Gustaakhian : Darshan Singh Awara

ਗੁਸਤਾਖ਼ੀਆਂ/ਗੁਸਤਾਖ਼ੀ (ਕਾਵਿ ਸੰਗ੍ਰਹਿ) : ਦਰਸ਼ਨ ਸਿੰਘ ਅਵਾਰਾ

1. ਗੁਸਤਾਖ਼ੀ

ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੧.
ਸ਼ਾਹੀ ਉੱਤੇ ਪੌਡਰ ਤਕ,
ਜਾ ਸ਼ੀਸ਼ਾ ਅੱਗੇ ਧਰਨੈਂ ਤੂੰ।
ਐਨਕ ਲਾਹ ਕੇ ਅੰਨ੍ਹੇ ਡੇਲੇ,
ਝਟਪਟ ਨੰਗੇ ਕਰਨੈਂ ਤੂੰ।
ਜਿੱਥੇ ਘੁਮਣ-ਘੇਰ ਵੇਖਨੈਂ,
ਉਸ ਪਾਣੀ ਵਿਚ ਤਰਨੈਂ ਤੂੰ।
ਯਾਦ ਰੱਖੀਂ ਗਲ ਮੇਰੀ ਬੱਚੂ!
ਭੰਗ ਦੇ ਭਾੜੇ ਮਰਨੈਂ ਤੂੰ।
ਤੈਨੂੰ ਰਬ ਅਖੀਆਂ ਦੇ ਭੁੱਲੈ,
ਦੇਖ ਲਵੇਂ ਤਾਂ ਜਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੨.
ਮੰਨਿਆ, ਧਿੰਗੋ ਜ਼ੋਰੀ ਤੋਂ,
ਇਨਸਾਫ਼ ਸਹਿਮ ਕੇ ਛਹਿਆ ਹੋਇਐ।
ਜਬਰ ਦਾ ਡੰਡਾ ਸਭਨਾਂ ਨੂੰ,
ਲਾ ਅੱਗੇ ਹਿੱਕਣ ਡਹਿਆ ਹੋਇਐ।
ਮੰਨਿਆ, ਅੱਜ ਸਚਾਈ ਦੇ,
ਮੂੰਹ ਉੱਤੇ ਪਰਦਾ ਪਿਆ ਹੋਇਐ।
ਪਰ, ਸਾਰੇ ਪੜਦੇ ਚਾਣੇ ਦਾ,
ਕੋਈ ਤੂੰ ਹੀ ਠੇਕਾ ਲਿਆ ਹੋਇਐ?
ਢੱਕੀ ਰਿਝਣ ਦੇ ਜ਼ੋਰਾਂ ਦੀ,
ਘੁੱਟ ਸਬਰ ਦਾ ਭਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੩.
ਜਿਨ੍ਹਾਂ ਨਾਲ ਤੂੰ ਆਢੇ ਲਾਨੈਂ,
ਬੜੇ ਵਕਾਰਾਂ ਵਾਲੇ ਨੀ।
ਜਬ੍ਹਿਆਂ ਵਾਲਸੇ, ਤਿਲਕਾਂ ਵਾਲੇ,
ਸੇਵਾਦਾਰਾਂ ਵਾਲੇ ਨੀ।
ਮੰਨੇ ਹੋਏ, ਨਵਾਜ਼ੇ ਹੋਏ,
ਤੇ ਸਤਕਾਰਾਂ ਵਾਲੇ ਨੀ।
ਉਹਨਾਂ ਦੇ ਨੀ ਲੰਮੇ ਰੱਸੇ,
ਸੌ ਹਥਿਆਰਾਂ ਵਾਲੇ ਨੀ।
ਰਬ ਵੀ ਡਰਦੈ ਉਹਨਾਂ ਕੋਲੋਂ,
ਤੂੰ ਵੀ ਤਕ ਕੇ ਡਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੪.
ਤੂੰ ਧਰਮੀ ਜਹੇ ਪਖੰਡੀਆਂ ਦੀ,
ਜੇ ਲੁਟ ਤਕਨੈਂ ਤੇ ਨਚ ਪੈਨੈਂ।
ਕਿਰਸਾਨ ਨੂੰ ਪੀਂਦਿਆਂ ਅਪਣੀ ਰਤ ਦੇ,
ਘੁੱਟ ਤਕਨੈਂ ਤੇ ਨਚ ਪੈਨੈਂ।
ਸਰਮਾਇਆ ਦਾਰਾਂ ਨੂੰ
ਨਸ਼ਿਆਂ ਵਿਚ ਗੁੱਟ ਤਕਨੈਂ ਤੇ ਨਚ ਪੈਨੈਂ।
ਰੋਟੀ ਮੰਗਦੇ ਮਜ਼ਦੂਰ ਨੂੰ
ਪੈਂਦੀ ਕੁਟ ਤਕਨੈਂ ਤਾਂ ਨੱਚ ਪੈਨੈਂ।
ਭੁੜਕ ਪਿਆ ਨਾ ਕਰ ਤੂੰ ਤਕ ਕੇ,
ਘੁਟ ਸਬਰ ਦਾ ਭਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੫.
ਕੀ ਹੈ ਜੇ ਕੋਈ ਲੁਟਦੈ,
ਕੋਈ ਲੁਟੀਂਦਾ ਹੈ ਤਾਂ ਤੈਨੂੰ ਕੀ?
ਕੀ ਹੈ ਜੇ ਕੋਈ ਕੋਂਹਦੈ,
ਕੋਈ ਕੁਹੀਂਦਾ ਹੈ ਤਾਂ ਤੈਨੂੰ ਕੀ?
ਕੀ ਹੈ ਜੇ ਕੋਈ ਮਰਦਾ ਹੈ,
ਕੋਈ ਜੀਂਦਾ ਹੈ ਤਾਂ ਤੈਨੂੰ ਕੀ?
ਅਪਣੀ ਕੋਈ ਬਗਾਨੀ,
ਜੇ ਰਤ ਪੀਂਦਾ ਹੈ ਤਾਂ ਤੈਨੂੰ ਕੀ?
ਰਬ ਜੁ ਤਕ ਕੇ ਦੜ ਵਟ ਛਡਦੈ,
ਤੂੰ ਵੀ ਤਕ ਕੇ ਜਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੬.
ਏਥੇ ਤਾਂ ਕਹਿੰਦੇ 'ਮੁਜਰਮ' ਹੈ,
ਕੋਈ ਕਲੀ ਹਵਾ ਵਿਚ ਖਿਲਦੀ ਕਿਉਂ?
ਕੋਈ ਅਪਣੀ ਅਖ ਨਾਲ ਤਕਦੈ ਕਿਉਂ,
ਗਲ ਕਰਦੈ ਅਪਣੇ ਦਿਲ ਦੀ ਕਿਉਂ?
ਕਿਉਂ ਨੈਣ ਵੇਖ ਕੇ ਹਸਦੇ ਨੇ,
ਸਿਰ ਜੁੜਦੇ ਕਿਉਂ, ਸੁਰ ਮਿਲਦੀ ਕਿਉਂ?
ਗਲ ਆ ਕੇ ਏਥੇ ਮੁਕਦੀ ਹੈ,
ਬਸ ਆਟਾ ਗੁਨ੍ਹਦੀ ਹਿਲਦੀ ਕਿਉਂ?
ਹੰਝੂ ਵੇਖ ਵੇਖ ਕੇ ਤੂੰ
ਘੁੱਟ ਸਬਰ ਦਾ ਭਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੭.
ਅਜ ਜ਼ਖ਼ਮ ਕਿਸੇ ਦੇ ਉੱਤੇ,
ਫਾਹਾ ਧਰਨਾ ਵੀ ਗੁਸਤਾਖ਼ੀ ਹੈ।
ਕਿਸੇ ਦੁਖੀ ਨਾਲ ਦੁਖ ਵੰਡਣਾ
ਜਾਂ ਗਲ ਕਰਨਾ ਵੀ ਗੁਸਤਾਖ਼ੀ ਹੈ।
ਹਮਦਰਦੀ ਦੇ ਦੋ ਅਥਰੂੰ,
ਇਕ ਅਖ ਭਰਨਾ ਵੀ ਗੁਸਤਾਖ਼ੀ ਹੈ।
ਜੀਵਣਾ ਤਾਂ ਕੀ,
ਮਨ-ਮਰਜ਼ੀ ਦਾ ਮਰਨਾ ਵੀ ਗੁਸਤਾਖ਼ੀ ਹੈ।
ਜੀਉਣਾ ਈ ਤਾਂ ਪੈਰ ਆਪਣੇ,
ਫੂਕ ਫੂਕ ਕੇ ਧਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

