Harfan De Sheeshe (Ghazals) : Kulwant Jagraon

ਹਰਫ਼ਾਂ ਦੇ ਸ਼ੀਸ਼ੇ (ਗ਼ਜ਼ਲ ਸੰਗ੍ਰਹਿ) : ਕੁਲਵੰਤ ਜਗਰਾਓਂ



ਕਦੀ ਤਾਂ ਪਾਸ ਆ ਮੇਰੇ, ਤੂੰ ਮੇਰੀ ਜਿੰਦਗੀ ਬਣ ਕੇ

ਕਦੀ ਤਾਂ ਪਾਸ ਆ ਮੇਰੇ, ਤੂੰ ਮੇਰੀ ਜਿੰਦਗੀ ਬਣ ਕੇ। ਕਦੀ ਪ੍ਰਭਾਤ ਬਣ ਕੇ ਆ, ਕਦੀ ਆ ਚਾਨਣੀ ਬਣ ਕੇ। ਇਹ ਮਿਲਣਾ ਵੀ ਹੈ ਕੀ ਮਿਲਣਾ, ਪਰਾਇਆਂ ਵਾਂਗ ਹਰ ਵਾਰੀ, ਜੇ ਮਿਲਣਾ ਹੈ ਤਾਂ ਮਿਲ ਮੈਨੂੰ, ਤੂੰ ਮੇਰੀ ਆਪਣੀ ਬਣ ਕੇ। ਜੇ ਚਲਣੈ ਸਾਥ ਚਲ ਮੇਰੇ, ਤੂੰ ਖ਼ੁਸ਼ਬੂ ਹਮਸਫਰ ਬਣ ਕੇ ਨਾ ਐਵੇਂ ਸਾਥ ਚਲ ਮੇਰੇ, ਤੂੰ ਗੁੰਮ ਸੁੰਮ ਅਜਨਬੀ ਬਣ ਕੇ। ਹਨੇਰਾ ਹੈ ਉਦਾਸੀ ਹੈ, ਤੇ ਮੌਸਮ ਸੀਤ ਤਨਹਾਈ ਕਦੋਂ ਆਵੇਗੀ ਲੈ ਕੇ ਨਿੱਘ, ਮੋਹ ਤੂੰ ਰੌਸ਼ਨੀ ਬਣ ਕੇ। ਕਦੀ ਬਣ ਪੀਂਘ ਸਤਰੰਗੀ, ਮੇਰੇ ਮਨ ਦੇ ਵੀ ਅੰਬਰ ਤੇ ਕਦੀ ਰਾਤਾਂ ਨੂੰ ਰੁਸ਼ਨਾ ਦੇ, ਤੂੰ ਦੀਪਾਂ ਦੀ ਲੜੀ ਬਣ ਕੇ। ਕਦੀ ਕਿਣ ਮਿਣ ਜਗਾ ਆਸਾਂ, ਕਦੀ ਇਕ ਛਿੱਟ ਵੀ ਨਾ ਪਾਵੇਂ ਕਦੀ ਤਾਂ ਖੁਲ੍ਹ ਕੇ ਵਰ੍ਹ ਜਾ, ਤੂੰ ਸਾਵਣ ਦੀ ਝੜੀ ਬਣ ਕੇ। ਅਨੂਠੇ ਪਿਆਰ ਦੇ ਗੀਤਾਂ ਦਾ, ਮੁੜ ਚਸ਼ਮਾਂ ਮੈਂ ਬਣ ਜਾਵਾਂ ਮੇਰੇ ਹੋਠਾਂ ਤੇ ਲਗ ਜਾਵੇਂ, ਜੇ ਮੋਹ ਦੀ ਬੰਸਰੀ ਬਣ ਕੇ। ਜਗਾਵੇ ਦਰਦ ਜੋ ਦਿਲ ਦਾ, ਮਿਟਾਵੇ ਦਰਦ ਜੋ ਦਿਲ ਦਾ ਮੇਰੇ ਗੀਤਾਂ 'ਚ ਆ ਘੁੱਲ ਜਾ, ਮਧੁਰ ਉਹ ਰਾਗਣੀ ਬਣ ਕੇ। ਬਿਨਾਂ ਤੇਰੇ ਨਹੀਂ ਬੁੱਝਣੀ, ਇਹ ਮੇਰੀ ਪਿਆਸ ਜਨਮਾਂ ਦੀ ਪਿਆਸਾ ਥਲ ਹਾਂ ਮਿਲ ਮੈਨੂੰ, ਮੇਰੀ ਚਾਹਤ ਨਦੀ ਬਣ ਕੇ।

