਾਡੇ,
ਅਰਜ਼ਾਂ ਆਣ ਸੁਣਾਈਆਂ,
ਚਿੱਠੀਆਂ ਦਰਦਾਂ ਦੀਆਂ...

ਰਈਅਤ ਤੇਰੀ ਹੋਈ ਦੁਖਿਆਰੀ,
ਤੁਧ ਬਿਨ ਕੌਣ ਸੁਣੇ ਆਹੋਜ਼ਾਰੀ।
ਹਿੰਦ ਵਿਚ ਹੋਣ ਵਧਾਈਆਂ।
ਚਿੱਠੀਆਂ ਦਰਦਾਂ ਦੀਆਂ...

ਰੋਲਟ ਸਾਹਿਬ ਜਦ ਆਇਆ,
ਰੋਲਟ ਬਿਲ ਚਾ ਪਾਸ ਕਰਾਇਆ।
ਹੋਰ ਮੁਸੀਬਤਾਂ ਆਈਆਂ,
ਚਿੱਠੀਆਂ ਦਰਦਾਂ ਦੀਆਂ...

ਫਿਰ ਉਡਵਾਇਰ ਹੁਕਮ ਚੜ੍ਹਾਇਆ,
ਜਿਸਨੇ ਸਾਨੂੰ ਬਹੁਤ ਸਤਾਇਆ।
ਕੀਤੀਆਂ ਵਾਂਗ ਕਸਾਈਆਂ,
ਚਿੱਠੀਆਂ ਦਰਦਾਂ ਦੀਆਂ...

ਫਿਰ ਡਾਇਰ ਦੀ ਵਾਰੀ ਆਈ,
ਜਿਸਨੇ ਹੋਰ ਮੁਸੀਬਤ ਪਾਈ।
ਗੋਲੀਆਂ ਨੇ ਚਲਾਈਆਂ,
ਚਿੱਠੀਆਂ ਦਰਦਾਂ ਦੀਆਂ...

8. ਅੰਤਮ ਫ਼ਤਿਹ

ਅਸਾਂ ਵੀਰਾਂ ਨੂੰ ਰੱਖਣਾ ਯਾਦ ਹਰਦਮ
ਮਤਾ ਦਿਓ ਵਸਾਰ ਜਮਾਤੀਆਂ ਨੂੰ।
ਤੁਸਾਂ ਹੋਵਣਾ ਨਹੀਂ ਮਯੂਸ ਵੀਰੋ
ਸੀਨੇ ਵਿਚ ਸਹਾਰਨਾ ਕਾਤੀਆਂ ਨੂੰ।
ਜੇਕਰ ਨਹੀਂ ਇਤਬਾਰ ਜ਼ਬਾਨ ਉੱਤੇ,
ਆ ਕੇ ਵੇਖ ਲੌ ਸਾਡੀਆਂ ਛਾਤੀਆਂ ਨੂੰ
ਲੌ ਹੁਣ ਅੰਤ ਦੀ ਫ਼ਤਹ ਬੁਲਾਂਵਦੇ ਹਾਂ,
ਯਾਦ ਰੱਖਣਾ ਸਾਡੀਆਂ ਬਾਤੀਆਂ ਨੂੰ।