੮.
ਹਰ ਤਕੜੀ ਉਲਰੀ ਦਿਸਦੀ ਹੈ,
ਹਰ ਪਾਲੀਸੀ ਦੋ ਰੰਗੀ ਹੈ।
ਹੈ ਪਾਪ ਇਕ ਦੀ ਮਾਹਸੂਮੀਅਤ,
ਇਕ ਦੀ ਨਿਰਲੱਜਤਾ ਚੰਗੀ ਹੈ।
ਇਹਦੀ ਅਖ ਵਿਚ ਕਾਮ ਮਚਲਦਾ ਏ,
ਸਾਫ਼ ਹਿਰਸ ਤੇ ਵਹਿਸ਼ਤ ਨੰਗੀ ਹੈ।
ਪਰ ਚੁੰਨੀ ਸਰਕੀ ਤਕ ਕੇ ਤੇ,
ਕਹਿੰਦੈ 'ਹਾ! ਔਰਤ ਨੰਗੀ ਹੈ'।
ਤੂਫ਼ਾਨਾਂ ਦਾ ਖਹਿੜਾ ਛਡ ਦੇ,
ਕੰਢੇ ਕੰਢੇ ਤੁਰਿਆ ਕਰ।
ਤੈਨੂੰ ਕਿਹੈ ਅਵਾਰਾ!
ਏਨੀ ਗੁਸਤਾਖ਼ੀ ਨਾ ਕਰਿਆ ਕਰ।

2. ਦਿਲ ਦੀਆਂ

ਦਿਲ ਦੀਆਂ ਦੋ ਚਾਰ ਗੱਲਾਂ ਕਰ ਲਵਾਂ।

ਛਲਕਦਾ ਪੀਣੇ ਦੀ ਹਸਰਤ ਨਾ ਰਹੇ,
ਅਜ ਜ਼ਰਾ ਪਿਆਲਾ ਡਕਾ-ਡਕ ਭਰ ਲਵਾਂ ।

ਜ਼ਾਹਿਦਾ ! ਹਥ ਜੋੜ ਕੇ ਆਖ਼ੀਰ ਦਮ,
ਕਿਉਂ ਗੁਨਾਹਗਾਰੀ ਦੀ ਹੱਤਕ ਕਰ ਲਵਾਂ।

ਮੌਤ ਆਵੇਗੀ ਤਾਂ ਵੇਖੀ ਜਾਇਗੀ,
ਮੌਤ ਤੋਂ ਪਹਿਲੋਂ ਹੀ ਮੈਂ ਕਿਉਂ ਮਰ ਲਵਾਂ ?

ਭਰਨ ਦੀ ਥਾਂ ਪੈਸਿਆਂ ਦੇ ਨਾਲ ਝੋਲ,
ਤਾਰਿਆਂ ਦੇ ਨਾਲ ਅਖੀਆਂ ਭਰ ਲਵਾਂ।

ਜੋ ਗੁਨਾਹ ਕੀਤਾ ਹੈ, ਕੀਤੈ ਸੋਚਕੇ,
ਹਸ ਕੇ ਕਿਉਂ ਨਾ ਹਰ ਸਜ਼ਾ ਨੂੰ ਜ਼ਰ ਲਵਾਂ।

ਢੇਰ ਚਿਰ ਖਰੀਆਂ ਸੁਣਾਈਆਂ ਨੇ ਉਹਨੂੰ,
ਬੁਢੇ ਵਾਰੇ ਕੁਝ ਖ਼ੁਦਾ ਤੋਂ ਡਰ ਲਵਾਂ।

ਦਿਲ ਦੀਆਂ ਦੋ ਚਾਰ ਗੱਲਾਂ ਕਰ ਲਵਾਂ।

3. ਦੂਰ ਕਿਨਾਰਾ

ਹੋਇਆ ਕੀ ਜੇ ਦਿਸਦਾ ਹੈ ਬੜੀ ਦੂਰ ਕਿਨਾਰਾ ।
ਨਈਆ ਮੇਰੀ ਨੂੰ ਹੈ ਮੇਰੇ ਡਹੁਲੇ ਦਾ ਸਹਾਰਾ।

ਮੈਂ ਮੌਤ ਦੀ ਵਾਦੀ 'ਚੋਂ ਵੀ ਲੰਘਿਆ ਹਾਂ ਬੜੀ ਵਾਰ;
ਮਨਜ਼ਲ ਦਾ ਤਸੱਵਰ, ਮਨੂੰ ਦੇਂਦਾ ਸੀ ਸਹਾਰਾ।

ਛਾਇਆ ਹੈ ਜਦੋਂ ਵੀ ਮੇਰੇ ਚੌਤਰਫ਼ ਹਨੇਰਾ;
ਦਸਦਾ ਰਿਹਾ ਹੈ ਰਾਹ ਮਨੂੰ ਆਦਰਸ਼ ਦਾ ਤਾਰਾ।

ਲਲਕਾਰ ਕੇ ਕਹਿੰਦਾ ਹਾਂ ਮੈਂ ਅਜ ਸੁਣ ਲਵੇ ਸੱਯਾਦ;
ਬੰਧਨ ਨਹੀਂ ਕੋਈ ਮੇਰੀ ਗ਼ੈਰਤ ਨੂੰ ਗਵਾਰਾ।

4. ਯੁਗਾਂ ਯੁਗਾਂ ਦਾ ਰਾਹੀ

ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।

ਧਰਤੀ, ਸੂਰਜ, ਚੰਦ ਸਿਤਾਰੇ,
ਮੇਰੇ ਸਾਥੀ ਤੇ ਹਮਰਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।