ਕੁਝ ਪਲ ਤਾਂ ਮੇਰਾ ਬਣ ਬਹਿ ਜਾ

ਕੁਝ ਪਲ ਤਾਂ ਮੇਰਾ ਬਣ ਬਹਿ ਜਾ। ਦਿਲ ਦੀ ਸੁਣ ਜਾ ਦਿਲ ਦੀ ਕਹਿ ਜਾ। ਅਣ ਮੁੱਲੇ ਜੇ ਮੋਤੀ ਚਾਹੁਣੈਂ ਮਨ ਦੇ ਗਹਿਰੇ ਸਾਗਰ ਲਹਿ ਜਾ। ਪਰਬਤ ਬਣ ਕੇ ਤੂੰ ਕੀ ਲੈਣੈਂ ਚਸ਼ਮਾਂ ਬਣ ਦਰਿਆ ਬਣ ਵਹਿ ਜਾ। ਧਰਤੀ ਅੰਬਰ ਗਾਹੁੰਦਾ ਫਿਰਦੈਂ ਕੁਝ ਤਾਂ ਆਪਣੇ ਸੰਗ ਵੀ ਰਹਿ ਜਾ। ਜੋ ਦਿਲਬਰ ਨੂੰ ਆਖ ਸਕੇ ਨਾ ਚੁੱਪ ਰਹਿ ਉਹ ਨਜ਼ਰਾਂ 'ਚੋਂ ਕਹਿ ਜਾ। ਫੁੱਲ ਵਰਗਾ ਮਹਿਰਮ ਜੇ ਪਾਉਣੈਂ ਕੰਡਿਆਂ ਦੀ ਤੂੰ ਪੀੜਾ ਸਹਿ ਜਾ। ਸਰਘੀ ਦੀ ਛੱਡ ਆਸ ਕਦੀ ਨਾ ਜੇਰਾ ਕਰ ਨ੍ਹੇਰੇ ਸੰਗ ਖਹਿ ਜਾ। ਹਰ ਜਾਬਰ ਦੇ ਸਾਹਵੇਂ ਤਣ ਜਾ ਕਮਜ਼ੋਰਾਂ ਤੋਂ ਬੇਸ਼ਕ ਢਹਿ ਜਾ।

ਪੱਥਰਾਂ ਵਿਚ ਵਹੇ ਇਕ ਨਦੀ ਸਾਂਵਲੀ

ਪੱਥਰਾਂ ਵਿਚ ਵਹੇ ਇਕ ਨਦੀ ਸਾਂਵਲੀ। ਦਰਦ ਦਿਲ ਦਾ ਕਹੇ ਇਕ ਨਦੀ ਸਾਂਵਲੀ। ਪੀੜ ਜ਼ਖ਼ਮਾਂ ਦੀ, ਮਿਹਣੇ ਤੇ ਇਲਜ਼ਾਮ ਸਹਿ ਗ਼ਮ ਦੇ ਸਾਗਰ ਲਹੇ ਇਕ ਨਦੀ ਸਾਂਵਲੀ। ਮੈਂ ਜਦੋ ਵੀ ਲਿਖਾਂ ਗੀਤ ਕੋਈ ਗ਼ਜ਼ਲ ਮਨ 'ਚ ਮੇਰੇ ਰਹੇ ਇਕ ਨਦੀ ਸਾਂਵਲੀ। ਹੌਕਿਆਂ ਨੂੰ ਦਬਾ ਹੰਝੂਆਂ ਨੂੰ ਛੁਪਾ ਹਰ ਸਿਤਮ ਨਿੱਤ ਸਹੇ ਇਕ ਨਦੀ ਸਾਂਵਲੀ। ਜਾਣਦੇ ਹੋਏ ਵੀ ਬਣ ਕੇ ਅਣਜਾਣ ਹੀ ਕੁਝ ਨਾ ਬੋਲੇ ਕਹੇ ਇਕ ਨਦੀ ਸਾਂਵਲੀ। ਦਿਲ 'ਚ ਮੇਰੇ ਉਹ ਹਰ ਵਾਰ ਜਾਵੇ ਉਤਰ ਪਾਸ ਜਦ ਵੀ ਬਹੇ ਇਕ ਨਦੀ ਸਾਂਵਲੀ। ਕਾਸ਼ ਸਮਝੇ ਉਹ ਜੋ ਉਸ ਨੂੰ ਕਹਿ ਨਾ ਸਕਾਂ ਬਣ ਕੇ ਮੇਰੀ ਰਹੇ ਇਕ ਨਦੀ ਸਾਂਵਲੀ।

