Punjabi Ghazals Ghulam Rasool Azad

ਪੰਜਾਬੀ ਗ਼ਜ਼ਲਾਂ ਗ਼ੁਲਾਮ ਰਸੂਲ ਆਜ਼ਾਦ

1. ਸੁੱਚੇ ਹਰਫ਼ ਨਦੀ ਵਿੱਚ ਰੋੜ੍ਹੇ, ਹੱਥੀਂ ਬੈਠ ਕਿਨਾਰੇ ਮੈਂ

ਸੁੱਚੇ ਹਰਫ਼ ਨਦੀ ਵਿੱਚ ਰੋੜ੍ਹੇ, ਹੱਥੀਂ ਬੈਠ ਕਿਨਾਰੇ ਮੈਂ
ਫੇਰ ਵੀ ਉਹਦੀ ਰਹਿਮਤ ਦੇ ਨਾਲ, ਹਰ ਥਾਂ ਬੁੱਤੇ ਸਾਰੇ ਮੈਂ

ਵੱਖਰੀ ਗੱਲ ਹੈ ਤੇਰੇ ਵਰਗਾ, ਇਕ ਵੀ ਮੈਥੋਂ ਬਣਿਆ ਨਾ,
ਅੱਖੀਆਂ ਮੀਟਕੇ, ਕੱਲਿਆਂ ਬਹਿਕੇ, ਕਿੰਨੇ ਨਕਸ਼ ਉਤਾਰੇ ਮੈਂ

ਮੰਨਿਆਂ ਤੈਨੂੰ ਮਿਲਣਾ ਔਖਾ, ਪਰ ਐਨਾਂ ਔਖਾ ਵੀ ਨਹੀਂ,
ਚੰਨ ਦੇਖਣ ਨੂੰ ਅੱਖੀਆਂ ਅੱਗਿਉਂ, ਕਦੇ ਨਾ ਲਾਹੇ ਤਾਰੇ ਮੈਂ

ਤੈਨੂੰ ਛੱਡ ਕੇ ਹੋਰ ਕਿਸੇ ਸੰਗ, ਲਾ ਕੇ ਯਾਰੀ ਤੁਰ ਜਾਵਾਂ,
ਐਡੇ ਹੌਲੇ ਕਦੇ ਵੀ ਸੱਜਨਾ ! ਨਹੀਂ ਵਿਚਾਰ ਵਿਚਾਰੇ ਮੈਂ

ਬੰਦਿਆਂ ਦੇ ਨਾਲ ਪਿਆਰ ਮੁਹੱਬਤ, ਕਰਕੇ ਮੰਜ਼ਿਲ ਪਾਵੇਂਗਾ,
ਹਰ ਵਰਕੇ ਤੇ ਏਹੋ ਪੜ੍ਹਿਆ, ਖੋਲ੍ਹੇ ਜਦੋਂ 'ਸਪਾਰੇ' ਮੈਂ

ਦਿਲ ਦੇ ਬੂਹੇ ਰੱਖੋ ਖੁੱਲ੍ਹੇ, ਤਾਂਘ ਹਮੇਸ਼ਾਂ ਸੱਜਣਾਂ ਦੀ,
ਭਾਵੇਂ ਹੁਣ 'ਆਜ਼ਾਦ' ਵੀ ਆਵੇ, ਜਿੰਦਰੇ 'ਤੇ ਨਹੀਂ ਮਾਰੇ ਮੈਂ

2. ਨਾ ਇਹ ਅੱਖੀਆਂ ਮੇਰੀਆਂ ਰਹਿਣਾ

ਨਾ ਇਹ ਅੱਖੀਆਂ ਮੇਰੀਆਂ ਰਹਿਣਾ, ਨਾ ਇਹ ਤੇਰਾ ਮੁੱਖੜਾ ਰਹਿਣਾ
ਇਕ ਦੂਜੇ ਤੋਂ ਵੱਖ ਰਹਿਨੇ ਆਂ, ਏਹੋ ਦਿਲ ਦਾ ਦੁੱਖੜਾ ਰਹਿਣਾ

