Harfan Di Chanani : Kanwarjeet Singh Sidhu

ਪੰਜਾਬੀ ਕਵਿਤਾਵਾਂ : ਹਰਫ਼ਾਂ ਦੀ ਚਾਨਣੀ ਕੰਵਰਜੀਤ ਸਿੰਘ ਸਿੱਧੂ

1. ਕਬੂਲ ਕਰੋ

ਦਿਲ ਦੇ ਕੁਝ ਖਿਆਲਾਤ ਕਬੂਲ ਕਰੋ
ਸੁੱਚੇ ਮੋਤੀ ਜੇਹੇ ਜਜ਼ਬਾਤ ਕਬੂਲ ਕਰੋ

ਬਾਕੀ ਗੱਲਾਂ ਬਾਤਾਂ ਕਦੇ ਫੇਰ ਸਹੀ
ਹੁਣ ਤਾਂ ਬੱਸ ਏਨੀ ਬਾਤ ਕਬੂਲ ਕਰੋ

ਹੋਰਾਂ ਨੂੰ ਮਿਲਦੇ ਹੋ ਹੱਸ ਹੱਸ ਕੇ
ਸਾਡੀ ਵੀ ਇਕ ਮੁਲਾਕਾਤ ਕਬੂਲ ਕਰੋ

ਮੇਰੇ ਲਈ ਇਹ ਜਜ਼ਬੇ ਹੀ ਨੇ ਕਾਫੀ
ਆਪਣੇ ਫਾਈਲਨ, ਫਾਈਲਾਤ ਕਬੂਲ ਕਰੋ

ਮੇਰੀ ਤਾਂ ਹੈ ਇਹੋ ਸ਼ੌਂਕ ਦੀ ਪੂੰਜੀ
ਇਹ ਹਰਫ਼ਾਂ ਦੀ ਸੌਗਾਤ ਕਬੂਲ ਕਰੋ

ਪੂਰਾ ਕੋਈ ਸ਼ਖ਼ਸ ਨਾ ਧਰਤੀ 'ਤੇ
ਹੈ ਮੇਰੀ ਵੀ ਕੋਈ ਘਾਟ ਕਬੂਲ ਕਰੋ

ਕਦ ਕਿਹਾ ਕਿ ਸਾਰੀ ਪਿਆਸ ਬੁਝਾਵਾਂਗਾ
ਥੋੜ੍ਹੀ ਬਿਨ ਬੱਦਲ ਬਰਸਾਤ ਕਬੂਲ ਕਰੋ

ਕਹਿੰਦੀ ਏ ਦੁਨੀਆ ਸੱਚ ਨੂੰ ਅਕਸਰ
ਜ਼ਹਿਰ ਪਿਆਲਾ ਜੀ ਸੁਕਰਾਤ ਕਬੂਲ ਕਰੋ

ਵਾਕਾਂ ਅੰਦਰ ਲਫ਼ਜ਼ ਬੀੜਨੇ ਕਿਹੜਾ ਸੌਖੇ
'ਕੰਵਰ' ਦੀ ਇਹ ਕਰਾਮਾਤ ਕਬੂਲ ਕਰੋ।

2. ਨਾ ਜਾਣ ਨਿਮਾਣੇ ਲਫ਼ਜ਼ਾਂ ਨੂੰ

ਨਾ ਜਾਣ ਨਿਮਾਣੇ, ਲਫ਼ਜ਼ਾਂ ਮੂਹਰੇ ਸ਼ਾਹ ਸਿਕੰਦਰ ਹਰਗੇ
ਜੋ ਕਰ ਸਕੀਆਂ ਨਾ ਤਲਵਾਰਾਂ, ਕਵਿਤਾ ਦੇ ਅੱਖਰ ਕਰਗੇ

ਹੱਸਦਾ ਸੀ ਤਾਂ ਚੜ੍ਹਦਾ ਸੀ ਨਿੱਤ ਅੰਬਰ 'ਤੇ ਕੋਈ ਤਾਰਾ
ਉਹ ਰੋਇਆ ਤਾਂ ਅੱਜ ਜੁੱਗ ਦੇ ਸਭ ਤਪਦੇ ਸੂਰਜ ਠਰਗੇ

ਡੋਲੀ ਵਿਚ ਆਈ ਸੀ ਗੂੜ੍ਹੀ ਮਹਿੰਦੀ ਲਾ ਕੇ, ਰੂਪ ਸਜਾ ਕੇ
ਸੁਰਮੇ ਸੰਗ ਸੁਪਨੇ ਸਾਰੇ, ਉਸਦੇ ਹੰਝੂਆਂ ਵਿਚ ਖਰਗੇ

ਧੁੰਦਲੀਆਂ ਯਾਦਾਂ ਦੀ ਇਕ ਪਿਟਾਰੀ ਹੀ ਹੈ ਸਾਂਭ ਕੇ ਰੱਖੀ
ਰੰਗਲੇ ਸੁਪਨੇ ਸੀ ਜੋ ਰੌਸ਼ਨ ਰਾਤਾਂ ਦੇ, ਉਹ ਸਭ ਮਰਗੇ

ਮਾਵਾਂ ਸਿਵਿਆਂ ਵਿਚ, ਬਾਪੂ ਜੇਲ੍ਹਾਂ ਅੰਦਰ ਬੁੱਢੇ ਹੋ ਗਏ ਨੇ
ਮਾਰਾਂ ਵਕਤ ਦੀਆਂ ਨੂੰ ਮੇਰੇ ਵਤਨੀ ਭਾਣੇ ਵਾਂਗੂੰ ਜਰਗੇ

ਝੂਠਾ, ਧੋਖੇਬਾਜ਼, ਕਮੀਨਾ, ਕਾਤਲ, ਕਾਇਰ, ਦੇਸ਼-ਧ੍ਰੋਹੀ
ਉਹ ਮੇਰੀ ਝੋਲੀ ਮੱਲੋਮੱਲੀ ਕਿੰਨੇ ਹੀ ਨੇ ਆਨਰ ਧਰਗੇ

ਕਹਿੰਦੇ ਸੀ ਜੋ ਰਾਤਾਂ ਨੂੰ ਵੀ ਚਾਨਣ ਬਣ ਬਣ ਚਮਕਾਂਗੇ
ਆਪਣੀ ਹੀ ਪਰਛਾਈਓਂ ਉਹ ਸਿਖਰ ਦੁਪਹਿਰੇ ਡਰਗੇ

ਖਾ-ਖਾ ਧਾਨ ਧਰਮ ਦਾ, ਗੋਗੜ ਜਾਣ ਵਧਾਈ ਬਾਬੇ
ਲੋਕ ਹੱਕਾਂ ਦੀ ਮੱਕੀ ਚਾਬੂ, ਵਿਹਲਿਆਂ ਦੇ ਵੱਗ ਚਰਗੇ

ਕਦੇ ਜੋ ਵਾਜਾਂ ਮਾਰ ਬੁਲਾਉਂਦੇ, ਕੋਲ ਬਿਠਾਉਂਦੇ ਸੀ
ਗਲਤੀ ਮੇਰੀ ਸਦਕਾ, ਮਿਲਣੋਂ ਗਿਲਣੋਂ ਵੀ ਨੇ ਸਰਗੇ

ਉਂਜ ਤਾਂ ਸਾਰੀ ਜਿੰਦਗੀ ਮਨ ਦਾ ਪੰਛੀ ਰਿਹਾ ਪਿਆਸਾ
ਪਰ ਖੌਰੇ ਕਿਸ ਗੱਲ ਤੋਂ ਅੱਜ ਕੋਏ ਅੱਖਾਂ ਦੇ ਭਰਗੇ

ਨੀ ਕਿੱਥੇ ਕਿੱਥੇ ਟੋਲੇਂਗੀ, ਤੂੰ ਬਾਲ ਕੇ ਦੀਵਾ ਤਲੀਏ
ਕਿੰਨੇ ਕੁ ਮਿਲ ਜਾਣੇ, ਇਸ ਦੁਨੀਆ ਤੇ ਮੇਰੇ ਵਰਗੇ

ਗੱਲ ਦਿਲ ਨੂੰ ਲਾ ਕੇ, ਠੋਕਰ ਖਾ ਕੇ, ਜਿੰਦ ਤੜਫਾ ਕੇ
ਗ਼ਜ਼ਲਾਂ ਦੇ ਗਲ ਲੱਗ ਰੋਂਦੇ ਕਈ 'ਕੰਵਰ' ਦੇ ਅਰਗੇ।

3. ਕਿਸਦੀ ਕਿਸਦੀ ਮੰਨਾਂ

ਕਿਸਦੀ ਕਿਸਦੀ ਮੰਨਾਂ ਮੈਂ ਕਿਸ ਕਿਸ ਨੂੰ ਸਮਝਾਵਾਂ
ਚਾਰ ਕੁ ਪੜ੍ਹਣੇ ਵਾਲੇ ਦਿੰਦੇ ਹਨ ਹਜ਼ਾਰ ਸਲਾਹਵਾਂ

ਜਜ਼ਬੇ ਦਿਲ ਦੇ ਡਾਢੇ ਤੀਬਰ ਵਗਦੇ ਵਾਂਗ ਹਵਾਵਾਂ
ਬੋਲ ਮੁਹੱਬਤ ਵਾਲੇ ਰੁਕਦੇ ਨਾ, ਚੁੰਮ ਕਲੇਜੇ ਲਾਵਾਂ

ਹਰ ਦੁੱਖ-ਸੁੱਖ ਦੇ ਮੌਕੇ ਇਹ ਗੀਤ ਮੇਰਾ ਸਿਰਨਾਵਾਂ
ਇਹ ਗੀਤ ਮੈਂ ਗਾ-ਗਾ ਆਪੇ ਹੰਝੂਆਂ ਨੂੰ ਵਰਚਾਵਾਂ

ਸਾਰੇ ਬੋਲ ਪਿਆਰੇ ਮੈਨੂੰ, ਕੀ ਕਿਹੜਾ ਇਕ ਸਲਾਵ੍ਹਾਂ
ਉਂਗਲ ਧਰਕੇ ਤੂੰ ਹੀ ਦੱਸਦੇ ਨੀ ਕੀ ਮੈਂ ਅੱਜ ਸੁਣਾਵਾਂ

ਕੋਈ ਗੀਤ ਕਦੇ ਮੈਂ ਆਪਣਾ ਆਪੇ ਚੋਰੀ ਚੋਰੀ ਗਾਵਾਂ
ਕੋਈ ਗੀਤ ਜਿਉਂਦਾ ਕਰਦਾ, ਕੋਈ ਗਾ ਕੇ ਮਰ ਜਾਵਾਂ

ਤੇਰੀ ਖੈਰ ਦੀ ਖਾਤਰ ਇਹ ਬੋਲ ਦਾ ਵਣਜ ਕਮਾਵਾਂ
ਸਾਰੇ ਗੀਤ ਸੁਨੇਹੇ ਤੈਨੂੰ, ਇਹ ਤੇਰੇ ਲਈ ਦੁਆਵਾਂ

ਕਦੇ 'ਕੰਵਰ' ਦਾ ਲੱਭਣਾ ਪੈ ਜਾਏ ਜੇਕਰ ਸਿਰਨਾਵਾਂ
ਛੁਪਿਆ ਹੋਇਆ ਲੱਭ ਜਾਊ ਅੱਖਰ ਕੋਈ ਭੁਲਾਵਾਂ।

4. ਪੁੱਜਣਾ ਹੈ

ਉੱਚਾ ਨਿਸ਼ਾਨਾ ਦੂਰ ਦੀ ਮੰਜ਼ਲ, ਪੈਂਡਾ ਮੁਸ਼ਕਿਲ ਹੈ
ਪਰ ਜਦ ਮਨ ਵਿਚ ਧਾਰੀ, ਪੁੱਜਣਾ ਹੈ ਤਾਂ ਪੁੱਜਣਾ ਹੈ

ਉਸ ਸ਼ਾਹ ਅਸਵਾਰ ਪਿਆਰੇ ਦੇ ਨੀਲੇ ਰੰਗ ਵਰਗਾ
ਸਾਨੂੰ ਵੀ ਦੇ ਰੰਗ ਲਲਾਰੀ, ਪੁੱਜਣਾ ਹੈ ਤਾਂ ਪੁੱਜਣਾ ਹੈ

ਸੱਪਾਂ ਵਾਂਗੂੰ ਰੀਂਗ ਰੀਂਗ ਕੇ ਤੁਰਨਾ ਪਰਵਾਨ ਨਹੀਂ
ਸਾਡੀ ਬਾਜਾਂ ਜਿਹੀ ਉਡਾਰੀ, ਪੁੱਜਣਾ ਹੈ ਤਾਂ ਪੁੱਜਣਾ ਹੈ

ਨਫ਼ੀ-ਜਮ੍ਹਾਂ ਦੇ ਚੱਕਰਾਂ ਵਿਚ ਜੋ ਉਮਰ ਲੰਘਾ ਦਿੰਦੇ
ਨਾ ਸਿੱਕਿਆਂ ਦੇ ਵਿਉਪਾਰੀ, ਪੁੱਜਣਾ ਹੈ ਤਾਂ ਪੁੱਜਣਾ ਹੈ

ਚੱਲਣਾ ਸਿੱਖਿਆ ਹੈ ਖੰਡੇ ਦੀਆਂ ਤਿੱਖੀਆਂ ਧਾਰਾਂ ਤੇ
ਚਲਦੀ ਰਹੇ ਸੀਸ 'ਤੇ ਆਰੀ, ਪੁੱਜਣਾ ਹੈ ਤਾਂ ਪੁੱਜਣਾ ਹੈ।

5. ਦਰਵੇਸ਼ੀਆਂ ਦੇ ਗੀਤ

ਨਵੇਂ ਰੰਗ ਦੇ ਰੰਗਿਆਂ ਝੱਲਿਆਂ ਨੂੰ, ਚੇਤਾ ਭੁੱਲਿਆ ਗੱਲਾਂ ਪੁਰਾਣੀਆਂ ਦਾ
ਤੂੰ ਆਣ ਕੇ ਕੋਈ ਗੱਲ ਛੇੜੇਂ, ਜਾਗੇ ਫੇਰ ਤੋਂ ਪੂਰ ਪੁਰਾਣੇ ਹਾਣੀਆਂ ਦਾ
ਕੋਇਲ ਦੀ ਕੂਕ ਤੇ ਚਿੜੀ ਦੀ ਚਹਿਕ ਮੁੱਕੀ, ਮੁੱਕੀਆਂ ਖੇਤਾਂ 'ਚੋਂ ਛੱਲੀਆਂ ਨੇ
ਬਾਂਗਾਂ ਦੇਣੀਆਂ ਭੁੱਲੀਆਂ ਕੁੱਕੜਾਂ ਨੂੰ, ਟੁੱਟੀਆਂ ਬਲਦਾਂ ਦੇ ਗਲੋਂ ਟੱਲੀਆਂ ਨੇ
ਮਾਰੀ ਬਾਂਕਿਆਂ ਨੇ ਬੁੱਕਲ ਆਲਸਾਂ ਦੀ, ਡੱਬ ਗੈਬ ਨੇ ਡੱਬੀਆਂ ਖੇਸੀਆਂ ਦੇ
ਪੂਰਨ ਸਿੰਘ ਦੇ ਦੇਸ ਪੰਜਾਬ ਅੰਦਰ, ਗਾਵੇ ਕੌਣ ਹੁਣ ਗੀਤ ਦਰਵੇਸ਼ੀਆਂ ਦੇ।

ਤਖ਼ਤ ਤੇ ਤਾਜ ਦੀ ਮੜਕ ਭੁੱਲੀ, ਭੁੱਲ ਗਏ ਕੋਹਿਨੂਰ ਜਿਹੇ ਹੀਰਿਆਂ ਨੂੰ
ਅੱਜ ਕੇਸਾਂ ਕਾਲਿਆਂ ਦੀ ਵੀ ਸ਼ਾਨ ਭੁੱਲੀ, ਅਜੀਤ-ਜੁਝਾਰ ਦੇ ਵੀਰਿਆਂ ਨੂੰ
ਬੋੜੇ ਖੂਹਾਂ ਜਿਹੇ ਮੂੰਹਾਂ ਉੱਤੇ ਯਾਰੋ, ਲੱਭੇ ਸ਼ਾਨ ਨਾ ਦਾੜ੍ਹੀਆਂ ਸੱਸੀਆਂ ਦੀ
ਪੁੰਨੂੰ ਗਏ ਥਲਾਂ ਤੋਂ ਪਾਰ ਕਿੱਧਰੇ, ਲਵੇ ਸਾਰ ਕੌਣ ਸਾੜੀਆਂ ਸੱਸੀਆਂ ਦੀ
ਸਾਡੇ ਖੰਡਰਾਂ 'ਤੇ ਮੁਲਕ ਆਬਾਦ ਹੋਏ, ਇਹਨਾਂ ਲੋਭੀਆਂ ਪੂਰ ਦੇਸੀਆਂ ਦੇ
ਪੂਰਨ ਸਿੰਘ ਦੇ ਦੇਸ ਪੰਜਾਬ ਅੰਦਰ, ਗਾਵੇ ਕੌਣ ਹੁਣ ਗੀਤ ਦਰਵੇਸ਼ੀਆਂ ਦੇ।

ਸਭਰਾਵਾਂ ਦੀ ਸੰਦਲੀ ਹਿੱਕ ਅੰਦਰ, ਦੇਖੋ ਰੁਲਦੇ ਪਏ ਨੇ ਕੌਲ ਮੁਹੱਬਤਾਂ ਦੇ
ਈਰਖਾ, ਸਾੜਿਆਂ, ਕੀਨਿਆਂ ਹੱਦ ਕੀਤੀ, ਕਿੱਥੋਂ ਲੱਭੀਏ ਬੋਲ ਮੁਹੱਬਤਾਂ ਦੇ
ਮੇਰੀ ਜੋਦੜੀ ਸਿੱਖ ਅਲਬੇਲਿਆਂ ਨੂੰ, ਦੇਣਾ ਧਿਆਨ ਜੀ ਬਾਜ ਦੀ ਕੂਕ ਵੱਲੇ
ਜੀ ਉਹੋ ਰੂਹ ਹੈ ਇਨ੍ਹਾਂ ਅੱਖਰਾਂ ਦੀ, ਭੇਜੇ ਰਾਂਝੇ ਸਨ ਜੋ ਖਤ ਮਾਸ਼ੂਕ ਵੱਲੇ
ਮਿੱਠੜੀ ਮਿਹਰ ਗੁਰਾਂ ਦੀ ਨਜ਼ਰ ਵਾਲੀ, ਪਈ ਕੌਮ ਹੁਣ ਵੱਸ ਕਲੇਸ਼ੀਆਂ ਦੇ
ਪੂਰਨ ਸਿੰਘ ਦੇ ਦੇਸ ਪੰਜਾਬ ਅੰਦਰ, ਗਾਵੇ ਕੌਣ ਹੁਣ ਗੀਤ ਦਰਵੇਸ਼ੀਆਂ ਦੇ।

6. ਬੇਵਤਨ ਦਲੀਪ ਸਿੰਘ

ਥੇਮਜ ਦੇ ਪਰਾਇਆਂ ਕੰਢਿਆਂ 'ਤੇ
ਹਾਇ! ਤਿੱਖੇ ਸੂਲਾਂ ਕੰਡਿਆਂ 'ਤੇ
ਹਉਕਿਆਂ ਤੱਤਿਆਂ ਠੰਡਿਆਂ 'ਤੇ
ਹੈ ਸਿਸਕ ਰਿਹਾ ਕੋਹਿਨੂਰ ਕੋਈ
ਹੈ ਵਿਲਕ ਰਿਹਾ ਮਜ਼ਬੂਰ ਕੋਈ

ਬਿਰਹਾ ਦੁੱਖ ਦਿਲ ਝਟਕ ਰਿਹਾ
ਵਤਨ ਦੀਦ ਲਈ ਭਟਕ ਰਿਹਾ
ਹਾਇ! ਸੂਲੀ 'ਤੇ ਲਟਕ ਰਿਹਾ
ਅੱਜ ਪੈਰਿਸ ਵਿਚ ਮਨਸੂਰ ਕੋਈ
ਹੈ ਵਿਲਕ ਰਿਹਾ ਮਜ਼ਬੂਰ ਕੋਈ

ਰਣਜੀਤ ਰਾਜ ਦਾ ਵਾਰਿਸ ਉਹ
ਸਿੱਖ ਤਾਜ ਦਾ ਵਾਰਿਸ ਉਹ
ਦੇਸ ਪੰਜਾਬ ਦਾ ਵਾਰਿਸ ਉਹ
ਝੱਲ ਰਿਹਾ ਬਿਗਾਨੀ ਘੂਰ ਕੋਈ
ਹੈ ਵਿਲਕ ਰਿਹਾ ਮਜ਼ਬੂਰ ਕੋਈ।

7. ਵਾਟਾਂ ਦੂਰ ਦੀਆਂ

ਲਾਹੌਰ ਕਲੇਜੇ ਵਸਦਾ ਏ
ਦਿਲ ਨਨਕਾਣੇ ਨੱਸਦਾ ਏ
ਯਾਦਾਂ ਆਉਣ ਕਸੂਰ ਦੀਆਂ
ਮੇਰੀਆਂ ਨੇ ਵਾਟਾਂ ਦੂਰ ਦੀਆਂ।

ਘਰੋਂ ਵੀ ਝਿੜਕਾਂ ਸਹਿੰਦਾ ਹਾਂ
ਸਭ ਤੋਂ ਬਹੁਤ ਤ੍ਰਹਿੰਦਾ ਹਾਂ
ਜੱਗ ਦੀਆਂ ਅੱਖਾਂ ਘੂਰਦੀਆਂ
ਮੇਰੀਆਂ ਨੇ ਵਾਟਾਂ ਦੂਰ ਦੀਆਂ।

ਗੱਲ ਦਿਲ ਦੀ ਕਹਿੰਦਾ ਹਾਂ
ਸਦਾ ਮੁਸਾਫ਼ਰ ਰਹਿੰਦਾ ਹਾਂ
ਮੈਨੂੰ ਖਿੱਚਾਂ ਹੈਨ ਹਜ਼ੂਰ ਦੀਆਂ
ਮੇਰੀਆਂ ਨੇ ਵਾਟਾਂ ਦੂਰ ਦੀਆਂ।

ਜੋ ਝਾੜ ਗਏ ਨੇ ਪੱਲਾ ਜੀ
ਛੱਡ ਕੇ ਰਾਹ 'ਚ 'ਕੱਲਾ ਜੀ
ਇਹ ਯਾਦਾਂ ਪਹਿਲੇ ਪੂਰ ਦੀਆਂ
ਮੇਰੀਆਂ ਨੇ ਵਾਟਾਂ ਦੂਰ ਦੀਆਂ।

8. ਪੰਜਾਬ

ਚੱਪਾ ਚੱਪਾ ਇਸ ਰੰਗਲੀ ਧਰਤੀ ਦਾ ਜੀ ਕਰਦੈ ਗਾਹਵਾਂ ਮੈਂ
ਸਜਦਾ ਕਰਾਂ ਅਨੰਦਪੁਰ ਨੂੰ ਤੇ ਅੰਮ੍ਰਿਤਸਰ ਸੀਸ ਝੁਕਾਵਾਂ ਮੈਂ
ਚਾਅ ਨਾ ਪੈਰਿਸ ਲੰਦਨ ਦਾ, ਕੀ ਲੈਣਾ ਡਲਹੌਜੀ, ਮਨਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਜੰਮਿਆ ਦੋਦੇ ਪਿੰਡ ਨਾਨਕਾ, ਉਂਜ ਸੰਗੂਧੌਣ ਦਾ ਵਾਸੀ ਹੈ
ਜ਼ਿਲ੍ਹਾ ਖਾਸ ਹੈ ਮੁਕਤਸਰ ਦਾ, ਮੁਕਤੀ ਜਿਸ ਦੀ ਦਾਸੀ ਹੈ
ਕਿੰਜ ਨਜਮਾਂ ਗੀਤ ਲਿਖੇ ਨੇ ਜਾਂਦੇ ਅਕਲ ਦੇ ਬੋਝੇ ਖਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਚਿੱਟੇ ਗੁੱਲ ਕਪਾਹੀ ਵਾਲੇ, ਦੇਖ ਕੇ ਜੀਅੜਾ ਖਿੜਦਾ ਹੈ
ਟਿੱਬੀਆਂ ਉੱਤੇ ਚਰ੍ਹੀਆਂ ਝੂਮਣ, ਗੇੜ ਸਮੇਂ ਦਾ ਗਿੜਦਾ ਹੈ
ਮਿੱਠਿਆ ਨਰਮੇ ਦੀਆਂ ਪੰਡਾਂ ਲਾਹ ਕੇ ਜਾਈਂ ਟਰਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਖੇਤਾਂ ਦੇ ਵਿਚ ਛਹਿਬਰ ਲੱਗੀ, ਕਣਕ ਦੀ ਗੋਡੀ ਚਲਦੀ ਹੈ
ਇੱਟਾਂ ਜੋੜ ਕੇ ਚੁੱਲ੍ਹਾ ਬਣਿਆ, ਛਟੀਆਂ ਦੀ ਅੱਗ ਬਲਦੀ ਹੈ
ਮਿੱਠਾ ਪੱਤੀ ਤਾਂ ਪਾਤੀ, ਦੁੱਧ ਪਾ ਲੈਣਾ ਲਾਹ ਕੇ ਟਾਹਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਸਾਗ ਦੇ ਵਰਗੀ ਸਬਜ਼ੀ ਮਿਲਦੀ ਨਹੀਂ ਸ਼ਹਿਰੋਂ ਹੱਟਾਂ ਤੋਂ
ਗੰਦਲਾਂ ਤੋੜ ਲਵੀਂ ਕਿਆਰੇ 'ਚੋਂ ਤੇ ਬਾਥੂ ਵਾਧੂ ਵੱਟਾਂ ਤੋਂ
ਮੂਲੀਆਂ ਪਾਲਕ ਵਧੀਆ ਲੈ ਲੈਣੀ ਹੈ ਮੁੱਲ ਦੀ ਮਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਪੀ.ਯੂ. ਚੰਡੀਗੜ੍ਹ ਪੜ੍ਹਦੇ ਸਾਂ ਤਾਂ ਮੁਕਤ ਸੀ ਚਿੰਤਾ ਸਾਰੀ ਤੋਂ
ਲੋਹੇ ਦੀ ਲੱਠ ਵਰਗੇ ਮਿੱਤਰ ਬੇਲੀ, ਸਦਕੇ ਜਾਵਾਂ ਯਾਰੀ ਤੋਂ
ਦੂਰੋਂ ਦੂਰੋਂ ਆਉਂਦੇ ਪਾੜ੍ਹੇ ਤੇ ਕੁਝ ਲੋਕਲ ਖਰੜ ਮੋਹਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਤੇਜਾ ਸਿੰਘ ਜੀ ਨਾਲ ਮਿਲਕੇ ਗਾਹੇ ਸੀ ਸ਼ਹਿਰ ਮੁਹੱਲੇ ਮੈਂ
ਉਹ ਅਣਿਆਈ ਮੌਤੇ ਮਰ ਗਏ ਤਾਂ ਹੀ ਦੁੱਖ ਨੇ ਝੱਲੇ ਮੈਂ
ਸੂਰਜ ਛਿਪਿਆ, ਮੈਂ ਵਿਰਵਾ ਹੋਇਆ ਇਲਮ ਦੀ ਲਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਉੱਚਾ ਉਡ ਲਓ ਜਿੰਨਾ ਮਰਜ਼ੀ, ਜੜ੍ਹਾਂ ਕਿਸੇ ਦੀਆਂ ਵੱਢੋ ਨਾ
ਦੇ ਬੇਦਾਵਾ ਮਾਂ ਪੰਜਾਬੀ ਨੂੰ, ਵਿਹੜੇ ਸੇਹ ਦਾ ਤੱਕਲਾ ਗੱਡੋ ਨਾ
ਨਾ ਮਾਰੋ ਕਿਰਸਾਨੀ ਨੂੰ, ਨਹੀਂ ਸਰਨਾ ਬਿਨ ਹਾਲੀ ਪਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਗੱਲ ਕਰੋ ਸਦਾ ਸਾਂਝਾ ਵਾਲੀ, ਹੱਕ ਵੀ ਛੱਡਣੇ ਚੰਗੇ ਨਹੀਂ
ਝੁਕਦੇ ਕੋਈ ਗਲ ਨਾ ਲਾਵੇ, ਰਾਜ ਵੀ ਮਿਲਦੇ ਮੰਗੇ ਨਹੀਂ
ਕੌਮ ਦਾ ਹੋਣਾ ਕੀ, ਆਗੂ ਵਿਕ ਜਾਣ ਪੈਸੇ ਅਤੇ ਪਿਆਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ

ਜੱਗ ਦੀ ਪਾਹ ਲੱਗਣ ਨਾ ਦੇਵੀਂ 'ਕੰਵਰ' ਨੂੰ ਰੰਗੀਂ ਰੱਖੀਂ ਤੂੰ
ਤਮ੍ਹਾ ਤੋਂ ਪਰ੍ਹਾਂ ਹੀ ਰੱਖੀਂ, ਲੇਖੇ ਨਾ ਪਾਈ ਕਰੋੜੀਂ ਲੱਖੀਂ ਤੂੰ
ਰਹਿਮਤ ਮੰਗਾਂ, ਨਜ਼ਰ ਨਾ ਫੇਰੀਂ, ਦਰ ਤੇ ਖੜੇ ਸਵਾਲੀ ਤੋਂ
ਵਸਦਾ ਰਹੇ ਪੰਜਾਬ ਮੇਰਾ, ਮੈਂ ਸਦਕੇ ਜਾਵਾਂ ਖੁਸ਼ਹਾਲੀ ਤੋਂ।

9. ਫੱਕਰ ਦੀ ਬੱਤੀ

ਲੋਕਾਂ ਵਿਹੜੇ ਸੂਰਜ ਲਿਸ਼ਕੇ, ਅਸਾਂ ਨੇ ਬਾਲੀ ਬੱਤੀ
ਸਿਖ਼ਰ ਦੁਪਹਿਰੇ ਬਾਲ ਕੇ ਬੱਤੀ, ਚਰਖੇ ਪੂਣੀ ਕੱਤੀ
ਬਲੇ ਦੁਪਹਿਰੇ ਫੱਕਰ ਦਾ ਦੀਵਾ, ਜੱਗ ਜਾਵੇ ਹੱਸੀ
ਪਿਆਰ ਦਾ ਵਾਣ ਜੇ ਵੱਟਿਆ, ਲੋਕੀਂ ਦੱਸਣ ਰੱਸੀ
ਹਾਂ ਯਾਰ ਦੀ ਯਾਰਣ ਹੋਈ, ਮੈਂ ਸੋਹਣੀ, ਮੈਂ ਸੱਸੀ,
ਲੋਕੀਂ ਮੰਗਦੇ ਦੌਲਤ ਸ਼ੋਹਰਤ, ਆਪਾਂ ਮੰਗੀ ਲੱਸੀ
ਦੀਵਾ ਸਿਦਕ, ਮੋਹ ਦਾ ਤੇਲ, ਵਸਲ ਤਾਂਘ ਦੀ ਵੱਤੀ
ਰਜ਼ਾ 'ਚ ਰਾਜੀ ਰਹਿ ਫਕੀਰਾ, ਗੱਲ ਮੁਰਸ਼ਦਾਂ ਦੱਸੀ।

10. ਇਲਮ

ਵਾਹ ਆਲਮਾ, ਇਲਮ ਨੂੰ ਡੱਕੇਂ ਲਾ ਲੋਹੇ ਦੇ ਤਾਲੇ
ਪੜ੍ਹ ਏਸ ਇਲਮ ਨੂੰ, ਰੌਸ਼ਨ ਹੋਵਣ ਕਰਮਾਂ ਵਾਲੇ
ਖਾਲੀ ਹੱਥ ਜਹਾਨੋਂ ਜਾਣਾ, ਦੱਸ ਕੀ ਲੈ ਜਾਣਾ ਨਾਲੇ
ਦਿਨ ਰਾਤੀਂ ਪੜ੍ਹਦਾ ਰਹਿਨੈਂ, ਬਾਲ ਕੇ ਦੀਵਾ ਆਲੇ
ਵਰ੍ਹਿਆਂ ਤੱਕ ਮਗਜ਼ ਖਪਾਇਆ, ਪੜ੍ਹਕੇ ਦੀਦੇ ਗਾਲੇ
ਪੜ੍ਹ ਲੱਖ ਕਿਤਾਬਾਂ ਥੱਕਿਆ, ਨਾ ਲਹੇ ਦਿਮਾਗੋਂ ਜਾਲੇ
ਹਰ ਵੇਲੇ ਗਜ਼ਲਾਂ ਗੀਤ ਲਿਖੇਂਦਾ, ਵਰਕੇ ਕਰਦੈਂ ਕਾਲੇ
'ਕੰਵਰਜੀਤ' ਤੂੰ ਭੁੱਲਿਐਂ, ਮੁਰਸ਼ਦ ਮਿਲਣ ਨਾ ਭਾਲੇ।

