Haase Di Barkha : Kartar Singh Ballagan

ਹਾਸੇ ਦੀ ਬਰਖਾ : ਕਰਤਾਰ ਸਿੰਘ ਬਲੱਗਣ

1. ਕਰਵਾ ਚੌਥ ਦਾ ਵਰਤ

ਮੇਰਾ ਯਾਰ ਵੜੈਚ ਇਕ ਚੌਧਰੀ ਸੀ,
ਮੇਰੇ ਬਹਿਣ ਖਲੋਨ ਦੀ ਥਾਂ ਹੈ ਸੀ ।
ਉਂਞ ਤੇ ਅਕਲ ਤੇ ਬੁੱਧ ਦਾ ਸੀ ਦੁਸ਼ਮਨ,
ਬੁਧ ਸਿੰਘ ਐਪਰ ਉਹਦਾ ਨਾਂ ਹੈ ਸੀ ।
ਵੱਡਾ ਕੱਦ ਤੇ ਖਾਹਮ ਖਾਹ ਪੂਰਾ,
ਡਾਢਾ ਚਿੜਚਿੜਾ ਨਿਰਾ ਓਹ ਕਾਂ ਹੈ ਸੀ ।
ਘੜੀ ਵਿਚ ਤੋਲਾ ਘੜੀ ਵਿਚ ਮਾਸਾ,
ਮੇਰੀ ਨਜ਼ਰ ਅੰਦਰ ਧੁੱਪ ਛਾਂ ਹੈ ਸੀ ।

ਇਕ ਦਿਨ ਬੰਨ੍ਹਕੇ ਮਲਮਲ ਦਾ ਥਾਨ ਸਿਰ ਤੇ,
ਮੈਨੂੰ ਆਣ ਕੇ ਚੌਧਰ ਵਖਾਨ ਲੱਗਾ ।
ਅਤੇ ਮੇਰੇ ਖਿਆਲਾਂ ਦੇ ਘੋੜਿਆਂ ਨੂੰ,
ਹਿਣਕ ਹਿਣਕ ਕੇ ਪਰ੍ਹਾਂ ਡਰਾਨ ਲੱਗਾ ।

ਓਹਨੂੰ ਕਿਹਾ ਮੈਂ ਬੁੱਢਿਆ ਗੱਲ ਕੀ ਏ ?
ਅੱਜ ਤੂੰ ਬੜਾ ਰਾਜ਼ੀ ਨਜ਼ਰ ਆਵਣਾ ਏਂ ।
ਤੇਰੇ ਮੂੰਹ ਤੇ ਲਾਲੀ ਪਈ ਡੁਲ੍ਹਦੀ ਏ,
ਘੜੀ ਮੁੜੀ ਤੂੰ ਹੱਥ ਮਿਲਾਵਨਾ ਏਂ ।
ਗੱਲ ਗੱਲ ਤੇ ਚੁਟਕੀਆਂ ਮਾਰਨਾਂ ਏਂ,
ਨਾਲੇ ਹੱਸਨਾਂ ਏਂ ਨਾਲੇ ਗਾਵਨਾਂ ਏਂ ।
ਤਰ ਮਾਲ ਕਿਧਰੋਂ ਲੱਭਾ ਜਾਪਦਾ ਈ,
ਗੱਲ ਮੇਰੇ ਤੋਂ ਕੋਈ ਛੁਪਾਵਨਾਂ ਏਂ ।

ਤੇਰੀ ਦਾੜ੍ਹੀ ਚਿ ਸੇਵੀਆਂ ਫਾਥੀਆਂ ਨੇ,
ਨਿੱਘਰ ਜਾਣਿਆਂ ਮੂੰਹ ਤੇ ਪੂੰਝ ਪਹਿਲਾਂ ।
ਮੈਨੂੰ ਫੇਰ ਸਫਾਈਆਂ ਤੂੰ ਪਿਆ ਦੱਸੀਂ,
ਆਪਣੇ ਬੂਹੇ ਤੋਂ ਕੂੜਾ ਤੇ ਹੂੰਝ ਪਹਿਲਾਂ ।

ਬੁਧ ਸਿੰਘ ਨੇ ਹੱਸ ਕੇ ਕਹਿਆ ਅੱਗੋਂ:
'ਅਜ ਇਕ ਬੜਾ ਸ਼ਕਾਰ ਮੈਂ ਮਾਰਿਆ ਏ ।
ਨਾਲ ਭੁੱਖ ਦੇ ਆਂਦਰਾਂ ਲੂਸੀਆਂ ਸਨ,
ਮੇਰਾ ਠਾਕਰਾਂ ਕੰਮ ਸਵਾਰਿਆ ਏ ।
ਥੰਮਾਂ ਵਿਚੋਂ ਭਗਵਾਨ ਅਜ ਬੌੜ੍ਹਿਆ ਏ,
ਉਸ ਨੇ ਰਹਿਮਤੀ ਹੱਥ ਪਸਾਰਿਆ ਏ ।
ਛਿਆਂ ਮ੍ਹੀਨਿਆਂ ਜੋਗਾ ਮੈਂ ਹੋ ਗਿਆ ਹਾਂ,
'ਜ਼ੀਰਾ' ਊਠ ਨੂੰ ਰੱਬ ਨੇ ਚਾਰਿਆ ਏ ।

ਕਰਵਾ ਚੌਥ ਸੀ ਕੁੜੀਆਂ ਦਾ ਵਰਤ ਭਲਕੇ,
ਪਰ ਮੈਂ ਅਪਣਾ ਵਰਤ ਬਣਾ ਆਇਆਂ ।
ਉਨ੍ਹਾਂ ਦੁੱਧ ਤੇ ਸੇਵੀਆਂ ਰੱਖੀਆਂ ਸਨ,
ਚੱਮ ਚੱਟ ਕੇ ਸਾਰੀਆਂ ਖਾ ਆਇਆਂ ।"

ਬੜਾ ਹੱਸਿਆ ਬੁੱਧੂ ਦੀ ਬੁਧ ਉਤੇ,
ਓਨੂੰ ਕਹਿਆ ਉਹ ਕਿਸਤਰ੍ਹਾਂ ਜਰਨ ਗੀਆਂ ?
ਦਿਨੇ ਹੋਰਨਾਂ ਸਰ੍ਹਗੀਆਂ ਖਾਣੀਆਂ ਨੇ,
ਹੌਕੇ ਉਹ ਵਿਚਾਰੀਆਂ ਭਰਨ ਗੀਆਂ ।
ਕਿਵੇਂ ਲੰਘੇਗਾ ਦਿਨ ਪਹਾੜ ਜੇਡਾ,
ਸਾਰਾ ਦਿਨ ਉਹ ਭੁੱਖੀਆਂ ਮਰਨ ਗੀਆਂ ।
ਸਭਨਾਂ ਵਰਤ ਸੁਹਾਗ ਦੇ ਰੱਖਣੇ ਨੇ,
ਉਹ ਪਰ ਤੇਰਾ ਸਿਆਪਾ ਹੀ ਕਰਨ ਗੀਆਂ ।

ਰਾਖੀ ਬਿੱਲੀਆਂ ਦੀ ਉਹਨਾਂ ਰੱਖਣੀ ਸੀ,
ਐਪਰ ਅੰਦਰੋਂ ਹੀ ਬਿੱਲਾ ਪੈ ਗਿਓਂ ਤੂੰ ।
ਧੋਤੇ ਹੱਥ ਹੀ ਰਹਿ ਵਿਚਾਰੀਆਂ ਦੇ,
ਬੁਰਕੀ ਮੂੰਹ ਵਿਚੋਂ ਖੋਹ ਕੇ ਲੈ ਗਿਓਂ ਤੂੰ ।

ਰਾਜ਼ੀ ਹੋ ਗਿਆ ਬੁੱਧੂ ਵਡਿਆਈ ਸੁਣ ਕੇ,
ਐਪਰ ਅੰਦਰੋਂ ਹੋਣ ਬੇ-ਚੈਨ ਲੱਗਾ ।
ਕਰਨਾ ਰੱਬ ਦਾ ਓਧਰੋਂ ਹੋਈ ਸਰਗ੍ਹੀ,
ਉੱਸਲ ਵਟ ਉੱਧਰ ਬੁਧੂ ਲੈਣ ਲੱਗਾ ।
ਆਣ ਫੈਣੀਆਂ ਫੁਲੀਆਂ ਢਿੱਡ ਅੰਦਰ,
ਵੱਟ ਬੁਧੂ ਦੀ ਆਂਦਰੀਂ ਪੈਣ ਲੱਗਾ ।
ਹੈਜ਼ੇ ਨਾਲ ਆ ਮਰਨ ਦੇ ਨੇੜ ਪਹੁੰਚਾ,
ਸਿਰ ਤੇ ਬਾਂਹ ਧਰ ਕੇ ਕਰਨ ਵੈਣ ਲੱਗਾ ।

ਓਧਰ ਬੁੱਧ ਸਿੰਘ ਉਲਟੀਆਂ ਕਰੇ ਪਿਆ,
ਭਾਂਡੇ ਫੈਣੀਆਂ ਦੇ ਕੁੜੀਆਂ ਟ੍ਹੋਣ ਪਈਆਂ ।
ਬੁਧੂ ਕੁੜੀਆਂ ਦੀ ਜਾਨ ਨੂੰ ਪਿਆ ਰੋਵੇ,
ਕੁੜੀਆਂ ਬੁਧੂ ਦੀ ਜਾਨ ਨੂੰ ਰੋਣ ਪਈਆਂ ।

