Kalam Di Sikhar Dupehar : Sukhdeep Singh (Sherry)

ਕਲਮ ਦੀ ਸਿਖ਼ਰ ਦੁਪਹਿਰ : ਸੁਖਦੀਪ ਸਿੰਘ (ਸ਼ੈਰੀ)

1. ਮਾਂ

ਰੱਬ ਜਿਹਾ ਹੈ ਕੰਮ ਜਿਸਦਾ, ਰੱਬ ਤੋਂ ਸੋਹਣਾ ਜਿਹਦਾ ਨਾਮ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਦੁੱਧਾਂ ਨਾਲ ਪਾਲ਼ਿਆ ਜਿਸਨੇ, ਉਸਦੀ ਗੋਦੀ ਤੋਂ ਨਾ ਕੋਈ ਸੋਹਣੀ ਥਾਂ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਗਿੱਲੀ ਥਾਂ 'ਤੇ ਆਪ ਪੈ ਕੇ ਉਸਨੇ, ਮੈਨੂੰ ਪਾਇਆ ਜਿਹਨੇ ਸੁੱਕੀ ਥਾਂ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਢਿੱਡੋਂ ਕੱਢ ਖਵਾਇਆ ਉਸਨੇ, ਜਿਹਨੇ ਪੂਰੇ ਕੀਤੇ ਸਾਰੇ ਮੇਰੇ ਚਾਅ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਲੱਖ ਦੁਨੀਆਂਦਾਰੀ ਦੇਖ ਲਈ, ਅੰਮੜੀ ਜਿਹੀ ਨਾ ਕਿਤੇ ਠੰਢੀ ਛਾਂ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਬਾਪੂ ਤੋਂ ਰੁੱਸ ਕੇ ਸੁੱਤੇ ਨੂੰ, ਜਿਸਨੇ ਚੂਰੀ ਦਿੱਤੀ ਮੈਨੂੰ ਖਵਾ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...
ਸ਼ੈਰੀ ਤੂੰ ਕਿਹੜੇ ਯਾਰ ਮਨਾਵੇਂ, ਸਭ ਤੋਂ ਸੋਹਣਾ ਰਿਸ਼ਤਾ ਮਾਂ ...
ਸਭ ਤੋਂ ਸੋਹਣੀ ਮੇਰੀ ਮਾਂ, ਸਾਰੀ ਦੁਨੀਆਂ ਤੋਂ ਸੋਹਣੀ ਮੇਰੀ ਮਾਂ ...

2. ਮਾਂ ਬੋਲੀ

ਮੈਂ ਮਾਂ ਬੋਲੀ ਪੰਜਾਬ ਦੀ, ਇੱਕ ਗੱਲ ਸੁਣਾਵਾਂ ...
ਸੀਨੇ ਦਰਦ ਹੰਢਾਇਆ, ਮੈਂ ਬਹੁਤ ਹੀ ਭਾਰਾ ...
. ਇੱਕ ਸਮੇਂ ਸੀ ਮੈਂ, ਵਾਰਿਸ ਸ਼ਾਹ ਨੇ ਲਿਖੀ ...
ਅੱਜ ਕੱਲ੍ਹ ਨਾ ਕਿਸੇ ਨੂੰ, ੳ ਅ ੲ ਦਿਖੀ ...
ਏ. ਬੀ. ਸੀ. ਦਾ ਲੱਗਿਆ, ਹਰ ਪਾਸੇ ਮੇਲਾ ...
ਅੰਗਰੇਜ਼ੀ 'ਚ ਸਟੂਡੈਂਟ ਹੋ ਗਿਆ, ਜੋ ਸੀ ਚੇਲਾ ...
ਇੱਥੇ ਬੋਲੇ ਨਾ ਕੋਈ ਹੁਣ, ਸਤਿ ਸ੍ਰੀ ਅਕਾਲ ਲੋਕੋ...
ਹੈਲੋ ਵੱਟਸਐਪ ਦੇ, ਦਿਖਦੇ ਹਰ ਪਾਸੇ ਲੋਗੋ ...
ਹਿੰਦੀ ਉਰਦੂ ਨਾਲ ਸੀ, ਮੇਰੀ ਸਾਂਝ ਪੁਰਾਣੀ ...
ਅੰਗਰੇਜ਼ੀ ਮੈਨੂੰ ਖਾ ਗਈ, ਖ਼ਤਮ ਹੋਈ ਜਵਾਨੀ ...
ਬੁੱਢੀ ਮਾਂ ਕੋਈ ਪੁੱਛੇ ਨਾ, ਮੈਨੂੰ ਦਾਣਾ ਪਾਣੀ ...
ਲੱਕੜਾਂ ਨੇੜੇ ਬੈਠ ਗਈ, ਮੈਂ ਹੋ ਨਿਮਾਣੀ ...
ਗੁਰਾਂ ਨੇ ਹੱਥੀਂ ਖਡਾਇਆ, ਜਦ ਮੈਂ ਹੁੰਦੀ ਸੀ ਨਿੱਕੀ ...
ਹਰ ਕੋਈ ਭੁੱਲਦਾ ਜਾ ਰਿਹਾ, ਗੁਰਾਂ ਦੀ ਦਿੱਤੀ ਸਿੱਖੀ ...
ਲਿਖਾਰੀ ਬਣ ਬਹਿ ਗਿਆ, ਪਰ ਲਿਖਣਾ ਨਾ ਆਇਆ ...
ਸ਼ੈਰੀ ਵੀ ਤਾਂ ਲੋਕੋ, ਨਾਲਾਇਕ ਪੁੱਤ ਕਹਿਲਾਇਆ ...
ਗ਼ੱਦਾਰ ਨਿਕਲੇ ਮੇਰੇ ਆਪਣੇ, ਬਾਤ ਨਾ ਪੁੱਛੇ ਕੋਈ ...
ਕਲਮ ਦੇ ਨਾਲ ਬੈਠ ਕੇ, ਮੈਂ ਬਹੁਤ ਹੀ ਰੋਈ ...

3. ਧੀ ਪੁੱਛੇ

ਜੇ ਤੇਰੇ ਘਰ ਵੀਰ ਨੇ ਮੇਰੀਏ ਮਾਏ,
ਦੱਸ ਮੈਨੂੰ ਕਿਉਂ ਤੂੰ ਕੁੱਖੋਂ ਮਾਰਿਆ।
ਮੈਂ ਵੀ ਰੱਖਦੀ ਬਾਬਲਾ ਲਾਜ ਤੇਰੀ,
ਦੱਸ ਮੈਨੂੰ ਕਿਉਂ ਤੂੰ ਸੂਲੀ ਚਾੜ੍ਹਿਆ।
ਪਾਵਾਂ ਦੁਹਾਈ ਰੱਬਾ ਮੈਂ ਤੈਨੂੰ ਵੇ,
ਜੇ ਉੱਤੇ ਬੁਲਾਉਣਾ ਹੀ ਸੀ ਢਿੱਡੀਂ ਕਿਉਂ ਤਾਰਿਆ।
ਮਾਏ ਤੂੰ ਵੀ ਤਾਂ ਕਿਸੇ ਦੀ ਧੀ ਹੀ ਸੀ,
ਫੇਰ ਮੇਰੇ 'ਤੇ ਹੀ ਕਿਉਂ ਕਿਹਰ ਕਮਾ ਲਿਆ।
ਤੇਰਾ ਚਿੜੀਆਂ ਦਾ ਚੰਬਾ ਮੈਂ ਬਣਦੀ ਬਾਬਲਾ,
ਕਿਉਂ ਤੀਰ ਮੇਰੇ ਸੀਨੇ ਬਾੜਿਆ ਤੂੰ।
ਨੀਂ ਮਾਏ ਮੇਰੀਏ ਦਰਦ ਵੰਡਾਉਂਦੀ ਤੇਰੇ,
ਕਿਉਂ ਕੱਢੀ ਮਾਏ ਢਿੱਡੋਂ ਮੇਰੀ ਰੂਹ।
ਤੇਰੇ ਗੁੱਟ 'ਤੇ ਰੱਖੜੀ ਮੈਂ ਬੰਨ੍ਹਦੀ ਵੀਰਾ,
ਸ਼ਗਨ 'ਚ ਤੇਰੀ ਖੈਰ ਮੰਗਦੀ ਵੇ।
ਨਾ ਲੱਗਣ ਦਿੰਦੀ ਦਾਗ਼ ਤੇਰੀ ਪੱਗ ਨੂੰ ਵੀਰਾ,
ਦੁਨੀਆਂ ਤੋਂ ਰਹਿੰਦੀ ਮੈਂ ਸੰਗਦੀ ਵੇ।
ਡੋਲੀ ਉੱਠਦੀ ਮੇਰੀ ਬਾਬਲਾ ਤੇਰਾ ਵਿਹੜਾ ਹੁੰਦਾ,
ਕਿੱਥੇ ਲਾਸ਼ ਮੇਰੀ ਤੂੰ ਚੁੱਕਦਾ ਵੇ।
ਜੇ ਪਾਪ ਕਮਾਇਆ ਰੱਬ ਨੇ ਵੇਖ ਲਿਆ,
ਦੱਸ ਫੇਰ ਕਿਉਂ ਤੂੰ ਬਾਬਲਾ ਲੁਕਦਾ ਵੇ।
ਮੈਂ ਮਰ ਕੇ ਵੀ ਤੇਰੇ ਵਿਹੜੇ ਵਿੱਚ ਖੇਡਾਂ,
ਸ਼ੈਰੀ ਨਾ ਤੂੰ ਦਰਦ ਮੇਰਾ ਫਰੋਲਦਾ ਈਂ।
ਕਿਉਂ ਲਿਖ ਕਲ਼ਮੀ ਰੁਆਵੇ ਮੇਰੇ ਬਾਬਲ ਨੂੰ,
ਲਿਖ ਸੱਚ ਰੋਵੇ ਕਿਉਂ ਤੂੰ ਬੋਲਦਾ ਨਈਂ।

4. ਇੱਕ ਪੰਜਾਬ ਮੇਰਾ ਉਹ

ਇੱਕ ਪੰਜਾਬ ਮੇਰਾ ਉਹ, ਜਿੱਥੇ ਰੱਬ ਵੱਸਦਾ ਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਸ਼ੈਤਾਨ ਹੱਸਦਾ ਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਹਰਿਆਲੀ ਭੰਗੜਾ ਪਾਉਂਦੀ ਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਕਰਜ਼ਾ ਫਾਂਸੀ ਲਾਉਂਦੀ ਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਨਲੂਏ ਜਿਹੇ ਸਰਦਾਰ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਚਿੱਟੇ ਦੇ ਗੱਭਰੂ ਸ਼ਿਕਾਰ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਗੁਰੂ ਪੀਰ ਪੈਗੰਬਰ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਜਾਅਲੀ ਬਾਬੇ ਲੰਡਰ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਵਾਰਿਸ ਸ਼ਾਹ ਬੁੱਲ੍ਹੇ ਸ਼ਾਹ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਚਿੱਟੇ ਹਥਿਆਰ ਵਾਲੇ ਲਿਖਾਰ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਆਸ਼ਕ ਲੀਰੋ ਲੀਰ ਬੇਇਮਾਨ ਹੋਏ...
ਇੱਕ ਪੰਜਾਬ ਮੇਰਾ ਉਹ, ਜਿਹਨੇ ਵਿਸਾਖੀ ਆਪਣੇ ਦਿਲੇ ਲਾਈ...
ਇੱਕ ਪੰਜਾਬ ਮੇਰਾ ਉਹ, ਜਿਹਨੇ ਚੁਰਾਸੀ ਆਪਣੇ ਪਿੰਡੇ ਹੰਡਾਈ...
ਇੱਕ ਪੰਜਾਬ ਮੇਰਾ ਉਹ, ਜੋ ਸੋਨੇ ਦੀ ਚਿੜ੍ਹੀ ਸੀ...
ਇੱਕ ਪੰਜਾਬ ਮੇਰਾ ਉਹ, ਜਿੱਥੇ ਮੁਕਾ 'ਤੀ ਇੱਕ ਪੀੜ੍ਹੀ ਸੀ...
ਇੱਕ ਪੰਜਾਬ ਮੇਰਾ ਉਹ, ਜਿੱਥੇ ਭਗਤ ਊਧਮ ਜਿਹੇ ਕੁਰਬਾਨ ਹੋਏ...
ਇੱਕ ਪੰਜਾਬ ਮੇਰਾ ਉਹ, ਜਿੱਥੇ ਦੇਸ਼ ਮੇਰੇ ਦੇ ਗ਼ੱਦਾਰ ਹੋਏ...
ਸ਼ੈਰੀ ਲਿਖੇ ਦੱਸ ਕੀ, ਮੇਰੇ ਸੋਹਣੇ ਦੇਸ਼ ਪੰਜਾਬ ਬਾਰੇ...
ਕਿਹੜੇ ਪੰਜਾਬ ਵਿਚ ਰਹਿਣਾ, ਸੋਚ ਲੋ ਤੁਸੀਂ ਪੰਜਾਬੀ ਸਾਰੇ ...

5. ਪ੍ਰਣਾਮ ਸ਼ਹੀਦਾਂ ਨੂੰ

ਉਹੀ ਹੁਕਮ ਦੇ ਨੇ ਯੱਕੇ ਬੰਦਿਆ, ਜਿਹੜੇ ਖੋਹ ਆਜ਼ਾਦੀ ਲੈਂਦੇ ਨੇ।
ਜਿਹੜੇ ਜ਼ੁਲਮ ਖਿਲਾਫ਼ ਖੜ੍ਹੇ ਹੁੰਦੇ, ਉਹਨੂੰ ਹੀ ਸੂਰਾ ਅੱਤਵਾਦੀ ਕਹਿੰਦੇ ਨੇ।
ਇਲਾਕਾ ਦੇਖ ਕੇ ਤਾਂ ਗਿੱਦੜ ਨੇ ਸ਼ਿਕਾਰ ਕਰਦੇ, ਸ਼ੇਰ ਤਾਂ ਦੁਸ਼ਮਣ ਦੇਖ ਕੇ ਮਾਰਦਾ ਓਏ।
ਪੰਜਾਬੀ ਪੱਗ ਨੂੰ ਦਾਗ਼ ਨਾ ਲਵਾਉਣ ਕਦੇ, ਊਧਮ ਬੇਗ਼ਾਨੇ ਮੁਲਕ ਵੈਰੀ ਠੋਕਦਾ ਓਏ।
ਭਾਰਤ ਜਿਹਾ ਦੇਸ਼ ਆਜ਼ਾਦ ਕਰਾਉਣਾ ਹੋਵੇ, ਭਗਤ ਸਿੰਘ ਜਿਹੀ ਚਾਹੀਦੀ ਠੁੱਕ ਲੋਕੋ।
ਲੰਡਨ ਜਾ ਕੇ ਜੇ ਵੈਰੀ ਠੋਕਣਾ ਹੋਵੇ, ਅਸਲਾ ਰੱਖਣ ਲਈ ਚਾਹੀਦੀ ਬੁੱਕ ਲੋਕੋ।
ਆਜ਼ਾਦੀ ਹੱਥੀਂ ਮੰਗਿਆ ਨਾ ਦਿੰਦਾ ਕੋਈ, ਰੱਖ ਤਿੱਖੀ ਸ਼ਮਸ਼ੀਰ ਦੇ ਜ਼ੋਰ 'ਤੇ ਲੈਣੀ ਪੈਂਦੀ।
ਮਾਸੂਮ ਹੋਇਆ ਤਾਂ ਗਰਦਨਾਂ ਲੈ ਜਾਂਦੀਆਂ, ਸੱਚ ਸੁਣ ਸ਼ੈਰੀ ਦੀ ਕੀ ਕਲਮ ਕਹਿੰਦੀ।
ਦਿਲੋਂ ਕਰਦਾ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ, ਜਿਹੜੇ ਦੇਸ਼ ਖ਼ਾਤਰ ਆਪਾ ਗੁਆ ਗਏ।
ਸਿਰ ਝੁਕਦਾ ਉਸੇ ਹੀ ਗੁਰੂ ਅੱਗੇ, ਜਿਹੜੇ ਧਰਮ ਖ਼ਾਤਰ ਚਾਰ ਵਾਰ ਗਏ।
ਮੇਰੀ ਗੁਜ਼ਾਰਿਸ਼ ਇੱਕ ਅੱਜ ਦੀ ਪੀੜ੍ਹੀ ਨੂੰ, ਦੇਖਿਓ ਵਿਰਸਾ ਨਾ ਆਪਣਾ ਭੁੱਲ ਜਾਇਓ।
ਜੇ ਪੈ ਜਾਵੇ ਮੰਗਣਾ ਗੈਰਤ ਹੀ ਮਰ ਜਾਂਦੀ, ਰੋਟੀ ਹੱਕ ਦੀ ਭਾਂਵੇਂ ਸੁੱਕੀ ਖਾਇਓ।

6. ਨਸ਼ੇੜੀ ਪੁੱਤ ਮਾਂ ਦਾ

ਮੈਂ ਹਾਂ ਨਸ਼ੇੜੀ ਪੁੱਤ ਮਾਂ ਦਾ, ਤੇ ਮੈਨੂੰ ਮਾਣ ਆ ...
ਨਸ਼ੇ ਕਰਨਾ ਮੇਰਾ ਕੰਮ, ਚਿੱਟਾ ਮੇਰੀ ਸ਼ਾਨ ਆ ...
ਹਰ ਤਰ੍ਹਾਂ ਦਾ ਮੈਂ ਨਸ਼ਾ ਕਰਦਾ, ਘਰ ਦਿਆਂ ਤੋਂ ਨਹੀਂ ਮੈਂ ਡਰਦਾ ...
ਧੀਆਂ ਭੈਣਾਂ ਛੇੜਨ ਦੇ ਲਈ, ਜਰਦਾ ਲਾ ਮੋੜਾਂ 'ਤੇ ਖੜ੍ਹਦਾ ...
ਜੇ ਕਿਸੇ ਕੁੜੀ ਨੇ ਮੈਨੂੰ ਨਾ ਕੀਤੀ, ਤੇਜ਼ਾਬ ਦੀ ਬੋਤਲ ਮੈਂ ਖੋਲ੍ਹ ਲਈ ...
ਇਕੱਲੀ ਮਿਲੀ ਤਾਂ ਬਲਾਤਕਾਰ ਕਰੂ, ਇੱਜ਼ਤ ਕਿਸੇ ਦੀ ਸ਼ਰੇਆਮ ਫਰੋਲ ਲਈ ...
ਮੈਨੂੰ ਕਿਸੇ ਦਾ ਕੋਈ ਡਰ ਨਹੀਂ ਆ, ਮੈਂ ਖੁੱਲ੍ਹਾ ਸ਼ੇਰ ਬਣ ਕੇ ਘੁੰਮਾਂਗਾ ...
ਸਮਾਜ ਨੇ ਦਿੱਤਾ ਹੱਕ ਚੁੰਨੀਆਂ ਰੋਲਣ ਦਾ, ਮੇਰੀ ਸਰਕਾਰ ਦੇ ਹੱਥ ਮੈਂ ਚੁੰਮਾਂਗਾ ...
ਚਿੱਟਾ ਮਿਲਦਾ ਮੈਨੂੰ ਹਰ ਦੁਕਾਨ 'ਤੇ, ਘਰੇ ਸਮਾਨ ਵੇਚਣ ਨੂੰ ਬਹੁਤ ਆ ...
ਚਾਹੇ ਮਾਂ ਰੋਕੇ ਚਾਹੇ ਬਾਪ ਮੇਰਾ, ਮੇਰੇ ਹੱਥੋਂ ਲਿਖੀ ਉਸਦੀ ਮੌਤ ਆ ...
ਮੈਂ ਜੇ ਸੁਧਰਨਾ ਚਾਹਵਾਂ ਵੀ, ਇਹ ਸਮਾਜ ਸ਼ੈਰੀ ਮੈਨੂੰ ਨਾ ਇਕ ਮੌਕਾ ਦਿੰਦਾ ...
ਮੈਂ ਹਾਂ ਨਸ਼ੇੜੀ ਪੁੱਤ ਮਾਂ ਦਾ, ਮੈਨੂੰ ਮਾਂ ਵਰਗਾ ਨਸ਼ਾ ਨਾ ਧੋਖਾ ਦਿੰਦਾ...

7. ਕੌੜਾ ਸੱਚ

ਸ਼ੈਰੀ ਲੱਗਿਆ ਕਲਮ ਨਾਲ ਘੁਲਣ ਤੂੰ,
ਦੇਖੀ ਆਪਾ ਨਾ ਆਪਣਾ ਗੁਆ ਬੈਠੀ।
ਸੱਚ ਲਿਖਦਾ ਖੋਲ੍ਹਦਾ ਲੋਕਾਂ ਦੇ ਵੇ,
ਦੇਖੀ ਆਪਣਾ ਹੀ ਸੱਚ ਨਾ ਤੂੰ ਸੁਣਾ ਬੈਠੀ।
ਲਿਖਣਾ ਤੈਨੂੰ ਆਉਂਦਾ ਨਹੀਂ ਵੱਡਿਆ ਲਿਖਾਰੀਆ,
ਕਿੱਸੇ ਜੋੜ-ਜੋੜ ਲੋਕਾਂ ਦੇ ਸੁਣਾਈ ਜਾਵੇ।
ਆਪਣੀਆਂ ਰੱਖੀਆਂ ਦਿਲ 'ਚ ਲੁਕੋ ਕੇ ਬੇਗ਼ੈਰਤਾ,
ਲੋਕਾਂ ਦੇ ਐਵੇਂ ਹੀ ਸਿਰ ਜਿਹੇ ਖਾਈ ਜਾਵੇ।
ਪੰਜਾਬ ਸੋਨੇ ਦੀ ਚਿੜੀ ਸੀ ਮੰਨਿਆ ਜਾਂਦਾ,
ਅੱਜ ਕਹਿੰਦੇ ਨਸ਼ਿਆਂ ਨੇ ਵਿਗਾੜਤਾ ਏ।
ਇੱਥੇ ਇੱਕ ਜੋਧਾ ਸਵਾ ਲੱਖ ਨਾਲ ਸੀ ਲੜ੍ਹ ਜਾਂਦਾ,
ਅੱਜ ਚਿੱਟੇ ਨੇ ਸੂਲੀ ਸਭ ਚਾੜ੍ਹਤਾ ਏ।
ਨਾ ਇੱਜ਼ਤਾਂ ਰਹੀਆਂ ਬੇਗ਼ੈਰਤ ਹੋਏ ਸਾਰੇ,
ਧੀਆਂ ਭੈਣਾਂ ਦੀ ਲਾਜ ਨੂੰ ਕੋਈ ਸਮਝੇ ਨਾ।
ਕੁੱਖ ਵਿੱਚ ਹੀ ਧੀ ਬਾਬਲ ਮਾਰ ਦੇਵੇ,
ਰੱਬ ਦੀ ਕੁਦਰਤ ਨੂੰ ਹੁਣ ਕੋਈ ਮੰਨੇ ਨਾ।
ਖੁਦਾ ਤੋਂ ਵੱਡੀ ਸ਼ੌਹਰਤ ਪੈਸੇ ਦੀ ਹੋਈ,
ਪੈਸੇ ਲਈ ਭਾਈ-ਭਾਈ ਨੂੰ ਮਾਰ ਦੇਵੇ।
ਚੇਲੇ ਗੁਰੂ ਦਾ ਨਾ ਰਿਸ਼ਤਾ ਦੇਖਣ ਨੂੰ ਮਿਲੇ,
ਅੱਜ ਪਿੱਠ ਪਿੱਛੇ ਖੰਜਰ ਚਲਾ ਦੇਵੇ।
ਕੀ ਗੱਲ ਸੁਣਾਵਾਂ ਇਸ਼ਕੇ ਦੇ ਰੋਗ ਵਾਲੀ,
ਰਾਂਝੇ ਹੀਰ ਨੂੰ ਨਿੱਤ-ਨਿੱਤ ਇਸ਼ਕ ਹੋ ਜਾਂਦਾ।
ਇਸ਼ਕ ਦੇ ਰੋਗੀ ਸਮਾਂ ਟਪਾ ਜਾਂਦੇ,
ਇੱਥੇ ਸੱਚੇ ਇਸ਼ਕ ਦੀ ਨਾ ਕੋਈ ਇਬਾਦਤ ਮੰਨਦਾ।
ਅੱਜ ਪੁੱਤ ਹੀ ਕਪੁੱਤ ਹੋ ਬੈਠੇ ਲੋਕੋ,
ਬੁੱਢੀ ਪਈ ਮਾਂ ਨੂੰ ਪਾਣੀ ਨਾ ਪੁੱਛਦਾ ਕੋਈ।
ਕਰਾ ਕੇ ਜ਼ਮੀਨਾਂ ਆਪਣੇ ਨਾਮ ਪੁੱਤ ਲੋਕੋ,
ਬਾਪ ਮਾਰਨ ਤੋਂ ਫੇਰ ਨਾ ਡਰਦਾ ਕੋਈ।
ਭਗਤ ਸਿੰਘ ਵਰਗੇ ਪੁੱਤ ਨਾ ਮਾਵਾਂ ਜੰਮਦੀਆਂ,
ਸਟੇਜਾਂ 'ਤੇ ਰੌਲਾ ਪਾਉਣ ਵਾਲੇ ਘਰ ਘਰ ਜੰਮਦੇ।
ਪੰਜਾਬ ਦੇ ਸਿਰੋਂ ਗਲੇ 'ਚ ਪੱਗ ਲੱਥੀ ਰੱਬਾ,
ਮਿੱਟੀ ਦੇ ਬੁੱਤ ਹੋਏ ਇਹ ਗੰਦੀ ਚੰਮ ਦੇ।
ਰੱਬਾ ਮੇਰੀ ਕਲਮ ਨੂੰ ਗੁਣ ਦਵੀਂ,
ਸੱਚ ਲਿਖਣ ਤੋਂ ਨਾ ਇਹ ਕਦੇ ਡਰ ਜਾਵੇ।
ਲਿਖਿਆ ਸੱਚ ਤਾਂ ਜੇ ਕੋਈ ਸੁਣ ਲਵੇ,
ਲੋਕਾਂ ਤੋਂ ਬੇਇੱਜ਼ਤੀ ਸ਼ੈਰੀ ਕਰਾਈ ਜਾਵੇ।

8. ਹਾਲ ਏ ਹੀਰ

ਹੋ ਆਖੋ ਨੀਂ ਮੈਨੂੰ ਧੀਦੋ ਰਾਂਝਾ, ਤੇ ਹੀਰ ਨਾ ਆਖੋ ਕੋਈ।
ਓਨਾਂ ਨਹੀਂ ਸੱਤ ਜਨਮ ਏ ਹੱਸੀ, ਜਿੰਨ੍ਹਾਂ ਇੱਕ ਜਨਮ ਏ ਰੋਈ।

ਕੀ ਗੱਲ ਕਰੇ ਬਾਰ੍ਹਾਂ ਸਾਲ ਮੱਝੀਆਂ, ਚਾਰਨ ਦੀ ਰਾਂਝਿਆ ਵੇ।
ਹੀਰ ਬਾਰ੍ਹਾਂ ਜਨਮ ਚਾਰਨ, ਲਈ ਰਾਂਝਣ ਹੋਈ ਵੇ।

ਇੱਕ ਕਬਰ ਨਹੀਂ ਮੇਰੇ, ਸੱਤ ਕਬਰਾਂ ਨਾਮ ਕਰ ਖ਼ੁਦਾ ਵੇ।
ਹੀਰ ਸੱਤ ਜਨਮ ਲਈ, ਗੋਰ ਵਿੱਚ ਰਾਂਝਿਆ ਖੋਈ ਵੇ।
ਕੰਨੀ ਮੁੰਦਰਾਂ ਪਾ ਜੇ, ਤੂੰ ਜੋਗੀ ਹੋਇਆ ਰਾਂਝਿਆ ਵੇ।
ਹੀਰ ਦੀ ਰੂਹ ਪਾ ਮੁੰਦਰਾਂ, ਸੱਤ ਜਨਮ ਲਈ ਜੋਗਣ ਹੋਈ ਵੇ।
ਤੇਰੇ ਬਿਨ੍ਹਾਂ ਕੀ ਜੀਣਾ ਮੇਰਾ, ਜ਼ਿੰਦਗੀ ਮੁੱਕ ਤੇ ਸਾਹ ਮੇਰੇ ਰੁੱਕ ਜਾਣੇ।
ਇੱਕ ਪਲ ਨਾ ਤੇਰੇ ਬਾਝੋਂ ਜ਼ਿੰਦਗੀ, ਸਾਰੇ ਚੰਦ ਤਾਰੇ ਇਹ ਲੁੱਕ ਜਾਣੇ।

ਹੱਥੀਂ ਲਿਖਿਆ ਹਾਲ ਹੀਰੇ, ਸ਼ੈਰੀ ਬੜੇ ਬਣੇ ਲਿਖਾਰੀ ਨੇ।
ਕਿੱਸਾ ਹੋਣਾ ਆਸ਼ਿਕ ਟੁੱਟੇ ਦਾ, ਜੋਗੀ ਹੋਇਆ ਬਣੇ ਭਿਖਾਰੀ ਨੇ।

9. ਹੀਰ ਰਾਂਝਾ

ਰਾਤ ਨੂੰ ਨਾ ਨੀਂਦ ਆਵੇ, ਕੱਢ ਕੋਈ ਹੀਲਾ ਵੇ।
ਜਿੱਥੋਂ ਹੀਰ ਤੈਨੂੰ ਯਾਦ ਆਵੇ, ਛੱਡ ਦੇ ਉਹ ਟਿੱਲਾ ਵੇ।
ਕੰਨੀ ਨਾ ਪੜ੍ਹਵਾ ਬੈਠੀ, ਪਾਈ ਜੋਗੀ ਮੁੰਦਰਾਂ ਵੇ।
ਲੋਕਾਂ ਲਈ ਫ਼ਕੀਰ ਆਖੇ, ਹੀਰ ਲਈ ਸੱਤ ਸਮੁੰਦਰਾਂ ਵੇ।
ਰਾਂਝਾ ਕਾਹਦਾ ਜੋਗੀ ਹੋਇਆ, ਹੱਥੀਂ ਕਾਸਾ ਫੜ੍ਹ ਕੇ ਵੇ।
ਰੱਬ ਨੂੰ ਭੁੱਲ ਬੈਠਾ, ਹੀਰ ਨਾਮੇ ਕਰਕੇ ਵੇ।
ਡੋਲੀ ਚੜ੍ਹਦਿਆਂ ਹੀਰ ਵੇ, ਰਾਂਝੇ ਨੂੰ ਯਾਦ ਕਰੇ।
ਤੇਰੇ ਨਾਮੇ ਰੂਹ ਕੀਤੀ, ਨਿਕਾਹ ਮੇਰੇ ਪੜ੍ਹ ਦੇ ਵੇ।
ਪੱਤਝੜ ਦੇ ਪੱਤਿਆਂ ਦੇ, ਵਾਂਗ ਝੜ ਚੱਲਿਆ ਮੈਂ।
ਇਸ਼ਕੇ ਦੇ ਰੋਗ ਭੈੜੇ, ਸੂਲੀ ਚੜ੍ਹ ਚੱਲਿਆ ਮੈਂ।
ਹੀਰ ਵੀ ਬਹੁਤ ਰੋਈ, ਤੇਰੇ ਲਈ ਰਾਂਝਿਆ ਵੇ।
ਰਾਤਾਂ ਨੂੰ ਨਾ ਮੈਂ ਸੋਈ, ਇਸ਼ਕੇ ਤੋਂ ਵਾਂਝਿਆ ਵੇ।
ਰੱਬ ਨੇ ਇਹ ਕੀ ਕੀਤਾ, ਦੂਰ ਹੰਸਾਂ ਦਾ ਜੋੜਾ ਹੋਇਆ।
ਪਤਾ ਨਹੀਂ ਉਹ ਹੱਸਿਆ ਕੇ, ਲੁੱਕ-ਲੁੱਕ ਉਹ ਵੀ ਰੋਇਆ।
ਤੇਰੇ ਲਈ ਮੋਹ ਚੱਲੀ, ਤੇਰੀ ਇਹ ਹੀਰ ਧੀਦੋ।
ਧੀਦੋ ਰਾਂਝਾ ਆਖੇ ਕੋਈ, ਮੇਰੇ ਲਈ ਪੀਰ ਧੀਦੋ।
ਮਹਿੰਦੀ ਵਾਲੇ ਹੱਥ ਮੇਰੇ, ਹੰਝੂ ਡਿੱਗੀ ਜਾਣ ਵੇ।
ਕਿੱਥੇ ਤੂੰ ਰਾਂਝਿਆ ਵੇ, ਤੇਰੀ ਹੀ ਹੀਰ ਜਾਨ ਵੇ।
ਰਾਂਝਾ ਵੀ ਤਾਂ ਤੇਰਾ ਹੀਰੇ, ਮਰ ਇਕੱਠੇ ਹੋਵਾਂਗੇ।
ਸ਼ੈਰੀ ਦੀ ਕਲਮ ਲਈ, ਕਿੱਸਾ ਬਣ ਰੋਵਾਂਗੇ।

10. ਕਲਯੁਗੀ ਹੀਰ

ਨਾ ਮੈਂ ਲੋਕੋ ਚਰਖਾ ਡਾਹੁੰਦੀ,
ਨਾ ਮੈਂ ਹੁਣ ਚੜ੍ਹਾਂ ਚੁਬਾਰੇ।
ਨਾ ਬਾਰੀ ਮੈਂ ਖੋਲ੍ਹਾਂ ਸੱਜਣ ਲਈ,
ਫਿਰਨ ਰਾਂਝੇ ਆਲੇ ਦੁਆਲੇ।
ਹੀਰ ਮੈਂ ਲੋਕੋ ਕਲਯੁੱਗ ਵਾਲੀ,
ਐਵੇਂ ਰਾਂਝੇ ਦੇ ਹੱਥ ਨਾ ਆਉਣੀ।
ਹੀਰ ਰਾਂਝਾ ਪਹਿਲਾਂ ਵਾਰਿਸ ਸ਼ਾਹ ਲਿਖਿਆ,
ਲਿਖਾਂ ਮੈਂ ਆਪੇ ਆਪਣੀ ਕਹਾਣੀ।
ਨਾ ਮੈਂ ਲੋਕੋ ਤ੍ਰਿੰਞਣ ਬਹਿੰਦੀ,
ਨਾ ਪੈਣ ਮੈਥੋਂ ਫੁੱਲ ਬੂਟੀਆਂ।
ਚੂਰੀ ਦਾ ਤਾਂ ਸਮਾਂ ਹੀ ਲੰਘ ਗਿਆ,
ਨਾ ਮੈਂ ਪਕਾਵਾਂ ਰੋਟੀਆਂ।
ਪਹਿਲਾਂ ਵੱਟਸਐਪ ਫੇਸਬੁੱਕ ਹੁਣ ਸਨੈਪਚੈਟ ਦੀ ਵਾਰੀ,
ਇੰਸਟਾਗ੍ਰਾਮ ਸਕਾਈਪ ਨੇ ਮੱਤ ਹੀਰ ਦੀ ਮਾਰੀ।
ਸੋਸ਼ਲ ਸਾਈਟਾਂ 'ਤੇ ਲੱਭਦੀਆਂ ਰਾਂਝੇ ਅੱਜ ਹੀਰਾਂ,
ਹੀਰ ਕਰ 'ਤੀ ਕਮਲੀ ਅੱਜ ਕਲਯੁੱਗ ਨੇ ਸਾਰੀ।
ਅੱਜ ਕੱਲ੍ਹ ਹੀਰਾਂ ਰਾਂਝੇ ਰੱਖਣ ਚਾਰ ਜੀ,
ਇੱਕ ਤਾਂ ਕੋਈ ਹੋਊ ਜਿਹੜਾ ਲੈ ਜਾਊਗਾ ਬਾਹਰ ਜੀ।
ਕਿਤਾਬਾਂ ਮੂਹਰੇ ਰੱਖ ਕੇ ਚੈਟਾਂ ਨੇ ਹੁੰਦੀਆਂ,
ਹੁਣ ਬਹੁਤਾ ਕਰਿਓ ਨਾ ਹੀਰ 'ਤੇ ਇਤਬਾਰ ਜੀ।
ਨਾ ਤਾਂ ਪਹਿਲਾਂ ਜਿਹੀ ਯਾਰੀ ਰਹੀ,
ਯਾਰੀਆਂ ਹੋ ਗਈਆਂ ਨੇ ਖੋਟੀਆਂ।
ਅੱਜ ਕੱਲ੍ਹ ਬਰਗਰ ਪੀਜ਼ੇ ਖਾ ਕੇ ਹੀਰਾਂ,
ਹੋ ਗਈਆਂ ਨੇ ਬਹੁਤ ਹੀ ਮੋਟੀਆਂ।
ਇਹ ਹੀਰ ਦੀ ਗੱਲ ਸ਼ੈਰੀ ਲਿਖ ਲੋਕੋ ਸੁਣਾਈ,
ਸੱਚੇ ਪਿਆਰ ਵਾਲੀ ਕੋਈ ਸਮਝੇ ਨਾ ਗਹਿਰਾਈ।
ਰਾਂਝੇ ਦਾ ਵੀ ਤਾਂ ਇੱਥੇ ਹੈ ਜਲੂਸ ਨਿਕਲਿਆ,
ਸੂਰਤ ਹੀਰ ਰਾਂਝੇ ਦੀ ਪਹਿਚਾਣ 'ਚ ਨਾ ਆਈ।
ਰਾਂਝੇ ਅੱਜ ਦੇ ਜੈੱਲ ਲਗਾ 'ਕੇ ਪੱਟਣ ਚੱਲੇ ਹੀਰਾਂ,
ਅਕਲਾਂ ਹੋ ਗਈਆਂ ਨੇ ਬਹੁਤ ਹੀ ਛੋਟੀਆਂ।
ਇੱਕ ਬੁੱਲੇਟ ਜਿਹਾ ਲੈ ਕੇ ਫਿਰਨ ਪਟਾਕੇ ਪਾਉਂਦੇ,
ਥਾਂ-ਥਾਂ ਖਾਂਦੇ ਫਿਰਨ ਇਹ ਲੋਕਾਂ ਤੋਂ ਸੋਟੀਆਂ।
ਸ਼ੈਰੀ ਨੇ ਤਾਂ ਲੋਕੋ ਸੱਚ ਲਿਖਿਆ ਤੇ ਸੁਣਾਇਆ,
ਮੈਂ ਕੀਤਾ ਪਿਆਰ ਬੜਾ ਪਰ ਹੀਰ ਦੀ ਸਮਝ ਨਾ ਆਇਆ।
ਜਦੋਂ ਮੈਂ ਛੱਡ ਉਹਨੂੰ ਅੱਗੇ ਵੱਲ ਨੂੰ ਤੁਰਿਆ,
ਫੇਰ ਮੇਰੀਆਂ ਯਾਦਾਂ ਨੇ ਹੀਰ ਨੂੰ ਹੋਣਾ ਬਹੁਤ ਸਤਾਇਆ।

