Jot Bigaas (Persian) Bhai Nand Lal Goya in Punjabi (Translator Ganda Singh)

ਜੋਤਿ ਬਿਗਾਸ (ਫਾਰਸੀ) ਭਾਈ ਨੰਦ ਲਾਲ ਗੋਯਾ (ਅਨੁਵਾਦਕ ਗੰਡਾ ਸਿੰਘ)

ਗੁਰੂ ਨਾਨਕ ਨਰਾਇਣ ਦਾ ਸਰੂਪ ਹੈ,
ਨਿਰਸੰਦੇਹ ਉਹ ਨਿੰਰਜਨ ਅਤੇ ਨਿੰਰਕਾਰ ਦਾ ਰੂਪ ਹੈ ॥੧॥

ਰੱਬ ਨੇ ਉਸ ਨੂੰ ਆਪਣੀ ਬਖ਼ਿਸ਼ਸ਼ ਦੇ ਨੂਰ ਤੋਂ ਉਤਪੰਨ ਕੀਤਾ ਹੈ,
ਸਾਰਾ ਸੰਸਾਰ ਵਡੇਰੀਆਂ ਬਖ਼ਸ਼ਿਸ਼ਾਂ ਉਸ ਤੋਂ ਪਰਾਪਤ ਕਰਦਾ ਹੈ ॥੨॥

ਰੱਬ ਨੇ ਉਸ ਨੂੰ ਹਰ ਚੁਣੇ ਹੋਏ ਤੋਂ ਉਚੇਰਾ ਚੁਣਿਆ ਹੈ,
ਰੱਬ ਨੇ ਉਸ ਨੂੰ ਹਰ ਉਚੇਰੇ ਅਸਥਾਨ ਤੋਂ ਉਚੇਰਾ ਬਿਠਾਇਆ ਹੈ ॥੩॥

ਰੱਬ ਨੇ ਆਪ ਉਸ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਦ (ਸਤਿਗੁਰੂ) ਕਰਾਰ ਦਿੱਤਾ,
ਬੇਸ਼ਕ ਗੁਰੂ ਨਾਨਕ ਪਰਲੋਕ ਦੀ ਮੁਕਤੀ ਅਤੇ ਬਖਸ਼ਿਸ਼ਾਂ ਦੀ ਰਹਿਮਤ ਹੈ ॥੪॥

ਰੱਬ ਨੇ ਉਸ ਨੂੰ ਲੋਕ ਪਰਲੋਕ ਦਾ ਸ਼ਹਿਨਸ਼ਾਹ ਕਹਿ ਕੇ ਸੰਬੋਧਨ ਕੀਤਾ,
ਉਸ ਤੋਂ (ਗੁਰੂ ਤੋਂ) ਜਾਚਕਾਂ ਨੂੰ ਬਜ਼ੁਰਗੀ ਦਾ ਸੋਮਾ ਮਿਲਦਾ ਹੈ ॥੫॥

ਰੱਬ ਨੇ ਆਪ ਉਸ (ਗੁਰੂ) ਦੇ ਉਚੇ ਸੰਘਾਸਨ ਨੂੰ ਸਜਾਇਆ,
ਰੱਬ ਨੇ ਉਸ ਨੂੰ ਹਰ ਨੇਕੀ ਨਾਲ ਵਡਿਆਇਆ ॥੬॥

ਰੱਬ ਨੇ ਸਾਰੇ ਖ਼ਾਸ ਪਰਵਾਨਤ ਨਿਕਟਵਰਤੀਆਂ ਨੂੰ ਉਸ ਦੇ ਚਰਨਾਂ ਨਾਲ ਲਾਇਆ,
ਉਸ ਦਾ ਫ਼ਤਿਹ ਦੇ ਚਿੰਨ੍ਹ ਵਾਲਾ ਝੰਡਾ ਅਸਮਾਨ ਨਾਲ ਗੱਲਾਂ ਕਰਦਾ ਹੈ ॥੭॥

ਉਸ ਦੀ ਪਾਤਸ਼ਾਹੀ ਦਾ ਤਖ਼ਤ ਸਦਾ ਸਥਿਰ ਰਹਿਣ ਵਾਲਾ ਹੈ,
ਉਸ ਦੀ ਉਚੇਰੀ ਸ਼ਾਨ ਦਾ ਤਾਜ ਸਦਾ ਕਾਇਮ ਰਹਿਣ ਵਾਲਾ ਹੈ ॥੮॥

ਰੱਬ ਨੇ ਉਸ ਨੂੰ ਵੱਡੀ ਵਡਿਆਈ ਅਤੇ ਸਖ਼ਾਵਤ ਬਖਸ਼ੀ ਹੈ,
ਉਸ ਦੇ ਕਾਰਣ ਹਰ ਨਗਰ ਅਤੇ ਦੇਸ਼ ਸ਼ੋਭਨੀਕ ਹੈ ॥੯॥

ਉਹ (ਗੁਰੂ ਨਾਨਕ) ਆਪਣੇ ਪਹਿਲੇ ਹੋ ਗੁਜ਼ਰੇ ਅਵਤਾਰਾਂ ਤੋਂ ਵੀ ਪਹਿਲਾਂ ਦਾ ਹੈ,
ਗੁਰੂ ਨਾਨਕ ਕਦਰ ਕੀਮਤ ਤੋਂ ਸਭ ਨਾਲੋਂ ਵਡਮੁੱਲਾ ਹੈ ॥੧੦॥

ਹਜ਼ਾਰਾਂ ਬ੍ਰਹਮਾ ਗੁਰੂ ਨਾਨਕ ਦੀ ਉਸਤਤਿ ਕਰਦੇ ਹਨ,
ਸਾਰੇ ਵਡਿੱਕਿਆਂ ਦੀ ਸ਼ਾਨ ਨਾਲੋਂ ਗੁਰੂ ਨਾਨਕ ਦੀ ਸ਼ਾਨ ਵਡੇਰੀ ਹੈ ॥੧੧॥

ਹਜ਼ਾਰਾਂ ਈਸ਼ਰ ਅਤੇ ਇੰਦਰ ਗੁਰੂ ਨਾਨਕ ਦੇ ਚਰਨਾਂ ਵਿਚ ਹਨ,
ਸਾਰੇ ਵਡਿੱਕਿਆਂ ਨਾਲੋਂ ਗੁਰੂ ਨਾਨਕ ਦਾ ਅਸਥਾਨ ਉਚੇਰਾ ਹੈ ॥੧੨॥

ਹਜ਼ਾਰਾਂ ਧਰੂ ਵਰਗੇ ਅਤੇ ਹਜ਼ਾਰਾਂ ਬਿਸ਼ਨ ਵਰਗੇ, ਅਤੇ ਇਸੇ ਤਰ੍ਹਾਂ,
ਅਨੇਕਾਂ ਰਾਮ ਰਾਜੇ ਅਤੇ ਅਨੇਕਾਂ ਕਾਹਨ ਕ੍ਰਿਸ਼ਨ ॥੧੩॥

ਹਜ਼ਾਰਾਂ ਦੇਵੀ ਦੇਵਤਿਆਂ ਅਤੇ ਹਜ਼ਾਰਾਂ ਗੋਰਖਾਂ ਵਰਗੇ,
ਗੁਰੂ ਨਾਨਕ ਦੇ ਚਰਨਾਂ ਤੋਂ ਆਪਣੀ ਜਾਨ ਵਾਰਦੇ ਹਨ ॥੧੪॥

ਹਜ਼ਾਰਾਂ ਆਸਮਾਨ ਅਤੇ ਹਜ਼ਾਰਾਂ ਆਕਾਸ਼, ਹਜ਼ਾਰਾਂ ਧਰਤ ਅਤੇ ਹਜ਼ਾਰਾਂ
ਪਾਤਾਲ, ਅਤੇ ਹਜ਼ਾਰਾਂ ਗਗਨਾਂ ਦੀ ਕੁਰਸੀ ॥੧੫॥

ਅਤੇ ਹਜ਼ਾਰਾਂ ਤਖ਼ਤ, ਗੁਰੁ ਨਾਨਕ ਦੇ ਚਰਨਾਂ ਵਿਚ ਆਪਣੇ ਦਿਲ-ਜਾਨ ਨੂੰ
(ਅੱਖਾਂ ਵਾਂਗ) ਵਿਛਾਉਂਦੇ ਹਨ ॥੧੬॥

ਹਜ਼ਾਰਾਂ ਇਨ੍ਹਾਂ ਲੋਕਾਂ ਅਤੇ ਹਜ਼ਾਰਾਂ ਦੇਵ ਲੋਕਾਂ ਨੂੰ,
ਹਜ਼ਾਰਾਂ ਰੱਬ ਦੇ ਰੂਪ ਦੇ ਦੇਸਾਂ ਅਤੇ ਹਜ਼ਾਰਾਂ ਸੱਚਖੰਡਾਂ, ॥੧੭॥

ਅਥਵਾ ਹਜ਼ਾਰਾਂ ਵਾਸੀਆਂ ਅਤੇ ਹਜ਼ਾਰਾਂ ਵਾਸਿਆਂ ਨੂੰ,
ਅਤੇ ਹਜ਼ਾਰਾਂ ਜ਼ਮੀਨਾਂ ਅਤੇ ਹਜ਼ਾਰਾਂ ਜ਼ਮਾਨਿਆਂ ਨੂੰ ॥੧੮॥

ਰੱਬ ਨੇ ਗੁਰੂ ਨਾਨਕ ਦੇ ਚਰਨਾਂ ਵਿਚ ਸੇਵਕਾਂ ਵਾਂਗ ਸੁੱਟ ਦਿੱਤਾ ਹੈ,
ਵਾਰੇ ਵਾਰੇ ਜਾਈਏ ਰੱਬ ਦੀ ਅਜਿਹੀ ਮਿਹਰ ਅਤੇ ਬਖ਼ਸ਼ਿਸ਼ ਤੋਂ ॥੧੯॥

ਦੋਵੇਂ ਜਹਾਨ ਗੁਰੂ ਨਾਨਕ ਸਦਕਾ ਰੌਸ਼ਨ ਹਨ,
ਰੱਬ ਨੇ ਉਸ ਨੂੰ ਸਾਰੇ ਪਤਵੰਤਿਆਂ ਨਾਲੋਂ ਵਡੇਰਾ ਬਣਾਇਆ ਹੈ ॥੨੦॥

