Halchal : Darshan Singh Awara

ਹਲ ਚਲ (ਕਾਵਿ ਸੰਗ੍ਰਹਿ) : ਦਰਸ਼ਨ ਸਿੰਘ ਅਵਾਰਾ

1. ਹਲ ਚਲ

ਅਜ ਹਲ ਚਲ ਹੈ ਨੀਵਾਈਆਂ ਵਿਚ।

੧.
ਅਜ ਢਲਵਾਣਾਂ, ਖੱਡਾਂ ਟੋਏ।
ਦਿਸਦੇ ਨੇ ਕੁਝ ਵਿਟਰੇ ਹੋਏ।
ਥਰਕ ਰਿਹਾ ਹੈ ਜੀਵਨ ਦਾ ਚਾਅ,
ਅਜ ਆਸਾਂ ਪਥਰਾਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

੨.
ਹਰ ਟੋਇਆ ਹੈ ਉਗਲਣ ਵਾਲਾ।
ਦਧਕ ਰਹੀ ਸੀਨੇ ਦੀ ਜਵਾਲਾ।
ਹਰ ਟੀਸੀ ਦੀਆਂ ਉਚੀਆਂ ਬਰਫ਼ਾਂ,
ਵਟ ਜਾਸਣ ਪਧਰਾਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

੩.
ਟੀਸੀਆਂ ਵਾਲੇ ਪਰਬਤ ਉੱਚੇ।
ਨਾ ਕਲ੍ਹ ਸਨ, ਨਾ ਅਜ ਹਨ ਸੁੱਚੇ।
ਟੋਇਆਂ ਦਾ ਹਡ ਮਾਸ ਲਗਾ ਹੈ,
ਇਨ੍ਹਾਂ ਦੀਆਂ ਉਚਿਆਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

੪.
ਤਲਿਸਮ ਟੁਟ ਗਏ, ਜਾਦੂ ਝੜ ਗਏ।
'ਜਨਮ ਜਨਮ' ਦੇ ਪਾਜ ਉਘੜ ਗਏ।
ਨਾ ਉਹ ਰੋਹਬ ਖ਼ੁਦਾ ਵਿਚ ਰਹਿ ਗਿਆ।
ਨਾ ਵਿਸ਼ਵਾਸ਼ ਖ਼ੁਦਾਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

੫.
ਉੱਚੇ ਗੁੰਬਦ, ਮਹਿਲ, ਚੁਬਾਰੇ।
ਥਰ ਥਰ ਕੰਬਦੇ ਨੇ ਪਏ ਸਾਰੇ।
ਸਰਕ ਪਈਆਂ ਨੀਂਹਾਂ 'ਚੋਂ ਇੱਟਾਂ,
ਅਸਰ ਨਾ ਵੇਖ ਦੁਹਾਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

੬.
ਛਡ ਵਿਸ਼ਵਾਸਾਂ ਦੀ ਮਦਹੋਸ਼ੀ।
ਫੜ ਲਏ ਨੇ ਇਨ੍ਹਾਂ ਅਪਣੇ ਦੋਸ਼ੀ।
ਕੂਕ ਰਹੇ ਜਿਨ੍ਹਾਂ ਦੇ ਹਾਉਕੇ,
ਸ਼ਾਹਾਂ ਦੀਆਂ ਸ਼ਾਹਨਾਈਆਂ ਵਿਚ।
ਅਜ ਹਲ ਚਲ ਹੈ ਨੀਵਾਈਆਂ ਵਿਚ।

(੭-੫-੪੯)

2. ਅਜੇ ਨਾ ਥਮ

ਅਜੇ ਨਾ ਥਮ ਝੁਲਦੇ ਤੂਫ਼ਾਨਾ!