11. ਸ਼ਾਇਰ ਆ ਮੈਂ

ਅੱਖਾਂ ਦੇ ਵਿੱਚ ਦੁਨੀਆਂ ਹੁੰਦੀ,
ਕਦੇ ਪੜ੍ਹ ਕੇ ਵੇਖ ਲਵੀਂ ਅੱਖ ਮੇਰੀ।
ਤੇਰੇ ਦਿਲ ਦੇ ਵਿੱਚ ਜੋ ਬੇਵਫ਼ਾਈ,
ਸ਼ਾਇਰ ਆਂ ਪੜ੍ਹ ਲਈ ਸੀ ਮੈਂ ਅੱਖ ਤੇਰੀ।
ਪਰ ਸ਼ਾਇਰ ਦਾ ਵੀ ਤਾ ਦਿਲ ਹੁੰਦੈ,
ਮਾਸੂਮ ਸੀ ਕਰ ਲਿਆ ਪਿਆਰ ਓਹਨੇ।
ਲੱਖ ਸਮਝਾਇਆ ਕਿ ਉਹ ਝੂਠੀ ਐ,
ਪਰ ਕਰ ਲਿਆ ਸੀ ਇਤਬਾਰ ਓਹਨੇ।
ਸੱਚ ਲਿਖਦਾ ਆਂ ਜੇ ਦੱਸਦਾ ਨਹੀਂ,
ਮੇਰੇ ਚਿਹਰੇ ਉੱਤੇ ਕੋਈ ਨਕਾਬ ਨਹੀਂ।
ਤੇਰੇ ਲਾਰਿਆਂ ਦਾ ਸੱਚ ਪਤਾ ਸੀ ਮੈਨੂੰ,
ਸ਼ਾਇਰ ਆਂ ਕੋਈ ਜਵਾਕ ਨਹੀਂ।
ਕਾਫ਼ਿਲੇ ਮਿਲੇ ਬਹੁਤ ਹਸੀਨਾਂ ਦੇ,
ਕੀ ਕਰੀਏ ਤੇਰੇ ਨਾਮ ਕਰਤਾ ਸੀ ਦਿਲ ਮੇਰਾ।
ਮੁਹੱਬਤ ਮਿਲੀ ਬਹੁਤ ਪਰ ਮੰਨੀ ਨਾ,
ਕਿਉਂਕਿ ਦਿਲ ਮੇਰਾ ਚਾਹੁੰਦਾ ਸੀ ਦਿਲ ਤੇਰਾ।
ਮੇਰੀ ਕਲਮ ਜੇ ਦਰਦ ਲੈਂਦੀ ਤੈਥੋਂ,
ਮੇਰੇ 'ਤੇ ਦੱਸ ਕੀ ਤੂੰ ਅਹਿਸਾਨ ਕਰਦੀ।
ਲੋਕਾਂ ਨੂੰ ਆਖੇ ਸ਼ਾਇਰ ਮੇਰੇ ਲਈ,
ਕਿਹੜੀ ਸ਼ੌਹਰਤਾਂ ਦਾ ਤੂੰ ਗੁਮਾਨ ਕਰਦੀ।
ਗ਼ਮਾਂ ਵਾਲਾ ਦੇਸ਼ ਹੈ ਮੇਰਾ,
ਸ਼ੈਰੀ ਕਰਦਾ ਰਾਜ ਆਪਣੇ ਗ਼ੀਤਾਂ 'ਤੇ।
ਮਹਿਬੂਬ ਬਣੀ ਹੁਣ ਕਲਮ ਮੇਰੀ,
ਛੱਡ 'ਤਾ ਕਰਨਾ ਇਤਬਾਰ ਹੁਣ ਮੀਤਾਂ 'ਤੇ।

12. ਬਿਰਹਾ

ਬਿਰਹਾ ਬਿਰਹਾ ਆਖੀਐ,
ਬਿਰਹਾ ਤੂੰ ਸੁਲਤਾਨ।
ਬਿਰਹਾ ਅੰਦਰ ਸਭ ਰੋਏ,
ਬਿਰਹਾ ਹੋਏ ਸ਼ੈਤਾਨ।
ਵਿੱਚ ਬਿਰਹਾ ਕਿਸੇ ਦਿਲ ਨਹੀਂ ਲੱਗਦਾ,
ਬਿਰਹਾ ਸਾਹ ਮੁੱਕੀ ਜਾਣ।
ਧੜਕਣ ਬਿਰਹਾ ਨਾ ਸਾਂਭ ਹੋਵੇ,
ਬਿਰਹਾ ਚੈਨ ਮੁੱਕੀ ਜਾਣ।
ਬਿਰਹਾ ਦਰਦ ਹੰਢਾਉਣਾ ਔਖਾ,
ਬਿਰਹਾ ਪਾਲ਼ਿਆ ਬੱਚਿਆਂ ਵਾਂਗ।
ਬਿਰਹਾ ਮੇਰਾ ਮਾਂ-ਬਾਪ ਲੱਗੇ,
ਬਿਰਹੇ ਦੇ ਨਾਲ ਪੱਕੀ ਸਾਂਝ।
ਬਿਰਹਾ ਬਿਰਹਾ ਕਰਦਿਆਂ,
ਮੁੱਕ ਜਾਣਗੇ ਮੇਰੇ ਸਾਹ।
ਬਿਰਹਾ ਬੁੱਤ ਅੰਦਰੇ ਬੈਠਾ,
ਬਿਰਹਾ ਖੇਡੀ ਕੈਸੀ ਚਾਲ।
ਬਿਰਹਾ ਦੱਸਿਆ ਰੰਗ ਇਸ਼ਕ ਵਾਲਾ,
ਬਿਰਹਾ ਦਿੱਤਾ ਦਰਦ ਤੂੰ ਨਾਲ।
ਬਿਰਹਾ ਦੇ ਵਿੱਚ ਬਹਿ ਹੱਸਾਂ,
ਤੇ ਰੋਣਾ ਵੀ ਹੋਇਆ ਬਿਰਹਾ ਨਾਲ।
ਬਿਰਹਾ ਹੱਥ ਫੜ੍ਹ ਲਿਖਾਵੇ,
ਤੇ ਲਿਖਿਆ ਕਿੱਸਾ ਬਿਰਹਾ ਨਾਲ।
ਬਿਰਹਾ ਬਣੀ ਕਲਮ ਮੇਰੀ,
ਬਿਰਹਾ ਆਪੇ ਦੱਸੇ ਮੇਰਾ ਹਾਲ।
ਬਿਰਹਾ ਲੱਗਦੈ ਖ਼ੁਦਾ ਵਾਂਗਰਾਂ,
ਬਿਰਹਾ ਪੜ੍ਹਨਾ ਵਿੱਚ ਮਸੀਤ।
ਰੂਹ ਮੇਰੀ ਬਿਰਹਾ ਬਿਰਹਾ ਹੋਈ,
ਬਿਰਹਾ ਦਿਓ ਨਾ ਕੋਈ ਪਲੀਤ।
ਬਿਰਹਾ ਕਬਰਾਂ ਤੱਕ ਆਵੇ,
ਬਿਰਹਾ ਛੱਡੇ ਨਾ ਮੇਰੀ ਜਾਨ।
ਬਿਰਹਾ ਕਿਸੇ ਨਾ ਸਮਝ ਆਇਆ,
ਸਮਝਦੇ ਪਹੁੰਚੇ ਕਈ ਸ਼ਮਸ਼ਾਨ।
ਬਿਰਹਾ ਦੇ ਨਾਲ ਜਨਮ ਹੋਇਆ,
ਸ਼ਬਾਬ ਕੱਟਿਆ ਬਿਰਹਾ ਨਾਲ।
ਬਿਰਹਾ ਦੇ ਨਾਲ ਸ਼ੈਰੀ ਜੀਵੇ,
ਤੇ ਮਰਨਾ ਵੀ ਬਿਰਹਾ ਨਾਲ।

13. ਮੇਰੇ ਗੀਤਾਂ ਦਾ ਸੱਚ

ਮੈਂ ਖ਼ੁਦਾ ਹਾਂ ਆਪਣੇ ਗੀਤਾਂ ਦਾ,
ਮੈਨੂੰ ਚੜ੍ਹਾਵਾ ਚੜ੍ਹਦਾ ਦਰਦਾਂ ਦਾ।
ਮੈਂ ਚੇਲਾ ਹਾਂ ਆਪਣੀ ਮਹਿਬੂਬ ਦਾ,
ਮਿਲਦਾ ਪ੍ਰਸ਼ਾਦ ਮੈਨੂੰ ਸਤਰਾਂ ਦਾ।
ਮੇਰੇ ਆਪਣੇ ਗੀਤਾਂ ਦਾ ਹੱਕਦਾਰ,
ਮੈਂ ਨਹੀਂ ਬਲਕਿ ਉਹ ਆ।
ਚੋਰ ਹਾਂ ਮੈਂ ਪਰ ਲਫ਼ਜ਼ਾਂ ਦਾ,
ਦਰਦ ਲਏ ਹੱਥੀਂ ਮੈਂ ਖੋਹ ਆ।
ਕਲਮ ਚੁੱਕੀ ਮੈਂ ਕਿਸੇ ਦੀ ਲਾਸ਼ ਤੋਂ,
ਜਿਸਦੀ ਸੀ ਉਹ ਆਸ਼ਕ ਟੁਰ ਗਿਆ ਆ।
ਕਲਮ 'ਚੋਂ ਖ਼ੁਸ਼ਬੂ ਆਉਂਦੀ ਸੀ ਹੰਝੂਆਂ ਦੀ,
ਉਹ ਵੀ ਦਰਦ ਕਿਸੇ 'ਚ ਮੁੜ ਗਿਆ ਆ।
ਮੈਨੂੰ ਐਨਾ ਤੂੰ ਤੋੜ ਗਈ ਐਂ,
ਮੈਂ ਅਜੇ ਤੱਕ ਵੀ ਨਹੀਂ ਜੁੜਿਆ ਹਾਂ।
ਅੱਜ ਵੀ ਤੇਰੇ ਇਸ਼ਕੇ ਦੇ ਰਾਹ ਟੁਰਾਂ,
ਮੈਂ ਅਜੇ ਤੱਕ ਵੀ ਨਹੀਂ ਮੁੜਿਆ ਹਾਂ।
ਲੋਕੀਂ ਕਹਿੰਦੇ ਸ਼ੈਰੀ ਕੋਈ ਹੋਰ ਲੱਭ ਲੈ,
ਪਰ ਸਿਰ ਕਰਜ਼ਾ ਏ ਤੇਰੇ ਦਰਦਾਂ ਦਾ।
ਕਰਜ਼ ਲਿਆ ਤੈਥੋਂ ਪਰ ਫ਼ਾਇਦਾ ਮੇਰਾ ਸੀ,
ਨਫ਼ਾ ਮਿਲਦਾ ਮੈਨੂੰ ਸਤਰਾਂ ਦਾ।
ਮੈਂ ਆਸ਼ਕ ਨਹੀਂ ਸੀ ਤੇਰੇ ਚਿਹਰੇ ਦਾ,
ਪਰ ਲਿਖਾਰੀ ਸੀ ਤੇਰੇ ਪੈਰਾਂ ਦਾ।
ਤੂੰ ਸਮੁੰਦਰ ਐਂ ਰੱਬੀ ਇਸ਼ਕੇ ਦੀ,
ਮੈਂ ਲਿਖਾਰੀ ਟੁੱਟਿਆ ਨਿਕਲੀਆਂ ਨਹਿਰਾਂ ਦਾ।
ਮੇਰੇ ਗੀਤਾਂ ਦਾ ਸੱਚ ਲੁਕਾਇਆ ਮੈਂ,
ਵਾਹ-ਵਾਹ ਇਕੱਠੀ ਕਰਦਾ ਰਿਹਾ ਲੋਕਾਂ ਦੀ।
ਸ਼ੈਰੀ ਬੇ-ਕਦਰਾ ਧੋਖੇਬਾਜ਼ ਗ਼ੱਦਾਰ ਨਿਕਲਿਆ,
ਹੱਕਦਾਰ ਆਂ ਸਿਰਫ਼ ਨਫ਼ਰਤ ਲੋਕਾਂ ਦੀ।

14. ਤੇਰਾ ਸ਼ਹਿਰ

ਤੇਰਾ ਸ਼ਹਿਰ ਹੁਣ ਪੀੜਾਂ ਵਾਲਾ ਨੀਂ,
ਇੱਥੋਂ ਮਿਲਦੇ ਗੀਤ ਨੇ ਦਰਦ ਵਾਲੇ।
ਉਹ ਰਾਹੀ ਹੋਣਗੇ ਜੋ ਬੱਚ ਲੰਘ ਜਾਂਦੇ,
ਸੀਨਾ ਚੀਰ ਜਾਂਦੇ ਸਾਹ ਕਰਦ ਵਾਲੇ।

ਇਸ ਦੀ ਹਵਾ ਵਿੱਚ ਨਮੀ ਹੈ ਹੰਝੂਆਂ ਦੀ,
ਧੁੱਪੇ ਛਾਂ ਲਗਦੀ ਐ ਲਾਰਿਆਂ ਦੀ।
ਜੋ ਕੋਈ ਵੀ ਮਿਲਦਾ ਦੁੱਖ ਸੁਣਾਵੇ ਆਪਣੇ,
ਇੱਥੇ ਮਹਿਫ਼ਲ ਲੱਗਦੀ ਐ ਵਿਚਾਰਿਆਂ ਦੀ।

ਇੱਥੇ ਰਿਮ-ਝਿਮ ਹੁੰਦੀ ਏ ਹਰ ਪਲ,
ਕਦੇ ਕਲਮ 'ਚੋਂ ਤੇ ਕਦੀ ਲਿਖਾਰੀ 'ਚੋਂ।
ਖ਼ੁਦਾ ਦੀ ਰੂਹ ਵੀ ਤੜਫ਼ ਉੱਠਦੀ,
ਜਦ ਜਾਨ ਵੀ ਕੱਢ ਲੈਂਦੇ ਨੇ ਭਿਖਾਰੀ 'ਚੋਂ।

ਤੇਰੇ ਸ਼ਹਿਰ ਰਹਿੰਦੇ ਕਾਲੇ ਦਿਲ ਵਾਲੇ,
ਦਿਲ ਤੋੜਦੇ ਨੇ ਜੋ ਕੱਚ ਵਾਂਗਰਾਂ।
ਐਸੇ ਅੱਖਾਂ ਦੇ ਜਲਵੇ ਪਾਗਲ ਬਣਾ ਲੈਂਦੇ,
ਝੂਠ ਵੀ ਲੱਗਦੇ ਨੇ ਜੋ ਸੱਚ ਵਾਂਗਰਾਂ।

ਤੇਰਾ ਸ਼ਹਿਰ ਤਾਂ ਬਹੁਤ ਹੀ ਸੋਹਣਾ ਏ,
ਦਿਲਾਂ ਦੇ ਟੁਕੜਿਆਂ ਨਾਲ ਬਣਾਇਆ ਹੋਣਾ।
ਝੂਠੇ ਮਹਿਲ ਇੱਥੇ ਬੜੇ ਖ਼ਾਅਬਾਂ ਦੇ,
ਕਿੰਨੇ ਆਸ਼ਕਾਂ ਨੂੰ ਤੂੰ ਦਿਖਾਇਆ ਹੋਣਾ।

ਇੱਥੇ ਜਾਲ ਨੇ ਲੰਮੇ ਤੇਰੀਆਂ ਅੱਖਾਂ ਦੇ,
ਹਰ ਪਲ ਕੋਈ ਨਾ ਕੋਈ ਤੂੰ ਫ਼ਸਾਇਆ ਹੋਣਾ।
ਦਰਦ ਲੈ ਬਹਿੰਦਾ ਉਹ ਆਪਣੇ ਯਾਰ ਵਾਂਗਰਾਂ,
ਲੱਗਦਾ ਸ਼ੈਰੀ ਨੂੰ ਵੀ ਸ਼ਾਇਰ ਤੂੰ ਬਣਾਇਆ ਹੋਣਾ।

15. ਦੇ ਜਾ ਮੈਨੂੰ ਇੱਕ ਗੀਤ ਅਧੂਰਾ

ਦੇ ਜਾ ਮੈਨੂੰ ਇੱਕ ਗੀਤ ਅਧੂਰਾ, ਮੈਂ ਪੂਰਾ ਕਰ ਲਉਂ ਆਪੇ।
ਜੀਅ ਲਈ ਤੂੰ ਜ਼ਿੰਦਗੀ ਆਪਣੀ, ਮੈਂ ਘੁੱਟ ਘੁੱਟ ਮਰ ਲਉਂ ਆਪੇ।
ਮੇਰਾ ਦਰਦ ਮੁੱਕਣ ਵਾਲਾ, ਮੈਨੂੰ ਦੇ ਜਾਉ ਕੋਈ ਧੋਖਾ।
ਆਪਣੇ ਲਹੂ 'ਚ ਡੁੱਬੋ ਕੇ ਕਲਮ, ਗੀਤ ਲਿਖਾਂ ਕੋਈ ਅਨੋਖਾ।
ਖ਼ੁਦਾ ਨੂੰ ਮਿਲਣਾ ਸੌਖਾ, ਤੇ ਯਾਰ ਮਨਾਉਣਾ ਬਹੁਤ ਔਖਾ।
ਇਸ਼ਕ ਲਈ ਕੁਝ ਲਿਖਣ ਦਾ, ਦੇ ਜਾ ਸ਼ੈਰੀ ਨੂੰ ਇੱਕ ਮੌਕਾ।
ਮੌਤ ਨੂੰ ਮੈਂ ਮਾਰਾਂ ਹਾਕਾਂ, ਤੂੰ ਰੁੱਸੀ ਹੈਂ ਕਿਉਂ।
ਕਹਿੰਦੀ ਜ਼ਿੰਦਗੀ ਜੀਅ 'ਲਾ ਤੂੰ, ਨਾਲੇ ਘੁੱਟ ਘੁੱਟ ਕੇ ਰੋ।
ਮੈਂ ਲਿਖੀ ਆਪਣੇ ਦਿਲ ਦੀ ਕਹਾਣੀ, ਆਪਣੇ ਹੀ ਖ਼ੂਨ ਨਾਲ।
ਮੈਂ ਧੋਤੇ ਜਖ਼ਮ ਦਿੱਤੇ ਤੇਰੇ, ਤੱਪਦੇ ਹੋਏ ਲੂਣ ਨਾਲ।
ਦਿਲ ਦੀਆਂ ਗੱਲਾਂ ਦਿਲ ਹੀ ਜਾਣੇ, ਬੇਵਫ਼ਾ ਨੂੰ ਕੀ ਸਮਝੇਂਗੀ।
ਜੇ ਮਰ ਵੀ ਗਿਆ ਮੈਂ ਤੇਰੀ ਖ਼ਾਤਿਰ, ਤੂੰ ਖਿੜ੍ਹ ਖਿੜ੍ਹ ਹੱਸੇਂਗੀ।

16. ਕਬਰਾਂ ਵਾਲੇ ਦੇਸ਼

ਗੀਤ ਵੀ ਮੁੱਕ 'ਗੇ ਲਫ਼ਜ਼ ਵੀ ਮੁੱਕ 'ਗੇ, ਨਾਲ ਮੁੱਕ 'ਗੇ ਆਖ਼ਰੀ ਸਾਹ ਕੁੜੇ।
ਬਿਰਹਾ ਵੀ ਮੁੱਕਿਆ ਦਰਦ ਵੀ ਮੁੱਕੇ, ਨਾਲ ਮੁੱਕ 'ਗੇ ਆਖ਼ਰੀ ਰਾਹ ਕੁੜੇ।
ਜ਼ਿੰਦਗੀ ਮੁੱਕੀ 'ਤੇ ਮੌਤ ਮਿਲੀ, ਕਹਿੰਦੀ ਚੱਲ ਮੇਰੇ ਨਾਲ ਤੂੰ।
ਬੁੱਤ ਮਿਲਾ ਦੇ ਵਿੱਚ ਮਿੱਟੀਆਂ, ਲੈ ਚੱਲ ਇਕੱਲੀ ਨਾਲ ਰੂਹ।
ਕਬਰਾਂ ਵਾਲੇ ਦੇਸ਼ ਲੈ ਚੱਲਾਂ, ਤੈਨੂੰ ਮਿਲਾਵਾਂ ਟੁੱਟੇ ਆਸ਼ਕਾਂ ਨਾਲ।
ਸੁਣਾਈਂ ਤੇ ਸੁਣੀਂ ਕਿੱਸੇ ਇਸ਼ਕੇ ਦੇ, ਬੈਠ ਪਾਈਂ ਬਾਤਾਂ ਆਸ਼ਕਾਂ ਨਾਲ।
ਘਰ ਕਬਰਾਂ ਦੇ ਗੁਜ਼ਾਰਾ ਲੱਕੜਾਂ 'ਤੇ, ਯਾਦ ਮਿਲੂ ਮਹਿਬੂਬ ਦੀ ਤੈਨੂੰ।
ਇੱਥੇ ਇਸ਼ਕੇ ਤੇ ਨਾ ਹੱਸਦਾ ਕੋਈ, ਸ਼ੈਰੀ ਇੱਜ਼ਤ ਪੂਰੀ ਮਿਲੂਗੀ ਤੈਨੂੰ।
ਇੱਥੇ ਰੱਬ ਨਾ ਕੋਈ ਝੂਠ ਵੱਸਦਾ, ਨਾ ਹੀ ਝੂਠੇ ਲਾਰੇ ਮਿਲਦੇ ਨੇ।
ਇੱਥੇ ਯਾਰ ਮਹਿਬੂਬ ਦੀ ਦੀਦ ਹੋਣੀ, ਇੱਥੇ ਹਿਜ਼ਰਾਂ ਵਾਲੇ ਫੁੱਲ ਖਿੜਦੇ ਨੇ।
ਇੱਥੇ ਪੀੜਾਂ ਮਿਲਦੀਆਂ ਨੇ ਖਾਣ ਨੂੰ, 'ਤੇ ਹੰਝੂ ਪੀਣ ਨੂੰ ਮਿਲਦੇ ਨੇ।
ਇੱਥੇ ਦਿਨ ਨਾ ਚੜ੍ਹਦੇ ਪਿਆਰਾਂ ਵਾਲੇ, ਲੱਗੇ ਫੱਟ ਨਾ ਇੱਥੇ ਸਿਲਦੇ ਨੇ।

17. ਆਸ਼ਕਾਂ ਵਾਲਾ ਦੇਸ਼

ਮੈਂ ਚਲਿਆ ਆਸ਼ਕਾਂ ਵਾਲੇ ਦੇਸ਼, ਜਿੱਥੇ ਘਰ ਨੇ ਕਬਰਾਂ ਦੇ।
ਦਿਨ 'ਚ ਵੀ ਚੰਦ ਚੜ੍ਹਦਾ ਉੱਥੇ, ਟੁੱਟੇ ਤਾਰੇ ਨੇ ਅੰਬਰਾਂ ਦੇ।

ਮਰ ਗਏ ਨੇ ਗੀਤ ਮੇਰੇ, ਆ ਕੇ ਕੁਝ ਸਾਹ ਦੇ ਜਾ।
ਸੱਚੇ ਆਸ਼ਕਾਂ ਦੇ ਦੇਸ਼ ਵਾਲਾ, ਟੁੱਟਿਆ ਮੈਨੂੰ ਰਾਹ ਦੇ ਜਾ।

ਮੁਲਾਕਾਤ ਹੋਈ ਜਦ ਰੱਬ ਨਾਲ, ਸੱਚੇ ਇਸ਼ਕ ਦਾ ਸੱਚ ਪਤਾ ਲੱਗਾ।
ਕੋਈ ਹੋਰ ਹੀ ਮਤਲਬ ਕੱਢ ਬੈਠਾ ਸੀ, ਆਸ਼ਕਾਂ ਵਾਲੇ ਦੇਸ਼ ਆ ਪਤਾ ਲੱਗਾ।

ਇੱਥੇ ਪੀੜਾਂ ਚਾਰੇ ਪਾਸੇ ਮਿਲਣ, ਨੀਰ ਵੱਗਦੇ ਇੱਥੇ ਹੰਝੂਆਂ ਦੇ।
ਹਿਜਰਾਂ ਦੇ ਸਿਰਹਾਣੇ ਸੌਂ ਜਾਂਦੇ, ਬਿਸਤਰ ਲਗਦੇ ਇੱਥੇ ਖੰਜਰਾਂ ਦੇ।

ਇੱਥੇ ਮੰਦਰ ਨੇ ਮਹਿਬੂਬ ਦੇ, ਚੜ੍ਹਾਵਾ ਚੜ੍ਹਦਾ ਇੱਥੇ ਅੱਥਰੂਆਂ ਦਾ।
ਲੰਗਰ ਲੱਗਦੇ ਇੱਥੇ ਯਾਦਾਂ ਦੇ, ਪੀਣ ਨੂੰ ਜਾਮ ਮਿਲਦਾ ਇੱਥੇ ਅੱਥਰੂਆਂ ਦਾ।

ਇੱਥੇ ਸੋਚ ਦੇ ਵਿੱਚ ਨਾ ਖ਼ੁਦਗਰਜ਼ੀ, ਸ਼ੈਰੀ ਮਿਲਦਾ ਰੱਬ ਇੱਥੇ ਪੱਥਰਾਂ 'ਚ।
ਹਾਲ ਆਸ਼ਕਾਂ ਦਾ ਨਾ ਬਿਆਨ ਹੋਵੇ, ਆਸ਼ਕਾਂ ਦੇ ਦੇਸ਼ ਦਾ ਕਿੰਝ ਕਰਾਂ ਸਤਰਾਂ 'ਚ।

18. ਆਸ਼ਕਾਂ ਦੇ ਬੁੱਤ

ਮੇਰੇ ਚੰਮ ਦਾ ਤੂੰ ਕਾਗਜ਼ ਬਣਾ,
ਤੇ ਮੇਰੀਆਂ ਹੱਡੀਆਂ ਦਾ ਚੂਰਾ ਸਿਆਹੀ 'ਚ ਪਾ।
ਮੇਰਾ ਦਿਲ ਸੁੱਕਾ ਕੇ ਪੀਸ ਲਵੀਂ,
ਆਸ਼ਕਾਂ ਨੂੰ ਬਚਾਉਣ ਵਾਲੀ ਦਵਾਈ 'ਚ ਪਾ।

ਕੱਢੋ ਮੇਰੇ ਦਿਲ 'ਚੋਂ ਹੈ ਖੂਨ ਜਿੰਨਾ,
ਵੰਡੋ ਬੂੰਦ-ਬੂੰਦ ਹਰ ਆਸ਼ਕ ਨੂੰ।
ਸ਼ਮਸ਼ਾਨ 'ਚ ਭਟਕਦਾ ਕੋਈ ਆਸ਼ਕ ਹੋਣਾ,
ਦੇ ਸਾਹ ਮੇਰੇ ਬਚਾ ਲਿਓ ਆਸ਼ਕ ਨੂੰ।

ਇਸ਼ਕੇ ਦਾ ਰੋਗ ਜਿਹਨਾਂ ਲੱਗਿਆ,
ਦੱਸਿਓ ਇੱਕ ਤਾਰਾ ਟੁੱਟੇ ਤੇ ਕੁਰਲਾਇਆ ਕਿਵੇਂ।
ਮਹਿਬੂਬ ਦੇ ਨਾਵੇਂ ਸਾਹ ਕਰਕੇ,
ਠੰਡੇ ਹੁੰਦੇ ਨਾ ਫੇਰ ਹੁਣ ਦਿਖੇ ਸਿਵੇ।

ਬੋਟੀ-ਬੋਟੀ ਕੱਟ ਮੇਰੀ ਪਾ ਦਈਂ ਕੁੱਤਿਆਂ ਨੂੰ,
ਸੁਣਾ ਕੇ ਕਲਾਮ ਮੇਰੇ ਉੱਠਾ ਦਈਂ ਸੁੱਤਿਆਂ ਨੂੰ।
ਜਿਹੜੇ ਕਹਿੰਦੇ ਜਿਸਮਾਂ ਦਾ ਪਿਆਰ ਇਸ਼ਕ,
ਦੱਸ ਦਈਂ ਹਾਲ ਇਸ਼ਕ ਵਾਲਾ ਇਹਨਾਂ ਝੂਠਿਆਂ ਨੂੰ।

ਕਫ਼ਨ ਦਿਉ ਮੇਰੇ 'ਤੇ ਮਹਿਬੂਬ ਦੀ ਚੁੰਨੀ ਦਾ,
ਸੇਕਾ ਸੇਕ ਲਿਓ ਸਾਰੇ ਮੇਰੀ ਲਾਸ਼ ਦੀ ਧੂਣੀ ਦਾ।
ਮੈਂ ਆਪਣੇ ਇਸ ਹਾਲ ਦਾ ਦੋਸ਼ੀ ਖ਼ੁਦ ਆਂ,
ਚਿਹਰਾ ਢੱਕ ਦਿਉ ਇਸ਼ਕ ਦੇ ਇਸ ਖ਼ੂਨੀ ਦਾ।

ਆਸ਼ਕਾਂ ਦੇ ਬੁੱਤ ਜੇ ਜਲਦੇ ਨਾ ਲੱਕੜਾਂ 'ਤੇ,
ਇਕੱਠੀਆਂ ਕਰਕੇ ਸੁੱਟ ਦਿਉ ਸੜਕਾਂ 'ਤੇ।
ਆਉਂਦਾ ਜਾਂਦਾ ਰਾਹੀ ਦੇਖ-ਦੇਖ ਹੱਸੇ,
ਸੂਲੀ ਕਿਵੇਂ ਚੜ੍ਹੇ ਇਸ਼ਕੇ ਦੇ ਫ਼ਰਜ਼ਾਂ 'ਤੇ।

ਆਸ਼ਕਾਂ ਨੂੰ ਦਿਨ ਵੀ ਰਾਤਾਂ ਵਾਂਗ ਜਾਪਣ,
ਜ਼ਿੰਦਗੀ ਲੰਘਦੀ ਇਸ਼ਕੇ ਦੇ ਕਬਰਾਂ 'ਚ।
ਬਿਰਹਾ ਹੰਢਾਉਣਾ ਕੰਮ ਨਾ ਬੱਚਿਆਂ ਦਾ,
ਰੱਬ ਨਾ ਮਿਲਦਾ ਸ਼ੈਰੀ ਓਏ ਸਬਰਾਂ 'ਚ।

19. ਵੇ ਪਿਆਰ ਵੀ ਮੇਰਾ ਏ

ਵੇ ਪਿਆਰ ਵੀ ਮੇਰਾ ਏ, ਤੇ ਦਿਲ ਵੀ ਮੇਰਾ ਏ।
ਭਾਵੇਂ ਤੂੰ ਬੇਵਫ਼ਾ, ਪਰ ਤੂੰ ਵੀ ਮੇਰਾ ਏਂ।
ਮੇਰੇ ਸਾਹ ਵੀ ਤੇਰੇ ਨੇ, ਮੇਰੇ ਚਾਅ ਵੀ ਤੇਰੇ ਨੇ।
ਮੈਂ ਤੁਰਦੀ ਤੇਰੇ ਵੱਲ, ਮੇਰੇ ਰਾਹ ਵੀ ਤੇਰੇ ਨੇ।
ਤੂੰ ਦਿਲੋਂ ਕੱਢ ਗਿਆਂ ਏ, ਪਰ ਮੈਂ ਨਹੀਂ ਕੱਢਿਆ।
ਤੂੰ ਛੱਡ ਗਿਆ ਰੋਂਦੀ ਨੂੰ, ਪਰ ਮੈਂ ਨਹੀਂ ਛੱਡਿਆ।
ਸ਼ੈਰੀ ਤੂੰ ਬੇ-ਕਦਰਾ, ਮੇਰੀ ਕਦਰ ਨਾ ਪਾਈ ਵੇ।
ਦੇਖੇ ਬਿਨ੍ਹ ਲੰਘ ਜਾਨੈਂ, ਜਿਵੇਂ ਲੰਘਦਾ ਰਾਹੀ ਵੇ।
ਤੈਨੂੰ ਮਿਲ ਗਿਆ ਹੋਰ ਹੋਣਾਂ, ਮੇਰੀ ਰੂਹ ਤੜਫਾਈ ਵੇ।
ਜਿਸਮ ਹੰਢਾ ਕੇ ਛੱਡ ਗਿਐਂ, ਬਿਨ੍ਹਾਂ ਗੱਲ ਦੀ ਲੜਾਈ ਵੇ।
ਤੇਰਾ ਧੋਖਾ ਵੀ ਮੇਰਾ ਏ, ਇਸ਼ਕ ਅਨੋਖਾ ਵੀ ਮੇਰਾ ਏ।
ਮੁੜ ਆ ਜਾ ਤੂੰ ਸੱਜਣਾ, ਮੌਕਾ ਹੀ ਤੇਰਾ ਏ।
ਤੇਰੀ ਗ਼ਲਤੀ ਮੇਰੀ ਏ, ਬੇਵਫ਼ਾਈ ਵੀ ਮੇਰੀ ਏ।
ਮੇਰਾ ਤਾਂ ਇੱਕ ਤੂੰ ਹੀ, ਸਾਰੀ ਖ਼ੁਦਾਈ ਤੇਰੀ ਵੇ।

