Heer Waris Shah (Part-3)

ਹੀਰ ਵਾਰਿਸ ਸ਼ਾਹ (ਭਾਗ-3)

157. ਚੂਚਕ ਨੇ ਬੇਲੇ ਵਿੱਚ ਹੀਰ ਨੂੰ ਰਾਂਝੇ ਨਾਲ ਦੇਖਣਾ

ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ, ਗ਼ੁੱਸਾ ਖਾਇਕੇ ਹੋਇਆ ਈ ਰੱਤ ਵੰਨਾ ।
ਇਹ ਵੇਖ ਨਿਘਾਰ ਖ਼ੁਦਾਇ ਦਾ ਜੀ, ਬੇਲੇ ਵਿੱਚ ਇਕੱਲੀਆਂ ਫਿਰਨ ਰੰਨਾਂ ।
ਅਖੀਂ ਨੀਵੀਆਂ ਰੱਖ ਕੇ ਠੁਮਕ ਚੱਲੀ, ਹੀਰ ਕੱਛ ਵਿੱਚ ਮਾਰ ਕੇ ਥਾਲ ਛੰਨਾ ।
ਚੂਚਕ ਆਖਦਾ ਰਖ ਤੂੰ ਜਮ੍ਹਾਂ ਖ਼ਾਤਰ, ਤੇਰੇ ਸੋਟਿਆਂ ਨਾਲ ਮੈ ਲਿੰਙ ਭੰਨਾਂ ।

(ਖਾਤਰ ਜਮ੍ਹਾਂ ਰੱਖ=ਤਸੱਲੀ ਰਖ,ਠਹਿਰ)

158. ਹੀਰ ਦਾ ਬਾਪ ਨੂੰ ਉੱਤਰ

ਮਹੀਂ ਛਡ ਮਾਹੀ ਉਠ ਜਾਏ ਭੁੱਖਾ, ਉਸ ਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ ।
ਭੱਤਾ ਫੇਰ ਨਾ ਕਿਸੇ ਲਿਆਵਣਾ ਈ, ਏਦੂੰ ਪਿਛਲੀ ਬਾਬਲਾ ਹੋਈ ਬੀਤੀ ।
ਮਸਤ ਹੋ ਬੇਹਾਲ ਤੇ ਮਹਿਰ ਖਲਾ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ ।
ਕਿਤੇ ਨੱਢੀ ਦਾ ਚਾਇ ਵਿਵਾਹ ਕੀਚੈ, ਇਹ ਮਹਿਰ ਨੇ ਜਿਉ ਦੇ ਵਿੱਚ ਕੀਤੀ ।

(ਅਬਦਾਲ=ਦਰਵੇਸ਼ਾਂ ਦਾ ਇੱਕ ਫਿਰਕਾ ਜਿਹੜਾ ਭੰਗ ਪੀਂਦਾ ਹੈ)

159. ਰਾਂਝੇ ਦੇ ਭਰਾਵਾਂ ਤੇ ਭਾਬੀਆਂ ਦਾ ਚੂਚਕ ਤੇ ਹੀਰ ਨਾਲ ਚਿੱਠੀ-ਪੱਤਰ

ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ, ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ।
ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ, ਕੂੰਮਾਂ ਓਸ ਅੱਗੇ ਵੱਡੇ ਮਾਲ ਦੀਆਂ ।
ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ, ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ।
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ, ਇਹ ਕੁਦਰਤਾਂ ਜੱਲ-ਜਲਾਲ ਦੀਆਂ ।
ਸਾਥੋਂ ਰੁਸ ਆਇਆ ਤੁਸੀਂ ਮੋੜ ਘੱਲੋ, ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ।
ਜਿਨਾਂ ਭੋਏਂ ਤੋਂ ਰੁੱਸ ਕੇ ਉਠ ਆਇਆ, ਕਿਆਰੀਂ ਬਣੀ ਪਈਆਂ ਏਸ ਲਾਲ ਦੀਆਂ ।
ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ, ਅਤੇ ਮਾਨੀਆਂ ਪਿਛਲੇ ਸਾਲ ਦੀਆਂ ।
ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ, ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ।
ਮਹੀਂ ਚਾਰਦਿਆਂ ਵਢਿਓਸੁ ਨੱਕ ਸਾਡਾ, ਸਾਥੇ ਖੂਹਣੀਆਂ ਏਸ ਦੇ ਮਾਲ ਦੀਆਂ ।
ਮੱਝੀਂ ਕਟਕ ਨੂੰ ਦੇ ਕੇ ਖਿਸਕ ਜਾਸੀ, ਸਾਡਾ ਨਹੀਂ ਜ਼ਿੰਮਾਂ ਫਿਰੋ ਭਾਲਦੀਆਂ ।
ਇਹ ਸੂਰਤਾਂ ਠਗ ਜੋ ਵੇਖਦੇ ਹੋ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੀਆਂ ।

(ਖੂਣੀਆਂ=ਖੂਹਣੀ,ਵੱਡੀ ਗਿਣਤੀ, ਜੱਲ-ਜਲਾਲ=ਸਰਬ ਸ਼ਕਤੀਮਾਨ,ਰੱਬ, ਜਣਾ=
ਪੁਰਸ਼,ਰਾਂਝਾ, ਮਾਨੀ=ਜਿਣਸ ਦਾ ਇੱਕ ਮਾਪ, ਸਾਥੇ=ਸਾਡੇ ਕੋਲ)

160. ਰਾਂਝੇ ਦੇ ਭਰਾਵਾਂ ਦਾ ਚੂਚਕ ਨੂੰ ਖ਼ਤ

ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ, ਨਹੀਂ ਚਲ ਮੇਲਾ ਅਸੀਂ ਆਵਨੇ ਹਾਂ ।
ਗਲ ਪਲੜਾ ਪਾਏ ਕੇ ਵੀਰ ਸੱਭੇ, ਅਸੀਂ ਰੁੱਠੜਾ ਵੀਰ ਮਨਾਵਨੇ ਹਾਂ ।
ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ, ਤਦੋਂ ਪਏ ਪਕਾ ਪਕਾਵਨੇ ਹਾਂ ।
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ, ਵਾਰਿਸ ਸ਼ਾਹ ਨੂੰ ਨਾਲ ਲਿਆਵਨੇ ਹਾਂ ।

(ਮੇਲਾ=ਇਕੱਠੇ ਹੋ ਕੇ)

161. ਚੂਚਕ ਦਾ ਉੱਤਰ

ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ ।
ਸਾਰਾ ਪਿੰਡ ਡਰਦਾ ਓਸ ਚਾਕ ਕੋਲੋਂ, ਸਿਰ ਮਾਹੀਆਂ ਦੇ ਓਹਦਾ ਕੁੰਡੜਾ ਜੇ ।
ਅਸਾਂ ਜਟ ਹੈ ਜਾਣ ਕੇ ਚਾਕ ਲਾਇਆ, ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ ।
ਇਹ ਗੱਭਰੂ ਘਰੋਂ ਕਿਉਂ ਕਢਿਆ ਜੇ, ਲੰਙਾ ਨਹੀਂ ਕੰਮਚੋਰ ਨਾ ਟੁੰਡੜਾ ਜੇ ।
ਸਿਰ ਸੋਂਹਦੀਆਂ ਬੋਦੀਆਂ ਨੱਢੜੇ, ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇ ।
ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਹੈ, ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ ।

162. ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ

ਘਰ ਆਈਆਂ ਦੌਲਤਾਂ ਕੌਣ ਮੋੜੇ, ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ ।
ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਈ ।
ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ, ਕਿਸੇ ਲੁਟਿਆ ਮਾਲ ਨਾ ਮੋੜਿਆ ਈ ।
ਜਾਏ ਭਾਈਆਂ ਭਾਬੀਆਂ ਪਾਸ ਜਮ ਜਮ, ਕਿਸੇ ਨਾਹੀਉਂ ਹਟਕਿਆ ਹੋੜਿਆ ਈ ।
ਵਾਰਿਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ, ਅਸਾਂ ਫੁੱਲ ਗੁਲਾਬ ਦਾ ਤੋੜਿਆ ਈ ।

163. ਹੀਰ ਨੂੰ ਚਿੱਠੀ ਦਾ ਉੱਤਰ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ, ਖ਼ਤ ਹੀਰ ਸਿਆਲ ਨੂੰ ਲਿਖਿਆ ਈ ।
ਸਾਥੋਂ ਛੈਲ ਸੋ ਅੱਧ ਵੰਡਾਏ ਸੁੱਤੀ, ਲੋਕ ਯਾਰੀਆਂ ਕਿਧਰੋਂ ਸਿਖਿਆ ਈ ।
ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ, ਬੋਲ ਬੋਲ ਕੇ ਖਰਾ ਤ੍ਰਿਖਿਆ ਈ ।
ਸਾਡਾ ਲਾਲ ਮੋੜੋ ਸਾਨੂੰ ਖ਼ੈਰ ਘੱਤੋ, ਜਾਣੋਂ ਕਮਲੀਆਂ ਨੂੰ ਪਾਈ ਭਿਖਿਆ ਈ ।
ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ, ਕਰ ਸਾਰਦਾ ਦੀਦੜਾ ਤ੍ਰਿਖਿਆ ਈ ।
ਝੁਟ ਕੀਤਿਆਂ ਲਾਲ ਨਾ ਹਥ ਆਵਣ, ਸੋਈ ਮਿਲੇ ਜੋ ਤੋੜ ਦਾ ਲਿਖਿਆ ਈ ।
ਕੋਈ ਢੂੰਡ ਵਡੇਰੜਾ ਕੰਮ ਜੋਗਾ, ਅਜੇ ਇਹ ਨਾ ਯਾਰੀਆਂ ਸਿਖਿਆ ਈ ।
ਵਾਰਿਸ ਸ਼ਾਹ ਲੈ ਚਿੱਠੀਆਂ ਦੌੜਿਆ ਈ, ਕੰਮ ਕਾਸਦਾਂ ਦਾ ਮੀਆਂ ਸਿਖਿਆ ਈ ।

(ਵੰਡਾਏ ਸੁੱਤੀ=ਸੁੱਤੀ ਨੇ ਅੱਧ ਲੈ ਲਿਆ, ਕਾਸਦ=ਸੁਨੇਹਾ ਲਿਜਾਣ ਵਾਲਾ)

164. ਹੀਰ ਨੂੰ ਚਿੱਠੀ ਮਿਲੀ

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ, ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ ।
ਸਾਰੇ ਮੁਆਮਲੇ ਅਤੇ ਵੰਝਾਪ ਸਾਰੇ, ਗਿਲਾ ਲਿਖਿਆ ਵਾਚ ਸੁਣਾਇਆ ਈ ।
ਘੱਲੋ ਮੋੜ ਕੇ ਦੇਵਰ ਅਸਾਡੜੇ ਨੂੰ, ਮੁੰਡਾ ਰੁੱਸ ਹਜ਼ਾਰਿਉਂ ਆਇਆ ਈ ।
ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮੁਆਮਲਾ ਖੋਲ੍ਹ ਸੁਣਾਇਆ ਈ ।

(ਵੰਝਾਪ=ਜੁਦਾਈ ਦਾ ਦੁਖ)

165. ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ

ਭਾਈਆਂ ਭਾਬੀਆਂ ਚਾ ਜਵਾਬ ਦਿੱਤਾ, ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇ ।
ਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ ।
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕੌਲ ਨਿਭਾਹਿਉ ਨੇ ।
ਮੈਨੂੰ ਦੇਹ ਜਵਾਬ ਤੇ ਕੱਢਿਉ ਨੇ, ਹਲ ਜੋੜ ਕਿਆਰੜਾ ਵਾਹਿਉ ਨੇ ।
ਰਲ ਰੰਨ ਖ਼ਸਮਾਂ ਮੈਨੂੰ ਠਿਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਹਿਉ ਨੇ ।
ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ, ਮੇਰਾ ਕਢਨਾ ਦੇਸ ਥੀਂ ਚਾਹਿਉ ਨੇ ।
ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ ।
ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ, ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ ।
ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ ।

(ਅਰਸ਼ ਦਾ ਕਿੰਗਰਾ ਢਾਇਆ=ਦਿਲ ਤੋੜ ਦਿੱਤਾ, ਮੱਥਾ ਡਾਹੁਣਾ=
ਨਾਜਾਇਜ਼ ਲੜਾਈ ਕਰਨੀ)

166. ਹੀਰ ਨੇ ਉੱਤਰ ਲਿਖਣਾ

ਹੀਰ ਪੁਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆ ਈ ।
ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ ।
ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ ਈ ।
ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ ।
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਵਕਤ ਗਏ ਨੂੰ ਫੇਰ ਕਿਸ ਮੋੜਿਆ ਈ ।
ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ ।

(ਮਹੀਂਵਾਲ=ਮੱਝਾਂ ਦੇ ਸੰਭਾਲਣ ਵਾਲਾ ਚਾਕਰ, ਤੋੜਨਾ=ਜਵਾਬ ਦੇ ਦੇਣਾ)

167. ਭਰਜਾਈਆਂ ਦਾ ਉੱਤਰ

ਜੇ ਤੂੰ ਸੋਹਣੀ ਹੋਇਕੇ ਬਣੇਂ ਸੌਕਣ, ਅਸੀਂ ਇੱਕ ਥੀਂ ਇੱਕ ਚੜ੍ਹੰਦੀਆਂ ਹਾਂ ।
ਰਬ ਜਾਣਦਾ ਹੈ ਸਭੇ ਉਮਰ ਸਾਰੀ, ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ ।
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ ।
ਓਹ ਅਸਾਂ ਦੇ ਨਾਲ ਹੈ ਚੰਨ ਬਣਦਾ, ਅਸੀਂ ਖਿੱਤੀਆਂ ਨਾਲ ਸੋਹੰਦੀਆਂ ਹਾਂ ।
ਉਹ ਮਾਰਦਾ ਗਾਲੀਆਂ ਦੇਹ ਸਾਨੂੰ, ਅਸੀਂ ਫੇਰ ਮੁੜ ਚੌਖਣੇ ਹੁੰਦੀਆਂ ਹਾਂ ।
ਜਿਸ ਵੇਲੜੇ ਦਾ ਸਾਥੋਂ ਰੁਸ ਆਇਆ, ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ ।
ਇਹਦੇ ਥਾਂ ਗ਼ੁਲਾਮ ਲਉ ਹੋਰ ਸਾਥੋਂ, ਮਮਨੂਨ ਅਹਿਸਨ ਦੀਆਂ ਹੁੰਨੀਆਂ ਹਾਂ ।
ਰਾਂਝੇ ਲਾਲ ਬਾਝੋਂ ਅਸੀਂ ਖ਼ੁਆਰ ਹੋਈਆਂ, ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ ।
ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂ ।
ਵਾਰਿਸ ਸ਼ਾਹ ਰਾਂਝੇ ਅੱਗੇ ਹਥ ਜੋੜੀਂ, ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ ।

(ਚੌਖਣੇ=ਇੱਕ ਮਿਕ, ਹੰਝਰੋਂ=ਹੰਝੂ, ਮਮਨੂਨ=ਅਹਿਸਾਨਮੰਦ, ਵਿਛੁੰਨੀਆਂ=
ਵਿਛੜੀਆਂ)

168. ਹੀਰ ਦਾ ਉੱਤਰ

ਚੂਚਕ ਸਿਆਲ ਤੋਂ ਲਿਖ ਕੇ ਨਾਲ ਚੋਰੀ, ਹੀਰ ਸਿਆਲ ਨੇ ਕਹੀ ਬਤੀਤ ਹੈ ਨੀ ।
ਸਾਡੀ ਖ਼ੈਰ ਤੁਸਾਡੜੀ ਖ਼ੈਰ ਚਾਹਾਂ, ਜੇਹੀ ਖ਼ਤ ਦੇ ਲਿਖਣ ਦੀ ਰੀਤ ਹੈ ਨੀ ।
ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ, ਏਹਾ ਬਾਤ ਬੁਰੀ ਅਨਾਨੀਤ ਹੈ ਨੀ ।
ਰੱਖਾਂ ਚਾਇ ਮੁਸਹਿਫ਼ ਕੁਰਆਨ ਇਸ ਨੂੰ, ਕਸਮ ਖਾਇਕੇ ਵਿੱਚ ਮਸੀਤ ਹੈ ਨੀ ।
ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ ।
ਅਸੀਂ ਤ੍ਰਿੰਞਣਾਂ ਵਿੱਚ ਜਾਂ ਬਹਿਨੀਆਂ ਹਾਂ, ਸਾਨੂੰ ਗਾਵਣਾ ਏਸ ਦਾ ਗੀਤ ਹੈ ਨੀ ।
ਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ, ਏਸ ਮੁੰਡੜੇ ਦੀ ਏਹਾ ਰੀਤ ਹੈ ਨੀ ।
ਰਾਤੀਂ ਆਨ ਅੱਲਾਹ ਨੂੰ ਯਾਦ ਕਰਦਾ, ਵਾਰਿਸ ਸ਼ਾਹ ਨਾਲ ਏਹਦੀ ਮੀਤ ਹੈ ਨੀ ।

(ਬਤੀਤ=ਕਹਾਣੀ, ਅਨਾਨੀਤ=ਮੇਰੇ ਵਕਾਰ ਦਾ ਮੁਆਮਲਾ, ਰੱਖਾਂ ਚਾ ਮਸਹਿਫ਼
ਕੁਰਆਨ=ਸਿਰ ਤੇ ਕੁਰਆਨ ਰਖ ਕੇ ਕਸਮ ਖਾਵਾਂ, ਮਸਹਿਫ਼=ਕੁਰਾਨ ਦੀ ਛੋਟੀ
ਕਾਪੀ ਜਿਹੜੀ ਆਮ ਲੋਕੀਂ ਗਲ ਪਾ ਕੇ ਰੱਖਦੇ ਹਨ)

169. ਤਥਾ

ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ, ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ ।
ਇੱਲ-ਲਿਲਾਹ ਦੀਆਂ ਜੱਲਿਆਂ ਪਾਂਵਦਾ ਹੈ, ਜ਼ਿਕਰ ਹੱਯ ਤੇ 'ਲਾਯਮੂਤ' ਹੈ ਨੀ ।
ਨਹੀਂ ਭਾਬੀਆਂ ਥੀਂ ਕਰਤੂਤ ਕਾਈ, ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ ।
ਜਦੋਂ ਤੁਸਾਂ ਦੇ ਸੀ ਗਾਲੀਆਂ ਦੇਂਦੀਆਂ ਸਾਉ, ਇਹਤਾਂ ਔਤਣੀ ਦਾ ਕੋਈ ਊਤ ਹੈ ਨੀ ।
ਮਾਰਿਆ ਤੁਸਾਂ ਦੇ ਮੇਹਣੇ ਗਾਲ੍ਹੀਆਂ ਦਾ, ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ ।
ਸੌਂਪ ਪੀਰਾਂ ਨੂੰ ਝੱਲ ਵਿੱਚ ਛੇੜਨ ਮਹੀਆਂ, ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀ ।
ਵਾਰਿਸ ਸ਼ਾਹ ਫਿਰੇ ਉਹਦੇ ਮਗਰ ਲੱਗਾ, ਅੱਜ ਤਕ ਓਹ ਰਿਹਾ ਅਣਛੂਤ ਹੈ ਨੀ ।

(ਹੱਯ ਲਾਯਮੂਤ=ਸਦਾ ਅਮਰ ਰਹਿਣ ਵਾਲਾ, ਇੱਲ-ਲਿਲਾਹ=ਰੱਬ ਦਾ ਨਾਂ, ਕੂਤ=
ਖੁਰਾਕ, ਤਾਬੂਤ=ਲਾਸ਼ ਵਾਲਾ ਸੰਦੂਕ,ਬਕਸਾ. ਮੱਦਤੇ=ਮਦਦ ਕਰਦੇ ਹਨ, ਲੂਤ=ਇੱਕ
ਪ੍ਰਸਿੱਧ ਪੈਗ਼ੰਬਰ)

170. ਰਾਂਝੇ ਦੀਆਂ ਭਰਜਾਈਆਂ ਦਾ ਉੱਤਰ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ, ਜ਼ਰਾ ਵੇਖਣਾ ਬਿਰਾ ਖ਼ੁਦਾਈਆਂ ਦਾ ।
ਤੂੰ ਹੀ ਚੱਟਿਆ ਸੀ ਤੂੰ ਹੀ ਪਾਲਿਆ ਸੀ, ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ ।
ਸ਼ਾਹੂਕਾਰ ਹੋ ਬੈਠੀ ਏਂ ਮਾਰ ਥੈਲੀ, ਖੋਹ ਬੈਠੀ ਹੈ ਮਾਲ ਤੂੰ ਸਾਈਆਂ ਦਾ ।
ਅੱਗ ਲੈਣ ਆਈ ਘਰ ਸਾਂਭਿਉਈ, ਏਹ ਤੇਰਾ ਹੈ, ਬਾਪ ਨਾ ਮਾਈਆਂ ਦਾ ।
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ,ਅੰਨ੍ਹੀਂ ਚੂਹੀ ਤੇ ਥੋਥੀਆਂ ਧਾਈਆਂ ਦਾ ।
ਵਾਰਿਸ ਸ਼ਾਹ ਦੀ ਮਾਰ ਈ ਵੱਗੇ ਹੀਰੇ, ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ ।

(ਬਿਰਾ=ਫਸਲ ਦੀ ਜਿਣਸ ਜਿਹੜੀ ਟੈਕਸ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਸੀ,
ਬਿਰਾ ਖੁਦਾਈਆਂ ਦਾ=ਖ਼ੁਦਾਈ ਟੈਕਸ, ਥੋਥੀਆਂ=ਖ਼ਾਲੀ, ਧਾਈਆਂ=ਧਾਨ)

171. ਹੀਰ ਦਾ ਉੱਤਰ

ਤੁਸੀਂ ਏਸ ਦੇ ਖ਼ਿਆਲ ਨਾ ਪਵੋ ਅੜੀਉ ! ਨਹੀਂ ਖੱਟੀ ਕੁੱਝ ਏਸ ਵਪਾਰ ਉਤੋਂ ।
ਨੀ ਮੈਂ ਜਿਉਂਦੀ ਏਸ ਬਿਨ ਰਹਾਂ ਕੀਕੂੰ, ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ ।
ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ, ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ ।
ਮੇਰੇ ਵਾਸਤੇ ਕਾਰ ਕਮਾਂਵਦਾ ਹੈ, ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ ।
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ, ਜਦੋਂ ਸੱਟਿਆ ਪਕੜ ਪਹਾੜ ਉੱਤੋਂ ।
ਘਰੋਂ ਭਾਈਆਂ ਚਾ ਜਵਾਬ ਦਿੱਤਾ, ਏਨ੍ਹਾਂ ਭੋਏਂ ਦੀਆਂ ਪੱਤੀਆਂ ਚਾਰ ਉੱਤੋਂ ।
ਨਾਉਮੀਦ ਹੋ ਵਤਨ ਨੂੰ ਛਡ ਟੁਰਿਆ, ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ ।
ਬਿਨਾ ਮਿਹਨਤਾਂ ਮਸਕਲੇ ਲੱਖ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ ।
ਇਹ ਮਿਹਣਾ ਲਹੇਗਾ ਕਦੇ ਨਾਹੀਂ, ਏਸ ਸਿਆਲਾਂ ਦੀ ਸੱਭ ਸਲਵਾੜ ਉੱਤੋਂ ।
ਨੱਢੀ ਆਖਸਨ ਝਗੜਦੀ ਨਾਲ ਲੋਕਾਂ, ਏਸ ਸੋਹਣੇ ਭਿੰਨੜੇ ਯਾਰ ਉੱਤੋਂ ।
ਵਾਰਿਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ, ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ ।

(ਮਿਸਕਲਾ=ਤਲਵਾਰ ਨੂੰ ਪਾਲਿਸ਼ ਕਰਨ ਵਾਲਾ ਜਾਂ ਚਮਕਾਉਣ ਵਾਲਾ
ਪੱਥਰ, ਮੋਰਚਾ=ਜੰਗਾਲ, ਸਲਵਾੜ=ਜਿਵੇਂ ਸਾਰੇ ਜੱਟਾਂ ਲਈ 'ਜਟਵਾੜ'
ਕਿਹਾ ਜਾਂਦਾ ਹੈ ਉਵੇਂ ਸਾਰੇ 'ਸਿਆਲਾਂ' ਲਈ ਸਲਵਾੜ ਕਿਹਾ ਗਿਆ ਹੈ)

172. ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ, ਕਿਤੇ ਹੀਰ ਨੂੰ ਚਾ ਪਰਨਾਈਏ ਜੀ ।
ਆਖੋ ਰਾਂਝੇ ਨਾਲ ਵਿਵਾਹ ਦੇਸਾਂ, ਇੱਕੇ ਬੰਨੜੇ ਚਾ ਮੁਕਾਈਏ ਜੀ ।
ਹੱਥੀਂ ਆਪਣੀ ਕਿਤੇ ਸਾਮਾਨ ਕੀਚੇ, ਜਾਨ ਬੁਝ ਕੇ ਲੀਕ ਨਾ ਲਾਈਏ ਜੀ ।
ਭਾਈਆਂ ਆਖਿਆ ਚੂਚਕਾ ਇਹ ਮਸਲਤ, ਅਸੀਂ ਖੋਲ ਕੇ ਚਾ ਸੁਣਾਈਏ ਜੀ ।
ਵਾਰਿਸ ਸ਼ਾਹ ਫ਼ਕੀਰ ਪ੍ਰੇਮ ਸ਼ਾਹੀ, ਹੀਰ ਓਸ ਥੋਂ ਪੁਛ ਮੰਗਾਈਏ ਜੀ ।

(ਮਸਲਤ= ਮਸਲਹਤ,ਸਲਾਹ ਮਸ਼ਵਰਾ)

173. ਭਾਈਆਂ ਦਾ ਚੂਚਕ ਨੂੰ ਉੱਤਰ

ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ, ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ ।
ਕਿੱਥੋਂ ਰੁਲਦਿਆਂ ਗੋਲਿਆਂ ਆਇਆਂ ਨੂੰ, ਦੇਸੋ ਏਹ ਸਿਆਲਾਂ ਦੀਆਂ ਜਾਈਆਂ ਵੋ ।
ਨਾਲ ਖੇੜਿਆਂ ਦੇ ਇਹ ਸਾਕ ਕੀਚੇ, ਦਿੱਤੀ ਮਸਲਤ ਸਭਨਾਂ ਭਾਈਆਂ ਵੋ ।
ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ, ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ ।
ਵਾਰਿਸ ਸ਼ਾਹ ਅੰਗਿਆਰੀਆਂ ਭਖਦਿਆਂ ਭੀ, ਕਿਸੇ ਵਿੱਚ ਬਾਰੂਦ ਛੁਪਾਈਆਂ ਵੋ ।

(ਗੋਲਾ=ਨੌਕਰ)

174. ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ

ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ, ਕਰਨ ਮਿੰਨਤਾਂ ਚਾ ਅਹਿਸਾਨ ਕੀਚੈ ।
ਭਲੇ ਜਟ ਬੂਹੇ ਉੱਤੇ ਆ ਬੈਠੇ, ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੈ ।
ਅਸਾਂ ਭਾਈਆਂ ਇਹ ਸਲਾਹ ਦਿੱਤੀ, ਕਿਹਾ ਅਸਾਂ ਸੋ ਸਭ ਪਰਵਾਨ ਕੀਚੈ ।
ਅੰਨ ਧਨ ਦਾ ਕੁੱਝ ਵਸਾਹ ਨਾਹੀਂ, ਅਤੇ ਬਾਹਾਂ ਦਾ ਨਾ ਗੁਮਾਨ ਕੀਚੈ ।
ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ, ਲਖ ਬੇਟੀਆਂ ਚਾ ਕੁਰਬਾਨ ਕੀਚੈ ।
ਵਾਰਿਸ ਸ਼ਾਹ ਮੀਆਂ ਨਾਹੀਂ ਕਰੋ ਆਕੜ, ਫ਼ਰਊਨ ਜਿਹਿਆਂ ਵਲ ਧਿਆਨ ਕੀਚੈ ।

