Kartika Sharma ਕਾਰਤਿਕਾ ਸ਼ਰਮਾ

ਕਾਰਤਿਕਾ ਸ਼ਰਮਾ ਨੇ ਐਮ.ਬੀ.ਏ. ਕੀਤੀ ਹੋਈ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਅੰਗ੍ਰੇਜ਼ੀ ਵਿੱਚ ਲਿਖ ਰਹੇ ਹਨ । ਪੰਜਾਬੀ ਹੋਣ ਕਰਕੇ ਉਨ੍ਹਾਂ ਦੀ ਰੀਝ ਹੈ ਕਿ ਉਹ ਪੰਜਾਬੀ ਵਿੱਚ ਵੀ ਲਿਖਣ ।

ਕਾਰਤਿਕਾ ਸ਼ਰਮਾ ਪੰਜਾਬੀ ਕਵਿਤਾ

ਇਸ਼ਕ ਦੀਆਂ ਰਾਹਵਾਂ

ਇਸ਼ਕ ਦੀਆਂ ਰਾਹਵਾਂ, ਕੁੱਝ ਅੱਗ ਤੇ ਕੁੱਝ ਛਾਵਾਂ
ਓਹਦਾ ਰੱਬ ਮੈਂ ਸਾਂ, ਤੇ ਮੇਰਾ ਰੱਬ ਉਹ
ਕਿਵੇਂ ਫਿਰ ਦਰਗਾਹ ਤੇ ਕਰਾਂ ਦੁਆਵਾਂ।

ਜਿੱਥੇ ਜਾਵਾਂ ਓਹੀਓ ਵਿਖੇ,
ਜਿਸਦੀ ਮੈਂ ਕਰਾਂ ਉਡੀਕ,
ਕਿਵੇਂ ਮੈਂ ਉੱਥੇ ਜਾ ਕੇ ਬੋਲ ਦੇਵਾਂ,
ਮੈਂ ਤਾਂ ਉਸਦੀ ਕਰਾਂ ਉਡੀਕ,
ਜਿੱਦਾਂ ਰਾਵੀ ਕਰੇ ਚਨਾਬ ਦੀ,
ਮੈਂ ਵੀ ਕਰਾਂ ਮੇਰੇ ਯਾਰ ਦੀ ।

ਸਾਡੀਆਂ ਮੰਜ਼ਿਲਾਂ ਵੱਖ ਨੇ,
ਕਿੱਦਾਂ ਮਿਲਣਗੀਆਂ ਰਾਹਵਾਂ,
ਜਦ ਮੰਜ਼ਿਲਾਂ ਨੇ ਵੱਖ,
ਇਕੋ ਚੀਜ਼ ਸਾਨੂੰ ਮਿਲਾਉਂਦੀ,
ਉਹ, ਕਿ ਤੂੰ ਮੇਰਾ ਰੱਬ ਮੈਂ ਤੇਰਾ ਰੱਬ,
ਜਦ ਬੈਠੀ ਸੀ ਮੈਂ ਕੱਲਿਆਂ,
ਸੋਚਦੀ ਵਾਰਿਸ ਸ਼ਾਹ ਦੀ ਹੀਰ ਬਾਰੇ,
ਕਿਵੇਂ ਉਹਨੇ ਕਰੀਆਂ ਸੀ ਉਡੀਕਾਂ,
ਤੇ ਕਿਵੇਂ ਉਹਨੇ ਗੁਜ਼ਾਰੇ ਦਿਨ,
ਮੇਰੇ ਤੋਂ ਤਾਂ ਇੱਕ ਸਾਹ ਨਹੀਂ ਗੁਜ਼ਰਦਾ,
ਤੇਰੀਆਂ ਯਾਦਾਂ ਤੋਂ ਬਿਨ ।

ਕਿਵੇਂ ਰਾਵੀ ਵਗਦੀ ਚਨਾਬ ਦੇ ਕੋਲ,
ਕਿਵੇਂ ਹੀਰ ਜਾਂਵਦੀ ਰਾਂਝੇ ਦੇ ਕੋਲ,
ਮੈਂ ਤਾਂ ਜਾ ਵੀ ਨਹੀਂ ਸਕਦੀ,
ਕਿ ਤੇਰੇ ਮੇਰੇ ਰਾਹ ਨੇ ਹੋਰ,
ਮੈਂ ਤੈਨੂੰ ਮਿਲ ਲੈਂਦੀ ਹਾਂ ਖ਼ਵਾਬਾਂ ਵਿੱਚ,
ਓਥੇ ਹੁੰਦਾ ਨਹੀਂ ਵਿਛੋੜਾ ਸਦਾ,
ਕਿਵੇਂ ਜਾਵਾਂ ਤੇਰੇ ਕੋਲ ਮੈਂ,
ਕਿ ਤੇਰੇ ਮੇਰੇ ਰਾਹ ਨੇ ਹੋਰ ।