ਅਜੇ ਬਤੇਰਾ ਕੰਮ ਹੈ ਬਾਕੀ,
ਬਦਲਣ ਜੋਗੈ ਬੜਾ ਜ਼ਮਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

੧.
ਅਜੇ ਮਨੁਖ ਦੀ ਹੋਣੀ ਗਿਰਦੇ,
ਲੱਖਾਂ ਸੰਗਲ ਖੜਕ ਰਹੇ ਨੇ।
ਅਜੇ ਕਰੋੜਾਂ ਦੇ ਦਿਲ ਡਰ ਕੇ,
ਮੱਠੇ ਮੱਠੇ ਧੜਕ ਰਹੇ ਨੇ।
ਅਜੇ ਤੀਕ ਜਿਉਂ ਦੀਆਂ ਤਿਉਂ ਕੰਧਾਂ,
ਕਾਇਮ ਹੈ ਇਹ ਬੰਦੀ-ਖ਼ਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

੨.
ਅੰਬਰ-ਖਹਿੰਦੇ ਮਹਿਲ ਬੜੇ ਨੇ,
ਢਾਹ ਕੇ ਪਧਰੇ ਕਰਨੇ ਜੋਗੇ।
ਪੈਰਾਂ ਵਿਚ ਹਨ ਲੱਖਾਂ ਟੋਏ,
ਇਸ ਮਲਬੇ ਤੋਂ ਭਰਨੇ ਜੋਗੇ।
ਹਰ ਇਕ ਕਿੰਗਰਾ ਲੋੜ ਰਿਹਾ ਹੈ,
ਡਿੱਗਣ ਨ੍ਹੂੰ ਕੋਈ ਪੱਜ, ਬਹਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

੩.
ਦੇਖ ਰਹੇ ਹਨ ਝੁਗੀਆਂ ਵਲ ਇਉਂ,
ਨਿਰਲੱਜ ਤੇ ਬੇ-ਸ਼ਰਮ ਮੁਨਾਰੇ।
ਘੂਰਨ ਜਿਵੇਂ ਗ਼ਰੀਬ-ਹੁਸਨ ਨੂੰ,
ਸ਼ੋਂਖ਼ ਨੈਣ ਹਿਰਸਾਂ ਦੇ ਮਾਰੇ।
ਇਕ ਇਕ ਬੁਰਜ ਇਨ੍ਹਾਂ ਦਾ ਚਾਂਹਦਾ,
ਬਣ ਜਾਣਾ ਇਕ ਇਕ ਅਫ਼ਸਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

੪.
ਖਿੰਡਣ ਵਾਲੇ ਹੈਣ ਬਤੇਰੇ,
ਤਖ਼ਤਾਂ ਤੇ ਤਾਜਾਂ ਦੇ ਸੁਪਨੇ।
ਮ੍ਰਿਗ-ਜਲੀਆਂ ਹਨ ਬਣਨਾ ਚਾਂਹਦੇ,
ਸਲਤਨਤਾਂ, ਰਾਜਾਂ ਦੇ ਸੁਪਨੇ।
ਬੈਠਾ ਗਿਣਦੈ ਅੰਤਮ-ਘੜੀਆਂ,
ਇਕ ਨਿਜ਼ਾਮ ਸ਼ਹਿਨ ਸ਼ਾਹਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

੫.
ਮਕਤੂਲਾਂ ਦੀ ਰਤ ਦੇ ਕਤਰੇ
ਸੁਕੇ ਨਹੀਂ ਛੁਰੀਆਂ ਦੀ ਧਾਰੋਂ।
ਅੰਤਮ ਆਹ ਅਧ-ਰਾਹ ਨਹੀਂ ਪਹੁੰਚੀ,
ਨਿਕਲ ਕੇ ਬੁਲਬੁਲ ਦੀ ਮਿਨਕਾਰੋਂ ।
ਸ਼ੋਖ਼ ਸ਼ਮ੍ਹਾ ਦੇ ਪੈਰਾਂ ਹੇਠਾਂ,
ਤੜਪ ਰਿਹੈ ਬੇ-ਪਰ ਪਰਵਾਨਾ।
ਅਜੇ ਨਾ ਥਮ ਝੁਲਦੇ ਤੂਫ਼ਾਨਾ!

(੨੫-੩-੪੫)

3. ਮਾਏ ਨੀ!

ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੧-
ਨਾ ਅਜ ਮੈਥੋਂ ਚਰਖਾ ਵਗਦਾ।
ਨਾ ਮੇਰਾ ਜੀਅ ਕੱਤਣ ਵਿਚ ਲਗਦਾ।
ਕੰਬਦੇ ਪੋਟੇ ਛਡਨ ਨਾ ਪੂਣੀ,
ਖਿੰਡ ਖਿੰਡ ਜਾਏ ਖ਼ਿਆਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੨-
ਟੁਟੀਆਂ ਆਸਾਂ ਗਏ ਯਰਾਨੇ।
ਅਜ ਵਤਨੀ ਬਣ ਗਏ ਬਿਗਾਨੇ।
ਕਿਸ ਸੁਟਿਐ ਇਹ ਸਿਹ ਦਾ ਤ੍ਰੱਕਲਾ,
ਇਹ ਕੋਈ ਨਾ ਕਰੇ ਖ਼ਿਆਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੩-
ਹਰ ਇਕ ਸਾਂਝ ਗਈ ਅਜ ਵੰਡੀ।
ਦੁਨੀਆਂ ਵਿਚ ਵਖ ਹੋ ਗਈ ਭੰਡੀ।
ਕੋਹਿਆ ਗਿਆ ਪੰਜਾਬ ਮੇਰੇ ਨੂੰ,
ਵਢਿਆ ਗਿਐ ਬੰਗਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੪-
ਲਾਈ 'ਜਹੀ ਕਿਸੇ ਭਰ ਕੇ ਲੂਤੀ।
ਸੱਕੇ ਵਤਨੀ ਬਣ ਗਏ ਦੂਤੀ।
ਟੱਬਰ ਵਰਗਾ ਇਕ-ਮੁਠ ਜੀਵਨ,
ਬਣ ਗਿਐ ਅਜ ਜੰਜਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

ਪ-
ਘਿਉ-ਖਿਚੜੀ ਸਨ ਦੁੱਖਾਂ ਵੇਲੇ ।
ਲੜ-ਭਿੜ ਬੈਠੇ ਸੁੱਖਾਂ ਵੇਲੇ।
ਰਲ ਕੇ ਝਾਗੇ ਕਾਲ ਜਿਨ੍ਹਾਂ ਨੇ,
ਮਾਣ ਨਾ ਸਕੇ ਸੁਕਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੬-
ਪੈਲੀ ਵੰਡ ਲਈ, ਬੰਨੇ ਵੰਡ ਲਏ।
ਕਣਕਾਂ ਵੰਡੀਆਂ, ਗੰਨੇ ਵੰਡ ਲਏ।
ਪਾਣੀ ਵੰਡ ਲਏ, ਨਹਿਰਾਂ ਵੰਡੀਆਂ,
ਵੰਡ ਲਈ ਇਕ ਇਕ ਖਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੭-
ਪੰਜ ਦਰਿਆ ਕਹੇ ਠੁਮ ਠੁਮ ਵਗਦੇ।
ਜੀਉੁਂਦੀਆਂ ਨਾੜਾਂ ਵਾਂਗ ਸੀ ਲਗਦੇ।
ਅਜ ਹੋਣੀ ਨੇ ਟੁਕ ਧਰਿਐ ਇਹ,-
ਜੀਉਂਦਾ-ਨਾੜੀ-ਜਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੮-
ਜਿਹਲਮ ਅਤੇ ਬਿਆਸ ਦਾ ਰਿਸ਼ਤਾ।
ਸੀ ਨਹੁੰਆਂ ਤੇ ਮਾਸ ਦਾ ਰਿਸ਼ਤਾ।
ਸ਼ਾਨ ਬਣੀ ਸੀ ਦੇਸ਼ ਦੀ ਇਹਨਾਂ,
ਪੰਜਾਂ ਪੁਤਰਾਂ ਨਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੯-
ਮਾਝੇ ਤੋਂ ਪੋਠੋਹਾਰ ਨਿਖੜ ਗਿਆ।
ਯਾਰਾਂ ਨਾਲੋਂ ਯਾਰ ਨਿਖੜ ਗਿਆ।
ਫੁੱਟੇ ਦੇਸ਼ ਦੇ ਹੱਥ ਵਿਚ ਰਹਿ ਗਈ,
ਨਾ ਤਲਵਾਰ ਨਾ ਢਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

੧੦-
'ਇਹ-ਇਸਤਾਨੀ' ਤੇ 'ਉਹ-ਇਸਤਾਨੀ'।
ਸਭ ਹੈ ਗ਼ੈਰਾਂ ਦੀ ਸ਼ੈਤਾਨੀ।
ਵੀਰਾਂ ਨਾਲੋਂ ਵੀਰ ਨਿਖੇੜੇ,
ਚਲ ਗਏ ਵੈਰੀ ਚਾਲ।
ਮਾਏ ਨੀ!
ਅਜ ਟੁਟ ਟੁਟ ਪੈਂਦੀ ਮਾਲ੍ਹ।

(੨੨-੯-੪੭)

4. ਸਜਦਾ ? ਨਹੀਂ ਹਜੋਕਾ !

