Janj Charhan Di Rasam Ate Geet : Neelam Saini

ਜੰਞ ਚੜ੍ਹਨ ਦੀ ਰਸਮ ਅਤੇ ਗੀਤ : ਨੀਲਮ ਸੈਣੀ

ਪਹਿਲਾਂ-ਪਹਿਲ ਸਵੇਰੇ ਤੜਕੇ ਘੋੜੀ ਨੂੰ ਛੋਲਿਆਂ ਦੀ ਦਾਲ ਚਾਰ ਕੇ, ਲਾੜੇ ਨੂੰ ਘੋੜੀ ਚਾੜ੍ਹਿਆ ਜਾਂਦਾ ਸੀ। ਜੋੜਾ ਜਾਮਾ ਪਹਿਨਾਉਣ ਤੋਂ ਬਾਅਦ ਮਾਂ, ਭੈਣ ਜਾਂ ਭਰਜਾਈ ਵਲੋਂ ਮੁੰਡੇ ਨੂੰ ਰੰਗ ਦਾਰ ਕੱਪੜਾ ਦਿੱਤਾ ਜਾਂਦਾ ਸੀ ਜਿਸ ਦੇ ਇਕ ਸਿਰੇ ਨੂੰ ਵਿਆਹ ਵਾਲੇ ਮੁੰਡੇ ਦੇ ਹੱਥ ਫੜਾ ਦਿੱਤਾ ਜਾਂਦਾ ਸੀ ਅਤੇ ਦੂਜਾ ਸਿਰਾ ਉਸ ਦੇ ਮੋਢੇ ਤੋਂ ਪਿੱਛੇ ਵੱਲ ਸੁੱਟ ਦਿੱਤਾ ਜਾਂਦਾ ਸੀ। ਉਸ ਦੇ ਸਿਰ ਤੋਂ ਵਾਰਨੇ ਕਰ ਕੇ ਸਲਾਮੀਆਂ ਝੋਲ਼ੀ ਵਿਚ ਪਾਈਆਂ ਜਾਂਦੀਆਂ ਸਨ। ਮਾਂ ਸਭ ਤੋਂ ਪਹਿਲੀ ਸਲਾਮੀ ਝੋਲੀ ਵਿਚ ਲਲੇਰ (ਸੁੱਕਾ ਨਾਰੀਅਲ) ਰੱਖ ਕੇ ਪਾਉਂਦੀ ਸੀ।
ਵਿਆਹੁਣ ਤੁਰਦੇ ਵਕਤ ਉਹ ਇਸ ਕੱਪੜੇ ਨੂੰ ਮੋਢੇ ਤੇ ਸੁੱਟ ਕੇ ਆਪਣੇ ਹੱਥਾਂ ਨਾਲ ਫੜਦਾ ਸੀ ਅਤੇ ਪਿੱਛਿਓਂ ਭੈਣਾਂ ਇਸ ਨੂੰ ਫੜ ਕੇ ਗਾਉਂਦੀਆਂ ਤੁਰਦੀਆਂ ਜਾਂਦੀਆਂ ਸਨ। ਇਸ ਨੂੰ ਇੰਜੜੀ ਜਾਂ ਇੰਜੜਾ ਫੜਨਾ ਕਿਹਾ ਜਾਂਦਾ ਸੀ। ਇਸ ਵੇਲੇ ਮਾਂ ਵੱਲੋਂ ਭੈਣਾਂ ਨੂੰ ਇੰਜੜਾ ਫੜਾਈ ਦਾ ਲਾਗ ਦਿੱਤਾ ਜਾਂਦਾ ਸੀ। ਜੰਞ ਚੜ੍ਹਦੇ ਵਕਤ ਲਾਗੀਆਂ ਵਲੋਂ ਬੂਹੇ ਵਿਚ ਤੇਲ ਚੋ ਕੇ, ਪਾਣੀ ਦੀ ਭਰੀ ਗੜਵੀ ਅੱਗੇ ਰੱਖ ਕੇ ਕੁੰਭ ਦੀ ਰਸਮ ਅਦਾ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਬਣਦਾ ਲਾਗ ਦਿੱਤਾ ਜਾਂਦਾ ਸੀ। ਇਨ੍ਹਾਂ ਸਭ ਰਸਮਾਂ ਤੋਂ ਬਾਅਦ ਜੰਞ ਵਾਜਿਆਂ-ਗਾਜਿਆਂ ਨਾਲ ਘਰੋਂ ਰਵਾਨਾ ਹੁੰਦੀ ਸੀ।
ਬਾਬਾ ਅਤੇ ਬਾਬਲ, ਪੈਸਿਆਂ ਦੀਆਂ ਮੁੱਠਾਂ ਭਰ-ਭਰ ਕੇ ਲਾੜੇ ਦੇ ਸਿਰ ਉਪਰੋਂ ਸੁੱਟਦੇ ਜਾਂਦੇ ਸਨ ਜੋ ਬੱਚਿਆਂ ਅਤੇ ਲਾਗੀਆਂ ਵਲੋਂ ਚੁਗ ਲਏ ਜਾਂਦੇ ਸਨ। ਇਸ ਨੂੰ 'ਸੁੱਟ ਕਰਨੀ' ਕਿਹਾ ਜਾਂਦਾ ਸੀ। ਸਰਬਾਲੇ ਨੂੰ ਲਾੜੇ ਦੇ ਨਾਲ ਹੀ ਘੋੜੀ ਤੇ ਬਿਠਾਇਆ ਜਾਂਦਾ ਸੀ। ਘਰੋਂ ਬਾਹਰ ਪੈਰ ਧਰਦੇ ਹੀ ਇੰਜੜਾ ਫੜੀ ਤੁਰੀਆਂ ਜਾਂਦੀਆਂ ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ, ਮਾਸੀਆਂ ਫ਼ੁੱਫੀਆਂ ਮਿਲ ਕੇ ਜੰਞ ਦੀ ਸਲਾਹੁਤਾ ਦੇ ਗੀਤ ਗਾਉਂਦੀਆਂ ਹੋਈਆਂ ਪਿੰਡ ਦੇ ਧਰਮ ਸਥਾਨ 'ਤੇ ਮੱਥਾ ਟੇਕਣ ਪਹੁੰਚਦੀਆਂ ਸਨ। ਪਰਦੇਸਾਂ ਵਿਚ ਜੰਞ ਦੀ ਤਿਆਰੀ ਤੋਂ ਬਾਅਦ ਲਿਮੋਜ਼ੀਨ ਘਰ ਦੇ ਦਰਵਾਜ਼ੇ ਅੱਗੇ ਹੀ ਖੜੀ ਹੁੰਦੀ ਹੈ:

