Ghorian : Neelam Saini

ਘੋੜੀਆਂ : ਨੀਲਮ ਸੈਣੀ

ਵਿਆਹ ਵਾਲੇ ਘਰ ਮੁੰਡੇ ਲਈ ਗਾਏ ਜਾਣ ਵਾਲੇ ਸ਼ਗਨਾਂ ਦੇ ਗੀਤ ਘੋੜੀਆਂ ਅਖਵਾਉਂਦੇ ਹਨ। ਇਨ੍ਹਾਂ ਨੂੰ ਜੱਸ ਗੀਤ ਵੀ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਰਾਤ ਨੂੰ ਬਕਾਇਦਾ ਗਾਉਣ ਦਾ ਸੱਦਾ ਦਿੱਤਾ ਜਾਂਦਾ ਸੀ। ਰਾਤ ਨੂੰ ਸਭ ਚਾਚੀਆਂ-ਤਾਈਆਂ, ਮਾਮੀਆਂ-ਮਾਸੀਆਂ, ਭੈਣਾਂ-ਭਰਜਾਈਆਂ ਮਿਲ ਕੇ ਘੋੜੀਆਂ ਗਾਉਂਦੀਆਂ ਸਨ।
ਵਿਆਹ ਵਾਲੇ ਦਿਨ ਵਿਆਹ ਵਾਲਾ ਮੁੰਡਾ ਘੋੜੀ 'ਤੇ ਚੜ੍ਹਾਇਆ ਜਾਂਦਾ ਸੀ। ਇਸੇ ਕਰ ਕੇ ਮੁੰਡੇ ਦੇ ਵਿਆਹ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਇਨ੍ਹਾਂ ਘੋੜੀਆਂ ਵਿਚ ਘੋੜੀ ਦਾ ਮੁੱਲ ਪਾਇਆ ਅਤੇ ਤਾਰਿਆ ਜਾਂਦਾ ਸੀ। ਇਨ੍ਹਾਂ ਘੋੜੀਆਂ ਵਿਚ ਘੋੜੀ ਦੇ ਖ਼ਰੀਦਦਾਰ ਅਕਸਰ ਲਾੜੇ ਦੇ ਵਡੇਰੇ, ਭਾਵ ਬਾਬਾ, ਨਾਨਾ, ਬਾਪ, ਮਾਮਾ, ਚਾਚਾ ਅਤੇ ਤਾਇਆ ਆਦਿ ਹੁੰਦੇ ਸਨ। ਘੋੜੀ ਦੀਆਂ ਸਿਫ਼ਤਾਂ ਕੀਤੀਆਂ ਜਾਂਦੀਆਂ। ਸਿਹਰਾ ਗੁੰਦਣ ਦਾ ਜ਼ਿਕਰ ਹੁੰਦਾ। ਲਾਗੀਆਂ ਦੇ ਲਾਗਾਂ ਦੀ ਸਿਫ਼ਤ ਹੁੰਦੀ ਸੀ। ਸ਼ਗਨਾਂ ਦੀ ਵਿਸਥਾਰ ਸਹਿਤ ਵਿਆਖਿਆ ਹੁੰਦੀ ਸੀ। ਭੈਣਾਂ ਵਲੋਂ ਸਹੁਰੇ ਘਰ ਢੁੱਕਣ ਉਪਰੰਤ ਵੀਰ ਲਈ ਧਿਆਨ ਦੇਣ ਯੋਗ ਹਦਾਇਤਾਂ ਹੁੰਦੀਆਂ ਸਨ। ਖ਼ੁਸ਼ੀ ਦਾ ਪ੍ਰਗਟਾਵਾ ਹੁੰਦਾ ਸੀ। ਘਰ ਵਿਚ ਨਵਾਂ ਮੈਂਬਰ ਆਉਣ ਦਾ ਚਾਅ ਹੁੰਦਾ ਸੀ। ਨਵੀਂ ਬੰਨੋ ਦੇ ਰੂਪ ਅਤੇ ਹੁਸਨ ਦਾ ਚਰਚਾ ਹੁੰਦਾ ਸੀ। ਉਸ ਦੇ ਜ਼ੇਵਰਾਂ ਅਤੇ ਵਰੀ ਦੀ ਦਿਲ ਖੋਲ੍ਹ ਕੇ ਸਿਫ਼ਤ ਹੁੰਦੀ ਸੀ।
ਇਨ੍ਹਾਂ ਘੋੜੀਆਂ ਵਿਚ ਵਿਆਂਦੜ ਮੁੰਡੇ ਦੇ ਘਰ ਦਾ ਰੁਤਬਾ ਉਚਾ ਦਰਸਾਇਆ ਜਾਂਦਾ ਸੀ। ਉਸ ਦੇ ਸਕੇ ਸੰਬੰਧੀਆਂ ਦੀ ਭਰਵੀਂ ਵਡਿਆਈ ਕੀਤੀ ਜਾਂਦੀ ਸੀ। ਇਸ ਰਸਮ ਦਾ ਮਹੱਤਵ ਵੀ ਸਦਭਾਵਨਾ, ਭਾਈਚਾਰਕ ਸਾਂਝ, ਰਿਸ਼ਤਿਆਂ ਦਾ ਮਹੱਤਵ ਸਮਝਾਉਣ ਦੇ ਨਾਲ-ਨਾਲ ਮਨੋਰੰਜਨ ਕਰਨਾ ਸੀ । ਇਥੇ ਜ਼ਿਕਰਯੋਗ ਹੈ ਕਿ ਜਿਥੇ ਘਰ ਦੀਆਂ ਔਰਤਾਂ ਰਾਤ ਨੂੰ ਨੱਚਦੀਆਂ-ਗਾਉਂਦੀਆਂ ਆਪਣਾ ਮਨੋਰੰਜਨ ਕਰਦੀਆਂ ਸਨ, ਉਥੇ ਮਰਦ ਵੀ ਕਿਸੇ ਬੈਠਕ ਜਾਂ ਦਲਾਨ ਵਿਚ ਬੈਠੇ ਪੀਣ-ਪਿਲਾਉਣ ਵਿਚ ਮਸਤ ਹੁੰਦੇ ਸਨ। ਇਹ ਰਸਮ ਅਜੇ ਵੀ ਹੋ ਰਹੀ ਹੈ। ਪਰਦੇਸਾਂ ਵਿਚ ਮੁੰਡੇ ਵਾਲ਼ੇ ਘਰ ਵੀ 'ਲੇਡੀ ਸੰਗੀਤ' ਹੀ ਰੱਖਿਆ ਜਾਂਦਾ ਹੈ। ਇਸ ਮੌਕੇ ਕੁੱਝ ਘੋੜੀਆਂ ਅਤੇ ਢੋਲਕੀ ਦੇ ਗੀਤ ਗਾਉਣ ਤੋਂ ਬਾਅਦ ਡੀ.ਜੇ. ਚੱਲਦਾ ਹੈ। ਸਮੂਹਿਕ ਰੂਪ ਵਿਚ ਡਾਂਸ ਕੀਤਾ ਜਾਂਦਾ ਹੈ।

