Jiwan Lehran : Baldev Chander Bekal

ਜੀਵਨ ਲਹਿਰਾਂ : ਬਲਦੇਵ ਚੰਦਰ ਬੇਕਲ

1. ਨੈਣ ਸ਼ਰਾਬੀ

ਹੋਲਾਂ ਚੱਬਦੀ ਜਾਂਦੀ ਕੁੜੀਏ !
ਨੀਵੇਂ ਪਾ ਲੈ ਨੈਣ ਸ਼ਰਾਬੀ,
ਹੋ ਨਾ ਜਾਵਾਂ ਕਿਤੇ ਸ਼ਰਾਬੀ ।

ਮੈਂ ਅਲੜ੍ਹ, ਮੇਰੇ ਨੈਣ ਕੁਆਰੇ,
ਗੱਲ ਨਾ ਕਰਨ ਸ਼ਰਮ ਦੇ ਮਾਰੇ,
ਪੈ ਨ ਜਾਏ ਭੰਡੀ ਸਾਰੇ,
ਅੜੀਏ ! ਟੁੰਭ ਨਾ ਲਾ ਕੇ ਨੀਝਾਂ,
ਜਾਗ ਨਾ ਉੱਠਣ ਸੁਤੀਆਂ ਰੀਝਾਂ,
ਬਲ੍ਹ ਨਾ ਉੱਠਣ ਵਾਂਗ ਮਤਾਬੀ;
ਨੀਵੇਂ ਪੈ ਲੈ ਨੈਣ ਸ਼ਰਾਬੀ ।

ਮੈਨੂੰ ਦਸਿਆ ਬੜੇ ਪਿਆਕਾਂ,
ਬੜੇ ਨਸ਼ੱਈਆਂ, ਬੜੇ ਚਲਾਕਾਂ,
ਕਈਆਂ ਰਾਂਝਿਆਂ, ਕਈਆਂ ਚਾਕਾਂ,
ਅੱਖਾਂ ਨਾਲ ਜੋ ਹੋਣ ਸ਼ਰਾਬੀ,
ਅੱਖਾਂ ਨੂੰ ਉਹ ਰੋਣ ਸ਼ਰਾਬੀ,
ਜਿਹੜੇ ਦੋ ਘੁੱਟ ਪੀ ਨੇ ਬਹਿੰਦੇ,
ਮੜ੍ਹੀਆਂ ਤੀਕ ਨਸ਼ੇ ਨਹੀਂ ਲਹਿੰਦੇ,
ਹੁੰਦੀ ਰਹੇ ਬਸ ਖੇਹ ਖਰਾਬੀ;
ਨੀਵੇਂ ਪਾ ਲੈ ਨੈਣ ਸ਼ਰਾਬੀ ।

ਦਿਲ ਦੇ ਸੌਦੇ ਕਰਨ ਨਾ ਜਾਣਾ,
ਮੈਂ ਅਣ-ਤਾਰੂ ਤਰਨ ਨਾ ਜਾਣਾ,
ਜੀਊਂਦੇ ਜੀਅ ਹੀ ਮਰਨ ਨਾ ਜਾਣਾ,
ਜੀਵਨ ਲਹਿਰਾਂ ਦੇ ਵਿਚ ਰੁੜ੍ਹਿਆ,
ਰੁੜ੍ਹਿਆ ਹਾਂ ਪਰ ਦਿਲ ਨਹੀਂ ਰੁੜ੍ਹਿਆ,
ਇਹ ਨਾ ਜਾਣੀਂ, ਮੈਂ ਹਾਂ ਰੁੱਖਾ,
ਮੈਂ ਹਾਂ ਦੇਸ਼ ਪਿਆਰ ਦਾ ਭੁੱਖਾ,
ਤੂੰ ਬੰਗਾਲਨ, ਮੈਂ ਪੰਜਾਬੀ;
ਨੀਵੇਂ ਪਾ ਲੈ ਨੈਣ ਸ਼ਬਾਬੀ ।

2. ਮੇਰਾ ਜੀਅ ਕਰਦਾ

ਮੇਰਾ ਜੀਅ ਕਰਦਾ ਮੈਂ ਤੁਰਦੀ ਜਾਂ,
ਤੁਰਦੀ ਜਾਂ, ਤੁਰਦੀ ਜਾਂ,
ਹੋਰ ਅਗ੍ਹਾਂ, ਹੋਰ ਅਗ੍ਹਾਂ,
ਮੁੜ ਕੇ ਵੇਖਾਂ ਨਾ ਪਿਛਾਂ,
ਜੀਅ ਕਰਦਾ ਬਸ ਤੁਰਦੀ ਜਾਂ ।