ਜੁੱਤੀ ਵੇ ਤੇਰੀ ਮੈਂ ਕੱਢੀ ਵੀਰਾ,
ਸੁੱਚੀ ਜ਼ਰੀ ਦੇ ਨਾਲ।
ਖੜੀਆਂ ਦੇਖਣ ਸਾਲੀਆਂ,
ਤੇਰੀ ਲੁਕ ਲੁਕ ਦੇਖੇ ਨਾਰ।

ਇਕ ਜੀ ਘੋੜੀ ਰਾਵਲੀ,
ਯਮੁਨਾ ਜੀ ਤੋਂ ਆਈ।
ਆਣ ਬੰਨੀ ਬਾਬਲ ਬਾਰ ਮੇਂ,
ਕੁੱਲ ਹੋਈ ਐ ਵਧਾਈ।
ਵਾਗ ਪਕੜ ਵੀਰਨ ਚੜ੍ਹ ਗਿਆ,
ਆਪਣੀ ਚਤੁਰਾਈ।
ਅਟਣ ਬਟਣ ਉਹਦੇ ਕੱਪੜੇ,
ਕੇਸਰ ਹੋਈ ਛਿੜਕਾਈ।

ਬੜੀ ਖੁਸ਼ੀ ਮਨਾਈ ਜੀ,
ਵੀਰ ਦਾ ਇੰਜੜਾ ਭੈਣ ਨੇ ਫੜਿਆ।
ਊਂਚ ਅਪਾਰ ਬੇਅੰਤ ਸੁਆਮੀ,
ਕੌਣ ਜਾਣੇ ਗੁਣ ਤੇਰੇ।
ਵੀਰ ਦਾ ਇੰਜੜਾ ਭੈਣ ਨੇ ਫੜਿਆ।

ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ,
ਇਨ੍ਹੀਂ ਰਾਹੀਂ ਬਾਬਲ ਅੱਜ ਤੁਰਿਆ।
ਇਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆਂ,
ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ।
ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ,
ਇਨ੍ਹੀਂ ਰਾਹੀਂ ਮਾਮਾ ਅੱਜ ਤੁਰਿਆ।
ਇਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆਂ,
ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ।
ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ,
ਇਨ੍ਹੀਂ ਰਾਹੀਂ ਚਾਚਾ ਅੱਜ ਤੁਰਿਆ।
ਇਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆਂ,
ਇਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ।

ਝੂਲੀਂ ਝੂਲੀਂ ਅੰਬੇ ਡਾਲੜੀਏ,
ਕੀਕਣ ਝੂਲਾਂ ਲਾੜੇ ਦਾ ਮਾਮਾ ਰੁੱਸਾ।
ਵੇ ਮਨਾ ਵੇ ਮਨਾ ਦੰਮਾਂ ਬੋਰੀ ਫੜੇ,
ਵੇ ਮਨਾ ਵੇ ਮਨਾ ਜੰਞ ਸੁਹਣੀ ਬਣੇ।
ਮਾਮਾ ਆਇਆ ਜੰਞ ਸੁਹਣੀ ਬਣੀ,
ਚਾਚਾ ਆਇਆ ਜੰਞ ਵਿਗੜ ਗਈ।
ਝੂਲੀਂ ਝੂਲੀਂ ਅੰਬੇ ਡਾਲੜੀਏ,
ਕੀਕਣ ਝੂਲਾਂ ਲਾੜੇ ਦਾ ਚਾਚਾ ਰੁੱਸਾ।
ਵੇ ਮਨਾ ਵੇ ਮਨਾ ਦੰਮਾਂ ਬੋਰੀ ਫੜੇ,
ਵੇ ਮਨਾ ਵੇ ਮਨਾ ਜੰਞ ਸੁਹਣੀ ਬਣੇ।
ਚਾਚਾ ਆਇਆ ਜੰਞ ਸੁਹਣੀ ਬਣੀ,
ਮਾਮਾ ਆਇਆ ਜੰਞ ਵਿਗੜ ਗਈ।

ਸਰਬਾਲੇ ਦੇ ਹੱਥ ਵਿਚ ਦੋਹਣਾ ਵੀਰਾ,
ਤੂੰ ਤਾਂ ਸ਼ੈਲ ਸਿਪਾਹੀ ਸੁਹਣਾ ਵੀਰਾ।

ਸਰਬਾਲੇ ਦੇ ਹੱਥ ਵਿਚ ਪਹੁੰਚੀ ਵੀਰਾ,
ਤੂੰ ਤਾਂ ਸ਼ੈਲ ਸਿਪਾਹੀ ਸ਼ੌਕੀ ਵੀਰਾ।

ਸਰਬਾਲੇ ਦੇ ਹੱਥ ਵਿਚ ਗੰਨਾ ਵੀਰਾ,
ਤੂੰ ਤਾਂ ਸ਼ੈਲ ਸਿਪਾਹੀ ਲੰਮਾ ਵੀਰਾ।

ਵੱਜ ਨਗਾਰਾ ਚੜ੍ਹ ਚੱਲਿਆ,
ਜੀ ਪੋਤਾ ਕਿਹਦਾ ਕਹੀਏ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਪੋਤਾ 'ਦਲੀਪ ਚੰਦ' ਦਾ ਕਹੀਏ।
ਹੱਥ ਸੋਨੇ ਦੀਆਂ ਛਮਕਾਂ,
ਜੀ ਚੋਟੀ ਛਤਰ ਝਲੇਂਦਾ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਦੋਹਤਾ ਕਿਹਦਾ ਕਹੀਏ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਦੋਹਤਾ 'ਵੀਰ ਚੰਦ' ਦਾ ਕਹੀਏ।
ਹੱਥ ਸੋਨੇ ਦੀਆਂ ਛਮਕਾਂ,
ਜੀ ਚੋਟੀ ਛਤਰ ਝਲੇਂਦਾ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਬੇਟਾ ਕਿਹਦਾ ਕਹੀਏ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਬੇਟਾ 'ਆਤਮਾ ਰਾਮ' ਦਾ ਕਹੀਏ।
ਹੱਥ ਸੋਨੇ ਦੀਆਂ ਛਮਕਾਂ,
ਜੀ ਚੋਟੀ ਛਤਰ ਝਲੇਂਦਾ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਭਾਣਜਾ ਕਿਹਦਾ ਕਹੀਏ।
ਵੱਜ ਨਗਾਰਾ ਚੜ੍ਹ ਚੱਲਿਆ,
ਜੀ ਭਾਣਜਾ 'ਰਾਮ ਪਿਆਰੇ' ਦਾ ਕਹੀਏ।
ਹੱਥ ਸੋਨੇ ਦੀਆਂ ਛਮਕਾਂ,
ਜੀ ਚੋਟੀ ਛਤਰ ਝਲੇਂਦਾ।

