Hari Singh Nalua/Nalwa Siharfian : Mian Qadiryaar

ਸੀਹਰਫ਼ੀਆਂ ਹਰੀ ਸਿੰਘ ਨਲੂਆ : ਕਾਦਰਯਾਰ

ਸੀ-ਹਰਫ਼ੀਆਂ ਹਰੀ ਸਿੰਘ ਨਲਵਾ-ਕਾਦਰਯਾਰ
ਜੰਗ ਪਸ਼ੌਰ ਸਿੰਘਾਂ ਤੇ ਪਠਾਣਾਂ ਦੀ

ਸੀ-ਹਰਫ਼ੀ ਅੱਵਲ

ਅਲਫ਼ ਓਸ ਅਲੱਖ ਨੂੰ ਯਾਦ ਰਖੀਏ
ਜੇਹੜਾ ਕੱਖ ਤੋ' ਲੱਖ ਬਣਾਂਵਦਾ ਜੀ ।
ਮੁਰਦੇ ਦਿਲਾਂ ਨੂੰ ਪਲਾਂ ਵਿਚ ਸ਼ੇਰ ਕਰਦਾ
ਜਦੋਂ ਮੇਹਰ ਦੀ ਬੂੰਦ ਵਸਾਂਵਦਾ ਜੀ ।
ਤਖ਼ਤੋਂ ਵਖ਼ਤ ਤੇ ਸਖ਼ਤੀਓਂ ਨੇਕ-ਬਖ਼ਤੀ
ਓਹਦਾ ਅੰਤ ਹਿਸਾਬ ਨਾਂ ਆਂਵਦਾ ਜੀ ।
ਕਾਦਰ ਯਾਦ ਹੈ ਸੁੱਖ ਵਿਚਾਰ ਦੇ ਵਿਚ
ਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ ।੧।

ਅਲਫ਼ ਓਸ ਜੇਹਾ ਨਹੀਂ ਹੋਰ ਕੋਈ
ਯਾਰੋ ਓਸ ਦਾ ਕਰਨਾ ਧਿਆਨ ਚੰਗਾ ।
ਜੀਂਦੇ ਜੀ ਜ਼ਬਾਨ ਥੀਂ ਓਹੋ ਨਿਕਲੇ
ਧਿਆਨ ਓਸ ਦੇ ਵਿੱਚ ਮਰ ਜਾਣ ਚੰਗਾ ।
ਤੇ ਚੋਰੀ ਕੋਲੋਂ ਚੰਗਾ ਮੰਗ ਖਾਣਾ
ਯਾਰੋ ਮੰਗਣੇ ਤੋਂ ਮੌਹਰਾ ਖਾਣ ਚੰਗਾ ।
ਕਾਦਰ ਯਾਦ ਚੰਗੀ ਗੱਲਾਂ ਚੰਗੀਆਂ ਚੋਂ
ਐਪਰ ਸਬ ਤੋਂ ਓਸ ਦਾ ਗਿਆਨ ਚੰਗਾ ।੨।

ਬੇ ਬਹੁਤ ਸੁਲਤਾਨ ਜਹਾਨ ਅੰਦਰ
ਆਲੀ-ਸ਼ਾਨ ਵੱਡੇ ਸ਼ਾਹ ਜ਼ੋਰ ਹੋ ਗਏ ।
ਫ਼ਰਾਊਨ ਸ਼ੱਦਾਦ ਨੇ ਬਾਗ ਲਾਇਆ
ਪਾਇਲਾਂ ਪਾਂਵਦੇ ਵਾਂਗਰ ਮੋਰ ਹੋ ਗਏ ।
ਜਦੋਂ ਚੋਰ ਕਜ਼ਾ ਦਾ ਆਣ ਪਿਆ
ਰੰਗ ਤਿਨ੍ਹਾਂ ਦੇ ਹੋਰ ਦੇ ਹੋਰ ਹੋ ਗਏ ।
ਕਾਦਰਯਾਰ ਸਮਿਆਨ ਸਭ ਰਹੇ ਏਥੇ
ਤੇ ਬਣਾਨ ਵਾਲੇ ਵਿਚ ਗੋਰ ਹੋ ਗਏ ।੩।

ਤੇ ਤਮਾਮ ਔਸਾਫ਼ ਇਨਸਾਨ ਵਿਚੋਂ
ਕੋਈ ਨਹੀਂ ਬਹਾਦੁਰੀ ਤੁੱਲ ਮੀਆਂ ।
ਜੇਹੜਾ ਮਰਦ ਹਠ ਹਾਰ ਹੋ ਸਰਦ ਜਾਵੇ
ਰੰਗ ਜ਼ਰਦ ਬਸੰਤ ਦਾ ਫੁੱਲ ਮੀਆਂ ।
ਤਹਿਕੀਕ ਓਹ ਮਰਦ ਨਹੀਂ ਹੀਜੜਾ ਹੈ
ਗੱਲ ਬਰੀਕ ਨਾ ਜਾਵਣੀ ਭੁੱਲ ਮੀਆਂ ।
ਕਾਦਰਯਾਰ ਬਹਾਦੁਰੀ ਮੁੱਲ ਪਾਂਦੀ
ਜਦੋਂ ਆ ਜਾਂਦੀ ਸਿਰ ਤੇ ਝੁੱਲ ਮੀਆਂ ।੪]

ਸੇ ਸਾਬਤੀ ਸੁਣ ਕੇ ਬਹਾਦੁਰਾਂ ਦੀ
ਦਿਲ ਪੀਂਘ ਦਾ ਐਸ਼ ਉਲਾਰਿਆਂ ਵਿਚ ।
ਰੂਹ ਖ਼ੁਸੀ ਦੇ ਨਾਲ ਵਸਾਲ ਕਰਦਾ
ਆਸ਼ਿਕ ਮਸਤ ਜਿਉਂ ਖ਼ਿਆਲ ਪਿਆਰਿਆਂ ਵਿਚ ।
ਰਣਜੀਤ ਸਿੰਘ ਸਰਕਾਰ ਦੇ ਅਫ਼ਸਰਾਂ ਨੂੰ
ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਵਿਚ ।
ਕਾਦਰਯਾਰ ਬਹਾਦੁਰਾਂ ਵਿਚ ਚਮਕੇ
ਹਰੀ ਸਿੰਘ ਜਿਉਂ ਚੰਨ ਸਤਾਰਿਆਂ ਵਿਚ ।੫।

ਜੀਮ ਜੰਗ ਜਾ ਵੱਡਾ ਅਤਾਈ ਦੂਲਾ
ਜਾਣੇ .ਖੂਬ ਲੜਾਈ ਦੇ ਢੰਗ ਮੀਆਂ ।
ਜੁਰਤ ਫੁਰਤ ਉਸ ਤੇਜ਼ ਪਲੰਗ ਵਾਲੀ
ਹੋਵਣ ਸੂਰਮੇ ਦੇਖ ਕੇ ਦੰਗ ਮੀਆਂ ।
ਘੋੜੇ ਹੋ ਅਸਵਾਰ ਤਲਵਾਰ ਫੜਦਾ
ਚੜ੍ਹਦਾ ਆ ਗੁਲਨਾਰ ਦਾ ਰੰਗ ਮੀਆਂ ।
ਕਾਦਰਯਾਰ ਲੰਗੋਟੀਆ ਯਾਰ ਗੂਹੜਾ
ਰਹਿੰਦਾ ਨਿੱਤ ਸਰਕਾਰ ਦੇ ਸੰਗ ਮੀਆਂ ।੬।

ਸੀਨ ਸੁਖ ਦੇ ਵਿਚ ਜਦ ਮੁੱਦਤ ਗੁਜ਼ਰੀ
ਮਹਾਰਾਜ ਨੇ ਮੁਲਕ ਵਲ ਧਿਆਨ ਕੀਤਾ ।
ਆਖੇ ਬਹੁਤ ਚਿਰ ਸੁਖ ਦਾ ਹੋ ਚਾਕਰ
ਜੀਊੜਾ ਏਸ ਦੇ ਵਿਚ ਗਲਤਾਨ ਕੀਤਾ ।
ਅੱਗੋਂ ਈਨ ਨਾ ਏਸਦੀ ਮੰਨਸਾਂ ਮੈਂ
ਪੁਖ਼ਤਾ ਦਿਲ ਦੇ ਵਿਚ ਪੈਮਾਨ ਕੀਤਾ ।
ਕਾਦਰਯਾਰ ਦਰਬਾਰ ਲਗਾਵਣੇ ਦਾ
ਮਹਾਰਾਜ ਨੇ ਚੱਕ ਫ਼ਰਮਾਨ ਕੀਤਾ ।੭।

ਸੀਨ ਸ਼ੌਕ ਦੋ ਨਾਲ ਤਿਆਰ ਹੋ ਕੇ
ਆਏ ਸਿੰਘ ਸਰਦਾਰ ਦਲੇਰ ਯਾਰੋ ।
ਸੰਮਣ ਬੁਰਜ ਵਿਚ ਆ ਕੇ ਬੈਠ ਜਾਂਦੇ
ਮਹਾਰਾਜ ਦੇ ਚਾਰ ਚੁਫੇਰ ਯਾਰੋ ।
ਸਿੰਘ ਸੂਰਮੇ ਚਿਤਰਿਆਂ ਵਾਂਗ ਚਾਤਰ
ਮਹਾਰਾਜ ਝੂਲੇ ਵਿਚ ਸ਼ੇਰ ਯਾਰੋ ।
ਕਾਦਰਯਾਰ ਹੈ ਸ਼ੇਰਾਂ ਨੇ ਮਾਸ ਖਾਣਾ
ਗੱਲ ਸਮਝਣੋਂ ਕਰੋ ਨਾ ਦੇਰ ਯਾਰੋ ।੮।

ਸੁਆਦ ਸਾਫ਼ ਇਹ ਹਾਲ ਮਲੂਮ ਮੈਨੂੰ
ਮਹਾਰਾਜ ਨੇ ਸੁਖਨ ਅਲਾਇਅ' ਜੀ ।
ਤੁਸਾਂ ਗਾਜ਼ੀਆਂ ਸਿਰਾਂ ਦੀਆਂ ਬਾਜ਼ੀਆਂ ਲਾ
ਸਾਡਾ ਨਾਮਣਾ ਸ਼ੋਖ ਕਰਾਇਆ ਸੀ ।
ਮੁਜੱਫਰ ਖਾਨ' ਪਠਾਣ ਮੁਲਤਾਨ ਵਾਲਾ
ਜ਼ਰਾ ਤਾਬ ਨਾ ਤੁਸਾਂ ਦੀ ਲਿਆਇਆ ਜੀ ।
ਕਾਦਰਯਾਰ ਕਸ਼ਮੀਰ ਨੂੰ ਮਾਰ ਕੇ ਤੇ
ਏਹ ਮੁਲਕ ਪੰਜਾਬ ਵਧਾਇਆ ਜੀ ।੯।

ਜ਼ੁਆਦ ਜ਼ਰੂਰ ਹੈ ਦਿਲ ਦੀ ਮੁਰਾਦ ਮੇਰੀ
ਜ਼ਰਾ ਹੋਰ ਉੱਚੀ ਗੁੱਡੀ ਚਾੜ੍ਹੀਏ ਜੀ ।
ਸ਼ਾਹ ਮਹਿਮੂਦ ਪਠਾਣ ਹੈ ਤਾਣ ਵਾਲਾ
ਜ਼ਰਾ ਓਸ ਨੂੰ ਚਲ ਵੰਗਾਰੀਏ ਜੀ ।
ਰਹਿਸੀ ਵਿਰ ਜਹਾਨ ਦੇ ਨਾਮ ਯਾਰੋ
ਮਰਨ ਮਾਰਨੋਂ ਮੂਲ ਨਾ ਹਾਰੀਏ ਜੀ ।
ਕਾਦਰਯਾਰ ਚਲ ਅਟਕ ਨੂੰ ਗਾਹਣ ਪਾ ਕੇ
ਸਿੱਧਾ ਜਾ ਪਸ਼ੌਰ ਨੂੰ ਮਾਰੀਏ ਜੀ ।੧੦।

ਤੋਏ ਤਲਬ ਮੈਨੂੰ ਉਸ ਸੂਰਮੇ ਦੀ
ਜੇਹੜਾ ਬੀੜਾ ਪਸ਼ੌਰ ਦਾ ਆਣ ਚੁੱਕੇ ।
ਲੈ ਕੇ ਫੌਜ ਦਰਿਆ ਦੀ ਮੌਜ ਵਾਂਗੂੰ
ਸਿੱਧਾ ਜਾ ਨਜ਼ਦੀਕ ਪਠਾਣ ਢੁੱਕੇ ।
ਬਣ ਜੁਆਨ ਤੇ ਤੀਰ ਕਮਾਨ ਫੜ ਕੇ
ਵਾਂਗ ਕਿੱਲੇ ਦੇ ਵਿਚ ਮੈਦਾਨ ਠੁੱਕੇ ।
ਕਾਦਰਯਾਰ ਕਰਤਾਰ ਨੂੰ ਯਾਦ ਕਰ ਕੇ
ਮਰਨ ਮਾਰਨੋਂ ਜ਼ਰਾ ਨਾ ਜਾਨ ਉੱਕੇ ।੧੧।

ਜ਼ੋਏ ਜ਼ਾਹਰਾ ਨਿੱਤਰਿਆ ਮਿੱਤਰ ਪਿਆਰਾ
ਹਰੀ ਸਿੰਘ ਦਲੇਰ ਸਰਦਾਰ ਯਾਰੋ ।
ਨ'ਲ ਤੌਰ ਪਸ਼ੌਰ ਦਾ ਚੁਕ ਬੀੜਾ
ਰੱਖਿਆ ਮੂੰਹ ਵਿਚਕਾਰ ਯਾਰੋ ।
ਬੇ-ਝੱਕ ਉਠਾ ਕੇ ਜ਼ਿਮੀਂ ਉੱਤੋਂ
ਬੱਧੀ ਲਕ ਦੇ ਨਾਲ ਤਲਵਾਰ ਯਾਰੋ ।
ਕਾਦਰਯਾਰ ਪਸ਼ੌਰ ਦੇ ਮਾਰਨੇ ਨੁੰ
ਹਰੀ ਸਿੰਘ ਹੋ ਗਿਆ ਤਿਆਰ ਯਾਰੋ ।੧੨।

ਐਨ ਆਜਜ਼ੀ ਦੇਨਾਲ ਅਰਜ਼ ਸੁਣ ਲੌ
ਹਰੀ ਸਿੰਘ ਸ਼ਰਮਾ ਕੇ ਬੇਂਲਿਅਆ ਜੀ ।
ਤੇਰੇ ਕਦਮਾਂ ਦੀ ਖ਼ਾਕ ਤੋਂ ਲੱਖ ਵਾਰੀ
ਅਸਾਂ ਜਿੰਦੜੀ ਪਿਆਰੀ ਨੂੰ ਘੋਲਿਆ ਜੀ ।
ਉਤੇ ਰੱਬ ਰਹੀਮ ਹੈ ਗੁਰੂ ਸੱਚਾ
ਹੇਠ ਜ਼ਿਮੀਂ ਤੇ ਤੁਸਾਂ ਨੂੰ ਟੋਲਿਆ ਜੀ ।
ਕਾਦਰਯਾਰ ਹਾਂ ਅਸੀਂ ਮੁਰੀਦ ਪੱਕੇ
ਏਸ ਵਾਸਤੇ ਹਾਲ ਨੂੰ ਫੋਲਿਆ ਜੀ ।੧੩ ।

ਗ਼ੈਨ ਗ਼ਰਜ਼ ਏਹਾ ਨਾਲੋਂ ਫ਼ਰਜ਼ ਏਹਾ
ਹੋਰ ਮਰਜ਼ ਏਹਾ ਮੈਨੂੰ ਲੜਨ ਦਿਓ ।
ਚਾਰ ਰੋਜ਼ ਦਾ ਰੰਗ ਜਹਾਨ ਉੱਤੇ
ਲੈ ਕਮਾਨ ਹੁਣ ਜੰਗ ਤੇ ਚੜ੍ਹਨ ਦਿਓ ।
ਬਲੀ ਗੁਰੂ ਗੋਬਿੰਦ ਸਿੰਘ ਯਾਦ ਕਰ ਕੇ
ਅੱਜ ਜਾਨ ਨੂੰ ਤਲੀ ਤੇ ਧਰਨ ਦਿਓ ।
ਕਾਦਰਯਾਰ ਯਾ ਮਰਨ ਮੈਦਾਨ ਦੇ ਵਿੱਚ
ਯਾ ਕਿ ਫਤਿਹ ਪਸ਼ੌਰ ਨੂੰ ਕਰਨ ਦਿਓ ।੧੪।

ਫ਼ੇ ਫ਼ਰਕ ਨਾ ਲੜਨ ਵਿਚ ਜ਼ਰਾ ਆਵੇ
ਵਾਂਗ ਬਰਕ ਦੇ ਕੜਕ ਕੇ ਬੜ੍ਹਾਂਗਾ ਮੈਂ ।
ਸਜ ਧਜ ਜਿਉਂ ਟਿੱਲਿਓਂ ਚੜ੍ਹੇ ਬੱਦਲ
ਤਿਵੇਂ ਗੱਜ ਕੇ ਜੰਗ ਤੇ ਚੜ੍ਹਾਂਗਾ ਮੈਂ ।
ਵਾਂਗ ਸ਼ੇਰ ਦੇ ਹੋ ਦਲੇਰ ਯਾਰੋ
ਹੱਥ ਵਿਚ ਸ਼ਮਸ਼ੇਰ ਨੂੰ ਫੜਾਂਗਾ ਮੈਂ ।
ਕਾਦਰਯਾਰ ਰੱਬ ਵਾਲੀ ਮਵਾਲੀਆਂ ਦਾ
ਨਾਲ ਜ਼ੋਰ ਪਸ਼ੌਰ ਵਿਚ ਵੜਾਂਗਾ ਮੈਂ ।੧੫।

ਕਾਫ਼ ਕਦੀ ਨਾ ਮੂੰਹ ਤੇ ਸਿਫ਼ਤ ਕਰੀਏ
ਮਹਾਰਾਜ ਨੇ ਹੱਸ ਪੁਕਾਰਿਆ ਜੀ ।
ਕੋਈ ਦਮ ਲਹੌਰ ਵਿਚ ਮਾਣ ਮੌਜਾਂ
ਸਾਡਾ ਕੰਮ ਤੂੰ ਬਹੁਤ ਸਵਾਰਿਆ ਜੀ
ਸਿਆਲਕੋਟ ਇਕ ਚੋਟ ਦੇ ਨਾਲ ਲਿਆ
ਫੇਰ ਜਾ ਧਮਤੌੜ ਨੂੰ ਮਾਰਿਆ ਜੀ ।
ਕਾਦਰਯਾਰ ਹਜ਼ਾਰੇ ਨੂੰ ਮਾਰ ਕੇ ਤੇ
ਪੈਰ ਪੱਖਲੀ ਵਿਚ ਪਸਾਰਿਆ ਜੀ ।੧੬।

ਗਾਫ਼ ਗਿਣੇ ਨਹੀਂ ਜਾਂਵਦੇ ਕੰਮ ਤੇਰੇ
ਕੀਤੀ ਤੰਮ ਤੂੰ ਨਾਲ ਤਲਵਾਰ ਪਿਆਰੇ ।
ਜੰਗੀ ਸ਼ੇਰ ਦਲੇਰ ਮੂੰਹ ਫੇਰ ਦੇਵਨ
ਨੰਗੀ ਕਰੇਂ ਜਾਂ ਤੇਗ਼ ਦੀ ਧਾਰ ਪਿਆਰੇ ।
ਦਸਤਾਰ ਰਫ਼ਤਾਰ ਗੁਫ਼ਤਾਰ ਸੋਹਣੀ
ਤੇਰੇ ਜਿਹਾ ਕੋਈ ਵਿਰਲਾ ਸਵਾਰ ਪਿਆਰੇ ।
ਕਾਦਰਯਾਰ ਹੈਂ ਤੂੰ ਸੱਜੀ ਬਾਂਹ ਮੇਰੀ
ਜਾਣੇ ਆਪ ਸੱਚਾ ਕਰਤਾਰ ਪਿਆਰੇ ।੧੭।

ਲਾਮ ਲੁਟ ਲੈ ਮੌਜ ਬਹਾਰ ਕੋਈ ਚਿਰ
ਚਾਰ ਰੋਜ਼ ਦਾ ਹੈ ਜਹਾਨ ਸਿੰਘ ਜੀ ।
ਨਹੀਂ ਮਾਲ ਦੀ ਕੁਝ ਪਰਵਾਹ ਤੈਨੂੰ
ਨਾਲ ਐਸ਼ ਦਿਨ ਕਰੋ ਗੁਜ਼ਰਾਨ ਸਿੰਘ ਜੀ ।
ਕੋਈ ਰੋਜ਼ ਸਰੀਰ ਨੂੰ ਸੁਖ ਦਿਓ
ਬਹੁਤ ਦੁਖ ਝੱਲੇ ਤੇਰੀ ਜਾਨ ਸਿੰਘ ਜੀ ।
ਕਾਦਰਯਾਰ ਕਿਸੇ ਹੋਰ ਸੂਰਮੇ ਨੂੰ
ਦਿਓ ਲੜਨ ਹੁਣ ਵਿਚ ਮੈਦਾਨ ਸਿੰਘ ਜੀ ।੧੮।

ਮੀਮ ਮੁਖ ਥੀਂ ਕਈ ਸਰਦਾਰ ਬੋਲੇ
ਹੱਥ ਰੱਖ ਤਲਵਾਰ ਦੀ ਮੁੱਠ ਉੱਤੇ ।
ਅਸੀਂ ਨਾਲ ਪਠਾਣਾਂ ਦੇ ਲੜਾਂਗੇ ਜੀ
ਜਾ ਕੇ ਤੋੜ ਪਸ਼ੌਰ ਦੀ ਗੁੱਠ ਉੱਤੇ ।
ਸ਼ਾਹ ਮਹਿਮੂਦ ਨੂੰ ਮਾਰ ਕੇ ਪਾਰ ਕਰੀਏ
ਭਾਵੇਂ ਹੋਵੇ ਅਸਵਾਰ ਉਹ ਉੱਠ ਉੱਤੇ ।
ਕਾਦਰਯਾਰ ਨਾ ਪਿਛਾਂ ਨੂੰ ਮੁੜਾਂਗੇ ਜੀ
ਜ਼ਖਮ ਖਾਵਸਾਂ ਨਾ ਕਦੀ ਪੁੱਠ ਉੱਤੇ ।੧੯।

ਨੂਨ ਨਹੀਂ ਇਹ ਬਾਤ ਮਨਜ਼ੂਰ ਮੈਨੂੰ
ਹਰੀ ਸਿੰਘ ਨੇ ਫੇਰ ਬਿਆਨ ਕੀਤਾ ।
ਓਸ ਸੁਖਨ ਤੇ ਦਿਆਂਗਾ ਮੈਂ ਪਹਿਰਾ
ਜੇਹੜਾ ਆਪ ਅੱਜ ਨਾਲ ਜ਼ਬਾਨ ਕੀਤਾ ।
ਥੁਕ ਸੱਟ ਕੇ ਚੱਟਦਾ ਕੌਣ ਕੋਈ
ਇਹ ਕੰਮ ਤਾਂ ਨਹੀਂ ਸ਼ੈਤਾਨ ਕੀਤਾ ।
ਕਾਦਰਯਾਰ ਓੜਕ ਖ਼ਾਕ ਰਲ ਜਾਣਾ
ਕੇਹੜੀ ਗੱਲ ਦੇ ਵਲ ਧਿਆਨ ਕੀਤਾ ।੨੦।

ਵਾਓ ਵਾਸਤੇ ਰੱਬ ਦੇ ਕਰੋ ਕਿਰਪਾ
ਪੂਰਾ ਕਰਨ ਦਿਓ ਮੇਰਾ ਧਰਮ ਮੈਨੂੰ ।
ਤੇਰੇ ਚਰਨਾਂ 'ਚ ਮਰਨ ਦੇ ਕਾਰਨੇ ਜੀ
ਸੱਚੇ ਸਾਹਬ ਨੇ ਦਿੱਤਾ ਹੈ ਜਰਮ ਮੈਨੂੰ ।
ਜੇਕਰ ਲੜਨ ਥੀਂ ਤੁਸੀਂ ਹੁਣ ਮੋੜ ਦੇਸੋ
ਤੋੜ ਮਰਨ ਤੀਕਣ ਰਹਿਸੀ ਵਰਮ ਮੈਨੂੰ ।
ਕਾਦਰਯਾਰ ਕਰੋ ਕਰਮ ਟੁਰਦਿਆਂ ਤੇ
ਪਿੱਛੇ ਮੁੜਦਿਆਂ ਔਂਦੀ ਏ ਸ਼ਰਮ ਮੈਨੂੰ ।੨੧।

ਹੇ ਹੈ ਗੁਫ਼ਤਾਰ ਮਨਜ਼ੂਰ ਤੇਰੀ
ਸਰਕਾਰ ਖੰਘੂਰ ਫ਼ਰਮਾਇਆ ਜੀ ।
ਐਸ਼ ਇਸ਼ਰਤ ਦੇ ਫੁੱਲਾਂ ਦਾ ਘੱਤ ਸੇਹਰਾ
ਤੇਰਾ ਹੌਸਲਾ ਅਸਾਂ ਅਜਮਾਇਆ ਜੀ ।
ਸਾਜ ਸੰਗ ਤੇ ਰੰਗ ਮਹੱਲ ਛੱਡ ਕੇ
ਵਲ ਜੰਗ ਤੇਰਾ ਚਿਤ ਚਾਇਆ ਜੀ ।
ਕਾਦਰਯਾਰ ਦਲੇਰ ਕੋਈ ਵਾਂਗ ਤੇਰੇ
ਮੇਰੇ ਦੇਖਣੇ ਵਿਚ ਨਾ ਆਇਆ ਜੀ ।੨੨।