ਜ਼ੰਜੀਰਾਂ ਵਿਚ ਕੜਿਆ ਜੀਵਨ,
ਬੇਬੱਸ ਅਤੇ ਨਿਢਾਲ।
ਬਾਹਾਂ ਹਨ ਬੇ-ਸਾਹ-ਸਤ ਹੋਈਆਂ,
ਲਾਸਾਂ, ਟੀਸਾਂ ਨਾਲ।

ਮੱਠੀ ਟੋਰ ਰਗਾਂ ਵਿਚ ਰਤ ਦੀ,
ਨਿੰਮ੍ਹਾ ਨਿੰਮ੍ਹਾ ਸਾਹ।
ਇਕ ਝਿਮਣੀ ਤੇ ਸੌ ਸੌ ਹੰਝੂ,
ਇਕ ਹਠ-ਕਰ, ਸੌ ਆਹ।

ਮੌਤੋਂ ਵਧ ਭਿਆਨਕ ਚਿਹਰਾ,
ਬੇ-ਖਿਚ, ਬੇ-ਮੁਸਕਾਨ।
ਰੋਮ ਰੋਮ 'ਚੋਂ ਫੁਟਦੀ ਹਸਰਤ,
ਨਸ ਨਸ 'ਚੋਂ ਅਰਮਾਨ।

ਉਤਾਂਹ ਵੇਖਣੋਂ ਸੰਗਦੀਆਂ ਅਖੀਆਂ,
ਉਹਨਾਂ ਵਿੱਚ ਹਿਰਾਸ।
ਸਾਹ-ਘੁਟਣਾ ਜਿਹਾ ਵਾਯੂ-ਮੰਡਲ,
ਇੱਕ ਇੱਕ ਨੀਝ ਉਦਾਸ।

'ਮਜ਼੍ਹਬ' 'ਹਿੰਮਤ' ਆ ਗਏ ਦੋਵੇਂ,
ਤਕਿਆ ਸਾਰਾ ਹਾਲ।
ਦੱਸਣ ਲੱਗੇ ਮੁਕਤੀ-ਸਾਧਨ,
ਹਮਦਰਦੀ ਦੇ ਨਾਲ।

ਤਲੀਆਂ ਮਲ ਕੇ ਮਜ਼੍ਹਬ ਕਿਹਾ,
'ਇਹ ਸ਼ਰਧਾ-ਭਰਿਆ ਸਜਦਾ'।
ਹਿੰਮਤ ਕਿਹਾ ਕਚੀਚੀ ਵਟਕੇ
'ਇਕ ਭਰਪੂਰ ਹਜੋਕਾ'।

(੧੬-੮-੪੫)

5. ਤੂਫ਼ਾਨਾਂ ਦਾ ਇਸ਼ਕ

ਸਾਹਿਲ ਦੀ ਨਹੀਂ ਖ਼ਾਹਿਸ਼
ਤੂਫ਼ਾਨ ਦਾ ਆਸ਼ਕ ਹਾਂ।

ਜੇਹੜਾ ਨਾ ਟਿਕਣ ਦੇਵੇ,
ਅਧ ਰਾਹ ਮੇਰੇ ਹੀਲੇ ਨੂੰ।
ਉਸ ਸ਼ੋਖ਼ ਤੇ ਅਥਰੇ ਜਹੇ
ਅਰਮਾਨ ਦਾ ਆਸ਼ਕ ਹਾਂ।

ਸੀਖਾਂ ਦੇ ਪੁਗੇ ਦਿਨ ਤੇ,
ਹਸਦਾ ਹਾਂ ਜਦੋਂ ਖਿੜ ਕੇ।
ਸੱਯਾਦ ਸਮਝਦਾ ਹੈ,
ਜ਼ਿੰਦਾਨ ਦਾ ਆਸ਼ਕ ਹਾਂ।

ਮੁਕਤੀ ਦੀ ਨਹੀਂ ਚਿੰਤਾ,
ਜੱਨਤ ਦੀ ਨਹੀਂ ਖ਼ਾਹਿਸ਼।
ਹਰ ਰੂਹ 'ਚ ਰਚੇ ਹੋਏ
ਭਗਵਾਨ ਦਾ ਆਸ਼ਕ ਹਾਂ।

ਵਾਹਿਜ਼ ਦੀ ਜ਼ਬਾਂ ਕਹਿੰਦੀ,
"ਅੱਲਾ ਦਾ ਪੁਜਾਰੀ ਹਾਂ।"
ਲੂੰ ਲੂੰ 'ਚੋਂ ਅਮਲ ਕਹਿੰਦੈ:
"ਸ਼ੈਤਾਨ ਦਾ ਆਸ਼ਕ ਹਾਂ"।