11. ਗਲਤੀਆਂ ਮੇਰੀਆਂ

ਗਲਤੀਆਂ ਮੇਰੀਆਂ ਸੱਭੇ ਰੱਬਾ ਆਪੇ ਕਰ ਤੂੰ ਠੀਕ ਦਈਂ
ਦਰ ਤੇਰੇ 'ਤੇ ਝੁਕਿਆ ਰਹਿਸਾਂ ਏਨੀ ਬੱਸ ਤੌਫੀਕ ਦਈਂ

ਤੇਰੇ ਦਰ ਦਾ ਜੋਗੀ ਹਾਂ ਮੈਂ, ਮੇਰੀ ਵੀ ਸੁਣੋ ਕਹਾਣੀ
ਸਹਿੰਦਿਆਂ ਸਹਿੰਦਿਆਂ ਹੋ ਗਈ ਸਾਡੀ ਪੀੜ ਪੁਰਾਣੀ
ਉਂਜ ਤਾਂ ਉਮਰਾਂ ਲਈ ਰਾਤ ਦੀ ਕਾਲਖ ਮੇਰੀ ਹਾਣੀ
ਚਾਰ ਕੁ ਰੌਸ਼ਨ ਦਿਨ ਵੀ ਸਾਡੇ ਕਰਮਾਂ 'ਚ ਉਲੀਕ ਦਈਂ
ਗਲਤੀਆਂ ਮੇਰੀਆਂ ਸੱਭੇ ਰੱਬਾ ਆਪੇ ਕਰ ਤੂੰ ਠੀਕ ਦਈਂ
ਦਰ ਤੇਰੇ 'ਤੇ ਝੁਕਿਆ ਰਹਿਸਾਂ ਏਨੀ ਬੱਸ ਤੌਫੀਕ ਦਈਂ

ਕੂੜਾ ਇਲਮ ਦੁਨੀ ਦਾ ਰੱਬਾ ਇਹ ਝੂਠੇ ਸਭ ਨਜ਼ਾਰੇ
ਤੇਰੇ ਵੱਲ ਨੂੰ ਭੱਜਾ ਆਇਆ ਛੱਡ ਕੇ ਤਖਤ ਹਜ਼ਾਰੇ
ਬੱਸ ਇੱਕੋ ਗੱਲ ਸਮਝੀ ਪੜ੍ਹ ਕੇ ਵੇਦ ਕਤੇਬਾ ਸਾਰੇ
ਦੇਹੀ ਨਾਤਾ ਪੁੱਗ ਨਾ ਸੱਕਣਾ ਰੂਹ ਦਾ ਇਕ ਸ਼ਰੀਕ ਦਈਂ
ਗਲਤੀਆਂ ਮੇਰੀਆਂ ਸੱਭੇ ਰੱਬਾ ਆਪੇ ਕਰ ਤੂੰ ਠੀਕ ਦਈਂ
ਦਰ ਤੇਰੇ 'ਤੇ ਝੁਕਿਆ ਰਹਿਸਾਂ ਏਨੀ ਬੱਸ ਤੌਫੀਕ ਦਈਂ।

12. ਰੂਹਾਂ ਦਾ ਸਫ਼ਰ

ਗੱਲ ਵੇਦ ਨਾ ਪੁਰਾਣ ਦੀ, ਗ੍ਰੰਥ ਨਾ ਕੁਰਾਨ ਦੀ,
ਮੈਂ ਤਾਂ ਗੱਲ ਕਰਾਂ ਆਮ ਬੰਦੇ ਦੇ ਗਿਆਨ ਦੀ
ਹੈ ਰੂਹਾਂ ਦਾ ਸਫ਼ਰ ਅਨੰਤ ਜੀ
ਇਹਦਾ ਨਾ ਹੈ ਆਦਿ ਕੋਈ ਨਾ ਅੰਤ ਜੀ

ਧੀਮੀ ਧੀਮੀ ਧੁਖਦੀ ਹੈ ਜਜ਼ਬਾਤ ਵਾਲੀ ਧੂਣੀ
ਨਿੱਤ ਦਿਨ ਕੱਤੀ ਜਾਵੇ ਜਿੰਦ ਵਾਂਗ ਪੂਣੀ
ਏਨਾ ਸਾਰ ਜੀਹਨੇ ਜਿੰਦਗੀ ਦਾ ਪਾ ਲਿਆ
ਉਹੀ ਬੰਦਾ ਹੋ ਗਿਆ ਹੈ ਸੰਤ ਜੀ
ਹੈ ਰੂਹਾਂ ਵਾਲਾ ਰਸਤਾ ਅਨੰਤ ਜੀ

ਬਿਨਾਂ ਗੱਲ ਤੋਂ ਵਧਾਈ ਰੱਖੇਂ ਮਸ਼ਰੂਫੀਆਂ
ਗੱਲਾਂ ਕਰਦਾ ਹੈ ਘੱਟ ਵੱਧ ਘੋਟੇ ਫੈਲਸੂਫ਼ੀਆਂ
ਐਂਵੇ ਹੋ ਗਿਆ ਨੌਕਰ ਸਰਕਾਰ ਦਾ
ਚੰਗਾ ਹੁੰਦਾ ਬਣ ਜਾਂਦਾ ਜੇ ਮਹੰਤ ਜੀ
ਹੈ ਰੂਹਾਂ ਦਾ ਸਫ਼ਰ ਅਨੰਤ ਜੀ

ਉਹਦੇ ਹੁਕਮੋਂ ਤਾਂ ਕੋਈ ਪੱਤਾ ਵੀ ਨਾ ਬਾਹਰ ਜੀ
ਸਾਰਿਆਂ ਤੋਂ ਉਤੇ ਇੱਕੋ ਸੱਚੀ ਸਰਕਾਰ ਜੀ
ਅਸੀਂ ਸਾਰੇ ਹਾਂ ਜੀ ਉਹਦੀਆਂ ਤ੍ਰੀਮਤਾਂ
ਉਹ ਰੱਬ ਸਾਰਿਆਂ ਦਾ ਕੰਤ ਜੀ
ਹੈ ਰੂਹਾਂ ਵਾਲਾ ਰਸਤਾ ਅਨੰਤ ਜੀ।

13. ਰਾਹ

ਇਹ ਤਜ਼ਰਬੇ ਦੋਸਤਾ ਬੇਮਿਸਾਲ ਨੇ
ਰਾਹ ਤਾਂ ਇਲਮ ਨਾਲ ਮਾਲਾਮਾਲ ਨੇ
ਤੁਰਦਾ ਤੁਰਦਾ ਮੈਂ ਸਿਆਣਾ ਹੋ ਗਿਆ
ਤੂੰ ਦੇਖ ਸਫਰ ਦੇ ਕੀ ਕੀ ਕਮਾਲ ਨੇ

ਲੇਖੀਂ ਲਿਖੀਆਂ ਬਸਤੀਆਂ ਗਾਹੁਣੀਆਂ
ਸੜਕਾਂ ਹੀ ਨੇ ਮੇਰੀਆਂ ਸੱਸੀਆਂ ਸੋਹਣੀਆਂ
ਗੀਤ ਗਾ ਰਹੀਆਂ ਕਿੱਕਰਾਂ, ਟਾਹਲੀਆਂ
ਸਫੈਦੇ ਦੇ ਰਹੇ ਇਹਨਾਂ ਨੂੰ ਤਾਲ ਨੇ

ਮਾਰੀ ਹੋਵੇ ਕਿਸੇ ਆਵਾਜ ਜਾਂ
ਪਲ ਪਲ ਪਿੱਛੋਂ ਪਰਤ ਕੇ ਦੇਖਦਾਂ
ਸੱਚ ਹੈ ਜਾਂ ਵਹਿਮ ਹੈ ਮੇਰਾ
ਜਾਂ ਭਟਕਦੇ ਐਂਵੇ ਖਿਆਲ ਨੇ

ਸਫ਼ਰ ਲੰਮੇਰਾ ਪੱਲੇ ਪੈ ਗਿਆ
ਕੀ ਹੋਇਆ ਜੇ 'ਕੱਲਾ ਰਹਿ ਗਿਆ
ਖੈਰ ਖੁਦਾ ਦੀ ਇਹ ਦੁਸ਼ਵਾਰੀਆਂ
ਤਾਂ ਹਰ ਥਾਂ ਮੇਰੇ ਨਾਲ ਨੇ

ਉਹਨਾਂ ਕੀ ਲਾਉਣੀ ਹੈ ਭਬੂਤੀ
ਉਹਨਾਂ ਕੀ ਪਾਉਣਾ ਹੈ ਭਗਵਾਂ
ਮੇਰੇ ਭੋਲਿਓ ਯਾਰੋ
ਜੋ ਤੁਰਦੇ ਹੀ ਜੋਗੀਆ ਚਾਲ ਨੇ।

14. ਤੇਰੇ ਪਿੰਡ ਦਾ ਚੁਬਾਰਾ

ਤੇਰਾ ਚੁਬਾਰਾ ਜਦੋਂ ਮੈਨੂੰ ਯਾਦ ਆ ਗਿਆ
ਮੇਰਿਆਂ ਖਿਆਲਾਂ ਵਿਚ ਤਾਜ ਆ ਗਿਆ

ਪਿਆਰ ਭਰੇ ਬੋਲਾਂ ਦਾ ਹੂੰਗਾਰਾ ਭਰਿਆ
ਮੇਰੇ 'ਤੇ ਏਨੀ ਗੱਲੇ ਇਤਰਾਜ਼ ਆ ਗਿਆ

ਟੋਲਾ ਸਿਆਸੀਆਂ ਦਾ ਜਾਊ ਕਿੱਥੇ ਭੱਜ ਕੇ
ਸੱਚੀਂ ਕਿਤੇ ਲੋਕਾਂ ਦਾ ਜੇ ਰਾਜ ਆ ਗਿਆ

ਮੁੱਕੀ ਜਾਂਦੀਆਂ ਮੁਹੱਬਤਾਂ, ਕਰੇ ਹੀਲਾ ਨਾ
ਹੈ ਭਾਵੇਂ ਹਰ ਰੋਗ ਦਾ ਇਲਾਜ ਆ ਗਿਆ

ਅਣਖੀ, ਜਗਤਾਰ ਤੇ ਮਹਿਬੂਬ ਤੁਰ ਗਏ
ਸਾਲ ਦੇਖੋ ਕੈਸਾ ਬੇਲਿਹਾਜ ਆ ਗਿਆ।

15. ਜਿਗਰ 'ਤੇ ਦਾਗ

ਇਹ ਵੀ ਜੀਣ ਦਾ ਢੰਗ ਹੈ ਕਿ ਜੀਣਾ ਜਿਗਰ ਤੇ ਦਾਗ ਲੈ ਕੇ
ਅਜਮਾਏ ਤੂਫ਼ਾਨ ਬਲ, ਆਏ ਤਲੀ 'ਤੇ ਬਲਦਾ ਚਿਰਾਗ ਲੈ ਕੇ

ਲੁੱਟ, ਖੋਹ, ਕਫ਼ਨ, ਲਾਸ਼ਾਂ, ਵੈਣ, ਇਹੀ ਨੇ ਅਰਥ ਅੱਜ ਕੱਲ੍ਹ
ਆਈ ਹੈ ਕਦੋਂ ਰਾਜਨੀਤੀ ਖਿੜੇ ਫੁੱਲ ਤੇ ਵਸਦੇ ਸੁਹਾਗ ਲੈ ਕੇ

ਸੁਣੀ ਜਾਂ ਹਿਜਰ ਦੀ ਕੂਕ ਤਾਂ ਸ਼ਰਮਿੰਦਾ ਹੋਣਾ ਪੈ ਗਿਆ ਮੈਨੂੰ
ਪਹੁੰਚਿਆ ਸਾਂ ਡਾਢੇ ਮਾਣ ਨਾਲ ਮੈਂ ਇਸ਼ਕ ਦਾ ਰਾਗ ਲੈ ਕੇ

ਆਏ ਜਦ ਆਪਣੇ ਤਾਂ ਆਏ ਖੁਸ਼ੀ ਦਾ ਕੰਡਿਆਲਾ ਤਾਜ ਲੈ ਕੇ
ਆਏ ਜਦ ਗੈਰ ਤਾਂ ਆਏ ਗਮ ਦਾ ਖਿੜਿਆ ਬਾਗ ਲੈ ਕੇ

ਹਰ ਵਕਤ ਕਿਉਂ ਰਹਿੰਦਾ ਹੈ ਰੋਸਿਆਂ ਸ਼ਿਕਵਿਆਂ ਦੇ ਰੂਬਰੂ
ਕਹੋ ਉਸਨੂੰ ਕਦੇ ਤਾਂ ਮਿਲਿਆ ਕਰੇ ਹੱਥਾਂ 'ਚ ਗੁਲਾਬ ਲੈ ਕੇ

ਮਹਿਫ਼ਲ ਸ਼ਾਇਰੀ ਦੀ ਸੀ ਸ਼ਰਮਿੰਦਾ ਹੋਣਾ ਪੈ ਗਿਆ ਮੈਨੂੰ
ਗਿਆ ਜਦ ਬੋਲਿਆ ਕਿ ਦੱਸੋ ਆਏ ਹੋ ਕੀ ਜਨਾਬ ਲੈ ਕੇ

ਸਨ ਮਾਸੂਮ ਭਾਵੇਂ ਪਰ ਸਨ ਤਾਂ ਵੀ ਬੜੀਆਂ ਸ਼ੈਤਾਨ ਅੱਖਾਂ
ਜਦੋਂ ਵੀ ਤੱਕਿਆ ਮੁੜੀਆਂ ਸੀਨੇ 'ਚੋਂ ਕੋਈ ਸੁਰਾਗ ਲੈ ਕੇ।

16. ਖੰਜਰ

ਨਿਆਂਸ਼ਾਲਾ ਅੰਦਰ ਬੰਦਿਆਂ ਦੀ ਥਾਵੇਂ ਖੰਜਰ ਨੇ ਬੋਲਦੇ
ਸਾਊ ਚੁੱਪ ਨੇ, ਉੱਚੀ ਆਵਾਜੇ ਪਰ ਕੰਜਰ ਨੇ ਬੋਲਦੇ

ਜਿਸ ਧਰਤ ਨੇ ਹਰਿਆਲੀਆਂ-ਖੁਸ਼ਹਾਲੀਆਂ ਦੇ ਦੌਰ ਦੇਖੇ
ਉਸ ਧਰਤ ਉੱਤੇ ਬਰਬਾਦੀਆਂ ਦੇ ਮੰਜਰ ਨੇ ਬੋਲਦੇ

ਜੋ ਬੋਲਦੇ ਨੇ ਬਾਹਰ, ਹੈ ਉਨ੍ਹਾਂ ਨੂੰ ਤਾਂ ਦੁਨੀਆਂ ਜਾਣਦੀ
ਕੌਣ ਸੁਣਦਾ ਜੋ ਤਹਿਖਾਨਿਆਂ ਦੇ ਅੰਦਰ ਨੇ ਬੋਲਦੇ

ਦਫਨ ਹੋ ਜਾਂਦਾ ਸੱਚ, ਸੁੱਚੇ ਕਿਰਤੀਆਂ ਦੀ ਹਿੱਕ ਵਿਚ
ਪਾਵੇ ਕਹਾਣੀ ਤਵਾਰੀਖ ਜੋ 'ਸਿਕੰਦਰ' ਨੇ ਬੋਲਦੇ

ਅੱਖੀਂ ਵੇਖਿਆ ਸਿੰਘਾਸਨ ਕੂੜ ਦਾ ਪੱਤੇ ਵਾਂਗ ਡੋਲਦਾ
ਵਕਤ ਦੇ ਸ਼ਾਹਾਂ ਤੋਂ ਅੱਕੇ ਜਦ ਪਤੰਦਰ ਨੇ ਬੋਲਦੇ

ਅੰਦਰੋਂ ਜਿਉਂਦਿਆਂ ਦੀ ਚੁੱਪ ਵੀ ਬਗਾਵਤੀ ਏ ਦੋਸਤਾ
ਤਰਲਾ ਜਿਹਾ ਜਾਪਦਾ ਜੋ ਰੂਹ ਤੋਂ ਬੰਜਰ ਨੇ ਬੋਲਦੇ

ਵੈਰੀ ਦੀ ਹਿੱਕ ਵਿਚ ਵੱਜਣਾ ਪਵੇ ਜੀ ਇੱਟ ਬਣਕੇ ਸਦਾ
ਮੰਤਰ ਨਾ ਰੋਕੇ ਕਹਿਰ ਸੋਮਨਾਥੀ ਮੰਦਰ ਨੇ ਬੋਲਦੇ

ਰੇਲ ਦੀ ਚੀਕ ਵਿਚ, ਚੀਕ ਨਾਲੋਂ ਵਧਕੇ ਕੁਝ ਨਹੀਂ ਹੈ
ਉਂਜ ਬੜੇ ਅਹਿਮ ਮੁੱਦਿਆਂ 'ਤੇ ਪੈਸੰਜਰ ਨੇ ਬੋਲਦੇ

ਤਵਾਰੀਖ ਆਪਣੀ ਦੱਸੇ ਕੀ ਕੀ, 'ਕੰਵਰ' ਮੂੰਹੋਂ ਬੋਲ ਕੇ
ਦੇਖ ਤਰੀਕ, ਰੋਜ਼ ਸ਼ਹੀਦੀਆਂ, ਕੈਲੰਡਰ ਨੇ ਬੋਲਦੇ।

17. ਅੱਖਾਂ 'ਚੋਂ ਅੱਖਾਂ ਕੱਢ ਕੇ

ਬੰਦ ਕਰ ਬੀ.ਬੀ.ਸੀ. ਲੰਡਨ, ਛੱਡ, ਨਾ ਅਖਬਾਰਾਂ ਨੂੰ ਵੇਖ
ਅੱਖਾਂ 'ਚੋਂ ਅੱਖਾਂ ਕੱਢ ਕੇ, ਮੱਥੇ 'ਚ ਬਲਦੇ ਅੰਗਾਰਾਂ ਨੂੰ ਵੇਖ

ਅਕਲੋਂ ਜ਼ਹੀਨ, ਸ਼ਕਲੋਂ ਹਸੀਨ, ਜੀ ਪੈਰੋਂ ਕੱਢਣ ਜਮੀਨ
ਚਲਦੀਆਂ ਜੋ ਆਤਸ਼ਾਂ ਦੇ ਵਾਂਗ, ਉਨ੍ਹਾਂ ਮੁਟਿਆਰਾਂ ਨੂੰ ਵੇਖ

ਗੀਤਾਂ ਤੇਰਿਆਂ 'ਚ ਕਿਉਂ ਗੁਬਾਰ ਛਾਇਆ ਹੈ ਪੱਤਝੜਾਂ ਦਾ
ਜੋ ਤੂੰ ਮਾਣੀਆਂ ਤੇ ਜੋ ਆਉਣੀਆਂ, ਉਨ੍ਹਾਂ ਬਹਾਰਾਂ ਨੂੰ ਵੇਖ

ਕਿਉਂ ਦੇਖਦਾਂ ਦੁਸ਼ਮਣਾਂ ਨੂੰ ਇਤਰ੍ਹਾਂ ਕੈਰੀ ਨਿਗ੍ਹਾ ਦੇ ਨਾਲ
ਦੁਸ਼ਮਣਾਂ ਪਿੱਛੇ ਖੜੇ ਹਿੱਕਾਂ ਨੂੰ ਤਾਣ, ਉਨ੍ਹਾਂ ਯਾਰਾਂ ਨੂੰ ਵੇਖ

ਨਾ ਸਿਰਾਂ 'ਤੇ ਸਜੀਆਂ ਰੰਗ ਰੰਗ ਦੀਆਂ ਦਸਤਾਰਾਂ ਨੂੰ ਵੇਖ
ਸਿਰ ਸਾਬਤ ਜਿਨ੍ਹਾਂ ਦੇ ਕੱਟ ਕੇ, ਉਨ੍ਹਾਂ ਸਿਰਦਾਰਾਂ ਨੂੰ ਵੇਖ।

18. ਕਿਤਾਬਾਂ

ਸ਼ਾਮ ਸਵੇਰੇ, ਦਿਨੇ ਦੁਪਹਿਰੇ ਯਾਰੋ ਜਾਗਦੀਆਂ ਨੇ ਚੰਦ ਕਿਤਾਬਾਂ
ਉਂਜ ਤਾਂ ਵੱਡੇ ਜਿੰਦਰਿਆਂ ਵਿਚ ਬਹੁਤ ਰਹਿੰਦੀਆਂ ਬੰਦ ਕਿਤਾਬਾਂ

ਕਿਤਾਬਾਂ ਦੇ ਵਿਚ ਰਹਾਂ ਗਵਾਚਾ, ਇਹ ਦੁਨੀਆ ਚੰਗੀ ਨਾ ਲਗਦੀ
ਤੇਰੀ ਤੇ ਮੇਰੀ ਦੁਨੀਆ ਵਿਚ, ਖਿੱਚ ਗਈਆਂ ਕੈਸੀ ਕੰਧ ਕਿਤਾਬਾਂ

ਤੇਰੇ ਸੁਭਾ ਦੇ ਵਾਂਗੂੰ ਹਰ ਪਲ ਰੰਗ ਵਟਾਉਂਦੀਆਂ ਰਹਿਣ ਕਿਤਾਬਾਂ
ਕਦੇ ਚਿੰਤਨ ਦਾ ਬਣਨ ਫਲਸਫਾ, ਕਦੇ ਬੇਫਿਕਰੀ ਦਾ ਛੰਦ ਕਿਤਾਬਾਂ

ਯਾਦ ਭੁਲਾਵਣ ਲਈ ਪੜ੍ਹਦਾ ਹਾਂ, ਲਿਆਵਣ ਲਈ ਵੀ ਪੜ੍ਹਦਾ ਹਾਂ
ਖੁਸ਼ੀ ਗਮੀ ਦੇ ਹਰ ਮੌਕੇ 'ਤੇ, ਕੋਈ ਵੱਖਰਾ ਦੇਣ ਅਨੰਦ ਕਿਤਾਬਾਂ

ਉਂਜ ਭਾਵੇਂ ਯਾਰਾ ਨਾਲ ਤਿਰੇ, ਰੂਹ ਦਾ ਰਿਸ਼ਤਾ ਰਿਹਾ ਨਾ ਬਾਕੀ
ਬੱਸ ਸਾਡੇ ਸਾਹਾਂ ਦੇ ਵਿਚ, ਮੋਹ ਦੀ ਇਕ ਅਖੀਰੀ ਤੰਦ ਕਿਤਾਬਾਂ

ਕਦੇ ਕਿਤਾਬਾਂ 'ਚੋਂ ਪੜ੍ਹਦਾ ਹਾਂ ਤੈਨੂੰ, ਕਦੇ ਤੇਰੇ 'ਚੋਂ ਪੜ੍ਹਾਂ ਕਿਤਾਬਾਂ
ਸਮਝ ਨਾ ਆਵੇ, ਸਿਰਜ ਗਈਆ ਨੇ, ਇਹ ਕੇਹਾ ਦਵੰਦ ਕਿਤਾਬਾਂ

ਆਪਣੀ ਅੱਗ ਦੀ ਉਮਰਾ ਸਾਰੀ, ਹੈ ਸੇਕੀ ਧੂਣੀ ਖੂਬ ਕਿਤਾਬਾਂ ਦੀ
ਮੇਰੀ ਜਿੰਦਗੀ ਦੀ ਮੰਜ਼ਿਲ ਇਹ ਤੇ ਮੇਰੀ ਉਮਰ ਦਾ ਪੰਧ ਕਿਤਾਬਾਂ

ਜੌਹਰੀ ਵਰਗੀ ਨਿਗ੍ਹਾ ਰੱਖਦੀਆਂ, ਕਦੇ ਨਾ ਬੁੱਕਲ ਪੈਣ ਬਿਗਾਨੇ ਦੀ
ਬੇਕਦਰੇ ਨੂੰ ਤਾਂ ਫਿਟਕਾਰ ਦਿੰਦੀਆਂ, ਡਾਢੀਆਂ ਗੈਰਤਮੰਦ ਕਿਤਾਬਾਂ।

19. ਲਫ਼ਜ਼ਾਂ ਦੀ ਬੰਦਗੀ

ਨੀ ਲੈ ਕੇ ਤੇਰਿਆਂ ਰਾਹਾਂ ਤੋਂ ਰੌਸ਼ਨੀ
ਇਹ ਬੰਦਾ ਕਰੇ ਲਫ਼ਜ਼ਾਂ ਦੀ ਬੰਦਗੀ

ਇਹ ਕੰਮ ਨਹੀਓਂ ਹਾਰੀ ਸਾਰੀ ਦਾ
ਕਰੀ ਜਾਣੀ ਸੋਚਾਂ ਦੀ ਆਵਾਰਗੀ

ਸ਼ਾਹਾਂ ਨਾਲ ਨਾ ਮਲਾਹਾਂ ਨਾਲ ਨੇੜ
ਮੰਗਦਾ ਖੁਦਾ ਤੋਂ ਤੇਰੀ ਖੁਸ਼ਨੁਦੀ

ਸੁੰਘ ਮਹਿਕ ਤੇਰਿਆਂ ਸਾਹਾਂ ਦੀ
ਮਿਲੇ ਜੰਗਲ ਦੇ ਫੁੱਲਾਂ ਤਾਈਂ ਜਿੰਦਗੀ

ਨਹੀਂ ਇਹ ਪਿਆਰ ਨਾਤਾ ਦੇਹਾਂ ਦਾ
ਰੂਹਾਂ ਦਾ ਹੈ ਨਾਦ ਯਾਰੋ ਆਸ਼ਕੀ

ਤੇਰਾ ਜੋ ਖਿਆਲ ਰਹੇ ਨਾਲ ਨਾਲ
ਦੇਵੇ ਮੇਰੇ ਖਿਆਲਾਂ ਤਾਈਂ ਤਾਜ਼ਗੀ

ਸ਼ਾਇਰ ਆਖ ਵਡਿਆਵੇਂ 'ਕੰਵਰ' ਨੂੰ
ਜਾਪਦੈ ਨਹੀਂ ਦੇਖੀ ਉਸਦੀ ਕਮੀਨਗੀ।

20. ਤੁਰਿਆ ਸਾਂ

ਕਿੰਨੇ ਸਾਰੇ ਹਰਫ਼ ਉਧਾਰੇ ਲੈ ਕੇ ਤੁਰਿਆ ਸਾਂ
ਕੁਝ ਗਜ਼ਲਾਂ, ਗੀਤ ਪਿਆਰੇ ਲੈ ਕੇ ਤੁਰਿਆ ਸਾਂ

ਬੇਖਬਰ ਸਾਂ ਚੰਨ ਵੀ ਇਸਦਾ ਏਨਾ ਰੰਜ਼ ਕਰੇਗਾ
ਬੁੱਕਲ ਵਿਚ ਬੱਸ ਕੁਝ ਤਾਰੇ ਲੈ ਕੇ ਤੁਰਿਆ ਸਾਂ

ਪਲ ਪਲ ਡੋਲਦੇ ਤਨ ਨੂੰ ਕਾਹਦਾ ਦੋਸ਼ ਦਿਆਂ
ਜਦ ਫਰਜ ਮੈਂ ਰੂਹ ਤੋਂ ਭਾਰੇ ਲੈ ਕੇ ਤੁਰਿਆਂ ਸਾਂ

ਘਾਇਲ ਪਰਿੰਦਾ, ਰਾਤ ਹਨ੍ਹੇਰੀ, ਖੰਡਰ ਰੋਹੀਆਂ
ਮੌਤ ਦੇ ਵਰਗੇ ਕਈ ਨਜ਼ਾਰੇ ਲੈ ਕੇ ਤੁਰਿਆਂ ਸਾਂ

ਖੁਸ਼ੀਆਂ ਗਮੀਆਂ ਤੋਂ ਹੋ ਹੌਲੀ ਹੌਲੀ ਪਾਰ ਗਿਆ
ਮੈਂ ਮਿੱਠੇ ਹਾਸੇ, ਹੰਝੂ ਖਾਰੇ ਲੈ ਕੇ ਤੁਰਿਆਂ ਸਾਂ

ਹੁਣ ਕੱਲਮ-ਕੱਲਾ ਮੈਂ ਮੰਜ਼ਲ ਤੋਂ ਦੂਰ ਖੜਾ ਹਾਂ
ਬੇਸ਼ੱਕ ਘਰ ਤੋਂ ਕਈ ਸਹਾਰੇ ਲੈ ਕੇ ਤੁਰਿਆਂ ਸਾਂ।

21. ਬਹਿੰਦਾ ਹਾਂ ਤਾਂ

ਬਹਿੰਦਾ ਹਾਂ ਤੇ ਬਹਿ ਜਾਂਦਾ, ਤੁਰਾਂ ਤੇ ਤੁਰਦਾ ਚੇਤਾ ਨਾਲ ਤੇਰਾ
'ਕੱਲਾ ਕਦ ਸੀ, 'ਕੱਲਾ ਕਦ ਹਾਂ, ਮੇਰੇ ਨਾਲ ਖਿਆਲ ਤੇਰਾ

ਦੱਸੀਂ ਅੱਖ ਤੇਰੀ ਹੁਣ ਉਡਦੇ ਲਾਹੁੰਦੀ ਕਿਹੜੇ ਅੰਬਰ ਤੋਂ
ਕਿਸ ਕਬੂਤਰ ਲਈ ਕਿੱਥੇ ਤਣਿਆ ਅੱਜ ਕੱਲ੍ਹ ਜਾਲ ਤੇਰਾ

ਚੇਤਿਆਂ ਵਿਚ ਚੇਤੇ ਮੈਨੂੰ ਤੇਰਾ ਇੱਕੋ ਸ਼ੌਂਕ ਪੁਰਾਣਾ ਹੈ
ਨੀ ਨਾਂ ਲੈ ਕੇ ਮੇਰਾ ਰੱਖਣਾ ਰੋਜ਼ ਬਨੇਰੇ ਦੀਵਾ ਬਾਲ ਤੇਰਾ

ਇਸ ਅੱਖ ਦੀ ਮਸ਼ਕ ਹੈ ਭਰ ਕੇ ਡੁੱਲੀ, ਜਦ ਵੀ ਅੜੀਏ
ਜੇ ਹੰਝੂ ਮੇਰਾ ਸੀ ਤਾਂ ਸੀ ਹੱਥ ਵਿਚ ਸਦਾ ਰੁਮਾਲ ਤੇਰਾ

ਸਾਡੀ ਰੋਜ਼ ਦੀਵਾਲੀ ਲੋਹੜੀ ਤੂੰ ਆਪਣੀ ਕਹਿ ਸੱਜਣਾ
ਕਿੰਜ ਆਇਆ ਅਗਲਾ, ਕਿੰਜ ਬੀਤਿਆ ਪਿਛਲਾ ਸਾਲ ਤੇਰਾ?

22. ਸੱਜਣ ਦਿਲ ਦੇ ਸ਼ੀਸ਼ੇ ਵਿਚ

ਅਸੀਂ ਸੱਜਣ ਦਿਲ ਦੇ ਸ਼ੀਸ਼ੇ ਵਿਚ ਉਤਾਰੇ ਹੋਏ ਆ
ਮਨ ਮੰਦਰ ਦੇ ਵਿਚ ਮੂਰਤ ਵਾਂਗ ਸ਼ਿੰਗਾਰੇ ਹੋਏ ਆ

ਪੀੜਾਂ, ਹੰਝੂ, ਗਮ, ਹਉਕੇ, ਹਾਵੇ ਸਾਡੇ ਸਾਥੀ ਨੇ
ਇਹ ਸਾਰੇ, ਸਾਰੀ ਜਿੰਦਗੀ ਲਈ ਵੰਗਾਰੇ ਹੋਏ ਆ

ਜਾਗ ਕੇ ਰਾਤਾਂ ਯਾਰ ਦੀ ਖਾਤਰ ਕੱਟਦੇ ਸਾਰੇ ਨੇ
ਤੇਰੇ ਸੁਪਨੇ ਲਈ ਮੈਂ ਸੌਂ ਕੇ ਦਿਨ ਗੁਜਾਰੇ ਹੋਏ ਆ

ਜਿਹੜੇ ਕਹਿੰਦੇ ਸਾਡੀ ਜਾਨ ਤੁਹਾਡੀ ਦੁਸ਼ਮਣ ਹੈ
ਨੀ ਉਹੀਓ ਲੋਕੀਂ ਸਾਨੂੰ ਜਾਨੋਂ ਪਿਆਰੇ ਹੋਏ ਆ

ਮੈਂ ਖ਼ਤ, ਤਸਵੀਰਾਂ, ਫੁੱਲ ਸਾਂਭੇ ਹੋਏ ਕਿਤਾਬਾਂ ਵਿਚ
ਤੂੰ ਰਾਜ਼ ਪਿਆਰ ਦੇ ਚਾਰੇ ਤਰਫ ਖਿਲਾਰੇ ਹੋਏ ਆ

ਧੋਖੇਬਾਜ਼, ਕਮੀਨਾ, ਕਾਫ਼ਰ, ਕਾਤਲ ਕੁਝ ਵੀ ਨਹੀਂ
ਫਿਰ ਵੀ 'ਕੰਵਰ' 'ਤੇ ਬਣੇ ਮੁਕੱਦਮੇ ਭਾਰੇ ਹੋਏ ਆ।

23. ਸਾਰੀ ਉਮਰ ਹੀ

ਸਾਰੀ ਉਮਰ ਹੀ ਰਿਹਾ ਇਹ ਦਿਲ ਭੁੱਖਾ ਪਿਆਰ ਦਾ
ਸ਼ਾਇਰ ਦਿਲ ਮੇਰਾ ਇਸ ਜਜ਼ਬੇ ਬਿਨ ਕਿੱਦਾਂ ਸਾਰਦਾ

ਵਸਲ ਦਾ ਜੇ ਗੀਤ ਹੁੰਦਾ ਤਾਂ ਠੀਕ ਹੀ ਹੁੰਦਾ ਸ਼ਾਇਦ
ਜੁਦਾਈ ਦਾ ਸੀ ਸੇਕ ਦੱਸੋ ਕਿਸ ਦੇ ਸੀਨੇ ਨੂੰ ਠਾਰਦਾ?

