Kaleem Shahzad
ਕਲੀਮ ਸ਼ਹਿਜ਼ਾਦ

ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਕਲੀਮ ਸ਼ਹਿਜ਼ਾਦ,
ਪਿਤਾ ਦਾ ਨਾਂ-ਲਾਲ ਦੀਨ,
ਜਨਮ ਤਾਰੀਖ਼-1 ਮਈ 1955, ਜਨਮ ਸਥਾਨ-ਬੂਰੇ ਵਾਲਾ, ਪੰਜਾਬ,
ਵਿਦਿਆ-ਐਮ. ਏ. ਐਲ. ਐਲ. ਬੀ., ਕਿੱਤਾ-ਵਕਾਲਤ,
ਛਪੀਆਂ ਕਿਤਾਬਾਂ-ਪਲਕ ਬਨੇਰੇ (ਪੰਜਾਬੀ ਗ਼ਜ਼ਲ ਸੰਗ੍ਰਹਿ), ਸੌਂਹ ਫ਼ਜਰ ਦੇ ਤਾਰੇ ਦੀ (ਪੰਜਾਬੀ ਸ਼ਾਇਰੀ), ਸੁਨਹਿਰੀ ਜਾਲੀਆਂ ਦੇਖਾਂ (ਪੰਜਾਬੀ ਨਾਅਤਾਂ), ਲੋਕ ਰੰਗ (ਪੰਜਾਬੀ ਮਜ਼ਮੂਨ), ਜ਼ਿਲਾ ਵਿਹਾੜੀ (ਪੰਜਾਬੀ ਤਵਾਰੀਖ਼), ਮਾਜ਼ੀ ਕੇ ਦਰੀਚੋਂ ਸੇ (ਜ਼ਿਲਾ ਵਿਹਾੜੀ), ਜਬ ਬਾਰਿਸ਼ ਕੀ ਪਾਇਲ ਛਣਕੀ (ਉਰਦੂ ਸ਼ਾਇਰੀ), ਵੋਹ ਚਾਂਦ ਗਵਾਹ ਮੇਰਾ (ਉਰਦੂ ਸ਼ਾਇਰੀ),
ਪਤਾ-54-ਐਮ, ਬੂਰੇ ਵਾਲਾ, ਜ਼ਿਲਾ ਵਿਹਾੜੀ, ਪੰਜਾਬ ।

ਪੰਜਾਬੀ ਗ਼ਜ਼ਲਾਂ (ਪਲਕ ਬਨੇਰੇ 1983 ਵਿੱਚੋਂ) : ਕਲੀਮ ਸ਼ਹਿਜ਼ਾਦ

Punjabi Ghazlan (Palak Banere 1983) : Kaleem Shahzad



ਇਕਲਾਪੇ ਦੇ ਖ਼ੌਫ਼ ਦੇ ਪਾਰੋਂ

ਇਕਲਾਪੇ ਦੇ ਖ਼ੌਫ਼ ਦੇ ਪਾਰੋਂ ਵਿਲਕਣ ਨਵੇਂ ਉਸਾਰੇ ਮੈਂ । ਆਪਣੇ ਆਪ 'ਚ ਗੱਲਾਂ ਕਰ ਕਰ ਆਪੇ ਭਰਾਂ ਹੁੰਘਾਰੇ ਮੈਂ । ਗੁਜ਼ਰਣ ਵਾਲਾ ਹਰ ਇਕ ਲਮਹਾ ਨਵੀਂ ਕਿਆਮਤ ਢਾਂਦਾ ਏ, ਕਦ ਦਾ ਆਸ ਦੀ ਸੂਲੀ ਉੱਤੇ ਲੈਨਾਂ ਪਿਆ ਹੁਲਾਰੇ ਮੈਂ । ਖ਼ਵਰੇ ਮੇਰੀਆਂ ਕੂਕਾਂ ਚੀਕਾਂ ਲਹਿਰਾਂ ਖਾ ਪੀ ਗਈਆਂ ਸੀ, ਇਕ ਨਾ ਸੱਜਣ ਬੇਲੀ ਆਇਆ ਤੱਕਦਾ ਰਿਹਾ ਕਿਨਾਰੇ ਮੈਂ । ਖ਼ਵਰੇ ਕਾਹਨੂੰ ਰੱਤੀ ਭਰ ਵੀ ਹੌਲ-ਹੁੰਘਾਰਾ ਦਿੱਤਾ ਨਹੀਂ, ਕਿੰਨੀਆਂ ਗੱਲਾਂ ਆਪਣੇ ਦਿਲ ਨੂੰ ਕਹੀਆਂ ਤੇਰੇ ਬਾਰੇ ਮੈਂ । ਅੱਥਰੀ ਚੇਟਕ ਦਿਲ ਨੂੰ ਲੱਗੀ ਭੋਰਾ ਪਿੱਛੇ ਹਟਿਆ ਨਹੀਂ, ਭਾਵੇਂ ਪਿਆਰ ਦੇ ਸੌਦੇ ਅੰਦਰ ਖਾਧੇ ਬਹੁਤ ਖ਼ਸਾਰੇ ਮੈਂ । ਤੈਨੂੰ ਕਿੰਨਾ ਚਾਹੁੰਦਾ ਹਾਂ ਮੈਂ ਕਿਵੇਂ 'ਕਲੀਮ' ਇਹ ਦੱਸਾਂਗਾ, ਤੇਰੀਆਂ ਗ਼ਜ਼ਲਾਂ ਪੜ੍ਹਨ ਦੀ ਖ਼ਾਤਰ ਪੜ੍ਹਦਾਂ ਨਿੱਤ ਸ਼ੁਮਾਰੇ ਮੈਂ ।