ਹਜ਼ਾਰਾਂ ਆਦਮ ਅਤੇ ਹਜ਼ਾਰਾਂ ਹੱਵਾ ਅਥਵਾ ਹਜ਼ਾਰਾਂ ਦੇਵੀ ਦੇਵਤੇ ਗੁਰੂ,
ਨਾਨਕ ਦੇ ਚਰਨਾਂ ਤੋਂ ਬਲਿਹਾਰੀ ਜਾਂਦੇ ਹਨ ॥੨੧॥

ਹਜ਼ਾਰਾਂ ਸ਼ਹਿਨਸ਼ਾਹ ਗੁਰੂ ਨਾਨਕ ਦੇ ਹਜ਼ੂਰੀ ਗ਼ੁਲਾਮ ਹਨ,
ਹਜ਼ਾਰਾਂ ਸੂਰਜ ਚੰਦਰਮਾਂ ਗੁਰੂ ਨਾਨਕ ਨੂੰ ਨਿਉਂ ਨਿਉਂ ਸਲਾਮਾਂ ਕਰਦੇ ਹਨ ॥੨੨॥

ਨਾਨਕ ਵੀ ਉਹੀ ਹੈ ਅਤੇ ਅੰਗਦ ਵੀ ਉਹੀ ਹੈ,
ਬਖਸ਼ਿਸ਼ ਅਤੇ ਵਡੀ ਵਡਿਆਈ ਦਾ ਮਾਲਕ ਅਮਰ ਦਾਸ ਵੀ ਉਹੀ ਹੈ ॥੨੩॥

ਉਹੀ ਰਾਮਦਾਸ ਅਤੇ ਉਹੀ ਅਰਜੁਨ ਹੈ,
ਸਭ ਤੋਂ ਵੱਡਾ ਅਤੇ ਚੰਗੇਰਾ ਹਰਿਗੋਬਿੰਦ ਵੀ ਉਹੀ ਹੈ ॥੨੪॥

ਉਹੀ ਹਰਿਰਾਇ ਕਰਤਾ ਗੁਰੂ ਹੈ, ਜਿਸ ਨੂੰ
ਹਰ ਸ਼ੈ ਦੀ ਸਿਧ ਪੁੱਠ ਸਾਫ਼ ਪ੍ਰਗਟ ਹੋ ਜਾਂਦੀ ਹੈ ॥੨੫॥

ਉਹੀ ਸਿਰ-ਕੱਢ ਹਰਿਕਿਸ਼ਨ ਹੈ,
ਜਿਸ ਤੋਂ ਹਰ ਹਾਜ਼ਤਮੰਦ ਦੀ ਮੁਰਾਦ ਪੂਰੀ ਹੁੰਦੀ ਹੈ ॥੨੬॥

ਉਹੀ ਤੇਗ ਬਹਾਦਰ ਹੈ
ਜਿਸ ਦੇ ਨੂਰ ਤੋਂ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਇਆ ਹੈ ॥੨੭॥

ਉਹੀ ਗੁਰੂ ਗੋਬਿੰਦ ਸਿੰਘ ਹੈ ਤੇ ਉਹੀ ਨਾਨਕ ਗੁਰੂ ਹੈ,
ਉਸ ਦੇ ਸ਼ਬਦ ਜਵਾਹਰਾਤ ਅਤੇ ਮਾਨਕ ਮੋਤੀ ਹਨ ॥੨੮॥

ਉਸ ਦਾ ਸ਼ਬਦ ਜੌਹਰ ਹੈ, ਜਿਸ ਨੂੰ ਸੱਚ ਦੀ ਪਾਨ ਦਿੱਤੀ ਹੈ,
ਉਸ ਦਾ ਸ਼ਬਦ ਮਾਣਿਕ ਹੈ, ਜਿਸ ਨੂੰ ਸੱਚ ਦੀ ਚਮਕ ਬਖ਼ਸ਼ੀ ਹੈ ॥੨੯॥

ਉਹ ਹਰ ਪਵਿੱਤ੍ਰ ਬਚਨ ਤੋਂ ਵੀ ਵਧੇਰੇ ਪਵਿੱਤ੍ਰ ਹੈ,
ਉਹ ਚਾਰ ਖਾਣੀਆਂ ਅਤੇ ਛੇ ਦਰਸ਼ਨਾਂ ਨਾਲੋਂ ਵੀ ਵਧੇਰੇ ਉੱਚਾ ਹੈ ॥੩੦॥

ਛੇ ਪਾਸੇ ਹੀ ਉਸ ਦੀ ਆਗਿਆ ਦੇ ਪਾਲਣ ਕਰਨ ਵਾਲੇ ਹਨ,
ਸਾਰੀ ਪਾਤਸ਼ਾਹੀ ਉਸ ਦੇ ਕਾਰਣ ਸਦਾ ਰੌਸ਼ਨ ਰਹਿੰਦੀ ਹੈ ॥੩੧॥

ਉਸ ਦੀ ਬਾਦਸ਼ਾਹੀ ਦਾ ਨਗਾਰਾ ਦੋਹਾਂ ਜਹਾਨਾਂ ਵਿਚ ਵਜਦਾ ਹੈ,
ਉਸ ਦੀ ਖ਼ੁਦਾਈ ਦੁਨੀਆਂ ਦੀ ਸ਼ਾਨ ਹੈ ॥੩੨॥

ਉਸ ਦਾ ਉੱਚਾ ਸਿਤਾਰਾ ਦੋਹਾਂ ਦੁਨੀਆਂ ਨੂੰ ਰੌਸ਼ਨ ਕਰਦਾ ਹੈ,
ਉਸ ਦਾ ਉੱਚਾ ਸਿਤਾਰਾ ਦੁਸ਼ਮਨਾਂ ਨੂੰ ਸਾੜ ਦਿੰਦਾ ਹੈ ॥੩੩॥

ਧਰਤੀ ਹੇਠਲੀ ਮੱਛੀ ਤੋਂ ਲੈ ਕੇ ਉਚੇਰੇ ਅਨੰਤ ਦੀ ਸੀਮਾ ਤਕ,
ਸਾਰੀ ਲੋਕਾਈ ਉਸ ਦੇ ਪਵਿੱਤਰ ਨਾਮ ਦੀ ਦਿਲ ਜਾਨ ਤੋਂ ਸੇਵਕ ਹੈ ॥੩੪॥

ਬਾਦਸ਼ਾਹ ਅਤੇ ਦੇਵਤੇ ਉਸ ਦੀ ਬੰਦਗੀ ਵਿਚ ਸਿਮਰਨ ਕਰਦੇ ਹਨ,
ਉਸ ਦਾ ਧਰਮ ਹਰ ਧਰਮ ਨਾਲੋਂ ਵਧੇਰੇ ਵਡਭਾਗੀ ਅਤੇ ਨੇਕ ਹੈ ॥੩੫॥

ਕੀ ਲੱਖਾਂ ਕੈਸਰ (ਰੋਮ ਦੇ ਬਾਦਸ਼ਾਹ) ਤੇ ਕੀ ਲੱਖਾਂ ਖ਼ਾਕਾਨ (ਮੰਗੋਲ ਦੇ ਬਾਦਸ਼ਾਹ)
ਕੀ ਅਣਗਿਣਤ ਕਿਸਰਾ (ਨੌਸ਼ੀਰਵਾਂ) ਤੇ ਕੀ ਬੇਸ਼ੁਮਾਰ ਕਾਊਸ (ਈਰਾਨ ਦੇ ਬਾਦਸ਼ਾਹ) ॥੩੬॥

ਤੇ ਕੀ ਫ਼ੈਰੋਂ (ਮਿਸਰ ਦੇ ਬਾਦਸ਼ਾਹ) ਤੇ ਕੀ ਉੱਚੇ ਮਰਤਬਿਆਂ ਵਾਲੇ ਫ਼ਗਫ਼ੂਰ (ਚੀਨ ਦੇ ਬਾਦਸ਼ਾਹ),
ਇਹ ਸਾਰੇ ਉਸ ਦੇ ਚਰਨਾਂ ਦੀ ਧੂੜ ਹਨ ॥੩੭॥

ਇਹ ਸਾਰੇ ਉਸ ਦੇ ਚਰਨਾਂ ਦੇ ਸੇਵਕ ਅਤੇ ਗ਼ੁਲਾਮ ਹਨ,
ਇਹ ਸਾਰੇ ਉਸ ਦੇ ਦੈਵੀ ਹੁਕਮਾਂ ਦੀ ਪਾਲਣਾ ਕਰਨ ਵਾਲੇ ਹਨ ॥੩੮॥

ਕੀ ਇਰਾਨ ਦਾ ਸੁਲਤਾਨ ਤੇ ਕੀ ਖ਼ੁਤਨ ਦਾ ਖ਼ਾਨ, ਅਤੇ
ਕੀ ਤੂਰਾਨ ਦਾ ਦਾਰਾ ਅਤੇ ਕੀ ਯਮੁਨ ਦਾ ਬਾਦਸ਼ਾਹ ॥੩੯॥

ਕੀ ਰੂਸ ਦੀ ਜ਼ਾਰ ਅਤੇ ਕੀ ਹਿੰਦੁਸਤਾਨ ਦਾ ਸੁਲਤਾਨ,
ਕੀ ਦੱਖਣ ਦੇ ਹਾਕਮ ਤੇ ਕੀ ਵਡਭਾਗੇ ਰਾਓ ॥੩੫॥

ਪੂਰਬ ਤੋਂ ਲੈ ਕੇ ਪੱਛਮ ਤਕ ਦੇ ਸਰਦਾਰ ਅਤੇ ਬਾਦਸ਼ਾਹ ਉਸ ਦੇ ਪਵਿੱਤਰ
ਹੁਕਮਾਂ ਦੀ ਜਾਨ ਪਾਲਣਾ ਕਰਦੇ ਹਨ ॥੪੧॥

ਹਜ਼ਾਰਾਂ ਕਿਊਮਰਸ ਅਤੇ ਜਮਸ਼ੇਦ (ਪਰਾਤਨ ਈਰਾਨ ਦੇ ਬਾਦਸ਼ਾਹ, ਅਤੇ
ਜ਼ਾਰ (ਰੂਸ ਦੇ ਬਾਦਸ਼ਾਹ) ਉਸ ਦੀ ਸੇਵਾ ਵਿਚ ਤਿਆਰ ਗ਼ੁਲਾਮਾਂ ਵਾਂਗ ਖਲੋਤੇ ਹਨ ॥੪੨॥

