Punjabi Ghazals Iqbal Deewana

ਪੰਜਾਬੀ ਗ਼ਜ਼ਲਾਂ ਇਕਬਾਲ ਦੀਵਾਨਾ

1. ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ

ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ ।
ਮੈਂ 'ਦੀਨਾਰ' 'ਰਿਆਲ' ਕੀ ਕਰਨੇ, ਪਾ ਵਤਨਾਂ ਵਲ ਮੋੜੇ ।

ਚੰਨ ਉਨ੍ਹਾਂ ਦੇ ਪੈਰਾਂ ਹੇਠਾਂ, ਜਿਹੜੇ ਉਦਮ ਕਰਦੇ,
ਹਿੱਕ ਤੋਂ ਬੇਰ ਨੂੰ ਚੁੱਕ ਨਾ ਸੱਕਣ, ਧੁਰ ਦਰਗਾਹੋਂ ਕੋੜ੍ਹੇ ।

ਪਰੇਮ ਨਗਰ ਦੇ ਕਾਇਦੇ-ਕੁੱਲੇ, ਦੁਨੀਆਂ ਨਾਲੋਂ ਵੱਖਰੇ,
ਗੂੜ੍ਹੀ ਹੁੰਦੀ ਹੋਰ ਮੁਹੱਬਤ, ਪੈਂਦੇ ਜਦੋਂ ਵਿਛੋੜੇ ।

ਇਸ਼ਕ ਸਮੁੰਦਰ ਦੇ ਵਿੱਚ ਬੀਬਾ, ਸੋਚ ਸਮਝ ਕੇ ਉੱਤਰੀਂ,
ਉੱਘ-ਸੁੱਘ ਇਹਦੀ ਕਿਤੇ ਨਾ ਲੱਭੀ, ਕਿੰਨੇ ਪੂਰ ਨੇ ਰੋੜ੍ਹੇ ।

ਅੱਗੇ ਈ ਜ਼ਖ਼ਮੋਂ-ਜ਼ਖ਼ਮ 'ਦੀਵਾਨਾ' ਪੱਥਰ ਹੋਰ ਨਾ ਮਾਰੋ,
ਜੇ ਅਪਣਾ ਝੱਸ ਪੂਰਾ ਕਰਨੈਂ, ਮਾਰੋ ਰੂੰ ਦੇ ਗੋਹੜੇ ।

2. ਡੂੰਘੇ ਸਾਗਰ ਵਿੱਚ ਉਤਰ ਕੇ, ਵਾਹ ਤੇ ਲਾਉਂਦੇ ਸੱਭੇ

ਡੂੰਘੇ ਸਾਗਰ ਵਿੱਚ ਉਤਰ ਕੇ, ਵਾਹ ਤੇ ਲਾਉਂਦੇ ਸੱਭੇ ।
ਇਕਨਾਂ ਦੇ ਹੱਥ ਖ਼ਾਲੀ ਸਿੱਪੀਆਂ, ਇਕਨਾਂ ਮੋਤੀ ਲੱਭੇ ।

ਸਾਡੇ ਵੇਲੇ ਪਿਉ ਨੂੰ ਸਾਰੇ, ਘਰ 'ਚੋਂ ਵੱਡਾ ਕਹਿੰਦੇ,
ਏਸ ਦੌਰ ਦੇ ਪੁੱਤਰ ਵੱਡੇ, ਛੋਟੇ ਹੋ ਗਏ ਅੱਬੇ ।

ਨੌਕਰੀਆਂ ਦੇ ਅੰਦਰ ਯਾਰੋ, ਇੱਜ਼ਤ ਨਫ਼ਸ ਨਹੀਂ ਰਹਿੰਦਾ,
ਮੈਂ ਤੇ ਦੰਦੀਆਂ ਕੱਢਦੇ ਦੇਖੇ, ਜਿਹੜੇ ਡਾਢੇ ਕੱਬੇ ।

ਅਪਣੇ ਯਾਰਾਂ ਦਾ ਮੂੰਹ ਤੱਕ ਕੇ, ਮੈਨੂੰ ਤੇ ਇੰਜ ਲੱਗਾ,
ਵਿੱਚੋਂ ਕਿਸੇ ਅੰਗੂਰ ਨੇ ਖਾਧੇ, ਖ਼ਾਲੀ ਰਹਿ ਗਏ ਡੱਬੇ ।