ਤੇਰੇ ਦਵਾਰੇ ਤੇ ਜਦ ਵੀ ਪਹੁੰਚੇ ਨੇ

ਤੇਰੇ ਦਵਾਰੇ ਤੇ ਜਦ ਵੀ ਪਹੁੰਚੇ ਨੇ ਡਿਗਦੇ ਢਹਿੰਦੇ ਅਖ਼ੀਰ ਜਜ਼ਬੇ । ਗੁਲਾਬ ਜ਼ਖ਼ਮਾਂ ਦੀ ਖ਼ੈਰ ਝੋਲੀ 'ਚ ਲੈ ਕੇ ਪਰਤੇ ਫ਼ਕੀਰ ਜਜ਼ਬੇ । ਜਫ਼ਾ ਦੇ ਜਿਨਹਾਂ ਨੂੰ ਦੇ ਕੇ ਤਾਅਨੇ ਤੂੰ ਕੱਢ ਦਿੱਤਾ ਸੀ ਦੇਸ ਵਿੱਚੋਂ, ਵਫ਼ਾ ਦੀ ਸਰਹੱਦ ਤੇ ਬਣ ਗਏ ਨੇ ਤੂੰ ਵੇਖ ਉਹੋ ਲਕੀਰ ਜਜ਼ਬੇ । ਤੇਰੇ ਨਗਰ ਦੇ ਮਹਾਜਰਾਂ ਤੋਂ ਨਿਸ਼ਾਰ ਰਹਿੰਦੇ ਨੇ ਚੰਨ ਤਾਰੇ, ਮਿਨਾਰ ਅਜ਼ਮਤ ਦਾ ਬਣ ਖਲੋਤੇ ਨੇ ਜਾਨ ਮੇਰੀ ਹਕੀਰ ਜਜ਼ਬੇ । ਸਵੇਰ ਚਾਨਣ ਦੀ ਬਣ ਸ਼ਨਾਖ਼ਤ, ਖੜੇ੍ਹ ਨੇ ਜਿਹੜੇ ਉਡੀਕ ਅੰਦਰ, ਸਫ਼ਰ ਹਨੇਰੇ ਦਾ ਕਰਕੇ ਪਹੁੰਚੇ ਸੀ ਕੋਲ ਤੇਰੇ ਸਫ਼ੀਰ ਜਜ਼ਬੇ । ਉਦਾਸ ਮੌਸਮ ਵੀ ਨਕਸ਼ ਉਸ ਦਾ ਮਿਟਾ ਨਾ ਸਕਿਆ ਏ ਮੇਰੇ ਦਿਲ ਤੋਂ, ਮੇਰੇ ਦਵਾਲੇ ਹਮੇਸ਼ ਰਹਿੰਦੇ ਨੇ ਬਣ ਕੇ ਮੁਨਕਰ ਨਕੀਰ ਜਜ਼ਬੇ । ਸਕੂਨ ਇਹਨਾਂ ਨੂੰ ਮਿਲ ਰਿਹਾ ਏ ਬੜਾ ਈ ਸਾਹਵਾਂ ਦੀ ਕੈਦ ਅੰਦਰ, ਕਦੋਂ ਰਿਹਾਈ ਦਾ ਹੁਕਮ ਚਾਹਵਣ ਤੇਰੀ ਨਜ਼ਰ ਦੇ ਅਸੀਰ ਜਜ਼ਬੇ । ਵਧੀਕ ਛੱਲਾਂ ਸਮੇਂ ਦੇ ਹੜ੍ਹ ਤੋਂ 'ਕਲੀਮ' ਆਪੇ ਬਚਾ ਲਿਆ ਏ, ਝਨਾਂ ਗ਼ਮਾਂ ਦਾ ਤੇ ਦਰਦ ਰਾਵੀ ਨੂੰ ਵੇਖ ਆਏ ਨੇ ਚੀਰ ਜਜ਼ਬੇ ।