ਹਜ਼ਾਰਾਂ ਰੁਸਤਮ ਵਰਗੇ ਅਤੇ ਹਜ਼ਾਰਾਂ ਸਾਮ (ਰੁਸਤਮ ਦਾ ਬਾਬਾ) ਅਤੇ
ਹਜ਼ਾਰਾਂ ਅਸਫ਼ੰਦ-ਯਾਰ (ਗਸਤਾਸਪ ਦਾ ਪੁਤੱਰ, ਜਿਸ ਨੂੰ ਰੁਸਤਮ ਨੇ ਤੀਰ
ਨਾਲ ਅੰਨ੍ਹਿਆਂ ਕਰ ਕੇ ਮਾਰ ਦਿੱਤਾ ਸੀ) ਵਰਗੇ ਉਸ ਦੇ ਗ਼ੁਲਾਮ ਹਨ ॥੪੩॥

ਹਜ਼ਾਰਾਂ ਜਮਨਾ ਅਤੇ ਹਜ਼ਾਰਾਂ ਗੰਗਾ ਵਰਗੇ ਦਰਿਆ,
ਸਤਿਕਾਰ ਨਾਲ ਉਸ ਦੇ ਚਰਨਾ ਵਿਚ ਸੀਸ ਨਿਵਾਉਂਦੇ ਹਨ ॥੪੪॥

ਕੀ ਇੰਦਰਾਦਿਕ ਅਤੇ ਕੀ ਬ੍ਰਹਮਾਦਿਕ,
ਕੀ ਰਾਮਾਦਿਕ ਅਤੇ ਕੀ ਕ੍ਰਿਸ਼ਨਦਿਕ- ॥੪੫॥

ਸਾਰੇ ਹੀ ਆਪਣੀ ਜ਼ਬਾਨ ਨਾਲ ਉਸ ਦੀ ਉਸਤਤ ਕਰਨ ਤੋਂ ਅਸਮਰਥ ਹਨ,
ਅਤੇ ਸਾਰੇ ਹੀ ਉਸ ਦੀ ਮਿਹਰ ਅਤੇ ਬਖ਼ਸ਼ਿਸ਼ ਦੇ ਜਾਚਕ ਹਨ ॥੪੬॥

ਹਰ ਦੀਪ ਵਿਚ ਹਰ ਦਿਸ਼ਾ ਵਲ ਉਸ ਦਾ ਡੰਕਾ ਵੱਜ ਰਿਹਾ ਹੈ,
ਹਰ ਦੇਸ਼ ਅਤੇ ਰਾਜ ਵਿਚ ਉਸ ਦਾ ਨਾਮ ਸਤਿਕਾਰਿਆ ਜਾਂਦਾ ਹੈ ॥੪੭॥

ਹਰ ਖੰਡ ਅਤੇ ਹਰ ਬ੍ਰਹਿਮੰਡ ਵਿਚ ਉਸ ਦੀਆਂ ਗੱਲਾਂ ਹੁੰਦੀਆਂ ਹਨ,
ਸਾਰੇ ਸੱਚ ਦੇ ਉਪਾਸ਼ਕ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ ॥੪੮॥

ਪਾਤਾਲ ਤੋਂ ਲੈ ਕੇ ਸਤਵੇਂ ਆਸਮਾਨ ਤਕ ਸਾਰੇ ਉਸ ਦੇ ਹੁਕਮ ਨੂੰ ਮੰਨਣ ਵਾਲੇ ਹਨ,
ਚੰਦਰਮਾ ਤੋਂ ਲੈ ਕੇ ਧਰਤੀ ਦੇ ਹੇਠਲੀ ਮੱਛੀ ਤਕ ਸਾਰੇ ਹੀ ਉਸ ਦੇ ਸੇਵਕ ਅਤੇ ਚਾਕਰ ਹਨ ॥੪੯॥

ਉਸ ਦੀਆਂ ਬਖ਼ਸ਼ਿਸ਼ਾਂ ਅਤੇ ਮਿਹਰਾਂ ਬੇਸ਼ੁਮਾਰ ਹਨ,
ਉਸ ਦੀ ਕਰਾਮਾਤ ਅਤੇ ਉਸ ਦੇ ਚੋਜ ਦੈਵੀ ਹਨ ॥੫੦॥

ਉਸ ਦੀ ਸਿਫ਼ਤ ਉਸਤਿਤ ਕਰਨ ਤੋਂ ਜੀਭਾਂ ਗੂੰਗੀਆਂ ਹਨ,
ਉਸ ਦੀ ਸਿਫ਼ਤ ਦੀ ਗੱਲ ਕਰਨ ਦੀ ਨਾ ਕੋਈ ਹੱਦ ਹੈ ਅਤੇ ਨਾ ਕਿਸੇ ਨੂੰ ਮਜਾਲ ॥੫੧॥

ਉਹ ਸੁਭਾਉ ਕਰਕੇ ਸਖ਼ੀ ਹੈ, ਸੁਹੱਪਣ ਉਸ ਦੀ ਖ਼ਸਲਤ ਵਿਚ ਹੈ,
ਉਹ ਸਖ਼ਾਵਤਾਂ ਕਰਕੇ ਜਾਣਿਆ ਜਾਂਦਾ ਹੈ, ਉਹ ਸੁਗਾਤਾਂ ਕਰਕੇ ਯਾਦ ਰਹਿੰਦਾ ਹੈ ॥੫੨॥

ਉਹ ਸਾਰੀ ਖ਼ਲਕਤ ਦੇ ਗੁਨਾਹਾਂ ਦੀ ਮੁਆਫ਼ੀ ਚਾਹੁਣ ਵਾਲਾ ਹੈ, ਉਹ ਸਾਰੀ ਲੋਕਾਈ ਦਾ ਜ਼ਾਮਨ ਹੈ,
ਉਹ ਸੂਰਮਤਾਈ ਦਾ ਸਮੁੰਦਰ ਹੈ, ਉਹ ਸਿੱਧੇ ਮਾਰਗ ਦਾ ਸੂਰਜ ਹੈ ॥੫੩॥

ਉਹ ਆਮ ਜਨਤਾ ਦਾ ਮੁਕਤੀ-ਦਾਤਾ ਹੈ ਅਤੇ ਉਹ ਸਾਰੇ ਲੋਕਾਂ ਲਈ ਅਮਾਨਤ ਹੈ,
ਉਸ ਹੀ ਛੋਹ ਸਦਕਾ ਕਾਲੇ ਬਦਲ ਚਮਕ ਉਠਦੇ ਹਨ ॥੫੪॥

ਉਹ ਬਖ਼ਸ਼ਿਸ਼ਾਂ ਦਾ ਅਤਿਅੰਤ ਹੈ ਅਤੇ ਨਿਆਮਤਾਂ ਦਾ ਵੱਡਾ ਸਮੂਹ ਹੈ,
ਉਹ ਫ਼ੈਜ਼ਾਂ ਦੀ ਬਹੁਤਾਤ ਹੈ ਅਤੇ ਸਖ਼ਾਵਤ ਦੀ ਉੱਥੇ ਬਸ ਹੈ ॥੫੫॥

ਉਹ ਅਕਲ ਇਨਸਾਫ਼ ਦੇ ਝੰਡੇ ਨੂ ਝੁਲਾਉਣ ਵਾਲਾ ਹੈ,
ਉਹ ਵਿਸ਼ਵਾਸ਼ ਦੇ ਨੇਤ੍ਰਾਂ ਨੂੰ ਚਮਕਾਉਣ ਵਾਲਾ ਹੈ ॥੫੬॥

ਉਹ ਉੱਚੇ ਮਹਿਲਾਂ ਵਾਲਾ ਹੈ, ਉੱਚੀਆਂ ਹਵੇਲੀਆਂ ਵਾਲਾ ਹੈ,
ਉਹ ਆਦਤਾਂ ਦਾ ਸਖ਼ੀ ਹੈ, ਨੈਣ-ਨਕਸ਼ਾਂ ਦਾ ਸਾਊ ਹੈ ॥੫੭॥

ਪਵਿੱਤਰ ਹੈ ਉਸ ਦੀ ਦਰਗਾਹ ਅਤੇ ਉੱਚੇਰਾ ਹੈ ਉਸ ਦਾ ਖ਼ਿਤਾਬ,
ਹਜ਼ਾਰਾਂ ਚੰਨ ਸੂਰਜ ਉਸ ਦੇ ਮੰਗਤੇ ਹਨ ॥੫੮॥

ਉਸ ਦੇ ਦਰਜੇ ਉੱਚੇ ਹਨ, ਅਤੇ ਉਹ ਵਡੀ ਓਟ ਹੈ,
ਚੰਗੇ ਅਤੇ ਭੈੜੇ ਭੇਤਾਂ ਨੂੰ ਜਾਨਣ ਵਾਲਾ ਹੈ ॥੫੯॥

ਵਖ ਵਖ ਖੰਡਾਂ ਨੂੰ ਪਵਿੱਤਰ ਕਰਨ ਵਾਲਾ ਅਤੇ ਬਖ਼ਸ਼ਿਸ਼ਾਂ ਦਾ ਦਾਤਾ ,
ਮਰਤਬਿਆਂ ਨੂੰ ਉੱਚਿਆਂ ਕਰਨ ਵਾਲਾ ਅਤੇ ਫ਼ਜ਼ਲਾਂ ਦਾ ਸਮੂਹ ਹੈ ॥੬੦॥

ਸ਼ਰਾਫ਼ਤਾਂ ਵਿਚ ਵਡੇਰਾ, ਖਸਲਤਾਂ ਵਿਚ ਸਭਨਾ ਵਲੋਂ ਸ਼ਲਾਘਾ ਯੋਗ,
ਨੇਕ ਆਦਤਾਂ ਕਰਕੇ ਸਤਿਕਾਰ ਯੋਗ ਅਤੇ ਰੂਪ ਵਿਚ ਸ਼ੋਭਨੀਕ ॥੬੧॥

ਉਸ ਦਾ ਹੁਸਨ ਕਾਮਲ ਰੱਬ ਦੇ ਜਾਹ ਜਲਾਲ ਦਾ ਘੇਰਾ ਹੈ,
ਉਸ ਦੀ ਸ਼ਾਨ ਸ਼ੌਕਤ ਸਦੀਵੀ ਅਤੇ ਅਬਿਨਾਸ਼ੀ ਵਡਿਆਈ ਹੈ ॥੬੨॥

ਉਹ ਸਿਫ਼ਤਾਂ ਕਰਕੇ ਸੁੰਦਰ ਹੈ, ਸਿਫ਼ਤਾਂ ਵਿਚ ਸੰਪੂਰਨ ਹੈ,
ਉਹ ਗੁਨਾਹਾਂ ਦਾ ਜਾਮਾਨ (ਬਖ਼ਸ਼ਣ ਵਾਲਾ) ਹੈ ਅਤੇ ਜਗਤ ਦਾ ਪੱਖ ਪੂਰਨ ਵਾਲਾ ਹੈ ॥੬੩॥