ਯੇ ਯਾਦ ਵਡਿਆਈ ਭਗਵਾਨ ਕਰ ਕੇ
ਲੱਗਾ ਕਰਨ ਸਰਦਾਰ ਚੜ੍ਹਾਈ ਯਾਰੋ ।
ਦੇਖੋ ਵਿੱਚ ਪਠਾਣਾਂ ਦੇ ਘਰ ਜਾ ਕੇ
ਲੱਗਾ ਕਰਨ ਜੁਆਨ ਲੜਾਈ ਯਾਰੋ ।
ਧੁੱਮ ਪਈ ਐ ਵਿਚ ਜਹਾਨ ਸਾਰੇ
ਲਗੇ ਖ਼ਾਲਸੇ ਕਰਨ ਚੜ੍ਹਾਈ ਯਾਰੋ ।
ਕਾਦਰਯਾਰ ਪਠਾਣ ਸੁਣ ਅੱਗ ਹੋਏ
ਤਪੇ ਤੇਲ ਜਿਉਂ ਵਿਚ ਕੜ੍ਹਾਈ ਯਾਰੋ ।੨੩।੧।

ਸ਼ੀ-ਹਰਫ਼ੀ ਦੋਮ

ਅਲਫ਼ ਆਣ ਬਿਆਨ ਪਠਾਣ ਕਰਨਾਂ
ਨਾਲ ਬਿਆਨ ਦੇ ਕੰਨ ਲਗਾਵਣਾ ਜੀ ।
ਥੋੜ੍ਹੇ ਬੋਲ ਵਿਚ ਹਾਲ ਦੁੱਰਾਨੀਆਂ ਦਾ
ਮੁਖਤਿਸਰ ਮੈਂ ਖੋਲ੍ਹ ਸੁਣਾਵਣਾ ਜੀ ।
ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ
ਕੰਮ ਸ਼ਾਇਰਾਂ ਓਸ ਨੂੰ ਗਾਵਣਾ ਜੀ ।
ਕਾਦਰਯਾਰ ਕਰਤਾਰ ਨੂੰ ਯਾਦ ਰੱਖੀਏ
ਜਿਸ ਨੇ ਅੰਤ ਵੇਲੇ ਕੰਮ ਆਵਣਾ ਜੀ ।੧।

ਬੇ ਬਾਦਸ਼ਾਹ ਕਾਬਲ ਦਾ ਓਸ ਵੇਲੇ
ਹੈਸੀ ਸ਼ਾਹ ਮਹਿਮੂਦ ਅਫ਼ਗਾਨ ਮੀਆਂ ।
ਸੋਹਣੀ ਸ਼ਕਲ ਪਰ ਅਕਲ ਦਾ ਬਹੁਤ ਕੌੜਾ
ਮਸ਼ਾਹੂਰ ਓਹ ਵਿਚ ਜਹਾਨ ਮੀਆਂ ।
ਐਪਰ ਰਬ ਦੀ ਟੇਕ ਸੀ ਉਸ ਉੱਤੇ
ਮਿਲਿਆ ਨੇਕ ਉਸਨੂੰ ਬਾਗ਼ਬਾਨ ਮੀਆਂ ।
ਕਾਦਰਯਾਰ ਬਰਕਜ਼ਈ ਸਰਦਾਰ ਭਾਰਾ
ਫ਼ਤਿਹ ਖ਼ਾਨ ਵਜੀਰ ਜੁਆਨ ਮੀਆਂ ।੨।

ਪੇ ਪੁਰਾ ਅਕੀਲ ਸ਼ਕੀਲ ਭਾਰਾ
ਤੇ ਦਲੀਲ ਦਾ ਵੱਡਾ ਦਲੇਰ ਯਾਰੋ ।
ਫ਼ਤਿਹ ਖਾਨ ਵਜ਼ੀਰ ਸੀ ਮਰਦ ਕਾਮਲ
ਗੋਯਾ ਅਸਲ ਦਾ ਕਾਬਲੀ ਸ਼ੇਰ ਯਾਰੋ ।
ਜਿੱਥੇ ਜਾਂਵਦਾ ਸੀ ਫ਼ਤਿਹ ਪਾਂਵਦਾ ਸੀ
ਧੁੰਮ ਪਈ ਏ ਚਾਰ ਚੁਫੇਰ ਯਾਰੋ ।
ਕਾਦਰਯਾਰ ਆ ਸਿੰਧ ਨੂੰ ਜ਼ੇਰ ਕੀਤਾ
ਸੂਬੇ ਹੋਰ ਨਿਵਾਏ ਸੂ ਢੇਰ ਯਾਰੋ ।੩।

ਤੇ ਤਖ਼ਤ ਤੇ ਬਹਿੰਦਾ ਸੀ ਸ਼ਾਹ-ਕਾਬੁਲ
ਐਪਰ ਰਾਜ ਵਜ਼ੀਰ ਕਮਾਂਵਦਾ ਸੀ ।
ਬਾਦਸ਼ਾਹ ਉਸੇ ਪਾਸੇ ਮੂੰਹ ਕਰਦਾ
ਜੇਹੜਾ ਰਾਹ ਵਜ਼ੀਰ ਵਖਾਂਵਦਾ ਸੀ ।
ਸ਼ਾਹ ਮਹਿਮੂਦ ਦਾ ਬੇਟਾ ਸੀ ਇਕ ਨਾਮੀ
ਕਾਮਰਾਨ ਉਹ ਨਾਮ ਸਦਾਂਵਦਾ ਸੀ ।
ਕਾਦਰਯਾਰ ਪਰ ਹਸਦ ਦਾ ਤੀਰ ਲੱਗਾ
ਉਹਨੂੰ ਮੂਲ ਵਜ਼ੀਰ ਨਾ ਭਾਂਵਦਾ ਸੀ ।੪।

ਟੇ ਟੱਕਰਾਂ ਮਾਰਦਾ ਫ਼ਿਕਰ ਅੰਦਰ
ਏਹਾ ਜ਼ਿਕਰ ਸੀ ਓਹਦੇ ਦਹਾਨ ਉੱਤੇ ।
ਕਿਸੇ ਤਰਾਂ ਵਜ਼ੀਰ ਨੂੰ ਦੂਰ ਕਰੀਏ
ਨੂਰ ਚਮਕਿਆ ਜਿਸ ਦਾ ਜਹਾਨ ਉੱਤੇ ।
ਸਾਡਾ ਢੰਗ ਨਾਮੂਸ ਵੈਰਾਨ ਹੋਇਆ
ਜ਼ਿਕਰ ਉਸ ਦਾ ਹਰ ਇਕ ਜ਼ਬਾਨ ਉੱਤੇ ।
ਕਾਦਰਯਾਰ ਨਸੀਬ ਨੇ ਭਾਂਜ ਖਾਧੀ
ਰਾਜ ਕਾਬਲ ਦਾ ਸੀ ਫ਼ਤਿਹ ਖਾਨ ਉੱਤੇ ।੫।

ਸੇ ਸਾਬਤੀ ਵੇਖ ਵਜ਼ੀਰ ਵਾਲੀ
ਕਾਮਰਾਨ ਉਸ ਤੋਂ ਥਰ-ਥਰਾਂਵਦਾ ਸੀ ।
ਜ਼ਾਹਰ ਹੋ ਕੇ ਵਾਂਗ ਦਿਲਾਵਰਾਂ ਦੇ
ਹੱਥ ਨਾਲ ਵਜ਼ੀਰ ਨਾ ਪਾਂਵਦਾ ਸੀ ।
ਸਾਰੀ ਫੌਜ ਵਜ਼ੀਰ ਦਾ ਹੁਕਮ ਮੰਨੇ
ਸਾਰਾ ਮੁਲਕ ਓਹਦਾ ਗੀਤ ਗਾਂਵਦਾ ਸੀ ।
ਕਾਦਰਯਾਰ ਪਰ ਖੱਪਰੇ ਸੱਪ ਵਾਂਗੂੰ
ਕਾਮਰਾਨ ਪਿਆ ਵੱਟ ਖਾਂਵਦਾ ਸੀ ।੬।

ਜੀਮ ਜੰਗ ਦਾ ਰੰਗ ਅਚਨਚੇਤ ਬਣਿਆ
ਚੜ੍ਹਿਆ ਕਾਬਲ ਤੇ ਸ਼ਾਹ-ਈਰਾਨ ਮੀਆਂ ।
ਪੂਰੇ ਲੱਖ ਸਵਾਰ ਦੀ ਧਾੜ ਲੈ ਕੇ
ਵੜਿਆ ਆਣ ਉਹ ਮੁਲਕ ਪਠਾਣ ਮੀਆਂ ।
ਸ਼ੇਰ ਮਰਦ ਵੱਡੇ ਕਲਬੂਤ ਵਾਲੇ
ਲੜਨੇ ਵਿਚ ਮਜ਼ਬੂਤ ਪਹਿਲਵਾਨ ਮੀਆਂ ।
ਕਾਦਰਯਾਰ ਆਇਆ ਮਾਰੋ-ਮ'ਰ ਕਰਦਾ
ਘੇਰਾ ਪਾਇਆ ਹਿਰਾਤ ਨੂੰ ਆਣ ਮੀਆਂ ।੭।

ਚੇ ਚਾੜ੍ਹਿਆ ਸ਼ਾਹ ਮਹਿਮੂਦ ਨੇ ਜੀ
ਫ਼ਤਿਹ ਖ਼ਾਨ ਵਜੀਰ ਨੂੰ ਜੰਗ ਉੱਤੇ ।
ਆਖੇ ਰੱਖ ਏਥੋਂ ਮੇਰੇ ਯਾਰ ਜਾਨੀ
ਮੇਰੀ ਜ਼ਿੰਦਗਾਨੀ ਤੇਰੇ ਸੰਗ ਉੱਤੇ ।
ਤੁਰਤ ਹੋ ਤਿਆਰ ਹੁਸ਼ਿਆਰ ਯਾਰੋ
ਫ਼ਤਿਹ ਖ਼ਾਨ ਰਹਿਆ ਕਾਇਮ ਅੰਗ ਉੱਤੇ ।
ਕਾਦਰਯਾਰ ਸੱਪ ਤਰਫ਼ ਹਿਰਾਤ ਆਇਆ
ਜਿਵੇਂ ਸੱਪ ਫ਼ਨੀਅਰ ਆਵੇ ਡੰਗ ਉੱਤੇ ।੮।

ਹੇ ਹੁਕਮ ਭਗਵਾਨ ਦਾ ਜਿਵੇਂ ਹੁੰਦਾ
ਤਿਵੇਂ ਵਰਤਦਾ ਵਿਚ ਜਹਾਨ ਮੀਆਂ ।
ਫ਼ਤਿਹ ਖ਼ਾਨ ਵਜ਼ੀਰ ਦੀ ਫ਼ਤਿਹ ਹੋਈ
ਭੱਜ ਗਿਆ ਈ ਸ਼ਾਹ ਈਰਾਨ ਮੀਆਂ ।
ਚੜ੍ਹੀ ਇਕ ਹੁਲਾਰੇ ਦੇ ਨਾਲ ਯਾਰੋ
ਫ਼ਤਿਹ ਖ਼ਾਨ ਦੀ ਗੁੱਡੀ ਅਸਮਾਨ ਮੀਆਂ ।
ਕਾਦਰਯਾਰ ਕੁਲ ਮੁਲਕ ਤੇ ਹੋਈ ਸ਼ਾਦੀ
ਇਕ ਨਹੀਂ ਰਾਜ਼ੀ ਕਾਮਰਾਨ ਮੀਆਂ ।੯।

ਖ਼ੇ ਖ਼ੂਬ ਖ਼ੁਸ਼ੀ ਕਾਮਰਾਨ ਕੀਤੀ
ਜ਼ਾਹਰਾ ਬਹੁਤ ਹੋਇਆ ਸ਼ਾਦਮਾਨ ਯਾਰੋ ।
ਐਪਰ ਖ਼ੌਫ਼ ਖ਼ੁਦਾ ਦਾ ਦੂਰ ਕਰ ਕੇ
ਦਿਲ ਵਿੱਚ ਹੋਇਆ ਬੇਈਮਾਨ ਯਾਰੋ ।
ਘਰ ਸੱਦ ਵਜ਼ੀਰ ਨੂੰ ਵਿੱਚ ਜਲਸੇ
ਲੱਗਾ ਲੈਣ ਅਮੀਰ ਦੀ ਜਾਨ ਯਾਰੋ ।
ਕਾਦਰਯਾਰ ਸ਼ੈਤਾਨ ਦੇ ਲੱਗ ਆਖੇ
ਕੀਤਾ ਦੀਨ ਈਮਾਨ ਕੁਰਬਾਨ ਯਾਰੋ ।੧੦।

ਦਾਲ ਦੋਸਤੀ ਦੇ ਤੌਰ ਵਿੱਚ ਜਲਸੇ
ਕਾਮਰਾਨ ਵਜ਼ੀਰ ਬੁਲਾਇਆ ਜੀ ।
ਆਖੇ ਸਿਰਫ ਤੁਸਾਡੜੀ ਫ਼ਤਿਹ ਖ਼ਾਤਰ
ਏਸੇ ਮਹਿਫ਼ਲ ਨੂੰ ਆਣ ਕਰਾਇਆ ਸੀ ।
ਫਤਿਹ ਖ਼ਾਨ ਵਜ਼ੀਰ ਨੂੰ ਵਿਚ ਮਜਲਸ
ਨਾਲ ਸ਼ਾਨ ਦੇ ਪਾਸ ਬਹਾਇਆ ਜੀ ।
ਕਾਦਰਯਾਰ ਪਹਿਲੋਂ ਚਾਰ ਸੌ ਕਾਤਲ
ਖੁਫ਼ੀਆ ਮਹਿਲ ਦੇ ਵਿਚ ਛੁਪਾਇਆ ਜੀ ।੧੧।

ਡਾਲ ਡੰਗਣੋਂ ਸੱਪ ਨਹੀਂ ਮੂਲ ਜਾਂਦਾ
ਭਾਵੇਂ ਲੱਪ ਵਿਚ ਦੁੱਧ ਪਿਲਾ ਮੀਆਂ ।
ਬੁਰਾ ਬਾਜ਼ ਬੁਰਾਈ ਥੀਂ ਨਾ ਆਵੇ
ਲੱਖ ਭਲਾ ਇਸ ਨਾਲ ਕਮਾ ਮੀਆਂ ।
ਪੂਛਲ ਕੁੱਤੇ ਦੀ ਹੋਵੇ ਨਾ ਕਦੇ ਸਿੱਧੀ
ਬਾਰਾਂ ਬਰਸ ਵਿਚ ਨੜੀ ਦੇ ਪਾ ਮੀਆਂ ।
ਕਾਦਰਯਾਰ ਪਰ ਨੀਤ ਤੇ ਮਿਲੇ ਬਦਲਾ
ਭਾਵੇਂ ਲਵੇ ਕੋਈ ਆਜ਼ਮਾ ਮੀਆਂ ।੧੨।

ਜ਼ੇ ਜ਼ਿਬਾਹ ਕਸਾਈ ਜਿਵੇਂ ਕਰੇ ਬੱਕਰਾ
ਤਿਵੇਂ ਕਾਤਲਾਂ ਫੜਿਆ ਵਜ਼ੀਰ ਯਾਰੋ ।
ਸੂਆ ਅੱਗ ਦੇ ਨਾਲ ਝੱਟ ਲਾਲ ਕਰ ਕੇ
ਅੱਖਾਂ ਸਾੜੀਆਂ ਬੇ-ਤਕਸੀਰ ਯਾਰੋ ।
ਹੱਥ ਪੈਰ ਚਾ ਫੇਰ ਆਜ਼ਾਦ ਕੀਤੇ
ਦੋਵੇਂ ਵੱਖੀਆਂ ਦਿੱਤੀਆਂ ਚੀਰ ਯਾਰੋ ।
ਕਾਦਰਯਾਰ ਤਰਸਾ ਤਰਸਾ ਕੇ ਤੇ
ਵੱਢ ਸੁੱਟਿਆ ਸਾਰਾ ਸਰੀਰ ਯਾਰੋ ।੧੩।

ਰੇ ਰਹਿ ਨਾ ਸਕਿਆ ਭੇਦ ਛੁਪਿਆ
ਖਬਰ ਹੋਈ ਏ ਵਿਚ ਜਹਾਨ ਮੀਆਂ ।
ਕਾਮਰਾਨ ਨੇ ਪਿਆਰ ਦੇ ਨਾਲ ਸੱਦ ਕੇ
ਅੱਜ ਮਾਰ ਲਿਆ ਫ਼ਤਿਹ ਖ਼ਾਨ ਮੀਆਂ ।
ਅੱਖਾਂ ਸਾੜ ਕੇ ਪਹਿਲੋਂ ਬੇਤਾਬ ਕਰ ਕੇ
ਕੱਢੀ ਨਾਲ ਅਜ਼ਾਬ ਫਿਰ ਜਾਨ ਮੀਆਂ ।
ਕਾਦਰਯਾਰ ਕੰਬੀ ਸਾਰੀ ਆਣ ਕਾਬਲ
ਬਦਲਾ ਲੈਣ ਨੂੰ ਚੜ੍ਹੇ ਅਫ਼ਗ਼ਾਨ ਮੀਆਂ ।੧੪।

ਜ਼ੇ ਜ਼ੋਰ ਤਾਂ ਸ਼ੋਰ ਦਾ ਬਹੁਤ ਹੋਇਆ
ਮੁਲਕ ਵਿਚ ਆ ਪਿਆ ਤਰਥੱਲ ਯਾਰੋ ।
ਇਕ ਦੂਸਰੇ ਦਾ ਸਿਰ ਕੱਟਣੇ ਨੂੰ
ਜਮਾਂ ਹੋਏ ਪਠਾਣਾਂ ਦੇ ਦੱਲ ਯਾਰੋ ।
ਮੁਹੰਮਦ ਅਜੀਮ ਵਜ਼ੀਰ ਦਾ ਭਾਈ ਸਕਾ
ਬਦਲਾ ਲੈਣ ਕਾਰਣ ਆਇਆ ਚੱਲ ਯਾਰੋ ।
ਕਾਦਰਯਾਰ ਆਖੇ ਏਹਾ ਗੱਲ ਮੇਰੀ
ਕਾਮਰਾਨ ਦੀ ਲਾਹਣੀ ਐ ਖੱਲ ਯਾਰੋ ।੧੫।

ਸੀਨ ਸਭ ਸਾਮਾਨ ਲੜਾਈ ਦਾ ਜੀ
ਕਾਮਰਾਨ ਨੇ ਆਣ ਤਿਆਰ ਕੀਤਾ ।
ਸ਼ਾਹ ਮਹਿਮੂਦ ਆਖੇ ਨਿੱਜ ਜੰਮਦੋਂ ਤੂੰ
ਪਿਛਲੀ ਉਮਰ ਦੇ ਵਿਚ ਖੁਆਰ ਕੀਤਾ ।
ਹੱਥੀਂ ਆਪਣੀ ਮਾਰ ਗੰਵਾਇਓ ਈ
ਜਿਸ ਨੇ ਨਾਲ ਮੇਰੇ ਗੂਹੜਾ ਪਿਆਰ ਕੀਤਾ ।
ਕਾਦਰਯਾਰ ਰੋਂਦਾ ਬਾਦਸ਼ਾਹ ਕਾਬਲ
ਮੈਨੂੰ ਪੁੱਤ ਨੇ ਅਜ ਲਾਚਾਰ ਕੀਤਾ ।੧੬।

ਸ਼ੀਨ ਸ਼ੁਰੂ ਲੱਗਾ ਹੋਵਣ ਜੰਗ ਜਲਦੀ
ਬੱਧਾ ਆਣ ਲੜਾਈ ਦਾ ਰੰਗ ਮੀਆਂ ।
ਕਾਮਰਾਨ ਮੈਦਾਨ ਵਿਚ ਆਣ ਵੜਿਆ
ਲੈ ਕੇ ਸ਼ਾਹ ਮਹਿਮੂਦ ਨੂੰ ਸੰਗ ਮੀਆਂ ।
ਮੁਹੰਮਦ ਅਜ਼ੀਮ ਲੜਿਆ ਕਹਿਰ ਨਾਲ ਯਾਰੋ
ਲਹਿਰ ਮਾਰੇ ਦਰਿਆ ਜਿਉਂ ਗੰਗ ਮੀਆਂ ।
ਕਾਦਰਯਾਰ ਕਾਮਰਾਨ ਨੇ ਭਾਂਜ ਖਾਧੀ
ਹੋਇਆ ਕਾਫੀਆ ਓਸ ਦਾ ਤੰਗ ਮੀਆਂ ।੧੭।

ਸੁਆਦ ਸਾਫ਼ ਲੜਾਈ ਨੂੰ ਹਾਰ ਕੇ ਜੀ
ਕਾਮਰਾਨ ਆ ਵੜਿਆ ਹਿਰਾਤ ਯਾਰੋ ।
ਬਾਦਸ਼ਾਹੀ ਦਾ ਸੂਰਜ ਗ਼ਰੂਬ ਹੋਇਆ
ਪਈ ਆਣ ਤਬਾਹੀ ਦੀ ਰਾਤ ਯਾਰੋ ।
ਸ਼ਾਹ ਮਹਿਮੂਦ ਨੂੰ ਕਰਮਾਂ ਨੇ ਮਾਤ ਕੀਤਾ
ਕਿਸੇ ਨਾਲ ਨਾ ਕਰਦਾ ਸੀ ਬਾਤ ਯਾਰੋ ।
ਕਾਦਰਯਾਰ ਹਿਰਾਤ ਬਿਨ ਮੁਲਕ ਸਾਰਾ
ਮਾਰ ਲਿਆ ਬਰਕਜ਼ਈ ਦੀ ਜ਼ਾਤ ਯਾਰੋ ।੧੮।

ਜ਼ੁਆਦ ਜ਼ਰੂਰ ਸਰਕਾਰ ਨੂੰ ਖਬਰ ਹੋਈ
ਕਾਬਲ ਵਿਚ ਆ ਪਈਆਂ ਜੇ ਭੰਡੀਆਂ ਜੀ ।
ਆਪਸ ਵਿਚ ਪਠਾਣਾਂ ਦੇ ਫੁਟ ਹੋਈ
ਇੱਕ ਦੂਜੇ ਦੀਆਂ ਵੱਢੀਆਂ ਜੰਡੀਆਂ ਜੀ ।
ਖ਼ਾਨਾ-ਜੰਗੀ ਨੇ ਮੁਲਕ ਵੈਰਾਨ ਕੀਤਾ
ਸੌ ਪਠਾਣੀਆਂ ਹੋਗੀਆਂ ਰੰਡੀਆਂ ਜੀ ।
ਕਾਦਰਯਾਰ ਮਹਿਮੂਦ ਨੂੰ ਕੱਢ ਬਾਹਰ
ਕਾਬਲ ਦੇਸ ਦੀਆਂ ਪਾ ਲੀਆਂ ਵੰਡੀਆਂ ਜੀ ।੧੯।

ਤੋਏ ਤਲਬ ਸਰਕਾਰ ਨੂੰ ਲੜਨ ਦੀ ਸੀ
ਏਸ ਖਬਰ ਨੇ ਹੋਰ ਹੁਸ਼ਿਆਰ ਕੀਤਾ ।
ਹਰੀ ਸਿੰਘ ਨੂੰ ਆਖਦਾ ਉਠ ਜਲਦੀ
ਸਾਡਾ ਕੰਮ ਆਸਾਨ ਕਰਤਾਰ ਕੀਤਾ ।
ਫ਼ਤਿਹ ਖ਼ਾਨ ਵਜ਼ੀਰ ਅਸੀਲ ਗ਼ਾਜ਼ੀ
ਉਹਨੂੰ ਦੁਸ਼ਮਣਾਂ ਮਾਰ ਕੇ ਪਾਰ ਕੀਤਾ ।
ਕਾਦਰਯਾਰ ਵਜ਼ੀਰ ਦੇ ਭਾਈਆਂ ਨੇ
ਸ਼ਾਹ ਮਹਿਮੂਦ ਨੂੰ ਝਾੜ ਕੇ ਬਾਹਰ ਕੀਤਾ ।੨੦।

ਜ਼ੋਏ ਜ਼ਾਹਰਾ ਧੌਂਸੇ ਨੂੰ ਮਾਰ ਡੰਕਾ
ਸਰਕਾਰ ਤਯਾਰ ਹੋ ਗਈ ਐ ਜੀ ।
ਤੁਰਤ ਰਾਵੀ ਦਰਿਆ ਤੋਂ ਪਾਰ ਹੋ ਕੇ
ਛੌਣੀ ਵਿੱਚ ਸ਼ਾਹਦਰੇ ਦੇ ਪਈ ਐ ਜੀ ।
ਕੁੱਲ ਜੰਗ ਦੀ ਚੀਜ਼ ਵਲ ਧਿਆਨ ਕੀਤਾ
ਕੋਈ ਗੱਲ ਨਾਂਹੀ ਬਾਕੀ ਰਹੀ ਐ ਜੀ ।
ਕਾਦਰਯਾਰ ਤਾਂ ਕੜਕ ਕੇ ਵਾਂਗ ਬਿਜਲੀ
ਸੜਕ ਸ਼ਹਿਰ ਪਸ਼ੌਰ ਦੀ ਲਈ ਐ ਜੀ ।੨੧।