ਇਸ ਤਰ੍ਹਾਂ ਤਾਂ ਬਦਲਿਆ ਕਰਦੇ ਨਈਂ ਲੋਕ ਅਕਸਰ
ਤਾਂ ਤੇਰਾ ਇੰਜ ਬਦਲ ਜਾਣਾ ਦੱਸ ਮੈਂ ਕਿਵੇਂ ਸਹਾਰਦਾ

ਤੇਰੀ ਜ਼ੁਲਫ ਦੀ ਛਾਂ ਹੀ ਸੀ ਇਸਦਾ ਇਲਾਜ ਬੱਸ
ਮੈਂ ਮਾਰੂਥਲ ਦਾ ਸਫ਼ਰ ਹੋਰ ਕਿਸ ਤਰ੍ਹਾਂ ਗੁਜ਼ਾਰਦਾ

ਰੱਬ ਵਾਂਗੂੰ ਪੂਜਿਆ ਜਿਸਨੂੰ ਉਹ ਗੈਰ ਹੋ ਗਿਆ
ਮੌਤ ਸਾਹਮਣੇ ਸੀ ਜਦ, ਮੈਂ ਕਿਸਨੂੰ ਫੇਰ ਪੁਕਾਰਦਾ

ਬੈਠਾ ਪੱਤਣਾਂ 'ਤੇ ਹਾਂ ਅਜੇ ਵੀ ਪਿਆ ਉਡੀਕਦਾ ਮੈਂ
ਸ਼ਾਇਦ ਤੈਨੂੰ ਆ ਹੀ ਜਾਏ ਚੇਤਾ ਕੀਤੇ ਇਕਰਾਰ ਦਾ

ਕੋਲ ਰਹਿਕੇ ਵੀ ਕਿੰਨੇ ਹਾਂ ਦੂਰ ਦੂਰ ਆਪਾਂ ਦੋਵੇਂ
ਯਾਰ ਇਹ ਰਿਸ਼ਤਾ ਹੈ ਕੈਸਾ ਫੁੱਲ ਤੇ ਖਾਰ ਦਾ

ਪਤਾ ਹੁੰਦਾ ਤੇਰੀ ਨਜ਼ਰ ਦੇ ਵੀ ਜੇ ਨਹੀਂ ਕਾਬਲ
ਤਾਂ ਹਰ ਮਹਿਫ਼ਲ 'ਚ 'ਕੰਵਰ' ਸ਼ੇਖੀ ਨਾ ਮਾਰਦਾ।

24. ਜੀਣਾ ਏ ਤਾਂ

ਜੀਣਾ ਏ ਤਾਂ ਸਾਹਵਾਂ ਦੀ ਸ਼ਰੀਕ ਹੋ ਕੇ ਜੀਅ
ਜ਼ਿੰਦਗੀ ਦੇ ਰਾਹਵਾਂ ਦੀ ਫਰੀਕ ਹੋ ਕੇ ਜੀਅ

ਸਿਜਦੇ ਈਮਾਨ ਇਹ ਅਮਾਨਤਾਂ ਨੇ ਤੇਰੀਆਂ
ਰਹਿਮਤਾਂ ਦੁਆਵਾਂ ਦੀ ਤੌਫੀਕ ਹੋ ਕੇ ਜੀਅ

ਕੀਤੇ ਵਾਅਦੇ ਫੇਰ ਪਾਣੀ 'ਚ ਉਂਗਲਾਂ ਦਾ ਕੀ
ਤੂੰ ਸਾਡੇ ਨਾਲ ਪੱਥਰਾਂ ਦੀ ਲੀਕ ਹੋ ਕੇ ਜੀਅ

ਖੁਸ਼ੀਆਂ, ਤਿਉਹਾਰ, ਮੇਲੇ ਸਾਡੇ ਨਾਲ ਤੇਰੇ ਨੇ
ਸਾਡੇ ਵਿਹੜੇ ਚਾਵਾਂ ਦੀ ਉਡੀਕ ਹੋ ਕੇ ਜੀਅ

ਨੱਕੇ ਸੂਈ ਦੇ 'ਚੋਂ ਲੰਘਣਾ ਕਬੂ.ਲ ਤੇਰੇ ਲਈ
ਪਰ ਤੂੰ ਵੀ ਵਾਲਾਂ ਤੋਂ ਬਰੀਕ ਹੋ ਕੇ ਜੀਅ।

25. ਸੋਚਾਂ ਦੇ ਆਕਾਸ਼

ਦਿਲ ਦੇ ਵਿਹੜੇ ਨਾਚ ਸਰੋਦੀ, ਪੱਬ ਚੁੱਕਦੀ ਹੌਲੇ ਹੌਲੇ
ਅੱਖਾਂ ਮੇਰੀਆਂ 'ਚ ਹੁਸਨ ਤੇਰੇ ਦੇ ਪੈਣ ਸ਼ਰਬਤੀ ਝੌਲੇ
ਨਾਚੀਜ ਜਿਮੀ ਦਾ ਕਿਣਕਾ ਕੀ ਜਾਣਾ ਗੁੱਝੀਆਂ ਰਮਜ਼ਾਂ
ਤੈਨੂੰ ਤੱਕ ਰਿਸ਼ੀਆਂ ਦੇ ਮਨ ਵਿਚ ਪ੍ਰੇਮ ਸਮੁੰਦਰ ਖੌਲੇ

ਸੋਹਲ ਬੁੱਲੀਆਂ 'ਚੋਂ ਕਿਰਦੇ ਰਹਿੰਦੇ ਨਿੱਕੇ ਨਿੱਕੇ ਹਾਸੇ
ਹਾਸੇ ਤੇਰੇ ਪੀ ਪੀ ਜੀਵਾਂ, ਫਿਰ ਰਹਿਸਣ ਬੁੱਲ ਪਿਆਸੇ
ਕਿੰਨੇ ਮੰਗੂ ਚਰਦੇ, ਕੀ ਜਾਣੇ, ਨੈਣਾਂ ਦੀ ਧਾਰ ਦੇ ਓਹਲੇ
ਦਰਦ ਕਮਾਵਣ ਨਿਕਲੇ ਰਾਂਝੇ, ਨੀ ਪਕੜ ਜੋਗ ਦੇ ਕਾਸੇ

ਦੋ ਨੀਲੇ ਅੰਗਿਆਰ ਦਮਕਦੇ, ਕਾਲੀ ਜੁਲਫ ਦੇ ਓਹਲੇ
ਉੱਭੇ ਸਾਹਾਂ ਦੇ ਹੇਠਾਂ, ਤੇਰਾ ਦਿਲ ਪੱਤ ਪਿੱਪਲੀ ਦਾ ਡੋਲੇ
ਕਿੰਨੇ ਆਕਾਸ਼ ਸੋਚਾਂ ਦੇ ਤਰਦੇ, ਦੋ ਨੈਣਾਂ ਦੇ ਵਿਚ ਤੇਰੇ
ਮੂੰਹੋਂ ਕੋਈ ਬੋਲ ਨਾ ਉਚਰੇ, ਪਰ ਕਲਮ ਯਾਰ ਦੀ ਬੋਲੇ

ਪੱਥਰਾਂ ਦੀ ਨਗਰੀ ਅੰਦਰ, ਘੁੰਮਣ ਬਣਕੇ ਮਸਤ ਦੀਵਾਨੇ
ਉਪਰੋਂ ਉਪਰੋਂ ਆਪਣੇ ਬਣਦੇ, ਦਿਲ ਤੋਂ ਰਹਿਣ ਬਿਗਾਨੇ
ਦਿਲ ਦੀ ਸਾਂਝ ਨਾ ਜੇਕਰ, ਕਿਉਂ ਦੇਹ ਦਾ ਪਾਪ ਹੰਢਾਈਏ
ਨਾ ਮਰਨਾ, ਨਾ ਜੀਣਾ ਆਪਾਂ, ਵਾਂਗੂੰ ਇਸ ਬੇਰਹਿਮ ਜਮਾਨੇ।

26. ਮਾਸੂਮੀਅਤ

ਅੱਜ ਅੰਬਰ ਸੋਆਂ ਪਹੁੰਚੀਆਂ, ਹੋਵਣ ਚਰਚੇ
ਇਹ ਜਮਾਨਾ ਚੰਦਰਾ, ਹਾਏ! ਗੱਲੀਂ ਵਰਚੇ
ਸਾਹ ਲਏ ਜੋ ਇਕੱਠਿਆਂ, ਉਹ ਬਣੇ ਵਰੋਲੇ
ਕੀ ਲੋਕਾਂ ਤਾਈਂ ਬੁੱਝੀਏ, ਆਪਾਂ ਦੋਵੇਂ ਭੋਲੇ

ਸੱਚ ਵੀ ਝੂਠਾ ਪੈ ਗਿਆ, ਨਾ ਚੱਲਦੀ ਵਾਹ
ਮੁੱਖ ਸੁਹਾਵੇ ਉਜਲੇ ਨੇ ਅੱਜ ਹੋਏ ਸੁਆਹ
ਆਪਣੇ ਹੀ ਸਿਰ ਪੈਂਦੀ, ਜੱਗ ਰਾਖ ਫਰੋਲੇ
ਕੀ ਲੋਕਾਂ ਤਾਈਂ ਬੁੱਝੀਏ, ਆਪਾਂ ਦੋਵੇਂ ਭੋਲੇ

ਇਹ ਲੋਕੀਂ ਕਦ ਜਾਣਦੇ, ਹੰਝੂਆਂ ਦੀ ਬੋਲੀ
ਸਾਰੇ ਬੰਧਨ ਤੋੜ ਕੇ, ਆ ਬਣੀਏ ਹਮਜੋਲੀ
ਨੀਲਕੰਠ ਬਣ ਪੀਵੀਏ,ਜਹਿਰ ਸਮੇਂ ਦੇ ਘੋਲੇ
ਕੀ ਲੋਕਾਂ ਤਾਈਂ ਬੁੱਝੀਏ, ਆਪਾਂ ਦੋਵੇਂ ਭੋਲੇ।

27. ਫ਼ੱਕਰਨਾਮਾ

ਅੱਖਾਂ ਵਿਚ ਹੰਝੂਆਂ ਦਾ ਪਾਣੀ, ਕੁਝ ਕੋਰਾ, ਕੁਝ ਕੋਸਾ
ਤੈਨੂੰ ਹੁਸਨ ਦਾ ਮਾਣ ਬਥੇਰਾ, ਤੇ ਮੈਨੂੰ ਇਸ਼ਕ ਭਰੋਸਾ
ਤੂੰ ਜੋ ਬੋਲੇਂ ਮਨ ਦੀਆਂ ਆਈਆਂ, ਮੈਨੂੰ ਦੱਸ ਕੀ ਰੋਸਾ
ਫੱਕਰ 'ਤੇ ਇਲਜ਼ਾਮ ਧਰੇਂ ਕਿਉਂ, ਮੁੱਢੋਂ ਯਾਰ ਨਿਦੋਸਾ

ਤੂੰ ਬੋਲੀ ਮਨ ਦੀਆਂ ਆਈਆਂ, ਨੀ ਬੁੱਲ ਅਸਾਂ ਨੇ ਸੀਤੇ
ਤੇਰਾ ਹਰ ਬੋਲ ਨੀ ਅੜੀਏ, ਲਾ ਗਿਆ ਜਿਗਰ ਪਲੀਤੇ
ਦਰਦ ਦਿਲਾਂ ਦੇ ਡੂੰਘੇ ਸਰਵਰ, ਤੂੰ ਹੋਰ ਡੂੰਘੇਰੇ ਕੀਤੇ
ਬੋਲੀ ਮਾਰ ਚੱਲੀ ਮੁੜ ਵਤਨਾਂ ਨੂੰ, ਫੱਕਰਾਂ ਤੇ ਕੀ ਬੀਤੇ

ਡਾਢਾ ਦੁੱਖ ਅਜਰ ਦਾ ਜਰਿਆ, ਪਰ ਬੋਲ ਨਾ ਤੇਰੇ ਟੋਕੇ
ਕਿੰਨੇ ਭਾਂਬੜ ਬਲਦੇ ਸੀਨੇ ਅੰਦਰ, ਦੇਖੀਂ ਨੇੜੇ ਹੋ ਕੇ
ਸੁੱਚੇ ਮੋਤੀ ਬਣ ਬਣ ਡੁੱਲਦੇ ਦੇਖੀਂ, ਹੰਝੂ ਅੱਖੀਉਂ ਚੋ ਕੇ
ਸੱਧਰਾਂ ਰੋਕ ਲਵੇ ਦੁਨੀਆ, ਕਿਹੜਾ ਕਲਮ ਯਾਰ ਦੀ ਰੋਕੇ?

28. ਭੋਲਾ ਦਿਲ ਸਾਡਾ

ਭੋਲਾ ਦਿਲ ਸਾਡਾ ਅਕਸਰ ਭੋਲੀਆਂ ਗੱਲਾਂ ਕਰਦਾ ਹੈ
ਦੋ ਬੋਲ ਪਿਆਰ ਦੇ ਬੋਲੇ ਜੋ, ਓਸੇ ਲਈ ਮਰਦਾ ਹੈ

ਸੂਰਜ ਆਪਣੇ ਹਿੱਸੇ ਦਾ, ਦੇ ਹੋਰ ਕਿਸੇ ਨੂੰ ਸੇਕਣ ਲਈ
ਖੁਦ ਹਾੜ੍ਹਾਂ ਨੂੰ ਵੀ ਚੰਦਰਾ, ਰਹਿੰਦਾ ਪਾਲੇ ਠਰਦਾ ਹੈ

ਆਪਣੀ ਆਈ 'ਤੇ ਆਇਆ ਰੱਬ ਬਿਨਾਂ ਵੀ ਸਾਰ ਲਵੇ
ਉਂਜ ਆਮ ਦਿਨਾਂ ਵਿਚ ਕਿਸੇ ਬਿਨਾਂ ਨਾ ਸਰਦਾ ਹੈ

ਕਿੱਧਰੇ ਨਿੱਕੀ ਜਿੰਨੀ ਗੱਲ 'ਤੇ ਕੋਈ ਦੋਸਤ ਖੋ ਨਾ ਬੈਠੇ
ਏਸੇ ਇਕ ਗੱਲ ਤੋਂ ਰਹਿੰਦਾ ਹਰ ਵੇਲੇ ਡਰਦਾ ਹੈ

ਸਾਂਭੀ ਫਿਰਦਾ ਸੀਨੇ ਅੰਦਰ ਕਿੰਨੇ ਰਾਜ਼ ਮੁਹੱਬਤ ਦੇ
ਸਭ ਦੀਆਂ ਕਮੀਆਂ ਉੱਤੇ ਪਾ ਕੇ ਰੱਖਿਆ ਪਰਦਾ ਹੈ

ਕਈ ਵਾਰੀ ਚਾਹਿਆ ਦੇਵਾਂ ਦਿਲ ਨੂੰ ਕੱਢ ਕਲੇਜੇ 'ਚੋਂ
ਪਰ ਕੀ ਕਰਾਂ ਮਿੱਤਰੋ, ਇਹ ਗਹਿਣਾ ਮੇਰੇ ਘਰ ਦਾ ਹੈ

'ਕੰਵਰ' ਨੇ ਲੱਖ ਸਮਝਾਇਆ ਪਰ ਇਹ ਨਹੀਂ ਟਲਦਾ
ਫਿਰ ਗਲਤੀ ਕਰਕੇ ਹੰਝੂਆਂ ਦੇ ਹਰਜਾਨੇ ਭਰਦਾ ਹੈ।

29. ਮੁਹੱਬਤ ਦਾ ਰਿਸ਼ਤਾ

ਹੇਰਾਫੇਰੀ, ਚੁਸਤੀ, ਕੁਫ਼ਰ ਦਾ ਦਾਅਵਾ
ਸਿਰ ਸਾਡੇ ਕੁਝ ਤਾਂ ਤੂੰ ਇਲਜ਼ਾਮ ਧਰ

ਸਾਡਾ ਨਾਲ ਤੇਰੇ ਮੁਹੱਬਤ ਦਾ ਰਿਸ਼ਤਾ
ਇਸਦਾ ਕੋਈ ਤਾਂ ਪਿਆਰਾ ਨਾਮ ਧਰ

ਕੁਝ ਤਾਂ ਮੂੰਹੋਂ ਬੋਲ ਕੁਝ ਦੇਹ ਜਵਾਬ
ਦਿਲ ਤੋਹਫਾ ਕਬੂਲ ਕਰ ਜਾਂ ਨਾ ਕਰ

ਛੱਡ ਕਿਸੇ ਨੇ ਕੀ ਕਿਹਾ, ਕੀ ਸੁਣਿਆ
ਕੀ ਕਿਹਾ ਆਪਾਂ ਤੂੰ ਕਰ ਓਨਾ ਜ਼ਿਕਰ

ਤੇਰਾ ਹਾਂ, ਤੇਰਾ ਹਾਂ, ਸਿਰਫ਼ ਤੇਰਾ ਹਾਂ
ਨਾ ਜੀਣ ਦੀ ਚਿੰਤਾ ਨਾ ਮੌਤ ਦਾ ਫ਼ਿਕਰ

ਇੰਜ ਪਾਸਾ ਵੱਟ ਕੇ ਜਾਏਗਾ ਸਰ ਤੇਰਾ
ਸਹਾਰੇ ਯਾਦ ਦੇ ਜਾਏਗਾ ਮੇਰਾ ਵੀ ਸਰ

ਇਬਾਦਤਗਾਹ ਹੈ ਹੋਇਆ ਤੇਰਾ ਨਗਰ
ਲੰਘੀਏ ਤੇਰੇ ਰਾਹਵਾਂ ਨੂੰ ਵੀ ਸਲਾਮ ਕਰ

ਆਉਂਦੀ, ਗਰਜ਼ਦੀ ਤੇ ਗੁਜ਼ਰ ਜਾਂਦੀ ਏਂ
ਮਾਰੂਥਲ ਮਨ ਦੇ 'ਤੇ ਬੱਦਲੀ ਵਾਂਗ ਵਰ੍ਹ

ਮਿਲਦਾ ਹੀ ਰਹੇ ਮੁਹੱਬਤ 'ਚ ਦੁੱਖ ਸੁੱਖ
ਕੀ ਸ਼ਿਕਵਾ ਕਿਸੇ 'ਤੇ, ਕੀ ਕਿਸੇ ਤੋਂ ਡਰ

ਮੈਂ ਰਹਾਂ, ਨਾ ਰਹਾਂ, ਰਹਿਣਗੇ ਗੀਤ ਸਦਾ
ਰਾਤਾਂ ਦੇ ਤਾਰੇ ਦੇਣਗੇ ਤੈਨੂੰ ਪੈਗਾਮ ਪਰ

ਆਉਣ ਵਾਲਿਆਂ ਨੂੰ ਖੁਸ਼ਆਮਦੀਦ ਸਦਾ
ਹਰ ਮੌਸਮ ਵਿਚ ਹੀ ਖੁੱਲ੍ਹਾ ਹੈ ਮੇਰਾ ਦਰ

ਜਦ ਜੀਅ ਕਰੇ ਪੁਕਾਰ ਲੈਣਾ 'ਕੰਵਰ' ਨੂੰ
'ਸੰਗੂਧੌਣ' ਦੀ ਫਿਰਨੀ 'ਤੇ ਪਹਿਲਾ ਘਰ।

30. ਗਲਤ ਨਿਸ਼ਾਨੇ

ਹਰ ਯੁੱਗ ਵਿਚ ਸ਼ਮਾ ਦੇ ਲੇਖੀਂ ਮੱਚਣਾ ਲਿਖਿਆ ਹੈ
ਮੱਚਦੀ ਸ਼ਮਾ 'ਤੇ ਆ ਕੇ ਸੜਨਾ ਹੁੰਦਾ ਹੈ ਪਰਵਾਨੇ ਨੇ

ਰਾਂਝਾ, ਮਿਰਜ਼ਾ, ਪੁੰਨੂੰ ਇਸ਼ਕ ਵਿਚ ਖਪ ਗਏ ਸਾਰੇ
ਬਖਸ਼ਿਆ ਅੱਜ ਤੱਕ ਦੱਸ ਕਿਹੜਾ ਇਸ਼ਕ ਜਮਾਨੇ ਨੇ

ਖੁਸ਼ ਰਹਿੰਦੇ ਜੋ ਖੇਡ ਵਾਂਗਰਾ ਖੇਡਣ ਨਾਲ ਮੁਹੱਬਤ ਦੇ
ਦਿਲ ਦੇ ਰੋਗੀ ਹੋ ਕੇ ਰੋਂਦੇ ਮੈਂ ਦੇਖੇ ਸਦਾ ਦੀਵਾਨੇ ਨੇ

ਵਤਨ ਸਾਡੇ ਵਿਚ ਮਹਿਫ਼ਲ ਯਾਰਾਂ ਦੀ ਹੁਣ ਲੱਗਦੀ ਨਾ
ਕੁਝ ਮੌਤ ਨੇ ਸਾਂਭ ਲਏ ਕੁਝ ਦਿੱਤੇ ਰੋਲ ਮੈਅਖਾਨੇ ਨੇ

ਸਹੀ ਸਹਿਜ ਦੀ ਚਾਲ ਜੇ ਚੱਲਦਾ ਬਾਜੀ ਜਿੱਤ ਲੈਂਦਾ
ਤੇਰੀ ਕਾਹਲ ਦੇ ਕਾਰਨ ਮਿੱਤਰਾ ਖਾਲੀ ਸਾਰੇ ਖਾਨੇ ਨੇ

ਗਲਤੀਆਂ, ਭੁੱਲਾਂ ਤੇਰੀਆਂ ਨੇ ਜੋ ਬਦਨਾਮ ਹੋਇਓਂ
ਲੋਕਾਂ ਨੂੰ ਜੋ ਦੋਸ਼ ਦਵੇਂ ਤੂੰ ਇਹ ਸਭ ਝੂਠ ਬਹਾਨੇ ਨੇ

ਮਿਹਣਾ ਤੇਰਾ ਇਕ ਹੀ ਝੱਲਣਾ ਸਾਨੂੰ ਡਾਢਾ ਔਖਾ ਏ
ਉਂਜ ਤੇਰੀ ਖਾਤਰ ਜਰ ਲਏ ਜੱਗ ਸਾਰੇ ਦੇ ਤਾਹਨੇ ਨੇ

ਮੰਨਿਆ ਤੀਰ ਅੰਦਾਜੀ ਉਸਦੀ ਵਿਚ ਕੋਈ ਕਮੀ ਨਹੀਂ
ਕੀ ਹੋਵੇ 'ਕੰਵਰ' ਨੇ ਮਿਥੇ ਹੋਏ ਜੇ ਗਲਤ ਨਿਸ਼ਾਨੇ ਨੇ।

31. ਸਾਹਵਾਂ ਦੇ ਹੱਥ

ਸਾਹਵਾਂ ਦੇ ਹੱਥ ਜਦ ਕੋਈ ਪੈਗਾਮ ਧਰੇ
ਇਹ ਜਮਾਨਾ ਪੌਣਾਂ ਨੂੰ ਬਦਨਾਮ ਕਰੇ

ਲੁਕ ਛਿਪ ਵਾਰ ਚਲਾਉਂਦੇ ਬਣ ਮਿੱਤਰ
ਗੱਲ ਤਾਂ ਹੈ ਹਮਲਾ ਜੇ ਸ਼ਰੇਆਮ ਕਰੇ

ਅੱਧ ਵਿਚ ਮਹਿਫ਼ਲ ਬਰਖਾਸਤ ਹੋ ਚੱਲੀ
ਖਾਲੀ ਸੀਟਾਂ, ਸੁੰਨੇ ਮੇਜ਼ ਤੇ ਜਾਮ ਭਰੇ

ਜਦ ਤੋਂ ਨਫ਼ਰਤ ਦੇ ਅਰਦਾਸੇ ਹੋਣ ਲੱਗੇ
ਆਪਣੇ ਦਰ ਤੋਂ ਰਹਿੰਦੇ ਅੱਲਾ ਰਾਮ ਡਰੇ

ਪਹੁ ਫੁਟੀ ਤੋਂ ਤੁਰਨ ਦਾ ਵਾਅਦਾ ਸੀ ਮੇਰਾ
ਪਰ ਸੋਚਾਂ ਦੇ ਵਿਚ ਪੈ ਗਈ ਸ਼ਾਮ ਘਰੇ

ਇਸ਼ਕ ਤਾਂ ਜਾਣੇ ਰੂਹ ਦੀ ਬੋਲੀ ਮਿੱਠੜੀ
ਕੀ ਆਸ਼ਿਕ ਜੋ ਇਸ਼ਕ ਦੇ ਦਾਮ ਕਰੇ

ਤੂੰ ਤਾਂ ਬੇਸ਼ੱਕ ਸੌਂ ਜਾ ਨੀਦਾਂ ਚੈਨ ਦੀਆਂ
ਸਾਡੀ ਰੂਹ ਨਾ ਤੇਰੇ ਬਿਨਾਂ ਆਰਾਮ ਕਰੇ

ਝੂਠਾ, ਧੋਖੇਬਾਜ਼, ਕਮੀਨਾ, ਬੇਗਰਜ਼ ਜਿਹਾ
ਮੇਰੇ ਪਿਆਰ ਦੇ ਇਹੀ ਚੰਦ ਇਨਾਮ ਸਰੇ

ਅਵਾਰਾ, ਕਾਫ਼ਰ, ਕੀ ਕੁਝ ਅਖਵਾਇਆ
ਇਕ ਤੇਰੀ ਖਾਤਰ ਲੱਖਾਂ ਇਲਜ਼ਾਮ ਜਰੇ

ਕਿਉਂ ਚਰਚੇ ਕਰਦੀ ਏਂ ਕੁਝ ਗਜ਼ਲਾਂ ਦੇ
ਜਿੰਦਗੀ ਦੇ ਰੰਗ ਸਾਰੇ ਤੇਰੇ ਨਾਮ ਕਰੇ

32. ਤੇਰਾ ਜਿਕਰ

ਮੈਂ ਘਾਟ ਦਾ ਰਿਹਾ ਨਾ ਘਰ ਦਾ ਰਿਹਾ
ਉਂਜ ਭਾਵੇਂ ਕਿਸੇ ਵੀ ਨਾ ਦਰ ਦਾ ਰਿਹਾ

ਰਿਹਾ ਦਿਲ ਨੂੰ ਫਿਕਰ ਤੇਰਾ ਸਦਾ ਲਈ
ਸੋ ਹਰ ਥਾਂ ਜਿਕਰ ਤੇਰਾ ਕਰਦਾ ਰਿਹਾ

ਬੇੜਾ ਇਸ਼ਕ ਦਾ ਸਾਗਰਾਂ 'ਚ ਠੇਲਿਆ
ਡੁੱਬਦਾ ਰਿਹਾ ਉਹ ਕਦੇ ਤਰਦਾ ਰਿਹਾ

ਰੁੱਤਾਂ ਮੌਸਮਾਂ ਤੋਂ ਪਾਰ ਜਾ ਕੇ ਦੇਖਿਆ
ਤਪਦਾ ਸਿਆਲ ਤੇ ਹੁਨਾਲ ਠਰਦਾ ਰਿਹਾ

ਸਾਰੇ ਜੱਗ ਤਾਈਂ ਹੋ ਗਈ ਖਬਰ ਜਿਸਦੀ
ਤੇਰੇ ਕੋਲੋਂ ਪੁੱਛਣੋਂ 'ਕੰਵਰ' ਡਰਦਾ ਰਿਹਾ।

33. ਮਹਿੰਗਾ ਪੈ ਸਕਦਾ ਹੈ

ਇੱਕੋ ਗਲੀ 'ਚ ਦੂਜਾ ਗੇੜਾ ਲਾਉਣਾ, ਮਹਿੰਗਾ ਪੈ ਸਕਦਾ ਹੈ
ਕਿਸੇ ਨੂੰ ਦਿਲ ਦਾ ਹਾਲ ਸੁਣਾਉਣਾ, ਮਹਿੰਗਾ ਪੈ ਸਕਦਾ ਹੈ

ਕਵਿਤਾ ਵਿਚ ਇੱਕੋ ਲਫ਼ਜ਼ ਦੇ ਲੱਖਾਂ ਮਾਇਨੇ ਨਿਕਲ ਦੇ
ਮਨਮਰਜ਼ੀ ਦਾ ਗੀਤ ਵੀ ਗਾਉਣਾ, ਮਹਿੰਗਾ ਪੈ ਸਕਦਾ ਹੈ

ਅਕਸਰ ਜਾਨ ਵਰਗੀਆਂ ਜਾਨ ਦਾ ਖੌ ਬਣ ਜਾਂਦੀਆਂ ਨੇ
ਸੋ ਜਾਨੋਂ ਵਧਕੇ ਕਿਸੇ ਨੂੰ ਚਾਹੁਣਾ, ਮਹਿੰਗਾ ਪੈ ਸਕਦਾ ਹੈ

ਮਸ਼ਹੂਰੀ ਦੇ ਮੈਡਲ, ਮਜ਼ਬੂਰੀ ਦੀ ਫਾਹੀ ਬਣ ਜਾਂਦੇ ਨੇ
ਲੋੜੋਂ ਵਧਕੇ ਵੀ ਨਾਮ ਕਮਾਉਣਾ, ਮਹਿੰਗਾ ਪੈ ਸਕਦਾ ਹੈ।

34. ਗੱਲ

ਬਹੁਤਾ ਸਮਾਂ ਨਹੀਂ ਬੀਤਿਆ ਹੈ ਪਿਛਲੇ ਪਹਿਰ ਦੀ ਗੱਲ
ਬੜੀ ਡਾਢੀ ਸੀ ਹਾਏ ਇਹ ਸੀ ਬੜੇ ਹੀ ਕਹਿਰ ਦੀ ਗੱਲ

ਹੋ ਇਕ ਦੂਜੇ ਦੇ ਰੂਬਰੂ ਹੋਈਆਂ ਨੇ ਦੋ ਰੂਹਾਂ ਸੁਰਖਰੂ
ਢਲਦਾ ਪਹਿਰ ਸੀ ਦਿਨ ਦਾ ਉਦੋਂ, ਹੈ ਨਹਿਰ ਦੀ ਗੱਲ

ਆਪਾਂ ਕਿਉਂ ਕਰਦੇ ਪਏ ਹਾਂ ਇਸ 'ਤੇ ਏਦਾਂ ਤਬਸਰਾ
ਇਹ ਨਾ ਮੇਰੇ ਪਿੰਡ ਦੀ ਗੱਲ, ਨਾ ਤੇਰੇ ਸ਼ਹਿਰ ਦੀ ਗੱਲ

ਕੀ ਕਰਾਂ, ਕਿੰਜ ਕਰਾਂ, ਹੋਰ ਮੈਂ ਗੱਲ ਕੋਈ ਵੇ ਸੱਜਣ
ਮੇਰੀ ਤਾਂ ਤੇਰੇ 'ਤੇ ਆ ਕੇ ਹੀ ਹੈ ਹਰ ਠਹਿਰ ਦੀ ਗੱਲ

ਮੇਰਾ ਦਿਲ ਪਿਆਰ ਮੰਗਦਾ, ਤੂੰ ਪਿਆਰ ਦਾ ਕੌਲ ਕਰ
ਕਿਉਂ ਛੇੜ ਕੇ ਬਹਿ ਗਿਉਂ ਹੁਣ ਜਹਿਰ ਦੀ ਗੱਲ

ਚੁੱਪ ਕਰਕੇ 'ਕੰਵਰ' ਹੋ ਗਿਆ ਸੀ ਮਨਸੂਖ ਮਹਿਫਲੋਂ
ਜਦ ਕਰ ਦਿੱਤੀ ਕਿਸੇ ਨੇ ਵਜ਼ਨ ਤੇ ਬਹਿਰ ਦੀ ਗੱਲ।

35. ਮੌਕਾ ਮਿਲੇ

ਬੱਸ ਲਹਿ ਜਾਣ ਸਾਰੇ ਹੀ ਡਰ, ਦੇਖਣ ਦਾ ਮੌਕਾ ਮਿਲੇ
ਨੀ ਕਾਸ਼ ਤੈਨੂੰ ਇਕ ਨਜ਼ਰ ਭਰ, ਦੇਖਣ ਦਾ ਮੌਕਾ ਮਿਲੇ