ਮੇਰੇ ਪੈਰਾਂ ਦੇ ਪੱਬਾਂ ਨੂੰ,
ਟਿਕਣ ਨਾ ਦੇਣ ਕਿਤੇ ਊਸ਼ਾਵਾਂ।
ਅਚਵੀ ਛੇੜੀ ਲੱਤਾਂ ਅੰਦਰ,
ਉਫ਼ਕਾਂ ਨੂੰ ਚੁੱਮਣ ਦੇ ਚਾਵਾਂ।
ਵੇਖ ਅਮੁਕਤਾ ਪੈਂਡੇ ਦੀ ਮੈਂ
ਅਜੇ ਤੀਕ ਨਹੀਂ ਢੇਰੀ ਢਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।


ਜਿਨ੍ਹਾਂ ਪਹਾੜਾਂ ਦੀ ਟੀਸੀ ਨੇ,
ਅੰਬਰ ਦੀ ਹਿੱਕ ਜ਼ਖ਼ਮੀ ਕੀਤੀ।
ਜਿਨ੍ਹਾਂ ਸਮੁੰਦਰਾਂ ਉਮ੍ਹਲ ਉਮ੍ਹਲ ਕੇ,
ਧਰਤੀ ਸਾਰੀ ਹੈ ਵਲ ਲੀਤੀ ।
ਉਹਨਾਂ ਦੇ ਵਲ ਵੇਖ ਕੇ ਹੱਸੇ,
ਸ਼ੌਕ ਮੇਰੇ, ਮੇਰੀ ਉੱਚ-ਨਿਗਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।


ਵਹਿਸ਼ੀ-ਪਨ ਦੇ ਜੰਗਲ ਲੰਘਦਾ,
ਖੁਦ-ਗ਼ਰਜ਼ੀ ਦੇ ਬੰਧਨ ਕਪਦਾ।
ਮੋਹ ਮਾਇਆ ਦੇ ਔਝੜ ਗਾਂਹਦਾ,
ਸਵੈ, ਮਮਤਾ ਦੀਆਂ ਵਾੜਾਂ ਟਪਦਾ।
ਰਾਹ ਦੀ ਹਰ ਇਕ ਰੋਕ-ਰੁਕਾ ਤੋਂ,
ਹੋਂਦਾ ਗਿਆਂ ਹੋਰ ਉਤਸ਼ਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।


ਧਰਮਾਂ ਦੀ ਵਲਗਣ ਦੇ ਅੰਦਰ,
ਮੇਰਾ ਸ਼ੌਕ ਰਿਹਾ ਨਾ ਵਲਿਆ।
ਵੇਖ ਸੁਨਹਿਰੀ ਮਿਰਗ ਖ਼ੁਦਾ ਦਾ,
ਤੁਰਨ-ਚਾਉ ਮੇਰਾ ਗਿਆ ਨਾ ਛਲਿਆ ।
ਸਵਰਗਾਂ ਨੇ ਕਦੇ ਕਿਹਾ ਸਵਾਬੀ,
ਨਰਕਾਂ ਨੇ ਕਦੇ ਕਿਹਾ ਗੁਨਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।


ਜਦੋਂ ਕਦੀ ਨਿਰਜੀਵ-ਬੁਤਾਂ ਨੇ,
ਮੇਰਾ ਰਾਹ ਰੋਕਣ ਦੀ ਕੀਤੀ।
ਉਦੋਂ ਹੀ ਮੇਰੇ ਪੀਂਢੇ ਮੱਥੇ,
ਨਾਲ ਉਹਨਾਂ ਨੇ ਟੱਕਰ ਲੀਤੀ।
ਰਾਹ ਵਿਚ ਥਾਂ ਥਾਂ ਰਤ ਦੀਆਂ ਫੂਹੀਆਂ,
ਟੁਟੀਆਂ ਹੱਡੀਆਂ ਦੇਣ ਗਵਾਹੀ।
ਮੈਂ ਹਾਂ ਯੁਗਾਂ ਯੁਗਾਂ ਦਾ ਰਾਹੀ।

5. ਭੰਡਾ ਭੰਡਾਰੀਆ

(ਇਕ ਲੋਕ-ਨਾਚ)

ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

ਪਹਿਲੀ ਪੰਡ ਅੰਗ੍ਰੇਜ਼ਾਂ ਦੀ ਸੀ,
ਸਭ ਤੋਂ ਵਧ ਸੀ ਜਿਸਦਾ ਭਾਰ।
ਇਹ ਲਾਹਨਤ ਤਾਂ ਦੂਰ ਹੋਈ ਹੈ,
ਇਸ ਦੇ ਪਿਛੋਂ ਕਿਸ ਦੀ ਵਾਰ ?
ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

ਜਿਹੜੇ ਲੋਕ ਬਲੈਕਾਂ ਕਰਦੇ,
ਦਿਨ ਦੀਵੀਂ ਹੀ ਸਰੇ ਬਜ਼ਾਰ।
ਪੀ ਪੀ ਰੱਤ ਵਧਾਈ ਗੋਗੜ,
ਉੱਕਾ ਲੈਂਦੇ ਨਹੀਂ ਡਕਾਰ।
ਇਹਨਾਂ ਦੀ ਕਦ ਆਉਣੀ ਵਾਰ?
ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

ਹੁਣ ਫੁੰਡਣਾ ਹੈ ਨਵਾਂ ਨਿਸ਼ਾਨਾ,
ਹੁਣ ਜਾਸੀ ਸਰਮਾਇਆਦਾਰ।
ਇਹ ਰਾਜੇ ਮਹਾਰਾਜੇ ਤੇ
ਜਾਗੀਰਾਂ ਵਾਲੇ ਗੱਦੀ-ਦਾਰ।
ਇਹਨਾਂ ਦੀ ਕਦ ਆਉਣੀ ਵਾਰ?
ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

ਇਹ ਫਿਰਕੂ ਇਹ ਮਜ਼੍ਹਬੀ ਲੀਡਰ,
ਇਹਨਾਂ ਦਾ ਵੀ ਘਟ ਨਹੀਂ ਭਾਰ।
ਇਹ ਹਨ ਸਭ ਤੋਂ ਵੱਡੀ ਲਾਹਨਤ
ਮੇਰੇ ਭਾਰਤ ਦੇ ਵਿਚਕਾਰ।
ਇਹਨਾਂ ਦੀ ਕਦ ਆਉਣੀ ਵਾਰ?
ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

ਐ ਜਨਤਾ ਤੂੰ ਚਿੰਤਾ ਨਾ ਕਰ,
ਬਦਲਣ ਵਾਲਾ ਹੈ ਸੰਸਾਰ।
ਇਕ ਇਕ ਕਰ ਕੇ ਅਜ ਭਲਕੇ ਹੀ,
ਆ ਜਾਣੀ ਏ ਸਭ ਦੀ ਵਾਰ।
ਭੰਡਾ ਭੰਡਾਰੀਆ ਕਿਤਨਾ ਕੁ ਭਾਰ ?
ਇਕ ਮੁਠ ਲਾਹ ਕੇ ਦੂਜੀ ਤਿਆਰ ।

6. ਉੱਡ ਜਾ ਚਿੜੀਏ !


ਉਡ ਜਾ ਚਿੜੀਏ ਨੀ ! ਉਡ ਬਹਿ ਜਾ ਛਤ ਨੀ ।
ਸਾਡੇ ਸਬਰ ਹੰਭੇ, ਹੁਣ ਹੋ ਗਈ ਅਤ ਨੀ ।
ਨੈਣੀ ਅਥਰੂ ਨਹੀਂ, ਨਾ ਨਾੜੀਂ ਰੱਤ ਨੀ ।
ਉਡ ਜਾ ਚਿੜੀਏ ਨੀ !