ਐਨ ਅਕਲ ਤੇ ਫ਼ਿਕਰ ਤੋਂ ਬਾਹਰ ਯਾਰੋ
ਮਹਾਰਾਜ ਨੇ ਆਣ ਸਮਿਆਨ ਜੋੜੇ ।
ਗਰਾਂਡੀਲ ਅਸਵਾਰ ਰੰਗੀਨ ਬਾਂਕੇ
ਵਾਂਗ ਹਰਨ ਦੇ ਚੁੰਗੀਆਂ ਲਾਣ ਘੋੜੇ ।
ਤੋਪਾਂ ਗੋਲੇ ਬਾਰੂਦ ਬੇ-ਹੱਦ ਯਾਰੋ
ਹਾਥੀ ਲੜਨ ਵਾਲੇ ਨਹੀ' ਸਾਹਨ ਥੋੜੇ ।
ਕਾਦਰਯਾਰ ਅਕਾਲੀਏ ਨਾਗ ਕਾਲ਼ੇ
ਜਿਨ੍ਹਾਂ ਮਾਰ ਕੇ ਮੂੰਹ ਪਠਾਣ ਮੋੜੇ ।੨੨।

ਗ਼ੈਨ ਗ਼ਜ਼ਬ ਦੇ ਨਾਲ ਸਰਕਾਰ ਚੜ੍ਹੀ
ਜਿਵੇਂ ਬੱਦਲਾਂ ਦੀ ਕਾਲੀ ਹਾਠ ਮੀਆਂ ।
ਆਈ ਸੱਜਦੀ ਵੱਜਦੀ ਗੱਜਦੀ ਜੀ
ਲੈ ਕੇ ਕੁੱਲ ਲੜਾਈ ਦਾ ਠਾਠ ਮੀਆਂ ।
ਨਜੀਬਾਂ ਵਾਲੀਆਂ ਪੜਤਲਾਂ ਅਸਲ ਜੰਗੀ
ਵਾਂਗ ਹਾਥੀਆਂ ਜਿਨ੍ਹਾਂ ਦੇ ਕਾਠ ਮੀਆਂ ।
ਕਾਦਰਯਾਰ ਵੰਤੂਰਾ ਜਰਨੈਲ ਚੜ੍ਹਿਆ
ਫ਼ਰਾਂਸੀਸੀ ਸੀ ਸੂਰਮਾ ਰਾਠ ਮੀਆਂ ।੨੩।

ਫ਼ੇ ਫ਼ੌਜ ਵਿਚ ਬਹੁਤ ਸਰਦਾਰ ਨਾਮੀ
ਸਿਫ਼ਤ ਕਰ ਨਹੀਂ ਸਕਦਾ ਕਹਿਣ ਵਾਲਾ ।
ਇਕ ਦੂਜੇ ਦਾ ਸਾਨੀ ਚਤੁਰਾਈ ਦੇ ਵਿਚ
ਤੇ ਲੜਾਏ ਦੇ ਵਿਚ ਪਛਾਂਹ ਨਾ ਰਹਿਣ ਵਾਲਾ ।
ਐਪਰ ਇੱਕ ਸਰਦਾਰ ਅਜੀਬ ਯਾਰੋ
ਜ਼ਖਮ ਸਾਹਮਣੇ ਮੂੰਹ ਤੇ ਸਹਿਣ ਵਾਲਾ ।
ਕਾਦਰਯਾਰ ਜਹਾਨ ਤੇ ਨਾਮ ਰੌਸ਼ਨ
ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ।੨੪।

ਕਾਫ਼ ਕਈ ਜਰਨੈਲ ਅਸਲ-ਗੋਰਖੇ ਜੀ
ਪਕੜ ਖੋਖਰੀ ਫਿਰਨ ਤਿਆਰ ਮੀਆਂ ।
ਜ਼ੇਰ-ਕੱਦ ਪਰ ਸ਼ੇਰ ਦੇ ਵਾਂਗ ਜੁੱਸਾ
ਬਾਝ ਲੜਨ ਦੇ ਹੋਰ ਨਾ ਕਾਰ ਮੀਆਂ ।
ਲਹਿਣਾ ਸਿੰਘ ਪੰਜ-ਹੱਥਾ ਤੇ ਅਬੂਤਵੇਲਾ
ਅੱਡੇ ਜਿਨ੍ਹਾਂ ਦੇ ਹੱਦ ਥੀਂ ਪਾਰ ਮੀਆਂ ।
ਕਾਦਰਯਾਰ ਪਰ ਸਾਰਿਆਂ ਵਿਚ ਨਾਮੀ
ਹਰੀ ਸਿੰਘ ਨਲਵਾ ਸਰਦਾਰ ਮੀਆਂ ।੨੫।

ਗਾਫ਼ ਗੱਜ ਪੈ ਗਈ ਫਿਰ ਜੱਗ ਸਾਰੇ
ਤਖ਼ਤਾ ਆਣ ਪਸ਼ੌਰ ਦਾ ਹੱਲਿਆ ਜੀ ।
ਲੱਗੀ ਤੋੜ ਜਾ ਕਾਬਲ ਨੂੰ ਧਮਕ ਯਾਰੋ
ਸੀਨਾ ਆਣ ਪਠਾਣ ਤਰਥੱਲਿਆ ਜੀ ।
ਯਾਰ ਮੁਹੰਮਦ ਪਠਾਣ ਹੈਰਾਨ ਹੋ ਕੇ
ਸਾਫ਼ ਛਡ ਪਸ਼ੌਰ ਨੂੰ ਚਲਿਆ ਜੀ ।
ਕਾਦਰਯਾਰ ਸਰਕਾਰ ਲੈ ਕਟਕ ਫ਼ੌਜਾਂ
ਕੰਢਾ ਆਣ ਕੇ ਅਟਕ ਦਾ ਮੱਲਿਆ ਜੀ ।੨੬।

ਲਾਮ ਲੈ ਕੇ ਹੁਕਮ ਸਰਕਾਰ ਕੋਲੋਂ
ਹਰੀ ਸਿੰਘ ਸਰਦਾਰ ਤਿਆਰ ਹੋਇਆ ।
ਜ਼ਫ਼ਰ-ਜੰਗ ਦੀਵਾਨ ਚੰਦ ਸੰਗ ਲੈ ਕੇ
ਅਟਕ ਝਾਗਣੇ ਨੂੰ ਅਸਵਾਰ ਹੋਇਆ ।
ਲੈ ਕੇ ਬਾਰਾਂ ਹਜ਼ਾਰ ਸਵਾਰ ਜੰਗੀ
ਮਰਨ ਮਾਰਨੇ ਤੇ ਬਰ-ਕਰਾਰ ਹੋਇਆ ।
ਕਾਦਰਯਾਰ ਸਰਕਾਰ ਦੇ ਵੇਂਹਦਿਆਂ ਨੂੰ
ਝੱਟ ਅਟਕ ਦਰਿਆ ਤੋਂ ਪਾਰ ਹੋਇਆ ।੨੭।

ਮੀਮ ਮੂੰਹ ਪਸ਼ੌਰ ਦੇ ਵਲ ਕੀਤਾ
ਮਸਤ ਸ਼ੇਰ ਜਿਵੇਂ ਆਵੇ ਚੱਲ ਯਾਰੋ ।
ਯਾਰ ਮੁਹੰਮਦ ਪਠਾਣ ਨਾ ਰਿਹਾ ਕਾਇਮ
ਸਾਰਾ ਮਾਲ ਦਿੱਤਾ ਕਾਬਲ ਘੱਲ ਯਾਰੋ ।
ਸਿੰਘ ਵੇਖ ਕੇ ਕਾਬਲ ਦਾ ਰਾਹ ਫੜਿਆ
ਸਾਹ ਮੇਂਵਦਾ ਵਿਚ ਨਾ ਖੱਲ ਯਾਰੋ ।
ਕਾਦਰਯਾਰ ਪਸ਼ੌਰ ਵਿਚ ਆਣ ਵੜਿਆ
ਹਰੀ ਸਿੰਘ ਹੱਥ ਪਕੜ ਕੇ ਭੱਲ ਯਾਰੋ ।੨੮।

ਨੂੰਨ ਨੱਸ ਕੇ ਗਏ ਪਠਾਣ ਸਾਥੋਂ
ਹਰੀ ਸਿਘ ਸਰਕਾਰ ਵਲ ਖਬਰ ਘੱਲੇ ।
ਗੱਜ ਸੁਣ ਕੇ ਤੇਰਿਆਂ ਧੌਂਸਿਆਂ ਦੀ
ਬਾਝ ਲੜਨ ਪਰਾਂਹ ਨੂੰ ਭੱਜ ਚੱਲੇ ।
ਅਸਾਂ ਕੱਢੀ ਨਾ ਤੇਗ਼ ਮਿਆਨ ਵਿੱਚੋਂ
ਗ਼ਾਜ਼ੀ ਜ਼ਰਾ ਨਾ ਵਿਚ ਮੈਦਾਨ ਖੱਲੇ ।
ਕਾਦਰਯਾਰ ਸਰਕਾਰ ਜੀ ਆਓ ਜਲਦੀ
ਅਸਾਂ ਆਣ ਪਸ਼ੌਰ ਦੇ ਰਾਹ ਮੱਲੇ ।੨੯।

ਵਾਓ ਵਾਹਗੁਰੂ ਦਾ ਨਾਮ ਲੈ ਮੂੰਹੋਂ
ਮਹਾਰਾਜ ਤਿਆਰ ਹੋ ਉਠ ਧਾਇਆ ।
ਉੱਤੇ ਭੌਰ ਅਰਾਕੀ ਅਸਵਾਰ ਹੋ ਕੇ
ਵਿਚ ਅਟਕ ਦਰਿਆ ਦੇ ਗਾਹਣ ਪਾਇਆ ।
ਸਾਰੀ ਫੌਜ ਨੇ ਮਗਰ ਵਹੀਰ ਘੱਤੀ
ਪਾਣੀ ਕੰਢਿਆਂ ਦੇ ਉੱਤੇ ਚੜ੍ਹ ਆਇਆ ।
ਕਾਦਰਯਾਰ ਸਰਕਾਰ ਤਲਵਾਰ ਫੜਕੇ
ਝੰਡਾ ਪਾਰ ਦੇ ਕੰਢੇ ਤੇ ਜਾ ਲਾਇਆ ।੩੦।

ਹੇ ਹਾਥੀ ਦੇ ਉੱਤੇ ਅਸਵਾਰ ਹੋ ਕੇ
ਮਹਾਰਾਜ ਪਸ਼ੌਰ ਵਿਚ ਆਣ ਵੜਿਆ ।
ਵਜਣ ਲਗੇ ਨੱਕਾਰੇ ਰਬਾਬ ਯਾਰੋ
ਮੂੰਹ ਤੇ ਰੰਗ ਗੁਲਾਬ ਦਾ ਆਣ ਚੜ੍ਹਿਆ ।
ਵੜਿਆ ਵਿਚ ਪਹਾੜ ਦੇ ਅਲੀ ਅਕਬਰ
ਦੋਸਤ ਮੁਹੰਮਦ ਕੰਧਾਰ ਦੇ ਵਿਚ ਦੜਿਆ ।
ਕਾਦਰਯਾਰ ਉਹ ਮਸਤ ਬੇਖੌਫ ਫਿਰਦਾ
ਜਿਹੜਾ ਦਸਤ ਕਰਤਾਰ ਨੇ ਆਪ ਫੜਿਆ ।੩੧।

ਯੇ ਯਾਰੀ ਭਗਵਾਨ ਦੀ ਹਈ ਜਦੋਂ
ਜਾ ਮਾਰਿਆ ਸਿੰਘਾਂ ਪਸ਼ੌਰ ਯਾਰੋ ।
ਜਿਵੇਂ ਬਿਜਲੀ ਨਿਕਲਦੀ ਅੰਬਰਾਂ ਚੋਂ
ਖਬਰ ਗਈ ਏ ਵਿਚ ਲਹੌਰ ਯਾਰੋ ।
ਸਾਰੇ ਵਿਚ ਪੰਜਾਬ ਦੇ ਹੋਈ ਸ਼ਾਦੀ
ਵੱਡੇ ਜਲਸਿਆਂ ਦੇ ਹੋਏ ਜ਼ੋਰ ਯਾਰੋ ।
ਕਾਦਰਯਾਰ ਹਰੀ ਸਿੰਘ ਬਣਾ ਸੂਬਾ
ਮਹਾਰਾਜ ਕੀਤੀ ਘਰ ਨੂੰ ਟੋਰ ਯਾਰੋ ।੩੨।੨।

ਸੀ-ਹਰਫ਼ੀ ਸੋਮ

ਅਲਫ਼ ਆ ਪਿਸ਼ੌਰ ਦੇ ਵਿਚ ਯਾਰੋ
ਹਰੀ ਸਿੰਘ ਹੁਣ ਰਾਜ ਕਮਾਣ ਲੱਗਾ ।
ਗਜ਼ਬਨਾਕ ਅਫ਼ਗਾਨ ਜੁਆਨ ਪੱਕੇ
ਵਿੱਚੋ' ਸੂਈ ਦੇ ਨੱਕੇ ਲੰਘਾਣ ਲੱਗਾ ।
ਨਾਲ ਨੋਕ ਸੰਗੀਨ ਮਹੀਨ ਕਰ ਕੇ
ਦੇਖੋ ਆਪਣੀ ਈਨ ਮਨਾਣ ਲੱਗਾ ।
ਕਾਦਰਯਾਰ ਦਲੇਰੀ ਦੇ ਕੰਮ ਕਰ ਕੇ
ਨਾਮ ਆਪਣਾ ਰੌਸ਼ਨ ਕਰਾਣ ਲੱਗਾ ।੧।

ਬੇ ਬਹੁਤ ਹੋਇਆ ਉਹਦਾ ਬੋਲ ਬਾਲਾ
ਢੋਲ ਆ ਮਸ਼ਹੂਰੀ ਦਾ ਵੱਜਿਆ ਜੀ ।
ਬਦਮਾਸ਼ ਬੇਪੀਰ ਸ਼ਰੀਰ ਜੇਹੜਾ
ਵਾਂਗ ਕਾਗ ਦੇ ਤੀਰ ਤੋਂ ਭੱਜਿਆ ਜੀ ।
ਵੇਖ ਸ਼ਾਹ-ਜ਼ੋਰੀ ਹਰੀ ਸਿੰਘ ਵਾਲੀ
ਯਾਰੋ ਚੋਰਾਂ ਨੇ ਚੋਰੀ ਨੂੰ ਤੱਜਿਆ ਜੀ ।
ਕਾਦਰਯਾਰ ਕੀਤਾ ਬੰਦੋਬਸਤ ਐਸਾ
ਸਾਰਾ ਮੁਲਕ ਜਿਸ ਨੂੰ ਵੇਖ ਰੱਜਿਆ ਜੀ ।੨।

ਪੇ ਪਕੜ ਕੇ ਜਕੜਦਾ ਮੁਜਰਮਾਂ ਨੂੰ
ਜ਼ਰਾ ਖ਼ੌਫ਼ ਨਾ ਦਿਲ ਤੇ ਲਿਆਂਵਦਾ ਸੀ ।
ਤ੍ਰੱਕੜੀ ਤੋਲ ਕਚਹਿਰੀ ਵਿਚ ਅਦਲ ਵਾਲੀ
ਫੇਰ ਬੋਲ ਕੇ ਹੁਕਮ ਸੁਣਾਂਵਦਾ ਸੀ ।
ਦਿੱਤੇ ਕਈ ਫ'ਹੇ ਕਈ ਕਾਠ ਲਾਏ
ਗੁਨਾਹਗਾਰ ਤੇ ਤਰਸ ਨਾ ਖਾਂਵਦਾ ਸੀ ।
ਕਾਦਰਯਾਰ ਪਸ਼ੌਰ ਦੀ ਹੱਦ ਅੰਦਰ
ਦੂਲਾ ਆਪਣਾ ਹੁਕਮ ਚਲਾਂਵਦਾ ਸੀ ।੩।

ਤੇ ਤਮਾਮ ਦੇਹਾਤ ਪਿਸ਼ੌਰ ਦੇ ਵਿੱਚ
ਹਰੀ ਸਿੰਘ ਦੀ ਫਿਰੀ ਦੁਹਾਈ ਯਾਰੋ ।
ਪਾਈ ਐਸੀ ਪਠਾਣਾਂ ਨੂੰ ਨੱਥ ਜਿਸ ਨੇ
ਸੋਨਾ ਹਥ ਲੈ ਕੇ ਟੁਰਦਾ ਰਾਹੀ ਯਾਰੋ ।
ਸੱਭੇ ਚੋਰ ਡਾਕੂ ਉਥੋਂ ਪਰੇ ਹੋਏ
ਜ਼ੋਰ ਕਿਸੇ ਦਾ ਚੱਲੇ ਨਾ ਕਾਈ ਯਾਰੋ ।
ਕਾਦਰਯਾਰ ਪਸ਼ੌਰ ਨੂੰ ਸੋਧ ਕੇ ਤੇ
ਧਰਤੀ ਕਾਬਲ ਦੀ ਆਣ ਕੰਬਾਈ ਯਾਰੋ ।੪।

ਸੇ ਸਾਬਤੀ ਦੇਖ ਕੇ ਸਿੰਘ ਵਾਲੀ
ਕਾਬਲ ਵਿੱਚ ਪੈਦਾ ਹੋਇਆ ਜੋਸ਼ ਮੀਆਂ ।
ਚਲੀ ਵਿੱਚ ਕੰਧਾਰ ਵਿਚਾਰ ਯਾਰੋ
ਗ਼ਜ਼ਨੀ ਵਿੱਚ ਆ ਪਿਆ ਖ਼ਰੋਸ਼ ਮੀਆਂ ।
ਅਸੀਂ ਆਪ ਸਾਰੇ ਹਿੰਮਤ ਹਾਰ ਬੈਠੇ
ਏਸ ਸਿੱਖ ਤੇ ਨਹੀਂ ਕੁਝ ਦੋਸ਼ ਮੀਆਂ ।
ਕਾਦਰਯਾਰ ਅਫ਼ਗਾਨ ਸਲਾਹ ਕਰਦੇ
ਉੱਠੋ ਕਰੋ ਏਕਾ ਨਾਲ ਹੋਸ਼ ਮੀਆਂ ।੫।

ਜੀਮ ਜਮਾ ਹੋ ਕੇ ਪਗ-ਬੰਨ੍ਹ ਸਾਰੇ
ਵਾਂਗ ਚਿੱਤਰਿਆਂ ਵੱਗ ਦੇ ਵਿਚ ਵੜੀਏ ।
ਗੁੱਸਾ ਖਾ ਕੇ ਬਦਨ ਨੂੰ ਤਾ ਦੇ ਕੇ
ਹੱਥ ਵਿਚ ਸ਼ਮਸ਼ੀਰ ਨੂੰ ਖਿੱਚ ਫੜੀਏ ।
ਤੇਗਾਂ ਮਾਰ ਕੇ ਸਿੱਖ ਦੀ ਮਿੱਖ ਕੱਢੀਏ
ਨਾਲ ਤਰਖ ਦੇ ਦਾਨਿਆਂ ਵਾਂਗ ਚੜ੍ਹੀਏ ।
ਕਾਦਰਯਾਰ ਪਸ਼ੌਰ ਨੂੰ ਫ਼ਤਿਹ ਕਰਕੇ
ਸਿੱਧੇ ਵਿੱਚ ਲਾਹੌਰ ਦੇ ਜਾ ਵੜੀਏ ।੬।

ਚੇ ਚੁਸਤ ਹੋ ਕੇ ਕਰੀਏ ਕੰਮ ਆਪਣਾ
ਜ਼ਰਾ ਦਮ ਨਾ ਸਿੱਖਾਂ ਨੂੰ ਲੈਣ ਦੇਈਏ ।
ਸਾਨੂੰ ਸ਼ਹਿਰ ਪਸ਼ੌਰ ਦਾ ਵਰਮ ਡਾਢਾ
ਇਹ ਸ਼ਰਮ ਨਾ ਦਿਲੇ ਨੂੰ ਸਹਿਣ ਦੇਈਏ ।
ਸਿੱਖਾਂ ਆਣ ਭਰੀ ਭੋਹ ਖੱਲ ਸਾਡੀ
ਇਹ ਗੱਲ ਨਾ ਕਿਸੇ ਨੂੰ ਕਹਿਣ ਦੇਈਏ ।
ਕਾਦਰਯਾਰ ਪਸ਼ੌਰ ਹਰ ਤੌਰ ਲੈਣਾ
ਭਾਵੇਂ ਖ਼ੂਨ ਦੀਆਂ ਨਾਲੀਆਂ ਵਹਿਣ ਦੇਈਏ ।੭।

ਹੇ ਹੌਸਲੇ ਦੇ ਨਾਲ ਚਾਲ ਚਲ ਕੇ
ਏਸ ਹਾਲ ਨੂੰ ਰੱਖੋ ਛੁਪਾ ਮੀਆਂ ।
ਜੇਕਰ ਜ਼ਰਾ ਸਰਦਾਰ ਨੂੰ ਖ਼ਬਰ ਪੈਸੀ
ਫ਼ੌਜ਼ਾਂ ਹੋਰ ਉਹ ਲੈਸੀ ਮੰਗਾ ਮੀਆਂ ।
ਰਣਜੀਤ ਸਿੰਘ ਬਹੁਤੀ ਫ਼ੌਜ ਨਾਲ ਲੈ ਕੇ
ਵੜਿਆ ਵਿਚ ਲਾਹੌਰ ਦੇ ਜਾ ਮੀਆਂ ।
ਕਾਦਰਯਾਰ ਉਹਦੇ ਵਾਪਸ ਔਂਦਿਆਂ ਨੂੰ
ਹਰੀ ਸਿੰਘ ਨੂੰ ਦੇਹੋ ਮੁਕਾ ਮੀਆਂ ।੮।

ਖ਼ੇ ਖ਼ੂਬ ਹੁਸ਼ਿਆਰੀ ਦੇ ਨਾਲ ਯਾਰੋ
ਲੱਗੇ ਕਰਨ ਅਫ਼ਗਾਨ ਤਿਆਰੀਆਂ ਨੀ ।
ਐਪਰ ਸਿੰਘ ਦੇ ਕਾਮਲ ਜਾਸੂਸ ਫਿਰਦੇ
ਜਿਨ੍ਹਾਂ ਆਣ ਦੱਸੀਆਂ ਖ਼ਬਰਾਂ ਸਾਰੀਆਂ ਨੀ ।
ਕਿਸ ਤਰ੍ਹਾਂ ਪਠਾਣਾਂ ਨੇ ਖਾ ਕਸਮਾਂ
ਫੱਟਾਂ ਸਾਰੀਆਂ ਦਿਲੋਂ ਵਿਸਾਰੀਆਂ ਨੀ ।
ਕਾਦਰਯਾਰ ਸੁਣ ਕੇ ਆਖੇ ਸਿੰਘ ਦੂਲਾ
ਭਾਵੇਂ ਕਿਸਮਤਾਂ ਸਾਡੀਆਂ ਹਾਰੀਆਂ ਨੀ ।੯।

ਦਾਲ ਦਿਸਦਾ ਨਹੀਂ ਕੋਈ ਰਾਹ ਸਾਨੂੰ
ਹਰੀ ਸਿੰਘ ਲਹੌਰ ਲਿਖਾ ਤੋਰੇ ।
ਸਾਥੋਂ ਸ਼ਹਿਰ ਪਸ਼ੌਰ ਦੇ ਖੱਸਣੇ ਨੂੰ
ਕਟਕ ਚਟਕ ਦੁਰਾਨੀਆਂ ਆਣ ਜੋੜੇ ।
ਘੱਲੋ ਜਲਦ ਇਮਦਾਦ ਸਾਮਾਨ ਜੰਗੀ
ਮੁਸਲਮਾਨ ਬਹੁਤੇ ਅਸੀਂ ਹਾਂ ਥੋੜੇ ।
ਕਾਦਰਯਾਰ ਉਹ ਨਰਕ ਵਿਚ ਗਰਕ ਜਾਵੇ
ਜੇਹੜਾ ਏਸ ਮੈਦਾਨ ਤੋਂ ਮੂੰਹ ਮੋੜੇ ।੧੦।

ਜ਼'ਲ ਜ਼ਿਕਰ ਮੁਸਾਹਿਬਾਂ ਨਾਲ ਕਰ ਕੇ
ਹਰੀ ਸਿੰਘ ਲੜਾਈ ਦਾ ਫ਼ਿਕਰ ਕਰਦਾ ।
ਆਖੇ ਸਤਿ ਅਕਾਲ ਦਾ ਨਾਮ ਲੈ ਕੇ
ਮੇਰਾ ਵਾਹਿਗੁਰੂ ਰੱਖਸੀ ਆਪ ਪਰਦਾ ।
ਅਜੇ ਹੈ ਵੇਲਾ ਯਾਰੋ ਨੱਸਣੇ ਦਾ
ਬੇਸ਼ੱਕ ਨੱਸ ਜਾਵੇ ਜੇਹੜਾ ਹੈ ਡਰਦਾ ।
ਕਾਦਰਯਾਰ ਫਿਰ ਲੈ ਸਮਿਆਨ ਸਾਰਾ
ਹਰੀ ਸਿੰਘ ਜਮਰੂਦ ਦੇ ਕਿਲੇ ਵੜਦਾ ।੧੧।

