Jaswant Singh Wanta
ਜਸਵੰਤ ਸਿੰਘ ਵੰਤਾ
 Punjabi Kavita
Punjabi Kavita
  

ਜਸਵੰਤ ਸਿੰਘ ਵੰਤਾ

ਜਸਵੰਤ ਸਿੰਘ ਵੰਤਾ (1901/2-1988 ਦਾ ਜਨਮ ਪਿੰਡ ਚੌਂਤਰਾ ਤਹਿਸੀਲ ਪਿੰਡੀ ਘੇਬ ਜ਼ਿਲ੍ਹਾ ਕੈਂਬਲ ਪੁਰ (ਅਟਕ) ਵਿਚ ਹੋਇਆ । ਕੁੱਝ ਅਰਸਾ ਕੈਂਬਲ ਪੁਰ ਵਿਚ ਗੁਜ਼ਾਰਨ ਤੋਂ ਬਾਦ ਉਹ ਰਾਵਲਪਿੰਡੀ ਚਲੇ ਗਏ । ਜਸਵੰਤ ਸਿੰਘ ਵੰਤਾ ਨੇ ਕਾਂਗਰਸ ਤੇ ਖ਼ਿਲਾਫ਼ਤ ਦੀਆਂ ਤਹਿਰੀਕਾਂ ਤੋਂ ਮੁਤਾਸਿਰ ਹੋ ਕੇ ਕੌਮੀ ਤੇ ਮਿਲੀ ਨਜ਼ਮਾਂ ਲਿਖੀਆਂ ਜਿਸ ਕਰਕੇ ਕੁੱਝ ਅਰਸਾ ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ । ਤਕਸੀਮ (ਵੰਡ) ਤੋਂ ਬਾਦ ਪਟਿਆਲਾ ਆ ਗਏ । ਸਤੰਬਰ ੧੯੮੭ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਣ ਵਾਲੀ ਆਲਮੀ ਪੰਜਾਬੀ ਅਦਬੀ ਕਾਨਫ਼ਰੰਸ ਚ ਸ਼ਿਰਕਤ ਕੀਤੀ ।੧੯੪੭ ਦੀ ਹਿਜਰਤ ਨੇ ਉਨ੍ਹਾਂ ਦੀ ਸ਼ਾਇਰੀ ਤੇ ਡੂੰਘਾ ਅਸਰ ਪਾਇਆ । ਉਨ੍ਹਾਂ ਦੀਆਂ ਕਵਿਤਾ ਦੀਆਂ ਕਿਤਾਬਾਂ ਗੁਲਦਸਤਾ (1923), ਜ਼ਿੰਦਗੀ ਦਾ ਮੋੜ (1929), ਬੱਦਲੀ (1929), ਪਤਝੜ ਦੇ ਫੁੱਲ' (1957), ਕੌਂਕਣ ਬੇਰ (1971), ਵਗਵਗ ਵੇ ਸਵਾਂ ਦੇ ਪਾਣੀਆਂ (1976) ਹਨ ।

Punjabi Poetry Jaswant Singh Wanta

ਜਸਵੰਤ ਸਿੰਘ ਵੰਤਾ ਪੰਜਾਬੀ ਕਵਿਤਾ

1. ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ
ਜਾਂ ਨਾਂ ਲਈਏ ਤਾਂ ਜੀ ਆਖੇ ਜੀਭ ਹੋਠਾਂ ਤੇ ਫੇਰ

ਚੀਚ ਵਹੁਟੀ ਵਾਂਗੂੰ ਸੋਹਣ ਮਿੱਠੇ ਜਿਵੇਂ ਮਖਾਣੇ
ਜਿਸ ਨੇ ਦੀਦ ਨਾ ਕੀਤਾ ਤੇਰਾ ਉਹ ਕਮਲਾ ਕੀ ਜਾਣੇ

ਝੱਜੂ ਝੋਹਨ ਸਾਦੇ ਝਾੜਾਂ ਵਿਚ ਮਾਰਨ ਇਵੇਂ ਲਿਸ਼ਕਾਰੇ
ਜਿਵੇਂ ਮਿਆਦੀ ਰਾਤੀਂ ਚਮਕਣ ਅਰਸ਼ਾਂ ਦੇ ਵਿਚ ਤਾਰੇ