ਕੀਹਨੇ ਦਿਲ ਦੀ ਸੇਜ ਤੇ ਸੁੱਤੀਆਂ

ਕੀਹਨੇ ਦਿਲ ਦੀ ਸੇਜ ਤੇ ਸੁੱਤੀਆਂ ਆਣ ਜਗਾਈਆਂ ਪੀੜਾਂ । ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਰਾਤ ਸਵਾਈਆਂ ਪੀੜਾਂ । ਮੇਰੇ ਗੂੜੇ੍ਹ ਦਰਦੀ ਵੀ ਜਦ ਮੇਰੇ ਹਾਲ ਤੇ ਹੱਸੇ, ਛਮਕਾਂ ਬਣਕੇ ਦਿਲ ਤੇ ਵਰੀਆਂ ਦੂਣ ਸਵਾਈਆਂ ਪੀੜਾਂ । ਸੁਣਿਐ ਉਹ ਵੀ ਮਹਫ਼ਿਲ ਦੇ ਵਿਚ ਧਾੜਾਂ ਮਾਰ ਕੇ ਰੋਇਆ, ਜਦ ਕਾਸਿਦ ਨੇ ਉਹਦੇ ਸਾਹਵੇਂ ਖੋਲ੍ਹ ਵਿਖਾਈਆਂ ਪੀੜਾਂ । ਜਿਉਂ ਫੁੱਲਾਂ ਦੀ ਰਗ ਰਗ ਅੰਦਰ ਖ਼ੁਸ਼ਬੂ ਪੈਲਾਂ ਪਾਵੇ, ਇੰਜੇ ਅਪਣੇ ਸਾਹਵਾਂ ਦੇ ਵਿਚ ਅਸੀਂ ਨਚਾਈਆਂ ਪੀੜਾਂ । ਅੱਧੀ ਰਾਤੀਂ ਪੀੜਾਂ ਆ ਕੇ ਚੀਕ-ਚਿਹਾੜਾ ਪਾਇਆ, ਦਿਲ ਦੀ ਥਾਪ ਤੇ ਲੋਰੀ ਦੇ ਕੇ ਫੇਰ ਵਰਾਈਆਂ ਪੀੜਾਂ । ਲਾਲ ਗੁਲਾਬੀ ਬੁੱਲ੍ਹਾਂ ਤੇ ਵੀ ਹੌਕੇ ਤੜਫਣ ਲੱਗ ਪਏ, ਇਕ ਦਿਨ ਐਵੇਂ ਭੁੱਲ-ਭੁਲੇਖੇ ਬੈਠ ਸੁਣਾਈਆਂ ਪੀੜਾਂ । ਇਕ ਪਲ ਦੂਰ 'ਕਲੀਮ' ਜੇ ਹੋਵਣ ਦਿਲ ਦਾ ਚੈਨ ਗਵਾਚੇ, ਇੰਜ ਲਗਦਾ ਏ ਅਜਲੋਂ ਮੇਰੇ ਹਿੱਸੇ ਆਈਆਂ ਪੀੜਾਂ ।

ਤੇਰੇ ਨੈਣਾਂ ਦੀ ਜੂਹ ਅੰਦਰ ਸਵੇਰੇ

ਤੇਰੇ ਨੈਣਾਂ ਦੀ ਜੂਹ ਅੰਦਰ ਸਵੇਰੇ ਜਾਗਦੇ ਰਹਿੰਦੇ । ਤੇਰੀ ਜ਼ੁਲਫ਼ਾਂ ਦੀ ਛਾਂ ਥੱਲੇ ਹਨੇਰੇ ਜਾਗਦੇ ਰਹਿੰਦੇ । ਕਦੀ ਤੇ ਉਹਦਿਆਂ ਦੇਸਾਂ ਚੋਂ ਆਏਗਾ ਕੋਈ ਪੰਛੀ, ਦਿਨੇ ਰਾਤੀਂ ਉਡੀਕ ਅੰਦਰ ਬਨੇਰੇ ਜਾਗਦੇ ਰਹਿੰਦੇ । ਖ਼ਵਰੇ ਉਹ ਉਡਣਾ ਫਨੀਅਰ ਕਦੋਂ ਏ ਕੀਲਿਆ ਜਾਣਾ, ਮੇਰੇ ਸਾਹਵਾਂ ਦੇ ਬੇਸਬਰੇ ਸਪੇਰੇ ਜਾਗਦੇ ਰਹਿੰਦੇ । ਮੇਰੇ ਦਿਲ ਵਿਚ ਗ਼ਮਾਂ ਦੀ ਟੀਸ ਇੰਜੇ ਜਾਗਦੀ ਹਰਦਮ, ਜਿਵੇਂ ਪਾਣੀ ਦੀ ਤਹਿ ਉੱਤੇ ਘਤੇਰੇ ਜਾਗਦੇ ਰਹਿੰਦੇ । ਭਲਾ ਫਿਰ ਕਾਫ਼ਲੇ ਧੜਕਣ ਦੇ ਕੀਵੇਂ ਮੰਜ਼ਿਲੀਂ ਪੁੱਜਣ, ਜਦੋਂ ਦਿਲ ਦੇ ਨਗਰ ਅੰਦਰ ਲੁਟੇਰੇ ਜਾਗਦੇ ਰਹਿੰਦੇ । 'ਕਲੀਮ' ਉਸ ਦਰਦ ਦਾ ਦਾਰੂ ਏ ਸੁਖ ਦੀ ਨੀਂਦ ਦਾ ਆਉਣਾ, ਕਿਵੇਂ ਸੋਵਾਂ ਬੜੇ ਫ਼ਨੀਅਰ ਚੁਫ਼ੇਰੇ ਜਾਗਦੇ ਰਹਿੰਦੇ ।