ਰੇ ਰੱਖਣਾ ਅਸਾਂ ਪਸ਼ੌਰ ਕਾਬੂ
ਬੋਲੇ ਸੂਰਮਾ ਸਿੰਘ ਜਵਾਨ ਯਾਰੋ ।
ਸਾਨੂੰ ਜਾਨ ਕੋਲੋਂ ਪਿਆਰੀ ਬਹੁਤ ਸਾਰੀ
ਮਹਾਰਾਜ ਦੀ ਜੇਹੜੀ ਅਮਾਨ ਯਾਰੋ ।
ਜੀਂਦੇ ਜੀ ਮੈਂ ਕ਼ਿਸ ਤਰ੍ਹਾਂ ਹੱਥ ਵਿੱਚੋਂ
ਹੁਣ ਦਿਆਂ ਪਸ਼ੌਰ ਨੂੰ ਜਾਣ ਯਾਰੋ ।
ਕਾਦਰਯਾਰ ਹੈ ਅਸਾਂ ਮੈਦਾਨ ਲੈਣਾ
ਜਾਂ ਕਿ ਮੱਲਣਾ ਅਸਾਂ ਗੁਸਤਾਨ ਯਾਰੋ ।੧੨।

ਜ਼ੇ ਜ਼ੋਰ ਪਠਾਣਾਂ ਦਾ ਬਹੁਤ ਦਿੱਸੇ
ਸਾਨੂੰ ਘੱਤ ਖਲੋਣਗੇ ਜਦੋਂ ਘੇਰਾ ।
ਦਾਣਾਂ ਪਾਣੀ ਨਖੁੱਟਸੀ ਕਿਲੇ ਵਿਚੋਂ
ਸਾਨੂੰ ਘੱਲਸੀ ਫੇਰ ਇਮਦਾਦ ਕੇਹੜਾ ।
ਕੁਲ ਚੀਜ਼ ਨੂੰ ਕਿਲੇ ਵਿਚ ਜਮਾ ਕਰ ਕੇ
ਸਾਰਾ ਫਾਲਤੂ ਹੈ ਅਸਬਾਬ ਜੇਹੜਾ ।
ਕਾਦਰਯਾਰ ਫਿਰ ਕਿਲੇ ਤੋਂ ਬਾਹਰ ਆ ਕੇ
ਸਰਵਣ ਪਾਰ ਹੋ ਕੇ ਕਰੋ ਚੱਲ ਡੇਰਾ ।੧੩।

ਸੀਨ ਸਿਖ ਸਰਦਾਰ ਤਿਆਰ ਹੋ ਕੇ
ਲੱਗੇ ਨਿਕਲਨੇ ਕਿਲੇ ਤੋਂ ਬਾਹਰ ਯਾਰੋ ।
ਮੂੰਹੋਂ ਸਤਿ ਕਰਤਾਰ ਦਾ ਨਾਮ ਲੈ ਕੇ
ਬੱਧੀ ਵਿਚ ਮੈਦਾਨ ਕਤਾਰ ਯਾਰੋ ।
ਕੁਲ ਚਾਰ ਤੋਪਾਂ ਸਿੱਖਾਂ ਪਾਸ ਆਹੀਆਂ
ਸਿਰਫ਼ ਬਾਰਾਂ ਹਜ਼ਾਰ ਅਸਵਾਰ ਯਾਰੋ ।
ਕਾਦਰਯਾਰ ਇਕ ਪੜਤਲ ਸੀ ਪੈਦਲਾਂ ਦੀ
ਹਰੀ ਸਿੰਘ ਦੇ ਪਾਸ ਸਰਦਾਰ ਯਾਰੋ ।੧੪।

ਸ਼ੀਨ ਸ਼ੁਰੂ ਪਠਾਣਾਂ ਦੀ ਹੋਈ ਆਮਦ
ਵਾਂਗ ਕੀੜੀਆਂ ਦੇ ਬੇ-ਸ਼ੁਮਾਰ ਮੀਆਂ ।
ਨੇੜੇ ਆਣ ਕੇ ਮੋਰਚੇ ਬੰਨ੍ਹ ਲੈਂਦੇ
ਜਿੱਥੇ ਖਲ੍ਹਾ ਸੀ ਸਿੰਘ ਸਰਦਾਰ ਮੀਆਂ ।
ਚਾਰੇ ਪਾਸੇ ਪਠਾਣਾਂ ਨੇ ਆਣ ਮੱਲੇ
ਸਾਰੇ ਸਿਖ ਖਲੇ ਵਿਚਕਾਰ ਮੀਆਂ ।
ਕਾਦਰਯਾਰ ਕਰਤਾਰ ਹੁਣ ਲਾਜ ਰਖਸੀ
ਸਿਖ ਸੌ ਅਫ਼ਗ਼ਾਨ ਹਜ਼ਾਰ ਮੀਆਂ ।੧੫।

ਸੁਆਦ ਸਾਫ਼ ਮੈਦਾਨ ਕਲਾਨ ਸਾਰਾ
ਹੋਇਆ ਗ਼ਾਜ਼ੀਆਂ ਨਾਲ ਭਰਪੂਰ ਯਾਰੋ ।
ਨਾਹਰਾ ਅੱਲਾ-ਹੂ-ਅਕਬਰ ਦਾ ਮਾਰ ਆਖਣ
ਅਸਾਂ ਸਿੱਖਾਂ ਨੂੰ ਕਰਨਾ ਹੈ ਚੂਰ ਯਾਰੋ ।
ਹਰੀ ਸਿੰਘ ਆਖੇ ਮਦਦ ਨਹੀਂ ਨੇੜੇ
ਅਤੇ ਸ਼ਹਿਰ ਲਹੌਰ ਹੈ ਦੂਰ ਯਾਰੋ ।
ਕਾਦਰਯਾਰ ਤੁਸੀਂ ਲੜੋ ਡਰੋ ਨਾਹੀਂ
ਇਕ ਦਿਨ ਸਾਰਿਆਂ ਮਰਨਾ ਜ਼ਰੂਰ ਯਾਰੋ ।੧੬।

ਜ਼ੁਆਦ ਜ਼ਰੂਰ ਸਰਦਾਰ ਤਿਆਰ ਹੋਇਆ
ਲੱਕ ਬੰਨ੍ਹ ਕੇ ਤੇਜ਼ ਤਲਵਾਰ ਯਾਰੋ ।
ਮੂੰਹੋਂ ਸਤਿ ਕਰਤਾਰ ਦਾ ਨਾਮ ਲੈ ਕੇ
ਚੌਬੇ ਘੋੜੇ ਤੇ ਹੋਇਆ ਅਸਵਾਰ ਯਾਰੋ ।
ਅੱਗੇ ਸਭਨਾਂ ਤੋਂ ਹੋ ਕੇ ਅਸਵਾਰ ਖਲ੍ਹਾ
ਪਿਛੇ ਬੱਧੀ ਸਵਾਰਾਂ ਕਤਾਰ ਯਾਰੋ ।
ਕਾਦਰਯਾਰ ਤਾਂ ਘੋੜੇ ਨੂੰ ਮਾਰ ਅੱਡੀ
ਆਇਆ ਸੂਰਮਾ ਸਿੰਘ ਲਲਕਾਰ ਯਾਰੋ ।੧੭।

ਤੋਏ ਤਰਫ ਦੁਰਾਨੀਆਂ ਚਲ ਆਏ
ਜਿਵੇਂ ਭੇਡਾਂ ਦੇ ਵਲ ਬਘਿਆੜ ਮੀਆਂ ।
ਨਾਲ ਬਰਛਿਆਂ ਪੇਟ ਮੈਦਾਨ ਉੱਤੇ
ਦਿੱਤੇ ਸੈਆਂ ਪਠਾਣ ਦੇ ਪਾੜ ਮੀਆਂ ।
ਜਿਥੇ ਪੈਣ ਪਠਾਣ ਨਾ ਰਹਿਣ ਕਾਇਮ
ਹੋਵੇ ਸੁੰਮਣ ਸਮਾਧਾਂ ਉਜੜ ਮੀਆਂ ।
ਕਾਦਰਯਾਰ ਇਕ ਆਣ ਵਿਚ ਮੁਰਦਿਆਂ ਦਾ
ਲੱਗਾ ਵਿੱਚ ਮੈਦਾਨ ਪਹਾੜ ਮੀਆਂ ।੧੮।

ਜ਼ੋਏ ਜ਼ਾਹਰਾ ਰਹੇ ਨਾ ਜ਼ਰਾ ਕਾਇਮ
ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ ।
ਹਰੀ ਸਿੰਘ ਸਰਦਾਰ ਤਲਵਾਰ ਫੜ ਕੇ
ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ ।
ਅਫ਼ਜ਼ਲ ਖਾਨ ਪਠਾਣ ਦਲੇਰ ਯਾਰੋ
ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ ।
ਕਾਦਰਯਾਰ ਉਹ ਛੱਡ ਮੈਦਾਨ ਗਿਆ
ਦੱਰਾ ਜਾ ਖੈਬਰ ਵਾਲਾ ਲੰਘਿਆ ਜੀ ।੧੯।

ਐਨ ਅਲੀ ਅਕਬਰ ਇਕ ਪਠਾਣ ਨਾਮੀ
ਕਾਇਮ ਰਿਹਾ ਹੁਣ ਵਿੱਚ ਮੈਦਾਨ ਯਾਰੋ ।
ਜਿਹਦੀ ਤਾਬਿਆ ਵਿੱਚ ਮੌਜ਼ੂਦ ਖਲ੍ਹਾ
ਪੂਰਾ ਅੱਸੀ ਹਜ਼ਾਰ ਅਫ਼ਗਾਨ ਯਾਰੋ ।
ਹਰੀ ਸਿੰਘ ਨੂੰ ਉਸ ਨਾ ਕਦੀ ਡਿੱਠਾ
ਰੱਖੇ ਦਿਲ ਦੇ ਵਿਚ ਅਰਮਾਨ ਯਾਰੋ ।
ਕਾਦਰਯਾਰ ਆਖੇ ਜੇਕਰ ਮਿਲੇ ਮੈਨੂੰ
ਤੇਗਾਂ ਮਾਰ ਕੱਢਾਂ ਉਹ ਦੀ ਜਾਨ ਯਾਰੋ ।੨੦।

ਗ਼ੈਨ ਗ਼ੁਸਾ ਪਠਾਣਾਂ ਨੇ ਬਹੁਤ ਖਾਧਾ
ਐਪਰ ਪੇਸ਼ ਨਾ ਜਾਂਵਦੀ ਕਾਈ ਮੀਆਂ ।
ਹਰੀ ਸਿੰਘ ਦਲੇਰ ਜੁਆਨ ਦੀ ਜੀ
ਫਿਰੀ ਵਿਚ ਜਹਾਨ ਦੁਹਾਈ ਮੀਆਂ ।
ਪਕੜ ਤੇਗ਼ ਨੰਗੀ ਚੰਗੀ ਸ਼ਕਲ ਵਾਲਾ
ਐਸਾ ਡਿੱਠਾ ਨਾ ਜੰਗੀ ਸਿਪਾਹੀ ਮੀਆਂ ।
ਕਾਦਰਯਾਰ ਹਰੀ ਸਿੰਘ ਸੂਰਮੇ ਨੇ
ਅੱਜ ਕੀਤੀ ਏ ਵੱਡੀ ਕਮਾਈ ਮੀਆਂ ।੨੧।

ਫ਼ੇ ਫ਼ੌਜ ਪਠਾਣਾਂ ਦੀ ਦੂਸਰੀ ਵਿੱਚ
ਹਰੀ ਸਿੰਘ ਹੁਣ ਘੋੜਾ ਦੁੜਾ ਵੜਦਾ ।
ਵਾਹ ਅਸਵਾਰ ਤੇ ਖ਼ੂਬ ਘੋੜਾ
ਦਿਸੇ ਜ਼ਿਮੀਂ ਤੇ ਮੂਲ ਨਾ ਪੈਰ ਧਰਦਾ ।
ਹਿੰਮਤ ਹਾਰ ਅਫ਼ਗ਼ਾਨ ਫ਼ਰਾਰ ਹੁੰਦੇ
ਨੇੜੇ ਆਣ ਕੇ ਕੋਈ ਨਾ ਮੂਲ ਲੜਦਾ ।
ਕਾਦਰਯਾਰ ਜੋ ਆਂਵਦਾ ਪਾਸ ਉਸ ਦੇ
ਨਾਲ ਧਾਰ ਤਲਵਾਰ ਦੇ ਪਾਰ ਕਰਦਾ ।੨੨।

ਕਾਫ਼ ਕੰਬ ਗਿਆ ਯਾਰੋ ਅਲੀ ਅਕਬਰ
ਹਰੀ ਸਿੰਘ ਜਾਂ ਧਰੂਹ ਤਲਵਾਰ ਆਇਆ ।
ਜਲਵਾ ਮੂਲ ਨਾ ਝੱਲਿਆ ਜਾਏ ਉਹਦਾ
ਵਾਂਗ ਸ਼ੇਰ ਦੇ ਮਾਰ ਲਲਕਾਰ ਆਇਆ ।
ਹੱਥ ਪਕੜ ਤਲਵਾਰ ਸਰਦਾਰ ਦੂਲਾ
ਅੱਗੇ ਸੈਆਂ ਪਠਾਣਾਂ ਨੂੰ ਮਾਰ ਆਇਆ ।
ਕਾਦਰਯਾਰ ਹੁਸ਼ਿਆਰ ਹੋ ਅਲੀ ਅਕਬਰ
ਹਰੀ ਸਿੰਘ ਹੁਣ ਬਾਂਹ ਉਲਾਰ ਆਇਆ ।੨੩।

ਗਾਫ਼ ਗਈ ਨਾ ਪੇਸ਼ ਅਲੀ ਅਕਬਰੇ ਦੀ
ਚੇਹਰਾ ਖ਼ੌਫ਼ ਥੀਂ ਹੋਇਆ ਸੂ ਫੂਕ ਯਾਰੋ ।
ਜੇਹੜਾ ਦਿਸਦਾ ਸੀ ਦੂਰੋਂ ਸਰੂ ਵਾਂਗੂੰ
ਡਿੱਠਾ ਨੇੜਿਉਂ ਵਸਲ ਦੀ ਭੂਕ ਯਾਰੋ ।
ਸੁਰਤ ਰਹੀ ਨਾ ਤੇਗ਼ ਨਿਕਾਲਣੇ ਦੀ
ਤੁਰਤ ਸੇਧੀ ਸੂ ਚਾ ਬੰਦੂਕ ਯਾਰੋ ।
ਕਾਦਰਯਾਰ ਜਾਂ ਵੇਖਿਆ ਸਿੰਘ ਦੂਲੇ
ਉੱਚੀ ਆਖਦਾ ਮਾਰ ਕੇ ਕੂਕ ਯਾਰੋ ।੨੪।

ਲਾਮ ਲੱਗਸੀ ਲੀਕ ਤਹਿਕੀਕ ਤੈਨੂੰ
ਤੇ ਬਹਾਦਰੀ ਦਾ ਮਿਟ ਨਿਸ਼ਾਨ ਜਾਸੀ ।
ਅਲੀ ਅਕਬਰਾ ਮਾਰ ਨਾ ਤੁਪਕ ਮੈਨੂੰ
ਰੋਜ਼ ਹਸ਼ਰ ਤੀਕਣ ਅਰਮਾਨ ਜਾਸੀ ।
ਹੱਥ ਪਕੜ ਤਲਵਾਰ ਹੁਸ਼ਿਆਰ ਹੋ ਕੇ
ਲੜੇਂ ਅੱਜ ਕੁਰਬਾਨ ਜਹਾਨ ਜਾਸੀ ।
ਕਾਦਰਯਾਰ ਜਦ ਮਰੇਂਗਾ ਸੰਗ ਤੇਰੇ
ਕੋਈ ਸ਼ੈ ਨਾ ਬਾਝ ਈਮਾਨ ਜਾਸੀ ।੨੫।

ਮੀਮ ਮੂੰਹੋਂ ਨਾ ਕੁਝ ਜਵਾਬ ਦਿੱਤਾ
ਅਲੀ ਅਕਬਰ ਬੰਦੂਕ ਚਲਾਈ ਐ ਜੀ ।
ਤੁਪਕ ਕੜਕਦੀ ਏ ਵਾਂਗ ਬਿਜਲੀ ਦੇ
ਗੋਲੀ ਵਾਂਗ ਕਜ਼ਾ ਦੇ ਆਈ ਐ ਜੀ ।
ਲੱਗੀ ਪੇਟ ਵਿਚਕਾਰ ਦੋਸਾਰ ਹੋ ਗਈ
ਨਦੀ ਲਹੂ ਦੀ ਬਾਹਰ ਵਗ ਆਈ ਐ ਜੀ ।
ਕਾਦਰਯਾਰ ਤਾਂ ਪਿਛਾਂ ਨੂੰ ਮੋੜ ਘੋੜਾ
ਹਰੀ ਸਿੰਘ ਦੂਲੇ ਅੱਡੀ ਲਾਈ ਐ ਜੀ ।੨੬।

ਨੂੰਨ ਨਿਕਲ ਚਲ ਘੋੜਿਆ ਕਿਲੇ ਦੀ ਵਲ
ਅਸਾਂ ਪਾਵਣਾਂ ਨਹੀਂ' ਦੂਜੀ ਵਾਰ ਫੇਰਾ ।
ਗੋਲੀ ਲੱਗੀ ਐ ਕਹਿਰ ਕਲੂਰ ਵਾਲੀ
ਘਾਇਲ ਹੋਇਆ ਏ ਅੱਜ ਅਸਵਾਰ ਤੇਰਾ ।
ਮੇਰੇ ਬਾਂਕਿਆ ਛੈਲ ਛਬੀਲਿਆ ਓ
ਹੈਂ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ ।
ਕਾਦਰਯਾਰ ਜੇ ਲੈ ਚਲੇਂ ਅੱਜ ਡੇਰੇ
ਤੇਰਾ ਕਦੀ ਨਾ ਭੁੱਲਸੀ ਪਿਆਰ ਸ਼ੇਰਾ ।੨੭।

ਵਾਓ ਵਗਿਆ ਵਾ ਦੇ ਵਾਂਗ ਘੋੜਾ
ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ।
ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ
ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ।
ਫੌਜਾਂ ਸਿੱਖਾਂ ਦੀਆਂ ਵਿਚੋਂ ਗੁਜ਼ਰ ਗਿਆ
ਲੰਘ ਗਿਆ ਸੀ ਲਸ਼ਕਰ ਪਠਾਣ ਵਿੱਚੋਂ ।
ਕਾਦਰਯਾਰ ਹਠ ਨਾਲ ਸਰਦਾਰ ਬੈਠਾ
ਐਪਰ ਨਿਕਲਦੀ ਪਈ ਸੀ ਜਾਨ ਵਿੱਚੋਂ ।੨੮।

ਹੇ ਹੱਥ ਦੀ ਹੱਥਾਂ ਦੇ ਵਿਚ ਰਹੀਆ
ਡਿੱਠਾ ਨੌਕਰਾਂ ਜਦੋਂ ਸਰਦਾਰ ਯਾਰੋ ।
ਸਿਰ ਪੈਰ ਤੀਕਣ ਡੁੱਬਾ ਖ਼ੂਨ ਦੇ ਵਿਚ
ਸਾਵਣ ਮਾਹ ਦੀ ਜਿਵੇਂ ਫੁਆਰ ਯਾਰੋ ।
ਆਖੇ ਨਾਲ ਇਸ਼ਾਰਤਾਂ ਲਾਹੋ ਮੈਨੂੰ
ਤਾਕਤ ਰਹੀ ਨਾ ਵਿਚ ਗੁਫ਼ਤਾਰ ਯਾਰੋ ।
ਕਾਦਰਯਾਰ ਹੈ ਗੋਲੀ ਨੇ ਘਾ ਕੀਤਾ
ਹੈ ਇਹ ਆਖ਼ਰੀ ਵਕਤ ਦੀਦਾਰ ਯਾਰੋ ।੨੯।

ਯੇ ਯਾਦ ਕਰਕੇ ਰੱਬ ਆਪਣੇ ਨੂੰ
ਹਰੀ ਸਿੰਘ ਨੂੰ ਘੋੜੇ ਤੋਂ ਲਾਹਿਓ ਨੇ ।
ਬੰਨ੍ਹ ਪੱਟੀਆਂ ਜ਼ਖ਼ਮ ਨੂੰ ਸਾਫ਼ ਕਰ ਕੇ
ਤੁਰਤ ਪਲੰਗ ਤੇ ਚਾ ਲਿਟਾਇਓ ਨੇ ।
ਫ਼ੁਰਤੀ ਨਾਲ ਬੁਲਾ ਹਜਾਮ ਤਾਈਂ
ਫੱਟ ਪੱਟ ਦੇ ਨਾਲ ਸਿਵਾਇਓ ਨੇ ।
ਕਾਦਰਯਾਰ ਪਰ ਖ਼ੂਨ ਨਹੀੰ ਬੰਦ ਹੁੰਦਾ
ਫ਼ਿਕਰ ਲੱਖ ਹਜ਼ਾਰ ਦੁੜਾਇਓ ਨੇ ।੩੦।੩।

ਸੀ-ਹਰਫ਼ੀ ਚਹਾਰਮ

ਅਲਫ਼ ਆਖਦਾ ਹਰੀ ਸਿੰਘ ਸੁਣੋ ਯਾਰੋ
ਮੇਰੀ ਗੱਲ ਦੇ ਵਲ ਧਿਆਨ ਕਰਨਾ ।
ਬੰਦਾ ਕੌਣ ਜੋ ਕਰੇ ਤਦਬੀਰ ਕੋਈ
ਕੰਮ ਸੋ ਜੋ ਹੈ ਭਗਵਾਨ ਕਰਨਾ ।
ਮੈਨੂੰ ਮੌਤ ਦਾ ਖ਼ੌਫ਼ ਨਾ ਜ਼ਰਾ ਯਾਰੋ
ਬਾਦਸ਼ਾਹ ਗਦਾ ਹੈ ਸਭ ਮਰਨਾ ।
ਕਾਦਰਯਾਰ ਰੱਖੋ ਤੁਸੀਂ ਗੱਲ ਮੋਹਕਮ
ਜੇਹੜੀ ਗੱਲ ਮੈਂ ਹੁਣ ਬਿਆਨ ਕਰਨਾ ।੧।

ਬੇ ਬਹੁਤ ਹੁਸ਼ਿਆਰੀ ਦਰਕਾਰ ਹੈ ਜੀ
ਮਖ਼ਫ਼ੀ ਰਖਣਾ ਮੌਤ ਦਾ ਰਾਜ਼ ਯਾਰੋ ।
ਮੇਰੀ ਮੌਤ ਦਾ ਜ਼ਿਕਰ ਨਾ ਮੂਲ ਕਰਨਾ
ਇਸ ਵਿੱਚ ਨੁਕਸਾਨ ਦਰਾਜ਼ ਯਾਰੋ ।
ਜੇ ਕਰ ਹੋਇਆ ਮਾਲੂਮ ਦੁੱਰਾਨੀਆਂ ਨੂੰ
ਮੇਰਾ ਰੂਹ ਕਰ ਗਿਆ ਪਰਵਾਜ਼ ਯਾਰੋ ।
ਕਾਦਰਯਾਰ ਸਰਕਾਰ ਦੇ ਔਂਦਿਆਂ ਨੂੰ
ਰੜਕ ਛੋੜਸਨ ਵਾਂਗ ਪਿਆਜ ਯਾਰੋ ।੨।

ਪੇ ਪੱਕ ਪਕਾ ਸਲਾਹ ਕਰ ਕੇ
ਜਦੋਂ ਨਿਕਲ ਜਾਵੇ ਮੇਰਾ ਦਮ ਯਾਰੋ ।
ਚਾ ਭੋਇਉਂ ਮੰਜੀ ਉੱਤੇ ਪਾ ਦੇਣਾ
ਅਤੇ ਕੱਜ ਦੇਣਾ ਮੇਰਾ ਚੰਮ ਯਾਰੋ ।
ਮੂੰਹੋਂ ਕਹਿਣਾ ਸਰਦਾਰ ਬੀਮਾਰ ਹੋਇਆ
ਬਹੁਤ ਜ਼ੋਰ ਪਾਇਆ ਬਲਗ਼ਮ ਯਾਰੋ ।
ਕਾਦਰਯਾਰ ਨਾ ਗ਼ਮ ਨੂੰ ਜ਼ਾਹਰ ਕਰਨਾ
ਨਹੀਂ ਤੇ ਕੰਮ ਹੋ ਜਾਵਸੀ ਤੰਮ ਯਾਰੋ ।੩।

ਤੇ ਤਾਬ ਨਾ ਰਹੀ ਵਿਚ ਬੋਲਣੇ ਦੀ
ਹੋਇਆ ਬਹੁਤ ਲਾਚਾਰ ਸਰਦਾਰ ਸਾਈਂ ।
ਰੱਤ ਰਹੀ ਨਾ ਬਦਨ ਦੇ ਵਿਚ ਰੱਤੀ
ਰੰਗ ਹੋਇਆ ਸੂ, ਵਾਂਗ ਵਸਾਰ ਸਾਈਂ ।
ਮੂੰਹੋਂ ਵਾਹਿਗੁਰੂ ਦਾ ਨਾਮ ਲੈ ਆਖੇ
ਮੈਂ ਹਾਂ ਬਹੁਤ ਪਾਪੀ ਗੁਨਾਹਗਾਰ ਸਾਈਂ ।
ਕਾਦਰਯਾਰ ਮੋਇਆ ਹਰੀ ਸਿੰਘ ਦੂਲਾ
ਜਿਵੇਂ ਹੁਕਮ ਸੀ ਆਪ ਕਰਤਾਰ ਸਾਈਂ ।੪।