ਤਬੀਅਤ ਕਰਕੇ ਉਹ ਸਖੀ ਹੈ, ਉਹ ਬਖਸ਼ਿਸ਼ ਅਤੇ ਸਖ਼ਾਵਤ ਦਾ ਮਾਲਕ ਹੈ,
ਸਾਰੇ ਫ਼ਰਿਸ਼ਤੇ ਉਸ ਦੇ ਸਾਮ੍ਹਣੇ ਸੀਸ ਝੁਕਾਉਂਦੇ ਹਨ ॥੬੪॥

ਉਹ ਧਰਤ, ਅਕਾਸ਼ ਅਤੇ ਅਰਸ਼ਾਂ ਦਾ ਮਾਲਕ ਹੈ,
ਉਹ ਧਰਤ ਦੇ ਅਨ੍ਹੇਰੇ ਵੇਹੜੇ ਨੂੰ ਰੌਸ਼ਨ ਕਰਨ ਵਾਲਾ ਹੈ ॥੬੫॥

ਉਹ ਅਸਲੋਂ ਸਾਊਪਣੇ ਅਤੇ ਬਜ਼ੁਰਗੀ ਦੀ ਰੌਸ਼ਨੀ ਹੈ,
ਉਹ ਵਕਾਰ ਅਤੇ ਵਡਿਆਈ ਦਾ ਮਾਲਕ ਹੈ ॥੬੬॥

ਉਹ ਫਜ਼ੀਲਤਾ ਅਤੇ ਵਡਿਆਈਆਂ ਦਾ ਵਾਲੀ ਹੈ,
ਉਹ ਬਖ਼ਸ਼ਿਸ਼ਾਂ ਅਤੇ ਨਿਆਮਤਾਂ ਦਾ ਸਮੂਹ ਹੈ ॥੬੭॥

ਉਹ ਸਖ਼ਾਵਤਾਂ ਅਤੇ ਦਾਨਾਈਆਂ ਦਾ ਅਤਿਅੰਤ ਹੈ,
ਉਹ ਕਾਮਲਾਂ ਅਤੇ ਨਿਪੁੰਨ ਵਿਅਕਤੀਆਂ ਦੀ ਬਹੁਤਾਤ ਹੈ ॥੬੮॥

ਉਹ ਭੇਟਾਂ ਅਤੇ ਸੁਗਾਤਾਂ ਦਾ ਸਮੂਹ ਅਤੇ ਕਮਾਲ ਸਰਾਫ਼ ਹੈ,
ਉਹ ਨਿਮਾਣਿਆਂ ਦੀ ਆਜਜ਼ੀ ਪਰਵਾਨ ਕਰ ਲੈਣ ਵਾਲਾ ਹੈ ॥੬੯॥

ਉਹ ਬਜ਼ੁਰਗਾਂ ਅਤੇ ਬਾਦਸ਼ਾਹਾਂ ਦਾ ਫ਼ਕਰ ਅਤੇ ਸਾਊਆਂ ਦਾ ਸਰਦਾਰ ਹੈ,
ਉਹ ਫਜ਼ੀਲਤਾਂ ਦੀ ਬਹੁਤਾਤ ਅਤੇ ਸੁਘੜ ਸੁਜਾਨ ਪੁਰਖਾਂ ਦਾ ਪ੍ਰਤੀਨਿਧ ਹੈ ॥੭੦॥

ਉਸ ਦੇ ਨੂਰ ਤੋਂ ਦੁਨੀਆਂ ਨੇ ਸੁੰਦਰਤਾ, ਸੁਹੱਪਣ ਅਤੇ ਸ਼ਾਨ ਪਰਾਪਤ ਕੀਤੀ ਹੈ,
ਉਸ ਦੀ ਬਖ਼ਸ਼ਿਸ਼ ਤੋਂ ਇਸ ਸੰਸਾਰ ਅਤੇ ਸੰਸਾਰ ਵਾਸੀਆਂ ਨੇ ਲਾਭ ਪਰਾਪਤ ਕੀਤਾ ਹੈ ॥੭੧॥

ਉਸ ਦੇ ਹੱਥ ਵਿਚ ਦੋ ਮੋਤੀ ਸੂਰਜ ਵਾਂਗ ਚਮਕਦੇ ਹਨ,
ਇਕ ਮਿਹਰ ਵਾਲਾ ਹੈ ਅਤੇ ਦੂਜਾ ਕਹਿਰ ਅਤੇ ਗਜ਼ਬ ਦਾ ਨਿਸ਼ਾਨ ਹੈ ॥੭੨॥

ਪਹਿਲੇ ਕਾਰਣ ਇਹ ਜਹਾਨ ਸੱਚ ਦਾ ਪਰਦਰਸ਼ਕ ਹੈ,
ਅਤੇ ਦੂਜਾ ਸਾਰੇ ਅੰਨ੍ਹੇਰੇ ਅਤੇ ਜ਼ੁਲਮ ਨੂੰ ਨਾਸ਼ ਕਰਨ ਹਾਰਾ ਹੈ ॥੭੩॥

ਉਸ ਨੇ ਸਾਰੇ ਅੰਨ੍ਹੇਰੇ ਅਤੇ ਜ਼ੁਲਮ ਨੂੰ ਦੂਰ ਕਰ ਦਿੱਤਾ,
ਉਸ ਸਦਕਾ ਸਾਰੀ ਦੁਨੀਆਂ ਸੁਗੰਧੀ ਅਤੇ ਸਰੂਰ ਨਾਲ ਭਰ ਜਾਂਦੀ ਹੈ ॥੭੪॥

ਉਸ ਦਾ ਮੁਖੜਾ ਅਜ਼ਲੀ ਨੂਰ ਨਾਲ ਰੌਸ਼ਨ ਹੈ,
ਉਸ ਦਾ ਵਜੂਦ ਰੱਬ ਦੇ ਨੂਰ ਸਦਕਾ ਅਬਿਨਾਸ਼ੀ ਹੈ ॥੭੫॥

ਕੀ ਵੱਡੇ ਅਤੇ ਕੀ ਛੋਟੇ, ਸਾਰੇ ਹੀ ਉਸ ਦੇ ਦਰ ਤੇ
ਸਿਰ ਨਿਵਾਇ ਗ਼ੁਲਾਮ ਅਤੇ ਨੌਕਰ ਹਨ ॥੭੬॥

ਕੀ ਬਾਦਸ਼ਾਹ ਅਤੇ ਕੀ ਦਰਵੇਸ਼, ਸਾਰੇ ਉਸ ਤੋਂ ਲਾਭ ਪਰਾਪਤ ਕਰਦੇ ਹਨ,
ਕੀ ਅਰਸ਼ੀ ਅਤੇ ਕੀ ਫਰਸ਼ੀ ਜੀਵ, ਸਾਰੇ ਉਸ ਦੇ ਸਦਕਾ ਸਤਿਕਾਰ ਪਾਉਂਦੇ ਹਨ ॥੭੭॥

ਕੀ ਬੁੱਢੇ ਅਤੇ ਕੀ ਨੱਢੇ, ਸਾਰੇ ਉਸ ਤੋਂ ਕਾਮਨਾ ਪੂਰੀ ਕਰਦੇ ਹਨ,
ਕੀ ਸਿਆਣੇ ਅਤੇ ਕੀ ਅਣਜਾਣ, ਸਾਰੇ ਉਸ ਦੇ ਸਦਕਾ ਪੁੰਨ ਹਾਸਲ ਕਰਦੇ ਹਨ ॥੭੮॥

ਕਲਜੁਗ ਵਿਚ ਉਸ ਨੇ ਫਿਰ ਸਤਿਜੁਗ ਕੁਝ ਇਸ ਤਰ੍ਹਾਂ ਲੈ ਆਂਦਾ ਹੈ,
ਕਿ ਛੋਟੇ ਵੱਡੇ ਸਾਰੇ ਹੀ ਸੱਚ ਦੇ ਉਪਾਸ਼ਕ ਬਣ ਗਏ ਹਨ ॥੭੯॥

ਸਾਰਾ ਝੂਠ ਅਤੇ ਕੂੜ ਦੂਰ ਹੋ ਗਿਆ ਹੈ,
ਕਾਲੀ ਬੋਲੀ ਰਾਤ ਨੂਰ ਹੋ ਕੇ ਚਮਕ ਉੱਠੀ ਹੈ ॥੮੦॥

ਉਸ ਨੇ ਜਹਾਨ ਨੂੰ ਦੇਵਾਂ ਅਤੇ ਦੈਤਾਂ ਤੋਂ ਪਾਕ ਕਰ ਦਿੱਤਾ ਹੈ,
ਉਸ ਨੇ ਇਸ ਧਰਤੀ ਤੋਂ ਸਾਰਾ ਅੰਨ੍ਹੇਰਾ ਅਤੇ ਜ਼ੁਲਮ ਧੋ ਦਿੱਤਾ ਹੈ ॥੮੧॥

ਉਸ ਦੇ ਸਦਕਾ ਸੰਸਾਰ ਦੀ ਰਾਤ ਰੌਸ਼ਨ ਹੋ ਗਈ ਹੈ,
ਉਸ ਦੇ ਕਾਰਨ ਸੰਸਾਰ ਵਿਚ ਕੋਈ ਜ਼ਾਲਮ ਨਹੀਂ ਰਿਹਾ ॥੮੨॥

ਉਸ ਦੀ ਰਾਏ ਅਤੇ ਸਮਝ ਨਾਲ ਇਕ ਦੁਨੀਆਂ ਸਜ ਗਈ ਹੈ,
ਉਸ ਦੇ ਸਦਕੇ ਹੀ ਹਰ ਅਕਲ ਦੀ ਦੇਗ ਉਬਾਲਾ ਖਾਂਦੀ ਹੈ ॥੮੩॥

ਉਸ ਦਾ ਪਾਕ ਤਨ ਸਾਰਾ ਅੱਖਾਂ ਹੀ ਅੱਖਾਂ ਹੈ,
ਉਸ ਦੀਆਂ ਅੱਖਾਂ ਸਾਮ੍ਹਣੇ ਸਾਰਾ ਅੱਗਾ ਪਿੱਛਾ ਪ੍ਰਤੱਖ ਦਿਸਦਾ ਹੈ ॥੮੪॥

ਸਾਰੀ ਦੁਨੀਆਂ ਦਾ ਭੇਤ ਉਸ ਤੇ ਜ਼ਾਹਰ ਹੈ,
ਉਸ ਦੇ ਦਮ ਨਾਲ ਸੁੱਕੀ ਲਕੜ ਵੀ ਫਲ ਦੇਣ ਲਗ ਪੈਂਦੀ ਹੈ ॥੮੫॥

