Jiwan Safar : Charan Singh Safri

ਜੀਵਨ ਸਫ਼ਰ : ਚਰਨ ਸਿੰਘ ਸਫ਼ਰੀ

1. ਜੀਵਨ ਸਫ਼ਰ

ਜੀਵਨ ਸਫ਼ਰ ਅਮੁਕਵੇਂ ਪੈਂਡੇ,
ਰਾਹ ਵਿਚ ਲੱਖ ਬਲਾਵਾਂ ।
ਰਹਿ ਗਏ ਨੇ ਦੋ ਨੈਣ ਨਿਲੱਜੇ
ਚੂੰਡ ਲਿਆ ਤਨ ਕਾਵਾਂ।
ਨੈਣ ਨਿਲੱਜੇ ਹੋਣ ਨਾ ਸ਼ਾਲਾ !
ਉਸ ਮਾਹੀ ਦੇ ਸਾਂਹਵੇਂ
ਬਦ-ਅੱਮਲਾਂ ਦਾ ਬੋਝਾ ਲੈਕੇ
ਰਾਹ ਵਿਚ ਹੀ ਮਰ ਜਾਵਾਂ ।

2. ਸੀ ਇਕ ਹੌਕਾ ਭਰਿਆ

ਦੂਰ ਦੇਸ ਨੂੰ ਤੁਰਿਆ ਜਦ ਮੈਂ
ਸੱਲ ਗਿਆ ਨਾ ਜਰਿਆ ।
ਗਲ ਲਗ ਕੇ ਕੁਲ ਵੇਹੜਾ ਰੋਇਆ
ਹੰਝੂਆਂ ਦਾ ਮੀਂਹ ਵਰ੍ਹਿਆ ।
ਦੇਸ ਬਗਾਨਾ, ਮਾਪੇ ਭੁਲੇ,
ਪਰ ਉਹ ਭੁੱਲਦਾ ਨਾਹੀਂ;
ਰਾਹੋਂ ਦੂਰ ਖਲੋ ਕੇ ਜਿਸਨੇ,
ਸੀ ਇਕ ਹੌਕਾ ਭਰਿਆ ।

3. ਇਕ ਧੁੱਖ ਦੀ ਜਾਂਦੀ ਆਸ

ਲਾਂਬੂ ਲਾ ਕੇ ਲਾਸ਼ ਨੂੰ
ਘੜੀ ਕੁ ਠਹਿਰੀਂ ਪਾਸ !
ਧੂੰਏਂ ਦੇ ਵਿੱਚ ਦੇਖ ਲਈਂ,
ਇੱਕ ਧੁੱਖ ਦੀ ਜਾਂਦੀ ਆਸ ।

4. ਨਾ ਮੇਰੇ ਗਲ ਲਗ ਕੇ ਰੋ

ਮੈਂ ਸ਼ਾਇਰ, ਮੇਰੀ ਤਬ੍ਹਾ ਨਰਾਲੀ
ਨਾ ਮੇਰੇ ਗਲ ਲਗ ਕੇ ਰੋ !
ਨਾ ਰੋ ਰੋ ਕੇ ਫਾਵੀ ਹੋ
ਸੱਲਾਂ ਨਾਲ ਕਲੇਜਾ ਸਲਿਆ
ਨਾ ਕੋਈ ਸੂਈਆਂ ਹੋਰ ਖਭੋ
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

ਹੁਣੇ ਨਾ ਲੈ ਉੱਠ ਦਰਦ ਕਹਾਣੀ
ਜ਼ਰਾ ਹੋਣ ਦੇ ਪੀੜ ਪੁਰਾਣੀ
ਪੀੜ ਬੁਰੀ ਹੈ ਇਹ ਸੜ ਬਲ ਜਾਣੀ

ਮੈਂ ਸ਼ਾਇਰ, ਤੂ ਨਵੀਂ ਵਯੋਗਣ
ਮੈਂ ਦਿਲ-ਹੀਣ ਤੂੰ ਦਿਲ ਦੀ ਰੋਗਣ
ਜੇ ਹਿੱਕੜੀ ਵਿਚ ਦਿਲ ਨਹੀਂ ਟਿਕਦਾ
ਲੈ ਪਲਕਾਂ ਦੇ ਬੂਹੇ ਢੋ
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