ਸੌ ਵਾਰੀ ਨ੍ਹੇਰੀ ਨੇ ਢਾਹੇ, ਮਹਿਲ ਉਸਾਰੇ ਚਾਵਾਂ ਨਾਲ

ਸੌ ਵਾਰੀ ਨ੍ਹੇਰੀ ਨੇ ਢਾਹੇ, ਮਹਿਲ ਉਸਾਰੇ ਚਾਵਾਂ ਨਾਲ। ਪਰ ਨਾ ਦਿਲ ਦਾ ਰਿਸ਼ਤਾ ਟੁੱਟਿਆ, ਕੁਝ ਨਾਵਾਂ ਕੁਝ ਥਾਵਾਂ ਨਾਲ। ਬੇੜੀ ਪੱਤਣ ਭਰੀ ਨਦੀ ਤੇ, ਆਵੇ ਖ਼ੌਫ਼ ਮਲਾਹਾਂ ਤੋਂ ਹੰਝੂਆਂ ਦੀ ਮੈਂ ਸਾਂਝ ਹੈ ਪਾਈ, ਰੇਤ ਬਣੇ ਦਰਿਆਵਾਂ ਨਾਲ। ਐਵੇਂ ਕਾਹਤੋਂ ਝੂਰੇਂ ਜਿੰਦੇ, ਛੱਡ ਕੇ ਤੁਰ ਗਏ ਸੱਜਣਾਂ ਤੇ ਕਿੰਨਾਂ ਕੁ ਚਿਰ ਜੁੜ ਸਕਦਾ ਹੈ, ਰਾਹੀ ਕੋਈ ਸਰਾਵਾਂ ਨਾਲ। ਜੀਵਨ ਦੁੱਖ ਸੁੱਖ ਲੁੱਕਣ ਮੀਟੀ, ਖੇਡ ਸਕੇ ਤਾਂ ਹੱਸ ਕੇ ਖੇਡ ਖੇੜੇ ਖ਼ਸ਼ਬੂ ਵੰਡਦਾ ਜਾ ਤੂੰ, ਰਹਿ ਕੇ ਧੁੱਪਾਂ ਛਾਵਾਂ ਨਾਲ। ਬਿਜਲੀ ਵਰਗੇ ਨੈਣ ਲਿਸ਼ਕਦੇ, ਚੰਨ ਮੁੱਖੜਾ ਛਾਂ ਜ਼ੁਲਫਾਂ ਦੀ ਮੁੜ ਮੁੜ ਕੇ ਹਨ ਚੇਤੇ ਆਉਂਦੇ, ਸਭ ਘਣਘੋਰ ਘਟਾਵਾਂ ਨਾਲ। ਐਸੇ ਵਿਛੜੇ ਫੇਰ ਮਿਲੇ ਨਾ, ਨਾਂਹ ਪਰਦੇਸੋਂ ਚਿੱਠੀ ਪਾਈ ਕਹਿੰਦੇ ਸੀ ਜੋ ਤੋੜ ਨਿਭਾਵਾਂਗੇ ਆਖਿਰ ਤਕ ਸਾਹਵਾਂ ਨਾਲ। ਕੀ ਜਾਣਾ ਪੈ ਜਾਵੇ ਕਿੱਥੇ, ਕਿਸ ਪਲ ਲੋੜ ਸ਼ਨਾਖ਼ਤ ਦੀ ਹਰ ਵੇਲੇ ਹੁਣ ਜੇਬ 'ਚ ਰਖਾਂ, ਮੈਂ ਆਪਣਾ ਸਿਰਨਾਵਾਂ ਨਾਲ। ਸਾਰੇ ਰਿਸ਼ਤੇ ਰਹਿਣ ਸਲਾਮਤ, ਸਭ ਦੀ ਆਪੋ ਆਪਣੀ ਥਾਂ ਘਰ ਵਿਚ ਸੁੱਚਾ ਨਿੱਘ ਤੇ ਮੋਹ, ਹੁੰਦਾ ਹੈ ਪਰ ਮਾਂਵਾਂ ਨਾਲ। ਖੁਸ਼ਬੂ ਸੰਦਲੀ, ਛੁਹ ਮਖ਼ਮਲੀ, ਮਿੱਠਾ ਨਿੱਘਾ ਉਸ ਦਾ ਮੋਹ ਕਿੰਨਾਂ ਕੁਝ 'ਕੁਲਵੰਤ' ਸਮੋਈ, ਫਿਰਦਾ ਹੈ ਜਗਰਾਵਾਂ ਨਾਲ।