ਹੋਵਾਂ ਤਾਂ ਸਹੀ ਇਨ੍ਹਾਂ ਝਮੇਲਿਆਂ ਤੋਂ ਸੁਰਖਰੂ ਮੈਂ ਜਰਾ
ਥੋੜ੍ਹਾ ਜਿਹਾ ਇਧਰ ਜਾਂ ਉਧਰ, ਦੇਖਣ ਦਾ ਮੌਕਾ ਮਿਲੇ

ਅਚਾਨਕ ਹੀ ਹੋਈਏ ਆਹਮੋ-ਸਾਹਮਣੇ, ਹਾਦਸੇ ਤਰ੍ਹਾਂ
ਨਾ ਤੈਨੂੰ, ਨਾ ਮੈਨੂੰ ਹੋਵੇ ਖਬਰ, ਦੇਖਣ ਦਾ ਮੌਕਾ ਮਿਲੇ

ਪਿੰਡ ਮੇਰਾ ਦੂਰ ਹੈ ਤੇ ਤੇਰਾ ਪਿੰਡ ਡਾਢਾ ਮਗਰੂਰ ਹੈ
ਨੀ ਹੋਵੇ ਕੋਈ ਤੀਜਾ ਹੀ ਨਗਰ, ਦੇਖਣ ਦਾ ਮੌਕਾ ਮਿਲੇ

ਕੀ ਕੀ ਰੰਗ ਤੇਰੇ ਚਿਹਰੇ ਤੋਂ ਕਿਰ ਗਏ ਮੇਰੇ ਬਗੈਰ
ਕਿੱਦਾਂ ਹੋ ਰਹੀ ਗੁਜਰ-ਬਸਰ, ਦੇਖਣ ਦਾ ਮੌਕਾ ਮਿਲੇ

ਤੇਰੇ ਸੂਟ ਦੇ ਸ਼ੋਖ ਰੰਗ ਵਿਚ ਕਿਧਰੇ ਕੋਈ ਸ਼ਾਇਦ
ਮੇਰੀ ਪੱਗ ਨਾਲ ਦੀ ਲਸਰ, ਦੇਖਣ ਦਾ ਮੌਕਾ ਮਿਲੇ

ਵਿਯੋਗਾਂ ਦੀ ਮਾਰ ਝੱਲਦੀ ਲੰਘ ਜਾਏ ਬੇਸ਼ੱਕ ਜਿੰਦਗੀ
ਪਰ 'ਕੱਠਿਆਂ ਨੂੰ ਰੋਜ਼ੇ ਹਸ਼ਰ, ਦੇਖਣ ਦਾ ਮੌਕਾ ਮਿਲੇ

ਮੈਂ ਉਲਝਿਆ ਹੋਇਆ ਤੇਰੇ ਮੁਖ ਤੇ ਸੁਰਖੀ ਸੰਗਾਂ ਦੀ
ਹੋਏ ਪਸੀਨੇ ਨਾਲ ਤਰ-ਬ-ਤਰ, ਦੇਖਣ ਦਾ ਮੌਕਾ ਮਿਲੇ

ਉਂਜ ਜਰਾ ਕੁ ਦੇਖਿਆਂ ਵੀ ਕਿਹੜਾ ਭਰ ਜਾਏਗਾ ਦਿਲ
ਇਕ ਵਾਰ ਹੀ ਸਹੀ, ਮਗਰ ਦੇਖਣ ਦਾ ਮੌਕਾ ਮਿਲੇ

ਝੱਖੜਾਂ ਤੂਫਾਨਾਂ ਦੀ ਬੇਰਹਿਮ ਮਾਰ 'ਚੋਂ ਬਚਿਆ-ਖੁਚਿਆ
ਤੈਨੂੰ ਵੀ ਤਾਂ ਆਪਣਾ 'ਕੰਵਰ', ਦੇਖਣ ਦਾ ਮੌਕਾ ਮਿਲੇ।

36. ਇਸ ਯੁੱਗ ਅੰਦਰ

ਇਸ ਯੁੱਗ ਅੰਦਰ ਸੱਚ ਦੇ ਨਾਲ ਨਾ ਕੋਈ ਖੜਦਾ ਏ
ਏਸੇ ਗੱਲ ਤੋਂ ਅੱਕਿਆ ਬੰਦਾ ਨਾਲ ਹਵਾ ਦੇ ਲੜਦਾ ਏ

ਜੇ ਸਭ ਲੋਕਾਂ ਡੁੱਬੇ ਸਦਾ ਹਨੇਰੇ ਅੰਦਰ ਰਹਿਣਾ ਹੈ
ਤਾਂ ਫਿਰ ਅੰਬਰ ਵਿਚ ਇਹ ਸੂਰਜ ਐਂਵੇ ਸੜਦਾ ਏ

ਨਾਲ ਸਮੇਂ ਦੇ ਹਰ ਗੱਲ ਆਪਣੀ ਅਉਧ ਹੰਢਾ ਲੈਂਦੀ
ਰੁੱਖ ਦਾ ਹਰ ਪੱਤ ਹਰਾ, ਆਖਰ ਸੁੱਕ ਕੇ ਝੜਦਾ ਏ

ਮੁੱਢ ਤੋਂ ਆਖਰ ਤੱਕ ਬੰਦਾ ਇੱਕੋ ਜਿਹਾ ਨਹੀਂ ਰਹਿੰਦਾ
ਯਾਰੋ ਕੁਝ ਨਾ ਕੁਝ ਤਾਂ ਰੰਗ ਵਕਤ ਦਾ ਚੜ੍ਹਦਾ ਏ

ਭਰਮ ਹੋ ਗਿਆ ਉਸਨੂੰ ਗਿਆਨ ਡੂਘਾਈਆਂ ਨਾਪਣ ਦਾ
ਏਸੇ ਲਈ ਰਹਿੰਦਾ ਹਰ ਵਕਤ ਕਿਤਾਬਾਂ ਪੜ੍ਹਦਾ ਏ।

37. ਗੀਤ ਕ੍ਰਾਂਤੀਆਂ ਦੇ

ਹਰ ਦਿਨ ਰਾਤ ਸੀ ਗਾਉਂਦੇ ਰਹਿੰਦੇ ਗੀਤ ਜੋ ਕ੍ਰਾਂਤੀਆਂ ਦੇ
ਉਹ ਸਾਰੇ ਰਹਿ ਗਏ ਹੁਣ ਤਾਂ ਮਾਮੂਲੀ ਜਿਹੀ ਵੋਟ ਬਣਕੇ

ਵਾਅਦੇ ਕਸਮਾਂ ਪੁਰਾਣਿਆਂ ਦਾ ਹੈ ਤਾਂ ਹੀ ਜ਼ਿਕਰ ਮੁੱਕਿਆ
ਡਿੱਗੇ 'ਰਹਿਮਤਾਂ' ਦੇ ਫਲ ਸਾਹਵੇਂ ਜਦੋਂ ਸਾਵੇ ਨੋਟ ਬਣਕੇ

'ਆਾਜ਼ਾਦੀ ਦੇ ਆਸ਼ਕਾਂ' ਮਨੀਂ ਪਾਈਆਂ ਲਾਲਚ ਨੇ ਬੇੜੀਆਂ
ਅੱਜ ਕੱਲ੍ਹ ਬੋਲ ਫੁੱਟਦੇ ਜਬਾਨੋ ਦਿਲ ਅੰਦਰ ਦੀ ਖੋਟ ਬਣਕੇ

ਚਾਹੁੰਦੀ ਹੈ ਜੇ ਗਰਕਣਾ ਦੁਨੀਆਂ ਤਾਂ ਗਰਕ ਲੈਣ ਦੇ 'ਕੰਵਰ'
ਇਕੱਲਾ ਕਦ ਤੱਕ ਖੜੇਂਗਾ ਏਦਾਂ ਰਿਸ਼ਤਿਆਂ ਦੀ ਓਟ ਬਣਕੇ।

38. ਪਿਆਰ ਕਹਾਣੀ

ਮੈਂ ਜਦ ਵੀ ਮਿਲਦਾਂ, ਕਿਸੇ ਪੁਰਾਣੇ ਹਾਣੀ ਨੂੰ
ਉਹੀਓ ਛੇੜ ਕੇ ਬਹਿ ਜਾਂਦਾ, ਏਸ ਕਹਾਣੀ ਨੂੰ

ਮੇਰੇ ਗੀਤਾਂ ਵਿਚੋਂ, ਉਹ ਲੱਭਦਾ ਹੈ ਨਾਮ ਤੇਰਾ
ਤੇ ਟਸਕਣ ਲਾ ਦਿੰਦਾ ਕਿਸੇ ਚੀਸ ਪੁਰਾਣੀ ਨੂੰ

ਯਾਦ ਦੇ ਵਾਂਗੂੰ ਖੁਦ ਵੀ ਹੱਸ ਕੇ ਮਿਲਿਆ ਕਰ
ਵਿਹੜੇ ਦਿਲ ਦੇ ਜਾਂ ਆਉਣੋਂ ਰੋਕ ਨਿਮਾਣੀ ਨੂੰ

ਹਰ ਸ਼ਿਅਰ ਮੇਰਾ, ਹੈ ਅੱਖ ਮੇਰੀ ਦਾ ਅੱਥਰੂ
ਕੀ ਤਸ਼ਬੀਹ ਦੇਵਾਂ, ਦੱਸ ਮੈਂ ਹੰਝ ਦੇ ਪਾਣੀ ਨੂੰ

ਮੇਰਾ ਬੋਲਣਾ ਮੌਤ ਬਰਾਬਰ ਤੂੰ ਵੀ ਚੁੱਪ ਖੜੀ
ਕਿੰਝ ਸੁਲਝਾਵਾਂ ਇਸ ਉਲਝੀ ਹੋਈ ਤਾਣੀ ਨੂੰ।

39. ਨਕਸ਼ ਤਿਰੇ ਹੀ ਚਿਤਰੇ

ਉਂਜ ਭਾਵੇਂ ਹੋਰ ਵੀ ਕਈ ਰੰਗ ਵਚਿੱਤਰੇ ਮਿਲਦੇ ਨੇ
ਮੇਰੇ ਗੀਤਾਂ ਵਿਚ ਨਕਸ਼ ਤਿਰੇ ਹੀ ਚਿਤਰੇ ਮਿਲਦੇ ਨੇ

ਕਿਸੇ ਭਰਮ ਸਹਾਰੇ ਅਸੀਂ ਤਾਂ ਦਿਨ ਕੱਟੀ ਜਾਂਦੇ ਹਾਂ
ਕਦ ਕਿਸੇ ਮੋੜ 'ਤੇ ਜਿੰਦਗੀ 'ਚ ਵਿੱਛੜੇ ਮਿਲਦੇ ਨੇ

ਜੋ ਸੋਹਣੇ ਮਿਲਦੇ ਨੇ ਦਿਨ ਵੇਲੇ ਸਹਿਜ ਸੁਭਾ ਆਪੇ
ਰਾਤ ਨੂੰ ਖਾਬਾਂ ਵਿਚ ਉਹ ਚਿਹਰੇ ਨਿੱਖਰੇ ਮਿਲਦੇ ਨੇ

ਨੀ ਹੱਥੀਂ ਭੁੰਨ ਕੇ ਆਪਣਾ ਮਾਸ ਖਵਾਉਂਦੇ ਆਪੇ ਜੋ
ਕਦ ਫੱਕਰ ਦਿਲ ਦੇ ਮੇਰੇ ਜਿਹੇ ਸ਼ਿਕਰੇ ਮਿਲਦੇ ਨੇ

ਛੱਡ ਕੇ ਜਾਣ ਵਾਲੀਏ ਸਦਕੇ ਤੇਰੀ ਬੇਪਰਵਾਹੀ ਦੇ
ਅਕਸਰ ਘੱਟ ਹੀ ਤੇਰੇ ਵਰਗੇ ਬੇਫਿਕਰੇ ਮਿਲਦੇ ਨੇ

'ਕੰਵਰਜੀਤ' ਇਹ ਕੀ ਐਂਵੇ ਈ ਏ ਲਿਖਦਾ ਰਹਿੰਦਾ
ਨਾ ਵਜ਼ਨ ਬਹਿਰ ਤੇ ਨਾ ਕੋਈ ਫ਼ਿਕਰੇ ਮਿਲਦੇ ਨੇ।

40. ਨਵਾਂ ਭੁਲੇਖਾ

ਬੇਸ਼ੱਕ ਜਿੰਦਗੀ ਨਿੱਤ ਨਵਾਂ ਭੁਲੇਖਾ ਪਾਉਂਦੀ ਰਹੀ
ਪਰ ਕੋਸ਼ਿਸ਼ ਮੇਰੀ ਮੈਨੂੰ ਰਾਹ ਸਦਾ ਵਿਖਾਉਂਦੀ ਰਹੀ

ਜਿਨ੍ਹਾਂ ਝੱਖੜਾਂ ਨੇ ਝੁੱਲਣਾ ਸੀ, ਉਹ ਵੀ ਝੁੱਲਦੇ ਰਹੇ
ਕੋਇਲ ਆਪਣੇ ਆਲ੍ਹਣੇ ਚਾਅ ਨਾਲ ਸਜਾਉਂਦੀ ਰਹੀ

ਤਿੱਖੇ ਕੰਡੇ 'ਤੇ ਰੱਖ ਕੇ ਨਰਮ ਗਰਦਨ ਆਪਣੀ ਨੂੰ
ਗੀਤ ਮੁਹੱਬਤ ਦਾ ਬੁਲਬੁਲ ਰਾਤ ਸਾਰੀ ਗਾਉਂਦੀ ਰਹੀ

ਚਾਵਾਂ, ਖੁਸ਼ੀਆਂ ਦੇ ਗੀਤ ਤੇ ਮਰਸੀਏ ਗਮ ਦੇ ਲਿਖੇ
ਕਲਮ ਮੇਰੀ ਹਰ ਮੌਕੇ ਦੇ ਹੀ ਜਸ਼ਨ ਮਨਾਉਂਦੀ ਰਹੀ

ਤੈਨੂੰ ਕਹਿ ਸਕਿਆ ਜਾਂ ਨਾ ਇਸਦਾ ਹੈ ਕੀ ਵਾਸਤਾ
ਮੁਹੱਬਤ ਤੇਰੀ ਏ ਸਦਾ ਮੇਰਾ ਰਾਹ ਰੁਸ਼ਨਾਉਂਦੀ ਰਹੀ

ਕਿੰਨੇ ਹੁਸੀਨ ਚਿਹਰੇ ਗੁਜਰੇ ਯਾਦਾਂ ਰੰਗੀਨ ਦੇ ਕੇ
ਮਨ ਮੇਰੇ 'ਚ ਫਿਰ ਵੀ ਹੈ ਯਾਦ ਤੇਰੀ ਆਉਂਦੀ ਰਹੀ।

41. ਤਲੀ 'ਤੇ ਚੰਨ

ਤੇਰੀ ਤਲੀ 'ਤੇ ਚੰਨ ਵੀ ਧਰਦਾਂ ਤਾਂ ਵੀ ਕੀ ਇਤਬਾਰ ਹੋਏਗਾ
ਇਕ ਕਵੀ ਦੇ ਜਜ਼ਬਾਤੀ ਪਾਗਲਪਨ ਦਾ ਹੀ ਇਜ਼ਹਾਰ ਹੋਏਗਾ

ਮੈਂ ਤਾਂ ਆਪਣੇ ਜਜ਼ਬਾਤ ਹੀ ਜਾਹਰ ਕੀਤੇ ਸੀ ਮਹਿਫ਼ਲ ਵਿਚ
ਨਹੀਂ ਪਤਾ ਸੀ ਇਨ੍ਹਾਂ ਦੋ ਹਰਫ਼ਾਂ ਦਾ ਵੈਰੀ ਸਭ ਸੰਸਾਰ ਹੋਏਗਾ

ਸੱਚ ਬੋਲਿਆਂ ਉਧੜ ਜਾਏਗੀ ਚਮੜੀ ਤੇਰੀ ਚੌਂਕ ਵਿਚਾਲੇ ਹੀ
ਲੀਰੋ ਲੀਰ ਹੋਏਗੀ ਇੱਜ਼ਤ ਚੋਲਾ ਸ਼ੋਹਰਤ ਦਾ ਲੰਗਾਰ ਹੋਏਗਾ

ਤਾੜੀ ਮਾਰ ਮਾਰ ਕੇ ਹੱਸੇਗਾ ਦੁਸ਼ਮਣ ਦੇਖ ਕੇ ਮੈਨੂੰ ਡਿੱਗਦਾ
ਪਰ ਪਿੱਠ 'ਚ ਖੰਜਰ ਖੋਭਣ ਵਾਲਾ ਮੇਰਾ ਜਿਗਰੀ ਯਾਰ ਹੋਏਗਾ

ਛੱਡ ਦੇਵੇ ਖਹਿੜਾ ਸਾਦਗੀ ਦਾ ਹੁਣ ਤਾਂ ਕਹੋ ਕੋਈ ਉਸਨੂੰ
ਜਿੰਨਾ ਰਹੇਗਾ ਭੋਲਾ 'ਕੰਵਰਜੀਤ' ਓਨਾ ਹੀ ਖੁਆਰ ਹੋਏਗਾ।

42. ਕੀ ਵੱਸ ਫਕੀਰਾਂ ਦੇ

ਤਕਦੀਰਾਂ ਲਿਖੀਆਂ ਨੇ ਜੋ ਲੇਖ ਦੀਆਂ
ਮਾੜਾ ਚੰਗਾ ਕੁਝ ਨਹੀਂ ਵੇਖਦੀਆਂ
ਗੱਲਾਂ ਰੇਖ 'ਚ ਵੱਜੀ ਮੇਖ ਦੀਆਂ
ਇਹ ਸੌਦੇ ਨੇ ਤਕਦੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਜਿਹੜੇ ਵੀ ਇਸ਼ਕ ਕਮਾਉਂਦੇ ਨੇ
ਉਹ ਚੀਰ ਕੇ ਪੱਟ ਖਵਾਉਂਦੇ ਨੇ
ਵਿਚ ਬੇਲਿਆਂ ਫਿਰਦੇ ਗਾਉਂਦੇ ਨੇ
ਜੱਟ ਰਾਂਝੇ ਆਸ਼ਿਕ ਹੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਤਕਦੀਰਾਂ ਵਿਚ ਭਰੋਸਾ ਰੱਖ ਲੈਂਦੇ
ਤਾਂ ਮਜ਼ਾ ਪਿਆਰ ਦਾ ਚੱਖ ਲੈਂਦੇ
ਨਾ ਗਲ਼ੀਆਂ ਦੇ ਹੋ ਕੇ ਕੱਖ ਰਹਿੰਦੇ
ਪੈ ਕੇ ਰਾਹ ਤਦਬੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਪੀੜ ਹਿਜਰ ਦੀ ਸਹਿ ਛੱਡੀਏ
ਖਤ ਪੜ੍ਹਕੇ ਤੇਰੇ ਬਹਿ ਛੱਡੀਏ
ਤਸਵੀਰ ਤਿਰੀ ਨੂੰ ਕਹਿ ਛੱਡੀਏ
ਦੁੱਖ ਦਿਲ ਤੇ ਲੱਗੇ ਚੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਜੰਗਲ ਬੇਲਿਆਂ ਵਿਚ ਹੂਕ ਸੁਣੇ
ਤੇਰੇ ਸ਼ਹਿਰ 'ਚ ਉੱਚੀ ਕੂਕ ਸੁਣੇ
ਦਿਲ ਚਾਹੁੰਦਾ ਅੱਜ ਮਾਸ਼ੂਕ ਸੁਣੇ
ਰੋਵੇ ਲੱਗਕੇ ਮੁੱਢ ਕਰੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਜੋ ਕੀਤੀ ਬਾਬ ਸ਼ਰੀਕਾਂ ਨੇ
ਜੱਗ ਸਾਰੇ ਸੁਣਦੀਆਂ ਚੀਕਾਂ ਨੇ
ਦਿਲ ਵਿਚ ਵਸਲ ਉਡੀਕਾਂ ਨੇ
ਚੀਥੜੇ ਗਲ ਵਿਚ ਲੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ

ਛੱਡਿਆ ਰਾਹ ਤਰਕੀਬਾਂ ਦਾ
ਦੇਵੇ ਮੂੰਹ ਭੰਨ ਰਕੀਬਾਂ ਦਾ
ਹੈ ਰਾਖਾ ਰੱਬ ਗਰੀਬਾਂ ਦਾ
ਸਹਿ ਰਹੇ ਜੁਲਮ ਅਮੀਰਾਂ ਦੇ
ਦੱਸ ਕੀ ਵੱਸ ਫਕੀਰਾਂ ਦੇ।

43. ਚੱਲ ਮਨਾ

ਬੇਆਸਾਂ ਦੇ ਦਰਵਾਜਿਆਂ ਮੂਹਰੇ ਆਸ ਤੈਂ ਕਾਹਤੋਂ ਲਾਈ ਵੇ
ਝੂਠੀ ਆਸ ਸਹਾਰੇ ਮਾਣਕ ਜਿੰਦਗੀ ਕੱਖਾਂ ਹਾਰ ਲੰਘਾਈ ਵੇ
ਪੱਥਰਾਂ ਕੋਲੋਂ ਖੈਰ ਮੰਗੇਂਦਾ ਕਿਉਂ ਆਬ ਗਵਾਉਨੈ ਕਾਸੇ ਦੀ
ਚੱਲ ਮਨਾ ਹੁਣ ਉਠ ਚੱਲ ਏਥੋਂ, ਲੰਘਜਾ ਜੱਗ ਤੋਂ ਪਾਸੇ ਦੀ।

ਮੰਗਣਾ ਹੈ ਤਾਂ ਮੰਗ ਉਸਤੋਂ, ਹਰ ਇਕ ਨੂੰ ਦੇਵਣ ਵਾਲਾ ਹੈ
ਦੁਨੀਆ ਦੇ ਆਪਣੇ ਆਪਣੇ ਮਾਲਕ ਤੇਰਾ ਅੱਲਾ ਤਾਅਲਾ ਹੈ
ਤੇਰੀ ਰਮਜ਼ ਫਕੀਰਾਂ ਵਾਲੀ, ਫੱਕਰਾਂ ਨੂੰ ਕੀ ਲੋੜ ਦਿਲਾਸੇ ਦੀ
ਚੱਲ ਮਨਾ ਹੁਣ ਉਠ ਚੱਲ ਏਥੋਂ, ਲੰਘਜਾ ਜੱਗ ਤੋਂ ਪਾਸੇ ਦੀ।

ਗਿਣਤੀ ਬੁਣਤੀ ਵਿਚ ਉਲਝੇ ਕੀ ਜਾਣਨ ਹਾਲ ਪਿਆਰਾਂ ਦਾ
ਤੂੰ ਤਾਂ ਮੰਨਕੇ ਬੈਠਾ ਕਾਬਾ-ਕਾਸ਼ੀ, ਗਲੀ ਮੁਹੱਲਾ ਯਾਰਾਂ ਦਾ
ਇਸ਼ਕ ਮੁਹੱਬਤ ਮਨ ਦੀਆਂ ਮੌਜਾਂ, ਹੁਣ ਤਾਂ ਗੱਲ ਤਮਾਸ਼ੇ ਦੀ
ਚੱਲ ਮਨਾ ਹੁਣ ਉਠ ਚੱਲ ਏਥੋਂ, ਲੰਘਜਾ ਜੱਗ ਤੋਂ ਪਾਸੇ ਦੀ।

ਯਾਰ ਦੇ ਸਦਕੇ ਦੁਨੀਆ ਬਹਿਸ਼ਤ, ਹਨ ਯਾਰਾਂ ਨਾਲ ਬਹਾਰਾਂ
ਯਾਰ ਰਖੀਵੇ ਜਿੱਦਾਂ, ਓਦਾਂ ਈ ਰਹੀਏ ਕੀ ਫੁੱਲ, ਕੀ ਖਾਰਾਂ
ਮੁਹੱਬਤ ਭੁੱਖ ਤੇਹ ਹੈ ਤੇਰੀ, ਕੀ ਖੂਹ ਨੂੰ ਲੋੜ ਪਿਆਸੇ ਦੀ
ਚੱਲ ਮਨਾ ਹੁਣ ਉਠ ਚੱਲ ਏਥੋਂ, ਲੰਘਜਾ ਜੱਗ ਤੋਂ ਪਾਸੇ ਦੀ।

44. ਸੱਚ ਦਾ ਰਾਗ

ਆਪਣੇ ਅੰਦਰ ਦੀ ਗੱਲ ਕਹਿ ਸਕਿਆ ਨਹੀਂ
ਪਰ ਮਹਿਫ਼ਲ ਵਿਚ ਚੁੱਪ ਰਹਿ ਸਕਿਆ ਨਹੀਂ
ਝੂਠੀ ਦੁਨੀਆਂ ਵਿਚ ਸੱਚੇ ਦਿਲ ਦਾ ਰਾਜ਼ ਸੁਣੋ
ਜੇ ਸੁਣਨਾ ਚਾਹੁੰਦੇ ਹੋ ਤਾਂ ਸੱਚ ਦਾ ਰਾਗ ਸੁਣੋ

ਕਿਸੇ ਜੀਂਦਿਆਂ ਮਰਨਾ ਕਿਸੇ ਮਰਕੇ ਜੀਓਣਾ ਹੈ
ਕਿਸੇ ਦੇ ਮੱਥੇ ਕਾਲਖ ਕਿਸੇ ਨੇ ਰੌਸ਼ਨ ਹੋਣਾ ਹੈ
ਵੇਲੇ ਸਿਰ ਆਪਣੇ ਸਿਰ ਲਈ ਆਪੇ ਤਾਜ ਚੁਣੋ
ਜੇ ਸੁਣਨਾ ਚਾਹੁੰਦੇ ਹੋ ਤਾਂ ਸੱਚ ਦਾ ਰਾਗ ਸੁਣੋ

ਟਿੱਕਾ ਬਦਨਾਮੀ ਦਾ ਕਿ ਤਮਗਾ ਮਸ਼ਹੂਰੀ ਦਾ
ਜ਼ਹਿਰ ਪਿਆਲਾ ਕਿਸ ਲੇਖੀਂ ਬਾਟਾ ਚੂਰੀ ਦਾ
ਨੇੜੇ ਹੋ ਜ਼ਰਾ ਕੁ ਮੇਰੇ ਆਪੋ ਆਪਣਾ ਭਾਗ ਸੁਣੋ
ਜੇ ਸੁਣਨਾ ਚਾਹੁੰਦੇ ਹੋ ਤਾਂ ਸੱਚ ਦਾ ਰਾਗ ਸੁਣੋ

ਰਾਤੀਂ ਰਹਿੰਦੇ ਜਾਗਦੇ ਇਹ ਨੇ ਨੀਂਦੋ ਟੁੱਟੇ ਜੋ
ਸਾਰੇ ਜੱੱਗ ਦੇ ਵੇਂਹਦਿਆਂ ਹੀ ਗਏ ਨੇ ਲੁੱਟੇ ਜੋ
ਖੁੱਲੀ ਅੱਖ ਵਿਚ ਜਾਗਦਾ ਕੋਈ ਸੁੱਚਾ ਖਾਬ ਸੁਣੋ
ਜੇ ਸੁਣਨਾ ਚਾਹੁੰਦੇ ਹੋ ਤਾਂ ਸੱਚ ਦਾ ਰਾਗ ਸੁਣੋ।

45. ਨਿੱਕਾ ਜਿਹਾ ਤੋਹਫਾ

ਨਿੱਕਾ ਜਿਹਾ ਤੋਹਫਾ ਕੋਈ ਪਿਆਰ ਦਾ
ਅਜਲਾਂ ਤਾਈਂ ਸਾਡੀ ਜਿੰਦਗੀ ਸਵਾਰਦਾ

ਅੱਧੀਂ ਰਾਤੀਂ ਜਾਗ ਰਾਗ ਸੀ ਪਿਆਰ ਵਾਲਾ ਛੇੜਿਆ
ਚੰਦਰੀ ਹਵਾ ਦੇ ਝੋਂਕੇ ਸਾਡੇ ਖਿਆਲ਼ ਨੂੰ ਉਧੇੜਿਆ
ਟੁੱਟੀ ਡੋਰ ਤੇ ਪਤੰਗ ਪੁੱਜ ਗਈ ਲਾਹੌਰ
ਬੈਠਾ ਪੱਟੀ ਦੇ ਚੁਬਾਰੇ ਤੁਣਕੇ ਸੀ ਮਾਰਦਾ
ਨਿੱਕਾ ਜਿਹਾ ਤੋਹਫਾ ਕੋਈ ਪਿਆਰ ਦਾ
ਅਜਲਾਂ ਤਾਈਂ ਸਾਡੀ ਜਿੰਦਗੀ ਸਵਾਰਦਾ

ਡਾਹ ਕੇ ਪੀੜ੍ਹੀ ਬਹਿੰਦਾ ਨਿੱਤ ਤਾਰਿਆਂ ਦੇ ਛਾਵੇਂ
ਹੱਥ ਕੱਢ ਕੇ ਆਕਾਸ਼ ਵੱਲ ਤੂੰ ਖੁਦਾ ਨੂੰ ਧਿਆਵੇਂ
ਲਿਖ ਖ਼ਤ ਜੋ ਗਿਆ ਨਾ ਭੇਜਿਆ ਕਦੇ
ਰਹਿੰਦਾ ਰੋਜ਼ ਉਹਦੇ ਹਰਫ਼ ਸ਼ਿੰਗਾਰਦਾ
ਨਿੱਕਾ ਜਿਹਾ ਤੋਹਫਾ ਕੋਈ ਪਿਆਰ ਦਾ
ਅਜਲਾਂ ਤਾਈਂ ਸਾਡੀ ਜਿੰਦਗੀ ਸਵਾਰਦਾ।

46. ਅੱਗ ਦਾ ਹਾਣੀ

ਕਿਹੜੇ ਰਾਹੇ ਆਵਾਂ ਜਾਵਾਂ ਹਰ ਰਾਹ ਵਿਚ ਭਰਿਆ ਪਾਣੀ
ਪਾਣੀ ਦੇ ਨਾਲ ਮੇਰਾ ਮੇਲ ਭਲਾਂ ਕੀ ਮੈਂ ਤਾਂ ਅੱਗ ਦਾ ਹਾਣੀ

ਰੋਜ਼ ਦਿਹਾੜੇ ਈਦ ਅਸਾਡੀ ਲੱਖ ਦੀਵੇ ਬਾਲੇ ਇਲਮਾਂ ਵਾਲੇ
ਸੂਫ਼ੀ ਵਜਦ 'ਚ ਨਾਚ ਨਚੀਂਦਿਆਂ ਸਾਡੇ ਪੈ ਗਏ ਪੈਰੀਂ ਛਾਲੇ
ਲੋਹੜੀ ਵਰਗਾ ਸਿਰਲੇਖ ਦਈਂ ਤੂੰ ਜੇ ਮੇਰੀ ਲਿਖੇਂ ਕਹਾਣੀ
ਕਿਹੜੇ ਰਾਹੇ ਆਵਾਂ ਜਾਵਾਂ ਹਰ ਰਾਹ ਵਿਚ ਭਰਿਆ ਪਾਣੀ
ਪਾਣੀ ਦੇ ਨਾਲ ਮੇਰਾ ਮੇਲ ਭਲਾਂ ਕੀ ਮੈਂ ਤਾਂ ਅੱਗ ਦਾ ਹਾਣੀ

ਕੱਲ੍ਹ ਦੀਆਂ ਗੱਲਾਂ ਜਾਪਣ ਯਾਦਾਂ, ਜਖਮ ਹਿਜਰ ਦੇ ਤਾਜੇ
ਹੰਝੂ ਖਾਰੇ ਆਏ ਜੋ ਅਣਤੋਲੇ, ਮਹਿਮਾਨਾਂ ਵਾਂਗ ਨਿਵਾਜੇ
ਨਿੱਤ ਪੁਰਾਣੇ ਹੋਸਣ ਰੰਗ ਸਮੇਂ ਦੇ, ਨਾ ਹੋਵੇ ਪੀੜ ਪੁਰਾਣੀ
ਕਿਹੜੇ ਰਾਹੇ ਆਵਾਂ ਜਾਵਾਂ ਹਰ ਰਾਹ ਵਿਚ ਭਰਿਆ ਪਾਣੀ
ਪਾਣੀ ਦੇ ਨਾਲ ਮੇਰਾ ਮੇਲ ਭਲਾਂ ਕੀ ਮੈਂ ਤਾਂ ਅੱਗ ਦਾ ਹਾਣੀ

