Jaan Pachhaan : Master Tara Singh Tara

ਜਾਣ ਪਛਾਣ : ਮਾ: ਤਾਰਾ ਸਿੰਘ ਤਾਰਾ

ਮੈਨੂੰ ਸ੍ਰ. ਤਾਰਾ ਸਿੰਘ ਜੀ ਤਾਰਾ ਦੀ ਪੰਜਾਬੀ ਦੇ ਪਿਆਰਿਆਂ ਨਾਲ ਜਾਣ ਪਛਾਣ ਕਰਾਣ ਵਿਚ ਖ਼ਾਸ ਖ਼ੁਸ਼ੀ ਹਾਸਲ ਹੋ ਰਹੀ ਹੈ । 'ਤਾਰਾ' ਜੀ ਇਕ ਨੌਜਵਾਨ ਤੇ ਹੋਣਹਾਰ ਪੰਜਾਬੀ ਕਵੀ ਹਨ । ਹਾਲਾਂ ਇਨ੍ਹਾਂ ਦੀ ਆਯੂ ਮਸਾਂ ੨੦ ਕੁ ਸਾਲ ਦੀ ਹੋਵੇਗੀ , ਪਰ ਇਨ੍ਹਾਂ ਦੀਆਂ ਇਹ ਪਹਿਲੀਆਂ ਕਵਿਤਾਵਾਂ ਪੜ੍ਹਨ ਤੋਂ ਹੀ ਆਸ ਬਝਦੀ ਹੈ ਕਿ ਇਹ ਕਿਸੇ ਦਿਨ ਨੂੰ ਪੰਜਾਬੀ ਕਵਿਤਾ ਦੇ ਆਕਾਸ਼ ਵਿਚ ਸਚ ਮੁਚ ਤਾਰੇ ਵਾਂਗ ਚਮਕਣਗੇ । 

'ਆਕਾਸ਼ ਉਡਾਰੀ' ਨਾਮ ਦੀ ਪੁਸਤਕ ਆਪ ਨੇ ਛਪਵਾਈ ਹੈ । ਇਸ ਵਿਚ ਆਪ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਪੁਸਤਕ ਦੇ ਚਾਰ ਹਿਸੇ ਹਨ-
੧. ਧਾਰਮਿਕ ਕਵਿਤਾਵਾਂ ।
੨. ਖੁਲ੍ਹੀਆਂ ਕਵਿਤਾਵਾਂ ।
੩. ਪ੍ਰੇਮ ਤੇ ਬਿਰਹੋਂ ।
੪. ਸੇਹਰੇ ਤੇ ਅਸੀਸਾਂ ।

ਮਜ਼ਮੂਨਾਂ ਤੇ ਖ਼ਿਆਲਾਂ ਵਿਚ ਨਵੀਨਤਾਈ ਹੈ, ਕਵਿਤਾ ਵਿਚ ਰਵਾਨਗੀ ਹੈ ਅਤੇ ਤੁਕ ਤੁਕ ਵਿਚ ਤਾਰਾ ਜੀ ਦੇ ਦਿਲ ਦਾ ਉਤਸ਼ਾਹ ਤੇ ਉਮੰਗਾਂ ਟਪਕਦੀਆਂ ਹਨ ।
ਪਿਛਲੇ ਕੁਝ ਸਾਲਾਂ ਤੋਂ ਕਈ ਪੰਜਾਬੀ ਕਵੀਆਂ ਨੇ ਆਪਣੇ ਸੰਗ੍ਰਹਿ ਪਰਕਾਸ਼ਤ ਕੀਤੇ ਹਨ । ਇਹ ਪੰਜਾਬੀ ਕਵਿਤਾ ਦੀ ਉੱਨਤੀ ਤੇ ਸਾਹਿਤ ਵਾਧੇ ਦੇ ਸੋਹਣੇ ਨਿਸ਼ਾਨ ਹਨ । ਆਕਾਸ਼ ਉਡਾਰੀ ਵੀ ਪੰਜਾਬੀ ਕਵਿਤਾ ਦੇ ਭੰਡਾਰੇ ਵਿਚ ਇਕ ਸੁੰਦਰ ਵਾਧਾ ਸਾਬਤ ਹੋਵੇਗੀ ।
ਚੰਗਾ ਤੇ ਕਾਮਯਾਬ ਕਵੀ ਉਹੀ ਹੋ ਸਕਦਾ ਹੈ, ਜੋ ਆਪਣੇ ਦਿਲੀ ਵਲਵਲਿਆਂ ਨੂੰ ਨਿਰਭੈਤਾ ਨਾਲ ਪ੍ਰਗਟ ਕਰਨ ਦੀ ਦਲੇਰੀ ਕਰ ਸਕਦਾ ਹੋਵੇ । ਕਿਸੇ ਲੋਭ, ਲਾਲਚ, ਖ਼ੁਸ਼ਾਮਦ, ਜਾਂ ਡਰ ਕਰ ਕੇ ਜੋ ਕਵਿਤਾ ਕੀਤੀ ਜਾਂਦੀ ਹੈ, ਉਹ ਕਵਿਤਾ ਨਹੀਂ ਹੁੰਦੀ, ਉਹ ਤਾਂ ਮਜੂਰੀ ਹੁੰਦੀ ਹੈ । ‘ਤਾਰਾ’ ਜੀ ਨੇ ਆਪਣੀ ਕਵਿਤਾ ਦਾ ਨਿਸ਼ਾਨਾ ਬਹੁਤ ਉੱਚਾ ਰਖਿਆ ਹੈ । ਲਿਖਦੇ ਹਨ-