ਘੋੜੀ ਤਾਂ ਮੇਰੇ ਵੀਰ ਦੀ

ਘੋੜੀ ਤਾਂ ਮੇਰੇ ਵੀਰ ਦੀ,
ਨੀ ਬਿੰਦ੍ਰਾ ਵਣ ਵਿਚੋਂ ਆਈ।
ਆਉਂਦੀ ਮਾਤਾ ਨੇ ਰੋਕ ਲਈ,
ਦੇ ਜਾ ਢੋਲ ਧਰਾਈ।
ਜੋ ਕੁਝ ਮੰਗਣਾ ਮੰਗ ਲਾ,
ਨੀ ਮਾਤਾ ਦੇਰ ਨਾ ਲਾਈਂ।
ਸਵਾ ਰੁਪਈਆ ਰੋਕ ਦਾ,
ਰੱਖ ਜਾ ਢੋਲ ਧਰਾਈ।

ਧੁਰ ਮੁਲਤਾਨੋ ਘੋੜੀ ਆਈ ਵੀਰਾ

ਧੁਰ ਮੁਲਤਾਨੋ ਘੋੜੀ ਆਈ ਵੀਰਾ,
ਕਿਨ ਮੰਗੀ ਕਿਨ ਮੰਗਾਈ ਭੈਣੋਂ।
ਪੋਤੇ ਮੰਗੀ ਬਾਬੇ ਮੰਗਾਈ ਵੀਰਾ,
ਇਸ ਘੋੜੀ ਦਾ ਕੀ ਆ ਮੁੱਲ ਭੈਣੋਂ।
ਇਕ ਲੱਖ ਆ ਡੇਢ ਹਜ਼ਾਰ ਵੀਰਾ,
ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ।

ਸਿਰ ਬੰਨਿਆਂ ਤੇਰੇ ਚੀਰਾ ਰੇ ਬਣਦਾ

ਸਿਰ ਬੰਨਿਆਂ ਤੇਰੇ ਚੀਰਾ ਰੇ ਬਣਦਾ,
ਤੇਰੇ ਚੀਰੇ ਨੇ ਤੇਰੀ ਕਲਗੀ ਨੇ,
ਬਿੰਦ੍ਰਾ ਵਣ ਮੋਹਿਆ।
ਮਾਏਂ ਨੀ ਰੰਗ ਕੇਸਰ ਡੋਲ੍ਹਾਂ,
ਕੇਸਰ ਡੋਲ੍ਹਾਂ, ਮੈਂ ਰੰਗ ਵਰੋਲਾਂ।
ਹਾਂ ਨੀ! ਇਹ ਕੇਸਰ, ਹਾਂ ਨੀ! ਇਹ ਵਟਣਾ!
ਭਾਈਆਂ ਪਿਆਰੇ ਦੇ ਲਾਇਓ।
ਮਾਏਂ ਨੀ ਰੰਗ ਕੇਸਰ ਡੋਲ੍ਹਾਂ,
ਗਲ਼ ਬੰਨਿਆਂ ਤੇਰੇ ਵਰਦੀ ਵੇ ਬਣਦੀ,
ਤੇਰੀ ਵਰਦੀ ਨੇ, ਤੇਰੇ ਬਟਨਾਂ ਨੇ,
ਬਿੰਦ੍ਰਾ ਵਣ ਮੋਹਿਆ।

ਘੋੜੀ ਚੜ੍ਹ ਬੰਨਿਆ

ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ,
ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ,
ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ,
ਮੈਂ ਸਦਕੇ ਵੀਰਾ ਮਾਮੀ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।
ਘੋੜੀ ਚੜ੍ਹ ਬੰਨਿਆ ਤੈਨੂੰ ਵੀਰਾ ਬੁਲਾਵੇ,
ਮੈਂ ਸਦਕੇ ਵੀਰਾ ਭਾਬੋ ਸ਼ਗਨ ਮਨਾਵੇ,
ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ।

ਨੀਲੀ ਸੀ ਘੋੜੀ

ਨੀਲੀ ਸੀ ਘੋੜੀ, ਲਾਲ ਵਛੇਰਾ।
ਬੰਨ੍ਹੀਂ ਵੇ ਲਾੜਿਆ! ਬਾਬੇ ਦੇ ਬਾਗੀਂ।
ਬਾਬੇ ਦੇ ਬਾਗੀਂ, ਦਾਦੀ ਦੀ ਡਿਓੜੀ।
ਨੀਲੀ ਸੀ ਘੋੜੀ, ਲਾਲ ਵਛੇਰਾ।