ਸੋਚਾਂ ਵੀ ਤੇਰੀਆਂ ਤੇ ਦਿਲ ਨੂੰ

ਸੋਚਾਂ ਵੀ ਤੇਰੀਆਂ ਤੇ ਦਿਲ ਨੂੰ ਖ਼ਿਆਲ ਤੇਰੇ । ਜੀਵੇਂ ਮੈਂ ਬਣ ਕੇ ਸਾਇਆ ਰਹਿਣਾ ਵਾਂ ਨਾਲ ਤੇਰੇ । ਵਾਹੀਆਂ ਨੇ ਜੋ ਵੀ ਲੀਕਾਂ ਮੈਂ ਝੱਲ ਪੁਣੇ ਦੇ ਅੰਦਰ, ਕੀਤਾ ਏ ਗ਼ੌਰ ਜਦ ਵੀ ਉਭਰੇ ਨੇ ਖ਼ਾਲ ਤੇਰੇ । ਸਾਹਵਾਂ 'ਚ ਰਚ ਗਈ ਏ ਯਾਦਾਂ ਦੀ ਮਹਿਕ ਤੇਰੀ, ਖ਼ੁਸ਼ਬੂ ਦਾ ਬਣ ਕੇ ਹੱਲਾ ਫਿਰਨਾਂ ਦਵਾਲ ਤੇਰੇ । ਪਾਏ ਨੇ ਜਿਹੜੇ ਮੈਨੂੰ ਦਰਦਾਂ ਦੇ ਹਾਰ ਚੰਨਾਂ, ਜਿੰਦੜੀ ਦੇ ਵਾਂਗ ਮੈਂ ਤੇ ਰੱਖੇ ਸੰਭਾਲ ਤੇਰੇ । ਆਖ਼ਰ 'ਕਲੀਮ' ਹਾਂ ਮੈਂ ਕੀਤਾ ਮੁਆਫ਼ ਤੈਨੂੰ, ਵੇਖੇ ਨਈਂ ਜਾਂਦੇ ਮੈਥੋਂ ਰੋਂਦੇ ਸਵਾਲ ਤੇਰੇ ।

ਮੇਰੀ ਗਵਾਚੀ ਨੀਂਦ ਦੀ ਸਖ਼ਤੀ ਨੂੰ ਟਾਲਦੇ

ਮੇਰੀ ਗਵਾਚੀ ਨੀਂਦ ਦੀ ਸਖ਼ਤੀ ਨੂੰ ਟਾਲਦੇ । ਆਪਣੇ ਸਰੂਪ ਨਾਲ ਤੂੰ ਸੁਫ਼ਨੇ ਉਜਾਲਦੇ । ਛਾਵਾਂ ਭਰੇ ਜ਼ਮੀਨ ਤੇ ਮਨਜ਼ਰ ਖਿਲਾਰ ਦੇ, ਸੂਰਜ ਗ਼ਮਾਂ ਦੇ ਸ਼ਹਿਰ ਦੀ ਧਰਤੀ ਉਬਾਲ ਦੇ । ਛਾਵਾਂ ਕਦੀ ਤੇ ਘੱਲ ਤੂੰ ਇਸ ਦਿਲ ਦੇ ਸ਼ਹਿਰ ਤੋਂ, ਚਾਵਾਂ ਨਿਮਾਣਿਆਂ ਸਿਰੋਂ ਧੁੱਪਾਂ ਨੂੰ ਟਾਲਦੇ । ਪੀਤੇ ਨੇ ਸਾਹ ਵੀ ਰਾਤ ਨੇ ਸਦਕਾ ਸਵੇਰ ਦਾ, ਰੱਬਾ ਮੇਰੇ ਅਰੂਜ਼ ਨੂੰ ਐਨਾ ਕਮਾਲ ਦੇ । ਲਮਹੇ ਦੀ ਖੇਡ ਓਸ ਦੇ ਭਾਣੇ ਸੀ ਇਹ 'ਕਲੀਮ', ਸਾਨੂੰ ਵਿਛੋੜੇ ਦਰਦ ਦੇ ਕਿੱਸੇ ਨੇ ਸਾਲ ਦੇ ।