20. ਮਹਿਬੂਬਾ ਦੀ ਕਲਮ

ਕਹਿੰਦਾ ਸੀ ਮੈਨੂੰ ਇਸ਼ਕ ਮੈਂ ਕਰਦਾ, ਕਿਤੇ ਤਾਂ ਜਿਸਮ ਮੇਰੇ ਦੀ ਭੁੱਖ ਸੀ।
ਸੱਤ ਜਨਮ ਦੀ ਸੀ ਗੱਲ ਉਹ ਕਰਦਾ, ਪਰ ਉਹਨੂੰ ਸੱਤ ਸਾਲਾਂ ਦਾ ਵੀ ਦੁੱਖ ਸੀ।
ਕਦੇ ਤਾਂ ਹਰ ਪਲ ਮੇਰੇ ਬਾਰੇ ਸੀ ਸੋਚਦਾ, ਅੱਜ ਮੇਰਾ ਨਾਮ ਲੈਣ ਤੋਂ ਵੀ ਡਰਦਾ ਕਿਉਂ?
ਕਦੇ ਮੈਨੂੰ ਇੱਕ ਪਲ ਦੇਖਣ ਲਈ ਵੀ ਮਰਦਾ ਸੀ, ਅੱਜ ਉਹ ਮੈਨੂੰ ਦੇਖਣ ਤੋਂ ਵੀ ਡਰਦਾ ਕਿਉਂ?
ਉਦੋਂ ਤਾਂ ਸਾਡੀ ਗਲੀ ਲੰਘਣਾ ਆਮ ਸੀ ਤੇਰਾ, ਹੁਣ ਸ਼ਹਿਰ ਵੀ ਮੇਰੇ ਵੜਦਾ ਨਾ।
ਮੈਂ ਵੇਖਾਂ ਲੁੱਕ ਜਦ ਉਹਦੇ ਚਿਹਰੇ ਵੱਲ, ਹੁਣ ਤਾਂ ਕੋਲ ਵੀ ਮੇਰੇ ਖੜ੍ਹਦਾ ਨਾ।
ਮੇਰਾ ਹਰ ਇੱਕ ਲਾਰਾ ਤੈਨੂੰ ਸੱਚ ਸੀ ਲੱਗਦਾ, ਅੱਜ ਕਿਸੇ ਹੋਰ ਦਾ ਸੱਚਾ ਪਿਆਰ ਝੂਠ ਲੱਗਾ ਕਿਉਂ?
ਕੁਝ 'ਕ ਗੀਤ ਲਿਖੇ ਸੀ ਤੂੰ ਮੇਰੇ ਲਈ, ਅੱਜ ਆਪਣੇ ਜਜ਼ਬਾਤਾਂ ਨਾਲ ਹੀ ਦੱਸ ਦਗ਼ਾ ਕਿਉਂ?
ਦੁਨੀਆਂ ਨਾਲ ਸੀ ਲੜਦਾ ਮੇਰੇ ਲਈ, ਅੱਜ ਦੁਨੀਆਂ 'ਚ ਹੀ ਤੂੰ ਭੰਡੀਂ ਜਾਵੇਂ।
ਬੇਵਫ਼ਾ ਸੀ ਆਖ ਕੇ ਲੰਘ ਜਾਨੈ, ਤੇ ਖ਼ਫ਼ਾ ਤੂੰ ਕਿਸ ਤੋਂ ਮੰਗੀ ਜਾਵੇਂ।
ਕੁੱਝ ਪੁੱਛ ਰਹੀ ਕਲਮ ਮੇਰੀ ਸ਼ੈਰੀ, ਦੱਸ ਜਵਾਬ ਮੈਨੂੰ ਕਿਵੇਂ ਦਏਂਗਾ ਤੂੰ।
ਕਹਿੰਦਾ ਸੀ ਰੂਹ ਤੈਨੂੰ ਨਾ ਭੁੱਲ ਸਕਦੀ, ਦੱਸ ਕਿੱਥੇ ਮਰ 'ਗੀ ਸ਼ੈਰੀ ਅੱਜ ਤੇਰੀ ਰੂਹ।

21. ਮੇਰੀ ਰੂਹ ਦਾ ਵਿਆਹ

ਮੈਂ ਕੀ ਲਿਖਿਆ ਮੈਂ ਕਿੰਨਾ 'ਕ ਲਿਖਿਆ,
ਸਭ ਤੇਰੇ ਨਾਮ ਕਰਕੇ ਤੁਰ ਚੱਲਿਆਂ।
ਮੈਂ ਕਿੰਨਾ ਪਿਆਰ ਕੀਤਾ ਤੇ ਕਿੰਨੀ ਨਫ਼ਰਤ ਮਿਲੀ,
ਸਭ ਇਕੱਠਾ ਕਰ ਲੈ ਮੁੜ ਚੱਲਿਆਂ।
ਮੈਨੂੰ ਯਾਦ ਨਾ ਰੱਖਿਓ ਭੁੱਲ ਜਾਇਓ,
ਮੇਰੇ ਅਧੂਰੇ ਗੀਤ ਪੂਰੇ ਕਰ ਦਿਓ।
ਮਹਿਬੂਬ ਮਿਲੀ ਜੇ ਕਦੇ ਮੇਰੀ ਕਿਸੇ ਨੂੰ,
ਮੇਰਾ ਆਖ਼ਰੀ ਖ਼ਤ ਉਹਨੂੰ ਪੜ੍ਹ ਦਿਓ।
ਉਹਦੇ ਅੱਖੀਂ ਜੇ ਮੇਰੇ ਲਈ ਹੰਝੂ ਹੋਏ,
ਪਾ ਸ਼ੀਸ਼ੀ ਰੱਖ ਦੇਓ ਮੇਰੀ ਕਬਰ 'ਤੇ।
ਜੇ ਚਾਹਵੇ ਮਿਲਣਾ ਉਹ ਕਦੇ ਮੈਨੂੰ,
ਲੈ ਕੇ ਆ ਜਾਇਓ ਟੁੱਟੀ ਨੂੰ ਮੇਰੀ ਕਬਰ 'ਤੇ।
ਉਹਦੀ ਅੱਖੀਆਂ ਦੀ ਨਮੀ ਬੁਲਾਵੇ ਜੇ,
ਰੂਹ ਖ਼ੁਦਾ ਦੀ ਨੂੰ ਵੀ ਰੋਣਾ ਆ ਜਾਵੇਗਾ।
ਜੇ ਚਾਹਿਆ ਓਹਨੇ ਕਦੇ ਦਿਲ ਤੋਂ ਮੈਨੂੰ,
ਸ਼ੈਰੀ ਉੱਠ ਕਬਰਾਂ ਵਿੱਚੋਂ ਵੀਂ ਆ ਜਾਵੇਗਾ।
ਆਪਣੀ ਕਬਰ ਨੂੰ ਮੈਂ ਦੇ ਕੇ ਧੋਖਾ,
ਤੇਰੇ ਨਾਲ ਤੁਰ ਪਓ ਮੇਰੀ ਰੂਹ।
ਤੈਨੂੰ ਲਾਓਂ ਸੀਨੇ ਨਾਲ ਮੈਂ ਸੱਜਣਾ,
ਫੇਰ ਖੜ੍ਹੀ ਸ਼ਰਮਾਈ ਜਾਈਂ ਤੂੰ।
ਲੈ ਲਵੀਂ ਫੇਰੇ ਮੇਰੀ ਰੂਹ ਨਾਲ ਵੇ,
ਮੇਰੀ ਗੋਰ 'ਤੇ ਪੈਂਦੇ ਸ਼ਗਨ ਦੇਖੀਂ।
ਮੇਰੀ ਲਾਸ਼ ਜੋ ਮਿੱਟੀ ਦਾ ਬੁੱਤ,
ਮਿੱਟੀ ਚੋਂ ਆਉਂਦੀ ਮੇਰੀ ਖ਼ੁਸ਼ਬੂ ਦੇਖੀਂ।
ਚੰਦ ਤਾਰਿਆਂ ਮਿਲਕੇ ਸਾਰਿਆਂ,
ਜਸ਼ਨ ਅੰਬਰੀਂ ਦੇਖੀਂ ਮਨਾਉਣਾ ਹੋਊ।
ਕੁਦਰਤ ਸਾਰੀ ਇਕੱਠੀ ਹੋ ਕੇ ਨੀਂ,
ਫੁੱਲਾਂ ਦਾ ਹਾਰ ਬਣ ਪਾਉਣਾ ਹੋਊ।
ਸ਼ੈਰੀ ਦੀ ਕਲਮ ਨੇ ਹੱਸ ਕੇ,
ਗੀਤ ਲਿਖਣਾ ਕੋਈ ਪਿਆਰ ਵਾਲਾ।
ਕੋਇਲ ਤੋਂ ਲੈ ਕੇ ਆਵਾਜ਼ ਉਧਾਰੀ,
ਗੀਤ ਗਾਉਣਾ ਹੋਊ ਇਤਬਾਰ ਵਾਲਾ।
ਬਿਰਹੇ ਦਾ ਦਰਦ ਮੈਂ ਛੱਡ ਕੇ,
ਤੇਰੇ ਨਾਲ ਜਨਮਾਂ ਦੀ ਸਾਂਝ ਪਾ ਲੈਣੀ।
ਬਾਕੀ ਕਬਰਾਂ 'ਚ ਰੂਹਾਂ ਨੇ ਸੜ੍ਹਨਾ,
ਇੱਕ ਲਾਜ ਤੂੰ ਮੇਰੀ ਰੱਖ ਲੈਣੀ।

22. ਮੇਰੀ ਮੌਤ 'ਤੇ ਖ਼ੁਦਾ ਹੱਸੇ

ਮੇਰੀ ਅਰਥੀ ਉੱਠੀ ਚਲੋ ਇਸ਼ਕ ਵਾਲਿਓ, ਕੰਧਾ ਦੇ ਦੇਊ ਮੈਨੂੰ ਕਬਰਾਂ ਤੱਕ।
ਉਹਦੀ ਡੋਲੀ ਵੀ ਉੱਠੇਗੀ ਨਾਲ ਮੇਰੇ, ਕੰਧਾ ਦੇ ਦੇਊ ਉਸਨੂੰ ਗੈਰਾਂ ਤੱਕ।

ਨੀ ਤੂੰ ਗ਼ੈਰਾਂ ਦੇ ਨਾਲ ਖਿੜੇ ਕੁੜੇ, ਤੇਰੇ ਆਪਣੇ ਪੱਤੇ ਮੁਰਝਾ ਗਏ।
ਰਾਤਾਂ ਲਾਰਿਆਂ ਵਾਲੀਆਂ ਮੁੱਕ ਚੱਲੀਆਂ, ਦਿਨ ਹਿਜਰਾਂ ਵਾਲੇ ਆ ਗਏ।

ਕਿੰਨੀ ਖੁਸ਼ਨਸੀਬ ਹੈ ਤੂੰ, ਜਿਹਨੂੰ ਮੇਰੇ ਜਿਹਾ ਪਾਗਲ ਆਸ਼ਕ ਮਿਲਿਆ।
ਕਿੰਨਾ ਬਦਕਿਸਮਤ ਆ ਮੈਂ, ਜਿਹਨੂੰ ਬੇਕਦਰਾ ਪਿਆਰ ਕਰਨ ਲਈ ਮਿਲਿਆ।

ਵੇ ਤਕਦੀਰ ਨੂੰ ਕੀ ਦੋਸ਼ ਦੇਵੇਂ, ਜੇ ਸ਼ੈਰੀ ਖੋਟੀਆਂ ਨਿਕਲੀਆਂ ਨੇ ਯਾਰੀਆਂ।
ਉਹ ਬੁੱਲ੍ਹੇ ਸ਼ਾਹ ਇਸ਼ਕ ਹੁੰਦਾ, ਜੇ ਜਾਨ ਤੋਂ ਵੱਧ ਪਿਆਰੀਆਂ ਹੋਣ ਯਾਰੀਆਂ।

ਇਤਬਾਰ ਮੇਰਾ ਤੋੜ ਬੈਠੀ ਏ, ਤੇ ਇਜ਼ਹਾਰ ਵੀ ਮੋੜ ਬੈਠੀ ਏ।
ਜੇ ਦਿਲ ਕੀਤਾ ਕਦੇ ਮਿਲਣੇ ਨੂੰ, ਮੇਰੀ ਰੂਹ ਕਬਰਾਂ 'ਚ ਬੈਠੀ ਏ।

ਮੇਰੀ ਮੌਤ ਤੇ ਖ਼ੁਦਾ ਹੱਸੇ, ਨਾ ਹੀ ਯਾਰ ਨੂੰ ਫ਼ਰਕ ਪੈ ਚੱਲਿਆ।
ਮੇਰੀ ਕਬਰ ਮੈਨੂੰ ਮਾਂ ਲੱਗੇ, ਪਰ ਲੱਕੜਾਂ ਨੂੰ ਫ਼ਰਕ ਪੈ ਚੱਲਿਆ।

23. ਮੇਰੇ ਦਿਲ ਦੀ ਰੂਹ

ਇੱਕ ਇਸ਼ਕੇ ਵਾਲੀ ਗੱਲ ਪੁੱਛਾਂ ਤੈਥੋਂ,
ਜਾ ਕੇ ਪੁੱਛੀਂ ਆਪਣੇ ਦਿਲ ਤੋਂ ਤੂੰ।
ਜੇ ਕਦੇ ਉਹਨੇ ਵੀ ਇਸ਼ਕ ਕੀਤਾ ਹੋਣਾ,
ਤੈਨੂੰ ਦੱਸੂ ਕਿੰਝ ਤੜ੍ਹਪੇ ਮੇਰੀ ਰੂਹ।
ਛੱਡ ਦਿਲਾ ਉਸਨੂੰ ਜਾ ਮੁਆਫ਼ ਕਰ ਦੇ,
ਮੈਨੂੰ ਪਤਾ ਤੂੰ ਅਜੇ ਵੀ ਪਿਆਰ ਕਰਦਾ ਏ।
ਫਿਰ ਕੀ ਹੋਇਆ ਜੇ ਉਹ ਬੇਵਫਾ ਨਿਕਲੀ,
ਕਿਉਂ ਚੰਦ ਨੂੰ ਵੇਖ ਵੇਖ ਕੇ ਸੜ੍ਹਦਾ ਏ।
ਤੂੰ ਦੂਰ ਹੋਈ ਤੇ ਲੱਗੇ ਰੱਬ ਰੁੱਸਿਆ,
ਪਰ ਕਲਮ ਏ ਖ਼ੁਦਾ ਨੇ ਸਾਂਭ ਲਿਆ।
ਮੈਂ ਟੁੱਟ ਬੈਠਾ ਤੇ ਮਰ ਜਾਣਾ ਸੀ,
ਪਰ ਜਾਮ-ਏ-ਇਸ਼ਕ ਨੇ ਸਾਂਭ ਲਿਆ।

ਤੇਰੇ ਜਿਸਮ ਦੀ ਚਾਹਤ ਨਹੀਂ ਸੀ ਮੈਨੂੰ,
ਮੌਤ ਤੋਂ ਬਾਅਦ ਤੇਰੀ ਰੂਹ ਮਿਲ ਜਾਵੇ।
ਖ਼ੁਦਾ-ਏ-ਇਸ਼ਕ ਇਕੋ ਮੰਗ ਮੇਰੀ,
ਉਹਨੂੰ ਮਰਨ ਤੋਂ ਪਹਿਲਾਂ ਦੋ ਪਲ ਮੇਰੀ ਯਾਦ ਆਵੇ।

ਜਿੰਨਾਂ ਮੈਂ ਉਹਨੂੰ ਬਦਨਾਮ ਕੀਤਾ,
ਸ਼ਾਇਦ ਉਹ ਇੰਨੀ ਵੀ ਬੁਰੀ ਨਹੀਂ ਸੀ।
ਐਵੇਂ ਰੋਂਦਾ ਰਿਹਾ ਤੈਨੂੰ ਪਾਉਣ ਲਈ,
ਸ਼ਾਇਦ ਵਿਚ ਇੰਨੀ ਵੀ ਦੂਰੀ ਨਹੀਂ ਸੀ।
ਇਸ਼ਕ ਲੱਭ ਰਿਹਾ ਹਾਂ ਰੱਬ ਵਰਗਾ,
ਪਰ ਹਰ ਪਾਸੇ ਸ਼ੈਤਾਨ ਮਿਲ ਰਹੇ।
ਤੇਰੇ ਨਾਮ 'ਤੇ ਲਾਏ ਬੀਜ ਜਿਹੜੇ,
ਉਹਨਾਂ ਗ਼ੈਰਾਂ ਦੇ ਫੁੱਲ ਖਿੜ ਰਹੇ।
ਮੇਰੇ ਦਿਲ ਦੀ ਰੂਹ ਕਹਿੰਦੀ ਮੈਨੂੰ,
ਸ਼ੈਰੀ ਜਾ ਮਿਲਾ ਦੇ ਮੈਨੂੰ ਯਾਰ ਨਾਲ।
ਮਹਿਬੂਬ ਮੇਰੀ ਉਹ ਰੱਬ ਵਰਗੀ,
ਜਾ ਦੀਦਾਰ ਕਰਾ ਦੇ ਮੇਰਾ ਪਿਆਰ ਨਾਲ।

24. ਜ਼ਖ਼ਮ ਦਿੱਤਾ ਤੂੰ ਰੱਬ ਵਰਗਾ

ਕੀ ਪੜ੍ਹਾਂ ਮੇਰੀ ਔਕਾਤ ਨਹੀਂ ਹੈ, ਕੀ ਲਿਖਾਂ ਮੇਰੀ ਔਕਾਤ ਨਹੀਂ ਹੈ।
ਕੀ ਮਹਿਬੂਬ ਤੈਨੂੰ ਇਸ਼ਕ ਕਰਾਂ, ਮੇਰੀ ਤਾਂ ਨਫ਼ਰਤ ਦੀ ਵੀ ਔਕਾਤ ਨਹੀਂ ਹੈ।
ਆਖਰੀ ਹੈ ਗੀਤ ਮੇਰਾ, ਤੇ ਆਖਰੀ ਇਹ ਸਾਹ ਮੇਰਾ।
ਤੇਰੇ ਵੱਲ ਨੂੰ ਜਾ ਰਹੀ ਮੇਰੀ ਰੂਹ, ਸੱਜਣਾ ਇਹ ਆਖਰੀ ਹੈ ਰਾਹ ਮੇਰਾ।
ਕਿਵੇਂ ਆਖਾਂ ਕਿੰਝ ਜ਼ਿੰਦਗੀ ਬਿਤਾਈ ਮੈਂ, ਦਰਦਾਂ ਦੇ ਫੁੱਲਾਂ ਨਾਲ ਸਜਾਈ ਮੈਂ।
ਨਾ ਹੀਰ ਪੜ੍ਹੀ ਨਾ ਸਾਹਿਬਾ ਸੱਸੀ, ਕਾਹਦੀ ਕੀਤੀ ਇਸ਼ਕੇ ਦੀ ਪੜ੍ਹਾਈ ਮੈਂ।
ਜ਼ਖ਼ਮ ਦਿੱਤਾ ਤੂੰ ਰੱਬ ਵਰਗਾ, ਇਸ 'ਤੇ ਮਲ੍ਹਮ ਲਾਵਾਂ ਜਾ ਮਸੀਤ ਕਾਹਵਾਂ।
ਦਿੱਤਾ ਦਰਦ ਤੂੰ ਪਿਆਰ ਵਰਗਾ, ਵਾਂਗ ਅੰਮ੍ਰਿਤ ਪੀ ਜਾਵਾਂ ਜਾ ਪਲੀਤ ਦਵਾਂ।
ਸ਼ੁਕਰ ਕਰ ਦਿਲ ਇਹਨਾਂ ਬੇਵਫ਼ਾਈ ਕੀਤੀ, ਇਹ ਤਾਂ ਜ਼ਾਲਮ ਸੂਲੀ ਚਾੜ੍ਹ ਦਿੰਦੇ ਨੇ।
ਰੱਬ ਤੋਂ ਮੰਗ ਲੈ ਚਾਰ ਸਾਹ ਹੋਰ, ਨਹੀਂ ਤੇ ਇਹ ਕਾਲੇ ਦਿਲ ਵਾਲੇ ਮਾਰ ਵੀ ਦਿੰਦੇ ਨੇ।
ਮੇਰੇ ਹੰਝੂਆਂ ਦਾ ਰੋਣਾ ਹੋ ਗਿਆ, ਸ਼ੈਰੀ ਦੇ ਸਾਹਾਂ ਦਾ ਚੱਲਣਾ ਥੋੜ੍ਹਾ ਹੋ ਗਿਆ।
ਜਦੋਂ ਦਾ ਛੱਡ ਕੇ ਗਿਆ ਏ ਮੈਨੂੰ, ਯਾਰ ਮੇਰਾ ਹੋਰ ਵੀ ਸੋਹਣਾ ਹੋ ਗਿਆ।

25. ਝੂਠਾ ਸ਼ਾਇਰ

ਇਸ਼ਕੇ ਦੀ ਗੱਲ ਕਰੇ ਸ਼ਾਇਰ,
ਪਰ ਉਸਨੂੰ ਦੁੱਖ ਲੈ ਕੇ ਬਹਿ ਗਏ ਨੇ।
ਪੀੜਾਂ ਦੀ ਜ਼ਿੰਦਗੀ ਜੀਏ ਸ਼ਾਇਰ,
ਸਭ ਆਪਣੇ ਪਰਾਇਆ ਕਹਿ ਗਏ ਨੇ।

ਇੱਕ ਕਲਮ ਬਚੀ ਤੇ ਚਾਰ ਕਾਗਜ਼,
ਕਿੰਨੇ 'ਕ ਜਜ਼ਬਾਤ ਤੂੰ ਲਿਖ ਲਏਂਗਾ।
ਜੋ ਦਿਲ ਦੇ ਨਾਲ ਬੀਤਿਆ ਭਾਣਾ,
ਦੱਸ ਮਰਨਾ ਤੂੰ ਕਿੰਝ ਸਿੱਖ ਲਏਂਗਾ।

ਬਿਰਹਾ ਦਰਦ ਤੂੰ ਸਾਂਭ ਬੈਠਾ,
ਮਹਿਬੂਬ ਨਾ ਸਾਂਭੀ ਗਈ ਤੇਰੇ ਤੋਂ।
ਕੰਡਿਆਂ ਤੇ ਦਿਲ ਆ ਲੈ ਖੜ੍ਹਾ,
ਫ਼ਕੀਰੀ ਵੀ ਨਾ ਸਾਂਭੀ ਗਈ ਤੇਰੇ ਤੋਂ।

ਜੇ ਸ਼ਾਇਰ ਸੀ ਕਿੱਥੇ ਨੇ ਕਲਾਮ ਤੇਰੇ,
ਝੂਠੇ ਬਣਾਈ ਬੈਠਾ ਏ ਕਿੱਸੇ ਤੂੰ।
ਦੱਸ ਵੇ ਸ਼ਾਇਰ ਕੀਹਦੇ ਸੱਚ ਲਿਖੇ,
ਕਾਗਜ਼ ਬਣਾ 'ਤੇ ਦਿਲ ਦੇ ਹਿੱਸੇ ਤੂੰ।

ਦਾਗੀ ਚੰਦ ਤੂੰ ਸੋਹਣਾ ਦੱਸਦਾ ਏ,
ਸ਼ਾਇਰਾਂ ਦੀ ਲੱਗਦੀ ਬਰਾਦਰੀ ਝੂਠੀ।
ਜੇ ਗੀਤ ਤੇਰੇ ਸੀ ਨਾਲ ਲੈ ਮਰਦਾ,
ਕਿਉਂ ਜੀਏ ਜ਼ਿੰਦਗੀ ਜੇ ਲੱਗੇ ਝੂਠੀ।

ਮਹਿਬੂਬ ਨੂੰ ਬੇਵਜ੍ਹਾ ਬੇਵਫ਼ਾ ਆਖੇ,
ਮੌਤ ਅਪਣਾ ਕੇ ਗੀਤਾਂ ਨਾਲ ਬੇਵਫ਼ਾਈ ਕਿਉਂ।
ਸ਼ੈਰੀ ਜੇ ਸਾਫ਼ ਤੇਰਾ ਦਿਲ ਸੀ,
ਦੱਸ ਹਰ ਗੀਤ 'ਚ ਲਿਖਦਾ ਸਫ਼ਾਈ ਕਿਉਂ।

26. ਕੀ ਸਿੱਖਾਂ ਤੇ ਕੀ ਗਾਵਾਂ ਮੈਂ

ਕੀ ਸਿੱਖਾਂ ਤੇ ਕੀ ਗਾਵਾਂ ਮੈਂ, ਕਿੰਝ ਦਿੱਤਾ ਦਰਦ ਹੰਢਾਵਾਂ ਮੈਂ।
ਕੀ ਸੋਚਾਂ ਤੇ ਕੀ ਲਿਖਾਂ ਮੈਂ, ਕੀ ਗਵਾ ਬੈਠਾ ਤੇ ਕੀ ਪਾਵਾਂ ਮੈਂ।
ਤੂੰ ਦੂਰ ਹੋਈ ਤੇ ਰੱਬ ਰੁੱਸਿਆ, ਦੱਸ ਕਿਹੜੇ ਕਬਰੀਂ ਜਾਵਾਂ ਮੈਂ।
ਟੁੱਟੇ ਤਾਰੇ ਵਾਂਗ ਰੁਲ ਚੱਲਿਆ, ਮੁੜ ਕੰਡਿਆਂ ਤੇ ਜਿੰਦ ਆਵਾਂ ਮੈਂ।
ਮੇਰਾ ਦਿਲ ਟੁੱਟਿਆ ਕਿਸੇ ਕੀ ਪਤਾ, ਲੋਕਾਂ ਲਈ ਮਜ਼ਾਕ ਬਣ ਜਾਵਾਂ ਮੈਂ।
ਮੈਂ ਰੋਂਦਾ ਰੋਂਦਾ ਤੇਰੇ ਰਾਹਾਂ 'ਚ, ਬਣ ਫ਼ਕੀਰ ਪਾ ਮੁੰਦਰਾਂ ਆਵਾਂ ਮੈਂ।
ਕੀ ਲਿਖਾਂ ਦੱਸ ਤੇਰੇ ਨਾਮ 'ਤੇ, ਬਣਾ ਲਹੂ ਦੀ ਸਿਆਹੀ ਲਿਆਵਾਂ ਮੈਂ।
ਕਰ ਇਕੱਠੀਆਂ ਲੱਕੜਾਂ ਚਾਰ ਕੁੜੇ, ਬਹਿ ਵਿੱਚ ਕਲਮ ਬਣਾਵਾਂ ਮੈਂ।
ਜੇ ਯਾਦ ਆਈ ਕਦੇ ਮੇਰੀ ਤੈਨੂੰ, ਬਣ ਤਾਰਾ ਤੇਰੇ ਕੋਲ ਆਵਾਂ ਮੈਂ।
ਮਰ ਮੁੱਕਿਆ ਸ਼ੈਰੀ ਖ਼ਤਮ ਹੋਇਆ, ਕਿਉਂ ਪਾਉਣਾ ਤੈਨੂੰ ਚਾਹਵਾਂ ਮੈਂ।
ਤੈਨੂੰ ਰੂਹ ਦਿੱਤੀ ਤੇ ਰੱਬ ਭੁੱਲਿਆ, ਦੱਸ ਕਿੱਦਾਂ ਤੈਨੂੰ ਭੁੱਲ ਜਾਵਾਂ ਮੈਂ।
ਲੱਖ ਵਾਰੀ ਰੁੱਸਿਆ ਖੁਦਾ ਮਨਾਇਆ, ਕਿੰਝ ਰੁੱਸਿਆ ਯਾਰ ਮਨਾਵਾਂ ਮੈਂ।

27. ਗੀਤਾਂ ਦੀ ਰਾਣੀ ਏ

ਗੀਤਾਂ ਦੀ ਰਾਣੀ ਏ ਮੇਰੀ ਕਹਾਣੀ ਏ,
ਗੀਤ ਲਿਖਾ ਦੇ ਦੋ-ਚਾਰ।
ਦਰਦ ਤਾਂ ਦੇ ਥੋੜ੍ਹਾ ਧੋਖਾ ਤਾਂ ਦੇ ਮੈਨੂੰ,
ਕਲਮ ਦਾ ਖੂਨ ਸਾੜ।

ਲਾਰਿਆਂ 'ਚ ਰੱਖ ਮੈਨੂੰ ਸੱਚ ਨਾ ਤੂੰ ਦੱਸੀਂ ਕਦੇ,
ਝੂਠ ਮੈਨੂੰ ਬੋਲੀ ਜਾ।
ਬੇਵਫ਼ਾਈ ਕਰ ਥੋੜ੍ਹੀ ਤੋੜ ਦਵੀਂ ਤੂੰ ਦਿਲ ਮੇਰਾ,
ਰੂਹ 'ਤੇ ਤੂੰ ਕਰ ਕਬਜ਼ਾ।

ਸ਼ੈਰੀ ਨੂੰ ਤੋੜ ਐਸਾ ਤੋੜ ਕੇ ਤੂੰ ਜੋੜ ਦਵੀਂ,
ਚੱਲੀ ਜਾਵੇ ਇਹ ਸਿਲਸਿਲਾ।
ਕਦੇ ਹੱਸ ਕੇ ਬੁਲਾ ਲਵੀਂ ਦਿਲ ਮੇਰਾ ਰੁਲਾ ਦਵੀਂ,
ਰੋਂਦੇ ਨੂੰ ਮੈਨੂੰ ਛੱਡ ਜਾ।

ਸਾਹ ਕੀਤੇ ਨਾਮ ਤੇਰੇ ਲਫ਼ਜ਼ ਮੁੱਕੀ ਜਾਣ ਮੇਰੇ,
ਕੁਝ ਜਜ਼ਬਾਤ ਉਧਾਰੇ ਦੇ ਜਾ।
ਗੀਤਾਂ ਦੀ ਰਾਣੀ ਏ ਮੇਰੀ ਕਹਾਣੀ ਏ,
ਗੀਤ ਲਿਖਾਏ ਦੋ ਚਾਰ।

28. ਨਾ ਮੇਰੀ ਕੋਈ ਔਕਾਤ ਰਹੀ

ਨਾ ਮੇਰੀ ਕੋਈ ਔਕਾਤ ਰਹੀ, ਤੇ ਨਾ ਹੀ ਕੋਈ ਸੱਚ ਰਿਹਾ।
ਇਹ ਮਾਸੂਮ ਜਿਹਾ ਦਿਲ ਮੇਰਾ, ਇੱਕ ਟੁੱਟਦਾ ਹੋਇਆ ਕੱਚ ਰਿਹਾ।
ਕਬਰਾਂ ਦੇ ਵਿੱਚ ਬਹਿ 'ਕੇ ਕਿਉਂ, ਚਾਰ ਲੱਕੜਾਂ ਤੋਂ ਤੂੰ ਬੱਚ ਰਿਹਾ।
ਨਾ ਜ਼ਿੰਦਗੀ ਰਹੀ ਨਾ ਹੰਝੂ ਰਹੇ, ਇਸ਼ਕ ਦੇ ਅੰਗਾਰਿਆਂ ਤੇ ਕਿਉਂ ਨੱਚ ਰਿਹਾ।
ਲਾਸ਼ ਆਸ਼ਕ ਦੀ ਦੋ ਕੌਡੀ ਦੀ ਰਹਿ ਜੇ, ਜ਼ਮਾਨਾ ਦੇਖ ਸਾਰਾ ਹੱਸ ਰਿਹਾ।
ਰੂਹ ਤੇਰੀ ਨੂੰ ਵੀ ਨਾ ਜੀਣਾ ਆਏ, ਇਸ਼ਕ ਕਰਨ ਦਾ ਨਾ ਚੱਜ ਰਿਹਾ।
ਮੁੱਕ ਜਾਣਾ ਸਭ ਨੇ ਤੇਰੇ ਵਾਂਗ, ਕਿਉਂ ਦੂਜਿਆਂ ਨੂੰ ਵੇਖ ਤੂੰ ਮੱਚ ਰਿਹਾ।
ਮੱਕਾ ਦੇਖਿਆ ਸ਼ੈਰੀ ਦਿਲ ਵਿੱਚ, ਕਿਉਂ ਯਾਰ ਨੂੰ ਮਨਾਵਣ ਲਈ ਭੱਜ ਰਿਹਾ।
ਪਾਣੀ ਵਾਂਗ ਨਾ ਕੋਈ ਸਾਫ਼ ਹੁੰਦਾ, ਤੂੰ ਮੁੰਦਰਾਂ ਪਾ ਕਿਉਂ ਸੱਜ ਰਿਹਾ।
ਇੱਕ ਪਿੱਛੇ ਸਭ ਕੁਝ ਗੁਆ ਬੈਠਾ, ਨਾ ਮਾਂ ਰਹੀ ਨਾ ਹੀ ਹੱਜ ਰਿਹਾ।
ਕਿਉਂ ਦਿੱਤਾ ਗੁਣ ਲਿਖਣ ਦਾ ਰੱਬਾ, ਜੇ ਯਾਰ ਹੀ ਨਾ ਪੜ੍ਹ ਰਿਹਾ।
ਆਪੇ ਕਬਰਾਂ ਦੇ ਵਿੱਚ ਬਹਿ ਲਿਖੇ, ਤੇ ਆਪ ਹੀ ਇਕੱਲਾ ਪੜ੍ਹ ਰਿਹਾ।

29. ਚੰਦ ਹੱਸੇ ਤੇ ਚਾਂਦਨੀ ਰੋਈ

ਚੰਦ ਹੋਇਆ ਗੁੰਮਰਾਹ ਕੇ ਆਸ਼ਕ ਦੇਖਣ ਉਹਨੂੰ,
ਜੇ ਚਾਂਦਨੀ ਹੀ ਛੱਡ ਗਈ ਫੇਰ ਤੇਰਾ ਕੀ ਬਣੂੰ।
ਮੈਨੂੰ ਛੱਡਿਆ ਜਿਹੜਾ ਚਾਹੁੰਦਾ ਨਹੀਂ ਸੀ ਮੈਨੂੰ,
ਸੱਚਾ ਪਿਆਰ ਛੱਡ ਮੇਰਾ ਫ਼ਰਕ ਪਉ ਤੈਨੂੰ।

ਫੁੱਲਾਂ ਦਾ ਕੀ ਮੁੱਲ ਹੁੰਦਾ ਸੋਹਣਿਆਂ,
ਜੇ ਖੁਸ਼ਬੂ ਹੀ ਨਾ ਵਿੱਚੋਂ ਚੰਗੀ ਆਏ।
ਉਸ ਆਸ਼ਕ ਦਾ ਮੁੱਲ ਲੱਖ ਤੋਂ ਕੱਖ ਹੁੰਦਾ,
ਜਿਹੜਾ ਇੱਕ ਤੋਂ ਵੱਧ ਨੂੰ ਚਾਹੇ।

ਇਹ ਅੱਜ ਦੀ ਦੁਨੀਆਂ ਨਾ ਸੱਚੀ ਆਸ਼ਕਾ,
ਝੂਠਾ ਪਿਆਰ ਹੋਏ ਤਾਂ ਮਿਲ ਜਾਏ।
ਹੀਰ ਹੋਈ ਇੱਥੇ ਕੱਖਾਂ ਦੀ ਆਸ਼ਕਾ,
ਬਿਨ੍ਹ ਮੁੰਦਰਾਂ ਰਾਂਝੇ ਨਾਲ ਖਿੜ ਜਾਏ।

ਸੱਚਾ ਪਿਆਰ ਕਰਨ ਵਾਲੇ ਰੌਂਦੇ ਵੇਖੇ ਮੈਂ,
ਕਿਸੇ ਸੱਚੇ ਨੂੰ ਨਾ ਸੱਚਾ ਪਿਆਰ ਮਿਲੇ।
ਨਾ ਮਿਰਜ਼ਾ ਨਾ ਸਾਹਿਬਾ ਨਾ ਰਾਂਝਾ ਨਾ ਹੀਰ ਕੋਈ,
ਸੁੰਨੇ ਪਏ ਆਸ਼ਕਾਂ ਵਾਲੇ ਟਿੱਲੇ।

ਕਿ ਸ਼ੈਰੀ ਵੀ ਰੋਇਆ ਨਾਲ ਰੋਈ ਕਲਮ,
ਦੇਖਕੇ ਹਾਲ ਮੇਰਾ ਸਾਰੇ ਹੀ ਰੋਏ ਤਾਰੇ।
ਕਿ ਚੰਦ ਹੱਸੇ ਤੇ ਚਾਂਦਨੀ ਰੋਈ,
ਦੇਖਣ ਵਾਲੇ ਹੱਸੇ ਪਰ ਆਸ਼ਕ ਰੋਏ ਸਾਰੇ।

ਚੰਦ ਹੋਇਆ ਗੁੰਮਰਾਹ ਕੇ ਆਸ਼ਕ ਦੇਖਣ ਉਹਨੂੰ,
ਜੇ ਚਾਂਦਨੀ ਹੀ ਛੱਡ ਗਈ ਫੇਰ ਤੇਰਾ ਕੀ ਬਣੂੰ।
ਸ਼ੈਰੀ ਬੈਠਾ ਸੋਚੇ ਬੜਾ ਸੋਹਣਾ ਲਿਖਦਾ ਤੂੰ,
ਜੇ ਬੇਵਫ਼ਾ ਹੀ ਛੱਡ ਗਈ ਫਿਰ ਤੇਰਾ ਕੀ ਬਣੂੰ।

