Hazara Singh Gurdaspuri
ਹਜ਼ਾਰਾ ਸਿੰਘ ਗੁਰਦਾਸਪੁਰੀ
 Punjabi Kavita
Punjabi Kavita
  

Vaaran Hazara Singh Gurdaspuri

ਵਾਰਾਂ ਹਜ਼ਾਰਾ ਸਿੰਘ ਗੁਰਦਾਸਪੁਰੀ

1. ਵਾਰ ਰਾਣਾ ਪ੍ਰਤਾਪ

੧.
ਜਦੋਂ ਹੱਥਲ ਹੋ ਕੇ ਬਹਿ ਗਈਆਂ, ਸਭੇ ਚਤਰਾਈਆਂ
ਜਦੋਂ ਐਸਾਂ ਦੇ ਵਿਚ ਰੁੜ੍ਹ ਗਈਆਂ, ਕੁਲ ਸੂਰਮਤਾਈਆਂ
ਜਿਨ੍ਹਾਂ ਜੰਮੇ ਪੁੱਤ ਚੁਹਾਨ ਜਹੇ, ਅਤੇ ਊਦਲ ਭਾਈਆਂ
ਜਦੋਂ ਤੁਰ ਪਈਆਂ ਹਿੰਦੁਸਤਾਨ ਚੋਂ, ਉਹ ਅਣਖੀ ਮਾਈਆਂ
ਜਦੋਂ ਸੂਰਮਿਆਂ ਦੀਆਂ ਪੈ ਗਈਆਂ, ਠੰਢੀਆਂ ਗਰਮਾਈਆਂ ।੧।
੨.
ਤਦੋਂ ਦਿਲੀ ਮਾਰ ਚੁਗੱਤਿਆਂ, ਆ ਧੁੰਮਾਂ ਪਾਈਆਂ
ਉਨ੍ਹਾਂ ਭਾਰਤ ਵਰਸ਼ ਲਤਾੜਿਆ, ਚੜ੍ਹ ਮੁਗ਼ਲ ਸਿਪਾਹੀਆਂ
ਆ ਅਕਬਰ ਬੈਠਾ ਤਖਤ ਤੇ, ਲੜ ਕਈ ਲੜਾਈਆਂ
ਉਨ ਥਾਂ ਥਾਂ ਪਾਈਆਂ ਛਾਉਣੀਆਂ, ਗੜ੍ਹੀਆਂ ਬਣਵਾਈਆਂ
ਉਨ ਬੱਧਾ ਹਿੰਦੁਸਤਾਨ ਨੂੰ, ਕਰਕੇ ਪਕਿਆਈਆਂ
ਉਨ ਫੜ ਲਏ ਸਾਰੇ ਚੌਧਰੀ, ਜਿਨ੍ਹਾਂ ਧੌਣਾਂ ਚਾਈਆਂ
ਉਨ ਡੋਲੇ ਮੰਗੇ ਦੇਸ਼ ਤੋਂ, ਪੈ ਗਈਆਂ ਦੁਹਾਈਆਂ
ਆ ਕਿਸਮਤ ਫੁਟੀ ਹਿੰਦ ਦੀ, ਪੈ ਗਈਆਂ ਫਾਹੀਆਂ
ਪਰ ਅੱਗੇ ਵੇਖੋ ਕਿਸ ਤਰ੍ਹਾਂ, ਗੱਲਾਂ ਬਣ ਆਈਆਂ ।੨।
੩.
ਧੁਰ ਕਸ਼ਮੀਰੋਂ ਲੈ ਕੇ, ਧੁਰ ਤੋੜ ਬੰਗਾਲੇ
ਕੋਈ ਆਕੀ ਪੁੱਤ ਨਾ ਰਹਿ ਗਿਆ, ਜੇਹੜਾ ਚੁਕੇ ਭਾਲੇ
ਉਨ ਖੁਸਰੇ ਕਰ ਬਠਾਲ ਲਏ, ਕਈ ਮੁੱਛਾਂ ਵਾਲੇ
ਉਹਦੇ ਬਣ ਬੈਠੇ ਕਈ ਸੌਹਰੇ, ਕਈ ਬਣ ਗਏ ਸਾਲੇ
ਇਕ ਰਹਿ ਗਿਆ ਸ਼ੇਰ ਮੇਵਾੜ ਦਾ, ਉਹ ਵਾਂਗ ਹਿਮਾਲੇ ।੩।
੪.
ਉਨ ਵੇਖਿਆ ਆਪਣੇ ਦੇਸ਼ ਨੂੰ, ਤਕ ਆਲ ਦਵਾਲੇ
ਉਹ ਬੱਝਾ ਸੀ ਵਿਚ ਸੰਗਲਾਂ, ਵੱਜ ਚੁੱਕੇ ਤਾਲੇ
ਉਨ ਵੇਖੇ ਸਾਰੇ ਛੱਤਰੀ, ਪਏ ਪੁੱਠੇ ਚਾਲੇ
ਛਡ ਬੈਠੇ ਮੁੱਠ ਤਲਵਾਰ ਦੀ, ਬਣ ਬੈਠੇ 'ਲਾਲੇ'
ਉਨ ਵੇਖੀ ਕਿਸਮਤ ਦੇਸ਼ ਦੀ, ਪਈ ਦਲਦੀ ਦਾਲੇ
ਉਹ ਰੋਇਆ ਆਪਣੇ ਵਤਨ ਤੇ, ਭਰ ਨੈਣ-ਪਿਆਲੇ
ਉਨ ਸੌਂਹ ਚੁੱਕੀ ਮਹਾਂਦੇਵ ਦੀ, ਰਖ ਤੇਗ ਵਿਚਾਲੇ
ਉਨ ਆਖਿਆ ਭੋਲੇ ਨਾਥ ਨੂੰ : 'ਹੇ ਨਾਗਾਂ ਵਾਲੇ !
ਮੈਂ ਮਰ ਜਾਂ ਆਪਣੇ ਦੇਸ਼ ਤੋਂ, ਜਿੰਦ ਦੇਸ਼ ਹਵਾਲੇ
ਮੈਂ ਮਰ ਜਾਂ ਆਪਣੇ ਦੇਸ਼ ਤੋਂ, ਲੜ ਹਾੜ ਸਿਆਲੇ
ਮੈਂ ਜਦ ਤਕ ਲਵਾਂ ਚਤੌੜ ਨਾ, ਉਸ ਦਿਨ ਤਕ ਹਾਲੇ
ਮੈਂ ਪਲੰਘੀਂ ਸੌਣਾਂ ਛੱਡਿਆ, ਤੇ ਜ਼ਰੀ ਦੁਸ਼ਾਲੇ