ਵਿਹੜਾ ਚੁੱਕ ਲਿਆ ਕੁੜੀਆਂ ਨੇ ਨਾਲ ਰੌਲੇ,
ਕੋਈ ਸਾਡੀਆਂ ਫੈਣੀਆਂ ਖਾ ਗਿਆ ਏ ।
ਬੂਹਾ ਹਿੱਲਿਆ ਨਹੀਂ, ਭਾਂਡਾ ਖੜਕਿਆ ਨਹੀਂ,
ਚੋਰ ਅੰਦਰੋਂ ਹੀ ਕੋਈ ਆ ਗਿਆ ਏ ।
ਨੀਂਦਰ ਪਈ ਨਹੀਂ ਫਿਕਰ ਵਿਚ ਰਾਤ ਸਾਰੀ,
ਘੱਟਾ ਜਾਗਦੀ ਅੱਖੀਂ ਕੋਈ ਪਾ ਗਿਆ ਏ ।
ਬੱਚੜੇ ਜਾਂ ਤੇ ਬਿੱਲੀ ਦੇ ਮਰ ਗਏ ਨੇ,
ਨਹੀਂ ਤੇ ਚੂਹਾ ਕੋਈ ਖਸਮਾਂ ਨੂੰ ਖਾ ਗਿਆ ਏ ।

ਅਗੋਂ ਹੌਲੀ ਜਹੇ ਬੁਧੂ ਨੇ ਆਖਿਆ ਇਹ,
ਕੋਈ ਬਿੱਲੀ ਜਾਂ ਚੂਹਾ ਨਹੀਂ ਪਿਆ ਓਥੇ ।
ਸੱਚੀ ਪੁਛਦੇ ਹੋ ਤਾਂ ਫਿਰ ਅੱਜ ਮੈਨੂੰ,
ਮੇਰਾ ਕਾਲ ਘਸੀਟ ਲੈ ਗਿਆ ਓਥੇ ।

ਰੌਲਾ ਪੈ ਗਿਆ ਆਣ ਕੇ ਪਿੰਡ ਸਾਰੇ,
ਵਰਤ ਰੱਖਿਆ ਸੀ ਬੁਧੂ ਜੱਟ ਰਾਤੀਂ ।
ਕੀਤੀ ਘਰ ਦਿਆਂ ਦੁਸ਼ਮਨੀ ਨਾਲ ਓਦ੍ਹੇ,
ਸਰਗ੍ਹੀ ਖਾਣ ਨੂੰ ਦਿਤੀ ਨੇ ਘੱਟ ਰਾਤੀਂ ।
ਦਿਤਾ ਪਾਈ ਕੂ ਮਸਾਂ ਨੇ ਦੁੱਧ ਓਹਨੂੰ,
ਨਾਲ ਫੈਣੀਆਂ ਦੀ ਇਕੋ ਛੱਟ ਰਾਤੀਂ ।
ਤਦੇ ਭੁੱਖ ਦੇ ਨਾਲ ਸੀ ਮਰਨ ਲੱਗਾ,
ਪੈਂਦਾ ਰਿਆ ਗਰੀਬ ਨੂੰ ਵੱਟ ਰਾਤੀਂ ।

ਪਿੰਡੋਂ ਰੋਣ ਦੀ ਆਈ ਆਵਾਜ਼ ਸੁਣ ਕੇ,
ਕਿਸੇ ਕਹਿਆ ਬੁਧੂ ਕਿਹੜਾ ਰੋਇਆ ਏ ਇਹ ।
ਅਗੋਂ ਬੁਧੂ ਨੇ ਆਖਿਆ ਮੇਰੀ ਜਾਚੇ,
'ਕਰਵਾ ਚੌਥ ਵਾਲਾ ਕੋਈ ਮੋਇਆ ਏ ਇਹ ।'

ਰੋ ਧੋ ਕੇ ਰੱਖਿਆ ਵਰਤ ਕੁੜੀਆਂ,
ਸਬਰ ਬੁਧੂ ਦੀ ਜਾਨ ਤੇ ਪਾਣ ਲੱਗੀਆਂ ।
ਸ਼ੁਕਰ ਸ਼ੁਕਰ ਕਰਕੇ ਓਧਰੋਂ ਦਿਨ ਡੁੱਬਾ,
ਕੁੜੀਆਂ ਉਧਰੋਂ ਠਾਕਰ ਮਨਾਣ ਲੱਗੀਆਂ ।
ਘਰੋਂ ਜੋਤਾਂ ਜਗਾ ਕੇ ਉੱਠ ਟੁਰੀਆਂ,
ਪਰ ਕੋਈ ਨਵਾਂ ਹੀ ਚੰਨ ਚੜ੍ਹਾਨ ਲੱਗੀਆਂ ।
ਅਕਲ, ਇਲਮ ਦੀ ਮਿੱਟੀ ਪਲੀਤ ਕਰਕੇ,
ਤੇ ਤਹਜ਼ੀਬ ਦੀ ਮਿੱਟੀ ਉਡਾਨ ਲੱਗੀਆਂ ।

ਭੁੱਖ ਨਾਲ ਸੀ ਹਰਫਲੀ ਪਈ ਹੋਈ,
ਐਸੀ ਮਾਰ ਕੋਈ ਅਕਲ ਨੂੰ ਵੱਗ ਗਈ ।
ਅੱਗ ਉੱਡ ਕੇ ਕਿਸੇ ਦੀ ਜੋਤ ਨਾਲੋਂ,
ਕਿਸੇ ਕੁੜੀ ਦੀ ਚੁੰਨੀ ਨੂੰ ਲਗ ਗਈ ।

ਰੌਲਾ ਪੈ ਗਿਆ, ਹਾਲ ਦੁਹਾਈ ਮੱਚੀ,
ਲੋਕੀ ਆਣ ਕੇ ਅੱਗ ਬੁਝਾਨ ਲੱਗੇ ।
ਕੱਠਾ ਹੋ ਗਿਆ ਪਿੰਡ ਦਾ ਪਿੰਡ ਸਾਰਾ,
ਪਾਣੀ ਮੀਂਹ ਵਾਂਗੂ ਲੋਕੀ ਪਾਣ ਲੱਗੇ ।
ਬੁੱਝੀ ਅੱਗ ਪਰ ਕੁੜੀ ਝਲੂਹ ਘੱਤੀ,
ਠਾਕਰ ਹਥਾਂ ਤੇ ਸਰ੍ਹੋਂ ਜਮਾਨ ਲੱਗੇ ।
ਗਲੋਂ ਸੋਨੇ ਦਾ ਕੈਂਠਾ ਧਰੂਹ ਖੜਿਆ,
ਕਿਸੇ ਵਿਚੋਂ ਹੀ ਪਰਤ ਕੇ ਜਾਣ ਲੱਗੇ ।

ਕੁੜੀ ਮੰਜੀ ਤੇ ਪੈ ਕੇ ਘਰ ਆਈ,
ਜਾਨ ਬਚੀ ਤਾਂ ਬੀ ਲੱਖ ਵੱਟਿਓ ਸੂ ।
ਕੈਂਠਾ ਸੌ ਦਾ ਕਪੜੇ ਪੰਝੀਆਂ ਦੇ,
ਇਹ ਕੁਝ ਦੇ ਕੇ ਤਾਂ ਭੀ ਕੁਝ ਖੱਟਿਓ ਸੂ ।

ਗੱਲ ਬੁਧੂ ਨੇ ਸੁਣੀ ਤਾਂ ਕਹਿਣ ਲੱਗਾ,
ਅਕਲ ਅਜੇ ਭੀ ਏਨ੍ਹਾਂ ਨੂੰ ਆਈ ਕਿ ਨਹੀਂ ।
ਜੋਤਾਂ ਵਿਚੋਂ ਸੁਹਾਗ ਨੂੰ ਲਭਦੀਆਂ ਨੇ,
ਸਗੋਂ ਜੋਤਾਂ ਨੇ ਜਾਨ ਗਵਾਈ ਕਿ ਨਹੀਂ ।
ਅਕਲ ਇਲਮ ਦੀਆਂ ਜੜ੍ਹਾਂ ਪੁੱਟਦੀਆਂ ਨੇ,
ਰੱਬ ਹੱਥਾਂ ਤੇ ਸਰ੍ਹੋਂ ਜਮਾਈ ਕਿ ਨਹੀਂ ।
ਜਿਨ੍ਹਾਂ ਠਾਕਰਾਂ ਨੂੰ ਰਾਜ਼ੀ ਕਰਦੀਆਂ ਸਨ,
ਉਨ੍ਹਾਂ ਠਾਕਰਾਂ ਮਿੱਟੀ ਉਡਾਈ ਕਿ ਨਹੀਂ ।

ਸਰਗ੍ਹੀ ਮੈਂ ਖਾਦ੍ਹੀ ਮੈਂ ਭੀ ਤੰਗ ਹੋਇਆ,
ਜੋਤਾਂ ਏਸ ਜਗਾਈਆਂ ਇਹ ਮਰਨ ਲੱਗੀ ।
ਸ਼ੁਕਰ ਕਰੋ ਮੈਂ ਫੈਣੀਆਂ ਖਾ ਗਿਆ ਸਾਂ,
ਕਿਥੋਂ ਭਲਾ ਨਹੀਂ ਤੇ ਇਹ ਸੀ ਜਰਨ ਲੱਗੀ ।