ਕੀ ਕਰ ਬੈਠੇ ਕਾਰੇ ਅੱਥਰੂ ?
ਹੋ ਗਏ ਆਪ ਮੁਹਾਰੇ ਅੱਥਰੂ ।
ਸਾਂਭ ਨੀ ! ਸਾਂਭ, ਕੁਵਾਰੇ ਅਥਰੂ ।
ਇਹ ਨਜ਼ਰਾਏ ਜਾਣ ਨਾ ਕਿਧਰੇ
ਮਾਹੀ ਤੋਂ ਝਿੜਕਾਂ ਖਾਣ ਨਾ ਕਿਧਰੇ
ਚੁੱਨੀ ਦੇ ਇੱਕ ਪਲੜੇ ਥੱਲੇ
ਲੈ ਭੋਲੇ ਜਹੇ ਨੈਣ ਲਕੋ
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

ਬੁੱਝ ਮੇਰੀ ਹਿੱਕ ਵਿੱਚ ਕੀ ਹੈ ਰਹਿੰਦਾ ?
ਨਿਕਾ ਜਿਹਾ ਇੱਕ 'ਜੀ' ਹੈ ਰਹਿੰਦਾ
ਹਰ ਦਮ ਕਰਦਾ ਸੀ ਸੀ ਰਹਿੰਦਾ
'ਸੀ' ਵਿੱਚ ਹੈ ਕੋਈ ਵਿਧਵਾ ਰੋਂਦੀ
ਰੱਤ ਕਿਸੇ ਮਜ਼ਦੂਰ ਦੀ ਚੋਂਦੀ
ਇਸ ਵਿੱਚ ਤੜਪਾਂ ਲਵੇ ਆਜ਼ਾਦੀ
ਦੇਸ਼ ਦੀ ਵੀ ਹੈ ਕੁਝ ਬਰਬਾਦੀ
ਲੀਰਾਂ ਵਿੱਚ ਤੱਕ ਲੁਕੀ ਗਰੀਬੀ
ਰੱਤ ਰਹੀ ਹੈ ਦਿਲ ਦੀ ਚੋ
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

ਅੱਛਾ! ਨਾ ਜਾ ਦਿਲੋਂ ਨਰਾਸੀ
ਬਦਲ ਦਿਆਂ ਕੁੱਝ ਤੇਰੀ ਉਦਾਸੀ
ਹੰਝੂਆਂ ਦੀ ਥਾਂ ਕਿਰ ਜਾਏ ਹਾਸੀ
ਜ਼ਰਾ ਕੁ ਅਪਣੀ ਕਲਮ ਚਲਾਵਾਂ
ਦੇਹ ਮੈਨੂੰ ਦੋ ਸੱੜਦੀਆਂ ਹਾਵਾਂ
ਫੂਕ ਦਿਆਂ ਇਕ ਛੱਲ ਸਾਗਰ ਦੀ
ਕੋਈ ਸੁਣਾਂ ਨਾ ਮੈਂ ਗੱਲ ਸਾਗਰ ਦੀ
ਮੋੜ ਲਿਆਵਾਂ ਮੈਂ ਮੁੜ ਤੇਰੇ,
ਭੋਲੇ ਜਹੇ ਮੁਖੜੇ ਦੀ 'ਰੌ'
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