ਮੈਂ ਛੱਡੀਆਂ ਸਭੋ ਇਸ਼ਰਤਾਂ, ਤੇ ਜੀ ਸੁਖਾਲੇ
ਮੈਂ ਸੱਜੇ ਹੱਥ ਨਾਲ ਖਾਵਣਾ, ਛੱਡ ਦਿੱਤਾ ਹਾਲੇ'
ਉਸ ਬਚਨ ਕੀਤੇ ਪ੍ਰਤਾਪ ਦੇ, ਪਰ ਕਰ ਕੇ ਪਾਲੇ
ਉਸ ਕਰ ਕੇ ਤੇਗਾਂ ਨੰਗੀਆਂ, ਦੋ ਹੱਥ ਵਖਾਲੇ ।੪।
੫.
ਦਿਲੀ ਖਬਰਾਂ ਪੁਜੀਆਂ, 'ਵਿੱਚ ਰਾਜਸਥਾਨੇ
ਇਕ ਆਕੀ ਪੁਤਰ ਜੰਮਿਆਂ, ਸੰਗਰਾਮ ਘਰਾਣੇ
ਉਨ ਬੀੜੇ ਚੁਕੇ ਲੜਨ ਦੇ, ਹਥ ਬੱਧੇ ਗਾਨੇ
ਉਹ ਬਣ ਗਿਆ ਸ਼ਮ੍ਹਾਂ ਮੇਵਾੜ ਦੀ, ਗਿਰਦੇ ਪ੍ਰਵਾਨੇ
ਉਨ ਪੁਟੀਆਂ ਸਭੇ ਚੌਂਕੀਆਂ, ਤੇ ਮੁਗ਼ਲੀ ਠਾਣੇ
ਉਨ ਕੀਤੇ ਬੰਦ ਚੁਫੇਰਿਓਂ, ਦੇਣੇ ਨਜ਼ਰਾਨੇ
ਉਨ ਛਾਂਟਾ ਮਾਰ ਕੇ ਲੁਟ ਲਏ, ਕਈ ਸ਼ਾਹੀ ਖ਼ਜ਼ਾਨੇ
ਉਹ ਦਿਲੀ ਲੈਣੀ ਚਾਂਹਵਦਾ, ਕਿਸੇ ਜੰਗ ਬਹਾਨੇ
ਉਨ ਕੀਤਾ ਮੂੰਹ ਚਤੌੜ ਨੂੰ, ਹਾਥੀ ਮਸਤਾਨੇ
ਜੇ ਬੰਦੋਬਸਤ ਨਾ ਹੋਇਆ, ਹੇ ਸ਼ਾਹਾ ਦਾਨੇ !
ਉਹ ਝੁਲ ਜਾਊ ਵਾਂਗ ਹਨੇਰੀਆਂ, ਕੁਲ ਹਿੰਦੁਸਤਾਨੇ' ।੫।
੬.
ਅਕਬਰ ਖਬਰਾਂ ਸੁਣੀਆਂ, ਬਲ ਭਾਂਬੜ ਉੱਠੇ
ਉਨ ਖਿਚੀ ਤੇਗ਼ ਮਿਆਨ ਚੋਂ, ਫੜ ਸੱਜੀ ਮੁੱਠੇ
ਉਨ ਆਖਿਆ, 'ਪੁਤ੍ਰ ਮੁਗ਼ਲ ਦਾ, ਕੋਈ ਸਭਾ ਚੋਂ ਉੱਠੇ
ਚੁਕੇ ਇਸ ਤਲਵਾਰ ਨੂੰ, ਚੜ੍ਹ ਜਾਏ ਉਸ ਗੁੱਠੇ
ਉਹ ਬੱਕਰਾ ਜੇਹੜਾ ਬੁੱਕਦਾ, ਫੜ ਉਸ ਨੂੰ ਕੁੱਠੇ
ਪਰ ਦਿਲੀ ਲੈ ਆਏ ਬੰਨ੍ਹ ਕੇ, ਪਾ ਸੰਗਲ ਪੁੱਠੇ' ।੬।
੭.
ਚਮਕੇ ਤੇਗ਼ ਅਲਾਣੀ, ਕੋਈ ਜੀ ਨਾ ਚਾਏ
ਉਹ ਸੱਪਣੀ ਹੋਈ ਅਵੇਸਲੀ, ਕੌਣ ਉਂਗਲ ਲਾਏ
ਉਹ ਸਿਧੀ ਪਰਚੀ ਮੌਤ ਦੀ, ਉਹਨੂੰ ਕੌਣ ਉਠਾਏ
ਉਹ ਸੁੱਤੀ ਕਲਾ ਚਿਰੋਕਣੀ, ਭਲਾ ਕੌਣ ਜਗਾਏ
ਜਿਨ੍ਹਾਂ ਮਾਰਿਆ ਕਿਲ੍ਹਾ ਚਤੌੜ ਦਾ, ਲਖ ਜਾਨ ਗਵਾਏ
ਉਹ ਚੰਗੀ ਤਰ੍ਹਾਂ ਸੀ ਜਾਣਦੇ, ਜਾਣਾਂ ਕਿਸ ਜਾਏ
ਤੇ ਪੈਣੇ ਕਿੱਥੇ ਮੁਕਾਬਲੇ, ਕੀਹਦੇ ਨਾਲ ਵਾਹ ਏ
ਉਥੇ ਵੱਡੀਆਂ ਮੁੱਛਾਂ ਵਾਲਿਆਂ, ਸਿਰ ਨੀਵੇਂ ਪਾਏ
ਉਹ ਇਕ ਦੂਜੇ ਨੂੰ ਵੇਖਦੇ, ਪਏ ਅੱਖ ਚੁਰਾਏ
ਪਰ ਕੇਹੜਾ ਚੁਕੇ ਤੇਗ਼ ਨੂੰ, ਗਲ ਆਫ਼ਤ ਪਾਏ ।੭।
੮.
ਦੜ ਵੱਟੀ ਦਰਬਾਰੀਆਂ, ਅਕਬਰ ਵੱਟ ਖਾਧੇ
ਉਹ ਬੱਦਲ ਵਾਂਗੂ ਗੱਜਿਆ, ਮੁੱਛਾਂ ਨੂੰ ਤਾਅ ਦੇ
ਉਨ ਆਖਿਆ, 'ਹੈਫ਼ ਜਵਾਨੀਆਂ, ਤੁਸੀਂ ਤੁਰਕੀ ਕਾਹਦੇ
ਅਜ ਜੱਨਤ ਵਿਚੋਂ ਵੇਖਦੇ, ਤੁਹਾਡੇ ਪਿਉ ਦਾਦੇ
ਤੁਸੀਂ ਡਰਦੇ ਉਸ ਰਾਜਪੂਤ ਤੋਂ, ਬੈਠੇ ਦਮ ਸਾਧੇ'
ਇਹ ਬੋਲੀ ਲਗੀ ਜਿਗਰ ਨੂੰ, ਉਠ ਖੜੇ ਸ਼ਾਹਜ਼ਾਦੇ