ਬੁੱਤਾਂ ਦਾ ਕੋਈ ਪੂਜਕ,
ਪੋਥੀ ਦਾ ਕੋਈ ਪਰੇਮੀ।
ਮੈਂ ਇਸ਼ਕ ਨਵਾਂ ਲਾਇਐ,
ਇਨਸਾਨ ਦਾ ਆਸ਼ਕ ਹਾਂ।

ਮਿਲਣੇ ਦੀ ਨਹੀਂ ਹਸਰਤ,
ਵਿਛੜਨ ਦਾ ਨਹੀਂ ਝੋਰਾ।
ਕੋਈ ਇਸ਼ਕ ਮੇਰਾ ਵੇਖੇ,
ਕਿਸ ਸ਼ਾਨ ਦਾ ਆਸ਼ਕ ਹਾਂ।

ਦਿਲ ਪੂਜਾ ਹਨੇਰੇ ਤੋਂ,
ਨਸਦਾ ਏ ਪਰੇ ਕੋਹਾਂ।
ਹੈ ਇਸ਼ਕ ਮੇਰਾ ਚਾਨਣ,
ਮੈਂ ਗਿਆਨ ਦਾ ਆਸ਼ਕ ਹਾਂ।

ਸਜਦੇ ਜੇ ਨਹੀਂ ਕਰਦਾ,
ਮੈਂ ਕਿਰਤ ਤਾਂ ਕਰਦਾ ਹਾਂ।
ਇਲਜ਼ਾਮ ਹੈ ਵਾਹਿਜ਼ ਦਾ,
ਸ਼ੈਤਾਨ ਦਾ ਆਸ਼ਕ ਹਾਂ।

(੨-੩-੪੭)

6. ਡਹੁਲੇ ਕੋਲੋਂ ਮੰਗ

ਦਿਲੋਂ ਬਿਜਲੀਆਂ ਦਾ ਖ਼ੌਫ਼ ਕਢ,
ਛਿੱਕੇ ਉੱਤੇ ਟੰਗ।
ਉੱਚੀ ਟਾਹਣੀ ਉੱਤੇ ਆਹਲਣਾ,
ਬਣਾਣ ਤੋਂ ਨਾ ਸੰਗ।

ਓਨਾ ਮੋਕਲਾ ਅਕਾਸ਼,
ਜਿੰਨਾ ਖੰਭਾਂ ਵਿਚ ਤਾਣ।
ਤੇਰਾ ਓਤਨਾਂ ਕੁ ਭਾਗ,
ਜਿੰਨੀ ਆਸ ਤੇ ਉਮੰਗ।

ਨਾ ਤੂੰ ਮੰਦਰਾਂ 'ਚ ਭੌਂ,
ਨਾ ਮਸੀਤੀਂ ਮੱਥੇ ਟੇਕ।
ਜੋ ਤੂੰ ਮੌਲਾ ਕੋਲੋਂ ਮੰਗਨਾਂ ਏਂ,
ਡਹੁਲੇ ਕੋਲੋਂ ਮੰਗ।

ਕਾਹਨੂੰ ਝੂਰਨਾ ਏਂ ਕੜੇ ਹੋਏ
ਹਥ ਪੈਰ ਵੇਖ।
ਤੇਰੀ ਤੇਹੁੜੀ ਦੇ ਅੱਗੇ
ਹੈ, ਜ਼ੰਜੀਰ ਕੱਚੀ ਵੰਗ।

ਤੇਰੀ ਹੋਂਦ ਬਿਨਾ ਦੁਨੀਆਂ ਦਾ,
ਬਾਗ਼ ਹੈ ਉਜਾੜ।
ਤੂੰ ਹੈਂ ਫਲਾਂ ਵਿਚ ਰਸ,
ਤੂੰ ਹੈਂ ਫੁੱਲਾਂ ਵਿਚ ਰੰਗ।