ਇੱਥੇ ਕੌਣ ਹਾਲ ਦਾ ਮਹਿਰਮ ਸਾਡਾ, ਜਿਹੜਾ ਦਰਦ ਪਛਾਣੇ
ਸ਼ਹਿਰ ਬਿਗਾਨਾ, ਲੋਕ ਬਿਗਾਨੇ, ਨੀ ਕਿਹੜਾ ਰਮਜ਼ ਸਿਆਣੇ
ਹੋ ਪਰਦੇਸਣ ਰੋਵੇ 'ਕੱਲੀ, ਹਉਕਿਆਂ ਮਾਰੀ ਜਿੰਦ ਨਿਮਾਣੀ
ਕਿਹੜੇ ਰਾਹੇ ਆਵਾਂ ਜਾਵਾਂ ਹਰ ਰਾਹ ਵਿਚ ਭਰਿਆ ਪਾਣੀ
ਪਾਣੀ ਦੇ ਨਾਲ ਮੇਰਾ ਮੇਲ ਭਲਾਂ ਕੀ ਮੈਂ ਤਾਂ ਅੱਗ ਦਾ ਹਾਣੀ।

47. ਮਿੱਤਰ ਯਾਰ

ਤੱਤੀਆਂ ਠੰਢੀਆਂ ਜੱਗ ਦੀਆਂ ਜਰ ਗਏ
ਮਨ ਮੇਰਾ ਚਾਵਾਂ ਦੇ ਨਾਲ ਭਰ ਗਏ
ਵਿਹੜਾ ਦਿਲ ਦਾ ਰੌਸ਼ਨ ਕਰ ਗਏ
ਅੰਬਰ ਦੇ ਤਾਰੇ ਉਹ
ਪੰਧ ਲੰਮੇਰਾ ਜਿੰਦਗੀ ਦਾ, ਸਾਥ ਨਿਭਾ ਗਏ,
ਵਸਦੇ ਰਹਿਣ ਪਿਆਰੇ ਉਹ

ਜਿਨ੍ਹਾਂ ਦੁੱਖ ਵੀ ਲੈ ਲਏ ਸਾਰੇ ਮੇਰੇ ਹਿੱਸੇ ਦੇ
ਅਮਰ ਪਾਤਰ ਉਹ ਜਿੰਦਗੀ ਮੇਰੀ ਦੇ ਕਿੱਸੇ ਦੇ
ਹਰ ਪੈੜ ਮੇਰੀ 'ਤੇ ਮੋਹਰ ਉਨ੍ਹਾਂ ਦੀ
ਜਿੰਦਗੀ ਦੇ ਰੰਗ ਸਾਰੇ ਉਹ
ਪੰਧ ਲੰਮੇਰਾ ਜਿੰਦਗੀ ਦਾ, ਸਾਥ ਨਿਭਾ ਗਏ,
ਵਸਦੇ ਰਹਿਣ ਪਿਆਰੇ ਉਹ

ਲੋਅ ਜਿਨ੍ਹਾਂ ਦੀ ਸਦਕਾ ਦੀਪਕ ਵਾਂਗੂੰ ਜਗਿਆ ਹਾਂ
ਸੇਕ ਜਿਨ੍ਹਾਂ ਦੇ ਸਦਕੇ ਚਿਣਗਾਂ ਬਣਕੇ ਮਘਿਆਂ ਹਾਂ
ਦਰਿਆ ਬਣਕੇ ਤਾਂ ਵਗਿਆ ਹਾਂ
ਜੇ ਬਣੇ ਕਿਨਾਰੇ ਉਹ
ਪੰਧ ਲੰਮੇਰਾ ਜਿੰਦਗੀ ਦਾ, ਸਾਥ ਨਿਭਾ ਗਏ,
ਵਸਦੇ ਰਹਿਣ ਪਿਆਰੇ ਉਹ।

48. ਦੋਸਤੀਆਂ

ਹੁਣ ਗੱਲ ਸਮਝ ਲਈ ਅਜਮਾ ਲਈ ਏ
ਜਦ ਦਿਲ ਦੀ ਸਾਰੀ ਪੀੜ ਹੰਢਾ ਲਈ ਏ
ਕੋਮਲ ਦਿਲ ਨੂੰ ਜ਼ਫ਼ਰ ਜਾਲਣੇ ਸੌਖੇ ਨਹੀਂ
ਦੋਸਤੀਆਂ ਦੇ ਵਿਰਦ ਪਾਲਣੇ ਸੌਖੇ ਨਹੀਂ

ਸੇਕ ਬਿਗਾਨੀ ਅੱਗ ਦੇ ਸੜਨਾ ਪੈਂਦਾ ਏ
ਹਿਜਰ ਕਾੜਨੀ ਅੰਦਰ ਕੜ੍ਹਨਾ ਪੈਂਦਾ ਏ
ਬਾਲਣ ਹੱਡੀਆਂ ਦੇ ਬਾਲਣੇ ਸੌਖੇ ਨਹੀਂ
ਦੋਸਤੀਆਂ ਦੇ ਵਿਰਦ ਪਾਲਣੇ ਸੌਖੇ ਨਹੀਂ

ਛੱਡ ਜਿੰਦਗੀ ਮੌਤ ਕਮਾਉਣੀ ਪੈ ਸਕਦੀ
ਉਡੀਕਾਂ 'ਚ ਉਮਰ ਲੰਘਾਉਣੀ ਪੈ ਸਕਦੀ
ਇੰਜ ਵਰ੍ਹੇ ਉਮਰ ਦੇ ਗਾਲਣੇ ਸੌਖੇ ਨਹੀਂ
ਦੋਸਤੀਆਂ ਦੇ ਵਿਰਦ ਪਾਲਣੇ ਸੌਖੇ ਨਹੀਂ

ਲੱਖਾਂ ਪੀੜਾਂ ਜਰਕੇ ਹੱਸਦੇ ਰਹਿੰਦੇ ਹਾਂ
ਕੁਝ ਤਨ 'ਤੇ, ਕੁਝ ਮਨ 'ਤੇ ਸਹਿੰਦੇ ਹਾਂ
ਆਏ ਦੁੱਖ ਦਰਾਂ ਤੋਂ ਟਾਲਣੇ ਸੌਖੇ ਨਹੀਂ
ਦੋਸਤੀਆਂ ਦੇ ਵਿਰਦ ਪਾਲਣੇ ਸੌਖੇ ਨਹੀਂ।

49. ਮੇਰੇ ਯਾਰ

ਮੇਰੇ ਯਾਰ ਕਿਤਾਬਾਂ ਵਰਗੇ, ਜੋ ਮੈਨੂੰ ਅਕਲ ਸਿਖਾਉਂਦੇ ਆ
ਦਰਸ਼ਨ, ਇਤਿਹਾਸ, ਹਿਸਾਬਾਂ ਵਰਗੇ ਮਜ਼ਮੂਨ ਪੜਾਉਂਦੇ ਆ

ਦੂਰ ਦੁਮੇਲਾਂ ਤੱਕ ਪਸਰੇ ਹੋਏ ਜਿਉਂ ਖੁੱਲ੍ਹੇ ਆਕਾਸ਼ ਤਰ੍ਹਾਂ
ਮਨ ਅੰਤਰ ਵਿਚ ਰਹਿਣ ਚਮਕਦੇ ਚੰਨ ਦੇ ਪ੍ਰਕਾਸ਼ ਤਰ੍ਹਾਂ
ਸੂਹੇ ਫੁੱਲ ਗੁਲਾਬਾਂ ਵਰਗੇ, ਹਰ ਪਾਸੇ ਮਹਿਕ ਖਿੰਡਾਉਂਦੇ ਆ
ਮੇਰੇ ਯਾਰ ਕਿਤਾਬਾਂ ਵਰਗੇ

ਉਹ ਮਿਲਦੇ ਨੇ ਉਹ ਜਦ ਵੀ ਤਾਂ ਰਾਗ ਅਨੂਠੇ ਛਿੜਦੇ ਨੇ
ਮੁੱਕ ਜਾਵਣ ਸੰਸੇ ਸਾਰੇ, ਸ਼ੰਕਿਆਂ ਦੇ ਵੀ ਬੂਹੇ ਭਿੜਦੇ ਨੇ
ਦਿਲ ਦਰਿਆ ਆਬਾਂ ਵਰਗੇ, ਰੂਹ ਦੀ ਪਿਆਸ ਬੁਝਾਉਂਦੇ ਆ
ਮੇਰੇ ਯਾਰ ਕਿਤਾਬਾਂ ਵਰਗੇ

ਅੱਖਾਂ ਦੇ ਵਿਚ ਚਾਨਣ ਵਰਸੇ, ਹਰ ਦਮ ਹੀ ਰਹਿਮਤ ਦਾ
ਰੂਹ ਉਨ੍ਹਾਂ ਦੀ ਰਸਤਾ ਹੈ ਜੀ, ਕਿਸੇ ਰੱਬ ਦੀ ਬਹਿਸ਼ਤ ਦਾ
ਓ ਰੌਸ਼ਨ ਮੁਖ ਮਹਿਤਾਬਾਂ ਵਰਗੇ, ਮਿੱਠਾ ਨੂਰ ਵਰ੍ਹਾਉਂਦੇ ਆ
ਮੇਰੇ ਯਾਰ ਕਿਤਾਬਾਂ ਵਰਗੇ

ਮਨ ਮੇਰੇ ਅੰਦਰ ਰਹੇ ਜਾਗਦਾ, ਇਹੋ ਇਕ ਖਿਆਲ ਸਦਾ
ਸੋਹਣੇ ਯਾਰਾਂ ਦੀ ਯਾਰੀ ਦਾ, ਮੈਨੂੰ ਪੈਂਦਾ ਹੈ ਹਾਲ ਸਦਾ
ਕੁਝ ਚਿਹਰੇ ਖਾਬਾਂ ਵਰਗੇ, ਸਾਰੀ ਸਾਰੀ ਰਾਤ ਜਗਾਉਂਦੇ ਆ
ਮੇਰੇ ਯਾਰ ਕਿਤਾਬਾਂ ਵਰਗੇ।

50. ਉਦਾਸ ਮਨ

ਨਿੱਕੀ ਜਿਹੀ ਗੱਲ ਵੀ ਬਣ ਜਾਂਦੀ ਹੈ ਖਾਸ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਜ਼ਿੰਦਗੀ ਪੱਤਿਆਂ ਵਰਗੀ ਜੋ ਮਰਜ਼ੀ ਦੇ ਆਉਂਦੇ ਨਹੀਂ
ਖੋਟੀ ਕਿਸਮਤ ਵਾਲੇ ਨੂੰ ਯੱਕੇ ਤਿੰਨ ਥਿਆਉਂਦੇ ਨਹੀਂ
ਹੱਥ 'ਚੋਂ ਨਿਕਲ ਕੇ ਖਿੰਡ ਜਾਂਦੀ ਪੂਰੀ ਤਾਸ਼ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਯਾਦ ਕਰਾਂ ਨਾਲੇ ਰੋਵਾਂ, ਜੋ ਸੱਜਣ ਹੱਥੀਂ ਤੋਰੇ ਨੇ
ਸਾਰੀ ਜ਼ਿੰਦਗੀ ਦੀ ਕਮਾਈ ਹਉਕੇ ਤੇ ਹਟਕੋਰੇ ਨੇ
ਚੁੱਕਣੀ ਪੈਣੀ ਮੋਈ ਰੂਹ ਨੂੰ ਤਨ ਦੀ ਲਾਸ਼ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਖ਼ਬਰ ਨਹੀਂ ਮੈਂ ਪੀਤਾ ਪਾਣੀ ਕਿੰਨਿਆਂ ਖੂਹਾਂ ਦਾ
ਹਾਲੇ ਵੀ ਸੰਘ ਸੁੱਕਿਆ ਹੋਇਆ ਹੈ ਪਰ ਰੂਹਾਂ ਦਾ
ਪੰਛੀ ਮਨ ਦੇ ਦੀ, ਮਿਟਦੀ ਨਹੀਂ ਪਿਆਸ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਤੈਥੋਂ ਵਧਕੇ ਕੁਝ ਵੀ ਨਹੀਂ ਸਾਰੀ ਜਿੰਦਗੀ ਤੇਰੀ
ਕਰਾਂ ਦੁਆਵਾਂ ਤੇਰੇ ਲਈ, ਉਮਰ ਬੀਤ ਜੇ ਮੇਰੀ
ਕਰਿਆ ਕਰ ਤੂੰ ਵੀ ਮੇਰੇ ਲਈ ਅਰਦਾਸ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਗਲੀਂ 'ਚੋਂ ਜਦ ਵੀ ਲੰਘਿਆ ਤੂੰ ਬੂਹਾ ਢੋਇਆ ਏ
'ਕੰਵਰ' ਨੂੰ ਦੇਖੇਂ ਉਦੋਂ, ਜਿਉਂਦਾ ਵੀ ਮੋਇਆ ਏ
ਦੇਖਣ ਵਾਲੀ ਅੱਖ ਜੇ ਹੁੰਦੀ ਤੇਰੀ ਕਾਸ਼ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ

ਮੋਈ ਜਿੰਦ ਨੂੰ ਬੜਾ ਸਹਾਰਾ ਬਾਬੇ ਦੀ ਬਾਣੀ ਦਾ
ਬਾਣੀ ਪੜ੍ਹ ਪੜ੍ਹ ਹੁਣ ਰੂਹ ਦਾ ਸੱਚ ਪਛਾਣੀ ਦਾ
ਜਪੁ, ਜਾਪ ਤੇ ਪੜ੍ਹ ਲਈਏ ਜੀ ਰਹਿਰਾਸ ਕਦੇ
ਬੱਸ ਐਂਵੇ ਹੀ ਹੋ ਜਾਂਦੈ ਮੇਰਾ ਮਨ ਉਦਾਸ ਕਦੇ
ਨਿੱਕੀ ਜਿਹੀ ਗੱਲ ਵੀ ਬਣ ਜਾਂਦੀ ਹੈ ਖਾਸ ਕਦੇ।

51. ਚੁੱਪ

ਪੁੱਛਦੇ ਨੇ ਯਾਰ ਮੇਰੇ ਚਿਹਰੇ 'ਤੇ ਉਦਾਸੀ ਕਾਹਦੀ ਛਾਈ ਹੈ
ਮਹਿਫ਼ਲਾਂ ਦਾ ਸਰਤਾਜ ਸੀ ਤੂੰ, ਹੁਣ ਕਾਹਦੀ ਤਨਹਾਈ ਹੈ
ਇਹ ਦੂਰੀ ਦਿਲ ਵਾਲੀ ਦਿਲ ਹੱਸ ਸਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ
ਤੇਰੀ ਨਜ਼ਰ 'ਚ ਮੇਰੀ ਸ਼ਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ

ਇਕ ਨਿੱਕੀ ਜਿੰਨੀ ਭੁੱਲ ਹੋਈ ਲੋਕ ਆਖੀ ਜਾਂਦੇ ਨੇ ਕਸੂਰ ਜੀ
ਛੇ ਅਰਬ ਲੋਕਾਈ ਵਿਚ ਤੇਰੇ ਤੋਂ ਬਗੈਰ ਕੌਣ ਮੇਰਾ ਹਜ਼ੂਰ ਜੀ
ਦੁਨੀਆ ਵਿਚ ਵੱਖਰੀ ਪਛਾਣ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ
ਤੇਰੀ ਨਜ਼ਰ 'ਚ ਮੇਰੀ ਸ਼ਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ

ਅਸੀਂ ਬਾਤ ਇਕ ਪਾਈ ਸੀ ਹੂੰਗਾਰਾ ਉਹਦਾ ਤੈਥੋਂ ਮੰਗਿਆ
ਸੁੱਕੇ ਪੱਤੇ ਵਾਂਗੂੰ ਡੋਲੇ ਖਾਵੇ ਜਿੰਦ ਤੇ ਸਹਾਰਾ ਤੈਥੋਂ ਮੰਗਿਆ
ਹੁਣ ਔਖੀ ਸੌਖੀ ਬੱਸ ਜਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ
ਤੇਰੀ ਨਜ਼ਰ 'ਚ ਮੇਰੀ ਸ਼ਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ

ਕਦੇ ਝੂਠ ਬੋਲਿਆਾ ਨਾ ਜਾਵੇ, ਸੱਚ ਮਹਿੰਗਾ ਬੜਾ ਬੋਲਣਾ
ਪਰ ਬੋਲਣ ਤੋਂ ਪਹਿਲਾਂ, ਸਾਨੂੰ ਆਇਆ ਨਹੀਉਂ ਤੋਲਣਾ
'ਕੰਵਰ' ਦੀ ਕੱਟਣੋਂ ਜ਼ਬਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ
ਤੇਰੀ ਨਜ਼ਰ 'ਚ ਮੇਰੀ ਸ਼ਾਨ ਬਚੀ ਰਹਿ ਜਾਵੇ, ਏਸੇ ਲਈ ਚੁੱਪ ਰਹਿੰਦਾ ਹਾਂ।

52. ਚੁੱਪ 'ਚ ਖਿਆਲ

ਹੁਣ ਮਹਿਫ਼ਲਾਂ 'ਚ ਬੇਰੌਣਕੀ, ਵੀਰਾਨੀ ਤੇ ਬੈਚੇਨੀ ਛਾਈ ਹੈ
ਹੁਣ ਚੁੱਪ ਹੈ, ਗੀਤ ਹਨ ਤੇ ਸੁਰ ਹਨ ਜਾਂ ਫਿਰ ਤਨਹਾਈ ਹੈ
ਸਾਡਾ ਬਿਰਹਾ ਸਰੋਦੀ ਜਿਹਾ ਨੀ, ਤਨਹਾਈਆਂ ਦੀ ਕੁੱਖ ਵਿਚ ਤਾਲ ਕਿੰਨੇ ਨੇ
ਕਾਤੋਂ ਦੇਂਦੀ ਏ ਉਲਾਮ੍ਹੇ ਮੇਰੀ ਚੁੱਪ ਨੂੰ, ਦੇਖ ਮੇਰੀ ਚੁੱਪ 'ਚ ਖਿਆਲ ਕਿੰਨੇ ਨੇ

ਬੇਰੰਗ ਜ਼ਿੰਦਗੀ 'ਚ ਰੰਗ ਕੋਈ ਸੰਦਲੀ ਮੁਹੱਬਤਾਂ ਦਾ ਘੋਲ ਦੇ
ਚਾਵਾਂ ਦੇ ਕੁਫਲ ਬੰਦ, ਤੂੰ ਮਿੱਠੀ ਮੁਸਕਾਨ ਨਾਲ ਸਾਰੇ ਖੋਲ ਦੇ
ਕਰ ਖਿਆਲ ਤੇਰਾ ਲਾਏ ਜਿੰਦੇ ਬੁੱਲਾਂ ਨੂੰ, ਉਂਜ ਮੇਰੇ ਮੁੱਖ 'ਚ ਸੁਆਲ ਕਿੰਨੇ ਨੇ
ਕਾਤੋਂ ਦੇਂਦੀ ਏ ਉਲਾਮ੍ਹੇ ਮੇਰੀ ਚੁੱਪ ਨੂੰ, ਦੇਖ ਮੇਰੀ ਚੁੱਪ 'ਚ ਖਿਆਲ ਕਿੰਨੇ ਨੇ

ਨੀ ਇਹ ਜੋ ਖਿੜਿਆ ਬਗੀਚਾ, ਸੂਹੇ ਫੁੱਲ, ਗਜ਼ਲਾਂ ਤੇ ਗੀਤ ਨੇ
ਹਾਣੀ ਹੋਣ ਲਈ ਧੁੱਪ ਦਾ ਦੁਪਹਿਰੇ ਮੇਰੇ ਹੋਏ ਠੰਢੇ ਸ਼ੀਤ ਨੇ
ਦਿਨ ਰਾਤ ਮਾਣਦੀ ਜੋ ਹਰਫ਼ਾਂ ਦੀ ਧੁੱਪ, ਕੜਕਦੀ ਧੁੱਪ 'ਚ ਸਿਆਲ ਕਿੰਨੇ ਨੇ
ਕਾਤੋਂ ਦੇਂਦੀ ਏ ਉਲਾਮ੍ਹੇ ਮੇਰੀ ਚੁੱਪ ਨੂੰ, ਦੇਖ ਮੇਰੀ ਚੁੱਪ 'ਚ ਖਿਆਲ ਕਿੰਨੇ ਨੇ

ਇਹ ਤੇਰੀ ਵੀ ਕਹਾਣੀ ਹੈ ਜੋ ਕਥਾ ਦਿਲ ਦੀ ਸੁਣਾਵਾਂ ਮੈਂ
ਡਾਢੇ ਦੁੱਖਾਂ ਦੀ ਕਿਆਰੀ ਤਾਈਂ ਵਾੜ ਹਰਫ਼ਾਂ ਦੀ ਲਾਵਾਂ ਮੈਂ
ਦੁੱਖ ਬੋਲਿਆ ਤਾਂ ਖੱਟੀ ਵਡਿਆਈ ਜੱਗ 'ਤੇ, ਮੇਰੇ ਦੁੱਖ 'ਚ ਕਮਾਲ ਕਿੰਨੇ ਨੇ
ਕਾਤੋਂ ਦੇਂਦੀ ਏ ਉਲਾਮ੍ਹੇ ਮੇਰੀ ਚੁੱਪ ਨੂੰ, ਦੇਖ ਮੇਰੀ ਚੁੱਪ 'ਚ ਖਿਆਲ ਕਿੰਨੇ ਨੇ।

53. ਉਦਾਸੀਆਂ ਦਾ ਮੁੱਢ

ਓਸੇ ਦਿਨ ਦਾ ਹੈ ਰੱਬ ਸਾਡੇ ਨਾਲ ਰੁੱਸਿਆ, ਨੀ ਜਦੋਂ ਦਾ ਤੈਨੂੰ ਰੱਬ ਮੰਨਿਆ
ਤੇਰੇ ਹਾਸਿਆਂ ਦੀ ਮਿੱਠੀ ਲੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ

ਆਖਦਾ ਏ ਜੱਗ, ਕਵੀਆਂ ਦੀ ਪੁੱਠੀ ਹੁੰਦੀ ਖੋਪਰੀ
ਗੱਲ ਸੱਚੀ ਸੋਲਾਂ ਆਨੇ, ਤੈਨੂੰ ਭਾਵੇਂ ਲੱਗੇ ਓਪਰੀ
ਉੱਚੀ ਚਾੜ੍ਹ ਪਤੰਗ ਖਿੱਚੀ ਡੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ
ਤੇਰੇ ਹਾਸਿਆਂ ਦੀ ਮਿੱਠੀ ਲੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ

ਲੱਗਣ ਜਾਂ ਸੱਥਾਂ ਵਿਚ ਮੇਲੇ, ਸਾਉਣ ਦੀਆਂ ਝੜੀਆਂ
ਕਾਲਜੇ ਨੂੰ ਲੂਹ ਜਾਂਦੀਆਂ, ਅੰਬਰੀਂ ਘਟਾਵਾਂ ਚੜੀਆਂ
ਪੰਛੀ ਬੋਲਦੇ ਪਪੀਹੇ ਅਤੇ ਮੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ
ਤੇਰੇ ਹਾਸਿਆਂ ਦੀ ਮਿੱਠੀ ਲੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ

ਆਰ ਨਿਕਲੇ ਨਾ ਪਾਰ, ਤੀਰ ਹਿਜਰਾਂ ਦਾ ਧੱਸਿਆ
ਪੀੜ ਸਹਿ ਲਈ, ਪਰ ਬੋਲ ਕੇ ਕਦੇ ਨਹੀਂ ਦੱਸਿਆ
ਸਾਡੀ ਚੁੱਪ ਓਹਲੇ ਲੁਕੇ ਸ਼ੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ
ਤੇਰੇ ਹਾਸਿਆਂ ਦੀ ਮਿੱਠੀ ਲੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ

ਪਹਿਲਾਂ ਸੀ ਬੁਲਾਉਂਦੇ, ਕਰਕੇ ਬਹਾਨਾ ਕੋਈ ਨੀ
ਪਾਸਾ ਵੱਟ ਕੇ ਖਲੋਂਦੇ, ਜਿਉਂ ਬਿਗਾਨਾ ਕੋਈ ਨੀ
ਅੱਖਾਂ ਉਹੀ ਤੇ ਨਿਗਾਹਾਂ ਹੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ
ਤੇਰੇ ਹਾਸਿਆਂ ਦੀ ਮਿੱਠੀ ਲੋਰ ਨੇ, ਨੀ ਸਾਡੀਆਂ ਉਦਾਸੀਆਂ ਦਾ ਮੁੱਢ ਬੰਨਿਆ।

54. ਦਿਨ ਖਾਸ ਦਿਲ ਉਦਾਸ

ਉਂਜ ਤਾਂ ਦਿਨ ਕੋਈ ਖਾਸ ਹੈ
ਪਰ ਦਿਲ ਬੜਾ ਉਦਾਸ ਹੈ

ਸ਼ਹਿਰ ਬਿਗਾਨਾ, ਲੋਕ ਬਿਗਾਨੇ
ਨਿੰਦਾ ਚੁਗਲੀ, ਮਿਹਣੇ-ਤਾਹਨੇ
ਕੋਈ ਆਪਣਾ ਵੀ ਹੋ ਸਕਦਾ
ਇਸ ਗੱਲ ਦਾ ਧਰਵਾਸ ਹੈ
ਪਰ ਦਿਲ਼...

ਲੋਕੀਂ ਕਰਦੇ ਫਿਰਨ ਪੜ੍ਹਾਈਆਂ
ਕਾਹਵਾ ਘਰ 'ਚ ਰੋਣਕਾਂ ਲਾਈਆਂ
ਏਧਰ ਕੌਫੀ ਚੁੱਕੀ ਫਿਰਦੇ
ਉਧਰ ਲੱਗੀ ਹੋਈ ਕਲਾਸ ਹੈ
ਪਰ ਦਿਲ਼...

ਜੁਗਨੂੰਆਂ ਵਾਂਗੂੰ ਚਮਕਣ ਅੱਖਾਂ
ਡਾਢੇ ਦਿਲ ਨੂੰ ਫਿਕਰ ਨੇ ਲੱਖਾਂ
ਚਿੰਤਾ ਵੱਢ ਵੱਢ ਖਾਵੇ
ਬੇਸ਼ੱਕ ਬੁੱਲਾਂ 'ਤੇ ਅਰਦਾਸ ਹੈ
ਪਰ ਦਿਲ਼...

ਰਹਿਣਾ ਕਿਸਨੂੰ, ਕਿਸਦਾ ਚੇਤਾ ਹੈ
ਬੱਸ ਐਂਵੇ ਇਕ ਭੁਲੇਖਾ ਹੈ
ਜੱਗ ਜਿਉਂਦਿਆਂ ਦੇ ਨੇ ਮੇਲੇ
ਮੋਇਆਂ ਦਾ ਇਤਿਹਾਸ ਹੈ
ਪਰ ਦਿਲ਼...

ਮਹਿਲੀਂ ਵੱਸੇ, ਰਾਜੇ ਜਾਈ ਹੈ
ਜੋ ਖਾਬਾਂ ਵਿਚ ਵਸਾਈ ਹੈ
ਨਜ਼ਰ ਤੋਂ ਦੂਰ ਹੈ ਭਾਵੇਂ
ਦਿਲ ਦੇ ਫਿਰ ਵੀ ਪਾਸ ਹੈ
ਪਰ ਦਿਲ਼...

ਕੀ ਦੱਸਾਂ ਮੈਂ ਵਾਰੋ ਵਾਰੀ
ਸਮਝਣ ਜੋਗੇ ਸਮਝਣ ਸਾਰੀ
ਸਾਡੀ ਸੱਧਰ ਵੀ ਪੁੱਗੂ ਆਖਰ
ਇਸ ਗੱਲ ਦਾ ਵਿਸ਼ਵਾਸ ਹੈ
ਪਰ ਦਿਲ਼...

ਘਰ ਘਰ ਬਣਿਆ ਫਿਰਾਂ ਕਹਾਣੀ
ਪੀਤਾ ਘਾਟ ਘਾਟ ਦਾ ਪਾਣੀ
ਮਨ ਚੰਦਰਾ ਅਜੇ ਪਿਆਸਾ
ਇਹਦੀ ਮੁੱਕਦੀ ਨਹੀਂ ਪਿਆਸ ਹੈ
ਉਂਜ ਤਾਂ ਦਿਨ ਕੋਈ ਖਾਸ ਹੈ
ਪਰ ਦਿਲ ਬੜਾ ਉਦਾਸ ਹੈ।

55. ਲਿਖ ਦੇਵਾਂ

ਸੋਹਲ ਦਿਲ ਤਾਈਂ ਦੇਜਾ ਕੋਈ ਹਾਦਸਾ
ਪਾਂਧੀਆ ਵੇ ਸ਼ਾਇਰੀ ਦਾ ਹੈ ਵਾਸਤਾ
ਪੁੱਟ ਦੇਵੇ ਜੜ੍ਹਾਂ ਜੋ ਅਤੀਤ ਦੀਆਂ,
ਇਹੋ ਜਾ ਭੁਚਾਲ ਦੇਜਾ ਕੋਈ ਵੇ
ਲਿਖ ਦੇਵਾਂ ਗੀਤ ਇਕ ਹੋਰ ਮੈਂ
ਨਵਾਂ ਜਾ ਖਿਆਲ ਦੇਜਾ ਕੋਈ ਵੇ।

ਮਿਲ ਜਾਵੇ ਪਿਆਰ ਭਾਵੇਂ ਥੋੜਾ ਵੇ
ਜਾਂ ਦੇਜਾ ਸਾਨੂੰ ਕਿਸੇ ਦਾ ਵਿਛੋੜਾ ਵੇ
ਜੀਹਦੇ ਵਿਚ ਬੰਨਾਂ ਕਾਫੀਆ-ਰਦੀਫ
ਜੁਲਫਾਂ ਦਾ ਜਾਲ ਦੇਜਾ ਕੋਈ ਵੇ
ਲਿਖ ਦੇਵਾਂ.....

ਰੰਗ ਦੇਜਾ ਕਾਲਾ ਸਾਨੂੰ ਜੋ ਪਿਆਰਾ ਵੇ
ਦੇਜਾ ਸਫੈਦ ਜੋ ਚਾਹੁੰਦਾ ਜੱਗ ਸਾਰਾ ਵੇ
ਸਾਰਿਆਂ ਰੰਗਾਂ 'ਚ ਦਿਸੇ ਮੈਨੂੰ ਯਾਰੜਾ
ਰੰਗ ਨੀਲਾ, ਪੀਲਾ, ਲਾਲ ਦੇਜਾ ਕੋਈ ਵੇ
ਲਿਖ ਦੇਵਾਂ.....