ਸੰਗੀ ਖਾਤਰ ਲਾਹ ਦਿਆਂ ਸੰਗਾਂ,
ਵਾਲ ਖਲੇਰਾਂਂ, ਚੋਲੀ ਰੰਗਾਂ,
ਸਾੜ੍ਹੀਆਂ ਸਾੜਾਂ, ਤੋੜਾਂ ਵੰਗਾਂ,
ਮੈਂ ਕਮਲੀ ਕਮਲੀ ਬਣ ਜਾਵਾਂ,
ਕੂਕਾਂ ਲੈ ਲੈ ਤੇਰਾ ਨਾਂ,
ਜੀਅ ਕਰਦਾ ਮੈਂ ਤੁਰਦੀ ਜਾਂ ।

ਮਨ ਬੇਲੇ ਦੀਆਂ ਛੁੱਟੀਆਂ ਤਾਰਾਂ,
ਮੁੜ ਕੇ ਜੋੜਾਂ, ਫੇਰ ਸਵਾਰਾਂ,
ਤਾਹਨੇ ਨਹੀਂ ਮੈਂ ਤਾਨਾਂ ਮਾਰਾਂ,
ਗੀਤ ਮੈਂ ਆਪਣੇ ਗੀਤ ਦੇ ਗਾਵਾਂ,
ਦੁਨੀਆ ਹੱਸੇ, ਰੋਵੇ ਮਾਂ;
ਜੀ ਕਰਦਾ ਮੈਂ ਤੁਰਦੀ ਜਾਂ ।

ਕੀ ਆਖਾਂ ਉਸ ਲਾਈ ਲੱਗ ਨੂੰ,
ਅੱਗ ਲੱਗੇ ਨੀਂ ਪ੍ਰੇਮ ਦੀ ਅੱਗ ਨੂੰ,
ਮੈਂ ਸੜ ਗਈ ਪਰ ਖਬਰ ਨਾ ਜੱਗ ਨੂੰ,
ਅੰਦਰ ਪਏ ਮੱਚਦੇ ਨੇ ਭਾਂਬੜ;
ਪਰ ਨਹੀਂ ਧੂੰ ਦਾ ਨਾਂ ਨਿਸ਼ਾਂ;
ਜੀ ਕਰਦਾ ਮੈਂ ਤੁਰਦੀ ਜਾਂ ।

ਸਿਰ ਤੋਂ ਨੰਗੀ, ਪੈਰੋਂ ਨੰਗੀ,
ਲੋਕ ਪਏ ਆਖਣ, ਮੰਦੀ ਚੰਗੀ,
ਮੈਂ ਮਾਹੀ ਦੇ ਰੰਗ ਵਿਚ ਰੰਗੀ,
ਵਾਂਗ ਸਮੇਂ ਦੇ ਨੱਸੀ ਜਾਵਾਂ;
ਫੜੇ ਨਾ ਕੋਈ ਮੇਰੀ ਬਾਂਹ;
ਜੀ ਕਰਦਾ ਮੈਂ ਤੁਰਦੀ ਜਾਂ ।

ਨੀਂ ਮੈਂ ਧੁਖਦੀ ਧੂਣੀ ਵਾਂਗੂੰ,
ਨੀ ਮੈਂ ਵੱਟੀ ਪੂਣੀ ਵਾਂਗੂੰ,
ਚੱਕਰ ਲਾ ਲਟੂਣੀ ਵਾਂਗੂੰ,
ਆਉਂਦੇ ਜਾਂਦੇ ਕੋਲੋਂ ਪੁੱਛਾਂ,
ਉਹ ਰਹਿੰਦਾ ਏ ਕਿਹੜੀ ਥਾਂ,
ਜੀ ਕਰਦਾ ਮੈਂ ਤੁਰਦੀ ਜਾਂ ।

ਨਦੀ ਦੇ ਵਾਂਗੂੰ ਗੀਤ ਸੁਣਾਉਂਦੀ,
ਡਿਗਦੀ, ਢਹਿੰਦੀ, ਮੌਜ ਮਨਾਉਂਦੀ,
'ਬੇਕਲ' ਮਨ ਨੂੰ ਲਹਿਰੇ ਲਾਉਂਦੀ,
ਲਹਿਰਾਂ ਦੇ ਵਿਚ ਲਹਿਰੇ ਲੈਂਦੀ,
ਕੰਤ ਸਮੁੰਦਰ ਨੂੰ ਮਿਲ ਪਾਂ;
ਜੀਅ ਕਰਦਾ ਬਸ ਤੁਰਦੀ ਜਾਂ ।