2. ਪੇਂਡੂ ਹਕੀਮ

ਪੁੱਟਦਾ ਪਿਆ ਸੀ ਹਿਕਮਤ ਦੀਆਂ ਜੜ੍ਹਾਂ ਮੁੱਢੋਂ,
ਬਣਿਆ ਹੋਇਆ ਪਰ ਸਾਕ ਲੁਕਮਾਨ ਦਾ ਸੀ ।
ਪਿੱਛੇ ਤਿੱਬ ਦੇ ਭੌਂਦਾ ਸੀ ਡਾਂਗ ਲੈ ਕੇ,
ਪਿੰਡਾਂ ਵਿਚ ਹਕੀਮ ਪਰ ਸ਼ਾਨ ਦਾ ਸੀ ।
ਨੁਸਖ਼ਾ ਓਹਦਾ ਸੀ ਜਮਾਂ ਦਾ ਹੁਕਮ ਨਾਮਾ,
ਆਪੀ ਰੂਪ ਉਹ ਕਾਲ ਭਗਵਾਨ ਦਾ ਸੀ ।
ਉਹਨੂੰ ਖਾਣ ਹੰਡਾਣ ਦਾ ਸ਼ੌਕ ਨਹੀਂ ਸੀ,
ਉਹਨੂੰ ਸ਼ੌਕ ਮਨੁੱਖ ਫਟਕਾਨ ਦਾ ਸੀ ।

ਗੋਲੀ ਜਿਦ੍ਹੇ ਅੰਦਰ ਉਹਦੀ ਲੰਘ ਗਈ ਏ,
ਸਮਝੋ ਗੋਲੀ ਬੰਦੂਕ ਚੋਂ ਛੁੱਟ ਗਈ ਏ ।
ਉਹਦੇ ਕੋਲ ਮਰੀਜ਼ ਉਹ ਆ ਗਿਆ ਏ,
ਜਿਦ੍ਹੀ ਧੁਰੋਂ ਦਰਗਾਹ ਚੋਂ ਟੁੱਟ ਗਈ ਏ ।

ਦਾਰੂ ਘੋਟਵਾਂ ਨਿਰਾ ਹਕੀਮ ਨਹੀਂ ਸੀ,
ਚੀਰ ਫਾੜ ਦਾ ਸ਼ੌਕ ਭੀ ਰੱਖਦਾ ਸੀ ।
ਫੋੜਾ, ਫਿਮਣੀ, ਫੱਟ, ਹਝੀਰ, ਗਿੱਲੜ੍ਹ,
ਸਭ ਦਾ ਖੂਨ ਉਹਦਾ ਨਸ਼ਤਰ ਚੱਖਦਾ ਸੀ ।
ਕੁਝ ਓਹ ਧਾਗੇ ਤਾਵੀਜ਼ ਭੀ ਜਾਣਦਾ ਸੀ,
ਡਾਕਦਾਰ ਉਹ ਚੋਣਵਾਂ ਅੱਖ ਦਾ ਸੀ ।
ਕਾਰੀਗਰ ਸੀ ਟੁਟੀਆਂ ਹੱਡੀਆਂ ਦਾ,
ਸੱਪ, ਠੂੰਹੇਂ ਦਾ ਮਾਂਦਰੀ ਲੱਖ ਦਾ ਸੀ ।

ਪੀੜ ਮੂੰਹ ਦੀ ਨੱਸਦੀ ਵੇਖ ਏਹਨੂੰ,
ਸਣੇ ਬਾਚੀ ਦੇ ਦਾੜ ਉਖੇੜਦਾ ਸੀ ।
ਖਾਣ ਪੀਣ ਦੀ ਖੇਚਲ ਗਵਾ ਦੇਂਦਾ,
ਝਗੜੇ ਦੰਦਾਂ ਦੇ 'ਜੇਹੇ ਨਬੇੜਦਾ ਸੀ ।

ਐਣਕ ਬਾਝ ਨਹੀਂ ਸੀ ਉਹਨੂੰ ਰਾਹ ਲੱਭਦਾ,
(ਪਰ) ਸੁਰਮਾਂ ਵਿਕ ਰਿਹਾ ਸੀ 'ਐਣਕ ਤੋੜ' ਓਹਦਾ ।
ਘਰ ਦੀ ਓਹਦੀ ਮਰੋੜਾਂ ਦੇ ਨਾਲ ਮਰ ਗਈ,
ਪਰ ਮਸ਼ਹੂਰ, ਸੀ 'ਸ਼ਰਬਤ ਮਰੋੜ' ਓਹਦਾ ।
ਲਗੀ ਰਹਿੰਦੀ ਸੀ ਜੋੜਾਂ ਦੀ ਪੀੜ ਉਹਨੂੰ,
ਪਰ ਸੀ ਲੇਪ ਚੰਗਾ 'ਹੱਡੀ ਜੋੜ' ਓਹਦਾ ।
ਨਿਕੇ ਹੁੰਦੇ ਤੋਂ ਆਪ ਅਫ਼ੀਮ ਖਾਂਦੈ,
ਨੁਸਖਾ ਚੱਲਦਾ ਸੀ 'ਨਸ਼ਾ ਛੋੜ' ਓਹਦਾ ।

'ਜੇ ਮੈਂ ਪੁਛਿਆ ਤੁਸੀਂ ਹਕੀਮ ਹੋ ਜੀ ?
ਅਗੋਂ ਹੱਸ ਕੇ ਓਸ ਫ਼ਰਮਾਇਆ ਏ ।
'ਜੇ ਨਹੀਂ ਅਸੀਂ ਹਕੀਮ ਤੇ ਪਿਓ ਤੇਰੇ,
ਕਬਰਸਤਾਨ ਓਹ ਨਵਾਂ ਬਣਵਾਇਆ ਏ ।'

ਕਹਿੰਦਾ ਹੁੰਦਾ ਸੀ ਜੀਂਵਦਾ ਰਖਿਆ ਏ,
ਜੱਗ ਉੱਤੇ ਲੁਕਮਾਨ ਭਰਾ ਨੂੰ ਮੈਂ……
ਪੜ੍ਹ ਪੜ੍ਹ "ਰੋਗ ਪ੍ਰਬੋਧ" ਮੈਂ ਰੋਗ ਕੱਟੇ,
ਫਾਇਦਾ ਬਖਸ਼ਿਆ ਖਲਕ ਖ਼ੁਦਾ ਨੂੰ ਮੈਂ ।
"ਤਿੱਬ ਅਕਬਰੀ" ਰਗੜ ਕੇ ਪੀ ਛੱਡੀ,
ਬੜਾ ਘੋਟਿਆ "ਦਾਰੂਲ ਸ਼ਫ਼ਾ" ਨੂੰ ਮੈਂ ।
ਪੁਣਿਆ "ਖ਼ੈਰੁਲ ਬਸ਼ਰ' ਨੂੰ ਵਾਂਗ ਪਾਣੀ,
ਚੰਗਾ ਦੁੰਦਿਆ "ਅਲ ਹੁਕਮਾ" ਨੂੰ ਮੈਂ ।

ਹੋਇਆ ਕੀ ਜੇ ਚੰਦ ਮਰੀਜ਼ ਮਰ ਗਏ ?
ਲਿਖੀ ਹੋਈ ਨੂੰ ਕੋਈ ਨਹੀਂ ਮਿਟਾ ਸਕਦਾ ।
ਨਾਲੇ ਸੌ ਮਰੀਜ਼ ਨਾ ਮਰਨ ਜਿਸ ਤੋਂ,
ਉਹ ਨਹੀਂ ਪੂਰਾ ਹਕੀਮ ਅਖਵਾ ਸਕਦਾ ।

ਬੁੱਧੂ ਜੱਟ ਦੀ ਮਾਂ ਬੀਮਾਰ ਹੋ ਗਈ,
ਕਿਸਮਤ ਮਾਰਿਆ ਏਹਨੂੰ ਬੁਲਾ ਬੈਠਾ ।
ਲੈਣੇ ਪੰਝੀ ਰੁਪਈਏ ਤੇ ਇੱਕ ਜੋੜਾ,
ਉਹਦੇ ਨਾਲ ਇਹ ਪੱਕ ਪੱਕਾ ਬੈਠਾ ।
ਰੂਪ ਧਾਰ ਕੇ ਕਾਲ ਭਗਵਾਨ ਜੀ ਦਾ,
ਜਦੋਂ ਉਹਦੇ ਸਰ੍ਹਾਨੇ ਇਹ ਜਾ ਬੈਠਾ ।
ਮਾਂ ਸਮਝਿਆ ਮੁੱਕਿਆ ਅੰਨ ਪਾਣੀ,
ਮੇਰੀ ਜਾਨ ਦਾ ਲਾਗੂ ਇਹ ਆ ਬੈਠਾ ।

ਛਾਈ ਮੁਰਦਨੀ ਤੇ ਲਿਆ ਸਾਹ ਠੰਢਾ,
ਜ਼ਿਗਰਾ ਉਸਦਾ ਵੇਂਹਦਿਆਂ ਡੋਲ ਗਿਆ ।
ਪਹਿਲੀ ਪੁੜੀ ਹਕੀਮ ਨੇ ਜਦੋਂ ਦਿਤੀ,
ਝਟ ਸ਼ੋਹਦੀ ਦਾ ਘੁੰਗਰੂ ਬੋਲ ਗਿਆ ।