ਕੀ ਤਾਰੇ ਅਤੇ ਅਸਮਾਨ, ਸਾਰੇ ਹੀ ਉਸ ਦੀ ਪਰਜਾ ਹਨ,
ਕੀ ਵਡੇ ਅਤੇ ਕੀ ਛੋਟੇ, ਸਾਰੇ ਹੀ ਉਸ ਦੇ ਪ੍ਰਬੰਧ ਵਿਚ ਹਨ ॥੮੬॥

ਕੀ ਮਿੱਟੀ ਅਤੇ ਕੀ ਅੱਗ, ਕੀ ਹਵਾ ਅਤੇ ਕੀ ਪਾਣੀ,
ਕੀ ਚਮਕਦਾ ਹੋਇਆ ਸੂਰਜ ਅਤੇ ਕੀ ਚਾਨਣੀ ਭਰਿਆ ਚੰਦਰਮਾ ॥੮੭॥

ਕੀ ਅਰਸ਼ ਅਤੇ ਕੀ ਕੁਰਸ਼, ਸਾਰੇ ਹੀ ਉਸ ਦੇ ਗ਼ੁਲਾਮ ਹਨ,
ਇਹ ਸਾਰੇ ਹੀ ਉਸ ਦੀ ਚਾਕਰੀ ਲਈ ਸਿਰ ਨਿਵਾਇ ਖੜੇ ਹਨ ॥੮੮॥

ਤਿੰਨੇ ਅੰਡਜ, ਜੇਰਜ, ਸੇਤਜ ਅਤ ਦਸੇ-ਹਵਾਸ (ਇੰਦਰੇ),
ਉਸ ਦੀ ਬੰਦਗੀ ਦਾ ਲਿਹਾਜ਼ ਕਰਦੇ ਹਨ ॥੮੯॥

ਅਕਲ ਦੇ ਥੰਮ ਨੇ ਉਸ ਤੋਂ ਪਕਿਆਈ ਹਾਸਲ ਕੀਤੀ,
ਬਖਸ਼ਿਸ਼ ਦੀ ਨੀਂਹ ਉਸ ਦੇ ਕਾਰਣ ਪੱਕੀ ਅਤੇ ਮਜ਼ਬੂਤ ਹੋਈ ॥੯੦॥

ਸਚਾਈ ਦੀ ਬੁਨਿਆਦ ਉਸ ਦੇ ਸਦਕਾ ਹੀ ਪਕੇਰੀ ਹੈ,
ਇਸ ਜਹਾਨ ਨੇ ਉਸ ਦੇ ਨੂਰ ਤੋਂ ਨਵੀਂ ਰੌਸ਼ਨੀ ਪਾਈ ਹੈ ॥੯੧॥

ਹਕੀਕਤ ਦੇ ਸਜੇ ਸਜਾਏ ਹੁਸਨ ਜਮਾਲ ਨੇ,
ਜਹਾਨ ਤੋਂ ਅੰਨ੍ਹੇਰੀ ਨੂੰ ਸਾਫ਼ ਅਤੇ ਪਾਕ ਕਰ ਦਿੱਤਾ ॥੯੨॥

ਨਿਆਇ ਅਤੇ ਇਨਸਾਫ਼ ਦਾ ਮੁਖੜਾ ਚਮਕ ਪਿਆ,
ਜ਼ੁਲਮ ਅਤੇ ਵਧੀਕੀ ਦਾ ਦਿਲ ਸੜ ਕੇ ਸੁਆਹ ਹੋ ਗਿਆ ॥੯੩॥

ਉਸ ਨੇ ਜ਼ੁਲਮ ਦੀ ਜੜ੍ਹ ਪੁੱਟ ਦਿੱਤੀ,
ਅਤੇ ਨਿਆਂ ਦਾ ਸਿਰ ਉੱਚਾ ਕਰ ਦਿਤਾ ॥੯੪॥

ਫ਼ਜ਼ਲ ਅਤੇ ਬਖਸ਼ਿਸ਼ ਦੀਆਂ ਵੇਲਾਂ ਵਾਸਤੇ ਉਹ ਵਰ੍ਹਦਾ ਬੱਦਲ ਹੈ,
ਕਰਾਮਾਤ ਅਤੇ ਸਖੀਪਨ ਦੇ ਆਸਮਾਨ ਦਾ ਉਹ ਸੂਰਜ ਹੈ ॥੯੫॥

ਬਖ਼ਸ਼ਿਸ਼ ਅਤੇ ਸਖ਼ਾਵਤ ਦੇ ਬਾਗਾਂ ਲਈ ਉਹ ਘਨਘੋਰ ਘਟਾ ਹੈ,
ਸੁਗਾਤਾਂ ਅਤੇ ਭੇਟਾ ਦੇ ਸੰਸਾਰ ਲਈ ਉਹ ਇਕ ਪ੍ਰਬੰਧ ਹੈ ॥੯੬॥

ਉਹ ਬਖ਼ਸ਼ਿਸ਼ਾਂ ਦਾ ਸਮੁੰਦਰ ਅਤੇ ਮਿਹਰਾਂ ਦਾ ਸਾਗਰ ਹੈ,
ਉਹ ਬਖ਼ਸ਼ਿਸ਼ਾਂ ਦਾ ਬੱਦਲ ਅਤੇ ਸਖਾਵਤਾਂ ਦਾ ਮੀਂਹ ਹੈ ॥੯੭॥

ਇਹ ਦੁਨੀਆਂ ਉਸ ਦੇ ਕਾਰਣ ਖ਼ੁਸ਼ ਹੈ ਅਤੇ ਸੰਸਾਰ ਆਬਾਦ ਹੈ,
ਇਹ ਪਰਜਾ ਉਸ ਸਦਕਾ ਪ੍ਰਸੰਨ ਹੈ ਅਤੇ ਦੇਸ਼ ਸੁਖੀ ਹੈ ॥੯੮॥

ਇਕ ਸ਼ਹਿਰੀ ਤੋਂ ਲੈ ਕੇ ਫ਼ੌਜ ਤਕ, ਸਾਰਾ ਸੰਸਾਰ ਹੀ,
ਉਸ ਨੇਕ ਸਿਤਾਰੇ ਵਾਲੇ ਦੇ ਹੁਕਮ ਨੂੰ ਮੰਨਣ ਵਾਲਾ ਹੈ ॥੯੯॥

ਉਸ ਦੀ ਮਿਹਰ ਸਦਕਾ ਇਸ ਜਹਾਨ ਦੀ ਕਾਮਨਾ ਪੂਰੀ ਹੁੰਦੀ ਹੈ,
ਦੋਵੇਂ ਜਹਾਨ ਉਸ ਸਦਕਾ ਕਿਸੇ ਪ੍ਰਬੰਧ ਅਤੇ ਨਿਯਮ ਵਿਚ ਹਨ ॥੧੦੦॥

ਰੱਬ ਨੇ ਉਸ ਨੂੰ ਹਰ ਮੁਸ਼ਕਲ ਦੀ ਕੁੰਜੀ ਬਖ਼ਸ਼ੀ ਹੈ,
ਉਸ ਦੇ ਹਰ ਮਨਜ਼ੂਰ ਪੁਰਖ ਨੇ ਵੱਡੇ ਜਾਬਰ ਨੂੰ ਬਿਠਾ ਦਿੱਤਾ ॥੧੦੧॥

ਉਹ ਜਾਹ ਜਲਾਲ ਦੇ ਰਾਜ ਦਾ ਬਾਦਸ਼ਾਹ ਹੈ,
ਉਹ ਬਜ਼ੁਰਗੀ ਦੇ ਦੀਵਾਨ ਦਾ ਮਾਲਕ ਹੈ ॥੧੦੨॥

ਉਹ ਕਰਾਮਾਤ ਅਤੇ ਵਕਾਰ ਦੇ ਤੇਜ ਦਾ ਮੋਤੀ ਹੈ,
ਉਹ ਰੌਸ਼ਨੀ ਅਤੇ ਪਵਿੱਤਰਤਾ ਨੂੰ ਰੌਸ਼ਨੀ ਬਖ਼ਸ਼ਣ ਵਾਲਾ ਹੈ ॥੧੦੩॥

ਉਹ ਇੱਜ਼ਤ ਅਤੇ ਸਤਿਕਾਰ ਦੇ ਮੋਤੀਆਂ ਦੀ ਚਮਕ ਹੈ,
ਉਹ ਬਜ਼ੁਰਗੀ ਅਤੇ ਮਾਨ ਦੇ ਸੂਰਜ ਦੀ ਰੌਸ਼ਨੀ ਹੈ ॥੧੦੪॥

ਉਹ ਇੱਜ਼ਤ ਸਤਿਕਾਰ ਅਤੇ ਮਰਤਬੇ ਦੇ ਮੁਖੜੇ ਨੂੰ ਰੌਣਕ ਬਖਸ਼ਣ ਵਾਲਾ ਹੈ,
ਉਹ ਮਾਨ ਅਤੇ ਬਜ਼ੁਰਗੀ ਦੇ ਝੰਡੇ ਨੂੰ ਉੱਚਾ ਕਰਨ ਵਾਲਾ ਹੈ ॥੧੦੫॥

ਉਹ ਬਖਸ਼ਿਸ਼ ਅਤੇ ਸਖ਼ਾਵਤ ਦੇ ਸਮੁੰਦਰ ਦਾ ਮੋਤੀ ਹੈ,
ਉਹ ਭੇਟਾਂ ਅਤੇ ਬਖ਼ਸ਼ਿਸ਼ਾਂ ਦੇ ਆਸਮਾਨ ਦਾ ਚੰਦਰਮਾ ਹੈ ॥੧੦੬॥

ਉਹ ਮਿਹਰ ਅਤੇ ਕਰਮ ਦੇ ਮੁਲਕ ਦਾ ਨਿਗਾਹਬਾਨ ਹੈ,
ਉਹ ਦੋਹਾਂ ਜਹਾਨਾਂ ਦੇ ਕੰਮਾਂ ਦਾ ਪ੍ਰਬੰਧ-ਕਰਤਾ ਹੈ ॥੧੦੭॥

ਆਸਮਾਨਾਂ ਦੀ ਜਾਤ ਦੇ ਤਾਂਬੇ ਲਈ ਉਹ (ਸੋਨਾ ਬਣਾਉਣ ਵਾਲੀ) ਰਸਾਇਣ ਹੈ,
ਉਹ ਇਨਸਾਫ਼ ਅਤੇ ਮੁਹੱਬਤ ਦੇ ਮੁਖੜੇ ਦੀ ਰੌਣਕ ਹੈ ॥੧੦੮॥