(ਫ਼ਰਔਨ=ਮਿਸਰ ਦੇ ਪੁਰਾਣੇ ਬਾਦਸ਼ਾਹ ਅਪਣੇ ਆਪ ਨੂੰ ਫ਼ਰਔਨ ਕਹਾਉਂਦੇ
ਸਨ । ਕੁਰਆਨ ਵਿੱਚ ਜਿਸ ਫ਼ਰਾਔਨ ਦਾ ਜਿਕਰ ਹੈ ਉਹਨੂੰ ਸਿਖਿਆ ਦੇਣ
ਅਤੇ ਉਹਦਾ ਮੁਕਾਬਲਾ ਕਰਨ ਲਈ ਹਜ਼ਰਤ ਮੂਸਾ ਨੂੰ ਭੇਜਿਆ ਗਿਆ ।ਮੂਸਾ
ਫ਼ਰਔਨ ਦੀ ਪਤਨੀ ਆਸੀਆ ਦੀ ਗੋਦ ਵਿੱਚ, ਉਹਦੇ ਸਾਹਮਣੇ ਪਲਦਾ ਸੀ ।
ਭਾਵੇਂ ਨਜੂਮੀਆਂ ਦੇ ਕਹੇ ਤੇ ਫ਼ਰਔਨ ਨੇ ਬਨੀ ਇਸਰਾਈਲ ਦੇ ਸਾਰੇ ਪੁੱਤਰ
ਮਾਰ ਦਿੱਤੇ ਸਨ ।ਜਦੋਂ ਮੂਸਾ ਨੇ ਫ਼ਰਔਨ ਨੂੰ ਰਬ ਦਾ ਸੁਨੇਹਾ ਦਿੱਤਾ ਤਾਂ ਉਹ
ਮੂਸਾ ਦਾ ਜਾਨੀ ਦੁਸ਼ਮਨ ਬਣ ਗਿਆ । ਜਦ ਹਜ਼ਰਤ ਮੂਸਾ ਬਨੀ ਇਸਰਾਈਲ
ਨੂੰ ਨਾਲ ਲੈ ਕੇ ਮਿਸਰ ਤੋਂ ਨਿਕਲਿਆ ਤਾਂ ਨੀਲ ਨਦੀ ਨੇ ਰੱਬ ਦੀ ਕੁਦਰਤ ਨਾਲ
ਉਹਨੂੰ ਪਾਰ ਜਾਣ ਲਈ ਰਸਤਾ ਦਿੱਤਾ ਅਤੇ ਮੂਸਾ ਰਾਜ਼ੀ ਅਤੇ ਸਲਾਮਤ ਪਾਰ ਹੋ
ਗਿਆ । ਫ਼ਰਔਨ ਅਤੇ ਉਹਦੀ ਫ਼ੌਜ ਮੂਸਾ ਦਾ ਪਿੱਛਾ ਕਰਦੀ ਨੀਲ ਨਦੀ ਵਿੱਚ
ਗਰਕ ਹੋ ਗਈ । ਅੱਜ ਵੀ ਕਾਹਰਾ ਸ਼ਹਿਰ ਦੇ ਅਜਾਇਬ ਘਰ ਵਿੱਚ ਫ਼ਰਔਨ ਦੀ
ਲਾਸ਼ ਰੱਖੀ ਦੱਸੀ ਜਾਂਦੀ ਹੈ)

175. ਚੂਚਕ ਨੇ ਪੈਂਚਾ ਨੂੰ ਸੱਦਣਾ

ਚੂਚਕ ਫੇਰ ਕੇ ਗੰਢ ਸੱਦਾ ਘੱਲੇ, ਆਵਣ ਚੌਧਰੀ ਸਾਰਿਆਂ ਚੱਕਰਾਂ ਦੇ ।
ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ, ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ ।
ਲਾਗੀਆਂ ਆਖਿਆ ਸੰਨ ਨੂੰ ਸੰਨ ਮਿਲਿਆ, ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ ।
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ, ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ ।
ਰਾਂਝੇ ਹੀਰ ਸੁਣਿਆ ਦਿਲਗੀਰ ਹੋਏ, ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ ।

(ਗੰਢ ਫੇਰੀ=ਸੁਨੇਹਾ ਭੇਜਿਆ, ਚੱਕਰਾਂ=ਪਿੰਡਾਂ,ਚੱਕਾਂ, ਬੱਕਰਾਂ=ਕਵਾਰੀਆਂ,
ਲੜਕੀਆਂ, ਠੱਕਰ=ਠਾਕਰ,, ਅੱਕਰਾਂ=ਵੈਰ,ਰੋਸਾ,ਨਰਾਜ਼ਗੀ)

176. ਖੇੜਿਆਂ ਨੂੰ ਵਧਾਈਆਂ

ਮਿਲੀ ਜਾਇ ਵਧਾਈ ਜਾਂ ਖੇੜਿਆਂ, ਨੂੰ ਲੁੱਡੀ ਮਾਰ ਕੇ ਝੁੰਮਰਾਂ ਘੱਤਦੇ ਨੀ ।
ਛਾਲਾਂ ਲਾਣ ਅਪੁੱਠੀਆਂ ਖੁਸ਼ੀ ਹੋਏ, ਲਾਇ ਮਜਲਸਾਂ ਖੇਡਦੇ ਵੱਤਦੇ ਨੀ ।
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ, ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ ।
ਵਾਰਿਸ ਸ਼ਾਹ ਦੀ ਸ਼ੀਰਨੀ ਵੰਡਿਆ ਨੇ, ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ ।

(ਝੁੰਮਰ=ਝੁੰਬਰ,ਇੱਕ ਨਾਚ, ਅਹਿਲ ਪਤ=ਇੱਜ਼ਤ ਵਾਲੇ)

177. ਹੀਰ ਦਾ ਮਾਂ ਨਾਲ ਕਲੇਸ਼

ਹੀਰ ਮਾਉਂ ਦੇ ਨਾਲ ਆ ਲੜਨ ਲੱਗੀ, ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ ।
ਕਦੋ ਮੰਗਿਆ ਮੁਣਸ ਮੈਂ ਆਖ ਤੈਨੂੰ, ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ ।
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ, ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ ।
ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ, ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ ।
ਚਾਇ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ, ਪਰੀ ਬਧੀਆ ਜੇ ਗਲ ਢੋਰੀਆਂ ਦੇ ।
ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ ।

(ਵਲਾ=ਪਰਦਾ, ਮਾੜੀ=ਮਹਿਲ, ਢੋਰ=ਪਸ਼ੂ, ਚੁਗ਼ਦ=ਉੱਲੂ)

178. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਦੀ ਰਾਂਝਿਆ ਕਹਿਰ ਹੋਇਆ, ਏਥੋਂ ਉਠ ਕੇ ਚਲ ਜੇ ਚੱਲਣਾ ਈ ।
ਦੋਨੋਂ ਉਠ ਕੇ ਲੰਮੜੇ ਰਾਹ ਪਈਏ, ਕੋਈ ਅਸਾਂ ਨੇ ਦੇਸ ਨਾ ਮੱਲਣਾ ਈ ।
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ, ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ ।
ਮਾਂ ਬਾਪ ਨੇ ਜਦੋਂ ਵਿਆਹ ਟੋਰੀ, ਕੋਈ ਅਸਾਂ ਦਾ ਵੱਸ ਨਾ ਚੱਲਣਾ ਈ ।
ਅਸੀਂ ਇਸ਼ਕੇ ਦੇ ਆਣ ਮੈਦਾਨ ਰੁਧੇ, ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ ।
ਵਾਰਿਸ ਸ਼ਾਹ ਜੇ ਇਸ਼ਕ ਫ਼ਿਰਾਕ ਛੁੱਟੇ, ਇਹ ਕਟਕ ਫਿਰ ਆਖ ਕਿਸ ਝੱਲਣਾ ਈ ।

(ਰੁੱਧੇ=ਰੁੱਝੇ,ਆ ਗਏ)

179. ਰਾਂਝੇ ਦਾ ਹੀਰ ਨੂੰ ਉੱਤਰ

ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ ।
ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ, ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ ।
ਠੱਗੀ ਨਾਲ ਤੂੰ ਮਝੀਂ ਚਰਾ ਲਈਆਂ, ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ ।
ਵਾਰਿਸ ਸ਼ਾਹ ਸਰਾਫ ਸਭ ਜਾਣਦੇ ਨੀ, ਐਬ ਖੋਟਿਆਂ ਭੰਨਿਆਂ ਰਾਲਿਆਂ ਦੇ ।

(ਕਿੜਾਂ=ਖਬਰਾਂ,ਵੈਰ, ਭੰਨਿਆਂ=ਤੋੜਿਆਂ, ਖੋਟਿਆਂ=ਨਕਲੀ, ਰਾਲਿਆਂ=ਰਲਾ
ਕੀਤੇ ਹੋਏ)

180. ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ ।
ਕੁੜੀਆਂ ਝੰਗ ਸਿਆਲ ਦੀਆਂ ਧੁੰਮਲਾ ਹੋ, ਸਭੇ ਪਾਸ ਰੰਝੇਟੇ ਦੇ ਆਈਆਂ ਨੇ ।
ਉਹਦੇ ਵਿਆਹ ਦੇ ਸਭ ਸਾਮਾਨ ਹੋਏ, ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ ।
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ, ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ ।
ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ, ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ ।
ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਸਭਾ ਗਲੋ ਗਲ ਚਾ ਗਵਾਈਆਂ ਨੇ ।
ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ, ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ ।
ਏਹੀ ਹੱਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ ।
ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਬੱਧੇ, ਅਤੇ ਖੇੜਿਆਂ ਘਰੀਂ ਵਧਾਈਆਂ ਨੇ ।
ਖਾ ਕਸਮ ਸੌਗੰਦ ਤੂੰ ਘੋਲ ਪੀਤੀ, ਡੋਬ ਸੁਟਿੱਉ ਪੂਰੀਆਂ ਪਾਈਆਂ ਨੇ ।
ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ, ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ ।
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ, ਮੇਰੇ ਬਾਬ ਤਕਦੀਰ ਲਿਖਾਈਆਂ ਨੇ ।
ਵਾਰਿਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ, ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ ।

(ਧੁੰਮਲਾ=ਇਕੱਠੀਆਂ ਹੋ ਕੇ)

181. ਰਾਂਝੇ ਦਾ ਉੱਤਰ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ, ਘੁਟ ਵੱਟ ਕੇ ਦੁਖੜਾ ਪੀਵਣਾ ਏਂ ।
ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ, ਖੇੜੀਂ ਹੀਰ ਸਿਆਲ ਨਾ ਜੀਵਣਾ ਏਂ ।
ਸਬਰ ਦਿਲਾਂ ਦੇ ਮਾਰ ਜਹਾਨ ਪੱਟਣ, ਉੱਚੀ ਕਾਸਨੂੰ ਅਸਾਂ ਬਕੀਵਣਾ ਏਂ ।
ਤੁਸੀਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ, ਨਿਹੁੰ ਲਾਵਣਾ ਨਿੰਮ ਦਾ ਪੀਵਣਾਂ ਏਂ ।
ਵਾਰਿਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ, ਉੱਚੀ ਬੋਲਿਆਂ ਨਹੀਂ ਵਹੀਵਣਾ ਏਂ ।

182. ਸਹੇਲੀਆਂ ਨੇ ਹੀਰ ਕੋਲ ਆਉਣਾ

ਰਲ ਹੀਰ ਤੇ ਆਈਆਂ ਫੇਰ ਸੱਭੇ, ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ ।
ਸੋਟਾ ਵੰਝਲੀ ਕੰਬਲੀ ਸੁਟ ਕੇ ਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ ।
ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ ।
ਅਸਾਂ ਏਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੁਣ ਚੱਲਿਆ ਈ ।
ਬੇਸਿਦਕ ਹੋਈਂਏ ਸਿਦਕ ਹਾਰਿਉਈ, ਤੇਰਾ ਸਿਦਕ ਈਮਾਨ ਹੁਣ ਹੱਲਿਆ ਈ ।
ਉਹਦਾ ਵੇਖਕੇ ਹਾਲ ਅਹਿਵਾਲ ਸਾਰਾ, ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ ।
ਹਾਏ ਹਾਏ ਮੁਠੀ ਫਿਰੇਂ ਠੱਗ ਹੈ ਨੀ, ਉਹਨੂੰ ਸੱਖਣਾ ਕਾਸ ਨੂੰ ਘਲਿਆ ਈ ।
ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ, ਸਕਲਾਤ ਦੇ ਬਈਆਂ ਨੂੰ ਚੱਲਿਆ ਈ ।
ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਥੱਲਿਆ ਈ ।

(ਸਕਲਾਤ=ਗੁਲਨਾਰੀ ਰੰਗ ਦੇ, ਬਈਆਂ=ਬਈਏ ਦਾ ਬਹੁ-ਵਚਨ,ਬਿਜੜੇ)

183. ਹੀਰ ਦਾ ਉੱਤਰ

ਹੀਰ ਆਖਿਆ ਓਸ ਨੂੰ ਕੁੜੀ ਕਰਕੇ, ਬੁੱਕਲ ਵਿੱਚ ਲੁਕਾ ਲਿਆਇਆ ਜੇ ।
ਮੇਰੀ ਮਾਉਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ ।
ਆਹਮੋਂ-ਸਾਮ੍ਹਣਾ ਆਇਕੇ ਕਰੇ ਝੇੜਾ, ਤੁਸੀਂ ਮੁਨਸਫ ਹੋਇ ਮੁਕਾਇਆ ਜੇ ।
ਜਿਹੜੇ ਹੋਣ ਸੱਚੇ ਸੋਈ ਛੁਟ ਜਾਸਣ, ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ ।
ਮੈਂ ਆਖ ਥੱਕੀ ਓਸ ਕਮਲੜੇ ਨੂੰ, ਲੈ ਕੇ ਉਠ ਚਲ ਵਕਤ ਘੁਸਾਇਆ ਜੇ ।
ਮੇਰਾ ਆਖਣਾ ਓਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ ।
ਵਾਰਿਸ ਸ਼ਾਹ ਮੀਆਂ ਇਹ ਵਕਤ ਘੁੱਥਾ, ਕਿਸੇ ਪੀਰ ਨੂੰ ਹੱਥ ਨਾ ਆਇਆ ਜੇ ।

(ਨਾ ਕੰਨ ਕੀਤਾ=ਨਾ ਮੰਨਿਆ, ਘੁੱਥਾ=ਬੀਤਿਆ)

184. ਰਾਂਝੇ ਦਾ ਹੀਰ ਕੋਲ ਆਉਣਾ

ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ, ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ ।
ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ, ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ ।
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ, ਅਸੀਂ ਦੇਖਣੇ ਆਈਆਂ ਮਾਈਆਂ ਨੀ ।
ਸੂਰਜ ਚੜ੍ਹੇਗਾ ਮਗ਼ਰਬੋ ਜਿਵੇਂ ਕਿਆਮਤ, ਤੌਬਾ ਤਰਕ ਕਰ ਕੁਲ ਬੁਰਾਈਆਂ ਨੀ ।
ਜਿਨ੍ਹਾਂ ਮੱਝੀਂ ਦਾ ਚਾਕ ਸਾਂ ਸਣੇ ਨੱਢੀ, ਸੋਈ ਖੇੜਿਆਂ ਦੇ ਹੱਥ ਆਈਆਂ ਨੀ ।
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ, ਹਿਕ ਧਾੜਵੀਆਂ ਦੇ ਅੱਗੇ ਲਾਈਆਂ ਨੀ ।
ਇਹ ਸਹੇਲੀਆਂ ਸਾਕ ਤੇ ਸੈਣ ਤੇਰੇ, ਸਭੇ ਮਾਸੀਆਂ ਫੁਫੀਆਂ ਤਾਈਆਂ ਨੀ ।
ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ, ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨੀ ।
ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ, ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ ।
ਵਾਰਿਸ ਸ਼ਾਹ ਅੱਲਾਹ ਨੂੰ ਸੌਂਪ ਹੀਰੇ, ਸਾਨੂੰ ਛੱਡ ਕੇ ਹੋਰ ਧਿਰ ਲਾਈਆਂ ਨੀ ।

(ਮਾਹੀੜੇ=ਰਾਂਝੇ ਨੂੰ, ਮਗ਼ਰਬ=ਪੱਛਮ, ਜ਼ਰਾਂ=ਜ਼ਰ ਦਾ ਬਹੁ-ਵਚਨ,ਦੌਲਤ)

185. ਖੇੜਿਆਂ ਦਾ ਬ੍ਰਾਹਮਣਾਂ ਤੋਂ ਸਾਹਾ ਕਢਾਉਣਾ

ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਤੋਂ, ਭਲੀ ਤਿੱਥ ਮਹੂਰਤ ਤੇ ਵਾਰ ਮੀਆਂ ।
ਨਾਵੇਂ ਸਾਵਣੋਂ ਰਾਤ ਸੀ ਵੀਰਵਾਰੀ, ਲਿਖ ਘਲਿਆ ਇਹ ਨਿਰਵਾਰ ਮੀਆਂ ।
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ, ਢਿਲ ਲਾਵਣੀ ਨਹੀਂ ਜ਼ਿਨਹਾਰ ਮੀਆਂ ।
ਓਥੇ ਖੇੜਿਆਂ ਪੁਜ ਸਾਮਾਨ ਕੀਤੇ, ਏਥੇ ਸਿਆਲ ਭੀ ਹੋਏ ਤਿਆਰ ਮੀਆਂ ।
ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ, ਪਏ ਗ਼ੈਬ ਦਾ ਕਟਕ ਕਿ ਧਾੜ ਮੀਆਂ ।
ਵਾਰਿਸ ਸ਼ਾਹ ਸਰਬਾਲੜਾ ਨਾਲ ਹੋਇਆ, ਹੱਥ ਤੀਰ ਕਾਨੀ ਤਲਵਾਰ ਮੀਆਂ ।

(ਸਾਹਾ ਸੁਧਾਇਆ=ਵਿਆਹ ਦੀ ਤਾਰੀਖ ਬਾਰੇ ਬਾਹਮਣਾਂ ਤੋਂ ਪਤਰੀ
ਖੁਲਵਾਈ, ਜ਼ਿਨਹਾਰ=ਬਿਲਕੁਲ)

186. ਸ਼ੀਰਨੀ ਦੀ ਤਿਆਰੀ

ਲੱਗੇ ਨੁਗਦੀਆਂ ਤਲਣ ਤੇ ਸ਼ਕਰ ਪਾਰੇ, ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ ।
ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ, ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ ।
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ, ਭਾਬੀ ਲਾਡਲੀ ਨਾਲ ਜਿਉਂ ਦਿਉਰਾਂ ਦੇ ।
ਕਲਾਕੰਦ ਮਖਾਣਿਆਂ ਸਵਾਦ ਮਿੱਠੇ, ਪਕਵਾਨ ਗੁੰਨ੍ਹੇ ਨਾਲ ਤਿਉਰਾਂ ਦੇ ।
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ, ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ ।

(ਮਿਠਾਈਆਂ=ਨੁਗਦੇ,ਸ਼ੱਕਰਪਾਰੇ,ਜਲੇਬ,ਗੁਲ ਬਹਿਸ਼ਤ,ਬੂੰਦੀ,ਲੱਡੂ,
ਟਿੱਕੀਆਂ,ਭੰਬਰੀ,ਮਿਊਰ,ਕਲਾਕੰਦ,ਮਖਾਣੇ, ਗਹਿਣੇ=ਟਿੱਕਾ,ਵਾਲੀਆਂ,
ਨੱਥ, ਹਮੇਲ, ਝਾਂਜਰ, ਬਾਜ਼ੂਬੰਦ,ਮਾਲਾ,ਨਿਉਰ)

187. ਤਥਾ

ਮੱਠੀ ਹੋਰ ਖਜੂਰ ਪਰਾਕੜੀ ਵੀ, ਭਰੇ ਖੌਂਚੇ ਨਾਲ ਸਮੋਸਿਆਂ ਦੇ ।
ਅੰਦਰਸੇ ਕਚੌਰੀਆਂ ਅਤੇ ਲੁੱਚੀ, ਵੜੇ ਖੰਡ ਦੇ ਖਿਰਨੀਆਂ ਖੋਸਿਆਂ ਦੇ ।
ਪੇੜੇ ਨਾਲ ਖ਼ਤਾਈਆਂ ਹੋਰ ਗੁਪਚੁੱਪ, ਬੇਦਾਨਿਆਂ ਨਾਲ ਪਲੋਸਿਆਂ ਦੇ ।
ਰਾਂਝਾ ਜੋੜ ਕੇ ਪਰ੍ਹੇ ਫ਼ਰਿਆਦ ਕਰਦਾ, ਦੇਖੋ ਖਸਦੇ ਸਾਕ ਬੇਦੋਸਿਆਂ ਦੇ ।
ਵਾਰਿਸ ਸ਼ਾਹ ਨਸੀਬ ਹੀ ਪੈਣ ਝੋਲੀ, ਕਰਮ ਢੈਣ ਨਾਹੀਂ ਨਾਲ ਝੋਸਿਆਂ ਦੇ ।

(ਖਸਦੇ=ਖੋਹ ਲੈਂਦੇ, ਝੋਸੇ=ਹਿਲੂਣੇ, ਢੈਣ ਨਾਹੀਂ=ਡਿਗਦੇ ਨਹੀਂ, ਬੇਦੋਸੇ=ਬੇਕਸੂਰ)

188. ਰੋਟੀ ਦਿੱਤੀ

ਮੰਡੇ ਮਾਸ ਚਾਵਲ ਦਾਲ ਦਹੀਂ ਧੱਗੜ, ਇਹ ਮਾਹੀਆਂ ਪਾਹੀਆਂ ਰਾਹੀਆਂ ਨੂੰ ।
ਸਭੋ ਚੂਹੜੇ ਚੱਪੜੇ ਰੱਜ ਥੱਕੇ, ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ ।
ਕਾਮੇ ਚਾਕ ਚੋਬਰ ਸੀਰੀ ਧੱਗੜਾਂ ਨੂੰ, ਦਹੀਂ ਰੋਟੀ ਦੇ ਨਾਲ ਭਲਾਹੀਆਂ ਨੂੰ ।
ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ, ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ ।

(ਧੱਗੜ=ਮੋਟੀ ਰੋਟੀ,ਰੋਟ, ਪਾਹੀਆਂ=ਦੂਜੇ ਪਿੰਡ ਦਾ ਮੁਜ਼ਾਰਾ)

189. ਫ਼ਰਿਆਦ ਰਾਂਝੇ ਦੀ

ਸਾਕ ਮਾੜਿਆਂ ਦੇ ਖੋਹ ਲੈਣ ਢਾਡੇ, ਅਣਪੁੱਜਦੇ ਉਹ ਨਾ ਬੋਲਦੇ ਨੇ ।
ਨਹੀਂ ਚਲਦਾ ਵਸ ਲਾਚਾਰ ਹੋ ਕੇ, ਮੋਏ ਸੱਪ ਵਾਂਙੂ ਵਿੱਸ ਘੋਲਦੇ ਨੇ ।
ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ ।
ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ, ਮਾੜੇ ਮਾੜਿਆਂ ਥੇ ਦੁੱਖ ਫੋਲਦੇ ਨੇ ।
ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ, ਮਾੜਾ ਕੰਗਲਾ ਝੂਠਾ ਕਰ ਟੋਰਦੇ ਨੇ ।
ਵਾਰਿਸ ਸ਼ਾਹ ਲੁਟਾਇੰਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ ।

(ਅਣਪੁਜਦੇ=ਗ਼ਰੀਬ, ਵਿਸ ਘੋਲਦੇ=ਖਿਝਦੇ, ਖ਼ੌਫ਼=ਡਰ)

190. ਚੌਲਾਂ ਦੀਆਂ ਕਿਸਮਾਂ

ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀਏ ਝੋਨੜੇ ਛੜੀਦੇ ਨੀ ।
ਬਾਸਮਤੀ ਮੁਸਾਫ਼ਰੀ ਬੇਗ਼ਮੀ ਸਨ, ਹਰਿਚੰਦ ਤੇ ਜ਼ਰਦੀਏ ਧਰੀਦੇ ਨੀ ।
ਸੱਠੀ ਕਰਚਕਾ ਸੇਉਲਾ ਘਰਤ ਕੰਟਲ, ਅਨੋਕੀਕਲਾ ਤੀਹਰਾ ਸਰੀ ਦੇ ਨੀ ।
ਬਾਰੀਕ ਸਫ਼ੈਦ ਕਸ਼ਮੀਰ ਕਾਬਲ, ਖ਼ੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ ।
ਗੁੱਲੀਆਂ ਸੁੱਚੀਆਂ ਨਾਲ ਖੋਹਰੀਆਂ ਦੇ, ਮੋਤੀ ਚੂਰ ਲੰਬੋਹਾਂ ਜੜੀਦੇ ਨੀ ।
ਵਾਰਿਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ, ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ ।

(ਗੁੱਲੀਆਂ=ਸੋਨਾ, ਸੱਠੀ=ਸੱਠਾ ਦਿਨਾਂ ਵਿੱਚ ਪੱਕਣ ਵਾਲਾ ਚੌਲ)

191. ਗਹਿਣਿਆਂ ਦੀ ਸਜਾਵਟ

ਕੰਙਣ ਨਾਲ ਜ਼ੰਜੀਰੀਆਂ ਪੰਜ ਮਣੀਆਂ, ਹਾਰ ਨਾਲ ਲੌਂਗੇਰ ਪੁਰਾਇਉ ਨੇ ।
ਤਰਗਾਂ ਨਾਲ ਕਪੂਰਾਂ ਦੇ ਜੁੱਟ ਸੁੱਚੇ, ਤੋੜੇ ਪਾਉਂਟੇ ਗਜਰੀਆਂ ਛਾਇਉ ਨੇ ।
ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੁਹਰ ਬਿਛੂਏ ਨਾਲ ਘੜਾਇਉ ਨੇ ।
ਸੋਹਣੀਆਂ ਅੱਲੀਆਂ ਪਾਨ ਪਾਜ਼ੇਬ ਪੱਖੇ, ਘੁੰਗਰਿਆਲੜੇ ਘੁੰਗਰੂ ਲਾਇਉ ਨੇ ।
ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲੀਆਂ, ਕਾਨ ਫੂਲ ਤੇ ਸੀਸ ਬਣਾਇਉ ਨੇ ।
ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ, ਸੋਈ ਖੱਟੜੇ ਚਾ ਪਵਾਇਉ ਨੇ ।

192. ਤਥਾ

ਅਸਕੰਦਰੀ ਨੇਵਰਾਂ ਬੀਰ-ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ ।
ਹਸ ਕੜੇ ਛੜਕੰਙਣਾ ਨਾਲ ਬੂਲਾਂ, ਵੱਧੀ ਡੋਲ ਮਿਆਂਨੜਾ ਧਾਰਿਆਂ ਨੇ ।
ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ, ਅਤੇ ਜੁਗਨੀ ਚਾ ਸਵਾਰਿਆ ਨੇ ।
ਬਾਂਕਾਂ ਚੂੜੀਆਂ ਮੁਸ਼ਕ-ਬਲਾਈਆਂ ਭੀ, ਨਾਲ ਮਛਲੀਆਂ ਵਾਲੜੋ ਸਾਰਿਆਂ ਨੇ ।
ਸੋਹਣੀ ਆਰਸੀ ਨਾਲ ਅੰਗੂਠੀਆਂ ਦੇ, ਇਤਰ-ਦਾਨ ਲਟਕਣ ਹਰਿਆਰਿਆ ਨੇ ।
ਦਾਜ ਘੱਤ ਕੇ ਤੌਂਕ ਸੰਦੂਕ ਬੱਧੇ, ਸੁਣੋ ਕੀ ਕੀ ਦਾਜ ਰੰਗਾਇਆ ਨੇ ।
ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਇਕ ਉਹ ਬਦਰੰਗ ਕਰਾਇਆ ਨੇ ।

(ਮਿਆਂਨੜਾ=ਸ਼ਰੀਫ ਲੋਕਾਂ ਦੀ ਪਰਦੇਦਾਰ ਪਾਲਕੀ)

193. ਕੱਪੜਿਆਂ ਦੀਆਂ ਭਾਂਤਾਂ

ਲਾਲ ਪੰਖੀਆਂ ਅਤੇ ਮਤਾਹ ਲਾਚੇ, ਖੰਨ ਰੇਸ਼ਮੀ ਖੇਸ ਸਲਾਰੀਆਂ ਨੇ ।
ਮਾਂਗ ਚੌਂਕ ਪਟਾਂਗਲਾਂ ਚੂੜੀਏ ਸਨ, ਬੂੰਦਾਂ ਅਤੇ ਪੰਜਦਾਣੀਆਂ ਸਾਰੀਆਂ ਨੇ ।
ਚੌਂਪ ਛਾਇਲਾਂ ਤੇ ਨਾਲ ਚਾਰ ਸੂਤੀ, ਚੰਦਾਂ ਮੋਰਾਂ ਦੇ ਬਾਨ੍ਹਣੂੰ ਛਾਰੀਆਂ ਨੇ ।
ਸਾਲੂ ਪੱਤਰੇ ਚਾਦਰਾਂ ਬਾਫਤੇ ਦੀਆਂ, ਨਾਲ ਭੋਛਣਾਂ ਦੇ ਫੁਲਕਾਰੀਆਂ ਨੇ ।
ਵਾਰਿਸ ਸ਼ਾਹ ਚਿਕਨੀ ਸਿਰੋਪਾਉ ਖ਼ਾਸੇ, ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ ।

(ਬਾਫ਼ਤਾ=ਕਸੂਰ ਵਿੱਚ ਬੁਣਿਆ ਕੱਪੜਾ, ਭੋਛਣਾਂ=ਪੁਸ਼ਾਕਾਂ)

194. ਦਾਜ ਦਾ ਸਾਮਾਨ

ਲਾਲ ਘੱਗਰੇ ਕਾਢਵੇਂ ਨਾਲ ਮਸ਼ਰੂ, ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ ।
ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ, ਕੀਮਖ਼ਾਬ ਤੇ ਚੁੰਨੀਆਂ ਪੀਲੜੇ ਨੇ ।
ਬੋਕ ਬੰਦ ਤੇ ਅੰਬਰੀ ਬਾਦਲਾ ਸੀ, ਜ਼ਰੀ ਖ਼ਾਸ ਚੌਤਾਰ ਰਸੀਲੜੇ ਨੀ ।
ਚਾਰਖ਼ਾਨੀਏ ਡੋਰੀਏ ਮਲਮਲਾਂ ਸਨ, ਚੌਂਪ ਛਾਇਲਾਂ ਨਿਪਟ ਸੁਖੀਲੜੇ ਨੀ ।
ਇਲਾਹ ਤੇ ਜਾਲੀਆਂ ਝਿੰਮੀਆਂ ਸਨ, ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ ।
ਵਾਰਿਸ ਸ਼ਾਹ ਦੋ ਓਢਣੀਆਂ ਹੀਰ ਰਾਂਝਾ, ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ ।