ਦਿਲੇ ਦਾ ਰਾਜ਼ ਐਸਾ ਹੈ ਨਾਂਹ ਹੁਣ ਕਿਧਰੇ ਛੁਪਾ ਹੋਵੇ

ਦਿਲੇ ਦਾ ਰਾਜ਼ ਐਸਾ ਹੈ ਨਾਂਹ ਹੁਣ ਕਿਧਰੇ ਛੁਪਾ ਹੋਵੇ। ਛੁਪਾ ਜੋ ਰਾਜ਼ ਨਾਂਹ ਹੋਵੇ ਨਾਂਹ ਉਹ ਕਿਧਰੇ ਬਤਾ ਹੋਵੇ। ਅਸਾਨੂੰ ਰੋਗ ਜਿਸ ਲਾਇਐ ਹਟਾ ਸਕਦਾ ਹੈ ਬਸ ਓਹੀ ਬਿਨਾਂ ਉਸ ਦੇ ਕਿਸੇ ਕੋਲੋਂ ਕਿਵੇਂ ਸਾਡੀ ਦਵਾ ਹੋਵੇ। ਜਦੋਂ ਉਹ ਪਾਸ ਨਾਂਹ ਹੋਵੇ ਬੜਾ ਕੁਝ ਆਖੀਏ ਉਸ ਨੂੰ ਜਦੋਂ ਪਰ ਪਾਸ ਉਹ ਹੋਵੇ ਨਾਂਹ ਕੁਝ ਉਸ ਨੂੰ ਸੁਣਾ ਹੋਵੇ। ਗਿਲੇ ਸ਼ਿਕਵੇ ਓਹਦਾ ਰੋਸਾ ਅਸੀਂ ਹੱਸ ਕੇ ਹਾਂ ਜਰ ਲੈਂਦੇ ਨਾ ਪਰ ਉਸ ਦੇ ਵਿਛੋੜੇ ਦੀ ਜਰ ਸਾਥੋਂ ਸਜ਼ਾ ਹੋਵੇ। ਦੁਆ ਓਸੇ ਲੀ ਮੰਗਦੇ ਹਾਂ ਸਦਾ ਉਸ ਦਾ ਭਲਾ ਹੋਵੇ। ਇਲਮ ਬੇਕਾਰ ਹੈ ਸਾਡਾ ਸਿਆਣਪ ਕੰਮ ਨਹੀਂ ਆਉਂਦੀ ਜਦੋਂ ਦਿਲਦਾਰ ਰੁੱਸ ਜਾਵੇ ਨਾਂਹ ਉਹ ਸਾਥੋਂ ਮਨਾਅ ਹੋਵੇ। ਗ਼ਜ਼ਲ ਕੁਲਵੰਤ ਛੇੜੀ ਹੈ ਸੁਣਾਇਆ ਦਰਦ ਹੈ ਦਿਲ ਦਾ ਕਿ ਸ਼ਾਇਦ ਮੀਤ ਉਸ ਦਾ ਵੀ ਕਿਤੇ ਇਹ ਸੁਣ ਰਿਹਾ ਹੋਵੇ।