ਤੂੰ ਵੀ ਨਾਲ ਏਂ ਫਿਰ ਵੀ ਕਾਹਨੂੰ

ਤੂੰ ਵੀ ਨਾਲ ਏਂ ਫਿਰ ਵੀ ਕਾਹਨੂੰ ਇਕਲਾਪੇ ਦੇ ਕੈਦੀ ਆਂ । ਰੋਗ ਮੁਸ਼ੱਕਤ ਦਾ ਕੱਟਦੇ ਆਂ ਜਗਰਾਤੇ ਦੇ ਕੈਦੀ ਆਂ । ਐਵੇਂ ਤਖ਼ਤ ਹਜ਼ਾਰਾ ਛੱਡ ਕੇ ਪਰਦੇਸਾਂ ਵਿਚ ਬੈਠੇ ਨਈਂ, ਝੰਗ ਸਿਆਲੀਂ ਰਿਸ਼ਮਾਂ ਵੰਡਦੇ ਇਕ ਮੁਖੜੇ ਦੇ ਕੈਦੀ ਆਂ । ਪਲਕਾਂ ਉੱਤੇ ਤਾਰੇ ਲੀਕੇ ਵੰਡੀਆਂ ਨੇ ਰੁਸ਼ਣਾਈਆਂ ਵੀ, ਪਰ ਇਸ ਗੱਲ ਦੀ ਸਮਝ ਨਾ ਆਈ ਕਿਉਂ ਨ੍ਹੇਰੇ ਦੇ ਕੈਦੀ ਆਂ । ਪੇਂਡੂ ਰਹਿਤਲ ਕੋਲੋਂ ਵੱਖਰੇ ਹੋ ਕੇ ਜੀ ਵੀ ਸਕਦੇ ਨਈਂ, ਕਿਕਲੀ, ਗਿੱਧਾ, ਵੰਗ, ਪਟੋਲੇ, ਦੰਦਾਸੇ ਦੇ ਕੈਦੀ ਆਂ । ਸਿਤਮ 'ਕਲੀਮ' ਵਫ਼ਾ ਦਾ ਕੀਤਾ ਆਪਣੀ ਝੋਲੀ ਪਾਇਆ ਏ, ਵੇਖਣ ਨੂੰ ਆਜ਼ਾਦੀ ਏ ਪਰ ਬੇਦੋਸ਼ੇ ਦੇ ਕੈਦੀ ਆਂ ।

ਜਿਸ ਦਰਿਆ ਵਿਚ ਬੇੜੀ ਠੇਲੀ

ਜਿਸ ਦਰਿਆ ਵਿਚ ਬੇੜੀ ਠੇਲੀ ਡੁਬ ਗਏ ਆਸ ਕਿਨਾਰੇ ਵੀ । ਦੂਰ ਖ਼ਲਾਵਾਂ ਵਿਚ ਗਵਾਚੇ ਉਸ ਦੇ ਸੋਹਲ ਕਿਨਾਰੇ ਵੀ । ਕੀਵੇਂ ਨ੍ਹੇਰੀਆਂ ਰਾਹਵਾਂ ਉੱਤੇ ਟੁਰ ਕੇ ਮੰਜ਼ਿਲ ਭਾਲੇਂਗਾ, ਇਕ ਇਕ ਕਰਕੇ ਲੁਕਦੇ ਜਾਵਣ ਅੰਬਰੋਂ ਰਾਹਬਰ ਤਾਰੇ ਵੀ । ਇਕਲਾਪਾ ਸਾਹ ਪੀ ਲੈਂਦਾ ਏ ਬੰਦਾ ਮਰ ਖ਼ਪ ਜਾਂਦਾ ਏ, ਜੇਕਰ ਔਕੜ ਪੈ ਜਾਏ ਟੁਟਦੇ ਗੂਹੜੇ ਸਾਂਝ ਸਹਾਰੇ ਵੀ । ਇਕ ਵੇਲੇ ਤੇ ਦਾਰੂ ਜਾਣ ਕੇ ਜ਼ਹਿਰ ਵੀ ਚੱਖਣਾ ਪੈਂਦਾ ਏ, ਬੰਦਾ ਡੀਕਾਂ ਲਾ ਕੇ ਪੀ ਜਾਏ ਦੁੱਧਾਂ ਦੇ ਵਿਚ ਪਾਰੇ ਵੀ । ਕਾਵਾਂ ਹੱਥੀਂ ਸੁਣ ਸੁਣ ਕੇ ਪੈਗ਼ਾਮ ਤੇਰੇ ਮੈਂ ਅੱਕਿਆ ਵਾਂ, ਇਕ ਦਿਨ ਆਣ ਕੇ ਆਪੇ ਸੱਜਣਾ ਕਰ ਜਾ ਆਪ ਨਿਤਾਰੇ ਵੀ । ਰੂਹ ਦਾ ਜੁੱਸਾ ਜ਼ਖ਼ਮੀ ਕੀਤਾ ਜਗਰਾਤੇ ਦੇ ਤੀਰਾਂ ਨੇ, ਕੀ ਖ਼ਬਰਾ ਸੀ ਊਠਾਂ ਵਾਲੇ ਲਾ ਜਾਂਦੇ ਨੇ ਲਾਰੇ ਵੀ । ਗ਼ਮ ਦੀਆਂ ਕਾਲੀਆਂ ਰਾਤਾਂ ਏਥੇ ਐਨਾ ਅੰਨ੍ਹ ਮਚਾਇਆ ਏ, ਹੱਥ ਨੂੰ ਹੱਥ'ਕਲੀਮ'ਨਾ ਦਿਸਦਾ ਡੁੱਬ ਗਏ ਪਿਆਰ ਸਿਤਾਰੇ ਵੀ ।