(ਮਸ਼ਰੂ=ਮਸ਼ਰੂਹ,ਸ਼ਰ੍ਹਾ ਅਨੁਸਾਰ, ਬੋਕ ਬੰਦ=ਕੀਮਤੀ ਕੱਪੜੇ ਢੱਕਣ ਲਈ
ਗਿਲਾਫ, ਝੰਮੀ=ਜ਼ਨਾਨਾ ਦੁਸ਼ਾਲਾ, ਨਿਪਟ ਸੁਖੇਲੜਾ=ਪੂਰਾ ਆਰਾਮ, ਬੁਰੇ
ਹੀਲੜੇ=ਮੰਦੇ ਹਾਲ)

195. ਭਾਂਡਿਆਂ ਦੀ ਸਜਾਵਟ

ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ, ਲੋਹ ਕੜਛ ਦੇ ਨਾਲ ਕੜਾਹੀਆਂ ਦੇ ।
ਕੌਲ ਨਾਲ ਸਨ ਬੁਗੁਣੇ ਸਨ ਤਬਲਬਾਜ਼ਾਂ, ਕਾਬ ਅਤੇ ਪਰਾਤ ਬਰਵਾਹੀਆਂ ਦੇ ।
ਚਮਚੇ ਬੇਲੂਏ ਵੱਧਣੇ ਦੇਗਚੇ ਭੀ, ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ ।
ਪਟ ਉਣੇ ਪਟੇਹੜਾਂ ਦਾਜ ਰੱਤੇ, ਜਿਗਰ ਪਾਟ ਗਏ ਵੇਖ ਕੇ ਰਾਹੀਆਂ ਦੇ ।
ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ, ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ ।
ਦੇਗਾਂ ਖਿਚਦੇ ਘਤ ਜ਼ੰਜੀਰ ਰੱਸੇ, ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ ।
ਵਾਰਿਸ ਸ਼ਾਹ ਮੀਆਂ ਚਾਉ ਵਿਆਹ ਦਾ ਸੀ, ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ ।

(ਬੁਗੁਣਾ=ਤੰਗ ਮੂੰਹ ਵਾਲਾ ਭਾਂਡਾ, ਕਾਬ=ਥਾਲੀ, ਤਾਸ=ਕਟੋਰੇ)

196. ਸਿਆਲਾਂ ਦਾ ਮੇਲ

ਡਾਰਾਂ ਖ਼ੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ, ਹੂਰ ਪਰੀ ਦੇ ਹੋਸ਼ ਗਵਾਉਂਦੀਆਂ ਨੇ ।
ਲਖ ਜੱਟੀਆਂ ਮੁਸ਼ਕ ਲਪੇਟੀਆਂ ਨੇ, ਅੱਤਣ ਪਦਮਣੀ ਵਾਂਗ ਸੁਹਾਉਂਦੀਆਂ ਨੇ ।
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ, ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ ।
ਉੱਤੇ ਭੋਛਣ ਸਨ ਪੰਜ ਟੂਲੀਏ ਦੇ, ਅਤੇ ਲੁੰਗੀਆਂ ਤੇੜ ਝਨਾਉੁਂ ਦੀਆਂ ਨੇ ।
ਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ, ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇ ।
ਪਰੀਜ਼ਾਦ ਜਟੇਟੀਆਂ ਨੈਣ ਖ਼ੂਨੀਂ ਨਾਲ, ਹੇਕ ਮਹੀਨ ਦੇ ਗਾਉਂਦੀਆਂ ਨੇ ।
ਨਾਲ ਆਰਸੀ ਮੁਖੜਾ ਵੇਖ ਸੁੰਦਰ, ਖੋਲ੍ਹ ਆਸ਼ਕਾਂ ਨੂੰ ਤਰਸਾਉਂਦੀਆਂ ਨੇ ।
ਇਕ ਖੋਲ੍ਹ ਕੇ ਚਾਦਰਾਂ ਕੱਢ ਛਾਤੀ, ਉਪਰਵਾੜਿਉਂ ਝਾਤੀਆਂ ਪਾਉਂਦੀਆਂ ਨੇ ।
ਇੱਕ ਵਾਂਗ ਬਸਾਤੀਆਂ ਕੱਢ ਲਾਟੂ, ਵੀਰਾਰਾਧ ਦੀ ਨਾਫ਼ ਵਿਖਾਉਂਦੀਆਂ ਨੇ ।
ਇੱਕ ਤਾੜੀਆਂ ਮਾਰਦੀਆਂ ਨੱਚਦੀਆਂ ਨੇ, ਇੱਕ ਹੱਸਦੀਆਂ ਘੋੜੀਆਂ ਗਾਉਂਦੀਆਂ ਨੇ ।
ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ, ਇੱਕ ਰਾਹ ਵਿੱਚ ਦੋਹਰੜੇ ਲਾਉਂਦੀਆਂ ਨੇ ।
ਇਕ ਆਖਦੀਆਂ ਮੋਰ ਨਾ ਮਾਰ ਮੇਰਾ, ਇਕ ਵਿਚ ਮਮੋਲੜਾ ਗਾਉਂਦੀਆਂ ਨੇ ।
ਵਾਰਿਸ ਸ਼ਾਹ ਜਿਉਂ ਸ਼ੇਰ ਗੜ੍ਹ ਪਟਣ ਮੱਕੇ, ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ ।

(ਖ਼ੂਬਾਂ=ਸੁਹਣਿਆਂ, ਅੱਤਣ=ਉਹ ਥਾਂ ਜਿੱਥੇ ਸਾਰੀਆਂ ਕੁੜੀਆਂ ਖੇਡਣ ਲਈ
ਇਕੱਠੀਆਂ ਹੁੰਦੀਆਂ ਹਨ, ਸਨਾਤ=ਨੀਚ ਜ਼ਾਤ, ਆਰਸੀ=ਸ਼ੀਸ਼ਾ, ਲਾਟੂ=ਛਾਤੀਆਂ
ਤੇ ਜੋਬਨ ਦਾ ਉਭਾਰ, ਬਸਾਤੀ=ਮੁਨਿਆਰ, ਨਾਫ਼=ਧੁੰਨੀ)

197. ਤਥਾ

ਜਿਵੇਂ ਲੋਕ ਨਗਾਹੇ ਤੇ ਰਤਨ ਹਾਜੀ, ਢੋਲ ਮਾਰਦੇ ਤੇ ਰੰਗ ਲਾਂਵਦੇ ਨੇ ।
ਭੜਥੂ ਮਾਰ ਕੇ ਫੁਮਣੀਆਂ ਘੱਤਦੇ ਨੇ, ਇੱਕ ਆਂਵਦੇ ਤੇ ਇੱਕ ਜਾਂਵਦੇ ਨੇ ।
ਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇ, ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ ।
ਵਾਰਿਸ ਸ਼ਾਹ ਦਾ ਚੂਰਮਾ ਕੁਟ ਕੇ ਤੇ, ਦੇ ਫ਼ਾਤਿਹਾ ਵੰਡ ਵੰਡਾਂਵਦੇ ਨੇ ।

198. ਖੇੜਿਆਂ ਦੀ ਜੰਞ ਦੀ ਚੜ੍ਹਤ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ, ਚੜ੍ਹੇ ਗਭਰੂ ਡੰਕ ਵਜਾਇ ਕੇ ਜੀ ।
ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ, ਦਾਰੂ ਪੀ ਕੇ ਧਰਗ ਵਜਾਇਕੇ ਜੀ ।
ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ, ਲੂਹਲਾਂ ਹੋਰ ਹਮੇਲ ਛਣਕਾਇਕੇ ਜੀ ।
ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ, ਵਿੱਚ ਕਲਗੀਆਂ ਜਿਗਾ ਲਗਾਇਕੇ ਜੀ ।
ਸਿਹਰੇ ਫੁੱਲਾਂ ਦੇ ਤੁੱਰਿਆਂ ਨਾਲ ਲਟਕਣ, ਟਕੇ ਦਿੱਤੇ ਨੀ ਲਖ ਲੁਟਾਇਕੇ ਜੀ ।
ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ, ਅਤੇ ਡੂਮ ਸਰੋਦ ਵਜਾਇਕੇ ਜੀ ।
ਕਸ਼ਮੀਰੀ ਤੇ ਦਖਣੀ ਨਾਲ ਵਾਜੇ, ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀ ।
ਵਾਰਿਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾ, ਸੋਇਨ ਸਿਹਰੇ ਬੰਨ੍ਹ ਬੰਨ੍ਹਾਇਕੇ ਜੀ ।

(ਪਾਖਰਾਂ=ਲੜਾਈ ਵਿੱਚ ਘੋੜੇ ਤੇ ਪਾਉਣ ਵਾਲੀ ਲੋਹੇ ਦੀ ਪੁਸ਼ਾਕ, ਸਾਖਤ=
ਘੋੜੇ ਦੀ ਪੂਛ ਤੇ ਪਾਉਣ ਵਾਲਾ ਸਾਜ਼, ਜਿਗਾ=ਪਗੜੀ ਉਤੇ ਲਾਉਣ ਵਾਲਾ
ਗਹਿਣਾ, ਭਗਤੀਏ=ਨੱਚਣ ਵਾਲੇ,ਰਾਸਧਾਰੀਏ, ਭੇਰੀ=ਬਿਗਲ ਵਜਾਉਣ ਵਾਲਾ)

199. ਆਤਿਸ਼ਬਾਜ਼ੀ

ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ, ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂ ।
ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ, ਤਾੜ ਤਾੜ ਪਟਾਕਿਆਂ ਪਾ ਮੀਆਂ ।
ਸਾਵਨ ਭਾਦੋਂ ਕਮਚੀਆਂ ਨਾਲ ਚਹਿਕੇ, ਟਿੰਡ ਚੂਹਿਆਂ ਦੀ ਕਰੇ ਤਾ ਮੀਆਂ ।
ਮਹਿਤਾਬੀਆਂ ਟੋਟਕੇ ਚਾਦਰਾਂ ਸਨ, ਦੇਵਣ ਚੱਕੀਆਂ ਵੱਡੇ ਰਸਾ ਮੀਆਂ ।

(ਰਸਾ=ਸੁਆਦ)

200. ਖੇੜੇ ਜੰਞ ਲੈ ਕੇ ਢੁੱਕੇ

ਮਿਲੇ ਮੇਲ ਸਿਆਲਣਾਂ ਜੰਜ ਆਂਦੀ, ਲੱਗੀਆਂ ਸੌਣ ਸੁਪੱਤ ਕਰਾਵਣੇ ਨੂੰ ।
ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀਂ, ਅਤੇ ਖਡੁੱਕਣੇ ਨਾਲ ਖਿਡਾਵਣੇ ਨੂੰ ।
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਣੇ ਨੂੰ ।
ਭਰੀ ਘੜੀ-ਘੜੋਲੀ ਤੇ ਕੁੜੀ ਨ੍ਹਾਤੀ, ਆਈਆਂ ਫੇਰ ਨਿਕਾਹ ਪੜ੍ਹਾਵਣੇ ਨੂੰ ।
ਮੌਲੀ ਨਾਲ ਚਾ ਕੱਛਿਆ ਗੱਭਰੂ ਨੂੰ, ਰੋੜੀ ਲੱਗੀਆਂ ਆਣ ਖਵਾਵਣੇ ਨੂੰ ।
ਵਾਰਿਸ ਸ਼ਾਹ ਵਿਆਹ ਦੇ ਗੀਤ ਮਿੱਠੇ, ਕਾਜ਼ੀ ਆਇਆ ਮੇਲ ਮਿਲਾਵਣੇ ਨੂੰ ।

(ਸੌਣ ਸੁਪਤ=ਇਸ ਭਾਂਤ ਦੀ ਸੌਗੰਧ ਜਿਹਦੇ ਵਿੱਚ ਵਿਆਹੰਦੜ ਵਚਨ
ਦਿੰਦਾ ਹੈ ਕਿ ਉਹ ਆਪਣੀ ਵਿਆਹੀ ਜਾਣ ਵਾਲੀ ਸਾਥਣ ਤੋਂ ਬਗੈਰ
ਹੋਰ ਹਰ ਇਸਤਰੀ ਨੂੰ ਆਪਣੀ ਮਾਂ, ਭੈਣ ਜਾਂ ਪੁੱਤਰੀ ਸਮਝੇਗਾ,
ਖਡੁੱਕਣੇ=ਵਿਆਹ ਦੀ ਰਸਮ ਜਿਹਦੇ ਵਿੱਚ ਕੁੜੀਆਂ ਆਟੇ ਦੀਆਂ
ਖੇਡਾਂ ਬਣਾ ਕੇ ਲਾੜੇ ਤੋਂ ਲਾਗ ਲੈਂਦੀਆਂ ਹਨ, ਰੋੜੀ=ਗੁੜ, ਘੜੀ-
ਘੜੋਲੀ=ਵਿਆਹ ਦੀ ਇੱਕ ਰਸਮ ਜਿਹਦੇ ਵਿੱਚ ਕੁੜੀਆਂ ਲਾੜੇ
ਲਾੜੀ ਨੂੰ ਖੂਹ ਵਿੱਚੋਂ ਪਾਣੀ ਦੇ ਡੋਲ ਖਿੱਚਣ ਲਈ ਕਹਿੰਦੀਆਂ
ਅਤੇ ਇੱਕ ਘੜਾ ਭਰਨ ਲਈ ਆਖਦੀਆਂ ਹਨ)

201. ਤਥਾ

ਭੇਟਕ ਮੰਗਦੀਆਂ ਸਾਲੀਆਂ ਚੀਚ ਛੱਲਾ, ਦੁਧ ਦੇ ਅਣਯਧੜੀ ਚਿੜੀ ਦਾ ਵੇ ।
ਦੁਧ ਦੇ ਗੋਹੀਰੇ ਦਾ ਚੋ ਜੱਟਾ, ਨਾਲੇ ਦੱਛਣਾ ਖੰਡ ਦੀ ਪੁੜੀ ਦਾ ਵੇ ।
ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ, ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ ।
ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ ।
ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ, ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ ।
ਇੱਕ ਮੁਨਸ ਕਸੀਰੇ ਦਾ ਖਰੀ ਮੰਗੇ, ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ ।
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ, ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ ।
ਵਾਰਿਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ, ਜਿਵੇਂ ਫੁਲ ਗੁਲਾਬ ਖਿੜੀ ਦਾ ਵੇ ।

(ਭੇਟਕ=ਭੇਟਾ, ਗੁਹੀਰਾ=ਜੰਗਲ ਵਿੱਚ ਖੁੱਡਾਂ ਦੇ ਵਿੱਚ ਰਹਿਣ ਵਾਲਾ
ਜ਼ਹਿਰੀਲਾ ਗਿਰਗਟ, ਕਿੱਕਰਾਂ=ਕਿਵੇਂ, ਪਹੁੰਚਾ=ਪੈਰ, ਕਸੀਰੇ ਦਾ ਮੁਨਸ=
ਨਿਕੰਮਾ ਆਦਮੀ, ਖਰੀ=ਵਧੀਆ,ਸ਼ੁੱਧ, ਵਰੀ=ਲਾੜੇ ਵਾਲੇ ਪਾਸੇ ਵੱਲੋਂ
ਲਾੜੀ ਲਈ ਲਿਆਂਦੇ ਕੱਪੜੇ ਅਤੇ ਗਹਿਣੇ ਆਦਿ)

202. ਸੈਦਾ

ਅਨੀ ਸੋਹਣੀਏ ਛੈਲ ਮਲੂਕ ਕੁੜੀਏ, ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ ।
ਸਈਆਂ ਤਿੰਨ ਸੌ ਸੱਠ ਬਲਕੀਸ ਰਾਣੀ, ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ ।
ਚੜ੍ਹਿਆ ਸਾਵਣ ਤੇ ਬਾਗ਼ ਬਹਾਰ ਹੋਈ, ਦਭ ਕਾਹ ਸਰਕੜਾ ਖਿੜੀ ਦਾ ਨੀ ।
ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ, ਇਹ ਲੈ ਦੁਧ ਅਣਯਧੜੀ ਚਿੜੀ ਦਾ ਨੀ ।
ਦੁਧ ਲਿਆ ਗੋਹੀਰੇ ਦਾ ਚੋ ਕੁੜੀਏ, ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ ।
ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ, ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ ।
ਖੰਡ ਪੁੜੀ ਦੀ ਦੱਛਣਾ ਦਿਆਂ ਤੈਨੂੰ, ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ ।
ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ, ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ ।
ਕੋਟ ਨਦੀ ਵਿੱਚ ਲੈ ਸਣੇ ਲੌਂਗ ਮੰਜਾ, ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ ।
ਇੱਕ ਗੱਲ ਭੁੱਲੀ ਮੇਰੇ ਯਾਦ ਆਈ, ਰੋਟ ਸੁਖਿਆ ਪੀਰ ਦਾ ਧੜੀ ਦਾ ਨੀ ।
ਬਾਝ ਬਲਦਾਂ ਦੇ ਖੂਹ ਭਜਾ ਦਿੱਤਾ, ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ ।
ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ, ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ ।
ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ, ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ ।
ਅਸਾਂ ਭਾਲ ਕੇ ਸਾਰਾ ਜਹਾਨ ਆਂਦਾ, ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ ।
ਇੱਕ ਚਾਕ ਦੀ ਭੈਣ ਤੇ ਤੁਸੀਂ ਸੱਭੇ, ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ ।
ਵਾਰਿਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ, ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ ।

(ਝੇੜ=ਝਗੜਾ, ਪਿੜੀ=ਬਾਂਸ ਦੀ ਛੋਟੀ ਜਹੀ ਪਟਾਰੀ, ਢੰਗਾ ਪਾ ਕੇ=ਜੁਟ
ਪਾ ਕੇ, ਖੰਡ ਪੁੜੀ=ਸੁਹਾਗ ਪਟਾਰੀ, ਕੋਟ ਨਦੀ ਵਿੱਚ=ਨਦੀ ਦੇ ਵਿਚਾਲੇ ਸੁੱਕੀ
ਥਾਂ, ਧੜੀ=ਜਿਹਦਾ ਭਾਰ ਇੱਕ ਧੜੀ ਹੋਵੇ, ਚੰਨ ਪਰਵਾਰ=ਅਸਮਾਨ ਵਿੱਚ ਚੰਦ
ਦੁਆਲੇ ਚਾਨਣ ਦਾ ਇੱਕ ਚੱਕਰ)

203. ਕਾਜ਼ੀ ਨਾਲ ਹੀਰ ਦੇ ਸਵਾਲ ਜਵਾਬ

ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ, ਨੱਢੀ ਵਿਹਰ ਬੈਠੀ ਨਹੀਂ ਬੋਲਦੀ ਹੈ ।
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ, ਮਾਉਂ ਕੁਫ਼ਰ ਤੇ ਗ਼ੈਬ ਕਿਉਂ ਤੋਲਦੀ ਹੈ ।
ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ, ਪਈ ਜਾਨ ਗ਼ਰੀਬ ਦੀ ਡੋਲਦੀ ਹੈ ।
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ, ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ ।
ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ, ਸੁੰਞੀ ਮਾਉਂ ਕਿਉਂ ਛਾਹ ਨੂੰ ਰੋਲਦੀ ਹੈ ।
ਵਾਰਿਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ, ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ ।

(ਵਿਹਰ ਬੈਠਣਾ=ਬਾਗ਼ੀ ਹੋ ਜਾਣਾ, ਨਜ਼੍ਹਾ=ਮਰਨ ਕੰਢਾ, ਛਾਹ=ਲੱਸੀ,
ਮੇਉ=ਮੱਛੀਆਂ ਫੜਨ ਵਾਲਾ)

204. ਕਾਜ਼ੀ

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ, ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਣਾ ਈ ।
ਬਾਅਦ ਮੌਤ ਦੇ ਨਾਲ ਈਮਾਨ ਹੀਰੇ, ਦਾਖ਼ਲ ਵਿੱਚ ਬਹਿਸ਼ਤ ਦੇ ਥੀਵਣਾ ਈ ।
ਨਾਲ ਜ਼ੌਕ ਦੇ ਸ਼ੌਕ ਦਾ ਨੂਰ ਸ਼ਰਬਤ ਵਿੱਚ ਜੰਨਤੁਲ-ਅਦਨ ਦੇ ਪੀਵਣਾ ਈ ।
ਚਾਦਰ ਨਾਲ ਹਿਆ ਦੇ ਸਤਰ ਕੀਜੇ, ਕਾਹ ਦਰਜ਼ ਹਰਾਮ ਦੀ ਸੀਵਣਾ ਈ ।

(ਇਰਸ਼ਾਦ ਕੀਤਾ=ਹੁਕਮ ਦਿੱਤਾ,ਕਿਹਾ, ਜੰਨਤੁਲ-ਅਦਨ=ਬਹਿਸ਼ਤ,
ਹਿਆ=ਸ਼ਰਮ, ਸਤਰ=ਪਰਦਾ ਦਰਜ਼=ਛੋਟੀ ਜਹੀ ਕਾਤਰ, ਕਾਹ=ਕਿਉਂ)

205. ਹੀਰ

ਹੀਰ ਆਖਦੀ ਜੀਵਣਾ ਭਲਾ ਸੋਈ, ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ ।
ਸਭੋ ਜੱਗ ਫ਼ਾਨੀ ਹਿੱਕੋ ਰਬ ਬਾਕੀ, ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ ।
'ਕੁਲੇ ਸ਼ੈਹਇਨ ਖ਼ਲਕਨਾ ਜ਼ੋਜਈਨੇ', ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ ।
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ, ਲੌਹ ਕਲਮ ਤੇ ਜ਼ਿਮੀਂ ਆਸਮਾਨ ਮੀਆਂ ।

(ਕੁੱਲੇ ਸ਼ੈਹਇਨ ਖ਼ਲਕਨਾ ਜ਼ੋਜਈਨ=(ਕੁਰਾਨ ਮਜੀਦ ਵਿੱਚੋਂ) ਅਸੀਂ ਹਰ ਇੱਕ
ਚੀਜ਼ ਦੇ ਜੋੜੇ ਬਣਾਏ ਹਨ, ਧਉਲ=ਧਰਤੀ ਹੇਠਲਾ ਬਲਦ, ਬਾਸ਼ਕ=ਸੱਪ)

206. ਕਾਜ਼ੀ

ਜੋਬਨ ਰੂਪ ਦਾ ਕੁੱਝ ਵਸਾਹ ਨਾਹੀਂ, ਮਾਨ ਮੱਤੀਏ ਮੁਸ਼ਕ ਪਲੱਟੀਏ ਨੀ ।
ਨਬੀ ਹੁਕਮ ਨਕਾਹ ਫਰਮਾ ਦਿੱਤਾ, 'ਫ਼ਇਨਕਿਹੂ' ਮਨ ਲੈ ਜੱਟੀਏ ਨੀ ।
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ, ਜੜ੍ਹ ਕੁਫ਼ਰ ਦੀ ਜੀਉ ਤੋਂ ਪੱਟੀਏ ਨੀ ।
ਜਿਹੜੇ ਛਡ ਹਲਾਲ ਹਰਾਮ ਤੱਕਣ, ਵਿੱਚ ਹਾਵੀਏ ਦੋਜ਼ਖੇ ਸੱਟੀਏ ਨੀ ।
ਖੇੜਾ ਹੱਕ ਹਲਾਲ ਕਬੂਲ ਕਰ ਤੂੰ, ਵਾਰਿਸ ਸ਼ਾਹ ਬਣ ਬੈਠੀਏਂ ਵਹੁਟੀਏ ਨੀ ।

('ਰੱਬ ਫ਼ਇਨ ਕਿਹੂ'=ਰੱਬ ਨੇ ਫ਼ੁਰਮਾਇਆ ਹੈ ਕਿ ਔਰਤਾਂ ਦਾ ਨਿਕਾਹ ਕਰੋ)

207. ਹੀਰ

ਕਲੂਬੁਲ-ਮੋਮਨੀਨ ਅਰਸ਼ ਅੱਲਾਹ ਤਾਲ੍ਹਾ, ਕਾਜ਼ੀ ਅਰਸ਼ ਖੁਦਾਇ ਦਾ ਢਾਹ ਨਾਹੀਂ ।
ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ, ਓਥੇ ਖੇੜਿਆਂ ਦੀ ਕੋਈ ਵਾਹ ਨਾਹੀਂ ।
ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ, ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ ।
ਜਿਸ ਜੀਵਣੇ ਕਾਨ ਈਮਾਨ ਵੇਚਾਂ, ਏਹਾ ਕੌਣ ਜੋ ਅੰਤ ਫ਼ਨਾਹ ਨਾਹੀਂ ।
ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ, ਅਤੇ ਲੁੱਧੜਾਂ ਵਿੱਚ ਬਾਦਸ਼ਾਹ ਨਾਹੀਂ ।
ਵਾਰਿਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ, ਨਾਲ ਅਹਿਲ-ਤਰੀਕਤਾਂ ਰਾਹ ਨਾਹੀਂ ।

(ਹਾਵੀਆ=ਦੋਜ਼ਖ ਭਾਵ ਨਰਕ ਦਾ ਸਾਰਿਆਂ ਤੋਂ ਔਖਾ ਹਿੱਸਾ, ਕਲੂਬੁਲਮੋਮਨੀਨ=
ਰੱਬ, ਚਾੜ੍ਹ ਲਾਹ=ਉਤਰਨਾ ਚੜ੍ਹਨਾ, ਕਾਨ=ਕਾਰਨ, ਅਹਿਲੇ ਤਰੀਕਤ=ਤਰੀਕਤ
ਵਾਲੇ, ਕਮਾਲ=ਖ਼ੂਬੀ,ਪੂਰਣਤਾ)

208. ਕਾਜ਼ੀ

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ, ਕਰਾਂ ਉਮਰ ਖ਼ਿਤਾਬ ਦਾ ਨਿਆਉਂ ਹੀਰੇ ।
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ, ਕੋਈ ਵੇਖਸੀ ਪਿੰਡ ਗਿਰਾਉਂ ਹੀਰੇ ।
ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ, ਛੱਡ ਚਾਕ ਰੰਝੇਟੇ ਦਾ ਨਾਉਂ ਹੀਰੇ ।
ਅੱਖੀਂ ਮੀਟ ਕੇ ਵਕਤ ਲੰਘਾ ਮੋਈਏ, ਇਹ ਜਹਾਨ ਹੈ ਬੱਦਲਾਂ ਛਾਉਂ ਹੀਰੇ ।
ਵਾਰਿਸ ਸ਼ਾਹ ਹੁਣ ਆਸਰਾ ਰਬ ਦਾ ਹੈ, ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ ।

(ਵਿੱਟਰੇ=ਨਰਾਜ਼ ਹੋਏ, ਉਮਰ ਖ਼ਿਤਾਬ= ਮੁਸਲਮਾਨਾਂ ਦੇ ਦੂਜੇ ਖਲੀਫ਼ਾ,
ਇਨ੍ਹਾਂ ਨੇ 634 ਤੋਂ 644 ਈ ਤੱਕ ਖਿਲਾਫ਼ਤ ਕੀਤੀ । ਇਹ ਇਨਸਾਫ਼
ਲਈ ਮਸ਼ਹੂਰ ਹਨ)

209. ਹੀਰ

ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ, ਬੁਰੀ ਬਾਣ ਹੈ ਤਿਨ੍ਹਾਂ ਹਤਿਆਰਿਆਂ ਨੂੰ ।
ਨਿਤ ਸ਼ਹਿਰ ਦੇ ਫ਼ਿਕਰ ਗ਼ਲਤਾਨ ਰਹਿੰਦੇ, ਏਹੋ ਸ਼ਾਮਤਾਂ ਰੱਬ ਦਿਆਂ ਮਾਰਿਆਂ ਨੂੰ ।
ਖਾਵਣ ਵੱਢੀਆਂ ਨਿਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ ।
ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ, ਕੇਹਾ ਦੋਸ ਹੈ ਅਸਾਂ ਵਿਚਾਰਿਆਂ ਨੂੰ ।
ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ ।

(ਰਲੇ=ਆਪੋ ਵਿੱਚ ਮਿਲੇ, ਬਾਣ=ਆਦਤ, ਗ਼ੁਲਤਾਨ=ਫਸੇ ਹੋਏ)

210. ਕਾਜ਼ੀ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ, ਤੱਕਣ ਨਜ਼ਰ ਹਰਾਮ ਦੀ ਮਾਰੀਅਨਗੇ ।
ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ, ਓਥੇ ਪਾਪ ਤੇ ਪੁੰਨ ਨਵਾਰੀਅਨਗੇ ।
ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ, ਘੱਤ ਅੱਗ ਦੇ ਵਿੱਚ ਨਘਾਰੀਅਨਗੇ ।
ਕੂਚ ਵਕਤ ਨਾ ਕਿਸੇ ਹੈ ਸਾਥ ਰਲਣਾ, ਖ਼ਾਲੀ ਦਸਤ ਤੇ ਜੇਬ ਭੀ ਝਾੜੀਅਨਗੇ ।
ਵਾਰਿਸ ਸ਼ਾਹ ਇਹ ਉਮਰ ਦੇ ਲਾਲ ਮੁਹਰੇ, ਇੱਕ ਰੋਜ਼ ਨੂੰ ਆਕਬਤ ਹਾਰੀਅਨਗੇ ।