ਤੇਰੇ ਨੈਣਾਂ 'ਚੋਂ ਮੋਹ ਦਾ ਜਾਮ ਜਿਸ ਪਲ ਛਲਕਿਆ ਹੋਣੈਂ

ਤੇਰੇ ਨੈਣਾਂ 'ਚੋਂ ਮੋਹ ਦਾ ਜਾਮ ਜਿਸ ਪਲ ਛਲਕਿਆ ਹੋਣੈਂ। ਮੈਂ ਕੀ ਕਰਦਾ ਮੈਂ ਬੇਵਸ ਹੋ ਕੇ ਕੁਝ ਕੂ ਬਹਿਕਿਆ ਹੋਣੈਂ। ਸੁਨਹਿਰੀ ਸ਼ਾਮ ਚਸ਼ਮੇ ਦੇ ਕਿਨਾਰੇ ਸੀ ਜਦੋਂ ਦੋਵੇਂ ਕਲਾਵੇ ਵਿਚ ਲੈ ਤੈਨੂੰ ਮੈਂ ਨਿੱਘ ਨੂੰ ਫੜ ਲਿਆ ਹੋਣੈਂ। ਅਧੂਰੇ ਗੀਤ ਸਨ ਮੇਰੇ ਤੇ ਮੈਂ ਖੁਦ ਵੀ ਅਧੂਰਾ ਸਾਂ ਤੇਰਾ ਇਕ ਮੇਲ ਸੀ ਜੋ ਸਭ ਸੰਪੂਰਨ ਕਰ ਗਿਆ ਹੋਣੈਂ। ਮੈਂ ਦਰਿਆ ਤੇ ਨਦੀ ਤੂੰ ਰੂਪ ਦੀ ਸ਼ੋਖ ਹੈਂ ਚੰਚਲ ਤੂੰ ਕੀ ਜਾਣੇ ਮੈਂ ਤੇਰੇ ਬਾਝ ਕਿੰਨਾਂ ਤੜਪਿਆ ਹੋਣੈਂ। ਜੇ ਹੁੰਦਾ ਉਹ ਨਿਰਾ ਆਸ਼ਿਕ ਤਾਂ ਸ਼ਾਇਦ ਬਚ ਵੀ ਜਾਣਾ ਸੀ ਉਹ ਤਾਂ ਸ਼ਾਇਰ ਵੀ ਸੀ ਜੋ ਤੇਰੇ 'ਤੇ ਮਰ ਗਿਆ ਹੋਣੈਂ। ਜੋ ਖਿੜਿਆ ਨੱਚ ਰਿਹਾ ਮਦਹੋਸ਼ ਫੁੱਲ ਹੈ ਬਾਗ਼ ਦੇ ਅੰਦਰ ਨਾਜ਼ਕ ਤੇਰੀਆਂ ਉਂਗਲਾਂ ਨੇ ਉਸ ਨੂੰ ਛੁਹ ਲਿਆ ਹੋਣੈਂ। ਜੋ ਸ਼ਿਅਰਾਂ ਵਿਚ ਆਪਣੇ ਢਾਲਦੈ ਜਜ਼ਬੇ ਜਵਾਨੀ ਦੇ ਉਸ ਕੁਲਵੰਤ ਨੇ ਤੈਨੂੰ ਹੀ ਕਿਧਰੇ ਵੇਖਿਆ ਹੋਣੈਂ।

ਜਦ ਵੀ ਨੈਣ ਮਿਲਾਉਂਦੇ ਹੋ

ਜਦ ਵੀ ਨੈਣ ਮਿਲਾਉਂਦੇ ਹੋ। ਦਿਲ ਦਾ ਚੈਨ ਚੁਰਾਉਂਦੇ ਹੋ। ਕਰਨਾ ਜੇ ਈਲਾਜ ਨਹੀਂ ਫਿਰ ਕਿਉਂ ਰੋਗ ਲਗਾਉਂਦੇ ਹੋ। ਆਵੋ ਦਿਲ ਦੇ ਪਾਸ ਜ਼ਰਾ ਐਨਾ ਕਿਉਂ ਤਰਸਾਉਂਦੇ ਹੋ। ਹੱਸੋ ਸਰਘੀ ਲਗਦੇ ਹੋ ਪੂਨਮ ਬਣ ਮੁਸਕਾਉਂਦੇ ਹੋ। ਚਿਹਰਾ ਸਭ ਕੁਝ ਆਖ ਰਿਹੈ ਜੋ ਵੀ ਆਪ ਛੁਪਾਉਂਦੇ ਹੋ। ਓਸੇ ਥਾਂ ਫੁੱਲ ਖਿੜਦੇ ਨੇ ਜਿਸ ਥਾਂ ਪੈਰ ਟਿਕਾਉਂਦੇ ਹੋ। ਰੂਹ ਵਿਚ ਨਗਮੇਂ ਛਿੜਦੇ ਨੇ ਝਾਂਜਰ ਜਦ ਛਣਕਾਉਂਦੇ ਹੋ। ਖਸ਼ਬੂ ਖੇੜੇ ਮਸਤ ਹਵਾ ਆਪਣੇ ਸਾਥ ਲਿਆਉਂਦੇ ਹੋ। ਕਿੰਝ 'ਕੁਲਵੰਤ' ਸੰਭਾਲੇ ਦਿਲ ਜ਼ੁਲਫ਼ਾਂ ਜਦ ਲਹਿਰਾਉਂਦੇ ਹੋ।