ਤੁਰਦੀ ਜਾਂ, ਤੁਰਦੀ ਜਾਂ,
ਹੋਰ ਅਗ੍ਹਾਂ, ਹੋਰ ਅਗ੍ਹਾਂ,
ਮੁੜ ਕੇ ਵੇਖਾਂ ਨਾ ਪਿਛਾਂ,
ਜੀਅ ਕਰਦਾ ਬਸ ਤੁਰਦੀ ਜਾਂ ।

3. ਝਨਾਂ ਦੇ ਕੰਢੇ ਉੱਤੇ

ਆ ਜਾ ਮੇਰੇ ਪਿਆਰ ਦੇ ਸੁਪਨੇ,
ਆ ਜਾ ਮਸਤੀ ਭਰੇ ਹੁਲਾਰੇ,
ਆ ਜਾ ਮੇਰੇ ਮਨ ਦੇ ਮਜ਼੍ਹਬ,
ਆ ਜਾ ਮੇਰੇ ਗੀਤ ਪਿਆਰੇ,
ਏਸ ਝਨਾਂ ਦੇ ਕੰਢੇ ਉੱਤੇ ।

ਏਥੇ ਵਗਦੀਆਂ ਮਸਤ ਹਵਾਵਾਂ,
ਨਾਲੇ ਠੰਢੀਆਂ ਮਿੱਠੀਆਂ ਛਾਵਾਂ ।
ਸੁੰਦਰ ਜੋੜੀਆਂ ਦੀ ਚਾਹ ਅੰਦਰ,
ਖ਼ੁਸ਼ੀਆਂ ਫਿਰਨ ਪਸਾਰੀ ਬਾਂਹਵਾਂ ।
ਲਹਿ ਲਹਿ ਕਰਦੀਆਂ ਖੇਤੀਆਂ ਝੂਮਣ,
ਮੇਰੇ ਦਿਲ ਦੀਆਂ 'ਛੇਤੀਆਂ' ਝੂਮਣ ।

ਸੁੱਤੀ ਪਈ ਏ ਰਾਤ ਦੀ ਰਾਣੀ,
ਸੁੱਤਾ ਪਿਆ ਝਨਾਂ ਦਾ ਪਾਣੀ ।
ਸੁੱਤੇ ਪਏ ਨੇ ਜ਼ੁਲਮ ਝਨਾਂ ਦੇ,
ਜਾਗੇ ਪਰ ਇਕ ਪ੍ਰੇਮ ਕਹਾਣੀ ।
ਸੋਹਣੀ ਹੀਰ ਦੀਆਂ ਨੇ ਯਾਦਾਂ,
ਭੌਂਦੀਆਂ ਫਿਰਦੀਆਂ ਵਿਚ ਕਮਾਦਾਂ ।

ਮੈਂ ਹਾਂ ਤੇ ਇਕ ਰੱਬ ਦਾ ਨਾਂ ਹੈ,
ਚਾਰੇ ਪਾਸੇ ਹੀ ਚੁੱਪ ਚਾਂ ਹੈ ।
ਰੁਖ ਖੜੇ ਨੇ ਚੁਪ ਚਪੀਤੇ,
ਏਸ ਵੇਲੇ ਤੇ ਹੂੰ ਨਾ ਹਾਂ ਹੈ ।
ਸੋਹਣੀ, ਹੀਰ ਸਿਆਲ ਵੀ ਹੈ ਨਹੀਂ,
ਰਾਂਝਾ ਤੇ ਮਹੀਂਵਾਲ ਵੀ ਹੈ ਨਹੀਂ ।

ਆ ਤੁਰ ! ਪ੍ਰੇਮ-ਝਨਾਂ ਵਿਚ ਨ੍ਹਾਈਏ,
ਧੋ ਧੋ ਮੈਲ ਦਿਲਾਂ ਦੀ ਲਾਹੀਏ ।
ਚੰਦ ਦੀਆਂ ਫਿਰ ਖੋਹ ਕੇ ਰਿਸ਼ਮਾਂ,
ਇਕ ਨਵਾਂ ਹੀ ਸਾਜ਼ ਬਣਾਈਏ ।
ਕੱਸਾਂ ਖਾ ਖਾ ਸੁਰ ਹੋ ਜਾਈਏ,
ਜੋ ਦਿਲ ਆਵੇ ਸੋਈਓ ਗਾਈਏ ।