ਉਡ ਜਾ ਚਿੜੀਏ ਨੀ ! ਉਡ ਬਹਿ ਜਾ ਰੁਖ ਨੀ।
ਤੈਨੂੰ ਸੌ ਸੁਖ ਨੇ, ਸਾਨੂੰ ਦੁਖ ਹੀ ਦੁਖ ਨੀ।
ਤੇਰੀ ਪੋਟ ਭਰੀ, ਸਾਡੇ ਢਿੱਡੀਂ ਭੁਖ ਨੀ।
ਉਡ ਜਾ ਚਿੜੀਏ ਨੀ !


ਉਡ ਜਾ ਚਿੜੀਏ ਨੀ ! ਉਡ ਬਹਿ ਜਾ ਮਾੜੀ।
ਮੁਠ ਭਰ ਬੰਦਿਆਂ ਨੇ ਸਾਰੀ ਖ਼ਲਕ ਲਤਾੜੀ।
ਹੱਡ ਨਪੀੜ ਲਏ, ਚੋ ਲਈ ਨਾੜੀ ਨਾੜੀ।
ਉਡ ਜਾ ਚਿੜੀਏ ਨੀ !


ਉਡ ਜਾ ਚਿੜੀਏ ਨੀ ! ਉਡ ਬਹਿ ਜਾ ਛਲੀਆਂ।
ਵਾਹ ਵਾਹ ਗਾਹ ਗਾਹ ਕੇ, ਸਾਨੂੰ ਪੈਂਦੀਆਂ ਖਲੀਆਂ।
ਲਪ ਲਪ ਦਾਣਿਆਂ ਨੂੰ ਫਿਰ ਵੀ ਟੱਡੀਏ ਤਲੀਆਂ।
ਉਡ ਜਾ ਚਿੜੀਏ ਨੀ !

7. ਓ ਮਜ਼ਦੂਰ

ਤੇਰੀ ਜਾਗ ਹੁਣ ਕੁਝ ਬਣਾ ਕੇ ਰਹੇਗੀ।
ਤੇ ਦੁਨੀਆਂ ਦਾ ਹੁਲੀਆ ਵਟਾ ਕੇ ਰਹੇਗੀ।

ਤੇਰੇ ਰਾਹ ਨੂੰ ਮਲ ਕੇ ਖਲੋਤੀ ਹਰ ਔਕੜ;
ਫ਼ਨਾ ਹੋ ਕੇ, ਹਸਤੀ ਮਿਟਾ ਕੇ ਰਹੇਗੀ।

ਸਵਾਗਤ ਕਰੇਗੀ ਤੇਰੀ ਚਾਹ ਦਾ ਮਨਜ਼ਿਲ;
ਤੇ ਖ਼ੁਦ ਤੇਰ ਕਦਮਾਂ 'ਚ ਆ ਕੇ ਰਹੇਗੀ।

ਸੰਭਾਲੇਂਗਾ ਜੇ ਨਾ ਤੂੰ ਪੈਮਾਨਿਆਂ ਨੂੰ;
ਤੇਰੀ ਪਿਆਸ ਦਰਯਾ ਵਗਾ ਕੇ ਰਹੇਗੀ।

ਤੇਰੇ ਡਹੁਲਿਆਂ ਵਿਚ ਮਚਲਦੀ ਇਹ ਸ਼ਕਤੀ;
ਕਿਸੇ ਦਿਨ ਕਰਿਸ਼ਮੇ ਵਿਖਾ ਕੇ ਰਹੇਗੀ।

ਤੁੰ ਤਦਬੀਰ ਨੂੰ ਡੋਰ ਲੰਮੀ ਦਈਂ ਜਾ;
ਇਹ ਕਿਸਮਤ ਨੂੰ ਇਕ ਦਿਨ ਬਣਾ ਕੇ ਰਹੇਗੀ।

ਤੇਰੀ ਘੋਖਦੀ ਅਕਲ, ਖੋਜੀ ਤਬੀਅਤ;
ਖ਼ੁਦਾ ਨੂੰ ਵੀ ਚਿੰਤਾ 'ਚ ਪਾ ਕੇ ਰਹੇਗੀ।

ਕਲਮ ਖੋਹ ਲੈ ਵਧ ਕੇ ਵਿਧਾਤਾ ਦੇ ਹੱਥੋਂ;
ਇਹ ਵੈਰਨ ਤਬਾਹੀ ਮਚਾ ਕੇ ਰਹੇਗੀ।

ਤਸੱਵਰ ਤੇਰਾ ਜਿਸ ਨੂੰ ਚਿਤਰੇਗਾ ਹਰਦਮ;
ਉਹ ਤਸਵੀਰ ਹਸਤੀ 'ਚ ਆ ਕੇ ਰਹੇਗੀ।

8. ਮੈਂ

ਹੁਕਮ ਹਾਂ, ਨਾ ਮੈਂ ਫ਼ਰਮਾਇਆ ਗਿਆ ਹਾਂ।
ਮੈਂ ਹਾਂ ਇਕ ਗੀਤ ਤੇ ਗਾਇਆ ਗਿਆ ਹਾਂ।

ਕਦੇ ਨਰਕਾਂ ਤੋਂ ਸਹਿਮਾਇਆ ਗਿਆ ਹਾਂ।
ਕਦੇ ਸਵਰਗਾਂ ਤੇ ਲਲਚਾਇਆ ਗਿਆ ਹਾਂ।

ਉਹ ਭੁਲਦਾ ਹੈ ਭੁਲੇਖਾ ਪਾਣ ਵਾਲਾ;
ਕਿ ਮੈਂ ਕਾਕਾ ਹਾਂ, ਭੁਚਲਾਇਆ ਗਿਆ ਹਾਂ।

ਨਵਾਂ ਸੰਦੇਸ਼ ਹੈ ਮੇਰੇ ਲਬਾਂ ਤੇ;
ਉਚੇਚੇ ਕੰਮ ਤੇ ਭਿਜਵਾਇਆ ਗਿਆ ਹਾਂ।

ਨਹੀਂ ਸਾਕੀ ਦੀ ਕੈਰੀ ਅੱਖ ਦੀ ਚਿੰਤਾ;
ਜਦੋਂ ਮਹਿਫ਼ਲ 'ਚ ਅਪਣਾਇਆ ਗਿਆ ਹਾਂ।

ਮੇਰੀ ਦੁਨੀਆਂ ਮੇਰਾ ਜੰਨਤ, ਮੈਂ ਆਦਮ;
ਕਿਹੈ ਕਿਸਨੇ ਨਿਕਲਵਾਇਆ ਗਿਆ ਹਾਂ।

ਮੇਰੇ ਸ਼ੁਹਲੇ ਇਹ ਸਾਰੇ ਆਪਣੇ ਨੇ;
ਗ਼ਲਤ ਹੈ ਕਿ ਮੈਂ ਭੜਕਾਇਆ ਗਿਆ ਹਾਂ।

ਕੋਈ ਕਹਿੰਦੈ ਕਿ ਉਕਸਾਇਆ ਗਿਆ ਹਾਂ।
ਕੋਈ ਕਹਿੰਦੈ, ਕੁਰਾਹ ਪਾਇਆ ਗਿਆ ਹਾਂ।

ਕਿਸੇ ਖਚਰੇ ਜਹੇ ਸਾਕੀ ਦੇ ਹਥੋਂ;
ਮੈਂ ਘੁਟ ਵਧ ਦੇ ਕੇ ਮਛਰਾਇਆ ਗਿਆ ਹਾਂ।
(੧੬-੮-੪੫)