ਬੁਧੂ ਜੱਟ ਨੇ ਆਣ ਕੇ ਢਾਹ ਮਾਰੀ,
ਨਾਲੇ ਵੈਦ ਨੂੰ ਉਸ ਲਲਕਾਰਿਆ ਏ ।
ਰੌਲਾ ਪੈ ਗਿਆ ਤੇ ਹੋਈ ਪਰ੍ਹਾ ਕੱਠੀ,
ਇਸ ਨੇ ਬੁੱਧੂ ਦੀ ਮਾਂ ਨੂੰ ਮਾਰਿਆ ਏ ।
ਹੋਇਆ ਫੈਸਲਾ ਕਬਰ ਪੁਟਵਾਓ ਇਸ ਤੋਂ,
ਇਸ ਨੇ ਬੜਾ ਹੀ ਕਹਿਰ ਗੁਜ਼ਾਰਿਆ ਏ ।
ਰੋ ਧੋ ਕੇ ਕਬਰ ਤੇ ਪੁੱਟ ਆਇਆ,
ਓਸ ਦਿਨ ਤੋਂ ਓਸ ਪਰ ਧਾਰਿਆ ਏ ।

ਨਬਜ਼ ਫੜਨ ਲੱਗਾ ਪਹਿਲਾਂ ਆਖ ਲੈਂਦਾ,
'ਇਹ ਗੱਲ ਮੈਂ ਫੇਰ ਤੇ ਸੁੱਟਣੀ ਨਹੀਂ ।
ਮਰਜ਼ੀ ਨਾਲ ਇਲਾਜ ਕਰਵਾਉ ਮੈਥੋਂ,
ਐਪਰ ਕਬਰ ਮੈਂ ਕਿਸੇ ਦੀ ਪੁੱਟਣੀ ਨਹੀਂ ।'

ਚਾੜ੍ਹ ਚਾੜ੍ਹ ਕੇ ਹਿਕਮਤ ਦੀਆਂ ਬੇੜੀਆਂ ਤੇ,
ਖ਼ਾਨਦਾਨ ਦਿੱਤੇ ਕਈ ਬੋੜ ਇਸ ਨੇ ।
ਨਾਲ ਦਾਤਰੀ ਵਾਢਵੇਂ ਨੁਸਖਿਆਂ ਦੇ,
ਦਿਤੇ ਟਹਿਕਦੇ ਫੁਲ ਮਰੋੜ ਇਸ ਨੇ ।
ਏਹਦੀ ਜਾਨ ਨੂੰ ਰੋਣ ਯਤੀਮ ਲੱਖਾਂ,
ਵਿਧਵਾ ਕੀਤੀਆਂ ਕਈ ਕਰੋੜ ਇਸ ਨੇ ।
ਏਹਦੀ ਸ਼ੀਸ਼ੀਆਂ ਦੇ ਅੰਦਰ ਮੌਤ ਡੱਕੀ,
ਪਾਈ ਜ਼ਿੰਦਗੀ ਨਾਲ ਅਣਜੋੜ ਇਸ ਨੇ ।

ਲੋਕੀ ਸਿਹਤ ਦੀ ਦੇਵੀ ਨੂੰ ਪੂਜਦੇ ਨੇ,
ਪਰ ਇਹ ਕਾਲ ਦੇ ਰਾਖ਼ਸ਼ ਨੂੰ ਸੇਂਵਦਾ ਏ ।
ਜਦੋਂ ਕਿਸੇ ਮਰੀਜ਼ ਦੀ ਜਾਨ ਨਿਕਲੇ,
ਜਾਮੇਂ ਵਿਚ ਕੰਬਖਤ ਨਹੀਂ ਮੇਂਵਦਾ ਏ ।

ਤਰ ਕੇ ਪਾਰ ਸਮੁੰਦਰੋਂ ਹੋਣ ਲੋਕੀ,
ਇਹਦੀ ਬੇੜੀ ਤੋਂ ਲੰਘਿਆ ਪਾਰ ਕੋਈ ਨਹੀਂ ।
ਗੋਲੇ ਤੋਪ ਦੇ ਖਾ ਕੇ ਬਚੇ ਲੱਖਾਂ,
ਇਹਦੀ ਗੋਲੀ ਦਾ ਬਚਿਆ ਸ਼ਿਕਾਰ ਕੋਈ ਨਹੀਂ ।
ਇਹਦੇ ਦਾਰੁਲ ਸ਼ਫ਼ਾ ਵਿਚ ਗਿਆ ਜਿਹੜਾ,
ਓਹ ਫਿਰ ਪਰਤਿਆ ਪਿਛਾਂ ਬੀਮਾਰ ਕੋਈ ਨਹੀਂ ।
ਮੱਛਰ ਮਾਰਨ ਦਿਹਾਤ ਸੁਧਾਰ ਵਾਲੇ,
ਲੈੱਦਾ ਏਸ ਬੀਮਾਰੀ ਦੀ ਸਾਰ ਕੋਈ ਨਹੀਂ ।

ਪੇਂਡੂ ਆਤਮਾ, ਭਾਰ ਇਸ ਮੂਰਖਤਾ ਦਾ,
ਉੱਕਾ ਹੋਰ 'ਕਰਤਾਰ' ਨਹੀਂ ਸਹਿਣ ਲੱਗੀ ।
ਬਚਿਆ ਰਿਹਾ ਜੇ ਇਹ ਤਾਂ ਰੱਬ ਨੂੰ ਭੀ,
ਇਜ਼ਰਾਈਲ ਦੀ ਲੋੜ ਨਹੀਂ ਰਹਿਣ ਲੱਗੀ ।

3. ਸਿਹਤ
(ਪੇਂਡੂ ਤੇ ਸ਼ਹਿਰੀ ਜ਼ਿੰਦਗੀ)

ਕੇਡੀ ਅਕਲ ਵਾਲਾ, ਕੇਡੀ ਸ਼ਕਲ ਵਾਲਾ,
ਜ਼ਿਮੀਂਦਾਰ ਭਾਵੇਂ ਕੋਈ ਲੱਖ ਦਾ ਏ ।
ਸਮਝੋ ਜ਼ਿੰਦਗੀ ਉਹਦੀ ਫਜ਼ੂਲ ਜੇਕਰ,
ਜ਼ੋਰ ਬਦਨ ਦੇ ਵਿੱਚ ਨਹੀਂ ਰੱਖਦਾ ਏ ।
ਜਿਹੜਾ ਦਾਨਿਆਂ ਨੇ ਸੁਖ਼ਨ ਆਖਿਆ ਏ,
ਉਹ ਨਹੀਂ ਆਖਿਆ ਕਿਸੇ ਦੇ ਪੱਖ ਦਾ ਏ ।
ਏਸ ਮੌਤ ਹਯਾਤੀ ਦੀ ਜੰਗ ਅੰਦਰ,
ਸਿਹਤ ਬਿਨਾਂ ਇਨਸਾਨ ਨਹੀਂ ਕੱਖਦਾ ਏ ।

ਕਿਉੱ ਨਾ ਚੁੰਗੀਆਂ ਮਾਰਦੇ ਫਿਰਨ ਆਪੇ,
ਜਿਨ੍ਹਾਂ ਚੁੰਘੀਆਂ ਕਾਲੀਆਂ ਬੂਰੀਆਂ ਨੇ ।
ਮਾਲੀ ਸਾਨ੍ਹ, ਵਾਂਗੂ ਕਿਉਂ ਨਾ ਬਰੇ ਕੱਢਣ,
ਜਿਨ੍ਹਾਂ ਕੁੱਟ ਕੇ ਖਾਧੀਆਂ ਚੂਰੀਆਂ ਨੇ ।

ਐਪਰ ਅਸੀਂ ਤਹਜ਼ੀਬ ਦੇ ਬਣੇ ਮਾਲਕ,
ਪੱਗਾਂ ਬੰਨ੍ਹ੍ਹੀਆਂ ਅਸਾਂ ਉਚੇਰੀਆਂ ਨੇ ।
ਸਾਨੂੰ ਬੋ ਪਰਾਉਂਠੇ ਚੋਂ ਆਂਵਦੀ ਏ,
ਡਬਲ ਰੋਟੀਆਂ ਪਈਆਂ ਬਥੇਰੀਆਂ ਨੇ ।
ਕਦੀ ਦੁੱਧ ਦਾ ਨਹੀਂ ਵਸਾਹ ਖਾਧਾ,
ਭੇਡਾਂ ਮੁੱਢ ਤੋਂ ਲਾਗ ਲਵੇਰੀਆਂ ਨੇ ।
ਬਾਲੇ ਕੁੰਡੀਆਂ ਮਾਰ ਕੇ ਕੱਢਨੇ ਹਾਂ,
ਘਰ ਵਿਚ ਰੱਖੀਆਂ ਅਸਾਂ ਪੰਜ ਸੇਰੀਆਂ ਨੇ ।

ਜੰਟਲਮੈਨ ਹਾਂ ਅਸੀਂ ਮਲੂਕ ਨਾਜ਼ਕ,
ਖਾਣਾ ਅਸਾਂ ਕੀ ਬਾਝ ਪਕੌੜੀਆਂ ਤੋਂ ।
ਭਾਵੇਂ ਮਾਰ ਧੱਪੀ ਦੰਦ ਝਾੜ ਸੁੱਟੇ,
ਕੋਈ ਜਾਨ ਵਾਲਾ ਫੜ ਕੇ ਚੌੜੀਆਂ ਤੋਂ ।

ਅਸੂ ਲੰਘਿਆ, ਗਰਮੀਆਂ ਮਾਤ ਹੋਈਆਂ,
ਸਾਡੇ ਵਾਸਤੇ ਸਰਦੀਆਂ ਆਈਆਂ ਨੇ ।
ਗਰਮ ਕੱਪੜੇ ਝਟ ਤਿਆਰ ਕੀਤੇ,
ਧਾਰੀਵਾਲ ਤੋਂ ਲੋਈਆਂ ਮੰਗਾਈਆਂ ਨੇ ।
ਮਿਹੜ ਪਾ ਸੁੱਟੇ ਕੰਬਲ ਨਮਦਿਆਂ ਦੇ,
ਰਾਤੀਂ ਕੱਢੀਆਂ ਗਰਮ ਰਜਾਈਆਂ ਨੇ ।
ਖਾਣ ਲਈ ਅੰਡੇ, ਚਾਹ, ਕੇਕ, ਬਿਸਕੁਟ,
ਡਬਲ ਰੋਟੀਆਂ ਨਾਲ ਖ਼ਤਾਈਆਂ ਨੇ ।