ਮਿਲਿਆ ਹੈ ਫੇਰ ਕੋਈ ਫੁੱਲਾਂ ਦਾ ਹਾਰ ਬਣ ਕੇ

ਮਿਲਿਆ ਹੈ ਫੇਰ ਕੋਈ ਫੁੱਲਾਂ ਦਾ ਹਾਰ ਬਣ ਕੇ। ਖੁਸ਼ੀਆਂ ਦੀ ਬਣ ਕੇ ਖ਼ੁਸ਼ਬੂ ਰੂਹ ਦਾ ਖੁਮਾਰ ਬਣ ਕੇ। ਪੱਥਰ ਮੈਂ ਹੋ ਗਿਆ ਸਾਂ ਯੱਖ ਹੋ ਗਏ ਸੀ ਜਜ਼ਬੇ ਸੰਗੀਤ ਝਰ ਰਿਹੈ ਹੁਣ ਉਸ ਦੀ ਸਿਤਾਰ ਬਣ ਕੇ। ਕੈਸਾ ਕਮਾਲ ਕੀਤੈ ਇਕੋ ਹੀ ਉਸ ਦੀ ਛੁਹ ਨੇ ਚਾਨਣ ਮੈਂ ਵੰਡ ਰਿਹਾ ਹਾਂ ਚਾਨਣ ਦੀ ਤਾਰ ਬਣ ਕੇ। ਦਿਨ ਰਾਤ ਭਟਕਦਾ ਸਾਂ ਜਿਸ ਦੀ ਮੈਂ ਭਾਲ ਅੰਦਰ ਮਿਲਿਆ ਉਹ ਆਣ ਕੇ ਖੁਦ ਮੋਹ ਦਾ ਦੁਆਰ ਬਣ ਕੇ। ਹੋਠਾਂ ਤੇ ਉਸ ਦੇ ਸਰਘੀ ਗਲ ਤਾਰਿਆਂ ਦੀ ਗਾਨੀ ਉੱਡਦਾ ਹੈ ਨੂਰ ਉਸ 'ਚੋਂ ਰਿਸ਼ਮਾਂ ਦੀ ਡਾਰ ਬਣ ਕੇ। ਮੌਸਮ ਕੋਈ ਵੀ ਹੋਵੇ ਪੱਤਝੜ ਸਿਆਲ ਗਰਮੀ ਆਏ ਉਹ ਜਦ ਕਦੀ ਵੀ ਆਏ ਬਹਾਰ ਬਣ ਕੇ। ਸਾਹਾਂ 'ਚ ਘੁੱਲ ਗਏ ਸਾਹ ਧੜਕਣ ਵੀ ਇਕ ਹੋਈ ਪਿਘਲੇ ਦੋ ਬੁੱਤ ਜਦੋਂ ਵੀ ਪਾਣੀ ਦੀ ਧਾਰ ਬਣ ਕੇ।