ਬੰਨਰਾ

ਚੀਰਾ ਪਹਿਨ ਕੇ ਬੰਨਰਾ,
ਨੀ ਜਾਂਦਾ ਮਾਤਾ ਦੇ ਵਿਹੜੇ।
ਨੀ ਜਾਂਦਾ ਮਾਤਾ ਦੇ ਵਿਹੜੇ,
ਨੀ ਪਾਉਂਦਾ ਪੰਜ-ਸੱਤ ਫ਼ੇਰੇ।
ਨੀ ਸਈਆਂ ਪੁੱਛਣ ਲੱਗੀਆਂ,
ਨੀ ਇਹ ਕੀ ਲੱਗਦਾ ਤੇਰਾ।
ਇਹ ਮੇਰੇ ਨੱਕ ਦੀ ਤੀਲੀ,
ਨੀ ਸੁੱਚੇ ਲੌਂਗ ਦਾ ਮੋਤੀ।

ਵੀਰਾ ਘੋੜੀ ਆਈ

ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,
ਆਪਣੀ ਦਾਦੀ ਮੰਗਵਾ ਲਾ,
ਪੂਰੇ ਸ਼ਗਨ ਕਰਨੇ ਨੂੰ।
ਆਪਣਾ ਬਾਬਾ ਮੰਗਵਾ ਲਾ,
ਦੰਮਾਂ ਬੋਰੀ ਫੜਨੇ ਨੂੰ।
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ,
ਆਪਣੀ ਮਾਤਾ ਮੰਗਵਾ ਲਾ,
ਪੂਰੇ ਸ਼ਗਨ ਕਰਨੇ ਨੂੰ।

ਵਰਦੀ ਪਹਿਨੋਂ ਵੀਰਾ ਜੀ

ਵਰਦੀ ਪਹਿਨੋਂ ਵੀਰਾ ਜੀ
ਕਿ ਅੱਜ ਤੁਸੀਂ ਸਹੁਰੇ ਜਾਣਾ।
ਜੇਬੀਂ ਪਾ ਲਓ ਵੀਰਾ ਜੀ
ਕਿ ਲੌਂਗ ਲਾਚੀ ਦਾਣਾ।
ਉਹ ਕੀ ਕਰਨਾ ਭੈਣੇਂ ਨੀ,
ਲੌਂਗ ਲਾਚੀ ਦਾਣਾ।
ਸਾਲੀਆਂ ਮੰਗਦੀਆਂ ਵੀਰਾ ਜੀ
ਕਿ ਲੌਂਗ ਲਾਚੀ ਦਾਣਾ।
ਲੌਂਗ ਦੇਣਾ ਵੀਰਾ ਜੀ
ਕਿ ਲਾਚੀਆਂ ਮੋੜ ਲਿਆਉਣਾ।

ਘੋੜਾ ਮੰਗਾਇਆ ਵੀਰਾ

ਘੋੜਾ ਮੰਗਾਇਆ ਵੀਰਾ,
ਤੇਰੀ ਵੇ ਰੀਝ ਦਾ, ਤੇਰੀ ਦਲੀਲ ਦਾ,
ਚੜ੍ਹਨੇ ਦੇ ਵੇਲ਼ੇ ਹਾਜ਼ਰ ਹੋਣਾ ਵੀਰਾ।
ਚੜ੍ਹਨੇ ਦੇ ਵੇਲ਼ੇ ਭੈਣੇਂ ਨੌਕਰ ਸਰਕਾਰ ਦਾ,
ਮੇਰਾ ਪਹਿਰਾ ਸੀ ਰਾਤ ਦਾ,
ਬੰਗਲੇ ਦੇ ਮੂਹਰੇ ਹਾਜ਼ਰ ਹੋਣਾ ਭੈਣੇਂ।
ਵੇ ਵੀਰਾ ਕਾਲੜੀਆਂ ਘਟਾਵਾਂ,
ਵੇ ਚੜ੍ਹ ਆਈਆਂ ਚੁਫ਼ੇਰੇ,
ਭਾਵੇਂ ਮੀਂਹ ਵਰੇਸੇ, ਗਲੀਏ ਚਿੱਕੜ ਹੋਵੇ,
ਜੰਞੀ ਚੜ੍ਹਨਾ ਸਵੇਰੇ।
ਵੇ ਵੀਰਾ ਭਿੱਜ ਜਾਊਗਾ ਜੋੜਾ,
ਵੇ ਵੀਰਾ ਭਿੱਜ ਜਾਊਗਾ ਘੋੜਾ,
ਸੂਹਿਆਂ ਵਾਲੀ ਦਾ ਡੋਲ਼ਾ।