ਸਦਾ ਨਾ ਧੁੱਪਾਂ ਸਾੜਨ ਮੈਨੂੰ, ਸਦਾ ਨਾ ਪਾਲੇ ਠਾਰ ਸਕਣਗੇ,
ਸਦਾ ਨਾ ਮੈਥੋਂ ਦੂਰ ਕਿਤੇ ਇਹ, ਘਣ ਛਾਵਾਂ ਜਿਹਾ ਰੁੱਖੜਾ ਰਹਿਣਾ

ਅਪਣੇ ਹੱਥਾਂ ਦੀਆਂ ਲਕੀਰਾਂ, ਗਹੁ ਨਾਲ ਸੱਜਣਾਂ ਪੜ੍ਹਿਆ ਕਰ ਤੂੰ,
ਦੁੱਖ ਮਿਲਦੇ ਨੇ ਬਹੁਤੇ ਐਥੇ, ਸਦਾ ਨਾ ਹੱਸਦਾ, ਮੁੱਖੜਾ ਰਹਿਣਾ

ਕਦੀ 'ਤੇ ਆਪਣੀ ਕੁੱਲੀ ਦੇ ਵਿੱਚ, ਰਲ਼ ਕੇ ਕੱਠੇ ਠਹਿਰ ਸਕਾਂ ਗੇ,
ਕਿੰਨੀ ਦੇਰ ਅਸੀਂ ਦੋਹਾਂ ਨੇ, ਇੱਕ ਦੂਜੇ ਤੋਂ ਵੱਖੜਾ ਰਹਿਣਾ

ਫੁੱਲ ਕੁਮਲਾਇਆਂ ਵਰਗੇ ਚਿਹਰੇ, ਫਿੱਕੇ ਰੰਗ ਕਦੋਂ ਤੱਕ ਰਹਿਣੇ,
ਖ਼ਾਲੀ ਢਿੱਡਾਂ ਦੇ ਵਿੱਚ ਜਾਨੀ, ਕਿੰਨੀ ਦੇਰ ਇਹ ਭੁੱਖੜਾ ਰਹਿਣਾ

ਆ ਜਾ ਦੋਵੇਂ ਕੱਠਿਆਂ ਬਹਿਕੇ, ਅੱਜ ਤੋਂ ਪੱਕੀਆਂ ਕਸਮਾਂ ਖਾਈਏ,
ਨਾ 'ਆਜ਼ਾਦ' ਨੇ ਵੱਖ ਹੋਣਾ ਏਂ, ਨਾ ਤੂੰ ਮੈਥੋਂ ਰੁੱਸੜਾ ਰਹਿਣਾ

3. ਪੱਕੇ-ਕਿਲ੍ਹੇ ਦੇ ਅੰਦਰ ਜੀਵੇਂ, ਕੱਚੀ ਕੰਧ ਲਿਪਾਈ ਦੀ

ਪੱਕੇ-ਕਿਲ੍ਹੇ ਦੇ ਅੰਦਰ ਜੀਵੇਂ, ਕੱਚੀ ਕੰਧ ਲਿਪਾਈ ਦੀ
ਬੰਦੇ ਕੱਚੀਆਂ ਉਮਰਾਂ ਵਾਲੇ, ਪੱਕੀ ਉਮਰ ਖ਼ੁਦਾਈ ਦੀ

ਸੋਚਾਂ ਦੇ ਪੁੱਠੇ ਖੂਹ ਗੇੜਿਆਂ, ਕਦ ਪਾਣੀ ਹੱਥ ਆਉਂਦਾ ਏ,
ਇੰਜ ਹੀ ਸੂਰਤ ਲੱਭੇ ਨਾ ਕੋਈ, ਭਲਿਆਂ ਨਾਲ ਬੁਰਿਆਈ ਦੀ

ਦਿਲ ਦੇ ਵਰਕੇ ਕੋਰੇ ਕਾਗਜ਼, ਯਾ ਧਰਤੀ ਦੇ ਸੀਨੇ 'ਤੇ-
ਮੈਂ ਦੱਸਨਾਂ ਵਾਂ ਕੀਵੇਂ ਸਭ ਦੇ, ਗ਼ਮ ਦੀ ਸ਼ਕਲ ਬਣਾਈ ਦੀ