ਟੇ ਟਲੇ ਨਾ ਤੀਰ ਤਕਦੀਰ ਦਾ ਜੀ
ਗਿਆ ਸੁਖ਼ਨ ਨਾ ਆਵੇ ਜ਼ਬਾਨ ਵਿੱਚੋਂ ।
ਗਿਆ ਹੁਸਨ ਜਵਾਨੀ ਨਾ ਫੇਰ ਆਵੇ
ਮੋਇਆ ਮੁਰਦਾ ਨਾ ਆਵੇ ਗੁਸਤਾਨ ਵਿੱਚੋਂ ।
ਗੀਦੀ ਕਦੀ ਨਾ ਰਣ ਵਿਚ ਪੈਰ ਪਾਵੇ
ਗ਼ਾਜ਼ੀ ਮਰਦ ਨਾ ਮੁੜਦਾ ਮੈਦਾਨ ਵਿੱਚੋਂ ।
ਕਾਦਰਯਾਰ ਮੀਆਂ ਦੱਸ ਮਰਦ ਕਿਹੜਾ
ਰਵਾਂ ਹੋਇਆ ਨਹੀਂ ਜਿਹੜਾ ਜਹਾਨ ਵਿੱਚੋਂ ।੫।

ਸੇ ਸਾਬਤੀ ਦੇ ਨਾਲ ਵਿਚ ਗੋਸ਼ੇ
ਹਰੀ ਸਿੰਘ ਦੀ ਲਾਸ਼ ਟਿਕਾਣ ਬੇਲੀ ।
ਕੋਲ ਮੂਲ ਨਾ ਕਿਸੇ ਨੂੰ ਬਹਿਣ ਦਿੰਦੇ
ਕਹਿਣ ਸਿੰਘ ਦਾ ਖ਼ਾਸ ਫ਼ਰਮਾਨ ਬੇਲੀ ।
ਨਾਲ ਨੇਹਮਤਾਂ ਥਾਲ ਭਰਪੂਰ ਕਰਕੇ
ਜਿਉਂ ਦਸਤੂਰ ਸੀ ਪਾਸ ਲਿਜਾਣ ਬੇਲੀ ।
ਕਾਦਰਯਾਰ ਫਿਰ ਖਾ ਕੇ ਆਪ ਖਾਣਾ
ਥਾਲ ਸੱਖਣਾ ਬਾਹਰ ਭੁਆਣ ਬੇਲੀ ।੬।

ਜੀਮ ਜਮਾ ਹੋ ਕੇ ਰਾਜ਼ਦਾਰ ਸਾਰੇ
ਖਤ ਤਰਫ਼ ਸਰਕਾਰ ਦੇ ਪਾਂਵਦੇ ਜੀ ।
ਪਹਿਲੀ ਅਦਬ ਅਦਾਥ ਨਿਆਜ਼ ਯਾਰੋ
ਫਤਿਹ ਵਾਹਿਗੁਰੂ ਜੀ ਦੀ ਬੁਲਾਂਵਦੇ ਜੀ ।
ਫੇਰ ਆਖਦੇ ਭੱਜੀ ਅਜ ਬਾਂਹ ਤੇਰੀ
ਅਸੀਂ ਲਿਖਦਿਆਂ ਪਏ ਸ਼ਰਮਾਂਵਦੇ ਜੀ ।
ਕਾਦਰਯਾਰ ਮੋਇਆ ਹਰੀ ਸਿੰਘ ਦੂਲਾ
ਸਾਡੇ ਜੀ ਡੁਬ ਡੁਬ ਗੋਤੇ ਖਾਂਵਦੇ ਜੀ ।੭।

ਚੇ ਚੱਲਦੀ ਨਹੀਂ ਭਾਵੇਂ ਪੇਸ਼ ਸਾਡੀ
ਡੱਟੀ ਹੋਈ ਹੈ ਫੇਰ ਭੀ ਫੌਜ ਸਾਰੀ ।
ਚਾਰੋਂ ਤਰਫ਼ ਪਠਾਣਾਂ ਨੇ ਪਾਇਆ ਘੇਰਾ
ਮਾਰਨ ਵਿੱਚ ਸੀਨੇ ਕੱਸ ਤੀਰ ਕਾਰੀ ।
ਅਸਾਂ ਮੌਤ ਦਾ ਭੇਤ ਨਹੀਂ ਜ਼ਾਹਰ ਕੀਤਾ
ਸਾਨੂੰ ਲਗਦੀ ਪਈ ਨਹੀਂ ਜਾਨ ਪਿਆਰੀ ।
ਕਾਦਰਯਾਰ ਸ਼ਿਤਾਬ ਦੇ ਨਾਲ ਪਹੁੰਚੋ
ਨਹੀਂ ਤੇ ਕਤਲ ਹੋ ਜਾਵਸੀ ਫ਼ੌਜ ਸਾਰੀ ।੮।

ਹੇ ਹਾਲ ਬੇਹਾਲ ਹੋ ਗਿਆ ਸਾਡਾ
ਹਰੀ ਸਿੰਘ ਮੋਇਆ ਇਕ ਬਾਤ ਹੈ ਜੀ ।
ਦਾਣਾ ਪਾਣੀ ਨਖੁੱਟਿਆ ਕਿਲ੍ਹੇ ਵਿਚੋਂ
ਇਹ ਦੂਸਰੀ ਸਖ਼ਤ ਆਫ਼ਾਤ ਹੈ ਜੀ ।
ਸਾਰੇ ਜੱਗ ਦੇ ਵਿਚ ਇਕਬਾਲ ਤੇਰਾ
ਸੁਣਿਆ ਵਿਚ ਤੇਰੇ ਕਰਾਮਤ ਹੈ ਜੀ ।
ਕਾਦਰਯਾਰ ਇਮਦਾਦ ਦਾ ਹੁਣੇ ਵੇਲਾ
ਸਿਰੋਂ ਪਿੱਛੇ ਤਾਂ ਕਾਲੀ ਰਾਤ ਹੈ ਜੀ ।੯।

ਖ਼ੇ ਖ਼ੂਬ ਤਰ੍ਹਾਂ ਖ਼ਤ ਬੰਦ ਕਰਕੇ
ਦਿੱਤਾ ਕਾਸਦ ਨੂੰ ਨਾਲ ਪੈਗ਼ਾਮ ਮੀਆਂ ।
ਤੁਰਤ ਹੋ ਅਸਵਾਰ ਇੱਕ ਅਸਪ ਉੱਤੇ
ਗਿਆ ਤਰਫ਼ ਲਾਹੌਰ ਗ਼ੁਲਾਮ ਮੀਆਂ ।
ਆਖਣ ਰਾਹ ਵਿੱਚ ਬਹਿਣਾ ਹਰਾਮ ਤੈਨੂੰ
ਕਿਸੇ ਨਾਲ ਨਾ ਕਰਨੀ ਕਲਾਮ ਮੀਆਂ ।
ਕਾਦਰਯਾਰ ਸਰਕਾਰ ਨੂੰ ਖ਼ਤ ਦੇਣਾ
ਪਾਸੋਂ ਬੇ-ਸ਼ੁਮਾਰ ਇਨਾਮ ਮੀਆਂ ।੧੦।

ਦਾਲ ਦੱਬ ਕੇ ਅੱਡੀ ਲਗਾਈ ਕਾਸਦ
ਪਿੱਛੇ ਪਾਈ ਪਠਾਣਾਂ ਵਹੀਰ ਯਾਰੋ ।
ਚੁੰਗੀ ਮਾਰ ਪਿਆ ਘੋੜਾ ਸ਼ਹੁ ਦੇ ਵਿਚ
ਗਿਆ ਅਟਕ ਦਰਿਆ ਨੂੰ ਚੀਰ ਯਾਰੋ ।
ਕੰਢੇ ਹੋ ਹੈਰਾਨ ਪਠਾਣ ਖਲ੍ਹੇ
ਚੱਲੇ ਪੇਸ਼ ਨਾ ਨਾਲ ਤਕਦੀਰ ਯਾਰੋ ।
ਕਾਦਰਯਾਰ ਦੁੱਰਾਨੀਆਂ ਵੇਖ ਕਿਹਾ
ਘੋੜਾ ਅਸਲ ਸ਼ੈਤਾਨ ਦਾ ਵੀਰ ਯਾਰੋ ।੧੧।

ਜ਼ਾਲ ਜ਼ਰਾ ਨਾ ਠਹਿਰਿਆ ਰਾਹ ਦੇ ਵਿਚ
ਰੋਕੀ ਮੂਲ ਨਾ ਕਾਸਦ ਲਗਾਮ ਮੀਆਂ ।
ਹੈ ਸੀ ਬਹੁਤ ਹੁਸ਼ਿਆਰ ਤੱਰਾਰ ਘੋੜਾ
ਗਿਆ ਦੌੜਦਾ ਉਹ ਸੁਬਾਹ ਸ਼ਾਮ ਮੀਆਂ ।
ਦਿਨ ਰਾਤ ਦੁਪਹਿਰ ਨੂੰ ਗਿਆ ਟੁਰਦਾ
ਘੜੀ ਪਲਕ ਨਾ ਕੀਤਾ ਆਰਾਮ ਮੀਆਂ ।
ਕਾਦਰਯਾਰ ਲੰਘ ਜੇਹਲਮੋਂ ਪਾਰ ਹੋਇਆ
ਕੀਤਾ ਵਿਚ ਗੁਜਰਾਤ ਮੁਕਾਮ ਮੀਆਂ ।੧੨।

ਰੇ ਰੌਣਕ ਗੁਜਰਾਤ ਦੀ ਸੁਣੋ ਯਾਰੋ
ਉੱਥੇ ਲੱਥੀ ਸੀ ਆਪ ਸਰਕਾਰ ਸਾਈਂ ।
ਤੰਬੂ ਖ਼ੈਮੇ ਕਨਾਤਾਂ ਨੇ ਮੌਜ ਲਾਈ
ਝੰਡੇ ਝੂਲਦੇ ਅਜਬ ਬਹਾਰ ਸਾਈਂ ।
ਹਾਥੀ ਨਾਲ ਅਮਾਰੀਆਂ ਮਸਤ ਲਟਕਣ
ਹੋਰ ਪੜਤਲਾਂ ਕਈ ਹਜ਼ਾਰ ਸਾਈਂ ।
ਕਾਦਰਯਾਰ ਕੀ ਸਿਫ਼ਤ ਮੁਸਾਹਿਬਾਂ ਦੀ
ਸੋਹਣਾ ਇਕ ਥੀਂ ਇਕ ਸਰਦਾਰ ਸਾਈਂ ।੧੩।

ਜ਼ੇ ਜ਼ਰਦ ਜ਼ਰਬਾਫ਼ਤੇ ਸ਼ਾਮਿਆਨੇ
ਲਟਕਣ ਮੋਤੀਆਂ ਦੇ ਨਾਲ ਹਾਰ ਯਾਰੋ ।
ਘੋੜੇ ਅਜਬ ਸ਼ਾਹ-ਜ਼ੋਰ ਖੱਮਦਾਰ ਗਰਦਨ
ਟੁਰਦੇ ਮੋਰ ਰਫ਼ਤਾਰ ਬਾਜ਼ਾਰ ਯਾਰੋ ।
ਚਮਕਣ ਕਾਠੀਆਂ ਹੀਰਿਆਂ ਨਾਲ ਜੜੀਆਂ
ਫੁੱਲ ਖਿੜੇ ਜਿਉਂ ਵਿਚ ਗੁਲਜ਼ਾਰ ਯਾਰੋ ।
ਕਾਦਰਯਾਰ ਹੈ ਬਾਜੇ ਬਹਾਰ ਲਾਈ
ਖੜਕੇ ਢੋਲਕੀ ਤਬਲਾ ਸਿਤਾਰ ਯਾਰੋ ।੧੪।

ਸੀਨ ਸਿੱਖ ਅਸਵਾਰ ਤਿਆਰ ਫਿਰਦੇ
ਹੱਥ ਵਿਚ ਨੇਜ਼ੇ ਫ਼ੁੱਮਣਦਾਰ ਯਾਰੋ ।
ਮੁੱਛਾਂ ਕੁੰਢੀਆਂ ਕਲਗੀਆਂ ਖ਼ੂਬਸੂਰਤ
ਸਿਰ ਤੇ ਸੁਰਖ਼ ਸਫ਼ੈਦ ਦਸਤਾਰ ਯਾਰੋ ।
ਪਹਿਨ ਵਰਦੀਆਂ ਰੰਗ ਬਰੰਗੀਆਂ ਜੀ
ਕੱਸਣ ਪੇਟੀਆਂ ਉਹ ਜ਼ਰੀਦਾਰ ਯਾਰੋ ।
ਕਾਦਰਯਾਰ ਤਲਵਾਰ ਦੀ ਚਮਕ ਆਵੇ
ਜਿਵੇਂ ਬਿੱਜਲੀ ਦੀ ਲਿਸ਼ਕਾਰ ਯਾਰੋ ।੧੫।

ਸ਼ੀਨ ਸ਼ੁਕਰ ਗ਼ੁਜ਼ਾਰ ਹਜ਼ਾਰ ਕਾਸਦ
ਵੜਿਆ ਆਣ ਹੁਣ ਵਿਚ ਦਰਬਾਰ ਹੈ ਜੀ ।
ਉੱਤੇ ਚੰਨਣ ਦੀ ਚੌਕੀ ਤੇ ਬੈਠ ਜਿੱਥੇ
ਹੱਥ ਧੋਂਵਦੀ ਪਈ ਸਰਕਾਰ ਹੈ ਜੀ ।
ਆਸ ਪਾਸ ਅਮੀਰ ਵਜ਼ੀਰ ਬੈਠੇ
ਚੱਲੇ ਨਵੀਂ ਤੋਂ ਨਵੀਂ ਗੁਫ਼ਤਾਰ ਹੈ ਜੀ ।
ਕਾਦਰਯਾਰ ਆ ਕਾਸਦ ਨੇ ਖ਼ਤ ਦਿੱਤਾ
ਮੂੰਹੋਂ ਬੋਲਦਾ ਸਤਿ-ਕਰਤਾਰ ਹੈ ਜੀ ।੧੬।

ਸੁਆਦ ਸਿਦਕ ਦੇ ਨਾਲ ਬਤਾ ਸਾਨੂੰ
ਮੂੰਹੋਂ ਆਪ ਮਹਾਰਾਜ ਫਰਮਾਇਆ ਜੀ ।
ਕਿਸ ਤੁਧ ਨੂੰ ਘੱਲਿਆ ਤਰਫ ਸਾਡੀ
ਕੇਹੜੀ ਥਾਂ ਮੁਕਾਮ ਤੋਂ ਆਇਆ ਜੀ ।
ਸਕਲ ਸ਼ਬਾਹਤ ਹੈ ਜ਼ਾਹਰ ਕਰਦੀ
ਰਾਹ ਵਿੱਚ ਆਰਾਮ ਨਾ ਪਾਇਆ ਜੀ ।
ਕਾਦਰਯਾਰ ਇਜ਼ਹਾਰ ਕਰ ਨਾਲ ਜਲਦੀ
ਜੇਹੜੀ ਗੱਲ ਤੇ ਰੰਗ ਵਟਾਇਆ ਜੀ ।੧੭।

ਜ਼ੁਆਦ ਜ਼ਰੂਰ ਹਜ਼ੂਰ ਕਸੂਰ ਮੇਰਾ
ਬਦ-ਖ਼ਬਰੇ ਦੀ ਕੱਟਣੀ ਜ਼ਬਾਨ ਚਾਹੀਏ ।
ਜਿਹੜਾ ਤੀਰ ਦਾ ਚੀਰ ਨਾ ਝੱਲ ਸਕੇ
ਦਸਤ ਪਕੜਨੀ ਨਹੀਂ ਕਮਾਨ ਚਾਹੀਏ ।
ਜਿਹੜੀ ਗੱਲ ਬਤੀਤ ਹੋ ਗਈ ਯਾਰੋ
ਕਰਨਾ ਉਸ ਦਾ ਨਹੀਂ ਅਰਮਾਨ ਚਾਹੀਏ ।
ਕਾਦਰਯਾਰ ਖ਼ਤ ਪਾੜ ਕੇ ਆਪ ਪੜ੍ਹ ਲਉ
ਤੇ ਇਆਨ ਨੂੰ ਕੀ ਬਿਆਨ ਚਾਹੀਏ ।੧੮।

ਤੋਏ ਤਰਫ਼ ਵਜ਼ੀਰ ਧਿਆਨ ਸਿੰਘ ਜੀ
ਮਹਾਰਾਜ ਹੁਣ ਖ਼ਤ ਨੂੰ ਕਰਨ ਲੱਗਾ ।
ਹੱਥ ਦੇਇ ਕੇ ਆਖਦਾ ਪੜ੍ਹੋ ਇਸ ਨੂੰ
ਸਾਡ' ਜੀ ਤਾਂ ਅੰਦਰੋਂ ਡਰਨ ਲੱਗਾ ।
ਕਾਦਰ ਆਪਣੀ ਕੁਦਰਤ ਕਸੀਰ ਵਿੱਚੋਂ
ਵੇਖਾਂ ਖੇਲ ਹੁਣ ਨਵਾਂ ਕੀ ਕਰਨ ਲੱਗਾ ।
ਕਾਦਰਯਾਰ ਉਤਾਰ ਕੇ ਮੋਹਰ ਜਲਦੀ
ਧਿਆਨ ਸਿੰਘ ਹੁਣ ਖ਼ਤ ਨੂੰ ਪੜ੍ਹਨ ਲੱਗਾ ।੧੯।

ਜ਼ੋਏ ਜ਼ਾਹਰਾ ਰੰਗ ਵਟਾਇਉ ਸੂ
ਅੰਦਰ ਦਿਲ ਦੇ ਕੀਤੀਆਂ ਸ਼ਾਦੀਆਂ ਨੀ ।
ਦੁਸ਼ਮਣ ਜੀਹਦਾ ਹਲਾਕ ਹੋ ਖ਼ਾਕ ਰਲਿਆ
ਘਰ ਉਸ ਦੇ ਹੋਣ ਆਬਾਦੀਆਂ ਨੀ ।
ਹਰੀ ਸਿੰਘ ਤੇ ਰਾਜੇ ਦੀ ਦੁਸ਼ਮਣੀ ਦੀ
ਆਪਸ ਵਿਚ ਤਾਂ ਬਹੁਤ ਖ਼ਰਾਬੀਆਂ ਨੀ ।
ਕਾਦਰਯਾਰ ਧਿਆਨ ਸਿੰਘ ਖੁਸ਼ੀ ਹੋਇਆ
ਹਰੀ ਸਿੰਘ ਦੇ ਘਰ ਬਰਬਾਦੀਆਂ ਨੀ ।੨੦।

ਐਨ ਅਕਲ ਮੇਰੀ ਫ਼ਰਾਮੋਸ਼ ਹੋਈ
ਮੂੰਹੋਂ ਬੋਲਿਆ ਫੇਰ ਵਜ਼ੀਰ ਸਾਈਂ ।
ਬੰਦਾ ਕੌਣ ਜੋ ਕਰੇ ਤਦਥੀਰ ਕੋਈ
ਡਾਢੀ ਰੱਬ ਦੇ ਨਾਲ ਤਕਦੀਰ ਸਾਈਂ ।
ਅਲੀ ਅਕਬਰ ਦੀ ਗੋਲੀ ਹਲਾਕ ਕੀਤਾ
ਹਰੀ ਸਿੰਘ ਦਾ ਸੋਹਣਾ ਸਰੀਰ ਸਾਈਂ ।
ਕਾਦਰਯਾਰ ਇਮਦਾਦ ਪਏ ਮੰਗਦੇ ਨੀ
ਹੈ ਇਹ ਖ਼ਤ ਦੇ ਵਿਚ ਤਹਿਰੀਰ ਸਾਈਂ ।੨੧।

ਗ਼ੈਨ ਗ਼ੁੱਸੇ ਦੇ ਨਾਲ ਮਹਾਰਾਜ ਯਾਰੋ
ਗੜਵਾ ਮਾਰੇ ਵਜ਼ੀਰ ਦੀ ਟੰਗ ਉੱਤੇ ।
ਆਖੇ ਦੂਰ ਹੋ ਜਾ ਮੇਰੀ ਅੱਖੀਆਂ ਥੀਂ
ਕੁਝ ਫ਼ਾਇਦਾ ਨਹੀਂ ਤੇਰੇ ਸੰਗ ਉੱਤੇ ।
ਪਹਿਲੋਂ ਖ਼ਬਰ ਨਾ ਕੀਤੋ ਮੂਲ ਮੈਨੂੰ
ਫ਼ੌਜਾਂ ਘੱਲਦਾ ਮਦਦ ਨੂੰ ਜੰਗ ਉੱਤੇ ।
ਕਾਦਰਯਾਰ ਆ ਦੱਸਿਆ ਉਸ ਵੇਲੇ
ਜਦੋਂ ਸੱਟ ਆ ਪਈ ਐ ਰੰਗ ਉੱਤੇ ।੨੨।

ਫ਼ੇ ਫ਼ੌਜ ਨੂੰ ਹੁਕਮ ਸਰਕਾਰ ਕੀਤਾ
ਬੰਨ੍ਹੋ ਬਿਸਤਰੇ ਤੇ ਕਰੋ ਤਿਆਰੀ ਯਾਰੋ ।
ਅਲੀ ਅਕਬਰ ਪਠਾਣ ਨੇ ਜ਼ੋਰ ਪਾ ਕੇ
ਸਾਡੇ ਸਿਰ ਤੇ ਚਾੜ੍ਹੀ ਏ ਵਾਰੀ ਯਾਰੋ ।
ਹਰੀ ਸਿੰਘ ਦਾ ਬਦਲਾ ਭੁਆਣ ਕਾਰਣ
ਅਸਾਂ ਰੱਤ ਚਾ ਡੋਹਲਣੀ ਸਾਰੀ ਯਾਰੋ ।
ਕਾਦਰਯਾਰ ਉਹ ਪਿਛਾਂ ਨੂੰ ਪਰਤ ਜਾਵੇ
ਜਿਸ ਜਾਨ ਹੈ ਰੱਖਣੀ ਪਿਆਰੀ ਯਾਰੋ ।੨੩।

ਕਾਫ਼ ਕੜਕ ਕੇ ਕਿਹਾ ਮਹਾਰਾਜ ਯਾਰੋ
ਮੂੰਹ ਤਰਫ਼ ਲਾਹੌਰ ਨਾ ਕਰਾਂਗਾ ਮੈਂ ।
ਸਣੇ ਹਾਥੀਆਂ ਘੋੜਿਆਂ ਤੋਪਖਾਨਾ
ਜਾ ਅਟਕ ਦਰਿਆ ਨੂੰ ਤਰਾਂਗਾ ਮੈਂ ।
ਤੋੜ ਵਿਚ ਪਠਾਣਾਂ ਦੇ ਘਰ ਜਾ ਕੇ
ਅਲੀ ਅਕਬਰ ਦੇ ਨਾਲ ਚਲ ਲੜਾਂਗਾ ਮੈਂ ।
ਕਾਦਰਯਾਰ ਕਤਲਾਮ ਪਠਾਣ ਕਰਸਾਂ
ਯਾ ਕਿ ਵਿਚ ਮੈਦਾਨ ਦੇ ਮਰਾਂਗਾ ਮੈਂ ।੨੪।

ਗਾਫ ਗਿਆ ਫ਼ਰਮਾਨ ਕੁਲ ਫੌਜ ਅੰਦਰ
ਤੁਰਤ ਹੋਣ ਲਗ ਪਈਆਂ ਤਿਆਰੀਆਂ ਜੀ ।
ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ
ਕੱਸਣ ਘੋੜੀਆਂ ਜੀਨਾਂ ਸਵਾਰੀਆਂ ਜੀ ।
ਤੋਪਖ਼ਾਨੇ ਦੀ ਚਮਕ ਤੇ ਦਮਕ ਯਾਰੋ
ਹਾਥੀ ਝੂਲਦੇ ਨਾਲ ਅਮਾਰੀਆਂ ਜੀ ।
ਕਾਦਰਯਾਰ ਸਰਕਾਰ' ਨੇ ਕੂਚ ਕੀਤਾ
ਚੱਲੇ ਲੈਣ ਹੁਣ ਅਟਕ ਦੀਆਂ ਤਾਰੀਆਂ ਜੀ ।੨੫।

ਲਾਮ ਲਟਕਈ ਮਟਕਦੀ ਅਟਕ ਵਗਦੀ
ਜਿਵੇਂ ਬੱਦਲਾਂ ਲਾਈ ਘਣਘੋਰ ਯਾਰੋ ।
ਕੰਢਾ ਪਾਰ ਦਾ ਮੂਲ ਨਾ ਨਜ਼ਰ ਆਵੇ
ਐਸਾ ਤੇਜ਼ ਦਰਿਆ ਨਾ ਹੋਰ ਯਾਰੋ ।
ਲਹਿਰ ਛੱਲ ਮਾਰੇ ਕਿਸੇ ਕਹਿਰ ਦੀ ਜੀ
ਘੁੰਮਣ ਘੇਰ ਫਿਰਦੇ ਨਾਲ ਜ਼ੋਰ ਯਾਰੋ ।
ਕਾਦਰਯਾਰ ਸਰਕਾਰ ਹੈ ਆਣ ਲੱਥੀ
ਉੱਤੇ ਕੰਢੇ ਦੇ ਨੇੜੇ ਪਸ਼ੌਰ ਯਾਰੋ ।੨੬।

ਮੀਮ ਮੰਗ ਦੁਆ ਖ਼ੁਦਾ ਕੋਲੋਂ
ਮਹਾਰਾਜ ਨੇ ਝੰਡੇ ਨੂੰ ਪੱਟਿਆ ਈ ।
ਉੱਤੇ ਕੰਢੇ ਦੇ ਹੋ ਅਸਵਾਰ ਖਲ੍ਹਾ
ਜਾਨ ਦੇਵਣੋਂ ਮੂਲ ਨਾ ਹੱਟਿਆ ਈ ।
ਭਰ ਕੇ ਥਾਲ ਅਸ਼ਰਫੀਆਂ ਨਾਲ ਯਾਰੋ
ਵਿਚ ਨੀਰ ਦੇ ਚਾ ਪਲੱਟਿਆ ਈ ।
ਕਾਦਰਯਾਰ ਕਰਤਾਰ ਹੁਣ ਲਾਜ ਰਖਸੀ
ਘੋੜਾ ਵਿਚ ਦਰਿਆ ਦੇ ਸੱਟਿਆ ਈ ।੨੭।

