Punjabi Kavita
Khavar Raja
 Punjabi Kavita
Punjabi Kavita
  

ਪੰਜਾਬੀ ਗ਼ਜ਼ਲਾਂ ਖ਼ਾਵਰ ਰਾਜਾ

1. ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ

ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ ।
ਝੂਲੇ ਵਾਂਗੂੰ ਡੋਲਣ ਦੇਖੋ, ਭਾਗ ਅਵੱਲੇ ਮੇਰੇ ਨੇ ।

ਸਤਰੰਗੀਆਂ ਬਰਸਾਤਾਂ ਆਈਆਂ, ਯਾਦਾਂ ਦੀ ਬਰਸਾਤ ਸਣੇ,
ਐਪਰ ਭਾਂਬੜ ਮਚਦੇ ਦੇਖੋ, ਮੇਰੇ ਚਾਰ-ਚੁਫੇਰੇ ਨੇ ।

ਰਾਤ ਹਨ੍ਹੇਰੀ ਕਿਸ ਬੰਨ੍ਹ ਦਿੱਤੀ, ਚੰਨ ਵੀ ਨਜ਼ਰੀਂ ਆਵੇ ਨਾ,
ਹੱਥ ਨੂੰ ਹੱਥ ਨਾ ਦਿਸਦਾ ਫਿਰ ਵੀ, ਲੋਕੀ ਕਹਿਣ ਸਵੇਰੇ ਨੇ ।

ਮੈਨੂੰ ਨਾ ਕੋਈ ਰਸਤਾ ਦੱਸਦਾ, ਮੰਜ਼ਲ ਤੀਕਰ ਜਾਵਣ ਦਾ,
ਚੌਕ ਦੇ ਵਿੱਚ ਖਲੋਤੀ ਹੋਈ ਆਂ, ਰਸਤੇ ਚਾਰ-ਚੁਫੇਰੇ ਨੇ ।

ਉਹਦੀਆਂ ਸੱਭੇ ਗੱਲਾਂ-ਬਾਤਾਂ, ਹੁਣ ਮੈਂ ਖ਼ੂਬ ਪਛਾਣ ਗਈ,
ਗਿਰਗਟ ਨੇ ਕੀ ਰੰਗ ਬਦਲਣੈਂ, ਉਹਦੇ ਰੰਗ ਵਧੇਰੇ ਨੇ ।

ਇੰਜ ਤੇ ਹੈ ਅਸਮਾਨ ਇਹ ਸਾਰਾ, 'ਖ਼ਾਵਰ' ਭਰਿਆ ਤਾਰਿਆਂ ਦਾ,
ਅਪਣੀ ਕਿਸਮਤ ਉੱਤੇ ਫਿਰ ਵੀ, ਛਾਏ ਘੁੱਪ-ਹਨ੍ਹੇਰੇ ਨੇ ।

2. ਖ਼ੌਰੇ ਕਿਸ ਗਲੀ 'ਚੋਂ ਮੈਂ ਹਾਂ ਲੰਘਦੀ ਪਈ

ਖ਼ੌਰੇ ਕਿਸ ਗਲੀ 'ਚੋਂ ਮੈਂ ਹਾਂ ਲੰਘਦੀ ਪਈ ?
ਡਰਦੀ-ਡਰਦੀ ਸਹਿਮੀ-ਸਹਿਮੀ ਕੰਬਦੀ ਪਈ ।

ਹਰ ਬੂਹੇ 'ਤੇ ਰੁਕਦੀ, ਰੁਕ ਕੇ ਟੁਰ ਪੈਂਦੀ,
ਖ਼ੌਰੇ ਕੀਹਨੂੰ ਲੱਭਦੀ ? ਮੈਂ ਕੀ ਮੰਗਦੀ ਪਈ ?

ਰੰਗਾਂ ਨੂੰ ਮੈਂ ਲਭਦੀ ਰਸਤਾ ਭੁੱਲ ਗਈ ਆਂ,
ਅੱਜ ਵੀ ਚੰਨਾਂ ਕਿਉਂ ਚੁੰਨੀ ਨੂੰ ਰੰਗਦੀ ਪਈ ?