ਤੰਦ, ਪੂਣੀਆਂ, ਚਰਖ਼ੇ, ਮਾਹਲਾਂ, ਵਿੱਚ ਤ੍ਰਿੰਞਣਾਂ ਰੋਂਦੇ ਨੇ,
'ਹੀਰਾਂ' ਰੋ ਰੋ ਡੋਲੀ ਚੜ੍ਹੀਆਂ, ਖ਼ਬਰ ਨਾ ਕੋਈ ਮਾਈ ਦੀ

ਹਿਰਸਾਂ ਦੇ ਦਰਿਆ ਵਿੱਚ ਜਿੱਥੇ, ਸਬਰ ਦੀ ਬੇੜੀ ਡੁੱਬਦੀ ਏ,
ਮਿਹਨਤ ਦੇ ਚੱਪੂਆਂ ਨਾਲ ਉੱਥੇ ਹਿੰਮਤ ਯਾਰ ਬਨਾਈ ਦੀ

ਖੱਡਾਂ ਦੇ ਵਿਚ ਲੁੜਕ ਗਿਆਂ ਨੂੰ, ਚੋਟੀ ਵਲ ਨੂੰ ਖਿੱਚ 'ਆਜ਼ਾਦ',
ਦਿਲ 'ਤੈਮੂਰ' ਨੂੰ 'ਮੱਕੜੀ' ਵਾਲੀ, ਚੇਤੇ ਗੱਲ ਕਰਾਈ ਦੀ

4. ਛੋਟੀ ਉਮਰੇ ਨੈਣ ਲੜਾ ਕੇ, ਰੋਗ ਲਵਾ ਲਏ ਗੁੱਝੇ

ਛੋਟੀ ਉਮਰੇ ਨੈਣ ਲੜਾ ਕੇ, ਰੋਗ ਲਵਾ ਲਏ ਗੁੱਝੇ
ਫੇਰ ਵੀ ਦੀਵਾ ਆਸਾਂ ਵਾਲਾ, ਧੁਖ-ਧੁਖ ਕੇ ਪਿਆ ਬੁੱਝੇ

ਉੱਡ-ਪੁਡ ਜਾਣਿਆ ਝੂਠਿਆ ਕਾਵਾਂ, ਉਹਨਾਂ ਕਿੱਥੋਂ ਆਉਣਾ,
ਮੂੰਹ ਵਲ੍ਹੇਟ ਕੇ ਤੁਰ ਗਏ ਜਿਹੜੇ, ਹੋਰ ਕਿਤੇ ਜਾ ਰੁੱਝੇ

ਦਿਲ, ਦਿਲ ਨਾਲ ਜੇ ਅਸਾਂ ਵਟਾਇਆ, ਲੋਕਾਂ ਦਾ ਕੀ ਖੋਹਿਆ,
ਗੈਰਾਂ ਦੇ ਢਿਡ ਪੀੜ ਪਈ ਹੁੰਦੀ, ਅਪਣਿਆਂ ਦੇ ਮੂੰਹ ਸੁੱਜੇ

ਲੱਖਾਂ ਵੈਦ ਹਕੀਮ ਨੇ ਏਥੇ, ਲੱਖਾਂ ਹੋਰ ਸਿਆਣੇ,
ਇਕ ਨਾਦਾਨ ਬਿਨਾ ਕੋਈ ਨਾ, ਰੋਗ ਮਿਰੇ ਨੂੰ ਬੁੱਝੇ

'ਸਾਕੀ' ਤੇਰਿਆਂ ਠੂਠਿਆਂ ਦੇ ਨਾਲ, ਉਹਨਾਂ ਦਾ ਕੀ ਬਣਨਾ,
ਜਿਹਨਾਂ ਖਾਣਾ ਲੱਪ-ਗੜੱਪੀ, ਭਰ ਭਰ ਪੀਣੇ ਕੁੱਜੇ