ਨੂੰਨ ਨਾਲ ਸਰਕਾਰ ਦੇ ਫ਼ੌਜ ਨੇ ਜੀ
ਮਾਰੀ ਵਿੱਚ ਦਰਿਆ ਦੇ ਛਾਲ ਯਾਰੋ ।
ਵਿਚ ਜਲ ਦੇ ਪੈ ਤਰਥੱਲ ਗਿਆ
ਮਾਹੀ ਹੱਲ ਕੇ ਗਈ ਪਤਾਲ ਯਾਰੋ ।
ਜੀਹਦੀ ਪੁਸ਼ਤ ਪਨਾਹ ਹੈ ਰਬ ਸਚਾ
ਕੌਣ ਝਲਦਾ ਉਸ ਦੀ ਝਾਲ ਯਾਰੋ ।
ਕਾਦਰਯਾਰ ਸਰਕਾਰ ਲੰਘ ਪਾਰ ਗਈਆ
ਫ਼ੌਜਾਂ ਹਾਥੀਆਂ ਘੋੜਿਆਂ ਨਾਲ ਯਾਰੋ ।੨੮।

ਵਾਉ ਵਿਚ ਜਮਰੂਦ ਦੇ ਖਬਰ ਹੋਈ
ਆਈ ਮਦਦ ਨੂੰ ਆਪ ਸਰਕਾਰ ਸਾਈਂ ।
ਪਹਿਲੋਂ ਜੇਹਲਮ ਦੇ ਉੱਤੋਂ ਅਬੂਰ ਕਰ ਕੇ
ਹੋਈ ਅਟਕ ਦਰਿਆ ਤੋਂ ਪਾਰ ਸਾਈਂ ।
ਨਸ਼ਹਿਰੇ ਵਿਚ ਮੈਦਾਨ ਮੁਕਾਮ ਕਰ ਕੇ
ਝੰਡਾ ਗੱਡਿਆ ਸੂ, ਵਿਚਕਾਰ ਸਾਈਂ ।
ਕਾਦਰਯਾਰ ਪੁਕਾਰਦੇ ਕਿਲੇ ਦੇ ਵਿੱਚ
ਸਚੇ ਸਾਹਿਬਾ ਅਸੀਂ ਬਲਿਹਾਰ ਸਾਈਂ ।੨੯।

ਹੇ ਹੋ ਕੇ ਜਮਾ ਪਠਾਣ ਸਾਰੇ
ਮਤਾ ਆਪਸ ਦੇ ਵਿਚ ਪਕਾਣ ਮੀਆਂ ।
ਹੈ ਸ਼ਹਿਰ ਪਸ਼ੌਰ ਮਲਕੀਤ ਸਾਡੀ
ਲਾ ਕਦੀਮ ਥੀਂ ਵਿਚ ਜਹਾਨ ਮੀਆਂ ।
ਸਾਡੀ ਬੁਜ਼ਦਿਲੀ ਅਤੇ ਨਾਲਾਇਕੀ ਥੀਂ
ਦੇਖੋ ਸਿਖ ਲੱਗੇ ਸਾਨੂੰ ਖਾਣ ਮੀਆਂ ।
ਕਾਦਰਯਾਰ ਇੱਜ਼ਤ ਜੇਹੀ ਹੋਰ ਦੂਜੀ
ਕੋਈ ਸ਼ੈ ਨਾ ਬਾਝੋਂ ਈਮਾਨ ਮੀਆਂ ।੩੦।

ਯੇ ਯਾਦ ਕਰ ਕੇ ਰੱਬ ਆਪਣੇ ਨੂੰ
ਲੜੋ ਗੱਡ ਕੇ ਤੁਸੀਂ ਇਸ ਵੇਰ ਯਾਰੋ ।
ਸਾਡੇ ਸ਼ਹਿਰ ਪਸ਼ੌਰ ਦੇ ਛੱਡਣੇਂ ਥੀਂ
ਸਿੱਖ ਹੋਏ ਨੇ ਬਹੁਤ ਦਲੇਰ ਯਾਰੋ ।
ਨਾ ਰੱਖੋ ਦਰੇਗ਼ ਤੇ ਤੇਗ਼ ਮਾਰੋ
ਕਦਮ ਮੁਲਕ ਵਿਚ ਪਾਏ ਨਾ ਫੇਰ ਯਾਰੋ ।
ਕਾਦਰਯਾਰ ਮਰਦਾਨਗੀ ਕਰੋ ਐਸੀ
ਪਵੇ ਵਿਚ ਲਾਹੌਰ ਅੰਧੇਰ ਯਾਰੋ ।੩੧।੪।

ਸੀ-ਹਰਫ਼ੀ ਪੰਜਮ

ਅਲਫ਼ ਇਕ ਮੈਦਾਨ ਕਲਾਂ ਉੱਤੇ
ਜਮਾ ਹੋਏ ਨੀ ਕੁੱਲ ਪਠਾਣ ਮੀਆਂ ।
ਮੱਸ-ਫੁੱਟ ਨਾਲੇ ਕਰੜ-ਝੂਟ ਸਾਰੇ
ਸੋਹਣੇ ਛੈਲ ਰੰਗੀਲੇ ਜਵਾਨ ਮੀਆਂ ।
ਬੇ-ਖ਼ੌਫ਼ ਬੇ-ਹੋਸ਼ ਪਠਾਣ ਯਾਰੋ
ਗਾਜ਼ੀ ਕਰਨ ਬਾਜ਼ੀ ਨਾਲ ਜਾਨ ਮੀਆਂ ।
ਕਾਦਰਯਾਰ ਜੰਗੀ ਘੋੜੇ ਹਿਣਕਦੇ ਨੀ
ਤੇਗ਼ ਛਣਕਦੀ ਵਿਚ ਮੈਦਾਨ ਮੀਆਂ ।੧।

ਬੇ ਬਹੁਤ ਸੀ ਫੌਜ ਦੁੱਰਾਨੀਆਂ ਦੀ
ਜਿਵੇਂ ਮੱਕੜੀ ਦਾ ਦਿਸੇ ਦਲ ਯਾਰੋ ।
ਖੂੰਖਾਰ ਹੋਸ਼ਿਆਰ ਦੁੱਰਾਨੀਆਂ ਨੇ
ਲਿਆ ਬਹੁਤ ਜ਼ਮੀਨ ਨੂੰ ਮੱਲ ਯਾਰੋ ।
ਬਾਕੀ ਰਿਹਾ ਨਾ ਇੱਕ ਪਠਾਣ ਪਿੱਛੇ
ਸਭੋ ਲੜਨ ਨੂੰ ਆਏ ਨੇ ਚੱਲ ਯਾਰੋ ।
ਕਾਦਰਯਾਰ ਗੱਲ ਖਲ੍ਹੀ ਹੈ ਸਿਰੇ ਉੱਤੇ
ਵੇਖੋ ਰੱਬ ਸੱਚਾ ਕਹਿੰਦੇ ਵੱਲ ਯਾਰੋ ।੨।

ਪੇ ਪਹਿਨ ਪੁਸ਼ਾਕ ਅਸਵਾਰ ਹੋਇਆ
ਅਲੀ ਅਕਬਰ ਪਠਾਣ-ਦਲੇਰ ਮੀਆਂ ।
ਅੱਗੇ ਫੌਜ ਦੇ ਆ ਖਲਵਾ ਘੋੜਾ
ਨਜ਼ਰ ਪਾਂਵਦਾ ਚਾਰ ਚੁਫੇਰ ਮੀਆਂ ।
ਮੂੰਹੋਂ ਆਖਦਾ ਰੱਖੋ ਈਮਾਨ ਕਾਇਮ
ਔਣਾ ਵਿਚ ਜਹਾਨ ਨਹੀਂ ਫ਼ੇਰ ਮੀਆਂ ।
ਕਾਦਰਯਾਰ ਹੈ ਵੇਲਾ ਬਹਾਦੁਰੀ ਦਾ
ਸਾਥੀ ਨਹੀਂ ਕੋਈ ਬਾਝ ਸ਼ਮਸ਼ੇਰ ਮੀਆਂ ।੩।

ਤੇ ਤਰੱਕੜੇ ਹੋ ਕੇ ਲੜੋ ਤੁਸੀਂ
ਏਹਾ ਵੇਲਾ ਤੇ ਏਹਾ ਮੁਕਾਮ ਯਾਰੋ ।
ਦੁਸ਼ਮਨ ਮਾਰ ਕੇ ਫ਼ਤਿਹ ਨੂੰ ਕਰੋ ਹਾਸਲ
ਬਖ਼ਸ਼ ਦਿਆਂਗਾ ਬਹੁਤ ਇਨਾਮ ਯਾਰੋ ।
ਜੇਹੜਾ ਅੱਜ ਮੈਦਾਨ ਤੋਂ ਕੰਡ ਦੇਸੀ
ਮਰਸੀ ਉਹ ਤਾਂ ਮੌਤ ਹਰਾਮ ਯਾਰੋ ।
ਕਾਦਰਯਾਰ ਜੇ ਮਰਸੀ ਸ਼ਹੀਦ ਹੋ ਕੇ
ਰਹਿਸੀ ਵਿਚ ਜਹਾਨ ਦੇ ਨਾਮ ਯਾਰੋ ।੪।

ਸੇ ਸਾਥਤੀ ਦੇ ਨਾਲ ਤੇਗ਼ ਮਾਰੋ
ਆਪਣੀ ਔਰਤਾਂ ਨਾਲ ਨਜ਼ੀਰ ਕਰਕੇ ।
ਰੱਬ ਕਰੇ ਨਾ ਪਵੇ ਸ਼ਿਕਸਤ ਸਾਨੂੰ
ਸਿਖ ਸਭ ਲੈ ਜਾਣ ਅਸੀਰ ਕਰਕੇ ।
ਭੈਣਾਂ ਬੇਟੀਆਂ ਬਹੂਆਂ ਅਸਾਡੀਆਂ ਜੀ
ਸੱਟੇ ਮਾਰ ਯਾ ਛੱਡੇ ਫਕੀਰ ਕਰਕੇ ।
ਕਾਦਰਯਾਰ ਤਦਬੀਰ ਨਾ ਪੇਸ਼ ਜਾਵੇ
ਕੰਮਾਂ ਨਾਲ ਜੋ ਹੋਣ ਤਕਦੀਰ ਕਰਕੇ ।੫।

ਜੀਮ ਜੱਗ ਮੁਕਾਮ ਫ਼ਨਾਹ ਦਾ ਜੀ
ਏਥੇ ਆਵਣਾ ਨਹੀਂ ਦੂਜੀ ਵਾਰ ਯਾਰੋ ।
ਹਥ ਸਖ਼ਤ ਤੇ ਦਿਲ ਕੁਰਖ਼ਤ ਕਰ ਕੇ
ਕਰੋ ਖ਼ੂਬ ਤਲਵਾਰ ਦੀ ਮਾਰ ਯਾਰੋ ।
ਝਾੜੋ ਐਸੀ ਬੰਦੂਕਾਂ ਦੀ ਵਾੜ ਭਰ ਕੇ
ਰੱਖੇ ਯਾਦ ਨਾ ਦੇਵੇ ਵਸਾਰ ਯਾਰੋ ।
ਕਾਦਰਯਾਰ ਬਹਾਦੁਰੀ ਕਰੋ ਐਸੀ
ਸਿਖ ਜਾਣ ਨਾ ਅਟਕ ਤੋਂ ਪਾਰ ਯਾਰੋ ।੬।

ਚੇ ਚੁਸਤੀ ਚਲਾਕੀ ਦੇ ਨਾਲ ਯਾਰੋ
ਅਲੀ ਅਕਬਰ ਨੇ ਲਸ਼ਕਰ ਜਮਾਇਆ ਜੀ ।
ਪਹਿਲੋਂ ਪੜਤਲਾਂ ਦੇ ਕਰਕੇ ਤਰ੍ਹੇ ਵੱਖਰੇ
ਚਾਲਾ ਲੜਨ ਦਾ ਖ਼ੂਬ ਸਿਖਾਇਆ ਜੀ ।
ਅਗੋਂ ਤੋਪਾਂ ਦੇ ਮੋਰਚੇ ਬੀੜ ਕੇ ਜੀ
ਆਸ ਪਾਸ ਰਸਾਲਾ ਖਲਵਾਇਆ ਜੀ ।
ਕਾਦਰਯਾਰ ਪਠਾਣ ਤਿਆਰ ਖਲੇ
ਵੇਲਾ ਜੰਗ ਦਾ ਹੁਣ ਨੇੜੇ ਆਇਆ ਜੀ ।੭।

ਹੇ ਹਾਲ ਮਹਾਰਾਜ ਦਾ ਜ਼ਿਕਰ ਸੁਣ ਲੌ
ਫ਼ੌਜਾਂ ਲਿਆਂਵਦਾ ਵਿਚ ਮੈਦਾਨ ਯਾਰੋ ।
ਨੇੜੇ ਆਣ ਕੇ ਬੇੜੇ ਖਲਵਾ ਦਿੰਦਾ
ਜਿੱਥੇ ਖਲਾ ਸੀ ਲਸ਼ਕਰ ਪਠਾਣ ਯਾਰੋ ।
ਮਾਰੂ ਮੌਤ ਦੇ ਵਾਜੜੇ ਵੱਜ ਗਏ
ਕੰਬ ਗਿਆ ਜ਼ਿਮੀਂ ਅਸਮਾਨ ਯਾਰੋ ।
ਕਾਦਰਯਾਰ ਸਰਕਾਰ ਪੁਕਾਰ ਆਖੇ
ਸੁਣੋ ਖ਼ਾਲਸਾ ਜੀ ਕਰਕੇ ਧਿਆਨ ਯਾਰੋ ।੮।

ਖ਼ੇ ਖ਼ੁਦੀ ਹੰਕਾਰ ਨੂੰ ਮਾਰ ਕੇ ਜੀ
ਨਾਮ ਰੱਬ ਦਾ ਲੈ ਕੇ ਲੜੋ ਸਿੰਘੋ ।
ਚਿੱਟੀ ਦਾੜ੍ਹੀ ਦੀ ਅੱਜ ਮੇਰੀ ਲਾਜ ਰੱਖੋ
ਇਨ੍ਹਾਂ ਗ਼ਾਜ਼ੀਆਂ ਕੋਲੋਂ ਨਾ ਡਰੋ ਸਿੰਘੋ ।
ਗੁਰੂ ਹਰਿ ਗੋਬਿੰਦ ਨੂੰ ਯਾਦ ਕਰ ਕੇ
ਹਥ ਵਿਚ ਸ਼ਮਸ਼ੇਰ ਨੂੰ ਫੜੋ ਸਿੰਘੋ ।
ਕਾਦਰਯਾਰ ਅਕਾਲ ਅਕਾਲ ਕਰਦੇ
ਚੱਲ ਵਿਚ ਪਸ਼ੌਰ ਦੇ ਵੜੋ ਸਿੰਘੋ ।੯।

ਦਾਲ ਦਿਲ ਦੀਆਂ ਅੱਖੀਆਂ ਖੋਲ੍ਹ ਦੇਖੋ
ਕਿੱਥੇ ਤੁਸੀਂ ਤੇ ਕਿੱਥੇ ਲਹੌਰ ਯਾਰੋ ।
ਅੱਗਾ ਰੋਕਿਆ ਕਟਕ ਦੁੱਰਾਨੀਆਂ ਨੇ
ਪਿੱਛੇ ਅਟਕ ਦਰਿਆ ਦਾ ਜ਼ੋਰ ਯਾਰੋ ।
ਸਾਥੀ ਨਹੀਂ ਕੋਈ ਸੱਜੀ ਬਾਂਹ ਜਿਹਾ
ਬੇਲੀ ਰੱਬ ਦੇ ਬਾਝ ਨਾ ਹੋਰ ਯਾਰੋ ।
ਕਾਦਰਯਾਰ ਬਹਾਦਰਾਂ ਆਸ਼ਕਾਂ ਨੂੰ
ਪਈ ਖਲ੍ਹੀ ਉਡੀਕਦੀ ਗੋਰ ਯਾਰੋ ।੧੦।

ਜ਼ਾਲ ਜ਼ੌਕ ਤੇ ਸ਼ੌਕ ਦੇ ਨਾਲ ਯਾਰੋ
ਲੜੋ ਆਪਣਾ ਆਪ ਸੰਭਾਲ ਕੇ ਜੀ ।
ਕੇਹੜੇ ਮੂੰਹ ਲਾਹੌਰ ਦੇ ਵਿਚ ਵੜਸੋ
ਵਿਚ ਪਸ਼ੌਰ ਦੇ ਤਰੱਟੀਆਂ ਗਾਲ ਕੇ ਜੀ ।
ਅੱਜ ਰੱਜ ਕੇ ਗੱਜ ਕੇ ਤੇਗ਼ ਮਾਰੋ
ਆਪਣੇ ਗੁਰੂ ਵਾਲੀ ਲੱਜ ਪਾਲ ਕੇ ਜੀ ।
ਕਾਦਰਯਾਰ ਪਠਾਣਾਂ ਨੂੰ ਖ਼ੂਬ ਸੇਕੋ
ਅੱਜ ਅੱਗ ਲੜਾਈ ਦੀ ਬਾਲ ਕੇ ਜੀ ।੧੧।

ਰੇ ਰਾਮ ਦਾ ਨਾਮ ਧਿਆਇ ਕੇ ਜੀ
ਰੱਖੋ ਅਜ ਤਲੀ ਉੱਤੇ ਜਾਨ ਯਾਰੋ ।
ਸਿਰ ਦਿਤਿਆਂ ਬਾਝ ਨਾ ਯਾਰ ਮਿਲਦਾ
ਇਹ ਮਿਸਲ ਮਸ਼ਹੂਰ ਜਹਾਨ ਯਾਰੋ ।
ਦਿਲ ਨੂੰ ਜੋਸ਼ ਖਰੋਸ਼ ਦੇ ਨਾਲ ਭਰ ਕੇ
ਤੇਗਾਂ ਮਾਰੀਆਂ ਜਿਵੇਂ ਮੁਲਤਾਨ ਯਾਰੋ ।
ਕਾਦਰਯਾਰ ਤਲਵਾਰ ਚਲਾਉ ਐਸੀ
ਡੁੱਬਣ ਖੂਨ ਦੇ ਵਿਚ ਅਫ਼ਗਾਨ ਯਾਰੋ ।੧੨।

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ
ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।
ਇਕ ਨਾਮੀ ਗਰਾਮੀ ਸਰਦਾਰ ਭਾਰਾ
ਹੁਸ਼ਿਆਰ ਮਾਨਿੰਦ ਪਲੰਗ ਯਾਰੋ ।
ਮਸਤ ਜੰਗ ਦੇ ਵਿਚ ਅਨੰਦ ਰਹਿੰਦਾ
ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।
ਕਾਦਰਯਾਰ ਮਸ਼ਹੂਰ ਜਹਾਨ ਅੰਦਰ
ਫ਼ੂਲਾ ਸਿੰਘ ਅਕਾਲੀ ਨਿਹੰਗ ਯਾਰੋ ।੧੩।

ਸੀਨ ਸੁਣੋ ਸਰਕਾਰ ਜੀ ਅਰਜ਼ ਮੇਰੀ
ਪਾਸ ਆ ਸਰਦਾਰ ਪੁਕਾਰਦਾ ਜੀ ।
ਰਹਿਸੀ ਵਿਚ ਜਹਾਨ ਦੇ ਨਾਮ ਸਚਾ
ਬੰਦਾ ਕੂੜ ਦੇ ਮਟ ਉਸਾਰਦਾ ਜੀ ।
ਰੱਖਸੀ ਲਾਜ ਅਜ ਆਪ ਮਹਾਰਾਜ ਤੇਰੀ
ਖਾਸ ਤੁਧ ਤੇ ਫ਼ਜ਼ਲ ਕਰਤਾਰ ਦਾ ਜੀ ।
ਕਾਦਰਯਾਰ ਜੇ ਮੰਨੇ ਸਵਾਲ ਮੇਰਾ
ਪੁੰਨ ਲੱਖ ਤੇ ਗਊ ਹਜ਼ਾਰ ਦਾ ਜੀ ।੧੪।

ਸ਼ੀਨ ਸ਼ੁਕਰ ਹਜ਼ਾਰ ਗੁਜ਼ਾਰਸਾਂ ਮੈਂ
ਦਿਓ ਹੁਕਮ ਚਲ ਵੜਾਂ ਮੈਦਾਨ ਦੇ ਵਿਚ ।
ਪਹਿਲੋਂ ਸਭਨਾ ਦੇ ਸੀਸ ਭੇਟ ਦੇ ਕੇ
ਰੱਖਾਂ ਤੀਰ ਨੂੰ ਚਿੱਲੇ ਕਮਾਨ ਦੇ ਵਿਚ ।
ਸਤਿ ਸਿਰੀ ਅਕਾਲ ਦਾ ਨਾਮ ਲੈ ਕੇ
ਮਾਰਾਂ ਖਿਚ ਕੇ ਸੀਨੇ ਪਠਾਣ ਦੇ ਵਿਚ ।
ਕਾਦਰਯਾਰ ਤੇਰੇ ਕਦਮਾਂ ਵਿਚ ਕੁੱਸਾਂ
ਰਹਿਸੀ ਨਾਮ ਤਦ ਮੇਰਾ ਜਹਾਨ ਦੇ ਵਿਚ ।੧੫।

ਸੁਆਦ ਸਿਦਕ ਦੇ ਨਾਲ ਯਕੀਨ ਕਰ ਲਓ
ਦਿਲ ਚਾਹੁੰਦਾ ਲੜਾਂ ਤਲਵਾਰ ਫੜਕੇ ।
ਉੱਤੋਂ ਗੁਰੂ ਦੇ ਨਾਮ ਤੋਂ ਜਾਨ ਵਾਰਾਂ
ਅੱਜ ਵਿਚ ਮੈਦਾਨ ਦੇ ਮਰਾਂ ਲੜਕੇ ।
ਧੜਕੇ ਜ਼ਰਾ ਨਾ ਅੰਦਰੋਂ ਕਾਲਜਾ ਜੀ
ਜਿਸਮ ਵਾਂਗ ਕਬੂਤਰਾਂ ਪਿਆ ਫੜਕੇ ।
ਕਾਦਰਯਾਰ ਅਰਸ਼ਾਦ ਫੁਰਮਾਓ ਤੁਸੀਂ
ਏਹੋ ਭਾਹ ਪਰੇਮ ਦੀ ਪਈ ਭੜਕੇ ।੧੬।

ਜ਼ੁਆਦ ਜ਼ਰੂਰ ਹੈ ਸੁਖ਼ਨ ਮਨਜ਼ੂਰ ਤੇਰਾ
ਮੂੰਹੋਂ ਆਪ ਮਹਾਰਾਜ ਅਰਸ਼ਾਦ ਕੀਤਾ ।
ਤੇਰੇ ਜੈਸਿਆਂ ਨਮਕ ਹਲਾਲ ਮਰਦਾਂ
ਸਾਡਾ ਮੁਲਕ ਪੰਜਾਬ ਆਬਾਦ ਕੀਤਾ ।
ਤੇਰੇ ਸੁਖ਼ਨ ਪੁਰ-ਜੋਸ਼ ਬੇਖ਼ੌਫ਼ ਨੇ ਜੀ
ਸਾਰੀ ਫ਼ੌਜ਼ ਦੇ ਦਿਲ ਨੂੰ ਸ਼ਾਦ ਕੀਤਾ ।
ਕਾਦਰਯਾਰ ਤਿਆਰ ਹੋ ਖ਼ਾਲਸਾ ਜੀ
ਸਚੇ ਸਾਹਿਬ ਨੇ ਅਜ ਹੈ ਯਾਦ ਕੀਤਾ ।੧੭।

ਤੋਏ ਤਰਫ ਦੁੱਰਾਨੀਆਂ ਰਵਾਂ ਹੋਇਆ
ਫੂਲਾ ਸਿੰਘ ਤਨਹਾ ਅਕਾਲੀ ਯਾਰੋ ।
ਡਾਢੀ ਸ਼ਕਲ ਮਤਵਾਲੀ ਸੀ ਖੌਫ਼ ਵਾਲੀ
ਨਾਲੇ ਪਹਿਨੀ ਪੋਸ਼ਾਕ ਹੈ ਕਾਲੀ ਯਾਰੋ ।
ਖ਼ੂਨੀ ਅੱਖੀਆਂ ਕਹਿਰ ਦੇ ਨਾਲ ਭਰੀਆਂ
ਮੂੰਹ ਤੇ ਚੋਂਵਦੀ ਕਹਿਰ ਦੀ ਲਾਲੀ ਯਾਰੋ ।
ਕਾਦਰਯਾਰ ਅਸਵਾਰ ਹੋ ਫੀਲ ਉੱਤੇ
ਟੁਰਿਆ ਮੌਤ ਦੇ ਵੱਲ ਸਵਾਲੀ ਯਾਰੋ ।੧੮।

ਜ਼ੋਏ ਜ਼ਾਹਰ ਹੋ ਹੈਰਾਨ ਖੱਲ੍ਹੇ
ਡਿੱਠਾ ਜਦੋਂ ਪਠਾਣਾਂ ਨੇ ਸ਼ੇਰ ਯਾਰੋ ।
ਉੱਤੇ ਹਾਥੀ ਦੇ ਝੂਲਦਾ ਕੱਢ ਛਾਤੀ
ਪੈਰ ਪਾਂਵਦਾ ਅਗਾਂ ਅਗੇਰ ਯਾਰੋ ।
ਪੁੱਛਣ ਆਪਸ ਦੇ ਵਿਚ ਪਠਾਣ ਰਲ ਕੇ
ਇਹ ਹੈ ਕੌਣ ਸਰਦਾਰ ਦਲੇਰ ਯਾਰੋ ।
ਕਾਦਰਯਾਰ ਗ਼ਾਜ਼ੀ ਵੇਖ ਹੋਣ ਰਾਜ਼ੀ
ਕਹਿਣ ਕਰੋ ਬਾਜ਼ੀ ਬਿਨਾ ਦੇਰ ਯਾਰੋ ।੧੯।

