Kavita : Prof. Puran Singh

ਕਵਿਤਾ : ਪ੍ਰੋਫੈਸਰ ਪੂਰਨ ਸਿੰਘ

"ਹਰਦਮ ਖਿੜੇ ਮਿਲੋ ਹੇ ਮਿਤ੍ਰੋ!
ਤੁਸਾਂ ਮੱਥੇ ਵੱਟ ਨ ਪਾਏ।
ਸੀਨੇ ਸਾਫ ਕੀਨਿਓਂ ਤੁਹਾਡੇ,
ਤੁਸਾਂ ਵੈਰ ਨ ਕਦੇ ਕਮਾਏ।
ਡਿੱਠਿਆਂ ਖਿੜੇ ਕਾਲਜਾ ਸਾਡਾ,
ਅਸਾਂ ਦੇਖ ਦੇਖ ਸੁਖ ਪਾਏ।
(ਭਾਈ ਵੀਰ ਸਿੰਘ ਜੀ)

ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ । ਈਸਾ ਪਾਣੀ ਭਰਨ ਵਾਲੀਆਂ ਪੈਲਿਸਟੀਨ ਦੀਆਂ ਜਵਾਨ ਕੁੜੀਆਂ ਨੂੰ ਕਹਿੰਦਾ ਹੈ:-"ਬੀਬੀਓ! ਮੇਰੇ ਕੋਲ ਉਹ ਪਾਣੀ ਹੈ, ਜੋ ਸਦਾ ਦੀ ਪਿਆਸ ਬੁਝਾਂਦਾ ਹੈ ਤੇ ਜਦ ਹਵਾਰੀ ਪੁੱਛਦੇ ਹਨ, ਅਸੀ ਜੀਵਨ ਦਾ ਨਿਰਬਾਹ ਕਿਸ ਤਰਾਂ ਕਰਾਂਗੇ, ਤਦ ਉਹ ਕਹਿੰਦਾ ਹੈ "ਵੇਖੋ! ਖੇਤਾਂ ਵਿੱਚ ਲਿਲੀਆਂ ਕਿਸ ਤਰਾਂ ਖਿੜ ਰਹੀਆਂ ਹਨ, ਇਹ ਕਿਥੋਂ ਖਾਂਦੀਆਂ ਹਨ। ਨਾ ਹਲ ਵਾਂਹਦੀਆਂ ਹਨ ਨਾ ਕੱਪੜਾ ਬੁਣਦੀਆਂ ਹਨ ਪਰ ਸੁਲੇਮਾਨ ਆਪਣੇ ਐਸ਼ਵਰਜ ਸਮੇਤ ਇਨ੍ਹਾਂ ਥੀਂ ਵਧ ਫਬਨ ਤਾਂ ਨਹੀਂ ਸੀ ਬਣਾ ਸੱਕਦਾ ਫਿਰ "ਸੱਚਾ ਜੀਵਨ ਤਾਂ ਉਨਾਂ ਨੂੰ ਪ੍ਰਾਪਤ ਹੈ ਜਿਹੜੇ ਜੀਵਨ ਨੂੰ ਗਵਾ ਬੈਠੇ ਹਨ", ਪੂਰਬ ਦੇ ਦੇਸ਼ਾਂ ਵਿੱਚ ਸਾਧਬਚਨਾਂ ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤਯ ਮੰਨਿਆ ਹੈ।ਬਾਕੀ ਵਾਕ ਰਚਨਾ ਮੰਨੀ ਹੈ। ਸਾਹਿਤਯ ਦੇ ਰਸਿਕ ਵਾਕ ਰਚਨਾ ਦੇ ਰਸ ਘੜੀ ਪਲ ਲਈ ਲੈ ਲੈਂਦੇ ਹਨ। ਪਰ ਇਹ ਉਨ੍ਹਾਂ ਦਾ ਨਿਸ਼ਚਾ ਸਦਾ ਅਟੱਲ ਹੁੰਦਾ ਹੈ, ਕਿ ਵਾਕ ਰਚਨਾ ਇਕ ਲਫਜ਼ਾਂ ਦੀ ਮਾਯਾ ਹੈ॥

ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਜਦ ਇਕ ਲਾਜਵੰਤੀ ਦੇ ਪੱਤਿਆਂ ਵਰਗਾ ਨਰਮ ਦਿਲ ਚੜ੍ਹਦੇ ਸੂਰਜ ਨੂੰ ਵੇਖ ਇਕ ਅਕਹਿ ਸੁਖ ਵਿਚ ਜਾਂਦਾ ਹੈ ਤੇ ਜਿਵੇਂ ਨੀਂਦਰ ਆਏ ਵੇਲੇ ਹੱਥ ਪੈਰ ਆਪ-ਮੁਹਾਰੇ ਡਿੱਗ ਪੈਂਦੇ ਹਨ, ਤਿਵੇਂ ਉਸ ਰਸਿਕ ਸੁਖ ਨਾਲ ਬਿਹਬਲ ਹੋ ਓਹਦੇ ਹੱਥ ਪੈਰ ਸਰੀਰ ਮਨ ਆਦਿ ਸਭ ਡਿੱਗ ਪੈਂਦੇ ਹਨ। ਉਹ ਅਕਹਿ ਸੁਖ, ਕਵਿਤਾ ਦੀ ਹਾਲਤ ਹੈ। ਅਸਲ ਵਿੱਚ ਪਾਰਖੀ ਲੋਕਾਂ ਲਈ ਤਾਂ ਬਸ ਉਹ ਦਰਸ਼ਨ ਹੀ ਬਸ ਹਨ, ਐਸੀ ਉੱਚੀ ਅਵਸਥਾ ਵਿੱਚ ਅਰੂੜ ਬੰਦੇ ਦੇ ਦਰਸ਼ਨ ਹੀ ਕਵਿਤਾ ਦੇ ਰਾਗ ਦੇ ਅਲਾਪਨ ਥੀਂ ਵਧ ਕਿਸੀ ਖੁਸ਼ੀ ਦਾ ਅਨੁਭਵ ਹੈ। ਕਵੀ ਭੀ ਆਪਣੀ ਹਾਲਤ ਥੀਂ ਉਥਾਨ ਹੋ ਕੇ ਕੁਛ ਕਹਿਣਾ ਚਾਹੁੰਦਾ ਹੈ, ਜਿਵੇਂ ਸੂਰਜ ਨੀਲੇ ਸਮੁੰਦ੍ਰ ਵਿੱਚ ਡੁਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦ੍ਰ ਦੀ ਡੋਬ ਉਹਦੇ ਚੜ੍ਹਾਉ ਵਿੱਚ ਡਲ੍ਹਕਦੀ ਹੈ (ਇਹ ਰੰਗ ਸਮੁੰਦ੍ਰ ਵਿੱਚ ਜਹਾਜ ਤੇ ਚੜ੍ਹਿਆ ਸਵੇਰ ਵੇਲੇ ਸੂਰਜ-ਚੜ੍ਹਦੇ ਸਮੇਂ ਦਾ ਹੈ) ਤਿਵੇਂ ਕਵੀ ਦੇ ਦਿਲ-ਸਮੁੰਦ੍ਰ ਦੀ ਰੰਗਣ ਨਾਲ ਡਲ੍ਹਕਦੀ ਕਵਿਤਾ ਉਦਯ ਹੁੰਦੀ ਹੈ। ਇਕ ਅਨੰਤ ਦੀ ਦ੍ਰਵਿਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇਕ ਵੇਰੀ ਇਕ ਅਚੰਬਾ ਕਰ ਦੇਣ ਵਾਲੀ, ਸੁਤਿਆਂ ਦੇ ਰੂਹ ਜਗਾਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਂਦੀ ਹੈ॥