ਉਹ ਇੱਜ਼ਤ ਅਤੇ ਧਨ ਦੌਲਤ ਦੇ ਕੱਦ ਲਈ ਚੰਗਾ ਹੈ,
ਉਹ ਹੁਕਮ ਅਤੇ ਵਡਿਆਈ ਦੀਆਂ ਅੱਖਾਂ ਦੀ ਰੌਸ਼ਨੀ ਹੈ ॥੧੦੯॥

ਉਹ ਸੁਰਗ ਦੇ ਬਾਗ਼ ਲਈ ਸੁਗੰਧ ਸਮੀਰ ਹੈ,
ਉਹ ਸਖ਼ਾਵਤ ਦੇ ਬਿਰਛ ਦਾ ਨਵਾਂ ਫਲ ਹੈ ॥੧੧੦॥

ਉਹ ਸਾਲਾਂ ਅਤੇ ਮਹੀਨਿਆਂ ਦੇ ਕਫ਼ਾਂ ਦੀ ਕੋਰ ਹੈ,
ਉਹ ਇਜ਼ਤ ਅਤੇ ਸ਼ਾਨ ਸ਼ੌਕਤ ਦੀ ਉਚਿਆਈ ਦਾ ਆਸਮਾਨ ਹੈ ॥੧੧੧॥

ਉਹ ਦਲੇਰ, ਤਾਕਤਵਾਰ ਅਤੇ ਵਿਜਈ ਜੋਧਾ ਹੈ,
ਉਹ ਅਦਲ ਇਨਸਾਫ਼ ਦੇ ਫੁੱਲ ਦੀ ਸੁਗੰਧੀ ਅਤੇ ਖੁਸ਼ਬੋ ਹੈ ॥੧੧੨॥

ਉਹ ਸਖ਼ਾਵਤ ਦਾ ਜਹਾਨ ਹੈ ਅਤੇ ਬਖ਼ਸ਼ਿਸ਼ ਦੀ ਦੁਨੀਆਂ ਹੈ,
ਉਹ ਬਖਸ਼ਿਸ਼ਾਂ ਦਾ ਸਮੁੰਦਰ ਹੈ, ਮੇਹਰਬਾਨੀਆਂ ਦਾ ਡੂੰਘਾ ਸਾਗਰ ਹੈ, ॥੧੧੩॥

ਉਹ ਉਚਿਆਈ ਦਾ ਅਸਮਾਨ ਅਤੇ ਚੁਣਿਆ ਹੋਇਆਂ ਦਾ ਸਰਦਾਰ ਹੈ,
ਉਹ ਬਖ਼ਸ਼ਿਸ਼ ਦਾ ਬੱਦਲ ਅਤੇ ਸਿੱਖਿਆ ਦਾ ਸੂਰਜ ਹੈ ॥੧੧੪॥

ਉਹ ਸੱਚੀ ਬੋਲ-ਚਾਲ ਦੇ ਮੱਥੇ ਦੀ ਚਮਕ ਹੈ,
ਉਹ ਅਦਲ ਇਨਸਾਫ਼ ਦੇ ਮੁਖੜੇ ਦੀ ਰੌਣਕ ਹੈ ॥੧੧੫॥

ਉਹ ਵਡੇਰੀ ਅਤੇ ਕੀਮਤੀ ਸੰਜੋਗੀ ਰਾਤ ਦਾ ਚਮਕਦਾ ਦੀਵਾ ਹੈ,
ਉਹ ਉਚਿਆਈ ਅਤੇ ਮਾਨ ਆਬਰੂ ਦੇ ਬਾਗ ਦੀ ਬਹਾਰ ਹੈ ॥੧੧੬॥

ਉਹ ਇਨਸਾਫ਼ ਅਤੇ ਨਿਆਇ ਦੀ ਅੰਗੂਠੀ ਦਾ ਨਗੀਨਾ ਹੈ,
ਉਹ ਰਹਿਮਤ ਅਤੇ ਫ਼ਜ਼ਲ ਦੇ ਬਿਰਛ ਦਾ ਫਲ ਹੈ, ॥੧੧੭॥

ਉਹ ਕਰਮ ਅਤੇ ਬਖ਼ਸ਼ਿਸ਼ ਦੀ ਖਾਣ ਦਾ ਮੋਤੀ ਹੈ,
ਉਹ ਨਿਆਮਤਾਂ ਅਤੇ ਅਹਿਸਾਨ ਬਖ਼ਸ਼ਣ ਵਾਲੀ ਰੌਸ਼ਨੀ ਹੈ ॥੧੧੮॥

ਉਹ ਇਕ-ਰੱਬ ਦੀਆਂ ਵੇਲਾਂ ਦੀ ਤਰਾਵਤ ਹੈ,
ਉਹ ਇਕ ਉਂਅਕਾਰ ਦੇ ਬਾਗ਼ਾਂ ਦੀ ਸੁਗੰਧੀ ਹੈ ॥੧੧੯॥

ਜੰਗ ਦੇ ਮੈਦਾਨ ਵਿਚ ਉਹ ਚਿੰਘਾੜਦਾ ਹੋਇਆ ਬਬਰ ਸ਼ੇਰ ਹੈ,
ਮਹਿਫ਼ਲ ਵਿਚ ਉਹ ਮੋਤੀ ਵਰਸਾਉਣ ਵਾਲਾ ਬੱਦਲ ਹੈ ॥੧੨੦॥

ਜੰਗਾਂ ਜੁੱਧਾਂ ਦੇ ਮੈਦਾਨ ਵਿਚ ਉਹ ਸ਼ਾਹਸਵਾਰ ਹੈ,
ਉਹ ਸ਼ਤਰੂਆਂ ਨੂੰ ਡੇਗਣ ਵਾਲੀ ਦੌੜ ਲਈ ਪ੍ਿਰਸਧ ਹੈ ॥੧੨੧॥

ਉਹ ਜੰਗਾਂ ਦੇ ਸਮੁੰਦਰ ਦਾ ਫੁੰਕਾਰਦਾ ਹੋਇਆ ਮਗਰਮੱਛ ਹੈ,
ਉਹ ਆਪਣੇ ਤੀਰਾਂ ਤੁਫੰਗਾਂ ਨਾਲ ਦੁਸ਼ਮਨ ਦੇ ਦਿਲ ਨੂੰ ਪਰੋ ਦੇਣ ਵਾਲਾ ਹੈ ॥੧੨੨॥

ਉਹ ਮਹਿਫ਼ਲ ਦੇ ਮਹਿਲਾਂ ਦਾ ਚਮਕਦਾ ਸੂਰਜ ਹੈ,
ਉਹ ਜੰਗ ਦੇ ਮੈਦਾਨ ਦਾ ਸ਼ੂਕਦਾ ਨਾਗ ਹੈ ॥੧੨੩॥

ਨਿਪੁੰਨਤਾ ਦੀ ਉਚਿਆਈ ਦਾ ਉਹ ਮੁਬਾਰਿਕ ਹੁਮਾ ਹੈ,
ਵਡਿਆਈ ਦੀ ਬੁਲੰਦੀ ਦਾ ਉਹ ਚਮਕਦਾ ਚੰਦਰਮਾ ਹੈ ॥੧੨੪॥

ਉਹ ਜਹਾਨ ਦੀ ਪ੍ਰਤਿਪਾਲਣਾ ਦੇ ਬਾਗ਼ ਦੇ ਫੁੱਲਾਂ ਨੂੰ ਸਜਾਉਣ ਵਾਲਾ ਹੈ,
ਉਹ ਸਰਦਾਰੀ ਦੇ ਦਿਲ ਅਤੇ ਨੇਤਰਾਂ ਦੀ ਰੌਸ਼ਨੀ ਹੈ ॥੧੨੫॥

ਸ਼ਾਨ ਸ਼ੌਕਤ ਅਤੇ ਸਜਾਵਟ ਦੇ ਬਾਗ਼ ਦਾ ਉਹ ਤਾਜ਼ਾ ਫੁੱਲ ਹੈ,
ਉਹ ਉਤਾਰ ਚੜ੍ਹਾਉ ਦੇ ਹਿਸਾਬ ਤੋਂ ਬਾਹਰ ਹੈ ॥੧੨੬॥

ਉਹ ਸਦੀਵੀ ਮੁਲਕ ਅਤੇ ਅਮਰ ਦੇਸ਼ ਦਾ ਨਿਗਾਹਬਾਨ ਹੈ,
ਗਿਆਨ ਦੇ ਵਿਸ਼ਵਾਸ਼ ਰਾਹੀਂ ਉਹ ਦੋਹਾਂ ਜਹਾਨਾਂ ਵਿਚ ਇਕੋ ਇਕ ਵਿਅਕਤੀ ਹੈ ॥੧੨੭॥

ਸਾਰੇ ਵਲੀਆਂ ਅਤੇ ਸਾਰੇ ਨਬੀਆਂ ਨੇ,
ਸਾਰੇ ਸੂਫੀਆਂ ਅਤੇ ਸਾਰੇ ਪਰਹੇਜ਼ਗਾਰਾਂ ਨੇ ॥੧੨੮॥

ਉਸ ਦੇ ਦਰਵਾਜ਼ੇ ਦੀ ਖ਼ਾਕ ਉੱਤੇ ਨਿਮਰਤਾ ਸਹਿਤ ਸਿਰ ਝੁਕਾ ਰਖਿਆ ਹੈ,
ਉਹ ਸਨਿਮਰ ਉਸ ਦੇ ਚਰਨਾਂ ਵਿਚ ਡਿੱਗੇ ਹੋਏ ਹਨ ॥੧੨੯॥

ਕੀ ਬਜ਼ੁਰਗ ਅਤੇ ਕੀ ਅਬਦਾਲ ਮਸਤ ਕਲੰਦਰ,
ਕੀ ਕੁਤਬ ਅਤੇ ਕੀ ਨੇਕ ਸ਼ਗਨਾਂ ਵਾਲੇ ਪਰਵਾਨ ਪਿਆਰੇ ॥੧੩੦॥

ਕੀ ਸਿੱਧ ਅਤੇ ਕੀ ਨਾਥ, ਕੀ ਗੌਸ ਅਤੇ ਕੀ ਪੀਰ,
ਕੀ ਸੁਰਜਨ, ਮੁਨਜਨ ਅਤੇ ਕੀ ਬਾਦਸ਼ਾਹ ਅਤੇ ਕੀ ਫ਼ਕੀਰ ॥੧੩੧॥