ਕਿਧਰੇ ਝੱਲੀ ਤਾਂ ਨਹੀਂ ਹੋ ਗਈ, ਰੱਬ ਜਾਣੇ,
ਆਪੇ ਹਸਦੀ, ਰੋਂਦੀ, ਆਪੇ ਸੰਗਦੀ ਪਈ ।

ਨਿੱਤ ਟੁੱਟੀ ਇਹ ਲਾਂ, ਨਿੱਤ ਚੁੰਨੀ ਉਡ ਪੁੱਡ ਗਈ,
ਆਸਾਂ ਦੇ ਜੋੜੇ ਨਿੱਤ ਲਾਂ 'ਤੇ ਟੰਗਦੀ ਪਈ ।

ਰੂਪ ਦੀਆਂ ਗਲੀਆਂ ਦੇ ਵਿੱਚ ਗਵਾਚ ਗਈ,
'ਖ਼ਾਵਰ' ਬੇ-ਰੰਗਾਂ ਤੋਂ ਤੂੰ ਰੰਗ ਮੰਗਦੀ ਪਈ ?

3. ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉੱਤੇ ਆਈ ਹੋਈ

ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉੱਤੇ ਆਈ ਹੋਈ ।
ਚੰਨ-ਸੂਰਜ ਤੋਂ ਲੁਕਦੀ ਫਿਰਦੀ, 'ਵਾਵਾਂ ਤੋਂ ਘਬਰਾਈ ਹੋਈ ।

ਕੋਈ ਬੂਹਾ ਖੁੱਲ੍ਹਿਆ ਨਾਹੀਂ ਮੈਨੂੰ ਦੇਖ ਕੇ ਲੋਕੀਂ ਲੁਕਦੇ,
ਕਿੱਧਰ ਜਾਵਾਂ ? ਸੋਚ ਰਹੀ ਆਂ, ਬੰਦ-ਗਲੀ ਵਿੱਚ ਆਈ ਹੋਈ ।

'ਵਾ ਦੀ ਪੀਂਘ 'ਤੇ ਪੱਤੇ ਵਾਂਗੂੰ, ਏਧਰ-ਓਧਰ ਝੂਟੇ ਖਾਵਾਂ,
ਨਾ ਕੋਈ ਮੇਰਾ ਬਾਬਲ ਏਥੇ, ਨਾ ਕੋਈ ਮੇਰੀ ਮਾਈ ਹੋਈ ।

ਦਰਿਆ ਵੀ ਸਹਿਰਾ ਬਣ ਜਾਂਦੇ, ਮੇਰੇ ਕੋਲੋਂ ਲੰਘਦੇ ਲੰਘਦੇ,
ਨ੍ਹੇਰੇ ਦੇ ਵਿੱਚ ਲੁਕ ਜਾਂਦੀ ਏ, ਰੁੱਤ ਰੰਗੀਲੀ ਛਾਈ ਹੋਈ ।

ਦੁਖ ਵਧ ਕੇ ਘੱਟ ਹੋ ਜਾਂਦੇ ਨੇ, ਰਾਤ ਹਨ੍ਹੇਰੀ ਲੰਘਦੀ ਨਾਹੀਂ,
ਰੋਜ਼ ਈ ਡਿੱਗੇ ਬਿਜਲੀ ਘਰ 'ਤੇ, ਮੜੀਉਂ ਦਿਲ ਨੂੰ ਲਾਈ ਹੋਈ ।

ਕਾਲੀ ਘਟ ਛਾਵੇ ਨਾ ਛਾਵੇ, ਦਿਨ ਹੋਵੇ ਯਾ ਸ਼ਾਮਾਂ ਹੋਵਣ,
ਚੰਨ ਚਮਕੇ ਯਾ ਸੂਰਜ, 'ਖ਼ਾਵਰ', ਤੇਰੇ ਕਦ ਰੁਸ਼ਨਾਈ ਹੋਈ ?