30. ਇਸ਼ਕ ਕਰਨਾ ਕੰਮ ਰੂਹਾਂ ਦਾ

ਜਿਸਮਾਂ ਤੋਂ ਕੀ ਲੈਣਾ ਸੱਜਣਾ, ਮੈਨੂੰ ਚਾਹ ਆ ਤੇਰੀ ਰੂਹ ਦੀ।
ਤੇਰੇ ਦਿਲ ਦਾ ਰਸਤਾ ਦੱਸ ਦੇਵੇ, ਮੈਨੂੰ ਤਲਾਸ਼ ਆ ਉਸ ਸੂਹ ਦੀ।
ਇਸ਼ਕ ਲਈ ਜੀਣਾ ਨਿਰਾ ਹੈ ਝੂਠ, ਇਸ਼ਕ ਲਈ ਮਰਨਾ ਸੱਚ ਕਿਉਂ ਲੱਗਦਾ।
ਮਹਿਬੂਬ ਰਾਜ਼ੀ ਜੇ ਫੇਰ ਨਾ ਹੋਈ, ਕਬਰਾਂ 'ਚ ਪਏ ਨੂੰ ਵੀ ਡਰ ਕਿਉਂ ਲੱਗਦਾ।
ਦੁਨਿਆਵੀਂ ਨਸ਼ੇ ਤੋਂ ਕੀ ਲੈਣਾ, ਜਿਹਨੇ ਨਸ਼ਾ ਇਸ਼ਕ ਦਾ ਕੀਤਾ ਹੋਵੇ।
ਮੌਤ ਤੋਂ ਉਹਨੇ ਕਿੰਝ ਡਰਨਾ, ਜਿਹਨੇ ਜ਼ਹਿਰ ਨਫ਼ਰਤ ਦਾ ਪੀਤਾ ਹੋਵੇ।
ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਹ ਨਫ਼ਰਤ ਭਰੀ ਦੁਨੀਆਂ ਏ।
ਯਾਰ ਯਾਰ ਨਾ ਲੱਭਦੀ ਫਿਰ ਤੂੰ, ਇਹ ਦੁਸ਼ਮਣਾਂ ਦੀ ਦੁਨੀਆਂ ਏ।
ਇਸ਼ਕ ਕਰਨਾ ਕੰਮ ਰੂਹਾਂ ਦਾ, ਤੁਸੀਂ ਚਿਹਰੇ ਲੈ ਕੇ ਬਹਿ ਗਏ ਕਿਉਂ।
ਜਿਸਮਾਂ ਦੀ ਤਾਂ ਜਾਤ ਹੈ ਮਿੱਟੀ, ਤੁਸੀਂ ਭੁੱਖ ਮਿਟਾਉਂਦੇ ਰਹਿ ਗਏ ਕਿਉਂ।
ਤੂੰ ਭੁੱਖਾ ਏ ਜਿਸਮਾਂ ਦਾ, ਮੈਂ ਪਿਆਸੀ ਆ ਤੇਰੇ ਇਸ਼ਕੇ ਦੀ।
ਤੂੰ ਖ਼ੁਦਾ ਏ ਮੇਰੇ ਮੰਦਰਾਂ ਦਾ, ਮੈਂ ਕੰਜਰੀ ਆ ਤੇਰੇ ਇਸ਼ਕੇ ਦੀ।

31. ਮੈਨੂੰ ਆਸ ਸੀ

ਮੈਨੂੰ ਆਸ ਸੀ ਤੂੰ ਮੁੜ ਆਏਂਗਾ,
ਮੈਨੂੰ ਆਸ ਸੀ ਤੂੰ ਆ ਗਲ ਨਾਲ ਲਾਏਂਗਾ।
ਇਹਨਾਂ ਆਸਾਂ ਦੇ ਸਹਾਰੇ ਸੀ ਸਾਹ ਮੇਰੇ,
ਮੈਨੂੰ ਦਿਲ ਆਪਣੇ ਦੀ ਧੜਕਣ ਬਣਾਏਂਗਾ।

ਇਹਨਾਂ ਆਸਾਂ ਵਿੱਚ ਕੁਝ ਸੱਚ ਸੀ,
ਸਿਰਫ਼ ਖ਼ੁਦਾ ਹੀ ਮੇਰਾ ਜਾਣਦਾ ਏ।
ਪਰ ਮੇਰਾ ਤਾਂ ਖ਼ੁਦਾ ਤੂੰ ਹੀ ਸੀ,
ਕੀ ਇਹ ਗੱਲ ਤੂੰ ਵੀ ਜਾਣਦਾ ਏ।

ਤੇਰੀ ਆਸ ਸੀ ਮੇਰੇ ਗੀਤਾਂ ਨੂੰ,
ਕਦੇ ਬੁੱਲਾਂ ਨਾਲ ਛੂਹ ਲਏਂਗਾ।
ਪੀੜ ਮੇਰੀ ਸੀ ਇਹਨਾਂ ਗੀਤਾਂ ਵਿੱਚ,
ਕਦੇ ਤੂੰ ਵੀ ਸੀਨੇ ਆਪਣੇ ਸਹੇਂਗਾ।

ਮੈਨੂੰ ਆਸ ਸੀ ਦਿਨ ਤੂੰ ਲੈ ਆਏਂਗਾ,
ਰਾਤਾਂ ਕਾਲੀਆਂ ਮੇਰੀਆਂ ਮੁਕਾ ਦਵੇਂਗਾ।
ਝੂਠੇ ਲਾਰੇ ਤੇਰੇ ਸੱਚ ਬਣ ਜਾਣੇ,
ਮੇਰੇ ਇਸ਼ਕੇ ਨੂੰ ਹੀ ਤੂੰ ਰੱਬ ਕਹੇਂਗਾ।

ਆਸ ਲੋਕਾਂ ਲਈ ਤਾਂ ਇੱਕ ਲਫ਼ਜ਼ ਹੋਣਾ,
ਪਰ ਮੇਰੇ ਲਈ ਸੀ ਇਹ ਸਾਹ ਵਾਂਗਰਾਂ।
ਤੈਨੂੰ ਦੇਖਣਾ ਗੱਲ ਕਰਨਾ ਮਹਿਸੂਸ ਕਰਨਾ,
ਇੱਕ ਪਲ ਵੀ ਸੀ ਮੈਨੂੰ ਖੁਆਬ ਵਾਂਗਰਾਂ।

ਮੈਨੂੰ ਆਸ ਸੀ ਉਸ ਰੱਬ 'ਤੇ,
ਜਿਹਨੇ ਤੈਨੂੰ ਸੋਹਣਾ ਬਣਾਇਆ ਹੋਣਾ।
ਆਸ ਸੀ ਸ਼ੈਰੀ ਨੂੰ ਕਲਮ ਤੋਂ
ਜਿਹਨੇ ਪੀੜਾਂ ਨਾਲ ਗੀਤ ਸਜਾਇਆ ਹੋਣਾ।

32. ਕਲਮ ਏ $RW

* ਚਾਂਦਨੀ ਰਾਤਾਂ ਮੈਂ ਟੁੱਟਦਾ ਇੱਕ ਤਾਰਾ ਵੇਖਿਆ,
ਆਸਮਾਨੋਂ ਡਿੱਗਦਾ ਹੋਇਆ ਦਿਲ ਟੁੱਟਦਾ ਕਰਾਰਾ ਵੇਖਿਆ।

ਟੁੱਟ ਕੇ ਵੀ ਹੱਸਦਾ ਹੋਇਆ ਅਣਜਾਣ ਆਸ਼ਕ ਵੇਖਿਆ,
ਕਬਰਾਂ 'ਚ ਜਾਣ ਦੀ ਰੱਚਦਾ ਹੋਇਆ ਸਾਜਿਸ਼ ਵੇਖਿਆ।
ਰੱਬ ਨੂੰ ਕੋਸਦਾ ਤੇ ਯਾਰ ਦਾ ਪਿਆਰਾ ਵੇਖਿਆ,
ਘਰ ਕਬਰ ਦਾ ਲੱਕੜਾਂ 'ਤੇ ਕਰਦਾ ਗੁਜ਼ਾਰਾ ਵੇਖਿਆ।
ਖ਼ੂਨੀ ਕਲਮ ਨਾਲ ਲਿਖਦਾ ਹੋਇਆ ਵਿਚਾਰਾ ਵੇਖਿਆ,
ਕਾਗਜ਼ ਬਣਾਇਆ ਚੰਮ ਦਾ ਮੈਂ ਨਿਆਰਾ ਵੇਖਿਆ।

ਟੁੱਟਿਆ ਦਿਲ ਝੋਲੀ ਚੁੱਕਿਆ ਲਹੂ ਲੁਹਾਨ ਹੋਇਆ,
ਦੇਖ ਕੇ ਲੱਗਿਆ ਇੰਝ ਦੁਕਾਨੋਂ ਹਲਾਲ ਹੋਇਆ।
ਫੇਰ ਵੀ ਪਤਾ ਨਹੀਂ ਕਿਉਂ ਉਹ ਤਾਰਾ ਨਾ ਰੋਇਆ,
ਪੁੱਛਿਆ ਤੇ ਕਹਿੰਦਾ ਮੇਰੇ ਹੱਥੋਂ ਇੱਕ ਕਤਲ ਹੋਇਆ।
ਦੱਸ ਨਹੀਂ ਸਕਿਆ ਕਿਸੇ ਨੂੰ ਤੇ ਲੁੱਕ ਲੁੱਕ ਰੋਇਆ,
ਝੋਲੀ ਜੋ ਦਿਲ ਦੀ ਲਾਸ਼ ਓਹਦੇ ਵਿੱਚ ਸੀ ਖੋਇਆ।
ਬੇਵਫ਼ਾਈ ਦਾ ਸ਼ਿਕਾਰ ਹੋਇਆ ਮੈਂ ਖ਼ੂਬ ਨਜ਼ਾਰਾ ਵੇਖਿਆ।

ਮੈਂ ਨਾਲ ਜਾ ਉਸ ਦਿਲ ਦਾ ਰੂਹੀ ਸੰਸਕਾਰ ਕਰਾਇਆ,
ਜਲਦੇ ਹੋਏ ਦਿਲ 'ਚੋਂ ਇੱਕ ਰੂਹਾਨੀ ਆਵਾਜ਼ਾ ਆਇਆ।
"ਯਾਰ ਦਾ ਸੀ ਤੇ ਯਾਰ ਦਾ ਹੀ ਹੋ ਚਲਿਆ।
ਖ਼ੁਦਾ ਤਾਂ ਮਿਲ ਗਿਆ ਹੁਣ ਯਾਰ ਲਈ ਮੋਹ ਚੱਲਿਆ।
" ਲਿਖਦੇ ਹੋਏ ਸ਼ੈਰੀ ਦਾ ਵੀ ਹੱਥ ਬਹੁਤ ਕੰਬਿਆ,
ਲੱਭਿਆ ਨਾ ਉਹ ਆਸ਼ਕ ਫੇਰ ਮੈਂ ਬਹੁਤ ਲੱਭਿਆ।
ਆਸਮਾਨੀਂ ਵੇਖਿਆ ਤੇ ਹੱਸਦਾ ਉਹੀਓ ਤਾਰਾ ਵੇਖਿਆ।

33. ਕੁਝ ਰਾਜ ਸੀ

ਕੁਝ ਰਾਜ ਸੀ ਜੋ ਛੁਪਾ ਲਏ,
ਕੁਝ ਰਾਜ ਸੀ ਖੋਲ੍ਹ ਦਿਖਾ ਲਏ।
ਕੁਝ ਰਾਜ ਜੋ ਨਹੀਂ ਦਿਖਾ ਸਕਦਾ,
ਕੁਝ ਰਾਜ ਸੀ ਸੀਨੇ ਹੰਢਾ ਲਏ।
ਕੁਝ ਰਾਜ ਇਸ਼ਕ ਵਾਲੇ ਸੀ,
ਕੁਝ ਰਾਜ ਜਿਸਮਾਂ ਵਾਲੇ ਸੀ।
ਕੁਝ ਰਾਜ ਸੀ ਮਹਿਬੂਬ ਦੇ,
ਕੁਝ ਰਾਜ ਕੀਮਤਾਂ ਵਾਲੇ ਸੀ।
ਕੁਝ ਰਾਜ ਸੀ ਮੇਰੀ ਕਲਮ ਦੇ,
ਕੁਝ ਰਾਜ ਦਿਲ 'ਚ ਦਬਾ ਲਏ।
ਕੁਝ ਰਾਜ ਮੇਰੇ ਝੂਠ ਸੀ,
ਕੁਝ ਰਾਜ ਹਾਲਾਤ ਬਣਾ ਗਏ।
ਕੁਝ ਰਾਜ ਗੀਤ ਬਣ ਗਏ,
ਕੁਝ ਰਾਜ ਮੇਰੇ ਮੀਤ ਬਣ ਗਏ।
ਕੁਝ ਰਾਜ ਰੂਹ ਪਲੀਤ ਗਏ,
ਕੁਝ ਰਾਜ ਬਣ ਮਸੀਤ ਗਏ।
ਕੁਝ ਰਾਜ ਮੇਰੇ ਰੱਬ ਵਰਗੇ,
ਕੁਝ ਰਾਜ ਸ਼ੈਤਾਨ ਬਣ ਗਏ।
ਕੁਝ ਰਾਜ ਮੈਂ ਆਪ ਬਣਾਏ,
ਕੁਝ ਰਾਜ ਬੇਵਜ੍ਹਾ ਬਣ ਗਏ।
ਕੁਝ ਰਾਜ ਬਿਰਹੇ ਨਾਲ ਸੀ,
ਕੁਝ ਕੱਟੇ ਸ਼ਬਾਬ ਨਾਲ ਸੀ।
ਕੁਝ ਰਾਜ ਅੱਜ ਵੀ ਬੇਗ਼ਾਨੇ ਲੱਗਦੇ,
ਕੁਝ ਰਾਜ ਇਸ਼ਕੇ ਦੀ ਚਾਲ ਸੀ।
ਕੁਝ ਰਾਜ ਸੀ ਉਹਦੇ ਚਿਹਰੇ ਜਿਹੇ,
ਕੁਝ ਰਾਜ ਸੀ ਕਾਲੇ ਉਹਦੇ ਦਿਲ ਵਰਗੇ।
ਕੁਝ ਰਾਜ ਅੱਜ ਵੀ ਮੈਨੂੰ ਲਾਰੇ ਲੱਗਦੇ,
ਕੁਝ ਰਾਜ ਸਾਫ਼ ਨੇ ਮੇਰੇ ਦਿਲ ਵਰਗੇ।
ਕੁਝ ਰਾਜ ਰੋਂਦੇ ਨਾਲ ਮੇਰੇ,
ਕੁਝ ਰਾਜ ਚਲੇ ਗਏ ਨਾਲ ਤੇਰੇ।
ਕੁਝ ਰਾਜ ਮੈਨੂੰ ਭੁੱਲ ਗਏ,
ਕੁਝ ਰਾਜ ਬਣ ਗਏ ਸਾਹ ਮੇਰੇ।
ਕੁਝ ਰਾਜ ਸੀ ਐਸੇ ਸ਼ੈਰੀ ਦੇ,
ਜੋ ਕਬਰਾਂ ਤੱਕ ਨਾਲ ਜਾਣਗੇ।
ਮੌਤ ਤੋਂ ਬਾਅਦ ਵੀ ਇਹ ਰਾਜ,
ਮੈਨੂੰ ਸੁੱਤੇ ਨੂੰ ਜਗਾਉਣਗੇ।

34. ਕਾਹਦਾ ਲਿਖਾਰੀ

ਮੇਰੀ ਕਲਮ ਦਾ ਦਰਦ ਕਾਗਜ਼ਾਂ 'ਤੇ ਡਿੱਗਿਆ,
ਤੇ ਮੇਰੇ ਗੀਤ ਬਣ ਗਏ।
ਹਾਲ ਦੇਖ ਮੇਰਾ ਰੋਂਦੇ ਨੇ ਹੰਝੂ,
ਤੇ ਮੇਰੇ ਮੀਤ ਬਣ ਗਏ।

ਨੀਂਦਰਾਂ ਉਡਾ ਕੇ ਲੈ ਗਿਓਂ ਰਾਤਾਂ ਦੀਆਂ,
ਦਿਨਾਂ ਦਾ ਚੈਨ ਕਿੱਥੇ ਗੁੰਮ ਹੋ ਗਿਆ।
ਅੱਜ ਖੁਸ਼ੀਆਂ ਵੀ ਮੈਨੂੰ ਦਰਦ ਜਾਪਣ,
ਸਾਡੀ ਬੁੱਲ੍ਹੀਆਂ ਦਾ ਹਾਸਾ ਕਿੱਥੇ ਗੁੰਮ ਹੋ ਗਿਆ।

ਗ਼ਮਾਂ ਵਾਲੀ ਰਾਤ ਬਿਰਹੇ ਦਾ ਦਰਦ ਹੰਢਾਏ,
ਨੈਣੀਂ ਭਰ-ਭਰ ਝੀਲ ਬਹਾਰ ਹੋਈ।
ਲੰਘੇ ਨਾ ਇੱਕ ਪਲ ਤੈਨੂੰ ਯਾਦ ਕੀਤੇ ਬਿਨ੍ਹ,
ਮਿੱਟੀ ਦੇ ਬੁੱਤ ਵਿੱਚ ਬਹਿ ਰੂਹ ਹੋਈ।

ਤੇਰੇ ਦਿਲ ਦੀ ਕਿਤਾਬ ਨਾ ਪੜ੍ਹ ਹੋਈ,
ਸ਼ੈਰੀ ਬਣਿਆ ਫਿਰਦਾ ਲਿਖਾਰੀ ਜੋ।
ਮੰਗ ਮੰਗ ਲਫ਼ਜ਼ ਉਹ ਉਧਾਰੇ ਲਿਖੇ,
ਜਾਪੇ ਦੁਨੀਆਂ ਨੂੰ ਭਿਖਾਰੀ ਉਹ।

ਲੰਘ ਹੋਇਆ ਨਾ ਦਰਿਆ ਇਸ਼ਕ ਵਾਲਾ,
ਬਣ ਸੋਹਣੀ ਬਹਿ ਗਿਓਂ ਸਦਰਾਂ 'ਚ।
ਹਸ਼ਰ ਕੀਤਾ ਜੋ ਤੂੰ ਮੇਰੇ ਪਿਆਰ ਦਾ,
ਕਿੰਝ ਬਿਆਨ ਕਰਾਂ ਮੈਂ ਸਤਰਾਂ 'ਚ।

ਮਾਰੂਥਲ ਵਿੱਚ ਗੁੰਮ ਹੋਈ ਮੇਰੀ ਰੂਹ,
ਬਹਿ ਇਕੱਲਿਆਂ ਆਪਣੇ ਮੈਂ ਰੋਗ ਨਾਪਣੇ।
ਕਾਹਦਾ ਲਿਖਾਰੀ ਜੇ ਕਲਾਮ ਨਾ ਲਿਖਿਆ ਗਿਆ,
ਤੂੰ ਲਿਖੇ ਸਿਰਫ਼ ਜਜ਼ਬਾਤ ਆਪਣੇ।

35. ਕੁੜੀ ਕਿੱਸਾ ਬਣ ਕੇ ਰਹਿ ਗਈ

ਧੁੱਪ ਵਿੱਚ ਸੀ ਉਹ ਛਾਂ ਜਿਹੀ,
ਰਾਤਾਂ ਨੂੰ ਉਹ ਖ਼ਾਬ ਜਿਹੀ।
ਮੇਰੇ ਦਿਲ ਦੀ ਸੀ ਉਹ ਪਿਆਸ ਜਿਹੀ,
ਅਮਲੀ ਨੂੰ ਉਹ ਸ਼ਰਾਬ ਜਿਹੀ।
ਉਹਦੇ ਲਾਰਿਆਂ ਨੇ ਕਿੰਨੇ ਡੰਗ ਦਿੱਤੇ,
ਉਹ ਧੋਖੇਬਾਜ਼ ਬਣ ਕੇ ਰਹਿ ਗਈ।
ਜਿਹਦੇ ਨਾਲ ਬਿਤਾਉਣੇ ਸੀ ਸੱਤੇ ਜਨਮ,
ਉਹ ਕੁੜੀ ਕਿੱਸਾ ਬਣ ਕੇ ਰਹਿ ਗਈ।

ਰਾਂਝੇ ਲਈ ਉਹ ਮੁੰਦਰਾਂ ਸੀ,
ਰਾਣੀ ਸੱਤ ਸਮੁੰਦਰਾਂ ਸੀ।
ਮਿਰਜ਼ੇ ਦੇ ਉਹ ਤੀਰ ਜਿਹੀ,
ਮਰਨ ਲਈ ਉਹ ਕਬਰਾਂ ਸੀ।
ਉਹਦੇ ਚਿਹਰੇ ਦੀ ਨਾ ਕਦਰ ਪਈ,
ਉਹ ਕਾਲਾ ਦਿਲ ਲੈ ਕੇ ਬਹਿ ਗਈ।
ਜਿਹਦੇ ਨਾਲ ਬਿਤਾਉਣੇ ਸੀ ਸੱਤੇ ਜਨਮ,
ਉਹ ਕੁੜੀ ਕਿੱਸਾ ਬਣ ਕੇ ਰਹਿ ਗਈ।

ਉਹਨੇ ਰੂਪ ਦਾ ਬੜਾ ਗੁਮਾਨ ਕੀਤਾ,
ਆਸ਼ਕਾਂ ਦੇ ਦਿਲਾਂ ਦਾ ਸ਼ਿਕਾਰ ਕੀਤਾ।
ਰੂਹ ਛੱਡੀ ਨਾ ਕੱਖ ਦੀ ਉਹਨੇ,
ਸ਼ੈਰੀ ਦੇ ਦਿਲ ਦਾ ਹਰ ਕਤਰਾ ਲਹੂ ਪੀਤਾ।
ਬੁੱਲ੍ਹਾਂ ਤੋਂ ਸੀ ਉਹ ਅੰਮ੍ਰਿਤ ਜਿਹੀ,
ਪਰ ਭੈੜਾ ਜ਼ਹਿਰ ਬਣਕੇ ਰਹਿ ਗਈ।
ਜਿਹਦੇ ਨਾਲ ਬਿਤਾਉਣੇ ਸੀ ਸੱਤੇ ਜਨਮ,
ਉਹ ਕੁੜੀ ਕਿੱਸਾ ਬਣ ਕੇ ਰਹਿ ਗਈ।

ਉਹਦਾ ਚਿਹਰਾ ਮੈਨੂੰ ਨਜ਼ਰ ਆਵੇ,
ਰਾਤੀ ਨੀਂਦ ਨਾ ਮੈਨੂੰ ਆਵੇ।
ਆਸ਼ਕ ਬਣਾ ਕੇ ਉਹ ਛੱਡ ਜਾਂਦੀ,
ਭੋਰਾ ਤਰਸ ਵੀ ਨਾ ਤੈਨੂੰ ਆਵੇ।
ਲੱਗਦੀ ਸੀ ਮੈਨੂੰ ਉਹ ਕਲਮ ਜਿਹੀ,
ਪਰ ਕੁੜੀ ਖੰਜਰ ਬਣ ਕੇ ਰਹਿ ਗਈ।
ਜਿਹਦੇ ਨਾਲ ਬਿਤਾਉਣੇ ਸੀ ਸੱਤੇ ਜਨਮ,
ਉਹ ਕੁੜੀ ਕਿੱਸਾ ਬਣ ਕੇ ਰਹਿ ਗਈ।

36. ਤੇਰੀ ਮੈਂ ਇਬਾਦਤ ਕਰਾਂ

ਤੇਰੀ ਮੈਂ ਇਬਾਦਤ ਕਰਾਂ,
ਤੇ ਵਾਰੀ ਵਾਰੀ ਲੱਖ ਵਾਰ ਜਾਵਾਂ।
ਵੇ ਤੈਨੂੰ ਮੈਂ ਖ਼ੁਦਾ ਮੰਨਿਆ,
ਜੇ ਨਾ ਵੇਖਾਂ ਤਾਂ ਮਰ ਜਾਵਾਂ।

ਇੱਕ ਦੁਨੀਆਂ ਮਾਰੇ ਤਾਹਨੇ ਮੈਨੂੰ,
ਆਖਾਂ ਕੰਜਰੀ ਤੇਰੇ ਦਰ ਦੀ ਆਂ।
ਲੱਖ ਆਖਿਆ ਨਾ ਤੂੰ ਮੁੜ੍ਹ ਆਇਆ,
ਤਾਂ ਹੀ ਪਲ ਪਲ ਸੱਜਣਾ ਮਰਦੀ ਆਂ।

ਵੇ ਛੇਤੀ ਆ ਜਾ ਤੇਰੇ ਰਾਹ 'ਚ ਖੜ੍ਹੀ,
ਤੈਨੂੰ ਉਡੀਕ ਥੱਕ ਗਈਆਂ ਨੇ ਅੱਖੀਆਂ।
ਹੱਥੀਂ ਕੁੱਟ ਚੂਰੀ ਖਵਾਂਵਾਂਗੀ,
ਤੈਨੂੰ ਸਾਰੀ ਰਾਤ ਝੱਲੂੰ ਮੈਂ ਪੱਖੀਆਂ।

ਦਿਲ ਤੇਰੇ ਨਾਮ ਸਾਰੀ ਖੁਦਾਈ ਤੇਰੇ ਨਾਮ,
ਮੇਰਾ ਹਰ ਇੱਕ ਸਾਹ ਤੇਰੇ ਨਾਲ ਵੇ।
ਲਾਰਿਆਂ ਵਿੱਚ ਤੂੰ ਰੱਖ ਦਿੱਤਾ ਮੈਨੂੰ,
ਜ਼ਿੰਦਗੀ 'ਚ ਆਇਆ ਨਾ ਲੰਘਗੇ ਕਈ ਸਾਲ ਵੇ।

ਸ਼ੈਰੀ ਬੇ-ਕਦਰਾ ਨਾ ਤੂੰ ਕਦਰ ਪਾਈ,
ਮੇਰੀ ਜ਼ਿੰਦਗੀ ਕਰ ਗਇਓਂ ਭੂਚਾਲ ਵੇ।
ਨਾ ਕਿਸੇ ਮੇਰਾ ਦਰਦ ਵੰਡਾਇਆ,
ਲੋਕੀਂ ਵੇਖ ਵੇਖ ਹੱਸਦੇ ਮੇਰਾ ਹਾਲ ਵੇ।

ਜੇ ਮਿਲਣਾ ਹੀ ਨਹੀਂ ਸੀ ਤੂੰ ਮੈਨੂੰ,
ਫੇਰ ਸੁਪਨਾ ਕਿਉਂ ਤੂੰ ਦਿਖਾ ਗਿਆ।
ਲਿਖ ਹਾਲ ਮੇਰਾ ਕਲਮ ਹੱਸੀ,
ਪਰ ਕਾਗਜ਼ ਨੂੰ ਰੋਣਾ ਆ ਗਿਆ।

37. ਇਜ਼ਹਾਰ

ਮੈਂ ਤੇਰਾ ਤੂੰ ਮੇਰੀ ਹੋ ਜਾ ਵੇ ਸੱਜਣਾ,
ਡਰ ਦੁਨੀਆਂ ਦਾ ਭੁਲਾ ਕੇ ਆ ਜਾਊਂਗਾ।
ਤੂੰ ਵੀ ਮੇਰਾ ਦਿਲ ਫਰੋਲ ਵੇਖ ਸੱਜਣਾ,
ਮੈਂ ਵੀ ਦਿਲ ਤੇਰੇ ਨੂੰ ਭਾ ਜਾਊਂਗਾ।

ਮੇਰੇ 'ਤੇ ਰੱਖ ਇਤਬਾਰ ਤੂੰ ਸੱਜਣ ਜੀ,
ਤੇਰਾ ਭਰੋਸਾ ਨਾ ਟੁੱਟਣ ਦਊਂਗਾ ਮੈਂ।
ਨੀ ਮੇਰੇ ਹਾਸੇ ਤੇਰੀ ਝੋਲੀ ਪਾ ਕੇ ਵੇ,
ਦਰਦ ਤੇਰੇ ਸੀਨੇ 'ਤੇ ਲੈ ਲਊਂਗਾ ਮੈਂ।

ਅੰਬਰ ਤੇਰੀ ਚੁੰਨੀ ਤਾਰੇ ਨਗ ਬਣਾ ਦੇਵਾਂਗਾ,
ਚੋਰੀ ਕਰ ਚੰਦ ਤਲੀ ਤੇਰੇ 'ਤੇ ਟਿਕਾ ਦੇਵਾਂਗਾ।
ਨੀ ਤੇਰੇ ਪੈਰੀਂ ਕੰਡੇ ਚੁੱਕ ਮੈਂ ਸੋਹਣਿਆਂ,
ਆਪਣੇ ਹੱਥੀਂ ਫੁੱਲ ਵਾਂਗ ਚੁਭਾ ਲਵਾਂਗਾ।

ਤੈਨੂੰ ਵੇਖ ਕੇ ਸੋਹਣੀਏ ਮੇਰੇ ਸਾਹ ਚੱਲਦੇ,
ਜੇ ਤੂੰ ਨਾ ਦਿਖੇ ਤਾਂ ਇਹ ਰੁੱਕ ਜਾਣੇ।
ਮੇਰੇ ਪੈਰ ਵੀ ਤੇਰੇ ਵੱਲ ਦੇ ਰਾਹ ਮਲਦੇ,
ਜੇ ਤੂੰ ਨਾ ਹੋਵੇ ਤਾਂ ਰਸਤੇ ਇਹ ਮੁੱਕ ਜਾਣੇ।

ਮੈਨੂੰ ਕੋਈ ਹੋਰ ਹੂਰ ਆਪਣੇ ਪਿੱਛੇ ਲਾ ਲਵੇ,
ਕਿਸੇ ਦੀਆਂ ਝਾਂਜਰਾਂ 'ਚ ਐਨਾ ਸ਼ੋਰ ਹੈ ਨਹੀਂ।
ਤੇਰਾ ਚਿਹਰਾ ਸਤਰਾਂ 'ਚ ਮੈਂ ਬਿਆਨ ਕਰਦਾ,
ਸ਼ੈਰੀ ਦੀ ਕਲਮ 'ਚ ਐਨਾ ਜ਼ੋਰ ਹੈ ਨਹੀਂ।

ਜਨਮਾਂ ਦਾ ਸਾਥ ਨਿਭਾਊ ਤੇਰੇ ਨਾਲ ਵੇ,
ਇੱਕ ਵਾਰੀ ਯਾਰੀ ਲਾ ਕੇ ਤਾਂ ਵੇਖ ਲਾ।
ਸੀਨੇ 'ਚੋਂ ਕੱਢ ਕੇ ਦਿਲ ਕਦਮਾਂ 'ਚ ਰੱਖ ਦਉਂ,
ਇੱਕ ਵਾਰੀ ਮੈਨੂੰ ਕਹਿ ਕੇ ਤਾਂ ਵੇਖ ਲਾ।

38. ਇਸ਼ਕ

ਉਹ ਖ਼ੁਦਾ-ਏ-ਇਸ਼ਕ ਹੁੰਦਾ,
ਜੋ ਜਿੰਦ ਸੱਜਣ ਨਾਮ ਕਰ ਦਵੇ।
ਉਹ ਰਾਂਝਾ ਜੋਗੀ ਇਸ਼ਕ ਹੁੰਦਾ,
ਜੋ ਹੀਰ ਨੂੰ ਵੰਝਲੀ ਬਣਾ ਦਵੇ।
ਇਸ਼ਕੇ ਦਾ ਢੋਂਗ ਹਰ ਕੋਈ ਕਰਦਾ,
ਸੱਚਾ ਇਸ਼ਕ ਖ਼ੁਦਾ ਨੂੰ ਮਿਲਾ ਦਵੇ।
ਨਿਸ਼ਾਨੀ ਇਸ਼ਕੇ ਦੀ ਰੋਗੀ ਹੋ ਜਾਣਾ,
ਜੋ ਯਾਰ ਨੂੰ ਖ਼ੁਦਾ ਬਣਾ ਦਵੇ।
ਰੱਬ ਮਨਾਉਣਾ ਹੋਵੇ ਤਾਂ ਯਾਰ ਮਨਾਉਣਾ ਪੈਂਦਾ,
ਰੁੱਸਿਆ ਯਾਰ ਮਨਾਉਣਾ ਸੌਖਾ ਨਹੀਂ।
ਕੀਤੀ ਯਾਰ ਦੀ ਪੂਜਾ ਰੱਬ ਦੀ ਪੂਜਾ,
ਫੇਰ ਰੱਬ ਮਨਾਉਣਾ ਔਖਾ ਨਹੀਂ।
ਆਸ਼ਕ ਮੰਗਤਾ ਯਾਰ ਦੇ ਦਰ ਦਾ,
ਦੁਨੀਆਂ ਲਈ ਆਸ਼ਕ ਮਜ਼ਾਕ ਹੁੰਦਾ।
ਜੇ ਇਸ਼ਕ ਹੀ ਝੂਠਾ ਮੈਂ ਕੀਤਾ ਲੋਕੋ,
ਮੇਰਾ ਰੋਣਾ ਨਾ ਇੰਝ ਖ਼ੁਦਾ ਹੁੰਦਾ।
ਇਸ਼ਕ ਦੀ ਕਰਨੀ ਬੜੀ ਇਬਾਦਤ ਪੈਂਦੀ,
ਸ਼ੈਰੀ ਵਰਗਿਆਂ ਦੇ ਹੱਥ ਨਾ ਕੱਖ ਆਇਆ।
ਬਣਿਆ ਫਿਰਦਾ ਸੀ ਜਿਹੜਾ ਫ਼ਕੀਰ ਲੋਕੋ,
ਨਾ ਯਾਰ ਪਾਇਆ ਨਾ ਖ਼ੁਦਾ ਮੁੜ੍ਹ ਆਇਆ।

39. ਅੱਗ ਲੱਗੇ ਚੰਦਰੇ ਜ਼ਮਾਨੇ ਨੂੰ

ਅੱਗ ਲੱਗੇ ਚੰਦਰੇ ਜ਼ਮਾਨੇ ਨੂੰ,
ਅਸਾਂ ਜਾਨ ਯਾਰ ਦੇ ਨਾਮ ਕਰੀ ਹੋਈ ਹੈ।
ਬਾਜ਼ਾਰ 'ਚ ਕਰ ਹਲਾਲ ਤੂੰ ਚਲਾ ਜਾ,
ਅਸਾਂ ਜਾਨ ਸੂਲੀ ਉੱਤੇ ਧਰੀ ਹੋਈ ਹੈ।

ਤੇਰੀ ਆਂ ਤੇ ਤੇਰੀ ਹੀ ਬਣ ਕੇ ਰਹਿਣਾ,
ਚਾਹੇ ਲੱਖ ਦੁਨੀਆਂ ਮਾਰੀ ਜਾਵੇ ਤਾਹਨੇ ਓਏ।
ਜ਼ਿੰਦਗੀ ਗੁਜ਼ਰ ਗਈ ਤੇਰੇ ਲਾਰਿਆਂ 'ਚ,
ਫੇਰ ਵੀ ਕਿਉਂ ਸੱਚ ਲੱਗਦੇ ਤੇਰੇ ਬਹਾਨੇ ਓਏ।

ਅੱਖੀਂ ਕਣੀਆਂ ਡਿੱਗਣ ਤੇਰੇ ਇਸ਼ਕ ਦੀਆਂ,
ਬਣ ਮੋਤੀ ਮੈਂ ਮਿੱਟੀ ਵਿੱਚ ਜਾ ਰੁਲ਼ੀ ਆਂ।
ਮੇਰੇ ਸਾਹਾਂ ਨੂੰ ਨਾ ਤੇਰੇ ਬਿਨ੍ਹਾਂ ਚੱਲਣਾ ਆਏ,
ਲੱਗੇ ਜੀਣ ਤੋਂ ਵੱਧ ਪਿਆਰੀ ਮੌਤ ਵਾਲੀ ਸੂਲੀ ਆ।

ਸਾਰੇ ਜੰਗਲ 'ਚ ਤੈਨੂੰ ਢੂੰਡ ਥੱਕੀ,
ਆਪਣਾ ਖ਼ੁਦਾ ਵੀ ਤੇਰੇ ਪਿੱਛੇ ਰੁੱਸਾ ਬੈਠੀ।
ਖ਼ੁਦਾ ਤਾਂ ਮਨਾ ਲਵਾਂ ਉਹ ਝੱਟ ਮੰਨ ਜੂ,
ਪਰ ਦਿਲ ਯਾਰ ਤੋਂ ਦੂਰ ਮੈਂ ਕਰਾ ਬੈਠੀ।

ਤੇਰੇ ਦਿੱਤੇ ਜਖ਼ਮ ਮੈਂ ਸਾਂਭ ਰੱਖਾਂ,
ਉੱਤੇ ਪੱਟੀ ਕਰ ਲੈਣੀ ਆ ਮੈਂ ਲਾਰਿਆਂ ਦੀ।
ਲੋਕੀ ਹੱਸਦੇ ਨੇ ਅੱਜ ਤੇਰੀ ਹੀਰ ਉੱਤੇ,
ਬਣੀ ਕੰਜਰੀ ਮੈਂ ਨਜ਼ਰੀ ਸਾਰਿਆਂ ਦੀ।