ਵਿਹਲਾ ਮਨ ਐਂਵੇ ਕਰੇ ਨਾ ਸ਼ਰਾਰਤਾਂ
ਬੁੱਝਣੇ ਨੂੰ ਦੇਜਾ ਚੱਪਾ ਕੁ ਬੁਝਾਰਤਾਂ
ਬੁੱਝਦਾ ਮੈਂ ਜੀਹਨੂੰ ਕੱਟ ਲਵਾਂ ਜਿੰਦਗੀ
ਔਖਾ ਇੱਕੋ ਹੀ ਸਵਾਲ ਦੇਜਾ ਕੋਈ ਵੇ
ਲਿਖ ਦੇਵਾਂ.........।

56. ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ

ਭੋਲੇ ਭਾਲੇ ਇਨ੍ਹਾਂ ਲੋਕਾਂ ਨੂੰ ਜੇ ਚੰਦਰੇ ਮੁਖੌਟਿਆਂ ਨੇ ਠੱਗਿਆ
ਓਸੇ ਦਿਨ ਦਾ ਹੀ ਸਾਡੇ ਪੈਰਾਂ ਨੂੰ ਹੈ ਰਾਤਾਂ ਦਾ ਸਫ਼ਰ ਲੱਗਿਆ
ਹਾਲੇ ਤੱਕ ਹਾਣੀ ਹਾਂ ਮੈਂ ਰਾਤਾਂ ਦਾ, ਪਿਆ ਚਾਨਣੀ ਨੂੰ ਮਾਣਦਾ
ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ ਨੀ ਹੋ ਕੇ ਸੂਰਜ ਦੇ ਹਾਣ ਦਾ

ਚਮਕੇ ਟਟਹਿਣਾ ਕਰੇ ਚਾਨਣਾ ਨੀ ਰਾਤ ਦੇ ਹਨੇਰੇ ਘੁੱਪ 'ਚ
ਬੋਲੇ ਕੋਚਰੀ ਨਿਮਾਣੀ ਜਿਹੀ, ਰੋਹੀਆਂ ਸੁੰਨੀਆਂ ਦੀ ਕੁੱਖ 'ਚ
ਕੀ ਏ ਹਸਤੀ ਤੇ ਕੀ ਏ ਔਕਾਤ ਮੇਰੀ, ਖੁਦ ਨਹੀਂਓ ਜਾਣਦਾ
ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ ਨੀ ਹੋ ਕੇ ਸੂਰਜ ਦੇ ਹਾਣ ਦਾ

ਨੇਰ੍ਹਿਆਂ 'ਚ ਰਾਹਾਂ ਦੀ ਸਿਆਣ ਪੈਰਾਂ ਨੂੰ, ਦਿਨੇ ਤੁਰਨਾ ਮੁਹਾਲ ਹੈ
ਠਾਹਰ ਸਾਡੀ ਕਾਨਿਆਂ ਦੀ ਛੱਪਰੀ ਤੇ ਯਾਰੀ ਤਾਰਿਆਂ ਦੇ ਨਾਲ ਹੈ
ਦੀਵੇ ਬਲਦੇ ਤਾਂ ਮੇਰੇ ਹਮਰਾਜ਼ ਨੇ, ਨਹੀਂ ਦਿਨੇ ਚਾਨਣ ਪਛਾਣਦਾ
ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ ਨੀ ਹੋ ਕੇ ਸੂਰਜ ਦੇ ਹਾਣ ਦਾ

ਛੂਹਣਾ ਹੱਕ ਦੀ ਬੁਲੰਦੀ ਨੂੰ, ਖਿੰਡ ਜਾਣਾ ਸੱਚ ਦੀ ਸਦਾ ਬਣਕੇ
ਪੁੱਛੀਂ ਆਸ ਦੀ ਸੁਗੰਧੀ ਕੋਲੋਂ, ਫੈਲਣਾ ਚੁਫੇਰੇ ਤੇਰੇ ਵਾਅ ਬਣਕੇ
ਬੈਠੀ ਖਾਬ ਸਮੇਟ ਕੇ, ਰੱਖ ਦਾਈਆ ਅੰਬਰ ਦੇ ਪਾਰ ਜਾਣ ਦਾ
ਮਿਲਾਂਗਾ ਮੈਂ ਸਿਖਰ ਦੁਪਹਿਰਾਂ ਨੂੰ ਨੀ ਹੋ ਕੇ ਸੂਰਜ ਦੇ ਹਾਣ ਦਾ।

57. ਕੀ ਲੈਣਾ

ਕੀ ਲੈਣਾ ਪੱਥਰ ਜਿਹੇ ਭਾਰਿਆਂ ਤੋਂ, ਫੁੱਲਾਂ ਨਾਲ ਨਾਤੇ ਰੱਖਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਇਹ ਦੁੱਖ ਤਾਂ ਸਾਡੇ ਕਰਮਾਂ ਦੇ, ਅਸੀਂ ਅਜਲਾਂ ਤੱਕ ਹੰਢਾਉਣੇ ਨੇ
ਤੂੰ ਦੁੱਖਾਂ ਦੀ ਗੱਲ ਕਰਕੇ ਆਪਣੀ ਰੂਹ 'ਤੇ ਭਾਰ ਕਿਉਂ ਪਾਉਣੇ ਨੇ
ਕੀ ਲੈਣਾ ਹੈ ਹੰਝੂ ਖਾਰਿਆਂ ਤੋਂ, ਤੂੰ ਹੱਸਦਿਆਂ ਨਾਲ ਹੱਸਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਗਮ ਦਾ ਸਾਗਰ ਛਲਕ ਰਿਹਾ, ਡੁੱਬਦਾ ਜਾਂਦਾ ਬੇੜਾ ਇਹ ਮੇਰਾ
ਉਜੜੀ ਹੋਈ ਬਸਤੀ ਹੈ ਮੇਰੀ, ਘੁੱਗ ਵਸਦਾ ਖੇੜਾ ਇਹ ਤੇਰਾ
ਕੀ ਲੈਣਾ ਹੈ ਵਖਤਾਂ ਮਾਰਿਆਂ ਤੋਂ, ਰੀਝਾਂ ਦੇ ਵਿਹੜੇ ਨੱਚਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਤੇਰੇ ਤਾਂ ਚਾਅ ਹਮਦਮ ਨੇ, ਮੇਰੀ ਖੁਸ਼ੀ ਦਾ ਮੌਕਾ ਟਾਵਾਂ-ਟਾਵਾਂ
ਸਾਡਾ ਡਰਦਾ ਹੈ ਚਿੱਤ ਕਿ ਤੇਰੇ 'ਤੇ ਪੈ ਨਾ ਜਾਵੇ ਕੋਈ ਪਰਛਾਵਾਂ
ਮੋਇਆਂ ਮੁੱਕਿਆਂ ਹਾਰਿਆਂ ਤੋਂ, ਤੂੰ ਚੁੱਪ ਕਰਕੇ ਪਾਸਾ ਵੱਟਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਭੀੜ ਦੇ ਵਿਚ ਖੜੋਤੇ ਹਾਂ, ਸਾਡੀ ਵੱਖਰੀ ਕੋਈ ਪਹਿਚਾਣ ਨਹੀਂ
ਲਿਖਦੇ ਹਾਂ ਕੁਝ ਕਾਲੇ ਅੱਖਰ ਵੀ, ਪਰ ਇਸ ਗੱਲ ਦਾ ਮਾਣ ਨਹੀਂ
ਕੀ ਲੈਣਾ ਝੀਲ ਕਿਨਾਰਿਆਂ ਤੋਂ, ਗਹਿਰਾਈ ਦੀਆਂ ਪੈੜਾਂ ਨੱਪਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਵਿਹੜੇ ਵਿਚ ਫਰਸ਼ ਲਵਾ ਨਾ ਹੋਈ, ਕੀ ਪਾਉਣਾ ਅਸੀਂ ਚੁਬਾਰਾ ਹੈ
ਘਰ ਨੂੰ ਚਿੱਟਾ ਰੰਗ ਕਰਵਾਣੇ ਦਾ, ਅੱਧ ਵਿਚਾਲੇ ਸ਼ੌਕ ਵਿਚਾਰਾ ਹੈ
ਕੀ ਲੈਣਾ ਝੁੱਗੀਆਂ, ਢਾਰਿਆਂ ਤੋਂ, ਮਹਿਲਾਂ ਦੀਆਂ ਬਰੂਹਾਂ ਟੱਪਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ

ਥਾਹ ਪਾਉਣਾ ਗਿਆਨ ਦੇ ਸਾਗਰ ਦਾ, ਪਾਲ਼ਿਆ ਸ਼ੌਕ ਅਵੱਲਾ ਏ
ਰਹੇ ਸੁਰਤ ਕਿਤਾਬਾਂ ਵਿਚ, ਕੰਵਰ ਤਾਂ ਪੜ੍ਹ ਪੜ੍ਹ ਹੋਇਆ ਝੱਲਾ ਏ
ਕੀ ਲੈਣਾ ਊੜਿਆਂ, ਆੜਿਆਂ ਤੋਂ, ਤੂੰ ਹਰਫ਼ ਵਲੈਤੀ ਰੱਟਿਆ ਕਰ
ਕੀ ਲੈਣਾ ਹੈ ਟੁੱਟਦੇ ਤਾਰਿਆਂ ਤੋਂ, ਤੂੰ ਚੜ੍ਹਦਾ ਸੂਰਜ ਤੱਕਿਆ ਕਰ।

58. ਅਸੀਂ ਤੈਨੂੰ ਓਦੋਂ ਮਿਲਣਾ

ਬਾਹਰਲੀ ਬੀਹੀ ਤੋਂ ਜਦੋਂ ਦੁੱਖਾਂ ਡੇਰਾ ਚੁੱਕਿਆ
ਪੂਰਾ ਚੜ੍ਹ ਆਇਆ ਚੰਦ ਤੇ ਹਨ੍ਹੇਰਾ ਮੁੱਕਿਆ
ਜਦੋਂ ਰੁਕ ਜਾਣੇ ਹੰਝੂਆਂ ਦੇ ਕਾਫ਼ਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ
ਮੁੱਕ ਜਾਣੇ ਦਿਨ ਰਾਤ ਵਾਲੇ ਫਾਸਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ

ਕਾਲਿਆਂ ਵਾਲਾਂ 'ਚ ਟੰਗ ਰੱਖੀਂ ਫੁੱਲ ਸੂਹੇ ਨੀ
ਖੋਲ੍ਹ ਰੱਖੀਂ ਦੋਹਾਂ ਕਾਸ਼ਨੀ ਨੈਣਾਂ ਦੇ ਬੂਹੇ ਨੀ
ਸੌਂ ਨਾ ਜਾਵੀਂ ਵਸਲ ਵਿਸਾਰ ਗਾਫ਼ਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ
ਮੁੱਕ ਜਾਣੇ ਦਿਨ ਰਾਤ ਵਾਲੇ ਫਾਸਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ

ਮੇਲੇ ਹੋਣਗੇ ਸਬੱਬੀਂ ਅਜੇ ਨੇ ਤਰੀਕਾਂ ਬੜੀਆਂ
ਦੂਰ ਦੇ ਟਿਕਾਣੇ, ਲੇਖਾਂ 'ਚ ਉਡੀਕਾਂ ਬੜੀਆਂ
ਤੇਰੇ ਸ਼ਹਿਰ ਵੱਲ ਹੋਣਗੇ ਤਬਾਦਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ
ਮੁੱਕ ਜਾਣੇ ਦਿਨ ਰਾਤ ਵਾਲੇ ਫਾਸਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ

'ਕੰਵਰ' ਦੀ ਸੁਰ ਜਰਾ ਜੋਗੀਆਂ ਦੇ ਵਾਲੀ ਏ
ਚਲੋ ਚਾਲ ਵਿਚ ਸਾਰੀ ਜਿੰਦਗੀ ਲੰਘਾਲੀ ਏ
ਸੰਗੂਆਣੇ ਮੋੜ 'ਤੇ ਹੋਣਗੇ ਮੁਕਾਬਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ
ਮੁੱਕ ਜਾਣੇ ਦਿਨ ਰਾਤ ਵਾਲੇ ਫਾਸਲੇ ਨੀ ਅਸੀਂ ਤੈਨੂੰ ਓਦੋਂ ਮਿਲਣਾ।

59. ਸ਼ਬਦਾਂ ਦਾ ਸ਼ੋਰ

ਯਾਦਾਂ ਦਾ ਕੋਹਰਾਮ ਜਿਹਾ ਸੀ
ਦਿਲ ਵੀ ਕੁਝ ਬੇ 'ਰਾਮ ਜਿਹਾ ਸੀ
ਰਿਸ਼ਤਾ ਇਕ ਬੇਨਾਮ ਜਿਹਾ ਸੀ
ਇਹ ਬੈਚੇਨੀ ਦਾ ਦੌਰ ਜਿਹਾ ਸੀ, ਕੁਝ ਹੋਰ ਨਹੀਂ ਸੀ
ਸ਼ਬਦਾਂ ਦਾ ਬੱਸ ਸ਼ੋਰ ਜਿਹਾ ਸੀ, ਕੁਝ ਹੋਰ ਨਹੀਂ ਸੀ

ਮੂੰਹ ਓਹਲੇ ਕੋਈ ਗੱਲ ਜਿਹੀ ਸੀ
ਦਿਲ ਅੰਦਰ ਤਰਥੱਲ ਜਿਹੀ ਸੀ
ਖਿਆਲਾਂ ਦੀ ਇਕ ਛੱਲ ਜਿਹੀ ਸੀ
ਪਰ ਚੁੱਪ ਦਾ ਬਹੁਤਾ ਜੋਰ ਜਿਹਾ ਸੀ, ਕੁਝ ਹੋਰ ਨਹੀਂ ਸੀ
ਸ਼ਬਦਾਂ ਦਾ ਬੱਸ ਸ਼ੋਰ ਜਿਹਾ ਸੀ, ਕੁਝ ਹੋਰ ਨਹੀਂ ਸੀ

ਭਾਵ ਤਾਂ ਸੀ ਪਰ ਹਰਫ਼ ਨਹੀਂ ਸੀ
ਹਰਫ਼ ਤਾਂ ਸੀ ਪਰ ਅਰਥ ਨਹੀਂ ਸੀ
ਅਰਥਾਂ ਦੀ ਕੋਈ ਪਰਖ ਨਹੀਂ ਸੀ
ਜਜ਼ਬਾ ਹੀ ਮੂੰਹਜੋਰ ਜਿਹਾ ਸੀ, ਕੁਝ ਹੋਰ ਨਹੀਂ ਸੀ
ਸ਼ਬਦਾਂ ਦਾ ਬੱਸ ਸ਼ੋਰ ਜਿਹਾ ਸੀ, ਕੁਝ ਹੋਰ ਨਹੀਂ ਸੀ

'ਕੰਵਰ' ਤਾਂ ਸੀ, 'ਜੀਤ' ਨਹੀਂ ਸੀ
ਖਤ ਤਾਂ ਸੀ ਪਰ ਪ੍ਰੀਤ ਨਹੀਂ ਸੀ
ਯਾਦ ਤਾਂ ਸੀ ਪਰ ਮੀਤ ਨਹੀਂ ਸੀ
ਦਿਲ ਨੂੰ ਇਕ ਲੋਰ ਜਿਹੀ ਸੀ, ਕੁਝ ਹੋਰ ਨਹੀਂ ਸੀ
ਸ਼ਬਦਾਂ ਦਾ ਬੱਸ ਸ਼ੋਰ ਜਿਹਾ ਸੀ, ਕੁਝ ਹੋਰ ਨਹੀਂ ਸੀ।

60. ਨੌਕਰੀ

ਇਕ ਢਿੱਡ ਦੀ ਖਾਤਰ ਬੰਦਾ ਨਿੱਤ ਸੌ ਸੌ ਪਾਪੜ ਵੇਲੇ
ਰੀਝਾਂ ਦਾ ਗਲ ਘੁੱਟ ਕੇ ਆਪੇ, ਚਾਰ ਕਮਾਉਂਦਾ ਧੇਲੇ
ਮਜ਼ਬੂਰੀ ਨਾ ਹੋਵੇ ਢਿੱਡ ਦੀ ਤਾਂ ਦੱਸੋ ਕਿਹੜਾ ਕਰੇ ਮਾਂ ਦਾ ਚੰਦ ਨੌਕਰੀ
ਪੈਂਦੀ ਦੋ ਟਕਿਆਂ ਲਈ ਕਰਨੀ ਗੁਲਾਮੀ ਕਿ ਸਾਨੂੰ ਨਾ ਪਸੰਦ ਨੌਕਰੀ

ਕੀ ਖਾਵਾਂ, ਕੀ ਮੈਂ ਬਚਾਵਾਂ ਯਾਰੋ ਪੰਜ ਛੇ ਹਜ਼ਾਰ 'ਚੋਂ
ਸੌ ਦਾ ਨੋਟ ਖਰਚੇ ਬਿਨਾਂ ਨਾ ਜਾਵੇ ਲੰਘਿਆ ਬਜ਼ਾਰ 'ਚੋਂ
ਸਾਨੂੰ ਰੱਬੋਂ ਆ ਗਏ ਫੁਰਮਾਨ ਹੁਣ ਸ਼ਾਹੀ ਕਿ ਅੱਜ ਤੋਂ ਹੈ ਬੰਦ ਨੌਕਰੀ
ਪੈਂਦੀ ਦੋ ਟਕਿਆਂ ਲਈ ਕਰਨੀ ਗੁਲਾਮੀ ਕਿ ਸਾਨੂੰ ਨਾ ਪਸੰਦ ਨੌਕਰੀ

ਮੰਨਿਆ ਕਿ ਬੜਾ ਵੱਡਾ ਮਸਲਾ ਹੈ ਰੋਟੀ ਜੋਗੇ ਰੁਜ਼ਗਾਰ ਦਾ
ਪਰ ਕਿੱਦਾਂ ਕਰੇ ਕੰਮ ਬੰਦਾ ਜਿਹੜਾ ਰੂਹ ਤਾਈਂ ਮਾਰਦਾ
ਗਲੋਂ ਨੌਕਰੀ ਦੀ ਲਾਹੀ ਜਦੋਂ ਫਾਹੀ ਤਾਂ ਲਿਖਿਆ ਅਸਾਂ ਨੇ ਛੰਦ ਨੌਕਰੀ
ਪੈਂਦੀ ਦੋ ਟਕਿਆਂ ਲਈ ਕਰਨੀ ਗੁਲਾਮੀ ਕਿ ਸਾਨੂੰ ਨਾ ਪਸੰਦ ਨੌਕਰੀ।

61. ਦਿਲ ਦੇ ਭੇਤ

ਇਹ ਦੁਨੀਆ ਉਠਦੀ ਬਹਿੰਦੀ
ਜੋ ਗੱਲ ਹੈ ਅਕਸਰ ਕਹਿੰਦੀ
ਉਹ ਦੋ ਲਫ਼ਜ਼ ਜੇ ਬੋਲੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ

ਸੂਰਜ ਦੀ ਜਦ ਪਰਛਾਈਂ ਢਲਦੀ ਹੈ
ਤਾਂ ਹਰ ਆਸ਼ਿਕ ਦੀ ਰੱਤ ਬਲਦੀ ਹੈ
ਜੇ ਅੰਗਿਆਰ ਫਰੋਲੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ

ਹਰ ਕੋਈ ਰੀਝਾਂ, ਚਾਵਾਂ ਨਾਲ ਜਿਉਂਦਾ ਏ
ਉੱਚੇ ਅੰਬਰ ਹਰ ਕੋਈ ਉੱਡਣਾ ਚਾਹੁੰਦਾ ਏ
ਜੇ ਆਪਾਂ ਵੀ ਖੰਭ ਤੋਲੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ

ਨਕਲੀ ਰੋ ਲੈਂਦੇ, ਝੂਠਾ ਹੱਸ ਲੈਂਦੇ
ਏਸ ਬਹਾਨੇ ਪਰੀਆਂ ਕਰ ਵੱਸ ਲੈਂਦੇ
ਜੇਕਰ ਦੋ ਹੰਝੂ ਡੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ

ਬੰਦ ਪਈ ਕਿਤਾਬ ਸੀ ਉਹ
ਮੇਰਾ ਹਰ ਜਵਾਬ ਸੀ ਉਹ
ਜੇ ਦੋ ਵੀ ਵਰਕੇ ਫੋਲੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ

ਬਹੁਤੀ ਸਿਆਣੀ ਬਣਨ ਦਾ ਚਾਅ ਸੀ ਉਹਨੂੰ
ਪਾਨ ਦੀ ਰਾਣੀ ਬਣਨ ਦਾ ਚਾਅ ਸੀ ਉਹਨੂੰ
ਜੇ ਅਸੀਂ ਹੁਕਮ ਦੇ ਗੋਲੇ ਹੁੰਦੇ ਤਾਂ ਗੱਲ ਬਣ ਜਾਂਦੀ
ਦਿਲ ਦੇ ਭੇਤ ਜੇ ਖੋਲ੍ਹੇ ਹੁੰਦੇ ਤਾਂ ਗੱਲ ਬਣ ਜਾਂਦੀ।

62. ਜਦੋਂ ਤੇਰਾ ਪਿਆਰ ਜਾਗਿਆ

ਬੈਠਾ ਤਾਰਿਆਂ ਦੀ ਛਾਵੇਂ, ਦੇਖੀ ਜਾਵਾਂ ਚੰਨ ਦੀ ਮੈਂ ਆਰਸੀ
ਚੇਤੇ ਆ ਗਈ ਪੰਜਾਬੀ ਮੈਨੂੰ, ਨੀ ਭੁੱਲੀ ਅੰਗਰੇਜ਼ੀ, ਫਾਰਸੀ
ਘੱਲੇ ਹਵਾ ਹੱਥ ਮੈਂ ਸੁਨੇਹੜੇ ਨੀ ਜਦੋਂ ਤੇਰਾ ਪਿਆਰ ਜਾਗਿਆ
ਗੀਤ ਸਨ ਤਾਰਿਆਂ ਨੇ ਛੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ

ਮੇਰੇ ਮਨ ਦੀਆਂ ਡੰਡੀਆਂ 'ਤੇ ਯਾਦਾਂ ਤੇਰੀਆਂ ਦੀ ਲੀਕ ਸੀ
ਮੈਂ ਉਸ ਵੇਲੇ ਤੇਰੀ ਸ਼ਾਹ ਰਗ ਤੋਂ ਵੀ ਤੇਰੇ ਨਜਦੀਕ ਸੀ
ਹੋਇਆ ਫਿਰਾਂ ਰੱਬ ਦੇ ਮੈਂ ਨੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ
ਗੀਤ ਸਨ ਤਾਰਿਆਂ ਨੇ ਛੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ

ਸਾਰੀ ਕਾਇਨਾਤ ਵਿਚ, ਸਭ ਪਾਸੇ ਤੇਰਾ ਹੀ ਪਿਆਰ ਤੱਕਿਆ
ਤੱਕੀਆਂ ਮੈਂ ਲੱਖ ਸੂਰਤਾਂ ਤੇ ਹਰ ਸੂਰਤ 'ਚੋਂ ਯਾਰ ਤੱਕਿਆ
ਮੁੱਕ ਚੱਲੇ ਸਭ ਝਗੜੇ ਤੇ ਝੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ
ਗੀਤ ਸਨ ਤਾਰਿਆਂ ਨੇ ਛੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ

ਫੇਰ ਮੇਰਿਆਂ ਨੈਣਾਂ 'ਚੋਂ, ਨੀ ਨੀਂਦਾਂ ਆਪੇ ਚੋਰੀ ਹੋ ਗਈਆਂ
ਇਹਦੇ ਉਤੇ ਕੀਹਦਾ ਵੱਸ, ਇਹ ਤਾਂ ਮੱਲੋਜੋਰੀ ਹੋ ਗਈਆਂ
ਖੁੱਲੀ ਅੱਖ ਵਾਲੇ ਸੁਪਨੇ ਸਹੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ
ਗੀਤ ਸਨ ਤਾਰਿਆਂ ਨੇ ਛੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ

ਬੜੇ ਗਹਿਰੇ ਰਾਜ਼ ਨੇ ਦਿਲਾਂ ਦੇ ਇਹਨਾਂ ਤਾਈਂ ਕੌਣ ਬੁੱਝਦਾ
ਨੀ ਜਦੋਂ ਅੱਖੀਆਂ 'ਚੋਂ ਬੋਲੇ ਕੋਈ ਫੇਰ ਕੁਝ ਵੀ ਨਾ ਸੁੱਝਦਾ
ਆ ਕਾਗ ਨਿੱਤ ਬੋਲਦਾ ਬਨੇਰੇ ਨੀ ਜਦੋਂ ਤੇਰਾ ਪਿਆਰ ਜਾਗਿਆ
ਗੀਤ ਸਨ ਤਾਰਿਆਂ ਨੇ ਛੇੜੇ ਨੀ ਜਦੋਂ ਤੇਰਾ ਪਿਆਰ ਜਾਗਿਆ।

63. ਘਰ ਘਰ ਬਣੇ ਹਾਂ ਕਹਾਣੀ

ਨੀ ਅਸੀਂ ਘਰ ਘਰ ਬਣੇ ਹਾਂ ਕਹਾਣੀ ਤੇਰੇ ਕਰਕੇ
ਅਸੀਂ ਮੌਤ ਵਿਚੋਂ ਜਿੰਦਗੀ ਵੀ ਮਾਣੀ ਤੇਰੇ ਕਰਕੇ

ਜਾਨ ਵਾਰ ਹੱਸ ਹੱਸ ਆਪਣੀ, ਜਾਨ ਤੈਨੂੰ ਮੰਨਿਆ
ਹਾਰ ਸਾਡੀ ਉੱਤੇ ਜਿੱਤ ਦਾ ਨਿਸ਼ਾਨ ਤੈਨੂੰ ਮੰਨਿਆ
ਬੂੰਦ ਇਕ ਇਕ ਖੂਨ ਦੀ ਹੈ ਛਾਣੀ ਤੇਰੇ ਕਰਕੇ
ਨੀ ਅਸੀਂ ਘਰ ਘਰ ਬਣੇ ਹਾਂ ਕਹਾਣੀ ਤੇਰੇ ਕਰਕੇ

ਹਾਰ ਗਲਾਂ 'ਚ ਪਵਾਏ ਤੇਰੀ ਗਲੀ ਦਿਆਂ ਕੱਖਾਂ ਦੇ
ਤੇਰੇ ਲਈ ਹੀ ਸੱਜਣ ਗਵਾਏ ਆਪਣੇ ਮੈਂ ਲੱਖਾਂ ਦੇ
ਦੁੱਖਾਂ ਗਮਾਂ ਨੂੰ ਬਣਾਇਆ ਹਾਏ ਹਾਣੀ ਤੇਰੇ ਕਰਕੇ
ਨੀ ਅਸੀਂ ਘਰ ਘਰ ਬਣੇ ਹਾਂ ਕਹਾਣੀ ਤੇਰੇ ਕਰਕੇ

'ਵਾਜ ਤੇਰੀ 'ਤੋਂ ਛੱਡ ਆਏ ਪਿੰਡ ਦੀਆਂ ਜੂਹਾਂ ਨੂੰ
ਉਹ ਕੱਸੀਆਂ ਹਸੀਨ ਅਤੇ ਮਿੱਠੇ ਮਿੱਠੇ ਖੂਹਾਂ ਨੂੰ
ਪੀਤਾ ਖਾਰਿਆਂ ਸਮੁੰਦਰਾਂ ਦਾ ਪਾਣੀ ਤੇਰੇ ਕਰਕੇ
ਨੀ ਅਸੀਂ ਘਰ ਘਰ ਬਣੇ ਹਾਂ ਕਹਾਣੀ ਤੇਰੇ ਕਰਕੇ।

64. ਦਿਲ ਚਾਹੁੰਦਾ ਹੈ

ਦਿਲ ਚਾਹੁੰਦਾ ਹੈ ਇਸ ਦਿਲ 'ਤੇ ਫਿਰ ਕੋਈ ਇਲਜ਼ਾਮ ਧਰੇ
ਨਾਮ ਬਹੁਤ ਹੋ ਗਿਆ ਸਾਡਾ, ਫਿਰ ਸਾਨੂੰ ਕੋਈ ਬਦਨਾਮ ਕਰੇ

ਮਹਿਫ਼ਲ ਵਿਚ ਗੱਲ ਚੱਲੇ ਵੱਡੀਆਂ ਗੱਲਾਂ ਖੋਟੀ ਨੀਅਤ ਦੀ
ਸ਼ਕਲ ਮੋਮਨਾਂ, ਕਰਤੂਤ ਕਾਫਰਾਂ, ਧੋਖੇਬਾਜ਼ ਤਬੀਅਤ ਦੀ
ਸਾਡੇ ਚੰਗੇ ਮੰਦੇ ਕਰਮਾਂ ਦੇ, ਹੁਣ ਚਰਚੇ ਕੋਈ ਸ਼ਰੇਆਮ ਕਰੇ
ਦਿਲ ਚਾਹੁੰਦਾ ਹੈ ਇਸ ਦਿਲ 'ਤੇ ਫਿਰ ਕੋਈ ਇਲਜ਼ਾਮ ਧਰੇ

ਚਿਰ ਹੋ ਚੱਲਿਆ ਇਸ ਕੋਮਲ ਦਿਲ 'ਤੇ ਦਰਦ ਹੰਢਾਏ ਨੂੰ
ਹਿਜਰ ਦੀ ਦੇਵੋ ਘੁੱਟ ਇਕ ਕੋਈ, ਉਮਰਾਂ ਦੇ ਤਿਰਹਾਏ ਨੂੰ
ਅੱਲੜ ਜਿਗਰ ਅਸਾਡੇ ਦੇ ਨਾਂ, ਕੋਈ ਪੀੜਾਂ ਦੇ ਪੈਗਾਮ ਧਰੇ
ਦਿਲ ਚਾਹੁੰਦਾ ਹੈ ਇਸ ਦਿਲ 'ਤੇ ਫਿਰ ਕੋਈ ਇਲਜ਼ਾਮ ਧਰੇ

ਵਕਤ ਬੀਤਿਆ ਸਵੇਰ ਸੁਨਹਿਰੀ ਮਨ ਦੇ ਵਿਹੜੇ ਬੀਤੀ ਨੂੰ
ਢਲਦੇ ਸੂਰਜ ਦੇ ਪਰਛਾਵੇਂ ਬਹਿ ਕਿਰਨਾਂ ਦੀ ਘੁੱਟ ਪੀਤੀ ਨੂੰ
ਝੱਲਣੀ ਔਖੀ ਤਪਸ਼ ਦੁਪਹਿਰੀ, ਫਿਰ ਕੋਈ ਹਨੇਰੀ ਸ਼ਾਮ ਕਰੇ
ਦਿਲ ਚਾਹੁੰਦਾ ਹੈ ਇਸ ਦਿਲ 'ਤੇ ਫਿਰ ਕੋਈ ਇਲਜ਼ਾਮ ਧਰੇ

ਜਦ ਤੱਕ ਹੋ ਜਾਵੇ ਸਾਡਾ, ਇਹ ਜਿਗਰ ਫਾੜੀਓ ਫਾੜੀ ਨਾ
ਮਨ ਅੰਦਰ ਦੇ ਲਾਵੇ ਨੂੰ ਤਦ ਤੱਕ ਮਿਲਦੀ ਚੰਗਿਆੜੀ ਨਾ
ਦਰਦਾਂ ਦੀ ਚਿਣਗ ਬਿਨਾਂ, ਹੁਣ 'ਕੰਵਰ' ਨਾ ਰਤਾ ਆਰਾਮ ਕਰੇ

ਦਿਲ ਚਾਹੁੰਦਾ ਹੈ ਇਸ ਦਿਲ 'ਤੇ ਫਿਰ ਕੋਈ ਇਲਜ਼ਾਮ ਧਰੇ
ਨਾਮ ਬਹੁਤ ਹੋ ਗਿਆ ਸਾਡਾ, ਫਿਰ ਸਾਨੂੰ ਕੋਈ ਬਦਨਾਮ ਕਰੇ।

65. ਜੋਬਨ ਰੁੱਤੜੀ

ਇਸ ਉਮਰ 'ਚ ਭੀੜ ਖਿਆਲਾਂ ਦੀ ਬੇਕਾਬੂ ਹੋ ਕੇ ਨੱਚਦੀ ਏ
ਦਿਲ ਦੇ ਵਿਹੜੇ ਅੱਗ ਇਸ਼ਕੇ ਦੀ ਭਾਂਬੜ ਬਣ ਬਣ ਮੱਚਦੀ ਏ
ਇਹ ਉਮਰ ਅਜਿਹੀ ਜਾਲਮ ਹੈ, ਉਲਟੇ ਵਹਿਣ ਹੀ ਪਾਣੀ ਵਗਦਾ ਏ।
ਇਹ ਰੁੱਤੜੀ ਜੋਬਨ ਚੰਦਰੇ ਦੀ, ਇਸ ਤੋਂ ਹਰ ਵੇਲੇ ਡਰ ਲਗਦਾ ਏ

ਰੌਸ਼ਨ ਖੂਬ ਦਿਮਾਗਾਂ ਅੰਦਰ ਕਿੱਲ ਠੋਕ ਲਵੇਂ ਜੇ ਸੋਚਾਂ ਦਾ
ਆਪਣਾ ਫਿਕਰ ਜੇ ਛੱਡਕੇ ਫਿਕਰ ਕਰੇਂ ਬੇਫਿਕਰੇ ਲੋਕਾਂ ਦਾ
ਆਦਮ ਰੌਸ਼ਨ ਹੋ ਜਾਂਦੇ, ਜਿਨ੍ਹਾਂ ਅੰਦਰ ਸੋਚ ਦਾ ਦੀਵਾ ਜਗਦਾ ਏ
ਇਹ ਰੁੱਤੜੀ ਜੋਬਨ ਚੰਦਰੇ ਦੀ, ਇਸ ਤੋਂ ਹਰ ਵੇਲੇ ਡਰ ਲਗਦਾ ਏ

ਇਸ ਰੰਗ ਬਿਰੰਗੀ ਦੁਨੀਆਂ 'ਤੇ ਹਨ ਸਾਧ ਬੜੇ ਤੇ ਚੋਰ ਬੜੇ
ਜਰਵਾਣਿਆਂ ਦੀ ਵੀ ਕਮੀ ਨਹੀਂ, ਮਜ਼ਲੂਮ ਬੜੇ, ਕਮਜ਼ੋਰ ਬੜੇ
ਇੱਥੇ ਨੇਤਾ ਬੜੇ ਤੇ ਸਾਧ ਬੜੇ, ਕੋਈ ਲੁੱਟਦਾ ਏ, ਕੋਈ ਠੱਗਦਾ ਏ
ਇਹ ਰੁੱਤੜੀ ਜੋਬਨ ਚੰਦਰੇ ਦੀ, ਇਸ ਤੋਂ ਹਰ ਵੇਲੇ ਡਰ ਲਗਦਾ ਏ

ਇਸ ਤੇ ਨਾ ਵਿਸ਼ਵਾਸ ਕਰੀਂ, 'ਕੰਵਰ' ਵੀ ਹੈ ਬੇਈਮਾਨ ਬੜਾ
ਉਸ ਗਲੀ 'ਚ ਅੱਗਾਂ ਲੱਗੀਆਂ ਨੇ, ਜਿਸ ਮੋੜ 'ਤੇ ਆਣ ਖੜਾ
ਗੱਲ ਪਾਣੀ ਦੀ ਹਰ ਥਾਂ ਕਰਦਾ ਏ, ਪਰ ਹਾਣੀ ਮੁੱਢੋਂ ਅੱਗ ਦਾ ਏ
ਇਹ ਰੁੱਤੜੀ ਜੋਬਨ ਚੰਦਰੇ ਦੀ, ਇਸ ਤੋਂ ਹਰ ਵੇਲੇ ਡਰ ਲਗਦਾ ਏ।

66. ਅਖੀਰੀ ਬੋਲ

ਕੁਨੀਨ ਨੂੰ ਲੁਕੋਏਂਗਾ ਤੂੰ ਕਿੰਨਾ ਚਿਰ ਗੁੜ ਵਾਲੀ ਭੇਲੀ 'ਚ
ਮੌਤ ਨਾਲ ਹੋਣਾ ਟਾਕਰਾ ਏ ਤੇਰਾ ਬਾਹਰਲੀ ਹਵੇਲੀ 'ਚ
ਕੱਟ ਜਾਣੀ, ਬੋਲਣੋਂ ਨਾ ਰੁਕਣੀ ਜ਼ਬਾਨ ਤੇਰੀ
ਖੰਜਰ ਹਾਲਾਤਾਂ ਵਾਲੇ ਜਦੋਂ ਸੀਨੇ ਨਾਲ ਖਹਿਣਗੇ
ਸੱਚ ਨੂੰ ਲੁਕਾਏਂਗਾ ਤੂੰ ਕਿੰਨਾ ਚਿਰ ਹਿੱਕੜੀ ਦੇ ਓਹਲੇ
ਇਹ ਬੋਲ ਤਾਂ ਜਰੂਰ ਤੈਨੂੰ ਬੋਲਣੇ ਹੀ ਪੈਣਗੇ

ਅੱਖੀਂ ਵੇਖੇਂਗਾ ਤੂੰ ਸਿਵਾ ਸੱਧਰਾਂ ਦਾ ਲਟ ਲਟ ਮੱਚਦਾ
ਜਦੋਂ ਹੋਇਆ ਟਾਕਰਾ ਵੇ ਤੇਰੇ ਨਾਲ ਜਿੰਦਗੀ ਦੇ ਸੱਚ ਦਾ
ਖਾਬਾਂ 'ਚ ਸਜਾਏ ਜਿਹੜੇ ਮਹਿਲ ਮਿੱਟੀ ਵਾਲੜੇ
ਅੱਖਾਂ ਖੁੱਲੀਆਂ ਦੇ ਸਾਹਵੇਂ ਦਿਨ ਦੀਵੀ ਢਹਿਣਗੇ
ਸੱਚ ਨੂੰ ਲੁਕਾਏਂਗਾ.........