ਆ ਫੜ ਲਈ ਤੇਗ਼ ਸਲੀਮ ਨੇ, ਚੁਕ ਬੀੜੇ ਖਾਧੇ
ਪਰ ਨਾਲ ਹੋਏ ਜੈ ਪੁਰੀਏ, ਰਖ ਨੀਚ ਇਰਾਦੇ ।੮।
੯.
ਨੌਬਤ ਵੱਜੀ ਜੰਗ ਦੀ, ਹੋ ਪਈ ਤਿਆਰੀ
ਚੜ੍ਹ ਫੌਜਾਂ ਦੌੜੀਆਂ ਦਿਲੀਓਂ, ਕਰ ਮਾਰੋ ਮਾਰੀ
ਉਹ ਚੜ੍ਹ ਪਈ ਮੁਗ਼ਲ ਸਪਾਹ ਕੁਲ, ਵੱਡੀ ਬਲਕਾਰੀ
ਜਿਨ ਮਾਰੇ ਕਿਲੇ ਚੁਫੇਰ ਦੇ, ਚੜ੍ਹ ਵਾਰੋ ਵਾਰੀ
ਉਨ੍ਹਾਂ ਹੱਥੀਂ ਲਿਸ਼ਕਣ ਬਰਛੀਆਂ, ਲੱਕ ਤੇਜ਼ ਕਟਾਰੀ
ਉਨ੍ਹਾਂ ਪਾ ਲਈਆਂ ਗਲੀਂ ਬੰਦੂਕਾਂ, ਫੜ ਤੋੜੇਦਾਰੀ
ਉਨ੍ਹਾਂ ਹਾਥੀ ਤੋਪੀਂ ਜੁਪ ਲਏ, ਪਾ ਸੰਗਲ ਭਾਰੀ
ਉਨ੍ਹਾਂ ਲਦ ਲਦ ਉੱਠ ਬਰੂਦ ਦੇ, ਲਾ ਲਏ ਅਗਾੜੀ
ਉਨ੍ਹਾਂ ਹੇਠਾਂ ਘੋੜੇ ਹਿਣਕਦੇ, ਪਾਉਂਦੇ ਘੁਮਕਾਰੀ
ਉਹ ਭੱਜਣ ਵਾਂਗ ਹਵਾ ਦੇ, ਪਏ ਲੈਣ ਉਡਾਰੀ
ਉਹ ਸੌ ਸੌ ਮੰਜ਼ਲਾਂ ਮਾਰ ਕੇ, ਕਿਤੇ ਖਾਣ ਨਿਹਾਰੀ
ਆ ਰਾਹੀਂ ਧੂੜਾਂ ਉਡੀਆਂ, ਛਾ ਗਈ ਗੁਬਾਰੀ
ਪਰ ਖੁਖਲ ਉਡ ਅਸਮਾਨ ਨੂੰ, ਚੜ੍ਹ ਚੱਲੀ ਸਾਰੀ ।੯।
੧੦.
ਰਾਣੇ ਸੁਣਿਆਂ ਆ ਗਈਆਂ, ਚੜ੍ਹ ਫੌਜਾਂ ਸ਼ਾਹੀ
ਉਨ ਆਖਿਆ, 'ਕਰੋ ਤਿਆਰੀਆਂ, ਝਟ ਵਾਹੋ ਦਾਹੀ
ਉਨ ਆਖਿਆ ਨਾਲੇ ਕਰ ਦਿਓ, ਸਾਰੇ ਸੁਣਵਾਈ
ਜਿਨ ਮਰਨਾ aਪਣੇ ਦੇਸ਼ ਤੇ, ਉਹ ਆ ਜਾਏ ਭਾਈ
ਕਲ ਸੋਨਾ ਪਰਖਿਆ ਜਾਵਣਾ, ਰਣ ਭੱਠੀ ਤਾਈ
ਕਲ ਅਣਖਾਂ ਵੇਖੀਆਂ ਜਾਣੀਆਂ, ਨਾਲੇ ਠਕੁਰਾਈ' ।੧੦।
੧੧.
ਆ ਘਰ ਘਰ ਚੜ੍ਹੀਆਂ ਲਾਲੀਆਂ, ਕੱਲ ਹੋਊ ਲੜਾਈ
ਲਾੜੇ ਬਣ ਬਣ ਨਿਕਲੇ, ਰਜਪੂਤ ਸਿਪਾਹੀ
ਆ ਭੈਣਾਂ ਗਾਈਆਂ ਘੋੜੀਆਂ, ਲਈ ਵਾਗ ਫੜਾਈ
ਉਹ ਥੰਮਾਂ ਵਰਗੇ ਸੂਰਮੇ, ਨੌਂ ਹੱਥ ਉਚਾਈ
ਉਨ੍ਹਾਂ ਅੱਖਾਂ ਸੰਖਾਂ ਵਰਗੀਆਂ, ਵਿਚ ਤੀਲੀ ਲਾਈ
ਉਨ੍ਹਾਂ ਲਾ ਲਾ ਤੇਲ ਨਰੇਲ ਦੇ, ਐਉਂ ਮੁੱਛ ਵਧਾਈ
ਜਿਉਂ ਦੁਸ਼ਮਣ ਫਾਂਸੀ ਲਾਉਣ ਨੂੰ, ਫਾਂਸੀ ਲਟਕਾਈ
ਉਹ ਸ਼ਕਲਾਂ ਸ਼ੇਰਾਂ ਵਰਗੀਆਂ, ਜਦੋਂ ਦੇਣ ਵਿਖਾਈ
ਡਰ ਹਾਥੀ ਚੀਕਾਂ ਮਾਰਦੇ, ਪਾ ਦੇਣ ਦੁਹਾਈ
ਉਨ੍ਹਾਂ ਮਣ ਮਣ ਲੋਹਾ ਕੁੱਟ ਕੇ, ਗਲ ਵਰਦੀ ਪਾਈ
ਉਨ੍ਹਾਂ ਖੰਡੇ ਬੰਨ੍ਹੇ ਲੱਕ ਨੂੰ, ਪਿੱਠ ਢਾਲ ਸਜਾਈ
ਉਨ੍ਹਾਂ ਧੌਂਸੇ ਕੁੱਟੇ ਆਉਂਦਿਆਂ, ਦੁਨੀਆਂ ਘਬਰਾਈ
ਹੋਣੀ ਕੱਢੀਆਂ ਦੰਦੀਆਂ, ਮੌਤ ਕਿਲਕਿਲੀ ਪਾਈ
ਉਹ ਲੜਨਾ ਮਰਨਾ ਜਾਣਦੇ, ਹੋਰ ਗੱਲ ਨਾ ਕਾਈ
ਪਰ ਵੇਖੋ ਕਿਹੜੇ ਮੈਦਾਨ ਵਿਚ, ਹੁਣ ਹੋਊ ਲੜਾਈ ।੧੧।
੧੨.
ਹਲਦੀ ਘਾਟੀ ਦੇ ਕੋਲ, ਦੋਵੇਂ ਦਲ ਆ ਕੇ ਲੱਥੇ