(ਨਵਾਰੀਅਨਗੇ=ਪੜਤਾਲ ਕਰਨਗੇ, ਆਕਬਤ=ਅੰਤ,ਮਰਨ ਪਿੱਛੋਂ)

211. ਹੀਰ

'ਕਾਲੂ-ਬਲਾ' ਦੇ ਦਿੰਹੁ ਨਿਕਾਹ ਬੱਧਾ, ਰੂਹ ਨਬੀ ਦੀ ਆਪ ਪੜ੍ਹਾਇਆ ਈ ।
ਕੁਤਬ ਹੋਇ ਵਕੀਲ ਵਿੱਚ ਆਇ ਬੈਠਾ, ਹੁਕਮ ਰੱਬ ਨੇ ਆਪ ਕਰਾਇਆ ਈ ।
ਜਬਰਾਈਲ ਮੇਕਾਈਲ ਗਵਾਹ ਚਾਰੇ, ਅਜ਼ਰਾਈਲ ਅਸਰਾਫ਼ੀਲ ਆਇਆ ਈ ।
ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ, ਆਖ ਰੱਬ ਨੇ ਕਦੋਂ ਫ਼ੁਰਮਾਇਆ ਈ ।

(ਕਾਲੂ ਬਲਾ=ਜਿਸ ਦਿਨ ਰੱਬ ਨਾਲ ਵਚਨ ਕੀਤਾ ਸੀ, ਕੁਤਬ=ਵਕੀਲ,
ਜਬਰਾਈਲ, ਮੇਕਈਲ, ਅਜ਼ਰਾਈਲ ਅਤੇ ਅਸਰਾਫ਼ੀਲ=ਫਰਿਸ਼ਤਿਆਂ ਦੇ ਨਾਂ)

212. ਤਥਾ

ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤਪੇ, ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ ।
ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ, ਓਨ੍ਹਾਂ ਫ਼ਿਕਰ ਅੰਦੇਸੜਾ ਕਾਸ ਦਾ ਈ ।
ਆਖਿਰ ਸਿਦਕ ਯਕੀਨ ਤੇ ਕੰਮ ਪੌਸੀ, ਮੌਤ ਚਰਗ਼ ਇਹ ਪੁਤਲਾ ਮਾਸ ਦਾ ਈ ।
ਦੋਜ਼ਖ਼ ਮੋਰੀਆਂ ਮਿਲਣ ਬੇਸਿਦਕ ਝੂਠੇ, ਜਿਨ੍ਹਾਂ ਬਾਣ ਤੱਕਣ ਆਸ ਪਾਸ ਦਾ ਈ ।

(ਤਾਉ=ਗਰਮੀ, ਅੰਦੇਸੜਾ=ਅੰਦੇਸ਼ਾ,ਡਰ, ਚਰਗ਼=ਸ਼ਿਕਾਰੀ ਪਰਿੰਦਾ)

213. ਕਾਜ਼ੀ

ਲਿਖਿਆ ਵਿੱਚ ਕੁਰਾਨ ਕਿਤਾਬ ਦੇ ਹੈ, ਗੁਨਾਹਗਾਰ ਖ਼ੁਦਾ ਦਾ ਚੋਰ ਹੈ ਨੀ ।
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ, ਇਹੋ ਰਾਹ ਤਰੀਕਤ ਦਾ ਜ਼ੋਰ ਹੈ ਨੀ ।
ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਣ, ਪੈਰ ਵੇਖ ਕੇ ਝੂਰਦਾ ਮੋਰ ਹੈ ਨੀ ।
ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ, ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ ।

214. ਹੀਰ

ਕਾਜ਼ੀ ਮਾਉਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਹੈ ।
ਅਸਾਂ ਓਸ ਦੇ ਨਾਲ ਚਾ ਕੌਲ ਕੀਤਾ, ਲਬੇ-ਗੋਰ ਦੇ ਤੀਕ ਨਿਬਾਹੁਣੀ ਹੈ ।
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ, ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ ।
ਵਾਰਿਸ ਸ਼ਾਹ ਨਾ ਜਾਣਦੀ ਮੈਂ ਕਮਲੀ, ਖ਼ੁਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ ।

(ਲਬੇ-ਗੋਰ=ਮਰਨ ਤੱਕ, ਖ਼ੁਰਸ਼=ਖੁਰਾਕ)

215. ਕਾਜ਼ੀ

ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ, ਜਿਹੜੇ ਹੱਕ ਦੇ ਨਾਲ ਨਿਕਾਹੀਅਨਗੇ ।
ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲੇ, ਬਹੁਤ ਜ਼ੌਕ ਦੇ ਨਾਲ ਵਿਵਾਹੀਅਨਗੇ ।
ਜਿਹੜੇ ਸ਼ਰ੍ਹਾ ਨੂੰ ਛੱਡ ਬੇਹੁਕਮ ਹੋਏ, ਵਿੱਚ ਹਾਵੀਏ ਜੋਜ਼ਖ਼ੇ ਲਾਹੀਅਨਗੇ ।
ਜਿਹੜੇ ਹੱਕ ਦੇ ਨਾਲ ਪਿਆਰ ਵੰਡਣ, ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੀਅਨਗੇ ।
ਜਿਹੜੇ ਨਾਲ ਤਕੱਬਰੀ ਆਕੜਨਗੇ, ਵਾਂਗ ਈਦ ਦੇ ਬੱਕਰੇ ਢਾਹੀਅਨਗੇ ।
ਤਨ ਪਾਲ ਕੇ ਜਿਨ੍ਹਾਂ ਖ਼ੁਦ-ਰੂਈ ਕੀਤੀ, ਅੱਗੇ ਅੱਗ ਦੇ ਆਕਬਤ ਡਾਹੀਅਨਗੇ ।
ਵਾਰਿਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ, ਕਾਉਂ ਵਾਂਗ ਪਲਕ ਵਿੱਚ ਫਾਹੀਅਨਗੇ ।

(ਕੁਰਬ=ਨੇੜਤਾ, ਤਕੱਬਰੀ=ਗਰੂਰ,ਹੰਕਾਰ, ਖ਼ੁਦਰੂਈ=ਗਰੂਰ,ਘੁਮੰਡ)

216. ਹੀਰ

ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ, ਮਨਜ਼ੂਰ ਖੁਦਾ ਦੇ ਰਾਹ ਦੇ ਨੇ ।
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਮਕਬੂਲ ਦਰਗਾਹ ਅੱਲਾਹ ਦੇ ਨੇ ।
ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ, ਤਿੰਨ੍ਹਾਂ ਫ਼ਿਕਰ ਅੰਦੇਸੜੇ ਕਾਹ ਦੇ ਨੇ ।
ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ, ਓ ਸਾਹਿਬ ਮਰਤਬਾ ਜਾਹ ਦੇ ਨੇ ।
ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜ੍ਹਨ, ਓਹ ਚੋਰ ਉਚੱਕੜੇ ਰਾਹ ਦੇ ਨੇ ।
ਇਹ ਕੁਰਾਨ ਮਜੀਦ ਦੇ ਮਾਇਨੇ ਨੇ, ਜਿਹੜੇ ਸ਼ਿਅਰ ਮੀਆਂ ਵਾਰਿਸ ਸ਼ਾਹ ਦੇ ਨੇ ।

(ਤਹਿਕੀਕ=ਭਾਲ, ਵਿਰਦ ਕੀਤਾ=ਜਪਿਆ)

217. ਕਾਜ਼ੀ ਦਾ ਸਿਆਲਾਂ ਨੂੰ ਉੱਤਰ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ ।
ਲਿਆਉ ਪੜ੍ਹੋ ਨਕਾਹ ਮੂੰਹ ਬੰਨ੍ਹ ਇਸਦਾ, ਕਿੱਸਾ ਗੋਈ ਫ਼ਸਾਦ ਗੁਜ਼ਾਰਦੀ ਹੈ ।
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ ।
ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਿਤਾਰਦੀ ਹੈ ।

(ਕਿੱਸਾ ਗੋ=ਕਹਾਣੀਆਂ ਘੜਣ ਵਾਲੀ, ਦਾਇਰਿਆਂ ਵਿੱਚ ਵੜਦੀ=ਚੰਗੇ ਕੰਮ
ਛਡ ਕੇ ਬੁਰੇ ਪਾਸੇ ਲੱਗੀ)

218. ਕਾਜ਼ੀ ਵੱਲੋਂ ਨਿਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ

ਕਾਜ਼ੀ ਪੜ੍ਹ ਨਿਕਾਹ ਤੇ ਘੱਤ ਡੋਲੀ, ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ ।
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ, ਦਮ ਦੌਲਤਾਂ ਨਿਅਮਤਾਂ ਹੋਰ ਮੀਆਂ ।
ਟਮਕ ਮਹੀਂ ਤੇ ਘੋੜੇ ਉਠ ਦਿੱਤੇ, ਗਹਿਣਾ ਪੱਤਰਾ ਢੱਗੜਾ ਢੋਰ ਮੀਆਂ ।
ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ, ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ ।
ਖੇੜੇ ਘਿੰਨ ਕੇ ਹੀਰ ਨੂੰ ਰਵਾਂ ਹੋਏ, ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ ।

(ਦਮ=ਦਾਮ,ਪੈਸੇ, ਪੱਤਰ=ਸੋਨੇ ਦਾ ਪੱਤਰਾ, ਜਦੋਂ ਲੋੜ ਪਵੇ ਤਾਂ ਇਸ ਦਾ
ਜੋ ਮਰਜ਼ੀ ਬਣਵਾ ਲਵੋ, ਰਵਾਂ ਹੋਏ=ਤੁਰ ਪਏ)

219. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ, ਭੂਹੇ ਹੋਇਕੇ ਪਿੰਡ ਭਜਾਇਉ ਨੇ ।
ਪੁੱਟ ਝੁੱਗੀਆਂ ਲੋਕਾਂ ਨੂੰ ਢੁੱਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ ।
ਚੌਰ ਚਾਇਕੇ ਬੂਥੀਆਂ ਉਤਾਂਹ ਕਰਕੇ, ਸ਼ੂਕਾਟ ਤੇ ਧੁੰਮਲਾ ਲਾਇਉ ਨੇ ।
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ, ਪੈਰ ਚੁੰਮ ਕੇ ਆਣ ਜਗਾਇਉ ਨੇ ।
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ, ਵਾਂਗ ਸੇਵਕਾਂ ਸਖ਼ੀ ਮਨਾਇਉ ਨੇ ।
ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ, ਲਾਲ ਬੇਗ ਦਾ ਥੜਾ ਪੁਜਾਇਉ ਨੇ ।
ਪਕਵਾਲ ਤੇ ਪਿੰਨੀਆ ਰੱਖ ਅੱਗੇ, ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ ।
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫ਼ਕਤ, ਸਿਰ ਟਮਕ ਚਾ ਚਵਾਇਉ ਨੇ ।
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ, ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ ।
ਦੇ ਚੂਰੀ ਤੇ ਖਿਚੜੀ ਦੀਆਂ ਸੱਤ ਬੁਰਕਾਂ, ਨਢਾ ਦੇਵਰਾ ਗੋਦ ਬਹਾਇਉ ਨੇ ।
ਅੱਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ, 'ਜੇ ਤੂੰ ਆਂਦੜੀ ਵੇ ਵੀਰਿਆ' ਗਾਇਉ ਨੇ ।
ਸਿਰੋਂ ਲਾਹ ਟਮਕ ਭੂਰਾ ਖੱਸ ਲੀਤਾ, ਆਦਮ ਬਹਿਸ਼ਤ ਥੀਂ ਕੱਢ ਤ੍ਰਾਹਿਉ ਨੇ ।
ਵਾਰਿਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ, ਭੁਖਾ ਜੰਨਤੋਂ ਰੂਹ ਕਢਾਇਉ ਨੇ ।

(ਚੌਰ=ਪੂਛ, ਭੋਲੂ ਰਾਮ=ਭੋਲੇ ਨਾਥ,ਬੇਗੁਨਾਹ ਬੱਚਾ, ਸ਼ਫ਼ਕਤ=ਮਿਹਰਬਾਨੀ,
ਪਿਆਰ)

220. ਹੀਰ ਨੇ ਰਾਂਝੇ ਨੂੰ ਕਿਹਾ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀਂ ਗੱਲ ਬੇਵੱਸ ਹੋਈ ।
ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ, ਸਾਡੀ ਤੈਂਦੜੀ ਦੋਸਤੀ ਭੱਸ ਹੋਈ ।
ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ ਸਾਡੀ ਉਨ੍ਹਾਂ ਦੇ ਨਾਲ ਖ਼ਰਖ਼ੱਸ ਹੋਈ ।
ਜਾਹ ਜੀਵਾਂਗੀ ਮਿਲਾਂਗੀ ਰਬ ਮੇਲੇ, ਹਾਲ ਸਾਲ ਤਾਂ ਦੋਸਤੀ ਬੱਸ ਹੋਈ ।
ਲੱਗਾ ਤੀਰ ਜੁਦਾਈ ਦਾ ਮੀਆਂ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ ।

(ਭੱਸ=ਮਿੱਟੀ, ਖ਼ਰਖ਼ੱਸ=ਲੜਾਈ ਝਗੜਾ, ਹਾਲ ਸਾਲ=ਇਸ ਵੇਲੇ)

221. ਰਾਂਝੇ ਦਾ ਉੱਤਰ

ਜੋ ਕੁੱਝ ਵਿੱਚ ਰਜ਼ਾਇ ਦੇ ਲਿਖ ਛੁੱਟਾ, ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ ।
ਸੁੰਞਾ ਸੱਖਣਾ ਚਾਕ ਨੂੰ ਰੱਖਿਓੁਈ, ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ ।
ਮੰਤਰ ਕੀਲ ਨਾ ਜਾਣੀਏ ਡੂਮਣੇ ਦਾ, ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ ।
ਇੱਕ ਯਾਰ ਦੇ ਨਾਂ ਤੇ ਫ਼ਿਦਾ ਹੋਈਏ, ਮਹੁਰਾ ਦੇ ਕੇ ਇੱਕੇ ਨਬੇੜੀਏ ਨੀ ।
ਦਗ਼ਾ ਦੇਵਣਾ ਈ ਹੋਵੇ ਜਿਹੜੇ ਨੂੰ, ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ ।
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੇੜੀਏ ਨੀ ।
ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ ।

(ਸੁੰਞਾਂ ਸੱਖਣਾ=ਖ਼ਾਲੀ, ਮੱਥੇ ਭੌਰੀ ਵਾਲੀ=ਭੈੜੀ ਕਿਸਮਤ ਵਾਲੀ, ਫ਼ਿਦਾ=
ਕੁਰਬਾਨ, ਪੂਰਾ ਨਾ ਉਤਰਨਾ=ਵਫਾ ਨਾ ਕਰਨੀ;
ਪਾਠ ਭੇਦ:
ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ=
ਵਾਰਿਸ ਤੋੜ ਨਿਭਾਵਣੀ ਦੱਸ ਸਾਨੂੰ, ਨਹੀਂ ਦੇਇ ਜਵਾਬ ਚਾਇ ਟੋਰੀਏ ਨੀ)

222. ਹੀਰ ਦਾ ਉੱਤਰ

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋਇ ਫ਼ਕੀਰ ਤੈਂ ਆਵਣਾ ਈ ।
ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ, ਸਵਾਹ ਲਾਇਕੇ ਕੰਨ ਪੜਾਵਣਾ ਈ ।
ਸੱਭਾ ਜ਼ਾਤ ਸਿਫ਼ਾਤ ਬਰਬਾਦ ਕਰਕੇ, ਅਤੇ ਠੀਕ ਤੈਂ ਸੀਸ ਮੁਨਾਵਣਾ ਈ ।
ਤੂੰ ਹੀ ਜੀਂਵਦਾ ਦੀਦਨਾ ਦਏਂ ਸਾਨੂੰ, ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ ।

(ਦੀਦਨਾ=ਦੀਦਾਰ, ਵੱਤ=ਫਿਰ)

223. ਰਾਂਝੇ ਨੇ ਸਿਆਲਾਂ ਨੂੰ ਗਾਲ੍ਹਾਂ ਕੱਢਣੀਆਂ

ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਡ ਈਮਾਨ ਚੱਲੀ ।
ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ ।
ਧੀਆਂ ਵੇਚਦੇ ਕੌਲ ਜ਼ਬਾਨ ਹਾਰਨ, ਮਹਿਰਾਬ ਮੱਥੇ ਉੱਤੇ ਧੌਣ ਚੱਲੀ ।
ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਵੇਖਦੇ ਹੋ, ਜਿਹਾ ਮੁੰਡ ਮੰਗਵਾੜ ਦੀ ਮਸਰ ਪਲੀ ।
ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ, ਗਲ ਵਿੱਚ ਚਾ ਪਾਂਵਦੇ ਹੈਣ ਟੱਲੀ ।

(ਕੌਲ ਜ਼ਬਾਨ ਹਾਰਨ=ਮੁੱਕਰ ਜਾਵਣ, ਮੁੰਡ ਮੰਗਵਾੜ ਦੀ ਮਸਰ ਪਲੀ=
ਜਿਵੇਂ ਪਸ਼ੂਆਂ ਨੇ ਪਲੇ ਹੋਏ ਮਸਰ ਖਾ ਕੇ ਰੜੇ ਕਰ ਦਿੱਤੇ ਹੋਣ)

224. ਤਥਾ

ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ, ਗ਼ੋਜ਼ ਸ਼ੁਤਰ ਹੈ ਕੌਲ ਗੁਸਤਾਈਆਂ ਦਾ ।
ਪੱਤਾਂ ਹੋਣ ਇੱਕੀ ਜਿਸ ਜਟ ਤਾਈਂ, ਸੋਈ ਅਸਲ ਭਰਾ ਹੈ ਭਾਈਆਂ ਦਾ ।
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ ।
ਸਿਰੋਂ ਲਾਹ ਕੇ ਚਿੱਤੜਾਂ ਹੇਠ ਦਿੰਦੇ, ਮਜ਼ਾ ਆਵਨੈ ਤਦੋਂ ਸਫ਼ਾਈਆਂ ਦਾ ।
ਜੱਟੀ ਜਟ ਦੇ ਸਾਂਗ 'ਤੇ ਹੋਣ ਰਾਜ਼ੀ, ਫੜੇ ਮੁਗ਼ਲ ਤੇ ਵੇਸ ਗੀਲਾਈਆਂ ਦਾ ।
ਧੀਆਂ ਦੇਣੀਆਂ ਕਰਨ ਮੁਸਾਫ਼ਰਾਂ ਨੂੰ ਵੇਚਣ, ਹੋਰ ਧਰੇ ਮਾਲ ਜਵਾਈਆਂ ਦਾ ।
ਵਾਰਿਸ ਸ਼ਾਹ ਨਾ ਮੁਹਤਬਰ ਜਾਣਨਾ ਜੇ, ਕੌਲ ਜੱਟ ਸੁਨਿਆਰ ਕਸਾਈਆਂ ਦਾ ।

(ਗ਼ੋਜ਼ ਸ਼ੁਤਰ=ਉਠ ਦਾ ਪੱਦ, ਗੁਸਤਾਈ=ਗੰਵਾਰ,ਪੇਂਡੂ, ਅਰੂੜੀ=ਰੂੜੀ,ਢੇਰ,
ਗੁਸਾਈਂ=ਸਨਿਆਸੀ, ਗੀਲਾਈ=ਗੀਲਾਨੀ)

225. ਤਥਾ

ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ ।
ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ, ਤੁਅਮਾ ਵੇਖ ਦਾਮਾਦ ਫਿਰ ਹੋਰ ਕੀਤੇ ।
ਗੱਲ ਕਰੀਏ ਈਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ ।
ਅਸ਼ਰਾਫ਼ ਦੀ ਗੱਲ ਮਨਜ਼ੂਰ ਨਾਹੀਂ, ਚੋਰ ਚੌਧਰੀ ਅਤੇ ਲੰਡੋਰ ਕੀਤੇ ।
ਕਾਉਂ ਬਾਗ਼ ਦੇ ਵਿੱਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉਤੇ ਮੋਰ ਕੀਤੇ ।
ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਹੁਤੇ ਰੜੇ ਸ਼ੋਰ ਕੀਤੇ ।
ਵਾਰਿਸ ਸ਼ਾਹ ਜੋ ਅਹਿਲ ਈਮਾਨ ਆਹੇ, ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ ।

(ਵੇਸ=ਭੇਸ, ਕੋਰ=ਅੰਨ੍ਹੇ, ਤੁਅਮਾ=ਮਾਸ ਦਾ ਟੁਕੜਾ ਜਿਹੜਾ ਬਾਜ਼ ਦੇ ਮੂੰਹ
ਨੂੰ ਸੁਆਦ ਲਈ ਲਾਉਂਦੇ ਹਨ, ਅਸ਼ਰਾਫ=ਸ਼ਰੀਫ ਦਾ ਬਹੁ-ਵਚਨ,ਭਲਾਮਾਣਸ,
ਲੰਡੋਰ=ਲੰਡਰ,ਬਦਮਾਸ਼, ਅਹਿਲੇ ਈਮਾਨ=ਈਮਾਨ ਵਾਲੇ ਲੋਕ, ਗੋਰ=ਕਬਰ)

226. ਤਥਾ

ਯਾਰੋ ਠੱਗ ਸਿਆਲ ਤਹਿਕੀਕ ਜਾਣੋ, ਧੀਆਂ ਠੱਗਣੀਆਂ ਸਭ ਸਿਖਾਂਵਦੇ ਜੇ ।
ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆਂ ਹੋ, ਉਹਨੂੰ ਮਹੀਂ ਦਾ ਚਾਕ ਬਣਾਂਵਦੇ ਜੇ ।
ਕੌਲ ਹਾਰ ਜ਼ਬਾਨ ਦਾ ਸਾਕ ਖੋਹਣ, ਚਾ ਪੈਵੰਦ ਹਨ ਹੋਰ ਧਿਰ ਲਾਂਵਦੇ ਜੇ ।
ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆਂ ਦਾ, ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ ।
ਜੱਟ ਚੋਰ ਤੇ ਯਾਰ ਤਿਰਾਹ ਮਾਰਨ, ਡੰਡੀ ਮੋਂਹਦੇ ਤੇ ਸੰਨ੍ਹਾਂ ਲਾਂਵਦੇ ਜੇ ।
ਵਾਰਿਸ ਸ਼ਾਹ ਇਹ ਜੱਟ ਨੇ ਠੱਗ ਸੱਭੇ, ਤਰੀ ਠੱਗ ਨੇ ਜੱਟ ਝਨ੍ਹਾਂ ਦੇ ਜੇ ।

(ਤਹਿਕੀਕ=ਸੱਚ, ਪੈਵੰਦ=ਜੋੜ,ਰਿਸ਼ਤਾ, ਤਿਰਾਹ=ਤਿੰਨ ਰਾਹ, ਡੰਡੀ
ਮੋਹਣਾ=ਰਾਹ ਵਿੱਚ ਰਾਹੀ ਲੁੱਟਣੇ, ਤਰੀ ਠਗ=ਮਹਾਂ ਠੱਗ)

227. ਤਥਾ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ ।
ਤਰਕ ਕੌਲ ਹਦੀਸ ਦੇ ਨਿਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਜੇ ।
ਜੇਹੇ ਆਪ ਥੀਵਣ ਤੇਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ ।
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਜੇ ।
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ, ਉਹਨੂੰ ਮਿਹਣਾ ਮਸ਼ਕਰੀ ਲਾਂਵਦੇ ਜੇ ।
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ, ਵੇਖੋ ਰੱਬ ਤੇ ਮੌਤ ਭੁਲਾਂਵਦੇ ਜੇ ।
ਵਾਰਿਸ ਸ਼ਾਹ ਮੀਆਂ ਦੋ ਦੋ ਖ਼ਸਮ ਦੇਂਦੇ, ਨਾਲ ਬੇਟੀਆਂ ਵੈਰ ਕਮਾਂਵਦੇ ਜੇ ।

(ਤਰਕ ਕਰਦੇ=ਛੱਡ ਦਿੰਦੇ, ਪਾੜ ਲਾਉਂਦੇ=ਕੰਧ ਪਾੜ ਕੇ ਚੋਰੀ ਕਰਦੇ,
ਤੇਹੀਆਂ=ਉਸੇ ਤਰ੍ਹਾਂ ਦੀਆਂ)

228. ਹੀਰ ਦੇ ਗਾਨੇ ਦੀ ਰਸਮ

ਜਦੋਂ ਗਾਨੜੇ ਦੇ ਦਿਨ ਆਣ ਪੁੱਗੇ, ਲੱਸੀ ਮੁੰਦਰੀ ਖੇਡਣੇ ਆਈਆਂ ਨੇ ।
ਪਈ ਧੁਮ ਕੇਹਾ ਗਾਨੜੇ ਦੀ, ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ ।
ਸੈਦਾ ਲਾਲ ਪੀਹੜੇ ਉਤੇ ਆ ਬੈਠਾ, ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ ।
ਪਕੜ ਹੀਰ ਦੇ ਹੱਥ ਪਰਾਤ ਪਾਏ, ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ ।
ਵਾਰਿਸ ਸ਼ਾਹ ਮੀਆਂ ਨੈਣਾਂ ਹੀਰ ਦਿਆਂ, ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ ।

(ਲੱਸੀ ਮੁੰਦਰੀ=ਵਿਆਹ ਦੀ ਇੱਕ ਰਸਮ, ਝੁੰਬਰਾਂ=ਛਹਿਬਰਾਂ,ਝੜੀਆਂ)

229. ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ ਤੇ ਭਾਬੀਆਂ ਦਾ ਖ਼ਤ

ਘਰ ਖੇੜਿਆਂ ਦੇ ਜਦੋਂ ਹੀਰ ਆਈ, ਚੁਕ ਗਏ ਤਗਾਦੜੇ ਅਤੇ ਝੇੜੇ ।
ਵਿੱਚ ਸਿਆਲਾਂ ਦੇ ਚੁਪ ਚਾਂਗ ਹੋਈ, ਅਤੇ ਖ਼ੁਸ਼ੀ ਹੋ ਫਿਰਦੇ ਨੇ ਸਭ ਖੇੜੇ ।
ਫ਼ੌਜਦਾਰ ਤਗ਼ੱਈਅਰ ਹੋ ਆਣ ਬੈਠਾ, ਕੋਈ ਓਸ ਦੇ ਪਾਸ ਨਾ ਪਾਏ ਫੇਰੇ ।
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ, ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ ।
ਚਿੱਠੀ ਲਿਖ ਕੇ ਹੀਰ ਦੀ ਉਜ਼ਰਖ਼ਾਹੀ, ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ ।
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ, ਸਾਡੇ ਅੱਲੜੇ ਘਾ ਸਨ ਤੂੰ ਉਚੇੜੇ ।
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ, ਲਟਕੰਦੜਾ ਘਰੀਂ ਤੂੰ ਪਾ ਫੇਰੇ ।
ਜਿਹੜੇ ਫੁੱਲ ਦਾ ਨਿੱਤ ਤੂੰ ਰਹੇਂ ਰਾਖਾ, ਓਸ ਫੁੱਲ ਨੂੰ ਤੋੜ ਲੈ ਗਏ ਖੇੜੇ ।
ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ ।
ਕੋਈ ਨਹੀਂ ਵਸਾਹ ਕੰਵਾਰੀਆਂ ਦਾ, ਐਵੇਂ ਲੋਕ ਨਿਕੰਮੜੇ ਕਰਨ ਝੇੜੇ ।
ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ, ਵੇਖ ਕੁਦਰਤਾਂ ਰੱਬ ਦੀਆਂ ਕੌਣ ਫੇਰੇ ।
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ, ਖੁਸ ਜਾਣ ਜਾਂ ਖੱਪਰਾਂ ਮੂੰਹੋਂ ਹੇੜੇ ।
ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ, ਜਿਸ ਵੇਲੜੇ ਆਣ ਕੇ ਵੜੇਂ ਵਿਹੜੇ ।
ਵਾਰਿਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ, ਖ਼ੁਆਜਾ ਖ਼ਿਜ਼ਰ ਚਿਰਾਗ਼ ਦੇ ਲਏ ਪੇੜੇ ।

(ਚੁੱਕ ਗਏ=ਮੁੱਕ ਗਏ, ਤਗਾਦੜੇ=ਤਕਾਜ਼ੇ,ਝਗੜੇ, ਤਗ਼ੱਈਅਰ=ਬਦਲੀ,
ਉਜ਼ਰਖ਼ਾਹੀ=ਮੁਆਫੀ ਚਾਹੁਣ ਦਾ ਭਾਵ, ਰਜ਼ਾ=ਕਿਸਮਤ, ਬੇੜ੍ਹੇ=ਬਘਿਆੜ,
ਖੁੱਸ ਜਾਣ=ਖੋਹ ਲਏ ਜਾਣ, ਖੱਪਰ=ਕਾਸਾ, ਹੇੜੇ=ਸ਼ਿਕਾਰੀ, ਚਿਰਾਗ਼=ਦੀਵਾ)