ਵੇ ਤੂੰ ਕਿਹੜਾ ਵੀਰਾ, ਘੋੜਾ ਭਜਾਈ ਜਾਨੈ।
ਵੇ ਤੂੰ ਕਿਹੜਾ ਵੀਰਾ, ਘੋੜਾ ਭਜਾਈ ਜਾਨੈ।
ਨੀ ਮੈਂ ਰਤਿੰਦਰ ਭੈਣੇਂ, ਘੋੜਾ ਭਜਾਈ ਜਾਨੈਂ।
ਨੀ ਮੈਂ ਰਤਿੰਦਰ ਭੈਣੇਂ, ਘੋੜਾ ਭਜਾਈ ਜਾਨੈਂ।
ਵੇ ਸੁਣ ਰਤਿੰਦਰ ਵੀਰਾ,
ਕਿਹੜੇ ਕੰਮਾਂ ਨੂੰ ਜਾਨੈ।
ਵੇ ਸੁਣ ਰਤਿੰਦਰ ਵੀਰਾ,
ਕਿਹੜੇ ਕੰਮਾਂ ਨੂੰ ਜਾਨੈ।
ਨੀ ਮੈਂ ਜਾਨੈਂ ਭੈਣੇਂ, ਬੰਨੋ ਵਿਆਹਵਣ ਜਾਨੈਂ।
ਨੀ ਮੈਂ ਜਾਨੈਂ ਭੈਣੇਂ, ਬੰਨੋ ਵਿਆਹਵਣ ਜਾਨੈਂ।

ਜਿਨ੍ਹੀਂ ਰਾਹੀਂ ਮੇਰਾ ਵੀਰ ਜੰਞ ਚੜ੍ਹਿਆ,
ਓਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆ।
ਜਿਨ੍ਹੀਂ ਰਾਹੀਂ ਮੇਰਾ ਵੀਰ ਜੰਞ ਚੜ੍ਹਿਆ,
ਓਨ੍ਹੀਂ ਰਾਹੀਂ ਚੰਬਾ ਅੱਜ ਖਿੜਿਆ।

ਤੇਰੇ ਅੱਗੇ ਨਗਾਰਾ,
ਤੇਰੇ ਪਿੱਛੇ ਨਗਾਰਾ।
ਤੇਰੇ ਸਿਰ ਪੁਰ ਕਲਗ਼ੀ ਸਜਦੀ ਵੇ,
ਸੁੱਖ ਵਸਦੀ-ਸੁੱਖ ਵਸਦੀ।
ਵੀਰਾ ਤੇਰੀ ਨਗਰੀ ਵੇ,
ਸੁੱਖ ਵਸਦੀ!
ਤੇਰੇ ਅੱਗੇ ਜਲੇਬੀ,
ਤੇਰੇ ਪਿੱਛੇ ਜਲੇਬੀ।
ਤੇਰੇ ਸਿਰ 'ਤੇ ਜ਼ੋਰੋ ਨੱਚਦੀ ਵੇ।
ਸੁੱਖ ਵਸਦੀ-ਸੁੱਖ ਵਸਦੀ।
ਵੀਰਾ ਤੇਰੀ ਨਗਰੀ ਵੇ, ਸੁੱਖ ਵੱਸਦੀ!