ਇਕ ਬੰਨੇ ਲਸ਼ਕਰ ਅਕਬਰੀ, ਵਡੇ ਸਮਰੱਥੇ
ਇਕ ਬੰਨੇ ਦਲ ਪ੍ਰਤਾਪ ਦੇ, ਸ਼ੇਰਾਂ ਦੇ ਜੱਥੇ
ਆ ਮਾਰੂ ਵੱਜਿਆ ਜੰਗ ਦਾ, ਭਿੜ ਚੱਲੇ ਮੱਥੇ
ਆ ਨਿਕਲੀਆਂ ਤੇਗ਼ਾਂ ਤਿਖੀਆਂ, ਤੀਰਾਂ ਦੇ ਦੱਥੇ
ਓਥੇ ਚੱਲੀ ਤੇਗ਼ ਨਿਸ਼ੰਗ ਹੋ, ਸਿਰ ਲੱਖਾਂ ਲੱਥੇ
ਓਹ ਰੁਲ ਗਏ ਵਿਚ ਮੈਦਾਨ ਦੇ, ਜਿਉਂ ਢਕਲੇ ਪੱਥੇ
ਪਰ ਧਰਤੀ ਹੋ ਗਈ ਰੰਗਲੀ, ਜਿਉਂ ਡੁਲ੍ਹੇ ਕੱਥੇ ।੧੨।
੧੩.
ਰੇਝੇ ਪਿਆ ਮਦਾਨ ਆਂ, ਜਿਉਂ ਦੇਗਾ ਗੜ੍ਹਕੇ
ਆ ਸੂਰਜ ਚੜ੍ਹਿਆ ਸਿਖਰ ਤੇ, ਲੱਖ ਗੋਲਾ ਕੜਕੇ
ਸੌ ਸੌ ਕੋਹ ਦੁਵੱਲਿਓਂ, ਪਈ ਧਰਤੀ ਧੜਕੇ
ਚੜ੍ਹਿਆ ਰੋਹ ਪ੍ਰਤਾਪ ਨੂੰ, ਅੱਗ ਨਿਕਲੀ ਸੜਕੇ
ਉਸ ਰਣ ਵਿਚ ਘੋੜਾ ਠੱਲ੍ਹਿਆ, ਹਥ ਨੇਜ਼ਾ ਫੜਕੇ
ਉਨ ਵਿੰਨ੍ਹ ਵਿੰਨ੍ਹ ਰੱਖੇ ਸੂਰਮੇ, ਫ਼ਲ ਠੋਕੇ ਜੜਕੇ
ਓਸ ਚੁਣ ਲਏ ਸਭ ਸਿਰ-ਕੱਢਵੇਂ, ਜਿਹੜੇ ਅੱਖੀਂ ਰੜਕੇ
ਆ ਰੌਲਾ ਪਿਆ ਮੈਦਾਨ ਵਿਚ, ਦੇਂਹ ਆ ਗਿਆ ਚੜ੍ਹਕੇ
ਅਜ ਵਿਰਲਾ ਮਾਂ ਦਾ ਲਾਡਲਾ, ਘਰ ਜਾਊ ਲੜਕੇ
ਓਥੇ ਤੀਰਾਂ ਛਾਵਾਂ ਕੀਤੀਆਂ, ਲਖ ਖੰਡਾ ਖੜਕੇ ।੧੩।
੧੪.
ਆ ਫ਼ੌਜਾਂ ਦੇ ਵਿਚ ਮਚ ਗਈ, ਭਾਰੀ ਤਰਥੱਲੀ
ਲਖ ਮੁਗ਼ਲਾਂ ਤੋਪਾਂ ਗੱਡੀਆਂ, ਪਰ ਪੇਸ਼ ਨਾ ਚੱਲੀ
ਓਥੇ ਬਿਜਲੀ ਵਾਂਗੂੰ ਚੱਲਦੀ, ਜਾਏ ਤੇਗ਼ ਨਾ ਠੱਲ੍ਹੀ
ਓਥੇ ਡਿਗ ਡਿਗ ਪੈਂਦੇ ਸੂਰਮੇ, ਹੋਈ ਮੌਤ ਸਵੱਲੀ
ਓਥੇ ਘੋੜਾ ਸਣੇ ਸਵਾਰ ਦੇ, ਜਾਏ ਧਰਤੀ ਮੱਲੀ
ਓਥੇ ਹਾਥੀ ਚੀਕਾਂ ਮਾਰਦੇ, ਖਾ ਸੱਟ ਕਵੱਲੀ
ਓਥੇ ਨਾਲੇ ਵਗਦੇ ਖੂਨ ਦੇ, ਪਏ ਜਾਣ ਝਬੱਲੀ
ਆ ਰਾਜਪੂਤ ਬਹਾਦਰਾਂ, ਪੈ ਓ ਫ਼ੌਜ ਦਬੱਲੀ
ਦਿਲ ਛੱਡੇ ਮੁਗ਼ਲ ਸਿਪਾਹੀਆਂ, ਪੈ ਭਾਜੜ ਚੱਲੀ
ਪਰ ਕਿਸਮਤ ਚੰਗੀ ਮੁਗ਼ਲ ਦੀ, ਗੱਲ ਹੋਈ ਸੁਖੱਲੀ
ਆ ਪੁਜੀ ਮੱਦਦ ਦਿਲੀਓਂ, ਅਕਬਰ ਦੀ ਘੱਲੀ
ਜਿਨ ਨੇਰ੍ਹੀ ਝੁਲੀ ਕਹਿਰ ਦੀ, ਮੁੜ ਆ ਕੇ ਠੱਲ੍ਹੀ ।੧੪।
੧੫.
ਦਿਨ ਡੁਬਿਆ ਤੇਗ਼ਾਂ ਵਾਹੁੰਦਿਆ, ਰਾਤਾਂ ਆ ਪਈਆਂ
ਦੋਹਾਂ ਧਿਰਾਂ ਦੇ ਸੂਰਿਆਂ, ਦੀਆਂ ਡੰਝਾਂ ਲਹੀਆਂ
ਪਏ ਤੜਫਨ ਘੈਲ ਬੇਓੜਕੇ, ਲਖ ਜਾਨਾਂ ਗਈਆਂ
ਖੱਫਣ ਬੰਨ੍ਹ ਬੰਨ੍ਹ ਠਾਕਰਾਂ, ਸ਼ਹੀਦੀਆਂ ਲਈਆਂ
ਰਾਣਾ ਨਿਕਲਿਆ ਲੜਦਿਆਂ, ਜਗ ਧੁੰਮਾਂ ਪਈਆਂ
ਮੁੜ ਜੁਰਤ ਨਾ ਹੋਈ ਮੁਗ਼ਲ ਨੂੰ, ਜੋ ਲੈਂਦਾ ਖਹੀਆਂ
ਪੂਰੀਆਂ ਕਰ ਵਿਖਾਲੀਆਂ, ਜੋ ਰਾਣੇ ਕਹੀਆਂ
ਲਦ ਗਏ 'ਹਜ਼ਾਰਿਆ' ਸੂਰਮੇ, ਜਗ ਬਾਤਾਂ ਰਹੀਆਂ ।੧੫।