230. ਰਾਂਝੇ ਦਾ ਉੱਤਰ

ਭਾਬੀ ਖ਼ਿਜ਼ਾਂ ਦੀ ਰੁੱਤ ਜਾਂ ਆਣ ਪੁੰਨੀ, ਭੌਰ ਆਸਰੇ ਤੇ ਪਏ ਜਾਲਦੇ ਨੀ ।
ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲਦੇ ਨੀ ।
ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ ।
ਜਿਨ੍ਹਾਂ ਸੂਲੀਆਂ 'ਤੇ ਲਏ ਜਾਇ ਝੂਟੇ, ਮਨਸੂਰ ਹੋਰੀਂ ਸਾਡੇ ਨਾਲ ਦੇ ਨੀ ।
ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਥੋਂ ਆਵਣਾ ਭਾਲਦੇ ਨੀ ।

(ਖ਼ਿਜ਼ਾਂ=ਪੱਤਝੜ, ਪੁੰਨੀ=ਪੁੱਜੀ, ਜਾਲਦੇ ਨੇ=ਗੁਜ਼ਾਰਾ ਕਰਦੇ ਹਨ)

231. ਤਥਾ

ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ, ਇਹ ਪੇਖਣੇ ਜੱਲ-ਜਲਾਲ ਦੇ ਨੀ ।
ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ, ਸਫ਼ਾਂ ਡੋਬਦੇ ਖੂਹਣੀਆਂ ਗਾਲਦੇ ਨੀ ।
ਭਾਬੀ ਇਸ਼ਕ ਥੋਂ ਨੱਸ ਕੇ ਉਹ ਜਾਂਦੇ, ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀ ।
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ, ਵਾਰਿਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ ।

(ਪੇਖਣੇ=ਨਜ਼ਾਰੇ, ਜੱਲ-ਜਲਾਲ=ਮਹਾਨ ਅਤੇ ਜਲਾਲ ਵਾਲਾ,ਰੱਬ, ਕੰਗਾਲ=
ਕਮੀਨਾ)

232. ਰਾਂਝਾ ਜੱਗ ਦੀ ਰੀਤ ਬਾਰੇ

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਂਵਦੇ ਨੀ ।
ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ, ਗਏ ਰੂਹ ਕਲਬੂਤ ਨਾ ਆਂਵਦੇ ਨੀ ।
ਗਈ ਜਾਨ ਜਹਾਨ ਥੀਂ ਛੱਡ ਜੁੱਸਾ, ਗਏ ਹੋਰ ਸਿਆਣੇ ਫ਼ਰਮਾਂਵਦੇ ਨੀ ।
ਮੁੜ ਏਤਨੇ ਫੇਰ ਜੇ ਆਂਵਦੇ ਨੀ, ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ ।
ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੱਦੇ, ਭਾਈ ਭਾਬੀਆਂ ਹੁਨਰ ਚਲਾਂਵਦੇ ਨੀ ।

(ਕਲਬੂਤ=ਸਰੀਰ, ਹੁਨਰ ਚਲਾਉਣਾ=ਚਲਾਕੀ ਕਰਨਾ)

233. ਤਥਾ

ਅੱਗੇ ਵਾਹੀਉਂ ਚਾ ਗਵਾਇਉ ਨੇ, ਹੁਣ ਇਸ਼ਕ ਥੀਂ ਚਾ ਗਵਾਂਵਦੇ ਨੇ ।
ਰਾਂਝੇ ਯਾਰ ਹੋਰਾਂ ਏਹਾ ਠਾਠ ਛੱਡੀ, ਕਿਤੇ ਜਾਇਕੇ ਕੰਨ ਪੜਾਂਵਦੇ ਨੇ ।
ਇੱਕੇ ਆਪਣੀ ਜਿੰਦ ਗਵਾਂਵਦੇ ਨੇ, ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ ।
ਵੇਖੋ ਜੱਟ ਹੁਣ ਫੰਧ ਚਲਾਂਵਦੇ ਨੇ, ਬਣ ਚੇਲੜੇ ਘੋਨ ਹੋ ਆਂਵਦੇ ਨੇ ।

(ਬੰਨ੍ਹ ਲਿਆਉਣੀ=ਵਿਆਹ ਲਿਆਉਣੀ)

234. ਹੀਰ ਦੇ ਸੌਹਰਿਆਂ ਦੀ ਸਲਾਹ

ਮਸਲਤ ਹੀਰ ਦਿਆਂ ਸੌਹਰਿਆਂ ਇਹ ਕੀਤੀ, ਮੁੜ ਹੀਰ ਨਾ ਪੇਈਅੜੇ ਘੱਲਣੀ ਜੇ ।
ਮਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ, ਇਹ ਗੱਲ ਕੁਸਾਖ ਦੀ ਚੱਲਣੀ ਜੇ ।
ਆਖ਼ਰ ਰੰਨ ਦੀ ਜ਼ਾਤ ਬੇਵਫ਼ਾ ਹੁੰਦੀ, ਜਾਇ ਪੇਈਅੜੇ ਘਰੀਂ ਇਹ ਮੱਲਣੀ ਜੇ ।
ਵਾਰਿਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ, ਇਹ ਗੱਲ ਨਾ ਕਿਸੇ ਉਥੱਲਣੀ ਜੇ ।

(ਪੇਈਅੜੇ=ਪੇਕੀਂ, ਕੁਸਾਖ=ਬੇਭਰੋਸਗੀ, ਉਥੱਲਣੀ=ਉਲਟਾਉਣੀ, ਮੱਲਣੀ=
ਪਹਿਲਵਾਨਣੀ)

235. ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ

ਇੱਕ ਵਹੁਟੜੀ ਸਾਹਵਰੇ ਚੱਲੀ ਸਿਆਲੀਂ, ਆਈ ਹੀਰ ਥੇ ਲੈ ਸਨੇਹਿਆਂ ਨੂੰ ।
ਤੇਰੇ ਪੇਈਅੜੇ ਚਲੀ ਹਾਂ ਦੇਹ ਗੱਲਾਂ, ਖੋਲ੍ਹ ਕਿੱਸਿਆਂ ਜੇਹਿਆਂ ਕੇਹਿਆਂ ਨੂੰ ।
ਤੇਰੇ ਸਹੁਰਿਆਂ ਤੁਧ ਪਿਆਰ ਕੇਹਾ, ਕਰੋ ਗਰਮ ਸੁਨੇਹਿਆਂ ਬੇਹਿਆਂ ਨੂੰ ।
ਤੇਰੀ ਗੱਭਰੂ ਨਾਲ ਹੈ ਬਣੀ ਕੇਹੀ, ਵਹੁਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ ।
ਹੀਰ ਆਖਿਆ ਓਸ ਦੀ ਗੱਲ ਐਵੇਂ, ਵੈਰ ਰੇਸ਼ਮਾਂ ਨਾਲ ਜਿਉਂ ਲੇਹਿਆਂ ਨੂੰ ।
ਵਾਰਿਸ ਕਾਖ਼ ਤੇ ਅਲਿਫ਼ ਤੇ ਲਾਮ ਬੋਲੇ, ਕੀ ਆਖਣਾ ਏਹਿਆਂ ਤੇਹਿਆਂ ਨੂੰ ।

(ਲੇਹਾ=ਊਨੀ ਕੱਪੜੇ ਨੂੰ ਖਾਣ ਵਾਲਾ ਕਿਰਮ, ਕੰਡਿਆਲੀ ਬੂਟੀ ਜੋ ਕੱਪੜੇ
ਨੂੰ ਚੰਬੜ ਜਾਂਦੀ ਹੈ)

236. ਹੀਰ ਦਾ ਸੁਨੇਹਾ

ਹੱਥ ਬੰਨ੍ਹ ਕੇ ਗਲ ਵਿੱਚ ਪਾ ਪੱਲਾ, ਕਹੀਂ ਦੇਸ ਨੂੰ ਦੁਆ ਸਲਾਮ ਮੇਰਾ ।
ਘੁਟ ਵੈਰੀਆਂ ਦੇ ਵੱਸ ਪਾਇਉ ਨੇ, ਸਈਆਂ ਚਾਇ ਵਿਸਾਰਿਆ ਨਾਮ ਮੇਰਾ ।
ਮਝੋ ਵਾਹ ਵਿੱਚ ਡੋਬਿਆ ਮਾਪਿਆਂ ਨੇ, ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ ।
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ, ਇੱਕ ਏਤਨਾ ਕਹੀਂ ਪੈਗ਼ਾਮ ਮੇਰਾ ।
ਵਾਰਿਸ ਨਾਲ ਬੇਵਾਰਿਸਾਂ ਰਹਿਮ ਕੀਜੇ, ਮਿਹਰਬਾਨ ਹੋ ਕੇ ਆਉ ਸ਼ਾਮ ਮੇਰਾ ।

(ਹੱਥ ਜੋੜ, ਗਲ ਵਿੱਚ ਪਾ ਪੱਲਾ=ਪੂਰੇ ਅਦਬ ਸਤਿਕਾਰ ਨਾਲ, ਘੁਟ=ਗਲ
ਘੁਟ ਕੇ, ਸ਼ਾਮ=ਕ੍ਰਿਸ਼ਨ, ਜਿਸ ਦਾ ਰੰਗ ਕਾਲਾ ਸੀ)

237. ਹੀਰ ਨੂੰ ਰਾਂਝੇ ਦੀ ਤਲਬ

ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ, ਤੇਰੇ ਬਿਰਹਾ ਫ਼ਿਰਾਕ ਦੀ ਕੁਠੀਆਂ ਮੈਂ ।
ਸੁੰਞੀ ਤਰਾਟ ਕਲੇਜੜੇ ਵਿੱਚ ਧਾਣੀ ,ਨਹੀਂ ਜਿਉਣਾ ਮਰਨ ਤੇ ਉੱਠੀਆਂ ਮੈਂ ।
ਚੋਰ ਪੌਣ ਰਾਤੀਂ ਘਰ ਸੁੱਤਿਆਂ ਦੇ, ਵੇਖੋ ਦਿਹੇਂ ਬਾਜ਼ਾਰ ਵਿੱਚ ਮੁੱਠੀਆਂ ਮੈਂ ।
ਜੋਗੀ ਹੋਇਕੇ ਆ ਜੇ ਮਿਲੇ ਮੈਨੂੰ, ਕਿਸੇ ਅੰਬਰੋਂ ਮਿਹਰ ਦੀਉਂ ਤਰੁੱਠੀਆਂ ਮੈਂ ।
ਨਹੀਂ ਛਡ ਘਰ ਬਾਰ ਉਜਾੜ ਵੈਸਾਂ, ਨਹੀਂ ਵੱਸਣਾ ਤੇ ਨਾਹੀਂ ਵੁੱਠੀਆਂ ਮੈਂ ।
ਵਾਰਿਸ ਸ਼ਾਹ ਪਰੇਮ ਦੀਆਂ ਛਟੀਆਂ ਨੇ, ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ ।

(ਤਰੁਟੇ=ਟੁਟ ਪਏ, ਕਹਿਰ ਕਲੂਰ=ਵੱਡੀ ਮੁਸੀਬਤ, ਬਿਰਹਾ ਫ਼ਿਰਾਕ=ਜੁਦਾਈ,
ਉੱਠੀਆਂ=ਤਿਆਰ, ਫੱਟੀਆਂ=ਜ਼ਖਮੀ ਕੀਤੀਆਂ, ਜੁੱਟੀਆਂ=ਕੱਸ ਕੇ ਬੰਨ੍ਹੀ ਹੋਈ ਹਾਂ)

238. ਵਹੁਟੀ ਦੀ ਪੁੱਛ ਗਿੱਛ

ਵਹੁਟੀ ਆਣ ਕੇ ਸਾਹੁਰੇ ਵੜੀ ਜਿਸ ਦਿਨ, ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ ।
ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ, ਮੁੰਡਾ ਤਖ਼ਤ ਹਜ਼ਾਰੇ ਦਾ ਜੇਹੜਾ ਨੀ ।
ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ, ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ ।
ਕਿਤੇ ਦਾਇਰੇ ਇੱਕੇ ਮਸੀਤ ਹੁੰਦਾ, ਕੋਈ ਓਸ ਦਾ ਕਿਤੇ ਹੈ ਵਿਹੜਾ ਨੀ ।
ਇਸ਼ਕ ਪੱਟ ਤਰੱਟੀਆਂ ਗਾਲੀਆਂ ਨੇ, ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ ।

(ਪੱਟੇ ਤਰੱਟੇ=ਬਰਬਾਦ ਕੀਤੇ)

239. ਸਿਆਲਾਂ ਦੀਆਂ ਕੁੜੀਆਂ

ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ, ਛੱਡ ਬੈਠਾ ਹੈ ਜਗ ਦੇ ਸਭ ਝੇੜੇ ।
ਸੱਟ ਵੰਝਲੀ ਅਹਿਲ ਫ਼ਕੀਰ ਹੋਇਆ, ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ ।
ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ ।
ਕੋਈ ਓਸ ਦੇ ਨਾਲ ਨਾ ਗੱਲ ਕਰਦਾ, ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ ।
ਕੁੜੀਆਂ ਆਖਿਆ ਜਾਉ ਵਿਲਾਉ ਉਸ ਨੂੰ, ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ ।

(ਵਿਲਾਉ=ਘਰ ਲਿਆਉ)

240. ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ

ਕੁੜੀਆਂ ਜਾਇ ਵਿਲਾਇਆ ਰਾਂਝਣੇ ਨੂੰ, ਫਿਰੇ ਦੁਖ ਤੇ ਦਰਦ ਦਾ ਲੱਦਿਆ ਈ ।
ਆ ਘਿਨ ਸੁਨੇਹੜਾ ਸੱਜਣਾਂ ਦਾ, ਤੈਨੂੰ ਹੀਰ ਸਿਆਲ ਨੇ ਸੱਦਿਆ ਈ ।
ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ, ਅਸਾਂ ਸਾਹੁਰਾ ਪੇਈਅੜਾ ਰੱਦਿਆ ਈ ।
ਤੁਧ ਬਾਝ ਨਹੀਂ ਜਿਉਣਾ ਹੋਗ ਮੇਰਾ, ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈ ।
ਝੱਬ ਹੋ ਫ਼ਕੀਰ ਤੇ ਪਹੁੰਚ ਮੈਂਥੇ, ਓਥੇ ਝੰਡੜਾ ਕਾਸ ਨੂੰ ਗੱਡਿਆ ਈ ।
ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ, ਦੰਮਾਂ ਬਾਝ ਗ਼ੁਲਾਮ ਕਰ ਛੱਡਿਆ ਈ ।

(ਆ ਘਿਨ=ਲੈ ਜਾ, ਦੰਮਾਂ ਬਾਝ ਗ਼ੁਲਾਮ=ਬਿਨ ਤਨਖਾਹ ਦੇ ਨੌਕਰ)

241. ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ

ਮੀਏਂ ਰਾਂਝੇ ਨੇ ਮੁੱਲਾਂ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾਂ ਪਿਆਰਿਆਂ ਨੂੰ ।
ਤੁਸਾਂ ਸਾਹੁਰੇ ਜਾ ਆਰਾਮ ਕੀਤਾ, ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ ।
ਅੱਗ ਲੱਗ ਕੇ ਜ਼ਿਮੀਂ ਅਸਮਾਨ ਸਾੜੇ, ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ ।
ਮੈਥੋਂ ਠਗ ਕੇ ਮਹੀਂ ਚਰਾਇ ਲਈਉਂ, ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ ।
ਚਾਕ ਹੋਕੇ ਵੱਤ ਫ਼ਕੀਰ ਹੋਸਾਂ, ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ ।
ਗਿਲਾ ਲਿਖੋ ਜੇ ਯਾਰ ਨੇ ਲਿਖਿਆ ਏ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ ।
ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ ।

(ਢੋਏ=ਲਾਗੇ,ਨੇੜੇ, ਟਾਂਗ=ਸਹਾਰਾ,ਆਸਰਾ)

242. ਤਥਾ

ਤੈਨੂੰ ਚਾ ਸੀ ਵੱਡਾ ਵਿਆਹ ਵਾਲਾ, ਭਲਾ ਹੋਇਆ ਜੇ ਝੱਬ ਵਹੀਜੀਏਂ ਨੀ ।
ਐਥੋਂ ਨਿਕਲ ਗਈਏਂ ਬੁਰੇ ਦਿਹਾਂ ਵਾਂਗੂੰ, ਅੰਤ ਸਾਹੁਰੇ ਜਾ ਪਤੀਜੀਏਂ ਨੀ ।
ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ, ਕੈਦੋ ਲੰਙੇ ਦੀ ਸਾਕ ਭਤੀਜੀਏਂ ਨੀ ।
ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੈਦੇ ਦੇ ਮਾਪਿਆਂ ਬੀਜੀਏਂ ਨੀ ।
ਕਾਸਦ ਜਾਇਕੇ ਹੀਰ ਨੂੰ ਖ਼ਤ ਦਿੱਤਾ, ਇਹ ਲੈ ਚਾਕ ਦਾ ਲਿਖਿਆ ਲੀਜੀਏਂ ਨੀ ।

(ਦਿਹਾਂ=ਦਿਨਾਂ, ਰੰਗ ਰੱਤੀਏ=ਗ੍ਰਿਹਸਥ ਦੀਆਂ ਮੌਜਾਂ ਮਾਣਨ ਵਲ ਸੰਕੇਤ ਹੈ)

243. ਉੱਤਰ ਹੀਰ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ, ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ ।
ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ ।
ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ ।
ਜੋਗੀ ਹੋਇਕੇ ਆ ਤੂੰ ਸੱਜਣਾਂ ਵੋ, ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ ।
ਕਿਸੇ ਤੱਤੜੇ ਵਕਤ ਸੀ ਨਿਹੁੰ ਲੱਗਾ, ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ ।

(ਚਿਰੀਂ ਵਿਛੁੰਨੇ=ਦੇਰ ਦੇ ਵਿਛੜੇ, ਸਾਹਿਆਂ ਪੁੰਨਿਆਂ ਨੂੰ=ਵਕਤ ਪੂਰਾ ਹੋਏ ਨੂੰ)

244. ਤਥਾ

ਕਾਇਦ ਆਬਖੋਰ ਦੇ ਖਿੱਚੀ ਵਾਂਗ ਕਿਸਮਤ, ਕੋਇਲ ਲੰਕ ਦੇ ਬਾਗ਼ ਦੀ ਗਈ ਦਿੱਲੀ ।
ਮੈਨਾ ਲਈ ਬੰਗਾਲਿaੁਂ ਚਾਕ ਕਮਲੇ, ਖੇੜਾ ਪਿਆ ਅਜ਼ਗ਼ੈਬ ਦੀ ਆਣ ਬਿੱਲੀ ।
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ, ਹੀਰ ਨਾਹੀਉਂ ਇਸ਼ਕ ਦੇ ਵਿੱਚ ਢਿੱਲੀ ।
ਕੋਈ ਜਾਇਕੇ ਪਕੜ ਫ਼ਕੀਰ ਕਾਮਿਲ, ਫ਼ਕਰ ਮਾਰਦੇ ਵਿੱਚ ਰਜ਼ਾ ਕਿੱਲੀ ।
ਵਾਰਿਸ ਸ਼ਾਹ ਮਸਤਾਨੜਾ ਹੋ ਲੱਲ੍ਹੀ, ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੇਖ਼ ਚਿੱਲੀ ।

(ਕਾਇਦ=ਕਾਫਲੇ ਦਾ ਸਰਦਾਰ,ਲੀਡਰ, ਆਬਖੋਰਾ=ਦਾਣਾ ਪਾਣੀ,ਕਿਸਮਤ,
ਮਾਰਦੇ ਰਜ਼ਾ ਵਿੱਚ ਕਿੱਲੀ=ਰੇਖ ਵਿੱਚ ਮੇਖ ਮਾਰਦੇ, ਲੱਲ੍ਹੀ=ਗੋਦੜੀ ਪਹਿਨਣ
ਵਾਲਾ ਫ਼ਕੀਰ,ਕਮਲਾ)

245. ਹੀਰ ਦੀ ਚਿੱਠੀ

ਦਿੱਤੀ ਹੀਰ ਲਿਖਾਇਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ ।
ਕਿਤੇ ਬੈਠ ਨਿਵੇਕਲਾ ਸੱਦ ਮੁੱਲਾਂ, ਸਾਰੀ ਖੋਲ੍ਹ ਕੇ ਬਾਤ ਸੁਣਾ ਦੇਣੀ ।
ਹੱਥ ਬੰਨ੍ਹ ਕੇ ਮੇਰਿਆਂ ਸੱਜਣਾਂ ਨੂੰ, ਰੋ ਰੋ ਸਲਾਮ ਦੁਆ ਦੇਣੀ ।
ਮਰ ਚੁੱਕੀਆਂ ਜਾਨ ਹੈ ਨੱਕ ਉਤੇ, ਹਿੱਕ ਵਾਰ ਜੇ ਦੀਦਨਾ ਆ ਦੇਣੀ ।
ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ, ਹੱਥ ਲਾਇਕੇ ਗੋਰ ਵਿੱਚ ਪਾ ਦੇਣੀ ।
ਕਖ ਹੋ ਰਹੀਆਂ ਗ਼ਮਾਂ ਨਾਲ ਰਾਂਝਾ, ਏਹ ਚਿਣਗ ਲੈ ਜਾਇਕੇ ਲਾ ਦੇਣੀ ।
ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ, ਕੰਨ ਰਾਂਝੇ ਦੇ ਏਤਨੀ ਪਾ ਦੇਣੀ ।
ਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ, ਰਾਂਝੇ ਯਾਰ ਦੇ ਹੱਥ ਲਿਜਾ ਦੇਣੀ ।
ਵਾਰਿਸ ਸ਼ਾਹ ਮੀਆਂ ਓਸ ਕਮਲੜੇ ਨੂੰ, ਢੰਗ ਜ਼ੁਲਫ਼ ਜ਼ੰਜੀਰ ਦੀ ਪਾ ਦੇਣੀ ।

(ਦੀਦਨਾ=ਦੇਖਣਾ,ਕਖ=ਤੀਲਾ, ਚਿਣਗ=ਚੰਗਿਆੜੀ,ਅੱਗ)

246. ਤਥਾ

ਅੱਗੇ ਚੂੰਡੀਆਂ ਨਾਲ ਹੰਢਾਇਆ ਈ, ਜ਼ੁਲਫ਼ ਕੁੰਡਲਾਂਦਾਰ ਹੁਣ ਵੇਖ ਮੀਆਂ ।
ਘਤ ਕੁੰਡਲੀ ਨਾਗ ਸਿਆਹ ਪਲਮੇ, ਵੇਖੇ ਉਹ ਭਲਾ ਜਿਸ ਲੇਖ ਮੀਆਂ ।
ਮਲੇ ਵਟਣਾ ਲੋੜ੍ਹ ਦੰਦਾਸੜੇ ਦਾ, ਨੈਣ ਖ਼ੂਨੀਆਂ ਦੇ ਭਰਨ ਭੇਖ ਮੀਆਂ ।
ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫ਼ਾਂ, ਖ਼ੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ ।
ਵਾਰਿਸ ਸ਼ਾਹ ਫ਼ਕੀਰ ਹੋ ਪਹੁੰਚ ਮੈਂਥੇ, ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ ।

(ਚੂੰਡੀਆਂ=ਲੰਮੇ ਵਾਲ, ਕੁੰਡਲੀ=ਚੱਕਰ,ਵਲ, ਲੇਖ=ਕਿਸਮਤ)

247. ਹੀਰ ਦੀ ਚਿੱਠੀ ਕਾਸਦ ਰਾਂਝੇ ਕੋਲ ਲਿਆਇਆ

ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ, ਨਢੀ ਮੋਈ ਹੈ ਨੱਕ ਤੇ ਜਾਨ ਆਈ ।
ਕੋਈ ਪਾ ਭੁਲਾਵੜਾ ਠਗਿਓਈ, ਸਿਰ ਘੱਤਿਉ ਚਾ ਮਸਾਨ ਮੀਆਂ ।
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ ।
ਇੱਕ ਘੜੀ ਆਰਾਮ ਨਾ ਆਉਂਦਾ ਈ, ਕੇਹਾ ਠੋਕਿਉ ਪ੍ਰੇਮ ਦਾ ਬਾਣ ਮੀਆਂ ।
ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ ।
ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ, ਓਥੇ ਨਿਤ ਪੌਂਦੇ ਘਮਸਾਣ ਮੀਆਂ ।
ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਗ ਬਹੁਤੇਰੜਾ ਰਾਣ ਮੀਆਂ ।
ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ, ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ ।
ਵਾਰਿਸ ਸ਼ਾਹ ਮੀਆਂ ਸਭੋ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ ।

(ਨੱਕ ਤੇ ਜਾਨ=ਮਰਨ ਕੰਢੇ, ਭੁਲਾਵੜਾ=ਭੁਲੇਖਾ, ਰਾਣ=ਕਹਿ ਰਹੇ)

248. ਰਾਂਝੇ ਦੀ ਉੱਤਰ ਲਈ ਫ਼ਰਮਾਇਸ਼

ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ, ਵਿੱਚੇ ਲਿਖੇ ਸੂ ਦਰਦ ਫ਼ਿਰਾਕ ਸਾਰੇ ।
ਰਾਂਝਾ ਤੁਰਤ ਪੜ੍ਹਾਇਕੇ ਫਰਸ਼ ਹੋਇਆ, ਦਿਲੋਂ ਆਹ ਦੇ ਠੰਡੜੇ ਸਾਹ ਮਾਰੇ ।
ਮੀਆਂ ਲਿਖ ਤੂੰ ਦਰਦ ਫ਼ਿਰਾਕ ਮੇਰਾ, ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇ ।
ਘਾ ਲਿਖ ਜੋ ਦਿਲੇ ਦੇ ਦੁਖੜੇ ਦੇ, ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ ।

(ਫਰਸ਼ ਹੋਇਆ=ਧਰਤੀ ਤੇ ਲੇਟ ਗਿਆ)

249. ਰਾਂਝੇ ਦਾ ਉੱਤਰ ਲਿਖਣਾ

ਲਿਖਿਆ ਇਹ ਜਵਾਬ ਰੰਝੇਟੜੇ ਨੇ, ਜਦੋਂ ਜੀਊ ਵਿੱਚ ਓਸ ਦੇ ਸ਼ੋਰ ਪਏ ।
ਓਸੇ ਰੋਜ਼ ਦੇ ਅਸੀਂ ਫ਼ਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ ।
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ, ਮਝੋ ਵਾਹ ਫ਼ਿਰਾਕ ਦੇ ਬੋੜ ਹੋਏ ।
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ ।
ਸਾਡੀ ਜ਼ਾਤ ਸਿਫ਼ਾਤ ਬਰਬਾਦ ਕਰਕੇ, ਲੜ ਖੇੜਿਆਂ ਦੇ ਨਾਲ ਜੋੜ ਗਏ ।
ਆਪ ਹੱਸ ਕੇ ਸਾਹੁਰੇ ਮੱਲਿਓਨੇ, ਸਾਡੇ ਨੈਣਾਂ ਦਾ ਨੀਰ ਨਖੋੜ ਗਏ ।
ਆਪ ਹੋ ਮਹਿਬੂਬ ਜਾ ਸਤਰ ਬੈਠੇ, ਸਾਡੇ ਰੂਪ ਦਾ ਰਸਾ ਨਚੋੜ ਗਏ ।
ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਥੋਂ, ਧੜਵੈਲ ਵੇਖੋ ਜ਼ੋਰੋ ਜ਼ੋਰ ਗਏ ।

(ਦਰਪੇਸ਼ ਕੀਤਾ=ਹਾਜ਼ਰ ਕਰ ਦਿੱਤਾ, ਅੱਟੀ=ਪੱਕੀ, ਸੂਤ ਦੀ ਅੱਟੀ
ਵਾਂਗੂ ਇੱਕ ਦੂਜੀ ਵਿੱਚ ਫਸਾਈ ਹੋਈ, ਅੱਟੀਆਂ ਨੂੰ ਆਪੋ ਵਿਚ ਫਸਾਉਣ
ਦਾ ਇੱਕ ਖਾਸ ਢੰਗ ਹੁੰਦਾ ਹੈ ਅਤੇ ਉਹ ਸੌਖਿਆਂ ਜੁਦਾ ਨਹੀਂ ਹੁੰਦੀਆਂ,
ਨਖੋੜ ਗਏ=ਖਤਮ ਕਰ ਗਏ)