ਇੱਕ ਵਾਰੀ ਆ ਮੁੱਖ ਦਿਖਾ ਜਾ ਸ਼ੈਰੀ ਤੂੰ,
ਸ਼ਾਂਤ ਹੋ ਸੌਂ ਜਾਊ ਕਬਰਾਂ 'ਚ ਮੇਰੀ ਰੂਹ।
ਮੇਰੀ ਗੋਰ 'ਤੇ ਆ ਕੇ ਰੋਣਗੇ ਆਸ਼ਕ ਸਾਰੇ,
ਨਾਲੇ ਰੋਊ ਟੁੱਟੇ ਤਾਰਿਆਂ ਦੀ ਲੋਅ।

40. ਦਰਦ ਏ ਇਸ਼ਕ

ਕਲਮ ਦੇ ਨਾਲ ਦਰਦ ਵੰਡਾਇਆ ਮੈਂ,
ਹਰ ਇੱਕ ਧੋਖਾ ਤੇਰਾ ਕਲਮ ਨਾਲ ਸਜਾਇਆ ਮੈਂ।
ਕੱਲ੍ਹ ਟੁੱਟੇ ਤਾਰਿਆਂ ਨਾਲ ਇਕੱਲਿਆਂ ਬਹਿ ਕੇ,
ਆਪਣਾ ਟੁੱਟਿਆ ਦਿਲ ਕਬਰੀਂ ਮਨਾਇਆ ਮੈਂ।

ਕਬਰਾਂ ਦੇ ਵਿੱਚ ਬਹਿ 'ਕੇ ਲਿਖਿਆ ਮੈਂ,
ਟੁੱਟੇ ਆਸ਼ਕ ਦੀ ਰੂਹ ਨਾਲ ਦਰਦ ਵੰਡਾਇਆ ਮੈਂ।
ਤੂੰ ਦੂਰ ਹੋਈ ਲੱਗਿਆ ਖ਼ੁਦਾ ਰੁੱਸਿਆ,
ਲਿਖ ਲਹੂ ਨਾਲ ਸ਼ੈਰੀ ਕਲਾਮ ਬਣਾਇਆ ਮੈਂ।

ਇਸ਼ਕ-ਏ-ਜ਼ਹਿਰ ਸਮੁੰਦਰ 'ਚ ਡੁੱਬ ਚੱਲਿਆ ਮੈਂ,
ਸਾਰੀ ਕਾਇਨਾਤ ਨੂੰ ਅਲਵਿਦਾ ਕਹਿ ਆਇਆ ਮੈਂ।
ਨਾ ਮੁੰਦਰਾਂ ਪਾਈਆਂ ਨਾ ਕਾਸਾ ਹੱਥੀਂ ਫੜਿਆ,
ਪਰ ਇਸ਼ਕੇ ਦਾ ਫ਼ਕੀਰ ਬਣ ਆਇਆ ਮੈਂ।

ਦਿਲ ਟੁੱਟਿਆ ਮੇਰਾ ਕਿਸੇ ਨੂੰ ਕੀ ਪਤਾ,
ਗ਼ਮਾਂ ਦੇ ਨਾਲ ਬਹਿ ਕੇ ਹਾਸਾ ਪਾਇਆ ਮੈਂ।
ਚਾਰ ਲੱਕੜਾਂ ਜੋਗਾ ਵੀ ਤੂੰ ਨਾ ਛੱਡਿਆ,
ਇਸ਼ਕੇ ਦੇ ਅੰਗਾਰਿਆਂ ਤੇ ਨੱਚ ਆਇਆ ਮੈਂ।

ਲੋਕਾਂ ਲਈ ਇਹ ਸਿਰਫ਼ ਗੀਤ ਹੋਣਾ,
ਕਿਸੇ ਕੀ ਪਤਾ ਕੀ ਕੀ ਦਿਲ 'ਤੇ ਹੰਢਾਇਆ ਮੈਂ।
ਉਹ ਵੀ ਆਖਦੀ ਹੋਣੀ ਏ ਝੂਠ ਬੋਲੇ,
ਤੂੰ ਇਸ਼ਕ ਮੇਰਾ ਤੇ ਧੋਖਾ ਕਮਾਇਆ ਮੈਂ।

ਦੋ ਕੋਡੀ ਦਾ ਰਹਿ ਗਿਆ ਦਿਲ ਮੇਰਾ,
ਤੇਰੇ ਹੱਥੀਂ ਬੇਵਫ਼ਾ ਇਹ ਤੁੜਵਾਇਆ ਮੈਂ।
ਜ਼ਿੰਦਗੀ ਜੀਣ ਨੂੰ ਨਾ ਮੇਰਾ ਦਿਲ ਮੰਨਦਾ,
ਰੁੱਸੀ ਮੌਤ ਨੂੰ ਸ਼ੈਰੀ ਮਨਾਇਆ ਮੈਂ।

41. ਬੁੱਲ੍ਹਿਆ ਤੈਨੂੰ ਖੁਦਾ ਨਹੀਂ ਮਿਲਿਆ

ਬੁੱਲ੍ਹਿਆ ਤੈਨੂੰ ਖੁਦਾ ਨਹੀਂ ਮਿਲਿਆ,
ਤੇ ਸ਼ੈਰੀ ਨੂੰ ਮਿਲਿਆ ਯਾਰ ਨਹੀਂ।
ਆਪਣੀ ਲੱਭਦਾ ਉਹ ਰੂਹ ਰਹਿ ਗਿਆ,
ਉਹਨੇ ਕੀਤਾ ਕੋਈ ਪਿਆਰ ਨਹੀਂ।
ਲਿਖਣਾ ਕੋਈ ਮੈਨੂੰ ਨਹੀਂ ਆਉਂਦਾ,
ਰੱਬਾ ਦਿੰਦਾ ਲਫ਼ਜ਼ ਕਿਉਂ ਉਧਾਰ ਨਹੀਂ।
ਯਾਰ ਤੋਂ ਧੋਖੇ ਖਾਂਦਾ ਫਿਰਦਾ,
ਮਹਿੰਗੀ ਹੁੰਦੀ ਬੜੀ ਕੀਮਤ ਪਿਆਰ ਵਾਲੀ।
ਸੱਜਣ ਦਾ ਪਿਆਰ ਪੂਰਾ ਰਾਖ ਹੋ ਗਿਆ,
ਥਾਂ-ਥਾਂ ਲੱਭਾ ਯਾਰ ਕਿੱਥੇ ਖੋ ਗਿਆ।
ਰੱਬਾ ਹੋਰ ਕੁਝ ਨਹੀਂ ਤਾਂ ਇਹੀ ਦੱਸ ਦੇ,
ਮੇਰੀ ਕਲਮ ਦਾ ਇਤਬਾਰ ਕਿੱਥੇ ਲਕੋ ਲਿਆ।
ਮੇਰੇ ਬਾਗ਼ੀ ਦਿਲ ਨੇ ਦਰਦ ਫਰੋਲ ਲਿਆ,
ਦਿੱਤੀ ਨਿਸ਼ਾਨੀ ਪਿਆਰ ਵਾਲੀ ਮੈਨੂੰ ਮੋੜ ਗਿਆ।
ਨਿੱਤ-ਨਿੱਤ ਕਲਮ ਨਾਲ ਘੁਲਦਾ ਮੈਂ,
ਲਿਖਣਾ ਸਿਖਾ ਕੇ ਮੇਰੀ ਜ਼ਿੰਦਗੀ ਰੋਲ ਗਿਆ।
ਰੱਬਾ ਅੰਦਰ ਨਹੀਂ ਯਾਰ ਵਿੱਚ ਦਿਸੀ ਮਸੀਤ,
ਖੁਦਾ ਤਾਂ ਮਿਲਿਆ ਨਹੀਂ ਮਸੀਤੋਂ ਮਿਲੀ ਪਲੀਤ।
ਲੋਕੀ ਕਹਿੰਦੇ ਸ਼ੈਰੀ ਪਿਆਰ 'ਚ ਅਮਲੀ ਹੋਇਆ,
ਉਹਦੇ ਨਾਮ ਦਿਲ ਕਰ ਲਾਈ ਬਦਨਾਮੀ ਨਾਲ ਪ੍ਰੀਤ।

42. ਇਸ਼ਕ ਹੁੰਦਾ ਰੱਬ ਵਾਂਗਰਾਂ

ਇਸ਼ਕ ਹੁੰਦਾ ਰੱਬ ਵਾਂਗਰਾਂ,
ਫੇਰ ਯਾਰ ਨਾਲ ਵਫਾ ਕਮਾਈਏ ਜੀ।
ਜੇ ਨਿਭਾਉਣੀ ਨਹੀਂ ਯਾਰੀ ਸੱਜਣਾ,
ਫੇਰ ਯਾਰ ਨਾਲ ਯਾਰੀ ਨਾ ਲਾਈਏ ਜੀ।

ਮੁੱਲ ਪਾਉਣਾ ਕੀ ਦੁਨੀਆ ਨੇ,
ਕਦਰ ਇਸ਼ਕੇ ਦੀ ਜਾ ਰਾਂਝੇ ਤੋਂ ਪੁੱਛੋ।
ਦਰਦ ਹੁੰਦਾ ਕੀ ਵਿਛੋੜੇ ਵਾਲਾ,
ਜਾ ਕੇ ਯਾਰ ਤੋਂ ਹੋਏ ਵਾਂਝੇ ਤੋਂ ਪੁੱਛੋ।

ਲਿਖ ਕਹਾਣੀ ਇਸ਼ਕ ਵਾਲੀ ਵੇ,
ਨਮੀਂ ਅੱਖੀਆਂ 'ਚ ਕਲਮ ਦੇ ਕਿੰਨੀ ਕੁ ਸੀ।
ਫੱਟ ਲੱਗੇ ਇਸ਼ਕ ਪਿੰਡੇ ਹੰਢਾਇਆ,
ਖ਼ੁਦਾ ਨੇ ਭੇਜੀ ਮਲ੍ਹਮ ਕਿੰਨੀ ਕੁ ਸੀ।

ਪਾਣੀ ਵਾਂਗ ਸਾਫ ਦਿਲ ਆਸ਼ਕ ਦਾ,
ਤੇ ਸ਼ੀਸ਼ੇ ਵਾਂਗ ਕਹਿੰਦੇ ਟੁੱਟ ਜਾਂਦਾ।
ਕੱਖ ਨਾ ਛੱਡਦਾ ਇਹ ਇਸ਼ਕ ਪੱਲੇ,
ਭਰੇ ਬਾਜ਼ਾਰ ਆਸ਼ਕ ਕਹਿੰਦੇ ਲੁੱਟ ਜਾਂਦਾ।

ਕੰਨ ਪੜਵਾ ਤੇ ਹੱਥੀਂ ਕਾਸਾ ਫੜ੍ਹ ਲੈ,
ਭੀਖ ਮੰਗ ਖਾ ਤੇ ਫ਼ਕੀਰ ਬਣ ਲੈ।
ਕਬਰੀਂ ਸੌਂ ਜਾ ਜਾਂ ਚਾਰ ਲੱਕੜੀ ਮਰਲੇ,
ਜਾਂ ਜੀ 'ਲਾ ਜ਼ਿੰਦਗੀ ਤੇ ਇਸ਼ਕੇ 'ਚ ਸੜ੍ਹ ਲੈ।

ਕਿਸੇ ਨੇ ਇਸ਼ਕ ਖ਼ੁਦਾ ਮੰਨਿਆ,
ਤੇ ਕਿਸੇ ਨੂੰ ਸੂਲੀ ਚੜ੍ਹਾ ਚਲਿਆ
ਸ਼ੈਰੀ ਵੀ ਇਸ਼ਕੇ 'ਚ ਪਾਗਲ ਹੋਇਆ,
ਜਿਹੜਾ ਦੁਨੀਆਂਦਾਰੀ ਸਭ ਮੁਕਾ ਚੱਲਿਆ।

43. ਕਿਵੇਂ ਰੁੱਸੀ ਨੂੰ ਮਨਾਵਾਂ

ਰੱਬ ਬਣ ਗਿਆ ਏਂ ਤੂੰ ਮੇਰਾ,
ਤੇਰੇ ਨਾਮ ਦੀ ਮੈਂ ਆਰਤੀ ਗਾਵਾਂ।
ਤੂੰ ਹੀ ਦੱਸਦੇ ਸੋਹਣਿਆਂ ਸੱਜਣਾਂ,
ਤੈਨੂੰ ਰੁੱਸੀ ਨੂੰ ਮੈਂ ਕਿੰਝ ਮਨਾਵਾਂ।

ਤੇਰੀ ਇਬਾਰਤ ਕਰਾਂ ਖ਼ੁਦਾ ਵਾਂਗਰਾਂ,
ਤੈਨੂੰ ਸਜਦਾ ਕਰਾਂ ਲੱਖ ਵਾਰ ਮੈਂ।
ਇੱਕ ਦੀਦਾਰ ਤੇਰਾ ਜੇ ਹੋ ਜਾਵੇ,
ਤੇਰੇ ਦੀਦਾਰ ਨੂੰ ਹੀ ਕਰਾਂ ਪਿਆਰ ਮੈਂ।

ਸੁਪਨਿਆਂ ਵਿੱਚ ਤੂੰ ਆ ਜਾਣਾ ਏ,
ਕਿੰਝ ਤੇਰਾ ਪਿਆਰ ਮੈਂ ਮਹਿਸੂਸ ਕਰਾਂ।
ਕੋਈ ਝੂਠਾ ਲਾਰਾ ਲਾ ਕੇ ਛੱਡ ਜਾ,
ਤੇਰੇ ਲਾਰੇ ਨੂੰ ਮਹਿਬੂਬ ਕਹਾਂ।

ਪੜ੍ਹ ਲਿਆ ਕਰ ਟੁੱਟੇ ਗੀਤ ਮੇਰੇ,
ਪਿਆਰ ਦਾ ਅਹਿਸਾਸ ਹੋ ਜਾਵੇਗਾ।
ਮੇਰੀ ਜ਼ਿੰਦਗੀ 'ਚ ਤੂੰ ਉਦੋਂ ਆਉਣਾ,
ਕੀ ਸ਼ੈਰੀ ਜਦ ਕਬਰਾਂ 'ਚ ਸੌਂ ਜਾਵੇਗਾ।

ਬਹੁਤੀ ਦੇਰੀ ਨਾ ਕਰ ਬੈਠੀਂ ਸੱਜਣਾ,
ਮੁੜ ਵਾਪਿਸ ਨਾ ਮੈਥੋਂ ਆ ਹੋਵੇ।
ਹਾਲ ਕਰ ਦਵੀਂ ਨਾ ਫ਼ਕੀਰਾਂ ਵਾਲਾ,
ਇੱਕ ਹੋਰ ਟਿੱਲੇ 'ਤੇ ਇੱਕ ਫ਼ਕੀਰ ਰੋਵੇ।

ਐਨਾ ਦੱਸ ਕਿਉਂ ਗੁੱਸੇ ਹੋਇਆ,
ਕੀ ਗ਼ਲਤੀ ਹੋ ਗਈ ਮੈਥੋਂ ਭਾਰੀ।
ਮੁਆਫ਼ੀ ਮੰਗਦਾ ਹਾਂ ਹੱਥ ਜੋੜ ਕੇ,
ਤੇਰੇ ਪੈਰਾਂ 'ਚ ਮੇਰੀ ਖ਼ੁਦਾਈ ਸਾਰੀ।

ਐਨਾ ਪਿਆਰ ਨਾ ਕਰਨਾ ਕਿਸੇ ਤੈਨੂੰ,
ਤੈਨੂੰ ਮੈਂ ਆਪਣੀ ਰੂਹ ਤੋਂ ਚਾਹਵਾਂ।
ਤੂੰ ਹੀ ਦੱਸ ਦੇ ਸੋਹਣਿਆ ਸੱਜਣਾ,
ਤੈਨੂੰ ਰੁੱਸੀ ਨੂੰ ਮੈਂ ਕਿੰਝ ਮਨਾਵਾਂ।

44. ਯਾਰ ਦੀ ਰਮਜ਼

ਲਫ਼ਜ਼ਾਂ ਦੇ ਦਰਿਆ 'ਚ ਗੁੰਮਿਆ ਕੋਈ ਗੀਤ ਲੱਭ ਜੇ,
ਇਸ ਮਤਲਬੀ ਦੁਨੀਆਂ 'ਚ ਆਪਣਾ ਕੋਈ ਮੀਤ ਲੱਭ ਜੇ।
ਯਾਰ ਕੋਈ ਐਸਾ ਕਬਰਾਂ ਤੱਕ ਵੀ ਆ ਜਾਵੇ,
ਖ਼ੁਦਾ ਜਿੰਨੀ ਪਵਿੱਤਰ ਜੇ ਕੋਈ ਪ੍ਰੀਤ ਲੱਭ ਜੇ।
ਮਹਿਬੂਬ ਦੀਆਂ ਅੱਖੀਆਂ 'ਚ ਮੇਰਾ ਜਹਾਨ ਲੱਭ ਜੇ,
ਉਹਦੀ ਸਖ਼ਸ਼ੀਅਤ 'ਚ ਮੈਨੂੰ ਮੇਰੀ ਪਹਿਚਾਣ ਲੱਭ ਜੇ।
ਦੋਹੇਂ ਦਿਲਾਂ ਦੀ ਧੜਕਣ ਜੇ ਇੱਕ ਹੋ ਜਾਵੇ,
ਜਿਸਮ ਦੋ ਤੇ ਸਾਹ ਇੱਕ ਐਸੀ ਕੋਈ ਜਾਨ ਲੱਭ ਜੇ।

ਮੁੱਕੇ ਨਾ ਜੋ ਐਸਾ ਬਿਰਹੇ ਦਾ ਦਰਦ ਲੱਭ ਜੇ,
ਮਰੇ ਦੀ ਵੀ ਦੁੱਖੇ ਜੋ ਐਸੀ ਕੋਈ ਮਰਜ਼ ਲੱਭ ਜੇ।
ਨਫ਼ਾ ਖਾਵੇਂ ਤੂੰ ਸਾਰੀ ਜ਼ਿੰਦਗੀ ਮੇਰੇ ਸਾਹਾਂ ਦਾ,
ਸਾਰੀ ਜ਼ਿੰਦਗੀ ਨਾ ਉਤਾਰ ਪਾਵਾਂ ਐਸਾ ਕੋਈ ਕਰਜ਼ ਲੱਭ ਜੇ।
ਤੇਰੇ ਨਾਮ ਜਿੰਨਾ ਸੋਹਣਾ ਜੇ ਕੋਈ ਲਫ਼ਜ਼ ਲੱਭ ਜੇ,
ਮਾਂ ਦੀ ਮਮਤਾ ਜਿੰਨਾ ਪਵਿੱਤਰ ਕੋਈ ਫਰਜ਼ ਲੱਭ ਜੇ।
ਸ਼ੈਰੀ ਲੱਭ ਜੇ ਰੱਬ ਤੇ ਮੰਨ ਜੇ ਯਾਰ ਮੇਰਾ,
ਖ਼ੁਦਾ ਨੂੰ ਵੀ ਪਤਾ ਲੱਗੇ ਨਾ ਐਸੀ ਯਾਰ ਦੀ ਰਮਜ਼ ਲੱਭ ਜੇ।

45. ਨਾ ਤੂੰ ਸਾਂਈਂ, ਨਾ ਮੈਂ ਸਾਂਈਂ

ਨਾ ਤੂੰ ਸਾਂਈਂ, ਨਾ ਮੈਂ ਸਾਂਈਂ, ਨਾ ਤੂੰ ਪੀਰ, ਨਾ ਮੈਂ ਪੀਰ।
ਇੱਕ ਦਿਨ ਮਿਟ ਜਾਣੀ, ਹੱਥਾਂ ਦੀ ਇਹ ਲਕੀਰ।
ਬੁੱਲ੍ਹਾ ਵੀ ਭੁੱਲਾ ਹੋ ਗਿਆ, ਅੰਦਰੇ ਰਹੀ ਫ਼ਕੀਰ।
ਲਿਖ ਲਿਖ ਲਿਖਾਰੀ ਸਾਰੇ ਪਾਗਲ ਹੋਏ, ਲਿਖਣੀ ਔਖੀ ਏ ਬੜੀ ਤਕਦੀਰ।
ਪੜ੍ਹ ਪੜ੍ਹ ਇੱਥੇ ਸਾਰੇ ਪਾਗਲ ਹੋਏ, ਕੋਈ ਡਾਕਟਰ ਤੇ ਕੋਈ ਵਕੀਲ।
ਰੱਬ ਦਾ ਨਾਮ ਨਾ ਲਵੇਂ ਤੂੰ, ਦੱਸ ਕਾਹਦਾ ਤੂੰ ਬਣਿਆ ਫ਼ਕੀਰ।
ਖ਼ੁਦਾ ਤਾਂ ਅੰਦਰੇ ਬੈਠਾ ਤੇਰੇ, ਫੇਰ ਕੋਸਣੀ ਪੈਣੀ ਤਕਦੀਰ।
ਮੰਦਰ-ਮਸਜਿਦ ਲੱਖ ਮੱਥੇ ਟੇਕੇ, ਤੇ ਅੰਦਰੇ ਰਹੀ ਪਲੀਤ।
ਬਾਹਰ ਕਿਸੇ ਨੂੰ ਨਾ ਰੱਬ ਮਿਲਦਾ, ਬੰਦੇ ਦੇ ਅੰਦਰੇ ਹੀ ਮਸੀਤ।
ਰੱਬ ਤਾਂ ਤੇਰੇ ਪਿੱਛੇ ਖੜ੍ਹਾ, ਪਤਾ ਨਹੀਂ ਅੱਗੇ ਤੂੰ ਕਿੱਥੇ ਜਾਂਵਦਾ ਈਂ।
ਰੱਬ ਦੀ ਦਿੱਤੀ ਸਿੱਖ ਨਾ ਸਿੱਖੇਂ ਤੂੰ, ਪਰ ਰੱਬ ਦੇ ਦਰ 'ਤੇ ਰੋਜ਼ ਆਂਵਦਾ ਈਂ।
ਬਾਹਰ ਜਾ ਜਾ ਕਰੇ ਮਖੌਲਾਂ ਬੰਦਿਆ, ਕਦੇ ਆਪਣਾ ਅੰਦਰ ਤੂੰ ਫਰੋਲਦਾ ਨਹੀਂ।
ਤੈਨੂੰ ਕੀ ਲੱਗੇ ਤੂੰ ਸਹੀ ਬੰਦਿਆ, ਫੇਰ ਖੁਦਾ ਨੂੰ ਦੋਸ਼ ਕਿਉਂ ਤੂੰ ਦੇਂਵਦਾ ਈਂ।
ਉਹਨੂੰ ਤਾਂ ਖ਼ੁਦਾ ਹੀ ਭੁੱਲ ਜਾਂਦਾ, ਜਿਹਨੇ ਆਪਣੇ ਯਾਰ ਨਾਲ ਲਾਈ।
ਨਾ ਰੱਬ ਮਿਲਿਆ ਨਾ ਯਾਰ ਮੰਨਿਆ, ਸ਼ੈਰੀ ਨੇ ਤਾਂ ਆਪਣੇ ਮੂੰਹ 'ਤੇ ਖਾਈ।

46. ਤੈਨੂੰ ਰੱਬ ਭੁਲਾ ਦੇਵਾਂਗਾ

ਮੈਂ ਤੈਨੂੰ ਰੱਬ ਭੁਲਾ ਦੇਵਾਂਗਾ,
ਚੰਦ ਅੰਬਰੋਂ ਲਾਹ ਦੇਵਾਂਗਾ।
ਟੁੱਟੇ ਤਾਰੇ ਇਕੱਠੇ ਕਰਕੇ ਨੀਂ,
ਤੇਰੀ ਚੁੰਨੀ ਜੜਵਾ ਦੇਵਾਂਗਾ।
ਨੈਣਾਂ ਮੇਰਿਆਂ ਦਾ ਕਸੂਰ ਏ,
ਜੋ ਤੂੰ ਹੋਇਆ ਮੈਥੋਂ ਦੂਰ ਏ।
ਦਿਲਾ ਤੈਨੂੰ ਵੀ ਮੈਂ ਕੀ ਆਖਾਂ,
ਤੂੰ ਵੀ ਤਾਂ ਮੇਰੇ ਵਾਂਗ ਮਜ਼ਬੂਰ ਏ।
ਕਿੰਝ ਆਖਾਂ ਤੈਨੂੰ ਕਿੰਨਾ ਪਿਆਰ ਕਰਦਾ,
ਤੂੰ ਕਦੇ ਸੋਚ ਵੀ ਨਹੀਂ ਸਕਦੀ।
ਤੈਨੂੰ ਵੇਖੇ ਬਿਨ੍ਹਾਂ ਕਿੱਕਣ ਪਲ ਲੰਘਦੇ,
ਤੂੰ ਕਦੇ ਲੋਚ ਵੀ ਨਹੀਂ ਸਕਦੀ।
ਇਸ਼ਕ ਪਿਆਰ ਮੁਹੱਬਤ ਖ਼ੁਦਾ ਰੱਬ,
ਕੀ ਕੀ ਨਾਮ ਤੇਰੇ ਨੇ ਸੱਜਣਾ।
ਨਫ਼ਰਤ ਮੌਤ ਟੁੱਟਿਆ ਜ਼ਹਿਰ ਕਬਰ,
ਕੀ ਕੀ ਨਾਮ ਮੇਰੇ ਨੇ ਸੱਜਣਾ।
ਮੈਨੂੰ ਦਰਦ ਤਾਂ ਦੇ ਪਰ ਲਿਖਣ ਜੋਗਾ,
ਐਨਾ ਨਾ ਦੇ ਕਿ ਮੈਂ ਮਰ ਜਾਵਾਂ।
ਮੈਨੂੰ ਧੋਖਾ ਤਾਂ ਦੇ ਪਰ ਸਿੱਖਣ ਜੋਗਾ,
ਐਨਾ ਨਾ ਦੇ ਕਬਰਾਂ 'ਚ ਸੱਜ ਜਾਵਾਂ।
ਪਿਆਰ ਤਾਂ ਹੋ ਜੂ ਇੱਕ ਦਿਨ ਤੈਨੂੰ ਵੀ,
ਬੱਸ ਤੂੰ ਦੂਰ ਨਾ ਹੋ ਜਾਵੀਂ।
ਸਾਰੀ ਦੁਨੀਆਂ ਮਨਾ ਲਵਾਂਗਾ ਮੈਂ,
ਬੱਸ ਤੂੰ ਮਜਬੂਰ ਨਾ ਹੋ ਜਾਵੀਂ।
ਇੱਕ ਹਾਂ ਮੰਗੀ ਮੈਂ ਤੇਰੇ ਕੋਲੋਂ ਵੇ,
ਸਾਹ ਦਿਲ ਜਾਨ ਸਭ ਨਾਮ ਕੀਤੇ ਮੈਂ ਤੇਰੇ।
ਸ਼ੈਰੀ ਸਾਰੇ ਜਨਮ ਤੇਰੇ ਨਾਮ ਕਰਦਾ,
ਬਸ ਇੱਕ ਯਕੀਨ ਆਪਣਾ ਨਾਮ ਕਰਦੀ ਮੇਰੇ।
ਤੈਨੂੰ ਇਕੱਲਾ ਨਾ ਛੱਡ ਜਾਉਂ ਕਦੇ,
ਹਰ ਇੱਕ ਪਲ ਸਜਾ ਦੇਵਾਂਗਾ ਮੈਂ ਤੇਰੇ।
ਜਿਸ ਪਲ ਤੈਨੂੰ ਮੈਂ ਯਾਦ ਨਾ ਕੀਤਾ,
ਤੂੰ ਸੋਚ ਲਵੀਂ ਉਸ ਪਲ ਸਾਹ ਮੁੱਕਗੇ ਮੇਰੇ।

47. ਸ਼ਾਇਰ ਗੁੰਮਨਾਮ

ਸ਼ਾਇਰ ਆਂ, ਅਸੀਂ ਚਿਹਰਿਆਂ 'ਚੋਂ ਵੀ ਗੀਤ ਕੱਢ ਲੈਣੇ ਆ।
ਗੁੰਮਨਾਮ ਆਂ, ਅਸੀਂ ਹਾਰਾਂ 'ਚੋਂ ਵੀ ਜਿੱਤ ਕੱਢ ਲੈਣੇ ਆ।
ਸ਼ਾਇਰ ਆਂ, ਅਸੀਂ ਅੱਖਾਂ 'ਚੋਂ ਵੀ ਬੰਦਾ ਪੜ੍ਹ ਲੈਣੇ ਆ।
ਗੁੰਮਨਾਮ ਆਂ, ਕਲਮ ਨਾਲ ਹੀ ਅਸੀਂ ਜਾਨ ਕੱਢ ਲੈਣੇ ਆ।
ਸ਼ਾਇਰ ਆਂ, ਅਸੀਂ ਸਮਝ 'ਚ ਨਹੀਂ ਆਉਂਦੇ ਦੁਨੀਆਂ ਦੇ।
ਗੁੰਮਨਾਮ ਆਂ, ਅਸੀਂ ਦਿਨਾਂ 'ਚ ਨਜ਼ਰ ਨਹੀਂ ਆਉਂਦੇ ਦੁਨੀਆਂ ਦੇ।
ਸ਼ਾਇਰ ਆਂ, ਅਸੀਂ ਦਾਗ਼ੀ ਚੰਦ ਦੀ ਔਕਾਤ ਬਣਾ ਬੈਠੇ।
ਗੁੰਮਨਾਮ ਆਂ, ਅਸੀਂ ਕਿੰਨੇ ਹੀ ਤਾਰੇ ਧਰਤੀ ਤੇ ਲਾਹ ਬੈਠੇ।
ਸ਼ਾਇਰ ਆਂ, ਮੈਂ ਰੱਬ ਆ ਆਪਣੇ ਗੀਤਾਂ ਦਾ।
ਗੁੰਮਨਾਮ ਆਂ, ਸੱਚ ਜਾਣਦਾ ਆ ਦੁਨੀਆਂ ਦੀਆਂ ਰੀਤਾਂ ਦਾ।
ਸ਼ਾਇਰ ਆਂ, ਸਾਡੀ ਕਬਰਾਂ 'ਚ ਵੀ ਕੀਮਤ ਪੈਂਦੀ।
ਗੁੰਮਨਾਮ ਆਂ, ਦੇਖ ਕਲਮ ਸ਼ੈਰੀ ਨੂੰ ਆਪਣਾ ਕਹਿੰਦੀ।

48. ਮੈਂ ਕੌਣ ਹਾਂ

* ਮੈਂ ਕੌਣ ਹਾਂ, ਮੈਂ ਕੀ ਹਾਂ, ਮੇਰੀ ਜਾਤ ਕੀ ਏ।
ਇਸ ਟੁੱਟੇ ਹੋਏ, ਮੇਰੇ ਦਿਲ ਦੀ, ਔਕਾਤ ਕੀ ਏ।
ਮੈਂ ਆਸ਼ਕ ਆਂ, ਜਾਂ ਫ਼ਕੀਰ ਕੋਈ।
ਮੈਂ ਲਿਖਾਰੀ ਆਂ, ਜਾਂ ਤਕਦੀਰ ਕੋਈ।
ਮੈਂ ਰਾਜਾ ਆਂ, ਜਾਂ ਭਿਖਾਰੀ ਕੋਈ।
ਮੈਂ ਸ਼ਿਕਾਰ ਆਂ, ਜਾਂ ਸ਼ਿਕਾਰੀ ਕੋਈ।
ਮੈਂ ਹੀਰ ਆਂ, ਜਾਂ ਰਾਝਾਂ ਕੋਈ।
ਮੈਂ ਸਾਹਿਬਾ ਆਂ, ਜਾਂ ਮਿਰਜ਼ਾ ਕੋਈ।
ਮੈਂ ਸੱਸੀ ਆਂ, ਜਾਂ ਪੁਨੂੰ ਕੋਈ।
ਮੈਂ ਸੋਹਣੀ ਆਂ, ਜਾਂ ਮਹੀਵਾਲ ਆਂ।
ਮੈਂ ਕਬਰ ਆਂ, ਜਾਂ ਲੱਕੜਾਂ ਕੋਈ।
ਮੈਂ ਜ਼ਿੰਦਗੀ ਆਂ, ਜਾਂ ਮੌਤ ਕੋਈ।
ਮੈਂ ਇਸ਼ਕ ਆਂ, ਜਾਂ ਨਫ਼ਰਤ ਕੋਈ।
ਮੈਂ ਖੁਸ਼ ਆਂ, ਜਾਂ ਟੁੱਟਿਆ ਕੋਈ।
ਮੈਂ ਮੰਨਿਆਂ ਆਂ, ਜਾਂ ਰੁੱਸਿਆ ਕੋਈ।
ਸ਼ੈਰੀ ਦੀ ਕਲਮ ਆਂ, ਜਾਂ ਕਾਗਜ਼ ਕੋਈ।
ਟੁੱਟਿਆ ਤਾਰਾ ਆਂ, ਜਾਂ ਚਾਂਦਨੀ ਕੋਈ।
ਮੈਂ ਸੂਰਜ ਆਂ, ਜਾਂ ਚੰਦ ਕੋਈ।
ਮੈਂ ਖ਼ੁਆਬ ਆਂ, ਜਾਂ ਸੁਪਨਾ ਕੋਈ।
ਮੈਂ ਗ਼ਲਤੀ ਆਂ, ਜਾਂ ਮੁਆਫ਼ੀ ਕੋਈ।
ਮੈਂ ਖ਼ੁਦਾ ਆਂ, ਜਾਂ ਯਾਰ ਕੋਈ।
ਮੈਂ ਖ਼ੁਸ਼ੀ ਆਂ, ਜਾਂ ਗ਼ਮੀ ਕੋਈ।
ਮੈਂ ਖ਼ੁਦਾ ਆਂ, ਜਾਂ ਸ਼ੈਤਾਨ ਕੋਈ।
ਮੈਂ ਸਮੁੰਦਰ ਆਂ, ਜਾਂ ਰੇਗਿਸਤਾਨ ਕੋਈ।
ਮੈਂ ਧਰਤੀ ਆਂ, ਜਾਂ ਅੰਬਰ ਕੋਈ।
ਮੈਂ ਕਾਇਨਾਤ ਆਂ, ਜਾਂ ਕਿਆਮਤ ਕੋਈ।
ਮੈਂ ਅੰਮ੍ਰਿਤ ਆਂ, ਜਾਂ ਸ਼ਰਾਬ ਕੋਈ।
ਮੈਂ ਕਮਲਾ ਆਂ, ਜਾਂ ਕਿਤਾਬ ਕੋਈ।
ਮੈਂ ਚਾਬੀ ਆਂ, ਜਾਂ ਤਿਜ਼ੋਰੀ ਕੋਈ।
ਮੈਂ ਇਨਸਾਨ ਆਂ, ਜਾਂ ਅਮਲੀ ਕੋਈ।
ਮੈਂ ਲੱਭ ਰਿਹਾ, ਕੋਈ ਰੂਹ ਮੇਰੀ।
ਨਾ ਕਰ ਸ਼ੈਰੀ ਓਏ, ਤੂੰ ਮੇਰੀ ਮੇਰੀ।
ਲਿਖੀ ਜਾ ਪਰ, ਇਹ ਕਲਮ ਨਹੀਂ ਤੇਰੀ।
ਜਦ ਸਭ ਮਿਲਣਾ, ਮੌਤ ਪਾਊ ਫੇਰੀ।
ਹਿੰਮਤ ਰੱਖ ਤੂੰ, ਨਾ ਢਾਹ ਢੇਰੀ।
ਇਹੀ ਸਮਾਂ ਏ, ਨਾ ਕਰ ਦੇਰੀ।
ਕਿਉਂ ਚੁੱਪ ਬੈਠਾ, ਲਿਆ ਦੇ ਨ੍ਹੇਰੀ।
ਜ਼ਿੰਦਗੀ ਝੂਠ ਏ, ਤੇ ਮੌਤ ਤੇਰੀ।

49. ਰੱਬਾ ਤੂੰ ਕਿਹੜਿਆਂ ਰੰਗਾਂ 'ਚ ਰਾਜ਼ੀ

(ਪਹਿਲੀ ਕਵਿਤਾ ਜ਼ਿੰਦਗੀ ਦੀ)