ਉਸੀ ਤਰਾਂ ਜਿਸ ਤਰਾਂ ਇਕ ਹਰਨੀ ਮੂੰਹ ਉੱਚਾ ਕਰਕੇ ਆਪਣੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਿਹਬਲ ਹੁੰਦੀ ਹੈ । ਤਿਵੇਂ ਹੀ ਕਵੀ ਦੇ ਦਿਲ ਦੀ ਅਵਾਜ਼ ਸਦੀਆਂ ਦੇ ਕੰਨ ਖੜੇ ਕਰ ਦਿੰਦੀ ਹੈ। ਸੁਰਤਿ ਨੂੰ ਖਿਚ ਪਾਂਦੀ ਹੈ ਤੇ ਕੜਾਕਾ ਦੇ ਕੇ ਸੁਰਤਿ ਨੂੰ ਮਾਮੂਲੀ ਧਰਤ ਥੀਂ ਉਠਾ ਕੇ ਉੱਚਾ ਕਰਕੇ ਅਣ ਡਿੱਠੇ ਗਗਨਾਂ, ਉੱਚਿਆਂ ਦਮਕਦਿਆਂ ਗਗਨਾਂ ਵਿੱਚ ਸਥਿਤੀ ਦੇ ਦਿੰਦੀ ਹੈ ॥

ਇਹ ਮਿੱਟੀ ਘੱਟਾ, ਇਹ ਕਾਹਲਾਪਣ ਖੱਪ, ਕ੍ਰਿਝ, ਇਹ ਧੂੜ ਲਿਬੜੀ ਅਣ ਨਹਾਤੀ ਜਿਹੀ ਮਾਦੀ ਭਾਰੀ ਹਾਲਤ ਨੂੰ ਸਾਫ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ। ਜਿਸਮ ਥੀਂ ਉਠ ਬੰਦੇ ਨੂੰ ਰੂਹ ਵਿੱਚ ਕਾਇਮ ਕਰ ਦਿੰਦੀ ਹੈ । ਬਸ ਐਸੀ ਕਵੀ ਦੀ ਆਵਾਜ਼ ਹੈ:-

ਕਵਿਤਾ ਨੈਣਾਂ ਵਿੱਚ ਸੁਫਨੇ ਲਟਕਾ ਦਿੰਦੀ ਹੈ । ਦਿਲਾਂ ਵਿੱਚ ਅਸ਼ਰੀਰੀਆਂ ਦੇ ਮੇਲੇ ਕਰਾ ਦਿੰਦੀ ਹੈ। ਨਵਾਂ ਅਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਤੇ ਸੋਹਣੀ ਦੁਨੀਆਂ ਰਚ ਵਿਖਾਂਦੀ ਹੈ। ਹਰ ਇਕ ਜਵਾਨ ਗੱਭਰੂ ਤੇ ਜਵਾਨ ਕੁੜੀ ਉੱਪਰ ਆਪਣੀ ਜਵਾਨੀ ਇਕ ਕਵਿਤਾ ਦਾ ਰੰਗ ਜਮਾਂਦੀ ਹੈ। ਉਨ੍ਹਾਂ ਲਈ ਅਕਾਸ਼ ਧਰਤ ਨਵੇਂ ਹੋ ਜਾਂਦੇ ਹਨ। ਇਕ ਅਜੀਬ ਅਨੋਖਾ ਚਾ ਉਨ੍ਹਾ ਦੀ ਰਗ ਰਗ ਵਿੱਚ ਗੇੜੇ ਲਾਂਦਾ ਹੈ। ਭਾਵੇਂ ਉਸ ਜਵਾਨੀ ਦਾ ਚਾ ਕੁਸੰਭੇ ਦਾ ਰੰਗ ਹੁੰਦਾ ਹੈ, ਥੋੜਾ ਚਿਰ ਰਹਿੰਦਾ ਹੈ, ਸ਼ਰਾਬ ਦੇ ਨਸ਼ੇ ਵਾਂਗ ਉਤਰ ਜਾਂਦਾ ਹੈ, ਤਾਂ ਵੀ ਇਕ ਭਾਨ ਮਾਤ੍ਰ ਵਿਖਾਵਾ ਤਾਂ ਕਵਿਤਾ ਦੇ ਰੰਗ ਦਾ ਹਰ ਕੋਈ ਆਪ ਬੀਤੀ ਗੱਲ ਵਾਂਗ ਸਾਖਯਾਤਕਾਰ ਕਰ ਲੈਂਦਾ ਹੈ। ਕਵਿਤਾ ਦਾ ਰੰਗ ਬਸ ਉਹੋ ਜਿਹਾ ਹੈ, ਪਰ ਪੱਕਾ ਰੰਗ ਮਜੀਠੀ ਹੁੰਦਾ ਹੈ।ਜਿਸ ਬੰਦੇ ਨੂੰ ਸਦਾ ਜਵਾਨੀ ਦਾ, ਸਦਾ ਬਹਾਰ ਦਾ ਖੇੜਾ ਚੜ੍ਹਿਆ ਰਹੇ, ਕੇਸ ਧੌਲੇ ਹੋ ਜਾਣ, ਹੱਡੀ ਮਾਸ ਸਿਥਲ ਹੋ ਜਾਏ, ਨਿਰਬਲ, ਗਰੀਬ ਹੋਵੇ ਪਰ ਰੂਹ ਵਿੱਚ ਸਦਾ ਬਸੰਤ ਦੇ ਰੰਗ ਖਿੜੇ ਹੋਣ ਉਹ ਭਾਵੇਂ ਇਕ ਅੱਖਰ ਨਾ ਲਿਖੇ ਭਾਵੇਂ ਇਕ ਵਚਨ ਨਾ ਬੋਲੇ, ਉਹ ਕਵੀ ਹੈ ॥