ਸਾਰੇ ਹੀ ਉਸ ਦੇ ਨਾਮ ਦੇ ਗ਼ੁਲਾਮ ਅਤੇ ਸੇਵਕ ਹਨ,
ਸਾਰੇ ਹੀ ਉਸ ਦੀ ਕਾਮਨਾ ਦੀ ਚੇਸ਼ਟਾ ਕਰਨ ਵਾਲੇ ਹਨ ॥੧੩੨॥

ਹੋਣੀ ਅਤੇ ਪ੍ਰਕ੍ਰਿਤੀ ਦੋਵੇਂ ਉਸ ਦੀ ਤਾਬਿਆ ਵਿਚ ਹਨ,
ਆਸਮਾਨ ਅਤੇ ਧਰਤ ਦੋਵੇਂ ਉਸ ਦੀ ਸੇਵਾ ਵਿਚ ਹਨ ॥੧੩੩॥

ਸੂਰਜ ਚੰਨ ਦੋਵੇਂ ਉਸ ਦੇ ਦਵਾਰੇ ਦੇ ਮੰਗਤੇ ਹਨ,
ਜਲ ਥਲ ਦੋਵੇਂ ਹੀ ਉਸ ਦੀ ਸਿਫ਼ਤ ਸਲਾਹ ਦਾ ਪਰਸਾਰ ਕਰਨ ਵਾਲੇ ਹਨ ॥੧੩੪॥

ਉਹ ਮਿਹਰਾਂ ਅਤੇ ਬਖ਼ਸ਼ਿਸ਼ਾਂ ਪਿਛੇ ਜਾਣ ਵਾਲਾ ਹੈ,
ਉਹ ਰਹਿਮਤਾਂ ਦੀ ਬਹੁਤਾਤ ਹੈ ਅਤੇ ਨਿਆਮਤਾਂ ਦਾ ਅਤਿਅੰਤ ਹੈ ॥੧੩੫॥

ਉਸ ਦੇ ਬੋਲ ਅਰਬ ਅਤੇ ਈਰਾਨ ਲਈ ਸੁਗੰਧ ਸਮੀਰ ਹਨ,
ਉਸ ਦੇ ਨੂਰ ਤੋਂ ਪੂਰਬ ਅਤੇ ਪੱਛਮ ਰੌਸ਼ਨ ਹਨ ॥੧੩੬॥

ਹਰ ਉਸ ਪੁਰਸ਼ ਨੇ ਜਿਸ ਨੇ ਸੱਚੇ ਦਿਲ ਅਤੇ ਵਿਸ਼ਵਾਸ਼ ਨਾਲ,
ਉਸ ਦੇ ਮੁਬਾਰਿਕ ਚਰਨਾਂ ਵਿਚ ਆਪਣਾ ਸਿਰ ਰੱਖ ਦਿੱਤਾ ॥੧੩੭॥

ਰੱਬ ਨੇ ਉਸ ਨੂੰ ਹਰ ਉੱਚੇ ਪੁਰਸ਼ ਤੋਂ ਵੀ ਉਚੇਰਾ ਮਾਨ ਬਖ਼ਸ਼ਿਆ,
ਭਾਵੇਂ ਉਸ ਦੀ ਤਕਦੀਰ ਮਾੜੀ ਸੀ ਅਤੇ ਉਸ ਦਾ ਸਿਤਾਰਾ ਕਮਜ਼ੋਰ ਸੀ ॥੧੩੮॥

ਹਰ ਉਸ ਬੰਦੇ ਨੇ ਜਿਸ ਨੇ ਉਸ ਦਾ ਨਾਮ ਸੱਚੇ ਦਿਲੋਂ ਲਿਆ,
ਨਿਰਸੰਦੇਹ ਉਸ ਦੀ ਹਰ ਮੁਰਾਦ ਅਤੇ ਕਾਮਨਾ ਪੂਰੀ ਹੋ ਗਈ ॥੧੩੯॥

ਹਰ ਉਸ ਬੰਦੇ ਨੇ ਜਿਸ ਨੇ ਉਸ ਦਾ ਪਵਿੱਤਰ ਨਾਮ ਸੁਣਿਆ,
ਉਹ ਹਰ ਗੁਨਾਹ ਦੀ ਸਜ਼ਾ ਤੋਂ ਮੁਕਤ ਹੋ ਗਿਆ ॥੧੪੦॥

ਹਰ ਉਸ ਬੰਦੇ ਨੇ ਜਿਸ ਨੇ ਉਸ ਦੇ ਪਵਿੱਤਰ ਦਰਸ਼ਨ ਕੀਤੇ,
ਉਸ ਦੇ ਨੇਤਰਾਂ ਵਿਚ ਰੱਬ ਦਾ ਨੂਰ ਜਗਮਗਾ ਉਠਿਆ ॥੧੪੧॥

ਜੋ ਕੋਈ ਉਸ ਦੀਆਂ ਨਜ਼ਰਾਂ ਨੂੰ ਭਾ ਗਿਆ,
ਰਬ ਨੇ ਆਪਣੇ ਮਿਲਾਪ ਨਾਲ ਉਸ ਦਾ ਮਾਨ ਸਤਿਕਾਰ ਵਧਾ ਦਿੱਤਾ ॥੧੪੨॥

ਉਸ ਦੀ ਮਿਹਰ ਸਦਕਾ ਸਾਰੇ ਗੁਨਾਹਗਾਰਾਂ ਨੂੰ ਮੁਕਤੀ ਪਰਾਪਤ ਹੋ ਗਈ,
ਉਸ ਦੇ ਚਰਨ ਧੋਣ ਕਰਕੇ ਮੁਰਦੇ ਵੀ ਜੀ ਪੈਂਦੇ ਹਨ ॥੧੪੩॥

ਉਸ ਦੇ ਚਰਨ ਧੋਣ ਦੇ ਸਾਹਮਣੇ ਅੰਮ੍ਰਿਤ ਕੀ ਚੀਜ਼ ਹੈ
ਕਿਉਂ ਜੋ ਉਹ ਵੀ ਉਸ ਦੀ ਗਲੀ ਦਾ ਗ਼ੁਲਾਮ ਹੋ ਜਾਂਦਾ ਹੈ ॥੧੪੪॥

ਜੇਕਰ ਆਬਿ-ਹਯਾਤ ਤੋਂ ਮੁਰਦਾ ਮਿੱਟੀ ਵਿਚ ਜਾਨ ਪੈ ਜਾਂਦੀ ਹੈ,
ਤਾਂ ਇਸ ਅੰ੍ਿਰਮਤ ਤੋਂ ਜਾਨ ਅਤੇ ਦਿਲ ਸੁਰਜੀਤ ਹੋ ਜਾਂਦੇ ਹਨ ॥੧੪੫॥

ਉਸ ਦੇ ਬੋਲਾਂ ਦਾ ਰੂਪ ਕੁਝ ਇਹੋ ਜਿਹਾ ਹੈ,
ਕਿ ਉਸ ਵਿਚ ਸੈਂਕੜੇ ਆਬਿ-ਹਯਾਤ ਸਮਾ ਜਾਂਦੇ ਹਨ ॥੧੪੬॥

ਕਈਆਂ ਮੁਰਦਿਆਂ ਦੀਆਂ ਦੁਨੀਆਂ ਨੂੰ ਉਸ ਨੇ ਸੁਰਜੀਤ ਕਰ ਦਿੱਤਾ,
ਹਜ਼ਾਰਾਂ ਜ਼ਿੰਦਾ ਦਿਲਾਂ ਨੂੰ ਉਸ ਨੇ ਆਪਣਾ ਬੰਦਾ ਬਣਾ ਲਿਆ ॥੧੪੭॥

ਉਸ ਦੇ ਅੰ੍ਿਰਮਤ ਸਰੋਵਰ (ਅੰਮ੍ਰਿਤਸਰ) ਤੇ ਮੁਕਾਬਲੇ ਤੇ ਗੰਗਾ ਕੀ ਹੈ,
ਕਿਉਂ ਜੋ ਅਠਸਠ ਤੀਰਥਾਂ 'ਚੋਂ ਹਰ ਇਕ ਉਸ ਦਾ ਚਾਕਰ ਹੈ ॥੧੪੮॥

ਉਸ ਦਾ ਵਜੂਦ ਸੱਚ ਸਦਕਾ ਸਦੀਵੀ ਅਤੇ ਅਮਰ ਹੈ,
ਰੱਬ ਦੀ ਬਖ਼ਸ਼ਿਸ਼ ਦੇ ਨੂਰ ਸਦਕਾ ਉਸ ਦਾ ਦਿਲ ਸਦਾ ਰੌਸ਼ਨ ਹੈ ॥੧੪੯॥

ਸੱਚ ਦੇ ਜਾਣਨ ਵਿਚ ਉਸ ਦੀ ਸਭ ਨਾਲੋਂ ਉਚੇਰੀ ਦਿਬ-ਦ੍ਰਿਸ਼ਟੀ ਹੈ,
ਸੱਚ ਦੇ ਵੇਖਣ ਵਿਚ ਉਹ ਸਭ ਨਾਲੋਂ ਰੌਸ਼ਨ ਨਿਗਹ ਰਖਦਾ ਹੈ ॥੧੫੦॥

ਸੱਚ ਦੇ ਗਿਆਨ ਤੋਂ ਉਹ ਸਭਨਾਂ ਨਾਲੋਂ ਵਧੇਰੇ ਵਾਕਫ਼ਕਾਰ ਹੈ,
ਅਕਲ ਅਤੇ ਸੂਝ ਦਾ ਉਹ ਸ਼ਹਿਨਸ਼ਾਹ ਹੈ ॥੧੫੧॥

ਉਸ ਦਾ ਫੌਲਾਦੀ ਮੱਥਾ ਰੱਬੀ ਨੂਰ ਨਾਲ ਚਮਕਦਾ ਹੈ,
ਉਸ ਦੀ ਨੂਰਾਨੀ ਆਤਮਾ ਇਕ ਚਮਕਦਾ ਸੂਰਜ ਹੈ ॥੧੫੨॥

ਰਹਿਮ ਕਰਮ ਵਿਚ ਉਹ ਸਰਾਸਰ ਬਖ਼ਸ਼ਿੰਦਾ ਹੈ,
ਸੁਹਜ ਸ਼ਿੰਗਾਰ ਵਿਚ ਉਹ ਸਿਰ ਤੋਂ ਪੈਰ ਤਕ ਹੁਸਨ ਹੀ ਹੁਸਨ ਹੈ ॥੧੫੩॥