ਕਠੇ ਫੇਰ ਉਡਾਰੀ ਲਾਈਏ,
ਬੱਦਲਾਂ ਨਾਲ ਨਾ ਅੱਖ ਰਲਾਈਏ ।
ਹੋਰ ਉਚੇਚੇ ਹੋਰ ਉਚੇਰੇ,
ਉੱਡਦੇ ਜਾਈਏ, ਉੱਡਦੇ ਜਾਈਏ ।
ਅੱਗ ਦਿਲਾਂ ਦੀ ਠਰਨ ਨਾ ਦੇਸੀ,
ਸੀਤਾ ਹਥੋਂ ਮਰਨ ਨਾ ਦੇਸੀ ।

ਦਿਲਾਂ ਨੂੰ ਦੇ ਦੇ ਪ੍ਰੀਤ ਹੁਲਾਰੇ,
ਉੱਡਦੇ ਜਾਂ ਗੇ ਦੋਵੇਂ ਪਿਆਰੇ ।
ਚੰਦਰ, ਸੂਰਜ ਕੋਲੋਂ ਉਚੇ,
ਪਹੁੰਚਣ ਦੇ ਲਈ ਧੁਰ ਦਰਬਾਰੇ ।
ਇਕ ਇਕ ਸਾਹ ਜੇ ਰਹਿ ਗਿਆ ਬਾਕੀ,
ਜਤਨਾਂ ਤੋਂ ਨਾ ਹੋਸਾਂ ਆਕੀ ।

ਕਾਲ ਦੀ ਹੈਂਕੜ ਤੋੜ ਦਿਆਂਗੀ,
ਮੂੰਹ ਥੀਂ ਮੂੰਹ ਨੂੰ ਜੋੜ ਦਿਆਂਗੀ ।
ਸਾਹਾਂ ਦੀ ਇਕ ਲੜੀ ਬਣਾ ਕੇ,
ਸਾਹ ਲੈਕੇ ਸਾਹ ਮੋੜ ਦਿਆਂਗੀ ।
ਏਦਾਂ ਦੇ ਕਈ ਹੀਲੇ ਕਰਦੇ,
ਧੁਰ ਪਹੁੰਚਾਂਗੇ ਜੀਉਂਦੇ ਮਰਦੇ ।

ਓਥੋਂ ਅੰਮ੍ਰਿਤ-ਜੀਵਨ ਪਾ ਕੇ,
ਮੁੜ ਏਸੇ ਹੀ ਕੰਢੇ ਆ ਕੇ ।
ਘੁਟੋ ਘੁਟੀ ਪੀਏ ਦੋਵੇਂ,
ਬੁਕੋ ਬੁਕੀ ਡੀਕਾਂ ਲਾ ਕੇ ।
ਅੱਖਾਂ ਦੇ ਵਿਚ ਪਾ ਕੇ ਅੱਖਾਂ;
ਪਿਛਲੇ ਦੁਖ ਭੁਲਾਈਏ ਲੱਖਾਂ ।

ਤੈਨੂੰ ਝਲ ਮਸਤਾਨੀ ਦੀ ਸਹੁੰ;
ਜੋਬਨ ਭਰੀ ਜਵਾਨੀ ਦੀ ਸਹੁੰ,
ਸ਼ੀਸ਼ੇ ਵਿਚਲੇ ਸਾਨੀ ਦੀ ਸਹੁੰ ।

ਝਿਲ ਮਿਲ ਝਿਲ ਮਿਲ ਕਰਦੇ ਤਾਰੇ,
ਨਿੱਕੇ ਨਿੱਕੇ ਪਿਆਰੇ ਪਿਆਰੇ ।
ਆ ਜਾ ਮੇਰੇ ਪਿਆਰ ਦੇ ਸੁਪਨੇ,
ਮੈਂ ਪਈ ਲੋਚਾਂ ਖੜੀ ਕਨਾਰੇ,
ਆ ਜਾ ਮੇਰੇ ਮਨ ਦੇ ਮਜ਼੍ਹਬ,
ਤੈਂ ਬਿਨ ਕਿਹੜਾ ਪਾਰ ਉਤਾਰੇ,
ਆ ਜਾ ਮੇਰੇ ਗੀਤ ਪਿਆਰੇ,
ਏਸ ਝਨਾਂ ਦੇ ਕੰਢੇ ਉੱਤੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਲਦੇਵ ਚੰਦਰ ਬੇਕਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