ਤੇਰੇ ਦਿਲ ਦੀ ਚੁੜਾਈ ਜਿੰਨਾ,
ਚੌੜਾ ਸਨਸਾਰ।
ਤੇਰਾ ਦਿਲ ਜਿੰਨਾ ਤੰਗ,
ਉਨੀ ਦੁਨੀਆਂ ਵੀ ਤੰਗ।

ਓ ਜਾਮਾਂਧਰੂ ਲੜਾਕਿਆ।
ਲੜਾਈਆਂ ਤੋਂ ਨਾ ਸਹਿਮ।
ਤੇਰੀ ਹੋਂਦ ਕੀ ਹੈ ?
ਜ਼ਿੰਦਗੀ ਦਾ ਮੌਤ ਨਾਲ ਜੰਗ।
(੧੧-੨-੪੫)

7. ਮੈਂ

ਮੈਂ ਹੋਣੀ ਨੂੰ ਜ਼ਰਾ ਅਜ਼ਮਾ ਕੇ ਵੇਖਾਂ।
ਜ਼ੰਜੀਰਾਂ ਨੂੰ ਹਜੋਕਾ ਲਾ ਕੇ ਵੇਖਾਂ।

ਕਿਸੇ ਸੁੱਤੇ ਪਏ ਭਗਵਾਨ ਦਾ ਦਰ,
ਮੈਂ ਬੇ-ਗ਼ੈਰਤ ਨਹੀਂ, ਖੜਕਾ ਕੇ ਵੇਖਾਂ।

ਮੈਂ ਕਿਉਂ ਪੜ੍ਹਦਾ ਫਿਰਾਂ ਸਿਕਿਆਂ ਤੋਂ ਮੁਹਰਾਂ,
ਨਾ ਕਿਉਂ ਚੰਗੀ ਤਰਾਂ ਟੁਣਕਾ ਕੇ ਵੇਖਾਂ।

ਬੜੇ ਚਿਰ ਤੋਂ ਇਕੱਲਾ ਤੜਫਿਆ ਹਾਂ,
ਜ਼ਰਾ ਮਹਿਫ਼ਲ ਨੂੰ ਵੀ ਤੜਫ਼ਾ ਕੇ ਵੇਖਾਂ।

ਪਿਆ ਕੋਈ ਤੂਰ ਤੇ ਜਲਵੇ ਦਿਖਾਏ,
ਮਨੂੰ ਫੁਰਸਤ ਨਹੀਂ ਮੈਂ ਜਾ ਕੇ ਵੇਖਾਂ।

ਨਿਰੀ ਸ਼ਰਧਾ ਦੇ ਧੁੰਦਲੇ ਮੰਡਲਾਂ ਤੋਂ,
ਜ਼ਰਾ ਉੱਚੀ ਉਡਾਰੀ ਲਾ ਕੇ ਵੇਖਾਂ।

ਜੇ ਉਸਨੂੰ ਨਾਜ਼ ਕਹਿੰਦੈ, ਲੁਕ ਕੇ ਬਹਿ ਰਹੁ,
ਮੈਨੂੰ ਕੀ ਗ਼ਰਜ਼ ਹੈ ਘੁੰਡ ਚਾ ਕੇ ਵੇਖਾਂ।

ਮਤਾਂ ਟਲ ਜਾਏ ਇਸ ਅਵਾਰਗੀ ਤੋਂ,
ਅਵਾਰੇ ਨੂੰ ਜ਼ਰਾ ਸਮਝਾ ਕੇ ਵੇਖਾਂ।

8. ਖ਼ਤਰਾ

੧.
ਚੌਤਰਫ਼ ਦੁਹਾਈ ਸੁਣਦਾ ਹਾਂ,
'ਮਜ਼ਹਬ ਦੇ ਨਾਮ ਨੂੰ ਖ਼ਤਰਾ ਹੈ।
'ਹੈ ਪੰਥ ਗੁਰੂ ਦਾ ਖ਼ਤਰੇ ਵਿਚ,
'ਰਬ ਦੇ ਇਸਲਾਮ ਨੂੰ ਖ਼ਤਰਾ ਹੈ।
ਮੈਂ ਕਹਿਨਾਂ 'ਪੰਥ ਦਾ ਰਬ ਰਾਖੈ,
'ਇਸਲਾਮ ਨੂੰ ਸਤ ਤੇ ਵੀਹ ਖ਼ੈਰਾਂ।
'ਜੇ ਖ਼ਤਰਾ ਹੈ ਤਾਂ ਮਸਤਾਂ ਦੇ,
ਬੋਤਲ ਤੇ ਜਾਮ ਨੂੰ ਖ਼ਤਰਾ ਹੈ।