ਡਰਦੇ ਲੋਕ ਇਸ ਲੋਕ ਦੇ ਮਿਹਣਿਆਂ ਤੋਂ,
ਮੈਨੂੰ ਰਤੀ ਨਾ ਏਸ ਸੰਸਾਰ ਦਾ ਡਰ ।
ਲੋਕੀ ਧੌਂਸ ਹਥਿਆਰਾਂ ਦੀ ਦਸਦੇ ਨੇ,
ਮੈਨੂੰ ਤੀਰ ਨਾ ਤੋਪ ਤਲਵਾਰ ਦਾ ਡਰ । .. .. ..

.. .. ਨਾ ਹੁਕਮ, ਹਕੂਮਤ ਨਾ ਹਾਕਮ ਦਾ ਡਰ,
ਮੈਨੂੰ ਕੈਦ ਫ਼ਾਂਸੀ ਨਾ ਸਰਕਾਰ ਦਾ ਡਰ ।
ਡਰਾਂ ਮੈਂ ਨਾ ਕਿਸੇ ਦੇ ਪਿਉ ਕੋਲੋਂ,
ਮੈਨੂੰ ਤਾਰਿਆ ਇਕ ਕਰਤਾਰ ਦਾ ਡਰ ।

ਵਾਹਿਗੁਰੂ ਕਰੇ ‘ਤਾਰਾ’ ਜੀ ਦੇ ਹਿਰਦੇ ਵਿਚ ਨਿਰਭੈਤਾ ਸਦਾ ਵੱਸਦੀ ਰਹੇ ਤੇ ਉਹ ਇਸ ਉਤੇ ਅਡੋਲ ਰਹਿਣ । ਸਿਖ ਕਵੀ ਆਮ ਤੌਰ ਤੇ ਧਾਰਮਕ ਕਵਿਤਾਵਾਂ ਲਿਖਦੇ ਹਨ । ਤਾਰਾ’ ਜੀ ਨੇ ਵੀ ਧਾਰਮਕ ਕਵਿਤਾਵਾਂ ਲਿਖੀਆਂ ਹਨ । ਇਹ ਤਾਂ ਪੁਰਾਣੀਆਂ ਲੀਹਾਂ ਤੇ ਹੀ ਹਨ ਪਰ ਆਪ ਨੇ ਜੋ ਦੇਸ਼ ਪਿਆਰ, ਪਿੰਡ ਸੁਧਾਰ ਤੇ ਭਾਈਚਾਰਕ ਸੁਧਾਰ ਸਬੰਧੀ ਨਜ਼ਮਾਂ ਲਿਖੀਆਂ ਹਨ ਉਹ ਬਹੁਤ ਹੀ ਸੁੰਦਰ ਤੇ ਲਾਭਦਾਇਕ ਹਨ । ਅਜਿਹੀਆਂ ਕਵਿਤਾਵਾਂ ਦੀ ਲੋੜ ਵੀ ਜ਼ਿਆਦਾ ਹੈ ।
ਪੇਂਡੂ ਤੇ ਸ਼ਹਿਰੀ ਜੀਵਨ ਦਾ ਡਾਢਾ ਸੁਆਦਲਾ ਮੁਕਾਬਲਾ ਕੀਤਾ ਹੈ ਪਰ ਕਈ ਸ਼ਬਦ ਠੁਲ੍ਹੇ ਵੀ ਵਰਤੇ ਗਏ ਹਨ, ਤੇ ਸ਼ਹਿਰੀਆਂ ਦੀ ਭੰਡੀ ਵੀ ਜ਼ਿਆਦਾ ਕੀਤੀ ਹੈ । ‘ਮਾਂ ਦਾ ਪਿਆਰ', ‘ਖਰੀਆਂ ਖਰੀਆਂ’,‘ਬਦੇਸ਼ੀ ਵਿਦਿਆ', ਤੇ ਦੇਸ਼ ਪਿਆਰ ਵਾਲੀਆਂ ਕਵਿਤਾਵਾਂ ਚੰਗੇ ਨਮੂਨੇ ਦੀਆਂ ਨਜ਼ਮਾਂ ਹਨ । ਆਪਣੇ ਵਤਨ ਦਾ ਪਿਆਰ ਕਿਡੇ ਸੋਹਣੇ ਸ਼ਬਦਾਂ ਵਿਚ ਪ੍ਰਗਟ ਕੀਤਾ ਹੈ:-