9. ਮੇਰਾ ਪੈਮਾਨਾ

ਮੇਰੀ ਪਰਭਾਤ ਭਗਤਣ; ਸ਼ਾਮ ਦੇ ਲੱਛਣ ਨੇ ਰਿੰਦਾਨਾ।
ਮੇਰੇ ਸੱਜੇ ਖ਼ੁਦਾ ਦਾ ਘਰ, ਮੇਰੇ ਖੱਬੇ ਹੈ ਮੈਖ਼ਾਨਾ।

ਉਲੱਦੀ ਜਾ ਸੁਰਾਹੀਆਂ ਨੂੰ, ਮਸੀਤੀ ਦੇ ਮੁਨਾਰੇ ਤੋਂ,
ਜਦੋਂ ਤਕ ਨਾ ਛਲਕ ਜਾਏ, ਮੇਰੀ ਤੌਬਾ ਦਾ ਪੈਮਾਨਾ।

ਨਾ ਮਸਜਿਦ ਵਿਚ ਕਦੇ ਵੜਿਆਂ; ਨਾ ਰੋਜ਼ੇ ਹੀ ਕਦੇ ਰੱਖੇ।
ਜ਼ਕਾਤਾਂ ਕਾਹਦੀਆਂ ਵਾਹਿਜ਼ ਗੁਨਾਹ ਕਿਹੜੇ ਦਾ ਜੁਰਮਾਨਾ?

ਮੈਂ ਸੁੱਚੇ ਜਾਮ ਵਿਚ ਧੋ ਧੋ ਕੇ ਤਸਬੀ ਫੇਰਿਆ ਕਰਨਾਂ।
ਖ਼ੁਦਾ ਦਾ ਨਾਮ ਲੈ ਕੇ, ਜਾਮ ਨੂੰ ਭਰਨਾਂ, ਤੇ ਪੀ ਜਾਨਾ।

ਇਹ ਊਣੇ ਜਾਮ ਸਾਕੀ! ਤੇਰੇ ਊਣੇ-ਪਨ ਦੇ ਸੂਚਕ ਨੇ;
ਇਧਰ ਮੇਰੀ ਤਰੇਹ, ਮੰਗਦੀ ਹੈ ਮੈਖ਼ਾਨੇ ਤੇ ਮੈਖ਼ਾਨਾ।

ਹਿਲਾ ਕੇ ਖੰਭ, ਦੀਵੇ ਕੀ, ਮੈਂ ਸ਼ੁਹਲੇ ਵੀ ਬੁਝਾ ਸਕਨਾਂ;
ਜੋ ਪਰ ਸੜਵਾ ਕੇ ਡਿਗ ਪੈਂਦੈ, ਉਹ ਹੋਸੀ ਹੋਰ ਪਰਵਾਨਾ।
(੧੫-੧-੫੦)

10. ਨਾ ਲੱਭ

ਜਵਾਨਾ! ਕਿਸੇ ਦੇ ਸਹਾਰੇ ਨੂੰ ਨਾ ਲੱਭ।

ਤੈਨੂੰ ਆਪ ਲਭਦਾ ਫਿਰੇਗਾ ਕਿਨਾਰਾ,
ਤੂੰ ਤਕ ਡਹੁਲਿਆਂ ਵਲ, ਕਿਨਾਰੇ ਨੂੰ ਨਾ ਲੱਭ।

ਸਿਆਹ ਰਾਤ ਦੇ ਮੂੰਹ ਤੋਂ ਧੋ ਛਡ ਸਿਆਹੀ,
ਓ ਚੰਨਾ! ਤੂੰ ਲੋਅ ਵਾਲੇ ਤਾਰੇ ਨੂੰ ਨਾ ਲੱਭ।

ਜਮਾਲੈ ਹਰ ਇਕ ਲੋੜ ਹਥ ਦੀ ਤਲੀ ਤੇ,
ਕਿਸੇ ਓਪਰੇ-ਦੇਣ-ਹਾਰੇ ਨੂੰ ਨਾ ਲੱਭ।

ਇਹਦੇ ਟਾਕਰੇ ਲਈ ਤੂੰ ਚੁਣ ਲੈ ਚਿਟਾਨਾਂ,
ਤੇ ਮੱਥੇ ਦੀ ਖ਼ਾਤਰ ਦੁਆਰੇ ਨੂੰ ਨਾ ਲੱਭ।

ਓਹ ਖ਼ੁਦ ਓਟ ਲਭਦੈ ਸਹਾਰੇ ਤੇਰੇ ਦੀ,
ਤੂੰ ਬੇ-ਬਸ ਖ਼ੁਦਾ ਦੇ ਸਹਾਰੇ ਨੂੰ ਨਾ ਲੱਭ।

ਹਥੌੜੇ ਨੂੰ ਫੜ, ਘੜ ਲੈ ਤਕਦੀਰ ਅਪਣੀ,
ਬਿਗਾਨੇ ਕਿਸੇ ਘੜਨਹਾਰੇ ਨੂੰ ਨਾ ਲੱਭ।

ਗ਼ਰੀਬਾਂ ਦੀ ਵਸੋਂ 'ਚ ਤੈਨੂੰ ਮਿਲੇਗਾ,
ਖ਼ੁਦਾ ਦੇ ਘਰਾਂ ਵਿਚ 'ਅਵਾਰੇ' ਨੂੰ ਨਾ ਲੱਭ।

(੨੫-੧੧-੪੯)

11. ਨਾ ਛੇੜ

ਚਿਰਾਂ ਤੋਂ ਸੁਤਿਆਂ ਪਿਆਰਾਂ ਨੂੰ ਨਾ ਛੇੜ।

ਇਨ੍ਹਾਂ ਅਲਸਾਈਆਂ ਤਰਬਾਂ ਨੂੰ ਨਾ ਕਸ,
ਇਨ੍ਹਾਂ ਜੰਗਾਲੀਆਂ ਤਾਰਾਂ ਨੂੰ ਨਾ ਛੇੜ।

ਨਾ ਕਹੁ ਕੁਝ ਪਰ-ਝੜੇ ਪਰਵਾਨਿਆਂ ਨੂੰ;
ਤੇ ਨੋਕਾਂ-ਭੁਰ-ਚੁਕੇ ਖ਼ਾਰਾਂ ਨੂੰ ਨਾ ਛੇੜ।

ਵਿਸਾਰਨ ਵਾਲਿਆਂ ਦਾ ਛੋੜ ਖਹਿੜਾ,
ਭੁਲਾਵਣ ਵਾਲਿਆਂ ਯਾਰਾਂ ਨੂੰ ਨਾ ਛੇੜ।

ਕਦੇ, ਮੰਨਿਆ, ਇਨ੍ਹਾਂ ਵਿਚ ਗਰਮੀਆਂ ਸਨ;
ਸੁਆਹੀ ਹੋਏ ਅੰਗਿਆਰਾਂ ਨੂੰ ਨਾ ਛੇੜ।

ਜਿਨ੍ਹਾਂ ਬਦਲਾਂ 'ਚ ਕਣੀਆਂ ਹੀ ਨਹੀਂ ਹਨ,
ਉਨ੍ਹਾਂ ਦੇ ਕੀਤੇ ਇਕਰਾਰਾਂ ਨੂੰ ਨਾ ਛੇੜ।

ਇਹ ਰਖ ਬੈਠੇ ਨੇ ਖੰਭਾਂ ਹੇਠ ਚੁੰਝਾਂ,
ਇਨ੍ਹਾਂ ਚਾਵਾਂ ਦੀਆਂ ਡਾਰਾਂ ਨੂੰ ਨਾ ਛੇੜ।

(੨੩-੧੨-੪੩)