ਦੁੱਖ ਇਕੱਠੇ ਕਰ ਕੇ ਤੇਰੇ
ਛੱਟੇ ਦੇ ਦਿਆਂ ਚਾਰ ਚੁਫੇਰੇ
ਕਾਇਨਾਤ ਪਈ ਅੱਥਰੂ ਕੇਰੇ
ਹਰ ਸੀਨੇ ਵਿੱਚ ਪੀੜ ਭਰਾਂ ਮੈਂ
ਤੈਨੂੰ ਪ੍ਰਸਿਨ ਕਰਾਂ ਮੈਂ
ਦੋਂਹ ਅੱਖੀਆਂ ਦੇ ਅੱਥਰੂ ਦੋ
ਦੋ ਦੋ ਕਰ ਕੇ ਦਿਆਂ ਪਰੋ

ਇਹ ਹਾਰ ਮੈਂ ਉਸ ਗਲ ਪਾਵਾਂ
ਜਿਹੜਾ ਜਾਵੇ ਤੇਰਾ ਹੋ
ਨਾ ਮੇਰੇ ਗਲ ਲਗ ਕੇ ਰੋ
ਸੱਲਾਂ ਨਾਲ ਕਲੇਜਾ ਸੱਲਿਆ
ਨਾ ਕੋਈ ਸੂਈਆਂ ਹੋਰ ਚਭੋ
ਨਾ ਮੇਰੇ ਗਲ ਲਗ ਕੇ ਰੋ
ਮੈਂ ਸ਼ਾਇਰ……

5. ਸ਼ਾਇਰ

ਸ਼ਾਇਰ ਬਿੱਣ ਰੌਣਕ ਨਹੀਂ, ਦੁਨੀਆਂ ਦੇ ਮੇਲੇ ਦੀ ।
ਆਲਮ ਵਿੱਚ ਚਰਚਾ ਹੈ, ਕੁਦਰਤ ਦੇ ਚੇਲੇ ਦੀ ।
ਵੱਡਾ ਹੈ ਉਹ "ਜਿਸਨੂੰ; ਸ਼ਾਇਰ ਵਡਿਆ ਦੇਵੇ ।"
ਜੀ ਆਵੇ ਰਾਈ ਦਾ; ਪਰਬਤ ਦਿਖਲਾ ਦੇਵੇ ।
ਦਿਲ ਇਹਦਾ ਜਿਸ ਵੇਲੇ, ਗੁੱਸੇ ਵਿੱਚ ਆਉਂਦਾ ਏ ।
ਅੰਬਾਂ ਨੂੰ ਅੱਕ ਦੀਆਂ, ਕੱਕੜੀਆਂ ਲਾਉਂਦਾ ਏ ।
ਮਰ ਜਾਂਦੇ ਲੋਕੀਂ ਪਰ ਸ਼ਾਇਰ, ਮਰਦਾ ਨਹੀਂ ।
ਜ਼ੋਰਾਵਰ ਲੋਕਾਂ ਤੋਂ, ਬੇ-ਜ਼ੋਰਾ ਡਰਦਾ ਨਹੀਂ ।
ਕੁੱਲ ਦੁਨੀਆਂ ਸ਼ਾਇਰ ਦੇ, ਘੇਰੇ ਵਿੱਚ ਰਹਿੰਦੀ ਏ ।
ਪਲਕਾਂ ਚੋਂ ਕੋਈ ਇਹਨੂੰ, ਬਿੱਜਲੀ ਆ ਪੈਂਦੀ ਏ ।
ਦੁਨੀਆਂ ਦੇ ਭਾ ਦਾ, ਇਹ, ਅੱਲੜ ਹੈ, ਭੋਲਾ ਹੈ ।
ਅੱਖਾਂ ਤੋਂ ਅੰਨਾਂ ਹੈ, ਕੰਨਾਂ ਤੋਂ ਬੋਲਾ ਹੈ ।
ਇਹ ਅੰਨਾਂ, ਬੋਲਾ ਹੈ, ਪਰ ਦੇਖ ਤੇ ਸੁਣ ਲੈਂਦੈ ।
ਦੁਖੀਏ ਦੀਆਂ ਅੱਖਾਂ 'ਚਿ ਇਹ ਕੰਡੇ ਚੁਣ ਲੈਂਦੈ ।
ਉਹ ਜਿਹੜੇ ਲੋਕ ਹਨ, ਪੱਥਰ ਦੇ ਦਿਲ ਵਾਲੇ ।
ਗੋਰੇ ਜਿਹੇ ਮੁਖੜੇ ਤੇ; ਕਾਲੇ ਜਿਹੇ ਤਿੱਲ ਵਾਲੇ ।
ਸ਼ਾਇਰ ਦੇ ਮਰਨੇ ਤੇ, ਕੀ ਇਹਨਾਂ ਰੋਣਾ ਏ ?
ਸ਼ਾਇਰ ਦਾ ਗ਼ਮ "ਸਫ਼ਰੀ" ਸ਼ਾਇਰ ਨੂੰ ਹੋਣਾ ਏ !

