Gurdit Singh Kundan
ਗੁਰਦਿਤ ਸਿੰਘ ਕੁੰਦਨ
 Punjabi Kavita
Punjabi Kavita
  

ਪੰਜਾਬ ਦੀ ਵਾਰ ਗੁਰਦਿਤ ਸਿੰਘ ਕੁੰਦਨ
ਇਹ ਵਾਰ ਪੰਜਾਬ ਦੀ ਵੰਡ ਵੇਲੇ (੧੯੪੭) ਦੀ
ਤ੍ਰਾਸਦੀ ਦਾ ਬਿਆਨ ਹੈ

1

ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ
ਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀ
ਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀ
ਪਈ ਰੋਂਦੀ ਵਿਚ ਤ੍ਰਿੰਜਣਾਂ, ਤੇਰੀ ਰੀਤਿ ਪੁਰਾਣੀ
ਨਹੀਂ ਦੁਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀ
ਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀ
ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ
ਉਹ ਪਿਆਰਾਂ ਭਰੀ ਝਨਾਂ ਦਾ, ਅੱਗ ਹੋ ਗਿਆ ਪਾਣੀ
ਤੇਰਾ ਸੋਚੀਂ ਪਿਆ ਹਿਮਾਲੀਆ, ਸਦੀਆਂ ਦਾ ਹਾਣੀ
ਜਿਹਨੂੰ ਕਈਆਂ ਦੁਸ਼ਮਣ ਦਲਾਂ ਦੀ, ਪਈ ਕਬਰ ਬਨਾਣੀ
ਨ ਸਮੇਂ ਦੇ ਭੋਲੇ ਪਾਤਸ਼ਾਹ, ਤੂੰ ਕਬਰ ਪਛਾਣੀ
ਤੈਨੂੰ ਓਨ੍ਹਾਂ ਵੱਢਿਆ ਛਾਂਗਿਆ, ਛਾਂ ਜਿਨ੍ਹਾਂ ਮਾਣੀ
ਜਿਹੜੀ ਜੱਲ੍ਹਿਆਂ ਵਾਲੇ ਬਾਗ਼ ਸੀ, ਪਈ ਰੱਤ ਵਹਾਣੀ
ਇਕ ਵਾਰੀ ਜ਼ਾਲਮ ਸਮੇਂ ਨੇ, ਕਰ ਦਿੱਤੀ ਪਾਣੀ
ਤੈਨੂੰ ਸ਼ੇਰਾ ! ਜ਼ਖਮੀ ਕਰ ਗਈ, ਗਿੱਦੜਾਂ ਦੀ ਢਾਣੀ
ਨਹੀਂ ਭਰਨੇ ਜ਼ਖਮ ਸਰੀਰ ਦੇ, ਤੇਰੇ ਸਦੀਆਂ ਤਾਣੀ ।1।

2

ਸਾਮਰਾਜੀਆਂ ਡਾਕੂਆਂ, ਬੇਦਰਦ ਕਸਾਈਆਂ
ਤੇਰੇ ਗੋਡੇ ਗਿੱਟੇ ਵੱਢ ਕੇ, ਜੰਜ਼ੀਰਾਂ ਲਾਹੀਆਂ
ਤੇਰੀ ਪਾਗਲ ਹੋ ਗਈ ਬੀਰਤਾ, ਧੀਰਜ ਦਿਆ ਸਾਂਈਆਂ
ਤੇਰੇ ਸਾਗਰ ਜਿਹੇ ਸੁਭਾ ਵਿਚ, ਚੜ੍ਹਿ ਕਾਂਗਾਂ ਆਈਆਂ
ਤੂੰ ਚੁਕੇ ਸ਼ੁਰੇ ਫੌਲਾਦ ਦੇ, ਤੇਗ਼ਾਂ ਲਿਸ਼ਕਾਈਆਂ
ਤੇਰੇ ਆਪਣੇ ਲਹੂ ਵਿਚ ਡੁੱਬੀਆਂ, ਤੇਰੀਆਂ ਚਤੁਰਾਈਆਂ
ਤੇਰੀ ਅੰਨ੍ਹੀ ਹੋਈ ਅਣਖ ਨੇ, ਲਈਆਂ ਅੰਗੜਾਈਆਂ
ਤੈਨੂੰ ਆਪਣੀਆਂ ਧੀਆਂ ਜਾਪੀਆਂ, ਇਕ ਵਾਰ ਪਰਾਈਆਂ
ਤੇਰੇ ਸਾਧੂ ਰਾਕਸ਼ ਬਣ ਗਏ, ਨਜ਼ਰਾਂ ਹਲਕਾਈਆਂ
ਤੇਰੀ ਸ਼ਾਹ ਰਗ ਉਤੇ ਹਾਣੀਆਂ, ਛੁਰੀਆਂ ਚਲਵਾਈਆਂ
ਤੇਰੀ ਖਾਕ ਵਰੋਲੇ ਬਣ ਗਈ, ਹੋਈ ਵਾਂਗੁ ਸ਼ੁਦਾਈਆਂ
ਬਣ ਫ਼ਨੀਅਰ ਉਡੇ ਕੱਖ ਵੀ, ਜਿਉਂ ਉਡਣ ਹਵਾਈਆਂ
ਜਿਨ੍ਹਾਂ ਸਿਰ ਤੇ ਲੱਖ ਹਨੇਰੀਆਂ, ਬੇਖੌਫ਼ ਲੰਘਾਈਆਂ
ਉਨ੍ਹਾਂ ਬਾਜ਼ਾਂ ਹਾਰੇ ਹੌਂਸਲੇ, ਕੂੰਜਾਂ ਕੁਰਲਾਈਆਂ
ਉਹ ਤੁਰ ਗਏ ਪਾਰ ਸਮੁੰਦਰੋਂ, ਜਿਨ੍ਹਾਂ ਅੱਗਾਂ ਲਾਈਆਂ
ਉਹ ਘਰ ਘਰ ਪਾ ਗਏ ਪਿੱਟਣੇ, ਥਾਂ ਥਾਂ ਦੁਹਾਈਆਂ ।2।