2. ਵਾਰ ਗੁਰਬਖ਼ਸ਼ ਸਿੰਘ ਨਿਹੰਗ ਦੀ

ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ, ਕੇਵਲ
ਤੀਹ ਸਿੰਘਾਂ ਨੇ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦੀ
ਜਥੇਦਾਰੀ ਹੇਠ, ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ
ਲਈ, ਤੀਹ ਹਜ਼ਾਰ ਅਫ਼ਗਾਨੀ ਫ਼ੌਜਾਂ ਨਾਲ ਲਹੂ
ਵੀਟਵੀਂ ਟੱਕਰ ਲਈ, ਅਤੇ ਅੰਤ ਆਪਣੇ ਫ਼ਰਜ਼ ਦੀ
ਪਾਲਣਾ ਕਰਦੇ ਹੋਏ ਸ਼ਹੀਦੀਆਂ ਪਾ ਗਏ)

ਜਦੋਂ ਘਰ-ਘਰ ਵਧੀਆਂ ਰਿਕਤਾਂ, ਥਾਂ ਥਾਂ ਨਚਾਕੀ।
ਜਦੋਂ ਇਕ ਦੂਏ ਨੂੰ ਵਿੰਨ੍ਹ ਗਈ, ਬਣ ਤੀਰ ਚਲਾਕੀ।
ਜਦੋਂ ਕੱਖ ਉਡਾਏ ਦੇਸ਼ ਦੇ, ਇਸ ਬੇ-ਇਤਫ਼ਾਕੀ।
ਜਦੋਂ ਲੁੱਟੀ ਗਈ ਨਮੂਜ ਦੀ, ਕੁੱਲ ਟੱਲੀ ਟਾਕੀ।
ਜਦੋਂ 'ਪਾਣੀਪੱਤੋਂ' ਮਰ ਗਏ, ਮਰਹੱਟੇ ਆਕੀ।
ਜਦੋਂ ਟੁੱਟੇ ਐਸ਼ ਪਿਆਲੜੇ, ਫਾਹ ਲੈ ਗਏ ਸਾਕੀ।
ਜਦੋਂ ਬੁੱਝ ਗਿਆ ਦੀਵਾ ਮੁਗਲ ਦਾ, ਧੂੰ ਰਹਿ ਗਿਆ ਬਾਕੀ।
ਉਦੋਂ ਸੱਤਵੀਂ ਵਾਰ ਦੁਰਾਨੀਆਂ, ਲੈ ਫ਼ੌਜ ਲੜਾਕੀ।
ਉਹ ਲੁੱਟਣ ਚੜ੍ਹੇ ਪੰਜਾਬ ਨੂੰ, ਸਭ ਮਾਰ ਪਲਾਕੀ।

ਹੜ੍ਹ ਚੜ੍ਹਿਆ ਮੁੜ ਕੇ ਕਾਬਲੋਂ, ਲੱਖ ਨੌਬਤ ਕੁੱਟੀ।
ਆ ਖੁੱਲ੍ਹਾ ਦਰ ਅਜ਼ਾਬ ਦਾ, ਮੁੜ ਪਰਲੋ ਟੁੱਟੀ।
ਮੁੜ ਮੇਰੇ ਪਿਆਰੇ ਵਤਨ ਦੀ, ਗਈ ਇੱਜ਼ਤ ਲੁੱਟੀ।
ਮੁੜ ਮੇਰੇ ਪਿਆਰੇ ਦੇਸ਼ ਦੀ, ਗਈ ਮਿੱਟੀ ਪੁੱਟੀ।
ਮੁੜ ਔਖੀ ਬਣੀ ਸਵਾਣੀਆਂ, ਆ ਚੋਗ਼ ਨਖੁੱਟੀ।
ਉਹ ਖਾ ਖਾ ਮਰਨ ਕਟਾਰੀਆਂ, ਲੈ ਤੁਰੀਆਂ ਛੁੱਟੀ।
ਮੁੜ ਧੀਆਂ ਮਾਪਿਆਂ ਮਾਰੀਆਂ, ਲੱਖ ਸੰਘੀ ਘੁੱਟੀ।
ਮੁੜ ਜੰਦੇ ਵੱਜੇ ਦੇਸ਼ ਨੂੰ, ਆ ਕਿਸਮਤ ਫੁੱਟੀ।
ਇਹ ਨਿੱਤ ਨਿੱਤ ਜ਼ੁਲਮ ਸਹਾਰਦੀ, ਧਰਤੀ ਵੀ ਹੁੱਟੀ।
ਸਿਰ ਉੱਤੇ ਅੰਬਰ ਪਿੱਟਿਆ, ਲਾ ਲਾ ਕੇ ਝੁੱਟੀ।

ਆ ਮੱਚੀਆਂ ਹਾਲ ਦੁਹਾਈਆਂ, ਆ ਗਏ ਦੁਰਾਨੀ,
ਉਨ੍ਹਾਂ ਖੇਹ ਉਡਾਈ ਯਾਕੀਆਂ, ਚੜ੍ਹ ਗਈ ਅਸਮਾਨੀਂ।
ਉਨ੍ਹਾਂ ਅਜ਼ਮਤ ਫੂਕੀ ਦੇਸ਼ ਦੀ, ਲਾ ਅੱਗ ਮਕਾਨੀਂ।
ਉਨ੍ਹਾਂ ਨਾਲ ਬਲੋਚ 'ਕਲਾਤ' ਦੇ, ਆਫ਼ਤ ਦੇ ਬਾਨੀ।
ਉਹ ਪੋਠੋਹਾਰ ਲਤਾੜ ਕੇ, ਕਰ ਆਏ ਵਿਰਾਨੀ।
ਉਨ੍ਹਾਂ ਫੜ ਲਏ ਸਾਰੇ ਚੌਧਰੀ, ਪਾ ਸੰਗਲ ਆਹਨੀ।
ਉਨ੍ਹਾਂ ਹੇਠਾਂ ਘੋੜੇ ਹਿਣਕਦੇ, ਵੱਡੇ ਖੁਰਸਾਨੀ।
ਉਨ੍ਹਾਂ ਪਾਈਆਂ ਵਰਦੀਆਂ ਕਾਲੀਆਂ, ਖੱਲਾਂ ਬਕਰਾਨੀ।
ਉਨ੍ਹਾਂ ਕੋਲ ਬੰਦੂਕਾਂ ਲੰਮੀਆਂ, ਬੇ-ਓੜਕ ਕਾਨੀ।
ਉਨ੍ਹਾਂ ਹੱਥੀਂ ਛੁਰੇ ਫੌਲਾਦ ਦੇ, ਅਤੇ ਤੇਗ਼ ਮਿਆਨੀ।
ਉਹ ਆਟਾ ਕੱਚਾ ਫੱਕਦੇ, ਤੱਕ ਹੋਏ ਹੈਰਾਨੀ।
ਉਹ ਲੱਥੇ ਜਿੰਨ ਪਹਾੜ ਤੋਂ, ਸੂਰਤ ਇਨਸਾਨੀ।
ਉਹ ਬੋਲਣ ਜਦ ਮੂੰਹ ਟੱਡ ਕੇ, ਕੋਈ ਬੋਲ ਪਠਾਣੀ।
ਡਰ ਬੱਚੇ ਚੀਕਾਂ ਮਾਰਦੇ, ਗ਼ਸ਼ ਖਾਏ ਜ਼ਨਾਨੀ।