ਕੋਲੇ ਗਰਮ ਕਰਵਾ ਕੇ ਸੁਬ੍ਹਾ ਵੇਲੇ,
ਗਿਰਦੇ ਹੋ ਬਹਿਣਾ ਵੱਡੇ ਨਿਕਿਆਂ ਨੇ ।
ਹੱਥ ਪੈਰ ਪਾਲੇ ਤਾਂ ਬੀ ਸੁੰਨ ਕੀਤੇ,
ਬੁਰਾ ਹਾਲ ਕੀਤਾ ਦੰਦੋੜਿਕਿਆਂ ਨੇ ।

ਓਧਰ ਨਜ਼ਰ ਕਰਨਾ, ਜਿੰਦ ਜਾਨ ਵਾਲੇ,
ਜ਼ਰਾ ਸਰਦੀਆਂ ਕਿਵੇਂ ਬਿਤਾਂਵਦੇ ਨੇ ।
ਲਾਂਗੜ ਲੱਕ ਤੇ ਭੂਰੇ ਦੀ ਝੁੰਬ ਉਤੇ,
ਅੱਧੀ ਰਾਤ ਦੇ ਹਲਾਂ ਨੂੰ ਜਾਂਵਦੇ ਨੇ ।
ਭਾਵੇਂ ਮੀਂਹ ਵੱਸੇ ਭਾਵੇਂ 'ਵਾ ਵੱਗੇ,
ਕਦੇ ਕੋਟ ਪਤਲੂਨ ਨਹੀਂ ਪਾਂਵਦੇ ਨੇ ।
ਕੱਕਰ 'ਵਾ ਤਰੇਲ ਦੇ ਵਿੱਚ ਬਹਿ ਕੇ,
ਅੱਗੇ ਪਾਣੀ ਦੇ ਰਾਤਾਂ ਲੰਘਾਂਵਦੇ ਨੇ ।

ਜਿਸ ਦਿਨ ਜਾਣਦੇ ਨੇ ਅਜ ਸੀਤ ਡਾਢਾ,
ਗੁੜ ਦਾ ਡੱਕਰਾ ਕੱਢ ਕੇ ਖਾ ਲੈਂਦੇ ।
ਸਰਦੀ ਪੋਹ ਤੇ ਮਾਘ ਦੀ ਕਹਿਰ ਵਾਲੀ,
ਹੱਸ ਖੇਡ ਕੇ ਐਵੇਂ ਲੰਘਾ ਲੈਂਦੇ ।

ਸਾਡੇ ਬੱਚਿਆਂ ਦਾ ਜ਼ਰਾ ਹਾਲ ਵੇਖੋ,
ਬੱਚਾ ਕਾਹਦਾ ਏ ਮੁੱਠ ਕੂ ਹੱਡੀਆਂ ਨੇ ।
ਜਮਦੇ ਨਾਲ ਰੋਗਾਂ ਜਿਹੀ ਪਰੀਤ ਲਾਈ,
ਸਾਰੀ ਉਮਰ ਨਾ ਯਾਰੀਆਂ ਛੱਡੀਆਂ ਨੇ ।
ਅੱਜ ਮੁੰਡੇ ਨੂੰ ਭਾਰ ਦੀ ਕਸਰ ਹੋ ਗਈ,
ਅੱਜ ਨੀਂਗਰ ਨੇ ਦੰਦੀਂਆਂ ਕੱਢੀਆਂ ਨੇ ।
ਲੱਗ ਜਾਏ ਹਵਾ ਵੀ ਵਧ ਜੇਕਰ,
ਕਾਕੇ ਹੁਰਾਂ ਨੇ ਅੱਖੀਆਂ ਅੱਡੀਆਂ ਨੇ ।

ਪਾਸਾ ਪਰਤਿਆਂ ਧੌਣ ਨੂੰ ਵਲ ਪੈਂਦੇ,
ਏਹੋ ਜਿਹਾਂ ਪੰਡਾਂ ਕਿਥੋਂ ਢੋਣੀਆਂ ਨੇ ।
ਜਿਨ੍ਹਾਂ ਬਾਲ ਅੰਮ੍ਰਿਤ ਪੀਤੇ ਡੋਂਗਰੇ ਦੇ,
ਛੇਕੜ ਠੀਕ ਓਹਨਾਂ 'ਖੋਹਣਾ ਖੋਹਣੀਆਂ' ਨੇ ।

ਓਧਰ ਉਨ੍ਹਾਂ ਜਵਾਨਾਂ ਦੇ ਪੁੱਤ ਵੇਖੋ,
ਜਿਹੜੇ ਜੰਮਦਿਆਂ ਥਾਪੀਆਂ ਮਾਰਦੇ ਨੇ ।
ਅਜੇ ਸਿੱਖ ਦੇ ਟੁਰਨ ਦੀ ਜਾਚ ਪਿੱਛੋਂ,
ਸਾਡੇ ਜਿਹਾਂ ਨੂੰ ਪਹਿਲਾਂ ਵੰਗਾਰਦੇ ਨੇ ।
ਨਿਰੀ 'ਲਾਲੇ' ਦੀ ਪੱਗ ਨਹੀਂ ਲਾਹੁਣ ਜੋਗੇ,
ਕੋਲੋਂ ਕੰਮ ਵੀ ਲੱਖ ਸਵਾਰਦੇ ਨੇ ।
ਭੱਤੇ ਢੋਂਵਦੇ ਨੇ, ਪੱਠੇ ਪੁੱਟਦੇ ਨੇ,
ਪਾਣੀ ਡਾਂਹਵਦੇ ਤੇ ਡੰਗਰ ਚਾਰਦੇ ਨੇ ।

ਕੱਚੇ ਗੋਂਗਲੂ, ਗਾਹਕੜਾਂ, ਸਾਗ, ਰੇਂਡੇ,
ਸੱਚੀਂ ਵਾਂਗ ਰਿਉੜੀਆਂ ਚੱਬਦੇ ਨੇ ।
ਕਰਦੇ ਹਜ਼ਮ ਨੇ ਮੂੰਗੀ ਦੀ ਦਾਲ ਵਾਂਗੂੰ,
ਸਾਡੇ ਵਾਂਗ 'ਉਹ ਬੀ ਬੰਦੇ ਰੱਬ ਦੇ ਨੇ' ।

ਸਾਨੂੰ ਰਾਤ ਨੂੰ ਕਦੇ ਪੇਸ਼ਾਬ ਆਵੇ,
ਅਸੀਂ ਲੱਖ ਦਲੀਲ ਦੌੜਾਂਵਦੇ ਹਾਂ ।
ਪਹਿਲਾਂ ਢੂੰਡਦੇ ਹਾਂ ਮਾਚਸ ਨਾਲ ਧੀਰਜ,
ਲਾਲਟੈਨ ਨੂੰ ਫਰ ਜਗਾਂਵਦੇ ਹਾਂ ।
ਪੰਜ ਸੱਤ ਵਾਰੀ ਉੱਚੀ ਖੰਘ ਕੇ ਤੇ,
ਕੋਲੋਂ ਸੁੱਤਿਆਂ ਤਾਈਂ ਜਗਾਂਵਦੇ ਹਾਂ ।
ਫੜ ਕੇ ਡਾਂਗ, ਪੂਰਾ ਇੰਤਜ਼ਾਮ ਕਰ ਕੇ,
ਅਸੀਂ ਫੇਰ ਪੇਸ਼ਾਬ ਨੂੰ ਜਾਂਵਦੇ ਹਾਂ ।

ਜੇਕਰ ਚੂਹਾ ਵੀ ਕਦੇ ਖੜਕਾਏ ਭਾਂਡਾ,
ਸਾਹ ਮੁਰਦਿਆਂ ਵਾਂਗ ਬਣਾਈ ਦਾ ਏ ।
ਪਾ ਕੇ ਝੱਟ ਸਰ੍ਹਾਣੇ ਦੇ ਵਿਚ ਲੱਤਾਂ,
ਚਾਕੂ ਵਾਂਗਰਾਂ ਤਹਿ ਹੋ ਜਾਈਦਾ ਏ ।

ਓਧਰ ਉਹ ਬੀ ਜ਼ਮੀਨ ਤੇ ਵੱਸਦੇ ਨੇ,
ਗਿਣੇ ਜਾਂਦੇ ਨੇ ਉਹ ਬੀ ਇਨਸਾਨਾਂ ਦੇ ਵਿਚ ।
ਰਾਤਾਂ ਕਾਲੀਆਂ ਬੋਲੀਆਂ ਕੱਟਦੇ ਨੇ,
ਜਿਹੜੇ ਬੈਠ ਕੇ ਤੇ ਬੀਆਬਾਨਾਂ ਦੇ ਵਿਚ ।
ਸੱਪ, ਸ਼ੀਂਹ, ਬਘਿਆੜ ਤੇ ਇਕ ਪਾਸੇ,
ਥਰ ਥਰ ਕੰਬਦੇ ਭੂਤ ਮਸਾਨਾਂ ਦੇ ਵਿਚ ।
ਚੋਰ, ਡਾਕੂ ਦੀ ਜਾਹ ਕੀ ਕੋਲ ਆਵੇ,
ਧੱਮਾਂ ਓਹਨਾਂ ਦਾ ਸੱਤਾਂ ਅਸਮਾਨਾਂ ਦੇ ਵਿਚ ।