9. ਸ਼ਹੀਦਾਂ ਵੱਲੋਂ ਜਨਰਲ ਡਾਇਰ ਨੂੰ ਸਰਟੀਫ਼ਿਕੇਟ

ਹਾਏ! ਹਾਏ! ਡਾਇਰ ਓ ਬੇਤਰਸ ਡਾਇਰ,
ਕਾਹਨੂੰ ਆਇਓਂ ਤੂੰ ਵਿਚ ਪੰਜਾਬ ਡਾਇਰ।
ਜ਼ੁਲਮ ਕਰਦਿਆਂ ਤੈਨੂੰ ਨਾ ਤਰਸ ਆਇਆ,
ਕੀ ਤੂੰ ਪੀਤੀ ਸੀ ਓਦੋਂ ਸ਼ਰਾਬ ਡਾਇਰ?
ਲੈ ਹੁਣ ਰੱਜ ਕੇ ਪੀ ਲੈ ਲਹੂ ਸਾਡਾ,
ਅਸਾਂ ਤੇਰੇ ਲਈ ਭਰਿਆ ਤਾਲਾਬ ਡਾਇਰ।
ਜਿਵੇਂ ਮਾਰਿਆ ਈ ਅਸਾਂ ਬੇਦੋਸ਼ਿਆਂ ਨੂੰ,
ਲਵੇ ਤੈਥੋਂ ਭੀ ਰੱਬ ਹਿਸਾਬ ਡਾਇਰ।
ਹਾਇ ਪਾਪੀਆ! ਐਵੇਂ ਨਾ-ਹੱਕ ਸਾਡੇ,
ਕੀਤੇ ਕਾਲਜੇ ਭੁੰਨ ਕਬਾਬ ਡਾਇਰ।
ਭਲਾ ਦੱਸ ਮਜ਼ਲੂਮਾਂ ਤੇ ਜ਼ੁਲਮ ਕਰ ਕੇ,
ਕੇਹੜਾ ਖੱਟਿਆ ਤੁਧ ਸਵਾਦ ਡਾਇਰ।
ਜਿਵੇਂ ਸਾੜਿਆ ਈ ਸਾਡਿਆਂ ਸੀਨਿਆਂ ਨੂੰ,
ਤੂੰ ਭੀ ਹੋਏਂਗਾ ਤਿਵੇਂ ਖਰਾਬ ਡਾਇਰ।
ਮਰ ਕੇ ਜਾਵੇਂਗਾ ਵਿਚ ਤੂੰ ਦੋਜ਼ਖ਼ਾਂ ਦੇ,
ਓਥੇ ਮਿਲਣਗੇ ਬਹੁਤ ਆਜ਼ਾਬ ਡਾਇਰ।
ਫਿਰ ਰੱਬ ਦੀ ਵਿਚ ਦਰਗਾਹ ਜਾ ਕੇ,
ਦੱਸ, ਦੇਵੇਂਗਾ ਕੀ ਜਵਾਬ ਡਾਇਰ।