੨.
ਨਾ ਖ਼ਤਰਾ ਹੈ ਕੋਈ ਸਿੱਖੀ ਨੂੰ,
ਨਾ ਇਸਦੀ ਸ਼ਾਨ ਨੂੰ ਖ਼ਤਰਾ ਹੈ।
ਇਸਲਾਮ ਤੇ ਵੀ ਅਜ ਭੀੜਾ ਨਹੀਂ,
ਨਾ ਇਸਦੀ ਆਨ ਨੂੰ ਖ਼ਤਰਾ ਹੈ।
ਇਸ ਆਵਣ ਵਾਲੇ ਯੁਗ ਅੰਦਰ,
ਆਵਾਰੇ ਦੀ ਅੱਖ ਤਕਦੀ ਹੈ;
ਈਮਾਨ ਦਾ ਬੁਰਕਾ ਪਾਇ ਹੋਏ,
ਹਰ ਇਕ ਬਈਮਾਨ ਨੂੰ ਖ਼ਤਰਾ ਹੈ।

੩.
ਖ਼ਤਰਾ ਹੈ, ਬੇ-ਸ਼ਕ ਖ਼ਤਰਾ ਹੈ,
ਹਰ ਸ਼ੋਖ਼ ਨਿਗਾਹ ਨੂੰ ਖ਼ਤਰਾ ਹੈ।
ਖ਼ਤਰਾ ਹੈ ਫੋਕੇ ਲੀਡਰ ਨੂੰ,
ਚੌਧਰ ਦੀ ਰਾਹ ਨੂੰ ਖ਼ਤਰਾ ਹੈ।
ਗੁਰੂ ਘਰ ਵਿਚ ਬਹਿ ਕੇ ਦੋ ਵੇਲੇ,
ਜਿਦ੍ਹੇ ਭਰ ਭਰ ਬਾਟੇ ਛਕਦੇ ਰਹੇ;
ਇਹਨਾਂ ਗੋਗੜ ਵਧੇ ਮਸੰਦਾਂ ਦੇ,
ਉਸ ਗਰਮ ਕੜਾਹ ਨੂੰ ਖ਼ਤਰਾ ਹੈ।

੪.
ਇਸ ਇਨਕਿਲਾਬ ਦੀ ਕਾਂਗ 'ਚ ਹਰ
ਕੱਚੇ ਭਾਂਡੇ ਨੂੰ ਖ਼ਤਰਾ ਹੈ।
ਅਜ਼ਮਾਇਸ਼ ਦੀ ਠੋਹਕਰ ਦਾ, ਹਰ
ਗੰਦੇ ਆਂਡੇ ਨੂੰ ਖ਼ਤਰਾ ਹੈ।
ਸਿੱਖੀ ਇਸਲਾਮ ਨੂੰ ਖ਼ਤਰਾ ਨਹੀਂ,
ਓ ਲੋਕੋ! ਇਉਂ ਨਾ ਭੁਲ ਜਾਣਾ;
ਖ਼ਤਰਾ ਹੈ ਤਾਂ ਖ਼ੁਦ-ਗ਼ਰਜ਼ਾਂ ਦੇ,
ਹਲਵੇ ਮਾਂਡੇ ਨੂੰ ਖ਼ਤਰਾ ਹੈ।

(ਅਪ੍ਰੈਲ ੧੯੪੯)

9. ਓ ਯਾਰ

ਮੈਂ ਕੀਕਰ ਵੜਾਂ ਮਸੀਤੀ;
ਓ ਯਾਰ! ਕੀਕਰ ਵੜਾਂ ਮਸੀਤੀ ?