5. ਥੱਕੀਆਂ ਥੱਕੀਆਂ ਅੱਖੀਆਂ ਦਾ, ਨਾ ਦਰਦ ਵੰਡਾਇਆ ਸੋਚਾਂ ਨੇ

ਥੱਕੀਆਂ ਥੱਕੀਆਂ ਅੱਖੀਆਂ ਦਾ, ਨਾ ਦਰਦ ਵੰਡਾਇਆ ਸੋਚਾਂ ਨੇ
ਬਹੁਤੀ ਵਾਰੀ ਇੰਜ ਵੀ ਸਾਨੂੰ, ਮਾਰ ਮੁਕਾਇਆ ਸੋਚਾਂ ਨੇ

ਮੁੱਦਤਾਂ ਦੇ ਵਿਛੜੇ ਕੋਲੋਂ ਵੀ, ਚੁੱਪ ਕਰਕੇ ਅੱਜ ਲੰਘ ਗਏ ਨੇ,
ਦਿਲ ਰੋਇਆ ਤੇ ਦੂਰ ਗਿਆਂ ਨੂੰ, ਫੇਰ ਬੁਲਾਇਆ ਸੋਚਾਂ ਨੇ

ਸਿਰ ਨੇਜ਼ੇ ਤੇ, ਧੜ ਸੂਲ੍ਹੀ ਤੇ, ਜ਼ਹਿਰ ਪਿਆਲੇ ਮੂੰਹਾਂ ਨੂੰ,
ਕਈ ਰੂਪਾਂ ਵਿੱਚ ਜੱਲੀਆਂ ਪਾ ਕੇ, ਯਾਰ ਮਨਾਇਆ ਸੋਚਾਂ ਨੇ

ਘਰ ਛੱਡਿਆ, ਚਾਕਰ ਅਖਵਾਏ, ਕੰਨੀਂ ਮੁੰਦਰਾਂ ਜੋਗ ਲਿਆ,
ਓਸ ਗਲੀ ਦੇ ਹੋ ਕੇ ਰਹਿ ਗਏ, ਦੇਸ਼ ਭੁਲਾਇਆ ਸੋਚਾਂ ਨੇ

ਦਿਲ ਝੱਲਿਆ ! ਖ਼ੁਸ਼ ਹੋ ਲੈ, ਹੱਸ ਲੈ, ਕੱਲਿਆਂ ਬਹਿ ਪਛਤਾਵੇਂਗਾ,
ਫੇਰ ਕਿਸੇ ਤੋਂ ਚੁੱਪ ਨਹੀਂ ਹੋਣਾ, ਜਦੋਂ ਰੁਆਇਆ ਸੋਚਾਂ ਨੇ

ਫੇਰ ਕਿਸੇ ਦੀ ਯਾਦ ਆਈ ਏ, ਫਿਰ ਦਿਲ ਡੁੱਬਦਾ ਜਾਂਦਾ ਏ,
ਫੇਰ 'ਆਜ਼ਾਦ' ਦੇ ਅੱਖੀਆਂ ਵਿੱਚੋਂ ਲਹੂ ਵਗਾਇਆ ਸੋਚਾਂ ਨੇ