ਮਿੱਟੀ ਦਾ ਬੁੱਤ ਬਣਾ ਕੇ ਵਿੱਚ ਜਾਨ ਪਾ ਕੇ ਤੂੰ ਇਨਸਾਨ ਬਣਾ 'ਤਾ,
ਰੱਬਾ ਦੱਸ ਕਾਹਤੋਂ ਕਰਜ਼ੇ ਥੱਲੇ ਜੱਟ ਦੇ ਕੇ ਕਿਸਾਨ ਮਰਵਾ 'ਤਾ।
ਲੋਕੀ ਕਹਿੰਦੇ ਸ਼ੈਰੀ ਨੂੰ ਲਿਖਣਾ ਨਹੀਂ ਆਉਂਦਾ ਪਰ ਮੈਂ ਸੱਚ ਸੁਣਾ 'ਤਾ,
ਸੱਚ ਬੋਲਦੀ ਆ ਕਲਮ ਮੇਰੀ ਤਾਹੀਂ ਲੋਕਾਂ ਨੇ ਸ਼ੈਰੀ ਧਮਕਾ 'ਤਾ।
ਤੂੰ ਹੀ ਮੇਰਾ ਯਾਰ ਪਿਆਰ ਦਿਲਦਾਰ ਜਾਨ ਤੂੰ ਹੀ ਆ ਮੇਰਾ ਕਾਜ਼ੀ,
ਕੋਈ ਨਹੀਂ ਜਾਣਦਾ ਰੱਬਾ ਤੂੰ ਕਿਹੜਿਆਂ ਰੰਗਾਂ 'ਚ ਆ ਰਾਜ਼ੀ।

ਇੱਥੇ ਥਾਂ-ਥਾਂ ਅਮੀਰ ਨੱਚਦਾ ਪਰ ਗਰੀਬ ਹੀ ਕਿਉਂ ਮਰਦਾ,
ਤੂੰ ਚਾਹੇ ਤਾਂ ਗਰੀਬ ਤੋਂ ਗਰੀਬ ਦਾ ਬੇੜਾ ਵੀ ਤਰਦਾ।
ਪਹਿਲਾਂ ਕਦੇ ਕੋਈ ਸ਼ੇਅਰ ਨਹੀਂ ਲਿਖਿਆ ਪਰ ਹੁਣ ਕਲਮ ਬਿਨ੍ਹਾਂ ਨਹੀਂ ਸਰਦਾ,
ਰੱਬਾ ਮੁਆਫ਼ ਕਰੀਂ ਤੈਥੋਂ ਵੱਧ ਸ਼ੈਰੀ ਪਿਆਰ ਕਰਨ ਤੋਂ ਆ ਡਰਦਾ।
ਬੇੜੀ ਲਾ ਦਈਂ ਪਾਰ ਇਸ ਗਰੀਬ ਸ਼ਾਇਰ ਦੀ ਰੱਬਾ ਤੂੰ ਹੀ ਆ ਮੇਰਾ ਮਾਂਝੀ,
ਕੋਈ ਨਹੀਂ ਜਾਣਦਾ ਰੱਬਾ ਤੂੰ ਕਿਹੜਿਆਂ ਰੰਗਾਂ 'ਚ ਆ ਰਾਜ਼ੀ।

ਰੱਬਾ ਡਰ ਲੱਗਦਾ ਯਾਰ ਤੋਂ ਤੂੰ ਹੀ ਦੱਸ ਕਿਵੇਂ ਸੁਣਾਵਾਂ ਆਪਣੇ ਪਿਆਰ ਦੀ ਕਹਾਣੀ,
ਜਦ ਪਹਿਲੀ ਵਾਰੀ ਦੇਖਿਆ ਤਾਂ ਲੱਗਿਆ ਜਿਵੇਂ ਪਿਛਲੇ ਜਨਮ ਦੀ ਜਾਣੀ ਪਹਿਚਾਣੀ।
ਮੈਂ ਤਾਂ ਇੱਕ ਗਰੀਬ ਸ਼ਾਇਰ ਆਂ ਉਹ ਆ ਮੇਰੇ ਅਮੀਰ ਸੁਪਨਿਆਂ ਦੀ ਰਾਣੀ,
ਉਡਾਉਂਦੀ ਆ ਉਹ ਮਜ਼ਾਕ ਮੇਰਾ ਸ਼ੁਰੂ ਹੋਣ ਨਾ ਦਿੱਤੀ ਮੇਰੇ ਪਿਆਰ ਦੀ ਕਹਾਣੀ।
ਸਾਹ ਨਹੀਂ ਆਉਂਦਾ ਉਹਦਾ ਨਾਮ ਲਏ ਬਿਨ੍ਹਾਂ ਰੱਬਾ ਤੂੰ ਹੀ ਕਰ ਉਹਨੂੰ ਰਾਜ਼ੀ,
ਕੋਈ ਨਹੀਂ ਜਾਣਦਾ ਰੱਬਾ ਤੂੰ ਕਿਹੜਿਆਂ ਰੰਗਾਂ 'ਚ ਆ ਰਾਜ਼ੀ।

ਰੱਬਾ ਸਾਰੀ ਦੁਨੀਆਂ ਤੇਰੀ ਜਿਹੜੀ ਕਲਮ ਨਾਲ ਲਿਖਦਾ ਮੈਂ ਉਹ ਵੀ ਭੀਖ ਦਿੱਤੀ ਹੋਈ ਤੇਰੀ,
ਸਾਰੇ ਕੰਮ ਕਰਦਾ ਤੂੰ ਮੇਰੇ ਰੱਬਾ ਫੇਰ ਵੀ "ਮੈਂ" ਵਿੱਚ ਆ ਕੇ ਬੰਦਾ ਕਿਉਂ ਕਰੇ ਮੇਰੀ ਮੇਰੀ।
ਰੱਬਾ ਫ਼ਲ ਪਾਉਣਾ ਕੰਮ ਏ ਤੇਰਾ ਪਰ ਦੁਨੀਆਂ ਗੁੱਡਦੀ ਰਹੇ ਆਪਣੀ ਕਿਆਰੀ,
ਰੱਬਾ ਦੇ ਦੇ ਗੁਣ ਕੁਝ ਐਸਾ ਕਿ ਮੈਂ ਲਿਖਦਾ ਰਹਾਂ ਮਹਿਬੂਬ ਲਈ ਸ਼ਾਇਰੀ।
ਕਰਾਂ ਨਾ ਕਦੇ ਮਾਣ ਮੈਂ ਮੇਰੀ ਇਹ ਕਵਿਤਾ ਤੂੰ ਹੈ ਸਾਜ਼ੀ,
ਕੋਈ ਨਹੀਂ ਜਾਣਦਾ ਰੱਬਾ ਤੂੰ ਕਿਹੜਿਆਂ ਰੰਗਾਂ 'ਚ ਆ ਰਾਜ਼ੀ।

50. ਸੱਚ

ਕੰਨੀਂ ਮੁੰਦਰਾਂ ਪਾ ਹੱਥ 'ਚ ਵੰਝਲੀ ਕਾਸਾ ਸੋਟਾ,
ਨਹੀਂ ਬਣਿਆ ਜਾਣਾ ਫ਼ਕੀਰ ਲੋਕੋ।
ਖ਼ੁਦਾ ਤਾਂ ਇੰਝ ਹੀ ਲੋਕਾਂ ਬਦਨਾਮ ਕਰਿਆ,
ਰੱਬ ਨਹੀਂ ਬੰਦਾ ਖ਼ੁਦ ਲਿਖੇ ਤਕਦੀਰ ਲੋਕੋ।

ਮੰਦਰ-ਮਸਜਿਦ ਲੱਖ ਗੁਰਦੁਆਰੇ ਜਾ ਕੇ,
ਨਹੀਂ ਲੱਭਣੀ ਆਪਣੀ ਪੀਰ ਲੋਕੋ।
ਲੱਖ ਸਾਂਭੀ ਜਾ ਰੂਹ ਹੀ ਅਟੱਲ ਰਹਿਣੀ,
ਸਭ ਨੇ ਛੱਡ ਜਾਣਾ ਇੱਕ ਦਿਨ ਸਰੀਰ ਲੋਕੋ।

ਮਿਰਜ਼ੇ ਰਾਂਝੇ ਜਿਹੇ ਆਸ਼ਕ ਸੂਲੀ ਚੜ੍ਹ ਗਏ,
ਭੁੱਲ ਜਾਣੀ ਚੂਰੀ ਖੀਰ ਲੋਕੋ।
ਮੇਰੀ ਕਲਮ 'ਚ ਐਨਾ ਦਮ ਹੈ ਨਹੀਂ,
ਸ਼ੈਰੀ ਕਿੱਥੋਂ ਲਿਖ਼ ਲੂ ਹੀਰ ਲੋਕੋ।

ਇੱਕ ਦਿਨ "ਮੈਂ" ਹੀ ਮਾਰ ਲੈਂਦੀ ਬੰਦਿਆ,
ਸਾਫ ਹੁੰਦੇ ਧਰਤੀ ਅੱਗ ਤੇ ਨੀਰ ਲੋਕੋ।
ਇੱਕ ਰੱਬ ਦਾ ਨਾਮ ਅਟੱਲ ਬੰਦਿਆ,
ਇਹ ਸਭ ਦੌਲਤਾਂ ਜੱਗ ਦੀ ਭੀਖ ਲੋਕੋ।

ਕਿਹੜੀ ਇੱਜ਼ਤਾਂ ਦੀ ਤੂੰ ਗੱਲ ਕਰੇ ਬੰਦਿਆ,
ਇੱਥੇ ਸ਼ੈਰੀ ਵੀ ਸ਼ਰੇਆਮ ਕੀਤਾ ਜ਼ਲੀਲ ਲੋਕੋ।
ਸਿਰਫ ਰੱਬ ਦੀ ਕਚਹਿਰੀ 'ਚ ਸੱਚਾ ਇਨਸਾਫ਼ ਮਿਲਦਾ,
ਆਪੇ ਜੱਜ ਤੇ ਆਪ ਹੀ ਵਕੀਲ ਲੋਕੋ।

ਬੰਦਿਆ ਸਭ ਨੇ ਇੱਕ ਦਿਨ ਛੱਡ ਜਾਣਾ,
ਆਪਣੇ ਹੀ ਪਿੱਠ ਪਿੱਛੇ ਚਲਾਉਂਦੇ ਤੀਰ ਲੋਕੋ।
ਦੱਸ ਕਲਮ ਦਾ ਮਾਣ ਕਿਉਂ ਕਰੇਂ ਤੂੰ,
ਇਹ ਵੀ ਸੱਜਣ ਦੀ ਦਿੱਤੀ ਹੋਈ ਭੀਖ ਲੋਕੋ।

ਮੇਰੀ ਕਲਮ ਵੀ ਰੋਵੇ ਲੱਭੇ ਸੱਜਣ ਨੂੰ,
ਇਕੱਲਾ ਬੈਠਾ ਕੋਸੇ ਆਪਣੀ ਤਕਦੀਰ ਲੋਕੋ।
ਸ਼ੈਰੀ ਵੀ ਝੂਠਾ ਓਹਦੀ ਕਲਮ ਵੀ ਝੂਠੀ,
ਰੱਬਾ ਮੁਆਫ਼ ਕਰੀਂ ਮੇਰਾ ਸੱਜਣ ਹੀ ਮੇਰਾ ਪੀਰ ਲੋਕੋ।

51. ਫ਼ਕੀਰੀ

ਹੱਥ 'ਚ ਵੰਝਲੀ ਕਾਸਾ ਸੋਟਾ, ਵਿੱਚ ਕਿਸੇ ਨੇ ਕੁਝ ਪਾਇਆ ਨਹੀਂ।
ਨਾ ਮੈਂ ਕੋਈ ਫ਼ਕੀਰ ਬਣਿਆ, ਖ਼ੁਦਾ ਜੇ ਤੂੰ ਮੁੜ੍ਹਕੇ ਆਇਆ ਨਹੀਂ।

ਨਾ ਸ਼ੈਰੀ ਕੋਈ ਫ਼ਕੀਰੀ ਕੀਤੀ, ਜੇ ਇਬਾਦਤ ਹੀ ਸਮਝ 'ਚ ਆਈ ਨਹੀਂ।
ਕਾਹਦਾ ਮੈਂ ਹੋਇਆ ਰਾਂਝਾ ਜੋਗੀ, ਜੇ ਯਾਰੀ ਕਿਸੇ ਨਾਲ ਤੂੰ ਲਾਈ ਨਹੀਂ।

ਖ਼ੁਦਾ ਨਾ ਤੂੰ ਮਿਲਿਆ ਨਾ ਯਾਰ ਮਿਲਿਆ, ਲੱਭਦਾ ਰਿਹਾ ਉਹ ਘਰ-ਘਰ ਜਾ ਕੇ।
ਕਰਨੀ ਸੌਖੀ ਨਹੀਂ ਔਖੀ ਬਹੁਤ ਫ਼ਕੀਰੀ ਪਈ, ਆਇਆ ਬੁੱਲ੍ਹਾ ਵੀ ਥਾਂ-ਥਾਂ ਧੱਕੇ ਖਾਕੇ।

ਯਾਰ ਵਿੱਚ ਲੱਭਦਾ ਰਿਹਾ ਖ਼ੁਦਾ ਉਹ, ਪਰ ਰੱਬਾ ਲਫ਼ਜ਼ਾਂ 'ਚ ਮਿਲਿਆ ਹੀ ਨਹੀਂ।
ਕੀ ਯਾਰ ਮਨਾਇਆ ਕੀ ਖ਼ੁਦਾ ਉਹ, ਕੀ ਪਤਾ ਕੌਣ ਗ਼ਲਤ ਤੇ ਕੌਣ ਸਹੀ।

ਫੇਰ ਮਿਲਦਾ ਨਹੀਂ ਖ਼ੁਦਾ ਫ਼ਕੀਰਾ, ਜੇ ਦੁਨੀਆਂਦਾਰੀ 'ਚ ਹੀ ਤੂੰ ਪੈ ਗਿਆ।
ਉਹੀ ਰਾਂਝਾ ਫ਼ਕੀਰ ਜੋਗੀ ਕਹਿ ਸਕਦਾ, ਜਿਹੜਾ ਰੂਹ ਕੱਢ ਸੱਜਣ ਦੀ ਲੈ ਗਿਆ।

ਸ਼ੈਰੀ ਛੱਡਦੇ ਲਿਖਣਾ ਤੇਰੇ ਬਸ ਦਾ ਨਹੀਂ, ਤੇਰੀ ਹੀਰ ਤੇਰੇ ਗੀਤ ਨਹੀਂ ਸੁਣਦੀ।
ਜਾਂ ਯਾਰ ਮਨਾ 'ਲਾ ਜਾਂ ਖ਼ੁਦਾ ਤੂੰ ਆਪਣਾ, ਇਹੀ ਸੱਚੀ ਲੋਕੋ ਫ਼ਕੀਰੀ ਹੁੰਦੀ।

52. ਤਾਰਾ

ਦਿਨ ਚੜ੍ਹਦੇ-ਚੜ੍ਹਦੇ ਤੇਰੇ ਪਿਆਰ ਦਾ ਨਸ਼ਾ ਚੜ੍ਹਿਆ,
ਸਾਰੀ ਸਾਰੀ ਰਾਤ ਤੇਰੀਆਂ ਯਾਦਾਂ ਨਾਲ ਮੈਂ ਲੜਿਆ।
ਢਲਦੇ ਹੋਏ ਚੰਦ ਨਾਲ ਇੱਕ ਤਾਰਾ ਢਲਦਾ ਫੜਿਆ,
ਢਲਦੇ ਹੋਏ ਤਾਰੇ ਨੇ ਦੁੱਖ ਭੋਰਾ ਨਾ ਕਰਿਆ।

ਪੁੱਛਿਆ ਮੈਂ ਤਾਰੇ ਤੋਂ ਕੀਹਦੇ 'ਤੇ ਮਰਿਆ,
ਸੰਗਦਾ ਹੋਇਆ ਤਾਰਾ ਕਹਿੰਦਾ ਚੰਦ ਬਿਨ੍ਹਾਂ ਨਾ ਸਰਿਆ।
ਕਹਿੰਦਾ ਮੈਂ ਚੰਦ ਨੂੰ ਖ਼ੋਣ ਤੋਂ ਡਰਿਆ,
ਚੰਦ ਪਿੱਛੇ ਮੈਂ ਸਾਰੇ ਹੀ ਬਾਕੀ ਤਾਰਿਆਂ ਨਾਲ ਲੜਿਆ।

ਪੁੱਛਿਆ ਮੈਂ ਤਾਰੇ ਨੂੰ ਕਿਉਂ ਚੰਦ ਨਾਲ ਐਨਾ ਪਿਆਰ,
ਹੱਸਦਾ-ਹੱਸਦਾ ਕਹਿੰਦਾ ਚੰਦ 'ਤੇ ਆ ਪੂਰਾ ਇਤਬਾਰ।
ਚੰਦ ਤਾਂ ਲੱਗੇ ਮੈਨੂੰ ਪੂਰੀ ਹੁਸਨਾਂ ਦੀ ਸਰਕਾਰ,
ਪਰ ਕੀਤਾ ਨਹੀਂ ਕਦੇ ਮੈਂ ਉਹਨੂੰ ਦਿਲ ਦਾ ਇਜ਼ਹਾਰ।

ਮੈਂ ਕਿਹਾ ਚੰਦ 'ਤੇ ਲੱਗੇ ਦਾਗ਼ ਉਹਨੇ ਬੇਵਫ਼ਾਈਆਂ ਕਰਨੀਆਂ,
ਕਹਿੰਦਾ ਬਹੁਤ ਪਿਆਰ ਨਾਲ ਮੈਂ ਸੀਨੇ 'ਤੇ ਜਰਨੀਆਂ।
ਤਾਰਾ ਬੋਲੇ ਸ਼ੈਰੀ ਓਏ ਪਿਆਰ ਤੈਨੂੰ ਕਰਨਾ ਨਹੀਂ ਆਇਆ,
ਦੱਸ ਫੇਰ ਯਾਰ ਨੂੰ ਕਿਉਂ ਅਰਜ਼ੀਆਂ ਤੂੰ ਭਰਨੀਆਂ।

53. ਤੈਨੂੰ ਸਮਝ ਆ ਜਾਂਦੀ

ਤੈਨੂੰ ਸਮਝ ਆ ਜਾਂਦੀ, ਜੇ ਤਾਰਾ ਇਹ ਚੰਦ ਹੁੰਦਾ।
ਕੀ ਹੁੰਦਾ ਠੋਕਰ ਖਾਣਾ, ਜੇ ਬੂਹਾ ਆਸ਼ਕ ਦਾ ਬੰਦ ਹੁੰਦਾ।

ਉਸ ਕਿਤਾਬ ਦੀ ਕੀ ਕਦਰ, ਜਿੱਥੋਂ ਸਿੱਖਿਆ ਸਭ ਗ਼ਲਤ ਜਾਏ।
ਕਾਤਲ਼ਾਂ ਦੀ ਕੀ ਜ਼ਿੰਦਗੀ, ਜਿਹਨਾਂ ਦਾ ਪਿੱਛਾ ਨਹੀਂ ਛੱਡ ਦੇ ਸਾਏ।

ਇਸ ਦੁਨੀਆਂ ਦਾ ਕੀ ਏ, ਸਭ ਤੋਂ ਜ਼ਿਆਦਾ ਕਮੀਨੀ ਇਹੀ ਏ।
ਲੱਕੜਾਂ ਚੁੱਕੀ ਸਭ ਫਿਰਦੇ, ਬਸ ਮਰਨ ਦੀ ਹੀ ਦੇਰੀ ਏ।

ਕਿ ਨਾ ਖੁਆਬ ਦੇਖੋ ਕੋਈ, ਇਹ ਸਭ ਝੂਠੇ ਲਾਰੇ ਨੇ।
ਜਿਹਨਾਂ ਦੇਖਿਆ ਪੁੱਛ ਤਾਂ ਸਹੀ, ਸਭ ਹੀ ਇਸ਼ਕੇ ਦੇ ਮਾਰੇ ਨੇ।

ਉੱਪਰੋਂ ਨਾਹਤੇ ਬੜੇ ਸੋਹਣੇ ਨੇ, ਅੰਦਰੋਂ ਮੈਲ ਨਾ ਕਿਸੇ ਧੋਤੀ।
ਗ਼ਲਤੀ ਕਰੇ ਕੋਈ ਹੋਰ ਖੁਸ਼ ਹੁੰਦਾ, ਰੋਂਦੀ ਤਕਦੀਰ ਦੂਜੇ ਦੀ ਖੋਟੀ।

ਸੱਚ ਲਿਖਿਆ ਸ਼ੈਰੀ ਨਾਮ ਤੇਰੇ, ਪਰ ਲੋਕਾਂ ਲਈ ਝੂਠਾ ਲੱਗਣੇ ਤੂੰ।
ਸਾਰੇ ਕਹਿੰਦੇ ਆਸ਼ਕ ਹੈ ਕਮਲਾ, ਪਰ ਯਾਰ ਨਾਲ ਜੁੜ੍ਹੀ ਮੇਰੀ ਰੂਹ।

54. ਦਿਲ ਟੁੱਟਿਆ

ਦਿਲ ਟੁੱਟਿਆ ਤੇ ਫ਼ਕੀਰ ਬਣਿਆ, ਮੈਨੂੰ ਲੱਗੇ ਇਸ਼ਕ-ਏ-ਖ਼ੁਦਾ ਹੈ।
ਕੰਨ ਪੜਵਾ ਤੇ ਦਰ-ਦਰ ਮੰਗਾਂ, ਲੋਕਾਂ ਲੱਗੇ ਇਸ਼ਕ-ਏ-ਸਜ਼ਾ ਹੈ।

ਕਿਸੇ ਕੀ ਪਤਾ ਕੀ ਬੀਤੀ ਆਸ਼ਕ 'ਤੇ, ਲੋਕਾਂ ਵੇਖ ਹੱਸਣ ਦਾ ਮਜ਼ਾ ਹੈ।
ਮੌਤ ਆਉਂਦੀ ਨਾ ਵਿਛੋੜੇ ਵਾਲੇ ਨੂੰ, ਲੱਗੇ ਰੱਬ ਵੀ ਮੈਥੋਂ ਖ਼ਫ਼ਾ ਹੈ।

ਕਬਰੀਂ ਬੈਠਿਆਂ ਵੀ ਕੋਈ ਹਾਕ ਮਾਰੇ, ਉੱਠ ਵੇਖਿਆ ਓਹੀ ਬੇਵਫ਼ਾ ਹੈ।
ਨਾ ਹੱਥ ਵਿੱਚ ਫੁੱਲ ਨਾ ਅੱਖੀਂ ਨਮੀ ਸੀ, ਕਿੱਧਰੋਂ ਆਉਂਦੀ ਦਰਦ ਭਰੀ ਹਵਾ ਹੈ।

ਸ਼ੈਰੀ ਲੱਗੇ ਕਿ ਤੈਨੂੰ ਉਹ ਯਾਦ ਕਰਦੀ, ਮੈਨੂੰ ਦੱਸ ਤਾਂ ਸਹੀ ਕੀ ਗਵਾਹ ਹੈ।
ਤੂੰ ਹੀ ਆਸ਼ਕ ਜਾਨ ਦੇ ਚੱਲਿਓਂ, ਜੀਹਦੇ ਲਈ ਦਿੱਤੀ ਉਹੀ ਬੇਪਰਵਾਹ ਹੈ।

ਮਾਂ ਆਸ਼ਕ ਦੀ ਰੋ ਰੋ ਮਰੀ, ਦਿੱਤੀ ਮਾਂ ਨੂੰ ਦੱਸ ਕਾਹਦੀ ਸਜ਼ਾ ਹੈ।
ਜਿਹਨੇ ਕਦਰ ਪਾਈ ਤੇਰੀ ਨਾ ਤੂੰ ਪਾਈ, ਮੁੱਕ ਗਇਓਂ ਤੂੰ ਵੀ ਤਾਂ ਬੇਵਫਾ ਹੈ।

ਜਿਹਨੂੰ ਪੀਰ ਆਖੇ ਓਹੀ ਦਗ਼ਾ ਕਰ ਗਈ, ਦਿੱਤੀ ਖ਼ੁਦਾ ਨੇ ਕਾਹਦੀ ਸਜ਼ਾ ਹੈ।
ਬੈਠਾ ਕੋਸੇ ਰੱਬ ਨੂੰ ਤੂੰ ਆਸ਼ਕਾ, ਏਹੀ ਇਸ਼ਕ ਕਰਨ ਦੀ ਸਜ਼ਾ ਹੈ।

55. ਇੱਕ ਤਰਫ਼ਾ

ਇਸ ਦੁਨੀਆਂ 'ਤੇ ਨਾ ਕੋਈ ਆਪਣਾ ਸ਼ੈਰੀ,
ਸਿਰਫ਼ ਮਰ ਕੇ ਆਪਣਾ ਸਾਂਈਂ ਮਿਲ ਜਾਂਦਾ।
ਜੇ ਕਬਰ ਉੱਤੇ ਵੀ ਯਾਰ ਮਿਲ ਜਾਵੇ,
ਮਰੇ ਪਏ ਦਾ ਚਿਹਰਾ ਵੀ ਖਿੜ ਜਾਂਦਾ।

ਕੀ ਹੋਇਆ ਜੇ ਇੱਕ ਤਰਫ਼ਾ ਇਸ਼ਕ ਕੀਤਾ ਮੈਂ,
ਮੈਨੂੰ ਯਾਰ ਵਿੱਚ ਖ਼ੁਦਾ ਮਿਲ ਜਾਂਦਾ।
ਕੀ ਹੋਇਆ ਜੇ ਯਾਰ ਬੇਵਫ਼ਾਈ ਕਰ ਗਿਆ,
ਆਪਣੇ ਖ਼ੁਦਾ ਤੋਂ ਹੀ ਧੋਖਾ ਮਿਲ ਜਾਂਦਾ।

ਜੇ ਸ਼ੈਰੀ ਕੀਤੀ ਫ਼ਕੀਰੀ ਲੜ-ਲੜ ਕੇ,
ਕੀਤਾ ਸੱਜਣ ਨੂੰ ਸੱਚਾ ਪਿਆਰ ਨਹੀਂ।
ਜੇ ਮੈਂ ਆਪਣੀ "ਮੈਂ" ਹੀ ਲੈ ਬੈਠਾ,
ਤਾਂ ਕੀਤੀ ਖ਼ੁਦਾ ਦੀ ਕੋਈ ਇਬਾਰਤ ਨਹੀਂ।

ਸੱਟ ਇਸ਼ਕੇ ਵਾਲੀ ਨਾ ਦਿਖਾਈ ਦਿੰਦੀ,
ਇਹ ਅੰਦਰੋਂ ਹੀ ਸਿਉਂਕ ਬਣ ਖਾ ਜਾਂਦੀ।
ਨਾ ਆਸ਼ਕ ਕਿਸੇ ਨੂੰ ਦੱਸ ਸਕਦਾ ਹਾਲ ਵੇ,
ਬਿਮਾਰੀ ਇਸ਼ਕੇ ਵਾਲੀ ਬੰਦਾ ਮੁਕਾ ਜਾਂਦੀ।

ਚਾਰ ਦਿਨਾਂ ਦਾ ਮੇਲਾ ਇਹ ਜਿੰਦ ਸੋਹਣਿਆ,
ਤੇਰੀਆਂ ਯਾਦਾਂ 'ਚ ਰੋ ਕੇ ਕੱਟ ਲਵਾਂਗੇ।
ਜੇ ਇੱਕ ਤਰਫ਼ਾ ਇਸ਼ਕ ਰੋਵਾਵੇ ਸਾਂਈਂਆਂ ਸੁਣ,
ਇਸ਼ਕ ਨਹੀਂ ਤਾਂ ਨਫ਼ਰਤ ਹੀ ਖੱਟ ਲਵਾਂਗੇ।

ਜੇ ਸ਼ੈਰੀ ਓਏ ਲੈ ਕੇ ਬੈਠ ਗਿਆ ਕਲਮ ਤੂੰ,
ਝੂਠ ਆਖੀ ਨਾ ਸੱਚ ਭਾਵੇਂ ਖੁੱਲ੍ਹ 'ਕੇ ਲਿਖ ਲੈ।
ਜੇ ਦਰਦ ਸਾਂਭਿਆ ਨਹੀਂ ਗਿਆ ਇੱਕ ਤਰਫੇ ਇਸ਼ਕ ਦਾ,
ਫੇਰ ਸੱਜਣ ਨੂੰ ਕਬਰਾਂ ਵਿੱਚੋਂ ਰੋਂਦਾ ਦਿਖ ਲੈ।

56. ਦਿਲ ਨਾਲ ਗੱਲਾਂ

ਇਕੱਲਾ ਬੈਠਾ ਸੀ ਮੈਂ ਜਦੋਂ,
ਤੇ ਮੈਨੂੰ ਮੇਰੇ ਦਿਲ ਨੇ ਬੁਲਾ ਲਿਆ।
ਕਹਿੰਦਾ ਮੈਂ ਪਿਆਰ ਬਿਨ੍ਹਾਂ,
ਆਪਣੇ ਆਪ ਨੂੰ ਤੁੜਾ ਲਿਆ।

ਮੈਂ ਤੇਰਾ ਸਾਥ ਨਹੀਂ ਦੇਣਾ,
ਤੂੰ ਮੈਨੂੰ ਰਵਾਉਂਦਾ ਰਹਿਣਾ ਏ।
ਡਰ ਸੱਜਣ ਤੋਂ ਵੱਖ ਹੋਣ ਦਾ,
ਦਰਦ ਸਤਾਉਂਦਾ ਰਹਿਣਾ ਏ।

ਤੂੰ ਧੜਕਦਾ ਵੀ ਮੇਰੇ ਸੀਨੇ 'ਚ ਏ,
ਪਰ ਸਾਹ ਤੂੰ ਉਸ ਲਈ ਲੈਨਾ ਏ।
ਤੂੰ ਰੋਣਾ ਤਾਂ ਮੇਰੇ ਨਾਲ ਏ ਦਿਲਾ,
ਪਰ ਹੱਸ ਤੂੰ ਉਸ ਨਾਲ ਪੈਨਾ ਏ।

ਮੇਰੀ ਕੋਈ ਔਕਾਤ ਨਹੀਂ ਤੇਰੇ ਦਿਲ ਵਿੱਚ ਦਿਲਾ,
ਬਸ ਕੰਮ ਜਿਹਾ ਸਾਰੀ ਤੂੰ ਜਾਨਾ ਏ।
ਤੇਰੀ ਵੀ ਔਕਾਤ ਉਸ ਲਈ ਕੱਖ ਦੀ ਏ,
ਕਿਉਂ ਉਸ ਲਈ ਤੂੰ ਮੈਨੂੰ ਸੂਲੀ ਚੜ੍ਹਾਉਣਾ ਏ।

ਤੂੰ ਵੀ ਉਸਦੇ ਪਿਆਰ ਵਿੱਚ ਮੁਰੀਦ ਹੋਇਆ,
ਸ਼ੈਰੀ ਮੈਥੋਂ ਤੂੰ ਕਿਉਂ ਲਕਾਉਣਾ ਏ।
ਮੈਨੂੰ ਕਹਿਣਾ ਕਿਉਂ ਤੂੰ ਦੁਖੀ ਕਰਦਾ,
ਪਰ ਇਕੱਲਿਆਂ ਤੂੰ ਵੀ ਕਿਉਂ ਰੋਣਾ ਏ।

ਮੇਰਾ ਦਿਲ ਤੇ ਮੈਂ ਦੋਹੇਂ ਇੱਕੋ ਜਹੇ,
ਤੈਨੂੰ ਪਿਆਰ ਤਾਂ ਕਰਦੇ ਪਰ ਦੱਸ ਨਾ ਹੋਵੇ।
ਤੈਨੂੰ ਤੇ ਤੇਰੇ ਦਿਲ ਨੂੰ ਵੀ ਪਤਾ ਸੋਹਣਿਆ,
ਇਕੱਲੇ ਰੋ ਤਾਂ ਸਕਦੇ ਪਰ ਹੱਸ ਨਾ ਹੋਵੇ।

57. ਕਬਰ

ਮੈਂ ਮੁੱਕ ਜਾਣਾ ਇੱਕ ਦਿਨ, ਤੇ ਤੈਨੂੰ ਯਾਦ ਵੀ ਨਾ ਆਉਣੀ।
ਮੇਰੇ ਗੀਤਾਂ ਦੇ ਸਾਹ ਰੁੱਕਣੇ, ਮੇਰੀ ਗੋਰ ਨੂੰ ਛਾਂ ਵੀ ਨਾ ਆਉਣੀ।

ਕਬਰ ਮੇਰੀ ਨੂੰ ਪੁੱਛਿਆ ਲੋਕਾਂ, ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ।
ਹੱਸਦੀ-ਵੱਸਦੀ ਕਹਿੰਦੀ ਉਹਨਾਂ ਤਾਂਈਂ, ਅੰਦਰੇ ਇੱਕ ਆਸ਼ਕ ਸੌਂ ਰਿਹਾ ਹੈ।

ਮੇਰੇ ਹੰਝੂਆਂ ਦਾ ਚਾਅ ਰਹਿ ਗਿਆ, ਸੱਜਣਾ ਤੈਨੂੰ ਵੇਖ-ਵੇਖ ਰੋਣਾ ਸੀ।
ਦਰਦਾਂ ਦਾ ਸਾਗਰ ਮੈਂ ਪਾ ਲੈਂਦਾ, ਖੁਸ਼ੀਆਂ ਦਾ ਵਿਹੜਾ ਮੈਂ ਖੋਣਾ ਸੀ।

ਬਿਰਹੇ ਦਾ ਦਰਦ ਦੁਲਾਰਾ ਏ, ਟੁੱਟੇ ਆਸ਼ਕਾਂ ਤਾਂਈਂ ਕਹਿ ਦਿਓ।
ਬੇਵਫ਼ਾਈ ਸਾਰੀ ਦੁਨੀਆਂ ਦੀ, ਮੇਰੇ ਗੀਤਾਂ ਨੂੰ ਲੈ ਦਿਓ।

ਸਾਂਭ ਕੇ ਰੱਖਿਓ ਲਫ਼ਜ਼ ਉਹਦੇ, ਉਧਾਰੇ ਦੇ ਦਿਉ ਮੇਰੇ ਗੀਤਾਂ ਨੂੰ।
ਕਿੰਨੇ ਕੁ ਖੁਸ਼ ਨੇ ਵੇਖ ਮੈਨੂੰ, ਮੈਂ ਪੁੱਛਣਾ ਚਾਹੁੰਦਾ ਸਾਰਿਆਂ ਮੀਤਾਂ ਨੂੰ।

ਸ਼ੈਰੀ ਜਿਹੜੇ ਇਸ਼ਕੇ ਦੀ ਗੱਲ ਕਰੇ ਤੂੰ, ਮਰ ਕਬਰਾਂ ਵੀ ਨਾ ਨਸੀਬ ਹੋਵੇ।
ਫਰਕ ਪੈਂਦਾ ਨਾ ਸੱਜਣ ਨੂੰ ਕੋਈ, ਟੁੱਟੇ ਆਸ਼ਕਾਂ ਦੀ ਕਬਰੀਂ ਰੂਹ ਰੋਵੇ।

58. ਮੈਂ ਤੇਰੀ ਆਖਰੀ ਕਵਿਤਾ ਆਂ

ਮੈਂ ਤੇਰੀ ਆਖਰੀ ਕਵਿਤਾ ਆਂ।

ਓਏ ਸ਼ੈਰੀ ਤੂੰ ਬੋਲ ਕਿਉਂ ਨਹੀਂ ਰਿਹਾ, ਓਏ ਸ਼ੈਰੀ ਤੂੰ ਸੁਣ ਕਿਉਂ ਨਹੀਂ ਰਿਹਾ।
ਓਏ ਸ਼ੈਰੀ ਤੂੰ ਉੱਠ ਕਿਉਂ ਨਹੀਂ ਰਿਹਾ, ਓਏ ਸ਼ੈਰੀ ਅੱਖਾਂ ਖੋਲ੍ਹ ਕਿਉਂ ਨਹੀਂ ਰਿਹਾ।