ਦਿਲ ਦੇ ਵਿਹੜੇ ਆਵਣ ਬਣ ਕੇ ਚੋਰ

ਦਿਲ ਦੇ ਵਿਹੜੇ ਆਵਣ ਬਣ ਕੇ ਚੋਰ ਮਚਲਦੀਆਂ ਸੋਚਾਂ । ਜਿਉਂ ਜਿਉਂ ਰਾਤ ਦਾ ਨ੍ਹੇਰਾ ਖਿਲਰੇ ਹੋਰ ਮਚਲਦੀਆਂ ਸੋਚਾਂ । ਅੱਧੀ ਰਾਤੀਂ ਇਕਲਾਪੇ ਦਾ ਫੰਧਾ ਗਲ ਵਿਚ ਪਾ ਕੇ, ਦੁਖ ਸੂਲੀ ਤੇ ਰੂਹ ਨੂੰ ਦੇ ਕੇ ਲੋਰ ਮਚਲਦੀਆਂ ਸੋਚਾਂ । ਖ਼ਾਬਾਂ ਦੀ ਨਗਰੀ ਦੇ ਵਾਸੀ ਨੇ ਮੁੜ ਪਰਤ ਨਹੀਂ ਆਉਣਾ, ਕਿਸ ਨੂੰ ਰੋਜ਼ ਵਿਖਾਲਣ ਬਾਂਕੀ ਟੋਰ ਮਚਲਦੀਆਂ ਸੋਚਾਂ । ਇਹ ਵੀ ਤਾਂ ਹੈ ਇਕ ਅਜੂਬਾ ਏਸ ਸਦੀ ਦਾ ਲੋਕੋ. ਜਿੰਦ ਪਤਾਸਾ ਗ਼ਮ ਦੇ ਪਾਣੀ ਖੋਰ ਮਚਲਦੀਆਂ ਸੋਚਾਂ । ਰਾਤ ਪਵੇ ਤੇ ਜਗਰਾਤੇ ਦੀਆਂ ਸੂਈਆਂ ਲੈ ਕੇ ਆਵਣ, ਵਿੰਨ੍ਹ ਕੇ ਛੱਡਣ ਮੇਰੀ ਇਕ ਇਕ ਪੋਰ ਮਚਲਦੀਆਂ ਸੋਚਾਂ । ਸਾਰੇ ਦਿਨ ਦਾ ਥੱਕਿਆ ਟੁਟਿਆ ਜਦ ਸ਼ਾਮੀ ਘਰ ਪਰਤਾਂ, ਰਾਤ ਸਰ੍ਹਾਣੇ ਰੱਜ ਕੇ ਪਾਵਣ ਸ਼ੋਰ ਮਚਲਦੀਆਂ ਸੋਚਾਂ । ਕੱਖਾਂ ਵਾਂਗੂੰ ਰੋੜ੍ਹ ਕੇ ਆਪਣੇ ਨਾਲ 'ਕਲੀਮ' ਲਿਜਾਵਣ, ਹੜ੍ਹ ਵਾਂਗੂੰ ਜਦ ਕਰਕੇ ਆਵਣ ਜ਼ੋਰ ਮਚਲਦੀਆਂ ਸੋਚਾਂ ।

ਕੁਝ ਹੋਰ ਰਚਨਾਵਾਂ : ਕਲੀਮ ਸ਼ਹਿਜ਼ਾਦ

ਤੂੰ ਵੀ ਨਾਲ ਏਂ ਫਿਰ ਵੀ ਕ੍ਹਾਨੂੰ ਇਕਲਾਪੇ ਦੇ ਕੈਦੀ ਆਂ

ਤੂੰ ਵੀ ਨਾਲ ਏਂ ਫਿਰ ਵੀ ਕ੍ਹਾਨੂੰ ਇਕਲਾਪੇ ਦੇ ਕੈਦੀ ਆਂ।
ਰੋਗ ਮੁਸ਼ੱਕਤ ਦਾ ਕਟਦੇ ਆਂ ਜਗਰਾਤੇ ਦੇ ਕੈਦੀ ਆਂ।