4. ਬੂਹੇ ਵੱਲ ਨੂੰ ਦੇਖਦੀਆਂ ਕੀ ਅੱਖੀਆਂ ਨੇ

ਬੂਹੇ ਵੱਲ ਨੂੰ ਦੇਖਦੀਆਂ ਕੀ ਅੱਖੀਆਂ ਨੇ ?
ਸ਼ਾਇਦ ਤੇਰੀਆਂ ਹੁਣ ਵੀ ਤਾਂਘਾਂ ਰੱਖੀਆਂ ਨੇ ।

ਉੱਡ ਗਏ ਪੰਛੀ ਮੌਸਮ ਦੇ ਤੇ ਮੌਸਮ ਨਾਲ,
ਦੀਵੇ ਧਰੀ ਬਨੇਰੇ, ਬੈਠੀਆਂ ਸਖੀਆਂ ਨੇ ।

ਆਉਣ ਪਸੀਨੇ, ਲਹਿ ਜਾਏ ਖ਼ੌਰੇ ਤਾਪ ਤਿਰਾ,
ਕੰਮ ਆਉਣਾ ਓੜਕ ਯਾਦਾਂ ਦੀਆਂ ਪੱਖੀਆਂ ਨੇ ।

ਬਿਨ ਬੱਦਲ ਮੀਂਹ ਵਸਦਾ ਚਾਰ-ਚੁਫੇਰੇ ਹੈ,
ਸਾਵਣ-ਭਾਦੋਂ ਵਾਂਗੂੰ ਵਰ੍ਹੀਆਂ ਅੱਖੀਆਂ ਨੇ ।

ਮਹਿਲਾਂ ਦੇ ਅੰਦਰ ਉਹ ਕਿਤੇ ਗੁਆਚ ਗਈਆਂ,
ਲੋਕਾਂ ਭਾਵੇਂ ਰਾਣੀਆਂ ਕੰਤ-ਸੁਨੱਖੀਆਂ ਨੇ ।

ਉਹਦੇ ਲਈ ਕੀ ਲੁਤਫ਼ ਵਿਸਾਲਾਂ ਵਿੱਚ 'ਖ਼ਾਵਰ',
ਹਿਜਰ ਦੀਆਂ ਸੌਗ਼ਾਤਾਂ ਜਿਸ ਨੇ ਚੱਖੀਆਂ ਨੇ ।

5. ਅੱਖੀਆਂ ਨਾਲ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ

ਅੱਖੀਆਂ ਨਾਲ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ ।
ਗੀਤ ਮੁਹੱਬਤ ਵਾਲੇ ਗਾਏ ਜਾਂਦੇ ਦਿਲ ਦੀਆਂ ਤਾਰਾਂ ਨਾਲ ।

ਜਿਨ੍ਹਾਂ ਜਿਉਂਦਿਆਂ ਸ਼ਕਲ ਨਾ ਦੇਖੀ, ਹਾਲ ਪਰਤ ਕੇ ਪੁੱਛਿਆ ਨਾ,
ਦੇਖੋ ਉਹ ਅੱਜ ਰੋਂਦੇ ਫਿਰਦੇ, ਕਰ-ਕਰ ਬਾਤ ਮਜ਼ਾਰਾਂ ਨਾਲ ।

ਹੋਵੇ ਖ਼ੈਰ ਜ਼ਫ਼ਾ ਤੇਰੀ ਦੀ, ਮੈਂ ਮੁਜਰਮ ਇਸ ਗੱਲ ਦੀ ਹਾਂ,
ਕਿਉਂ ਮੈਂ ਉਮਰ ਗੁਜ਼ਾਰੀ ਤੇਰੇ ਝੂਠੇ ਕੌਲ-ਕਰਾਰਾਂ ਨਾਲ ?

'ਮਸਜਿਦ' ਵਿੱਚ ਸ਼ਰਾਬੀ ਦਾ, ਕੀ ਕੰਮ ਮੁੱਲਾਂ ਦਾ ਮੈਖ਼ਾਨੇ ?
ਇਕ ਮਜ਼ਦੂਰ ਦਾ ਨਾਤਾ ਕੀ ਏ ਸ਼ਾਹਾਂ ਦੇ ਦਰਬਾਰਾਂ ਨਾਲ ?