12. ਆਜ਼ਾਦ ਹਾਂ ਮੈਂ

ਗੁਟਕਦੈ ਜ਼ਮਾਨਾ ਕਿ ਬਰਬਾਦ ਹਾਂ ਮੈਂ।
ਭੁਲੇਖਾ ਹੈ ਉਸ ਨੂੰ ਕਿ ਨਾਸ਼ਾਦ ਹਾਂ ਮੈਂ।

ਸਮੇਂ ਨੇ ਮੈਨੂੰ ਕੱਚ ਦੀ ਵੰਗ ਜਾਤੈ,
ਪਤਾ ਨਹੀਂ ਨਾ ਉਸਨੂੰ ਕਿ ਫ਼ੌਲ਼ਾਦ ਹਾਂ ਮੈਂ।

ਹੈ ਤਾਹਜ਼ੀਬ ਦੁਨੀਆਂ ਦੀ ਮੇਰੇ ਤੇ ਉਸਰੀ,
ਇਨ੍ਹਾਂ ਸਭਿਅਤਾਵਾਂ ਦੀ ਬੁਨਿਆਦ ਹਾਂ ਮੈਂ।

ਅਜ਼ਾਦੀ ਮੇਰੀ ਦੀ ਤਾਂ ਕੋਈ ਹੱਦ ਤਾਂ ਵੇਖੇ,
ਕਿ ਘਰ ਘਾਟ ਵਲੋਂ ਵੀ ਆਜ਼ਾਦ ਹਾਂ ਮੈਂ।

ਜੇ ਖੁਸ਼-ਹਾਲ਼ੀਆਂ ਨੇ ਭੁਲਾਇਆ ਹੈ ਮੈਨੂੰ;
ਸ਼ੁਕਰ ਹੈ ਤਬਾਹੀਆਂ ਨੂੰ ਤਾਂ ਯਾਦ ਹਾਂ ਮੈਂ।

ਨਾ ਕਪੜੇ ਦਾ ਬੰਧਨ, ਨਾ ਕੰਧਾਂ ਦੀ ਵਲਗਣ,
ਸਹੀ ਮਹਿਨਿਆਂ ਵਿਚ ਅਜ ਆਜ਼ਾਦ ਹਾਂ ਮੈਂ।

ਇਹ ਆਵਾਰਗੀ ਤਾਂ ਮੈਂ ਆਪੇ ਚੁਣੀ ਸੀ,
ਕਿਸੇ ਕੀਤਿਆਂ ਤਾਂ ਨਹੀਂ ਬਰਬਾਦ ਹਾਂ ਮੈਂ।

(੪-੧੨-੪੭)

13. ਮੇਰਾ ਇਰਾਦਾ

ਮੈਂ ਆਪਣੇ ਦੇਸ਼ ਦੀ, ਕਿਸਮਤ ਬਣਾ ਕੇ ਛੋੜਾਂਗਾ।
ਤੇ ਘੂਕ ਨੀਂਦ 'ਚੋਂ ਇਸਨੂੰ ਜਗਾ ਕੇ ਛੋੜਾਂਗਾ।

ਹੈ ਦਾਗ਼ ਦੇਸ਼ ਦੇ, ਦਾਮਨ ਤੇ ਜੋ ਗਰੀਬੀ ਦਾ,
ਮਿਟਾਂਗਾ ਆਪ, ਜਾਂ ਇਸਨੂੰ ਮਿਟਾ ਕੇ ਛੋੜਾਂਗਾ।

ਪਹਾੜ ਹਨ ਜੇ ਮੇਰੇ ਰਾਹ ਦੇ ਵਿਚ ਤਾਂ ਕੀ ਹੋਇਆ?
ਇਨ੍ਹਾਂ ਦੀ ਧੂੜ, ਹਵਾ ਵਿਚ ਉਡਾ ਕੇ ਛੋੜਾਂਗਾ।

ਮੇਰੀ ਨਜ਼ਰ ਹੈ, ਉਚੇਰੀ ਮਸੀਤ-ਮੰਦਰ ਤੋਂ;
ਮੈਂ ਬੰਦਿਆਂ 'ਚ ਖ਼ੁਦਾ ਨੂੰ ਬਿਠਾ ਕੇ ਛੋੜਾਂਗਾ।

ਚੂਣੇਗਾ ਫੁਲ ਜੋ, ਮੇਰੇ ਬਾਗ਼ ਦੀ ਕਿਆਰੀ ਚੋਂ;
ਮੈਂ ਉਸਦੇ ਪੋਟੇ ਤੇ, ਛਾਲਾ ਉਠਾ ਕੇ ਛੋੜਾਂਗਾ।

(੧੯-੧੧-੪੫)