ਕਿਧਰੇ ਕਿਧਰੇ ਵਿਰਲਾ ਕੋਈ ਵਸਦਾ ਏ ਇੰਜ ਪੀਲ਼ਾ
ਜਿਉਂ ਕਰ ਸਬਜ਼ ਪਰੀ ਦੇ ਨੱਕ ਵਿਚ ਹੋਏ ਸੁਨਹਿਰੀ ਤੀਲਾ

ਜਿਵੇਂ ਪਲਛੀ ਦੇ ਰੁੱਖੀਂ ਬੈਠਾਂ ਹੱਸਦੀ ਕੋਈ ਕਨੇਰ
ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

ਅੱਜ ਭਗਵਾਨ ਮੰਤਰੋਂ ਵਾਂਝਾ ਮੰਦਰੋਂ ਦੂਰ ਪੁਜਾਰੀ
ਅੱਜ ਦਾ ਇਸ਼ਕ ਹੁਸਨ ਭੁੱਲ ਬੈਠਾ ਬਹੁਤ ਭੁੱਲਿਆ ਹਥਕਾਰੀ

ਅੱਜ ਦੀ ਮਹਿਫ਼ਲ ਉਜੜੀ ਉਜੜੀ ਨਜ਼ਰ ਨਾ ਆਵੇ ਸਾਕੀ
ਅੱਜ ਮੈਖ਼ਾਨੇ ਤੇ ਕੀ ਵਰਤੀ ਇਕ ਵੀ ਫੂਹੀ ਨਾ ਬਾਕੀ

ਅੱਜ ਨੈਣਾਂ ਵਿਚ ਹੰਝੂ ਭਰ ਕੇ ਟੁਰ ਪਏ ਰਿੰਦ ਪਿਆਸੇ
ਹੁਣ ਕੀ ਖ਼ੈਰ ਫ਼ਕੀਰਾਂ ਮੰਗਣੀ ਤੋੜ ਚਲੇ ਨੇ ਕਾਸੇ

ਅੱਜ 'ਵੰਤੇ' ਤੋਂ ਚਾਨਣ ਰੁੱਸਿਆ ਅੱਜ ਪੈ ਗਿਆ ਹਨੇਰ
ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

2. ਪੱਥਰ ਦੀ ਇਮਾਰਤ ਬਣਦੀ ਏ

ਪੱਥਰ ਦੀ ਇਮਾਰਤ ਬਣਦੀ ਏ, ਕੂੰਡੀ, ਸਿਲ, ਪਿਰਚ ਪਿਆਲੀ ਵੀ,
ਜਿਸ ਪੱਥਰ ਦਾ ਭਗਵਾਨ ਬਣੇ, ਉਹ ਪੱਥਰ ਕੰਮ ਨ ਆ ਸਕਿਆ।

ਜੋ ਹੀਰ ਦੀ ਕਬਰ ਦੇ ਉਤੇ ਅੱਜ, ਮਾਂ ਕਹਿ ਕੇ ਪਿਆ ਸਲਾਮ ਕਰੇ,
ਉਹ ਕਾਜ਼ੀ ਜੀਵਨ ਵਿਚ ਉਸ ਨੂੰ ‘ਧੀ’, ‘ਭੈਣ’ ਵੀ ਨਈਂ ਬਣਾ ਸਕਿਆ।

(ਨੋਟ: 'ਵੰਤਾ' ਜੀ ਸੰਬੰਧੀ ਬਹੁਤੀ ਜਾਣਕਾਰੀ ਅਤੇ ਪਹਿਲੀ ਰਚਨਾ
ਲਹਿੰਦੇ ਪੰਜਾਬ ਤੋਂ ਅਰਸ਼ਦ ਸੀਮਾਬ ਮਲਿਕ ਹੋਰਾਂ ਭੇਜੀ ਹੈ ਜੋ
ਕੈਂਬਲਪੁਰ ਜਿਲ੍ਹੇ ਦੇ ਰਹਿਣ ਵਾਲੇ ਹਨ । ਜਿਸ ਪਾਠਕ ਕੋਲ 'ਵੰਤਾ'
ਜੀ ਦੀਆਂ ਰਚਨਾਵਾਂ ਹੋਣ ਉਹ ਜ਼ਰੂਰ ਭੇਜ ਦੇਣ, ਮਿਹਰਬਾਨੀ ਹੋਵੇਗੀ ।)

 

To veiw this site you must have Unicode fonts. Contact Us

punjabi-kavita.com