ਦੁਸ਼ਮਣ ਦਾ ਅੱਜ ਪਤਾ ਕਰਨ ਨੂੰ ਅਸੀਂ ਕਛਾਰੇ ਨਿਕਲੇ ਸਾਂ,
ਦੇਖੋ ਕਿਸਮਤ, ਟੱਕਰ ਹੋ ਗਈ, ਫਿਰ ਆਪਣੇ ਹੀ ਯਾਰਾਂ ਨਾਲ ।

ਉੱਦਮ ਸੀ ਦਰਿਆਵਾਂ ਵਰਗਾ, ਹਿੰਮਤ ਵਾਂਗ ਚੱਟਾਨਾਂ ਦੇ,
ਵੈਰੀਆਂ ਤੋਂ ਤੇ ਮਰਦੇ ਨਹੀਂ ਸਾਂ ਸੱਜਣਾਂ ਮਾਰਿਆ ਪਿਆਰਾਂ ਨਾਲ ।

6. ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ

ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ ?
ਅਜ ਤੀਕਰ ਨਈਂ ਬੋਲੀ ਹੁਣ ਵੀ ਬੋਲਾਂ ਜਾਂ ਨਾ ਬੋਲਾਂ ?

ਡਰਦੀ, ਕੰਬਦੀ, ਝਕਦੀ ਮੈਂ ਤਾਂ ਸਾਰੀ ਉਮਰ ਗੁਜ਼ਾਰੀ,
ਹੁਣ ਵੀ ਸੋਚ ਰਹੀ ਹਾਂ ਦੁਖੜੇ ਫੋਲਾਂ ਜਾਂ ਨਾ ਫੋਲਾਂ ?

ਝੂਠ, ਫ਼ਰੇਬ, ਮਕਰ ਦੇ ਪਰਦੇ ਅਜ ਸਾਰੇ ਮੈਂ ਪਾੜਾਂ,
ਸਭ ਮੱਕਾਰੀ ਪੈਰਾਂ ਹੇਠਾਂ ਰੋਲਾਂ ਜਾਂ ਨਾ ਰੋਲਾਂ ?

ਚੁਪ ਦੀ ਸੂਲੀ ਉੱਤੇ ਮੈਂ ਤਾਂ ਕਈ ਸਦੀਆਂ ਦੀ ਟੰਗੀ,
ਚੁਪ ਦੇ ਜੰਦਰੇ ਤੋੜਾਂ ਮੂੰਹੋਂ ਬੋਲਾਂ ਜਾਂ ਨਾ ਬੋਲਾਂ ?

ਜਿੰਦੜੀ ਦੇ ਇਸ ਮਿਸਰ ਬਜ਼ਾਰੇ ਇਕ ਰੋਟੀ ਦੇ ਸ੍ਹਾਵੇਂ,
ਦਿਲ ਦਾ ਯੂਸਫ਼ ਰੀਤ ਦੀ ਤਕੜੀ ਤੋਲਾਂ ਜਾਂ ਨਾ ਤੋਲਾਂ ?

ਅਪਣੇ ਪਿੱਛੋਂ ਆਵਣ ਵਾਲਿਆਂ ਤਾਈਂ ਕਿੰਜ ਬਚਾਵਾਂ,
ਵੈਰੀਆਂ ਵਾਸਤੇ 'ਖ਼ਾਵਰ' ਮੌਹਰਾ ਘੋਲਾਂ ਜਾਂ ਨਾ ਘੋਲਾਂ ?

7. ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ

ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ ।
ਉਹਦੀ ਅੱਖ ਦਾ ਵਾਰ ਬਚਾਕੇ ਸੋਚ ਰਹੀ ਹਾਂ ।

ਘਰ ਆਏ ਦੀ ਪਤ ਲਾਹੁਣੀ ਵੀ ਠੀਕ ਨਾ ਹੁੰਦੀ,
ਇਹ ਗੱਲ ਉਹਨੂੰ ਘਰੇ ਬੁਲਾਕੇ ਸੋਚ ਰਹੀ ਹਾਂ ।

ਵੇਲਾ ਮੇਰਾ ਬਣਦਾ ਏ ਜਾਂ ਹੋਰ ਕਿਸੇ ਦਾ,
ਵੇਲੇ ਨਾਲ ਮੈਂ ਮੱਥਾ ਲਾਕੇ ਸੋਚ ਰਹੀ ਹਾਂ ।

ਦਿਲ ਦੀ ਗੁੱਝੀ ਆਖਾਂ ਜਾਂ ਨਾ ਆਖਾਂ ਉਹਨੂੰ,
ਉਹਨੂੰ ਅਪਣੇ ਕੋਲ ਬਠਾਕੇ ਸੋਚ ਰਹੀ ਹਾਂ ।

ਖ਼ਬਰੇ ਕਿਧਰੇ ਜੀਵਨ ਵਿਚ ਕੰਮ ਹੀ ਆ ਜਾਵੇ,
ਮੋਢੇ ਉੱਤੇ ਦਾਰ ਉਠਾਕੇ ਸੋਚ ਰਹੀ ਹਾਂ ।

8. ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ

ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ ।
ਇਸ ਲਈ ਤੇ ਸਭ ਤੋਂ ਬਹੁਤਾ ਰੰਗ ਉਸਦਾ ਜ਼ਰਦ ਸੀ ।

ਢੋ ਕੇ ਆਇਆ ਟੋਕਰੀ ਜਦ ਸ਼ਾਮ ਨੂੰ ਘਰ ਡੋਲਦਾ,
ਸਿਰਫ਼ ਖ਼ਾਲੀ, ਪਾਟਿਆ, ਖੀਸਾ ਮੇਰਾ ਹਮਦਰਦ ਸੀ ।

ਕੱਲ੍ਹ ਖ਼ਬਰੇ ਸੀਤ ਦੀ ਸੀ ਡੈਣ ਫੇਰਾ ਪਾ ਗਈ,
ਜਿਸਨੂੰ ਛੋਹਕੇ ਵੇਖਿਆ ਉਹ ਬਰਫ਼ ਵਾਂਗੂੰ ਸਰਦ ਸੀ ।

ਲੋਕ ਜਾਗੀਰਾਂ ਸਮਝਕੇ ਇਸ 'ਤੇ ਡਾਕੇ ਮਾਰਦੇ,
ਦਿਲ ਦੀ ਕੁੱਲੀ ਵਿਚ ਮੈਂ ਜਿਹੜਾ ਸਾਂਭ ਰਖਿਆ ਦਰਦ ਸੀ ।

ਕੋਠੀਆਂ ਨੂੰ ਛਡਕੇ ਉਹ ਸੌਂਦਾ ਰਿਹਾ ਫੁਟਪਾਥ 'ਤੇ,
ਆਖਦੇ ਨੇ ਓਸਨੂੰ ਸਭ ਕਿਸ ਤਰ੍ਹਾਂ ਦਾ ਮਰਦ ਸੀ ।

ਛੱਡਕੇ ਸੁੱਖਾਂ ਦੀ ਛਾਂ ਜੋ ਦੁਖ ਦੀ ਛਾਵੇਂ ਬਹਿ ਗਿਆ,
ਸੋਚਦੀ ਆਂ ਖ਼ਬਰੇ ਉਹ ਆਦਮ ਹੀ ਪਹਿਲਾ ਮਰਦ ਸੀ ।

ਵੇਲੇ ਦੀ ਸ਼ਤਰੰਜ ਨੂੰ 'ਖ਼ਾਵਰ' ਮੈਂ ਕੀਕੂੰ ਜਿੱਤਦੀ,
ਮੇਰੀ ਹਰ ਇਕ ਖ਼ੁਸ਼ੀ ਦੀ, ਕਿਸਮਤ ਦੇ ਹਥ ਵਿਚ ਨਰਦ ਸੀ ।

 

To veiw this site you must have Unicode fonts. Contact Us

punjabi-kavita.com