ਮੈਂ ਤੇਰੀ ਆਖਰੀ ਕਵਿਤਾ ਆਂ।

ਉੱਠ ਤੇ ਸੁਣ ਮੈਂ ਕੀ ਕਹਿ ਰਹੀ ਆਂ, ਦਿੱਤਾ ਦਰਦ ਤੇਰਾ ਮੈਂ ਕਿੰਝ ਸਹਿ ਰਹੀ ਆਂ।
ਮੇਰੀਆਂ ਕੁਝ ਸਤਰਾਂ ਅਧੂਰੀਆਂ ਪਈਆਂ ਨੇ, ਅਧੂਰੇ ਸਾਹਾਂ ਨਾਲ ਮੈਂ ਕਿੰਝ ਰਹਿ ਰਹੀ ਆਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਤੇਰੀ ਕਬਰ ਤੱਕ ਤਾਂ ਮੈਂ ਆ ਸਕਦੀ, ਪਰ ਮੇਰੀ ਉਸ ਵਿੱਚ ਕੋਈ ਜਗ੍ਹਾ ਨਹੀਂ।
ਕੁਝ ਬੋਲ ਤਾਂ ਲਿਖਾਂ ਮੈਂ ਤੇਰੇ ਲਈ, ਪਰ ਇਹਨਾਂ ਲਫ਼ਜ਼ਾਂ 'ਚੋਂ ਕੋਈ ਸਕਾ ਨਹੀਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਦਸ ਸ਼ੁਰੂ ਕਿਉਂ ਕੀਤੀ ਜੇ ਪੂਰੀ ਕਰਨੀ ਨਹੀਂ ਸੀ, ਜੇ ਛੱਡਣਾ ਹੀ ਸੀ ਤਾਂ ਬਾਂਹ ਫੜ੍ਹਨੀ ਨਹੀਂ ਸੀ।
ਮੈਂ ਸੋ ਰਹੀ ਸੀ ਲਫ਼ਜ਼ਾਂ ਦੀ ਕਾਇਨਾਤ ਵਿੱਚ, ਹਾਕਾਂ ਮਾਰ ਮਾਰ ਮੈਨੂੰ ਲੱਭਣਾ ਨਹੀਂ ਸੀ।

ਮੈਂ ਤੇਰੀ ਆਖਰੀ ਕਵਿਤਾ ਆਂ।

ਲੋਕਾਂ ਲਈ ਤਾਂ ਕਾਗਜ਼ ਤੇ ਸਿਆਹੀ ਆਂ ਮੈਂ, ਕਿਸੇ ਗੁੰਮਨਾਮ ਸ਼ਾਇਰ ਦੀ ਬੁਰਾਈ ਆਂ ਮੈਂ।
ਦੁਨੀਆਂ ਜੋ ਵੀ ਸਮਝੇ ਪਰ ਮੈਨੂੰ ਪਤਾ, ਸ਼ੈਰੀ ਤੇਰੇ ਦਿਲ ਦੀ ਗਹਿਰਾਈ ਆਂ ਮੈਂ।

ਮੈਂ ਤੇਰੀ ਆਖਰੀ ਕਵਿਤਾ ਆਂ।

ਤੇਰਾ ਮੇਰਾ ਸਾਥ ਚਾਹੇ ਦੋ ਪਲ ਦਾ ਹੀ ਸੀ, ਪਰ ਆਪਣੇ ਨਾਮ ਕਰ ਗਿਆ ਏ ਤੂੰ।
ਚਾਹੇ ਛੱਡ ਗਿਆ ਏ ਅਧੂਰੀ ਨੂੰ ਤੂੰ, ਜਾਂਦਾ ਹੋਇਆ ਨਾਲ ਲੈ ਗਿਆ ਏ ਮੇਰੀ ਰੂਹ।

ਮੈਂ ਤੇਰੀ ਆਖਰੀ ਕਵਿਤਾ ਆਂ।

ਬੇਗ਼ੈਰਤਾ ਕੁਝ ਪਿਆਰ ਤਾਂ ਦੇ ਜਾਂਦਾ, ਚਾਹੇ ਟੁੱਟੇ ਹੀ ਕੁਝ ਖ਼ੁਆਬ ਤਾਂ ਦੇ ਜਾਂਦਾ।
ਇੱਕ ਸਾਹ ਦੇ ਜਾਂਦਾ ਭਾਂਵੇਂ ਅਧੂਰਾ ਹੀ, ਪਰ ਮੈਨੂੰ ਆਪਣਾ ਨਾਂ ਤਾਂ ਦੇ ਜਾਂਦਾ।

ਮੈਂ ਤੇਰੀ ਆਖਰੀ ਕਵਿਤਾ ਆਂ।

ਇਹ ਲਫ਼ਜ਼ ਨਾ ਕਿਸੇ ਦੇ ਆਪਣੇ ਬਣਦੇ, ਹਰ ਕਿਸੇ ਦੇ ਬੁੱਲ੍ਹਾਂ ਦੀ ਇਹ ਸ਼ਾਨ ਬਣਦੇ।
ਮੈਂ ਚਾਹੇ ਆਖਰੀ ਅਧੂਰੀ ਕਵਿਤਾ ਤੇਰੀ, ਪਰ ਤੇਰੀ ਕਬਰ 'ਤੇ ਮੇਰੇ ਮਾਂ-ਬਾਪ ਬਣਦੇ।

ਗੀਤ

59. ਸ਼ਹੀਦ ਊਧਮ ਸਿੰਘ

ਬਦਲਾ ਜਲ੍ਹਿਆਂਵਾਲੇ ਬਾਗ਼ ਦਾ, ਲਿਆ ਜਾ ਕੇ ਸਮੁੰਦਰੋਂ ਪਾਰ।
ਊਧਮ ਫਿਰਦਾ ਟਾਈਮ ਸੀ ਚੱਕਦਾ, ਮਿੱਟੀ 'ਚ ਮਿਲਾ 'ਤਾ ਗੋਰਾ ਸ਼ੈਤਾਨ।

ਸੂਰਮਾ ਲੰਡਨ ਦੇ ਵਿੱਚ ਗੱਜਿਆ, ਤੇ ਵਰ੍ਹਿਆ ਰੜ੍ਹੇ ਮੈਦਾਨ।
ਗੋਲੀ ਸਿੱਧੀ ਸੀਨੇ ਵਾੜ 'ਤੀ, ਡਾਇਰ ਡਿੱਗਿਆ ਮੂੰਹ ਦੇ ਭਾਰ।

ਜਿਹੜਾ ਕਿਤਾਬ ਵਿੱਚ ਰੱਖਦਾ ਸੀ ਅਸਲਾ, ਕੱਢ ਲੈ ਲਿਆ ਸੀ ਬਦਲਾ।
ਬੇਗਾਨੇ ਪ੍ਰਦੇਸ਼ ਵਿੱਚ ਬਈ, ਸ਼ੇਰਾ ਇਕੱਲਿਆਂ ਕੀਤਾ ਸ਼ਿਕਾਰ।

ਵੈਰੀ ਕਰ 'ਤਾ ਲਹੂ ਲੁਹਾਨ ਸੀ, ਜੋੜ੍ਹ 'ਤੀ ਸਿੱਧੀ ਰੱਬ ਨਾਲ ਤਾਰ।
ਸੂਰਮੇ ਸੋਹਣੇ ਦੇਸ਼ ਪੰਜਾਬ ਦੇ, ਜਾਨ ਤੋਂ ਵੱਧ ਧਰਤੀ ਨਾਲ ਪਿਆਰ।

ਸ਼ੈਰੀ ਲਿਖਦਾ ਗੀਤ ਤੇਰੇ ਨਾਮ 'ਤੇ, ਸੂਰਮਾ ਦੇਖਿਆ ਨਹੀਂ ਇਹੋ ਜਿਹਾ ਜਹਾਨ 'ਤੇ।
ਸੀਨੇ 'ਚ ਬਲ਼ਦੀ ਜਿਹੜੀ ਅੱਗ ਸੀ, ਗੋਰੇ ਦੇ ਲਹੂ ਨਾਲ ਦਿੱਤੀ ਬੁਝਾਅ।

ਪੁੱਤ ਸੋਹਣਾ ਦੇਸ਼ ਪੰਜਾਬ ਦਾ, ਕਿਹੜਾ ਲਾ ਜਾਉ ਪੱਗ ਨੂੰ ਦਾਗ਼।
ਵੈਰੀ ਘਰ ਵੱਢ ਸੂਰਮੇ ਠੋਕਦੇ, ਦੁਨੀਆਂ ਦਾ ਹੈ ਇਤਿਹਾਸ ਗਵਾਹ।

60. ੨੩ ਮਾਰਚ ੧੯੩੧

ਗੱਲ ੨੩ ਮਾਰਚ ੧੯੩੧ ਦੀ,
ਜ਼ਾਲਮਾਂ ਬਹੁਤੀ ਅੱਤ ਨਹੀਂ ਚੁੱਕੀ ਦੀ।
ਪੁੱਤ ਸ਼ੇਰ ਭਾਰਤ ਮਾਂ ਜੰਮਦੀਆਂ, ਹੱਸ ਹੱਸ ਕੇ ਫ਼ਾਂਸੀ ਚੜ੍ਹ ਚੱਲੇ।
* ਭਗਤ ਸਿੰਘ, ਸੁਖਦੇਵ, ਰਾਜਗੁਰੂ, ਦੇਸ਼ ਆਜ਼ਾਦ ਕਰਾ ਚੱਲੇ।

ਗੋਰੇ ਜਦ ਦੇਸ਼ ਆ ਵੜੇ,
ਸੂਰਮੇ ਕੰਧ ਬਣ ਆ ਖੜ੍ਹੇ।
ਮਾਂ ਤੈਨੂੰ ਦਾਗ਼ ਨਾ ਲੱਗਣ ਦੇਣਾ, ਗੋਰਿਆਂ ਖ਼ਿਲਾਫ਼ ਅੜ੍ਹ ਚੱਲੇ।
* ਭਗਤ ਸਿੰਘ, ਸੁਖਦੇਵ, ਰਾਜਗੁਰੂ, ਦੇਸ਼ ਆਜ਼ਾਦ ਕਰਾ ਚੱਲੇ।

ਚੰਦਰ ਸ਼ੇਖਰ ਆਜ਼ਾਦ ਵਰਗੇ,
ਕਦੇ ਮਰਨੋਂ ਨਹੀਂ ਇਹ ਸ਼ੇਰ ਡਰਦੇ।
ਜਿੰਦਾ ਅੰਗਰੇਜ਼ਾਂ ਹੱਥ ਨਹੀਂ ਆਇਆ, ਮਾਂ ਤੇਰੇ ਵਿੱਚ ਸਮ੍ਹਾ ਚੱਲੇ।
* ਭਗਤ ਸਿੰਘ, ਸੁਖਦੇਵ, ਰਾਜਗੁਰੂ, ਦੇਸ਼ ਆਜ਼ਾਦ ਕਰਾ ਚੱਲੇ।

ਸ਼ੈਰੀ ਦੀ ਕਲਮ ਦੀ ਕੋਈ ਔਕਾਤ ਨਹੀਂ,
ਵਤਨ ਨੂੰ ਪਿਆਰ ਕਰਨ ਦੀ ਕੋਈ ਸ਼ੁਰੂਆਤ ਨਹੀਂ।
ਰੂਹ ਭਾਰਤ ਮਾਂ ਦੇ ਨਾਮ ਕਰਕੇ, ਨਾਮ ਅਮਰ ਆਪਣਾ ਕਰਾ ਚੱਲੇ।
* ਭਗਤ ਸਿੰਘ, ਸੁਖਦੇਵ, ਰਾਜਗੁਰੂ, ਦੇਸ਼ ਆਜ਼ਾਦ ਕਰਾ ਚੱਲੇ।

61. ਭਗਤ ਸਿੰਘ

ਮੇਰੇ ਸੋਹਣੇ ਪੰਜਾਬ ਨੂੰ, ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ।
ਇੱਥੇ ਬਾਬੇ, ਲੀਡਰ, ਚੋਰ, ਰੋਜ਼ ਹੀ ਜਨਤਾ ਨੂੰ ਹੈ ਠੱਗ ਦੀ।
ਇਹ ਸਿਰਫ਼ ਗਰਜ਼ਦੇ ਬੱਦਲ ਨੇ, ਇਹਨਾਂ ਕੋਲੋਂ ਵਰ੍ਹਿਆ ਜਾਣਾ ਨਹੀਂ।
* ਵੇ ਮੁੜਿਆ ਭਗਤ ਸਿੰਘ ਸਰਦਾਰਾ, ਵੇ ਤੇਰੇ ਬਿਨ੍ਹਾਂ ਲੜਿਆ ਜਾਣਾ ਨਹੀਂ।

ਥਾਂ ਥਾਂ ਠੇਕੇ ਖੁੱਲ੍ਹ ਗਏ ਨੇ, ਨਸ਼ੇ ਵਿੱਚ ਰੁੱਲ ਦੀ ਫਿਰੇ ਜਵਾਨੀ।
ਤੈਨੂੰ ਕਿਵੇਂ ਸੁਣਾਵਾਂ ਮੈਂ, ਭਗਤ ਸਿੰਘਾ ਤੇਰੇ ਪੰਜਾਬ ਦੀ ਕਹਾਣੀ।
ਪੰਜਾਬ ਚਿੱਟੇ ਨੇ ਮਾਰ 'ਤਾ ਵਾ, ਇਹਦੇ ਕੋਲੋਂ ਮਰਿਆ ਜਾਣਾ ਨਹੀਂ।
* ਵੇ ਮੁੜਿਆ ਭਗਤ ਸਿੰਘ ਸਰਦਾਰਾ, ਵੇ ਤੇਰੇ ਬਿਨ੍ਹਾਂ ਲੜਿਆ ਜਾਣਾ ਨਹੀਂ।

ਇੱਥੇ ਅਨਪੜ੍ਹ ਬੀਬੀਆਂ ਨੇ, ਪਖੰਡੀ ਨੂੰ ਰੱਬ ਦੀ ਪਦਵੀ ਛਕਾ 'ਤੀ।
ਇਹਨਾਂ ਪਖੰਡੀ ਬਾਬਿਆਂ ਨੇ, ਸਾਰੀ ਸ਼ਰਮ ਹੀ ਆ ਲਾ 'ਤੀ।
ਸਾਡੇ ਸਰੀਰ ਜਲਦੇ ਰੋਜ਼ ਨੇ, ਪਰ ਰੂਹ ਤੋਂ ਸੜਿਆ ਜਾਣਾ ਨਹੀਂ।
* ਵੇ ਮੁੜਿਆ ਭਗਤ ਸਿੰਘ ਸਰਦਾਰਾ, ਵੇ ਤੇਰੇ ਬਿਨ੍ਹਾਂ ਲੜਿਆ ਜਾਣਾ ਨਹੀਂ।

ਇੱਥੇ ਸਰਕਾਰ ਹੀ ਝੂਠੀ ਆ, ਸਾਡੀ ਕਰਦੀ ਰਹੀ ਛਲਣੀ ਛਾਤੀ।
ਚੁਰਾਸੀ ਦਾ ਇਨਸਾਫ਼ ਨਾ ਮਿਲਿਆ, ਜੇ ਮੰਗਿਆ ਤਾਂ ਅਸੀਂ ਹੀ ਅੱਤਵਾਦੀ।
ਸੱਚ ਲਿਖਦਾ ਸ਼ੈਰੀ ਆ, ਮੇਰੀ ਕਲਮ ਤੋਂ ਡਰਿਆ ਜਾਣਾ ਨਹੀਂ।
* ਵੇ ਮੁੜਿਆ ਭਗਤ ਸਿੰਘ ਸਰਦਾਰਾ, ਵੇ ਤੇਰੇ ਬਿਨ੍ਹਾਂ ਲੜਿਆ ਜਾਣਾ ਨਹੀਂ।

62. ਮਿਰਜ਼ਾ

ਸਾਹਿਬਾ ਕਹਿੰਦੀ ਗੱਲ ਸੁਣ ਮਿਰਜ਼ਿਆ ਓਏ,
ਇਹ ਸੰਸਾਰ ਖ਼ੁਦਾ ਨੇ ਸਿਰਜਿਆ ਓਏ।
ਹੱਥ ਜੋੜ ਕੇ ਮੰਗ ਲਵੀਂ, ਨਾ ਕਾਨ੍ਹੀਆਂ ਤੂੰ ਵੇ ਕੱਢੀ।
* ਮਿਰਜ਼ਿਆ ਮਾਰਿਆ ਜਾਏਂਗਾ, ਵੇ ਮੇਰੇ ਭਾਈਆਂ ਦੇ ਤੂੰ ਹੱਥੀਂ।

ਮਿਰਜ਼ਿਆ ਬਹੁਤਾ ਮਾਣ ਨਹੀਂ ਕਰੀਦਾ ਓਏ,
ਖ਼ੁਦਾ ਕੋਲੋਂ ਥੋੜ੍ਹਾ ਡਰੀਦਾ ਓਏ।
ਸਿਰ ਨੀਵਾਂ ਕਰ ਮੰਗ ਲਵੀਂ, ਫੇਰ ਸਾਹਿਬਾ ਆਪਣਾ ਤੂੰ ਸੱਦੀਂ।
* ਮਿਰਜ਼ਿਆ ਮਾਰਿਆ ਜਾਏਂਗਾ, ਵੇ ਮੇਰੇ ਭਾਈਆਂ ਦੇ ਤੂੰ ਹੱਥੀਂ।

ਮਿਰਜ਼ਾ ਕਹਿੰਦਾ ਸੁਣ ਸਾਹਿਬਾ, ਤੇਰੇ ਭਾਈ ਲੀਰੋ ਲੀਰ ਕਰ ਦੂੰ,
ਜਿਹੜਾ ਆਪਣੇ ਵਿੱਚ ਆ ਗਿਆ, ਉਹਦਾ ਸਿਰ ਧਰਤੀ 'ਤੇ ਧਰ ਦੂੰ।
ਸਾਹਿਬਾ ਤਰਲੇ ਪਾਉਂਦੀ ਆ, ਪਰ ਆਪਣਾ ਗ਼ਰੂਰ ਨਾ ਤੂੰ ਛੱਡੀ।
* ਮਿਰਜ਼ਿਆ ਮਾਰਿਆ ਜਾਏਂਗਾ, ਵੇ ਮੇਰੇ ਭਾਈਆਂ ਦੇ ਤੂੰ ਹੱਥੀਂ।

ਕਹਿੰਦਾ ਹੱਥ ਤੇਰਾ ਫੜ੍ਹਕੇ, ਮੈਂ ਰੱਬ ਤੋਂ ਵੀ ਨਹੀਂ ਡਰਦਾ,
ਤੇਰੇ ਭਾਈ ਮਸੂਮ ਜਿਹੇ, ਉਹਨਾਂ ਹੱਥੀਂ ਮੈਂ ਨਹੀਂ ਚੜ੍ਹਦਾ।
ਗੀਤ ਨਾ ਬਣ ਜਾਈਂ ਸ਼ੈਰੀ ਲਈ, ਮਿਰਜ਼ਾ ਲਿਖਿਆ ਜਾਵੇ ਉਹਦੇ ਹੱਥੀਂ,
* ਮਿਰਜ਼ਿਆ ਮਾਰਿਆ ਜਾਏਂਗਾ, ਵੇ ਮੇਰੇ ਭਾਈਆਂ ਦੇ ਤੂੰ ਹੱਥੀਂ।

63. ਬੱਕੀ ਕਹਿੰਦੀ

ਘਰੋਂ ਤਾਂ ਤੂੰ ਮਿਰਜ਼ਿਆ ਵੇ ਬਣਕੇ ਨਿਕਲਿਆ ਲਾੜਾ ਸੀ,
ਘਰੋਂ ਸਾਹਿਬਾ ਕੱਢਣ ਨੂੰ ਵੇ ਬਾਹਲਾ ਹੀ ਤੂੰ ਕਾਹਲਾ ਸੀ।
ਵੇ ਤੇਰੀ ਇੱਥੇ ਨਹੀਂ ਚੱਲਣੀ, ਕਿਉਂ ਤੂੰ ਮੌਤ ਨੂੰ ਆਪਣਾ ਬਣਾ ਲਿਆ।
* ਬੱਕੀ ਕਹਿੰਦੀ ਜਾ ਮਿਰਜ਼ਿਆ, ਵੇ ਤੈਨੂੰ ਸਾਹਿਬਾ ਦਾ ਪਿਆਰ ਖਾ ਗਿਆ।
ਕਾਨ੍ਹੀਆਂ ਤੋੜ ਸਾਹਿਬਾ ਨੇ, ਵੇ ਉਹਨੇ ਭਾਈਆਂ ਦਾ ਗ਼ਰੂਰ ਬਚਾ ਗਿਆ।

ਤੈਨੂੰ ਵੇ ਮੈਂ ਬਚਾਉਣ ਦੀ ਕੋਸ਼ਿਸ਼ ਸੀ ਕਰਦੀ ਵੇ,
ਤੇਰੇ ਨਾਲ ਮਿਰਜ਼ਿਆ ਮੈਂ ਖ਼ੁਦਾ ਤੋਂ ਨਹੀਂ ਸੀ ਡਰਦੀ ਵੇ।
ਲਾਸ਼ ਦੇਖ ਪਈ ਮਿਰਜ਼ੇ ਦੀ, ਬੱਕੀ ਨੂੰ ਵੀ ਰੋਣਾ ਆ ਗਿਆ।
* ਬੱਕੀ ਕਹਿੰਦੀ ਜਾ ਮਿਰਜ਼ਿਆ, ਵੇ ਤੈਨੂੰ ਸਾਹਿਬਾ ਦਾ ਪਿਆਰ ਖਾ ਗਿਆ।
ਕਾਨ੍ਹੀਆਂ ਤੋੜ ਸਾਹਿਬਾ ਨੇ, ਵੇ ਉਹਨੇ ਭਾਈਆਂ ਦਾ ਗ਼ਰੂਰ ਬਚਾ ਗਿਆ।

ਬੱਕੀ ਆਪਣੇ ਖੁਰਾਂ ਨਾਲ ਮਿਰਜ਼ਾ ਜਗਾਉਂਦੀ ਏ,
ਰੋਂਦੀ ਹੋਈ ਸਾਹਿਬਾ ਨੂੰ ਤਾਹਨੇ ਜਿਹੇ ਪਾਉਂਦੀ ਏ।
ਭਾਈਆਂ ਦੀ ਤੂੰ ਹੋਈ ਸਾਹਿਬਾ, ਕਿਉਂ ਤੂੰ ਮਿਰਜ਼ਾ ਯਾਰ ਮਰਾ ਲਿਆ।
* ਬੱਕੀ ਕਹਿੰਦੀ ਜਾ ਮਿਰਜ਼ਿਆ, ਵੇ ਤੈਨੂੰ ਸਾਹਿਬਾ ਦਾ ਪਿਆਰ ਖਾ ਗਿਆ।
ਕਾਨ੍ਹੀਆਂ ਤੋੜ ਸਾਹਿਬਾ ਨੇ, ਵੇ ਉਹਨੇ ਭਾਈਆਂ ਦਾ ਗ਼ਰੂਰ ਬਚਾ ਗਿਆ।

ਪਈ ਲਾਸ਼ ਦੇਖ ਬੱਕੀ ਨੇ ਸੀਨਾ ਸਾੜ ਲਿਆ,
ਸ਼ੈਰੀ ਲਿਖ ਹਾਲ ਬੱਕੀ ਦਾ ਰੋ ਸੁਣਾ ਗਿਆ।
ਬੱਕੀ ਕਹਿੰਦੀ ਸਾਹਿਬਾ ਕੰਜਰੀਏ, ਕਿਉਂ ਤੂੰ ਇਸ਼ਕੇ ਨੂੰ ਦਾਗ਼ ਲਾ ਲਿਆ।
* ਬੱਕੀ ਕਹਿੰਦੀ ਜਾ ਮਿਰਜ਼ਿਆ, ਵੇ ਤੈਨੂੰ ਸਾਹਿਬਾ ਦਾ ਪਿਆਰ ਖਾ ਗਿਆ।
ਕਾਨ੍ਹੀਆਂ ਤੋੜ ਸਾਹਿਬਾ ਨੇ, ਵੇ ਉਹਨੇ ਭਾਈਆਂ ਦਾ ਗ਼ਰੂਰ ਬਚਾ ਗਿਆ।

64. ਮਾਸੂਮ ਜਿਹੀ ਜਿੰਦ

ਕੁੱਖ ਵਿਚੋਂ ਧੀ ਬੋਲੇ ਆਪਣੀ ਮਾਂ ਨੂੰ,
ਸਾਂਭਿਆ ਨਾ ਜਾਵੇ ਬਾਪੂ ਨੂੰ ਮਿਲਣ ਵਾਲੇ ਚਾਅ ਨੂੰ।
ਮੰਗਦੀ ਦੁਆਵਾਂ ਤੇਰੀ ਦਿੱਤੀ ਹੋਈ ਪਨਾਹ ਨੂੰ,
ਤੱਕਦੀ ਮੈਂ ਰਹਾਂ ਦੁਨੀਆਂ 'ਤੇ ਆਉਣ ਵਾਲੇ ਰਾਹ ਨੂੰ।
ਦੇਖੀਂ ਕਿਤੇ ਮੈਨੂੰ ਮਾਰ ਨਾ ਦਈਂ, ਮੈਂ ਦੇਵੀ ਦਾ ਸਰੂਪ ਆਂ।
* ਨਾ ਮਾਰੀਂ ਨਾ ਮਾਰੀਂ ਮਾਂ ਮੈਨੂੰ, ਮੈਂ ਤੇਰਾ ਹੀ ਰੰਗ ਰੂਪ ਆਂ।
ਬਾਪੂ ਤੇਰੀ ਇਹ ਲਾਡਲੀ, ਅਜੇ ਬਹੁਤ ਹੀ ਮਾਸੂਮ ਆਂ।
ਬਾਪੂ ਮੈਂ ਵੀ ਇਸ ਦੁਨੀਆਂ 'ਤੇ ਆਉਣਾ, ਵੀਰ ਵਾਂਗੂ ਤੇਰਾ ਨਾਮ ਚਮਕਾਉਣਾ।
ਡਰੀਂ ਨਾ ਬਾਬਲਾ ਕਦੇ ਵੀ ਮੇਰੇ ਕੋਲੋਂ, ਤੇਰੀ ਪੱਗ ਨੂੰ ਕਦੇ ਦਾਗ਼ ਨਾ ਮੈਂ ਲਾਂਵਾਂ।
ਤਰਲੇ ਤੇਰੇ ਪਾਉਨੀ ਆ ਮੈਂ, ਮਾਂ ਤੈਨੂੰ ਜੱਫ਼ੀ ਪਾਉਣ ਦਾ ਸਰੂਰ ਆ।
* ਨਾ ਮਾਰੀਂ ਨਾ ਮਾਰੀਂ ਮਾਂ ਮੈਨੂੰ, ਮੈਂ ਤੇਰਾ ਹੀ ਰੰਗ ਰੂਪ ਆਂ।
ਬਾਪੂ ਤੇਰੀ ਇਹ ਲਾਡਲੀ, ਅਜੇ ਬਹੁਤ ਹੀ ਮਾਸੂਮ ਆਂ।
ਬਾਪੂ ਜੇ ਤੂੰ ਨਾ ਟਲਿਆ, ਮੈਨੂੰ ਮਾਰ ਕੇ ਤੇਰਾ ਜੇ ਸਰਿਆ।
ਫੇਰ ਵੀ ਤੇਰੀ ਮੈਂ ਖ਼ੈਰ ਮੰਗਦੀ, ਬਗ਼ੀਚਾ ਰਹੇ ਤੇਰਾ ਹਰਿਆ ਭਰਿਆ।
ਕਹਿੰਦੀ ਸ਼ੈਰੀ ਸੁਣ ਵੀਰਿਆ ਓਏ, ਲਿਖ ਦਈਂ ਮੇਰੇ ਜਜ਼ਬਾਤ ਆ।
* ਨਾ ਮਾਰੀਂ ਨਾ ਮਾਰੀਂ ਮਾਂ ਮੈਨੂੰ, ਮੈਂ ਤੇਰਾ ਹੀ ਰੰਗ ਰੂਪ ਆਂ।
ਬਾਪੂ ਤੇਰੀ ਇਹ ਲਾਡਲੀ, ਅਜੇ ਬਹੁਤ ਹੀ ਮਾਸੂਮ ਆਂ।
ਸ਼ੈਰੀ ਵੀ ਰੋਇਆ ਤੇਰੇ ਜਜ਼ਬਾਤ ਸੁਣ ਕੇ, ਤੇਰੇ ਲਈ ਭੈਣੇ ਚੰਦ ਤਾਰੇ ਤਿਣਕੇ।
ਬਾਪੂ ਵੀ ਤੇਰਾ ਰੋਂਦਾ ਸੀ ਪਛਤਾ 'ਕੇ, ਦੱਸਾਂਗਾ ਭੈਣੇ ਤੈਨੂੰ ਮੈਂ ਮਿਲ ਕੇ।
ਕਹਿੰਦੀ ਮੇਰੇ ਬਾਪੂ ਨੂੰ ਦਿਲਾਸਾ ਦੇ ਦਈਂ, ਮੈਂ ਅਗਲੇ ਜਨਮ ਉਨ੍ਹਾਂ ਕੋਲ ਆਉਣੀ ਆਂ।
* ਨਾ ਮਾਰੀਂ ਨਾ ਮਾਰੀਂ ਮਾਂ ਮੈਨੂੰ, ਮੈਂ ਤੇਰਾ ਹੀ ਰੰਗ ਰੂਪ ਆਂ।
ਬਾਪੂ ਤੇਰੀ ਇਹ ਲਾਡਲੀ, ਅਜੇ ਬਹੁਤ ਹੀ ਮਾਸੂਮ ਆਂ।

65. ਚੰਨਾ ਵੇ

*ਚੰਨਾ ਵੇ ਚੰਨਾ ਆ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।
ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਵੇ ਕਿਹੜੇ ਦੱਸ ਪਰਦੇਸ ਗਇਓਂ, ਜੋ ਸਾਨੂੰ ਭੁੱਲ ਗਇਓਂ ਵੇ।
ਕਿਹੜੀ ਤੈਨੂੰ ਚਾਂਦਨੀ ਮਿਲੀ, ਮੇਰੇ ਜਿੰਨਾਂ ਨਾ ਕਰਦੀ ਹੋਣਾ ਤਿਓ ਵੇ।
ਵੇ ਇੱਕ ਚੰਨਾ ਤੇਰੇ ਲਈ, ਇਸ਼ਕ ਗੂੜ੍ਹਾ ਕਰਨਾ ਮੈਂ ਸਿੱਖਾਂ।
*ਚੰਨਾ ਵੇ ਚੰਨਾ ਆ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।
ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਵੇ ਮਹਿੰਦੀ ਤੇਰੇ ਨਾਮ ਵਾਲੀ, ਚੜ੍ਹਨੋਂ ਸੱਜਣਾ ਹੱਟ ਗਈ ਏ।
ਕਿ ਦਿਲ ਵਾਲੀ ਧੜਕਣ ਤੂੰ ਏਂ, ਹੌਲੀ ਹੌਲੀ ਚੱਲਣੀ ਘੱਟ ਗਈ ਏ।
ਵੇ ਦੱਸ ਕਿਉਂ ਨਾਰਾਜ਼ ਹੋਇਆ, ਹਾੜਾ ਕੱਢਦੀ ਮੰਗਦੀ ਭੀਖ ਆ।
*ਚੰਨਾ ਵੇ ਚੰਨਾ ਆ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।
ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਦਿਨ ਚੜ੍ਹਨੇ ਮੇਰੇ ਬੰਦ ਹੋ ਗਏ ਨੇ, ਰਾਤਾਂ ਦੇ ਦੀਵੇ ਬੁੱਝ ਗਏ ਨੇ।
ਰੋਂਦੀ ਨਾ ਥੱਕਾਂ ਤੇਰੇ ਲਈ ਵੇ, ਨੈਣ ਮੇਰੇ ਸੱਜਣਾ ਸੁੱਜ ਗਏ ਨੇ।
ਵੇ ਸ਼ੈਰੀ ਨਾਲ ਨੀਂਦ ਲੈ ਗਿਆ, ਕਰ ਗਿਆ ਇਸ਼ਕੇ 'ਚ ਮਰੀਜ਼ ਆ।
*ਚੰਨਾ ਵੇ ਚੰਨਾ ਆ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।
ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

ਤੇਰੇ ਆਉਣ ਵਾਲੇ ਰਾਹ ਨੂੰ ਚੁੰਮ-ਚੁੰਮ ਪੈਨੀਂ ਆ, ਆ ਜਾ ਘਰ ਚੰਨਾ ਤੈਨੂੰ ਮੈਂ ਕਹਿਣੀ ਆ।
ਘਰ ਤਾਂ ਆ ਜਾ ਚੰਨਾ ਤੈਨੂੰ ਮੈਂ ਮਨਾਵਾਂਗੀ, ਦਿਲ ਵਾਲੇ ਖੰਡਰ 'ਚ ਇਕੱਲੀ ਹੀ ਰਹਿਣੀ ਆ।
ਵੇ ਹਾਲ ਮੇਰਾ ਮੌਤ ਤੋਂ ਭੈੜਾ, ਦੁਨੀਆਂ ਨੂੰ ਆਖਾਂ ਮੈਂ ਠੀਕ ਆਂ।
*ਚੰਨਾ ਵੇ ਚੰਨਾ ਆ ਜਾ ਘਰ ਵੇ, ਤੇਰਾ ਰਾਹ ਮੈਂ ਖੜ੍ਹੀ ਉਡੀਕਾਂ।
ਕਿ ਅੱਖੀਆਂ ਵੀ ਥੱਕ ਚੱਲੀਆਂ ਵੇ, ਮਿਟ ਚੱਲੀਆਂ ਹੱਥਾਂ ਦੀਆਂ ਲੀਕਾਂ।

66. ਪਿਆਰ

ਹੀਰੇ ਨੀ ਹੀਰੇ ਆਖਾਂ, ਤੈਨੂੰ ਤਕਦੀਰੇ ਆਖਾਂ।
ਤੇਰਾ ਮੈਂ ਰਾਂਝਾ ਹੀਰੀਏ, ਇਸ਼ਕੇ ਤੋਂ ਵਾਂਝਾ ਹੀਰੀਏ।

ਸਭ ਮੁੱਕ ਜਾਣਾ ਏ।

* ਇਸ ਦੁਨੀਆਂ ਤੋਂ ਸਭ ਨੇ, ਇੱਕ ਦਿਨ ਤੁਰ ਜਾਣਾ ਏ।
ਮਿਰਜ਼ੇ ਦਾ ਲਹੂ ਖੌਲਦਾ, ਕਾਨ੍ਹੀਆਂ ਦਾ ਸਰੂਰ ਬੋਲਦਾ।
ਰੱਬ ਨੂੰ ਤੂੰ ਟੱਬ ਆਖਦਾ, ਮਿਰਜ਼ੇ ਦਾ ਗ਼ਰੂਰ ਬੋਲਦਾ।

ਸਾਹ ਰੁਕ ਜਾਣਾ ਏ।

* ਇਸ ਦੁਨੀਆਂ ਤੋਂ ਸਭ ਨੇ, ਇੱਕ ਦਿਨ ਤੁਰ ਜਾਣਾ ਏ।
ਇਸ਼ਕੇ ਦੀ ਲੋਰ ਹੁੰਦੀ ਏ, ਰੂਹ ਵੀ ਕੁਝ ਹੋਰ ਹੁੰਦੀ ਏ।
ਸੋਹਣੀ ਦਾ ਘੜਾ ਖ਼ੁਰ ਗਿਆ, ਮਹੀਵਾਲ ਦੀ ਮੌਤ ਹੁੰਦੀ ਏ।

ਖ਼ਾਬ ਟੁੱਟ ਜਾਣਾ ਏ।

* ਇਸ ਦੁਨੀਆਂ ਤੋਂ ਸਭ ਨੇ, ਇੱਕ ਦਿਨ ਤੁਰ ਜਾਣਾ ਏ।
ਸ਼ੈਰੀ ਦੇ ਗੀਤ ਬੋਲਦੇ, ਇਸ਼ਕੇ ਦੀ ਰੀਤ ਖੋਲ੍ਹਦੇ।
ਸੱਚਾ ਪਿਆਰ ਕਿਸੇ ਨਾ ਮਿਲਿਆ, ਆਸ਼ਕ ਸਾਰੇ ਕਬਰੀਂ ਬੋਲਦੇ।