6. ਮੈਂ ਰਾਂਝਾ ਨਈਂ ਫਿਰ ਮੈਂ ਜੋਤ ਜਗਾਉਣੀ ਕੀ

ਮੈਂ ਰਾਂਝਾ ਨਈਂ ਫਿਰ ਮੈਂ ਜੋਤ ਜਗਾਉਣੀ ਕੀ।
ਕਾਫ਼ੀ ਦਿਲ ਦੇ ਹਾੜੇ, ਵੰਝਲੀ ਵਾਹਉਣੀ ਕੀ।

ਵੇਲੇ ਦਾ ਕੈਦੋਂ ਕੀ ਮੈਥੋਂ ਲਭਦਾ ਏ,
ਰੋਟੀ ਲਭਦੀ ਨਈਂ ਮੈਂ ਹੀਰ ਵਿਆਹਉਣੀ ਕੀ।

ਆਪੇ ਹੀ ਮੈਂ ਅਪਣੇ ਬਖ਼ੀਏ ਲਾ ਲਾਂ ਗਾ,
ਲੀਰਾਂ ਲੀਰਾਂ ਜੈਕਟ ਕਿਤੋਂ ਸਵਾਉਣੀ ਕੀ।

ਅਜ ਮੈਂ ਰੱਦੀ ਕਾਗਜ਼ ਫਾੜਨ ਲੱਗਾ ਸਾਂ,
ਛਡ ਦਿੱਤਾ ਚਲ ਤੇਰੀ ਯਾਦ ਮਿਟਾਉਣੀ ਕੀ।

ਕੀਤਾ ਪਿਆਰ ਤੇ ਝੱਲਿਆ ਇਸ਼ਕ 'ਚ ਘਾਟਾ ਵੀ,
ਇਹ ਗੱਲ ਯਾਰਾਂ ਕੋਲੋਂ ਅਸੀਂ ਲਕਾਉਣੀ ਕੀ।

ਖ਼ਾਲੀ ਝੋਲੀ ਤੇ ਖ਼ੁਸ਼ ਰਹੁ 'ਆਜ਼ਾਦ' ਸਦਾ,
ਚਿੱਟੀ ਚਾਦਰ ਕਾਲੇ ਨਾਲ ਰੰਗਾਉਣੀ ਕੀ।

7. ਅਜ਼ਲਾਂ ਤੋਂ ਡੰਗੀਆਂ ਰੂਹਾਂ ਦੀ ਜਾ ਨਈਂ ਸਕਦੀ ਕਾਣ ਕਦੀ

ਅਜ਼ਲਾਂ ਤੋਂ ਡੰਗੀਆਂ ਰੂਹਾਂ ਦੀ ਜਾ ਨਈਂ ਸਕਦੀ ਕਾਣ ਕਦੀ ।
ਮੱਛੀ ਨੂੰ ਸੌ ਮਲ ਮਲ ਧੋਈਏ, ਜਾਂਦੀ ਏ ਮਛਿਆਣ ਕਦੀ ?

ਭਰੀ ਜਵਾਨੀ ਦੇ ਵਿਚ ਮੈਨੂੰ ਸੋਚਾਂ ਬੁੱਢਿਆਂ ਕਰ ਗਈਆਂ,
ਫ਼ਿਕਰਾਂ ਦੇ ਵਿਚ ਡੁੱਬੇ ਹੋਏ ਬਚਦੇ ਨੈਣ ਪਰਾਣ ਕਦੀ ?

ਮਿੱਠੀ ਰੱਤ ਦੀਆਂ ਚੂਲੀਆਂ ਭਰੀਆਂ ਅਪਣੇ ਈ ਗੂੜ੍ਹੇ ਯਾਰਾਂ ਨੇ,
ਸੁਲੀ ਤੇ ਉਹ ਚਾੜ੍ਹਨ ਆਏ ਜਿਨ੍ਹਾਂ 'ਤੇ ਸੀ ਮਾਣ ਕਦੀ।

ਉੱਚਿਆਂ ਮਹਿਲਾਂ ਦੇ ਵਿੱਚ ਵਸਨੈਂ, ਉੱਚੀ ਜ਼ਾਤ ਸਦਾਉਂਦਾ ਏਂ,
ਤੱਕਿਐ ਫ਼ੱਕਰਾਂ ਦਰਵੇਸ਼ਾਂ ਤੇ ਲੱਗੇ ਹੈਨ ਲਗਾਨ ਕਦੀ।

ਇਹ ਗੱਲ ਨਵੀਂ ਸੁਣੀ ਨਈਂ ਕੋਈ ਮਿਸਲ ਮਸ਼ੂਰ ਏ ਦੁਨੀਆਂ ਤੇ,
ਰੋਂ ਰੋਂ ਸਭ ਕੁਝ ਦਸ ਦੇਂਦੇ ਜੋ ਹਸ ਹਸ ਅੱਖੀਆਂ ਲਾਣ ਕਦੀ।

ਸ਼ਹਿਰ 'ਚ 'ਵਾਵਾਂ ਸੀਨੇ ਸਿੰਨ੍ਹ ਕੇ ਟੁਰ ਗਈਆਂ 'ਆਜ਼ਾਦ' ਮੀਆਂ,
ਜਿਹੜੀਆਂ ਜੰਗਲ ਬੇਲੇ ਅੰਦਰ ਢੋਲੇ ਮਾਹੀਏ ਗਾਣ ਕਦੀ।