ਜੇਕਰ ਕਿਧਰੇ ਖ਼ੁਸ਼ੀ ਦੇ ਵਿਚ ਆਵਾਂ,
ਤਾਂ ਭੀ ਗੀਤ ਗਾਵਾਂ ਹਿੰਦੁਸਤਾਨ ਦੇ ਹੀ ।
ਜੇ ਕਰ ਵਿਛੜ ਕੇ ਕਿਤੇ ਪਰਦੇਸ ਜਾਵਾਂ,
ਤਾਂ ਵੀ ਸੁਖ ਚਾਹਵਾਂ ਹਿੰਦੁਸਤਾਨ ਦੇ ਹੀ ।
ਮੰਗਾਂ ਰਬ ਤੋਂ ਜੋੜ ਕੇ ਹਥ ਇਹੋ,
ਮੈਂ ਕੁਰਬਾਨ ਜਾਵਾਂ ਹਿੰਦੁਸਤਾਨ ਦੇ ਹੀ ।
ਮਰਾਂ ਵਤਨ ਬਦਲੇ, ਜੀਵਾਂ ਵਤਨ ਬਦਲੇ,
ਲੇਖੇ ਜਾਨ ਲਾਵਾਂ ਹਿੰਦੁਸਤਾਨ ਦੇ ਹੀ ।

ਹੋਰ ਦੇਸ਼ ਵਲੈਤਾਂ ਦਾ ਪਿਆਰ ਛਡ ਕੇ,
ਹਿੰਦੁਸਤਾਨ ਹੀ ਦਿਲੋਂ ਪਿਆਰਾ ਸਮਝਾਂ ।
ਹੋਵਾਂ ਹਿੰਦ ਦਾ ਮੈਂ ਤੇ ਹਿੰਦ ਮੇਰੀ,
ਹਿੰਦੁਸਤਾਨ ਨੂੰ ਅਖਾਂ ਦਾ 'ਤਾਰਾ' ਸਮਝਾਂ ।

ਸ੍ਰ.ਤਾਰਾ ਸਿੰਘ ਜੀ ਦੇ ਦਿਲ ਵਿਚ ਕਵੀ ਬਣਨ ਅਤੇ ਕਵਿਤਾ ਰਚਣ ਦਾ ਸ਼ੌਕ ਅਥਾਹ ਭਰਿਆ ਪਿਆ ਹੈ । ਰਾਹ ਵੀ ਇਹ ਚੰਗੇ ਪੈ ਗਏ ਹਨ । ਇਸ਼ਕੀਆ ਤੇ ਪ੍ਰੇਮ ਪਿਆਰ ਦੀਆਂ ਕਵਿਤਾ ਲਿਖਣ ਦੀ ਬਜਾਏ ਇਨ੍ਹਾਂ ਨੇ ਭਾਈਚਾਰਕ ਤੇ ਪਿੰਡ-ਸੁਧਾਰ ਵੱਲ ਵਧੇਰੇ ਧਿਆਨ ਦੇਣਾ ਅਰੰਭ ਦਿਤਾ ਹੈ ।
ਜੇ ਇਨ੍ਹਾਂ ਨੂੰ ਪੰਜਾਬੀ ਪਿਆਰਿਆਂ ਵਲੋਂ ਭੀ ਹੌਸਲਾ ਮਿਲਦਾ ਰਿਹਾ ਤੇ ਇਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ ਜਾਂਦਾ ਰਿਹਾ ਤਾਂ ਮੈਨੂੰ ਆਸ ਹੈ ਕਿ ‘ਤਾਰਾ’ ਜੀ ਪੰਜਾਬੀ ਬੋਲੀ ਦੇ ਸਚੇ ਸੇਵਕ ਸਾਬਤ ਹੋਣਗੇ ਅਤੇ ਪੰਜਾਬੀ ਕਵਿਤਾ ਦੀ ਵੀ ਸੋਭਾ ਵਧਾਉਣਗੇ ।

੨੯-੧੨-੩੧
ਹੀਰਾ ਸਿੰਘ ਦਰਦ

  • ਮੁੱਖ ਪੰਨਾ : ਕਾਵਿ ਰਚਨਾਵਾਂ, ਤਾਰਾ ਸਿੰਘ ਤਾਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