14. ਚਾਹ ਰਿਹਾ ਹਾਂ

ਪਿਆ ਲਭਨਾਂ ਕੋਈ ਭੋਲਾ ਲੁਟੇਰਾ;
ਕਿ ਮੈਂ ਜੀਵਨ ਲੁਟਾਣਾ ਚਾਹ ਰਿਹਾ ਹਾਂ।

ਸਿਤਾਰੇ ਸਾਜ਼ ਨੂੰ ਸੁਰ ਕਰ ਰਹੇ ਨੇ;
ਮੈਂ ਅਜ ਮਸਤੀ 'ਚ ਗਾਣਾ ਚਾਹ ਰਿਹਾ ਹਾਂ।

ਅਕਲ ਨੂੰ ਕਹਿ ਦਿਉ ਦਾਮਨ ਨਾ ਪਗੜੇ,
ਮੈਂ ਹੁਣ ਆਪੇ 'ਚ ਆਣਾ ਚਾਹ ਰਿਹਾ ਹਾਂ।

ਮੇਰੀ ਦੁਨੀਆਂ 'ਚੋਂ ਲੈ ਜਾਓ ਖ਼ੁਦਾ ਨੂੰ,
ਇਹਨੂੰ ਜੰਨਤ ਬਣਾਣਾ ਚਾਹ ਰਿਹਾ ਹਾਂ।

ਮੈਂ ਉੱਚੀ ਸ਼ਾਖ਼ ਦੇ ਹਰ ਆਹਲਣੇ ਤੇ,
ਕੋਈ ਬਿਜਲੀ ਗਿਰਾਣਾ ਚਾਹ ਰਿਹਾ ਹਾਂ।

ਦੁਆ ਖੋਹ ਕੇ ਜੁੜੇ ਹਥਾਂ ਦੇ ਵਿੱਚੋਂ,
ਉਹਨਾਂ ਵਿਚ ਜਾਨ ਪਾਣਾ ਚਾਹ ਰਿਹਾ ਹਾਂ।

ਮੈਂ ਸੁੱਤੇ ਪਾਣੀਆਂ ਦੀ ਹਿਕ ਦੇ ਵਿਚੋਂ,
ਕੋਈ ਤੂਫ਼ਾਨ ਉਠਾਣਾ ਚਾਹ ਰਿਹਾ ਹਾਂ।

ਮੈਂ ਮਦਹੋਸ਼ੀ 'ਚ ਸੁੱਤੇ ਸ਼ੋਹਲਿਆਂ ਨੂੰ,
ਜਗਾਣਾ ਤੇ ਨਚਾਣਾ ਚਾਹ ਰਿਹਾ ਹਾਂ।

ਜ਼ਰਾ ਤੂਫ਼ਾਨ ਨੂੰ ਆਖੋ ਕਿ ਜਾਗੇ,
ਕਿ ਮੈਂ ਲੰਗਰ ਉਠਾਣਾ ਚਾਹ ਰਿਹਾ ਹਾਂ।

15. ਭੁਲੇਖਾ

ਜਾਣ ਕੇ ਜ਼ੁਲਫ਼ ਮੈਂ ਇਕ ਮਾਰ ਨੂੰ ਹਥ ਪਾ ਬੈਠਾਂ।
ਫੁਲ ਸਮਝ ਕੇ ਮੈਂ ਇਕ ਅੰਗਾਰ ਨੂੰ ਹਥ ਪਾ ਬੈਠਾਂ।

ਥੋਹਰ ਦੀ ਸੇਧ ਤੇ ਖਾਧਾ ਹੈ ਸਰੂ ਦਾ ਧੋਖਾ।
ਜਾਣ ਕੇ ਪੀਂਘ ਪਈ, ਦਾਰ ਨੂੰ ਹਥ ਪਾ ਬੈਠਾਂ।

ਤੁਰਦੀ ਫਿਰਦੀ ਸੀ ਓਹ ਇਕ ਲਾਸ਼ ਇਸਤਰੀਅਤ ਦੀ।
ਜਿੰਦਗੀ ਜਾਣ ਕੇ ਮੁਰਦਾਰ ਨੂੰ ਹਥ ਪਾ ਬੈਠਾਂ।

ਉਡਦਾ ਫਿਰਿਆ ਹਾਂ ਮੈਂ ਬਿਜਲ਼ੀ ਦੀ ਚਮਕ ਫੜਨ ਲਈ।
ਟੁੱਟੇ ਹੋਏ ਤਾਰੇ ਦੀ ਰਫ਼ਤਾਰ ਨੂੰ ਹਥ ਪਾ ਬੈਠਾਂ।

ਤੋੜਿਐ ਜਾਮ ਮੇਰਾ ਜਿਸ ਨੇ ਮਸੀਤੀ ਅੱਗੇ।
ਚੌਕ ਵਿਚ ਅਜ ਉਹਦੀ ਦਸਤਾਰ ਨੂੰ ਹਥ ਪਾ ਬੈਠਾਂ।

ਹੁਣ ਨਾ ਗੂੰਜੇਗਾ ਕਿਸੇ ਗ਼ੈਰ ਦੀ ਮਹਿਫਿਲ਼ ਅੰਦਰ।
ਮੈਂ ਤੇਰੇ ਸਾਹ ਦੀ ਹਰ ਤਾਰ ਨੂੰ ਹਥ ਪਾ ਬੈਠਾਂ।

ਕਿਸ ਤਰਾਂ ਜਾਇੰਗਾ, ਹੱਥਾਂ 'ਚੋਂ ਛੁਡਾ ਕੇ ਦਾਮਨ ?
ਹੁਣ ਤਾਂ ਮੈਂ ਇਸਦੀ ਇਕ ਇਕ ਤਾਰ ਨੂੰ ਹਥ ਪਾ ਬੈਠਾਂ।

ਕਾਹਨੂੰ ਗਲ ਪੈਨੈਂ ਜੇ ਦੋ ਚਾਰ ਘੁਟ ਮੈਂ ਪੀ ਲਈ ਏ?
ਜ਼ਾਹਿਦਾ ! ਕੀ ਤੇਰੀ ਦਸਤਾਰ ਨੂੰ ਹਥ ਪਾ ਬੈਠਾਂ ?

(ਮਾਰ=ਸੱਪ, ਦਾਰ=ਫਾਂਸੀ ਦਾ ਰੱਸਾ)

16. ਆਸ਼ਿਆਨਾ ਵੀ ਗਿਆ

ਨਾਲ ਖੰਭਾਂ ਦੇ ਹੀ ਸਾਥੀ, ਚਹਿਚਹਾਨਾ ਵੀ ਗਿਆ।
ਪਤਝੜਾਂ ਵਿਚ ਉਹ ਬਹਾਰਾਂ ਦਾ ਤਰਾਨਾ ਵੀ ਗਿਆ।

ਉਡ ਗਈ ਹੈ ਨੀਂਦ ਅਖੀਉਂ ਲੈ ਕੇ ਸੁਫ਼ਨੇ ਬਾਗ਼ ਦੇ।
ਦਿਲ ਨੂੰ ਧੋਖਾ ਦੇਣ ਦਾ ਅੰਤਮ ਬਹਾਨਾ ਵੀ ਗਿਆ।

ਜਦ ਤੋਂ ਦਾਣਾ ਚੁੰਝ ਵਿੱਚੋਂ ਹੋਣੀਆਂ ਨੇ ਖਸ ਲਿਐ।
ਉਠ ਗਈ ਸ਼ੋਖ਼ੀ, ਸੁਭਾ ਉਹ ਬਾਗ਼ੀਆਨਾ ਵੀ ਗਿਆ।

ਅੰਬਰਾਂ ਤੋਂ ਐਸੀ ਬਿਜਲੀ, ਮੇਰੇ ਭਾਗਾਂ ਤੇ ਪਈ।
ਪਿੰਜਰਾ ਤਾਂ ਸੜ ਗਿਐ, ਪਰ ਆਸ਼ੀਆਨਾ ਵੀ ਗਿਆ।

17. ਟੁੱਟਾ ਪੈਮਾਨਾ

ਦੇਖ ਕੇ ਖ਼ੁਮ ਉਤੇ ਖ਼ੁਮ, ਪੀਂਦਿਆਂ ਬੇਗਾਨੇ ਨੂੰ।
ਦਿਲ ਇਹ ਕਹਿੰਦਾ ਸੀ ਕਿ ਅਗ ਲਾ ਦਿਆਂ ਮੈਖ਼ਾਨੇ ਨੂੰ।
ਪਰ ਜਦੋਂ ਧੌਣ ਸੁਰਾਹੀ ਦੀ ਨਿੰਵੀ ਸਾਡੇ ਵਲ;
ਹੋਣੀਆਂ ਤੋੜ ਕੇ ਰਖ ਦਿੱਤਾ ਪੈਮਾਨੇ ਨੂੰ।

(੩੦ ਜਨਵਰੀ ੧੯੪੮)