ਲਟਕੇਂਦੇ ਵਾਲ ਸੁਹਣੇ ਦੇ

ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ,
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਚੜ੍ਹਿਆ ਵੀਰਾ ਘੋੜੀ ਵੇ,
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਮੇਰੇ ਚੰਨ ਨਾਲੋਂ ਸੁਹਣਿਆਂ ਵੀਰਾ ਵੇ,
ਤੇਰੇ ਸਿਰ 'ਤੇ ਸਜੇ ਸੁਹਣਾ ਚੀਰਾ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਚੜ੍ਹਿਆ ਵੀਰਾ ਖਾਰੇ ਵੇ,
ਤੇਰਾ ਬਾਪ ਰੁਪਈਏ ਵਾਰੇ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਲਈਆਂ ਵੀਰਾ ਲਾਵਾਂ ਵੇ,
ਤੇਰੇ ਕੋਲ ਖਲੋਤੀਆਂ ਗਾਵਾਂ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।
ਜਦ ਲਿਆਂਦੀ ਵੀਰਾ ਡੋਲੀ ਵੇ,
ਤੇਰੀ ਡੋਲੀ ਵਿਚ ਮਮੋਲੀ ਵੇ।
ਲਟਕੇਂਦੇ ਵਾਲ ਸੁਹਣੇ ਦੇ!
ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਤੇਰੀ ਘੋੜੀ ਸਾਡੇ ਦਰਵਾਜ਼ੇ ਖੜ੍ਹੀ

ਮੱਲਾ ਤੇਰੀ ਘੋੜੀ ਸਾਡੇ ਦਰਵਾਜ਼ੇ ਖੜ੍ਹੀ,
ਤੇਰੇ ਬਾਬੇ ਹਜ਼ਾਰੀ ਨੇ ਮੁੱਲ ਲਈ।
ਤੇਰੀ ਦਾਦੀ ਰਾਣੀ ਵਾਰੇ ਮੋਤੀਆਂ ਦੀ ਲੜੀ,
ਮੋਤੀਆਂ ਦੀ ਲੜੀ-ਹੀਰਿਆਂ 'ਨਾ ਜੜੀ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।

ਨਿੱਕੀ ਨਿੱਕੀ ਬੂੰਦੇ

ਨਿੱਕੀ ਨਿੱਕੀ ਬੂੰਦੇ,
ਵੇ ਨਿੱਕਿਆ ਮੀਂਹ ਵੇ ਵਰ੍ਹੇ।
ਵੇ ਨਿੱਕਿਆ...
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ।
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ।

ਘੋੜੀ ਰਾਂਗਲੀ ਸਹੀਓ

ਨੀ ਘੋੜੀ ਰਾਂਗਲੀ ਸਹੀਓ!
ਘੋੜੀ ਬਾਬੇ ਵਿਹੜੇ ਜਾਹ।
ਘੋੜੀ ਚਰਦੀ ਹਰਾ ਘਾਹ।
ਘੋੜੀ ਪੀਂਦੀ ਠੰਢਾ ਨੀਰ।
ਘੋੜੀ ਚੜ੍ਹੇ ਸੁਹਣਾ ਵੀਰ।
ਨੀ ਘੋੜੀ ਰਾਂਗਲੀ ਸਹੀਓ!
ਘੋੜੀ ਬਾਪੂ ਵਿਹੜੇ ਜਾਹ।
ਘੋੜੀ ਚਰਦੀ ਹਰਾ ਘਾਹ।
ਘੋੜੀ ਪੀਂਦੀ ਠੰਢਾ ਨੀਰ।
ਘੋੜੀ ਚੜ੍ਹੇ ਸੁਹਣਾ ਵੀਰ।
ਨੀ ਘੋੜੀ ਰਾਂਗਲੀ ਸਹੀਓ!