ਜੇਕਰ ਸਹੁਰਿਆਂ ਦੇ ਕਦੇ ਜਾਨ ਲੱਗਣ,
ਛਾਵੇਂ ਤਾਰਿਆਂ ਦੀ ਪੈਂਦੇ ਪੰਧ ਅੰਦਰ ।
ਦੱਥਾ ਗੰਨਿਆਂ ਦਾ ਕੱਛੇ ਮਾਰ ਲੈਂਦੇ,
ਜਾਂਦੇ ਚੂਪਦੇ ਬੜੇ ਅਨੰਦ ਅੰਦਰ ।

ਜ਼ਰਾ ਅਸਾਂ ਦੇ ਸ਼ੌਕ ਤੇ ਸ਼ੁਗਲ ਵੇਖੋ,
ਕਿਵੇਂ ਵਿਹਲਿਆਂ ਵਕਤ ਟਪਾਵਨੇ ਹਾਂ ।
ਜੋੜਾ ਲੈ ਲਿਆ ਕਿਤੋਂ ਕਬੂਤਰਾਂ ਦਾ,
ਕਿਤੇ ਝਾਂਜਰਾਂ ਉਹਨਾਂ ਨੂੰ ਪਾਵਨੇ ਹਾਂ ।
ਡੋਰ ਵੱਟ ਕੇ ਸ਼ੀਸ਼ੇ ਦੀ ਚੱਸ ਦੇ ਕੇ,
ਕਿਤੇ ਗੁੱਡੀ ਦੇ ਪੇਚ ਲੜਾਵਨੇ ਹਾਂ ।
ਕੁੰਡੀ ਮੱਛੀਆਂ ਫੜਨ ਦੀ ਟੋਲਨੇ ਹਾਂ,
ਕਿਤੇ ਕੁੱਕੜ ਦਾ ਖੁੱਡਾ ਬਣਾਵਨੇ ਹਾਂ ।

ਕੋਲੋਂ ਮਾਂ, ਪਿਓ ਦਾ ਕੋਈ ਕੰਮ ਕਰੀਏ,
ਏਨੀ ਹੱਥਾਂ ਤੇ ਪੈਰਾਂ ਵਿੱਚ ਸ਼ਕਤ ਹੀ ਨਹੀਂ ।
ਜੇਕਰ ਦੱਸ ਵੀ ਬਹਿਨ ਤਾਂ ਆਖਨੇ ਹਾਂ,
ਸਾਡੇ ਪਾਸ ਸਾਹਿਬ ਏਨਾਂ ਵਕਤ ਹੀ ਨਹੀਂ ।

ਜੇਕਰ ਜੱਟਾਂ ਦੇ ਪੁੱਤਾਂ ਨੂੰ ਵਿਹਲ ਲੱਗੇ,
ਕੌਡੀ ਵਾਸਤੇ ਢੋਲ ਵਜਾਂਵਦੇ ਨੇ ।
ਪਿੰਡੀਂ ਘੱਲ ਕੇ ਨਾਈਆਂਂ, ਮਰਾਸੀਆਂ ਨੂੰ,
ਚੰਗੇ ਗਭਰੂਆਂ ਤਾਈਂ ਮੰਗਾਂਵਦੇ ਨੇ ।
ਰੱਸਾ ਖਿੱਚਦੇ ਨੇ, ਛਾਲਾਂ ਮਾਰਦੇ ਨੇ,
ਬੁੱਗਦਰ ਫੇਰਦੇ ਤੇ ਮਿੱਟੀ ਪਾਂਵਦੇ ਨੇ ।
ਸ਼ਾਮਾਂ ਡਾਂਗ ਨੂੰ ਕਿਤੇ ਚੜ੍ਹਾਂਵਦੇ ਨੇ,
ਕਿਤੇ ਮੁੰਗਲੀਂ ਨੂੰ ਕੋਕੇ ਲਾਂਵਦੇ ਨੇ ।

ਜੇਕਰ ਓਹਨਾਂ 'ਚੋਂ ਕੋਈ ਬੀਮਾਰ ਹੋਵੇ,
ਓਹਨੂੰ ਆਖਦੇ ਨੇ ਧੂਫ ਕੱਢ ਬਹਿ ਕੇ ।
ਜੇਕਰ ਹੋਰ ਤੂੰ ਕੱਖ ਨਹੀਂ ਕਰਨ ਜੋਗਾ,
ਥੱਬਾ ਪੱਠਿਆਂ ਦਾ ਖੂਹ ਤੇ ਵੱਢ ਬਹਿ ਕੇ ।

ਸਾਨੂੰ ਜ਼ਰਾ ਕੁ ਕਦੇ ਜ਼ੁਕਾਮ ਲੱਗੇ,
ਡਾਕਦਾਰ ਨੂੰ ਝੱਟ ਬੁਲਾਉਣੇ ਹਾਂ ।
ਕਾਟ ਪਾ ਕੇ ਸਾਕ ਸਰਬੰਧੀਆਂ ਨੂੰ,
ਦਰਸ਼ਨ ਵਾਸਤੇ, 'ਵਾਸਤੇ' ਪਾਉਣੇ ਹਾਂ ।
ਮੰਜੀ ਵਿਹੜੇ ਦੇ ਵਿਚ ਡਵ੍ਹਾ ਕੇ ਤੇ,
ਸਾਰੇ ਟੱਬਰ ਤੇ ਰੁਅਬ ਜਮਾਉਣੇ ਹਾਂ ।
ਸੁਰਤ ਲੈਣ ਜਿਹੜਾ ਘੜੀ ਨਾ ਆਵੇ,
ਤਾਨ੍ਹੇ ਓਸ ਨੂੰ ਸੌ ਸੌ ਸੁਨਾਓਣੇ ਹਾਂ ।

ਅੱਖੀਂ ਵੇਖ ਕੇ ਦੁੱਧ, ਬੀਮਾਰ ਸਾਡਾ,
ਬੁਰਾ ਨੱਕ ਤੇ ਮੂੰਹ ਚੜ੍ਹਾਉਂਦਾ ਏ ।
'ਬੇਬੇ ਦੁੱਧ ਘਿਓ ਨੂੰ ਲਾ ਤੀਲੀ,
ਮੇਰਾ ਜੀਅ ਸਲੂਣੇ ਨੂੰ ਚਾਹੁੰਦਾ ਏ ।'

ਮੁੱਦਾ: ਗੱਲ ਕਾਹਦੀ, ਜੋਰਾਵਰਾਂ ਕੋਲੋਂ,
ਸਾਰੇ ਦੁੱਖ ਤੇ ਰੋਗ ਭੀ ਨੱਸਦੇ ਨੇ ।
ਛਾਤੀ ਜਿਨ੍ਹਾਂ ਦੀ ਜ਼ੋਰ ਤੇ ਟਿਲ ਬਾਹੀਂ,
ਉਹੋ ਏਸ ਜ਼ਮਾਨੇ ਵਿਚ ਵੱਸਦੇ ਨੇ ।
ਏਥੇ ਮਾੜਿਆਂ ਦੀ ਕਾਦ੍ਹੀ ਜ਼ਿੰਦਗੀ ਏ,
ਤਗੜੇ ਮਾਰਦੇ ਨੇ ਨਾਲੇ ਹੱਸਦੇ ਨੇ ।
ਰਾਖੀ ਅਪਣੀ ਜਿਨ੍ਹਾਂ ਤੋਂ ਨਹੀਂ ਹੁੰਦੀ,
ਉਹ ਇਨਸਾਨ ਦੱਸੋ ਕਾਦ੍ਹੇ ਭੱਸਦੇ ਨੇ ।

ਜਿਨ੍ਹਾਂ ਦੌਲਤਾਂ ਸਾਂਭ ਕੇ ਰੱਖੀਆਂ ਨੇ,
ਅਤੇ ਸਿਹਤਾਂ ਜਿਨ੍ਹਾਂ ਗਵਾਈਆਂ ਨੇ ।
ਓਹ 'ਕਰਤਾਰ' ਜਹਾਨ ਤੋਂ ਮੋਏ ਚੰਗੇ,
ਲੀਕਾਂ ਕੌਮ ਨੂੰ ਉਨ੍ਹਾਂ ਲਵਾਈਆਂ ਨੇ ।

4. ਬੁੱਧੂ ਦਾ ਵਿਆਹ

ਸੱਠ ਵਰ੍ਹੇ ਗੁਜ਼ਾਰ ਕੇ ਜ਼ਿੰਦਗੀ ਦੇ,
'ਬੁਧੂ' ਤਾਈਂ ਵਿਆਹ ਦਾ ਚਾ ਆਇਆ ।
ਬੁੱਧਵਾਨ ਤੇ ਅੱਗੇ ਹੀ ਬੜਾ ਸੀ ਉਹ,
ਚੇਟਕ ਹੋਰ ਪਰ ਨਵੀਂ ਲਵਾ ਆਇਆ ।
ਜਿੱਥੇ ਬਵ੍ਹੇ ਏਹੋ ਕਿੱਸੇ ਛੇੜ ਬਹਿੰਦਾ,
ਖਬਰੇ ਕਿਤੋਂ ਕਮਲਾ ਕਾਂ ਖਾ ਆਇਆ ।
ਭੱਜਾ ਫਿਰੇ ਵਿਆਹ ਦੀ ਭਾਲ ਅੰਦਰ;
ਕਈਆਂ ਥਾਵਾਂ ਤੋਂ ਮੁੰਜ ਕੁਟਾ ਆਇਆ ।