ਜਦ ਗੁਲਸ਼ਨ ਨੂੰ ਲੋੜ ਸੀ ਉਦੋਂ, ਕਿੱਥੇ ਸਨ ਇਹ ਲੋਕੀ,
ਅੱਜ ਗੁਲਸ਼ਨ ਵਿੱਚ ਬਹਿਕੇ ਜਿਹੜੇ, ਸਾਨੂੰ ਮਾਰਣ ਦੱਬੇ ।

3. ਮੈਨੂੰ ਪਤਾ ਏ ਅੱਜ ਕੱਲ੍ਹ ਜ਼ਾਲਮ, ਕਿਉਂ ਕਸਦਾ ਏ ਤੋੜੇ

ਮੈਨੂੰ ਪਤਾ ਏ ਅੱਜ ਕੱਲ੍ਹ ਜ਼ਾਲਮ, ਕਿਉਂ ਕਸਦਾ ਏ ਤੋੜੇ ।
ਮਿਲੇ ਖਿਡੌਣੇ ਚਾਬੀ ਵਾਲੇ, ਭੁਲ ਗਏ ਘੁੱਗੂ-ਘੋੜੇ ।

ਲੰਮੇ ਲੰਮੇ ਸਿਜਦੇ ਕਰਕੇ, ਤੂੰ ਨਹੀਂ ਬਖ਼ਸ਼ਿਆ ਜਾਣਾ,
ਉਹਨਾਂ ਕੋਲੋਂ ਮਾਫ਼ੀ ਮੰਗ ਲੈ, ਜਿਹਨਾਂ ਦੇ ਦਿਲ ਤੋੜੇ ।

ਜੀਵੇ, ਜਾਗੇ ਸਾਰੀ ਦੁਨੀਆਂ, ਇਹ ਮੇਰੇ ਕਿਸ ਕੰਮ ਦੀ,
ਮੇਰਾ ਇਕ ਤੂਹੀਉਂ ਹੈਂ, ਤੂੰ ਨਾ, ਐਨੇ ਮਾਰ ਮਰੋੜੇ ।

ਪੱਥਰ ਦਿਲ ਦੇ ਨਾਲ ਕਿਸੇ ਦਾ ਵਾਹ ਨਾ ਰੱਬਾ ਪਾਵੀਂ,
ਰੋਂਦੇ ਛੱਡ ਕੇ ਤੁਰ ਗਿਆ ਜ਼ਾਲਮ, ਮੈਂ ਤਾਂ ਹੱਥ ਵੀ ਜੋੜੇ ।

ਤੇਰੀ ਬੇਪਰਵਾਹੀ ਨੇ ਦਿਲ, ਟੁਕੜੇ ਟੁਕੜੇ ਕੀਤਾ,
ਹੁੰਦਾ ਦਰਦ ਅਵੱਲਾ ਧੋਬੀ, ਕਪੜਾ ਜਿਵੇਂ ਨਚੋੜੇ ।

4. ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ

ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ ।
ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ ।

ਰੂਪ ਜਵਾਨੀ ਅਤੇ ਸੁਹੱਪਣ, ਮੂੰਹ ਧੋਇਆਂ ਨਹੀਂ ਲਹਿੰਦਾ,
ਇਕਨਾਂ ਨੂੰ ਨਾ ਜਚਦਾ ਰੇਸ਼ਮ, ਇਕ ਨੂੰ ਖੱਦਰ ਫੱਬੇ ।

ਗੁਣਗੀਣਾਂ ਖਾਵਣ ਵਾਲੇ ਨੂੰ, ਫ਼ਰਕ ਨਹੀਂ ਕੁੱਝ ਪੈਂਦਾ,
ਢਿਡੀਂ ਪੀੜਾਂ ਹੋਵਣ ਜੀਹਨੇ, ਕੱਚੇ ਛੋਲੇ ਚੱਬੇ ।

ਨੰਦਾ ਨੌਂ ਦਿਨ, ਨੰਦੇ ਦੇ ਨੌਂ, ਲੇਖਾ ਇੱਕੋ ਜੇਹਾ,
ਮੰਜੀ 'ਤੇ ਸਿਰ ਕਿਧਰੇ ਕਰ ਲਓ, ਲੱਕ ਆਉਂਦਾ ਏ ਗੱਭੇ ।

ਖ਼ੌਰੇ ਇਸ ਨੂੰ ਕਿਹੜਾ ਦੁੱਖ ਹੈ, ਕਿਸ ਗੱਲ ਦਾ ਪਛਤਾਵਾ,
ਯਾਰੋ ਇਸ ਨੂੰ ਪਿਆਰ ਕਰੋ ਜੇ, ਕਿਤੇ 'ਦੀਵਾਨਾ' ਲੱਭੇ ।