ਹੌਸਲੇ ਵਿਚ ਉਹ ਸਭ ਨਾਲੌਂ ਉਚੇਰੇ ਹੌਸਲੇ ਦਾ ਮਾਲਕ ਹੈ,
ਇਕਬਾਲ, ਮਰਤਬੇ ਵਿਚ ਉਹ ਸਭ ਨਾਲੋਂ ਵਧੇਰੇ ਸੁਭਾਗਾ ਹੈ ॥੧੫੪॥

ਭਾਵੇਂ ਦੋਹਾਂ ਜਹਾਨਾਂ ਦੀ ਫ਼ਤਿਹ ਲਈ ਉਸ ਨੂੰ,
ਤਲਵਾਰਾਂ ਦੀ ਅਤੇ ਭਾਲੇ ਦੀ ਲੋੜ ਨਹੀਂ ॥੧੫੫॥

ਪਰ ਉਸ ਦੀ ਤਲਵਾਰ ਦਾ ਜੌਹਰ ਜਦ ਰੌਸ਼ਨ ਹੁੰਦਾ ਹੈ,
ਤਾਂ ਉਸ ਦੀ ਬਿਜਲੀ ਨਾਲ ਦੁਸ਼ਮਨਾਂ ਦਲ ਬਲ ਉਠਦਾ ਹੈ ॥੧੫੬॥

ਉਸ ਦੇ ਨੇਜ਼ੇ ਤੋਂ ਹਾਥੀ ਦੇ ਜਿਗਰ ਦਾ ਖ਼ੂਨ ਹੋ ਜਾਂਦਾ ਹੈ,
ਉਸ ਦੇ ਤੀਰ ਤੋਂ ਬੱਬਰ ਸ਼ੇਰ ਦਾ ਜਿਗਰ ਵੀ ਸੜ ਜਾਂਦਾ ਹੈ ॥੧੫੭॥

ਉਸ ਦੀ ਕਮੰਦ ਨੇ ਜਾਨਵਰਾਂ ਅਤੇ ਦਰਿੰਦਿਆਂ ਨੂੰ ਆਪਣੇ ਫੰਦੇ ਵਿਚ ਫਸਾ ਲਿਆ ਹੈ,
ਉਸ ਦੇ ਭਾਲੇ ਨੇ ਦੈਂਤਾਂ ਦੀ ਧੂੜ ਉੜਾ ਦਿੱਤੀ ਹੈ ॥੧੫੮॥

ਉਸ ਦੇ ਤਿਖੇ ਤੀਰ ਨੇ ਪਹਾੜ ਨੂੰ ਇਸ ਤਰ੍ਰਾਂ ਵਿੰਨ੍ਹ ਦਿੱਤਾ,
ਕਿ ਅਰਜਨ ਵੀ ਜੰਗ ਦੇ ਦਿਨ ਵਿਚ ਅਜਿਹਾ ਨਹੀਂ ਸੀ ਕਰ ਸਕਿਆ ॥੧੫੯॥

ਅਰਜੁਨ ਜਾਂ ਭੀਮ ਅਤੇ ਰੁਸਤਮ ਜਾਂ ਸਾਮ ਕੀ ਹਨ ?
ਅਸਫ਼ੰਦਯਾਰ ਜਾਂ ਰਾਮ ਲਛਮਣ ਕੀ ਹਨ ?੧੬੦॥

ਹਜ਼ਾਰਾਂ ਮਹੇਸ਼ ਅਤੇ ਹਜ਼ਾਰਾਂ ਗਣੇਸ਼,
ਨਿਮਰਤਾ ਨਾਲ ਆਪਣੇ ਸੀਸ ਉਸ ਦੇ ਚਰਨਾਂ ਤੇ ਝੁਕਾਉਂਦੇ ਹਨ ॥੧੬੧॥

ਉਸ ਜੰਗ ਦੇ ਵਿੱਜਈ ਬਾਦਸ਼ਾਹ ਦੇ ਸਾਰੇ ਗ਼ੁਲਾਮ ਹਨ,
ਦੋਹਾਂ ਜਹਾਨਾਂ ਨੇ ਉਸ ਦੇ ਹੱਥੋਂ ਰੌਣਕ ਪਰਾਪਤ ਕੀਤੀ ਹੈ ॥੧੬੨॥

ਹਜ਼ਾਰਾਂ ਅਲੀ ਅਤੇ ਹਜ਼ਾਰਾਂ ਹੀ ਵਲੀ ਹਨ,
ਆਪਣੀ ਸਰਦਾਰੀ ਦਾ ਸਿਰ ਉਸ ਦੇ ਕਦਮਾਂ ਵਿਚ ਰਖਦੇ ਹਨ ॥੧੬੩॥

ਜਦ ਉਸ ਦਾ ਤੀਰ ਕਮਾਨ ਵਿਚੋਂ ਤੇਜ਼ੀ ਨਾਲ ਛੁੱਟਦਾ ਹੈ,
ਤਾਂ ਸਾਰੇ ਦੁਸ਼ਮਨਾਂ ਦੇ ਜਿਗਰ ਚੀਰ ਦਿੰਦਾ ਹੈ ॥੧੬੪॥

ਉਸ ਦਾ ਤੀਰ ਸਖ਼ਤ ਪੱਥਰ ਨੂੰ ਇਸ ਤਰ੍ਹਾਂ ਕੱਟ ਦਿੰਦਾ ਹੈ,
ਜਿਵੇਂ ਹਿੰਦੀ ਤਲਵਾਰ ਘਾਹ ਨੂੰ ਕੱਟ ਦਿੰਦੀ ਹੈ ॥੧੬੫॥

ਉਸ ਦੇ ਤੀਰ ਦੇ ਸਾਹਮਣੇ ਪੱਥਰ ਜਾਂ ਲੋਹਾ ਕੀ ਹਨ ?
ਉਸ ਦੀ ਵਿਉਂਤਬੰਦੀ ਦੇ ਸਾਹਮਣੇ ਅਕਲਮੰਦਾਂ ਦੀ ਅਕਲ ਵੀ ਕੰਮ ਨਹੀਂ ਕਰਦੀ ॥੧੬੬॥

ਜਿਸ ਵਕਤ ਉਸ ਦਾ ਗੁਰਜ ਹਾਥੀਆਂ ਦੇ ਸਿਰ ਤੇ ਪੈਂਦਾ ਹੈ,
ਤਾਂ ਚਾਹੇ ਪਹਾੜ ਵੀ ਕਿਉਂ ਨਾ ਹੋਵੇ, ਉਹ ਮਿੱਟੀ ਨਾਲ ਮਿਲ ਜਾਂਦਾ ਹੈ ॥੧੬੭॥

ਉਸ ਦੀ ਸਿਫ਼ਤ ਸਲਾਹ ਕਿਸੇ ਘੇਰੇ ਵਿਚ ਨਹੀਂ ਆਉਂਦੀ,
ਉਸ ਦੀ ਉਚਿਆਈ ਫਰਿਸ਼ਤਿਆਂ ਦੀ ਸਮਝ ਤੋਂ ਬਾਹਰ ਹੈ ॥੧੬੮॥

ਉਹ ਸਾਡੀ ਸਮਝ ਜਾਂ ਅਕਲ ਤੋਂ ਬਹੁਤ ਉਚੇਰਾ ਹੈ,
ਉਸ ਦੀ ਵਡਿਆਈ ਸਾਡੀ ਜੀਭਾਂ ਦੇ ਕਥਨ ਤੋਂ ਬਾਹਰ ਹੈ ॥੧੬੯॥

ਉਸ ਦਾ ਵਜੂਦ ਰੱਬ ਦੀ ਤਲਾਸ਼ ਦੀ ਛੱਤ ਦਾ ਥੰਮ੍ਹ ਹੈ,
ਉਸ ਦਾ ਮੁਖੜਾ ਰੱਬ ਦੀ ਰਹਿਮਤ ਸਦਕਾ ਸਦਾ ਰੌਸ਼ਨ ਹੈ ॥੧੭੦॥

ਉਸ ਦਾ ਦਿਲ ਰੱਬ ਦੇ ਨੂਰ ਨਾਲ ਚਮਕਦਾ ਪਿਆ ਸੂਰਜ ਹੈ,
ਭਰੋਸੇ ਵਿਚ ਉਹ ਸਾਰੇ ਸਿਦਕਵਾਨਾਂ ਸਚਿਆਰਿਆਂ ਨਾਲੋਂ ਅਗੇਰੇ ਹੈ ॥੧੭੧॥

ਉਹ ਉਸ ਪਦਵੀ ਨਾਲੋਂ ਵਧੇਰੇ ਹੈ ਜਿਸ ਨੂੰ ਕਿ ਕੋਈ ਜਾਣ ਸਕੇ,
ਉਹ ਕਿਸੇ ਬਿਆਨ ਕਰਨ ਨਾਲੋਂ ਵੱਧ ਸਤਿਕਾਰ ਯੋਗ ਹੈ ॥੧੭੨॥

ਉਸ ਦੀ ਜ਼ਾਤ ਦੀ ਬਖਸ਼ਿਸ਼ ਨਾਲ ਸੰਸਾਰ ਭਰਿਆ ਪਿਆ ਹੈ,
ਉਸ ਦੇ ਕਮਾਲ ਕਿਸੇ ਵੀ ਹੱਦ ਬੰਨੇ ਵਿਚ ਨਹੀਂ ਆ ਸਕਦੇ ॥੧੭੩॥

ਜਦ ਉਸ ਦੀ ਸਿਫ਼ਤ ਸਨਾ ਹਿਸਾਬੋਂ ਬਾਹਰ ਹੈ,
ਤਾਂ ਉਹ ਇਸ ਕਿਤਾਬ ਦੇ ਪਰਦੇ ਵਿਚ ਕਿਵੇਂ ਸਮਾ ਸਕਦੀ ਹੈ ?੧੭੪॥

ਰੱਬ ਕਰੇ, (ਨੰਦ) ਲਾਲ ਦਾ ਸਿਰ ਉਸ ਵਾਹਿਗੁਰੂ ਦੇ ਨਾਮ ਤੋਂ ਕੁਰਬਾਨ ਹੋ ਜਾਵੇ,
ਰੱਬ ਕਰੇ, (ਨੰਦ ਲਾਲ ਦੇ) ਦਿਲ ਅਤੇ ਜਾਨ ਉਸ ਦੀ ਭੇਟਾ ਹੋ ਜਾਣ ॥੧੭੫॥

ਭਾਈ ਨੰਦ ਲਾਲ ਗੋਯਾ ਰਚਿਤ ਜੋਤਿ ਬਿਗਾਸ ਸਮਾਪਤ ਹੋਇਆ ॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਨੰਦ ਲਾਲ ਗੋਯਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