ਜਿਹੜਾ ਮੱਤ ਦੇਵੇ, ਅਗੋਂ ਕਹੇ ਉਹਨੂੰ;
ਤੇਰੀ ਮਰਜ਼ੀ ਏ ਰੁਲਦਾ ਹੀ ਮਰ ਜਾਵਾਂ ।
'ਜਾਇਦਾਦ ਸਾਰੀ ਸਾਂਭ ਸਿਕਰ ਕੇ ਤੇ,
ਜਾਂਦਾ ਹੋਇਆ ਸ਼ਰੀਕਾਂ ਲਈ ਧਰ ਜਾਵਾਂ ।'

ਇਕ ਦਿਨ ਕੋਲ ਬਿਠਾ ਕੇ ਕਹਿਆ ਮੈਂ ਭੀ,
'ਬੁੱਢੇ ਵਾਰੇ ਕੀ ਗਈ ਏ ਵੱਗ ਤੈਨੂੰ ?
ਮਰਨ ਵੇਲੇ ਜਵਾਨੀ ਏਂ ਚੜ੍ਹਨ ਲਗਾ,
ਲਗ ਗਈ ਵਿਆਹ ਦੀ ਅੱਗ ਤੈਨੂੰ ।
ਸਿਰ ਕੰਬਦਾ ਈ ਪੈਰ ਥਿੜਕਦੇ ਨੀਂ,
ਗਈ ਨਵੀਂ ਬੀਮਾਰੀ ਇਹ ਲੱਗ ਤੈਨੂੰ ।
ਤੇਰੇ ਮੂੰਹ ਦੇ ਵਿਚ ਤੇ ਦੰਦ ਭੀ ਨਹੀਂ,
ਘੱਟਾ ਕਮਲਿਆ ਪਾਂਦਾ ਏ ਜੱਗ ਤੈਨੂੰ ।

'ਤੈਥੋਂ ਗਾਂ ਦੇ ਪੱਠੇ ਭੀ ਪੁੱਜਦੇ ਨਹੀਂ,
ਬਾਲ ਬਚੇ ਨੂੰ ਕਿੱਥੋਂ ਖਵਾਏਂਗਾ ਤੂੰ ?
ਤੇਰੀ ਕੰਧਾਂ ਦੇ ਨਾਲ ਭੀ ਨਿੱਭਦੀ ਨਹੀਂ,
ਵਹੁਟੀ ਨਾਲ ਪਰ ਕਿਵੇ ਨਿਭਾਏਂਗਾ ਤੂੰ ?

ਤੇਰਾ ਘਰ ਪਹਿਲਾਂ ਚੋਣ ਲੱਗ ਪੈਂਦੈ,
ਅਜੇ ਬੱਦਲ ਵਿਚਾਰਾ ਭੀ ਗੱਜਦਾ ਨਹੀਂ ।
ਗੱਲ ਹੋਰ ਤੇ ਰਹਿ ਗਈ ਇਕ ਪਾਸੇ,
ਤੇਰੇ ਅੰਦਰ ਤੇ ਜੁੱਲਾ ਭੀ ਚੱਜਦਾ ਨਹੀਂ ।
ਤੇਰੀ ਚੁਲ੍ਹ ਅੰਦਰ ਘਾਹ ਉੱਗਿਆ ਏ,
ਤੇਰੇ ਅੰਦਰੋਂ ਚੂਹਾ ਭੀ ਰੱਜਦਾ ਨਹੀਂ ।
ਲੱਕ ਸਾਫ਼ਾ ਏ ਹਾੜ ਸਿਆਲ ਤੇਰੇ,
ਨਿੱਘਰ ਜਾਨਿਆਂ ਗੋਡੇ ਭੀ ਕੱਜਦਾ ਨਹੀਂ ।

ਹੁੰਦੀ ਪੰਡ ਵਿਆਹ ਦੀ ਬੜੀ ਭਾਰੀ,
ਕਿਤੇ ਮੂਰਖਾ ਧੌਣ ਭਨਾ ਬਹੇਂਗਾ ।
ਚਾਰ ਕੌਡੀਆਂ ਸਾਂਭ ਕੇ ਰੱਖੀਆਂ ਨੀ,
ਅੱਡੇ ਲੱਗ ਕੇ ਕਿਤੇ ਗਵਾ ਬਹੇਂਗਾ ।'

ਬੁੱਧੂ ਬੋਲਿਆ ਮੁੱਛਾਂ ਨੂੰ ਵੱਟ ਦੇ ਕੇ,
'ਜਿਹਾ ਨਿੱਘਰਿਆ ਹੋਇਆ ਕੋਈ ਜੱਟ ਨਹੀਂ ਮੈਂ ।
ਜ਼ਿਮੀਂ ਯਾਰਾਂ ਕਨਾਲਾਂ ਤੇ ਸਤ ਮਰਲੇ,
ਆਪਣੇ ਕਿਸੇ ਸ਼ਰੀਕ ਤੋਂ ਘਟ ਨਹੀਂ ਮੈਂ ।
ਖਾਨਦਾਨ ਸਾਡਾ ਦੁਨੀਆ ਜਾਣਦੀ ਏ,
ਕੋਈ ਡੂਮ, ਜੁਲਾਹ ਜਾਂ ਭੱਟ ਨਹੀਂ ਮੈਂ ।
ਚਾਰ ਛਿੱਲੜਾਂ ਵੀ ਕੋਲ ਹੈਨ ਮੇਰੇ,
ਨਿਰਾ ਪੁਰਾ ਕੋਈ ਚੌੜ ਚੁਪੱਟ ਨਹੀਂ ਮੈਂ ।

ਇਕ ਵਾਰ ਤੇ ਕੁਲ ਬਰਾਦਰੀ ਨੂੰ,
ਕਰ ਕੇ ਨਵਾਂ ਵਿਆਹ ਵਿਖਾ ਦਿਆਂਗਾ ।
ਜਿਹੀ ਬਣੇਗੀ ਪਿਛੋਂ ਸੰਭਾਲ ਲਾਂਗਾ,
ਇਕ ਵਾਰ ਪਰ ਮਿਹਣਾਂ ਗਵਾ ਦਿਆਂਗਾ ।'

ਮੁੰਡਿਆਂ ਪਿੰਡਦਿਆਂ ਰਲ ਕੇ ਸਲਾਹ ਕੀਤੀ,
ਕਿਤੋਂ ਬੁਧੂ ਨੂੰ ਸਾਕ ਲਿਆ ਦੇਈਏ ।
ਨਾਲੇ ਆਪ ਵਿਚੋਂ ਹੱਥ ਰੰਗ ਲਈਏ,
ਨਾਲੇ ਪਿੰਡ ਨੂੰ ਸ਼ੁਗਲ ਵਖਾ ਦੇਈਏ ।
ਕਿਸੇ ਓਪਰੇ ਬੰਦੇ ਨੂੰ ਵਿਚ ਲੈ ਕੇ,
ਪੜਦਾ ਬੁਧੂ ਦੀ ਬੁਧ ਤੇ, ਪਾ ਦੇਈਏ ।
ਧਰ ਕੇ ਖੋਟਾ ਰੁਪਈਆ ਇਕ ਤਲੀ ਉਤੇ,
ਚਲੋ ਅਜ ਹੀ ਵਾਜਾ ਵਜਾ ਦੇਈਏ ।

ਜਾ ਕੇ ਬੁਧੂ ਦੇ ਕੋਲ ਓਹ ਕਹਿਣ ਲਗੇ,
'ਤੇਰਾ ਕੰਮ ਤੇ ਚਾਚਾ ਬਣਾ ਦਿਆਂਗੇ ।
ਸਤ ਸੌ ਰੁਪਈਆ ਤੇ ਲੱਗ ਜਾਸੀ,
ਐਪਰ ਸਾਕ ਜਵਾਨ ਲਿਆ ਦਿਆਂਗੇ ।'

ਪੰਜ ਸੌ ਰੁਪਈਏ ਦੀ ਸਾਈ ਲੈ ਕੇ,
ਬੁੱਧੂ ਤਾਈਂ ਛੁਹਾਰਾ ਲਗਾਣ ਲੱਗੇ ।
ਤੇਲ ਬੁੱਧੂ ਦੇ ਬੂਹੇ ਤੇ ਚੋ ਕੇ ਤੇ,
ਤੇਲ ਓਦ੍ਹੀਆਂ ਜੜ੍ਹਾਂ 'ਚਿ ਪਾਣ ਲੱਗੇ ।
ਸਾਹਾ ਮਿੱਥ ਕੇ ਪਾਂਧੇ ਦੀ ਪੱਤਰੀ ਤੋਂ,
ਲੀੜਾ ਕਪੜਾ ਫੇਰ ਸਵਾਣ ਲੱਗੇ ।
ਦਾੜ੍ਹੀ ਬੁੱਧੂ ਦੀ ਚਿੱਟੀ ਸੀ ਦੁੱਧ ਵਾਂਗੂੰ,
ਵਿਚ ਵਸਮਿਆਂ ਦਾ ਘੱਟਾ ਪਾਣ ਲੱਗੇ ।

ਕੀਤਾ ਕਾਲਿਆਂ ਦਾੜ੍ਹੀ ਨੂੰ ਡਿੰਝ ਲਾਹ ਕੇ,
ਨ੍ਹਾ ਧੋ ਕੇ ਫੇਰ ਸਫਾਈ ਕੀਤੀ ।
ਸਿਹਰਾ ਬੰਨ੍ਹ ਕੇ ਸ਼ਗਨਾਂ ਦਾ ਸਿਰ ਉੱਤੇ,
ਲੌ ਜੀ ਬੁੱਧੂ ਦੀ ਜੰਞ ਚੜ੍ਹਾਈ ਕੀਤੀ ।