18. ਔਖਾ ਹੋਂਦੈ

ਗੱਲਾਂ ਤਾਂ ਹੈਣ ਸੁਖੱਲੀਆਂ ਕੁਝ ਕਰਨਾ ਔਖਾ ਹੋਂਦੈ।
ਕਹਿ ਕੇ ਫਿਰ ਤਲੀਆਂ ਉੱਤੇ, ਸਿਰ ਧਰਨਾ ਔਖਾ ਹੋਂਦੈ।

ਪਕਿਆਂ ਦੀ ਹੀਖੀ ਉੱਤੇ ਹਰ ਕੋਈ ਝਨਾਂ ਠਿਲ੍ਹ ਪੈਂਦੈ,
ਪਰ ਕਚਿਆਂ ਤੇ ਤੁਫ਼ਾਨਾਂ ਵਿਚ ਤਰਨਾ ਔਖਾ ਹੋਂਦੈ।

ਇਕ ਗੁਣ ਹੈ ਤੇਗਾਂ ਚਲਾਣਾ ਯੁੱਧਾਂ ਮੈਦਾਨਾਂ ਅੰਦਰ।
ਪਰ ਉਸਦੇ ਨਾਲੋਂ ਤੇਗਾਂ ਸਿਰ ਜਰਨਾ ਔਖਾ ਹੋਂਦੈ।

ਸੌਖਾ ਹੈ ਵਿਸਕੀ ਵਿੱਚੋਂ ਭਰ ਜਾਮ ਤੇ ਜਾਮ ਚੜ੍ਹਾਣਾ।
ਪਰ ਮੌਤ-ਪਿਆਲੇ ਵਿੱਚੋਂ ਘੁਟ ਭਰਨਾ ਔਖਾ ਹੋਂਦੈ।

ਆਪਣੇ ਜੀਵਨ ਦੀ ਖ਼ਾਤਰ ਮੈਂ ਦੁਨੀਆਂ ਮਰਦੀ ਵੇਖੀ।
ਪਰ ਲੋਕਾਂ ਖ਼ਾਤਰ ਸਦਕੇ ਸਿਰ ਕਰਨਾ ਔਖਾ ਹੋਂਦੈ।

ਘੁੰਗਟ ਵਿਚ ਹੱਸਦੇ ਨੈਣਾਂ ਨਾਲ ਹਰ ਕੋਈ ਲਾਵਾਂ ਲੈਂਦੈ,
ਪਰ ਮੌਤ ਵਰ੍ਹਾਂਦੀਆਂ ਤੇਗਾਂ ਨੂੰ ਵਰਨਾ ਔਖਾ ਹੋਂਦੈ।

19. ਜਾਣ ਦੇ

ਸਾਹਿਲਾਂ ਵਲ ਜ਼ੋਰ ਲਾਂਦਾ ਹੰਭ ਗਿਆਂ,
ਜਾਣ ਦੇ ਨਈਆ ਭੰਵਰ ਵਲ ਜਾਣ ਦੇ।

ਕੰਢਿਆਂ ਦੇ ਨਾਲ ਖਹਿਰਨ ਵਾਲਿਆ!
ਚਲ ਚਟਾਨਾਂ ਨਾਲ ਹੀ ਟਕਰਾਣ ਦੇ।

ਮੈਂ ਵੀ ਦਿਲ ਤੇਰੀ ਗਲੀ 'ਚੋਂ ਖਿਚ ਲਿਐ,
ਤੂੰ ਵੀ ਪਰਦੇ ਬਾਰੀਆਂ ਦੇ ਤਾਣ ਦੇ।

ਪੀ ਕੇ ਮੇਰੇ ਜਾਮ 'ਚੋਂ ਚੁਲੀਆਂ ਨਾ ਕਰ,
ਇਸ ਤੋਂ ਚੰਗਾ ਹੈ ਇਹਨੂੰ ਟੁਟ ਜਾਣ ਦੇ।

ਆਹਲਣੇ ਦਾ ਤੀਲਾ ਤੀਲਾ ਕਿਉਂ ਕਰੇਂ?
ਬਿਜਲੀਆਂ ਨੂੰ ਪੈ ਕੇ ਲੰਬੂ ਲਾਣ ਦੇ।

ਦੋਵੇਂ ਹਨ ਮੇਰੇ ਲਈ ਇੱਕੋ ਜਿਹੇ।
ਸਾਂਭ ਲੈ ਜ਼ੁਲਫ਼ਾਂ ਨੂੰ ਜਾਂ ਲਹਿਰਾਣ ਦੇ।

ਕਾਹਨੂੰ ਨਦੀਆਂ ਨੂੰ ਕੁਲਾਵੇ ਮਾਰਨੈਂ?
ਚਲ 'ਆਵਾਰਾ'! ਜਾਂਦਿਆਂ ਨੂੰ ਜਾਣ ਦੇ।

20. ਪਵਿੱਤਰ ਪਾਪ

('ਕੁਝ ਸੁਹਣਾ ਸੁਹਣਾ ਦੇਖ ਕੇ ਇਹ ਗ਼ਜ਼ਲ ਲਿਖੀ ਹੀ')

ਅਜ ਅਨੋਖਾ ਜਾਪ ਮੈਂ ਕਰਦਾ ਰਿਹਾਂ।
ਇਕ ਪਵਿੱਤਰ ਪਾਪ ਮੈਂ ਕਰਦਾ ਰਿਹਾਂ।

ਸਾਹਮਣੇ ਅਖੀਆਂ ਦੇ ਇਕ ਬੁਤ ਨੂੰ ਬਿਠਾਲ,
ਅਜ ਤਾਂ ਰੱਬ ਦਾ ਜਾਪ ਮੈਂ ਕਰਦਾ ਰਿਹਾਂ।

ਜ਼ਾਹਿਦਾਂ ਦਾ ਹੱਠ ਕਰਾ ਸਕਿਆ ਨਾ ਜੋ,
ਅਜ ਉਹ ਆਪਣੇ ਆਪ ਮੈਂ ਕਰਦਾ ਰਿਹਾਂ।

ਫ਼ਾਸਲਾ ਕਿਤਨਾ ਹੈ ਰਬ ਤੇ ਰੂਪ ਵਿਚ?
ਨਾਲ ਅਖੀਆਂ ਨਾਪ ਮੈਂ ਕਰਦਾ ਰਿਹਾਂ।

ਜ਼ੁਹਦ ਤੇ ਭਰੀਆਂ ਸੁਰਾਹੀਆਂ ਸਾਹਮਣੇ,
ਕਿਤਨਾ ਪਸ਼ਚਾਤਾਪ ਮੈਂ ਕਰਦਾ ਰਿਹਾਂ।

ਇਹ ਜਵਾਨੀ ਤੇ ਇਹ ਮੈ-ਖ਼ਾਨੇ ਨੂੰ ਪਿਠ,
ਹਾਏ ! ਕਿਤਨਾ ਪਾਪ ਮੈਂ ਕਰਦਾ ਰਿਹਾਂ।

(੧੫-੨-੫੨)

  • ਮੁੱਖ ਪੰਨਾ : ਕਾਵਿ ਰਚਨਾਵਾਂ, ਦਰਸ਼ਨ ਸਿੰਘ ਅਵਾਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