ਦਰਦ ਮੁੱਕ ਜਾਣਾ ਏ।

* ਇਸ ਦੁਨੀਆਂ ਤੋਂ ਸਭ ਨੇ, ਇੱਕ ਦਿਨ ਤੁਰ ਜਾਣਾ ਏ।

67. ਟੁੱਟਿਆ ਸ਼ਾਇਰ

* ਨੀਂ ਤੂੰ ਚਾਂਦਨੀ ਵਾਂਗੂ ਲੱਗਦੀ ਏ, ਤੇ ਮੈਂ ਟੁੱਟ ਰਿਹਾ ਤਾਰਾ ਲੱਗਦਾ ਆਂ।
ਨੀਂ ਤੂੰ ਅੰਬਰਾਂ ਦੀ ਮਾਸੂਮ ਪਰੀ, ਤੇ ਮੈਂ ਟੁੱਟਿਆ ਸ਼ਾਇਰ ਲੱਗਦਾ ਆਂ।
ਹਜ਼ਾਰਾਂ ਹੀ ਟੁੱਟੇ ਤਾਰਿਆਂ ਦੀ, ਤੇਰੀਆਂ ਅੱਖਾਂ ਨੇ ਰੌਸ਼ਨੀ ਸਾਂਭੀ ਏ।
ਕਿੰਨੇ ਸ਼ਾਇਰ ਬਣਾ 'ਤੇ ਤੂੰ ਦਰਦੀ, ਸਾਰੀ ਕਾਇਨਾਤ ਤੂੰ ਸਾਂਭੀ ਏ।
ਮਹਿਬੂਬ ਬਣੀ ਨਾ ਕਿਸੇ ਦੀ, ਪਰ ਦਿਲਾਂ ਦਾ ਸਾਥ ਕਿਉਂ ਲੱਗਦਾ ਆਂ।
* ਨੀਂ ਤੂੰ ਚਾਂਦਨੀ ਵਾਂਗੂ ਲੱਗਦੀ ਏ, ਤੇ ਮੈਂ ਟੁੱਟ ਰਿਹਾ ਤਾਰਾ ਲੱਗਦਾ ਆਂ।
ਨੀਂ ਤੂੰ ਅੰਬਰਾਂ ਦੀ ਮਾਸੂਮ ਪਰੀ, ਤੇ ਮੈਂ ਟੁੱਟਿਆ ਸ਼ਾਇਰ ਲੱਗਦਾ ਆਂ।
ਤੇਰੀ ਮਾਸੂਮੀਅਤ ਦੇ ਕੀ ਕਹਿਣੇ, ਤੈਨੂੰ ਵੇਖ ਕੇ ਰੱਬ ਦੀਦਾਰ ਹੋਵੇ।
ਤੇਰੀ ਮੁਸਕੁਰਾਹਟ ਦੇਖ ਕੇ ਨੀ, ਰੱਬ ਨੂੰ ਵੀ ਕਹਿੰਦੇ ਪਿਆਰ ਹੋਵੇ।
ਖ਼ੁਦਾ ਤੂੰ ਲੱਗੇ ਸ਼ਾਇਰ ਨੂੰ, ਤੇ ਸ਼ਾਇਰ ਭਿਖਾਰੀ ਲੱਗਦਾ ਆ।
* ਨੀਂ ਤੂੰ ਚਾਂਦਨੀ ਵਾਂਗੂ ਲੱਗਦੀ ਏ, ਤੇ ਮੈਂ ਟੁੱਟ ਰਿਹਾ ਤਾਰਾ ਲੱਗਦਾ ਆਂ।
ਨੀਂ ਤੂੰ ਅੰਬਰਾਂ ਦੀ ਮਾਸੂਮ ਪਰੀ, ਤੇ ਮੈਂ ਟੁੱਟਿਆ ਸ਼ਾਇਰ ਲੱਗਦਾ ਆਂ।
ਤੈਨੂੰ ਹਰ ਪਲ ਮੈਂ ਮਹਿਸੂਸ ਕਰਾਂ, ਟੁੱਟੇ ਦਿਲ ਦੀ ਰਾਣੀ ਲੱਗਦੀ ਏ।
ਤੂੰ ਵੇਖੇ ਵੀ ਨਾ ਇੱਕ ਪਲ ਮੈਨੂੰ, ਟੁੱਟੇ ਸ਼ਾਇਰ ਦੀ ਕਹਾਣੀ ਲੱਗਦੀ ਏ।
ਤੈਨੂੰ ਲੱਭਾਂ ਗੀਤਾਂ ਦੇ ਹਨ੍ਹੇਰੇ, ਸ਼ੈਰੀ ਕਬਰੀਂ ਬੋਲਦਾ ਲੱਗਦਾ ਆ।
* ਨੀਂ ਤੂੰ ਚਾਂਦਨੀ ਵਾਂਗੂ ਲੱਗਦੀ ਏ, ਤੇ ਮੈਂ ਟੁੱਟ ਰਿਹਾ ਤਾਰਾ ਲੱਗਦਾ ਆਂ।
ਨੀਂ ਤੂੰ ਅੰਬਰਾਂ ਦੀ ਮਾਸੂਮ ਪਰੀ, ਤੇ ਮੈਂ ਟੁੱਟਿਆ ਸ਼ਾਇਰ ਲੱਗਦਾ ਆਂ।
ਦਿਲਾ ਤੂੰ ਖੰਡਰ ਕਿਉਂ ਹੋ ਗਿਆ, ਚਾਂਦਨੀ ਛੱਡ ਤਾਰਿਆਂ ਨੂੰ ਮੋਹ ਗਿਆ।
ਵੇਖੀਂ ਦਰਦ ਮੁਕਾ ਨਾ ਬਹਿ ਜਾਵੀਂ, ਫੇਰ ਕੱਖ ਦਾ ਹੋ ਕੇ ਤੂੰ ਸੌਂ ਗਿਆ।
ਐਨਾ ਹਸੀਨ ਚਿਹਰਾ ਭੁੱਲਦਾ ਨਹੀਂ, ਹਰ ਸਾਹ ਤੇਰੇ ਨਾਮ ਕਰਦਾ ਆ।
* ਨੀਂ ਤੂੰ ਚਾਂਦਨੀ ਵਾਂਗੂ ਲੱਗਦੀ ਏ, ਤੇ ਮੈਂ ਟੁੱਟ ਰਿਹਾ ਤਾਰਾ ਲੱਗਦਾ ਆਂ।
ਨੀਂ ਤੂੰ ਅੰਬਰਾਂ ਦੀ ਮਾਸੂਮ ਪਰੀ, ਤੇ ਮੈਂ ਟੁੱਟਿਆ ਸ਼ਾਇਰ ਲੱਗਦਾ ਆਂ।

68. ਕਲਮ

ਹੱਸਣਾ ਛੱਡ 'ਕੇ ਰੌਣਾ ਸਿੱਖ ਲੈ,
ਪਾਉਣਾ ਛੱਡ 'ਕੇ ਗਵਾਉਣਾ ਸਿੱਖ ਲੈ।
ਸੁਣਨਾ ਛੱਡ 'ਕੇ ਲਿਖਣਾ ਸਿੱਖ ਲੈ, ਬਣ ਜਾ ਤੂੰ ਲਿਖਾਰੀ ਓਏ।
* ਕੋਈ ਕਿੱਸਾ ਸੁਣਾ ਦੇ ਟੁੱਟੇ ਆਸ਼ਕ ਦਾ,
ਕਲਮੇ ਕਰੀਂ ਨਾ ਰੂਹ ਨਾਲ ਗ਼ੱਦਾਰੀ ਓਏ।

ਐਵੇਂ ਚੁੱਪ ਚਾਪ ਨਾ ਰਿਹਾ ਕਰ,
ਥੋੜ੍ਹਾ ਦਰਦ ਤੂੰ ਵੀ ਤਾਂ ਸਹਿਆ ਕਰ।
ਐਵੇਂ ਟੁੱਟ ਟੁੱਟ ਨਾ ਪਿਆ ਕਰ, ਲਫ਼ਜ਼ਾਂ ਦੀ ਬਣ ਜਾ ਭਿਖਾਰੀ ਓਏ।
* ਕੋਈ ਕਿੱਸਾ ਸੁਣਾ ਦੇ ਟੁੱਟੇ ਆਸ਼ਕ ਦਾ,
ਕਲਮੇ ਕਰੀਂ ਨਾ ਰੂਹ ਨਾਲ ਗ਼ੱਦਾਰੀ ਓਏ।

ਥੋੜ੍ਹੀ ਇੱਜ਼ਤ ਜਿਹੀ ਤਾਂ ਬਣਾ ਲੈ ਤੂੰ,
ਗੋਰ 'ਚੋਂ ਕੱਢਕੇ ਲੈ ਜਾ ਮੇਰੀ ਰੂਹ।
ਲੋਕੀ ਲੈਂਦੇ ਫਿਰਦੇ ਮੇਰੀ ਸੂਹ, ਸ਼ੈਰੀ ਕਲਮ ਕਿੱਦਾਂ ਨਿਖਾਰੀ ਓਏ।
* ਕੋਈ ਕਿੱਸਾ ਸੁਣਾ ਦੇ ਟੁੱਟੇ ਆਸ਼ਕ ਦਾ,
ਕਲਮੇ ਕਰੀਂ ਨਾ ਰੂਹ ਨਾਲ ਗ਼ੱਦਾਰੀ ਓਏ।

69. ਕਲਮ ਏ $RW

* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,
ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।
ਦਿਲ ਟੁੱਟਿਆ ਏ ਮੇਰਾ ਜਿਵੇਂ, ਪੁੱਤ ਗਵਾਉਣ ਤੋਂ ਬਾਅਦ ਰੋਵੇ ਮਾਂ।
ਕਿਸ ਨੂੰ ਚਿੱਠੀਆਂ ਪਾਵਾਂ ਵੇ, ਮੇਰੇ ਸੁੰਨੇ ਕੋਠੇ 'ਤੇ ਬੋਲੇ ਕਾਂ।
ਸਭ ਕੁਝ ਮੈਂ ਗੁਆ ਬੈਠਾ ਕਾਹਦੀ ਇਹ ਮੌਜ।
* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,
ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।
ਕਾਗਜ਼ਾ ਮਨਾਵਾਂ ਤੈਨੂੰ, ਦਰਦ ਮੈਂ ਆਪਣਾ ਸੁਣਾਵਾਂ ਤੈਨੂੰ।
ਕੀ ਕੀ ਮੈਂ ਦਿਲੇ ਹੰਢਾਇਆਂ, ਰੋ ਰੋ ਕੇ ਸੁਣਾਵਾਂ ਤੈਨੂੰ।
ਸੀਨੇ 'ਤੇ ਲਿਖਾ 'ਲਾ ਮੇਰਾ ਕਿੱਸਾ ਰਿਹਾ ਹਾਂ ਖੋਲ।
* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,
ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।
ਤੇਰੇ ਮੈਂ ਕੱਢਦਾ ਹਾੜੇ, ਦੁੱਖ ਲੱਗੇ ਬੜੇ ਹੀ ਭਾਰੇ।
ਮੌਤ ਜਦ ਬੂਹੇ ਆ ਖੜ੍ਹੀ, ਪੁੱਛਣਾ ਨਾ ਕਿਸੇ ਚਾਰੇ ਦੁਆਰੇ।
ਚੱਕ ਲੱਕੜਾਂ 'ਤੇ ਰੱਖ ਦੇਣਾ ਏ ਅੱਗ ਨਾਲ ਮਨਾਵਾਂ ਅਫ਼ਸੋਸ।
* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,
ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।
ਸ਼ੈਰੀ ਦਾ ਨਾਮ ਬਣਾ ਦੇ, ਕਿੱਸਾ ਸਾਰੀ ਦੁਨੀਆਂ ਸੁਣਾ ਦੇ।
ਇਸ਼ਕੇ ਦੀ ਅੱਗ ਲੱਗੀ ਜੋ, ਉਸ ਦੇ ਤੂੰ ਕੰਨੀ ਜਾ ਪਾ ਦੇ।
ਉਹਦੇ ਦਿਲ ਨੂੰ ਵੀ ਲੱਗੇ ਥੋੜ੍ਹਾ ਮੇਰੇ ਦਿਲ ਦਾ ਸ਼ੋਰ।
* ਕਲਮੇ ਨੀਂ ਕਲਮੇ ਮੇਰਾ ਦੁੱਖ ਥੋੜ੍ਹਾ ਫਰੋਲ,
ਇੱਕ ਅੱਧਾ ਗੀਤ ਲਿਖਾ ਦੇ ਨੀਂ ਮੈਨੂੰ ਇੰਝ ਨਾ ਤੂੰ ਰੋਲ।

70. ਮੇਰਾ ਅਧੂਰਾ ਗੀਤ

* ਮੇਰਾ ਗੀਤ ਅਧੂਰਾ ਪਿਆ ਨੀਂ, ਕੁਝ ਲਫ਼ਜ਼ ਉਧਾਰੇ ਦੇ ਜਾ।
ਹਾਸੇ ਲੈ ਜਾ ਜ਼ਿੰਦਗੀ ਭਰ ਦੇ, ਪਰ ਦਰਦ ਸਾਰਾ ਤੂੰ ਦੇ ਜਾ।
ਸਾਹ ਵੀ ਸਾਰੇ ਲੈ ਜਾ ਤੂੰ, ਇਸ ਬੁੱਤ 'ਚੋਂ ਕੱਢ ਕੇ ਲੈ ਜਾ ਰੂਹ।
ਮੇਰੀ ਲਾਸ਼ ਜਿੰਦਾ ਰਹਿ ਜਾਵੇ, ਛੂਰਾ ਮਾਰ ਮਾਰਦੀਂ ਮੇਰੀ ਰੂਹ।
ਪਿਆਰ ਤੂੰ ਲੈ ਜਾ ਖ਼ੁਦਾ ਵਾਂਗਰਾਂ, ਪਰ ਨਫ਼ਰਤ ਸਾਰੀ ਦੇ ਜਾ।
* ਮੇਰਾ ਗੀਤ ਅਧੂਰਾ ਪਿਆ ਨੀਂ, ਕੁਝ ਲਫ਼ਜ਼ ਉਧਾਰੇ ਦੇ ਜਾ।
ਹਾਸੇ ਲੈ ਜਾ ਜ਼ਿੰਦਗੀ ਭਰ ਦੇ, ਪਰ ਦਰਦ ਸਾਰਾ ਤੂੰ ਦੇ ਜਾ।
ਕਾਗਜ਼ਾਂ ਜੋਗਾ ਮੈਨੂੰ ਛੱਡ ਜਾ ਨੀਂ, ਹੱਥੀਂ ਕਲਮ ਫੜਾ ਦਿਲ ਵੱਢ ਜਾ ਨੀਂ।
ਟੁੱਟੇ ਤਾਰਿਆਂ ਤੋਂ ਵੀ ਮਾੜਾ ਹਾਏ, ਸੀਨੇ 'ਚੋਂ ਕੱਢ ਕਦਮੀਂ ਰੱਖ ਜਾ ਨੀਂ।
ਆ ਤੋੜ ਜਾ ਤੂੰ ਦਿਲ ਮੇਰਾ, ਮੇਰੀ ਕਲਮ ਨੂੰ ਸਹਾਰਾ ਦੇ ਜਾ।
* ਮੇਰਾ ਗੀਤ ਅਧੂਰਾ ਪਿਆ ਨੀਂ, ਕੁਝ ਲਫ਼ਜ਼ ਉਧਾਰੇ ਦੇ ਜਾ।
ਹਾਸੇ ਲੈ ਜਾ ਜ਼ਿੰਦਗੀ ਭਰ ਦੇ, ਪਰ ਦਰਦ ਸਾਰਾ ਤੂੰ ਦੇ ਜਾ।
ਆਸ ਜੋ ਤੈਨੂੰ ਪਾਉਣ ਦੀ ਬਚੀ, ਉਹਨੂੰ ਤੋੜ ਅਹਿਸਾਸ ਕਰਾ ਦੇ।
ਪਲ ਜੋ ਸਾਂਝੇ ਕੀਤੇ ਆਪਾਂ, ਉਹਨੂੰ ਦਰਦ ਨਾਲ ਤੂੰ ਸਜਾ ਦੇ।
ਜ਼ਿੰਦਗੀ ਦੇ ਵਿੱਚ ਕਿਆਮਤ ਦੇ ਜਾ, ਕਾਇਨਾਤ ਸਾਰੀ ਤੂੰ ਲੈ ਜਾ।
* ਮੇਰਾ ਗੀਤ ਅਧੂਰਾ ਪਿਆ ਨੀਂ, ਕੁਝ ਲਫ਼ਜ਼ ਉਧਾਰੇ ਦੇ ਜਾ।
ਹਾਸੇ ਲੈ ਜਾ ਜ਼ਿੰਦਗੀ ਭਰ ਦੇ, ਪਰ ਦਰਦ ਸਾਰਾ ਤੂੰ ਦੇ ਜਾ।
ਸ਼ੈਰੀ ਦੇ ਹੱਥੋਂ ਗੀਤ ਲਿਖਾ, ਲਫ਼ਜ਼ਾਂ ਦੀ ਤੂੰ ਭੀਖ ਮੰਗਾ।
ਐਸੀ ਮਾਰ ਸੱਟ ਦਰਦ ਮੁੱਕੇ ਨਾ, ਟੁੱਟਿਆ ਬੇਕਦਰੀ ਸ਼ਾਇਰ ਬਣਾ।
ਚਾਰ ਲੱਕੜਾਂ ਮੇਰੇ ਨਾਮ ਕਰ, ਉੱਤੇ ਸੇਕ ਰੋਟੀ ਤੂੰ ਲੈ ਜਾ।
* ਮੇਰਾ ਗੀਤ ਅਧੂਰਾ ਪਿਆ ਨੀਂ, ਕੁਝ ਲਫ਼ਜ਼ ਉਧਾਰੇ ਦੇ ਜਾ।
ਹਾਸੇ ਲੈ ਜਾ ਜ਼ਿੰਦਗੀ ਭਰ ਦੇ, ਪਰ ਦਰਦ ਸਾਰਾ ਤੂੰ ਦੇ ਜਾ।

71. ਗ਼ਮਾਂ ਨੇ ਘੇਰਿਆ

* ਗ਼ਮਾਂ ਨੇ ਘੇਰਿਆ ਸ਼ੈਰੀ ਨੂੰ, ਵੇ ਤੂੰ ਕੁਝ ਤਾਂ ਲਿਖ ਕੇ ਦਿਖਾ ਦੇ।
ਦਿਲ ਤੋਂ ਰੌਂਦਾ ਉੱਪਰੋਂ ਹੱਸਦਾ ਏ, ਸਾਨੂੰ ਵੀ ਦਰਦ ਲਕਾਉਣਾ ਤੂੰ ਸਿਖਾ ਦੇ।
ਐਨਾ ਦਰਦ ਲਕੋਈ ਬੈਠੇ, ਕਿ ਖੁਸ਼ੀ ਨੂੰ ਵੀ ਰੋਣਾ ਆ ਜਾਵੇ।
ਇਹ ਹੰਝੂ ਵੀ ਤੇਰੇ ਹੱਸਦੇ ਨੇ, ਤੇ ਸਾਨੂੰ ਵੱਢ ਵੱਢ ਕੇ ਖਾਵੇ।
ਸ਼ੈਰੀ ਨੂੰ ਜੇ ਲਿਖਣਾ ਨਹੀਂ ਆਉਂਦਾ, ਸਾਨੂੰ ਮਰ ਕੇ ਜੀਣਾ ਸਿਖਾ ਦੇ।
* ਗ਼ਮਾਂ ਨੇ ਘੇਰਿਆ ਸ਼ੈਰੀ ਨੂੰ, ਵੇ ਤੂੰ ਕੁਝ ਤਾਂ ਲਿਖ ਕੇ ਦਿਖਾ ਦੇ।
ਦਿਲ ਤੋਂ ਰੌਂਦਾ ਉੱਪਰੋਂ ਹੱਸਦਾ ਏ, ਸਾਨੂੰ ਵੀ ਦਰਦ ਲਕਾਉਣਾ ਤੂੰ ਸਿਖਾ ਦੇ।
ਹਰ ਇੱਕ ਗੀਤ ਵਿੱਚ ਤੂੰ ਕਿਉਂ, ਕਬਰਾਂ ਦੀ ਗੱਲ ਹੀ ਕਰਦੈਂ।
ਚਾਰ ਲੱਕੜਾਂ ਦਾ ਇਸ਼ਕ ਦੱਸੇ, ਪਰ ਮਰਨ ਤੋਂ ਕਿਉਂ ਤੂੰ ਡਰਦੈਂ।
ਮੌਤ ਤੇ ਇਸ਼ਕ ਦਾ ਰਿਸ਼ਤਾ, ਸਾਨੂੰ ਚੰਗੀ ਤਰ੍ਹਾਂ ਸਮਝਾਦੇ।
* ਗ਼ਮਾਂ ਨੇ ਘੇਰਿਆ ਸ਼ੈਰੀ ਨੂੰ, ਵੇ ਤੂੰ ਕੁਝ ਤਾਂ ਲਿਖ ਕੇ ਦਿਖਾ ਦੇ।
ਦਿਲ ਤੋਂ ਰੋਣਾ ਉਪਰੋਂ ਹੱਸਦਾ ਏ, ਸਾਨੂੰ ਵੀ ਦਰਦ ਲਕੋਣਾ ਤੂੰ ਸਿਖਾ ਦੇ।
ਤੂੰ ਖ਼ੁਦਾ ਵੀ ਛੱਡ ਬੈਠਾ, ਤੇ ਯਾਰ ਵੀ ਨਾ ਕੋਈ ਮੰਨਿਆ।
ਖ਼ੁਦ ਨੂੰ ਵੀ ਭੁਲਾ ਬੈਠਾ, ਸੱਜਣ 'ਤੇ ਇਤਬਾਰ ਬੜਾ ਤੂੰ ਮੰਨਿਆ।
ਲਾਰੇ ਸੱਚ ਕਿਉਂ ਲੱਗਦੇ ਨੇ, ਸਾਨੂੰ ਝੂਠੇ ਲੱਗਣੇ ਤੂੰ ਸਿਖਾ ਦੇ।
* ਗ਼ਮਾਂ ਨੇ ਘੇਰਿਆ ਸ਼ੈਰੀ ਨੂੰ, ਵੇ ਤੂੰ ਕੁਝ ਤਾਂ ਲਿਖ ਕੇ ਦਿਖਾ ਦੇ।
ਦਿਲ ਤੋਂ ਰੌਂਦਾ ਉੱਪਰੋਂ ਹੱਸਦਾ ਏ, ਸਾਨੂੰ ਵੀ ਦਰਦ ਲਕਾਉਣਾ ਤੂੰ ਸਿਖਾ ਦੇ।
ਤੂੰ ਲਿਖਾਰੀ ਕੋਈ ਨਹੀਂ, ਇਹ ਗੱਲ ਸਾਨੂੰ ਵੀ ਪਤਾ ਏ।
ਕਿਉਂ ਸਾਥੋਂ ਲਕਾਉਣਾ ਏ, ਸਾਡੀ ਤੇਰੇ ਨਾਲ ਖ਼ਤਾ ਏ।
ਅਸੀਂ ਵੀ ਰੁੱਸ ਜਾਣਾ ਤੈਥੋਂ, ਜਾਂ ਫੇਰ ਸਾਨੂੰ ਵੀ ਸੱਚੀਂ ਰਵਾ ਦੇ।
* ਗ਼ਮਾਂ ਨੇ ਘੇਰਿਆ ਸ਼ੈਰੀ ਨੂੰ, ਵੇ ਤੂੰ ਕੁਝ ਤਾਂ ਲਿਖ ਕੇ ਦਿਖਾ ਦੇ।
ਦਿਲ ਤੋਂ ਰੌਂਦਾ ਉੱਪਰੋਂ ਹੱਸਦਾ ਏ, ਸਾਨੂੰ ਵੀ ਦਰਦ ਲਕਾਉਣਾ ਤੂੰ ਸਿਖਾ ਦੇ।

72. ਕੁਝ ਸੱਚਾਈਆਂ

ਯਾਰੀ ਵਿੱਚ ਗ਼ੱਦਾਰੀ ਲੋਕੋ ਚੰਗੀ ਨਹੀਂ ਹੁੰਦੀ,
ਯਾਰੀ 'ਚ ਲੱਗੀ ਅੱਗ ਲੋਕੋ ਠੰਢੀ ਨਹੀਂ ਹੁੰਦੀ।
ਕੁਪੱਤੀ ਜਨਾਨੀ ਨਾਲ ਯਾਰੀ ਚੰਗੀ ਨਹੀਂ ਹੁੰਦੀ,
ਸੱਚ ਬੋਲਿਆਂ ਲੋਕੋ ਕਦੇ ਵੀ ਭੰਡੀ ਨਹੀਂ ਹੁੰਦੀ।
ਚਾਰ ਦਿਨਾਂ ਦਾ ਪਿਆਰ ਲੋਕੋ ਸੱਚਾ ਨਹੀਂ ਹੁੰਦਾ,
ਸੱਚਾ ਯਾਰ ਪਿੱਠ ਪਿੱਛੇ ਸ਼ਤਰੰਜ ਨਹੀਂ ਬੁਣਦਾ।
ਵਾਰ ਵਾਰ ਗੱਲੀ 'ਚੋਂ ਲੰਘਣਾ ਠਰਕਪੁਣਾ ਹੁੰਦਾ,
ਮਾੜਾ ਬੰਦਾ ਲੋਕੋ ਜਿਹੜਾ ਕਿਸੇ ਦੀ ਵੀ ਨਹੀਂ ਸੁਣਦਾ।
ਭੈਣ ਦੀ ਸਹੇਲੀ ਉੱਤੇ ਕਦੇ ਅੱਖ ਨਹੀਂ ਰੱਖੀ ਦੀ,
ਯਾਰ ਹੋਵੇ ਗ਼ੱਦਾਰ ਤਾਂ ਉਹਦੀ ਫੂਕ ਨਹੀਂ ਛੱਕੀ ਦੀ।
ਦੋ ਚਾਰ ਗੀਤ ਲਿਖਣ ਵਾਲਾ ਲਿਖਾਰੀ ਨਹੀਂ ਹੁੰਦਾ,
ਜ਼ਰੂਰਤ ਪੈਣ 'ਤੇ ਮੰਗਣ ਵਾਲਾ ਭਿਖਾਰੀ ਨਹੀਂ ਹੁੰਦਾ।
ਚੌਂਕ ਵਿੱਚ ਖੜ੍ਹ ਕੇ ਸ਼ਰੇਆਮ ਨਹੀਂ ਖੰਘੀ ਦਾ,
ਇਕੱਲੀ ਕੁੜੀ ਦੇਖ ਕੇ ਯਾਰੋ ਛੇੜ ਨਹੀਂ ਲੰਘੀ ਦਾ।
ਲੱਖ ਮੁਸੀਬਤ ਆ ਜੇ ਵੈਰੀ ਘਰ ਜਾ ਕੇ ਨਹੀਂ ਮੰਗੀ ਦਾ,
ਝੂਠੇ ਲਾਰੇ ਲਾ ਕੇ ਸਹੇਲੀ ਨੂੰ ਨਹੀਂ ਡੰਗੀ ਦਾ।
ਕੁੜੀਆਂ ਪਿੱਛੇ ਕਦੇ ਲੋਕੋ ਜ਼ਿੰਮ ਨਹੀਂ ਜਾਈ ਦਾ,
ਜੇ ਭਰਿਆ ਹੋਵੇ ਢਿੱਡ ਤਾਂ ਮੰਗ ਕੇ ਨਹੀਂ ਖਾਈਦਾ।
ਯਾਰ ਇਕੱਠੇ ਕਰਕੇ ਘਰੇ ਬਹਿ 'ਕੇ ਪੀਏ ਨਾ,
ਅਣਖੀ ਹੋਵੇ ਜਿਗਰਾ ਫੇਰ ਗੁਲਾਮੀ ਵਿੱਚ ਜੀਏ ਨਾ।
ਸਰਕਾਰਾਂ ਖਿਲਾਫ਼ ਖੜ੍ਹਨ ਵਾਲਾ ਅੱਤਵਾਦੀ ਕਹਿਲਾਉਂਦਾ ਏ,
ਕਾਹਦਾ ਉਹ ਰਾਂਝਾ ਜਿਹੜਾ ਚਾਰ ਹੀਰਾਂ ਨੂੰ ਚਾਹੁੰਦਾ ਏ।
ਸੱਚ ਲਿਖਿਆ ਸ਼ੈਰੀ ਤੇ ਮੁੜ ਮੁੜ ਕੇ ਗਾਉਂਦਾ ਏ,
ਖ਼ੁਦਾ ਵੀ ਲੱਭਦਾ ਫਿਰਦਾ ਨਾਲੇ ਯਾਰ ਮਨਾਉਂਦਾ ਏ।
ਕੰਜਰੀ ਨਾਲ ਯਾਰੀ ਲਾ ਕੇ ਬੰਦਾ ਕੰਜਰ ਹੋ ਜਾਂਦੈ,
ਮਾੜੀ ਸੰਗਤ ਵਿੱਚ ਪੈ ਕੇ ਬੰਦਾ ਲੰਡਰ ਹੋ ਜਾਂਦੈ।
ਉਸ ਪੁੱਤ ਤੋਂ ਕੀ ਲੈਣਾ ਜ਼ਮੀਨ ਵੇਚੀ ਜਾਵੇ ਜੋ,
ਰਾਤਾਂ ਨੂੰ ਨੀਂਦ ਆਵੇ ਨਾ ਬਾਪੂ ਰਿਹਾ ਹੈ ਰੋ।
ਮਾਂ ਬਿਨ੍ਹਾਂ ਘਰ ਸੁੰਨਾ ਲੋਕੋ ਖੰਡਰ ਲੱਗਦਾ ਏ,
ਭੈਣ ਬਿਨ੍ਹਾਂ ਭਾਈ ਦਾ ਗੁੱਟ ਵੀ ਬੰਜਰ ਲੱਗਦਾ ਏ।
ਮਾੜੀ ਹੋਵੇ ਮਸ਼ੂਕ ਤਾਂ ਬੰਦਾ ਰੁੱਲ ਹੀ ਜਾਂਦਾ ਏ,
ਮਰਨ ਤੋਂ ਬਾਅਦ ਬੰਦਾ ਸਭ ਕੁਝ ਭੁੱਲ ਹੀ ਜਾਂਦਾ ਏ।

73. ਰਾਤਾਂ ਕਾਲੀਆਂ

ਸਾਨੂੰ ਛੱਡ ਤੂੰ ਗ਼ੈਰਾਂ ਦੀ ਹੋਈ, ਮੇਰੀ ਤਾਂ ਲੁੱਕ-ਲੁੱਕ ਰੂਹ ਵੀ ਰੋਈ।
ਤੈਨੂੰ ਸੀ ਮੈਂ ਦੁਨੀਆਂ ਸਮਝਿਆ, ਛੱਡਤੀਆਂ ਮੈਂ ਦੁਨੀਆਦਾਰੀਆਂ।
* ਚੰਦ ਚਾਂਦਨੀ ਰਾਤਾਂ ਕਾਲੀਆਂ, ਕੱਢੀਆਂ ਸੱਜਣਾ ਰੋ ਕੇ ਸਾਰੀਆਂ।

ਮੇਰੀ ਕਲਮ ਵੀ ਰੋਈ ਸ਼ੈਰੀ ਵੀ ਰੋਇਆ, ਸਾਰੀ ਸਾਰੀ ਰਾਤ ਵੇ।
ਰੱਬਾ ਹੋਰ ਨਾ ਮੰਗਾਂ ਕੁਝ ਤੇਰੇ ਤੋਂ, ਬੱਸ ਉਹਦੀ ਇੱਕ ਘਾਟ ਏ।
ਗ਼ੈਰਾਂ ਦੇ ਨਾਲ ਤੂੰ ਲਾ ਲਈਆਂ, ਸਾਡੇ ਨਾਲ ਤੋੜ ਕੇ ਯਾਰੀਆਂ।
* ਚੰਦ ਚਾਂਦਨੀ ਰਾਤਾਂ ਕਾਲੀਆਂ, ਕੱਢੀਆਂ ਸੱਜਣਾ ਰੋ ਕੇ ਸਾਰੀਆਂ।

ਚੰਦ ਦੇ ਨਾਲ ਚਾਂਦਨੀ, ਤੇ ਤਾਰਿਆਂ ਨਾਲ ਲੋਏ।
ਮੇਰਾ ਹਾਲ ਦੇਖ ਕੇ ਸਾਰੇ ਹੀ, ਲੁੱਕ-ਲੁੱਕ ਕੇ ਰੋਏ।
ਦੁਨੀਆਂ ਛੱਡ ਤੁਰ ਜਾਣਾ ਮੈਂ, ਦਿਨ ਵੀ ਜਾਪਣ ਰਾਤਾਂ ਕਾਲੀਆਂ।
* ਚੰਦ ਚਾਂਦਨੀ ਰਾਤਾਂ ਕਾਲੀਆਂ, ਕੱਢੀਆਂ ਸੱਜਣਾ ਰੋ ਕੇ ਸਾਰੀਆਂ।

ਤੇਰੀਆਂ ਯਾਦਾਂ ਦੇ ਵਿੱਚ ਰੋਇਆ, ਦੁੱਖ ਗਿਆ ਨਾ ਮੈਥੋਂ ਲਕੋਇਆ।
ਮੈਨੂੰ ਰਾਤਾਂ ਨੂੰ ਨੀਂਦ ਆਵੇ ਨਾ, ਤੂੰ ਤਾਂ ਸਾਨੂੰ ਰੋਲ ਕੇ ਸੋਇਆ।
ਕਹਿੰਦੀ ਸ਼ੈਰੀ ਤੈਨੂੰ ਲਿਖਣਾ ਨਹੀਂ ਆਉਂਦਾ, ਛੱਡ ਦੇ ਤੂੰ ਲਿਖਣੀਆਂ ਪਿਆਰੀਆਂ।
* ਚੰਦ ਚਾਂਦਨੀ ਰਾਤਾਂ ਕਾਲੀਆਂ, ਕੱਢੀਆਂ ਸੱਜਣਾ ਰੋ ਕੇ ਸਾਰੀਆਂ।

74. ਪੰਜ ਆਬ

* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

ਨਸ਼ਿਆਂ ਦੇ ਵਿੱਚ ਰੁੱਲ ਗਿਆ, ਅੱਧਾ ਪੰਜਾਬ ਹੈ ਮੇਰਾ।
ਸਿਆਸੀ ਹਨ੍ਹੇਰੀ 'ਚ ਝੁੱਲ ਗਿਆ, ਅੱਧਾ ਪੰਜਾਬ ਹੈ ਮੇਰਾ।
ਚੁਰਾਸੀ ਸੀਨੇ ਹੰਢਾਈ ਜੋ, ਲਾਲ ਹੋਇਆ ਅੰਮ੍ਰਿਤ ਤੋਂ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

ਮਾਂ ਬੋਲੀ ਭੁੱਲ ਬੈਠੇ, ਸਕੂਲਾਂ ਦੇ ਦਰਾਂ 'ਤੋਂ ਭਜਾ 'ਤੀ।
ਸੰਤਾਲੀ ਦੀ ਸੀ ਆਜ਼ਾਦੀ ਜੋ, ਅੰਗਰੇਜ਼ੀ ਨੇ ਗ਼ੁਲਾਮ ਬਣਾ 'ਤੀ।
ਆਪਣੇ ਹੀ ਮਾਂ ਅੰਨ੍ਹੀ ਕਰ ਗਏ, ਕੌਣ ਬੋਲੇ ਪੰਜਾਬੀ ਜ਼ੁਬਾਨੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

ਸੂਟੇ ਲਾਉਂਦੀ ਜਵਾਨੀ ਹੁਣ, ਚਿੱਟਾ ਹਰ ਪਾਸੇ ਹੈ ਚੱਲਦਾ।
ਇੱਜ਼ਤਾਂ ਵੀ ਭੁੱਲ ਬੈਠੀਆਂ, ਪੱਗ ਦੀ ਲਾਜ਼ ਕੋਈ ਨਾ ਮੰਨਦਾ।
ਹਰਿਆਲੀ ਵੱਢੀ ਜਾਵੇ ਜੋ, ਗੰਦਲਾ ਕਰ ਗਏ ਹਵਾ ਤੇ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

ਗਰੀਬ ਦਾ ਚੁੱਲ੍ਹਾ ਵੀ ਨਾ ਚੱਲਦਾ, ਅਮੀਰ ਸੌਂਦੇ ਵਿਛਾ ਕੇ ਪੈਸਾ।
ਗੁਰੂਆਂ ਨੂੰ ਭੁੱਲ ਬੈਠੇ, ਧਾਰਮਿਕ ਧੰਦਾ ਚੱਲਦਾ ਕੈਸਾ।
ਗਰੀਬ ਕਿਸਾਨ ਹੈ ਮਰਦਾ, ਸ਼ੈਰੀ ਮੁੱਲ ਦਾ ਹੋਇਆ ਹੁਣ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

ਸੰਤਾਲੀ ਦੀ ਵੰਡ ਵਿੱਚ, ਮੇਰੇ ਹਿੱਸੇ ਕਰਤੇ ਦੋ ਸੀ।
ਚੁਰਾਸੀ ਦਾ ਸੰਤਾਪ ਭੋਗਿਆ, ਮੇਰੇ ਅੱਖਾਂ ਦੀ ਉੱਡੀ ਲੋਅ ਸੀ।
ਪੰਜੋਂ ਪੁੱਤ ਵੰਡ ਦਿੱਤੇ ਮੇਰੇ, ਮਾਂ ਰੋਂਦੀ ਫਿਰੇ ਵਿਚਾਰੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