'ਰਾਵੀ ਲੰਘ' ਦੁਰਾਨੀਆਂ, ਉਹਨਾਂ ਕੀਤੇ ਸਾਕੇ।
ਉਨ੍ਹਾਂ ਲੁੱਟਿਆ ਸ਼ਹਿਰ ਲਾਹੌਰ ਨੂੰ, ਅੱਠ ਪਹਿਰ ਬਣਾ ਕੇ।
ਉਨ੍ਹਾਂ ਦੌਲਤ ਕੱਢੀ ਦੇਸ਼ ਦੀ, ਸਭ ਪੁੱਟ ਪੁਟਾ ਕੇ।
ਉਨਾਂ ਲਾਹੀ ਪੱਤ ਜ਼ਨਾਨੀਆਂ, ਹੱਥ ਗੁੱਤੀਂ ਪਾ ਕੇ।
ਉਨ੍ਹਾਂ ਮਾਵਾਂ ਕੋਹੀਆਂ ਵੈਰੀਆਂ, ਵੱਢ ਸੁੱਟੇ ਕਾਕੇ।
ਉਨ੍ਹਾਂ ਚੂੜੇ ਤੋੜੇ ਰੰਗਲੇ, ਪਾ ਪਾ ਕੇ ਡਾਕੇ।
ਕੋਈ ਮਾਂ ਦਾ ਪੁੱਤ ਨਾ ਉੱਠਿਆ, ਦਿਲ ਗ਼ੈਰਤ ਖਾ ਕੇ।
ਉਹ ਵੜ ਗਏ ਸਾਰੇ ਅੰਦਰੀਂ, ਜਿੰਦ ਜਾਨ ਛੁਪਾ ਕੇ।
ਜਿਹੜੇ ਖਾਂਦੇ ਰਹੇ ਸੀ ਮਾਮਲੇ, ਨਿੱਤ ਨਿੱਤ ਉਗਰਾਹ ਕੇ।
ਉਨ੍ਹਾਂ ਲੁੱਟੀਆਂ ਮਿਲਖ਼ਾਂ ਸਾਰੀਆਂ, ਭਖ ਲਏ ਇਲਾਕੇ।
ਉਹ ਬੈਠੇ ਤਖ਼ਤ ਮੁਬਾਰਕੀਂ, ਲੱਖ ਢੋਲ ਵਜਾ ਕੇ।
ਸੁਣ ਦਿੱਲੀ ਦਾ ਗੜ੍ਹ ਹਿੱਲਿਆ, ਗੱਲ ਤੁਰ ਗਈ ਢਾਕੇ।

ਅਤਿ ਖ਼ੁਦਾ ਦਾ ਵੈਰ ਹੈ, ਅਤਿ ਹੁੰਦੀ ਮਾੜੀ।
ਆ ਕੀਤੀ ਅਤਿ ਦੁਰਾਨੀਆਂ, ਕਰ ਧਾੜਾ ਧਾੜੀ।
ਉਨ੍ਹਾਂ ਸੋਹਣੀ ਖ਼ਲਕਤ ਰੱਬ ਦੀ, ਕੁਲ ਫੂਕੀ ਸਾੜੀ।
ਉਨ੍ਹਾਂ ਥੇਹ ਕੀਤੇ ਕਈ ਵੱਸਦੇ, ਕੁਲ ਮਿਲਖ਼ ਉਜਾੜੀ।
ਇਹ ਸਭ ਕੁਝ ਕਰ ਜੜ੍ਹ ਪੁੱਟਿਆਂ, ਗੱਲ ਕੀਤੀ ਮਾੜੀ।
ਸ੍ਰੀ ਅੰਮ੍ਰਿਤਸਰ ਦਰਬਾਰ ਨੂੰ, ਚੁੱਕ ਸੈਨਾ ਚਾੜ੍ਹੀ।
ਪਰ ਪੈਂਦੇ ਹੁਣ ਮੁਕਾਬਲੇ, ਜ਼ਰਾ ਸੁਣੋ ਅਗਾੜੀ।

ਸੁਣ ਸੁਣ ਅਹਿਮਦ ਸ਼ਾਹ ਦੇ, ਨਿੱਤ ਨਿੱਤ ਦੇ ਕਾਰੇ।
ਸਿੰਘ ਬਿਫਰੇ ਪਏ ਸੀ ਕਹਿਰ ਦੇ, ਅੱਗੇ ਹੀ ਸਾਰੇ।
ਹੁਣ ਅੰਮ੍ਰਿਤਸਰ ਦੀ ਲੁੱਟ ਨੂੰ, ਭਲਾ ਕੌਣ ਸਹਾਰੇ।
ਆ ਕੱਠੇ ਹੋ ਗਏ ਸੂਰਮੇ, ਛੱਡ ਕੂੰਟਾਂ ਚਾਰੇ।
ਆ ਚੜ੍ਹਿਆ ਜੋਸ਼ ਨਿਹੰਗਾਂ, ਭਖ ਪਏ ਅੰਗਿਆਰੇ।
ਉਨ੍ਹਾਂ ਬਦਲੇ ਬਾਣੇ ਕੇਸਰੀ, ਦੋਹਰੇ ਦਸਤਾਰੇ।
ਉਨ੍ਹਾਂ ਫੜ ਲਈਆਂ ਤੇਗਾਂ ਲੰਮੀਆਂ ਤੇ ਬਰਛੇ ਭਾਰੇ।
ਉਨ੍ਹਾਂ ਚੁੱਕੇ ਪੁੱਤਰ ਕਾਲ ਦੇ, ਖੰਡੇ ਦੋ ਧਾਰੇ।
ਉਹ ਲੈਣ ਸ਼ਹੀਦੀ ਡੋਲੜਾ, ਆ ਬੈਠੇ ਖਾਰੇ।
ਆ ਮੌਤ ਨੇ ਗਾਈਆਂ ਘੋੜੀਆਂ, ਕਲ ਕੀਤੇ ਵਾਰੇ।
ਪਰ ਚਾਅ ਚੜ੍ਹਿਆ ਕਲਜੋਗਣਾਂ, ਸੱਟ ਪਈ ਨਗਾਰੇ।