ਉਹਦਾ ਤੱਕਣਾ, ਉਹਦੇ ਬਾਂਹ ਦੀ ਉਲਾਰ, ਉਹਦਾ ਬਹਿਣਾ, ਚਲਣਾ, ਖਾਣਾ, ਪੀਣਾ, ਪਹਿਨਣਾ ਕਾਵਯ ਹੈ, ਜੇ ਕਦੀ ਕੋਈ ਗੱਲ ਕਰੇ ਤਾਂ ਉਹ ਲਿਖ ਲਈ ਜਾਏ, ਉਹ ਉੱਚਾ ਸਾਹਿਤ ਹੈ, ਕਵਿਤਾ ਹੈ ॥ ਕਵਿਤਾ ਜੀਵਨ ਰੰਗ ਹੈ। ਇਸ ਇਕ ਸਤਰ ਲਈ ਵਰ੍ਹਿਆਂ ਬੱਧੀ ਬਿਰਹਾਂ ਦੀ ਝੀਣੀ-ਬਾਣ-ਬਰਖਾ ਸਹਿਣੀ ਪੈਂਦੀ ਹੈ। ਸਾਰੀ ਉਮਰ ਬੀਤ ਜਾਏ ਤੇ ਇਕ ਪੱਕੇ ਫਲ ਵਾਂਗ ਕੋਈ ਬਚਨ ਕਰੇ। ਉਸ ਵਿੱਚ ਸਾਰੀ ਉਮਰ ਦੀ ਸੁਰਤਿ ਦਾ ਤਜਰਬਾ ਗਾ ਉੱਠਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਹੁੰਦੀ ਹੈ, ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ, ਉਹ ਰੂਹ ਦੀ ਪਾਲਣਾ ਕਰਦੀ ਹੈ। ਸੁੱਤੀਆਂ ਕਲਾਂ ਨੂੰ ਜਗਾਂਦੀ ਹੈ, ਦਿਲ ਦੇ ਦੀਵੇ ਬਾਲਦੀ ਹੈ ਤੇ ਢੱਠਿਆਂ ਨੂੰ ਆਸਰਾ ਦਿੰਦੀ ਹੈ। ਸਿਦਕ ਆਪ-ਮੁਹਾਰਾ ਆਉਂਦਾ ਹੈ। ਬਿਨਾ ਦਲੀਲਾਂ ਦੇ ਤੇ ਅਕਲੀ ਸਮਝੌਤਿਆਂ ਦੇ ਸਹਿਜ ਸੁਭਾ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਹੈ ਸੱਚ ਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਤੇ ਉਜਲਤਾ ਰੂਹ ਨੂੰ ਦਿੰਦੇ ਹਨ, ਬਿਪਤਾ ਵੇਲੇ ਉਨ੍ਹਾਂ ਨੂੰ ਮੁੜ ਮੁੜ ਛੋਹਣ ਤੇ ਦਿਲ ਕਰਦਾ ਹੈ । ਤੇ ਉਨ੍ਹਾਂ ਵਚਨਾਂ ਦੇ ਪਾਠ ਵਿੱਚ ਰੂਹ ਨੂੰ ਅਰਾਮ ਮਿਲਦਾ ਹੈ ; ਕਹਿੰਦੇ ਹਨ ਜਦ ਹਰਨਾਕਸ਼ ਨੇ ਆਪਣੀ ਭੈਣ ਹੋਲੀ ਨੂੰ ਕਿਹਾ ਕਿ ਪ੍ਰਹਿਲਾਦ ਨੂੰ ਝੋਲੀ ਵਿੱਚ ਬਿਠਾ ਕੇ ਬਲਦੇ ਭਾਂਬੜ ਵਿੱਚ ਜਾ ਬੈਠੇ । ਹੋਲੀ ਤਾਂ ਕਿਸੀ ਜਾਦੂ ਦੀ ਕਲਾ ਕਰਕੇ ਨਹੀਂ ਸੜਨ ਲੱਗੀ ਤੇ ਪ੍ਰਹਿਲਾਦ ਇਸ ਵਿਉਂਤ ਨਾਲ ਸੜ ਜਾਸੀ । ਪ੍ਰਹਿਲਾਦ ਦੇ ਵਿੱਚ ਗਿਆਂ ਭਾਂਬੜ ਠੰਢਾ ਹੋ ਗਿਆ, ਇਹ ਕਰਾਮਾਤ ਜੜੇ ਜਾਦੂਆਂ ਦੀ ਨਹੀਂ ਹੁੰਦੀ । ਇਹ ਸਭ ਰੂਹ ਦੇ ਦੇਸ਼ਾਂ ਦੇ ਅਲੰਕਾਰ ਹਨ । ਸਭ ਕ੍ਰਿਸ਼ਮੇ ਰੂਹ ਦੇ ਦੇਸ਼ਾਂ ਦੇ ਹੁੰਦੇ ਹਨ। ਪ੍ਰਹਿਲਾਦ ਸਾਧਬਚਨਾਂ ਦੇ ਸਿਮਰਨ ਵਿੱਚ ਵਲੇਟਿਆਂ, ਕੱਜਿਆਂ, ਤੇ ਉਸ ਰਛਿਆ ਨੂੰ ਪਾਕੇ ਜਦ ਬਲਦੀ ਅੱਗ ਵਿੱਚ ਗਿਆ, ਅੱਗ ਠੰਢੀ ਹੋ ਗਈ। ਇਹ ਅਸਰ ਸੱਚੀ ਕਵਿਤਾ ਦਾ ਹੈ । ਜਦ ਉਹ ਸਾਡੇ ਨਾਲ ਹੋਵੇ ਤਦ ਆਸ਼ਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਭੀ ਅਸੀ ਠੰਢੇ ਤੇ ਹਲਕੇ ਤੇ ਦੈਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸੱਕਦੇ ਹਾਂ । ਕਵੀ ਤਾਂ ਦੂਰ ਪਹੁੰਚੀ ਰੱਬ ਦੀ ਕਰਮਾਤ ਹੈ। ਉਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ। ਕਵੀ ਬਚਨ ਨੂੰ ਧਾਰਣ ਕਰਕੇ ਪ੍ਰਹਿਲਾਦ ਵਾਂਗ ਉਨ੍ਹਾਂ ਵਚਨਾਂ ਦੀ ਗੂੰਜ ਵਿੱਚ ਜੀ ਉੱਠਣਾ ਤੇ ਮਸਤ ਹੋ ਉੱਚੇ "ਗਗਨਾਂ ਵਿੱਚ ਨਿਵਾਸ ਘਰ ਬਣਾ ਲੈਣਾ, ਇਹ ਕਾਵਯ ਦੇ ਰਸਿਕ ਪੁਰਸ਼ਾਂ ਨੂੰ ਹੀ ਸਿੱਧੀ ਹੋ ਸੱਕਦੀ ਹੈ। ਪੱਥਰ ਜਿਹੜਾ ਕਿਸੇ ਚੁੱਕ ਕੇ ਛੱਤ ਪਰ ਆਣ ਰੱਖਿਆ ਹੋਵੇ ਉਹਦੀ ਤਾਕਤ ਓਨੀ ਹੀ ਵਧ ਜਾਂਦੀ ਹੈ ਜਿਸ ਤਾਕਤ ਨਾਲ ਹੇਠਾਂ ਥੀਂ ਚਕ ਕੇ ਉਹ ਉੱਪਰ ਰੱਖਿਆ ਗਿਆ ਹੈ। ਪੱਥਰ ਉਹੋ ਹੀ ਹੈ ਤੇ ਉਹ ਤਾਕਤ ਕੋਈ ਦਿੱਸਦੀ ਵੀ ਨਹੀਂ, ਪਰ ਤੱਲੇ ਪਿਆ ਪੱਥਰ ਜਖਮ ਨਹੀਂ ਕਰ ਸੱਕਦਾ ਤੇ ਉੱਤੋਂ ਰੁੜ੍ਹਿਆ ਪੱਥਰ ਸੱਟ ਮਾਰਨ ਨੂੰ ਸਮਰਥ ਹੈ। ਇਸੀ ਤਰਾਂ ਬਚਨਾਂ ਬਚਨਾਂ ਵਿੱਚ ਫਰਕ ਤਾਂ ਨਹੀਂ ਦਿੱਸਦਾ, ਪਰ ਜਦ ਅਮਲ ਕਰੀਏ ਤੇ ਰੂਹ ਤੇ ਆਈ ਹਾਲਤ ਦੀ ਪਰਖ ਕਰਕੇ ਵੇਖੀਏ ਤਦ ਪਤਾ ਲੱਗਦਾ ਹੈ, ਕਿ ਕਵਿਤਾ ਕੇਹੜੀ ਹੈ ਤੇ ਵਾਕ ਰਚਨਾ ਕੇਹੜੀ ?