3

ਤੇਰੇ ਸੂਰਜ ਵਰਗੇ ਤੇਜ ਤੇ, ਪੈ ਸ਼ਾਮਾਂ ਗਈਆਂ
ਤੇਰੇ ਧੰਨੀ ਪੋਠੋਹਾਰ ਤੇ, ਟੁੱਟ ਬਿਜਲੀਆਂ ਪਈਆਂ
ਅਜ ਸਾਂਦਲ ਬਾਰ ਦੀ ਹਿਕ ਤੇ, ਰੁਲ ਹੱਡੀਆਂ ਰਹੀਆਂ
ਉਹ ਆਪ ਉਜਾੜਿਆ ਮਾਲਵਾ, ਹੱਥੀਂ ਮਲਵਈਆਂ
ਤੇਰੇ ਦਿਲ ਮਾਝੇ ਨੂੰ ਵਿੰਨ੍ਹਿਆ, ਫੜ ਨੇਜ਼ੇ ਕਹੀਆਂ
ਕਰ ਟੁਕੜੇ ਤੇਰੀ ਲਾਸ਼ ਦੇ, ਪਾ ਵੰਡੀਆਂ ਲਈਆਂ
ਸਭ ਰਾਸ ਲੁਟਾਈ ਬਾਣੀਆਂ, ਤੇ ਮੂਲ ਮੁੱਦਈਆਂ
ਛਡ ਦਿਤੇ ਕਾਅਬੇ ਆਪਣੇ, ਸਿਖਾਂ ਮਿਰਜ਼ਈਆਂ
ਦਿਲ ਕੋਲੇ ਹੋਇਆ ਇਨਸਾਨ ਦਾ, ਤੇ ਆਸਾਂ ਢਹੀਆਂ
ਵਿਚ ਗਿੱਧੇ ਰੋਂਦੀਆਂ ਝਾਜਰਾਂ, ਕਰ ਚੇਤੇ ਸਈਆਂ
ਮੈਖ਼ਾਨੇ ਫੂਕੇ ਸਾਕੀਆਂ ਤੇ ਸਾਜ਼ ਗਵਈਆਂ ।3।