ਉਹ ਵੀ ਉਥੇ ਵੇਖੇ ਨੇ,
ਜਿਨ੍ਹਾਂ ਅੰਦਰ ਬਾਹਰ ਪਲੀਤੀ।
ਓ ਯਾਰ! ਅੰਦਰ-ਬਾਹਰ ਪਲੀਤੀ।

ਉਹ ਵੀ ਉਥੇ ਵੇਖੇ ਨੇ,
ਜਿਨ੍ਹਾਂ ਅੱਧੀ ਕਦੇ ਨਹੀਂ ਪੀਤੀ।
ਓ ਯਾਰ! ਅੱਧੀ ਕਦੇ ਨਹੀਂ ਪੀਤੀ।

ਉਤਨੇ ਬਹੁਤੇ ਸਜਦੇ ਕਰਦੇ,
ਜਿਤਨੀ ਬਹੂੰ ਬਦਨੀਤੀ।
ਓ ਯਾਰ! ਜਿਤਨੀ ਬਹੂੰ ਬਦਨੀਤੀ।

ਮੈਂ ਕੀਕਰ ਵੜਾਂ ਮਸੀਤੀ;
ਓ ਯਾਰ! ਕੀਕਰ ਵੜਾਂ ਮਸੀਤੀ ?

10. ਟੁਕੜੇ

ਜਿਨਾਹ ਕਹਿੰਦੈ;
'ਕਰਾਂਗਾ ਦੇਸ਼ ਦੀ ਤਕਦੀਰ ਦੇ ਟੁਕੜੇ।'
ਮੁਕਰ ਜੀ ਆਖਦੈ:
'ਕਰਸਾਂ ਤੇਰੀ ਤਦਬੀਰ ਦੇ ਟੁਕੜੇ।'
ਵਤਨ ਦੀ ਰੂਹ ਤੜਫੀ,
ਤਲਮਲਾ ਕੇ ਇਸ ਤਰਾਂ ਬੋਲੀ:
'ਸ਼ੁਦਾਈਓ! ਕਰ ਲਵੋ ਪਹਿਲਾਂ
ਮੇਰੀ ਜ਼ੰਜੀਰ ਦੇ ਟੁਕੜੇ।'

(੧੪-੧-੪੭)

11. ਬਿਨ ਪਿਆਰ

ਲਗੇ ਹੋਠਾਂ ਤੇ ਸਖਣੇ ਜਾਮ ਨੂੰ
'ਪੀਣਾ' ਨਹੀਂ ਕਹਿੰਦੇ।
ਬਿਨਾਂ ਤਾਰਾਂ ਦੇ, ਟੁੱਟੇ ਸਾਜ਼ ਨੂੰ,
'ਵੀਣਾ' ਨਹੀਂ ਕਹਿੰਦੇ।
ਬਿਨਾ ਖੁਸ਼ਬੋ ਦੇ, ਫੁਲ ਗੋਭੀ ਦੇ ਨੂੰ,
'ਫੁਲ' ਕਹਿ ਲਿਆ ਜਾਂਦੈ;
ਪਿਆਰੋਂ ਸੱਖਣੇ ਜੀਵਣ ਨੂੰ,
ਪਰ 'ਜੀਣਾ' ਨਹੀਂ ਕਹਿੰਦੇ।

(੧੩-੧-੪੭)

12. ਵਤਨ ਆਜ਼ਾਦ ਹੋ ਜਾਵੇ

ਰਹੇ 'ਆਖੰਡ' ਭਾਵੇਂ,
ਖਿੰਡ ਕੇ ਬਰਬਾਦ ਹੋ ਜਾਵੇ।
ਤੇ ਇਹ ਬਕਰਾ
ਹਲਾਲ ਹੋਵੇ ਜਾਂ, ਮਾਂਹ-ਪ੍ਰਸ਼ਾਦ ਹੋ ਜਾਵੇ।
ਅਸੀਂ ਇੰਞੇ ਈ ਫੁੱਟੇ ਰਹੀਏ,
ਜਾਂ ਇਤਹਾਦ ਹੋ ਜਾਵੇ।
ਪੰਜਾਲੀ ਗ਼ੈਰ ਦੀ 'ਚੋਂ ਪਰ
ਵਤਨ ਆਜ਼ਾਦ ਹੋ ਜਾਵੇ।
(੧੧-੫-੪੭)

  • ਮੁੱਖ ਪੰਨਾ : ਕਾਵਿ ਰਚਨਾਵਾਂ, ਦਰਸ਼ਨ ਸਿੰਘ ਅਵਾਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