6. ਛਪੜ ਕੰਢੇ

ਅੱਜ ਰੌਣਕ ਵੇਖਾਂ ਪਿੰਡ ਦੀ, ਇਹ ਦਿਲ ਵਿਚ ਆਈ ।
ਮੈਂ ਡੰਡੀ ਡੰਡੀ ਤੁਰ ਪਿਆ, ਨਾ ਦੇਰ ਲਗਾਈ ।
ਇੱਕ ਛੱਪੜ ਕੰਢੇ ਬਹਿ ਗਿਆ, ਦੇਖੀ ਹਰਿਆਈ ।
ਸਿਰ ਗਾਗਰ ਲੈ ਕੇ ਕੁੜੀ ਇਕ, ਪਾਣੀ ਨੂੰ ਆਈ ।

ਪਿੰਡਾਂ ਦਾ ਜੀਵਨ ਵੱਖਰਾ, ਉਹ ਚਾਲ ਨਿਆਰੀ ।
ਬਾਹੀਂ ਸੀ ਚੂੜਾ ਕੱਚਦਾ, ਉੱਪਰ ਫੁੱਲ-ਕਾਰੀ ।
ਇੱਕ ਜੋਬਨ ਠਾਠਾਂ ਮਾਰਦਾ, ਇੱਕ ਉਂਝ ਕੁੰਵਾਰੀ ।
ਇੱਕ ਸੱਪ ਜ਼ਹਿਰੀਲਾ ਕੱਲਰੀ; ਇੱਕ ਫੱਨ ਖਿਲਾਰੀ ।

ਸੁੰਦਰੀ ਦੇ ਦੋਹਾਂ ਦੀਦਿਆਂ 'ਚਿ, ਦੁਨੀਆਂ ਬੱਸੇ ।
ਸੀ ਬਦੋ ਬਦੀ ਦਿਲ ਖਿੱਚਦੀ, ਪਾ ਨਿਗਾਹ ਦੇ ਰੱਸੇ ।
ਉਹ ਭੁੰਜੇ ਗਾਗਰ ਰੱਖ ਕੇ, ਦੌੜੇ ਤੇ ਨੱਸੇ ।
ਪਾਣੀ ਵਿੱਚ ਚਿਹਰਾ ਵੇਖ ਕੇ, ਉਹ ਖਿੱੜ-ਖਿੱੜ ਹਸੇ ।

ਆਖੇ: 'ਮੈਂ ਅਰਸ਼ੀ ਪਰੀ ਹਾਂ, ਅਰਸ਼ਾਂ ਤੋਂ ਲੱਥੀ ।
'ਜੱਟਾਂ ਦੀ 'ਅੰਬੋ' ਕੀ ਏ ? ਰਾਹੀਆਂ ਦੀ 'ਨੱਥੀ' ।
'ਮੈਂ 'ਈਸ਼ੋ' ਵਰਗੀ ਨਹੀਂ ਹਾਂ, ਉਹ ਹਜਾਂ ਦੀ ਪੱਥੀ ।
'ਰਤੋ' 'ਰਾਮੋਂ' 'ਠਾਕਰੋ' ਸੱਭ ਭੈੜ ਭੜੱਥੀ ।'