4

ਤੇਰੀ ਮੜ੍ਹੀ ਤੇ ਮਹਲ ਉਸਾਰਿਆ, ਬੇਤਰਸ ਜ਼ਮਾਨੇ
ਰਹਿਆ ਮੌਤ ਤੇਰੀ ਨੂੰ ਪਾਲਦਾ, ਉਹ ਅੰਦਰ ਖਾਨੇ
ਤੈਨੂੰ ਦਿਤਾ ਨਰਕ ਫ਼ਰਿਸ਼ਤਿਆਂ, ਸੁਰਗਾਂ ਦੇ ਬਹਾਨੇ
ਤੇਰੇ ਬਾਗ਼ ਬਹਾਰਾਂ ਆਉਂਦੀਆਂ, ਬਣ ਗਏ ਵੀਰਾਨੇ
ਸੀ ਇਸ਼ਕ ਜਿਨ੍ਹਾਂ ਦਾ ਉਡਦਾ, ਹੁੰਦਾ ਅਸਮਾਨੇ
ਪਰ ਸੜਗੇ ਉਡਿਆ ਜਾਏ ਨਾ ਤੜਫਣ ਪਰਵਾਨੇ
ਸੁਣ ਸੁਣ ਕੇ ਤੇਰੀ ਰੂਹ ਦੇ, ਦਿਲ-ਜਲੇ ਤਰਾਨੇ
ਕਈ ਕੋਇਲੇ ਹੁੰਦੇ ਜਾ ਰਹੇ, ਅਣਮੁੱਲ ਖਜ਼ਾਨੇ
ਗਈਆਂ ਵੰਡੀਆਂ 'ਸ਼ਰਫ਼ ਨਿਸ਼ਾਨੀਆਂ' ਤੇ 'ਨਵੇਂ ਨਿਸ਼ਾਨੇ'
ਹੋਇ ਵਾਘਿਓਂ ਪਾਰ ਉਰਾਰ ਦੇ, ਸਭ ਗੀਤ ਬੇਗਾਨੇ
ਰੱਬ ਪਾਸਾ ਐਸਾ ਪਰਤਿਆ, ਹੋ ਕੇ ਦੀਵਾਨੇ
ਬੁਤਖਾਨੇ ਕਾਅਬੇ ਬਣ ਬਏ, ਕਾਅਬੇ ਬੁਤਖਾਨੇ
ਪੀ ਨਾਨਕ ਦੇ ਮੈਖਾਨਿਓਂ, ਹੋ ਕੇ ਮਸਤਾਨੇ
ਜਿਹੜੀ ਸਾਂਝ ਵਿਖਾਈ ਜਗ ਨੂੰ, ਬਾਲੇ ਮਰਦਾਨੇ
ਗੁਰੂ ਅਰਜਨ ਮੀਆਂ ਮੀਰ ਦੇ, ਟੁਟ ਗਏ ਯਰਾਨੇ
ਉਹ ਸੂਰਜ ਜਿਹੀਆਂ, ਹਕੀਕਤਾਂ, ਬਣੀਆਂ ਅਫ਼ਸਾਨੇ ।4।

5

ਉਹ ਲੰਮੀਆਂ ਦਰਦ ਕਹਾਣੀਆਂ, ਤੇ ਪੰਧ ਲਮੇਰੇ
ਤੇਰੇ ਰਾਹ ਵਿਚ ਕੰਡੇ ਦੁਸ਼ਮਣਾਂ, ਬੇਅੰਤ ਖਲੇਰੇ
ਪਰ ਰਾਹੀਆ ਤੁਰਿਆ ਚਲ ਤੂੰ, ਕਰ ਲੰਮੇ ਜੇਰੇ
ਬੰਗਾਲ ਜਿਹੇ ਹੋਰ ਵੀ ਮਿਲਣਗੇ, ਤੈਨੂੰ ਸਾਥ ਬਥੇਰੇ
ਅਜ ਜਾਗ ਰਹੀ ਏ ਜ਼ਿੰਦਗੀ, ਤੇਰੇ ਚਾਰ ਚੁਫੇਰੇ
ਬਣ ਚਾਨਣ ਰਹੇ ਜਹਾਨ ਦਾ, ਕਬਰਾਂ ਦੇ ਨ੍ਹੇਰੇ
ਕਈ ਨਵੇਂ ਭੁੰਚਾਲ ਲਿਆਉਣਗੇ, ਇਹ ਹੋਕੇ ਤੇਰੇ
ਬਣ ਜਾਣੇ ਇਕ ਦਿਨ ਬਿਜਲੀਆਂ, ਤੇਰੇ ਅੱਥਰੂ ਕੇਰੇ
ਮਿਟ ਜਾਣੇ ਨਵੀਂ ਤਾਰੀਖ਼ ਤੋਂ, ਸਭ ਖ਼ੂਨੀ ਡੇਰੇ
ਅਜ ਸੂਰਜ ਵਾਂਙ ਅਟੱਲ ਨੇ, ਇਹ ਦਾਅਵੇ ਮੇਰੇ
ਪਲ ਰਹੇ ਰਾਤਾਂ ਕਾਲੀਆਂ ਚਿ ਕਈ ਨਵੇਂ ਸਵੇਰੇ ।5।

 
 

To veiw this site you must have Unicode fonts. Contact Us

punjabi-kavita.com