ਸਿੱਖ ਸ਼ਬਦਾਂ ਨੂੰ ਤਾਲ ਦੇਣੀ, ਸੁਰਾਂ ਦੀ ਤੂੰ ਸਾਰ ਸਿੱਖ ਲੈ
ਅਦਾ ਮੋਹ ਲਵੇ ਜੋ ਚੰਨ ਤਾਰੇ, ਨਖਰਾ ਹਜ਼ਾਰ ਸਿੱਖ ਲੈ
ਬੇਸੁਰੇ ਸ਼ਬਦਾਂ ਦਾ ਖੜਕਾਟ ਬੁਰਾ ਲੱਗੂ ਤੈਨੂੰ
ਜੋਗੀ ਸੁਰਾਂ ਵਾਲੇ ਜਦੋਂ ਆ ਕੇ ਸੱਥ ਵਿਚ ਬਹਿਣਗੇ
ਸੱਚ ਨੂੰ ਲੁਕਾਏਂਗਾ.............।

67. ਸ਼ਬਦਾਂ ਦੀ ਸਰਗਮ

ਛੇੜ ਕੋਈ ਸ਼ਬਦਾਂ ਦੀ ਸਰਗਮ, ਬੋਲ ਕੋਈ ਗੀਤ ਵੇ ਬੀਬਾ
ਤਪਦੇ ਬਲਦੇ ਦਿਲ ਨੂੰ ਜਿਹੜਾ ਕਰਦੇ ਠੰਡਾ ਸ਼ੀਤ ਵੇ ਬੀਬਾ

ਕਿਉਂ ਭਰਦਾਂ ਏਂ ਹਟਕੋਰੇ
ਜਿੰਦ ਨੂੰ ਲਾ ਕੇ ਸੰਸੇ ਝੋਰੇ
ਜਿੰਦਗੀ ਦੇ ਵਰਕੇ ਕੋਰੇ
ਲਿਖ ਕੋਈ ਸ਼ਬਦ ਪ੍ਰੀਤ ਵੇ ਬੀਬਾ
ਛੇੜ ਕੋਈ ਸ਼ਬਦਾਂ ਦੀ ਸਰਗਮ...........

ਜਦ ਤੂੰ ਬੋਲੀ ਸੱਚ ਦੀ ਬੇਲਾ
ਵਿੱਝੜ ਜਾਣਾ ਝੂਠ ਦਾ ਮੇਲਾ
ਰਹੇ ਸਦਾ ਨਾ ਵਕਤ ਦੁਹੇਲਾ
ਆਖਰ ਜਾਊ ਬੀਤ ਵੇ ਬੀਬਾ
ਛੇੜ ਕੋਈ ਸ਼ਬਦਾਂ ਦੀ ਸਰਗਮ...........

ਭਰ ਭਰ ਵੰਡ ਇਲਮ ਖਜਾਨੇ
ਰੌਸ਼ਨ ਹੋਵਣ ਕੁੱਲ ਜਮਾਨੇ
ਉੱਚੇ ਅੰਬਰ ਰੱਖ ਨਿਸ਼ਾਨੇ
ਰੱਖ ਤੂੰ ਸੁੱਚੀ ਨੀਤ ਵੇ ਬੀਬਾ
ਛੇੜ ਕੋਈ ਸ਼ਬਦਾਂ ਦੀ ਸਰਗਮ...........।

68. ਕਦੇ ਸੋਚਿਆ ਨਹੀਂ ਸੀ

ਕੱਟ ਜਾਣੀ ਡੋਰ ਜਦੋਂ ਗੁੱਡੀਆਂ ਦੇ ਪੇਚੇ ਪੈਣਗੇ
ਜੋ ਆਸਾਂ ਦੇ ਮਹੱਲ ਪੱਤਿਆਂ ਦੇ ਵਾਂਗ ਢਹਿਣਗੇ
ਖਾਕ ਵਿਚ ਰੁਲ ਜਾਣਗੇ ਮੁਨਾਰੇ, ਕਦੇ ਸੋਚਿਆ ਨਹੀਂ ਸੀ
ਸ਼ਾਨਾਂ ਉੱਚੀਆਂ ਦੇ ਢਹਿਣਗੇ ਚੁਬਾਰੇ, ਕਦੇ ਸੋਚਿਆ ਨਹੀਂ ਸੀ

ਹਾਕਾਂ ਮਾਰ ਬੁਲਾਉਣ ਵਾਲੇ ਮਿਲਣੋਂ ਰਹਿ ਜਾਣਗੇ
ਰੱਬ ਕਰਕੇ ਕਦੇ ਨਾ ਮਿਲੀਏ ਉਹ ਕਹਿ ਜਾਣਗੇ
ਚਾਅ ਰੁਲ ਜਾਣੇ ਮਿੱਟੀ 'ਚ ਕੁਆਰੇ, ਕਦੇ ਸੋਚਿਆ ਨਹੀਂ ਸੀ
ਸ਼ਾਨਾਂ ਉੱਚੀਆਂ ਦੇ ਢਹਿਣਗੇ ਚੁਬਾਰੇ, ਕਦੇ ਸੋਚਿਆ ਨਹੀਂ ਸੀ

ਹਾਣੀ ਰੂਹਾਂ ਦੇ ਜਿਹੜੇ ਨਕਸ਼ ਵੀ ਭੁੱਲ ਜਾਣਗੇ
ਜੋ ਵਾਅਦੇ ਉਮਰਾਂ ਦੇ ਪੱਕੇ ਏਦਾਂ ਰੁਲ ਜਾਣਗੇ
ਬੇੜੀਆਂ ਨੂੰ ਭੁੱਲ ਜਾਣਗੇ ਕਿਨਾਰੇ, ਕਦੇ ਸੋਚਿਆ ਨਹੀਂ ਸੀ
ਸ਼ਾਨਾਂ ਉੱਚੀਆਂ ਦੇ ਢਹਿਣਗੇ ਚੁਬਾਰੇ, ਕਦੇ ਸੋਚਿਆ ਨਹੀਂ ਸੀ

ਦਿਲ ਤੇਰੇ ਵਿਚ ਹੋਰ ਕਿਸੇ ਦਾ ਖਿਆਲ ਹੋਵੇਗਾ
ਉਸ ਵੇਲੇ ਸਾਡਾ ਮੋਇਆਂ ਜਿਹਾ ਹਾਲ ਹੋਵੇਗਾ
ਕਿਸੇ ਕਹਿਰ ਜਿਹੇ ਹੋਣਗੇ ਨਜ਼ਾਰੇ, ਕਦੇ ਸੋਚਿਆ ਨਹੀਂ ਸੀ
ਸ਼ਾਨਾਂ ਉੱਚੀਆਂ ਦੇ ਢਹਿਣਗੇ ਚੁਬਾਰੇ, ਕਦੇ ਸੋਚਿਆ ਨਹੀਂ ਸੀ

ਮੱਥੇ 'ਤੇ ਤਿਊੜੀਆਂ ਤੇ ਅੱਖਾਂ 'ਚ ਹੰਝੂ ਹੋਣਗੇ
ਅੱਖਾਂ ਦੇਖ ਵੀ ਨਾ ਸਕਣਾ ਨੀ ਜਦੋਂ ਦਿਲ ਰੋਣਗੇ
ਅਸੀਂ ਏਦਾਂ ਵੀ ਤਾਂ ਮਿਲਾਂਗੇ ਦੁਬਾਰੇ, ਕਦੇ ਸੋਚਿਆ ਨਹੀਂ ਸੀ
ਸ਼ਾਨਾਂ ਉੱਚੀਆਂ ਦੇ ਢਹਿਣਗੇ ਚੁਬਾਰੇ, ਕਦੇ ਸੋਚਿਆ ਨਹੀਂ ਸੀ।

69. ਸ਼ਬਦਾਂ ਦਾ ਕਾਲ

ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਸੱਚ ਕਹਿੰਦਾ ਹਾਂ ਯਾਰੋ, ਨਹੀਂ ਘੜਦਾ ਕੋਈ ਬਹਾਨੇ ਜੀ
ਮੇਰੇ ਕੋਲੋਂ ਅੱਖਰਾਂ ਦੇ, ਹੁਣ ਤਾਂ ਮੁੱਕਦੇ ਜਾਣ ਖਜਾਨੇ ਜੀ
ਜਜ਼ਬੇ ਨੇ ਗੂੜੀ ਨੀਂਦਰ ਸੁੱਤੇ, ਲੰਮੀਆਂ ਤਾਣੀ ਅਜੇ ਖਿਆਲ ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਲੱਖ ਮੁਖੌਟੇ ਪਾਈਏ, ਫਿਰ ਵੀ ਦੁੱਖ ਲੁਕੋਇਆ ਜਾਵੇ ਨਾ
ਪਾਵਾਂ ਕਿੰਜ ਬਾਤਾਂ ਦਰਦ ਦੀਆਂ, ਮੈਥੋਂ ਰੋਇਆ ਜਾਵੇ ਨਾ
ਅੱਖਾਂ ਦੇ ਕੋਏ ਸੁੱਕੇ ਖੂਹ ਵਾਂਗੂੰ, ਅੰਦਰੇ ਅੰਦਰ ਵਗਦਾ ਖਾਲ਼ ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਹਉਕਿਆਂ ਦੀ ਰੁੱਤ ਵਿਚ, ਹੈ ਮੈਨੂੰ ਬੜਾ ਸਹਾਰਾ ਕਾਕੇ ਦਾ
ਇਹਦੇ ਸੰਗ ਕਲੋਲਾਂ ਕਰਦਿਆਂ, ਲੰਘਜੂ ਵਕਤ ਕੜਾਕੇ ਦਾ
ਮਿੱਠੇ ਬੋਲ ਬੋਲਦਾ, ਸ਼ਹਿਦ ਘੋਲਦਾ, ਅਮਨਬੀਰ ਹੈ ਮੇਰੇ ਨਾਲ ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਮਸਾਂ ਕਚਹਿਰੀ ਖੁੱਲੀ ਹੈ, ਤੇ ਹਾਲੇ ਮੁਨਸਿਫ ਆਇਆ ਨਹੀਂ
ਦਿਲ ਨੂੰ ਕਰੜਾ ਕਰਕੇ, ਮੈਂ ਆਪਣਾ ਹਾਲ ਸੁਣਾਇਆ ਨਹੀਂ
ਤਕੜੇ ਜੇਰੇ ਕਰਲੋ, ਹੱਥ ਕਲੇਜੇ ਧਰਲੋ, ਲੰਘਣਾ ਪੂਰਾ ਸਾਲ ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਮਰਦਾਨੇ ਦੀ ਰਬਾਬ ਦੀਆਂ ਜਾਂ ਖਿਦਰਾਨੇ ਦੀ ਢਾਬ ਦੀਆਂ
ਮੈਨੂੰ ਡਾਢਾ ਭਾਵੁਕ ਕਰ ਦਿੱਤਾ, ਗੱਲਾਂ ਛੇੜ ਪੰਜਾਬ ਦੀਆਂ
ਜਰਾ ਪਹਿਲਾਂ ਸ਼ਹਿਰ ਫਰਿਜ਼ਨੋ ਤੋਂ, ਸੀ ਗੱਲਾਂ ਕਰਦਾ 'ਪਾਲ' ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ

ਇਹ ਕਾਲ ਦਾ ਕੰਟਕ ਹੈ, ਇਹਨੂੰ ਰੋਕਣ ਵਾਲਾ ਕਿਹੜਾ ਹੈ
ਆਪੇ ਚੱਕਰ ਕੱਟ ਮੁੜ ਜਾਵੇਗਾ, ਡਾਢੇ ਵਕਤ ਦਾ ਗੇੜਾ ਹੈ
ਆਪਾਂ ਨੂੰ ਔਖੇ ਦਿਨ ਕੱਢਣੇ, ਸਮਾਂ ਤਾਂ ਚਲਦਾ ਆਪਣੀ ਚਾਲ ਪਿਆ
ਗੱਲ ਛੇੜ ਨਾ ਨਜਮਾਂ, ਗੀਤਾਂ ਦੀ, ਹਾਲੇ ਤਾਂ ਸ਼ਬਦਾਂ ਦਾ ਕਾਲ ਪਿਆ
ਉਸ ਦਿਨ ਜਲਵੇ ਦੇਖੀਂ ਯਾਰਾਂ ਦੇ, ਜਦ ਸਾਨੂੰ ਮਿੱਤਰਾ ਹਾਲ ਪਿਆ।

70. ਮਾਘੀ ਦੇ ਮਗਰੋਂ

ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ
ਤੜਕੇ ਤੋਂ ਕਿਣਮਿਣ ਜਾਰੀ, ਰਾਤੀਂ ਸਨ ਬੱਦਲ ਘਿਰਦੇ ਜੀ

ਹਰ ਥਾਂ ਝੂਠ ਦਾ ਵਾਰਾ ਪਹਿਰਾ ਹੈ
ਪਰ ਇਕ ਸੱਚ ਖੜਾ ਇਕਹਿਰਾ ਹੈ
ਕਿਸ ਪਾਸੇ ਜਾਵੇ ਬੰਦਾ ਆਖਰ ਨੂੰ
ਇਹ ਸੰਕਟ ਵੀ ਡਾਢਾ ਗਹਿਰਾ ਹੈ
ਬੰਦੇ ਕਈ ਡੂੰਘੇ ਖੂਹੀਂ ਜਾ ਲੱਥੇ, ਨਜ਼ਰੋਂ ਗਿਰਦੇ ਗਿਰਦੇ ਜੀ
ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ

ਇਹ ਧਰਮਾਂ ਦੇ ਬੇਸ਼ੱਕ ਪਰਦੇ ਨੇ
ਪਰ ਸਾਰੇ ਸੱਚ ਕਹਿਣੋਂ ਡਰਦੇ ਨੇ
ਬਾਹਰੋਂ ਪਾਕ ਪਵਿੱਤਰ ਲਗਦੇ ਨੇ
ਪਰ ਰੂਹਾਂ ਵਿਚ ਉੱਡਦੇ ਗਰਦੇ ਨੇ
ਕੀ ਫਾਇਦਾ ਚੰਮ ਚਮਕਾਵਣ ਦਾ, ਜੇ ਪਾਕ ਨਾ ਹਿਰਦੇ ਜੀ
ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ

ਮਹਿੰਗਾਈ ਦਾ ਵੀ ਕਹਿਰ ਬੜਾ
ਉਤੋਂ ਵਧਦਾ ਜਾਂਦਾ ਸ਼ਹਿਰ ਬੜਾ
ਹੁਣ ਮਰ ਵੀ ਨਹੀਂ ਸਕਦਾ ਬੰਦਾ
ਮਹਿੰਗਾ ਅੱਜ ਕੱਲ੍ਹ ਜ਼ਹਿਰ ਬੜਾ
ਦਸ ਦੇ ਨੋਟ ਬਿਨਾਂ, ਤਾਂ ਹੁਣ ਨਿੱਕੇ ਬੱਚੇ ਵੀ ਨਾ ਵਿਰਦੇ ਜੀ
ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ

ਬਾਜਾਂ ਦੀਆਂ ਲੰਮੀਆਂ ਡਾਰਾਂ ਨੇ
ਤੇ ਬੜੀਆਂ ਮਜ਼ਬੂਰ ਗੁਟਾਰਾਂ ਨੇ
ਚਿੜੀਆਂ ਦਾ ਚੈਨ ਚੁਰਾਇਆ ਏ
ਇਹਨਾਂ ਖੁਦਗਰਜ਼ ਸ਼ਿਕਾਰਾਂ ਨੇ
ਦਿਨ ਰਾਤੀਂ ਮਾਸੂਮਾਂ 'ਤੇ, ਜੋ ਨੇ ਘਾਤ ਲਗਾਈ ਫਿਰਦੇ ਜੀ
ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ

'ਕੰਵਰ' ਤੋਂ ਰੁੱਸਿਆ ਹਾਸਾ ਹੈ
ਉਹ ਬਣਿਆ ਪਿਆ ਤਮਾਸ਼ਾ ਹੈ
'ਸੰਗੂਧੌਣ' ਬਿਗਾਨਾ ਹੋ ਚੱਲਿਆ
ਹੁਣ ਕੀਤਾ ਪਰਦੇਸੀਂ ਵਾਸਾ ਹੈ
ਮੁੜ ਫੇਰਾ ਪਾਵਣ ਵਿਹੜੇ, ਹਨ ਚਾਅ ਗਵਾਚੇ ਚਿਰਦੇ ਜੀ
ਸਾਡੇ ਤਾਂ ਮਾਘੀ ਦੇ ਮਗਰੋਂ, ਰੁੱਖਾਂ ਦੇ ਸੁੱਕੇ ਪੱਤ ਕਿਰਦੇ ਜੀ।

71. ਦੋਸਤ

ਇਕ ਦੋਸਤ ਚਾਹੀਦਾ ਹੈ
ਦਿਲ ਦੀ ਘੁੰਡੀ ਖੋਲਣ ਲਈ,
ਮਨ ਦਾ ਦੁੱਖੜਾ ਫੋਲਣ ਲਈ,
ਰੂਹ ਦੀ ਬੋਲੀ ਬੋਲਣ ਲਈ
ਇਕ ਦੋਸਤ ਹੋਵੇ, ਜਿਸ ਨਾਲ
ਦੁਨਿਆਵੀ ਰਿਸ਼ਤਿਆਂ ਦੇ ਜੰਗਲ ਤੋਂ ਹੋ ਕੇ ਸੁਰਖਰੂ
ਦੇਹਾਂ ਦੀ ਵਲਗਣ ਤੋਂ ਜਾ ਕੇ ਪਾਰ
ਨਿਕਲ ਸਮੇਂ ਦੀ ਬੁੱਕਲ ਵਿਚੋਂ
ਮੇਰ ਤੇਰ ਦੀ ਕੈਦ ਤੋਂ ਹੋ ਮੁਕਤ
ਬੈਠਿਆ ਜਾ ਸਕੇ
ਇਕ ਦੋਸਤ
ਜਿਸ ਨਾਲ ਸਿਰਫ਼ ਦੋਸਤੀ ਦਾ ਅਹਿਦ ਹੋਵੇ
ਜਿਸ ਨਾਲ ਲੁੱਕ ਲਪੇਟ, ਝਿਜਕ ਤੇ ਕਿਸੇ ਵੀ ਫ਼ਿਕਰ ਤੋਂ ਬਿਨਾਂ
ਹਰ ਗੱਲ ਸਾਂਝੀ ਹੋ ਸਕੇ
ਇਕ ਦੋਸਤ
ਜੋ ਸਿਰਫ ਦੋਸਤ ਹੋਵੇ
ਹੋਰ ਸਾਰੇ ਸਮਾਜੀ ਰਿਸ਼ਤਿਆਂ ਤੋਂ ਪਾਰ
ਜਿਸ ਨਾਲ ਹੋਵੇ ਮੋਹ, ਪਿਆਰ ਤੇ ਸਤਿਕਾਰ
ਨਾ ਕਿ ਇਸ਼ਕ ਮੁਸ਼ਕ
ਇਕ ਦੋਸਤ, ਜਿਸ ਨਾਲ
ਕਿਸੇ ਥਾਂ ਇਕੱਠਿਆਂ ਬੈਠ ਕੇ

ਲੰਘੀ ਜ਼ਿੰਦਗੀ ਦੇ ਹਰੇਕ ਪੰਨੇ 'ਤੇ
ਸਰਸਰੀ ਝਾਤੀ ਮਾਰ ਸਕੀਏ
ਇਕ ਦੋਸਤ
ਜੋ ਰੂਹ ਤੋਂ ਸਤਿਕਾਰਿਆ ਜਾ ਸਕੇ
ਤੇ ਜਿਹੜਾ ਰੂਹ ਨਾਲ ਸਤਿਕਾਰ ਦੇ ਸਕੇ।

72. ਭੈਣ ਰਾਣੀ

ਭੈਣ
ਉਹ ਛੋਟਾ ਜਿਹਾ ਪਰ ਮਹਾਨ ਸ਼ਬਦ
ਜਿਸ ਦੇ ਭਾਵ ਅਰਥ ਦੀ ਵਿਆਖਿਆ
ਦੁਨੀਆ ਦੇ ਕਿਸੇ ਸ਼ਬਦਕੋਸ਼ ਵਿਚੋਂ ਨਹੀਂ ਮਿਲ ਸਕਦੀ
ਇਹ ਸ਼ਬਦ
ਜਿਸ ਵਿਚ ਵਿਸ਼ਾਲ ਬ੍ਰਹਿਮੰਡੀ ਪਸਾਰੇ ਜਿੰਨਾ ਪਿਆਰ ਹੈ
ਇਹ ਸ਼ਬਦ, ਸ਼ਬਦ ਨਹੀਂ
ਸਗੋਂ ਪਿਆਰ ਦਾ ਮੋਹ ਭਿੱਜਿਆ ਇਕਰਾਰ ਹੈ
ਭੈਣ ਛੋਟੀ ਜਾਂ ਵੱਡੀ ਨਹੀਂ ਹੁੰਦੀ
ਭੈਣ ਤਾਂ ਬੱਸ ਪਿਆਰੀ ਹੁੰਦੀ ਹੈ
ਭੈਣ ਜੋ
ਵੀਰ ਦੇ ਨਿੱਕੇ ਹੁੰਦੇ ਦੀਆਂ ਗੁੰਦਦੀ ਹੈ ਮੀਢੀਆਂ
ਤੇ ਪਾਉਂਦੀ ਹੈ ਕਿਕਲੀ
"ਕਿਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ"
ਭੈਣ ਜੋ
ਜਵਾਨ ਹੁੰਦੇ ਵੀਰ ਲਈ ਤੀਆਂ ਵਿਚ ਚੁੱਕਦੀ ਹੈ ਬੋਲ
"ਜਿੱਥੇ ਵੱਜਦੀ, ਬੱਦਲ ਵਾਂਗ ਗੱਜਦੀ,
ਕਾਲੀ ਡਾਂਗ ਮੇਰੇ ਵੀਰ ਦੀ"
ਭੈਣ ਜੋ
ਨੌਕਰੀ ਲੱਗੇ ਵੀਰ ਲਈ ਸਹੇਲੀਆਂ ਵਿਚ ਕਰਦੀ ਹੈ ਮਾਣ

"ਵੀਰ ਮੇਰਾ ਪੱਟ ਦਾ ਲੱਛਾ ਪਟਵਾਰੀ,
ਧੁੱਪ ਵਿਚ ਭੋਇੰ ਮਿਣਦਾ"
ਭੈਣ ਜੋ
ਗੱਭਰੂ ਵੀਰ ਲਈ ਕਰਦੀ ਹੈ ਵਿਆਹ ਦੀ ਕਾਮਨਾ
"ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਵੀਰਨਾ"
ਭੇਣ ਜੋ ਵਿਆਹ ਪਿੱਛੋਂ ਪਰਦੇਸਣ ਹੋਈ ਉਡੀਕਦੀ ਅੰਮੀ ਦੇ ਜਾਏ ਨੂੰ
"ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ
ਤੇ ਤੈਨੂੰ ਵੀਰਾ ਦੁੱਧ ਦਾ ਛੰਨਾ"
ਭੈਣ ਭਰਾ ਦਾ ਰਿਸ਼ਤਾ
ਉਹ ਰਿਸ਼ਤਾ, ਜੋ ਹੈ ਸੱਚ ਤੇ ਸੁੱਚ ਦਾ ਫਲਸਫਾ ਹੈ
ਉਮਰਾਂ ਦੀ ਇਹ ਪਿਆਰ ਭਰੀ ਸਾਂਝ ਦੀ ਪਰੰਪਰਾ
ਹੈ ਯੁੱਗਾਂ ਤੋਂ ਵੀ ਪਾਰ ਤੱਕ ਪਸਰੀ
ਭੈਣ ਉਹ ਸ਼ਬਦ
ਜਿਸਦੇ ਜਲੌਅ ਅੱਗੇ ਬਾਕੀ ਸਾਰੇ ਸ਼ਬਦ ਪੈ ਜਾਂਦੇ ਹਨ ਫਿੱਕੇ
ਉਹ ਰਿਸ਼ਤਾ
ਜਿਸਦੇ ਜਲਾਲ ਸਾਹਮਣੇ ਸਾਰੇ ਰਿਸ਼ਤੇ ਪੈ ਜਾਂਦੇ ਹਨ ਨਿੱਕੇ
ਉਹ ਸੰਕਲਪ
ਜਿਸਦੇ ਹਨ ਬਹੁਤ ਸਾਰੇ ਅਰਥ
ਪਰ ਜਿਸਦਾ ਕੋਈ ਵੀ ਅਰਥ ਨਹੀਂ ਕੀਤਾ ਜਾ ਸਕਦਾ।

73. ਕਵਿਤਾ ਦੀਆਂ ਮੁੰਦਰਾਂ

ਮੇਰੀ ਦੋਸਤ
ਕਾਸ਼ ਅਸੀਂ
ਅਸੀਂ ਤੋਂ ਤੂੰ ਅਤੇ ਮੈਂ ਵਿਚ ਨਾ ਤਬਦੀਲ ਹੁੰਦੇ
ਤਾਂ ਇਹ ਸਾਰਾ ਕੁਝ ਇੰਜ ਨਹੀਂ ਸੀ ਹੋਣਾ
ਜੇ ਅਸੀਂ ਹਾਲਾਤਾਂ ਨਾਲ ਲੜ ਸਕਦੇ
ਜਾਂ ਹਾਲਾਤ ਸਾਡੇ ਮੁਤਾਬਕ ਢਲ ਸਕਦੇ
ਤਾਂ ਭਟਕਣਾਂ ਦੇ ਪਹਾੜ ਸਿਰਾਂ 'ਤੇ ਚੁੱਕ
ਨੀਵਾਣਾਂ ਵੱਲ ਤੁਰਨ ਦੀ ਲੋੜ ਹੀ ਨਾ ਪੈਂਦੀ
ਰੀਝ ਹੀ ਨਾ ਉਮ੍ਹਲਦੀ
ਪਰ ਇੰਜ ਹੋ ਨਹੀਂ ਸਕਿਆ
ਤੇ ਮੈਂ ਤੇਰੇ ਤੋਂ ਵੱਖ ਹੋ ਕੇ
ਪਤਾ ਨਹੀਂ ਕਿੰਨਿਆਂ ਰਾਹਵਾਂ ਦੀ ਧੂੜ ਫੱਕੀ
ਤੇ ਕਿੰਨਿਆਂ ਸ਼ਹਿਰਾਂ ਦਾ ਪ੍ਰਦੂਸ਼ਣ ਪੀਤਾ
ਤੇਰੇ ਗਲ ਵਿਚੋਂ ਬਾਹਵਾਂ ਦੀ ਕਰੰਗੜੀ ਖੋਲ੍ਹਣ ਤੋਂ ਬਾਅਦ
ਮੈਂ ਬਾਹਵਾਂ ਅੱਡ ਕੇ
ਦਰਜਨਾਂ ਘਰਾਂ ਦੇ ਬੂਹਿਆਂ 'ਤੇ ਦਸਤਕਾਂ ਦਿੱਤੀਆਂ
ਪਰ ਬੇਰਹਿਮ, ਬੇਤਰਸ ਹੁਸਨਬਾਜ਼ਾਂ ਨੇ
ਕਦੇ ਵੀ ਬਣਨ ਨਾ ਦਿੱਤਾ ਮੇਰੀਆਂ ਬਾਹਵਾਂ ਨੂੰ ਮੁੜ ਗਲਵੱਕੜੀ
ਤੇ ਹਰ ਵਾਰ ਹੀ ਸ਼ਿੰਗਾਰਿਆ ਮੇਰੀ ਹਿੱਕ 'ਤੇ
ਇਲਜ਼ਾਮਕਸ਼ੀ ਦਾ ਤਮਗਾ
ਤੇ ਮੈਂ ਨਿਦੋਸਾ

ਅਜਿਹੇ ਇਲਜ਼ਾਮਾਂ ਦੇ ਤਮਗੇ
ਆਪਣੀ ਛਾਤੀ 'ਤੇ ਸਜਾਈ
ਰੋਇਆ ਹੁਬਕੀਂ ਹੁਬਕੀਂ
ਕਵਿਤਾ ਦੇ ਗਲ ਲੱਗ ਕੇ
ਹਰ ਵਾਰ
ਕਾਸ਼! ਤੂੰ ਤੇ ਮੈਂ ਹਮਸਫ਼ਰ ਹੀ ਰਹਿੰਦੇ
ਤੇ ਜਿੰਦਗੀ ਦੇ ਦੋਰਾਹਿਆਂ, ਚੌਰਾਹਿਆਂ 'ਤੇ
ਇਕ ਦੂਜੇ ਤੋਂ ਵੱਖਰੇ ਰਾਹ ਨਾ ਪੈਂਦੇ
ਤਾਂ ਮੈਂ ਯਕੀਨ ਨਾਲ ਕਹਿੰਦਾ ਹਾਂ
ਕਿ ਇਹ ਸਾਰਾ ਕੁਝ ਬਿਲਕੁੱਲ ਵੀ ਇੰਜ ਨਹੀਂ ਸੀ ਹੋਣਾ
ਫਿਰ ਜਿੰਦਗੀ ਦਾ ਮਤਲਬ
ਸਾਡੇ ਲਈ ਕੁਝ ਵੀ ਨਹੀਂ ਹੋਣਾ ਸੀ
ਸਿਰਫ਼ ਤਿੰਨ ਅੱਖਰਾਂ ਦੇ ਸੁਮੇਲ ਤੋਂ ਵੱਧ
ਤੇ ਨਾ ਹੀ ਲੱਭਣ ਲਈ ਜਿੰਦਗੀ ਦੇ ਅਰਥ
ਰਾਹਾਂ ਦੀ ਖਾਕ ਹੋਣਾ ਪੈਣਾ ਸੀ
ਫਿਰ ਸਾਡੇ ਵਿਚ ਹੋਣੇ ਸਨ ਨਿੱਕੇ ਨਿੱਕੇ ਝਗੜੇ
ਤੇ ਸੁਲ੍ਹਾ ਸਫਾਈਆਂ ਵੱਡੀਆਂ ਵੱਡੀਆਂ
ਪਰ ਕੁਝ ਵੀ ਨਹੀਂ ਹੋਣਾ ਸੀ ਹੁਣ ਵਰਗਾ
ਨਾ ਤਾਂ ਮੇਰੇ ਸਿਰ ਕਿਸੇ ਧਰਨਾ ਸੀ
ਆਸ਼ਿਕ ਹੋਣ ਦਾ ਇਲਜ਼ਾਮ
ਨਾ ਮੇਰੀਆਂ ਰੀਝਾਂ, ਮੇਰੀਆਂ ਸੋਚਾਂ, ਮੇਰਿਆਂ ਖ਼ਿਆਲਾਂ ਨੇ
ਰੋਜ਼ ਫਾਹੇ ਲੱਗ ਮਰਨਾ ਸੀ
ਕੁਝ ਵੀ ਇੰਜ ਦਾ ਨਹੀਂ ਹੋਣਾ ਸੀ