ਮੀਰਾਂ ਬਾਈ ਦਾ ਕਥਨ:-
ਰਾਣਾ ਰੂਠੇ ਨਗਰੀ ਰਾਖੇ,
ਹਰਿ ਰੂਠੇ ਕਹਾਂ ਜਾਣਾ ॥

ਜਰਾ ਪਾਠ ਕਰੋ, ਇਕ ਦੇਵੀ ਆਜ਼ਾਦੀ ਰਗਾਂ ਵਿੱਚ ਭਰਦੀ ਹੈ, ਰੂਹ ਵਿੱਚ ਤਾਕਤ ਆਉਂਦੀ ਹੈ । ਬਾਦਸ਼ਾਹ ਦੇਸ ਨਿਕਾਲਾ ਦਿੰਦੇ ਹਨ। ਜੇ ਮੇਰਾ ਰੱਬ ਨਾ ਰੁਠੇ ਤੇ ਦੁਨੀਆਂ ਦੇ ਬਾਦਸ਼ਾਹਾਂ ਦੀ ਕੀ ਪ੍ਰਵਾਹ ਹੈ ? ਇਕ ਅੰਦਰ ਦਾ ਉੱਚਾ ਇਖਲਾਕ ਤੇ ਆਜ਼ਾਦੀ ਰੂਹ ਦੀ ਸ਼ਿਸਤ ਸਿੱਧੀ ਕਰਦੀ ਹੈ । ਕਦੀ ਆਦਮੀ ਇਸ ਦੇ ਪਾਠ ਥੀਂ ਰੱਜਦਾ ਨਹੀਂ ॥

ਸ੍ਰੀ ਗੁਰੂ ਨਾਨਕ ਚਮਤਕਾਰ ਦੇ ਕਰਤਾ ਜੀ ਦਾ ਕਥਨ:
ਬਾਰਾਂ ਹਿ ਬਰਸ ਬੀਤੇ,
ਬਾਲਮ ਬਿਦੇਸ ਧਾਏ ॥
ਆਯਾ ਨ ਸੁਖ ਸੁਨੇਹਾ,
ਧੌਲੇ ਹੋ ਕੇਸ ਆਏ ॥

ਜਰਾ ਅਮਲ ਕਰਕੇ ਤੱਕ, ਇਨ੍ਹਾਂ ਸਤਰਾਂ ਵਿੱਚ ਕਿੰਨਾਂ ਬਿਰਹਾ ਭਰਿਆ ਹੋਇਆ ਹੈ ॥
ਫਿਰ ਉਨ੍ਹਾਂ ਦੀਆਂ ਇਹ ਸਤਰਾਂ:
ਠਹਿਰ ਜਾਈਂ ਠਹਿਰ ਜਾਈਂ,
ਗੁਰੂ ਦੇ ਪਿਆਰਿਆ ॥
ਪਵਣ ਵੇਗ ਕੌਣ ਰੋਕੇ,
ਬੱਦਲਾਂ ਨੂੰ ਕੌਣ ਠਾਕੇ ॥
ਧੁਰਾਂ ਥੀਂ ਜੋ ਚਾਲ ਪਾਏ,
ਟਰਨ ਨਹੀਂ ਟਾਰਿਆ॥
ਇਨ੍ਹਾਂ ਵਿੱਚ ਰੂਹ ਦੇ ਦੇਸ਼ ਦਾ ਅਕਾਸ਼ ਦਿੱਸਦਾ ਹੈ, ਸਹਿਜ ਸੁਭਾ ਸਪaਚe ਸਪੇਸ ਕੋਈ ਹੋਰ ਆਣ ਪਈ ਹੈ॥

ਮੀਰਾਂ ਬਾਈ ਤੇ ਭਾਈ ਸਾਹਿਬ ਜੀ ਦੀ ਕਵਿਤਾ ਸਿੱਖ ਕਵਿਤਾ ਹੈ, ਇਥੇ ਉਨ੍ਹਾਂ ਦੇ ਪਿਆਰੇ ਗੁਰੂਆਂ ਦੀ ਕਵਿਤਾ ਦਾ ਜ਼ਿਕਰ ਹੀ ਨਹੀਂ ਕਰਦੇ, ਕਿਉਂਕਿ ਉਹ ਤਾਂ ਉਹ ਸ਼ਬਦ ਹਨ, ਜਿਨ੍ਹਾਂ ਨੂੰ ਲੱਖਾਂ ਜ਼ਿੰਦਗੀਆਂ ਅਰਪਣ ਹੋਈਆਂ ਹੋਈਆਂ ਹਨ ਤੇ ਉਹ ਅਰਸ਼ਾਂ ਕੁਰਸ਼ਾਂ ਦੇ ਰਸ ਤੇ ਅਕਾਸ਼ ਤੇ ਸੱਚ ਦੇ ਜਵਾਹਰਾਤਾਂ ਦਾ ਖਜਾਨਾ ਹਨ । ਅਸੀ ਭਾਈ ਸਾਹਿਬ ਦੀ ਕਵਿਤਾ ਉੱਪਰ ਇਥੇ ਕੁਛ ਲਿਖਣਾ ਚਾਹੁੰਦੇ ਹਾਂ, ਪਰ ਇਹ ਦਰਦ ਜਿਹੜਾ ਕੇਲੋਂ ਦੇ ਗਲ ਲੱਗੀ ਵੇਲ ਵਿੱਚ ਆਪ ਨੇ ਦੱਸਿਆ ਹੈ, ਉਹ ਕਿਸ ਤਰਾਂ ਦਿਲ ਦੇ ਚੁੱਪ ਸਰਗਮਾਂ ਵਿੱਚ ਜਾ ਕੋਈ ਰਾਗ ਛੇੜਦਾ ਹੈ:-

ਕੇਲੋਂ ਦੇ ਗਲ ਲਗੀ ਵੇਲ

ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !

ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।

ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆਂ !

ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆਂ !

ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।

ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।

ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।

ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।

ਬਨਫਸ਼ੇ ਦੇ ਫੁੱਲ ਵਿੱਚ ਕਿਹਾ ਆਪ ਇਕ ਆਪਣੇ ਜੀਵਨ ਦਾ ਭੇਤ ਇਕ ਕਾਵਯ ਰਸ ਦੇ ਨਖਰੀਲੇ ਅੰਦਾਜ਼ ਵਿੱਚ ਦੱਸਦੇ ਹਨ ।

ਬਨਫਸ਼ਾ ਦਾ ਫੁੱਲ

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ,
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।

ਇਸ ਵਿੱਚ ਸ਼ੱਕ ਨਹੀਂ, ਕਿ ਕਵਿਤਾ ਆਪਣੀ ਹੀ ਬੋਲੀ ਵਿਚ ਉਸ ਖਾਸ ਦੇਸ਼ ਦੇ ਵਾਸੀਆਂ ਨੂੰ ਰੂਹ ਤਕ ਅਪੜਾ ਸੱਕਦੀ ਹੈ। ਇਹ ਅਸੰਭਵ ਹੈ, ਕਿ ਅੰਗੇਜ਼ੀ ਕਵਿਤਾ ਤੇ ਉਹਦਾ ਉਚਾਰਣ ਸਾਨੂੰ ਪੰਜਾਬੀਆਂ ਨੂੰ ਉੱਨਾਂ ਤੀਖਣ ਤੇ ਮਿੱਠਾ ਤੇ ਰਸੀਲਾ ਲੱਗੇ ਜਿਸ ਤਰਾਂ ਅੰਗ੍ਰੇਜ਼ਾਂ ਨੂੰ ਲੱਗਦਾ ਹੈ। ਮੇਰੀ ਜਾਚੇ ਇਹ ਨਾਮੁਮਕਨ ਹੈ, ਕਿ ਪੰਜਾਬੀ ਦਿਲ ਨੂੰ ਹਿੰਦੀ ਤੇ ਉਰਦੂ ਬੋਲੀ ਕਦੀ ਰੂਹ ਨੂੰ ਚੰਗੀ ਲੱਗੇ। ਜਿਸ ਵੇਲੇ ਪੰਜਾਬੀ ਮਾਂ ਤੇ ਭੈਣਾਂ ਆਪਣੇ ਪੁਤ ਤੇ ਭਰਾ ਦੇ ਗੁਜ਼ਰ ਜਾਣ। ਉੱਪਰ ਰੁਦਨ ਕਰ ਕਰ ਵੈਣ ਪਾਂਦੀਆਂ ਹਨ, ਉਹ ਵੈਣ। ਕਦੀ ਵੀ ਅੰਗ੍ਰੇਜ਼ੀ ਯਾ ਪਾਰਸੀ ਯਾ ਉਰਦੂ ਯਾ ਹਿੰਦੀ ਵਿੱਚ ਨਹੀਂ ਹੋ ਸਕਦੇ। ਸੋ ਜਿਸ ਤਰਾਂ ਮਾਂ ਦੇ ਖੂਨ ਤੇ ਹੱਡੀ ਨਾਲ ਸਾਡਾ ਰਿਸ਼ਤਾ ਹੈ, ਇਸੇ ਤਰਾਂ ਉਹਦੀ ਬੋਲੀ ਨਾਲ। ਰੂਹ ਤਕ ਤਾਂ ਮਾਂ ਦੀ ਬੋਲੀ ਅੱਪੜਦੀ ਹੈ, ਸੋ ਕਵੀ ਸਦਾ ਆਪਣੀਆਂ ਦੀ ਬੋਲੀ ਵਿੱਚ ਰਹਿੰਦਾ ਹੈ, ਉੱਸੇ ਨੂੰ ਉੱਚਾ ਕਰਦਾ ਹੈ। ਵਾਕ ਰਚਨਾ ਤਾਂ ਹਰ ਕੋਈ ਹਰ ਬੋਲੀ ਵਿੱਚ ਕਰ ਸੱਕਦਾ ਹੈ । ਜੇ ਉਸਨੂੰ ਅਕਲੀ ਹੁਨਰ ਆਉਂਦਾ ਹੋਵੇ, ਪਰ ਕਵਿਤਾ ਕਦੀ ਪਰਾਈ ਬੋਲੀ ਵਿਚ ਨਹੀਂ ਹੋ ਸੱਕਦੀ।

"ਧਨੁ ਸੁ ਦੇਸੁ ਜਹਾ ਤੂੰ ਵਸਿਆ, '
ਮੇਰੇ ਸਜਣ ਮੀਤ ਮੁਰਾਰੇ ਜੀਉ
ਹਉ ਘੋਲੀ ਹਉ ਘੋਲਿ ਘੁਮਾਈ ,
ਗੁਰ ਸਜਣ ਮੀਤ ਮੁਰਾਰੇ ਜੀਉ।

ਇਹ ਇਕ ਸ਼ਬਦ ਦੱਸਦਾ ਹੈ, ਕਿਸ ਤਰਾਂ ਸਤਿਗੁਰਾਂ ਦੇ ਵੇਲੇ ਸਾਡੀ ਮਾਤ ਬੋਲੀ ਉਨ੍ਹਾਂ ਦੇ ਬਸ ਛੋਹਣ ਨਾਲ, ਨਾ ਸਿਰਫ ਉੱਚੀ ਹੋਈ, ਨਾ ਸਿਰਫ ਵੱਡੀ ਹੋਈ, ਗਹਿਰ ਤੇ ਗੰਭੀਰ ਹੋਈ, ਪਰ ਕਿੰਨੀ ਮਿੱਠੀ, ਸੁੱਚੀ ਤੇ ਪਿਆਰੀ ਹੋ ਗਈ॥

ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ, ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ ਦਇਆ, ਨਿੰਮ੍ਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਤੇ ਚਾ ਮਿਲਵਾਂ ਹੋਣਾ ਲੋੜੀਦਾ ਹੈ। ਕਵਿਤਾ ਪੜ੍ਹਨ ਵਾਲਿਆਂ ਦੇ ਦਿਲ ਇਕ ਵਗਦੇ ਚਸ਼ਮੇ ਵਾਂਗ ਸਦਾ ਠੰਢੇ ਤੇ ਨਿਰਮਲ ਲੋੜੀਏ। ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਕਰ ਸੱਕਦੇ ਹਾਂ ਜਦ ਖੁਦਗਰਜੀ, ਕਸ਼ਮਕਸ਼, ਵੈਰ-ਵਿਰੋਧ, ਤੇ ਦੁਨਯਾਦਾਰੀ ਦੀਆਂ ਕਮੀਨੀਆਂ ਘਬਰਾਟਾਂ ਦਾ ਘੱਟਾ ਦਿਲ ਥੀਂ ਸਾਫ ਹੋ ਚੁੱਕਿਆ ਹੋਵੇ। ਅੱਖ ਵਿਚ ਕੋਈ ਜਵਾਲਾ ਲਿਸ਼ਕਾਂ ਮਾਰਦੀ ਹੋਵੇ, ਦਿਲ ਵਿਚ ਬਿਹਬਲਤਾ ਹੋਵੇ, ਹੱਥ ਪੈਰ ਅਚਲ ਚਾ ਵਿੱਚ ਚੰਚਲ ਹੋਣ, ਤੇ ਰੂਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ। ਜਿਹੜੇ ਇਕ ਦੁਨੀਆਂ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ, ਉਨ੍ਹਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸੱਕਣ। ਫਰਕ ਦੇਖੋ, ਇਨ੍ਹਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ, ਤੇ ਕਵੀ ਲਈ ਇਹ ਸਭ ਕੂੜ। "ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ"। ਕਵੀ ਦਾ ਸੱਚ ਇਹ ਨਹੀਂ, ਉਹ ਹੈ:-"ਸਚੁ ਤਾ, ਪਰੁ ਜਾਣੀਐ ਜਾ ਰਿਦੈ ਸਚਾ ਹੋਇ' ਤੇ 'ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਵੈ ਮੋਖੁ ਦੁਆਰੁ"।ਕਵੀ ਤਾਂ ਕਾਲੇ ਬੱਦਲਾਂ ਦੇ ਸਮੂਹ ਵਿੱਚ ਇਕ ਲਿਸ਼ਕਦੀ ਚਾਂਦੀ ਦੀ ਲਕੀਰ ਵੇਖ ਖੁਸ਼ ਹੁੰਦੇ ਹਨ। ਠੀਕ, ਨਿਰਾ ਕਾਲਾਪਣ ਕੁਸੁਹਣਾ ਨਹੀਂ, ਜੇ ਬੱਦਲਾਂ ਵਾਲੀ ਕੋਈ ਲਿਸ਼ਕ ਹੋਵੇ ਤੇ ਜੇ ਉਨ੍ਹਾਂ ਵਰਗਾ ਬਰਖਾ ਕਰਨ ਵਾਲਾ ਦਿਲ ਹੋਵੇ, ਜੇ ਕਾਲਿਆਂ ਵਿਚ "ਥਰਰ ਥਰਰ'' ਕੋਈ "ਖਿਰਣ" ਹੋਵੇ ਤਦ ਮੋਰ ਪੈਲ ਪਾਣ ਲਗ ਜਾਂਦੇ ਹਨ। ਲੰਕਾ ਵਾਸੀਆਂ ਨੇ ਇਕ ਵੇਰੀ ਅੱਕ ਕੇ ਕਿਹਾ ਸੀ-
"ਕੰਚਨ ਕੇ ਧਾਮ ਕਾਹੇ ਕਾਮ ਜਹਾਂ ਉਪਾਧ ਰਹੇ, ਰਾਮ ਰਾਜ ਭਲੋ ਜਹਾਂ ਸੋਏਂ ਖਾਏ ਲੋਬੀਆ"।

ਜਿਹੜੀ ਬਿਜਲੀ ਦੀ ਚਿਣਗ ਵਾਂਗ ਤੜਪ ਕੇ ਸ਼ਰੀਰੀ ਮਾਯਾਵੀ ਦੁਨੀਯਾਂ ਥੀਂ ਬਾਹਰ ਨਹੀਂ ਹੋ ਸੱਕਦੇ, ਉਹ ਕਵਿਤਾ ਨੂੰ ਕੀ ਸਿੰਝਾਣ ਸਕਦੇ ਹਨ, ਉਹ ਮਰ ਚੁਕੇ ਹਨ। ਗੁਲਬਕਾਵਲੀ ਸੈਲ ਪੱਥਰ ਤਾਂ ਹੀ ਹੋਈ ਸੀ, ਜਦ ਉਹਨੂੰ ਇਸ "ਕੂੜ" ਦਾ ਕੋਈ ਹੱਥ ਲਗ ਗਿਆ ਸੀ। ਬੰਦੇ ਠੋਸ ਕਾਲੇ ਜਗਤ ਦੇ ਕੂੜ ਨੂੰ "ਸੱਚ" ਮੰਨ ਕੇ ਪੈਰਾਂ ਵੱਲੋਂ ਲਗ ਕੇ ਸਿਰ ਤਕ ਹੌਲੀ ਹੌਲੀ ਸੈਲ ਪੱਥਰ ਹੋ ਜਾਂਦੇ ਹਨ, ਦਿਲ ਦੀ ਧੜਕ ਬੰਦ ਹੋ ਜਾਂਦੀ ਹੈ। ਸ਼ੈਕਸਪੀਅਰ ਨੇ ਵੀ ਕੁਝ ਖਿੱਝ ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਕਵਿਤਾ ਚੰਗੀ ਨਹੀਂ ਲਗਦੀ ਉਹ ਲੋਕ ਫਾਂਸੀ ਲਾ ਦਿੱਤੇ ਜਾਣ ਜੋਗੇ ਹਨ ॥

ਇਹੋ ਜਿਹੇ ਮਾਦਾ ਚਿੱਤ ਲੋਕਾਂ ਵਿੱਚ ਤਾਂ ਅੰਤ ਇਹ ਹੁੰਦਾ ਹੈ ਕਿ ਆਦਮੀ ਪਥਰ ਦੇ ਹੋ ਜਾਂਦੇ ਹਨ। ਜਿੱਥੇ ਉਹ ਚੁੱਪ ਕਵਿਤਾ ਦਾ ਰੰਗ ਅੰਦਰੇ ਅੰਦਰ ਸਿੰਜਰਦਾ ਰਹਿੰਦਾ ਹੈ, ਉੱਥੇ ਉਨ੍ਹਾਂ ਬੰਦਿਆਂ ਦੇ ਪਿਆਰ ਨਾਲ ਬ੍ਰਿਛ ਵੀ ਰੂਹ ਹੋ ਜਾਂਦੇ ਹਨ । ਲੈਕਫ਼ੈਡੀਊ ਹੈਰਨ ਜਦ ਪਹਿਲਾਂ ਜਾਪਾਨ ਪਹੁੰਚਾ ਤਦ ਪਦਮ ਤੇ ਚੈਰੀ ਦੇ ਫੁੱਲਾਂ ਭਰੇ ਬ੍ਰਿਛ ਦੇਖ ਕੇ ਹੈਰਾਨ ਹੋਇਆ ਸੀ, ਤੇ ਉਸ ਲਿਖਿਆ ਹੈ "ਹਾਏ ! ਇਹ ਬ੍ਰਿਛ ਜਾਪਾਨ ਵਿਚ ਕਿਉਂ ਇਡੇ ਸੁਹਣੇ ਲਗਦੇ ਹਨ ? ਸਾਡੇ ਦੇਸ਼ਾਂ ਵਿਚ ਇਕ ਖਿੜਿਆ ਪਦਮ ਯਾ ਚੈਰੀ ਕੋਈ ਹੈਰਾਨ ਕਰਨ ਵਾਲੀ ਗੱਲ ਨੂੰ ਨਹੀਂ ਜਾਪਦੀ, ਪਰ ਇੱਥੇ ਇਸ ਮੁਲਕ ਵਿਚ ਇਕ ਬ੍ਰਿਛ ਇਕ ਸੁਹਣੱਪ ਤੇ ਸੁਹਜ ਦੀ ਪੂਰਨ ਕਰਾਮਾਤ ਦਿੱਸਦੀ ਹੈ । ਰੂਹ ਨੂੰ ਖਿੱਚਦੀ ਹੈ ਤੇ ਭਾਵੇਂ ਅਸਾਂ ਜਾਪਾਨ ਤੇ ਲਿਖੇ ਅਨੇਕ ਪੁਸਤਕ ਪੜ੍ਹੇ ਹੋਣ ਤੇ ਇਨ੍ਹਾਂ ਨੂੰ ਬ੍ਰਿਛਾਂਂ ਦੀ ਖੂਬਸੂਰਤੀ ਦੇ ਵਰਣਨ ਪੜ੍ਹੇ ਹੋਣ, ਜਦ ਪ੍ਰਤੱਖ ਇਸ ਦਿਵਯ ਦੀਦਾਰ ਨੂੰ ਕਰਦੇ ਹਾਂ, ਤਦ ਇਕ ਅਚਰਜ ਵਿਸਮਾਦ ਦੀ ਚੁੱਪ ਤੇ ਰਸਿਕ ਚੁੱਪ ਸਾਡੇ ਰੂਹ ਪਰ ਛਾ ਜਾਂਦੀ ਹੈ । ਤੁਸੀਂ ਕੋਈ ਪੱਤੀਆਂ ਨਹੀਂ ਵੇਖ ਰਹੇ, ਬ੍ਰਿਛਾਂ ਨਾਲ ਪਲਮਦੀਆਂ ਇਕ ਫੁਲ-ਪੰਖੜੀਆਂ ਦੀ ਧੁੰਧਲੀ ਕੁਹਰ ਜਿਹੀ ਵੇਖ ਰਹੇ ਹੋ॥