ਗੁਰਬਖ਼ਸ਼ ਸਿੰਘ ਨਿਹੰਗ, ਹੋਇਆ ਦਲਾਂ ਦਾ ਮੋਹਰੀ।
ਉਨ੍ਹ ਸੀਸ ਦੁਮਾਲਾ ਸਾਜਿਆ, ਰੱਖ ਰੱਬ ਤੇ ਡੋਰੀ।
ਉਨ੍ਹ ਖੰਡਾ ਬੰਨ੍ਹਿਆ ਲੱਕ ਨੂੰ, ਲਾ ਸਾਣੇ ਦੋਹਰੀ।
ਉਨ੍ਹ ਬਰਛਾ ਫੜ ਲਿਆ ਧੜੀ ਦਾ, ਜਿਹਦੀ ਲੰਮੀ ਪੋਰੀ।
ਉਨ੍ਹ ਖਿੱਚੀ ਤੇਗ਼ ਮਿਆਨ 'ਚੋਂ, ਰੱਤ ਪੀਣੀ ਗੋਰੀ।
ਅਤੇ ਪਾ ਸ਼ਹੀਦੀ ਚੋਲੜਾ, ਗਲ ਐਦਾਂ ਤੋਰੀ।
"ਜਿਨ੍ਹ ਰਣ-ਤੱਤੇ ਵਿਚ ਲੈਣੀ, ਅੱਜ ਮੌਤ ਦੀ ਲੋਰੀ।
ਉਹ ਅੱਗੇ ਆ ਜਾਏ ਸੂਰਮਾ, ਢਿੱਲ ਲਾਏ ਨਾ ਭੋਰੀ।
ਜਿਨ੍ਹ ਕਰਕੇ ਜਿੰਦ ਪਿਆਰੀ, ਭੱਜ ਜਾਣਾ ਚੋਰੀ ।
ਉਹ ਹੁਣੇ ਹੀ ਪਤ੍ਰਾ ਵਾਚ ਜਾਏ, ਗੱਲ ਕੀਤੀ ਕੋਰੀ।"

ਗੋਬਿੰਦ ਸਿੰਘ ਦੇ ਪੁੱਤਰਾਂ, ਸੁਣ ਬਚਨ ਕਰਾਰਾ।
ਧੂਹ ਕ੍ਰਿਪਾਨਾਂ ਤਿੱਖੀਆਂ, ਲਿਆ ਜੋਸ਼ ਹੁਲਾਰਾ।
ਉਹ ਕਰਨ ਮਖ਼ੌਲਾਂ ਮੌਤ ਨੂੰ, ਕੀ ਤੁਰਕ ਵਿਚਾਰਾ।
ਉਨ੍ਹਾਂ 'ਸਤਿ ਸ੍ਰੀ ਅਕਾਲ' ਦਾ ਇਕ ਛੱਡ ਜੈਕਾਰਾ।
ਦਲ ਮਾਰ ਛੜੱਪੇ ਆ ਗਿਆ, ਕੁਲ ਅੱਗੇ ਸਾਰਾ।

ਏਨੇ ਚਿਰ ਨ੍ਹੂੰ ਟਾਂਗੂੰਆਂ, ਆ ਖ਼ਬਰ ਸੁਣਾਈ।
ਨ੍ਹੇਰੀ ਚੜ੍ਹੀ ਦੁਰਾਨੀਆਂ, ਹੁਣ ਨੇੜੇ ਆਈ।
ਰਣ-ਤੱਤੇ ਦੇ ਆਸ਼ਕਾਂ, ਸੱਟ ਧੌਂਸੇ ਲਾਈ।
ਸਿੰਘਾਂ ਅਤੇ ਦੁਰਾਨੀਆਂ, ਹੁਣ ਸੁਣੋ ਲੜਾਈ।

'ਹਰਿਮੰਦਰ' ਦੇ ਕੋਲ, ਪਵਿੱਤਰ ਧਰਤੀ ਉੱਤੇ।
ਆ ਵੱਜੇ ਢੋਲ ਦਵੱਲਿਉਂ, ਉਸ ਖ਼ੂਨੀ ਰੁੱਤੇ।
ਆ ਤੀਰਾਂ ਸਿਰੀਆਂ ਚੁੱਕੀਆਂ, ਸੱਪ ਜਾਗੇ ਸੁੱਤੇ।
ਆ ਖੰਡੇ ਨਿਕਲੇ ਸ਼ੁਰ ਕਰ, ਇਕ ਦੂਜੇ ਉੱਤੇ।
ਆ ਨੇਜ਼ਿਆਂ ਹਿੱਕਾਂ ਪਾੜੀਆਂ, ਪਾ ਪਾ ਕੇ ਖੁੱਤੇ।
ਲੱਖ ਮਾਵਾਂ ਔਂਤਰ ਹੋ ਗਈਆਂ, ਲੱਖ ਪਿਓ ਨਿਪੁੱਤੇ।
ਆ ਤੇਗ਼ਾਂ ਕੀਤੇ ਡੱਕਰੇ, ਦੇ ਦੇ ਕੇ ਬੁੱਤੇ।
ਪਰ ਹੱਲਾ ਕਰਕੇ ਕਹਿਰ ਦਾ, ਸਿੰਘ ਚੜ੍ਹ ਗਏ ਉੱਤੇ।

ਵੇਖੀ ਜਦੋਂ ਨਿਹੰਗਾਂ ਦੀ, ਤੇਗ਼ ਪਠਾਣਾਂ।
ਉਨ੍ਹਾਂ ਆਤਿਸ਼ ਖ਼ਾਧੀ ਕਹਿਰ ਦੀ, ਮੱਚਿਆ ਘਮਸਾਣਾ।
ਉਨ੍ਹਾਂ ਜੁੱਸੇ ਚਿਣਗਾਂ ਛੱਡੀਆਂ, ਪਈ ਸੱਟ ਵਦਾਣਾ।
ਉਨ੍ਹਾਂ ਕਲਮਾਂ ਪੜ੍ਹ ਕੇ ਨੱਬੀ ਦਾ, ਖਾ ਕਸਮ ਕੁਰਾਣਾ।
ਉਨ੍ਹਾਂ ਲਾਈ ਅੱਗ ਮੈਦਾਨ ਨੂੰ, ਭੁੰਨ ਸੁੱਟੀਆਂ ਧਾਣਾਂ।
ਉਂਥੇ ਢਾਲਾਂ ਬਣ ਗਈਆਂ ਭਾਬੀਆਂ, ਤੇਗ਼ਾਂ ਨਨਾਣਾਂ।
ਆ ਖ਼ੂਨੀ ਗਿੱਧਾ ਖੜਕਿਆ, ਕਲ ਗਾਇਆ ਗਾਣਾ।
ਉਥੇ ਹੁਸ ਹੁਸ ਡਿੱਗੇ ਸੂਰਮੇ, ਚੁੱਕ ਗਿਆ ਦਾਣਾ।
ਉਥੇ ਟੁੱਟ ਟੁੱਟ ਪੈਣ ਜਵਾਨੀਆਂ, ਜਿਉਂ ਸਾਜ ਪੁਰਾਣਾ।
ਉਥੇ ਮੌਤ ਨੇ ਮਾਰੀ ਕਿਲਕਿਲੀ, ਖਾ ਖਾ ਕੇ ਖਾਣਾ।
ਉਥੇ ਵੱਟਾਂ ਤੋੜੀਆਂ ਲਹੂ ਨੇ, ਭਰ ਗਈਆਂ ਨਵਾਣਾਂ।
ਪਰ ਕਿਹੜੇ ਮਾਂ ਦੇ ਪੁੱਤ ਨੇ, ਅੱਜ ਘਰ ਨੂੰ ਜਾਣਾ।