ਜੇ ਅਸੀਂ ਦੋਵੇਂ ਨਾਲ ਨਾਲ ਹੀ ਰਹਿੰਦੇ
ਤਾਂ ਪੱਥਰਾਂ ਦੇ ਇਸ ਸ਼ਹਿਰ ਅੰਦਰ
ਅੱਧੋਂ ਲੰਘੀ ਰਾਤ ਤੱਕ ਜਾਗਣਾ ਨਾ ਪੈਂਦਾ
ਤੇ ਮੇਰੀ ਨੀਂਦ ਕਦੇ ਵੀ ਤੈਅ ਨਾ ਕਰਦੀ
ਸੁਪਨੇ ਤੋਂ ਭਟਕਣ ਤੱਕ ਦਾ ਸਫ਼ਰ
ਫੇਰ ਮੇਰਾ ਸਫ਼ਰ ਏਨਾ ਲੰਮੇਰਾ,
ਥਕੇਵੇਂ, ਉਲਝਣਾਂ ਤੇ ਸੰਕਟਾਂ ਭਰਿਆ ਕਦੇ ਵੀ ਨਾ ਹੁੰਦਾ
ਸੰਗੂਵਾਲੇ ਤੋਂ ਤੇਰੇ ਸ਼ਹਿਰ ਤੱਕ ਦਾ
ਕੁਝ ਕੁ ਮੀਲਾਂ ਦਾ ਫਾਸਲਾ
ਚਹੁੰ ਕਦਮਾਂ ਵਿਚ ਸਿਮਟ ਜਾਣਾ ਸੀ
ਤੇ ਮੈਨੂੰ ਆਪਣੀਆਂ ਰੀਝਾਂ, ਸੋਚਾਂ ਤੇ ਵਿਚਾਰਾਂ ਦੇ ਸੰਦ ਲੈ ਕੇ
ਦੂਰ ਦੁਮੇਲਾਂ ਤੱਕ ਭਟਕਣ ਦੀ ਲੋੜ ਨਹੀਂ ਸੀ ਪੈਣੀ
ਪਰ ਇੰਜ ਹੋ ਜਾਣਾ ਸੰਭਵ ਨਾ ਹੋ ਸਕਿਆ
ਤੇ ਮੈਂ ਕਵਿਤਾ ਦੀ ਦਰਗਾਹ 'ਤੇ
ਆਪਣੀ ਚੜ੍ਹਦੀ ਉਮਰ ਦੇ
ਅੱਥਰੇ ਵਰ੍ਹਿਆਂ ਦਾ ਬਲੀਦਾਨ ਦੇ ਦਿੱਤਾ
ਹੁਣ ਤਾਂ ਹਰ ਸਵੇਰ ਚਲਦੀ ਹੈ ਦਿਲ 'ਤੇ ਕਟਾਰ
ਤੇ ਹਰ ਸ਼ਾਮ ਕਲਮ ਹੁੰਦਾ ਹੈ ਸਿਰ
ਤਾਂ ਜੰਮਦਾ ਹੈ
ਵਾਕਾਂ ਦਾ ਕਾਫ਼ਲਾ, ਹਰਫ਼ ਦਰ ਹਰਫ਼
ਸੱਚ ਜਾਣੀਂ
ਤੇਰੇ ਨੈਣਾਂ ਦੀ ਧਾਰ ਵਿਚੋਂ ਨਿਕਲ ਕੇ'
ਮੈਂ ਬਣ ਕੇ ਰਹਿ ਗਿਆ ਬੇਮੰਜ਼ਿਲ ਰਾਹਾਂ ਦੀ ਭਟਕਣ

ਕਿਸੇ ਨੇ ਮੇਰੀ ਰੂਹ ਨੂੰ ਠਾਹਰ ਨਾ ਦਿੱਤੀ
ਤਾਂ ਮੈਂ ਕਵਿਤਾ ਦੇ ਸਿਰ ਆ ਚੜਿਆ
ਜਾਂ ਸ਼ਾਇਦ ਕਵਿਤਾ ਮੇਰੇ ਸਿਰ ਚੜ ਗਈ
ਹੁਣ ਤਾਂ ਕਦੇ ਮੈਂ ਗੁਆਚ ਜਾਂਦਾ ਹਾਂ ਕਵਿਤਾ ਵਿਚ
ਤੇ ਕਦੇ ਖੁਦ ਹੀ ਬਣ ਜਾਂਦਾ ਹਾਂ ਕਵਿਤਾ
ਸਾਰੇ ਦਾ ਸਾਰਾ
ਮੇਰੀ ਦੋਸਤ
ਮੈਂ ਇੱਕੀਵੀਂ ਸਦੀ ਵਿਚ ਬੈਠਾ ਹੋਇਆ ਵੀ
ਰਾਂਝੇ ਵਾਲੀ ਹੋਣੀ ਭੁਗਤ ਰਿਹਾ ਹਾਂ
ਤੇ ਕਵਿਤਾ ਉਤਰ ਆਧੁਨਿਕ ਚਿਹਨ ਹੈ
ਰਾਂਝੇ ਦੇ ਕੰਨਾਂ ਵਿਚ ਸਿੱਧ ਬਗਾਈਂ ਵਲੋਂ ਪਾਈਆਂ ਮੁੰਦਰਾਂ ਦਾ
ਜੇ ਜੋਗ ਦਾ ਤਿਆਗ ਕਰਕੇ
ਰਾਂਝਾ ਦੁਨੀਆਦਾਰ ਬਣ ਵੀ ਜਾਂਦਾ
ਤਾਂ ਨਹੀਂ ਸਬੂਤੇ ਹੋ ਸਕਣੇ ਸਨ ਉਸਦੇ ਕੰਨ
ਤੇ ਉਸ ਪਾਟੇ ਕੰਨਾਂ ਨਾਲ ਹੰਢਾਉਣੀ ਸੀ ਸਾਰੀ ਉਮਰ
ਮੁੰਦਰਾਂ ਦੀ ਥਾਂ ਨੱਤੀਆਂ ਭਾਵੇਂ ਪਾ ਲੈਂਦਾ
ਪਰ ਨਹੀਂ ਕੱਟ ਸਕਦਾ ਸੀ ਦਿਨ, ਖਾਲੀ ਕੰਨਾਂ ਨਾਲ
ਨਹੀਂ ਤਾਂ ਲੋਕਾਂ ਉਸਨੂੰ ਕਹਿਣਾ ਸੀ ਕੰਨੋਂ ਬੁੱਚਾ ਚੌਧਰੀ
ਇਹੀ ਹਾਲ ਹੁਣ ਮੇਰਾ ਹੈ
ਮੈਂ ਵੀ ਨਹੀਂ ਜਿਉਂ ਸਕਦਾ
ਕਵਿਤਾ ਦੀਆਂ ਮੁੰਦਰਾਂ ਬਿਨਾਂ।

74. ਗਾਨੇ ਗਜ਼ਲਾਂ ਦੇ

ਮੈਂ ਤਾਂ ਬੰਨ ਲਏ ਗੁੱਟਾਂ ਉਤੇ ਗਾਨੇ ਗਜ਼ਲਾਂ ਦੇ
ਮੇਰੇ ਤਾਂ ਸਭ ਰਿਸ਼ਤੇ ਅਤੇ ਯਾਰਾਨੇ ਗਜ਼ਲਾਂ ਦੇ

ਮਤ ਸਮਝੋ ਕਿ ਇਹ ਹਰਫ਼ਾਂ ਦਾ ਮੇਲਾ ਹੈ ਬੱਸ
ਕਿੰਨੇ ਹੀ ਤਾਂ ਗੁੱਝੇ ਹਨ ਅਫ਼ਸਾਨੇ ਗਜ਼ਲਾਂ ਦੇ

ਤੇਰੇ ਮੋਹ ਨੂੰ ਪੇਸ਼ ਕਰਾਂ ਇਬਾਦਤ ਅੱਖਰਾਂ ਦੀ
ਮੇਰੇ ਕੋਲ ਤਾਂ ਇਹੀ ਨੇ ਨਜ਼ਰਾਨੇ ਗਜ਼ਲਾਂ ਦੇ

ਦੁਨੀਆ ਦੌਲਤ ਸ਼ੋਹਰਤ ਕੀ ਕੁਝ ਚੁੱਕੀ ਫਿਰਦੀ
ਤੇ ਮੈਂ ਝੱਲਾ ਸਾਂਭੀ ਫਿਰਾਂ ਖਜਾਨੇ ਗਜ਼ਲਾਂ ਦੇ

ਲੋਕਾਂ ਤੇਜ-ਤਰਾਰਾਂ ਵਿਚ 'ਕੱਲਾ ਰਮਤਾ ਜੋਗੀ
ਅੱਗੇ ਸ਼ਿਅਰ ਇਹ ਰਮਲੇ ਮਸਤਾਨੇ ਗਜ਼ਲਾਂ ਦੇ

ਬੇਲੀ ਸਿਫਤਾਂ ਕਰਦੇ, ਹਾਮੀ ਭਰਦੇ ਖਿਆਲਾਂ ਦੀ
ਪਰ ਨੁਕਸਾਂ 'ਤੇ ਉਂਗਲ ਧਰਦੇ ਦਾਨੇ ਗਜ਼ਲਾਂ ਦੇ

ਗੱਲ ਕਰਨ ਦਾ ਉਂਜ ਤਾਂ ਹੱਜ ਕੋਈ ਨਾ ਬਚਿਆ
ਖਤ ਲਿਖਦਾ ਹਾਂ ਮੈਂ ਤੈਨੂੰ ਪਰ ਬਹਾਨੇ ਗਜ਼ਲਾਂ ਦੇ

ਤੈਨੂੰ ਲੱਗੇ ਤੁਰਨਾ,ਮੁੜਨਾ,ਬਣਨਾ,ਫੱਬਣਾ ਵੱਸ ਤੇਰੇ
ਦੇਖ ਜ਼ਰਾ ਤੂੰ ਨਖਰੇ ਗਹੁ ਨਾਲ ਰਕਾਨੇ ਗਜ਼ਲਾਂ ਦੇ

ਮਹਿਫ਼ਲ ਅੰਦਰ ਹਰ ਹੱਥ ਦੇ ਵਿਚ ਜਾਮ ਹੈ ਇਕ
ਮੈਂ ਦੋਵਾਂ ਹੱਥਾਂ 'ਚ ਚੁੱਕੀ ਫਿਰਾਂ ਪੈਮਾਨੇ ਗਜ਼ਲਾਂ ਦੇ।

75. ਤੰਦ ਸਾਹਾਂ ਦੀ

ਕੁਝ ਵੀ ਆਖੋ ਭਾਵੇਂ ਮੈਂ ਤਾਂ ਜਾਣਾ ਆਪਣੀ ਹੋਣੀ ਨੂੰ
ਕਿਹੜੀ ਗੱਲੋਂ ਦੋਸ਼ ਦਿਆਂ ਮੈਂ ਫਿਰ ਸੱਸੀ ਸੋਹਣੀ ਨੂੰ
ਬੇਸ਼ੱਕ ਸਾਰ ਨਹੀਂ ਹੈ ਹਾਲੇ ਤੱਕ ਵੀ ਮਾਰੂਥਲ ਦੇ ਰਾਹਾਂ ਦੀ
ਹੌਲੀ ਹੌਲੀ ਮੁੱਕ ਜਾਵਾਂਗੇ, ਟੁੱਟ ਜਾਣੀ ਹੈ ਤੰਦ ਸਾਹਾਂ ਦੀ

ਮੈਂ ਜਿਉਂਦਾ ਜਾਗਦਾ ਹੁਣ ਹਾਂ, ਕੋਈ ਮਿਥਿਹਾਸ ਨਹੀਂ
ਫੱਕਰਾਂ ਦਾ ਦਰ ਦੂਰ ਬੜਾ, ਦੁਨੀਆਂਦਾਰੀ ਰਾਸ ਨਹੀਂ
ਜੋਗੀ ਹੋਣ ਨਾ ਦਿੱਤਾ ਮੈਨੂੰ, ਗਲਵੱਕੜੀ ਤੇਰੀਆਂ ਬਾਹਾਂ ਦੀ
ਹੌਲੀ ਹੌਲੀ ਮੁੱਕ ਜਾਵਾਂਗੇ, ਟੁੱਟ ਜਾਣੀ ਹੈ ਤੰਦ ਸਾਹਾਂ ਦੀ।

76. ਹਰਫ਼ਾਂ ਦੀ ਚੁੱਪ

ਕੀ ਏ ਮੇਰੇ ਕੋਲ ਇਕ ਮੇਰੀ ਚੁੱਪ ਤੋਂ ਸਿਵਾ
ਦੋ ਚਾਰ ਹਰਫ਼ਾਂ ਦੀ ਕੋਸੀ ਕੋਸੀ ਧੁੱਪ ਤੋਂ ਸਿਵਾ
ਰੌਸ਼ਨੀ ਮਹੀਨ ਜੇਹੀ ਗੀਤਾਂ ਅਤੇ ਗਜ਼ਲਾਂ ਦੀ
ਬਾਕੀ ਸਾਰੀ ਜਿੰਦਗੀ ਹਨੇਰੇ ਘੁੱਪ ਤੋਂ ਸਿਵਾ
ਕੀ ਏ ਮੇਰੇ ਕੋਲ ਇਕ ਮੇਰੀ ਚੁੱਪ ਤੋਂ ਸਿਵਾ

77. ਹਰਫ਼ਾਂ ਦੀ ਚਾਨਣੀ

ਕਿੰਨੀ ਮੱਧਮ ਸੀ ਮੇਰੇ ਹਰਫ਼ਾਂ ਦੀ ਚਾਨਣੀ
ਪਤਾ ਲੱਗਾ ਜਦ ਪਏ ਅਰਥਾਂ ਦੀ ਛਾਨਣੀ

ਰੁੱਤ ਸਿਆਲ ਦੀ 'ਚ ਗੀਤ ਦਿੰਦੇ ਨਿੱਘ ਨੇ
ਬੈਠ ਛਾਵੇਂ ਸ਼ਬਦਾਂ ਦੀ ਧੁੱਪ ਜਿਹੀ ਮਾਨਣੀ

ਆਪਣਾ ਹੀ ਲਿਖੀਏ ਮਰਸੀਆ ਜਿਉਂਦੇ ਜੀ
ਇਸ ਤਰ੍ਹਾਂ ਹੈ ਕਥਾ ਦਿਲ ਦੀ ਬਿਆਨਣੀ

ਇਹ ਵੇਦਨਾ ਦਿਲੇ ਦੀ ਦੱਸਾਂ ਬੋਲਾਂ ਆਸਰੇ
ਜੇ ਤੂੰ ਨਾ ਜਾਨਣੀ ਤਾਂ ਹੋਰ ਕਿਸ ਜਾਨਣੀ

ਹੈ ਗੁਮਾਨ ਉਮਰ ਸਾਰੀ ਦਾ ਖੁਦੀ ਨੂੰ ਜੋ
ਖੌਰੇ ਸ਼ੀਸ਼ੇ ਘਰ ਦੇ ਵੀ ਨਾ ਸ਼ਕਲ ਪਛਾਨਣੀ

78. ਕੱਤਕ

ਕੱਤਕ ਭਾਗਾਂ ਭਰਿਆ
ਵਣ ਤਿਣ ਮਉਲਿਆ
ਰੁੱਖ ਬੂਟਾ ਹਰਿਆ
ਹੈ ਧਰਤੀ ਮਹਿਕੀ
ਅੰਬਰ ਨਿੱਖਰਿਆ
ਹਾਲੇ ਚਿੰਤਾ ਬਾਕੀ
ਜੀਅੜਾ ਡਰਿਆ
ਤੱਕ ਗੁਰਾਂ ਦੀ ਓਟ
ਦੇਹਲੀ ਦੀਵਾ ਧਰਿਆ
ਏਸ ਮੁਬਾਰਕ ਮੌਕੇ
ਇਹੋ ਅੱਖਰ ਸਰਿਆ
ਕੱਤਕ ਭਾਗਾਂ ਭਰਿਆ

79. ਮੀਂਹ

ਮੀਂਹ ਜਦੋਂ ਵੀ ਵਰ੍ਹਦਾ ਹੈ,
ਤਪਦਾ ਦਿਲ ਠਰਦਾ ਹੈ।
ਟਹਿਕ ਪੈਂਦੀਆਂ ਫਸਲਾਂ,
ਨੱਪਿਆ ਜਾਂਦਾ ਗਰਦਾ ਹੈ।
ਜਜ਼ਬਾਤ ਉਬਾਲੇ ਖਾਂਦੇ ਨੇ,
ਦਿਲ ਕਹਿਣੋ ਡਰਦਾ ਹੈ।
ਉਂਜ ਤਾਂ ਰਾਜ਼ ਰਿਹਾ ਨਾ,
ਅੱਖਰਾਂ ਦਾ ਹੀ ਪਰਦਾ ਹੈ।

80. ਖਿਆਲ

ਇਕ ਦਿਨ ਇਹ ਮਹਿਕਦੇ ਖਿਆਲ ਮੁੱਕ ਜਾਣਗੇ
ਜਿੰਦਗੀ ਦੇ ਸਾਰੇ ਦੁੱਖ ਤੇ ਜੰਜਾਲ ਮੁੱਕ ਜਾਣਗੇ
ਮੁੱਕ ਜਾਣਾ ਵਾਰਾਂ, ਰੁੱਤਾਂ, ਥਿਤਾਂ ਵਾਲਾ ਕਾਫ਼ਲਾ
ਤਪਦੇ ਹੁਨਾਲ ਤੇ ਠਰਦੇ ਸਿਆਲ ਮੁੱਕ ਜਾਣਗੇ
ਆਸਾਂ, ਰੀਝਾਂ, ਸੱਧਰਾਂ ਸੰਧੂਰੀ ਤੇ ਸੁਪਨੇ ਲੰਮੇਰੇ
ਇਹ ਸਾਰੇ ਹਾਣੀ ਮੇਰੇ ਨਾਲ ਨਾਲ ਮੁੱਕ ਜਾਣਗੇ
ਮੁੱਕ ਹੀ ਏ ਜਾਣਾ ਗੀਤਾਂ, ਗਜ਼ਲਾਂ ਤੇ ਨਜਮਾਂ ਨੇ
ਕਾਫ਼ੀਏ, ਰਦੀਫ਼, ਹੇਕਾਂ, ਸੁਰਤਾਲ ਮੁੱਕ ਜਾਣਗੇ।

81. ਵਕਤ ਦੇ ਨਾਲ

ਜਾਂ ਦੇਖਿਆ ਸੀ ਵਕਤ ਦੇ ਨਾਲ ਬਰ ਮੇਚ ਕੇ ਆਪਣਾ
ਸੱਚੀਂ ਖਾਨਾਬਦੋਸ਼ ਹੋ ਗਿਆ ਮੈਂ ਘਰ ਵੇਚ ਕੇ ਆਪਣਾ
ਇਹ ਜੋ ਰਾਹ ਹੈ ਸੱਚ ਦਾ, ਇਸ 'ਤੇ ਸਿਰ ਹੈ ਕੱਟਦਾ
ਚੱਲਣਾ ਹੈ ਜਿਸਨੇ, ਉਹ ਆਵੇ ਡਰ ਵੇਚ ਕੇ ਆਪਣਾ
ਕਿਰਸਾਨਾਂ ਕਿਉਂ ਵੇਚਦੈਂ ਜਮੀਨ, ਮਾਂ ਹੈ, ਜ਼ਮੀਰ ਹੈ
ਕਿਸ ਟਹਿਣੀ ਬਹੇ ਪਰਿੰਦਾ ਅੰਬਰ ਵੇਚ ਕੇ ਆਪਣਾ।

82. ਖੈਰ

ਕਿਸੇ ਨੇ ਸਾਹਾਂ ਦੀ ਖੈਰ ਮੰਗੀ
ਕਿਸੇ ਨੇ ਸ਼ਾਹਾਂ ਦੀ ਖੈਰ ਮੰਗੀ
ਸਾਡਾ ਮੁਕੱਦਰ ਤੁਰਦੇ ਰਹਿਣਾ
ਅਸਾਂ ਨੇ ਰਾਹਾਂ ਦੀ ਖੈਰ ਮੰਗੀ
ਉਂਜ ਮੇਰੇ ਆਪ 'ਚ ਆਪਣਾ
ਕੀ ਏ ਕਿ ਜਿਸਦੀ ਖੈਰ ਮੰਗਾਂ
ਜਿਨ੍ਹਾਂ ਦੇ ਸਦਕੇ ਜਿਉਂਦਾ ਹਾਂ
ਉਨ੍ਹਾਂ ਖੈਰਖਾਹਾਂ ਦੀ ਖੈਰ ਮੰਗੀ।

83. ਸਵਾਲ

ਹਰ ਵਾਰ
ਤੂੰ ਇਕ ਸਵਾਲ ਜਿਹਾ ਬਣਕੇ ਹੀ
ਕਿਉਂ ਮਿਲਦੀ ਹੈ
ਕਦੇ
ਮੇਰੀਆਂ ਰਾਹਾਂ 'ਚ
ਮੇਰੀ ਹਾਂ ਵਿਚ ਹਾਂ
ਬਣਕੇ ਵੀ ਤਾਂ ਆ।

84. ਫੇਸਬੁੱਕ

ਕਿੱਥੋਂ ਲਿਖੇ ਕੋਈ ਕਪਾਹ ਦੀ ਫੁੱਟੀ ਵਰਗੀ ਕਵਿਤਾ
ਸ਼ਾਂਤ ਤ੍ਰਾਸਦੀਆਂ ਦੇ ਇਸ ਬੇਰਹਿਮ ਦੌਰ ਅੰਦਰ
ਹੁਣ ਤਾਂ ਚੁੱਪ ਵੀ ਸ਼ੋਰ ਵਰਗੀ ਏ
ਚੈਨ ਦੇ ਪਲਾਂ ਨੂੰ ਖਾ ਗਿਆ ਫੇਸਬੁੱਕ ਦਾ ਚਸਕਾ
ਜਦੋਂ ਹਰ ਕੋਈ ਮਸ਼ਰੂਫ ਹੈ
ਚਿਹਰਿਆਂ ਦੀ ਕਿਤਾਬ (ਫੇਸਬੁੱਕ) ਪੜ੍ਹਨ ਵਿੱਚ
ਤਾਂ ਅੱਖਰਾਂ ਵਿਚਾਰਿਆਂ ਦੀ ਸਾਰ ਕਿਸਨੂੰ ਹੋਣੀ ਸੀ......

85. ਦਿਲ ਦੀ ਗੱਲ

ਮੈਥੋਂ ਬੋਲ ਕੇ ਦੱਸ ਨਾ ਹੋਵੇ
ਦਿਲ ਆਪਣੇ ਦੀ ਗੱਲ
ਮੇਰੀ ਚੁੱਪ 'ਚੋਂ ਆਪੇ ਬੁੱਝ
ਮੇਰੇ ਦਿਲ ਵਿਚ ਕੀ?

86. ਸ਼ੇਅਰ

ਲਿਖਦੇ ਦਾ ਦਿਲ ਧੜਕੇ ਨਜਮਾਂ ਟੂਣੇਹਾਰੀਆਂ,
ਰੱਖਲਾਂ ਸ਼ੀਸ਼ੇ 'ਚ ਮੜਕੇ ਨਜਮਾਂ ਟੂਣੇਹਾਰੀਆਂ,
ਲਿਖਾਂ ਪਹਿਰ ਦੇ ਤੜਕੇ ਗਜ਼ਲਾਂ ਚੰਚਲਹਾਰੀਆਂ,
ਤੂੰ ਦੇਖ ਬੇਲੀਆ ਪੜਕੇ ਗਜ਼ਲਾਂ ਚੰਚਲਹਾਰੀਆਂ,
ਲਿਖਦਾਂ ਹਾਂ ਰੋਹੀਏ ਚੜਕੇ ਗੀਤਾਂ ਦੀਆਂ ਹੇਕਾਂ,
ਗਾਉਂਦਾ ਜਾਵਾਂ ਸੜਕੇ ਸੜਕੇ ਗੀਤਾਂ ਦੀਆਂ ਹੇਕਾਂ।

ਸਮੇਂ ਦੀ ਹਿੱਕ 'ਤੇ ਖੰਜਰ ਨਾਲ ਇਤਿਹਾਸ ਉਲੀਕਿਆ
ਅਸੀਂ ਹਾਲਾਤ ਸਾਵੇਂ ਹੋਣ ਨੂੰ ਨਾ ਕਦੇ ਵੀ ਉਡੀਕਿਆ
ਸੁੱਚੇ ਪਾਣੀਆਂ ਲਈ ਆਇਆ ਜੋ ਕਹਿਰੀ ਮੌਤ ਬਣਕੇ
ਅੱਗ ਦੇ ਉਸ ਵਹਿਣ ਨੂੰ ਹੈ ਅਸਾਂ ਇੱਕੋ ਸਾਹੇ ਡੀਕਿਆ

ਇਹ ਗੀਤ ਪਿਆਰੇ ਮੇਰੀ ਰੂਹ ਦੇ ਹਾਣੀ
ਗੀਤ ਤਾਂ ਮੇਰੇ ਸੰਦਲੀ ਸੱਜਣ ਛਿੰਦੇ ਨੇ
ਸੌ ਕਤਲਾਂ ਦਾ ਦੋਸ਼ੀ ਹੋਣਾ ਪ੍ਰਵਾਨ ਮੈਨੂੰ
ਮੇਰੇ ਗੀਤਾਂ ਨੂੰ ਪਰ ਦੋਸ਼ ਕਿਉਂ ਦਿੰਦੇ ਨੇ

ਦਿਲ ਦੇ ਜਜ਼ਬੇ ਖੁਸ਼ਖਤ ਕਰਕੇ ਲਿਖਣਾ
ਉਪਰ ਆਪਣੇ ਦਸਖਤ ਕਰਕੇ ਲਿਖਣਾ
ਕਦੇ ਲਿਖਣਾ ਹੋਇਆ ਕੋਈ ਖਤ ਜੇ ਮੈਨੂੰ
ਤਾਂ ਰੋਸੇ ਸ਼ਿਕਵੇ ਰੁਖ਼ਸਤ ਕਰਕੇ ਲਿਖਣਾ।

ਬਾਕੀ ਠੀਕ ਪਰ ਏਨੀ ਗੱਲ ਦੀ ਰਹੇਗੀ ਸਦਾ ਸ਼ਰਮਿੰਦਗੀ
ਸੋਚਾਂ ਤੇ ਵਿਚਾਰਾਂ ਦੇ ਭੁਲੇਖਿਆਂ 'ਚ ਲੰਘ ਗਈ ਜਿੰਦਗੀ।

ਇਹ ਪਾਉਣ ਭੁਲੇਖਾ ਅਕਲਾਂ ਦਾ, ਮੈਂ ਅਕਲ ਵਿਹੂਣਾ ਬੋਲ ਰਿਹਾਂ
ਹਰਫ਼ ਮੇਰੇ ਨੇ ਬੇਸ਼ੱਕ ਸੱਚ ਵਰਗੇ, ਪਰ ਸੱਚ ਤੋਂ ਊਣਾ ਬੋਲ ਰਿਹਾਂ।

ਕੀ ਜਾਣਾਂ ਮੋਤੀ ਦਾ ਪਰਛਾਵਾਂ ਕੇਹਾ, ਮੈਂ ਸਾਰੀ ਜਿੰਦਗੀ ਖਾਕ ਹੀ ਛਾਣੀ ਹੈ
ਕੀ ਜਾਣਾਂ ਸੁੱਖ ਦੀ ਮੰਜ਼ਲ ਕਿਹੜੀ, ਹਰ ਸਫ਼ਰ ਵਿਚ ਦੁੱਖ ਮੇਰਾ ਹਾਣੀ ਹੈ।

87. ਸਾਲ

ਸਾਡੇ ਲਈ ਨਹੀਂ
ਕੋਈ ਵੀ ਸਾਲ ਪੁਰਾਣਾ ਜਾਂ ਨਵਾਂ
ਅਸੀਂ ਤਾਂ ਹਾਂ
ਰੀਝਾਂ ਦੇ ਮੈਦਾਨ ਵਿਚ
ਨੰਗੇ ਧੜ ਲੜਨ ਵਾਲੇ
ਜੋ ਕਦੇ ਜਿੱਤ ਨਹੀਂ ਸਕਦੇ
ਪਰ ਜਿਹੜੇ ਹਾਰਨਾ ਵੀ ਨਹੀਂ ਜਾਣਦੇ

ਸਾਲਾਂ ਦੀ ਗਿਣਤੀ ਮਿਣਤੀ ਵਿਚ ਉਲਝੇ ਬਗੈਰ
ਅਸੀਂ ਤਾਂ ਕਰਦੇ ਹਾਂ
ਜਿਉਂਦੇ ਜੀਅ ਮਰ ਰਹੇ
ਉਮਰ ਦੇ ਵਰ੍ਹਿਆਂ
ਤੇ ਅੱਲੜ੍ਹ ਸੁਪਨਿਆਂ ਦਾ ਲੇਖਾ

ਸਾਲਾਂ, ਸਦੀਆਂ ਦੇ ਵਕਫੇ ਦੀ ਗੱਲ ਨਹੀਂ
ਅਸੀਂ ਤਾਂ ਜਿਉਣਾ ਚਾਹੁੰਦੇ ਹਾਂ
ਕੁਝ ਨਿੱਘੇ ਜਿਹੇ ਪਲ
ਸਾਡੇ ਲਈ ਨਹੀਂ
ਕੋਈ ਵੀ ਸਾਲ ਪੁਰਾਣਾ ਜਾਂ ਨਵਾਂ

88. ਹਰਫ਼ ਹਰਫ਼ ਚਾਨਣ

ਉਲਝੇ ਉਲਝੇ ਖਿਆਲ ਲੈ ਕੇ,
ਉਖੜੀ ਉਖੜੀ ਚਾਲ ਲੈ ਕੇ,
ਹੋਠਾਂ ਤੇ ਕਈ ਸੁਆਲ ਲੈ ਕੇ
ਆਏ ਇਹ ਹਰਫ਼ ਪਿਆਸੇ।

ਸੌ ਜੁਆਬ, ਸੌ ਸੁਆਲ ਬਦਲੇ
ਪਲ ਪਲ ਪਿੱਛੋਂ ਹਾਲ ਬਦਲੇ
ਬੜੀ ਜਲਦੀ ਚਾਲ ਬਦਲੇ
ਕਦੀ ਤੋਲੇ, ਕਦੀ ਮਾਸੇ।

ਮਹਿਲ ਖੰਡਰ, ਧਰਤ ਬੰਜਰ
ਹਰ ਹੱਥ ਵਿਚ ਖੰਜਰ
ਛਾਇਆ ਮੌਤ ਦਾ ਮੰਜਰ
ਹਰ ਤਰਫ, ਹਰ ਪਾਸੇ।

ਵਰਤੇ ਕੋਈ ਐਸੀ ਕਲਾ
ਹੋ ਜਾਏ ਸਭ ਦਾ ਭਲਾ
ਮੇਰੇ ਸ਼ਹਿਰ ਇਕ ਮਨਚਲਾ
ਕਰਦਾ ਰਹੇ ਅਰਦਾਸੇ।

ਹੈ ਉਨ੍ਹਾਂ ਦਾ ਨਾਮ ਬਹੁਤਾ
ਮੈਂ ਤਾਂ ਹਾਂ ਗੁੰਮਨਾਮ ਬਹੁਤਾ
ਪਿੰਡ ਵਿਚ ਬਦਨਾਮ ਬਹੁਤਾ
ਸ਼ਹਿਰ ਉਹ ਮਸ਼ਹੂਰ ਖਾਸੇ।

ਨਜ਼ਰ 'ਚੋਂ ਤੀਰ ਕੱਸ ਕੇ
ਕੁਝ ਪੁੱਛ ਕੇ ਨਾ ਦੱਸ ਕੇ
ਜਰਾ ਬੁਲ੍ਹੀਆਂ 'ਚ ਹੱਸ ਕੇ
ਖੋਹ ਲਏ ਉਮਰ ਦੇ ਹਾਸੇ।

ਨਾ ਕੰਨੀਂ ਕੱਚ ਦੀ ਮੁੰਦਰੀ
ਨਾ ਬੁੱਲ੍ਹ ਛੂਹਣ ਵੰਝਲੀ
ਦੱਸ ਜਾਵਾਂ ਕਿਸ ਗਲੀ
ਲੈ ਤਿੜਕੇ ਸਿਦਕ ਦੇ ਕਾਸੇ।

ਦੇ ਵੰਡ ਹਵਾ ਨੂੰ ਖੁਸਬੋਆਂ
ਮੱਸਿਆ ਨੂੰ ਬਖਸ਼ ਕੁਝ ਲੋਆਂ
ਜੇ ਕਿਸੇ ਜਜ਼ਬਾਤ ਨੂੰ ਟੋਹਾਂ
ਤਾਂ ਖੁਰ ਜਾਏ ਵਾਂਗ ਪਤਾਸੇ।

ਇਹ ਦਿਲਾਂ ਦੀ ਗਰਮੀ ਸਰਦੀ
ਹੈ ਮੈਨੂੰ ਬੇਚੈਨ ਕਰਦੀ
ਮੰਗਦਾ ਬੋਲਾਂ ਦੀ ਹਮਦਰਦੀ
ਤੇ ਨਜਮਾਂ ਦੇ ਧਰਵਾਸੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