ਧਾਰਮਿਕ ਅਸਥਾਨ ਤੇ ਸੀਸ ਨਿਵਾਉਣ ਤੋਂ ਬਾਅਦ ਲਾੜਾ ਮਾਂ-ਮਾਸੀਆਂ-ਚਾਚੀਆਂਤਾਈਆਂ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਂਦਾ ਵਿਆਹੁਣ ਤੁਰ ਪੈਂਦਾ ਸੀ। ਉਹ ਮੁੜ ਗਾਉਂਦੀਆਂ ਘਰਾਂ ਨੂੰ ਤੁਰ ਪੈਂਦੀਆਂ ਸਨ। ਅੱਜ ਜਦੋਂ ਵਿਆਹ ਮੈਰਿਜ ਪੈਲਿਸਾਂ ਵਿਚ ਹੋਣ ਲੱਗ ਪਏ ਹਨ ਤਾਂ ਪਿੱਛੇ ਰਹਿ ਕੇ ਮਨਾਏ ਜਾਣ ਵਾਲੇ ਸ਼ਗਨ ਅਤੇ ਗੀਤ ਲੋਪ ਹੋ ਰਹੇ ਹਨ ਕਿਉਂਕਿ ਔਰਤਾਂ ਵੀ ਜੰਞ ਨਾਲ ਹੀ ਚਲੀਆਂ ਜਾਂਦੀਆਂ ਹਨ। ਪਰਦੇਸਾਂ ਵਿਚ ਇੰਜੜਾ ਘਰ ਦੀਆਂ ਬਰੂਹਾਂ ਤੋਂ ਬਾਹਰ ਲਿਮੋਜ਼ੀਨ ਕੋਲ ਜਾਣ ਤੱਕ ਹੀ ਫੜਿਆ ਜਾਂਦਾ ਹੈ। ਜੰਵ ਕਾਰਾਂ ਰਾਹੀਂ ਸਿੱਧੀ ਧਰਮ ਅਸਥਾਨ ਲਈ ਹੀ ਰਵਾਨਾ ਹੁੰਦੀ ਹੈ।
ਤੋਰ ਆਈ ਆਂ ਨੀ
ਵੀਰਾ ਲਾਹੇ ਦੀ ਖੱਟੀ ਨੂੰ,
ਲਾਹੇ ਦੀ ਖੱਟੀ ਨੂੰ
ਵੀਰਾ ਮਾਝੇ ਦੀ ਜੱਟੀ ਨੂੰ।

ਮੇਰੇ ਹੋ ਗਏ ਮਨੋਰਥ ਪੂਰੇ,
ਲੱਪ-ਲੱਪ ਵੰਡੋ ਸੀਰਨੀ।

ਇਨ੍ਹਾਂ ਮਹਿਲਾਂ ਦੇ ਅੰਦਰ ਪੱਖੀ।
ਜਿਥੇ ਵਸਦੀ ਆ ਸਰਿੰਦਰ ਖੱਖੀ,
ਗੋਕਲ ਖਿੜ ਰਹੀ ਆ।
ਕੱਚਾ ਕੋਟ ਪੱਕਾ ਦਰਵਾਜ਼ਾ।
ਜਿੱਥੇ ਵਸਦਾ ਆ ਮੂਰਤੀ ਰਾਜਾ,
ਗੋਕਲ ਖਿੜ ਰਹੀ ਆ।
ਇਨ੍ਹਾਂ ਮਹਿਲਾਂ ਦੇ ਅੰਦਰ ਮੋਰੀ।
ਜਿੱਥੇ ਵਸਦੀ ਆ ਸੁਰਿੰਦਰ ਗੋਰੀ,
ਗੋਕਲ ਖਿੜ ਰਹੀ ਆ।
ਇਨ੍ਹਾਂ ਮਹਿਲਾਂ ਦੇ ਅੰਦਰ ਪੱਖੀ।
ਸਾਡੀ ਲਾਜ ਗੁਰਾਂ ਨੇ ਰੱਖੀ।
ਗੋਕਲ ਖਿੜ ਰਹੀ ਆ।
ਗੋਕਲ ਖਿੜ ਰਹੀ ਆ
ਫੁੱਲ ਖਿੜ ਰਹੇ ਨੇ।
ਪਹਿਲਾਂ ਘਰ ਆ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ। ਦਿਨ ਵਿਚ ਕਈ ਵਾਰੀ ਗਿੱਧੇ ਦਾ ਪਿੜ ਬੱਝਦਾ ਸੀ। ਕੋਠਿਆਂ 'ਤੇ ਚੜ੍ਹ ਕੇ ਛੱਜ ਭੰਨੇ ਜਾਂਦੇ ਸਨ। ਇਹ ਚਾਵਾਂ ਲੱਦੀਆਂ ਰਸਮਾਂ ਸਮੇਂ ਦੀ ਭੇਂਟ ਚੜ੍ਹ ਗਈਆਂ ਹਨ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