ਘੋੜਾ ਅੱਥਰਾ ਕਿਤੋਂ ਲਿਆ ਕੇ ਤੇ,
ਉੱਤੇ ਬੁੱਧੂ ਨੂੰ ਚੁੱਕ ਚੜ੍ਹਾ ਦਿੱਤਾ ।
ਮੁੰਡੇ ਕਿਸੇ ਸ਼ੈਤਾਨ ਨੇ ਪਕੜ ਢੀਂਗਰ,
ਪੂਛਲ ਘੋੜੇ ਦੀ ਨਾਲ ਅੜਾ ਦਿੱਤਾ ।
ਦਾਰੂਗਰ ਨੇ ਘੋੜੇ ਦੇ ਕੋਲ ਹੋ ਕੇ,
ਗੋਲਾ ਸਣੇ ਹਵਾਈ ਚਲਾ ਦਿੱਤਾ ।
ਕੋਲ ਪਿੰਡ ਦੇ ਮੁੰਡੇ ਵੀ ਵੇਖਦੇ ਸੀ,
ਰੌਲਾ ਓਨ੍ਹਾਂ ਨੇ ਕੋਲ ਮਚਾ ਦਿੱਤਾ ।

ਪਈ ਗੋਲੇ ਦੀ ਜਦੋਂ ਅਵਾਜ਼ ਕੰਨੀਂ,
'ਵਾ ਵਾਂਗਰਾਂ ਹੋਇਆ ਉਡਾਰ ਘੋੜਾ ।
ਜਾਂਞੀ ਓਥੇ ਖਲੋਤੇ ਹੀ ਰਹੇ ਵਿੰਹਦੇ,
ਉੱਡ ਗਿਆ ਪਰ ਸਣੇ ਸਵਾਰ ਘੋੜਾ ।

ਜਿਉਂ ਜਿਉਂ ਘੋੜੇ ਦੀ ਲੱਤ ਨੂੰ ਛੋਹੇ ਢੀਂਗਰ,
ਘੋੜਾ ਬੁੱਧੂ ਨੂੰ ਤਿਉਂ ਤਿਉਂ ਉਡਾਈ ਜਾਵੇ ।
ਬੁੱਧੂ ਘੋੜੇ ਦੀ ਧੌਣ ਨੂੰ ਮਾਰ ਜੱਫਾ,
ਤਰਲੇ, ਵਾਸਤੇ ਲੋਕਾਂ ਦੇ ਪਾਈ ਜਾਵੇ ।
'ਲੋਕੋ ! ਰੱਬ ਦੇ ਵਾਸਤੇ ਫੜੋ ਘੋੜਾ',
ਗਲੀਆਂ ਵਿਚ ਦੁਹਾਈ ਮਚਾਈ ਜਾਵੇ ।
ਬੁੱਧੂ ਅਗੇ ਤੇ ਮੁੰਡਿਆਂ ਦਾ ਜੁੰਡ ਪਿਛੇ,
ਰੌਣਕ ਵਾਂਗ ਜਲੂਸ ਦੇ ਲਾਈ ਜਾਵੇ ।

ਜੇ ਕੋਈ ਫੜਨ ਲੱਗੇ, ਜਾਂਞੀ ਆਖ ਛੱਡਣ,
ਨੀਂਗਰ ਚੰਦ ਪਿਆ ਢੁੱਕਨ ਜਾਂਵਦਾ ਏ ।
ਏਡਾ ਚਾ ਤੇ ਖੁਸ਼ੀ ਸੂ ਵਿਚ ਗਲੀਆਂ,
ਘੋੜਾ ਰੀਝ ਦੇ ਨਾਲ ਦੌੜਾਂਵਦਾ ਏ ।

ਮਾਰ ਮਾਰ ਕੇ ਚੁੰਗੀਆਂ ਵਿਚ ਗਲੀਆਂ,
ਘੋੜੇ ਬੁਧੂ ਦਾ ਅੰਦਰ ਹਿਲਾ ਦਿੱਤਾ ।
ਵਹਿਣੀ ਵਿਚ ਕੇਸਰ-ਭਿੰਨੀ ਪੱਗ ਸੁੱਟੀ,
ਸਿਹਰਾ ਪੈਰਾਂ ਦੇ ਵਿਚ ਰੁਲਾ ਦਿੱਤਾ ।
ਵੱਜ ਵੱਜ ਢੀਂਗਰ ਕੁੜਤਾ ਹੋਇਆ ਲੀਰਾਂ,
ਜੋੜਾ ਚਾਨਣਾ ਕਿਤੇ ਗਵਾ ਦਿੱਤਾ ।
ਜਦੋਂ ਕਿਸੇ ਨਾਂ ਸ਼ੁਹਦੇ ਦੀ ਅਰਜ਼ ਮੰਨੀ,
ਛੇਕੜ ਰਬ ਸਬੱਬ ਲਗਾ ਦਿੱਤਾ ।

ਘੋੜਾ ਲੰਘਿਆ ਨੀਂਵੇਂ ਜਿਹੇ ਟ੍ਹਾਨ ਹੇਠੋਂ,
ਹੱਥ ਬੁੱਧੂ ਵਿਚਾਰੇ ਦਾ ਅਟਕ ਗਿਆ ।
ਅਤੇ ਟ੍ਹਾਨ ਤਾਈਂ ਦੋਵੇਂ ਹੱਥ ਪਾ ਕੇ,
ਬੁੱਧੂ ਤੋਰੀ ਦੇ ਵਾਂਗਰਾਂ ਲਟਕ ਗਿਆ ।

ਓਥੇ ਪਿੰਡ ਸਾਰਾ ਕੱਠਾ ਆਣ ਹੋਇਆ,
ਹੱਥ ਬੁੱਧੂ ਨੂੰ ਕੋਈ ਨਾ ਲਾਂਵਦਾ ਏ ।
ਲੋਕੀ ਆਣ ਕੇ ਹੱਸਣ ਤੇ ਕਰਨ ਹੁੱਜਤਾਂ,
ਆਖੇ ਕੋਈ 'ਇਹ ਪੀਂਘ ਝੁਟਾਂਵਦਾ ਏ ।'
ਕੋਈ ਕਹੇ, 'ਨਹੀਂ; ਨਵਾਂ ਵਿਆਹ ਕਰ ਕੇ,
ਬੇਰ ਵਹੁਟੀ ਦੇ ਵਾਸਤੇ ਲ੍ਹਾਂਵਦਾ ਏ ।'
ਕੋਈ ਕਹੇ 'ਏਥੋਂ ਦਾਤਨ ਲ੍ਹਾਨ ਲਗੈ',
ਕੋਈ ਕਹੇ 'ਸਰੀਰ ਕਮਾਂਵਦਾ ਏ' ।

ਕੋਈ ਕਹੇ, ਨਹੀਂ; 'ਮੁੰਡਾ ਵਿਆਹ ਕਰ ਕੇ,
ਘਰ ਜਾਂਦਾ ਨਹੀਂ ਸ਼ਰਮ ਨਾਲ ਝੱਕਦਾ ਏ ।'
ਕੋਈ ਕਹੇ, ਨਹੀਂ; 'ਊਚੇ ਜਿਹੇ ਥਾਂ ਚੜ੍ਹਕੇ,
ਰਾਹ ਡੋਲੀ, ਕਹਾਰਾਂ ਦਾ ਤੱਕਦਾ ਏ ।'

ਅੰਤ ਥੱਕ ਕੇ ਬੁੱਧੂ ਦੇ ਹੱਥ ਛੁੱਟੇ,
ਤਰਲੇ ਵਾਸਤੇ ਜਦੋਂ ਉਹ ਪਾ ਬੈਠਾ ।
ਦੋਵੇਂ ਦੰਦ ਸਾ ਸੂ ਰੋਟੀ ਖਾਣ ਜੋਗੇ,
ਉਹ ਭੀ ਡਿਗਦਿਆਂ ਸਾਰ ਭੰਨਾ ਬੈਠਾ ।
ਸੱਜੀ ਬਾਂਹ ਨੂੰ ਬੀ ਰਤਾ ਦੱਬ ਆਈ,
ਨਾਲ ਪੈਰ ਦੀ ਮੋਹ ਕਢਾ ਬੈਠਾ ।
ਆਖਰ ਚੁੱਕ ਕੇ ਲੋਕਾਂ ਨੇ ਘਰ ਆਂਦਾ,
ਰੋਂਦਾ, ਪਿੱਟਦਾ ਵਿਹੜੇ ਵਿਚ ਆ ਬੈਠਾ ।

ਹੁਣ ਉਹ ਮੰਜੀ ਤੇ ਬੈਠ ਪਰਚਾਰ ਕਰਦੈ,
ਪਿੰਡ ਵਿਚ ਮੇਰਾ ਕੋਈ ਥਾਂ ਨਾ ਲੈ ।
ਜੇਕਰ ਮੇਰੇ ਤੋਂ ਪੁਛੇ 'ਕਰਤਾਰ' ਕੋਈ,
ਬੁੱਢੇ ਵਾਰੇ ਵਿਆਹ ਦਾ ਨਾਂ, ਨਾ ਲੈ ।

(ਹਾਸੇ ਦੀ ਬਰਖਾ 'ਬਰਖਾ' ਕਾਵਿ-ਸੰਗ੍ਰਹਿ ਦਾ ਹੀ ਹਿੱਸਾ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਬਲੱਗਣ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