ਐਨ ਅਲੀ ਅਕਬਰ ਵੇਖ ਆਂਵਦੇ ਨੂੰ
ਬੋਲੇ ਕੜਕ ਕੇ ਵਾਂਗਰਾਂ ਬਰਕ ਯਾਰੋ ।
ਹੈ ਕੋਈ ਐਸਾ ਪਠਾਣ ਜੁਆਨ ਮੇਰਾ
ਕਰੇ ਏਸ ਸਰਦਾਰ ਨੂੰ ਗ਼ਰਕ ਯਾਰੋ ।
ਮਾਰ ਥਰਛੀਆਂ ਰੱਤ ਨਚੋੜ ਲਵੇ
ਜਿਵੇਂ ਨਿੱਕਲੇ ਗੁਲਾਬ ਦਾ ਅਰਕ ਯਾਰੋ ।
ਕਾਦਰਯਾਰ ਅੱਲਾ ਉੱਤੇ ਰੱਖ ਤਕਵਾ
ਜਾਨ ਦੇਵਣੋਂ ਕਰੇ ਨਾ ਫ਼ਰਕ ਯਾਰੋ ।੨੦।

ਗ਼ੈਨ ਗੁੱਸੇ ਦੇ ਨਾਲ ਪਠਾਣ ਬੋਲੇ
ਰਹਿਣ ਵਾਲੇ ਸਵਾਤ ਬਨੇਰ ਮੀਆਂ ।
ਮਸ਼ਹੂਰ ਲੜਾਕੇ ਦੁੱਰਾਨੀਆਂ ਵਿਚ
ਜਿਵੇਂ ਪਾਹੜਿਆਂ ਦੇ ਵਿਚ ਸ਼ੇਰ ਮੀਆਂ ।
ਹੁਕਮ ਹੋਵੇ ਤਾਂ ਤੇਗਾਂ ਨੂੰ ਖਿੱਚ ਲਈਏ
ਵਿੱਚ ਲੜਨ ਦੇ ਨਹੀਂ ਕੁਝ ਦੇਰ ਮੀਆਂ ।
ਕਾਦਰਯਾਰ ਅਸਵਾਰ ਤੇ ਫੀਲ ਦਾ ਜੀ
ਪਲ ਵਿਚ ਕਰ ਦੇਵੀਏ ਢੇਰ ਮੀਆਂ ।੨੧।

ਫ਼ੇ ਫ਼ੌਰਨ ਸੁਆਤੀ ਬਹਾਦੁਰਾਂ ਨੇ
ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ।
ਮੁਛ ਵੱਟ ਕੇ ਤੇ ਮਿਆਨ ਨੂੰ ਸੱਟ ਕੇ ਜੀ
ਰਵਾਂ ਹੋਏ ਨੀ ਵਲ ਸਰਦਾਰ ਯਾਰੋ ।
ਨਾਹਰਾ ਅੱਲਾ-ਹੂ-ਅਕਬਰ ਦਾ ਮਾਰਦੇ ਜੀ
ਸਿੰਘ ਬੋਲਦਾ ਸਤਿ ਕਰਤਾਰ ਯਾਰੋ ।
ਕਾਦਰਯਾਰ ਹੁਣ ਵੇਲਾ ਹੈ ਨਕਦੀਆਂ ਦਾ
ਘੜੀ ਪਲ ਦਾ ਨਹੀਂ ਉਧਾਰ ਯਾਰੋ ।੨੨।

ਕਾਫ਼ ਕੰਬਦੀ ਪਈ ਜ਼ਮੀਨ ਯਾਰੋ
ਜਿੱਥੇ ਫ਼ੀਲ ਸਰਦਾਰ ਦਾ ਪੈਰ ਧਰਦਾ ।
ਹੈਸੀ ਖ਼ੂਨੀਆਂ ਵਿਚ ਮਸ਼ਹੂਰ ਹਾਥੀ
ਵਿਚ ਲੜਨ ਦੇ ਬਹੁਤ ਸੀ ਕਹਿਰ ਕਰਦਾ ।
ਤਿਵੇਂ ਥਰਕਦਾ ਚੱਲੇ ਜ਼ਮੀਨ ਉੱਤੇ
ਜਿਵੇਂ ਸੱਪ ਦਰਿਆ ਦੀ ਲਹਿਰ ਤਰਦਾ ।
ਕਾਦਰਯਾਰ ਬੇ-ਖ਼ੌਫ਼ ਸਰਦਾਰ ਬੈਠਾ
ਜਿਵੇਂ ਫਿਰੇ ਲਹੌਰ ਦੀ ਸੈਰ ਕਰਦਾ ।੨੩।

ਕਾਫ਼ ਕਹਿਰ ਦੇ ਨਾਲ ਪਠਾਣ ਯਾਰੋ
ਆਏ ਦੌੜਦੇ ਹਾਥੀ ਦੇ ਵੱਲ ਮੀਆਂ ।
ਜਾਨ ਪਿੱਛੇ ਈਮਾਨ ਕੁਰਬਾਨ ਕਰਕੇ
ਆਸ ਪਾਸ ਉਹਦਾ ਲਿਆ ਮੱਲ ਮੀਆਂ ।
ਸਿੰਘ ਸੂਰਮਾ ਤਨ-ਤਨਹਾ ਯਾਰੋ
ਗਿਆ ਵਿਚ ਦੁੱਰਾਨੀਆਂ ਰਲ ਮੀਆਂ ।
ਕਾਦਰਯਾਰ ਖੂੰਨੀ ਹਾਥੀ ਮਾਰ ਚੀਕਾਂ
ਪਾਇਆ ਗ਼ਾਜ਼ੀਆਂ ਵਿਚ ਤਰਥੱਲ ਮੀਆਂ ।੨੪।

ਗ਼ਾਫ਼ ਗੱਜ ਕੇ ਲੜਿਆ ਸੀ ਮਸਤ ਹਾਥੀ
ਕਈ ਵੱਸਦੇ ਝੁਗੜੇ ਉਜਾੜ ਛੱਡੇ ।
ਨਾਲ ਬਰਛਿਆਂ ਜੈਸਿਆਂ ਤੇਜ਼ ਦੰਦਾਂ
ਪੇਟ ਸੈਆਂ ਪਠਾਣਾਂ ਦੇ ਪਾੜ ਛੱਡੇ ।
ਮਾਰ ਫੇਟ ਤੇ ਸੁੰਡ ਵਲੇਟ ਕੇ ਜੀ
ਮਿਸਲ ਮੱਖੀਆਂ ਮਾਰ ਕੇ ਝਾੜ ਛੱਡੇ ।
ਕਾਦਰਯਾਰ ਕੱਦੂ ਵਾਂਗੂੰ ਬਾਜ਼ਿਆਂ ਦੇ
ਸਿਰ ਪੈਰਾਂ ਦੇ ਹੇਠ ਲਤਾੜ ਛੱਡੇ ।੨੫।

ਲਾਮ ਲਹੂ ਨਾਲ ਜ਼ਿਮੀਂ ਲਾਲ ਹੋਈ
ਕੋਲ ਆਵਣ ਦੀ ਕਿਸ ਦੀ ਮਜਾਲ ਯਾਰੋ ।
ਤੀਰ ਸਿੰਘ ਦੇ ਸੀਨੇ ਨੂੰ ਚੀਰਦੇ ਜੀ
ਝੱਲੇ ਚੱਕਰਾਂ ਦੀ ਕੇਹੜਾ ਝਾਲ ਯਾਰੋ ।
ਮਸਤ ਹਾਥੀ ਮਸਤਾਨੜੇ ਸਿੰਘ ਨੇ ਜੀ
ਕੀਤਾ ਗ਼ਾਜ਼ੀਆਂ ਦਾ ਖ਼ਸਤਾ ਹਾਲ ਯਾਰੋ ।
ਕਾਦਰਯਾਰ ਪਠਾਣ ਲਾ ਤਾਣ ਥੱਕੇ
ਹੋਇਆ ਹਾਥੀ ਤੇ ਚੜ੍ਹਨਾ ਮੁਹਾਲ ਯਾਰੋ ।੨੬।

ਮੀਮ ਮਰਦੇ ਪਰ ਕਦਮ ਨਾ ਪਿਛਾਂ ਧਰਦੇ
ਲੜਦੇ ਮਿਸਲ ਖੂੰਖਾਰ ਪਲੰਗ ਦੇ ਜੀ ।
ਜਾਣ ਤਰਫ਼ ਹਾਥੀ ਕਢ ਸਾਫ਼ ਛਾਤੀ
ਜਾਨ ਦੇਵਣੋਂ ਮੂਲ ਨਾ ਸੰਗਦੇ ਜੀ ।
ਨਾਲ ਮਲਿਕੁਲ-ਮੌਤ ਦੇ ਖੇਡ ਹੋਲੀ
ਨਾਲ ਖੂੰਨ ਦੇ ਚੋਲੜੇ ਰੰਗਦੇ ਜੀ ।
ਕਾਦਰਯਾਰ ਗਿਆ ਤਿਲਕ ਪੈਰ ਹੇਠੋਂ
ਹਾਥੀ ਡਿੱਗਾ ਸੀ ਸਣੇ ਨਿਹੰਗ ਦੇ ਜੀ ।੨੭।

ਨੂੰਨ ਨਾਲ ਚਲਾਕੀ ਸਰਦਾਰ ਨੇ ਜੀ
ਲਿਆ ਆਪਣਾ ਆਪ ਸੰਭਾਲ ਯਾਰੋ ।
ਹਥ ਪਕੜ ਤਲਵਾਰ ਹੁਸ਼ਿਆਰ ਹੋ ਕੇ
ਮਾਰੀ ਉੱਤੇ ਜ਼ਮੀਨ ਦੇ ਛਾਲ ਯਾਰੋ ।
ਡੁੱਲੇ ਬੇਰਾਂ ਦਾ ਅਜੇ ਕੀ ਗਿਆ ਸੀ ਜੀ
ਘਿਓ ਵੀਟਿਆ ਸੀ ਵਿਚ ਥਾਲ ਯਾਰੋ ।
ਕਾਦਰਯਾਰ ਤਲਵਾਰ ਬਰਸਾਣ ਲੱਗਾ
ਮੂੰਹੋਂ ਬੋਲਦਾ ਸਤਿ ਅਕਾਲ ਯਾਰੋ ।੨੮।

ਵਾਓ ਵਰ੍ਹਾਈ ਫਿਰ ਸਿੰਘ ਤਲਵਾਰ ਐਸੀ
ਦੂਰੋਂ ਆਉਂਦਾ ਪਿਆ ਸੀ ਖੜਕ ਮੀਆਂ ।
ਜਿਨੂੰ ਧਾਰ ਤਲਵਾਰ ਇਕ ਵਾਰ ਚੁੱਭੀ
ਗਿਆ ਵਾਂਗ ਕਰੀਰ ਦੇ ਕੜਕ ਮੀਆਂ ।
ਲਾ ਜ਼ਰੂਰ ਅਫਗ਼ਾਨ ਬੇ-ਖ਼ੌਫ਼ ਹੁੰਦੇ
ਲੇਕਿਨ ਸਿੰਘ ਸੀ ਬਹੁਤ ਬੇਧੜਕ ਮੀਆਂ ।
ਕਾਦਰਯਾਰ ਅਫ਼ਗਾਨ ਬੇਸ਼ਕ ਲੜਦੇ
ਐਪਰ ਝੱਲ ਨਾ ਸਕਦੇ ਫੜਕ ਮੀਆਂ ।੨੯।

ਹੇ ਹੋ ਕੇ ਜਮਾ ਫਿਰ ਗਿਰਦ ਸਾਰੇ
ਵਾਂਗ ਡੇਹਮੂਆਂ ਸਿੰਘ ਨੂੰ ਡੰਗਦੇ ਜੀ ।
ਚਾਰੋਂ ਤਰਫ਼ ਤਲਵਾਰਾਂ ਦੀ ਮਾਰ ਕਰਕੇ
ਬੰਦ ਵੱਢ ਸੁੱਟੇ ਹਰ ਅੰਗ ਦੇ ਜੀ ।
ਬਦਲਾ ਆਪਣਾ ਲੈ ਕੇ ਆਪ ਯਾਰੋ
ਫੂਲਾ ਸਿੰਘ ਮੋਇਆ ਵਿਚ ਜੰਗ ਦੇ ਜੀ ।
ਕਾਦਰਯਾਰ ਦੁੱਰਾਨੀ ਕਰ ਸ਼ਾਦਮਾਨੀ
ਲੋਥ ਬਰਛਿਆਂ ਦੇ ਉੱਤੇ ਟੰਗਦੇ ਜੀ ।੩੦।

ਯੇ ਯਾਰੀ ਸਰਦਾਰ ਨੇ ਤੋੜ ਚਾੜ੍ਹੀ
ਮੋਇਆ ਮਾਰ ਕੇ ਵਿਚ ਮੈਦਾਨ ਯਾਰੋ ।
ਦੁਸ਼ਮਣ ਮਾਰ ਕੇ ਆਪ ਹਲਾਕ ਹੋਇਆ
ਦਿਲ ਦੇ ਵਿਚ ਨਾ ਰਿਹਾ ਅਰਮਾਨ ਯਾਰੋ ।
ਆਸ ਪਾਸ ਦੇ ਸਭ ਸ਼ਾਬਾਸ ਕਹਿੰਦੇ
ਕਿਆ ਸਿੱਖ ਤੇ ਕਿਆ ਅਫ਼ਗਾਨ ਯਾਰੋ ।
ਕਾਦਰਯਾਰ ਓਹ ਮੋਇਆ ਤਾਂ ਕੀ ਹੋਇਆ
ਦੁਨੀਆਂ ਵਿਚ ਰਹਿਆ ਜ਼ਿੰਦਾ ਨਾਮ ਯਾਰੋ ।੩੧।

ਸੀ-ਹਰਫ਼ੀ ਸ਼ਿਸ਼ਮ

ਅਲਫ਼ ਅੱਗ ਲੜਾਈ ਦੀ ਭੜਕ ਉੱਠੀ
ਫੂਲਾ ਸਿੰਘ ਜਾਂ ਹੋਇਆ ਸ਼ਹੀਦ ਮੀਆਂ ।
ਜਿਵੇਂ ਅੱਗ ਬਾਰੂਦ ਨੂੰ ਲੱਗ ਜਾਵੇ
ਖਿੱਲਰ ਗਈ ਨਜ਼ਦੀਕ ਬਈਦ ਮੀਆਂ ।
ਦੋਵੇਂ ਸਿੱਖ ਪਠਾਣ ਪਏ ਹੋਣ ਡੱਕਰੇ
ਜਿਵੇਂ ਬੱਕਰੇ ਰੋਜ਼ ਬਕਰ-ਈਦ ਮੀਆਂ ।
ਕਾਦਰਯਾਰ ਮਰਦੇ ਗੀਦੀ ਨਾਲ ਡਰ ਦੇ
ਪਰ ਬਹਾਦੁਰਾਂ ਨੂੰ ਹੋਈ ਈਦ ਮੀਆਂ ।੧।

ਬੇ ਬੰਦੂਕ਼ ਦੀ ਕੂਕ ਨੂੰ ਕੌਣ ਸੁਣਦਾ
ਜਿਥੋ ਤੋਪਾਂ ਨੇ ਪਾਈ ਏ ਗੱਜ ਯਾਰੋ ।
ਧੂੰਆਂ ਧਾਰ ਤੇ ਗਰਦ ਗ਼ੁਬਾਰ ਨੇ ਜੀ
ਲਿਆ ਸਾਰੇ ਮੈਦਾਨ ਨੂੰ ਕੱਜ ਯਾਰੋ ।
ਅਜ਼ਰਾਈਲ ਤਿਆਰ ਹੋ ਕੋਲ ਖਲ੍ਹਾ
ਢੋਲ ਮੌਤ ਵਾਲਾ ਗਿਆ ਵੱਜ ਯਾਰੋ ।
ਕਾਦਰਯਾਰ ਇਕ ਵਾਰ ਤਾਂ ਯਾਦ ਰਖਸੀ
ਜੇਹੜਾ ਜੀਂਵਦਾ ਰਹੇਗਾ ਅੱਜ ਯਾਰੋ ।੨।

ਪੇ ਪਏ ਤ੍ਰਭਕਦੇ ਉੱਠ ਘੋੜੇ
ਹੋਏ ਕੰਨ ਡੋਰੇ ਨਾਲ ਗੂੰਜ ਮੀਆਂ ।
ਜ਼ਖਮੀ ਖ਼ੂਨ ਦੇ ਵਿਚ ਗਲਤਾਨ ਰੁਲਦੇ
ਜਿਵੇਂ ਪਈ ਕੁਰਲਾਂਵਦੀ ਕੂੰਜ ਮੀਆਂ ।
ਮੌਸਮ ਫ਼ਸਲ ਦੇ ਵਿਚ ਜਿਵੇਂ ਫੇਰ ਬਹੁਕਰ
ਭੁੱਖਾ ਜੱਟ ਲੈਂਦਾ ਦਾਣੇ ਹੂੰਝ ਮੀਆਂ ।
ਕਾਦਰਯਾਰ ਗੋਲੇ ਸੋਹਣੀ ਸੂਰਤਾਂ ਨੂੰ
ਵਾਂਗ ਮੂਰਤਾਂ ਦੇਂਵਦੇ ਪੂੰਝ ਮੀਆਂ ।੩।

ਤੇ ਤੋਪਾਂ ਨੂੰ ਚਲਦਿਆਂ ਪਹਿਰ ਹੋਇਆ
ਤੇ ਦੁਪਹਿਰ ਪੁੱਜੀ ਉੱਤੋਂ ਆਣ ਬੇਲੀ ।
ਨਾਲ ਪਿਆਸ ਦੇ ਸਭ ਉਦਾਸ ਹੋਏ
ਸਖ਼ਤ ਧੁੱਪ ਲੱਗੀ ਉੱਤੋਂ ਆਣ ਬੇਲੀ ।
ਪਾਂਦੇ ਡੰਡ ਪਰ ਕੰਡ ਨਾ ਮੂਲ ਦੇਂਦੇ
ਪਏ ਜਾਨ ਨੂੰ ਕਰਨ ਕੁਰਬਾਨ ਬੇਲੀ ।
ਕਾਦਰਯਾਰ ਮਰਦੇ ਉੱਤੇ ਮੋਰਚੇ ਦੇ
ਦੋਵੇਂ ਸਿੱਖ ਤੇ ਨਾਲੇ ਪਠਾਣ ਬੇਲੀ ।੪।

ਸੇ ਸਾਬਤੀ ਦੇ ਨਾਲ ਸਿੱਖ ਯਾਰੋ
ਵੇਖੋ ਤਰਫ਼ ਪਠਾਣਾਂ ਦੀ ਬੜ੍ਹਨ ਲੱਗੇ ।
ਪਰੇ ਸੱਟ ਬੰਦੂਕ ਤੇ ਘੁੱਟ ਕੇ ਜੀ
ਹੱਥ ਵਿਚ ਸ਼ਮਸ਼ੀਰ ਫੜਨ ਲੱਗੇ ।
ਵਸਦੇ ਗੋਲਿਆਂ ਨੂੰ ਜਿਵੇਂ ਜਾਣ ਓਲੇ
ਸਿੱਧੇ ਵਿਚ ਮੈਦਾਨ ਦੇ ਵੜਨ ਲੱਗੇ ।
ਕਾਦਰਯਾਰ ਤਲਵਾਰ ਦੀ ਝੰਬ ਦੇ ਕੇ
ਦੁਸ਼ਮਣ ਦਾਣਿਆਂ ਦੇ ਵਾਂਗ ਛੜਨ ਲੱਗੇ ।੫।

ਜੀਮ ਜੰਗ ਦਾ ਰੰਗ ਤਾਂ ਹੋਰ ਹੋਇਆ
ਜਦੋਂ ਦੌੜ ਕੇ ਆਏ ਨਿਹੰਗ ਯਾਰੋ ।
ਸ਼ੇਰ ਬੱਬਰ ਵਾਂਗੂੰ ਹਥ ਤਬਰ ਫੜਕੇ
ਨਾਹਰਾ ਮਾਰਦੇ ਜਿਵੇਂ ਮਲੰਗ ਯਾਰੋ ।
ਜਮਾਂ ਹੋਇ ਕੇ ਮੋਰਚੇ ਵਲ ਆਏ
ਜਿਵੇਂ ਸ਼ਮਾ ਤੇ ਜਾਏ ਪਤੰਗ ਯਾਰੋ ।
ਕਾਦਰਯਾਰ ਪਠਾਣ ਤੇ ਸਿੱਖ ਦੋਵੇਂ
ਦਿੱਤੇ ਹੁਣ ਤਕਦੀਰ ਨੇ ਡੰਗ ਯਾਰੋ ।੬।

ਚੇ ਚੁਸਤੀ ਦੇ ਨਾਲ ਦੁੱਰਾਨੀਆਂ ਨੇ
ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ।
ਕਾਇਮ ਹੋਕੇ ਆਪਣੀ ਜਗਾ ਉੱਤੇ
ਨਾਹਰਾ ਮਾਰਦੇ ਖੂਬ ਲਲਕਾਰ ਯਾਰੋ ।
ਜਿਵੇਂ ਸ਼ੇਰ ਬੱਗੇ ਸਿਖ ਗਲੇ ਲੱਗੇ
ਸ਼ੁਰੂ ਹੋਈ ਤਲਵਾਰ ਦੀ ਮਾਰ ਯਾਰੋ ।
ਕਾਦਰਯਾਰ ਵਿਚਾਰ ਦੇ ਨਾਲ ਦੇਖੋ
ਸਿੱਖ ਇੱਕ ਪਠਾਣ ਜੇ ਚਾਰ ਯਾਰੋ ।੭।

ਹੇ ਹਲਾਲ ਦਾ ਚੰਨ ਜਿਵੇਂ ਚਮਕਦਾ ਏ
ਤਿਵੇਂ ਚਮਕਦੀ ਪਈ ਸ਼ਮਸ਼ੇਰ ਮੀਆਂ ।
ਇਕ ਵਾਰ ਜੇਹਨੂੰ ਧਾਰ ਵਹਿ ਜਾਵੇ
ਤਾਬ ਰਹੇ ਨਾ ਲੜਨ ਦੀ ਫੇਰ ਮੀਆਂ ।
ਜ਼ਿਮੀਂ ਲਹੂ ਦੇ ਨਾਲ ਤਾਂ ਲਾਲ ਹੋਈ
ਲੱਗੇ ਮੁਰਦਿਆਂ ਦੇ ਆਣ ਢੇਰ ਮੀਆਂ ।
ਕਾਦਰਯਾਰ ਆ ਕਹਿਰ ਨੇ ਜ਼ੋਰ ਪਾਇਆ
ਉੱਡ ਗਈ ਜਹਾਨ ਤੋਂ ਮਿਹਰ ਮੀਆਂ ।੮।

ਖ਼ੇ ਖੂਬ ਲੜਦੇ ਸਿੰਘ ਗੱਡ ਕੇ ਜੀ
ਕੱਢ ਦਿੱਤਾ ਪਠਾਣਾਂ ਦਾ ਧੂੰ ਮੀਆਂ ।
ਨਾਲ ਤੇਗ਼ ਫੱਟੇ ਕੀਤੇ ਦੰਦ ਖੱਟੇ
ਯਾਦ ਆਂਵਦਾ ਤੂੰ ਹੀ ਤੂੰ ਮੀਆਂ ।
ਇਕ ਦੂਸਰੇ ਨੂੰ ਕਤਲ ਕਰਨ ਯਾਰੋ
ਜਿਵੇਂ ਰੰਨ ਚਾ ਮਾਰਦੀ ਜੂੰ ਮੀਆਂ ।
ਕਾਦਰਯਾਰ ਤਲਵਾਰ ਚਲਾਈ ਸਿੱਖਾਂ
ਜਿਵੇਂ ਪੇਂਜਾ ਹੈ ਪਿੰਜਦਾ ਰੂੰ ਮੀਆਂ ।੯।

ਦਾਲ ਦੱਬ ਕੇ ਖ਼ਾਲਸਾ ਫੌਜ ਲੜੀ
ਜਿਵੇਂ ਚੜ੍ਹੀ ਝਨਾਂ ਦੀ ਕਾਂਗ ਯਾਰੋ ।
ਪਸ਼ੇਮਾਨ ਤੇ ਹੋ ਹੈਰਾਨ ਖਲ੍ਹੇ
ਭੁਲ ਗਈ ਪਠਾਣਾਂ ਨੂੰ ਬਾਂਗ ਯਾਰੋ ।
ਸਹਿੰਦੇ ਫੜਕ ਨਾ ਕੜਕਦੇ ਨਾਲ ਤੇਗਾਂ
ਜਿਵੇਂ ਲਕੜੀ ਦੀ ਹੁੰਦੀ ਛਾਂਗ ਯਾਰੋ ।
ਕਾਦਰਯਾਰ ਅਕਾਲੀਆਂ ਤਬਰ ਫੜ ਕੇ
ਕੀਤੀ ਆਣ ਪਠਾਣਾਂ ਦੀ ਛਾਂਗ ਯਾਰੋ ।੧੦।