ਅਸੀਂ ਜੋ ਪਿਆਰ ਕਰ ਬੈਠੇ ਬਸ ਏਨੀ ਖ਼ਤਾ ਹੋਈ

ਅਸੀਂ ਜੋ ਪਿਆਰ ਕਰ ਬੈਠੇ ਬਸ ਏਨੀ ਖ਼ਤਾ ਹੋਈ। ਬਣਾ ਦਿਤੇ ਗਏ ਮੁਜਰਿਮ, ਉਮਰ ਭਰ ਦੀ ਸਜ਼ਾ ਹੋਈ। ਗਿਰੀ ਬਿਜਲੀ ਅਚਾਨਕ ਸਾੜ ਦਿਤਾ ਆਹਲਣਾ ਸਾਡਾ ਅਸੀਂ ਦੋਵੇਂ ਰਹੇ ਵੇਂਹਦੇ ਸਕੇ ਨਾ ਕਰ ਬਚਾਅ ਕੋਈ। ਬੁਝਾਏ ਦੀਪ ਸਾਂਝਾਂ ਦੇ ਲਗਾਏ ਵੰਡ ਦੇ ਲਾਂਬੂ ਅਸਾਡੀ ਰਾਜਨੀਤੀ ਦੀ ਬੜੀ ਦੂਸ਼ਤ ਹਵਾ ਹੋਈ। ਸੁਲਾਇਆ ਦਰਦ ਅਪਣੇ ਨੂੰ ਭੁਲਾਇਆ ਦਰਦ ਅਪਣੇ ਨੂੰ ਨਾ ਤੇਰੀ ਯਾਦ ਇਕ ਪਲ ਵੀ, ਪਰ ਸਾਥੋਂ ਭੁਲਾ ਹੋਈ। ਮਿਟਾਏ ਨਾ ਤਪਸ਼ ਦਿਲ ਦੀ ਕਰੇ ਨਾ ਰੌਸ਼ਨੀ ਕੋਈ ਭਲਾ ਕੀ ਚਾਨਣੀ ਹੋਈ, ਭਲਾ ਕੀ ਉਹ ਸੁਬਾਹ ਹੋਈ।

ਮੈਨੂੰ ਤੂੰ ਮੇਰੇ ਪਿਆਰ ਦੀ, ਏਨੀ ਸਜ਼ਾ ਨਾ ਦੇ

ਮੈਨੂੰ ਤੂੰ ਮੇਰੇ ਪਿਆਰ ਦੀ, ਏਨੀ ਸਜ਼ਾ ਨਾ ਦੇ। ਜਿਸ ਨੂੰ ਸਕਾਂ ਨਾ ਮੇਟ ਮੈਂ, ਉਹ ਫਾਸਲਾ ਨਾ ਦੇ। ਮੱਘਦਾ ਇਵੇਂ ਹੀ ਰਹਿਣ ਦੇ, ਜਜ਼ਬਾ ਇਹ ਪ੍ਰੀਤ ਦਾ ਏਨੀ ਵਿਖਾ ਨਾ ਬੇਰੁਖੀ, ਇਸ ਨੂੰ ਬੁਝਾ ਨਾ ਦੇ। ਆਪਾਂ ਦੋਹਾਂ ਬਣਾਇਐ, ਜੋ ਮਹਿਲ ਪ੍ਰੀਤ ਦਾ ਗੁੱਸੇ 'ਚ ਆ ਕੇ ਓਸ ਨੂੰ, ਐਂਵੇਂ ਗਿਰਾ ਨਾ ਦੇ। ਹੁੰਦੀ ਨਹੀਂ ਹੈ ਪਿਆਰ ਵਿਚ, ਸੀਮਾ ਕੋਈ ਸ਼ਰਤ ਇਹ ਸੱਚ ਹੈ ਤੂੰ ਏਸ ਨੂੰ, ਐਂਵੇਂ ਭੁਲਾ ਨਾ ਦੇ। ਬਣ ਕੇ ਘਟਾ ਤੂੰ ਸਾਉਣ ਦੀ, ਤਨ ਮਨ ਸੀ ਠਾਰਿਆ ਅਪਣੇ ਬਿਰਹੋਂ ਦੀ ਅਗਨ ਵਿਚ, ਆਪੇ ਜਲਾ ਨਾ ਦੇ। ਤੂੰ ਪੋਟਿਆਂ ਤੋਂ ਜਿਸਮ ਵਿਚ, ਰੂਹ ਤੀਕ ਪਹੁੰਚ ਕੇ ਆਖੇਂ ਦਵਾਂ ਤੈਨੂੰ ਭੁਲਾ, ਇਹ ਬੱਦ ਦੁਆ ਨਾ ਦੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕੁਲਵੰਤ ਜਗਰਾਓਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