10. ਸ਼ਹੀਦਾਂ ਦੀ ਆਵਾਜ਼

ਜਾ ਕੇ ਦੇਖ ਲੌ ਜਲ੍ਹਿਆਂ ਦੇ ਬਾਗ਼ ਅੰਦਰ,
ਕੀ ਕੁਝ ਰਹੇ ਸ਼ਹੀਦ ਪੁਕਾਰ ਲੋਕੋ।।
ਮਿਹਣੇ ਮਾਰ ਕੇ ਆਖ ਰਹੇ ਹਿੰਦ ਤਾਈਂ,
ਚੰਗਾ ਤੁਸਾਂ ਦਾ ਵੇਖਿਆ ਪਿਆਰ ਲੋਕੋ।
ਅਸੀਂ ਤੁਸਾਂ ਦੇ ਲਈ ਸ਼ਹੀਦ ਹੋਏ
ਸਾਰੇ ਛੱਡ ਕੇ ਬਾਗ਼ ਪਰਵਾਰ ਲੋਕੋ।
ਆਖਰ ਅਸੀਂ ਭੀ ਆਦਮੀ ਤੁਸਾਂ ਵਰਗੇ,
ਕਰਨੀ ਜਾਣਦੇ ਐਸ਼ ਬਹਾਰ ਲੋਕੋ।
ਐਪਰ ਛੋੜ ਕੇ ਘਰਾਂ ਦੇ ਸੁਖ ਸਾਰੇ,
ਜਾਨਾਂ ਦਿਤੀਆਂ ਤੁਸਾਂ ਪਰ ਵਾਰ ਲੋਕੋ।
ਛਾਤੀ ਡਾਹ ਕੇ ਵਾਂਗਰਾਂ ਚਾਂਦ ਮਾਰੀ
ਲਈਆਂ ਗੋਲੀਆਂ ਅਸਾਂ ਸਹਾਰ ਲੋਕੋ।
ਸਾਡੇ ਸੀਨਿਆਂ ਨੂੰ ਜ਼ਰਾ ਆਣ ਵੇਖੋ
ਛੇਕ ਪਏ ਨੇ ਕਈ ਹਜ਼ਾਰ ਲੋਕੋ।
ਤੁਸੀਂ ਘਰੀਂ ਬੈਠੇ ਮੌਜਾਂ ਮਾਣਦੇ ਹੋ,
ਦਿਤਾ ਅਸਾਂ ਨੂੰ ਦਿਲੋਂ ਵਿਸਾਰ ਲੋਕੋ।
ਸਾਡੇ ਨਾਲ ਕੀ ਤੁਸਾਂ ਦਾ ਵਾਇਦਾ ਸੀ,
ਚੰਗਾ ਪਾਲਿਆ ਕੌਲ ਇਕਰਾਰ ਲੋਕੋ।।
ਕੋਠੇ ਚਾੜ੍ਹ ਕੇ ਪੌੜੀਆਂ ਖਿੱਚ ਲਈਆਂ,
ਚੰਗੇ ਵੀਰ ਤੁਸੀਂ ਵਫ਼ਾਦਾਰ ਲੋਕੋ।
ਸਾਡੀ ਪੀੜ ਅੱਜ ਤੁਸਾਂ ਵਿਸਾਰ ਦਿੱਤੀ,
ਸਾਨੂੰ ਅਗਾਂਹ ਕਰਕੇ ਧਕੇ ਮਾਰ ਲੋਕੋ।
ਸਾਡਾ ਕਰਜ਼ ਹੈ ਤੁਸਾਂ ਪਰ ਬਹੁਤ ਸਾਰਾ,
ਜਿਹੜਾ ਚੁਕਿਆ ਤੁਸੀਂ ਉਧਾਰ ਲੋਕੋ।
ਸਾਨੂੰ ਵਿਛੜਿਆਂ ਨੂੰ ਏਨੀ ਮੁੱਦਤ ਹੋਈ,
ਬਣੀ ਅਜੇ ਤਕ ਨਾ ਯਾਦਗਾਰ ਲੋਕੋ।
ਸਾਡੇ ਵਾਂਗ ਹੀ ਤੁਸਾਂ ਭੀ ਤਿਆਰ ਰਹਿਣਾ,
ਸਭੇ ਗ਼ਫ਼ਲਤਾਂ ਦਿਓ ਵਿਸਾਰ ਲੋਕੋ।
ਬਣੋ ਮਰਦ ਤੇ ਮੁਲਕ ਦੀ ਕਰੋ ਸੇਵਾ,
ਮਤਾਂ ਭੁੱਲ ਜਾਵੋ ਇਕਰਾਰ ਲੋਕੋ।
ਨਾਨਕ ਸਿੰਘ ਹੈ ਮੌਤ ਜ਼ਰੂਰ ਔਣੀ,
ਕਿਓਂ ਨਾ ਦੇਸ ਪਰ ਹੋਵੋ ਨਿਸਾਰ ਲੋਕੋ।

('ਖੂਨੀ ਵਿਸਾਖੀ' ਕਵਿਤਾ ਲਈ ਅਸੀਂ ਅਦਾਰਾ 'ਪ੍ਰੀਤ ਲੜੀ'
ਦੇ ਤਹਿ ਦਿਲੋਂ ਧੰਨਵਾਦੀ ਹਾਂ ।)
(ਇਹ ਰਚਨਾ ਅਧੂਰੀ ਹੈ ।)

  • ਮੁੱਖ ਪੰਨਾ : ਕਾਵਿ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