"ਕੀ ਇਨ੍ਹਾਂ ਬ੍ਰਿਛਾਂ ਦੇ ਰੂਹਾਨੀ ਪ੍ਰਭਾਵ ਦਾ ਇਹ ਤਾਂ ਕਾਰਨ ਨਹੀਂ ਕਿ ਇਸ ਦੇਵਤਾ ਧਰਤੀ ਦੇ ਮਨੁੱਖਾਂ ਦੇ ਸਦਾ ਦੇ ਲਗਾਤਾਰ ਲਾਡ ਪਿਆਰ ਨਾਲ ਇਨ੍ਹਾਂ ਬ੍ਰਿਛਾਂ ਵਿੱਚ ਰੂਹ ਆਣ ਪਏ ਹਨ, ਤੇ ਰੂਹ ਪੈ ਜਾਣ ਦੀ ਸ਼ੁਕਰਗੁਜ਼ਾਰੀ ਵਿੱਚ ਇਹ ਬ੍ਰਿਛ ਵੀ ਨਿੱਤ ਨਵੇਂ ਸੋਹਣੇ ਚਾ ਨਾਲ ਆਪਣੇ ਆਪ ਨੂੰ ਨਿੱਤ ਨਵੇਂ ਸੁਹਜ ਨਾਲ ਸੰਵਾਰ ਸੰਵਾਰ ਫਬਾ ਫਬਾ ਆਪਣੇ ਪਿਆਰ ਦੇ ਦਾਤਿਆਂ ਨੂੰ ਇਉਂ ਰੀਝਾ ਰਹੇ ਹਨ ਜਿਵੇਂ ਸੁੰਦਰੀਆਂ ਆਪਣੇ ਆਪ ਨੂੰ ਗਹਿਣੇ ਪਾ ਪਾ ਤੇ ਆਪਣੇ ਕੇਸਾਂ ਦੀ ਧੜੀਆਂ ਲਵਾ ਲਵਾ ਆਪਣੇ ਪਿਆਰ ਦਾਤੇ ਜਵਾਨ ਛਬੀਲੇ ਬਾਂਕੇ ਜਵਾਨਾਂ ਨੂੰ ਰਿਝਾਂਂਦੀਆਂ ਹਨ । ਇਸ ਵਿਚ ਸ਼ੱਕ ਨਹੀਂ, ਕਿ ਇਨ੍ਹਾਂ ਬ੍ਰਿਛਾਂ ਨੇ ਸੋਹਣੇ ਗੁਲਾਮਾਂ ਵਾਂਗ ਮਨੁੱਖਾਂ ਦੇ ਦਿਲ ਨੂੰ ਰਿਝਾ ਲਿਆ ਹੋਇਆ ਹੈ॥

ਇਸ ਮੁਲਕ ਵਿਚ ਪੱਛਮ ਥੀਂ ਕੋਈ ਵਹਿਸ਼ੀ ਲੋਕੀ ਜਰੂਰ ਆਏ ਜਾਪਦੇ ਹਨ, ਜਿਸ ਕਰਕੇ ਹਰ ਥਾਂ ਅੰਗ੍ਰੇਜ਼ੀ ਵਿੱਚ ਇਹੋ ਜਿਹੇ ਨੋਟਸ ਲੱਗੇ ਪਏ ਹਨ॥
"ਇਸ ਮੁਲਕ ਵਿੱਚ ਬ੍ਰਿਛਾਂ ਨੂੰ ਦੁਖ ਪਹੁੰਚਾਣਾ ਮਨਾ ਹੈ" ॥

ਸਦੀਆਂ ਦੀ ਕਵਿਤਾ-ਅਵਸਥਾ ਦਾ ਅਸਰ ਪੱਥਰਾਂ ਪਹਾੜਾਂ ਬ੍ਰਿਛਾਂ ਤੇ ਪੈਂਦਾ ਹੈ । ਜਿਸ ਤਰਾਂ ਸਾਡੇ ਦੇਸ਼ ਵਿੱਚ ਕਿਸੀ ਸੱਚੇ ਸਾਧ ਦੀ ਕੁਟੀਆ ਵਿੱਚ ਕਦੀ ਇਕ ਰੂਹ ਦਾ ਖੇੜਾ ਤੇ ਆਰਾਮ ਇਉਂ ਹੁੰਦਾ ਸੀ ਜੋ ਸ਼ਿਲਾ ਤੇ ਬ੍ਰਿਛਾਂ ਉਤੇ ਉਨ੍ਹਾਂ ਦੇ ਪਰਛਾਵਿਆਂ ਤੇ ਸਾਯਾਂ ਵਿੱਚ ਸਾਧ ਦੇ ਅੰਦਰ ਦੇ ਪ੍ਰਭਾਵ ਦਾ ਅਸਰ ਪਤੱਖ ਹੁੰਦਾ ਸੀ। ਇਸੀ ਤਰਾਂ ਬੁੱਧ ਮਤ ਦਾ ਸਦੀਆਂ ਦਾ ਅਸਰ ਜਾਪਾਨ ਦੇ ਸਾਰੇ ਜੰਗਲਾਂ ਤੇ ਪਰਬਤਾਂ ਤੇ ਬ੍ਰਿਛਾਂ ਪਰ ਇਸ ਤਰਾਂ ਪਿਆ ਹੋਇਆ ਹੈ, ਕਿ ਮਨੁੱਖ ਤੇ ਕੁਦਰਤ ਦੀ ਇਕ ਸਾਂਝੀ ਧੜਕਦੀ ਜਿੰਦ ਦੀ ਨਬਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ॥