ਵੀਰਾ ਘੋੜੀਆਂ ਵਿਕੇਂਦੀਆਂ ਵੇ

ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਬੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਨਾਨੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਪ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।

ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ

ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਨਦੀਓਂ ਪਾਰ ਖੜ੍ਹਾ ਦੇਖਿਆ।
ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ,
ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ।
ਦੇਖਿਆ ਸੀ ਭੈਣੇਂ ਦੇਖਿਆ ਸੀ,
ਪੰਸਾਰੀ ਦੀ ਹੱਟ ਪੁਰ ਦੇਖਿਆ।
ਰਸਦ ਤੁਲਾਵੇ ਮੇਰਾ ਨਿੱਕੜਾ ਜਿਹਾ,
ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ।

ਸੁਹਣੀ ਨੀ ਘੋੜੀ ਵੀਰ ਦੀ

ਉਚੇ ਨੂੰ ਪਾਣੀ ਡੋਲ੍ਹੀਏ,
ਪਾਣੀ ਨੀਵੇਂ ਨੂੰ ਆਵੇ।
ਨੀ ਸਹੀਓ ਪਾਣੀ ਨੀਵੇਂ ਨੂੰ ਆਵੇ।
ਸੁਹਣੀ ਨੀ ਘੋੜੀ ਵੀਰ ਦੀ
ਬਾਗ਼ੋਂ ਚਰ ਘਰ ਆਵੇ।
ਉਚੇ ਨੂੰ ਪਾਣੀ ਡੋਲ੍ਹੀਏ,
ਪਾਣੀ ਨੀਵੇਂ ਨੂੰ ਆਵੇ।
ਸੁਹਣਾ ਨੀ ਚੀਰਾ ਵੀਰ ਦਾ,
ਸਿਹਰੇ ਨਾਲ ਸੁਹਾਵੇ।

ਧੰਨ ਘੋੜੀ

ਘੋੜੀ ਤਾਂ ਮੇਰੇ ਕਾਨ੍ਹ ਦੀ, ਨੀ ਦੀਵਾਨ ਦੀ,
ਧੰਨ ਘੋੜੀ।
ਸੋਹੇ ਤਾਂ ਬਾਬੇ ਦੇ ਵਾਰ ਨੀ,
ਧੰਨ ਘੋੜੀ।

ਨੀਲੀ ਜੀ ਘੋੜੀ

ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਸੱਗੀ ਨਾਲ ਸੁਹਾਵੇ।
ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਫ਼ੁੱਲਾਂ ਨਾਲ ਸੁਹਾਵੇ।
ਵੀਰਾ ਵੇ ਤੇਰੀ ਨੀਲੀ ਜੀ ਘੋੜੀ,
ਵਾਗ ਛੁੱਟੇ ਘਰ ਆਵੇ।
ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ,
ਕੈਂਠੀ ਨਾਲ ਸੁਹਾਵੇ।

ਵੀਰਾ ਸੁਹਣੇ ਘੋੜੇ ਵਾਲਿਆ

ਵੀਰਾ ਸੁਹਣੇ ਘੋੜੇ ਵਾਲਿਆ,
ਵੇ ਵੀਰਾ ਸੁਹਣੇ ਘੋੜੇ ਵਾਲਿਆ।
ਤੇਰੇ ਘੋੜੇ ਨੂੰ ਲੱਗੜੇ ਜਰਦ ਭਾਈਆ,
ਗੱਡੀ ਹੌਲੀ-ਹੌਲੀ ਤੋਰਿਓ।
ਗੱਡੀ ਸਹਿਜੇ-ਸਹਿਜੇ ਤੋਰਿਓ,
ਦੋ ਨੈਣਾਂ ਦੇ ਝਗੜੇ ਮੋੜ ਭਾਈਆ।
ਵੇ ਗੱਡੀ ਸਹਿਜੇ-ਸਹਿਜੇ ਮੋੜਿਓ,
ਗੱਡੀ ਸਹਿਜੇ-ਸਹਿਜੇ ਤੋਰਿਓ।