250. ਉੱਤਰ ਰਾਂਝੇ ਵੱਲੋਂ

ਸਾਡੀ ਖ਼ੈਰ ਹੈ ਚਾਹੁੰਦੇ ਖ਼ੈਰ ਤੈਂਡੀ, ਫਿਰ ਲਿਖੋ ਹਕੀਕਤਾਂ ਸਾਰੀਆਂ ਜੀ ।
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ, ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ ।
ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ, ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ ।
ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ, ਚੰਚਲ-ਹਾਰੀਆਂ ਇਹ ਕਵਾਰੀਆਂ ਜੀ ।
ਸੱਪ ਰੱਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦੇਂਦੀਆਂ ਨੇ ਹੇਠ ਖਾਰੀਆਂ ਜੀ ।
ਪੇਕੇ ਜੱਟਾਂ ਨੂੰ ਮਾਰ ਫ਼ਕੀਰ ਕਰਕੇ, ਲੈਦ ਸਾਹੁਰੇ ਜਾਇ ਘੁਮਕਾਰੀਆਂ ਜੀ ।
ਆਪ ਨਾਲ ਸੁਹਾਗ ਦੇ ਜਾ ਰੁੱਪਣ, ਪਿੱਛੇ ਲਾ ਜਾਵਣ ਪੁਚਕਾਰੀਆਂ ਜੀ ।
ਸਰਦਾਰਾਂ ਦੇ ਪੁੱਤਰ ਫ਼ਕੀਰ ਕਰਕੇ, ਆਪ ਮੱਲਦੀਆਂ ਜਾਂ ਸਰਦਾਰੀਆਂ ਜੀ ।
ਵਾਰਿਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ, ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ ।

(ਚੰਚਲ-ਹਾਰੀਆਂ=ਚਲਾਕ, ਖਾਰੀ=ਟੋਕਰੀ, ਘੁੰਮਕਾਰੀ=ਚਰਖੇ ਦੀ ਆਵਾਜ਼,
ਰੁੱਪਣ=ਰੁੱਝ ਜਾਣ, ਖਾਰੀਆਂ=ਟੋਕਰੇ)

251. ਰਾਂਝਾ ਆਪਣੇ ਦਿਲ ਨਾਲ

ਰਾਂਝੇ ਆਖਿਆ ਲੁੱਟੀਂ ਦੀ ਹੀਰ ਦੌਲਤ, ਜਰਮ ਗਾਲੀਏ ਤਾਂ ਉਹਨੂੰ ਜਾ ਲਈਏ ।
ਉਹ ਰੱਬ ਦੇ ਨੂਰ ਦਾ ਖ਼ਵਾਨ ਯਗ਼ਮਾ ਸ਼ੁਹਦੇ ਹੋਇਕੇ ਰੰਗ ਵਟਾ ਲਈਏ ।
ਇੱਕ ਹੋਵਣਾ ਰਹਿਆ ਫ਼ਕੀਰ ਮੈਥੋਂ, ਰਹਿਆ ਏਤਨਾ ਵਸ ਸੋ ਲਾ ਲਈਏ ।
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ, ਜ਼ਰਾ ਖ਼ਾਕ ਦੇ ਵਿੱਚ ਰਮਾ ਲਈਏ ।
ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ, ਚੇਲੇ ਹੋਇਕੇ ਕੰਨ ਪੜਵਾ ਲਈਏ ।
ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ, ਜ਼ਰਾ ਆਪਣੇ ਨੂੰ ਚਿਣਗ ਲਾ ਲਈਏ ।
ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ, ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ ।
ਓਥੇ ਖ਼ੁਦੀ ਗੁਮਾਨ ਮਨਜ਼ੂਰ ਨਾਹੀਂ, ਸਿਰ ਵੇਚੀਏ ਤਾਂ ਭੇਤ ਪਾ ਲਈਏ ।
ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ, ਜਦੋਂ ਆਪਣਾ ਆਪ ਗਵਾ ਲਈਏ ।

(ਜਰਮ=ਜਨਮ, ਖ਼ਾਨ ਯਗ਼ਮਾ=ਸਦਾ ਬਰਤ, ਸਿਹਰ=ਜਾਦੂ, ਝੋਕ=ਆਰਜ਼ੀ ਡੇਰਾ)

252. ਰਾਂਝੇ ਦਾ ਜੋਗੀ ਬਣਨ ਦਾ ਇਰਾਦਾ

ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ ।
ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਾਵਣੇ ਦਾ ।
ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮੁਨਾਵਣੇ ਦਾ ।
ਜਰਮ ਕਰਮ ਤਿਆਗ ਕੇ ਠਾਣ ਬੈਠਾ, ਕਿਸੇ ਜੋਗੀ ਦੇ ਹੱਥ ਵਿਕਾਵਣੇ ਦਾ ।
ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ ।
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ, ਸਿਹਰ ਦੱਸ ਦੇ ਰੰਨ ਖਿਸਕਾਵਣੇ ਦਾ ।
ਵਾਰਿਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ, ਫ਼ਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ ।

(ਮਤਾ ਜਾਗਿਆ=ਇਰਾਦਾ ਹੋਇਆ)

253. ਰਾਂਝੇ ਦਾ ਹੋਕਾ

ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ ।
ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ ।
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ ।
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ।
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ ।
ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ ।
ਨਾਲੇ ਮੰਗਣਾ ਤੇ ਨਾਲੇ ਘੂਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ ।
ਖ਼ਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਵਣਾ ਜੇ ।

(ਦਿਹਾੜ=ਦਿਹਾੜੀ ਕਰਨੀ,ਮਜ਼ਦੂਰੀ ਕਰਨੀ, ਕਸਬ=ਕੰਮ, ਬੋਵਣਾ=ਬੀਜਣਾ,
ਲੋਵਣਾ=ਵਢਣਾ)

254. ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ

ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ।
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ ।
ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ ।
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ ।
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ ।
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ ।
ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ ।
ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ ।
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ ।
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ ।

(ਨਿਹਚਾ=ਯਕੀਨ, ਸੀਰ=ਸਾਂਝੇਦਾਰੀ, ਸਾਂਝ, ਥੇ=ਕਿੱਥੇ,ਕਿਹੜੀ ਥਾਂ)

255. ਨਾਥ

ਨਾਥ ਦੇਖ ਕੇ ਬਹੁਤ ਮਲੂਕ ਚੰਚਲ, ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ ।
ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ, ਅਤੇ ਲਾਡਲਾ ਮਾਉਂ ਤੇ ਬਾਪ ਸੰਦਾ ।
ਕਿਸੇ ਦੁਖ ਤੋਂ ਰੁਸ ਕੇ ਉਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ ।
ਨਾਥ ਆਖਦਾ ਦੱਸ ਖਾਂ ਸੱਚ ਮੈਂਥੇ, ਤੂੰ ਹੈਂ ਕਿਹੜੇ ਦੁਖ ਫ਼ਕੀਰ ਹੁੰਦਾ ।

(ਅਹਿਲ ਤਬਾਅ=ਰੂਹ ਵਾਲਾ, ਹੁਸ਼ਨਾਕ=ਸ਼ੁਕੀਨ, ਧੰਦਾ=ਝਗੜਾ)

256. ਤਥਾ

ਇਹ ਜਗ ਮਕਾਮ ਫ਼ਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ ।
ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ ।
ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ ।
ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ ।

257. ਤਥਾ

ਹੱਥ ਕੰਙਨਾ ਪਹੁੰਚੀਆਂ ਫਬ ਰਹੀਆਂ, ਕੰਨੀ ਛਣਕਦੇ ਸੁਹਣੇ ਬੁੰਦੜੇ ਨੇ ।
ਮੰਝ ਪਟ ਦੀਆਂ ਲੁੰਗੀਆਂ ਖੇਸ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ ।
ਸਿਰ ਕੁੱਚਕੇ ਬਾਰੀਆਂਦਾਰ ਛੱਲੇ, ਕੱਜਲ ਭਿੰਨੜੇ ਨੈਣ ਨਚੰਦੜੇ ਨੇ ।
ਖਾਣ ਪੀਣ ਪਹਿਰਨ ਸਿਰੋਂ ਮਾਪਿਆਂ ਦੇ, ਤੁਸਾਂ ਜਹੇ ਫ਼ਕੀਰ ਕਿਉਂ ਹੁੰਦੜੇ ਨੇ ।

(ਕੁੱਚਕੇ=ਛੋਟੇ ਕੁੰਡਲਦਾਰ ਵਾਲ, ਨਚੰਦੜੇ=ਨਚਦੇ)

258. ਤਥਾ

ਖ਼ਾਬ ਰਾਤ ਦਾ ਜੱਗ ਦੀਆਂ ਸਭ ਗੱਲਾਂ, ਧਨ ਮਾਲ ਨੂੰ ਮੂਲ ਨਾ ਝੂਰੀਏ ਜੀ ।
ਪੰਜ ਭੂਤ ਵਿਕਾਰ ਤੇ ਉਦਰ ਪਾਪੀ, ਨਾਲ ਸਬਰ ਸੰਤੋਖ ਦੇ ਪੂਰੀਏ ਜੀ ।
ਉਸ਼ਨ ਸੀਤ ਦੁਖ ਸੁਖ ਸਮਾਨ ਜਾਪੇ, ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ ।
ਭੂ ਆਤਮਾ ਵਸ ਰਸ ਕਸ ਤਿਆਗੇ, ਐਵੇਂ ਗੁਰੂ ਨੂੰ ਕਾਹਿ ਵਡੂਰੀਏ ਜੀ ।

(ਪੰਜ ਭੂਤ=1. ਅੱਗ, 2. ਪਾਣੀ, 3. ਮਿੱਟੀ, 4. ਹਵਾ, 5. ਅਕਾਸ਼,
ਇੰਨ੍ਹਾਂ ਵਿੱਚ ਖ਼ਰਾਬੀ ਨਾਲ ਵਿਕਾਰ ਜਾਂ ਖ਼ਰਾਬੀ ਪੈ ਜਾਂਦੀ ਹੈ, ਉਦਰ=ਪੇਟ,
ਉਸ਼ਨ=ਗਰਮੀ, ਸੀਤ=ਠੰਡ,ਸਰਦੀ, ਸਮਾਨ=ਬਰਾਬਰ, ਮਸ਼ਰੂ=ਰੇਸ਼ਮ,
ਮੁਸਲਮਾਨ ਸਰ੍ਹਾ ਵਿਚ ਰੇਸ਼ਮ ਪਹਿਨਣਾ ਮਨ੍ਹਾ ਹੈ ਪਰ ਉਸ ਵਿੱਚ ਕੁੱਝ
ਸੂਤੀ ਧਾਗੇ ਪਾ ਲਏ ਜਾਂਦੇ ਹਨ ।ਏਥੇ ਰੇਸ਼ਮ, ਗਰਮ ਭੂਰਾ ਅਤੇ ਸ਼ਾਲ ਨੂੰ
ਬਰਾਬਰ ਜਾਂ ਇੱਕ ਸਮਾਨ ਜਾਨਣ ਵੱਲ ਇਸ਼ਾਰਾ ਹੈ, ਵਸ, ਰਸ, ਕਸ=
ਦੁਖ ਸੁਖ, ਵਡੂਰੀਏ=ਬਦਨਾਮ ਕਰਨਾ)

259. ਤਥਾ

ਭੋਗ ਭੋਗਣਾ ਦੁਧ ਤੇ ਦਹੀਂ ਪੀਵੇਂ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ ।
ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈਂ ।
ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇਂ, ਗਾਈਂ ਮਹੀਂ ਵਿਲਾਇਕੇ ਚੋਵਨਾ ਹਂੈ ।
ਸੱਚ ਆਖ ਜੱਟਾ ਕਹੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ ।

(ਭੋਗ ਭੋਗਣਾ=ਸੁਆਦ ਮਾਨਣੇ, ਵਾਟ=ਰਾਹ, ਝਾਗਣਾ=ਤੁਰਨਾ, ਵਿਗੋਵਨਾ=
ਨਾਸ ਕਰਨਾ)

260. ਰਾਂਝਾ

ਜੋਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ ।
ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ, ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ ।
ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ ।
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ ।
ਏਸ ਜਟ ਗ਼ਰੀਬ ਨੂੰ ਤਾਰ ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ ।
ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ ।

(ਨਿਰਬਾਣ=ਨਿਰਵਾਣ, ਮੁਕਤੀ, ਜੀਊ ਤੇ ਘੁੰਢੀਆਂ ਚਾੜ੍ਹੀਆਂ=ਨਾਰਾਜ਼ਗੀ)

261. ਨਾਥ

ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆਂ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ ।
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਲ ਕੇ ਪੀਵਣੀ ਨਿੰਮ ਮੀਆਂ ।
'ਜਹਾਂ ਸੁਨ ਸਮਾਧ ਕੀ ਮੰਡਲੀ ਹੈ,' ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ ।
ਤਹਾਂ ਭਸਮ ਲਗਾਇਕੇ ਭਸਮ ਹੋਣਾ, ਪੇਸ਼ ਜਾਏ ਨਾਹੀਂ ਗਰਬ ਡਿੰਮ੍ਹ ਮੀਆਂ ।

(ਗਰਬ=ਗ਼ਰੂਰ, ਡਿੰਮ੍ਹ=ਫ਼ਰੇਬ,ਪਖੰਡ)

262. ਰਾਂਝਾ

ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ, ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ ।
ਏਸ ਜੋਗ ਦੇ ਪੰਥ ਵਿੱਚ ਆ ਵੜਿਆਂ, ਛੁਪਨ ਐਬ ਸਵਾਬ ਕਮੀਨਿਆਂ ਦੇ ।
ਹਿਰਸ ਅੱਗ ਤੇ ਸਬਰ ਦਾ ਪਵੇ ਪਾਣੀ, ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ ।
ਹਿਕ ਫ਼ਕਰ ਹੀ ਰਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ ।
ਤੇਰੇ ਦਵਾਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ ।
ਤੇਰਾ ਹੋਇ ਫ਼ਕੀਰ ਮੈਂ ਨਗਰ ਮੰਗਾਂ, ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ ।

(ਸਵਾਬ=ਪੁੰਨ, ਹਿਰਸ=ਲਾਲਚ,ਤਮ੍ਹਾਂ, ਅਹਿਲ ਖਜ਼ੀਨਾ=ਖਜ਼ਾਨੇ ਦੇ ਮਾਲਕ,
ਰੋਜ਼ੀਨਾ=ਇੱਕ ਦਿਨ ਦੀ ਮਜ਼ਦੂਰੀ)

263. ਨਾਥ

ਏਸ ਜੋਗ ਦੇ ਵਾਇਦੇ ਬਹੁਤ ਔਖੇ, ਨਾਦ ਅਨਹਤ ਤੇ ਸੁੰਨ ਵਜਾਵਣਾ ਵੋ ।
ਜੋਗੀ ਜੰਗਮ ਗੋਦੜੀ ਜਟਾ ਧਾਰੀ, ਮੁੰਡੀ ਨਿਰਮਲਾ ਭੇਖ ਵਟਾਵਣਾ ਵੋ ।
ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜ੍ਹਾਵਣਾ ਵੋ ।
ਜੰਮੇ ਆਏ ਦਾ ਹਰਖ਼ ਤੇ ਸੋਗ ਛੱਡੇ, ਨਹੀਂ ਮੋਇਆਂ ਗਿਆਂ ਪਛੋਤਾਵਣਾ ਵੋ ।
ਨਾਉਂ ਫ਼ਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਵੋ ।
ਧੋ ਧਾਇਕੇ ਜਟਾਂ ਨੂੰ ਧੂਪ ਦੇਣਾ, ਸਦਾ ਅੰਗ ਬਿਭੂਤ ਰਮਾਵਣਾ ਵੋ ।
ਉਦਿਆਨ ਵਾਸੀ ਜਤੀ ਸਤੀ ਜੋਗੀ, ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ ।
ਲਖ ਖ਼ੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੀਊ ਨਾਹੀਂ ਭਰਮਾਵਣਾ ਵੋ ।
ਕੰਦ ਮੂਲ ਤੇ ਪੋਸਤ ਅਫੀਮ ਬਿਜਿਆ, ਨਸ਼ਾ ਖਾਇਕੇ ਮਸਤ ਹੋ ਜਾਵਣਾ ਵੋ ।
ਜਗ ਾਂਬ ਖਿਆਲ ਹੈ ਸੁਪਨ ਮਾਤਰ, ਹੋ ਕਮਲਿਆਂ ਹੋਸ਼ ਭੁਲਾਵਣਾ ਵੋ ।
ਘੱਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ, ਬੀਨ ਕਿੰਗ ਤੇ ਸੰਖ ਵਜਾਵਣਾ ਵੋ ।
ਜਗਨ ਨਾਥ ਗੋਦਾਵਰੀ ਗੰਗ ਜਮਨਾ, ਸਦਾ ਤੀਰਥਾਂ ਤੇ ਜਾ ਨ੍ਹਾਵਣਾ ਵੋ ।
ਮੇਲੇ ਸਿੱਧਾਂ ਦੇ ਖੇਲਣਾਂ ਦੇਸ ਪੱਛਮ, ਨਵਾਂ ਨਾਥਾਂ ਦਾ ਦਰਸ਼ਨ ਪਾਵਣਾ ਵੋ ।
ਕਾਮ ਕਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖ਼ਾਕ ਦਰ ਖ਼ਾਕ ਹੋ ਜਾਵਣਾ ਵੋ ।
ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ, ਤੈਨੂੰ ਔਖ਼ੜਾ ਜੋਗ ਕਮਾਵਣਾ ਵੋ ।
ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ ,ਤੁਸਾਂ ਜੱਟਾਂ ਕੀ ਜੋਗ ਥੋਂ ਪਾਵਣਾ ਵੋ ।

(ਅਨਹਤ ਨਾਦ=ਬਿਨਾ ਫੂਕ ਮਾਰੇ ਵੱਜਣ ਵਾਲਾ ਨਰਸਿੰਗਾ, ਜੰਗਮ=ਘੰਟੀ
ਵਜਾਉਣ ਵਾਲੇ, ਮੁੰਡੀ=ਘੋਨ ਮੋਨ, ਨਿਰਮਲਾ=ਸਾਧਾਂ ਦਾ ਇੱਕ ਪੰਥ, ਹਰਖ=
ਖ਼ੁਸ਼ੀ, ਉਦਿਆਨ ਵਾਸੀ=ਸ਼ਹਿਰ ਤੋਂ ਦੂਰ ਜੰਗਲ ਵਿੱਚ ਡੇਰਾ ਲਾਉਣ ਵਾਲੇ,
ਰਮਾਵਣਾ=ਲਾਉਣਾ, ਕੰਦ ਮੂਲ=ਜੜ੍ਹਾਂ ਆਦਿ, ਬਿਜਿਆ=ਭੰਗ,ਸੁੱਖਾ,
ਨਿਰਾਸੇ=ਬੇਆਸੇ,ਨਾਉਮੀਦ)

264. ਰਾਂਝਾ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ ।
ਜਿਹੜਾ ਆਸ ਕਰਕੇ ਡਿੱਗੇ ਆਣ ਦਵਾਰੇ, ਜੀਊ ਓਸ ਦਾ ਚਾ ਨਾ ਤੋੜੀਏ ਜੀ ।
ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ ।
ਵਾਰਿਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ, ਮਿਹਰ ਓਸ ਥੋਂ ਨਾ ਵਿਛੋੜੀਏ ਜੀ ।

(ਜੈਂਦਾ=ਜਿਸਦਾ, ਦਵਾਰੇ ਆ ਡਿੱਗੇ=ਦਰ ਤੇ ਆ ਕੇ ਬੇਨਤੀ ਕਰੇ)

265. ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫ਼ਸ ਮਾਰਨਾ ਕੰਮ ਭੁਜੰਗਿਆਂ ਦਾ ।
ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ, ਇਹ ਕੰਮ ਹੈ ਮਾਹਣੂੰਆਂ ਚੰਗਿਆਂ ਦਾ ।
ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ ।
ਜਿਹੜੇ ਮਰਨ ਸੋ ਫ਼ਕਰ ਥੀਂ ਹੋ ਵਾਕਿਫ਼, ਨਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ ।
ਏਥੇ ਥਾਂ ਨਾਹੀਂ ਅੜਬੰਗਿਆਂ ਦਾ, ਫ਼ਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ ।
ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ, ਕੇਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ ।
ਵਾਰਿਸ ਸ਼ਾਹ ਜੋ ਇਸ਼ਕ ਦੇ ਰੰਗ ਰੱਤੇ, ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ ।

(ਨਫ਼ਸ=ਹਉਮੈ,ਭੈੜਾ ਮਨ, ਭੁਜੰਗੀ=ਸੱਪ,ਕਾਲਾ ਨਾਗ਼, ਮਾਹਣੂੰਆਂ=ਮਰਦਾਂ, ਤੇਗ਼=
ਤਲਵਾਰ, ਅੜਬੰਗੇ=ਅੜਬ, ਕੁੰਦੀ=ਕਪੜਿਆਂ ਦੇ ਵੱਟ ਕੱਢਣ ਵਾਲਾ ਜੰਤਰ)

266. ਤਥਾ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ, ਜੋਗ ਸਿੱਖੀਏ ਸਿਖਣਾ ਆਇਆ ਈ ।
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹ ਹੀ ਜੋਗੀਆਂ ਦਾ ਫ਼ਰਮਾਇਆ ਈ ।
ਨਾਲ ਸਿਦਕ ਯਕੀਨ ਦੇ ਬੰਨ੍ਹ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਈ ।
ਸੰਸੇ ਜੀਊ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਈ ।
ਬੱਚਾ ਸੁੰਨ ਜੋ ਵਿੱਚ ਕਲਬੂਤ ਖ਼ਾਕੀ, ਸੱਚੇ ਰੱਬ ਨੇ ਥਾਉਂ ਬਣਾਇਆ ਈ ।
ਵਾਰਿਸ ਸ਼ਾਹ ਮੀਆਂ 'ਹਮਾਂ ਓਸਤ' ਜਾਪੇ, ਸਰਬ-ਮਈ ਭਗਵਾਨ ਨੂੰ ਪਾਇਆ ਈ ।

(ਅਸਥਿਰ=ਪੱਕੇ ਪੈਰੀਂ, ਤਕਵਾ=ਪਰਹੇਜ਼ਗਾਰੀ, ਸੰਸੇ=ਫ਼ਿਕਰ,ਸ਼ਕ,
ਮਲੀਨ=ਗੰਦਾ, ਨਸ਼ਟ=ਖਤਮ, ਹਮਾਂ ਓਸਤ=ਉਹ (ਰੱਬ) ਸਭ ਕੁੱਝ ਹੈ)

267. ਤਥਾ

ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾਇ ਰਹਿਆ ।
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆਇ ਰਹਿਆ ।
ਜਿਵੇਂ ਪੱਤਰੀਂ ਮਹਿੰਦੀਉਂ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿੱਚ ਆਇ ਰਹਿਆ ।
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ, ਤਿਵੇਂ ਜੋਤ ਮੇਂ ਜੋਤ ਸਮਾਇ ਰਹਿਆ ।
ਰਾਂਝਾ ਬੰਨ੍ਹ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾਇ ਰਹਿਆ ।
ਤੇਰੇ ਦਵਾਰ ਜੋਗਾ ਹੋ ਰਹਿਆ ਹਾਂ ਮੈਂ, ਜੱਟ ਜੋਗੀ ਨੂੰ ਗਿਆਨ ਸਮਝਾਇ ਰਹਿਆ ।
ਵਾਰਿਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾਇ ਰਹਿਆ ।

(ਸਰਬ=ਸਾਰਿਆਂ, ਪੱਤਰੀਂ=ਪੱਤਿਆਂ ਵਿੱਚ, ਰਕਤ=ਲਹੂ, ਖਰਚ ਬੰਨ੍ਹ ਕੇ=ਪੱਕੇ
ਇਰਾਦੇ ਨਾਲ)

268. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਚੇਲਿਆਂ ਦੇ ਤਾਅਨੇ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ ।
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ ।
ਦੇਖ ਸੁਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ ।
ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ ।
ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ ।
ਵਾਰਿਸ ਸ਼ਾਹ ਖੁਸ਼ਾਮਦ ਏ ਸੁਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ ।

(ਸਾਣ ਚੜ੍ਹਾਕੇ=ਤਿੱਖੀ ਕਰਕੇ, ਨਿਰਵਾਰ=ਫ਼ਰਕ,ਵਖ ਵਖ ਕਰਨਾ, ਖੁਸ਼ਾਮਦ=
ਚਾਪਲੂਸੀ)

269. ਨਾਥ ਦਾ ਚੇਲਿਆਂ ਨੂੰ ਉੱਤਰ

ਗ਼ੀਬਤ ਕਰਨ ਬੇਗਾਨੜੀ ਤਾਇਤ ਔਗੁਣ, ਸੱਤੇ ਆਦਮੀ ਇਹ ਗੁਨ੍ਹਾਗਾਰ ਹੁੰਦੇ ।
ਚੋਰ ਕਿਰਤਘਣ ਚੁਗ਼ਲ ਤੇ ਝੂਠ-ਬੋਲੇ, ਲੂਤੀ ਲਾਵਣਾ ਸੱਤਵਾਂ ਯਾਰ ਹੁੰਦੇ ।
ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਬਹਿਣਾ, ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ ।
ਵਾਰਿਸ ਜਿਨ੍ਹਾਂ ਉਮੀਦ ਨਾ ਤਾਂਗ ਕਾਈ, ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ ।

(ਗ਼ੀਬਤ=ਚੁਗ਼ਲੀ,ਨਿੰਦਾ, ਤਾਇਤ=ਤਾਬੇਦਾਰੀ,ਕਿਰਤਘਣ=ਕਿਸੇ ਦੇ ਕੀਤੇ
ਨੂੰ ਭੁਲ ਜਾਣ ਵਾਲਾ, ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਰੱਖਣਾ=ਮੈਂ ਜੋਗ ਤੁਹਾਨੂੰ
ਹੀ ਦੇ ਦੇਣਾ ਹ, ਆਪਣੇ ਕੋਲ ਨਹੀਂ ਰਖੀ ਰੱਖਣਾ)

270. ਚੇਲਿਆਂ ਨੇ ਗ਼ੁੱਸਾ ਕਰਨਾ

ਰਲ ਚੇਲਿਆਂ ਕਾਵਸ਼ਾਂ ਕੀਤੀਆਂ ਨੇ, ਬਾਲ ਨਾਥ ਨੂੰ ਪਕੜ ਪਥੱਲਿਉ ਨੇ ।
ਛੱਡ ਦਵਾਰ ਉਖਾੜ ਭੰਡਾਰ ਚੱਲੇ, ਜਾ ਰੰਦ ਤੇ ਵਾਟ ਸਭ ਮਲਿਉ ਨੇ ।
ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ, ਮੋੜ ਗੋਦੜੀ ਨਾਥ ਥੇ ਘਲਿਉ ਨੇ ।
ਵਾਰਿਸ ਰਬ ਬਖ਼ੀਲ ਨਾ ਹੋਏ ਮੇਰਾ, ਚਾਰੇ ਰਾਹ ਨਸੀਬ ਦੇ ਮਲਿਉ ਨੇ ।

(ਕਾਵਸ਼ਾਂ=ਦੁਸ਼ਮਣੀ, ਦਵਾਰ ਉਖਾੜ ਭੰਡਾਰ ਚਲੇ=ਡੇਰਾ ਛੱਡ ਕੇ ਤੁਰ
ਚੱਲੇ, ਰੰਦ=ਖੇਤਾਂ ਵਿੱਚੋਂ ਸਿੱਧਾ ਰਾਹ, ਬਖ਼ੀਲ=ਈਰਖਾਲੂ,ਕੰਜੂਸ)

271. ਰਾਂਝਾ

ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖ਼ੀਲ ਨਾ ਲੋੜੀਏ ਜੀ ।
ਕੀਜੇ ਗ਼ੌਰ ਤੇ ਕੰਮ ਬਣਾ ਦਿੱਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ ।
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ, ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ ।
ਕੋਈ ਕੰਮ ਗ਼ਰੀਬ ਦਾ ਕਰੇ ਜ਼ਾਇਆ, ਸਗੋਂ ਓਸ ਨੂੰ ਹਟਕੀਏ ਹੋੜੀਏ ਜੀ ।
ਬੇੜਾ ਲੱਦਿਆ ਹੋਵੇ ਮੁਸਾਫ਼ਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ ।
ਜ਼ਿਮੀਂ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ ।
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ, ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ ।
ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ ।

(ਸੁੰਞਾ ਲੋਕ=ਸਾਰੇ ਲੋਕ, ਬਾਬ ਮੈਂਡੇ=ਮੇਰੇ ਵਾਸਤੇ, ਤੂਲ ਦਰਾਜ਼=ਲੰਬਾ ਚੌੜਾ,
ਹੱਥ ਜੋੜੀਏ=ਮਦਦ ਕਰੀਏ)

272. ਨਾਥ

ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਬੁਰੀਆਂ ਚੁਗ਼ਲੀਆਂ ਧ੍ਰੋਹ ਬਖ਼ੀਲੀਆਂ ਵੋ ।
ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ ।
ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੋ ।
ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੋ ਗੱਲਾਂ ਅਣਖੀਲੀਆਂ ਵੋ ।
ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ ।
ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੋ ।

(ਕਾਵਸ਼=ਦੁਸ਼ਮਣੀ,ਵੈਰ, ਜ਼ੁਹਦ=ਪਰਹੇਜ਼ਗਾਰੀ)

273. ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ, ਜਾਇ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ ।
ਸੱਭਾ ਤਿੰਨ ਸੌ ਸੱਠ ਜਾਂ ਭਵੇਂ ਤੀਰਥ, ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ ।
ਨਵੇਂ ਨਾਥ ਬਵੰਜੜਾ ਬੀਰ ਆਏ, ਚੌਂਸਠ ਜੋਗਨਾਂ ਨਾਲ ਰਸੀਲੀਆਂ ਨੇ ।
ਛੇ ਜਤੀ ਤੇ ਦਸੇ ਅਵਤਾਰ ਆਏ, ਵਿੱਚ ਆਬੇ ਹਿਆਤ ਦੇ ਝੀਲੀਆਂ ਨੇ ।

(ਮੇਲੀਆਂ=ਇਕੱਠੀਆਂ ਕੀਤੀਆਂ, ਵਾਚ ਕੇ=ਪੜ੍ਹ ਕੇ, ਨਵੇਂ=ਨੌਂ, ਬਵੰਜੜਾ=
ਬਵੰਜਾ, ਚੌਂਸਠ ਜੋਗਨੀ=ਦੁਰਗਾ ਦੇਵੀ ਦੀਆਂ ਚੌਂਹਟ ਸਹੇਲੀਆਂ, ਦਸ ਅਵਤਾਰ=
ਵਿਸ਼ਨੂੰ ਦੇ ਦਸ ਅਵਤਾਰ ਇਹ ਹਨ:-1. ਰਾਮ, 2. ਕ੍ਰਿਸ਼ਨ, 3. ਬੁਧ, 4. ਨਰ
ਸਿੰਘ, 5.ਵਾਮਨ, 6. ਮੱਛ, 7. ਕੱਛਪ, 8. ਬਰ੍ਹਾ, 9. ਪਰਸ ਰਾਮ 10. ਕਲਕੀ)

274. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ

ਦਿਨ ਚਾਰ ਬਣਾਇ ਸੁਕਾਇ ਮੁੰਦਰਾਂ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ ।
ਗ਼ੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀਂ ਚਾ ਸਵਾਰਿਆ ਨੇ ।
ਜ਼ੋਰਾਵਰਾਂ ਦੀ ਗੱਲ ਹੈ ਬਹੁਤ ਮੁਸ਼ਕਲ, ਜਾਣ ਬੁਝ ਕੇ ਬਦੀ ਵਿਸਾਰਿਆ ਨੇ ।
ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ ।
ਘੁਟ ਵਟ ਕੇ ਕਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ ।
ਲਿਆਇ ਉਸਤਰਾ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ ।
ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ, ਲਖ ਵੈਰੀਆਂ ਧਕ ਕੇ ਮਾਰਿਆ ਨੇ ।

(ਨਜ਼ਰ ਗੁਜ਼ਾਰਿਆ=ਬਾਲ ਨਾਥ ਨੂੰ ਪੇਸ਼ ਕੀਤੀਆਂ, ਛਮਾ ਕੀਤਾ=ਮੁਆਫ ਕੀਤਾ,
ਨਰਦਾਂ=ਕੌਡੀਆਂ, ਬਾਜ਼ੀ=ਸ਼ਤਰੰਜ, ਫੇਟੀ=ਧੱਕਾ, ਊਠ ਅਤੇ ਘੋੜੇ ਦੇ ਪੇਟ ਦਾ ਰੋਗ
ਜਿਹਦੇ ਨਾਲ ਉਹ ਮਰ ਜਾਂਦੇ ਹਨ, ਛਿਲ ਕੇ ਤੀਲੇ=ਪਿਛਲੇ ਜ਼ਮਾਨੇ ਵਿੱਚ ਦੁੱਧ ਵਿੱਚ
ਰਲਾਏ ਪਾਣੀ ਨੂੰ ਦੇਖਣ ਲਈ, ਕਾਨੇ ਨੂੰ ਛਿਲ ਕੇ ਜੋ ਗੁੱਦਾ ਅੰਦਰੋਂ ਨਿਕਲੇ ਉਹਦੀਆਂ
ਲੰਬੀਆਂ ਲੰਬੀਆਂ ਨਲਕੀਆਂ ਦੁੱਧ ਵਿੱਚ ਲਟਕਾ ਦਿੰਦੇ ਅਤੇ ਦੁੱਧ ਵਿੱਚੋਂ ਪਾਣੀ ਗੁੱਦੇ
ਵਿੱਚ ਚੜ੍ਹ ਜਾਂਦਾ)

275. ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇਣਾ

ਬਾਲ ਨਾਥ ਨੇ ਸਾਮ੍ਹਣੇ ਸੱਦ ਧੀਦੋ, ਜੋਗ ਦੇਣ ਨੂੰ ਪਾਸ ਬਹਾਲਿਆ ਸੂ ।
ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸੱਭੋ ਕੋੜਮੇ ਦਾ ਨਾਉਂ ਗਾਲਿਆ ਸੂ ।
ਕੰਨ ਪਾੜਕੇ ਝਾੜ ਕੇ ਲੋਭ ਬੋਦੇ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ ।
ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ, ਜਾਪੇ ਦੁਧ ਪਵਾ ਕੇ ਪਾਲਿਆ ਸੂ ।
ਛਾਰ ਅੰਗ ਰਮਾਇ ਸਿਰ ਮੁੰਨ ਅੱਖੀਂ, ਪਾ ਮੁੰਦਰਾਂ ਚਾ ਨਵਾਲਿਆ ਸੂ ।
ਖ਼ਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਰ ਵਿਖਾਲਿਆ ਸੂ ।
ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ ।

(ਕੰਨ ਪਾੜਣ=ਕੰਨ ਪਾੜਣ ਨਾਲ ਕਾਮੁਕ ਰੀਝਾਂ ਜਾਂਦੀਆਂ ਲਗਦੀਆਂ ਹਨ,
ਜਨਣੀ=ਮਾਂ, ਛਾਰ=ਸੁਆਹ, ਨਵਾਲਿਆ ਸੂ=ਬਖਸ਼ਸ਼ ਕੀਤੀ, ਸਾਰ ਵਖਾਲਿਆ=
ਆਪਣੀ ਸ਼ਰਨ ਵਿੱਚ ਲੈ ਲਿਆ)

276. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ

ਦਿੱਤੀ ਦੀਖਿਆ ਰਬ ਦੀ ਯਾ ਦੱਸੀ, ਗੂਰ ਜੋਗ ਦੇ ਭੇਤ ਨੂੰ ਪਾਈਏ ਜੀ ।
ਨਹਾ ਧੋਇ ਪ੍ਰਭਾਤ ਵਿਭੂਤ ਮਲੀਏ, ਚਾਇ ਕਿਸਵਤ ਅੰਗ ਵਟਾਈਏ ਜੀ ।
ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ, ਪਹਿਲੇ ਰੱਬ ਦਾ ਨਾਉਂ ਧਿਆਈਏ ਜੀ ।
ਨਗਰ ਅਲਖ ਜਗਾਇਕੇ ਜਾ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ ।
ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ, ਦਈਏ ਦੁਆ ਅਸੀਸ ਸੁਣਾਈਏ ਜੀ ।
ਇਸੀ ਭਾਂਤ ਸੋਂ ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦਵਾਰ ਕੋ ਆਈਏ ਜੀ ।
ਵੱਡੀ ਮਾਉਂ ਹੈ ਜਾਣ ਕੇ ਕਰੋ ਨਿਸਚਾ, ਛੋਟੀ ਭੈਣ ਮਿਸਾਲ ਕਰਾਈਏ ਜੀ ।
ਵਾਰਿਸ ਸ਼ਾਹ ਯਕੀਨ ਦੀ ਕੁਲ੍ਹਾ ਪਹਿਦੀ, ਸਭੋ ਸੱਤ ਹੈ ਸੱਤ ਠਹਿਰਾਈਏ ਜੀ ।

(ਪ੍ਰਭਾਤ=ਸਵੇਰੇ, ਕਿਸਵਤ=ਕੱਪੜੇ,ਪੋਸ਼ਾਕ, ਕੁਲ੍ਹਾ=ਕੁੱਲਾ, ਟੋਪੀ)

277. ਰਾਂਝਾ ਨਾਥ ਅੱਗੇ ਵਿਟਰ ਗਿਆ

ਰਾਂਝਾ ਆਖਦਾ ਮਗਰ ਨਾ ਪਵੋ ਮੇਰੇ, ਕਦੀ ਕਹਿਰ ਦੇ ਵਾਕ ਹਟਾਈਏ ਜੀ ।
ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ, ਗਲ ਘੁੱਟ ਕੇ ਚਾਇ ਲੰਘਾਈਏ ਜੀ ।
ਪਹਿਲੇ ਚੇਲਿਆਂ ਨੂੰ ਚਾ ਹੀਜ਼ ਕਰੀਏ, ਪਿੱਛੋਂ ਜੋਗ ਦੀ ਰੀਤ ਬਤਾਈਏ ਜੀ ।
ਇੱਕ ਵਾਰ ਜੋ ਦੱਸਣਾ ਦੱਸ ਛੱਡੋ, ਘੜੀ ਘੜੀ ਨਾ ਗੁਰੂ ਅਕਾਈਏ ਜੀ ।
ਕਰਤੂਤ ਜੇ ਏਹਾ ਸੀ ਸਭ ਤੇਰੀ, ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ ।
ਵਾਰਿਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ, ਕੋਈ ਭਲੀ ਹੀ ਮਤ ਸਿਖਾਈਏ ਜੀ ।

(ਹੀਜ਼=ਖੱਸੀ,ਹੀਜੜਾ)

278. ਨਾਥ

ਕਹੇ ਨਾਥ ਰੰਝੇਟਿਆ ਸਮਝ ਭਾਈ, ਸਿਰ ਚਾਇਉਈ ਜੋਗ ਭਰੋਟੜੀ ਨੂੰ ।
ਅਲਖ ਨਾਦ ਵਜਾਇਕੇ ਕਰੋ ਨਿਸਚਾ, ਮੇਲ ਲਿਆਵਣਾ ਟੁਕੜੇ ਰੋਟੜੀ ਨੂੰ ।
ਅਸੀਂ ਮੁਖ ਆਲੂਦ ਨਾ ਜੂਠ ਕਰੀਏ, ਚਾਰ ਲਿਆਵੀਏ ਆਪਣੀ ਖੋਤੜੀ ਨੂੰ ।
ਵਡੀ ਮਾਉਂ ਬਰਾਬਰ ਜਾਣਨੀ ਹੈ, ਅਤੇ ਭੈਣ ਬਰਾਬਰਾਂ ਛੋਟੜੀ ਨੂੰ ।
ਜਤੀ ਸਤੀ ਨਿਮਾਣਿਆਂ ਹੋ ਰਹੀਏ, ਸਾਬਤ ਰੱਖੀਏ ਏਸ ਲੰਗੋਟੜੀ ਨੂੰ ।
ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ, ਵੱਢ ਦੂਰ ਕਰੀਂ ਏਸ ਬੋਟੜੀ ਨੂੰ ।

(ਭਰੋਟੜੀ=ਗੱਠੜੀ, ਮੇਲ ਲਿਆਉਣਾ=ਮੰਗ ਲਿਆਉਣਾ, ਆਲੂਦ=ਗੰਦਾ,
ਜਤੀ=ਲਿੰਗ ਭੁਖ ਤੇ ਕਾਬੂ ਰੱਖਣ ਵਲਾ ਫ਼ਕੀਰ, ਸਤੀ=ਲੰਗੋਟੇ ਦਾ ਸਤ
ਕਾਇਮ ਰੱਖਣ ਵਾਲਾ)

279. ਰਾਂਝਾ

ਸਾਬਤ ਹੋਏ ਲੰਗੋਟੜੀ ਸੁਣੀਂ ਨਾਥਾ, ਕਾਹੇ ਝੁੱਗੜਾ ਚਾਇ ਉਜਾੜਦਾ ਮੈਂ ।
ਜੀਭ ਇਸ਼ਕ ਥੋਂ ਰਹੇ ਜੇ ਚੁਪ ਮੇਰੀ, ਕਾਹੇ ਐਡੜੇ ਪਾੜਣੇ ਪਾੜਦਾ ਮੈਂ ।
ਜੀਊ ਮਾਰ ਕੇ ਰਹਿਣ ਜੇ ਹੋਏ ਮੇਰਾ, ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ ।
ਏਸ ਜੀਊ ਨੂੰ ਨਢੜੀ ਮੋਹ ਲੀਤਾ, ਨਿੱਤ ਫ਼ਕਰ ਦਾ ਨਾਉਂ ਚਿਤਾਰਦਾ ਮੈਂ ।
ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ ।
ਸਿਰ ਰੋੜ ਕਰਾਇ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ ।
ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ, ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ ।
ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ, ਇਹ ਮੁੰਦਰਾਂ ਮੂਲ ਨਾ ਸਾੜਦਾ ਮੈਂ ।
ਇਕੇ ਕੰਨ ਸਵਾਰ ਦੇ ਫੇਰ ਮੇਰੇ, ਇੱਕੇ ਘਤੂੰ ਢਲੈਤ ਸਰਕਾਰ ਦਾ ਮੈਂ ।
ਹੋਰ ਵਾਇਦਾ ਫ਼ਿਕਰ ਨਾ ਕੋਈ ਮੈਂਥੇ, ਵਾਰਿਸ ਰਖਦਾ ਹਾਂ ਗ਼ਮ ਯਾਰ ਦਾ ਮੈਂ ।

(ਢਲੈਤ=ਸਿਪਾਹੀ,ਚੌਕੀਦਾਰ)

280. ਨਾਥ

ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ, ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ ।
ਉਹ ਛੱਡ ਤਕਸੀਰ ਮੁਆਫ਼ ਤੇਰੀ, ਜਿਹੜੀਆਂ ਪਿਛਲੀਆਂ ਸਫ਼ਾਂ ਨਖੋਰੀਆਂ ਵੋ ।
ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ ।
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉਂ ਖੰਡ ਦੀਆਂ ਬੋਰੀਆਂ ਵੋ ।
ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ ।
ਧੋ ਧਾਇ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉਂ ਖੋਰੀਆਂ ਵੋ ।
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ ।
ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ ।
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ ।
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ ।

(ਸਫ਼ਾਂ ਨਘੋਰੀਆਂ=ਮਾੜੇ ਕੰਮ, ਰਾਹਕ=ਵਾਹਕ,ਹਲ ਵਾਹੁਣ ਵਾਲਾ ਕਿਰਸਾਨ,
ਖੋਰੀਆਂ=ਖੁਰਲੀਆਂ, ਬੋਰੀਆਂ=ਰਕਮਾਂ, ਸੋਰੀਆਂ=ਅਰਦਾਸ ਕਰਕੇ ਪਾਈਆਂ)

281. ਰਾਂਝਾ

ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਇਦੇ ਹੋਵਣੇ ਨੀ ।
ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ ।
ਐਵੇਂ ਕੰਨ ਪੜਾਇਕੇ ਖ਼ੁਆਰ ਹੋਏ, ਸਾਥੋਂ ਨਹੀਂ ਹੁੰਦੇ ਏਡੇ ਰੋਵਣੇ ਨੀ ।
ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ ।
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ ।
ਹੱਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂੰਏਂ ਦੇ ਗੋਹੇ ਕਹੇ ਢੋਵਣੇ ਨੀ ।
ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਰ, ਖੱਟੇ ਚੋਵਣੇ ਕਿ ਮਿੱਠੇ ਚੋਵਣੇ ਨੀ ।

(ਖਰਾ=ਬਹੁਤ, ਨਾੜੀਆਂ=ਹਰਨਾਲੀਆਂ, ਕਚਕੜੇ=ਕਚ ਦੇ ਮਣਕੇ, ਵਰਜਦੇ=
ਰੋਕਦੇ, ਖੱਟੇ=ਕੌੜੇ, ਮਿੱਠੇ=ਅਸੀਲ)

282. ਨਾਥ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ ਬਹੁਤ ਔਖੀਆ ਇਹ ਫ਼ਕੀਰੀਆਂ ਨੀ ।
ਜੋਗ ਜਾਲਣਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ ।
ਜੋਗੀ ਨਾਲ ਨਸੀਹਤਾਂ ਹੋ ਜਾਂਦੇ, ਜਿਵੇਂ ਉਠ ਦੇ ਨੱਕ ਨਕੀਰੀਆਂ ਨੀ ।
ਤੂੰਬਾ ਸਿਮਰਨਾ ਖੱਪਰੀ ਨਾਦ ਸਿੰਙੀ, ਚਿਮਟਾ ਭੰਗ ਨਲੀਏਰ ਜ਼ੰਜੀਰੀਆਂ ਨੀ ।
ਛਡ ਤਰੀਮਤਾਂ ਦੀ ਝਾਕ ਹੋਇ ਜੋਗੀ, ਫ਼ਕਰ ਨਾਲ ਜਹਾਨ ਕੀ ਸੀਰੀਆਂ ਨੀ ।
ਵਾਰਿਸ ਸ਼ਾਹ ਇਹ ਜਟ ਫ਼ਕੀਰ ਹੋਇਆ, ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ ।

(ਸਾਰ=ਲੋਹਾ, ਜ਼ਹੀਰੀ=ਔਖਿਆਈ, ਨਕੀਰੀ=ਨਕੇਲ, ਨਲੀਏਰ=ਨਾਰੀਅਲ,
ਸਿਮਰਨਾ=ਮਾਲਾ, ਝਾਕ=ਆਸ)

283. ਰਾਂਝਾ

ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ ।
ਛਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ ।
ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ ।
ਹੀਰ ਛੱਤਿਆਂ ਨਾਲ ਮੈਂ ਮੱਸ ਭਿੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗ਼ੂਬ ਕੀਤੇ ।
ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ, ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ ।
ਦਿਹਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ ।
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਇਦੇ ਆਣ ਮਤਲੂਬ ਕੀਤੇ ।
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ ।
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ਼, ਨਾਅਰੇ ਦਰਦ ਦੇ ਬਹੁਤ ਯਾਕੂਬ ਕੀਤੇ ।
ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ, ਵਾਰਿਸ ਸ਼ਾਹ ਜਿਹੇ ਮਜਜ਼ੂਬ ਕੀਤੇ ।

(ਹਜੂਬ=ਪਰਦੇ, ਅਸਲੂਬ=ਤਰੀਕੇ,ਵਤੀਰਾ, ਨਸ਼ੇ ਮਰਗ਼ੂਬ ਕੀਤੇ=ਮੌਜਾਂ
ਮਾਣੀਆਂ, ਮਨਸੂਬ ਕੀਤੇ=ਮੰਗਣੀ ਕਰ ਦਿੱਤੀ, ਫਾਥੇ=ਫਸ ਗਏ, ਮਤਲੂਬ=
ਚਾਹ,ਮੰਗ, ਫਰਜ਼ੰਦ=ਪੁੱਤਰ, ਮਜਜ਼ੂਬ=ਰਬ ਦੇ ਧਿਆਨ ਵਿੱਚ ਡੁੱਬਾ ਚੁਪ
ਚਾਪ ਫ਼ਕੀਰ)

284. ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ

ਨਾਥ ਮੀਟ ਅੱਖਾਂ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ ।
ਦਰਗਾਹ ਲਾਉਬਾਲੀ ਹੈ ਹੱਕ ਵਾਲੀ, ਓਥੇ ਆਦਮੀ ਬੋਲਦਾ ਹੰਗਦਾ ਜੀ ।
ਜ਼ਿਮੀਂ ਅਤੇ ਅਸਮਾਨ ਦਾ ਵਾਰਿਸੀ ਤੂੰ, ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ ।
ਰਾਂਝਾ ਜੱਟ ਫ਼ਕੀਰ ਹੋ ਆਣ ਬੈਠਾ, ਲਾਹ ਆਸਰਾ ਨਾਮ ਤੇ ਨੰਗ ਦਾ ਜੀ ।
ਸਭ ਛੱਡੀਆਂ ਬੁਰਿਆਈਆਂ ਬੰਨ੍ਹ ਤਕਵਾ, ਨਾਹ ਆਸਰਾ ਸਾਕ ਤੇ ਅੰਗ ਦਾ ਜੀ ।
ਮਾਰ ਹੀਰ ਦੇ ਨੈਣਾਂ ਨੇ ਖ਼ੁਆਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ ।
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ ।
ਕੰਨ ਪਾੜ ਮੁਨਾਇਕੇ ਸੀਸ ਦਾੜ੍ਹੀ, ਪੀਏ ਬਹਿ ਪਿਆਲੜਾ ਭੰਗ ਦਾ ਜੀ ।
ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਰੋਹੀ ਜਿਉਂ ਕੂੰਜ ਕੁਲੰਗ ਦਾ ਜੀ ।
ਤੁਸੀਂ ਰੱਬ ਗ਼ਰੀਬ ਨਿਵਾਜ਼ ਸਾਹਿਬ, ਸਵਾਲ ਸੁਣਨਾ ਏਸ ਮਲੰਗ ਦਾ ਜੀ ।
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ ।
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦਿਉ ਫ਼ਕਰ ਨੂੰ ਚਰਮ ਪਲੰਗ ਦਾ ਜੀ ।
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ ।
ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ, ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਜੀ ।

(ਲਾਉਬਾਲੀ=ਬੇਪਰਵਾਹ, ਨੰਗ=ਸ਼ਰਮ ਹਿਆ, ਪਤੰਗ=ਪਤੰਗਾ,ਪਰਵਾਨਾ, ਕੁਲੰਗ=
ਲਮਢੀਂਗ, ਚਰਮ=ਖੱਲ, ਪਲੰਗ=ਚੀਤਾ, ਢੰਗ=ਪੈਖੜ ਜੋ ਰੁਕ ਰੁਕ ਕੇ ਚੱਲਣ ਲਈ
ਮਜਬੂਰ ਕਰਦਾ ਹੈ)

285. ਨਾਥ

ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾਹ ਤੇਰਾ ਕੰਮ ਹੋਇਆ ਈ ।
ਫਲ ਆਣ ਲੱਗਾ ਓਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ ।
ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ ।
ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸਉਣ ਤੈਨੂੰ ਭਲਾ ਹੋਇਆ ਈ ।
ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ ।
ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ੍ਹ ਕੇ ਆਣ ਖਲੋਇਆ ਈ ।
ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿਲਿਉਂ ਉੱਤਰਦਾ ਪੱਤਰਾ ਹੋਇਆ ਈ ।

(ਸਉਣ=ਸ਼ਗਨ)

286. ਰਾਂਝਾ ਟਿੱਲੇ ਤੋ ਤੁਰ ਪਿਆ

ਜੋਗੀ ਨਾਥ ਥੋਂ ਖ਼ੁਸ਼ੀ ਲੈ ਵਿਦਾ ਹੋਇਆ, ਛੁਟਾ ਬਾਜ਼ ਜਿਉਂ ਤੇਜ਼ ਤਰਾਰਿਆਂ ਨੂੰ ।
ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ ।
ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰ ।
ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮਾਂ ਦੇ ਮਾਰਿਆਂ ਨੂੰ ।
ਅਸੀਂ ਜੱਟ ਅਣਜਾਣ ਸਾਂ ਫਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ ।
ਵਾਰਿਸ ਸ਼ਾਹ ਜਾਂ ਅੱਲਾਹ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ ।

(ਜੋਗੀਲਾ=ਨਕਲੀ ਜੋਗੀ, ਹੈਂਸਿਆਰੇ=ਹਤਿਆਰੇ, ਕਰਮ=ਬਖਸ਼ਿਸ਼)

287. ਤਥਾ

ਜਦੋਂ ਕਰਮ ਅੱਲਾਹ ਦਾ ਕਰੇ ਮੱਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ ।
ਲਹਿਣਾ ਕਰਜ਼ ਨਾਹੀਂ ਬੂਹੇ ਜਾਇ ਬਹੀਏ, ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ ।
ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੰਨਿਆਂ ਦਾਣਿਆਂ ਦਾ ।
ਵਾਰਿਸ ਸ਼ਾਹ ਮੀਆਂ ਵੱਡਾ ਵੈਦ ਆਇਆ, ਸਰਦਾਰ ਹੈ ਸਭ ਸਿਆਣਿਆਂ ਦਾ ।

288. ਲੋਕਾਂ ਦੀਆਂ ਗੱਲਾਂ

ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ, ਇਹ ਜੋਗੀੜਾ ਬਾਲੜਾ ਛੋਟੜਾ ਨੀ ।
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਣ, ਇਹਦੇ ਤੇੜ ਨਾ ਬਣੇ ਲੰਗੋਟੜਾ ਨੀ ।
ਸੱਤ ਜਰਮ ਕੇ ਹਮੀਂ ਹੈਂ ਨਾਥ ਪੂਰੇ, ਕਦੀ ਵਾਹਿਆ ਨਾਹੀਂ ਜੋਤਰਾ ਨੀ ।
ਦੁਖ ਭੰਜਨ ਨਾਥ ਹੈ ਨਾਮ ਮੇਰਾ, ਮੈਂ ਧਨਵੰਤਰੀ ਵੈਦ ਦਾ ਪੋਤਰਾ ਨੀ ।
ਜੇ ਕੋ ਅਸਾਂ ਦੇ ਨਾਲ ਦਮ ਮਾਰਦਾ ਹੈ, ਏਸ ਜਗ ਤੋਂ ਜਾਏਗਾ ਔਤਰਾ ਨੀ ।
ਹੀਰਾ ਨਾਥ ਹੈ ਵੱਡਾ ਗੁਰੂ ਦੇਵ ਲੀਤਾ, ਚਲੇ ਓਸ ਕਾ ਪੂਜਨੇ ਚੌਤਰਾ ਨੀ ।
ਵਾਰਿਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ, ਦੁੱਧ ਪੁਤਰਾਂ ਦੇ ਨਾਲ ਸੌਂਤਰਾ ਨੀ ।

(ਧਨਵੰਤਰੀ=ਵੱਡਾ ਵੈਦ,ਹਿੰਦੂ ਵੈਦਗੀ ਦਾ ਪਿਤਾਮਾ, ਜਰਮ=ਜਨਮ, ਔਤਰਾ=
ਔਂਤਰਾ,ਬੇਔਲਾਦ, ਸੌਂਤਰਾ=ਔਂਤਰੇ ਦਾ ਉਲਟ,ਔਲਾਦਵਾਲਾ)

289. ਰਾਂਝੇ ਨੇ ਚਾਲੇ ਪਾ ਦਿੱਤੇ

ਧਾਇ ਟਿਲਿਉਂ ਰੰਦ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਂਵਦਾ ਵੁਠ ਉੱਤੇ ।
ਕਾਅਬਾ ਰੱਖ ਮੱਥੇ ਰਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ ।
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ ।
ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ, ਭੰਗ ਪੋਸਤ ਬੱਧੇ ਚਾ ਪਿਠ ਉੱਤੇ ।
ਏਵੇਂ ਸਰਕਦਾ ਆਂਵਦਾ ਖੇੜਿਆਂ ਨੂੰ, ਜਿਵੇਂ ਫ਼ੌਜ ਸਰਕਾਰ ਦੀ ਲੁੱਟ ਉੱਤੇ ।
ਬੈਰਾਗ ਸਨਿਆਸ ਜਿਉਂ ਲੜਣ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ ।
ਵਾਰਿਸ ਸ਼ਾਹ ਸੁਲਤਾਨ ਜਿਉਂ ਦੌੜ ਕੀਤੀ, ਚੜ੍ਹ ਆਇਆ ਈ ਮਥਰਾ ਦੀ ਲੁੱਟ ਉੱਤੇ ।

(ਵੁਠ ਉੱਤੇ=ਵਰ੍ਹਨ ਲਈ ਚੜ੍ਹਦਾ ਹੈ,, ਝੁਲਾਰਦਾ=ਝੂਲਦਾ, ਲੁਠ ਉਤੇ=ਕਿਸੇ ਥਾਂ ਨੂੰ
ਅੱਗ ਲਾਉਣ ਲਈ ਹਮਲਾ ਕਰਨਾ)

290. ਜੋਗੀ ਬਣ ਕੇ ਰਾਂਝਾ ਰੰਗ ਪੁਰ ਆਇਆ

ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ ।
ਭੁਖਾ ਸ਼ੇਰ ਜਿਉੁਂ ਦੌੜਦਾ ਮਾਰ ਉਤੇ, ਚੋਰ ਵਿਠ ਉਤੇ ਜਿਵੇਂ ਆਂਵਦਾ ਏ ।
ਚਾ ਨਾਲ ਜੋਗੀ ਓਥੋਂ ਸਰਕ ਟੁਰਿਆ, ਜਿਵੇਂ ਮੀਂਹ ਅੰਧੇਰ ਦਾ ਆਂਵਦਾ ਏ ।
ਦੇਸ ਖੇੜਿਆਂ ਦੇ ਰਾਂਝਾ ਆ ਵੜਿਆ, ਵਾਰਿਸ ਸ਼ਾਹ ਇਆਲ ਬੁਲਾਂਵਦਾ ਏ ।

(ਮਾਰ=ਸ਼ਿਕਾਰ, ਵਿਠ=ਰਾਤ ਨੂੰ ਦੇਖੀ ਭਾਲੀ ਥਾਂ, ਇਆਲੀ=ਆਜੜੀ)

291. ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ

ਜਦੋਂ ਰੰਗਪੁਰ ਦੀ ਜੂਹ ਜਾ ਵੜਿਆ, ਭੇਡਾਂ ਚਾਰੇ ਇਆਲੀ ਵਿੱਚ ਬਾਰ ਦੇ ਜੀ ।
ਨੇੜੇ ਆਇਕੇ ਜੋਗੀ ਨੂੰ ਵੇਖਦਾ ਹੈ, ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ ।
ਝੱਸ ਚੋਰ ਤੇ ਚੁਗ਼ਲ ਦੀ ਜੀਭ ਵਾਂਗੂੰ, ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ ।
ਚੋਰ ਯਾਰ ਤੇ ਠਗ ਨਾ ਰਹਿਣ ਗੁੱਝੇ, ਕਿੱਥੇ ਛਪਦੇ ਆਦਮੀ ਕਾਰ ਦੇ ਜੀ ।
ਤੁਸੀਂ ਕਿਹੜੇ ਦੇਸ ਦੇ ਫ਼ਕਰ ਸਾਈਂ, ਸੁਖ਼ਨ ਦੱਸਖਾਂ ਖੋਲ੍ਹ ਨਿਰਵਾਰਦੇ ਜੀ ।
ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨਿ ਦੇ, ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ ।
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ, ਮਿਲਣ ਵਾਲਿਆਂ ਦੀ ਕੁਲ ਤਾਰਦੇ ਜੀ ।
ਵਾਰਿਸ ਸ਼ਾਹ ਮੀਆਂ ਚਾਰੇ ਚਕ ਭੌਂਦੇ, ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ ।

(ਗੁੱਝੇ=ਲੁਕੇ ਹੋਏ, ਸੁਖ਼ਨ=ਗੱਲ ਬਾਤ, ਨਿਰਵਾਰ=ਖੋਲ੍ਹ ਕੇ, ਚਾਰ ਚੱਕ=ਸਾਰੀ
ਦੁਨੀਆਂ, ਦੀਦ ਮਾਰ ਦੇ=ਨਜ਼ਾਰੇ ਕਰਦੇ)

292. ਆਜੜੀ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ, ਛੱਡ ਖਚਰ ਪੌ ਕੁਲ ਹੰਜਾਰ ਦੇ ਜੀ ।
ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ, ਨੱਢੀ ਮਾਣਦਾ ਸੈਂ ਵਿੱਚ ਬਾਰ ਜੀ ।
ਤੇਰਾ ਮੇਹਣਾ ਹੀਰ ਸਿਆਲ ਤਾਈਂ, ਆਮ ਖ਼ਬਰ ਸੀ ਵਿਚ ਸੰਸਾਰ ਦੇ ਜੀ ।
ਨੱਸ ਜਾ ਏਥੋਂ ਮਾਰ ਸੁੱਟਣੀਗੇ, ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ ।
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ, ਜਾਣ ਤਖਤ ਹਜ਼ਾਰੇ ਨੂੰ ਮਾਰ ਦੇ ਜੀ ।
ਭੱਜ ਜਾ ਮਤਾਂ ਖੇੜੇ ਲਾਧ ਕਰਨੀ, ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ ।
ਮਾਰ ਚੂਰ ਕਰ ਸੁੱਟਣੇ ਹੱਡ ਗੋਡੇ, ਮਲਕ ਗੋਰ ਅਜ਼ਾਬ ਕਹਾਰ ਦੇ ਜੀ ।
ਵਾਰਿਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ, ਗੁਰਜ਼ਾਂ ਨਾਲ ਆਸੀ ਗੁਨ੍ਹਾਗਾਰ ਦੇ ਜੀ ।

(ਖਚਰ ਪੌ=ਮੱਕਾਰੀ,ਚਲਾਕੀਆਂ, ਲਾਧ ਕਰਨੀ=ਜੇ ਖ਼ਬਰ ਕਰ ਦਿੱਤੀ, ਪਿਆਦੇ=
ਸਿਪਾਹੀ, ਅਜ਼ਾਬ=ਦੁਖ ਤਕਲੀਫ, ਭਾਰ=ਅੱਠ ਹਜ਼ਾਰ ਤੋਲੇ ਦੇ ਵਜ਼ਨ ਦਾ ਵੱਟਾ,
ਕਹਾਰ=ਕਹਿਰ, ਆਸੀ=ਗੁਨਾਹਗਾਰ)

293. ਆਜੜੀ ਨਾਲ ਰਾਂਝੇ ਦੀ ਗੱਲ ਬਾਤ

ਇੱਜੜ ਚਾਰਨਾ ਕੰਮ ਪੈਗ਼ਬਰਾਂ ਦਾ, ਕੇਹਾ ਅਮਲ ਸ਼ੈਤਾਨ ਦਾ ਤੋਲਿਉ ਈ ।
ਭੇਡਾਂ ਚਾਰ ਕੇ ਤੁਹਮਤਾਂ ਜੋੜਣਾਂ ਏਂ, ਕੇਹਾ ਗ਼ਜ਼ਬ ਫ਼ਕੀਰ ਤੇ ਬੋਲਿਉ ਈ ।
ਅਸੀਂ ਫ਼ਕਰ ਅੱਲਾਹ ਦੇ ਨਾਗ ਕਾਲੇ, ਅਸਾਂ ਨਾਲ ਕੀ ਕੋਇਲਾ ਘੋਲਿਉ ਈ ।
ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ, ਹੋਇਉਂ ਜੋਗੀੜਾ ਜੀਊ ਜਾਂ ਡੋਲਿਉ ਈ ।
ਸੱਚ ਮੰਨ ਕੇ ਪਿਛਾਂਹ ਮੁੜ ਜਾਹ ਜੱਟਾ, ਕੇਹਾ ਕੂੜ ਦਾ ਘੋਲਣਾ ਘੋਲਿਉ ਈ ।
ਵਾਰਿਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ, ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ ।

(ਤੁਹਮਤਾਂ=ਊਜਾਂ ਕੋਲਾ ਘੋਲਣਾ=ਦੋਸ਼ ਲਾਉਣਾ, ਸ਼ੱਕਰ ਵਿੱਚ ਪਿਆਜ਼ ਘੋਲਣਾ=
ਚੰਗੇ ਕੰਮ ਜਾਂ ਚੰਗੀ ਵਸਤ ਨੂੰ ਵਿਗਾੜਣਾ)

294. ਆਜੜੀ

ਅਵੇ ਸੁਣੀ ਚਾਕਾ ਸਵਾਹ ਲਾ ਮੂੰਹ ਤੇ, ਜੋਗੀ ਹੋਇਕੇ ਨਜ਼ਰ ਭੁਆ ਬੈਠੋਂ ।
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ ।
ਖੇੜੇ ਵਿਆਹ ਲਿਆਏ ਮੂੰਹ ਮਾਰ ਤੇਰੇ, ਸਾਰੀ ਉਮਰ ਦੀ ਲੀਕ ਲਵਾ ਬੈਠੋਂ ।
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ ।
ਮੰਗ ਛੱਡੀਏ ਨਾ ਜੇ ਜਾਨ ਹੋਵੇ, ਵੰਨੀ ਦਿੱਤੀਆਂ ਛਡ ਹਿਆ ਬੈਠੋਂ ।
ਜਦੋਂ ਡਿਠੋਈ ਦਾਉ ਨਾ ਲੱਗੇ ਕੋਈ, ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ ।
ਇੱਕ ਅਮਲ ਨਾ ਕੀਤੋਈ ਗ਼ਾਫ਼ਲਾ ਵੋ, ਐਵੇਂ ਕੀਮੀਆਂ ਉਮਰ ਗੁਆ ਬੈਠੋਂ ।
ਸਿਰ ਵੱਢ ਕਰ ਸਨ ਤੇਰੇ ਚਾ ਬੇਰੇ, ਜਿਸ ਵੇਲੜੇ ਖੇੜੀਂ ਤੂੰ ਜਾ ਬੈਠੋਂ ।
ਵਾਰਿਸ ਸ਼ਾਹ ਤਰਿਆਕ ਦੀ ਥਾਂ ਨਾਹੀਂ, ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ ।

(ਲੀਕ ਲਵਾ ਬੈਠਾਂ=ਬਦਨਾਮੀ ਕਰਾ ਲਈ, ਵੰਨੀ=ਵਹੁਟੀ,ਬਹੂ, ਡਿੱਠੋਈ=
ਦੇਖਿਆ, ਕੀਮੀਆ=ਅਕਸੀਰ,ਏਥੇ ਅਰਥ ਹੈ ਕੀਮਤੀ, ਬੇਰੇ=ਟੋਟੇ,
ਤਰਿਆਕ=ਤੋੜ,ਜ਼ਹਿਰ ਨੂੰ ਦੂਰ ਕਰਨ ਦੀ ਦਵਾ, ਥਾਂ=ਥਾਹ,ਪਤਾ)

295. ਰਾਂਝਾ

ਸਤ ਜਰਮ ਕੇ ਹਮੀਂ ਫ਼ਕੀਰ ਜੋਗੀ, ਨਹੀਂ ਨਾਲ ਜਹਾਨ ਦੇ ਸੀਰ ਮੀਆਂ ।
ਅਸਾਂ ਸੇਲ੍ਹੀਆਂ ਖਪਰਾਂ ਨਾਲ ਵਰਤਣ, ਭੀਖ ਖਾਇਕੇ ਹੋਣਾਂ ਵਹੀਰ ਮੀਆਂ ।
ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ, ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ ।
ਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ, ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ ।
ਜਤੀ ਸਤੀ ਹਠੀ ਤਪੀ ਨਾਥ ਪੂਰੇ, ਸਤ ਜਨਮ ਕੇ ਗਹਿਰ ਗੰਭੀਰ ਮੀਆਂ ।
ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ, ਏਹੀ ਜੀਊ ਆਵੇ ਸਟੂੰ ਚੀਰ ਮੀਆਂ ।
ਥਰਾ ਥਰ ਕੰਬੇ ਗ਼ੁੱਸੇ ਨਾਲ ਜੋਗੀ, ਅੱਖੀਂ ਰੋਹ ਪਲਟਿਆ ਨੀਰ ਮੀਆਂ ।
ਹੱਥ ਜੋੜ ਇਆਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ ।
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ ।
ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਇ ਨਾਹੀਂ ਦਿਲਗੀਰ ਮੀਆਂ ।

(ਸੀਰ=ਵਾਹ, ਗਹਿਰ ਗੰਭੀਰ=ਸੰਜੀਦਾ,ਡੂੰਘਾ, ਰੋਹ=ਗ਼ੁੱਸਾ)

296. ਆਜੜੀ

ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ, ਪੀਂਘਾਂ ਪੀਂਘਦੀ ਨਾਲ ਪਿਆਰੀਆਂ ਦੇ ।
ਇਹ ਪ੍ਰੇਮ ਪਿਆਲੜਾ ਝੋਕਿਉਈ, ਨੈਣ ਮਸਤ ਸਨ ਵਿੱਚ ਖ਼ੁਮਾਰੀਆਂ ਦੇ ।
ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਝ ਘਿਨ ਕੇ ਨਾਲ ਕੁਆਰੀਆਂ ਦੇ ।
ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ, ਡੋਲੀ ਚਾੜ੍ਹਿਆ ਨੇ ਨਾਲ ਖ਼ੁਆਰੀਆਂ ਦੇ ।
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ ।
ਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ ।
ਜੱਟੀ ਵਿਆਹ ਦਿੱਤੀ ਰਹਿਉਂ ਨੀਧਰਾ ਤੂੰ, ਸੁੰਞੇ ਸਖਣੇ ਤੌਕ ਪਟਾਰੀਆਂ ਦੇ ।
ਖੇਡਣ ਵਾਲੀਆਂ ਸਾਹੁਰੇ ਬੰਨ੍ਹ ਖੜੀਆਂ, ਰੁਲਣ ਛਮਕਾਂ ਹੇਠ ਬੁਖ਼ਾਰੀਆਂ ਦੇ ।
ਬੁੱਢਾ ਹੋਇਕੇ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ ।
ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ ।
ਪਰ੍ਹਾਂ ਜਾ ਜੱਟਾ ਮਾਰ ਸੁੱਟਣੀਗੇ, ਨਹੀਂ ਛੁਪਦੇ ਯਾਰ ਕਵਾਰੀਆਂ ਦੇ ।
ਕਾਰੀਗਰੀ ਮੌਕੂਫ਼ ਕਰ ਮੀਆਂ ਵਾਰਿਸ, ਤੈਥੇ ਵਲ ਹੈਂ ਪਾਵਣ ਛਾਰੀਆਂ ਦੇ ।

(ਖੁਮਾਰੀ=ਮਸਤੀ, ਹਾਂਝ ਘਿਨ ਕੇ=ਪੂਰੇ ਦਿਲ ਨਾਲ, ਖਾਂਗੜ=ਮਝ, ਗਾਂ,
ਝੋਕਾਂ=ਡੇਰੇ, ਪਿੰਡ, ਖ਼ੂਬਾਂ=ਸੁਹਣੀਆਂ, ਨਿਧਰਾ=ਕਿਸੇ ਧਿਰ ਜਾਂ ਪਾਸੇ ਦਾ ਨਾ,
ਤੌਂਕ=ਟਮਕ, ਬੁਖਾਰੀ=ਦਾਣੇ ਪਾਉਣ ਵਾਲੀ ਕੋਠੀ, ਖੜੀਆਂ=ਲੈ ਗਏ, ਹਾਜਣ=
ਹਜ ਕਰਨ ਵਾਲੀ,ਭਗਤਣੀ, ਮੋਰ ਛਰ=ਮੋਰ ਛੜ,ਮੋਰ ਦੇ ਖੰਭਾਂ ਦਾ ਪੱਖਾ,
ਮੌਕੂਫ ਕਰ=ਛੱਡ,ਖ਼ਤਮ ਕਰ)

297. ਰਾਂਝੇ ਮੰਨਿਆਂ ਕਿ ਆਜੜੀ ਠੀਕ ਏ

ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ ।
ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀਂ ਸ਼ੀਹਣੀ ਨਾਲ ਕਸਤੂਰ ਹੈ ਜੀ ।
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ, ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ ।
ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ, ਪਹੁੰਚਾ ਵੱਗਿਆ ਮਿਰਗ ਸਭ ਦੂਰ ਹੈ ਜੀ ।
ਚੱਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ ।
ਕਿਸੇ ਪਾਸ ਨਾ ਖੋਲਣਾ ਭੇਤ ਭਾਈ, ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀ ।
ਆ ਪਿਆ ਪਰਦੇਸ ਵਿੱਚ ਕੰਮ ਮੇਰਾ, ਲਈਏ ਹੀਰ ਇੱਕੇ ਸਿਰ ਦੂਰ ਹੈ ਜੀ ।
ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ, ਅੱਗੇ ਸੁੱਝਦਾ ਕਹਿਰ ਕਲੂਰ ਹੈ ਜੀ ।

(ਕੋਟ=ਗੜ੍ਹ, ਲੁਕਮਾਨ=ਇੱਕ ਪ੍ਰਸਿੱਧ ਹਕੀਮ ਜਿਸ ਦਾ ਜ਼ਿਕਰ ਬਾਈਬਲ ਅਤੇ
ਕੁਰਾਨ ਵਿੱਚ ਵੀ ਆਇਆ ਹੈ, ਪਰ ਉਸ ਬਾਰੇ ਹੋਰ ਕੁੱਝ ਪਤਾ ਥੌਹ ਨਹੀਂ ਮਿਲਦਾ,
ਸਾਰੇ ਮੰਨਦੇ ਹਨ ਕਿ ਉਹ ਬਹੁਤ ਸਿਆਣਾ ਅਤੇ ਮੰਤਕੀ ਸੀ, ਦਸਤੂਰ=ਮਿਸਾਲ,ਨਮੂਨਾ,
ਬਾਜ਼,ਭੌਰ,ਕਸਤੂਰ,ਲੋਹਾ,ਡੱਬਾ=ਸਾਰੇ ਕੁੱਤਿਆਂ ਦੇ ਨਾਂ ਹਨ, ਮਰਗ=ਮੌਤ, ਚੱਕ ਮਾਰਨਾ=
ਦੰਦੀ ਜਾਂ ਬੁਰਕੀ ਵੱਢਣੀ, ਕਹਿਰ ਕਲੂਰ=ਮੌਤ ਵਰਗੀ ਵੱਡੀ ਮੁਸੀਬਤ)

298. ਰਾਂਝਾ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ, ਮਰਦ ਸੋਈ ਜੋ ਵੇਖ ਦੰਮ ਘੁਟ ਜਾਏ ।
ਗੱਲ ਜੀਊ ਦੇ ਵਿੱਚ ਹੀ ਰਹੇ ਖੁਫ਼ੀਆ, ਕਾਉਂ ਵਾਂਗ ਪੈਖ਼ਾਲ ਨਾ ਸੁੱਟ ਜਾਏ ।
ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ, ਭਾਂਵੇਂ ਪੁੱਛ ਕੇ ਲੋਕ ਨਿਖੁੱਟ ਜਾਏ ।
ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੋਲ੍ਹਣ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ ।

(ਪੈਖ਼ਾਲ=ਬਿੱਠ, ਨਿਖੁੱਟ=ਖ਼ਤਮ)

299. ਆਜੜੀ

ਮਾਰ ਆਸ਼ਕਾਂ ਦੀ ਲੱਜ ਲਾਹੀਆਈ, ਯਾਰੀ ਲਾਇਕੇ ਘਿੰਨ ਲੈ ਜਾਵਣੀ ਸੀ ।
ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਓਸ ਦੇ ਨਾਲ ਕਿਉਂ ਲਾਵਣੀ ਸੀ ।
ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ, ਨਹੀਂ ਯਾਰੀ ਹੀ ਮੂਲ ਨਾ ਲਾਵਣੀ ਸੀ ।
ਉਸ ਦੇ ਨਾਲ ਨਾ ਕੌਲ ਕਰਾਰ ਕਰਦੋਂ, ਨਹੀਂ ਯਾਰੀ ਹੀ ਸਮਝਕੇ ਲਾਵਣੀ ਸੀ ।
ਕਟਕ ਤਖ਼ਤ ਹਜ਼ਾਰੇ ਦਾ ਲਿਆ ਕੇ ਤੇ, ਹਾਜ਼ਰ ਕਦ ਸਭ ਜੰਞ ਬਣਾਵਣੀ ਸੀ ।
ਤੇਰੀ ਫ਼ਤਿਹ ਸੀ ਮੂਰਖਾ ਦੋਹੀਂ ਦਾਹੀਂ, ਏਹ ਵਾਰ ਨਾ ਮੂਲ ਗਵਾਵਣੀ ਸੀ ।
ਇਕੇ ਹੀਰ ਨੂੰ ਮਾਰ ਕੇ ਡੋਬ ਦੇਂਦੇ, ਇਕੇ ਹੀਰ ਹੀ ਮਾਰ ਮੁਕਾਵਣੀ ਸੀ ।
ਇਕੇ ਹੀਰ ਵੀ ਕੱਢ ਲੈ ਜਾਵਣੀ ਸੀ, ਇਕੇ ਖੂਹ ਦੇ ਵਿਚ ਪਾਵਣੀ ਸੀ ।
ਨਾਲ ਸੇਹਰਿਆਂ ਹੀਰ ਵਿਆਹਵਣੀ ਸੀ, ਹੀਰ ਅੱਗੇ ਸ਼ਹੀਦੀ ਪਾਵਣੀ ਸੀ ।
ਬਣੇਂ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ ।
ਤੇਰੇ ਮੂੰਹ ਤੇ ਜੱਟ ਹੰਢਾਂਵਦਾ ਏ, ਜ਼ਹਿਰ ਖਾਇ ਕੇ ਹੀ ਮਰ ਜਾਵਣੀ ਸੀ ।
ਇੱਕੇ ਯਾਰੀ ਤੈਂ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਵਣੀ ਸੀ ।
ਲੈ ਗਏ ਵਿਆਹ ਕੇ ਜੀਊਂਦਾ ਮਰ ਜਾਏਂ, ਏਹ ਲੀਕ ਤੂੰ ਕਾਹੇ ਲਾਵਣੀ ਸੀ ।
ਮਰ ਜਾਵਣਾਂ ਸੀ ਦਰ ਯਾਰ ਦੇ ਤੇ, ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ ।
ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜ੍ਹੀ ਪਰੇ ਦੇ ਵਿੱਚ ਮੁਨਾਵਣੀ ਸੀ ।

(ਸੂਰਤ ਗਧੇ ਚੜ੍ਹਾਵਣੀ=ਬੁਰੀ ਸ਼ਕਲ ਬਨਾਉਣੀ)

300. ਰਾਂਝਾ

ਅੱਖੀਂ ਵੇਖ ਕੇ ਮਰਦ ਹਨ ਚੁੱਪ ਕਰਦੇ, ਭਾਂਵੇਂ ਚੋਰ ਈ ਝੁੱਗੜਾ ਲੁਟ ਜਾਏ ।
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖ਼ੁਆਰ ਹੋਵੇ ਕਿ ਖਿੰਡ ਫੁਟ ਜਾਏ ।
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ ।
ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ, ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ ।

(ਝੁੱਗੜਾ=ਘਰ,ਝੁੱਗਾ, ਖਿੰਡ ਫੁਟ=ਖਿੰਡ ਪੁੰਡ, ਤੋਦਾ=ਚਾਂਦਮਾਰੀ ਲਈ
ਬਣਾਇਆ ਮਿੱਟੀ ਦਾ ਕੱਚਾ ਥੜਾ, ਚਾਂਗ=ਲੋਕਾਂ ਦੀ ਭੀੜ, ਮਤਾਂ ਨਿਸ਼ਾਨੜਾ
ਛੁਟ ਜਾਏ=ਏਦਾਂ ਨਾ ਹੋਵੇ ਕਿ ਨਿਸ਼ਾਨਾ ਟਿਕਾਣੇ ਤੇ ਨਾ ਲੱਗੇ, ਹਾਥੀ ਚੋਰ ਗੁਲੇਰ
ਛੁਟ ਜਾਂਦੇ=ਕਵੀ ਦਾ ਇਸ਼ਾਰਾ ਏਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ ।
ਇੱਕ ਰਾਜੇ ਨੇ ਦਸ ਮਣ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰਾ ਆਪਣੇ
ਮਹਲ ਵਿਚ ਇਸ ਕੰਮ ਤੇ ਲਾ ਦਿੱਤਾ ਅਤੇ ਉਸ ਦੀ ਪੂਰੀ ਨਿਗਰਾਨੀ ਰੱਖੀ ।
ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ
ਵਗਦੀ ਨਦੀ ਵਿੱਚ ਲੁਕਾ ਦਿੱਤਾ ।ਜਦੋਂ ਮਹਲ ਵਿੱਚ ਹਾਥੀ ਤਿਆਰ ਹੋ ਗਿਆ ਤਾਂ
ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਦੀ ਮਦਦ ਨਾਲ ਵਗਦੇ ਪਾਣੀ ਵਿੱਚ ਰਗੜ ਕੇ ਸਾਫ਼
ਕਰਨ ਦੇ ਬਹਾਨੇ ਨਦੀ ਵਿਚ ਲੈ ਗਿਆ । ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ
ਨਾਲ ਬਦਲ ਕੇ ਮੋੜ ਲਿਆਇਆ ।ਕੁੱਝ ਸਮੇਂ ਪਿੱਛੋਂ ਉਹਦੀ ਬੇਈਮਾਨੀ ਦਾ ਪਤਾ
ਲੱਗਣ ਤੇ ਉਹਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ ।ਮਰਨ ਤੋਂ ਪਹਿਲਾਂ ਉਹਨੇ
ਆਪਣੀ ਆਖਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪਗੜੀ ਮੰਗ ਕੇ ਲਈ ।ਉਹਦੇ
ਵਿੱਚ ਇੱਕ ਕਿਲ ਅਤੇ ਹਥੌੜੀ ਲੁਕਾ ਲਈ ਰਾਜੇ ਨੇ ਰਵਾਇਤ ਅਨੁਸਰ ਉਸ ਨੂੰ
ਬਿਨਾਂ ਕਿਸੇ ਰਾਸ਼ਨ ਪਾਣੀ ਗੁਲੇਰ ਭਾਵ ਇੱਕ ਉਚੇ ਮੁਨਾਰੇ ਉਤੇ ਚੜ੍ਹਾ ਦਿੱਤਾ ਤਾਂ
ਕਿ ਉਹ ਓਥੇ ਹੀ ਭੁੱਖਾ ਤਿਆਹਿਆ ਮਰ ਜਾਵੇ ।ਸੁਨਿਆਰ ਰਾਤ ਨੂੰ ਲੋਕਾਂ ਦੇ
ਜਾਣ ਪਿੱਛੋਂ ਹਥੌੜੀ ਨਾਲ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪਗੜੀ ਨਾਲ ਉੱਤਰ
ਕੇ ਦੌੜ ਗਿਆ ।ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ
ਜਾਵੇ ਤਾਂ ਉਹਨੂੰ ਉਹ ਆਪਣਾ ਵਜ਼ੀਰ ਬਣਾ ਦੇਵੇਗਾ ।ਸੁਨਿਆਰ ਨੇ ਆ ਕੇ ਰਾਜੇ
ਨੂੰ ਆਪਣੀ ਕਹਾਣੀ ਦੱਸੀ ਅਤੇ ਰਾਜੇ ਨੇ ਆਪਣਾ ਵਚਨ ਪੂਰਾ ਕੀਤਾ)

301. ਆਜੜੀ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਉ ਜੇ ਲੱਗਦਾ ਈ ।
ਲਾਟ ਰਹੇ ਨਾ ਜੀਊ ਦੇ ਵਿੱਚ ਲੁਕੀ, ਇਹ ਇਸ਼ਕ ਅਲੰਬੜਾ ਅੱਗ ਦਾ ਈ ।
ਜਾ ਵੇਖ ਮਾਅਸ਼ੂਕ ਦੇ ਨੈਣ ਖ਼ੂਨੀ, ਤੈਨੂੰ ਨਿਤ ਉਲਾਂਹਬੜਾ ਜਗ ਦਾ ਈ ।
ਸਮਾਂ ਯਾਰ ਦਾ ਤੇ ਘੱਸਾ ਬਾਜ਼ ਵਾਲਾ, ਝੁਟ ਚੋਰ ਦਾ ਤੇ ਦਾਉ ਠਗ ਦਾ ਈ ।
ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ, ਸੈਦਾ ਸਾਕ ਨਾ ਸਾਡੜਾ ਲਗਦਾ ਈ ।
ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਉਂ, ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ ।

(ਅਲੰਬੜਾ=ਲਾਂਬੂ, ਛਿਣਕ ਜਾ=ਦੌੜ ਜਾ)

302. ਤਥਾ

ਸੁਣ ਮੂਰਖਾ ਫੇਰ ਜੇ ਦਾਉ ਲੱਗੇ, ਨਾਲ ਸਹਿਤੀ ਦੇ ਝਗੜਾ ਪਾਵਣਾ ਈ ।
ਸਹਿਤੀ ਵੱਡੀ ਝਗੜੈਲ ਮਰੀਕਣੀ ਹੈ, ਓਹਦੇ ਨਾਲ ਮੱਥਾ ਜਾ ਲਾਵਣਾ ਈ ।
ਹੋਸੀ ਝਗੜਿਉਂ ਮੁਸ਼ਕਲ ਆਸਾਨ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।
ਚੌਦਾਂ ਤਬਕ ਦੇ ਮਕਰ ਉਹ ਜਾਣਦੀ ਏ, ਜ਼ਰਾ ਓਸ ਦੇ ਮਕਰ ਨੂੰ ਪਾਵਣਾ ਈ ।
ਕਦਮ ਪਕੜਸੀ ਜੋਗੀਆ ਆਇ ਤੇਰੇ, ਜ਼ਰਾ ਸਹਿਤੀ ਦਾ ਜੀਊ ਠਹਿਰਾਵਣਾ ਈ ।
ਵਾਰਿਸ ਸ਼ਾਹ ਹੈ ਵੱਡੀ ਉਸ਼ਟੰਡ ਸਹਿਤੀ, ਕੋਈ ਕਸ਼ਫ਼ ਦਾ ਜ਼ੋਰ ਵਿਖਾਵਣਾ ਈ ।

(ਕਸ਼ਫ਼=ਕਰਾਮਾਤ)

303. ਰਾਂਝਾ

ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ, ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ ।
ਲਖ ਸਿਰੀਂ ਅਵੱਲ ਸਵੱਲ ਆਵਣ, ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇ ।
ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ ।
ਦਾ ਚੋਰ ਤੇ ਯਾਰ ਦਾ ਇੱਕ ਸਾਇਤ, ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇ ।

(ਮਹਿਰੀ=ਜ਼ਨਾਨੀ, ਸਿਰੀਂ=ਸਿਰ ਤੇ, ਅਵੱਲ ਸਵੱਲ=ਔਖ ਸੌਖ, ਅੰਗ
ਵਟਾਇ ਦੇਂਦੇ=ਸੂਰਤਾਂ ਬਦਲ ਦਿੰਦੇ, ਕੱਜਦੇ=ਢਕਦੇ, ਇੱਕ ਸਾਇਤ=ਬਹੁਤ
ਥੋੜ੍ਹਾ ਸਮਾਂ)

  • (ਭਾਗ-4)
  • (ਭਾਗ-2)
  • ਮੁੱਖ ਪੰਨਾ : ਕਾਵਿ ਰਚਨਾਵਾਂ, ਵਾਰਿਸ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