ਮੁਲਕ ਸਾਰਾ, ਸਮੁੰਦ੍ਰ ਸਾਰਾ ਕਵਿਤਾ ਦਾ ਰੂਪ ਹੋ ਗਿਆ ਜਾਪਦਾ ਹੈ । ਹੁਣ ਪਤਾ ਨਹੀਂ ਕਿ ਪੱਛਮੀ ਵਹਿਸ਼ੀ ਪੁਣੇ ਨੇ ਉੱਥੇ ਵੀ ਜੀਂਦੀਆਂ ਗੁਲਬੁਕਾਵਲੀਆਂ ਨੂੰ ਪਥਰਾ ਦਿਤਾ ਹੋਵੇ, ਯਾ ਸੈਲ ਪੱਥਰ ਹੋਣਾ ਪੈਰਾਂ ਵੱਲੋਂ ਆਰੰਭ ਹੋ ਚੁਕਾ ਹੋਵੇ ॥

ਜਿੱਥੇ ਅਕਲ ਦੀ ਬੇਚੈਨੀ, ਬੇ ਸਿਦਕੀ ਹੈ, ਜਿੱਥੇ ਸੱਚ ਦੇ ਹੋਣ ਥੀਂ ਸ਼ੱਕ ਹੈ, ਉੱਥੇ ਕਵਿਤਾ ਦਾ ਕੰਵਲ ਖਿੜ ਨਹੀਂ ਸੱਕਦਾ । ਜਿਸ ਤਰਾਂ ਫੁੱਲਾਂ ਦਾ ਸੁਹਣੱਪ ਕਿਸੀ ਉੱਚੇ ਤੇ ਅਣੋਖੇ ਅਣਡਿੱਠੇ ਦੇਸ਼ਾਂ ਦੇ ਲੁਕਵੇਂ ਪ੍ਰਭਾਵ ਦਾ ਇਕ ਚਿੰਨ੍ਹ ਮਾਤ੍ਰ ਵਿਕਾਸ਼ ਹੈ, ਉਸੀ ਤਰਾਂ ਕਵਿਤਾ ਲਈ ਵੀ ਜੋ ਮਨੁੱਖ ਦੇ ਰੂਹ ਦੇ ਬਾਗਾਂ ਦਾ ਖੇੜਾ ਹੈ, ਕਿਸੇ ਉੱਚੇ ਖਿੱਚੇ ਪਿਆਰ ਦੀ ਲੋੜ ਹੈ।ਬਿਨਾ ਪਿਆਰ ਨਾ ਕਵਿਤਾ ਜੀ ਸੱਕਦੀ ਹੈ, ਨਾ ਫੁੱਲ ਤੇ ਨ ਸੋਹਣੇ। ਕਵਿਤਾ ਇਕ ਸੋਹਣੀ ਇਸਤ੍ਰੀ ਹੈ, ਜਿਹੜੀ ਆਪਣੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸੱਕਦੀ ਤੇ ਨਾ ਉਹ ਖੁਸ਼ ਹੋ ਅਲਾਪ ਸੱਕਦੀ ਹੈ, ਜਦ ਤਕ ਉਸ ਨੂੰ ਪੂਜਾ ਤੇ ਪਿਆਰ ਕਰਨ ਵਾਲੇ ਉਸਦੀ ਨਾਜ਼ ਬਰਦਾਰੀ ਨਾ ਕਰਨ। ਕਵਿਤਾ ਭਰੀ, ਠੰਡੀ, ਰਸਿਕ ਸੁਰਤਿ ਦਾ ਸਦਾ-ਸ਼ਿਵ-ਨ੍ਰਿਤਯ ਹੈ। ਇਹ ਜਦ ਹੱਥ ਵਿੱਚੋਂ ਚੁੱਪ ਬੋਲੀ ਵਿੱਚ ਪ੍ਰਕਾਸ਼ ਕਰਦੀ ਹੈ, ਤਦ ਜੀਵਨ ਦੀਆਂ ਰਮਜਾਂ ਦਾ ਅਜੀਬ ਅਸ਼ਾਰਿਆਂ ਨਾਲ ਪਤਾ ਦਿੰਦੇ ਚਿਤ੍ਰਾਂ ਵਿੱਚ ਬੋਲਦੀ ਹੈ। ਰੰਗ ਵਿੱਚ ਰਾਗ ਤੇ ਰਾਗਣੀਆਂ ਛੇੜਦੀ ਹੈ। ਬੁੱਤਾਂ ਦੇ ਆਸਰੇ ਸਮਾਧੀ ਦੇ ਅੰਦਰਲੇ ਰਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਜਦ ਅੰਦਰ ਸਿੰਜਰ ਜਾਂਦੀ ਹੈ, ਤਦ ਉਹ ਸਾਧੂ ਜੀਵਨ ਹੋ ਨਿਬੜਦੀ ਹੈ॥

ਕਵਿਤਾ ਪਿਆਰ ਦਾ ਕੰਵਾਰਾਪਣ ਹੈ, ਅੰਦਰ ਦੀ ਸੱਚੀ ਪ੍ਰਤੀਤ ਦਾ ਇਕ ਸੁਹਣਾ ਸੁਫਨਾ ਹੈ, ਤੇ ਜੀਵਨ ਦੀ ਕਲੀ ਦਾ ਚਟਕਣਾ ਹੈ। ਕਵਿਤਾ ਰੱਬੀ ਦਰਬਾਰ ਦਾ ਪ੍ਰਕਾਸ਼ ਹੈ। ਕਵਿਤਾ ਦੇ ਪਿੱਛੇ ਅਨੰਤ ਚੁੱਪ ਜੀਵਨ ਦਾ ਸਮੁੰਦ੍ਰ ਹੈ ਤੇ ਸੱਚੀ ਕਵਿਤਾ ਦੀ ਗੋਂਦ ਇਸ ਅਕਹਿ ਵਿਸਮਾਦੀ ਜੀਵਨ ਦੀ ਲਹਿਰ ਹੈ, ਜਿਹੜੀ ਚੰਨ ਸੂਰਜ ਨੂੰ ਆਪਣੀਆਂ ਬਾਂਹਾਂ ਵਿਚ ਪਕੜ ਕੇ ਉਨਾਂ ਨੂੰ ਆਪਣੇ ਖੇਡਣ ਦੇ ਗੇਂਦ ਬਣਾ ਉਛਾਲਦੀ ਹੈ। ਅਨੰਤ ਨੂੰ ਇਕ ਭਾਵ ਦੀ ਹੱਦ ਵਿੱਚ ਬੰਨ੍ਹ ਕੇ ਰੂਪਮਾਨ ਕਰਕੇ ਇਸ ਤਰਾਂ ਦਾ ਚੱਕਰ ਬੰਨ੍ਹਦੀ ਹੈ, ਜਿਸ ਚੱਕਰ ਦੇ ਸਦਾ ਤ੍ਰਿੱਖਾ ਚੱਲਣ ਨਾਲ ਅੰਤ ਦੀਆਂ ਲਕੀਰਾਂ ਮਿਟ ਕੇ ਅਮਿਤ ਪ੍ਰਕਾਸ਼ ਵਿੱਚ ਸਦਾ ਘੁਲਦੀਆਂ ਜਾਂਦੀਆਂ ਗੁੰਮਦੀਆਂ ਦਿਸਦੀਆਂ ਦਿਸਦੀਆਂ ਲੋਪ ਹੁੰਦੀਆਂ ਹਨ ॥

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