ਐਵੇਂ ਤਖ਼ਤ ਹਜ਼ਾਰਾ ਛਡਕੇ ਪਰਦੇਸਾਂ ਵਿਚ ਬੈਠੇ ਨਈਂ,
ਝੰਗ ਸਿਆਲੀਂ ਰਿਸ਼ਮਾਂ ਵੰਡਦੇ ਇਕ ਮੁਖੜੇ ਦੇ ਕੈਦੀ ਆਂ।

ਤੇਰੇ ਸ਼ਹਿਰ 'ਚ ਸਾਡੇ ਉੱਤੇ ਇਹ ਵੀ ਵੇਲਾ ਆਇਆ ਏ,
ਗ਼ਮਾਂ ਦੀ ਚੱਕੀ ਝੋਂਦੇ ਪਏ ਆਂ ਪਰ ਹਾਸੇ ਦੇ ਕੈਦੀ ਆਂ।

ਲੇਖਾਂ ਵਾਂਗੂੰ ਮੰਜ਼ਿਲ ਨੇ ਵੀ ਖ਼ਬਰੇ ਉਲਝਣ ਪਾਈ ਏ,
ਸਦੀਆਂ ਟੁਰਦੇ ਟੁਰਦੇ ਹੰਭੇ ਪਰ ਪੈਂਡੇ ਦੇ ਕੈਦੀ ਆਂ।

ਪਲਕਾਂ ਉੱਤੇ ਤਾਰੇ ਲੈਕੇ ਵੰਡੀਆਂ ਨੇ ਰੁਸ਼ਨਾਈਆਂ ਵੀ,
ਪਰ ਇਸ ਗੱਲ ਦੀ ਸਮਝ ਨਾ ਆਈ ਕਿਉਂ ਨੇਰ੍ਹੇ ਦੇ ਕੈਦੀ ਆਂ।

ਜੁਰਮ 'ਕਲੀਂਮ' ਵਫ਼ਾ ਦਾ ਕੀਤਾ ਅਪਣੀ ਝੋਲੀ ਪਾਇਆ,
ਵੇਖਣ ਨੂੰ ਆਜ਼ਾਦੀ ਏ ਪਰ ਬੇਦੋਸੇ ਦੇ ਕੈਦੀ ਆਂ।