ਕਿਹਾ ਮੈਂ ! ਕੁੜੀਏ ਅਲ੍ਹੜੇ ! ਮਾਰ ਨਾ ਛੜੀਆਂ ।
ਇਹ ਕੱਚੇ ਤੰਦ ਪਰੋਤੀਆਂ, ਜੀਵਨ ਦੀਆਂ ਲੱੜੀਂਆਂ ।
ਇਹ ਨੱਦੀਆਂ ਸਦਾ ਨਾ ਰਹਿੰਦੀਆਂ, ਜ਼ੋਰਾਂ ਵਿੱਚ ਚੱੜ੍ਹੀਆਂ ।
ਇਹ ਜੋਬਨ ਠਾਠਾਂ ਮਾਰਦਾ, ਪਰ, ਚਾਰ ਕੁ ਘੱੜੀਆਂ ।

7. ਨੀਰ ਨੈਣਾਂ 'ਚੋਂ ਬਹਿੰਦਾ !

ਤਿਖੇ ਤੀਰ ਵਿਛੋੜੇ ਵਾਲੇ
ਹਿਰਦਾ ਮੂਲ ਨਾ ਸਹਿੰਦਾ ।
ਦਿੱਲ ਗ਼ਮਾਂ ਦੀ ਅਗਨੀ ਉਤੇ,
ਤਿੱੜ ਤਿੱੜ ਕਰਦਾ ਰਹਿੰਦਾ ।
ਚਿੱਣਗ ਦਰਦ ਦੀ ਪੈ ਕੇ ਸੀਨੇ
'ਸਫ਼ਰੀ' ਭਾਂਬੜ ਬਾਲੇ
ਲਾਂਬੂ ਲੱਗਾ ਦੇਖ ਜਿੱਗ਼ਰ ਨੂੰ
ਨੀਰ ਨੈਣਾਂ 'ਚੋਂ ਬਹਿੰਦਾ ।

8. ਮੁੜ ਨਹੀਂ ਮੰਗਿਆ ਉਸ ਨਾਦਾਨ ਪਾਣੀ !

ਲੜਦੇ ਲੜਦਿਆਂ ਜਦੋਂ ਜੁਝਾਰ ਸਿੰਘ ਨੂੰ,
ਲੱਗੀ ਤੇਹ ਕੀਤਾ ਪਰੇਸ਼ਾਨ ਪਾਣੀ ।
ਭੁੱਜਾ ਕਾਲਜਾ ਆਂਦਰੀਂ ਅੱਗ ਲੱਗੀ,
ਥੱਥਲ ਥੱਥਲ ਕੇ ਮੰਗੇ ਜ਼ਬਾਨ ਪਾਣੀ ।

ਇੰਦਰ ਜਹੇ ਭੀ ਦੇਵਤੇ ਰੋਣ, ਐਪਰ,
ਕਿੱਦਾਂ ਹੁਕਮ ਬਾਝੋਂ ਬੁਲੀਂ ਲ੍ਹਾਣ ਪਾਣੀ ।
ਘੋੜਾ ਮੋੜ, ਘਰ ਆਣ ਕੇ ਕਹਿਣ ਲੱਗਾ,
ਦੋ ਘੁੱਟ ਦੇਵੋ 'ਮੇਹਰਬਾਨ' ਪਾਣੀ ।

ਸੁਣਕੇ ਗੁਰਾਂ ਨੇ ਆਖਿਆ ਬਚਿਆ ਉਏ,
ਕਾਹਨੂੰ ਮੰਗਨਾ ਏਂ ਏਥੇ ਆਣ ਪਾਣੀ ।
ਮੈਂ ਤਾਂ ਤੇਰੇ 'ਅਜੀਤ' ਦੇ ਨਾਲ ਤੇਰਾ,
ਭੇਜ ਦਿਤਾ ਹੈ ਅਗਲੇ ਜਹਾਨ ਪਾਣੀ ।