ਘੋੜੀ ਤੇਰੀ ਅੰਬਰਸਰ ਦੀ

ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਕਾਠੀ ਬਣੀ ਪਟਿਆਲੇ।
ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ,
ਕਲਗ਼ੀ ਬਣੀ ਪਟਿਆਲੇ।
ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।
ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ,
ਬਟਨ ਬਣੇ ਪਟਿਆਲੇ।
ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,
ਲਿਸ਼ਕ ਪਈ ਵੇ ਅੰਬਾਲੇ।

ਘੋੜੀ ਬਾਬੇ ਵਿਹੜੇ ਜਾ

ਨੀ ਘੋੜੀ ਬਾਬੇ ਵਿਹੜੇ ਜਾ,
ਤੇਰੇ ਬਾਬੇ ਦੇ ਮਨ ਸ਼ਾਦੀਆਂ।
ਤੇਰੀ ਦਾਦੀ ਦੇ ਮਨ ਚਾਅ,
ਨੀ ਘੋੜੀ ਚੁਗਦੀ ਹਰਿਆ ਘਾਹ।
ਨੀ ਘੋੜੀ ਪਈ ਕੁਵੱਲੜੇ ਰਾਹ,
ਨੀ ਘੋੜੀ ਰਾਵਲੀ ਕਹੀਏ!
ਨੀ ਘੋੜੀ ਨਾਨੇ ਵਿਹੜੇ ਜਾ,
ਤੇਰੇ ਨਾਨੇ ਦੇ ਮਨ ਸ਼ਾਦੀਆਂ।
ਤੇਰੀ ਨਾਨੀ ਦੇ ਮਨ ਚਾਅ,
ਨੀ ਘੋੜੀ ਚੁਗਦੀ ਹਰਿਆ ਘਾਹ।
ਨੀ ਘੋੜੀ ਪਈ ਕੁਵੱਲੜੇ ਰਾਹ,
ਨੀ ਘੋੜੀ ਰਾਵਲੀ ਕਹੀਏ!

ਬਾਗ਼ਾਂ ਵੱਲ ਜਾਵੀਂ ਵੇ

ਘੋੜਾ ਤਾਂ ਬੀੜੀਂ ਵੇ ਵੀਰਾ,
ਬਾਗ਼ਾਂ ਵੱਲ ਜਾਮੀਂ ਵੇ।
ਉਥੇ ਤਾਂ ਬੈਠੀ ਵੇ ਵੀਰਾ,
ਬਾਗ਼ਾਂ ਦੀ ਮਾਲਣ ਵੇ।
ਉਹਨੂੰ ਤਾਂ ਜਾ ਕੇ ਵੀਰਾ,
ਸੀਸ ਨਿਵਾਮੀਂ ਵੇ।
ਮਾਲਣ ਨੇ ਬਖ਼ਸ਼ਿਆ ਵੀਰਾ,
ਫ਼ੁੱਲਾਂ ਦਾ ਸਿਹਰਾ ਵੇ।
ਘੋੜਾ ਤਾਂ ਬੀੜੀਂ ਵੇ ਵੀਰਾ,
ਖੂਹੇ ਵੱਲ ਜਾਮੀਂ ਵੇ।
ਉਥੇ ਤਾਂ ਬੈਠੀ ਵੇ ਵੀਰਾ,
ਖੂਹੇ ਦੀ ਮਹਿਰਮ ਵੇ।
ਉਹਨੂੰ ਤਾਂ ਜਾ ਕੇ ਵੀਰਾ,
ਸੀਸ ਨਿਵਾਮੀਂ ਵੇ।
ਮਹਿਰਮ ਨੇ ਬਖ਼ਸ਼ਿਆ ਵੀਰਾ,
ਸੋਨੇ ਦਾ ਗੜਵਾ ਵੇ।
ਘੋੜਾ ਤਾਂ ਬੀੜੀਂ ਵੇ ਵੀਰਾ,
ਸਹੁਰਿਆਂ ਵੱਲ ਜਾਮੀਂ ਵੇ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