ਪੈਰ ਪੈਰ 'ਤੇ ਹੌਕੇ ਭਰਦੀਆਂ ਵੇਖਾਂ ਮੈਂ

ਪੈਰ ਪੈਰ 'ਤੇ ਹੌਕੇ ਭਰਦੀਆਂ ਵੇਖਾਂ ਮੈਂ।
ਆਸ ਦੀਆਂ ਮੁਟਿਆਰਾਂ ਮਰਦੀਆਂ ਵੇਖਾਂ ਮੈਂ।

ਕਿੰਨਾ ਜੀ ਕਰਦਾ ਸੀ ਤੇਰੀਆਂ ਉਂਗਲਾਂ ਨੂੰ,
ਜ਼ਖ਼ਮਾਂ ਉੱਤੇ ਮਰਹਮ ਧਰਦੀਆਂ ਵੇਖਾਂ ਮੈਂ।

ਸਿਰ ਦੇ ਉੱਤੇ ਧੁੱਪ ਦੀ ਚਾਦਰ ਤਾਣੀ ਏਂ,
ਫਿਰ ਵੀ ਏਥੇ ਸਧਰਾਂ ਠਰਦੀਆਂ ਵੇਖਾਂ ਮੈਂ।

ਤੇਰਾ ਚੇਤਾ ਆ ਜਾਵੇ ਜੇ ਰਾਤਾਂ ਨੂੰ,
ਦਿਲ ਦੇ ਉੱਤੇ ਰਿਸ਼ਮਾਂ ਵਰ੍ਹਦੀਆਂ ਵੇਖਾਂ ਮੈਂ।

ਇਕਲਾਪੇ ਦੀ ਧੁੱਪ ਤੋਂ ਕਿਵੇਂ ਬਚਾਵਾਂ ਮੈਂ,
ਸਧਰਾਂ ਬਰਫ਼ਾਂ ਵਾਂਗਰ ਖਰਦੀਆਂ ਵੇਖਾਂ ਮੈਂ।

ਉਹਨੂੰ ਲੋ ਦੀ ਲੋੜ ਪਈ ਏ ਫੇਰ 'ਕਲੀਮ',
ਕੜੀਆਂ ਬਾਲਕੇ ਅਪਣੇ ਘਰਦੀਆਂ ਵੇਖਾਂ ਮੈਂ।

ਫੁੱਲ ਦੇ ਮੱਥੇ ਤਰੇਲੀ ਆ ਗਈ

ਫੁੱਲ ਦੇ ਮੱਥੇ ਤਰੇਲੀ ਆ ਗਈ।
ਵੇਖ ਕੇ ਮੈਨੂੰ ਕਲੀ ਘਬਰਾ ਗਈ।

ਜ਼ਿਹਨ ਦੇ ਅੰਬਰ 'ਤੇ ਪੀਂਘਾਂ ਜਿਸ ਤਰ੍ਹਾਂ,
ਸੋਚ ਉਸਦੀ ਰੰਗ ਜਿਹੇ ਬਿਖਰਾ ਗਈ।

ਆ ਗਿਆ ਏ ਓਸਨੂੰ ਚੇਤਾ ਕਿਵੇਂ,
ਗੱਲ ਕਿਹੜੀ ਓਸਨੂੰ ਬਦਲਾ ਗਈ।

ਸਾਂਝ ਸੀ ਉਮਰਾਂ ਦੀ ਵਾਅਦੇ ਹਸ਼ਰ ਦੇ,
ਅੱਥਰੀ ਦੁਨੀਆਂ ਜੁਦਾਈਆਂ ਪਾ ਗਈ।

ਮੈਂ ਤਾਂ ਨੀਵੀਂ ਪਾਕੇ ਸਾਂ ਬੈਠਾ ਰਿਹਾ,
ਅੱਖ ਉਹਦੀ ਕਾਸ ਨੂੰ ਸ਼ਰਮਾ ਗਈ।

ਖੋਖਲਾ ਕੀਤਾ ਮੇਰਾ ਜੁੱਸਾ 'ਕਲੀਮ',
ਯਾਦ ਉਹਦੀ ਘੁਣ ਦੇ ਵਾਂਗੂੰ ਖਾ ਗਈ।

ਬੋਲੀਆਂ

ਤੇਰਾ ਚਰਖ਼ਾ ਸ਼ੀਸ਼ਿਆਂ ਵਾਲ਼ਾ, ਕੱਤਦੀ ਦਾ ਮੂੰਹ ਤੱਕਦਾ
ਤੰਦ ਪਾਉਂਦੀ ਦਾ ਚੂੜਾ ਛਣਕੇ, ਚਾਵਾਂ ਵਾਲ਼ੇ ਮੋਰ ਨੱਚਦੇ
ਦੋਵਾਂ ਤੱਕਿਆ ਗਲ਼ੀ ਵਿੱਚ ਦੂਰੋਂ, ਨੈਣਾਂ ਦੀਆਂ ਪੈਣ ਜੱਫੀਆਂ
ਇਕ ਤੇਰਾ ਰਪੂ ਲਿਸ਼ਕੇ ਉੱਤੋਂ ਸਾਉਣ ਦਾ ਮਹੀਨਾ ਆਇਆ
ਤੇਰੇ ਨੈਣਾਂ ਦੇ ਗੁਲਾਬੀ ਡੋਰੇ, ਨਸ਼ਿਆਂ ਦੀ ਹੱਦ ਮੁੱਕ ਗਈ
ਤੇਰੇ ਨੱਕ ਦਾ ਲੌਂਗ ਰੰਗੀਲਾ, ਧੁੱਪ ਵਿੱਚ ਰੰਗ ਵੰਡਦਾ
ਤੇਰੇ ਸਾਹਵਾਂ ਦੀ ਮਹਿਕ ਉਧਾਰੀ, ਸੱਧਰਾਂ ਦੇ ਫੁੱਲ ਮੰਗਦੇ
ਜ਼ੁਲਫਾਂ ਦੀ ਲੱਟ ਤੱਕ ਕੇ, ਮੱਚੇ ਅੰਬਰਾਂ ਤੇ ਬਦਲੀ ਕਾਲ਼ੀ
ਕਿਹੜਾ ਖ਼ਾਬਾਂ ਵਿੱਚ ਨਜ਼ਰੀਂ ਆਵੇ ਬੁੱਲ੍ਹੀਆਂ ਤੇ ਹਾਸਾ ਖਿੰਡਿਆ
ਤੇਰੀ ਗਾਨੀ ਦੇ ਗਾਉਂਦੇ ਮਣਕੇ ਜਾਂਦੇ ਜਾਂਦੇ ਰਾਹੀ ਭੁਲਦੇ
ਤੇਰੇ ਪੈਰਾਂ ਵਿੱਚ ਪਾਜ਼ੇਬਾਂ ਤੱਕ ਕੇ, ਰਾਗੀਆਂ ਨੂੰ ਸੁਰ ਲੱਭਦੇ