ਕਾਇਆ ਕੋਠੜਾ ਵਤਨ ਦੀ ਭੇਟ ਕਰਦੇ,
ਚੁਲੀਆਂ ਡੋਲ੍ਹ ਬੱਚਾ ਦੇ ਦੇ ਦਾਨ ਪਾਣੀ ।
ਸੀਸ ਵਾਰਿਆ ਬਾਬੇ ਨੇ ਦੇਸ ਉਤੋਂ,
ਤੂੰ ਵੀ ਕਰੀਂ ਦੋ ਘੁੱਟ ਕੁਰਬਾਨ ਪਾਣੀ ।

ਹਿੰਦੂ ਧਰਮ ਦੇ ਸੁੱਕਿਆਂ ਬੂਟਿਆਂ ਨੂੰ,
ਬਣ ਕੇ ਦੇਹ ਬੱਚਾ ਬਾਗਵਾਨ ਪਾਣੀ ।
ਪਾਣੀ ਅੱਖਾਂ ਦਾ ਬੁੱਲ੍ਹਾਂ ਤੇ ਅਟਕ ਜਾਵੇ,
ਤਾਂ ਭੀ ਲਾਈਂ ਨਾ ਬੂੰਦ ਜ਼ਬਾਨ ਪਾਣੀ ।

ਪਾਣੀ ਫੇਰ ਨਾ ਮੇਰੀਆਂ ਸੱਧਰਾਂ ਤੇ,
ਪਾਣੀ ਕਿਹਾਂ ਹੋਵੇ ਮੇਰੀ ਜਾਨ ਪਾਣੀ ।
ਪਾਣੀ ਓਦੋਂ ਪਿਲਾਵਾਂਗਾ, ਪੀਣਗੇ ਜਦ
ਮਿਲ ਕੇ ਸਿੱਖ, ਹਿੰਦੂ ਮੁਸਲਮਾਨ ਪਾਣੀ ।

ਲੱਗੀ ਤੇਹ ਨਾ ਮਿਟੇਗੀ ਹੱਸ਼ਰ ਤੋੜ,
ਰਹੂ ਮੰਗਦਾ ਇਹ ਹਿੰਦੁਸਤਾਨ ਪਾਣੀ ।
ਸੁਣ ਕੇ ਪਿਤਾ ਦਾ ਇਹ ਜਵਾਬ ਕੋਰਾ,
ਮੁੜ ਨਹੀਂ ਮੰਗਿਆ ਉਸ ਨਾਦਾਨ ਪਾਣੀ ।

ਬਾਗ ਘੋੜੇ ਦੀ ਮੋੜ ਕੇ ਕਹਿਣ ਲੱਗਾ,
ਸਫ਼ਰੀ ਬੰਦ ਕਰਦੇ ਇਹ ਬਿਆਨ ਪਾਣੀ ।
ਅੱਜ ਮੇਰਿਆਂ ਬੁੱਲਾਂ ਨੂੰ ਲਾਉਣ ਜੋਗਾ,
ਜੇ ਜ਼ਮੀਨ ਤੇ ਹੈ ਨਹੀਂ ਨਸ਼ਾਨ ਪਾਣੀ ।

ਕੱਲ ਅਸਾਂ ਗਰੀਬਾਂ ਦੀ ਮੱੜੀ ਉਤੇ,
ਉਤੋਂ ਡੋਲ੍ਹਦਾ ਹੋਊ ਅਸਮਾਨ ਪਾਣੀ ।

(ਨੋਟ: ਉਸ ਵੇਲੇ ਦੇ ਜੰਗ ਦੇ ਹਾਲਾਤ ਨੂੰ
ਵੇਖਦੇ ਹੋਏ ਬਹੁਤੇ ਇਤਿਹਾਸਕਾਰ ਇਸ
ਘਟਨਾ ਨਾਲ ਸਹਿਮਤ ਨਹੀਂ ਹਨ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