ਗੁਰਬਖ਼ਸ਼ ਸਿੰਘ ਨਿਹੰਗ ਜਦੋਂ, ਇਹ ਡਿੱਠਾ ਅੱਖੀਂ।
ਭੜਥੂ ਪਾਇਆ ਪਠਾਣਾਂ, ਆ ਚਵੀਂ ਵੱਖੀਂ।
ਉਨੂੰ ਚੜ੍ਹਿਆ ਜੋਸ਼ ਅਗੰਮ ਦਾ, ਅੱਗ ਪੈ ਗਈ ਕੱਖੀਂ।
ਉਨ੍ਹ ਆਖਿਆ ਤੇਗ਼ੇ ਮੇਰੀਏ, ਅੱਜ ਇੱਜ਼ਤ ਰੱਖੀਂ।
ਅੱਜ ਕਾਬਲ ਰੋਣ ਪਠਾਣੀਆਂ, ਢਾਹ ਜਾਏ ਬਲੱਖੀਂ।
ਤੂੰ ਕਰ ਦੇ ਡੱਕਰੇ ਦਲਾਂ ਦੇ, ਕੁੱਲ ਫ਼ੌਜਾਂ ਭੱਖੀਂ।
ਤੂੰ ਖਾ ਜਾ ਵੱਢ ਵੱਢ ਬੋਟੀਆਂ, ਰੱਤ ਵੈਰੀ ਚੱਖੀਂ।
ਉਹ ਵੜ ਗਿਆ ਰਣ ਵਿਚ ੜਿੰਗਦਾ, ਜਿਉਂ ਵਾਢਾ ਰੱਖੀਂ।
ਉਹ ਮਾਰੇ ਤੇਗ਼ ਜਾਂ ਮੋਢਿਉਂ, ਜਾ ਨਿਕਲੇ ਵੱਖੀਂ।
ਉਨ੍ਹ ਕੁੱਤਰੇ ਕੀਤੇ ਸੂਰਮੇ, ਦੇ ਦੇ ਪਰਦੱਖੀਂ।
ਪਰ ਲੂੰਬੇ ਲੱਗੇ ਆਣ ਕੇ, ਹੁਣ ਦੋਵੀਂ ਪੱਖੀਂ।

ਭਾਂਬੜ ਮੱਚੇ ਦੁਵੱਲਿਉਂ, ਹੁਣ ਆ ਕੇ ਚੰਗੇ।
ਰਣ ਤਪਿਆ ਆਰ੍ਹਣ ਵਾਂਗਰਾਂ, ਰੱਤ ਸੜਿਆ ਮੰਗੇ।
ਲੱਖ ਚੱਲਣ ਤੇਗ਼ਾਂ ਬਰਛੀਆਂ, ਅਤੇ ਤੀਰ ਤਫ਼ੰਗੇ।
ਉਥੇ ਸੁਸਰੀ ਵਾਂਗੂੰ ਸੌੰ ਗਏ, ਇਨ੍ਹਾਂ ਦੇ ਡੰਗੇ।
ਉਥੇ ਮਾਵਾਂ ਦੇ ਪੁੱਤ ਸੂਰਮੇ, ਖਾ ਫੱਟ ਬੇ-ਢੰਗੇ।
ਲੱਖ ਬੁਰਕੀ ਬਣ ਗਏ ਮੌਤ ਦੀ, ਹੱਦ ਵੱਟਾਂ ਲੰਘੇ।
ਉਥੇ ਤੜਫ਼ਨ ਧੜ ਬੇ-ਓੜਕੇ, ਸਿਰ ਨੰਗ-ਧੜੰਗੇ।
ਸਿਰ, ਨਿਹੰਗਾਂ, ਸੂਰਿਆਂ, ਚੁੱਕ ਬਰਛੀਂ ਟੰਗੇ।
ਉਥੇ ਭੱਖੀ ਜਾਵੇ ਦਲਾਂ ਨੂੰ, ਜਮ ਮਾਰ ਦੁੜੰਗੇ।
ਪਠਾਣ ਵਾਹੁਣ ਸਰਵਾਹੀਆਂ, ਸਿੰਘ ਰਾਮ-ਜੰਗੇ।
ਪਰ ਦੋਵੇਂ ਧਿਰਾਂ ਦੇ ਸੂਰਿਆਂ, ਹੱਥ ਦੱਸੇ ਚੰਗੇ।

ਦਿਨ ਡੁੱਬਿਆ ਪਈਆਂ ਤੱਕਾਲਾਂ, ਹੋ ਗਈਆਂ ਅਖ਼ੀਰਾਂ।
ਦੋਹਾਂ ਧਿਰਾਂ ਦੀਆਂ ਰੱਜੀਆਂ, ਰੱਤ ਪੀ ਸ਼ਮਸ਼ੀਰਾਂ।
ਥੋੜ੍ਹਾ ਸੀਗਾ ਖ਼ਾਲਸਾ, ਤਦ ਵੀ ਰਣਧੀਰਾਂ।
ਨ੍ਹੇਰੀ ਚੜ੍ਹੀ ਦੁੱਰਾਨੀਆਂ, ਕਰ ਸਿੱਟੀ ਲੀਰਾਂ।
ਗੁਰਬਖ਼ਸ਼ ਸਿੰਘ ਨਿਹੰਗ, ਛੱਡ ਗਿਆ ਨਜ਼ੀਰਾਂ।
ਪਾ ਗਿਆ ਸ਼ਹੀਦੀ ਸੂਰਮਾ, ਘੱਤ ਗਿਆ ਵਹੀਰਾਂ।
ਸੂਰੇ ਮਰ ਗਏ ਧਰਮ ਤੋਂ, ਕਰ ਸਫ਼ਲ ਸਰੀਰਾਂ।
ਜੱਗ ਰਹੀਆਂ ਕਹਾਣੀਆਂ, ਵਾਰਤਾਂ ਲੁਕੀਆਂ ਤਸਵੀਰਾਂ।

 
 

To veiw this site you must have Unicode fonts. Contact Us

punjabi-kavita.com