ਡਾਲ ਡੌਰ ਹੋਏ ਨਾਲੇ ਭੌਰ ਹੋਏ
ਹੋਰ ਤੌਰ ਹੋਏ ਯਾਰੋ ਗ਼ਾਜ਼ੀਆਂ ਦੇ ।
ਹੋ ਕੇ ਚਾਕ ਰੁਲਦੇ ਵਿਚ ਖ਼ਾਕ ਦੇ ਜੀ
ਜੇਹੜੇ ਸਾਹਨ ਚੜ੍ਹਦੇ ਉਪਰ ਤਾਜ਼ੀਆਂ ਦੇ ।
ਧੁਰੋਂ ਹਾਰ ਨਸੀਬ ਨੂੰ ਧਾੜ ਪੈ ਗਈ
ਹੁਣ ਕੌਣ ਸੁਣਦਾ ਮਸਲੇ ਕਾਜ਼ੀਆਂ ਦੇ ।
ਕਾਦਰਯਾਰ ਵੁਜ਼ੂ ਨਾਲ ਲਹੂ ਕਰਦੇ
ਸੱਥਰ ਲੱਥੇ ਨੀ ਅੱਜ ਨਮਾਜੀਆਂ ਦੇ ।੧੧।

ਜ਼ਾਲ ਜ਼ਿਬਾਹ ਪਏ ਤਿੱਤਰਾਂ ਵਾਂਗ ਹੁੰਦੇ
ਦੇਂਦੇ ਕੰਡ ਨਾ ਮਿੱਤਰ ਪਿਆਰਿਆਂ ਨੂੰ ।
ਗਾਜ਼ੀ ਮਰਨ ਤੇ ਹੋਏ ਨੇ ਆਪ ਰਾਜ਼ੀ
ਕਰਕੇ ਯਾਦ ਆਪਣੇ ਪੀਰਾਂ ਸਾਰਿਆਂ ਨੂੰ ।
ਸਿੱਕ ਬੱਚਿਆਂ ਦੀ ਘਰ ਦੇ ਵਲ ਖਿੱਚੇ
ਦਿੱਸੇ ਰਾਹ ਨਾ ਕੋਈ ਵਿਚਾਰਿਆਂ ਨੂੰ ।
ਕਾਦਰਯਾਰ ਕਰਦੇ ਯਾਦ ਔਰਤਾਂ ਨੂੰ
ਜੇਹੜੀਆਂ ਗਿਣਦੀਆਂ ਪਈਆਂ ਨੇ ਤਾਰਿਆਂ ਨੂੰ ।੧੨।

ਰੇ ਰੱਖਿਆ ਜ਼ਰਾ ਨਾ ਫ਼ਰਕ ਬਾਕੀ
ਕੀਤੀ ਖ਼ਾਲਸੇ ਨੇ ਡਾਢੀ ਜ਼ੋਰੀਆਂ ਜੀ ।
ਬੇ-ਲਗਾਮ ਘੋੜੇ ਦੌੜੇ ਚਾਰ ਤਰਫ਼ੀਂ
ਤੇ ਸਵਾਰਾਂ ਦੀਆਂ ਕੀਤੀਆਂ ਪੋਰੀਆਂ ਜੀ ।
ਪਿਚਕਾਰੀ ਤਾਂ ਬਰਛੀ ਦੀ ਠੀਕ ਮਾਰੀ
ਖੂਬ ਖੇਡੀਆਂ ਖ਼ਾਲਸੇ ਹੋਰੀਆਂ ਜੀ ।
ਕਾਦਰਯਾਰ ਪਠਾਣਾਂ ਦੇ ਰੁਲਣ ਮੁਰਦੇ
ਜਿਵੇਂ ਰੁਲਦੀਆਂ ਬਾਗ਼ ਵਿਚ ਤੋਰੀਆਂ ਜੀ ।੧੩।

ਜ਼ੇ ਜ਼ੋਰ ਦੁੱਰਾਨੀਆਂ ਬਹੁਤ ਲਾਇਆ
ਐਪਰ ਪੇਸ਼ ਨਾ ਜਾਂਵਦੀ ਏਕ ਮੀਆਂ ।
ਕੇਹੜਾ ਪਾੜ ਤਲਵਾਰ ਦੇ ਆਣ ਮੇਲੇ
ਹਾੜ੍ਹੇ ਲਾ ਕੇ ਥੱਕੇ ਅਨੇਕ ਮੀਆਂ ।
ਕੰਧਾਂ ਕਾਬਲ ਦੀਆਂ ਗਈਆਂ ਕੰਬ ਯਾਰੋ
ਪਹੁੰਚਾ ਜਾ ਕੰਧਾਰ ਨੂੰ ਸੇਕ ਮੀਆਂ ।
ਕਾਦਰਯਾਰ ਪਠਾਣਾਂ ਦੇ ਵਿਚ ਸੀਨੇ
ਪਾਇਆ ਸ਼ਰਮ ਦੇ ਵਰਮ ਨੇ ਛੇਕ ਮੀਆਂ ।੧੪।

ਸੀਨ ਸਿੱਖਾਂ ਨੇ ਅੱਡੇ ਮੁਕਾ ਛੱਡੇ
ਪਏ ਧਾਰ ਤਲਵਾਰ ਨੂੰ ਆਣ ਫੱਡੇ ।
ਮਾਰ ਮਾਰ ਕੇ ਲਾ ਅੰਬਾਰ ਦਿੱਤੇ
ਯਾਰੋ ਸਿੱਖ ਤਲਵਾਰ ਦੇ ਧਨੀ ਵੱਡੇ ।
ਨਾਲ ਜੋਸ਼ ਪਠਾਣਾਂ ਤੋਂ ਤਰੋੜ ਦਿੱਤਾ
ਜਿਵੇਂ ਖੋਰ ਪੈ ਜਾਂਵਦੇ ਮਸਤ ਸੱਢੇ ।
ਕਾਦਰਯਾਰ ਲਲਕਾਰ ਵੰਗਾਰ ਦੇ ਨੇ
ਮਾਝੇ ਮਾਲਵੇ ਦੇ ਹੁਸ਼ਿਆਰ ਨੱਢੇ ।੧੫।

ਸ਼ੀਨ ਸ਼ੋਰ ਦਾ ਜ਼ੋਰ ਹੁਣ ਬਹੁਤ ਹੋਇਆ
ਡਾਢੀ ਆਣ ਹੋਈ ਸ਼ੁਰੂ ਕੱਟ ਯਾਰੋ ।
ਸਿਰ ਸੱਟ ਕੇ ਪਏ ਪਠਾਣ ਲੜਦੇ
ਦਿੱਤਾ ਸੈਆਂ ਨਿਹੰਗਾਂ ਨੂੰ ਫੱਟ ਯਾਰੋ ।
ਝਟ ਸਿੱਖ ਆਪਣਾ ਬਦਲਾ ਲੈਣ ਕਾਰਣ
ਵਾਂਗ ਬਾਜ਼ਾਂ ਦੇ ਮਾਰਦੇ ਝੱਟ ਯਾਰੋ ।
ਕਾਦਰਯਾਰ ਪਠਾਣਾਂ ਦੀ ਫੌਜ ਅੰਦਰ
ਪਿਆ ਆਣ ਕੇ ਹੁਣ ਕੁਰਲੱਟ ਯਾਰੋ ।੧੬।

ਸੁਆਦ ਸਾਫ਼ ਲੜਾਈ ਦਾ ਹਾਲ ਸਾਰਾ
ਇੱਕ ਉੱਚੀ ਪਹਾੜੀ ਦੇ ਸਿਰੇ ਚੜ੍ਹਕੇ ।
ਰਣਜੀਤ ਸਿੰਘ ਸਰਕਾਰ ਨੇ ਆਪ ਡਿੱਠਾ
ਅੱਖੀਂ ਨਾਲ ਯਾਰੋ ਦੂਰਬੀਨ ਧਰ ਕੇ ।
ਕਿਸ ਤਰ੍ਹਾਂ ਨਿਹੰਗਾਂ ਨੇ ਪਕੜ ਤੇਗਾਂ
ਲਾਹ ਦਿੱਤੇ ਪਠਾਣਾਂ ਦੇ ਮਾਰ ਫੜਕੇ ।
ਕਾਦਰਯਾਰ ਸਰਕਾਰ ਮਾਲੂਮ ਕੀਤਾ
ਦਿਲ ਵਿਚ ਹੁਣ ਸਭ ਪਠਾਣ ਧੜਕੇ ।੧੭।

ਜ਼ੁਆਦ ਜ਼ਰੂਰ ਸਰਕਾਰ ਦੇ ਨਾਲ ਯਾਰੋ
ਹੈਸੀ ਚਾਰ ਹਜ਼ਾਰ ਅਸਵਾਰ ਮੀਆਂ ।
ਇੱਕ ਢਾਲ ਹੇਠਾਂ ਸੱਭੇ ਮਰਨ ਵਾਲੇ
ਵਿਚ ਲੜਨ ਦੇ ਬਹੁਤ ਹੁਸ਼ਿਆਰ ਮੀਆਂ ।
ਤੁਰਤ ਹੇਠ ਪਹਾੜੀ ਤੋਂ ਉੱਤਰ ਕੇ ਜੀ
ਨਾਲ ਜੁੱਰਤ ਦੇ ਥੱਧੀ ਕਤਾਰ ਮੀਆਂ ।
ਕਾਦਰਯਾਰ ਨੱਕਾਰੇ ਤੇ ਚੋਟ ਲਾਈ
ਆਈ ਜੰਗ ਦੇ ਵਲ ਸਰਕਾਰ ਮੀਆਂ ।੧੮।

ਤੋਏ ਤਰਫ ਮੈਦਾਨ ਦੇ ਚਟਕ ਆਏ
ਜਿਵੇਂ ਚੁੰਗੀਆਂ ਮਾਰਦੇ ਬੱਕ ਯਾਰੋ ।
ਹੱਥ ਪਕੜ ਨੇਜ਼ੇ ਮਾਰੋ ਮਾਰ ਕਰਦੇ
ਵੜਦੇ ਵਿਚ ਮੈਦਾਨ ਬੇ-ਝੱਕ ਯਾਰੋ ।
ਸਿਰ ਗਿਆਾ ਤੇ ਜਾਏ ਬੇ-ਸ਼ਕ ਉਸ ਦਾ
ਜਗ ਵਿਚ ਰਿਹਿਆ ਜਿਸ ਦਾ ਨੱਕ ਯਾਰੋ ।
ਕਾਦਰਯਾਰ ਸਰਕਾਰ ਨੂੰ ਵੇਖ ਕੇ ਤੇ
ਤਰੁੱਟ ਗਿਆ ਪਠਾਣਾਂ ਦਾ ਛੱਕ ਯਾਰੋ ।੧੯।

ਜ਼ੋਏ ਜ਼ਾਹਰਾ ਰਿਹਾ ਨਾ ਜ਼ਰਾ ਫ਼ਕਾ
ਲੱਗਾ ਜਦੋਂ ਅਸਵਾਰਾਂ ਦਾ ਆਣ ਧੱਕਾ ।
ਜਿਵੇਂ ਛੱਤ ਹੇਠੋਂ ਕੜੱਕ ਪਾਟ ਜਾਵੇ
ਢੈ ਪੈਂਦਾ ਏ ਝੱਟ ਮਕਾਨ ਪੱਕਾ ।
ਤਿਵੇਂ ਹਿੱਲ ਪੈ ਗਈ ਦੁੱਰਾਨੀਆਂ ਨੂੰ
ਕੇਹੜਾ ਵਲ ਕੇ ਦੇਵਸੀ ਆਣ ਡੱਕਾ ।
ਕਾਦਰਯਾਰ ਪਠਾਣ ਨਾ ਰਹੇ ਕਾਇਮ
ਸਾਰਾ ਜ਼ੋਰ ਅਲੀ ਅਕਬਰ ਲਾ ਥੱਕਾ ।੨੦।

ਐਨ ਅਕਲ ਸਾਰੀ ਮਾਰੀ ਗਈ ਯਾਰੋ
ਐਸੀ ਪਈ ਪਠਾਣਾਂ ਨੂੰ ਫੰਡ ਮੀਆਂ ।
ਇਕ ਘੜੀ ਦੇ ਵਿਚ ਅਕਾਲੀਆਂ ਨੇ
ਲਿਆ ਦਾਲ ਫੁਲਕਾ ਉਥੇ ਵੰਡ ਮੀਆਂ ।
ਕਖ ਰਿਹਾ ਨਾ ਪਲੇ ਦੁੱਰਾਨੀਆਂ ਦੇ
ਚਾਰੇ ਕੰਨੀਆਂ ਚਲੇ ਨੀ ਛੰਡ ਮੀਆਂ ।
ਕਾਦਰਯਾਰ ਪਠਾਣਾਂ ਨਮਾਣਿਆਂ ਨੇ
ਦਿੱਤੀ ਉੱਤੇ ਮੈਦਾਨ ਦੇ ਕੰਡ ਮੀਆਂ ।੨੧।

ਗ਼ੈਨ ਗ਼ਰੂਰ ਦੇ ਨਾਲ ਨਿਹੰਗ ਸਾਰੇ
ਨੱਸਦੇ ਗ਼ਾਜ਼ੀਆਂ ਨੂੰ ਕਰਦੇ ਚੂਰ ਯਾਰੋ ।
ਇਕ ਆਣ ਦੇ ਵਿਚ ਮੈਦਾਨ ਸਾਰਾ
ਹੋਇਆ ਮੁਰਦਿਆਂ ਨਾਲ ਭਰਪੂਰ ਯਾਰੋ ।
ਨੇੜੇ ਰਹਿਆ ਨਾ ਇਕ ਪਠਾਣ ਜ਼ਿੰਦਾ
ਬਚ ਗਿਆ ਜੇਹੜਾ ਗਿਆ ਦੂਰ ਯਾਰੋ ।
ਕਾਦਰਯਾਰ ਸ਼ਰਾਬ ਬਹਾਦੁਰੀ ਨੇ
ਕੀਤਾ ਸਿੰਘਾਂ ਨੂੰ ਬਹੁਤ ਮਖ਼ਮੂਰ ਯਾਰੋ ।੨੨।

ਫੇ ਫੇਰ ਨਾ ਪਵੇ ਅੰਧੇਰ ਐਸਾ
ਹੈ ਵਿਰਦ ਇਹ ਮੇਰੀ ਜ਼ਬਾਨ ਉੱਤੇ ।
ਬਾਦਸ਼ਾਹ ਕੁਰਾਹੇ ਨਾ ਪੈਣ ਯਾਰੋ
ਕਾਇਮ ਰਹਿਣ ਸਭ ਆਪਣੇ ਈਮਾਨ ਉੱਤੇ ।
ਪੂਰਾ ਅੱਸੀ ਹਜ਼ਾਰ ਪਠਾਣ ਯਾਰੋ
ਕਤਲ ਹੋਇਆ ਨੁਸ਼ਹਿਰੇ ਮੈਦਾਨ ਉੱਤੇ ।
ਕਾਦਰਯਾਰ ਸਰਕਾਰ ਨੇ ਫ਼ਤਿਹ ਪਾਈ
ਧੁੰਮ ਪਈ ਏ ਸਾਰੇ ਜਹਾਨ ਉੱਤੇ ।੨੩।

ਕਾਫ਼ ਕਾਬੁਲ ਸ਼ਿਕਸਤ ਦੀ ਖ਼ਬਰ ਪਹੁੰਚੀ
ਪਿਆ ਵਖਤ ਕੰਧਾਂ ਹੋਈਆਂ ਕਾਲੀਆਂ ਜੀ ।
ਤੇਰੇ ਖ਼ਾਨ ਸਾਰੇ ਸੋਹਣੀ ਸ਼ਾਨ ਵਾਲੇ
ਮਾਰੇ ਵਿਚ ਮੈਦਾਨ ਅਕਾਲੀਆਂ ਜੀ ।
ਤੇਰੇ ਬਾਗ਼ ਦੇ ਵਿਚ ਨਾ ਜ਼ਾਗ਼ ਲਭਦਾ
ਉੱਡ ਗਏ ਤੋਤੇ ਮੈਨਾ ਲਾਲੀਆਂ ਜੀ ।
ਕਾਦਰਯਾਰ ਨਿਹੰਗਾਂ ਨੇ ਪੀ ਭੰਗਾਂ
ਫ਼ਲ ਵੱਢ ਸੁੱਟੇ ਸਣੇ ਡਾਲੀਆਂ ਜੀ ।੨੪।

ਕਾਫ਼ ਕਹਿਰ ਖ਼ੁਦਾ ਦਾ ਪਵੇ ਸਿੱਖੋ
ਕਹਿਣ ਲਹਿਰ ਦੇ ਵਿਚ ਪਠਾਣੀਆਂ ਜੀ ।
ਅੱਛੀ ਕੀਤੀ ਜੇ ਜ਼ਾਲਮੋ ਨਾਲ ਸਾਡੇ
ਮਾਰੀ ਵਿਚ ਕ਼ਲੇਜੇ ਦੇ ਕਾਨੀਆਂ ਜੀ ।
ਰੱਬ ਕਰੇ ਜੇ ਚੜ੍ਹੇ ਗ਼ਨੀਮ ਕੋਈ
ਵਿਚੋਂ ਰੂਸ ਯਾ ਲਸ਼ਕਰ ਕੱਰਾਨੀਆਂ ਜੀ ।
ਕਾਦਰਯਾਰ ਅਜ ਗ਼ੈਬ ਦਾ ਪਵੇ ਗੋਲਾ
ਰੋਣ ਵਿਚ ਪੰਜਾਬ ਜ਼ਨਾਨੀਆਂ ਜੀ ।੨੫।

ਗਾਫ਼ ਗੁਰੂ ਨੇ ਰੱਖੀ ਹੈ ਲਾਜ ਮੇਰੀ
ਮੂੰਹੋਂ ਬੋਲਿਆ ਫੇਰ ਮਹਾਰਾਜ ਸਾਈਂ ।
ਗੁਰੂ ਮਾਲਕ ਹੈ ਦੋ ਜਹਾਨ ਦਾ ਜੀ
ਕੇਹੜੀ ਥਾਂ ਜਿੱਥੇ ਉਹਦਾ ਰਾਜ ਨਾਹੀਂ ।
ਬਿਨਾਂ ਹੁਕਮ ਕੋਈ ਤਾਜ਼ ਨੂੰ ਨਹੀਂ ਪਾਵੇ
ਬਿਨਾਂ ਹੁਕਮ ਆਵੇ ਕਿਸੇ ਭਾਜ ਨਾਹੀਂ ।
ਕਾਦਰਯਾਰ ਖ਼ੁਰਸੰਦ ਹੈ ਉਹ ਬੰਦਾ
ਬਿਨਾਂ ਬੰਦਗੀ ਦੇ ਦੂਜਾ ਕਾਜ ਨਾਹੀਂ ।੨੬।

ਲਾਮ ਲੰਘ ਗਿਆ ਰੋਜ਼ ਜੰਗ ਵਾਲਾ
ਉੱਤੋਂ ਮੂੰਹ ਆਈ ਕਾਲੀ ਰਾਤ ਯਾਰੋ ।
ਸਿੰਘ ਉੱਤੇ ਮੈਦਾਨ ਦੇ ਤਾਣ ਦਿੰਦੇ
ਛੌਲਦਾਰੀਆਂ ਤੰਬੂ ਕਨਾਤ ਯਾਰੋ ।
ਸਮਿਆਨ ਫਿਰ ਖਾਣ ਦਾ ਕਰਨ ਲੱਗੇ
ਆਣ ਚੜ੍ਹਨ ਲੱਗੀ ਦਾਲ ਭਾਤ ਯਾਰੋ ।
ਕਾਦਰਯਾਰ ਅਕਾਲੀਆਂ ਫੇਰ ਚੌਕੇ
ਆਟੇ ਗੁੱਧੇ ਨੀ ਵਿਚ ਪਰਾਤ ਯਾਰੋ ।੨੭।

ਮੀਮ ਮੂੰਹ ਅਨੇਰ੍ਹੇ ਨਿਹੰਗ ਸਾਰੇ
ਫੇਰਾ ਪਾਂਵਦੇ ਵਿਚ ਮੈਦਾਨ ਦੇ ਜੀ ।
ਵਿਚ ਮੁਰਦਿਆਂ ਦੇ ਟੁਰਦੇ ਨਜ਼ਰ ਕਰਕੇ
ਮੋਇਆਂ ਯਾਰਾਂ ਨੂੰ ਪਏ ਪਛਾਣਦੇ ਜੀ ।
ਹੱਥ ਜੋੜ ਅਰਦਾਸ ਕਰਨ ਗੁਰੂ ਅੱਗੇ
ਜਦੋਂ ਯਾਰ ਦਾ ਮੂੰਹ ਸਿੰਞਾਣਦੇ ਜੀ ।
ਕਾਦਰਯਾਰ ਨਿਹੰਗ ਮਲੰਗ ਬਣ ਕੇ
ਸਤਿ ਸ੍ਰੀ ਅਕਾਲ ਗਜਾਂਵਦੇ ਜੀ ।੨੮।

ਨੂੰਨ ਨਾਹਸ਼ ਫੂਲਾ ਸਿੰਘ ਸੂਰਮੇ ਦੇ
ਹੋਈ ਬਹੁਤ ਤਾਲਾਸ਼ ਮੈਦਾਨ ਉੱਤੇ ।
ਹੋਏ ਹੱਕੇ ਬੱਕੇ ਸੱਭੇ ਲੱਭ ਥੱਕੇ
ਮਹਾਰਾਜ ਦੇ ਖ਼ਾਸ ਫ਼ਰਮਾਨ ਉੱਤੇ ।
ਯਾ ਉਹ ਗ਼ਰਕ ਹੋ ਵੜੀ ਜ਼ਮੀਨ ਦੇ ਵਿੱਚ
ਯਾ ਕਿ ਬਰਕ ਹੋ ਕੇ ਚੜ੍ਹੀ ਅਸਮਾਨ ਉੱਤੇ ।
ਕਾਦਰਯਾਰ ਨਿਹੰਗ ਹੈਰਾਨ ਖੱਲ੍ਹੇ
ਨਹੀਂ ਠਹਿਰਦੇ ਕਿਸੇ ਕਮਾਨ ਉੱਤੇ ।੨੯।

ਵਾਓ ਵਿਚ ਮੈਦਾਨ ਦੇ ਮੁਰਦਿਆਂ ਦਾ
ਲੱਗਾ ਆਣ ਸੀ ਬੜਾ ਇਕ ਢੇਰ ਮੀਆਂ ।
ਐਸੀ ਹੋਰ ਕਤਲਾਮ-ਗਾਹ ਖਤਰ ਵਾਲੀ
ਨਜ਼ਰ ਆਵੇ ਨਾ ਚਾਰ ਚੁਫ਼ੇਰ ਮੀਆਂ ।
ਟੰਗਾਂ ਬਾਹਾਂ ਦਾ ਚੰਗਾ ਅੰਬਾਰ ਲੱਗਾ
ਸਿਰੀਆਂ ਰੁਲਦੀਆਂ ਵਾਂਗਰਾਂ ਬੇਰ ਮੀਆਂ ।
ਕਾਦਰਯਾਰ ਸਰਕਾਰ ਨੇ ਵੇਖ ਕਹਿਆ
ਹੋਸੀ ਹੇਠ ਇਸ ਢੇਰ ਦੇ ਸ਼ੇਰ ਮੀਆਂ ।੩੦।

ਹੇ ਹੋ ਹੁਸ਼ਿਆਰ ਤਿਆਰ ਸਾਰੇ
ਲੱਗੇ ਫੋਲਣੇ ਉਸ ਅੰਬਾਰ ਨੂੰ ਜੀ ।
ਹੱਥਾਂ ਨਾਲ ਹਟਾਂਵਦਾ ਆਪ ਮੁਰਦੇ
ਐਸਾ ਸ਼ੌਕ ਸੀ ਖ਼ਾਸ ਸਰਕਾਰ ਨੂੰ ਜੀ ।
ਬਿਸੀਆਰ ਤਲਾਸ਼ ਦੇ ਬਾਦ ਯਾਰੋ
ਪੁੰਨੀ ਆਸ ਸਭਦੀ ਆਖ਼ਰ-ਕਾਰ ਨੂੰ ਜੀ ।
ਕਾਦਰਯਾਰ ਨਿਕਾਲਿਆ ਢੇਰ ਹੇਠੋਂ
ਫੂਲਾ ਸਿੰਘ ਦਲੇਰ ਸਰਦਾਰ ਨੂੰ ਜੀ ।੩੧।

ਯੇ ਯਾਦ ਕਰ ਕੇ ਮਰਦਿਆਈ ਉਸ ਦੀ
ਮਹਾਰਾਜ ਨੇ ਦਿੱਤੀ ਦੁਹਾਈ ਯਾਰੋ ।
ਕਰੇ ਸ਼ੁਕਰ ਅਕਾਲ ਦਾ ਫ਼ੌਜ ਸਾਰੀ
ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ ।
ਸਭ ਸਿੰਘ ਸਰਦਾਰ ਅਰਦਾਸ ਕਰਦੇ
ਨਦੀ ਹੰਝੂ ਨਾ ਕਿਸੇ ਵਗਾਈ ਯਾਰੋ ।
ਕਾਦਰਯਾਰ ਸਰਕਾਰ ਆਰਦਾਸ ਕੀਤੀ
ਏਥੇ ਜਾਏ ਸਮਾਧ ਬਣਾਈ ਯਾਰੋ ।੩੨।੬।

(ਨੋਟ: ਇਹ ਰਚਨਾ ਸਰਦਾਰ ਗੰਡਾ ਸਿੰਘ ਦੁਆਰਾ
ਸੰਪਾਦਿਤ ਕਿਤਾਬ ਤੇ ਨਿਰਧਾਰਤ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਾਦਰਯਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